Vaar Dulla Bhatti in Gurmukhi

ਵਾਰ ਦੁੱਲੇ ਭੱਟੀ ਦੀ

('ਲੋਕ ਵਾਰਾਂ' ਵਿਚ ਅਹਿਮਦ ਸਲੀਮ ਨੇ ਗਵੰਤ੍ਰੀ ਗੁਲਾਮ
ਮੁਹੰਮਦ ਰੁਲੀਏ ਤੋਂ ਸੁਣਕੇ ਇਹ ਵਾਰ ਦਰਜ ਕੀਤੀ ਹੈ)

1

ਤਾਰਿਆਂ ਦੀ ਓਟ ਚੰਦ ਨ ਛੁਪੇ, ਸੂਰਜ ਨ ਛੁਪੇ ਬੱਦਲ ਕੀ ਛਾਯਾ
ਪੁਤ ਸਪੁਤ ਪੰਘੂੜੇ ਨ ਛੁਪੇ, ਅਰਾਕੀ ਨ ਛੁਪੇ ਜਦ ਆਸਨ ਤੇ ਆਯਾ
ਚੰਚਲ ਨਾਰਿ ਕੇ ਨੈਣ ਨ ਛੁਪਣ, ਔਰ ਸੁੰਦਰ ਰੂਪ ਨ ਛੁਪੇ ਛਪਾਯਾ
ਮਦ ਕੇ ਪੀਤਿਆਂ ਜਾਤ ਪਰਖੀਏ, ਦਾਤਾ ਪਰਖੀਏ ਜਦ ਮਾਂਗਤ ਆਯਾ
ਮੂਰਖ ਦੇ ਕੋਲ ਕਬਿੱਤ ਕੇਹਾ, ਜੇਹਾ ਭੈਂਸ ਦੇ ਕੋਲ ਮਰਜੰਗ ਵਜਾਯਾ ।੧।

2

ਪੁੱਤ ਹੱਥ ਬੰਨ੍ਹ ਕਰਦੀਆਂ ਬੇਨਤੀ, ਸੱਚੀਆਂ ਦਿਆਂ ਸੁਣਾ
ਰਾਤੀਂ ਸੁੱਤੀ ਨੂੰ ਸੁਫ਼ਨਾ ਵਾਚਿਆ, ਸੁਫ਼ਨਾ ਬੁਰੀ ਬਲਾ
ਤੇਰਾ ਵਿਚਹੁੰ ਥੰਮ ਕੜਕਿਆ, ਮਹਲ ਡਿਗ ਪਿਆ ਗੜ ਗੜਾ
ਛੱਜਾ ਚੁਬਾਰੇ ਵਾਲਾ ਢਹਿ ਪਿਆ, ਜੀਹਦੀ ਗੂੜ੍ਹੀ ਮਾਣਦਾ ਛਾਂ
ਬੂਰਾ ਝੋਟਾ ਚਾਵਰਾ, ਮੁਗਲਾਂ ਰੋਹੀਆਂ ਚ ਕੁੱਠਾ ਆ
ਭੁੰਨ ਭੁੰਨ ਖਾਂਦੇ ਬੋਟੀਆਂ, ਸੀਖਾਂ ਨਾਲ ਟੰਗਾ
ਤੇਰਾ ਸਾਂਦਲ ਦਾਦਾ ਮਾਰਿਆ, ਦਿਤਾ ਭੋਰੇ ਚ ਪਾ
ਮੁਗਲਾਂ ਪੁੱਠੀਆਂ ਖੱਲਾਂ ਲਾਹ ਕੇ, ਭਰੀਆਂ ਨਾਲ ਹਵਾ
ਜੇ ਤੂੰ ਬਿੰਦ ਰਾਜਪੂਤ ਦੀ, ਨਿਉਂ ਕੇ ਘੜੀ ਲੰਘਾ
ਜੰਮਣਾ ਤੇ ਮਰਿ ਜਾਵਣਾ, ਮਰਦਾਂ ਦੇ ਬੋਲ ਰਹਿਣ ਸਿਰ ਜਾ ।੨।

3

ਉਠ ਓ ਦਾਦੂ ਡੋਗਰਾ, ਮਾਂ ਲੱਧੀ ਨੂੰ ਘਰਿ ਘੱਲ
ਮੈਨੂੰ ਕੋਇ ਨ ਦਿਸਦਾ ਸੂਰਮਾ, ਆਵੇ ਦੁੱਲੇ ਜਵਾਨ ਤੇ ਚਲ
ਵਲ ਵਲ ਮਾਰਾਂ ਮੁਗਲਾਂ ਦੀਆਂ ਢਾਣੀਆਂ, ਦਿਆਂ ਪੂਰਾਂ ਦੇ ਪੂਰ ਉਥਲ
ਮੈਂ ਬੱਦਲ ਬਣਾ ਦਿਆਂ ਧੂੜ ਦੇ, ਕੂਟੀਂ ਅਮਰ ਤਰਥਲ
ਮੈਂ ਮਾਰ ਦਿਆਂ ਬੱਗੇ ਸ਼ੇਰ ਨੂੰ, ਉਹਦੀ ਹੇਠ ਵਿਛਾਵਾਂ ਖੱਲ
ਮੈਂ ਚੜ੍ਹਕੇ ਘੋੜਾ ਫੇਰ ਲਾਂ, ਜਗ ਤੇ ਰਹਿ ਜਾਊ ਗੱਲ
ਕੌਣ ਕਮੀਨਾ ਬਾਦਸ਼ਾਹ, ਆਵੇ ਦੁੱਲੇ ਜਵਾਨ ਤੇ ਚਲ ।੩।

4

ਦੁਲਾ ਮੁਖ ਤੋਂ ਬੋਲਦਾ, ਮਾਤਾ ਨੂੰ ਕਰੇ ਠਕੋਰ
ਮੇਰਾ ਦੁੱਲਾ ਨਾਂ ਨ ਰਖਦੀਉਂ, ਰਖਦੀਓਂ ਕੁਝ ਹੋਰ
ਚਾਰ ਚੱਕ ਮੈਂ ਭੱਟੀ ਨੇ ਖਾਵਣੇ, ਦੇਣੇ ਸ਼ੱਕਰ ਵਾਂਗੂੰ ਭੋਰ
ਮਾਰਾਂ ਅਕਬਰ ਵਾਲੀਆਂ ਡਾਲੀਆਂ, ਤਦ ਜਾਣੀ ਦੁਲਾ ਰਾਠੌਰ
ਮੇਰੇ ਹੇਠਾਂ ਬੱਕੀ ਲੱਖ ਦੀ, ਜਿਹੜੀ ਟੁਰਦੀ ਸੁੰਮ ਠਕੋਰ
ਮੈਂ ਪੁਤ ਆਂ ਬੱਗੇ ਸ਼ੇਰ ਦਾ, ਮੇਰੇ ਸ਼ੇਰਾਂ ਵਰਗੇ ਤਉਰ
ਜੰਮਣਾ ਤੇ ਮਰ ਜਾਵਣਾ, ਓੜਕ ਉਡਣਾ ਪਿੰਜਰੇ ਚੋਂ ਭੌਰ ।੪।

5

ਮੇਧਾ ਜਾ ਕੇ ਕੂਕਿਆ, ਅਕਬਰ ਦੇ ਦਰਬਾਰ
ਤੂੰ ਸੁਣੀਂਦਾ ਅਕਬਰ ਬਾਦਸ਼ਾਹ, ਤੈਨੂੰ ਅੱਖੀਂ ਵੇਖਿਆ ਆਣ
ਇਕ ਜੰਮਿਆ ਪਿੰਡੀ ਵਿਚ ਸੂਰਮਾ, ਮਾਂ ਲੱਧੀ ਦੇ ਘਰ ਲਾਲ
ਉਹਨੇ ਲੁਟਕੇ ਖਾ ਲੀਆਂ ਡਾਲੀਆਂ, ਭੱਟੀ ਖੋਹਕੇ ਖਾ ਗਏ ਮਾਲ
ਮੇਲਾ ਝਟ ਦਾ ਹੋਣੀ ਨ ਟਲੀ, ਜਿਹੜੀ ਬੈਠੀ ਦੁਲੇ ਦੀ ਬਾਰ
ਉਹਦੇ ਜੰਮਣ ਨੂੰ ਰੋਂਦੀਆਂ ਰਾਣੀਆਂ, ਵਿਚ ਹੱਟੀਆਂ ਰੋਣ ਕਰਾੜ
ਜੇ ਤੂੰ ਅਕਬਰ ਬਾਦਸ਼ਾਹ, ਚੜ੍ਹ ਕੇ ਲੈ ਲੈ ਦੁੱਲੇ ਦੀ ਸਾਰ
ਜੇ ਤੂੰ ਪਤਾ ਨ ਲਿਆ ਓਸਦਾ, ਆ ਜਾਣੀ ਤੈਨੂੰ ਹਾਰ
ਉਹਨੇ ਵਲ ਵਲ ਮਾਰਨੀਆਂ ਢਾਣੀਆਂ, ਦੇ ਦੇਵੇ ਜਵਾਨਾਂ ਨੂੰ ਟਾਲ
ਜੰਮਣਾ ਤੇ ਮਰ ਜਾਵਣਾ, ਮਰਦਾਂ ਦੇ ਬੋਲ ਰਹਿਣ ਸਿਰ ਦੇ ਨਾਲ ।੫।

6

ਨਾਲ ਗੁੱਸੇ ਦੇ ਬੋਲਦਾ ਬਾਦਸ਼ਾਹ, ਸਭਨਾਂ ਨੂੰ ਕਹਿੰਦਾ
ਹੈ ਕੋਈ ਇਥੇ ਸੂਰਮਾ, ਵਿਚ ਕਚਹਿਰੀ ਰਹਿੰਦਾ
ਹੋ ਕੇ ਪੁੱਤ ਫਰੀਦ ਦਾ, ਨਾਲ ਸਾਡੇ ਖਹਿੰਦਾ
ਉਹਦਾ ਦਾਣਾ ਪਾਣੀ ਘਟ ਗਿਆ, ਹੁਣ ਜ਼ਰਾ ਕੁ ਰਹਿੰਦਾ
ਸਿਰ ਵੱਢ ਕੇ ਸਾਡੇ ਸੂਬੇ ਦਾ, ਹੁਣ ਪਿੰਡੀ ਰਹਿੰਦਾ
ਉਠੇ ਕੋਈ ਸੂਰਮਾ-ਬਾਦਸ਼ਾਹ ਫਿਰ ਕਹਿੰਦਾ ।੬।

7

ਤੀਜੀ ਵਾਰੀ ਬਾਦਸ਼ਾਹ, ਬੋਲਿਆ ਤਲਖ਼ੀ ਨਾਲ
ਤੁਸੀਂ ਸਾਰੇ ਪਾਜੀ ਹੋ ਗਏ, ਪਿੱਛਾ ਗਏ ਵਿਖਾਲ
ਕੀ ਪਾਜੀ ਦਾ ਜੀਵਣਾ, ਭਾਵੇਂ ਜੀਵੇ ਬਰਸ ਹਜ਼ਾਰ
ਪਾਜੀ ਨੇਕੀ ਕਦੇ ਨ ਖੱਟਦਾ, ਸਿਰ ਚੁਕੇ ਬਦੀਆਂ ਦਾ ਭਾਰ
ਤੁਹਾਡਾ ਹਜ਼ਾਰਾਂ ਨਾਲ ਮੁਕਾਬਲਾ, ਕਿਤੇ ਖਾ ਕੇ ਨ ਭੱਜਿਓ ਹਾਰ
ਕੋਈ ਵਿਚ ਕਚਹਿਰੀ ਸੂਰਮਾ ਮੈਨੂੰ ਦੇਵੇ ਹੱਥ ਵਿਖਾਲ
ਜੀਂਦਾ ਦੁੱਲੇ ਨੂੰ ਲਿਆਵੇ ਬੰਨ੍ਹ ਕੇ, ਉਹਦੇ ਪਟਕੇ ਦੇ ਨਾਲ
ਬਾਂਧਾਂ ਵੀ ਲਿਆਵੇ ਬੰਨ੍ਹ ਕੇ, ਨਰੜ ਲਿਆਵੇ ਹੌਦਿਆਂ ਨਾਲ
ਪਿੰਡੀ ਜਾ ਕੇ ਢਾਹ ਦੇਵੇ, ਗੱਲ ਰਹਿ ਜਾਇ ਦੁਨੀਆਂ ਤੇ ਯਾਦ
ਕੋਈ ਉਠ ਕੇ ਬੀੜਾ ਚੁਕ ਲਓ, ਕਰ ਲਓ ਮਿਆਨ ਤਲਵਾਰ
ਜੇ ਦੁੱਲੇ ਨੂੰ ਲਿਆਓ ਬੰਨ੍ਹ ਕੇ, ਕਰ ਦਿਆਂ ਦੂਣੇ ਮਨਸਬਦਾਰ ।੭।

8

ਚੜ੍ਹ ਪਿਆ ਮਿਰਜ਼ਾ ਨਿਜ਼ਾਮੁਦੀਨ, ਸੱਤ ਪੰਜ ਪੈਗੀ ਦੂਰ
ਤੱਤੇ ਤਾਅ ਮਹਾਵਤਾਂ ਹਾਥੀਆਂ ਨੂੰ ਲਿਆ ਸਿਧਵਾ ਹਜ਼ੂਰਿ
ਠੀਕਰੀ ਵਾਲਿਓਂ ਲਾਂਘਾ ਪੈ ਗਿਆ, ਚੜ੍ਹੇ ਮੁਗਲਾਂ ਦੇ ਕਟਕ ਜ਼ਰੂਰ
ਮੁਗਲ ਪੁਛਦੇ ਹਾਲੀਆਂ ਪਾਲੀਆਂ, ਕਿਉਂ ਵਈ ਦੁਲਾ ਨੇੜੇ ਕਿ ਦੂਰ
ਉਹਦੇ ਦੁਸ਼ਮਣ ਆਂਹਦੇ ਔਹੁ ਖੜਾ, ਭੱਟੀ ਦੇ ਸੱਜਣ ਆਂਹਦੇ ਦੂਰ
ਮੁਗਲਾਂ ਨੇ ਮੁੱਛਾਂ ਮਰੋੜੀਆਂ, ਚਲਣਾ ਹੈ ਪਿੰਡੀ ਜ਼ਰੂਰ
ਢਾਹ ਦੇਣੀਆਂ ਦੁੱਲੇ ਦੀਆਂ ਮਾੜੀਆਂ, ਜਿਥੇ ਵਸਦਾ ਭੰਬੜਾ ਨੂਰ
ਦੁਲਾ ਸ਼ੇਰ ਵਿਚ ਬਾਰ ਦੇ, ਜਿਵੇਂ ਬਾਗ਼ਾਂ 'ਚਿ ਝੁਲੇ ਖਜੂਰ ।੮।

9

ਹੱਥ ਬੰਨ੍ਹ ਕਰਦਾਂ ਬੇਨਤੀ, ਪ੍ਰਭਾ ! ਸੱਚੀਆਂ ਦੇਵਾਂ ਸੁਣਾ
ਕਾਛੀ ਕੁਰਤ ਦੇ ਪੱਤਰੇ, ਮੈਨੂੰ ਗਏ ਹਥ ਆ
ਜੇ ਪੱਤਰੀ ਝੂਠ ਬੋਲਦੀ, ਅੱਗ ਵਿਚ ਦੇਵੀਂ ਸੜਾ
ਜੇ ਪੱਤਰੀ ਝੂਠ ਬੋਲਦੀ, ਵਿਚ ਪਾਣੀ ਦੇਵੀਂ ਰੁੜ੍ਹਾ
ਫੌਜਾਂ ਬਾਦਸ਼ਾਹ ਦੀਆਂ, ਚੜ੍ਹਕੇ ਜਾਣੀਆਂ ਇਥੇ ਆ
ਅੱਠ ਦਿਨ ਤੈਨੂੰ ਹਾਰ ਏ, ਡੇਰਾ ਝੰਗ ਰਾਵੀ ਤੇ ਲਾ
ਦਿਨ ਨਾਵੇਂ ਨੂੰ ਆਣ ਕੇ ਲੜੀਂ ਤੂੰ, ਫਤਿਹ ਦੇਊ ਆਪ ਖੁਦਾ ।੯।

10

ਲੱਧੀ ਮੁਖ ਤੋਂ ਬੋਲਦੀ, ਦਿਲ ਵਿਚ ਕਰੇ ਵਿਚਾਰ
ਇਹ ਪੁਤ ਨਹੀਂ ਮੇਰੇ ਦੁੱਲੇ ਦਾ, ਕਿਸੇ ਭਠਿਆਰੇ ਦੀ ਮਾਰ
ਨੀ ਪੁੱਤ ਹੋਂਦਾ ਜੇ ਦੁੱਲੇ ਦਾ, ਉਹ ਖਾਂਦਾ ਵਾਜ ਦੀ ਖਾਰ
ਜਦ ਦੋ ਮੈਂ ਵਾਜਾਂ ਮਾਰੀਆਂ, ਉਠ ਬਹਿੰਦਾ ਮਾਰ ਕੇ ਛਾਲ
ਘੋੜੇ ਤੇ ਚੜ੍ਹਕੇ ਦੇਂਵਦਾ, ਮੁਗਲਾਂ ਨੂੰ ਹਥ ਵਿਖਾਲ
ਨੂਰ ਖਾਨ ਨਹੀਂ ਮੁਖੋਂ ਬੋਲਿਆ, ਲੱਧੀ ਰੋ ਪਈ ਢਾਹੀਂ ਮਾਰ
ਫੁਲਰੇ ਹੁਣ ਕਿਧਰ ਨੂੰ ਚਲੀਏ, ਸਭ ਬੇਲੀ ਟੁਰ ਗਏ ਨਾਲ
ਨੀ ਪਿੰਡੀ ਸੱਖਣੀ ਦਿਸਦੀ, ਅਜ ਸਿਰ ਤੇ ਕੂਕੇ ਕਾਲ ।੧੦।

11

ਹੱਥ ਬੰਨ੍ਹ ਕਰਦੀ ਆਂ ਬੇਨਤੀ, ਸੱਚੀਆਂ ਦੇਵਾਂ ਸੁਣਾ
ਬਾਹਰ ਉਤਰੇ ਮੁਗਲੇਟੜੇ, ਦਿਤੀ ਬੈਠੇ ਮੁੱਛਾਂ ਨੂੰ ਤਾਅ
ਕੀ ਲੈ ਬਹੇਂਗਾ ਮਜਲਸੇ, ਕੀ ਜਗ ਤੇ ਰਹਿਸੀ ਨਾਂ
ਲੈ ਜਾਣਗੇ ਪਿੰਡੀ ਲੁੱਟਕੇ, ਹਾਥੀਆਂ ਦੇ ਹੌਦਿਆਂ 'ਚ ਪਾ
ਨੂੰਹਾਂ ਧੀਆਂ ਲਿਜਾਣਗੇ ਬੰਨ੍ਹ ਕੇ, ਕੀ ਰਹਿਸੀਆ ਸ਼ਰਮ ਹਯਾ
ਮੈਨੂੰ ਲੈ ਜਾਵਣਗੇ ਬੰਨ੍ਹ ਕੇ, ਘਗਰੀ ਉਡਦੀ ਲਾਹੌਰ ਨੂੰ ਜਾ
ਮਿਰਜ਼ਾ ਲੈ ਜਾਊ ਬਾਂਧਾਂ ਬੰਨ੍ਹ ਕੇ, ਦਾਗ ਦਿਊ ਰਾਜਪੂਤੀ ਨੂੰ ਲਾ
ਜੇ ਤੂੰ ਬਿੰਦ ਰਾਜਪੂਤ ਦੀ, ਮੈਨੂੰ ਇਕ ਤੇ ਹੱਲਾ ਵਿਖਾ ।੧੧।

12

ਚੜ੍ਹ ਪਿਆ ਮਿਹਰੂ ਪੋਸਤੀ, ਮੋਢੇ ਧਰੀ ਬੰਦੂਕ
ਮਿਹਰੂ ਠੱਡ ਮੁਗਲਾਂ ਤੇ ਜਾ ਪਿਆ, ਮਿਹਰੂ ਸੈਫ ਮਲੂਕ
ਵਲ ਵਲ ਮਾਰਦਾ ਢਾਣੀਆਂ, ਜਿਉਂ ਕੁਆਰੀ ਨੂੰ ਚੰਬੜੇ ਭੂਤ
ਬੀਕਾਨੇਰੀਆ ਸੂਬਾ ਮਾਰਿਆ, ਦੇਹੀ ਉਹਦੀ ਫੜ ਗੀ ਝੂਠ
ਕੁਝ ਮਾਰੇ ਕੁਝ ਭੱਜ ਗਏ, ਰਹਿੰਦੇ ਕਰਨ ਲੱਗ ਪਏ ਕੂਚ
ਸੱਤਰਾਂ ਜਵਾਨਾਂ ਨੂੰ ਮਾਰ ਕੇ, ਧਾਰੀ ਆਉਂਦਾ ਸ਼ੇਰ ਦਾ ਰੂਪ
ਮੈਨੂੰ ਅਮਲ ਨੇ ਟੋਟਾਂ ਦਿਤੀਆਂ, ਹਥ ਚਲਿਆ ਸੀ ਤੇਗ ਤੇ ਸੂਤ
ਤੇਰਾ ਦੁੱਲਾ ਗੀਦੀ ਹੋ ਗਿਆ, ਮੈਂ ਮਿਹਰੂ ਬਣਿਆਂ ਰਾਜਪੂਤ ।੧੨।

13

ਚੜ੍ਹ ਪਿਆ ਮਿਹਰੂ ਪੋਸਤੀ, ਜਿਹੜਾ ਵਾਂਗ ਬੱਦਲ ਦੇ ਗੱਜੇ
ਸਾਂਗ ਫੜ ਲਈ ਗੈਂਡੇ ਕੋਰ ਦੀ, ਸੋਂਹਦੀ ਹਥ ਵਿਚ ਸੱਜੇ
ਖੱਬੇ ਨਾਲ ਜਮਧਰ ਤੋਲਦਾ, ਮਾਰਦਾ ਹਾਥੀ ਨੂੰ ਸੱਜਿਓਂ ਖੱਬੇ
ਜਿਵੇਂ ਘਾੜ ਘੜਨ ਠਠਿਆਰ, ਸਾਂਗ ਸ਼ੇਰ ਦੀ ਠਣਾ ਠਣ ਵੱਜੇ
ਕੁਝ ਮਾਰੇ ਕੁਝ ਭੱਜ ਗਏ, ਰਹਿੰਦੇ ਸੂਰਮੇ ਲਾ ਲਏ ਅੱਗੇ
ਮਿਹਰੂ ਨੱਬਿਆਂ ਜਵਾਨਾਂ ਨੂੰ ਮਾਰ ਕੇ, ਸਲਾਮ ਕੀਤੀ ਲੱਧੀ ਅੱਗੇ
ਤੇਰਾ ਦੁੱਲਾ ਗੀਦੀ ਹੋ ਗਿਆ, ਮੈਂ ਮਿਹਰੂ ਵਧ ਗਿਆ ਅੱਗੇ
ਜੰਮਣਾ ਤੇ ਮਰ ਜਾਵਣਾ, ਮਰਦਾਂ ਦੇ ਬੋਲ ਰਹਿਣ ਸਿਰ ਲੱਗੇ ।੧੩।

14

ਚੜ੍ਹ ਪਿਆ ਮਿਰਜ਼ਾ ਨਿਜ਼ਾਮੁਦੀਨ, ਹੁਕਮ ਦੇ ਰਿਹਾ ਸਿਪਾਹੀਆਂ
ਨਸ਼ੇ ਦੀਆਂ ਭਰ ਕੇ ਬੋਤਲਾਂ, ਹਾਥੀਆਂ ਦੀਆਂ ਸੁੰਡਾਂ ਵਿਚ ਵਹਾਈਆਂ
ਜਦੋਂ ਵਗੀ ਵਾ ਪੁਰੇ ਦੀ, ਚੜ੍ਹੀਆਂ ਹਾਥੀਆਂ ਨੂੰ ਮਸਤਾਈਆਂ
ਹਾਥੀਆਂ ਤਾਕ ਭੰਨੇ ਸਣੇ ਸਰਦਲਾਂ, ਹੱਟ ਹੱਟਕੇ ਟਕਰਾਂ ਲਾਈਆਂ
ਟਕੇ ਟਕੇ ਦੇ ਸਪਾਹੀ ਸਤਰੀਂ ਕਰਦੇ, ਮਨਾਂ ਦੀਆਂ ਆਈਆਂ
ਮੁਗਲ ਸਾੜ ਸਾੜ ਮਾਰਨ ਕੋਰੜੇ, ਰਾਣੀਆਂ ਕੂੰਜਾਂ ਵਾਂਗ ਕੁਰਲਾਈਆਂ
ਰਾਣੀਆਂ ਚਾਂਦੀ ਦੇ ਚੂੜੇ ਵਾਲਾ ਮੱਥੇ, ਸੋਨੇ ਦੀਆਂ ਬਿੰਦੀਆਂ ਲਾਈਆਂ
ਅਠੇ ਢੱਕਾਂ ਬੰਨ੍ਹ ਕੇ, ਮੁਗਲਾਂ ਰਾਹ ਲਾਹੌਰ ਦੇ ਪਾਈਆਂ
ਕੀਤੀਆਂ ਭੱਟੀਆ ! ਤੇਰੀਆਂ, ਅੱਜ ਪੇਸ਼ ਲੱਧੀ ਦੇ ਆਈਆਂ
ਲੱਧੀ ਨੇ ਕੂਕਾਂ ਮਾਰੀਆਂ, ਵਾਜ ਦੇ ਪਿੰਡੀ ਦਿਆ ਸਾਈਆਂ ।੧੪।

15

ਲੱਧੀ ਨੇ ਕੂਕਾਂ ਮਾਰੀਆਂ, ਮਾਰ ਕੇ ਲੰਮੀ ਢਾਹ
ਪੁੱਤਰ ਗਿਆ ਸੈਂ ਨਾਨਕੇ ਸ਼ਹਿਰ ਨੂੰ, ਉਤੇ ਘੋੜੀ ਦੇ ਕਾਠੀਆਂ ਪਾ
ਵੇ ਤੇਰੀ ਲੈ ਚੱਲੇ ਪਿੰਡੀ ਲੁੱਟ ਕੇ, ਵਿਚ ਹਾਥੀਆਂ ਦੇ ਹੌਦਿਆਂ ਪਾ
ਕੀ ਲੈ ਬਹੇਂਗਾ ਮਜਲਸੇ, ਕੀ ਜਗ ਤੇ ਰਹਿਸੀਆ ਨਾਂ
ਤੇਰੀਆਂ ਨੂੰਹਾਂ ਧੀਆਂ ਲੈ ਚਲੇ, ਕੀ ਰਹਿ ਗਈ ਸ਼ਰਮ ਹਯਾ
ਮਿਰਜ਼ਾ ਕੱਲਿਆਂ ਈ ਬਾਂਧਾਂ ਬੰਨ੍ਹ ਕੇ, ਦਾਗ ਦਿਤਾ ਰਾਜਪੂਤੀ ਨੂੰ ਲਾ
ਜੇ ਤੂੰ ਬਿੰਦ ਰਾਜਪੂਤ ਦੀ, ਮੈਨੂੰ ਬਾਂਧਾਂ ਛੁੜਾ ਕੇ ਵਿਖਾ
ਜੰਮਣਾ ਤੇ ਮਰ ਜਾਵਣਾ, ਮਰਦਾਂ ਦੇ ਬੋਲ ਰਹਿਣ ਸਿਰ ਜਾ ।੧੫।

16

ਰੂੜੇ ਜੱਟ ਨੇ ਹਾਈਂ ਮਾਰੀਆਂ, ਮੂਹਰੇ ਦੁੱਲੇ ਦੇ ਜਾ
ਤੇਰਾ ਭੇਤ ਸ਼ਰੀਕਾਂ ਦੇ ਲਿਆ, ਮੁਗਲ ਲੱਥੇ ਸਨ ਆ
ਚੌਂਕੜੇ ਦਾ ਸੁਹਾਗਾ ਬੰਨ੍ਹ ਕੇ, ਦਿਤੋ ਪਿੰਡੀ ਦਾ ਥੇਹ ਕਰਾ
ਬੰਨ੍ਹ ਲਇਓ ਨੇ ਲੱਧੀ ਮਾਂ ਨੂੰ, ਜੀਹਦੀ ਕੁਖੇ ਰਹਿਓਂ ਸਮਾ
ਤੇਰੀ ਭੈਣ ਸਲੇਮੋ ਬੰਨ੍ਹ ਲਈ, ਤੈਨੂੰ ਗੀਦੀ ਆਖਦੀ ਜਾ
ਤੇਰਾ ਬੰਨ੍ਹ ਲਿਆ ਬੱਚੜਾ ਨੂਰਖਾਨ, ਹਥੀਂ ਹਥੌੜੀਆਂ ਲਾ
ਤੇਰੀ ਖਾਨੀ ਨੂੰਹ ਨੂੰ ਬੰਨ੍ਹ ਲਿਆ, ਜੀਹਨੇ ਚੰਨ ਨ ਵੇਖਿਆ ਆ
ਤੇਰੀ ਫੁਲਰਾਂ ਰਾਣੀ ਬੰਨ੍ਹ ਲਈ, ਜੀਹਦੀ ਸੇਜੇ ਬਹਿੰਦਾ ਸੈਂ ਜਾ
ਤੇਰੀ ਕਾਂਗੜੇ ਵਾਲੀ ਬੰਨ੍ਹ ਲਈ, ਲਿਆਂਦੀ ਸੀ ਡੋਲੇ ਪਾ
ਤੇਰੀ ਫੱਤੀ ਕਰਾੜੀ ਬੰਨ੍ਹ ਲਈ, ਜਿਹੜੀ ਦਾਰੂ ਨਾਲ ਦੇਵੇ ਰਜਾ
ਤੇਰੀ ਸੈਲਾਂ ਗੁੱਜਰੀ ਬੰਨ੍ਹ ਲਈ, ਜਿਹੜੀ ਦਹੀਂ ਨਾਲ ਦੇਵੇ ਨਵ੍ਹਾ
ਮਿਹਰੂ ਪੋਸਤੀ ਨੇ ਤੇਗਾਂ ਮਾਰੀਆਂ, ਦਿਤੇ ਕਟਕ ਲੜਾ
ਤੂੰ ਢਾਹਣੇ ਸਨ ਦਿਲੀ ਦੇ ਕਿੰਗਰੇ, ਲਾਹੌਰ ਵਾਲੇ ਤੇ ਪਹਿਲਾਂ ਢਾਹ
ਭਲਕੇ ਰੋਟੀ ਵੇਲੇ ਨੂੰ ਵਿਕਣੇ, ਬਰਦੇ ਲਾਹੌਰ ਵਿਚ ਜਾ
ਟਕੇ ਟਕੇ ਨੂੰ ਬਾਂਧਾਂ ਵਿਕਣੀਆਂ, ਦੁੱਲੇ ! ਬੂਹੇ ਸ਼ਰੀਕਾਂ ਦੇ ਜਾ
ਜੇ ਤੂੰ ਬਿੰਦ ਰਾਜਪੂਤ ਦੀ, ਬਾਂਧਾਂ ਛੁੜਾ ਕੇ ਵਿਖਾ ।੧੬।

17

ਉਠ ਓਇ ਨਫਰਾ ਮੇਰਿਆ, ਮੇਰੀ ਘੋੜੀ ਪੀੜ ਲਿਆ
ਘੋੜੀ ਲਿਆਵੀਂ ਪੀੜ ਕੇ, ਚਾਰ ਜਾਮਾ ਤੇ ਤਾਹਰੂ ਪਾ
ਕਚ-ਬੰਧ ਲੂਲ੍ਹਾਂ ਹੈਕਲਾਂ, ਗਲੀਂ ਹਮੇਲਾਂ ਪਾ
ਮੈਂ ਚੜ੍ਹਨਾ ਪੁੱਤ ਰਜਪੂਤ ਦੇ, ਜਾਣਾ ਮੁਗਲਾਂ ਦੇ ਦਾ
ਮਿਰਜ਼ਾ ਲੈ ਗਿਆ ਬਾਂਧਾਂ ਬੰਨ੍ਹ ਕੇ, ਦਾਗ ਗਿਆ ਰਾਜਪੂਤੀ ਨੂੰ ਲਾ
ਮੈਨੂੰ ਅੰਨ ਹਰਾਮ ਹੈ, ਜਿੰਨਾਂ ਚਿਰ ਬਾਂਧਾਂ ਨ ਲਵਾਂ ਛੁੜਾ ।੧੭।

18

ਦੁਲੇ ਨ੍ਹਾਵਣ ਰਚਿਆ, ਪਾਣੀ ਗਰਮ ਕਰਾ
ਨ੍ਹਾਤਾ ਘੜਾ ਪਲੱਟ ਕੇ, ਗਰਮ ਤੇ ਸਰਦ ਰਲਾ
ਦੁਲੇ ਸਿਰ ਅੰਬਰਾਈ ਬੰਨ੍ਹ ਲਈ, ਪੇਚੋ ਪੇਚ ਵਲਾ
ਹਥ ਹੰਨੇ ਪੈਰ ਰਕਾਬ ਵਲ, ਆਸਣ ਘੋੜੀ ਚੜ੍ਹਿਆ ਜਾ
ਮਾਮੇ ਉਠ ਕੇ ਫੜ ਲਈ, ਘੋੜੀ ਵਾਗਾਂ ਤੋਂ ਆ
ਕਹਿੰਦਾ ਖਲੋ ਜਾ ਭਾਣਜਿਆ, ਮੁਖ ਤੋਂ ਦੇਵੇ ਸੁਣਾ
ਦਿਨੇ ਤਿਆਰੀ ਕਰਾਂਗੇ, ਅਜ ਰੰਗ ਵਿਚ ਭੰਗ ਨ ਪਾ
ਸਾਰੇ ਰਲ ਕੇ ਚਲਾਂਗੇ, ਲਵਾਂਗੇ ਬਾਂਧਾਂ ਛੁੜਾ ।੧੮।

19

ਦੁੱਲਾ ਮੁਖ ਤੋਂ ਬੋਲਦਾ, ਰਹਿਮਤ ਖਾਂ ਨੂੰ ਦੇਵੇ ਸੁਣਾ
ਤੂੰ ਬਿੰਦ ਏਂ ਡੱਬੇ ਸੂਰ ਦੀ, ਬੈਠੋਂ ਮੁਗਲਾਂ ਨਾਲ ਪੱਗ ਵਟਾ
ਜੇ ਪੁੱਤ ਹੋਇਆ ਮੈਂ ਫਰੀਦ ਦਾ, ਬਾਂਧਾਂ ਲਵਾਂ ਛੁੜਾ
ਬਲਦਾ ਬੁਢੜਾ ਲਾਲ ਖਾਨ, ਸੱਚੀਆਂ ਦਏ ਸੁਣਾ
ਕੀਹਦੇ ਤਾਜੀ ਹਿਣਕਦੇ ਆਣਕੇ, ਕਿਸੀ ਦਿਤੀ ਅਲਖ ਕਰਾ
ਕੀਹਨੇ ਬਿਗਲ ਵਜਾਏ ਮੌਤ ਦੇ, ਪਾਉਂਦੀ ਆਵੇ ਘਾਹ
ਅਗੋਂ ਪੁਤਰ ਪੋਤ੍ਰੇ ਬੋਲਦੇ, ਬਾਬਾ ਤੈਨੂੰ ਕੀ ਇਸ ਨਾਲ
ਇਹ ਬਾਂਧਾਂ ਦੁਲੇ ਰਾਠ ਦੀਆਂ, ਪਾਈ ਜਾਂਦੇ ਲਾਹੌਰ ਦੇ ਰਾਹ ।੧੯।

20

ਮੁਗਲ ਪਿਆਲੇ ਪੀਂਵਦੇ, ਬੈਠੇ ਮਦ ਮਾਤੇ
ਕਈ ਨੇ ਖੇਡਾਂ ਖੇਡਦੇ, ਸ਼ਤਰੰਜ ਵਿਛਾ ਕੇ
ਕਈ ਤਮਾਸ਼ੇ ਵੇਖਦੇ, ਭੰਡ ਨਕਲ ਰਚਾ ਕੇ
ਕਈ ਹਥ ਪਕੜਕੇ ਲੋਟੇ, ਟੱਟੀਆਂ ਨੂੰ ਜਾਤੇ
ਇਧਰ ਭੱਟੀ ਰਾਜਪੂਤ, ਪੈ ਜਾਂਦੇ ਧਾ ਕੇ
ਉਡਦੇ ਸੀਸ ਦੁਰਾਨੀਆਂ, ਜਿਉਂ ਪਿੱਪਲ ਪਾਤੇ
ਹੋਇਆ ਗਾੜ੍ਹਾ ਜੰਗ, ਸੂਰਮੇ ਖੂਨੀਂ ਨ੍ਹਾਤੇ ।੨੦।

21

ਚੜ੍ਹ ਪਿਆ ਦੁਲਾ ਸੂਰਮਾ, ਰੱਬ ਦਾ ਨਾਉਂ ਧਿਆ
ਦੁਲੇ ਘੋੜੀ ਭਜਾਈ ਜ਼ੋਰ ਨਾਲ, ਵਿਚ ਜੰਗ ਦੇ ਵੜਿਆ ਆ
ਦੁਲੇ ਵਾਹੀ ਤਲਵਾਰ ਸੱਜੇ ਹਥ ਨਾਲ, ਦਿਤੀਆਂ ਦਲਾਂ 'ਚਿ ਕਲ੍ਹੀਰੀਆਂ ਪਾ
ਆਉਂਦੀ ਘੋੜੀ ਦੁੱਲੇ ਦੀ ਵੇਖ ਕੇ, ਮਿਰਜ਼ੇ ਹਾਥੀ ਦਿਤਾ ਬਿਠਾ
ਭੱਜਕੇ ਲੱਧੀ ਦੇ ਪੈਰੀਂ ਬਹਿ ਗਿਆ, ਦੁੱਲੇ ਦਾ ਬਣਿਆ ਧਰਮ-ਭਰਾ
ਅੱਗੇ ਪਏ ਨੂੰ ਸ਼ੇਰ ਨਹੀਂ ਖਾਂਵਦਾ, ਲੱਧੀ ਦੁੱਲੇ ਨੂੰ ਦਿਤਾ ਸਮਝਾ
ਦੁੱਲੇ ਨੇ ਤੇਗਾਂ ਮਾਰੀਆਂ, ਤੇ ਬਾਂਧਾਂ ਲਈਆਂ ਛੁੜਾ ।੨੧।

22

ਯੁੱਧ ਵਿਚ ਮੌਤ ਦੇ ਨਗਾਰੇ ਵੱਜਦੇ, ਬਿਜਲੀ ਕੜਕਦੀ
ਸ਼ੇਰਾਂ ਵਾਂਗੂੰ ਸੂਰਮੇ ਮੈਦਾਨ ਗੱਜਦੇ, ਚੰਡੀ ਖੜਕਦੀ
ਰਹਿਕਲੇ ਜਮੂਰੇ ਤੇ ਤਮਾਚੇ ਚਲਦੇ, ਖੰਡੇ ਚੜ੍ਹੇ ਸਾਣ ਜੀ
ਰਾਜਪੂਤ ਦੁੱਲਾ ਮੈਦਾਨ ਗੱਜਦਾ, ਪਾਜੀ ਨੱਸੇ ਜਾਣ ਜੀ
ਬਾਜ਼ ਜਿਵੇਂ ਮਾਰ ਕੇ ਝਪਟ ਸੁਟਦਾ, ਉਡਦੇ ਜਨੌਰ ਨੂੰ
ਭਾਂਜ ਪੈ ਗਈ ਮੁਗਲਾਂ ਦਾ ਮਾਣ ਟੁਟਿਆ, ਮੁੜੀਏ ਲਾਹੌਰ ਨੂੰ
ਦੁਲੇ ਦੀ ਚੜ੍ਹਾਈ ਵੇਖ ਦਿਲ ਡੋਲਿਆ, ਮਿਰਜ਼ੇ ਨਜ਼ਾਮ ਦਾ
ਵਾਹੀ ਤਲਵਾਰ ਜਦੋਂ ਰਾਜਪੂਤ ਨੇ, ਫੌਜਾਂ ਨੂੰ ਭਜਾਂਵਦਾ
ਲਾਲ ਖਾਨ ਦੀ ਬਾਰ੍ਹਵੀਂ ਪਿੰਡੀ 'ਚ ਆਣ ਕੇ, ਫੌਜਾਂ ਹੈਨ ਲਾਹ ਲਈਆਂ
ਕੱਠੇ ਹੋ ਕੇ ਸਾਰੇ ਰਾਜਪੂਤ ਲੜ ਪਏ, ਬਾਂਧਾਂ ਨੇ ਛੁੜਾ ਲਈਆਂ ।੨੨।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ