Vangan : Nand Lal Noorpuri

ਵੰਗਾਂ : ਨੰਦ ਲਾਲ ਨੂਰਪੁਰੀ

1. ਨੀ ਨਿਕੇ ਜਿਹੇ ਢੋਲ ਸਾਨੂੰ ਘੱਲੀਆਂ ਨੇ ਵੰਗਾਂ

ਵੰਗਾਂ ਵਿਚ ਦੂਰ ਦਿਆਂ, ਵਾਸੀਆਂ ਦੀ ਯਾਦ ਆਈ
ਵੰਗਾਂ ਵਿਚ ਸਜਨਾਂ ਦੀ, ਗੁਝੀ ਫਰਿਆਦ ਆਈ
ਵੰਗਾਂ ਵਿਚ ਨੈਣ ਨੇ ਲੁਕੋ ਕੇ ਘੱਲੇ ਮੀਤ ਨੇ
ਵੰਗਾਂ ਵਿਚੋਂ ਝਾਕਦੇ ਪ੍ਰੀਤ ਵਾਲੇ ਗੀਤ ਨੇ
ਵੰਗਾਂ ਛਣਕਾਉਂਦੀ ਮੈਂ ਸ਼ਰੀਕਾਂ ਕੋਲੋਂ ਲੰਘਾਂ
ਨੀ ਨਿਕੇ ਜਿਹੇ ਢੋਲ ਸਾਨੂੰ ਘੱਲੀਆਂ ਨੇ ਵੰਗਾਂ

ਵੰਗਾਂ ਮੇਰੇ ਰੋਂਦੇ ਰੋਂਦੇ ਅਥਰੂ ਵਹਾ ਦਿਤੇ
ਵੰਗਾਂ ਮੇਰੇ ਸੁੱਤੇ ਸੁੱਤੇ ਜਜ਼ਬੇ ਜਗਾ ਦਿਤੇ
ਗੋਰੇ ਰੰਗ ਉਤੇ ਵੰਗਾਂ ਲਾਲ ਨੇ ਸੁਹਾਂਦੀਆਂ
ਵੰਗਾਂ ਬਾਹਾਂ ਮੇਰੀਆਂ ਨੂੰ ਜੱਫੀਆਂ ਨੇ ਪਾਂਦੀਆਂ
ਨੀ ਮਾਹੀ ਦੀ ਮੈਂ ਸੁਖ ਨਿੱਤ ਰੱਬ ਕੋਲੋਂ ਮੰਗਾਂ
ਨੀ ਨਿਕੇ ਜਿਹੇ ਢੋਲ ਸਾਨੂੰ ਘੱਲੀਆਂ ਨੇ ਵੰਗਾਂ

ਵੰਗਾਂ ਮੇਰੀ ਉੱਜੜੀ ਜਵਾਨੀ ਨੂੰ ਵਸਾਉਣ ਆਈਆਂ
ਵੰਗਾਂ ਮੇਰੇ ਵਿਹੜੇ ਨੂੰ ਸੁਹਾਗ ਭਾਗ ਲਾਉਣ ਆਈਆਂ
ਹੱਥੀਂ ਮੇਰੇ ਪਾ ਦੇ ਮਾਏ ਵੰਗਾਂ ਸੂਹੀਆਂ ਲਾਲ ਨੀ
ਸਾਈਂ ਪੂਰੇ ਕਰੂ ਸਾਡੇ ਦਿਲ ਦੇ ਸਵਾਲ ਨੀ
ਘੁੰਡ ਨਾ ਮੈਂ ਚੁੱਕਾਂ 'ਨੂਰਪੁਰੀ' ਕੋਲੋਂ ਸੰਗਾਂ
ਨੀ ਨਿਕੇ ਜਿਹੇ ਢੋਲ ਸਾਨੂੰ ਘੱਲੀਆਂ ਨੇ ਵੰਗਾਂ

2. ਇਕ ਵੰਗਾਂ ਵਾਲਾ ਆਇਆ ਨੀ

ਇਕ ਵੰਗਾਂ ਵਾਲਾ ਆਇਆ ਨੀ
ਮੈਂ ਮਿੰਨਤਾਂ ਨਾਲ ਬੁਲਾਇਆ ਨੀ

ਇਕ ਵੰਗਾਂ ਕੋਲ ਸੁਨਹਿਰੀ ਨੀ
ਦੂਜੇ ਬਿਸੀਅਰ ਨੈਣ ਨੇ ਜ਼ਹਿਰੀ ਨੀ
ਮੈਂ ਮਰ ਗਈ ਡੰਗ ਚਲਾਇਆ ਨੀ
ਇਕ ਵੰਗਾਂ ਵਾਲਾ ਆਇਆ ਨੀ
ਮੈਂ ਮਿੰਨਤਾਂ ਨਾਲ ਬੁਲਾਇਆ ਨੀ

ਜਦ ਨਜ਼ਰ ਉਤਾਹਾਂ ਕਰਦਾ ਨੀ
ਮੇਰਾ ਫੁਟਦਾ ਜੋਬਨ ਚਰਦਾ ਨੀ
ਮੈਂ ਆਪਣਾ ਆਪ ਲੁਟਾਇਆ ਨੀ
ਇਕ ਵੰਗਾਂ ਵਾਲਾ ਆਇਆ ਨੀ
ਮੈਂ ਮਿੰਨਤਾਂ ਨਾਲ ਬੁਲਾਇਆ ਨੀ

ਵੰਗਾਂ ਦੇ ਪਿੰਡੇ ਚਿਲਕਣ ਨੀ
ਅੱਖੀਆਂ ਦੇ ਦਿਲ ਪਏ ਤਿਲਕਣ ਨੀ
ਉਹਨੇ ਲੂੰ ਲੂੰ ਜਾਦੂ ਪਾਇਆ ਨੀ
ਇਕ ਵੰਗਾਂ ਵਾਲਾ ਆਇਆ ਨੀ
ਮੈਂ ਮਿੰਨਤਾਂ ਨਾਲ ਬੁਲਾਇਆ ਨੀ

ਪਾ ਵੰਗਾਂ ਲਾਹ ਕਲੀਰੇ ਨੀ
ਤੂੰ 'ਨੂਰਪੁਰੀ' ਦੀਏ ਹੀਰੇ ਨੀ
ਤੈਨੂੰ ਰੱਬ ਨੇ ਭਾਗ ਹੈ ਲਾਇਆ ਨੀ
ਇਕ ਵੰਗਾਂ ਵਾਲਾ ਆਇਆ ਨੀ
ਮੈਂ ਮਿੰਨਤਾਂ ਨਾਲ ਬੁਲਾਇਆ ਨੀ

3. ਤੇਰੇ ਰਸ ਭਰੇ ਨੇ ਨੈਣ

ਬੜੇ ਪਿਆਰੇ ਲਗਦੇ
ਜਦ ਆਰੀਆਂ ਬਣ ਵਗਦੇ,
ਜਾਂ ਰੋ ਰੋ ਹੌਕੇ ਲੈਣ
ਤੇਰੇ ਰਸ ਭਰੇ ਨੇ ਨੈਣ

ਐਡੇ ਨੇ ਕੋਈ ਰੱਬ ਦੇ ਪਿਆਰੇ,
ਪ੍ਰੇਮ ਨਦੀ ਜਾਂ ਠਾਠਾਂ ਮਾਰੇ
ਇਨ੍ਹਾਂ ਦੇ ਇਕ ਇਕ ਕਤਰੇ ਨੇ
ਮੇਰੇ ਡੁਬੇ ਬੇੜੇ ਤਾਰੇ
ਮੇਰੇ ਜ਼ਖ਼ਮ ਨੇ ਯਾਦ ਕਰਾਏ
ਅਥਰੂ ਸਿਟ ਕੇ ਖਾਰੇ ਖਾਰੇ
ਵੇਖਿਆਂ ਬਾਝ ਨਾ ਨੈਣਾਂ ਦੇ ਹੁਣ
ਆਵੇ ਦਿਲ ਨੂੰ ਚੈਣ
ਤੇਰੇ ਰਸ ਭਰੇ ਨੇ ਨੈਣ

ਪ੍ਰੇਮ ਦੀ ਮੂਰਤ ਰੱਬ ਦੀ ਸੂਰਤ
ਇਹ ਨੇ ਨਕਸ਼ ਖ਼ੁਦਾਈ
ਅਖੀਆਂ ਵਾਲਾ ਕੋਈ ਵਿਰਲਾ ਪੜ੍ਹਦਾ
ਡਾਹਢੇ ਦੀ ਕਲਮ ਵਗਾਈ
ਪਰੇਮੀ ਬਣ ਜੇ ਰੋ ਨੇ ਜਾਂਦੇ
ਦਿਲ ਦੇ ਪਾਪ ਇਹ ਧੋ ਨੇ ਜਾਂਦੇ
'ਨੂਰਪੁਰੀ' ਨੈਣਾਂ ਵਿਚ ਵਸ ਜਾ
ਇਹ ਉਹਦੇ ਬੁਤ ਹੈਣ
ਤੇਰੇ ਰਸ ਭਰੇ ਨੇ ਨੈਣ

4. ਜਦ ਨੈਣ ਸਜਣ ਦੇ ਹੋਏ

ਜਦ ਨੈਣ ਸਜਣ ਦੇ ਹੋਏ
ਫਿਰ ਘੁੰਡ ਵਿਚ ਕਿਉਂ ਲਕੋਏ

ਨਾ ਕਰ ਪੰਛੀ ਕੈਦ ਵਿਚਾਰੇ
ਕਿਉਂ ਮਿਰਗਾਂ ਤੇ ਜਾਲ ਖਿਲਾਰੇ
ਖੁਲ੍ਹੇ ਛਡ ਦੇ ਇਹ ਵਣਜਾਰੇ
ਇਹ ਅਥਰੂ ਭਰ ਭਰ ਰੋਏ
ਜਦ ਨੈਣ ਸਜਣ ਦੇ ਹੋਏ
ਫਿਰ ਘੁੰਡ ਵਿਚ ਕਿਉਂ ਲਕੋਏ

ਆ ਗਏ ਨੀ ਹੁਣ ਨੈਣਾਂ ਵਾਲੇ
ਨੈਣਾਂ ਦੇ ਕਰ ਨੈਣ ਹਵਾਲੇ
ਪਿਆਰੇ ਪਿਆਰੇ ਕਾਲੇ ਕਾਲੇ
ਭੰਵਰੇ ਬਿਹਬਲ ਹੋਏ
ਜਦ ਨੈਣ ਸਜਣ ਦੇ ਹੋਏ
ਫਿਰ ਘੁੰਡ ਵਿਚ ਕਿਉਂ ਲਕੋਏ

ਨੈਣ ਨੈਣਾਂ ਦੀ ਭਿਛਿਆ ਮੰਗਦੇ
ਡਰਦੇ ਡਰਦੇ ਸੰਗਦੇ ਸੰਗਦੇ
ਦੇ ਕੇ ਨੈਣ ਨੈਣਾਂ ਨੂੰ ਰੰਗ ਦੇ
ਇਹ ਹੁਣ ਤੇਰੇ ਹੋਏ
ਜਦ ਨੈਣ ਸਜਣ ਦੇ ਹੋਏ
ਫਿਰ ਘੁੰਡ ਵਿਚ ਕਿਉਂ ਲਕੋਏ

ਨੈਣਾਂ ਦੀ ਹੈ ਲੋੜ ਨੈਣਾਂ ਨੂੰ
ਖਾਲੀ ਨਾ ਹੁਣ ਮੋੜ ਨੈਣਾਂ ਨੂੰ
'ਨੂਰਪੁਰੀ' ਨਾ ਤੋੜ ਨੈਣਾਂ ਨੂੰ
ਇਹ ਨੇ ਫਿਰਦੇ ਮੋਏ
ਜਦ ਨੈਣ ਸਜਣ ਦੇ ਹੋਏ
ਫਿਰ ਘੁੰਡ ਵਿਚ ਕਿਉਂ ਲਕੋਏ

5. ਮੈਂ ਨਹੀਂ ਕਰਨਾ ਪਿਆਰ

ਮੈਂ ਨਹੀਂ ਕਰਨਾ ਪਿਆਰ
ਸਜਣੀ ਮੈਂ ਨਹੀਂ ਕਰਨਾ ਪਿਆਰ

ਇਕ ਰਸਤੇ ਦੇ ਪਾਂਧੀ ਦੋਵੇਂ
ਤੂੰ ਮੇਰੀ ਮੈਂ ਤੇਰਾ
ਉਡਿਆ ਭੌਰ ਜਾਂ ਪਿੰਜਰੇ ਵਿਚੋਂ
ਕੂਚ ਹੋਇਆ ਜਾਂ ਡੇਰਾ
ਤੂੰ ਬਣ ਬੈਠੀ ਹੋਰ ਕਿਸੇ ਦੀ
ਮੈਂ ਬਣ ਬੈਠਾ ਹੋਰ ਕਿਸੇ ਦਾ
ਇਹ ਕੀ ਭਲਾ ਵਿਹਾਰ
ਸਜਣੀ ਮੈਂ ਨਹੀਂ ਕਰਨਾ ਪਿਆਰ
ਸਜਣੀ ਮੈਂ ਨਹੀਂ ਕਰਨਾ ਪਿਆਰ

ਹਸਿਆ ਮੈਂ ਤਾਂ ਸਾਰੇ ਮੇਰੇ
ਆ ਆ ਬੈਠੇ ਚਾਰ ਚੁਫੇਰੇ,
ਜਾਂ ਰੋਇਆ ਮੈਂ ਅੱਖੀਆਂ ਭਰਕੇ
ਸਭਨਾਂ ਨੇ ਮੂੰਹ ਫੇਰੇ
ਨਾ ਕੋਈ ਪਿਆਰਾ ਨਾ ਕੋਈ ਪਿਆਰੀ
ਇਹ ਹੈ ਦੁਨੀਆਂਦਾਰੀ
ਠਗਣਾ ਹੈ ਸੰਸਾਰ
ਮੈਂ ਨਹੀਂ ਕਰਨਾ ਪਿਆਰ
ਸਜਣੀ ਮੈਂ ਨਹੀਂ ਕਰਨਾ ਪਿਆਰ
ਸਜਣੀ ਮੈਂ ਨਹੀਂ ਕਰਨਾ ਪਿਆਰ

ਜਾਗ ਪਿਆ ਤਾਂ ਸਭ ਕੁਛ ਪਾਇਆ
ਸੁੱਤਿਆਂ ਸਭ ਵੰਞਾਇਆ
ਫਿਰ ਸੰਸਾਰ ਇਹ ਤੇਰਾ ਕੇਵੇਂ
ਤੂੰ ਕਿਉਂ ਚਿੱਤ ਪਰਚਾਇਆ
ਤੇਰਾ ਤੇਰਾ ਕਰਦੇ ਕਰਦੇ
ਤੇਰਾ ਨੇ ਘੁਟ ਭਰਦੇ
ਝਾਤੀ ਜ਼ਰਾ ਤਾਂ ਮਾਰ
ਸਜਣੀ ਮੈਂ ਨਹੀਂ ਕਰਨਾ ਪਿਆਰ
ਸਜਣੀ ਮੈਂ ਨਹੀਂ ਕਰਨਾ ਪਿਆਰ

ਸਾਹ ਆਇਆ ਤੇ ਸਾਥੀ ਸੰਗੀ
ਮੇਰਾ ਮੇਰਾ ਕਰਦੇ
ਬੁਝ ਗਈ ਜੋਤ ਜਾਂ ਜਗਦੀ ਜਗਦੀ
ਦੁਸ਼ਮਣ ਹੋ ਗਏ ਘਰ ਦੇ
'ਨੂਰਪੁਰੀ' ਦੁਨੀਆਂ ਵਿਚ ਲਗਕੇ
ਦੀਵੇ ਵਾਂਗਰ ਬੁਝ ਗਿਓਂ ਜਗਕੇ
ਡੁਬ ਗਿਓਂ ਲਗਕੇ ਪਾਰ
ਸਜਣੀ ਮੈਂ ਨਹੀਂ ਕਰਨਾ ਪਿਆਰ
ਸਜਣੀ ਮੈਂ ਨਹੀਂ ਕਰਨਾ ਪਿਆਰ

6. ਅੰਬੀਆਂ ਕਿਉਂ ਰਸੀਆਂ ਨੀ ਕੋਇਲੇ

ਅੰਬੀਆਂ ਕਿਉਂ ਰਸੀਆਂ ਨੀ ਕੋਇਲੇ
ਅੰਬੀਆਂ ਕਿਉਂ ਰਸੀਆਂ

ਸਾਵਣ ਦੂਰ ਬਦਲੀਆਂ ਨਾਲੋਂ
ਸਾਵਣ ਦੂਰ ਨੇ ਆਸਾਂ ਨਾਲੋਂ
ਜ਼ੁਲਫ਼ਾਂ ਕਾਲੀਆਂ ਰਾਤਾਂ ਨਾਲੋਂ
ਰਾਤਾਂ ਲੰਮੀਆਂ ਬਾਤਾਂ ਨਾਲੋਂ
ਦਿਲ ਦੇ ਨਾਲ ਇਹ ਝਗੜੇ ਕਰ ਕਰ
ਅੱਖੀਆਂ ਕਿਉਂ ਵੱਸੀਆਂ
ਨੀ ਕੋਇਲੇ ਅੰਬੀਆਂ ਕਿਉਂ ਰਸੀਆਂ
ਅੰਬੀਆਂ ਕਿਉਂ ਰਸੀਆਂ

ਪ੍ਰੇਮ ਨੂੰ ਰੋਜ਼ ਭੁਲੇਖਾ ਲਗਦਾ
ਪੱਥਰ ਜਾਪੇ ਪਾਣੀ ਵਗਦਾ
ਫੁਲ ਸਮਝ ਕੇ ਹੱਥ ਪਾ ਲੈਂਦਾ
ਕੋਲਾ ਭਖ਼ਦਾ ਵੇਖੇ ਅੱਗ ਦਾ
ਸੇਜਾਂ ਵਿਚੋਂ 'ਨੂਰਪੁਰੀ' ਨੂੰ
ਡੰਗ ਜਾਵਣ ਅੱਖੀਆਂ
ਨੀ ਕੋਇਲੇ ਅੰਬੀਆਂ ਕਿਉਂ ਰਸੀਆਂ
ਅੰਬੀਆਂ ਕਿਉਂ ਰਸੀਆਂ

7. ਹੁਣ ਅਸੀਂ ਹੋਰ ਸਜਣ ਘਰ ਆਂਦੇ

ਪਿਆਰੇ ਪਿਆਰੇ, ਸੋਹਣੇ ਸੋਹਣੇ
ਨੀਵਿਆਂ ਨੈਣਾਂ ਵਾਲੇ
ਘੂਰ ਦਿਉ ਤੇ ਰੋਈ ਜਾਂਦੇ,
ਹੱਸ ਪਵੋ ਤੇ ਹੱਸੀ ਜਾਂਦੇ
ਐਡੇ ਭੋਲੇ ਭਾਲੇ
ਜਾਂ ਰੋਂਦੇ ਡਸਕੋਰੇ ਭਰਕੇ
ਫਿਰ ਨਾ ਝੱਲੇ ਜਾਂਦੇ
ਨੈਣ ਅਸਾਡੇ ਹੰਝੂ ਬਣਕੇ
ਸੱਜਣਾਂ ਨੂੰ ਗਲ ਲਾਂਦੇ
ਨੈਣ ਨੈਣਾਂ ਦੇ ਬਰਦੇ ਬਣਕੇ
ਰੋਂਦੇ ਬਹੁੜੀਆਂ ਪਾਂਦੇ
ਹੁਣ ਅਸੀਂ ਹੋਰ ਸਜਣ ਘਰ ਆਂਦੇ
ਪਿਆਰੇ ਪਿਆਰੇ, ਸੋਹਣੇ ਸੋਹਣੇ
ਨੀਵਿਆਂ ਨੈਣਾਂ ਵਾਲੇ
ਹੁਣ ਅਸੀਂ ਹੋਰ ਸਜਣ ਘਰ ਆਂਦੇ

ਪਹਿਲੇ ਸੱਜਣ ਓਪਰੇ ਲਗਦੇ,
ਹੁਣ ਦੇ ਸੱਜਣ ਪਿਆਰੇ
ਇਹ ਮਨ ਨੂੰ ਖ਼ਬਰੇ ਕੀ ਹੋਇਆ
ਬਹਿ ਬਹਿ ਰਾਤ ਗੁਜ਼ਾਰੇ
ਰੋ ਰੋ ਢਾਈਂ ਮਾਰੇ
ਅੰਦਰ ਲੁਕ ਲੁਕ ਚੋਰੀ ਚੋਰੀ
ਕੱਲਾ ਹੀ ਬਰੜਾਵੇ
ਨਵੇਂ ਸੱਜਣ ਦੀਆਂ ਨਵੀਆਂ ਬਾਤਾਂ
ਝੂਰ ਝੂਰ ਕੇ ਪਾਵੇ
ਸੱਜਣ ਸੱਜਣ ਨੂੰ ਬੇਸੁਰਤੀ ਵਿਚ
ਹਾਕਾਂ ਮਾਰ ਬੁਲਾਂਦੇ
ਹੁਣ ਅਸੀਂ ਹੋਰ ਸਜਣ ਘਰ ਆਂਦੇ
ਪਿਆਰੇ ਪਿਆਰੇ, ਸੋਹਣੇ ਸੋਹਣੇ
ਨੀਵਿਆਂ ਨੈਣਾਂ ਵਾਲੇ
ਹੁਣ ਅਸੀਂ ਹੋਰ ਸਜਣ ਘਰ ਆਂਦੇ

ਸਾਡੇ ਸਾਹਵੇਂ ਬਹਿ ਜਾ ਸੱਜਣ
ਨਾ ਹੋ ਸਾਥੋਂ ਲਾਂਭੇ,
ਲੈ ਲੈ ਸਾਡੇ ਦਿਲ ਦੀਆਂ ਗੱਲਾਂ
ਦੇ ਦੇ ਆਪਣੇ ਦਿਲ ਦੀਆਂ ਗੱਲਾਂ
ਲਾ ਦੇ ਦਿਲ ਨੂੰ ਕਾਂਬੇ
ਦਿਲ ਦੇ ਨਾਲ ਵਟਾ ਲੈ ਦਿਲ ਨੂੰ
ਪਿੰਜਰੇ ਦੇ ਵਿਚ ਪਾ ਲੈ ਦਿਲ ਨੂੰ
ਮੈਂ ਤੇਰਾ ਤੂੰ ਮੇਰਾ ਬਣ ਜਾ
ਸੀਨੇ ਨਾਲ ਲਗਾ ਲੈ ਦਿਲ ਨੂੰ
ਨੈਣਾਂ ਨਾਲ ਤੂੰ ਨੈਣ ਵਟਾ ਲੈ
ਇਹ ਨੇ ਓਦਰ ਜਾਂਦੇ,
ਹੁਣ ਅਸੀਂ ਹੋਰ ਸਜਣ ਘਰ ਆਂਦੇ
ਪਿਆਰੇ ਪਿਆਰੇ, ਸੋਹਣੇ ਸੋਹਣੇ
ਨੀਵਿਆਂ ਨੈਣਾਂ ਵਾਲੇ
ਹੁਣ ਅਸੀਂ ਹੋਰ ਸਜਣ ਘਰ ਆਂਦੇ

ਵਿਛੜੇ ਨੈਣ ਨਾ ਰੋਣੋਂ ਹਟਦੇ,
ਸਜਣਾਂ ਨੂੰ ਸਮਝਾਓ
ਦੂਰ ਗਏ ਦਿਲ ਦੂਰ ਹੋ ਜਾਂਦੇ
ਦਿਲ ਦੇ ਸ਼ੀਸ਼ੇ ਚੂਰ ਹੋ ਜਾਂਦੇ
ਨਾ ਕੋਈ ਠੋਕਰ ਲਾਓ
ਘਰੋਂ ਜਦੋਂ ਪਿਆਰੇ ਤੁਰ ਜਾਂਦੇ,
ਘਰ ਨੇ ਵੱਢ ਵੱਢ ਖਾਂਦੇ
ਸੱਜਣ ਉਜਾੜਣ ਸੱਜਣ ਵਸਾਵਣ
ਸੂਲੀ ਸੱਜਣ ਚੜ੍ਹਾਂਦੇ
'ਨੂਰਪੁਰੀ' ਸੱਜਣਾਂ ਘਰ ਆਏ
ਸੱਜਣ ਨਾ ਝਿੜਕੇ ਜਾਂਦੇ,
ਹੁਣ ਅਸੀਂ ਹੋਰ ਸਜਣ ਘਰ ਆਂਦੇ
ਪਿਆਰੇ ਪਿਆਰੇ, ਸੋਹਣੇ ਸੋਹਣੇ
ਨੀਵਿਆਂ ਨੈਣਾਂ ਵਾਲੇ
ਹੁਣ ਅਸੀਂ ਹੋਰ ਸਜਣ ਘਰ ਆਂਦੇ

8. ਹੰਝੂਓ ਵੇ ਸੁੱਕ ਜਾਉ

ਹੰਝੂਓ ਵੇ ਸੁੱਕ ਜਾਉ
ਰੋਵੋ ਨ ਵੇ ਰੁੱਕ ਜਾਉ

ਤੁਸੀਂ ਸੰਭਲ ਸੰਭਲ ਕੇ ਤੁਰਨਾ
ਬੇ-ਕਦਰਾਂ ਕੋਲ ਨਾ ਝੁਰਨਾ
ਰੋ ਰੋ ਨਾ ਜਾਨ ਜਲਾਉ
ਡੁਲ੍ਹ ਡੁਲ੍ਹ ਕੇ ਨਾ ਛਾਲੇ ਪਾਉ
ਸਜਣਾਂ ਦੇ ਆਵਣ ਦੇ ਦਿਨ
ਵਿਛੜੇ ਗਲ ਲਾਵਣ ਦੇ ਦਿਨ
ਵੇ ਆ ਗਏ ਨੇ ਨੇੜੇ
ਗਲ ਮਾਹੀ ਲਗ ਰੋ ਲੈਣਾ
ਤੁਸੀਂ ਬਿਹਬਲ ਵੀ ਹੋ ਲੈਣਾ
ਵੇ ਐਸ ਘੜੀ ਲੁਕ ਜਾਉ
ਹੰਝੂਓ ਵੇ ਸੁੱਕ ਜਾਉ
ਰੋਵੋ ਨ ਵੇ ਰੁੱਕ ਜਾਉ

ਕਹਿ ਲੈਣਾ ਪ੍ਰੇਮ ਕਹਾਣੀ
ਆ ਆ ਕੇ ਅੱਖੀਆਂ ਥਾਣੀ
ਦੁਖ ਭਰੀਆਂ ਕਹਿਣੀਆਂ ਬਾਤਾਂ
ਜਿਵੇਂ ਲੰਘੀਆਂ ਕਾਲੀਆਂ ਰਾਤਾਂ
ਪਰਦੇਸ ਜਾਂ ਮੀਤ ਗਿਆ ਸੀ
ਫਿਰ ਸਾਵਣ ਬੀਤ ਗਿਆ ਸੀ
ਤੁਸੀਂ 'ਨੂਰਪੁਰੀ' ਨੂੰ ਰੋ ਕੇ
ਉਹ ਦੁਖੜਾ ਭੀ ਕਹਿ ਲੈਣਾ
ਤੁਸੀਂ ਕਦਮਾਂ ਤੇ ਢਹਿ ਪੈਣਾ
ਵੇ ! ਹੁਣੇ ਹੀ ਮੁੱਕ ਨਾ ਜਾਉ
ਹੰਝੂਓ ਵੇ ਸੁੱਕ ਜਾਉ
ਰੋਵੋ ਨ ਵੇ ਰੁੱਕ ਜਾਉ

9. ਸੱਜਣ ਜੀ ਮਨ ਦੀ ਮਨ ਵਿਚ ਰਹੀ

ਬੀਤ ਗਿਆ ਸਾਵਣ ਦਿਨ ਗਿਣਦੇ
ਦੂਰ ਦੇ ਰਸਤੇ ਵਾਟਾਂ ਮਿਣਦੇ
ਆਈ ਬੱਦਲੀ ਕਾਲੀ ਕਾਲੀ
ਕੋਇਲ ਬੋਲੀ ਬਿਰਹਾ ਜਾਲੀ
ਦਿਲ ਦਾ ਪੰਛੀ ਮਾਰ ਉਡਾਰੀ
ਉਡਿਆ ਕਰ ਕੇ ਪਿੰਜਰਾ ਖਾਲੀ
ਨੈਣ ਭਰੇ ਮੁੜ ਆਇਆ ਨਿਰਾਸਾ
ਬਦਲੀ ਨਾ ਬਰਸੀ
ਸੱਜਣ ਜੀ ਮਨ ਦੀ ਮਨ ਵਿਚ ਰਹੀ
ਸੱਜਣ ਜੀ ਮਨ ਦੀ ਮਨ ਵਿਚ ਰਹੀ

ਖੇਲਣ ਦਾ ਦਿਲ ਨੂੰ ਚਾਅ ਬਾਹਲਾ
ਡਿਗ ਡਿਗ ਪੈਂਦਾ ਅਥਰਾ ਕਾਹਲਾ
ਦੁਨੀਆਂ ਦਾਰੀ ਗੋਰਖ ਧੰਦਾ
ਖੋਹਲਣ ਨਹੀਂ ਸੁਖਾਲਾ
ਲੱਖਾਂ ਗਿਣਦੇ ਮਿਣਦੇ ਮੁੱਕ ਗਏ
ਇਹ ਬੇ-ਗਿਣਤੀ ਮਾਲਾ
ਮੌਤ ਪਿਛੋਂ ਇਹ ਦੀ ਬਸ ਵੇਖੀ
ਜਿਸ ਨੇ ਸਮਝ ਲਈ
ਸੱਜਣ ਜੀ ਮਨ ਦੀ ਮਨ ਵਿਚ ਰਹੀ
ਸੱਜਣ ਜੀ ਮਨ ਦੀ ਮਨ ਵਿਚ ਰਹੀ

10. ਜਦ ਵਰਜੇ ਨੈਣ ਨਾ ਰਹਿੰਦੇ

ਜਦ ਵਰਜੇ ਨੈਣ ਨਾ ਰਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ

ਆਪੇ ਲਾਂਦੇ ਆਪ ਬੁਝਾਉਂਦੇ
ਆਪੇ ਫਾਹੀਆਂ ਗਲ ਵਿਚ ਪਾਉਂਦੇ
ਆਪੇ ਬਹਿ ਬਹਿ ਰੋਂਦੇ ਉਹਲੇ
ਆਪੇ ਹਸ ਹਸ ਕੇ ਗਾਉਂਦੇ
ਆਪੇ ਝੁਕ ਝੁਕ ਪੈਰੀਂ ਡਿਗਦੇ
ਆਪੇ ਰੁਸ ਰੁਸ ਬਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ
ਜਦ ਵਰਜੇ ਨੈਣ ਨਾ ਰਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ

ਪੱਲੇ ਨ ਇਕ ਧੇਲਾ ਪਾਈ
ਵੈਰੀ ਦੁਨੀਆਂ ਵੈਰੀ ਭਾਈ
ਇਹ ਨੈਣਾਂ ਨੇ ਤਾਰੇ ਗਿਣ ਗਿਣ
ਸਾਰੀ ਰਾਤ ਲੰਘਾਈ
ਕਚੇ ਘੜੇ ਤੇ ਠਿਲ੍ਹ ਪਏ ਓੜਕ
ਮੇਰੇ ਕਹਿੰਦੇ ਕਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ
ਜਦ ਵਰਜੇ ਨੈਣ ਨਾ ਰਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ

ਐਡੀਆਂ ਕੀਤੀਆਂ ਬੇ-ਪਰਵਾਹੀਆਂ
ਪਾੜੇ ਕੰਨ ਤੇ ਮਲੀਆਂ ਸਿਆਹੀਆਂ
ਨਜ਼ਰ ਪਈ ਜਾਂ ਰੂਪ ਚਿੰਗਾਰੀ
ਮਿਟੀ ਘੱਟੇ ਰੋਲੀਆਂ ਸ਼ਾਹੀਆਂ
ਭੰਬਟਾਂ ਵਾਂਗਰ ਭੁੱਜ ਗਏ ਓੜਕ
ਲੱਖ ਲੱਖ ਦੁਖੜੇ ਸਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ
ਜਦ ਵਰਜੇ ਨੈਣ ਨਾ ਰਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ

ਜਿਥੇ ਗਏ ਤੇ ਬਹਿ ਗਏ ਓਥੇ
ਜਿਥੇ ਤੇਰੇ ਰਹਿ ਗਏ ਓਥੇ
ਜਿਨੇ ਬੁਲਾਇਆ ਹਸ ਕੇ ਕਿਧਰੇ
ਦਿਲ ਦੀਆਂ ਗੱਲਾਂ ਕਹਿ ਗਏ ਓਥੇ
ਘੁੰਡ ਵਿਚ ਕੈਦ ਇਹ ਕੀਤੇ ਹੋਏ
'ਨੂਰਪੁਰੀ' ਠਗ ਲੈਂਦੇ
ਇਹ ਹੁਣ ਮੈਨੂੰ ਕੀ ਕਹਿੰਦੇ
ਜਦ ਵਰਜੇ ਨੈਣ ਨਾ ਰਹਿੰਦੇ
ਇਹ ਹੁਣ ਮੈਨੂੰ ਕੀ ਕਹਿੰਦੇ

11. ਢੋਲਣ ਮੇਰੇ ਵਸਦਾ ਕੋਲ

ਢੋਲਣ ਮੇਰੇ ਵਸਦਾ ਕੋਲ
ਮੈਂ ਢੋਲਣ ਦੀ ਮੇਰਾ ਢੋਲ

ਢੋਲਣ ਦੇ ਬਿਨ ਸੁੰਞੀਆਂ ਗਲੀਆਂ
ਘਰ ਘਰ ਵਿਲਕਣ ਨਾਜ਼ਾਂ ਪਲੀਆਂ
ਫੁਲ ਮੁਰਝਾਏ ਸੁਕੀਆਂ ਕਲੀਆਂ
ਵੇ ਢੋਲਾ ਮੇਰੇ ਐਬ ਨਾ ਫੋਲ
ਮੈਂ ਢੋਲਣ ਦੀ ਮੇਰਾ ਢੋਲ
ਢੋਲਣ ਮੇਰੇ ਵਸਦਾ ਕੋਲ

ਢੋਲਣ ਦੇ ਦੋਨਾਂ ਨੈਣਾਂ ਅੰਦਰ
ਇਕ ਵਿਚ ਮਸਜਦ ਇਕ ਵਿਚ ਮੰਦਰ
ਢੋਲਣ ਮੇਰੇ ਨੈਣਾਂ ਅੰਦਰ
ਢੋਲਣ ਦੇ ਬਿਨ ਖਾਲੀ ਖੋਲ
ਮੈਂ ਢੋਲਣ ਦੀ ਮੇਰਾ ਢੋਲ
ਢੋਲਣ ਮੇਰੇ ਵਸਦਾ ਕੋਲ

ਮੈਂ ਕਮਲੀ ਉਹ ਕਮਲੀ ਵਾਲਾ
ਮੈਂ ਭੋਲੀ ਉਹ ਭੋਲਾ ਭਾਲਾ
ਕਾਲੀਆਂ ਜ਼ੁਲਫ਼ਾਂ ਵਾਲਾ ਕਾਲਾ
ਉਹਦੇ ਮਿਠੜੇ ਮਿਠੜੇ ਬੋਲ
ਮੈਂ ਢੋਲਣ ਦੀ ਮੇਰਾ ਢੋਲ
ਢੋਲਣ ਮੇਰੇ ਵਸਦਾ ਕੋਲ

12. ਅੱਖੀਆਂ ਪਵਾੜੇ ਹੱਥੀਆਂ

ਅੱਖੀਆਂ ਪਵਾੜੇ ਹੱਥੀਆਂ
ਮੇਰੇ ਮਗਰੋਂ ਅਜੇ ਨਾ ਲੱਥੀਆਂ

ਥਾਂ ਥਾਂ ਫਸੀਆਂ ਮਰਨੋਂ ਬਚੀਆਂ
ਰੋ ਰੋ ਓੜਕ ਹੋਈਆਂ ਸਚੀਆਂ
ਨਿਕੀਆਂ ਨਿਕੀਆਂ ਗੱਲਾਂ ਬਦਲੇ
ਸੂਲੀਆਂ ਉਤੇ ਚੜ੍ਹ ਚੜ੍ਹ ਨਚੀਆਂ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ

ਨਜ਼ਰਾਂ ਜਾਲ ਵਿਛਾਂਦੀਆਂ ਰਹੀਆਂ
ਉਡਦੇ ਪੰਛੀ ਫਾਂਹਦੀਆਂ ਰਹੀਆਂ
ਅਥਰੂਆਂ ਦੇ ਅਣਵਿਧ ਮੋਤੀ
ਭਰ ਭਰ ਬੁਕ ਲਟੌਂਦੀਆਂ ਰਹੀਆਂ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ

ਲੈ ਲੈ ਤੀਰ ਕਮਾਨਾਂ ਛੁਰੀਆਂ
ਬਾਦਸ਼ਾਹਾਂ ਨੂੰ ਮਾਰਨ ਤੁਰੀਆਂ
ਖਾ ਕੇ ਤੀਰ ਜਾਂ ਤੜਫਨ ਲੱਗੀਆਂ
ਫਿਰ ਇਹ ਉਹਲੇ ਬਹਿ ਬਹਿ ਝੁਰੀਆਂ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ

ਜਾਂ ਮੈਂ ਘੂਰੀਆਂ ਡੁਸਕਣ ਲੱਗੀਆਂ
ਸਿਟ ਸਿਟ ਅਥਰੂ ਬਗੀਆਂ ਬਗੀਆਂ
ਰਾਤ ਪਈ ਤੇ ਕੋਠੇ ਟੱਪਕੇ
ਨਦੀਆਂ ਚੀਰਨ ਫਿਰ ਉਠ ਵਗੀਆਂ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ

ਕਚੇ ਘੜੇ ਦੇ ਵੇਖ ਕੇ ਹੀਲੇ
ਪਿਟ ਪਿਟ ਹੋਏ ਅੰਬਰ ਨੀਲੇ
'ਨੂਰਪੁਰੀ' ਇਹ ਸਮਝਦੀਆਂ ਨਾ
ਲਖ ਸਮਝਾਉਣ ਵਕੀਲ ਵਸੀਲੇ
ਇਹ ਮੈਨੂੰ ਲੈ ਲੱਥੀਆਂ
ਅੱਖੀਆਂ ਪਵਾੜੇ ਹੱਥੀਆਂ

13. ਵਸਦੇ ਰਹਿਣ ਗਿਰਾਂ

ਵਸਦੇ ਰਹਿਣ ਗਿਰਾਂ
ਨੀ ਤੇਰੇ ਵਸਦੇ ਰਹਿਣ ਗਿਰਾਂ
ਕਦੀ ਲੈ ਸਾਈਂ ਦਾ ਨਾਂ

ਹੁਸਨ ਕਹੇ ਭੰਵਰਾ ਮਿਲ ਜਾਵੇ
ਨੈਣ ਕਹਿਣ ਕੋਈ ਪਿਆਰਾ
ਪ੍ਰੀਤ ਕਹੇ ਕੋਈ ਮਨ ਮਿਲ ਜਾਵੇ
ਹੋ ਜਾਏ ਪਾਰ ਉਤਾਰਾ
ਹਟੜੀ ਦੇ ਵਿਚ ਸਭ ਕੁਝ ਧਰਕੇ
ਟੁਰ ਚਲਿਆ ਵਣਜਾਰਾ
ਸਾਈਂ ਕਰੇ ਨਿਆਂ
ਵਸਦੇ ਰਹਿਣ ਗਿਰਾਂ
ਵਸਦੇ ਰਹਿਣ ਗਿਰਾਂ

ਕਾਲੀ ਚੁੰਨੀ ਨਾਲ ਸਿਤਾਰੇ
ਕੇਡੇ ਲਗਦੇ ਪਿਆਰੇ ਪਿਆਰੇ
ਅੱਖੀਆਂ ਦੇ ਵਿਚ ਮਸਤੀ ਹਸਦੀ
ਹੋਂਠਾਂ ਦੇ ਵਿਚ ਲਿਸ਼ਕਣ ਤਾਰੇ
ਸਜਣ ਬਣਾ ਕੇ ਅੱਖੀਆਂ ਲਾ ਕੇ
ਟਿਬਿਆਂ ਦੇ ਵਿਚ ਲਹਿਰਾਂ ਮਾਰੇ
ਸਾਈਂ ਕਰੇ ਨਿਆਂ
ਵਸਦੇ ਰਹਿਣ ਗਿਰਾਂ
ਵਸਦੇ ਰਹਿਣ ਗਿਰਾਂ

ਡੋਲੀ ਦਾ ਤਕ ਕੇ ਦਿਖਲਾਵਾ
ਉਡਿਆ ਪੰਛੀ ਬੰਨ੍ਹ ਕੇ ਦਾਅਵਾ
ਕਿਸੇ ਓਪਰੀ ਥਾਂ ਦੇ ਉਤੇ
ਊਠਾਂ ਲਇਆ ਆਣ ਕਚਾਵਾ
ਖੁਲ੍ਹੀ ਅੱਖ ਤੇ ਸਹਿਮ ਗਿਆ ਦਿਲ
ਇਹ ਸੀ ਕੋਈ ਮਨ ਪਰਚਾਵਾ
ਸਾਈਂ ਕਰੇ ਨਿਆਂ
ਵਸਦੇ ਰਹਿਣ ਗਿਰਾਂ
ਵਸਦੇ ਰਹਿਣ ਗਿਰਾਂ

ਬਗੀਆਂ ਬਗੀਆਂ ਅੱਖਾਂ ਕੱਢ ਕੇ
ਜ਼ੁਲਫ਼ਾਂ ਖਾਂਦੀਆਂ ਦੰਦੀਆਂ ਵੱਢ ਕੇ
ਸੁਫ਼ਨੇ ਵਿਚ ਕੋਈ ਚੋਰ ਆ ਵੜਿਆ
'ਨੂਰਪੁਰੀ' ਜਿੰਦ ਲੈ ਗਿਆ ਕੱਢ ਕੇ
ਨਾਜ਼ਾਂ ਪਾਲੀ ਏਸ ਕਲੀ ਨੂੰ
ਤੁਰ ਗਏ ਜੰਗਲਾਂ ਵਿਚ ਹੀ ਛੱਡ ਕੇ
ਸਾਈਂ ਕਰੇ ਨਿਆਂ
ਵਸਦੇ ਰਹਿਣ ਗਿਰਾਂ
ਵਸਦੇ ਰਹਿਣ ਗਿਰਾਂ

14. ਰੁਸ ਰੁਸ ਕੇ ਨ ਮਾਰ ਓ ਸਜਣਾ

ਰੁਸ ਰੁਸ ਕੇ ਨ ਮਾਰ ਓ ਸਜਣਾ
ਰੁਸ ਰੁਸ ਕੇ ਨ ਮਾਰ

ਤਾਰਿਆਂ ਨਾਲ ਹੈ ਰਾਤ ਸ਼ਿੰਗਾਰੀ
ਠੰਡੀ ਠੰਡੀ ਪਿਆਰੀ ਪਿਆਰੀ
ਚੰਦਰਮਾ ਬਿਨ ਫਿਕਾ ਫਿਕਾ
ਉਸ ਦਾ ਹੈ ਸੰਸਾਰ
ਓ ਸਜਣਾ,
ਰੁਸ ਰੁਸ ਕੇ ਨ ਮਾਰ

ਕਲੀਆਂ ਦੇ ਚਿਹਰੇ ਤੋਂ ਪੜ੍ਹੀਆਂ
ਪੜ੍ਹ ਪੜ੍ਹ ਗੱਲਾਂ ਖ਼ੁਸ਼ੀਆਂ ਚੜ੍ਹੀਆਂ
ਭੰਵਰ ਬਣ ਉਹ ਕਲੀਆਂ ਕੱਲੀਆਂ
ਨ ਕੋਈ ਬਾਗ਼ ਬਹਾਰ
ਓ ਸਜਣਾ,
ਰੁਸ ਰੁਸ ਕੇ ਨ ਮਾਰ

ਪਿੰਜਰੇ ਵਿਚ ਇਕ ਪੰਛੀ ਪਲਿਆ
ਪਿੰਜਰਾ ਖੁਲ੍ਹਿਆ ਉਹ ਉਡ ਚਲਿਆ
ਸੋਚ ਪਈ ਜਾਂ ਮਨ ਵਿਚ ਕੋਈ
ਉਡ ਗਿਆ ਮਾਰ ਉਡਾਰ
ਓ ਸਜਣਾ,
ਰੁਸ ਰੁਸ ਕੇ ਨ ਮਾਰ

ਅੱਖੀਆਂ ਵੇਖ ਕੇ ਹੱਸੀਆਂ ਅੱਖੀਆਂ
ਅੱਖੀਆਂ ਵਲ ਨੂੰ ਨੱਸੀਆਂ ਅੱਖੀਆਂ
'ਨੂਰਪੁਰੀ' ਤੂੰ ਮੋੜ ਲੈ ਭਾਵੇਂ
ਸਾਡਾ ਕੀ ਇਨਕਾਰ
ਓ ਸਜਣਾ,
ਰੁਸ ਰੁਸ ਕੇ ਨ ਮਾਰ

ਤੇਰੀਆਂ ਅੱਖੀਆਂ ਜਿੱਤੀਆਂ ਬੀਬਾ
ਸਾਡੀ ਹੈ ਹੁਣ ਹਾਰ
ਓ ਸਜਣਾ,
ਰੁਸ ਰੁਸ ਕੇ ਨ ਮਾਰ

15. ਉਹਦੇ ਨੈਣ ਮਜੂਰੀ ਮੰਗਦੇ

ਉਹਦੇ ਨੈਣ ਮਜੂਰੀ ਮੰਗਦੇ
ਹੁਣ ਕੀ ਸਜਣਾ ਕਰੀਏ !

ਬਾਹਲਾ ਨੈਣਾਂ ਨੂੰ ਸਮਝਾਇਆ
ਪਾਪੀ ਬਾਜ ਨਾ ਆਉਂਦੇ
ਵਿਚ ਪਰਦੇਸ ਪਰੀਤਾਂ ਲਾਕੇ
ਹੁਣ ਕਿਉਂ ਬਹੁੜੀਆਂ ਪਾਉਂਦੇ
ਪੱਥਰ ਦਿਲ ਉਹ ਇਕ ਨਾ ਸੁਣਦੇ
ਲਖ ਲਖ ਪਾਣੀ ਭਰੀਏ
ਹੁਣ ਕੀ ਸਜਣਾ ਕਰੀਏ !

ਖਰੇ ਨੈਣਾਂ ਦੀ ਕੀਮਤ ਬਾਹਲੀ
ਖੋਟਿਆਂ ਨੂੰ ਨਹੀਂ ਮਿਲਦੇ
ਖਰੇ ਨੈਣ ਜੇ ਵਨਜਣ ਜਾਈਏ
ਸਾਫ ਹੋ ਜਾਈਏ ਦਿਲ ਦੇ
ਨੈਣ ਨੈਣਾਂ ਨੂੰ ਮਾਰ ਜੇ ਦੇਵਣ
ਤਾਂ ਵੀ ਹਸ ਹਸ ਮਰੀਏ
ਹੁਣ ਕੀ ਸਜਣਾ ਕਰੀਏ !

ਲੋਕੀਂ ਕਹਿੰਦੇ ਓਨੇ ਖੋਟੇ
ਜਿਨੇ ਛੋਟੇ ਛੋਟੇ
ਨੈਣ ਸਜਣ ਦੇ ਵਡੇ ਵਡੇ
ਫਿਰ ਕਿਉਂ ਦਿਸਦੇ ਖੋਟੇ
ਨੈਣ ਨ ਤੇਰੇ ਨੈਣ ਨ ਮੇਰੇ
ਸਦਾ ਇਹਨਾਂ ਤੋਂ ਡਰੀਏ
ਹੁਣ ਕੀ ਸਜਣਾ ਕਰੀਏ !

ਨੈਣਾਂ ਵਾਲਿਓ ਨੈਣ ਛੁਪਾ ਲਉ
ਬੂਹੇ ਢੋ ਲਉ ਪਰਦੇ ਪਾ ਲਉ
ਇਹ ਖ਼ੂਨੀ ਨ ਖ਼ੂਨੋਂ ਡਰਦੇ
ਇਹ ਬਾਜ਼ਾਂ ਨੂੰ ਡੋਰੇ ਪਾ ਲਉ
'ਨੂਰਪੁਰੀ ਇਹ ਨੈਣ ਨ ਰੀਝਣ
ਦਿਲ ਭੀ ਕਢ ਕਢ ਧਰੀਏ
ਹੁਣ ਕੀ ਸਜਣਾ ਕਰੀਏ !

ਚਾਕ ਸਦਾਏ ਕੰਨ ਪੜਵਾਏ
ਦੁਨੀਆਂ ਵਿਚ ਬਦਨਾਮ ਕਹਾਏ
ਦਿਲ ਦੀ ਕੀਮਤ ਦੇ ਦੇ ਹਾਰੇ
ਫਿਰ ਭੀ ਨਾ ਉਸ ਨੈਣ ਮਿਲਾਏ
ਛੋਟੀ ਉਮਰ ਦੇ ਕਜ਼ੀਏ ਐਡੇ
ਕਿਵੇਂ ਇਹ ਦੁਖ ਜਰੀਏ
ਹੁਣ ਕੀ ਸਜਣਾ ਕਰੀਏ !

16. ਮੈਨੂੰ ਵੀ ਰੰਗ ਦੇ ਲਾਲ ਰੰਗ ਵੇ

ਹੱਥ ਵੀ ਰੰਗ ਦੇ ਤਨ ਵੀ ਰੰਗ ਦੇ
ਨੈਣ ਵੀ ਰੰਗ ਦੇ ਮਨ ਵੀ ਰੰਗ ਦੇ
ਡੋਬ ਦੇ ਮੈਨੂੰ ਨਿਸ਼ੰਗ ਵੇ
ਮੈਨੂੰ ਵੀ ਰੰਗ ਦੇ ਲਾਲ ਰੰਗ ਵੇ

ਕੋਹਝੀਆਂ ਰੰਗੀਆਂ ਕਾਲੀਆਂ ਰੰਗੀਆਂ
ਲਖ ਲਖ ਦਾਗ਼ਾਂ ਵਾਲੀਆਂ ਰੰਗੀਆਂ
ਜੋ ਮੰਗਣਾਂ ਮੂੰਹੋਂ ਮੰਗ ਵੇ
ਮੈਨੂੰ ਵੀ ਰੰਗ ਦੇ ਲਾਲ ਰੰਗ ਵੇ

ਫੁੱਲਾਂ ਨੂੰ ਚਾਹੜੀਆਂ ਲਾਲ ਗੁਲਾਲੀਆਂ
ਨੈਣਾਂ 'ਚ ਡੋਲ੍ਹੀਆਂ ਲਾਲੀਆਂ
ਕਰ ਦਿਤੇ ਮਸਤ ਮਲੰਗ ਵੇ
ਮੈਨੂੰ ਵੀ ਰੰਗ ਦੇ ਲਾਲ ਰੰਗ ਵੇ

ਤੇਰਾ ਤਾਂ ਰੰਗਿਆ ਰੰਗ ਨ ਲੱਥਦਾ
ਤੇਰਾ ਤਾਂ ਕੱਚ ਵੀ ਮੋਤੀ ਏ ਨੱਥ ਦਾ
'ਨੂਰਪੁਰੀ' ਤੂੰ ਨਾ ਸੰਗ ਵੇ
ਮੈਨੂੰ ਵੀ ਰੰਗ ਦੇ ਲਾਲ ਰੰਗ ਵੇ

17. ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ
ਦਿਲਾਂ ਦਿਆ ਹਾਏ ਮਹਿਰਮਾਂ ਵੇ
ਕਦੀ ਵਤਨਾਂ ਦੇ ਵਲ ਗੇੜਾ ਮਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

ਮਾਹੀ ਜਿਨ੍ਹਾਂ ਕੋਲ ਵਸਦੇ ਵੇ
ਉਹ ਕੀ ਜਾਣਦੇ ਵਿਛੋੜਿਆਂ ਦੀ ਸਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

ਇਕ ਬੀਬਾ ਤੇਰੇ ਬਿਨਾਂ ਵੇ
ਸਾਨੂੰ ਝਿੜਕਾਂ ਦੇਵੇ ਸੰਸਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

ਠਿਲ ਗਿਓਂ ਲੈ ਕੇ ਬੇੜੀਆਂ ਵੇ
ਸਾਨੂੰ ਕੌਣ ਲੰਘਾਵੇ ਹੁਣ ਪਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

ਆ ਮਿਲ ਫੁੱਲ ਬਣਕੇ ਵੇ
ਘਰ ਪਤਲੀ ਛਮਕ ਤੇਰੀ ਨਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

ਉਹਨਾਂ ਨਾਲ ਕੀ ਬੋਲਣਾ ਵੇ
ਜਿਨ੍ਹਾਂ ਤੋੜ ਨ ਚਾਹੜੇ ਇਕਰਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

ਵੇਚਕੇ ਮੈਂ ਜਿੰਦ ਲੈ ਲਵਾਂ ਵੇ
ਮਾਹੀ ਵਿਕਦੇ ਜੇ ਮਿਲਣ ਬਜ਼ਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

ਲਗੀਆਂ ਨੂੰ ਯਾਦ ਕਰ ਲੈ ਵੇ
ਸਾਨੂੰ ਐਵੇਂ ਤਰਸਾ ਕੇ ਨਾ ਮਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

ਸਜਣਾਂ ਨੂੰ ਤੋਰ ਬੈਠੀਆਂ ਵੇ
ਮੈਨੂੰ ਵਢ ਵਢ ਖਾਂਦਾ ਘਰ ਬਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

'ਨੂਰਪੁਰੀ' ਤੂੰ ਜਿਤਿਆ ਵੇ
ਅਸਾਂ ਮੰਨ ਲਈ ਚਿਰੋਕੀ ਹਾਰ
ਨਿੰਮ੍ਹੀ ਨਿੰਮ੍ਹੀ ਪੈਂਦੀ ਆ ਫੁਹਾਰ

18. ਆਪਣੇ ਨੈਣ ਛੁਪਾ ਲੈ ਨੀਂ ਤੂੰ

ਆਪਣੇ ਨੈਣ ਛੁਪਾ ਲੈ ਨੀਂ ਤੂੰ
ਆਪਣੇ ਨੈਣ ਛੁਪਾ ਲੈ

ਤੇਰੇ ਨੈਣ ਨਵੇਂ ਪਰਣਾਏ
ਇਹ ਨਾ ਜਾਨਣ ਜਗ ਦੇ ਚਾਲੇ
ਏਥੋਂ ਦੇ ਨੇ ਠਗ ਰਖਵਾਲੇ
ਗਲੀਆਂ ਵਿਚ ਬਹਿ ਬਾਤਾਂ ਪਾਉਂਦੇ
ਜ਼ੁਲਫ਼ਾਂ ਵਾਹ ਵਾਹ ਰਾਤਾਂ ਪਾਉਂਦੇ
ਦਿਨੇ ਦਿਨੇ ਸਮਝਾ ਲੈ ਨੀਂ ਤੂੰ
ਆਪਣੇ ਨੈਣ ਛੁਪਾ ਲੈ

ਉਡ ਗਏ ਇਹ ਤੇ ਹੱਥ ਨ ਆਉਣੇ
ਫੜ ਕੇ ਲੋਕਾਂ ਪਿੰਜਰੇ ਪਾਉਣੇ
ਇਹ ਨੇ ਨਿਆਣੇ ਲੋਕ ਸਿਆਣੇ
ਲੋਕਾਂ ਅੰਦਰੇ ਕੋਹ ਕੋਹ ਖਾਣੇ
ਤੈਨੂੰ ਲਗਦੇ ਲੋਕ ਪਿਆਰੇ
'ਨੂਰਪੁਰੀ' ਦੇ ਪਰਖੇ ਸਾਰੇ
ਅੰਦਰ ਬਹਿ ਜਾ ਭਾਗਾਂ ਭਰੀਏ
ਨਵੀਂ ਜਵਾਨੀ ਕੋਲੋਂ ਡਰੀਏ
ਘੁੰਡ ਦੀ ਕੁਟੀਆ ਪਾ ਲੈ ਨੀਂ ਤੂੰ
ਆਪਣੇ ਨੈਣ ਛੁਪਾ ਲੈ

19. ਨਾ ਕਲੀਆਂ ਨੂੰ ਤੋੜ ਫੁਲੇਰੇ

ਨਾ ਕਲੀਆਂ ਨੂੰ ਤੋੜ ਫੁਲੇਰੇ
ਨਾ ਕਲੀਆਂ ਨੂੰ ਤੋੜ

ਪਿਆਰਾ ਪਿਆਰਾ ਹਾਸਾ ਪਿਆਰਾ
ਇਸ ਵਿਚ ਹਸਦਾ ਸਾਜਣ ਹਾਰਾ
ਤੇਰੇ ਮਨ ਦੀ ਜੋਤੀ ਵਾਲਾ
ਇਸ ਵਿਚ ਵੀ ਚਮਕੇ ਚਮਕਾਰਾ
ਆਪਣੇ ਗਲ ਦੇ ਹਾਰ ਬਣਾਵੇਂ
ਫੁਲਾਂ ਦੇ ਦਿਲ ਤੋੜ
ਫੁਲੇਰੇ ਨਾ ਕਲੀਆਂ ਨੂੰ ਤੋੜ

ਚਾਰ ਦਿਨਾਂ ਦਾ ਲੋਕ ਦਿਖਾਵਾ
ਤੇਰਾ ਹੈ ਪਹਿਰਾਵਾ
ਨ ਕੁਝ ਤੇਰਾ ਨ ਕੁਝ ਮੇਰਾ
ਸਭ ਦਾ ਝੂਠਾ ਦਾਹਵਾ
ਕਿਸ ਮਨ ਮੂਰਖ ਪਿਛੇ ਲਗੋਂ
ਵਾਗਾਂ ਇਹਦੀਆਂ ਮੋੜ
ਫੁਲੇਰੇ ਨਾ ਕਲੀਆਂ ਨੂੰ ਤੋੜ

ਇਸ ਕਾਇਆਂ ਦਾ ਰੂਪ ਗਵਾਕੇ
ਕਿਸ ਕਾਇਆਂ ਨੂੰ ਲਾਵੇਂ
ਇਹ ਨੈਣਾਂ ਦੀ ਮਸਤੀ ਲੈ ਕੇ
ਕਿਸ ਨੈਣਾਂ ਵਿਚ ਪਾਵੇਂ
ਇਹ ਭੀ ਝੂਠਾ ਉਹ ਭੀ ਝੂਠਾ
ਨਾ ਇਹ ਰਿਸ਼ਤਾ ਤੋੜ
ਫੁਲੇਰੇ ਨਾ ਕਲੀਆਂ ਨੂੰ ਤੋੜ

ਇਹ ਭੀ ਸਾਰੀ ਉਹਦੀ ਮਾਇਆ
ਜਿਸ ਦੀ ਹੈਂ ਤੂੰ ਮਾਇਆ
ਤੈਨੂੰ ਨਜ਼ਰ ਨ ਆਇਆ
'ਨੂਰਪੁਰੀ' ਨੂੰ ਲਭ ਲੈ ਅੰਦਰੋਂ
ਜੇ ਜੀਵਨ ਦੀ ਲੋੜ
ਫੁਲੇਰੇ ਨਾ ਕਲੀਆਂ ਨੂੰ ਤੋੜ

20. ਤੂੰ ਲੁਕ ਜਾ ਮੈਂ ਲਭਨਾ ਪਿਆਰੀ

ਤੂੰ ਲੁਕ ਜਾ ਮੈਂ ਲਭਨਾ ਪਿਆਰੀ
ਤੂੰ ਲੁਕ ਜਾ ਮੈਂ ਲਭਨਾ

ਮੂੰਹ ਤੇ ਲੈ ਚੁੰਨੀ ਦਾ ਪੱਲਾ
ਤੂੰ ਲੁਕ ਜਾ ਮੈਂ ਰਹਿ ਜਾਂ ਕੱਲਾ
ਮੈਂ ਬੁਲਾਵਾਂ ਬੋਲੇਂ ਨਾ ਤੂੰ
ਲਭਦਾ ਲਭਦਾ ਹੋਵਾਂ ਝੱਲਾ
ਮੈਂ ਝੱਲਾ ਈ ਫਬਨਾ ਪਿਆਰੀ
ਤੂੰ ਲੁਕ ਜਾ ਮੈਂ ਲਭਨਾ

ਏਥੇ ਲੋਕ ਨਾ ਵੇਖ ਸਖੌਂਦੇ
ਮਿਲ ਕੇ ਬੈਠੇ ਵੇਖ ਨਾ ਭੌਂਦੇ
ਚਲ ਉਸ ਦੇਸ 'ਚ ਚਲੀਏ ਪਿਆਰੀ
ਜਿਥੇ ਪੰਛੀ ਮਿਲ ਮਿਲ ਗੌਂਦੇ
ਜਿਥੇ ਹਸਣਾ ਸਭਨਾ ਪਿਆਰੀ
ਤੂੰ ਲੁਕ ਜਾ ਮੈਂ ਲਭਨਾ

ਮੈਂ ਓਥੇ ਭੰਵਰਾ ਬਣ ਜਾਊਂ
ਤੂੰ ਬਣ ਜਾਵੀਂ ਕਲੀਆਂ
ਤੂੰ ਪਤਿਆਂ 'ਚੋਂ ਲੁਕ ਲੁਕ ਵੇਖੀਂ
ਪ੍ਰੇਮ ਚਵਾਤੀਆਂ ਬਲੀਆਂ
ਇਸ ਅੱਗ ਨੇ ਨਹੀਂ ਦਬਣਾ ਪਿਆਰੀ
ਤੂੰ ਲੁਕ ਜਾ ਮੈਂ ਲਭਨਾ

ਬੁੱਲਾ ਕੋਈ ਹਵਾ ਦਾ ਆਕੇ,
ਤੇਰੇ ਮੂੰਹ ਤੋਂ ਘੁੰਡ ਹਟਾਕੇ
ਤੇਰੇ ਨਾਲ ਮਿਲਾ ਦੇ ਮੈਨੂੰ
ਮੈਂ ਬੁਕਲ ਵਿਚ ਲੁਕ ਜਾਂ ਆਕੇ
ਮਿਲ ਗਏ ਨੈਣ ਜਾਂ ਤੇਰੇ ਮੇਰੇ
'ਨੂਰਪੁਰੀ' ਫਿਰ ਲਭਨਾਂ ਪਿਆਰੀ

21. ਅੱਖੀਆਂ ਤੇਰੀਆਂ ਚੋਰ ਨੀ ਕੁੜੀਏ

ਅੱਖੀਆਂ ਤੇਰੀਆਂ ਚੋਰ ਨੀ ਕੁੜੀਏ
ਅੱਖੀਆਂ ਤੇਰੀਆਂ ਚੋਰ

ਜਾਂ ਤੱਕੀਏ ਤਾਂ ਨੀਵੀਂ ਪਾਵਣ
ਭੋਲੀਆਂ ਭੋਲੀਆਂ ਇਹ ਦਿੱਸ ਆਵਣ
ਖਬਰੇ ਕਿਧਰੋਂ ਸੰਨ੍ਹ ਲਾ ਕੇ
ਦਿਲ ਦੀ ਦੌਲਤ ਲੁਟ ਲੈ ਜਾਵਣ
ਚਲਦਾ ਕੋਈ ਨਾ ਜ਼ੋਰ ਨੀ ਕੁੜੀਏ
ਅੱਖੀਆਂ ਤੇਰੀਆਂ ਚੋਰ

ਦੂਰੋਂ ਵੇਖ ਲੁਕਾਈਆਂ ਅੱਖੀਆਂ
ਘੁੰਡ ਦੀ ਕੈਦੇ ਪਾਈਆਂ ਅੱਖੀਆਂ
ਅੱਖੀਆਂ ਕੋਲ ਜਾਂ ਅੱਖੀਆਂ ਆਈਆਂ
ਰੋ ਰੋ ਫੇਰ ਬੁਲਾਈਆਂ ਅੱਖੀਆਂ
ਬੜੀਆਂ ਨੇ ਮੂੰਹ ਜ਼ੋਰ ਨੀ ਕੁੜੀਏ
ਅੱਖੀਆਂ ਤੇਰੀਆਂ ਚੋਰ

ਲਾਡਾਂ ਵਿਚ ਜਾਂ ਆ ਗਈਆਂ ਇਹ
ਪੱਥਰ ਮੋਮ ਬਣਾ ਗਈਆਂ ਇਹ
ਜੰਦਰੇ ਪਹਿਰੇ ਲੱਗੇ ਰਹਿ ਗਏ
ਅੱਖੀਂ ਘੱਟਾ ਪਾ ਗਈਆਂ ਇਹ
ਪਾਉਂਦੇ ਰਹਿ ਗਏ ਸ਼ੋਰ ਨੀ ਕੁੜੀਏ
ਅੱਖੀਆਂ ਤੇਰੀਆਂ ਚੋਰ

ਸੁਫ਼ਨੇ ਦੇ ਵਿਚ ਅਧੀ ਰਾਤੀਂ
ਟਬਰ ਲਾ ਕੇ ਗਲੀਂ ਬਾਤੀਂ
ਮਾਰ ਮਾਰ ਕੇ ਠਗੀਆਂ ਧਾੜੇ
ਆ ਸੁਤੀਆਂ ਘਰ ਵਿਚ ਪ੍ਰਭਾਤੀਂ
ਲਖ ਲਖ ਦਿਲ ਵਿਚ ਖੋਰ ਨੀ ਕੁੜੀਏ
ਅੱਖੀਆਂ ਤੇਰੀਆਂ ਚੋਰ

ਡੋਲੀਆਂ ਵਿਚ ਲੁਕਾਈਆਂ ਹੋਈਆਂ
ਵੈਰੀਆਂ ਹਥ ਫੜਾਈਆਂ ਹੋਈਆਂ
ਨਜ਼ਰ ਬਚਾ ਕੇ ਨਸ ਤੁਰੀਆਂ ਇਹ
ਲੋਕਾਂ ਦੀਆਂ ਪੜ੍ਹਾਈਆਂ ਹੋਈਆਂ ।
ਹੋਈਆਂ ਹੋਰ ਤੋਂ ਹੋਰ ਨੀ ਕੁੜੀਏ
ਅੱਖੀਆਂ ਤੇਰੀਆਂ ਚੋਰ

22. ਕੌਣ ਬਣਾਵਾਂ ਮੀਤ ਪ੍ਰਭੂ ਜੀ

ਕੌਣ ਬਣਾਵਾਂ ਮੀਤ ਪ੍ਰਭੂ ਜੀ
ਕੌਣ ਬਣਾਵਾਂ ਮੀਤ

ਮੀਤ ਬਨਾਵਣ ਵਾਲੀਆਂ ਅੱਖੀਆਂ
ਕਬਰ ਵਿਚ ਲੁਕ ਗਈਆਂ
ਪ੍ਰੀਤ ਨਿਭਾਵਣ ਵਾਲੀਆਂ ਕਲੀਆਂ
ਰੋ ਰੋ ਕੇ ਸੁਕ ਗਈਆਂ
ਨਾ ਕੋਈ ਲੱਭਦਾ ਦੁਖ ਦਾ ਸਾਂਝੀ
ਨਾ ਕੋਈ ਜਾਣੇ ਪ੍ਰੀਤ
ਪ੍ਰਭੂ ਜੀ ਕੌਣ ਬਣਾਵਾਂ ਮੀਤ

ਰਾਤ ਪਵੇ ਤੇ ਦਿਨ ਨਹੀਂ ਚੜ੍ਹਦਾ
ਦਿਨ ਚੜ੍ਹਦਾ ਤਾਂ ਭੀ ਰਾਤ
ਦਿਲ ਦਾ ਮੰਦਰ ਧੋਂਦੀ ਜਾਵੇ
ਹੰਝੂਆਂ ਦੀ ਬਰਸਾਤ
ਆਸ ਦੀ ਦੁਨੀਆਂ ਰੁੜ੍ਹਦੀ ਜਾਂਦੀ
ਬਾਤ ਨਾ ਪੁਛਦੇ ਮੀਤ
ਪ੍ਰਭੂ ਜੀ ਕੌਣ ਬਣਾਵਾਂ ਮੀਤ

ਪਰਵਾਨੇ ਦੀ ਪ੍ਰੇਮ ਕਹਾਣੀ
ਪਹਿਲੋਂ ਜੇ ਸੁਣ ਲੈਂਦੀ
ਫੁਲ ਦਾ ਹਾਸਾ ਤੱਕ ਤੱਕ ਕਾਹਨੂੰ
ਮੈਂ ਫੁਲ ਫੁਲ ਕੇ ਬਹਿੰਦੀ
ਮਤਲਬ ਦੀ ਇਸ ਦੁਨੀਆਂ ਅੰਦਰ
ਪ੍ਰੀਤ ਨਾ ਗਾਉਂਦੀ ਗੀਤ
ਪ੍ਰਭੂ ਜੀ ਕੌਣ ਬਣਾਵਾਂ ਮੀਤ

ਪਾਣੀ ਦੇ ਵਿਚ ਵੇਖ ਬੁਲਬੁਲਾ
ਖਿੜਿਆ ਮੇਰਿਆ ਹਾਸਾ
ਬੁਝ ਗਿਆ ਜਾਂ ਇਸ ਘਰ ਦਾ ਦੀਵਾ
ਪੰਛੀ ਭਇਆ ਨਿਰਾਸਾ
ਹਸਣਾ ਤੇ ਹਸ ਕੇ ਰੋ ਪੈਣਾ
ਵੇਖ ਜਗ ਦੀ ਰੀਤ
ਪ੍ਰਭੂ ਜੀ ਕੌਣ ਬਣਾਵਾਂ ਮੀਤ

23. ਮਾਏ ਨੀ ਮੈਨੂੰ ਵਸ ਨਾ ਕਿਸੇ ਦੇ ਪਾ

ਇਸ ਦੁਨੀਆਂ ਦੇ ਨਵੇਂ ਤੁਲਾਵੇ
ਇਸ ਦੁਨੀਆਂ ਦੇ ਨਵੇਂ ਬਪਾਰੀ
ਇਸ ਦੁਨੀਆਂ ਦੀਆਂ ਖੇਡਾਂ ਨਵੀਆਂ
ਇਸ ਦੁਨੀਆਂ ਦੇ ਨਵੇਂ ਖਿਡਾਰੀ
ਮੈਂ ਕੀ ਜਾਣਾ ਕੀ ਰਾਹ ਜਾਣਾ
ਨਾ ਕੋਈ ਮੈਨੂੰ ਚਾ
ਮਾਏ ਨੀ ਮੈਨੂੰ ਵਸ ਨਾ ਕਿਸੇ ਦੇ ਪਾ

ਨਿਤ ਕਰਦੀ ਏਂ ਜਾਣਾ ਜਾਣਾ
ਸਭਨਾਂ ਨੇ ਤੁਰ ਜਾਣਾ
ਇਸ ਮੁਸਾਫ਼ਰ ਖ਼ਾਨੇ ਦੇ ਵਿਚ
ਰਹਿਕੇ ਫਿਰ ਪਛਤਾਣਾ
ਏਸ ਦੇਸ ਵਿਚ ਪਿੰਜਰੇ ਹੀ ਪਿੰਜਰੇ
ਮੇਰੀ ਜਾਨ ਬਚਾ
ਮਾਏ ਨੀ ਮੈਨੂੰ ਵਸ ਨਾ ਕਿਸੇ ਦੇ ਪਾ

ਮਹਿੰਦੀ ਵਾਲੇ ਹੱਥ ਨੂੰ ਬੰਨ੍ਹਕੇ
ਲਾਲ ਵਿਆਹ ਦੇ ਗਾਨੇ
ਓਭੜ ਨੈਣਾਂ ਦੇ ਵਿਚ ਪਾਕੇ
ਨੈਣ ਕੋਈ ਦੀਵਾਨੇ
ਬੁਲ੍ਹੀਆਂ ਨਾਲ ਛੁਆ ਕੇ ਬੁਲ੍ਹੀਆਂ
ਅੱਗ ਲਾ ਕੋਈ ਭੜਕਾ
ਮਾਏ ਨੀ ਮੈਨੂੰ ਵਸ ਨਾ ਕਿਸੇ ਦੇ ਪਾ

ਫੁਲ ਕੀ ਜਾਣੇ ਹਸਣੇ ਮਗਰੋਂ
ਉਹਦੀ ਦੁਨੀਆਂ ਰੋਵੇ
ਨੈਣ ਕੀ ਜਾਨਣ ਮਿਲਕੇ ਮਗਰੋਂ
ਫੇਰ ਵਿਛੋੜਾ ਹੋਵੇ
ਬੀਤ ਗਈ ਸੋ ਬੀਤ ਗਈ ਏ
ਹੋਰ ਨਾ ਕੁਝ ਸਮਝਾ
ਮਾਏ ਨੀ ਮੈਨੂੰ ਵਸ ਨਾ ਕਿਸੇ ਦੇ ਪਾ

24. ਅੱਖੀਆਂ ਨੂੰ ਮੀਤ ਬਣਾਕੇ

ਅੱਖੀਆਂ ਨੂੰ ਮੀਤ ਬਣਾਕੇ
ਅੱਖੀਓ ਨੀ ਮਰ ਨਾ ਜਾਣਾ
ਅੱਖੀਆਂ ਦੇ ਸੁਣ ਸੁਣ ਤਰਲੇ
ਅੱਖੀਓ ਨੀ ਭਰ ਨਾ ਜਾਣਾ

ਰੋ ਰੋ ਪਰਚਾਵਣ ਪਹਿਲੋਂ
ਲੁਕ ਲੁਕ ਕੇ ਲਾਵਣ ਪਹਿਲੋਂ
ਭਰ ਭਰ ਕੇ ਠੰਡੇ ਹਉਕੇ
ਅੱਖੀਓ ਨੀ ਠਰ ਨਾ ਜਾਣਾ
ਅੱਖੀਆਂ ਨੂੰ ਮੀਤ ਬਣਾਕੇ
ਅੱਖੀਓ ਨੀ ਮਰ ਨਾ ਜਾਣਾ

ਪਾਪਣ ਇਹ ਨਜ਼ਰਾਂ ਬੁਰੀਆਂ
ਹੰਝੂਆਂ ਦੇ ਓਹਲੇ ਛੁਰੀਆਂ
ਦੁਨੀਆਂ ਦੇ ਲੋਕ ਕਸਾਈ
ਲੋਕਾਂ ਦੇ ਘਰ ਨਾ ਜਾਣਾ
ਅੱਖੀਆਂ ਨੂੰ ਮੀਤ ਬਣਾਕੇ
ਅੱਖੀਓ ਨੀ ਮਰ ਨਾ ਜਾਣਾ

ਹੱਸਦੇ ਨੂੰ ਸਾੜਣ ਨਜ਼ਰਾਂ
ਪੱਥਰਾਂ ਨੂੰ ਪਾੜਣ ਨਜ਼ਰਾਂ
ਸੂਲਾਂ ਦੇ ਮੂੰਹਾਂ ਉਤੇ
ਜਿੰਦੜੀ ਨੂੰ ਧਰ ਨਾ ਜਾਣਾ
ਅੱਖੀਆਂ ਨੂੰ ਮੀਤ ਬਣਾਕੇ
ਅੱਖੀਓ ਨੀ ਮਰ ਨਾ ਜਾਣਾ

ਅੱਖੀਆਂ ਦੇ ਮਾਰੇ ਹੋਏ
ਮੁੜਕੇ ਨਾ ਰਾਜ਼ੀ ਹੋਏ
ਦੁਨੀਆਂ ਵਿਚ 'ਨੂਰਪੁਰੀ' ਨੂੰ
ਪਾਗ਼ਲ ਨੀ ਕਰ ਨਾ ਜਾਣਾ
ਅੱਖੀਆਂ ਨੂੰ ਮੀਤ ਬਣਾਕੇ
ਅੱਖੀਓ ਨੀ ਮਰ ਨਾ ਜਾਣਾ
ਅੱਖੀਆਂ ਦੇ ਸੁਣ ਸੁਣ ਤਰਲੇ
ਅੱਖੀਓ ਨੀ ਭਰ ਨਾ ਜਾਣਾ

25. ਬੀਤ ਗਈ ਤੇ ਰੋਣਾ ਕੀ

ਜਾਦੂਗਰ ਨੇ ਖੇਲ੍ਹ ਰਚਾਇਆ
ਮਿੱਟੀ ਦਾ ਇਕ ਬੁੱਤ ਬਣਾਇਆ
ਫੁੱਲਾਂ ਵਾਂਗ ਹਸਾ ਕੇ ਉਸ ਨੂੰ
ਦੁਨੀਆਂ ਦੇ ਵਿਚ ਨਾਚ ਨਚਾਇਆ

ਭੁੱਲ ਗਇਆ ਉਹ ਹਸਤੀ ਅਪਣੀ
ਵੇਖ ਵੇਖ ਖਰਮਸਤੀ ਅਪਣੀ
ਹਾਸੇ ਹਾਸੇ ਵਿਚ ਲੁਟਾ ਲਈ
ਇਕ ਕਾਇਆ ਦੀ ਬਸਤੀ ਅਪਣੀ

ਹੁਣ ਪਛਤਾਏ ਹੋਣਾ ਕੀ
ਬੀਤ ਗਈ ਤੇ ਰੋਣਾ ਕੀ

ਦੁਨੀਆਂ ਹੈ ਦਰਿਆ ਇਕ ਵਗਦਾ
ਹਾਥ ਜਿਹਦੀ ਦਾ ਥਹੁ ਨਹੀਂ ਲਗਦਾ
ਇਕ ਕੰਢੇ ਤੇ ਦਿਸੇ ਅੰਧੇਰਾ
ਇਕ ਕੰਢੇ ਤੇ ਦੀਵਾ ਜਗਦਾ

ਦੀਵੇ ਵਾਲੇ ਜਾਗ ਉਹ ਭਾਈ
ਤੇਰੇ ਘਰ ਨੂੰ ਢਾਹ ਹੈ ਲਾਈ
ਸਾਹਵੇਂ ਦਿਸਿਆ ਜਦੋਂ ਹਨੇਰਾ
ਓਦੋਂ ਤੈਨੂੰ ਸੋਚ ਨਾ ਆਈ

ਹੁਣ ਇਹ ਬੂਹਾ ਢੋਣਾ ਕੀ
ਬੀਤ ਗਈ ਤੇ ਰੋਣਾ ਕੀ

ਹੱਸਦਾ ਫੁੱਲ ਰੁਆਇਆ ਏ ਤੂੰ
ਦੀਵਾ ਤੋੜ ਬੁਝਾਇਆ ਏ ਤੂੰ
ਆਪ ਜਗਾਵੇਂ ਆਪ ਬੁਝਾਵੇਂ
ਏਸੇ ਵਿਚ ਚਿਤ ਲਾਇਆ ਏ ਤੂੰ

ਘੜੀਆਂ ਆਪ ਬਣਾਵੇ ਢਾਵੇ
ਤੇਰਾ ਮਨ ਕਿਉਂ ਗੋਤੇ ਖਾਵੇ
ਸ਼ੈ ਵਾਲਾ ਜੇ ਸ਼ੈ ਲੈ ਜਾਵੇ
ਤੇਰਾ ਕੀ ਲੈ ਜਾਵੇ

ਉਸ ਤੋਂ ਫੇਰ ਲਕੋਣਾ ਕੀ
ਬੀਤ ਗਈ ਤੇ ਰੋਣਾ ਕੀ

26. ਆ ਅਪਨਾ ਜਗਤ ਵਸਾਈਏ

ਔਰਤ-
ਆ ਅਪਨਾ ਜਗਤ ਵਸਾਈਏ
ਸਜਣਾ, ਸਜਣਾ !
ਮਰਦ-
ਆ ਅਪਨਾ ਜਗਤ ਵਸਾਈਏ
ਪਿਆਰੀ, ਪਿਆਰੀ !

ਔਰਤ-
ਚੁਗ ਚੁਗ ਕੇ ਇਸ ਜਗ ਦੀਆਂ ਸੂਲਾਂ,
ਕਲੀਆਂ ਫੁਲ ਬਰਸਾਈਏ,
ਸਜਣਾ, ਸਜਣਾ !
ਲਾ ਕੇ ਇਕ ਫੁਲਵਾੜੀ ਸੁੰਦਰ,
ਸਾਂਝਾ ਸਵਰਗ ਬਣਾਈਏ,
ਸਜਣਾ, ਸਜਣਾ !
ਮਰਦ-
ਦਿਲ ਵਿਚ ਦਿਲ ਦੀ ਤਾਰ ਮਿਲਾਕੇ,
ਜੀਵਨ ਸਾਜ਼ ਵਜਾਈਏ,
ਪਿਆਰੀ, ਪਿਆਰੀ !
ਪਿਆਰ ਬਿਨਾਂ ਜੋ ਖਾਲੀ ਹਿਰਦੇ,
ਸਭ ਨੂੰ ਪਿਆਰ ਸਿਖਾਈਏ,
ਪਿਆਰੀ, ਪਿਆਰੀ !

ਔਰਤ-
ਤੂੰ ਹੋਵੇਂ ਕੋਈ ਮੋਰ ਸਜਨ,
ਮੈਂ ਬੱਦਲ ਬਣ ਕੇ ਬਰਸਾਂ,
ਸਜਣਾ, ਸਜਣਾ !

ਮਰਦ-
ਤੂੰ ਇਕ ਪਲ ਜੇ ਲਾਂਭੇ ਹੋਵੇਂ,
ਮੈਂ ਵੇਖਣ ਨੂੰ ਤਰਸਾਂ,
ਪਿਆਰੀ, ਪਿਆਰੀ !

ਦੋਵੇਂ-
ਆ ਅਪਨਾ ਜਗਤ ਵਸਾਈਏ !
ਆ ਅਪਨਾ ਜਗਤ ਵਸਾਈਏ !

27. ਮੇਰਾ ਦਿਲ ਨਚਦਾ

ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !

ਔਰਤ-
ਜਾਂ ਸਾਵਨ ਭਰਿਆ, ਛਲਕ ਛਲਕ ਡੁਲ੍ਹ ਜਾਵੇ,
ਜਾਂ ਰੁੱਤ ਬਸੰਤ ਪੀਆ ਘਰ ਨਾ, ਘਰ ਆਵੇ ।
ਜਾਂ ਰਸੀਆ ਰਸ ਭਰੀਆਂ ਅੱਖੀਆਂ ਨੂੰ,
ਅੱਖੀਆਂ ਆਨ ਮਿਲਾਵੇ ।
ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !

ਮਰਦ-
ਜਾਂ ਨਵੀਂ ਜਵਾਨੀ ਫੁਟ ਫੁਟ ਤਰਲੇ ਪਾਵੇ ।
ਜਾਂ ਚੰਦ ਵਿਚ ਜੋਬਨ ਨਵਾਂ ਨਵਾਂ ਭਰ ਆਵੇ ।
ਜਾਂ ਤਾਰਿਆਂ ਭਰੀਆਂ ਰਾਤਾਂ ਵਿਚ
ਕੋਈ ਪ੍ਰੇਮ ਦੇ ਗੀਤ ਸੁਨਾਵੇ ।
ਇਹ ਦਿਲ ਨਚਦਾ,
ਹਾਏ ਦਿਲ ਨਚਦਾ,
ਹਾਏ ਦਿਲ ਨਚਦਾ !

ਔਰਤ-
ਜਾਂ ਝੂਠੀਆਂ ਝਿੜਕਾਂ ਮਾਹੀ ਦੇ ਕਲਪਾਵੇ
ਜਾਂ ਰੂਪ ਕਿਸੇ ਦਾ ਪਾਣੀ ਵਿਚ ਅੱਗ ਲਾਵੇ ।
ਜਾਂ ਹੰਝੂਆਂ ਭਰੀਆਂ ਅੱਖੀਆਂ ਨੂੰ,
ਕੋਈ ਹੱਸ ਹੱਸ ਕੇ ਗਲੇ ਲਾਵੇ ।
ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !

ਮਰਦ-
ਜਾਂ ਲਾਟਾਂ ਉੱਤੇ ਸੜ ਮਰਦੇ ਪਰਵਾਨੇ,
ਜਾਂ ਭੰਵਰੇ ਕਲੀਆਂ ਨਾਲ ਮਿਲਣ ਮਸਤਾਨੇ,
ਜਾਂ ਇਹ ਮਸਤਾਨੀਆਂ ਅੱਖੀਆਂ ਵਿਚ,
ਆ ਜਾਂਦੇ ਰੰਗ ਮਸਤਾਨੇ ।
ਮੇਰਾ ਦਿਲ ਨਚਦਾ,
ਇਹ ਦਿਲ ਨਚਦਾ,
ਹਾਏ ਦਿਲ ਨਚਦਾ !

28. ਮਸਤ ਜਵਾਨੀ

ਲੁਟ ਲੈ ਮਸਤ ਜਵਾਨੀ ਵੇ
ਆ, ਆ ਵੀ ਸਜਨਾ !
ਮੈਂ ਤੇਰੀ ਦੀਵਾਨੀ ਵੇ
ਆ, ਆ ਵੀ ਸਜਨਾ !

ਭੋਲੇ ਭੋਲੇ ਮੇਰੇ ਨੈਣ ਸ਼ਰਾਬੀ ।
ਸੂਹੇ ਸੂਹੇ ਮੇਰੇ ਹੋਂਠ ਗੁਲਾਬੀ ।
ਮੈਂ ਤੇਰੀ ਮਸਤਾਨੀ ਵੇ,
ਆ, ਆ ਵੀ ਸਜਨਾ !
ਲੁਟ ਲੈ ਮਸਤ ਜਵਾਨੀ ਵੇ
ਆ, ਆ ਵੀ ਸਜਨਾ !
ਮੈਂ ਤੇਰੀ ਦੀਵਾਨੀ ਵੇ
ਆ, ਆ ਵੀ ਸਜਨਾ !

ਦੰਦ ਮੇਰੇ ਮੋਤੀ ਦੀਆਂ ਲੜੀਆਂ ।
ਗੁਤ ਮੇਰੀ ਵਿਚ ਲਖ ਹਥ ਕੜੀਆਂ ।
ਨੈਣਾਂ 'ਚ ਲਖ ਲਖ ਕਾਨੀ ਵੇ,
ਆ, ਆ ਵੀ ਸਜਨਾ !
ਲੁਟ ਲੈ ਮਸਤ ਜਵਾਨੀ ਵੇ
ਆ, ਆ ਵੀ ਸਜਨਾ !

29. ਉਜੜੀ ਦੁਨੀਆਂ

ਉਜੜੀ ਹੋਈ ਦੁਨੀਆਂ,
ਤੂੰ ਮੇਰੀ ਫੇਰ ਵਸਾ ਦੇ ।
ਬਿਗੜੀ ਨੂੰ ਬਣਾ ਦੇ ।

ਇਸ ਪਾਪ ਦੀ ਦੁਨੀਆਂ ਵਿਚ,
ਵਸਣਾ ਨਹੀਂ ਮਿਲਦਾ,
ਰੋਣਾ ਨਹੀਂ ਮਿਲਦਾ,
ਹਸਣਾ ਨਹੀਂ ਮਿਲਦਾ ।

ਰੋਂਦੇ ਹੋਏ ਨੈਣਾਂ ਨੂੰ ਮੇਰੇ,
ਹਸਣਾ ਸਿਖਾ ਦੇ,
ਬਿਗੜੀ ਨੂੰ ਬਣਾ ਦੇ-

ਉਜੜੀ ਹੋਈ ਦੁਨੀਆਂ,
ਤੂੰ ਮੇਰੀ ਫੇਰ ਵਸਾ ਦੇ ।
ਬਿਗੜੀ ਨੂੰ ਬਣਾ ਦੇ ।

ਕਿਉਂ ਰੁਸ ਗਿਆ ਏਂ ਸਜਣਾ,
ਕੀ ਦੋਸ਼ ਹੈ ਮੇਰਾ ।
ਕਿਉਂ ਕੀਤਾ ਈ ਸਜਣਾ,
ਮੇਰੀ ਦੁਨੀਆਂ 'ਚ ਹਨੇਰਾ ।

ਬੁਝਦੀ ਹੋਈ ਆਸਾਂ ਦੀ ਸ਼ਮ੍ਹਾਂ,
ਆ ਕੇ ਜਗਾ ਦੇ ।
ਬਿਗੜੀ ਨੂੰ ਬਣਾ ਦੇ-

ਉਜੜੀ ਹੋਈ ਦੁਨੀਆਂ,
ਤੂੰ ਮੇਰੀ ਫੇਰ ਵਸਾ ਦੇ ।
ਬਿਗੜੀ ਨੂੰ ਬਣਾ ਦੇ ।

30. ਦੁਨੀਆਂ ਵਾਲੇ ਬੁਰੇ

ਦੁਨੀਆਂ ਵਾਲੇ ਬੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !

ਭੋਲੇ ਭੋਲੇ ਨੈਣ ਜਿਨ੍ਹਾਂ ਦੇ,
ਮਿੱਠੇ ਮਿੱਠੇ ਬੈਨ ਜਿਨ੍ਹਾਂ ਦੇ,
ਸੰਨ੍ਹਾਂ ਮਾਰਨ ਤੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !

ਦਿਨ ਨੂੰ ਚਿੜੀਆਂ ਕੋਲੋਂ ਡਰਦੇ,
ਰਾਤ ਪਵੇ ਤੇ ਨਦੀਆਂ ਤਰਦੇ,
ਲਭਦੇ ਖੋਜ ਨਾ ਖੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !

ਗਲ ਵਿਚ ਮਾਲਾ ਤਿਲਕਾਂ ਵਾਲੇ,
ਉਪਰੋਂ ਬਗਲੇ ਅੰਦਰੋਂ ਕਾਲੇ,
ਬਗਲਾਂ ਦੇ ਵਿਚ ਛੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !

ਜਿੰਨੇ ਦਰਦੀ ਓਨੇ ਵੈਰੀ,
ਜਿੰਨੇ ਛੋਟੇ ਓਨੇ ਜ਼ਹਿਰੀ,
'ਨੂਰਪੁਰੀ' ਰਹੁ ਉਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !

31. ਮਾਹੀ ਮੇਰਾ ਗੁੱਸੇ ਗੁੱਸੇ

ਮੈਨੂੰ ਸੁੱਤਿਆਂ ਨੀਂਦ ਨਾ ਆਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਮੇਰਾ ਜੋਬਨ ਡੁਲ੍ਹ ਡੁਲ੍ਹ ਜਾਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।

ਗੋਰਾ ਰੰਗ ਤੇ ਸ਼ਰਬਤੀ ਅੱਖੀਆਂ,
ਨੀ ਮੈਂ ਘੁੰਡ ਵਿਚ ਡੱਕ ਡੱਕ ਰੱਖੀਆਂ,
ਮੈਨੂੰ ਤਾਹਨੇ ਦੇਂਦੀਆਂ ਸਖੀਆਂ-
ਨੀ ਮਾਹੀ ਮੇਰਾ ਗੁੱਸੇ ਗੁੱਸੇ ।

ਮੈਨੂੰ ਸੁੱਤਿਆਂ ਨੀਂਦ ਨਾ ਆਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਮੇਰਾ ਜੋਬਨ ਡੁਲ੍ਹ ਡੁਲ੍ਹ ਜਾਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।

ਔਹ ਕਾਲੀਆਂ ਬੱਦਲੀਆਂ ਆਈਆਂ,
ਸਾਵਨ ਨੇ ਝੜੀਆਂ ਲਾਈਆਂ,
ਮੈਂ ਫਿਰਦੀ ਹਾਂ ਵਾਂਗ ਸ਼ੁਦਾਈਆਂ-
ਨੀ ਮਾਹੀ ਮੇਰਾ ਗੁੱਸੇ ਗੁੱਸੇ ।

ਮੈਨੂੰ ਸੁੱਤਿਆਂ ਨੀਂਦ ਨਾ ਆਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।
ਮੇਰਾ ਜੋਬਨ ਡੁਲ੍ਹ ਡੁਲ੍ਹ ਜਾਵੇ,
ਨੀ ਮਾਹੀ ਮੇਰਾ ਗੁੱਸੇ ਗੁੱਸੇ ।

32. ਪੁੰਨੂੰ

ਮੈਨੂੰ ਨੀਂਦ ਤੱਤੀ ਨੂੰ ਆ ਗਈ,
ਵੇ ਮੈਂ ਸੌਂ ਗਈ ਸਹਿਜ ਸੁਭਾ ।

ਵੇ ਮੈਂ ਲੁਟ ਲਈ ਪਿੰਡ ਦੇ ਪਾਹਰੂਆਂ,
ਕਿਤੇ ਜੂਹ ਵਿਚ ਜਾਦੂ ਪਾ ।

ਮੈਨੂੰ ਕੱਲੀ ਸਿੱਟ ਵੇ ਸ਼ੁਦਾਇਣ ਨੂੰ,
ਮੇਰੇ ਰੋਂਦੇ ਛਡ ਗਿਆ ਚਾ ।

ਕਿਤੇ ਤੇਰਾ ਕਚਾਵਾ ਟੁਟ ਪਵੇ,
ਮੇਰੀ ਡਾਢੇ ਕੋਲ ਦੁਆ ।

ਤੈਨੂੰ ਪਲ ਵਿਚ ਰੋੜ੍ਹਕੇ ਲੈ ਜਾਏ,
ਮੇਰੇ ਹੰਝੂਆਂ ਦਾ ਦਰਿਆ ।

ਵੇ ਤੇਰੀ ਡਾਚੀ ਨੂੰ ਲਭਦੀ ਮੈਂ ਫਿਰਾਂ,
ਮਾਰੂ ਥਲ ਦੇ ਵਿਚ ਕੁਰਲਾ ।

ਮੇਰੀ ਮਹਿੰਦੀ 'ਚੋਂ ਲੰਬਾਂ ਨਿਕਲੀਆਂ,
ਗਈਆਂ ਪੈਰੀਂ ਛਾਲੇ ਪਾ ।

ਲੱਖਾਂ ਸੂਰਜ ਚੜ੍ਹ ਪਏ ਰੇਤ 'ਚ,
ਮੇਰਾ ਜੋਬਨ ਨਾ ਕਲਪਾ ।

ਮੈਨੂੰ ਮੋਈ ਨੂੰ ਪੰਛੀ ਰੋਣਗੇ,
ਉਤੇ ਕਫ਼ਨ ਪਰਾਂ ਦਾ ਪਾ ।

ਇਹੋ ਵਾਜ ਆਵੇਗੀ ਕਬਰ 'ਚੋਂ,
ਮੇਰਾ ਪੁੰਨੂੰ ਦਿਓ ਮਿਲਾ ।

ਪੁੰਨੂੰ ਬਹਿਕੇ ਕਬਰ 'ਤੇ,
ਅਜ ਰੁੱਨਾ ਜ਼ਾਰੋ ਜ਼ਾਰ ।

ਨੀ ਤੂੰ ਉਠ ਬਹੁ ਹੰਝੂਆਂ ਵਾਲੀਏ,
ਜ਼ਰਾ ਮੈਂ ਵਲ ਬਾਂਹ ਉਲਾਰ ।

ਨੀ ਤੂੰ ਰੱਜ ਰੱਜ ਮੈਨੂੰ ਵੇਖ ਲੈ,
ਅਜ ਰੱਜ ਰੱਜ ਕਰ ਲੈ ਪਿਆਰ ।

ਮੈਨੂੰ ਇਕੋ ਰਾਤ ਨਾ ਭੁਲਦੀ,
ਜਦੋਂ ਸੇਜੋਂ ਖੁਸ ਗਏ ਯਾਰ ।

ਤੇਰਾ ਰੰਗਲਾ ਚੂੜਾ ਚੁੰਮ ਲਵਾਂ,
ਜ਼ਰਾ ਮੈਂ ਵਲ ਬਾਂਹ ਉਲਾਰ ।

ਮੈਨੂੰ ਦੱਸੀ ਰੋ ਰੋ ਪੰਛੀਆਂ,
ਤੇਰੇ ਦਿਲ ਦੀ ਹਾਲ ਪੁਕਾਰ ।

33. ਬਾਂਕਾ

ਨੀ ਮੈਂ ਆਪਣਾ ਆਪ ਭੁਲਾ ਬੈਠੀ,
ਗੱਲਾਂ ਸੁਣ ਸੁਣ ਬਾਂਕੇ ਯਾਰ ਦੀਆਂ ।
ਉਹ ਰੁਤਬਾ ਰੱਖਦੀਆਂ ਹੰਸਾਂ ਦਾ,
ਜੋ ਚਿੜੀਆਂ ਉਹਦੇ ਦਰਬਾਰ ਦੀਆਂ ।

ਕਦੀ ਘੁੰਗਟ ਚੁਕ ਕੇ ਵੇਖ ਤੇ ਸਹੀ,
ਅੱਜ ਮਿੰਨਤਾਂ ਅਉਗਣ ਹਾਰ ਦੀਆਂ ।
ਕਈ ਬੈਠੀਆਂ ਦਰ ਤੇ ਸੁੱਕ ਗਈਆਂ,
ਜੋ ਭੁਖੀਆਂ ਤੇਰੇ ਦਰਬਾਰ ਦੀਆਂ ।

ਮੇਰੇ ਦਿਲ ਵਿਚ ਮੁੜ ਮੁੜ ਰੜਕਦੀਆਂ,
ਚੋਭਾਂ ਨੈਣਾਂ ਦੇ ਇਕ ਇਕ ਵਾਰ ਦੀਆਂ ।
ਜੀਹਨੂੰ ਪਰੀਆਂ ਕਰਦੀਆਂ ਮੋਰ ਛਲਾਂ,
ਤੇਰਾ ਵਿਹੜਾ ਫਿਰਨ ਬੁਹਾਰ ਦੀਆਂ ।

ਮੇਰੇ ਦਿਲ ਵਿਚ ਲੰਭਾਂ ਭੜਕਦੀਆਂ,
ਉਸ ਹੁਸਨ ਭਰੀ ਸਰਕਾਰ ਦੀਆਂ ।
ਜਿਹਾ ਭਾਂਬੜ ਲਾਯਾ ਈ ਬੁਝਦਾ ਨਹੀਂ,
ਲੱਖਾਂ ਅਥਰੂ ਸਿਟ ਸਿਟ ਠਾਰਦੀਆਂ ।

34. ਵਟਣਾ

ਮਾਏ ਨੀ ਸਾਨੂੰ ਲਾ ਨਾ ਵਟਣਾ,
ਮੈਂ ਢੋਲੇ ਬਿਨ ਪਲ ਨਹੀਂ ਕਟਣਾ ।

ਨਾ ਪਾ ਸੂਹੀਆਂ ਲਾਲ ਪੁਸ਼ਾਕਾਂ,
ਨਹੀਂ ਛੱਡਣਾ ਤੈਨੂੰ ਤੇਰਿਆਂ ਸਾਕਾਂ ।
ਮੈਂ ਰੰਗਲਾ ਚੂੜਾ ਭੰਨ ਸਟਣਾ,
ਮੈਂ ਢੋਲੇ ਬਿਨ ਪਲ ਨਹੀਂ ਕਟਣਾ ।

ਪਾ ਕੇ ਨੱਥ ਕਿਉਂ ਖੁੰਝਦੀ ਜਾਵੇਂ,
ਕਿਸ ਦੇ ਹੱਥ ਮੁਹਾਰ ਫੜਾਵੇਂ ।
ਇਸ ਗੱਲ ਵਿਚੋਂ ਤੂੰ ਕੀ ਖਟਣਾ,
ਮੈਂ ਢੋਲੇ ਬਿਨ ਪਲ ਨਹੀਂ ਕਟਣਾ ।

ਮੇਰੇ ਨੈਣ ਨੇ ਹਉਕੇ ਭਰਦੇ,
ਢੋਲਾ ਦੇ ਕੇ ਰਾਜ਼ੀ ਕਰਦੇ ।
ਨੀਂ ਮਾਏ ਤੇਰਾ ਕੁਝ ਨਹੀਂ ਘਟਣਾ,
ਮੈਂ ਢੋਲੇ ਬਿਨ ਪਲ ਨਹੀਂ ਕਟਣਾ ।

35. ਦਿਲ ਦਾ ਮਹਿਰਮ

ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।

ਰਾਹਾਂ ਦੇ ਵਿਚ ਨੈਣ ਖਲੋਤੇ
ਜਗ ਦੀਆਂ ਨਜ਼ਰਾਂ ਵਿਚ ਪਰੋਤੇ
ਦਿਨ ਡੁਬਿਆ ਜਿੰਦ ਖਾਂਦੀ ਗੋਤੇ
ਚੰਦ ਕਿਧਰੇ ਦਿਸ ਆਇਆ ਨਹੀਂ,
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।

ਦਿਲ ਵਿਚ ਬਲਦੇ ਲਾਂਬੂ ਲੰਬੇ
ਜਿਉਂ ਪਾਣੀ ਬਿਨ ਮੱਛੀ ਕੰਬੇ
ਰਾਹ ਵਲ ਤੱਕਦੇ ਨੈਣ ਨੇ ਅੰਬੇ,
ਸਜਨਾ ਮੁਖ ਦਿਖਲਾਇਆ ਨਹੀਂ,
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।

ਜ਼ੁਲਫ਼ਾਂ ਦੇ ਕੁੰਡਲਾਂ ਵਿਚ ਵਲੀਆਂ
ਲੱਖਾਂ ਉਸ ਨੂੰ ਢੂੰਢਣ ਚਲੀਆਂ
ਸੜ ਮੋਈਆਂ ਕਈ ਭਲੀਆਂ ਭਲੀਆਂ
ਡਾਚੀ ਨੂੰ ਪਰਤਾਇਆ ਨਹੀਂ,
ਦਿਲ ਦਾ ਮਹਿਰਮ ਆਇਆ ਨਹੀਂ,
ਕਮਲੀ ਨੂੰ ਗਲ ਲਾਇਆ ਨਹੀਂ ।

36. ਮਸਤਾਨਾ ਬਨਾ ਦੇ

ਮਰਦ-
ਇਕ ਹੋਰ ਪਿਆ ਦੇ,
ਇਕ ਹੋਰ ਪਿਆ ਦੇ,
ਦੀਵਾਨਾ ਬਨਾ ਦੇ,
ਮਸਤਾਨਾ ਬਨਾ ਦੇ ।

ਔਰਤ-
ਮੇਰੇ ਅੱਖੀਆਂ ਦੇ ਪਿਆਸੇ,
ਪੀ ਤੇਰੇ ਹਵਾਲੇ,
ਪੀ, ਪੀ ਕੇ ਮੁਕਾ ਦੇ,
ਇਕ ਹੋਰ ਪਿਆ ਦੇ ।
ਦੀਵਾਨਾ ਬਨਾ ਦੇ,
ਮਸਤਾਨਾ ਬਨਾ ਦੇ ।

ਮਰਦ-
ਮੇਰੀ ਹੋਸ਼ ਦੀ ਨਗਰੀ,
ਬੇਹੋਸ਼ ਬਨਾ ਦੇ ।
ਬੇਹੋਸ਼ ਬਨਾ ਦੇ,
ਖ਼ਾਮੋਸ਼ ਬਨਾ ਦੇ ।
ਦੀਵਾਨਾ ਬਨਾ ਦੇ,
ਮਸਤਾਨਾ ਬਨਾ ਦੇ ।

ਔਰਤ-
ਮੇਰੀ ਚੜ੍ਹਦੀ ਜਵਾਨੀ,
ਦਰਿਆ ਦੀ ਰਵਾਨੀ ।
ਤੇਰੀ ਦੁਨੀਆਂ ਦੀਵਾਨੀ,
ਮੇਰੀ ਮਸਤ ਜਵਾਨੀ ।
ਪੀ, ਪੀ ਕੇ ਮੁਕਾ ਦੇ,
ਇਕ ਹੋਰ ਪਿਆ ਦੇ ।

ਦੀਵਾਨਾ ਬਨਾ ਦੇ,
ਮਸਤਾਨਾ ਬਨਾ ਦੇ ।
ਇਕ ਹੋਰ ਪਿਆ ਦੇ,
ਇਕ ਹੋਰ ਪਿਆ ਦੇ ।

37. ਪ੍ਰੇਮ

ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।

ਕੋਈ ਦਰ ਦਰ ਭਿਛਿਆ ਮੰਗਦਾ ਨੀ,
ਕੋਈ ਭਗਵੇ ਕਪੜੇ ਰੰਗਦਾ ਨੀ,
ਕੋਈ ਲਭਦਾ ਸੰਗਦਾ ਸੰਗਦਾ ਨੀ,
ਕੋਈ ਫਿਰਦਾ ਕੰਨ ਪੜਵਾਈ ਨੀ-
ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।

ਕੋਈ 'ਲੈਲਾ' 'ਲੈਲਾ' ਕਰਦਾ ਨੀ,
ਕੋਈ ਸੋਹਣਾ ਡੁਬ ਡੁਬ ਮਰਦਾ ਨੀ,
ਇਹ ਇਸ਼ਕ ਨਾ ਮੌਤੋਂ ਡਰਦਾ ਨੀ,
ਪਿਆ ਥਲ ਵਿਚ ਦੇਵੇ ਦੁਹਾਈ ਨੀ-
ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।

ਕੋਈ ਬੁਲਬੁਲ ਬਨ ਬਨ ਬਹਿਕੇ ਨੀ,
ਕੋਈ ਕਲੀਆਂ ਬਨ ਬਨ ਟਹਿਕੇ ਨੀ,
ਕੋਈ ਭੰਵਰਾ ਬਨ ਬਨ ਸਹਿਕੇ ਨੀ,
ਕੋਈ ਫਿਰਦਾ ਬੀਨ ਬਜਾਈ ਨੀ-
ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।

ਕੋਈ ਨੈਣ ਗਜ਼ਬ ਦੇ ਮਾਰੇ ਨੀ,
ਕੋਈ ਪੰਛੀ ਕੈਦ ਵਿਚਾਰੇ ਨੀ,
ਕੋਈ ਹੱਸ ਹੱਸ ਖ਼ੂਨ ਗੁਜ਼ਾਰੇ ਨੀ,
ਕੋਈ ਰਾਤੀਂ ਸੌਂ ਪਛਤਾਈ ਨੀ-
ਇਸ ਪ੍ਰੇਮ ਦੀ ਸਮਝ ਨ ਆਈ ਨੀ,
ਇਸ ਪ੍ਰੇਮ ਦੀ ਸਮਝ ਨ ਆਈ ਨੀ ।

38. ਮਾਹੀ

ਮਾਹੀ ਗੁਸੇ ਗੁਸੇ ਕਿਉਂ ਰਹਿੰਦਾ ਨੀ,
ਸਾਨੂੰ ਦਿਲ ਦਾ ਦੁਖ ਨਾ ਕਹਿੰਦਾ ਨੀ ।

ਕਾਲੀ ਬਦਲੀ ਕੇਸ ਖਿਲਾਰੇ,
ਹਸਦੇ ਹਸਦੇ ਲੁਕ ਗਏ ਤਾਰੇ ।
ਇਹ ਦਿਲ ਹਟਕੋਰੇ ਲੈਂਦਾ ਨੀ-
ਮਾਹੀ ਗੁਸੇ ਗੁਸੇ ਕਿਉਂ ਰਹਿੰਦਾ ਨੀ !

ਬਾਗ ਹੁਸਨ ਦਾ ਖਿੜਿਆ ਪਿਆਰਾ,
ਇਕ ਇਕ ਫੁਲ ਦਾ ਮਸਤ ਇਸ਼ਾਰਾ ।
ਭੰਵਰਾ ਰੁਸ ਰੁਸ ਬਹਿੰਦਾ ਨੀ-
ਮਾਹੀ ਗੁਸੇ ਗੁਸੇ ਕਿਉਂ ਰਹਿੰਦਾ ਨੀ !

ਤਰਲੇ ਕਰ ਕਰ ਦਿਲ ਸਮਝਾਇਆ,
ਫੇਰ ਭੀ ਜ਼ਾਲਮ ਬਾਜ਼ ਨ ਆਇਆ ।
ਸਜਣ ਪਿਛੇ ਟੁਰ ਪੈਂਦਾ ਨੀ-
ਮਾਹੀ ਗੁਸੇ ਗੁਸੇ ਕਿਉਂ ਰਹਿੰਦਾ ਨੀ !

39. ਬੋਲੀਆਂ

ਇਕ ਕੁੜੀ-
ਪੈਰੀਂ ਮੇਰੇ ਝਾਂਜਰਾਂ,
ਤੇ ਬਾਹੀਂ ਮੇਰੇ ਬੰਦ ਨੀ,
ਵੇਖ ਲੌ ਸਹੀਓ ਨੀ,
ਮੇਰੇ ਘੁੰਡ ਵਿਚ ਚੰਦ ਨੀ ।

ਦੂਜੀ-
ਨੈਣੀਂ ਮੇਰੇ ਕਜਲਾ,
ਤੇ ਹਥੀਂ ਮਹਿੰਦੀ ਲਾਲ ਵੇ ।
ਛਡ ਮੇਰੀ ਵੀਣੀ ਤੇਰਾ,
ਨਿਤ ਇਹ ਸਵਾਲ ਵੇ ।

ਤੀਜੀ-
ਗੋਰੀਆਂ ਨੇ ਬਾਹਾਂ ਮੈਂ,
ਚੜ੍ਹਾਈਆਂ ਵੰਗਾਂ ਕਾਲੀਆਂ ।
ਅੱਖੀਆਂ 'ਚ ਹਸੇ ਮੂੰਹੋਂ,
ਕਢੇ ਮਾਹੀ ਗਾਲੀਆਂ ।

ਚੌਥੀ-
ਮਾਹੀ ਵਸੇ ਪਰਦੇਸ ਮੈਨੂੰ,
ਉਹਨੇ ਵੰਗਾਂ ਘੱਲੀਆਂ ।
ਵੇਖ ਵੇਖ ਵੰਗਾਂ ਸਹੀਆਂ,
ਸਹੁਰਿਆਂ ਦੇ ਚਲੀਆਂ ।

40. ਜੋਗੀ

ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ ਵਿਚ ਆਇਆ ।
ਉਹਨੇ ਤਨ ਤੇ ਭਸਮ ਰੁਮਾਇਆ,
ਹੀਰੇ ਤੇਰੇ ਪਿੰਡ ਵਿਚ ਆਇਆ ।

ਰੋ ਰੋ ਕੇ ਜਾਂ ਗੱਲਾਂ ਕਰਦਾ,
'ਹੀਰ' ਹੀਰ' ਕਹਿ ਹਉਕੇ ਭਰਦਾ,
ਉਹਨੇ ਸਭ ਦਾ ਦਿਲ ਭਰਮਾਇਆ ਨੀ ।
ਤੇਰੇ ਪਿੰਡ ਵਿਚ ਆਇਆ ।
ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ ਵਿਚ ਆਇਆ ।

ਗਲ ਵਿਚ ਪਾਈਆਂ ਬੁਕ ਬੁਕ ਲੀਰਾਂ
ਹਾਲ ਬਨਾਏ ਵਾਂਗ ਫ਼ਕੀਰਾਂ
ਉਹਨੇ ਖੂਹ ਤੇ ਧੂਨਾ ਤਾਇਆ ਨੀ-
ਤੇਰੇ ਪਿੰਡ ਵਿਚ ਆਇਆ ।
ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ ਵਿਚ ਆਇਆ ।

ਉਹ ਆਇਆ ਕੋਈ ਲਾਲ ਗਵਾਕੇ,
ਪਿੰਡ ਪਿੰਡ ਲਭਦਾ ਭੇਸ ਵਟਾਕੇ,
ਭੁਖਾ ਤੇ ਤਿਰਹਾਇਆ ਨੀ-
ਤੇਰੇ ਪਿੰਡ ਵਿਚ ਆਇਆ ।
ਇਕ 'ਜੋਗੀ' ਮੁੰਦਰਾਂ ਵਾਲਾ
ਹੀਰੇ ਤੇਰੇ ਪਿੰਡ ਵਿਚ ਆਇਆ ।

41. ਨਾ ਜਾ ਚੰਨ ਪਰਦੇਸ ਵੇ

ਉਥੇ ਹਸ ਕੇ ਕਿਸੇ ਨਾ ਬੋਲਣਾ
ਕਿਸੇ ਬੈਠ ਨਾ ਕਹਿਣਾ
ਓਥੇ ਦਿਤਿਆਂ ਮਿਲਣ ਨਾ ਕੌਡੀਆਂ
ਦਿਲ ਦੇ ਨਾ ਬਹਿਣਾ
ਓਥੇ ਦਿਨ ਨੂੰ ਮਜਲਾਂ ਕਰਨੀਆਂ
ਰਾਤੀਂ ਕੱਲਿਆਂ ਬਹਿਣਾ
ਓਥੇ ਦਰ ਦਰ ਝਿੜਕਾਂ ਖਾਣੀਆਂ
ਉਚੀ ਸਾਹ ਨਾ ਲੈਣਾ
ਨਾ ਜਾ ਚੰਨ ਪਰਦੇਸ ਵੇ
ਮੇਰਾ ਮੰਨ ਲੈ ਕਹਿਣਾ

  • ਮੁੱਖ ਪੰਨਾ : ਸੰਪੂਰਣ ਕਾਵਿ ਰਚਨਾਵਾਂ, ਨੰਦ ਲਾਲ ਨੂਰਪੁਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ