Punjabi Kavita
  

Titli Ajaib Chitarkar

ਤਿਤਲੀ ਅਜਾਇਬ ਚਿਤ੍ਰਕਾਰ

1. ਤਿਤਲੀ

ਉਡਦੀ ਉਡਦੀ ਆਵੇ ਤਿਤਲੀ,
ਫੁੱਲਾਂ ਤੇ ਮੰਡਲਾਵੇ ਤਿਤਲੀ ।

ਖੰਭ ਏਸ ਦੇ ਰੰਗ-ਬਰੰਗੇ,
ਸੋਹਣੇ ਸੋਹਣੇ, ਚੰਗੇ ਚੰਗੇ,
ਕਿੱਦਾਂ, ਕਿਸੇ ਲਲਾਰੀ ਰੰਗੇ ?
ਹਰ ਇਕ ਦਿਲ ਨੂੰ ਭਾਵੇ ਤਿਤਲੀ ।

ਸੁੰਘ ਕੇ ਫੁੱਲਾਂ ਦੀ ਖ਼ੁਸ਼ਬੋਈ,
ਉਡਦੀ ਫਿਰਦੀ ਝੱਲੀ ਹੋਈ,
ਕਿਸੇ ਪਿਆਰ ਚਿ ਖੋਈ ਖੋਈ,
ਪਿਆਰੇ ਗੀਤ ਅਲਾਵੇ ਤਿਤਲੀ ।

ਇਹ ਮਿੱਠੀਆਂ ਖ਼ੁਸ਼ਬੋਆਂ ਮਾਣੇ,
ਗਾਂਦੀ ਫਿਰੇ ਬਹਾਰ ਦੇ ਗਾਣੇ,
ਫੁੱਲਾਂ ਨੂੰ ਚੁੰਮੇਂ ਅਣਜਾਣੇ,
ਮੂਲੋਂ ਨਾ ਸ਼ਰਮਾਵੇ ਤਿਤਲੀ ।

ਮਸਤ ਅਤੇ ਮਤਵਾਲੀ ਤਿਤਲੀ,
ਚਿਤਰੇ ਖੰਭਾਂ ਵਾਲੀ ਤਿਤਲੀ,
ਪਿਆਰੀ ਭੋਲੀ ਭਾਲੀ ਤਿਤਲੀ,
ਅਪਣਾ ਮਨ ਪਰਚਾਵੇ ਤਿਤਲੀ ।

ਦਿਲ ਚਾਹੇ ਮੈਂ ਤਿਤਲੀ ਹੋਵਾਂ,
ਪਿਆਰੇ ਪਿਆਰੇ ਫੁੱਲਾਂ ਛੋਹਾਂ,
ਗਾਵਾਂ, ਜਿੱਦਾਂ ਗਾਵੇ ਤਿਤਲੀ,
ਫੁੱਲਾਂ ਤੇ ਮੰਡਲਾਵੇ ਤਿਤਲੀ ।

2. ਪੰਛੀ ਹੋਵਾਂ

ਪੰਛੀ ਹੋਵਾਂ ਬਣ ਵਸਾਂ,
ਉਡਦਾ ਫਿਰਾਂ ਅਭੋਲ,
ਗਾ ਗਾ ਗੀਤ ਰਸੀਲੜੇ,
ਕਰਦਾ ਰਹਾਂ ਕਲੋਲ ।

ਜਿਸ ਥਾਂ ਤੇ ਜਦ ਜੀ ਕਰੇ,
ਚੁਗਾਂ ਸੁਆਦੀ ਚੋਗ ।
ਕੋਈ ਗ਼ਮ ਨਾ ਛੁਹ ਸਕੇ,
ਰਹਿਵਾਂ ਸਦਾ ਅਰੋਗ ।

ਨਿਕਲ ਆਲ੍ਹਣੇ ਅੰਦਰੋਂ,
ਅਪਣੇ ਹਾਣੀ ਨਾਲ ।
ਪਹੁ ਦੀ ਲਾਲੀ ਵਿਚ ਨ੍ਹਾ,
ਹੋਵਾਂ ਲਾਲੋ ਲਾਲ ।

ਏਹੋ ਮੇਰੀ ਰੀਝ ਹੈ,
ਏਹੋ ਮੇਰੀ ਮੰਗ ।
ਰੱਜ ਰੱਜ ਕੇ ਮਾਣ ਲਾਂ,
ਮੈਂ ਕੁਦਰਤ ਦੇ ਰੰਗ ।

ਇਹ ਕੁਦਰਤ ਦੇ ਰੰਗ ਹੀ,
ਰਹੇ ਨੇ ਖਿੱਚਾਂ ਪਾ ।
ਗੂਹੜੇ ਇਹਨਾਂ ਵਾਂਗ ਹਨ,
ਮੇਰੇ ਮਨ ਦੇ ਚਾ ।

ਇਕ ਇਕ ਕਿਣਕੇ ਅੰਦਰੋਂ,
ਕੁਦਰਤ ਕਹੇ ਪੁਕਾਰ :
'ਆ ਜਾ ਮੇਰੀ ਗੋਦ, ਜੇ
ਰਜਵਾਂ ਲੋੜੇਂ ਪਿਆਰ' ।

ਸੁਣ ਸੁਣ ਵਾਜਾਂ ਉਹਦੀਆਂ,
ਤੜਫੇ ਦਿਲ ਦੀ ਚਾਹ,
ਸੌੜੇ ਏਸ ਸਮਾਜ ਤੋਂ,
ਹੁਟਦਾ ਜਾਵੇ ਸਾਹ ।

ਇਕ ਰੋਟੀ ਦੀ ਫ਼ਿਕਰ ਹੀ,
ਲੈਂਦੀ ਖ਼ੁਸ਼ੀਆਂ ਚੱਟ ;
ਆਉਂਦਾ ਮੁੜ ਅੰਗੂਰ ਨਾ,
ਐਸੇ ਲੱਗਣ ਫੱਟ ।

ਪੰਛੀ ਹੋਵਾਂ ਬਣ ਵਸਾਂ,
ਉਡਦਾ ਫਿਰਾਂ ਅਭੋਲ,
ਗਾ ਗਾ ਗੀਤ ਰਸੀਲੜੇ,
ਕਰਦਾ ਰਹਾਂ ਕਲੋਲ ।

3. ਬਈਆ ਤੇ ਬਾਂਦਰ

ਇਕ ਬਈਏ ਨੇ ਕੱਠਿਆਂ,
ਕਰ ਕੇ ਸੁੱਕਾ ਘਾ ।
ਬੁਣਿਆ ਅਪਣਾ ਆਲ੍ਹਣਾ,
ਪੂਰਾ ਕੀਤਾ ਚਾ ।

ਰੱਖਨੇ ਰਖੇ ਓਸ ਵਿਚ,
ਤੇ ਦਰਵਾਜ਼ਾ ਇੱਕ ।
ਲੋੜ ਸਮੇਂ ਜੋ ਹੋ ਸਕੇ,
ਪੂਰੀ ਮਨ ਦੀ ਸਿੱਕ ।

ਰਹਿ ਸੱਕਣ ਜੋ ਬੱਚੜੇ,
ਉਸ ਦੇ ਨਾਲ ਅਰਾਮ ।
ਰੈਨ-ਬਸੇਰਾ ਕਰ ਲਵੇ,
ਜਦ ਪੈ ਜਾਵੇ ਸ਼ਾਮ ।

ਕੱਕਰ, ਲੂ ਤੋਂ ਬਚ ਸਕੇ,
ਨਿੱਕੀ ਕੋਮਲ ਜਿੰਦ,
ਚੋਗਾ ਚੁਗ ਚੁਗ ਥੱਕ ਕੇ,
ਸਾਹ ਲੈ ਸੱਕੇ ਬਿੰਦ ।

ਸਰਦੀ ਦੀ ਇਕ ਸ਼ਾਮ ਨੂੰ,
ਬੈਠ ਆਲ੍ਹਣੇ ਕੋਲ ।
ਕਰਦਾ ਓਹੋ ਆਪ ਸੀ,
ਅਪਣੇ ਨਾਲ ਕਲੋਲ ।

ਠੁਰ ਠੁਰ ਕਰਦਾ ਸੁਕੜਦਾ,
ਪਾਲੇ ਹੱਥੋਂ ਤੰਗ ।
ਬਾਂਦਰ ਅੱਡੀਆਂ ਰਗੜਦਾ,
ਆਇਆ ਨੰਗ-ਮਲੰਗ ।

ਵਗਦਾ ਠੱਕਾ ਓਸ ਨੂੰ,
ਲੈਣ ਨਾ ਦਿੰਦਾ ਟੇਕ ।
ਚਾਹੇ, ਕਿਧਰੋਂ ਮਿਲ ਸਕੇ,
ਉਹਨੂੰ ਨਿੱਘਾ ਸੇਕ ।

ਕਰੀਆਂ ਉਸ ਨੇ ਕੋਸ਼ਿਸ਼ਾਂ,
ਚੜ੍ਹੀ ਨਾ ਕੋਈ ਤੋੜ;
ਹੱਡੀਂ ਰਚ ਗਈ ਠੰਢ ਤੇ,
ਦੁਖਣ ਲਗੇ ਜੋੜ ।

ਉਸ ਦੀ ਹਾਲਤ ਦੇਖ ਕੇ,
ਬਈਏ ਕਿਹਾ ਪੁਕਾਰ :
'ਕਰਨੀ ਫ਼ਿਕਰ ਸਿਆਲ ਦੀ,
ਸੀ ਤੂੰ ਪਹਿਲੋਂ ਯਾਰ !

ਮੈਂ ਤੈਥੋਂ ਹਾਂ ਨਿੱਕੜਾ,
ਪਰ ਜਤਨਾਂ ਦੇ ਨਾਲ ।
ਕੀਤਾ ਮੁਸ਼ਕਲ ਹੱਲ ਹੈ,
ਅਪਣਾ ਆਪ ਸਵਾਲ ।

ਜੇ ਤੂੰ ਵੀ ਕੁਛ ਸੋਚਦਾ,
ਰਖਦਾ ਕੋਈ ਤਾਂਘ ।
ਘਰ ਦਾ ਮਾਲਕ ਅੱਜ ਤੂੰ,
ਹੁੰਦਾ ਮੇਰੇ ਵਾਂਗ' ।

ਸੁਣ ਬਈਏ ਦੀ ਗੱਲ ਨੂੰ,
ਬਾਂਦਰ ਕੀਤੀ ਝੱਟ ।
ਚੜ੍ਹ ਕੇ ਰੁਖ ਤੇ ਆਲ੍ਹਣਾ,
ਕੀਤਾ ਚੌੜ ਚੁਪੱਟ ।

ਬੁਣਿਆ ਸੀ ਜੋ ਓਸ ਨੇ,
ਪੂਰੀ ਮਿਹਨਤ ਨਾਲ ।
ਪੱਟੀ ਉਸ ਦੀ ਜੱਖਣਾ,
ਕੀਤਾ ਭੈੜਾ ਹਾਲ ।

ਵਾਹ ਬਈਏ ਦੀ ਗਈ ਨਾ,
ਹੋਇਆ ਬਹੁਤ ਲਚਾਰ,
ਕਿਸੇ ਸਿਆਣੇ ਆਖਿਆ,
ਤਾਹੀਂ ਸੋਚ ਵਿਚਾਰ :

"ਸੀਖ ਤਾਂ ਕੋ ਦੀਜੀਏ,
ਜਾਂ ਕੋ ਸੀਖ ਸੁਖਾਇ ।
ਸੀਖ ਨ ਦੀਜੇ ਬਾਂਦਰਾਂ,
ਜੋ ਬਈਏ ਦਾ ਘਰ ਢਾਇ" ।

(ਬਈਆ=ਬਿਜੜਾ)

4. ਤੰਦਰੁਸਤੀ

ਕਿਸੇ ਸਿਆਣੇ ਆਖਿਆ,
ਇਸ ਨੂੰ ਮੂਲ ਨਾ ਭੁੱਲ ।
ਕੋਈ ਦੌਲਤ ਹੈ ਨਹੀਂ;
ਤੰਦਰੁਸਤੀ ਦੇ ਤੁੱਲ ।

ਜੁੱਸਾ ਭਰਵਾਂ ਗੱਠਵਾਂ,
ਰੱਤ ਨਾਲ ਭਰਪੂਰ ।
ਪਿੰਡਾ ਸੋਹਣਾ ਲਿਸ਼ਕਵਾਂ,
ਅੱਖਾਂ ਨੂਰੋ ਨੂਰ ।

ਅੰਗ ਅੰਗ ਵਿਚ ਨੱਚਦੀ,
ਗੇੜੇ ਖਾਂਦੀ ਰੱਤ,
ਦੌਲਤ ਦੁਨੀਆਂ ਦੀ ਕੋਈ,
ਕਦ ਹੈ ਇਹਦੇ ਵੱਤ ?

ਮੂੰਹ ਹਨੇਰੇ ਉੱਠ ਕੇ,
ਖੁੱਲ੍ਹਾਂ ਦੇ ਵਿਚਕਾਰ ।
ਉੱਠ ਬੈਠ ਕੇ ਬੈਠਕਾਂ,
ਕੱਢ ਤੂੰ ਵਾਰੋ ਵਾਰ ।

ਪੇਲ ਸਕੇਂ ਤੂੰ ਜਿਤਨੇ,
ਉਤਨੇ ਡੰਡ ਲੈ ਪੇਲ ।
ਸ਼ਾਮ ਸਵੇਰੇ ਹਾਣੀਆਂ,
ਨਾਲ ਜਾ ਖੇਲ੍ਹਾਂ ਖੇਲ ।

ਜਦ ਜੀ ਆਵੇ ਹਾਣੀਆਂ
ਨਾਲ ਜੀ ਪਰਚਾ ।
ਕੌਡ-ਕਬੱਡੀ ਖੇਡ, ਜਾਂ,
ਘੁਲ ਕੇ ਹੱਥ ਵਿਖਾ ।

ਹਰ ਵੇਲੇ ਖ਼ੁਸ਼ ਰਹਿਣ ਲਈ,
ਅਪਣਾ ਬਦਲ ਸੁਭਾ ।
ਜੀ ਲਾ ਕੇ ਕਰ ਕੰਮ ਤੇ,
ਖਾ ਪੀ ਰੱਜ ਹੰਢਾ ।

ਜੇ ਏਨਾਂ ਹੀ ਕਰ ਲਵੇਂ,
ਹੋਰ ਕਰੇਂ ਨਾ ਕੁਛ,
ਦੌਲਤ ਕੁਲ ਜਹਾਨ ਦੀ,
ਤੈਨੂੰ ਜਾਪੇ ਤੁੱਛ ।

5. ਧਰਤੀ ਮਾਤਾ

ਇਹ ਧਰਤੀ ਸਾਡੀ ਮਾਤਾ ਹੈ,
ਅਸੀਂ ਇਹਦੇ ਪੁੱਤ ਦੁਲਾਰੇ ਹਾਂ ।
ਇਹ ਧਰਤੀ ਸਾਨੂੰ ਪਿਆਰੀ ਹੈ,
ਧਰਤੀ ਨੂੰ ਅਸੀਂ ਪਿਆਰੇ ਹਾਂ ।

ਸਾਨੂੰ ਪਿਆਰੀ ਦੇਸ਼ ਦੀ ਮਿੱਟੀ ਹੈ,
ਪਿਆਰਾ ਹਰ ਇਕ ਨਜ਼ਾਰਾ ਹੈ ।
ਤੇ ਪਿਆਰੀਆਂ ਇਹਦੀਆਂ ਫਸਲਾਂ ਨੇ,
ਫਸਲਾਂ ਦਾ ਰੂਪ ਪਿਆਰਾ ਹੈ ।

ਅਸੀਂ ਮਾਣਦੇ ਇਹਦੇ ਸੁਹਜਾਂ ਦੇ,
ਨਿੱਤ ਨਵਿਓਂ ਨਵੇਂ ਹੁਲਾਰੇ ਹਾਂ ।
ਇਹ ਧਰਤੀ ਸਾਨੂੰ ਪਿਆਰੀ ਹੈ,
ਧਰਤੀ ਨੂੰ ਅਸੀਂ ਪਿਆਰੇ ਹਾਂ ।

ਸਾਨੂੰ ਇਹਦੇ ਪਰਬਤ ਪਿਆਰੇ ਨੇ ।
ਤੇ ਇਹਦੇ ਦਰਿਆ ਪਿਆਰੇ ਨੇ ।
ਸਾਨੂੰ ਇਹਦੇ ਲੋਕੀ ਪਿਆਰੇ ਨੇ,
ਲੋਕਾਂ ਦੇ ਚਾਅ ਪਿਆਰੇ ਨੇ ।

ਅਸੀਂ ਮਾਣਦੇ ਇਹਦੀਆਂ ਰੁੱਤਾਂ ਦੇ,
ਖਿੜਦੇ ਹੋਏ ਰੰਗ ਨਜ਼ਾਰੇ ਹਾਂ ।
ਇਹ ਧਰਤੀ ਸਾਨੂੰ ਪਿਆਰੀ ਹੈ,
ਧਰਤੀ ਨੂੰ ਅਸੀਂ ਪਿਆਰੇ ਹਾਂ ।

ਸਾਨੂੰ ਇਹਦੇ ਪੰਛੀ ਪਿਆਰੇ ਨੇ,
ਉਹਨਾਂ ਦੇ ਚੋਲ੍ਹ ਪਿਆਰੇ ਨੇ ।
ਫੁੱਲਾਂ ਜਹੇ ਕੋਮਲ ਕੋਮਲ ਜੋ,
ਬਾਲਾਂ ਦੇ ਬੋਲ ਪਿਆਰੇ ਨੇ ।

ਅਸੀਂ ਇਸ ਦੀ ਰੀਝ ਦੇ ਅੰਬਰ ਦੇ,
ਜਗ ਮਗ ਕਰਦੇ ਹੋਏ ਤਾਰੇ ਹਾਂ ।
ਇਹ ਧਰਤੀ ਸਾਨੂੰ ਪਿਆਰੀ ਹੈ,
ਧਰਤੀ ਨੂੰ ਅਸੀਂ ਪਿਆਰੇ ਹਾਂ ।

ਲੂੰ ਲੂੰ ਦੇ ਵਿਚ ਹੈ ਪਿਆਰ ਇਦ੍ਹਾ,
ਇਸ ਨੂਰ ਕਈ ਉਪਜਾਏ ਨੇ ।
ਇਸ ਭਗਤ, ਬੀਰ ਤੇ ਦਾਤੇ ਕਈ,
ਅਪਣੀ ਕੁੱਖ ਵਿਚੋਂ ਜਾਏ ਨੇ ।

ਅਜ ਤੀਕ ਜਿਨ੍ਹਾਂ ਦੀ ਕਰਨੀ ਦੇ,
ਗੁਣ ਗਾਉਂਦੇ ਕਦੇ ਨਾ ਹਾਰੇ ਹਾਂ ।
ਇਹ ਧਰਤੀ ਸਾਨੂੰ ਪਿਆਰੀ ਹੈ,
ਧਰਤੀ ਨੂੰ ਅਸੀਂ ਪਿਆਰੇ ਹਾਂ ।

6. ਗੁਰੂ ਨਾਨਕ

ਮਿਟੀ ਧੁੰਦ ਤੇ ਹਨੇਰਾ
ਸਾਰਾ ਦੂਰ ਹੋ ਗਿਆ;
ਤੇਰੇ ਨੂਰ ਨਾਲ ਜੱਗ
ਨੂਰੋ ਨੂਰ ਹੋ ਗਿਆ ।

ਮਿਟੀ ਕੂੜ ਵਾਲੀ ਮੱਸਿਆ
ਤੇ ਸੱਚ ਲੱਸਿਆ,
ਸਾਰੇ ਦਿਲਾਂ 'ਚ
ਈਮਾਨ, ਇਨਸਾਫ਼ ਵੱਸਿਆ ।

ਮਗ਼ਰੂਰਾਂ ਦਾ ਗ਼ਰੂਰ
ਸਾਰਾ ਚੂਰ ਹੋ ਗਿਆ ।
ਮਿਟੀ ਧੁੰਦ ਤੇ ਹਨੇਰਾ
ਸਾਰਾ ਦੂਰ ਹੋ ਗਿਆ ।
ਤੇਰੇ ਨੂਰ ਨਾਲ ਜੱਗ
ਨੂਰੋ ਨੂਰ ਹੋ ਗਿਆ ।

ਏਥੇ ਪਾਪ ਦਾ, ਪਖੰਡ
ਦਾ ਹੀ ਪਰਚਾਰ ਸੀ,
ਲੈਂਦਾ ਗਊ ਤੇ ਗ਼ਰੀਬ
ਦੀ ਨਾ ਕੋਈ ਸਾਰ ਸੀ ।

ਪਤਾ ਨਹੀਂ ਕੀ ਸੀ
ਇਨ੍ਹਾਂ ਤੋਂ ਕਸੂਰ ਹੋ ਗਿਆ ।

ਮਿਟੀ ਧੁੰਦ ਤੇ ਹਨੇਰਾ
ਸਾਰਾ ਦੂਰ ਹੋ ਗਿਆ ।
ਤੇਰੇ ਨੂਰ ਨਾਲ ਜੱਗ
ਨੂਰੋ ਨੂਰ ਹੋ ਗਿਆ ।

7. ਸ਼ੇਰ

ਸ਼ੇਰ ਰਹੇ ਜੰਗਲ ਵਿਚਕਾਰੇ,
ਬਨ ਵਿਚ ਇਸ ਦਾ ਰਾਜ ਹੈ ਸਾਰੇ ।
ਇਹ ਬਨ ਦਾ ਮਤਵਾਲਾ ਰਾਜਾ,
ਭੂਰੇ ਵਾਲਾਂ ਵਾਲ ਰਾਜਾ ।
ਬਨ-ਵਾਸੀ ਪਰਣਾਮ ਨੇ ਕਰਦੇ,
ਸਾਰੇ ਇਸ ਦਾ ਪਾਣੀ ਭਰਦੇ ।
ਸਭ ਜੰਗਲ ਤੇ ਰੋਹਬ ਹੈ ਇਸਦਾ,
ਕੋਈ ਨਾ ਸਾਹਵੇਂ ਅੜਦਾ ਦਿਸਦਾ ।
ਸਾਰੇ ਇਸਦਾ ਤੇਜ ਨਾ ਝੱਲਣ,
ਸਾਰੇ ਇਸ ਦੀ ਈਨ 'ਚ ਚੱਲਣ ।

8. ਟਿਕ ਟਿਕ, ਟਿਕ ਟਿਕ

ਘੜੀ ਗਾਏ ਗੀਤ ਇਕ,
'ਟਿਕ ਟਿਕ, ਟਿਕ ਟਿਕ' ।

ਜ਼ਿੰਦਗੀ ਦੀ ਰਾਹ ਪੈਰ
ਪਾਵਣਾ ਹੀ ਜ਼ਿੰਦਗੀ ਹੈ,
ਜ਼ਿੰਦਗੀ ਦਾ ਕੋਈ ਗੀਤ-
ਗਾਵਣਾ ਹੀ ਜ਼ਿੰਦਗੀ ਹੈ,
ਜ਼ਿੰਦਗੀ ਦੇ ਪੈਂਡੇ ਨੂੰ
ਪੁਲੰਘ, ਬਹਿ ਨ ਟਿਕ ਟਿਕ !'
ਘੜੀ ਗਾਏ ਗੀਤ ਇਕ,
'ਟਿਕ ਟਿਕ, ਟਿਕ ਟਿਕ' ।

ਘੜੀ ਗਾਏ ਗੀਤ ਇਕ :
'ਕਾਹਨੂੰ ਬੈਠਾ ਝੂਰਨਾ ਏਂ ?
ਮੇਰੇ ਵਾਂਗ ਚੱਲ, ਮੈਨੂੰ-
ਕਾਹਨੂੰ ਪਿਆ ਘੂਰਨਾ ਏਂ ?
ਜਿੱਤ ਔਖੇ ਪੈਂਡਿਆਂ ਨੂੰ,
ਕਰਕੇ ਤੂੰ ਇਕ ਇਕ' ।
ਘੜੀ ਗਾਏ ਗੀਤ ਇਕ,
'ਟਿਕ ਟਿਕ, ਟਿਕ ਟਿਕ' ।

ਘੜੀ ਗਾਏ ਗੀਤ ਇਕ :
'ਜ਼ਿੰਦਗੀ ਦੀ ਰਾਹ ਉੱਤੇ
ਪੈਰ ਤੋਲ ਤੋਲ ਰੱਖ,
ਆਪਣੀ ਤੂੰ ਜ਼ਿੰਦਗੀ ਨੂੰ
ਤੁਰਦੀ ਅਡੋਲ ਰੱਖ,
ਜਿਵੇਂ ਰੇਲ ਤੁਰਦੀ ਏ
ਛਿਕ ਛਿਕ, ਛਿਕ ਛਿਕ' ।
ਘੜੀ ਗਾਏ ਗੀਤ ਇਕ,
'ਟਿਕ ਟਿਕ, ਟਿਕ ਟਿਕ' ।

9. ਆਓ ਪੀਂਘਾਂ ਪਾਈਏ

ਆਓ ਨੀ ਸਹੇਲੀਓ,
ਰਲ ਪੀਂਘਾਂ ਪਾਵੀਏ ।
ਇਕੋ ਹੀ ਹੁਲਾਰੇ
ਅਸਮਾਨੀ ਚੜ੍ਹ ਜਾਵੀਏ ।

ਆਈ ਰੁੱਤ ਸੌਣ ਦੀ,
ਚਾਅ ਤੇ ਮਲਾਰ ਵਾਲੀ
ਪਿੱਪਲਾਂ ਦੀ ਛਾਵੇਂ ਲਾਹੀਏ
ਭੁੱਖ, ਨੱਚ ਪਿਆਰ ਵਾਲੀ ।

ਆਓ ਸਈਆਂ ਸਾਰੀਆਂ ਹੀ
ਅੱਜ ਤੀਆਂ ਲਾਵੀਏ ।
ਆਓ ਨੀ ਸਹੇਲੀਓ,
ਰਲ ਪੀਂਘਾਂ ਪਾਵੀਏ ।

ਅਰਸ਼ਾਂ ਤੇ ਬਦਲਾਂ ਦੇ,
ਹੋਵੰਦੇ ਨੇ ਸ਼ੋਰ ਪਏ ।
ਮਸਤੀ ਦੇ ਵਿਚ ਆ ਕੇ,
ਨੱਚਦੇ ਨੇ ਮੋਰ ਪਏ ।

ਆਓ ਆਪ ਨੱਚੀਏ,
ਤੇ ਹੋਰਾਂ ਨੂੰ ਨਚਾਵੀਏ ।
ਆਓ ਨੀ ਸਹੇਲੀਓ,
ਰਲ ਪੀਂਘਾਂ ਪਾਵੀਏ ।

'ਕਿੱਕਲੀ ਕਲੀਰ' ਵਾਲੀ
ਆਓ ਮਿਲ ਖੇਡੀਏ ।
'ਪੱਗ ਮੇਰੇ ਵੀਰ ਵਾਲੀ,'
ਆਓ ਮਿਲ ਖੇਡੀਏ ।

ਆਓ ਇਨ੍ਹਾਂ ਖੇਡਾਂ ਵਿਚ,
ਮਨ ਪਰਚਾਵੀਏ ।
ਆਓ ਨੀ ਸਹੇਲੀਓ,
ਰਲ ਪੀਂਘਾਂ ਪਾਵੀਏ ।

10. ਰਾਜਾ ਤੇ ਰਾਣੀ

ਸੁਣੋ, ਸੁਣਾਵਾਂ ਇਕ ਕਹਾਣੀ,
ਇਕ ਸੀ ਰਾਜਾ ਇਕ ਸੀ ਰਾਣੀ ।

ਵਸਦੇ ਸਨ ਮਹਿਲਾਂ ਵਿਚਕਾਰ,
ਸੀ ਦੋਹਾਂ ਦਾ ਡੂੰਘਾ ਪਿਆਰ ।

ਸੀ ਦੋਹਾਂ ਦੀ ਇਕੋ ਗੱਲ,
ਮਿਲਕੇ ਬਹਿੰਦੇ ਸਨ ਪਲ ਪਲ ।

ਇਕ ਦਿਨ ਰਾਜਾ ਹੋ ਅਸਵਾਰ,
ਤੁਰਿਆ ਖੇਡਣ ਲਈ ਸ਼ਿਕਾਰ ।

ਰਾਣੀ ਨੇ ਵੀ ਕੀਤੀ ਮੰਗ,
ਜਾਣ ਲਈ ਰਾਜੇ ਦੇ ਸੰਗ ।

ਰਾਜੇ ਨੇ ਮੰਨ ਲੀਤੀ ਗੱਲ,
ਦੋਵੇਂ ਤੁਰ ਪਏ ਜੰਗਲ ਵੱਲ ।

ਇਕ ਗੂੜ੍ਹੇ ਜੰਗਲ ਵਿਚਕਾਰ,
ਤੱਕਿਆ ਦੋਹਾਂ ਇਕ ਸ਼ਿਕਾਰ ।

ਦੋਹਾਂ ਘੋੜੇ ਲਏ ਨਸਾ;
ਹਫ ਗਏ ਉਹਦੇ ਪਿੱਛੇ ਜਾ ।

ਰਾਜੇ ਤੱਕੋਂ ਸਿਸਤ ਬਣਾ,
ਦਿਤਾ ਕਮਾਨੋਂ ਤੀਰ ਚਲਾ ।

ਗਿਆ ਸ਼ਿਕਾਰ ਜੰਗਲ ਵਿਚ ਲੁੱਕ,
ਤੀਰ ਨਿਸ਼ਾਨੇ ਤੋਂ ਗਿਆ ਉੱਕ ।

ਥੱਕ ਟੁੱਟ ਗਏ ਪੈ ਗਈ ਸ਼ਾਮ,
ਕਰਨ ਲਗੇ ਬਹਿ ਕੇ ਬਿਸਰਾਮ ।

ਦੋਹਾਂ ਨੂੰ ਅੱਤ ਲੱਗੀ ਭੁੱਖ,
ਹੋਇਆ ਬੜਾ ਅਨੋਖਾ ਦੁੱਖ ।

ਰਾਜੇ ਸੁਟ ਨਦੀ ਵਿਚ ਜਾਲ,
ਮੱਛੀ ਫਾਹ ਲਈ ਉਹਦੇ ਨਾਲ ।

ਮੱਛੀ ਦੇਖ ਜਾਲ ਦੇ ਵਿਚ
ਜਾਲ ਲਿਆ ਰਾਜੇ ਨੇ ਖਿੱਚ ।

ਮੱਛੀ ਲੱਗੀ ਤੜਫਣ ਝੱਟ,
ਲਗੇ ਹੋਣ ਜਿਵੇਂ ਕੋਈ ਫੱਟ ।

ਦੇਖ ਕੇ ਇਹ, ਰਾਣੀ ਗਈ ਡਰ,
ਪਰ ਅਪਣਾ ਦਿਲ ਕਰੜਾ ਕਰ ।

ਮੱਛੀ ਚੁੱਕੀ ਹੋਈ ਜਿੱਚ,
ਤੇ ਸੁਟੀ ਪਾਣੀ ਦੇ ਵਿਚ ।

ਦੁਏ ਜਣੇ ਰਾਜਾ ਤੇ ਰਾਣੀ,
ਬਿਨ ਖਾਧੇ ਬਿਨ ਪੀਤੇ ਪਾਣੀ ।

ਮੁੜ ਆਏ ਮਹਿਲਾਂ ਵਿਚਕਾਰੇ,
ਭੁਖੇ ਭਾਣੇ ਦੁਏ ਵਿਚਾਰੇ ।

11. ਡੱਬੂ ਕੁੱਤੇ

ਡੱਬੂ ਕੁੱਤੇ, ਉੱਡਦੇ,
ਵੱਲ 'ਸਮਾਨਾਂ ਜਾਵੰਦੇ ।
ਇਹਨਾਂ ਪਿਛੇ ਨੱਸੀਏ,
ਗੀਤ ਇਨ੍ਹਾਂ ਦੇ ਗਾਵੰਦੇ ।

ਡੱਬੂ ਕੁੱਤੇ ਕੂਲੇ ਨੇ,
ਰੇਸ਼ਮ ਦੀਆਂ ਤਾਰਾਂ ਤੋਂ ।
ਡੱਬੂ ਕੁੱਤੇ ਚਿੱਟੇ ਨੇ,
ਚਿੱਟੀਆਂ ਦੁੱਧ ਦੀਆਂ ਧਾਰਾਂ ਤੋਂ ।

ਡੱਬੂ ਕੁੱਤੇ ਸੋਹਣੇ ਨੇ,
ਡੱਬੂ ਕੁੱਤੇ ਪਿਆਰੇ ਨੇ ।
ਦੂਰ ਉਚੇਰੇ ਚਮਕਦੇ,
ਜਿਉਂ ਅਸਮਾਨੀ ਤਾਰੇ ਨੇ ।

ਡੱਬੂ ਕੁੱਤੇ ਡੱਬੂ ਨੇ,
ਕੀ ਰੀਸਾਂ ਨੇ ਇਨ੍ਹਾਂ ਦੀਆਂ ।
ਬਿਨਾਂ ਪਰਾਂ ਤੋਂ ਉੱਡਦੇ,
ਵਾਂਗ ਉਡਾਰੂ ਪੰਛੀਆਂ ।

ਡੱਬੂ ਕੁੱਤੇ ਜੀਣ ਇਹ,
ਸਾਨੂੰ ਰਹਿਣ ਖਿਡਾਵੰਦੇ ।
ਸਾਨੂੰ ਵੀ ਉਚਿਆਣ ਇਹ,
ਆਪ ਉਚੇਰੇ ਜਾਵੰਦੇ ।

(ਅੱਕ ਦੀਆਂ ਕੁਕੜੀਆਂ ਚੋ ਜੋ
ਰੂੰ ਜਿਹੀ ਨਿਕਲਕੇ ਉਪਰ ਨੂੰ
ਉਡਦੀ ਹੈ, ਬੱਚੇ ਉਸਨੂੰ ਡੱਬੂ
ਕੁੱਤੇ ਵੀ ਆਖ ਦਿੰਦੇ ਹਨ)

12. ਸੁਣੋ ਸੁਣਾਵਾਂ

ਸੁਣੋ ਸੁਣਾਵਾਂ ਗੱਲ ਮੈਂ,
ਕੁਝ ਧਿਆਨ ਕਰੋ ਇਸ ਵੱਲ ।

ਇਕ ਤੋਤਾ ਸੀ ਮਨਮੋਹਣਾ,
ਉਹਦਾ ਹਰਾ ਹਰਾ ਸੀ ਰੰਗ ।
ਉਹ ਉਡਦਾ ਵਿਚ ਹਵਾ ਦੇ,
ਜਿਉਂ ਉਡਦੀ ਫਿਰੇ ਪਤੰਗ ।।

ਉਹ ਕਿਸੇ ਸ਼ਿਕਾਰੀ ਤੱਕਿਆ,
ਤੇ ਕੀਤਾ ਬਹੁਤ ਪਸੰਦ ।
ਉਸ ਚੋਗਾ ਸੁੱਟ ਕੇ ਫਾਹ ਲਿਆ,
ਤੇ ਕੀਤਾ ਪਿੰਜਰੇ ਬੰਦ ।

ਹਨ ਦੁਨੀਆਂ ਅੰਦਰ ਇਹੋ ਜਹੇ,
ਲਖ ਧੋਖੇ ਤੇ ਲਖ ਛਲ ।
ਬਸ ਮੁਕ ਗਈ ਮੇਰੀ ਗੱਲ,
ਤੇ ਚੇਤੇ ਰਖਣਾ ਗੱਲ ।
----------------
ਸੁਣੋ ਸੁਣਾਵਾਂ ਗੱਲ ਮੈਂ,
ਕੁਝ ਧਿਆਨ ਕਰੋ ਇਸ ਵੱਲ ।

ਸੀ ਇਕ ਚਿੜੀ ਅਤ ਚਿੱਟੜੀ,
ਤੇ ਇਕ ਸੀ ਕਾਲਾ ਕਾਂ ।
ਉਹਨਾਂ, ਕੱਠਿਆਂ ਸਾਂਝ ਨਿਭਾਣ ਦੀ,
ਕਰ ਲੀਤੀ ਪੱਕੀ ਹਾਂ ।

ਇਕ ਖੇਤ ਮੱਕੀ ਦਾ ਬੀਜਿਆ,
ਨਾ ਚਿੜੀ ਨੇ ਲੀਤਾ ਦੱਮ ।
ਕਾਂ ਕੀਤੇ ਲੱਖ ਬਹਾਨੜੇ,
ਨਾ ਕੀਤਾ ਕੋਈ ਕੰਮ ।

ਜਦ ਚਿੜੀ ਨੇ ਛੱਟ, ਸੁਆਰ ਕੇ,
ਕਰ ਲੀਤਾ ਬੋਹਲ ਤਿਆਰ ।
ਉਹ ਕਾਂ ਨੇ ਸਾਰਾ ਸਾਂਭਿਆ,
ਤੇ ਹੋ ਗਈ ਚਿੜੀ ਲਚਾਰ ।

ਇਹ ਹੁੰਦੀਆਂ ਧਿੰਗੋ-ਜੋਰੀਆਂ,
ਹਨ ਦੁਨੀਆਂ ਵਿਚ ਅੱਜ ਕੱਲ ।
ਬਸ ਮੁਕ ਗਈ ਮੇਰੀ ਗੱਲ,
ਤੇ ਚੇਤੇ ਰਖਣਾ ਗੱਲ ।