Viang Baan : Tara Singh Khoje Puri

ਵਿਅੰਗ ਬਾਣ : ਤਾਰਾ ਸਿੰਘ ਖੋਜੇ ਪੁਰੀ



ਕੁੰਜ ਸ਼ਰਮ ਦੀ

ਹਿੱਤ ਆਪਣੇ ਸਦਾ ਜੋ ਪਾਲ਼ਦੇ ਨੇ, ਉਹ ਸੁਆਰਥੀ ਲੋਕੋ ਇਨਸਾਨ ਸਮਝੋ। ਲੋਕਾਂ ਵਿੱਚ ਜੋ ਜ਼ਹਿਰ ਫੈਲਾ ਰਹੇ ਨੇ, ਪਹਿਲੇ ਦਰਜੇ ਦੇ ਉਹ ਸ਼ੈਤਾਨ ਸਮਝੋ, ਦਾਨ ਦੇ ਕੇ ਦਾਨ ਦੀ ਕਰਨ ਚਰਚਾ, ਢੱਠੇ ਖੂਹ ਵਿੱਚ ਪਿਆ ਉਹ ਦਾਨ ਸਮਝੋ। ਕੁੰਜ ਸ਼ਰਮ ਦੀ ਲਾਹੁਣ ਜੋ ਖਾਣ ਵੇਲੇ, ਬੰਦੇ ਨਹੀਂ ਬਲਕਿ ਹੈਵਾਨ ਸਮਝੋ।

ਨਸ਼ੇ

ਪਹਿਲਾਂ ਤੋਤਾ ਤੇ ਫੇਰ ਤੂੰ ਬਣੇਂ ਖੋਤਾ, ਪਿੱਛੋਂ ਵਿਹਰ ਕੇ ਤੇ ਲੇਟੇ ਮਾਰ ਬੀਬਾ। ਨਸ਼ਾ ਕੋਈ ਜਹਾਨ ਦਾ ਛੱਡਣਾ ਨਹੀਂ, ਵੇਲਾ ਵਕਤ ਨਾ ਕਦੇ ਵੀਚਾਰ ਬੀਬਾ। ਨੇਕ ਬਖਤਾਂ ਦੇ ਨੇੜੇ ਤੂੰ ਲੱਗਣਾ ਨਹੀਂ, ਆਪਣੇ ਵਰਗੇ ਬਣਾ ਲੈ ਤੂੰ ਯਾਰ ਬੀਬਾ। ਨਸ਼ੇ ਸਿਹਤ ਦਾ ਸੱਤਿਆ ਨਾਸ ਕਰਦੇ, ਖੋਜੇ ਪੁਰੀ ਰੱਖੀਂ ਦਿਲ ਵਿੱਚ ਧਾਰ ਬੀਬਾ।

ਆਪਣਾ ਮੁਫਾਦ

ਭਲ਼ਾ ਦੂਜਿਆਂ ਦਾ ਕੋਈ ਮੰਗਦਾ ਨਹੀਂ, ਲੋਕ ਆਪਣਾ ਭਲਾ ਹੀ ਮੰਗਦੇ ਨੇ। ਜਿਹੜੀ ਗਲੀ ਵਿਰੋਧੀ ਦਾ ਘਰ ਹੋਵੇ, ਉਸ ਗਲੀ ਨਾ ਭੁੱਲ ਕੇ ਲਮਗਦੇ ਨੇ। ਸੂਟ ਬੂਟ ਪਾ ਕੇ ਬੈਠੇ ਕੁਰਸੀਆਂ ਤੇ, ਮਾਲ ਮੰਗਣੋਂ ਮੂਲ ਨਾ ਸੰਗਦੇ ਨੇ। ਹੋਵੇ ਆਪਣਾ ਕਿਤੇ ਮੁਫਾਦ ਜੇ ਕਰ, ਤਾਂ ਫਿਰ ਛਿੱਕੇ ਅਸੂਲਾਂ ਨੂੰ ਟੰਗਦੇ ਨੇ।

ਪੱਤੇ ਬਾਜ਼ੀਆਂ

ਨਾ ਹੈ ਸ਼ਰਮ ਤੇ ਨਾ ਚੰਗੇ ਕਰਮ ਕਰੀਏ, ਮੰਦੇ ਕੰਮਾਂ ਵੱਲ ਸਦਾ ਧਿਆਨ ਸਾਡਾ। ਕਿਹੜਾ ਕਿਵੇਂ ਕਿੱਥੇ ਕੱਦੂ- ਕਸ਼ ਕਰਨਾ, ਘਟੀਆ ਸੋਚਾਂ ਵਿੱਚ ਰਹਿੰਦਾ ਧਿਆਨ ਸਾਡਾ। ਪੁੱਠੇ ਕੰਮਾਂ ਦੇ ਵਿੱਚ ਬਰਬਾਦ ਕਰੀਏ, ਇਹ ਜੋ ਕੀਮਤੀ ਯਾਰੋ ਗਿਆਨ ਸਾਡਾ। ਪੱਤੇ ਬਾਜ਼ੀਆਂ ਵਿੱਚ ਵਿਸ਼ਵਾਸ਼ ਰੱਖੀਏ, ਕਦੀ ਡੋਲੇ ਨਾ ਧਰਮ ਈਮਾਨ ਸਾਡਾ।

ਮੋਟਾ ਮਾਲ

ਛੋਟੇ ਮੋਟੇ ਝੱਖ ਭਲਾ ਮਾਰੀਏ ਕਿਉਂ, ਅਸੀਂ ਮਾਲ ਹੀ ਮੋਟਾ ਡਕਾਰਦੇ ਹਾਂ। ਚਾਰਾ ਚਟਮ ਤੇ ਤੋਪਾਂ ਹਜ਼ਮ ਕਰੀਏ, ਕਫਨ ਮੁਰਦਿਆਂ ਉਤੋਂ ਉਤਾਰਦੇ ਹਾਂ। ਸਮੇਂ ਰਹੇ ਨਾ ਥੈਲੀਆਂ ਟੈਚੀਆਂ ਦੇ, ਜੱਫੇ ਬੋਰਿਆਂ ਨੂੰ ਹੁਣ ਤਾਂ ਮਾਰਦੇ ਹਾਂ। ਜੰਤਾ ਲੱਖ ਰੌਲਾ ਰੱਪਾ ਰਹੇ ਪਾਉਂਦੀ, ਅਸੀਂ ਦੋਸ਼ਾਂ ਨੂੰ ਮੁਢੋਂ ਨਕਾਰਦੇ ਹਾਂ।

ਧਰਮ ਕਰਮ

ਧਰਮ ਕਰਮ ਦੇ ਬਾਰੇ ਕੀ ਪੁੱਛਦੇ ਹੋ, ਇਹ ਨੇ ਲੋਕਤਾ ਵਿੱਚੋਂ ਫਰਾਰ ਲੋਕੋ। ਧਰਮ ਪੈਸਾ ਤੇ ਕਰਮ ਹੋ ਗਏ ਕਾਲ਼ੇ, ਬੇੜਾ ਡੁੱਬਆ ਅੱਧ ਵਿੱਚਕਾਰ ਲੋਕੋ। ਨੇਕ ਕ੍ਰਿਤ ਵੱਲੋਂ ਮੂੰਹ ਫੇਰ ਬੈਠੇ, ਜੜ੍ਹਾਂ ਫੜ ਗਿਆ ਹੈ ਭ੍ਰਿਸ਼ਟਾਚਾਰ ਲੋਕੋ। ਏਸ ਕੋਹੜ ਨੂੰ ਕਿਸੇ ਨਾ ਦੂਰ ਕਰਨਾ, ਕਰਕੇ ਵੇਖ ਲਓ ਯਤਨ ਹਜ਼ਾਰ ਲੋਕੋ।

ਨੰਗੀਆਂ ਫਿਲਮਾਂ

ਸੈਂਸਰ ਬੋਰਡ ਦੇ ਪੋਣੇ ਵਿੱਚ ਛੇਕ ਹੋ ਗਏ, ਗੰਦ ਮੰਦ ਸੱਭ ਕੁੱਝ ਪਾਸ ਹੋਈ ਜਾਂਦਾ। ਫਿਲਮਾਂ ਨੰਗੀਆਂ ਤੱਕ ਕੇ ਲੋਕ ਆਉਂਦੇ। ਕੋਈ ਹੱਸਦਾ ਤੇ ਕੋਈ ਰੋਈ ਜਾਂਦਾ। ਕਦੇ ਫਿਲਮਾਂ ਚੋਂ ਮਿਲਦਾ ਗਿਆਨ ਹੈ ਸੀ, ਹੁਣ ਠਾਹ ਠੂਹ ਤੇ ਲਹੂ ਚੋਈ ਜਾਂਦਾ। ਅਰਧ ਨੰਗੀਆਂ ਕਾਕੀਆਂ ਵੇਖਕੇ ਤੇ, ਬੰਦਾ ਸ਼ਰਮ ਨਾਲ ਮੂੰਹ ਲਕੋਈ ਜਾਂਦਾ।

ਕੁਰਸੀ

ਬੜੀ ਨਾਮੀ ਬੇ ਨਾਮੀ ਜਾਇਦਾਦ ਸਾਡੀ, ਕੇਵਲ ਕੁਰੀ ਦੀਆਂ ਮਿਹਰਬਾਨੀਆਂ ਜੀ। ਚੱਲਦਾ ਬੋਰਿਆਂ ਨਾਲ ਵਿਪਾਰ ਸਾਡਾ, ਚਾਲਾਂ ਸਾਡੀਆਂ ਕਿਸੇ ਨਾ ਜਾਣੀਆਂ ਜੀ। ਵਾਗ ਡੋਰ ਹੈ ਜਿੰਨਾਂ ਚਿਰ ਹੱਥ ਸਾਡੇ, ਅਸੀਂ ਕਰਾਂਗੇ ਸਦਾ ਮਨ ਮਾਨੀਆਂ ਜੀ। ਹੱਕ ਸੱਚ ਦੇ ਰਾਹ ਤੇ ਚੱਲੀਏ ਕਿਉਂ, ਸਾਨੂੰ ਰਾਸ ਆਈਆਂ ਵੰਡਾਂ ਕਾਣੀਆਂ ਜੀ।

ਛੜੇ

ਸਫਲ ਜੋੜੀਆਂ ਜੱਗ ਤੇ ਥੋੜੀਆਂ ਨੇ, ਐਪਰ ਨਰੜ ਨੇ ਬੇਸ਼ੁਮਾਰ ਸੱਜਣੋ । ਕਹਿੰਦੇ ਮੇਲ ਨੇ ਉੱਪਰ ਮਿਲਾਏ ਜਾਂਦੇ, ਹੁੰਦੇ ਜੱਗ ਤੇ ਸ਼ਗਨ ਵਿਹਾਰ ਸੱਜਣੋਂ। ਸਾਂਝੀ ਸੋਚ ਨਾਲ ਕਿਧਰੇ ਤੁਰੇ ਜ਼ਿੰਦਗੀ, ਕਿਧਰੇ ਹੁੰਦਾ ਹੈ ਰੋਜ਼ ਤਕਰਾਰ ਸੱਜਣੋਂ। ਏਸ ਜੀਣ ਨਾਲੋਂ ਛੜੇ ਹੈਨ ਸੌਖੇ. ਰਾਤੀਂ ਸੌਂਦੇ ਘੁਰਾੜੇ ਨੇ ਮਾਰ ਸੱਜਣੋਂ।

ਹਿੱਸੇ ਪੱਤੀਆਂ

ਜੀਭ ਉਨ੍ਹਾਂ ਦੀ ਖੰਡ ਦੀ ਛੁਰੀ ਵਰਗੀ, ਗੱਲਾਂ ਨਾਲ ਹੀ ਘਾਣ ਨੇ ਕਰੀ ਜਾਂਦੇ। ਖੇਡਾਂ ਕਈ ਉਹ ਨੇਮ ਨਾਲ ਜਾਣ ਖੇਡੀ, ਕਿਤੇ ਜਿੱਤਦੇ ਤੇ ਕਿਤੇ ਹਰੀ ਜਾਂਦੇ। ਮੋਮੋ ਠੱਗਣੇ ਮੀਸਣੇ ਬਣ ਕੇ ਤੇ, ਮਾਲ ਲੁੱਟ ਦਾ ਵਿਹਰ ਕੇ ਚਰੀ ਜਾਂਦੇ। ਕਦੀ ਹੋਵੇ ਨਾ ਉਨ੍ਹਾਂ ਦਾ ਵਾਲ ਵਿੰਗਾ, ਹਿੱਸੇ ਪੱਤੀਆਂ ਥਾਂ ਥਾਂ ਧਰੀ ਜਾਂਦੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ