Umar Ghani
ਉਮਰ ਗ਼ਨੀ

Punjabi Ghazlan : Umar Ghani

ਪੰਜਾਬੀ ਗ਼ਜ਼ਲਾਂ : ਉਮਰ ਗ਼ਨੀ



ਉੱਚੇ ਟਿੱਲੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ

ਉੱਚੇ ਟਿੱਲੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ । ਦੁੱਖਾਂ ਮਾਰੇ ਪਾਗਲ ਲੋਕੀ ਸ਼ਹਿਰ ਤਿਰਾ ਛੱਡ ਚੱਲੇ । ਦਿਲ ਜਿਹੀ ਮਹਿੰਗੀ ਚੀਜ਼ ਦੀ ਦੇਖੋ ਕੀਮਤ ਕੀ ਹੈ ਪਾਈ, ਇਕ ਰੁਮਾਲ, ਇਕ ਫੋਟੋ ਜਾਂ ਫਿਰ ਦੋ ਤਿੰਨ ਹੱਥ ਦੇ ਛੱਲੇ । ਸਾਡੇ ਜਿਹੇ ਸਿਧ ਪੱਧਰੇ ਲੋਕੀ ਮਿਲਣ ਕਿਤੇ ਤਾਂ ਦੱਸੀਂ, ਗ਼ੈਰਾਂ ਦੇ ਦੁੱਖ ਸੀਨੇ ਲਾਵਣ, ਕੌਣ ਅਜੇਹੇ ਝੱਲੇ । ਬਿਰਹੋਂ ਵਾਲਾ ਔਖਾ ਪੈਂਡਾ ਕੱਟਣਾ ਬਹੁਤ ਹੀ ਮੁਸ਼ਕਿਲ, ਸ਼ੂਕੇ ਰਾਤ ਹਨੇਰੀ ਉੱਤੋਂ ਡੈਣਾਂ ਨੇ ਮੂੰਹ ਮੱਲੇ । ਪੱਥਰ ਹੋਈਆਂ ਤੱਕ ਤੱਕ ਰਾਹਵਾਂ, ਅੱਖਾਂ ਹੰਝੂ ਭਰੀਆਂ, ਰੁੱਸੇ ਯਾਰ ਨਾ ਫੇਰਾ ਪਾਇਆ, ਲੱਖ ਸੁਨੇਹੇ ਘੱਲੇ । ਬੰਦੇ ਦਾ ਅੱਜ ਬੰਦਾ ਵੈਰੀ, ਬਰਬਰ ਵੇਲੇ ਰੱਤੇ, ਲੋਥਾਂ, ਲਹੂਆਂ, ਭਰੀਆਂ ਨਦੀਆਂ, ਬੱਲੇ, ਬੱਲੇ, ਬੱਲੇ । (ਪੰਧ ਥਲਾਂ ਦਾ 1991 ਵਿੱਚੋਂ)

ਅੱਖਾਂ ਮੀਟ ਕੇ ਦੇਖ ਰਿਹਾ ਹਾਂ ਦੂਰ ਵਸੇਂਦੇ ਸੱਜਣ

ਅੱਖਾਂ ਮੀਟ ਕੇ ਦੇਖ ਰਿਹਾ ਹਾਂ ਦੂਰ ਵਸੇਂਦੇ ਸੱਜਣ । ਪਿਆਰ ਦੇ ਜੁਰਮੋਂ ਰੱਤ ਜਿਨ੍ਹਾਂ ਦੀ ਪੀ ਪੀ ਡੈਣਾਂ ਰੱਜਣ । ਹੀਰਾਂ ਤੇ ਹੁਣ ਮੋਈਆਂ ਯਾਰੋ ਕੈਦੋਂ ਦੀ ਕਰਤੂਤੋਂ, ਪਾਗਲ 'ਖੇੜੇ-ਰੰਗਪੁਰ' ਕਾਹਨੂੰ ਖ਼ੁਸ਼ੀਆਂ ਦੇ ਵਿੱਚ ਗੱਜਣ । ਕੱਲ੍ਹ ਤੱਕ ਜਿਹੜੇ ਸਾਡੇ ਸਾਹਵੇਂ ਅੱਖ ਨਹੀਂ ਸਨ ਚੁੱਕਦੇ, ਬੋਲ ਉਨ੍ਹਾਂ ਦੇ ਸੀਨੇ ਵਿੱਚ ਅੱਜ ਤੀਰਾਂ ਵਾਂਗੂੰ ਵੱਜਣ । ਕਾਤਿਲ ਤਾਂ ਹੁਣ ਪਕੜੇ ਜਾਂਦੇ ਗੱਲੀਂ-ਬਾਤੀਂ ਝੱਲਿਉ ! ਭਾਵੇਂ ਲੱਖ ਉਹ ਰੂਪ ਵਟਾ ਕੇ ਅਪਣੇ ਆਪ ਨੂੰ ਕੱਜਣ । ਆਦਮ-ਖ਼ੋਰਾਂ ਘੇਰ ਲਏ ਨੇ ਸੱਜਣਾਂ ਦੇ ਅੱਜ ਡੇਰੇ, ਚਾਰੇ-ਪਾਸੇ ਫ਼ਨੀਅਰ ਸ਼ੂਕਣ ਕੀਕਣ ਮੌਤ ਤੋਂ ਭੱਜਣ ?

ਅੰਨ੍ਹੀਆਂ, ਬੋਲੀਆਂ, ਗੁੰਗੀਆਂ ਰਾਤਾਂ

ਅੰਨ੍ਹੀਆਂ, ਬੋਲੀਆਂ, ਗੁੰਗੀਆਂ ਰਾਤਾਂ, ਨਾ ਜਿਉਂਦਾ ਨਾ ਮਰਦਾ ਕੋਈ । ਪਲ-ਪਲ ਜੁੱਸਾ ਖੋਰੀ ਜਾਵੇ, ਗੁੱਝਾ ਰੋਗ ਅੰਦਰ ਦਾ ਕੋਈ । ਪੱਥਰਾਂ ਦੇ ਸੰਗ ਪੱਥਰ ਹੋ ਗਏ, ਸ਼ੀਸ਼ੇ ਦੇ ਦਿਲ ਵਾਲੇ ਲੋਕ, ਸੰਗ-ਦਿਲਾਂ ਦੇ ਆਖ਼ਰ ਕਦ ਤੱਕ ਤਰਲੇ ਮਿੰਨਤਾਂ ਕਰਦਾ ਕੋਈ ? ਮੁੱਦਤ ਪਿੱਛੋਂ ਤੇਰੀਆਂ ਯਾਦਾਂ, ਸੱਜਣਾ ! ਇੰਜ ਅੱਜ ਆਈਆਂ ਨੇ, ਗ਼ੈਰਾਂ ਵਾਂਗੂੰ ਜਿਉਂ ਖੜਕਾਵੇ, ਕੁੰਡਾ ਅਪਣੇ ਘਰ ਦਾ ਕੋਈ । ਅੱਖਾਂ ਠੰਢੀਆਂ ਕਰਦੀ ਭਾਵੇਂ, ਚੜ੍ਹਦੇ ਦਿਨ ਦੀ ਨਿੰਮ੍ਹੀ ਲੋਅ, ਹਾੜ੍ਹ ਦੀ ਰੁੱਤੇ, ਸਿਖ਼ਰ-ਦੁਪਹਿਰੇ, ਕਹਿਰ ਨਾ ਉਸਦਾ ਜਰਦਾ ਕੋਈ । ਦਿਲ ਦਾ ਦੀਵਾ ਜੇ ਬੁਝ ਜਾਂਦਾ, ਕਦੀ ਨਾ ਹੁੰਦਾ ਜੱਗ 'ਤੇ ਚਾਨਣ, ਲੱਖਾਂ ਨਾਲ ਬਹਾਰਾਂ ਲੈ ਕੇ, ਭਾਵੇਂ ਨਿੱਤ ਸੰਵਰਦਾ ਕੋਈ । ਇਸ਼ਕ-ਝਨਾਂ ਦੀਆਂ ਛੱਲਾਂ ਦੇ ਵਿਚ, ਠਿੱਲ੍ਹਣ ਨੂੰ ਦਿਲ ਸਭ ਦਾ ਕਰਦਾ, ਠਿੱਲ੍ਹ ਵੀ ਪੈਂਦਾ ਜਣਾ-ਖਣਾ, ਪਰ ਟਾਂਵਾਂ ਟਾਂਵਾਂ ਤਰਦਾ ਕੋਈ ।

ਸਜਣਾ ਦੀ ਚਾਨਣੀ ਅਤੇ ਯਾਰਾਂ ਦੀ ਚਾਨਣੀ

ਸਜਣਾ ਦੀ ਚਾਨਣੀ ਅਤੇ ਯਾਰਾਂ ਦੀ ਚਾਨਣੀ । ਖਿੱਲਰੀ ਏ ਮੇਰੇ ਚਾਰ ਸੂ ਪਿਆਰਾਂ ਦੀ ਚਾਨਣੀ । ਪੂੰਜੀ ਏ ਮੇਰੇ ਕੋਲ ਇਹ ਜੀਵਨ ਦੇ ਰਾਹ ਦੀ, ਉਲਫ਼ਤ ਦੇ ਢੇਰਾਂ ਫੁੱਲ, ਇਤਬਾਰਾਂ ਦੀ ਚਾਨਣੀ । ਮੁੜਕੇ ਨਾ ਦਿਲ ਨੂੰ ਭਾਅ ਸਕੀ ਸ਼ਹਿਰਾਂ ਦੀ ਰੌਸ਼ਨੀ, ਮਾਣੀ ਕਿਤੇ ਇਕ ਸਾਲ ਸੀ ਬਾਰਾਂ ਦੀ ਚਾਨਣੀ । ਮਾਰੂ ਥਲਾਂ ਦੇ ਪੰਧ 'ਚ ਯਾਦਾਂ ਦੇ ਜਿਉਂ ਸ਼ਰੀਂਹ, ਇੰਜੇ ਬਿਰ੍ਹੋਂ ਦੀ ਰਾਤ ਹੈ ਇਕਰਾਰਾਂ ਦੀ ਚਾਨਣੀ । ਲੁਟਿਆ ਹੈ ਚੈਨ ਦਿਲ ਦਾ, ਮੁਰੱਵਤ ਬੇ-ਮਿਹਰ ਨੇ, ਜੁੱਸੇ ਨੂੰ ਜਿਉਂਕਰ ਲੂਸਦੀ ਅੰਗਾਰਾਂ ਦੀ ਚਾਨਣੀ । ਘਿਰਿਆ ਜਦੋਂ ਹਾਂ ਦੋਸਤਾ ਗੁੰਝਲਾਂ ਦੇ ਨ੍ਹੇਰ ਵਿਚ, ਰਸਤੇ ਸੁਝਾ ਗਈ ਹੈ ਵਿਚਾਰਾਂ ਦੀ ਚਾਨਣੀ ।

ਸਮਝੋ ਆਬ, ਸ਼ਰਾਬ ਹਮੇਸ਼ਾ, ਚੰਗੀ ਗੱਲ ਨਹੀਂ

ਸਮਝੋ ਆਬ, ਸ਼ਰਾਬ ਹਮੇਸ਼ਾ, ਚੰਗੀ ਗੱਲ ਨਹੀਂ । ਭੁਲਦੇ ਰਹੋ ਜਨਾਬ ਹਮੇਸ਼ਾ, ਚੰਗੀ ਗੱਲ ਨਹੀਂ । ਨਾਮੁਮਕਿਨ ਦੀ ਆਸ ਤੇ ਜੀਣਾ, ਪਾਗਲਪਨ ਹੈ ਤੱਕੀ ਜਾਣੇ ਖ਼ਾਬ ਹਮੇਸ਼ਾ, ਚੰਗੀ ਗੱਲ ਨਹੀਂ । ਸੜਦੇ ਘਰ ਦੀ ਕੋਈ ਨਿਸ਼ਾਨੀ ਲੈ ਤੇ ਚੱਲੀਏ, ਰਖਸੀ ਪਰ ਬੇਤਾਬ ਹਮੇਸ਼ਾ, ਚੰਗੀ ਗੱਲ ਨਹੀਂ । ਰੁਕਣਾ ਪੈਂਦਾ, ਜੀਵਨ ਕਾਰਨ, ਕਿਤੇ ਕਿਤੇ ਤਾਂ ਰਹਿਣਾ ਵਾਂਗ ਸਹਾਬ, ਹਮੇਸ਼ਾ, ਚੰਗੀ ਗੱਲ ਨਹੀਂ । ਤਜਿਆ ਆਲਮ ਜਿਸ ਨੇ ਸੱਜਣਾ ! ਤੇਰੀ ਖ਼ਾਤਰ ਉਸ ਦੇ ਲਈ ਅਜ਼ਾਬ ਹਮੇਸ਼ਾ, ਚੰਗੀ ਗੱਲ ਨਹੀਂ ।

ਸੱਖਣਾ ਜੋਬਨ ਕਿਸੇ ਨਾ ਕੰਮ ਦਾ, ਪਾਗਲ ਨੇ ਉਤਰਾਂਦੇ ਲੋਕੀ

ਸੱਖਣਾ ਜੋਬਨ ਕਿਸੇ ਨਾ ਕੰਮ ਦਾ, ਪਾਗਲ ਨੇ ਉਤਰਾਂਦੇ ਲੋਕੀ । ਇਸ਼ਕ ਹੁਸਨ ਦਾ ਮਾਣ ਵਧਾਵੇ, ਇਸ਼ਕੋਂ ਕਿਉਂ ਘਬਰਾਂਦੇ ਲੋਕੀ । ਲੋਕਾਂ ਦੇ ਰਾਹਵਾਂ ਦੀ ਲੋ ਲਈ, ਰੱਤ ਆਪਣੀ ਦਾ ਦੀਵਾ ਬਾਲਾਂ, ਫੇਰ ਵੀ ਦੱਸੋ ਕਾਹਨੂੰ ਯਾਰੋ, ਮੈਥੋਂ ਰੁੱਸ-ਰੁੱਸ ਜਾਂਦੇ ਲੋਕੀ । ਮੇਰਾ ਜੇਰਾ ਹਿੰਮਤ ਹੈ ਸੀ, ਹਸ-ਹਸ ਦੁੱਖ ਨੇ ਗਲਮੇਂ ਲਾਏ, ਫੁੱਲਾਂ ਹੇਠ ਦਬੇ ਹੋਏ ਵੀ, ਰੋਂਦੇ ਤੇ ਕੁਰਲਾਂਦੇ ਲੋਕੀ । ਕੌਲਾਂ ਵਾਲੇ ਕੋਲੇ ਸੱਜਣੋਂ, ਦੁਖ ਦੇ ਦੁਧਾਂ ਭਰੇ ਗਿਲਾਸ, ਦਿਲ ਦੀ ਇਕ ਪੜਛੱਤੀ ਉੱਤੇ, ਕੀ ਕੀ ਹੈਨ ਸਜਾਂਦੇ ਲੋਕੀ । ਅਰਬਾਂ ਖ਼ਰਚੇ ਕਰਕੇ ਪੁੱਜੇ, ਜੂਹ ਚੰਨੇ ਦੀ ਬਾਵੇ ਕੱਜ, ਨੰਗੇ ਭੁੱਖੇ ਇਨਸਾਨਾਂ ਦੇ, ਖਾਕੇ ਇੰਜ ਉਡਾਂਦੇ ਲੋਕੀ । (ਪੰਧ ਥਲਾਂ ਦਾ 1991 ਵਿੱਚੋਂ)

ਹੀਰਾਂ ਸੱਸੀਆਂ ਏਸ ਜਗਤ ਵਿਚ ਮੁੜ ਨਾ ਜੰਮੀਆਂ ਮਾਵਾਂ

ਹੀਰਾਂ ਸੱਸੀਆਂ ਏਸ ਜਗਤ ਵਿਚ ਮੁੜ ਨਾ ਜੰਮੀਆਂ ਮਾਵਾਂ । ਰਾਂਝੇ ਪੁੰਨੂੰ ਸਦਾ ਉਡੀਕਣ ਬੇਲੇ ਥਲ ਦੀਆਂ ਰਾਹਵਾਂ । ਪਿਆਰਾਂ ਵਾਲੇ ਪਾ ਭੁਲੇਖੇ ਹਰ ਕੋਈ ਏਹੋ ਸੋਚੇ, ਕਿਸਰਾਂ ਕਿਸ ਦੀ ਚੁੰਨੀ ਖਿੱਚਾਂ ਕਿਸਰਾਂ ਕਿਸ ਨੂੰ ਫਾਹਵਾਂ । ਸਿਖਰ ਦੁਪਹਿਰੇ ਦਿਲ ਲਈ ਬਣਿਆ ਬੁੱਲ੍ਹੀ ਨਿੰਮਾ ਹਾਸਾ, ਖਿਲਰੇ ਵਾਲ ਸਮੇਟੇ ਉਨ੍ਹਾਂ ਕਿਤੇ ਨਾ ਦਿੱਸਣ ਛਾਵਾਂ । ਅੱਖੀਆਂ ਭੁੱਖੀਆਂ ਦੀਦ ਤੇਰੇ ਦੀਆਂ ਜੁੱਗ-ਜੁਗਾਂ ਤੋਂ ਸੱਜਣਾ, ਪਾਵੇਂ ਕਦਮ ਜੇ ਵਿਹੜੇ ਮੇਰੇ ਠੰਢੀਆਂ ਹੋਵਣ ਭਾਵਾਂ । ਭੇਸ ਵਟਾਕੇ ਦੁਨੀਆਂ ਡਿੱਠੀ ਕੀ ਡਿੱਠਾ ਨਾ ਪਿੱਛੋਂ, ਉਹੋ ਬੰਦਾ ਨੀਵਾਂ ਦਿਸਿਆ ਜਿਸ ਦਾ ਉਚਾ ਨਾਵਾਂ । (ਪੰਧ ਥਲਾਂ ਦਾ 1991 ਵਿੱਚੋਂ)

ਚੁੱਪ ਸੀ ਕਬਰਾਂ ਜਹੀ ਮੇਰੇ ਚੁਫੇਰ

ਚੁੱਪ ਸੀ ਕਬਰਾਂ ਜਹੀ ਮੇਰੇ ਚੁਫੇਰ । ਜ਼ਿੰਦਗੀ ਮੁੜ ਵੀ ਰਹੀ ਮੇਰੇ ਚੁਫੇਰ । ਨਿਤ ਤੜਫਦਾ ਭਾਂਬੜਾਂ 'ਚੋਂ ਨਿਕਲਿਆਂ, ਨਹਿਰ ਰੱਤ ਦੀ ਨਿਤ ਵਹੀ ਮੇਰੇ ਚੁਫੇਰ । ਬੇਸਬਬ ਉਡੀਆਂ ਨਹੀਂ ਇਹ ਭੁੱਬਲਾਂ, ਕੰਧ ਮੁੜ ਕੋਈ ਢਹੀ ਮੇਰੇ ਚੁਫੇਰ । ਜ਼ਿੰਦਗੀ 'ਕੱਲੇ ਲਈ ਭਾਰੀ ਨਾ ਸੀ, ਪੀੜ ਇਹ ਕਈਆਂ ਸਹੀ ਮੇਰੇ ਚੁਫੇਰ ।

ਟੁਰਦਾ-ਟੁਰਦਾ ਨੀਂਦਰ ਮਾਣੇ, ਅਜ ਕੱਲ ਦਾ ਹਰ ਬੰਦਾ

ਟੁਰਦਾ-ਟੁਰਦਾ ਨੀਂਦਰ ਮਾਣੇ, ਅਜ ਕੱਲ ਦਾ ਹਰ ਬੰਦਾ । ਖ਼ਾਬਾਂ ਦੇ ਹੈ ਉਣਦਾ ਤਾਣੇ, ਅਜ ਕੱਲ ਦਾ ਹਰ ਬੰਦਾ । ਪਿਆਰ, ਮੁਹੱਬਤ, ਉਲਫ਼ਤ ਵਾਲੇ, ਸਾਰੇ ਬੂਹੇ ਢੋਹ ਕੇ । ਆਪਣੇ ਆਪ ਨੂੰ ਕੱਲਾ ਜਾਣੇ, ਅਜ ਕੱਲ ਦਾ ਹਰ ਬੰਦਾ । ਗਲੀਆਂ ਵਿੱਚ ਖਲੋਤੇ ਲੋਕੀ ਸ਼ੱਕ ਦੀ ਵਿਸ਼ ਪਏ ਘੋਲਣ, ਫਨੀਅਰ ਵਾਂਗ ਏ ਦੂਜੇ ਭਾਣੇ, ਅਜ ਕੱਲ੍ਹ ਦਾ ਹਰ ਬੰਦਾ । ਬੰਨੇ ਲੱਗਦੀ ਦਿਸਦੀ ਨਾਹੀਂ ਐਟਮ ਦੌਰ ਦੀ ਬੇੜੀ, ਡੁੱਬ ਨਾ ਜਾਵੇ ਸੰਗ ਮਹਾਣੇ, ਅਜ ਕੱਲ ਦਾ ਹਰ ਬੰਦਾ । ਵਾਂਗ ਪਹਾੜਾਂ ਜਾਪਣ ਜਿਹੜੇ ਅਸਲੋਂ ਸਨ ਗਿਠਮੁਠੀਏ, ਬਦਲੇ ਕੀ ਕੀ ਚੋਲੇ ਬਾਣੇ, ਅਜ ਕੱਲ ਦਾ ਹਰ ਬੰਦਾ । ਦਰ ਇੱਕੋ ਦਾ ਹੋ ਜਾਵੇ ਤੇ ਝੇੜੇ ਸਾਰੇ ਮੁੱਕਣ, ਦਰ-ਦਰ ਦੀ ਪਿਆ ਮਿੱਟੀ ਛਾਣੇ, ਅਜ ਕੱਲ ਦਾ ਹਰ ਬੰਦਾ । (ਪੰਧ ਥਲਾਂ ਦਾ 1991 ਵਿੱਚੋਂ)

ਦਰਦਾਂ ਦੇ ਅਣਮੁੱਲੇ ਮੋਤੀ ਰੱਖਦਾ ਕਿਸ ਤਹਿ-ਖ਼ਾਨੇ ਵਿੱਚ

ਦਰਦਾਂ ਦੇ ਅਣਮੁੱਲੇ ਮੋਤੀ ਰੱਖਦਾ ਕਿਸ ਤਹਿ-ਖ਼ਾਨੇ ਵਿੱਚ ? ਜੇ ਮੌਜ਼ੂਦ ਵਜੂਦ ਨਾ ਹੁੰਦਾ ਮੇਰਾ ਏਸ ਜ਼ਮਾਨੇ ਵਿੱਚ । ਅਸਾਂ ਤੇ ਦਿਲ ਦਾ ਚਾਨਣ ਜਾਤਾ, ਤੈਨੂੰ ਹੀ ਬੇਦੀਦਾ ਉਏ ! ਪਰ ਤੂੰ ਰੱਤੀ ਫ਼ਰਕ ਨਾ ਕੀਤਾ, ਅਪਣੇ ਤੇ ਬੇਗਾਨੇ ਵਿੱਚ । ਐਡੀ ਸ਼ੁਹਰਤ ਕਾਹਨੂੰ ਮਿਲਦੀ ਤੇਰੀ ਰਾਮ-ਕਹਾਣੀ ਨੂੰ, ਨਾ ਮੁੜ ਮੁੜ ਮੇਰਾ ਨਾਂ ਆਉਂਦਾ, ਜੇ ਕਰ ਉਸ ਅਫ਼ਸਾਨੇ ਵਿੱਚ । ਕੰਨੀਂ ਮੇਰੇ ਪੈਣ ਅਵਾਜ਼ਾਂ, ਕਿਸ ਨੇ ਮੈਨੂੰ ਸੱਦਿਆ ਏ ? ਕੌਣ ਇਹ ਲੋਕ ਗਵਾਚੇ ਹੋਏ, ਲੱਭਦਾ ਫਿਰੇ ਵੀਰਾਨੇ ਵਿੱਚ ? ਚਾਰੇ ਕੁੰਟਾਂ ਗੂੰਜ ਰਹੀਆਂ ਨੇ, ਰਿੰਦਾਂ ਦੇ ਹੰਗਾਮੇ ਨਾਲ, ਕੀਤਾ ਫੇਰ ਧਰੋਹ ਹੈ ਕੋਈ, ਸਾਕੀ ਨੇ ਮੈਖ਼ਾਨੇ ਵਿੱਚ । ਘੁੱਪ-ਹਨ੍ਹੇਰਾ ਆਲ-ਦੁਆਲੇ, ਰਾਹ ਵੀ ਕੋਈ ਸੁੱਝਦਾ ਨਾ, ਫ਼ਾਥਾ ਕਿੰਜ ਕੁਚੱਜਾ ਹਾਂ ਮੈਂ, ਜ਼ਾਤ ਦੇ ਬੰਦੀ-ਖ਼ਾਨੇ ਵਿੱਚ ।

ਦੋਸਤਾਂ ਦੀ ਦੁਸ਼ਮਣੀ ਤਕਦਾ ਰਿਹਾਂ

ਦੋਸਤਾਂ ਦੀ ਦੁਸ਼ਮਣੀ ਤਕਦਾ ਰਿਹਾਂ । ਦੁਸ਼ਮਣਾਂ ਦੀ ਬੇਬਸੀ ਤਕਦਾ ਰਿਹਾਂ । ਲਗਿਐ ਹਮੇਸ਼ ਬਾਵਫ਼ਾ ਚਿਹਰਾ ਨਵਾਂ, ਅਪਣੇ ਦਿਲ ਦੀ ਸਾਦਗੀ ਤਕਦਾ ਰਿਹਾਂ । ਉਮਰ ਭਰ ਅੱਕਿਆ ਨਹੀਂ ਮੈਂ ਪੰਧ ਤੋਂ, ਬੇਕਲੀ ਪਰ ਰੂਹ ਦੀ ਤਕਦਾ ਰਿਹਾਂ । ਮਾਰੂ-ਥਲ ਵਿਚ ਸਾਥ ਸੰਗ ਜੋ ਛਡ ਗਿਆ, ਕਿਸ ਤਰ੍ਹਾਂ ਦਾ ਸੰਗ ਸੀ ਤਕਦਾ ਰਿਹਾਂ । ਰੇਜ਼ੇ ਹੁੰਦਾ ਵੇਖਿਐ ਅਪਣਾ ਵਜ਼ੂਦ, ਮੁਕ ਰਹੀ ਇਕ ਜਿੰਦੜੀ ਤਕਦਾ ਰਿਹਾਂ । ਰਾਤ ਭਰ ਇਕ ਮਹਿਕ ਜਹੀ ਖਿਲਰੀ ਰਹੀ, ਵਿਹੜੇ ਲੱਥੀ ਚਾਨਣੀ ਤਕਦਾ ਰਿਹਾਂ ।

ਪਿਆਰ ਦੇ ਅੱਖਰ ਕਿੱਡੇ ਸੋਹਣੇ, ਔਖਾ ਕਿੱਡਾ ਕਾਰੋਬਾਰ

ਪਿਆਰ ਦੇ ਅੱਖਰ ਕਿੱਡੇ ਸੋਹਣੇ, ਔਖਾ ਕਿੱਡਾ ਕਾਰੋਬਾਰ । ਧੁੱਪਾਂ, ਪਾਲੇ ਜਰਦੇ ਰਹਿਣਾ, ਚੁੱਕੀ ਫਿਰਨਾ ਦੁੱਖ ਦਾ ਭਾਰ । ਮਨ ਦਾ ਬੇਲਾ ਸੁੰਝਾ-ਸੁੰਝਾ, ਵੰਝਲੀ ਦੀ ਕੋਈ ਹੂਕ ਨਾ ਉਠਦੀ, ਕਿਰਚੀ-ਕਿਰਚੀ ਹੋਈਆਂ ਵੰਗਾਂ, ਢੀਂਗਰ ਹੋ ਗਈ ਸੋਹਣੀ ਨਾਰ । ਮੋਮ ਦਾ ਜਿਸ ਨੂੰ ਬਾਵਾ ਜਾਤਾ, ਪੱਥਰ ਦਾ ਉਹ ਹੈ ਸੀ ਬੁੱਤ, ਸੱਧਰਾਂ ਭਾਂਬੜ ਕਰੇ ਹਵਾਲੇ, ਜਾ ਲੁਕਿਆ ਵਿਚ ਜੰਗਲ ਬਾਰ । ਬੰਦੇ ਤੇ ਜਦ ਭੀੜ ਪਵੇ ਸਭ, ਸੰਗੀ ਸਾਥੀ ਛਡ ਜਾਂਦੇ ਨੇ, ਔਖਾ ਵੇਲਾ ਲੰਘ ਜਾਵੇ ਤੇ ਸਾਰੀ ਦੁਨੀਆਂ ਉਹਦੀ ਯਾਰ । ਨਿੰਮਾ-ਨਿੰਮਾ ਹਾਸਾ ਹਸ ਕੇ ਨੀਵੀਂ ਪਾ ਕੇ ਲੰਘ ਜਾਂਦੇ ਓ, ਦਿਲ ਨਿਮਾਣਾ ਕੰਬ ਜਾਂਦਾ ਏ, ਕੀ ਹੋਵੇਗਾ ਆਖ਼ਰਕਾਰ । ਡੂੰਘੇ ਪੈਂਡੇ, ਰਾਤ ਹਨੇਰੀ, ਜਿਸ ਦੀ ਸ਼ਹਿ ਤੇ ਠਿੱਲੇ ਸੱਜਣਾ, ਘੁੰਮਣ-ਘੇਰੀ ਦੇ ਵਿਚ ਫਾਹ ਕੇ, ਜਾ ਲੱਗਾ ਉਹ ਦੂਜੇ ਪਾਰ । (ਪੰਧ ਥਲਾਂ ਦਾ 1991 ਵਿੱਚੋਂ)

ਬੀਤੇ ਲਮਹੇ ਜੋ ਗੌਲਦੇ ਪਏ ਹਾਂ

ਬੀਤੇ ਲਮਹੇ ਜੋ ਗੌਲਦੇ ਪਏ ਹਾਂ । ਜਿੰਦ ਖੰਡਰਾਂ 'ਚ ਰੋਲਦੇ ਪਏ ਹਾਂ । ਕਿਰਚੀ ਕਿਰਚੀ ਹੈ ਖਿਲਰੀਆਂ ਸਧਰਾਂ, ਵਾਂਗ ਝੱਲਿਆਂ ਦੇ ਟੋਲਦੇ ਪਏ ਹਾਂ । ਸੂਲੀ ਟੰਗੀ ਇਹ ਲੋਥ ਕਿਸਦੀ ਹੈ, ਕਫ਼ਨ ਕਿਸਦਾ ਮਧੋਲਦੇ ਪਏ ਹਾਂ । ਅਪਣੇ ਕੰਨੀਂ ਵੀ ਨਹੀਂ ਸਦਾ ਪੈਂਦੀ, ਐਸੇ ਖੂਹ 'ਚੋਂ ਅਸੀਂ ਬੋਲਦੇ ਪਏ ਹਾਂ । ਵੇਲਾ ਸਾਨੂੰ ਲਤਾੜ ਲੰਘ ਜਾਸੀ, ਸੁੱਕੇ ਪੱਤਰ ਹਾਂ ਡੋਲਦੇ ਪਏ ਹਾਂ ।

ਭਲੇ ਚੁਫ਼ੇਰੇ ਭੀੜ ਚੋਖੇਰੀ, ਇਨਸਾਨਾਂ ਦਾ ਕਾਲ ਨੀ ਮਾਏ

ਭਲੇ ਚੁਫ਼ੇਰੇ ਭੀੜ ਚੋਖੇਰੀ, ਇਨਸਾਨਾਂ ਦਾ ਕਾਲ ਨੀ ਮਾਏ । ਮਨ ਦੇ ਸ਼ੀਸ਼ ਮਹਿਲ ਵਿਚ ਲਟਕਣ ਜਾਲੇ ਪਾਲੋ ਪਾਲ ਨੀ ਮਾਏ । ਭੁੱਖ ਫਨੀਅਰ ਦੇ ਡੰਗੇ ਮਾਪੇ, ਚੁੱਪ-ਚੁਪੀਤੇ ਕਬਰੀਂ ਲਹਿ ਗਏ, ਤੁੱਰ ਗਏ ਛੱਡ ਵਿਲਕਦੇ ਰੋਂਦੇ, ਨਿੱਕੇ ਨਿੱਕੇ ਬਾਲ ਨੀ ਮਾਏ । ਕੋਈ ਤਾਂ ਡਲਕਾਂ ਮਾਰਦਾ ਸੰਝ ਵੀ, ਤੇਰੀ ਗੁਦੜੀ ਵਿੱਚੋਂ ਨਿਕਲੇ, ਲੈ ਕੇ ਹੱਥੀਂ ਚੰਦ ਅਨੋਖਾ ਤੂੰ ਵੀ ਕਦੀ ਉਛਾਲ ਨੀ ਮਾਏ । ਤੂੰ ਗੁਣਵੰਤੀ ਅਣਖੀ ਸੋਹਣੀ, ਡਾਢੇ ਮਿੱਠੜੇ ਬੋਲ ਨੇ ਤੇਰੇ, ਸਮਝ ਨਾ ਆਵੇ ਐਡੀ ਕੋਝੀ, ਸਾਨੂੰ ਤੇਰੀ ਚਾਲ ਨੀ ਮਾਏ । ਕਿਸੇ ਨਾ ਪਾਲੀ ਸਾਂਝ ਦੁਖਾਂ ਦੀ, ਕਿਸੇ ਨਾ ਦਰਦ ਹੰਢਾਇਆ, ਆਪੇ ਸੇਕੀ ਬੈਠ ਅਸਾਂ ਤੇ, ਹੱਡਾਂ ਦੀ ਅੱਗ ਬਾਲ ਨੀ ਮਾਏ । (ਪੰਧ ਥਲਾਂ ਦਾ 1991 ਵਿੱਚੋਂ)

ਮਿਤਰਾਂ ਮੂਹੋਂ ਮਿੱਠੀਆਂ ਗੱਲਾਂ ਇੰਜੇ ਲੱਗਣ ਭਲੀਆਂ

ਮਿਤਰਾਂ ਮੂਹੋਂ ਮਿੱਠੀਆਂ ਗੱਲਾਂ ਇੰਜੇ ਲੱਗਣ ਭਲੀਆਂ । ਦੂਰ ਕਿਤੇ ਜਿਉਂ, ਸਾਂਝ ਸਵੇਰੇ ਬਲਦਾਂ ਦੇ ਗਲ ਟੱਲੀਆਂ । ਘੁੱਪ ਹਨੇਰੇ ਜੀਵਨ ਰਾਹ ਲਈ, ਚਾਨਣ ਚਾਨਣ ਯਾਦਾਂ, ਮਨ-ਮੰਦਰ ਦੀ ਹਰ ਇਕ ਪੌੜੀ ਵਾਂਗ ਮਸ਼ਾਲਾਂ ਬਲੀਆਂ । ਮੰਗਵੀਂ ਖ਼ੁਸ਼ੀ ਦਾ ਰੂਪ ਅਨੋਖਾ, ਪਲ ਦੋ ਪਲ ਹੈ ਸੱਜਣਾ, ਟੁੰਡ-ਮੁੰਡ ਰੁਖ ਰਹਿ ਜਾਂਦੇ ਜਦ ਪੰਘਰਨ ਬਰਫ਼ਾਂ ਫ਼ਲੀਆਂ । ਹਿਜਰ ਤਿਰੇ ਦੇ ਦੁਖੜੇ ਅੰਦਰ, ਹਰ ਦੁਖ ਇੰਜ ਗਵਾਚਾ, ਕਿਣਮਿਣ ਵਰਕੇ ਬੂੰਦਾਂ ਜਿਉਂਕਰ ਸਾਗਰ ਦੇ ਵਿਚ ਰਲੀਆਂ । ਕਿੰਨੇ ਸੂਰਜ ਤੈਨੂੰ ਲੱਭਦੇ ਰੱਤੋ ਰੱਤ ਹੋ ਲੱਥੇ, ਕਿੰਨੀਆਂ ਸ਼ਾਮਾਂ ਵਿੱਚ ਉਡੀਕਾਂ ਬਣ ਬਣ ਰਾਤਾਂ ਢਲੀਆਂ । ਮੱਘਰ ਪੋਹ ਦੀਆਂ ਸੀਤਲ ਰਾਤਾਂ ਸਾੜਨ ਤਨ ਜਿਸ ਵੇਲੇ, ਬਾਲ ਕੇ ਦੀਵਾ ਬੀਤੀ ਰੁੱਤ ਦਾ ਨਿਕਲ ਪਵਾਂ ਵਿਚ ਗਲੀਆਂ । (ਪੰਧ ਥਲਾਂ ਦਾ 1991 ਵਿੱਚੋਂ)

ਮੇਰੇ ਦੁਖ ਦਾ ਗ਼ਮ ਨਾ ਕਰ ਤੂੰ, ਹਸ ਕੇ ਹਰ ਦੁਖ ਸਹਿ ਜਾਵਾਂਗਾ

ਮੇਰੇ ਦੁਖ ਦਾ ਗ਼ਮ ਨਾ ਕਰ ਤੂੰ, ਹਸ ਕੇ ਹਰ ਦੁਖ ਸਹਿ ਜਾਵਾਂਗਾ । ਮੈਂ ਤੇ ਹਾਂ ਇਕ ਵਗਦਾ ਦਰਿਆ, ਉਚਾ ਨੀਵਾਂ ਵਹਿ ਜਾਵਾਂਗਾ । ਕੱਲਮ-ਕੱਲਾ ਟੱਪ ਜਾਵਾਂਗਾ, ਮਾਰੂ ਪਰਬਤ ਜੀਵਨ ਦੇ ਨੂੰ, ਪਰ ਕੀ ਇੰਜੇ ਚੁੱਪ-ਚੁਪੀਤਾ ਧਰਤ ਦੇ ਸੀਨੇ ਲਹਿ ਜਾਵਾਂਗਾ । ਜੀਅ ਸਕਨਾ ਵਾਂ ਆਢਾ ਲਾ ਕੇ, ਨਾਲ ਮੁਕੱਦਰ ਜੇ ਕਰ ਯਾਰੋ, ਅੱਖਾਂ ਦੇ ਵਿਚ ਅੱਖਾਂ ਪਾ ਕੇ ਮੌਤ ਦੇ ਨਾਲ ਵੀ ਖਹਿ ਜਾਵਾਂਗਾ । ਕੀ ਹੋਇਆ ਜੇ ਖਿੱਲਰ ਜਾਸੀ ਰੇਜ਼ਾ-ਰੇਜ਼ਾ ਹੋਕੇ ਜੁੱਸਾ, ਬਣ ਕੇ ਲੰਘਿਆ ਹਰ ਪਲ ਸੱਜਨਾ, ਮਨ ਵਿਚ ਤੇਰੇ ਰਹਿ ਜਾਵਾਂਗਾ । ਕਿਹੜੀ-ਕਿਹੜੀ ਗੱਲ ਤੇ ਮੈਨੂੰ, ਤੁਸੀਂ ਸਜ਼ਾਵਾਂ ਦੇਸੋ ਲੋਕੋ, ਮੈ ਝੱਲਾ ਤੇ ਝੱਲ ਵਲੱਲਾ, ਜਾਣੇਂ ਕੀ ਕੁੱਝ ਕਹਿ ਜਾਵਾਂਗਾ । (ਪੰਧ ਥਲਾਂ ਦਾ 1991 ਵਿੱਚੋਂ)

ਵਖ ਹਵਾ ਤੋਂ ਹੋਇਆ ਏ ਕੁਝ ਹਬਾਬਾਂ ਪਿੱਛੇ

ਵਖ ਹਵਾ ਤੋਂ ਹੋਇਆ ਏ ਕੁਝ ਹਬਾਬਾਂ ਪਿੱਛੇ । ਜੀਵਨ ਸਾਰਾ ਮੈਂ ਗੁਜ਼ਾਰਿਆ ਏ ਸਰਾਬਾਂ ਪਿੱਛੇ । ਕੁਝ ਹਾਸਿਲ ਨਾ ਸਿਵਾ ਦੁਖ ਦੇ ਹੋਇਆ ਖ਼ਾਬਾਂ ਵਿੱਚੋਂ, ਹਰ ਮਤਆ ਵੇਚ ਕੇ ਵੇਖੀ ਏ ਮੈਂ ਖ਼ਾਬਾਂ ਪਿੱਛੇ । ਹਰ ਸਤਰ ਗਿੱਲੀ ਏ ਹਰ ਹਰਫ਼ ਸਲ੍ਹਾਬਿਆ ਹੋਇਆ, ਕੌਣ ਛੁਪ ਛੁਪਕੇ ਇਹ ਹੋਇਆ ਏ ਕਿਤਾਬਾਂ ਪਿੱਛੇ । ਉਮਰ ਭਰ ਕੰਡਿਆਂ ਦੀ ਚੁਭਨ ਸਹਿਣੀ ਪੈਂਦੀ, ਪਲ ਕੁ ਭਰ ਦੇ ਮਹਿਮਾਨ ਗੁਲਾਬਾਂ ਪਿੱਛੇ । ਕੰਧ ਪਿੱਛੇ ਜਾਂ ਤਕਿਆ ਤੇ ਮੈਂ ਥਰ ਥਰ ਕੰਬਿਆ, ਸਰ-ਇ-ਬਾਜ਼ਾਰ ਜੋ ਚਿਹਰਾ ਸੀ ਨਕਾਬਾਂ ਪਿੱਛੇ ।

ਵਾਂਗ ਹਵਾ ਦੇ ਬੁੱਲੇ ਆਇਆ ਕਿਸ ਦਾ ਅੱਜ ਖ਼ਿਆਲ

ਵਾਂਗ ਹਵਾ ਦੇ ਬੁੱਲੇ ਆਇਆ ਕਿਸ ਦਾ ਅੱਜ ਖ਼ਿਆਲ । ਜ਼ਹਿਨ ਦਾ ਜੰਗਲ ਮਹਿਕ ਗਿਆ ਵੇ ਜਿਸ ਦੀ ਖ਼ੁਸ਼ਬੂ ਨਾਲ । ਖ਼ਾਬਾਂ ਵਾਲੇ ਵਿਹੜੇ ਸੱਜਣਾਂ ਭੁੱਲ ਕੇ ਫੇਰਾ ਪਾਇਆ, ਆਸ ਦੇ ਦੀਵੇ ਮਨ-ਮੰਦਰ ਵਿਚ ਦਿੱਤੇ ਮੈਂ ਫਿਰ ਬਾਲ । ਭਖਦੀ ਰੇਤ ਜਿਉਂ ਪੈਰਾਂ ਥੱਲੇ ਸ਼ਿਖ਼ਰ ਦੁਪਹਿਰਾ ਹੋਵੇ, ਐਡੀ ਔਖੀ ਵਾਟ ਬਿਰਹੋਂ ਦੀ ਜੀਵਨ ਦਾ ਜੰਜਾਲ । ਸ਼ੱਕ ਦੇ ਫ਼ਨੀਅਰ ਡੰਗਦੇ ਰਹਿੰਦੇ ਪਿਆਰਾਂ ਵਾਲੇ ਰਿਸ਼ਤੇ, ਵਹਿਮ ਦਾ ਕੈਦੋਂ ਹੀਰ ਜੱਟੀ ਨੂੰ ਦਿੰਦਾ ਜ਼ਹਿਰ ਪਿਆਲ । ਗ਼ੈਰਾਂ ਦੇ ਦੁੱਖ ਜਰ-ਜਰ ਜਿਉਣਾ ਅਸਲ ਹਿਆਤੀ ਹੁੰਦੀ, ਆਪਣੇ ਦੁਖ ਤੇ ਭਲਿਓ ਹਰ ਕੋਈ ਲੈਂਦਾ ਆਪ ਸੰਭਾਲ । ਪਗ-ਪਗ ਮਰਦੀ ਨਜ਼ਰੀਂ ਆਈ ਸੱਧਰਾਂ ਦੀ ਇਕ ਲੋਅ, ਜੀਵਨ ਨਗਰੀ ਅੰਦਰ ਆਇਆ ਕਿੰਜ ਦਾ ਇਹ ਭੁਚਾਲ । (ਪੰਧ ਥਲਾਂ ਦਾ 1991 ਵਿੱਚੋਂ)

ਮਾਏ ਨੀ ਮੈਂ ਰਹੀ ਕੁਚੱਜੀ

ਵਸਲ ਦੀ ਰਾਤ ਘੂਕ ਮੈਂ ਸੁੱਤੀ ਦਿਨ ਚੜਿਆ ਤਾਂ ਭੱਜੀ ਮਾਏ ਨੀ ਮੈਂ ਰਹੀ ਕੁਚੱਜੀ ਆਪੂੰ ਆਪਣਾ ਯਾਰ ਗਵਾਇਆ ਆਪੇ ਰੋ ਰੋ ਰੱਜੀ ਮਾਏ ਨੀ ਮੈਂ ਰਹੀ ਕੁਚੱਜੀ ਮੁੱਖ ਭੁਆ ਸੱਜਣ ਗਏ ਮੈਥੋਂ ਸੱਟ ਹਿਜਰ ਦੀ ਵੱਜੀ ਮਾਏ ਨੀ ਮੈਂ ਰਹੀ ਕੁਚੱਜੀ ਜ਼ਹਿਰ ਪਿਆਲਾ ਇਸ਼ਕ ਦਾ ਪੀਤਾ ਦੁਨੀਆਂ ਮੂਲ ਨਾ ਤੱਜੀ ਮਾਏ ਨੀ ਮੈਂ ਰਹੀ ਕੁਚੱਜੀ ਸੁੱਖ ਦਿਲੇ ਦਾ ਲੁੱਟਿਆ ਹੋਰਾਂ ਨਾ ਬੋਲੀ ਨਾ ਕੱਜੀ ਮਾਏ ਨੀ ਮੈਂ ਰਹੀ ਕੁਚੱਜੀ ਆਪ ਸਹੇੜੀ ਸੂਲੀ ਐਪਰ ਲੋਥ ਗਈ ਨਾ ਕੱਜੀ ਮਾਏ ਨੀ ਮੈਂ ਰਹੀ ਕੁਚੱਜੀ