Tufail Khalash
ਤੁਫ਼ੈਲ ਖ਼ਲਸ਼

ਨਾਂ-ਮੁਹੰਮਦ ਤੁਫ਼ੈਲ, ਕਲਮੀ ਨਾਂ- ਤੁਫ਼ੈਲ ਖ਼ਲਸ਼,
ਜਨਮ ਤਾਰੀਖ਼, 5 ਫ਼ਰਵਰੀ 1947
ਜਨਮ ਸਥਾਨ-ਧਾਮਕੇ ਤਹਿਸੀਲ ਫ਼ੀਰੋਜ਼ ਵਾਲਾ,
ਪਿਤਾ ਦਾ ਨਾਂ-ਮੀਆਂ ਦੀਨ ਮੁਹੰਮਦ ਗਿੱਲ, ਮਾਤਾ ਦਾ ਨਾਂ-ਚਿਰਾਗ਼ ਬੀਬੀ,
ਵਿਦਿਆ-ਐਮ. ਏ.,
ਛਪੀਆਂ ਕਿਤਾਬਾਂ-ਚੁੱਪ ਦਾ ਮੌਸਮ,
ਪਤਾ- ਤਾਜ ਕਾਲੋਨੀ, ਰਾਣਾ ਸਟਰੀਟ, ਸਾਹਮਣੇ ਰੁਸਤਮ ਸੋਹਰਾਬ ਫ਼ੈਕਟਰੀ, ਸ਼ੇਖ਼ੂਪੁਰਾ ਰੋਡ, ਲਾਹੌਰ ।

ਪੰਜਾਬੀ ਗ਼ਜ਼ਲਾਂ (ਚੁੱਪ ਦਾ ਮੌਸਮ 1990 ਵਿੱਚੋਂ) : ਤੁਫ਼ੈਲ ਖ਼ਲਸ਼

Punjabi Ghazlan (Chupp Da Mausam 1990) : Tufail Khalash



ਵੇਲੇ ਦੇ ਮਨਸੂਰ ਦੀਆਂ ਅੱਜ ਜੀਭਾਂ

ਵੇਲੇ ਦੇ ਮਨਸੂਰ ਦੀਆਂ ਅੱਜ ਜੀਭਾਂ ਟੁੱਕੀਆਂ ਹੋਈਆਂ ਨੇ । ਈਸਾ ਲਈ ਅੱਜ ਫੇਰ ਸਲੀਬਾਂ ਥਾਂ-ਥਾਂ ਠੁਕੀਆਂ ਹੋਈਆਂ ਨੇ । ਅੰਬਰ ਰੱਤਾ ਹੋ ਜਾਵੇਗਾ ਧੂੜ ਉਡੇਗੀ ਧਰਤੀ ਤੋਂ, ਏਹੋ ਜਿਹੀਆਂ ਆਉਂਦੀ ਕੱਲ ਵਿਚ ਨ੍ਹੇਰੀਆਂ ਲੁਕੀਆਂ ਹੋਈਆਂ ਨੇ । ਜਿਸ ਦੇ ਮੂੰਹ ਤੇ ਕਾਲਖ ਲਿੱਪੀ ਥਾਂ-ਥਾਂ ਜਿਸ ਨੂੰ ਭੰਡਦੇ ਰਹੇ, ਉਸ ਦੇ ਜਾਵਣ ਮਗਰੋਂ ਸਭ ਦੀਆਂ ਸਾਹਵਾਂ ਸੁੱਕੀਆਂ ਹੋਈਆਂ ਨੇ । ਧੁੱਖਾਂ ਮਾਰਿਆਂ ਚਿਹਰਿਆਂ ਉੱਤੇ ਹਾਸੇ ਇਸਰਾਂ ਲੱਗਦੇ ਨੇ, ਦਰਿਆਵਾਂ ਦੀ ਤਹਿ ਵਿਚ ਜਿਸਰਾਂ ਰੇਤਾਂ ਲੁਕੀਆਂ ਹੋਈਆਂ ਨੇ । ਸਾਨੂੰ ਫੱਕਾ ਵੀ ਨਹੀਂ ਲੱਭਣਾ ਆਵਣ ਵਾਲੀਆਂ ਫ਼ਸਲਾਂ ਚੋਂ, ਪਾਣੀ ਤੋਂ ਨੇ ਬੱਦਲ ਖ਼ਾਲੀ ਨਹਿਰਾਂ ਸੁੱਕੀਆਂ ਹੋਈਆਂ ਨੇ । ਤੂੰ ਨਾਰਾਜ਼ ਨਾ ਹੋਵੇਂ ਕਿਧਰੇ 'ਖ਼ਲਸ਼' ਮੈਂ ਕਹਿਣ ਤੋਂ ਡਰਦਾ ਹਾਂ, ਮੇਰਿਆਂ ਹੋਠਾਂ ਉੱਤੇ ਜਿਹੜੀਆਂ ਗੱਲਾਂ ਰੁਕੀਆਂ ਹੋਈਆਂ ਨੇ ।

ਅੰਬਰਾਂ ਵੱਲੇ ਜਾਣਾ ਮੇਰੇ ਵਸ ਵਿਚ ਨਹੀਂ

ਅੰਬਰਾਂ ਵੱਲੇ ਜਾਣਾ ਮੇਰੇ ਵਸ ਵਿਚ ਨਹੀਂ । ਤਾਰੇ ਤੋੜ ਲਿਆਣਾ ਮੇਰੇ ਵਸ ਵਿਚ ਨਹੀਂ । ਹਰ ਮੱਥੇ ਤੇ ਕਰਬ ਦੀਆਂ ਤਹਿਰੀਰਾਂ ਨੇ, ਮੱਥਿਆਂ ਨੂੰ ਚਮਕਾਣਾ ਮੇਰੇ ਵਸ ਵਿਚ ਨਹੀਂ । ਮੈਨੂੰ ਨੰਗਾ ਆਖਦੇ ਓ ਤੇ ਆਖੋ ਪਏ, ਆਪਣਾ-ਆਪ ਲੁਕਾਣਾ ਮੇਰੇ ਵਸ ਵਿਚ ਨਹੀਂ । ਕੰਨੋਂ ਬੋਲੇ, ਅੱਖੋਂ ਅੰਨਿਆਂ, ਲੋਕਾਂ ਨੂੰ, ਰਮਜ਼ਾਂ ਨਾਲ ਸਮਝਾਣਾ ਮੇਰੇ ਵਸ ਵਿਚ ਨਹੀਂ । ਕਦਮ-ਕਦਮ ਤੇ ਚੌਕ ਬਣੇ ਨੇ ਵਿਛੜਣ ਲਈ, ਨਿੱਤ ਦਾ ਸਾਥ ਨਿਭਾਣਾ ਮੇਰੇ ਵਸ ਵਿਚ ਨਹੀਂ । ਐਵੇਂ 'ਖ਼ਲਸ਼' ਉਡੀਕਣ ਮੈਨੂੰ ਪਿੰਡ ਦੇ ਲੋਕ, ਸ਼ਹਿਰੋਂ ਵਾਪਸ ਜਾਣਾ ਮੇਰੇ ਵਸ ਵਿਚ ਨਹੀਂ ।

ਚਿੱਟੇ ਦਿਨ ਵਿਚ ਉਹਨੇ ਮੇਰਾ ਸਾਥ ਨਿਭਾਇਆ

ਚਿੱਟੇ ਦਿਨ ਵਿਚ ਉਹਨੇ ਮੇਰਾ ਸਾਥ ਨਿਭਾਇਆ । ਸ਼ਾਮ ਪਈ ਤੇ ਛੱਡ ਗਿਆ ਮੈਨੂੰ ਮੇਰਾ ਸਾਇਆ । ਖੁੱਸ ਜਾਵੇਗੀ ਸਾਰੀ ਗਰਮੀ ਉਹਦੇ ਕੋਲੋਂ, ਇਨਸਾਨਾਂ ਦੇ ਹੱਥੀਂ ਜੇ ਕਰ ਸੂਰਜ ਆਇਆ । ਸਭਨਾਂ ਜੁੱਸਿਆਂ ਉੱਤੇ ਦੇਖਾਂ ਆਪਣੀ ਸੂਰਤ, ਸਭਨਾਂ ਅੱਖੀਆਂ ਦੇ ਵਿਚ ਦੇਖਾਂ ਆਪਣਾ ਸਾਇਆ । ਅੰਦਰੋ-ਅੰਦਰ ਸੜਦਿਆਂ ਰਹਿਣਾ ਮੇਰੀ ਆਦਤ, ਆਪਣਾ ਦੁੱਖ ਕਿਸੇ ਦੀ ਝੋਲੀ ਕਦੀ ਨਾ ਪਾਇਆ । ਡਾਵਾਂਡੋਲ ਹਿਆਤੀ ਹਾਰ ਗਿਆ ਵਾਂ ਖ਼ਵਰੇ, ਉਹਦੇ ਕੋਲੋਂ ਜੀਵਨ ਲੈ ਕੇ ਮੈਂ ਪਛਤਾਇਆ । ਭੁੱਖ ਲੱਗੇ ਤੇ ਲੱਗਦੈ ਜਿਸਰਾਂ ਸਾਰੇ ਭੁੱਖੇ, ਤਰੇਹ ਲੱਗੇ ਤੇ ਜਾਪੇ ਸਾਰਾ ਜੱਗ ਤਿਰਹਾਇਆ । 'ਖ਼ਲਸ਼' ਉਹ ਖ਼ਵਰੇ ਯਾਦ ਕਰਨਗੇ ਮੇਰੀਆਂ ਗੱਲਾਂ, ਜਾਣ ਦੇ ਮਗਰੋਂ ਜੇ ਯਾਰਾਂ ਨੂੰ ਚੇਤੇ ਆਇਆ ।

ਸ਼ਹਿਰ ਦੇ ਆਲ-ਦਵਾਲੇ ਦੀਵੇ ਬਲਦੇ ਰਹੇ

ਸ਼ਹਿਰ ਦੇ ਆਲ-ਦਵਾਲੇ ਦੀਵੇ ਬਲਦੇ ਰਹੇ । ਸ਼ਹਿਰ ਦੇ ਅੰਦਰ ਘੁੱਪ ਹਨੇਰੇ ਪਲਦੇ ਰਹੇ । ਭੇਤ ਲੁਕਾਵਣ ਲਈ ਘਰ ਦੀ ਬਦਹਾਲੀ ਦਾ, ਕਾਲੀਆਂ ਕੰਧਾਂ ਉੱਤੇ ਚੂਨੇ ਮਲਦੇ ਰਹੇ । ਕਿਸੇ ਵੀ ਪਿਆਰ-ਮੁਹੱਬਤ ਦੀ ਛਾਂ ਵੰਡੀ ਨਾ, ਨਫ਼ਰਤ ਵਾਲੀ ਧੁੱਪ ਵਿਚ ਲੋਕੀ ਗਲਦੇ ਰਹੇ । ਸਾਡੇ ਦਿਲ ਦੀ ਡੂੰਘਾਈ ਤੱਕ ਪਹੁੰਚੇ ਨਾ, ਸਾਨੂੰ ਲੋਕੀ ਵਰਕਿਆਂ ਵਾਂਗ ਉਥੱਲਦੇ ਰਹੇ । ਝੂਠੇ ਪਿਆਰ-ਖ਼ਲੂਸ ਦੇ ਦਾਅਵੇ ਕਰ-ਕਰ ਕੇ, ਸਾਰੇ ਸ਼ਹਿਰ ਦੇ ਬੰਦੇ ਸਾਨੂੰ ਛੱਲਦੇ ਰਹੇ । ਨਵੀਂ ਸਵੇਰ ਦੇ ਸੂਰਜ ਦਾ ਰਾਹ ਡੱਕਣ ਲਈ, ਨੇਰੇ੍ਹ ਆਪਣੇ ਕੱਦ ਤੋਂ ਉੱਚਾ ਚੱਲਦੇ ਰਹੇ । 'ਖ਼ਲਸ਼ ਜੀ' ਮੇਰੇ ਘਰ ਵਿਚ ਚਾਨਣ ਹੋਇਆ ਨਾ, ਕਹਿਣ ਨੂੰ ਲੱਖਾਂ ਸੂਰਜ ਚੜ੍ਹ ਕੇ ਢਲਦੇ ਰਹੇ ।

ਸੰਗੀ ਰਹਿਣ ਜੇ ਰੌਸ਼ਨੀਆਂ ਕਿਰਦਾਰ ਦੀਆਂ

ਸੰਗੀ ਰਹਿਣ ਜੇ ਰੌਸ਼ਨੀਆਂ ਕਿਰਦਾਰ ਦੀਆਂ । ਨ੍ਹੇਰਿਆਂ ਦੇ ਵਿਚ ਫਿਰ ਨਹੀਂ ਹਿੰਮਤਾਂ ਹਾਰਦੀਆਂ । ਵੇਲੇ ਬਾਗਾਂ ਮੇਰੇ ਹੱਥ ਫੜਾਈਆਂ ਜੇ, ਦੇਵਾਂਗਾ ਮੈਂ ਖ਼ਬਰਾਂ ਅੰਬਰੋਂ ਪਾਰ ਦੀਆਂ । ਆਪਣੇ ਲਹੂ ਵਿਚ ਹਰ ਦਮ ਡੁੱਬਿਆ ਰਹਿੰਦਾ ਏ, ਪੁੱਛ ਨਾ ਸਿਫ਼ਤਾਂ ਕੁਦਰਤ ਦੇ ਸ਼ਾਹਕਾਰ ਦੀਆਂ । ਸ਼ਹਿਰ ਦਿਆਂ ਵਸਨੀਕਾਂ ਬੂਹੇ ਮਾਰ ਲਏ, ਬਦਲੀਆਂ ਨਜ਼ਰਾਂ ਦੇਖ ਕੇ ਪਹਿਰੇਦਾਰ ਦੀਆਂ । ਆਪਣੀ ਖ਼ੁਸ਼ਹਾਲੀ ਦੀਆਂ ਖ਼ਬਰਾਂ ਸੁਣ-ਸੁਣ ਕੇ, ਭੁੱਖਾਂ ਹੋਰ ਵੀ ਵਧੀਆਂ ਨੇ ਫ਼ਨਕਾਰ ਦੀਆਂ । 'ਖ਼ਲਸ਼' ਜਿਨ੍ਹਾਂ ਨੂੰ ਪਿੱਛੇ ਛੱਡ ਕੇ ਆਇਆ ਵਾਂ, ਖ਼ਵਰੇ ਕਿਉਂ ਉਹ ਸੜਕਾਂ ਵਾਜਾਂ ਮਾਰਦੀਆਂ ।

ਵੇਲੇ ਦਾ ਸੀਨਾ ਦਾਗ਼ ਦੇ ਪੱਥਰ

ਵੇਲੇ ਦਾ ਸੀਨਾ ਦਾਗ਼ ਦੇ ਪੱਥਰ ਨੂੰ ਜਾਣ ਦੇ । ਰੁਕਣਾ ਏ ਕੋਈ ਇਲਮ ਤੇ ਪੱਕੇ ਨਿਸ਼ਾਨ ਦੇ । ਕੀਤੇ ਨੇ ਕੱਠ ਚਿੜੀਆਂ ਨੇ ਜੇ ਤੇਰੇ ਕਹਿਣ ਤੇ, ਸੱਪਾਂ ਦੇ ਮੂੰਹ ਦੇ ਵਿਚ ਵੀ ਆਪਣੀ ਜ਼ੁਬਾਨ ਦੇ । ਇੱਕੋ ਹੁਲਾਰੇ ਮੋਟਿਆਂ ਟਾਹਣਾਂ ਨੇ ਟੁੱਟਣਾ, ਵੇਖੀਂ ਤਮਾਸ਼ਾ ਬਾਲਾਂ ਨੂੰ ਪੀਘਾਂ ਤੇ ਪਾਣ ਦੇ । ਜ਼ਿੰਦਾ ਬਚਣ ਦਾ ਖ਼ੌਫ਼ ਵੀ ਜ਼ਿਹਨਾਂ ਤੇ ਛਾ ਰਿਹੈ, ਘਟਦੇ ਪਏ ਨੇ ਫ਼ਾਸਲੇ ਜਿਉਂ ਆਸਮਾਨ ਦੇ । ਆਉਂਦੀ ਹੋਈ ਸਵੇਰ ਦਾ ਤੂੰ ਤਰਜਮਾਨ ਬਣ, ਵੇਲੇ ਨੂੰ ਆਪਣੇ ਹਾਲ ਦਾ ਕਿੱਸਾ ਸੁਨਾਣ ਦੇ । ਜਿਸ ਦਿਨ ਤੋਂ ਹੜ੍ਹ ਨੇ ਦੇਖਿਆ ਰਾਹ ਮੇਰੇ ਸ਼ਹਿਰ ਦਾ, ਚੜ੍ਹ ਪਏ ਨੇ ਸ਼ੌਕ ਲੋਕਾਂ ਨੂੰ ਕੋਠੇ ਬਨਾਣ ਦੇ । ਉਨ੍ਹਾਂ ਦੇ ਸੀਨੇ ਵਿਚ 'ਖ਼ਲਸ' ਬਣ ਕੇ ਮੈਂ ਰਹਿ ਗਿਆ, ਜਿਨ੍ਹਾਂ ਨੇ ਚਾਰੇ ਕੀਤੇ ਨੇ ਮੈਨੂੰ ਭੁਲਾਣ ਦੇ

ਹਰ ਇਕ ਨੂੰ ਅੱਜ ਕਹਿੰਦਾ ਫਿਰਦਾ

ਹਰ ਇਕ ਨੂੰ ਅੱਜ ਕਹਿੰਦਾ ਫਿਰਦਾ ਬਾਗ਼ ਦਾ ਮਾਲੀ । ਰੰਗ-ਬਰੰਗੇ ਫੁੱਲ ਖਿੜਣਗੇ ਡਾਲੀ ਡਾਲੀ । ਲੱਖਾਂ ਦੀਵੇ ਸ਼ਹਿਰ 'ਚ ਬਲਦੇ ਫਿਰ ਵੀ ਨ੍ਹੇਰਾ, ਲੱਖਾਂ ਬੰਦੇ ਫਿਰਦੇ ਫਿਰ ਵੀ ਸੜਕਾਂ ਖ਼ਾਲੀ । ਆਵਣ ਵਾਲੀਆਂ ਨਸਲਾਂ ਕੋਲੋਂ ਲਹਿ ਨਹੀਂ ਸਕਣੀ, ਏਸ ਸਮੇਂ ਦਿਆਂ ਬੁੱਲ੍ਹਾਂ ਉੱਤੋਂ ਲਹੂ ਦੀ ਲਾਲੀ । ਰਿਸ਼ਤੇ ਮੁੱਕਣ, ਜੁੱਸੇ ਟੁੱਟਣ, ਰੂਹਾਂ ਸਹਿਕਣ, ਹਸਦੇ-ਵਸਦੇ ਸ਼ਹਿਰ 'ਚ ਕੀਹਨੇ ਅੱਗ ਹੈ ਬਾਲੀ । ਬਖ਼ਸ਼ੇ ਨਹੀਂ ਇਹ ਰੂਪ ਅਸਾਨੂੰ ਦੌਰ ਨਵੇਂ ਨੇ, ਤੌਰ ਅਵੱਲੇ, ਸੋਚ ਅਨੋਖੀ, ਚਾਲ ਨਿਰਾਲੀ । ਇਕ ਪਲ ਵੀ ਨਹੀਂ ਜ਼ਿਹਨ ਚੋਂ ਉਠਦੇ ਭੁੱਖ ਦੇ ਪਹਿਰੇ, ਸੁਫ਼ਨੇ ਦੇ ਵਿਚ ਕਿਸਰਾਂ ਆਵੇ ਚੂੜੇ ਵਾਲੀ । ਮੇਰੇ ਘਰ ਵਿਚ ਕਿਉਂ ਨਹੀਂ ਪਾਉਂਦੀਆਂ ਕਿਰਨਾਂ ਝਾਤੀ, ਸਦੀਆਂ ਤੋਂ ਨੇ 'ਖ਼ਲਸ਼ ਜੀ' ਮੇਰੇ ਨੈਂਣ ਸਵਾਲੀ ।

ਹੰਝੂਆਂ ਉੱਪਰ ਬਣ ਕੇ ਹੜ੍ਹ ਦੀ

ਹੰਝੂਆਂ ਉੱਪਰ ਬਣ ਕੇ ਹੜ੍ਹ ਦੀ ਲਹਿਰ ਗਿਆ ਵਾਂ । ਪੱਥਰ ਅੱਖ ਦੀ ਪੁਤਲੀ ਦੇ ਵਿਚ ਠਹਿਰ ਗਿਆ ਵਾਂ । ਕੋਹਾਂ ਦੂਰ ਮੈਂ ਔੜਾਂ ਮਾਰੀ ਧਰਤੀ ਦੇ ਲਈ, ਦਰਿਆ ਦੀ ਕੁੱਖ ਵਿੱਚੋਂ ਬਣ ਕੇ ਨਹਿਰ ਗਿਆ ਵਾਂ । ਹਰ ਵਾਰੀ ਚਾਅ ਲੋਕਾਂ ਟੰਗਿਆ ਸੂਲੀ ਉੱਤੇ, ਸੱਚ ਨੂੰ ਲੈਕੇ ਜਦ ਵੀ ਆਪਣੇ ਸ਼ਹਿਰ ਗਿਆ ਵਾਂ । ਸ਼ਹਿਰਾਂ ਤੇ ਨਹੀਂ ਕਦੀ ਵੀ ਜੰਗਲਾਂ ਹਮਲਾ ਕੀਤਾ, ਜੰਗਲਾਂ ਦੇ ਲਈ ਬਣ ਕੇ ਮੈਂ ਪਰ ਕਹਿਰ ਗਿਆ ਵਾਂ । 'ਖ਼ਲਸ਼' ਪਰਾਈ ਕੰਧ ਦੇ ਉਸ ਪਰਛਾਵੇਂ ਥੱਲੇ, ਕੀ ਹੋਇਆ ਜੇ ਪਲ-ਦੋ ਪਲ ਲਈ ਠਹਿਰ ਗਿਆ ਵਾਂ ।

ਇਹ ਦੌਰ ਬਦਲੇ ਇਹ ਤਖ਼ਤ ਬਦਲੇ

ਇਹ ਦੌਰ ਬਦਲੇ ਇਹ ਤਖ਼ਤ ਬਦਲੇ ਇਹ ਤਾਜ ਬਦਲੇ । ਕੋਈ ਤੇ ਆਵੇ ਜੋ ਇਸ ਹਨ੍ਹੇਰੇ ਦਾ ਰਾਜ ਬਦਲੇ । ਅਸਾਂ ਨੂੰ ਆਉਂਦਾ ਤੇ ਜਾਂਦਾ ਮੌਸਮ ਵੀ ਕਰਬ ਦੇਵੇ, ਇਹ ਸੋਚੀਏ ਕਿੰਜ ਮੌਸਮਾਂ ਦਾ ਮਿਜ਼ਾਜ ਬਦਲੇ । ਜੇ ਵੇਲੇ ਹੱਥੋਂ ਇਹ ਹਰ ਗਏ ਨੇ ਤੇ ਫੇਰ ਕੀ ਹੋਇਆ, ਇਹ ਲੋਕ ਦਿੰਦੇ ਨੇ ਖ਼ੂਨ ਆਪਣਾ ਖ਼ਰਾਜ ਬਦਲੇ । ਕੋਈ ਤੇ ਆਵੇ ਅਮੀਨ ਬਣ ਕੇ ਸਵੇਰਿਆਂ ਦਾ, ਸ਼ਹੀਦ ਹੋਵੇ ਜੋ ਏਸ ਧਰਤੀ ਦੀ ਲਾਜ ਬਦਲੇ । 'ਖ਼ਲਸ਼' ਕੀ ਦੱਸਾਂ ਹਨ੍ਹੇਰ ਪਾਇਆ ਜ਼ਰੂਰਤਾਂ ਨੇ, ਜ਼ਮੀਰ ਵਿਕਦੇ ਪਏ ਨੇ ਹੁਣ ਤੇ ਇਲਾਜ ਬਦਲੇ ।

ਪਤਝੜ ਆਵੇ ਤੇ ਰੁੱਤਾਂ ਦੀ

ਪਤਝੜ ਆਵੇ ਤੇ ਰੁੱਤਾਂ ਦੀ ਇੰਜ ਰਖਵਾਲੀ ਰੱਖਨਾ । ਪੱਤਰਾਂ ਦੀ ਥਾਂ ਬਾਲ ਕੇ ਦੀਵੇ ਡਾਲੀ-ਡਾਲੀ ਰੱਖਨਾ । ਮਨ ਤੇ ਸਿਲਵਾ ਆਉਣ ਦੀਆਂ ਫਿਰ ਆਸਾਂ ਲਾ-ਲਾ ਰੱਖਨਾ, ਆਪਣੇ ਘਰ ਦੇ ਸਾਰੇ ਭਾਂਡੇ ਖ਼ਾਲਮ-ਖ਼ਾਲੀ ਰੱਖਨਾ । ਰੰਗਾਂ ਤੇ ਕਨਸੋਆਂ ਵਾਲਾ ਮੌਸਮ ਪਰਤ ਨਹੀਂ ਆਉਣਾ, ਹੁਣ ਨਾ ਫੁੱਲ ਉਗਾਉਣਾ ਘਰ ਵਿਚ ਹੁਣ ਨਾ ਮਾਲੀ ਰੱਖਣਾ । ਅੰਦਰ ਦੀ ਚੁੱਪ ਤੋੜਣ ਦਿਲ ਦੀ ਵਾਜ਼ ਪਛਾਨਣ ਖ਼ਾਤਰ, ਬਾਹਰ ਦੇ ਰੋਲਿਉਂ ਪਲ ਦੋ ਪਲ ਲਈ ਜ਼ਿਹਨ ਨੂੰ ਖ਼ਾਲੀ ਰੱਖਣਾ । ਨਵੇਂ ਦੌਰ ਦਿਆਂ ਲੋਕਾਂ ਸਾਂਝੇ ਦੁਖ ਦੀ ਰੀਤ ਮੁਕਾਈ, ਏਸ ਸਮੇਂ ਵਿਚ ਆਪਣੇ-ਆਪਣੇ ਦੁੱਖ ਸੰਭਾਲੀ ਰੱਖਣਾ । ਮੁੱਕ ਨਾ ਜਾਵੇ ਧਰਤੀ ਉੱਤੋਂ ਰੀਤ ਦੁਆਵਾਂ ਵਾਲੀ, ਮੂੰਹੋਂ ਭਾਵੇਂ ਕੁੱਝ ਨਾ ਮੰਗਣਾ ਨੈਣ ਸਵਾਲੀ ਰੱਖਣਾ । ਆਪਣੇ ਘਰ ਦਾ ਭਰਮ 'ਖ਼ਲਸ਼ ਜੀ' ਕਦੀ ਨਾ ਟੁੱਟਣ ਦੇਣਾ, ਜੁੱਸਾ ਭਾਵੇਂ ਪੀਲਾ ਪੈ ਜਾਏ ਮੂੰਹ ਤੇ ਲਾਲੀ ਰੱਖਣਾ ।

ਕੁਝ ਹੋਰ ਰਚਨਾਵਾਂ : ਤੁਫ਼ੈਲ ਖ਼ਲਸ਼

ਮੈਂ ਖ਼ਾਕ ਹਾਂ, ਹਵਾ ਹਾਂ, ਪਾਣੀ ਹਾਂ, ਨਾਰ ਹਾਂ

ਮੈਂ ਖ਼ਾਕ ਹਾਂ, ਹਵਾ ਹਾਂ, ਪਾਣੀ ਹਾਂ, ਨਾਰ ਹਾਂ
ਅਸਮਾਨਾਂ ਤੇ ਜ਼ਮੀਨ ਵਿੱਚ ਅਜ਼ਲਾਂ ਦਾ ਪਿਆਰ ਹਾਂ

ਪਾਣੀ ਦੀ ਤਹਿ ਦੇ ਵਿੱਚ ਨਾ ਮੈਨੂੰ ਤਲਾਸ਼ ਕਰ
ਮੈਂ ਤਾਰਿਆਂ ਤੋਂ ਦੂਰ ਹਾਂ, ਸੂਰਜ ਤੋਂ ਪਾਰ ਹਾਂ

ਮੇਰੇ ਚਾਰ ਚਫ਼ੇਰੇ ਫਿਰਦੇ ਚਰਾਗ਼ਾਂ ਦੇ ਵਾਂਗ ਲੋਕ
ਮੈਂ ਜ਼ਿੰਦਗੀ ਦੇ ਸ਼ਹਿਰ ਵਿੱਚ ਫਿਰਦਾ ਮਜ਼ਾਰ ਹਾਂ

ਹਰ ਬੋਲ ਕੌੜਾ ਨਿਕਲਦਾ ਮੇਰੀ ਜ਼ਬਾਨ ਚੋਂ
ਮੈਂ ਨਫ਼ਰਤਾਂ ਦਾ ਮਾਰਿਆ ਗ਼ਮ ਦਾ ਸ਼ਿਕਾਰ ਹਾਂ

ਲੱਗਦਾ ਏ ਤੈਨੂੰ ਦੁੱਖ ਦੀਆਂ ਧੁੱਪਾਂ ਨੇ ਸਾੜਿਆ
ਮੇਰੇ ਨਾ ਸਾਏ ਬੈਠੀਂ ਮੈਂ ਉੱਲਰੀ ਦੀਵਾਰ ਹਾਂ

ਹਰ ਪਾਸਿਓਂ ਯਜ਼ੀਦੀ ਫ਼ੌਜਾਂ ਨੇ ਘੇਰਿਆ
ਵੇਲੇ ਦੀ ਕਰਬਲਾ ਦਾ ਮੈਂ ਕੱਲਾ ਸਵਾਰ ਹਾਂ

ਕੱਟਿਆ ਮੇਰੀ ਜ਼ਬਾਨ ਨੂੰ ਵੇਲੇ ਦੇ ਹਾਕਮਾਂ
ਮੈਂ ਖ਼ਲਿਸ਼ ਤੇਰੇ ਸ਼ਹਿਰ ਵਿੱਚ ਗੂੰਗੀ ਪੁਕਾਰ ਹਾਂ

ਹਿੱਕ ਨਾਲ਼ ਚੀਰਾਂ ਸੱਤ ਸਮੁੰਦਰ, ਹੱਥ ਪਤਾਲ ਨੂੰ ਲਾਵਾਂ

ਹਿੱਕ ਨਾਲ਼ ਚੀਰਾਂ ਸੱਤ ਸਮੁੰਦਰ, ਹੱਥ ਪਤਾਲ ਨੂੰ ਲਾਵਾਂ
ਤਾਰੇ ਗੱਡਾਂ ਧਰਤੀ ਉੱਤੇ, ਪੀਂਘ ਅੰਬਰਾਂ 'ਤੇ ਪਾਵਾਂ

ਘੁੱਪ ਹਨੇਰੇ ਖਾ ਜਾਂ ਸਾਰੇ ਜੇ ਵੱਸ ਹੋਵੇ ਮੇਰੇ
ਧਰਤੀ ਨੂਰੋ-ਨੂਰ ਕਰਾਂ ਮੈਂ, ਸੂਰਜ ਮੱਥੇ ਲਾਵਾਂ

ਉਦਮਾਂ ਵਾਲੇ ਪਹਾੜਾਂ ਵਿੱਚੋਂ ਰਸਤੇ ਨਵੇਂ ਬਣਾਉਂਦੇ
ਉਹ ਨਹੀਂ ਮੰਜ਼ਿਲ ਉੱਤੇ ਪੁੱਜਦੇ ਜਿਹੜੇ ਪੁੱਛਦੇ ਰਾਹਵਾਂ

ਅਸਮਾਨਾਂ ਵੱਲ ਤੱਕਣ ਵਾਲੇ ਧਰਤੀ ਨੂੰ ਭੁੱਲ ਜਾਂਦੇ
ਹੱਥੀਂ ਕੁਝ ਨਹੀਂ ਕਰਦੇ ਐਵੇਂ ਮੰਗਦੇ ਰਹਿਣ ਦੁਆਵਾਂ

ਆਪਣੇ ਆਪਣੇ ਜ਼ਰਫ਼ ਦੀ ਗੱਲ ਏ ਫ਼ਰਕ ਦੱਸੇ ਵਰਤਾਰਾ
ਪਹਾੜ ਨਾ ਖਿਸਕੇ ਆਪਣੀ ਥਾਂ ਤੋਂ ਰੁਖ਼ ਬਦਲੇ ਦਰਿਆਵਾਂ

ਮੁੱਦਤ ਪਿਛੋਂ ਜਦ ਮੈਂ ਜਾ ਕੇ ਆਪਣੇ ਪਿੰਡ ਨੂੰ ਤੱਕਿਆ
ਬੰਦੇ ਓਪਰੇ ਓਪਰੇ ਲੱਗੇ ਜਾਣੂ ਲੱਗੀਆਂ ਥਾਂਵਾਂ

ਸਾਥ ਨਿਭਾਇਆ ਖ਼ਲਸ਼ ਜੀ ਮੇਰਾ, ਬਾਲਪੁਣੇ ਦੀਆਂ ਯਾਦਾਂ
ਸਾਂਝ ਨਿਭਾਈ ਅੱਜ ਤੱਕ ਜਿਸਰਾਂ, ਰੁੱਖਾਂ ਨਾਲ ਹਵਾਵਾਂ

ਨਵੀਂ ਸਵੇਰ ਦਾ ਰਾਹ ਨਾ ਰੋਕੋ ਨ੍ਹੇਰੇ ਤੁਸੀਂ ਵਧਾਓ ਨਾ

ਨਵੀਂ ਸਵੇਰ ਦਾ ਰਾਹ ਨਾ ਰੋਕੋ ਨ੍ਹੇਰੇ ਤੁਸੀਂ ਵਧਾਓ ਨਾ
ਮੇਰੇ ਸ਼ਹਿਰ ਦੇ ਆਲ ਦੁਆਲੇ ਕੰਧਾਂ ਹੋਰ ਬਣਾਓ ਨਾ

ਸੂਰਜ ਦਾ ਮੂੰਹ ਧੋਵਣ ਦੇ ਲਈ ਅੰਬਰਾਂ ਵੱਲ ਉਛਾਲ ਦਿਓ
ਇਨ੍ਹਾਂ ਕਾਲੀਆਂ ਸੜਕਾਂ ਉਤੇ ਖ਼ੂਨ ਦੇ ਛਿੱਟੇ ਲਾਉ ਨਾ

ਕੀ ਹੋਇਆ ਜੇ ਤੁਹਾਡੇ ਸੀਨੇ ਪਿਆਰ ਖ਼ਲੂਸ ਤੋਂ ਖ਼ਾਲੀ ਨੇ
ਨਵੀਂ ਨਸਲ ਦਿਆਂ ਲੋਕਾਂ ਵਿਚ ਤੇ ਇੰਜ ਨਫ਼ਰਤ ਵਰਤਾਉ ਨਾ

ਜੱਗ ਨੂੰ ਰੌਸ਼ਨ ਕਰਨ ਦੀ ਖ਼ਾਤਿਰ ਲਹੂ ਦੇ ਦੀਵੇ ਬਾਲ ਦਿਓ
ਆਪਣੇ ਦੌਰ ਦੇ ਘੁੱਪ ਹਨੇਰੇ ਆਪਣੇ ਸੀਨੇ ਲਾਉ ਨਾ

ਆਪਣੀ ਗ਼ਰਜ਼ ਦਾ ਹਰ ਕੋਈ ਬੇਲੀ ਯਾਰ ਹੈ ਆਪਣੇ ਮਤਲਬ ਦਾ
ਹੱਸਦੇ ਮਥੇ ਦੇਖ ਕੇ ਏਥੇ ਪਿਆਰ ਦੇ ਧੋਖੇ ਖਾਓ ਨਾ

ਦੱਸੋਗੇ ਜੱਗ ਨੂੰ ਮੰਜ਼ਰ ਮੇਰੀ ਮੌਤ ਕਹਾਣੀ ਦਾ
ਮੇਰੇ ਮਰਨ ਤੋਂ ਪਹਿਲਾਂ ਯਾਰੋ ਮੈਥੋਂ ਮੁੱਖ ਪਰਤਾਉ ਨਾ

'ਖ਼ਲਸ਼' ਦੇ ਮਗਰੋਂ ਇਸ ਧਰਤੀ ਤੇ ਸੱਚ ਕਿਸੇ ਵੀ ਕਹਿਣਾ ਨਹੀਂ
ਏਸ ਸਮੇ ਦਿਓ ਲੋਕੋ ਇਹਨੂੰ ਸੂਲ਼ੀ ਤੇ ਲਟਕਾਉ ਨਾ