Tutte Khambh : Giani Gurmukh Singh Musafir

ਟੁੱਟੇ ਖੰਭ : ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ


ਭੇਟਾ ਮਿਰੇ ਵਿਚਾਰਾਂ ਦੀ ਵੇਦੀ ਤੇ ਕਰਦੀ ਰਹੀ ਜੋ ਸੁਖ ਕੁਰਬਾਨ ਜਿਸ ਦੇ ਆਤਮ ਤਿਆਗ ਨੇ ਕੀਤਾ ਮੇਰਾ ਜੀਵਨ-ਪੰਧ ਆਸਾਨ

*ਕੱਲਰ

ਖਿਚ ਕਿਸੇ ਨੇ, ਚੋਭ ਕਿਸੇ ਨੇ, ਟੁੰਭਿਆ ਝੂਣ ਉਠਾਇਆ । ਜਾਗ ਪਈਆਂ ਕੋਈ ਸੁਤੀਆਂ ਯਾਦਾਂ, ਗਚ ਮੇਰਾ ਭਰ ਆਇਆ। ਗੁਜ਼ਰੇ ਵਕਤ ਦੀ ਚਾਦਰ ਹੇਠਾਂ, ਅਡ ਅਡ ਅੱਖਾਂ ਤਾੜਨ । ਪਏ ਰਗੜੀਵਨ ਯਾਦ ਦੇ ਪੁਰਜ਼ੇ, ਮਲ ਮਲ ਮੈਲ ਉਘਾੜਨ । ਕਈ ਜਵਾਨੋਂ ਬੁਢੇ ਹੋ ਗਏ, ਬੁਢਿਉਂ ਕਈ ਅੰਜਾਣੇ। ਮੈਂ ਜਾਣਾ ਉਹ ਜਾਣਨ ਮੈਨੂੰ, ਪਰ ਨਾ ਜਾਣ ਪਛਾਣੇ। ਵਟੀਆਂ ਗਲੀਆਂ ਵਟੀਆਂ ਕੰਧਾਂ, ਵਟਿਆ ‘ਕੱਲਰੱ ਸਾਰਾ । ਨਹੀਂ ਵਟਿਆ ਪਰ ਇਕ ਸਨਯਾਸੀ੧, ਬੈਠਾ ਮਲੀ ਕਿਨਾਰਾ । ਨਾ ਉਸ ਦੇ ਕੋਈ ਮਨ ਵਿਚ ਬਦਲੀ, ਨਾ ਉਸ ਤਨ ਬਦਲਾਇਆ। ਨਾ ਕੋਈ ਕੀਤੀ ਪੋਚਾ ਪਾਚੀ, ਨਾ ਹੀ ਰੂਪ ਵਟਾਇਆ। ਜਿਸ ਦੇ ਤਪ ਦੀ ਬਰਕਤ ਨੇ, ਵਿਚ ਕੱਲਰ ਬੀਜ ਉਗਾਏ। ਉਸ ਦੇ ਨੰਗੇ ਤਨ ਦੇ ਉਤੇ, ਕਿਸੇ ਨਾ ਕੀਤੇ ਸਾਏ । ਨਾਲ ਤਪੱਸਿਆ ਬੈਠ ਕਿਨਾਰੇ, ਜਿਸ ਨੂੰ ਇਸ ਵਡਿਆਇਆ। ਵੇਖੋ ਅਜ ਉਸ ਕਾਸ਼ੀ੨ ਨੇ ਵੀ, ਅਪਣਾ ਰੁਖ ਪਲਟਾਇਆ। ਇਸ ਵਿਦਿਆ ਦਾਤੇ ਦੀ ਬਖ਼ਸ਼ਸ਼, ਕਈ ਰੂਹਾਂ ਵਰਸਾਈਆਂ । ਇਸ ਪਾਰਸ ਨੇ ਪਿੱਤਲ ਡਲੀਆਂ, ਸੋਨਾ ਚੁਕ ਬਣਾਈਆਂ। ਸੇਵਾ ਇਸ ਸਨਯਾਸੀ ਦੀ ਵਿਚ, ਜਿਨ੍ਹਾਂ ਤਨ ਮਨ ਵਾਰੇ । ਜਸ ਵਡਿਆਈ ਦੇ ਅਸਮਾਨੀਂ, ਚਮਕੇ ਬਣ ਕੇ ਤਾਰੇ । ਜੀਵਨ ਦਾਨ ਦੇਣ ਲਈ ਸਭ ਨੂੰ, ਜ਼ਿੰਦਗੀ ਲਗ ਗਈ ਜਿਸ ਦੀ। ਉਸ ਸਚੇ ਸਨਯਾਸੀ ਦੀ ਅਜ, ਧੂਣੀ ਬੁਝਦੀ ਦਿਸਦੀ । ੪-੩-੪੦ *ਰਾਵਲਪਿੰਡੀ ਦਾ ਇਕ ਪਿੰਡ। ੧ ਖ਼ਾ: ਹਾਈ ਸਕੂਲ ੨ ਨਦੀ ਜਿਸ ਦੇ ਕਿਨਾਰੇ ਤੇ ਸਕੂਲ ਹੈ।

ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ

ਸਤਲੁਜ, ਬਿਆਸ, ਰਾਵੀ, ਝਨਾਂ ਜਿਹਲਮ, ਜਦ ਤਕ ਵਗੇ ਸੁਹਾਂ ਹੇਠਾਂ ਜ਼ਿਮੀਂ ਉਤੇ ਅਸਮਾਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਜਿਸ ਨੇ ਮੇਰਾ ਬਾਗ਼ ਹੈ ਲਾਇਆ ਫੁੱਲਾਂ ਉਤੇ ਰਖਿਆ ਸਾਇਆ ਰਜ ਮਾਣੇ ਬੂਟਿਆਂ ਦੀ ਛਾਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਸੁਣਖ ਸੋਆਂ ਸੁਣ ਵਧਦਾ ਚਾਅ ਜੁਗ ਜੁਗ ਜੀਵਸੁ ਭੈਣ ਭਰਾ ਵਸਦਾ ਰਹੇ ਉਹਦਾ ਪੇਕਾ ਗਿਰਾਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਪ੍ਰਾਨਾਂ ਮੇਰਿਆਂ ਦੇ ਵਿਚ ਪ੍ਰਾਨ ਜਾਨ ਮੇਰੀ ਵਿਚ ਜਿਸ ਦੀ ਜਾਨ ਉਸ ਦੀ ਖਾਤਿਰ ਮੈਂ ਵੀ ਜੀਆਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਮੇਰੇ ਦਿਲ ਦੀ ਮਾਲਿਕ ਰਾਣੀ ਮੇਰੇ ਲਈ ਵੀਟੋ ਲਹੂ ਪਾਣੀ ਕਦੇ ਨਾ ਸਰਿਆ ਮੈਥੋਂ ਨਿਆਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਅੱਕੇ, ਨਾ ਮਥੇ ਵਟ ਪਾਵੇ ਮੇਰੀਆਂ ਭੁਲਾਂ ਨੂੰ ਭੁਗਤਾਵੇ ਉਹ ਪਈ ਜਾਗੇ ਮੈਂ ਸੌਂ ਜਾਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਗੀਤ ਵਤਨ ਦੇ ਬੈਠਾ ਗਾਵਾਂ ਬੇ ਫ਼ਿਕਰੀ ਦੀ ਬੀਨ ਬਜਾਵਾਂ ਰਵਾਂ ਆਜ਼ਾਦ ਜਾਂ ਕੈਦ ਰਹਾਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਵਧਦੀ ਜਾਪੇ ਸ਼ਾਨ ਵਧੇਰੀ ਕੰਮ ਉਸ ਦਾ, ਵਡਿਆਈ ਮੇਰੀ ਉਸ ਦੇ ਪਰਾਂ ਤੇ ਮੈਂ ਵੀ ਉਡਾਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਸਫ਼ਰ ਥਕੇਵਾਂ ਦੂਰ ਉਦਾਸੀ ਖਿਚ ਦੀ ਤਾਰ, ਉਡੀਕ-ਉਬਾਸੀ ਔਂਸੀਆਂ ਪਾਏ ਉਡਾਵੇ ਕਾਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਮੇਰੇ ਪਿਆਰ ਦਾ ਪੂਰੇ ਖੱਪਾ ਡੋਲ ਰਹੀ ਬੇੜੀ ਦਾ ਚੱਪਾ ਕਾਇਮ ਰਖੇ ਧਰਮ ਈਮਾਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ । ਹਿਰਦਾ ਜਿਸ ਦਾ ਪ੍ਰੀਤ ਖ਼ਜ਼ਾਨਾ ਵਸਦਾ ਪਿਆ ਮੁਸਾਫ਼ਿਰ ਖ਼ਾਨਾ ਉਸ ਦੇ ਸਿਰ ਦੀ ਖ਼ੈਰ ਮਨਾਂ ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ। ਅੰਮ੍ਰਿਤਸਰ ਜੇਲ ੨੯-੩-੪੧

ਕੀੜੀ

ਵਧਦੀ ਜਾਵੇ, ਵਧਦੀ ਜਾਵੇ ਤਾਂਘ ਕਿਸੇ ਵਿਚ ਵਧਦੀ ਜਾਵੇ। ਕਿਧਰੋਂ ਭਿਣਕ ਪਈ ਭੋਰੇ ਦੀ, ਇਕ ਦੂਜੀ ਨੂੰ ਖ਼ਬਰ ਪਹੁੰਚਾਵੇ। ਵਧਦੀ ਜਾਵੇ, ਵਧਦੀ ਜਾਵੇ। ਅਪਣੀ ਧੁਨ ਵਿਚ ਮਸਤੀ ਅੰਦਰ, ਨਹੀਂ ਛਡਦੀ ਉਦਮ ਦੀ ਵਾਦੀ ਔਖੀ ਹੋ, ਸੌਖੀ ਹੋ ਜਾਵੇ। ਵਧਦੀ ਜਾਵੇ, ਵਧਦੀ ਜਾਵੇ। ਔੜ ਸੌੜ ਲਈ ਕਰੇ ਤਿਆਰੀ ਕੀੜੀ ਨੂੰ ਵੀ ਜਾਨ ਪਿਆਰੀ ਤੁਰਿਆ ਰਹਿਣਾ, ਤੁਰਿਆ ਰਹਿਣਾ ਹੌਲੀ, ਪਰ ਹਫ਼ਣਾ ਨਹੀਂ ਬਹਿਣਾ। ਬਹੁਤੀ ਤੇਜ਼ੀ, ਬਹੁਤ ਥਕਾਵੇ ਹੁਟਿਆਂ ਮੰਜ਼ਲ ਦੂਰ ਦਿਸਾਵੇ। ਹੌਲੀ ਹੌਲੀ ਤੁਰਦੀ ਜਾਂਦੀ ਤੁਰਦੀ ਜਾਂਦੀ, ਤੁਰਦੀ ਜਾਂਦੀ । ਧੁਨ ਦੇ ਪਕੇ, ਧੀਰਜ ਵਾਲੇ ਤੋਰ ਨਾ ਛਡਣ, ਪੈਣ ਨਾ ਕਾਹਲੇ ਨਦੀਆਂ ਚਾਲ ਗੰਭੀਰ ਚਲਦੀਆਂ ਸ਼ਹੁ ਸਾਗਰ ਵਿਚ ਜਾ ਰਲਦੀਆਂ, ਥੰਮਣਾ ਚੁਕਣਾ ਮੌਤ ਨਿਸ਼ਾਨੀ । ਦਏ ਸੜਾਂਦ ਖੜੋਤਾ ਪਾਣੀ ਤੁਰਦੀ ਜਾਂਦੀ ਤੁਰਦੀ ਜਾਂਦੀ ਇਕ ਦੂਜੀ ਨੂੰ ਨਾਲ ਰਲਾਂਦੀ । ਇਕ ਇਧਰੋਂ ਇਕ ਅਗੋਂ ਆਵੇ ਇਕ ਦੂਜੀ ਨੂੰ ਨਾ ਟਕਰਾਵੇ ਵਧਦੀ ਜਾਵੇ, ਵਧਦੀ ਜਾਵੇ। ਜੇ ਹਥ ਆਇਆ ਭਾਰਾ ਦਾਣਾ, ਚਵ੍ਹਾਂ ਨੇ ਰਲ ਮਿਲ ਕੇ ਚਾਣਾ, ਇਕ ਚੂੰਡੇ ਇਕ ਚੁਕ ਲਿਆਵੇ, ਅਗਲੀ, ਅਗਲੀ ਤੀਕ ਪਹੁੰਚਾਵੇ; ਇਕ ਦੇ ਪਿਛੇ ਇਕ ਤੁਰੰਦੀ, ਮਿਲਵਾਂ ਉਦਮ ਜਥੇਬੰਦੀ । ਅੰਮ੍ਰਿਤਸਰ ਜੇਲ ੨-੪-੪੧

ਕੈਦੀ ਵਲੋਂ ਕੈਦੀ ਨੂੰ

ਜਾਨੀ ਜਿੱਥੇ ਰਹਿਣ, ਜਾਨੀ ਜਾਣੀਏਂ; ਵਿਛੜ ਮੁੜ ਮਿਲ ਪੈਣਾ, ਵਗਦੇ ਪਾਣੀਏਂ। ਦਿਲ ਤਾਰਾਂ ਵਿਚਕਾਰ, ਤਾਰਾਂ ਜੋੜੀਏ, ਇਥੇ ਉਥੇ ਵਾਲੀ, ਭਟਕਣ ਛੋੜੀਏ । ਨਿਜ ਦੀਦੇ ਕਮਜ਼ੋਰ, ਬਹਾਨੇ ਦੂਰ ਦੇ, ਗਿਲਿਆਂ ਦੀ ਭਰਮਾਰ, ਇਕ ਮਜਬੂਰ ਤੇ ! ਉਹਨਾਂ ਨੂੰ ਕੀ ਖਿੱਚ, ਪਦਾਰਥ ਪਾਉਂਦੇ, ਖ਼ੂਨ ਜਿਗਰ ਦਾ ਪੀਂਦੇ, ਜੋ ਗ਼ਮ ਖਾਉਂਦੇ। ਨਿਹੁੰ ਨ ਨਾਲ ਮੁਸਾਫ਼ਿਰ, ਬੇਸ਼ਕ ਲਾਈਏ, ਜਾਣ ਕੇ ਕੀਤੀ ਭੁੱਲ, ਤਾਂ ਨਾ ਪਛਤਾਈਏ। ਦਿਲ ਹੈ ਰੂਪ ਪ੍ਰੇਮ, ਕੀ ਲੋੜ ‘ਪ੍ਰੇਮ’ ਦੀ, ਨਿਯਮ ਤੋਂ ਇਹ ਵਧ, ਉਲੰਘਣ ਨੇਮ ਦੀ। ਪ੍ਰੇਮ ਪੁਜਾਰੀ ਦਿਲ ਨੇ ਰਾਜ਼ ਇਹ ਖੋਹਲਣੇ; ਪੀ ਜਾਣੇ ਔਖੇ, ਜਾਂ ਹੰਝੂ ਡੋਹਲਣੇ । ਉਹਲਾ ਹੋਏ ਵਿਚਕਾਰ, ਤਾਂ ਦਰਸ਼ਨ ਮੰਗੀਏ, ਸਦਾ ਪ੍ਰਾਪਤ ਚੀਜ਼, ਮੰਗਣੋਂ ਸੰਗੀਏ। ਦੇ ਕੇ ਸਾਨੂੰ ਤਾਹਨਾ, ਦੂਜੇ ਪਿਆਰ ਦਾ, ਲਾਭ ਉਠਾਣਾ ਚੰਗਾ ਨਹੀਂ ਇਤਬਾਰ ਦਾ। ਬੇਸ਼ਕ ਵਿਚ ਸਮੁੰਦਰ, ਕੋਈ ਵਾਸ ਦੇ, ਰਖਣੀ ਅੱਖ ਪਪੀਹੇ ਵਿਚ ਆਕਾਸ ਦੇ । ਖਿੜਿਆ ਫੁੱਲ ਖੋਹ ਸਕਦਾ,ਹਥ ਸ਼ੁਕੀਨ ਦਾ, ਰੁਕ ਜਾਇ ਰੁਤ ਬਹਾਰ,ਨਾ ਵਸ ਗੁਲਚੀਨ ਦਾ । ਤਨ ਪਿੰਜਰੇ ਵਿਚ ਪਾ ਕੇ, ਸਖ਼ਤ ਸ਼ਿਕਾਰੀਆਂ, ਸਮਝ ਲਿਆ ਮਨ ਕੈਦ, ਇਹ ਲਏ ਉਡਾਰੀਆਂ । ਧਿਆਨ ਟਿਕਾਵੇ ਚਿੱਤ, ਵਤਨ ਦੀ ਖ਼ਾਕ ਤੇ, ਉੱਡਦਾ ਆਪ ਨਿਸ਼ੰਗ ਅਰਬ ਅਰਾਕ ਤੇ । ਲੰਦਨ, ਬਰਲਿਨ, ਰੋਮ, ਝਟ ਫਿਰ ਆਉਂਦਾ, ਦੁਨੀਆਂ ਭਰ ਦੇ ਨਕਸ਼ੇ ਚਿਤ ਵਿਚ ਵਾਹੁੰਦਾ । ਪਲ ਪਲ ਵਿਚ ਪਏ ਨਕਸ਼ੇ ਵੇਖੋ ਪਲਟਦੇ, ਖਾਲੀ ਅਜ ਭਰ ਜਾਂਦਾ, ਕਲ ਪਏ ਉਲਟਦੇ । ਸੂਰਜ ਕਿਰਨਾਂ ਤੇਜ਼, ਲਿਆਉਣ ਬਦਲੀਆਂ, ਬਦਲੀ ਨਿਯਮ ਅਟੱਲ, ਸੋ ਆਉਣ ਬਦਲੀਆਂ। ਨਵੀਂ ਉਸਾਰੀ ਵਿਚ, ਪੁਰਾਣੇ ਢਹਿਣਗੇ, ਮਨ ਮਿਲਿਆਂ ਦੇ ਤਨ ਛੇਤੀ ਮਿਲ ਪੈਣਗੇ । ਰਾਵਲਪਿੰਡੀ ਜੇਲ ੨੨-੪-੪੧

ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ

ਦੁਨੀਆ ਹੈ ਇਕ ਦਰਦ ਕਹਾਣੀ, ਜਿਸ ਨੇ ਅਪਣੀ ਸਿਰਫ਼ ਸੁਣਾਣੀ, ਉਸ ਦੀ ਗੱਲ ਤੇ ਕੰਨ ਕੋਈ ਧਰੇ ਕਿਉਂ, ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ ! ਜਗ ਰੀਤੀ ਦੇਣਾ ਕੁਝ ਲੈਣਾ, ਜਿਸ ਸੌਦੇ ਵਿਚ ਦੇਣਾ, ਦੇਣਾ, ਘਾਟੇ ਦਾ ਵਿਵਹਾਰ ਕੋਈ ਕਰੇ ਕਿਉਂ, ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ ! ਦੁਖ ਸੁਖ ਲਹਿਰਾਂ ਨਾਲ ਥਪੇੜੀ, ਸਦਾ ਭੰਵਰ ਵਿਚ ਜਿਸ ਦੀ ਬੇੜੀ, ਫੜ ਕੇ ਉਸ ਦੀ ਬਾਂਹ ਕੋਈ ਤਰੇ ਕਿਉਂ, ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ ! ਭਵ-ਸਾਗਰ ਦਾ ਦੂਰ ਕਿਨਾਰਾ, ਦੇ ਦਿਤਾ ਕਿਸੇ ਰਤਾ ਸਹਾਰਾ, ਡੁਬਦੇ ਦੇ ਸੰਗ ਡੁੱਬ ਕੇ ਕੋਈ ਮਰੇ ਕਿਉਂ, ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ ! ਬਿਨ ਆਸਾਂ ਕੁਝ ਪਾਸ ਨਾ ਜਿਸ ਦੇ, ਮਿਤ੍ਰਾਂ ਨੂੰ ਕੋਈ ਆਸ ਨਾ ਜਿਸ ਤੇ, ਵੈਰੀ ਉਸ ਦੇ ਪਾਸੋਂ ਕੋਈ ਡਰੇ ਕਿਉਂ, ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ ! ਤੰਗ-ਦਸਤੀ, ਬੰਦਸ਼, ਮਜਬੂਰੀ, ਝੁੱਗੇ ਵਿਚ ਜਿਸ ਦੇ ਇਹ ਮੂੜੀ, ਹਾਮੀ ਉਸ ਦੀ ਭੁੱਲ ਕੇ ਕੋਈ ਭਰੇ ਕਿਉਂ, ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ ! ਹੰਝੂਆਂ ਦੇ ਮੋਤੀ ਪਏ ਡੁੱਲ੍ਹਣ, ਅਸਲਾਂ ਸਾਵੇਂ ਕਿੰਜ ਉਹ ਤੁੱਲਣ, ਲੈ ਕੇ ਕੋਈ ਬਨੌਟੀ ਦੇਵੇ ਖਰੇ ਕਿਉਂ, ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ ! ਦੁਖ ਸੁਖ ਦੀ ਕਰ ਦਏ ਭਿਆਲੀ, ਐਸੀ ਹੈ ਇਹ ਪਿਆਰ ਪੰਜਾਲੀ, ਜੁੜ ਕੇ ਮਾੜੇ ਨਾਲ ਕੋਈ ਮਰੇ ਕਿਉਂ, ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ ! ਗਿਲਿਆਂ ਨੇ ਸੀ ਜਾਨ ਤਪਾਈ, ਸੁਝ ਪਈ ਅਪਣੀ ਮੂਰਖਤਾਈ, ਕੀਤਾ ਤੇਰਾ ਦੂਜਾ ਕੋਈ ਭਰੇ ਕਿਉਂ, ਨਾਲ ਮੁਸਾਫ਼ਿਰ ਪਿਆਰ ਕੋਈ ਕਰੇ ਕਿਉਂ ! ਰਾਵਲਪਿੰਡੀ ਜੇਲ ੯-੫-੪੧

ਵਿਸਰੀ ਯਾਦ

ਸੰਧਿਆ ਵੇਲਾ ਥੋੜੀ ਜੇਹੀ ਹਨੇਰੀ ਪੱਛੋਂ ਬਦਲੀ ਛਾ ਗਈ। ਬੂੰਦਾਂ ਬਾਣ ਕਲੇਜੇ ਵੱਜਣ, ਮਨ ਢੂੰਡੇ ਸੀਨੇ ਦਾ ਕੱਜਣ, ਬੈਰਕ ਦੀਆਂ ਖੁਲ੍ਹੀਆਂ ਬਾਰੀਆਂ ਲਾ ਗਈ ਸੋਚ ਉਡਾਰੀਆਂ। ਡੂੰਘੀ ਬੜੀ ਉਦਾਸੀ ਡੂੰਘ, ਖਿਆਲ ਹਵਾਵਾਂ, ਉਡ ਉਡ ਜਾਵਣ, ਮੁੜ ਮੁੜ ਆਵਣ, ਖਿੱਚਾਂ ਪਾਵਣ, ਯਾਦ ਕਰਾਵਣ ਵਿਸਰੀ ਹੋਈ ਯਾਦ ਦੀ। ਇਕ ਵੇਰਾਂ ਦੀ ਗੱਲ ਚਰੋਕੀ ਥੋੜਾ ਚਿਰ ਦਿਹੁੰ ਲਥੇ ਪਿਛੋਂ ਮੀਂਹ ਸੀ ਆਇਆ ਉਚੇ ਅਕਾਸ਼ ਨੇ ਅਖਾਂ ਮੀਟੀਆਂ, ਮੂੰਹ ਉਸ ਦਾ ਬਦਲੀ ਸੀ ਕਜਿਆ; ਇਧਰ ਠੰਡੀ ਤੇਜ਼ ਹਵਾ ਨੇ ਪਰਦੇ ਦਿਤੇ ਸਭ ਉਠਾ। ਘੁੱਪ ਹਨੇਰਾ, ਚਾਨਣ ਤੋਂ ਪਿਆਰਾ, ਕਣੀਆਂ ਫੁਲ, ਝਮ ਮਹਿਕ ਫੁਹਾਰੇ, ਉਸ ਦਿਨ ਵਾਲੀ ਮੁੜ ਮੁੜ ਆਵੇ। ਅਜ ਦੀ ਬਦਲੀ ਤਨ ਨੂੰ ਖਾਵੇ, ਪਿਛਲੀਆਂ ਯਾਦਾਂ, ਅਗਲੀਆਂ ਆਸਾਂ, ਯਾਦਾਂ ਜਾਗਣ, ਆਸਾਂ ਜਾਗਣ, ਡੂੰਘੀ, ਬੜੀ ਉਦਾਸੀ ਡੂੰਘੀ ! ਇਕ ਚਿੜੀ ਨਿਕੀ ਜਿਹੀ ਆਹਲਣਿਉਂ ਘੁੱਥੀ, ਭਜਦੀ ਭਜਦੀ ਭਿਜਦੀ ਆਈ; ਰੋਸ਼ਨਦਾਨ ਦੀ ਨੁਕਰੇ ਬਹਿ ਗਈ। ਝੜੀ ਪਲਕ ਵਿਚ ਡੂੰਘੀ ਹੋ ਗਈ ! ਉਸ ਨੇ ਅਪਣੇ ਖੰਭ ਸੁਆਰੇ, ਔਹ ਗਈ ! ਟਪ ਗਈ ਕੋਟ, ਟਪ ਗਈ ਮੌਕਾ, ਟਪ ਗਈ ਡਿਉੜੀ, ਜੇਲ ਦੇ ਜੰਦਰੇ ਮਾਰੇ ਰਹਿ ਗਏ, ਖੜੇ ਖੜੋਤੇ ਪਹਿਰੇ ਰਹਿ ਗਏ । ਅੜੀਏ ਝੜੀਏ, ਅੱਜ ਨਾ ਵੱਸ ! ਉਹ ਦਿਨ ਆਵੇ, ਉਸ ਦਿਨ ਵਸ ਅੱਜ ਨਾ ਵਸ, ਤਿੱਖੀਏ ਪੌਣੇ ਅਜ ਨਾ ਚੱਲ। ਜਾਂ ਫਿਰ ਮੇਰੇ ਖੰਭ ਲਗਾ, ਉਡਣਾ ਅਪਣੇ ਨਾਲ ਸਿਖਾ । ਡੂੰਘੀ ਝੜੀ, ਉਦਾਸੀ ਡੂੰਘੀ, ਇਸ ਬਦਲੀ ਨੇ ਨੀਯਤ ਬਦਲੀ, ਵਿਸਰੀ ਯਾਦ; ਆਵੇ ਯਾਦ। ਰਾਵਲਪਿੰਡੀ ਜੇਲ ੨੨-੫-੪੧

ਬਾਪੂ

ਮੁਠ ਹਡੀਆਂ ਦੀ, ਮਾਸਾ ਮਾਸ ਦਾ। ਰੰਗ ਮੜੇਰਾ, ਤੇੜ ਕਛਹਿਰਾ, ਪਿੰਡਿਉਂ ਨੰਗਾ, ਚਪਲੀ ਉਤੇ ਰਿੜ੍ਹਦਾ ਜਾਂਦਾ। ਪਿਛੋਂ ਸੌਂਦਾ, ਪਹਿਲੋਂ ਉਠਦਾ । ਸਭ ਦਾ ਬਾਪੂ, ਸਭ ਦੀ ਚਿੰਤਾ । ਕੱਚੀ ਲਿਆਵੇ ਬਹਿ ਪਕਵਾਵੇ। ਮਿਰਚ ਮਸਾਲਾ, ਗੰਢਾ ਭਾਜੀ, ਜੇਲ੍ਹ ਦੀ ਔਕੜ, ਜੀਭ ਦਾ ਚਸਕਾ, ਸਾਡਾ ਬਾਪੂ ਸਭ ਤੋਂ ਚੰਗਾ । ਲੈ ਲੋ ਚਟਣੀ, ਇਸ ਬਾਪੂ ਦੀਆਂ ਕੀ ਗੱਲਾਂ ਨੇ ! ਖਾਉ ਪਰੌਂਠਾ, ਇਹ ਹੈ ਸਾਡਾ ਅਣਥਕ ਬਾਪੂ । ਸਭ ਤੋਂ ਚੰਗਾ ਸੂਤਰ ਕਤਦਾ ! ਲੰਗਰ ਵਿਚੋਂ ਵੇਹਲ ਜੇ ਲਗੇ ਬਾਪੂ ਕੱਤੇ ਇਸ ਤੋਂ ਚੰਗਾ; ਉਸ ਬਾਪੂ ਜਿਹਾ। ਸਿਧੀਆਂ ਸਾਦੀਆਂ ਦੋ ਇਕ ਗੱਲਾਂ ਘਿਉ ਦੀਆਂ ਨਾਲਾਂ ਖੰਡ ਤੋਂ ਮਿਠੀਆਂ, ਖੀਰ ਤੋਂ ਮਿਠੀਆਂ । ਖਾਵੇ ਕੋਈ ਬਾਪੂ ਨੂੰ ਸੁਆਦ । ਜਾਗ ਸਵੇਰੇ, ਗੋਡੀਂ ਹਬ ਲਾਵਾਂ, ਤਿਨ ਵੇਲੇ ਤਨ ਤੂੜ ਕੇ ਖਾਵਾਂ। ਚਾਚਾ ਕਿਹਾਂ ਕੋਈ ਪੰਡ ਨਹੀਂ ਚੁਕਦਾ ? ਰਾਵਲਪਿੰਡੀ ਜੇਲ ੨੩-੫-੪੧

ਟਪਰੀ ਵਾਸ

ਦੂਰ ਨਿਵੇਕਲੇ ਜਹੇ ਪਰ ਨੇੜੇ ਨੇੜੇ, ਬਾਹਰ ਆਬਾਦੀ ਤੋਂ ਇਕ ਨਵੀਂ ਆਬਾਦੀ ਰੋਜ਼ ਵਸਾਂਦਾ ਹੈ ਤੇ ਉਜਾੜੀ ਜਾਂਦੀ ਹੈ। ਆਕਾਸ਼ ਦੀ ਛਤ ਹੇਠਾਂ ਚੰਨ ਜਗਦਾ ਦੀਵਾ, ਤਾਰੇ ਲਿਸ਼ਕ ਲਿਸ਼ਕ ਕਰਦੇ ਅਗਵਾਈ । ਵੇਲਾ ਟੂਰਨੇ ਦਾ ਹਰ ਰੋਜ਼ ਨੇ ਦਸਦੇ। ਚੂੰ ਚੂੰ ਚਿੜੀਆਂ ਦੀ ਇਸ ਨੀਂਦ ਦੀ ਮਸਤੀ ਵਿਚ ਸੁੱਤਿਆਂ ਨੂੰ ਜਗਾਂਦੀ ਏ, ਰਸਤੇ ਤੇ ਪਾਂਦੀ ਏ। ਕੁਦਰਤ ਦੀਆਂ ਘੜੀਆਂ ਇਹ ਘੜਿਆਲ ਨੇ ਵਜਦੇ ਪਏ। ਘਰ ਦੁਨੀਆਂ ਸਾਰੀ ਏ, ਵਿਹੜਾ ਅਣਮਿਣਵਾਂ ਏਂ ਛੱਡੀ ਅਪਣੱਤ ਤਾਂ ਮਾਲਿਕ ਸਭ ਦਾ ਬਣਿਆ ਹੈ । ਇਹ ਚੁੱਲ੍ਹਾ ਕਦੇ ਕਦੇ ਸੂਰਜ ਨੂੰ ਬਣਾ ਲੈਂਦਾ ਜਿੱਥੇ ਕੁਝ ਪੱਕ ਜਾਏ ਉਥੇ ਹੀ ਖਾ ਲੈਂਦਾ। ਸ਼ਹਿਰੀਆਂ ਦੇ ਭਾਗਾਂ ਵਿਚ ਜੋ ਲਿਖਿਆ ਕਦੇ ਕਦੇ, ਜਲਸਾ ਇਹ ਬਾਗਾਂ ਦਾ ਹਰ ਰੋਜ਼ ਮਨਾਂਦਾ ਹੈ । ਪਾਣੀ ਦੇ ਕੰਢੇ ਤੇ, ਖੁੱਲ੍ਹੀ ਹਵਾ ਦੇ ਵਿਚ, ਪੀਂਦਾ ਹੈ, ਖਾਂਦਾ ਹੈ, ਅੱਗੇ ਹੀ ਅੱਗੇ, ਬਸ ਵਧਦਾ ਹੀ ਜਾਂਦਾ ਹੈ; ਤੁਰਦਾ ਹੀ ਜਾਂਦਾ ਹੈ। ਪਿੰਜਰੇ ਵਿਚ ਪੈਣਾ ਨਹੀਂ, ਲੋੜ ਨਹੀਂ ਚੂਰੀ ਦੀ; ਜੰਗਲ ਦਾ ਪੰਛੀ ਹੈ, ਰੋੜੇ ਚੁਗ ਲੈਂਦਾ ਹੈ। ਕੱਖ, ਕੰਕਰ ਖਾਂਦਾ ਹੈ, ਜੰਗਲੀ ਅਖਵਾਂਦਾ ਹੈ, ਖੁੱਲ੍ਹਾਂ ਵਿਚ ਗਾਂਦਾ ਹੈ ਤੇ ਉਡਦਾ ਜਾਂਦਾ ਹੈੀ ਇਹ ਲਟਕ ਆਜ਼ਾਦੀ ਦੀ, ਇਹ ਮਟਕ ਆਜ਼ਾਦੀ ਦੀ, ਜਾਣੇ, ਨਾ ਜਾਣੇ ਪਰ ਮਾਣੇ ਪਿਆ ਖੁਲ੍ਹਾਂ ਨੂੰ। ਪਿੰਜਰੇ ਵਿਚ ਫਸਿਆਂ ਨੂੰ, ਕੈਦਾਂ ਵਿਚ ਕਸਿਆਂ ਨੂੰ, ਦੁਨੀਆਂ ਵਿਚ ਗ੍ਰਸਿਆਂ ਨੂੰ, ਮਹਿਲੀਂ ਵਸ ਰਹਿਆਂ ਨੂੰ, ਇਕ ਚੋਭ ਜਹੀ ਲਾਂਦਾ ਹੈ ਬਸ ਟੁਰਦਾ ਜਾਂਦਾ ਹੈ। ਰਾਵਲਪਿੰਡੀ ਜੇਲ ੨੫-੫-੪੧

ਸਰਕਾਰ ਬਦਲੇ

ਇਕ ਦੇ ਲਾਭ ਅੰਦਰ ਹਾਨੀ ਦੂਸਰੇ ਦੀ, ਖੇੜਾ ਇਧਰ ਤਾਂ ਉਧਰ ਬਹਾਰ ਬਦਲੇ । ਸਾਰੇ ਸਾਜ ਜੇਕਰ ਇਧਰ ਸੁਰ ਹੋਵਣ, ਉਧਰ ਪਲਕ ਵਿਚ ਤਾਰ ਸਿਤਾਰ ਬਦਲੇ। ਕਦਮ ਮੇਲ ਕੇ ਜੇ ਸਾਰੇ ਤੁਰਨ ਇਧਰ, ਉਧਰ ਆਪਣੇ ਆਪ ਰਫ਼ਤਾਰ ਬਦਲੇ । ਪੈਂਦਾ ਬਦਲਣਾ ਰੁਖ ਸ਼ਿਕਾਰੀਆਂ ਨੂੰ, ਜੇਕਰ ਪੈਂਤੜਾ ਜ਼ਰਾ ਸ਼ਿਕਾਰ ਬਦਲੇ। ਬਦਲ ਜਾਣ ਅੰਦਾਜ਼ ਹੁਸੀਨ ਵਾਲੇ, ਆਸ਼ਿਕ ਅਖ ਜੇਕਰ ‘ਵਫ਼ਾਦਾਰ' ਬਦਲੇ। ਇਕ ਜ਼ਬਾਨ ਹੋ ਰਈਅਤ ਜੇ ਬਦਲ ਜਾਵੇ, ਨਹੀਂ ਕੋਈ ਵਜ੍ਹਾ ਨਾ ਫੇਚ ਸਰਕਾਰ ਬਦਲੇ । ਕਾਲੇ ਦਿਲ ਬੇ-ਚਾਨਣੇ ਬੁਝੇ ਦੀਵੇ, ਭੁਲਿਆ ਫਿਰੇ ਜੋ ਫਿਰੇ ਨੁਹਾਰ ਬਦਲੇ। ਅਣਖ ਆਣ ਆਜ਼ਾਦੀ ਤੇ ਜਾਨ ਦੇਣੀ, ਸੌਦਾ ਬੜਾ ਮਹਿੰਗਾ ਇਸ ਪਿਆਰ ਬਦਲੇ। ਢੋਆ ਅਗੋਂ ਸ਼ਹੀਦਾਂ ਨੇ ਫੁੱਲ ਤਾਰੇ, ਗਲਾ-ਘੁਟਣੀ ਦਾਰ ਪੁਰ ਖ਼ਾਰ ਬਦਲੇ। ਜੀਂਦੇ ਮਰਣ ਜੋਗੇ, ਮਰ ਗਏ ਜੀਣ ਜੋਗੇ, ਚਿਤ੍ਰ-ਗੁਪਤ ਬਦਲੇ, ਚਿਤ੍ਰਕਾਰ ਬਦਲੇ। ਹਾਜ਼ਿਰ ਜਾਨ, ਜੇ ਕਰੋ ਇਕਰਾਰ ਖੁਲ੍ਹ ਦਾ, ਦਿਤਾ ਨਕਦ ਨਾ ਕਿਸੇ ਉਧਾਰ ਬਦਲੇ। ਕੈਦ, ਕਾਲ, ਕੰਗਾਲੀ ਤੇ ਦੁਖ ਜਗ ਦੇ, ਸਾਰੇ ਝੱਲੇ ਨੇ ਏਸ ਸਰਕਾਰ ਬਦਲੇ। ਇਹਦੇ ਕੋਰੇ ਇਨਸਾਫ਼ ਦੀ ਤੱਕੜੀ ਤੇ ਅਸਾਂ ਰਖੇ ਸੀ ਮੋੜੀ ਜਵਾਹਰ ਬਦਲੇ। ਕਦਰ ਦਾਨ ਬਾਝੋਂ ਕੌਣ ਕਦਰ ਕਰਦਾ ? ਬਦਲੇ ਪਾਰਖੂ ਨੀਤ ਬੁਰਿਆਰ ਬਦਲੇ। ਗਾਂਧੀ ਪਾਸੋਂ ਨਾ ਆਉਂਦੀ ਮਹਿਕ ਜਿਸ ਨੂੰ, ਉਹਦੇ ਨੱਕ ਨੂੰ ਕੇਹੜੀ ਮੁਹਾਰ ਬਦਲੇ ? ਨੀਤਾਂ ਰੂਪ ਡਰਾਉਣੇ ਧਾਰ ਦਿਸੀਆਂ, ਜਦੋਂ ਆਪਣੇ ਨੇ ਤਰਫ਼ਦਾਰ ਬਦਲੇ । ਛੇਤੀ ਡੋਰ ਫ਼ਰੇਬ ਦੀ ਟੁਟ ਜਾਣੀ, ਪੇਚਦਾਰ ਮਿਲਿਆ ਪੇਚਦਾਰ ਬਦਲੇ । ਕੋਈ ਜਿਸ ਤਰ੍ਹਾਂ ਕਿਸੇ ਦੇ ਨਾਲ ਵਰਤੇ, ਉਸੇ ਤਰ੍ਹਾਂ ਮੁਕਦੇ ਆਖ਼ਿਰਕਾਰ ਬਦਲੇ । ਥੋੜੇ ਦਿਨਾਂ ਦੇ ਵਿਚ ਸੰਸਾਰ ਤਕਸੀ, ਸਾਵੇਂ ਦਿਸਣਗੇ ਪਾਰ ਉਰਾਰ ਬਦਲੇ। ਬਦਲੇ ਕੋਈ ਬਦਲੇ ਭਾਵੇਂ ਨਾ ਬਦਲੇ ਸਾਡੇ ਰਾਜ ਵਿਚ, ਸਾਡੀ *ਸਰਕਾਰ ਬਦਲੇ । ਰਾਵਲਪਿੰਡੀ ਜੇਲ ੮-੬-੪੧ *ਬਰਤਾਨਵੀ ਸਾਮਰਾਜ

ਨਿਕਾ ਨਿਕਾ ਬੁਖ਼ਾਰ

ਨਿਕਾ ਨਿਕਾ ਬੁਖ਼ਾਰ, ਅਜ ਮੈਨੂੰ ਮਨਾ ਮਠਾ ਬੁਖ਼ਾਰ। ਪੀੜ ਮਥੇ ਵਿਚਕਾਰ, ਅਜ ਮੇਰੇ ਦਰਦ ਸਿਰੇ ਵਿਚਕਾਰ। ਅੱਜ ਮੇਰੇ ਸਾਥੀ ਸਭ ਬੇ-ਚੈਨ, ਕਿਸੇ ਦੇ ਹਥ ਵਿਚ ਫੜੀ ਦਵਾਈ, ਕਿਸੇ ਦੇ ਹਥ ਵਿਚ ਥਰਮਾਮੀਟਰ, ਕੋਈ ਰਿਹਾ ਝੱਲ ਮਾਰ। ਅਜ ਮੈਨੂੰ ਨਿਕਾ ਨਿਕਾ ਬੁਖ਼ਾਰ, ਅਜ ਮੇਰੇ ਪੀੜ ਮਥੇ ਵਿਚਕਾਰ । ਇਥੇ ਮੇਰੇ ਹਿਤੂਆਂ ਦੀ ਭਰਮਾਰ, ਸੁਰਤਾਂ ਵਾਲੇ ਮਿਤ੍ਰ ਸਿਆਣੇ, ਜੁੜ ਕੇ ਬੈਠੇ ਆਣ ਸਿਰ੍ਹਾਣੇ, ਪੀੜ ਵੰਡਣ ਨੂੰ ਤਿਆਰ । ਅਜ ਮੈਨੂੰ ਸਮਝ ਬੇ-ਸੁਰਤ ਬੀਮਾਰ, ਅਜ ਮੈਨੂੰ ਕਰਨ ਵਧੀਕ ਪਿਆਰ । ਫਿਰ ਵੀ ਦਿਲ ਨੂੰ ਨਹੀਂ ਕਰਾਰ, ਮੇਰਾ ਮਨ ਉਡ ਉਡ ਜਾਵੇ ਬਾਹਰ, ਅਜ ਮੇਰੇ ਦਰਦ ਸਿਰੇ ਵਿਚਕਾਰ। ਅਜ ਮੈਨੂੰ ਉਹ ਹਥ ਆਉਣ ਯਾਦ, ਬਰਫ਼ ਦੀਆਂ ਡਲੀਆਂ ਉਹ ਉਂਗਲਾਂ, ਗਰਮੀ ਦੇਣ ਉਤਾਰ । ਮਿਕਨਾਤੀਸੀ ਪੋਟਿਆਂ ਵਾਲੇ, ਪੀੜ ਖਿਚਣ ਇਕ ਵਾਰ, ਅਜ ਮੈਨੂੰ ਉਹ ਹਥ ਆਉਣ ਯਾਦ । ਮੇਰਾ ਮਨ ਉਡ ਉਡ ਜਾਵੇ ਬਾਹਰ, ਅਜ ਕੋਈ ਵਜ ਰਹੀ ਤਾਰ ਬੇ-ਤਾਰ, ਅਜ ਮੈਨੂੰ ਉਹ ਹਥ ਆਉਣ ਯਾਦ । ਉਹ ਮੇਰੀ ਨਬਜ਼ ਦੇ ਜਾਣੂ ਮਾਹਰ, ਜਿਨ੍ਹਾਂ ਦੀ ਛੋਹ ਵਿਚ ਅੰਮ੍ਰਿਤ ਧਾਰ, ਅਜ ਮੈਨੂੰ ਉਹ ਬੁਲ੍ਹ ਆਉਣ ਯਾਦ। ਅਜ ਮੇਰਾ ਧੁਖ ਧੁਖ ਉਠਦਾ ਸੀਨਾ ਹਾਇ ! ਕਿਸ ਕੰਮ ਗੁਲਾਮ ਦਾ ਜੀਣਾ !! ਅਜ ਮੇਰਾ ਸਾਰਾ ਦੇਸ ਲਾਚਾਰ; ਇਹ ਮੇਰਾ ਕਦੇ ਨਾ ਟੁਟੇ ਬੁਖ਼ਾਰ; ਜਦ ਤਕ ਮੇਰਾ ਵਤਨ ਬੀਮਾਰ; ਇਹ ਮੇਰੀ ਪੀੜ ਰਹੇ ਲਗਾਤਾਰ। ਅਜ ਮੈਨੂੰ ਨਿਕਾ ਨਿਕਾ ਬੁਖ਼ਾਰ, ਅਜ ਮੇਰੇ ਪੀੜ ਮਥੇ ਵਿਚਕਾਰ ਰਾਵਲਪਿੰਡੀ ਜੇਲ ੨੦-੬-੪੧

ਮੂਰਖ ਸਿੰਘ

ਪਿੰਡੀ ਜੇਲ੍ਹ ਵਿਚ ਦੂਆ ਮਹੀਨਾ; ਸਾਥੀ ਕੁਝ ਨਵੇਂ ਨਵੇਂ ਆਦਰ ਜਿਹਾ ਕਰਦੇ ਹਨ। ਖੁਲ੍ਹ ਕੇ ਕੋਈ ਖੁਲ੍ਹਦਾ ਨਹੀਂ, ਖੋਹ ਕੇ ਕੋਈ ਖਾਂਦਾ ਨਹੀਂ, ਮੈਂ ਵੀ ਸੰਕੋਚ ਦੇ ਵਿਚ ! ਸਭ ਜੀ ਜੀ ਕਰਦੇ ਹਨ, ਜੀਵਨ ਕੁਝ ਰੁੱਖਾ ਜਿਹਾ ਮੇਰੇ ਲਈ ਸਮਝ ਲਵੋ ਇਹ ਕੈਦ ਵਿਚ ਕੈਦ ਦੂਈ । ਨੰਬਰਦਾਰ ਡਿਉੜੀ ਦਾ ਬੈਰਕ ਦੇ ਇਕ ਬੂਹਿਉਂ ਪਿਆ ਪੁਛਦਾ ਆਉਂਦਾ ਹੈ: ‘ਮੂਰਖ ਸਿੰਘ ਕੇਹੜਾ ਹੈ ?' ਕੋਈ ਸੁਣ ਕੇ ਹਸ ਪੈਂਦਾ, ਕੋਈ ਮੱਥੇ ਵੱਟ ਪਾਂਦਾ। ਬੈਰਕ ਦੇ ਦੂਜੇ ਸਿਰੇ ਗੱਲ ਉਡ ਕੇ ਅੱਪੜ ਪਈ ਜੀ ਜੀ ਸੁਣ ਅੱਕਿਆਂ ਨੂੰ ਇਨ੍ਹਾਂ ਕੰਨਾਂ ਥੱਕਿਆਂ ਨੂੰ ਕੁਝ ਤਾਜ਼ਗੀ ਮਿਲ ਗਈ । ਜ਼ੋਰ ਦਾ ਹਾਸਾ ਇਕ ਸਭ ਸਾਥੀ ਹਸ ਪਏ। ਮੈਂ ਅਪਣੇ ਹਾਸੇ ਨੂੰ ਬੁਲ੍ਹਾਂ ਹੇਠ ਦਬ ਲਿਆ। ਬਾਹਰਲੇ ਬੰਨਿਉਂ ਹੋ ਦਫਤਰ ਵਿਚ ਜਾ ਪੁੱਜਾ। ਕੁਰਸੀ ਤੇ ਬੈਠੇ ਹਨ ਮਝੈਲ ਤੇ ਮੇਲਾ ਸਿੰਘ, ਨਾਲ ਜਵੰਦ ਸਿੰਘ ਵੀ। ਬੁਲ੍ਹ ਮੀਟੇ ਖੁਲ੍ਹ ਗਏ, ਸ਼ਕ ਸੁਬ੍ਹੇ ਮਿਟ ਗਏ, ਸਭ ਸੋਚਾਂ ਹਟ ਗਈਆਂ। ਬਸ ਇਸ ਦਿਨ ਤੋਂ ਪਿੱਛੋਂ ਕੁਝ ਰਸ ਜਿਹਾ ਆਉਣ ਲਗਾ ਇਸ ਬੰਦੀ ਜੀਵਨ ਵਿਚ। ਰਾਵਲਪਿੰਡੀ ਜੇਲ ੨੭-੫-੪੧

ਤੀਲਾ

ਚੌੜੇ ਡੂੰਘੇ ਸਾਗਰ ਉਤੇ ਤੀਲਾ ਤਰਦਾ ਜਾਂਦਾ। ਉਛਲੇ ਕੁੱਦੇ ਚੁੱਭੀਆਂ ਲਾਵੇ ਖ਼ੌਫ਼ ਰਤੀ ਨਹੀਂ ਖਾਂਦਾ। ਜਿਸ ਦੀ ਹਿਕ ਤੇ ਬੈਠੇ ਡੋਲਣ ਪਰਬਤ ਜੇਡੇ ਬੇੜੇ, ਉਸ ਦੀ ਛਾਤੀ ਨਾਲ ਚਮੁੱਟਿਆ ਤੀਲਾ ਨਹੀਂ ਘਬਰਾਂਦਾ । ਜਿਸ ਦੇ ਢਿਡ ਵਿਚ ਧਸ ਗਏ ਲੱਖਾਂ, ਜਹਾਜ਼ ਮਣਾਂ ਮੂੰਹ ਲੱਦੇ। ਜਿਸ ਦੀ ਹਾਥ ਲੈਣ ਲਈ ਉਤਰੇ, ਢੂੰਡਿਆਂ ਮੁੜ ਨਹੀਂ ਲੱਧੇ। ਸ਼ਾ ਸ਼ਾਂ ਸੁਣ ਕੇ ਜਿਸ ਦੀ ਦੂਰੋਂ ਕੰਬਦੇ ਬੀਰ ਬਹਾਦਰ, ਉਸ ਦੇ ਸੀਨੇ ਤੇ ਇਹ ਤੀਲਾ, ਛਾਤੀ ਤਣ ਤਣ ਵਧੇ । ਹੂਟਿਆਂ ਨਾਲ ਗ਼ਰਜ਼ ਹੈ ਇਸਦੀ ਮਚ ਮਚ ਤਾਰੀਆਂ ਲਾਵੇ। ਤਨ ਦੇ ਨਾਲ ਭਾਰ ਨਹੀਂ ਬੱਧਾ ਜਿਹੜਾ ਹੇਠ ਡੁਬਾਵੇ। ਹਾਥ ਲੈਣ ਦੀ ਲੋੜ ਨਾ ਇਸ ਨੂੰ ਲੋੜੇ ਨਾ ਇਹ ਕਿਨਾਰਾ, ਨਾ ਇਹ ਢੋ ਕੇ ਸਿੱਕਾ ਦਾਰੂ, ਮੁਲਕਾਂ ਨੂੰ ਮਰਵਾਵੇ। ਜਿਸ ਭੁੜਕਣ ਦਾ ਅਸਰ ਨ ਕੋਈ ਸਮਝਿਆਂ ਮੌਜ ਵਸੀਲਾ; ਮੱਛਰ ਹਾਥੀ ਦੀ ਪਿਠ ਉਤੇ ਪੈਲੀ ਵਿਚ ਇਕ ਤੀਲਾ। ਅਸਰ ਕਰੂ ਇਕ ਮਾੜੀ ਸ਼ੈ ਵੀ ਅਪਣਾ ਆਪ ਜਣਾਵੇ, ਪਲ ਵਿਚ ਮਲਿਆ ਦਲਿਆ ਜਾਂਦਾ ਅੱਖ ਵਿਚ ਰੜਕਿਆ ਤੀਲਾ। ਰਾਵਲਪਿੰਡੀ ਜੇਲ ੨੪-੬-੪੧

ਜੀਣਾ ਮਰਣਾ

ਕੋਈ ਔਂਦਾ ਹੈ, ਕੋਈ ਜਾਂਦਾ ਹੈ। ਇਕ ਵਹਿਮ ਜਿਹਾ, ਦਿਲ ਖਾਂਦਾ ਹੈ । ਇਕ ਖੌਫ ਜਿਹਾ, ਜੀ ਖਾਂਦਾ ਹੈ। ਉਹ ਕੀ ਹੈ ? ਜਿਸ ਨੂੰ ਸਭ ਆਖਣ: 'ਇਹ ਜੀਣਾ ਹੈ, ਇਹ ਮਰਣਾ ਹੈ' ਉਹ ਕੇਵਲ ਪੌਣ ਦਾ ਰੁਖ ਹੈ ਇਕ, ਜੋ ਪਲ ਵਿਚ ਪਲਟਿਆ ਜਾਂਦਾ ਹੈ। ਰਾਵਲਪਿੰਡੀ ਜੇਲ ੨੬-੬-੪੧

ਵਿਸਰੀ ਯਾਦ-੨

ਪੌਣ ਪੁਰੇ ਦੀ ਚਿਤ ਉਛਾਲੇ; ਮਾਰ ਗਲੇ ਦੀ ਲਿਸ਼ਕਣ ਬਦਲੀ ਲਿਆਈ । ਸਵੇਰ ਮਨ੍ਹੇਰੇ, ਧੁਖਦੀ ਉਤੇ, ਛੱਟੇ ਪੈ ਗਏ। ਬਣ ਕੇ ਹਵਾੜਾਂ ਨਿਕਲੇ ਧੂਆਂ, ਵਸ ਪਏ ਨੈਣ ਯਾਦ ਕਿਸੇ ਵਿਚ ਖ਼ਿਆਲ ਕਿਸੇ ਵਿਚ। xxx ਇਕ ਆਵਾਜ਼ ਕੰਨਾਂ ਵਿਚ ਗੂੰਜੇ ਕੀ : ਅਜ ਦਾ ਦਿਨ ਹੈ ਪੂੜਿਆਂ ਵਾਲਾ। ਇਸ ਅਵਾਜ਼ ਦੇ ਭਾਵ ਤੋਂ ਇਹ ਜਾਪੇ, ਕੰਨ ਜਾਣੂ ਪੁਰਾਣੇ। ਜੁੜ ਗਈ ਤਾਰ ਲਗ ਪਈਆਂ ਗੂੰਜਣ ਇਹ ਆਵਾਜ਼ਾਂ : 'ਆ ਮਨੀ ਤੈਨੂੰ ਸਦਦਾ ਭਾਪਾ ਗੁਡੋ ! ਸੇੜ ਲਿਆ ਤੂੰ ਝਾਟਾ ਪਮੀ, ਛੋਟੂ, ਭੀਚਾ ਆਉ ਤਤਾ ਤਤਾ ਪੂੜਾ ਖਾਉ।' ਭਿਜਦੀ ਭਿਜਦੀ ਜਿੰਦੋ ਆਈ ਚੁੰਨੀ ਹੇਠ ਕਿਤਾਬ ਲੁਕਾਈ ਬਿਨਾ ਬੁਲਾਏ ਅੰਬੋ, ਦੇਵ ਚੌਕੇ ਬੈਠੀ ਭਾਬੀ ਕੋਲ । ਮਨੀ ਹਥ ਪੂੜਿਆਂ ਨੂੰ ਪਾਇਆ, ਅੰਬੋ ਇਕ ਚਟਾਕਾ ਲਾਇਆ। xxx ਮੇਰੀ ਵੀ ਫਿਰ ਪੈ ਗਈ ਲੋੜ ਖ਼ਾਲੀ ਹੋ ਗਈ ਸਾਰੀ ਥਾਲੀ ਵੇਖ ਵੇਖ ਰੱਜੇ ਘਰ ਵਾਲੀ । ਅਜ ਸਾਰਾ ਦਿਨ ਖਾਂਦੇ ਰਹੇ, ਬੱਚੇ ਗਿੱਧਾ ਪਾਂਦੇ ਰਹੇ, ਉਚਾ ਉਚਾ ਗਾਂਦੇ ਰਹੇ : 'ਰਬਾ ਰਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ।' ਕੈਦੀ ਤਨ ਦੇ ਮਨ ਦਾ ਖ਼ਿਆਲ, ਜੇ ਅਜ ਹੁੰਦਾ ਜੇਲੋਂ ਬਾਹਰ, ਬਹਿ ਕੇ ਅਪਣੇ ਵਿਚ ਪਰਵਾਰ, ਤਲੇ ਤਲਾਏ ਪੂੜੇ ਖਾਂਦਾ, ਖਾਂਦਾ ਜਾ ਨਾ ਖਾਂਦਾ ਪਰ ਖਾ ਸਕਦਾ ਸਾਂ ਊ !!!! ਇਹ ਦੇਸ ਏਸ ਦੇ ਬੰਦੇ ਕੈਦੀ ਨਾ ਸਹੀ ਪਰ ਮਜ਼ਦੂਰ; ਸਾਰੇ ਦਿਨ ਵਿਚ ਇਕ ਚੁਆਨੀ ਹਦ ਅਠਿਆਨੀ ਪੰਜ ਸਤ ਬੱਚੇ ਅਤੇ ਜ਼ਨਾਨੀ ਖਾਣਗੇ ਪੂੜੇ ? ਖਾ ਸਕਦੇ ਹਨ ? ਘਰ ਨਹੀਂ ਆਟਾ ਮਾਸਾ, ਮਿੱਠਾ, ਤੰਗ ਗੁਜ਼ਾਰਾਂ, ਲੀੜੇ ਪਾਟੇ, ਠੁਰ ਠੁਰ ਕਰਦੇ। ਕਚੀਆਂ ਕੰਧਾਂ, ਕਾਣੀਆਂ ਛੱਤਾਂ, ਕਿਧਰੇ ਥੋਪਾ ਕਿਧਰੇ ਡੱਕਾ ਬਹਿਣ ਨੂੰ ਥਾਂ ਨਹੀਂ, ਪੈਣ ਨੂੰ ਥਾਂ ਨਹੀਂ । ਚੋ ਚੋ ਫ਼ਰਸ਼ ਤੇ ਢੰਨਾਂ ਲਗੀਆਂ ਮੱਛਰ ਖਾਂਦਾ ਜੀਣ ਦਾ ਸੁਖ ਨਹੀਂ ਕੀੜਾ ਸਮਝੋ ਮਰਣ ਦਾ ਦੁਖ ਨਹੀਂ ਕੀ ਹੈ ਫ਼ਰਕ ਕੈਦੀ ਨਹੀਂ ਉਹ। ਉਤਲੀ ਖਿੜਕੀਓਂ ਪਿਛਲੇ ਬਨਿਓਂ ਵਾਛੜ ਆਈ; ਥੋੜੀ ਜਿਹੀ ਮੇਰੀ ਭਿਜ ਗਈ ਮੰਜੀ। ਆਵੇਗਾ ਸਾਹਿਬ ਜੇਲ ਦਾ ਅਫ਼ਸਰ ਖੋਲ੍ਹਾਂਗੇ ਕੰਨ ਚੰਗੀ ਤਰ੍ਹਾਂ ਉਸ ਦੇ ਕੈਦੀਆਂ ਦੇ ਲਈ ਇਹ ਪ੍ਰਬੰਧ ? ਘਰ ਦੀਆਂ ਯਾਦਾਂ ਦੇਸ਼ ਗ਼ਰੀਬ ਦੀਆਂ ਫ਼ਰਯਾਦਾਂ ਮਿਲ ਕੇ ਕਾਲੀ ਬਦਲੀ ਨਾਲ ਝੁਕ ਝੁਕ ਆਉਣ, ਮਨ ਕਲਪਾਉਣ, ਪਹਿਲੀ ਯਾਦ ਬਿ ਸ਼ਕ ਰਹੇ ਵਿਸਰੀ; ਦੂਜੀ ਯਾਦ ਨਾ ਵਿਸਰੇ ਪਲ ਭਰ ਜਦ ਤਕ ਸਾਡਾ ਦੇਸ ਗ਼ਰੀਬ, ਜਦ ਤਕ ਸਾਡਾ ਦੇਸ਼ ਗ਼ੁਲਾਮ, ਛੋਟਾ ਹਾਤਾ, ਵੱਡਾ ਹਾਤਾ, ਇਹ ਵੀ ਕੈਦ, ਉਹ ਵੀ ਕੈਦ, ਵਿਸਰੇ ਯਾਦ, ਆਵੇ ਯਾਦ ਰਾਵਲਪਿੰਡੀ ਜੇਲ ੨-੭--੪੧

ਗੱਡੇ ਵਾਲਾ

ਭਰਵਾਂ ਚਿਹਰਾ, ਗੁੰਦਵਾਂ ਜਵਾਨ, ਮੈਲਾ ਚੋਲਾ, ਮੋਢਿਓਂ ਮੁਰਕਿਆ । ਹਾੜ ਮਹੀਨਾ, ਮੁੜ੍ਹਕੋ ਮੁੜ੍ਹਕੀ, ਚੋਏ ਪਸੀਨਾ, ਕੁਮਲਾਏ ਫੁੱਲ ਤੋਂ ਵਾਂਗ ਤ੍ਰੇਲ । ਜੇਲ ਦੀ ਇਕ ਬੈਰਕ ਵਿਚ ਇੱਟਾਂ ਲਾਹ ਕੇ ਆਪਣੇ ਗਡਿਉਂ ਮੁੜਦਾ ਆਵੇ। ਬਲਦਾਂ ਨੂੰ ਹੱਕਦਾ ਧਤ ਧਤ ਕਰਦਾ । ਡਿਉੜੀ ਪਾਸ ਖੜੇ ਕੁਝ ਕੈਦੀ, ਲੱਗੇ ਆਖਣ ਨਾਲ ਮਖ਼ੌਲ : ਲੈ ਚਲ ਇਹ ਸਾਡਾ ਇਕ ਸਾਥੀ ਜੇਲੋਂ ਬਾਹਰ। ਖੱਬੇ ਹੱਥ ਪਰਾਣੀ ਫੜਕੇ, ਸੱਜੇ ਨਾਲ ਪਸੀਨਾਂ ਛੰਡ ਕੇ, ਗੱਡੇ ਵਾਲਾ ਆਖਣ ਲੱਗਾ : ਚੰਗੇ ਓ ਯਾਰਾ ਤੁਸੀਂ ਇਥੇ, ਦੋ ਦੋ ਟਿੱਕੀਆਂ ਦੋਵੇਂ ਵੇਲੇ ਝਮ ਲੈਂਦੇ ਹੋ। ਪੱਕੀਆਂ ਪਕਾਈਆਂ ਬੈਠੇ ਬਿਠਾਏ, ਮ੍ਹਾੜੇ ਨਾਲ ਵਟਾਈ ਲਏ ਕੰਮ ਜੇ ਕੁਸੈ ਕੀ ਵਾਰਾ ਖਾਣੇ। ਰਾਵਲਪਿੰਡੀ ਜੇਲ ੫-੭-੪੧

ਕਵੀ ਜੀਵਣ

ਨਿਕਲ ਹਵਾੜਾਂ ਤਤੀਆਂ ਤਤੀਆਂ ਸੀਨੇ ਅੰਦਰ ਧੁਖਦੀ ਅਗ ਦਾ ਸਦਾ ਗਿਆਨ ਕਰਾਂਦੀਆਂ ਰਹਿਣ। ਬਾਗ਼ ਬਹਾਰਾਂ ਖਿੜੀਆਂ ਕਲੀਆਂ ਪਕੇ ਫਲ ਬੇਗਾਨੇ ਵਸ ਖੋਹਾਂ ਇਹ ਤੜਪਾਂਦੀਆਂ ਰਹਿਣ। ਪੀੜ ਕਿਸੇ ਦੀ ਦਰਦ ਕਿਸੇ ਨੂੰ ਕੋਈ ਅੰਗ ਦੁਖੇ ਰੋਣਾ ਅੱਖ ਨੇ ਚੋਭਾਂ ਚੁਭ ਰੁਲਾਂਦੀਆਂ ਰਹਿਣ। ਜ਼ਿੰਦਗੀ ਕੌਮ ਕਵੀ ਦੀ ਜ਼ਿੰਦਗੀ ਸਿਰਫ਼ ਇਸ ਲਈ ਵਧ ਵਧ ਖਾਹਿਸ਼ਾਂ ਜੀਵਨ ਦੇ ਲਈ ਆਉਂਦੀਆਂ ਰਹਿਣ । ਰਾਵਲਪਿੰਡੀ ਜੇਲ ੭-੭-੪੧

ਸਮਾਂ

ਕੈਦੀ ਭਾਣੇ ਕੈਦ ਗੁਜ਼ਰ ਰਹੀ, ਇਕ ਇਕ ਰੋਜ਼ ਉਮਰ ਦਾ ਘਟਦਾ । ਕੈਦੀ ਦਮ ਇਕ ਦਿਨ ਵਿਚ ਘੁਟਦਾ, ਜੇਕਰ ਸਮਾਂ ਕੈਦ ਹੋ ਸਕਦਾ। ਕਦੀ ਦਿਲ ਵਿਚ ਰਹੇ ਸ਼ਕਾਇਤ, ਅਖੀਆਂ ਪਕੀਆਂ ਦਿਨ ਨਹੀਂ ਡੁਬਦਾ । ਘਣੇ ਵਿਹਾਰੀ ਦਾ ਇਹ ਰੋਸਾ, ਝਟ ਦਿਨ ਮੁਕਦਾ ਕੰਮ ਨਹੀਂ ਮੁਕਦਾ । ਚਾਲ ਸਮੇਂ ਦੀ ਫੇਰ ਸਮੇਂ ਦਾ, ਸਮਾਂ ਨਾ ਕਾਬੂ ਆਵੇ । ਕੈਦੀ ਇਸ ਤੋਂ ਜਾਨ ਛੁੜਾਵੇ, ਖੁੱਲ੍ਹਾ ਭਰੇ ਕਲਾਵੇ। ਨਾ ਇਹ ਨਸਦਾ ਨਾ ਪਕੜੀਂਦਾ, ਲੰਘਿਆ ਪਲ ਨਾ ਮੋੜੇ । ਇਸ ਦੀ ਵਰਤਣ ਇਸ ਤੋਂ ਕਾਬੂ, ਨਾ ਟਿਕਦਾ ਨਾ ਦੌੜੇ । ਚਾਲ ਚਲਾਉਣ ਵਾਲੀ ਸ਼ਕਤੀ ਚਾਲ ਲਿਖੀ ਵਿਚ ਲੇਖੇ । ਝਟ ਨਹੀਂ ਟਪਦਾ ਝਟ ਛਪ ਜਾਂਦਾ, ਮਨ ਦੇ ਨਿਰੇ ਭੁਲੇਖੇ। ਰਾਵਲਪਿੰਡੀ ਜੇਲ ੯-੭-੪੧

ਭੁਲੇਖਾ

ਦੂਰ, ਦੂਰ, ਦੂਰ ਜਿਤਨਾ ਢੂੰਡੇ ਬਾਹਰ ਉਤਨਾਂ ਦੂਰ ਦੂਰ । ਘਰ ਵੇਹੜੇ ਵਿਚਕਾਰ ਗੁਆਚੀ ਚੀਜ਼ ਨੂੰ ਮੂਰਖ ਢੂੰਡੇ ਗਲੀ ਵਿਚ ਪਾਂਦਾ ਪਿਆ ਭੁਲੇਖਾ ਚਿੱਟਾ ਚਾਨਣਾ । ਭਾਵੇਂ ਘੁਪ ਹਨੇਰਾ ਸ਼ੈ ਨੇ ਉਥੋਂ ਲਭਣਾ ਜਿਥੇ ਪਈ ਹੈ। ਜਿਥੇ ਹੈ ਨਹੀਂ ਸ਼ੈ ਢੂੰਡੇ ਚਾਰ ਜੁਗ। ਦੀਵੇ ਜਗਨ ਹਜ਼ਾਰ ਜੇ ਨਹੀਂ ਤੇਰਾ ਜਗਿਆ ਨਹੀਂ ਲੁਭਾਣੀ ਸ਼ੈ ਹਜ਼ਾਰਾਂ ਜਗਿਆਂ ਲਖਾਂ ਚੜ੍ਹਿਆਂ ਸੂਰਜਾਂ। ਇਕ ਸਾਧ ਇਕ ਚੋਰ ਪੈ ਗਏ ਕਿਧਰੇ ਪੈਂਡੇ ਦੋਵੇਂ ਰਲ ਕੇ । ਸਾਧ ਦੀ ਉਂਗਲੀ ਛਾਪ ਮਨ ਲਲਚਾਇਆ ਚੋਰ ਦਾ, ਸਾਧ ਗਿਆ ਇਹ ਤਾੜ । ਸੌਣ ਦੇ ਵੇਲੇ ਰਾਤੀਂ ਦੇਵੇ ਛਾਪ ਉਤਾਰ ਪਾ ਦਏ ਚੋਰ ਦੀ ਜੇਬ ਵਿਚ । ਢੂੰਡ ਢੂੰਡ ਕੇ ਚੋਰ ਥਕ ਜਾਏ ਆਖ਼ਿਰਕਾਰ ਸੌਂ ਜਾਏ ਸੋਚਾਂ ਸੋਚਦਾ । ਚੋਰ ਦੇ ਸੁਤਿਆਂ ਸਾਧ ਸਵੇਰੇ ਉਠ ਕੇ ਝੱਟ ਜੇਬੋਂ ਕੱਢ ਛਾਪ ਪਾ ਲਏ ਆਪਣੀ ਉਂਗਲੀ ਚੋਰ ਹੈਰਾਨ ਹੈ। ਜਿਸ ਨੂੰ ਢੂੰਡੇ ਬਾਹਰ ਉਸ ਦੀ ਜੇਬ ਵਿਚ ਬਿਨ ਜਾਣੇ ਅਣਜਾਣ ਥਾਵਾਂ ਟੋਲਦਾ ਜੰਗਲ ਘਣੇ ਉਜਾੜ ਖੁੰਦਰਾਂ ਫੋਲਦਾ । 'ਮੁੰਡਾ ਅਪਣੀ ਬਗ਼ਲ ਢੰਡੋਰਾ ਸ਼ਹਿਰ ਵਿਚ' । ਰਾਵਲਪਿੰਡੀ, ਜੇਲ ੧੯-੭-੪੧

ਘਮਸਾਣ

ਨਿਕਲ ਰਹੇ ਉਨਤੀ ਦੇ ਸਾਧਨ, ਵਧਦਾ ਜਾਏ ਵਧੀਕ ਗਿਆਨ । ਧਰਤੀ ਉੱਤੇ ਵਸਣ ਵਾਲੇ ਉਡਦੇ ਜਾਪਣ ਵਿਚ ਅਸਮਾਨ। ਵਜ ਰਹੀਆਂ ਤਾਰਾਂ ਬੇ-ਤਾਰਾਂ, ਘਰ ਸੁਤਿਆਂ ਨੂੰ ਖ਼ਬਰ ਪੁਚਾਣ। ਆਖਣ ਇਹ ਜੀਵਨ ਦੇ ਸਾਧਨ, ਮਾਰਨ ਦੇ ਜੋ ਸਭ ਸਮਿਆਨ। ਵੀਹਵੀਂ ਸਦੀ ਜਾਪਦਾ ਜੀ ਨੂੰ, ਮੁਲਕਾਂ ਨੂੰ ਹੋਇਆ ਹਲਕਾਨ । ਜਿੰਨੀਆਂ ਲੋੜਾਂ ਉਨੀਆਂ ਥੋੜਾਂ, ਬੰਦਿਆਂ ਨੂੰ ਬੰਦੇ ਪਏ ਖਾਣ। ਵਸਤ ਦੂਜਿਆਂ ਤੋਂ ਜੋ ਖੋਂਹਦੇ, ਹਥੋਂ ਖੁਸਦੀ ਤੇ ਕੁਰਲਾਣ । ਉਸ ਜਾਲੀ ਵਿਚ ਆਪੇ ਫਸਣ, ਦੂਜਿਆਂ ਲਈ ਜੋ ਰੱਖਣ ਤਾਣ । ਜਿਸ ਦੀ ਢੇਰੀ ਉਸ ਤੋਂ ਚੋਰੀ, ਅਪਣੇ ਹਕ ਦੀ ਗਲ ਅਖਵਾਣ । ਖੋਹਿਆ ਮਾਲ ਨਾ ਵਾਪਸ ਕਰਨ ਗੱਲਾਂ ਨਾਲ ਕਰਨ ਭੁਗਤਾਨ, ਥੁੱਕਾਂ ਨਾਲ ਵੜੇ ਨਹੀਂ ਪਕਦੇ ਮੂਰਖਤਾਈ ਕਰਨ ਸੁਜਾਨ । ਮੈਦੇ ਨੂੰ ਸਭ ਮੈਦਾ ਆਖਣ ਛਾਣ ਨੂੰ ਸਾਰੇ ਆਖਣ ਛਾਣ। ਕੰਮ ਕਢਣ ਲਈ ਕਰਨ ਖੁਸ਼ਾਮਦ ਉਂਜ ਨਾ ਅਪਣੇ ਨਾਲ ਬਹਾਣ। ਖੋਹੀ ਮੋਹੀ ਹਨੇਰੀ ਆਈ ਮਚਿਆ ਦਿੱਸੇ ਇਕ ਘਮਸਾਣ । ਹਿੰਦੀ ਅਪਣੇ ਹਕ ਵਿਚ ਜਾਣਨ ਉਹੀ ਬਲ੍ਹੂਣਾ ਓਹ ਤੁਫ਼ਾਨ, ਦਏ ਉਡਾਂ ਜੋ ਹਿੰਦ ਦੇ ਵਿਚੋਂ ਗ਼ੈਰ ਗੁਲਾਮੀ ਦਾ ਨਿਸ਼ਾਨ । ਰਾਵਲਪਿੰਡੀ ਜੇਲ ੨੩--੭--੪੧

ਬੰਸੀ ਲਾਲ ਦਾ ਤੋਤਾ

ਸਾਵੇ ਸਾਵੇ ਸੋਹਣੇ ਪਰ ਚੁੰਝ ਕਮਾਨ; ਉਡਣੇ ਲੜਨੇ ਦਾ ਸਮਿਆਨ। ਬਾਰੀ ਦੇ ਵਿਚ ਬੈਠਾ ਰਹਿੰਦਾ, ਚੂਰੀ ਫਲ ਫੁਲ ਖਾਂਦਾ ਰਹਿੰਦਾ; ਕੈਦੀ ਦਾ ਕੈਦੀ। ਆਜ਼ਾਦੀ ਦੇ ਖਿਆਲ ਦੀ ਥਾਂ ਮਲ ਲਈ ਡਾਢੇ ਦੇ ਡਰ ਨੇ ਬੰਸੀ ਲਾਲ ਨੇ ਜੇ ਛਡ ਦਿਤਾ, ਫੜ ਲੈਸੀ ਕੋਈ ਇਸ ਤੋਂ ਡਾਢਾ ਆਜ਼ਾਦੀ ਬਣਸੀ ਬਰਬਾਦੀ ਠੰਡਾ ਠੰਡਾ ਪਾਣੀ ਪੀ ਕੇ; ਆਲੇ ਵਿਚ ਕਰਦਾ ਬਿਸਰਾਮ, ਆਖੀ ਜਾਂਦਾ ਗੰਗਾ ਰਾਮ । ਖੁਲ੍ਹ ਮਿਲਦੀ ਹੈ ਖੰਭ ਨਹੀਂ ਛੰਡਦਾ; ਬੰਸੀ ਲਾਲ ਨੂੰ ਲੋੜ ਹੀ ਨਹੀਂ ਹੈ ਇਸ ਦੇ ਲਈ ਕੋਈ ਪਿੰਜਰਾ ਲਿਆਵੇ। ਜੰਮਦਾ ਗ਼ੁਲਾਮ, ਚਿਰ ਦਾ ਗ਼ੁਲਾਮ; ਉਡਣ ਦੀ ਇਹਨੂੰ ਜਾਚ ਹੀ ਭੁਲ ਗਈ, ਮਚ ਹੀ ਮਰ ਗਿਆ। ਇਸ ਦਾ ਖ਼ਿਆਲ ਹੀ ਇਸ ਦਾ ਪਿੰਜਰਾ, ਇਸਦਾ ਅਨੁਭਵ ਇਸਦਾ ਪਿੰਜਰਾ ! ਵਹਿਮ ਤੇ ਡਰ ਪਿੰਜਰੇ ਦੀਆਂ ਸੀਖਾਂ, ਲਾਲਚ ਚਸਕਾ ਇਸਦੀ ਤਾਕੀ । ਇਸ ਘੇਰੇ ਵਿਚ ਘਿਰਿਆ ਰਹਿੰਦਾ, ਬੰਸੀ ਦੇ ਹੱਥਾਂ ਵਲ ਤਕਦਾ, ਕੈਦੀ ਦਾ ਕੈਦੀ । ਰਾਵਲਪਿੰਡੀ ਜੇਲ ੨੬-੭--੪੧

ਟੈਗੋਰ

ਜੀਭ ਜਿਸ ਦੀ ਜੀਭ ਹਰ ਇਨਸਾਨ ਦੀ। ਅਖ ਜਿਸ ਦੀ ਅਖ ਹਿੰਦੁਸਤਾਨ ਦੀ ਸੋਚ ਜਿਸ ਦੀ ਸੋਚ ਸਭ ਸੰਸਾਰ ਦੀ । ਪੀੜ ਜਿਸ ਦੀ ਪੀੜ ਹਰ ਬੇਜ਼ਾਰ ਦੀ। ਟੁਟ ਗਿਆ ਤਾਰਾ ਸ਼੍ਰੋਮਣਿ ਪੂਰਬੀ ਅਸਮਾਨ ਦਾ ! ਡੁਬ ਗਿਆ ਸੂਰਜ ਚਮਕਦਾ, ਫ਼ਲਸਫ਼ੇ ਦਾ, ਗਿਆਨ ਦਾ ! ਚੰਦਰਮਾਂ ਕੋਮਲ ਹੁਨਰ ਦਾ, ਕਾਵਿ ਦੇ ਆਕਾਸ਼ ਦਾ; ਸ਼ਾਂਤੀ ਨਕੇਤਨ ਸ਼ਾਂਤ ਘਰ ਦੇ ਚਾਨਣੇ ਤੋਂ ਚਾਨਣਾ ਪ੍ਰਕਾਸ਼ ਦਾ। ਛਪ ਗਈ ਕੇਵਲ ਨਹੀਂ ਹਾ ! ਸ਼ਕਲ ਸੂਰਤ ਜ਼ਾਹਿਰੀ ! ਰੁਕ ਗਈ ਇਕ ਹਦ ਤੇ ਸੰਸਾਰ ਭਰ ਦੀ ਸ਼ਾਇਰੀ !! ਰਾਵਲਪਿੰਡੀ ਜੇਲ ੭-੯-੪੧

ਟੈਗੋਰ ਦੀ ਪ੍ਰਾਰਥਨਾ

ਹੈ ਜਿੱਥੇ ਪਿਆਰ ਦਾ ਉਤਸਾਹ ਤੇ ਗ਼ਮ ਖਾਉਣ ਦੀ ਚਾਹ ਜਿਥੇ; ਭਲਾ ਚਾਹੁਣਾ ਭਲਾ ਕਰਨਾ ਮੁਹੱਬਤ ਏਕਤਾ ਜਿੱਥੇ। ਵਫ਼ਾਦਾਰੀ ਧਰਮ ਜਿਥੇ, ਮੁਕਰ ਜਾਣਾ ਕੁਫ਼ਰ ਜਿਥੇ; ਫਰਕ ਮਹਿਸੂਸਿਆ ਜਾਵੇ ਜੀਅ ਰਖਣੇ, ਮਨ ਦੁਖਾਣੇ ਦਾ । ਫ਼ਰਕ ਸਭ ਮਿਟ ਗਿਆ ਜਿਥੇ ਹੈ ਅਪਣੇ ਤੇ ਬਿਗਾਨੇ ਦਾ । ਹੇ ਰਬਾ ! ਬਖ਼ਸ਼ ਦੇ ਮੈਨੂੰ ਤੂੰ ਆਜ਼ਾਦੀ ਦੀ ਉਹ ਮੰਜ਼ਿਲ ! xxx ਨਾ ਚਰਚਾ ਕੁਝ ਸਿਆਸੀ ਮਸਲਿਆਂ ਦੀ ਪੇਚਦਾਰਾਂ ਦੀ। ਅਮਲਦਾਰੀ ਹਕੂਮਤ ਜਿਸ ਜਗ੍ਹਾ ਸਚ ਤੇ ਪਿਆਰਾਂ ਦੀ ਫ਼ਰਕ ਪ੍ਰਗਟ ਹੈ ਜਿਥੇ ਰਾਹਜ਼ਨੀ ਤੇ ਰਾਹਨੁਮਾਈ ਦਾ । ਹੈ ਕੁਰਬਾਨੀ ਜ਼ਰੂਰੀ ਜਿਸ ਜਗ੍ਹਾ ਕਾਰਨ ਵਡਾਈ ਦਾ । ਜ਼ੁਲਮ ਤੇ ਜ਼ੋਰ ਤੋਂ ਲੋਕੀ ਜ਼ਰਾ ਵੀ ਨਾ ਡਰਨ ਜਿਥੇ । ਅਣਖ ਤੇ ਆਨ ਤੋਂ ਕੁਰਬਾਨ ਹੋ ਜਾਵਣ ਮਰਣ ਜਿਥੇ। ਹੇ ਰਬਾ ! ਬਖ਼ਸ਼ ਦੇ ਮੈਨੂੰ ਤੂੰ ਆਜ਼ਾਦੀ ਦੀ ਉਹ ਮੰਜ਼ਿਲ ! ਰਾਵਲਪਿੰਡੀ ਜੇਲ ੮-੮-੪੧

ਟੈਗੋਰ ਦੀ ਆਜ਼ਾਦੀ

ਤੂੰ ਰੰਜ ਮੁਸੀਬਤ ਵਿਚ ਮੇਰੀ ਰਖਿਆ ਨਾ ਕਰ, ਪਰ ਚਾਨਣ ਦੇ । ਬਦ ਬਖ਼ਤੀ ਵਿਚ ਕੋਈ ਬੌਹੜੇ ਨਾ ਬਾਹਰੋਂ ਨਾ ਕੋਈ ਮਦਦ ਕਰੇ; ਪਰ ਦਿਲ ਦਾ ਹੌਸਲਾ ਨਾ ਟੁੱਟੇ ਦਮ ਕਾਇਮ ਰਹੇ, ਇਹ ਹਿੰਮਤ ਦੇ। ਜਦ ਫੇਰ ਸਮੇਂ ਵਿਚ ਘਿਰ ਜਾਵਾਂ ਹੋਵੇ ਨਾ ਕੋਈ ਸਹਾਰਾ ਵੀ ਹਰਗਿਜ਼ ਮੇਰਾ ਮਨਸ਼ਾ ਇਹ ਨਹੀਂ; ਰਖਿਆ ਮੇਰੀ ਭਗਵਾਨ ਕਰੋ । ਹਾਂ, ਅਪਣੇ ਆਪ ਬਚਾ ਲਾਂ ਮੈਂ ਬਲ ਇਤਨਾ ਮੈਨੂੰ ਦਾਨ ਕਰੋ । ਰਾਵਲਪਿੰਡੀ ਜੇਲ ੯-੮-੪੧

ਪੁਰਾਣਾ ਕੈਦੀ

ਇਕ ਬੁਢੜਾ ਕੈਦੀ ਕੁਝ ਕਿਧਰੋਂ ਕਲੀਆਂ ਤੋੜ ਲਿਆਇਆ; ਨਾਜ਼ੁਕ, ਨਰਮ, ਮਲੂਕ ਮੋਤੀਆ ਮੁੱਠੀ ਵਿਚ ਲੁਕਾਇਆ । ਮੈਨੂੰ ਦੇਣ ਲਈ ਮੁਠ ਖੋਲ੍ਹੀ ਲਗਾ ਤਕ ਤਕ ਝੂਰਣ ! ਮੈਂ ਸ਼ੀਸ਼ਾ ਰਖ ਅੱਗੇ ਉਸ ਨੂੰ ਉਸ ਦਾ ਮੂੰਹ ਵਿਖਾਇਆ। ਮੁੜ੍ਹਕੋ ਮੁੜ੍ਹਕ ਹੋਈਆਂ ਹੋਈਆਂ ਕਲੀਆਂ ਉਹ ਮੁਰਝਾਈਆਂ, ਵਾਧੂ ਸਮਝ ਫੋਗ ਜਦ ਹਥੋਂ ਸੁਟ ਕੇ ਪਰੇ ਵਰ੍ਹਾਈਆਂ । ਪਰ ਉਹ ਕਲੀਆਂ ਵਾਲੇ ਹਥ ਨੂੰ ਦਿਨ ਭਰ ਚੁੰਮਦਾ ਰਹਿਆ; ਟੁੰਬਿਆ ਯਾਦ ਕਿਸੇ ਕਈ ਵੇਰਾਂ ਅੱਖਾਂ ਭਰ ਭਰ ਆਈਆਂ। ਰਾਵਲਪਿੰਡੀ ਜੇਲ ੧੦-੮-੪੧

ਚੰਨ

ਹੁਸਨ ਸਾਰਾ ਹੁਸਨ ਡਲ੍ਹਕਾਂ ਮਾਰਦਾ, ਨੂਰ ਅਪਣਾ ਨੂਰ ਪਿਆ ਖਿਲਾਰਦਾ। ਜੁਆਲਾ ਮੁਖੀ ਦੇ ਕੁੰਡ ਵਿਚ ਸੋਮਾਂ ਇਹ ਨੂਰੀ ਠੰਡ ਦਾ, ਹੁਣ ਕੌਣ ਕਢੇ ਅੰਤਰਾ ਕੁਦਰਤ ਦੇ ਇਸ ਪ੍ਰਬੰਧ ਦਾ ! ਕਿਸ ਦੇਸ਼ ਦਾ ਇਹ ਚਾਨਣਾ, ਕਿਸ ਦੇਸ਼ ਦਾ ਇਹ ਨੂਰ ਹੈ ! ਵੰਡਿਆ ਬਰਾਬਰ ਜਾਉਂਦਾ ਪਰ ਫੇਰ ਵੀ ਭਰਪੂਰ ਹੈ। ਸਦੀਆਂ ਤੋਂ ਚਾਨਣ ਵੰਡਦਾ ਮਾਸਾ ਮਗਰ ਖੁਟਿਆ ਨਹੀਂ। ਹੈ ਵਿੱਥ ਲੱਖਾਂ ਮੀਲ ਦੀ ਥਕਿਆ ਨਹੀਂ, ਹੁਟਿਆ ਨਹੀਂ । ਨੂਰੀ ਤਨ ਵਿਚ ਲਿਸ਼ਕਦੇ ਦੀਦੇ ਜੋ ਖ਼ਾਲਿਸ ਨੂਰ ਦੇ। ਇਕੋ ਜਹੀ ਰਖਦੇ ਨਜ਼ਰ ਮਾਲਿਕ ਅਤੇ ਮਜ਼ਦੂਰ ਤੇ। ਹੈ ਕਿਸ ਤਰ੍ਹਾਂ ਉਪਕਾਰ ਵਿਚ ਘੁੰਮਦਾ ਨਿਰਾਲਾ ਯਾਤਰੀ ! ਫਲ ਪਾਣ ਲਈ ਪੁਜਵਾਉਂਦੀ ਹੈ ਦੂਜ ਜਿਸ ਦੀ ਦਾਤਰੀ। ਆਦਿ ਜਿਸ ਦੇ ਗੇੜ ਦਾ ਹੁੰਦਾ ਦਿਹਾੜਾ ਈਦ ਦਾ; ਹਾਂ, ਲਾ ਲਵੋ ਇਥੋਂ ਅੰਦਾਜ਼ਾ ਚੌਧਵੀਂ ਦੀ ਉਡੀਕ ਦਾ। ਐਵੇਂ ਨਾ ਵਾਸੀ ਅਰਸ਼ ਦਾ ਐਡੀ ਵਡਾਈ ਪਾਉਂਦਾ, ਰਖਦਾ ਲੁਕਾਂਦਾ ਦਾਤ ਨਾ ਵੰਡਦਾ ਖੁਲ੍ਹਾ ਵਰਤਾਉਂਦਾ । ਗੇੜ ਐਸੇ ਵਿਚ ਪਿਆ ਮੁਕੀਆਂ ਨਾ ਅਜ ਤਕ ਫੇਰੀਆਂ। ਪਾਈਆਂ ਨੇ ਬਦਲਾਂ ਕਾਲਿਆਂ ਹਾਂ ਘੇਰੀਆਂ ਬਹੁਤੇਰੀਆਂ। ਆਈਆਂ ਨੇ ਦਾਹਵੇ ਬੰਨ੍ਹ ਕੇ ਬੇਸ਼ਕ ਘਟਾਵਾਂ ਕਾਲੀਆਂ; ਪਰ ਹੁਸਨ ਨੂੰ ਚਮਕਾ ਗਈਆਂ ਆਖ਼ਿਰ ਇਹ ਜ਼ੁਲਫਾਂ ਕਾਲੀਆਂ। ਇਕ ਵਸਫ਼ ਸਾਂਝਾ ਹੋ ਗਿਆ ਉਸ ਦਾ ਤੇ ਮੈਂ ‘ਮਜਬੂਰ' ਦਾ । ਉਹ ਵੀ ਮੁਸਾਫ਼ਰ ਫਿਰ ਰਿਹਾ ਬੱਧਾ ਕਿਸੇ ਦਸਤੂਰ ਦਾ। ਰਾਵਲਪਿੰਡੀ ਜੇਲ ੧੪-੮-੪੧

ਅਰਪਨ

ਤੇਰਾ ਸਭ ਕੁਝ ਤੇਰਾ; ਮੇਰਾ, ਕੁਝ ਨਹੀਂ ਮੇਰਾ। ਸੇਵਕ ਕਈ ਰੰਗਾਂ ਵਿਚ ਆਂਦੇ; ਸਾਜ ਵਜਾਂਦੇ, ਉਸਤਤ ਗਾਂਦੇ। ਮੋਤੀ ਮਾਣਕ ਭੇਟ ਚੜ੍ਹਾਂਦੇ ਪਰ ਖਾਲੀ ਹਥ ਮੇਰਾ ਤੇਰਾ, ਸਭ ਕੁਝ ਤੇਰਾ। ਕੁਝ ਨਹੀਂ ਪਾਸ ਜੋ ਭੇਟ ਚੜਾਵਾਂ, ਹਿਰਦਾ ਅਪਣਾ ਖੋਲ੍ਹ ਵਖਾਵਾਂ, ਜਿੰਦ ਕਿੰਵ ਚਾਹਵਾਂ ਤੈਨੂੰ ਪਾਵਾਂ ਲੋਕ ਲੱਜਾ ਦਾ ਤੋੜਾਂ ਘੇਰਾ; ਇਹ ਵੀ ਨਾਥ, ਹੈ ਜਿਗਰਾ ਮੇਰਾ। ਕਰਮ ਕਾਂਡ ਦੀ ਉਲਝੀ ਤਾਣੀ; ਪੂਜਾ ਦੀ ਬਿਧਿ ਮੈਂ ਨਹੀਂ ਜਾਣੀ। ਕੀ ਰਿੜਕਾਂ ਪਈ ਬੈਠੀ ਪਾਣੀ, ਮਨ ਮੰਦਰ ਵਿਚ ਕਰ ਲੈ ਡੇਰਾ; ਮੈਂ ਸਾਰੀ ਤੇਰੀ, ਤੂੰ ਮੇਰਾ ! ਪੂਜਾ ਇਹੋ ਚੜ੍ਹਾਵਾ ਮੇਰਾ। ਭਿਖਿਆ ਮੰਗਦੀ ਇਹੋ ਭਿਖਾਰਨ ਪੂਜਾ ਸਮਝੇ ਇਹੋ ਪੁਜਾਰਨ ਛੋਹ ਤੇਰੀ ਹੈ ਦੂਖ ਨਿਵਾਰਨ ਚਰਨਾਂ ਦੇ ਵਿਚ ਬਖ਼ਸ਼ ਬਸੇਰਾ ਅਰਪਨ ਤੇਰੇ ਆਪਾ ਮੇਰਾ। ਤੇਰੀ ਚੀਜ਼ ਦੁਆਰੇ ਤੇਰੇ, ਤੇਰਾ ਮਾਣ ਸਹਾਰੇ ਤੇਰੇ; ਘਰੇ ਪਾਸੇ ਚਾਰੇ ਤੇਰੇ; ਨਿਸਚੇ ਇਹ ਜਿੰਦ ਆਦਰ ਪਾਵੇ; ਅਪਣੀ ਚੀਜ਼ ਕੌਣ ਠੁਕਰਾਵੇ ? ਰਾਵਲਪਿੰਡੀ ਜੇਲ ੧੬-੮-੪੧

ਯਤੀਮ

ਹੈ ਫੁੱਲ ਟੁਟਾ ਡਾਲੀਓਂ ਪੱਤੀਆਂ ਦਾ ਸਾਇਆ ਹਟ ਗਿਆ; ਹਾ ! ਆਬ ਬਿਨ ਰੰਗ ਉਡਿਆ ਤਨ ਸੁਕ ਗਿਆ, ਰਸ ਘਟ ਗਿਆ। ਉਡਦੀ ਸੁਹੱਪਣ ਵਾਸ਼ਨਾ ਦੇਂਦੀ ਸੁਨੇਹਾ ਜਾਉਂਦੀ; ਕਰਦੀ ਨੁਮਾਇਸ਼ ਮਹਿਕ ਦੀ ਤਰਸਾਉਂਦੀ, ਖਿਚ ਪਾਉਂਦੀ । ਸੂਝ ਪੈ ਜਾਏ ਕਿਤੇ ਭੁਲਿਆਂ ਨੂੰ ਅਪਣੀਆਂ ਭੁਲਾਂ ਦੀ। ਯਾਦ ਆ ਜਾਏ ਕਿਤੇ ਮਾਲੀ ਨੂੰ ਗੁੰਮੇ ਫੁੱਲਾਂ ਦੀ। ਖਿੜਨਾਂ ਤੇ ਹਸਣਾ ਸੋਹਣਿਆਂ ਸਭਨਾਂ ਦਾ ਮਨ ਮਹਿਕਾਉਣਾ; ਕੀਕਣ ਕਿਸੇ ਨੂੰ ਭਾਉਂਦਾ ਕਲੀਆਂ ਦਾ ਇੰਜ ਕੁਮਲਾਉਣਾ ? ਕਿਸ ਬੀਜਿਆ, ਕਿਸੇ ਸਿੰਚਿਆ, ਕਿਸ ਨਾਲ ਡਾਲੀ ਲਾਇਆ ? ਫੁੱਲ ਆਖ਼ਿਰ ਫੁੱਲ ਹੈ ਹੋਵੇ ਕਿਸੇ ਦਾ ਉਗਾਇਆ । ਰਾਵਲਪਿੰਡੀ ਜੇਲ ੧੮-੮-੪੧

ਬਾਬਾ ਈਸ਼ਰ ਸਿੰਘ ਮਰ੍ਹਾਣਾ

ਯਾਦ ਲੈ ਆਈ ਪੁਰਾਣੀ ਯਾਦ ਇਕ । ਆ ਗਈ ਚੇਤੇ ਨਿਸ਼ਾਨੀ ਯਾਦ ਇਕ। ਨਿੱਠਵੀਂ ਆਵਾਜ਼ ਬੱਧੇ ਸ਼ੇਰ ਦੀ । ਮੇਰਿਆਂ ਕੰਨਾਂ ਲੁਕੋਈ ਦੇਰ ਦੀ। ਸਫ਼ਰ ਵਿਚ ਅਜ ਤੀਕ ਜਿਸ ਦੀ ਰੀਸ ਤੇ; ਚੱਕੀਆਂ ਮੁਲਤਾਨ ਵਿਚ ਸਾਂ ਪੀਸਦੇ। ਹੌਸਲਾ ਜਿਸ ਦਾ ਸੀ ਸਾਡਾ ਹੌਸਲਾ ਹੌਸਲਾ ਜਿਸ ਦਾ ਸੀ ਡਾਢਾ ਹੌਸਲਾ । ਜਾ ਕੇ ਜੋ ਪਰਦੇਸ ਖਟਿਆ ਜੋੜਿਆ; ਦੇਸ ਦੇ ਇਕ ਪਿਆਰ ਬਦਲੇ ਰੋੜ੍ਹਿਆ। ਖ਼ਿਆਲ ਦਿਲ ਵਿਚ ਦੇਸ਼ ਦੀ ਖੁਲ੍ਹ ਦਾ ਰਿਹਾ; ਨਜ਼ਰ-ਬੰਦੀ ਕੈਦ ਵਿਚ ਰੁਲਦਾ ਰਿਹਾ । ਦੇਸ ਦੁੱਖਾਂ ਵਿਚ ਬੀਮਾਰੀ ਡੇਗਿਆ। ਸੁਆਸ ਇਕ ਬਾਕੀ ਸੀ, ਸੋ ਵੀ ਦੇ ਗਿਆ। ਰਾਵਲਪਿੰਡੀ ਜੇਲ ੨੮-੮-੪੧

ਹੰਝੂ

ਡੁੱਲ੍ਹਣ ਨਾ ਇਹ ਆਸਾਂ ਸਧਰਾਂ ਉਛਲ ਉਛਲ ਭਰ ਆਈਆਂ ਰੀਝਾਂ ਰੱਲਣ ਨਾ ਮਿਟੀ ਵਿਚਕਾਰ । ਡਿਗਣ ਨਾ ਇਹ ਬਾਲ ਜੁਆਨ; ਪਹਿਰੇਦਾਰ ਕਮਾਨਾਂ ਵਿਚੋਂ ਪਏ ਕਰਦੇ ਤੀਰਾਂ ਦੀ ਮਾਰ। ਸਾਗਰ ਦੀ ਕਿਸੇ ਨੀਵੀਂ ਨੁਕਰੋਂ ਸੁਚੇ ਸਾਫ਼ ਚਮਕਦੇ ਮੋਤੀ, ਉਲਟ ਪੁਲਟ ਕੋਈ ਹਿਲ-ਜੁਲ ਚੋਖੀ ਲੈ ਕੇ ਆਈ ਬਾਹਿਰਵਾਰ । ਡੁੱਲ੍ਹਣ ਨਾ, ਇਹ ਡਿੱਗਣ ਨਾ, ਇਹ ਰੁੱਲਣ ਨਾ ਮਿੱਟੀ ਵਿਚਕਾਰ। ਇਹ ਅਮੁਲਵੀਂ ਸਾਂਝੀ ਦੌਲਤ ਬਿਨਾਂ ਖੋਟ ਦੇ, ਖੁਲ੍ਹ-ਦੇਵੀ ਲਈ ਭੇਟਾ ਆਈ। ਮੁਕਤੀ ਦੇ ਲਈ ਹੈ ਇਹ ਤਰਲਾ; ਜਾਂ ਕੋਈ ਮੁਕਦਾ ਪਿਆ ਉਧਾਰ; ਕਿਸਤਾਂ *ਮਾਤਾ ਰਹੀ ਉਤਾਰ । ਡੁੱਲ੍ਹਣ ਨਾ ਇਹ ਡਿੱਗਣ ਨਾ ਇਹ ਸੁੱਚੇ ਮੋਤੀ ਇਹਨਾਂ ਤੋਂ ਕੋਈ ਸਰਣੀ ਕਾਰ । ਰੁੱਲਣ ਨਾ ਇਹ ਰੱਲਣ ਨਾ ਮਿਟੀ ਵਿਚਕਾਰ । ਠੰਡੀ ਠੰਡੀ ਤ੍ਰੇਲ ਦੇ ਤੁਪਕੇ ਨੈਣ ਫੁਲਾਂ ਦੀ ਆਬ ਵਧਾਂਦੇ ਧੋ ਦਿੰਦੇ ਨੇ ਠੀਕ ਸੰਵਾਰ; ਪਰ ਇਨ੍ਹਾਂ ਦੀ ਗਰਮ ਤਸੀਰ ਤੱਤੀ ਯਾਦ ਕਿਸੇ ਦਾ ਉਬਾਲ, ਦਿੰਦੇ ਨਾਜ਼ਕ ਨੈਣ ਉਛਾਲ। ਡੁੱਲ੍ਹਣ ਨਾ ਜੇ ਮੁੜ ਨਾ ਆਉਣ। ਜੇ ਡੁਲ੍ਹਣ ਤਾਂ ਇਕੋ ਵਾਰ, ਜਾਵਣ ਦੁਖ ਦੀ ਯਾਦ ਵਿਸਾਰ । ਜੱਗ ਜਾਣੇ ਇਹ ਕਿਸ ਦੇ ਹੰਝੂ। ਕਿਸ ਦੇ ਨੈਣ ਪਿਆਸੇ ਖੁਲ੍ਹਦੇ ! ਢੂੰਡਣ ਬੂਟੀ ਅੰਮ੍ਰਿਤ ਧਾਰ ਖੜੇ ਢੁੰਡਾਊ ਪਹਿਰੇਦਾਰ । ਰਾਵਲਪਿੰਡੀ ਜੇਲ ੨੦--੮-੪੧ *ਭਾਰਤ ਮਾਤਾ ।

ਦੋ ਹੰਝੂ

ਪਹਿਰੇਦਾਰ ਦੋ, ਦੋਹਾਂ ਦਰਵਾਜ਼ਿਆਂ ਤੇ, ਤਰਕਸ਼ ਵਿਚ ਕਈ ਤੀਰ, ਕਮਾਨ ਨੇ ਦੋ। ਇਕ ਜਰਨੈਲ ਦੀ ਨਿਘੀ ਆਵਾਜ਼ ਉਤੇ ਬੂਹੇ ਮਲ ਕੇ ਬੈਠੇ ਜਵਾਨ ਨੇ ਦੋ। ਇਕੋ ਭਾਵ, ਮਜ਼ਮੂਨ ਵਿਚਾਰ ਇਕੋ, ਇਕੋ ਲੇਖ ਸਿਰਲੇਖ ਅਨੁਵਾਨ ਨੇ ਦੋ। ਇਕੋ ਲਿਖਣ ਵਾਲਾ ਇਕੋ ਗਲ ਲਿੱਖੀ, ਚਿਠੀ ਇਕ ਪਰ ਚਿਠੀ ਰਸਾਨ ਨੇ ਦੋ। ਰਾਵਲਪਿੰਡੀ ਜੇਲ ੨੭-੮-੪੧

ਸਿਹਤ

ਤਾਰਿਆਂ ਦੀ ਛਾਵੇਂ, ਚੰਨ ਦੀ ਚਾਨਣੀ ਵਿਚ, ਨਦੀਆਂ ਦੇ ਕੰਢੇ, ਸੂਰਜ ਦੀਆਂ ਕਿਰਨਾਂ ਵਿਚ ਪ੍ਰਭਾਤ ਦੀ ਪੌਣ ਉਸ਼ਾ ਦੀ ਲਾਲੀ ਵਿਚ ਹੱਲਾਂ ਦੇ ਪਿਛੇ ਪਿਛੇ ਖੁਲ੍ਹਿਆਂ ਖੇਤਾਂ ਵਿਚ, ਹਰੀਆਂ ਫ਼ਸਲਾਂ ਦੇ ਬੰਨੇ ਬੰਨ ਤ੍ਰੇਲ ਦਿਆਂ ਤੁਪਕਿਆਂ ਵਿਚ ਵਾਸਾ ਇਸ ਦੇਵੀ ਦਾ । ਇਸ ਦਾ ਰੋਸਾ ਮੌਤ ਦਾ ਸੱਦਾ; ਜਾ ਕੇ ਇਹ ਆਉਂਦੀ ਨਹੀਂ; ਆਵੇ ਤਾਂ ਟੁਟੀ ਸ਼ੈ ਗੰਢਿਆਂ ਜਿੰਦ ਗੰਢ ਰਹਿ ਜਾਂਦੀ ਹੈ ਦਾਗ਼ ਜਿਹਾ ਦਿਸਦਾ ਹੈ । ਡੁਲ੍ਹਿਆਂ ਬੇਰਾਂ ਦਾ ਕਹਿੰਦੇ ਕੁਝ ਜਾਂਦਾ ਨਹੀਂ; ਪਰ ਦੁਧ ਜੇ ਡੁਲ੍ਹ ਜਾਵੇ ਪੱਲੇ ਕੁਝ ਪੈਂਦਾ ਨਹੀਂ । ਖੰਡ ਵਿਚ ਰਲ ਗਈ ਬਰੀਕ ਰੇਤ, ਸਾਧਨ ਕਢ ਲੈਣ ਸਿਆਣੇ ਫੇਰ ਨਿਖੇੜਨ ਦੇ; ਪਰ ਲਾਗ ਰਹਿ ਜਾਂਦੀ ਹੈ । ਵੈਸੇ ਇਸ ਦੇਵੀ ਦੀ ਪੂਜਾ ਕੋਈ ਬਹੁਤੀ ਨਹੀਂ। ਭੇਟਾ ਵੀ ਥੋੜੀ ਜਿਹੀ : ਥੋੜਾ ਜਿਹਾ ਉਦਮ । ਸਭ ਹੁਸਨਾਂ ਦਾ ਤਤ ਇਸ ਦੇਵੀ ਦੇ ਹੁਸਨ ਵਿਚ । ਸਭ ਬਲਾਂ ਦਾ ਬਲ ਇਸ ਸ਼ਕਤਿ ਭਵਾਨੀ ਵਿਚ । ਅਸਲ ਚੜ੍ਹਾਵਾ ਇਸ ਦਾ ਸਮੇਂ ਸਿਰ ਵਰਤੋਂ ਸਮੇਂ ਦੀ। ਜਗ ਤਿਲਕਣ ਬਾਜ਼ੀ ਪੈਰ ਦਬਾ ਕੇ ਤੁਰਨਾਂ। ਕੰਡਿਆਂ ਦੇ ਛਾਪੇ ਤੋਂ ਸੁੰਗੜ ਕੇ ਪੱਲਾ ਬਚਾ ਕੇ ਟੱਪ ਜਾਣਾ। ਜਾਂ ਧੀਰਜ ਨਾਲ ਵਲ ਨਾਲ ਕੰਡਿਆਂ ਤੋਂ ਹਥ ਬਚਾ ਕੇ ਛਾਪੇ ਪਾਸੇ ਤੇ ਕਰ ਦੇਣੇ। ਬਸ ਐਸੀ ਵਰਤੋਂ ਤੇ ਦੇਵੀ ਖ਼ੁਸ਼ ਰਹਿੰਦੀ ਹੈ। ਇਹ ਗਹਿਣੇ ਇਸ ਦਾ ਹੁਸਨ ਵਧਾਂਦੇ ਹਨ; ਲਾਲੀ ਚਮਕਾਂਦੇ ਹਨ । ਪੂਜਾ ਦੇ ਲਾਇਕ ਇਹ ਦੇਵੀ ਇਸ ਲੋਕ ਦੀ। ਰਾਵਲਪਿੰਡੀ ਜੇਲ ੧-੯-੪੧

ਭਗੌੜਾ

*ਬਾਹਰ ਦੇ ਪੰਜੇ ਦਾ ਇਕ ਕੈਦੀ ਮਹੀਨਾ ਕੈਦ ਜਿਸ ਦੀ ਰਹਿ ਗਈ। ਵੇਖੋ ਉਹ ਭਾਗਾਂ ਮਾਰਿਆ ਬੇੜੀ ਜੇ ਉਸ ਦੀ ਬਹਿ ਗਈ। ਖ਼ਬਰੇ ਕੀ ਮਨ ਵਿਚ ਆਇਆ ਕੀ ਖ਼ਿਆਲ ਦਿਲ ਵਿਚ ਵਸ ਗਿਆ। ਅੱਗਾ ਨਾ ਉੱਕਾ ਸੋਚਿਆ ਝਟ ਅਖ ਬਚਾਈ, ਨਸ ਗਿਆ । ‘ਕਾਰਨ ਕੀ, ਸਾਰੇ ਸੋਚਦੇ ਕਿਸੇ ਨੂੰ ਕੁਝ ਨਾ ਅਹੁੜਦੀ। ਅਕਲ ਪਏ ਦੌੜਾਣ ਜਿਥੋਂ ਤਕ ਕਿਸੇ ਦੀ ਦੌੜਦੀ। ‘ਪਾਗ਼ਲ ਬਿਨਾਂ’ ਸਭ ਨੇ ਕਿਹਾ 'ਹੈ ਕੌਣ ਕਰਦਾ ਇਸ ਤਰਾਂ ?' ਫ਼ੈਸਲਾ-ਸ਼ਕਤੀ ਤੇ ਉਂਜ ਪੈਂਦਾ ਨਾ ਪਰਦਾ ਇਸ ਤਰ੍ਹਾਂ। ਗੇਣਵੇਂ ਦਿਨ ਕੈਦ ਸੀ +ਕੋਠੀ ਨਾ ਸੀ ਲਗਿਆ ਪਿਆ। ਉਸ ਵਰਗਿਆਂ ਦੇ ਨਾਲ ਦਾ ਇਕ ਪਿੰਡ ਸੀ ਵਸਿਆ ਪਿਆ । ਜ਼ਿਕਰ ਇਸੇ ਦਾ ਹੀ ਇਕ ਉਸ ਰੋਜ਼ ਬਸ ਚਲਿਆ ਰਿਹਾ। ਅਫ਼ਸਰਾਂ ਨੂੰ ਫ਼ਿਕਰ ਵਿਚ ਸਭ ਹੋਰ ਕੰਮ ਭੁਲਿਆ ਰਿਹਾ। ਦੌੜ ਬਦ-ਕਿਸਮਤ ਨੇ ਕਿਤਨਾ ਦੂਰ ਸੀ ਨਸ ਜਾਉਣਾ ! ਜਾਣਦਾ ਸੀ ਨੇੜਿਉਂ ਪੈਣਾ ਪਰਤ ਕੇ ਆਉਣਾ । ਪਤਲੀਆਂ ਸੰਗਲਾਂ ਸੀ ਲਤਾਂ ਵਿਚ ਅੜਾਈਆਂ ਜੇਹੜੀਆਂ । ਬਣ ਗਈਆਂ ਉਹ ਪਲਟ ਕੇ ਵਾਪਸ ਮੁੜਨ ਤਕ ਬੇੜੀਆਂ। ਸਭ ਦੀ ਨਜ਼ਰ ਦਾ ਚੋਰ ਬਣਿਆ ਲੌ ਵਿਚਾਰਾ ਆ ਗਿਆ । ਜ਼ਰਦ ਚਿਹਰਾ, ਲਾਲ ਕਪੜੇ ਵੇਖ ਸਭ ਆਖਣ : ‘ਦੁਬਾਰਾ’ ਆ ਗਿਆ। ਛਡ ਦਿਤੇ ਸਭ ਨੇ ਹੁਣ ਖ਼ਾਲੀ ਅੰਦਾਜ਼ੇ ਲਾਉਣੇ ਸਾਰਾ ਸਬੱਬ ਬੁਝਣ ਲਈ ਚਿਹਰਾ ਸੀ ਉਸ ਦਾ ਸਾਹਮਣੇ। ਜੀਭ ਕੁਝ ਬੋਲੇ ਮਗਰ ਮਨ ਨੂੰ ਲੁਕਾਵੇ ਕਿਸ ਤਰ੍ਹਾਂ ! ‘ਦਿਲ ਦੀ' ਮੁਖ ਰੇਖਾ ਦੇ ਪੰਡਿਤ ਤੋਂ ਛੁਪਾਵੇ ਕਿਸ ਤਰਾਂ ? ਕੈਦ ਮੁਕਦੀ ਵੇਖ ਆਈ ਯਾਦ ਮਨ ਘਬਰਾ ਗਿਆ। ਫ਼ਿਕਰ ਵਿਚ, ਇਸ ਸੋਚ ਵਿਚ ਤਨ ਕੰਬ ਸਿਰ ਚਕਰਾ ਗਿਆ; ਇਕ ਅੰਨ ਦਾ ਦਾਣਾ ਨਹੀਂ, ਘਰ ਜਾ ਕੇ ਹੁਣ ਖਾਵਾਂਗਾ ਕੀ ? ਕਪੜੇ ਦੀ ਇਕ ਲੀਰ ਨਹੀਂ ਇਸ ਤਨ ਉਤੇ ਪਾਵਾਂਗਾ ਕੀ ? ਪਕੀਆਂ ਪਕਾਈਆਂ ਟਿੱਕੀਆਂ ਕੁਝ ਦਿਨ ਵਧੇਰੇ ਖਾ ਲਈਏ । ਐਸਾ ਉਪਾਉ ਸੋਚੀਏ ਦਿਨ ਕੈਦ ਦੇ ਵਧਵਾ ਲਈਏ । ਕੁਝ ਦਿਨ ਲਈ ਹੈ ਦੂਰ ਮੇਰੀ ਸਭ ਲਾਚਾਰੀ ਹੋ ਗਈ। ਹਾਂ, ਠੀਕ ਕੁੱਬੇ ਵਾਸਤੇ ਇਹ ਲੱਤ ਕਾਰੀ ਹੋ ਗਈ। 'ਹੋ ਕੇ ਭਗੌੜਾ' ਆਖਦੇ ਮੈਂ ਕੈਦ ਨੂੰ ਵਧਵਾ ਲਿਆ । ਕਾਨੂੰਨ ਦੀ ਅਖੀਂ 'ਚ ਮੈਂ ਹੈ ਇੰਜ ਘੱਟਾ ਪਾ ਲਿਆ। ਰਾਵਲਪਿੰਡੀ ਜੇਲ ੨-੯-੪੧ * ਜੇਲੋਂ ਬਾਹਰ ਕੰਮ ਕਰਨ ਵਾਲਾ ਕੈਦੀਆਂ ਦਾ ਜਥਾ + ਫਾਂਸੀ ।

ਚੰਨ ਗ੍ਰਹਿਣ

ਪੁਨਿਆਂ ਦੀ ਰਾਤ ਦੋ ਦਿਨ ਪਹਿਲਾਂ ਮੀਂਹ ਪੈ ਹਟਿਆ; ਖਿੰਡੇ ਪੁੰਡੇ ਬੱਦਲ ਫਿਰਦੇ ਇਧਰ ਉਧਰ । ਜੇ ਜੁੜ ਆਉਣ ਨੂਰ ਲੁਕਾਉਣ । ਜਦ ਖਿੰਡ ਜਾਉਣ ਵਧ ਚਮਕਾਉਣ । ਲੁਕਣ ਮੀਟੀ ਦੀ ਇਹ ਖੇਡ ਸੁਹਣਾ ਸਮਾਂ ਸੁਹਾਉਣਾ। ਚਾਨਣ ਰੂਪ ਦੀ ਚਮਕ ਤਾਂ ਵਧ ਹੈ ਪਰ ਧਰਤੀ ਤੇ ਚਾਨਣ ਕੁਝ ਘੱਟ ਹੈ । ਚਮਕ ਚਮਕ ਚੰਨ ਦਾਗ਼ ਲੁਕਾਵੇ; ਜਗ ਆਪਣੇ ‘ਕੀਤੇ’ ਨੂੰ ਪਾਵੇ ਚੰਨ ਚਾਨਣ ਦਿੰਦਾ ਕਿਉਂ ਸ਼ਰਮਾਵੇ ? ਅਰਸ਼ੀ ਚੜ੍ਹਿਆ ਲੁਕਣਾ ਚਾਹਵੇ । ਮੀਂਹ ਕਰ ਕੇ ਦੋ ਦਿਨ ਨਹੀਂ ਆਇਆ, ਇਸ ਗੱਲ ਨੇ ਉਸ ਨੂੰ ਸ਼ਰਮਾਇਆ ? ਨਹੀਂ ਜਿਹੜੀ ਉਸ ਤੋਂ ਠੰਡ ਪਾਂਦੀ ਚਾਨਣ ਲੈਂਦੀ ਨੈਣ ਠਰਾਂਦੀ । ਓਹੀ ਅਜ ਵਿਚਕਾਰੇ ਆ ਕੇ ਨੂਰੀ ਤਨ ਨੂੰ ਦਾਗ਼ ਹੈ ਲਾ ਰਹੀ; ਕ੍ਰਿਤਘਣਾਂ ਦਾ ਮੂੰਹ ਨਾ ਦਿਸੇ; ਮੁੜ ਮੁੜ ਚੰਨ ਬਦਲਾਂ ਵਿਚ ਲੁੱਕੇ । ਚੰਨ ਨੂੰ ਗ੍ਰਹਿਣ ਹਕੀਕਤ ਕੀ ਹੈ ? ਨੂਰੀ ਤੇ ਮਾਦੀ ਪਰਛਾਵਾਂ । ਚੰਨ ਥੋੜਾ ਜਿਹਾ ਮੂੰਹ ਭੁਆ ਕੇ ਆਣ ਲਗਾ ਤਰਸਾ ਤਰਸਾ ਕੇ । ਰੱਖ ਰੋਜ਼ੇ, ਵਰਤ ਮਨਾਏ; ਜ਼ਿਮੀ ਵਾਲਿਆਂ ਤਰਲੇ ਪਾਏ। ਪਕੀਆਂ ਅੱਖੀਆਂ ਵਿੱਚ ਉਡੀਕਾਂ; ਲੰਘੀਆਂ ਸ਼ਾਮਾਂ, ਗਿਣ ਗਿਣ ਤ੍ਰੀਕਾਂ, ਮੂੰਹ ਕਾਲਾ ਕਰ ਮਸਿਆ ਆਈ; ਤਾਂ ਮੁੜ ਨੂਰੀ ਝਲਕ ਵਿਖਾਈ ! ਨੂਰੀ ਫਿਰ ਆਖ਼ਿਰ ਹੈ ਨੂਰੀ। ਇਹ ਜਗ ਵਾਲੇ ਨਹੀਂ ਸ਼ਰਮਾਂਦੇ ਤਕ ਲੈ ਚੰਨਾ ਲੀਕਾਂ ਲਾਂਦੇ। ਬਚ ਜਾ ਚੰਨਾ, ਲੁਕ ਜਾ ਚੰਨਾ, ਜਾਂ ਚਾਨਣ ਹੀ ਚਾਨਣ ਦਈ ਜਾ। ਲੀਕਾਂ ਤੋਂ ਸ਼ਰਮਾ ਨਾ ਚੰਨਾ, ਸਾਡੇ ਪਾਸੋਂ ਜਾ ਨਾ ਚੰਨਾ ਤੇਰਾ ਲੁਕਣਾ ਵੀ ਨਹੀਂ ਐਵੇਂ, ਤੇਰਾ ਰੁਸਣਾ ਵੀ ਨਹੀਂ ਐਵੇਂ; ਹੋਣ ਉਡੀਕਾਂ,ਮਿਲਣ ਸਲਾਮਾਂ। ਤੱਕ ਦੁਨੀਆਂ ਦੇ ਚੰਨਾ ! ਚਾਲੇ ਪੂਰੇ ਸੂਰੇ ਨੂੰ ਤਾਂ ਲੀਕਾਂ ਮੁੜ ਜਮ ਆਵੇ ਕਰਨ ਉਡੀਕਾਂ ਲੀਕੋਂ ਡਰਦਾ ਲੁਕ ਨਾ ਜਾਵੀਂ; ਚਾਨਣ ਦੇਣੋਂ ਨਾ ਸ਼ਰਮਾਵੀਂ। ਤੁਰਿਆ ਰਹਿ ਬਸ ਤੁਰਿਆ ਰਹਿ ਵਧਦਾ ਘਟਦਾ ਤੁਰਿਆ ਰਹਿ। ਰਾਵਲਪਿੰਡੀ ਜੇਲ ੫-੯-੪੧

ਵਤਨ-ਪਿਆਰ

ਭਾਦੋਂ ਦੀ ਇਕ ਰਾਤ ਸਵੇਰ ਸਾਰ ਮੈਂ ਉੱਠ ਪਿਆ, ਜੇਲ ਬਗ਼ੀਚੇ ਸਾਰੇ ਗਾਹੇ ਰਵਾਂ ਰਵੀਂ। ਡਾਲੀਆਂ, ਪੱਤਰ ਫੁੱਲ ਨ੍ਹਾ ਧੋ ਖੜੇ ਤਿਆਰ; ਪਿੰਡਾ ਪੂੰਝਣ ਲਈ ਉਡੀਕਣ ਪਰਨਾ ਪੌਣ ਦਾ। ਕਿਸੇ ਫੁੱਲ ਦੀ ਅੱਖ ਲਾਲ, ਨੀਲੀ, ਪੀਲੀ, ਕਾਲੀ, ਭਾ ਗੁਲਾਬੀ ਕਿਸੇ ਦੀ, ਕੋਈ ਚਿੱਟੀ ਦੁਧ, ਪਰ ਹੰਝੂਆਂ ਤੋਂ ਖ਼ਾਲੀ। ਅੱਖ ਨਾ ਕੋਈ ਭੀ। ਬੇਜ਼ਬਾਨੀ ਦੀ ਜ਼ਬਾਨ ਚਿਹਰਿਓਂ ਚੁੱਪ ਹੈ ਬੋਲਦੀ : ਝਖੜ ਹਨੇਰੀ ਦੇ ਦਿਨ ਅਜ ਰਾਤੀਂ ਤਾਂ ਬੱਚ ਗਏ ਕਲ ਆ ਜਾਵੇ ਕਾਲ ਪਤਾ ਕੋਈ ਨਹੀਂ, ਨਦੀ ਕਿਨਾਰੇ ਰੁੱਖ ਹਾਂ। ਮਰਨੋਂ ਤਾਂ ਨਹੀਂ ਡਰਦੇ, ਜਾਣੀਏ ਇਸ ਦਾ ਭੇਦ, ਡਾਢਾ ਦੁਖ ਇਕ ਹੋਰ ਝੱਖੜ ਦਾ ਹੈ ਜ਼ੋਰ ਲੈ ਨ ਜਾਏ ਉਡਾ ਕੇ ਸਾਨੂੰ ਸਾਡੇ ਵਤਨੋਂ ਬਾਹਰ। ਲਾਸ਼ਾਂ ਸਾਡੀਆਂ ਔਣ ਕੰਮ ਅਸਾਡੇ ਦੇਸ ਦੇ ਇਹ ਹੈ ਸਾਡੀ ਇਛਿਆ; ਜਿਸ ਮਿੱਟੀ ਤੋਂ ਬਣੇ ਉਸ ਦੇ ਨਾਲ ਹੈ ਮੇਲ ਅਸਾਡਾ ਕੁਦਰਤੀ । ਬੂਟੇ ਵਤਨ ਦੀ ਛਾਉਂ ਹੇਠਾਂ ਜੇ ਡਿੱਗਾਂਗੇ, ਮਹਿਕ ਦੀ ਵਰਖਾ ਹੋਸੀ ਸਿਰ ਤੇ । ਸਾਡੇ ਹੀ ਸਾਥੀ ਆਪਣਾ ਆਪ ਨਿਛਾਵਰ ਕਰਸਨ। ਕਬਰ ਸਾਡੀ ਤੇ ਆਪ ਆਪਣਾ ਭੇਟਾ ਧਰਸਨ । ਲਾਸ਼ਾਂ ਸਾਡੀਆਂ, ਲਹੂ ਅਸਾਡਾ, ਜੜ ਦੇ ਦੁਆਲੇ ਬੀਜ ਅਸਾਡੇ, ਸਾਡੇ ਜਹੇ ਕਈਆਂ ਨੂੰ ਨਵਾਂ ਜਨਮ ਦੇਸ਼ਨ ਬਹੁ ਰੰਗਾ । ਜੇ ਜੀਵੀਏ ਤਾਂ ਵਤਨ ਦੀ ਖ਼ਾਤਰ, ਮਰੀਏ ਤਾਂ ਵੀ ਦੇਸ ਦੀ ਖ਼ਾਤਰ, ਇਸ ਵਿਚ ਸੋਭਾ ਇਸ ਵਿਚ ਆਦਰ । ਸਾਡਿਆਂ ਕੰਨਾਂ ਨੇ ਹਨ ਸੁਣੀਆਂ ਪਰਦੇਸ ਵਿਚ ਮਰਨ ਵਾਲਿਆਂ ਦੀਆਂ ਕਈ ਵਸੀਅਤਾਂ ਅੰਤਮ ਖ਼ਾਹਸ਼ਾਂ: ਸਾਡੀ ਲਾਸ਼ ਵਤਨ ਵਿਚ ਜਾਵੇ ਦੇਸ ਦੀਆਂ ਸ਼ਮਸ਼ਾਨਾਂ ਵਿਚ ਜਾਵੇ ਪਿੰਡ ਦੇ ਕਬਰਿਸਤਾਨਾਂ ਦੇ ਵਿਚ, ਇਕ ਸੁਰ ਪਿਆਰ ਅਨੋਖੀਆਂ ਖਿੱਚਾਂ, ਤਨ ਕਿਥੇ, ਕਿਥੇ ਹਨ ਰੂਹਾਂ ਕਿਥੇ ਫੁਲ ਕਿਥੇ ਖ਼ੁਸ਼ਬੂਆਂ ਇਹ ਇਕ ਝੋਰਾ, ਇਹ ਇਕ ਖ਼ਿਆਲ, ਚਿਤ ਵਿਚ ਰਚਿਆ, ਮਨ ਵਿਚ ਰਸਿਆ, ਵਤਨ ਪਿਆਰ ਹੰਝੂਆਂ ਥਾਣੀ ਆਵੇ ਬਾਹਰ। ਰਾਵਲਪਿੰਡੀ ਜੇਲ ੧੦-੯-੪੧

ਫਾਂਸੀ ਦੀ ਘੜੀ

ਆਹ ! ਉਹ ਜਿਸ ਜ਼ਿੰਦਗੀ ਨੂੰ ਫੁਲ ਹੌਲਾ ਜਾਣਿਆ; ਅਜ ਥੋੜੇ ਚਿਰ ਲਈ ਵੀ ਭਾਰ ਹੈ ਇਕ ਬੋਝ ਹੈ। ਅੱਖਾਂ ਮੀਟਣ ਤੀਕ ਹੁਣ ਇਕ ਅਖ ਫਰਕਨ ਜਿਤਨਾ ਵੀ ਸਮਾਂ ਨਹੀਂ ਜਿਸ ਵਿਚ ਜਾਣਾ ਭਾਰ ਇਹ ਕੁਝ ਘਟਿਆ । ਤੁਰਦੇ ਜਾਂਦੇ ਜਹਾਜ਼ ਵਿਚ ਪੈ ਗਿਆ ਪਾਣੀ; ਖੜੇ ਮੁਸਾਫ਼ਿਰ ਵੇਖਣੇ ਡੁੱਬਣ ਤੀਕ ਵਿਚਾਰ ਜੋ ਜੋ ਆਉਂਦੇ ਹਾਲਤ ਉਹੋ ਹੀ। ਮੇਰੇ ਗੁਸੇ ਦਾ ਜੋ ਸ਼ਿਕਾਰ, ਉਸ ਤੋਂ ਇਹ ਨਹੀਂ ਵਾਪਰੀ। ਜੀਵਨ ਮੌਤ ਵਿਚਾਲੇ ਉਹ ਨਹੀਂ ਲਟਕਿਆ; ਘਟੋ ਘਟ ਜ਼ਰੂਰ ਉਹ ਬੇਖ਼ਬਰ ਸੀ । ਬਦਲੇ ਦੀ ਇਹ ਸਜ਼ਾ ਕੀ ਇਨਸਾਫ਼ ਹੈ ? ਨ੍ਹੇਰਾ ਜਿਹਾ ਕਨੂਨ ਹਨੇਰਾ ਫ਼ੈਸਲਾ; ਫ਼ਰਕ ਨ ਇਸ ਦੇ ਨਾਲ ਪੈਣਾ ਕੋਈ ਵੀ ਛਾਤੀ ਤੇ ਧਰ ਹਥ ਕੌਣ ਕਹਿ ਸਕਦਾ ਅਜ ਤੋਂ ਪਿੱਛੋਂ ਕਦੇ ਕਿਸੇ ਨੂੰ ਸਚ ਮੁਚ ਗੁਸਾ ਨਹੀਂ ਹੈ ਆਉਣਾ, ਨਹੀਂ ਹੋਣਾ ਕਿਸੇ ਸ਼ਿਕਾਰ ਵਕਤੀ-ਜੋਸ਼ ਦਾ । ਸਾਧਨ ਸੋਚਣ ਸਿਆਣੇ ਸਦਾ ਸੁਧਾਰ ਦੇ; ਮਾਰਨ ਦਾ ਇਹ ਢੰਗ ਧਰਿਆ ਵਿਚ ਗਲੇਫ਼, ਪਰਦੇ ਨੇਮ ਦੇ । ਜੋ ਕੁਝ ਚਾਹੁਣ ਰੋਕਣਾ ਉਹੋ ਕਰਦੇ ਆਪ; ਲਹੂ ਨਾਲ ਨ ਲਹੂ ਕਦੇ ਵੀ ਧੁੱਪਣਾ। ਰਾਵਲਪਿੰਡੀ ਜੇਲ ੧੩-੯-੪੧

ਚੁਪ

ਮੇਰੀ ਚੁਪ ਤੋਂ ਮੇਰੇ ਮਨ ਦੀ ਜਾਂਚਣ ਵਾਲਾ ਹੋ ਸਕਦਾ ਹੈ ਧੋਖਾ ਖਾਏ। ਬੁਲ੍ਹ ਜੋੜੇ ਪੀਡੇ ਮੂੰਹ ਮੀਣੇ ਕਲੀਆਂ ਦੀ ਇਸ ਨਿਘੀ ਚੁਪ ਹੀ ਆਣ ਸਮੇਂ ਤੇ ਫੁਲ ਖਿੜਾਏ । ਪੌਣ ਖੜੋਤੀ ਬੂਟਾ ਪਤਰ ਇਕ ਨਹੀਂ ਹਿਲਦਾ ਇਸ ਹੁੱਸੜ ਨੇ ਇਸ ਗੁਮ ਵਟ ਨੇ ਸੀਨੇ ਅੰਦਰ ਝੱਖੜ ਦੇ ਤੂਫ਼ਾਨ ਲੁਕਾਏ। ਕੀ ਹੋਇਆ ਜੇ ਮਸਲਹਿਤਾਂ, ਦਾਬਿਆਂ ਰੋਕਾਂ ਬੇ ਨੇਮੇ ਨੇਮਾਂ ਦੀ ਵਰਤੋਂ, ਕਿਸੇ ਹਦ ਤਕ ਮਰਜ਼ੀ ਨਾਲ ਨਹੀਂ, ਪਰ ਜ਼ੋਰੀ ਉੱਕੇ ਜਬਰੀ ਮੂੰਹ ਮੇਰੇ ਤੇ ਜੰਦਰੇ ਲਾਏ । ਡੂੰਘੇ ਦਿਲ ਦੀਆਂ ਡੂੰਘੀਆਂ ਰੀਝਾਂ ਹਿਰਦੇ ਦੇ ਕੇਂਦਰ ਤੇ ਟਿਕੀਆਂ ਨਿਰ ਅਕਾਰ ਜੀਤਾਂ ਬੇਤਾਰਾਂ ਕਿਵੇਂ ਖਿਡਾ ਕੇ ਮੇਰੇ ਇਰਾਦੇ ਵਾਲੇ ਚਰਚੇ ਘਰ ਘਰ ਦੇ ਅੰਦਰ ਕਰਵਾਏ। ਨਾ ਮੈਂ ਬੋਲਾਂ ਨਾ ਮੈਂ ਮੰਗਾਂ ਪਰ ਇਹ ਆਖਣ ਤੋਂ ਕਿਉਂ ਸੰਗਾਂ : ਮੇਰੇ ਸ਼ਿਕਾਰੀ ਉਤੇ ਜੇਕਰ ਕਦੇ ਵਾਪਰੇ ਮੇਰੇ ਵਾਲੀ; ਉਸ ਹਾਲਤ ਵਿਚ ਆਪਣੇ ਲਈ ਜੋ ਇੱਛਾ ਰਖੇ, ਮਾਨੁਖਤਾ ਦੀ ਦਏ ਦੁਹਾਈ, ਐਸੀਆਂ ਆਸਾਂ, ਐਸੀਆਂ ਖ਼ਾਹਸ਼ਾਂ, ਪਰਗਟ ਕਰਾਂ ਤਾਂ ਮੇਰੇ ਤੇ ਨਾ ਰੋਕਾਂ ਲਾਏ। ਜਿਸ ਦਾ ਘਰ ਜਿਸ ਦੇ ਲਈ ਪਿੰਜਰਾ ਖੰਭ ਖੁਸ ਪੰਛੀ ਨੂੰ ਉਹ ਖੋਹਣ ਵਾਲਾ; ਉਡਣ ਦਾ ਜੇ ‘ਹੁਕਮ ਚੜ੍ਹਾਏ' ਅਸੰਭਵ ਕਿੰਜ ਸੰਭਵ ਹੋ ਜਾਏ ! ਅਸਮਾਨਾਂ ਵਿਚ ਉਡਦੇ ਦਾ ਕੋਈ ਧਰਤੀ ਉਤੇ ਬੈਠਾ ਕੀਕੂੰ ਪੂਰਾ ਪੂਰਾ ਸਾਥ ਨਿਬਾਹੇ ? ਉਡਦੇ ਨੂੰ ਡਿਗਣ ਤੋਂ ਕੀਕਣ ਧਰਤੀ ਵਾਲਾ ਰੋਕ ਰਖਾਏ। ਹੋਰ ਕਿਸੇ ਦੇ ਦਿਲ ਦੀਆਂ ਖ਼ਾਹਸ਼ਾਂ ਹੋਰ ਕਿਸੇ ਦੇ ਦਿਲ ਦੀਆਂ ਰੀਝਾਂ ਹੋਰ ਕਿਸੇ ਦੇ ਦਿਲ ਦੇ ਇਰਾਦੇ ਹੋਰ ਕਿਸੇ ਕਸਵੱਟੀ ਨਾਲੋਂ ਅਪਣੀਆਂ ਰੀਝਾਂ ਤੋਂ ਜੇ ਸਮਝੇ, ਅਪਣੇ ਦਿਲ ਤੋਂ ਹੀ ਜੇ ਜਾਚੇ, ਫੇਰ ਕਿਸੇ ਦੀ ਵੀ ਮਜਬੂਰੀ ਦਾ ਨਾ ਕੋਈ ਲਾਭ ਉਠਾਏ। ੬ ਅਗਸਤ ੧੯੪੨ ਬੰਬਈ ਦੇ ਰਸਤੇ ਵਿਚ

ਬੰਦ ਪੰਛੀ ਤੇ ਬਸੰਤ

ਮੇਰਿਆਂ ਭਾਵਾਂ ਦਾ ਅੱਜ ਮੁੜ ਕੇ ਫਿਰ ਹੁਣ ਕੜ ਪਾਟਣ ਨੂੰ ਆਇਆ। ਕਿਸੇ ਵਲਵਲੇ ਨੇ ਮੁੜ ਟੁੰਭਿਆ ਜੋਸ਼ ਕਿਸੇ ਨੇ ਫੇਰ ਜਗਾਇਆ। ਖੁਲ੍ਹ ਦੀ ਭੁਲ ਗਈ ਯਾਦ ਕਿਸੇ ਨੇ ਮੁੜ ਕੇ ਫਿਰ ਸੀਨਾ ਤੜਪਾਇਆ । ਕੋਇਲ ਨੇ ਕਿਤੇ ਕੂ ਕੂ ਕੀਤੀ ਰਾਗ ਕਿਸੇ ਬੁਲਬੁਲ ਨੇ ਗਾਇਆ। ਉਡ ਉਡ ਚਿੜੀਆਂ ਨੇ ਮੁੜ ਚਿਤ ਨੂੰ ਮਜਬੂਰੀ ਦਾ ਗਿਆਨ ਕਰਾਇਆ। ਪਰ ਪੰਖੇਰੂਆਂ ਦੇ ਹੋਏ ਪੱਖੇ ਝੁਲ ਝੁਲ ਹਿਰਦਾ ਮੇਰਾ ਤਾਇਆ। ਚੋ ਚੋ ਖ਼ੂਨ ਜਿਗਰ ਦਾ ਅਪਣਾ ਮੈਂ ਸੀ ਵਖਰਾ ਬਾਗ਼ ਲਗਾਇਆ । ਉਜੜ ਗਈ ਮੇਰੇ ਸਬਰ ਦੀ ਵਾੜੀ ਕੀ ਇਹ ਸਮਾਂ ਬਸੰਤੀ ਆਇਆ। ਪਰ ਫੜਕਨ ਮਨ ਤੜਪੇ ਮੇਰਾ ਦਿਲ ਕਰਦਾ ਕੁਝ ਕਰ ਦਿਖਲਾਵਾਂ । ਘਸਰ ਘਸਰ ਤਨ ਅਪਣਾ ਹੀ ਚਾ ਪਿੰਜਰਾ ਤੋੜਾਂ ਸੀਖ ਘਸਾਵਾਂ। ਜੇ ਕਟੀਆਂ ਜਾ ਸਕਣ ਕੜੀਆਂ ਫਰ ਫਰ ਕਰਦਾ ਝਟ ਉਡ ਜਾਵਾਂ । ਅਪਣਾ ਨਹੀਂ ਜੇ ਮੇਰਾ ਡੇਰਾ ਕਿਉਂ ਨਾ ਉਡ ਉਡ ਕੇ ਮਰ ਜਾਵਾਂ। ਜੇ ਮੈਨੂੰ ਨਹੀਂ ਜੀਵਨ ਮਿਲਦਾ ਮਰ ਕੇ ਕਿਉਂ ਉਸ ਨੂੰ ਨਾ ਪਾਵਾਂ। ਕਿਉਂ ਪਿਆ ਖ਼ੂਨ ਦਿਲੇ ਦਾ ਪੀਵਾਂ ਕਿਉਂ ਪਿਆ ਵਢ ਵਢ ਜਿਗਰਾ ਖਾਵਾਂ। ਹੁਣ ਤੇ ਵਸ ਮੇਰਾ ਨਹੀਂ ਬਾਕੀ ਵਗਦਾ ਵੇਗ ਨਾ ਰੋਕ ਰਖਾਵਾਂ। ਨਹੀਂ ਟੁਟਦਾ ਨਾ ਟੁਟੇ ਪਿੰਜਰਾ ਅਪਣਾ ਕਰਤਬ ਪਾਲ ਵਖਾਵਾਂ।

ਨਿਰਾਸ ਆਸ

ਜਦ ਜੀਵਨ ਟੇਕ ਹੀ ਪੀੜ ਬਣੀ ਕੀ ਲੋੜ ਦਵਾਈਆਂ ਦੀ । ਤਕਦੀਰ ਹੈ ਹਸਦੀ ਤਕ ਤਕ ਕੇ ਤਦਬੀਰ ਸ਼ੁਦਾਈਆਂ ਦੀ । 'ਹੈ ਆਸ ਨਿਰਾਸਾ ਵਿਚ ਲਿਬੜੀ ਹਰ ਸੁਆਸ ਹੀ ਸੋਗੀ ਹੈ' ਇਹ ਜੀਵਨ ਜੀਵਣ ਲਈ, ਆਵਾਜ਼ ਦੁਹਾਈਆਂ ਦੀ ? ‘ਕਲੀਆਂ ਹਸੀਆਂ ਤਾਂ ਨਾ ਰਹੀਆਂ ਫੁੱਲ ਹੱਸੇ ਬਰਬਾਦ ਹੋਏ ਹਸਣ ਦਾ ਸਿਟਾ ਸਾਹਵੇਂ ਹੈ ਨਹੀਂ ਲੋੜ ਗਵਾਹੀਆਂ ਦੀ।' ਬਖ਼ਸ਼ਸ਼ ਦੇ ਬੈਠ ਨਿਸ਼ਾਨੇ ਵਿਚ ਆਸਾਂ ਦੀ ਤੂੰ ਢੇਰੀ ਨਾ ਢਾਹ ਹੱਥ ਮਾਰੀ ਜਾ, ਹੱਥ ਮਾਰੀ ਜਾ ਕਸਰਤ ਨ ਭੁਲੇਂ ਬਾਹੀਆਂ ਦੀ

ਚਿਤਾਵਨੀ

ਆਪ ਹੀ ਸੱਤਾ ਪਿਐਂ, ਜਗ ਨੂੰ ਜਗਾ ਸਕਨਾ ਏਂ ਤੂੰ । ਅਸਲਾ ਜੇ ਜਾਣੇ ਬੁੱਲਿਆ, ਝੱਖੜ ਝੁਲਾ ਸਕਨਾ ਏਂ ਤੂੰ । ਅਜ ਆਪ ਪੇਟੋਂ ਭੁੱਖਿਆ ਦੁਨੀਆਂ ਰਜਾ ਸਕਨਾ ਏਂ ਤੂੰ । ਆਪੇ ਨੂੰ ਭੁਲਿਆ ਕੈਦੀਆ, ਦੁਨੀਆਂ ਛੁੜਾ ਸਕਨਾ ਏਂ ਤੂੰ । ਖ਼ੁਸ਼ਕੀ ਤੇ ਡੁਬਦੇ ਜਾਂਦਿਆ, ਬੇੜੇ ਤਰਾ ਸਕਨਾ ਏਂ ਤੂੰ । ਓਏ ਪਾਤਰਾ ਘ੍ਰਿਣਾ ਦਿਆ, ਸਭਨਾਂ ਨੂੰ ਭਾ ਸਕਨਾਂ ਏਂ ਤੂੰ । ਨੁਕਰਾਂ ਦੇ ਅੰਦਰ ਸੁਕੜਿਆ, ਦੁਨੀਆਂ ਤੇ ਛਾ ਸਕਨਾ ਏਂ । ਤੂੰ ਮਿੱਟੀ ਲਪੇਟੇ ਹੀਰਿਆ, ਤਾਜੀਂ ਸਹਾ ਸਕਨਾ ਏਂ ਤੂੰ । ਸੁਣ ਟੋਭਿਆ ਛਪੜਾਂ ਦਿਆ, ਸਾਗਰ ਨਹਾ ਸਕਨਾ ਏਂ ਤੂੰ । ਹਸਦੇ ਰੁਆ ਸਕਨਾ ਏਂ ਤੂੰ, ਰੋਂਦੇ ਹਸਾ ਸਕਨਾ ਏਂ ਤੂੰ । ਜੋ ਆਪ ਅਜ ਖੁੰਝਿਆ ਫਿਰੇਂ, ਰਸਤੇ ਵਿਖਾ ਸਕਨਾ ਏਂ ਤੂੰ । ਇਕੋ ਹੀ ਪਾਸਾ ਪਲਟ, ਜੁਗ ਗਰਦੀ ਲਿਆ ਸਕਨਾ ਏਂ ਤੂੰ । ਮਹਿਸੂਸ ਨਿਜ ਸ਼ਕਤੀ ਨੂੰ ਕਰ, ਹਲ ਚਲ ਮਚਾ ਸਕਨਾ ਏਂ । ਤੂੰ ਤਖ਼ਤਾਂ ਦੇ ਮਾਲਕ ਤਖਤਿਆਂ ਪੁਰ ਹਾਂ, ਬਹਾ ਸਕਨਾ ਏਂ ਤੂੰ ? ਭੁਲਿਆ ਫਿਰੇਂ ਨਹੀਂ ਜਾਣਦਾ, ਕੀ ਕਰ ਕਰਾ ਸਕਨਾ ਏਂ ਤੂੰ । ਧਰਤ ਤੇ ਆਕਾਸ਼ ਨੂੰ, ਪਲ ਵਿਚ ਮਿਲਾ ਸਕਨਾ ਏਂ ਤੂੰ। ਦਿਨ ਦੀਵੀਂ ਚਾਹੇਂ ਤਾਂ, ਤਾਰੇ ਵਖਾ ਸਕਨਾ ਏਂ ਤੂੰ । ਲਫ਼ਜ਼ ਨਾਮੁਮਕਿਨ ਦਾ ਹੀ, ਜਗ ਤੋਂ ਮਿਟਾ ਸਕਨਾ ਏਂ ਤੂੰ । ਹੇਠਲੇ ਉੱਤੇ ਚੜ੍ਹਾ, ਉਤਲੇ ਨਿਵਾ ਸਕਨਾ ਏਂ ਤੂੰ । ਜਿਤਦੇ ਹਰਾ ਸਕਨਾ ਏਂ ਤੂੰ, ਹਰਦੇ ਜਿਤਾ ਸਕਨਾ ਏਂ ਤੂੰ । ਸਾਗਰਾਂ ਦੀ ਤਹਿ 'ਚੋਂ, ਮੋਤੀ ਲਿਆ ਸਕਨਾ ਏਂ ਤੂੰ । ਜਾਦੂਗਰਾ ! ਮਿੱਟੀ ਦਾ ਵੀ, ਸੋਨਾ ਬਣਾ ਸਕਨਾ ਏਂ ਤੂੰ । ਫਿਰ ਮੁੜਕੇ ਉਜੜੇ ਬਾਗ਼ ਵਿੱਚ, ਮਹਿਕਾਂ ਲਿਆ ਸਕਨਾ ਏਂ ਤੂੰ । ਮਾਲੀਆ, ਗੁਲਚੀਨ ਦੇ, ਛਕੇ ਛੁੜਾ ਸਕਨਾ ਏਂ ਤੂੰ । ਕੈਦੀਆ ਭਾਗਾਂ ਦਿਆ, ਕਿਸਮਤ ਖੁਲ੍ਹਾ ਸਕਨਾ ਏਂ ਤੂੰ । ਬੰਨ੍ਹ ਬਹਿਰ ਪਰਬਤ ਚੀਰ ਕੇ, ਰਸਤੇ ਬਣਾ ਸਕਨਾ ਏਂ ਤੂੰ। ਉੱਧਰ ਵੀ ਆ ਸਕਨਾ ਏਂ ਤੂੰ, ਇਧਰ ਵੀ ਆ ਸਕਨਾ ਏਂ ਤੂੰ । ਮਰਜ਼ੀ ਤਿਰੀ ਕੁਝ ਕਰ ਨਾ ਕਰ, ਸਭ ਕਰ ਕਰਾ ਸਕਨਾ ਏਂ ਤੂੰ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ