Trel Tupke : Bhai Vir Singh

ਤ੍ਰੇਲ ਤੁਪਕੇ : ਭਾਈ ਵੀਰ ਸਿੰਘ

1. ਦੀਦਾਰ

ਹੇ ਅਸਲੀਅਤ ਇਸ ਦਿਸਦੇ ਦੀ !
ਸਾਨੂੰ ਪਰੇ ਨ ਸੱਟੇਂ ਹਾ !
ਧੁਰ ਮਰਕਜ਼ ਆਪਣੇ ਵਿਚ ਕਿਧਰੇ
ਠਾਟ ਅਸਾਡਾ ਠੱਟੇਂ ਹਾ !
ਵਿੱਥ ਕਿਸੇ ਤੇ ਰੱਖ ਜਿ ਸਾਨੂੰ
ਤੂੰ ਖਿੜਨਾ ਖ਼ੁਸ਼ ਹੋਣਾ ਸੀ,
ਦੀਦੇ ਦੇਖਣਹਾਰੇ ਦੇ ਕੇ ਨਜ਼ਰੋਂ
ਪਰੇ ਨ ਹੱਟੇਂ ਹਾ ।੧।

2. ਅੱਖੀਆਂ

'ਅਰੂਪ ਦੇ ਦੀਦਾਰ ਦੀ ਤੜਫਨ'
ਤੋਂ ਬਣੀਆਂ ਅੱਖੀਆਂ,
ਪਰ ਰੂਪ ਦੇ ਕਰ ਸਾਮ੍ਹਣੇ ਰੁਖ਼
ਬਾਹਰ ਦਾ ਦੇ ਰੱਖੀਆਂ,
ਦੇਖਣ ਨਜ਼ਾਰੇ ਸੋਹਿਣੇ, ਰੀਝਣ
ਤੇ ਰਚ ਰਚ ਜਾਣ, ਪਰ
ਮਿਟਦੀ ਨ ਤਾਂਘ ਅਰੂਪ ਦੀ:
ਪਲ ਰੂਪ ਤੇ, ਫਿਰ ਭੁੱਖੀਆਂ ।੨।

3. ਲੱਗੀਆਂ

ਜੀ ਮੇਰੇ ਕੁਛ ਹੁੰਦਾ ਸਹੀਓ
ਉਡਦਾ ਹੱਥ ਨ ਆਵੇ,-
ਕੱਤਣ, ਤੁੰਮਣ, ਹੱਸਣ, ਖੇਡਣ,
ਖਾਵਣ ਮੂਲ ਨ ਭਾਵੇ,
ਨੈਣ ਭਰਨ, ਖਿਚ ਚੜ੍ਹੇ ਕਾਲਜੇ
ਬਉਰਾਨੀ ਹੋ ਜਾਵਾਂ,-
ਤਿੰਞਣ ਦੇਸ਼ ਬਿਗਾਨਾ ਦਿੱਸੇ,
ਘਰ ਖਾਵਣ ਨੂੰ ਆਵੇ ।੩।

4. ਵਿੱਛੁੜੀਆਂ ਅੱਖੀਆਂ

ਅਜਕ ਅਜਕ ਭਾਦੋਂ ਜਿਉਂ ਬਰਸਨ-
ਸੁਕ ਸੁਕ ਭਰ ਭਰ ਆਵਨ,-
ਸਿਕ ਸਿਕ ਰਾਹ ਤਕਾਵਨ ਤਤੀਆਂ,
ਮਿਟ ਮਿਟ ਫੇਰ ਖੁਲ੍ਹਾਵਨ,
ਆਸੰਙ ਘਟਦੀ ਝਮਕਣ ਸੰਦੀ:
ਤਾਂਘ ਦਰਸ ਦੀ ਵਧਦੀ,
ਭੁੱਖੀਆਂ ਦਰਦ ਰਞਾਣੀਆਂ ਅੱਖੀਆਂ
ਥੱਲੇ ਲਹਿੰਦੀਆਂ ਜਾਵਨ ।੪।

5. ਤ੍ਰੇਲ ਤੇ ਸੂਰਜ

ਘਾਹ ਉੱਤੇ ਮੈਂ ਪਈ ਤ੍ਰੇਲ ਹਾਂ
ਨੈਣ ਨੈਣ ਹੋ ਰਹੀਆਂ,
'ਦਰਸ-ਪਯਾਸ' ਵਿਚ ਨੈਣ ਭਰ ਰਹੇ,
ਪਾਣੀ ਪਾਣੀ ਹੋਈਆਂ,
'ਦਰਸ-ਪਯਾਸ' ਹੁਣ ਰੂਪ ਮਿਰਾ ਹੈ
ਮੈਂ ਵਿਚ ਹੋਰ ਨ ਬਾਕੀ,-
ਚੜ੍ਹ ਅਰਸ਼ੋਂ, ਆ ਅੰਗ ਲਗਾ,
ਮੈਂ ਵਿਛੀ ਤਿਰੇ ਰਾਹ ਪਈਆਂ ।੫।

6. ਮੈਂਡਾ ਪਿਆਰਾ

ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ !
ਉਸ ਕਲਗ਼ੀ ਦੀਆਂ ਅਣੀਆਂ,
ਮੈਂ ਜੇਹੀ ਜਿਨ੍ਹੇ ਲੱਖ ਪਰੋਤੀ,
ਲੱਖ ਖਲੋਤੀਆਂ ਤਣੀਆਂ ।
ਵਿਝ ਦਿਲ, ਹੋਰ ਵਿਝੀਵਣ ਚਾਹੇ,
ਪੀੜ ਛਿੜੇ ਰਸ ਚਾੜ੍ਹੇ,
ਜਿੰਦ ਨਵੀਂ ਇਕ ਜਾਗੇਨੀ, ਚਖ ਚਖ
ਉਸ ਹੀਰੇ ਦੀਆਂ ਕਣੀਆਂ ।੬।

7. ਤਯਾਰੀਆਂ

ਰਾਂਝਾ ਬੈਠਾ ਤਖਤ ਹਜ਼ਾਰੇ
ਨਾਲ ਭਾਬੀਆਂ ਅੜਦਾ,-
ਕਾਸਾ ਅਜੇ ਚੱਕ ਹੈ ਚੜ੍ਹਿਆ,-
ਹੱਥ ਘੁਮਿਆਰ ਉਸ ਘੜਦਾ,-
ਹੀਰ ਸੁਰਾਹੀ ਧੌਣ ਨਿਵਾਈ
ਖਲੀ ਝਨਾਂ ਦੀ ਕੰਧੀ,-
ਸ਼ਹੁ ਦਰਯਾ ਵਗੇ ਨਹੀਂ ਅਟਕੇ
ਤੁਪਕਾ ਤੁਪਕਾ ਖੜਦਾ ।੭।

8. ਬਦੀ

ਦਾਖਾਂ ਤੇ ਅੰਗੂਰੀ ਸ਼ੀਸ਼ੇ
ਕੁਦਰਤ ਆਪ ਬਣਾਏ,
ਮਿੱਠੇ ਤੇ ਸਵਾਦੀ ਰਸ ਭਰ ਭਰ
ਵੇਲਾਂ ਗਲ ਲਟਕਾਏ,
ਤੂੰ ਉਹ ਤੋੜ ਮੱਟ ਵਿਚ ਪਾਏ,
ਰਖ ਰਖ ਕੇ ਤਰਕਾਏ,-
ਦੁਖ-ਦੇਵੇ ਦਾਰੂ ਉਸ ਵਿਚੋਂ
ਤੂੰ ਹਨ ਆਪ ਚੁਆਏ ।੮।

9. ਅਚੱਲ ਰਾਂਝਾ

ਸਾਡਾ ਰਾਂਝਾ ਤਖਤ ਹਜ਼ਾਰੇ
ਤਖਤੋਂ ਕਦੀ ਨ ਉਠਦਾ,
ਝੰਗ ਸਿਆਲੀਂ ਬੈਠਿਆਂ ਸਾਨੂੰ
ਖਿੱਚਾਂ ਪਾ ਪਾ ਕੁਠਦਾ,
ਆਵੇ ਆਪ ਨ ਪਾਸ ਬੁਲਾਵੇ,
ਸੱਦ ਵੰਝਲੀ ਦੀ ਘੱਲੇ:
ਕੁੰਡੀ ਪਾ ਪਾਣੀ ਵਿਚ ਰਖਦਾ,-
ਰੁਠਦਾ ਹੈ ਕਿ ਤਰੁੱਠਦਾ ।੯।

10. ਅਮਰ ਰਸ

ਸੁਹਣੇ ਹੱਥ ਸੁਰਾਹੀ ਪਯਾਲਾ
ਦੇਖ ਦੁਖੀ ਖੁਸ਼ ਹੋਈ,
ਖੁਸ਼ ਹੋਈ ਮੁਖ ਦੇਖ ਸਜਨ ਦਾ
ਦੇਖ ਸੁਰਾਹੀ ਰੋਈ ।
ਰੋਂਦੀ ਵੇਖ ਸਜਨ ਹੱਸ ਆਖੇ,-
'ਕਉੜੀ ਸ਼੍ਰਾਬ ਨ ਲਯਾਯਾ,-
'ਅੰਮ੍ਰਿਤ ਏਸ ਸੁਰਾਹੀ ਭਰਿਆ,
ਪੀਏ ਤੇ ਜੀਵੇ ਮੋਈ' ।੧੦।
ਦਿਹ ਇਕ ਬੂੰਦ ਸੁਰਾਹੀਓਂ ਸਾਨੂੰ
ਸੋਚ ਸਮੁੰਦਰ ਬੋੜੇ,
ਬੇਖ਼ੁਦੀਆਂ ਦੇ ਚਾੜ੍ਹ ਅਰਸ਼ ਤੇ
ਆਸ ਅੰਦੇਸੇ ਤੋੜੇ,
ਰੰਗ ਸੁਹਾਵੇ ਤੇ ਨੌਰੰਗੀ
ਪੀਂਘ ਘੁਕੇ ਆਨੰਦੀ,
ਆਣ ਹੁਲਾਰੇ ਅਮਰ ਸੁਖਾਂ ਦੇ,
ਮੁੜਨ ਨ,-ਐਸਾ ਜੋੜੇ ।੧੧।

11. ਪਸਾਰੀ ਕਿ ਮਖੀਰ ?

ਤੋੜ ਗੁਲਾਬ ਪਸਾਰੀ ਲਯਾਇਆ
ਮਲ ਮਲ ਖੰਡ ਰਲਾਈ,-
ਭੀ ਕਉੜੱਤਣ ਰਹੀ ਸਵਾਦ ਵਿਚ
ਬਣੀ ਨ ਉਹ ਮਠਿਆਈ,
ਮੱਖੀ ਬਣ, ਕਣ ਰਸ ਜੇ ਚੁਣਦਾ,
ਤੋੜ ਨ ਆਬ ਗੁਆਂਦਾ,
ਮਾਲੀ ਨਾਲੋਂ ਨੇਹੁੰ ਨ ਟੁਟਦਾ,
ਰਸ ਪੀਂਦਾ ਸੁਖਦਾਈ ।੧੨।

12. ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ

ਡਾਲੀ ਨਾਲੋਂ ਤੋੜ ਨ ਸਾਨੂੰ,
ਅਸਾਂ ਹੱਟ 'ਮਹਿਕ' ਦੀ ਲਾਈ !
ਲੱਖ ਗਾਹਕ ਜੇ ਸੁੰਘੇ ਆਕੇ
ਖਾਲੀ ਇਕ ਨ ਜਾਈ,
ਤੂੰ ਜੇ ਇਕ ਤੋੜ ਕੇ ਲੈ ਗਿਓਂ,
ਇਕ ਜੋਗਾ ਰਹਿ ਜਾਸਾਂ,-
ਉਹ ਭੀ ਪਲਕ ਝਲਕ ਦਾ ਮੇਲਾ-
ਰੂਪ ਮਹਿਕ ਨਸ ਜਾਈ ।੧੩।

13. ਹੋਸ਼-ਮਸਤੀ

'ਕਿਉਂ ਹੋਯਾ ?' ਤੇ 'ਕੀਕੂੰ ਹੋਯਾ ?'
ਖਪ ਖਪ ਮਰੇ ਸਿਆਣੇ,-
ਓਸੇ ਰਾਹ ਪਵੇਂ ਕਿਉਂ ਜਿੰਦੇ !
ਜਿਸ ਰਾਹ ਪੂਰ ਮੁਹਾਣੇ,
ਭਟਕਣ ਛੱਡ, ਲਟਕ ਲਾ ਇਕੋ,
ਖੀਵੀ ਹੋ ਸੁਖ ਮਾਣੀਂ,
ਹੋਸ਼ਾਂ ਨਾਲੋਂ ਮਸਤੀ ਚੰਗੀ
ਰਖਦੀ ਸਦਾ ਟਿਕਾਣੇ ।੧੪।

14. ਮਗਨਤਾ

ਬਾਗ਼ ਅਦਨ ਵਿਚ ਵਸਦਿਆਂ ਆਦਮ
ਕਣਕ, ਆਖਦੇ ਖਾਧੀ,-
ਧੱਕਿਆ ਗਿਆ ਬਾਗ਼ ਤੋਂ ਸ਼ੁਹਦਾ
ਕੀਤਾ ਗਿਆ ਅਪਰਾਧੀ:
ਭਬਕੇ ਪਾ ਕੇ ਕਣਕ ਚੁਆਂਦਾ
ਰਸ ਪੀਂਦਾ ਜੇ ਆਦਮ,
ਅਦਨੋਂ ਹੋਰ ਉਚੇਰਾ ਹੁੰਦਾ,
ਅਟਲ ਮੱਲਦਾ ਗਾਧੀ ।੧੫।

(ਸ਼ੁਹਦਾ=ਵਿਚਾਰਾ, ਗਾਧੀ=ਅਮਰ ਪਦ)

15. ਹਠ-ਰਸ

ਨਾ ਕਰ ਤਪ ਸਿੰਗੀ ਰਿਖ ਹਠੀਏ !
ਰੁੱਸ ਨ ਕੁਦਰਤ ਨਾਲੋਂ,
ਲੁਕਵੇਂ ਤੇਜ ਵਸਣ ਇਸ ਅੰਦਰ,
ਸੂਖਮ ਹਨ ਜੋ ਵਾਲੋਂ,
ਹਠ ਤੋਂ ਟੱਪ, ਰੰਗੀਜ ਰੰਗ ਵਿਚ,
ਰਸੀਆ ਹੋ ਰਸ ਜਿੱਤੀਂ,
ਇਕ ਝਲਕਾਰੇ ਵਿਚ ਨਹੀਂ ਏ
ਗੁਆ ਦੇਸਣ ਇਸ ਹਾਲੋਂ ।੧੬।

16. ਬੇਖ਼ੁਦੀ

ਬੇਖ਼ੁਦੀਆਂ ਦੀ ਬੂਟੀ ਇਕ ਦਿਨ
ਮੁਰਸ਼ਿਦ ਘੋਲ ਪਿਲਾਈ,
ਝੂਟਾ ਇਕ ਅਰਸ਼ ਦਾ ਆਇਆ
ਐਸੀ ਪੀਂਘ ਘੁਕਾਈ,
ਘੂਕੀ ਘੂਕੇ ਚੜ੍ਹੇ ਤੇ ਘੂਕੇ
ਢਿੱਲੀ ਕਦੀ ਨ ਹੋਵੇ:
ਚਾਟ ਲਗਾਵਣ ਵਾਲਿਆ ਸਾਈਆਂ !
ਲਾਈ ਤੋੜ ਚੜ੍ਹਾਈਂ ।੧੭।

17. ਉੱਚੀ ਮੱਤਿ

ਫੜ ਫੜ ਦਿਲ ਨੂੰ ਬਹਿ ਬਹਿ ਜਾਵਾਂ
ਜਦ ਦਿਲਗੀਰੀਆਂ ਆਵਨ,
ਹਸ ਬੋਲੇ, ਹਸ ਤੱਕੇ ਸਾਂ ਜੋ
ਪਾ ਪਕੜਾਂ ਆ ਖਾਵਨ,
ਬੇਖ਼ੁਦੀਆਂ ਦੀ ਪੀਂਘੇ ਚੜ੍ਹਕੇ
ਕੀਕੁਣ ਮੈਂ ਸੁਖ ਪਾਵਾਂ ?
ਹੇਠਾਂ ਖਿੱਚਣ ਵਾਲੀਆਂ ਰੋਕਾਂ
ਪਿੱਛਾ ਨਾ ਛੱਡ ਜਾਵਨ ।੧੮।
ਦਿਲ ਦੀਆਂ ਪਕੜਾਂ ਟੁੱਟਣ ਤਾਹੀਓਂ
ਜੇ ਉੱਚੇ ਨੂੰ ਪਕੜੇਂ,
ਉਹ ਖਿੱਚੇ, ਤੂੰ ਹੰਭਲਾ ਮਾਰੇਂ
ਹੱਥ ਪਾਇਕੇ ਤਕੜੇ-
ਠੱਗ ਲਵੇਂ ਸੁੰਦਰਤਾ ਉਸ ਦੀ
ਅਪਣੇ ਹਿਤ ਵਿਚ ਬੰਨ੍ਹੇ,
ਪਹੁਪੰਧ ਤੇਰੇ ਹੋਣ ਮੋਕਲੇ
ਖੁਲ੍ਹ ਜਾਵਣ ਬੰਦ ਜਕੜੇ ।੧੯।

18. ਪਿੰਜਰੇ ਪਿਆ ਪੰਛੀ
ਪਿੰਜਰੇ ਦੀ ਸਲਾਹੁਤ ਕਰਨ ਵਾਲੇ ਨੂੰ

ਜ਼ਾਲਮ ਖੜਾ ਹਵਾ ਖੁੱਲ੍ਹੀ ਵਿਚ
ਆਖੇ, 'ਪਿੰਜਰਾ ਸੁਹਣਾ',-
ਵਿਚ ਆ ਜਾਵੇਂ ਫਿਰ ਮੈਂ ਪੁੱਛਾਂ:
'ਕਿੰਨਾ ਹੈ ਮਨ-ਮੁਹਣਾ ?'
ਪਰ ਤੋਂ ਹੀਨ, ਧਰਾ ਦੇ ਕੈਦੀ
ਓ ਮੂਰਖ ਦਿਲ ਕਰੜੇ !
ਉੱਡਣਹਾਰੇ ਪੰਛੀ ਨੂੰ ਇਹ
ਸੁਹਣਾ ਹੈ ਜਿੰਦ ਕੁਹਣਾ ।੨੦।
ਜ਼ਾਲਮ ਨੂੰ ਰੰਗ ਸੁਹਣਾ ਲੱਗਾ,
ਮਿੱਠੀ ਲੱਗੀ ਬਾਣੀ,-
ਵਾਹ ਵਾ ਕਦਰ ਗੁਣਾਂ ਦੀ ਪਾਈ !
ਛਹਕੇ ਜਾਲੀ ਤਾਣੀ,
ਪਕੜ ਪਿੰਜਰੇ ਪਾਇ ਵਿਛੋੜਿਆ
ਸਾਕ ਸਨੇਹੀਆਂ ਨਾਲੋਂ,
ਭੱਠ ਪਵੇ ਇਹ ਕਦਰ ਤੁਹਾਡੀ
ਖੇਹ ਇਸ ਯਾਰੀ ਲਾਣੀ ।੨੧।

19. ਅੱਜੋ

ਅੱਜੋ ਪੀ ਤੇ ਹੁਣ ਹੀ ਪੀ ਤੇ-
ਪੀਂਦਾ ਪੀਂਦਾ ਜਾਈਂ,
'ਪਿਰਮ-ਰਸਾਂ' ਦੇ ਪਯਾਲੇ ਨਾਲੋਂ
ਲਾਏ ਬੁੱਲ੍ਹ ਨ ਚਾਈਂ,
ਹਰਦਮ ਪੀ ਤੇ ਖੀਵਾ ਹੋ ਰਹੁ
ਇਹ ਮਸਤੀ ਨ ਉਤਰੇ,-
ਕਲ ਨੂੰ ਖ਼ਬਰੇ ਕਾਲ ਆਇਕੇ
ਦੇਵੇ ਖਾਕ ਰਲਾਈ ।੨੨।

20. ਲੱਗੀਆਂ ਨਿੱਭਣ

ਪੱਥਰ ਨਾਲ ਨੇਹੁੰ ਲਾ ਬੈਠੀ-
ਨਾ ਹੱਸੇ ਨਾ ਬੋਲੇ,
ਸੁਹਣਾ ਲੱਗੇ ਮਨ ਨੂੰ ਮੋਹੇ
ਘੁੰਡੀ ਦਿਲੋਂ ਨ ਖੁਹਲੇ,
ਛੱਡਯਾਂ ਛੱਡਿਆ ਜਾਂਦਾ ਨਾਹੀਂ,
ਮਿਲਿਆਂ ਨਿੱਘ ਨ ਕੋਈ:
ਹੱਛਾ ਜਿਵੇਂ ਰਜ਼ਾ ਹੈ ਤੇਰੀ,
ਅੱਖੀਅਹੁੰ ਹੋਹੁ ਨ ਉਹਲੇ ।੨੩।

21. ਭੈ ਵਿਚ

ਬੱਦਲ ਆਇਆ ਦੇਖ ਕੰਬਿਆ
ਪਰਬਤ, -ਸ਼ੋਰ ਮਚਾਇਆ:
'ਮਿੱਠੇ ਬਣ ਅੰਦਰ ਵੜ ਲੋਟੂ
ਫਿਰ ਫੇਰਾ ਆ ਪਾਇਆ ?
'ਕੱਜਣ ਐਡਾ ਕਿੱਥੋਂ ਲਯਾਵਾਂ ?
ਲਵੇ ਲੁਕਾ ਜੋ ਮੈਨੂੰ ।
'ਹੇ ਸਰਪੋਸ਼ ਜਗਤ ਦੇ ਓਲ੍ਹਣ !
ਰੱਖੋ ਕਰਕੇ ਦਾਇਆ' ।੨੪।
ਮਿੱਠੀ ਖਿਰਨ ਬੋਲਿਆ ਬੱਦਲ
ਹਿਰਦਾ ਚਮਕ ਦਿਖਾਇਆ :-
'ਲੇਖਾ ਸਾਫ ਨ ਮੈਂ ਕੁਛ ਪੱਲੇ,
ਤੈਂ ਦਿੱਤਾ ਵੰਡ ਆਇਆ;
'ਉਹ ਦਾਤਾ, ਭੰਡਾਰੀ ਤੂੰ ਹੈਂ
ਮੈਂ ਹਾਂ ਵੰਡਣ ਹਾਰਾ,
'ਭੈ ਵਿਚ ਕਾਰ ਤੁਸਾਂ ਮੈਂ ਕਰਨੀ-
ਸਭ ਮਾਲਕ ਦੀ ਮਾਇਆ' ।੨੫।

22. ਰਉਂ ਰੁਖ਼

ਸਾਗਰ ਪੁਛਦਾ :-'ਨਦੀਏ ! ਸਾਰੇ
ਬੂਟੇ ਬੂਟੀਆਂ ਲਯਾਵੇਂ,
ਪਰ ਨਾ ਕਦੀ ਬੈਂਤ ਦਾ ਬੂਟਾ
ਏਥੇ ਆਣ ਪੁਚਾਵੇਂ ?'
ਨਦੀ ਆਖਦੀ :-'ਆਕੜ ਵਾਲੇ,
ਸਭ ਬੂਟੇ ਪਟ ਸੱਕਾਂ,
'ਪਰ ਜੋ ਝੁਕੇ ਵਗੇ ਰਉਂ ਰੁਖ਼ ਨੂੰ
ਪੇਸ਼ ਨਾ ਉਸ ਤੇ ਜਾਵੇ' ।੨੬।

23. ਯਾਦ

'ਯਾਦ ਸਜਨ ਦੀ' ਹਰਦਮ ਰਹਿੰਦੀ
ਲਹਿ ਗਈ ਡੂੰਘੇ ਥਾਈਂ,
ਵਾਂਗ ਸੰਗੀਤ ਲਹਿਰਦੀ ਅੰਦਰ
ਬਣ ਗਈ ਰਾਗ ਇਲਾਹੀ ।
ਦਾਰੂ ਵਾਂਗ ਸਰੂਰ ਚਾੜ੍ਹਦੀ,
ਤਰਬ ਵਾਂਗ ਥਰਰਾਵੇ,
ਖਿੱਚੇ ਤੇ ਰਸ ਭਿੰਨੀ ਕਸਕੇ-
ਲੱਗੇ ਫਿਰ ਸੁਖਦਾਈ ।੨੭।

24. ਇਲਮ, ਅਮਲ

ਸਿਰ ਕਚਕੌਲ ਬਨਾ ਹਥ ਲੀਤਾ
ਪੜ੍ਹਿਆਂ ਦਵਾਰੇ ਫਿਰਿਆ,
ਦਰ ਦਰ ਦੇ ਟੁਕ ਮੰਗ ਮੰਗ ਪਾਏ,
ਤੁੰਨ ਤੁੰਨ ਕੇ ਇਹ ਭਰਿਆ;
ਭਰਿਆ ਵੇਖ ਅਫਰਿਆ ਮੈਂ ਸਾਂ
ਜਾਣਾਂ ਪੰਡਤ ਹੋਇਆ,-
ਟਿਕੇ ਨ ਪੈਰ ਜ਼ਿਮੀਂ ਤੇ ਮੇਰਾ
ਉੱਚਾ ਹੋ ਹੋ ਟੁਰਿਆ ।੨੮।
ਇਕ ਦਿਨ ਏ ਕਚਕੌਲ ਲੈ ਗਿਆ
ਮੁਰਸ਼ਿਦ ਮੁਹਰੇ ਧਰਿਆ:
ਜੂਠ ਜੂਠ ਕਰ ਉਸ ਉਲਟਾਇਆ
ਖਾਲੀ ਸਾਰਾ ਕਰਿਆ;
ਮਲ ਮਲ ਕੇ ਫਿਰ ਧੋਤਾ ਇਸ ਨੂੰ
ਮੈਲ ਇਲਮ ਦੀ ਲਾਹੀ:
ਦੇਖੋ, ਇਹ ਕਚਕੌਲ ਲਿਸ਼ਕਿਆ;
ਕੰਵਲ ਵਾਂਙ ਫਿਰ ਖਿੜਿਆ ।੨੯।

25. ਅਮਲੀ-ਸੋਫੀ

ਦਿਹ ਇਕ ਬੂੰਦ ਸੁਰਾਹੀਓਂ ਸਾਨੂੰ,
ਇੱਕੋ ਹੀ ਦਿਹ ਸਾਈਂ !
ਅੱਧੀ ਅੱਧ ਪਚੱਧੀ ਦੇ ਦੇ
ਨਿੱਕੀ ਹੋਰ ਗੁਸਾਈਂ !
ਇੱਕ ਵੇਰ ਇੱਕ ਕਣੀ ਦਿਵਾ ਦੇ,
ਸੂਫੀ ਅਸੀਂ ਨ ਰਹੀਏ-
ਇੱਕ ਵੇਰ ਦਰ ਖਲਿਆਂ ਤਾਈਂ
ਸਾਈਂ ਸਵਾਦ ਚਖਾਈਂ ।੩੦।

26. ਸੰਗੀਤ

ਉੱਚੇ ਭਾਵ ਵਲਵਲੇ ਸੁਹਣੇ,
ਸੂਖਮ ਰੰਗ ਸੁਹਾਵਨ,
ਸਰਦ ਮਿਹਰ ਦੁਨੀਆਂ ਨੂੰ ਮਿਲ ਮਿਲ
ਠਰ ਠਰ ਜੰਮ ਜੰਮ ਜਾਵਨ :-
ਰਾਗ ਇਨ੍ਹਾਂ ਨੂੰ ਨਿੱਘ ਪੁਚਾਵੇ
ਮੁੜ ਸੁਰਜੀਤ ਕਰਾਵੇ:
ਤਾਹੀਓਂ ਰਸੀਏ ਏਸ ਰਾਗ ਨੂੰ
'ਪੌੜੀ ਅਰਸ਼' ਸਦਾਵਨ ।੩੧।

27. ਵਿਛੋੜਾ-ਵਸਲ

ਸਾਬਣ ਲਾ ਲਾ ਧੋਤਾ ਕੋਲਾ,
ਦੁੱਧ ਦਹੀਂ ਵਿਚ ਪਾਇਆ,
ਖੁੰਬ ਚਾੜ੍ਹ, ਰੰਗਣ ਭੀ ਧਰਿਆ
ਰੰਗ ਨ ਏਸ ਵਟਾਇਆ;
ਵਿੱਛੁੜ ਕੇ ਕਾਲਖ ਸੀ ਆਈ
ਬਿਨ ਮਿਲਿਆਂ ਨਹੀਂ ਲਹਿੰਦੀ;
ਅੰਗ ਅੱਗ ਦੇ ਲਾਕੇ ਦੇਖੋ
ਚੜ੍ਹਦਾ ਰੂਪ ਸਵਾਇਆ ।੩੨।

28. ਬ੍ਰਿੱਛ

ਧਰਤੀ ਦੇ ਹੇ ਤੰਗ-ਦਿਲ ਲੋਕੋ !
ਨਾਲ ਅਸਾਂ ਕਿਉਂ ਲੜਦੇ ?
ਚੌੜੇ ਦਾਉ ਅਸਾਂ ਨਹੀਂ ਵਧਣਾ,
ਸਿੱਧੇ ਜਾਣਾ ਚੜ੍ਹਦੇ;
ਘੇਰੇ ਤੇ ਫੈਲਾਉ ਅਸਾਡੇ
ਵਿਚ ਅਸਮਾਨਾਂ ਹੋਸਣ;
ਗਿੱਠ ਥਾਉਂ ਧਰਤੀ ਤੇ ਮੱਲੀ,
ਅਜੇ ਤੁਸੀਂ ਹੋ ਲੜਦੇ ? ।੩੩।

29. ਲਾ ਮਕਾਂ

ਦਿਲ ਵਰਜਿਆ ਨਹੀਂ ਰਹਾਂਦਾ
ਜਾ ਖਹਿੰਦਾ ਓਸ ਟਿਕਾਣੇ,-
ਇਕ ਲਾਮਕਾਨੀ ਡੇਰਾ
ਜਾ ਉਸਦੇ ਬੁਰਜ ਸਿਆਣੇ,
ਵਿਚ ਸਯਾਣ ਆਪ ਗੁੰਮ ਹੁੰਦਾ
ਰਹੇ ਅਗ੍ਹਾਂ ਪਿਛਾਂ ਨਾ ਜੋਗਾ,
ਜਦ ਮੁੜਦਾ, ਰਸ ਵਿਚ ਗੁਟਕੇ
ਪਰ ਦੱਸੇ ਨਾ ਕੁਝ ਜਾਣੇ ।੩੪।

(ਲਾਮਕਾਨੀ=ਦੇਸ਼ ਕਾਲ ਤੋਂ ਰਹਿਤ)

30. ਉੱਚੀ ਨਜ਼ਰ

ਉੱਚਾ ਉੱਠ ਜ਼ਿਮੀਂ ਤੋਂ ਪਯਾਰੇ,
ਤੈਨੂੰ ਖੰਭ ਰੱਬ ਨੇ ਲਾਏ,-
ਉਹ ਕਿਉਂ ਰਿੜ੍ਹੇ ਗੋਡਿਆਂ ਪਰਨੇ
ਜੋ ਉਡ ਅਸਮਾਨੀਂ ਜਾਏ ?
ਉੱਚੀ ਨਜ਼ਰ ਤੇ ਹਿੰਮਤ ਉੱਚੀ,
ਦਾਈਆ ਉੱਚਾ ਰੱਖੀ,
ਅਰਸ਼ੀ ਤਾਣ ਜਿਹਦੇ ਹੋ ਪੱਲੇ
ਉਹ ਕਿਉਂ ਭੁੰਜੇ ਆਏ ? ।੩੫।

31. ਦੁਵੱਲੀ ਝਾਕ

ਤਟ ਤੇ ਬੈਠ ਮੁਨੀ ਜੀ ਬਾਂਕੇ
ਦੁਹੁੰ ਵੱਲੀਂ ਹੀ ਝਾਕ ਰਹੇ,-
ਥਲ ਵੰਨੇ ਫਿਰ ਜਲ ਵੰਨੇ ਤੇ
ਫਿਰ ਥਲ ਫਿਰ ਜਲ ਤਾਕ ਰਹੇ:
ਗਰਦ ਪੈਣ ਤੇ ਭਿੱਜਣ ਕੋਲੋਂ
ਦੁਹੁੰ ਗੱਲੋਂ ਇਉਂ ਪਾਕ ਰਹੇ,
ਪਰ ਆਖਰ ਨੂੰ ਅੰਨ ਪਾਣੀਓਂ
ਵਾਂਜੇ ਗਏ, ਦੁਫਾਂਕ ਰਹੇ ।੩੬।

32. ਹੱਦੋਂ ਪਾਰ ਨ ਹੋਈ

ਉੱਡੀ ਉੱਡ ਚੜ੍ਹੀ ਅਸਮਾਨੀਂ
ਬੱਦਲਾਂ ਤੇ ਜਾ ਬੈਠੀ ਛੋਪ,
ਓਥੇ ਭੀ ਅਸਮਾਨ ਇਹੋ, ਹਾਇ
ਤਣਿਆਂ ਨੀਲਾ ਸਿਰ ਸਿਰਟੋਪ !
ਉੱਡੀ ਹੋਰ ਤਬਕ ਚੌਦਾਂ ਤੇ
ਨਖਯੱਤਰਾਂ ਤੋਂ ਲੰਘੀ ਦੂਰ,
ਨਾਲੋ ਨਾਲ ਰਿਹਾ ਸਿਰ ਘੁੰਮਦਾ
ਚੱਕਰ ਦੇਂਦਾ ਨੀਲਾ ਘੋਪ ।੩੭।

33. ਕਿਵੇਂ ਨ ਫਧੀਂਦਾ

ਦੇ ਦਰਸ਼ਨ ਅੱਖਾਂ ਮਸਤਾਂਦਾ
ਪਾਇ ਤਣਾਵਾਂ ਕੱਸਦਾ,
ਝਰਨਾਟਾਂ ਜੋ ਜਾਣ ਨ ਝੱਲੀਆਂ
ਮਨ ਨੂੰ ਪਾ ਪਾ ਦੱਸਦਾ,
ਬੁੱਲ੍ਹਾਂ ਤੇ ਬਹਿ ਕਦੇ ਆਪ ਆ
ਹੱਸੇ ਰਸੇ ਰਸਾਵੇ,
ਅੰਦਰ ਵੜੇ, ਵਲਵਲੇ ਛੇੜੇ,
ਤੁਣੁਕੇ ਦੇ ਦਿਲ ਖੱਸਦਾ ।੩੮।
ਮੋਹੀ ਮੱਤੀ ਤੇ ਰਸਲਹਿਰੀ
ਫੜਨ ਉੱਠਾਂ, ਉਠ ਨੱਸਦਾ,
ਮਿਲਿਆਂ ਫੜਿਆਂ ਹੱਥ ਨ ਆਵੇ
ਵੱਸ ਕਿਸੇ ਨਹੀਂ ਵੱਸਦਾ,
ਕੋਮਲ ਪਯਾਰ ਬੁੱਲ੍ਹਾਂ ਦੇ ਆਦਰ
ਕਿਵੇਂ ਫਧੀਂਦਾ ਨਾਹੀਂ,
ਪਾਇ ਭੁਲੇਵਾਂ ਤਿਲਕ ਜਾਂਵਦਾ,
ਗਲਵੱਕੜੀ ਨਹੀਂ ਫਸਦਾ ।੩੯।

34. ਰਾਗ ਦੀ ਸੁਰ

ਸੁਰ ਇਕ ਕੋਮਲ ਗਲਿਓਂ ਨਿਕਲੀ
ਮੇਰੇ ਪਾਸ ਖੜੋਤੀ ਆਇ,
ਕੰਬੇ ਤੇ ਲਹਿਰੇ ਥਰਰਾਂਦੀ
ਦਿੱਤੀ ਇਕ ਝਰਨਾਟ ਛਿੜਾਇ,
ਆਪਾ ਕੰਬ ਸਰੂਰ ਹੋ ਗਿਆ,
ਸਵਪਨ ਵੰਨ ਰੰਗ ਰੂਪ ਅਰੂਪ,
ਅਰਸ਼ ਕੁਰਸ਼ ਦੇ ਝੂਟੇ ਝੂੰਮੇਂ
ਲਾ ਮਕਾਨੀ ਡੋਬ ਡੁਬਾਇ ।੪੦।

35. ਜਿਤ ਵਲ ਨਜ਼ਰ ਉਤੇ ਵਲ ਸੱਜਣ

ਨੈਣਾਂ ਦੇ ਵਿਚ ਸਜਨ ਬਹਾਇਆ
ਉਹ ਹੇਠਾਂ ਨੂੰ ਧਸਿਆ,
ਧਸਿਆ ਅੰਦਰਲੇ ਦੇ ਅੰਦਰ
ਜਾ ਡੂੰਘਾਣੀਂ ਫਸਿਆ,
ਨੈਣ ਮੀਟਿਆਂ ਅੰਦਰ ਦਿਸਦਾ,
ਖੁਲ੍ਹਿਆਂ ਬਾਰ੍ਹ ਦਿਸੀਵੇ,
ਜਿਤ ਵਲ ਨਜ਼ਰ ਉਤੇ ਵਲ ਦਿਸਦਾ,
ਵਣ ਤਿਣ ਸੱਜਣ ਵਸਿਆ ।੪੧।

36. ਅਰਸ਼ਾਂ ਵਲ ਨਜ਼ਰ

ਅੱਖੀਆਂ ਜੇ ਘੁਮਿਆਰ ਮੈਂਡੜਾ
ਸਿਰ ਮੇਰੇ ਤੇ ਲਾਂਦਾ,
ਸਹੁੰ ਅੱਲਾ ਦੀ ਨਜ਼ਰ ਸਦਾ ਮੈਂ
ਅਰਸ਼ਾਂ ਵੱਲ ਰਹਾਂਦਾ,
ਹੁਣ ਅੱਖਾਂ ਹਨ ਮੱਥੇ ਥੱਲੇ,
ਰੁਖ਼ ਏਹਨਾਂ ਦਾ ਹੇਠਾਂ,
ਨੀਵੀਂ ਤੱਕ ਮੇਰੀ ਇਸ ਰੁਖ਼ ਤੋਂ
ਜ਼ੋਰ ਨ ਪਾਰ ਵਸਾਂਦਾ ।੪੨।
ਇਹ ਤਾਂ ਸੱਚ ਅਜ਼ਲ ਨੇ ਅੱਖਾਂ
ਸਿਰ ਤੇਰੇ ਨਹੀਂ ਲਾਈਆਂ,
ਪਰ ਗਿੱਚੀ ਦੀਆਂ ਨਾੜਾਂ ਉਸਨੇ
ਲਚਕਾਂ ਦੇ ਦੇ ਪਾਈਆਂ,
ਦਿੱਤੀ ਖੁੱਲ੍ਹ ਨਜ਼ਰ ਦੀ, ਤੱਕੇਂ
ਹੇਠਾਂ ਉੱਪ੍ਰ ਚੁਫੇਰੇ,-
ਹੁਣ ਜੇ ਲੋਅ ਉਤਾਹਾਂ ਲਾਵੇਂ
ਤਾਂ ਤੇਰੀਆਂ ਵਡਿਆਈਆਂ ।੪੩।

37. ਨਾਮ, ਧਯਾਨ, ਰਜ਼ਾ

ਨਾਮ ਸਜਣ ਦਾ ਜੀਭ ਚੜ੍ਹ ਗਿਆ,
ਜਾਂ ਸੱਜਣ ਉੱਠ ਤੁਰਿਆ ।
ਮੱਲ ਲਏ ਦੋ ਨੈਣ ਧਯਾਨ ਨੇ,
ਸਬਕ ਰਜ਼ਾ ਦਾ ਫੁਰਿਆ,
ਬਿਰਹੋਂ ਦੇ ਹੱਥ ਸੌਂਪ ਅਸਾਨੂੰ
ਜੇ ਸੱਜਣ ! ਤੂੰ ਰਾਜ਼ੀ,
ਯਾਦ ਤੁਸਾਡੀ ਛੁਟੇ ਨ ਸਾਥੋਂ,
ਪਯਾਰ ਰਹੇ ਲੂੰ ਪੁੜਿਆ ।੪੪।

38. ਸਿਞਾਣ

ਮਿਸਰੀ ਕਿਸੇ ਬਨਾਂਦਿਆਂ, ਹੇਠਾਂ
ਜਦੋਂ ਕੜਾਹੀ ਲਾਹੀ,
ਕੋਲੇ ਕੋਲੇ ਖੰਡ ਹੋ ਗਈ
ਵੇਖ ਵੇਖ ਪਛੁਤਾਹੀ,
ਹੇ ਭੋਲੇ ! ਜਿਸ ਸੇਕ ਨਾਕ ਸੀ
ਸ਼ਰਬਤ ਮਿਸ਼ਰੀ ਬਣਨਾ,
ਤਾਰ ਸਿਞਾਤੀ ਨਹੀਂ ਓਸਦੀ,
ਸਯਾਣ ਬਿਨਾਂ ਸੁਖ ਨਾਹੀਂ ।੪੫।

39. ਦਰਦ ਦੇਖ ਦੁਖ ਆਂਦਾ

ਦੁਨੀਆਂ ਦਾ ਦੁਖ ਦੇਖ ਦੇਖ ਦਿਲ
ਦਬਦਾ ਦਬਦਾ ਜਾਂਦਾ,
ਅੰਦਰਲਾ ਪੰਘਰ ਵਗ ਟੁਰਦਾ
ਨੈਣੋਂ ਨੀਰ ਵਸਾਂਦਾ,
ਫਿਰ ਬੀ ਦਰਦ ਨ ਘਟੇ ਜਗਤ ਦਾ
ਚਾਹੇ ਆਪਾ ਵਾਰੋ,
ਪਰ ਪੱਥਰ ਨਹੀਂ ਬਣਿਆਂ ਜਾਂਦਾ
ਦਰਦ ਦੇਖ ਦੁਖ ਆਂਦਾ ।੪੬।

40. ਬਖਸ਼ਿਸ਼ ਤੇ ਕਰਮ

'ਤੂੰ ਪਾਪੀ' 'ਤੂੰ ਪਾਪੀ' ਕਹਿ ਕਹਿ
ਪੰਡਤ ਜਿੰਦ ਸੁਕਾਈ,
ਬਖਸ਼ਣ ਵਾਲਾ ਮਿੱਤੋਂ ਬਾਹਰ,
ਅਸੀਂ ਮਿੱਤ ਵਿਚ ਭਾਈ,
ਮਿਤ ਵਾਲੇ ਦੇ ਕਰਮ ਅਮਿੱਤੇ
ਕਦੇ ਨਹੀਂ ਹੋ ਸਕਦੇ,
ਬਖਸ਼ ਅਮਿੱਤੇ ਦੀ ਜਿਤ ਪਾਊ
ਮਿਤ ਦੇ ਕਰਮ ਉਡਾਈ ।੪੭।

41. ਬਰਦਾ ਕਿ ਮਾਲਕ ?

ਇਕ ਮੇਲੇ ਵਿਚ ਫਿਰੇ ਆਦਮੀ
ਗਲ ਵਿਚ ਫੱਟੀ ਪਾਈ,-
ਫੱਟੀ ਤੇ ਲਿਖਿਆ, 'ਮੈਂ ਬਰਦਾ,
ਵਿਕਾਂ, ਲਓ ਕੁਈ ਭਾਈ',
ਲੈਣ ਲਗੇ ਮੈਨੂੰ ਕਿਸਿ ਕਹਿਆ :
'ਏ ਮਾਲਕ ਨਹੀਂ ਟੋਲੇ,
ਏਸ ਭੇਸ ਇਹ ਬਰਦਾ ਲੱਭੇ,
ਚਾਹੇ ਹੁਕਮ ਚਲਾਈ' ।੪੮।

42. ਆਪੇ ਦਾ ਉਛਾਲ

ਆਪਾ ਉਛਲ ਉਛਾਲੇ ਖਾਵੇ,
ਤਾਂ ਤੈਨੂੰ ਰਸ ਆਵੇ,
ਰਸ ਦੂਏ ਵਿਚ ਕਿੱਥੋਂ ਧਰਿਆ
ਜੋ ਤੈਨੂੰ ਭਰਮਾਵੇ ?
ਰਸ ਅਪਣਾ ਜੋ ਲਖੇਂ ਦੂਏ ਤੋਂ
ਤੇਰਾ ਹਈ ਉਛਾਲਾ,-
ਸਮਝ, ਸੰਭਾਲ, ਉਛਾਲ ਆਪਣਾ,
ਟੋਟਾ ਫੇਰ ਨ ਆਵੇ ।੪੯।

43. ਰੌਸ਼ਨ ਆਰਾ (ਸਮਾਧ 'ਚੋਂ)

ਕਿਉਂ ਜਕਦੇ ਹਨ ਕਦਮ ਤੁਸਾਡੇ
ਬਾਗ਼ ਅਸਾਡਾ ਵੜਦੇ ?
ਅਰਜ਼ ਨ ਕਰਦੇ, ਮੰਗ ਨ ਮੰਗਦੇ,
ਪੱਲਾ ਅਸੀਂ ਨ ਫੜਦੇ,
ਖ਼ਾਕ ਬਾਗ਼ ਵਿਚ ਖਾਕ ਹੋ ਗਏ
ਹੈ ਨਿਸ਼ਾਨ ਇਕ ਬਾਕੀ,
ਭਲਾ ਜਿ 'ਸਾਡੀ ਯਾਦ' ਕਦੇ ਇਹ
ਦਿਲ ਤੁਹਾਡੇ ਮੁੜ ਜੜਦੇ ।੫੦।

44. ਰੌਸ਼ਨ ਆਰਾ ਯਾਤ੍ਰੀਆਂ ਨੂੰ

ਮੇਰੀ ਕਬਰ ਉਦਾਲੇ ਕੁਦਰਤ
ਬਾਗ਼ ਸੁਹਾਵਾ ਲਾਇਆ,-
ਬਾਗ਼ ਸੈਰ ਨੂੰ ਸਭ ਕੁਈ ਆਵੇ
ਕਬਰੋਂ ਪਰੇ ਰਹਾਇਆ,-
ਲੋਥ ਨਹੀਂ, ਵੇ ਲੋਕੋ ! ਮੈਂ ਹਾਂ,
ਕਿਉਂ ਜਕਦੇ ਤੇ ਹਟਦੇ ?
ਫੁਲ, ਫਲ, ਫਲੀ, ਕਲੀ ਤੇ ਪੱਤੇ
ਮਹੀਓਂ ਰੂਪ ਵਟਾਇਆ ।੫੧।

45. ਦਿੱਲੀ ਦੀ ਇਕ ਬੇ ਨਿਸ਼ਾਂ ਸਮਾਧ

ਜੀਂਵਦਿਆਂ ਨ ਮਿਲਿਆ ਸੁਹਣਾ,
ਅੰਤ ਸਮੇਂ ਨ ਆਇਆ,
ਮੁਖਯਾਤ੍ਰਾ ਨ ਕੀਤਯੁਸ ਆਕੇ,
ਸਿਹਰਾ ਬੀ ਨ ਭਿਜਵਾਯਾ,
ਬਣੀ ਸਮਾਧ, ਜਗਤ ਆ ਢੁੱਕਾ,
ਸੁਹਣੇ ਝਾਤ ਨ ਪਾਈ,
ਸ਼ਾਲਾ ! ਮਿਟੇ ਨ ਤਾਂਘ ਅਸਾਡੀ,
ਤੁਸੀਂ ਕਰੋ ਮਨ ਭਾਇਆ ।੫੨।

46. ਆਪੇ ਵਿਚ ਆਪਾ

ਅੰਮੀਂ ਨੀ ! ਕਲਵਲ ਹੋ ਉਠੀਆਂ
ਮੈਂ ਡਿੱਠਾ ਇਕ ਸੁਪਨਾ ਸੀ,-
ਮੇਰੀ 'ਮੈਂ' ਵਿਚ ਹੋਰ ਕੁਈ ਨੀ
ਦਿਸਨਾ ਸੀ, ਪਰ ਛੁਪਨਾ ਸੀ ।
ਮੁੰਹਦਾ ਤੇ ਝਰਨਾਟ ਛੇੜਦਾ,
ਚਸਕ ਮਾਰ ਠੰਢ ਪਾਵੇ ਓ,-
ਦੱਸ ਕੌਣ ਓ, ਕਦੋਂ ਵੜ ਗਿਆ
ਕਿਉਂ ਦਿਸਨਾ, ਕਿਉਂ ਲੁਕਨਾ ਸੀ ? ।੪੩।

47. ਜੌਹਰੀ

ਸ਼ਹੁ ਦਰਿਯਾਵੇ ਖੇਡੰਦੜੀ ਨੂੰ
ਗੀਟੜੀਆਂ ਲਭ ਪਈਆਂ,
ਨਵੇਂ ਰੰਗ ਤੇ ਨਵੇਂ ਵੰਨ ਤੇ
ਨਵੇਂ ਸੁਹਜ ਫਬ ਰਹੀਆਂ,
ਪਰ ਮੈਂ ਗੀਟਿਆਂ ਵਾਂਗ ਉਛਾਲਾਂ
ਬਾਲਾਂ ਵਾਂਙੂ ਖੇਡਾਂ,
ਉੱਤੋਂ ਆ ਨਿਕਲਯਾ ਇਕ ਜੌਹਰੀ
ਉਨ ਗੀਟਿਆਂ ਚਾ ਲਈਆਂ ।੫੪।
ਦੇਖ ਪਰਖ, ਸਿਰ ਫੇਰ ਆਖਦਾ,
'ਕੀ ਇਨ੍ਹ ਨਾਉਂ ਧਰਾਵੀਂ ?
ਨਾ ਨੌ ਰਤਨ, ਚੁਰਾਸੀ ਸੰਗ ਨ
ਕੀਮਤ ਕਿਵੇਂ ਜਚਾਵੀਂ ?'
ਅਸਾਂ ਕਿਹਾ, 'ਛੱਡ ਖਹਿੜਾ ਹਾਲੇ,
ਖੇਡਣ ਦਿਹ ਖਾਂ ਸਾਨੂੰ,
ਗਿਣਤੀ ਜਦੋਂ ਤ੍ਰਯਾਨਵਿਓਂ ਤੇਰੀ
ਵਧੂ, ਮੁੱਲ ਆ ਪਾਵੀਂ' ।੫੫।

(ਨੌ ਰਤਨ, ਚੁਰਾਸੀ ਸੰਗ(ਪੱਥਰ)
ਹੁੰਦੇ ਹਨ)

48. ਬੰਦ-ਖਲਾਸੀ

ਸਾਨੂੰ ਅਜਬ ਸ਼ਿਕਾਰੀ ਮਿਲਿਆ
ਫੜ ਪਿੰਜਰੇ ਵਿਚ ਪਾਂਦਾ,
ਪਰ ਪਿੰਜਰਾ ਨ ਬੰਦ ਕਰਾਂਦਾ
ਖਿੜਕੀ ਖੁਲ੍ਹੀ ਰਹਾਂਦਾ ।
ਅਸੀਂ ਕਦੇ ਜੇ ਬੰਦ ਕਰਾਈਏ,
ਉਹ ਫਿਰ ਖੁਹਲੇ ਖਿੜਕੀ;
'ਬੰਦ-ਖਲਾਸੀ' ਕਰਕੇ ਕੱਠੀਆਂ
ਅਚਰਜ ਰੰਗ ਜਮਾਂਦਾ ।੫੬।

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਵੀਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ