Vagde Pani : Dr Diwan Singh Kalepani

ਵਗਦੇ ਪਾਣੀ : ਡਾਕਟਰ ਦੀਵਾਨ ਸਿੰਘ ਕਾਲੇਪਾਣੀ

1. ਵਗਦੇ ਪਾਣੀ

ਪਾਣੀ ਵਗਦੇ ਹੀ ਰਹਿਣ,
ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁੱਸਦੇ ਨੇ,
ਕਿ ਪਾਣੀ ਵਗਦੇ ਹੀ ਰਹਿਣ ।

ਜਿੰਦਾਂ ਮਿਲੀਆਂ ਹੀ ਰਹਿਣ,
ਕਿ ਮਿਲੀਆਂ ਜੀਂਦੀਆਂ ਨੇ,
ਵਿਛੜਿਆਂ ਮਰਦੀਆਂ ਨੇ,
ਕਿ ਜਿੰਦਾਂ ਮਿਲੀਆਂ ਹੀ ਰਹਿਣ ।

ਰੂਹਾਂ ਉਡਦੀਆਂ ਹੀ ਰਹਿਣ,
ਇਹ ਉੱਡਿਆਂ ਚੜ੍ਹਦੀਆਂ ਨੇ,
ਅਟਕਿਆਂ ਡਿਗਦੀਆਂ ਨੇ,
ਕਿ ਰੂਹਾਂ ਉਡਦੀਆਂ ਹੀ ਰਹਿਣ ।

ਤੇ ਮੈਂ ਟੁਰਦਾ ਹੀ ਰਹਾਂ,
ਕਿ ਟੁਰਿਆਂ ਵਧਦਾ ਹਾਂ,
ਖਲੋਇਆਂ ਘਟਨਾ ਹਾਂ,
ਕਿ ਹਾਂ, ਮੈਂ ਟੁਰਦਾ ਹੀ ਰਹਾਂ ।

2. ਹਨੇਰੀ

ਹਨੇਰੀ ਆ ਰਹੀ ਹੈ, ਹਨੇਰੀ !
ਕਾਲੀ ਬੋਲੀ, ਅੰਧਾ ਧੁੰਧ, ਤੇਜ਼ ।
ਬਸ ਰਾਤ ਹੋ ਰਹੇਗੀ, ਹਨੇਰ ਘੁਪ ਘੇਰ,
ਸੂਰਜ, ਚੰਦ, ਤਾਰੇ, ਸਭ ਕੱਜੇ ਜਾਵਸਨ,
ਸਾਡੇ ਸਾਮਾਨ ਰੌਸ਼ਨੀ ਦੇ ਸਭ ਗੁੱਲ ਹੋਵਸਨ ।
ਹਨੇਰੀ ਆ ਰਹੀ ਹੈ, ਹਨੇਰੀ !
ਅਜੇਹੀ ਅੱਗੇ ਆਈ ਹੋਸੀ-
ਵੇਖੀ ਨਹੀਂ, ਯਾਦ ਨਹੀਂ ।

ਹਨੇਰੀ ਆ ਰਹੀ ਹੈ, ਹਨੇਰੀ !
ਇਨਕਲਾਬ ਦੀ, ਤਬਾਹੀ ਦੀ, ਤਬਦੀਲੀ ਦੀ,
ਹੇਠਲੀ ਉਤੇ ਹੋ ਜਾਏਗੀ, ਦਿੱਸੇਗਾ ਕੁਝ ਨਾ,
ਸਿਆਣ ਨਾ ਰਹੇਗੀ ਕਿਸੇ ਨੂੰ ਕਿਸੇ ਦੀ,
ਕੀਮਤਾਂ ਸਭ ਬਦਲੀਆਂ ਜਾਵਸਨ ।

ਫਲ, ਫੁੱਲ, ਸ਼ਾਖ, ਟੁੰਡ, ਟਹਿਣੀ,
ਕੱਖ ਨਾ ਰਹਿਸੀ;
ਛੱਪਰ, ਕੁੱਲੇ, ਕੋਠੇ ਕੁਲ ਉਡ ਵਹਿਸਨ;
ਪੰਛੀ, ਮਨੁੱਖ, ਸ਼ੇਰ, ਹਾਥੀ,
ਉਡਣਗੇ, ਡਿੱਗਣਗੇ, ਟੁੱਟਣਗੇ, ਢਹਿਣਗੇ;
ਜ਼ਿਮੀਂ ਫਟੇਗੀ, ਤਾਰੇ ਡਿਗਣਗੇ,
ਗ੍ਰਹਿ ਭਿੜਸਨ, ਆਪੋ ਵਿਚ;
ਸਮੁੰਦਰਾਂ ਦੀ ਥਾਂ ਪਹਾੜ, ਪਹਾੜਾਂ ਥਾਵੇਂ ਸਮੁੰਦਰ ਹੋ ਨਿਕਲਸਨ,
ਧਰਤੀ ਦੇ ਪਰਖਚੇ ਉਡ ਜਾਣਗੇ,
ਨਵਾਂ ਅਕਾਸ਼-ਚੰਦੋਆ ਤਣੇਂਗਾ ਘੱਟੇ ਦਾ ।

ਹਨੇਰੀ ਆ ਰਹੀ ਹੈ, ਹਨੇਰੀ !
ਅੱਜ, ਭਲਕੇ, ਪਰਸੋਂ,
ਕੋਈ ਨਾ ਅੜੇਗਾ ਇਸ ਦੇ ਸਾਹਵੇਂ,
ਜੋ ਅੜੇਗਾ, ਸੋ ਝੜੇਗਾ,
ਜੋ ਅਟਕੇਗਾ, ਸੋ ਭੱਜੇਗਾ,
ਜੋ ਉੱਠੇਗਾ, ਸੋ ਡਿੱਗੇਗਾ ।
ਮਿਹਨਤਾਂ ਨਾਲ ਬਣਾਈ ਸਾਡੀ ਇਹ ਦੁਨੀਆਂ,
ਤਬਾਹ ਹੋ ਜਾਏਗੀ,
ਮੁਸ਼ਕਲਾਂ ਨਾਲ ਉਸਾਰੀ ਸਾਡੀ ਇਸ ਸਭਯਤਾ ਦਾ ਇਹ ਢਾਂਚਾ
ਚਕਨਾ-ਚੂਰ ਹੋ ਵਹਿਸੀ;
ਮਾਰਾਂ ਮਾਰ ਕੱਠੀ ਕੀਤੀ ਸਾਡੀ ਇਹ ਰਾਸ ਪੂੰਜੀ,
ਧੂੰ-ਬੱਦਲ ਵਾਂਗ ਉਡੰਤ ਹੋ ਜਾਏਗੀ;
ਇਲਮਾਂ ਦੇ ਲਫ਼ਾਫ਼ੇ, ਗਿਆਨਾਂ ਦੇ ਸਤੂਨ,
ਫ਼ਲਸਫੇ ਦੇ ਜਾਲ, ਧਿਆਨਾਂ ਦੇ ਗੋਰਖ-ਧੰਦੇ,
ਮਜ਼੍ਹਬਾਂ ਦੇ ਪਿੰਜਰੇ, ਕਰਮਾਂ ਦੇ ਰੁਝੇਵੇਂ,
ਸੁਲਤਾਨਾਂ ਦੇ ਮਹਿਲ, ਸਲਤਨਤਾਂ ਦੇ ਹੱਦ ਬੰਨੇ
ਵਿਹਾਰਾਂ ਦੇ ਅੜਿੰਗੇ, ਅਚਾਰਾਂ ਦੇ ਕੁੜਿੰਗੇ,
ਇਖਲਾਕਾਂ ਦੇ ਕੱਜਣ, ਰਿਵਾਜਾਂ ਦੇ ਢੱਕਣ,
ਨੀਤੀ ਦੇ ਬਸਤੇ, ਸਮਾਜਾਂ ਦੇ ਫਸਤੇ-
ਸਭ ਫ਼ਨਾ-ਫਿੱਲਾ ਹੋ ਜਾਏਗਾ, ਮੁਸ਼ਕ ਬਾਕੀ ਨਾ ਰਹੇਗਾ,
ਸੁਹਾਗਾ ਫਿਰ ਜਾਏਗਾ-
ਵੱਟਾਂ, ਬੰਨੇਂ, ਸਿਆੜ, ਵਾੜਾਂ ਪੱਧਰ ਹੋ ਜਾਣਗੇ ।

ਚਿੱਟ ਚਿਟਾਨ ਹੋ ਜਾਏਗੀ, ਰੜ ਮਦਾਨ ਹੋ ਦਿੱਸੇਗਾ,
ਨੰਗ ਨੰਗੇਜ ਹੋ ਰਹੇਗੀ ।
ਪਰਦੇ, ਢੱਕਣ, ਕੱਜਣ, ਉਡ ਜਾਣਗੇ,
ਬੁਰਕੇ ਘੁੰਡ ਸਭ ਚੁਕੇ ਜਾਣਗੇ ।
ਜੰਞਾਂ ਨਹੀਂ ਚੜ੍ਹਨਗੀਆਂ, ਫੇਰੇ ਨਹੀਂ ਹੋਣਗੇ,
ਮੁਕਾਣਾਂ ਨਹੀਂ ਢੁੱਕਣਗੀਆਂ, ਇਕੱਠ ਨਹੀਂ ਹੋਣਗੇ-
ਸਿਆਪੇ ਉਠ ਜਾਣਗੇ, ਵਰ੍ਹੀਣੇ ਮੁਕ ਜਾਣਗੇ,
ਵਿਹਾਰ ਵਹਿ ਜਾਣਗੇ, ਸੁਧਾਰ ਰਹਿ ਜਾਣਗੇ,
ਰਸਮਾਂ, ਰਵਾਜਾਂ, ਰੀਤਾਂ- ਸਫਾਯਾ ਹੋ ਜਾਏਗਾ ਸਭ ਦਾ ।

ਹਾਂ, ਹਨੇਰੀ ਆ ਰਹੀ ਹੈ, ਆਪਣੀ ਕਮਾਲ ਸ਼ਿੱਦਤ ਵਿਚ,
ਵਿੱਥਾਂ, ਝੀਤਾਂ, ਆਲੇ, ਭੜੋਲੇ, ਛਿੱਕੇ, ਪੜਛੱਤੀਆਂ, ਸਭ ਫੁੱਲ ਜਾਣਗੇ,
ਢੱਕਿਆ ਹੋਇਆ ਗੰਦ, ਕੱਜਿਆ ਹੋਇਆ ਮੰਦ,
ਸਭ ਉਗਲ ਆਵੇਗਾ ।
ਛੱਤਾਂ, ਤੰਬੂ, ਕਨਾਤਾਂ, ਲੀਰ ਲੀਰ ਹੋ ਜਾਣਗੇ ।
ਢੋਹਾਂ, ਥੂਣੀਆਂ, ਟੇਕਾਂ, ਟਿਕਾਣੇ ਸਭ ਖੁਸ ਜਾਣਗੇ ।
ਜੋ ਆਸਰੇ ਤੱਕਣਗੇ, ਲੂਲ੍ਹੇ ਹੋ ਮਰਨਗੇ ।
ਬਸ ਕੋਈ ਵਿਰਲਾ ਰਹਿ ਜਾਏਗਾ
ਆਪਣੇ ਆਸਰੇ ਖੜੋਤਾ ਹਰਿਆ ਬੂਟ ।

3. ਜੀਵਨ-ਕਟੋਰਾ

ਜੀਵਨ ਦਾ ਕਟੋਰਾ ਭਰਿਆ ਸੀ, ਨਕਾ-ਨਕ, ਕੰਢਿਆਂ ਤੀਕ,
ਡੁਲ੍ਹਣ ਡੁਲ੍ਹਣ ਪਿਆ ਕਰਦਾ, ਇਹ ਨਕਾ-ਨਕ ਭਰਿਆ ਕਟੋਰਾ ਜੀਵਨ ਦਾ ।
ਡੁਲ੍ਹਣਾ ਮੰਗਦਾ, ਕਿਸੇ ਸੁਹਣੀ ਜਿਹੀ ਅਧਖਿੜੀ ਕਲੀ ਉਤੇ,
ਜੀਵਨ ਉਡੀਕਦੀ ਉਤਾਂਹ ਮੂੰਹ ਕਰ ਕੇ ਜੋ ।

ਨਾਂਹ ਮਿਲੀ ਕੋਈ ਐਸੀ ਕਲੀ, ਉਫ !
ਤੇ ਡੁਲ੍ਹ ਗਿਆ ਇਹ ਜੀਵਨ ਦਾ ਕਟੋਰਾ ਰੇਤ ਉਤੇ ।
ਡੁਲ੍ਹਣਾ ਸੀ ਇਸਨੇ ਜ਼ਰੂਰ,
ਭਰਿਆ ਕਟੋਰਾ ਸੀ ਇਹ ਜੀਵਨ ਦਾ ।

4. ਰਾਹੀ

ਮੈਂ ਇਕ ਰਾਹੀ ਹਾਂ,
ਥੱਕਾ ਟੁੱਟਾ, ਮਜਲਾਂ ਮਾਰਿਆ ।
ਕਿਤੋਂ ਨਾ ਟੁਰਿਆ, ਕਿਤੇ ਨਾ ਪੁੱਜਾ, ਕਿਤੇ ਨਾ ਪੁੱਜਣਾ,
ਅਮੁਕ ਮੇਰਾ ਪੈਂਡਾ, ਅਖੁਟ ਮੇਰਾ ਰਾਹ, ਅਪੁਜ ਮੇਰੀ ਮਜਲ,
ਟੁਰਨ ਲਈ ਬਣਿਆ ਮੈਂ, ਟੁਰਨਾ ਲਿਖਿਆ ਮੇਰੇ ਲੇਖ ।

ਉਜਾੜ, ਉਦਿਆਨ, ਬੀਆਬਾਨ, ਇਸ ਵਿਚ ਰਾਹ ਮੇਰਾ,
ਸਰਾਂ ਨਾ, ਸਾਯਾ ਨਾ, ਸਿਰ ਲੁਕਾਣ ਲਈ,
ਸਰ ਨਾ, ਖੂਹ ਨਾ, ਪਿਆਸ ਬੁਝਾਉਣ ਲਈ ।
ਨਾ ਛੱਪੜ, ਨਾ ਤਲਾ, ਬੁਕ ਪਾਣੀ ਪਿੰਡੇ ਪਾਉਣ ਲਈ ।
ਹੁੰਮਸ ਹੈ ਹੁੱਟ, ਹਵਾ ਦਾ ਰੁਮਕਾ ਨਹੀਂ ਕਿਧਰੇ ।

ਖਿੜਿਆ ਦਿੱਸੇ ਨਾ ਫੁੱਲ ਕਿਧਰੇ, ਨਾ ਸਾਵਾ ਪੱਤਰ,
ਹਰਿਆ ਰਿਹਾ ਨਾ ਬੂਟ ਕੋਈ, ਨਾ ਘਾ ਦਾ ਫਲੂਸ ਕਿਧਰੇ,
ਧਰਤੀ ਸੜ ਸੜ ਫੱਟਦੀ, ਉਠ ਉਠ ਚੜ੍ਹਦੇ, ਵਾ-ਵਰੋਲੇ ਘੱਟੇ ਦੇ ।
ਸੂਰਜ ਤਪਦਾ ਸਦ ਸਿਖਰੇ, ਨਾ ਬਦਲੀ ਦਾ ਉਹਲਾ ਰਤਾ ਹੁੰਦਾ ਕਦੀ,
ਅਕਾਸ਼ ਦਾ ਸੁੰਦਰ ਨੀਲਾਨ ਸੜ ਸੜ ਪੈ ਗਿਆ ਭੂਰਾ,
ਬੂੰਦ ਕੋਈ ਵਰ੍ਹਦੀ ਨਾ ਇਸ ਸੁੱਕੇ ਅੰਬਰੋਂ ਕਦੀ,
ਭੱਠ ਤੱਪਦੇ, ਧੁੰਧ ਹੋਈ ਸਾਰੇ ਧਰਤੀ ਦੀ ਹਵਾੜ ਨਾਲ,
ਇਕ ਕੁਰਲਾਟ ਮਚਿਆ, ਕੂਕਾਂ ਪੈਂਦੀਆਂ ਜੀਆਂ ਦੀਆਂ ।
ਇਸ ਹੁੰਮਸ ਵਿੱਚ ਟੁਰਿਆ ਜਾਂਦਾ, ਮੈਂ ਇਕ ਰਾਹੀ ਹਾਂ,
ਹਫਿਆ ਹੁਟਿਆ ਸਾਹ ਘੁਟਿਆ ਮੇਰਾ ।

ਕੋਈ ਸਾਥੀ ਨਹੀਂ ਕਿ ਆਸਰੇ ਹੋ ਚੱਲਾਂ,
ਨਾ ਕੋਈ ਮੇਲੀ ਕਿ ਪਤਾ ਦੱਸੇ ਇਹਨਾਂ ਰਾਹਾਂ ਦਾ,
ਨਾ ਆਗੂ ਕੋਈ ਕਿ ਪਿੱਛੇ ਹੋ ਟੁਰਾਂ ।
ਇਕ ਉਜਾੜ ਬੀਆਬਾਨ, ਭਾਂ ਭਾਂ ਕਰਦਾ,
ਰਾਹ ਲੰਮਾ ਲੰਮਾ, ਜੁਗਾਂ ਜੁਗਾਂ ਦਾ ਅਮੁਕ,
ਆਸਰੇ ਦੀ ਜਾ ਨਹੀਂ, ਨਾ ਆਰਾਮ ਦਾ ਟਿਕਾਣਾ,
ਚੀਕ ਚਿਹਾੜਾ ਸੁਣੀਂਦਾ, ਸੂਰਤ ਦਿੱਸਦੀ ਨਾ ਕੋਈ,
ਪਿੱਛੇ, ਅੱਗੇ ਹੋਸਨ ਦੂਰ ਕਈ ।
ਅਗਾ ਦਿਸਦਾ ਨਾ ਕੁਲ ਧੁੰਧ ਗੁਬਾਰ,
ਪਿੱਛਾ ਪਰਤ ਤੱਕਦਾ ਨਾ ਮੈਂ ਡਰ ਲਗਦਾ,
ਇਹ ਰਾਹ ਉੱਚਾ ਨੀਵਾਂ, ਪਥਰੀਲਾ, ਤਿਲ੍ਹਕਵਾਂ,
ਕਿਸ ਬਣਾਇਆ ਮੇਰੇ ਲਈ ? ਪਤਾ ਨਾਂਹ ।
ਕਦੋਂ ਟੁਰਿਆ ਮੈਂ ਇਸ ਰਾਹੇ ? ਕਿੱਥੇ ਵਹਿਣਾ ? ਪਤਾ ਨਾਂਹ
ਇਹ ਰਾਹ ਹੈ ਤੇ ਮੈਂ ।
ਟੁਰਨਾ ਇਸ ਪੁਰ ਮੈਂ, ਰੋਂਦਾ ਭਾਵੇਂ ਹੱਸਦਾ,
ਅੱਖਾਂ ਪਕ ਗਈਆਂ ਮੇਰੀਆਂ ਮਜਲ ਉਡੀਕਦੀਆਂ,
ਮਜਲ ਕੋਈ ਦਿੱਸੀ ਨਾਂਹ, ਹਾਂ ।
ਪਥਰਾ ਗਈਆਂ ਨਜ਼ਰਾਂ ਮੇਰੀਆਂ, ਇਹ ਪੱਥਰ ਰਾਹ ਵਿੰਹਦੀਆਂ ਵਿੰਹਦੀਆਂ,
ਦਿੱਸਿਆ ਕੁਝ ਨਾਂਹ, ਹਾਂ !
ਮੈਂ ਰਾਹੀ ਹਾਂ ਇਸ ਰਾਹ ਦਾ ਸਾਥ-ਹੀਣ, ਰਹਿਮਤ-ਹੀਣ, ਥੁੜ-ਹਿੰਮਤਾ,
ਕਦੀ ਕੋਈ ਅੱਥਰ ਨਾ ਡਿਗੀ ਕਿਸੇ ਅੱਖ ਵਿਚੋਂ ਮੇਰੇ ਲਈ,
ਨਾ ਕੋਈ ਦਰਦ ਮੇਰੇ ਵਿਚ ਘੁਲਿਆ ਕਦੀ,
ਕਦੀ ਕੋਈ ਮੁਸਕਰਾਹਟ ਨਾ ਨਿਕਲੀ ਮੇਰੇ ਲਈ, ਕਿਸੇ ਦੀਆਂ
ਸੁਹਣੀਆਂ ਬੁੱਲ੍ਹੀਆਂ ਚੋਂ,
ਨਾ ਕੋਈ ਨਰਮ ਸੀਤਲ ਹਥ ਲੱਗਾ ਮੇਰੇ ਸੜਦੇ ਮੱਥੇ ਤੇ ਕਦੀ,
ਕਦੇ ਨਾ ਮੇਰਾ ਸਿਰ ਰਖਿਆ ਕਿਸੇ ਆਪਣੇ ਸੁਹਲ
ਗੁਦਗੁਦੇ ਪੱਟਾਂ ਤੇ,
ਨਾ ਕਿਸੇ ਦਰਦੀ ਦਿਲ ਨੇ ਦਵਾ ਕੀਤੀ ਮੇਰੇ ਦਰਦਾਂ ਦੀ ਕਦੀ,
ਸੁਖ, ਸ਼ਾਂਤੀ, ਸੰਤੋਖ ਕਦੀ ਨਸੀਬ ਹੋਇਆ ਨਹੀਂ ਮੈਂ ਬਦ-ਨਸੀਬ ਨੂੰ,
ਨਾ ਕੋਈ ਖੁਸ਼ੀ ਮੈਂ ਡਿੱਠੀ, ਨਾ ਸੁਖ, ਨਾ ਆਰਾਮ,
ਮੇਰੀ ਅਨੰਤ ਪੀੜਾ ਲਈ ਕਦੀ ਕੋਈ ਮੇਹਰ ਦੇ ਬੋਲ ਨਾ ਨਿਕਲੇ ।
ਬੱਸ ਮੈਂ ਹਾਂ, ਮੇਰਾ ਇਹ ਰਾਹ ਤੇ ਮੇਰੀਆਂ ਆਹ ਪੀੜਾਂ-
ਮੈਂ ਰਾਹੀ ਹਾਂ ਪੀੜਤ ।

ਮੌਤ ਮੰਗੀ, ਮੈਂ ਅਨੰਤ ਵਾਰ, ਮਿਲੀ ਨਾਂਹ ।
ਨੇਸਤੀ ਲੋੜੀ ਮੈਂ ਅਨੇਕ ਵਾਰ, ਹੋਈ ਨਾਂਹ,
ਮੋਇਆ ਮੈਂ ਹਜ਼ਾਰ ਵਾਰ, ਜੀਵਿਆ ਮੁੜ ਮੁੜ,
ਨੇਸਤਿਆ ਕਈ ਵਾਰ, ਹਸਤਿਆ ਫਿਰ ਫਿਰ,
ਗਵਾਚ ਗਿਆ ਮੈਂ ਬੇਅੰਤ ਵਾਰ, ਲਭ ਪਿਆ ਮੁੜ ਪਰ,
ਖੁੰਝ ਗਿਆ ਇਸ ਰਾਹ ਨੂੰ ਮੈਂ ਕਈ ਵਾਰ, ਪਰ ਖੁੰਝਿਆ
ਨਾ ਇਹ ਰਾਹ ਕਦੀ ਮੈਨੂੰ,
ਇਹ ਰਾਹ ਹੋਇਆ ਮੇਰੇ ਲਈ ਤੇ ਮੈਂ ਇਸ ਰਾਹ ਲਈ,
ਇਹ ਅਮੁਕ ਰਾਹ ਹੈ ਮੇਰਾ, ਮੈਂ ਰਾਹੀ ਇਸ ਰਾਹ ਦਾ ।

ਬਹੁਤ ਰੱਬ ਮੈਂ ਮੰਨੇ, ਬਹੁਤ ਪੂਜਾ ਮੈਂ ਕੀਤੀਆਂ,
ਬਹੁਤ ਤਪ ਮੈਂ ਸਾਧੇ, ਬਹੁਤ ਮੱਨਤਾਂ ਮੈਂ ਮੰਨੀਆਂ,
ਬਹੁਤ ਗ੍ਰੰਥ ਮੈਂ ਪੜ੍ਹੇ, ਬਹੁਤ ਗਿਆਨ ਮੈਂ ਘੋਖੇ,
ਬਹੁਤ ਗੁਰੂ ਮੈਂ ਕੀਤੇ, ਬਹੁਤ ਚੇਲੇ ਮੈਂ ਮੁੰਨੇ,
ਮੁਸ਼ੱਕਤਾਂ ਬਹੁਤ ਕੀਤੀਆਂ ਮੈਂ, ਸੋਚਾਂ ਬਹੁਤ ਸੋਚੀਆਂ,
ਭਗਤ ਬੜੀ ਕੀਤੀ ਮੈਂ, ਸਮਾਧੀਆਂ ਲਗਾਈਆਂ,
ਮੁੱਕਾ ਨਾ ਮੇਰਾ ਪੈਂਡਾ, ਮਿਲਿਆ ਨਾ ਕੋਈ ਟਿਕਾਣਾ, ਮੈਂ
ਬੇ-ਟਿਕਾਣੇ ਨੂੰ ।
ਨਿਰਜਨ ਜੰਗਲਾਂ ਵਿੱਚ ਨੱਸ ਗਿਆ ਮੈਂ, ਆਬਾਦੀਆਂ ਛੱਡ ਕੇ,
ਸ਼ਾਂਤੀ ਨਾ ਮਿਲੀ ਮੈਨੂੰ, ਰੋਸਾ ਤੇ ਕ੍ਰੋਧ ਵਧੇ,
ਕੁਦਰਤ ਸੋਹਣੀ ਕੋਝੀ ਤੱਕੀ ਮੈਂ, ਤੇ ਮਸਤਿਆ ਕਦੀ ਕਦੀ,
ਮਿਲਿਆ ਨਾ ਅਖੰਡ ਅਨੰਦ ਕਦੀ ਮੈਨੂੰ ।

ਯੋਗ ਮੈਂ ਸਾਧੇ, ਚਿੱਲੇ ਮੈਂ ਕੱਟੇ,
ਜਾਗੇ ਮੈਂ ਜਾਗੇ, ਵਰਤ ਮੈਂ ਰੱਖੇ,
ਪੁਰਿਆ ਨਾ ਮਕਸਦ ਮੇਰਾ, ਮਿਲਿਆ ਨਾ ਕੁਝ ਮੈਨੂੰ,
ਖਾਹਸਾਂ ਮੈਂ ਰੌਂਦੀਆਂ, ਮਨ ਮੈਂ ਮਾਰਿਆ,
ਨੇਕੀਆਂ ਮੈਂ ਕੀਤੀਆਂ, ਪਵਿੱਤ੍ਰਤਾ ਮੈਂ ਰੱਖੀ,
ਸੌਖਾ ਨਾ ਹੋਇਆ ਪੰਧ ਮੇਰਾ, ਨਾ ਨੇੜੇ ਹੋਈ ਮਜਲ ਮੇਰੀ ।

ਪਿਆਰ ਮੈਂ ਪਾਏ, ਨਸ਼ੇ ਮੈਂ ਪੀਤੇ,
ਮਸਤ ਮੈਂ ਹੋਇਆ, ਭਗਤੀ ਦੇ ਮਦ ਨਾਲ,
ਦਰਸ਼ਨ ਮੈਨੂੰ ਹੋਏ ਮੰਦਰਾਂ ਦੇ ਰੱਬ ਦੇ,
ਮੱਦਦ ਮੈਨੂੰ ਨਾ ਮਿਲੀ, ਜ਼ਖਮ ਮੇਰੇ ਨਾ ਭਰੇ, ਹਾਏ !
ਚਾਨਣ ਮੈਂ ਵੇਖੇ ਮੰਦਰਾਂ ਦੀ ਰੌਸ਼ਨੀ ਦੇ,
ਰਿਹਾ ਹਨੇਰਾ ਸਦਾ ਮੇਰੇ ਅੰਦਰ, ਦਿਸਿਆ ਨਾ ਮੈਨੂੰ ਕਦੀ ਕੁਝ ਠੀਕ,
ਉਹੋ ਮੇਰਾ ਰਾਹ, ਉਹੋ ਮੈਂ ਥੱਕਿਆ ਟੁਟਿਆ ਪਾਂਧੀ,
ਉਹੋ ਮਜਲ ਮੇਰੀ ਅਪੁਜ, ਉਹੋ ਬੀਆਬਾਨ ਆਲੇ ਦੁਆਲੇ ।

ਰਾਜਿਆਂ ਦੇ ਘਰ ਜੰਮਿਆ, ਰਾਜਾ ਮੈਂ ਹੋਇਆ,
ਰਾਜ ਮੈਂ ਕੀਤੇ ਧਰਤਾਂ ਤੇ ਸਾਗਰਾਂ ਤੇ,
ਮੁਲਕ ਮੈਂ ਮੱਲੇ, ਧੋਖੇ ਨਾਲ ਜ਼ੋਰ ਨਾਲ,
ਮਰਿਆ ਉਹ ਅੜਿਆ ਜੋ ਮੇਰੇ ਅੱਗੇ, ਮੇਰੀ ਸ਼ਾਨ ਅੱਗੇ,
ਚਲੇ ਹੁਕਮ ਸਭ ਮੇਰੇ, ਹੋਇਆ ਉਹ ਜੋ ਮੈਂ ਆਖਿਆ,
ਮੰਗਿਆ ਜੋ ਮਿਲਿਆ ਸੋ, ਧਰਤੀ ਅਕਾਸ਼ ਤੋਂ,
ਸੁੰਦਰਾਂ ਤੇ ਸੁੰਦਰ ਮਿਲੇ, ਸੁੰਦ੍ਰਤਾ ਜਵਾਨੀ ਮਿਲੀ,
ਨੌਕਰ ਤੇ ਗੁਲਾਮ ਸਾਰੇ, ਹੁੰਦੀਆਂ ਸਲਾਮਾਂ ਸਦਾ,
ਸਭਸ ਉੱਤੇ ਹੁਕਮ ਮੇਰਾ, ਮੇਰੇ ਤੇ ਨਾ ਹੁਕਮ ਕੋਈ,
ਰੰਗ ਰਾਜ ਸਭ ਕੀਤੇ, ਭੁੱਖ ਨਾ ਰਹੀ ਰਤਾ,
ਪੰਧ ਮੇਰਾ ਕਟਿਆ ਨਾ, ਉਹੋ ਪੰਧ ਉਹੋ ਮੈਂ,
ਉਹੋ ਬੀਆਬਾਨ ਸਾਰੇ, ਉਹੋ ਢਾਠ ਮੇਰੇ ਅੰਦਰ ।

ਫਕੀਰ ਭੀ ਹੋ ਡਿਠਾ, ਮੰਗਤਾ ਭੀ,
ਘਰ ਘਰ ਠੂਠਾ ਫੜ ਫਿਰਿਆ ਮੈਂ ਮੰਗਤਾ,
ਚੀਥੜੇ ਗਲ, ਸਿਰ ਨੰਗਾ, ਪੈਰ ਪਾਟੇ,
ਭੁੱਖਾ, ਪਿਆਸਾ ਮਾਂ ਬਿਨ, ਪੇਅ ਬਿਨ,
ਇਕ ਕਿੱਕਰ ਦਾ ਡੰਡਾ ਮੇਰੇ ਹਥ, ਸਾਥੀ ਮੇਰਾ,
ਫਿਰਿਆ ਮੈਂ ਫਿਟਕਾਂ ਲੈਂਦਾ, ਝਿੜਕਾਂ ਸਹਿੰਦਾ,
ਪੱਥਰ ਦਿਲ ਇਸ ਦੁਨੀਆਂ ਦੀਆਂ ਗਲੀਆਂ ਵਿਚ,
ਕਿਤੋਂ ਖੈਰ ਨਾ ਪਈ, ਨਾ ਠਾਹਰ ਮਿਲੀ ਕਿਤੇ,
ਇੱਟੇ ਵੱਜੇ ਮੈਨੂੰ ਪਿੰਡਾਂ ਦਿਆ ਮੁੰਡਿਆਂ ਕੋਲੋਂ,
ਕੁਤੇ ਪੈ ਪਿਛੇ ਕੱਢ ਆਏ ਪਿੰਡੋਂ ਬਾਹਰ,
ਇਉਂ ਫਿਰਿਆ ਬੇ-ਦਰ, ਬੇ-ਘਰ ਮੈਂ ਕਈ ਉਮਰਾਂ,
ਪਰ ਪੰਧ ਰਿਹਾ ਉਹੋ ਮੇਰਾ, ਉਹੋ ਮੈਂ ਰਾਹੀ,
ਉਹੋ ਮੇਰਾ ਅਮੁਕ ਪੈਂਡਾ, ਉਹੋ ਮੇਰੀ ਅਦਿੱਸ ਮਜਲ,
ਲਖ ਉਪਰਾਲੇ ਮੈਂ ਕੀਤੇ, ਸਾਰੇ ਚਾਰੇ ਲਾਏ,
ਪਰ ਪਿਆ ਨਾ ਕੁਝ ਪੱਲੇ, ਖਾਲੀ ਹੱਥ ਰਿਹਾ ਸਦਾ,
ਕਿੱਥੇ ਹੈ ਉਹ ਚਾਨਣ ਜਿਸ ਨਾਲ ਸਭ ਕੁਝ ਦਿੱਸਦਾ ?
ਕਿੱਥੇ ਹੈ ਉਹ ਸੱਚ ਜਿਸ ਦੀ ਫਤਹ ਅਸੱਚ ਤੇ ਸਦਾ ਹੁੰਦੀ ?
ਕਿੱਥੇ ਹੈ ਉਹ ਦਾਰੂ ਕਿ ਸਭ ਦਰਦਾਂ ਦੀ ਦਵਾ ਹੋਵੇ ?
ਕਿੱਥੇ ਹੈ ਉਹ ਅਨੰਦੀ ਸੰਤੋਖ ਕਿ ਦੁਖੀਆਂ ਨੂੰ ਸਦਾ ਅਨੰਦ ਦੇਂਦਾ ?
ਕਿੱਥੇ ਹੈ ਉਹ ਰਹਿਮਤ ਕਿ ਪੀੜਤ ਖਲਕਤ ਤੇ ਰਹਿਮ ਖਾਂਦੀ ?

ਮੈਂ ਥੱਕ ਗਿਆ ਹਾਂ ਅਨੰਤ ਪੈਂਡੇ ਮਾਰ ਮਾਰ,
ਮੈਂ ਹੁਟਨ ਰਿਹਾ ਹਾਂ, ਸਦੀਆਂ ਦੀ ਥਕਾਵਟ ਨਾਲ,
ਮੈਂ ਪਿਸ ਗਿਆ ਹਾਂ ਮਿਹਨਤਾਂ ਦੀ ਚੱਕੀ ਵਿੱਚ,
ਮੇਰੇ ਪੈਰ ਲੜਖੜਾਂਦੇ ਨੇ ਪਏ, ਧੂਇਆ ਨਹੀਂ ਜਾਂਦਾ ਮੇਰੇ ਕੋਲੋਂ ਮੇਰਾ ਆਪਾ ।
ਮੇਰੀਆਂ ਅੱਖੀਆਂ ਹੋਈਆਂ ਅੰਨ੍ਹੀਆਂ ਨਿਤ ਤਕਦੀਆਂ ਤਕਦੀਆਂ,
ਮੈਂ ਹੁਣ ਭੁਗੜੀ ਹੋਇਆ, ਮਰਨ ਕਿਨਾਰੇ,
ਮੌਤ ਨਾ ਆਵੰਦੀ,
ਪਿਠ ਕੁੱਬੀ ਹੋ ਗਈ ਸਫਰਾਂ ਪੀੜਾਂ ਦੀ ਮਾਰੀ,
ਡਰ ਪਿਆ ਲਗਦਾ ਮੈਨੂੰ ਮੇਰੇ ਕੋਲੋਂ,
ਬੇ ਪਰਵਾਹ ਹੋਇਆ ਮੈਂ, ਪੂਰਨ ਹੋਈ ਬੇ-ਪਰਵਾਹੀ,
ਆਸ ਨਾ ਰਹੀ ਕੋਈ, ਨਾ ਪਛਤਾਵਾ,
ਜੋਸ਼ ਮੁੱਕਿਆ ਮੇਰਾ, ਹਿੰਮਤ ਹਾਰ ਮੈਂ,
ਟੁਰਨ ਦੀ ਲੋੜ ਨਾ ਰਹੀ, ਨਾ ਪੁੱਜਣ ਦੀ ਚਿੰਤਾ,
ਖਾਹਸ਼ ਚੁੱਕੀ, ਚਿੰਤਾ ਮੁੱਕੀ,
ਸ਼ਰਮ ਦਾ ਅਹਿਸਾਨ ਉਠਿਆ, ਸ਼ਾਨ ਦੀ ਹਿਸ ਹੁੱਟੀ,
ਡਰ ਲੱਥਾ ਮੇਰਾ-ਰੱਬ ਦਾ, ਰੂਹ ਦਾ, ਮੌਤ ਦਾ, ਬੰਦੇ ਦਾ,
ਦੁਖ, ਦਰਦ, ਪੀੜ, ਰਹੀ ਨਾ ਰਤਾ,
ਧੁਪ ਨਾ ਸਾੜਦੀ ਮੈਨੂੰ ਨਾ ਸੀਤ ਮਾਰਦਾ,
ਗ਼ਮ, ਫ਼ਿਕਰ, ਤਰੱਦਦ ਉਠ ਗਏ ਹਮੇਸ਼ ਲਈ,
ਅਕਲ, ਸੋਚ ਛੱਡੀ ਮੈਂ ਸਦਾ ਲਈ,
ਜ਼ਿੰਦਗੀ ਤੇ ਮੌਤ ਤੋਂ ਬੇ-ਪਰਵਾਹ ਹੋਇਆ ਮੈਂ,
ਲਾਉਬਾਲਾ-
ਪਰ ਅੰਦਰ ਮੇਰੇ ਤਦ ਭੀ ਰਹੀ ਇਕ ਸੁੰਞ,
ਢੂੰਡ ਰਹੀ ਸਦਾ ਧੁਰ ਮੇਰੇ ਅੰਦਰ ਤਦ ਵੀ,
ਰੋਣਾ ਛੱਡਿਆ ਭਾਵੇਂ, ਰੋਂਦਾ ਰਿਹਾ ਸਦਾ ਮੈਂ,
ਟੁਰਨਾ ਛੱਡਿਆ ਭਾਵੇਂ, ਪਰ ਟੁਰਦਾ ਰਿਹਾ ਤਦ ਭੀ ।

ਫਿਰ ਉਹ ਸਦ-ਰਹਿਣਾ ਅਨੰਦ ਕੋਈ ਚੀਜ਼ ਹੈ ?
ਉਹ ਸਦ-ਰਹਿਣੀ ਹਕੀਕਤ ਕੋਈ ਸ਼ੈ ਹੈ ?
ਉਹ ਅਬੁਝ ਚਾਨਣ ਸਚ ਮੁਚ ਕਿਧਰੇ ਹੈ ?
ਉਹ ਅਨੰਦੀ ਸ਼ਾਂਤੀ ਕੀ ਕੋਈ ਸੱਚ ਹੈ ?
ਜੇ ਨਹੀਂ,
ਤਾਂ ਮੇਰੇ ਅੰਦਰ ਇਹ ਅਜ਼ਲੀ ਸੁੰਞ ਕੇਹੀ ਹੈ ?
ਇਹ ਅਸੂਝ, ਅਬੁੱਝ ਤਲਾਸ਼ ਕੇਹੀ ਹੈ ?
ਜੇ ਹੈ,
ਤਾਂ ਕਿਸੇ ਨੂੰ ਮਿਲੀ ਹੈ ?
ਮੈਨੂੰ ਮਿਲੇਗੀ ?
ਮੈਂ ਇਕ ਰਾਹੀ ਹਾਂ, ਮਜਲਾਂ ਮਾਰਿਆ,
ਕਿਤੋਂ ਨਾ ਟੁਰਿਆ ਕਿਤੇ ਨਾ ਪੁੱਜਾ,
ਟੁਰਦਾ ਜਾਂਦਾ ਬਿਨ ਮਰਜ਼ੀ ਆਪਣੀ,
ਟੁਰਨ ਲਿਖਿਆ ਮੇਰੇ ਲੇਖ, ਸਫਰਾਂ ਲਈ ਬਣਿਆ ਮੈਂ,
ਬਸ ਟੁਰਨਾ ਤੇ ਉਸ ਟੋਰ ਦਾ ਸਵਾਦ,
ਬਸ ਥੱਕਣਾ ਤੇ ਉਸ ਥਕਾਵਟ ਦੀ ਮਸਤੀ,
ਮਿਲਣਾ ਹੋਰ ਰਾਹੀਆਂ ਨੂੰ ਤੇ ਉਸ ਮੇਲ ਦੇ ਅਨੰਦ,
ਯਾਰੀਆਂ ਲਾਣੀਆਂ ਜਦੋਂ ਦਾਅ ਲਗੇ, ਤੇ ਤੋੜਨੀਆਂ ਜਦੋਂ ਟੁੱਟਣ ਬੇ-ਵੱਸ ।
ਇਹਨਾਂ ਲੱਗੀਆਂ ਦੇ ਸਵਾਦ, ਤੇ ਟੁਟੀਆਂ ਦੀਆਂ ਟੋਟਾਂ,
ਪੁੱਗੀਆਂ ਦੇ ਚਾਅ, ਅਣ-ਪੁੱਗੀਆਂ ਦੀਆਂ ਰੀਝਾਂ,
ਪੱਕੀਆਂ ਦੀਆਂ ਖੁਸ਼ੀਆਂ, ਕੱਚੀਆਂ ਦੀਆਂ ਹਸਰਤਾਂ,
ਇਹ ਹੈ ਮੇਰਾ ਨਫ਼ਾ, ਜਿਨਾਂ ਕੁ ਮੈਂ ਖਟ ਲਵਾਂ,
ਮੈਂ ਇਕ ਰਾਹੀ ਹਾਂ ।

5. ਫਰੇਬ

ਮੈਂ ਉਡੀਕਦੀ ਰਹੀ, ਸਾਰੀ ਰਾਤ,
ਤਾਰੇ ਗਿਣ ਗਿਣ ਕੱਢੀ ਅੱਖਾਂ ਚੋਂ, ਸਾਰੀ ਰਾਤ,
ਤੂੰ ਨਾ ਆਇਓਂ ।

ਸਵੇਰ ਸਾਰ ਥੱਕ ਗਈ ਮੈਂ,
ਅੱਖ ਲਗ ਗਈ ਮੇਰੀ,
ਤੇ ਤੂੰ ਗਲਵੱਕੜੀ ਆਣ ਪਾਈ, ਸੁਫ਼ਨੇ ਅੰਦਰ ।

ਫਰੇਬਾਂ ਵਾਲਿਆ,
ਜੇ ਆਉਣਾ ਸਾਈ ਇਉਂ ਸੁਫ਼ਨਿਆਂ ਅੰਦਰ,
ਧਿਙਾਣੇ ਮੈਂ ਜਗਰਾਤੇ ਕੱਟੇ, ਰਾਤਾਂ ਕਾਲੀਆਂ ।

6. ਜੀਵਨ-ਮੇਲਾ

(੧)

ਉਹ ਤੇ ਮੈਂ ਮਿਲੇ ਸਾਂ, ਇਕ ਸਰਾਂ ਟਿਕਾਣੇ,
ਚੰਗੇ ਲਗੇ ਇਕ ਦੂਜੇ ਨੂੰ, ਖਿਚੀਂਦੇ ਗਏ ਆਪ-ਮੁਹਾਰੇ,
ਮਿਲੇ ਪਸੰਦੀਦਗੀ ਵਿਚ, ਖਿੱਚ ਦੇ ਸੁਆਦ ਵਿਚ, ਸਵਾਦ ਦੀ ਮਸਤੀ ਵਿਚ,
ਮਿਲੇ ਰਹੇ ਇਕ ਨਿੱਘ ਵਿਚ, ਜਿਨਾਂ ਚਿਰ ਅੱਗ ਸੀ, ਅੱਗ ਦਾ ਸੇਕ ਸੀ,
ਬੈਠੇ ਰਹੇ ਮਿਲਵੀਂ ਠੰਡੀ ਛਾਵੇਂ, ਜਿਨਾਂ ਚਿਰ ਦੁਪਹਿਰ ਸੀ, ਦੁਪਹਿਰ ਦੀ ਧੁੱਪ ਸੀ-
ਫਿਰ ਟੁਰੇ ਆਪਣੇ ਆਪਣੇ ਰਾਹ, ਵਿਛੋੜੇ ਦੀ ਉਦਾਸੀ, ਮੁਸਕ੍ਰਾਹਟ ਨਾਲ,
ਜਦ ਦੁਪਹਿਰ ਢਲ ਗਈ, ਅੱਗ ਬੁਝ ਗਈ ।
ਨਾ ਵਿਛੋੜੇ ਦਾ ਸੱਲ, ਨਾ ਬਿਰਹੋਂ ਦੀ ਧੁਖਧੁਖੀ ।
ਰਹਿ ਗਈ ਇਕ ਯਾਦ ਸਵਾਦਲੀ, ਬਿਨਾਂ ਲਗਨ,
ਇਕ ਸਵਾਦ ਮਿਠਾਸਲਾ, ਬਿਨਾਂ ਭਾਰ ।

ਇਉਂ ਮਿਲੇ ਸਾਂ ਅਸੀਂ ਸਰਾਂ ਟਿਕਾਣੇ ਇਕ ਸਵਾਦ ਵਿਚ,
ਇਉਂ ਵਿਛੜੇ ਸਾਂ ਅਸੀਂ ਬੇ-ਵੱਸ, ਬਿਨਾਂ ਸੱਲ ।
ਜ਼ਿੰਦਗੀ ਕਿਹਾ ਤੇਜ਼ ਹੜ੍ਹ ਹੈ !
ਮੇਲ-ਸਮੇਂ ਕਿਹੇ ਥੋੜ੍ਹੇ, ਥੋੜ੍ਹ-ਚਿਰੇ, ਅਖ-ਪਲਕਾਰੇ !
ਮਿਲਣਾ ਹੱਸ ਵੱਸ ਕੇ, ਮੁਸਕ੍ਰਾਹਟ ਨਾਲ, ਜਦ ਮਿਲਣਾ ਪਏ,
ਵਿਛੜਨਾ ਵੱਸ ਰੱਸ ਕੇ, ਇਕ ਮੱਧਮ ਜਿਹੀ ਯਾਦ ਵਿਚ, ਜਦ ਵਿਛੜਨਾ ਪਏ ।
ਇਹ ਹਨ ਚਲਦੇ ਮੇਲੇ, ਸਵਾਦ ਜੀਵਨ ਦੇ ।

(੨)

ਫਿਰਦੀ ਸਾਂ ਮੈਂ ਅਣ-ਜਾਤੀ, ਅਣ-ਪਛਾਤੀ, ਆਪੇ ਲੱਗੀ ਕਿਸੇ ਤਲਾਸ਼ ਵਿਚ,
ਖਲੋਣ ਨਾ ਸੀ ਮੈਨੂੰ, ਨਾ ਵਿਹਲ ਮੇਰਾ, ਇਕ ਵਹਿਸ਼ਤ ਸੀ ਬੱਸ ।
ਅਧੀਰ ਹੋਈ ਦੌੜਦੀ ਸਾਂ ਮੈਂ, ਨਾ-ਮਲੂਮ ਕਿਸੇ ਧੀਰ ਦੀ ਸੇਧ ਤੇ ।
ਸਮੇਂ ਦਾ ਚੇਤਾ ਨਹੀਂ ਸੀ ਮੈਨੂੰ, (ਸਮਾਂ ਬਣਨ ਤੋਂ ਪਹਿਲਾਂ ਬਣੀ ਸੀ ਮੇਰੀ ਢੂੰਡ)
ਥਕਾਵਟ ਨਾ ਸੀ, ਨਾ ਮੌਤ ਮੈਨੂੰ, ਬਸ ਗਰਦਸ਼ ਸੀ, ਤਲਾਸ਼ ।

ਢੂੰਡ ਮਾਰੇ ਜੰਗਲ ਸਾਰੇ, ਵਸਤੀਆਂ ਸਾਰੀਆਂ,
ਟਿਕਾਣੇ ਸਾਰੇ, ਸਰਾਵਾਂ ਸਾਰੀਆਂ,
ਨਾ ਮੁੱਕੀ ਮੇਰੀ ਢੂੰਡ, ਨਾ ਪੁੱਗਾ ਮੇਰਾ ਪੰਧ,
ਨਾ ਮਿਲਿਆ ਮੈਨੂੰ ਮੇਰਾ, ਨਾ ਹੋਈ ਮੈਨੂੰ ਧੀਰ,
ਮੈਂ ਮੁਕ ਚਲੀ ਤੇ ਆ ਮਿਲਿਆ ਮੈਨੂੰ 'ਉਹ' ਆ-ਮੁਹਾਰਾ ।
ਇਉਂ ਜਾਪੇ, ਜਿਉਂ ਵਿਛੜੇ ਨਹੀਂ ਸੀ ਕਦੀ, ਅਸੀਂ ਸਦਾ ਮਿਲੇ ।
ਜਿਉਂ ਵਿਛੜਨਾ ਨਹੀਂ ਕਦੇ ਅਸਾਂ, ਸਦਾ ਮਿਲੇ ।
ਉਹਦਾ ਮੇਰਾ ਖੇੜਾ ਇਕ, ਰੂਹਾਂ ਦੀ ਡੂੰਘਾਈ ਇਕ ।

ਮੈਂ ਤੇ ਉਹ ਮਿਲੇ ਸਾਂ ਇਉਂ,
ਮਿਲ ਰਹੇ ਹਾਂ ਇਉਂ,
ਮਿਲੇ ਰਹਾਂਗੇ ਇਉਂ,
ਇਹ ਹੈ ਜ਼ਿੰਦਗੀ ਦਾ ਅਸਰਾਰ-ਥਿਰ ਮੇਲਾ ।

7. ਬਾਜ਼ੀਗਰ ਨੂੰ

ਆਪੂੰ ਹੱਸਨਾ ਏਂ, ਮੌਜਾਂ ਮਾਣਨਾ ਏਂ,
ਸਾਡੀ ਦੁਨੀ ਕਿਸ ਧੰਧੜੇ ਲਾਈ ਹੋਈ ਆ ?
ਬਾਜ਼ੀਗਰਾ, ਤੇਰੀ ਬਾਜ਼ੀ ਬੜੀ ਸੋਹਣੀ,
ਅਸਾਂ ਮੂਰਖਾਂ ਨੂੰ ਫਾਹੀ ਪਾਈ ਹੋਈ ਆ ?
ਕਦੀ ਵੜੇਂ ਨਾ ਵਿਚ ਮਸੀਤ ਆਪੂੰ,
ਸਾਡੇ ਲਈ ਇਹ ਅੜੀ ਅੜਾਈ ਹੋਈ ਆ ?
ਠਾਕੁਰ-ਦਵਾਰਿਆਂ ਵਿਚ ਨਹੀਂ ਵਾਸ ਤੇਰਾ,
ਕਾਹਨੂੰ ਮੁਫਤ ਲੜਾਈ ਪਵਾਈ ਹੋਈ ਆ ?
ਤੈਨੂੰ ਧਰਮਸਾਲੋਂ ਮਾਰ ਬਾਹਰ ਕੀਤਾ,
ਇਹਨਾਂ 'ਭਾਈਆਂ' ਨੇ ਅੱਤ ਚਾਈ ਹੋਈ ਆ ।
ਗਿਰਜੇ ਵਿੱਚ ਨਾ ਹੀ ਲੱਭਾ ਮੁਸ਼ਕ ਤੇਰਾ,
ਟੋਪੀ ਵਾਲਿਆਂ ਅੰਨ੍ਹੀ ਮਚਾਈ ਹੋਈ ਆ ।
ਆਪੂੰ ਛੱਪ ਬੈਠੋਂ, ਏਥੇ ਖੱਪ ਪੈ ਗਈ,
ਤੇਰੀ ਧੁਰਾਂ ਦੀ ਅੱਗ ਲਗਾਈ ਹੋਈ ਆ ।
ਬੁਰਕੇ ਲਾਹ, ਉੱਠ ਦਿਹ ਖਾਂ ਦਰਸ ਯਾਰਾ,
ਐਵੇਂ ਕਾਸ ਨੂੰ ਧੂੜ ਧੁਮਾਈ ਹੋਈ ਆ ?

8. ਨਨ੍ਹੀ ਜਿੰਦੜੀ ਮੇਰੀ

ਹਾ !
ਜਗ ਸਾਰਾ ਮਾਰਨ ਨੂੰ ਦੌੜਦਾ, ਖਾਣ ਨੂੰ,
ਝਈਆਂ ਲੈ ਲੈ ਪੈਂਦਾ,
ਨਿੱਕੀ ਜਿਹੀ ਜਿੰਦ ਮੇਰੀ ਨਿਆਣੀ ਨੂੰ ਹੜੱਪ ਕਰਨ,
ਜਗ ਸਾਰਾ ।

ਗਲੀਆਂ ਦੇ ਕੱਖ ਦੌੜਦੇ ਮੈਨੂੰ ਫੜਨ ਨੂੰ,
ਕਰਦੇ ਹੁੱਜਤਾਂ, ਆਖਣ, 'ਓਇ ! ਓਇ !!'
ਮਾਰਦੇ ਸਭ-
ਕੋਈ ਪੱਥਰ ਵੱਟਾ, ਕੋਈ ਰੋੜਾ, ਕੋਈ ਠੀਕਰੀ,
ਕੋਈ ਗੋਲੀ ਮਾਰੇ, ਕੋਈ ਤੀਰ,
ਕੋਈ ਧੌਲ, ਕੋਈ ਧੱਪਾ,
ਕੋਈ ਕੰਡੇ ਚੋਭੇ, ਸੂਲਾਂ ਤਿੱਖੀਆਂ,
ਕੋਈ ਸਾੜੇ ਅੱਗ ਦੀ ਬਲਦੀ ਮਸ਼ਾਲ ਨਾਲ,
ਕੋਈ ਧੁਆਂਖੇ ਹੇਠਾਂ ਧੁਖਾ ਕੇ ਮਲ੍ਹੀ ਮੇਰੇ ।

ਸਾਰੇ ਜਗ ਚੋਂ ਕੋਈ ਨਾ ਆਖਦਾ, 'ਇਹਨੂੰ ਨਾ ਮਾਰੋ,
ਇਹ ਨਿੱਕੀ ਜਿਹੀ ਜਿੰਦ, ਸੁਹਲ, ਸੁਬਕ, ਨਿਆਣੀ,
ਮੂਰਖ ਨਿਕਾਰੀ ਭਾਵੇਂ, ਪਰ ਨਦਾਨ, ਅਞਾਣ, ਬੇ-ਜ਼ਬਾਨ, ਬੇ-ਦੋਸੀ,
ਬੇ-ਲੋਸੀ, ਮਸੂਮ,
ਆਪਣੇ ਥਾਵੇਂ ਪਈ ਪਈ ਰਹਿੰਦੀ, ਐਵੇਂ ਇਕ ਖੂੰਜਾ ਜਿਹਾ ਨਿਰਾ ਰੁੰਨ੍ਹਦੀ,
ਕੁਝ ਨਾ ਸਾਰਦੀ, ਕਿਸੇ ਨਾ ਕਾਰ ਦੀ, ਐਵੇਂ ਵਿਹਲੀ,
ਪਰ ਅਣਜਾਣ, ਨਿਮਾਣੀ, ਭੋਲੀ, ਘੁਘੀ ਜਿਹੀ,
ਨਾਜ਼ਕ, ਨਰਮ, ਮਲੂਕ, ਪਤਲੀ ਲਗਰ ਜਿਹੀ,
ਬਹੁਤਾ ਨਾ ਭਾਰ ਇਸ ਦਾ, ਨਾ ਬਹੁਤਾ ਥਾਂ ਮੱਲਦੀ ਇਹ,
ਕੋਈ ਰੋਕ ਨਾ ਇਸ ਦੀ ਕਿਸੇ ਨੂੰ, ਨਾ ਰੁਕਾਵਟ,
ਨਾ ਡੱਕਾ, ਨਾ ਅੜਿਕਾ, ਨਾ ਅੜਿਚਣ ਕਿਸੇ ਨੂੰ ਇਸ ਦੀ,
ਇਹ ਲਿਫਾਊ ਕੱਚੀ ਜਿੰਦੜੀ, ਸਾਵੀ, ਚੁਹਚੁਹੀ, ਹਰੀ, ਜੀਂਦੀ
ਜਾਗਦੀ, ਆਲੀ ਭੋਲੀ,
ਆਜਿਜ਼, ਨਿਮਾਣੀ, ਕੀਰ, ਹਕੀਰ, ਨਚੀਜ਼ ਘਾਹ ਵਾਂਗ ।'

'ਰਹਿਣ ਦਿਓ, ਇਸ ਨੂੰ ਨਾ ਮਾਰੋ,
ਇਹਦੇ ਰਿਹਾਂ ਕੁਝ ਨੁਕਸਾਨ ਨਾ, ਨਾ ਤਰੱਦਦ ।
ਨਾ ਮਾਰਿਆਂ ਕੁਝ ਸੌਰ ਸੌਰਦੀ',
ਕੋਈ ਨਾ ਆਖਦਾ ਏਨੀ ਗੱਲ,
ਸਗੋਂ ਸਾਰਾ ਜਗ 'ਹਊ' 'ਹਊ' ਕਰਦਾ, ਵਾਂਗ ਸ਼ਿਕਾਰੀ ਕੁੱਤਿਆਂ,
ਚਾਂਘਰਾਂ ਮਾਰਦਾ, ਲਲਕਾਰੇ ਲਲਕਾਰਦਾ,
ਦੌੜਦਾ ਮੈਨੂੰ ਖਾਣ ਨੂੰ-ਇਕ ਬੋਟੀ ਜਾਨ ਮੇਰੀ ।
ਇਸ ਬਘਿਆੜ-ਜਗ ਦੀ ਇਕ ਦਾਹੜ ਹੇਠਾਂ ਨਾ ਆਉਣ ਜੋਗੀ
ਜਿੰਦ ਮੇਰੀ ।
ਜਿੰਦ ਮੇਰੀ ਡੋਲਦੀ, ਡਰਦੀ, ਕੰਬਦੀ,
ਤੜਫਦੀ, ਫੜਕਦੀ, ਧੜਕਦੀ, ਗਮਰੁੱਠ, ਦਿਲਗੀਰ, ਰੋਣ-ਹਾਕੀ ਹੁੰਦੀ,
ਪੀਲੀ ਭੂਕ, ਕਦੇ ਨੀਲੀ ਕਦੇ ਜ਼ਰਦ ।
ਦੌੜਦੀ, ਨੱਠਦੀ, ਡਿਗਦੀ, ਢਹਿੰਦੀ, ਲੜਖੜਾਂਦੀ, ਗਿੱਟੇ ਗੋਡੇ ਭੰਨਦੀ,
ਜਾ ਪੈਂਦੀ ਹਫ ਕੇ, ਹੰਬ ਕੇ, ਆਪਣੀ ਨਿੱਕੀ ਜਿਹੀ, ਕੋਠੜੀ ਵਿੱਚ,
ਦਰਵਾਜ਼ੇ ਖਿੜਕੀਆਂ ਸਭ ਬੰਦ ਕਰ ਲੈਂਦੀ ।
ਪੈ ਜਾਂਦੀ ਅੰਦਰ ਬੇ-ਹੋਸ਼, ਬੇ-ਸੁਰਤ, ਬੇ-ਬਸ, ਲਾਚਾਰ,
ਤੜਫ ਤੜਫ, ਫੜਕ ਫੜਕ, ਤਰਸ ਤਰਸ ਰਹਿ ਜਾਂਦੀ,
ਕੰਬ ਕੰਬ, ਝੰਬ ਝੰਬ, ਹਫੀ, ਹੁੱਟੀ ਮੋਈ ਜਿੰਦ ਮੇਰੀ ।

ਤੇ ਪਈ ਰਹੀ ਏਵੇਂ-
ਕਿਸੇ ਨਾ ਹਾਲ ਪੁਛਿਆ, ਨਾ ਸਾਰ ਲੀਤੀ,
ਨਾ ਕੈੜ ਕਿਸੇ ਰੱਖੀ, ਨਾ ਸੋਅ ਸੰਭਾਲੀ ਮੇਰੀ ।
ਕਿਸੇ ਨਾ ਕੀਤੀ ਪਾਲਣਾ, ਨਾ ਗੌਰ ਮੇਰੀ, ਨਾ ਦਾਰੀ;
ਕਿਸੇ ਨਾ ਝੱਸਿਆ, ਨਾ ਨਿੱਘ ਦਿੱਤਾ, ਦੁਖ ਪੀੜ ਕਿਸੇ ਨਾ ਪੁੱਛੀ;
ਨਾ ਘੁੱਟਿਆ ਕਿਸੇ ਮੈਨੂੰ, ਨਿੱਘ-ਪਿਆਰ ਵਾਲੀ ਗਲਵੱਕੜੀ ਵਿੱਚ;
ਕਿਸੇ ਨਾ ਦਰਦ ਵੰਡਾਇਆ ਮੇਰਾ, ਨਾ ਪੀੜ ਪਛਾਤੀ ।
ਦੁਨੀਆਂ ਖਾਲੀ ਹੋਈ ਦਰਦੀਆਂ ਤੋਂ, ਵੇਦਨ ਪੁੱਛਣ ਵਾਲਿਆਂ ਤੋਂ
ਦਰਮਾਨ ਜਾਣਨ ਵਾਲਿਆਂ, ਦਾਰੂ ਵਾਲੇ ਦਰਮਲੀਆਂ ਤੋਂ
ਰਹੀ ਢੱਠੀ ਮੈਂ ਕੱਲਮਕੱਲੀ, ਬੇ-ਸੁਰਤ ਬੇ-ਸੁਧ,
ਆਪਣੀ ਬੰਦ ਕੋਠੜੀ ਵਿਚ ਕਈ ਕਾਲ,
ਹਵਾੜੇ ਉੱਡ ਗਏ ਐਵੇਂ ਜਿੰਦ ਮੇਰੀ ਗਈ ਦੇ ।

ਹਾਏ ! ਹਾਏ !!
ਅੰਦਰ ਦਾ ਹਨੇਰਾ, ਕਾਲਾ ਕੁਰੂਪ, ਕਾਲਖ ਮੇਰੀ ਕੋਠੜੀ ਦੀ ਤਾਰੀਕੀ,
ਸੁੰਞੀ, ਸੱਖਣੀ, ਨਿਖਸਮੀ, ਭਾਂ ਭਾਂ ਕਰਦੀ, ਡਰਾਂਦੀ ਮੈਨੂੰ,
ਅੰਦਰ ਹੁਣ ਹੋਰ ਕੋਈ ਨਾ, ਜੱਗ ਸਾਰਾ ਬਾਹਰ, ਮੈਂ ਜੱਗ ਤੋਂ ਅੱਡ,
ਆਪਣਾ ਆਪ ਮੇਰਾ ਡਰਦਾ ਆਪਣੇ ਆਪ ਕੋਲੋਂ ।
ਹੋਰ ਕੋਈ ਨਾ ਡਰਾਂਦਾ ਹੁਣ,
ਅੰਦਰਲਾ ਹਨੇਰਾ, ਅੰਦਰਲੀ ਸੁੰਞ ਖਾਂਦੀ ਮੈਨੂੰ ਮੂੰਹ ਪਾੜ ਪਾੜ,
ਢਾਠ ਪੈਂਦੀ ਜਾਂਦੀ ਅੰਦਰੋ ਅੰਦਰ, ਕਿਰਦਾ ਜਾਂਦਾ ਅੰਦਰਲਾ ਮੇਰਾ,
ਘਾਊਂ ਮਾਊਂ ਹੁੰਦਾ,
ਬਹਿੰਦਾ ਜਾਂਦਾ, ਢਹਿੰਦਾ ਜਾਂਦਾ, ਹਿੱਸਦਾ, ਹੁੱਟਦਾ, ਟੁੱਟਦਾ,
ਕੁੱਸਦਾ, ਸੁੱਕਦਾ,
ਘਾਬਰਦਾ, ਘੁੱਟਦਾ, ਸਿਮਟਦਾ, ਸੁੰਗੜਦਾ, ਡਿਗਦਾ ਜਾਂਦਾ ਨੀਵੀਂ
ਨੀਵੀਂ ਕਿਸੇ ਨਿਵਾਣ ਵਿਚ,
ਪੈਂਦਾ ਜਾਂਦਾ ਕਬਰ ਹਨੇਰੀ ਵਿਚ, ਮੇਰਾ ਅੰਦਰਲਾ ।
'ਮੈਂ ਮੋਈ ! ਮੈਂ ਮੋਈ !!' ਆਖ ਕੇ ਮੈਂ ਰੋਈ,
ਫੁੱਟੀ ਮੈਂ, ਛਹਿਬਰਾਂ ਲੱਗੀਆਂ, ਵੱਗੀ ਮੈਂ, ਤੇ ਵਹਿਣ ਵੱਗੇ,
ਕੜ ਟੁਟਿਆ ਮੇਰਾ, ਚਸ਼ਮੇ ਚੱਲੇ,
ਵਗ ਟੁਰਿਆ ਅੰਦਰਲਾ ਸਾਰਾ, ਢਲ ਟੁਰਿਆ ਅੱਖਾਂ ਥਾਣੀ,
ਲਾ ਪਤਾ ਲਾ ਪਤੇ ਵੱਲ ।
ਮੈਂ ਰੁੜ੍ਹ ਗਈ ਬੇ-ਸੁਧ ਆਪਣੇ ਰੋਣ-ਰੋੜ੍ਹ ਵਿੱਚ ।

ਮੈਂ ਅਟਕੀ ਮੈਂ ਜਾਗੀ-
ਹਾਏਂ ! ਇਹ ਕੀਹ ?
ਅੰਦਰਲਾ ਮੇਰਾ ਸੁੱਕਾ ਸੁੱਕਾ, ਹਰਿਆ ਹੋਇਆ, ਤਰੋ-ਤਾਜ਼ਾ,
ਹੌਲਾ ਫੁੱਲ, ਟਹਿਕਿਆ ਖਿੜਿਆ, ਉੱਚਾ ਉੱਠਿਆ,
ਟਿਕਿਆ ਅਡੋਲ, ਮਿੱਠੀ ਮਿੱਠੀ ਮੱਧਮ ਕੰਬਣੀ ਕੰਬਦਾ,
ਥਰਕਦਾ, ਤ੍ਰੇਲ ਜਿਹੀ ਬਰਸਾਣ, ਭਿੰਨੀ ਭਿੰਨੀ, ਮਿੱਠੀ ਮਿੱਠੀ,
ਮੱਠੀ ਮੱਠੀ, ਸਵਾਦਲੀ ।
ਇਹ ਕੀਹ ਗੱਲ ? ਇਹ ਰੋਣ ਸੀ ਕਿ ਧੋਣ ? ਇਕ ਜਾਦੂ
ਜਿੰਦ ਦਾਤਾ ।
ਇਹ ਅਥਰੂ ਸਨ ਕਿ ਅੰਮ੍ਰਿਤ ਜ਼ਿੰਦਗੀ ਬਖਸ਼
ਅੰਦਰਲਾ ਪੰਘਰ ਕੇ ਮਿਲਿਆ ਪਾਣੀ ਅੰਦਰਲੇ ਨੂੰ,
ਤੇ ਜਿਊ ਪਿਆ ਅੰਦਰਲਾ ਮੁਰਦਾ, ਹਰਿਆ ਹੋਇਆ ਅੰਦਰਲਾ ਸੁੱਕਾ,
ਟਹਿਕਿਆ ਅੰਦਰਲਾ ਬੁੱਸਿਆ ਬੁੱਸਿਆ,
ਤੇ ਗੀਤ ਗਾਂਦਾ ਝੋਲੀ ਅੱਡ ਕੇ-

'ਦੇਹ ਦਾਤਾ, ਮੈਨੂੰ, ਡੁਲ੍ਹਦੇ, ਡਲ੍ਹਕਦੇ ਅਥਰੂ ।
ਰਹਿਣ ਸਦਾ ਮੇਰੀਆਂ ਅਧ-ਮੀਟੀਆਂ ਅੱਖਾਂ ਵਿਚ ਛਲਕਦੇ ਅਥਰੂ ।
ਦਿਲ ਵਿਚ, ਅੰਦਰਲੇ ਵਿਚ, ਉਛਲਦੇ ਰਹਿਣ ਸਦਾ ਇਹ ਅਥਰ ।
ਦੇਹ ਮੈਨੂੰ ਇਹਨਾਂ ਬੂੰਦਾਂ ਦੇ ਸਦਕਾ, ਸਿਦਕ, ਈਮਾਨ ਟੇਕ ਧੁਰ ਦੀ ।
ਭਰੀ ਰਹੇ ਝੋਲੀ ਮੇਰੀ ਸਦਾ, ਦਿਲ ਮੇਰਾ ਸਦਾ,
ਰੱਖਾਂ ਰਹਿਣ ਸਦਾ ਰੱਬ ਸੱਚੇ ਦੀਆਂ, ਸ਼ੁਕਰ ਸ਼ੁਕਰ ਕੂਕੇ,ਰਗ
ਰਗ ਮੇਰੀ, ਲੂੰ ਲੂੰ ਮੇਰਾ ।
ਗਿਰਨ ਅੱਥਰੂ ਮੇਰੇ ਕਿਰਨ ਕਿਰਨ, ਸਦਾ ਸਦਾ ।

ਹੁਣ,
ਹੁਣ ਇਹ ਜਿੰਦ ਮੇਰੀ ਡੋਲਦੀ ਨਾ, ਡਰਦੀ ਨਾ,
ਤ੍ਰਹਿੰਦੀ, ਤ੍ਰਬਕਦੀ, ਡਾਵਾਂ-ਡੋਲ ਨਾ ਹੁੰਦੀ,
ਖੋਲ੍ਹ ਦਿਤੀਆਂ ਬਾਰੀਆਂ ਸਭ, ਖਿੜਕ ਸਾਰੇ, ਤੋੜ ਘੱਤੀਆਂ ਕੰਧਾਂ
ਸਾਰੀਆਂ ।
ਹੁਣ ਮੈਂ ਖਲੋਤੀ ਨੰਗ-ਮੁਨੰਗੀ ਨਗਨਤਾ ਰੜੇ ਮਦਾਨ,
ਉਡਦੀ ਹਵਾਵਾਂ ਨਾਲ ਮੈਂ ਆਜ਼ਾਦ ਹੋਈ ਖੁਲ੍ਹ,
ਹੁਣ ਕੋਈ ਮੈਨੂੰ ਡਰਾਂਦਾ ਨਾ, ਮਾਰਦਾ ਨਾ,
ਪਿਆਰਦੇ ਸਭ ਮੈਨੂੰ, ਮੈਂ ਸਭ ਨੂੰ ਪਿਆਰਦੀ ।
ਮੈਂ-ਪਿਆਰ ਤਰਦਾ ਪਾਣੀਆਂ ਤੇ,
ਮੈਂ-ਹੁੱਬ ਉਡਦੀ ਹਵਾਵਾਂ ਨਾਲ,
ਮੈਂ-ਪਿਆਰ ਹੋਇਆ ਸਭ ਲਈ,
ਸਭ ਪਿਆਰ ਹੋਇਆ ਮੇਰੇ ਲਈ,
ਪਿਆਰ, ਪਿਆਰ ਬੱਸ,
ਪਿਆਰ ਦਾ ਪਿਆਰਾ, ਪਿਆਰੇ ਦਾ ਪਿਆਰ ।

9. ਜ਼ਿੰਦਗੀ

ਮੈਂ ਸੌਂ ਗਿਆ ਤੇ ਸੁਫਨਿਆ-
ਕਿ ਜ਼ਿੰਦਗੀ ਆਜ਼ਾਦ ਸੀ,
ਕਿ ਜ਼ਿੰਦਗੀ ਆਬਾਦ ਸੀ,
ਕਿ ਜ਼ਿੰਦਗੀ ਸਵਾਦ ਸੀ ।

ਮੈਂ ਜਾਗਿਆ ਤੇ ਵੇਖਿਆ-
ਕਿ ਜ਼ਿੰਦਗੀ ਇਕ ਫਰਜ਼ ਸੀ,
ਕਿ ਜ਼ਿੰਦਗੀ ਇਕ ਕਰਜ਼ ਸੀ,
ਕਿ ਜ਼ਿੰਦਗੀ ਇਕ ਮਰਜ਼ ਸੀ ।

ਮੈਂ ਸੋਚਿਆ ਤੇ ਸਮਝਿਆ-
ਕਿ ਫ਼ਰਜ਼ ਹੀ ਆਜ਼ਾਦ ਹੈ,
ਕਿ ਕਰਜ਼ ਹੀ ਆਬਾਦ ਹੈ,
ਕਿ ਮਰਜ਼ ਹੀ ਇਕ ਸਵਾਦ ਹੈ ।

10. ਜਣੇ ਨੂੰ

ਜਣਿਆ,
ਓ ਜਣਿਆ,
ਸਤ ਫੁੱਟੇ ਸ਼ਤੀਰ ਜਿੱਡਾ ਤੇਰਾ ਜੁੱਸਾ,
ਖਰਾਸ ਦੇ ਪੁੜ ਜਿੱਡੀ ਤੇਰੀ ਛਾਤੀ,
ਨਾੜਾਂ ਕਿਰਲੀਆਂ ਵਾਂਗ ਖੜੀਆਂ ਤੇਰੇ ਗਾਟੇ ਦੀਆਂ,
ਉਤੇ ਹਦਵਾਨੇ ਜਿੱਡਾ ਇਕ ਸਿਰ ।

ਇਸ ਜਿਸਮ ਜੁੱਸੇ ਅੰਦਰ,
ਕੁਝ ਜਾਨ ਵੀ ਹੈ ਈ,
ਜਾਨ ਵਿਚ ਜਵਾਨੀ,
ਜਵਾਨੀ ਵਿਚ ਚਾਅ-
ਹੋਣ ਦਾ, ਥੀਨ ਦਾ, ਜਿਊਣ ਦਾ ?

ਇਸ ਚੌੜੀ ਛਾਤੀ ਅੰਦਰ,
ਕੋਈ ਦਿਲ ਵੀ ਹੈ ਈ,
ਦਿਲ ਅੰਦਰ ਦਰਦ,
ਦਰਦ ਅੰਦਰ ਸ਼ਿੱਦਤ-
ਦੁੱਖ ਨੂੰ ਦੇਖ ਕੁਝ ਕੁਝ ਹੋਵੀਣ ਦੀ, ਦਰਦੀਣ ਦੀ, ਤੜਫੀਣ ਦੀ ?

ਇਹਨਾਂ ਨਾੜਾਂ ਮੋਟੀਆਂ ਵਿਚ,
ਕੁਝ ਖੂਨ ਵੀ ਹੈ ਈ,
ਖੂਨ ਵਿਚ ਹਰਕਤ,
ਹਰਕਤ ਵਿਚ ਗਰਮੀ-
ਮੇਲਾਂ ਦੀ, ਮਿਲਣੀਆਂ ਦੀ, ਮਿਲ-ਬਹਿਣੀਆਂ ਦੀ,
ਇਸ ਝੇਂਜਾਂ ਦੀ, ਢੀਠਾਂ ਦੀ ਦੁਨੀਆਂ ਨੂੰ ਰਤਾ ਉਚਿਆਣ ਦੀ ?

ਇਸ ਸਿਰ ਵੱਡੇ ਸਾਰੇ ਵਿਚ,
ਕੁਝ ਦਿਮਾਗ਼ ਵੀ ਹੈ ਈ,
ਦਿਮਾਗ਼ ਵਿਚ ਬੁੱਧੀ,
ਬੁੱਧੀ ਵਿਚ ਠਰ੍ਹਾ-
ਸੋਚਣ ਦਾ, ਸਮਝਣ ਦਾ, ਵੀਚਾਰਣ ਦਾ ?

ਜੇ ਨਹੀਂ,
ਤਾਂ ਕਿਉਂ ਦਾਣੇ ਗੰਦੇ ਕਰਨਾ ਏਂ ?
ਮਰ ਪਰ੍ਹਾਂ, ਚੋਬਰਾ !
ਕਿ ਧਰਤ ਦਾ ਭਾਰ ਹੌਲਾ ਹੋਵੇ ।

ਜੇ ਹੈ ਈ,
ਤਾਂ ਥੀਂਦਾ ਕਿਉਂ ਨਹੀਂ, ਜਿਊਂਦਾ ਕਿਉਂ ਨਹੀਂ, ਜਵਾਨੀ
ਮਾਣਦਾ ਕਿਉਂ ਨਹੀਂ ?
ਹਿਲਦਾ ਕਿਉਂ ਨਹੀਂ, ਹਿਲਾਂਦਾ ਕਿਉਂ ਨਹੀਂ, ਜੋਸ਼ ਤੇਰਾ
ਜਾਗਦਾ ਕਿਉਂ ਨਹੀਂ ?
ਮਹਿਸੂਸਦਾ ਕਿਉਂ ਨਹੀਂ, ਦਰਦਦਾ ਕਿਉਂ ਨਹੀਂ,
ਤੜਫਦਾ ਕਿਉਂ ਨਹੀਂ ?

ਗਿਰਦੇ ਤੇਰੇ ਵੇਖ-
ਕਿਹੀ ਮੁਰਦਿਹਾਨ ਵਰਤੀ ਹੋਈ ਏ, ਹਟਾਂਦਾ ਕਿਉਂ ਨਹੀਂ ?
ਬੁੱਝਿਆਂ ਜਗਾਂਦਾ ਕਿਉਂ ਨਹੀਂ, ਮੁਰਦਿਆਂ ਜਿਵਾਂਦਾ ਕਿਉਂ ਨਹੀਂ ?
ਇਹ ਬੁੱਢਿਆਂ, ਬੀਮਾਰਾਂ, ਮੁਰਦਿਆਂ ਦੀ ਦੁਨੀਆਂ ਬਦਲਾਂਦਾ
ਕਿਉਂ ਨਹੀਂ ?

ਆਲੇ ਪੁਦਾਲੇ ਵੇਖ-
ਕਿਹਾ ਗੰਦ ਏ, ਕੇਹੀ ਸੜ੍ਹਾਂਦ ਤੇ ਬੋ,
ਮਰ ਗਏ ਮਜ਼੍ਹਬਾਂ ਦੀ,
ਸੜ ਰਹੀਆਂ ਰਸਮਾਂ ਦੀ,
ਤਰੱਕ ਰਹੀਆਂ ਵਹਿਣੀਆਂ ਦੀ ।

ਅਕਲ ਦੀ ਬਹੁਕਰ ਫੇਰਦਾ ਕਿਉਂ ਨਹੀਂ ਕਿ ਗੰਦ ਹਟੇ,
ਰਤਾ ਆਲਾ ਪੁਦਾਲਾ ਸੁਥਰਾ ਹੋਵੀ,
ਸਾਹ ਸੁਖਾਲਾ ਆਵੀ,
ਤੇ ਸੌਖਾ ਹੋਵੇਂ ਤੂੰ ਤੇ ਨਾਲੇ ਤੇਰੀ ਦੁਨੀਆਂ ।

ਹੇਠ ਵੇਖ ਪੈਰਾਂ ਦੇ-
ਕੇਹਾ ਦਰਦ ਹੈ, ਕੇਹੀਆਂ ਪੀੜਾਂ ਤੇ ਪੀੜਾਂ ਵਾਲੇ,
ਇਹ ਦਰਦ ਵੰਡਦਾ ਕਿਉਂ ਨਹੀਂ, ਪੀੜਾਂ ਹਟਾਂਦਾ
ਕਿਉਂ ਨਹੀਂ ?
ਤੂੰ ਸਕਨੈਂ, ਕਰਦਾ ਕਿਉਂ ਨਹੀਂ ?

ਅਕਲਾਂ ਵਾਲਿਆ ਦੂਲਿਆ,
ਅਕਲਾਂ ਵੰਡ, ਝੱਖੜ ਝੁਲਾ ਦੇਹ ਇਕ ਅਕਲਾਂ ਦਾ,
ਕਿ ਭਰਮਾਂ ਦੇ ਛੱਪਰ ਉੱਠਣ,
ਢਹਿਣ ਢੇਰੀਆਂ ਭੁਲੇਖਿਆਂ ਦੀਆਂ ।

ਚਾਨਣ ਵਾਲਿਆ, ਚਾਨਣਾ,
ਚਾਨਣ ਖਿਲੇਰ,
ਕਿ ਵਿਰਲਾਂ, ਵਿੱਥਾਂ, ਖੁੰਦਰਾਂ ਵਿਚ ਚਾਨਣ ਹੋਵੇ,
ਹਨੇਰੇ ਦੇ ਜੰਤੂ ਚਾਨਣੇ ਵਿਚ ਆਉਣ,
ਸਭ ਨੂੰ ਸਭ ਕੁਝ ਦਿੱਸੇ,
ਇੰਨ ਬਿੰਨ ਜਿਵੇਂ ਹੈ ਵੇ ।

ਤੇ ਫੇਰ,
ਇਹ ਦੁਨੀਆਂ ਹੋ ਜਾਏ-
ਜਿਊਂਦਿਆਂ ਦੀ, ਜਵਾਨਾਂ ਦੀ,
ਸੱਚ ਦੇ ਪਹਿਲਵਾਨਾਂ ਦੀ ।

11. ਮੈਂ ਕੈਦ

ਨਜਾਤ ਕੇਹੀ ? ਮੁਕਤੀ ਕੇਹੀ ? ਆਜ਼ਾਦੀ ਕੇਹੀ ?
ਕਿਉਂ ? ਕਿਵੇਂ ? ਕਾਹਦੇ ਤੋਂ ? ਕਾਹਦੇ ਲਈ ?
ਨਜਾਤ ਇਕ ਖਾਬ ਹੈ, ਮੁਕਤੀ ਇਕ ਸੁਫਨਾ, ਆਜ਼ਾਦੀ ਇਕ ਧੋਖਾ ।
ਉਸ ਨੇ ਆਪ ਬੰਧਨ ਰਚੇ,
ਆਪਣੇ ਲਈ ਮੇਰੇ ਲਈ ।

ਮੈਂ ਖੁਸ਼ ਹਾਂ ਕਿ ਕੈਦ ਹਾਂ,
ਇਸ ਕੈਦ ਤੋਂ ਲੱਖ ਆਜ਼ਾਦੀਆਂ ਸਦਕੇ ।
ਜੋ ਕੈਦ ਨਹੀਂ, ਉਹ ਖੁਸ਼ ਕਿਵੇਂ ?

ਮੈਂ ਕੈਦ ਹਾਂ-ਉਸ ਦੇ ਪਿਆਰ-ਖਾਨੇ ਵਿੱਚ,
ਮੈਂ ਬੰਦ ਹਾਂ-ਉਸ ਦੀ ਤੱਕ ਦੀ ਹੱਦ ਅੰਦਰ,
ਮੈਂ ਬੱਧਾ ਹਾਂ-ਉਸ ਦੀ ਰਜ਼ਾ ਦੇ ਵਲਗਣਾਂ ਅੰਦਰ,
ਮੈਂ ਕੈਦ ਹਾਂ, ਮੈਂ ਖੁਸ਼ ਹਾਂ ।

12. ਰੱਬ ਮੇਰਾ ਰਾਖਾ

ਮੈਂ ਰੱਬ ਦਾ ਬਣਿਆ ਸਾਂ,
ਪਰ ਫਿਰ, ਆਖਰ, ਰੱਬ ਮੇਰਾ ਸੀ-ਮੇਰਾ ਖਡੌਣਾ, ਮੇਰਾ ਰੋਝਾ,
ਮੇਰਾ ਸ਼ੁਗਲ,
ਤੇ ਮੈਂ ਰੱਬ ਦਾ ਰਾਖਾ ਸਾਂ-ਬੀਰ ਰਾਮ ਦਾ, ਪਾਸਬਾਨ ਅੱਲਾ ਦਾ ।
ਮੇਰੇ ਬਿਨਾਂ ਓਹਦੀ ਰਾਖੀ ਕੌਣ ਕਰੇ ?
ਮੈਂ ਨਾ ਹੋਵਾਂ-ਕਾਫ਼ਰ ਰੱਬ ਦਾ, ਰੱਬ ਦੀ ਰੱਬਤਾ ਦਾ, ਨਾਸ ਮਾਰ ਦੇਣ ।
ਮੈਂ ਰੱਬ ਦਾ ਹਾਫ਼ਿਜ਼, ਸੰਤ ਸਿਪਾਹੀ, ਧਰਮੀ ਯੋਧਾ, ਖ਼ੁਦਾਈ ਖਿਦਮਤਗਾਰ ।
ਮੇਰਾ ਧਰਮ, ਰੱਬ ਦੀ ਖਾਤਰ, ਈਮਾਨ ਦੀ ਖਾਤਰ, ਰੱਬ ਦੀ ਰਾਹ ਦੀ ਖਾਤਰ ।
ਲੜ ਮਰਨਾ, ਮਾਰ ਮਰਨਾ ਕਾਫ਼ਰਾਂ ਨੂੰ, ਨਾਸਤਕਾਂ ਨੂੰ, ਰੱਬ ਦੇ ਬਾਗ਼ੀਆਂ ਨੂੰ,
ਉਸ ਥੋਂ ਗੁਮਰਾਹਾਂ ਨੂੰ ।

ਕੋਈ ਰੱਬ ਦੀ ਕਿਤਾਬ ਨੂੰ ਫੂਕੇ, ਮੇਰੀ ਛੁਰੀ ਉਸ ਦੇ ਢਿੱਡ ਵਿਚ,
ਕੋਈ ਰੱਬ ਦੀ ਮੂਰਤੀ ਨੂੰ ਢਾਏ, ਮੇਰੀ ਤਲਵਾਰ ਉਸ ਦੀ ਗਰਦਨ ਤੇ,
ਕੋਈ ਰੱਬ ਦੀ ਇਬਾਦਤ-ਗਾਹ ਦੀ ਤੌਹੀਨ ਕਰੇ, ਮੇਰੇ ਪੱਥਰ ਵੱਟੇ
ਉਸ ਦੇ ਸਿਰ ਵਿੱਚ,
ਕੋਈ ਰੱਬ ਦੀ ਰੱਬਤਾ ਦੇ ਉਲਟ ਕੁਫ਼ਰ ਲਿਖੇ, ਮੇਰੀ ਸਾਰੀ ਤਾਕਤ,
ਝੂਠ, ਬਦ-ਦਿਆਨਤੀ, ਜਬਰ, ਉਸ ਦੇ ਉਲਟ ।
ਮੈਂ ਅਕਾਲ ਦਾ ਅਕਾਲੀ, ਰੱਬ ਦਾ ਰਾਖਾ, ਅੱਲਾ ਦਾ ਗਾਜ਼ੀ,
ਰਸੂਲ ਦਾ ਪਾਸਬਾਨ ।
ਮੇਰੇ ਹੁੰਦਿਆਂ ਮੇਰੇ ਰੱਬ ਵਲ ਕੌਣ ਉਂਗਲ ਕਰੇ ।

ਮੇਰੀਆਂ ਧੁੰਮਾਂ ਮੱਚ ਗਈਆਂ,
ਮੇਰੀ ਬਹਾਦਰੀ, ਮੇਰੀ ਕੁਰਬਾਨੀ, ਮੇਰੀ ਸ਼ਾਹਜ਼ੋਰੀ !
ਵਾਹ ! ਵਾਹ !! ਅੱਲਾ ਦਾ ਸ਼ੇਰ ਮੈਂ, ਗੁਰੂ ਦਾ ਸਿੰਘ ਮੈਂ,
ਰੱਬ ਦੇ ਈਮਾਨ ਦਾ ਰਾਖਾ ਮੈਂ,
ਮੇਰੇ ਹੁੰਦਿਆਂ ਰੱਬ ਨੂੰ, ਰੱਬ ਦੇ ਧਰਮ ਨੂੰ, ਕੋਈ ਭਉ ਕਿਉਂ ?
ਕੁਫਰ ਤੇ ਨਾਸਤਕਤਾ ਮੇਰੇ ਕੋਲੋਂ ਥਰ ਥਰ ਕੰਬਣ ।

ਕਾਫਰਾਂ ਮਲੇਛਾਂ ਦੇ ਲਹੂ ਦੀ ਨਹਿਰ ਵਗਾ ਕੇ,
ਕਾਫਰਾਂ ਦੇ ਕੁੱਲੇ ਕੋਠੇ ਨੂੰ ਫੂਕ ਅੱਗ ਲਾ ਕੇ,
ਸ਼ੈਤਾਨ ਦੀ ਸੈਨਾ ਨੂੰ ਬੇ-ਖਬਰ ਵੱਢ ਵਢਾ ਕੇ,
ਮੈਂ ਰੱਬ ਦਾ ਸਿਪਾਹੀ, ਉਸ ਆਪਣੇ ਰੱਬ ਦੀ ਦਰਗਾਹ ਲੱਖ ਲੱਖ
ਸਿਜਦੇ ਕਰਦਾ ।
ਲੱਖ ਲੱਖ ਸ਼ੁਕਰ !
ਮੈਂ ਜ਼ੁਹਦ ਵੀ ਕਰਦਾ, ਤੱਪ ਵੀ,
ਮੈਨੂੰ ਫ਼ਖ਼ਰ ਤੇ ਚਾਅ ਸੀ,
ਕਿ ਮੈਂ ਪਰਵਾਨ ਸਿਪਾਹੀ ਹਾਂ,
ਕਿ ਰੱਬ ਮੇਰੇ ਲਈ ਉਚੇਚਾ ਬਹਿਸ਼ਤ ਬਣਵਾ ਰਿਹਾ ਹੋਸੀ,
ਮੇਰੀ ਖਿਦਮਤਾਂ ਦਾ ਸਿਲਾ ।

ਮੈਂ ਰੱਬ ਨੂੰ ਮਿਲਿਆ ਨਾ ਸੀ ਕਦੀ,
ਨਾ ਢੂੰਡਿਆ ਸੀ ਕਦੀ, ਨਾ ਸੋਚਿਆ, ਨਾ ਦਿਲਗੀਰਿਆ ।
ਰੱਬ ਮੇਰਾ ਸੀ-ਆਪਣੇ ਨੂੰ ਕੀ ਢੂੰਡਣਾ ?
ਮੈਂ ਰਾਹੇ-ਰਾਸਤ ਤੇ-ਮੈਨੂੰ ਕੇਹੀ ਦਿਲਗੀਰੀ ?
ਰੱਬ ਦੀ ਹਿਫ਼ਾਜ਼ਤ, ਰੱਬ ਦੇ ਸੱਚ ਦੀ ਹਿਫ਼ਾਜ਼ਤ,
ਰੱਬ ਦੀ ਇਬਾਦਤ-ਗਾਹਾਂ ਦੀ ਹੁਰਮਤ ਤੇ ਕਾਫਰਾਂ ਦੀ ਮੁਰੰਮਤ-
ਇਹਨਾਂ ਕੰਮਾਂ ਦਾ ਬੋਝ ਮੇਰੇ ਸਿਰ,
ਇਹਨਾਂ ਅਮਲਾਂ ਵਿਚ ਮਸਤ ਮੈਂ,
ਰੱਬ ਦੇ ਖ਼ਿਆਲ ਤੇ ਤਲਾਸ਼ ਦੀ ਵਿਹਲ ਕਿਸ ਨੂੰ ਸੀ ?
ਮੈਂ ਵੱਡਾ ਖ਼ੁਦਾਈ ਖਿਦਮਤਗਾਰ-ਮੈਨੂੰ ਵਿਹਲ ਕਿੱਥੇ ?

ਇਕ ਦਿਨ ਰੱਬ ਮੈਨੂੰ ਆਣ ਮਿਲਿਆ, ਆਪ-
ਉਹਨੂੰ ਵਿਹਲ ਸੀ,
ਮੈਨੂੰ ਵੇਖ, ਉਹਨੂੰ ਲਾਲੀਆ ਨਾ ਚੜ੍ਹਿਆ,
ਜੋ ਰਾਜੇ ਨੂੰ ਆਪਣੇ ਇਕ ਵਫ਼ਾਦਾਰ, ਤੇਜ਼ ਤਲਵਾਰ ਸਿਪਾਹੀ ਨੂੰ
ਵੇਖ ਹੁੰਦਾ,
ਕੁਝ ਤਰਸ ਭਾਵੇਂ ਸੀ,
ਮੈਂ ਗਮਰੁਠ ਹੋਇਆ, ਨਿਰਾਸ,
ਉਸ ਨੇ ਮੇਰਾ ਮੋਢਾ ਹਿਲਾਇਆ ਤੇ ਮਿਠ ਗੁਸੈਲ ਜਿਹਾ ਬੋਲਿਆ-
"ਮੂਰਖਾ ! ਤੂੰ ਮੇਰਾ ਰਾਖਾ ਹੈਂ ਕਿ ਮੈਂ ਤੇਰਾ ?
ਤੂੰ ਮੇਰੇ ਆਸਰੇ ਹੈਂ ਕਿ ਮੈਂ ਤੇਰੇ ?
ਮੈਂ ਤੈਨੂੰ ਬਣਾਇਆ ਸੀ ਵਿਗਾਸ ਵਾਸਤੇ ਕਿ ਰਾਖੀ ਲਈ ?"
ਮੈਂ ਭੌਂਚਕ, ਭੁਆਟਣੀ ਖਾ ਡਿਗਾ-
ਹੋਸ਼ ਪਰਤੀ, ਤਾਂ ਸਭ ਕੁਝ ਬਦਲ ਚੁਕਾ ਸੀ ।
ਹੁਣ ਸਾਰੇ ਰੱਬ ਦਿਸਦਾ ਸੀ-ਸਾਰਿਆਂ ਵਿਚ ਓਹੋ ।
ਕਾਫਰ ਉਸ ਦੇ ਸਨ, ਨਾਸਤਕ ਉਸ ਦੇ,
ਕਾਫਰ ਕੋਈ ਨਾ ਸੀ, ਨਾਸਤਕ ਕੋਈ ਨਾ ।
ਮੈਨੂੰ ਭਰਮ ਸੀ ਐਵੇਂ ਭੁਲੇਖਾ,
ਜਿਨ੍ਹਾਂ ਨੂੰ ਮੈਂ ਮਾਰਦਾ ਸੀ, ਉਨ੍ਹਾਂ ਵਿਚ ਓਹੋ ਮੈਨੂੰ ਬਖਸ਼ਦਾ ਸੀ ।
ਉਹ ਸਾਰੇ ਸੀ, ਸਭ ਵਿਚ; ਸਭ ਉਸ ਦੇ ਸਨ, ਉਸ ਵਿਚ ।
ਵਿੱਥਾਂ, ਵਿਤਕਰੇ, ਕੁਫਰ ਮੇਰੇ ਸਨ, ਮੇਰੀ ਅੱਡਰਤਾ ਦੇ,
ਉਸ ਦਾ ਰਾਹ ਕੋਈ ਨਾ ਸੀ, ਗੁਮਰਾਹ ਕੋਈ ਨਾ ।

ਹੁਣ ਮੈਂ ਉਸ ਦਾ ਹਾਂ, ਉਸ ਦੇ ਆਸਰੇ,
ਉਹ ਮੇਰਾ ਰਾਖਾ ਹੈ, ਮੈਂ ਉਸ ਦੀ ਰਖਵਾਲੀ ਵਿਚ ।
ਉਹ ਮੇਰਾ ਸਦਾ ਵਿਗਾਸੀ ਰੱਬ ਹੈ, ਮੈਂ aੇਸ ਦਾ ਵਿਗਾਸ ਭਗਤ ।
ਉਹ ਹੈ, ਮੈਂ ਨਹੀਂ ।

13. ਦੁੱਖ-ਦਾਰੂ

ਲੋੜ ਹੈ ਕਿ ਮਨੁੱਖ ਡਿੱਗੇ ਤੇ ਮਾਯੂਸ ਹੋਵੇ,
ਰਸਤਾ ਭੁੱਲੇ ਤੇ ਡਾਵਾਂ-ਡੋਲ ਹੋਵੇ,
ਕਿ ਉਸ ਨੂੰ ਗਿਆਨ ਹੋਵੇ-ਆਪਣੀ ਊਣਤਾ, ਅਲਪੱਗਤਾ ਤੇ
ਅਗਿਆਨਤਾ ਦਾ,
ਤੇ ਉਹ ਮਹਿਸੂਸ ਕਰੇ, ਰੱਬ ਦੀ ਲੋੜ ਨੂੰ, ਰੱਬ ਦੀ ਹੋਂਦ ਨੂੰ ।

14. ਟੋਟ

ਚਿਤ ਕਰਦੈ ਮੈਂ ਰੋਵਾਂ ਹੀ ਰੋਵਾਂ, ਵਾਲ ਸਿਰੇ ਦੇ ਖੋਹਵਾਂ,
ਮਾਰਾਂ ਮੁੱਕੀਆਂ ਵਿਚ ਕਾਲਜੇ, ਜਿੰਦ ਆਪਣੀ ਕੋਹਵਾਂ,
ਛਹਿਬਰ ਲਾਵਾਂ, ਨਦੀਆਂ ਵੱਗਣ, 'ਆਪਾ' ਆਪ ਰੜ੍ਹੋਵਾਂ,
ਰੁੜ੍ਹਦੀ ਜਾਵਾਂ, ਰੁੜ੍ਹਦੀ ਜਾਵਾਂ, ਕਿਤੇ ਨਾ ਮੂਲ ਖਲੋਵਾਂ ।
ਤੜਪਾਂ ਲੁੱਛਾਂ, ਸੁੱਕਾਂ ਸਿਕ ਸਿਕ, ਆਪਣਾ ਆਪ ਵਿਗੋਵਾਂ,
ਜੀਵਨ ਜਿਸ ਬਿਨ ਕੋਝਾ ਕੌੜਾ, ਤਿਸ ਬਿਨ ਕਿਵੇਂ ਰਹੋਵਾਂ ।
ਨਾ ਕਿਛ ਖਾਵਾਂ, ਨਾ ਕਿਯ ਪੀਵਾਂ, ਅੰਦਰ ਵੜ ਬਹਿ ਰੋਵਾਂ,
ਘਾਊਂ ਮਾਊਂ ਕਾਲਜਾ ਹੋਵੇ, ਕਿਤ ਬਿਧ ਧਰਿ ਧਰੋਵਾਂ ।
ਮੁੱਠਾਂ ਮੀਟਾਂ, ਮੀਟਾਂ ਖੋਹਲਾਂ, ਤਲੀਆਂ ਮਲਾਂ ਮਲੋਵਾਂ ।
ਆਙਸ, ਸਾਹਸ, ਸ਼ਕਤਿ ਨਾ ਕੋਈ, ਕਿਸ ਦੇ ਭਾਰ ਖਲੋਵਾਂ,
ਡੋਬ ਪਵੇ, ਕੋਈ ਹੌਲ ਉਠੇ, ਤੇ ਅੰਦਰ ਮੁੜ ਮੁੜ ਟੋਹਵਾਂ ।
ਅੰਦਰ ਸੱਖਣਾ ਭਾਂ ਭਾਂ ਕਰਦਾ, ਡਰਦੀ ਨੱਸ ਖਲੋਵਾਂ ।
ਢਾਠ ਪਵੇ, ਮੈਂ ਢਹਿੰਦੀ ਜਾਵਾਂ, ਕਿਸ ਦੀ ਟੇਕ ਟਿਕੋਵਾਂ ।
ਲਿੱਲਾਂ ਨਿਕਲਣ, ਭਰਾਂ ਚਾਂਘਰਾਂ, ਕਿਤ ਬਿਧ ਉਸ ਦੀ ਹੋਵਾਂ,
ਮੈਂ ਮਰ ਚੱਲੀ, ਦੱਸੋ ਕੋਈ, ਕਿਥੇ ਢੂੰਡ ਢੁੰਡੋਵਾਂ,
ਉਸ ਦਿਓ ਲੋਕੋ, ਸਾਰ ਦਿਓ ਵੇ, ਪੈਰ ਤੁਸਾਂ ਦੇ ਧੋਵਾਂ,
ਦਿਨ ਨੂੰ ਡਰਦੀ ਚਾਨਣ ਕੋਲੋਂ, ਰਾਤੀ ਮੂਲ ਨਾ ਸੋਵਾਂ,
ਰਸੀਆ ਪ੍ਰੀਤਮ ਮਿਲੇ ਨਾ ਰਸ ਹੁਣ, ਕਿਥੋਂ ਚੁੰਘਾਂ ਚੋਵਾਂ,
ਜੀਵਨ-ਸੋਮਾ ਕੋਲ ਨਹੀਂ ਕਿਉਂ ਜੋਗ ਜੀਣ ਦੀ ਜੋਵਾਂ,
ਟੋਟ ਪਵੇ ਕੋਈ ਕਹਿਰ ਕਟਕਵੀਂ, ਟੁਟ ਟੁਟ ਟੋਟੇ ਹੋਵਾਂ ।

15. ਰੱਬ

ਰੱਬ ਨੇ ਖਿਲਾਰ ਖਿਲਾਰਿਆ,
ਤੇ ਸਾਨੂੰ ਆਪਣੇ ਵਿਚੋਂ ਪੈਦਾਇਸ਼ ਦੇ ਕੇ ਵਗਾਹ ਮਾਰਿਆ ਬਾਹਰ,
ਮਰਕਜ਼ ਥੀਂ ਦੂਰ ।
ਆਪ ਛਪ ਬੈਠਾ ਆਪਣੇ ਖਿਲਾਰ ਵਿਚ,
ਅਸੀਂ ਦੁਖੀ ਹੋਏ, ਉਸ ਥੋਂ ਉਹਲੇ ਹੋ ਕੇ, ਇਕੱਲੇ ਹੋ ਕੇ,
ਉਸ ਥੋਂ ਵਿਛੜਕੇ ਉਸ ਨੂੰ ਨਾ ਮਿਲ ਕੇ ।

ਉਸ ਆਖਿਆ, 'ਇਹ ਬਾਜ਼ੀ ਹੈ ਤਮਾਸ਼ਾ ਇਕ,
ਖਿੱਝੋ ਨਾ, ਮੈਨੂੰ ਭਾਲੋ ।
ਮੇਰੀ ਟੋਲ ਵਿਚ ਸੁਖੀ ਵਹਿਸੋ,
ਮੈਨੂੰ ਭਾਲ ਕੇ ਸੁਖੀ ਥੀਸੋ ।'

ਅਸਾਂ ਭਾਲਿਆ, ਸਾਨੂੰ ਮਿਲਿਆ ਨਾ,
ਅਸਾਂ ਢੂੰਡਿਆ ਪਰ ਪਾਇਆ ਨਾ,
ਅਸੀਂ ਤਲਾਸ਼-ਤਮਾਸ਼ੇ ਥੀਂ ਹੈਰਾਨ ਹੋਏ,
ਹੋਂਦ-ਹਾਸੇ ਥੀਂ ਪਰੇਸ਼ਾਨ ।

ਫਿਰ ਅਸਾਂ ਆਪਣਾ ਤਮਾਸ਼ਾ ਰਚਿਆ,
ਆਪਣੀ ਖੇਡ ਖੇਡੀ,
ਅਸਾਂ ਆਪਣੀ ਹੱਥੀਂ, ਆਪਣੇ ਦਿਮਾਗੋਂ, ਆਪਣੀ ਸੋਚੋਂ ਆਪਣੇ
ਰੱਬ ਰਚੇ,
ਜੈਸਾ ਜਿਸ ਨੂੰ ਭਾਇਆ, ਵੈਸਾ ਉਸ ਨੇ ਰੱਬ ਬਣਾਇਆ-
ਅਸਾਂ ਪੱਥਰ ਦੇ ਰੱਬ ਘੜੇ, ਸੋਨੇ ਚਾਂਦੀ ਤੇ ਪਿੱਤਲ ਦੇ,
ਕਾਗਜ਼ਾਂ ਦੇ ਰੰਗ ਬਰੰਗੀ, ਇਕੋ ਖਿਆਲਾਂ ਦੇ ਖਿਆਲੀ,
ਜਿਹੋ ਜਿਹਾ ਕਿਸੇ ਦਾ ਵਿਤ ਸੀ, ਜਿਹੋ ਜਿਹੀ ਕਿਸੇ ਦੀ ਚਾਹ ਸੀ,
ਜਿਹੋ ਜਿਹਾ ਕਿਸੇ ਦੇ ਦਿਮਾਗ, ਕਿਸੇ ਦੇ ਕਿਆਸ ਨੂੰ ਸੁਝਿਆ,
ਉਹੋ ਜਿਹਾ ਰੱਬ ਉਸ ਨੇ ਰਚਿਆ ।

ਕਿਸੇ ਚਹੁੰ ਹੱਥਾਂ ਵਾਲਾ, ਕਿਸੇ ਚਹੁੰ ਮੂੰਹਾਂ ਵਾਲਾ,
ਕਿਸੇ ਨਿਰ ਆਕਾਰ, ਨਿਰ ਵਿਕਾਰ,
ਕਿਸੇ ਨੇ ਢੱਗੇ ਤੇ ਚੜ੍ਹਾਇਆ ਆਪਣੇ ਰੱਬ ਨੂੰ,
ਕਿਸੇ ਨੇ ਗਰੜ, ਮੋਰ, ਚੀਤੇ, ਚੂਹੇ ਤੇ,
ਗੂੰਨਾਗੂੰ ਰੱਬ ਪੈਦਾ ਕੀਤੇ ਅਸਾਂ, ਆਪਣੇ ਦਿਮਾਗ ਥੀਂ,
ਸੁਹਣੇ ਕੋਝੇ, ਰਹੀਮ ਤੇ ਜਾਬਰ,
ਰੱਬਾਂ ਦਾ ਇਕ ਬਾਗ ਖਿੜਾਇਆ ਅਸਾਂ, ਸੋਹਣਾ, ਸੁੰਦਰ, ਮਨ-ਮੋਹਣਾ,
ਇਨਸਾਨੀ ਹੁਨਰ ਦਾ ਇਕ ਕਮਾਲ ।

ਤੇ,
ਕਰਤੇ ਹੋ ਕੇ ਅਸੀਂ ਆਪਣੀ ਕਿਰਤ, ਰੱਬ, ਦੇ ਆਸ਼ਕ ਬਣੇ ਪੁਜਾਰੀ-
ਪੁਸ਼ਾਕਾਂ ਪੁਆਈਆਂ, ਭੋਗ ਲੁਆਏ,
ਧੂਪਾਂ ਧੁਖਾਈਆਂ, ਜੋਤਾਂ ਜਗਾਈਆਂ,
ਟੱਲੀਆਂ ਖੜਕਾਈਆਂ, ਘੰਟੇ ਵਜਾਏ, ਆਰਤੀਆਂ ਉਤਾਰੀਆਂ,
ਮੱਨਤਾਂ ਮੰਨੀਆਂ, ਸਿਜਦੇ ਕੀਤੇ, ਅਰਦਾਸੇ ਸੁੱਖੇ,
ਮੁਰਾਦਾਂ ਪਾਈਆਂ, ਗੁਣ ਗਾਏ, ਸੋਹਲੇ ਕੀਤੇ, ਸ਼ੁਕਰ ਗੁਜ਼ਾਰੇ ।
ਇਉਂ ਪੂਜਾ ਵਿਚ ਰੁੱਝ ਕੇ, ਪ੍ਰੇਮ ਵਿਚ ਮਸਤ ਥੀ ਕੇ
ਆਪਣਾ ਆਪ ਭੁਲੇ, ਅਲੱਭ ਰੱਬ ਪਾ ਲਿਆ, ਤੇ ਸੁਖੀ ਸੁਹੇਲੇ
ਹੋ ਗਏ !

ਰੱਬ ਸਾਡਾ ਕਿਰਦਗਾਰ ਬਣਿਆ ਸੀ, ਪਰਵਰਦਗਾਰ,
ਅਸੀ ਉਸ ਦੇ ਕਿਰਦਗਾਰ ਬਣੇ, ਪਰਵਰਦਗਾਰ,
ਰੱਬ ਸਾਡਾ ਤਮਾਸ਼ਾ ਬਣਾਇਆ ਸੀ,
ਅਸੀਂ ਉਸ ਦਾ ਤਮਾਸ਼ਾ ਬਣਾਇਆ,
ਰੱਬ ਸਾਡੇ ਜਿਹੇ ਕਈਆਂ ਨੂੰ ਰਚਿਆ ਸੀ,
ਅਸਾਂ ਉਸ ਜਿਹੇ ਕਈਆਂ ਨੂੰ ਰਚਿਆ,
ਰੱਬ ਸਾਥੋਂ ਗੁਆਚਾ ਸੀ,
ਅਸੀਂ ਉਸ ਥੋਂ ਗੁਆਚ ਗਏ ।
ਅਸੀਂ ਉਸ ਨੂੰ ਲੱਭਦੇ ਸਾਂ,
ਉਹ ਹੁਣ ਸਾਨੂੰ ਲੱਭੇ ।
ਹੁਸ਼ਿਆਰ ਕੌਣ ? ਉਹ ਕਿ ਅਸੀਂ ?
ਇੱਕੋ ਜੇਹੇ, ਕਿਉਂਕਿ ਦੋਵੇਂ ਇੱਕੋ ਹਾਂ ।

16. ਪਰੇਸ਼ਾਨੀ

ਮੈਂ ਆਪਣੇ ਰਾਹੇ ਰਾਹ ਟੁਰਦਾ,
ਆਜ਼ਾਦੀ ਤੇ ਪ੍ਰੇਮ ਦੇ ਰਾਹ ।
ਸਮਾਜ ਆਖਦੀ-'ਇਸ ਰਾਹੇ ਨਾ ਟੁਰ, ਇਹ ਉਲਟ ਸਭਯਤਾ ਦਾ ।'
ਮਜ਼੍ਹਬ ਆਖਦਾ-'ਇਸ ਰਾਹੇ ਨਾ ਟੁਰ, ਇਹ ਰਾਹ ਪਾਪਾਂ ਦਾ ।'
ਕਾਨੂੰਨ ਆਖਦਾ-'ਲੀਕਾਂ ਮੇਰੀਆਂ ਅੰਦਰ ਰਹੁ, ਜੇ ਰਹਿਣਾ ਈ ।'

ਸਮਾਜ ਮੈਨੂੰ ਅਛੂਤ ਆਖਦੀ, ਮਜ਼੍ਹਬ ਪਾਪੀ, ਕਾਨੂੰਨ ਮੁਜਰਮ ।
ਇਕ ਮਾਰਦਾ ਏ, ਦੂਜਾ ਨਰਕੀਂ ਸੁਟਦਾ, ਤੀਜਾ ਜੇਲ੍ਹ-ਖਾਨੀਂ ।
ਮੈਂ ਕੀ ਕਰਾਂ, ਕਿੱਥੇ ਰਹਾਂ, ਕਿੱਧਰ ਜਾਵਾਂ ?

ਜੇ ਇਸ ਤ੍ਰਿਗੜੇ ਦਾ ਆਖਿਆ ਮੰਨ ਲਵਾਂ,
ਤਾਂ ਜੀਵਨ ਬਿਰਥਾ ਏ, ਗੁਲਾਮ ਦਾ ਜੀਵਨ ਕੀ ?
ਜੇ ਆਪਣੇ ਰਾਹ ਟੁਰਾਂ, ਤਾਂ ਇਹ ਸਾਰੇ ਪ੍ਰੇਸ਼ਾਨ ਕਰਦੇ-
ਸਮਾਜ ਘੁੱਟਦਾ ਖਿਆਲ ਨੂੰ, ਖਿਆਲ ਦੇ ਵਿਕਾਸ ਨੂੰ;
ਕਾਨੂੰਨ ਕਤਰਦਾ ਜੀਭ ਨੂੰ, ਕੈਦ ਕਰਦਾ ਜਿਸਮ ਨੂੰ,
ਮਜ਼੍ਹਬ ਮਾਰਦਾ ਰੂਹ ਨੂੰ, ਦੱਬਦਾ ਹੁਨਰ ਨੂੰ ।

ਮੈਂ ਕੀ ਕਰਾਂ ?
ਬੱਸ ਟੁਰਿਆ ਚੱਲਾਂ ਰਾਹੇ ਰਾਹ ।
ਜ਼ਿੰਦਗੀ ਪਰੇਸ਼ਾਨੀ ਦੀ ਚੰਗੇਰੀ ਏ,
ਗੁਲਾਮੀ ਦੀ ਖੁਨਾਮੀ ਨਾਲੋਂ ।

17. ਪੂਰਣਤਾ

ਕੋਈ ਸੁੰਞ ਸੀ ਮੇਰੇ ਅੰਦਰ-ਇਕ ਖੱਪਾ, ਇਕ ਊਣ, ਕੋਈ ਥੋੜ੍ਹ,
ਇਕ ਖਲਾ, ਵਿਹਲ, ਟੋਙਨਾ, ਸੱਖਣਾਪਨ, ਇਕ ਇਕੱਲ ਜਿਹੀ ਕੁਝ,
ਇਕ ਅਪੂਰਣਤਾ, ਨਾ-ਮੁਕੰਮਲਤਾ,
ਮਸਾਣ ਇਕ, ਕੋਈ ਉਜਾੜ, ਖੋਲਾ ਸੀ ਮੇਰੇ ਅੰਦਰ,
ਉੱਜੜਿਆ ਆਲ੍ਹਣਾ ਜਿਵੇਂ ਹੋਵੇ ।

ਮੈਂ ਉਡਦੀ ਫਿਰਦੀ ਸੀ, ਹਵਾ ਦੇ ਘੋੜੇ ਤੇ ਅਸਵਾਰ,
ਪਾਗਲ ਹੋਈ ਫਿਰਦੀ, ਚਾਰ ਚੁਫੇਰੀਆਂ,
ਹਾੜੇ ਕਢਦੀ, ਤਰਲੇ ਲੈਂਦੀ, ਹੂੰਗਦੀ,
ਭੱਜੀ ਫਿਰਦੀ, ਘਰਕਦੀ, ਘਬਰਾਉਂਦੀ ।
ਤਲਾਸ਼ ਦੇ ਪਾਗਲ-ਪਨ ਦਾ ਕੋਈ ਯੁਮਨ ਸੀ ਮੇਰੇ ਅੰਦਰ,
ਇਕ ਤੀਖਣਤਾ, ਤੀਬਰਤਾ, ਉਮੰਗ ਸੀ ਮੇਰੇ ਵਿਚ,
ਇਕ ਸੱਖਣੇ-ਪਨ ਦੀ ਹਵਾ ਭਰੀ ਫਿਰਦੀ ਸੀ ਮੈਨੂੰ,
ਉਡਾਈ ਫਿਰਦੀ ਵਾਂਗ ਭਰੇ ਭੁਕਾਨੇ ।

ਮੈਂ ਲੋਚਦੀ ਸਾਂ ਆਬਾਦੀ ਆਪਣੇ ਅੰਦਰ ਦੀ,
ਢੂੰਡਦੀ ਸਾਂ ਗਵਾਚ ਗਿਆ ਅਪਣਾ ਆਪਾ,
ਜੋ ਮੇਰੀ ਪੂਰਣਤਾ ਹੋਵੇ, ਜਿਸ ਬਿਨ ਮੈਂ ਅਪੂਰਣ ਹੈ ਸਾਂ ।
ਮੈਂ ਮੰਗਦੀ ਸਾਂ ਇਕ ਭਰਪੂਰਤਾ, ਇਕ ਅਡੋਲ ਭਰਿਆ-ਪਨ,
ਤੇ ਉੱਡਦੀ ਫਿਰਦੀ ਸਾਂ, ਆਪਣੀ ਸੁੰਞ ਦੇ ਆਸਰੇ, ਬਿਨ ਭੁੱਖ
ਬਿਨ ਤ੍ਰੇਹ, ਹਵਾਵਾਂ ਤੋਂ ਤੇਜ਼, ਹਨੇਰੀਆਂ ਤੋਂ ਅੱਗੇ ।

ਤਲਾਸ਼-ਉਡਾਰੀਆਂ ਤੇ ਢੂੰਡ-ਫੇਰੀਆਂ ਇਨ੍ਹਾਂ ਵਿਚ, ਮਿਲਿਆ ਮੈਨੂੰ
ਆਖਰ 'ਹੁਸਨ' ਸੋਹਣਾ,
ਸਵਾਦ ਆ ਗਿਆ ਇਕ, ਬੇ-ਖੁਦੀ ਛਾ ਗਈ ਕੋਈ,
ਇਕ ਅਡੋਲਤਾ ਤੇ ਭਰਪੂਰਤਾ ਪਰਤੀਤ ਹੋਈ ਮੈਨੂੰ, ਹੁਸਨ ਨੂੰ
ਮਿਲ ਕੇ ।
ਲਭ ਗਿਆ ਮੈਨੂੰ ਮਰਕਜ਼ ਮੇਰਾ ਮੈਂ ਜਾਤਾ,
ਵਿਛੜੇ ਮਿਲੇ, ਪੂਰਣਤਾ ਹੋਈ, ਸਦ-ਰਹਿਣੀ, ਮੈਂ ਸਮਝੀ-
ਮੈਂ ਨਪੀੜ ਲਿਆ ਇਸ ਚਿਰੀਂ-ਮਿਲੇ ਹੁਸਨੇ ਨੂੰ ਇਕ ਕਹਿਰ
ਦੇ ਨਪੀੜਨੇ ।
ਮੈਨੂੰ ਛੋੜ ਨਾ ਜਾਵੇ, ਮੈਂ ਛੁੱਟ ਨਾ ਜਾਵਾਂ ਮਤੇ, ਇਸ ਬਿਨਾਂ
ਮੈਂ ਸੱਖਣੀ ।
ਮੈਨੂੰ ਲੱਭਿਆ ਸਭ ਕੁਝ ਇਸ ਹੁਸਨ-ਗਲਵੱਕੜੀ ਵਿਚ,
ਇਕ ਠੰਡ ਜਿਹੀ ਪੈਂਦੀ, ਇਕ ਫੁਹਾਰ ਜਿਹੀ ਵੱਸਦੀ ਪਰਤੀਤੀ,
ਮੈਂ ਫੁਲਾਏ ਖੰਭ ਸਭ ਆਪਣੇ, ਕੁਕੜੀ ਵਾਂਗ,
ਤੇ ਲਕੋਇਆ ਖੰਭਾਂ ਹੇਠ ਇਸ ਲੱਭ ਪਏ ਹੁਸਨ-ਚੂਚੇ ਨੂੰ,
ਮਤ ਕੋਈ ਵੇਖੇ ਇਸ ਨੂੰ,
ਕਿਸੇ ਕੋਝੇ ਦੀ ਕੋਝੀ ਨਜ਼ਰ ਇਸ ਉਤੇ ਪਵੇ ਮਤੇ ।
ਇਹ ਮੇਰਾ ਹੈ, ਮੈਂ ਲੱਭਿਆ ਹੈ, ਮੈਨੂੰ ਮਿਲਿਆ ਹੈ,
ਕੋਈ ਹੋਰ ਵੇਖ ਨਾ ਲਏ ਇਸ ਨੂੰ, ਚੁਰਾ ਨਾ ਲੈ ਜਾਏ ।
ਮੈਂ ਸੁੱਖਾਂ ਸੁਖਾਲੀ ਸੁੱਤੀ,
ਹੁਸਨੇ ਦੀ ਸੁਹਾਵੀ ਠੰਡ ਵਿਚ, ਸੁਖਾਵੀ ਨਿੱਘ ਵਿਚ, ਘੂਕ,
ਮਸਤ, ਬੇ-ਪਰਵਾਹ,
ਭਾਲ ਹੋਈ ਖਤਮ ਮੇਰੀ, ਢੂੰਡ ਮੁੱਕੀ ਬਸ ਮੇਰੀ ।

ਪਰ ਨੀਂਦਰ ਰਹੀ ਨਾ ਸਦਾ, ਮੈਂ ਜਾਗੀ-ਖਾਲੀ, ਇਕੱਲੀ ।
ਉਫ਼ ! ਪੁਨੂੰ ਮੇਰੇ ਨੂੰ ਬਲੋਚ ਜ਼ਾਲਮ ਲੈ ਗਏ ਕਿਵੇਂ ?
ਉਫ਼ ! ਹੁਸਨ ਨਿਕਲ ਗਿਆ ਮੇਰੇ ਨਪੀੜਨੇ ਵਿਚੋਂ ਕਿਵੇਂ ?
ਖਿਸਕ ਗਿਆ ਕਿਵੇਂ, ਤਿਲਕ ਗਿਆ ਕਿਵੇਂ ?
ਮੈਨੂੰ ਫੰਡ ਗਿਆ, ਝੰਬ ਗਿਆ, ਤੋੜ ਗਿਆ ਲੱਕ ਮੇਰਾ ਜਿਵੇਂ ।
ਉਫ਼ ! ਛਲਾਵਾ ਸੀ ਹੁਸਨ ਲੋਪ ਹੋ ਗਿਆ ।
ਇਕੇ ਮੇਰੇ ਨਪੀੜਨੇ, ਮੇਰੀ ਭਿੱਟ ਨੇ ਮਾਰ ਵੰਜਾਇਆ ਹੁਸਨੇ ਨੂੰ,
ਮੈਲਾ ਕੀਤਾ, ਸੰਞਾਪੇ ਨਾ, ਉਡ ਗਿਆ ਜਾਪੇ,
ਮੈਂ ਰਹਿ ਗਈ ਪਿਛੇ ਸੱਖਣੀ, ਅੰਗ ਅੰਗ ਟੁਟਿਆ ਮੇਰਾ ।
ਮੈਂ ਢੱਠੀ ਮੂੰਹ ਦੇ ਭਾਰ, ਯੁਮਨ ਉਡ ਗਿਆ ਮੇਰਾ,
ਖਲੋ ਨਾ ਹੰਘਾਂ, ਟੁਰ ਨਾ ਹੰਘਾਂ,
ਪਈ ਰਹੀ ਖੰਭਾਂ ਖੁੱਥੇ ਪੰਛੀ ਵਾਂਗ,
ਆਲ੍ਹਣਿਓਂ ਡਿੱਗੇ ਬੋਟ ਵਾਂਗੂੰ ।

ਮੁੜ ਆਇਆ ਹੁਨਰ, ਕਿਰਤ ਆਈ, ਕਿਰਤੀ ਹੁਨਰ ਆਇਆ,
ਮੇਰੇ ਪੈਰ ਝੱਸੇ, ਤਲੀਆਂ ਝੱਸੀਆਂ, ਸਿਰ ਮੇਰਾ ਝੱਸਿਆ,
ਤੇ ਆਙਸ ਮੁੜੀ ਮੇਰੀ, ਹੋਸ਼ ਪਰਤੀ ।
'ਹੁਸਨ' ਕੋਈ ਛਲਾਵਾ ਸੀ, ਧੋਖਾ ਤੇ ਭੁਲੇਖਾ ਹੁਣ ਮੈਂ ਸਮਝੀ,
ਅਸਲੀ ਮੇਰਾ ਯਾਰ ਆਇਆ ਹੁਣ 'ਹੁਨਰ'
ਮੇਰੀ ਸੁੰਞ ਭਰਨ ਵਾਲਾ, ਮੇਰਾ ਸਾਥ ਨਿਭਾਣ ਵਾਲਾ, ਮੇਰੇ ਨਾਲ
ਇਕ ਹੋ ਜਾਣ ਵਾਲਾ ।
ਮੈ ਲੱਭਿਆ ਮੁੜ ਆਪਣਾ ਗੁਆਚਾ ਆਪਾ 'ਹੁਨਰ' ਨੂੰ ਮਿਲ ਕੇ
ਮੁੜ ਇਕ ਸੁਆਦ ਆਇਆ ।
ਸੰਗੀਤ ਛਿੜਿਆ, ਕਾਵਯ ਨਿਕਲਿਆ, ਮਸਤ ਨਾਦ ਹੋਏ,
ਅਨੂਪ ਰੂਪ ਉਤਰੇ ਮੇਰੇ ਹੁਨਰ ਉਤੇ,
ਮੈਂ ਮੁੜ ਜੀਵੀ ਇਕ ਅਡੋਲਤਾ ਵਿਚ,
ਖਿੜੀ ਇਕ ਸੁਗੰਧੀ ਵਿਚ,
ਫੁਹਾਰ ਪਈ, ਮੀਂਹ ਵੱਸਿਆ, ਠੰਡ ਪਈ,
ਜਾਪੇ, ਬੱਸ ਇਵੇਂ ਰਹੇਗੀ ਸਦਾ ਇਹ ਰਾਤ ਨਸ਼ੀਲੀ,
ਇਹੋ ਸਥਿਰਤਾ ਹੈ, ਸਦ-ਜਵਾਨੀ ।

ਪਰ ਰਹੀ ਨਾ ਇਹ ਰਾਤ ਸਦਾ, ਨਾ ਇਹ ਇਕ-ਸਵਰਤਾ-
ਕੁੱਕੜ ਬਾਂਗੇ, ਕਾਂ ਬੋਲੇ, ਕੁੱਤੇ ਭੌਂਕੇ, ਚਿੜੀਆਂ ਚਿਊਕੀਆਂ,
ਤਾਰਾਂ ਥਿੜਕੀਆਂ, ਸੁਰਾਂ ਹੱਲੀਆਂ, ਗੀਤ ਉਖੜੇ,
ਸੁਫਨੇ ਬਿਲਾ ਗਏ-ਚੜ੍ਹਿਆ ਸੂਰਜ, ਨਿੱਗਰ ਦੁਨੀਆਂ ਦਾ ਨਿੱਗਰ,
ਧੁੱਪਾਂ ਚਮਕੀਆਂ ਤੇ ਭੁੱਖਾਂ ਲੱਗੀਆਂ,
ਮੈਂ ਪਾਗਲ ਹੋਈ ਭੁੱਖ ਦੇ ਕਾਰਨ, ਭੁੰਦਲਾ ਗਈ ਧੁੱਪ ਦੇ ਕਾਰਨ ।
ਹੁਨਰ ਸਾਰੇ ਆਪਣੇ ਛੱਜ ਛਾਨਣੀ ਪਾਏ,
ਤੇ ਉਠ ਟੁਰੀ ਸਿਰ ਤੇ ਰੱਖ, ਹੋਕਾ ਦੇਂਦੀ ਵਿਕਰੀ ਦਾ,
ਢਿਡ ਝੁਲਕਣ ਲਈ, ਸਿਰ ਲੁਕਾਣ ਦੇ ਆਸਰੇ ਲਈ,
ਮੈਂ ਓਨਰੀ ਸਮਝਦੀ ਸਾਂ ਆਪਣੇ ਆਪ ਨੂੰ, ਹੁਣ ਤਾਜਰ ਹੋਈ,
ਨਹੁਰੀ-ਮਸਤੀਆਂ ਗਈਆਂ, ਵਿਹਾਰ-ਸਿਆਣਪਾਂ ਆਈਆਂ,
ਸਿਆਣਪਾਂ ਨਾਲ ਮਿਹਨਤਾਂ ਕੀਤੀਆਂ, ਹਿਸਾਬਾਂ ਨਾਲ ਮੈਂ,
ਮਿਹਨਤਾਂ ਨਾਲ ਗੀਤ ਗਾਵੇਂ, ਮੁਸ਼ੱਕਤਾਂ ਨਾਲ ਕਾਵਯ ਰਚੇ, ਜੋਰਾਂ
ਨਾਲ ਮੂਰਤਾਂ ਖਿਚੀਆਂ ਮੈਂ,
ਸਭ ਦੇ ਮੁੱਲ ਵੱਟੇ, ਢਿਡ ਭਰਿਆ, ਸਾਏ ਹੋਏ ਮਹਿਲਾਂ ਦੇ
ਮੇਰੇ ਸਿਰ ਤੇ,
ਪਰ ਹੋ ਗਈ ਅੰਦਰੋਂ ਸੱਖਣੀ ਦੀ ਸੱਖਣੀ ਮੁੜ ਮੈਂ ।
ਹੁਨਰ ਉਠ ਗਿਆ, ਕਿਰਤ ਉਡ ਗਈ, ਇਕ ਫ਼ੱਨ ਰਹਿ ਗਿਆ ਬੱਸ,
ਰਹਿ ਗਈਆਂ ਕੌਡੀਆਂ, ਠੀਕਰੀਆਂ ਦੇ ਢੇਰ,
ਤੋਲ, ਤਕੜੀ ਤੇ ਪਾਸਕੂ,
ਤੇ ਢਿਡ ਦਾ ਝੁਲਕਾ,
ਮੈਂ ਸੱਖਣੀ ਹੋਈ ਭੂਕ ਅੰਦਰੋਂ, ਜਿੰਦ ਗਈ, ਰਹਿ ਗਈ
ਲੋਥ ਦੀ ਲੋਥ,

ਆਇਆ ਮੋਈ ਦੀ ਮਦਦ ਨੂੰ ਹੁਣ ਧਰਮ ਤੇ ਮਜ਼੍ਹਬ,
ਮਰਦੀ ਕੀ ਨਾ ਕਰਦੀ, ਫੜ ਲਿਆ ਮੈਂ ਧਰਮ ਦਾ ਧਰੂਆ,
ਇਸ ਪਕੜ ਵਿਚ ਲਗਨ ਲੱਗੀ ਤੇ ਆਇਆ ਮੁੜ ਇਕ ਸਵਾਦ,
ਰੁੱਝੀ ਮੈਂ ਇਸ ਧਰਮ ਦੇ ਰੋਝੇ ਵਿਚ, ਤੇ ਭੁਲੀ ਅਪਣਾ ਸੱਖਣਾ-ਪਨ
ਤੇ ਸੱਖਣੇ-ਪਨ ਦੀਆਂ ਪੀੜਾਂ ।
ਕਦੀ ਪੂਜਾ ਵਿਚ ਪਾਗਲ ਹੋਈ, ਕਦੀ ਸੇਵਾ ਵਿਚ ਮਸਤ,
ਤੇ ਭੁੱਲੀ ਆਪਣੇ ਪਾਗਲ-ਪਨ ਤੇ ਮਸਤੀ ਵਿਚ ਅਪੂਰਣਤਾ
ਸਾਰੀ ਮੈਂ,
ਤੇ ਗੁਆਚ ਗਈ ਕਿਸੇ ਪੂਰਣਤਾ ਵਿਚ,
ਇਉਂ ਜਾਪੇ ਜਿਵੇਂ ਪਾਗਲ-ਪਨ ਪੂਰਣਤਾ ਹੈ, ਮਸਤੀ ਮੁਕੰਮਲਤਾ ਹੈ,
ਸਿਆਣਪ ਊਣਤਾ ਹੈ, ਚਾਤਰੀ ਨਿਊਣਤਾ ।
ਕਈ ਵਾਰੀ ਉੱਡੀ ਮੈਂ,
ਗੁੱਡੀ ਮੇਰੀ ਉਤਾਂਹ ਚੜ੍ਹੀ ਤੇ ਜਾ ਠਹਿਕੀ ਕਿਧਰੇ ਅਰਸ਼ਾਂ ਦੀਆਂ ਉਚਿਆਈਆਂ ਨਾਲ ।
ਪਰ ਰਹੀ ਨਾ ਓਥੇ ਸਦਾ ਮੈਂ,
ਡਿੱਗੀ ਜਿਵੇਂ ਗੁੱਡੀ ਡੋਰੋਂ ਟੁੱਟੀ,
ਢੱਠੀ ਮੈਂ ਧਰ ਤੇ, ਕਿ ਮੇਰੇ ਆਸਰੇ, ਸਹਾਰੇ ਤੇ ਡੋਰਾਂ ਛੁਟੀਆਂ-
ਮੈਂ ਆਸਰੇ ਬਿਨਾਂ ਨਾ ਸੀ ਖਲੋ ਜਾਣਦੀ ।
ਆਸਰੇ ਸਦਾ ਤੇ ਇਕ ਸਾਰ ਨਾ ਰਹਿੰਦੇ,
ਕਦੀ ਹੰਬਲੇ ਨਾਲ ਮੈਂ ਉਤਾਂਹ ਉਠਦੀ,
ਤੇ ਅਪੁਣੇ ਜ਼ੋਰਾਂ ਨਾਲੋਂ ਵਧੇਰੇ ਜ਼ੋਰਾਂ ਵਾਲਾ ਜਾਪਦਾ ਮੈਨੂੰ ਕਿਧਰੇ
ਉਤਾਂਹ ਲਈ ਜਾਂਦਾ ।
ਪਰ ਰਖਦਾ ਨਾ ਸਦਾ ਉਹ ਮੈਨੂੰ ਅਪਣੇ ਜ਼ੋਰਾਂ ਤੇ,
ਜਦ ਮੈਨੂੰ ਮੇਰੇ ਭਾਰ ਛੱਡਦੇ, ਮੈਂ ਆ ਡਿਗਦੀ,
ਹੌਲੇ, ਹੌਲੇ, ਥੱਲੇ ਥੱਲੇ ਮੁੜ ਆਪਣੀ ਧਰਾਂ ਤੇ,
ਤੇ ਫੇਰ ਰਹਿ ਜਾਂਦੀ ਉਹੋ ਮੈਂ ਸੱਖਣੀ, ਸੁੰਞੀ, ਊਣੀ,
ਇਕ ਸਵਾਦ ਜਿਹਾ ਰਹਿ ਜਾਂਦਾ ਭਾਵੇਂ, ਇਕ ਚੇਤਾ ਜਿਹਾ,
ਉਡਾਰੀਆਂ ਉਡੀਆਂ ਦਾ ।
ਪਰ ਮੱਧਮ ਜਿਹੇ ਚੇਤੇ ਦੇ ਆਸਰੇ,
ਤੇ ਮੱਧਮ ਜਿਹੇ ਸਵਾਦ ਦੇ ਸਹਾਰੇ,
ਮੈਂ ਜੀਂਦੀ ਨਾ ਰਹਿੰਦੀ,
ਧਰਮ ਸਾਰੇ ਭਰਮ ਜਾਪਦੇ ਤੇ ਰੱਬ ਇਕ ਵਹਿਮ ।

ਹਨੇਰ ਆਇਆ ਮੇਰੇ ਭਾ ਦਾ, ਔਖੀ ਹੋਈ ਮੈਂ-
ਹੁਸਨ, ਹੁਨਰ, ਕਿਰਤ, ਸੇਵਾ, ਪੂਜਾ, ਧਰਮ, ਰੱਬ-
ਸਭ ਸਵਾਦਲੇ ਡਿਠੇ,
ਪਰ ਸਵਾਦ ਰਹਿੰਦਾ ਨਾ ਇਹਨਾਂ ਦਾ ਸਦਾ ।
ਇਹ ਸਭ ਮੁਕਦੇ ਤੇ ਮੈਂ ਮੁੜ ਸੁਕਦੀ ਸੁਕਦੀ ਰਹਿੰਦੀ,
ਆਙਸ ਨਾ ਰਹਿੰਦੀ ਰਤਾ, ਨਾ ਹਿੰਮਤ ਹੰਬਲਾ ਮਾਰਨ ਦੀ,
ਨਾ ਸਵਾਦ ਮਾਣਨ ਦੀ ਰੁਚੀ,
ਹੁੰਦੀ ਜਾਂਦੀ ਭੁੱਗੜੀ ਸੁੱਕ ਸੁੱਕ, ਮੁੱਕ ਮੁੱਕ ।

ਖਬਰੇ ਹੁਸਨ ਲੱਧਾ ਨਾ ਮੈਨੂੰ ਠਕਿ !
ਖਬਰੇ ਹੁਨਰ ਮਿਲਿਆ ਨਾ ਮੈਨੂੰ ਅਸਲ !
ਖਬਰੇ ਰੱਬ ਮਿਲਿਆ ਨਾ ਮੈਨੂੰ ਮੇਰਾ-
ਇਹ ਮੈਨੂੰ ਦਿਸਦੇ ਨਿਰੇ ਆਸਰੇ ਸਭ, ਢੋਹਾਂ ਤੇ ਟੋਹਾਂ ।
ਮੈਂ ਲੋੜਦੀ ਇਕ ਜੀਵਨ ਬਿਨਾਂ ਆਸਰੇ, ਬਿਨ ਸਹਾਰੇ ਜੋ ਰਹਿੰਦਾ ।
ਜੀਵਨ ਉਹੋ ਜਿਹਾ ਜਿਹੋ ਜਿਹਾ ਅਸਲੋਂ ਹੈ-ਸਹਿਜ-ਜੀਵਨ,
ਮੈਨੂੰ ਮਿਲਦਾ ਨਾ ਕਿਧਰੇ ।

ਅੱਕੀ ਥੱਕੀ ਮੈਂ ਸਭ ਤੋਂ,
ਦੌੜ ਭੱਜ ਛੱਡੀ ਸਾਰੀ, ਤਲਾਸ਼ ਤੇ ਢੂੰਡ,
ਆਰਜ਼ੂ ਰੱਖੀ ਨਾ ਕਿਸੇ ਦੀ, ਨਾ ਆਸ, ਨਾ ਆਸਰਾ,
ਸਭ ਮੈਨੂੰ ਜਾਪਣ ਐਵੇਂ ਕੈਵੇਂ ।
ਕਿਸ ਦੀ ਆਰਜ਼ੂ ? ਕੇਹੀ ਆਸ ? ਕੇਹਾ ਆਸਰਾ ?

ਵੜ ਗਈ ਮੈਂ ਆਪਣੇ ਅੰਦਰ, ਬਾਹਰ ਜਾਣ ਛੱਡਿਆ ਮੈਂ,
ਮਰ ਜਾਂਗੀ ਆਪਣੇ ਅੰਦਰ, ਹੁੱਟ ਕੇ, ਘੁੱਟ ਕੇ, ਪਰ ਨਿਕਲਾਂਗੀ
ਨਾ ਬਾਹਰ ਕਦੀ-
ਧਾਰ ਲਈ ਮੈਂ ਇਹ ਪੱਕੀ ਧਾਰਨਾ ।
ਬੱਝ ਗਈਆਂ ਮੇਰੀਆਂ ਹਿਰਸਾਂ, ਹਵਸਾਂ,
ਮੁਕ ਗਈ ਜਿੰਦ ਮੇਰੀ ਤੇ ਮਰ ਗਈ ਮੈਂ,
ਆਪਣੇ ਵਿਚ, ਅਪੁਣੇ ਅੰਦਰੇ ।

ਮੁੜ ਜੀਵੀ ਮੈਂ, ਮੌਤ ਪਿਛੋਂ, ਆਪਣੇ ਆਪ,
ਮੈਂ ਮਰਨਾ ਨਾ ਸੀ, ਮੋਈ ਨਾ, ਮੌਤ ਮੇਰੀ ਲਈ ਨਾ ਸੀ ।
ਤੇ ਹੁਣ ਮੈਂ ਜੀਂਦੀ ਬਿਨ ਸਹਾਰੇ ਕਿਸੇ ਦੇ ?
ਮੈਂ ਪੂਰਨ, ਅਡੋਲ, ਭਰਪੂਰ,
ਹੁਸਨ, ਹੁਨਰ, ਕਿਰਤ, ਰੱਬ-ਮੈਂ ਕਿਸੇ ਦੇ ਪਿਛੇ ਭਜਦੀ ਨਾ-
ਕਿਸ ਦੇ ਪਿੱਛੇ ਭੱਜਣਾ ਹੁਣ ?
ਇਹ ਸਭ ਨਿਕਲਦੇ ਮੇਰੇ ਵਿਚੋਂ,
ਇਹ ਸਭ ਜੀਂਦੇ ਮੇਰੇ ਆਸਰੇ,
ਮੈਂ ਨਾ ਜੀਂਦੀ ਕਿਸੇ ਦੇ ਆਸਰੇ,
ਮੈਂ ਹੁਣ ਹੋਈ ਬਸ ਪੂਰਣਤਾ,
ਮੈਂ ਸਦਾ ਹੈ ਸਾਂ ਪੂਰਣਤਾ,
ਮੈਂ ਹਾਂ ਪੂਰਣ ਪੂਰਣਤਾ ।

18. ਮੈਂ ਇਕੱਲਾ ਨਹੀਂ

ਜਦ ਦਾ ਮੈਂ ਤੈਨੂੰ ਮਿਲਿਆ ਹਾਂ,
ਤਦ ਦਾ ਮੈਂ ਸੁੰਞਾ ਨਹੀਂ, ਇਕੱਲਾ ਨਹੀਂ ।

ਕਦੀ,
ਮੈਂ ਇਕੱਲਾ ਸਾਂ-
ਵੱਸਦੀ ਦੁਨੀਆਂ ਵਿਚਕਾਰ,
ਨਾ ਮਹਿਰਮਾਂ ਦੇ ਝੁੰਡਾਂ ਵਿਚ,
ਲਾਣਿਆਂ ਦੇ ਰੌਲੇ ਗੌਲੇ, ਗੁਬਾਰ ਵਿਚ-
ਮੈਂ ਇਕੱਲਾ ਸਾਂ ।

ਹੁਣ,
ਸਾਰੇ ਮੈਂ ਹੀ ਵੱਸਿਆ ਹਾਂ,
ਆਪਣੇ ਵੱਸਣ ਨੂੰ ਮਿਲ ਕੇ,
ਉਵੇਂ ਜਿਵੇਂ ਖੁਸ਼ਬੂ ਫੁੱਲ ਵਿਚ,
ਸੁਣ੍ਹਪ ਕੁਦਰਤ ਵਿਚ ।
ਹੁਣ,
ਮੈਂ ਨਹੀਂ ਜਾਣਦਾ ਇਕੱਲ ਕੀ ਹੈ, ਸੁੰਞ ਕੀ ਹੈ,
ਹੁਣ ਮੈਂ ਵੱਸਿਆ ਹਾਂ, ਵੱਸ ਪਿਆ ਹਾਂ ।
ਮੇਰੇ ਦਿਲ ਅੰਦਰ ਦਰਦ ਏ,
ਅੱਖਾਂ ਅੰਦਰ ਅੱਥਰੂ,
ਉਹਨਾਂ ਇਕੱਲਿਆਂ ਲਈ, ਉੱਜੜ ਗਿਆਂ ਲਈ,
ਜਿਹੜੇ ਇਕੱਲੇ ਹਨ, ਉੱਜੜ ਪੁੱਜੜ,
ਬੇ-ਕਿਨਾਰ ਡਰਾਵਨੀ ਇਕੱਲ ਨਾਲ ਭਰੇ ਹੋਏ,
ਤੇ ਮਿਲਦੇ ਹਨ ਆਪਣੇ ਜੇਹੇ ਹੋਰ ਉਜੜਿਆਂ ਨਾਲ,
ਤੇ ਖੁਸ਼ੀ ਥੀਂਦੇ ਹਨ, ਬੇ-ਖਬਰ ਗ਼ਾਫ਼ਿਲ,
ਨੀਹਾਂ ਡੂੰਘੀਆਂ ਖੁਦਾਂਦੇ ਹਨ,
ਅਟਾਰੀਆਂ ਉੱਚੀਆਂ ਛਤਾਂਦੇ ਹਨ,
ਤੇ ਅੰਦਰ ਵੜ ਬਹਿੰਦੇ ਹਨ,
ਜਿਵੇਂ ਕਬਰਾਂ ਅੰਦਰ ਮੁਰਦੇ !
ਮੈਂ ਉਹਨਾਂ ਕੈਦੀ ਇਕੱਲਿਆਂ ਨੂੰ ਵੇਖਦਾ ਹਾਂ-
ਤਰਸ ਖਾਂਦਾ ਹਾਂ, ਰੋਂਦਾ ਹਾਂ ।

ਜਦ ਦਾ ਮੈਂ ਤੈਨੂੰ ਮਿਲਿਆ ਹਾਂ,
ਮੈਂ ਕਿਸੇ ਕੋਠੜੀ ਵਿਚ ਬੰਦ ਨਹੀਂ,
ਨਾ ਕਿਸੇ ਦੇਸ, ਨਾ ਕਿਸੇ ਦਿਸ਼ਾ ਵਿਚ ਕੈਦ,
ਮੈਂ ਸਾਰੇ ਵੱਸਿਆ ਹਾਂ, ਆਜ਼ਾਦ, ਖੁਲ੍ਹਾ,
ਸਭ ਮੇਰੇ ਵਿਚ ਵੱਸੇ ਹਨ,
ਮੈਂ ਤੇਰੇ ਵਿਚ ਵੱਸਿਆ ਹਾਂ,
ਸਾਰੇ ਵੱਸੋਂ ਵੱਸੀ ਹੈ, ਮੇਰੇ ਵੱਸਣ ਦੀ ਵੱਸੋਂ ।

ਆਓ, ਮੇਰੇ ਕੋਲ ਆਓ, ਓ ਇਕੱਲਿਓ,
ਮੇਰੇ ਵੱਸਣ ਦੇ ਵਿਹੜੇ ਵੜੋ,
ਮੇਰੇ ਵੱਸਣ ਵਿਚ ਵੱਸੋ,-
ਜੜ੍ਹਤਾ ਵਿਚ ਨਹੀਂ, ਸਾਵਧਾਨਤਾ ਵਿਚ ।

ਫੇਰ,
ਕੋਈ ਤੁਹਾਡਾ ਹੋਵੇ ਨਾ ਹੋਵੇ,
ਕੁਝ ਤੁਹਾਡਾ ਹੋਵੇ ਨਾ ਹੋਵੇ,
ਸਭ ਤੁਹਾਡੇ ਹੋਸਨ,
ਸਭ ਕੁਝ ਤੁਹਾਡਾ ਹੋਸੀ,
ਕਿ ਉਹ ਤੁਹਾਡਾ ਹੈ,
ਤੁਸੀਂ ਓਸ ਦੇ ਹੋ,
ਜੋ ਸਭ ਦਾ ਹੈ,
ਸਭ ਜਿਸ ਦੇ ਹਨ ।

19. ਫ਼ਕੀਰ ਦੀ ਸਦਾ

ਦਿਓ-ਕਿ ਵਧੋਗੇ,
ਵੰਡੋ- ਨਾ ਮੁੱਕੋਗੇ,
ਜਿਉਣ ਦਿਓ-ਕਿ ਜੀਵੋਗੇ ।

ਗੱਫੇ ਦਿਹ, ਭਰ ਭਰ ਬਾਟੇ,
ਪਿਆਰ ਦੇ, ਉੱਦਮ ਦੇ, ਖ਼ੁਸ਼ੀ ਦੇ, ਖੇੜੇ ਦੇ,
ਗੁਆਂਢੀਆਂ ਨੂੰ, ਯਾਰਾਂ ਨੂੰ, ਗ਼ੈਰਾਂ ਨੂੰ, ਨਾ-ਮਹਿਰਮਾਂ ਨੂੰ ।

ਤੇ ਸਭ ਦਾ ਰੱਬ,
ਭੰਡਾਰ ਖੋਲ੍ਹ ਦਏਗਾ, ਤੁਹਾਡੇ ਲਈ,
ਰਹਿਮਤਾਂ ਦੇ, ਰਹਿਮਾਂ ਦੇ, ਬਖ਼ਸ਼ਸ਼ਾਂ ਦੇ,
ਤੇ ਸਦਾ ਰੱਖੇਗਾ ਤੁਹਾਨੂੰ,
ਛਤਰ ਛਾਇਆ ਹੇਠ ਆਪਣੀ ।

20. ਭਗਤ ਨੂੰ

ਭਗਤਾ,
ਓ ਭਗਤਾ,
ਕਿਹੜੇ ਰੱਬ ਨੂੰ ਪਿਆ ਢੂੰਡਨਾ ਏਂ ?
ਮੈਨੂੰ ਢੂੰਡ;
ਰੱਬ ਨੂੰ ਜਾਣਨ ਦੇ ਯਤਨ ਕਿਉਂ ਕਰਨਾ ਏਂ ?
ਮੈਨੂੰ ਜਾਣ;
ਰੱਬ ਨੂੰ ਪੂਜਨਾ ਕਿਉਂ ਏਂ ?
ਮੈਨੂੰ ਪੂਜ;
ਕਿ,
ਮੈਨੂੰ ਜਾਣੇ ਬਿਨਾਂ ਰੱਬ ਨੂੰ ਨਾ ਜਾਣੇਂਗਾ,
ਮੈਨੂੰ ਮਿਲੇ ਬਿਨਾਂ ਰੱਬ ਨੂੰ ਨਾ ਮਿਲੇਂਗਾ,
ਮੈਨੂੰ ਪੂਜੇ ਬਿਨਾਂ ਰੱਬ ਨੂੰ ਨਾ ਪੂਜੇਂਗਾ,
ਮੈਨੂੰ ਪੁਜੇ ਬਿਨਾਂ ਰੱਬ ਨੂੰ ਨਾ ਪੁਜੇਂਗਾ ।

ਮੇਰੇ ਤੋਂ ਵਡੇਰੀ, ਮੇਰੇ ਤੋਂ ਵਧੇਰੇ ਅਸਚਰਜ ਸ਼ੈ,
ਹੋਰ ਕਾਈ ਨਹੀਂ ।
ਰੱਬ ਮੇਰੇ ਵਿਚ ਵਸਦਾ ਏ, ਰਹਿੰਦਾ ਏ,
ਤੂੰ ਭੀ ਮੇਰੇ ਵਿਚ ਵੱਸ, ਕਿ ਰੱਬ ਵਿਚ ਰਹੇਂ ।
ਮੇਰੇ ਪਿਆਰ, ਮੇਰੀ ਗਲਵੱਕੜੀ ਵਿਚ ਰੱਬ ਵੱਸਦਾ ਏ,
ਤੂੰ ਭੀ ਮੇਰੇ ਪਿਆਰ ਵਿਚ ਆ, ਮੇਰੀ ਗਲਵੱਕੜੀ ਵਿਚ ਰਹੁ,
ਕਿ ਰੱਬ ਵਿਚ ਵਸੇਂ ।

ਹਾਏ ! ਤੈਨੂੰ ਰੱਬ ਨਹੀਂ ਅਜੇ ਤਕ ਦਿੱਸਿਆ ?
ਅਖਾਂ ਖੋਲ੍ਹ, ਤੇ ਵੇਖ,
ਕਿ ਉਹ ਮੇਰੇ ਵਿਚ ਹੈ ਈ ।

21. ਮੈਂ

'ਮੈਂ' ਸੀ ਨਾ, ਹੋਸੀ ਨਾ-
'ਮੈਂ' ਪਰਤੀਤ ਹੁੰਦੀ ਇਕੋ ਇਕ ਸੱਚ,
ਹੈ ਅਸਲੋਂ ਵੱਡਾ ਭੁਲੇਖਾ ਤੇ ਧੋਖਾ ।
'ਮੈਂ' ਸੀ ਨਾ, ਹੋਸੀ ਨਾ-
'ਜੀਵਨ' ਹੈ ਬਸ-ਬੇ-ਕਿਨਾਰ
ਦਮ ਬਦੱਮ ਜੀਂਦਾ, ਅਨੰਤ ਚਾਲ ਚਲਦਾ ।

'ਮੈਂ' ਹੈ ਬਸ ਇਕ ਬੁਲਬੁਲਾ,
ਤਰਦਾ ਜੀਵਨ-ਸਮੁੰਦਰ ਦੇ ਪਾਣੀਆਂ ਤੇ ।
ਬੁਲਬੁਲਾ ਸੀ ਨਾ, ਹੋਸੀ ਨਾ,
ਪਾਣੀ ਸੀ, ਹੈ, ਹੋਸੀ ।

ਹਵਾ, ਪਾਣੀ ਦੇ ਛਿਨ ਭੰਗਰ ਪਰਦੇ ਵਿਚ, ਹੈ ਬੁਲਬੁਲਾ,
ਜੀਵਨ, ਜਿਸਮ ਦੇ ਛਿਨ ਭੰਗਰ ਪਰਦੇ ਵਿਚ, ਹੈ 'ਮੈਂ' ।
ਨਦਾਨਾਂ ਲਈ 'ਮੈਂ' ਹੈ, 'ਜੀਵਨ' ਨਹੀਂ,
'ਮੈਂ' ਹਨੇਰਾ ਹੈ ਇਕ ਬੇ-ਸਮਝੀ ਦਾ,
ਜਦ ਸਮਝ ਚਮਕੇਗੀ, ਹਨੇਰਾ ਉੱਡੇਗਾ,
ਹਕੀਕਤ ਦਿੱਸੇਗੀ-ਜੀਵਨ ।

22. ਮੇਰਾ ਚੰਨ

ਰਾਤ ਅੱਧੀ ਸੀ ਮੈਂ ਅਧਨੀਂਦੇ,
ਉੱਠਿਆ, ਟੁਰਿਆ ਇਕ ਪਾਸੇ,
ਪਹੁੰਚਿਆ ਇਕ ਨਕਾਨਕ ਭਰੇ ਤਲਾ ਦੇ ਕੰਢੇ ।

ਸੋਹਣਾ ਸਮਾਂ, ਸੁਹਾਵਨਾ ਦ੍ਰਿਸ਼,
ਪੂਰਨ, ਪਰਕਾਸ਼ਮਾਨ, ਸੀਤਲ ਮਿੱਠਾ ਚੰਨ,
ਤ੍ਰਬਕਦਾ, ਕੰਬਦਾ, ਦੁਖਦਾ, ਤਿਲਮਿਲਾਂਦਾ ਕਿਉਂ ਏ ?
ਇਤਨੇ ਪੂਰਨ, ਇਤਨੇ ਮਿੱਠੇ, ਇਤਨੇ ਪਰਕਾਸ਼ਮਾਨ ਚੰਨ ਨੂੰ ਅਡੋਲਤਾ
ਨਸੀਬ ਨਹੀਂ, ਕਿਉਂ ?

ਕੋਈ ਆਇਆ,
ਧੌਣ ਮੇਰੀ ਗਿੱਚੀਓਂ ਪਕੜ ਕਰ ਦਿਤੀਓ ਸੁ ਉਤਾਹਾਂ ਨੂੰ,
ਨਜ਼ਰਾਂ ਗਈਆਂ ਮੇਰੀਆਂ ਤਲਾਵਾਂ ਨੂੰ ਛਡ, ਅਕਾਸ਼ ਵਲ ।

ਅਰਸ਼ਾਂ ਤੇ ਚਮਕਦਾ ਡਿਠਾ, ਚੰਨ ਅਡੋਲ,
ਤਲਾਵਾਂ ਅੰਦਰ ਪਰਛਾਵਾਂ ਹਿਲਦਾ, ਅਰਸ਼ਾਂ ਉਤੇ ਅਸਲ ਅਡੋਲ ।

ਸਦਕੇ ਤਿਰੇ,
ਓ ਧੌਣ ਉਚਾਉਣ ਵਾਲੇ,
ਨਜ਼ਰਾਂ ਉਠਾਉਣ ਵਾਲੇ !

23. ਮੇਰੇ ਸੁਫਨੇ

ਕੁਝ ਮੇਰੇ ਕੋਲ ਹੁੰਦਾ,
ਨਛਾਵਰ ਕਰ ਦੇਂਦਾ ਤੇਰੇ ਤੋਂ !

ਮੈਂ ਖਾਲੀ ਹੱਥ,
ਮੇਰੇ ਕੋਲ ਮੇਰੇ ਸੁਫਨੇ ਬੱਸ ।

ਮੈਂ ਵਿਛਾ ਦਿੱਤੇ ਸੁਫਨੇ ਆਪਣੇ,
ਤੇਰਿਆਂ ਰਾਹਾਂ ਵਿੱਚ, ਤੇਰਿਆਂ ਕਦਮਾਂ ਥੱਲੇ ।

ਹੌਲੇ ਹੌਲੇ ਟੁਰ,
ਕਿ ਤੇਰੇ ਕਦਮਾਂ ਥੱਲੇ, ਵੇਖ, ਮੇਰੇ ਨਾਜ਼ਕ ਸੁਫਨੇ !

24. ਉਹ ਕਿਥੇ ?

ਉਹ ਕਿਥੇ ਹੈ ?
ਕਿਹੜੇ ਮੁਲਕ ? ਕਿਹੜੇ ਦੇਸ, ਕਿਹੜੀ ਥਾਂ ?
ਕਿਵੇਂ ਮਿਲਾਂ ? ਕੌਣ ਮਿਲਾਏ ?
ਮੈਂ ਥੱਕਿਆ ਹੋਇਆ ਰਾਹੀ ਹਾਂ ।

ਗ੍ਰੰਥ ਪੜ੍ਹੋ, ਵੇਦ ਤੇ ਕਤੇਬ,
ਜਪ ਕਰੋ, ਤਪ ਤੇ ਤਿਆਗ;
ਸਨਿਆਸ ਧਾਰੋ, ਧਿਆਨ ਤੇ ਗਿਆਨ;
ਪੂਜਾ ਕਰੋ, ਪਾਠ ਅਤੇ ਆਰਤੀ;
ਰਹਿਤ ਧਾਰੋ, ਭੇਖ ਅਤੇ ਭਾਵਨਾ;
ਸ਼ਨਾਨ ਕਰੋ ਗੰਗਾ ਤੇ ਗੋਦਾਵਰੀ;
ਓਤੇ 'ਉਹ' ਰਹਿੰਦਾ,
ਮੰਦਰਾਂ ਤੇ ਤੀਰਥਾਂ, ਪੂਜ-ਅਸਥਾਨਾਂ ਵਿੱਚ-
ਕਿਸੇ ਮੈਨੂੰ ਆਖਿਆ ।

ਨੇਕ ਬਣੋ,
ਪਾਪ ਨਾ ਕਰੋ, ਚੋਰੀ ਨਾ, ਯਾਰੀ ਨਾ,
ਝੂਠ ਨਾ ਬੋਲੋ, ਰਹਿਮ ਕਰੋ, ਮਾਰੋ ਨਾ ਜਿਊਂਦੇ ਜੀਆਂ ਨੂੰ,
ਧਾਰਨ ਕਰੋ, ਪਰਉਪਕਾਰ, ਪਰਸੁਆਰਥ ਤੇ ਸੇਵਾ,
ਵੰਡ ਦਿਓ, ਦੌਲਤ, ਮਾਇਆ ਤੇ ਇਲਮ,
ਮਾਰ ਦਿਓ, ਹਊਮੈਂ, ਗ਼ਰੂਰ, ਮੈਂ, ਮੇਰੀ-
ਇਉਂ 'ਉਹ' ਮਿਲਦਾ,
ਖਲਕਤ ਦੀ ਖਿਦਮਤ ਨਾਲ-
ਕਿਸੇ ਮੈਨੂੰ ਆਖਿਆ ।

ਯਕੀਨ ਲਿਆਓ, ਆਪ ਸੰਵਾਰੋ, ਅਰਦਾਸ ਨਾਲ,
ਭਗਤੀ ਕਰੋ, ਕੀਰਤਨ, ਭਾਵਨਾਂ ਤੇ ਭੈ ਨਾਲ;
ਆਸ ਰਖੋ, ਹਰ ਰੰਗ, ਹਰ ਵੇਲੇ, ਹਰ ਨਾਲ;
ਦੁਖ ਭੋਗੋ, ਭਾਣਾ ਮੰਨੋ, ਖੁਸ਼ੀ ਅਨੰਦ ਨਾਲ-
ਇਉਂ 'ਉਹ' ਲੱਭਦਾ-
ਕਿਸੇ ਉਪਦੇਸ਼ਿਆ ।

ਗੁਰੂ ਧਾਰੋ,
ਵੇਲੇ ਵੇਲੇ ਹਰ ਸਮੇਂ ਰੱਬ ਨੇ ਜੋ ਘੱਲਿਆ;
ਹੁੱਜਤਾਂ ਨਾ, ਦਲੀਲ ਨਾ, ਹੁਕਮ ਮੰਨੋ, ਮੁਰਦਾ ਹੋਇ ਮੁਰੀਦ;
ਸੇਵਾ ਕਰੋ, ਮਨ ਨਾਲ, ਮਨ ਮਾਰ;
ਭਜਨ ਅਤੇ ਬੰਦਗੀ, ਅੱਖਾਂ ਮੀਟ ਦਿਲ ਨਾਲ-
ਇਉਂ 'ਉਹ' ਲਭਸੀ-
ਕਿਸੇ ਨੇ ਇਹ ਆਖਿਆ ।

ਥੱਕਾ ਹੋਇਆ ਪਾਂਧੀ ਸਾਂ ਮੈਂ, ਹੋਰ ਥੱਕਿਆ,
ਬਿਨ ਰਾਹ ਰਾਹੀ ਸਾਂ ਮੈਂ, ਹੋਰ ਭੌਂਦਲਿਆ,
ਗੁਆਚ ਗਿਆ ਮੈਂ, ਉਫ਼ ! ਗੁਆਚਿਆਂ ਦੀ ਕੰਨ ਧਰ,
ਤੂੰ ਆਇਓਂ ਫੇਰ ਮੇਰੇ ਕੋਲ, ਆਪੂੰ ਚਲ ਕੇ ।

ਮੈਂ ਵੇਖਿਆ, ਮੈਂ ਸਿਆਣਿਆ ਬੱਸ ਤੂੰ ਹੀ ਸੈਂ,
ਸਾਰੇ ਤੂੰ ਹੀ ਸੈਂ-
ਚੱਟੂ ਵਾਲੇ ਵੱਟੇ ਵਿਚ, ਠਾਕਰਾਂ ਦੇ ਟਿੱਟੇ ਵਿਚ,
ਮੰਦਰਾਂ ਦੇ ਬੁੱਤ ਵਿਚ, ਮਸਜਦਾਂ ਦੀ ਸੁੰਞ ਵਿਚ,
ਗ੍ਰੰਥਾਂ ਦੇ ਸ਼ਬਦਾਂ ਵਿਚ, ਕਿਤਾਬਾਂ ਦੇ ਵਰਕਾਂ ਵਿਚ,
ਭਗਤਾਂ ਦੀ ਭਗਤੀ ਵਿਚ, ਸ਼ਰਾਬੀਆਂ ਦੀ ਮਸਤੀ ਵਿਚ,
ਪੁੰਨੀਆਂ ਦੇ ਪੁੰਨ ਵਿਚ, ਪਾਪੀਆਂ ਦੇ ਪਾਪ ਵਿਚ,
ਬੱਕਰੇ ਦੀ ਜਾਨ ਵਿਚ, ਕਸਾਈ ਦੀ ਛੁਰੀ ਵਿਚ,
ਦੁਖੀਆਂ ਦੇ ਦੁੱਖ ਵਿਚ, ਸੁਖੀਆਂ ਦੀ ਸੁਖ ਵਿਚ,
ਰੋਗੀਆਂ ਦੇ ਰੋਗ ਵਿਚ, ਭੋਗੀਆਂ ਦੇ ਭੋਗ ਵਿਚ,
ਮੂਰਤਾਂ ਬਣਾਈਆਂ ਵਿਚ, ਰਾਗ ਕਵਿਤਾ ਗਾਈਆਂ ਵਿਚ,
ਕੋੜ੍ਹਿਆਂ ਦੇ ਕੋੜ੍ਹ ਵਿਚ, ਸੁੰਦਰਾਂ ਦੇ ਸੁਹਜ ਵਿਚ,
ਭਿਖਾਰੀਆਂ ਦੀ ਭਿਖ ਵਿਚ, ਦਾਤਿਆਂ ਦੇ ਦਾਨ ਵਿਚ,
ਮੋਮਨਾਂ ਦੀ ਮੋਮ ਵਿਚ, ਕਾਫ਼ਰਾਂ ਦੇ ਕੁਫ਼ਰ ਵਿਚ ।

ਤਲਾਸ਼ ਬੇ-ਸੂਦ ਹੈ, ਢੂੰਡ ਬੇ-ਫ਼ੈਜ਼,
ਮੰਦਰ ਸੱਖਣੇ ਹਨ, ਮਸਜਦਾਂ ਖਾਲੀ,
ਅੰਦਰ ਸੱਖਣਾ, ਸਭ ਕੁਝ ਸੱਖਣਾ,
ਅੰਦਰ ਭਰਿਆ, ਸਭ ਕੁਝ ਭਰਿਆ,
ਅੰਦਰ ਮੇਰਾ ਖਾਲੀ, ਤੂੰ ਹੈਂ ਨਹੀਂ,
ਅੰਦਰ ਮੇਰੇ ਤੂੰ, ਤੂੰ ਸਭ ਥਾਂ,
ਤੂੰ ਸਭ ਦਾ ਕਮਾਲ ਹੈਂ, ਮੈਂ ਤੇਰਾ ਕਮਾਲ ।
ਲੱਭਣਾ ਕਿਹਾ ? ਤੂੰ ਜਦ ਹੈਂ ।
ਮਿਲਣਾ ਕਿਹਾ ? ਤੂੰ ਜੇ ਨਹੀਂ ।
ਤਲਾਸ਼ ਕੇਹੀ ? ਤਲਾਸ਼ ਦਾ ਪੂਰਣਾ ਕਿਹਾ ?
ਗੁੰਮ ਹੋ ਜਾਣਾ-ਬਿਨਾਂ ਗੁੰਮ ਹੋਣ ਦੀ ਖਾਹਸ਼ ਦੇ-
ਮੇਰੇ ਵਿਚ ਤੇਰੇ ਵਿਚ-ਬੱਸ ਪਾਣਾ ਹੈ ।

25. ਦੋ ਨੰਗੀਆਂ ਰੂਹਾਂ

ਉਹ ਤੇ ਮੈਂ,
ਅਚਨਚੇਤ ਮਿਲੇ-ਵਗਦੀਆਂ ਭੀੜਾਂ ਵਿਚ,
ਅਟਕੇ, ਠਠੰਬਰੇ, ਤੱਕਿਆ,
ਨੇੜੇ ਹੋਏ, ਨਾਲ ਲੱਗੇ, ਘੁੱਟਿਆ ਨਪੀੜਿਆ-
ਕੰਧਾਂ ਢਹਿ ਪਈਆਂ, ਉਹਲੇ ਹਟ ਗਏ,
ਜਿਸਮ ਪਾਰਦਰਸ਼ਕ ਹੋ ਗਏ, ਜਿਵੇਂ ਸ਼ੀਸ਼ਾ,
ਪਰਦੇ ਫਟ ਗਏ,
ਦੋਵੇਂ ਰੂਹਾਂ ਇਕ ਹੋ ਗਈਆਂ-
ਇਉਂ ਹੋਏ ਸਨ, ਦੋ ਨੰਗੀਆਂ ਰੂਹਾਂ ਦੇ ਮੇਲੇ, ਕਦੀ ।

26. ਇਕ ਕੋਈ

ਇਕ ਕੋਈ,
ਲੰਘਿਆ ਜਾਂਦਾ, ਸਾਹਮਣੀ ਸੜਕ ਤੇ, ਮਾੜੂਆ ਜਿਹਾ,
ਗਰੀਬੜਾ ਬੰਦਾ,
ਮੋਢਿਆਂ ਤੋਂ ਘਸਿਆ ਕੁੜਤਾ, ਥਿੰਧਆਲੀ ਮੈਲੀ ਪੱਗ, ਵਿਚੋਂ
ਵਾਲਾਂ ਦੀਆਂ ਜਲੂਟੀਆਂ ਪਲਮਣ,
ਲੱਕ, ਅੰਦੇ ਪਿਆ, ਗੋਡਿਆਂ ਤੀਕ ਤਹਿਮਤ, ਗਾਂਢਿਆਂ
ਵਾਲੀ ਜੁੱਤੀ ਠਿੱਬੀ ਪੈਰੀਂ, ਖੁੱਚਾਂ ਤੀਕ ਘੱਟਾ,
ਬੁਚਕੀ ਇਕ ਨਿਕ-ਸੁਕ ਦੀ ਕੱਛੇ, ਹਥ ਸੋਟਾ ਇਕ ਪੁਰਾਣਾ,
ਇਸ ਦਾ ਇਕ ਸਾਥੀ ।

ਜੇਠ ਦੇ ਦਿਨ,
ਮੈਂ ਬੈਠਾ ਅੰਦਰ ਬੈਠਕੇ, ਖਾਂਦਾ ਬਰਫ ਮਲਾਈ ਠੰਡੀ,
ਚਮਚਿਆਂ ਨਾਲ,
ਪੱਖਾ ਚਲਦਾ ਸਿਰ ਤੇ ਬਿਜਲੀ ਦਾ,
ਘਾਹ ਦੀਆਂ ਟਟੀਆਂ ਬੱਧੀਆਂ ਬਾਹਰ, ਪਾਣੀ ਪਾਂਦਾ, ਉਨ੍ਹਾਂ
ਤੇ 'ਕੋਈ ਇਕ' ਮੁੜ ਮੁੜ,
ਅੱਗ ਵੱਸਦੀ ਕਹਿਰ ਦੀ, ਬਾਹਰ ਨਿਕਲਣ ਦੀ ਜਾ ਨਾ,
ਕੰਮ ਚਲਦੇ ਮੇਰੇ ਸਭ 'ਹੁਕਮ' ਨਾਲ, ਪੂਰਾ ਹੁੰਦਾ ਬੱਤੀਆਂ
ਦੰਦਾਂ 'ਚੋਂ, ਜੋ ਜੋ ਨਿਕਲਦਾ ।

ਉਹ ਕੋਈ,
ਲੰਘ ਗਿਆ, ਧੁੰਧਲਾ ਜਿਹਾ ਨਜ਼ਾਰਾ, ਅੱਖਾਂ ਅੱਗੋਂ ਛੇਤੀ ਛੇਤੀ,
ਇਕ ਮੱਧਮ ਜਿਹਾ ਚੇਤਾ ਚਿਤ ਵਿਚ, ਮਿਟਦਾ ਜਾਂਦਾ ਧੁੰਧ ਵਿਚ,
ਜਿਵੇਂ ਉਹ ਮੇਰਾ ਕੁਝ ਨਾ ਲੱਗਦਾ, ਮੈਂ ਉਸ ਦਾ ਕੁਝ ਨਾ ਲੱਗਦਾ,
ਉਹ ਖਬਰੇ 'ਕੌਣ ਕੋਈ' ਮੇਰੇ ਲਈ, ਮੈਂ ਖਬਰੇ 'ਇਕ ਕੌਣ'
ਉਹਦੇ ਲਈ ।

ਧੁੰਧ ਜੇਹੀ,
ਘੇਰੀ ਰਖਦੀ, ਸਿਆਣ ਨਾ ਹੁੰਦਾ, ਉਹ ਮੈਨੂੰ, ਮੈਂ ਉਹਨੂੰ,
ਨਖੇੜੀ ਰਖਦੀ, ਉਸ ਨੂੰ ਮੇਰੇ ਨਾਲੋਂ, ਮੈਨੂੰ ਉਸ ਦੇ ਨਾਲੋਂ,
ਸਾਫ ਹੁਲੀਆਂ ਨਾ ਦਿਸਦਾ, ਮੈਨੂੰ ਉਸ ਦਾ, ਉਸ ਨੂੰ ਮੇਰਾ,
ਉਸ ਦੀ ਪੀੜ ਵਿਚ ਮੇਰੀ ਪੀੜ ਨਾ, ਨਾ ਮੇਰੀ ਖੁਸ਼ੀ
ਵਿਚ ਉਸ ਦੀ ਸਾਂਝ ।
ਕਿਉਂ ?
ਕਦ ਤਕ ?

27. ਕਲੰਦਰ ਦਾ ਬਾਂਦਰ

ਜੇਠ ਦੇ ਦਿਨ, ਸਿਖਰ ਦੁਪਹਿਰਾਂ, ਪੰਜਾਬ ਦੀਆਂ,
ਇੱਲਾਂ ਚੜ੍ਹੀਆਂ, ਉੱਚੀਆਂ, ਅਸਮਾਨੀਂ, ਕਾਂ ਅੱਖ ਨਿਕਲਦੀ,
ਭੱਠ ਤਪਣ, ਲੋਆਂ ਵਗਣ, ਵਿਰੋਲੇ ਉਡਣ ਤੇ ਹਨੇਰੀਆਂ,
ਦੋਜ਼ਖਾਂ ਦੀ ਅੱਗ ਵਸਦੀ, ਗਰਮੀ ਆਖੇ ਮੈਂ ਮੁੜ ਨਾ ਪੈਣਾ ।

ਕੱਚੀ ਸੜਕ, ਘੱਟਾ ਮਿੱਟੀ, ਰਤਾ ਲਾਂਭੇ ਇਕ ਨਿਕਾ ਜਿਹਾ ਪਿੰਡ,
ਪਿੰਡ ਵਿਚਕਾਰੇ, ਇਕ ਉੱਚਾ ਪਿੱਪਲ, ਵੱਡਾ ਘੇਰ ਇਸ ਪਿੱਪਲ ਦਾ,
ਪਿੱਪਲ ਹੇਠਾਂ ਇਕ ਮੇਲਾ ਲੱਗਾ-
ਬਾਂਦਰ ਦਾ ਤਮਾਸ਼ਾ, ਪਿੰਡ ਹੋਇਆ ਇਕੱਠਾ ਸਾਰਾ ।

ਵੇਖਣ ਤਮਾਸ਼ਾ, ਬੱਚੇ ਬੁੱਢੇ, ਕੁੜੀਆਂ ਮੁੰਡੇ, ਹੱਸ ਹੱਸ,
ਬੁਢੇ ਬੈਠੇ ਮੰਜੀਆਂ ਤੇ, ਬੱਚੇ ਨੰਗ ਮੁਨੰਗੇ ਭੁੰਞੇ,
ਜਵਾਨ ਗੱਭਰੂ ਖਲੋਤੇ, ਘੇਰਾ ਘੱਤੀ, ਢਾਕਾਂ ਤੇ ਹਥ ਧਰੀ,
ਵਟ ਨਾ ਲਗਦਾ ਇਨ੍ਹਾਂ ਨੂੰ, ਨਾ ਗਰਮੀ, ਤਮਾਸ਼ੇ ਦਾ ਚਾਅ
ਚੜ੍ਹਿਆ ਐਡਾ ।

ਇਕ ਮਾੜੂਆ ਬੰਦਾ, ਕਲੰਦਰ, ਡਮਰੂ ਵਜਾਂਦਾ, ਇਕ ਨਾਲ
ਮੁੰਡਾ ਓਸ ਦੇ ।
ਇਕ ਬਾਂਦਰ ਗੰਜਾ, ਲੱਕ ਲੰਗੋਟ, ਮੋਢੇ ਡਾਂਗ ਗਭਰੂ ਜਵਾਨ ਦੇ
ਸਿਰ ਚੀਰਾ, ਮੇਲੇ ਜਾਂਦਾ ਜੋ ਕਿਤੇ ਨਾ ਲੱਗਾ,
ਇਕ ਬਾਂਦਰੀ, ਲੱਛੋ, ਖੁੱਥੀ ਖੁੱਥੀ, ਲੱਕ ਘੱਗਰੀ, ਰੱਤੀ, ਵਟੀਆਂ
ਲੀਰਾਂ ਦੀ,
ਨੱਚਣ, ਰੁੱਸਣ, ਮੰਨਣ, ਇਹ ਬਾਂਦਰ ਬਾਂਦਰੀ, ਕਲੰਦਰ ਦੇ ਇਸ਼ਾਰੇ ਤੇ,
ਡਮਰੂ ਦੇ ਖੜਾਕ ਤੇ ।

ਨੱਚਦੇ ਇਹ ਬਾਂਦਰ ਬਾਂਦਰੀ, ਡੰਡੇ ਦੇ ਡਰ ਨਾਲ, ਤਗੜੇ ਦੀ
ਮਰਜ਼ੀ ਹੇਠ,
ਹੌਲੇ ਸੁਸਤ, ਭਾਰੇ ਪੈਰੀਂ, ਮਨ ਮਰੇ ਨਾਲ, ਜਿਵੇਂ ਸਿਖਿਆ ਇਹਨਾਂ
ਨੇ ਰੋਜ਼ ਰੋਜ਼ ਨੱਚਣਾ,
ਰਹਿ ਗਈ ਤੇਜ਼ੀ ਤੇ ਲਚਕ ਤੇ ਚੌੜ ਇਨ੍ਹਾਂ ਦੀ ਭਾਵੇਂ, ਪਿਛੇ
ਵਿਚ ਜੰਗਲਾਂ,
ਜਿਥੇ ਰਹੀ ਆਜ਼ਾਦੀ, ਤੇ ਖੁਲ੍ਹ ਤੇ ਮੌਜ ਮਨ ਦੀ ।

ਖੇਲ੍ਹ ਖਤਮ, ਚਾਦਰ ਵਛਾਈ ਕਲੰਦਰ ਨੇ, ਪੇਟ ਵਾਸਤੇ ਆਪਣੇ,
ਪੈਸਾ ਸੁਟਿਆ ਕਿਸੇ ਇਕ, ਦਾਣਿਆਂ ਦੀ ਲੱਪ ਆਣ ਪਾਈ ਕਿਸੇ,
ਕਿਸੇ ਆਟੇ ਦੀ ਚੂੰਢੀ, ਰੋਟੀ ਬੇਹੀ ਦਾ ਚੱਪਾ ਕਿਸੇ,
ਨਿੱਕਾ ਜਿਹਾ ਢੇਰ ਲੱਗਾ ਇਕ, ਦਾਣੇ ਦਾ, ਆਟੇ ਦਾ ।

ਬਹਿ ਗਏ ਬਾਂਦਰ ਬਾਂਦਰੀ, ਕਲੰਦਰ ਦੇ ਕੋਲ,
ਉਦਾਸ, ਦਿਲਗੀਰ, ਜੀਵਨ ਦਾ ਚਾਅ ਨਾ ਰਿਹਾ ਹੁੰਦਾ ਜਿਵੇਂ,
ਖਬਰੇ ਕੋਈ ਯਾਦ ਆਈ, ਲੰਘ ਗਈ ਉਮਰਾ ਦੀ, ਖੁਸ ਗਈ
ਖੁਲ੍ਹ ਦੀ, ਖੁਲ੍ਹ ਵਾਲੇ ਜੰਗਲਾਂ ਦੀ ।
ਖਿਆਲ ਨੇ ਉਹ ਜੰਗਲ ਤੱਕੇ, ਚੀਕਾਂ ਸੁਣੀਆਂ, ਸਾਥੀਆਂ ਦੀਆਂ,
ਸਿਰ ਉਠੇ ਦੋ, ਅੱਖਾਂ ਮਿਲੀਆਂ ਚਾਰ,
ਘਿਰਣਾ ਦੀ ਨਜ਼ਰ ਤੱਕਿਆ, ਇਨ੍ਹਾਂ ਆਪਣੇ ਮਾਲਕ ਕਲੰਦਰ ਨੂੰ,
ਬੇ-ਖਬਰ ਪਾਂਦਾ ਸੀ, ਪੈਸੇ ਬੋਝੇ 'ਚ, ਆਟਾ ਦਾਣਾ ਗੁਛੀਆਂ 'ਚ,
ਰੋਟੀਆਂ ਫੜਾਂਦਾ ਮੁੰਡੇ ਦੇ ਹੱਥ,
ਛਾਲ ਮਾਰੀ ਇਨ੍ਹਾਂ, ਇਕ ਛੜੱਪਾ, ਚੜ੍ਹ ਗਏ ਪਿੱਪਲ ਤੇ ਬਾਂਦਰ ਬਾਂਦਰੀ,
ਮਾਰ ਮਾਰ ਟਪੋਸੀਆਂ, ਗਏ ਟਾਹਣੀਉਂ ਟਾਹਣੀ ਉੱਚੀ ਇਕ ਟੀਸੀ ਤੇ,
ਲੱਗਣ ਜਿਊਂਦੇ ਇਉਂ, ਜਵਾਨੀ ਮੁੜ ਆਈ ਮਰਿਆਂ ਸਰੀਰਾਂ ਵਿਚ
ਜਿਵੇਂ, ਦੰਦੀਆਂ ਚਘਾਂਦੇ ਹੇਠਾਂ ਬੈਠਿਆਂ ਨੂੰ ।

ਪਾੜ ਸੁੱਟੀ ਲਾਲ ਘੱਗਰੀ ਬਾਂਦਰੀ ਨੇ, ਮੈਲਾ ਕੋਟ ਬਾਂਦਰ ਨੇ,
ਨਵ੍ਹਾਂ ਨਾਲ, ਦੰਦਾਂ ਨਾਲ,
ਇਹ ਕੈਦ ਦੀਆਂ ਨਸ਼ਾਨੀਆਂ, ਗੁਲਾਮੀ ਦੇ ਤਕਮੇ, ਕਬਜ਼ ਕਰਦੇ
ਰੂਹਾਂ ਨੂੰ,
ਫਿਰਨ ਟਾਹਣੀਓਂ ਟਾਹਣੀ, ਟੀਸੀਓਂ ਟੀਸੀ, ਟਪੋਸੀਆਂ ਮਾਰਦੇ
ਮਨ ਮਰਜ਼ੀ ਨਾਲ,
ਭਾਗਾਂ ਨਾਲ ਮਿਲੀ ਇਸ ਨਵੀਂ ਆਜ਼ਾਦੀ ਨੂੰ ਮਾਣਦੇ, ਮਿਉਂਦੇ
ਨਾ ਜਿਸਮਾਂ ਵਿਚ ।

ਹੇਠਾਂ ਖਲੋਤਾ ਕਲੰਦਰ, ਤੇ ਉਸ ਦਾ ਸਾਥੀ, ਘਬਰਾਏ ਹੋਏ, ਹੱਕੇ ਬੱਕੇ,
ਦੋ ਤਿੰਨ ਬੁਢੇ ਹੋਰ ਨਾਲ, ਜਿਨ੍ਹਾਂ ਦੀ ਟਿਕਾਣ ਸੀ ਬਸ ਇਹੋ,
ਇਕ ਪਿੱਪਲ,
ਹੱਥਾਂ ਵਿਚ ਲਏ ਰੋਟੀ ਦੇ ਟੁੱਕਰ, ਤਲੀਆਂ ਤੇ ਰੱਖੀਆਂ ਖਿੱਲਾਂ
ਛੋਲਿਆ ਦੀਆਂ,
ਪੁਚ ਪੁਚ ਕਰਦੇ, ਤਰਲਿਆਂ ਤੇ ਪਿਆਰ ਨਾਲ ਬੁਲਾਂਦੇ, ਨੇੜੇ ਨੇੜੇ,
ਇਸ ਬਾਂਦਰ ਤੇ ਬਾਂਦਰੀ ਨੂੰ ।

ਭੁੱਖੇ ਸਨ ਇਹ ਬਾਂਦਰ ਬਾਂਦਰੀ ਦੋਵੇਂ,
ਪਿੱਪਲ ਤੇ ਕੁਝ ਨਾ ਲੱਭਾ ਸੀ ਖਾਣ ਨੂੰ, ਹੋਰ ਭੁਖ ਚਮਕਾਈ ਇਨ੍ਹਾਂ
ਖੁਲ੍ਹੀਆਂ ਟਪੋਸੀਆਂ ਨੇ ਸਗੋਂ,
ਆਏ ਲਲਚਾਏ ਹੇਠਾਂ ਹੇਠਾਂ, ਵੇਖ ਮਾਲਕ ਦੇ ਹੱਥ ਟੁੱਕਰ ਤੇ ਖਿੱਲਾਂ-
ਡੰਡਾ ਪਿਆ ਪਿਠ ਪਿਛੇ ਨਾ ਦਿਸਿਆ,
ਟੁੱਕਰ ਫੜ ਹੀ ਲਿਆ ਸੀ-ਕਿ ਸੰਗਲੀ ਫੜ ਲਈ ਕਲੰਦਰ ਨੇ
ਬਾਂਦਰ ਦੀ, ਮੁੰਡੇ ਨੇ ਬਾਂਦਰੀ ਦੀ,
ਟੁੱਕਰ ਹਟਾ ਲਿਆ ਅੱਗੋਂ, ਖੱਸ ਲਈਆਂ ਖਿੱਲਾਂ, ਤੇ ਡੰਡਾ ਫੜਿਆ
ਹੱਥ, ਅਕੇ ਹੋਏ ਕਲੰਦਰ ਨੇ ।

ਗੁੱਛੂ ਮੁੱਛੂ ਹੁੰਦੇ ਇਹ ਬਾਂਦਰ ਬਾਂਦਰੀ, ਕੱਠੇ ਹੁੰਦੇ ਜਾਣ, ਕਲੰਦਰ
ਦੀਆਂ ਲੱਤਾਂ ਵਿਚ, ਚੀਕਾਂ ਮਾਰਦੇ, ਤਰਲੇ ਕੱਢਦੇ,
ਮਾਰਿਆ ਕਲੰਦਰ ਨੇ ਡੰਡੇ ਨਾਲ, ਨਾਲੇ ਬੰਦ ਕੀਤੀ ਇਕ ਡੰਗ
ਦੀ ਰੋਟੀ-'ਬੜਾ ਖਪਾਇਆ ਇਹਨਾਂ ਮੈਨੂੰ ।'
ਧਰੂ ਕੇ ਲੈ ਗਿਆ ਡੇਰੇ ਆਪਣੇ, ਪਿੰਡੋਂ ਬਾਹਰ, ਬੰਨ੍ਹਿਆ ਕਿਲਿਆਂ
ਨਾਲ, ਅਜੇ ਗੁੱਸਾ ਨਾ ਸੀ ਮਰਿਆ ਕਲੰਦਰ ਦਾ ।
"ਇਹਨਾਂ ਬੜਾ ਖੱਜਲ ਕੀਤਾ ਅੱਜ, ਨਾਲੇ ਫਾੜ ਦਿਤੇ ਘੱਗਰੀ ਤੇ ਲੰਗੋਟ,
ਖਾਣ ਨੂੰ ਦੇਣਾ ਨਾ ਇਨ੍ਹਾਂ ਨੂੰ ਕੁਝ ਅੱਜ"-ਜ਼ਨਾਨੀ ਨੂੰ ਆਖਦਾ ।

ਚੁਪ ਹੋਏ ਬਾਂਦਰ ਤੇ ਬਾਂਦਰੀ, ਮਰ ਗਿਆ ਮੱਚ, ਉਡ ਗਈ ਰੂਹ,
ਵਿਸਰੀ ਜੰਗਲ-ਟਪੋਸੀਆਂ ਦੀ ਯਾਦ, ਹਮੇਸ਼ਾ ਵਾਸਤੇ,
ਨੱਚਦੇ ਹੁਣ ਘੱਗਰੀ ਪਾ ਕੇ ਸੋਟਾ ਫੜ ਕੇ, ਜਿਵੇਂ ਨਚਾਂਦਾ ਕਲੰਦਰ-
ਬੜੇ ਸਿੱਖੇ ਹੋਏ ਸਾਊ ਬਾਂਦਰ ਇਹ,
ਢਿੱਡ ਭਰਦੇ ਦਾਣੇ ਮੰਗ ਮੰਗ, ਇਸ ਮਾਲਕ ਕਲੰਦਰ ਦਾ, ਆਪਣੀ
ਕੈਦ ਦਾ ਤਮਾਸ਼ਾ ਵਿਖਾ ਵਿਖਾ ।
ਕੈਸੀ ਇਹ ਦੁਨੀਆਂ, ਜ਼ੁਲਮ ਨੂੰ ਤਮਾਸ਼ਾ ਆਂਹਦੀ,
ਖਰਚ ਖਰਚ ਪੈਸੇ ਵੇਖਦੀ, ਜ਼ੁਲਮ ਦਾ ਤਮਾਸ਼ਾ, ਇਹ ਦੁਨੀਆਂ
ਜ਼ਾਲਮ !

28. ਕੈਦੀ

ਬੁਲਬੁਲ, ਨਿੱਕੀ ਜਿਹੀ, ਸੁਹਣੀ ਜਿਹੀ,
ਪਿੰਜਰੇ ਅੰਦਰ ਕੈਦ,
ਪਿੰਜਰਾ ਲੋਹੇ ਦੀਆਂ ਸੀਖਾਂ ਦਾ,
ਉਹ ਨਨ੍ਹੀ ਸੁਹਲ ਜਿੰਦੜੀ !

ਤੜਫਦੀ, ਖੰਭ ਮਾਰਦੀ,
ਚੁੰਝਾਂ, ਨਾਲੇ ਪੌਂਚੇ,
ਟੁੱਟਦਾ ਨਾ, ਇਹ ਲੋਹੇ ਦਾ ਪਿੰਜਰਾ,
ਬੁਲਬੁਲ ਕੈਦ, ਬੇ-ਬਸ, ਤਰਸ-ਯੋਗ !

ਮੇਰੀ ਜਿੰਦ,
ਸੋਹਣੀ ਜਿਹੀ, ਨਿੱਕੀ ਜਿਹੀ, ਸੁਬਕ ਬੁਲਬੁਲ,
ਕੈਦ-
ਖਾਹਸ਼ਾਂ ਦੀਆਂ ਸੀਖਾਂ ਅੰਦਰ,
ਦੁਜੈਗੀ ਦੀਆਂ ਕੰਧਾਂ ਅੰਦਰ,
ਫਰੇਬਾਂ ਦੇ ਪਰਦੇ ਅੰਦਰ,
ਮੂਰਖਤਾ ਦੇ ਕੋਠੇ ਅੰਦਰ-
ਸਿਰ ਪਟਕਦੀ,
ਖਾਹਸ਼ਾਂ ਦੀ ਪੂਰਤੀ ਲਈ,
ਫਰੇਬਾਂ ਦੀ ਕਾਮਯਾਬੀ ਲਈ,
ਤੇ ਲਹੂ ਲੁਹਾਨ ਹੁੰਦੀ ।

ਅਕਲ ਦੀ ਖਿੜਕੀ ਖੁਲ੍ਹੀ ਹੈ,
ਸੱਚ ਦੇ ਰਾਹ ਨੂੰ ਜੰਦਰਾ ਨਹੀਂ,
ਹਕੀਕਤ ਦੇ ਬੂਹੇ ਨੂੰ ਭਿੱਤ ਨਹੀਂ,
ਇੰਨੇ ਰਾਹ ਖੁਲ੍ਹੇ ਇਸ ਪਿੰਜਰੇ ਦੇ,
ਛੁਟ ਸਕਦੀ ਮੇਰੀ ਜਿੰਦੜੀ ਇਸ ਕੈਦੋਂ,
ਪਰ ਛੁਟਦੀ ਨਹੀਂ ।
ਕੇਹੀ ਤਰਸ-ਯੋਗ ਕੈਦਨ ਹੈ,
ਇਹ ਜਿੰਦੜੀ ਮੇਰੀ !

29. ਪੁਕਾਰ ਮੇਰੇ ਰੱਬ ਦੀ

ਮੈਂ ਵੇਖਿਆ ਸੀ, ਰੱਬ ਮੇਰਾ,
ਇਕ ਦਿਲਗੀਰੀ ਵਿਚ, ਇਕ ਦਰਦ ਵਿਚ ਪੁਕਾਰਦਾ ਪਿਆ,
ਮੈਂ ਠੀਕ ਸੁਣਿਆ ਸੀ ਕੰਨ ਦੇ ਕੇ, ਆਂਹਦਾ ਸੀ ਪਿਆ,
ਉਹਦੇ ਆਖਣ ਵਿਚ ਦਰਦ ਸੀ, ਕੂਕ ਵਿਚ ਪੀੜ-
"ਮੈਂ ਆਪਣੇ ਬੰਦਿਆਂ ਵਾਸਤੇ ਗੁਲਾਮੀ ਹਰਾਮ ਕੀਤੀ ਸੀ,
ਮੇਰੇ ਬੰਦੇ ਫਿਰ ਗੁਲਾਮ ਨੇ ਕਿਉਂ ?
ਮੈਂ ਆਪਣੇ ਬੰਦਿਆਂ ਵਾਸਤੇ ਸਭ ਪੈਦਾਇਸ਼ ਕੀਤੀ ਸੀ,
ਮੇਰੇ ਬੰਦੇ ਫੇਰ ਭੁੱਖੇ ਨੇ ਕਿਉਂ, ਨੰਗੇ ਨੇ ਕਿਉਂ ?
ਮੈਂ ਸਾਰੀ ਕੁਦਰਤ ਆਪਣੇ ਬੰਦਿਆਂ ਦੀ ਚਾਕਰ ਕੀਤੀ ਸੀ,
ਮੇਰੇ ਬੰਦੇ ਫੇਰ ਕਿਸੇ ਦੇ ਚਾਕਰ ਨੇ ਕਿਉਂ ?
ਮੈਂ ਸਭ ਨੂੰ ਸਰਦਾਰੀ ਦਿੱਤੀ ਸੀ ਰਾਜਗੀ,
ਇਹ ਨਫ਼ਰ ਹੈਨ ਕਿਉਂ, ਗੁਲਾਮ ਰਹਿਣ ਕਿਉਂ ?
ਮੈਂ ਬਣਾਇਆ ਸੀ ਸਭ ਨੂੰ ਜਿਊਣ ਲਈ, ਜਿਊਂਦੇ ਰਹਿਣ ਲਈ,
ਜਿਊਂਦੇ ਰਹਿਣ ਦੇਣ ਲਈ,
ਇਹ ਜੀਊਂਦੇ ਨਹੀਂ ਕਿਉਂ, ਜਿਊਂਦੇ ਰਹਿੰਦੇ ਨਹੀਂ ਕਿਉਂ,
ਜਿਊਂਦੇ ਰਹਿਣ ਦੇਂਦੇ ਨਹੀਂ ਕਿਉਂ ?
ਮੈਂ ਇਹਨਾਂ ਨੂੰ ਅਰੋਗ ਬਣਾਇਆ ਸੀ, ਸਦਾ ਜਵਾਨ,
ਇਹ ਰੋਗੀ ਹੈਨ ਕਿਉਂ, ਸਦਾ ਮੁਰਦੇ ਰਹਿਣ ਕਿਉਂ ?
ਮੈਂ ਇਹਨਾਂ ਨੂੰ ਅਕਲ ਦਿਤੀ ਸੀ, ਇਹ ਵਰਤਦੇ ਨਹੀਂ ਕਿਉਂ ?
ਮੈਂ ਇਹਨਾਂ ਨੂੰ ਬੁਧੀ ਦਿਤੀ ਸੀ, ਇਹ ਜੋਖਦੇ ਨਹੀਂ ਕਿਉਂ ?

"ਕੌਣ ਹੈ ਖੜਾ ਮੇਰੇ ਤੇ ਮੇਰੇ ਬੰਦਿਆਂ ਦੇ ਵਿਚਕਾਰ ?
ਜਿਸ ਦੇ ਉਹਲੇ ਕਾਰਨ, ਬੰਦਿਆਂ ਨੂੰ ਦਿਸਦਾ ਨਹੀਂ ਮੈਂ, ਬੰਦੇ
ਵਿਹੰਦੇ ਨਹੀਂ ਮੈਨੂੰ ?
ਅਕਲਾਂ ਦੇ ਕੋਟ ਮੂਰਖ ਹਨ, ਪਿਆਰਾਂ ਦੇ ਪੁਤਲੇ ਲੜਦੇ ਹਨ,
ਹੁੰਦੇ ਸੁੰਦੇ ਭੁੱਖੇ ਹਨ, ਨੇੜੇ ਹੁੰਦੇ ਦੂਰ ਹਨ ।
ਇਹ ਕੌਣ ਹਨ ਮੈਨੂੰ ਕੰਡ ਦੇਈ ਖੜੇ, ਚਾਨਣ ਮੇਰਾ ਰੋਕੀ ਖੜੇ ?
ਮੁੱਲਾਂ, ਪਾਂਧੇ, ਪੰਡਤ, ਗੁਰੂ, ਪੀਰ, ਲੀਡਰ, ਪੁਜਾਰੀ, ਲੁਟੇਰੇ !
ਇਹ ਕੀ ਹੈ ਉਹਲਾ ਜਿਹਾ, ਵਿਚਕਾਹੇ ਜਿਹੇ ?
ਮਸਜਦਾਂ, ਮੰਦਰ, ਮੁਲਕ-ਹਨੇਰੇ ਕੋਠੇ, ਸੱਖਣੀਆਂ ਹੱਦਾਂ !
ਇਹ ਕੀਹ ਹੈ ਆਲ ਜੰਜਾਲ, ਮੇਰੇ ਬੰਦਿਆਂ ਨੂੰ ਬੰਨੇ ਬੰਨ੍ਹਣ ?
ਧਰਮ, ਮਜ਼੍ਹਬ, ਸ਼ਰ੍ਹਾਂ, ਸ਼ਿਕੰਜੇ-ਵਹਿਮ ਭੁਲੇਖੇ ।
ਕਰਾਂ ਫਨਾਹ ਇਹਨਾਂ ਦਲਾਲਾਂ ਨੂੰ, ਇਹਨਾਂ ਉਹਲਿਆਂ ਨੂੰ, ਇਹਨਾਂ
ਬੰਨ੍ਹਣਾਂ ਨੂੰ ?
ਪਰ ਕਿਉਂ ?
ਮੈਂ ਆਪਣੇ ਬੰਦਿਆਂ ਨੂੰ ਆਪਣੀ ਸਾਰੀ ਸ਼ਕਤੀ ਦਿੱਤੀ ਏ,
ਸਾਰੀ ਅਕਲ ।
ਉਹ ਆਪੇ ਆਜ਼ਾਦ ਹੋਸਨ, ਆਪਣੀ ਤਾਕਤ ਨਾਲ !
ਮੇਰਾ ਦਖਲ ਦੇਣਾ ਹੁਣ ਠੀਕ ਨਾ"-
ਰੱਬ ਦੀ ਦਿਲਗੀਰੀ ਲਹਿ ਗਈ, ਉਹ ਲੱਗਾ ਫਿਰਨ ਚਾਈਂ
ਚਾਈਂ, ਖੁਸ਼ ।
ਮੈਂ ਰੱਬ ਡਿੱਠਾ ਸੀ, ਉਹਦੀ ਪੁਕਾਰ ਸੁਣੀ ਸੀ,
ਤੁਸਾਂ ਡਿੱਠਾ ਏ ? ਉਹਦੀ ਪੁਕਾਰ ਸੁਣੀ ਏਂ ?
ਨਹੀਂ ਡਿੱਠਾ, ਤਾਂ ਮੈਨੂੰ ਵੇਖੋ,
ਨਹੀਂ ਸੁਣੀ, ਤਾਂ ਮੇਰੀ ਸੁਣੋ-
ਕਿ ਰੂਪ ਉਸ ਦਾ ਝਲਕਦਾ ਮੇਰੇ ਵਿਚੋਂ,
ਪੁਕਾਰ ਉਸ ਦੀ ਕੂਕਦੀ ਮੇਰੇ ਅੰਦਰ ।

30. ਚਿੜੀ

ਮੈਂ ਇਕ ਚਿੜੀ ਹਾਂ, ਨਿੱਕੀ ਜਿਹੀ, ਨਾਜ਼ਕ, ਨਿਤਾਣੀ,
ਨਿੱਕੀ ਜਿਹੀ ਜਾਨ ਮੇਰੀ, ਨਿੱਕੀ ਜਿਹੀ ਮਿੱਤ, ਨਿੱਕਾ ਜਿਹਾ ਵਿੱਤ,
ਨਾ ਕੋਈ ਕੰਮ ਮੇਰੇ ਕੋਲੋਂ ਪੁੱਗਦਾ,
ਨਾ ਕੋਈ ਕਾਜ ਮੇਰੇ ਬਿਨ ਥੁੜਦਾ,
ਮੈਂ ਇਕ ਚਿੜੀ ਹਾਂ !

ਇਸ ਰਾਹ ਦਾ ਇਹ ਰੁਖ, ਸਦਾ ਦਾ ਬਸ ਮੇਰਾ ਸਾਥੀ,
ਸਭ ਟੁੰਡ ਟਹਿਣੀਆਂ ਇਸ ਦੀਆਂ, ਮੇਰਾ ਬਸ ਆਸਰਾ,
ਇਸ ਨੂੰ ਮੇਰਾ ਭਾਰ ਨਾ ਲੱਗਦਾ,
ਨਾ ਇਹ ਮੇਰੀ ਹੋਂਦ ਕੋਲੋਂ ਅੱਕਦਾ,
ਮੈਂ ਇਕ ਚਿੜੀ ਹਾਂ !

ਉੱਡਣਾ ਹਵਾਵਾਂ ਵਿਚ, ਗਾਣਾ ਗਗਨਾਂ ਵਿਚ ।
ਇਹ ਕੰਮ ਮੇਰਾ ।
ਕੋਈ ਕੰਨ ਗੀਤ ਮੇਰੇ ਸੁਣਦਾ ਕਿ ਨਾ ?
ਮੈਂ ਸੁਣਾਨ ਨੂੰ ਨਾ ਗਾਂਦੀ ।
ਕੋਈ ਅੱਖ ਮੇਰੀ ਉਡਾਰੀ ਤੱਕਦੀ ਕਿ ਨਾ ?
ਮੈਂ ਵਿਖਾਣ ਨੂੰ ਨਾ ਉਡਦੀ ।
ਮੈਂ ਇਕ ਚਿੜੀ ਹਾਂ !

ਕਦੀ ਕਦੀ ਕੋਈ ਰਾਹੀ ਗੀਤ ਮੇਰਾ ਆਣ ਸੁਣਦਾ,
ਤੇ ਉਡਾਰੀ ਮੇਰੀ ਵੇਖ ਖੁਸ਼ ਹੋਂਦਾ,
ਇਹ ਮੇਰੇ ਭਾਗ, ਨਾਲੇ ਉਸ ਦੇ,
ਰੂਹਾਂ ਦੇ ਮੇਲ ਸੋਹਣੇ ਲਗਦੇ ਮੈਨੂੰ,
ਮੈਂ ਇਕ ਚਿੜੀ ਹਾਂ !

31. ਮੈਂਡਾ ਸਾਥੀ

ਕੁਦਰਤ ਨੇ ਇਉਂ ਹੀ ਸਾਜਿਆ,
ਕਾਰੀਗਰੀ ਕਾਰੀਗਰ ਦੀ ਇਵੇਂ ਹੀ ਸੀ,
ਕਿ ਮੈਨੂੰ ਅਪੂਰਨ ਸਾਜਿਆ,
ਕਿ ਮੈਨੂੰ ਅਧੂਰਾ ਰਖਿਆ !

ਮੇਰੇ ਪਾਸ ਸਭ ਕੁਝ-ਦੌਲਤ, ਹੁਨਰ, ਇਲਮ, ਸੁਖ ਸਾਰੇ ਜਹਾਨ ਦੇ,
ਪਰ ਮੈਂ ਅਧੂਰਾ ।
ਮੇਰੇ ਕੋਲ ਹੁਸਨ, ਜਵਾਨੀ ਜੀਵਨ,
ਮੈਂ ਫਿਰ ਭੀ ਊਰਾ ।

ਮੈਂ ਢੂੰਡਦਾ ਉਹ ਇਕ ਸਾਥੀ,
ਜਿਸ ਬਿਨ ਮੈਂ ਅਧੂਰਾ,
ਜਿਸ ਨਾਲ ਮੈਂ ਪੂਰਾ,
ਜਿਸ ਬਿਨ ਮੇਰਾ ਹੋਰ ਨਾ ।
ਮੇਰੇ ਬਿਨ ਜਿਸਦਾ ਹੋਰ ਨਾ ।
ਮੈਂ ਢੂੰਡਦਾ ਉਹ ਸਾਥੀ,
ਜੋ ਮੇਰੇ ਵਿਚ ਮਿਲ ਜਾਏ,
ਮੈਂ ਜਿਸ ਵਿਚ ਗੁਆਚ ਜਾਵਾਂ,
ਵਿਰਲ ਨਾ ਰਹੇ, ਸਾਂਝ ਹੋਵੇ, ਇਕਮਿਕਤਾ,
ਛਪਾ ਨਾ ਰਹੇ, ਭੇਤ ਨਾ ਰਹੇ, ਹੋਵੇ ਅਭੇਦਤਾ,

ਮੈਂ ਢੂੰਡਦਾ ਇਕ ਸਾਥੀ,
ਪੁਜਾਰੀ ਆਪਣਾ, ਪੂਜਯ ਆਪਣਾ,
ਕਮਜ਼ੋਰੀਆਂ ਜਿਸ ਦੀਆਂ ਨੂੰ ਮੈਂ ਜਾਣਾਂ, ਤਰੁਟੀਆਂ ਮੇਰੀਆਂ ਨੂੰ
ਜੋ ਪਛਾਣੇ,
ਸਬੂਤੀਆਂ ਮੇਰੀਆਂ ਨੂੰ ਜੋ ਪਿਆਰੇ, ਖੂਬੀਆਂ ਜਿਸ ਦੀਆਂ
ਨੂੰ ਮੈਂ ਪਿਆਰਾਂ,
ਮੇਰੇ ਗੁਨਾਹਾਂ ਨੂੰ ਜੋ ਜਾਣੇ, ਜਿਵੇਂ ਮੈਂ ਜਾਣਦਾ,
ਜਿਸ ਦੇ ਗੁਨਾਹਾਂ ਨੂੰ ਮੈਂ ਜਾਣਾਂ, ਜਿਵੇਂ ਉਹ ਜਾਣਦਾ,
ਦਿਲਾਂ ਦੀਆਂ ਜੋ ਦੇਵੇ ਤੇ ਲਵੇ,
ਅੰਦਰਲੇ ਨਾਲ ਜੋ ਗੱਲਾਂ ਕਰੇ ਤੇ ਸੁਣੇ,
ਜਿਸ ਦਾ ਕਿਣਕਾ ਕਿਣਕਾ ਮੇਰਾ ਜਾਣੂ, ਮੇਰਾ ਪੁਰਜ਼ਾ
ਪੁਰਜ਼ਾ ਜਿਸ ਦਾ ਸਿਆਣੂ,
ਮੇਰੀ ਹੇਕ ਜਿਸ ਨਾਲ ਰਲੇ, ਤੇ ਦੋ ਰੂਹਾਂ ਇਕ ਗੀਤ ਗਾਣ ।
ਮੈਂ ਢੂੰਡਦਾ ਉਹ ਮਾਲਕ-ਯਾਰ,
ਜਿਦ੍ਹੇ ਬੰਧਨਾਂ 'ਚ ਮੇਰੀ ਆਜ਼ਾਦੀ ਹੈ,
ਜਿਦ੍ਹੀਆਂ ਪੁੱਛਾਂ ਵਿਚ ਮੇਰੇ ਜਵਾਬ,
ਮੇਰੇ ਨਾਜ਼ਾਂ ਨੂੰ ਜੋ ਉਠਾਵੇ,
ਜਿਦ੍ਹੇ ਰੋਸੇ ਨੂੰ ਮੈਂ ਮਨਾਵਾਂ,
ਮੇਰੇ ਬਿਨਾਂ ਜਿਸ ਨੂੰ ਕੰਮ ਕੋਈ ਨਾ ਹੋਵੇ,
ਜਿਸ ਦੇ ਨਾਲ ਮੈਨੂੰ ਵਿਹਲ ਰਤਾ ਨਾ ਰਹੇ,
ਝੂਮਾਂ ਜਿਸ ਦੇ ਚਾਨਣ ਵਿਚ ਮੈਂ,
ਲਹਿਰੇ ਮੇਰੀ ਰੋਸ਼ਨੀ ਵਿਚ ਜੋ ।
ਜੀਵਾਂ ਉਸ ਨਾਲ ਮੈਂ,
ਥੀਵੇ ਮੈਂ ਨਾਲ ਜੋ ।

ਜਿਨ੍ਹਾਂ ਦਾ ਐਸਾ ਸਾਥੀ ਨਾ, ਉਹ ਕਿਵੇਂ ਜੀਂਦੇ ?
ਜੋ ਟੋਲਦੇ ਨਾ ਐਸਾ ਸਾਥੀ, ਉਹ ਕਿਵੇਂ ਥੀਂਦੇ ?

32. ਸਭ ਮੇਰੇ ਸਾਥੀ

ਮੈਂ ਇਕੱਲਾ ਸਾਂ, ਕਦੀ-
ਮੈਂ ਭੀ ਇਕ ਸਾਥੀ ਢੂੰਡਿਆ ਸੀ ਕਦੀ,
ਉਸ ਦੀ ਢੂੰਡ, ਉਸ ਦਾ ਸਾਥ, ਇਕ ਜੀਵਨ ਸੀ ਅਕਹਿ ।

ਹੁਣ ਮੈਂ ਇਕੱਲਾ ਨਹੀਂ, ਕਿ ਸਭ ਮੇਰੇ ਸਾਥੀ ਹਨ,
ਕਿਸੇ ਇਕ ਨਾਲ ਮੇਰਾ ਜੋੜ ਨਹੀਂ, ਕਿਉਂਕਿ ਸਭ ਨਾਲ ਮੈਂ
ਜੁੜਿਆ ਹਾਂ,
ਕਿਸੇ ਇਕ ਨਾਲ ਮੇਰੀ ਸਾਂਝ ਨਹੀਂ, ਕਿਉਂਕਿ ਸਭ ਮੇਰੇ ਸਾਂਝੀਵਾਲ ਹਨ,
ਕੋਈ ਮੇਰਾ ਰਾਜ਼ਦਾਰ ਨਹੀਂ, ਕਿਉਂਕਿ ਮੇਰਾ ਰਾਜ਼ ਕੋਈ ਨਹੀਂ,
ਕਿਸੇ ਇਕ ਬੁਤ ਦਾ ਮੈਂ ਪੁਜਾਰੀ ਨਹੀਂ, ਕਿਉਂਕਿ ਮੇਰਾ ਬੁਤ-ਖਾਨਾ
ਕੋਈ ਨਹੀਂ,
ਹੁਣ ਮੇਰੀ ਬੁੱਕਲ 'ਚ ਕੋਈ ਨਹੀਂ, ਕਿਉਂਕਿ ਮੇਰੀ ਬੁੱਕਲ ਕੋਈ ਨਹੀਂ ।

ਹੁਣ ਮੈਂ ਚੌੜਾ ਹੋਇਆ ਹਾਂ, ਸਭ ਮੇਰੇ ਵਿਚ ਹਨ ।
ਹੁਣ ਮੈਂ ਇਕੱਲਾ ਨਹੀਂ, ਕਿ ਸਭ ਮੇਰੇ ਹਨ ।
ਢੂੰਡ ਕਿਸ ਦੀ, ਤਲਾਸ਼ ਕੇਹੀ ? ਇਕੱਲ ਕਿਵੇਂ ?
ਨਾ ਢੂੰਡਣਾ, ਨਾ ਬਣਨਾ, ਨਾ ਬਣਾਣਾ, ਇਹ ਭੀ ਇਕ ਜੀਵਨ
ਹੈ ਅਕਹਿ ।
ਸਭ ਮੇਰੇ ਹਨ, ਮੈਂ ਸਭ ਦਾ ਹਾਂ,
ਸਭ ਮੇਰੇ ਆਸਰੇ ਹਨ, ਮੈਂ ਸਭ ਦਾ ਆਸਰਾ ਹਾਂ ।

33. ਕੋਹਲੂ

ਇਹ ਕੋਹਲੂ,
ਕਿਡਾ ਵੱਡਾ-ਰੱਬ ਦਾ ਸੁਰਮੇਦਾਨਾ,
ਕਿਸ ਲੱਕੜ ਦਾ ਬਣਿਆ ? ਕਿਸ ਤਰਖਾਣ ਦਾ ਘੜਿਆ ?
ਕਦੋਂ ਆ ਗੱਡਿਆ ਇਸ ਕੋਠੇ ਅੰਦਰ,
ਤੇਲੀਆਂ ਸਾਰੇ ਪਿੰਡ ਦਿਆਂ ਰਲ ਕੇ,
ਇਹ ਕੋਹਲੂ ।

ਅੰਦਰੋਂ ਬਾਹਰੋਂ ਥਿੰਧਾ,
ਚੱਪਾ ਚੱਪਾ ਮੈਲ ਤੇਲ ਦੀ ਜੰਮੀ,
ਪੀੜ੍ਹੀਆਂ ਦਾ ਵਿੱਢਿਆ, ਇਹ ਕੋਹਲੂ,
ਹਥ ਭਰਦੇ, ਹਥ ਲਾਇਆਂ,
ਅਗੇ ਧਰਿਆ, ਇਕ ਬੋੜਾ ਭਾਂਡਾ, ਮੈਲਾ ਲਿਬੜਿਆ,
ਵਿਚ ਪੈਂਦੀ ਤੇਲ ਦੀ ਨਿਕੜੀ ਧਾਰ, ਕੋਹਲੂ ਦੀ ਪਾੜਛੀ ਥਾਣੀਂ ।

ਵਿਚ ਲੱਠ ਫਿਰਦੀ, ਵੱਡੀ ਇਕ ਮੋਟੀ,
ਜਿਵੇਂ ਸੁਰਮਚੂ ਰੱਬ ਦਾ,
ਫਿਰਦੀ ਪੀੜਦੀ ਜੋ ਵਿਚ ਪੈਂਦਾ-
ਅਲਸੀ, ਤਾਰਾ-ਮੀਰਾ ਤੇ ਸਰ੍ਹੋਂ,
ਢੱਗਾ ਜੁੱਤਾ ਇਕ ਅਗੇ, ਗਾਧੀ ਦੇ,
ਵਗਦਾ ਇਕ ਚਾਲ ਤੇਲੀ ਦੀ ਹੂੰਗਰ ਤੇ,
ਖੋਪੇ ਬੱਧੇ ਅਖਾਂ ਦੋਹਾਂ ਅਗੇ,
ਮਤ ਵੇਖੇ ਬਾਹਰ ਦੀ ਦੁਨੀਆਂ,
ਤੇ ਵਗਨਾ ਛੱਡੇ,
ਇਹ ਖੋਪੀਂ ਲੱਗਾ ਢੱਗਾ ।

ਤੇਲੀ ਬੈਠਾ ਨੁੱਕਰੇ ਇਕ, ਹੁੱਕਾ ਗੁੜ ਗੁੜ ਕਰਦਾ,
ਹਿਲਾਂਦਾ ਫਰਾਹ ਨਾਲ ਕੋਹਲੂ ਵਿਚਲੇ ਦਾਣੇ ਕਦੀ,
ਕੁੱਛੜ ਚੁਕਦਾ, ਨਲੀ ਵਗਦੇ ਰੋਂਦੂ ਮੁੰਡੇ ਨੂੰ ਕਦੀ,
ਕਦੀ ਵਾਜ ਮਾਰਦਾ ਤੇਲਣ ਨੂੰ, *ਮੁੰਡਾ ਲੈ ਜਾ ਆ ਕੇ, *
ਕਦੀ ਸਿਧਾ ਕਰਦਾ ਭਾਂਡੇ ਨੂੰ, ਭਰਨ ਉਤੇ ਆਇਆ ਜੋ,
ਕਦੀ ਮਾਰਦਾ ਸੋਟਾ, ਸੁਸਤ ਟੁਰਦੇ ਇਸ ਕੰਨ੍ਹ ਲੱਗੇ ਢੱਗੇ ਨੂੰ ।

ਤੇਲਣ ਬੈਠੀ ਅੰਦਰ, ਝਲਾਣੀ ਅੰਦਰ,
ਥਿੰਧੇ ਕਪੜੇ, ਥਿੰਧਾ ਮੂੰਹ, ਤਿਲਕਣੀ ਤੇਲਣ,
ਤਿਲਕ ਤਿਲਕ ਡਿਗਦੇ, ਤਿਲਕਣ ਬਾਜ਼ੀ, ਪਿੰਡ ਦੇ ਗਭਰੂ ਇਸ
ਦੇ ਰਾਹ ਉਤੇ,
ਪ੍ਰੌਠੇ ਪਕਾਂਦੀ ਤੇਲ ਦੇ ਚੋਂਦੇ ਚੋਂਦੇ,
ਗੋਦੇ ਪਾ ਇਕ ਮੁੰਡਾ,
ਦੁਧ ਚੁੰਘਦਾ ਜੋ ।

ਇਹ ਕੋਹਲੂ ਨਿਤ ਨਿਤ ਚਲਦਾ,
ਇਹ ਢੱਗਾ ਨਿਤ ਨਿਤ ਵਗਦਾ,
ਇਹ ਤੇਲੀ ਨਿਤ ਨਿਤ ਖਪਦਾ,
ਤੇ ਤੇਲਣ ਨਿਤ ਪਕਾਂਦੀ-
ਇਹ ਇਨ੍ਹਾਂ ਦੀ ਕਾਰ ਹੈ,
ਇਹ ਇਨ੍ਹਾਂ ਦਾ ਜੀਵਨ ਹੈ ।

ਕੁਝ ਉਚਿਆਣ ਨਾ, ਕੁਝ ਨਿਵਾਣ ਨਾ,
ਕੁਝ ਚੜ੍ਹਾਈ ਨਾ, ਕੁਝ ਲਹਾਈ ਨਾ,
ਉਤਾਂਹ ਕਦੀ ਇਹ ਤਕਦੇ ਨਾ,
ਹੇਠਾਂ ਕਦੀ ਇਹ ਵਿਹੰਦੇ ਨਾ,
ਸਦਾ ਇਕ ਸਾਰ ਜੀਂਦੇ ਇਹ,
ਇਕ ਬੇ-ਸਵਾਦੀ, ਹੋਈ ਨਾ ਹੋਈ, ਪੱਧਰ ਜੇਹੀ ਥਾਂ ਤੇ ।

ਬਸ ਕਾਰ ਦੀ ਕਾਰ ਨਿਤ, ਕਦੀ ਕੋਈ ਸ਼ੁਗਲ ਨਾ,
ਸਵੇਰ ਸਾਰ ਕਦੀ ਕੋਈ ਬੁਢੀ ਆਉਂਦੀ, ਪੋਤਰੇ ਨੂੰ ਉਂਗਲ ਲਾਈ,
ਸਿਰ ਪੱਕਿਆ ਸਾਰਾ ਫੋੜਿਆਂ ਨਾਲ ਜਿਸ ਦਾ,
ਪੁਛਦੀ ਭਾਈ ਤੇਲੀ ਨੂੰ, ਤੇ ਲਾ ਲੈਂਦੀ ਝੱਗ, ਸਰ੍ਹੋਂ ਦੇ ਕੱਚੇ
ਤੇਲ ਦੀ, ਪੋਤਰੇ ਦੇ ਸਿਰ-
ਇਹ ਪਰਉਪਕਾਰ ਇਸ ਕੋਹਲੂ ਦੇ ਕਾਰਖਾਨੇ ਦਾ ਬਸ !

ਸਰਦੀਆਂ ਦੀ ਪਿੱਛਲੀ ਰਾਤ, ਇਹ ਤੇਲੀ ਰੂੰ ਪਿੰਜਦਾ, ਸੁਆਣੀਆਂ
ਮੁਟਿਆਰਾਂ ਦਾ,
ਤਾੜਾ ਵੱਜਦਾ, ਪਿੰਞਣ ਚਲਦਾ, ਤੇ ਮੁੜ੍ਹਕੋ ਮੁੜ੍ਹਕੀ ਹੋਈ ਜਾਂਦਾ, ਇਹ
ਤੇਲੀ, ਸਿਆਲੇ ਦੀਆਂ ਰਾਤਾਂ ਵਿਚ
ਦੀਵਾ ਸਰ੍ਹੋਂ ਦਾ ਜਗਦਾ, ਦੂਰ ਦੁਆਖੇ ਤੇ, ਅਧ-ਕੰਧੇ,
ਤੇ ਮੈਲ ਤੇਲ ਦੀ ਵਗਦੀ, ਧੁਰ ਹੇਠਾਂ, ਫਰਸ਼ਾਂ ਤੀਕ,
ਤੇ ਸਭ ਕੰਮ ਹੁੰਦੇ ਇਸ ਤੇਲੀ ਦੇ ਘਰ ਦੇ,
ਇਸ ਦੀਵੇ ਦੇ ਨਿੰਮ੍ਹੇ ਚਾਨਣੇ ।

ਰੂੰ ਰਖ ਜਾਂਦੀਆਂ ਮੁਟਿਆਰ ਸੁਆਣੀਆਂ, ਸ਼ਾਮਾਂ ਨੂੰ,
ਤੇ ਪਿੰਜਾ ਲੈ ਜਾਂਦੀਆਂ ਅਗਲੇ ਭਲਕ, ਪਰਭਾਤਾਂ ਨੂੰ,
ਪੂਣੀਆਂ ਵਟਦੀਆਂ ਰਹਿੰਦੀਆਂ ਬਹਿ ਕੇ, ਨਾਲੇ ਕੋਈ ਕੋਈ ਗੱਲ
ਕਰਦੀਆਂ ਤੇਲੀ ਨਾਲ, ਐਧਰ ਦੀ ਓਧਰ ਦੀ-
ਇਹ ਇਕ ਜਿਉਂਦੀ ਘੜੀ ਹੁੰਦੀ, ਇਸ ਤੇਲੀ ਦੇ ਬੁੱਸੇ ਜੀਵਨ ਵਿਚ ।

ਕੋਈ ਇਕ ਮੁਟਿਆਰ, ਭਖਦੀ ਜਵਾਨੀ, ਬੁਢੇ ਹਟਵਾਣੀਏਂ ਦੀ
ਜਵਾਨ ਨਾਰ,
ਰੂੰ ਪਿੰਞਾਣ ਜਾਂਦੀ, ਲਗੀਆਂ ਮੁਹੱਬਤਾਂ ਦਾ,
ਕਾਂਗ 'ਚ ਆਉਂਦੀ ਜਦ ਜਵਾਨੀ, ਤੇ ਬੇ-ਵੱਸ ਹੋ ਵਗਦੀ,
ਅੰਗ ਅੰਗ ਫਰਕਦਾ, ਪੁਰਜ਼ਾ ਪੁਰਜ਼ਾ, ਤਰਸਦਾ,
ਕੁਝ ਕੁਝ ਕਰਨ ਨੂੰ, ਕਿਧਰੇ ਜਾ ਮਰਨ ਨੂੰ ।

ਰੂੰ ਰੱਖ ਆਉਂਦੀ ਸ਼ਾਮਾਂ ਨੂੰ, ਤੇਲੀ ਦੇ ਘਰ,
ਤੇ ਆਖਦੀ ਨਿਨਾਣ ਤੇ ਸੱਸ ਨੂੰ, 'ਮੈਂ ਰੂੰ ਪਿੰਞਾਣ ਜਾਣਾ ਨੀ
ਭਲਕੇ ਸਵੇਲੇ'
ਉਠ ਬਹਿੰਦੀ ਛੋਪਲੇ, ਅਧੀ ਰਾਤ, ਪੋਪਲੇ ਪੈਰੀਂ ਪੱਬਾਂ ਭਾਰ ਕੁੰਡੀ
ਬਾਹਰੋਂ ਮਾਰ ਜਾਂਦੀ ਘਰ ਦੀ,
ਤੇ ਟੁਰ ਪੈਂਦੀ ਪੀਡੀ ਬੁੱਕਲ ਮਾਰ, ਕਿਸੇ ਹੋਰਸ ਪਾਸੇ,
ਜਾਂਦੀ, ਭੱਜੀ ਕਾਹਲੀ ਕਾਹਲੀ, ਨੰਗੀਂ ਪੈਰੀਂ, ਧਰਮਸਾਲਾ ਵੰਨੀਂ,
ਤੇ ਜਾ ਠਕੋਰਦੀ ਕੋਠੜੀ, ਉਸ ਗਭਰੂ ਜਵਾਨ ਧਰਮਸਾਲੀਏ ਭਾਈ ਦੀ,
ਇਸ ਦਾ ਹਾਣ ਸੀ ਉਹ,
ਤੇ ਅਗੋਂ ਭਿੱਤ ਝੱਟ ਖੁਲ੍ਹਦੇ-ਪ੍ਰੇਮੀ ਸਦਾ ਜਾਗਦੇ ਰਹਿੰਦੇ ਅਧੀਆਂ ਰਾਤਾਂ,
ਤੇ ਵੜ ਜਾਂਦੀ ਇਹ ਭਾਈ ਦੀ ਪ੍ਰੇਮਣ, ਭਾਈ ਦੀ ਨਿੱਘੀ ਬੁੱਕਲੇ ।
ਕੇਹੀ ਠਰੀ ਹੋਈ ਆਈ ਸੀ, ਕੱਕਰ ਪਾਲਿਆਂ ਦੀ,
ਉਸ ਬੁਢੇ ਹਟਵਾਣੀਏਂ ਦੀ ਇਹ ਜਵਾਨ ਨਾਰ !

ਇਓਂ ਪ੍ਰੀਤਾਂ ਪਲਦੀਆਂ, ਗੁਰਾਂ ਦੇ ਵੇਲੇ, ਇਸ ਨਿਕੀ ਜਿਹੀ ਕੋਠੜੀ
'ਚ, ਘੜੀਆਂ ਦੋ,
ਸੁੱਤੀ ਮੋਈ ਦੂਤੀ ਦੁਨੀਆਂ ਦੀ ਪੱਥਰ ਪਾੜਨੀ ਨਜ਼ਰੋਂ ਰਤਾ ਓਹਲੇ
ਮੁੜ ਟੁਰ ਪੈਂਦੀ ਇਹ ਪ੍ਰੇਮਣ, ਮੱਧਮ ਚਾਲੇ, ਤੇਲੀ ਦੇ ਘਰ, ਰੂੰ
ਪਿੰਞਾਣ ਕਪਾਹ ਦਾ,
ਤੇ ਭਾਈ ਲੱਗ ਜਾਂਦਾ, ਸਿਦਕਾਂ ਨਾਲ, ਉਸ ਆਸਾਂ ਪੂਰ, ਰੱਬ
ਗੁਰੂ ਦੀ ਸੇਵਾ ਵਿਚ ।
ਤੇ ਉਹ ਰੂੰ ਪਿੰਜਾ ਕੇ ਆ ਜਾਂਦੀ, ਹਨੇਰੇ ਮੁਨ੍ਹੇਰੇ ਘਰ ਆਪਣੇ,
ਤੇ ਆ ਆਖਦੀ, ਚੌੜ ਨਾਲ, ਸੱਸ ਤੇ ਨਿਨਾਣ ਨੂੰ, 'ਲੌ ਨੀ ਭੈਣਾਂ
ਵੱਟੋ ਪੂਣੀਆਂ, ਮੈਂ ਆ ਗਈ ਜੇ ਰੂੰ ਪਿੰਜਾ ਕੇ'-
ਇਹ ਇਕ ਸੁਹਣੀ ਵਰਤੋਂ, ਇਸ ਤੇਲੀ-ਪੇਂਜੇ ਦੇ ਘਰ ਦੀ,
ਧੰਨ ਇਹ ਤੇਲੀ ਦਾ ਪਰਦੇ ਪੋਸ਼ ਘਰ, ਬਹਾਨਿਆਂ ਨਾਲ ਪ੍ਰੇਮੀ
ਮਿਲ ਕੇ, ਪ੍ਰੀਤਾਂ ਪਾਲਦੇ, ਜਿਸ ਪਿਛੇ ।

ਉਹ ਕੋਹਲੂ ਦਾ ਢੱਗਾ ਕੀ ਮੈਂ ਹੀ ਹਾਂ ?
ਤੇ ਉਹ ਤੇਲੀ 'ਉਹ',
ਤੇ ਉਹ ਤੇਲਣ 'ਤੂੰ',
ਤੇ ਕੋਹਲੂ ਇਸ ਦੁਨੀਆਂ ਦਾ ਇਹ ਚਰਖਾ,
ਤੇ ਕੋਈ ਕੋਈ ਜਿਊਂਦੀ ਜੋੜੀ, ਪ੍ਰੀਤਾਂ ਦਾ ਰੂੰ ਪਿੰਜਾ ਲੈ ਜਾਂਦੀ,
ਵਗਦਿਆਂ ਵਹਿੰਦਿਆਂ,
ਕਪਾਹ ਦਾ ਰੂੰ ਪਿੰਞਾਣ ਦੇ ਬਹਾਨੇ ।

34. ਇਹ ਕਹਾਣੀ ਨਹੀਂ

ਇਕ ਆਦਮੀ ਇਕ ਇਸਤ੍ਰੀ ਤੇ ਆਸ਼ਕ ਸੀ ।ਉਸ ਦੀਆਂ
ਰਾਤਾਂ ਦੀ ਤਿਨਹਾਈ ਤੇ ਉਸ ਦੀ ਤਿਨਹਾਈ ਦੀਆਂ ਰਾਤਾਂ,
ਉਸ ਦੀ ਯਾਦ ਵਿਚ ਬੀਤਦੀਆਂ ਸਨ ।

ਤੇ ਉਹ ਜ਼ਨਾਨੀ ਭੀ ਉਸ ਨੂੰ ਪਿਆਰਦੀ ਸੀ ।

ਇਕ ਦਿਨ ਆਦਮੀ ਨੇ ਆਖਿਆ,'ਮੈਨੂੰ ਤੇਰੇ ਨਾਲ ਏਨਾਂ
ਪਿਆਰ ਏ ਕਿ ਤੇਰੇ ਬਿਨ ਮੇਰੀ ਜ਼ਿੰਦਗੀ ਸੰਭਵ ਨਹੀਂ, ਆ
ਮੈਂ ਤੇ ਤੂੰ ਵਿਆਹ ਕਰ ਲਈਏ ਕਿ ਸਾਡੀ ਜ਼ਿੰਦਗੀ ਸਵਰਗੀ
ਹੋ ਜਾਏ ।"

ਜ਼ਨਾਨੀ ਨਾ ਮੰਨੀ ।

ਉਨ੍ਹਾਂ ਦਾ ਵਿਆਹ ਨਾ ਹੋਇਆ, ਪਰ ਦੁਹਾਂ ਦੀਆਂ ਜ਼ਿੰਦਗੀਆਂ
ਸਵਰਗੀ ਬਣ ਗਈਆਂ ।

(ਤਰਜਮਾ)

35. ਬਸੰਤ ਉਹਲੇ ਕੌਣ ਕੋਈ

ਬਸੰਤ ਆਈ, ਖੁਸ਼ੀਆਂ ਤੇ ਰੰਗ ਰਲੀਆਂ ਨਾਲ ਲਿਆਈ,
ਲੋਕ ਬਸੰਤ ਦਿਆਂ ਰੰਗਾਂ ਨੂੰ ਵੇਖਦੇ ਨੇ ਤੇ ਮੈਂ ਬਸੰਤ ਅੰਦਰ
ਰੰਗ ਭਰਨ ਵਾਲੇ ਲਿਲਾਰੀ ਨੂੰ ਪਈ ਢੂੰਡਦੀ ਹਾਂ ।

ਤਿੱਤਰੀਆਂ ਨੂੰ ਇਹ ਖ਼ੂਬਸੂਰਤੀ ਕਿਸ ਨੇ ਦਿੱਤੀ ? ਫੁੱਲਾਂ
ਦੇ ਇਹ ਰੰਗ ਕਿਸ ਨੇ ਰੰਗੇ ? ਕਲੀਆਂ ਵਿੱਚ ਇਹ ਖਿੱਚ ਕਿਸ
ਨੇ ਪਾਈ ? ਲੋਕਾਂ ਦੇ ਦਿਲਾਂ ਵਿਚ ਖੁਸ਼ੀ ਮਾਣਨ ਦੀਆਂ ਇਹ
ਕੁਤ-ਕੁਤਾਰੀਆਂ ਕਿਸ ਨੇ ਕੱਢੀਆਂ ?

ਸੋਹਣੀਆਂ ਸੁਹਲ ਕੁੜੀਆਂ ਰੰਗ ਬਰੰਗੇ ਵੇਸ ਲਾ ਕੇ ਦਰਯਾ
ਦੇ ਕੰਢੇ ਆਪਣੀਆਂ ਸਹੇਲੀਆਂ ਸੰਗ ਬਸੰਤ ਦੀਆਂ ਮੌਜਾਂ ਪਈਆਂ
ਲੁਟਦੀਆਂ ਨੇ, ਅਰ ਮੈਂ ਇਹਨਾਂ ਕੁੜੀਆਂ ਦੇ ਦਿਲਾਂ ਦੀਆਂ ਅੰਦਰਲੀਆਂ
ਖਾਹਸ਼ਾਂ ਦੇ ਭੇਤਾਂ ਨੂੰ ਸੋਚ ਰਹੀ ਹਾਂ । ਇਹ ਉਮੰਗਾਂ ਕਿਸ ਉਪਜਾਈਆਂ
ਤੇ ਇਹ ਜ਼ਿੰਦਗੀ ਦੇਣ ਵਾਲੇ ਨਜ਼ਾਰੇ ਕਿਸ ਨੇ ਬਖ਼ਸ਼ੇ ?

ਇਹ ਕੀ ਉਹਲੇ ਬੈਠੀ ਤਾਕਤ ਹੈ ?
ਕੀ ਅਦਿੱਸ ਅਛੋਹ ਸ਼ਕਤੀ ?

ਕੁੜੀਆਂ ਬਸੰਤ ਨੂੰ ਖੇਡ ਮਿਲ ਘਰਾਂ ਨੂੰ ਮੁੜੀਆਂ, ਮੈਂ ਸੋਚਾਂ
ਸੋਚਦੀ ਕਿਧਰੇ ਨਾ ਅਪੜੀ ।

36. ਕਾਲੀ

ਸੂਰਜ ਨਸ਼ਟ ਕਰ ਦਿਤਾ ਗਿਆ,
ਚੰਨ ਭਸਮ,
ਤਾਰੇ ਤੋੜ ਦਿਤੇ ਗਏ,
ਇਕ ਇਕ ਕਰ ਕੇ ਸਭ ।
ਹਨੇਰਾ ਹੈ, ਬਸ ਹਨੇਰਾ-ਕਾਲਾ, ਤਾਰੀਕ, ਘੁੱਪ;
ਘਟਾਂ ਦੀਆਂ ਘਟਾਂ ਚੜ੍ਹੀਆਂ ਹਨ, ਕਾਲਖ ਦੀਆਂ,
ਤਾਰੀਕੀ ਹੈ, ਹਨੇਰੀ, ਵਾਵਿਰੋਲੇ, ਝੱਖੜ ਝਾਂਝਾ ਤੇ ਧੁੰਧ,
ਗਰਜ, ਕੜਕ, ਹੁੰਮਸ, ਵਾਹੋ-ਦਾਹੀ, ਆਪਾ-ਧਾਪੀ, ਅਬਤਰੀ
ਤੱਤਾਂ ਦੀ ਲੜਾਈ,
ਜਿਵੇਂ ਭੂਤ-ਖਾਨੇ ਖੋਲ੍ਹ ਦਿਤੇ ਗਏ ਹਨ ਸਭ,
ਤੇ ਕਰੋੜਾਂ ਭੂਤ-ਰਾਖ਼ਸ਼ ਖੁਲ੍ਹੇ ਹਨ, ਖਰੂਦ ਕਰਨ ਲਈ ।

ਦਰਖਤ ਹਵਾ ਵਿਚ ਉਡਾਏ ਜਾ ਰਹੇ ਹਨ, ਜੜ੍ਹਾਂ ਸਮੇਤ,
ਪਹਾੜ ਉਛਾਲੇ ਜਾ ਰਹੇ ਹਨ ਉਤਾਂਹ ਨੂੰ, ਵਾਂਗਰ ਗਾਜਰਾਂ,
ਕੋਹ ਕਾਲੇ ਉਠ ਰਹੇ ਹਨ, ਲਹਿਰਾਂ ਦੇ, ਸਮੁੰਦਰਾਂ ਵਿਚੋਂ,
ਅਸਮਾਨ ਹੜੱਪ ਕਰਨ ਲਈ ।

ਬਿੱਜਲੀ-ਕੂੰਦ ਵਿਚ ਕੀਹ ਦਿਸਦਾ ਹੈ ?-
ਮੌਤ । ਕਾਲੀ, ਨਿਡਰ, ਰਹਿਮ ਰਹਿਤ, ਖੌਫ਼ਨਾਕ -
ਹਜ਼ਾਰਾਂ ਮੂੰਹ ਟੱਡੀ, ਜੀਭਾਂ ਕੱਢੀ, ਖੂਨ ਗਲਤਾਨ,
ਐਧਰ ਓਧਰ ਲੜਖੜਾਂਦੀ, ਤਬਾਹੀ ਬਰਸਦੀ ।

ਇਹ ਹੈ ਕਾਲੀ ਮਾਈ, ਮੌਤ-ਮਾਤਾ !
ਬੀਮਾਰੀ, ਮੌਤ, ਵਬਾ, ਗ਼ਜ਼ਬ, ਖਿਲੇਰਦੀ,
ਖੌਫ਼ਨਾਕ, ਗ਼ਜ਼ਬਨਾਕ ਮੌਜ ਵਿਚ ਮਸਤ, ਮਦ-ਹੋਸ਼ !

ਤੇ ਕਾਲੀ ਮਾਈ ! ਜਗਤ ਮਾਤਾ !!
ਖੌਫ ਤੇਰਾ ਨਾਮ ਹੈ, ਮੌਤ ਤੇਰੀ ਹਵਾੜ,
ਇਕ ਲੜਖੜਾਂਦੇ ਕਦਮ ਨਾਲ, ਗ਼ਰਕ ਕਰਦੀ ਹੈ ਸਾਰੇ ਵਿਸ਼ਵ ਨੂੰ !
ਤੂੰ ਹੈਂ ਕਾਲ ! ਮਹਾਂ ਕਾਲ ! ਕਾਲਿਕਾ, ਚੰਡਿਕਾ ।
ਤੇਰਾ ਸੇਵਕ ਉਹ,
ਜੋ ਕਸ਼ਟਾਂ ਦੀ ਸੇਜਾ ਤੇ, ਤਬਾਹੀ ਦੇ ਨਾਚ ਵਿਚ, ਮੌਤ ਨਾਲ ਖੇਡੇ,
ਉਸ ਤੇ ਹੀ ਪਰਸੰਨ ਹੁੰਦੀ ਏਂ,
ਉਸ ਦੀ ਹੋਲੀ ਖੇਡ ਕੇ, ਉਸ ਦਾ ਖੂਨ ਪੀ ਕੇ ।
ਤੇਰੇ ਭਗਤਾਂ ਦਾ ਜਦ ਸਭ ਕੁਝ-ਆਪਾ, ਹਉਮੇਂ, ਕਾਮਨਾਂ,
ਜਦ ਸਭ ਕੁਝ ਸਵਾਹ ਹੁੰਦਾ ਹੈ ਸੜ ਕੇ,
ਤਦ ਉਸ ਸ਼ਮਸ਼ਾਨ, ਮਰਘਟ ਤੇ,
ਤੂੰ ਮਸਤ ਹੋ ਕੇ ਨਾਚ ਕਰਦੀ ਏਂ !

37. ਭੁੱਖਾ

ਤੇਰੇ ਦਰ ਤੇ,
ਮੈਂ ਬੈਠਾ ਹਾਂ,
ਖਾਲੀ, ਭੁੱਖਾ, ਪਿਆਸਾ, ਸੱਖਣਾ, ਸੁੰਞਾ ਤੇ ਪੋਲਾ,
ਇਕ ਰੋਣੀ ਸੱਦ ਲਗਾਉਂਦਾ-
'ਕੋਈ ਹੈ ? ਮੈਨੂੰ ਭਰੇ, ਸੱਖਣੇ ਨੂੰ !"

ਤੇਰੇ ਪਿਆਰੇ ਆਉਂਦੇ ਨੇ,
ਰੱਜੇ, ਕੱਜੇ, ਵੱਸਦੇ ਵਹਿੰਦੇ, ਦਾਨੀ, ਸਖੀ, ਲੱਖਾਂ ਦੇ ਦਾਤੇ,
ਵੰਡਣ ਦੀ ਬਾਣ ਪਈ ਜਿਨ੍ਹਾਂ ਨੂੰ-
ਮੈਨੂੰ ਭੁੱਖਾ ਨੰਗਾ ਵੇਖ,
ਦੇਂਦੇ ਹਨ, ਦੌਲਤਾਂ ਦੇ ਦਾਨ,
ਹੱਸਦੇ ਰੱਸਦੇ ਖਿੜੇ ਮੱਥੇ ।

ਉਸ ਵੇਲੇ,
ਇਹ ਦੌਲਤਾਂ, ਸਾਂਭਿਆਂ ਨਹੀਂ ਸਾਂਭੀ ਦੀਆਂ ਮੇਰੇ ਕੋਲੋਂ,
ਨਿਕੇ ਨਿਕੇ ਬੁੱਕ ਮੇਰੇ, ਸੌੜੀ ਸੌੜੀ ਝੋਲੀ ਮੇਰੀ,
ਕਿਤਨਾ ਥੋੜਵਿਤਾ ਮੰਗਤਾ ਹਾਂ ਮੈਂ !
ਪਰ ਅਗਲੇ ਭਲਕ,
ਫਿਰ ਮੰਗਤਾ, ਤਰਸ ਯੋਗ, ਸਦਾ ਦਾ ਖਾਲੀ,
ਆ ਬੈਠਦਾ ਹਾਂ, ਮੈਂ ਸਦਾ ਦਾ ਭੁੱਖਾ,
ਮੁੜ ਉਸੇ ਥਾਂ, ਤੇਰੇ ਦਰ ਤੇ, ਉਹੋ ਸਦ ਲਗਾਉਂਦਾ-
"ਮੈਨੂੰ ਭਰੇ ਕੋਈ, ਮੈਂ ਖਾਲੀ !"

ਇਵੇਂ ਮੈਂ ਬੈਠਾ ਹਾਂ ਤੇਰੇ ਦਰ ਤੇ,
ਜਨਮਾਂ ਜਨਮਾਂ ਤੋਂ ਜੁੱਗਾਂ ਜੁੱਗਾਂ ਤੋਂ, ਮੰਗਤਾ,
ਓਵੇਂ ਤੂੰ ਦੇਂਦਾ ਹੈਂ ਸਦਾ ਸਦਾ ਤੋਂ, ਦੌਲਤਾਂ ਤੇ ਦਾਤਾਂ,
ਮੈਂ ਲੈਂਦਾ ਹਾਂ ਸਦਾ ਮੂੰਹ ਮੰਗੀਆਂ ਦਾਤਾਂ,
ਫਿਰ ਭੁੱਖੇ ਦਾ ਭੁੱਖਾ-ਭੀਖਕ ਭੇਖਾਰੀ,
ਕੇਹੀ ਭੋਖੜੀ ਪਾ ਛੱਡੀ ਏ ਤੂੰ ਮੇਰੇ ਅੰਦਰ !

38. ਈਸਾ ਨੂੰ

ਕਿਹਾ ਸੋਹਣਾ ਸੋਹਣਾ, ਸੱਜਰਾ ਸੱਜਰਾ, ਪਿਆਰਾ ਪਿਆਰਾ, ਬੰਦਾ ਸੈਂ ਤੂੰ ।
ਸੁਬਕ ਲੰਮੀ ਤੇ ਪਤਲੀ ਤੇਰੀ ਡੀਲ, ਸੋਹਣੇ ਲੰਮੇ ਪਤਲੇ ਤੇਰੇ ਵਾਲ,
ਸੋਹਣੇ ਨਾਜ਼ਕ ਤੇਰੇ ਪੈਰ, ਨੰਗੇ ਨੰਗੇ ਲੇਥੂ ਪੇਥੂ ਮੁਸਾਫ਼ਰੀ ਦੇ ਘੱਟੇ ਨਾਲ,
ਸੋਹਣੇ ਲੰਮੇ ਕੂਲੇ ਕੂਲੇ ਤੇਰੇ ਹੱਥ, ਚੁੰਮ ਲੈਣ ਨੂੰ ਜੀਅ ਪਿਆ ਕਰਦਾ,
ਉਂਗਲਾਂ ਪਤਲੀਆਂ ਪਤਲੀਆਂ, ਨਰਮ ਨਰਮ, ਰਵ੍ਹਾਂ ਦੀਆਂ ਫਲੀਆਂ ।
ਇੱਕ ਲੰਮਾ-ਚਿੱਟਾ, ਚੋਲਾ ਤੇਰੇ ਗਲ, ਖੁਲ੍ਹੀਆਂ ਬਾਹਾਂ ਜਿਸ ਦੀਆਂ,
ਖੁਲ੍ਹਾ ਗਲਮਾ ।

ਛਾਤੀ ਅੰਦਰ ਇੱਕ ਤੜਫਦਾ ਫੜਕਦਾ ਦਿਲ,
ਰਹਿਮਤ ਦਾ ਸਮੁੰਦਰ ਬੰਦ ਜਿਸ ਅੰਦਰ,
ਚੁਪ ਚਾਪ ਸੈਂ ਤੂੰ, ਲਿੱਸਾ ਜਿਹਾ ਮੂੰਹ ਤੇਰਾ ਦਿਲਗੀਰ,
ਥੱਲੇ ਲੱਥੀਆਂ ਸੁੰਦਰ ਅੱਖਾਂ,
ਟੁਰਦਾ ਜਾਂਦਾ ਲੰਮੀਆਂ ਲੰਮੀਆਂ ਪਾਂਘਾਂ ਭਰਦਾ,
ਬੜੇ ਬੜੇ ਕਾਹਲੀ ਦੇ ਕੰਮ ਜਿਵੇਂ ਪਏ ਹੁੰਦੇ ਕਿਸੇ ਨੂੰ ।

ਸਾਰੇ ਜਹਾਨ ਦੀ ਪੀੜ ਤੇਰੇ ਸੀਨੇ, ਸਾਰੇ ਜਹਾਨ ਦੇ ਫ਼ਿਕਰ ਤੇਰੇ ਸਿਰ,
ਮੁਸਕਰਾਂਦਾ ਤੂੰ ਪਤਲਿਆਂ ਪਤਲਿਆਂ ਹੋਠਾਂ 'ਚੋਂ ਕਦੀ ਕਦੀ ।
ਸਾਰੇ ਜਹਾਨ ਦੀ ਦਰਦ ਪਈ ਦਿਸਦੀ ਇਸ ਇੱਕ ਮੁਸਕਰਾਹਟ ਅੰਦਰ ।
ਟੁਰਿਆ ਟੁਰਿਆ ਜਾਂਦਾ ਤੂੰ ਬਿਨ ਰੋਟੀ ਖਾਧੇ, ਬਿਨ ਪਾਣੀ ਪੀਤੇ,
ਧੁਰੋਂ ਖਾ ਕੇ ਤੁਰਿਓਂ ਤੂੰ ਕੋਈ ਤੋਸਾ, ਪੀਕੇ ਤੁਰਿਓਂ ਕੋਈ ਅੰਮ੍ਰਿਤ,
ਮੁੜ ਪਿਆਸ ਨਾ ਲਗਦੀ ਨਾ ਭੁੱਖ ਨਾ ਵਿਹਲ ਮਿਲਦੀ ਰਤਾ,
ਐਡੇ ਖਿਲਰੇ ਤੇਰੇ ਖਿਲਾਰ, ਸੌਂਪਣੇ ਸੌਂਪੇ ਤੈਨੂੰ ਤੇਰੇ ਬਾਪੂ ਐਨੇ,
ਪਿਆਰਾਂ ਵਾਲਾ ਬਾਪੂ ਤੇਰਾ ਹੋਸੀ ਕੋਈ ਤੇਰੇ ਵਾਂਗਰਾਂ ਦਾ ।

ਟੁਰਿਆ ਟੁਰਿਆ ਜਾਂਦਾ, ਉਹਨਾਂ ਮਾੜਿਆਂ ਵੰਨੀ,
ਧਤਕਾਰਿਆ ਜਿਨ੍ਹਾਂ ਨੂੰ ਸਾਰੀ ਖ਼ਲਕਤ ਨੇ,
ਤੂੰ ਲੰਘਦਾ ਉਹਨਾਂ ਦੀ ਗਲੀ,
ਵੜਦਾ ਉਹਨਾਂ ਦੇ ਅੰਦਰੀਂ,
ਬੈਠਦਾ ਉਹਨਾਂ ਦੇ ਨਾਲ, ਟੁੱਟੇ ਤੱਪੜਾਂ 'ਤੇ,
ਹੱਸਦਾ ਖੇਡਦਾ ਉਹਨਾਂ ਦੇ ਨਾਲ ਜਿਨ੍ਹਾਂ ਨਾਲ ਨਾ ਹੱਸਦਾ ਕੋਈ,
ਹੱਸਦੇ ਜਿਨ੍ਹਾਂ ਨੂੰ ਸਾਰੇ,
ਖਾਂਦਾ ਉਹਨਾਂ ਦੀਆਂ ਬੇਹੀਆਂ ਰੋਟੀਆਂ ਮੋਟੀਆਂ,
ਪੀਂਦਾ ਪਾਣੀ ਉਹਨਾਂ ਦੇ ਪਿਆਲਿਓਂ,
ਤੇ ਸੁਣਾਂਦਾ ਉਹਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਆਪਣੇ ਬਾਪੂ ਦੀਆਂ ।

ਉਹ ਜਾਣਦੇ ਕੋਈ ਪਾਤਸ਼ਾਹ ਉਤਰਿਆ ਅਸਾਡੇ,
ਪਾਤਸ਼ਾਹਾਂ ਦੀ ਪਰਵਾਹ ਨਾ ਰਖਦੇ ਮੁੜ ਉਹ ।
ਤੂੰ ਜਾਂਦਾ ਉਹਨਾਂ ਦੇ ਘਰ,
ਜਿਨ੍ਹਾਂ ਨੂੰ ਗੁਨਾਹਗਾਰ ਆਖਦੇ ਲੋਕ, ਪਾਕ ਵੱਡੇ ।
ਤੂੰ ਬਖ਼ਸ਼ਸ਼ਾਂ ਦਾ ਖ਼ਜ਼ਾਨਾ ਖਿਮਾਂ ਦਾ ਭੰਡਾਰ,
ਕੋਈ ਨੀਵਾਂ ਨਾ ਤੇਰੇ ਲਈ,
ਨਾ ਕੋਈ ਗੁਨਾਹਕਾਰ ਬੰਦਾ ਨਾ ਜ਼ਨਾਨੀ,
ਤੂੰ ਸੁਣਾਂਦਾ ਉਹਨਾਂ ਨੂੰ ਆਪਣੇ ਬਾਪੂ ਦੀਆਂ ਬਖ਼ਸ਼ਸ਼ਾਂ ਦੇ ਕਿੱਸੇ,
ਤੇ ਪਏ ਅੱਗੋਂ ਆਪ ਬਖ਼ਸ਼ਸ਼ਾਂ ਕਰਦੇ,
ਏਨੀਆਂ ਬਖ਼ਸ਼ਸ਼ਾਂ ਹੁੰਦੀਆਂ ਉਹਨਾਂ ਤੋਂ !

ਟੁਰਿਆ ਟੁਰਿਆ ਜਾਂਦਾ ਤੂੰ,
ਰਾਹੋਂ ਕੁਰਾਹੇ,
ਉਚਿਆਂਦਾ ਢੱਠਿਆਂ ਨੂੰ,
ਉਠਾਂਦਾ ਡਿੱਗਿਆਂ ਨੂੰ,
ਪਿਆਰਦਾ ਉਹਨਾਂ ਨੂੰ ਜਿਨ੍ਹਾਂ ਨੂੰ ਨਾ ਪਿਆਰਦਾ ਕਦੀ ਕੋਈ,
ਜਮਤੀਲਾਂ ਦੇ ਪੈਰ ਝੱਸਦਾ,
ਚੁੰਮਦਾ ਕੋੜ੍ਹਿਆਂ ਨੂੰ,
ਰਾਜ਼ੀ ਕਰਦਾ ਅਸਾਧ ਰੋਗ ਦੇ ਰੋਗੀਆਂ ਨੂੰ,
ਲੰਙਿਆਂ ਲੂਲਿਆਂ ਨੂੰ ਚੁੱਕ ਲੈਂਦਾ ਆਪਣੀ ਕੰਧਾੜੀਂ ।
ਦਾਰੂ ਦਰਮਲ ਕਰਦਾ ਉਹਨਾਂ ਦੇ ਜ਼ਖ਼ਮਾਂ ਦਾ ।

ਗੀਤ ਗਾਉਂਦਾ ਤੂੰ
ਸੜਕਾਂ ਤੇ ਚੁਰੱਸਤਿਆਂ 'ਤੇ,
ਬਾਜ਼ਾਰਾਂ ਦਿਆਂ ਮੋੜਾਂ 'ਤੇ
ਆਬਾਦੀਆਂ 'ਚ ਵਿਰਾਨਿਆਂ 'ਚ,
ਉੱਜੜੇ ਵਸਦੇ ਕਾਰਖ਼ਾਨਿਆਂ 'ਚ
ਆਪਣੇ ਬਾਪੂ ਦੇ ਪਿਆਰਾਂ ਦੇ,
ਤੇ ਬਾਪੂ ਦੀ ਆਉਣ ਵਾਲੀ ਬਾਦਸ਼ਾਹਤ ਦੇ ।

ਤੇ ਵੇਖੇ ਪਕੜ ਕੇ ਲੈ ਜਾਂਦੇ, ਤੈਨੂੰ ਚਿੱਟੀ ਦੁੱਧ ਘੁੱਗੀ ਨੂੰ,
ਡਾਢੇ ਤੇ ਬੇ-ਦਰਦ ਲੋਕ ਇਸ ਦੁਨੀਆਂ ਦੇ,
ਓਵੇਂ ਜਿਵੇਂ ਬਘਿਆੜ ਫੜ ਲੈ ਜਾਂਦਾ ਲੇਲਿਆਂ ਨੂੰ, ਬੁੱਚੜ ਟੁਰਦੇ ਗਾਵਾਂ ਨੂੰ ।
ਗੀਤ ਪਿਆਰ ਦੇ ਨਾ ਸੁਖਾਂਦੇ ਇਹਨਾਂ ਨੂੰ,
ਨਾ ਲੋੜੀਂਦੀ ਬਾਦਸ਼ਾਹਤ ਇਹਨਾਂ ਨੂੰ ਤੇਰੇ ਬਾਪੂ ਵਾਲੀ,
ਮਖ਼ੌਲ ਕਰਦੇ ਤੈਨੂੰ, ਥੁੱਕਦੇ ਤੇਰੇ ਤੇ, ਇਹ ਕੁੱਤੇ ਜਹਾਨ ਦੇ,
ਤੇ ਚਾੜ੍ਹ ਦੇਂਦੇ ਫੜ ਕੇ ਸੂਲੀ, ਤੈਨੂੰ ਚੰਨਾਂ ਦੇ ਚੰਨ ਨੂੰ,
ਮਲੂਕ ਹੱਥਾਂ ਪੈਰਾਂ ਵਿੱਚ ਠੋਕ ਦੇਂਦੇ ਮੇਖਾਂ ਲੋਹੇ ਦੀਆਂ,

ਕੋਈ ਨਾ ਤੇਰਾ ਸਾਥੀ ਤੇਰੇ ਕੋਲ,
ਨਾ ਤੇਰਾ ਬਾਪੂ ਨੇੜੇ ਕਿਧਰੇ ਦਿਸਦਾ ਕਿਸੇ ਨੂੰ,
ਤੇ ਵਡ-ਦਿਲ ਤੂੰ ਐਡਾ, ਪਹਾੜਾਂ ਜਿੱਡਾ ਤੇਰਾ ਜਿਗਰਾ,
ਸੂਲੀ ਤੇ ਚੜ੍ਹਿਆ ਆਖੇ, ਆਪਣੇ ਗ਼ੈਰ ਹਾਜ਼ਰ ਬਾਪ ਨੂੰ
"ਮਾਫ਼ ਕਰੀਂ ਬਾਪੂ ਇਹਨਾਂ ਮੇਰੇ ਮਾਰਨ ਵਾਲਿਆਂ ਨੂੰ,
ਐਵੇਂ ਇਹ ਭੁਲੇਖੇ ਵਿੱਚ ਮਾਰਦੇ ਮੈਨੂੰ ।"
ਲੱਖ ਲੱਖ ਸਲਾਮ ਤੈਨੂੰ
ਓ ਅਸਮਾਨਾਂ ਦੇ ਪਾਤਸ਼ਾਹ,
ਸੂਲੀ 'ਤੇ ਚੜ੍ਹਨ ਵਾਲੇ ।

ਹੇ ਈਸਾ !
ਪਿਆਰਾਂ ਦਾ ਰਾਜ ਓਡਾ ਹੀ ਦੂਰ ਹੈ ਅਜੇ ਵੀ,
ਬਾਪੂ ਦੀ ਬਾਦਸ਼ਾਹਤ ਓਨੀ ਹੀ ਦੂਰ ਅਜੇ ਵੀ,
ਭੁਲੇਵੇਂ ਤੇ ਭੁਲੇਖੇ ਓਵੇਂ ਹੀ ਪਏ ਹਨ ਅਜੇ ਵੀ ।
ਤੂੰ ਫਿਰ ਕਾਸ ਨੂੰ ਆਇਆ ਸੈਂ ?
ਕਾਸ ਨੂੰ ਸੂਲੀ ਚੜ੍ਹਿਆ ਸੈਂ ?
ਤੇਰੇ ਜਿਹੇ ਕਾਸ ਨੂੰ ਆਏ ਸਨ ?
ਕਾਸ ਨੂੰ ਆਉਂਦੇ ਨੇ ?
ਕਾਸ ਨੂੰ ਸੂਲੀ ਚੜ੍ਹਦੇ ਨੇ ?

ਨਿਰਾ ਇਹ ਦੱਸਣ,
ਕਿ ਹੱਕ ਨੂੰ ਸਦਾ ਫਾਂਸੀ,
ਤੇ ਸੱਚ ਨੂੰ ਸਦਾ ਸੂਲੀ,
ਫੜਿਅਨ ਹਮੇਸ਼ਾ ਸਾਧ,
ਮਾਰੀਅਨ ਹਮੇਸ਼ਾ ਸਿੱਧੇ,
ਕਿ ਗਲਾ ਘੁਟਸੀ ਹਮੇਸ਼ਾ ਦਿਆਨਤ ਦਾ,
ਬੇੜਾ ਡੁਬਸੀ ਹਮੇਸ਼ਾਂ ਪਿਆਰਾਂ ਦਾ ।

ਤੇ ਹਾਂ ਕਿ,
ਸੂਲੀ ਉਤੇ ਸਵਾਦ ਹੈ ਜੋ ਫੁੱਲ-ਸੇਜਾਂ ਤੇ ਨਹੀਂ,
ਫਾਂਸੀ ਵਿੱਚ ਉਹ ਸੁਖ ਹੈ, ਕਿ ਹਕੂਮਤ ਵਿੱਚ ਨਹੀਂ,
ਫਸਣ ਵਿੱਚ ਉਹ ਅਨੰਦ ਹੈ ਕਿ ਫਸਾਣ ਵਿੱਚ ਨਹੀਂ । ਮਰਨ ਵਿੱਚ ਉਹ ਰਸ ਹੈ ਕਿ ਮਾਰਨ ਵਿੱਚ ਨਹੀਂ ।

ਤੇ ਨਾਲੇ ਹਾਂ,
ਕਿ ਜਿਦ੍ਹਾ ਬਾਪੂ ਨਹੀਂ, ਬਾਪੂ ਦੀ ਆਸ ਨਹੀਂ ।
ਉਹ ਰੋਵੇ ਤੇ ਮਰੇ ?
ਕਿ ਜਿਦ੍ਹਾ ਬਾਪੂ ਹੈ, ਬਾਪੂ ਦੀ ਆਸ ਹੈ,
ਕਿਉਂ ਰੋਵੇ ਤੇ ਮਰੇ ?
ਕਿ ਬਾਪੂ ਵਾਲਿਆਂ ਦੀ ਮੌਤ,
ਨਾ-ਬਾਪੂ ਵਾਲਿਆਂ ਦੇ ਲੱਖਾਂ ਜੀਵਨਾਂ ਤੋਂ
ਚੰਗੇਰੀ ਹੈ ਤੇ ਸੋਹਣੇਰੀ ।

39. ਨਵਾਂ ਮਜ਼ਹਬ

ਨਿਰਾ ਸਿਦਕ, ਨਿਰੀ ਨੇਕੀ-ਗਏ ਗੁਜ਼ਰੇ ਖਿਆਲ ਹਨ,
ਨਿਰੀ ਚੰਗਿਆਈ, ਨਿਰਾ ਇਖ਼ਲਾਕ-ਲੰਘ ਗਏ ਵਕਤਾਂ ਦੀਆਂ ਯਾਦਾਂ ਹਨ,
ਭਲਮਨਸਊ ਤੇ ਸਦਾਚਾਰ ਮਹਿਜ਼-ਅਕਲ ਦੀ ਮੌਤ ਹਨ,
ਭਗਤੀ, ਭਾਉ ਤੇ ਪ੍ਰੇਮ ਨਿਰਾ-ਦਿਮਾਗ਼ ਦੀ ਬੀਮਾਰੀ ਹੈ,
ਅਰਦਾਸਾਂ, ਆਸਰੇ ਤੇ ਆਸਾਂ-ਨਾ ਹੋਇਆਂ ਦੇ ਟਿਕਾਣੇ ਹਨ,
ਪੁੰਨ ਪਾਪ, ਸੁਰਗ ਨਰਕ-ਨਿਰੇ ਧੁੰਧ ਦੇ ਬੱਦਲ ਹਨ,
ਹਰਾਮ, ਹਲਾਲ, ਜਾਇਜ਼ ਮਕਰੂਹ-ਮੂਰਖਾਂ ਦੇ ਮਨਸੂਬੇ ਹਨ ।

ਭਰੋਸਾ ਸਿਦਕ, ਈਮਾਨ, ਕਿਸੇ ਬਾਹਰਲੀ ਤਾਕਤ ਉੱਤੇ,
ਤਰਲੇ, ਹਾੜੇ, ਲਿਲਕਣੀਆਂ, ਕਿਸੇ ਬਾਹਰਲੇ ਰੱਬ ਅੱਗੇ-
ਸਭ ਨਾਮਰਦੀ ਹੈ, ਮੁਰਦਿਹਾਨ ।
ਜੀਵਨ, ਜਵਾਨੀ ਜਿੰਨੀ ਕੁ ਹੈ, ਸਭ ਤੇਰੇ ਅੰਦਰ ਹੈ ।
ਜੇ ਨਿਰੀ ਚੰਗਿਆਈ ਬਸ ਹੁੰਦੀ, ਤਾਂ ਸਭ ਇਕੋ ਜਿਹੇ ਹੁੰਦੇ,
ਸਭ ਇਕੋ ਜਿਹੇ ਨਹੀਂ, ਕੋਈ ਕਿਸੇ ਜਿਹਾ ਨਹੀਂ,
ਮੈਂ ਤੇ ਤੂੰ ਤੇ ਹਰ ਕੋਈ ਆਪਣੀ ਮਿਸਾਲ ਹੈ ।
ਕੋਈ ਆਮ ਨਹੀਂ, ਸਭ ਖਾਸ ਹਨ, ਕਿਸੇ ਖਾਸ ਕੰਮ ਲਈ ਆਏ,
ਮੈਂ ਤੇ ਤੂੰ ਤੇ ਹਰ ਕੋਈ ਕੁਦਰਤ ਦੀ ਇਕ ਖਾਸ-ਤਜਰਬਾਗਾਹ ਹੈ ।
ਤੇ ਕੰਮ ਹੈ ਸਾਡਾ ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਲੱਭਣਾ,
ਤੇ ਆਪਣੇ ਆਪ ਨੂੰ ਨੰਗਾ ਅਲਫ਼ ਕਰਨਾ, ਬਿਨਾਂ ਝਿਜਕ, ਬਿਨਾਂ
ਡਰ, ਬਿਨਾਂ ਲੁਕ,
ਕਿ ਸੱਚ ਦਿੱਸੇ ਸਭ ਨੂੰ, ਕਿ ਸੱਚ ਨਿਕਲੇ ਸਭ 'ਚੋਂ, ਕਿ ਸੱਚ
ਦਿੱਸੇ ਨੰਗ ਮੁਨੰਗਾ,
ਤੇ ਇਉਂ ਇਨਸਾਫ ਹੋਵੇ ਸਾਡੇ ਨਾਲ, ਨਿਆਂ ਹੋਵੇ ਸਭ ਨਾਲ-
ਬਸ ਇਹ ਹੈ ਜ਼ਿੰਦਗੀ ਦਾ ਮਕਸਦ,
ਤੇ ਇਹ ਹੈ ਨਵਾਂ ਮਜ਼ਹਬ ।

40. ਪਟੇ ਵਾਲਾ ਕੁੱਤਾ

ਮੋਟਾ, ਭੋਲੂ, ਜੱਤਲ,
ਮਖਮਲੀ ਗਦੇਲਿਆਂ ਤੇ ਸਉਂਦਾ,
ਗੁਦਗੁਦੇ ਪੱਟਾਂ ਤੇ ਬੈਠਦਾ,
ਨਾਜ਼ਕ ਪਤਲੇ ਲੰਮੇ ਹੱਥ ਚੱਟਦਾ,
ਨਕ ਪੂੰਝਦਾ ਪਸ਼ਮੀਨੀ ਧੁੱਸਿਆਂ ਨਾਲ,
ਮੈਂ ਪਟੇ ਵਾਲਾ ਕੁੱਤਾ !

ਮੋਟਰਾਂ ਮੇਰੀ ਸਵਾਰੀ ਲਈ,
ਪਲੰਘ ਨਿਵਾਰੀ ਸਉਣ ਨੂੰ,
ਖਿਦਮਤ-ਗਾਰ ਸਿਆਣੇ ਕਈ ਮੇਰੇ ਲਈ,
ਦੁੱਧਾਂ ਗੋਸ਼ਤਾਂ ਦੇ ਭੰਡਾਰ,
ਸਲੋਤਰੀ ਇਕ ਦੋ ਚਾਰ, ਸਦਾ ਹਾਜ਼ਰ ।
ਮੈਂ ਪਟੇ ਵਾਲਾ ਕੁੱਤਾ ਹਾਂ !

ਸੋਹਣੀ ਗੋਰੀ ਮੁਟਿਆਰ ਮੂੰਹ ਚੁੰਮਦੀ ਮੇਰਾ,
ਤੇ ਸੋਹਣਾ ਗਭਰੂ ਜਵਾਨ ਪਿੰਡਾ ਥਾਪੜਦਾ ਮੇਰਾ,
ਸਿਖੇ ਹੋਏ ਪਹਿਰੇ ਦਾਰ ਮੇਰਾ ਪਹਿਰਾ ਰਖਦੇ,
ਗਰਮ ਪਾਣੀ, ਸੋਹਣੇ ਸਾਬਨਾਂ ਨਾਲ, ਨਿਤ ਗੁਸਲ ਕਰਾਂਦੇ,
ਬੁਰਾਂ-ਦਾਰ ਤੌਲੀਆਂ ਨਾਲ, ਮੇਰਾ ਪਿੰਡਾ ਝੱਸਦੇ ।
ਮੈਂ ਪਟੇ ਵਾਲਾ ਕੁੱਤਾ ਹਾਂ !

ਰਤਾ ਨਿਢਾਲ ਹੁੰਦਾ ਚਿਤ ਮੇਰਾ, ਤਰਥੱਲੀ ਪੈਂਦੀ ਸਾਰੇ,
ਸੋਹਣੀ ਮੇਮ ਸਾਬ੍ਹ ਮੇਰੀ, ਸਿਰਹਾਣੇ ਬਹਿੰਦੀ,
ਮੇਰੇ ਮਾਲਿਕ ਸਾਬ੍ਹ ਬਹਾਦੁਰ ਨੂੰ, ਕੁਝ ਹੋਸ਼ ਨਾ ਰਹਿੰਦੀ,
ਸਭ ਫਿਰਦੇ ਆਲ ਦੁਆਲੇ, ਐਸੀ ਸੁੰਞ ਵਰਤਦੀ.
ਸਲੋਤਰੀਆਂ ਦੇ ਭਾ ਦੀ ਬਸ ਆਫ਼ਤ ਆਉਂਦੀ ।
ਮੈਂ ਪਟੇ ਵਾਲਾ ਕੁੱਤਾ ਹਾਂ !

ਮੈਂ ਵਢਦਾ ਕਿਸੇ ਜੇ ਰਾਹੀ ਨੂੰ, ਕੋਈ ਲੇਪ ਨਾ ਮੈਨੂੰ,
ਉਹ ਭੌਂਦੂ, ਅੰਨ੍ਹਾ, ਉੱਲੂ, ਕਿਉਂ ਮੇਰੇ ਨੇੜੇ ਆਇਆ ?
ਪਰ ਕੋਈ ਜੇ ਘੁਰਕੇ ਮੈਂ ਤਾਈਂ, ਉਹ ਫਾਂਸੀ ਚੜ੍ਹਦਾ,
ਕਿਉਂ ਉਹ ਮੈਨੂੰ ਘੁਰਕਦਾ, ਮੈਂ ਰਾਹੇ ਰਾਹ ਜਾਂਦਾ,
ਇਹ ਸਭ ਰਾਹ ਮੇਰੇ ।
ਮੈਂ ਪਟੇ ਵਾਲਾ ਕੁੱਤਾ ਹਾਂ !

ਰਾਖੀ ਮੈਂ ਨਾ ਕਰਦਾ, ਮੇਰੀ ਰਾਖੀ ਰਹਿੰਦੀ,
ਸ਼ਿਕਾਰੇ ਮੈਂ ਨਾ ਚੜ੍ਹਦਾ, ਕੋਈ ਲੋੜ ਨਾ ਪੈਂਦੀ,
ਬਸ ਕਦੀ ਕਦੀ ਮੈਂ ਭੌਂਕਦਾ, ਐਵੇਂ ਡਰਦਾ ਡਰਦਾ,
ਖਿਦਮਤ ਜਾਂ ਕੋਈ ਨੌਕਰੀ ਮੈਂ ਕਦੇ ਨਾ ਕਰਦਾ,
ਆਪਣੀ ਨੀਂਦੇ ਸੌਂ ਰਹਾਂ, ਜਾਗ ਆਪਣੀ ਜਾਗਦਾ ।
ਮੈਂ ਪਟੇ ਵਾਲਾ ਕੁੱਤਾ ਹਾਂ !

ਜੱਤਲ ਹੋਣਾ ਬਸ ਹੈ, ਤੇ ਭੋਲੂ ਬਣਨਾ,
ਪੂਛ ਹਿਲਾਣੀ, ਬੂਟ ਚੱਟਣੇ, ਇਹ ਕਰਮ ਨੇ ਵੱਡੇ,
ਇਨ੍ਹਾਂ ਦੀ ਖੱਟੀ ਨਾ ਮੁਕਦੀ, ਨਿਤ ਵਧਦੀ ਜਾਂਦੀ,
ਪਟਾ ਇਹ ਮੇਰੇ ਗਲੇ ਵਿਚ, ਬੈਕੁੰਠ ਨਿਸ਼ਾਨੀ,
ਭਾਗਾਂ ਵਾਲਾ, ਕਰਮਾਂ ਵਾਲਾ, ਸ਼ਾਨਾ ਵਾਲਾ ।
ਮੈਂ ਪਟੇ ਵਾਲਾ ਕੁੱਤਾ ਹਾਂ !

41. ਪਟੇ ਬਿਨਾਂ ਕੁੱਤਾ

ਮਾੜਾ, ਮਰੀਅਲ, ਖੁਰਕਾਂ ਖਾਧਾ,
ਕੁੜ੍ਹਾਂ ਵਿਚ, ਖੁਰਲੀਆਂ ਵਿਚ, ਭੱਠੀਆਂ ਵਿਚ ਸੌਂ ਸੌਂ ਰਹਿੰਦਾ,
ਡਰਦਾ ਮਾਰਿਆ-ਭੋਲੂ, ਪਾਲਤੂ, ਪਟਿਆਂ ਵਾਲੇ ਕੁੱਤਿਆਂ ਤੋਂ, ਇਹ
ਜਿਊਣ ਨਾ ਦੇਂਦੇ,
ਭੌਂਕਦੇ ਮੈਨੂੰ, ਵੱਢਣ ਪੈਂਦੇ, ਜਿਧਰ ਕਿਧਰੇ ਵੇਖਦੇ,
ਇਹ ਖੁਸ਼-ਬਖਤ, ਭੋਲੂ ਭਰਾ ਮੇਰੇ, ਪਟਿਆਂ ਵਾਲੇ ।

ਭੁੱਖਾ ਭਾਣਾ, ਮੈਂ ਪਿਆ ਪਿਆ ਰਹਿੰਦਾ,
ਆਉਂਦੇ ਜਾਂਦੇ ਮਾਰਦੇ ਮੈਨੂੰ ਇਟ ਵੱਟਾ, ਢੀਂਮ,
ਡਾਂਗਾਂ ਸੋਟੇ ਖਾਂਦਾ, ਪਿਆ 'ਚਿਊਂ ਚਿਊਂ' ਕਰਦਾ,
ਸਭ ਮਸ਼ਕਰੀਆਂ ਕਰਦੇ ਮੈਨੂੰ, ਮੈਨੂੰ ਮਾਰਨ ਦੇ ਮੁਖਤਾਰ ਸਾਰੇ,
ਸਭ ਜਾਣਦੇ ਮੈਂ ਮਾਰਿਆਂ, ਕੋਈ ਨਾ ਪਕੜੀਂਦਾ,
ਮੇਰਾ ਦਰਦੀ ਕੋਈ ਨਾ ।
ਮੈਂ ਪਟੇ ਬਿਨਾਂ ਕੁੱਤਾ !

ਆਖਦੇ ਸਾਰੇ:
ਇਹ ਵਬਾ ਫੈਲਾਂਦਾ, ਗੰਦ ਵਧਾਂਦਾ, ਬੋਅ ਖਿੰਡਾਂਦਾ,
ਇਹ ਵਾਧੂ-ਖਤਰਨਾਕ-ਮਾਰੋ ਏਸ ਨੂੰ,
ਬੰਦੂਕਚੀਏ ਛੱਡੇ ਇਹਨਾਂ ਸਿਆਣਿਆਂ, ਪਿੰਡ ਪਿੰਡ, ਘਰ ਘਰ,
ਕਿ ਮੈਨੂੰ ਮਾਰਨ, ਝਟ ਪਟ ਛੇਤੀ-
ਮੇਰਾ ਮਰਨਾ, ਚੰਗਾ ਮੇਰੇ ਲਈ, ਚੰਗੇਰਾ ਦੁਨੀਆਂ ਲਈ ।
ਮੈਂ ਪਟੇ ਬਿਨਾਂ ਕੁੱਤਾ !

ਪਰ ਐਵੇਂ ਅਜਾਈਂ ਮਾਰਦੇ ਮੈਨੂੰ, ਇਹ ਮੂਰਖ ਸਿਆਣੇ,
ਮੈਂ ਆਪੇ ਮਰਨਾਂ,
ਇਕ ਮਾਰਿਆਂ, ਮੈਂ ਮੁੱਕ ਨਾ ਜਾਂਦਾ, ਬਥੇਰੇ ਹੋਰ ਪਏ ਨਿਤ ਨਿਤ
ਜੰਮਦੇ, ਮੇਰੇ ਭਰਾ,
ਕਿਉਂ ਨਾ ਮਾਰਦੇ ਮੇਰੀ ਮਾਂ ਕੁੱਤੀ ਭੁੱਖੀ ਮੂਰਖ ਨੂੰ, ਜੋ ਨਿਤ
ਨਿਤ ਜੰਮਦੀ, ਜੰਮਨ ਬਿਨ ਹੋਰ ਸ਼ੁਗਲ ਨਾ ਜਿਸ ਨੂੰ ?
ਤੇ ਕਿਉਂ ਨਾ ਮਾਰਦੇ, ਇਹ ਮੇਰੇ ਪੇਵਾਂ ਨੂੰ, ਹਰਲ ਹਰਲ ਕਰਦੇ
ਫਿਰਦੇ, ਮੇਰੀ ਮਾਂ ਕੁੱਤੀ ਭੁੱਖੀ ਉਦਾਲੇ, ਨਿਤ ਨਿਤ ?
ਰੋਗ ਨਾ ਪਛਾਣਦੇ, ਦਾਰੂ ਨਾ ਜਾਣਦੇ, ਇਹ ਵਡੇ ਸਿਆਣੇ,
ਮੂਰਖ ਭਾਰੇ ।
ਮੈਨੂੰ ਐਵੇਂ ਮਾਰਦੇ ਅਜਾਈਂ ।
ਮੈਂ ਪਟੇ ਬਿਨਾਂ ਕੁੱਤਾ !

ਕੀ ਪਟਿਆਂ ਵਾਲੇ ਇਹ ਸਾਰੇ ਚੰਗੇ, ਬਿਨ ਪਟਿਆਂ ਇਹ ਸਾਰੇ ਮੰਦੇ,
ਹੋਣ ਲਈ, ਥੀਨ ਲਈ, ਇਹ ਪਟੇ ਕੀ ਹੈਨ ਜ਼ਰੂਰੀ ?
ਕਦ ਟੁਟਸਣ ਇਹ ਪਟੇ, ਤੇ ਮੁਕਸਣ ਇਹ ਪਟਿਆਂ ਵਾਲੇ ?
ਤੇ ਜੀਵਸਾਂ ਮੈਂ ਭੀ ਪਟੇ ਬਿਨਾਂ ਇਹ ਕੁੱਤਾ, ਤੇ ਨਾਲੇ ਭਰਾ
ਮੇਰੇ ਸਾਰੇ ?

42. ਮਰਨ ਪਿੱਛੋਂ

ਮੈਂ ਮਰ ਗਿਆ-
ਮੇਰੀ ਸਮਾਧ ਬਣੀ,
ਤੂੰ ਨਿਤ ਆਇਓਂ, ਫਲ ਫੁੱਲ ਲੈ ਕੇ,
ਤੂੰ ਨਿਤ ਰੋਇਓਂ, ਸਮਾਧ ਉੱਤੇ ਬਹਿ ਕੇ,
ਹੁਣ ਕੀ ਫਾਇਦਾ ?
ਮੈਂ ਸੁੰਘਦਾ ਨਹੀਂ, ਇਹ ਫੁੱਲ ਤੇਰੇ,
ਮੈਂ ਸੁਣਦਾ ਨਹੀਂ, ਇਹ ਵੈਣ ਤੇਰੇ ।

ਮੈਂ ਜਿਊਂਦਾ ਸਾਂ-
ਤਾਂ ਘਰ ਮੇਰੇ,
ਤੂੰ ਕਦੀ ਨਾ ਆਇਓਂ, ਨਾ ਪਾਏ ਫੇਰੇ,
ਮੈਂ ਭੌਂਦਾ ਰਿਹਾ, ਨਿਤ ਮਗਰ ਤੇਰੇ,
ਤੂੰ ਨਾ ਵੜਨ ਦਿਤਾ, ਕਦੀ ਅਪਣੇ ਡੇਰੇ,
ਨਾ ਮੇਰੇ ਪ੍ਰੇਮ ਅੰਦਰ, ਹੰਝੂ ਕਦੀ ਕੇਰੇ ।

ਹੁਣ ਮਰਨ ਪਿੱਛੋਂ-
ਮੇਰੀ ਯਾਦ ਆਈ,
ਮੇਰੀ ਯਾਦ ਅੰਦਰ, ਨਾ ਨੀਂਦ ਆਈ,
ਮੇਰੇ ਪ੍ਰੇਮ ਪਿਆਰਾਂ ਨੇ, ਆ ਖਿੱਚ ਪਾਈ,
ਮੇਰੇ ਵਾਸਤੇ ਫਲ ਫੁੱਲ, ਲੈ ਆਇਓਂ,
ਨੈਣਾਂ ਸੋਹਣਿਆਂ ਭੀ, ਛਹਿਬਰ ਆਣ ਲਾਈ ।

ਪਰ ਹੁਣ ਕੀ ਹਾਸਿਲ,
ਹੈ ਸਭ ਲਾ-ਹਾਸਿਲ,
ਤੇਰਾ ਯਾਦ ਕਰਨਾ, ਇਕੇ ਭੁੱਲ ਜਾਣਾ,
ਤੇਰੇ ਲਈ ਹੋਸੀ, ਮੇਰੇ ਲਈ ਕੁਝ ਨਾ,
ਸਭ ਬਰਾਬਰ !
ਸਭ ਬਰਾਬਰ !

43. ਬਾਬਾ ਅਟੱਲ

ਅਟੱਲ ਬਾਬਾ,
ਉਚੇ ਉਚੇ ਮੰਦਰ ਤੇਰੇ,
ਨੀਵਾਂ ਨੀਵਾਂ ਮੈਂ,
ਤੈਂ ਵਲ ਤੱਕਿਆਂ, ਓ ਉਚਿਆ, ਧੌਣ ਮੁਰਕਦੀ ਮੇਰੀ,
ਪੱਗ ਥੰਮ ਥੰਮ ਰਖਦਾ,
ਲਹਿੰਦੀ ਜਾਂਦੀ ।

ਰਾਹਾਂ ਤੇਰੀਆਂ ਤੇ ਬੈਠੇ ਡਿੱਠੇ,
ਕਈ ਅੰਨ੍ਹੇ ਅੰਨ੍ਹੀਆਂ, ਜੋੜੇ ਜੋੜੀਆਂ,
ਕਪੜੇ ਵਿਛਾਏ, ਦਾਨੀਆਂ ਦੇ ਦਿਲ ਪਰਖਣ ਸਦਕਾ,
ਪਾਠ ਪਏ ਕਰਦੇ ਮੂੰਹਾਂ ਤੋਂ ਕਾਸੇ ਕਾਸੇ ਦਾ,
ਤੇ ਧਿਆਨ ਧਰਦੇ ਆਉਂਦੇ ਜਾਂਦੇ ਪੈਰਾਂ ਦੇ ਖੜਾਕਾਂ ਤੇ ।

ਲੰਘ ਜਾਂਦੇ ਬਹੁਤੇ,
ਅੱਖੀਆਂ ਮਸਤੀਆਂ, ਧਿਆਨ ਤੇਰੇ ਅੰਦਰ,
ਕੋਈ ਕੋਈ ਵਿਰਲਾ,
ਧਿਆਨ ਤਿਸ ਦਾ ਤੇਰੇ ਵਲ ਨਾ,
ਧਿਆਨ ਕਰਦਾ, ਇਨ੍ਹਾਂ ਰਾਹਾਂ ਤੇ ਬੈਠਿਆਂ ਦਾ,
ਜਿਨ੍ਹਾਂ ਦੇ ਹਲ ਨਾ ਵਗਦੇ ਕਿਧਰੇ,
ਮਜੂਰੀ ਮੰਗਦੇ ਤੇਰੇ ਰਾਹਾਂ ਤੇ ਵਿਹਲਿਆਂ ਬੈਠਣ ਦੀ,
ਸੁਟ ਜਾਂਦਾ ਪੈਸਾ ਇਕ ਟਣਕਦਾ ਟਣਕਦਾ ।

ਰੋਟੀਆਂ ਪੱਕਦੀਆਂ ਡਿੱਠੀਆਂ,
ਤੇਰੇ ਦਰ, ਤਨੂਰਾਂ ਉੱਤੇ,
ਦੁਕਾਨਦਾਰ ਜੇਹੇ ਬੈਠੇ,
ਤੋਲ ਤੋਲ ਪਕਾਂਦੇ ਜਾਂਦੇ,
ਤੋਲ ਤੋਲ ਦੇਂਦੇ ਜਾਂਦੇ,
ਪੈਸੇ ਦੇਂਦੇ ਦਾਨੀ, ਰੋਟੀਆਂ ਲੈਂਦੇ,
ਤੇ ਦੇਂਦੇ ਇਨ੍ਹਾਂ ਉਡੀਕਵਾਨਾਂ ਨੂੰ,
'ਬਾਬਾ ਅਟੱਲ, ਪੱਕੀ ਪਕਾਈ ਘੱਲ' ਜੋ ਆਖਦੇ ।
ਤੂੰ ਨਾ ਪੱਕੀ ਪਕਾਈ ਘੱਲਦਾ ਕਦੀ ਕਿਸੇ ਨੂੰ,
ਇਉਂ ਪਏ ਪਖੰਡ ਇਸ ਦੁਨੀਆਂ ਦੇ ਚੱਲਦੇ,
ਤੇਰੇ ਨਾਂ ਉੱਤੇ ।

ਤੂੰ ਸੋਹਣਿਆਂ ਦਾ ਸੁਲਤਾਨ,
ਡਿੱਠਾ ਤੇਰੇ ਦਰਬਾਰ,
ਇਕ ਮੀਨਾ ਬਜ਼ਾਰ ਹੁਸਨ ਦਾ ਲੱਗਾ,
ਸੁੰਦਰੀਆਂ ਦੀਆਂ ਡਾਰਾਂ ਆਉਂਦੀਆਂ,
ਮਸਤ ਇਲਾਹੀ ਰੰਗਾਂ,
ਗੁਟਕੇ ਲਏ ਵਿਚ ਹੱਥਾਂ,
ਕੁਝ ਪੜ੍ਹਦੀਆਂ ਗੁਣ ਗੁਣ ਕਰਦੀਆਂ,
ਕੁਝ ਘੁੱਟਣ ਤੇਰੀਆਂ ਲੱਤਾਂ,
ਕੁਝ ਝੱਸਣ,
ਕੁਝ ਥਾਪੜਨ,
ਕੁਝ ਮੁੱਕੀਆਂ ਮਾਰਨ,
ਸਭ ਲਾਹਣ ਥਕੇਵਾਂ ਤੇਰਾ,
ਤੂੰ ਕਦੇ ਨਾ ਥੱਕਦਾ, ਕਦੇ ਨਾ ਥੱਕਣਾ ।

ਡਿੱਠੀਆਂ ਸੁੰਦਰਾਂ ਰਾਣੀਆਂ,
ਝਾੜੂ ਫੇਰਦੀਆਂ ਤੇਰੇ ਦਰਬਾਰ,
ਸੰਗ-ਮਰਮਰਾਂ ਦੇ ਫਰਸ਼ਾਂ ਤੇ,
ਨਾ ਰਤਾ ਕੂੜਾ ਜਿੱਥੇ,
ਨਾ ਝਾੜੂ ਫੇਰਨ ਦੀ ਲੋੜ, ਨਾ ਵੇਲਾ,
ਸੋਹਣੇ ਸੋਹਣੇ ਨਰਮ ਝਾੜੂ,
ਸੋਹਣੀਆਂ ਸੋਹਣੀਆਂ ਨਰਮ ਬਾਹਵਾਂ,
ਸਫਲ ਹੁੰਦਾ ਜਨਮ ਝਾੜੂ ਫੇਰਦਿਆਂ,
ਸਵਾਦ ਆਉਂਦਾ ਝਾੜੂ ਫਿਰਦੇ ਵੇਖਦਿਆਂ,
ਕੇਹੀਆਂ ਸੋਹਣੀਆਂ ਸੋਹਣੀਆਂ ਕਾਰਾਂ, ਤੇਰੇ ਦਰਬਾਰ,
ਨਿਕਾਰਿਆਂ ਦੇ ਕਰਨ ਜੋਗ ।

ਰਾਗੀ ਗਾਉਣ ਤੇਰੇ ਦਰਬਾਰ,
ਹੇਕਾਂ ਕਢ ਕਢ ।
ਕੋਈ ਨਾ ਸੁਣਦਾ ਕਿਸੇ ਦੀ,
ਨਾ ਕੋਈ ਸੁਣਾਂਦਾ ਕਿਸੇ ਨੂੰ,
ਸਭ ਕੋਈ ਰੁੱਝਾ ਅਪਣੇ ਅਪਣੇ ਕੰਮੀ ।
ਸਭ ਸੁਣਾਂਦੇ ਤੈਨੂੰ,
ਤੂੰ ਸੁਣਦਾ ਸਭ ਦੀ,
ਰੌਲਿਆਂ ਵਿਚ, ਗੌਲਿਆਂ ਵਿਚ, ਕੰਨ ਦੇ ਦੇ ਕੇ ।

ਇਕ ਦੁਨੀਆਂ ਆਉਂਦੀ ਤੇਰੇ ਦਰਬਾਰ,
ਇਕ ਦੁਨੀਆਂ ਜਾਂਦੀ,
ਸਭ ਮੱਨਤਾਂ ਮੰਨਦੇ,
ਮੁਰਾਦਾਂ ਪਾਂਦੇ,
ਖ਼ਾਲੀ ਕੋਈ ਨਾ ਜਾਵੰਦਾ ।
ਫਿਰ ਖ਼ਾਲੀ ਜਾਂਦੇ,
ਚੁਪ ਚੁਪਾਤੇ ਆਉਂਦੇ,
ਚੁਪ ਚੁਪ ਟੁਰਦੇ ਜਾਂਦੇ,
ਹੱਸਦਾ ਕੋਈ ਨਾ ਡਿੱਠਾ,
ਇਹ ਅਜਬ ਨਜ਼ਾਰਾ,
ਤੇਰੇ ਦਰਬਾਰ ।

ਮੈਂ ਆਇਆ ਤੇਰੇ ਦਰਬਾਰ,
ਤਕ ਖਿੜੀ ਗੁਲਜ਼ਾਰ,
ਬਹਿ ਗਿਆ ਬਾਹਰਵਾਰ
ਤੈਨੂੰ ਤੱਕਦਾ,
ਦੁਨੀਆਂ ਤੱਕਦਾ,
ਰਸਾਂ ਦੇ ਘੁਟ ਭਰਦਾ,
ਰਸ ਰਸ ਚਾਮ੍ਹਲਦਾ,
ਮਸਤਦਾ, ਅਲਮਸਤਦਾ,
ਉੱਠਣ ਨੂੰ ਜੀ ਨਾ ਕਰਦਾ
ਪਰ ਬਹਿਣ ਨਾ ਹੁੰਦਾ,
ਉਠ ਬਹਿੰਦਾ,
ਸਿਜਦੇ ਕਰਦਾ ਲੱਖਾਂ, ਓ ਅਟੱਲ ਬਾਬਿਆ !
ਮੁੜ ਆਸਾਂ,
ਸਿਜਦੇ ਕਰਸਾਂ,
ਇਹ ਮੇਰਾ ਇਕਰਾਰ ।
ਪਰ ਕੀ ਰਹਿਸੀ ਇਹ ਦੁਨੀਆਂ ਤੇਰੀ,
ਇਵੇਂ ਹੀ ?
ਤੇ ਕੀਹ ਦਿਸਸੀ ਇਹ ਸਭ ਕੁਝ ਮੈਨੂੰ,
ਤਿਵੇਂ ਹੀ ?

44. ਮੁਹਾਣੇ ਨੂੰ

ਓ ਤਰਨ ਤਾਰਨ ਵਾਲਿਆ,
ਬਾਬਿਆ,
ਮੈਨੂੰ ਵੀ ਤਾਰ ਲੈ !

ਆਹ ਲੈ ਭਾੜਾ, ਪੈਸਾ ਇਕ,
ਤਕਰਾਰ ਨਾ ਪਿਆ ਕਰੀਂ,
ਮੇਰੇ ਨਾਲ,
ਭਾੜੇ ਦਾ,
ਮੈਂ ਨਹੀਂ ਊਂ ਵਧ ਭਾੜਾ ਦੇਣ ਜੋਗਾ ।

ਗਰੀਬੜਾ ਜਿਹਾ ਬੰਦਾ ਮੈਂ,
ਮੈਨੂੰ ਤਾਰ ਲੈ ਐਵੇਂ ਹੀ,
ਓ ਤਰਨ ਤਾਰਨ ਵਾਲਿਆ,
ਬਾਬਿਆ !

45. ਜਵਾਨੀ ਮੇਰੀ

ਜਵਾਨੀ ਮੇਰੀ,
ਉਛਲਦੀ ਉਮ੍ਹਲਦੀ
ਮੇਰੇ ਅੰਦਰ,
ਨਿਕਾ ਜਿਹਾ ਅੰਦਰ ਮੇਰਾ,
ਇਹ ਸ਼ਹੁ ਦਰਯਾ ਜਵਾਨੀ ਦਾ,
ਸਮੁੰਦਰ ਠਾਠਾਂ ਮਾਰਦਾ ਦਿਨ ਰਾਤ ।
ਆਰਾਮ ਨਾ ਇਸ ਨੂੰ, ਉਂਘਲਾਣ ਨਾ, ਮੌਤ ਨਾ ।
ਸਦਾ ਰਹਿੰਦੀ, ਸਦਾ ਰਹਿਣੀ ਨੌਂ ਬਰ ਨੌਂ ਇਹ ਜਵਾਨੀ ਮੇਰੀ ।

ਠਾਠਾਂ ਇਸ ਦੀਆਂ, ਲਹਿਰਾਂ ਇਸ ਦੀਆਂ, ਛੱਲਾਂ,
ਉਠ ਉਠ, ਉਛਲ ਉਛਲ,
ਤੋੜ ਦੇਂਦੀਆਂ ਬੰਨੇ, ਬੰਨੀਆਂ, ਬੰਨ੍ਹ,
ਕੰਢੇ ਤੋੜਦੀਆਂ, ਇਹ ਛੱਲਾਂ ਕਹਿਰ ਦੀਆਂ ਉੱਠਣ ਦਿਨ ਰਾਤ ।

ਵਗਦੀ ਨੰਗ-ਮੁਨੰਗੀ, ਬਿਨ ਵਾਹੋਂ, ਬਿਨ ਰਾਹੋਂ,
ਇਹ ਕਾਂਗ ਜਵਾਨੀ ਦੀ,
ਖੁਲ੍ਹੀ ਖੁਲ੍ਹ, ਆਜ਼ਾਦ ਆਜ਼ਾਦੀ,
ਬਿਨ ਆਦ, ਬਿਨ ਅੰਤ, ਬਿਨ ਆਦਰਸ਼, ਬਿਨ ਮਕਸਦ,
ਵਗਣਾ, ਉਛਲਣਾ, ਉਮਲ੍ਹਣਾ,
ਕੰਢੇ ਤੋੜਨੇ, ਅਟਕ ਭੰਨਣੇ, ਰਾਹ ਮੇਟਣੇ, ਇਹ ਕੰਮ ਇਸ ਦੇ,
ਇਹ ਜਵਾਨੀ ਮੇਰੀ !

ਮੈਂ ਬੱਚਾ ਕਦੀ ਨਾ ਸੀ, ਮੈਂ ਸਦਾ ਜਵਾਨ,
ਮੈਂ ਬੁੱਢਾ ਕਦੀ ਨਾ ਥੀਸਾਂ, ਮੈਂ ਸਦਾ ਜਵਾਨ ।
ਕਪੜੇ ਮੈਂ ਨਾ ਪਾਂਦਾ-ਜਵਾਨੀ ਨੂੰ ਕੱਜਣ ਕੇਹੇ ?
ਜਿਸਮ ਦੇ ਪਿੰਜਰੇ ਮੈਂ ਕੈਦ ਨਾ-ਜਵਾਨੀ ਨੂੰ ਬੰਨ੍ਹਣ ਕੇਹੇ ?
ਮੈਂ ਸਦਾ ਜਵਾਨ, ਜਿਊਂਦਾ- ਸਦਾ ਤੋਂ ਸਦਾ ਤਕ ।

ਜਿਹੜੇ ਜਵਾਨ ਨਾ, ਉਹ ਕੇਹੇ ਜੀਂਦੇ, ਕਿਵੇਂ ਜੀਂਦੇ ਤੇ ਕਿਉਂ ?
ਬੁਢੇਪਾ ਕੇਹਾ ? ਬੁਢੇਪੇ ਦਾ ਜੀਣਾ ਕੇਹਾ ?
ਬਚਪਨ ਕੇਹਾ ? ਬਚਪਨ ਦਾ ਥੀਣਾ ਕੇਹਾ ?
ਜਵਾਨੀ ਬਸ ਜੀਵਨ ਹੈ, ਜਵਾਨੀ ਦਾ ਨਾਚ ਬਸ ਹੋਣ ਹੈ,
ਬੁਢੇਪਾ ਮੌਤ ਹੈ, ਬਚਪਨ ਨਾ ਹੋਣ ।

46. ਮੈਂ ਸੁੰਞੀ

ਮੈਂ ਸੁੰਞੀ, ਮੈਂ ਸੁੰਞੀ ਵੇ ਲੋਕਾ, ਖੱਲੜ ਮੇਰਾ ਖਾਲੀ,
ਸੱਖਣਾ ਇਹ ਕਲਬੂਤ ਮਿਰਾ, ਪਿਆ ਉਡਦਾ ਆਲ ਦੁਆਲੀ ।
ਛੁੱਟ ਗਏ ਸਭ ਸਾਕ ਤੇ ਨਾਤੇ, ਟੁੱਟ ਗਈ ਭਾਈ-ਵਾਲੀ,
ਸ਼ੀਰੀਂ ਦੁਨੀਆਂ ਨਾਲ ਨਾ ਕੋਈ, ਟੁੱਟੀ ਪੇੜ ਤੋਂ ਡਾਲੀ ।
ਟੁੱਟ ਪਈ ਕਿਸੇ ਉੱਚੇ ਦੇ ਸੰਗੋਂ ? ਹੋ ਗਈ ਭੈੜੀ ਹਾਲੀ,
ਰੋਲ ਲੰਘਾਊਆਂ ਫੀਤੀ ਫੀਤੀ, ਕੀਤੀ ਵਾਂਗ ਪਰਾਲੀ ।
ਦਰਦਾਂ ਵਾਲਿਓ ਦਰਦ 'ਚ ਆਓ, ਆਖੋ ਜਾ ਮੇਰੇ ਮਾਲੀ,
ਹੌਲੀ ਕੱਖਾਂ ਤੋਂ ਅੱਜ ਹੋ ਰਹੀ, ਨਾਲ ਪ੍ਰੇਮ ਜੋ ਪਾਲੀ ।
ਡਗ ਮਗ ਡੋਲੇ, ਥਰ ਥਰ ਕੰਬੇ, ਹਿਲਦੀ ਵਾਂਗਰ ਡਾਲੀ,
ਠੇਡਾ ਲੱਗਾ, ਰਾਹ ਵਿਚ ਢੱਠੀ, ਕਿਸੇ ਨਾ ਆਣ ਉਠਾਲੀ ।
ਉਖੜੀ ਲੱਗਾਂ, ਟੁਟੜੀ ਜੁੜ ਜਾਂ, ਦਸੋ ਚਾਲ ਸੁਚਾਲੀ,
ਹੇ ਭਰਪੂਰੋ ਝੋਲੀ ਭਰ ਦਿਓ, ਆਈ ਦਰ ਤੇ ਸਵਾਲੀ ।
ਰਸ ਰਸ ਭਰ ਜਾਂ, ਭਰ ਭਰ ਡੁਲ੍ਹਾਂ, ਵੱਗਾਂ ਹਾੜ ਸਿਆਲੀ,
ਵਗਦੀ ਜਾਵਾਂ, ਵੰਡਦੀ ਜਾਵਾਂ, ਮੂਲ ਨਾ ਹੋਵਾਂ ਖਾਲੀ ।
ਨਾ ਹੱਸਾਂ, ਨਾ ਹੁੱਸਾਂ, ਹੁੱਟਾਂ, (ਮੇਰਾ) ਵਾਲੀ ਮੇਰੇ ਨਾਲੀ,
ਰੋਵਾਂ, ਹੱਸਾਂ, ਪਹਿਰਾਂ, ਫਾੜਾਂ, ਸਾਈਂ ਰਖੇ ਸੰਭਾਲੀ ।

47. ਇਸਤ੍ਰੀ ਨੂੰ

ਤੂੰ ਕਿਰਤ ਹੈਂ ਕਰਤਾਰ ਦੀ, ਹੁਨਰ ਰਬ-ਹੁਨਰੀ ਦਾ,
ਸੁਣ੍ਹਪ, ਸੁਬਕਤਾ, ਪਿਆਰ, ਹਮਦਰਦੀ, ਸੁਹਲਤਾ, ਨਜ਼ਾਕਤ ਦਾ ਅਵਤਾਰ ।
ਤੂੰ ਸਿਰਤਾਜ, ਆਰਟਿਸਟ ਹੈਂ,
ਬੁਤ ਘੜਣੇ ਤੇਰਾ ਕੰਮ,
ਮੂਰਤਾਂ ਵਾਹੁਣੀਆਂ ਤੇਰਾ ਸ਼ੁਗਲ,
ਸੰਵਾਰਨਾ, ਬਣਾਣਾ, ਤੇਰਾ ਕਦੀਮੀ ਸੁਭਾਵ,
ਕਵਿਤਾ ਕਹਿਣੀ ਤੇਰੀ ਨਿਤ ਦੀ ਖੇਡ ।
ਤੂੰ ਹੈਂ ਬੇ-ਮਿਸਾਲ, ਹਸਤੀ ਤੇਰੀ ਲਾ-ਜ਼ਵਾਲ, ਹੁਸਨ ਤੇਰਾ ਕਾਇਮ ਦਾਇਮ ।
ਉਫ਼ !
ਤੂੰ ਫੁੱਲ ਸੈਂ, ਤੈਨੂੰ ਕਿਸੇ ਆਦਰ ਨਾਲ ਨਾ ਸੁੰਘਿਆ,
ਤੂੰ ਸੁਣ੍ਹਪ ਸੈਂ, ਤੈਨੂੰ ਕਿਸੇ ਸਤਿਕਾਰ ਨਾਲ ਨਾ ਵੇਖਿਆ,
ਤੂੰ ਪਿਆਰ ਸੈਂ, ਕਿਸੇ ਤੈਨੂੰ ਪਿਆਰਿਆ ਨਾ ,
ਤੂੰ ਸਭ ਦੀ ਹੋਈਓਂ, ਕੋਈ ਤੇਰਾ ਨਾ ਹੋਇਆ,
ਤੂੰ ਹੁਨਰ ਸੈਂ ਅਰਸ਼ੀ, ਕੋਈ ਕਦਰਦਾਨ ਨਾ ਮਿਲਿਆ ਤੈਨੂੰ,
ਤੂੰ ਆਜ਼ਾਦੀ ਸੈਂ, ਸਦਾ ਬੰਨ੍ਹਣਾਂ 'ਚ ਬੰਨ੍ਹੀ ਗਈ, ਕੈਦਾਂ 'ਚ ਕੜੀ ਗਈ ।
ਚਾਲਾਕ ਮਰਦ ਨੇ ਪਾਖੰਡ ਖੇਡਿਆ-ਤੈਨੂੰ ਪੂਜ ਬਣਾਇਆ,
ਬੰਨ੍ਹ ਬਹਾਇਆ ਤੈਨੂੰ,
ਬਸਤ੍ਰਾਂ ਦੀਆਂ ਰੱਸੀਆਂ ਨਾਲ,
ਗਹਿਣਿਆਂ ਦੀਆਂ ਕੜੀਆਂ ਨਾਲ ।
ਬੇ-ਜ਼ਬਾਨ ਤਰਸ-ਯੋਗ ਬੁਤ ਬਣਾ,
ਮਨ-ਮਰਜ਼ੀ ਦੀ ਪੂਜਾ ਲਈ,
ਘਰ ਮੰਦਰ ਵਿਚ ਅਸਥਾਪਣ ਕੀਤਾ ਤੈਨੂੰ ।
ਤੂੰ ਦੇਵੀ ਮੰਦਰ ਦੀ,
ਮੰਦਰ ਪੁਜਾਰੀ ਦੀ ਮਰਜ਼ੀ ਨਾਲ ਖੁਲ੍ਹਦਾ,
ਪੁਜਾਰੀ ਦੀ ਮਰਜ਼ੀ ਨਾਲ ਬੰਦ ਹੁੰਦਾ,
ਪੂਜਯ ਪੁਜਾਰੀ ਦੇ ਪਿੰਜਰੇ ਵਿਚ,
ਇਕ ਸਜਿਆ ਖਿਡੌਣਾ,
ਇਕ ਸ਼ਿੰਗਾਰਿਆ ਮੁਰਦਾ !
ਘੁਟ ਮਾਰਿਆ ਤੈਨੂੰ ਖਿੜੇ ਫੁੱਲ ਨੂੰ,
ਮਰਦ-ਮਰਜ਼ੀ ਨੇ,
ਆਪਣੀ ਗਉਂ ਲਈ ।

ਪੂੰਜੀ ਪਤੀ ਮਰਦ ਨੇ ਇਸਤ੍ਰੀ ਆਰਟਿਸਟ ਨੂੰ ਮੁਲ ਲੈ ਲਿਆ-
ਤੂੰ ਉਸ ਦੇ ਹੁਕਮ ਅੰਦਰ ਨ੍ਰਿਤ ਕੀਤਾ,
ਉਸ ਦੇ ਇਸ਼ਾਰੇ ਤੇ ਮੂਰਤਾਂ ਲੀਕੀਆਂ,
ਡਰਦੀ ਤ੍ਰਹਿੰਦੀ ਨੇ ਬੁਤ ਘੜੇ,
ਜਿਹੋ ਜਿਹੇ ਉਸ ਆਖੇ,
ਜਿਹੋ ਜਿਹੇ ਉਸ ਚਾਹੇ,
ਕੁੱਤੇ ਕਤੂਰੇ,
ਬਿਲੂ ਬਲੂੰਗੜੇ ।
ਹੁਨਰ ਨਾ ਰਿਹਾ-ਹੁਨਰਨ ਨਾ ਰਹੀ,
ਮੁਸ਼ੱਕਤਾਂ ਮਾਰੀ ਇਕ ਲੋਥ ਰਹੀ, ਬਸ ।

ਹੁਸ਼ਿਆਰ ਮਰਦ-ਚਾਲਾਕ ਚੋਰ ਨੇ, ਸਦਾ ਫਰੇਬ ਖੇਡੇ ਤੇਰੇ ਨਾਲ,
ਤੈਨੂੰ ਨਾਵਾਂ ਦੀਆਂ ਫਲਾਹੁਣੀਆਂ ਦਿਤੀਆਂ ਤੇ ਆਪਣਾ ਬੇ-ਦਾਮ
ਗ਼ੁਲਾਮ ਬਣਾਇਆ ।
ਤੈਨੂੰ ਮਾਤਾ ਆਖ, ਨਾ-ਮੁਰਾਦ ਬੇ-ਆਵਾਜ਼ ਮਸ਼ੀਨ ਬਣਾਇਆ,
ਤੈਨੂੰ ਅਰਧ-ਅੰਗੀ ਆਖ, ਉਮਰ ਗੋਲਾ ਕੀਤਾ,
ਤੈਨੂੰ ਭਗਨੀ ਆਖ, ਰੋਟੀਆਂ ਦਾ ਮੁਥਾਜ ਰਖਿਆ,
ਤੈਨੂੰ ਪਤੀ-ਬਰਤਾ ਆਖ, ਹੈਵਾਨੀ ਖਾਹਸ਼-ਪੂਰਤੀ ਦਾ ਹਥਠੋਕਾ
ਬਣਾਇਆ,
ਤੈਨੂੰ ਸਤੀ ਆਖ, ਮੁਰਦਿਆਂ ਦੀਆਂ ਲੋਥਾਂ ਨਾਲ ਸਾੜਿਆ ।

ਹੈਵਾਨ ਇਨਸਾਨ ਨੇ ਤੇਰੇ ਤੇ ਸਦਾ ਜ਼ੁਲਮ ਕੀਤੇ-
ਤੇਰੇ ਖੇੜੇ ਤੇ ਖੁਸ਼ਬੂ ਨੂੰ ਨੀਚਤਾ ਨਾਲ ਕੁਚਲਿਆ,
ਤੇਰੀ ਸਦ-ਜਵਾਨ ਤੇ ਉਡਾਰ ਆਤਮਾ ਨੂੰ ਬਲਦੀਆਂ ਮਸ਼ਾਲਾਂ
ਨਾਲ ਧੁਆਂਖਿਆ,
ਤੈਨੂੰ ਅਸ਼ਕਤ, ਅਸਮ੍ਰਥ ਰਖ, ਤੇਰੀ ਰਖਵਾਲੀ ਦਾ ਬੀੜਾ ਚੱਕਿਆ ।

ਮਰਦ-ਫਲਸਫੀ ਨੇ, ਝੂਠੇ ਲਫਾਫੇ ਬਣਾ, ਤੈਨੂੰ ਝੁਠਾਇਆ,
ਆਪਣੀ ਪਸਲੀ ਤੋਂ ਬਣੀ, ਮਰਦ ਬਿਨ ਅਧੂਰੀ, ਆਖਿਆ,
ਕਮਜ਼ੋਰ ਸਰੀਰੀ, ਹਿਫ਼ਾਜ਼ਤ ਦਾ ਲੋੜਕੂ ਚੰਗੇਰਾ-ਅੱਧ ਦੱਸਿਆ,
ਨਰਮ ਦਿਲ, ਦਿਮਾਗ਼ ਹੀਣ, ਸੋਹਣੀ ਤਿਤਰੀ ਆਖਿਆ,
ਖੰਡ ਲਪੇਟੀ, ਵਿਹੁਲੀ ਗੰਦਲ ਦੱਸਿਆ ।

ਪਸ਼ੂ ਪਤੀ ਨੇ ਤੈਨੂੰ ਆਪਣਾ ਮਨਕੂਲਾ ਮਾਲ ਸਮਝਿਆ,
ਜਿਵੇਂ ਉਹਦਾ ਪਰਨਾ, ਉਹਦੀ ਜੁੱਤੀ, ਤਿਵੇਂ ਉਹਦੀ ਇਸਤ੍ਰੀ ।
ਖੋਟਿਆਂ ਦਾ ਖੋਟਾ, ਤੈਨੂੰ ਕੈਦ ਕਰ ਕੇ, ਮੁੜ ਮਿਹਰਬਾਨ ਬਣਿਆ ।
ਆਖਦਾ-ਕੋਈ ਅੱਖ ਚੁਕ ਨਾ ਵੇਖੇ ਮੇਰੀ ਇਸਤ੍ਰੀ ਵੱਲ,
ਸਦਾ ਮਹਿਫ਼ੂਜ਼ ਰਹੇ ਮੇਰੀ ਇਸਤ੍ਰੀ, ਮੇਰੇ ਕੈਦ-ਖਾਨੇ ਵਿਚ,
ਸਦਾ ਹਿਫ਼ਾਜ਼ਤ ਕਰਾਂ ਮੈਂ, ਇਸ ਬੇ-ਦਿਲ ਬੇ-ਦਿਮਾਗ਼
ਗਠੜੀ ਦੀ ।

ਮਰਦ ਸਮਾਜ ਨੇ ਸਦਾ ਤੇਰੀ ਆਵਾਜ਼ ਕੁਚਲੀ,
ਤੇਰੇ ਵਲਵਲੇ ਰੋਕੇ,
ਤੇਰੀਆਂ ਖਾਹਸ਼ਾਂ ਨੱਪੀਆਂ,
ਤੇਰੀ ਖੁਰਾਕ ਮਰਦ-ਮਰਜ਼ੀ ਦੀ,
ਤੇਰੀ ਤਾਲੀਮ ਮਿਣਵੀਂ ਮਿਚਵੀਂ,
ਕਿ ਤੂੰ ਅੱਛੀ ਬਵਰਚਣ ਬਣੇਂ, ਅੱਛੀ ਖਿਡਾਵੀ,
ਪਤੀ ਪਰਮਾਤਮਾ ਦੀ ਪੁਜਾਰਨ ਸਾਦਿਕ ।

ਮਰਦ ਰਾਜ ਨੇ ਤੈਨੂੰ ਕਦੀ ਕੁਸਕਣ ਨਾ ਦਿੱਤਾ,
ਤੇਰੀ ਹੈਸੀਅਤ ਨੀਵੀਂ, ਤੇਰੀ ਕਰਾਮਾਤ ਨੀਵੀਂ,
ਤੂੰ ਰਹੀਓਂ ਮਰਦ-ਮਾਲਕ ਦੀ ਇਕ ਲੌਂਡੀ,
ਮਾਲਕ ਦੀ ਮਰਜ਼ੀ, ਤੇਰੀ ਮਰਜ਼ੀ,
ਮਾਲਕ ਦੀ ਖੁਸ਼ੀ, ਤੇਰੀ ਖੁਸ਼ੀ,
ਤੂੰ ਮਾਲਕ ਦੀ, ਤੇਰਾ ਸਭ ਕੁਛ ਮਾਲਕ ਦਾ,
ਤੇਰੀ ਨਾ ਦਾਦ, ਨਾ ਫਰਯਾਦ,
ਮਾਲਕ ਬਦਲੀ ਦਾ ਹੱਕ ਭੀ ਨਾ ।

ਇਸਤ੍ਰੀ ਸਦਾ ਦੱਬੀ ਰਹੀ ਤੇ ਮਰਦ ਸਦਾ ਨਾ-ਕਾਮ,
ਹੇ ਇਸਤ੍ਰੀ, ਉਠ ! ਕਿ ਸ਼ਾਇਦ ਤੂੰ ਕਾਮਯਾਬ ਥੀਵੇਂ,
ਉੱਠ, ਕਿ ਬਹਿਣ ਦਾ ਵੇਲਾ ਨਹੀਂ,
ਜਾਗ, ਕਿ ਸਾਉਣ ਦਾ ਸਮਾਂ ਨਹੀਂ,
ਜ਼ਮਾਨਾ ਤੇਰੀ ਉਡੀਕ ਵਿਚ ਹੈ,
ਕੁਦਰਤ ਤੇਰੇ ਇੰਤਜ਼ਾਰ ਵਿਚ,
ਰੱਬ ਤੇਰੇ ਇਸਤਕਬਾਲ ਲਈ ਖੜਾ ਹੈ,
ਰੱਬਤਾ ਤੇਰੀ ਆਓ-ਭਗਤ ਲਈ !

ਨੀਂਦਰ ਤਿਆਗ, ਦਲਿਦਰ ਛੋੜ, ਸੰਭਾਲ ਪੱਲਾ ਤੇ ਹੋ ਖੜੀ
ਆਪਣੇ ਆਸਰੇ,
ਤੋੜ ਕੰਧਾਂ, ਭੰਨ ਪਿੰਜਰੇ, ਛੋੜ ਜਿੰਦ-ਕੁਹਣੀਆਂ ਰਸਮਾਂ,
ਖੁਦ-ਗਰਜ਼ ਮਰਦ ਮਾਹਣੂਆਂ ਦੀਆਂ ਤੇਰੇ ਲਈ ਪਾਈਆਂ ਲੀਕਾਂ,
ਉਠਾ ਬੁੱਤ, ਬਰਾਬਰ ਕਰ ਮੰਦਰ, ਪੱਧਰ ਕਰ ਕੰਧਾਂ-
ਕਿ ਡੱਕੇ ਹਟਣ, ਉਹਲੇ ਉੱਠਣ,
ਰਤਾ ਖੁਲ੍ਹ ਹੋਵੇ, ਰਤਾ ਹਵਾ ਆਵੇ,
ਕੇਹੀ ਕੈਦ ਹੈ, ਕੇਹਾ ਹੁੰਮਸ ਧੁੰਮਸ,
ਮੈਦਾਨ ਕਰ ਦੇ,
ਕਿ ਫੇਰ ਫੁੱਲ ਉੱਗਣ,
ਖੇੜਾ ਦਿੱਸੇ, ਖ਼ੁਸ਼ਬੂ ਆਵੇ ।

ਉਠ ਜੀਵਨ-ਰਾਗਨੀ ਛੇੜ,
ਕਿ ਮੁਰਦਾ ਮਰਦ ਸੰਸਾਰ ਤੇਰੇ ਆਸਰੇ ਜੀਵੇ
ਖੇੜਾ, ਖੁਸ਼ਬੂ ਖਿਲਾਰ,
ਕਿ ਸੁੱਕਾ ਮੁਰਝਾਇਆ ਸੰਸਾਰ ਤੇਰੇ ਸਦਕਾ ਟਹਿਕੇ,
ਟੁੱਕਰ ਦੀ ਬੁਰਕੀ ਲਈ ਮਰਦ ਦੀ ਮੁਥਾਜੀ ਛੱਡ,
ਕਿ ਮਰਦ ਤੀਵੀਂ ਦੋਵੇਂ ਜੀਵਣ ।
ਸੰਸਾਰ ਦਾ ਜੀਵਨ ਤੇਰੇ ਅੰਦਰ ਹੈ,
ਕਾਇਣਾਤ ਤੇਰੇ ਸੀਨੇ ।

ਹਨੇਰੀ ਆ ਰਹੀ ਹੈ, ਭੁਚਾਲ ਆ ਰਿਹਾ ਹੈ !
ਉਠ ! ਮਤੇ ਮੁਰਦਾ ਮਰਦ ਤੈਨੂੰ ਭੀ ਨਾਲ ਲੈ ਮਰੇ,
ਉਠ ! ਚਿਰ ਪਿਆ ਹੁੰਦਾ, ਵੇਲਾ ਲੰਘਦਾ ਜਾਂਦਾ ।

48. ਤਪ-ਤਪੱਸਿਆ

ਤਪ ਕੇਹੇ ? ਤਪੱਸਿਆ ਕੇਹੀ ?
ਕੁਦਰਤ ਤਪ ਨਹੀਂ ਕਰਦੀ,
ਜਿਊਂਦੀ ਏ, ਜਿਨਾਂ ਚਿਰ ਜਿਊਂਦੀ ਏ,
ਮਰ ਜਾਂਦੀ ਏ ਜਦੋਂ ਮਰਨਾ ਏਂ ।
ਆਉਣ ਵਾਲੀ ਮੌਤ ਦੇ ਡਰ ਨਾਲ, ਕੌਣ ਹੁਣ ਵਾਲੀ ਜ਼ਿੰਦਗੀ
ਤਬਾਹ ਕਰੇ !
ਮੌਤ ਪਿਛੋਂ ਆਉਣ ਵਾਲੇ ਸੁੱਖਾਂ ਲਈ, ਕੌਣ ਇਹ ਹੁਣ ਦੇ ਸੁੱਖ ਛੱਡ ਬਹੇ !

ਬੂਟਾ ਉੱਗਦਾ ਏ, ਵਧਦਾ ਏ, ਫੁੱਲਦਾ ਏ, ਫਲਦਾ ਏ- ਸੁਕ ਜਾਂਦਾ ਏ,
ਮੌਤ ਦਾ ਫਿਕਰ ਨਹੀਂ ਕਰਦਾ, ਨਾ ਮੌਤ ਪਿਛੋਂ ਆਉਣ ਵਾਲੀ
ਜ਼ਿੰਦਗੀ ਦਾ ਲਾਲਚ,
ਇਨਸਾਨ ਕੇਹਾ ਲਾਲਚੀ ! ਹੱਥ ਆਈ ਜ਼ਿੰਦਗੀ ਨੂੰ, ਆਉਣ ਵਾਲੇ
ਜੀਵਨ ਦੀ ਹਿਰਸ ਵਿਚ ਘੁੱਟ ਮਰਦਾ ਏ,
ਮਨੁਖ ਕੇਹਾ ਖੁਦ-ਗਰਜ਼ ! ਅਗਲੇ ਜਹਾਨ ਦੇ ਸੁਰਗ ਖਾਤਰ ਇਸ
ਸੁਰਗ ਤੋਂ ਵਾਂਜਿਆ ਰਹਿੰਦਾ ਏ ।
ਕੀ ਲਾਲਚੀ ਧੋਖੇ ਵਿਚ ਨਹੀਂ ?
ਕੀ ਤਪੱਸਵੀ ਭਰਮਾਂ ਵਿਚ ਨਹੀਂ ?
ਜ਼ਿੰਦਗੀ ਨਾਮ ਹੈ ਵੱਡੇ ਵੱਡੇ ਦੁੱਖਾਂ ਦਾ, ਨਿਕੇ ਨਿਕੇ ਸੁੱਖਾਂ ਦਾ,
ਗਿਆਨੀ ਉਹ ਜੋ ਦੁਖ ਜਰੇ, ਸੁਖ ਮਾਣੇ ।

49. ਤਿਲਕ ਤਿਲਕ ਪਈ ਪੈਨੀ ਆਂ

ਕਾਂਗਾਂ ਵਿਚ ਆਈ ਜਵਾਨੀ,
ਮੈਂ ਹੋ ਰਹੀ ਝਲ-ਮਸਤਾਨੀ,
ਨਾਦਾਨੀ ਹਾਂ ਦੀਵਾਨੀ,
ਬਿਨ ਨਸ਼ਿਓਂ ਹੀ ਬਉਰਾਨੀ,
ਬਿਨ ਤਿਲਕਣ ਪਈ ਤਿਲਕੇਨੀ ਆਂ,
ਕੋਈ ਆਣ ਸੰਭਾਲੇ ਮੈਨੂੰ !

ਮੈਂ ਆਪਾ ਜਰ ਨਾ ਸਕਦੀ,
ਤੇ ਉਮ੍ਹਲ ਉਮ੍ਹਲ ਪਈ ਵਹਿੰਦੀ,
ਜਿੰਦ ਕੈਦ ਅੰਦਰ ਨਾ ਰਹਿੰਦੀ,
ਤੇ ਉਛਲ ਉਛਲ ਪਈ ਪੈਂਦੀ,
ਬਿਨ ਆਈਓਂ ਮਰ ਮਰ ਪੈਨੀ ਆਂ,
ਕੋਈ ਆਣ ਬਚਾਵੇ ਮੈਨੂੰ !

ਮੇਰੀ ਰਗ ਰਗ ਰਗ ਪਈ ਥਰਕੇ,
ਥਰਕਣ ਪਈ ਪਾੜੇ ਪਰਦੇ,
ਜਦ ਪੈਰ ਧਰਾਂ ਮੈਂ ਧਰਤੀ,
ਧਰਤੀ ਨੂੰ ਆਉਂਦੇ ਲਰਜ਼ੇ,
ਨਾ ਪਰਦਿਆਂ ਅੰਦਰ ਰਹਿਨੀ ਆਂ,
ਕੋਈ ਆਣ ਲੁਕਾਵੇ ਮੈਨੂੰ !

ਅੱਡੀ ਨਾ ਲਗਦੀ ਮੇਰੀ,
ਪੱਬਾਂ ਤੇ ਤੁਰਦੀ ਜਾਂਦੀ,
ਬਿਨ ਪੀਂਘਾਂ ਪੀਂਘ ਚੜ੍ਹਾਂਦੀ,
ਗਗਨਾਂ ਵਲ ਉਡਦੀ ਜਾਂਦੀ,
ਪਈ ਹਾਣ ਹਾਣ ਦਾ ਵੇਹਨੀ ਆਂ,
ਕੋਈ ਨਜ਼ਰ ਨਾ ਆਵੇ ਮੈਨੂੰ !

ਮੇਰੇ ਵਿਚ ਵੜ ਜਾਏ ਕੋਈ,
ਆਪਣੇ ਵਿਚ ਵਾੜੇ ਮੈਨੂੰ,
ਹਾਂ, ਮੈਨੂੰ ਜੜ੍ਹਾਂ ਤੋਂ ਪੁਟ ਲਏ,
ਆਪਣੇ ਘਰ ਲਾ ਲਏ ਮੈਨੂੰ,
ਮੈਂ ਉਜੜਨ ਨੂੰ ਤਰਸੇਨੀ ਆਂ,
ਕੋਈ ਆਣ ਉਜਾੜੇ ਮੈਨੂੰ !

ਕੋਈ ਕੁੱਛੜ ਚਾ ਲਏ ਮੈਨੂੰ,
ਖਿੱਦੋ ਵਾਂਗ ਉਠਾ ਲਏ ਮੈਨੂੰ,
ਕਦੀ ਉਤਾਂਹ ਉਛਾਲੇ ਮੈਨੂੰ,
ਕਦੀ ਹੇਠ ਦਬਾ ਲਏ ਮੈਨੂੰ,
ਰੂਹ ਉਭਰ ਉਭਰ ਪਈ ਪੈਂਦੀ ਏ,
ਕੋਈ ਆਣ ਖਿਡਾਵੇ ਮੈਨੂੰ !

ਮੈਂ ਪਿਲਪਿਲੀ ਹਾਂ, ਮੈਂ ਪੋਲੀ,
ਮੈਂ ਰਸ ਭਰੀ ਹਾਂ, ਖਟ-ਮਿੱਠੀ,
ਭਖ ਭਖ ਭਖ ਭਖ ਭਖ ਕਰਦੀ,
ਰਸ ਰਸ ਰਸ ਰਸ ਰਸ ਭਰਦੀ,
ਮੈਂ ਨੁਚੜ ਨੁਚੜ ਪਈ ਪੈਨੀ ਆਂ,
ਕੋਈ ਆਣ ਨਿਚੋੜੇ ਮੈਨੂੰ !

ਮੈਂ ਏਵੇਂ ਕਦੀ ਨਾ ਰਹਿਣਾ,
ਕੋਈ ਆਣ ਲਿਤਾੜੇ ਮੈਨੂੰ !
ਮੈਂ ਆਪ ਉਖੜ ਪੈਣਾ,
ਕੋਈ ਆਣ ਉਖਾੜੇ ਮੈਨੂੰ !

ਮੈਂ ਮਿਧੜਨ ਨੂੰ ਪਕੜੇਨੀ ਆਂ,
ਕੋਈ ਆਣ ਮਿਧਾੜੇ ਮੈਨੂੰ !

ਜੱਫੀ ਵਿਚ ਲੈ ਲਏ ਕੋਈ,
ਹਿਕ ਨਾਲ ਲਗਾਵੇ ਕੋਈ,
ਕੋਈ ਗੁੱਛੂ ਮੁੱਛੂ ਕਰ ਲਏ,
ਹਿਲਣ ਨਾ ਦੇਵੇ ਮੈਨੂੰ,
ਮੇਰਾ ਅੰਗ ਅੰਗ ਭੰਨ ਦੇਵੇ,
ਭੰਨ ਫੇਰ ਬਣਾਵੇ ਮੈਨੂੰ !

50. ਕੀਹ ਹੋ ਜਾਂਦਾ

ਉਫ਼ !
ਹੁਸਨ ਜਾਣਾ ਹੀ ਸੀ,
ਜਵਾਨੀ ਮੁੱਕਣੀ ਹੀ ਸੀ,
ਖੇੜਾ ਉਡਣਾ ਹੀ ਸੀ,
ਸ਼ਾਖ ਟੁੱਟਣੀ ਹੀ ਸੀ,
ਸਹਾਰਾ ਮੁੱਕਣਾ ਹੀ ਸੀ,
ਤ੍ਰੇਲ ਸੁੱਕਣੀ ਹੀ ਸੀ ।

ਕੀਹ ਹੁੰਦਾ ?
ਜੇ ਮੈਂ ਭੀ ਵੇਖ ਲੈਂਦਾ,
ਮੈਂ ਭੀ ਚੱਖ ਲੈਂਦਾ,
ਮੈਂ ਭੀ ਮਾਣ ਲੈਂਦਾ,
ਮੈਂ ਭੀ ਬੈਠ ਲੈਂਦਾ,
ਮੈਂ ਭੀ ਗਾ ਲੈਂਦਾ,
ਮੈਂ ਭੀ ਭਿੱਜ ਲੈਂਦਾ,
ਤੇਰਾ ਹਸਾਨ ਹੁੰਦਾ ਮੈਂ ਗਰੀਬ ਉੱਤੇ,
ਗਰੀਬ ਜਿਊ ਪੈਂਦਾ ਇਕ ਸਦਕਾ ਤੇਰੇ ।

ਕੀ ਲਿਓ ਈ ?
ਮੈਨੂੰ ਭਰਮਾ ਕੇ,
ਮੈਨੂੰ ਤਰਸਾ ਕੇ,
ਮੈਨੂੰ ਮਰਵਾ ਕੇ ।

ਸੋਹਣਿਆ,
ਤੇਰਾ ਸੁਣ੍ਹਪ ਗਿਆ, ਮੇਰੀ ਜਾਨ ਗਈ,
ਤੇਰਾ ਯੁਮਨ ਗਿਆ, ਮੇਰੀ ਸ਼ਾਨ ਗਈ,
ਜਾਣਾ ਹੀ ਸੀ,
ਇਨ੍ਹਾਂ ਦੁਹਾਂ ਨੇ ।
ਜੇਕਰ ਹੱਸ ਪੈਂਦੇ, ਰਤਾ ਰੱਸ ਲੈਂਦੇ,
ਕਹਿ ਦੱਸ ਲੈਂਦੇ, ਰਤਾ ਵੱਸ ਪੈਂਦੇ,
ਫਿਰ ਭੀ ਸੁੱਕਣਾ ਹੀ ਸੀ,
ਫਿਰ ਭੀ ਮੁੱਕਣਾ ਹੀ ਸੀ ।

ਪਰ ਹਾਂ,
ਵੱਸ ਲਿਆ ਹੁੰਦਾ,
ਹੱਸ ਲਿਆ ਹੁੰਦਾ,
ਹਸਰਤ ਨਾ ਰਹਿੰਦੀ,
ਅਰਮਾਨ ਨਿਕਲ ਵਹਿੰਦੇ ।

51. ਸ਼ਾਮਾਂ ਪੈ ਗਈਆਂ

ਸੂਰਜ ਡੁਬ ਰਿਹਾ, ਸ਼ਾਮਾਂ ਪੈ ਰਹੀਆਂ,
ਘਟਦਾ ਜਾਂਦਾ ਚਾਨਣ, ਵਧਦਾ ਜਾਂਦਾ ਹਨੇਰਾ,
ਟਿਕਾਣਿਆਂ ਵਾਲੇ ਚਲੇ ਗਏ, ਆਪਣੀ ਟਿਕਾਣੀਂ,
ਘਰਾਂ ਵਾਲੇ ਆਪਣੀ ਘਰੀਂ-ਜਿਨ੍ਹਾਂ ਦੇ ਘਰ ਹੈਸਨ,
ਮੇਰੀ ਮਜਲ ਨਹੀਂ ਮੁੱਕੀ, ਨਾ ਟਿਕਾਣਾ ਮਿਲਿਆ ਮੈਨੂੰ,
ਸ਼ਾਮਾਂ ਪੈ ਰਹੀਆਂ ਅਧਵਾਟੇ,
ਪੈਂਡਾ ਮੇਰਾ ਅਟਕ ਗਿਆ, ਡੋਬੂ ਨਦੀ ਦੇ ਕੰਢੇ ।

ਤਾਰੂ ਨਦੀ ਸ਼ੂਕਦੀ, ਵੰਞੀਂ ਹਾਥ ਨਾ ਇਸ ਦੀ ।
ਸ਼ਾਮਾਂ ਪੈ ਗਈਆਂ,
ਰਤਾ ਰਤਾ ਲੋਅ ਅਜੇ ਹੈ,
ਪਰ ਜਿੱਥੇ ਸੂਰਜ ਦੇ ਇਸ ਚਾਨਣੇ ਕੁਝ ਨਾ ਸਾਰਿਆ,
ਸ਼ਾਮਾਂ ਦੀ ਇਹ ਮਿਟਦੀ ਲੋਅ ਕਿਸ ਕੰਮ ?

ਪੁਲ ਕੋਈ ਨਹੀਂ, ਨਾ ਬੇੜੀ, ਨਾ ਮਾਂਝੀ,
ਮੈਂ ਅਨ-ਤਾਰੂ ਖਲੀ ਇਸ ਕੰਢੇ, ਅਨਜਾਣ ਇਕੱਲੀ,
ਰਾਹ ਮੇਰਾ ਆਣ ਰੁਕਿਆ, ਅਸਗਾਹ ਅਲੰਘ ਨਦੀ ਦੇ ਇਸ ਕੰਢੇ,
ਕੋਈ ਹੈ ਬੇੜੀ ਵਾਲਾ ?
ਮੈਨੂੰ ਉਸ ਪਾਰ ਲੈ ਜਾਏ, ਬੇੜੀ ਤੇ ਬਿਠਾ ਕੇ,
ਸ਼ਾਮਾਂ ਪੈ ਗਈਆਂ ।

ਦਿਸਦੀ ਰਾਤ ਆ ਰਹੀ ਘੁਪ,
ਬੱਦਲ ਹੋ ਰੇ 'ਭੂਰੇ ਭੂਰੇ'
ਠੱਕਾ ਚੱਲ ਪਿਆ ਕਿਸੇ ਕਹਿਰ ਦਾ,
ਨਾ ਚੰਨ ਨਿਕਲਦਾ, ਨਾ ਤਾਰੇ,
ਜਿੰਦ ਮੇਰੀ ਘਬਰਾ ਰਹੀ ਹੈ,
ਨਿੱਕਾ ਜਿਹਾ ਦੀਵਾ ਬਸ ਬੁਝ ਚੱਲਿਆ,
ਅਗਲਾ ਪਾਰ ਦਿਸਦਾ ਜਿਵੇਂ ਸੈਨਤਾਂ ਮਾਰਦਾ ਮੈਨੂੰ ।

ਮੈਂ ਇਕੱਲੀ ਖੜੀ ਇਸ ਕੰਢੇ, ਅਨਜਾਣ, ਅਲੜ੍ਹ, ਅਨ-ਤਾਰੂ,
ਨਦੀ ਨਿੱਕੀ ਹੁੰਦੀ, ਟੱਪ ਜਾਂਦੀ ।
ਨਦੀ 'ਚ ਕਾਂਗ ਆ ਗਈ ਕੋਈ ਕਹਿਰਾਂ ਦੀ ।
ਕੋਈ ਹੈ ਤਰਸਾਂ ਵਾਲਾ ?
ਰਤਾ ਤਰਸ ਕਰੇ, ਮੈਨੂੰ ਉਸ ਪਾਰ ਅਪੜਾ ਦਏ ਰਤਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾਕਟਰ ਦੀਵਾਨ ਸਿੰਘ ਕਾਲੇਪਾਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ