Vari, Tuman Te Khatt Dikhaun Di Rasam : Neelam Saini

ਵਰੀ, ਟੁੰਮਾਂ ਤੇ ਖੱਟ ਦਿਖਾਉਣ ਦੀ ਰਸਮ : ਨੀਲਮ ਸੈਣੀ

ਖਾਣੇ ਤੋਂ ਬਾਅਦ ਮੁੰਡੇ ਵਾਲੇ ਵਰੀ ਦਿਖਾਉਂਦੇ ਸਨ। ਵਿਆਹ ਵੇਲੇ ਸਹੁਰਿਆਂ ਵਲੋਂ ਕੁੜੀ ਨੂੰ ਦਿੱਤੇ ਜਾਂਦੇ ਕੱਪੜੇ ਅਤੇ ਗਹਿਣੇ 'ਵਰੀ' ਅਖਵਾਉਂਦੇ ਸਨ। ਸਹੁਰਿਆਂ ਵਲੋਂ ਕੁੜੀ ਲਈ ਵਰੀ ਵਿਚ ਘੱਟ ਤੋਂ ਘੱਟ ਪੰਜ ਸੂਟ, ਗਹਿਣੇ, ਸ਼ਿੰਗਾਰ ਸਮੱਗਰੀ ਅਤੇ ਜੁੱਤੀ ਆਦਿ ਟਰੰਕ ਵਿਚ ਰੱਖ ਕੇ ਲਿਆਂਦੇ ਜਾਂਦੇ ਸਨ। ਇਹ ਟਰੰਕ ਨਾਈ ਨੇ ਸਿਰ ਉਪਰ ਚੁੱਕਿਆ ਜਾਂ ਹੱਥ ਵਿਚ ਫੜਿਆ ਹੁੰਦਾ ਸੀ। 'ਵਰੀ' ਦੇਖਦੇ ਵਕਤ ਦਿੱਤੀਆਂ ਜਾਂਦੀਆਂ ਸਿੱਠਣੀਆਂ ਵਿਚ 'ਵਰੀ' ਨੂੰ ਕਦੀ ਉਧਾਰੀ ਲਿਆਂਦੀ ਅਤੇ ਕਦੀ ਮੰਗਵੀਂ 'ਵਰੀ' ਦੱਸ ਕੇ ਨਕਾਰਿਆ ਜਾਂਦਾ ਸੀ। ਸੋਨੇ ਦੇ ਗਹਿਣਿਆਂ ਨੂੰ ਪਿੱਤਲ਼ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਵਰੀ ਨੂੰ ਕੁੜੀ ਦੀ ਪਸੰਦ ਨਾ ਆਉਣ ਵਾਲ਼ੀ ਦੱਸ ਕੇ ਕੁੜਮਾਂ ਨੂੰ ਠਿੱਠ ਕੀਤਾ ਜਾਂਦਾ ਸੀ। 'ਵਰੀ' ਦੇਖਦੇ ਹੀ ਸਹੁਰੇ ਪਰਿਵਾਰ ਦੀ ਹੈਸੀਅਤ ਦਾ ਅਨੁਮਾਨ ਸਹਿਜੇ ਹੀ ਲਗਾ ਲਿਆ ਜਾਂਦਾ ਸੀ। 'ਵਰੀ' ਵਿਚ ਆਏ ਕੱਪੜੇ ਅਤੇ ਗਹਿਣੇ ਚਰਚਾ ਦਾ ਵਿਸ਼ਾ ਬਣਦੇ ਸਨ। ਇਸ ਰਸਮ ਦਾ ਮੰਤਵ ਕੁੜੀ ਦੇ ਮਾਪਿਆਂ ਨੂੰ ਇਹ ਤਸੱਲੀ ਦਿਵਾਉਣਾ ਹੁੰਦਾ ਸੀ ਕਿ ਉਨ੍ਹਾਂ ਦੀ ਧੀ ਚੰਗੇ ਘਰ ਵਿਆਹੀ ਗਈ ਹੈ। ਇਹ ਰਸਮ ਹੁਣ ਤਕਰੀਬਨ ਲੋਪ ਹੁੰਦੀ ਜਾ ਰਹੀ ਹੈ।

ਹਰੀ ਕੁੜੇ ਫ਼ੁੱਲ ਭਰੀ ਕੁੜੇ,
ਪੁਰਾਣੀ ਆਂਦੀ ਵਰੀ ਕੁੜੇ।
ਗਹਿਣੇ ਥੋੜ੍ਹੇ ਆਏ,
ਹਮ ਲਾਜ ਗਏ।
ਤੂੜੀ ਵੱਟੇ ਸੋਨਾ,
ਹਮ ਲਾਜ ਗਏ।
ਸਾਲ਼ਿਆ ਕੁੜਮਾਂ!
ਪਰਾਤ ਭਨਾ ਲਾ,
ਗਹਿਣੇ ਘੜਾ ਲਾ।
ਛੋਕਰਾ ਵਿਆਹ ਲਾ,
ਇਹ ਕੰਮ ਸਹਿਜੇ।
ਹਮ ਲਾਜ ਗਏ,
ਤੂੜੀ ਵੱਟੇ ਸੋਨਾ।

ਛੇ ਮਹੀਨੇ ਸੁਨਿਆਰ ਬਿਠਾਇਆ,
ਚਾਂਦੀ ਦੇ ਗਹਿਣਿਆਂ 'ਤੇ ਪਾਣੀ ਚੜ੍ਹਾਇਆ।
ਪਿੱਤਲ ਪਾਉਣਾ ਸਈ...
ਬੇਲੱਜਿਓ ਲੱਜ ਤੁਹਾਨੂੰ ਨਈਂ।
ਪੁਰਾਣੇ ਗਹਿਣਿਆਂ ਤੇ ਰੰਗ ਚੜ੍ਹਇਆ,
ਸਾਡੀ ਤਾਂ ਬੀਬੀ ਦੇ ਪਸੰਦ ਨਾ ਆਇਆ।
ਨਵੇਂ ਘੜਾਉਣੇ ਸਈ...
ਬੇਲੱਜਿਓ ਲੱਜ ਤੁਹਾਨੂੰ ਨਹੀਂ!

ਮੈਂ ਲਾਜ ਮੋਈ ਮੈਂ ਲਾਜ ਮੋਈ,
ਇਹ ਵਰੀ ਪੁਰਾਣੀ ਲਿਆਏ।
ਮੈਂ ਲਾਜ ਮੋਈ ਮੈਂ ਲਾਜ ਮੋਈ,
ਇਹ ਕੀ ਕੀ ਵਸਤ ਲਿਆਏ।
ਮੈਂ ਲਾਜ ਮੋਈ ਮੈਂ ਲਾਜ ਮੋਈ,
ਇਹ ਬੁੱਢੜੇ ਕਾਹਨੂੰ ਆਏ।
ਮੈਂ ਲਾਜ ਮੋਈ ਮੈਂ ਲਾਜ ਮੋਈ,
ਇਹ ਗੱਭਰੂ ਕਿਓਂ ਨਾ ਲਿਆਏ?

ਵਰੀ ਵੀ ਲਿਆਇਆ ਕੁੜਮਾਂ ਹੁੱਬ ਕੇ,
ਵੇ ਕੋਈ ਲਾ ਕੇ ਸਾਰਾ ਜ਼ੋਰ।
ਸਾਡੇ ਆਈ ਪਸੰਦ ਨਾ,
ਇਹ ਤਾਂ ਨਿਰੀ ਖੱਲਾਂ ਦਾ
ਵੇ ਮਾਸੜ ਸਾਡਿਆ ਵੇ-ਖ਼ੋਰ।

ਇਸ ਤੋਂ ਬਾਅਦ ਕੁੜੀ ਵਾਲਿਆਂ ਵਲੋਂ ਖੱਟ ਦਿਖਾਈ ਜਾਂਦੀ ਸੀ। 'ਖੱਟ' ਅਸਲ ਵਿਚ 'ਦਾਜ' ਦਾ ਹੀ ਦੂਜਾ ਨਾਮ ਸੀ। ਇਹ ਮਾਪਿਆਂ ਵਲੋਂ ਆਪਣੀ ਸਮਰੱਥਾ ਅਨੁਸਾਰ ਆਪਣੀ ਧੀ ਨੂੰ ਵਿਆਹ ਦੇ ਵਕਤ ਦਿੱਤੇ ਗਏ ਤੋਹਫ਼ੇ ਹੁੰਦੇ ਸਨ। ਇਹ ਤੋਹਫ਼ੇ ਸਹੁਰੇ ਘਰ ਜਾ ਕੇ ਉਸ ਦੀ ਰੋਜ਼ਾਨਾ ਜ਼ਿੰਦਗ਼ੀ ਵਿਚ ਵਰਤਣ ਵਾਲੀਆਂ ਵਸਤਾਂ ਹੁੰਦੀਆਂ ਸਨ। ਇਸ ਤੋਂ ਇਲਾਵਾ ਸੱਸ-ਸਹੁਰੇ, ਦਿਓਰ-ਦਰਾਣੀ, ਜੇਠ-ਜਠਾਣੀ, ਨਨਾਣ-ਨਣਦੋਈਏ, ਭੂਆ-ਫ਼ੁੱਫੜ, ਮਾਮੀ-ਮਾਮੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਕੱਪੜੇ ਵੀ ਹੁੰਦੇ ਸਨ। ਇਨ੍ਹਾਂ ਨੂੰ ਭਨਾਉਣੀਆਂ ਕਿਹਾ ਜਾਂਦਾ ਸੀ। 'ਦਾਜ' ਦਿਖਾਉਂਦੇ ਵਕਤ ਗਾਏ ਜਾਣ ਵਾਲੇ ਗੀਤਾਂ ਵਿਚ ਮਾਪਿਆਂ ਦੇ ਤਰਲੇ ਹੁੰਦੇ ਸਨ। ਇਸ ਦੇ ਨਾਲ-ਨਾਲ ਕੁੜਮਾਂ ਨੂੰ ਧੀ ਦੇ ਸੁੱਖ ਦਾ ਧਿਆਨ ਰੱਖਣ ਲਈ ਬੇਨਤੀ ਵੀ ਕੀਤੀ ਜਾਂਦੀ ਸੀ। ਆਪਣੀ ਲਾਡਲੀ ਦੇ ਗੁਣਾਂ ਦੀ ਵਿਆਖਿਆ ਕਰਦਿਆਂ, ਸਹੁਰੇ ਘਰ ਵਿਚ ਸੁਖ਼ੀ ਵਸਣ ਦੀ ਕਾਮਨਾ ਹੁੰਦੀ ਸੀ।
ਮਾਪਿਆਂ ਵਲੋਂ ਥੋੜ੍ਹੇ ਦਿੱਤੇ 'ਦਾਜ' ਨੂੰ ਬਹੁਤਾ ਕਰ ਕੇ ਜਾਣਨ ਦੀ ਗੁਜ਼ਾਰਿਸ਼ ਹੁੰਦੀ ਸੀ। ਵਿਆਹ ਸਮੇਂ ਹਾਜ਼ਰ ਪਤਵੰਤਿਆਂ ਅਤੇ ਰਿਸ਼ਤੇਦਾਰਾਂ ਦੇ ਸਾਹਮਣੇ 'ਦਾਜ' ਦਿਖਾਉਣ ਦਾ ਮੰਤਵ ਇਹ ਵਿਸ਼ਵਾਸ ਦਿਵਾਉਣਾ ਹੀ ਹੁੰਦਾ ਸੀ ਕਿ ਉਨ੍ਹਾਂ ਦੀ ਧੀ ਲੋੜ ਮੁਤਾਬਿਕ ਸਭ ਕੁਝ ਲੈ ਕੇ ਜਾ ਰਹੀ ਹੈ। ਕਈ ਵਾਰੀ ਸਹੁਰੇ ਲਾਲਚੀ ਹੋਣ ਤਾਂ ਦਾਜ ਵਿਚ ਨੁਕਸ ਕੱਢਦੇ ਸਨ ਜਾਂ ਮੁੱਕਰ ਜਾਂਦੇ ਸਨ। ਇਸ ਲਈ ਹਾਜ਼ਰ ਪਤਵੰਤੇ ਅਤੇ ਰਿਸ਼ਤੇਦਾਰ ਇਸ ਗੱਲ ਦੀ ਗਵਾਹੀ ਹੁੰਦੇ ਸਨ ਕਿ 'ਖੱਟ' ਵਿਚ ਕੀ ਕੁਝ ਗਿਆ ਹੈ? 'ਖੱਟ' ਦਿਖਾਉਂਦੇ ਵਕਤ ਧੀ ਦੇ ਮਾਪਿਆਂ ਦੀ ਸਥਿਤੀ ਬਹੁਤ ਵਿਚਾਰਗੀ ਵਾਲੀ ਹੁੰਦੀ ਸੀ। ਉਨ੍ਹਾਂ ਦੇ ਮਨ ਤੇ ਇਕ ਪ੍ਰਸ਼ਨ ਚਿੰਨ ਹੁੰਦਾ ਸੀ? ਕੀ 'ਖੱਟ' ਧੀ ਦੇ ਸਹੁਰਿਆਂ ਦੀ ਪਸੰਦ ਮੁਤਾਬਿਕ ਹੈ? ਕੁੜਮ ਦੇ ਮੱਥੇ 'ਤੇ ਵੱਟ ਤਾਂ ਨਹੀਂ ਪਿਆ? ਅੱਜ ਲਾਲਚੀ ਸੋਚ ਕਾਰਨ ਦਾਜ ਦੀ ਰਸਮ ਇਕ ਖ਼ਤਰਨਾਕ ਬੁਰਾਈ ਵਜੋਂ ਉੱਭਰ ਕੇ ਸਾਹਮਣੇ ਆਈ ਹੈ।

ਸੁਣਿਓਂ ਸੁਣਿਓਂ ਨਵਿਓਂ ਕੁੜਮੋ!
ਅਰਜ਼ ਅਸਾਂ ਦੀ ਸੁਣਿਓਂ ਜੀ।
ਜੇ ਅਸੀਂ ਦਿੱਤੇ ਪਾਟੇ ਪੁਰਾਣੇ,
ਰੇਸ਼ਮ ਕਰ ਕੇ ਜਾਣਿਓਂ ਜੀ।
ਜੇ ਸਾਡੀ ਬੀਬੀ ਮੰਦਾ ਬੋਲੇ,
ਅੰਦਰ ਵੜ ਸਮਝਾਇਓ ਜੀ।
ਜੇ ਸਾਡੀ ਬੀਬੀ ਘਿਓ ਡੋਲ੍ਹੇ,
ਪਾਣੀ ਕਰਕ ਜਾਣਿਓਂ ਜੀ।
ਜੇ ਸਾਡੀ ਬੀਬੀ ਗੁੱਡੀਆਂ ਖੇਲ੍ਹੇ,
ਨਵੇਂ ਸ਼ਹਿਰ ਤੋਂ ਮੰਗਾਇਓ ਜੀ।
ਜੇ ਤੁਹਾਡਾ ਮੁੰਡਾ ਮੰਦਾ ਬੋਲੇ,
ਡੰਡਾ ਫੜ ਸਮਝਾਇਓ ਜੀ।

ਸੁਣ ਵੇ ਸਹੁਰਿਆ
ਹਵੇਲੀ ਦਿਆ ਫਹੁੜਿਆ,
ਮੇਰੀ ਮਾਂ ਦੀ ਗਾਲ਼ੀ ਨਾ ਦੇਵੀਂ।
ਸੁਣ ਨੀ ਸੱਸੀਏ ਚਾਉਣੇ ਦੀਏ ਵੱਛੀਏ,
ਮੇਰੇ ਜਣਦੇ ਗਾਲ਼ੀ ਨਾ ਦੇਵੀਂ।
ਸੁਣ ਵੇ ਜੇਠਾ ਘੜੇ ਦਿਆ ਹੇਠਾ,
ਮੇਰੀ ਭੈਣਾਂ ਗਾਲ਼ੀ ਨਾ ਦੇਵੀਂ।
ਸੁਣ ਵੇ ਦੇਰਾ ਮਲ੍ਹੇ ਦਿਆ ਬੇਰਾ,
ਮੇਰੀ ਸਹੀਆਂ ਗਾਲ਼ੀ ਨਾ ਦੇਵੀਂ।
ਸੁਣ ਨੀ ਨਣਦੇ ਖਾਣੀ ਜਣਦੇ,
ਮੇਰੇ ਵੀਰਾਂ ਗਾਲ਼ੀ ਨਾ ਦੇਵੀ।

ਸਾਡੀ ਤਾਂ ਬੀਬੀ ਲਾਡਲੀ ਨੀ,
ਰੋਟੀ ਪਿੱਛੋਂ ਮੰਗੇ ਖ਼ੀਰ।
ਬੀਬੀ ਦਾ ਬਾਬਲ ਇੰਝ ਜਾਪੇ,
ਜਿਓਂ ਰਾਜਿਆਂ ਵਿਚ ਵਜੀਰ।

ਕੱਢ ਨੀ ਅੰਮੜੀ!
ਕੁੱਝ ਸੱਜਿਆ ਸਜਾਇਆ,
ਕੁਝ ਰੱਖਿਆ ਰਖਾਇਆ।
ਮੇਰੇ ਬਾਬਲ ਦਾ ਖੱਟਿਆ,
ਮੇਰੇ ਵੀਰੇ ਦਾ ਕਮਾਇਆ।
ਕਿ ਹੁਣ ਤੇਰੇ,
ਦੇਣ ਦਾ ਵੇਲ਼ਾ ਆਇਆ।

ਵਿਹੜੇ ਇਮਲੀ ਦੇ ਹਰੇ ਹਰੇ ਪੱਤ ਆ,
ਪੰਛੀ ਬੈਠਾ ਰੁਦਨ ਕਰੇ।
ਬਾਬਲ ਮੈਨੂੰ ਏਨਾ ਦੇਮੀਂ ਦਾਜ,
ਕਿ ਜੱਗ ਤੇਰੀ ਸ਼ੋਭਾ ਕਰੇ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ