Younus Aasi
ਯੂਨੁਸ ਆਸੀ

ਨਾਂ-ਮੀਆਂ ਮੁਹੰਮਦ ਯੂਨੁਸ, ਕਲਮੀ ਨਾਂ-ਯੂਨੁਸ ਆਸੀ,
ਪਿਤਾ ਦਾ ਨਾਂ-ਮੀਆਂ ਮੁਹੰਮਦ ਇਕਬਾਲ,
ਜਨਮ ਤਾਰੀਖ਼-11 ਦਸੰਬਰ 1966,
ਜਨਮ ਸਥਾਨ-ਪਿੰਡ ਫਿਰਾਲਾ, ਫ਼ੈਸਲਾਬਾਦ,
ਵਿਦਿਆ-ਬੀ. ਏ., ਕਿੱਤਾ-ਸਰਕਾਰੀ ਨੌਕਰੀ,
ਛਪੀਆਂ ਕਿਤਾਬਾਂ-ਅੱਥਰੂ ਅੱਥਰੂ ਦਰਿਆ (ਪੰਜਾਬੀ ਸ਼ਾਇਰੀ),
ਪਤਾ-258 ਰੇ. ਬੇ. ਫਿਰਾਲਾ, ਬਰਾਸਤਾ ਡਿਚ ਕੋਟ, ਜ਼ਿਲਾ ਫ਼ੈਸਲਾਬਾਦ ।

ਪੰਜਾਬੀ ਗ਼ਜ਼ਲਾਂ (ਅੱਥਰੂ ਅੱਥਰੂ ਦਰਿਆ 2008 ਵਿੱਚੋਂ) : ਯੂਨੁਸ ਆਸੀ

Punjabi Ghazlan (Atthru Atthru Daria 2008) : Younus Aasi



ਤੇਰੀਆਂ ਯਾਦਾਂ ਸੋਚਾਂ ਦੇ ਵਿਚ

ਤੇਰੀਆਂ ਯਾਦਾਂ ਸੋਚਾਂ ਦੇ ਵਿਚ ਏਸਰਾਂ ਪਾਈ ਮੇੜ । ਸੱਧਰਾਂ ਜ਼ਖ਼ਮੀ ਸੀਨੇ ਭਾਂਬੜ ਦਿਲ ਨੂੰ ਲੱਖ ਤਰੇੜ । ਵੇਲੇ ਦਾ ਮਨਸੂਰ ਹਾਂ ਲੋਕੋ ਸੱਚ ਦਾ ਹੋਕਾ ਦੇਵਾਂ, ਆਵੇ ਮੁੱਲਾਂ ਸੂਲੀ ਚਾੜ੍ਹੇ ਖਲੜੀ ਲਵੇ ਉਧੇੜ । ਚਾਰ ਵੀਰ ਜੇ ਨਾਲ ਸਲੂਕ ਦੇ ਰਲ ਕੇ ਕਿਧਰੇ ਬਹੀਏ, ਆ ਜਾਏ ਭਾਵੇਂ ਲੱਖ ਅਮਰੀਕਾ ਕਦੇ ਨਾ ਸੱਕੇ ਛੇੜ । ਮੇਰੇ ਪਿੰਡ ਦਿਆ ਲੰਬੜਦਾਰਾ ਭੁੱਖ ਦੇ ਲਸ਼ਕਰ ਡੱਕ, ਸੜ ਗਏ ਮਾਪੇ ਮਰ ਗਏ ਬੱਚੇ ਅੱਖੀਆਂ ਜ਼ਰਾ ਉਘੇੜ । ਆਗੂ ਮੰਨਿਆ ਸੀਸ ਝੁਕਾਏ ਸਾਰਿਆਂ ਲੋਕਾਂ ਰਲ ਕੇ, ਸਾਡੀਆਂ ਰੱਤਾਂ ਪੀਣ ਲਈ ਜੋ ਲਾਂਦਾ ਫਿਰੇ ਗਵੇੜ । ਇਕਲਾਪੇ ਦੇ ਪਰਬਤ ਉੱਤੇ ਬਹਿ ਕੇ ਜਦ ਵੀ ਰੋਵਾਂ, ਦੇਣ ਦਿਲਾਸਾ ਆ ਜਾਂਦੀ ਏ ਦੁੱਖਾਂ ਦੀ ਇਕ ਹੇੜ ।

ਮੁਖੜਾ ਖਿੜਿਆ ਖਿੜਿਆ ਜਾਪੇ

ਮੁਖੜਾ ਖਿੜਿਆ ਖਿੜਿਆ ਜਾਪੇ ਜਾਨ ਗੁਲਾਬ ਗ਼ਜ਼ਲ ਦਾ । ਮਹਿਸ਼ਰ ਤੀਕਰ ਰਹਿਣਾ ਸੱਜਣਾ ਹੁਸਨ ਸ਼ਬਾਬ ਗ਼ਜ਼ਲ ਦਾ । ਹਰ ਇਕ ਵੰਨਗੀ ਵੱਖੋ ਵੱਖਰੀ ਆਦਰ ਸਾਥੋਂ ਮੰਗੇ, ਐਪਰ ਸਭ ਤੋਂ ਉੱਚਾ ਹੁੰਦਾ ਅਦਬ-ਅਦਾਬ ਗ਼ਜ਼ਲ ਦਾ । ਜਦ ਵੀ ਕਿਧਰੇ ਮੂਡ 'ਚ ਆਵਾਂ ਸੁਟ ਕੇ ਜਾਲ ਖ਼ਿਆਲੀ, ਸੋਚ ਸਮੁੰਦਰ ਵਿੱਚੋਂ ਕੱਢਾਂ ਲਾਲ ਨਾਯਾਬ ਗ਼ਜ਼ਲ ਦਾ । ਸੁਰਖ਼ ਯਾਕੂਤੀ ਬੁੱਲ੍ਹੀਆਂ ਦੋਵੇਂ ਮਤਲਾਅ ਮੈਨੂੰ ਜਾਪਣ, ਚਿਹਰਾ ਮੁਹਰਾ ਨਜ਼ਰੀ ਆਵੇ ਆਪ ਜਨਾਬ ਗ਼ਜ਼ਲ ਦਾ । ਹਾਸੇ ਖ਼ੁਸ਼ੀਆਂ ਚਾਵਾਂ ਸੱਧਰਾਂ ਵੇਲੇ ਨੇ ਅੱਜ ਸਾਡੇ, ਭੁਖ ਦੇ ਹੱਥੋਂ ਬਦਲ ਗਿਆ ਏ ਯਾਰ ਨਿਸਾਬ ਗ਼ਜ਼ਲ ਦਾ । ਜਿਨ੍ਹਾਂ ਪੀਤਾ ਮਸਤਾਂ ਵਾਂਗਰ ਮਸਤ ਹੋਏ ਵਿਚ ਮਸਤੀ, ਪਰਤ ਨਸ਼ਾ ਨਹੀਂ ਲਹਿੰਦਾ ਚੜ੍ਹਿਆ ਅਦਬ ਸ਼ਰਾਬ ਗ਼ਜ਼ਲ ਦਾ । ਤਨਕੀਦੀ ਮਹਫ਼ਿਲ ਦੇ ਕੋਲੋਂ 'ਆਸੀ' ਰੱਬ ਬਚਾਵੇ, ਨਕਸ਼ਾ ਬਦਲ ਕੇ ਰੱਖ ਦਿੰਦੇ ਨੇ ਰਲ ਅਹਿਬਾਬ ਗ਼ਜ਼ਲ ਦਾ ।

ਛੇਤੀ ਕਰ ਹੁਣ ਦੇਰ ਨਾ ਲਾਵੀਂ

ਛੇਤੀ ਕਰ ਹੁਣ ਦੇਰ ਨਾ ਲਾਵੀਂ ਵੇਲਾ ਜਾਏ ਨਾ ਖੁੰਝ । ਇਸਰਾਂ ਕੁੱਟ ਕੇ ਮੈਨੂੰ ਮਾਰੀਂ ਜਿਉਂ ਕੁੱਟੀ ਦੀ ਮੁੰਜ । ਚੁੱਲ੍ਹੇ ਪੈਣ ਕਮਾਈਆਂ ਬੀਬਾ ਘਰ ਨੂੰ ਛੇਤੀ ਆ, ਤੇਰੇ ਬਾਝੋਂ ਤੇਰੀ ਕਸਮੇ ਵਿਹੜੇ ਪਈ ਏ ਸੁੰਜ । ਐਵੇਂ ਤੇ ਨਹੀਂ ਨਿੱਕੇ ਨਿੱਕੇ ਬਾਲ ਨਿਮਾਣੇ ਡਰਦੇ, ਢੰਗਰਾਂ ਵਿਚ ਉਤਾਰੀ ਹੋਈ ਏ ਸੱਪ-ਖੜੱਪੇ ਕੁੰਜ । ਉੱਥੇ ਜਿੰਦੇ ਪਲ ਪਲ ਤੈਨੂੰ ਦੁਰ ਦੁਰ ਹੋਣੀ ਵੇਖੀਂ, ਜੀਵੇਂ ਤੇਰਾ ਸਾਈਂ ਚਾਹੁੰਦਾ ਬਣ ਨਾ ਸਕੀ ਉਂਜ । ਫੜ ਕੇ ਬੋਟੀ ਬੋਟੀ ਕੀਤੀ ਲੈ ਪੰਜੇ ਵਿਚ ਸ਼ਿਕਰੇ, ਚਿੜੀ ਨਿਮਾਣੀ ਭਰ ਕੇ ਉੱਡੀ ਜਾਂ ਦਾਣੇ ਦੀ ਚੁੰਝ । ਜਾਣ ਲਿਆ ਪਹਿਚਾਣ ਲਿਆ ਹੈ ਪਿਆਰ ਵਫ਼ਾ ਤੋਂ ਸੱਖਣਾ, ਯਾਰਾ ਤੇਰੀ ਯਾਰੀ ਵਾਲੇ ਝੂਠੇ ਹੈਣ ਢਕੁੰਜ । ਆਖ਼ਰ ਸ਼ਾਮਾਂ ਪੈਣੀਆਂ 'ਆਸੀ' ਸੂਰਜ ਡੁੱਬਣ ਵਾਲਾ, ਵੇਲੇ ਨਾਲ ਤਿਆਰੀ ਕਰ ਲੈ ਮਾਲ ਜ਼ਰੂਰੀ ਕੁੰਜ ।

ਲੁਸ ਲੁਸ ਕਰਦਾ ਉਹਦਾ ਹੁਸਨ ਜਮਾਲ

ਲੁਸ ਲੁਸ ਕਰਦਾ ਉਹਦਾ ਹੁਸਨ ਜਮਾਲ ਵਿਖਾਲੀ ਦੇਵੇ । ਉੱਤੋਂ ਉਮਰ ਵੀ ਉਹਦੀ ਸੋਲਾਂ ਸਾਲ ਵਿਖਾਲੀ ਦੇਵੇ । ਅੱਜ ਕਲ ਸੋਹਣੇ ਉਹਦੇ ਵੱਲੇ ਨਸਦੇ ਜਾਵਣ ਸਾਰੇ, ਜੀਹਦੇ ਖੀਸੇ ਦੇ ਵਿਚ ਬਹੁਤਾ ਮਾਲ ਵਿਖਾਲੀ ਦੇਵੇ । ਕੀਵੇਂ ਕੱਲਾ ਰਹਿ ਕੇ ਪੂਰੇ ਸਾਹ ਕਰਲਾਂਗਾ ਦੱਸੋ, ਇਕ ਇਕ ਪਲ ਵੀ ਉਹਦੇ ਬਾਝੋਂ ਸਾਲ ਵਿਖਾਲੀ ਦੇਵੇ । ਸੱਪਨੀ ਵਾਂਗਰ ਆਪਣੇ ਬੱਚੇ ਖਾਣੇ ਪੈਣੇ ਖ਼ਵਰੇ, ਸੋਚਾਂ ਦੇ ਵਿਚ ਆਉਂਦਾ ਮੈਨੂੰ ਕਾਲ ਵਿਖਾਲੀ ਦੇਵੇ । ਸੁਣਿਐ ਉਹਦੀਆਂ ਨਜ਼ਰਾਂ ਨੂੰ ਕੋਈ ਵੀ ਸ਼ੈ ਨਾ ਜਚਦੀ, ਮੈਨੂੰ 'ਤੇ ਹਰ ਭੂਰੀ ਦੇ ਵਿਚ ਲਾਲ ਵਿਖਾਲੀ ਦੇਵੇ । ਤੇਰੇ ਵੱਲੇ ਹੁਣ ਕੀ ਦੇਖੇ 'ਆਸੀ' ਨੂੰ ਦੱਸ ਰੱਬਾ, ਜੀਹਨੂੰ ਖ਼ਾਲੀ ਆਟੇ ਦਾ ਹੁਣ ਥਾਲ ਵਿਖਾਲੀ ਦੇਵੇ ।

ਵਰ੍ਹਦੇ ਇਸਰਾਂ ਗੱਜੇ ਬੱਦਲ

ਵਰ੍ਹਦੇ ਇਸਰਾਂ ਗੱਜੇ ਬੱਦਲ ਸਾਡਾ ਕੱਢ ਤਰਾਹ ਛੱਡਿਆ । ਕੱਚੇ ਕੋਠੇ ਢਾਅ ਕੇ ਸਾਰੇ ਹੜ੍ਹ ਦਾ ਫੇਰ ਕਰਾਹ ਛੱਡਿਆ । ਜਿਨ੍ਹਾਂ ਰਾਹ ਵਿਚ ਕਿੱਕਰ ਲਾਏ ਹੋਰਾਂ ਦੀ ਪੱਗ ਲਾਹੁਣ ਲਈ, ਉਹਦੇ ਸਿਰ ਦਾ ਸਾਫ਼ਾ ਦੇਖੋ ਉਨ੍ਹਾਂ ਕਿੱਕਰਾਂ ਲਾਹ ਛੱਡਿਆ । ਇਨ੍ਹਾਂ ਨਾਲੋਂ ਪੱਕਾ ਰਿਸ਼ਤਾ ਹੋਰ ਨਾ ਜਾਪੇ ਕੋਈ ਵੀ, ਏਸੇ ਲਈ ਤੇ ਪੀੜਾਂ ਨੂੰ ਮੈਂ ਦਿਲ ਦੇ ਨਾਲ ਵਿਆਹ ਛੱਡਿਆ । ਮੈਂ ਸ਼ਿਅਰਾਂ ਵਿਚ ਦਰਦ ਸੁਣਾਇਆ ਕਿਸੇ ਨਾ ਹੌਕਾ ਭਰਿਆ, ਕਿਸੇ ਨਾ ਮੇਰਾ ਦਰਦ ਵੰਡਾਇਆ ਕਰ ਅੱਗੋਂ ਵਾਹ ਵਾਹ ਛੱਡਿਆ । ਸਦਕੇ ਜਾਵਾਂ 'ਆਸੀ' ਜੀ ਮੈਂ ਸਾਂਦਲਬਾਰ ਦੇ ਲਾਹੜੇ ਤੋਂ, ਕੁਫ਼ਰ ਦੇ ਅੱਗੇ ਪਰਬਤ ਵਾਂਗੂੰ ਸੀਨਾ ਜਿਸ ਨੇ ਡਾਹ ਛੱਡਿਆ ।

ਸਿਖ਼ਰ ਦੁਪਹਿਰੇ ਘੁੱਪ ਹਨੇਰਾ ਹੋਇਆ

ਸਿਖ਼ਰ ਦੁਪਹਿਰੇ ਘੁੱਪ ਹਨੇਰਾ ਹੋਇਆ ਹੋਇਆ ਜਾਪੇ । ਸੂਰਜ ਵੀ ਅੱਜ ਨੇਰ੍ਹੇ ਹੱਥੋਂ ਮੋਇਆ ਮੋਇਆ ਜਾਪੇ । ਭੁੱਖਾਂ ਦੀ ਸੱਪਣੀ ਨੇ ਡੰਗਿਆ ਏਥੋਂ ਦਾ ਹਰ ਬੰਦਾ, ਹਸਦਾ ਹਸਦਾ ਵੀ ਹਰ ਬੰਦਾ ਰੋਇਆ ਰੋਇਆ ਜਾਪੇ । ਰਾਤੀਂ ਚਾਨਣ ਧਰਤੀ ਉੱਤੇ ਗੰਧਲਾ ਗੰਧਲਾ ਆਵੇ, ਚੰਨ ਵੀ ਉਸ ਦੇ ਸੁਫ਼ਨੇ ਦੇ ਵਿਚ ਖੋਇਆ ਖੋਇਆ ਜਾਪੇ । ਜਿਹੜੇ ਦਿਨ ਤੋਂ ਨੂਰੀ ਚਿਹਰੇ ਲੋੜਾਂ ਕਾਲੇ ਕੀਤੇ, ਓਸੇ ਦਿਨ ਤੋਂ ਸਿੱਧਾ ਰਾਹ ਵੀ ਟੋਇਆ ਟੋਇਆ ਜਾਪੇ । ਮੇਰੇ ਵਾਂਗਰ ਲੱਗਦਾ ਉਹਨੂੰ ਛੱਡ ਗਿਆ ਜੇ 'ਆਸੀ', ਤਾਹੀਉਂ ਉਹਦੀ ਅੱਖ ਦਾ ਛੱਪਰ ਚੋਇਆ ਚੋਇਆ ਜਾਪੇ ।

ਪਿਆਰ ਪਰੀਤਾਂ ਕਰਦੇ ਕਰਦੇ ਵਿਛੜ ਗਏ

ਪਿਆਰ ਪਰੀਤਾਂ ਕਰਦੇ ਕਰਦੇ ਵਿਛੜ ਗਏ । ਦੋ ਦਿਲ ਹੌਕੇ ਭਰਦੇ ਭਰਦੇ ਵਿਛੜ ਗਏ । ਸਾਥ ਰਿਹਾ ਕੋਈ ਕੱਚੇ ਦਾ ਨਾ ਸੋਹਣੀ ਦਾ, ਪਾਣੀ ਦੇ ਵਿਚ ਖਰਦੇ ਖਰਦੇ ਵਿਛੜ ਗਏ । ਡਾਢਾ ਵੇਲਾ ਹੈਸੀ ਅਸੀਂ ਨਿਮਾਣੇ ਸਾਂ । ਸੜੇ ਸਮਾਜ ਤੋਂ ਡਰਦੇ ਡਰਦੇ ਵਿਛੜ ਗਏ । ਆਏ ਏਸ ਭੁਚਾਲ ਨੇ ਭੌਂਚਲ ਪਾ ਛੱਡੀ, ਦੋ ਘੜੀਆਂ ਵਿਚ ਘਰਦੇ ਘਰਦੇ ਵਿਛੜ ਗਏ । ਕਿਸਮਤ ਨਾਲ ਲੜਾਈ 'ਆਸੀ' ਹੋਈ ਨਾ, ਵਖ਼ਤਾਂ ਹੱਥੋਂ ਹਰਦੇ ਹਰਦੇ ਵਿਛੜ ਗਏ ।

ਵਸਣਾ ਸੁਖ ਦਾ ਸ਼ਹਿਰ

ਵਸਣਾ ਸੁਖ ਦਾ ਸ਼ਹਿਰ ਨਿਦਾ ਪਈ ਆਉਂਦੀ ਏ । ਮੁਕਣੀ ਗ਼ਮ ਦੀ ਲਹਿਰ ਨਿਦਾ ਪਈ ਆਉਂਦੀ ਏ । ਜੇ ਆਇਐਂ ਤੇ ਐਨੀ ਕਾਹਦੀ ਕਾਲ੍ਹੀ ਏ, ਦੋ ਘੜੀਆਂ ਤੇ ਠਹਿਰ ਨਿਦਾ ਪਈ ਆਉਂਦੀ ਏ । ਉਹ ਹੋ ਜਾਂਦਾ ਨਸ਼ਟ ਕਰੇ ਜੋ ਬੀਰਾ ਜੀ, ਮਾੜਿਆਂ ਉੱਤੇ ਕਹਿਰ ਨਿਦਾ ਪਈ ਆਉਂਦੀ ਏ । ਹੁਸਨ ਜਵਾਨੀ ਆਖ਼ਰ ਨੂੰ ਢਲ ਜਾਣੀ ਏ, ਆਉਣਾ ਪਿਛਲਾ ਪਹਿਰ ਨਿਦਾ ਪਈ ਆਉਂਦੀ ਏ । ਚਾਰੇ ਪਾਸੇ ਖ਼ੈਰਾਂ ਈ ਖ਼ੈਰਾਂ ਹੋਣਗੀਆਂ, ਆਖਦਾ 'ਆਸੀ' ਮਹਿਰ ਨਿਦਾ ਪਈ ਆਉਂਦੀ ਏ ।

ਦਰਦਾਂ ਭਰਿਆ ਜਾਣ ਅਵਾਜ਼ਾ ਚੰਗਾ ਕੀਤਾ

ਦਰਦਾਂ ਭਰਿਆ ਜਾਣ ਅਵਾਜ਼ਾ ਚੰਗਾ ਕੀਤਾ । ਬੰਦ ਕਰ ਲੀਤਾ ਈ ਦਰਵਾਜ਼ਾ ਚੰਗਾ ਕੀਤਾ । ਪਿਆਰ ਜਿਤਾ ਕੇ ਸੀਨੇ ਲਾ ਕੇ ਛੁਰੀ ਚਲਾਈ, ਖ਼ੂਨੀ ਜ਼ਾਲਮ ਧੋਖੇ ਬਾਜ਼ਾ ਚੰਗਾ ਕੀਤਾ । ਬੁੱਲ੍ਹੀਆਂ ਉੱਤੇ ਸੁਰਖੀ ਤੇਰੇ ਦਿਸਦੀ ਪਈ ਏ, ਖ਼ੂਨ ਕਿਸੇ ਦਾ ਪੀਤੈ ਤਾਜ਼ਾ ਚੰਗਾ ਕੀਤਾ । ਛੱਜ ਵਿਚ ਪਾ ਕੇ ਛੱਟਿਆ ਮੈਨੂੰ ਦੁਨੀਆਂ ਦੇ ਵਿਚ, ਮੇਰਿਆ ਵੱਡਿਆ ਮਹਿਰਮ ਰਾਜ਼ਾ ਚੰਗਾ ਕੀਤਾ । ਜ਼ਰ ਦੌਲਤ ਨੂੰ ਵੇਖ ਕੇ ਮੈਨੂੰ ਛੱਡ ਤੁਰਿਆ ਏ, ਵਾਹ ਓਏ ਸੱਜਣਾ ਵੇਲੇ ਸਾਜਾ ਚੰਗਾ ਕੀਤਾ । ਵਿੱਚੋਂ ਜ਼ਹਿਰੀ ਨਾਗ ਤੇ ਉੱਤੋਂ ਬੇਲੀ ਮਿੱਠਾ, ਮੂੰਹ ਤੇ ਮਲਿਆ ਈ 'ਆਸੀ' ਗ਼ਾਜ਼ਾ ਚੰਗਾ ਕੀਤਾ ।