Toon Kion Nahin Bolda ? : Dr. Lakhwinder Singh Gill

ਤੂੰ ਕਿਉਂ ਨਹੀਂ ਬੋਲਦਾ? : ਲਖਵਿੰਦਰ ਸਿੰਘ ਗਿੱਲ (ਡਾ.)ਵਿਰਸਾ

ਤੰਗ ਕੱਚੀਆਂ ਗਲੀਆਂ 'ਚੋਂ ਲੰਘਦਿਆਂ ਮੈਂ ਸਿੱਖਿਆ ਹੈ ਪੈਰ ਸੰਭਲ-ਸੰਭਲ ਕੇ ਧਰਨਾ ਕੱਚੇ ਵਿਹੜਿਆਂ 'ਚ ਤੁਰਦਿਆਂ ਸਿੱਖ ਲਿਆ ਪੱਕੇ ਫ਼ਰਸ਼ਾਂ 'ਤੇ ਆਤਮ-ਵਿਸ਼ਵਾਸ ਨਾਲ ਤੁਰਨਾ ਸੱਥਾਂ ਤੋਂ ਸਿੱਖੀ ਹੈ ਮੈਂ ਆਪਣੇ ਆਪ 'ਤੇ ਹੱਸਣ ਦੀ ਜਾਚ ਤੇ ਘੂਰਦੀ ਜ਼ਿੰਦਗੀ ਨੂੰ ਮਸ਼ਕਰੀਆਂ ਕਰਨ ਦਾ ਹੁਨਰ ਬਿਨਾਂ ਚਾਰ ਦੀਵਾਰੀ ਵਾਲੇ ਸਕੂਲ 'ਚ ਪੜ੍ਹਦਿਆਂ ਨਫ਼ਰਤ ਹੀ ਹੋ ਗਈ ਵਲਗਣਾਂ ਤੋਂ ਭੁੰਜੇ ਘਾਹ 'ਤੇ ਬਹਿ ਆਕਾਸ਼ 'ਚ ਬਾਜ਼ੀਆਂ ਪਾਉਂਦੇ ਕਬੂਤਰਾਂ ਨੂੰ ਵੇਖ ਕਲਪਨਾ ਦੀਆਂ ਉਡਾਰੀਆਂ ਨੂੰ ਜਾਗ ਲੱਗੀ ਕਣਕਾਂ ਦੇ ਵੱਢ 'ਚ ਨੰਗੇ ਪੈਰੀਂ ਫਿਰਨ ਮਗਰੋਂ ਪੈਰਾਂ ਨੇ ਸਿੱਖ ਲਿਆ ਬਿਖ਼ੜੇ ਰਾਹਾਂ 'ਤੇ ਤੁਰਨਾ ਅਨਪੜ੍ਹ ਬਜ਼ੁਰਗਾਂ ਤੋਂ ਸਿੱਖ ਲਿਆ ਠੁੱਡ ਮਾਰ ਕੇ ਵੱਤਰ ਪਛਾਨਣਾ ਤੇ ਬੰਦਾ ਪਛਾਨਣਾ ਤੋਰ ਤੋਂ ਮੈਂ ਹਾਂ ਅਥਾਹ ਅਮੀਰ ਵਿਰਸੇ ਦਾ ਵਾਰਿਸ ਮੇਰੇ ਵਾਰਿਸਾਂ ਦਾ ਕੀ ਹੋਵੇਗਾ ਵਿਰਸਾ! ਮੈਂ ਸੋਚਦਾ ਰਹਿੰਦਾ ਹਾਂ...

ਮੇਰਾ ਪਿੰਡ ਬੋਲਿਆ

ਇਕ ਦਿਨ ਪਿੰਡ ਮੇਰਾ ਕੋਲ ਆ ਮੇਰੇ ਗਾਥਾ ਦਿਲ ਦੀ ਬਹਿ ਸੁਣਾਉਣ ਲੱਗਾ "ਕਿਹੜੀ ਹੋਈ ਖ਼ੁਨਾਮੀ ਹੈ ਦੱਸ ਮੈਥੋਂ" ਆਖ ਮੋਢਿਉਂ ਫੜ ਹਿਲਾਉਣ ਲੱਗਾ ਕਹਿੰਦਾ "ਯਾਦ ਈ ਜਦੋਂ ਤੂੰ ਪੈਰ ਨੰਗੇ ਮੇਰੇ ਸੀਨੇ 'ਤੇ ਮਸਤੀਆਂ ਮਾਰਦਾ ਸੈਂ ਕਾਗ਼ਜ਼ ਜੋੜ ਦੋ ਬਹੁਕਰ ਦੇ ਲੈ ਤੀਲੇ ਗੁੱਡੀ ਵਿਚ ਅਸਮਾਨ ਦੇ ਚਾੜ੍ਹਦਾ ਸੈਂ ਭੁੱਲੀਆਂ ਗੋਹਲਾਂ ਤੇ ਮਲ੍ਹਿਆਂ ਦੇ ਬੇਰ ਭੁੱਲੇ ਆਲ੍ਹਣੇ ਚਿੜੀਆਂ ਦੇ ਜਦੋਂ ਫਰੋਲਦਾ ਸੈਂ ਤੈਨੂੰ ਭੁੱਲ ਗਈ ਰਾਤ ਦੀ ਲੁਕਣ ਮੀਚੀ ਕੰਧਾਂ ਟੱਪ ਕੇ ਹਾਣੀ ਜਾ ਟੋਲਦਾ ਸੈਂ ਸਹੁੰ ਖਾਹ ਮੇਰੀ ਸੱਚੋ-ਸੱਚ ਦੱਸੀਂ ਤੇਰੇ ਸੁਪਨੇ 'ਚ ਕਦੇ ਮੈਂ ਆਇਆ ਕਿ ਨਹੀਂ? ਕੰਧਾਂ ਕੱਚੀਆਂ ਭੁਰਦੇ ਬਨੇਰਿਆਂ ਨੇ ਤੇਰਾ ਕੁੰਡਾ ਆ ਕਦੇ ਖੜਕਾਇਆ ਕਿ ਨਹੀਂ? ਖੇਡੀ ਤਾਸ਼ ਜੋ ਟਾਹਲੀ ਦੀ ਬਹਿ ਛਾਵੇਂ ਉਨ੍ਹਾਂ ਪਲਾਂ ਨੇ ਕਦੀ ਸਤਾਇਆ ਕਿ ਨਹੀਂ? ਜਦੋਂ ਹੱਸਦਾ ਸੈਂ ਬਾਪੂ ਨੂੰ ਸੀਪ ਲਾ ਕੇ ਉਨ੍ਹਾਂ ਹਾਸਿਆਂ ਕਦੇ ਰੁਆਇਆ ਕਿ ਨਹੀਂ? ਰਿਹਾ ਟੱਪਦਾ ਕੱਚਿਆਂ ਵਿਹੜਿਆਂ ਵਿਚ ਬਿਨਾਂ ਪੌੜੀਉਂ ਤੂੰ ਚੜ੍ਹ ਅਸਮਾਨ ਜਾਂਦਾ ਪਾ ਕੇ ਮੋਢੇ ਗੁਲੇਲ ਸੈਂ ਇਉਂ ਫਿਰਦਾ ਜਿਵੇਂ ਅਰਜਨ ਲੈ ਤੀਰ ਕਮਾਨ ਜਾਂਦਾ ਲਏ ਮਜ਼ੇ ਜੋ ਖੂਹ 'ਤੇ ਚੂਪ ਗੰਨੇ ਉਹ ਮਜ਼ੇ ਫਿਰ ਪਰਤ ਕੇ ਆਏ ਕਿ ਨਹੀਂ? ਗਿਣੇ ਤਾਰੇ ਜੋ ਕੋਠੇ 'ਤੇ ਸੌਣ ਲੱਗਿਆਂ ਤੇਰੇ ਨਾਲ ਨੇ ਉਨ੍ਹਾਂ ਦੇ ਸਾਏ ਕਿ ਨਹੀਂ? ਸ਼ਹਿਰੋਂ ਆਉਂਦੀ ਹਵਾ ਤੋਂ ਭਿਣਕ ਪੈਂਦੀ ਕਹਿੰਦੇ ਖੁਸ਼ੀ ਉਹ ਤੈਨੂੰ ਤਲਾਕ ਦੇ ਗਈ ਤੇਰੀ ਅਕਲ ਨੇ ਤੈਨੂੰ ਗ਼ਰੀਬ ਕੀਤਾ ਹਾਸੇ ਖੋਹ ਤੇਰੀ ਬੁੱਕ 'ਚ ਖ਼ਾਕ ਦੇ ਗਈ ਤੂੰ ਜਾ ਕੇ ਭੈੜਿਆ ਪਰਤਿਆ ਨਹੀਂ ਤੈਨੂੰ ਕੀ ਦੱਸਾਂ ਉਥੇ ਕਿਸ ਭਾਅ ਵਿਕਦੀ ਜਿੱਥੇ ਦੁੱਧ ਤੇ ਦਹੀਂ ਸੀ ਪਿਆ ਰੁਲਦਾ ਅੱਜ ਉਥੇ ਗਲਾਸੀ 'ਚ ਚਾਹ ਵਿਕਦੀ ਚਿੜੀ ਚੂਕਦੀ ਨਹੀਂ ਹੁਣ ਪਹੁ ਫੁੱਟੇ ਨਾ ਦੁੱਧ ਦੇ ਵਿਚ ਮਧਾਣੀਆਂ ਨੇ ਪੁੱਤ ਤੋਰ ਕੇ ਰੋਟੀ ਦੀ ਭਾਲ ਖ਼ਾਤਰ ਪੱਲੇ ਬੰਨ੍ਹ ਲਏ ਹਉਕੇ ਸਵਾਣੀਆਂ ਨੇ ਕੁੜੀਆਂ ਕੱਢਣ ਨਾ ਮੋਰ ਹੁਣ ਚਾਦਰਾਂ 'ਤੇ ਨਾ ਤੀਆਂ 'ਤੇ ਰੌਣਕਾਂ ਲਗਦੀਆਂ ਨੇ ਆਵੇ ਘੂਕ ਨਾ ਕਿਤੋਂ ਤ੍ਰਿੰਞਣਾਂ ਦੀ ਰੀਝਾਂ ਮੇਰੀਆਂ ਸਿਸਕੀਆਂ ਭਰਦੀਆਂ ਨੇ ਮਹੀਨੇ ਸਉਣ ਦੇ ਪਿੱਪਲੀਂ ਨਾ ਪੈਣ ਪੀਂਘਾਂ ਵਿਹੜਾ ਸ਼ਗਨਾਂ ਦਾ ਦਿਸੇ ਵੀਰਾਨ ਹੋਇਆ ਵੱਜਣ ਢੋਲ ਨਾ ਯਮਲੇ ਦੀ 'ਵਾਜ਼ ਗੂੰਜੇ ਘਰ ਵਸਦਾ ਮੇਰਾ ਸ਼ਮਸ਼ਾਨ ਹੋਇਆ ਮੇਰੇ ਹਾਸਿਆਂ ਨੂੰ ਜਾਪਦੈ ਨਜ਼ਰ ਲੱਗੀ ਮੇਰੇ ਚਾਵਾਂ ਨੂੰ ਜਾਪਦੈ ਤਾਅ ਲੱਗਾ ਪਾਉਂਦੇ ਕੌਡੀਆਂ ਪੁੱਤ ਨਸ਼ਈ ਹੋ ਗਏ ਸੁਪਨੇ ਮੇਰਿਆਂ ਨੂੰ ਜਾਪਦਾ ਫਾਹ ਲੱਗਾ ਜਿਨ੍ਹਾਂ ਗਲ਼ੀਆਂ 'ਚ ਖੇਡ ਜਵਾਨ ਹੋਇਉਂ ਬੜਾ ਕਰਦੀਆਂ ਅਜੇ ਵੀ ਚਾਅ ਤੇਰਾ ਸ਼ਾਇਦ ਪਿੰਡ ਨੂੰ ਇਕ ਦਿਨ ਪਰਤ ਆਵੇਂ ਕੋਠੇ ਚੜ੍ਹ ਕੇ ਤੱਕਦੀਆਂ ਰਾਹ ਤੇਰਾ ਤੇਰਾ ਫਰਜ਼ ਸੀ ਉਨ੍ਹਾਂ ਦੀ ਸਾਰ ਲੈਂਦਾ ਮੋਢੇ ਚੁੱਕ ਕੇ ਜਿਨ੍ਹਾਂ ਖਿਡਾਇਆ ਤੈਨੂੰ ਤੇਰੇ ਰਾਹਾਂ 'ਚੋਂ ਹੱਥਾਂ ਨਾਲ ਚੁਣੇ ਕੰਡੇ ਫੜ ਉਂਗਲੀ ਸਿਰੇ ਚੜ੍ਹਾਇਆ ਤੈਨੂੰ ਸੁਣਿਆਂ ਉੱਚੀਆਂ ਉਡਾਰੀਆਂ ਮਾਰਦੈਂ ਤੂੰ ਘਰਾਂ ਵੱਡਿਆਂ ਨਾਲ ਤੇਰਾ ਰਾਬਤਾ ਏ ਆ ਮਿਲ ਆ ਕੇ ਮੈਨੂੰ ਠੰਡ ਪਾ ਜਾ ਇਕ ਨੀਵੇਂ ਨਿਮਾਣੇ ਦਾ ਵਾਸਤਾ ਏ" ਇਹ ਕਹਿ ਕੇ ਪਿੰਡ ਨੇ ਮਨ ਭਰਿਆ ਮੱਥਾ ਚੁੰਮ ਮੇਰਾ ਗਲ ਲਾ ਲਿਆ ਉਹਨੇ ਕੰਬਦੇ ਹੱਥਾਂ ਨਾਲ ਦਿੱਤਾ ਪਿਆਰ ਸਿਰ 'ਤੇ ਫਿਰ ਉੱਠਦਿਆਂ ਉੱਠਦਿਆਂ ਕਿਹਾ ਉਹਨੇ "ਮੇਰੇ ਆਪਣੇ ਮੈਨੂੰ ਵਿਸਾਰ ਤੁਰ ਗਏ ਦਵਾਂ ਦੋਸ਼ ਤੇ ਦੱਸ ਮੈਂ ਦਵਾਂ ਕੀਹਨੂੰ ਹੱਥੀਂ ਪਾਲੇ ਸੀ ਜੋ ਪਰਾਏ ਹੋ ਗਏ ਸਮਝ ਲੱਗੇ ਨਾ ਕਹਾਂ ਤੇ ਕਹਾਂ ਕੀਹਨੂੰ" ਇਹ ਕਹਿ ਕੇ ਪਿੰਡ ਨੇ ਲਿਆ ਹਉਕਾ ਮੇਰੀ ਰੂਹ ਨੂੰ ਉਹ ਹਿਲਾ ਤੁਰਿਆ 'ਵਾਜ਼ਾਂ ਮਾਰਦਾ ਰਿਹਾ ਮੈਂ, ਨਾ ਰੁਕਿਆ ਮੈਨੂੰ ਲੰਮੀ ਜਿਹੀ ਸੋਚ ਵਿਚ ਪਾ ਤੁਰਿਆ ਸੁਣੀ ਗਾਥਾ ਜਾਂ ਪਿੰਡ ਦੀ ਪਿੰਡ ਮੂੰਹੋਂ ਨੀਰ ਮੇਰੀਆਂ ਅੱਖਾਂ 'ਚੋਂ ਵਹਿ ਤੁਰਿਆ "ਜੜ੍ਹੋਂ ਟੁੱਟ ਕੇ ਰੁੱਖ ਨਾ ਹਰੇ ਰਹਿੰਦੇ" ਮੈਨੂੰ ਜਾਪਦਾ ਪਿੰਡ ਸੀ ਕਹਿ ਤੁਰਿਆ

ਗੁਰੂ ਗੋਬਿੰਦ ਸਿੰਘ ਨੂੰ

ਦਸਮ ਪਿਤਾ, ਮੁਆਫ਼ ਕਰੀਂ! ਤੈਨੂੰ ਅਸੀਂ ਜਾਣ ਹੀ ਨਹੀਂ ਸਕੇ ਤੈਨੂੰ ਪਛਾਣ ਹੀ ਨਹੀਂ ਸਕੇ ਤੈਨੂੰ ਅਸਾਂ ਗੁਰੂ ਮੰਨਿਆ ਤੇ ਬਸ ਗੁਰੂ ਕਹਿ ਕੇ ਹੀ ਫ਼ਾਰਗ ਕਰ ਦਿੱਤਾ! ਜਿਵੇਂ ਗੁਰੂ ਨੂੰ ਕੋਈ ਦਰਦ ਹੀ ਨਹੀਂ ਹੁੰਦਾ ਜਿਵੇਂ ਗੁਰੂ ਨੂੰ ਕੋਈ ਫ਼ਰਕ ਹੀ ਨਹੀਂ ਪੈਂਦਾ ਅਸੀਂ ਭੁੱਲ ਹੀ ਗਏ ਕਿ ਤੂੰ ਲਾਡਲਾ ਪੁੱਤ ਵੀ ਸੈਂ ਤੇ ਲਾਡਲੇ ਪੁੱਤਾਂ ਦਾ ਬਾਪ ਵੀ... ਬੜਾ ਔਖਾ ਹੁੰਦੈ ਪੁੱਤ ਨੂੰ ਆਖ਼ਰੀ ਵਾਰ ਮਿਲਣ ਬਾਰੇ ਸੋਚਣਾ ਆਖ਼ਰੀ ਵਾਰ ਉਹਦਾ ਮੂੰਹ ਤੱਕਣ ਬਾਰੇ ਸੋਚਣਾ ਇਹ ਮੰਨ ਲੈਣਾ ਕਿ ਉਸ ਮੁੜ ਨਹੀਂ ਮਿਲਣਾ ਤੂੰ ਦੋ ਪੁੱਤਰਾਂ ਨੂੰ ਆਖ਼ਰੀ ਵਾਰ ਤੱਕਿਆ ਇਕੋ ਮੌਕੇ ਦੋ ਪੁੱਤਰਾਂ ਨੂੰ ਆਖ਼ਰੀ ਵਾਰ ਮਿਲਿਆ... ਜਦੋਂ ਤੂੰ ਆਖ਼ਰੀ ਵਾਰ ਤੱਕਿਆ ਹੋਣੈ ਜਦੋਂ ਦੋ ਪੁੱਤਾਂ ਨੂੰ ਆਖ਼ਰੀ ਵਾਰੀ ਗਲ਼ ਮਿਲਿਆ ਹੋਣੈ ਵਕਤ ਤਾਂ ਉਦੋਂ ਰੁਕ ਗਿਆ ਹੋਣੈ ਅੰਬਰ ਹੇਠਾਂ ਝੁਕ ਗਿਆ ਹੋਣੈ ਤੂੰ ਇਕੋ ਸਮੇਂ ਇਕੋ ਗਲਵੱਕੜੀ 'ਚ ਦੋ ਪੁੱਤਰਾਂ ਨੂੰ ਆਖ਼ਰੀ ਵਾਰੀ ਮਿਲਿਆ... ਬੜਾ ਜੇਰਾ ਸੀ ਤੇਰਾ! ਅਸਹਿ ਹੁੰਦੈ ਕਿਸੇ ਦੇ ਕੰਧ ਵਿਚ ਚਿਣੇ ਜਾਣ ਦੀ ਖ਼ਬਰ ਸੁਣਨਾ ਤੂੰ ਇਕੋ ਵੇਲੇ ਦੋ ਪੁੱਤਰਾਂ ਦੀ ਖ਼ਬਰ ਸੁਣੀ ਕੰਧ ਵਿਚ ਚਿਣੇ ਜਾਣ ਦੀ ਖ਼ਬਰ... ਤੂੰ ਫਿਰ ਵੀ ਟੁੱਟਿਆ, ਨਾ ਹਾਰਿਆ ਨਾ ਤਰਲਾ ਹੀ ਮਾਰਿਆ ਤੂੰ ਜ਼ੁਲਮ ਨੂੰ ਫਿਰ ਤੋਂ ਮੁਖ਼ਾਤਿਬ ਹੋਇਉਂ ਤੂੰ ਫਿਰ ਤੋਂ ਤਹਈਆ ਕੀਤਾ ਜ਼ੁਲਮ ਨੂੰ ਠੱਲ੍ਹ ਪਾਉਣ ਦਾ ਮਜ਼ਲੂਮ ਨੂੰ ਢਾਲ਼ ਬਣ ਬਚਾਉਣ ਦਾ ਨਵਾਂ ਇਤਿਹਾਸ ਬਣਾਉਣ ਦਾ... ਬੜਾ ਜੇਰਾ ਸੀ ਤੇਰਾ... ਪਰ ਮੁਆਫ਼ ਕਰੀਂ! ਅਸੀਂ ਹਾਂ ਹਰ ਗੱਲ 'ਚ ਫ਼ਾਇਦੇ ਲੱਭਣ ਵਾਲੇ ਆਪਣੇ ਫ਼ਾਇਦੇ ਲਈ ਅਨੇਕਾਂ ਤਰਕ ਘੜਨ ਵਾਲੇ ੩੦ ਤੂੰ ਕਿਉਂ ਨਹੀਂ ਬੋਲਦਾ? ਆਪਣੇ ਜਵਾਕਾਂ ਦੇ ਸਿਰਹਾਣੇ ਬਹਿ ਉਨ੍ਹਾਂ ਦੇ ਸਿਰ ਪਲੋਸਣ ਵਾਲੇ ਆਪਣੇ ਜਵਾਕਾਂ ਦੇ ਖਡੌਣੇ ਉਮਰ ਭਰ ਸਾਂਭ-ਸਾਂਭ ਰੱਖਣ ਵਾਲੇ ਤੇਰੇ ਦਿੱਤੇ ਪਛਾਣ ਚਿੰਨ੍ਹਾਂ ਨੂੰ ਤਰਕ ਦੀ ਤੱਕੜੀ 'ਚ ਤੋਲਦੇ ਰਹੇ ਹਾਂ ਕਦੀ ਦਸਤਾਰ ਸਜਾਉਣ ਦਾ ਤਰਕ ਕਦੀ ਕੜਾ ਪਾਉਣ ਦਾ ਤਰਕ... ਅਸੀਂ ਭੁੱਲ ਹੀ ਜਾਂਦੇ ਕਿ ਕਦੇ ਨਹੀਂ ਹੁੰਦੇ ਤਰਕ ਦੇ ਮੁਥਾਜ਼ ਮਾਣ ਨਾਲ ਦਿੱਤੇ ਤੋਹਫ਼ੇ ਕਿ ਬਾਪ ਲਈ ਪੁੱਤ ਤਾਂ ਪੁੱਤ ਹੀ ਹੁੰਦੈ ਕਿ ਗੁਰੂ ਨੂੰ ਪੁੱਤਾਂ ਦਾ ਦੁਖ ਘੱਟ ਨਹੀਂ ਹੁੰਦਾ ਤੂੰ ਵੀ ਸੀ ਸਿਰ ਝੁਕਾਅ ਸਕਦਾ ਤੂੰ ਵੀ ਸੀ ਪੁੱਤ ਬਚਾਅ ਸਕਦਾ ਪਰ ਤੂੰ ਤਾਂ ਸੈਂ ਗ਼ੈਰਤ ਦਾ ਪਾਠ ਪੜ੍ਹਾਉਣ ਵਾਲਾ ਕਹਿਣੀ ਤੇ ਕਰਨੀ 'ਚ ਫ਼ਰਕ ਮਿਟਾਉਣ ਵਾਲਾ ਤੂੰ ਆਪਣਾ ਸਿਰ ਦੇ ਗਿਆ ਆਪਣਾ ਸਿਰ ਸਾਡੇ ਸਿਰ ਵਿਹੂਣੇ ਧੜਾਂ 'ਤੇ ਧਰ ਗਿਆ ਕਿ ਸਾਡੇ ਬੌਣਿਆਂ ਦੇ ਵੀ ਕੱਦ ਉੱਚੇ ਹੋਣ ਕਿ ਸਾਡੇ ਸਿਰਾਂ ਨੂੰ ਵੀ ਸਲਾਮਾਂ ਹੋਣ ਪਰ ਅਸੀਂ ਤੇਰੀ ਕਦਰ ਹੀ ਨਾ ਪਾ ਸਕੇ ਕਿਸੇ ਨੂੰ ਤੇਰੀ ਗੱਲ ਹੀ ਨਹੀਂ ਸੁਣਾ ਸਕੇ ਕਿ ਤੂੰ ਸੈਂ ਆਪਣੇ ਬਾਪ ਦਾ ਸਲਾਹਕਾਰ ਪੁੱਤਰ ਮਨੁੱਖੀ ਅਧਿਕਾਰਾਂ ਦੀ ਗੱਲ ਤੋਰਨ ਵਾਲਾ ਨਿਡਰ ਪੁੱਤਰਾਂ ਦਾ ਯੋਧਾ ਬਾਪ ਕਵੀਆਂ ਦਾ ਸਿਰਮੌਰ ਕਵੀ ਕਲਮ ਅਤੇ ਤਲਵਾਰ ਦਾ ਧਨੀ ਵਿਦਵਤਾ ਦਾ ਚਾਨਣ ਮੁਨਾਰਾ ਭਾਈ ਘਨਈਆ ਦੀ ਸੋਚ ਦਾ ਸਰੋਤ 'ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ' ਕਹਿਣ ਵਾਲਾ ਮਰੀਆਂ ਰੂਹਾਂ 'ਚ ਜਾਨ ਪਾਉਣ ਵਾਲਾ ਬੰਦੇ ਨੂੰ ਬੰਦਾ ਬਹਾਦਰ ਬਣਾਉਣ ਵਾਲਾ ਦਸਮੇਸ਼ ਪਿਤਾ, ਮੁਆਫ਼ ਕਰੀਂ! ਦਿਨੋ ਦਿਨ ਗਿਰ ਰਹੇ ਹਾਂ ਅਸੀਂ ਤੇਰੇ ਪੰਜਾਂ ਪਿਆਰਿਆਂ ਦੀਆਂ ਅੱਜ ਵੀ ਜਾਤਾਂ ਪੁੱਛਦੇ ਫਿਰ ਰਹੇ ਹਾਂ ਅਸੀਂ!

ਤੂੰ ਮਿਲਿਆ ਕਰ

ਤੂੰ ਮਿਲਦਾ ਰਿਹਾ ਕਰ ਮੇਰੇ ਦੋਸਤ ਤੇਰੇ ਮਿਲਣ 'ਤੇ ਮੇਰੀ ਉਦਾਸ ਰੂਹ ਬਾਵਰੀ ਹੋ ਨੱਚਦੀ ਐ ਚਾਰ ਚੁਫ਼ੇਰਾ ਮੁਸਕਰਾਉਣ ਲਗਦੈ ਮੈਨੂੰ ਖਿੜ੍ਹਦੇ ਫੁੱਲਾਂ ਦੇ ਅਰਥ ਸਮਝ ਆਉਣ ਲਗਦੇ ਨੇ ਸਾਰੀ ਕਾਇਨਾਤ ਮੈਨੂੰ ਆਪਣੀ-ਆਪਣੀ ਲਗਦੀ ਐ ਤੇਰੇ ਆਉਣ ਦੇ ਵਾਅਦੇ ਤੇ ਮੇਰੀਆਂ ਸੱਧਰਾਂ ਘਰ ਦੀਆਂ ਦਹਿਲੀਜ਼ਾਂ 'ਤੇ ਤੇਲ ਚੋਣ ਲਗਦੀਆਂ ਨੇ ਮੇਰੇ ਚਾਅ ਘਿਓ ਦੇ ਦੀਵੇ ਬਣ ਬਨੇਰਿਆਂ 'ਤੇ ਜਗਣ ਲਗਦੇ ਨੇ ਮੇਰੇ ਅਰਮਾਨ ਸਾਹੋ-ਸਾਹੀ ਕੋਠੇ ਚੜ੍ਹ ਤੇਰਾ ਰਾਹ ਤੱਕਦੇ ਨੇ ਮੇਰੇ ਗੁਲਾਬੀ ਖ਼ਿਆਲ ਹਵਾਵਾਂ ਨੂੰ ਆਪਣੇ ਰੰਗ ਵਿਚ ਰੰਗ ਲੈਂਦੇ ਨੇ ਮੇਰਾ ਨਿੱਕਾ ਜਿਹਾ ਘਰ ਤੈਨੂੰ ਭੱਜ ਗਲਵੱਕੜੀ 'ਚ ਲੈਣਾ ਲੋਚਦੈ ਮੇਰਾ ਬਦਨ ਖੁਸ਼ੀ 'ਚ ਪੱਬਾਂ ਭਾਰ ਹੋ ਨੱਚਣਾ ਲੋਚਦੈ ਤੂੰ ਆਉਂਦਾ ਰਿਹਾ ਕਰ ਮੇਰੇ ਦੋਸਤ ਤੂੰ ਮਿਲਦਾ ਰਿਹਾ ਕਰ...

ਮੈਂ ਲਿਖਣੀ ਚਾਹੁੰਨਾਂ ਜੋ ਨਜ਼ਮ

ਮੈਂ ਲਿਖਣੀ ਚਾਹੁੰਨਾਂ ਤਿੱਤਲੀ ਤੇ ਰੰਗ ਬਰੰਗੇ ਫੁੱਲਾਂ ਵਿਚ ਹੁੰਦੀ ਗ਼ੁਫਤਗ਼ੂ ਵਰਗੀ ਨਜ਼ਮ ਮੇਰੇ ਖੇਤਾਂ ਨੂੰ ਜਾਂਦੀ ਪਗਡੰਡੀ ਦੇ ਦੋਹੀਂ ਪਾਸੀਂ ਹਵਾ ਨਾਲ ਗੱਲਾਂ ਕਰਦੇ ਤੋਰੀਏ ਦੇ ਫੁੱਲਾਂ ਵਰਗੀ ਨਜ਼ਮ ਪਰ ਮੈਂ ਜਦੋਂ ਵੀ ਲਿਖਣ ਬਹਿੰਦਾ ਹਾਂ ਲਿਖ ਦਿੰਦਾ ਹਾਂ ਕਰਜ਼ਾ ਚੁੱਕ ਕੇ ਪੜ੍ਹਾਏ ਸਿਰ ਸੁੱਟ ਕੇ ਬੈਠੇ ਪੜ੍ਹੇ ਲਿਖੇ ਬੇਰੁਜ਼ਗਾਰ ਪੁੱਤਰ ਦੇ ਚਿਹਰੇ ਨੂੰ ਗਹੁ ਨਾਲ ਪੜ੍ਹਦੇ ਅਨਪੜ੍ਹ ਬਾਪ ਦੀ ਬੇਵਸੀ ਵਰਗੀ ਨਜ਼ਮ ਮੈਂ ਲਿਖ ਦਿੰਦਾ ਹਾਂ ਪੁੱਤ ਨੂੰ ਰੋਟੀ ਖ਼ਾਤਰ ਪਰਦੇਸ ਤੋਰਦੀ ਵਿਛੋੜੇ ਦੇ ਅੱਥਰੂ ਲੁਕਾਉਂਦੀ ਅਰਦਾਸਾਂ ਕਰਦੀ ਕੰਬਦੇ ਹੱਥਾਂ ਨਾਲ ਸਿਰ 'ਤੇ ਪਿਆਰ ਦਿੰਦੀ ਜਾਂਦੀ ਵਾਰੀ ਪੁੱਤ ਦਾ ਮੱਥਾ ਚੁੰਮਦੀ ਇਕ ਉਦਾਸ ਮਾਂ ਦੀ ਅਸੀਸ ਵਰਗੀ ਨਜ਼ਮ ਮੈਂ ਲਿਖ ਦਿੰਦਾ ਹਾਂ ਜਵਾਨ ਧੀ ਨੂੰ ਟਿਊਸ਼ਨ ਲਈ ਤੋਰਦੀ ਬਰੂਹਾਂ 'ਚ ਖਲੋਅ ਅੰਦਰ ਬਾਹਰ ਵੇਖਦੀ ਵਿੜਕਾਂ ਲੈਂਦੀ ਵੇਲੇ ਸਿਰ ਘਰ ਆਉਣ ਨੂੰ ਆਖਦੀ ਇਕ ਦਲੇਰ ਮਾਂ ਦੇ ਅੰਦਰਲੇ ਸਹਿਮ ਵਰਗੀ ਨਜ਼ਮ ਮੈਂ ਲਿਖ ਦਿੰਦਾ ਹਾਂ ਫ਼ੋਟੋ ਨਾਲ ਵਿਆਹੀ ਲਾਲ ਚੂੜਾ ਸਾਂਭ-ਸਾਂਭ ਰੱਖਦੀ ਹਰ ਰੋਜ਼ ਵੀਜ਼ਾ ਲੱਗਣ ਦਾ ਇੰਤਜ਼ਾਰ ਕਰਦੀ ਬਰੂਹਾਂ ਵੱਲ ਤੱਕਦੀ ਰਹਿੰਦੀ ਕਿਸੇ ਅੱਲੜ੍ਹ ਕੁੜੀ ਦੀ ਥੱਕੀ ਹੋਈ ਆਸ ਵਰਗੀ ਨਜ਼ਮ ਮੈਂ ਲਿਖ ਦਿੰਦਾ ਹਾਂ ਪੁੰਗਰਦੀ ਜਵਾਨੀ 'ਚ ਇਰਾਕ ਤੁਰ ਗਏ ਵਰ੍ਹਿਆਂ ਬਾਅਦ ਪਰਤਦੇ ਪੁੱਤਰ ਨੂੰ ਏਅਰਪੋਰਟ 'ਤੇ ਧਾਹ ਮਿਲਦੀ ਸਿਰ ਦੀ ਮੈਲੀ ਜਿਹੀ ਚੁੰਨੀ ਨਾਲ ਖੁਸ਼ੀ ਦੇ ਅੱਥਰੂ ਪੂੰਝਦੀ ਬੁੱਢੜੀ ਮਾਂ ਦੀ ਲੰਮੀ ਗਲਵੱਕੜੀ ਵਰਗੀ ਨਜ਼ਮ ਮੈਂ ਲਿਖ ਦਿੰਦਾ ਹਾਂ ਸਰਕਾਰੀ ਹਸਪਤਾਲ ਦੀਆਂ ਬਰੂਹਾਂ 'ਚ ਬੀਮਾਰ ਬੱਚਾ ਗੋਦ 'ਚ ਲਈ ਬੈਠੀ ਡਾਕਟਰ ਨੂੰ ਲੱਭਦੀ ਢਾਰਸ ਉਡੀਕਦੀ ਭੁੰਜੇ ਬੈਠੀ ਗ਼ਰੀਬ ਮਾਂ ਦੀ ਬੇਬੱਸ ਤੱਕਣੀ ਵਰਗੀ ਨਜ਼ਮ ਮੈਂ ਜਦੋਂ ਵੀ ਲਿਖਣ ਬਹਿੰਦਾ ਹਾਂ ਮੇਰੇ ਲਾਗੇ ਆ ਬਹਿੰਦਾ ਹੈ ਮੇਰਾ ਪਿੰਡ ਜਿਥੇ ਪੰਜ ਸਾਲਾਂ ਬਾਅਦ ਹੀ ਸੁਣਦੀ ਹੈ ਕਿਸੇ ਸਫ਼ੈਦ ਕੱਪੜੀਏ ਦੇ ਠਹਾਕਿਆਂ ਦੀ ਆਵਾਜ਼ ਉਸਦੇ ਖ਼ਚਰੇ ਵਾਅਦਿਆਂ ਨਾਲ ਜਲੀਲ ਹੁੰਦੇ ਵਿਸ ਘੋਲਦੇ ਪਿੰਡ ਦੀ ਉਜੜੀ ਸੱਥ ਵਰਗੀ ਨਜ਼ਮ ਮੈਂ ਲਿਖ ਦਿੰਦਾ ਹਾਂ ਪਰ ਮੈਂ ਲਿਖਣੀ ਚਾਹੁੰਨਾਂ ਤਿਤਲੀ ਤੇ ਰੰਗ-ਬਰੰਗੇ ਫੁੱਲਾਂ ਵਿਚ ਹੁੰਦੀ ਗ਼ੁਫ਼ਤਗ਼ੂ ਵਰਗੀ ਨਜ਼ਮ ਮੇਰੇ ਖੇਤਾਂ ਨੂੰ ਜਾਂਦੀ ਪਗਡੰਡੀ ਦੇ ਦੋਹੀਂ ਪਾਸੀਂ ਹਵਾ ਨਾਲ ਗੱਲਾਂ ਕਰਦੇ ਤੋਰੀਏ ਦੇ ਫੁੱਲਾਂ ਵਰਗੀ ਨਜ਼ਮ

ਤੂੰ ਤੇ ਅਸੀਂ

ਤੂੰ ਦਈ ਜਾ ਸਾਨੂੰ ਲੋਰੀਆਂ ਲਾਈ ਜਾ ਥਾਪੜਾ ਕਰਮਾਂ ਦੀ ਖੇਡ ਦਾ ਕਿ ਅਸੀਂ ਘੂਕ ਸੌਂ ਰਹੀਏ ਕਿ ਸਾਨੂੰ ਜਾਗ ਨਾ ਆਏ ਆਲੀਸ਼ਾਨ ਮਹੱਲਾਂ 'ਚ ਬਹਿ ਤੂੰ ਲਿਖੀ ਜਾ ਸਾਡੀ ਹੋਣੀ ਕਰੀ ਜਾ ਸ਼ਾਹੀ ਫ਼ਰਮਾਨ ਜਾਰੀ ਅਸੀਂ 'ਅੰਨ ਦਾਤੇ' ਨਾ ਖਾਈਏ ਤੇਰੇ ਵਰਗਾ ਨਾ ਹੰਢਾਈਏ ਤੇਰੇ ਵਰਗਾ ਫਿਰ ਵੀ ਕਰਜ਼ਾਈ ਦੇ ਕਰਜ਼ਾਈ ਅਸੀਂ ਤਾਂ ਜੰਮੇ ਹਾਂ ਮਿੱਟੀ ਨਾਲ ਮਿੱਟੀ ਹੋਣ ਨੂੰ ਖੇਤਾਂ 'ਚ ਰਾਤ ਦਿਨ ਸੱਪਾਂ ਦੀਆਂ ਸਿਰੀਆਂ ਮਿੱਧਣ ਨੂੰ ਫਿਰ ਤੇਰੀ ਪੈਂਦ 'ਤੇ ਬਹਿ ਤੇਰੀਆਂ ਲਿਲਕੜੀਆਂ ਕੱਢਣ ਨੂੰ ਹਾੜੀ ਸਉਣੀ ਨਵੀਂ ਮੌਤੇ ਮਰਨ ਨੂੰ ਸਾਨੂੰ ਚਿੱਕੜ 'ਚ ਚੁਗਦਿਆਂ ਨੂੰ ਤੂੰ ਦਈ ਜਾ ਸੰਗਮਰਮਰ ਦੇ ਰੱਬ ਬਣਾ ਕੇ ਲਾਈ ਜਾ ਲਾਰਾ ਸਵਰਗਾਂ ਦਾ ਦਈ ਜਾ ਸਾਡੇ ਸਿਰੋਂ-ਪੈਰੋਂ ਨੰਗੇ ਜਵਾਕਾਂ ਨੂੰ ਵੰਨ-ਸੁਵੰਨੀਆਂ ਸਕੀਮਾਂ ਦੇ ਲੌਲੀਪੌਪ ਫੜਾਈ ਜਾ ਸੜਕਾਂ 'ਤੇ ਖਲ੍ਹਾਰ ਉਨ੍ਹਾਂ ਦੇ ਹੱਥਾਂ 'ਚ ਸਵਾਗਤੀ ਝੰਡੀਆਂ ਰਟਾਈ ਜਾ ਉਨ੍ਹਾਂ ਨੂੰ ਉੱਚੇ-ਸੁੱਚੇ ਸਭਿਆਚਾਰ ਦੀ ਮੁਹਾਰਨੀ ਤੇ ਆਪ ਤੋਰੀ ਜਾਹ ਆਪਣੇ ਪੁੱਤ-ਪੋਤਰਿਆਂ ਨੂੰ ਵਿਦੇਸ਼ਾਂ 'ਚ ਸਿੱਖਣ ਲਈ ਸਾਡੇ 'ਤੇ ਹਕੂਮਤ ਕਰਨ ਦੇ ਨਵੇਂ-ਨਵੇਂ ਵਿਦੇਸ਼ੀ ਨੁਸਖ਼ੇ ਇਥੇ ਅਸੀਂ ਜੁ ਜੰਮੇ ਹਾਂ ਕਰਨ ਨੂੰ ਭਾਰਤ ਮਾਂ ਦੀ ਸੇਵਾ ਕਦੀ ਜਵਾਨ ਬਣ ਕੇ ਕਦੀ ਕਿਸਾਨ ਬਣ ਕੇ

ਮੇਰਾ ਵਿਸ਼ਵਵਿਦਿਆਲਾ

ਮੇਰਾ ਵਿਸ਼ਵਵਿਦਿਆਲਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਹੁਣ ਇਹ ਮੁਫ਼ਤ ਗਿਆਨ ਨਹੀਂ ਵੰਡਦਾ ਹੁਣ ਉਹਦਾ ਵਿਸ਼ਵੀਕਰਨ ਹੋ ਗਿਐ ਹੁਣ ਹੈ ਇਹ ਸੈਂਕੜੇ ਏਕੜਾਂ 'ਚ ਫੈਲਿਆ ਵੱਡਾ ਪਿੰਡ ਇਸ ਪਿੰਡ 'ਚ ਕਈ ਵਿੰਗ ਹਰ ਵਿੰਗ ਦੀਆਂ ਕਈ ਘੁੰਮਣਘੇਰੀਆਂ ਜੋ ਇਸਦੇ ਗਲੋਬਲਾਈਜੇਸ਼ਨ ਦੀ ਤਰਜ਼ਮਾਨੀ ਕਰਦੀਆਂ ਇਸਦੇ ਇਕ ਵਿੰਗ 'ਚ ਉੱਤਰ-ਪੱਤਰੀਆਂ ਤੋਂ ਡਿਗਰੀਆਂ ਬਣਦੀਆਂ ਉੱਤਰ-ਪੱਤਰੀਆਂ ਭਰੀਆਂ ਵਾਂਗ ਕੁਤਰੀਆਂ ਜਾਂਦੀਆਂ ਹਰ ਵਾਰ ਉਤਪਾਦਨ ਦੇ ਨਵੇਂ ਟਾਰਗੈੱਟ ਸੈੱਟ ਹੁੰਦੇ ਹਰ ਸਾਲ ਰੁਜ਼ਗਾਰ ਦੇ ਔਨ ਲਾਈਨ ਸੁਨਹਿਰੀ ਸੁਪਨੇ ਵਿਕਦੇ ਉਹ ਸੁਪਨੇ ਔਫ਼-ਲਾਈਨ ਸ਼ਰੇਆਮ ਟੁੱਟ ਕੇ ਬਿਖ਼ਰਦੇ ਪਰ ਕਿਤਿਉਂ ਆਵਾਜ਼ ਨਾ ਆਉਂਦੀ ਇਕ ਹੋਰ ਵਿੰਗ ਟੁੱਟੇ ਹੋਏ ਸੁਪਨਿਆਂ ਪਿੱਛੇ ਕਾਰਨਾਂ ਦੀ ਖੋਜ ਕਰਦਾ ਹੈ ਖ਼ੋਜ ਲਈ ਇਵਜ਼ਾਨਾ ਮੰਗਦਾ ਬਚੇ-ਖੁਚੇ ਸੁਪਨੇ ਫਿਰ ਚਕਨਾਚੂਰ ਹੁੰਦੇ ਨੌਜਵਾਨ ਜਵਾਨੀ 'ਚ ਬਿਰਧ ਹੁੰਦੇ ਇਸ ਪ੍ਰਕਿਰਿਆ ਦੀ ਕਮਾਈ ਰਾਸ਼ੀ ਤੋਂ ਇਕ ਹੋਰ ਵਿੰਗ ਉਸਰਦਾ ਹੈ ਮੇਰਾ ਵਿਸ਼ਵਵਿਦਿਆਲਾ ਹਰ ਸਾਲ ਪਸਰਦਾ ਹੈ ਇਥੇ ਹਰ ਭਖ਼ਦੇ ਮਸਲੇ 'ਤੇ ਸੈਮੀਨਾਰ ਹੁੰਦੇ ਏ.ਸੀ. ਹਾਲ 'ਚ ਬਹਿ 'ਸਲੱਮ ਲਾਈਫ਼' 'ਤੇ ਭਾਸ਼ਣ ਹੁੰਦੇ ਗ਼ਰੀਬ ਲਈ ਘੜਿਆਲੀ ਅੱਥਰੂ ਵਹਾਏ ਜਾਂਦੇ 'ਇੰਪਾਵਰਡ' ਸਰੋਤਿਆਂ ਨੂੰ 'ਵਿਮੈਨ ਇੰਪਾਵਰਮੈਂਟ' ਦੀ ਪਰਿਭਾਸ਼ਾ ਦੱਸੀ ਜਾਂਦੀ ਸੈਮੀਨਾਰ ਕਦੀ 'ਡਰੱਗ ਅਡਿਕਸ਼ਨ' ਦੇ ਕਾਰਨਾਂ ਵਿਚ ਖੁੱਭ ਜਾਂਦੇ ਨੇ ਸੂਰਜ ਡੁੱਬਣ ਨਾਲ ਹੀ ਸੈਮੀਨਾਰਾਂ ਦੇ ਥੀਮ ਸ਼ਾਮ ਨੂੰ ਰੰਗੀਨ ਗਲਾਸਾਂ ਵਿਚ ਡੁੱਬ ਜਾਂਦੇ ਨੇ ਹਰ ਵਰ੍ਹੇ ਨਵੀਆਂ ਸਕੀਮਾਂ ਬਣਦੀਆਂ ਨਵੇਂ ਬੰਦੇ 'ਹਾਇਰ' ਹੁੰਦੇ ਸਮੈਸਟਰ ਦੇ ਅੰਤ ਵਿਚ ਫ਼ਾਇਰ ਹੁੰਦੇ ਕੁਝ ਬੰਦੇ ਐਡਜਸਟ ਹੁੰਦੇ ਇਸ ਸਮੁੱਚੇ ਕਾਰਜ ਲਈ ਸਟਾਰ ਮਿਲਦੇ ਸਟਾਰਾਂ ਪਿੱਛੇ ਇਕ ਮਸ਼ੀਨ ਵਗਦੀ ਜੋ ਵਿਸ਼ਵੀਕਰਨ ਦੀ ਕਹਾਣੀ ਦੱਸਦੀ ਕਈ ਨੇ ਉਸ ਮਸ਼ੀਨ ਦੇ ਛੋਟੇ-ਵੱਡੇ ਪੁਰਜ਼ੇ ਉਨ੍ਹਾਂ ਪੁਰਜ਼ਿਆਂ 'ਚੋਂ ਖੋਚਲਾ ਹੋਇਆ ਇਕ ਨਿੱਕਾ ਜਿਹਾ ਪੁਰਜ਼ਾ ਮੈਂ ਵੀ ਹਾਂ ਹੁਣ ਮੇਰਾ ਵਿਸ਼ਵਵਿਦਿਆਲਾ ਪਹਿਲਾਂ ਵਰਗਾ ਨਹੀਂ ਰਿਹਾ ਹੁਣ ਇਹਦਾ ਵਿਸ਼ਵੀਕਰਨ ਹੋ ਗਿਐ ਜੇ ਇਹ ਵਿਸ਼ਵੀਕਰਨ ਪਹਿਲਾਂ ਹੋ ਜਾਂਦਾ ਸ਼ਾਇਦ ਮੈਂ ਪੜ੍ਹਨ ਤੋਂ ਵਾਂਝਾ ਰਹਿ ਜਾਂਦਾ

ਸਰਹੱਦਾਂ

ਜਦੋਂ ਸਰਹੱਦੋਂ ਪਾਰ ਜਵਾਨ ਮਰਦਾ ਉਹ ਢੇਰੀ ਹੁੰਦਾ ਜਦੋਂ ਸਰਹੱਦੋਂ ਉਰੇ ਜਵਾਨ ਮਰਦਾ ਉਹ ਸ਼ਹੀਦ ਹੁੰਦਾ ਢੇਰੀ ਹੋਵੇ ਜਾਂ ਸ਼ਹੀਦ ਆਖ਼ਰ ਤਾਂ ਕਿਸੇ ਮਾਂ ਦਾ ਪੁੱਤ ਹੀ ਮਰਦਾ ਹੈ ਜਿਗਰ ਤਾਂ ਕਿਸੇ ਮਾਂ ਦਾ ਹੀ ਫ਼ਟਦਾ ਹੈ ਧਿਰ ਕੋਈ ਵੀ ਜਿੱਤੇ ਹਰ ਜੰਗ 'ਚ ਮਾਂ ਹਰਦੀ ਹੈ ਮੈਦਾਨ-ਏ-ਜੰਗ 'ਚ ਹਰ ਗੋਲੀ ਨਾਲ ਇਕ ਮਾਂ ਮਰਦੀ ਹੈ

ਰਿਸ਼ਤੇ

ਕੁਝ ਰਿਸ਼ਤੇ ਕੰਧਾਂ 'ਚ ਉੱਗੇ ਪਿੱਪਲਾਂ ਵਰਗੇ ਉੱਗਣ ਥਾਂ ਕੁ ਥਾਂ ਨਾ ਜੜ੍ਹ ਨਾ ਛਾਂ ਬਸ ਇਕ ਨਾਂ ਕੁਝ ਰਿਸ਼ਤੇ ਥੋਹਰਾਂ ਵਰਗੇ ਕੰਡਿਆਂ ਨਾਲ ਲੱਦੇ ਕੁੜੱਤਣ ਨਾਲ ਭਰੇ ਨਾ ਪੁੱਟੇ ਜਾਣ ਨਾ ਸੁੱਟੇ ਜਾਣ ਕੁਝ ਰਿਸ਼ਤੇ ਗ਼ਮਲਿਆਂ ਦੇ ਬੂਟੇ ਵਰਗੇ ਘਰ ਦਾ ਸ਼ਿੰਗਾਰ ਕਦੇ ਛਾਂ ਮੰਗਣ, ਕਦੇ ਧੁੱਪ ਕਦੇ ਪਾਣੀ ਵੱਧ, ਕਦੇ ਘੱਟ ਫਿਰ ਵੀ ਟੁੱਟਣ ਤੇ ਸੁੱਕਣ ਦਾ ਡਰ ਕੁਝ ਰਿਸ਼ਤੇ ਬੋਹੜ ਦੇ ਰੁੱਖ ਵਰਗੇ ਸੱਥਾਂ ਦੀ ਰੌਣਕ ਹੱਸਦੇ ਵੱਸਦੇ ਛਾਵਾਂ ਵੰਡਦੇ ਕੁਝ ਨਾ ਮੰਗਦੇ ਕੁਝ ਰਿਸ਼ਤੇ ਅੰਬ ਦੇ ਰੁੱਖ ਵਰਗੇ ਬੜੇ ਔਖਿਆਂ ਪਲਦੇ ਵਰ੍ਹਿਆਂ ਬਾਅਦ ਬੂਰ ਪਵੇ ਪਾਣੀ ਕੋਈ ਹੋਰ ਪਾਵੇ ਫਲ ਕੋਈ ਹੋਰ ਲਵੇ ਕੁਝ ਰਿਸ਼ਤੇ ਸਰ੍ਹੋਂ ਦੇ ਫੁੱਲਾਂ ਵਰਗੇ ਛੁਹ ਨਾ ਮੰਗਦੇ ਸੁਪਨਿਆਂ 'ਚ ਬਸੰਤੀ ਰੰਗ ਭਰਦੇ ਜ਼ਿੰਦਗੀ ਨੂੰ ਜੀਣ ਜੋਗਾ ਕਰਦੇ ਚੇਤਿਆਂ 'ਚ ਕਦੇ ਨਾ ਮਰਦੇ ਕੁਝ ਰਿਸ਼ਤੇ ਦੁਪਹਿਰ ਬੂਟੀ ਵਰਗੇ ਘੜੀ ਦੀ ਘੜੀ ਖਿੜ੍ਹਦੇ ਆਪਿਉਂ ਬਾਹਰ ਹੋ ਜਾਂਦੇ ਰੂਹ ਖੁਸ਼ ਕਰ ਜਾਂਦੇ ਜ਼ਿੰਦਗੀ 'ਚ ਰੰਗ ਭਰ ਜਾਂਦੇ ਰਿਸ਼ਤਿਆਂ ਤੋਂ ਬਿਨਾਂ ਇਨ੍ਹਾਂ ਫੁੱਲਾਂ ਤੋਂ ਬਿਨਾਂ ਇਨ੍ਹਾਂ ਰੁੱਖਾਂ ਤੋਂ ਬਿਨਾਂ ਕੁਝ ਵੀ ਨਾ...

ਪੰਜਾਬੀ ਗਭਰੂ ਨੂੰ

(ਇਕ ਸੁਨੱਖੇ ਗਭਰੂ ਨੂੰ ਵੇਖ ਕੇ ਲਿਖੀ ਕਵਿਤਾ) ਤੇਰੀ ਵੇਖ ਕੇ ਚੜ੍ਹਤ ਮੈਂ ਸੋਚਦਾ ਹਾਂ ਕਿਸੇ ਬਾਪ ਦਾ ਖ਼ਾਬ, ਅਰਮਾਨ ਹੈਂ ਤੂੰ ਤੇਰੇ ਮੱਥੇ ਦੀ ਲੋਅ ਪਈ ਦੱਸਦੀ ਏ ਡੂੰਘਾ ਸਾਗਰ ਤੇ ਉੱਚਾ ਅਸਮਾਨ ਹੈਂ ਤੂੰ ਤੂੰ ਹੈਂ ਆਸਰਾ ਕਿਸੇ ਬੇਆਸਰੇ ਦਾ ਮੇਰੇ ਰੰਗਲੇ ਪੰਜਾਬ ਦਾ ਕੱਲ੍ਹ ਹੈਂ ਤੂੰ ਜੇ ਤੂੰ ਸਮੇਂ ਦੇ ਹਾਣ ਦਾ ਹੋ ਤੁਰਿਆ ਸੌ ਗੁੰਝਲਾਂ ਦਾ 'ਕੱਲਾ ਹੱਲ ਹੈਂ ਤੂੰ ਔਕੜ ਮਿਲੇ ਜੇ ਜ਼ਿੰਦਗੀ ਦੇ ਪੰਧ ਉੱਤੇ ਸਿਰੋਂ ਉਹਦੇ ਸਿਰਵਾਰਨੇ ਵਾਰਦਾ ਰਹੀਂ ਦੇਣਾ ਪੈਂਦਾ ਹਰ ਖੁਸ਼ੀ ਦਾ ਮੁੱਲ ਇਥੇ ਜ਼ਰਾ ਨੇਮ ਨਾਲ ਕਿਸ਼ਤ ਉਤਾਰਦਾ ਰਹੀਂ ਜੇਕਰ ਵਲਵਲਾ ਬਹੁਤ ਬਲਵਾਨ ਹੋ ਜਾਏ ਲੈਂਦਾ ਫੈਸਲੇ ਉਦੋਂ ਖਿਆਲ ਰੱਖੀਂ 'ਵਾਜ਼ ਮਾਰ ਸਿਆਣੇ ਤੋਂ ਰਾਹ ਪੁੱਛੀਂ ਸਦਾ ਜੋਸ਼ ਤੇ ਹੋਸ਼ ਨਾਲ ਨਾਲ ਰੱਖੀਂ ਝੱਲੀ ਜਾਂਦੀ ਨਾ ਵੇਖ ਕੇ ਤਾਬ ਤੇਰੀ ਗੱਲਾਂ-ਗੱਲਾਂ ਵਿਚ ਤੈਨੂੰ ਭਰਮਾਉਣਗੇ ਕਈ ਬਿਜਲੀ ਚਮਕਦੀ ਵੇਖ ਇਰਾਦਿਆਂ ਦੀ ਤੈਨੂੰ ਰਾਹੋਂ ਕੁਰਾਹੇ ਵੀ ਪਾਉਣਗੇ ਕਈ ਜਿੱਥੇ ਤਰਕ ਦੇ ਵੱਟੇ ਨਹੀਂ ਕੰਮ ਕਰਦੇ ਉਹ ਵਣਜ ਨਾ ਭੁੱਲ ਕੇ ਕਰੀਂ ਕਿਧਰੇ ਜਿੱਥੇ ਅਕਲ ਜ਼ਮੀਰ ਜੁਆਬ ਦੇ ਜਾਏ ਉਧਰ ਪੈਰ ਨਾ ਭੁੱਲ ਕੇ ਧਰੀਂ ਕਿਧਰੇ ਸਾਂਝ ਪੈ ਗਈ ਜੇ ਉੱਦਮ ਦੇ ਨਾਲ ਤੇਰੀ ਸਿਖ਼ਰਾਂ ਛੂੰਹਦਿਆਂ ਚੜੂ ਨਾ ਸਾਹ ਤੈਨੂੰ ਜੋਸ਼ ਜਗਦਾ ਵੇਖ ਇਰਾਦਿਆਂ ਵਿਚ ਹਨੇਰਾ ਆਪੇ ਹੀ ਛੱਡੇਗਾ ਰਾਹ ਤੈਨੂੰ ਭਾਗ ਜਾਗਦੇ ਕਦੇ ਨਾ ਸੁੱਤਿਆਂ ਦੇ ਇਸ ਗੱਲ ਦਾ ਸਦਾ ਧਿਆਨ ਰੱਖੀਂ ਰੱਖੀਂ ਅੱਖ ਨਿਸ਼ਾਨੇ 'ਤੇ ਸੁੱਤਿਆਂ ਵੀ ਕੋਲ ਲਗਨ ਦਾ ਤੀਰ ਕਮਾਨ ਰੱਖੀਂ ਕਈ ਨਸ਼ੇ ਚੁਪਾਸੜੀਂ ਪਏ ਫਿਰਦੇ ਇੱਜ਼ਤ ਵਰਗਾ ਨਾ ਲੱਭੇ ਸਰੂਰ ਕਿਧਰੇ ਜਦੋਂ ਇੱਜ਼ਤ ਦਾ ਜਾਮ ਨਹੀਂ ਕਾਟ ਕਰਦਾ ਉਦੋਂ ਹੁੰਦੀ ਏ ਖੋਟ ਜ਼ਰੂਰ ਕਿਧਰੇ ਸੋਹਣੇ ਉਹ ਹੁੰਦੇ ਸੋਹਣਾ ਬੋਲਦੇ ਜੋ ਸੋਹਣੇ ਲਫ਼ਜ਼ ਪਰੋਣ ਦਾ ਰਾਜ਼ ਸਮਝੀਂ ਬੋਲੀਂ ਲੱਖ ਜਹਾਨ ਦੀਆਂ ਬੋਲੀਆਂ ਤੂੰ ਐਪਰ ਮਾਂ ਬੋਲੀ ਸਿਰ ਦਾ ਤਾਜ ਸਮਝੀਂ ਤੇਰੇ ਅੱਜ ਲਈ ਜਿਨ੍ਹਾਂ ਨੇ ਕੱਲ੍ਹ ਵਾਰੇ ਨਾ ਉਨ੍ਹਾਂ ਨੂੰ ਦੇਵੀਂ ਭੁਲਾ ਕਿਧਰੇ ਤੇਰੇ ਤਾਜ 'ਤੇ ਮੋਤੀ ਜੋ ਲਿਸ਼ਕਦੇ ਨੇ ਇਹ ਲਈਂ ਨਾ ਐਵੇਂ ਗੁਆ ਕਿਧਰੇ ਜਿੰਨੀ ਜੜ੍ਹ ਡੂੰਘੀ, ਉੱਨੀ ਛਾਂ ਗੂੜ੍ਹੀ ਡੂੰਘੀ ਜੜ੍ਹ ਵਾਲੇ ਬੋਹੜ ਕਹਾਂਵਦੇ ਨੇ ਲਗਰਾਂ ਲੱਖ ਅਸਮਾਨ ਨੂੰ ਛੂਹਣ ਪਈਆਂ ਜੜ੍ਹ ਸੁੱਕ ਜਾਏ ਫੁੱਲ ਮੁਰਝਾਂਵਦੇ ਨੇ ਗੁਰੂ ਨਾਨਕ ਤੋਂ ਸਬਰ ਦੀ ਦਾਤ ਲੈ ਕੇ ਗੁਰੂ ਗੋਬਿੰਦ ਤੋਂ ਆਤਮ ਸਨਮਾਨ ਮੰਗੀਂ ਕਰਤਾਰ ਸਿੰਘ ਸਰਾਭੇ ਤੋਂ ਅਣਖ਼ ਮੰਗੀਂ ਭਗਤ ਸਿੰਘ ਤੋਂ ਆਨ ਤੇ ਸ਼ਾਨ ਮੰਗੀਂ ਮੇਰੀ ਕਾਮਨਾ ਮੰਜ਼ਿਲਾਂ ਸਰ ਕਰ ਲਏਂ ਗੱਲਾਂ ਕਰੇਂ ਸਭ ਜੱਗ ਤੋਂ ਨਿਆਰੀਆਂ ਤੂੰ! ਪੈਰ ਧਰਤ ਤੇ ਨਜ਼ਰ ਅਸਮਾਨ ਚੁੰਮੇ ਵਿਚ ਅੰਬਰੀਂ ਮਾਰੇਂ ਉਡਾਰੀਆਂ ਤੂੰ!

ਜੰਗ

ਜੰਗ ਦੇ ਸੋਹਲੇ ਗਾਉਣ ਵਾਲੇ ਟੀ.ਵੀ. ਚੈਨਲਾਂ ਤੋਂ ਦੁਸ਼ਮਣ ਨੂੰ ਸਬਕ ਸਿਖਾਉਣ ਵਾਲੇ ਦੁਸ਼ਮਣ ਦਾ ਸਿਰ ਲਾਹੁਣ ਦੀਆਂ ਸਲਾਹਾਂ ਦੇਣ ਵਾਲੇ ਜੰਗ ਦੇ ਅਰਥ ਨਹੀਂ ਜਾਣਦੇ ਜੰਗ ਦੇ ਅਰਥ ਉਸ ਬਜ਼ੁਰਗ ਮਾਂ ਨੂੰ ਪਤੈ ਜਿਸ ਨੂੰ ਬਾਰਡਰ 'ਤੇ ਤੈਨਾਤ ਇਕਲੌਤੇ ਫੌਜੀ ਪੁੱਤ ਵੱਲੋਂ ਛੁੱਟੀ ਬੰਦ ਹੋਣ ਦਾ ਪੈਗ਼ਾਮ ਆਉਂਦਾ ਉਧਰੋਂ ਗੁਰਦਵਾਰੇ ਦੇ ਸਪੀਕਰ ਤੋਂ ਪਿੰਡ ਖ਼ਾਲੀ ਕਰਨ ਦਾ ਐਲਾਨ ਹੁੰਦਾ ਬਜ਼ੁਰਗ ਮਾਂ ਹਰ ਰੋਜ਼ ਪੁੱਤ ਦੀ ਤੰਦਰੁਸਤੀ ਲਈ ਅਰਦਾਸਾਂ ਕਰਦੀ ਲੋਕੀਂ ਸੌਂਦੇ ਉਹ ਜਾਗਦੀ ਕਿਸੇ ਬੁਰੀ ਖ਼ਬਰ ਦੇ ਆਉਣ ਦੇ ਡਰੋਂ ਸਹਿਮੀ ਰਹਿੰਦੀ ਭੈੜੀਆਂ ਭੈੜੀਆਂ ਸੋਚਾਂ ਸੋਚਦੀ ਤੜਪਦੀ ਫਿਰਦੀ ਮੂੰਹੋਂ ਕੁਝ ਨਾ ਕਹਿੰਦੀ ਜੰਗ ਦੇ ਅਰਥ ਬਾਰਡਰ 'ਤੇ ਵੱਸਦੇ ਉਸ ਕਿਸਾਨ ਨੂੰ ਪਤੈ ਜੋ ਆਪਣੇ ਬੱਚਿਆਂ ਦੇ ਬਸਤੇ ਅਤੇ ਸਕੂਲੀ ਵਰਦੀਆਂ ਕਿੱਲੀਆਂ 'ਤੇ ਟੰਗ ਛੱਡ ਤੁਰਦਾ ਲਵੇਰੀਆਂ ਮੱਝਾਂ ਗਾਵਾਂ ਦੇ ਰੱਸੇ ਵੱਢ ਰੱਬ ਆਸਰੇ ਛੱਡ ਜਾਂਦਾ ਆਪਣੇ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਅਚਾਨਕ ਅਲਵਿਦਾ ਕਹਿੰਦਾ ਬਿਰਧ ਮਾਂ-ਬਾਪ ਨੂੰ ਨਾਲ ਚੁੱਕਣ ਖੁਣੋਂ ਇਕੱਲਿਆਂ ਛੱਡ ਜਾਂਦਾ ਭਰੇ ਘਰ ਨੂੰ ਸਮੇਟ ਟਾਂਗਿਆਂ ਬੱਸਾਂ 'ਤੇ ਲੱਦ ਤੁਰਦਾ ਆਪਣਾ ਭਰਿਆ ਘਰ ਛੱਡ ਕਿਸੇ ਰਿਸ਼ਤੇਦਾਰ ਦੇ ਬਰੂਹੀਂ ਜਾ ਬਹਿੰਦਾ ਜੰਗ ਦੇ ਅਰਥ ਪਿਛਲੀ ਜੰਗ ਦੇ ਹੀਰੋ ਨੂੰ ਪਤੈ ਜੋ ਆਪਣੇ ਘਰ ਦੀ ਨੁੱਕਰੇ ਵੀਲ੍ਹ-ਚੇਅਰ 'ਤੇ ਬੈਠਾ ਹਰ ਰੋਜ਼ ਅਖ਼ਬਾਰ 'ਚ ਨਿਗੂਣੀ ਪੈਨਸ਼ਨ 'ਚ ਵਾਧੇ ਦੀ ਖ਼ਬਰ ਲੱਭਦਾ ਕਦੇ ਕਿੱਲੀ 'ਤੇ ਟੰਗੇ ਆਪਣੇ ਮੈਡਲਾਂ ਵੱਲ ਵੇਖਦਾ ਕਦੇ ਟੀ.ਵੀ. 'ਤੇ ਜੰਗ ਲਈ ਲਲਕਾਰਦੇ ਨੇਤਾ ਵੱਲ ਵੇਖਦਾ ਕਚੀਚੀਆਂ ਵੱਟਦਾ ਪਰ ਕੁਝ ਵੀ ਨਾ ਕਰ ਸਕਦਾ ਜੰਗ ਦੇ ਅਰਥ ਸ਼ਹੀਦ ਦੀ ਪਤਨੀ ਨੂੰ ਪਤੈ ਜੋ ਸਰਕਾਰੀ ਦਫ਼ਤਰਾਂ 'ਚ ਪੈਨਸ਼ਨ ਲਈ ਚੱਕਰ ਕੱਟਦੀ ਪਤੀ ਦੀ ਪੈਨਸ਼ਨ ਤੋਂ ਬੱਚੇ ਪਾਲਦੀ ਬੱਚਿਆਂ ਦੇ ਸਕੂਲ ਦੀ ਫ਼ੀਸ ਭਰਦੀ ਤੇ ਕਈ ਬਘਿਆੜੀ ਨਜ਼ਰਾਂ ਨਾਲ ਲੜਦੀ ਜੀਂਦੇ ਜੀ ਉਹ ਕਈ ਵਾਰ ਮਰਦੀ ਜੰਗ ਤਾਂ ਹੈ ਇਕ ਚੀਸ ਦਾ ਨਾਂ! ਜੰਗ ਤਾਂ ਹੈ ਇਕ ਬਦਅਸੀਸ ਦਾ ਨਾਂ!

ਫ਼ਰਕ

ਤੁਹਾਡੇ ਲਈ ਕਿੰਨਾ ਸੌਖਾ ਹੈ ਬੇਗ਼ਾਨੇ ਸ਼ਹੀਦ ਪੁੱਤਾਂ ਦੇ ਨਾਂ 'ਤੇ ਯਾਦਗਾਰੀ ਗੇਟ ਬਣਾਉਣੇ ਬੁੱਤ ਬਣਾਉਣੇ ਗਲ਼ਾਂ 'ਚ ਹਾਰ ਪਾਉਣੇ ਅਜ਼ਾਦੀ ਦੇ ਦਿਨ ਝੰਡੇ ਝੁਲਾਉਣੇ ਆਪਣਿਆਂ ਹੀ ਧੀਆਂ-ਪੁੱਤਾਂ ਦੀ ਤਾਜਪੋਸ਼ੀ ਕਰੀ ਜਾਣਾ ਸਾਡੇ ਲਈ ਆਧਾਰ ਕਾਰਡ ਬਣਾ ਕੇ ਅਹਿਸਾਨ ਜਤਾਉਂਦੇ ਰਹਿਣਾ ਤੇ ਇਸੇ ਨੂੰ ਲੋਕਤੰਤਰ ਕਹੀ ਜਾਣਾ ਤੁਹਾਡੇ ਲਈ ਕਿੰਨਾ ਸੌਖਾ ਹੈ ਸਾਡੇ ਸਾਹਵੇਂ ਰਲ ਕੇ ਖੇਡਣਾ ਮਿੱਥ ਕੇ ਜਿੱਤਣਾ ਮਿੱਥ ਕੇ ਹਰਨਾ ਸਾਨੂੰ ਜਿਉਂਦਿਆਂ ਨੂੰ ਹੀ ਲਾਸ਼ਾਂ ਸਮਝੀ ਜਾਣਾ ਸਾਨੂੰ ਪੈਰਾਂ ਥੱਲੇ ਦਰੜੀ ਜਾਣਾ ਤੇ ਸਾਡੀਆਂ ਹਿੱਕਾਂ 'ਤੇ ਖਲੋਅ ਭਾਸ਼ਣ ਕਰੀ ਜਾਣੇ ਪਰ ਸਾਡੇ ਲਈ ਬੜਾ ਔਖਾ ਹੈ ਕਰਜ਼ੇ ਦੀ ਪੰਡ ਥੱਲੇ ਦੱਬੇ ਹੋ ਕੇ ਵੀ ਸਿਰ ਚੁੱਕ ਕੇ ਤੁਰਨਾ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ 'ਤੇ ਰੱਬ ਜਿੰਨਾ ਵਿਸ਼ਵਾਸ ਕਰੀ ਜਾਣਾ ਮੂੰਹੋਂ ਕੁਝ ਨਾ ਕਹਿਣਾ ਹਵਾ 'ਚ ਝੂਲਦੇ ਝੰਡੇ ਨੂੰ ਹੀ ਅਜ਼ਾਦੀ ਮੰਨ ਲੈਣਾ ਤੇ ਵੋਟਰ ਕਾਰਡ ਨੂੰ ਲੋਕਤੰਤਰ ਸਾਡੇ ਲਈ ਬੜਾ ਔਖਾ ਹੈ ਰਾਤ ਦਿਨ ਮਰ ਕੇ ਵੀ ਕਰਜ਼ਾਈ ਰਹਿਣਾ ਹਰ ਦਿਨ ਦਿਹਾੜੇ ਆੜ੍ਹਤੀਏ ਦੀ ਹਾਜ਼ਰੀ ਭਰਨੀ ਬਿਮਾਰ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਵੀ ਤੰਦਰੁਸਤ ਸੋਚ ਲਈ ਫਿਰਨਾ ਤੁਹਾਡੀ ਹਰ ਸ਼ਤਰੰਜੀ ਚਾਲ ਨੂੰ ਧੁਰ ਤਕ ਸਮਝਣਾ ਪਰ ਮਤਰੇਏ ਪੁੱਤ ਵਾਂਗ ਕੁਝ ਨਾ ਕਰ ਸਕਣਾ ਸਾਡੇ ਲਈ ਬੜਾ ਔਖਾ ਹੈ ਆਪਣੇ ਸਿਰ ਸਲਾਮਤ ਰੱਖਣ ਦੀ ਖ਼ਾਤਰ ਬਾਪ ਦੇ ਬਣਾਏ ਘਰ ਨੂੰ ਅਲਵਿਦਾ ਕਹਿਣਾ ਹੱਲਾਂ, ਸੁਹਾਗੇ, ਦਾਤਰੀਆਂ, ਰੰਬੇ, ਤੰਗਲੀਆਂ, ਕਹੀਆਂ ਸਦਾ ਲਈ ਤੁਹਾਡੀ ਕਮੀਨੀ ਨੀਅਤ ਦੀ ਬਲੀ ਚੜ੍ਹਾਅ ਆਉਣੇ ਹਵੇਲੀ ਦਾ ਬੂਹਾ ਢੋਅ ਚੁੱਪ-ਚਾਪ ਤੁਰ ਆਉਣਾ ਫਿਰ ਸੁਪਨਿਆਂ ਵਿਚ ਉਜੜੇ ਘਰ 'ਚ ਆਉਂਦੇ ਜਾਂਦੇ ਰਹਿਣਾ ਸਾਡੇ ਲਈ ਬੜਾ ਔਖਾ ਹੈ...

ਕਾਇਨਾਤ

ਮੇਰਾ ਨਿੱਕਾ ਜਿਹਾ ਬਗ਼ੀਚਾ ਰੰਗ-ਬਰੰਗਾ ਹਰਿਆ-ਭਰਿਆ ਮੇਰੇ ਸੰਗ ਮੁਸਕਰਾਉਂਦਾ ਜਾਪੇ ਹਰੇ ਹਰੇ ਘਾਹ 'ਤੇ ਸ਼ਾਮ ਸਵੇਰੇ ਤ੍ਰੇਲ ਦੀਆਂ ਬੂੰਦਾਂ ਆ ਟਹਿਕਦੀਆਂ ਚੜ੍ਹਦੇ ਸੂਰਜ ਨਾਲ ਸੁਨਹਿਰੀ ਭਾਅ ਮਾਰਦੀਆਂ ਵੰਨ-ਸੁਵੰਨੇ ਫੁੱਲ ਵੀ ਜ਼ਿੱਦੋ-ਜ਼ਿੱਦੀ ਖਿੜ੍ਹਦੇ ਆਪਸ 'ਚ ਗੱਲਾਂ ਕਰਦੇ ਹਵਾ ਦੇ ਬੁੱਲਿਆਂ 'ਤੇ ਨੱਚਦੇ ਜਾਪਣ ਠਹਾਕੇ ਮਾਰ-ਮਾਰ ਹਸਦੇ ਰੰਗ-ਬਰੰਗੇ ਫੁੱਲ, ਨਾਜ਼ੁਕ ਪੱਤੀਆਂ, ਲੁਕ-ਲੁਕ ਮਾਰਨ ਝਾਤੀਆਂ ਕਈ ਧੁੱਪ ਨਾਲ ਸੁੱਕ ਕੇ ਪੱਤੀਆਂ ਡਿਗਦੀਆਂ ...ਫਿਰ ਪੁੰਗਰਦੀਆਂ ਪੁੰਗਰਨੋਂ ਨਾ ਹਟਦੀਆਂ ਜ਼ਿੰਦਗੀ ਦਾ ਭੇਤ ਜਾਪਣ ਦੱਸਦੀਆਂ ਰੋਜ਼ ਸਵੇਰੇ ਇਕ ਕੋਇਲ ਅੰਬ ਦੇ ਬੂਟੇ 'ਤੇ ਆ ਬਹਿੰਦੀ ਕੂ-ਕੂ ਕਰਦੀ ਮੇਰੀ ਹਰ ਸਵੇਰ ਨੂੰ ਸੰਗੀਤ ਦਿੰਦੀ ਉਹਦੇ ਬੋਲ ਸਾਰਾ ਦਿਨ ਮੇਰੇ ਕੰਨਾਂ 'ਚ ਗੂੰਜਦੇ ਮੇਰਾ ਬਗ਼ੀਚਾ ਨਿੱਤ ਰੰਗੋਲੀਆਂ ਬਣਾਉਂਦਾ ਹੈ ਹਰ ਰੋਜ਼ ਮੁਸਕਰਾਉਂਦਾ ਹੈ ਕਾਇਨਾਤ ਦੀ ਬਾਤ ਪਾਉਂਦਾ ਹੈ

ਵਿਦੇਸ਼ੀ

ਆਪਣੇ ਸੁਪਨੇ ਸਾਕਾਰ ਕਰਦਾ-ਕਰਦਾ ਉਹ ਤੁਰ ਗਿਆ ਸੀ ਵਿਦੇਸ਼ ਕਈ ਵਰ੍ਹੇ ਪਹਿਲਾਂ ਅੱਜ ਵੀ ਝੂਲਦੇ ਤਰੰਗੇ ਨੂੰ ਵੇਖ ਉਹ ਖੁਸ਼ੀ ਨਾਲ ਝੂਮ ਉੱਠਦਾ ਜਨ-ਗਣ-ਮਨ ਦੀ ਵੱਜਦੀ ਧੁਨ 'ਤੇ ਉਸਦੀ ਰੂਹ ਗੁਣਗੁਣਾਉਣ ਲਗਦੀ ਆਪਣਾ ਹਰ ਤਿਉਹਾਰ ਮਨਾਉਂਦਾ ਹਰ ਦੀਵਾਲੀ 'ਤੇ ਘਰ ਦੀਪਮਾਲਾ ਕਰਦਾ ਆਪਣੇ ਪਿੰਡ ਦੀਆਂ ਗੱਲਾਂ ਕਰਦਾ ਨਾ ਥੱਕਦਾ ਹਰ ਛੁੱਟੀ 'ਤੇ ਬਜ਼ੁਰਗ ਮਾਂ ਨਾਲ ਗੱਲਾਂ ਕਰਦਾ ਗੁਆਂਢੀਆਂ ਦੇ ਸੁੱਖੇ, ਪੰਮੇ ਦਾ ਹਾਲ ਪੁੱਛਦਾ ਰੱਖੜੀ 'ਤੇ ਭੈਣ ਨੂੰ ਪਿਆਰ ਘੱਲਦਾ ਬੈਂਕ ਦੀ ਟੁੱਟੀ ਕਿਸ਼ਤ ਦਾ ਫ਼ਿਕਰ ਕਰਦਾ ਭਾਵੇਂ ਤੁਰ ਗਿਆ ਸੀ ਵਿਦੇਸ਼ ਉਹ ਕਈ ਵਰ੍ਹੇ ਪਹਿਲਾਂ ਪਿੰਡ ਪਾਠਸ਼ਾਲਾ ਦੀ ਥਾਂ ਗਊਸ਼ਾਲਾ ਦੀਆਂ ਗੱਲਾਂ ਮੇਜ-ਕੁਰਸੀ ਨੂੰ ਤਰਸਦੀ ਪਿੰਡ ਦੀ ਖੰਡਰ ਹੋਈ ਡਿਸਪੈਂਸਰੀ ਟੈਂਕੀਆਂ 'ਤੇ ਚੜ੍ਹਦੇ ਬੇਰੁਜ਼ਗਾਰਾਂ ਦੀਆਂ ਖ਼ਬਰਾਂ ਗ੍ਰੰਥਾਂ ਦੀ ਬੇਅਦਬੀ ਦੀਆਂ ਖ਼ਬਰਾਂ ਪਿੰਡ ਦੇ ਲੰਬੜਦਾਰਾਂ ਦੇ ਮੁੰਡਿਆਂ ਦਾ ਨਸ਼ਈ ਹੋ ਜਾਣਾ ਸਰਪੰਚ ਦਾ ਯਾਤਰਾ 'ਤੇ ਗਏ ਦਾ ਘਰ ਵਾਪਸ ਨਾ ਮੁੜਨਾ ਉਹਦੀ ਕੋਹਾਂ ਦੂਰ ਬੈਠੇ ਦੀ ਨੀਂਦ ਹਰਾਮ ਕਰ ਜਾਂਦਾ ਉਹ ਬੇਰੁਜ਼ਗਾਰੇ ਜਹਾਜ਼ੀਂ ਚੜ੍ਹਦਿਆਂ ਮੁੰਡਿਆਂ ਬਾਰੇ ਸੋਚਦਾ ਰੋਜ਼ੀ ਲੱਭਣ ਜੋ ਤੁਰ ਜਾਂਦੇ ਕੋਈ ਨੌਇਡਾ, ਕੋਈ ਕੈਨੇਡਾ ਉਹ ਆਖਦਾ "ਆਲ੍ਹਣਿਉਂ ਡਿੱਗੇ ਬੋਟ ਮੁੜ ਆਲ੍ਹਣੇ ਨਹੀਂ ਪਰਤਣੇ ਜਿਹਾ ਨੌਇਡਾ, ਤਿਹਾ ਕੈਨੇਡਾ, ਮੁੜ ਇਨ੍ਹਾਂ ਵਿਹੜਿਆਂ 'ਚ ਕਿਸੇ ਨਹੀਂ ਪਰਤਣਾ ਬੰਦ ਘਰਾਂ ਦੇ ਬੂਹੇ ਕਿਸੇ ਨਹੀਂ ਖੋਲ੍ਹਣੇ..." ਪਿੰਡ ਦੇ ਖੇਤਾਂ ਵਾਲੇ ਬੰਦ ਮਕਾਨਾਂ ਵਿਚ ਬੋਲਦੇ ਉੱਲੂ ਉਹਨੂੰ ਪਰਦੇਸ ਬੈਠੇ ਨੂੰ ਕਈ ਵਾਰ ਸੁਣਦੇ ਪਿੱਛੇ ਰਹਿ ਗਏ ਬੀਬੀ-ਬਾਪੂ ਦੀ ਸੁੱਖ ਮੰਗਣ ਲਗਦਾ... ਉਹ ਸੱਤ ਸਮੁੰਦਰੋਂ ਪਾਰ ਬੈਠਾ ਹਰ ਦਿਨ, ਹਰ ਪਲ ਆਪਣੀ ਜਨਮ ਭੂਮੀ ਦੇ ਸਾਹ ਨਾਲ ਸਾਹ ਲੈਂਦਾ ਕੋਹਾਂ ਦੂਰ ਬੈਠਾ ਆਪਣਿਆਂ ਦੀ ਸਾਰ ਲੈਂਦਾ ਉਹ ਵਿਦੇਸ਼ੀ ਕਿਵੇਂ ਹੋਇਆ? ਵਿਦੇਸ਼ੀ ਤਾਂ ਇਹ ਨੇ ਜੋ ਇਸ ਦੇਸ਼ 'ਚ ਰਹਿੰਦੇ ਇਥੋਂ ਦਾ ਪਾਣੀ ਪੀਂਦੇ ਪਰ ਇਸਦੀ ਸੁੱਖ ਨਾ ਮੰਗਦੇ ਇਸ ਧਰਤੀ ਨੂੰ ਵਿਦੇਸ਼ੀਆਂ ਵਾਂਗ ਲੁੱਟਦੇ ਸਭ ਸਾਂਝਾਂ, ਰਿਸ਼ਤਿਆਂ ਨੂੰ ਛਿੱਕੇ ਟੰਗਦੇ ਜ਼ਰਾ ਨਾ ਸੰਗਦੇ... ਦੇਸ਼ 'ਚ ਰਹਿੰਦੇ ਵਿਦੇਸ਼ੀ ਤਾਂ ਇਹ ਨੇ

ਬਾਬੇ ਨਾਨਕ ਨੂੰ

ਬਾਬਾ ਸਾਨੂੰ ਹਿੰਮਤ ਦੇ ਅਸੀਂ ਤੇਰੇ ਦੱਸੇ ਰਾਹਾਂ 'ਤੇ ਚੱਲ ਸਕੀਏ ਅਸੀਂ ਵੀ ਬਾਪ ਦੀ ਪੂੰਜੀ ਨਾਲ ਕੋਈ ਸੱਚਾ ਸੌਦਾ ਕਰ ਸਕੀਏ ਕਿਸੇ ਭੁੱਖੇ ਨੂੰ ਰੋਟੀ ਖੁਆ ਸਕੀਏ ਅਸੀਂ ਤੇ ਰੱਜਿਆਂ ਨੂੰ ਰੋਕ-ਰੋਕ ਲੰਗਰ ਛਕਾਉਂਦੇ ਹਾਂ! ਪਿੱਛੇ ਬੈਨਰ ਆਪਣੇ ਨਾਵਾਂ ਦੇ ਲਾਉਂਦੇ ਹਾਂ! ਅਸੀਂ ਤੇਰੇ ਨਾਂ 'ਤੇ ਸੌਦੇ ਮਾਰਦੇ ਤੇਰੇ ਨਾਂ 'ਤੇ ਹੱਟੀਆਂ ਚਲਾਉਂਦੇ ਜ਼ਮੀਰਾਂ ਖ਼ਰੀਦਦੇ ਹਾਂ ਜ਼ਮੀਰਾਂ ਵੇਚਦੇ ਹਾਂ ਤੇ ਤੇਰੇ ਸ਼ਰਧਾਲੂ ਕਹਾਉਂਦੇ ਹਾਂ ਬਾਬਾ ਸਾਨੂੰ ਤਾਕਤ ਦੇ ਅਸੀਂ ਵੀ ਬਿਨਾਂ ਖੌਫ਼ ਤੇਰੀ ਤਰ੍ਹਾਂ ਨਿਧੜਕ ਹੋ ਕੇ ਜੀ ਸਕੀਏ ਰਾਜਿਆਂ ਨੂੰ "ਸ਼ੀਂਹ" ਕਹਿ ਸਕੀਏ ਮੁਕੱਦਮ "ਕੁੱਤੇ" ਕਹਿ ਸਕੀਏ ਤੇਰੇ ਵਾਂਗ ਬੇਖ਼ੌਫ਼ ਹੋ ਨਾਅਰਾ ਮਾਰ ਸਕੀਏ "ਸਰਮ ਧਰਮ ਦੁਇ ਛਪ ਖਲੋਇ ਕੂੜ ਫਿਰੇ ਪਰਧਾਨ ਵੇ ਲਾਲੋ" ਬਾਬਾ ਸਾਡੇ 'ਤੇ ਮਿਹਰ ਕਰ! ਅਸੀਂ ਵੀ ਜ਼ੁਰਅਤ ਕਰੀਏ ਤੇਰੇ ਵਾਂਗ ਇਕੱਲਿਆਂ ਤੁਰਨ ਦੀ ਤੇਰੇ ਵਾਂਗ ਸੱਚ ਕਹਿਣ ਦੀ ਕਾਸ਼! ਅਸੀਂ ਤੇਰੇ ਵਾਂਗ ਭੀੜ ਨੂੰ ਰੋਕ ਸਕਦੇ ਭੀੜ ਨੂੰ ਠੱਲ੍ਹ ਕੇ ਕਹਿ ਸਕਦੇ ਕਿ ਉਨ੍ਹਾਂ ਦੇ ਅੱਖਾਂ ਮੀਟ ਦਿੱਤੇ ਅਰਗ ਸੂਰਜ, ਚੰਦਰਮਾ ਤਕ ਨਹੀਂ ਪਹੁੰਚਦੇ ਕਿ ਰੱਬ ਚਾਰ-ਦੀਵਾਰੀਆਂ 'ਚ ਨਹੀਂ ਰਹਿੰਦਾ ਕਿ ਕਿਰਤ ਕਰਨਾ ਬੰਦੇ ਦਾ ਅਸਲ ਧਰਮ ਹੁੰਦਾ ਸਾਨੂੰ ਮੁਹੱਬਤ ਬਖ਼ਸ਼ ਅਸੀਂ ਵੀ ਮਰਦਾਨੇ ਨਾਲ ਉਮਰਾਂ ਦੀ ਸਾਂਝ ਪਾ ਸਕੀਏ ਮਲਕ ਭਾਗੋ ਨੂੰ ਦਲੀਲ ਨਾਲ ਹਰਾ ਸਕੀਏ ਕੌਡੇ ਰਾਖ਼ਸ਼ ਨੂੰ ਸ਼ਬਦਾਂ ਨਾਲ ਨਿਵਾ ਸਕੀਏ ਸੱਜਣ ਠੱਗ ਨੂੰ ਸ਼ਬਦਾਂ ਨਾਲ ਕੀਲ ਸਕੀਏ ਬਾਬਾ! ਸਾਨੂੰ ਸੁਮੱਤ ਬਖ਼ਸ਼ ਕਿ ਅਸੀਂ ਜਦੋਂ ਵੀ ਫ਼ੈਸਲੇ ਕਰੀਏ ਤੇਰੇ ਵਾਂਗ ਹੱਕ ਤੇ ਸੱਚ ਦੀ ਗੱਲ ਕਰੀਏ ਆਪਣੇ ਪੁੱਤਾਂ ਨੂੰ ਹਰ ਵੇਲੇ ਅੱਗੇ ਨਾ ਧਰੀਏ

ਕੁੜੀਆਂ

ਮੇਰੇ ਕਾਲਜ ਦੀਆਂ ਕੁੜੀਆਂ ਖਿੜ੍ਹ ਖਿੜ੍ਹ ਹੱਸਦੀਆਂ ਕਾਲਜ ਦਾ ਗੇਟ ਵੜਦੀਆਂ ਪਹਾੜੀ ਨਦੀ ਦੇ ਕਲ਼-ਕਲ਼ ਕਰਦੇ ਪਾਣੀਆਂ ਵਾਂਗ ਪੌੜੀਆਂ ਚੜ੍ਹਦੀਆਂ ਉਤਰਦੀਆਂ ਇਹ ਮਾਣ ਮੱਤੀਆਂ ਚੰਚਲ ਕੁੜੀਆਂ ਕਾਲਜ ਦੇ ਵਿਹੜੇ ਬਹਿ ਸੁਨਹਿਰੀ ਸੁਪਨੇ ਉਣਦੀਆਂ ਕਿਆਰੀਆਂ 'ਚੋਂ ਨੱਸ-ਨੱਸ ਤਿੱਤਲੀਆਂ ਫੜਦੀਆਂ ਤਿੱਤਲੀਆਂ ਸੰਗ ਤਿੱਤਲੀਆਂ ਜਾਪਣ ਇਹ ਕੁੜੀਆਂ ਧਰਤੀ 'ਤੇ ਪੈਰ ਨਾ ਟਿਕਾਉਂਦੀਆਂ ਪੀਂਘਾਂ ਝੂਟਦੀਆਂ ਅੰਬਰੀਂ ਉਡਣਾ ਲੋਚਦੀਆਂ ਜ਼ਿੰਦਗੀ ਨੂੰ ਮਖੌਲਾਂ ਕਰਦੀਆਂ 'ਵੋਮੈਨ-ਇੰਪਾਵਰਮੈਂਟ' ਦੇ ਸਲੋਗਨ ਲਿਖਦੀਆਂ 'ਡੋਮੈਸਟਿਕ ਵਾਇਓਲੈਂਸ' ਦੇ ਅਰਥ ਸਮਝਾਉਂਦੀਆਂ ਖ਼ੁਦ ਜ਼ਿੰਦਗੀ ਦਿਆਂ ਅਰਥਾਂ ਤੋਂ ਅਣਜਾਣ ਇਹ ਭੋਲੀਆਂ ਕੁੜੀਆਂ ਚਿੜੀਆਂ ਵਾਂਗ ਲਗਦੀਆਂ ਫਿਰ ਕਦੀ ਵਰ੍ਹਿਆਂ ਬਾਅਦ ਆਉਂਦੀਆਂ ਜੌਬ ਲੱਭਦੀਆਂ ਡਿਗਰੀਆਂ ਅਟੈਸਟ ਫਿਰਨ ਕਰਾਉਂਦੀਆਂ ਜਾਪਣ ਥੱਕੀਆਂ ਹਾਰੀਆਂ ਹੁਣ ਪਹਿਲਾਂ ਵਾਂਗ ਖਿੜ੍ਹ-ਖਿੜ੍ਹ ਨਾ ਹੱਸਦੀਆਂ ਕਾਲਜ ਨੂੰ ਜਾਪਣ ਨਿਹਾਰਦੀਆਂ ਲਾਚੀਆਂ ਦੇ ਬਾਗ਼ ਵਰਗੀ ਰੁੱਤ ਕਾਲਜ ਦੇ ਵਿਹੜੇ 'ਚੋਂ ਲੱਭਦੀਆਂ ਕੋਈ ਗੁੱਝੇ ਭੇਦ ਛੁਪਾਉਂਦੀਆਂ ਚੁੱਪ-ਚਾਪ ਤੁਰ ਜਾਵਣ ਉਹ ਕੁੜੀਆਂ ... ਹੁਣ ਜ਼ਿੰਦਗੀ ਦੇ ਅਰਥਾਂ ਤੋਂ ਵਾਕਿਫ਼ ਜਾਪਣ ਇਹ ਕੁੜੀਆਂ

ਦੀਵਾਲੀ

ਕਾਲੀ ਮੱਸਿਆ ਦੀ ਰਾਤ ਪਾਈਏ ਚਾਨਣ ਦੀ ਬਾਤ ਨਵੇਂ ਦੀਵੇ ਜਗਾਈਏ ਚਲੋ ਦੀਵਾਲੀ ਮਨਾਈਏ ਰੋਜ਼ ਟੁੱਟ-ਟੁੱਟ ਕੇ ਮਰਦਾ ਕਿਰਤ ਦਿਨ ਰਾਤ ਕਰਦਾ ਧੁੱਪਾਂ ਪਿੰਡੇ 'ਤੇ ਜਰਦਾ ਜੀਹਦਾ ਫਿਰ ਵੀ ਨਹੀਂ ਸਰਦਾ ਕੋਈ ਕਾਮਾ ਜਗਾਈਏ ਨਵੇਂ ਦੀਵੇ ਜਗਾਈਏ ਜਿਹੜਾ ਮਾੜੇ 'ਤੇ ਵਰ੍ਹਦਾ ਨਹੀਂ ਕਿਸੇ ਤੋਂ ਵੀ ਡਰਦਾ ਰੋਜ਼ ਚੀਰ ਹਰਨ ਕਰਦਾ ਪਰ ਕਦੇ ਵੀ ਨਹੀਂ ਮਰਦਾ ਇਹ ਰਾਵਣ ਭਜਾਈਏ ਨਵੇਂ ਦੀਵੇ ਜਗਾਈਏ ਕਿਸੇ ਝੁੱਗੀ 'ਚ ਜਾ ਕੇ ਕੋਈ ਸੁੱਤਾ ਜਗਾ ਕੇ ਕੋਈ ਮਰਦਾ ਬਚਾ ਕੇ ਰੋਂਦਾ ਗਲ਼ ਨਾਲ ਲਾ ਕੇ ਉਹਨੂੰ ਆਪਣਾ ਬਣਾਈਏ ਨਵੇਂ ਦੀਵੇ ਜਗਾਈਏ ਅਸੀਂ ਦੀਵਾਲੀ ਮਨਾਉਂਦੇ ਫੁਲਝੜੀਆਂ ਚਲਾਉਂਦੇ ਘਰ-ਬਾਹਰ ਸਜਾਉਂਦੇ ਕਈ ਜਸ਼ਨ ਰਚਾਉਂਦੇ ਕੋਈ ਭੁੱਖਾ ਰਜਾਈਏ ਚਲੋ ਦੀਵੇ ਜਗਾਈਏ ਅਸੀਂ ਸਾਰੇ ਦੇ ਸਾਰੇ ਨਵੇਂ ਕਰਦੇ ਹਾਂ ਕਾਰੇ ਨਿੱਤ ਪਾਉਂਦੇ ਖਲਾਰੇ ਫਿਰੀਏ ਹਉਮੈ ਦੇ ਮਾਰੇ ਕੋਈ ਰੁੱਸਿਆ ਮਨਾਈਏ ਨਵੇਂ ਦੀਵੇ ਜਗਾਈਏ ਨਵੀਂ ਦੀਵਾਲੀ ਮਨਾਈਏ

ਕਿਸਮਤ

ਮੈਂ ਕਿਹਾ "ਕਿਸਮਤ ਫ਼ੈਸਲੇ ਨਹੀਂ ਬਦਲਦੀ ਫ਼ੈਸਲੇ ਕਿਸਮਤ ਬਦਲਦੇ ਨੇ" ਉਸਨੇ ਕਿਹਾ "ਫ਼ੈਸਲੇ ਨਹੀਂ, ਫ਼ੈਸਲਾ" ਤੇ ਉਹ ਉਠ ਤੁਰਿਆ

ਤੂੰ ਕੁਝ ਤਾਂ ਲਿਖ

ਕਿਸੇ ਬੇਰੁਜ਼ਗਾਰ ਦੇ ਸੁਲਗਦੇ ਜਜ਼ਬਾਤਾਂ ਬਾਰੇ ਲਿਖ ਮੰਡੀਆਂ 'ਚ ਮੰਗਤਾ ਬਣੇ ਬੈਠੇ ਮਾਲਕਾਂ ਬਾਰੇ ਲਿਖ ਰੰਗੀਨ ਆਧਾਰ ਕਾਰਡ ਨੂੰ ਵੇਖ ਖੁਸ਼ ਹੁੰਦੇ ਗ਼ਰੀਬ ਬਾਰੇ ਲਿਖ ਬੁਢਾਪਾ ਪੈਨਸ਼ਨ ਨੂੰ ਉਡੀਕਦੇ ਕਿਸੇ ਬਜ਼ੁਰਗ ਬਾਰੇ ਲਿਖ ਪੈਗ਼ੰਬਰਾਂ ਦੀ ਧਰਤੀ 'ਤੇ ਹੁੰਦੇ ਅਡੰਬਰਾਂ ਬਾਰੇ ਲਿਖ ਜਾਂ ਕਿਸੇ ਗਭਰੂ ਦੇ ਜਜ਼ਬਿਆਂ ਬਾਰੇ ਲਿਖ ਕਿਸੇ ਅੱਲੜ ਮੁਟਿਆਰ ਦੇ ਵਲਵਲਿਆਂ ਬਾਰੇ ਲਿਖ ਤੂੰ ਕੁਝ ਤਾਂ ਲਿਖ... ਤੂੰ ਕੁਝ ਤਾਂ ਲਿਖ...

ਆਸਰਾ

ਮੈਂ ਜਦੋਂ ਵੀ ਆਪਣੇ ਬਿਖ਼ੜੇ ਰਾਹਵਾਂ ਦਾ ਵਾਸਤਾ ਪਾਇਆ "ਮੈਨੂੰ ਵਾਪਸ ਮੁੜ ਜਾਣ ਦੇ" ਕਹਿ ਉਹਦੇ ਹਾੜੇ ਕੱਢੇ ਉਹ ਅਡੋਲ ਖੜ੍ਹਾ ਰਿਹਾ ਮੁਸਕਰਾਉਂਦਾ ਰਿਹਾ ਤੇ ਹਰ ਵਾਰ ਕਹਿੰਦਾ ਰਿਹਾ "ਨਾ ਡਰਿਆ ਕਰ ਐਵੇਂ ਤਪਦੀਆਂ ਰਾਹਾਂ ਤੋਂ ਤੇ ਮਘਦੇ ਸੂਰਜ ਦੀ ਤਪਸ਼ ਤੋਂ ਮੈਂ ਜੁ ਹਾਂ ਤੈਨੂੰ ਹੱਥੀਂ ਛਾਵਾਂ ਕਰਨ ਨੂੰ ਤਲੀਆਂ ਤੇਰੇ ਪੈਰਾਂ ਹੇਠ ਧਰਨ ਨੂੰ..." ਉਹ ਇੰਜ ਕਹਿੰਦਾ ਰਿਹਾ ਤੇ ਮੈਂ ਤੁਰਿਆ ਰਿਹਾ...

ਪਤੰਗ

ਛੋਟੇ ਹੁੰਦਿਆਂ ਘਰ ਵੜਦਿਆਂ ਹੀ ਉਹ ਚਾਈਂ ਚਾਈਂ ਹੱਥ 'ਚ ਗੁੱਡੀ ਲੈ ਕੋਠੇ ਚੜ੍ਹਦਾ ਆਕਾਸ਼ ਵੱਲ ਵੇਖਦਾ ਹਵਾ ਦਾ ਰੁਖ਼ ਪਛਾਣਦਾ ਅੱਖ ਦੇ ਝਪੱਕੇ ਉਹਦੀ ਗੁੱਡੀ ਅਸਮਾਨ 'ਚ ਲਹਿਰਾਉਣ ਲਗਦੀ ਉੱਡਦੀ ਪਤੰਗ ਦੀ ਡੋਰ ਦੀਆਂ ਉਹ ਗੁੰਝਲਾਂ ਖੋਲ੍ਹ ਦਿੰਦਾ ਵਿੰਹਦਿਆਂ ਵਿੰਹਦਿਆਂ ਕਈ ਗੁੱਡੀਆਂ ਬੋਅ ਕਰਦਾ ਕਈ ਵਾਰੀ ਖੁਸ਼ੀ 'ਚ ਬੁਲਬੁਲੀ ਮਾਰਦਾ "ਔਹ ਈ ਬੋਅ..." ਹੁਣ ਉਹ ਜਵਾਨ ਹੋ ਗਿਐ ਉਹਨੂੰ ਹਵਾ ਦਾ ਰੁਖ਼ ਸਮਝ ਨਹੀਂ ਆ ਰਿਹਾ ਉਹਦੀ ਗੁੱਡੀ ਪੈਰਾਂ 'ਚ ਪਈ ਹੈ ਕਦੇ ਉਹ ਗੁੱਡੀ ਵੱਲ ਵੇਖਦਾ ਕਦੇ ਅਸਮਾਨ ਵੱਲ... ਗੁੱਡੀ ਚੜ੍ਹਾਉਣ ਦਾ ਮਾਹਿਰ ਅੱਜ ਉਦਾਸ ਹੈ

ਮਾਂ

ਮਾਂ ਤੈਨੂੰ ਬੜਾ ਚਾਅ ਸੀ ਮੈਂ ਬਹੁਤਾ ਬਹੁਤਾ ਪੜ੍ਹਾਂ ਪੜ੍ਹ ਲਿਖ ਕੇ ਅਨਪੜ੍ਹ ਮਾਂ ਦਾ ਪੜ੍ਹਿਆ ਲਿਖਿਆ ਪੁੱਤਰ ਬਣਾਂ ਉੱਚੀ ਨੌਕਰੀ ਕਰਾਂ ਵਧੀਆ ਇਨਸਾਨ ਬਣਾਂ ਮਾਂ ਹੁਣ ਮੈਂ ਪੜ੍ਹ ਲਿਖ ਗਿਆ ਹਾਂ ਪਿੰਡੋਂ ਸ਼ਹਿਰ ਚਲਾ ਗਿਆ ਹਾਂ ਵੱਡੇ ਘਰ 'ਚ ਰਹਿ ਰਿਹਾ ਹਾਂ ਮੇਰੀਆਂ ਕਾਰਾਂ ਮੇਰੇ ਡੌਗੀ ਮੇਰੇ ਹਰੇ ਭਰੇ ਲਾਅਨ ਨੇ ਉਹ ਮੇਰੇ ਘਰ ਦੀ ਸ਼ਾਨ ਨੇ ਪਰ ਮਾਂ ਤੂੰ ਘਰ ਆਏ ਨੂੰ ਸੁੱਚੇ ਮੂੰਹ ਵਾਪਸ ਨਹੀਂ ਸੈਂ ਜਾਣ ਦਿੰਦੀ ਭੱਜ ਕੇ ਨਲਕੇ ਤੋਂ ਪਾਣੀ ਦਾ ਗਲਾਸ ਲਿਆਉਂਦੀ ਕਾੜ੍ਹਨੀ 'ਚੋਂ ਦੁੱਧ ਕੱਢ ਪਿਆਉਂਦੀ ਪ੍ਰਾਹੁਣੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਚਿਰਾਂ ਬਾਅਦ ਆਉਣ ਦਾ ਕਾਰਨ ਪੁੱਛਦੀ ਆਪਣੇ ਹੱਥਾਂ ਦੀਆਂ ਵੱਟੀਆਂ ਸੇਵੀਆਂ ਖੁਆਉਂਦੀ ਜਾਂਦੇ ਨੂੰ ਛੇਤੀ-ਛੇਤੀ ਆਉਣ ਨੂੰ ਕਹਿੰਦੀ ਮਾਂ ਪਰ ਮੈਨੂੰ ਕਦੀ-ਕਦਾਈਂ ਕੋਈ ਮਿਲਣ ਆਉਂਦਾ ਹੈ ਬਹੁਤੀ ਵਾਰੀ ਉਹ ਗੇਟ 'ਤੇ ਮਿਲ ਕੇ ਹੀ ਮੁੜ ਜਾਂਦਾ ਹੈ ਉਹ ਸੁੱਚੇ ਮੂੰਹ ਹੀ ਘਰੋਂ ਤੁਰ ਜਾਂਦਾ ਹੈ ਮੇਰੇ ਸੋਫ਼ੇ 'ਤੇ ਹੁਣ ਆਮ ਆਦਮੀ ਨਹੀਂ ਬਹਿੰਦਾ ਮੈਂ ਕਿਸੇ ਨੂੰ ਰਾਤ ਰਹਿਣ ਲਈ ਨਹੀਂ ਕਹਿੰਦਾ ਸਾਨੂੰ ਪੜ੍ਹਿਆਂ ਲਿਖਿਆਂ ਨੂੰ ਬੜੇ ਕੰਮ ਹੁੰਦੇ ਨੇ ਮਾਂ ਅਖ਼ਬਾਰ ਪੜ੍ਹਨਾ ਡੌਗੀ ਨੂੰ ਸੈਰ ਕਰਾਉਣੀ ਪਾਰਟੀਆਂ 'ਤੇ ਜਾਣਾ ਮਾਂ ਅਸੀਂ ਘਰ ਆਏ ਲਈ ਸਮਾਂ ਕਿਥੋਂ ਲਿਆਈਏ ਤੇਰੇ ਵਾਂਗ ਹੱਥ ਦੀਆਂ ਬਣੀਆਂ ਸੇਵੀਆਂ ਕਿਥੋਂ ਖੁਆਈਏ? ਤੂੰ ਬੜੀ ਸਪੱਸ਼ਟ ਸੈਂ ਮਾਂ ਜਿੱਥੇ ਹਾਂ ਉੱਥੇ ਹਾਂ ਜਿੱਥੇ ਨਾਂਹ ਉੱਥੇ ਨਾਂਹ ਤੂੰ ਆਪਣਿਆਂ ਨੂੰ ਆਪਣਿਆਂ ਵਾਂਗ ਮਿਲਦੀ ਜੋ ਦਿਲ 'ਚ ਹੁੰਦਾ ਉਹੋ ਕਹਿੰਦੀ ਮੈਂ ਤਾਂ ਗ਼ੈਰਾਂ ਨੂੰ ਵੀ ਆਪਣਾ ਕਹਿ ਲੈਂਦਾ ਹਾਂ ਦੁਸ਼ਮਣਾਂ ਨੂੰ ਵੀ ਗਲਵੱਕੜੀ 'ਚ ਲੈ ਲੈਂਦਾ ਹਾਂ ਹੁਣ ਮੈਂ ਝੂਠਾ ਮੁਸਕਰਾਉਣਾ ਸਿੱਖ ਲਿਆ ਹੈ ਸੱਚ ਨੂੰ ਛੁਪਾਉਣਾ ਸਿੱਖ ਲਿਆ ਹੈ ਸੱਚ ਬੋਲਿਆਂ ਆਪਣੇ ਰੁੱਸ ਜਾਂਦੇ ਨੇ ਮਾਂ ਸੱਚ ਬੋਲਿਆਂ ਰਿਸ਼ਤੇ ਟੁੱਟ ਜਾਂਦੇ ਨੇ ਮਾਂ ... ... ... ਹੁਣ ਮੈਂ ਤੇਰੇ ਵਾਂਗ ਅਨਪੜ੍ਹ ਨਹੀਂ ਰਿਹਾ ਹੁਣ ਮੈਂ ਪੜ੍ਹ ਲਿਖ ਗਿਆ ਹਾਂ ਮਾਂ

ਤੂੰ ਕਿਉਂ ਨਹੀਂ ਬੋਲਦਾ ?

ਰਾਜਾ ਵੀ ਹੈ ਚੋਰ ਤੇ ਵਜ਼ੀਰ ਚੋਰ ਹੈ ਭਗਵੇਂ ਲਿਬਾਸ 'ਚ ਫ਼ਕੀਰ ਚੋਰ ਹੈ ਪਰ੍ਹੇ-ਪੰਚਾਇਤਾਂ ਦੀ ਜ਼ਮੀਰ ਚੋਰ ਹੈ ਸਾਰਾ ਕੁਝ ਜਾਣਦੈਂ ਤੂੰ, ਭੇਦ ਕਿਉਂ ਨਹੀਂ ਖੋਲ੍ਹਦਾ? ਤੂੰ ਕਿਉਂ ਨਹੀਂ ਬੋਲਦਾ? ਧੋਖਾ-ਧੜੀ ਇਥੇ ਸ਼ਰੇਆਮ ਹੋ ਰਹੀ ਅਬਲਾ ਦੀ ਆਬਰੂ ਨੀਲਾਮ ਹੋ ਰਹੀ ਕੂੜ ਦੇ ਦਲਾਲਾਂ ਨੂੰ ਸਲਾਮ ਹੋ ਰਹੀ ਦਿਲ ਵਿਚ ਰਹਿਨਾਂ ਏਂ, ਤੂੰ ਵਿਸ ਘੋਲਦਾ ਤੂੰ ਕਿਉਂ ਨਹੀਂ ਬੋਲਦਾ? ਜਾਣਦੈਂ ਤੂੰ ਲੋਕਾਂ ਦਾ ਈਮਾਨ ਹੀ ਨਹੀਂ ਮੂੰਹ ਵਿਚ ਕਿਸੇ ਦੇ ਜ਼ੁਬਾਨ ਹੀ ਨਹੀਂ ਚੋਰ ਵੱਲ ਕਿਸੇ ਦਾ ਧਿਆਨ ਹੀ ਨਹੀਂ ਸਾਡੇ ਵਿਸ਼ਵਾਸ ਦੀ ਜੋ ਪੱਤ ਰੋਲਦਾ ਤੂੰ ਕਿਉਂ ਨਹੀਂ ਬੋਲਦਾ? ਲੋਟੂ ਰਾਮ ਗੱਲੀਂ-ਬਾਤੀਂ ਸਾਰੀ ਜਾ ਰਿਹੈ ਆਪਣੇ ਹੀ ਕੁਨਬੇ ਨੂੰ ਤਾਰੀ ਜਾ ਰਿਹੈ ਦਿਨ-ਦੀਵੀਂ ਹੱਕ ਤੇਰਾ ਮਾਰੀ ਜਾ ਰਿਹੈ ਵੋਟਾਂ ਸਾਵੀਂ ਤੱਕੜੀ 'ਚ ਝੂਠ ਤੋਲਦਾ ਤੂੰ ਕਿਉਂ ਨਹੀਂ ਬੋਲਦਾ? ਗਭਰੂ ਨੇ ਨਸ਼ਿਆਂ 'ਚ ਰੁੜ੍ਹੀ ਜਾ ਰਹੇ ਡੇਰਿਆ 'ਤੇ ਧਾਮਾਂ ਨਾਲ ਜੁੜੀ ਜਾ ਰਹੇ ਪੜ੍ਹ ਕੇ ਵਿਦੇਸ਼ਾਂ ਵੱਲ ਤੁਰੀ ਜਾ ਰਹੇ ਡੋਲ ਗਿਐ ਸਭ ਕੁਝ ਤਖ਼ਤ ਨਹੀਂ ਡੋਲਦਾ ਤੂੰ ਕਿਉਂ ਨਹੀਂ ਬੋਲਦਾ?

ਰੰਗ

ਕਦੇ ਡੋਬਦੇ ਕਦੇ ਤਾਰਦੇ ਕਦੇ ਸਿਰ 'ਤੇ ਹੱਥ ਧਰਦੇ ਕਦੇ ਵੰਗਾਰਦੇ ਰਿਸ਼ਤੇ ਕਿੰਨੇ ਅਜੀਬ ਹੁੰਦੇ! ਕਦੀ ਤਪਦੇ ਮਾਰੂਥਲ 'ਤੇ ਕਾਲੀਆਂ ਘਟਾਵਾਂ ਬਣ ਕੇ ਠੰਡ ਪਾ ਜਾਂਦੇ ਕਦੀ ਸੁਨਾਮੀ ਲਹਿਰਾਂ ਬਣ ਕੇ ਤਹਿਸ-ਨਹਿਸ ਕਰ ਜਾਂਦੇ ਉਮਰਾਂ ਦੇ ਹਉਕੇ ਛੱਡ ਜਾਂਦੇ ਉਸਰਦੇ ਮੁੱਦਤਾਂ ਲਾਉਂਦੇ ਨਿੱਤ-ਨਿੱਤ ਮਿੱਠੇ ਬੋਲ ਮੰਗਦੇ ਕਦੇ ਇਕ ਬੋਲ ਨਾਲ ਹੀ ਢਹਿ-ਢੇਰੀ ਹੁੰਦੇ ਕਦੇ ਖ਼ੁਦ ਰਸਤਾ ਬਣ ਕਦਮਾਂ ਥੱਲੇ ਵਿਛਦੇ ਕਦੇ ਪੱਥਰ ਬਣ ਰਸਤਾ ਰੋਕ ਬਹਿੰਦੇ ਬੜਾ ਤੜਫ਼ਾਉਂਦੇ... ਹਰ ਰਿਸ਼ਤਾ ਨਵਾਂ ਰੰਗ... ਨਵੀਂ ਤਰੰਗ... ਰਿਸ਼ਤੇ ਕਿੰਨੇ ਅਜੀਬ ਹੁੰਦੇ!

ਹਿੰਦੁਸਤਾਨੀ

ਹੁਣ ਚਪੜਾਸੀ ਦੀ ਨੌਕਰੀ ਲਈ ਕਿਸੇ ਇੰਜਨੀਅਰ ਦਾ ਇੰਟਰਵਿਊ ਦੇਣਾ ਫ਼ਿਰ ਰਿਜੈਕਟ ਹੋ ਜਾਣਾ ਮੈਨੂੰ ਸ਼ਰਮਿੰਦਾ ਨਹੀਂ ਕਰਦਾ! ਰੁਜ਼ਗਾਰ ਲਈ ਲੱਖਾਂ ਗਭਰੂਆਂ ਦਾ ਮਾਂ-ਭੂਮੀ ਛੱਡ ਜਾਣਾ ਬਜ਼ੁਰਗ ਮਾਂ ਬਾਪ ਨੂੰ ਰੱਬ ਆਸਰੇ ਛੱਡ ਜਾਣਾ ਮੈਨੂੰ ਸ਼ਰਮਿੰਦਾ ਨਹੀਂ ਕਰਦਾ! ਸ਼ਹਿਰ ਵਿਚ ਗੁੰਡਾ-ਗਰਦੀ ਦੇ ਨੰਗੇ ਨਾਚ ਦੀ ਸੁਰਖ਼ੀ ਜਦੋਂ ਅਖ਼ਬਾਰ 'ਚ ਪੜ੍ਹਦਾ ਹਾਂ ਮੈਂ ਉਸੇ ਵੇਲੇ ਹੀ ਅਖ਼ਬਾਰ ਦੇ ਅਗਲੇ ਪੰਨੇ ਤੋਂ ਨਵੀਂ ਆਈ ਫ਼ਿਲਮ ਲੱਭਣ ਲਗਦਾ ਹਾਂ ਮੈਂ ਸੜਕਾਂ, ਚੌਂਕਾਂ ਵਿਚਕਾਰ ਟ੍ਰੈਫਿਕ ਰੋਕੀ ਬੈਠੀਆਂ ਗਾਵਾਂ, ਬਲਦ ਮੇਰੇ ਧਿਆਨ 'ਚ ਹੀ ਨਹੀਂ ਆਉਂਦੇ ਦਿਸਣੋਂ ਹੀ ਹਟ ਗਏ ਹਨ ਹੁਣ ਮੈਨੂੰ ਰੂੜੀ ਦੇ ਢੇਰ ਤੋਂ ਚੁਗ਼-ਚੁਗ਼ ਖਾਂਦੇ ਛੋਟੇ ਛੋਟੇ ਬੱਚੇ ਤਨਖ਼ਾਹ ਵਧਾਉਣ ਲਈ ਬਾਹਰ ਧਰਨੇ 'ਤੇ ਬੈਠੇ ਮਜ਼ਦੂਰਾਂ ਦਾ ਮੁਰਦਾਬਾਦ ਦਾ ਨਾਅਰਾ ਮੈਂ ਟੈਲੀਵਿਜ਼ਨ ਤੋਂ ਪ੍ਰਸਾਰਤ ਹੁੰਦੇ ਪਾਠ ਦੀ ਉੱਚੀ ਆਵਾਜ਼ ਵਿਚ ਡੋਬ ਦਿੰਦਾ ਹਾਂ ...ਜਾਣ ਬੁੱਝ ਕੇ ਜਦੋਂ ਕੋਈ ਵਿਦਿਆਰਥੀ ਅੱਖਾਂ ਭਰ ਕੇ ਕਹਿੰਦਾ ਹੈ "ਮੇਰੇ ਮਾਪੇ ਨਹੀਂ ਦੇ ਸਕਦੇ ਮੇਰੀ ਫ਼ੀਸ ...ਮੈਂ ਨਹੀਂ ਪੜ੍ਹ ਸਕਦਾ" ਮੈਂ ਬੇ-ਧਿਆਨਾ ਕਹਿ ਦਿੰਦਾ ਹਾਂ "ਮੈਂ ਵੀ ਦੱਸ ਕੀ ਕਰ ਸਕਦਾ ਹਾਂ?" ਜਦੋਂ ਕੋਈ ਦੇਸ਼ ਦਾ ਹੋਣਹਾਰ ਪੁੱਤਰ ਮਰ ਜਾਂਦਾ ਹੈ ਇਨਕਾਊਂਟਰ 'ਚ ਅਤਿਵਾਦੀ ਜਾਂ ਗੈਂਗਸਟਰ ਬਣ ਕੇ ਹੁਣ ਉਹ ਮੇਰੀ ਰੂਹ ਨੂੰ ਨਹੀਂ ਝੰਜੋੜਦਾ ਮੈਨੂੰ ਲਗਦੈ ਮਰ ਮੁੱਕ ਗਿਆ ਹੈ ਮੇਰੇ ਅੰਦਰਲਾ ਹਿੰਦੁਸਤਾਨੀ ਮੇਰੇ ਅੰਦਰੋਂ...

ਹਿੰਮਤ

ਮੇਰੇ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਨ ਵਾਲਿਓ ਹਰ ਹਾਲਾਤ 'ਚ ਪੜ੍ਹਿਓ ਹਿੰਮਤ ਨਾ ਹਾਰਿਓ ਨਹੀਂ ਬਣੇ ਤੁਹਾਡੇ ਲਈ 'ਸਮਾਰਟ ਕਲਾਸ ਰੂਮ' ਨਹੀਂ ਬਣੀਆਂ ਤੁਹਾਡੇ ਲਈ ਕੁਸ਼ਨ ਵਾਲੀਆਂ ਕੁਰਸੀਆਂ ਤੁਸੀਂ ਤਾਂ ਹੋ ਧਰਤ ਨਾਲ ਜੁੜੇ ਰਹਿਣ ਵਾਲੇ ਜੋ ਭੁੰਜੇ ਬਹਿੰਦੇ ਉਹ ਭੋਇੰ ਨਾਲ ਜੁੜੇ ਰਹਿੰਦੇ ਉਹ ਛੇਤੀ ਆਪਣੇ ਪਰ ਤੋਲਣ ਲਗਦੇ ਆਪਣੀਆਂ ਹੱਦਾਂ ਆਪ ਮਿੱਥਣ ਲਗਦੇ ਉਹ ਹਰ ਦਮ ਉਡਣਾ ਲੋਚਦੇ ਕਦੇ ਡਿੱਗਣੋਂ ਨਾ ਡਰਦੇ ਨਹੀਂ ਬਣੇ ਤੁਹਾਡੇ ਲਈ ਏ.ਸੀ. ਤੇ ਵਾਟਰ ਕੂਲਰ ਤੁਹਾਡੀਆਂ ਰਗ਼ਾਂ 'ਚ ਕਿਰਤੀ ਦਾ ਖ਼ੂਨ ਹੈ ਜਿਸਦਾ ਇਕ ਆਪਣਾ ਜਨੂੰਨ ਹੈ ਕਿਰਤੀ ਦਾ ਜੇਰਾ ਹਮੇਸ਼ਾਂ ਅੰਗਿਆਰ ਵਾਂਗ ਮਘਦਾ ਹੈ ਕਿਰਤੀ ਤੋਂ ਗਰਮੀ ਤੇ ਪਾਲਾ ਡਰਦਾ ਹੈ ਤੁਹਾਡੇ ਲਈ ਹੈ 'ਲੰਚ' ਦੀ ਥਾਂ 'ਮਿਡ ਡੇ ਮੀਲ' ਘੱਟ ਤਨਖ਼ਾਹ 'ਤੇ ਕੰਮ ਕਰਦੇ ਵੱਧ ਪੜ੍ਹੇ ਅਧਿਆਪਕ ਪੱਕੀਆਂ ਡਿਗਰੀਆਂ ਵਾਲੇ ਕੱਚੇ ਅਧਿਆਪਕ ਤੁਹਾਡੇ ਲਈ ਨੇ ਸੰਗਮਰਮਰੀ ਫਰਸ਼ ਦੀ ਥਾਂ ਕਈ ਦਹਾਕੇ ਪਹਿਲਾਂ ਠੇਕੇ 'ਤੇ ਲੱਗੀਆਂ ਕੱਲਰ ਖਾਧੀਆਂ ਇੱਟਾਂ... ਓ ਵਿਚਾਰਿਓ... ਹੌਸਲਾ ਨਾ ਛੱਡਿਓ ਹਿੰਮਤ ਨਾ ਹਾਰਿਓ

ਤੀਆਂ

ਸਉਣ ਦੇ ਮਹੀਨੇ ਅੱਜ-ਕੱਲ੍ਹ ਤੀਆਂ ਨਹੀਂ ਲਗਦੀਆਂ ਅੱਜ-ਕੱਲ੍ਹ ਛਿੰਞਾਂ ਨਹੀਂ ਪੈਂਦੀਆਂ ਸੌਖੇ ਮਾਪਿਆਂ ਦੀਆਂ ਧੀਆਂ ਪੜ੍ਹ ਲਿਖ ਗਈਆਂ ਦੇਸ-ਪਰਦੇਸ ਤੁਰ ਗਈਆਂ ਨੌਕਰੀਆਂ ਕਰਦੀਆਂ ਘੜੀ ਦੀ ਸੂਈ ਵਾਂਗ ਚਲਦੀਆਂ ਸਵੇਰ ਦੀਆਂ ਗਈਆਂ ਅੱਧੀ ਰਾਤੀਂ ਮੁੜਦੀਆਂ ਹਰ ਵੇਲੇ ਜੌਬ ਖੁਸਣੋਂ ਡਰਦੀਆਂ ਰਹਿੰਦੀਆਂ ਸੋਚਦੀਆਂ ਜਾਪਣ ਭਾਗਾਂ ਨੂੰ ਕੋਸਦੀਆਂ ਪੇਕੀਂ ਮਿਲਣ ਨਾ ਆ ਸਕਦੀਆਂ ਅੱਜ-ਕੱਲ੍ਹ ਤੀਆਂ ਨਹੀਂ ਲਗਦੀਆਂ ਕੁਝ ਹਾਲਾਤ ਦੀਆਂ ਮਾਰੀਆਂ ਪੜ੍ਹਨ ਖੁਣੋਂ ਰਹਿ ਗਈਆਂ ਵਿਚਾਰੀਆਂ ਗਿਣ-ਗਿਣ ਘੜੀਆਂ ਲੰਘਾਉਂਦੀਆਂ ਬਾਪ ਨੂੰ ਟੁੱਟ-ਟੁੱਟ ਮਰਦੇ ਵੇਖਦੀਆਂ ਜ਼ਿੰਦਗੀ ਦੀ ਮਾਰ ਜਰਦੇ ਵੇਖਦੀਆਂ ਰਹਿੰਦੀਆਂ ਡਰੀਆਂ ਤੇ ਸਹਿਮੀਆਂ ਕੋਈ ਗੱਲ ਨਾ ਕਰਦੀਆਂ ਵਿਚਾਰੀਆਂ ਬਸ ਬਾਪੂ ਦੀ ਸੁੱਖ ਮੰਗਦੀਆਂ ਉਹ ਕਿਕਲੀ ਕਿਵੇਂ ਪਾ ਸਕਦੀਆਂ? ਅੱਜ-ਕੱਲ੍ਹ ਤੀਆਂ ਨਹੀਂ ਲਗਦੀਆਂ ਮੁੰਡੇ ਟਿਊਸ਼ਨਾਂ ਦੀ ਘੁੰਮਣਘੇਰੀ 'ਚ ਫ਼ਸ ਗਏ ਕਈ ਰੋਜ਼ੀ ਲੱਭਦੇ ਲੁਭਾਉਂਦੇ ਪਰਦੇਸਾਂ ਨੂੰ ਤੁਰ ਗਏ ਕੁਝ ਵਿਹਲ ਦੇ ਸਤਾਏ ਨਸ਼ਿਆਂ 'ਤੇ ਲੱਗ ਗਏ ਸੱਧਰਾਂ ਭੱਠੀ ਬਣ ਮਘਦੀਆਂ ਮਾਵਾਂ ਕੁਝ ਸੋਚਦੀਆਂ ਰਹਿੰਦੀਆਂ ਦੁੱਧ ਘਿਉ ਖਾਣ ਨੂੰ ਨਹੀਂ ਕਹਿੰਦੀਆਂ ਅੱਜ-ਕੱਲ੍ਹ ਛਿੰਞਾਂ ਨਹੀਂ ਪੈਂਦੀਆਂ ਸਉਣ ਦੇ ਮਹੀਨੇ ਅੱਜ-ਕੱਲ੍ਹ ਤੀਆਂ ਨਹੀਂ ਲਗਦੀਆਂ ਅੱਜ-ਕੱਲ੍ਹ ਛਿੰਞਾਂ ਨਹੀਂ ਪੈਂਦੀਆਂ

ਰਾਜ ਮਹਿਲ

(ਮਹਾਰਾਜਾ ਰਣਜੀਤ ਸਿੰਘ ਦੇ ਬਣਾਏ ਕੰਪਨੀ ਬਾਗ਼, ਅੰਮ੍ਰਿਤਸਰ, ਦੇ ਮਹਿਲ ਬਾਰੇ...) ਇਕ ਦਿਨ 'ਕੱਲਾ ਸੋਚੀ ਜਾਵਾਂ ਰਾਜ ਮਹਿਲ ਨੂੰ ਵੇਖ ਕੇ ਆਵਾਂ ਵੇਖਾਂ ਮਹਿਲ ਕਿਵੇਂ ਦਾ ਲਗਦਾ? ਹੈ ਕੋਈ ਉਥੇ ਦੀਵਾ ਜਗਦਾ? ਰਾਜ ਮਹਿਲ ਸੀ ਖੰਡਰ ਹੋਇਆ ਸਭ ਕੁਝ ਜਾਪੇ ਮੋਇਆ ਮੋਇਆ ਨਾ ਕੋਈ ਜੀਅ ਨਾ ਪਰਿੰਦਾ ਨਾ ਕੋਈ ਦਾਸੀ ਨਾ ਕਰਿੰਦਾ ਮਹਾਰਾਜੇ ਦਾ ਆਸ਼ੀਆਨਾ ਬਣਿਆ ਅੱਜ ਕਬੂਤਰਖ਼ਾਨਾ ਜਿੱਥੇ ਰਾਣੀਆਂ ਬਿਸਤਰ ਲਾਏ ਉੱਥੇ ਚਿੜੀਆਂ ਆਲ੍ਹਣੇ ਪਾਏ ਰਾਜੇ ਜਿੱਥੋਂ ਹੁਕਮ ਚਲਾਇਆ ਚੌਕੀਦਾਰ ਉਥੇ ਮੰਜਾ ਡਾਹਿਆ ਪੰਛੀਆਂ ਦੀ ਕੀ ਗੱਲ ਸੁਣਾਵਾਂ ਜਾਪਣ ਮੈਨੂੰ ਦੇਣ ਸਲਾਹਵਾਂ ਉੱਡ ਜਾਂਦਾ ਕੋਈ ਆ ਜਾਂਦਾ ਏ ਬਾਤ ਜਿਹੀ ਇਕ ਪਾ ਜਾਂਦਾ ਏ ਮਹਿਲ ਸਦਾ ਆਬਾਦ ਨਹੀਂ ਰਹਿੰਦੇ ਸ਼ਹਿਨਸ਼ਾਹੀ ਠਾਠ ਨਹੀਂ ਰਹਿੰਦੇ ਰੁੱਤ ਕੋਈ ਇਕਸਾਰ ਨਾ ਰਹਿੰਦੀ ਬਾਗੀਂ ਸਦਾ ਬਹਾਰ ਨਾ ਰਹਿੰਦੀ ਇਥੋਂ ਕਈ ਧਨੰਤਰ ਤੁਰ ਗਏ ਰਾਵਣ ਕਈ ਸਿਕੰਦਰ ਤੁਰ ਗਏ ਰਾਜੇ ਜਦੋਂ ਮਹਿਲ ਬਣਾਇਆ ਕਦੇ ਨਾ ਉਹਦੇ ਮਨ ਵਿਚ ਆਇਆ 'ਇਹ ਵੀ ਕਦੇ ਸਮੇਂ ਨੇ ਆਉਣੇ ਪੰਛੀਆਂ ਇਥੇ ਆਲ੍ਹਣੇ ਪਾਉਣੇ' ਰਾਜ ਮਹਿਲ ਦੀ ਇਹ ਕਹਾਣੀ ਹੁਣ ਦੀ ਨਹੀਂ, ਇਹ ਬੜੀ ਪੁਰਾਣੀ ਮਹਿਲ ਮੁਨਾਰੇ ਢਹਿ ਜਾਂਦੇ ਨੇ ਨਾਂ ਲਿਖੇ ਹੀ ਰਹਿ ਜਾਂਦੇ ਨੇ ਕੋਈ ਨਾ ਕੋਈ ਉੱਠ ਹੀ ਪੈਂਦੈ ਤਖ਼ਤੋਂ ਭੁੰਜੇ ਸੁੱਟ ਹੀ ਲੈਂਦੈ

ਟੇਬਲ ਮਾਰਕਿੰਗ

ਵੱਜਦਾ ਬਿਗਲ ਜਦੋਂ ਟੇਬਲ ਮਾਰਕਿੰਗ ਦਾ ਸ਼ੌਂਕੀ ਮਾਰਕਿੰਗ ਦੇ ਚੁੱਕਦੇ ਕੰਨ ਵੇਖੇ ਚੜ੍ਹਦਾ ਰੇਲ ਗੱਡੀ ਕੋਈ ਭੱਜਦਾ ਬੱਸ ਫੜ ਕੇ ਚੁੱਕਦੇ ਆਪੋ ਆਪਣੀ ਗੰਨ ਵੇਖੇ ਨਾਗਾ ਨਹੀਂ ਕਹਿੰਦੇ ਪੈਣ ਦੇਣਾ ਜਿਹੜੇ ਕਾਲਜਾਂ 'ਚ ਈਦ ਦਾ ਚੰਨ ਵੇਖੇ ਰਹਿੰਦੇ ਖੰਘਦੇ ਸਾਰਾ ਸਾਲ ਜਿਹੜੇ ਕਰਾਉਂਦੇ ਪੇਪਰਾਂ ਦੀ ਧੰਨ-ਧੰਨ ਵੇਖੇ ਰਹਿੰਦੇ ਕਾਲਜਾਂ 'ਚ ਜਿਹੜੇ ਫ਼ਕੀਰ ਬਣ ਕੇ ਟੇਬਲ ਮਾਰਕਿੰਗ 'ਚ ਲਾਉਂਦੇ ਸੰਨ੍ਹ ਵੇਖੇ ਬੰਡਲ ਖੋਲ੍ਹਦੇ ਮਾਰਦੇ ਫੂਕ ਐਸੀ ਮਿੰਟਾਂ ਪੰਜਾਂ 'ਚ ਦਿੰਦੇ ਬੰਨ੍ਹ ਵੇਖੇ ਖ਼ਬਰ ਮਿਲਦਿਆਂ ਹੀ ਟੇਬਲ ਮਾਰਕਿੰਗ ਦੀ ਕਈ ਖੁਸ਼ੀ 'ਚ ਫੁੰਮਣੀਆਂ ਪਾਂਵਦੇ ਈ ਰਾਤ ਕੱਟਦੇ ਕਿੱਦਾਂ ਰੱਬ ਜਾਣੇ ਤੜਕੇ ਸੈਂਟਰ ਦੇ ਕੁੰਡੇ ਖੜਕਾਂਵਦੇ ਈ ਹਫੜਾ-ਦਫੜੀ 'ਚ ਲੱਗੇ ਨਾ ਪਤਾ ਭੋਰਾ ਕਈ ਬੰਡਲ ਹੀ ਗੁੰਮ ਕਰਾਂਵਦੇ ਈ ਦਮੜੇ ਚਾਰ ਨੇ ਝੂੰਗੇ 'ਚ ਕੰਮ ਡਾਢਾ ਲਾ-ਲਾ ਐਨਕਾਂ ਕਈ ਸਮਝਾਂਵਦੇ ਈ ਆਖਣ ਪੈਸਿਆਂ ਦੀ ਨਹੀਉਂ ਗੱਲ ਹੁੰਦੀ ਅਸੀਂ ਮਿਲਣ-ਮਿਲਾਵਣ ਆਂਵਦੇ ਈ ਸਹੁੰ ਰੱਬ ਦੀ ਭੋਰਾ ਨਾ ਭਿਣਕ ਪੈਂਦੀ ਕਦੋਂ ਆਂਵਦੇ ਤੇ ਕਦੋਂ ਜਾਂਵਦੇ ਈ ਬੜਾ ਹੁਸਨ ਹੁੰਦਾ ਟੇਬਲ ਮਾਰਕਿੰਗ ਦਾ ਬੁੱਢੇ ਠੇਰਿਆਂ ਨੂੰ ਖੰਭ ਲਾ ਦਿੰਦਾ ਜਿਹੜਾ ਕਹਿੰਦਾ ਸੀ ਸਫ਼ਰ ਨਹੀਂ ਸੂਟ ਕਰਦਾ ਤੜਕੇ ਸੈਂਟਰ 'ਚ ਹਾਜ਼ਰੀ ਪਾ ਦਿੰਦਾ ਚਾਹ ਪੀ ਕੇ ਕਾਵਾਂ ਦੇ ਅੱਥਰੂ ਜਿਹੀ ਬੰਦਾ ਪੇਪਰਾਂ ਦੇ ਛੱਕੇ ਛੁਡਾ ਦਿੰਦਾ ਕੁਰਸੀ ਕਿਸੇ ਦੀ ਬਹਿ ਕੋਈ ਹੋਰ ਜਾਂਦਾ ਬੰਡਲ ਆਪਣਾ ਕੋਈ ਗੁਆ ਦਿੰਦਾ ਮੋਹ ਮਾਰਕਿੰਗ ਦਾ ਸ਼ੌਂਕੀ ਵੱਡਿਆਂ ਨੂੰ ਸਮੋਸਾ ਪੇਪਰ 'ਤੇ ਰੱਖ ਖੁਆ ਦਿੰਦਾ ਸ਼ੌਕ ਮਾਰਕਿੰਗ ਦਾ ਕਹਿੰਦੇ ਕਹਾਉਂਦਿਆਂ ਦੀ ਅੜਾ ਕੇ ਕੁਰਸੀ 'ਚ ਸ਼ਰਟ ਪੜਵਾ ਦਿੰਦਾ ਟੇਬਲ ਮਾਰਕਿੰਗ ਦਾਰੂ ਦਲਿੱਦਰਾਂ ਦਾ ਪੇਪਰ ਵੇਖ ਕੇ ਦੁੱਖ ਸਭ ਝੜ ਜਾਂਦੇ ਇਥੇ ਬੀ.ਪੀ, ਨਾ ਸ਼ੂਗਰ, ਨਾ ਸਿਰ ਦੁਖਦੇ ਢਿੱਲੇ ਮੱਠੇ ਵੀ ਉੱਠ ਕੇ ਖੜ੍ਹ ਜਾਂਦੇ ਲੱਕ ਦਰਦ ਦੀ ਜਿਹੜੇ ਸ਼ਿਕਾਇਤ ਕਰਦੇ ਛਾਲਾਂ ਮਾਰਦੇ ਪੌੜੀਆਂ ਚੜ੍ਹ ਜਾਂਦੇ ਜਿਹੜੇ ਕਹਿੰਦੇ 'ਸਰਵਾਈਕਲ ਦੀ ਪੇਨ ਡਾਢੀ' ਨੰਬਰ ਮੋਤੀਆਂ ਵਾਂਗਰਾਂ ਜੜ ਜਾਂਦੇ ਕਦੇ ਚੁੱਕਣ ਨਾ ਦੰਦ ਤੋਂ ਦੰਦ ਜਿਹੜੇ ਹੈੱਡਸ਼ਿਪ ਲਈ ਵੀਹਾਂ ਨਾਲ ਲੜ ਜਾਂਦੇ ਰੱਬਾ ਇਨ੍ਹਾਂ ਦੀ ਮਿਹਨਤ ਨੂੰ ਫਲ ਲਾਈਂ ਕੌਮ ਵਾਸਤੇ ਸੂਲੀ ਜੋ ਚੜ੍ਹ ਜਾਂਦੇ! ਜੁਗ-ਜੁਗ ਜੀਣ ਉਹ ਉੱਚਿਆਂ ਦਰਾਂ ਵਾਲੇ ਟੇਬਲ ਥਾਂ-ਥਾਂ 'ਤੇ ਜਿਹੜੇ ਸਜਾਂਵਦੇ ਨੇ ਜਾਣ ਬੁੱਝ ਕੇ ਅੱਖੀਆਂ ਮੀਟ ਛੱਡਦੇ 'ਵਾਜ਼ਾਂ ਮਾਰ ਕੇ ਜਿਹੜੇ ਬੁਲਾਂਵਦੇ ਨੇ ਮੇਰਾ ਸਜਦਾ ਹੈ ਉਨ੍ਹਾਂ ਪਿਆਰਿਆਂ ਨੂੰ ਜੋ ਪੜ੍ਹ ਕੇ ਨੰਬਰ ਲਗਾਂਵਦੇ ਨੇ ਪਰ ਰੱਬ ਰਾਖ਼ਾ ਉਨ੍ਹਾਂ ਹਸਤੀਆਂ ਦਾ ਜੋ ਗਿੱਠਾਂ ਨੂੰ ਫੀਤਾ ਬਣਾਂਵਦੇ ਨੇ!

ਨਵਾਂ ਸਾਲ ਮੁਬਾਰਕ

ਨਵਾਂ ਸਾਲ ਮੁਬਾਰਕ ਉਨ੍ਹਾਂ ਸਾਰੀਆਂ ਪ੍ਰਸੰਨ ਰੂਹਾਂ ਨੂੰ ਜਿਨ੍ਹਾਂ ਨੂੰ ਵੇਖ ਜਿਨ੍ਹਾਂ ਸੰਗ ਬਹਿ ਹੋਰ ਜੀਣ ਨੂੰ ਜੀ ਕਰਦੈ ਢੇਰ ਮੁਬਾਰਕਾਂ ਉਨ੍ਹਾਂ ਨੂੰ ਜਿਨ੍ਹਾਂ ਲਈ ਕੁਝ ਨਹੀਂ ਵਾਪਰਨਾ ਨਵਾਂ ਪਰ ਦਿਲਾਂ 'ਚ ਚਾਅ ਨੱਚਦੇ ਨੇ ਜ਼ਿੰਦਗੀ ਨੂੰ ਰੱਜ-ਰੱਜ ਜੀਣ ਦੀ ਰੀਝ ਹੈ ਹੌਂਸਲੇ ਬੁਲੰਦ ਨੇ... ਮੁਬਾਰਕ ਨੌਜਵਾਨਾਂ ਨੂੰ ਜਿਹੜੇ ਜ਼ਿੰਦਗੀ ਦੀ ਅੱਖ 'ਚ ਅੱਖ ਪਾ ਤੱਕਦੇ ਜ਼ਿੰਦਗੀ 'ਚ ਜੂਝਣ ਦਾ ਸ਼ੌਕ ਰੱਖਦੇ ਜਿਨ੍ਹਾਂ ਦੀ ਤੱਕਣੀ 'ਚ ਵਾਅਦਾ ਹੈ ਕੁਝ ਕਰ ਵਿਖਾਉਣ ਦਾ ਇਰਾਦਾ ਹੈ ਮੁਬਾਰਕ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਚੜ੍ਹ ਗਿਐ ਇਕ ਹੋਰ ਨਵਾਂ ਸਾਲ ਕਿ ਸਾਲ ਨਵੇਂ ਵੀ ਹੁੰਦੇ ਨੇ

ਅਸੀਂ

ਸਾਹ ਆਵੇ ਨਾ ਆਵੇ ਘੜੀ ਦਾ ਪਤਾ ਨਹੀਂ ਸੌ ਸਾਲਾਂ ਦੀ ਸ਼ਰਤ ਲਗਾਈ ਫਿਰਦੇ ਹਾਂ ਨਾ ਕੋਈ ਹੀਰ ਨਾ ਰਾਂਝੇ ਵਰਗਾ ਜੇਰਾ ਹੈ ਕੰਨਾਂ ਵਿਚ ਮੁੰਦਰਾਂ ਲਟਕਾਈ ਫਿਰਦੇ ਹਾਂ ਨੇਤਾ ਸਾਹਵੇਂ ਭਿੱਜੀ ਬਿੱਲੀ ਬਣ ਜਾਈਏ ਡੌਲਿਆਂ ਉੱਤੇ ਸ਼ੇਰ ਪਵਾਈ ਫਿਰਦੇ ਹਾਂ ਸਾਡੀ ਵਾਰੀ ਨਾ ਆਈ ਨਾ ਆਉਣੀ ਹੈ ਪੂਛ ਨੂੰ ਐਵੇਂ ਅੱਗ ਲਵਾਈ ਫਿਰਦੇ ਹਾਂ

ਸ਼ਾਮ ਸੰਧੂਰੀ

ਸੁਣਿਆਂ ਗ਼ੈਰਾਂ ਦੀ ਮਹਿਫ਼ਲ ਤੂੰ ਬੜਾ ਛਾਅਵੇਂ ਮਹਿਫ਼ਲ ਸਾਡੀ ਵੀ ਛਾਅਵੇਂ ਤੇ ਤਾਂ ਮੰਨਾਂ ਗ਼ਿਲੇ, ਸ਼ਿਕਵੇ, ਕੁੜੱਤਣਾਂ ਰੱਖ ਪਾਸੇ 'ਵਾਜ਼ ਮਾਰ ਬੁਲਾਵੇਂ ਤੇ ਤਾਂ ਮੰਨਾਂ ਕਿਸੇ ਸ਼ਾਮ ਸੰਧੂਰੀ ਨੂੰ ਬਿਨਾਂ ਦੱਸੇ ਆ ਕੁੰਡਾ ਖੜਕਾਵੇਂ ਤੇ ਤਾਂ ਮੰਨਾਂ ਸੱਦਾ ਘੱਲੀਏ ਗ਼ੈਰ ਵੀ ਆ ਜਾਂਦੇ ਬਿਨਾਂ ਸੱਦਿਉਂ ਆਵੇਂ ਤੇ ਤਾਂ ਮੰਨਾਂ

ਤੂੰ ਬੋਲ

ਤੂੰ ਬੋਲ ਕਿ ਤੇਰੇ ਬੋਲਾਂ 'ਚ ਕਈ ਸੂਰਜਾਂ ਦੀ ਚਮਕ ਹੈ ਕਈ ਸਾਗਰਾਂ ਦਾ ਬਲ ਕਈ ਤੂਫ਼ਾਨਾਂ ਦਾ ਵੇਗ ਬੋਲਣ ਨਾਲ ਹੀ ਤਾਂ ਅਰਜਨ ਉਠਿਆ ਸੀ ਉਸ ਫ਼ਿਰ ਤੋਂ ਬਾਣ ਚੁੱਕਿਆ ਸੀ ਤੂੰ ਕੌਰਵਾਂ ਨੂੰ ਜਿੱਤ ਕੇ ਰੁਕਿਆ ਸੀ ਬੇਖ਼ੌਫ਼ ਬੋਲਾਂ ਸਾਹਵੇਂ ਸਿਰ ਝੁਕਦੇ ਨੇ ਜ਼ੁਲਮ ਦੇ ਹੱਥ ਕੰਬਦੇ ਨੇ ਸੋਚ ਨੂੰ ਖੰਭ ਲਗਦੇ ਨੇ ਬੋਲ ਕਦੀ ਗੀਤਾ ਬਣਦੇ ਕਦੀ ਕੁਰਾਨ ਬਣਦੇ ਕਦੀ ਗ੍ਰੰਥ ਬਣਦੇ ਤੂੰ ਵੀ ਬੋਲ ਕਿ ਚੁੱਪ ਤਾਂ ਲਾਸ਼ ਹੁੰਦੀ ਹੈ ਤੂੰ ਵੀ ਬੋਲ ਕਿ ਤੂੰ ਜਿੰਦਾ ਹੈਂ

ਕੋਈ ਉੱਠੇਗਾ

ਕੋਈ ਤਾਂ ਉੱਠੇਗਾ ਜੋ ਸਾਨੂੰ ਪੁੱਛੇਗਾ ਜਦੋਂ ਪੜ੍ਹੇ ਲਿਖੇ ਜਨਮ ਭੋਇੰ ਛੱਡਦੇ ਰਹੇ ਬੇਰੁਜ਼ਗਾਰੇ ਨਸ਼ੇ ਕਰਦੇ ਰਹੇ ਅੰਨ ਦਾਤੇ ਫਾਹਾ ਲੈ-ਲੈ ਮਰਦੇ ਰਹੇ ਜਦੋਂ ਮੰਦਰ ਮਸਜ਼ਿਦ ਲੜਦੇ ਰਹੇ ਤੁਸੀਂ ਕੀ ਕਰਦੇ ਰਹੇ? ਕੋਈ ਤਾਂ ਪੁੱਛੇਗਾ!

ਗ਼ਿਲਾ

ਐਵੇਂ ਦੂਰੋਂ ਹੀ ਗ਼ਿਲੇ ਪਿਆ ਕਰੀ ਜਾਨੈਂ ਕਦੇ ਚੱਲ ਕੇ ਸਾਡੇ ਕੋਲ ਆਉਂਦਾ ਤੇ ਸਹੀ ਗਲੀ ਵਿਚੋਂ ਤੇ ਗ਼ੈਰ ਵੀ ਲੰਘ ਜਾਂਦੇ ਸਾਡੇ ਵਿਹੜੇ 'ਚ ਪੈਰ ਕਦੀ ਪਾਉਂਦਾ ਤੇ ਸਹੀ ਆਪੇ ਗੱਲਾਂ 'ਚੋਂ ਗੱਲ ਕੋਈ ਨਿਕਲ ਆਉਂਦੀ ਗੱਲ ਬਹਿ ਕੇ ਕੋਈ ਸੁਣਾਉਂਦਾ ਤੇ ਸਹੀ ਮੈਂ ਖੁਰ ਜਾਂਦਾ ਬਰਫ਼ ਦੀ ਡਲ਼ੀ ਵਾਂਗੂੰ ਨਾਂ ਲੈ ਕੇ ਮੈਨੂੰ ਬੁਲਾਉਂਦਾ ਤੇ ਸਹੀ

ਸਮੁੰਦਰ

ਵਿਹਲੇ ਹੱਥਾਂ 'ਚ ਦਿੰਦੇ ਬਾਰੂਦ ਜਿਹੜੇ ਹੋ ਜਾਂਦੇ ਨੇ ਖ਼ੁਦ ਤਬਾਹ ਇਕ ਦਿਨ ਜੋ ਸੇਕਦੇ ਸਾੜ ਕੇ ਝੁੱਗੀਆਂ ਨੂੰ ਹੋ ਜਾਂਦੇ ਨੇ ਖ਼ੁਦ ਸੁਆਹ ਇਕ ਦਿਨ ਨਜ਼ਾਕਤ ਸਮੇਂ ਦੀ ਵੇਖ ਜੋ ਚੁੱਪ ਰਹਿੰਦੇ ਬਣ ਜਾਂਦੇ ਨੇ ਕਦੇ ਗਵਾਹ ਇਕ ਦਿਨ ਜੋ ਨਹੀਂ ਜਾਣਦੇ ਰਮਜ਼ ਸਮੁੰਦਰਾਂ ਦੀ ਰੁੜ੍ਹ ਜਾਂਦੇ ਨੇ ਉਹ ਮਲਾਹ ਇਕ ਦਿਨ

ਕਾਲੀ ਘਟਾ

ਰੋਜ਼ ਰੋਜ਼ ਨਾ ਆਵੇ ਰੁੱਤ ਸੋਹਣੀ ਘਟਾਵਾਂ ਕਾਲੀਆਂ ਵੇਖ ਮੁਸਕਰਾ ਲਿਆ ਕਰ ਰੋਜ਼ ਰੋਜ਼ ਨਾ ਬਾਗ਼ੀਂ ਕੋਇਲ ਬੋਲੇ ਦੋ ਰੂਹ ਲਈ ਪਲ ਬਚਾ ਲਿਆ ਕਰ ਪੌਣਾਂ ਠੰਡੀਆਂ ਰੋਜ਼ ਨਾ ਦੇਣ ਦਸਤਕ ਹਵਾ ਰੁਮਕਦੀ ਕੋਲ ਬਿਠਾ ਲਿਆ ਕਰ ਰੁੱਸ ਜਾਣ ਨਾ ਜ਼ਿੰਦਗੀ ਦੇ ਪਲ ਸੋਹਣੇ ਆਪਣੇ ਰੁੱਸਣ 'ਤੇ ਆਪ ਮਨਾ ਲਿਆ ਕਰ

ਹਰਫ਼

ਕੋਰਾ ਕਾਗਦ ਬੇਜਾਨ ਹੁੰਦਾ ਸਿਆਹੀ ਬੇਜਾਨ ਹੁੰਦੀ ਮੇਜ਼ 'ਤੇ ਪਿਆ ਪੈੱਨ ਬੇਜਾਨ ਹੁੰਦਾ ਜਦੋਂ ਕੋਰਾ ਕਾਗਜ਼, ਸਿਆਹੀ ਤੇ ਪੈੱਨ ਮਿਲਦੇ ਤਾਂ ਹਰਫ਼ ਬਣਦੇ ਫਿਰ ਕਾਗਜ਼ ਤੇ ਸਿਆਹੀ ਬੇਜਾਨ ਨਾ ਰਹਿੰਦੇ ਹਰਫ਼ ਬੜੇ ਬਲਵਾਨ ਹੁੰਦੇ ਇਹ ਰੇਗਿਸਤਾਨ 'ਚ ਫੁੱਲ ਖਿੜ੍ਹਾ ਸਕਦੇ ਦਰਿਆਵਾਂ ਨੂੰ ਠੱਲ੍ਹ ਪਾ ਸਕਦੇ ਜੋਤ ਮੱਥੇ 'ਚ ਜਗਾਉਂਦੇ ਅੱਗ ਪਾਣੀਆਂ ਨੂੰ ਲਾਉਂਦੇ ਚੱਲ ਹਰਫ਼ ਲਿਖੀਏ ਮੁਹੱਬਤ ਵਰਗੇ ਜੋ ਚੂਸ ਲੈਣ ਹਵਾਵਾਂ ਦੀ ਕੁੜੱਤਣ ਨੂੰ ਭਰ ਦੇਣ ਰਿਸ਼ਤਿਆਂ ਵਿੱਚ ਗੁਲਾਬੀ ਰੰਗ ਦੇਣ ਸੁਗੰਧੀਆਂ ਦਾ ਛੱਟਾ ਫਿਜ਼ਾ ਵਿੱਚ ਦੋ ਹਰਫ਼ ਤੂੰ ਲਿਖ ਦੋ ਹਰਫ਼ ਮੈਂ ਲਿਖਾਂ

ਮੈਨੂੰ ਯਾਦ ਹੈ

ਵਿਦੇਸ਼ ਰਹਿੰਦਿਆਂ ਅੱਜ ਵੀ ਯਾਦ ਹੈ ਜਦੋਂ ਆਇਆ ਸੀ ਮੇਰਾ ਬਾਪੂ ਮੈਨੂੰ ਤੋਰਨ ਪਹਿਲੀ ਵਾਰ ਏਅਰਪੋਰਟ 'ਤੇ ਪਹਿਲੀ ਵਾਰ ਹੀ ਵੇਖੇ ਸੀ ਮੈਂ ਉਦੋਂ ਬਾਪੂ ਦੀਆਂ ਅੱਖਾਂ 'ਚ ਹੰਝ ਬਹੁਤ ਵਾਰ ਰਾਤੋ-ਰਾਤ ਹਨੇਰੀ 'ਚ ਉੱਡ ਗਈਆਂ ਸਨ ਬਾਪੂ ਦੇ ਖੇਤਾਂ 'ਚੋਂ ਕਣਕ ਦੀਆਂ ਭਰੀਆਂ ਅਨੇਕਾਂ ਵਾਰ ਮਰ ਗਿਆ ਸੀ ਔੜ ਨਾਲ ਝੋਨਾ ਕਈ ਵਾਰ ਅਚਾਨਕ ਤੁਰ ਗਈਆਂ ਸਨ ਉਹਦੀਆਂ ਬੱਚਿਆਂ ਵਾਂਗ ਪਾਲੀਆਂ ਦੁੱਧ ਦਿੰਦੀਆਂ ਮੱਝਾਂ, ਗਾਵਾਂ ਪਰ ਨਹੀਂ ਸੀ ਵੇਖੇ ਉਦੋਂ ਵੀ ਮੈਂ ਬਾਪੂ ਦੀਆਂ ਅੱਖਾਂ 'ਚ ਅੱਥਰੂ ਹਰ ਵਾਰ "ਜੋ ਵਾਹਿਗੁਰੂ ਨੂੰ ਮਨਜ਼ੂਰ..." ਕਹਿੰਦਾ ਤੇ ਅਗਲੇ ਦਿਨ ਹਲ਼ ਲੈ ਤੁਰ ਪੈਂਦਾ ਪਰ ਮੈਨੂੰ ਤੋਰਨ ਲੱਗਿਆਂ ਉਸ ਦਾ ਮਨ ਭਰ ਆਇਆ ਸੀ ਜਿਵੇਂ ਬਾਪੂ ਅੰਦਰੋਂ ਡਰ ਗਿਆ ਹੋਵੇ ਜਿਵੇਂ ਕੋਈ ਜਿੱਤੀ ਬਾਜ਼ੀ ਹਰ ਗਿਆ ਹੋਵੇ ਮੈਨੂੰ ਯਾਦ ਹੈ ਜਦੋਂ ਗਏ ਸਾਂ ਮੈਂ ਤੇ ਬਾਪੂ ਆੜ੍ਹਤੀਏ ਕੋਲ ਭੈਣ ਦੇ ਵਿਆਹ ਲਈ ਪੈਸੇ ਲੈਣ ਫਿਰ ਬਹਿ ਗਏ ਸਾਂ ਦੋਵੇਂ ਨਿੰਮੋਝੂਣੇ ਹੋ ਕੇ ਉਹਦੇ ਮੰਜੇ ਦੀ ਪੈਂਦ 'ਤੇ ਹਿੰਮਤ ਜਿਹੀ ਕਰਕੇ ਕਿਹਾ ਸੀ ਉਹਨੇ "ਥੋੜ੍ਹੇ ਜਿਹੇ ਪੈਸੇ ਚਾਹੀਦੇ ਨੇ..." ਆੜ੍ਹਤੀਏ ਨੇ ਉੱਠਦਿਆਂ ਕਿਹਾ ਸੀ ਅੱਗੋਂ "...ਸਰਦਾਰਾ ਪੈਸੇ ਰੁੱਖਾਂ ਨਾਲ ਨਹੀਂ ਲਗਦੇ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਲੋਕ ਕੀ ਕਰਦੇ ਓ! ਜੇ ਰਕਮ ਨਹੀਂ ਹੁੰਦੀ ਕੁੜੀਆਂ ਦੇ ਵਿਆਹ ਕਿਉਂ ਧਰਦੇ ਓ!" ਮੇਰਾ ਛੇ-ਫੁਟਾ ਬਾਪੂ ਅੱਖ ਉਤਾਂਹ ਨਹੀਂ ਸੀ ਚੁੱਕ ਸਕਿਆ ਜਿਵੇਂ ਖੜ੍ਹਾ-ਖੜੋਤਾ ਉਹ ਥਾਏਂ ਗੱਡਿਆ ਗਿਆ ਹੋਵੇ ਨਾਲ ਆਏ ਗਭਰੂ ਪੁੱਤ ਸਮੇਤ ਮੈਨੂੰ ਯਾਦ ਹੈ ਫਿਰ ਲੈ ਗਿਆ ਸੀ ਬਾਪੂ ਮੈਨੂੰ ਇਕ ਦਿਨ ਹਲਕੇ ਦੇ ਵਜ਼ੀਰ ਕੋਲ 'ਨੌਕਰੀ ਦਿਵਾਉਣ' ਜਿਸਨੇ ਫਿਲਮੀ ਅੰਦਾਜ਼ 'ਚ ਕਿਹਾ ਸੀ "ਇਹਨੂੰ ਵਾਹੀ ਕਰਦੇ ਨੂੰ ਕੀ ਹੁੰਦਾ...? ਤੇਰਾ ਪੁੱਤ ਉਂਜ ਹੀ ਕੋਈ ਕੰਮ ਨਹੀਂ ਕਰਨਾ ਚਾਹੁੰਦਾ...?" ਉਦੋਂ ਬੁੱਤ ਬਣ ਖੜ੍ਹਾ ਰਿਹਾ ਸੀ ਬਾਪੂ ਜੋ ਸਾਰੀ ਉਮਰ ਹੀ ਰਿਹਾ ਸੀ ਵਾਹੀ ਕਰਦਾ ਸਾਰੀ ਉਮਰ ਹਲ਼ ਵਾਹ-ਵਾਹ ਰਿਹਾ ਸੀ ਮਰਦਾ ਸੁਭਾਅ ਦਾ ਗੁਸੈਲ ਮੇਰਾ ਬਾਪੂ ਵਜ਼ੀਰ ਸਾਹਵੇਂ ਉਸ ਦਿਨ ਨੀਵੀਂ ਪਾ ਖੜ੍ਹਾ ਸੀ ਮੈਂ ਚੀਖ਼-ਚੀਖ਼ ਕੇ ਕਹਿਣਾ ਚਾਹੁੰਦਾ ਸਾਂ ਉਦੋਂ "ਮੈਂ ਨਹੀਉਂ ਹੁਣ ਕਰਨੀ ਵਾਹੀ ਮੈਂ ਨਹੀਉਂ ਖਲੋਣਾ ਤੇਰੇ ਸਾਹਮਣੇ ਬਾਪੂ ਵਾਂਗੂੰ ਹੱਥ ਜੋੜ ਕੇ..." ਉਥੇ ਫਿਰ ਮੈਂ ਹੋਰ ਰੁਕ ਨਹੀਂ ਸਾਂ ਸਕਿਆ ਤੇ ਬਾਹੋਂ ਫੜ ਲੈ ਆਇਆ ਸਾਂ ਬਾਪੂ ਨੂੰ ਬਾਹਰ ਭਰਿਆ ਪੀਤਾ ਚੁੱਪ-ਚੁਪੀਤਾ ਉਦੋਂ ਹੀ ਕਰ ਲਿਆ ਸੀ ਤੁਹਈਆ ਮੈਂ ਬਾਪੂ ਵਾਂਗ ਵਾਹੀ ਨਾ ਕਰਨ ਦਾ ਐਵੇਂ ਟੁੱਟ-ਟੁੱਟ ਨਾ ਮਰਨ ਦਾ ਜਲਾਲਤ ਹੋਰ ਨਾ ਸਹਾਰਨ ਦਾ ਨੌਕਰੀ ਲਈ ਕਿਸੇ ਕੋਲ ਤਰਲਾ ਨਾ ਮਾਰਨ ਦਾ ਮੈਨੂੰ ਯਾਦ ਹੈ ਤੁਰਨ ਲੱਗਿਆਂ ਮੈਨੂੰ ਗਲ਼ ਨਾਲ ਲਾਇਆ ਸੀ ਮੇਰੀ ਮਾਂ ਨੇ ਆਪਣੇ ਹੱਥਾਂ ਨਾਲ ਕੁੱਟੀ ਸੁੰਢ ਫੜਾਉਂਦੀ ਨੇ ਕਿਹਾ ਸੀ "ਠੰਡੇ ਮੁਲਕ 'ਚ ਠੰਡ ਤੋਂ ਬਚ ਕੇ ਰਹੀਂ ਪੁੱਤਰਾ" ਮੈਂ ਹੁਣ ਕਦੀ ਕਦਾਈਂ ਸੁੰਢ ਦਾ ਫੱਕਾ ਮਾਰ ਲੈਂਦਾ ਹਾਂ ਮੈਂ ਏਦਾਂ ਕਦੀ ਮਾਂ ਨੂੰ ਯਾਦ ਕਰ ਲੈਂਦਾ ਹਾਂ ਮੈਨੂੰ ਯਾਦ ਹੈ ਜਦੋਂ ਸੁੱਖਣਾ ਸੁੱਖੀ ਸੀ ਮਾਂ ਨੇ ਗੁਰੂ ਘਰ ਪਾਠ ਕਰਾਉਣ ਦੀ 'ਕਿ ਮੈਂ ਬਾਹਰ ਚਲਾ ਜਾਵਾਂ' 'ਕਿ ਆਪਣੀ ਰੋਟੀ ਕਮਾਵਾਂ' ਜਲਾਲਤ ਤੋਂ ਬਚਣ ਲਈ ਜਲਾਵਤਨ ਹੋ ਜਾਵਾਂ ਮੈਨੂੰ ਯਾਦ ਹੈ ਪੈਸਿਆਂ ਖੁਣੋਂ ਕਾਫੀ ਚਿਰ ਨਹੀਂ ਸੀ ਉਤਾਰੀ ਮੇਰੀ ਮਾਂ ਨੇ ਸੁੱਖਣਾ ... ... ... ਹੁਣ ਮੇਰੀ ਮਾਂ ਦੀ ਸੁੱਖਣਾ ਤਾਂ ਉਤਰ ਗਈ ਹੈ ਪਰ ਮੇਰੀ ਜਨਮ ਭੋਇੰ ਮੇਰੇ ਤੋਂ ਵਿਛੜ ਗਈ ਹੈ

ਨੀਹਾਂ

ਰਾਤੋ ਰਾਤ ਭਰੀਆਂ ਨੀਹਾਂ ਛੱਤ ਤੋਂ ਸੱਖਣੀਆਂ ਕਬਜ਼ਾ ਕਰਕੇ ਛੱਡ ਗਿਆ ਕੋਈ ਭਰੀਆਂ-ਭਰਾਈਆਂ ਰਹਿ ਗਈਆਂ ਛੱਤਾਂ ਤੋਂ ਰਹਿਤ ਵਿਚਾਰੀਆਂ ਧੁੱਪਾਂ ਛਾਵਾਂ ਵੇਖਦੀਆਂ ਹਨੇਰੀਆਂ, ਝੱਖੜ ਸਿਰ 'ਤੇ ਝੱਲਦੀਆਂ ਕੋਲੋਂ ਲੰਘਦੇ ਵੰਨ-ਸੁਵੰਨੀਆਂ ਗੱਲਾਂ ਕਰਦੇ ਲੱਗਣ ਉਦਾਸ ਜਿਹੀਆਂ ਇਕੱਲੀਆਂ ਖਲੋਤੀਆਂ ਸਿਰੋਂ ਪੈਰੋਂ ਨੰਗੀਆਂ ਇੰਤਜ਼ਾਰ ਕਰਨ ਕਿਸੇ ਅਣਹੋਣੀ ਦਾ ਭਰੀਆਂ ਹੋ ਕੇ ਵੀ ਖ਼ਾਲੀ ਭਰੀਆਂ ਨੀਹਾਂ

ਮਾਂ ਬੋਲੀ

ਮਾਂ ਬੋਲੀ ਮੇਰੀ ਪੰਜਾਬੀਏ ਨੀ ਛੰਭ ਦੀਏ ਮੁਰਗਾਬੀਏ ਤੈਨੂੰ ਗੁਰੂਆਂ ਦੀ ਅਸੀਸ ਨੀਂ ਤੇਰੀ ਕੌਣ ਕਰੇਗਾ ਰੀਸ ਨੀਂ ਤੂੰ ਗੋਰਖ ਨਾਥ ਦਾ ਨੀਰ ਨੀਂ ਤੂੰ ਵਾਰਿਸ ਸ਼ਾਹ ਦੀ ਹੀਰ ਨੀਂ ਤੂੰ ਹਾਸ਼ਮ ਸ਼ਾਹ ਦੀ ਕਲਮ ਨੀਂ ਕਾਦਰ ਦੇ ਕਾਵਿ ਦਾ ਧਰਮ ਨੀਂ ਬੁੱਲ੍ਹੇ ਦੀ ਅੱਖ ਦਾ ਨੂਰ ਤੂੰ ਪੰਜਾਬ ਦਾ ਕੋਹਿਤੂਰ ਤੂੰ ਨੀਂ ਸਾਵੀਏ, ਸੁਰਖ਼, ਉਨਾਬੀਏ ਮਾਂ ਬੋਲੀ ਮੇਰੀ ਪੰਜਾਬੀਏ ਮੇਰੀ ਦਾਦੀ ਦੀਏ ਵਸੀਅਤੇ ਮੇਰੇ ਬਾਪੂ ਦੀਏ ਨਸੀਹਤੇ ਮੇਰੀ ਨਾਨੀ ਦੀਏ ਲੋਰੀਏ ਰੀਤਾਂ ਦੀਏ ਮਿੱਠੀਏ ਪੋਰੀਏ ਮੇਰੀ ਲੁਕਣ ਮੀਟੀ ਦੀ ਰਾਤ ਤੂੰ ਮੇਰੇ ਸੁਪਨੇ ਦੀ ਗੱਲਬਾਤ ਤੂੰ ਮੇਰੇ ਬੱਚੇ ਦੀ ਆਵਾਜ਼ ਤੂੰ ਸਭ ਖੁਸ਼ੀਆਂ ਦੀ ਪਰਵਾਜ਼ ਤੂੰ ਮੇਰੇ ਗਾਉਂਦੇ ਘਰ ਦੀਏ ਚਾਬੀਏ ਮਾਂ ਬੋਲੀ ਮੇਰੀ ਪੰਜਾਬੀਏ ਤੂੰ ਮੇਰੇ ਸਿਰ 'ਤੇ ਹੱਥ ਨੀਂ ਮੇਰੇ ਚੇਤਿਆਂ ਵਿਚਲੀ ਸੱਥ ਨੀਂ ਮੇਰੀ ਰੂਹ ਜਾਵੇ ਰੁਸ਼ਨਾਅ ਨੀਂ ਤੈਨੂੰ ਵੇਖਾਂ ਚੜ੍ਹ ਜਾਣ ਚਾਅ ਨੀਂ ਮੇਰੇ ਹਾਸਿਆਂ ਦੇ ਵਿਚ ਨੱਚਦੀ ਮੇਰੇ ਬੋਲਾਂ ਦੇ ਵਿਚ ਵੱਸਦੀ ਤੇਰੀ ਤੋਰ ਸਲਾਹਵੇ ਜੱਗ ਨੀਂ ਤੈਨੂੰ ਨਜ਼ਰ ਨਾ ਜਾਵੇ ਲੱਗ ਨੀਂ ਨੀਂ ਰੂਹ ਦੀਏ ਸੁਰਖ਼ ਗੁਲਾਬੀਏ ਮਾਂ ਬੋਲੀ ਮੇਰੀ ਪੰਜਾਬੀਏ ਸਭ ਯੋਗੀ ਸੰਤ ਫ਼ਕੀਰ ਨੀਂ ਤੈਨੂੰ ਆਪਣੀ ਕਹਿਣ ਜਾਗੀਰ ਨੀਂ ਕਈ ਬਹਿਰਾਂ ਛੰਦਾਂ ਵਾਲੀਏ ਸਭ ਰਾਗਾਂ ਦੀਏ ਗੁਠਾਲੀਏ ਨਾਨਕ ਦੀਏ ਲਿਖੀਏ ਫੱਟੀਏ ਗੁਰੂਆਂ ਦੀਏ ਉੱਚੀਏ ਹੱਟੀਏ ਤੇਰੀ ਸਭ ਤੋਂ ਉੱਚੀ ਥਾਂ ਕਹਾਂ ਤੈਨੂੰ ਭਾਰਤ ਮਾਂ ਦੀ ਮਾਂ ਕਹਾਂ ਨੀਂ ਸੋਹਣੀਏ ਬੇਹਿਸਾਬੀਏ ਮਾਂ ਬੋਲੀ ਮੇਰੀ ਪੰਜਾਬੀਏ ਤੂੰ ਕੇਹੇ ਜੰਮੇ ਪੁੱਤ ਨੀਂ! ਜੋ ਪੁੱਤੋਂ ਹੋਏ ਕਪੁੱਤ ਨੀਂ ਇਹ ਪੁੱਤ ਨੇ ਕਿਹੜੇ ਢੰਗ ਦੇ ਤੈਨੂੰ ਮਾਂ ਕਹਿਣੋਂ ਵੀ ਸੰਗਦੇ ਰੱਬ ਦਏ ਇਨ੍ਹਾਂ ਨੂੰ ਮੱਤ ਨੀਂ ਨਾ ਰੋਲਣ ਤੇਰੀ ਪੱਤ ਨੀਂ ਮਾਂ ਆਪਣੀ ਜਿਹੜੇ ਵਿਸਾਰਦੇ ਉਹ ਜਿੱਤੇ ਹੋਏ ਵੀ ਹਾਰਦੇ ਤੱਜ ਗਏ ਮਝੈਲ, ਦੁਆਬੀਏ ਮਾਂ ਬੋਲੀ ਮੇਰੀ ਪੰਜਾਬੀਏ ਸ਼ਾਲਾ! ਤੂੰ ਰਹੇਂ ਆਬਾਦ ਨੀਂ ਤੇਰਾ ਗੂੰਜੇ ਅਨਹਦ ਨਾਦ ਨੀਂ ਤੈਨੂੰ ਲੱਗੇ ਨਾ ਤੱਤੀ ਵਾਅ ਨੀਂ ਤੇਰੇ ਵੇਹੜੇ ਨੱਚਣ ਚਾਅ ਨੀਂ ਰਹੇਂ ਵੱਡੇ ਘਰ ਦੀ ਧੀ ਨੀਂ ਨਾ ਓਦਰੇ ਤੇਰਾ ਜੀਅ ਨੀਂ ਨਾ ਸਮੇਂ ਦਾ ਲੱਗੇ ਸੇਕ ਨੀਂ ਤੇਰੇ ਪਾਤਰ ਹੋਣ ਅਨੇਕ ਨੀਂ ਤੈਨੂੰ ਸੁਰ ਵਿਚ ਗਾਉਣ ਰਬਾਬੀਏ ਮਾਂ ਬੋਲੀ ਮੇਰੀ ਪੰਜਾਬੀਏ

ਟੱਪੇ

ਇਸ ਪਲ ਦਾ ਗਵਾਹ ਕੋਈ ਨਾ ਰੁੱਸਿਆ ਨਾ ਕਰ ਸੋਹਣਿਆਂ ਇਸ ਜਿੰਦ ਦਾ ਵਿਸਾਹ ਕੋਈ ਨਾ ਅਸਾਂ ਰੂਹ ਨਾਲ ਜੀ ਲੈਣਾ ਅੱਗ ਲੱਗੇ ਦੁਨੀਆਂ ਨੂੰ ਅਸੀਂ ਦੁਨੀਆਂ ਤੋਂ ਕੀ ਲੈਣਾ ਬੇੜੀ ਪਾਣੀਆਂ 'ਚ ਹਿਲਦੀ ਏ ਰੱਜ ਰੱਜ ਜੀ ਮਿੱਤਰਾ ਜਿੰਦ ਇਕੋ ਵਾਰੀ ਮਿਲਦੀ ਏ ਪਲ ਜ਼ਿੰਦਗੀ ਦੇ ਘਟ ਰਹੇ ਨੇ ਇਕ ਵਾਰੀ ਮਿਲ ਸੋਹਣਿਆਂ ਫੁੱਲ ਖਿੜਨੋ ਹੀ ਹਟ ਗਏ ਨੇ ਸਾਡੀ ਇਹੋ ਹੀ ਕਮਾਈ ਏ ਇਕ ਤੈਨੂੰ ਵੇਖਣ ਲਈ ਜਿੰਦ ਦਾਅ ਉਤੇ ਲਾਈ ਏ ਨਾਂ ਲੈ ਕੇ ਬੁਲਾਇਆ ਈ ਜੁਗ-ਜੁਗ ਜੀ ਸੋਹਣਿਆਂ ਸਾਨੂੰ ਚੰਨ 'ਤੇ ਬਿਠਾਇਆ ਈ ਰਲ਼ ਖੁਸ਼ੀਆਂ ਮਨਾਵਾਂਗੇ ਹੁਣ ਜਦੋਂ ਆਵੇਂਗਾ ਫੁੱਲਝੜੀਆਂ ਚਲਾਵਾਂਗੇ ਪਹਿਲਾਂ ਵਰਗਾ ਨਾ ਰਿਹਾ ਸੋਹਣਿਆਂ ਜਦੋਂ ਦਾ ਮੋਬਾਈਲ ਲੈ ਲਿਆ ਤੂੰ ਮਿਲਣੋਂ ਵੀ ਗਿਆ ਸੋਹਣਿਆਂ ਹਵਾ ਰੋਕਣੀ ਨਹੀਂ ਜਾਲ਼ੀਆਂ ਨੇ ਜਾਂਦਾ-ਜਾਂਦਾ ਮਿਲਦਾ ਏਂ ਤੈਨੂੰ ਮਾਰ ਲਿਆ ਕਾਹਲ਼ੀਆਂ ਨੇ ਸਾਡਾ ਚਲਦਾ ਨਾ ਵਾਹ ਸੋਹਣਿਆਂ ਇਕ ਅਹਿਸਾਨ ਕਰ ਜਾ ਕਦੇ ਸੁਪਨੇ 'ਚ ਆ ਸੋਹਣਿਆਂ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ