Yaqoob Parwaz
ਯਾਕੂਬ ਪਰਵਾਜ਼

ਨਾਂ-ਮੁਹੰਮਦ ਯਾਕੂਬ, ਕਲਮੀ ਨਾਂ-ਯਾਕੂਬ ਪਰਵਾਜ਼,
ਪਿਤਾ ਦਾ ਨਾਂ-ਮੁਹੰਮਦ ਇਸਮਾਈਲ,
ਜਨਮ ਤਾਰੀਖ਼-12 ਅਪਰੈਲ 1946,
ਜਨਮ ਸਥਾਨ-ਤਰਨਤਾਰਨ, ਅੰਮ੍ਰਿਤਸਰ,
ਵਿਦਿਆ-ਬੀ. ਏ., ਕਿੱਤਾ-ਸਰਕਾਰ ਨੌਕਰੀ,
ਛਪੀਆਂ ਕਿਤਾਬਾਂ-ਸ਼ਾਮ ਸੇ ਪਹਿਲੇ (ਉਰਦੂ ਗ਼ਜ਼ਲ), ਤਾਰੇ ਗਿਣਦੀਆਂ ਅੱਖਾਂ (ਪੰਜਾਬੀ ਗ਼ਜ਼ਲ),
ਪਤਾ-ਲਾਹੌਰ ।

ਪੰਜਾਬੀ ਗ਼ਜ਼ਲਾਂ (ਤਾਰੇ ਗਿਣਦੀਆਂ ਅੱਖਾਂ 2004 ਵਿੱਚੋਂ) : ਯਾਕੂਬ ਪਰਵਾਜ਼

Punjabi Ghazlan (Taare Gindian Akkhan 2004) : Yaqoob Parwaz



ਟੂੰਬਾਂ ਵੇਚ ਕੇ ਸੋਲਾਂ ਪੜ੍ਹੀਆਂ

ਟੂੰਬਾਂ ਵੇਚ ਕੇ ਸੋਲਾਂ ਪੜ੍ਹੀਆਂ ਮਾਰੇ ਗਏ ਅਨਭੋਲੇ । ਮਾਪਿਆਂ ਨੂੰ ਵੀ ਹੱਥਲ ਕੀਤਾ ਹੁਣ ਪਿਆ ਵੇਚਾਂ ਛੋਲੇ । ਕੀ ਦੱਸਾਂ ਅੱਖੀਆਂ ਦੇ ਚਾਨਣ ਕਿੱਡਾ ਨ੍ਹੇਰ ਮਚਾਇਆ, ਹਰ ਇਕ ਬੰਦਾ ਦੂਜੇ ਨੂੰ ਪਿਆ ਅੰਨ੍ਹਿਆਂ ਵਾਂਗੂੰ ਟੋਲ੍ਹੇ । ਤੂੰ ਮੇਰਾ 'ਤੇ ਮੈਂ ਤੇਰਾ ਇਹ ਸੱਭੇ ਮੂੰਹ ਦੀਆਂ ਗੱਲਾਂ, ਕਿਹੜਾ ਖੋਜੀ ਤੇਰੇ ਮੇਰੇ ਦਿਲ ਦੀਆਂ ਨੁਕਰਾਂ ਫੋਲੇ । ਆਪਣਾ ਆਪ ਵਿਖਾਣਾ ਦੇਖੋ ਕਿੰਨੀ ਕੀਮਤ ਪਾਉਂਦਾ, ਭੰਵਰਾ ਬੋਸੇ ਲੈਂਦਾ ਡਿੱਠਾ ਜਦ ਕਲੀਆਂ ਘੁੰਢ ਖੋਲ੍ਹੇ । ਉਹੋ ਪਾਗਲ ਮਿੱਥਿਆ ਜਾਂਦਾ ਉਹੋ ਇੱਟਾਂ ਖਾਂਦਾ, ਜਿਹੜਾ ਚੁਪ ਦੀ ਬਸਤੀ ਅੰਦਰ ਭੋਰਾ ਉਚੀ ਬੋਲੇ । ਕੌਣ ਸੁਣੇ 'ਪਰਵਾਜ਼' ਹੁਣ ਏਥੇ ਕੂੰਜਾਂ ਦਾ ਕੁਰਲਾਟਾ, ਸਾਰੇ ਪੰਛੀ ਥਾਉਂ-ਥਾਈਂ ਗਾਂਦੇ ਫਿਰਦੇ ਢੋਲੇ ।

ਉਡ ਪੁਡ ਜਾਵਣ ਅੱਥਰੇ ਜਜ਼ਬੇ

ਉਡ ਪੁਡ ਜਾਵਣ ਅੱਥਰੇ ਜਜ਼ਬੇ ਰਹਿ ਜਾਂਦੇ ਪਛਤਾਵੇ । ਕੰਧਾਂ ਟੱਪਣ ਵਾਲਿਆਂ ਕੋਲੋਂ ਖਾਲ ਨਾ ਟੱਪਿਆ ਜਾਵੇ । ਗੱਭਰੂ ਪੁੱਤਰ ਬੁੱਢੇ ਮਾਪੇ ਖੁਸ ਜਾਂਦੇ ਨੇ ਹੱਥੋਂ, ਜਿਹੜੇ ਪਾਸੇ ਔਤਰ ਜਾਣੀ ਹੋਣੀ ਫੇਰਾ ਪਾਵੇ । ਆਖ਼ਰ ਇਕ ਦਿਨ ਵਿਸਰ ਜਾਂਦੀ ਰੁੱਤ ਬਹਾਰਾਂ ਵਾਲੀ, ਟਹਿਣੀਆਂ ਉੱਤੋਂ ਝੜ ਜਾਂਦੇ ਨੇ ਪੱਤਰ ਸਾਵੇ ਸਾਵੇ । ਅੱਜ ਆਵੇਗਾ ਕੱਲ੍ਹ ਆਵੇਗਾ ਆਖ਼ਰ ਕਿੱਥੋਂ ਤੀਕਰ, ਏਹੋ ਜਿਹੀਆਂ ਸੋਚਾਂ ਦੇ ਨਾਲ ਬੰਦਾ ਮਨ ਪਰਚਾਵੇ । ਕੋਈ ਸੋਚ 'ਤੇ ਹੋਵੇ ਐਸੀ ਜਿਹੜੀ ਚਾਨਣ ਵੰਡੇ, ਕੋਈ ਖ਼ਿਆਲ 'ਤੇ ਹੋਵੇ ਜਿਹੜਾ ਜ਼ਿਹਨਾਂ ਨੂੰ ਰੁਸ਼ਨਾਵੇ ।

ਜੱਗ ਦੀ ਧੋਖੇ ਮੰਡੀ ਅੰਦਰ

ਜੱਗ ਦੀ ਧੋਖੇ ਮੰਡੀ ਅੰਦਰ ਝੂਠ ਦਾ ਸਿੱਕਾ ਚੱਲੇ । ਟਾਵੇਂ ਟਾਵੇਂ ਸੱਚ ਵਪਾਰੀ ਕੌਣ ਉਨ੍ਹਾਂ ਨੂੰ ਝੱਲੇ । ਸਭ ਤੋਂ ਪਹਿਲਾਂ ਇਸ਼ਕ ਨੇ ਸਾਨੂੰ ਏਹੋ ਤੋਹਫ਼ਾ ਦਿੱਤਾ, ਸਾਰੇ ਸੁਫ਼ਨੇ ਪਾ ਦਿੱਤੇ ਨੇ ਜਗਰਾਤੇ ਦੇ ਪੱਲੇ । ਇਕਲਾਪੇ ਤੋਂ ਚੰਗਾ ਕਿਹੜਾ ਜੀਣ ਮਰਣ ਦਾ ਸਾਥੀ, ਜੱਗ 'ਤੇ ਕੱਲੇ ਆਵਣ ਵਾਲੇ ਕੱਲੇ ਈ ਤੁਰ ਚੱਲੇ । ਮੈਂ ਨਹੀਂ ਉਨ੍ਹਾਂ ਲੋਕਾਂ ਵਿੱਚੋਂ ਜਿਹੜੇ ਪਲ ਦੇ ਅੰਦਰ, ਇਕ ਦੋ ਬੋਲ ਜ਼ੁਬਾਨੋਂ ਕੱਢ ਕੇ ਲਗ ਜਾਂਦੇ ਨੇ ਥੱਲੇ । ਵਿੱਚ ਹਿਆਤੀ ਕਿਸੇ ਵੀ ਉਸ ਨੂੰ ਸ਼ਾਵਾਸ਼ੇ ਨਾ ਦਿੱਤੀ, ਜਦ ਮਰਿਆ 'ਤੇ ਚੋਂਹ ਖੂੰਟਾਂ ਵਿਚ ਹੋਈ ਬੱਲੇ ਬੱਲੇ ।

ਮਿੱਟੀ ਦੀ ਹਾਂਡੀ ਵਿਚ ਰਿੱਧੇ ਲਾਵਣ

ਮਿੱਟੀ ਦੀ ਹਾਂਡੀ ਵਿਚ ਰਿੱਧੇ ਲਾਵਣ ਦਾ ਏ ਹੋਰ ਮਜ਼ਾ । ਚੁੱਲ੍ਹੇ ਅੱਗੇ ਬਹਿ ਕੇ ਰੋਟੀ ਖਾਵਣ ਦਾ ਏ ਹੋਰ ਮਜ਼ਾ । ਸਾਵੇ ਸਾਵੇ ਪੱਤਰਾਂ ਦੇ ਮੂੰਹ ਲਿਸ਼ਕਣ ਪੁਸ਼ਕਣ ਲੱਗ ਪਏ ਨੇ, ਬਾਗੀਂ ਛਮ ਛਮ ਵਸਦੇ ਹੋਏ ਸਾਵਣ ਦਾ ਏ ਹੋਰ ਮਜ਼ਾ । ਕਿੰਨੀਆਂ ਸੰਗਤਾਂ ਬੰਨ੍ਹ ਕਤਾਰਾਂ ਨਜ਼ਰਾਂ ਅੱਗੇ ਆਉਂਦੀਆਂ ਨੇ, ਵਿਛੜਣ ਵੇਲੇ ਰੋਵਣ 'ਤੇ ਕੁਰਲਾਵਣ ਦਾ ਏ ਹੋਰ ਮਜ਼ਾ । ਭਾਵੇਂ ਮੌਜਾਂ ਮਾਣ ਰਿਹਾ ਹਾਂ ਸ਼ਹਿਰ ਦੇ ਠੰਢੇ ਬੰਗਲੇ ਵਿਚ, ਬੋਹੜ ਦੀ ਗੂਹੜੀ ਛਾਵੇਂ ਮੰਜੀ ਡਾਹਵਣ ਦਾ ਏ ਹੋਰ ਮਜ਼ਾ । ਪੁਤਰਾਂ ਦੀ 'ਪਰਵਾਜ਼' ਕਮਾਈ ਭਾਵੇਂ ਕਿੰਨੀ ਚਸਕੇ ਦਾਰ, ਆਪਣੇ ਹੱਥੀਂ ਘੱਟ ਕਮਾ ਕੇ ਖਾਵਣ ਦਾ ਏ ਹੋਰ ਮਜ਼ਾ ।

ਜਜ਼ਬੇ ਦੀ ਗਰਮਾਈ ਦਿੱਤੀ

ਜਜ਼ਬੇ ਦੀ ਗਰਮਾਈ ਦਿੱਤੀ ਜਿਉਂ ਜਿਉਂ ਸੀਤ ਖ਼ਿਆਲਾਂ ਨੂੰ । ਮੇਰੀਆਂ ਗ਼ਜ਼ਲਾਂ ਮਾਰ ਛੜੱਪੇ ਲਾਇਆ ਹੱਥ ਕਮਾਲਾਂ ਨੂੰ । ਵੇਖੋ ਕਿਸਰਾਂ ਗੂਹੜੀਆਂ ਪਾਈਆਂ ਬਚਪਨ ਨਾਲ ਬੁੜਾਪੇ ਨੇ, ਧੌਲੇ ਹਸ ਕੇ ਦੇਣ ਵਧਾਈਆਂ ਜੰਮਦਿਆਂ ਈ ਬਾਲਾਂ ਨੂੰ । ਪਿੰਜਰੇ ਦੇ ਵਿਚ ਡੱਕੇ ਪੰਛੀ ਉਂਜ 'ਤੇ ਕਾਸੇ ਜੋਗੇ ਨਈਂ, ਕਦੀ ਕਦੀ ਪਰ ਲੈ ਉਡਦੇ ਨੇ ਲੋਹੇ ਵਰਗੇ ਜਾਲਾਂ ਨੂੰ । ਜਿਨ੍ਹਾਂ ਵੱਲੇ ਤੱਕ ਤੱਕ ਸਾਡਾ ਹਾਸਾ ਡੁੱਲ੍ਹ ਡੁੱਲ੍ਹ ਪੈਂਦਾ ਏ, ਕੱਲ੍ਹ ਨੂੰ ਖ਼ਵਰੈ ਅੱਪੜ ਜਾਈਏ ਅਸੀਂ ਵੀ ਉਨ੍ਹਾਂ ਹਾਲਾਂ ਨੂੰ, ਬੀਤ ਗਿਆ ਜੋ ਸੁੰਦਰ ਵੇਲਾ ਉਹ 'ਤੇ ਮੁੜ ਕੇ ਆਉਣਾ ਨਹੀਂ, ਚੇਤੇ ਕਰ 'ਪਰਵਾਜ਼' ਨਾ ਐਵੇਂ ਊਚੀਆਂ ਲੰਮੀਆਂ ਛਾਲਾਂ ਨੂੰ ।

ਭੁੱਲ ਕੇ ਵੀ ਨਾ ਸੋਚੀਂ ਦੁਖੜੇ

ਭੁੱਲ ਕੇ ਵੀ ਨਾ ਸੋਚੀਂ ਦੁਖੜੇ ਫੋਲਣ ਦੀ । ਬੋਲ਼ਿਆਂ ਅੱਗੇ ਵਾਹ ਨਹੀਂ ਕੋਈ ਬੋਲਣ ਦੀ । ਨਵੇਂ ਨਵੇਂ ਕੁਝ ਹੋਰ ਦਲਾਵੇਂ ਪੈ ਗਏ ਨੇ, ਮਹਿੰਗੀ ਪਈ ਏ ਕੋਸ਼ਿਸ਼ ਗੁੰਝਲ ਖੋਲ੍ਹਣ ਦੀ । ਜੇ ਕਰ ਹੁੰਦੀ ਨਈਅਤ ਸਾਫ਼ ਮਹਾਣੇ ਦੀ, ਬੇੜੀ ਨੂੰ ਕੀ ਲੋੜ ਪਈ ਸੀ ਡੋਲਣ ਦੀ । ਦਿਲ ਦਰਿਆ ਵਿਚ ਗ਼ਮ ਦੀਆਂ ਛੱਲਾਂ ਪੈਣ ਗੀਆਂ । ਲੋੜ ਪਵੇਗੀ ਅੱਖਾਂ ਦੇ ਦਰ ਖੋਲ੍ਹਣ ਦੀ । ਸਾਰੇ ਮਤਲਬ ਸਭ ਤਫ਼ਸੀਰਾਂ ਉਹਦੇ ਨਾਂ, ਪਹਿਲ ਕਰੇਗਾ ਜਿਹੜਾ ਘੁੰਡੀ ਖੋਲ੍ਹਣ ਦੀ । ਮੁੱਲ ਪੈਂਦਾ ਏ ਅੱਜ 'ਤੇ ਚੀਕ-ਚਿਹਾੜੇ ਦਾ, ਲਗਦੈ ਰੁਤ ਆਈ ਏ ਉਚਾ ਬੋਲਣ ਦੀ । ਪਰ ਬੱਧੇ ਸੀ ਜਿੱਥੇ ਇਕ ਇਕ ਪੰਛੀ ਦੇ, ਭੁਲ ਹੋਈ 'ਪਰਵਾਜ਼' ਤੋਂ ਈ ਪਰ ਤੋਲਣ ਦੀ ।

ਵੇਖਣ ਨੂੰ 'ਤੇ ਸੂਰਤ ਸੀ ਉਹ

ਵੇਖਣ ਨੂੰ 'ਤੇ ਸੂਰਤ ਸੀ ਉਹ ਆਮ ਜਿਹੀ । ਲਗਦੀ ਸੀ ਪਰ ਰੱਬ ਦੇ ਖ਼ਾਸ ਇਨਆਮ ਜਿਹੀ । ਹੱਦੋਂ ਵਧ ਕੇ ਹਰ ਜਜ਼ਬੇ ਨੂੰ ਕਾਹਲੀ ਸੀ, ਸੁਖ਼ਨ ਮੁਹਾਜ਼ 'ਤੇ ਛਿੜੀ ਹੋਈ ਸੀ ਲਾਮ ਜਿਹੀ । ਜਦ ਉਹ ਮੁਖੜਾ ਜ਼ੁਲਫ਼ਾਂ ਭਰਿਆ ਯਾਦ ਪਵੇ, ਅੱਖੀਆਂ ਅੱਗੇ ਆਣ ਖਲੋਵੇ ਸ਼ਾਮ ਜਿਹੀ । ਨਾਂਹ ਕੀਤੀ ਦਾ ਫਲ ਵੀ ਝੋਲੀ ਆ ਡਿੱਗਾ, ਜਿੰਦੜੀ ਹੋ ਕੇ ਰਹਿ ਗਈ ਏ ਇਲਜ਼ਾਮ ਜਿਹੀ । ਜੇ ਸੋਚਾਂ ਤੇ ਆਪਣੇ ਉੱਤੇ ਪਿਆਰ ਆਵੇ, ਜੇ ਵੇਖਾਂ ਤੇ ਜ਼ਿੰਦਗੀ ਏ ਨਾਕਾਮ ਜਿਹੀ । ਸ਼ਿਅਰ ਕਹਿਣ ਦਾ ਆ ਜਾਵੇ 'ਪਰਵਾਜ਼' ਮਜ਼ਾ, ਦਿਲ 'ਤੇ ਉਤਰੇ ਗ਼ਜ਼ਲ ਕੋਈ ਇਲਹਾਮ ਜਿਹੀ ।

ਵੇਲਾ ਜੀਹਨੂੰ ਨਾਲ ਮਿਲਾਈ ਜਾਂਦਾ ਏ

ਵੇਲਾ ਜੀਹਨੂੰ ਨਾਲ ਮਿਲਾਈ ਜਾਂਦਾ ਏ । ਉਹ ਝੱਲਾ ਕਿਉਂ ਹੱਥ ਛੁਡਾਈ ਜਾਂਦਾ ਏ । ਉਹਦੀ ਆਪੇ ਥਾਂ ਥਾਂ ਭੰਡੀ ਹੋਣੀ ਏ, ਜਿਹੜਾ ਥਾਂ ਥਾਂ ਰੂਪ ਵਟਾਈ ਜਾਂਦਾ ਏ । ਵੇਲਾ ਕੁਝ ਅਇਆਣੇ ਗੱਭਰੂ ਸੱਧਰਾਂ ਦੇ, ਬਾਲਪੁਣੇ ਵਿਚ ਕੁੱਛੜ ਚਾਈ ਜਾਂਦਾ ਏ । ਕਾਲਾ ਬੱਦਲ ਵਰ ਜਾਂਦਾ 'ਤੇ ਚੰਗਾ ਸੀ, ਸੂਰਜ ਸਾਨੂੰ ਸੁਕਣੇ ਪਾਈ ਜਾਂਦਾ ਏ । ਪਹਿਲੇ ਮੇਰੇ ਦਿਲ ਦਾ ਝੁੱਗਾ ਭੰਨਿਆ ਸੂ, ਹੁਣ ਉਹ ਜ਼ਾਲਮ ਅੱਖ ਚੁਰਾਈ ਜਾਂਦਾ ਏ ।

ਸਾਡੇ 'ਤੇ ਜੋ ਵਾਪਰਦੀ ਏ ਕੀ ਆਖਾਂ

ਸਾਡੇ 'ਤੇ ਜੋ ਵਾਪਰਦੀ ਏ ਕੀ ਆਖਾਂ । ਇਹ ਬਸਤੀ 'ਤੇ ਪੱਥਰ ਦੀ ਏ ਕੀ ਆਖਾਂ । ਝੂਠ ਨੂੰ ਸੱਚ 'ਤੇ ਸੱਚ ਨੂੰ ਝੂਠ ਬਣਾਵਣ ਲਈ, ਕਿੰਜ ਤਬੀਅਤ ਘਾਬਰਦੀ ਏ ਕੀ ਆਖਾਂ । ਊਠ ਨੇ ਖ਼ਵਰੇ ਕਿਹੜੇ ਪਾਸੇ ਬਹਿਣਾ ਏ, ਭਾਵੇਂ ਚੋਟ ਬਰਾਬਰ ਦੀ ਏ ਕੀ ਆਖਾਂ । ਇੱਕ ਨਿਤਾਣਾ ਬਾਜ਼ੀ ਜਿੱਤ ਕੇ ਲੈ ਤੁਰਿਆ, ਸਾਰੀ ਖੇਢ ਮੁਕੱਦਰ ਦੀ ਏ ਕੀ ਆਖਾਂ । ਸ਼ਾਮ ਨੂੰ ਹਾਜ਼ਰ ਹੋਸਾਂ ਦੌਲਤਖ਼ਾਨੇ 'ਤੇ, ਤੈਨੂੰ ਛੇਤੀ ਦਫ਼ਤਰ ਦੀ ਏ ਕੀ ਆਖਾਂ । ਖੰਭਾਂ ਤੋਂ ਮਹਿਰੂਮ ਜਦੋਂ ਦਾ ਹੋਇਆ ਏ, ਜਿੰਦੜੀ ਮੌਤ ਕਬੂਤਰ ਦੀ ਏ ਕੀ ਆਖਾਂ ।

ਇਕਲਾਪੇ ਨੂੰ ਯਾਰ ਬਣਾਉਣਾ ਪੈਂਦਾ ਏ

ਇਕਲਾਪੇ ਨੂੰ ਯਾਰ ਬਣਾਉਣਾ ਪੈਂਦਾ ਏ, ਝੁੱਗਾ ਸ਼ਹਿਰੋਂ ਪਾਰ ਬਣਾਉਣਾ ਪੈਂਦਾ ਏ । ਯਾਰੀ 'ਤੇ ਰਿਸ਼ਤਾ ਏ ਵੱਟੇ-ਸੱਟੇ ਦਾ, ਰੁੱਸਿਆਂ ਨੂੰ ਸੌ ਵਾਰ ਮਨਾਉਣਾ ਪੈਂਦਾ ਏ । ਵੇਲੇ ਦੀ ਵੀ ਆਖ਼ਰ ਸਾਂਝ ਨਿਭਾਣੀ ਏ, ਝੂਠਾ ਮੂਠਾ ਪਿਆਰ ਜਿਤਾਉਣਾ ਪੈਂਦਾ ਏ । ਆਪਣਾ ਪੇਟ ਵੀ ਭਰਨੇ ਦੀ ਜੇ ਲੋੜ ਪਵੇ, ਹੱਥਾਂ ਨੂੰ ਸਰਕਾਰ ਹਿਲਾਉਣਾ ਪੈਂਦਾ ਏ । ਨੀਅਤ ਵਿਚ ਜੇ ਖੋਟ ਹੋਵੇ 'ਤੇ ਦੁਸ਼ਮਣ ਨੂੰ, ਆਪਣੇ ਗਲ ਦਾ ਹਾਰ ਬਣਾਉਣਾ ਪੈਂਦਾ ਏ । ਰੋਨੇ ਆਂ 'ਪਰਵਾਜ਼' ਕਿਸੇ ਮਜਬੂਰੀ ਨੂੰ, ਦੁਖੀ ਦਿਲ ਦਾ ਭਾਰ ਵੰਡਾਉਣਾ ਪੈਂਦਾ ਏ ।