The Light of Asia : Sir Edwin Arnold

Translator : Professor Mohan Singh

ਏਸ਼ੀਆ ਦਾ ਚਾਨਣ : ਸਰ ਐਡਵਿਨ ਆਰਨਲਡ

ਅਨੁਵਾਦਕ : ਪ੍ਰੋਫ਼ੈਸਰ ਮੋਹਨ ਸਿੰਘ

(ਸਰ ਐਡਵਿਨ ਆਰਨਲਡ ਦੇ ਜਗਤ-ਪ੍ਰਸਿਧ ਮਹਾਂ ਕਾਵ The Light of Asia ਦਾ ਮੋਹਨ ਸਿੰਘ ਐਡੀਟਰ ਪੰਜ ਦਰਿਆ ਦੁਆਰਾ ਕੀਤਾ ਅਨੁਵਾਦ 'ਏਸ਼ੀਆ ਦਾ ਚਾਨਣ' ਦੇ ਨਾਂ ਹੇਠ ਪਹਿਲੀ ਵਾਰ 1944 ਵਿਚ
ਪ੍ਰਕਾਸ਼ਕ-ਪ੍ਰੋਫੈਸਰ ਮੋਹਨ ਸਿੰਘ
ਪ੍ਰਿੰਟਰ-ਬਾਬੂ ਲਾਲ ਚੰਦ ਮਾਲਕ-ਸੰਤ ਪ੍ਰਿੰਟਿੰਗ ਪ੍ਰੈਸ, ਲਾਹੌਰ ਤੋਂ ਪ੍ਰਕਾਸ਼ਨ ਕੀਤਾ ਗਿਆ ਸੀ ।)

ਮੁਖ ਸ਼ਬਦ

1896 ਵਿਚ ਖੁਦਾਈ ਕਰਦਿਆਂ ਹੋਇਆਂ ਤਰਾਈ ਦੇ ਇਲਾਕੇ ਵਿਚੋਂ ਇਕ ਥੰਮ੍ਹ ਨਿਕਲਿਆ ਸੀ ਜਿਸ ਉਤੇ ਇਹ ਲਿਖਤ ਉਕਰੀ ਹੋਈ ਸੀ : “ਏਥੇ ਮਹਾਨ ਆਤਮਾ ਦਾ ਜਨਮ ਹੋਇਆ।” ਇਸ ਥਾਂ ਦੇ ਨੇੜੇ ਹੀ ਪਿਪਰਾਵਾ ਦੇ ਕੋਲ ਕਰਕੇ 1898 ਵਿਚ ਇਕ ਸਤੂਪ ਲਭਿਆ ਗਿਆ ਸੀ । ਪੁਟਣ ਉਤੇ ਇਸ ਵਿਚੋਂ ਬਹੁ-ਮੁਲੀਆਂ ਚੀਜ਼ਾਂ ਨਾਲ ਭਰੇ ਹੋਏ ਕਈ ਭਾਂਡੇ ਨਿਕਲੇ ਸਨ । ਇਕ ਭਾਂਡੇ ਉਤੇ ਇਹ ਲਿਖਤ ਸੀ : “ਬੁਧ ਦੀਆਂ ਪਵਿੱਤਰ ਨਿਸ਼ਾਨੀਆਂ ਨਾਲ ਭਰਿਆ ਹੋਇਆ ਇਹ ਭਾਂਡਾ ਇਥੇ ਉਸਦੇ ਭਰਾਵਾਂ ਤੇ ਭੈਣਾਂ ਨੇ ਦਬਿਆ ਹੈ ।”

ਭਾਵੇਂ ਬੁਧ ਤਰਾਈ ਦੇ ਇਸ ਛੋਟੇ ਜਿਹੇ ਇਲਾਕੇ ਵਿਚ ਜੰਮ ਕੇ ਇਥੇ ਹੀ ਸਮਾ ਗਿਆ ਸੀ, ਪਰ ਉਸਦੀ ਮਹਾਨ ਸ਼ਖਸੀਅਤ ਤੇ ਵਿਚਾਰਾਂ ਦਾ ਪਰਭਾਵ ਅਜੇ ਵੀ ਦੁਨੀਆਂ ਦੀ ਤਿਹਾਈ ਵਸੋਂ ਉਤੇ ਪ੍ਰਤਖ ਹੈ । ਇਸ ਵਿਚ ਕੋਈ ਸ਼ਕ ਨਹੀਂ ਕਿ ਸ਼ੰਕਰ-ਵਿਜੈ ਨੇ ਬੁਧਮਤ ਨੂੰ ਅਪਣੀ ਜਨਮ ਭੂਮੀ ਵਿਚੋਂ ਕਢ ਦਿਤਾ ਸੀ ਫਿਰ ਵੀ ਹਿੰਦੁਸਤਾਨੀਆਂ ਦੇ ਵਿਚਾਰਾਂ ਤੇ ਵਿਸ਼ਵਾਸਾਂ ਉਤੇ ਤੁਹਾਨੂੰ ਬੁਧ ਦੇ ਕੋਮਲ ਪ੍ਰਭਾਵ ਦੇ ਚਿੰਨ੍ਹ ਦਿਸ ਪੈਣਗੇ । ਸਿਖ ਧਰਮ ਉਤੇ ਬੁਧ ਦੇ ਮਹਾਨ ਵਿਚਾਰਾਂ ਦਾ ਪ੍ਰਭਾਵ ਖਾਸ ਤੌਰ ਤੇ ਡੂੰਘਾ ਤੇ ਸਪਸ਼ਟ ਹੈ । ਹੇਠ ਲਿਖੇ ਨੁਕਤੇ ਧਿਆਨ ਯੋਗ ਹਨ ।

(1) ਥੋੜੇ ਜਿਹੇ ਲਫਜ਼ਾਂ ਵਿਚ ਅਸੀਂ ਬੁਧਮਤ ਨੂੰ ਹਿੰਦੂਆਂ ਦੇ ਆਤਮਕ ਸਾਮਰਾਜ ਦਾ ਪ੍ਰਤਿਕਰਮ ਆਖ ਸਕਦੇ ਹਾਂ । ਬੁਧ ਤੋਂ ਪਹਿਲੇ ਬ੍ਰਾਹਮਣ ਆਪਣੀ ਤਾਕਤ ਦੇ ਸਿਖਰ ਤੇ ਸਨ । ਅਤੇ ਉਨ੍ਹਾਂ ਨੇ ਹਿੰਦੁਸਤਾਨੀ ਜਨਤਾ ਨੂੰ ਚਾਰ ਵਰਣਾਂ ਵਿਚ ਵੰਡ ਕੇ ਅਸਲੋਂ ਬੇਬਸ ਕੀਤਾ ਹੋਇਆ ਸੀ । ਸ਼ੂਦਰ ਲਈ ਵਿਦਿਆ ਪ੍ਰਾਪਤ ਕਰਨਾ, ਮੰਦਰ ਵਿਚ ਜਾਣਾ ਯਾ ਕਿਸੇ ਹੋਰ ਆਤਮਕ ਗਲ ਵਿਚ ਦਖਲ ਦੇਣਾ ਪੂਰੀ ਤਰਾਂ ਵਿਵਰਜਤ ਸੀ । ਸੰਸਕ੍ਰਿਤ ਦੇਵ-ਬਾਣੀ ਸੀ ਅਤੇ ਇਸ ਨੂੰ ਪੜ੍ਹਨਾ ਤੇ ਇਕ ਪਾਸੇ ਰਿਹਾ ਜੇ ਕੋਈ ਸ਼ੂਦਰ ਸੰਸਕ੍ਰਿਤ ਦਾ ਸਲੋਕ ਸੁਣ ਲੈਂਦਾ ਤਾਂ ਉਸ ਦੇ ਕੰਨਾਂ ਵਿਚ ਸਿਕਾ ਢਾਲ ਕੇ ਪਾਇਆ ਜਾਂਦਾ ਸੀ। ਬੁਧ ਨੇ ਬ੍ਰਾਹਮਣਾਂ ਦੀ ਇਸ ਆਤਮਕ ਠੇਕੇਦਾਰੀ ਤੇ ਹਲਾ ਬੋਲ ਕੇ ਜ਼ਾਤ ਪਾਤ ਦਿਆਂ ਬੰਧਨਾਂ ਨੂੰ ਤੋੜ ਦਿਤਾ ਅਤੇ ਸੰਸਕ੍ਰਿਤ ਨੂੰ ਤਿਆਗ ਕੇ ਲੋਕਾਂ ਦੀ ਆਮ ਬੋਲੀ ਵਿਚ ਪ੍ਰਚਾਰ ਕੀਤਾ। ਧਿਆਨ ਨਾਲ ਦੇਖਣ ਵਾਲੀ ਗਲ ਇਹ ਹੈ ਕਿ ਜਿਥੇ ਹਿੰਦੁਸਤਾਨ ਦੇ ਹੋਰ ਹਿੱਸਿਆਂ ਵਿਚੋਂ ਸ਼ੰਕਰਾ ਚਾਰੀਆ ਦੇ ਪ੍ਰਚਾਰ ਤੇ ਅਤਿਆਚਾਰ ਨੇ ਬੁਧ ਮੱਤ ਦਾ ਖੁਰਾ ਖੋਜ ਮਿਟਾ ਦਿਤਾ ਸੀ, ਉਥੇ ਪੰਜਾਬ ਵਿਚ ਬੁਧ ਮੱਤ ਨੂੰ ਇਤਨੀ ਸੱਟ ਨਹੀਂ ਵਜੀ । ਇਸਦਾ ਕਾਰਨ ਇਹ ਹੈ ਕਿ ਪੰਜਾਬ ਵੱਲ ਸ਼ੰਕਰਾ ਚਾਰੀਆ ਨੂੰ ਆਉਣ ਦਾ ਬਹੁਤ ਮੌਕਾ ਨਹੀਂ ਮਿਲਿਆ । ਸੋ ਪੰਜਾਬੀ ਜਾਤ ਪਾਤ ਦੇ ਕਰੜੇ ਸ਼ਕੰਜੇ ਵਿਚ ਦੋਬਾਰਾ ਕਸੇ ਨਾ ਜਾ ਸਕੇ । ਇਹੋ ਕਾਰਨ ਹੈ ਕਿ ਸਿਖ ਧਰਮ ਇਥੇ ਬੜੀ ਛੇਤੀ ਜੜ੍ਹਾਂ ਪਕੜ ਗਿਆ, ਕਿਉਂਕਿ ਕਿਸੇ ਅਗਾਂਹ-ਵਧੂ ਧਰਮ ਦੇ ਜੰਮਣ ਤੇ ਮੌਲਣ ਲਈ ਇਥੇ ਪਹਿਲੋਂ ਹੀ ਜ਼ਮੀਨ ਤਿਆਰ ਪਈ ਸੀ।

ਗੁਰੂ ਨਾਨਕ ਦਾ ਧਰਮ ਬੁਨਿਆਦੀ ਗਲਾਂ ਵਿਚ ਬੁਧ ਮੱਤ ਨਾਲ ਬਹੁਤ ਮਿਲਦਾ ਹੈ । ਬੁਧ ਮੱਤ ਦੇ ਬਾਹਦ ਸਿਖ ਧਰਮ ਹੀ ਇਕ ਐਸੀ ਲਹਿਰ ਹੈ ਜਿਸ ਨੂੰ ਅਸੀਂ ਅਸਲੀ ਅਰਥਾਂ ਵਿਚ ਕੌਮੀ ਲਹਿਰ ਆਖ ਸਕਦੇ ਹਾਂ। ਪੂਰੇ ਦੋ ਹਜ਼ਾਰ ਸਾਲ ਮਗਰੋਂ ਗੁਰੂ ਨਾਨਕ ਨੇ ਬ੍ਰਾਹਮਣਾਂ ਦੇ ਆਤਮਕ ਸਾਮਰਾਜ ਦੇ ਵਿਰੁਧ ਆਵਾਜ਼ ਉਠਾਈ ਅਤੇ ਜ਼ਾਤ ਪਾਤ ਦੇ ਵਖੇਵਿਆਂ ਨੂੰ ਢਾਹ ਕੇ ਬਰਾਬਰੀ ਤੇ ਬਰਾਦਰੀ ਦਾ ਪ੍ਰਚਾਰ ਕੀਤਾ।

ਸਿਖ ਧਰਮ ਬੁਧ ਮੱਤ ਦੀ ਆਖਰੀ ਸ਼ਕਲ ਮਹਾਯਾਨ ਨਾਲ ਵਧੇਰੇ ਮਿਲਦਾ ਹੈ । ਬੁਧ ਮੱਤ ਦੀ ਮੁੱਢਲੀ ਸ਼ਕਲ ਦਾ ਨਾਮ ਹੀਨਯਾਨ ਹੈ । ਹੀਨਯਾਨ ਦੇ ਅਰਥ ਛੋਟੇ ਜਹਾਜ਼ ਦੇ ਹਨ । ਇਸ ਸ਼ਕਲ ਵਿਚ ਬੁਧ ਮੱਤ ਦਾ ਝੁਕਾ ਬਹੁਤ ਕਰਕੇ ਆਤਮਕ ਤੇ ਦਾਰਸ਼ਨਕ, ਗਲਾਂ ਵੱਲ ਵਧੇਰੇ ਸੀ । ਇਸ ਲਈ ਇਹ ਆਮ ਜਨਤਾ ਨੂੰ ਅਪੀਲ ਨਹੀਂ ਸੀ ਕਰਦਾ। ਇਸ ਵਿਚ ਕਿਸੇ ਕਿਸਮ ਦੇ ਕਰਮ ਕਾਂਡ ਜਾਂ ਰੱਬ ਦੀ ਕੋਈ ਥਾਂ ਨਹੀਂ ਸੀ । ਅਸ਼ੋਕ ਤੇ ਕਨਿਸ਼ਕ ਦੇ ਸਮੇਂ ਵਿਚ ਬੁਧ ਮੱਤ ਨੂੰ ਆਤਮਕ ਤੇ ਦਾਰਸ਼ਨਕ ਮੰਡਲ ਵਿਚੋਂ ਕੱਢ ਕੇ ਵਧੇਰੇ ਚੌੜਾ ਤੇ ਸਰਬ-ਵਿਆਪੀ ਬਣਾਇਆ ਗਿਆ । ਏਸੇ ਲਈ ਬੁਧ ਮੱਤ ਦੀ ਇਸ ਵਡੇਰੀ ਤੇ ਵਿਸ਼ਾਲ ਸ਼ਕਲ ਦਾ ਨਾਂ ਮਹਾਂਯਾਨ ਜਾਂ ਵਡਾ ਜਹਾਜ਼ ਰਖਿਆ ਗਿਆ, ਕਿਉਂਕਿ ਇਸ ਵਿਚ ਗਰੀਬ ਅਮੀਰ ਸਿਆਣੇ ਤੇ ਜਨ ਸਾਧਾਰਨ ਸਭ ਦੀ ਥਾਂ ਸੀ। ਸਿੱਖ ਸਾਹਿਤ ਵਿਚ ਜੋ ਨਾਮ ਜਹਾਜ਼ ਯਾ ਬੋਹਿਥ ਦੇ ਸ਼ਬਦ ਆਉਂਦੇ ਹਨ, ਉਹ ਇਸੇ ਬੋਧੀ ਪ੍ਰਭਾਵ ਦੀ ਕਿਰਤ ਹਨ। ਇਸ ਦੇ ਇਲਾਵਾ ਗੁਰੂ ਨਾਨਕ ਦੇਵ ਨੇ ਵੀ ਬੁਧ ਵਾਂਗ ਸੰਸਕ੍ਰਿਤ ਨੂੰ ਤਿਆਗ ਕੇ ਆਮ ਲੋਕਾਂ ਦੀ ਬੋਲੀ ਵਿਚ ਪ੍ਰਚਾਰ ਆਰੰਭਿਆ ਸੀ।

ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਨੂੰ ਬੋਧੀ ਜਾਤਕਾਂ (ਸਾਖੀਆਂ) ਨਾਲ ਮੇਲ ਕੇ ਦੇਖੀਏ ਤਾਂ ਪਤਾ ਚਲਦਾ ਹੈ ਕਿ ਬੁਧ ਨਾਲ ਸੰਬੰਧਤ ਅਨੇਕਾਂ ਸਾਖੀਆਂ ਨੂੰ ਹੂ-ਬਹੂ ਗੁਰੂ ਨਾਨਕ ਦੇ ਜੀਵਨ ਨਾਲ ਜੋੜ ਦਿਤਾ ਗਿਆ ਹੈ । ਅਸੀਂ ਪੜ੍ਹਦੇ ਹਾਂ ਕਿ ਗੁਰੂ ਜੀ ਨੇ ਮੁਲਾਂ ਤੇ ਪਾਂਧੇ ਨੂੰ ਆਪਣੀ ਵਿਦਵਤਾ ਨਾਲ ਹੈਰਾਨ ਕਰ ਦਿਤਾ ਸੀ । ਇਹ ਸਾਖੀ ਬੁਧ ਬਾਰੇ ਵੀ ਮਿਲਦੀ ਹੈ। ਇਸੇ ਤਰ੍ਹਾਂ ਸਪ ਦੀ ਛਾਂ ਕਰਨ ਵਾਲੀ ਸਾਖੀ ਜਾਂ ਬ੍ਰਿਛ ਦੀ ਛਾਂ ਨਾਂ ਢਲਣ ਵਾਲੀ ਸਾਖੀ ਵੀ ਦੋਹੀਂ ਥਾਈਂ ਆਉਂਦੀ ਹੈ।

(2)ਮਹਾਤਮਾ ਬੁਧ ਤੋਂ ਪਹਿਲੇ ਹਿੰਦੂਆਂ ਦੇ ਮੰਦਰ ਆਮ ਤੌਰ ਤੇ ਲਕੜੀ ਦੇ ਬਣੇ ਹੁੰਦੇ ਸਨ ਅਤੇ ਉਹਨਾਂ ਨੂੰ ਇਕ ਬੂਹਾ ਹੁੰਦਾ ਸੀ ਜੋ ਪੂਰਬ ਵਾਲੇ ਪਾਸੇ ਖੁਲ੍ਹਦਾ ਸੀ । ਪਰ ਬੋਧੀ ਮੰਦਰਾਂ ਵਿਚ ਤੁਹਾਨੂੰ ਚਵ੍ਹਾਂ ਪਾਸੇ ਚਾਰ ਬੂਹੇ ਮਿਲਣਗੇ । ਚਿੰਨ੍ਹ-ਆਤਮਕ ਤੌਰ ਤੇ ਇਸਦਾ ਭਾਵ ਇਹ ਹੈ ਕਿ ਇਹ ਮੰਦਰ ਚਵ੍ਹਾਂ ਵਰਨਾਂ ਦੇ ਲੋਕਾਂ ਲਈ ਖੁਲ੍ਹਾ ਹੈ। ਸਿਖ ਗੁਰੂਆਂ ਨੇ ਗੁਰਦੁਆਰੇ ਦੀ ਨੀਂਹ ਰਖਣ ਲਗਿਆਂ ਬੋਧੀ ਆਦਰਸ਼ ਨੂੰ ਹੀ ਸਾਹਮਣੇ ਰਖਿਆ ਹੈ।

(3) ਇਸ ਵਿਚ ਕੋਈ ਸ਼ਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿਖਾਂ ਨੂੰ ਕਿਰਪਾਨ ਧਾਰੀ ਕੀਤਾ ਤੇ ਉਹਨਾਂ ਨੂੰ ਖੰਡੇ ਦੀ ਪਹੁਲ ਛਕਾਈ । ਪਰ ਇਸ ਦਾ ਮਤਲਬ ਇਹ ਨਹੀਂ ਕਿ ਸਿਖ ਖੰਡੇ ਤੇ ਫੌਜੀ ਠਾਠ ਬਾਠ ਨੂੰ ਹੀ ਸਭ ਤੋਂ ਉਚੀ ਚੀਜ਼ ਸਮਝ ਲੈਣ । ਅੰਮ੍ਰਿਤ ਦੀ ਰਸਮ ਨੂੰ ਧਿਆਨ ਨਾਲ ਵਿਚਾਰਿਆਂ ਪਤਾ ਲਗਦਾ ਹੈ ਕਿ ਸਿਖ ਲਈ ਖੰਡੇ ਦੀ ਪਹੁਲ ਤਿਆਰ ਕਰਨ ਲਗਿਆਂ ਜੋ ਸਵੱਈਯੇ ਪੜ੍ਹੇ ਜਾਂਦੇ ਹਨ ਉਹਨਾਂ ਵਿਚ ਦੁਨਿਆਵੀ ਠਾਠ ਬਾਠ ਤੇ ਫੌਜੀ ਜਥੇਬੰਦੀ ਦੀ ਸਭ ਤੋਂ ਕਰੜੀ ਨਿਖੇਧੀ ਕੀਤੀ ਹੋਈ ਹੈ।

(4) ਮਹਾਤਮਾ ਬੁਧ ਨੇ ਸਾਰਨਾਥ ਵਿਚ ਜਦ ਆਪਣੇ ਮੱਤ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਹਨਾਂ ਨੇ ਪੰਜ ਚੇਲੇ ਬਣਾਏ ਸਨ, ਤੇ ਫਿਰ ਉਹਨਾਂ ਨੂੰ ਲੋਹੇ ਦੇ ਸਾਂਝੇ ਬਾਟੇ ਵਿਚ ਪ੍ਰਸ਼ਾਦ ਛਕਾਇਆ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਪੰਜ ਪਿਆਰੇ ਸਾਜੇ ਸਨ ।

(5) ਮਹਾਤਮਾ ਬੁਧ ਨੇ ਮਰਨ ਤੋਂ ਪੂਰੇ ਛੇ ਮਹੀਨੇ ਪਹਿਲਾਂ ਕਿਸ਼ਨ ਗੜ੍ਹ ਦੇ ਅਸਥਾਨ ਤੇ ਆਖਿਆ ਸੀ ਕਿ ਹੁਣ ਸਾਡੇ ਦਿਨ ਪੂਰੇ ਹੋਣ ਵਾਲੇ ਹਨ, ਇਸ ਲਈ ਜੇ ਕਿਸੇ ਸਿੱਖ ਨੂੰ ਕੋਈ ਸ਼ੰਕਾ ਹੋਵੇ ਤਾਂ ਉਹ ਨਵਿਰਤ ਕਰਵਾ ਸਕਦਾ ਹੈ। ਸਿੱਖ ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲੇ ਜਾਣਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਪਣੇ ਮਰਨ ਤੋਂ ਪੂਰੇ ਛੇ ਮਹੀਨੇ ਪਹਿਲਾਂ ਸਿਖਾਂ ਨੂੰ ਇਹ ਗੱਲ ਆਖੀ ਸੀ।

ਪਰ ਇਸਦਾ ਇਹ ਮਤਬਲ ਨਹੀਂ ਕਿ ਸਿਖ ਧਰਮ, ਬੁਧ ਧਰਮ ਹੀ ਹੈ । ਇਸ ਵਿਚਾਰ ਤੋਂ ਸਾਡਾ ਮਤਲਬ ਸਿਰਫ ਇਤਨਾਂ ਹੀ ਹੈ ਕਿ ਬੁਧ ਮੱਤ ਦੇ ਆਦਰਸ਼ਾਂ ਨੂੰ ਸਿਖ ਮੱਤ ਨੇ ਕਾਫੀ ਹੱਦ ਤਕ ਅਪਣਾਇਆ ਹੈ । ਦੋਹਾਂ ਵਿਚ ਵਡੀ ਸਾਂਝ ਇਹ ਹੈ ਕਿ ਦੋਵੇਂ ਜਨਤਾ ਦੇ ਮੱਤ ਹਨ। ਦੋਹਾਂ ਦੇ ਜਨਮ ਦਾ ਵਡਾ ਕਾਰਨ ਹਿੰਦੂਆਂ ਦੇ ਆਤਮਕ ਸਾਮਰਾਜ ਨੂੰ ਤੋੜਨਾ ਹੈ ।

ਹੁਣ ਅਸੀਂ ਪਾਠਕਾਂ ਦੀ ਦਿਲਚਸਪੀ ਲਈ ਐਡਵਿਨ ਆਰਨਲਡ ਦੇ ਮੁਖਬੰਦ ਵਿਚੋਂ ਜ਼ਰੂਰੀ ਹਿਸੇ ਦਿੰਦੇ ਹਾਂ। ਉਹ ਲਿਖਦੇ ਹਨ:-

ਇਸ ਕਵਿਤਾ ਵਿਚ ਮੈਂ ਇਕ ਕਲਪਤ ਬੋਧੀ ਭਗਤ ਦੇ ਮੂੰਹੋਂ ਬੁਧ ਮਤ ਦੇ ਬਾਨੀ, ਕਮਲ ਆਤਮਾਂ ਪਰ ਬੀਰ ਸੁਧਾਰਕ ਰਾਜ ਕੁਮਾਰ ਗੌਤਮ ਦੇ ਜੀਵਨ, ਆਚਰਨ ਤੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਜਤਨ ਕੀਤਾ ਹੈ ।

ਅਜ ਤੋਂ ਇਕ ਪੀੜ੍ਹੀ ਪਹਿਲਾਂ ਯੂਰਪ ਵਿਚ ਕਿਸੇ ਨੂੰ ਵੀ ਏਸ਼ੀਆ ਦੇ ਇਸ ਮਹਾਨ ਮੱਤ ਬਾਰੇ ਪਤਾ ਨਹੀਂ ਸੀ। ਹਾਲਾਂ ਕਿ ਇਹ ਮੱਤ 24 ਸਦੀਆਂ ਤੋਂ ਜੀਉਂਦਾ ਆ ਰਿਹਾ ਹੈ, ਅਤੇ ਅੱਜ ਵੀ ਆਪਣੇ ਪ੍ਰਭਾਵ-ਖੇਤਰ ਤੇ ਸ਼ਰਧਾਲੂਆਂ ਦੀ ਗਿਣਤੀ ਦੇ ਲਿਹਾਜ਼ ਨਾਲ ਦੁਨੀਆਂ ਦਾ ਕੋਈ ਹੋਰ ਮੱਤ ਇਸਦਾ ਸਾਵਾਂ ਨਹੀਂ। ਮਨੁਖਾ ਜਾਤੀ ਵਿਚੋਂ ਸੰਤਾਲੀ ਕਰੋੜ ਜੀ ਅਜੇ ਵੀ ਬੁਧ ਮੱਤ ਦੀ ਵਲਗਣ ਦੇ ਅੰਦਰ ਹੀ ਜੰਮਦੇ ਤੇ ਮਰਦੇ ਹਨ ਤੇ ਇਸ ਮਹਾਂ ਗੁਰੂ ਦੇ ਆਤਮਕ ਮੰਡਲ ਦਾ ਘੇਰਾ ਅਜੇ ਤੀਕ ਨੀਪਾਲ, ਲੰਕਾ, ਚੀਨ, ਜਾਪਾਨ, ਤਿੱਬਤ, ਮੱਧ ਏਸ਼ੀਆ, ਸਾਇਬੇਰੀਆ ਤੇ ਸਵੀਡਸ਼ ਲੈਪਲੈਂਡ ਤੀਕ ਹੈ। ਹਿੰਦੁਸਤਾਨ ਨੂੰ ਵੀ ਇਸ ਘੇਰੇ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਕਿਉਂਕਿ ਭਾਵੇਂ ਪਰਗਟ ਤੌਰ ਤੇ ਬੁਧ ਮੱਤ ਆਪਣੀ ਜਨਮ ਭੂਮੀ ਤੋਂ ਬਾਹਰ ਚਲਾ ਗਿਆ ਹੈ, ਪਰ ਗੌਤਮ ਬੁਧ ਦੀ ਮਹਾਨ ਸਿਖਸ਼ਾ ਦੇ ਚਿੰਨ੍ਹ ਅਜੇ ਤੀਕ ਬ੍ਰਾਹਮਣ ਮੱਤ ਦੇ ਪਿੰਡੇ ਉਤੇ ਖਿਲਰੇ ਹੋਏ ਮਿਲਦੇ ਹਨ । ਸ਼ਾਇਦ ਹੀ ਹਿੰਦੂਆਂ ਦੀ ਕੋਈ ਐਸੀ ਮਰਯਾਦਾ ਯਾ ਉਨ੍ਹਾਂ ਦਾ ਕੋਈ ਐਸਾ ਵਿਸ਼ਵਾਸ ਹੋਵੇਗਾ ਜਿਸ ਉਤੇ ਬੁਧ ਦੇ ਕੋਮਲ ਪ੍ਰਭਾਵਾਂ ਦੀ ਛਾਪ ਨਾ ਹੋਵੇ। ਦੁਨੀਆਂ ਦੀ ਇਕ ਤਿਹਾਈ ਤੋਂ ਵਧ ਵਸੋਂ ਅਜੇ ਵੀ ਆਪਣੀ ਧਾਰਮਕ ਤੇ ਸਦਾਚਾਰਕ ਸਤਿਆ ਇਸੇ ਉਜਾਗਰ ਰਾਜ ਕੁਮਾਰ ਤੋਂ ਲੈਂਦੀ ਹੈ । ਮਹਾਤਮਾਂ ਬੁਧ ਦੀ ਸ਼ਖਸੀਅਤ ਮਨੁਖੀ ਵਿਚਾਰਾਂ ਦੇ ਇਤਹਾਸ ਵਿਚ ਇਕ ਸ਼ਖਸੀਅਤ ਤੋਂ ਛੂਟ (ਲੇਖਕ ਦੀ ਮੁਰਾਦ ਯਸੂਹ ਮਸੀਹ ਤੋਂ ਹੈ) ਕੋਮਲਤਾ, ਪਵਿਤਰਤਾ ਤੇ ਉੱਚਤਾ ਵਿਚ ਆਪਣਾ ਜੋੜ ਨਹੀਂ ਰਖਦੀ । ਇਸ ਵਿਚ ਕੋਈ ਸ਼ੱਕ ਨਹੀਂ ਕਿ ਬੋਧੀ ਪੁਸਤਕਾਂ ਅਨੇਕਾਂ ਵਿਰੋਧਾਂ, ਮਨ-ਘੜਤ ਸਾਖੀਆਂ ਤੇ ਪਿਛੋਂ ਜਾ ਕੇ ਹੋਈਆਂ ਅਦਲਾ ਬਦਲੀਆਂ ਨਾਲ ਭਰੀਆਂ ਪਈਆਂ ਹਨ, ਫਿਰ ਵੀ ਇਨ੍ਹਾਂ ਸਾਰੀਆਂ ਵਿਚ ਇਕ ਗੱਲ ਜ਼ਰੂਰ ਸਾਂਝੀ ਹੈ। ਉਹ ਇਹ ਕਿ ਇਨ੍ਹਾਂ ਵਿਚ ਬੁਧ ਦੇ ਬਾਰੇ ਵਿਚ ਇਕ ਗਲ ਯਾ ਕਰਮ ਵੀ ਐਸਾ ਨਹੀਂ, ਜਿਹੜਾ ਇਸ ਮਹਾਨ ਭਾਰਤੀ ਰਾਜ ਕੁਮਾਰ ਦੀ ਕੋਮਲਤਾ ਤੇ ਪਵਿਤਰਤਾ ਉਤੇ ਦਾਗ਼ ਲਾਂਦਾ ਹੋਵੇ। ਸਭ ਦੀ ਇਹੋ ਰਾਏ ਹੈ ਕਿ ਇਸ ਅਦੁਤੀ ਸ਼ਖਸੀਅਤ ਵਿਚ ਇਕ ਉਚ ਰਾਜ ਕੁਮਾਰ ਦੇ ਗੁਣ, ਇਕ ਰਿਸ਼ੀ ਦੀ ਬੁਧੀ ਤੇ ਇਕ ਸ਼ਹੀਦ ਦੀ ਆਪਾ ਵਾਰਨੀ ਭਗਤੀ ਦਾ ਅਤ ਸੋਹਣਾ ਮੇਲ ਸੀ ।

ਇਸੇ ਲਈ ਦੁਨੀਆਂ ਦੇ ਸਿਆਣਿਆਂ ਨੇ ਗੌਤਮ ਦੇ ਸਿਰ ਮਨੁੱਖ ਜਾਤੀ ਦੀ ਮਹਾਨ ਵਿਜੈ ਦਾ ਸਿਹਰਾ ਬੰਨਣਾ ਪ੍ਰਵਾਨ ਕਰ ਲਿਆ ਹੈ ਤੇ ਭਾਵੇਂ ਉਸ ਨੇ ਪੂਜਾ ਨੂੰ ਬੇ-ਅਰਥ ਦਸਿਆ ਸੀ ਤੇ ਨਿਰਵਾਣ ਦੀ ਸਿਖਰ ਉਤੇ ਪੁਜ ਕੇ ਵੀ ਇਹੋ ਆਖਿਆ ਸੀ ਕਿ ਮੈਂ ਉਹੀ ਕੁਝ ਹੋ ਸਕਿਆ ਹਾਂ ਜੋ ਸਾਰੇ ਮਨੁਖ ਹੋ ਸਕਦੇ ਹਨ, ਫਿਰ ਵੀ ਸਾਰੇ ਏਸ਼ੀਆ ਨੇ ਉਸ ਦੀ ਪੂਜਾ ਨਖੇਧੀ ਦੇ ਅਸੂਲ ਦੇ ਵਿਰੁਧ ਚਲ ਕੇ ਦਿਲੀ ਕ੍ਰਿਤਗਯਤਾ ਨਾਲ ਉਸ ਦੀ ਪੂਜਾ ਕੀਤੀ ਹੈ । ਹਰ ਸਵੇਰ ਉਸ ਦੇ ਪਵਿੱਤਰ ਮੰਦਰਾਂ ਤੇ ਮਨਾਂ ਉਤੇ ਜੰਗਲਾਂ ਮੂੰਹੀ ਫੁਲ ਝੜਾਏ ਜਾਂਦੇ ਹਨ ਤੇ ਅਣਗਿਣਤ ਬੁਲ੍ਹ ਹਰ ਸਵੇਰ ਇਹ ਮੰਤਰ ਪੜ੍ਹਦੇ ਹਨ : “ਮੈਂ ਬੁਧ ਦੀ ਓਟ ਲੈਂਦਾ ਹਾਂ।”

ਇਸ ਕਵਿਤਾ ਵਿਚਲਾ ਬੁਧ ਮਸੀਹ ਤੋਂ 620 ਵਰ੍ਹੇ ਪਹਿਲਾਂ ਨੀਪਾਲ ਦੀ ਸਰਹੱਦ ਉੱਤੇ ਜੰਮਿਆ ਸੀ । ਅਤੇ 77 ਵਰ੍ਹੇ ਦੀ ਉਮਰ ਵਿਚ ਕਿਸ਼ਨਗੜ੍ਹ ਦੇ ਅਸਥਾਨ ਤੇ ਪੂਰਾ ਹੋਇਆ ਸੀ । ਉਮਰ ਦੇ ਲਿਹਾਜ਼ ਨਾਲ ਦੁਨੀਆਂ ਦੇ ਹੋਰ ਕਈ ਮਤ ਇਸ ਪ੍ਰਾਚੀਨ ਤੇ ਪੂਜਨੀ ਮਤ ਦੇ ਮੁਕਾਬਲੇ ਵਿਚ ਬਚੇ ਜਾਪਦੇ ਹਨ । ਇਸ ਮਤ ਵਿਚ ਸਰਬ ਵਿਆਪੀ ਆਸ਼ਾ ਦੀ ਸਦੀਵਤਾ, ਅਨੰਤ ਪ੍ਰੇਮ ਦੀ ਚਿਰੰਜੀਵਤਾ, ਅੰਤਮ ਭਲਾਈ ਵਿਚ ਅਤੁਟ ਵਿਸ਼ਵਾਸ ਅਤੇ ਮਨੁਖੀ ਸੁਤੰਤਤਾ ਦਾ ਮਾਣ-ਭਰਿਆ ਦਾਹਵਾ ਹੈ । ਬੁਧਮਤ ਦੇ ਇਤਿਹਾਸ ਤੇ ਅਭਿਆਸ ਵਿਚ ਜੋ ਵਾਧੂ ਰਸਮਾਂ ਤੇ ਦਿਖਾਵੇ ਦੀਆਂ ਗਲਾਂ ਆਣ ਵੜੀਆਂ ਹਨ ਇਨ੍ਹਾਂ ਦਾ ਵਡਾ ਕਾਰਨ ਬੋਧੀ ਪ੍ਰੋਹਤਾਂ ਦੀ ਗਿਰਾਵਟ ਤੇ ਸਵਾਰਥ ਹੈ । ਮਹਾਤਮਾ ਬੁਧ ਦੇ ਬੁਨਿਆਦੀ ਸਿਧਾਤਾਂ ਦੀ ਸ਼ਕਤੀ ਤੇ ਉਚਤਾ ਦਾ ਅਨੁਮਾਨ ਉਨ੍ਹਾਂ ਦੇ ਪ੍ਰਭਾਵਾਂ ਤੋਂ ਲਾਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀ ਵਿਆਖਿਆ ਕਰਨ ਵਾਲਿਆਂ ਤੋਂ, ਨਾ ਹੀ ਉਸ ਮਾਸੂਮ ਪਰ ਆਲਸੀ ਤੇ ਰਸਮਾਂ ਵਿਚ ਜਕੜੇ ਮਤ ਤੋਂ ਜੋ ਬੋਧੀ ਭਾਈਚਾਰੇ ਯਾ ਸੰਗ੍ਹਾ ਦੇ ਕਣਿਆ ਉਤੇ ਉਸਰ ਪਿਆ ਹੈ।

ਮੈਂ ਆਪਣੀ ਕਵਿਤਾ ਨੂੰ ਇਕ ਬੋਧੀ ਭਿਖਸ਼ੂ ਦੇ ਮੂੰਹ ਵਿਚੋਂ ਅਖਵਾਇਆ ਹੈ, ਕਿਉਂਕਿ ਏਸ਼ਿਆਈ ਵਿਚਾਰਾਂ ਦੀ ਆਤਮਾ ਨੂੰ ਸਮਝਣ ਲਈ ਇਨ੍ਹਾਂ ਨੂੰ ਪੂਰਬੀ ਦ੍ਰਿਸ਼ਟੀਕੋਣ ਤੋਂ ਹੀ ਦੇਖਣਾ ਚਾਹੀਦਾ ਹੈ । ਕਿਸੇ ਵੀ ਹੋਰ ਤਰ੍ਹਾਂ ਨਾਲ ਇਸ ਕਵਿਤਾ ਵਿਚਲੀਆਂ ਕਰਾਮਾਤਾਂ ਤੇ ਵਿਚਾਰ ਸੁਭਾਵਕ ਨਹੀਂ ਸਨ ਜਾਪਣੇ । ਮਿਸਾਲ ਦੇ ਤੌਰ ਤੇ ਆਵਾਗਵਨ ਦਾ ਸਿਧਾਂਤ ਬੁਧ ਦੇ ਸਮੇਂ ਦੇ ਹਿੰਦੂਆਂ ਨੇ ਪੂਰੀ ਤਰ੍ਹਾਂ ਅਪਣਾ ਲਿਆ ਹੋਇਆ ਸੀ, ਭਾਵੇਂ ਨਵੇਂ ਖਿਆਲਾਂ ਨੂੰ ਇਹ ਅਨੋਖਾ ਹੀ ਜਾਪਦਾ ਹੈ । ਇਤਨੇ ਪ੍ਰਾਚੀਨ ਪੰਥ ਦੀ ਵਿਆਖਿਆ ਜੋ ਇਸ ਕਵਿਤਾ ਵਿਚ ਕੀਤੀ ਗਈ ਹੈ, ਕੁਝ ਅਧੂਰੀ ਹੀ ਹੈ ਤੇ ਕਵਿਤਾ ਦੇ ਨੇਮਾਂ ਦੇ ਅਧੀਨ ਰਹਿਣ ਕਰਕੇ ਕਈ ਜਰੂਰੀ ਆਤਮਕ ਨੁਕਤਿਆਂ ਨੂੰ ਬਿਆਨ ਨਹੀਂ ਕੀਤਾ ਗਿਆ । ਨਾ ਹੀ ਬੁਧ ਦੇ ਲੰਮੇ ਚੌੜੇ ਪ੍ਰਚਾਰਾਂ ਨਾਲ ਇਨਸਾਫ ਕੀਤਾ ਜਾ ਸਕਿਆ ਹੈ।

ਇਨ੍ਹਾਂ ਸਿਧਾਤਾਂ ਸਬੰਧੀ ਵਿਦਵਾਨਾਂ ਵਿਚ ਬੜਾ ਮਤ-ਭੇਦ ਹੈ। ਪਰ ਉਨਾਂ ਨੂੰ ਪਤਾ ਹੋਵੇਗਾ ਕਿ ਮੈਂ ਇਸ ਕਵਿਤਾ ਦਾ ਮਸਾਲਾ ਉਹਨਾਂ ਅਧੂਰੀਆਂ ਲਿਖਤਾਂ ਵਿਚੋਂ ਲਿਆ ਹੈ, ਜੋ ਸਪੇਨਹਾਰਡੀ ਦੀਆਂ ਪੁਸਤਕਾਂ ਵਿਚੋਂ ਮੈਨੂੰ ਲਭ ਸਕਿਆ ਹੈ। ਨਾਲੇ ਕਈਆਂ ਸਾਖੀਆਂ ਨੂੰ ਮੈਂ ਲੋੜ ਅਨੁਸਾਰ ਕਾਟ ਛਾਂਗ ਵੀ ਲਿਆ ਹੈ । ਫਿਰ ਵੀ ਨਿਰਵਾਣ, ਧਰਮ ਕਰਮ ਤੇ ਬੁਧਮਤ ਦੇ ਹੋਰ ਮਹਾਨ ਸਿਧਾਤਾਂ ਬਾਰੇ ਜੋ ਵਿਚਾਰ ਮੈਂ ਪੇਸ਼ ਕੀਤੇ ਹਨ ਉਹ ਚੋਖੀ ਖੋਜ ਤੇ ਮੁਤਾਲੇ ਦਾ ਸਿਟਾ ਹਨ ।’’

ਐਡਵਿਨ ਆਰਨਲਡ ਦੇ ਇਸ ਮਹਾਂ ਕਾਵ ਦਾ ਅਨੁਵਾਦ ਮੈਂ 1937 ਵਿਚ ਸ਼ੁਰੂ ਕੀਤਾ ਸੀ ਜਦ ਕਿ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਕੰਮ ਕਰਦਾ ਹੁੰਦਾ ਸੀ ਅਤੇ ਅੱਜ ਪੂਰੇ ਅਠ ਸਾਲਾਂ ਦੀ ਮੇਹਨਤ ਮਗਰੋਂ ਮੈਂ ਇਸਨੂੰ ਪੂਰਾ ਕਰ ਸਕਿਆ ਹਾਂ । ਇਸ ਪੁਸਤਕ ਨੂੰ ਲਿਖਣ ਵੇਲੇ ਮੈਂ ਇਕ ਐਸਾ ਸੁਖ ਤੇ ਸ਼ਾਂਤੀ ਮਹਿਸੂਸ ਕਰਦਾ ਰਿਹਾ ਹਾਂ ਜੋ ਮੈਨੂੰ ਹੋਰ ਕਿਸੇ ਕਿਸਮ ਦੀ ਕਵਿਤਾ ਲਿਖਣ ਲਗਿਆਂ ਨਹੀਂ ਮਿਲੀ ਅਤੇ ਮੈਂ ਸਮਝਦਾ ਹਾਂ ਕਿ ਮੇਰੀ ਮੇਹਨਤ ਦਾ ਫਲ ਮੈਨੂੰ ਮਿਲ ਗਿਆ ਹੈ । ਜੇ ਪਾਠਕਾਂ ਨੂੰ ਵੀ ਇਸ ਮਹਾਨ ਕਵਿਤਾ ਦੇ ਪਾਠ ਨਾਲ ਸ਼ਾਂਤੀ ਤੇ ਸੁਖ ਪ੍ਰਤੀਤ ਹੋਇਆ ਤਾਂ ਮੈਂ ਜਾਣਾਂਗਾ ਕਿ ਮੇਰੀ ਘਾਲ ਹੋਰ ਵੀ ਥਾਂ ਪਈ ਹੈ !

ਮੋਹਨ ਸਿੰਘਪਹਿਲੀ ਪੁਸਤਕ

ਅੱਤ ਉਚੇ ਮੰਡਲ ਥਲੇ ਹਨ ਸਰਬਰਾਹ ਚਾਰ, ਜਿਹੜੇ ਇਸ ਸੰਸਾਰ ਦੀ ਪਏ ਚਲਾਵਣ ਕਾਰ । ਉਹਨਾਂ ਤੋਂ ਹੇਠਾਂ ਰਤਾ ਪਵਿਤਰ ਉਹ ਅਕਾਸ਼, ਜਿੱਥੇ ਧਰਮੀ ਆਤਮਾਂ ਮਰ ਕੇ ਕਰਨ ਨਿਵਾਸ । ਅੱਧਾ ਅੱਧਾ ਲਖ ਵਰ੍ਹੇ ਵਿਚ ਉਡੀਕਾਂ ਬਹਿ ਫੇਰ ਜਨਮ ਉਹ ਲੈਂਦੀਆਂ ਧਰਤੀ ਉਤੇ ਲਹਿ । ਏਸੇ ਹੀ ਆਕਾਸ਼ ਵਿਚ ਸਾਡੇ ਬੁਧ ਭਗਵਾਨ ਵਰ੍ਹਿਆਂ ਰਹੇ ਉਡੀਕਦੇ, ਆਖ਼ਰ ਪੰਜ ਨਿਸ਼ਾਨ ਪਰਗਟ ਹੋਏ ਉਨ੍ਹਾਂ ਤੇ, ਕਿਹਾ ਦਿਉਤਿਆਂ ਦੇਖ : “ਜਨਮ ਲੈਣਗੇ ਬੁਧ ਜੀ ਬਣ ਕੇ ਜਗ ਦੀ ਟੇਕ ।’’ “ਹਾਂ, ਬੋਲੇ ਭਗਵਾਨ ਜੀ, “ਹੁਣ ਮੈਂ ਅੰਤਮਵਾਰ ਜਗ-ਸੇਵਾ ਦੇ ਵਾਸਤੇ ਜਨਮ ਰਿਹਾ ਹਾਂ ਧਾਰ, ਕਿਉਂਕਿ ਮੇਰੇ ਵਾਸਤੇ ਜੀਵਨ ਮਰਨ ਨਾ ਫੇਰ, ਸਦਾ ਲਈ ਮੁਕ ਜਾਵਣਾ ਚੌਰਾਸੀ ਦਾ ਗੇੜ; ਨਾਲੇ ਉਹਨਾਂ ਵਾਸਤੇ, ਜਿਹੜੇ ਵਿਚ ਸਤਿਕਾਰ ਨਿਯਮ ਮੇਰਾ ਸਿਖ ਲੈਣਗੇ ਪੂਰੀ ਸ਼ਰਧਾ ਧਾਰ । ਸਾਕਯ ਕੁਲ ਦੇ ਵਿਚ ਮੈਂ ਲੈਣਾ ਹੈ ਅਵਤਾਰ, ਹਿਮਆਲੇ ਦੀਆਂ ਧੌਲੀਆਂ ਸ਼੍ਰਿੰਗਾਂ ਦੇ ਵਿਚਕਾਰ, ਜਿਥੇ ਹਸਦੀਆਂ ਵਾਦੀਆਂ ਫੁਲਾਂ ਦੀ ਭਰਮਾਰ, ਜਿਥੇ ਚੰਗੇ ਲੋਕ ਨੇ, ਨਿਆਈਂ ਰਾਜ ਕੁਮਾਰ । ਸੁੱਤੀ ਰਾਣੀ ਮਾਇਆ ਲੱਗ ਪਤੀ ਦੀ ਹਿਕ, ਸੁਪਨੇ ਵਿਚ ਕੀ ਦੇਖਦੀ ਟੁਟ ਕੇ ਤਾਰਾ ਇਕ, ਛੇ ਕਿਰਨਾਂ ਲਿਸ਼ਕਾਰਦਾ ’ਨੂਪਮ ਛਬੀ ਖਿਲਾਰ, ਭਾਹ ਗੁਲਾਬੀ ਮਾਰਦਾ ਸੁੱਚੇ ਮੋਤੀ ਹਾਰ ਆਣ ਓਸ ਦੀ ਕੁਖ ਵਿਚ ਟਿਕਿਆ ਉਹ ਅਡੋਲ, ਜਿੱਦਾਂ ਪੈਂਦੀ ਅੰਬਰੋਂ ਬੂੰਦ ਸਿਪ ਦੀ ਝੋਲ । ਜਾਗੀ ਰਾਣੀ ਮਾਇਆ ਖੁਸ਼ੀਆਂ ਦੇ ਵਿਚਕਾਰ, ਹਿਕ ਉਹਦੀ ਵਿਚ ਭਰ ਗਿਆ ਅਦਭੁਤ ਕੋਈ ਪਿਆਰ । ਹਿੱਲੇ ਪਰਬਤ ਖੁਸ਼ੀ ਵਿਚ, ਖੁੰਦਰੀਂ ਹੋਈ ਲੋ, ਰਾਣੀ ਦੇ ਆਨੰਦ ਦੀ ਗਈ ਪਤਾਲੀਂ ਸੋ। ਸਾਗਰ ਛੰਡ ਅਯਾਲ ਨੂੰ ਪਏ ਖੁਸ਼ੀ ਵਿਚ ਨਚ, ਕੋਮਲ ਇਹ ਸੁਨੇਹੜਾ, ਗਿਆ ਤ੍ਰਿਲੋਕੀ ਰਚ- “ਹੇ ਮੋਇਉ, ਹੈ ਜਿਨ੍ਹਾਂ ਨੇ ਜੰਮਣਾ ਦੂਜੀ ਵਾਰ, ਹੇ ਜੀਵੰਦਿਓ, ਜਿਨ੍ਹਾਂ ਨੇ ਮਰਨਾ ਆਖ਼ਰ ਕਾਰ, ਉੱਠੋ, ਤੇ ਉਠ ਕੇ ਸੁਣੋ, ਹੋਵੋ ਆਸਾਵਾਨ, ਬੁਧ ਪਿਆ ਜੇ ਆਉਂਦਾ ਕਰਨ ਲਈ ਕਲਿਆਨ।” ਇਹ ਸੁਣ ਸ਼ਾਂਤੀ ਖਿੱਲਰੀ ਧੁਰ ਪਾਤਾਲਾਂ ਤੀਕ, ਦਿਲ ਦੁਨੀਆਂ ਦਾ ਧੜਕਿਆ ਬੱਝਾ ਕਿਸੇ ਉਡੀਕ । ਸਤ ਧਰਤਾਂ, ਸਤ ਸਾਗਰਾਂ ਉਤੇ ਝੁੱਲੀ ਪੌਣ ਸ਼ਾਂਤ ਸੁਰਾਂ ਵਿਚ ਗਾਉਂਦੀ ਇਕ ਨਿਆਰਾ ਗੌਣ । ਦਿਨ ਚੜ੍ਹਨ ਤੇ ਆਇਆ, ਦੱਸੀ ਜਾਂ ਸਭ ਗਲ, ਬੋਲੇ ਬੁੱਢੇ ਜੋਤਸ਼ੀ : “ਸੁਫਨਾ ਬੜਾ ਪ੍ਰਬਲ । ਰਾਣੀ ਦੇ ਘਰ ਹੋਏਗਾ ਬਾਲਕ ਇਕ ਸੁਜਾਨ, ਲੋਕਾਂ ਦੀ ਜੋ ਕਰੇਗਾ ਨ੍ਹੇਰੇ ਤੋਂ ਕਲਿਆਨ। ਨਾਲ ਸਿਆਣਪ ਬਣੇਗਾ ਸਭਨਾਂ ਦਾ ਮਹਾਰਾਜ । ਜੇ ਚਾਹੇ ਤਾਂ ਕਰੇਗਾ ਧਰਤੀ ਉਤੇ ਰਾਜ ।'' ਇਕ ਸੁਭਾਗੇ ਵਾਰ, ਏਦਾਂ ਬੁਧ ਭਗਵਾਨ ਨੇ ਆਣ ਲਿਆ ਅਵਤਾਰ ਚੰਗੀ ਰਾਣੀ ਮਾਇਆ ਮਹਿਲ-ਬਾਗ਼ ਵਿਚਕਾਰ ਫਾਲਸਿਆਂ ਦੇ ਹੇਠ ਸੀ ਮਾਣ ਰਹੀ ਮਹਿਕਾਰ । ਸਿੱਧਾ ਇਕ ਬ੍ਰਿੱਛ ਸੀ ਸ਼ਿਵ-ਦਵਾਲੇ ਵੱਤ, ਪਾਈ ਪਤਿਆਂ ਗ਼ੁੰਚਿਆਂ ਜਿਸ ਦੇ ਉਤੇ ਛੱਤ । ਵੇਲਾ ਸੀ ਦੋਪਹਿਰ ਦਾ, ਦਿਨ ਪੁਗੇ ਸਨ ਆਣ, ਰਾਣੀ ਤੇ ਉਹ ਝੁਕ ਪਿਆ ਵੇਲੇ ਨੂੰ ਪਹਿਚਾਣ। ਧਰਤੀ ਵਿੱਚੋਂ ਉਗ ਪਏ ਲਖ ਹਜ਼ਾਰਾਂ ਫੁੱਲ ਸੇਜ ਵਿਛਾਵਣ ਵਾਸਤੇ ਨਾਲ ਸੁਗੰਧਾਂ ਹੁੱਲ । ਬਾਲਕ ਦੇ ਇਸ਼ਨਾਨ ਨੂੰ ਇਕ ਨਿਰਮਲ ਜਲ-ਧਾਰ ਵਗ ਪਈ ਇਕ ਗਵਾਂਢ ਦੇ ਪਰਬਤ ਦੀ ਹਿੱਕ ਪਾੜ । ਏਥੇ ਬਾਲਕ ਆਇਆ ਸੋਹਣੇ ਅੰਗ ਸੁਹਾਨ ਜਿਸ ਤੇ ਦੈਵੀ ਜਨਮ ਦੇ ਬੱਤੀ ਸਨ ਨਿਸ਼ਾਨ । ਪਹੁੰਚੀ ਖ਼ਬਰ ਮਹਾਨ ਇਹ ਮਹਿਲਾਂ ਵਿਚ ਤਤਕਾਲ, ਆ ਗਈ ਰੰਗਲੀ ਪਾਲਕੀ ਜੜੀ ਮੋਤੀਆਂ ਨਾਲ, ਜਿਸਨੂੰ ਚੁੱਕਣ ਵਾਸਤੇ ਵਡੇ ਦੇਵਤੇ ਚਾਰ । ਉਤਰ ਸੁਮੇਰੋਂ ਆ ਗਏ ਭਰੇ ਨਾਲ ਸਤਿਕਾਰ । ਇਕ ਪੂਰਬ ਦਾ ਦੇਵਤਾ ਲਸ਼ਕਰ ਜਿਦਾ ਅਪਾਰ । ਚਾਂਦੀ ਦੇ ਪਟ ਪਹਿਨਦਾ, ਮਣੀਆਂ ਦੇ ਹਥਿਆਰ । ਇਕ ਦੱਖਣ ਦਾ ਦੇਵਤਾ ਜਿਸਦੇ ਘੋੜ-ਅਸਵਾਰ ਚੜ੍ਹਦੇ ਨੀਲੇ ਘੋੜਿਆਂ ਨੀਲਮ ਢਾਲਾਂ ਪਾਰ। ਇਕ ਪੱਛਮ ਦਾ ਦੇਵਤਾ ਜਿਸਦੇ ਪਿੱਛੇ ਨਾਗ ਤੁਰਦਾ ਫੜਕੇ ਹੱਥ ਵਿਚ ਲਾਲ ਘੋੜਿਆਂ ਵਾਗ । ਇਕ ਉੱਤਰ ਦਾ ਦੇਵਤਾ ਜਿਸਦੇ ਯਖ਼ਸ਼ ਹਜ਼ਾਰ, ਫੜ ਢਾਲਾਂ ਸੋਨੇ ਦੀਆਂ ਚੜ੍ਹਦੇ ਮਾਰੋ ਮਾਰ । ਇਹ ਚਾਰੇ ਹੀ ਦੇਵਤੇ ਹੋ ਕੇ ਅਤ ਨਿਰਮਾਣ ਰੂਪ ਕਹਾਰਾਂ ਧਾਰਕੇ ਆਏ ਪਾਲਕੀ ਚਾਣ । ਤਕ ਧਰਤੀ ਦੀ ਪੁਗਦੀ ਜੁਗਾਂ ਜੁਗਾਂ ਦੀ ਆਸ, ਭਰਿਆ ਸੀਗਾ ਓਸ ਦਿਨ ਖੁਸ਼ੀਆਂ ਨਾਲ ਅਕਾਸ਼ । ਪਰ ਰਾਜੇ ਨੂੰ ਸੀਗ ਨਾ ਇਸ ਦਾ ਕੁੱਝ ਗਿਆਨ, ਚਿੰਨ੍ਹ ਅਨੋਖੇ ਦੇਖ ਕੇ ਹੋਇਆ ਚਿੰਤਾਵਾਨ । ਆਖ਼ਰ ਦਸਿਆ ਓਸ ਨੂੰ ਜੋਤਸ਼ੀਆਂ ਨੇ ਖੋਲ੍ਹ, ਚਕਰਵਰਤੀ ਕੰਵਰ ਇਹ ਡਿੱਗਾ ਤੇਰੀ ਝੋਲ। ਵਰ੍ਹਿਆਂ ਪਿੱਛੋਂ ਉਗਮਦਾ ਏਦਾਂ ਦਾ ਕੋਈ ਲਾਲ ਸਭ ਬਰਕਤਾਂ ਲਿਆਵੰਦਾ ਜਿਹੜਾ ਅਪਣੇ ਨਾਲ : ਹੀਰਾ, ਚੱਕਰ ਰਤਨ ਜੋ ਨਿੱਗਰ ਰੱਬੀ ਢਾਲ, ਅਸ਼ਵ-ਰਤਨ ਜੋ ਬਿਦਦਾ ਉਡਦੇ ਬਦਲਾਂ ਨਾਲ, ਨਾਲੇ ਇਕ ਹਸਤੀ-ਰਤਨ, ਵੱਡਾ ਹਾਥੀ ਸੇਤ, ਇਕ ਅਜਿਤ ਸੈਨਾ ਪਤੀ, ਮੰਤਰੀ ਇਕ ਸੁਚੇਤ, ਨਾਲ ਇਸਤ੍ਰੀ-ਰਤਨ ਇਕ ਦੇਂਦਾ ਉਸਨੂੰ ਰੱਬ, ਪਰਭਾਤੋਂ ਵੀ ਵਧ ਕੇ ਸੁੰਦਰ ਜਿਸਦੀ ਛੱਬ । ਇਨ੍ਹਾਂ ਬਰਕਤਾਂ ਵਾਲੜਾ ਤਕਕੇ ਰਾਜ ਕੁਮਾਰ ਕਿਹਾ ਸਦੋਧਨ ਨਗਰ ਨੂੰ ਦੇਵੋ ਤੁਰਤ ਸ਼ਿੰਗਾਰ । ਝਬਦੇ ਹੀ ਹੂੰਝੇ ਗਏ ਸਾਰੇ ਰਸਤੇ ਰਾਹ, ਗਲੀਆਂ ਵਿਚ ਗੁਲਾਬ ਦਾ ਕਰ ਦਿਤਾ ਛਿਣਕਾ । ਬਿਰਛਾਂ ਤੇ ਟੰਗੇ ਗਏ ਝੰਡੇ ਰੰਗ ਬਰੰਗ, ਨਾਲੇ ਦੀਵੇ ਬਾਲ ਕੇ ਟਾਹਣੀਂ ਦਿੱਤੇ ਟੰਗ। ਭੰਡਾਂ ਅਤੇ ਮਦਾਰੀਆਂ ਕੱਠੀ ਕਰ ਲਈ ਭੀੜ, ਕਿਧਰੇ ਨੱਚਣ ਵਾਲਿਆਂ ਖ਼ਲਕਤ ਰੱਖੀ ਬੀੜ । ਹਾਸਾ ਛਣਕਣ ਘੁੰਗਰੂ ਚੰਚਲ ਪੈਰ ਜਾਂ ਚਾਣ, ਚੰਨਾਂ ਵਾਲੀਆਂ ਘਗਰੀਆਂ ਲੋਹੜਾ ਪਾਂਦੀਆਂ ਜਾਣ । ਭੰਡ, ਰਿਛਾਂ ਹਰਨਾਂ ਦੀਆਂ ਖੱਲਾਂ ਪਾਈ ਗਲ, ਸ਼ੇਰ-ਸਿਧਾਵੇ, ਢੋਲਚੀ, ਰੱਸਾ-ਨਾਚੇ, ਮੱਲ, ਹੋਰ ਕਈ ਬਹੁਰੂਪੀਏ, ਸਵਾਂਗ ਹਜ਼ਾਰਾਂ ਬੰਨ੍ਹ ਸਭੇ ਹੀ ਸਨ ਕਰ ਰਹੇ ਲੋਕਾਂ ਨੂੰ ਪਰਸੰਨ । ਰਾਜ ਕੰਵਰ ਦੇ ਜਨਮ ਦੀ ਸੁਣ ਕੇ ਉਡਦੀ ਗੱਲ ਆਏ ਦੂਰ ਦੁਰਾਡਿਓਂ ਕਈ ਸੌਦਾਗਰ ਚੱਲ। ਲਿਆਏ ਸੁਗਾਤਾਂ ਕੀਮਤੀ ਤਸ਼ਤਰੀਆਂ ਵਿਚ ਰੱਖ, ਹੀਰੇ, ਨੀਲਮ, ਚੂਨੀਆਂ, ਤੇਜ਼ ਜਿਨ੍ਹਾਂ ਦੀ ਦੱਖ, ਜੜੇ ਮੋਤੀਆਂ ਕਮਰ-ਬੰਦ, ਖੱਲਾਂ ਅਤੇ ਦੋਸ਼ਾਲ, ਕਈ ਅਮੁੱਲ ਸੁਗੰਧੀਆਂ, ਸੰਦਲ ਲਕੜੀ ਨਾਲ । ਦਿੱਤਾ ਉਹਨਾਂ ਕੰਵਰ ਨੂੰ ਸਵਾਰਥ ਸਿਧ ਦਾ ਨਾਮ, ਸਿੱਧਾਰਥੁ ਸੰਖੇਪ ਵਿਚ, ਫਿਰ ਕੀਤਾ ਪਰਨਾਮ । ਬਾਹਰੋਂ ਆਇਆਂ ਵਿਚ ਸੀ ਚਿਟ-ਸਿਰਾ ਇਕ ਸੰਤ, ਚਿਰ ਤੋਂ ਬੋਲਾ ਹੋਇਆ, ਉਂਝ ਬੜਾ ਗੁਣਵੰਤ । ਪਿੱਪਲ ਹੇਠਾਂ ਬੈਠਿਆਂ ਪਏ ਓਸਦੇ ਕੰਨ ਦੇਵਤਿਆਂ ਦੇ ਗੀਤ ਕੁਝ ਹੋਇਆ ਉਹ ਪ੍ਰਸੰਨ। ਲਗਦਾ ਸੀ ਅਤ ਪੂਜ ਉਹ, ਵਰਤ ਜਾਗਰੇ ਧਾਰ, ਝੁਕਿਆ ਅਗੇ ਓਸਦੇ ਰਾਜਾ ਤੱਕਣ ਸਾਰ । ਨਾਲੇ ਰਾਣੀ ਮਾਇਆ ਗਦ ਗਦ ਸ਼ਰਧਾ ਨਾਲ ਲੱਗੀ ਰੱਖਣ ਓਸਦੇ ਚਰਨੀਂ ਅਪਣਾ ਬਾਲ । ਪਰ ਬਾਲਕ ਨੂੰ ਤਕਦਿਆਂ ਕਿਹਾ ਬਿਰਧ ਨੇ ਬੋਲ : “ਨਾ ਰਾਣੀ ਇਹ ਠੀਕ ਨਾ,'' ਫਿਰ ਹੋ ਬਾਲਕ ਕੋਲ, ਚੁੰਮੀ ਧਰਤੀ ਓਸ ਨੇ ਓਕੜ ਕੇ ਅਠ ਵਾਰ, ਸਿਰ ਚੁਕ ਕੇ ਫਿਰ ਬੋਲਿਆ, “ਨਿਆਣੇ ਰਾਜ ਕੁਮਾਰ, ਮੈਂ ਹਾਂ ਤੈਨੂੰ ਪੂਜਦਾ ਕਿਉਂਕਿ ਤੂੰ ਭਗਵਾਨ, ਸਾਫ਼ ਪਏ ਨੇ ਦਿਸਦੇ ਤੀਹ ਤੇ ਦੋ ਨਿਸ਼ਾਨ। ਨਾਲੇ ਨਜ਼ਰੀ ਆ ਰਹੇ ਅੱਸੀ ਛੋਟੇ ਚਿੰਨ੍ਹ, ਪਦਮ-ਰੇਖ ਨੇ ਚਾੜ੍ਹਿਆ ਚਰਨਾਂ ਦੇ ਵਿਚ ਦਿਨ । ਤੂੰ ਬੁਧ ਹੈਂ, ਸਭ ਜਗਤ ਦਾ ਕਰਨਾ ਤੂੰ ਉੱਧਾਰ ਕਰਕੇ ਅਪਣੇ ਨੇਮ ਦਾ ਲੋਕਾਂ ਵਿਚ ਪਰਚਾਰ । ਭਾਵੇਂ ਸੁਣਨਾ ਏਸਦਾ ਹੋਏ ਨ ਮੇਰੇ ਲੇਖ, ਪਰ ਇਤਨਾ ਵੀ ਬੜਾ ਹੈ ਲਿਆ ਹੈ ਤੇਨੂੰ ਦੇਖ । ਹੇ ਰਾਜਨ, ਇਹ ਜਾਣ ਲੈ ਬਿਰਛ ਮਨੁੱਖੀ ਨਾਲ ਫੁਲ ਐਸਾ ਕੋਈ ਟਹਿਕਦਾ ਲੰਘ ਹਜ਼ਾਰਾਂ ਸਾਲ, ਜੇ ਟਹਿਕੇ ਤਾਂ ਜਗਤ ਵਿਚ ਦੇਵੇ ਤੁਰਤ ਖਿੰਡਾਰ । ਮਿੱਠਾ ਸ਼ਹਿਦ ਪਿਆਰ ਦਾ, ਬੁੱਧੀ ਦੀ ਮਹਿਕਾਰ । ਭਾਵੇਂ ਸ਼ਾਹੀ ਜੜ੍ਹਾਂ ਤੋਂ ਖਿੜਿਆ ਹੈ ਇਹ ਕੋਲ, ਭਰੀ ਸੁਗੰਧਾਂ ਨਾਲ ਹੈ ਇਸ ਨੇ ਤੇਰੀ ਝੋਲ, ਐਪਰ ਭਾਰਾ ਹੋਏਗਾ ਤੇਰੇ ਉਤੇ ਕੁਮਾਰ, ਇਸ ਦੇ ਖਾਤਰ ਖੁਭਣੀ ਪੇਟ ਤੇਰੇ ਤਲਵਾਰ । ਤੇ ਤੂੰ ਮਿੱਠੀ ਰਾਣੀਏਂ, ਜੰਮ ਇਹ ਰਾਜ ਕੁਮਾਰ ਹੋ ਗਈ ਏਂ ਅਤ-ਪੂਜਨੀ, ਦੁਖੋਂ ਦਰਦੋਂ ਬਾਹਰ, ਕਿਉਂਕਿ ਹੈ ਇਹ ਜ਼ਿੰਦਗੀ ਨਿਰੀ ਦੁਖ ਤੇ ਪੀੜ, ਇਸ ਲਈ ਸਤਵੇਂ ਦਿਨ ਤੂੰ ਜਾਣਾ ਛਡ ਸ਼ਰੀਰ।” ਏਸ ਤਰਾਂ ਹੀ ਹੋਇਆ ਦਿਨ ਲੰਘੇ ਜਾਂ ਸੱਤ, ਹਸਦੀ ਸੁੱਤੀ ਮਾਇਆ, ਜਾਗ ਨ ਸੱਕੀ ਵੱਤ । ਤ੍ਰਾਯਸ ਤ੍ਰਿਨਸ਼ਸ ਸਵਰਗ ਵਿਚ ਕੀਤਾ ਓਸ ਉਤਾਰ, ਲੱਗੇ ਸੇਵਾ ਓਸਦੀ ਦਿਉਤੇ ਬਾਝ ਸ਼ੁਮਾਰ । ਦਾਈ ਇਕ ਬਾਲਕ ਲਈ, ਲਈ ਉਨ੍ਹਾਂ ਨੇ ਭਾਲ ਨਾਮ ਮਹਾਂ ਪਰਜਾਪਤੀ, ਜਿਸ ਨੇ ਦੁਧੀਆਂ ਨਾਲ ਪਾਲੇ ਬੁਲ੍ਹ ਕੁਮਾਰ ਦੇ, ਜਿਨ੍ਹਾਂ ਆਖ਼ਰ ਕਾਰ, ਹਿਕ ਤਪਦੇ ਸੰਸਾਰ ਦੀ ਕੀਤੀ ਠੰਢੀ ਠਾਰ । ਜਿਸ ਦਮ ਅਠਵਾਂ ਸਾਲ ਪੂਰਾ ਹੋਇਆ, ਰਾਜੇ ਚਾਹਿਆ ਵਿਦਿਆ ਦੇਵੇ ਕੰਵਰ ਨੂੰ, ਜਿਹੜੀ ਇਕ ਸ਼ਹਿਜ਼ਾਦੇ ਨੂੰ ਹੈ ਸੋਹੰਦੀ, ਕਿਉਂਕਿ ਉਹ ਸੀ ਬੁਧ ਦੀ ਦੁੱਖਾਂ ਬਰਕਤਾਂ ਵਾਲੀ ਹੋਣੀ ਕੋਲੋਂ ਅੱਤ ਘਬਰਾਉਂਦਾ । ਪੁਛਿਆ ਉਸ ਨੇ ਕਰਕੇ ਕੱਠੇ ਮੰਤਰੀ : “ਕੌਣ ਸਿਆਣਾ ਸਭ ਤੋਂ ਜਿਹੜਾ ਕੰਵਰ ਨੂੰ ਸਿਖਸ਼ਾ ਦੇਵੇ ਸੋਂਹਦੀ ਜੋ ਸ਼ਹਿਜ਼ਾਦਿਆਂ।” ਹੋਕੇ ਇਕ ਜ਼ਬਾਨ ਬੋਲੇ ਮੰਤਰੀ: “ਰਾਜਨ ਕੋਈ ਨਾ ਵੱਧ ਵਿਸ਼ਵਾ ਮਿਤਰ ਤੋਂ ਸਭ ਗ੍ਰੰਥਾਂ ਦਾ ਪਾਠੀ, ਜਾਣੂ ਗਿਆਨ ਦਾ, ਹੁਨਰਾਂ ਵਿਚ ਨਿਪੁੰਨ, ਰਸੀਆ ਕਲਾਂ ਦਾ । ਪਹੁੰਚੇ ਰਾਜ-ਮਹਲ, ਵਿਸ਼ਵਾ ਮਿਤਰ ਜੀ, ਸੁਣ ਰਾਜੇ ਦੀ ਗੱਲ, ਆਹਰੇ ਲਗ ਪਏ। ਸੰਦਲ ਪੱਟੀ ਫੜੀ ਕੰਵਰ ਨੇ ਹਥ ਵਿਚ ਜੜੀ ਚੂਨੀਆਂ ਨਾਲ ਜਿਸਦੀ ਕੋਰ ਸੀ । ਮੋਤੀ ਧੂੜੇ ਨਾਲ ਜਿਸ ਨੂੰ ਪੋਚ ਕੇ ਕੀਤਾ ਰੇਸ਼ਮ ਵਾਂਗੂ ਕੂਲਾ ਪਟ ਸੀ । ਚੁੱਕੀ ਇਹਨੂੰ, ਅੱਖਾਂ ਪਾਈ ਨੀਵੀਆਂ, ਕੰਵਰ ਸਵਾਮੀ ਕੋਲ ਢੁਕਾ ਖੜਾ ਸੀ । ਕਿਹਾ ਸਵਾਮੀ ਬੋਲ, “ਇਹ ਮੰਤਰ ਲਿਖੋ ।’’ ਇਹ ਕਹਿ ਹੌਲੀ ਹੌਲੀ ਮੰਤ੍ਰ ਉਚਾਰਿਆ । “ਲਿਖਦਾ ਹਾਂ ਜੀ,” ਕੰਵਰ ਸਨਿਮਰ ਬੋਲਿਆ ਤੇ ਝਟ ਪੱਟੀ ਉਤੇ ਲਿਖਿਆ ਓਸ ਨੇ, ਇਕ ਲਿਖਤ ਛਡ ਕਈਆਂ ਲਿਖਤਾਂ ਵਿਚ ਉਹ- ਮੰਗਲ, ਦਖਸ਼ਿਨ, ਤਿਰਬੀ, ਉਕ, ਨੀ, ਨਾਗਰੀ, ਯਵ, ਦਾਰਦ, ਮਨ, ਪਰੂਸ਼ਾ, ਨਾਲੇ ਸਿਖਯਨੀ, ਚਿਤ੍ਰ-ਲਿਖਤ ਤੇ ਸੈਨਤ-ਲਿਖਤਾਂ ਵੀ ਕਈ, ਟਾਪੂਆਂ ਦੇ ਵਸਨੀਕਾਂ ਦੇ ਵੀ ਚਿਤ੍ਰ ਕੁਝ, ਰਹਿਣ ਗੁਫ਼ਾਂ ਦੇ ਅੰਦਰ ਨਾਲੇ ਲੋਕ ਜੋ, ਤੇ ਉਹਨਾਂ ਦੇ ਜਿਹੜੇ ਹੇਠਾਂ ਧਰਤ ਦੇ ਵੰਨਵੰਨਾਂ ਦੇ ਨਾਗਾਂ ਨੂੰ ਹਨ ਪੂਜਦੇ। ਨਾਲੇ ਜਿਹੜੇ ਕਰਨ ਪਰਸਤਸ਼ ਅੱਗ ਦੀ । ਏਸ ਤਰ੍ਹਾਂ ਸਭ ਕੌਮਾਂ ਦੀਆਂ ਬੋਲੀਆਂ ਦੀਆਂ ਵਚਿਤਰ ਲਿਪੀਆਂ ਲਿਖੀਆਂ ਕੰਵਰ ਨੇ । ਇਹ ਤਕ ਬੋਲੇ ਸਿਆਣੇ ਵਿਸ਼ਵਾ ਮਿਤਰ ਜੀ : “ਇਹ ਹੈ ਕਾਫ਼ੀ, ਆਓ ਪੜ੍ਹੀਏ ਗਣਿਤ ਹੁਣ । ਮੇਰੇ ਪਿਛੇ ਗਿਣਦੇ ਚਲੋ ਲੱਖ ਤਕ ਇਕ, ਦੋ, ਤਿੰਨ ਤੇ ਚਾਰ, ਦ੍ਹਾਖੇ ਤੀਕਰਾਂ, ਦ੍ਹਾਖਿਓਂ ਫੇਰ ਹਜ਼ਾਰ, ਹਜ਼ਾਰੋਂ ਲਖ ਤਕ ।” ਗਿਣਦਾ ਗਿਆ ਕੁਮਾਰ ਪਿਛੇ ਉਨ੍ਹਾਂ ਦੇ, ਲੰਘਿਆ ਕਾਈਆਂ ਦ੍ਹਾਈਆਂ ਨਾਲੇ ਸੈਂਕੜੇ ਛੇਤੀ ਹੀ ਜਾ ਪੁਜਿਆ ਲੱਖਾਂ ਤੀਕਰਾਂ। ਸਵਾਮੀ ਗਿਆ ਖਲੋ ਲਖ ਤੇ ਆਣ ਕੇ, ਪਰ ਸ਼ਹਿਜ਼ਾਦਾ ਹੋਰ ਅਗੇ ਗਿਣਦਾ ਗਿਆ- ਕੋਟੀ, ਨਾਹਤ, ਨਿਨਾਹਤ, ਖੰਭ, ਵਿਸ-ਖੰਭ ਫਿਰ ਅਬਬ, ਅਤਾਤ, ਕੁਮੁਦ, ਗੰਧੀਖ ਤੇ ਉਤਪਲਾ, ਪੁੰਡਰੀਕ ਤੋਂ ਪਦਮ ਤੇ ਪਦਮੋਂ ਵਧ ਹੈ ਕਾਥ, ਜਿਦੇ ਸੰਗ ਗਿਣਦੇ ਤਾਰੇ ਰਾਤ ਦੇ, ਕੋਟੀ ਕਾਥ, ਸਮੁੰਦਰ ਕਤਰਿਆਂ ਵਾਸਤੇ, ਨਾਲ ਇੰਗ ਦੇ ਮਿਣਦੇ ਪੈਂਡਾ ਤਾਰਿਆਂ । ਸਰਵਨੀਕ ਚੇਪਾ ਹੈ ਗਿਣਤੀ ਹੋਰ ਇਕ ਗੰਗਾ ਦਾ ਸਭ ਰੇਤਾ ਮਿਣਦੇ ਨਾਲ ਜਿਸ । ਇਸ ਤੋਂ ਅਗੇ ਅੰਤਾ ਕਲਿਪਸ ਆਉਂਦਾ ਦਸ ਕਰੋੜ ਗੰਗਾਵਾਂ ਦਾ ਰੇਤਾ ਗਿਣੇ। ਇਸ ਤੋਂ ਵੀ ਜੇ ਅਗੇ ਗਿਣਤੀ ਲੋੜੀਏ । ਵਰਤੋਂ ਫੇਰ ਅਸੰਖਾਂ ਦੀ ਕਰਨੀ ਪਏ। ਗਿਣ ਸਕੀਏ ਜਿਸ ਨਾਲ ਸਭ ਉਹ ਕਤਰੇ ਬਦਲਾਂ ਵਿਚੋਂ ਧਰਤੀ ਉਤੇ ਵਰ੍ਹਨ ਜੋ, ਦਸ ਹਜ਼ਾਰਾਂ ਸਾਲ ਜੇ ਕਰ ਮੀਂਹ ਪਏ। ਮਹਾਂ-ਕਲਪ ਹੈ ਇਸ ਤੋਂ ਅਗੇ ਆਵੰਦਾ, ਜਿਦੀ ਸਹਾਇਤਾ ਨਾਲ ਗਿਣਦੇ ਦੇਵਤੇ ਅਪਣੇ ਭੂਤ ਭਵਿਸ਼ ਤਾਈਂ ਸਹਿਲ ਹੈ।” “ਇਹ ਹੈ ਬਿਲਕੁਲ ਠੀਕ ।” ਸਵਾਮੀ ਬੋਲਿਆ “ਕੀ ਹੁਣ ਰੇਖਾ-ਵਿਦਿਆ ਦੇਵਾਂ ਤੁਸਾਂ ਨੂੰ ? ” ਨਾਲ ਨਿਮ੍ਰਤਾ ਬਾਲਕ ਅਗੋਂ ਬੋਲਿਆ : “ਸਵਾਮੀ, ਸੁਣ ਲਓ, ਜੋ ਕੁਝ ਮੈਨੂੰ ਆਵੰਦਾ : ਦਸ ਪ੍ਰਮਾਣੂ ਇੱਕ ਪ੍ਰਸੂਖਮ ਸਾਜਦੇ, ਦਸ ਪ੍ਰਸੂਖਮ ਇਕ ਤਰੀਨ ਬਣਾਵੰਦੇ, ਸਤ ਤ੍ਰਸਰੀਨ ਜੇ ਰੱਲਣ ਕਿਣਕਾ ਇਕ ਬਣੇ ਕਿਰਨ ਰਾਹ ਵਿਚ ਦਿਸੇ ਜਿਹੜਾ ਉਡਦਾ, ਦਸ ਕਿਣਕੇ ਜੇ ਰੱਲਣ ਤਾਂ ਬਣ ਜਾਵੰਦਾ ਨੁਕਤਾ ਅੱਤ ਮਹੀਨ ਚੂਹੇ-ਮੁਛ ਦਾ, ਦੱਸ ਨੁਕਤਿਆਂ ਇਕ ਬਣਦੀ ਲੀਖ ਹੈ, ਦਸ ਲੀਖਾਂ ਦਾ ਬਣਦਾ ਫਿਰ ਇਕ ਯੁਕ ਹੈ, ਦਸ ਯੁਕਾਂ ਦਾ ਹੋਵੇ ਜੌਂ ਦਾ ਮਗ਼ਜ਼ ਇਕ, ਸਤ ਮਗ਼ਜ਼ਾਂ ਦਾ ਲਕ ਧਮੂੜੀ ਦਾ ਬਣੇ, ਏਨੀ ਹੀ ਲੰਬਾਈ ਮੂੰਗੀ, ਰਾਈ ਦੀ। ਦਸ ਇਨ੍ਹਾਂ ਦਾ ਪੋਟਾ ਇਕ ਕਹਾਵੰਦਾ ਦਸ ਪੋਟਿਆਂ ਦੀ ਗਿਠ ਜਿਸ ਦੇ ਮਗਰੋਂ ਨੇਜ਼ੇ, ਡਾਂਗ, ਕਮਾਨ ਤਕ ਪੁਜ ਜਾਈਦਾ । ਵੀਹ ਨੇਜ਼ਿਆਂ ਤਾਈਂ ਇਕ ਸਾਹ ਆਖਦੇ- ਇਕ ਸਾਹ ਵਿਚ ਜੋ ਵਿੱਥ ਤੁਰਦਾ ਆਦਮੀ, ਚਾਲੀ ਸਾਹਾਂ ਦੀ ਹੈ ਬਣਦੀ ਗੋਹ ਇਕ, ਚਾਰ ਗੋਹਾਂ ਦਾ ਯੋਜਨ ਹੈ ਅਖਵਾਉਂਦਾ। ਤੇ ਹੇ ਸਵਾਮੀ ਜੇਕਰ ਚਾਹੋ ਤੁਸੀਂ ਇਹ ਯੋਜਨ ਲੰਮੀ ਸੂਰਜ ਕਿਰਨਾਂ ਵਿਚ ਮੈਂ ਗਿਣਕੇ ਸਾਰੇ ਕਿਣਕੇ ਹਾਂ ਦਸ ਸਕਦਾ ।” ਇਹ ਸਭ ਗੱਲਾਂ ਸੁਣਕੇ ਵਿਸ਼ਵਾ-ਮਿਤਰ ਜੀ ਬਾਲ ਕੰਵਰ ਦੇ ਚਰਨਾਂ ਉਤੇ ਢਹਿ ਪਏ। ਬੋਲੇ ! “ਤੁਹਾਨੂੰ ਪੂਜਾਂ ਮਿੱਠੇ ਕੰਵਰ ਜੀ, ਕਿਉਂਕਿ ਮੈਂ ਨਹੀਂ, ਤੁਸੀਂ ਗੁਰੂ ਹੋ ਆਪ ਹੀ। ਸਮਝਾ ਦਿਤੀ ਮੈਨੂੰ ਹੈ ਇਹ ਗੱਲ ਤੁਸਾਂ ਬਾਝ ਗ੍ਰੰਥਾਂ ਜਾਣੋ ਸਾਰੇ ਗਿਆਨ ਨੂੰ, ਨਿਮਰਤਾ ਵੀ ਜਾਣੋ ਨਾਲ ਗਿਆਨ ਦੇ ।” ਏਸ ਤਰ੍ਹਾਂ ਦੀ ਨਿਮ੍ਰਤਾ ਵਾਲੇ ਸਨ ਭਗਵਾਨ, ਸਭਨਾਂ ਕੋਲੋਂ ਵਧ ਕੇ ਭਾਵੇਂ ਰਖਦੇ ਗਿਆਨ ਹੈ ਸਨ ਕੋਮਲ ਬੋਲ ਦੇ ਅਤੇ ਸਿਆਣੇ ਢੇਰ, ਚਿਹਰਾ ਮੁਹਰਾ ਰਾਜਸੀ ਬੜੇ ਸਨਿਮਰ ਫੇਰ । ਸਹਿਨ-ਸ਼ੀਲਤਾ ਗ਼ਜ਼ਬ ਦੀ, ਅਦਬ ਨਾਲ ਭਰਪੂਰ ਭਾਵੇਂ ਕੋਮਲ-ਚਿੱਤ ਬੜੇ, ਡਰ ਭੌ ਤੋਂ ਸਨ ਦੂਰ । ਯੁਵਕਾਂ ਵਿਚੋਂ ਕਿਸੇ ਦਾ ਨਹੀਂ ਸੀ ਇਤਨਾ ਹੱਠ, ਹਰਨਾਂ ਪਿੱਛੇ ਕੰਵਰ ਜਿਉਂ ਜਿਹੜਾ ਸਕਦਾ ਨੱਠ । ਨਾ ਸੀ ਕਿਸੇ ਚਲਾਇਆ ਮੈਦਾਨਾਂ ਵਿਚ ਲੱਥ ਰਾਜ ਕੰਵਰ ਦੇ ਰੱਥ ਤੋਂ ਤ੍ਰਿਖਾ ਅਪਣਾ ਰੱਥ । ਕਈ ਵਾਰ ਪਰ ਵਿਚ ਹੀ ਖੜ ਜਾਂਦੇ ਭਗਵਾਨ, ਲੰਘ ਸੁਤੰਤਰ ਹਰਨ ਨੂੰ ਦੇਂਦੇ ਸਨ ਉਹ ਜਾਣ । ਦੌੜ ਜਿਤੀ ਉਹ ਹਾਰਦੇ ਕਈ ਵਾਰ ਵਿਚ ਰਾਹ ਘੋੜਿਆਂ ਦਾ ਜਦ ਦੇਖਦੇ ਔਖਾ ਆਉਂਦਾ ਸਾਹ, ਯਾ ਸੰਗੀਆਂ ਦੇ ਮੂੰਹ ਤੇ ਪੜ੍ਹ ਮਾਯੂਸੀ-ਹਾਰ । ਲੈਂਦੇ ਅਪਣੇ ਪਸ਼ੂ ਨੂੰ ਅਧਵਾਟੇ ਖਲ੍ਹਿਆਰ । ਏਦਾਂ ਹੀ ਲੰਘਦੇ ਗਏ ਜਿਉਂ ਜਿਉਂ ਵਰਹੇ ਸਾਲ ਤਰਸ ਬੁਧ ਭਗਵਾਨ ਦਾ ਵਧਦਾ ਗਿਆ ਕਮਾਲ । ਦੋ ਪਤਿਆਂ ਤੋਂ ਵਧ ਜਿਉਂ ਵੱਡਾ ਹੋਇਆ ਡਾਲ ਠੰਢੀ ਛਾਂ ਖਿਲਾਰਦਾ ਸਭ ਨੂੰ ਹੇਠ ਬਹਾਲ । ਐਪਰ ਹਾਲੇ ਤੀਕਰਾਂ ਬਾਲਕ ਬੁਧ ਭਗਵਾਨ ਦੁਖ ਦਰਦੋਂ ਬੇਖ਼ਬਰ ਸੀ, ਹੰਝੂਆਂ ਤੋਂ ਅਨਜਾਣ । ਤਾਹੀਉਂ ਏਦਾਂ ਹੋਇਆ ਇਕ ਦਿਨ ਵਿਚ ਬਹਾਰ ਲੰਘੀ ਸ਼ਾਹੀ ਬਾਗ਼ ’ਚੋਂ ਵਣ-ਹੰਸਾਂ ਦੀ ਡਾਰ । ਮਿਠੀਆਂ ਬੋਲੀਆਂ ਬੋਲਦੇ ਬੱਝੇ ਕਿਸੇ ਪਿਆਰ ਉਡਦੇ ਸੀ ਉਹ ਜਾ ਰਹੇ ਜਿਧਰ ਧੌਲੀ ਧਾਰ। ਵੀਰ ਚਚੇਰੇ ਕੰਵਰ ਦੇ ਦੇਵਦਤ ਬਲਵਾਨ, ਕੰਨਾਂ ਤੀਕਰ ਖਿਚ ਕੇ ਵਾਹਿਆ ਕਹਿਰੀ ਬਾਣ, ਸਭ ਤੋਂ ਅਗਲੇ ਹੰਸ ਦਾ ਵਿਨ੍ਹਿਆ ਉਸ ਖੰਭਲੇਟ, ਪੀੜ ਨਾਲ ਕੁਰਲਾਉਂਦਾ ਆ ਢਠਾ ਉਹ ਹੇਠ। ਖੁਭਾ ਚੰਦਰਾ ਤੀਰ ਸੀ ਅਜੇ ਖੰਭ ਵਿਚਕਾਰ, ਵੱਗੀ ਚਿੱਟੇ ਪਰਾਂ ਤੋਂ ਲਾਲ ਲਹੂ ਦੀ ਧਾਰ । ਚੁਕ ਲਿਆ ਰਾਜ ਕੁਮਾਰ ਨੇ ਇਉਂ ਪੰਛੀ ਨੂੰ ਤਕ, ਸਹਿਜੇ ਅਪਣੀ ਗੋਦ ਵਿਚ ਲਿਆ ਓਸਨੂੰ ਰਖ । ਸਹਿਮੇਂ ਜੰਗਲੀ ਹੰਸ ਨੂੰ ਪਿਆਰ ਨਾਲ ਪੁਚਕਾਰ, ਕਾਹਲੀ ਉਸਦੀ ਧੜਕਣੀ ਕੀਤੀ ਠੰਢੀ ਠਾਰ । ਤਹਿ ਕੀਤੇ ਫੇਰ ਮਲਕੜੇ ਖਿਲਰੇ ਉਸ ਦੇ ਖੰਭ, ਅਜੇ ਤੀਕ ਜੋ ਰਹੇ ਸਨ ਨਾਲ ਪੀੜ ਦੇ ਕੰਬ । ਰਾਜ ਕੰਵਰ ਦੀਆਂ ਤਲੀਆਂ ਕੋਮਲ ਹੈ ਸਨ ਅਤ, ਟੁੱਟਾ ਕੇਲੇ ਬਿਰਛ ਤੋਂ ਸਜਰਾ ਜਿੱਦਾਂ ਪੱਤ। ਹਥ ਖੱਬੇ ਦੇ ਵਿਚ ਫੜੀ, ਸੱਜੇ ਹੱਥ ਦੇ ਨਾਲ ਫਟ ਚੋਂ ਪੁਟਿਆ ਕੰਵਰ ਨੇ ਡੂੰਘਾ ਖੁਭਿਆ ਫਾਲ । ਫਟ ਦੇ ਉਤੇ ਰਖ ਕੇ ਠੰਢੇ ਪੱਤਰ ਢੇਰ ਸ਼ਹਿਦ ਸੁਖਾਵਾਂ ਬੰਨ੍ਹਿਆ ਰਾਜ ਕੰਵਰ ਨੇ ਫੇਰ । ਪਰ ਸੀ ਇਤਨਾ ਪੀੜ ਤੋਂ ਰਾਜ ਕੰਵਰ ਅਨਜਾਣ ਨਾਲ ਅਚੰਭੇ ਬਾਂਹ ਵਿਚ ਖੋਭ ਲਿਆ ਉਸ ਬਾਣ। ਚੋਭ ਨਾਲ ਕੰਬ ਉਠਿਆ ਨੈਨੀਂ ਨੀਰ ਉਛਾਲ, ਪੰਛੀ ਨੂੰ ਉਸ ਘੁਟ ਲਿਆ ਤੁਰਤ ਕਲੇਜੇ ਨਾਲ। ਤਦ ਕਿਸੇ ਆ ਆਖਿਆ, “ਮੇਰੇ ਰਜ-ਕੁਮਾਰ, ਨਾਲ ਬਾਣ ਦੇ ਹੰਸ ਇਕ ਭੁੰਜੇ ਲਿਆ ਉਤਾਰ । ਏਥੇ ਵਿਚ ਗੁਲਾਬ ਦੇ ਢਠਾ ਹੈ ਉਹ ਆਣ, ਨਾਲ ਕ੍ਰਿਪਾ ਕੀ ਹੰਸ ਉਹ ਮੈਨੂੰ ਕਰੋ ਪ੍ਰਦਾਨ?” “ਨਹੀਂ,” ਸਿਧਾਰਥ ਆਖਿਆ “ਹਾਂ, ਜੇ ਮਰਦਾ ਹੰਸ, ਘਾਤਕ ਦਾ ਹਕ ਓਸ ਤੇ ਹੁੰਦਾ ਫੇਰ ਨਿਸ਼ੰਸ, ਪਰ ਉਹ ਹਾਲੇ ਜੀਉਂਦਾ । ਮੇਰਾ ਕੰਵਰ ਭਰਾ ਸਿਰਫ਼ ਉਡਾਰੀ ਹੰਸ ਦੀ ਸਕਿਆ ਹੈ ਫੜਕਾ ।” ਦੇਵ ਦਤ ਨੇ ਘਲਿਆ ਉਤਰ ਓਸੇ ਪਲ : “ਹੰਸ ਮੋਇਆ ਯਾ ਜੀਵੰਦਾ ਮੈਨੂੰ ਦੇਵੋ ਘਲ। ਨਹੀਂ ਸੀਗਾ ਉਹ ਕਿਸੇ ਦਾ ਉਡਦਾ ਵਿਚ ਅਸਮਾਨ । ਪਰ ਹੁਣ ਉਹਦਾ ਹੋ ਗਿਆ ਡੰਗਿਆ ਜਿਸਦੇ ਬਾਣ ।” ਤਦ ਸਾਡੇ ਭਗਵਾਨ ਨੇ ਨਾਲ ਗੱਲ੍ਹ ਦੇ ਲਾ ਧੌਣ ਨਿਤਾਣੀ ਹੰਸ ਦੀ ਆਖਿਆ “ਦਸੋ ਜਾ ਮੇਰਾ ਅਪਣਾ ਹੰਸ ਇਹ, ਆਖੇ ਮੇਰੀ ਤਮੀਜ਼ ਪਹਿਲੀ ਮੇਰੀ ਆਪਣੀ ਲੱਖਾਂ ਚੋਂ ਇਹ ਚੀਜ਼, ਜਿਸ ਤੇ ਮੇਰੇ ਪਿਆਰ ਨੇ ਨਾਲੇ ਦਯਾ ਅਪਾਰ ਸਹਿਜ ਸੁਭਾ ਅਨਜਾਣਿਆਂ ਦਿਤਾ ਹੈ ਅਧਿਕਾਰ । ਮੇਰੇ ਵਿਚ ਕੁਝ ਧੜਕਦਾ ਕਹੇ ਜੋ ਬਾਰੰਬਾਰ ਮਾਨੁੱਖਾਂ ਵਿਚ ਦਯਾ ਦਾ ਕਰਨਾ ਮੈਂ ਪਰਚਾਰ । ਜੀਭ ਬਣਾਂਗਾ ਜਗ ਦੀ ਗੁੰਗੀ ਜਿਸ ਦੀ ਚਾਹ ਨਾਲੇ ਲਿੱਸਾ ਕਰਾਂਗਾ ਦੁਖਾਂ ਦਾ ਪਰਵਾਹ । ਮੇਰੇ ਕੰਵਰ ਭਰਾ ਨੂੰ ਪਰ ਜੇ ਕੋਈ ਸ਼ਕ, ਸਿਆਣਿਆਂ ਅੱਗੇ ਗੱਲ ਇਹ ਸਕਦਾ ਏ ਉਹ ਰੱਖ ।” ਏਦਾਂ ਹੀ ਕੀਤਾ ਗਿਆ : ਭਰੇ ਪਰ੍ਹੇ ਵਿਚਕਾਰ ਸਭ ਵਲੋਂ ਇਸ ਗਲ ਤੇ ਕੀਤੀ ਗਈ ਵਿਚਾਰ । ਰਾਵਾਂ ਆਪੋ ਅਪਣੀਆਂ ਸਭ ਨੇ ਦੱਸੀਆਂ ਖੋਲ੍ਹ ਨਾਵਾਕਫ਼ ਇਕ ਪ੍ਰੋਹਤ ਨੇ ਆਖਿਆ ਓੜਕ ਬੋਲ : “ਜੇ ਜੀਵਨ ਕੋਈ ਚੀਜ਼ ਹੈ, ਜੀਵਨ ਰਖਿਅਕ ਤਦ ਮਾਲਕ ਜਿਉਂਦੀ ਚੀਜ਼ ਦਾ ਹੈ ਉਸ ਨਾਲੋਂ ਵਧ, ਜਿਹੜਾ ਜਿਉਂਦੀ ਚੀਜ਼ ਨੂੰ ਮਾਰਨ ਦਾ ਚਾਹਵਾਨ, ਕਿਉਂਕਿ ਰਖਿਅਕ ਪਾਲਦਾ, ਘਾਤਕ ਕਰੇ ਵੀਰਾਨ। ਰਾਜ ਕੰਵਰ ਨੂੰ ਹੰਸ ਇਹ ਦਿਤਾ ਜਾਏ ਸੰਭਾਲ, ਕਿਉਂਕਿ ਉਸ ਦੀ ਜਿੰਦ ਦਾ ਬਣਿਆ ਇਹ ਰਖਵਾਲ ।” ਸਭ ਨੇ ਕੀਤਾ ਪ੍ਰੋਹਤ ਦਾ ਨਿਰਨਾ ਇਹ ਪਰਵਾਨ, ਪਰ ਰਾਜੇ ਨੇ ਪ੍ਰੋਹਤ ਵਲ ਮਾਰਿਆ ਜਦ ਧਿਆਨ, ਹੋਇਆ ਉਹ ਅਲੋਪ ਸੀ ਰੂਪ ਸਪ ਦਾ ਧਾਰ, ਏਸ ਤਰ੍ਹਾਂ ਵੀ ਦੇਵਤੇ ਆਉਂਦੇ ਹਨ ਕਈ ਵਾਰ । ਇਸ ਪੰਛੀ ਦੇ ਦੁਖ ਬਿਨਾਂ ਸਾਡੇ ਬੁਧ ਭਗਵਾਨ ਹੋਰ ਸਰਾਪੇ ਦੁਖਾਂ ਤੋਂ ਹਾਲੇ ਸਨ ਅਨਜਾਣ। ਨਾਲੇ ਫੱਟੜ ਹੰਸ ਉਹ ਹੋ ਰਾਜ਼ੀ ਤਤਕਾਲ ਜਾ ਰਲਿਆ ਸੀ ਉੱਡ ਕੇ ਅਪਣੇ ਸੰਗੀਆਂ ਨਾਲ । ਪਰ ਇਕ ਦਿਨ ਰਾਜੇ ਕਿਹਾ, “ਆਓ ਮੇਰੇ ਕੁਮਾਰ, ਦੇਖੋ ਕਿੱਦਾਂ ਧਰਤ ਤੇ ਮੌਲੀ ਆਣ ਬਹਾਰ । ਤਕੋ ਪ੍ਰਫੁੱਲਤ ਧਰਤ ਨੂੰ ਕਿਦਾਂ ਕਰਕੇ ਪਿਆਰ ਕਿਰਤੀ ਉਸਦੇ ਧਨ ਦਾ ਕੱਠਾ ਕਰਨ ਭੰਡਾਰ । ਕਿੱਦਾਂ ਮੇਰੀ ਧਰਤ ਇਹ ਤੇਰੀ ਜਾਣੀ ਹੋ, ਜਿਸ ਦਿਨ ਮੇਰੀ ਚਿਤਾ ਚੋਂ ਲਾਟਾਂ ਕੱਢੀ ਲੋ। ਕਿਦਾਂ ਪੱਤਰ ਸੱਜਰੇ ਨਵੀਂ ਰੁਤ ਦੇ ਸੋਹਣ, ਝਮ ਝਮ ਕਲੀਆਂ, ਘਾ ਹਰਾ, ਕਿਰਸਾਨਾਂ ਦੇ ਗੌਣ।” ਖੂਹੀਂ ਬਾਗ਼ੀਂ ਫਿਰੇ ਉਹ ਏਦਾਂ ਹੋ ਅਸਵਾਰ, ਦ੍ਰਿਸ਼ ਅਨੇਕਾਂ ਉਨ੍ਹਾਂ ਨੇ ਦੇਖੇ ਮਹਿਲੋਂ ਬਾਹਰ । ਵਿੱਛੀ ਧਰਤੀ ਦੂਰ ਤਕ ਰੱਤੀ ਤੇ ਬਲਵਾਨ, ਚੀਂ ਚੀਂ ਕਰਣ ਪੰਜਾਲੀਆਂ ਬਲਦ ਜ਼ੋਰ ਪਏ ਲਾਣ । ਜਿੱਥੇ ਵਾਲਾ ਖੁਭਦਾ ਉੱਚੀ ਹੋ ਕੇ ਭੋਂ ਨਰਮ ਲੀਹਾਂ ਵਿਚ ਮਲਕੜੇ ਡਿਗ ਡਿਗ ਜਾਂਦੀ ਸੌਂ । ਫਾਲਿਆਂ ਉਤੇ ਰਖ ਕੇ ਹਾਲੀ ਦੋਵੇਂ ਪੈਰ ਡੂੰਘਾ ਸਿਆੜ ਲਿਆਉਂਦੇ ਮੰਗ ਬਲਦਾਂ ਦੀ ਖੈਰ । ਵਣ-ਖਜੀਆਂ ਦੇ ਝੁੰਡ ਚੋਂ ਨਦੀ ਰਹੀ ਸੀ ਵੱਗ, ਕੰਢਿਆਂ ਉਤੇ ਸੁਟਦੀ ਛਣ ਛਣ ਕਰਦੀ ਝੱਗ । ਬੀਜਣ ਵਾਲੇ ਰਹੇ ਸਨ ਛਿੱਟੇ ਕਿਤੇ ਖਿਲਾਰ ਮੁੜੇ ਆਹਲਣੀਂ ਪੰਛੀਆਂ ਜੰਗਲ ਦਿਤਾ ਗੁੰਜਾਰ । ਸਾਰੇ ਬੇਲਿਆਂ ਵਿਚ ਸੀ ਜੀਵਨ ਦੀ ਭਰਮਾਰ ਮੁਖੀਆਂ, ਟਿੱਡੀਆਂ, ਕਿਰਲੀਆਂ, ਕੀੜੇ ਹੋਰ ਹਜ਼ਾਰ । ਸੂਰਜ-ਪੰਛੀ ਚਮਕਦੇ ਅੰਬ ਡਾਲਾਂ ਵਿਚਕਾਰ, ਕਲਮੁਕੱਲਾ ਲਗਾ ਸੀ ਭਾਰੇ ਤੇ ਠਠਿਆਰ, ਕਿਧਰੇ ਦੌੜਾਂ ਲਾ ਰਹੇ ਗਾਲ੍ਹੜ ਧਾਰੀਦਾਰ, ਤਿੱਤਲੀਆਂ ਦਾ ਕਰ ਰਹੇ ਪੰਛੀ ਕਿਤੇ ਸ਼ਿਕਾਰ, ਕਿਧਰੇ ਚੁੰਝਾਂ ਮਾਰਦੀ ਮੈਨਾ ਹਿੱਕ ਉਭਾਰ, ਸਰੋਵਰ ਉਤੇ ਬਗਲਾ ਖਲਾ ਧੌਣ ਹੁਲਾਰ, ਕਿਤੇ ਕਿਤੇ ਲੰਮਢੀਂਗ ਪਏ ਮੱਝਾਂ ਦੇ ਵਿਚ ਭੌਣ, ਇੱਲਾਂ ਚੱਕਰ ਲਾਉਂਦੀਆਂ ਵਿਚ ਸੁਨਹਿਰੀ ਪੌਣ ਮੋਰ ਉਡਾਰਾਂ ਲਾਉਂਦੇ ਚਿਤਰੇ ਮੰਦਰਾਂ ਕੋਲ, ਖੂਹਾਂ ਉਤੇ ਘੁਘੀਆਂ ਘੂੰ ਘੂੰ ਰਹੀਆਂ ਬੋਲ, ਕਿਧਰੇ ਵਿਆਹ ਦੇ ਡਫੜੇ ਵਜ ਰਹੇ ਸਨ ਦੂਰ, ਹੋਇਆ ਵੇਖ ਕੁਮਾਰ ਇਹ ਖੁਸ਼ੀ ਨਾਲ ਭਰਪੂਰ । ਪਰ ਜਦ ਕੀਤਾ ਕੰਵਰ ਨੇ ਡੂੰਘਾ ਰਤੀ ਖ਼ਿਆਲ ਦੇਖੇ ਕੰਡੇ ਓਸ ਨੇ ਜੀਵਨ-ਫਲ ਦੇ ਨਾਲ । ਕੀਕਰ ਧੁੱਪੇ ਭੁਜਦਾ ਰੋਟੀ ਕਾਰਨ ਜੱਟ ਕੀਕੂੰ ਮੁੜ੍ਹਕਾ ਚੋ ਰਿਹਾ, ਸਾਹ ਨ ਲੈਂਦਾ ਝਟ । ਮੋਟਾਖੇ ਬਲਦਾਂ ਦੀਆਂ ਕੂਲੀਆਂ ਵਖੀਆਂ ਵਿਚ ਤਿਖੀਆਂ ਆਰਾਂ ਚੋਭ ਕੇ ਕਰ ਉਨ੍ਹਾਂ ਨੂੰ ਜਿਚ । ਫਿਰ ਤਕਿਆ ਉਸ ਕਿਸ ਤਰ੍ਹਾਂ ਕਿਰਲੀ ਕੀੜੀ ਖਾਏ, ਸੱਪ ਕਿਰਲੀ ਨੂੰ, ਇੱਲ ਫਿਰ ਦੋਹਾਂ ਨੂੰ ਲੈ ਜਾਏ। ਕਿਦਾਂ ਵੱਡਾ ਬੱਗਲਾ, ਤਿੱਖੀ ਚੁੰਝ ਪਸਾਰ ਛੋਟੇ ਬੱਗ ਦੇ ਮੂੰਹ ਚੋਂ ਲੈਂਦਾ ਖਸ ਸ਼ਿਕਾਰ । ਬੁਲਬੁਲ ਖਾਂਦੀ ਤਿਤਲੀਆਂ, ਬੁਲਬੁਲ ਨੂੰ ਕੋਈ ਹੋਰ, ਹਰ ਥਾਂ ਮਾਰਨ ਮਰਨ ਦਾ ਚਲ ਰਿਹਾ ਸੀ ਦੌਰ । ਸੀ ਉਸ ਸੋਹਣੇ ਦ੍ਰਿਸ਼ ਦੇ ਹੇਠਾਂ ਕਿਸੇ ਵਿਸ਼ਾਲ ਜੰਗਲੀ ਅਤੇ ਡਰਾਉਣੇ ਮਨਸੂਬੇ ਦਾ ਜਾਲ । ਕੀੜੀ ਤੋਂ ਮਾਨੁਖ ਤਕ ਇਕ ਦੂਜੇ ਨੂੰ ਖਾਣ, ਇਕ ਜੀਵਨ ਦੀ ਭੇਟ ਸਨ ਚੜ੍ਹਦੇ ਕਈ ਪਰਾਣ । ਤਕ ਇਸ ਖਿਚੋਤਾਣ ਨੂੰ ਭੁੱਖ ਮਰਦਾ ਕਿਰਸਾਨ ਲਿੱਸੇ ਡੰਗਰ ਓਸਦੇ ਕੰਨ੍ਹੇ ਲਹੂ ਲੁਹਾਨ, ਕੰਵਰ ਸਿਧਾਰਥ ਬੋਲਿਆ ਡੂੰਘਾ ਹੌਕਾ ਮਾਰ : “ਕੀ ਇਹੋ ਕੁਝ ਦਸਣ ਨੂੰ ਲਿਆਏ ਮੈਨੂੰ ਬਾਹਰ ?” ਕਿੰਜ ਰੋਟੀ ਕਿਰਸਾਨ ਦੀ ਲੂਣੀ ਮੁੜ੍ਹਕੇ ਨਾਲ, ਕਿੱਦਾਂ ਨਾਲ ਮੁਸ਼ੱਕਤਾਂ ਬੈਲ ਹੋਣ ਜ਼ਿਲਹਾਲ। ਤਕੜੇ ਤੇ ਕਮਜ਼ੋਰ ਦਾ ਜੰਗਲ ਦੇ ਵਿਚਕਾਰ ਭਿਆਨਕ ਕਿੱਡਾ ਜੰਗ ਹੈ ਜਾਰੀ ਰਾਤ ਦਿਹਾੜ । ਕਿਹੋ ਜਹੀਆਂ ਇਹ ਸਾਜ਼ਸ਼ਾਂ ਹੋਣ ਪਈਆਂ ਅਸਮਾਨ ਕਿਵੇਂ ਪਾਣੀਆਂ ਵਿਚ ਵੀ ਜਾਗੇ ਇਹ ਘਮਸਾਨ । ਹੋ ਜਾਉ ਇਕ ਪਾਸੇ ਜ਼ਰਾ, “ਬੋਲਿਆ ਰਾਜ ਕੁਮਾਰ ਦੇਵੋ ਮੈਨੂੰ ਕਰਨ ਹੁਣ ਇਸ ਤੇ ਕੁਝ ਵਿਚਾਰ ।” ਏਨਾ ਕਹਿ ਕੇ ਉਨ੍ਹਾਂ ਨੂੰ, ਚੰਗੇ ਰਾਜ ਕੁਮਾਰ ਬਹਿ ਗਏ ਹੇਠਾਂ ਜਾਮਨੂੰ ਬ੍ਰਿਛ ਚੌਕੜੀ ਮਾਰ । ਜੀਵਨ ਦੇ ਇਸ ਰੋਗ ਤੇ ਮਾਰੀ ਉਨ੍ਹਾਂ ਨਿਗਾਹ ਫੇਰ ਵਿਚਾਰੇ ਏਸ ਦੇ ਸੋਮੇ ਅਤੇ ਉਪਾ। ਭਰਿਆ ਅੰਦਰ ਉਨ੍ਹਾਂ ਦੇ ਐਸਾ ਤਰਸ ਵਿਸ਼ਾਲ, ਇਛਾ ਪੀੜਾ ਹਰਨ ਦੀ ਜਾਗੀ ਨਾਲੋ ਨਾਲ। ਉੱਚ ਸਮਾਧੀ ਸਿਖਰ ਤੇ ਪੁਜ ਗਿਆ ਰਾਜ ਕੁਮਾਰ ਪਾਈ ਉਸ ਦੀ ਸੁਰਤ ਨੇ ਬੰਧਨਾਂ ਤੋਂ ਛੁਟਕਾਰ । ਏਦਾਂ ਪਦਵੀ “ਧਿਆਨ” ਦੀ ਲਈ ਕੰਵਰ ਨੇ ਪਾ, ਮਾਰਗ ਵਿਚ ਅਖਵਾਉਂਦਾ ਜਿਹੜਾ ਪ੍ਰਥਮ ਪੜਾ। ਓਸ ਘੜੀ ਆਕਾਸ਼ ਵਿਚ ਸਿਰ ਦੇ ਉੱਪਰ ਵਾਰ ਉਡਦੇ ਲੰਘੇ ਪੂਜਯ ਪੰਜ ਪਵਿਤਰ ਖੰਭ ਖਿਲਾਰ । ਪੁਛਿਆ ਉਹਨਾਂ “ਬੰਨ੍ਹ ਲਈ ਕਿਸ ਸਾਡੀ ਰਫਤਾਰ ?” ਹੇਠਾਂ ਵਲ ਜਦ ਦੇਖਿਆ ਦਿਸੇ ਬੁਧ ਕੁਮਾਰ । ਸੀਸ ਦਵਾਲੇ ਦਮਕਦਾ ਚਾਨਣ ਦਾ ਪਰਵਾਰ, ਲੋਕ-ਭਲੇ ਦੇ ਵਿਸ਼ੇ ਤੇ ਕਰਦੇ ਗੂੜ੍ਹ ਵਿਚਾਰ । ਜੰਗਲ ਚੋਂ ਆਵਾਜ਼ ਇਕ ਤਦ ਉੱਠੀ ਇਉਂ ਗੂੰਜ: “ਰਿਸ਼ੀਓ ! ਹੇਠਾਂ ਉਤਰੋ ! ਕਰੋ ਇਨਾਂ ਦੀ ਪੂਜ ।” ਤਦ ਉਹ ਉਜਲੀਆਂ ਮੂਰਤਾਂ ਆਈਆਂ ਹੇਠਾਂ ਲਥ ਗਾ ਕੇ ਉਸਤਤ ਗੀਤ ਕੁਝ ਪੈ ਗਈਆਂ ਫਿਰ ਪਥ । ਰਾਜੇ ਘਲਿਆ ਆਦਮੀ ਢੂੰਡਣ ਲਈ ਕੁਮਾਰ, ਕੀ ਦੇਖੇ ਉਹ, ਕੰਵਰ ਜੀ ਉਵੇਂ ਚੌਕੜੀ ਮਾਰ, ਗੂੜ੍ਹ ਸਮਾਧੀ ਵਿਚ ਨੇ ਓਦਾਂ ਹੀ ਗਲਤਾਨ ਭਾਵੇਂ ਢੱਲਣ ਲਗ ਪਏ ਪਰਛਾਵੇਂ ਸਨ ਆਣ । ਢਲ ਢਲ ਪਹੁੰਚੇ ਦੂਰ ਤਕ ਪਰਛਾਵੇਂ ਸਭ ਹੋਰ ਛਾਂ ਪਰ ਜਮੀ ਬ੍ਰਿਖਸ਼ ਦੀ ਬੰਨ੍ਹੀ ਅਪਣੀ ਤੋਰ । ਤਾਂ ਜੇ ਕਿਰਨਾਂ ਤਿਰਛੀਆਂ ਲੰਮੇ ਹੱਥ ਵਧਾ ਓਸ ਪਵਿੱਤਰ ਸੀਸ ਨੂੰ ਲਾ ਨਾ ਸਕਣ ਤਾ । ਸੇ-ਫੁੱਲਾਂ ਚੋਂ ਮਲਕੜੇ ਨਿਕਲੇ ਫ਼ਿਰ ਇਹ ਬੋਲ : “ਬੇਸ਼ਕ ਰਾਜ-ਕੁਮਾਰ ਜੀ ਬੈਠੇ ਰਹਿਣ ਅਡੋਲ । ਜਦ ਤਕ ਤੁਹਾਡੇ ਦਿਲ ਤੋਂ ਹਟਦੀ ਨਹੀਂ ਪਰਛਾਂ ਟਿਕੀ ਰਹੇਗੀ ਇਸ ਤਰ੍ਹਾਂ ਇਥੇ ਹੀ ਇਹ ਛਾਂ ।”ਦੂਜੀ ਪੁਸਤਕ

ਜਿਸ ਦਮ ਵਰ੍ਹੇ ਅਠਾਰਵੇਂ ਗਿਆ ਸ਼ਹਿਜ਼ਾਦਾ ਪੈ, ਰਾਜੇ ਨੇ ਫ਼ਰਮਾਇਆ ਮਹਿਲ ਉਸਾਰੋ ਤ੍ਰੈ। ਲਾਉ ਅੰਦਰ ਇੱਕ ਦੇ ਸਾਗਵਾਨ ਤੇ ਸਾਲ, ਜਿਸ ਦੀ ਮਿੱਠੀ ਨਿਘ ਵਿਚ ਕੱਟੇ ਕੰਵਰ ਸਿਆਲ; ਚਿਣ ਕੇ ਸਿੱਲਾਂ ਮਰਮਰੀ, ਦੁਧ-ਚਿੱਟੀਆਂ, ਰੰਗਦਾਰ ਗਰਮੀਆਂ ਕੱਟਣ ਵਾਸਤੇ ਦੂਜਾ ਕਰੋ ਤਿਆਰ, ਬਿਆਈ ਵੇਲੇ ਵਾਸਤੇ ਤੀਜਾ ਚਾਹੜੋ ਤੋੜ, ਦੇਵਣ ਜਦੋਂ ਚੰਬੇਲੀਆਂ ਬੰਦ ਸੁਰਾਹੀਆਂ ਰੋਹੜ । ਤਿੰਨੇ ਰਾਜ ਮਹੱਲ ਇਹ ਮੁੱਕੇ ਜਿਹੜੇ ਦੰਮ, ਨਾਂ ਰੱਖੇ ਗਏ ਉਨਾਂ ਦੇ ਸੋਭਾ, ਰਮ, ਸੁਰੱਮ । ਚਾਰ-ਚੁਫੇਰੇ ਉਨ੍ਹਾਂ ਦੇ ਮਹਿਕਣ ਮਿੱਠੇ ਬਾਗ਼, ਵੱਗਣ ਕੂਲਾਂ ਸੁਥਰੀਆਂ, ਚਕਮਕਣ ਵਾਂਗ ਚਰਾਗ਼ । ਚਿਟੀਆਂ ਚਿਟੀਆਂ ਬੰਗਲੀਆਂ ਬੂਟਿਆਂ ਵਿਚ ਸੁਹਾਣ, ਵਿੱਛੇ ਵਾਂਗ ਕਲੀਚਿਆਂ ਸੁਥਰੇ ਘਾਹ-ਮਦਾਨ, ਜਿਨ੍ਹਾਂ ਵਿਚ ਸੀ ਘੁਮਦਾ ਮਨ-ਮਰਜ਼ੀ ਦੇ ਨਾਲ, ਪਲ ਪਲ ਖੁਸ਼ੀਆਂ ਮਾਣਦਾ ਸਾਕਯ-ਬੰਸ ਦਾ ਲਾਲ । ਨਿਤ ਰਹਿੰਦਾ ਉਹ ਟਹਿਕਿਆ ਤਾਜ਼ੇ ਫੁਲ ਸਮਾਨ, ਕਿਉਂਕਿ ਉਸ ਦੇ ਵਿਚ ਸੀ ਹਾਲੇ ਲਹੂ ਜਵਾਨ । ਪਰ ਪਰਛਾਵੇਂ ਸੋਚ ਦੇ ਵਿਚ ਵਿਚ ਜਾਂਦੇ ਆ, ਜਿੱਦਾਂ ਬੱਦਲ ਝੀਲ ਨੂੰ ਧੁੰਦਲਾ ਦੇਣ ਬਣਾ । ਤਕ ਸੋਚਾਂ ਦੇ ਵਹਿਣ ਵਿਚ ਰੁੜ੍ਹਿਆ ਰਾਜ ਕੁਮਾਰ, ਨਾਲ ਵਜ਼ੀਰਾਂ ਸ਼ਾਹ ਨੇ ਕੀਤਾ ਇੰਜ ਵਿਚਾਰ : “ਚੇਤੇ ਕਰੋ ਸਿਆਣਿਉਂ ਬਿਰਧ ਰਿਸ਼ੀ ਦੇ ਬੋਲ, ਸ਼ਹਿਜ਼ਾਦੇ ਦੇ ਜਨਮ ਤੇ ਦਸਿਆ ਸੀ ਜਿਸ ਖੋਲ੍ਹ, ‘ਯਾ ਇਹ ਬਣਸੀ ਜਗ ਤੇ ਬਾਦਸ਼ਾਹਾਂ ਦਾ ਸ਼ਾਹ, ਮਾਰ ਮਾਰ ਕੇ ਸ਼ਤਰੂਆਂ ਦੇਸੀ ਅਲਖ ਮੁਕਾ; ਯਾ ਫਿਰ ਹੌਣਾ ਏਸ ਨੇ ਭਾਰਾ ਕੋਈ ਫ਼ਕੀਰ, ਛਡ ਕੇ ਰਾਜ-ਹਕੂਮਤਾਂ ਹੋ ਜਾਸੀ ਦਿਲਗੀਰ ।’ ਦਿੱਸਣ ਅੱਖਾਂ ਇਹਦੀਆਂ ਸੋਚਾਂ ਨਾਲ ਗੜੂੰਦ, ਕਿਰ ਪੈਂਦੀ ਸੂ ਮਲਕੜੇ ਕਦੀ ਕਦੀ ਕੋਈ ਬੂੰਦ । ਦੱਸੋ ਤੁਸੀ ਸਿਆਣਿਉਂ ਲਾਕੇ ਸਾਰੀ ਵਾਹ, ਸ਼ਹਿਜ਼ਾਦੇ ਦੇ ਡਕਣ ਦਾ ਮੈਨੂੰ ਕੋਈ ਉਪਾ।” ਸਭ ਤੋਂ ਵੱਡਾ ਮੰਤਰੀ ਕਹਿਣ ਲਗਾ, “ਸਰਕਾਰ, ਲੱਖ ਫਿਕਰਾਂ ਤੇ ਘੁਣਾਂ ਦਾ ਦਾਰੂ ਇਕ ਪਿਆਰ । ਬੁਣੋਂ ਉਦਾਲੇ ਏਸ ਦੇ ਤ੍ਰੀਆ-ਰੂਪ ਦਾ ਜਾਲ, ਕੀ ਜਾਣੇ ਇਹ ਛੋਕਰਾ ਰੂਪ ਨਸ਼ੇ ਨੂੰ ਹਾਲ ? ਅਜੇ ਨਾ ਤੱਕੇ ਏਸ ਨੇ ਸੁਰਗ-ਭੁਲਾਊ ਨੈਣ, ਨੀਂਦਰ-ਲਿਆਊ ਬੁਲ੍ਹੀਆਂ, ਹੋਸ਼ ਭੁਲਾਊ ਬੈਣ । ਲਭੋ ਇਸ ਦੇ ਵਾਸਤੇ ਕੁਲ ਦੁਨੀਆਂ ਨੂੰ ਛਾਣ, ਸੁਹਲ-ਅੰਗੀਆਂ ਵਹੁਟੀਆਂ, ਸਖੀਆਂ ਚੰਨ ਸਮਾਨ। ਕਿਉਂਕਿ ਬੱਝਣ ਖਿਆਲ ਨਾ ਜੋ ਜ਼ੰਜੀਰਾਂ ਨਾਲ, ਬੰਨ੍ਹ ਵਿਖਾਏ ਉਨ੍ਹਾਂ ਨੂੰ ਨੱਢੀ ਦਾ ਇਕ ਵਾਲ ।” “ਵਾਹ ਵਾਹ,” ਬੋਲੇ ਮੰਤਰੀ ਹੋ ਕੇ ਇਕ-ਜ਼ਬਾਨ, ਪਰ ਰਾਜੇ ਨੇ ਆਖਿਆ “ਜੇਕਰ ਦੁਨੀਆਂ ਛਾਣ, ਲਭ ਲਿਆਈਏ ਉਸ ਲਈ ਵਹੁਟੀਆਂ ਵਾਂਗਰ ਚੰਦ, ਹੋ ਸਕਦੈ ਉਹ ਕਰੇ ਨਾ ਸਾਡੀ ਚੋਣ ਪਸੰਦ । ਜੇਕਰ ਗਿਰਦੇ ਓਸ ਦੇ ਮਹਿਕੇ ਬਾਗ਼ ਸਮਾਨ, ਛਡੀਏ ਨਾਜ਼ੁਕ-ਅੰਗੀਆਂ, ਸਖੀਆਂ ਫੁੱਲ-ਸਮਾਨ, ਹੋ ਸਕਦੈ ਉਹ ਸੁੰਦਰੀਆਂ ਸਕਣ ਨਾ ਉਸ ਨੂੰ ਮੋਹ, ਕਿਉਂਕਿ ਲੁਕਵੇਂ ਰਸਾਂ ਨੂੰ ਅਜੇ ਨਾ ਜਾਣੇ ਉਹ ।” “ਹਰਨਾ ਰਹਿੰਦਾ ਵਤਦਾ” ਬੋਲਿਆ ਦੂਆ ਅਮੀਰ ਪਾਸੇ ਉਸ ਦੇ ਚੀਰਦਾ ਓੜਕ ਕੋਈ ਤੀਰ । ਚਲਣੇ ਜਿਥੇ ਨਜ਼ਰ ਦੇ ਤਿੱਖੇ ਤੀਰ ਹਜ਼ਾਰ, ਹੋ ਨਹੀਂ ਸਕਦਾ ਕੰਵਰ ਨੂੰ ਇਕ ਵੀ ਕਰੇ ਨਾ ਪਾਰ । ਸਰਘੀ ਵਰਗਾ ਮੂੰਹ ਕੋਈ ਗੋਰਾ ਅਤੇ ਨਛੋਹ, ਸ਼ਹਿਜ਼ਾਦੇ ਦੇ ਚਿੱਤ ਨੂੰ ਓੜਕ ਖੜਸੀ ਮੋਹ । ਛੇਤੀ ਮਿਰੇ ਖਿਆਲ ਵਿਚ ਰਚੀਏ ਇਕ ਤਿਹਾਰ, ਆਵਣ ਜਿੱਥੇ ਸੁੰਦਰੀਆਂ ਅਪਣਾ ਆਪ ਸ਼ਿੰੰਗਾਰ । ਰੱਖੇ ਜਾਣ ਮੁਕਾਬਲੇ ਉਹਨਾਂ ਦੇ ਵਿਚਕਾਰ, ਨਾਚ, ਜਵਾਨੀ, ਹੁਸਨ ਦੇ, ਖੇਡਾਂ ਹੋਰ ਹਜ਼ਾਰ । ਆਖਰ ਜਿੱਤਣ ਵਾਲੀਆਂ ਕਰ ਕਰ ਕੇ ਪਰਨਾਮ, ਲੰਘਣ ਅਗੋਂ ਕੰਵਰ ਦੇ ਲੈ ਲੈ ਜਾਣ ਇਨਾਮ । ਬੈਠੇ ਹੋਵਣ ਪਾਰਖੂ ਸ਼ਹਿਜ਼ਾਦੇ ਦੇ ਪਾਸ, ਵੇਖਣ ਨਾਲ ਧਿਆਨ ਦੇ ਜੋ ਉਸ ਦੇ ਇਹਸਾਸ । ਸੰਨ ਕਿਸ ਫੁਲ-ਬਦਨੀ ਖਿਚਿਆ ਉਸ ਨੂੰ ਅਪਣੇ ਵੱਲ, ਕਰ ਗਈ ਕਿਹੜੀ ਮਲਕੜੇ ਉਹਦੀ ਗੁਲਾਬੀ ਗੱਲ੍ਹ । ਤਾਂ ਜੋ ਉਸ ਦੀ ਚੋਣ ਨੂੰ ਲਈਏ ਅਸੀਂ ਪਛਾਣ ਕਰੀਏ ਰਾਜ ਕੁਮਾਰ ਨੂੰ ਖੁਸ਼ੀਆਂ ਵਿਚ ਗ਼ਲਤਾਨ।” ਕੀਤਾ ਏਸ ਸਲਾਹ ਨੂੰ ਸਭਨਾਂ ਨੇ ਪਰਵਾਨ, ਆਏ ਫੇਰ ਢੰਡੋਰਚੀ ਰਾਜੇ ਦਾ ਫ਼ਰਮਾਨ, “ਆਓ ਸ਼ਾਹੀ ਜਸ਼ਨ ਵਿਚ ਹੋ ਕੇ ਸਭ ਤਿਆਰ, ਢੋਏ ਦੇਸੀ ਸਭ ਨੂੰ ਥੋਹੜੇ ਬਹੁਤ ਕੁਮਾਰ, ਅਪਰ ਜਿਹੜੀ ਹੁਸਨ ਵਿਚ ਸਭ ਨੂੰ ਪਾਸੀ ਮਾਤ ਕੰਵਰ ਦਏਗਾ ਉਸ ਨੂੰ ਸਭ ਤੋਂ ਵਧ ਸੁਗਾਤ ।” ਕਪਲੁ ਵਸਤੁ ਦੀਆ ਸੁੰਦਰੀਆਂ ਆਈਆਂ ਹੁਮ ਹੁਮਾਂ, ਰੂਪ ਜਵਾਨੀ ਹੁਸਨ ਦਾ ਵਗ ਪਿਆ ਦਰਿਆ । ਗੁੰਦੇ ਅੰਦਰ ਮੀਂਢੀਆਂ ਕਾਲੇ ਵਾਲ ਮਹੀਨ, ਲੰਮ ਸਲੰਮੀਆਂ ਗੁਤਨੀਆਂ, ਝੁਕ ਝੁਕ ਛੂਹਣ ਜ਼ਮੀਨ । ਪਲਕਾਂ ਸੁਰਮੇ-ਰਜੀਆਂ ਲੰਮੀਆਂ ਅਤੇ ਬਰੀਕ, ਅੱਖਾਂ ਸ਼ਰਮਾਂ ਡੁਬੀਆਂ ਇਕ ਦੂੰ ਇਕ ਵਧੀਕ । ਕੇਸਰ ਡੁਬੀਆਂ ਉਂਗਲਾਂ, ਮਹਿੰਦੀ-ਰੰਗੇ ਪੈਰ, ਮੱਥੇ ਲਗੀਆਂ ਬਿੰਦੀਆਂ, ਦੀਵੇ ਬਲਣ ਦੁਪਹਿਰ । ਸ਼ਾਲਾਂ ਵਿਚ ਵਲ੍ਹੇਟੀਆਂ, ਵਧੀਆਂ ਬੰਨ੍ਹ ਕਤਾਰ, ਚਮਕਣ ਗਿੱਟੇ ਉਨ੍ਹਾਂ ਦੇ ਚੰਨ-ਟੁਕੜੀਆਂ ਹਾਰ । ਸ਼ਹਿਜ਼ਾਦੇ ਦੇ ਅਗਿਓਂ ਲੰਘੀਆਂ ਮੱਠੀ ਚਾਲ, ਝੁੱਕੇ ਵਲ ਜ਼ਮੀਨ ਦੇ ਨੈਣ ਸ਼ਰਮ ਦੇ ਨਾਲ। ਧੜਕਣ ਅੰਦਰ ਸੀਨਿਆਂ ਨਰਮ ਉਨ੍ਹਾਂ ਦੇ ਦਿਲ, ਬੈਠਾ ਰਿਹਾ ਕੰਵਰ ਪਰ, ਸ਼ਾਂਤ, ਅਡੋਲ, ਅਹਿਲ । ਵਾਰੋ ਵਾਰੀ ਸੁੰਦਰੀਆਂ ਕਰ ਕਰ ਕੇ ਪਰਨਾਮ, ਨੀਵੀਂ ਨੈਣੀ ਲੰਘੀਆਂ, ਲੈ ਲੈ ਕੇ ਇਨਆਮ । ਵੇਖ ਕਿਸੇ ਦੇ ਹੁਸਨ ਨੂੰ ਲੋਕ ਜੇ ਪਾਂਦੇ ਸ਼ੋਰ, ਖੜ੍ਹ ਜਾਂਦੀ ਉਹ ਛਹਿਟ ਕੇ ਡਰਿਆ ਜਿਵੇਂ ਜਨੌਰ । ਕੋਮਲ ਹੱਥ ਕੁਮਾਰ ਦਾ ਝਟ ਦੇਣੀ ਫਿਰ ਛੁਹ, ਜਾ ਰਲਦੀ ਵਿਚ ਡਾਰ ਦੇ ਮਾਰ ਕੁਲਾਚਾਂ ਉਹ। ਗਲ ਕੀ ਜਿਸ ਦਮ ਸੁੰਦਰੀਆਂ ਗਈਆਂ ਲੰਘ ਤਮਾਮ, ਸਭ ਸੁਗਾਤਾਂ ਮੁਕੀਆਂ ਹੋ ਗਏ ਖ਼ਤਮ ਇਨਾਮ, ਆਈ ਕੁੜੀ ਯਸ਼ੋਧਰਾਂ ਲੋਕ ਬਣੇ ਤਸਵੀਰ, ਜੋਬਨ ਵਲੋਂ ਉਸ ਦੇ ਹੋਈ ਪਈ ਅਖੀਰ । ਪਾਰਬਤੀ ਦੇ ਵਾਂਗਰਾਂ ਮਿੱਠੀ ਉਸ ਦੀ ਤੋਰ, ਅੱਖਾਂ, ਜਿਵੇਂ ਪਿਆਰ ਵਿਚ ਹੁੰਦੀ ਕੋਈ ਪਠੋਰ । ਵੇਖ ਓਸ ਦੇ ਹੁਸਨ ਨੂੰ ਗਿਆ ਸ਼ਹਿਜ਼ਾਦਾ ਹਲ, ਭੁੱਖੀ ਵਾਂਗ ਗੁਲਾਬ ਦੇ ਗੋਰੀ ਉਸ ਦੀ ਗੱਲ੍ਹ । ਦੋਵੇਂ ਸੁਹਲ ਹਥਾਲੀਆਂ ਸੀਨੇ ਉਤੇ ਰੱਖ ਵਿਚ ਕੰਵਰ ਦੀ ਅੱਖ ਦੇ ਪਾਈ ਉਸ ਨੇ ਅੱਖ ਫਿਰ ਮੁਸਕਾ ਕੇ ਮਲਕੜੇ ਉਸ ਨੇ ਕੀਤੀ ਬਾਤ, “ਹੈ ਕੋਈ ਮੇਰੇ ਵਾਸਤੇ ਬਾਕੀ ਰਹੀ ਸੁਗਾਤ ?” “ਸੱਭ ਸੁਗਾਤਾਂ ਮੁਕੀਆਂ” ਹਸਿਆ ਰਾਜ ਕੁਮਾਰ, ਪਰ ਮੈਂ ਤੈਨੂੰ ਦਿਆਂਗਾ ਗਲ ਅਪਣੇ ਦਾ ਹਾਰ । ਕਿਉਂਕਿ ਤੇਰੇ ਹੁਸਨ ਤੇ ਕਪਲ ਵਸਤੁ ਨੂੰ ਮਾਣ, ਕੋਈ ਨਾ ਮੈਨੂੰ ਦਿਸਿਆ ਰੂਪ ਤੇਰੇ ਦਾ ਹਾਣ ।” ਇਤਨਾ ਕਹਿ ਉਸ ਲਾਹਿਆ ਗਲੋਂ ਜ਼ਮੁਰਦੀ ਹਾਰ, ਅਗੇ ਝੁਕੀ ਯਸ਼ੋਧਰਾਂ ਹੋ ਕੇ ਪੱਬਾਂ ਭਾਰ । ਨਾਲ ਮੁਹੱਬਤ ਕੰਵਰ ਨੇ ਮਣਕੇ ਸਾਵੇ-ਘਾਹ, ਸੁਹਲ ਸਾਂਵਲੇ ਲੱਕ ਦੇ ਦਿੱਤੇ ਗਿਰਦ ਵਲਾ। ਰਲੀਆਂ ਚਾਰੇ ਅੱਖੀਆਂ ਹੋ ਕੇ ਕੋਲੋ ਕੋਲ, ਗੁੱਝੀ ਕਿਸੇ ਜ਼ਬਾਨ ਵਿਚ ਬੋਲ ਗਈਆਂ ਕੋਈ ਬੋਲ । ਹੋਇਆ ਜਿਹੜੇ ਵਕਤ ਆ ਸ਼ਾਹੀ ਜਸ਼ਨ ਅਖ਼ੀਰ, ਪੁੱਛਣ ਲੱਗੇ ਕੰਵਰ ਤੋਂ ਮਿੱਠਤ ਨਾਲ ਵਜ਼ੀਰ, “ਕਿੱਦਾਂ ਗਈ ਯਸ਼ੋਧਰਾਂ ਇਕੋ ਝਲਕ ਵਿਖਾਲ, ਸ਼ਾਂਤ ਤੁਹਾਡੀ ਹਿੱਕ ਵਿਚ ਪ੍ਰੇਮ-ਚਿੰਗਾਰੀ ਬਾਲ ?” ਇਹ ਸੁਣ ਗਲ੍ਹ ਕੁਮਾਰ ਦੀ ਭੱਖੀ ਵਾਂਗ ਗੁਲਾਬ, ਦਿੱਤਾ ਉਸ ਨੇ ਹੱਸ ਕੇ ਏਦਾਂ ਨਾਲ ਜਵਾਬ- ਇਹ ਨੱਢੀ ਨਹੀਂ ਵਾਕਫ਼, ਮੇਰੀ ਅੱਜ ਦੀ, ਸਾਨੂੰ ਸਭਨਾਂ ਤਾਈਂ ਜਿੱਦਾਂ ਜਾਪਿਆ । ਮੁਦਤਾਂ ਹੋਈਆ ਢੇਰ, ਸ਼ਿਕਾਰੀ ਯੁਵਕ ਇਕ ਬਨ-ਕੁੜੀਆਂ ਦੇ ਨਾਲ, ਸੀਗਾ ਖੇਡਦਾ, ਨੰਦਾ ਪਰਬਤ ਲਾਗੇ ਜਿਸ ਦੇ ਪੈਰ ਵਿਚ ਯਮਨ-ਨਦੀ ਦੇ ਚਸ਼ਮੇ, ਚਾਂਦੀ ਉਗਲਦੇ ਮੁਨਸਫ਼ ਵਾਂਗਰ ਬੈਠਾ, ਸੀ ਉਹ ਸਿੱਲ ਤੇ ਦੌੜ ਰਹੀਆਂ ਸਨ ਕੁੜੀਆਂ, ਚੀਲਾਂ ਵਿਚਦੀ, ਸ਼ਾਮਾਂ ਵੇਲੇ ਨਾਲ ਜਿੱਦਾਂ ਹਰਨੀਆਂ ਦੌੜਨ ਨਾਲ ਕਲੋਲ ਲਾ ਲਾ ਚੁੰਗੀਆਂ । ਇਕ ਨੂੰ ਦਿਤੀ ਉਸ ਨੇ ਮੁਕਟੀ ਫੁਲਾਂ ਦੀ, ਗੋਹਲਾਂ ਦਾ ਫਲ-ਹਾਰ ਦਿੱਤਾ ਦੂਈ ਨੂੰ, ਤੀਜੀ ਨੂੰ ਪਹਿਨਾਏ, ਖੰਭ ਸੁਹਾਵਣੇ । ਬਨ-ਕੁਕੜਾਂ ਤੇ ਮੋਰਾਂ ਨਾਲੋਂ ਤ੍ਰਡ ਕੇ। ਐਪਰ ਰਹੀ ਅਖ਼ੀਰ ਜਿਹੜੀ ਦੌੜ ਵਿਚ ਸੁੰਦਰਤਾ ਵਿਚ ਜਾਪੀ ਅੱਵਲ ਓਸ ਨੂੰ । ਦਿੱਤਾ ਇਕ ਕਸਤੂਰਾ ਓਹਨੂੰ ਪਾਲਤੂ ਨਾਲੇ ਅਪਣਾ ਦਿਲ ਝੂੰਗੇ ਵਿਚ ਹੀ । ਓਸੇ ਜੰਗਲ ਵਿਚ, ਰਹਿ ਕੇ ਮੁੱਦਤਾਂ ਕੱਠੇ ਨਾਲ ਪਿਆਰ ਦੋਵੇਂ ਮਰ ਗਏ। ਜਿੱਦਾਂ ਲੁਕਵੇਂ ਬੀ ਪਾ ਕੇ ਮੁੱਦਤਾਂ, ਫਾੜ ਜ਼ਿਮੀਂ ਦੀ ਹਿੱਕ ਓੜਕ ਉੱਗਦੇ, ਏਦਾਂ ਦੁਖ ਤੇ ਸੁਖ, ਬਦੀਆਂ ਨੇਕੀਆਂ, ਘਿਰਨਾ ਅਤੇ ਪਿਆਰ, ਕਿਰਤਾਂ ਮੋਈਆਂ- ਉੱਗਣ ਦੂਜੀ ਵਾਰ ਦੇਵਣ ਫੱਲ ਉਹ ਖੱਟੇ, ਮਿੱਠੇ, ਕੌੜੇ ਪਹਿਲੇ ਵਾਂਗਰਾਂ । ਮੈਂ ਸਾਂ ਉਹੀਓ ਨੱਢਾ, ਅਤੇ ਯਸ਼ੋਧਰਾਂ ਸੀਗੀ ਉਹੀਉ ਨੱਢੀ ਪਿਛਲੇ ਜਨਮ ਵਿਚ । ਜਨਮ-ਮਰਨ ਦੇ ਚੱਕਰ, ਚੂੰਕਿ ਚਲ ਰਹੇ ਸਾਡੀਆਂ ਸੁਤੀਆਂ ਪੀੜਾਂ ਪਈਆਂ ਜਾਗ ਹਨ । ਮੇਲਾ ਤੱਕਣ ਵਾਲਿਆਂ ਜਾ ਰਾਜੇ ਦੇ ਕੋਲ, ਜੋ ਕੁਝ ਸੁਣਿਆਂ ਤਕਿਆ ਤੁਰਤ ਸੁਣਾਇਆ ਖੋਲ੍ਹ । ਕਿੱਦਾਂ ਲੰਘੀਆਂ ਨੱਢੀਆਂ ਸੁੰਦਰ, ਮਿਠੀਆਂ, ਸੋਹਲ, ਕਿੱਦਾਂ ਰਾਜ ਕੁਮਾਰ ਸੀ ਬੈਠਾ ਰਿਹਾ ਅਡੋਲ । ਕਿੱਦਾਂ ਕੁੜੀ ਯਸ਼ੋਧਰਾਂ ਸੁਪਰਬੁਧ ਦੀ ਧੀ ਲੰਘੀ, ਅਤੇ ਕੁਮਾਰ ਦਾ ਕਾਬੂ ਰਿਹਾ ਨਾ ਜੀ। ਕਿੱਦਾਂ ਤਕਿਆ ਉਨ੍ਹਾਂ ਨੇ ਇਕ ਦੂਜੇ ਦੇ ਵਲ, ਕਿੱਦਾਂ ਹੋਈ ਕੁਮਾਰ ਦੀ ਹਵਾ ਪਿਆਜ਼ੀ ਗਲ੍ਹ । ਹਾਰ ਜ਼ਮੁਰਦੀ ਦੇਣ ਦੀ ਗਲ ਵੀ ਦੱਸੀ ਖੋਲ੍ਹ, ਨਾਲੇ ਅੱਖਾਂ ਸੋਹਣੀਆਂ ਬੋਲੇ ਸਨ ਜੋ ਬੋਲ । ਇਹ ਗਲ ਸੁਣ ਕੇ ਸ਼ਾਹ ਆਖਣ ਲੱਗਾ ਹੱਸ ਕੇ, “ਲਭ ਪਿਆ ਏ ਰਾਹ । ਸੁਟ ਕੇ ਤੋਮੇਂ ਵਾਂਗਰਾਂ ਸਾਕਯ-ਕੁੜੀ ਦਾ ਨਾਜ਼, ਲਾਹ ਸਕਾਂਗੇ ਹੁਣ ਅਸੀਂ ਬਦਲੀਂ ਉਡਦਾ ਬਾਜ਼ । ਛੇਤੀ ਭੇਜੋ ਆਦਮੀ ਸੁਪਰ ਬੁੱਧ ਦੇ ਕੋਲ, ਮੰਗ ਕੰਨਿਆਂ ਓਸ ਦੀ ਬੋਲ ਮਿਠੜੇ ਬੋਲ ।” ਐਪਰ ਇਕ ਰਵਾਜ ਸੀ ਓਸ ਬੰਸ ਵਿਚਕਾਰ, ਜੇ ਕੋਈ ਜਿਤਣਾ ਚਾਹੁੰਦਾ ਸਾਕਯ-ਕੁੜੀ ਦਾ ਪਿਆਰ, ਦਸਣੇ ਪੈਂਦੇ ਸਨ ਉਹਨੂੰ ਫ਼ੌਜੀ ਕਸਬ ਕਮਾਲ, ਬਿਦਣਾ ਪੈਂਦਾ ਸੀ ਉਹਨੂੰ ਹੋਰ ਵਰਾਂ ਦੇ ਨਾਲ। ਚਾਲੂ ਇਹ ਰਿਵਾਜ ਸੀ ਇਸ ਕਰੜਾਈ ਸੰਗ, ਰਾਜੇ ਵੀ ਸਨ ਓਸ ਨੂੰ ਕਦੇ ਨਹੀਂ ਉਲੰਘ । ਸੁਪਰ ਬੁਧ ਨੇ ਇਸ ਲਈ ਕਹਿ ਲਿਆ ਹੱਥ ਜੋੜ, “ਸਾਕ ਪਏ ਹਨ ਮੰਗਦੇ, ਕਈ ਸ਼ਹਿਜ਼ਾਦੇ ਹੋਰ । ਘੋੜੇ ਤੇਗ਼ ਕਮਾਨ ਵਿਚ ਤੁਹਾਡਾ ਕੰਵਰ ਸੁਜਾਨ, ਜੇ ਸਭਨਾਂ ਨੂੰ ਜਿਤ ਲਈ ਮੈਨੂੰ ਹੈ ਪਰਵਾਨ । ਐਪਰ ਮੈਨੂੰ ਓਸ ਤੋਂ ਨਹੀਂਗੀ ਇਤਨੀ ਆਸ, ਰਹਿੰਦਾ ਸਾਧਾਂ ਵਾਂਗਰਾਂ ਜਿਹੜਾ ਸਦਾ ਉਦਾਸ ।” ਇਹ ਗਲ ਸੁਣ ਕੇ ਹੋਇਆ ਰਾਜਾ ਬੜਾ ਹੈਰਾਨ, ਕਿਉਂਕਿ ਵਿਚ ਮੁਕਾਬਲੇ ਸਨਗੇ ਕਈ ਜਵਾਨ । ਵਿਚ ਕਮਾਨ ਚਲਾਣ ਦੇ ਦੇਵਦਤ ਬੇਜੋੜ, ਵਾਹ ਸਕਦਾ ਸੀ ਅਰਦਜੁਨ ਸਭ ਘੋੜੇ ਮੂੰਹ-ਜ਼ੋਰ। ਵਿਚ ਤਲਵਾਰ ਚਲਾਣ ਦੇ ਸੀ ਨੰਦਾ ਹੁਸ਼ਿਆਰ, ਝਲ ਨਾ ਕੋਈ ਸਕਦਾ ਇਕ ਵੀ ਉਸ ਦਾ ਵਾਰ । ਬੁੱਲ੍ਹਾਂ ਦੇ ਵਿਚ ਹਸਿਆ ਸੋਹਣਾ ਰਾਜ ਕੁਮਾਰ- “ਮੈਂ ਵੀ ਆਖ਼ਰ ਸਿਖੇ ਹਨ ਇਹ ਸਾਰੇ ਹਥਿਆਰ । ਵਿਚ ਨਗਰ ਦੇ ਪਿਤਾ ਜੀ ਛੇਤੀ ਕਰੋ ਅਲਾਨ, ਸਭਨਾਂ ਨੂੰ ਮੈਂ ਮਿਲਾਂਗਾ ਸਤਵੇਂ ਦਿਨ ਮਦਾਨ। ਘੋੜੇ, ਤੇਗ਼, ਕਮਾਨ ਵਿਚ ਸਭ ਨੂੰ ਦੇਸਾਂ ਹਾਰ, ਐ ਹੈ ਜੇ ਨਾਲ ਯਸ਼ੋਧਰਾਂ ਮੇਰਾ ਸੱਚਾ ਪਿਆਰ ।” ਸਤਵੇਂ ਦਿਨ ਮੁਝਾਖਰੇ, ਕਰਕੇ ਕੁਲ ਸਮਿਆਨ, ਸਾਕਯ ਬੰਸ ਦੇ ਸੂਰਮੇ ਨਿਤਰੇ ਵਿਚ ਮਦਾਨ । ਪੇਂਡੂ, ਜੰਗਲੀ, ਸ਼ਹਿਰੀਏ ਆਏ ਘੱਤ ਵਹੀਰ, ਤਿਲ ਨਾ ਭੁੰਜੇ ਡਿਗਦਾ ਐਸੀ ਹੋਈ ਭੀੜ । ਆਈ ਬੈਠ ਯਸ਼ੋਧਰਾਂ ਰਥ-ਡੋਲੇ ਵਿਚਕਾਰ, ਗਾਵਣ ਗੀਤ ਸਹੇਲੀਆਂ ਉੱਚੀ ਤਾੜੀ ਮਾਰ । ਬਲਦਾਂ ਦੀਆਂ ਸ਼ਿੰਗੋਟੀਆਂ ਮੜ੍ਹੀਆਂ ਸੋਨੇ ਨਾਲ, ਪੈਰ ਚਾਂਦੀ ਦੇ ਘੁੰਗਰੂ ਛਣ ਛਣ ਦੇਂਦੇ ਤਾਲ। ਨੰਦਾ, ਅਰਜਨ, ਦੇਵਦੱਤ ਲਾਠੀ ਜਿਹੇ ਜਵਾਨ, ਕਰਤਬ ਹੁਨਰ ਵਿਖਾਣ ਨੂੰ ਲੱਥੇ ਵਿਚ ਮਦਾਨ। ਜਿਹੜੇ ਵੇਲੇ ਹੋ ਗਏ ਸੱਭ ਥੋਕ ਤਿਆਰ, ਕੰਤਕ ਤੇ ਅਸਵਾਰ ਹੋ ਨਿਕਲਿਆ ਰਾਜ ਕੁਮਾਰ । ਘੋੜਾ ਉਸ ਦਾ ਹਿਣਕਿਆ ਹੋ ਕੇ ਅੱਤ ਹੈਰਾਨ, ਰੰਗ-ਬਰੰਗਾ ਵੇਖ ਕੇ ਰਬ ਦਾ ਖੁਲ੍ਹਾ ਜਹਾਨ। ਨਾਲੇ ਅੱਖਾਂ ਪਾੜ ਕੇ ਡਿਠੇ, ਰਾਜ ਕੁਮਾਰ, ਹੋਰ ਤਰ੍ਹਾਂ ਦੇ ਆਦਮੀ ਵਖਰਾ ਹੀ ਸੰਸਾਰ। ਕਿਧਰੇ ਲੀਰਾਂ ਲਮਕੀਆਂ, ਕਿਧਰੇ ਸੁੱਚੇ ਚੀਰ, ਕਿਧਰੇ ਕੁੜ ਕੁੜ ਹੱਡੀਆਂ ਕਿਧਰੇ ਪਲੇ ਸਰੀਰ । ਐਪਰ ਜਦੋਂ ਯਸ਼ੋਧਰਾਂ ਤਕੀ ਕੰਵਰ ਨੇ ਆਣ, ਨੱਚੀ ਉਸ ਦੇ ਬੁਲ੍ਹਾਂ ਤੇ ਹਲਕੀ ਇਕ ਮੁਸਕਾਣ । ਵਾਗਾਂ ਰੇਸ਼ਮ-ਗੁੰਦੀਆਂ ਖਿਚ ਕੇ ਫੁਰਤੀ ਨਾਲ, ਜੋਸ਼ ਨਾਲ ਉਹ ਬੋਲਿਆ ਮਾਰ ਘੋੜਿਉਂ ਛਾਲ । “ਇਸ ਮੋਤੀ ਦੇ ਵਰਨ ਦਾ ਨਹੀਂ ਓਸ ਨੂੰ ਹਕ, ਜਿਸ ਦੇ ਹੁਨਰ ਕਮਾਲ ਵਿਚ ਵਾਲ ਜਿਨਾ ਵੀ ਸ਼ਕ । ਮੇਰੇ ਨਾਲ ਮੁਕਾਬਲਾ ਬੇਸ਼ਕ ਕਰਨ ਰਕੀਬ, ਨਗ ਮਿਲ ਇਹ ਓਸ ਨੂੰ ਜਿਸ ਦੇ ਬੜੇ ਨਸੀਬ । ਇਹ ਗਲ ਸੁਣਦੇ ਸਾਰ, ਰਾਜ ਕੁਮਾਰ ਨੂੰ, ਤੀਰ-ਹੁਨਰ ਵਿਚਕਾਰ ਨੰਦ ਵੰਗਾਰਿਆ। ਕਾਂਸ਼ੀ ਦਾ ਇਕ ਢੋਲ ਨਿਸ਼ਾਨਾ ਫੁੰਡਣ ਨੂੰ, ਛੇ ਫਰਲਾਂਗਾਂ ਕੋਲ ਉਹਨੇ ਰੱਖਿਆ । ਏਨੀ ਹੀ ਵਿਥ ਉਤੇ ਰਖਿਆ ਅਰਦਜੁਨ, ਪਰ ਕੰਵਰ ਦਾ ਢੋਲ ਉਸ ਦੇ ਕਹਿਣ ਤੇ ਦਸ ਫਰਲਾਂਗਾਂ ਕੋਲ ਉਨ੍ਹਾਂ ਟਿਕਾਇਆ, ਜਿਥੋਂ ਵਾਂਗਰ ਚੌਲ ਸੀ ਉਹ ਦਿਸਦਾ। ਵਾਰੋ ਵਾਰੀ ਛੱਡੇ ਸਭਨਾਂ ਤੀਰ ਫਿਰ, ਨੰਦੇ ਅਪਣਾ ਫੁੰਡਿਆ, ਅਰਜਨ ਆਪਣਾ, ਦੇਵਦੱਤ ਦਾ ਤੀਰ ਸ਼ਾਂ ਸ਼ਾਂ ਘੂਕਦਾ ਦੋਵੇਂ ਵਖੀਆਂ ਚੀਰ ਲੰਘਿਆ ਢੋਲ ਚੋਂ, ਲੋਕਾਂ ਪਾਇਆ ਸ਼ੋਰ ਖੁਸ਼ੀ ਪਿਆਰ ਦਾ । ਲਈ ਸੁਨਹਿਰੀ ਸਾੜ੍ਹੀ ਖਿਚ ਯਸ਼ੋਧਰਾਂ, ਤਾਂ ਜੇ ਦਿਸੇ ਨਾ ਉਹਨੂੰ ਅਪਣੇ ਕੰਵਰ ਦਾ, ਹੀਰਿਆਂ ਜੜਿਆ ਤੀਰ ਨਿਸ਼ਾਨਿਓਂ ਖੁੰਝਦਾ । ਚੁੱਕੀ ਫੇਰ ਕਮਾਨ ਸ਼ਹਿਜ਼ਾਦੇ ਉਨ੍ਹਾਂ ਦੀ, ਬਣੀ ਹੋਈ ਸੀ ਜਿਹੜੀ ਪੱਕੇ ਬੈਂਤ ਦੀ । ਤੰਦੀਆਂ ਨਾਲ ਵਲ੍ਹੇਟੀ ਸੀ ਉਹ ਕੱਸ ਕੇ, ਚਾਂਦੀ ਤਾਰਾਂ ਗੁੰਦੀ ਉਸ ਦੀ ਡੋਰ ਸੀ। ਜਣੇ ਖਣੇ ਦਾ ਕੰਮ ਨਾ ਉਸ ਨੂੰ ਖਿਚਣਾ, ਵਿਰਲੀ ਕੋਈ ਜਵਾਨੀ ਉਸ ਨੂੰ ਤੀਰਦੀ । ਸ਼ਹਿਜ਼ਾਦੇ ਨੇ ਹਸ ਤੁਣਕਾਇਆ ਡੋਰ ਨੂੰ, ਕੰਨਾਂ ਤਾਣੀ ਖਿਚਦਾ ਖਿਚਦਾ ਲੈ ਗਿਆ ਇਥੋਂ ਤਕ ਕਿ ਮਿਲ ਗਏ ਸਿੰਙ ਕਮਾਨ ਦੇ, ਤੜ ਤੜ ਕਰਦੀ ਟੋਟੇ ਹੋ ਕੇ ਜਾ ਪਈ। ਹਸਦੇ ਹਸਦੇ ਆਖਿਆ ਕੰਵਰ ਵੰਗਾਰ ਕੇ, “ਇਹ ਹੈ ਨਿਰੀ ਖਿਡਾਲ ਨਾ ਲਾਇਕ ਪਿਆਰ ਦੇ । ਕੀ ਕੋਈ ਚੰਗੀ ਹੋਰ ਨਾ ਇਸ ਤੋਂ ਸੋਹਣਿਉਂ ਸਾਕਯਬੰਸ ਦੇ ਸੂਰੇ ਜਿਸ ਨੂੰ ਵਰਤਦੇ ?” ਬੋਲਿਆ ਇਕ ਜਵਾਨ, “ਮੰਦਰ ਵਿਚ ਪਿਆ ਸਿਨਹਾਨੂੰ ਦਾ ਧੰਨਸ਼ ਬੜਿਆਂ ਚਿਰਾਂ ਦਾ ਜਿਸ ਨੂੰ ਕੋਈ ਚਿਲੇ ਚਾੜ੍ਹ ਨਾ ਸਕਦਾ । “ਲਿਆਓ’’ ਕਿਹਾ ਕੁਮਾਰ “ਮੇਰੇ ਵਾਸਤੇ ਉਹ ਸੋਹਣਾ ਹਥਿਆਰ ਕਿਸੇ ਜਵਾਨ ਦਾ ।” ਪਲੋਪਲੀ ਵਿਚ ਲਿਆਏ ਉਹਨੂੰ ਚੁਕ ਕੇ ਬਣਿਆਂ ਸੀ ਜੋ ਸਾਰਾ ਨਿਰੇ ਫੌਲਾਦ ਦਾ। ਘੇਰਿਆਂ ਉਤੇ ਸੀਗੇ ਜਿਸ ਦੇ ਉੱਕਰੇ, ਖਾਲਸ ਸੋਨੇ ਨਾਲ ਨਕਸ਼ ਓਪਰੇ । ਗੋਡੇ ਉਤੇ ਰੱਖ, ਰਾਜ ਕੁਮਾਰ ਨੇ ਤਾਕਤ ਉਸ ਦੀ ਜਾਚੀ, ਟੋਹਿਆ, ਪਰਖਿਆ, ਆਖਿਆ ਫੇਰ ਵੰਗਾਰ, “ਵੀਰੋ ਮੇਰਿਓ, ਫੁੰਡੋ ਰਤਾ ਨਿਸ਼ਾਨਾ ਇਸ ਦੇ ਨਾਲ ਹੁਣ ।” ਡੇਢ ਗਿੱਠ ਤੋਂ ਵੱਧ ਪਰ ਨਾ ਖਿੱਚਿਆ ਗਿਆ ਕਿਸੇ ਦੇ ਕੋਲੋਂ ਕਰੜਾ ਧੰਨਸ਼ ਉਹ । ਰਾਜ ਕੰਵਰ ਨੇ ਝਬ ਪਰ ਅਗੇ ਵਧ ਕੇ ਲਾ ਕੇ ਹਿਕ ਦਾ ਜ਼ੋਰ ਖਿਚਿਆ ਧੰਨਸ਼ ਨੂੰ । ਦਿੱਤਾ ਫੇਰ ਤਣੁਕਾ ਐਸਾ ਡੋਰ ਨੂੰ, ਉੱਚੀ ਵਿਚ ਹਵਾ ਲਰਜ਼ਾਂ ਘੱਤਦੀ ਉੱਠੀ ਅਸੀ ਭਰਵੀਂ ਗੂੰਜਰ ਓਸ ਦੀ ਕਿ ਬੁੱਢੀਆਂ ਨੇ ਪੁਛਿਆ ਅਪਣੇ ਘਰਾਂ ਵਿਚ- “ਕੀ ਹੈ ਇਹ ਗੁੰਜਾਰ ?” ਲੋਕਾਂ ਦਸਿਆ, “ਸਿਨਹਾਨੂੰ ਦੇ ਧੰਨਸ਼, ਦੀ ਹੈ ਗੂੰਜ ਇਹ ਜਿਸਦੇ ਨਾਲ ਕੁਮਾਰ ਨਿਸ਼ਾਨਾ ਫੁੰਡਣਾ ।’’ ਮੁਕਦੀ ਗਲ ਸ਼ਹਿਜ਼ਾਦੇ ਚੁਕਿਆ ਬਾਣ ਇਕ ਲਾ ਗੋਡੇ ਦੀ ਟੇਕ ਚਿੱਲੇ ਚਾਹੜਿਆ, ਤੇ ਖਿੱਚ ਕੰਨਾਂ ਤੀਕ ਹੱਥੋਂ ਛੱਡਿਆ, ਉਡਿਆ ਸੋਹਣਾ ਤੀਰ ਅੰਬਰ ਚੀਰਦਾ, ਸਭ ਤੋਂ ਪਰਲੇ ਢੋਲ ਵਿਚਦੀ ਲੰਘਦਾ ਹੋਇਆ ਆਖ਼ਰ ਉਹਲੇ ਬਾਸ਼ੇ ਵਾਗਰਾਂ ਜਿੱਥੇ ਜ਼ਿਮੀਂ ਸਮਾਨ ਜੱਫੀ ਪਾਉਂਦੇ। ਦੇਵਦਤ ਲਲਕਾਰਿਆ ਫਿਰ ਕਢ ਕੇ ਤਲਵਾਰ, ਛੇ ਉਂਗਲਾਂ ਮੋਟਾ ਤਨਾ ਵੱਢ ਗਿਆ ਪਹਿਲੇ ਵਾਰ । ਨੰਦ ਵੱਢਿਆ ਨੌਂਗਲਾਂ, ਅਰਜਨ ਕੱਟਿਆ ਸਤ, ਫਿਰ ਸ਼ਹਿਜ਼ਾਦਾ ਉਠਿਆ, ਧਰ ਕਬਜ਼ੇ ਤੇ ਹੱਥ । ਮੋਟੇ ਨੌਂ ਨੌਂ ਉਂਗਲਾਂ ਤਨੇ ਜੁੜੇ ਸਨ ਦੋ, ਵੱਲ ਉਨ੍ਹਾਂ ਦੇ ਲਪਕਿਆ, ਖਾ ਸ਼ਹਿਜ਼ਾਦਾ ਰੋਹ। ਪਾਰ ਕੀਤੀ ਤਲਵਾਰ ਉਸ ਏਸ ਸਫ਼ਾਈ ਨਾਲ, ਖੜੇ ਖੜੋਤੇ ਰਹਿ ਗਏ ਦੋਵੇਂ ਹੀ ਉਹ ਡਾਲ। ਇਹ ਤਕ ਨੰਦਾ ਮੱਚਿਆ ਉੱਚੀ ਖਿੱਲੀ ਮਾਰ “ਮੇਰੀ ਜਾਚੇ ਮੁੜ ਗਈ ਕੰਵਰ-ਤੇਗ਼ ਦੀ ਧਾਰ !” ਕੰਬੀ ਫੇਰ ਯਸ਼ੋਧਰਾਂ ਸਜਰੇ ਫਿਕਰਾਂ ਨਾਲ, ਦੇਖ ਖੜੋਤੇ ਹਵਾ ਵਿਚ ਹਰੇ ਭਰੇ ਉਹ ਡਾਲ । ਐਪਰ ਪੌਣ ਕੁਮਾਰ ਨੇ ਝੋਲੀ ਤੁਰਤ ਹਵਾ, ਦੋਵੇਂ ਡਾਲ ਅਛੋਪਲੇ ਪਏ ਰੜੇ ਤੇ ਆ । ਫੇਰ ਲਿਆਂਦੇ ਉਨ੍ਹਾਂ ਨੇ ਘੋੜੇ ਬੜੇ ਅਸੀਲ, ਸੁਮ ਨਿਕੇ, ਕੰਨ ਪਤਲੇ, ਬੇਹਦ ਸੋਹਣੀ ਡੀਲ । ਹੋਈਆਂ ਵਿਚ ਮੈਦਾਨ ਦੇ ਘੁੜਦੌੜਾਂ ਤ੍ਰੈ ਵਾਰ, ਐਪਰ ਚਿੱਟਾ ਕੰਤਕਾ ਦੇ ਗਿਆ ਸਭ ਨੂੰ ਹਾਰ । ਮੂੰਹ ਉਹਦੇ ਚੋਂ ਜ਼ਿਮੀ ਤੇ ਜਿੱਚਰ ਡਿਗਦੀ ਝੱਗ, ਵੀਹ ਨੇਜ਼ੇ ਦਾ ਫਾਸਲਾ ਜਾਂਦਾ ਸੀ ਉਹ ਲੱਘ। ਇਸ ਲਈ ਨੰਦਾ ਬੋਲਿਆ ਮਾਰ ਘੋੜਿਓਂ ਛਾਲ, “ਲੈ ਕੇ ਐਸਾ ਕੰਤਕਾ ਜਿਤਣਾ ਨਹੀਂ ਕਮਾਲ। ਅਣ-ਸਿਧਿਆ ਘੋੜਾ ਕੋਈ ਲਿਆਵੋ ਛੇਤੀ ਭਾਲ, ਤਾਂ ਜੇ ਦੇਖਣ ਪਾਰਖੂ ਕਿਸ ਦਾ ਵਧ ਕਮਾਲ ।” ਵਹਿਸ਼ੀ ਇਕ ਜਨੌਰ ਨੂੰ ਤੇਹਰੇ ਘੱਤ ਜ਼ੰਜੀਰ, ਪਿੜ ਦੇ ਵਿਚ ਘਸੀਟ ਕੇ ਲਿਆਂਦਾ ਗਿਆ ਅਖ਼ੀਰ । ਵਹਿਸ਼ੀ ਉਸ ਦੀਆਂ ਅੱਖੀਆਂ, ਬਿਫਰੀ ਹੋਈ ਅਯਾਲ, ਅਣ ਸਿਧਿਆ, ਅਣ-ਜ਼ੀਨਿਆ, ਸੁਮੀਂ ਲਗੇ ਨਾ ਨਾਹਲ । ਤਿਨ ਤਿੰਨ ਵਾਰਾਂ ਸੂਰਮੇ ਹੋਏ ਉਸ ਤੇ ਸਵਾਰ, ਪਰ ਪਟਕਾਏ ਓਸ ਨੇ ਧੂੜ ਸ਼ਰਮ ਵਿਚਕਾਰ । ਐਪਰ ਕੁਝ ਚਿਰ ਅਰਦਜਨ ਵਖੀਆਂ ਉਸ ਦੀਆਂ ਦਬ, ਗੇੜਾ ਇਕ ਮੈਦਾਨ ਦਾ ਲਿਆਂਦਾ ਕਿਸੇ ਸਬਬ । ਐਪਰ ਅਗਲੇ ਪਲ ਹੀ ਪਿੰਨੀ ਨੂੰ ਚਕ ਮਾਰ, ਅਰਜਨ ਨੂੰ ਉਸ ਸੁਟਿਆ ਧਰਤੀ ਤੇ ਪਟਕਾਰ । ਇਹ ਤਕ ਪਾਈ ਦਰਸ਼ਕਾਂ ਉੱਚੀ ਕੂਕ ਪੁਕਾਰ, ਚੜ੍ਹੇ ਨਹੀਂ ਇਹ ਭੂਤ ਤੇ ਸਾਡਾ ਰਾਜਕੁਮਾਰ । ਪਰ ਸ਼ਹਿਜ਼ਾਦੇ ਆਖਿਆ, “ਦੇਵੋ ਖੋਲ੍ਹ ਜ਼ੰਜੀਰ'', ਵਿਚੋ ਵਿਚ ਯਸ਼ੋਧਰਾਂ ਫੇਰ ਹੋਈ ਦਿਲਗੀਰ । ਘੋੜੇ ਦੇ ਵਲ ਵਧਿਆ ਸੋਹਣਾ ਰਾਜਕੁਮਾਰ, ਬੋਦੀ ਉਹਦੀ ਮਲਕੜੇ ਫੜ ਲਈ ਨਾਲ ਪਿਆਰ । ਸੁਹਲ ਤਲੀ ਫਿਰ ਆਪਣੀ ਪੁਚ ਪੁਚ ਕਰਕੇ ਢੇਰ ਉਸ ਦੀਆਂ ਵਹਿਸ਼ੀ ਅਖੀਆਂ ਉਪਰ ਦਿਤੀ ਫੇਰ । ਕੋਮਲ ਉੱਗਲਾਂ ਉਹਦੀਆਂ ਲੰਮੀਆਂ ਅਤੇ ਬਰੀਕ, ਹੌਲੀ ਹੌਲੀ ਤਿਲਕ ਕੇ ਪੁਜੀਆਂ ਧੁੰਨੀ ਤੀਕ । ਫਿਰ ਗਰਦਨ ਤੋਂ ਲੰਘਦੀਆਂ ਰੇਸ਼ਮ ਲਛਿਆਂ ਹਾਰ, ਘਰ ਘਰ ਕਰਦੀਆਂ ਵਖੀਰਾਂ ਉਤੋਂ ਹੋਈਆਂ ਪਾਰ। ਵਹਿਸ਼ੀ ਘੋੜਾ ਖੜ ਗਿਆ ਹੋ ਕੇ ਅਤ ਨਿਰਮਾਣ ਜਾਣੋ ਸੀਗੀ ਉਨ੍ਹਾਂ ਵਿਚ ਪਹਿਲੋਂ ਜਾਣ ਪਛਾਣ । ਦੇ ਕੇ ਥਾਪੀ ਕੰਵਰ ਨੇ ਮਾਰੀ ਉਸ ਤੇ ਛਾਲ, ਬਿਟ ਬਿਟ ਰਹਿ ਗਏ ਤਕਦੇ ਲੋਕ ਹੈਰਾਨੀ ਨਾਲ । ਕਰ ਕੇ ਬਾਹਾਂ ਉਚੀਆਂ ਸਭਨਾਂ ਪਾਇਆ ਸ਼ੋਰ, “ਬਸ ਬਸ ਬਹੁਤੀ ਬਿਦਣ ਦੀ ਲੋੜ ਨਹੀਂ ਹੁਣ ਹੋਰ ।” ਨੰਦਾ, ਅਰਜਨ, ਦੇਵਦਤ ਤਿੰਨੇ ਮੰਨ ਕੇ ਹਾਰ ਝੁਕੇ ਅੱਗੇ ਕੰਵਰ ਦੇ ਨਾਲ ਬੜੇ ਸਤਕਾਰ। ਸੁਪਰਬੁਧ ਫਿਰ ਬੋਲਿਆ ਖੁਸ਼ੀ ਨਾਲ ਹੰਝੂਆਂ, ‘‘ਪੂਰੀ ਕੀਤੀ ਰੱਬ ਨੇ ਦਿਲ ਮੇਰੇ ਦੀ ਚਾਹ । ਐਪਰ ਕੰਵਰ ਪਿਆਰਿਆ ਕਿਹੜੇ ਜਾਦੂ ਨਾਲ, ਫੂਲ-ਮਹੱਲਾਂ ਵਿਚ ਰਹਿ ਸਿੱਖੇ ਏਡ ਕਮਾਲ? ਹੁਸਨ ਜਵਾਨੀ ਹੁਨਰ ਵਿਚ ਤੇਰੇ ਕੋਈ ਨਾ ਸ਼ੱਕ, ਧੀ ਮੇਰੀ ਨੂੰ ਵਰਣ ਦਾ ਤੈਨੂੰ ਪੂਰਾ ਹੱਕ।’’ ਉੱਠੀ ਫੇਰ ਯਸ਼ੋਧਰਾਂ ਸਖੀਆਂ ਚੋਂ ਮੁਸਕਾ, ਮੁਕਟ ਮੋਗਰੇ ਫੁਲਾਂ ਦਾ ਹੱਥਾਂ ਵਿਚ ਲਮਕਾ, ਅੱਖਾਂ ਤੇ ਫਿਰ ਖਿੱਚ ਕੇ ਸ਼ਾਮ-ਸੁਨਹਿਰੀ ਚੀਰ, ਸਾਕ੍ਯ ਜਵਾਨਾਂ ਕੋਲ ਦੀ ਲੰਘ ਗਈ ਜਿਉਂ ਨੀਰ। ਸਾਹਵੇਂ ਉਹਦੇ ਖੜਾ ਸੀ ਘੋੜਿਉਂ ਉਤਰ ਕੁਮਾਰ, ਘੱਤੀ ਗਲ ਜਨੌਰ ਦੇ ਵੀਣੀ ਨਾਲ ਪਿਆਰ। ਨੇੜੇ ਢੁਕ ਯਸ਼ੋਧਰਾਂ ਦਿਤਾ ਘਣ-ਘੁੰਡਿਆ, ਸ੍ਵਰਗੀ ਅਪਣੇ ਮੁਖ ਨੂੰ ਕੁਝ ਹੱਸ ਕੁਝ ਸ਼ਰਮਾ। ਗੱਲ ਕੰਵਰ ਦੇ ਘੱਤ ਕੇ ਫੇਰ ਸੁਗੰਧਤ ਹਾਰ, ਸਿਰ ਰਖਿਆ ਉਸ ਆਪਣਾ ਹਿਕ ਉਹਦੀ ਵਿਚਕਾਰ । ਚਰਨਾਂ ਤੇ ਫਿਰ ਓਸ ਨੇ ਰੱਖੇ ਨੈਨ ਸ਼ਤਾਬ, ਲੱਗੀ ਚਿਟੇ ਕੰਵਲ ਨੂੰ ਨੀਲ ਕੰਵਲ ਦੀ ਦਾਬ । ਕੀਤਾ ਸੁਖੱੜ ਓਸ ਨੂੰ ਸੋਹਣੇ ਰਾਜਕੁਮਾਰ, ਫੜ ਕੇ ਉਂਗਲਾਂ ਤੁਰ ਪਏ ਦੋਵੇਂ ਨਾਲ ਪਿਆਰ । ਸ਼ਿਆਮ-ਸੁਨਹਿਰੀ ਚੀਰ ਨੂੰ ਅੱਖਾਂ ਉਤੇ ਪਾ ਲੀਤਾ ਫੇਰ ਯਸ਼ੋਧਰਾਂ ਮੁਖ ਅਪਣਾ ਘੁੰਡਿਆ । ***** ਬੀਤ ਗਏ ਇਸ ਗੱਲ ਨੂੰ ਵਰ੍ਹੇ ਕਈ ਜਦ ਆਣ, ਹੋ ਚੁੱਕਿਆ ਸੀ ਬੁੱਧ ਨੂੰ ਪ੍ਰਾਪਤ ਜਦੋਂ ਗਿਆਨ, ਕਈਆਂ ਬੁੱਧ ਭਗਵਾਨ ਤੋਂ ਪੁਛਿਆ ਸਾਰਾ ਹਾਲ ਕਿਉਂ ਸੀ ਲਿਆ ਯਸ਼ੋਧਰਾਂ ਘੁੰਡ ਕਾਲਾ ਉਸ ਕਾਲ। ਮੋੜ ਕਿਹਾ ਸੀ ਬੁੱਧ ਨੇ, “ਸਕਿਆ ਮੈਂ ਨਾ ਬੁੱਝ”, ਭਾਵੇਂ ਹੈਸੀ ਜਾਪਦੀ ਸੋਝੀ ਮੈਨੂੰ ਕੁੱਝ। ਕਿਉਂਕਿ ਜੀਵਨ ਮੌਤ ਦਾ ਚੱਕਰ ਲਾਂਦਾ ਗੇੜ ਖ਼ਿਆਲ ਪੁਰਾਣੇ, ਦਬੀਆਂ ਉਮਰਾਂ ਲਿਆਏ ਉਖੇੜ। ਮੈਨੂੰ ਆਇਆ ਯਾਦ ਹੁਣ, ਗੁਜ਼ਰੇ ਲੱਖਾਂ ਸਾਲ, ਹੈਗਾ ਸਾਂ ਮੈਂ ਸ਼ੇਰ ਇਕ, ਹਿਮਆਲੇ ਦੀ ਝਾਲ। ਘਾਹ ਉੱਤੇ ਸਾਂ ਲੇਟਦਾ ਵਿਚ ਸਿਆਲ ਹੁਨਾਲ, ਇੱਜੜਾਂ ਨੂੰ ਸਾਂ ਤਾੜਦਾ ਹਰੀਆਂ ਅੱਖਾਂ ਨਾਲ। ਤਾਰਿਆਂ ਦੀ ਛਾਂ ਨਿਕਲਦਾ ਯਾ ਮੈਂ ਕਰਨ ਸ਼ਿਕਾਰ, ਰਸਤੇ ਹਿਰਨ ਮਨੁੱਖ ਦੇ ਸੁੰਘਦਾ ਵਿਚ ਉਜਾੜ। ਜੰਗਲੀ ਤੇ ਅਣ-ਰੱਜਿਆ, ਹਾਣੀ ਸ਼ੇਰਾਂ ਨਾਲ, ਕਾਨਿਆਂ-ਕੱਜੀ ਝੀਲ ਵਿਚ ਬਹਿੰਦਾ ਸੁੱਟ ਅਯਾਲ। ਸੀ ਇਕ ਸੋਹਣੀ ਸ਼ੇਰਨੀ, ਉਸ ਜੰਗਲ ਵਿਚਕਾਰ, ਭੇੜ ਕਰਾਣੇ ਨਰਾਂ ਦੇ ਹੈ ਸੀ ਜਿਸ ਦੀ ਕਾਰ। ਖਲ ਉਹਦੀ ਸੀ ਲਿਸ਼ਕਦੀ ਸ਼ੁਧ ਸੋਨੇ ਦੇ ਹਾਰ, ਵਾਂਗਰ ਘੁੰਡ ਯਸ਼ੋਧਰਾਂ ਸ਼ਾਮ-ਸੁਨਹਿਰੀ ਧਾਰ। ਰਹਿੰਦਾ ਜੰਗਲ ਵਿਚ ਸੀ ਉਸ ਪਿੱਛੇ ਨਿੱਤ ਜੰਗ, ਦੰਦਾਂ ਨਹੁੰਆਂ ਨਾਲ ਸਨ ਭਿੜਦੇ ਸ਼ੇਰ ਨਿਸੰਗ। ਹੇਠਾਂ ਨਿੱਮ ਬ੍ਰਿਛ ਦੇ ਖੜੀ ਨਾਲ ਅਭਿਮਾਨ, ਤਕਦੀ ਸੀ ਉਹ ਅਸਾਂ ਨੂੰ ਹੁੰਦਾ ਲਹੂ ਲੁਹਾਨ। ਮੈਨੂੰ ਚੰਗੂੰ ਯਾਦ ਹੈ ਓੜਕ ਉਹ ਅਨਮੋੜ, ਫੱਟੜ ਸ਼ੇਰਾਂ ਕੋਲ ਦੀ ਲੰਘਦੀ ਢਾਕ ਮਰੋੜ, ਮੇਰੇ ਲਾਗੇ ਪੁੱਜ ਕੇ ਪਿਆਰ-ਵਰਾਛਾਂ ਨਾਲ, ਚਟਦੀ ਵਖੀਆਂ ਮੇਰੀਆਂ, ਲਿਬੜੀ ਰੱਤ ਅ੍ਯਾਲ। ਦੇਖ ਮਹੂਰਤ ਗੱਲ ਕੀ ਸਾਕ੍ਯ ਰੀਤ ਅਨੁਸਾਰ, ਸ਼ਾਹੀ ਜਸ਼ਨ ਵਿਆਹ ਦਾ ਕੀਤਾ ਗਿਆ ਤਿਆਰ। ਡੱਠੀ ਗੱਦੀ ਸਵਰਨ ਦੀ ਜੜੀ ਮੋਤੀਆਂ ਨਾਲ, ਗਏ ਵਿਛਾਏ ਓਸ ਤੇ ਚਾਂਦੀ-ਰੰਗੇ ਸ਼ਾਲ। ਉਠੀਆਂ ਲਪਟਾਂ ਧੂਨੀਆਂ ਖਾ ਖਾ ਪੇਚ ਹਜ਼ਾਰ, ਹੱਥੀਂ ਬੱਝੇ ਕੰਙਣੇ, ਗਲ ਫੁੱਲਾਂ ਦੇ ਹਾਰ। ਗਏ ਤਰਾਏ ਕੱਖ ਦੋ ਦੁਧ ਵਿਚ ਕੇਸਰ ਘੋਲ, ਅਟਲ ਪਿਆਰ ਪ੍ਰਗਟਾ ਗਏ ਢੁਕ ਜੋ ਕੋਲੋ ਕੋਲ। ਲਏ ਗਏ ਫਿਰ ਅੱਗ ਦੇ ਦਵਾਲੇ ਫੇਰੇ ਸੱਤ, ਪੜ੍ਹ ਪੜ੍ਹ ਮੰਤਰ ਬਾਹਮਣਾਂ ਸ਼ਗਣ ਮੰਨਾਏ ਅੱਤ। ਮੰਦਰਾਂ ਵਿਚ ਭੇਜੇ ਗਏ ਢੋਏ ਵੰਨਸੁਵੰਨ, ਵੰਡੇ ਚਾਵਲ ਕੇਸਰੀ, ਮੇਵੇ ਵਾਲੇ ਮੱਨ। ਦਿਤੀਆਂ ਗੰਢਾਂ ਉਠ ਕੇ ਰਾਜ-ਰਿਸ਼ੀ ਨੇ ਫੇਰ, ਧੇਤਿਆਂ ਤੇ ਪੁਤਰੇਤਿਆਂ ਖੁਸ਼ੀ ਮਨਾਈ ਢੇਰ, ਲਿਆਂਦੀ ਗਈ ਯਸ਼ੋਧਰਾਂ ਰਾਜ ਕੰਵਰ ਦੇ ਦ੍ਵਾਰ, ਬੱਝਾ ਉਹਦੇ ਪਿਆਰ ਵਿਚ ਸੋਹਣਾ ਰਾਜਕੁਮਾਰ। ਐਪਰ ਸਿਆਣੇ ਸ਼ਾਹ, ਮੂਲ ਨਾ ਨਿਰੇ ਪਿਆਰ ਦਾ ਖਾਧਾ ਕੋਈ ਵਿਸਾਹ। ਰਾਜਾਂ ਨੂੰ ਫੁਰਮਾਇਆ ਛੇਤੀ ਕਰੋ ਤਿਆਰ, ਪ੍ਰੇਮ-ਪਿੰਜਰਾ ਕੰਵਰ ਦਾ ਕੂਲ੍ਹਾਂ ਨਾਲ ਸ਼ਿੰਗਾਰ। ਸੁੰਦਰ ਸੁਖ-ਅਸਥਾਨ ਉਹ, ਚੜ੍ਹਿਆ ਜਿਸਦਮ ਤੋੜ, ਨਹੀਂ ਸੀ ਸਾਰੇ ਜਗ ਵਿਚ ਵਿਸ਼ਰਮ ਵਨ ਦਾ ਜੋੜ। ਗੱਭੇ ਮਹਿਲ-ਮਦਾਨ ਦੇ ਓਢੀ ਹਰਿਆ ਸ਼ਾਲ, ਖੜ੍ਹੀ ਪਹਾੜੀ ਇੱਕ ਸੀ ਉੱਚੀ ਧੌਣ ਉਠਾਲ। ਲਗ ਕੇ ਵਾਂਗ ਪੰਜੇਬ ਦੇ ਜਿਸ ਦੇ ਪੈਰਾਂ ਨਾਲ, ਵਗ ਰਹੀ ਸੀ ਰੋਹਨੀ ਕਰ ਨਖਰੇਲੀ ਚਾਲ। ਦੱਖਣ ਦੇ ਵਲ ਉਗੇ ਸਨ ਉਚੇ ਲੰਮੇ ਸਾਲ, ਲੱਦੇ ਅੰਬਰ-ਰੰਗਿਆ ਗ੍ਰੰਥੀ ਫੁੱਲਾਂ ਨਾਲ। ਸੰਘਣੀ ਝੰਗੀ ਉਨ੍ਹਾਂ ਦੀ ਹੈ ਸੀ ਇਥੋਂ ਤੀਕ, ਆ ਨਾ ਸਕਦੀ ਓਧਰੋਂ ਦੁਨੀਆਂ ਦੀ ਕੋਈ ਚੀਕ। ਪਰ ਜੇ ਰੌਲਾ ਸ਼ਹਿਰ ਦਾ ਪਵਨ ਲਿਆਉਂਦੀ ਲੱਦ, ਮਖਿਆਰਾਂ ਦੀ ਭਿਣਕ ਤੋਂ ਹੁੰਦਾ ਕਦੀ ਨਾ ਵੱਧ। ਉੱਤਰ ਵਲ ਸੀ ਉਸਰੀ ਅੰਬਰ ਦੇ ਵਿਚਕਾਰ, ਸਾਫ਼ ਹਿਮਾਲੇ ਕੋਹ ਦੀ ਬਰਫਾਨੀ ਦੀਵਾਰ। ਵਾਂਗ ਕੰਵਾਰੀ ਕੁੜੀ ਦੇ ਅਣਮਾਣੀ, ਅਣਛੋਹ, ਪੱਥਰ ਉਸ ਦੇ ਚਿੱਤ ਨੂੰ ਸਕਿਆ ਕੋਈ ਨਾ ਮੋਹ। ਤਕ ਉਚਿਆਈਆਂ ਉਹਦੀਆਂ ਹੱਦੋਂ ਫ਼ਿਕਰੋਂ ਬਾਹਰ, ਬਰਫਾਂ ਲਦੀਆਂ ਚੋਟੀਆਂ, ਨੋਕਾਂ ਨੇਜ਼ੇ ਹਾਰ, ਹੋਰ ਉਚੇਰੇ ਉਠਦੇ ਉਤੇ ਚੜ੍ਹਦੇ ਖ਼ਿਆਲ, ਗੱਲਾਂ ਕਰਦੇ ਜਾਪਦੇ ਦੇਵਤਿਆਂ ਦੇ ਨਾਲ। ਬਰਫਾਂ ਥੱਲੇ ਖੜ੍ਹੇ ਸਨ, ਸੰਘਣੇ ਜੰਗਲ ਝਾੜ, ਰੱਖੇ ਉਤੇ ਜਿਨ੍ਹਾਂ ਦੇ ਬਦਲਾਂ ਚਾੜ੍ਹ ਉੁਛਾੜ। ਸਨ ਉਨ੍ਹਾਂ ’ਚੋਂ ਨਿਕਲਦੇ ਚਸ਼ਮੇ ਕਈ ਹਜ਼ਾਰ, ਪਿਘਲੀ ਚਾਂਦੀ ਵਾਂਗਰਾਂ ਝਿਲ ਮਿਲ ਕਰਦੇ ਬਾਹਰ। ਹੋਰ ਹਿਠਾਹਾਂ ਉਨ੍ਹਾਂ ਤੋਂ ਬੂਟੇ ਲੱਖ ਕਰੋੜ, ਚੀਲ ਅਨੰਦਰ ਕੈਲ ਦੇ ਉੱਗੇ ਸਿਰੀਆਂ ਜੋੜ। ਵਿਚ ਜਿਨ੍ਹਾਂ ਦੇ ਗੂੰਜਦੀ ਬਬਰਾਂ ਦੀ ਭਭਕਾਰ, ਚਿਲ ਚਿਲ ਜੰਗਲੀ ਬਾਜ਼ ਦੀ, ਵਾਜ਼ਾਂ ਹੋਰ ਹਜ਼ਾਰ। ਹੋਰ ਹਿਠਾਹਾਂ ਉਤਰ ਕੇ ਅਉਂਦਾ ਖੁਲ੍ਹਾ ਮਦਾਨ, ਜਿੱਥੇ ਸਾਡੇ ਕੰਵਰ ਦਾ ਹੈ ਸੀ ਸੁਖ-ਅਸਥਾਨ। ਸਾਹਵੇਂ ਏਸ ਮਦਾਨ ਦੇ ਰੀਝਾਂ ਨਾਲ ਸ਼ਿੰਗਾਰ, ਇਕ ਪਹਾੜੀ ਨੋਕ ਤੇ ਹੋਇਆ ਮਹਿਲ ਤਿਆਰ। ਥੰਮ੍ਹਾਂ ਭਰੇ ਬਰਾਮਦੇ ਸਨ ਜਿਸ ਦੇ ਚੌਫੇਰ, ਚਿੱਟੀਆਂ ਚਿੱਟੀਆਂ ਬੁਰਜੀਆਂ ਚਮਕਣ ਵਾਂਗ ਉਸ਼ੇਰ। ਥੰਮ੍ਹਾਂ ਤੇ ਸਨ ਉੱਕਰੇ ਨਕਸ਼ੇ ਬੜੇ ਕਮਾਲ, ਰਾਮ ਸੀਆ ਹਨੂਮਾਨ ਦੇ ਤਿੱਖੀ ਛੈਣੀ ਨਾਲ। ਚਿਤਰੇ ਕਿਤੇ ਗੁਪਾਲ ਸਨ ਗੋਪੀਆਂ ਦੇ ਵਿਚਕਾਰ, ਕਿਧਰੇ ਨਗਨ ਦਰੋਪਦੀ ਕਰਦੀ ਸੀਗੀ ਪੁਕਾਰ। ਸੁੰਦਰ ਚਿਤ੍ਰ ਗਣੇਸ਼ ਦਾ ਵਿੰਗੀ ਸੁੰਡ ਸਮੇਤ, ਡਿਉਢੀ ਉਤੇ ਚਿਤਰਿਆ ਹੈ ਸੀ ਕਿਸੇ ਸੁਚੇਤ। ਚਮਨਾਂ ਬਾਗ਼ਾਂ ਵਿਚ ਦੀ ਭੌਂ ਭੌਂ ਚੱਕਰ ਖਾ, ਅੰਦਰ ਵਾਲੇ ਦ੍ਵਾਰ ਤੇ ਪੁਜਦਾ ਸੀ ਇਕ ਰਾਹ। ਬਣਿਆ ਸੀਗਾ ਦਵਾਰ ਇਹ ਸੰਗਮਰਮਰ ਦੇ ਨਾਲ, ਬੁਣੇ ਪਹਾੜੀ ਰੇਸ਼ਿਆਂ ਜਿਸ ਦੇ ਅੰਦਰ ਜਾਲ, ਮੋਤੀਆਂ ਜੜੀਆਂ ਬੂਬੀਆਂ, ਨੀਲਮ ਜੜੀ ਚੁਗਾਠ, ਬੂਹਿਆਂ ਨੂੰ ਸੀ ਲਗਿਆ ਸ਼ੁਧ ਚੰਦਨ ਦਾ ਕਾਠ। ਜਿਨ੍ਹਾਂ ਵਿਚੋਂ ਲੰਘ ਕੇ ਭਾਗ ਭਰੇ ਕੋਈ ਪੈਰ, ਪੁੱਜਦੇ ਬਾਰਾਂ ਦਰੀ ਵਿਚ ਕਰ ਅੰਦਰਾਂ ਦੀ ਸੈਰ। ਜਿੱਥੇ ਠੰਢੇ ਚਸ਼ਮੇ ਕਰਦੇ ਨਿਤ ਕਲੋਲ, ਟਹਿਕੇ ਉਤੇ ਕੰਢਿਆਂ ਨੀਲੋਫਰ ਤੇ ਕੌਲ। ਮੋਤੀ ਵਾਂਗਰ ਉਜਲੇ ਸਾਫ ਜਲਾਂ ਵਿਚਕਾਰ, ਚਿੱਟੀਆਂ ਸੂਹੀਆਂ ਊਦੀਆਂ ਮਛੀਆਂ ਦੇਣ ਬਹਾਰ। ਮੋਟੀਆਂ ਅੱਖਾਂ ਵਾਲੜੇ ਹਰਨੋਟੇ ਅਣਭੋਲ, ਖਿੜੇ ਗੁਲਾਬੀ ਫੁਲਾਂ ਨੂੰ ਚਰਦੇ ਨਾਲ ਕਲੋਲ। ਸੱਤ-ਰੰਗੇ ਤੇ ਚਿਤਰੇ ਖੰਭਾਂ ਤਾਈਂ ਖਿਲਾਰ, ਨਾਰੀਅਲਾਂ ਵਿਚ ਫੁਦਕਦੇ ਪੰਛੀ ਕਈ ਛੰਨਾਰ। ਚਿਟੀਆਂ ਹਰੀਆਂ ਘੁਘੀਆਂ ਕਾਨਸ ਦੇ ਵਿਚਕਾਰ, ਥਾਂ ਥਾਂ ਪਾਏ ਆਲ੍ਹਣੇ ਕੱਖਾਂ ਨਾਲ ਸ਼ਿੰਗਾਰ। ਸੁੰਦਰ ਅਪਣੇ ਪਰਾਂ ਨੂੰ ਫ਼ਰਸ਼ੀਂ ਧੂੰਹਦੇ ਮੋਰ, ਕਿਧਰੇ ਉਡਦੀਆਂ ਤਿਤਲੀਆਂ, ਕਿਧਰੇ ਭੌਰ ਲਟੋਰ। ਨਿੱਕੇ ਉਲੂ ਰਾਖਵੇਂ, ਦੁਧੋਂ ਚਿੱਟੇ ਬੱਗ, ਰਸ਼ਕ ਨਾਲ ਸਨ ਦੇਖਦੇ ਕੋਲਵਾਰਿਉਂ ਲੱਘ। ਫਲੋਂ ਫਲੀ ਸਨ ਝੂਮਦੇ ਤੋਤੇ ਗਾਨੀਦਾਰ, ਗੁੰਚਿਉਂ ਗੁੰਚੇ ਚਹਿਕਦੀ ਸੂਰਜ-ਚਿੜੀ ਹਜ਼ਾਰ। ਕਿਰਲੇ ਸੀਆ ਸੇਕਦੇ ਖੁਸ਼ੀ ਨਾਲ ਉਂਘਲਾ। ਨਿੱਡਰ ਹੋਈਆਂ ਗਾਹਲੜਾਂ ਹਥੋਂ ਜਾਂਦੀਆਂ ਖਾ। ਗੱਲ ਕੀ ਇਥੋਂ ਤੀਕ ਸੀ ਸ਼ਾਂਤੀ ਓਸ ਦਵਾਰ, ਸੱਪ ਕਸਤੂਰੇ ਖੇਡਦੇ ਕੱਠੇ ਨਾਲ ਪਿਆਰ। ਨਹੀਂ ਸਨ ਕੱਲੇ ਓਸ ਥਾਂ ਪੰਛੀ, ਫੁਲ, ਜਨੌਰ, ਏਨ੍ਹਾਂ ਤੋਂ ਵੀ ਵਧ ਸਨ ਮੂੰਹ ਸੁੰਦਰ ਕੁਝ ਹੋਰ। ਰੇਸ਼ਮ-ਅੰਗੀਆਂ ਸਜਨੀਆਂ ਸਖੀਆਂ ਚੰਦ ਸਮਾਨ, ਛਮਕਾਂ ਵਰਗੀਆਂ ਨਾਚੀਆਂ ਦੂਹਰੀਆਂ ਹੋ ਹੋ ਜਾਣ। ਕਿਰਨ ਵਾਂਗ ਮੁਸਕਾਂਦੀਆਂ, ਹਸਦੀਆਂ ਫੁੱਲਾਂ ਹਾਰ, ਹੱਥ ਬੰਨ੍ਹ ਖੜ੍ਹੀਆਂ ਰਹਿੰਦੀਆਂ ਅੱਗੇ ਰਾਜਕੁਮਾਰ। ਐਪਰ ਮਧਰ ਯਸ਼ੋਧਰਾਂ ਸ਼ਹਿਜ਼ਾਦੇ ਦੀ ਜਾਨ, ਸਭ ਨੂੰ ਫਿਕਿਆਂ ਪਾਉਂਦੀ ਪੂਰੇ ਚੰਨ ਸਮਾਨ। ਇਥੋਂ ਤਕ ਕਿ ਜ਼ਿੰਦਗੀ ਵਹਿੰਦੇ ਨਾਲੇ ਹਾਰ, ਚੁਪ ਚੁਪ ਜਾਂਦੀ ਤਿਲ੍ਹਕਦੀ ਦਿਸਦੀ ਨਾ ਰਫਤਾਰ। ਐਪਰ ਬਾਰਾਂ ਦਰੀ ਤੋਂ ਅੱਗੇ ਅੰਦਰਵਾਰ, ਹੋਰ ਮਹੱਲ ਇਕ ਲੁੱਕਵਾਂ ਸੀ ਫੁੱਲਾਂ ਵਿਚਕਾਰ। ਜਿਥੇ ਕਾਰੀਗਰਾਂ ਨੇ ਹੁਨਰ ਖ਼ਜ਼ਾਨੇ ਰੋੜ੍ਹ ਚੰਚਲ ਚਿਤ ਸੁਆਣ ਦੀ ਹਦ ਛੱਡੀ ਸੀ ਤੋੜ। ਸਾਹਵੇਂ ਏਸ ਮਕਾਨ ਦੇ ਸੁਥਰਾ ਇਕ ਦਲਾਨ, ਚਾਰ ਦੀਵਾਰੀ ਘੇਰਿਆ ਉੱਤੋਂ ਖੁਲ੍ਹਾ ’ਸਮਾਨ, ਗੱਭੇ ਏਸ ਦਲਾਨ ਦੇ ਹੌਜ਼ ਮੁਰੱਬੇਦਾਰ, ਜੜੀਆਂ ਸਿਲਾਂ ਮਰਮਰੀ ਦੁਧ ਚਿਟੀਆਂ ਰੰਗਦਾਰ। ਚਾਰ ਚੁਫੇ਼ਰੇ ਉਕਰੀਆਂ ਵੇਲਾਂ ਭਰੀਆਂ ਨੱਗ, ਪਾਣੀ-ਡੁਬੀਆਂ ਸਿਲਾਂ ਤੇ ਲਾਈ ਯਾਕੂਤਾਂ ਅੱਗ। ਕੰਢੇ ਉਹਦੇ ਟਹਿਲਿਆਂ ਆਉਂਦੀ ਐਸੀ ਲਹਿਰ, ਵਿਚ ਹਿਮਾਲੇ ਬਰਫ ਤੇ ਧਰੀਏ ਜਿੱਦਾਂ ਪੈਰ। ਕਿਰਨਾਂ ਉਥੇ ਢਹਿੰਦੀਆਂ ਸੋਨੇ ਵਾਂਗਰ ਆਣ, ਜਿਉਂ ਜਿਉਂ ਅੰਦਰ ਵੜਦੀਆਂ ਚਾਂਦੀ ਹੁੰਦੀਆਂ ਜਾਣ। ਹੋਰ ਅਗੇਰੇ ਵੱਧ ਕੇ ਡਿਉਢੀਉਂ ਅੰਦਰ ਵਾਰ, ਪੀਲੇ ਚਿੱਟੇ ਧੁੰਧਲੇ ਬਦਲਣ ਰੰਗ ਹਜ਼ਾਰ। ਦਿਨ ਉਥਾਈਂ ਪਾਉਂਦਾ ਸੰਘਣੇ ਘੁੰਡੋਂ ਝਾਤ, ਸ਼ਾਂਤ ਤਿਕਾਲਾਂ ਵਾਂਗਰਾਂ, ਠਰਿਆ ਜਿਉਂ ਪਰਭਾਤ। ਡਿਉਢੀ ਵਿਚੋਂ ਲੰਘ ਕੇ ਆਉਂਦਾ ਆਖ਼ਰਕਾਰ, ਕਮਰਾ ਰਾਜਕੁਮਾਰ ਦਾ ਸਜਿਆ ਵਾਂਗ ਬਹਾਰ। ਮੁਸ਼ਕ, ਅਬੀਰ, ਕਾਫੂਰ ਦੀ ਭਿੰਨੀ ਭਿੰਨੀ ਲੋ, ਕਮਰੇ ਵਿਚ ਸੀ ਪੈ ਰਹੀ ਬਾਰੀਆਂ ਥਾਣੀ ਹੋ, ਛੱਤਾਂ ਉਤੋਂ ਤਿਲ੍ਹਕਦੀ, ਖਹਿੰਦੀ ਕੰਧਾਂ ਨਾਲ, ਚੁੰਮਦੀ ਸੁਖ-ਪਲੰਘ ਦੇ ਚਾਂਦੀ ਰੰਗੇ ਸ਼ਾਲ, ਜਾ ਪਰਦੇ ਤੇ ਡਿਗਦੀ, ਜਿਦੀ ਸੁਨਹਿਰੀ ਕੋਰ, ਨਹੀਂ ਸੀ ਬਾਝ ਕੁਮਾਰ ਦੇ ਛੋਹ ਸਕਦਾ ਕੋਈ ਹੋਰ। ਐਸੀ ਨਿਮ੍ਹੀ ਰੋਸ਼ਨੀ ਰਹਿੰਦੀ ਦਿਨ ਤੇ ਰਾਤ, ਪਤਾ ਨਾ ਲਗਦਾ ਓਸ ਥਾਂ ਰਾਤ ਹੈ ਯਾ ਪਰਭਾਤ। ਨਿਤ ਹਵਾਵਾਂ ਵਗਦੀਆਂ ਠੰਢੀਆਂ, ਖੁਸ਼ਬੂਦਾਰ, ਰਹਿੰਦੀਆਂ ਹੌਕੇ ਭਰਦੀਆਂ ਵੀਣਾਂ ਸੰਝ ਉਸ਼ਾਰ। ਨਿੱਤ ਪਰੋਸੇ ਰਹਿਵੰਦੇ ਭੋਜਨ ਲੱਜ਼ਤਦਾਰ, ਲਗੇ ਹਿਮਾਲੀ ਬਰਫ ਵਿਚ ਸ਼ਰਬਤ ਠੰਢੇ ਠਾਰ। ਚਿਟੇ-ਦੁੱਧ ਨਰੇਲ ਦੇ ਪਿਆਲਿਆਂ ਦੇ ਵਿਚਕਾਰ। ਮਿੱਠਾ ਪਾਣੀ ਓਸਦਾ ਰਹਿੰਦਾ ਸਦਾ ਤਿਆਰ। ਵੰਨ ਸੁਵੰਨ ਮਿਠਾਈਆਂ, ਤ੍ਰੇਲਾਂ-ਭਿੱਜੇ ਫੁੱਲ, ਦੁਧ ਗਉਕੇ ਤੇ ਬਾਕਰੇ ਹੋਰ ਅਨੇਕ ਸੁਖੱਲ, ਨਾਲੇ ਉਥੇ ਸਨਗੀਆਂ ਰਹਿੰਦੀਆਂ ਸੰਝ ਸਵੇਰ, ਨਾਜ਼ਕ ਨੱਚਣ ਵਾਲੀਆਂ ਜਿਹੜੀਆਂ ਜਾਦੂ ਫੇਰ ਮੇਲ ਦੇਂਦੀਆਂ ਮਲਕੜੇ ਸ਼ਹਿਜ਼ਾਦੇ ਦੇ ਨੈਣ ਹੌਲੀ ਹੌਲੀ ਮੁਕਦੀ ਸੁੱਖਾਂ-ਲੱਧੀ ਰੈਣ। ਫੇਰ ਸ਼ਹਿਜ਼ਾਦਾ ਜਾਗਦਾ ਸੁਤੇ ਰਾਗ ਵਿਚਕਾਰ, ਹੌਲੀ ਹੌਲੀ ਲਰਜ਼ਦੀ ਝਾਂਜਰ ਦੀ ਛਣਕਾਰ, ਵੀਣਾਂ ਵਿਚੋਂ ਉਠਦੀ ਤਾਰਾਂ ਦੀ ਟੁਣਕਾਰ, ਮਟਰ-ਹੁਲਾਰੇ ਖਾਂਦੀਆਂ ਬਾਹਾਂ ਰੇਸ਼ਮ ਹਾਰ। ਚਾਂਦੀ ਦਿਆਂ ਕਟੋਰਿਆਂ ਵਿਚ ਅੰਬਰ ਲੋਬਾਨ, ਧੁਖ ਧੁਖ ਨੀਲੀ ਧੁੰਧ ਵਿਚ ਚੜ੍ਹਦੇ ਵਲ ਅਸਮਾਨ। ਖੁਸ਼ੀਆਂ ਭਰੀ ਦਿਹਾੜ ਫਿਰ ਜਾਂਦੀ ਇੰਜੇ ਬੀਤ, ਸੌਂਦੀ ਨਾਲ ਯਸ਼ੋਧਰਾਂ ਫੇਰ ਕੰਵਰ ਦੀ ਪ੍ਰੀਤ। ਏਦਾਂ ਸੌਂਦਾ ਜਾਗਦਾ ਸੁਹਣਾ ਰਾਜਕੁਮਾਰ, ਭੁਲਿਆ ਵਿਚ ਆਰਾਮ ਦੇ ਦੁਖ-ਭਰਿਆ ਸੰਸਾਰ। ਨਾਲੇ ਸਿਆਣੇ ਸ਼ਾਹ ਦਾ ਹੈਸੀ ਇਹ ਫ਼ਰਮਾਨ, ਸਹਿਜ਼ਾਦੇ ਦੇ ਮਹਿਲ ਵਿਚ ਕਰੇ ਨਾ ਕੋਈ ਬਿਆਨ, ਹੰਝੂ, ਪੀੜਾ, ਦੁਖ ਅਤੇ ਚਿੰਤਾ, ਝੋਰਾ, ਰੋਗ, ਨਾ ਦੁਖ ਬੁੱਢੀ ਉਮਰ ਦੇ ਮਰਨਾ ਅਤੇ ਵਿਜੋਗ। ਜੇ ਕੋਈ ਨੱਚਣ ਵਾਲੜੀ ਟੁਟ ਵਾਂਗਰਾਂ ਡਾਲ ਪੀੜ ਪੀੜ ਹੋ ਡਿਗਦੀ ਨਾਚ-ਥਕੇਵੇਂ ਨਾਲ, ਝਬਦੇ ਸੁਖ-ਅਸਥਾਨ ਚੋਂ ਖੜਦੇ ਉਸ ਨੂੰ ਬਾਹਰ, ਤਾਂ ਜੇ ਉਸ ਦੇ ਦੁਖ ਨੂੰ ਤਕੇ ਨਾ ਰਾਜਕੁਮਾਰ। ਨੱਚਣ ਵਾਲੀਆਂ ਦਾਸੀਆਂ ਇਹ ਵੀ ਰੱਖਦੀਆਂ ਖ਼ਿਆਲ, ਸਿਰ ਉਨ੍ਹਾਂ ਦੇ ਦਿਸੇ ਨਾ ਇਕ ਵੀ ਚਿੱਟਾ ਵਾਲ। ਪੋਹ ਫੁੱਟਣ ਤੋਂ ਉਰੇ ਹੀ ਅਧ-ਮੁਰਝਾਏ ਫੁਲ, ਸ਼ਾਖਾਂ ਉਤੋਂ ਮਲਕੜੇ ਲਾਹ ਲਏ ਜਾਂਦੇ ਕੁਲ। ਏਦੂੰ ਵੀ ਵਧ ਸ਼ਾਹ ਨੇ ਕੀਤਾ ਹੈ ਸੀ ਖ਼ਿਆਲ, ਤਾਂ ਜੇ ਦਿਸੇ ਨਾ ਕੰਵਰ ਨੂੰ ਦੁਨੀਆਂ ਦਾ ਕੁਝ ਹਾਲ। ਹਟ ਕੇ ਸੁਖ ਅਸਥਾਨ ਤੋਂ, ਤਾਹੀਉਂ, ਨਜ਼ਰੋਂ ਬਾਹਰ, ਉਸਰਾਈ ਸੀ ਓਸ ਨੇ ਉੱਚੀ ਇਕ ਦੀਵਾਰ। ਇਕੋ ਬੂਹਾ ਰੱਖਿਆ ਸੀ ਜਿਸਦੇ ਵਿਚਕਾਰ, ਨਿੱਗਰ ਪਿੱਤਲ ਕੱਜਿਆ ਪਤਾ ਨਹੀਂ ਕੀ ਪਾਰ। ਹੈਸੀ ਉਸਦਾ ਚੂਥੀਆਂ ਉਤੇ ਇਤਨਾ ਭਾਰ, ਫੇਰਨ ਲਈ ਸਨ ਓਸਨੂੰ ਸੌ ਬਾਹਾਂ ਦਰਕਾਰ। ਨਾਲੇ ਉਸਦੇ ਖੁਲ੍ਹਣ ਦਾ ਉਠਦਾ ਇਤਨਾ ਸ਼ੋਰ, ਅੱਧੇ ਯੋਜਨ ਤੀਕਰਾਂ ਪੁਜ ਜਾਂਦੀ ਘਨਘੋਰ। ਫਿਰ ਵੀ ਪਹਿਰੇਦਾਰ ਕੁਝ ਚੁਣਵੇਂ ਤੇ ਹੁਸ਼ਿਆਰ, ਰਹਿੰਦੇ ਪਹਿਰਾ ਦੇਂਵਦੇ ਉਥੇ ਰਾਤ ਦਿਹਾੜ। ਰਾਜੇ ਦਾ ਫ਼ਰਮਾਨ ਸੀ ਕੋਈ ਨਾ ਲੰਘੇ ਬਾਹਰ, ਭਾਵੇਂ ਚਾਹੇ ਲੰਘਣਾ ਆਪੂੰ ਰਾਜਕੁਮਾਰ।ਤੀਜੀ ਪੁਸਤਕ

ਏਦਾਂ ਚਾਨਣ ਪਿਆਰ ਵਿਚ, ਅਪਣੇ ਸੁਖ-ਅਸਥਾਨ ਬੇ-ਫ਼ਿਕਰੇ ਸਨ ਵਸਦੇ ਸਾਡੇ ਬੁੱਧ ਭਗਵਾਨ। ਥੁੜ, ਪੀੜਾ ਤੇ ਰੋਗ ਦਾ ਉੱਕਾ ਨਹੀਂ ਨਿਸ਼ਾਨ, ਨਾਲੇ ਮੌਤ ਬੁਢਾਪਿਓਂ ਅਸਲੋਂ ਹੀ ਅਨਜਾਣ। ਐਪਰ ਜਿੱਦਾਂ ਸੁਤਿਆਂ ਸੁਫਨ-ਸਮੁੰਦਰ ਝਾਗ, ਆਖ਼ਰ ਕੰਢੇ ਦਿਨ ਦੇ ਥਕਿਆਂ ਹੁਟਿਆਂ ਜਾਗ, ਰਹਿ ਜਾਵਣ ਵਿਚ ਚਿੱਤ ਦੇ ਕਾਲੀਆਂ ਯਾਦਾਂ ਢੇਰ, ਏਦਾਂ ਲੇਟਿਆਂ ਲੇਟਿਆਂ ਆਲਸ ਵਿਚ ਕਈ ਵੇਰ ਤ੍ਰਬਕ ਉਠਦੇ ਭਗਵਾਨ ਜੀ “ਹੇ ਅਤ ਦੁਖੀ ਜਹਾਨ, ਮੈਂ ਸੁਣਦਾ, ਮੈਂ ਜਾਣਦਾ, ਮੈਂ ਪਹੁੰਚਾ ਬਸ ਜਾਣ।” ਖਪਿਆ ਸਿਰ ਭਗਵਾਨ ਦਾ ਘੁਟ ਆਪਣੀ ਹਿਕ ਨਾਲ, ਪੁਛਦੀ ਤੁਰਤ ਯਸ਼ੋਧਰਾਂ “ਕੀ ਆਇਆ ਜੇ ਖ਼ਿਆਲ?” ਏਨਾ ਪੁਛ ਉਹ ਸਹਿਮ ਕੇ ਤਕਦੀ ਵੱਲ ਜ਼ਮੀਨ, ਮੋਟੀਆਂ ਅੱਖਾਂ ਉਹਦੀਆਂ ਜਾਂਦੀਆਂ ਹੋ ਗ਼ਮਗ਼ੀਨ। ਕਿਉਂਕਿ ਨੈਣਾਂ ਬੁੱਧ ਦੇ ਤਰਸ ਅਨੋਖੇ ਨਾਲ, ਭਰ ਜਾਂਦੇ ਤੇ ਚਮਕਦਾ ਦੇਵਤਿਆਂ ਜਿਉਂ ਭਾਲ। ਪਰ ਸੋਹਣੀ ਦੇ ਅਥਰੂ ਰੋਕਣ ਲਈ ਭਗਵਾਨ, ਹਸ ਪੈਂਦੇ ਤੇ ਦੇਵੰਦੇ ਵੀਣਾ ਲਈ ਫ਼ਰਮਾਨ। ਪਰ ਇਕ ਵਾਰੀ ਰੱਖ ਕੇ ਬਾਰੀ ਦੇ ਵਿਚਕਾਰ, ਛੇੜੀ ਕੋਮਲ-ਅੰਗੀਆਂ ਹੀਰਿਆਂ-ਜੜੀ ਸਿਤਾਰ। ਚਾਂਦੀ ਤਾਰਾਂ ਕੰਬੀਆਂ ਪੌਣ ਹਿਲੋਰੇ ਨਾਲ, ਇਕ ਮਨਮੋਹਣੀ ਰਾਗਨੀ, ਬੁਣਿਆ ਜਾਦੂ-ਜਾਲ। ਸਭਨਾਂ ਸੁਣਿਆ ਰਾਗ ਇਹ ਹੋ ਕੇ ਸਵਾਦੋ ਸਵਾਦ, ਪਰ ਕੰਨੀਂ ਭਗਵਾਨ ਦੇ ਏਦਾਂ ਹੋਇਆ ਨਾਦ : ਅਸੀਂ ਫਿਰੰਤੂ ਪੌਣ ਦੀਆਂ ਆਵਾਜ਼ਾਂ, ਸੁਖ ਦੀ ਖ਼ਾਤਰ ਕਰ ਰਹੀਆਂ ਫਰਿਆਦਾਂ। ਪਰ ਸਾਨੂੰ ਆਰਾਮ ਨਾ ਕਿਧਰੇ ਮਿਲਦਾ, ਕੀ ਕਰੀਏ ਇਸ ਡੋਲਣਹਾਰੇ ਦਿਲ ਦਾ। ਜਿਵੇਂ ਪਵਨ ਨੂੰ ਰਾਤ ਦਿਨੇ ਹੈ ਭਟਕਣ, ਇਸੇ ਤਰ੍ਹਾਂ ਹੈ ਚਲਣਹਾਰ ਸਭ ਜੀਵਨ। ਇਕ ਹਟਕੋਰੇ, ਇਕ ਹਉਕੇ, ਇਕ ਆਹ ਜਿਉਂ, ਇਕ ਹਨੇਰੀ, ਇਕ ਘਾਲ, ਇਕ ਚਾਹ ਜਿਉਂ। ਕਿਉਂ ਤੇ ਕਿਥੋਂ ਹੋਵੇ ਸਾਡਾ ਆਉਣਾ, ਇਸ ਗਲ ਦਾ ਨਾ ਤੈਨੂੰ ਕੋਈ ਸੁਝਾਉਣਾ। ਨਾ ਜਿੱਥੋਂ ਇਹ ਸਾਰਾ ਜੀਵਨ ਆਵੇ, ਨਾ ਜਿੱਥੇ ਇਹ ਸਾਰਾ ਜੀਵਨ ਜਾਵੇ। ਬਿਲਕੁਲ ਤੇਰੇ ਵਾਂਗ ਅਸੀਂ ਹਾਂ ਭਾਵੇਂ, ਥਿਰ ਅਸਥਿਰ ਅਣਹੋਂਦਾਂ ਦੇ ਪਰਛਾਵੇਂ। ਨਿਤ ਪੀੜਾ ਤੇ ਅਸਾਂ ਖੁਸ਼ ਕੀ ਹੋਣਾ, ਐਸ਼ ਤੇਰਾ ਵੀ ਪਲ ਦਾ ਪਲ ਪਰਾਹੁਣਾ। ਹਾਂ ਜੇ ਪ੍ਰੇਮ ਅਟੱਲ ਕਦੇ ਰਹਿ ਸਕਦਾ, ਤਾਂ ਪੱਲੇ ਆਨੰਦ ਖਰੇ ਪੈ ਸਕਦਾ। ਪਰ ਜੀਵਨ ਦਾ ਰਾਹ ਹਵਾ ਦਾ ਰਾਹ ਵੇ, ਵੀਣਾ ਦੇ ਸਾਹ ਵਾਂਗ ਅਸਾਡਾ ਸਾਹ ਵੇ। ਭਟਕ ਭਟਕ ਕੁਲ ਧਰਤੀ ਅਸਾਂ ਹੰਢਾਈ, ਹਉਕੇ ਭਰ ਭਰ ਸਾਰੀ ਉਮਰ ਲੰਘਾਈ। ਪਰ ਸਾਨੂੰ ਨਾ ਮੂੰਹ ਖੁਸ਼ੀ ਦਾ ਦਿਸਿਆ। ਜੇ ਜਗਿਆ ਕੋਈ ਦੀਵਾ ਤਾਂ ਝਟ ਹਿਸਿਆ। ਦੇਸ ਦੇਸ ਗ਼ਮ ਅਸਾਂ ਤਕਾਏ ਲੱਖਾਂ, ਕਈ ਮਲੀਂਦੇ ਹੱਥ, ਵਗਦੀਆਂ ਅੱਖਾਂ। ਫਿਰ ਵੀ ਅਸੀਂ ਰੋਂਦੀਆਂ ਬਾਹਰੋਂ ਹਸੀਏ, ਤਾਂ ਜੇ ਸਮਝ ਸਕਣ ਦੁਨੀਆਂ ਦੇ ਰਸੀਏ, ਇਹ ਜੀਵਨ ਜਿਸ ਨੂੰ ਉਹ ਘੁਟ ਘੁਟ ਰੱਖਣ, ਖ਼ਾਲੀ ਇਕ ਤਮਾਸ਼ਾ ਜੇ ਤਕ ਸੱਕਣ। ਇਸ ਤਾਈਂ ਅਟਕਾਣਾ ਹੜ ਨੂੰ ਡਕਣਾ। ਯਾ ਉਡਦੇ ਬਦਲਾਂ ਤਾਈਂ ਡਕ ਸਕਣਾ। ਪਰ ਤੂੰ ਜਿਸ ਨੇ ਦੁਨੀਆਂ ਤਾਈਂ ਬਚਾਣਾ, ਨੇੜੇ ਤੇਰਾ ਸਮਾਂ ਪਹੁੰਚਿਆ ਜੁਆਨਾ। ਪੀੜਤ ਦੁਨੀਆਂ ਤੈਨੂੰ ਪਈ ਉਡੀਕੇ, ਘੋਰ-ਪੀੜ ਵਿਚ ਵਿਲਕ ਵਿਲਕ ਪਈ ਚੀਕੇ। ਜਾਗ ਮਾਇਆ ਦੇ ਪੁੱਤਰ, ਸੁਣ ਫਰਿਆਦਾਂ, ਅਸੀਂ ਫਿਰੰਤੂ ਪੌਣ ਦੀਆਂ ਆਵਾਜ਼ਾਂ। ਤੂੰ ਵੀ ਫਿਰ ਸੁਣ ਕੰਵਰਾ ਜਗ ਦੀਆਂ ਚੀਕਾਂ, ਪਰ-ਪ੍ਰੀਤੀ ਲਈ ਤਿਆਗ ਅਪਣੀਆਂ ਪ੍ਰੀਤਾਂ। ਦੁਨੀਆਂ ਦੇ ਦੁਖ ਖ਼ਾਤਰ ਛਡ ਦੇ ਸੁਖ ਨੂੰ, ਲਭ ਸ਼ਾਂਤੀ ਤੇ ਦਸ ਮੁਕਤੀ ਦੇ ਮੁਖ ਨੂੰ, ਏਦਾਂ ਛੂ ਛੂ ਸ੍ਵਰਨ-ਰਜਤ ਦੇ ਡੋਰੇ, ਵੀਣਾ ਉਤੇ ਭਰਦੀਆਂ ਹਾਂ ਡਸਕੋਰੇ। ਤਾਂ ਜੇ ਤੈਨੂੰ ਦਸੀਏ ਕੀ ਜਗ-ਮਾਇਆ, ਇਕ ਹਟਕੋਰਾ, ਇਕ ਬੁਲਾ, ਇਕ ਸਾਇਆ। ਜਿਨ੍ਹਾਂ ਮੋਹਣਿਆਂ ਸਾਇਆਂ ਤੇ ਖੁਸ਼ ਥੀਵੇਂ, ਉਨ੍ਹਾਂ ਉਤੇ ਹਾਂ ਅਸੀਂ ਹਸਦੀਆਂ ਜੀਵੇਂ।” ਇਸ ਤੋਂ ਪਿੱਛੋਂ ਆਥਣੀ ਬੈਠੇ ਸਨ ਇਕ ਵਾਰ, ਅਪਣੀ ਸੋਹਣੀ ਸਜਵੀਂ ਮਹਿਫ਼ਲ ਦੇ ਵਿਚਕਾਰ। ਹੱਥੀਂ ਪਕੜ ਯਸ਼ੋਧਰਾਂ ਦੀ ਮਿਠ-ਸਾਉਲੀ ਬਾਂਹ, ਇਕ ਬਾਂਦੀ ਦੀ ਗਲ ਵਿਚ ਮੇਲੀ ਜਾਂਦੇ ਹਾਂ, ਆਥਣ ਸਮਾਂ ਬਿਤਾਣ ਲਈ ਮਿੱਠੇ ਬੋਲਾਂ ਨਾਲ, ਬੁਣਦੀ ਸੀ ਜੋ ਜਾ ਰਹੀ ਪ੍ਰੀਤ-ਕਥਾ ਦਾ ਜਾਲ। ਕਿਸੇ ਅਚੰਭੇ ਦੇਸ਼ ਵਿਚ ਸਾਥੋਂ ਬੇਹਦ ਦੂਰ, ਜਿੱਥੇ ਸੂਰਜ ਡੁਬਣ ਦਾ ਵਖਰਾ ਹੀ ਦਸਤੂਰ, ਜਿੱਥੇ ਪਾਣੀ ਕੇਸਰੀ, ਧਰਤੀ ਜਿੱਥੇ ਲਾਲ, ਜਿੱਥੇ ਜਾਵੇ ਪਹੁੰਚਿਆ ਜਾਦੂ-ਘੋੜੇ ਨਾਲ। ਸੁਣ ਬਾਂਦੀ ਦੀ ਬਾਤ ਨੂੰ ਭਰੀ ਕੰਵਰ ਨੇ ਆਹ “ਚਿਤਰਾ, ਤੇਰੀ ਬਾਤ ਨੇ ਦਿੱਤੀ ਪੀੜ ਜਗਾ। ਪਰ ਹੇ ਮੋਤੀ ਮੇਰੀਏ, ਦਸ ਕੀ ਇਹ ਸੰਸਾਰ ਸਚ-ਮੁਚ ਚੌੜਾ ਇਤਨਾ ਖ਼ੌਫ਼ ਖ਼ਿਆਲੋਂ ਬਾਹਰ? ਕੀ ਕੋਈ ਧਰਤੀ ਸੋਹਣੀਏ ਜਿੱਥੇ ਸੂਰਜ-ਰੱਥ, ਵੜਦਾ ਦਿਸੇ ਸਾਗਰੀਂ ਵਿਚ ਡੂੰਘਾਣਾਂ ਲੱਥ? ਸਾਡੇ ਵਰਗੇ ਦਿਲ ਕਈ ਵਸਦੇ ਜਿੱਥੇ ਢੇਰ, ਅਣ ਜਾਣੇ, ਅਣ ਗੇਣਵੇਂ ਤੁਰਦੇ ਵਿਚ ਹਨੇਰ? ਦਸ ਮੈਨੂੰ ਹੇ ਸੋਹਣੀਏ, ਉਨ੍ਹਾਂ ਦਾ ਕੁਝ ਹਾਲ, ਸ਼ਾਇਦ ਮੈਂ ਕੁਝ ਕਰ ਸਕਾਂ ਉਨ੍ਹਾਂ ਲਈ ਸੁਖਾਲ। ਹੁੰਦਾ ਹਾਂ ਹੈਰਾਨ ਮੈਂ ਜਦ ਸੂਰਜ ਕਈ ਵਾਰ, ਨਿਕਲੇ ਪੂਰਬ ਵੰਨਿਓਂ ਸੋਨ-ਰਥੀਂ ਅਸਵਾਰ, ਕਿ ਧਰਤੀ ਦੇ ਕੰਢਿਉਂ ਕੌਣ ਸੁਭਾਗੀ ਅੱਖ, ਸਭ ਤੋਂ ਪਹਿਲੇ ਤੱਕਦੀ ਇਦਾ ਸੁਨਹਿਰੀ ਰੱਥ। ਏਦਾਂ ਵੀ ਹੇ ਪਤਨੀਏ, ਹੋਇਆ ਏ ਕਈ ਵਾਰ, ਉਤੇ ਤੇਰੀ ਹਿੱਕ ਦੇ, ਬਾਹਾਂ ਦੇ ਵਿਚਕਾਰ, ਸੂਰਜ ਅਸਤਣ ਵੇਲੜੇ ਲੱਗੀ ਮੈਨੂੰ ਤਾਂਘ, ਮੈਂ ਵੀ ਇਸ ਦੇ ਨਾਲ ਹੀ ਲੰਮੀ ਭਰਾਂ ਉਲਾਂਘ, ਰੱਤੇ ਪੱਛਮ ਵਿਚ ਜਾ ਡੁਬ ਜਾਵਾਂ ਉਸ ਨਾਲ ਤੇ ਸੰਧਿਆ ਦੇ ਜੀਆਂ ਦਾ ਅੱਖੀਂ ਦੇਖਾਂ ਹਾਲ। ਉਨ੍ਹਾਂ ਸਾਡੇ ਪਿਆਰ ਦੀ ਹੋਸੀ ਲੋੜ ਜ਼ਰੂਰ, ਨਹੀਂ ਤੇ ਕਿਉਂ ਹਾਂ ਇਸ ਘੜੀ ਪੀੜ ਨਾਲ ਮੈਂ ਚੂਰ, ਜਿਸ ਨੂੰ ਤੇਰੇ ਬੁਲ੍ਹ ਵੀ ਚੁੰਮ ਨਾ ਸਕਣ ਹਟਾ, ਜਿਸ ਦੀ ਤੇਰਾ ਪਿਆਰ ਵੀ ਕਰ ਨਾ ਸਕੇ ਦਵਾ।” ਫਿਰ ਬਾਂਦੀ ਵਲ ਮੋੜ ਮੂੰਹ ਬੋਲੇ ਬੁਧ ਭਗਵਾਨ, “ਚਿਤਰਾ, ਤੈਨੂੰ ਬਹੁਤ ਹੈ ਪਰੀ-ਦੇਸ਼ਾਂ ਦਾ ਗਿਆਨ। ਕਥਾ ਤੇਰੀ ਵਿਚਕਾਰਲਾ ਜਾਦੂ-ਘੋੜਾ ਛੈਲ, ਦਸ ਕਿੱਥੇ ਹਨ ਬੰਨ੍ਹਦੇ? ਤਾਂ ਜੇ ਮੇਰਾ ਮਹਿਲ ਧਰਕੇ ਅਪਣੀ ਪਿੱਠ ਤੇ ਉਡੇ ਹਵਾਵਾਂ ਹਾਰ, ਕੇਰਾਂ ਮੈਨੂੰ ਦਸ ਦਏ ਧਰਤੀ ਦਾ ਵਿਸਥਾਰ। ਯਾ ਫਿਰ ਔਸ ਬੇਫਿਕਰੀ ਨੰਗ-ਧੌਣੀ ਗਿਧ ਹਾਰ, ਮੇਰੇ ਵੀ ਜੇ ਹੋਣ ਖੰਭ, ਤਕਾਂ ਖੁਲ੍ਹਾ ਸੰਸਾਰ। ਹਾਏ ਕਿੱਦਾਂ ਅੱਪੜਾਂ ਸਿਖਰ ਹਿਮਾਲੇ ਤੀਕ, ਚਾਂਦੀ ਵਾਂਗੂੰ ਚਮਕਦੀ ਜਿਥੇ ਬਰਫ਼ ਦੀ ਲੀਕ, ਯਾ ਫਿਰ ਓਦੂੰ ਹੇਠ ਹੀ ਪਹੁੰਚ ਤਕਾਂ ਅੱਖ ਖੋਲ੍ਹ, ਬਿਰਛਾਂ ਉਤੇ ਸੋਭਦੀ ਜਿੱਥੇ ਗੁਲਾਬੀ ਝੋਲ। ਨਾ ਚਾਹਿਆ ਨਾ ਦੇਖਿਆ ਚੌੜਾ ਮੈਂ ਸੰਸਾਰ, ਦਸ ਉਸ ਪਿੱਤਲ ਫਾਟਕੋਂ ਕੀ ਵਸਦਾ ਏ ਪਾਰ?” ਉੱਤਰ ਦਿੱਤਾ ਕਿਸੇ ਨੇ “ਸੋਹਣੇ ਰਾਜ ਕੁਮਾਰ, ਪਹਿਲੋਂ ਆਉਂਦਾ ਸ਼ਹਿਰ ਹੈ ਇਸ ਫਾਟਕ ਤੋਂ ਪਾਰ। ਫਿਰ ਮੰਦਰ, ਫਿਰ ਬਾਗ਼ ਬਨ ਤੇ ਫਿਰ ਖੁੱਲ੍ਹੇ ਖੇਤ, ਹਰੀਆਂ ਭਰੀਆਂ ਪੈਲੀਆਂ, ਜੰਗਲ, ਦਰਿਆ, ਰੇਤ। ਰਾਜੇ ਬਿੰਬੀਸਾਰ ਦੀ ਭੋਂ ਜਾਂਦੀ ਫਿਰ ਆ, ਹੋਰ ਪਰੇਰੇ ਰੱਬ ਦਾ ਵਸਦਾ ਮੁਲਕ ਪਿਆ।” “ਚੰਗਾ”, ਕਿਹਾ ਕੁਮਾਰ ਨੇ “ਰਥ ਕਰ ਲਿਉ ਤਿਆਰ, ਕਲ੍ਹ ਦੁਪਹਿਰੇ ਤਕਾਂਗਾ ਕੀ ਫਾਟਕ ਤੋਂ ਪਾਰ।” ਰਾਜੇ ਨੂੰ ਜਾ ਦੱਸਿਆ “ਹੇ ਸਾਡੇ ਭਗਵਾਨ, ਬੇਟਾ ਤੇਰਾ ਚਾਹੁੰਦਾ ਤਕਣਾ ਖੁਲ੍ਹਾ ਜਹਾਨ।” ਸਿਆਣੇ ਰਾਜੇ ਆਖਿਆ, “ਚੰਗਾ, ਪਰ ਤਤਕਾਲ ਖ਼ਬਰ ਕਰੋ ਕੁਲ ਸ਼ਹਿਰ ਨੂੰ, ਲੰਮੀ ਡੌਂਡੀ ਨਾਲ। ਸੱਜੇ ਮੇਰਾ ਸ਼ਹਿਰ ਸਭ, ਸਜ-ਵਿਆਹੀ ਹਾਰ, ਕਿਤੇ ਨਾ ਦਿਸੇ ਦੁਖ ਵਿਚ, ਕਰਦਾ ਕੋਈ ਪੁਕਾਰ। ਨਾ ਕੋਈ ਲੂਲ੍ਹਾ ਲੰਗੜਾ ਨਾ ਕੋਈ ਬਿਨਾ ਨਿਗਾਹ, ਨਾ ਕੋਈ ਰੋਗੀ ਬੁਢੜਾ ਮੱਲੇ ਕੰਵਰ ਦਾ ਰਾਹ।” ਸੜਕਾਂ ਉਤੋਂ ਰੋੜ ਸਭ ਦਿੱਤੇ ਗਏ ਹੁੰਝਾ, ਸਭ ਗਲੀਆਂ ਵਿਚ ਮਹਿਰਿਆਂ ਕਰ ਦਿਤਾ ਛਿੜਕਾ। ਸੁਟੇ ਸਭ ਸੁਆਣੀਆਂ ਬਰੂਹਾਂ ਵਿਚ ਸੰਧੂਰ, ਨਾਲੇ ਟੰਗੇ ਹਾਰ ਵੀ ਖੁਸ਼ਬੂਈਂ ਭਰਪੂਰ। ਨਾਲੇ ਬੂਹਿਓਂ ਬਾਹਰਲੀ ਤੁਲਸੀ ਝਾੜ ਸੁਆਰ, ਕੰਧਾਂ ਉਤੇ ਮੂਰਤਾਂ ਖਿਚੀਆਂ ਤੁਰਤ ਸ਼ਿੰਗਾਰ। ਫਿਰ ਖੁਸ਼-ਰੰਗੀਆਂ ਝੰਡੀਆਂ ਨਾਲ ਸਜਾਏ ਰੁਖ, ਕੱਜੇ ਚਾਂਦੀ ਸ੍ਵਰਨ ਵਿਚ ਮੂਰਤੀਆਂ ਦੇ ਮੁਖ। ਚੌਰਾਹਿਆਂ ਵਿਚ ਲਿਸ਼ਕਦੇ ਪਤ-ਮੰਦਰਾਂ ਵਿਚਕਾਰ ਬੁਤ ਸੂਰਜ ਭਗਵਾਨ ਦੇ, ਦਿਉਤੇ ਹੋਰ ਹਜ਼ਾਰ। ਸਾਰਾ ਨਗਰ ਸੁਹਾਉਣਾ ਸਜਿਆ ਵਾਂਗ ਬਹਾਰ, ਸੁਫ਼ਨੇ ਵਿਚ ਜਿਉਂ ਦੇਖੀਏ ਇੰਦਰ ਦਾ ਦਰਬਾਰ। ਡੌਂਡੀ ਵਾਲੇ ਕੂਕਦੇ ਹੋ ਹੋ ਕੇ ਹਲਕਾਨ, “ਸੁਣੋ ਨਗਰ ਦੇ ਵਾਸੀਉ ਰਾਜੇ ਦਾ ਫ਼ਰਮਾਨ। ਦਿਸੇ ਨਾ ਮਾੜਾ ਦ੍ਰਿਸ਼ ਕੋਈ, ਨਾ ਕੋਈ ਕੋੜ੍ਹ ਨਾ ਰੋਗ, ਨਾ ਕੋਈ ਹਾੜੇ ਮੋਏ ਨੂੰ, ਨਾ ਕੋਈ ਧਾਰੇ ਸੋਗ। ਨਾ ਕੋਈ ਲੂਹਲਾ ਲੰਗੜਾ ਅੰਨ੍ਹਾ ਕਢੇ ਚੀਕ, ਹੁਕਮ ਸੁਧੋਧਨ ਰਾਜ ਦਾ ਅਜ ਤਰਕਾਲਾਂ ਤੀਕ।” ਸਭ ਕੁਝ ਸੁਥਰਾ ਹੋ ਗਿਆ, ਸੱਜ ਗਏ ਘਰ ਬਾਰ, ਕਪਲਵਸਤੁ ਦਾ ਸ਼ਹਿਰ ਸਭ ਫਬਿਆ ਜਿਉਂ ਮੁਟਿਆਰ। ਚਿਤਰੇ ਰਥ ਵਿਚ ਬੈਠ ਕੇ ਨਿਕਲਿਆ ਰਾਜ ਕੁਮਾਰ, ਦੁਧ ਚਿੱਟੇ ਦੋ ਬੈਲ ਸਨ ਜੁਪੇ ਜਿਦੇ ਅਗਵਾਰ। ਪਲਮਦੀਆਂ ਸਨ ਝਾਲਰਾਂ, ਵਡੇ ਬੰਨ੍ਹ ਵਿਚਕਾਰ, ਨਾਲ ਰੰਗੀਨ ਪੰਜਾਲੀਆਂ ਪੈਂਦੇ ਵੱਟ ਹਜ਼ਾਰ। ਵੇਖ ਸੁਆਗਤ ਆਪਣਾ, ਖੁਸ਼ ਸੀ ਰਾਜਕੁਮਾਰ, “ਜਗ ਸੋਹਣਾ”, ਉਸ ਆਖਿਆ “ਮੂੰਹ ਮੂੰਹ ਭਰਿਆ ਪਿਆਰ, ਰਾਜੇ ਹੋਣੋਂ ਬਿਨਾਂ ਵੀ ਲੋਕ ਦਿਸਣ ਪਰਸੰਨ, ਦਯਾਵਾਨ ਮੂੰਹ ਇਨ੍ਹਾਂ ਦੇ ਸ਼ਾਂਤ ਇਨ੍ਹਾਂ ਦੇ ਮਨ। ਭੈਣਾਂ ਮਿਹਨਤ ਕਰਦੀਆਂ ਇਥੇ ਦਿਸਣ ਨਿਹਾਲ, ਬਿਨ ਬਦਲੇ ਦੇ ਹੋਈਆਂ ਮੇਰੇ ਉਤੇ ਦਿਆਲ। ਚੁਕ ਲਿਆਵੋ ਝੱਬਦੇ ਸੁੰਦਰ-ਮੂੰਹ ਔਹ ਬਾਲ, ਬੈਠਣ ਦੇਵੋ ਓਸਨੂੰ ਏਥੇ ਮੇਰੇ ਨਾਲ। ਚੰਨਾ, ਤੋਰੋ ਰਥ ਨੂੰ ਚੱਲੋ ਵਿਚ ਬਾਜ਼ਾਰ, ਹੋਰ ਤਕਾਂ ਇਸ ਜਗ ਨੂੰ ਸੁੰਦਰ ਜਿਦੀ ਨੁਹਾਰ।” ਸੋ, ਉਹ ਲੰਘ ਦਰਵਾਜ਼ਿਓਂ ਤੁਰੇ ਅਗੇਰੇ ਹੋਰ, ਨਾਲ ਪਹੀਆਂ ਦੇ ਲਮਕਦੀ ਭੀੜ ਮਚਾਵੇ ਸ਼ੋਰ। ਅਗੇ ਅਗੇ ਕਈ ਭੱਜਦੇ ਸੁਟਣ ਕੰਵਰ ਤੇ ਹਾਰ, ਬਲਦਾਂ ਨੂੰ ਪੁਚਕਾਰਦੇ ਗਾਟੇ ਤੇ ਕਰ ਪਿਆਰ। ਕਈ ਖੁਆਂਦੇ ਉਨ੍ਹਾਂ ਨੂੰ ਗੁੜ ਆਟਾ ਤੇ ਚੌਲ, ਕਈ ਗੁੰਜਾਣ ਅਕਾਸ਼ ਨੂੰ “ਜੈ ਕੰਵਰ ਦੀ!” ਬੋਲ। ਨਾਲ ਅਜੇਹੇ ਦ੍ਰਿਸ਼ਾਂ ਦੇ ਪੁਰ ਸੀ ਸਾਰੀ ਵਾਟ, ਖੁਸ਼ੀ ਅਤੇ ਉਤਸ਼ਾਹ ਦੀ ਰਤਾ ਨਹੀਂ ਸੀ ਘਾਟ । ਪਰ ਕੁਝ ਅੱਗੇ ਚੱਲ ਕੇ ਬੁੱਢਾ ਇਕ ਨਢਾਲ, ਲੜਖੜ ਕਰਦਾ ਕੰਬਦਾ ਆ ਗਿਆ ਸੜਕ ਵਿਚਾਲ। ਧੁੱਪ-ਝਲੂਸੀ ਚਮੜੀ ਹੋਈ ਵੱਟੇ ਵੱਟ, ਡੰਗਰ ਦੀ ਖਲ ਵਾਗਰਾਂ ਵੱਟ, ਦੁਵੱਟ, ਤਿਵੱਟ । ਲਿਫਿਆ ਲਕ ਜ਼ਮੀਨ ਤਕ ਉਮਰ-ਭਾਰ ਦੇ ਨਾਲ, ਅੱਖਾਂ ਹੇਠ ਪੁਰਾਣਿਆਂ ਹੰਝੂਆਂ ਦਾ ਜੰਗਾਲ । ਤਕ ਕੇ ਇਤਨੀਆਂ ਖ਼ਲਕਤਾਂ ਭਰੀਆਂ ਖੁਸ਼ੀਆਂ ਨਾਲ, ਬੋੜੇ ਜਬੜੇ ਓਸ ਦੇ ਵੱਜਣ ਜਿਉਂ ਖੜਤਾਲ । ਘਸੀ ਡੰਗੋਰੀ ਕੰਬਦੀ ਸੀਗੀ ਉਸ ਦੇ ਹੱਥ, ਲੱਕੜ ਵਾਂਗੂ ਸੀਗ ਜੋ ਸੁਕਿਆ ਤੇ ਬੇਰੱਤ। ਸੀਨੇ ਤੇ ਹੱਥ ਰਖ ਉਸ ਵਾਜ਼ ਕਢੀ ਕਮਜ਼ੋਰ, “ਦਿਉ ਦਿਉ ਕੁਝ ਪ੍ਰਾਨੀਓ, ਦੋ ਦਿਨ ਹਾਂ ਮੈਂ ਹੋਰ ।” ਪਰ ਛੇਤੀ ਹੀ ਖੰਘ ਨੇ ਘੁਟਿਆ ਉਸ ਦਾ ਬੋਲ, ਅੱਡ ਲਈ ਫਿਰ ਓਸ ਨੇ ਕੰਬਦੀ ਅਪਣੀ ਝੋਲ। ਕਿਹਾ ਖ਼ਲਕ ਨੇ ਓਸ ਨੂੰ ਧੱਕੇ ਧੱਫ਼ੇ ਮਾਰ, “ਮਰ ਇਕ ਪਾਸੇ ਬੁਢੜਿਆ, ਤਕੇ ਨਾ ਰਾਜਕੁਮਾਰ ?” ਪਰ ਸਿੱਧਾਰਥ ਬੋਲਿਆ ਦਿਲ ਚੋਂ ਕੱਢ ਪੁਕਾਰ, “ਰਹਿਣ ਦਿਉ, ਕਿਉਂ ਏਸ ਦਾ ਕਰੋ ਨਹੀਂ ਸਤਿਕਾਰ ? ਚੰਨਾ, ਇਹ ਕੀ ਚੀਜ਼ ਹੈ, ਦਿਸੇ ਆਦਮੀ ਹਾਰ, ਪਰ ਕੇਵਲ ਹੈ ਦਿਸਦੀ, ਕਿਉਂਕਿ ਇਕ ਵੀ ਵਾਰ, ਨਹੀਂ ਤਕਿਆ ਕੋਈ ਆਦਮੀ ਮੈਂ ਇਤਨਾ ਬੁਰ ਹਾਲ ਸੋਗੀ, ਕੱਬਾ, ਬੁੱਢੜਾ, ਭਿਆਨਕ ਅਤੇ ਨਢਾਲ । ਕੀ ਏਹੋ ਜਹੇ ਆਦਮੀ ਜੰਮਦੇ ਵਿਚ ਸੰਸਾਰ ? ਕੀ ਦੁਖ ਲੱਗਾ ਏਸਨੂੰ ਹਡੀਆਂ ਨਿਕਲੀਆਂ ਬਾਹਰ ?” ਤਦ ਕਿਹਾ ਰਥਵਾਨ ਨੇ, “ਮਿਠੇ ਰਾਜਕੁਮਾਰ, ਇਹ ਇਕ ਬੁੱਢਾ ਆਦਮੀ ਚੁਕਿਆ ਉਮਰ ਗੁਜ਼ਾਰ । ਸਿੱਧਾ ਸੀ ਲੱਕ ਏਸ ਦਾ ਅਜ ਤੋਂ ਅੱਸੀ ਸਾਲ, ਰੋਸ਼ਨ ਅੱਖ, ਅਰੋਗ ਦੇਹ, ਘੋੜੇ ਵਰਗੀ ਚਾਲ, ਹੁਣ ਵਰ੍ਹਿਆਂ ਦੇ ਜ਼ੋਰ ਨੇ ਚੂਸੀ ਇਸ ਦੀ ਰੱਤ, ਅਕਲ ਹੋਸ਼ ਤੇ ਤ੍ਰਾਣ ਨੂੰ ਖੋਹ ਕੀਤਾ ਬੇਪੱਤ । ਮੁੱਕ ਗਿਆ ਇਸ ਦੀਵਿਉਂ ਜੀਵਨ ਦਾ ਕੁਲ ਤੇਲ, ਕਾਲੀ ਬੱਤੀ ਸੜ ਰਹੀ, ਦੋ ਘੜੀਆਂ ਦੀ ਖੇਲ । ਹਰ ਪ੍ਰਾਣੀ, ਹਰ ਉਮਰ ਦਾ ਹੁੰਦਾ ਇਹੋ ਅਖ਼ੀਰ, ਪਰ ਕਿਉਂ ਰਾਜਕੁਮਾਰ ਜੀ, ਤੁਸੀਂ ਹੋਏ ਦਿਲਗੀਰ ?” ਤਦ ਕੰਵਰ ਨੇ ਪੁਛਿਆ, “ਕੀ ਸਭਨਾਂ ਦੇ ਨਾਲ ਏਸ ਤਰ੍ਹਾਂ ਹੀ ਵਾਪਰੇ, ਯਾ ਇਸ ਦਾ ਇਹ ਹਾਲ ?” “ਸ਼ਾਹ ਵੀ,” ਚੰਨੇ ਆਖਿਆ “ਏਦਾਂ ਹੀ ਹੋ ਜਾਣ, ਇਸ ਬੁਢੇ ਦੀ ਉਮਰ ਨੂੰ ਜੇਕਰ ਉਹ ਭੁਗਤਾਣ ।” ਮੈਂ ਵੀ ਅਤੇ ਯਸ਼ੋਧਰਾਂ ਇਉਂ ਹੀ ਦੇਣੀ ਜਾਨ ? ਨਾਲੇ ਗੰਗਾ, ਗੌਤਮੀ ?” ਹੋਇਆ ਕੰਵਰ ਹੈਰਾਨ । ਉਤਰ ਦਿਤਾ ਰਥਵਾਨ ਨੇ “ਹਾਂ, ਵੱਡੀ ਸਰਕਾਰ, ਏਦਾਂ ਹੀ ਹੈ ਚਲ ਰਿਹਾ ਜਗ ਇਹ ਚਲਣਹਾਰ ।” “ਮੋੜ ਲਿਚੱਲੋ ਰੱਥ ਤਦ,” ਬੋਲਿਆ ਕੰਵਰ ਉਦਾਸ, “ਦੇਖ ਲਿਆ ਮੈਂ ਅਜ ਉਹ ਜਿਸਦੀ ਨਹੀਂ ਸੀ ਆਸ ।” ਇਸ ਉਤੇ ਵੀਚਾਰਦਾ ਮੁੜਿਆ ਰਾਜ ਕੁਮਾਰ, ਸ਼ੋਕਮਈ ਮੂੰਹ ਓਸਦਾ, ਦਿਲ ਤੇ ਗ਼ਮ ਦਾ ਭਾਰ । ਰਸ਼ਨੀ ਲਾਏ ਓਸ ਨਾ ਮਠੀਆਂ, ਮੇਵੇ, ਫੱਲ, ਨਾ ਮੂੰਹ ਲਾਇਆ ਓਸ ਨੇ ਤਰੇਲੋਂ ਨਿਰਮਲ ਜੱਲ । ਨਾ ਤਕੀਆਂ ਉਸ ਨਾਚੀਆਂ ਅੱਖ ਉਤਾਂਹ ਵਲ ਚਕ, ਭਾਵੇਂ ਨਚ ਨਚ ਟੁੱਟ ਗਏ, ਸੁਹਲ ਉਨ੍ਹਾਂ ਦੇ ਲੱਕ । ਦੇਖ ਉਦਾਸੀ ਕੰਵਰ ਦੀ, ਹੋ ਕੇ ਅਤੇ ਗ਼ਮਗ਼ੀਨ, ਪੈਰਾਂ ਵਿਚ ਯਸੋਧਰਾਂ ਰੱਖੇ ਨੈਣ ਹੁਸੀਨ । ਬੋਲੀ ਹਉਕਾ ਮਾਰ ਕੇ, “ਹੇ ਮੇਰੇ ਭਗਵਾਨ, ਕੀ ਸੁਖਦਾਈ ਤੁਸਾਂ ਨੂੰ ਕਰੇ ਨਾ ਮੇਰੀ ਜਾਨ ?” “ਹੇ ਮਿਠੀਏ,” ਉਸ ਆਖਿਆ “ਤੈਂ ਵਿਚ ਬੇਹਦ ਸੁੱਖ, ਐਪਰ ਇਹ ਗਲ ਸੋਚ ਕੇ ਲੱਗਾ ਮੈਨੂੰ ਦੁੱਖ, ਕਿ ਆਖ਼ਰ ਇਸ ਸੁੱਖ ਨੇ ਜਾਣਾ ਮੁਕ ਜ਼ਰੂਰ, ਅੰਤ ਬੁਢਾਪਾ ਦੋਹਾਂ ਨੂੰ ਕਰਸੀ ਚਿਕਨਾ ਚੂਰ । ਨਾਲੇ ਹੁਸਨ, ਪਿਆਰ-ਬਿਨ, ਕੁੱਬਾ ਤੇ ਕਮਜ਼ੋਰ, ਜਿੱਦਾਂ ਜੋਕਾਂ ਕਾਲੀਆਂ ਸੁੱਟਣ ਰੱਤ ਨਚੋੜ। ਭਾਵੇਂ ਹੁਸਨ ਪਿਆਰ ਨੂੰ ਰਖੀਏ ਲਖ ਲੁਕਾ, ਚੋਰ ਚਤਰ ਪਰ ਸਮੇਂ ਦਾ ਲਾ ਜਾਏ ਅਪਣਾ ਦਾੱ । ਉਸ ਚੋਟੀ ਤੋਂ ਜਿਸ ਤਰ੍ਹਾਂ ਕਿਰਨਾਂ ਰਤੀਆਂ ਲਾਲ, ਰਾਤ ਚੁਰਾ ਕੇ ਮਲਕੜੇ ਲੈ ਜਾਏ ਅਪਣੇ ਨਾਲ, ਏਦਾਂ ਤੇਰਾ ਹੁਸਨ ਵੀ, ਏਦਾਂ ਮੇਰੀ ਚਾਹ, ਅੰਤ ਸਮੇਂ ਦੇ ਠੱਗ ਨੇ ਖੜਨੀ ਏਂ ਹਥਿਆ । ਏਸ ਹਨੇਰੇ ਵਿਚ ਹੀ ਡੋਲਣ ਮੇਰੇ ਵਿਚਾਰ, ਕਿਵੇਂ ਹੁਸਨ ਦੀ ਮਧੁਰਤਾ ਸੱਕਾਂ ਮੈਂ ਖਲਿਹਾਰ ।” ਏਦਾਂ ਸਾਰੀ ਰਾਤ ਹੀ ਲਗੀ ਨਾ ਉਹਦੀ ਅੱਖ, ਨੀਂਦਰ ਭੁਖ ਅਰਾਮ ਦੀ ਸਾਰ ਨਾ ਉਹਨੂੰ ਕੱਖ । ਉੱਧਰ ਸਾਰੀ ਰੈਨ, ਤਕ ਤਕ ਖ਼ਾਬ ਡਰਾਉਣੇ ਪਿਤਾ ਰਹੇ ਬੇਚੈਨ। ਪਹਿਲਾ ਖ਼ਾਬ ਡਰਾਉਣਾ ਝੰਡਾ ਇਕ ਵਿਸ਼ਾਲ, ਚੌੜਾ, ਉੱਚਾ, ਚਮਕਣਾ, ਸੂਰਜ ਵਰਗੀ ਝਾਲ । ਪਰ ਇਕ ਝੱਖੜ ਆ ਗਿਆ, ਪੂਜਯ ਓਸਦਾ ਚੀਰ ਧੂਹ ਭੁੰਜੇ ਜਿਸ ਸੁਟਿਆ ਕਰਕੇ ਲੀਰੋ ਲੀਰ । ਫਿਰ ਆਏ ਕੁਝ ਆਦਮੀ ਪਰਛਾਂਵੇ ਦੇ ਹਾਰ ਸਾਂਭ ਲੀਰਾਂ ਜੋ ਲੈ ਗਏ ਸ਼ਹਿਰ-ਫਾਟਕੋਂ ਬਾਹਰ । ਦੂਜਾ ਖ਼ਾਬ ਡਰਾਉਣਾ ਹਾਥੀ ਵੱਡੇ ਦੱਸ, ਜਿੱਥੇ ਰਖਦੇ ਪੈਰ ਉਹ ਧਰਤੀ ਜਾਂਦੀ ਧੱਸ । ਦੰਦ ਉਨ੍ਹਾਂ ਦੇ ਲਿਸ਼ਕਦੇ ਚੰਦਰਮਾ ਤੇ ਵੱਤ ਉੱਤਰ ਵਲ ਸਨ ਜਾ ਰਹੇ ਝੂਮ ਝੂਮਾ ਉਹ ਅੱਤ ਅਗਲੇ ਹਾਥੀ ਉਪਰ ਸੀ ਪੁਤ ਰਾਜੇ ਦਾ ਸਵਾਰ, ਬਾਕੀ ਸਨ ਸਭ ਤੁਰ ਰਹੇ ਪਿੱਛੇ ਬੰਨ੍ਹ ਕਤਾਰ । ਤੀਜਾ ਖ਼ਾਬ ਡਰਾਉਣਾ ਰੱਥ ਇਕ ਮੀਨਾਕਾਰ, ਸੂਰਜ ਵਾਂਗੂੰ ਦੱਗਦਾ, ਅੱਗੇ ਘੋੜੇ ਚਾਰ । ਨਾਸਾਂ ਚੋਂ ਜੋ ਕੱਢਦੇ ਚਿੱਟਾ ਚਿੱਟਾ ਧੂੰ, ਅੱਗ-ਰੰਗੀ ਝੱਗ ਚਮਕਦੀ ਨਿਕਲ ਉਨ੍ਹਾਂ ਦੇ ਮੂੰਹ । ਏਸ ਜੜਾਊ ਰੱਥ ਵਿਚ ਸਭ ਤੋਂ ਅੱਗੇ ਵਾਰ, ਭਰੇ ਤੇਜ ਸੀ ਚਮਕਦਾ ਸੋਹਣਾ ਰਾਜ ਕੁਮਾਰ । ਚੌਥਾ ਖ਼ਾਬ ਡਰਾਉਣਾ ਚੱਕਰ ਇਕ ਵਿਸ਼ਾਲ, ਜੜਿਆ ਹੀਰੇ ਮੋਤੀਆਂ ਲਾਲ ਜ਼ਮੁਰਦਾਂ ਨਾਲ । ਸੋਨੇ ਦੇ ਇਕ ਧੁਰੇ ਤੇ ਘੁਮਦਾ ਪਾ ਘਨਘੋਰ, ਰਾਗ ਅਗਨੀ ਦੇ ਦ੍ਰਿਸ਼ ਬਿਨ ਦਿਸਦਾ ਕੁਝ ਨਾ ਹੋਰ । ਪੰਜਵਾਂ ਖ਼ਾਬ ਡਰਾਉਣਾ ਸੀ ਇਕ ਢੋਲ ਮਹਾਨ, ਨਗਰ ਪਹਾੜਾਂ ਵਿਚ ਜੋ ਟਿਕਿਆ ਵਾਂਗ ਚਟਾਨ। ਕੁੱਟ ਰਿਹਾ ਸੀ ਓਸਨੂੰ ਲੋਹੇ ਨਾਲ ਕੁਮਾਰ, ਬਦਲਾਂ ਦੀ ਘਨਘੋਰ ਜਿਉਂ ਉਠਦੀ ਸੀ ਗੁੰਜਾਰ । ਛੇਵਾਂ ਖ਼ਾਬ ਡਰਾਉਣਾ ਉੱਚਾ ਇਕ ਮੀਨਾਰ, ਬੁਰਜੀ ਜਿਸਦੀ ਗੁੰਮ ਸੀ ਬਦਲਾਂ ਦੇ ਵਿਚਕਾਰ । ਉੱਪਰ ਬੈਠਾ ਓਸ ਦੇ ਸੋਹਣਾ ਰਾਜ ਕੁਮਾਰ, ਚਾਰ ਚੁਫੇਰੇ ਆਪਣੇ ਮੋਤੀ ਰਿਹਾ ਖਿਲਾਰ । ਜਾਣੋ ਮੀਂਹ ਵਿਚ ਵਰ੍ਹ ਰਹੇ ਹੀਰੇ ਪੰਨੇ ਲਾਲ, ਬੋਚਣ ਖ਼ਾਤਰ ਜਿਨ੍ਹਾਂ ਨੂੰ ਦੁਨੀਆਂ ਸਭ ਬੇਹਾਲ । ਐਪਰ ਸੁਫਨਾ ਸੱਤਵਾਂ, ਰੋਵਣ ਦਾ ਸੀ ਸ਼ੋਰ, ਕੀ ਦੇਖੇ ਛੇ ਆਦਮੀ ਪਿਟਦੇ ਜ਼ੋਰੋ ਜ਼ੋਰ, ਰੋਂਦੇ ਤੇ ਕੁਰਲਾਉਂਦੇ ਜਾ ਰਹੇ ਹਾਲ ਬੇਹਾਲ, ਲੱਥੇ ਚੇਹਰੇ ਉਨ੍ਹਾਂ ਦੇ, ਸਹਿਮੀ ਹੋਈ ਚਾਲ। ਸੁਫਨੇ ਸਤ ਡਰਾਉਣੇ ਏਦਾਂ ਹੋਏ ਅਖ਼ੀਰ, ਪਰ ਅਤੇ ਚਾਰ ਪੁਰਸ਼ ਵੀ ਕਰ ਨਾ ਸਕੇ ਤਾਬੀਰ । ਅੱਤ ਦੁਖਿਆਰਾ ਹੋਏ ਕੇ ਰਾਜਾ ਕਹਿੰਦਾ “ਹੈਹ ! ਲੱਥਾ ਮੇਰੇ ਘਰ ਉਤੇ ਡਾਢਾ ਕੋਈ ਗ੍ਰਹਿ । ਕੀ ਨਾ ਸੱਕੋ ਕਰ ਤੁਸੀਂ ਮੇਰਾ ਹਲ ਸਵਾਲ ? ਕੀ ਹੈ ਏਹਨਾਂ ਚਿੰਨ੍ਹਾਂ ਤੋਂ ਦੇਵਤਿਆਂ ਦਾ ਖ਼ਿਆਲ ?” ਛਾਈ ਸਾਰੇ ਸ਼ਹਿਰ ਤੇ ਸੋਗਵਾਨ ਇਕ ਮੁੱਝ, ਕਿਉਂਕਿ ਖ਼ਾਬ ਡਰਾਉਣੇ ਸਕਿਆ ਕੋਈ ਨਾ ਬੁੱਝ । ਪਰ ਇਕ ਬੁੱਢਾ ਆਦਮੀ ਲੱਕ ਪਹਿਨੀ ਮ੍ਰਿਗ ਛਾਲ, ਆਕੇ ਰਾਜ ਦਵਾਰ ਤੇ ਬੋਲਿਆ ਏਦਾਂ ਨਾਲ, “ਲੈ ਚੱਲੋ ਹੇ ਸੋਹਣਿਉਂ ਮੈਨੂੰ ਰਾਜੇ ਪਾਸ, ਬੁੱਝ ਕੇ ਸੁਫਨੇ ਓਸਦੇ ਦੇਵਾਂਗਾ ਧਰਵਾਸ ।” ਸੁਣ ਕੇ ਅੱਧੀ ਰਾਤ ਦੇ ਖ਼ਾਬ ਭਿਆਨਕ ਸੱਤ, ਕਰ ਪ੍ਰਣਾਮ ਉਹ ਬੋਲਿਆ “ਹੇ ਪਰਜਾ ਦੀ ਪੱਤ, ਭਾਗ ਭਰੇ ਇਸ ਗ੍ਰਹਿ ਤੇ ਤ੍ਰੁਠਿਆ ਆਪ ਦਿਆਲ, ਸੂਰਜ ਤੋਂ ਵਧ ਲਿਸ਼ਕਣੀ ਜਗਣੀ ਜਿੱਥੇ ਮਸਾਲ । ਸੱਤੇ ਖ਼ਾਬ ਡਰਾਉਣੇ ਖੁਸ਼ੀਆਂ ਹਨ ਇਹ ਸੱਤ, ਹਫਤੇ ਅੰਦਰ ਵਰਤਸਣ, ਦਸ ਦਿਨਾਂ ਵਿਚ ਅੱਤ। ਪਹਿਲਾ ਜੇ ਤੂੰ ਦੇਖਿਆ ਝੰਡਾ ਅੰਤ ਵਿਸ਼ਾਲ, ਇੰਦਰ ਦੇ ਚਿੰਨ੍ਹ ਵਾਲੜਾ ਢਹਿੰਦਾ ਧਰਤ ਚੁਫ਼ਾਲ । ਫੇਰ ਚੁਕੀਂਦਾ ਧਰਤ ਤੋਂ ਲਗਦਾ ਨਾਲ ਸਮਾਨ, ਅੰਤ ਪੁਰਾਣੇ ਮਤਾਂ ਦਾ ਮੁੱਢ ਨਵੇਂ ਦਾ ਜਾਣ। ਕਿਉਂਕਿ ਚਾਹਣ ਨਵੀਨਤਾ ਦੇਵ ਵੀ ਬੰਦਿਆਂ ਹਾਰ, ਓੜਕ ਲੰਘਣ ਕਲਪ ਵੀ, ਲੰਘਣ ਜਿਵੇਂ ਦਿਹਾਰ । ਧਰਤੀ ਸਨ ਕੰਬਾਉਂਦੇ ਹਾਥੀ ਜੇਹੜੇ ਦੱਸ, ਦਸ ਦਾਤਾਂ ਬੁੱਧੀ ਦੀਆਂ ਸੀਗ ਰਹੇ ਉਹ ਦੱਸ । ਹੋ ਜਿਨ੍ਹਾਂ ਦੇ ਆਸਰੇ ਕੰਵਰ ਤਿਆਗੇ ਰਾਜ, ਸਤਿ ਫੈਲਾਕੇ ਜਗ ਤੇ ਰੱਖੇ ਸਤਿ ਦੀ ਲਾਜ । ਅੱਗ ਉਗਲਛਣ ਵਾਲੜੇ ਘੋੜੇ ਰਬ ਦੇ ਚਾਰ, ਹਨ ਉਹ ਨਿਰਭੈ ਨੇਕੀਆਂ ਜਿਹੜੀਆਂ ਰਾਜਕੁਮਾਰ, ਸ਼ੋਕ ਸ਼ੂਨ ਦੇ ਘੇਰਿਉਂ ਕੱਢਕੇ ਬਾਹਰ ਵਾਰ ਖਿੜੇ ਤੇ ਵਿਗਸੇ ਤੇਜ ਵਿਚ ਦੇਣਗੀਆਂ ਖਲਿਹਾਰ । ਘੁੰਮਦਾ ਚੱਕਰ ਸੀਗ ਜੋ ਸੋਨੇ ਦੀ ਲਠ ਚੂਲ, ਸੱਚੇ ਪੂਰਨ ਨਿਯਮ ਦਾ ਚੱਕਰ ਉਨੂੰ, ਕਬੂਲ । ਜਿਸ ਨੂੰ ਤੇਰੇ ਪੁੱਤ ਨੇ ਉਂਗਲੀ ਉਤੇ ਚਾੜ੍ਹ, ਪੂਰੇ ਵੇਗ ਘੁਕਾਉਣਾ ਦੁਨੀਆਂ ਦੇ ਵਿਚਕਾਰ । ਤੇ ਉਹ ਗੁੰਜਣ ਵਾਲੜਾ ਵੱਡਾ ਢੋਲ ਮਹਾਨ, ਗੂੰਜਰ ਸੀਗੀ ਨਾਮ ਦੀ ਫੈਲੀ ਵਿਚ ਜਹਾਨ। ਅਤੇ ਮੁਨਾਰਾ ਉੱਚੜਾ ਛੂੰਹਦਾ ਜੋ ਅਸਮਾਨ, ਇਹ ਬੁੱਧ ਦੇ ਉਪਦੇਸ਼ ਦੀ ਚੜ੍ਹਦੀ ਕਲਾ ਪਛਾਣ । ਉਤੋਂ ਡਿਗਦੀਆਂ ਚੂਨੀਆਂ ਹੈ ਉਹ ਚੰਗਾ ਨੇਮ, ਦੇਵਾਂ ਅਤੇ ਮਨੁੱਖ ਦਾ ਜਿਸਦੇ ਨਾਲ ਪ੍ਰੇਮ । ਪਰ ਜਿਹੜੇ ਛੇ ਆਦਮੀ ਕਰਦੇ ਜਾਣ ਪੁਕਾਰ, ਹਨ ਛੇ ਵੱਡ ਗੁਰੂ ਉਹ ਭਰੇ ਨਾਲ ਹੰਕਾਰ । ਜਿਨ੍ਹਾਂ ਅਗੇ ਚਮਕਦੀ ਅਪਣੀ ਬਾਣੀ ਬੋਲ, ਮੂਰਖਤਾ ਸਭ ਉਨ੍ਹਾਂ ਦੀ ਕੰਵਰ ਦਏਗਾ ਖੋਹਲ । ਹੇ ਰਾਜਨ, ਪ੍ਰਸੰਨ ਹੋ, ਸਾਡਾ ਕੰਵਰ ਸੁਜਾਨ, ਸਲਤਨਤਾਂ ਤੋਂ ਰਚਸੀ ਉੱਚਾ ਕਿਤੇ ਜਹਾਨ । ਸੱਤੇ ਤੇਰੇ ਸੁਫਨੇ ਸੱਤ ਦਿਨਾਂ ਵਿਚਕਾਰ, ਸਭ ਪੂਰੇ ਹੋ ਜਾਣਗੇ, ਗਲ ਮੇਰੀ ਪਕਿਆਰ। ਇਉਂ ਉਹ ਬੁੱਢਾ ਆਦਮੀ ਛੂ ਧਰਤੀ ਤਿੰਨ ਵਾਰ, ਅੱਠ ਪ੍ਰਣਾਮਾਂ ਸਾਧ ਕੇ, ਪਰਤ ਨਿਕਲਿਆ ਬਾਹਰ । ਤਦ ਰਾਜੇ ਫਰਮਾਇਆ, 'ਭੇਟਾ ਕਈ ਅਛੋਹ ਚੰਗੇ ਏਸ ਮਨੁੱਖ ਦੇ ਚਰਨੀਂ ਦੇਵੋ ਢੋ ।” ਆਣ ਕਿਹਾ ਪਰ ਸੇਵਕਾਂ, ਮੰਦਰ ਦੇ ਵਿਚਕਾਰ ਕਿਆ ਉਹਨੂੰ ਵੜਦਿਆਂ, ਐਪਰ ਅੰਦਰ ਵਾਰ, ਇਕ ਖ਼ਾਕੀ ਉੱਲੂ ਬਿਨਾਂ ਲਭਿਆ ਕੁਝ ਨਾ ਹੋਰ, ਪਲੋ ਪਲੀ ਜੋ ਉਡ ਗਿਆ ਖੋਹਲ ਅਪਣੀ ਖੰਭਰੋੜ ।” ਏਸ ਤਰ੍ਹਾਂ ਵੀ ਦੇਵਤੇ ਆਉਂਦੇ ਕਦੀ ਕਦਾਣ, ਪਰ ਰਾਜੇ ਨੂੰ ਲਗਿਆ ਗ਼ਮ ਗੁੱਝਾ ਕੋਈ ਖਾਣ । ਨਵਾਂ ਚੜ੍ਹਾਇਆ ਹੁਕਮ ਉਸ, “ਨਵੀਆਂ ਖੁਸ਼ੀਆਂ ਨਾਲ, ਬੁਣੋ ਉਦਾਲੇ ਕੰਵਰ ਦੇ ਤ੍ਰੀਆ-ਰੂਪ ਦਾ ਜਾਲ। ਨਵੀਆਂ ਨੱਚਣ ਵਾਲੀਆਂ, ਸਖੀਆਂ ਚੰਦ ਸਮਾਨ, ਸੋਹਣੇ ਰਾਜ ਕੁਮਾਰ ਦਾ ਮੂਝਿਆ ਦਿਲ ਪਰਚਾਣ । ਨਾਲੇ ਸਾਰੇ ਫਾਟਕੀਂ ਅੱਤ ਕਰੜਾਈ ਨਾਲ, ਦੂਹਰਾ, ਤੀਹਰਾ, ਚੌਹਰਾ ਪਹਿਰਾ ਦਿਉ ਬਿਠਾਲ ।” ਫਿਰ ਇਕ ਵਾਰੀ ਚਾਹਿਆ ਸਾਡੇ ਰਾਜਕੁਮਾਰ, ਦੇਖੇ ਰੰਗ ਜਹਾਨ ਦਾ ਨਿਕਲ ਫਾਟਕਾਂ ਬਾਹਰ । ਜੀਵਨ ਏਸ ਮਨੁਖ ਦਾ ਕੇਡਾ ਹੈ ਰਸਦਾਰ, ਛਲ ਇਸਦੀ ਜੇ ਲੁਕੇ ਨਾ ਥਲ ਵਿਚ ਆਖ਼ਰਕਾਰ । ਕਿਹਾ ਪਿਤਾ ਨੂੰ ਕੰਵਰ ਨੇ ਡੂੰਘਾ ਤਰਲਾ ਘੱਤ, “ਸ਼ਹਿਰ ਜਿਵੇਂ ਹੈ ਵਸਦਾ ਦੇਖਣ ਦੇਵੋ ਵੱਤ। ਪਹਿਲੀ ਵਾਰ ਮਹਾਰਾਜ ਨੇ ਕਰ ਕੇ ਕ੍ਰਿਪਾ ਅਪਾਰ, ਲੋਕਾਂ ਨੂੰ ਸੀ ਆਖਿਆ ਦੇਵਣ ਸ਼ਹਿਰ ਸ਼ਿੰਗਾਰ । ਤਾਂ ਜੇ ਮੰਦੇ ਦ੍ਰਿਸ਼ ਉਹ ਰੱਖਣ ਕਿਤੇ ਲੁਕਾ, ਮੇਰੀ ਪਰਸੰਤਾ ਲਈ ਰੱਖ਼ਣ ਮੁਖ ਹਸਾ । ਫਿਰ ਵੀ ਮੈਨੂੰ ਅਸਲ ਦੀ ਲਗ ਗਈ ਸੀ ਸੋ, ਨਹੀਂ ਸੀ ਜੀਵਨ ਰੋਜ਼ ਦਾ ਡਿੱਠਾ ਸੀ ਮੈਂ ਜੋ । ਪੂਜ ਪਿਤਾ ਜੀ ਕਰੋ ਜੇ ਮੈਨੂੰ ਤੁਸੀ ਪਿਆਰ, ਚਾਹੁੰਦਾ ਹਾਂ ਮੈਂ ਜਾਣਨੇ ਅਪਣੇ ਗਲੀ ਬਜ਼ਾਰ । ਨਾਲੇ ਜੀਵਨ ਉਨ੍ਹਾਂ ਦੇ ਜੋ ਨਹੀਂ ਰਾਜ ਕੁਮਾਰ, ਸਾਦੀ ਰਹਿਣੀ ਜਿਨ੍ਹਾਂ ਦੀ ਸਾਦਾ ਹੀ ਵਿਵਹਾਰ । ਆਗਿਆ ਬਖਸ਼ੋ ਪਿਤਾ ਜੀ, ਭੇਸ ਓਪਰਾ ਧਾਰ, ਸ਼ਾਹੀ ਬਾਗ਼ਾਂ ਵਿਚ ਦੀ ਹੋ ਜਾਵਾਂ ਮੈਂ ਪਾਰ । ਮੁੜਸਾਂ ਹੋ ਸੰਤੁਸ਼ਟ ਮੈਂ ਵਿਚ ਲੋਕਾਂ ਦੇ ਵੱਸ, ਜੇ ਸੰਤੁਸ਼ਟ ਨਾ ਹੋਇਆ, ਸਿਆਣਾ ਬਣਾ ਅਵੱਸ਼ । ਇਸ ਲਈ ਮੇਰੀ ਬੇਨਤੀ, ਕੱਲ੍ਹ, ਦਾਸਾਂ ਦੇ ਨਾਲ, ਗਲੀਆਂ ਚੋਂ ਲੰਘਣ ਦਿਉ ਜਿੱਦਾਂ ਮੇਰਾ ਖ਼ਿਆਲ।” ਬਹਿ ਰਾਜੇ ਨੇ ਸੋਚਿਆ ਮੰਤਰੀਆਂ ਦੇ ਗੈਲ , “ਸ਼ੈਦ ਪਹਿਲੀ ਦੀ ਘਾਟ ਨੂੰ ਪੂਰੇ ਦੂਜੀ ਸੈਲ । ਤੱਕਣ ਦਿਉ ਕੁਮਾਰ ਨੂੰ ਰਬ ਦਾ ਖੁਲ੍ਹਾ ਜਹਾਨ, ਆਖੋ ਉਹਦੇ ਮਨ ਦੀ ਮੈਨੂੰ ਖਬਰ ਪਹੁੰਚਾਣ ।” ਅਗਲੇ ਰੋਜ਼ ਦੁਪਹਿਰ ਨੂੰ ਮੁਹਰ ਰਾਜੇ ਦੀ ਦਸ ਕੰਵਰ ਤੇ ਚੰਨਾ ਨਿਕਲੇ ਫਾਟਕ ਵਿਚੋਂ ਹਸ । ਜਾਣ ਸਕੇ ਨਾ ਇਤਨਾ ਐਪਰ ਪਹਿਰੇਦਾਰ ਸੌਦਾਗਰ ਦੇ ਭੇਸ ਵਿਚ ਲੰਘਿਆ ਰਾਜਕੁਮਾਰ । ਰਾਜ ਕੰਵਰ ਦੇ ਵਾਂਗ ਹੀ ਚਤਰ ਉਹਦਾ ਰਥਵਾਨ, ਧਾਰੀ ਭੇਸ ਮੁਨੀਮ ਦਾ ਲੰਘਿਆ ਬਿਨਾ ਸਿਞਾਣ । ਪੈਦਲ ਹੀ ਉਹ ਤੁਰ ਪਏ ਵਗਦੀ ਸੜਕ ਵਿਚਾਲ, ਗੱਲਾਂ ਬਾਤਾਂ ਮਾਰਦੇ ਸਾਕਯ-ਪ੍ਰਜਾ ਦੇ ਨਾਲ। ਨਾਲੇ ਵਿੰਹਦੇ ਸ਼ਹਿਰ ਦੇ ਦੋਵੇਂ ਹਰਖ ਤੇ ਸੋਗ, ਗਹਿਮਾ ਗਹਿਮ ਬਜ਼ਾਰ ਦੀ, ਚਿੰਤਾ, ਝੋਰੇ ਰੋਗ । ਹੈਸੀ ਬੈਠਾ ਆੜ੍ਹਤੀ ਢੁਕ ਬੋਹਲਾਂ ਦੇ ਨਾਲ, ਪੈਸੇ ਰੱਖੇ ਗਾਹਕਾਂ ਡੱਬਾਂ ਵਿਚ ਸੰਭਾਲ । ਇਕ ਇਕ ਧੇਲੇ ਕਾਰਨੇ ਲਾਂਦੇ ਸਾਰੀ ਵਾਹ, ਖਾਖੋਵਾੜਾ ਉਨ੍ਹਾਂ ਦਾ, ਦੇਵੇ ਰੱਬ ਪਨਾਹ । ਹੋਕੇ ਰਸਤਾ ਛਡਣ ਦੇ ਗਾਡੀ ਦੇਂਦੇ ਜਾਣ ਪਥਰ ਪਹੀਆਂ ਵਾਲੀਆਂ ਗੱਡਾਂ ਧਰਤ ਕੰਬਾਣ । ਚੁੱਕੀ ਡੋਲੇ ਰੰਗਲੇ ਗਾਉਂਦੇ ਜਾਣ ਕਹਾਰ, ਚੌੜੀਆਂ ਪਿੱਠਾਂ ਵਾਲੜੇ ਕੁਲੀਆਂ ਚੁਕਿਆ ਭਾਰ । ਖੂਹ ਤੋਂ ਪਾਣੀ ਢੋਂਦੀਆਂ ਤੀਵੀਆਂ ਮੱਠੀ ਚਾਲ, ਸਿਰ ਤੇ ਚੁਕੀ ਚਾਟੀਆਂ, ਢਾਕੇ ਲਾਈ ਬਾਲ । ਭਿਣ ਭਿਣ ਕਰਦੀਆਂ ਮਖੀਆਂ ਹਲਵਾਈ ਦੀ ਹੱਟ, ਟੰਗੀ ਅਪਣੀ ਧੁਣਖਣੀ ਪੇਂਜੇ ਉਪਰ ਖੱਟ । ਘੂੰ ਘੂੰ ਲਾਈ ਚਕੀਆਂ ਕਿਧਰ ਵਿਚ ਪਸਾਰ ਕਿਧਰੇ ਤਾਂਬਾ ਕੁਟਦਾ ਭਾਰੇ ਤੇ ਠਠਿਆਰ । ਕਿਤੇ ਸੰਜੋਆਂ ਗੰਢਦਾ ਨਾਲ ਸੁੱਚਜ ਲੁਹਾਰ। ਦਗ ਦਗ ਲੋਹਾ ਭਖਦਾ ਭੱਠੀ ਦੇ ਵਿਚਕਾਰ, ਬੈਠੇ ਦਵਾਲੇ ਗੁਰੂ ਦੇ ਅੱਧ ਚੰਨ ਦੇ ਹਾਰ, ਸਾਕਯ-ਪ੍ਰਜਾ ਦੇ ਬਾਲੜੇ ਮੰਤਰ ਰਹੇ ਉਚਾਰ । ਰੰਗ ਲਲਾਰੀ ਅੰਗੀਆਂ ਧੁਪੇ ਰਹੇ ਖਿਲਾਰ, ਨੁਚੜਦੀਆਂ ਤੇ ਪੀਲੀਆਂ, ਸੂਹੀਆਂ, ਧਾਰੀਦਾਰ । ਕਿਤੇ ਸਿਪਾਹੀ ਘੁਮਦੇ ਚੁਕੀ ਢਾਲ ਤਲਵਾਰ, ਕੋਹਾਨਾਂ ਤੇ ਹਿਲਦੇ ਕਿਧਰੇ ਸਾਂਢ-ਸਵਾਰ । ਸਪਿਆਧੇ ਇਕ ਨੁਕਰੇ ਖਲਕਤ ਰੱਖੀ ਬੰਨ੍ਹ, ਬੀਨ ਅੱਗੇ ਸੀ ਨੱਚਦਾ ਸਪ ਉਹਦਾ ਚੁਕ ਫੱਨ, ਲੰਘੀ ਢੋਲਾਂ ਤੂਤੀਆਂ ਵਾਲੀ ਇਕ ਕਤਾਰ, ਘੋੜਿਆਂ ਉਤੇ ਰੇਸ਼ਮੀ ਛੱਤਰ ਝੁਲਦੇ ਚਾਰ । ਵਹੁਟੀ ਸੀ ਕੋਈ ਆ ਰਹੀ ਮੁੜ ਕੇ ਅਪਣੇ ਘਰ, ਘੋੜੀ ਤੇ ਅਸਵਾਰ ਸੀ ਨਾਲ ਓਸਦਾ ਵਰ । ਓਧਰ ਕੋਈ ਪਤਨੀ ਚੁਕੀ ਫਲ ਤੇ ਰੋਟ, ਮੰਦਰ ਵਲ ਸੀ ਜਾ ਰਹੀ ਦਿਉਤਿਆਂ ਦੀ ਓਟ । ਪਤੀ ਮੁੜਨ ਦੀ ਸੁਖਣਾ ਯਾ ਉਸ ਰਖੀ ਧਿਆ, ਯਾ ਫਿਰ ਪੁਤਰ ਜੰਮਣ ਦੀ ਦਿਲ ਉਸਦੇ ਵਿਚ ਚਾਹ । ਦੀਵੇ, ਲੋਟੇ ਡੌਲਦਾ ਚੱਕ ਉਤੇ ਘੁਮਿਆਰ, ਜਿਸਦੇ ਕੋਲੋਂ ਲੰਘਦਾ ਸੋਹਣਾ ਰਾਜ ਕੁਮਾਰ, ਮੰਦਰ ਕੰਧਾਂ ਲਾਗਿਉਂ ਲੰਮਾ ਗੇੜਾ ਮਾਰ, ਵਲ ਨਦੀ, ਪੁਲ ਉੱਪਰੋਂ,ਮੁੜਿਆ ਆਖਰਕਾਰ। ਡਾਢੀ ਸੋਗੀ ਵਾਜ਼ ਇਕ ਪਈ ਕਵਰ ਦੇ ਕੰਨ : “ਮਦਦ, ਮਦਦ, ਹੇ ਸਵਾਮੀਉਂ, ਪੀੜ ਸੁਟਿਆ ਭੰਨ । ਮੈਨੂੰ ਰੱਬ ਦੇ ਵਾਸਤੇ ਜਾਣਾ ਰਤਾ ਉਠਾਲ, ਘਰ ਪੁਜਣੋ ਪਹਿਲੇ ਨਹੀਂ, ਖਾ ਜਾਵੇਗਾ ਕਾਲ ।” ਚੰਦਰਾ ਰੋਗੀ ਸੀ ਕੋਈ, ਕੰਬਦੀ ਜਿਸਦੀ ਦੇਹ, ਗ੍ਰਸੀ ਭਿਆਨਕ ਰੋਗ ਵਿਚ ਪਈ ਧੂੜ ਤੇ ਖੇਹ । ਪਿੰਡ ਉਤੇ ਓਸਦੇ ਨੀਲੇ ਲਾਲ ਚਟਾਕ ਜਿਨ੍ਹਾਂ ਚੋਂ ਸੀ ਉਠ ਰਹੀ ਜਿੰਦ-ਮੁਕਾਊ ਤ੍ਰਾਟ। ਉਹਦੇ ਮੱਥੇ ਉਘੜੀ ਤ੍ਰੇਲੀ ਠੰਡੀ ਠਾਰ, ਪੀੜ ਨਾਲ ਮੂੰਹ ਓਸਦਾ ਵਿੰਗਾ ਧੌੜੀ ਹਾਰ । ਨਾਲ ਪੀੜ ਦੇ ਹੌਂਕਦਾ ਉਠਦਾ ਫੜ ਫੜ ਘਾਹ, ਅੰਗ ਨਿਤਾਣੇ ਉਦ੍ਹੇ ਪਰ ਢਹਿ ਪੈਂਦੇ ਅਧ-ਰਾਹ । ਹੋ ਕੇ ਅਤੇ ਭੈ-ਭੀਤ ਉਹ, ਲਗਦਾ ਫਿਰ ਕੁਰਲਾਣ, “ਪੀੜ, ਪੀੜ, ਹੇ ਸਵਾਮੀਉਂ, ਬਹੁੜੋ ਕੋਈ ਆਣ ।” ਤੁਰਤ ਸਿਧਾਰਥ ਦੌੜਿਆ ਦੇਖ ਓਸਦਾ ਹਾਲ, ਰੋਗੀ ਨੂੰ ਉਸ ਚੁਕ ਲਿਆ ਕੂਲੇ ਹੱਥਾਂ ਨਾਲ । ਗੋਡੇ ਤੇ ਸਿਰ ਓਸਦਾ ਰਖਿਆ ਨਾਲ ਪਿਆਰ, ਨੈਣਾਂ ਵਿਚੋਂ ਕੰਵਰ ਦੇ ਡੁਲ੍ਹਦਾ ਤਰਸ ਅਪਾਰ । ਪੁਛਿਆ : “ਦਸ ਦੇ ਵੀਰਨਾ, ਕੀ ਹੈ ਤੈਨੂੰ ਦੁਖ, ਕਿਉਂ ਤੂੰ ਨਾ ਉਠ ਸਕਦਾ, ਵਾ ਝੰਬਿਆ ਜਿਉਂ ਰੁਖ । ਚੰਨਿਆਂ, ਕਿਉਂ ਇਹ ਹੌਂਕਦਾ ਹੋ ਕੇ ਅਤ ਲਾਚਾਰ । ਬੋਲਣ ਖਾਤਰ ਔੜਦਾ ਠੰਢੇ ਹਉਕੇ ਮਾਰ ?” ਤਦ ਦਿਤਾ ਰਥਵਾਨ ਨੇ ਉੱਤਰ ਏਦਾਂ ਮੋੜ, “ਘੇਰਿਆ ਵੱਡੇ ਕੰਵਰ ਜੀ, ਇਸ ਨੂੰ ਕਾਲੇ ਕੋਹੜ । ਜੰਤਰ ਇਦੇ ਸਰੀਰ ਦਾ ਵਿਗੜ ਗਿਆ ਹੁਣ ਆਣ, ਢਹਿ ਪਏ ਪੱਠੇ ਏਸਦੇ ਢਿਲਕੇ ਧਨੁਸ਼ ਸਮਾਨ। ਵਗਦਾ ਨਾੜੀਂ ਏਸਦੇ ਲਹੂ ਸੀ ਜੋ ਬਲਕਾਰ, ਅਜ ਤਪਦਾ ਤੇ ਉਬਲਦਾ ਅਗਨੀ ਦੇ ਹੜ ਹਾਰ । ਤਾਲ ਨਾਲ ਸੀ ਧੜਕਦਾ ਦਿਲ ਜਿਹੜਾ ਬਲਵਾਨ, ਅਜ ਬੇਤਾਲੀ ਢੋਲਕੀ ਵਾਂਗ ਹੋਏ ਹਲਕਾਨ । ਧੌਣ ਲਕ ਚੋਂ ਏਸਦੇ ਛੁਟਕ ਗਿਆ ਸਭ ਬਲ, ਰਸ-ਜੋਬਨ ਸਭ ਨੁਚੜਿਆ ਫੋਕਾ ਰਹਿ ਗਿਆ ਫਲ। ਦੇਖੋ ਮੁਠਾਂ ਮੀਟਦਾ ਕਿਵੇਂ ਫੜਨ ਨੂੰ ਪੀੜ, ਸੂਹੀਆਂ ਅੱਖਾਂ ਫੇਰਦਾ ਦੰਦ ਕਰੀਚ ਨਪੀੜ । ਰਗੜ ਅਡੀਆਂ ਖਿਚਦਾ ਸਾਹ ਨੂੰ ਮੰਦੇ ਹਾਲ, ਰੁਕਦਾ ਹੋਵੇ ਜਿਸ ਤਰ੍ਹਾਂ ਗਲ-ਘੁਟਵੇਂ ਧੂੰ ਨਾਲ । ਹੋ ਜਾਵੇਗਾ ਹੁਣੇ ਇਹ ਮੁਰਦਾ ਤੇ ਬੇਜਾਨ, ਓਨਾਂ ਚਿਰ ਪਰ ਏਸ ਨੇ ਛਡਣੇ ਨਹੀਂ ਪਰਾਨ, ਜਦ ਤਕ ਅੰਦਰ ਏਸਦੇ ਮਾਰੂ ਕੋਈ ਬਲਾ, ਕੰਮ ਨਾ ਪੂਰਾ ਕਰ ਲਵੇ ਹੱਡਾਂ ਨੂੰ ਕੁੜਕਾ । ਨਾਲ ਕਸ਼ਟ ਦੇ ਟੁਟਸਣ ਤੰਦਾਂ ਇਹਦੀਆਂ ਜਦ ਪੀੜ-ਹਿਸ ਤੋਂ ਸਖਣੇ ਹੋਣ ਇਹਦੇ ਹੱਡ, ਛੱਡ ਏਸਦੇ ਬੁਤ ਨੂੰ ਮਾਰੂ ਇਹ ਬਲਾ ਚਮੜ ਪਏਗੀ ਮਲਕੜੇ ਹੋਰ ਕਿਸੇ ਨੂੰ ਜਾ । ਠੀਕ ਨਾ ਇਸ ਨੂੰ ਚੁਕਣਾ, ਮੇਰੇ ਰਾਜ ਕੁਮਾਰ, ਤੁਹਾਡੇ ਤੇ ਵੀ ਹੋ ਸਕੇ ਏਸ ਬਲਾ ਦਾ ਵਾਰ ।” ਪਿੰਡੇ ਉਤੇ ਓਸਦੇ ਐਪਰ ਰਾਜਕੁਮਾਰ, ਰਿਹਾ ਫੇਰਦਾ ਅਪਣੀਆਂ ਤਲੀਆਂ ਪਹਿਲੇ ਹਾਰ । “ਹਨ ਦੁਖਿਆਰੇ ਹੋਰ ਵੀ ਕੀ ਏਦਾਂ ਦੇ ਢੇਰ ? ਕੀ ਮੈਂ ਵੀ ਇਸ ਵਾਂਗਰਾਂ ਹੋਸਾਂ ਅਪਣੀ ਵੇਰ ?” “ਸੋਹਣੇ ਰਾਜਕੁਮਾਰ ਜੀ,” ਮੋੜ ਕਿਹਾ ਰਥਵਾਨ, “ਕਈ ਭੇਖਾਂ ਵਿਚ ਇਹ ਬਲਾ ਫਿਰਦੀ ਏਸ ਜਹਾਨ। ਘਾਉ, ਰੰਜ, ਬੁਖਾਰ, ਦਿੱਕ, ਸੰਗ੍ਰਹਿਣੀ ਤੇ ਕੋਹੜ, ਮਿਰਗੀ ਤੇ ਅਧਰੰਗ ਵੀ ਸੁਟਣ ਜਿੰਦ ਨਚੋੜ ।” “ਆਵਣ ਅਚਨਚੇਤ ਕੀ ?” ਪੁਛਿਆ ਰਾਜਕੁਮਾਰ, ਚੰਨੇ ਅਗੋਂ ਆਖਿਆ, “ਖਚਰੇ ਸੁਪ ਦੇ ਹਾਰ ਅਣਡਿਠਾ ਜੋ ਡੰਗਦਾ, ਯਾ ਫਿਰ ਚਿਤਰੇ ਵਾਂਗ ਅਚਣਚੇਤ ਮਨੁਖ ਤੇ ਕੁੱਦਣ ਮਾਰ ਉਲਾਂਘ ।” “ਤਦ ਸਾਰੇ ਮਨੁਖ ਨੇ ਜੀਉਂਦੇ ਡਰ ਵਿਚਕਾਰ ?” “ਏਦਾਂ ਹੀ ਨੇ ਜੀਉਂਦੇ, ਸੋਹਣੇ ਰਾਜਕੁਮਾਰ ।” “ਆਖ ਨਾ ਕੋਈ ਸਕਦਾ ਹਿੱਕ ਥਾਪੜ ਕੇ ਫੇਰ, ਜਿਵੇਂ ਸਵਾਂਗਾ ਰਾਤ ਨੂੰ ਉਠਸਾਂ ਤਿਵੇਂ ਸਵੇਰ ?” “ਆਖ ਨਾ ਕੋਈ ਸਕਦਾ,” ਮੋੜ ਕਿਹਾ ਰਥਵਾਨ । “ਪੀੜਾਂ ਇਹ ਜੋ ਵੜਦੀਆਂ ਅੰਦਰ ਬਿਨਾ ਧਿਆਨ, ਕੀ ਇਹਨਾਂ ਦਾ ਅੰਤ ਹੈ ਖੁੱਸੀ-ਦੇਹ ਤੇ ਦੁਖ ?” “ਹਾਂ ਜੇ ਇਤਨੀ ਦੇਰ ਤਕ ਜੀਊਂਦਾ ਰਹੇ ਮਨੁਖ ।” “ਤੇ ਜੇ ਉਹ ਇਸ ਕਸ਼ਟ ਨੂੰ ਸਕਣ ਨਹੀਂ ਸਹਾਰ ਯਾ ਨਾ ਚਾਹੁਣ ਸਹਾਰਨੇ, ਯਾ ਫਿਰ ਆਖ਼ਰਕਾਰ ਏਸ ਆਦਮੀ ਵਾਂਗਰਾਂ ਝੱਲ ਕਸਟ ਹੋ ਜਾਣ, ਬਿਨਾ ਹਉਕਿਆਂ ਰਹੇ ਨਾ ਇਨ੍ਹਾਂ ਦੇ ਵਿਚ ਤ੍ਰਾਣ, ਫਿਰ ਵੀ ਰਹਿ ਕੇ ਜੀਉਂਦਿਆਂ ਹੋਵਣ ਬੁੱਢੇ ਢੇਰ, ਦੱਸੀਂ ਮੈਨੂੰ ਚੰਨਿਆਂ, ਅੰਤ ਉਨਾਂ ਕੀ ਫੇਰ ?” “ਮਰ ਜਾਵਣ ਉਹ ਕੰਵਰ ਜੀ ।” “ਹੱਛਾ ਉਹ ਮਰ ਜਾਣ ?” “ਹਾਂ ਜੀ ਆਖ਼ਰ ਮੌਤ ਹੀ ਕਰਦੀ ਸਭ ਦਾ ਘਾਣ । ਕੁਝ ਬੁੱਢੇ ਹਨ ਹੋਵੰਦੇ, ਬਾਕੀ ਰੋਗੀ ਹੋਣ, ਪਰ ਮਰਨਾ ਹੈ ਸਭ ਨੇ, ਮੌਤੋਂ ਬਚਿਆ ਕੌਣ ? ਦੇਖੋ ਮੁਰਦਾ ਆ ਰਿਹਾ,” ਤਕਿਆ ਰਾਜ ਕੁਮਾਰ, ਇਕ ਨੜੋਆ ਜਾ ਰਿਹਾ ਝਬਦੇ ਨਦੀ ਕਿਨਾਰ । ਅੱਗੇ ਇਕ ਦੇ ਹਥ ਵਿਚ ਭਖਦੇ ਕੁਝ ਅੰਗਿਆਰ, ਪਿਛੇ ਲੋਕੀ ਰੋਵੰਦੇ ਉਚੀਆਂ ਭੁਬਾਂ ਮਾਰ । ਮੂੰਹ ਸਿਰ ਮੁੰਨੇ ਉਨ੍ਹਾਂ ਦੇ, ਮੱਥੇ ਚਿਕੜ ਥੱਪ, ਹਿਕੋਂ ਨੰਗੇ ਜਾ ਰਹੇ ਕਰਦੇ ਏਦਾਂ ਜਪ : “ਬੋਲੋ ਰਾਮ ਹੀ ਰਾਮ ਹੈ, ਏਸੇ ਵਿਚ ਕਲਿਆਨ।” ਪਿਛੇ ਪਿਛੇ ਉਨ੍ਹਾਂ ਦੇ ਅਰਥੀ ਚੁਕੀ ਆਣ । ਉਤੇ ਸਿਧਾ ਅਕੜਿਆ, ਪੈਰ ਅਗਾਂਹ ਦੇ ਵਲ, ਖਾਲੀ ਵਖੀਆਂ ਵਾਲੜਾ ਦ੍ਰਿਸ਼ਟ ਹੀਣ, ਬੇਬਲ, ਕੇਸਰ ਦੇ ਵਿਚ ਧੂੜਿਆ, ਥਪਿਆ ਕੁਝ ਸੰਧੂਰ, ਹੈ ਸੀ ਮੁਰਦਾ ਲੇਟਿਆ ਜਿਵੇਂ ਸੀਗ ਦਸਤੂਰ । ਵਲ ਨਦੀ ਦੇ ਓਸਨੂੰ ਹੈਸਨ ਰਹੇ ਲਿਜਾ ਜਿਥੇ ਜਾ ਕੇ ਚਿਖਾ ਤੇ ਦਿਤਾ ਉਹਨੂੰ ਲਿਟਾ । ਮਿਠੀ ਨੀਂਦਰ ਓਸਦੀ ਸਵੇਂ ਜੋ ਏਥੇ ਆ, ਠੰਢ, ਪੌਣਾਂ ਵੀ ਓਸਨੂੰ ਸਕਣ ਨਾ ਮੂਲ ਜਗਾ । ਚਾਰੇ ਪਾਸੇ ਲਾ ਦਿਤਾ ਲੰਬੂ ਉਹਨਾਂ ਫੇਰ, ਜਿਹੜਾ ਤਿੜ ਤਿੜ ਰਟਕਦਾ, ਰਤੀਆਂ ਜੀਭਾਂ ਫੇਰ, ਢੂੰਡ ਢੂੰਡ ਕੇ ਮਾਸ ਨੂੰ ਕਰਦਾ ਗਿਆ ਹੜੱਪ, ਚਰ ਚਰ ਕਰ ਕੇ ਚਮ ਸੜੇ, ਟੁਟਦੇ ਜੜ ਕੜੱਕ । ਇਥੋਂ ਤਕ ਕਿ ਹੋ ਗਿਆ ਪਤਲਾ, ਗਾੜ੍ਹਾ ਧੂੰ, ਸੜ ਸੜ ਲਾਲ ਸਵਾਹ ਵੀ ਹੋ ਗਈ ਬੱਗੀ ਰੂੰ । ਚਿੱਟੀ ਹੱਡੀ ਦਿਸਦੀ ਕਿਤੇ ਕਿਤੇ ਵਿਚ ਛਾਰ । “ਬੰਦੇ ਦੀ ਇਹ ਗੱਠੜੀ !” ਬੋਲਿਆ ਰਾਜ ਕੁਮਾਰ : “ਕੀ ਸਭ ਜੀਵਣ ਵਾਲਿਆਂ ਦਾ ਇਹੋ ਹੀ ਅੰਤ?” ਨਾਲ ਨਿਮਰਤਾ ਮੋੜ ਕੇ ਇੰਜ ਕਿਹਾ ਰਥਵੰਤ: “ਹੈ ਸਭਨਾਂ ਦਾ ਇਹੋ ਅੰਤ, ਮੁਕਣ ਇਵੇਂ ਸਭ ਜੀਆ ਜੰਤ । ਕੌਣ ਜਾਣੇ ਕੀ ਇਸਨੂੰ ਹੋਇਆ, ਕਿਉਂ, ਕਿੱਦਾਂ, ਇਹ ਪ੍ਰਾਨੀ ਮੋਇਆ । ਸੀ ਇਹ ਹਸਦਾ, ਖਾਂਦਾ, ਪੀਂਦਾ, ਕਰਦਾ ਪਿਆਰ ਤੇ ਰਜ ਰਜ ਜੀਂਦਾ। ਖ਼ਬਰੇ ਕੋਈ ਵਾ ਦਾ ਬੁਲਾ, ਯਾ ਕੋਈ ਰਾਹ ਵਿਚਲਾ ਠੇਡਾ, ਛੱਪੜ ਚੋਂ ਯਾ ਲੱਗੀ ਲਾਗ, ਡੰਗ ਖਾਧਾ ਯਾ ਜ਼ਹਿਰੀ ਨਾਗ, ਖੁਭਿਆ ਪੇਟ ਗੁਸੀਲਾ ਖੰਜਰ, ਯਾ ਡਿਗਦੀ ਇਟ ਭੰਨਿਆ ਪਿੰਜਰ, ਯਾ ਅੜ ਗਈ ਮੱਛੀ ਦੀ ਹੱਡੀ, ਜਿੰਦ ਸਰੀਰੋਂ ਇਸ ਨੇ ਛੱਡੀ। ਹੁਣ ਨਾ ਇਸਨੂੰ ਭੁੱਖਾਂ ਪੀੜਾਂ, ਨਾ ਖੁਸ਼ੀਆਂ ਤੇ ਨਾ ਦੰਦ ਕੀੜਾਂ । ਕੁਝ ਨਾ ਬੁਲ੍ਹਾਂ ਤਾਈਂ ਚੁੰਮਣਾ, ਨਾ ਕੁਝ ਆਖੇ ਅੱਗ ਦਾ ਭੁੰਨਣਾ । ਭੁਜਦੇ ਮਾਸ ਦੀਆਂ ਨਾ ਬੋਆਂ, ਨਾ ਚੰਦਨ ਦੀਆਂ ਖੁਸ਼ਬੋਆਂ । ਮੂੰਹ ਇਸਦੇ ਵਿਚ ਸਵਾਦ ਨਾ ਬਾਕੀ, ਕੰਨਾਂ ਵਿਚ ਆਵਾਜ਼ ਨਾ ਬਾਕੀ । ਨਾ ਹੁਣ ਇਸਦੇ ਨੈਣ ਤਕਾਂਦੇ ਤਾਹੀਉਂ ਸਾਕ ਇਹਦੇ ਕੁਰਲਾਂਦੇ। ਸਭ ਸਰੀਰਾਂ ਦੀ ਇਹ ਹੋਣੀ, ਅੰਤ ਟੁਟੇ ਜੀਵਨ ਦੀ ਟੋਹਣੀ । ਉਚੇ ਨੀਵੇਂ ਚੰਗੇ ਮੰਦੇ, ਮਰ ਜਾਣੇ ਆਖਰ ਸਭ ਬੰਦੇ । ਨਵਿਉਂ ਸਿਰਿਉਂ ਫੇਰ, ਆਣਕੇ ਕਿਸੇ ਤਰ੍ਹਾਂ ਤੇ ਕਿਸੇ ਜਗ੍ਹਾ ਤੇ -ਕਿਨੂੰ ਪਤਾ-ਮੁੜ ਕੇ ਹੈ ਜਮਣਾ, ਫਿਰ ਪੀੜਾਂ ਤੇ ਰੋਗਾਂ ਝਮਣਾ। ਗੇੜ ਮਨੁਖ ਦਾ ਏਦਾਂ ਚਲਦਾ, ਜੀ ਆਉਂਦਾ, ਪਲਦਾ ਤੇ ਚਲਦਾ।” ਸਿੱਧਾਰਥ ਦੀਆਂ ਅਖੀਆਂ ਦੈਵੀ ਅਤੇ ਵਿਸ਼ਾਲ, ਉਠੀਆਂ ਵਲ ਅਸਮਾਨ ਦੇ ਭਰੀਆਂ ਹੰਝੂਆਂ ਨਾਲ । ਗ਼ਮ ਧਰਤੀ ਦਾ ਇਨ੍ਹਾਂ ਵਿਚ ਮਾਰ ਰਿਹਾ ਲਿਸ਼ਕਾਰ, ਜਾਣੋ ਉਹਦੀ ਆਤਮਾ ਕੱਲੀ ਮਾਰ ਉਡਾਰ, ਕਿਸੇ ਦੁਰੇਡੇ ਦ੍ਰਿਸ਼ ਨੂੰ ਢੂੰਡ ਰਹੀ ਚੌਫੇਰ, ਉੱਠੀ ਕੂਕ ਕਲੇਜਿਉਂ ਰਾਜਕੰਵਰ ਦੀ ਫੇਰ । ਮੁਖ ਉੱਪਰ ਵਲ ਚੁਕਿਆ ਹੋਇਆ ਨੂਰੋ ਨੂਰ, ਕਿਸੇ ਅਕੱਥ ਪ੍ਰੀਤ ਦੇ ਵੇਗ ਨਾਲ ਭਰਪੂਰ : “ਉਹ ! ਦੁੱਖਾਂ ਵਿਚ ਸੜਦੇ ਬਲਦੇ ਵੀਰਨੋ, ਉਹ ! ਜਾਣੂ ਅਣ-ਜਾਣੂ ਮੇਰੇ ਸਾਥੀਉ, ਮੌਤ, ਮੁਸੀਬਤ ਦੇ ਜਾਲਾਂ ਵਿਚ ਫਾਥਿਉ, ਨਾਲ ਜਿਨ੍ਹਾਂ ਦੇ ਜੀਵਨ ਤੁਹਾਨੂੰ ਜੋੜਦਾ । ਮੈਂ ਤਕਦਾ ਤੇ ਅਨੁਭਵ ਕਰਦਾ ਸੋਹਣਿਉਂ, ਦੁਨੀਆਂ ਦੀਆਂ ਪੀੜਾਂ ਦੀ ਡੂੰਘਾਣ ਨੂੰ, ਇਹਦੀਆਂ ਖੁਸ਼ੀਆਂ ਦੀ ਨਿਸਫਲਤਾ ਤਾਈਂ ਵੀ, ਨਾਲੇ ਇਹਦੀਆਂ ਚੰਗਿਆਈਆਂ ਦੀ ਮਸਖਰੀ, ਅਤੇ ਇਹਦੀਆਂ ਬੁਰਿਆਈਆਂ ਦੇ ਦਰਦ ਨੂੰ, ਕਿਉਂਕਿ ਖੁਸ਼ੀਆਂ ਵਿਚ ਗ਼ਮੀ ਦੇ ਮੁਕਦੀਆਂ, ਅਤੇ ਜਵਾਨੀ ਵਿਚ ਬੁਢਾਪੇ ਗ਼ਰਕਦੀ, ਪ੍ਰੇਮ ਘਾਟ ਵਿਚ, ਜੀਵਨ ਸੋਹਣਾ ਮੌਤ ਵਿਚ ਅਤੇ ਮੌਤ ਅਣ ਜਾਣੇ ਜਨਮਾ ਵਿਚ ਜਾ, ਕਾਲ-ਚਕ੍ਰ ਵਿਚ ਜਕੜਨ ਜੋ ਮਾਨੁਖ ਨੂੰ, ਝੂਠੇ ਐਸ਼-ਦੁਖਾਂ ਦਾ ਗੇੜ ਲਵਾਉਂਦੇ। ਮੈਨੂੰ ਵੀ ਇਸ ਮਾਇਆ ਨੇ ਹੈ ਮੋਹਿਆ, ਮੈਨੂੰ ਵੀ ਇਹ ਜੀਵਨ ਸੋਹਣਾ ਜਾਪਿਆ, ਇਕ ਲਿਸ਼ਕਦੀ ਨਦੀ ਔਧ ਹੈ ਜਾਪਦੀ, ਇਕ-ਰਸ ਸ਼ਾਂਤੀ ਵਿਚ ਸਦਾ ਜੋ ਵਗ ਰਹੀ । ਅਸਲ ਵਿਚ ਪਰ ਹੜ੍ਹ ਦੀ ਮੂਰਖ ਛਲ ਇਹ, ਬਾਗ਼ ਬੇਲਿਆਂ ਚੋਂ ਜੋ ਨਚਦੀ ਲੰਘਦੀ, ਸਿਰਫ਼ ਕਿਸੇ ਭੈੜੇ ਤੇ ਖਾਰੇ ਸ਼ੌਹ ਵਿਚ ਢਹਿਣ ਲਈ ਹੈ ਕਾਹਲੀ ਅਤੇ ਉਤਾਵਲੀ। ਪਾਟ ਗਿਆ ਹੁਣ ਪਰਦਾ ਮੇਰੇ ਅਗਿਉਂ, ਜਿਸਨੇ ਮੈਨੂੰ ਅੰਨ੍ਹਾਂ ਕੀਤੀ ਰਖਿਆ, ਹੋਰਾਂ ਵਰਗਾ ਮੈਂ ਵੀ ਹਾਂ ਇਕ ਆਦਮੀ, ਦੇਵਤਿਆਂ ਨੂੰ ਜਿਹੜੇ ਵਾਜਾਂ ਮਾਰਦੇ, ਪਰ ਨਾ ਸੁਣਦਾ ਕੋਈ ਜਿਨ੍ਹਾਂ ਦੀ ਕੂਕ ਨੂੰ, ਫਿਰ ਵੀ ਕੋਈ ਜ਼ਰੂਰ ਉਹਲਾ ਹੋਏਗਾ ! ਹੋਸੀ ਕੋਈ ਸਹਾਇਤਾ ਸਾਡੇ ਵਾਸਤੇ ! ਲੋੜਵੰਦ ਖੁਦ ਦਿਉਤੇ ਖਬਰੇ ਹੋਣਗੇ, ਤਾਹੀਉਂ ਸੋਗੀ ਬੁੱਲ੍ਹਾਂ ਦੀ ਉਹ ਬੇਨਤੀ ਪੂਰੀ ਕਰ ਨਾ ਸੱਕਣ, ਛੱਡਣ ਉਵੇਂ ਹੀ । ਸਰਬ ਸ਼ਕਤੀਆਂ ਵਾਲਾ ਹੋ ਕੇ ਜੇ ਕੋਈ, ਫੜੇ ਨਾ ਬਾਂਹ ਤਾਂ ਚੰਗਾ ਕਦੀ ਨਾ ਆਖੀਏ, ਤੇ ਜੇ ਸਰਬ ਸ਼ਕਤੀਆਂ ਵਾਲਾ ਹੋਏ ਨਾ, ਤਾਂ ਉਹ ਸਾਡਾ ਰੱਬ ਨਹੀਂ ਹੋ ਸਕਦਾ। ਚੰਨਾ, ਘਰ ਦੇ ਵਲ ਚਲੋ ਮੁੜ ਚਲੀਏ, ਦੇਖ ਲਿਆ ਹੈ ਅੱਖਾਂ ਮਿਰੀਆਂ ਬਹੁਤ ਕੁਝ ।” ਪਹੁੰਚੀ ਰਾਜੇ ਤੀਕ ਜਾਂ ਗਲ ਸਾਰੀ ਇਹ ਜਾ, ਦਿੱਤਾ ਉੱਪਰ ਫਾਟਕਾਂ ਪਹਿਰਾ ਓਸ ਵਧਾ । ਨਾਲੇ ਇੰਜ ਫਰਮਾਇਆ, “ਰਾਤ ਹੋਵੇ ਯਾ ਦਿਹਾੜ, ਲੰਘਣ ਦਿਉ ਨਾ ਕਿਸੇ ਨੂੰ ਫਾਟਕੋਂ ਅੰਦਰ ਬਾਹਰ, ਜਦ ਤਕ ਮੇਰੇ ਸੁਫ਼ਨਿਆਂ ਦੀ ਨਾ ਮੁਕੇ ਮਿਆਦ । ਦੰਡ ਦੇਵਾਂਗਾ ਮੌਤ ਦਾ ਜੇ ਨਾ ਰਖਿਆ ਯਾਦ ।” ਫੇਰ ਸਤਿ ਦੀ ਖੋਜ ਵਿਚ ਦੇਵੇ ਆਪਾ ਵਾਰ, ਢੂੰਡੇ ਦੁਨੀਆਂ ਵਾਸਤੇ ਸਾਂਝਾ ਮੁਕਤ-ਦਵਾਰ । ਹੋਵੇ ਅੰਦਰ ਨਰਕ ਦੇ ਭਾਵੇਂ ਇਸਦਾ ਰਾਜ, ਭਾਵੇਂ ਵਿਚ ਸਵਰਗ ਦੇ ਆਵੇ ਇਦ੍ਹੀ ਅਵਾਜ਼ । ਭਾਵੇਂ ਵਿਚ ਸੰਸਾਰ ਦੇ ਐਨ ਅਸਾਡੇ ਕੋਲ, ਭੇਸ ਅਦਿਸਦਾ ਧਾਰ ਕੇ ਭੌਂਦਾ ਫਿਰੇ ਅਡੋਲ। ਕਿਸੇ ਦਿਹਾੜੇ ਕਿਸੇ ਥਾਂ ਓੜਕ ਕਦੀ ਜ਼ਰੂਰ, ਇਹਦੀਆਂ ਖੋਜੀ ਅਖਾਂ ਤੋਂ ਪਰਦਾ ਹੋਣਾ ਦੂਰ । ਪੀੜਤ ਤਲੀਆਂ ਉਹਦੀਆਂ ਲੰਮੇ ਪੈਂਡੇ ਮਾਰ, ਸਾਂਝਾ ਰਸਤਾ ਮੁਕਤ ਦਾ ਲਭਸਣ ਆਖਰ ਕਾਰ । “ਓੜਕ ਉਸ ਨੇ ਅਪੜਨਾ ਟੀਚੇ ਉਤੇ ਆਣ, ਜਿਦ੍ਹੇ ਲਈ ਉਸ ਛਡਿਆ ਅਪਣਾ ਸੁਖੀ ਜਹਾਨ। ਓੜਕ ਉਸ ਨੂੰ ਮੌਤ ਵੀ ਮੰਨਸੀ ਹੋ ਹੈਰਾਨ, ਅਪਣੇ ਕੋਲੋਂ ਸੌ ਗੁਣਾਂ ਦ੍ਰਿੜ੍ਹ ਅਤੇ ਬਲਵਾਨ। ਹਾਂ ! ਇਹ ਮੈਂ ਹੀ ਕਰਾਂਗਾ ਛਡਕੇ ਰਾਜ ਬਹਾਰ, ਕਿਉਂਕਿ ਸਾਰੇ ਮੁਲਕ ਨੂੰ ਕਰਦਾ ਹਾਂ ਮੈਂ ਪਿਆਰ । ਕਿਉਂਕਿ ਦੁਖੀਆ ਦਿਲਾਂ ਦੀ ਸਾਂਝੀ ਧੜਕਣ ਨਾਲ, ਦਿਲ ਮੇਰਾ ਹੈ ਧੜਕਦਾ ਧੱਕ ਧੱਕ ਓਸੇ ਚਾਲ । ਜਾਣੂ, ਅਣਜਾਣੂ ਸਭੀ ਬੰਦੇ ਲਖ ਕਰੋੜ, ਬਚ ਜਾਵਨਗੇ ਦੁਖਾਂ ਤੋਂ ਕੁਰਬਾਨੀ ਦੇ ਜ਼ੋਰ । ਓ ਬੁਲਾਂਦੇ ਤਾਰਿਉ ਛਡ ਕੇ ਐਸ਼-ਬਹਾਰ, ਆਇਆ ਜੇ ਮੈਂ ਸੋਹਣਿਉਂ ਅਖੀ ਦੇ ਪਲਕਾਰ । ਓ ਨੀ, ਸੋਗੀ ਧਰਤੀਏ ਤੇਰੇ ਜੀ ਬਚਾਣ, ਕਰਾਂ ਜਵਾਨੀ ਆਪਣੀ ਹਸ ਕੇ ਮੈਂ ਕੁਰਬਾਨ । ਨਾਲੇ ਤਖਤ ਹਕੂਮਤਾਂ, ਹਿਰਖ ਅਤੇ ਅਰਮਾਨ, ਸਵਰਨ ਦਿਹਾੜਾਂ, ਰਾਤੀਆਂ, ਸੁਖ-ਮੰਦਰ-ਅਸਥਾਨ । ਨਾਲੇ ਬਾਹਾਂ ਤੇਰੀਆਂ ਹੇ ਮੇਰੀ ਜਿੰਦ ਜਾਨ, ਜਿਨ੍ਹਾਂ ਕੋਲੋਂ ਵਿਛੜਨਾ ਮੌਤੋਂ ਨਹੀਂ ਅਸਾਨ। ਪਰ ਤੈਨੂੰ ਵੀ ਸੋਹਣੀਏਂ, ਸਭ ਦੁਨੀਆਂ ਦੇ ਨਾਲ, ਸਾਂਝੇ ਮੁਕਤ-ਜਹਾਜ਼ ਵਿਚ ਲੈਸਾਂ ਤੁਰਤ ਬਹਾਲ । ਤੇ ਉਹ ਜਿਹੜਾ ਹਿਲਦਾ ਗਰਭ ਤੇਰੇ ਵਿਚਕਾਰ, ਸਾਡੇ ਸਾਂਝੇ ਪ੍ਰੇਮ ਦਾ ਗੁੰਚਾ ਮਹਿਕਾਂਦਾਰ । ਜੇ ਮੈਂ ਹੋਰ ਉਡੀਕਿਆ ਉਸਨੂੰ ਦੇਣ ਅਸੀਸ, ਮਨ ਮੇਰਾ ਢਹਿ ਪਏਗਾ ਵੱਟਾਂ ਲੱਖ ਕਸੀਸ । ਪਤਨੀ ! ਬੱਚਿਆ ! ਪਿਤਾ ਜੀ ! ਹੇ ਲੋਕੋ ! ਤਤਕਾਲ ਏਸ ਘੜੀ ਦੀ ਪੀੜ ਵਿਚ ਰੱਲੋ ਮੇਰੇ ਨਾਲ। ਤਾਂ ਜੇ ਚਮਕੇ ਚਾਨਣਾ ਦੁਖ ਬਦਲਾਂ ਨੂੰ ਚੀਰ, ਸਿਖਣ ਸਾਂਝੇ ਨਿਯਮ ਨੂੰ ਸਭ ਭੈਣਾਂ ਤੇ ਵੀਰ । ਪੱਕਾ ਵਾਂਗ ਚਿਟਾਨ ਦੇ ਦਿਲ ਅਪਣੇ ਨੂੰ ਠੱਲ੍ਹ, ਮੈਂ ਹਾਂ ਚਲਿਆ ਸੋਹਣਿਉਂ ਨਿਕਲ ਉਜਾੜਾਂ ਵਲ । ਮੂਲ ਨਹੀਂ ਹੁਣ ਮੁੜਾਂਗਾ ਦੁਖਾਂ ਤੋਂ ਘਬਰਾ, ਜਿਚਰ ਤਕ ਨਹੀਂ ਲਭਦੀ ਮੈਨੂੰ ਸੱਚੀ ਰਾਹ । ਹਾਂ ! ਪਰ ਤਨ ਮਨ ਵਾਰ ਕੇ ਕੀਤੀ ਸੱਚੀ ਭਾਲ, ਚਾਨਣ ਦੇ ਚਾਹਵਾਨ ਨੂੰ ਦੇਵੇ ਕੁਝ ਵਿਖਾਲ। ਸੁੱਤੀ ਵੇਖ ਯਸ਼ੋਧਰਾਂ ਸ਼ਹਿਜ਼ਾਦੇ ਨੇ ਘੂਕ, ਲਾ ਕੇ ਮਸਤਕ ਓਸਦੇ ਛੋਹੇ ਪੈਰ ਮਲੂਕ । ਸੁੱਤੀ ਹੋਈ ਗਲ੍ਹ ਵਲ ਕੀਤਾ ਫੇਰ ਖ਼ਿ਼ਆਲ, ਗਿੱਲੀ ਸੀ ਜੋ ਅਜੇ ਤਕ ਤਤਿਆਂ ਹੰਝੂਆਂ ਨਾਲ । ਫੇਰ ਝੁਕਾ ਕੇ ਓਸ ਵਲ ਪਿਆਰ ਭਰੇ ਦੋ ਨੈਣ, ਚੁਪ-ਚੁਪਾਤਾ ਓਸ ਤੋਂ ਲਗਾ ਵਿਦੈਗੀ ਲੈਣ । ਕੀਤੀ ਫਿਰ ਉਸ ਪਲੰਘ ਦੀ ਪਰਕਰਮਾ ਤਿੰਨ ਵਾਰ, ਹੋਇਆ ਸੁਤੇ ਰੂਪ ਤੇ ਦਿਲ ਉਸਦਾ ਬਲਿਹਾਰ। ਹਿੱਕ ਧੜਕਦੀ ਆਪਣੀ ਉਤੇ ਧਰ ਕੇ ਹੱਥ, ਕਹਿਣ ਲਗਾ, “ਇਸ ਸੇਜ ਤੇ ਮੈਂ ਨਹੀਂ ਸੌਣਾ ਵੱਤ ।” ਤਿੰਨ ਵਾਰੀ ਉਹ ਤੁਰ ਪਿਆ, ਪਰਤ ਪਿਆ ਤਿੰਨ ਵਾਰ, ਸੋਹਣੀ ਏਡ ਯਸ਼ੋਧਰਾ, ਤੀਬਰ ਏਡ ਪਿਆਰ । ਆਖ਼ਰ ਕਰਕੇ ਹੱਠ ਉਹ ਗਿਆ ਬਰੂਹਾਂ ਕੋਲ, ਪਰਦਾ ਸਵਰਨ-ਦਵਾਰ ਤੋਂ, ਚੁਕਿਆ ਓਸ ਅਡੋਲ । ਅੱਗੇ ਕੀ ਉਹ ਵੇਖਦਾ ਸ਼ਾਂਤ, ਅਹਿਲ, ਮਲੂਕ, ਬਾਗ਼ ਵਾਂਗਰਾਂ ਉਹਦੀਆਂ ਸਖੀਆਂ ਸੁਤੀਆਂ ਘੂਕ । ਕੰਵਲ-ਡੋਡੀਆਂ ਵਾਂਗਰਾਂ ਮੁੰਦੇ ਸਭਦੇ ਨੈਣ, ਅੱਧੀ ਰਾਤੀਂ ਛੰਭ ਤੇ ਕਮੀਆਂ ਜਿਦਾਂ ਸੈਣ । ਸੱਜੇ ਲੇਟੀ ਗੋਤਮੀ, ਗੰਗਾ ਖੱਬੇ ਦਾ, ਹੋਰ ਕਈ ਪੱਟ-ਅੰਗੀਆਂ ਸੁਤੀਆਂ ਚੁਪ-ਚੁਪਾ । ਕਿਹਾ ਸ਼ਹਿਜ਼ਾਦੇ, “ਸੋਹਣੀਉ, ਚੰਗੀਆਂ ਲੱਗੋ ਅੱਤ, ਵੇਖ ਜੁਦਾਈ ਤੁਸਾਂ ਦੀ ਅੱਖੀਆਂ ਰੋਵਨ ਰੱਤ, ਪਰ ਜੇਕਰ ਮੈਂ ਨਾ ਗਿਆ, ਤਾਂ ਵੀ ਬਚਣ ਮੁਹਾਲ, ਕਰੇ ਬੁਢੇਪਾ ਜਰਜਰਾ ਯਾ ਖਾ ਵੰਜੇ ਕਾਲ । ਸੌਂ ਰਹੀਆਂ ਹੋ ਜਿਸ ਤਰ੍ਹਾਂ ਅਜ ਮਹਿਲਾਂ ਵਿਚਕਾਰ, ਮਰ ਜਾਣਾ ਹੈ ਤੁਸਾਂ ਨੇ ਏਦਾਂ ਹੀ ਇਕ ਵਾਰ । ਕੁਮਲਾ ਕੇ ਜੱਦ ਡੰਡੀਉਂ ਭੁੰਜੇ ਢਹੇ ਗੁਲਾਬ, ਕਿੱਥੇ ਜਾਵੇ ਓਸ ਦੀ ਸ਼ਾਨ ਸੁਗੰਧੀ, ਆਬ ? ਦੀਵੇ ਵਿਚੋਂ ਜਾਵੰਦਾ ਤੇਲ ਜਦਾਈਂ ਮੁੱਕ, ਦੱਸੋ ਦੀਵਟ ਓਸ ਦੀ ਕਿੱਥੇ ਜਾਵੇ ਲੁਕ ? ਤਾਂ ਤੇ ਰਾਤੇ ਰਾਣੀਏ ਲਾ ਹੋਠਾਂ ਤੇ ਮੁਹਰ, ਨਿੰਦਲੇ ਛੱਪਰ ਇਨ੍ਹਾਂ ਦੇ ਭਾਰੇ ਕਰਦੇ ਹੋਰ । ਤਾਂ ਜੇ ਹੰਝੂ ਕਿਸੇ ਦਾ ਸੱਕੇ ਨਾ ਅਟਕਾ, ਬੋਲ ਪਿਆਰਾ ਮਤ ਕੋਈ ਚਿਤ ਲਏ ਭਰਮਾ। ਮੰਨਿਆ ਇਹ ਚੰਨ-ਟੁਕੜੀਆਂ ਦੇਵਣ ਮੈਨੂੰ ਸੁਖ, ਐਪਰ ਮੈਨੂੰ ਖਾਵੰਦਾ ਹਰ ਵੇਲੇ ਇਹ ਦੁਖ : “ਮਿਰਾ, ਇਨ੍ਹਾਂ ਦਾ, ਸਭ ਦਾ ਜੀਵਨ ਬਿਰਛ ਸਮਾਨ, ਕਦੀ ਬਹਾਰਾਂ, ਪਤਝੜਾਂ, ਕੱਕਰ ਕਦੀ ਤੁਫ਼ਾਨ । ਸਾਈਂ ਜਾਣੇ ਅਸਾਂ ਤੇ ਆਵੇ ਫੇਰ ਬਹਾਰ, ਯਾ ਹੋਣਾ ਏ ਜੜ੍ਹਾਂ ਤੇ ਕੁਲਹਾੜੇ ਦਾ ਵਾਰ । ਤਾਂ ਤੇ ਐਸੀ ਜ਼ਿੰਦਗੀ ਮੈਂ ਨਾ ਕਰਾਂ ਪਸੰਦ, ਭਾਵੇਂ ਵਾਂਗ ਫਰਿਸ਼ਤਿਆਂ ਮੈਂ ਹਾਂ ਬੜਾ ਅਨੰਦ । ਕੀ ਆਖਣ ਇਹ ਇਸ਼ਰਤਾਂ, ਸੇਜਾਂ ਤੇ ਫੁਲ-ਹਾਰ । ਡੁਸਕਣ ਵਿੱਚ ਹਨੇਰਿਆਂ ਦੁਖੀਏ ਜੱਦ ਹਜ਼ਾਰ । ਤਾਂ ਤੇ ਸਖੀਓ ਮੇਰੀਓ ਜਿੰਦ ਆਪਣੀ ਵਾਰ, ਲੱਭਾਂਗਾ ਮੈਂ ਚਾਨਣਾ ਨਾਲੇ ਮੋਖ ਦਵਾਰ ।” ਸੁਤੀਆਂ ਸਖੀਆਂ ਕੋਲ ਦੀ ਧਰਦਾ ਪੋਲੇ ਪੱਬ, ਵਿਚ ਹਨੇਰੀ ਰਾਤ ਉਹ ਦਾਖ਼ਲ ਹੋਇਆ ਝੱਬ । ਡਿੱਠਾ ਉਸਦੇ ਹੁਸਨ ਨੂੰ ਤਾਰਿਆਂ ਵਾਂਗ ਚਕੋਰ, ਚੁੰਮ ਲਈ ਭੌਂਦੂ ਹਵਾ ਨੇ ਚੁਗੇ ਉਹਦੇ ਦੀ ਕੋਰ । ਬਾਗਾਂ ਦੀਆਂ ਡੋਡੀਆਂ ਜੋ ਸਨ ਅਜੇ ਅਮਾਨ, ਦਿਤੇ ਖੋਲ੍ਹ ਅਗੇਤਰੇ ਰੰਗਲੇ ਖੁਸ਼ਬੂ-ਦਾਨ । ਮਖ਼ਮਲ ਵਰਗੀ ਹਿੱਕ ਤੋਂ ਪਰਦੇ ਸੱਭ ਉਥੱਲ, ਲਪਟਾਂ ਛੱਡਣ ਲਗੀਆਂ ਸ਼ਹਿਜ਼ਾਦੇ ਦੇ ਵੱਲ। ਸਾਗਰ ਤੋਂ ਕੈਲਾਸ਼ ਤਕ ਪਈ ਅਜਾਇਬ ਧੂਹ, ਜਾਣੋਂ ਕਿਸੇ ਉਮੀਦ ਵਿਚ ਹਿਲੀ ਜ਼ਿਮੀਂ ਦੀ ਰੂਹ । ਪਾਕ ਕਿਤਾਬਾਂ ਸਾਰੀਆਂ ਜਿਨ੍ਹਾਂ ਦੇ ਵਿਚਕਾਰ, ਕਥਾ ਲਿਖੀ ਭਗਵਾਨ ਦੀ, ਦੇਵਨ ਇਉਂ ਵਿਸਥਾਰ- ਨਾਲ ਅਸਮਾਨੀ ਰਾਗ ਦੇ ਪੌਣ ਗਈ ਲਰਜ਼ਾ, ਪੂਰਬ ਪੱਛਮ ਦੇਵਤੇ ਆ ਗਏ ਹੁੰਮ-ਹੁੰਮਾ । ਨਾਲ ਉਨ੍ਹਾਂ ਦੀ ਚਮਕ ਦੇ ਹੋਇਆ ਦੂਰ ਹਨੇਰ, ਉਤਰੋਂ ਦੱਖਨ ਤੀਕਰਾਂ ਫੈਲੀ ਖੁਸ਼ੀ ਚੁਫੇਰ । ਰਖਵਾਲੇ ਇਸ ਜ਼ਿਮੀਂ ਦੇ ਜੱਬੇ ਵਾਲੇ ਚਾਰ, ਦੋ ਦੋ ਕਰਕੇ ਉਤਰੇ ਰਾਜ-ਮਹਲ ਦੇ ਦਵਾਰ । ਚਿੱਟੇ ਚਿੱਟੇ ਚਮਕਦੇ ਲਸ਼ਕਰ ਹੋਰ ਹਜ਼ਾਰ, ਹੀਰੇ ਮੋਤੀ ਸਵਰਨ ਦੇ ਪਾ ਉਤਰੇ ਹਥਿਆਰ । ਹੱਥ-ਬੰਨ੍ਹੀ ਸਨ ਝਾਕਦੇ ਸਭ ਸ਼ਹਿਜ਼ਾਦੇ ਵੱਲ, ਖਲਾ ਸੀ ਜੋ ਓਸ ਥਾਂ ਸ਼ਾਂਤ, ਅਡੋਲ, ਅਟੱਲ । ਹੰਝੂ-ਭਰੀਆਂ ਅੱਖੀਆਂ ਤਾਰਿਆਂ ਵਲ ਚੁੱਕੀ, ਵਿਚ ਮਨੋਰਥ ਪ੍ਰੇਮ ਦੇ ਦੋਵੇਂ ਹੋਠ ਘੁਟੀ । ਵਿਚ ਹਨੇਰੀ ਰਾਤ ਦੇ ਹੋਰ ਅਗੇਰੇ ਜਾ, ਮਾਰੀ ਹਾਕ ਕੁਮਾਰ ਨੇ, “ਚੰਨਾਂ, ਕੰਤਕ ਲਿਆ !” ਫਾਟਕ ਲਾਗਿਓਂ ਉਠ ਕੇ ਉਘਲਾਂਦੇ ਰਥਵਾਨ, ਪੁਛਿਆ- “ਹੈਂ ! ਇਸ ਰਾਤ ਵਿਚ ਕਿਧਰ ਚਲੇ ਭਗਵਾਨ ?'' ਕਿਹਾ ਸਿਧਾਰਥ, “ਚੰਨਿਆਂ, ਹੌਲੀ ਹੌਲੀ ਬੋਲ, ਅੱਖੀ ਦੇ ਪਲਕਾਰ ਵਿਚ ਕੰਤਕ ਮੇਰਾ ਖੋਹਲ। ਆ ਪੁੱਜਾ ਹੈ ਸੋਹਣਿਆ ਭਾਗ-ਭਰਾ ਉਹ ਕਾਲ, ਕਰਨੀ ਸੀ ਮੈਂ ਜਿਸ ਘੜੀ ਸਚਿਆਈ ਦੀ ਭਾਲ । ਸਭ ਲੋਕਾਂ ਦੇ ਵਾਸਤੇ ਸਵਰਨ-ਪਿੰਜਰਾ ਛੱਡ, ਸਚਿਆਈ ਦੀ ਭਾਲ ਵਿਚ ਜਾਣਾ ਹੈ ਮੈਂ ਲੱਗ । ਇਹ ਗਲ ਸੁਣ ਰਥਵਾਨ ਨੇ ਕੇਹਾ, “ਹੇ ਭਗਵਾਨ, ਕੀ ਉਂਜੇ ਸਨ ਆਖਦੇ ਤਾਰਿਆਂ ਦੇ ਵਿਦਵਾਨ, ਰਾਏ ਸਿਧੋਧਨ ਦਾ ਕੰਵਰ ਕੋਈ ਜ਼ਮਾਨਾ ਪਾ, ਕਰਸੀ ਰਾਜ ਜਹਾਨ ਤੇ ਬਣ ਸ਼ਾਹਾਂ ਦਾ ਸ਼ਾਹ । ਕੀ ਛਡ ਕੇ ਤੁਰ ਜਾਉਗੇ ਏਦਾਂ ਜਗਤ ਅਮੀਰ, ਫੜ ਕੇ ਕਾਸਾ ਹਥ ਵਿਚ ਬਣਸੋ ਤੁਸੀਂ ਫਕੀਰ ? ਮਿਤਰ-ਹੀਨ ਉਜਾੜ ਵਿਚ ਕੀ ਜਾਉਗੇ ਵੱਤ, ਐਸ਼ਾਂ-ਭਰੇ ਸਵਰਗ ਨੂੰ ਮਾਰ ਇਸ ਤਰਾਂ ਲੱਤ ?” ਕਿਹਾ ਸ਼ਹਿਜ਼ਾਦੇ, “ਚੰਨਿਆਂ, ਏਹੋ ਮੇਰੀ ਚਾਹ, ਸ਼ਾਹੀ ਤਖ਼ਤਾਂ ਵਾਸਤੇ ਮੈਂ ਨਹੀਂ ਜਨਮ ਲਿਆ। ਜਿਹੜੇ ਰੱਬੀ ਰਾਜ ਨੂੰ ਤਾਂਘੇ ਮੇਰਾ ਜੀ, ਸਲਤਨਤਾਂ ਇਹ ਜਗ ਦੀਆਂ ਉਸਦੇ ਸਾਹਵੇਂ ਕੀ ? ਨਾਲੇ ਚੀਜ਼ਾਂ ਸਾਰੀਆਂ ਓੜਕ ਹੋਣ ਫ਼ਨਾ, ਜੀਵੇਂ, ਮੇਰਾ ਕੰਤਕਾ ਛੇਤੀ ਨਾਲ ਲਿਆ।” ਫਿਰ ਰਥਵਾਹੀ ਬੋਲਿਆ, “ਹੇ ਮੇਰੇ ਸਿਰਤਾਜ, ਪੂਜ ਪਿਤਾ ਦੇ ਗ਼ਮ ਦਾ ਕੁਝ ਤਾਂ ਕਰੋ ਲਿਹਾਜ਼ । ਤੁਸੀਂ ਉਨ੍ਹਾਂ ਦਾ ਸੁਖ ਹੋ, ਜ਼ਰਾ ਵਿਚਾਰੋ ਇਹ, ਫਿਰ ਦੇਵੋਗੇ ਸੁਖ ਕੀ ਪਹਿਲਾਂ ਕਰ ਕੇ ਥੇਹ ।” ਕਿਹਾ ਸਿਧਾਰਥ, “ਦੋਸਤਾ, ਕੂੜਾ ਹੈ ਉਹ ਪਿਆਰ, ਜੋ ਸਵਾਰਥ ਦੇ ਕਾਰਨੇ ਕਹੇ ਯਾਰ ਨੂੰ ਯਾਰ । ਨਿਜ-ਖੁਸ਼ੀਆਂ ਤੋਂ ਵੱਧ ਮੈਂ ਕਰਾਂ ਇਨ੍ਹਾਂ ਨੂੰ ਪਿਆਰ, ਇਹਨਾਂ ਦੇ ਹੀ ਕਾਰਨੇ ਮੈਂ ਛੱਡਾਂ ਘਰ ਬਾਹਰ । ਤਾਂ ਜੋ ਸਾਰੇ ਜਗਤ ਨੂੰ ਦੁੱਖੋਂ ਸਕਾਂ ਬਚਾ, ਉਠਕੇ ਚੰਨਾਂ ਪਿਆਰਿਆ, ਕੰਤਕ ਮੇਰਾ ਲਿਆ ।” ‘ਹੱਛਾ’ ਕਹਿ ਕੇ ਤੁਰ ਪਿਆ ਚੰਨਾਂ ਹੋ ਦਿਲਗੀਰ, ਵਿਚ ਤਵੇਲੇ ਅਪੜਿਆ ਖਾ ਬਿਰਹੋਂ ਦਾ ਤੀਰ । ਚਾਂਦੀ ਦੀਆਂ ਜੰਜੀਰੀਆਂ, ਤੋੜ-ਦਾਰ ਲਗਾਮ, ਕਿੱਲੀ ਉਤੋਂ ਮਲਕੜੇ ਲਾਹੇ ਓਸ ਤਮਾਮ । ਤਸਮੇ ਰਾਸਾਂ ਬੰਨ ਕੇ, ਹੁੱਕਾਂ ਜੋੜ ਸੰਵਾਰ, ਬੇ-ਦਿਲਿਆਂ ਉਸ ਕੰਤਕਾ ਕੱਢ ਲਿਆਂਦਾ ਬਾਹਰ । ਕਿੱਲੇ ਉਤੇ ਬੰਨ੍ਹ ਫਿਰ ਬੁਰਸ਼ ਹਥਾਲੀ ਵਾਹ, ਦਿਤਾ ਪਿੰਡਾ ਓਸਦਾ ਰੇਸ਼ਮ ਜਿਉਂ ਚਮਕਾ । ਨਮਦਾ ਤਾਹਰੂ ਰਖ ਕੇ ਉਤੇ ਜ਼ੀਨ ਟਿਕਾ, ਤੰਗ ਜੜਾਊ ਓਸਦੇ ਦਿਤੇ ਕੱਸ ਕਸਾ। ਫਿਰ ਉਸ ਹੰਝੂ ਡੋਹਲਦੇ ਦੁਖੀ ਕਲੇਜਾ ਘੁੱਟ, ਸੋਨ-ਰਕਾਬਾਂ ਉਸਦੀਆਂ ਥੱਲੇ ਦਿਤੀਆਂ ਸੁੱਟ। ਫੇਰ ਵਿਛਾਇਆ ਜ਼ੀਨ ਤੇ ਸਵਰਨ-ਤਾਰਾਂ ਦਾ ਜਾਲ, ਮੋਤੀ ਗੁੱਛੇ ਪਲਮਦੇ ਸਿਲਕੀ ਤੰਦਾਂ ਨਾਲ । ਲੈ ਤੁਰਿਆ ਫਿਰ ਓਸਨੂੰ ਵੰਨੇ ਰਾਜ-ਦਵਾਰ, ਜਿਥੇ ਸੀਗ ਉਡੀਕਦਾ ਉਸਨੂੰ ਰਾਜਕੁਮਾਰ । ਸ਼ਹਿਜ਼ਾਦੇ ਨੂੰ ਵਿੰਹਦਿਆਂ ਕੰਤਕ ਹਿਣਕ ਪਿਆ, ਨਾਸਾਂ ਗੁਲੀਆਂ ਵਰਗੀਆਂ ਲਈਆਂ ਓਸ ਫੁਲਾ । ਕਹਿਣ ਕਿਤਾਬਾਂ, ਸਭ ਨੂੰ ਸੁਣੀ ਉਦ੍ਹੀ ਹਿਣਕਾਰ, ਨਾਲੇ ਉਹਦੇ ਸੁਮਾਂ ਦੀ ਫੌਲਾਦੀ ਟਣਕਾਰ । ਐਪਰ ਰਖ ਫਰਿਸ਼ਤਿਆਂ ਨਰਮ ਅਦਿਸਦੇ ਖੰਭ, ਕੰਨ ਸੁੱਤੇ ਸੰਸਾਰ ਦੇ ਕਰ ਰਖੇ ਸਨ ਬੰਦ । ਕੰਤਕ ਦਾ ਮਗ਼ਰੂਰ ਸਿਰ ਉਸਨੇ ਲਿਆ ਝੁਕਾ, ਲਿਸ਼ ਲਿਸ਼ ਕਰਦੀ ਧੌਣ ਤੇ ਥਾਪੀ ਮਾਰ ਕਿਹਾ : “ਲੈ ਚਲ ਚਿਟਿਆ ਕੰਤਕਾ ਲੰਮੇ ਪੈਂਡੇ ਮਾਰ, ਜਿਥੇ ਨਾਲ ਨਸੀਬ ਦੇ ਪਹੁੰਚੇ ਕੋਈ ਸਵਾਰ । ਕਿਉਂਕਿ ਸੱਚ ਦੇ ਕਾਰਨੇ ਛੱਡ ਸ਼ਾਹੀ-ਦਰਬਾਰ, ਤੇਰੇ ਤੇ ਹਾਂ ਹੋ ਰਿਹਾ ਮੈਂ ਅਜ ਰਾਤ ਸਵਾਰ । ਖ਼ਬਰ ਨਹੀਂ ਕੁਝ ਕਿਸ ਜਗਾ ਮੁੱਕੇ ਮੇਰਾ ਪੰਧ, ਹਾਂ, ਪਰ ਸਚ ਲੱਭੇ ਬਿਨਾਂ ਖੋਜ ਨ ਕਰਸਾਂ ਬੰਦ । ਸ਼ਾਬਾ ਚੰਗਿਆ ਘੋੜਿਆ, ਹੋ ਜਾ ਸ਼ੇਰ ਜਵਾਨ, ਬੇਸ਼ਕ ਜੰਗਲ ਖਾਈਆਂ ਲਖ ਰੁਕਾਵਟ ਪਾਣ । ਨਾਲ ਅੱਡੀਆਂ ਅਪਣੀਆਂ ਵਖੀ ਤੇਰੀ ਛੋਹ, ਮਾਰਾਂ ਜਦ ਲਲਕਾਰ ਮੈਂ ਸ਼ਾਬਾ ਕੰਤਕ ਹੋ- ਤੇਜ਼ ਹਵਾ ਨੂੰ ਸੋਹਣਿਆ ਪਿਛੇ ਜਾਵੀਂ ਸੱਟ, ਅੱਗ ਵਾਂਗਰਾਂ ਮਨਜ਼ਲਾਂ ਪਲ ਵਿਚ ਦੇਵੀਂ ਕੱਟ । ਤਾਂ ਜੇ ਉਸ ਉਪਕਾਰ ਦਾ ਤੂੰ ਵੀ ਬਣੇ ਭਿਆਲ, ਕਰਨ ਲਗਾ ਹਾਂ ਸੋਹਣਿਆਂ ਮੈਂ ਜੋ ਲੋਕਾਂ ਨਾਲ । ਸਿਰਫ ਮਨੁੱਖਾਂ ਵਾਸਤੇ ਨਹੀਂ ਰਿਹਾ ਮੈਂ ਜਾ, ਸੱਗੋਂ ਸਭ ਵਸਤਾਂ ਲਈ ਜਿਹੜੀਆਂ ਚੁਪ-ਚੁਪਾ ਬਾਝੋਂ ਕਿਸੇ ਉਮੀਦ ਦੇ, ਬਾਝੋਂ ਕਿਸੇ ਗਿਆਨ, ਨਾਲ ਮਨੁੱਖਾਂ ਰਲ ਕੇ ਦੁਖ ਤੇ ਸੁਖ ਵੰਡਾਨ।” ਮਾਰ ਪਲਾਕੀ ਜ਼ੀਨ ਤੇ ਹੋਇਆ ਕੰਵਰ ਸਵਾਰ, ਬਿਜਲੀ ਵਾਂਗਰ ਉਡਿਆ ਕੰਤਕ ਚੁੰਗੀ ਮਾਰ । ਸੁਮ ਛੱਡਣ ਚੰਗਿਆੜੀਆਂ, ਚਪ ਚਪ ਕਰੇ ਲਗਾਮ, ਚੀਂ ਚੀਂ ਲਾਈ ਜ਼ੀਨ ਨੇ, ਛਣਕਣ ਸਾਜ਼ ਤਮਾਮ । ਪਰ ਇਹ ਵਾਜ਼ਾਂ ਸਾਰੀਆਂ ਸੁਣੀਆਂ ਕਿਸੇ ਨ ਮੂਲ, ਕਿਉਂਕਿ ਸੁਧ ਫਰਿਸ਼ਤਿਆਂ ਚੁਣ ਚੁਣ ਮੁਹਰੇ-ਫੂਲ, ਪੈਰਾਂ ਥੱਲੇ ਓਸ ਦੇ ਦਿਤੇ ਖੂਬ ਵਿਛਾ, ਅਤੇ ਅਦਿਸਦੇ ਹਥਾਂ ਨੇ ਸਾਜ਼ ਲਏ ਅਟਕਾ । ਏਦਾਂ ਵੀ ਹੈ ਆਉਂਦਾ ਪੋਥੀਆਂ ਵਿਚ ਬਿਆਨ, ਫਾਟਕ ਵਾਲੇ ਫਰਸ਼ ਤੇ ਉਹ ਪਹੁੰਚੇ ਜਿਸ ਆਨ, ਜਾਦੂ-ਦਰੀਆਂ ਯਾਕਸ਼ਾਂ ਦਿਤੀਆਂ ਹੇਠ ਵਿਛਾ, ਚੁਪ ਚੁਪੀਤਾ ਕੰਤਕਾਂ ਉਤੋਂ ਲੰਘ ਗਿਆ। ਐਪਰ ਜਦ ਉਹ ਅੱਪੜੇ ਪਿੱਤਲ-ਫਾਟਕ ਕੋਲ, ਜਿਸ ਨੂੰ ਪੰਜ ਵੀਹਾਂ ਜਣੇ ਨਹੀਂ ਸਕਦੇ ਸਨ ਖੋਹਲ ? ਭਾਰੀ ਬੂਹੇ ਓਸ ਦੇ ਦੇਵਾਂ ਵਾਂਗ ਖੜੇ, ਬਾਝੋਂ ਕਿਸੇ ਖੜਾਕ ਦੇ ਆਪੇ ਖੁਲ੍ਹ ਗਏ । ਭਾਵੇਂ ਵੇਲੇ ਦਿਨ ਦੇ ਦੋ ਦੋ ਮੀਲਾਂ ਤੀਕ, ਚੂਲਾਂ ਕਬਜ਼ੇ ਓਸ ਦੇ ਪਹੁੰਚਾਂਦੇ ਸਨ ਚੀਕ । ਏਦਾਂ ਗਭਲੇ ਬਾਹਰਲੇ ਫਾਟਕ ਸਾਰੇ ਹੋਰ, ਤਕ ਕੰਤਕ ਤੇ ਕੰਵਰ ਨੂੰ ਖੁਲ੍ਹ ਗਏ ਬਿਨ ਸ਼ੋਰ । ਉਹਨਾਂ ਦੇ ਪਰਛਾਵਿਆਂ ਥੱਲੇ ਚੁਪ ਚੁਪਾਰ, ਵਾਂਗ ਮੁਰਦਿਆਂ ਪਏ ਸਨ ਚੁਣਵੇਂ ਚੌਕੀਦਾਰ । ਕਿਤੇ ਸਿਪਾਹੀ ਸੂਰਮੇ ਤੇ ਕਿਧਰੇ ਸਰਦਾਰ, ਡਿਗੀਆਂ ਤੇਗ਼ਾਂ, ਬਰਛੀਆਂ, ਢਾਲਾਂ ਹਥੋਂ ਬਾਹਰ । ਕਿਉਂਕਿ ਨੀਂਦ ਲਿਆਉਣੀ ਕੋਈ ਨਸ਼ੀਲੀ ਵਾ, ਸੀਗੀ ਵਗਦੀ ਜਾਂਵਦੀ ਸ਼ਹਿਜ਼ਾਦੇ ਦੇ ਰਾਹ । ਜਿਸਨੇ ਸੁਰਤਾਂ ਸਾਰੀਆਂ ਛਡੀਆਂ ਸਨ ਸੁਲਾ, ਏਦਾਂ ਮਹਿਲਾਂ ਵਿਚ ਦੀ ਕੰਤਕ ਲੰਘ ਗਿਆ । ਤਾਰਾ ਜਦੋਂ ਉਸ਼ੇਰ ਦਾ ਪੂਰਬ ਦੇ ਨਜ਼ਦੀਕ, ਅਧ-ਨੇਜ਼ੇ ਦੀ ਵਿਥ ਤੇ ਆਣ ਪਹੁੰਚਿਆ ਠੀਕ । ਧਰਤੀ ਉਤੇ ਖਿਲਰੀ ਸਰਘੀ ਦੀ ਮਹਿਕਾਰ, ਆਨੋਮਾ ਵਿਚ ਉਠੀਆਂ ਲਹਿਰਾਂ ਕੁੰਡਲ ਮਾਰ । ਭੁੰਜੇ ਉਤਰ ਕੁਮਾਰ ਨੇ ਵਾਗਾਂ ਲਈਆਂ ਖਿਚ, ਕੰਤਕ ਨੂੰ ਫਿਰ ਚੰੁਮਿਆਂ ਦੋ ਕੰਨਾਂ ਦੇ ਵਿਚ । ਫੇਰ ਕਿਹਾ ਉਸ, “ਚੰਨਿਆਂ, ਇਹ ਤੇਰਾ ਉਪਕਾਰ, ਤੈਨੂੰ ਤੇ ਕੁਲ ਜਗਤ ਨੂੰ ਕਰਸੀ ਠੰਢਾ-ਠਾਰ । ਮੋੜ ਲਿਜਾ ਹੁਣ ਕੰਤਕਾ, ਕਲਗੀ ਮੋਤੀਦਾਰ, ਪੇਟੀ ਜੜੀ ਸਤਾਰਿਆਂ, ਚੋਗ਼ਾ ਤੇ ਤਲਵਾਰ, ਲੈ ਫੜ ਨਾਲੇ ਸੋਹਣਿਆ ਲੰਮੇ ਮੇਰੇ ਵਾਲ, ਕਟਦਾ ਹਾਂ ਮੈਂ ਜਿਨ੍ਹਾਂ ਨੂੰ ਤੇਜ਼ ਕਟਾਰੀ ਨਾਲ। ਇੰਜੇ ਮੇਰੇ ਪਿਤਾ ਨੂੰ ਸਭ ਚੀਜ਼ਾਂ ਇਹ ਮੋੜ, ਕਹੀਂ ਸਿਧਾਰਥ ਤੁਸਾਂ ਦਾ ਕਹਿੰਦਾ ਸੀ ਹਥ ਜੋੜ : “ਓਦੋਂ ਤੀਕਰ ਪਿਤਾ ਜੀ ਮੈਨੂੰ ਦਿਉ ਵਿਸਾਰ, ਬਣ, ਸ਼ਹਿਜ਼ਾਦਾ ਦਸ ਗੁਣਾਂ ਜਦ ਤਕ ਮੁੜਾਂ ਨੂੰ ਦਵਾਰ । ਵਿਚ ਭਿਆਨਕ ਬਨਾਂ ਦੇ ਜਿੰਦ ਆਪਣੀ ਘਾਲ, ਕਲਮੁਕੱਲਾ ਕਰਾਂਗਾ ਚਾਨਣ ਦੀ ਮੈਂ ਭਾਲ । ਇਸ ਚਾਨਣ ਦੀ ਖੋਜ ਵਿਚ ਜੇ ਮੈਂ ਜਿਤ ਗਿਆ ਫਿਰ ਸਾਰੇ ਸੰਸਾਰ ਤੇ ਹੋਸੀ ਰਾਜ ਮਿਰਾ । ਕਿਉਂਕਿ ਮੇਰੇ ਵਾਂਗਰਾਂ ਕੀਤੀ ਕਿਸੇ ਨ ਲੋੜ। ਜਗ ਖਾਤਰ ਜਗ ਆਪਣਾ ਜਿਸ ਨੇ ਦਿਤਾ ਛੋੜ।”ਚੌਥੀ ਪੁਸਤਕ

ਪੂਰਬ ਵਲੋਂ ਮਲਕੜੇ ਪੁਟਦੀ ਪੋਲੇ ਪੱਬ, ਰਾਤ ਹਿੰਦ ਦੀ ਪਸਰਦੀ ਮੈਦਾਨਾਂ ਤੇ ਝੱਬ । ਜਦੋਂ ਮਹੀਨੇ ਚੇਤ ਦੇ ਚਮਕੇ ਪੂਰਾ ਚੰਦ, ਗੁੰਚੇ ਦੇਣ ਅਸ਼ੋਕ ਦੇ ਮਿੱਠੀ ਮਿੱਠੀ ਸੁਗੰਧ । ਅੰਬਾਂ ਦੀਆਂ ਬੂਬੀਆਂ ਹੋਵਣ ਰਤੀਆਂ ਲਾਲ, ਜਨਮ-ਦਿਹਾੜਾ ਰਾਮ ਦਾ ਆਵੇ ਕਰਨ ਨਿਹਾਲ । ਨਾਲ ਫੁਲਾਂ ਦੇ ਖੇਤੀਆਂ ਝਲੀਆਂ ਹੋ ਹੋ ਜਾਣ, ਸੱਭ ਉਜਾੜਾਂ ਵਸਤੀਆਂ ਰਲਕੇ ਖੁਸ਼ੀ ਮੰਨਾਣ । ਵਿਸ਼ਰਮ-ਵਨ ਤੇ ਆ ਗਈ ਐਸੀ ਹੀ ਇਕ ਰਾਤ, ਲੱਦੀ ਨਾਲ ਸੁਗੰਧੀਆਂ, ਤਾਰਿਆਂ ਜੜੀ-ਜੜਾਤ । ਠਰੀ ਪਹਾੜੀ ਹਵਾਂ ਵਿਚ ਜੋ ਪਰੀਆਂ ਦੇ ਹਾਰ, ਹਿਮ-ਕੁੰਡਾਂ ਤੋਂ ਲਹਿੰਦੀਆਂ ਠੰਢੇ ਹੌਕੇ ਮਾਰ । ਪੂਰਬ ਦੀਆਂ ਪਹਾੜੀਆਂ ਉਤੋਂ ਕੰਬਦਾ ਚੰਦ, ਤਾਰਿਆਂ-ਜੜੇ ਅਕਾਸ਼ ਵਿਚ ਚੜ੍ਹਿਆ ਦੇਣ ਅਨੰਦ । ਛੱਲ ਰੋਹਨੀ ਨਦੀ ਦੇ ਚਮਕ ਰਿਸ਼ਮਾਂ ਨਾਲ, ਚੜ੍ਹ ਗਈ ਸੁੱਤੇ ਜੱਗ ਤੇ ਚਾਂਦੀ ਰੰਗੀ ਝਾਲ । ਪਰਬਤ ਨੋਕਾਂ, ਵਾਦੀਆਂ, ਚਿੱਟੀਆਂ ਹੋਈਆਂ ਅੱਤ, ਲਿਸ਼ਕੇ ਚਾਂਦੀ ਵਾਂਗਰਾਂ ਸੁਖ-ਮੰਦਰ ਦੇ ਛੱਤ । ਚੁਪ ਰਾਣੀ ਦਾ ਚਲ ਪਿਆ ਸਿੱਕਾ ਚਾਰ ਚੁਫੇਰ, ਕਦੀ ਕਦੀ ਪਰ ਗੂੰਜਦੀ ਪਹਿਰੇ ਵਾਲੀ ਭੇਹਰ । ਯਾ ਫਿਰ ‘ਮਧਰਾ’ ਕੂਕਦੇ ਫਾਟਕ ਦੇ ਦਰਬਾਨ, ਅੱਗੋਂ 'ਅੰਗਨਾ' ਆਖ ਕੇ ਜਾਂਦੇ ਲੰਘ ਸੁਜਾਨ । ਯਾ ਜੰਗਲਾਂ ਵਿਚ ਹੂਕਦੇ ਗਿਦੜ ਤੇ ਭਗਿਆੜ, ਯਾ ਬਾਗ਼ਾਂ ਵਿਚ ਪਾਉਂਦੇ ਝੀਂਗਰ ਚੀਕ ਚਿਹਾੜ। ਜਾਲੀਆਂ ਥਾਣੀ ਲੰਘ ਕੇ ਚੰਦਰਮਾਂ ਦੀ ਲੋ, ਸੁਖ-ਮੰਦਰ ਦੇ ਮਰਮਰੀ ਫਰਸ਼ ਰਹੀ ਸੀ ਧੋ । ਕੰਧਾਂ ਸਿੱਪੀ-ਕੱਜੀਆਂ ਚਿਲਕੀਆਂ ਚਾਂਦੀ ਹਾਰ, ਸੱਖੀਆ ਨੀਂਦ ਵਿਗੁਤੀਆਂ ਚੜ੍ਹਿਆ ਰੂਪ ਅਪਾਰ । ਏਦਾਂ ਸਨ ਉਹ ਫਬਦੀਆਂ ਚਾਨਣ ਵਿਚ ਤਮਾਮ, ਜਾਣੋ ਕਰਨ ਅਪੱਛਰਾਂ ਸੁਰਗਾਂ ਵਿਚ ਅਰਾਮ । ਰਾਜ ਕੰਵਰ ਦੀਆਂ ਸਜਨੀਆਂ, ਮਹਿਲਾਂ ਦਾ ਸ਼ਿੰਗਾਰ, ਰਾਜੇ ਦੀਆਂ ਦਰਦਣਾਂ, ਭਰੀਆਂ ਨਾਲ ਪਿਆਰ । ਇਕ ਤੋਂ ਇਕ ਚੜ੍ਹੰਦੀਆਂ ਸੁਤੀਆਂ ਨਜ਼ਰੀ ਆਣ, ਐਸਾ ਮਿੱਠੀ ਨੀਂਦ ਨੇ ਹੁਸਨ ਚੜ੍ਹਾਇਆ ਸਾਣ । ਕਿਸੇ ਇਕ ਨੂੰ ਤਕ ਕੇ, ਨਿਕਲੇ ਸਹਿਜ-ਸੁਭਾ, ‘ਮੋਤੀ ਇਹਦੀ ਸ਼ਾਨ ਦਾ ਹੋਰ ਨਹੀਂ ਇਸ ਜਾ’। ਐਪਰ ਉਸਦੇ ਨਾਲ ਹੀ ਰਤਾ ਪਰੇਰੇ ਹੋਰ, ਉਸਤੋਂ ਵਧੀਆ ਸੁੰਦਰੀ ਸੁੱਤੀ ਹੋ ਲਟਬੋਰ । ਵੇਖ ਉਨ੍ਹਾਂ ਦੇ ਰੂਪ ਨੂੰ ਤਕਣ ਵਾਲੇ ਦੇ ਨੈਣ, ਇਕ ਤੋਂ ਦੂਜੇ ਮੁੱਖ ਤੇ ਤਿਲਕ ਤਿਲਕ ਕੇ ਪੈਣ, ਜਿੱਦਾਂ ਕਿਸੇ ਜਵਾਹਰੀ ਦੀ ਹੱਟੀ ਵਿਚਕਾਰ, ਟਿਕਣ ਨਾ ਦੇਵੇ ਨਜ਼ਰ ਨੂੰ ਹੀਰਿਆਂ ਦੀ ਝਲਕਾਰ । ਪਈਆਂ ਸਨ ਉਹ ਸੋਹਣੀਆਂ ਬੇਪਰਵਾਹੀ ਸੰਗ, ਕੁਝ ਲੁੱਕੇ ਕੁਝ ਉਘੜੇ ਸੁਹਲ ਉਨ੍ਹਾਂ ਦੇ ਅੰਗ । ਨਾਲ ਸੁਹਾਣੇ ਫੁੱਲਾਂ ਦੇ ਗੁੰਦੇ ਕਿਸੇ ਦੇ ਵਾਲ, ਵਿਚ ਤਿਲੇ ਦੀ ਤਾਰ ਦੇ ਰੱਖੇ ਕਿਸੇ ਸੰਭਾਲ । ਕਿਸੇ ਸੁਰਾਹੀ ਧੌਣ ਦੇ ਉਤੇ ਨਾਲ ਵੰਗਾਰ, ਕਾਲੀਆਂ ਲਹਿਰਾਂ ਵਾਂਗਰਾਂ ਰੱਖੇ ਸਨ ਖਿਲਾਰ । ਨਾਲ ਥਕੇਵੇਂ ਨਾਚ ਦੇ ਸੁਤੀਆਂ ਸਨ ਹੋ ਚੂਰ, ਮਿੱਠੇ ਮਿੱਠੇ ਸੁਫਨਿਆਂ ਨੈਣ ਕੀਤੇ ਭਰਪੂਰ । ਜਿੱਦਾਂ ਸ਼ਾਮਾਂ ਤੀਕਰਾਂ ਗਾ ਗਾ ਮਿੱਠੇ ਗੌਣ, ਸਿਰ ਖੰਭਾਂ ਵਿਚ ਤੁਨ ਕੇ ਰੰਗਲੇ ਪੰਛੀ ਸੌਣ । ਛੱਤਾਂ ਚੋਂ ਸਨ ਲਟਕਦੇ ਸੋਨ ਜ਼ੰਜੀਰਾਂ ਨਾਲ, ਦੀਵੇ ਚਾਂਦੀ ਸਵਰਨ ਦੇ, ਘਾੜਤ ਬੜੀ ਕਮਾਲ, ਬੱਲ ਰਹੇ ਸਨ ਉਨ੍ਹਾਂ ਵਿਚ ਭਿੰਨੇ ਅਤਰ ਫੁਲੇਲ, ਮਸਤ ਅਬੀਰ ਸੁਗੰਧੀਆਂ ਨਹੀਂ ਜਿਨ੍ਹਾਂ ਦਾ ਮੇਲ । ਰੱਲ ਉਨ੍ਹਾਂ ਦੇ ਚਾਨਣੇ ਚੰਨ-ਰਿਸ਼ਮਾਂ ਦੇ ਨਾਲ, ਸਨ ਪਰਛਾਵੇਂ ਸੁੱਟਦੇ ਅਧਭੁਤ ਬੜੇ ਕਮਾਲ । ਨਿਮ੍ਹੀ ਲੋ ਵਿਚ ਇਸਤਰਾਂ ਚੀਜ਼ਾਂ ਨਜ਼ਰੀ ਆਣ, ਜਿੱਦਾਂ ਪਤਲੇ ਘੁੰਡ ਚੋਂ ਧੁੰਦਲੇ ਅੰਗ ਸੁਹਾਣ । ਸ਼ਾਂਤ ਹਿਕ ਦਾ ਉਭਰਨਾ, ਤਲੀਆਂ ਨਰਮ ਰੰਗੀਲ, ਖੁਲ੍ਹੀਆਂ ਜਾਂ ਅਧ-ਮੀਟੀਆਂ, ਮੁਖੜੇ ਬੜੇ ਸ਼ਕੀਲ । ਨਾਜ਼ਕ ਪਤਲੇ ਅੱਬਰੂ, ਚਿੱਲੇ ਚੜ੍ਹੇ ਕਮਾਨ, ਅਧ ਮੀਟੇ ਬੁਲ੍ਹ ਉਨ੍ਹਾਂ ਦੇ ਸੁਤਿਆਂ ਵੀ ਮੁਸਕਾਣ । ਵਿੱਥਾਂ ਵਿਚੋਂ ਚਮਕਦੇ ਚਿੱਟੇ ਚਿੱਟੇ ਦੰਦ, ਰੱਖੇ ਮੋਤੀ ਪਾਲ ਵਿਚ ਕਰਕੇ ਕਿਸੇ ਪਸੰਦ । ਗੋਲ ਕੂਲੀਆਂ ਵੀਣੀਆਂ, ਰੇਸ਼ਮ-ਛਪਰੇ ਨੈਣ, ਨਾਜ਼ਕ ਲੰਮੀਆਂ ਝਿਮਣੀਆਂ, ਰੁਖਸਾਰਾਂ ਤੇ ਸੈਣ । ਨਾਲ ਪੰਜੇਬਾਂ ਘੁੰਗਰੂਆਂ ਹੋਏ ਪਰ ਸ਼ਿੰਗਾਰ, ਜਦ ਕੋਈ ਹਿਲਦੀ, ਉਠਦੀ ਨਰਮ ਨਰਮ ਛਣਕਾਰ । ਹਸਦੇ ਸੁਫਨੇ ਉਨ੍ਹਾਂ ਦੇ ਟੁਟ ਜਾਂਦੇ ਇਸ ਨਾਲ, ਕੰਵਰ-ਸਲਾਹੇ ਨਾਚ ਦਾ ਹੁੰਦਾ ਜਿਨ੍ਹਾਂ ਵਿਚ ਹਾਲ । ਯਾ ਪਰੀਆਂ ਦੇ ਮੁਲਖ ਦਾ ਧੁੰਦਲਾ ਨਕਸ਼ ਮਹੀਨ, ਯਾ ਜਾਦੂ ਦੀ ਛਾਪ ਦਾ ਬੱਝਾ ਹੁੰਦਾ ਸੀਨ । ਇਕ ਲੇਟੀ ਸੀ ਓਸ ਥਾਂ ਪੂਰੇ ਅੰਗ ਪਸਾਰ, ਵੀਣਾ ਉਤੇ ਰਖ ਕੇ ਕੂਲੇ ਪਟ ਰੁਖ਼ਸਾਰ । ਨਾਜ਼ਕ ਉਂਗਲਾਂ ਉਹਦੀਆਂ ਲੰਮੀਆਂ ਅਤੇ ਬਰੀਕ, ਤਾਰਾਂ ਵਿਚ ਸਨ ਗੁੰਦੀਆਂ ਹੋਈਆਂ ਹਾਲੇ ਤੀਕ । ਜਾਣੋਂ ਗੀਤਾਂ ਉਸਦਿਆਂ ਮੁੰਦੇ ਜਿਹੜੇ ਕਾਲ, ਨੈਣ ਜਲਾਲੀ ਕਵਰ ਦੇ ਮਿੱਠੀ ਨੀਂਦਰ ਨਾਲ, ਉਹਦੇ ਅਪਣੇ ਨੈਣ ਵੀ ਊਂਘਾਂ ਨਾਲ ਭਰੇ, ਕੰਵਲ ਡੋਡੀਆਂ ਵਾਂਗਰਾਂ ਆਪੇ ਮੁੰਦ ਗਏ । ਰਤਾ ਪਰੇਰੇ ਓਸਤੋਂ ਲੇਟੀ ਸੀ ਇਕ ਹੋਰ, ਬਾਹਾਂ ਦੇ ਵਿਚ ਘੁਟਕੇ ਹਰਨਾਂ ਇਕ ਪਠੋਰ । ਕਾਲੇ ਸਿੰਙਾ ਵਾਲੜਾ ਜਿਸਦਾ ਸੀਸ ਮਲੂਕ, ਨਾਲ ਕਲੇਜੇ ਘੁਟ ਕੇ ਸੁੱਤੀ ਸੀ ਉਹ ਘੂਕ । ਲਾਲ ਗੁਲਾਬੀ ਫੁਲਾਂ ਨੂੰ ਚਰਦਾ ਉਹ ਹਰਨੋਟ, ਸੁਤਾ ਉਸ ਦੀ ਹਿਕ ਤੇ ਖਾ ਨੀਂਦਰ ਦੀ ਤੋਟ । ਅਜੇ ਕੁੜੀ ਦੇ ਹਥ ਸੀ ਇਕ ਅਣ-ਚਰਿਆ ਫੁਲ, ਪੱਤੀ ਇਕ ਗੁਲਾਬ ਦੀ ਅੜੀ ਹਰਨ ਦੇ ਬੁਲ੍ਹ । ਰਤਾ ਪਰੇਰੇ ਉਨ੍ਹਾਂ ਤੋਂ ਸੁੰਦਰ ਸਖੀਆਂ ਦੋ, ਮੋਗਰ ਕਲੀਆਂ ਗੁੰਦਦੀਆਂ ਦਿਤੀਆਂ ਨੀਂਦ ਪਰੋ । ਅੱਧ-ਗੁੰਦੇ ਫੁਲ-ਹਾਰ ਨੇ ਏਦਾਂ ਰਖੀਆਂ ਬੰਨ੍ਹ, ਤਾਰਿਆਂ ਦੀ ਜ਼ੰਜੀਰ ਵਿਚ ਜਾਣੋ ਜਕੜੇ ਚੰਨ । ਧਰ ਕੇ ਸਿਰ ਨੂੰ ਫੁਲਾਂ ਤੇ ਹੋਰ ਪਈ ਸੀ ਇਕ, ਸਿਰ ਰਖਿਆ ਇਕ ਹੋਰ ਨੇ ਉਪਰ ਜਿਸ ਦੀ ਹਿਕ । ਸੌਣੋ ਪਹਿਲਾਂ ਹੋਰ ਇਕ ਰਹੀ ਸੀ ਨੱਗ ਪਰੋ, ਵੀਣੀ ਦਵਾਲੇ ਓਸਦੀ ਝਲਕ ਰਹੇ ਸਨ ਜੋ । ਅੰਤਮ-ਦਾਣਾ ‘ਨਾਮ’ ਦਾ ਰੋਸ਼ਨ ਤੇ ਰਮਣੀਕ, ਫੜ ਰਖਿਆ ਸੀ ਓਸ ਨੇ ਮੁਠ ਵਿਚ ਹਾਲੇ ਤੀਕ । ਲਾਗੇ ਵਗਦੀ ਨਦੀ ਨੇ ਮਿੱਠੀ ਠੁਮ ਨੁਮ ਨਾਲ, ਉਪਰ ਨਰਮ ਗਲੀਚਿਆਂ ਰੱਖੀਆਂ ਸਨ ਸੁਆਲ । ਸਭੇ ਸੁਤੀਆ ਸੁੰਦਰੀਆਂ ਬੰਦ-ਕਲੀਆਂ ਦੇ ਵਾਂਗ, ਰੌਣਕ ਭਰੀ ਸਵੇਰ ਨੂੰ ਰਹੀਆਂ ਸਨ ਉਤਾਂਘ । ਤਾਂ ਜੇ ਅਪਣੀਆਂ ਪਤੀਆਂ ਖੇੜੇ ਵਿਚ ਲਿਆ, ਨਾਲ ਸੁਗੰਧ ਖਿੜਾਓ ਦੇ ਜਗ ਦੇਵਣ ਮਹਿਕਾ । ਏਦਾਂ ਦਾ ਸੀ ਕੰਵਰ ਦੇ ਸੁਖ-ਮੰਦਰ ਦਾ ਹਾਲ, ਪਰ ਅਤ-ਮਿਠੀਆਂ ਸੁਤੀਆਂ ਸਨ ਪਰਦੇ ਦੇ ਨਾਲ । ਗੰਗਾ, ਦੂਜੀ ਗੌਤਮੀ, ਝਲੀ ਜਾਏ ਨਾ ਝੀਰ, ਜੋਬਨ ਵਲੋਂ ਉਨ੍ਹਾਂ ਦੇ ਹੋਈ ਪਈ ਅਖ਼ੀਰ । ਉਤੇ ਚੰਦਨ-ਦਵਾਰ ਦੇ ਪਰਦਾ ਇਕ ਵਿਸ਼ਾਲ, ਕਢਿਆ ਨੀਲੇ ਕਿਰਮਚੀ ਸਵਰਨ ਧਾਗਿਆਂ ਨਾਲ, ਲਟਕ ਰਿਹਾ ਸੀ ਸ਼ਾਨ ਵਿਚ ਲਹਿਰਾਂ ਸੁਟ ਮਹੀਨ, ਝਾਲਰ ਉਸ ਦੀ ਰੇਸ਼ਮੀ ਚੁੰਮੇ ਪਈ ਜ਼ਮੀਨ । ਤਿੰਨ ਕਦਮਾਂ ਦੀ ਵਿਥ ਤੇ ਜਿਸ ਦੇ ਅੰਦਰ ਵਾਰ, ਸੁਖ-ਅਸਥਾਨ ਕੁਮਾਰ ਦਾ ਸਜਿਆ ਵਾਂਗ ਬਹਾਰ । ਤਖ਼ਤ ਜੜਾਊ ਡਠਿਆ ਜਿਸ ਦੇ ਐਨ ਵਿਚਾਲ, ਵਿਛੇ ਹੋਏ ਸਨ ਜਿਦੇ ਤੇ ਚਾਂਦੀ-ਰੰਗੇ ਸ਼ਾਲ । ਪਬ ਟਿਕਾਇਆਂ ਓਸ ਤੇ ਆਉਂਦੀ ਐਸੀ ਲਹਿਰ, ਨਿਮ-ਬੂਰ ਦੇ ਢੇਰ ਤੇ ਧਰੀਏ ਜਿੱਦਾਂ ਪੈਰ । ਡੱਠਾ ਸੀ ਉਸ ਤਖ਼ਤ ਦੇ ਉਤੇ ਐਸ਼-ਪਲੰਘ, ਪਾਵੇ ਜੜੇ ਸਤਾਰਿਆਂ ਝਿਲ-ਮਿਲ ਕਰਦੇ ਰੰਗ । ਨਾਲ ਸੁਚਿਆਂ ਮੋਤੀਆਂ ਸਨ ਕੰਧਾਂ ਸਿਰ-ਡੋਬ, ਚਿਟੇ ਪਥਰਾਂ ਕੱਜਆਂ ਛੱਤਾਂ ਰਹੀਆਂ ਸੋਭ । ਵਿਚ ਜਿਨ੍ਹਾਂ ਦੇ ਉਕਰ ਕੇ ਹੀਰੇ ਪੰਨੇ ਲਾਲ, ਨਕਸ਼ ਪੰਛੀਆਂ ਫੁਲਾਂ ਦੇ ਚਿਤਰੇ ਸਨ ਕਮਾਲ । ਏਦਾਂ ਹੀ ਸਨ ਫਬ ਰਹੇ ਗੁੰਬਜ਼ ਦੇ ਚੌਫੇਰ, ਨਾਲੇ ਗਿਰਦ ਝਰੋਕਿਆਂ ਹੀਰੇ ਪੰਨੇ ਢੇਰ । ਬੂਹਿਆਂ ਦੇ ਵਿਚ ਹੋਇਆ, ਸੀ ਜਾਲੀ ਦਾ ਕੰਮ, ਆਣ ਫਰਾਟੇ ਪੌਣ ਦੇ ਵਿਚੋਂ ਘੁੰਮਾ ਘਮ। ਨਾਲੇ ਰਿਸ਼ਮਾਂ ਚੰਨ ਦੀਆਂ ਅੰਦਰ ਹੱਥ ਪਸਾਰ, ਗੇਂਦੇ ਅਤੇ ਰਵੇਲ ਦੀ ਜਾਣ ਸੁਗੰਧ ਖਿਲਾਰ । ਪਰ ਇਹਨਾਂ ਤੋਂ ਸੌ-ਗੁਣਾਂ ਮਿਠੀ ਮਧੁਰ ਸੁਗੰਧ, ਸੁੱਤੀ ਜੋੜੀ ਵਿਚ ਸੀ ਰਬ ਨੇ ਕੀਤੀ ਬੰਦ । ਸਾਕ ਬੰਸ ਦਾ ਇਕ ਸੀ ਸੋਹਣਾ ਰਾਜਕੁਮਾਰ, ਦੂਜੀ ਮਧੁਰ ਯਸ਼ੋਧਰਾਂ ਹੁਸਨਾਂ ਦੀ ਸਰਕਾਰ । ਸ਼ਹਿਜ਼ਾਦੇ ਦੇ ਲਾਗਿਉਂ ਉੱਠੀ ਉਹ ਬਰੜਾ, ਚਾਦਰ ਉਸ ਦੀ ਲੱਕ ਤਕ ਗਈ ਤਿਲਕ ਕੇ ਆ। ਗੋਰਾ ਮਸਤਕ ਆਪਣਾ ਦੋ ਤਲੀਆਂ ਵਿਚ ਘੁੱਟ, ਨੀਵੀਂ ਪਾਈ ਓਸ ਨੇ ਧੌਣ ਅਗਾੜੀ ਸੁਟ । ਕਿਰ ਪਏ ਤਤੇ ਅਥਰੂ ਧੁਨੀ ਵਿਚ ਅਡੋਲ, ਭਰਦੀ ਨਾਲ ਤਰੇਲ ਦੇ ਜਿਵੇਂ ਕੰਵਲ ਦੀ ਝੋਲ । ਸ਼ਹਿਜ਼ਾਦੇ ਦੇ ਹਥ ਨੂੰ ਚੁੰਮਿਆਂ ਉਸ ਤ੍ਰੈ ਵਾਰ, ਧਕ ਧਕ ਕਰਦੀ ਹਿਕ ਚੋਂ ਕੀਤੀ ਫੇਰ ਪੁਕਾਰ, “ਜਾਗੋ ਹੇ ਭਗਵਾਨ ਜੀ ਨੈਣ ਪਿਆਰੇ ਖੋਹਲ, ਦੇਵੋ ਢਾਰਸ ਚਿਤ ਨੂੰ ਬੋਲ ਮਿਠਾ ਕੋਈ ਬੋਲ !” ਕਿਹਾ ਕੰਵਰ ‘ਹੈ ਜਿੰਦੀਏ, ਕਿਉਂ ਗਈ ਏ ਘਬਰਾ ? ਚੁਪ ਕਰ ਕਰਮਾਂ ਵਾਲੀਏ, ਰੋਵੇ ਤੇਰੀ ਬਲਾ । ਪਰ ਨਾ ਅਹੁੜੀ ਓਸ ਨੂੰ ਕਿੰਨਾਂ ਚਿਰ ਕੋਈ ਗੱਲ, ਆਖਰ ਕਰਕੇ ਹੌਸਲਾ ਬੋਲੀ ਹੰਝੂ ਠੱਲ੍ਹ, “ਸੁਤੀ ਸਾਂ ਮੈਂ ਕੰਵਰ ਜੀ, ਅਜ ਖੁਸ਼ੀ ਵਿਚਕਾਰ, ਕਿਉਂਕਿ ਬੱਚਾ ਤੁਸਾਂ ਦਾ ਹਿਲਿਆ ਪਹਿਲੀ ਵਾਰ । ਜੀਵਨ, ਖੁਸ਼ੀ ਪਿਆਰ ਦੀ ਧੜਕੀ ਤੇਹਰੀ ਨਾੜ, ਜਿਸ ਨੇ ਦੇ ਦੇ ਲੋਰੀਆਂ ਨੀਂਦਰ ਦਿਤੀ ਚਾੜ੍ਹ । ਡਿਠੇ ਪਰ ਮੈਂ ਸੁਤਿਆਂ ਖ਼ਾਬ ਡਰਾਉਣੇ ਤ੍ਰੈ, ਕਰ ਕਰ ਚੇਤੇ ਜਿਨ੍ਹਾਂ ਨੂੰ ਜਿੰਦੜੀ ਖਾਵੇ ਭੈ। ਕੀ ਵਿਂਹਦੀ ਹਾਂ ਬਲਦ ਇਕ ਚੌਣੇ ਦਾ ਸਰਦਾਰ, ਗਲੀਆਂ ਵਿਚ ਦੀ ਲੰਘਿਆ ਚੌੜੇ ਸਿੰਙ ਖਿਲਾਰ । ਮੱਥੇ ਉਹਦੇ ਚਮਕਦਾ ਨੂਰਾਨੀ ਇਕ ਨੱਗ, ਤਾਰਾ ਜਿਵੇਂ ਅਕਾਸ਼ ਦਾ ਉਠੇ ਇਕਦਮ ਮੱਘ । ਸ਼ੇਸ਼ ਨਾਗ ਯਾ ਜਿਸ ਤਰਾਂ ਨੇਰ੍ਹੀ ਖੁਡ ਵਿਚਕਾਰ, ਨਾਲ ਆਪਣੀ ਮਣੀ ਦੇ ਦਿਨ ਦੇਂਦਾ ਏ ਚਾਹੜ । ਏਦਾਂ ਗਲੀਆਂ ਵਿਚਦੀ ਦੇਂਦਾ ਧੁਸ ਜਨੌਰ, ਫਾਟਕ ਲਾਗੇ ਆ ਗਿਆ ਚਲਿਆ ਕਿਸੇ ਨਾ ਜ਼ੋਰ । ਭਾਵੇਂ ਇੰਦਰ-ਮੰਦਰੋਂ ਆਈ ਉੱਚੀ ਸੱਦ, ਸ਼ਾਨ ਸ਼ਹਿਰ ਦੀ ਜਾਏਗੀ ਨਾਲ ਇਸ ਦੇ ਲੱਦ । ਫਿਰ ਵੀ ਚਿੱਟੇ ਬਲਦ ਨੂੰ ਸਕਿਆ ਕੋਈ ਨਾ ਠੱਲ੍ਹ, ਉੱਚੀ ਡਾਡਾਂ ਮਾਰ ਮੈਂ ਦੌੜੀ ਉਸ ਦੇ ਵੱਲ । ਲਈਆਂ ਬਾਹਾਂ ਅਪਣੀਆਂ ਉਹਦੇ ਗਲ ਵਲਾ, ਪਰ ਸਿੱਙਾਂ ਨੂੰ ਛੰਡ ਕੇ ਲਈਆਂ ਓਸ ਛੁਡਾ। ਗਲਵਕੜੀ ਚੋਂ ਨਿਕਲ ਕੇ ਭੰਨਦਾ ਬੂਹੇ ਬਾਰ, ਦਰਬਾਨਾਂ ਨੂੰ ਮਿਧਦਾ ਨਿਕਲ ਗਿਆ ਉਹ ਬਾਹਰ । ਦੂਜੇ ਸੁਫਨੇ ਵੇਖੀਆਂ ਅਜਬ ਹਸਤੀਆਂ ਚਾਰ, ਨੂਰੀ, ਅਧਭੁਤ, ਸੋਹਣੀਆਂ, ਨੈਣਾਂ ਭਰੇ ਖੁਮਾਰ । ਸਨ ਰਖਵਾਲੇ ਜਾਪਦੇ ਧਰਤੀ ਦੇ ਉਹ ਠੀਕ, ਸਵਰਨ-ਪਹਾੜ ਸੁਮੇਰ ਦੇ ਹਨ ਜੇਹੜੇ ਵਸਨੀਕ । ਆਕਾਸ਼ਾਂ ਚੋਂ ਉਤਰੇ ਚਿੱਟੇ ਖੰਭ ਖਿਲਾਰ, ਨਾਲ ਉਨ੍ਹਾਂ ਦੇ ਦੇਵਤੇ ਉਤਰੇ ਹੋਰ ਹਜ਼ਾਰ । ਹੁਮਹੁਮਾ ਕੇ ਆ ਵੜੇ ਕੱਠੇ ਸਾਡੇ ਸ਼ਹਿਰ, ਫਟਿਆ ਝੰਡਾ ਇੰਦਰ ਦਾ ਢੱਠਾ ਓਸੇ ਪੈਰ । ਥਾਂ ਓਸਦੀ ਉਭਰਿਆ ਝੰਡਾ ਹੋਰ ਵਿਸ਼ਾਲ, ਜਿਦੇ ਫਰੇਰੇ ਵਿਚ ਸਨ ਸੀਪੇ ਲੱਖਾਂ ਲਾਲ । ਨਿਕਲਣ ਰਿਸ਼ਮਾਂ ਉਨ੍ਹਾਂ ਚੋਂ ਜਿਉਂ ਲਹਿਰਾਂਦੀ ਅੱਗ ਨਾਲ ਉਨ੍ਹਾਂ ਦੀ ਚਮਕ ਦੇ ਰੌਸ਼ਨ ਹੋਇਆ ਜੱਗ । ਵਿਚ ਫਰੇਰੇ ਉਕਰਿਆ ਸੀ ਇਕ ਨਵਾਂ ਸੰਦੇਸ਼, ਜਿਸ ਨੇ ਸਾਰੇ ਜਗ ਨੂੰ ਦਿਤੀ ਖੁਸ਼ੀ ਵਿਸ਼ੇਸ਼ । ਵੱਗੀ ਚੜ੍ਹਦੇ ਪਾਸਿਉਂ ਸਰਘੀ ਸਮੇਂ ਹਵਾ, ਵੱਟ ਝੰਡੇ ਦੇ ਕਢ ਜੋ ਗਈ ਲਿਖਤ ਉਘੜਾ । ਤਾਂਜੇ ਉਸ ਨੂੰ ਵੇਖਕੇ ਨੀਵੇਂ ਉੱਚੇ ਸਭ, ਬੱਚ ਗ਼ਮਾਂ ਤੇ ਦੁਖਾਂ ਤੋਂ ਮੁਕਤੀ ਪਾਵਣ ਝੱਬ । ਵੱਸੇ ਫਿਰ ਆਕਾਸ਼ ਚੋਂ ਵੰਨ ਵੰਨਾਂ ਦੇ ਫੁਲ, ਰੰਗ ਜਿਨ੍ਹਾਂ ਦੇ ਲਭਣ ਨਾ ਬਾਗ਼ ਅਸਾਡੇ ਭੁਲ ।” ਸੁਣ ਬੋਲੇ ਭਗਵਾਨ ਜੀ “ਇਹ ਝਾਕੇ ਰਮਣੀਕ, ਮੇਰੀ ਕੰਵਲਾ ਰਾਣੀਏਂ ਸਨ ਵੇਖਣ ਵਿਚ ਠੀਕ ।” “ਠੀਕ ਹੋਣਗੇ ਕੰਵਰ ਜੀ” ਕਿਹਾ ਸ਼ਹਿਜ਼ਾਦੀ ਕੂਕ, ਪਰ ਇਹਨਾਂ ਦੇ ਅੰਤ ਵਿਚ ਉੱਠੀ ਸੀ ਇਕ ਹੂਕ, ‘ਸਮਾਂ ਗਿਆ ਹੈ ਆ ਅਹੋ ! ਸਮਾਂ ਗਿਆ ਹੈ ਆ !’ ਇਸ ਦੇ ਮਗਰੋਂ ਤੀਸਰੇ ਸੁਫਨੇ ਖੜੀਆਂ ਚਾ । ਜਦੋਂ ਤੁਹਾਡੀ ਸੇਜ ਤੇ ਮੇਰੇ ਰਾਜ ਕੁਮਾਰ, ਆਈ ਤੁਹਾਨੂੰ ਲਭਣ ਮੈਂ ਸੁਫਨੇ ਦੇ ਵਿਚਕਾਰ, ਕੀ ਵੇਂਹਦੀ ਹਾਂ ਸੇਜ ਤੇ ਚੀਜ਼ਾਂ ਕੇਵਲ ਦੋ : ਖਾਲੀ ਚੋਗ਼ਾ ਤੁਸਾਂ ਦਾ ਤਕੀਆ ਇਕ ਨਛੋਹ, ਨਜ਼ਰੀ ਮੂਲ ਨ ਆਇਆ ਤੁਹਾਡਾ ਕੋਈ ਨਿਸ਼ਾਨ, ਹੇ ਮੇਰੇ ਜਿੰਦ ਦਾਨਣੇ ! ਰਾਜਨ ! ਅਤੇ ਜਹਾਨ ! ਜਾਗੋ ਮੀਟੇ ਵਿਚ ਫਿਰ ਕੀ ਵੇਂਹਦੀ ਹਾਂ ਹਾਲ, ਪੇਟੀ ਦਿੱਤੀ ਤੁਸਾਂ ਦੀ ਜੜੀ ਮੋਤੀਆਂ ਨਾਲ, ਜਿਸਨੂੰ ਸਾਂ ਮੈਂ ਬੰਨ੍ਹਦੀ, ਇੱਥੇ ਹਿਕੋਂ ਹੇਠ, ਬਣ ਕੇ ਜ਼ਹਿਰੀ ਨਾਗਨੀ ਚਾਹੜਨ ਲੱਗੀ ਵੇਠ, ਬਾਂਕ ਮੇਰੀ ਦੀਆਂ ਘੁੰਗਰਾਂ, ਭੁੰਜੇ ਪਈਆਂ ਢਹਿ ਸੋਨ-ਚੂੜੀਆਂ ਖੁਲ੍ਹਕੇ ਆਪੇ ਗਈਆਂ ਲਹਿ । ਕੇਸਾਂ ਮੇਰਿਆਂ ਵਿਚ ਸਨ ਚੰਬ ਦੇ ਜੋ ਫੁਲ, ਭੂਕ ਵਾਂਗ ਮੁਰਝਾਏ ਕੇ ਗਏ ਖ਼ਾਕ ਵਿਚ ਰੁਲ । ਹੋਇਆ ਪਰਦਾ ਕਿਰਮਚੀ ਪਲ ਵਿਚ ਲੀਰੋ ਲੀਰ, ਧਰਤੀ ਦੇ ਵਿਚ ਧਸ ਗਿਆ ਸਾਡਾ ਪਲੰਘ ਅਖ਼ੀਰ । ਦੂਰੋਂ ਚਿੱਟੇ ਬੈਲ ਦੀ ਆਈ ਫੇਰ ਅੜਾਟ, ਲਾਲਾਂ ਜੜੇ ਨਿਸ਼ਾਨ ਦੀ ਕੰਨੀ ਪਈ ਫਰਾਟ । ਫੇਰ ਡਰਾਉਣੀ ਹਾਕ ਉਹ ਗੂੰਜੀ ਵਿਚ ਹਵਾ ‘ਸਮਾਂ ਗਿਆ ਹੈ ਆ ਅਹੋ ! ਸਮਾਂ ਗਿਆ ਹੈ ਆ !’ ਜਿਸਨੂੰ ਸੁਣਦੇ ਸਾਰ ਹੀ ਖੁਲ੍ਹ ਗਈ ਮੇਰੀ ਜਾਗ, ਖਬਰ ਨਹੀਂ ਇਹ ਝਾਕੀਆਂ ਲਾਸਣ ਕੈਸਾ ਦਾਗ । ਯਾਂ ਇਹ ਮੈਨੂੰ ਮਾਰਸਨ ਯਾ ਮੌਤੋਂ ਬੁਰਿਆਰ, ਲੈ ਜਾਸਨ ਇਹ ਖਸਕੇ ਮੈਥੋਂ ਮੇਰਾ ਕੁਮਾਰ ।” ਜਿੱਦਾਂ ਸੂਰਜ ਛੁਪਦਿਆਂ ਕਢਦਾ ਏ ਮੁਸਕਾਨ, ਰੋਂਦੀ ਪਤਨੀ ਵਲ ਇਉਂ ਨੈਣ ਕੀਤੇ ਭਗਵਾਨ । “ਰਖ ਤਸੱਲੀ ਸੋਹਣੀਏਂ !” ਕੇਹਾ ਫੇਰ ਪੁਕਾਰ, “ਵਿਚ ਅਟਲ ਪ੍ਰੇਮ ਦੇ ਜੇ ਤੇਰਾ ਇਤਬਾਰ । ਹਨ ਹੋਣੀ ਦੇ ਝਾਂਵਲੇ ਭਾਵੇਂ ਤੇਰੇ ਖਾਬ, ਭਾਵੇਂ ਕਿੰਗਰੇ ਅਰਸ਼ ਦੇ ਡੋਲਣ ਨਾਲ ਅਜ਼ਾਬ, ਭਾਵੇਂ ਕੋਈ ਸਹਾਇਤਾ ਜੱਗ ਨੂੰ ਪਏ ਥਿਹਾ, ਨਵੀਂ ਮੁਸੀਬਤ ਅਸਾਂ ਤੇ ਭਾਵੇਂ ਜਾਵੇ ਆ, ਫਿਰ ਵੀ ਮੇਰੀ ਯਸ਼ੋਧਰਾਂ ਇਸ ਵਿਚ ਰਤੀ ਨ ਸ਼ਕ, ਕਰਦਾ ਸਾਂ ਤੇ ਕਰਾਂਗਾ ਪਿਆਰ ਤੈਨੂੰ ਮੈਂ ਪਕ । ਚੰਗੀ ਭਲੀ ਤੂੰ ਜਾਣਦੀ ਕਿਦਾਂ ਸ਼ਾਮ ਸਵੇਰ, ਜਗ-ਬਚਾਵੇ ਲਈ ਮੈਂ ਸੋਚ ਰਿਹਾਂ ਹਾਂ ਢੇਰ। ਐਪਰ ਵੇਲਾ ਪੱਕ ਕੇ ਹੋਇਆ ਜਦੋਂ ਤਿਆਰ, ਆਪ-ਮੁਹਾਰੇ ਕੰਮ ਇਹ ਕਰ ਦੇਸੀ ਕਰਤਾਰ । ਪਰ ਜੇ ਦੂਜੇ ਦਿਲਾਂ ਨੂੰ ਤਾਂਘ ਮੇਰਾ ਰੂਹ, ਵਿਚ ਪਰਾਏ ਗ਼ਮਾਂ ਦੇ ਪਏ ਕਲੇਜੇ ਧੂਹ, ਤੂੰਹੇਂ ਦਸ ਫਿਰ ਕਿਸ ਤਰ੍ਹਾਂ ਮੇਰੇ ਉੱਡਦੇ ਖ਼ਿਆਲ, ਦੁਖੀਆ ਦੁਨੀਆਂ ਵਾਸਤੇ ਹੋਵਣ ਨ ਜ਼ਿਲਹਾਲ । ਲਾਲ ਮੇਰੇ ਦੀਏ ਅੰਮੀਏ, ਆਹ ! ਤੇਰੇ ਮ੍ਰਿਦੂ ਅੰਗ, ਏਸੇ ਸੁੰਦਰ ਆਸ ਵਿਚ ਸੁਤੇ ਮੇਰੇ ਸੰਗ । ਉਸ ਘੁਗੀ ਦੇ ਵਾਂਗਰਾਂ ਪਿਆਰੀ ਮੇਰਾ ਹਾਲ, ਚੁਗ ਜੁਗ ਜੰਗਲ ਵਾਦੀਆਂ ਜਿਹੜੀ ਸ਼ਾਮਾਂ ਨਾਲ, ਵਲ ਠਿਕਾਣੇ ਆਪਣੇ ਉਡਕੇ ਜਾਂਦੀ ਆ, ਖੰਭਾਂ ਥਲੇ ਲੈਂਵਦੀ ਅਪਣੇ ਬੋਟ ਲੁਕਾ । ਏਦਾਂ ਮੇਰੀ ਆਤਮਾਂ ਗਾਹ ਗਾ ਕੇ ਸੰਸਾਰ, ਨਾਲ ਅਣ-ਡਿਠੇ ਰੂਹਾਂ ਦੇ ਕਰ ਕਰ ਸੱਚਾ ਪਿਆਰ, ਸ਼ਾਮਾਂ ਵੇਲੇ ਪਰਤਦੀ ਚੰਨੀਏ, ਤੇਰੀ ਵੱਲ, ਹਿੱਕ ਤੇਰੀ ਦਾ ਆਹਲਣਾ ਆਖਰ ਲੈਂਦੀ ਮੱਲ । ਮੰਨ ਲਿਆ ਮੈਂ ਸੋਹਣੀਏਂ ਤੇਰਾ ਕੋਮਲ ਦਿਲ, ਤਕ ਉਸ ਚਿੱਟੇ ਬਲਦ ਨੂੰ ਗਿਆਂ ਠਿਕਾਣਿਉਂ ਹਿਲ । ਨਾਲੇ ਉਸ ਫੁੰਕਾਰਦੇ ਹੀਰਿਆਂ ਜੜੇ ਨਿਸ਼ਾਨ, ਤੇਰੀ ਭੋਲੀ ਜਿੰਦ ਨੂੰ ਕਰ ਦਿਤਾ ਹੈਰਾਨ । ਐਪਰ ਰੱਖੀਂ ਸੋਹਣੀਏਂ ! ਚੇਤੇ ਏਨੀ ਗੱਲ, ਤੇਰੇ ਮੇਰੇ ਪਿਆਰ ਦਾ ਰਿਸ਼ਤਾ ਬੜਾ ਅਟੱਲ । ਸਭਨਾਂ ਖਾਤਰ ਰੱਬ ਤੋਂ ਜੋ ਮੈਂ ਕੀਤੀ ਮੰਗ, ਬਹੁਤਾ ਹਿੱਸਾ ਓਸਦਾ ਤੈਨੂੰ ਦਿਆਂ ਨਿਸ਼ੰਗ । ਪਰ ਜੇ ਦਿੱਤੇ ਰਬ ਨੇ ਸਾਡੇ ਵੰਡੇ ਦੁਖ, ਫਿਰ ਵੀ ਏਨਾਂ ਸੋਚਕੇ ਹੋਸੀ ਸਾਨੂੰ ਸੁਖ, ਕੱਢੀ ਸਾਡੇ ਹੰਝੂਆਂ ਦੁਖੀਆਂ ਦੀ ਮੁਸਕਾਣ ਕੀਤੀ ਸਾਡੇ ਹੌਕਿਆਂ ਦੁਨੀਆਂ ਦੀ ਕਲਿਆਣ । ਲੈ ਇਸ ਜੱਫੀ ਵਿਚ ਮੈਂ ਦੇਵਾਂ ਤੈਨੂੰ ਉਹ, ਉੱਚੇ ਸੁਚੇ ਪ੍ਰੇਮ ਤੋਂ ਸਰ ਸਕਦਾ ਏ ਜੋ । ਕਰ ਬੁਲ੍ਹ ਲਾਗੇ ਬੁਲ੍ਹ ਦੇ, ਦਿਲ ਦੇ ਦਿਲ ਨਜ਼ਦੀਕ ਮੇਰੇ ਦਿਲੀ ਸੰਦੇਸ਼ ਨੂੰ ਪੀ ਜਾ ਲਾ ਕੇ ਡੀਕ । ਮੈਨੂੰ ਤੇਰੇ ਨਾਲ ਹੈ ਸਭ ਤੋਂ ਵਧ ਕੇ ਪਿਆਰ, ਕਿਉਂਕਿ ਸਾਰੇ ਜੀਆਂ ਨੂੰ ਸਕਦਾ ਹਾਂ ਮੈਂ ਪਿਆਰ । ਲੈ ਹੁਣ ਸੌਂ ਜਾ ਪਿਆਰੀਏ ਮਿਠੀ ਨੀਂਦਰ ਮਾਣ, ਮੈਂ ਜਗਰਾਤਾ ਕਟਕੇ ਰਖਸਾਂ ਤੇਰਾ ਧਿਆਨ ।” ਤ੍ਰਿਪ ਤ੍ਰਿਪ ਹੰਝੂ ਕੇਰਦੀ ਸੌਂ ਗਈ ਉਹ ਅਖ਼ੀਰ, ਪਰ ਸੁਤਿਆਂ ਵੀ ਹੌਕਿਆਂ ਰੱਖੀ ਬੰਨ੍ਹ ਜ਼ੰਜੀਰ । ਮਾਨੋਂ ਫਿਰ ਉਹ ਸੁਫ਼ਨੇ ਉਸ ਨੂੰ ਰਹੇ ਡਰਾ, ਵਾਜ਼ ਉਹੀ ਫਿਰ ਆ ਰਹੀ-‘ਸਮਾਂ ਗਿਆ ਹੈ ਆ ।’ ਇਹ ਸੁਣਦੇ ਹੀ ਚੌਂਕਿਆ ਸੋਹਣਾ ਰਾਜ ਕੁਮਾਰ, ਚਮਕ ਰਿਹਾ ਸੀ ਚੰਦਰਮਾਂ ਅੰਬਰ ਦੇ ਵਿਚਕਾਰ । ਮਾਨੋਂ ਖਿੱਤੀਆਂ ਸੋਹਣੀਆਂ ਖੜੀਆਂ ਵਿਚ ਕਤਾਰ, ਆਖ ਰਹੀਆਂ ਸਨ ਕੰਵਰ ਨੂੰ ਝਮ ਝਮ ਅੱਖਾਂ ਮਾਰ, ‘ਅੱਜ ਦੀ ਰਾਤ ਸੁਲੱਖਣੀ ਭਰੀ ਉਮੀਦਾਂ ਸੰਗ, ਚਾਹੇ ਮੰਗ ਵਡਿੱਤ ਅਜ ਚਾਹੇ ਨੇਕੀ ਮੰਗ । ਚਾਹੇ ਬਣ ਜਾ ਸੋਹਣਿਆਂ ਅਜ ਸ਼ਾਹਾਂ ਦਾ ਸ਼ਾਹ, ਚਾਹੇ ਤਖ਼ਤ ਤਿਆਗ ਕੇ ਜੂਹਾਂ ਜੰਗਲ ਗਾਹ ।’ ਗੀਤ ਪੁਰਾਣੇ ਫੇਰ ਉਹ ਗੂੰਜੇ ਵਿਚ ਹਵਾ, ਗਾਏ ਸਨ ਜੋ ਦਿਉਤਿਆਂ ਦੇਣ ਕਦੀ ਉਤਸ਼ਾਹ । ਹੁਣ ਵੀ ਲੱਖਾਂ ਦੇਉਤੇ ਵਾਯੂ ਦੇ ਵਿਚਕਾਰ, ਗਿਰਦ ਕੰਵਰ ਦੇ ਖੜੇ ਸਨ, ਚਿੱਟੇ ਖੰਭ ਖਿਲਾਰ । ਜਦ ਉਹ ਨਾਲ ਸਤਾਰਿਆਂ ਨੈਣ ਜਲਾਲੀ ਜੋੜ, ਡੂੰਘੇ ਕਿਸੇ ਖ਼ਿਆਲ ਵਿਚ ਸੁਰਤ ਰਿਹਾ ਸੀ ਰੋਹੜ । “ਜਾਂਦਾ, ਹਾਂ,” ਉਸ ਆਖਿਆ, “ਘੜੀ ਗਈ ਹੈ ਆ, ਜਿਸ ਵਲ ਸੁਤੇ ਲਬ ਤੇਰੇ ਮੈਨੂੰ ਰਹੇ ਬੁਲਾ । ਵਿਚ ਅਸਾਡੇ ਘਤਣਾ ਭਾਵੇਂ ਏਸ ਫਰਾਕ, ਪਰ ਏਸੇ ਨੇ ਗ਼ਮਾਂ ਤੋਂ ਦੁਨੀਆਂ ਕਰਨੀ ਪਾਕ । ਦਿੱਸੇ ਮੈਨੂੰ ਉਕਰਿਆ ਅੰਬਰ ਦੇ ਵਿਚਕਾਰ, ਸਾਫ਼ ਸੁਨੇਹਾ, ਜਿਸ ਲਈ ਮੈਂ ਆਇਆ ਸੰਸਾਰ । ਛੱਡਦਾ ਹਾਂ ਮੈਂ ਅੱਜ ਤੋਂ ਝਿਲਮਿਲ ਕਰਦਾ ਤਾਜ, ਮਾਤਾ, ਪਿਤਾ, ਯਸੋਧਰਾਂ, ਘੁਗ ਵਸਦਾ ਇਹ ਰਾਜ । ਨਾਲੇ ਹਾਂ ਮੈਂ ਤਿਆਗਦਾ ਸਲਤਨਤਾਂ ਸਭ ਉਹ, ਤੇਗ਼ ਮੇਰੀ ਦੀ ਚਮਕ ਨੂੰ ਤਾਂਘ ਰਹੀਆਂ ਹਨ ਜੋ । ਨਾ ਹੀ ਮੇਰੇ ਰੱਬ ਨੇ ਖੂਨੀ ਪਹੀਆਂ ਨਾਲ, ਦੁਨੀਆਂ ਜਿੱਤਣ ਵਾਸਤੇ ਤੋਂ ਕਰਨੀ ਹੈ ਲਾਲ । ਨਾਲ ਬੇ-ਦਾਗ਼ੇ ਪੈਰ ਦੇ ਲੰਮੀਆਂ ਮੰਜ਼ਲਾਂ ਮਾਰ, ਸੱਗੋਂ ਬੇੜਾ ਜਗਤ ਦਾ ਲਾਣਾ ਹੈ ਮੈਂ ਪਾਰ । ਸੇਜ ਬਣਾਸਾਂ ਧੂੜ ਨੂੰ ਛੱਡ ਕੇ ਰੇਸ਼ਮ-ਪਟ, ਵਿਚ ਉਜਾੜਾਂ ਝੁਗੀਆਂ ਕੱਟਾਂਗਾ ਮੈਂ ਝੱਟ । ਨਾਲ ਅਛੂਤਾਂ, ਛੇਕਿਆਂ, ਪਾਵਾਂਗਾ ਮੈਂ ਪਿਆਰ, ਪਹਿਨਾਂਗਾ ਇਸ ਜਿਸਮ ਤੇ ਕਪੜੇ ਤਾਰੋ ਤਾਰ । ਦੇਸਾਂ ਸ਼ਾਹੀ ਨਿਅਮਤਾਂ ਦਿਲ ਅਪਣੇ ਤੋਂ ਲਾਹ, ਠੰਢਾ ਪਾਣੀ ਪੀਆਂਗਾ ਮਿੱਸੀ ਤਿੱਸੀ ਖਾ । ਛਡ ਕੇ ਐਸ਼ ਅਰਾਮ ਤੇ ਹੀਰਿਆਂ-ਜੜਤ ਮਹੱਲ, ਕਿਸੇ ਧੁੰਦਲੀ ਗੁਫਾ ਦੀ ਨੁੱਕਰ ਲੈਸਾਂ ਮੱਲ, ਕਿਉਂਕਿ ਚੀਕਾਂ, ਹੌਕਿਆਂ, ਵਿਲਕਣੀਆਂ ਦਾ ਸ਼ੋਰ, ਕੰਨਾਂ ਥਾਣੀ ਲੰਘ ਕੇ ਖਿਚੇ ਦਿਲ ਦੀ ਡੋਰ । ਵੇਖ ਜਗਤ ਨੂੰ ਚੰਬੜੇ ਲੱਖਾਂ ਰੋਗ ਅਸਾਧ, ਨਾਲ ਤਰਸ ਦੇ ਨਿਤ ਕਰੇ ਰੂਹ ਮੇਰਾ ਫਰਿਆਦ । ਵਿਚ ਮੁਕੰਮਲ ਤਿਆਗ ਦੇ ਲੱਖਾਂ ਦੁਖ ਸਹਾਰ, ਹੰਝੂਆਂ ਤੋਂ ਮੈਂ ਕਰਾਂਗਾ ਸਖਣਾ ਇਹ ਸੰਸਾਰ । ਜਿਤਨੇ ਵੀ ਹਨ ਦੇਵਤੇ ਛੋਟੇ ਅਤੇ ਮਹਾਨ, ਕਿਹੜਾ ਸਾਨੂੰ ਬਹੁੜਦਾ ਵਿਚ ਮੁਸੀਬਤ ਆਣ ? ਕਿਹੜਾ ਪੁਤਲਾ ਤਰਸ ਦਾ, ਕਿਹੜਾ ਹੈ ਬਲਵਾਨ, ਕਿਸਨੇ ਅਪਣੇ ਸੇਵਕਾਂ ਪਿਛੇ ਹੂਲੀ ਜਾਨ ? ਸਿਮਰ ਸਿਮਰ ਕੇ ਇਨ੍ਹਾਂ ਨੂੰ ਕੀ ਖਟਿਆ ਇਨਸਾਨ, ਪੜ੍ਹ ਪੜ੍ਹ ਮੰਤਰ ਪੋਥੀਆਂ, ਹੋ ਹੋ ਅੰਤਰ-ਧਿਆਨ ? ਸਤਨਾਜੇ ਤੇ ਤੇਲ ਦੇ ਕਢ ਕਢ ਕੇ ਦਸਵੰਧ, ਬਾਲ ਬਾਲ ਵਿਚ ਮੰਦਰਾਂ ਗੁੱਗਲ, ਧੂਪ, ਸੁਗੰਧ ? ਦੇ ਦੇ ਕੇ ਕੁਰਬਾਨੀਆਂ, ਉੱਚੇ ਮੰਦਰ ਚਾਹੜ, ਸੂਰਜ, ਵਿਸ਼ਨੂੰ, ਸ਼ਿਵਾਂ ਦੇ ਅੱਗੇ ਸੰਘੇ ਪਾੜ ? ਕੱਟ ਨ ਸੱਕੇ ਦੇਵਤੇ ਕੋਈ ਵੀ ਉਹ ਰੋਗ, ਨਾਲ ਜਿਨ੍ਹਾਂ ਦੇ ਵਰਤਿਆ ਦੁਨੀਆਂ ਦੇ ਵਿਚ ਸੋਗ । ਭਜਨ ਖੁਸ਼ਾਮਦ ਖੌਫ ਦੇ ਤਾਂਹੀਉਂ ਬੰਦੇ ਗਾਣ, ਦਿਨ ਪਰ ਦਿਨ ਜੋ ਚੜ੍ਹ ਰਹੇ ਧੂੰ ਬਣ ਬਣ ਅਸਮਾਨ। ਹੈ ਕੋਈ ਵਸਦੇ ਜਗ ਤੇ ਐਸਾ ਮੇਰਾ ਵੀਰ, ਪਹੁੰਚਣ ਦਿਤੀ ਇਨ੍ਹਾਂ ਨੇ ਜਿਸ ਤਕ ਕੋਈ ਨ ਪੀੜ ? ਨਾ ਕੋਈ ਚੂੰਢੀ ਹਿਜਰ ਦੀ ਨਾ ਕੋਈ ਕਾਂਬੂ ਤੱਪ, ਨਾ ਕੋਈ ਹਾਨੀ, ਪ੍ਰੇਮ ਦਾ ਢਾਈ-ਘੜੀਆ ਸੱਪ, ਨਾ ਜਿੰਦੜੀ ਦਾ ਨਿਘਰਨਾ ਝੁਰ ਝੁਰ ਬੁੱਢੇ ਵਾਰ, ਨਾ ਕੋਈ ਜ਼ਾਲਮ ਮੌਤ ਦਾ ਅੰਨ੍ਹਾ ਨ੍ਹੇਰ ਗੁਬਾਰ ? ਚੱਲੇ ਆਵਾਗੌਣ ਦਾ ਫੇਰ ਅਮੁਕਵਾਂ ਗੇੜ, ਮਾਰਨ ਜੀਵਨ ਸੱਜਰੇ, ਸਜਰੀ ਕੋਈ ਥਪੇੜ । ਫਿਰ ਨਵ-ਤਾਂਘਾਂ ਵਾਸਤੇ ਬਣਦੇ ਸਜਰੇ ਯੁਗ, ਕੁਝ ਚਿਰ ਪਿਛੋਂ ਜਿਨ੍ਹਾਂ ਦੀ ਰਹਿੰਦੀ ਉਘ ਨ ਸੁਘ । ਹੈ ਕੋਈ ਵਸਦੇ ਜੱਗ ਤੇ ਮੇਰੀ ਐਸੀ ਭੈਣ, ਹੋਣ ਫਲੇ ਜਿਸਦੇ ਕਦੀ ਵਰਤ, ਜਾਗਰੇ ਵੈਣ? ਘੱਟੀ ਹੋਵੇ ਯਾ ਕਦੀ ਜੰਮਣ ਦੀ ਕੋਈ ਪੀੜ, ਪੂਜ ਪੂਜ ਕੇ ਤੁਲਸੀਆਂ, ਮਣਸ ਮਣਸ ਕੇ ਖੀਰ ? ਤਰਸਵੰਦ ਕੁਝ ਦੇਵਤੇ, ਹਨਗੇ ਕੁਝ ਕਠੋਰ, ਐਪਰ ਅਮਲਾਂ ਵਿਚ ਹਨ ਸਾਰੇ ਹੀ ਕਮਜ਼ੋਰ । ਬੰਦਿਆਂ ਵਾਂਗੂ ਸੱਭ ਦੀ ਰੇਤ ਉਤੇ ਮੁਨਿਆਦ, ਅਗਲੇ ਪਿਛਲੇ ਜਨਮ ਤੋਂ ਕੋਈ ਨਹੀਂ ਆਜ਼ਾਦ । ਏਹੋ ਵੇਦ ਸਿਖਾਉਂਦੇ ਕੇਰਾਂ ਕਿਸੇ ਤਰ੍ਹਾਂ, ਜੀਵਨ-ਚੱਕਰ ਚਲ ਕੇ ਚੜ੍ਹਦਾ ਜਾਏ ਉਤਾਂਹ । ਕਿਣਕੇ ਤੋਂ ਮੱਛਰ ਬਣੇ, ਮਛਰੋਂ ਕੀੜਾ ਫੇਰ, ਬਣਦੇ ਫੇਰ ਸਪੋਲੀਏ, ਮੱਛੀ, ਪੰਛੀ, ਸ਼ੇਰ । ਸ਼ੇਰੋਂ ਮਾਨਸ, ਮਾਨਸੋਂ ਦੈਂਤ, ਫਰਿਸ਼ਤੇ, ਰੱਬ, ਮੁੜਕੇ ਪਿਛਲੇ ਪੈਰ ਫਿਰ ਮਿੱਟੀ ਥੀਵਨ ਸਭ । ਏਸ ਅਮੁਕਵੇਂ ਗੇੜ ਵਿਚ ਫਾਥਾ ਕੁਲ ਸੰਸਾਰ, ਕੀ ਮਾਨਸ, ਕੀ ਦੇਵਤੇ, ਕੋਈ ਨਾ ਇਸ ਤੋਂ ਬਾਹਰ । ਇਸ ਗਲ ਦੀ ਅਗਿਆਨਤਾ ਕੋਲੋਂ ਦਹਿਸ਼ਤ ਖਾ, ਮਨ-ਪਰਚਾਵਾ ਜ਼ੁਲਮ ਨੂੰ ਜਗ ਨੇ ਲਿਆ ਬਣਾ । ਕੀ ਕੋਈ ਇਸ ਅਗਿਆਨ ਦਾ ਨ੍ਹੇਰਾ ਕਰਸੀ ਦੂਰ, ਇਸ ਚੌੜੇ ਸੰਸਾਰ ਤੇ ਫੈਲਾਵੇਗਾ ਨੂਰ ? ਸਾਧਨ ਇਸ ਦਾ ਹੋਏਗਾ ਕੋਈ ਨਾ ਕੋਈ ਜ਼ਰੂਰ , ਜੇ ਕੋਈ ਵਿਚ ਤਲਾਸ਼ ਦੇ ਦੁਖ ਕਰੇ ਮਨਜ਼ੂਰ । ਠਰੂੰ ਠਰੂੰ ਸੀ ਕਰ ਰਿਹਾ ਬੱਚਾ ਠੱਕੇ ਨਾਲ, ਪੱਥਰ ਵਿਚੋਂ ਕਿਸੇ ਨੇ, ਦਸੀ ਚਿੰਗਾਰੀ ਬਾਲ । ਕਿਉਂਕਿ ਠੰਡੇ ਪਥਰਾਂ ਦੇ ਸੀਨੇ ਵਿਚਕਾਰ, ਨਿਘਾ ਸ਼ੁਅਲਾ ਸੂਰਜੀ ਰਖਿਆ ਸੀ ਕਰਤਾਰ। ਸਨ ਭਗਿਆੜਾਂ ਵਾਂਗਰਾਂ ਬੰਦੇ ਖਾਂਦੇ ਮਾਸ, ਰਾਹ ਕੇ ਦਾਣੇ ਕਿਸੇ ਨੇ ਕੀਤਾ ਜ਼ੁਲਮ ਬਿਨਾਸ । ਐਂ ਐਂ ! ਅਊਂ ਅਊਂ ! ਸਨ ਕਦੇ ਕਰਦੇ ਸਭ ਮਨੁਖ, ਸ਼ਬਦ ਜੋੜ ਕੇ ਕਿਸੇ ਨੇ ਜਗ ਵਰਤਾਇਆ ਸੁਖ, ਸਬਰ-ਵਾਲੀਆਂ ਉਂਗਲਾਂ ਨਾਲ ਲਾ ਕੇ ਵਾਹ, ਅੱਖਰ ਅੱਖਰ ਜੋੜਕੇ ਪੈਂਤੀ ਲਈ ਬਣਾ । ਕਿਹੜੀ ਐਸੀ ਦਾਤ ਹੈ ਮੇਰੇ ਵੀਰਾਂ ਕੋਲ, ਬਿਨ ਕੁਰਬਾਨੀ ਕਸ਼ਟ ਦੇ ਹੋਈ ਜਿਸਦੀ ਟੋਲ ? ਤਦ ਜੇ ਭਾਗਾਂ ਵਾਲੜਾ ਵੱਡਾ ਕੋਈ ਸੁਜਾਨ, ਧਨੀ, ਅਰੋਗ ਤੇ ਜਨਮ ਤੋਂ ਰਾਜ ਲਈ ਪਰਵਾਨ, ਬਾਦਸ਼ਾਹਾਂ ਦਾ ਸ਼ਾਹ ਕੋਈ ਥਕਿਆ ਨਹੀਂ ਜੋ ਹਾਲ, ਕੱਟ ਦਿਹਾੜਾਂ ਲੰਬੀਆਂ ਜੀਵਨ ਦੀਆਂ ਵਿਸ਼ਾਲ, ਸਗੋਂ ਜੀਵਨ-ਸੁਬਾ ਦੇ ਮੂੰਹ-ਨ੍ਹੇਰੇ ਵਿਚਕਾਰ, ਨਾਲ ਖਿੜਾਉ ਖੁਸ਼ੀ ਦੇ ਵੰਡ ਰਿਹਾ ਮਹਿਕਾਰ , ਜਿਸਦੀ ਕਾਮੀ ਦਾਹਵਤਾਂ ਲਾਹੀ ਅਜੇ ਨ ਭੁੱਖ, ਅਨ-ਖੁਸਾ, ਅਨ-ਝੁਰੜਿਆ ਹਾਲੇ ਜਿਸ ਦਾ ਮੁਖ, ਖੁਸ਼ਕ ਸਿਆਣਾ ਨਹੀਂ ਜੋ ਸਗੋਂ ਰਸਾਂ ਵਿਚ ਸ਼ਾਦ, ਰੂਪ-ਹੁਸਨ ਦੀ ਚੋਣ ਵਿਚ ਪੂਰੀ ਤਰ੍ਹਾਂ ਅਜ਼ਾਦ, ਕੋਈ ਹਮਾਤੜ ਰਜਿਆ ਬੇ-ਥੋਹੜਾ, ਬੇ-ਭੁਖ, ਛੁੱਟ ਪਰਾਏ ਗ਼ਮਾਂ ਦੇ ਜਿਸ ਨੂੰ ਕੋਈ ਨਾ ਦੁਖ, ਜੇ ਕੋਈ ਐਸਾ ਸੂਰਮਾਂ ਨਿਤਰੇ ਵਿਚ ਮਦਾਨ, ਕਰੇ ਮਨੁੱਖੀ ਪ੍ਰੇਮ ਤੋਂ ਸਭ ਕੁਝ ਜੋ ਕੁਰਬਾਨ, ਫੇਰ ਸਤਿ ਦੀ ਖੋਜ ਵਿਚ ਦੇਵੇ ਆਪਾ ਵਾਰ, ਢੂੰਡੇ ਦੁਨੀਆਂ ਵਾਸਤੇ ਸਾਂਝਾ ਮੁਕਤ-ਦਵਾਰ । ਹੋਵੇ ਅੰਦਰ ਨਰਕ ਦੇ ਭਾਵੇਂ ਇਸਦਾ ਰਾਜ, ਭਾਵੇਂ ਵਿਚ ਸਵਰਗ ਦੇ ਆਵੇ ਇਦ੍ਹੀ ਅਵਾਜ਼ । ਭਾਵੇਂ ਵਿਚ ਸੰਸਾਰ ਦੇ ਐਨ ਅਸਾਡੇ ਕੋਲ, ਭੇਸ ਅਦਿਸਦਾ ਧਾਰ ਕੇ ਭੌਂਦਾ ਫਿਰੇ ਅਡੋਲ। ਕਿਸੇ ਦਿਹਾੜੇ ਕਿਸੇ ਥਾਂ ਓੜਕ ਕਦੀ ਜ਼ਰੂਰ, ਇਹਦੀਆਂ ਖੋਜੀ ਅਖਾਂ ਤੋਂ ਪਰਦਾ ਹੋਣਾ ਦੂਰ । ਪੀੜਤ ਤਲੀਆਂ ਉਹਦੀਆਂ ਲੰਮੇ ਪੈਂਡੇ ਮਾਰ, ਸਾਂਝਾ ਰਸਤਾ ਮੁਕਤ ਦਾ ਲਭਸਣ ਆਖਰ ਕਾਰ । “ਓੜਕ ਉਸ ਨੇ ਅਪੜਨਾ ਟੀਚੇ ਉਤੇ ਆਣ, ਜਿਦ੍ਹੇ ਲਈ ਉਸ ਛਡਿਆ ਅਪਣਾ ਸੁਖੀ ਜਹਾਨ। ਓੜਕ ਉਸ ਨੂੰ ਮੌਤ ਵੀ ਮੰਨਸੀ ਹੋ ਹੈਰਾਨ, ਅਪਣੇ ਕੋਲੋਂ ਸੌ ਗੁਣਾਂ ਦ੍ਰਿੜ੍ਹ ਅਤੇ ਬਲਵਾਨ। ਹਾਂ ! ਇਹ ਮੈਂ ਹੀ ਕਰਾਂਗਾ ਛਡਕੇ ਰਾਜ ਬਹਾਰ, ਕਿਉਂਕਿ ਸਾਰੇ ਮੁਲਕ ਨੂੰ ਕਰਦਾ ਹਾਂ ਮੈਂ ਪਿਆਰ । ਕਿਉਂਕਿ ਦੁਖੀਆ ਦਿਲਾਂ ਦੀ ਸਾਂਝੀ ਧੜਕਣ ਨਾਲ, ਦਿਲ ਮੇਰਾ ਹੈ ਧੜਕਦਾ ਧੱਕ ਧੱਕ ਓਸੇ ਚਾਲ । ਜਾਣੂ, ਅਣਜਾਣੂ ਸਭੀ ਬੰਦੇ ਲਖ ਕਰੋੜ, ਬਚ ਜਾਵਨਗੇ ਦੁਖਾਂ ਤੋਂ ਕੁਰਬਾਨੀ ਦੇ ਜ਼ੋਰ । ਓ ਬੁਲਾਂਦੇ ਤਾਰਿਉ ਛਡ ਕੇ ਐਸ਼-ਬਹਾਰ, ਆਇਆ ਜੇ ਮੈਂ ਸੋਹਣਿਉਂ ਅਖੀ ਦੇ ਪਲਕਾਰ । ਓ ਨੀ, ਸੋਗੀ ਧਰਤੀਏ ਤੇਰੇ ਜੀ ਬਚਾਣ, ਕਰਾਂ ਜਵਾਨੀ ਆਪਣੀ ਹਸ ਕੇ ਮੈਂ ਕੁਰਬਾਨ । ਨਾਲੇ ਤਖਤ ਹਕੂਮਤਾਂ, ਹਿਰਖ ਅਤੇ ਅਰਮਾਨ, ਸਵਰਨ ਦਿਹਾੜਾਂ, ਰਾਤੀਆਂ, ਸੁਖ-ਮੰਦਰ-ਅਸਥਾਨ । ਨਾਲੇ ਬਾਹਾਂ ਤੇਰੀਆਂ ਹੇ ਮੇਰੀ ਜਿੰਦ ਜਾਨ, ਜਿਨ੍ਹਾਂ ਕੋਲੋਂ ਵਿਛੜਨਾ ਮੌਤੋਂ ਨਹੀਂ ਅਸਾਨ। ਪਰ ਤੈਨੂੰ ਵੀ ਸੋਹਣੀਏਂ, ਸਭ ਦੁਨੀਆਂ ਦੇ ਨਾਲ, ਸਾਂਝੇ ਮੁਕਤ-ਜਹਾਜ਼ ਵਿਚ ਲੈਸਾਂ ਤੁਰਤ ਬਹਾਲ । ਤੇ ਉਹ ਜਿਹੜਾ ਹਿਲਦਾ ਗਰਭ ਤੇਰੇ ਵਿਚਕਾਰ, ਸਾਡੇ ਸਾਂਝੇ ਪ੍ਰੇਮ ਦਾ ਗੁੰਚਾ ਮਹਿਕਾਂਦਾਰ । ਜੇ ਮੈਂ ਹੋਰ ਉਡੀਕਿਆ ਉਸਨੂੰ ਦੇਣ ਅਸੀਸ, ਮਨ ਮੇਰਾ ਢਹਿ ਪਏਗਾ ਵੱਟਾਂ ਲੱਖ ਕਸੀਸ । ਪਤਨੀ ! ਬੱਚਿਆ ! ਪਿਤਾ ਜੀ ! ਹੇ ਲੋਕੋ ! ਤਤਕਾਲ ਏਸ ਘੜੀ ਦੀ ਪੀੜ ਵਿਚ ਰੱਲੋ ਮੇਰੇ ਨਾਲ। ਤਾਂ ਜੇ ਚਮਕੇ ਚਾਨਣਾ ਦੁਖ ਬਦਲਾਂ ਨੂੰ ਚੀਰ, ਸਿਖਣ ਸਾਂਝੇ ਨਿਯਮ ਨੂੰ ਸਭ ਭੈਣਾਂ ਤੇ ਵੀਰ । ਪੱਕਾ ਵਾਂਗ ਚਿਟਾਨ ਦੇ ਦਿਲ ਅਪਣੇ ਨੂੰ ਠੱਲ੍ਹ, ਮੈਂ ਹਾਂ ਚਲਿਆ ਸੋਹਣਿਉਂ ਨਿਕਲ ਉਜਾੜਾਂ ਵਲ । ਮੂਲ ਨਹੀਂ ਹੁਣ ਮੁੜਾਂਗਾ ਦੁਖਾਂ ਤੋਂ ਘਬਰਾ, ਜਿਚਰ ਤਕ ਨਹੀਂ ਲਭਦੀ ਮੈਨੂੰ ਸੱਚੀ ਰਾਹ । ਹਾਂ ! ਪਰ ਤਨ ਮਨ ਵਾਰ ਕੇ ਕੀਤੀ ਸੱਚੀ ਭਾਲ, ਚਾਨਣ ਦੇ ਚਾਹਵਾਨ ਨੂੰ ਦੇਵੇ ਕੁਝ ਵਿਖਾਲ। ਸੁੱਤੀ ਵੇਖ ਯਸ਼ੋਧਰਾਂ ਸ਼ਹਿਜ਼ਾਦੇ ਨੇ ਘੂਕ, ਲਾ ਕੇ ਮਸਤਕ ਓਸਦੇ ਛੋਹੇ ਪੈਰ ਮਲੂਕ । ਸੁੱਤੀ ਹੋਈ ਗਲ੍ਹ ਵਲ ਕੀਤਾ ਫੇਰ ਖ਼ਿ਼ਆਲ, ਗਿੱਲੀ ਸੀ ਜੋ ਅਜੇ ਤਕ ਤਤਿਆਂ ਹੰਝੂਆਂ ਨਾਲ । ਫੇਰ ਝੁਕਾ ਕੇ ਓਸ ਵਲ ਪਿਆਰ ਭਰੇ ਦੋ ਨੈਣ, ਚੁਪ-ਚੁਪਾਤਾ ਓਸ ਤੋਂ ਲਗਾ ਵਿਦੈਗੀ ਲੈਣ । ਕੀਤੀ ਫਿਰ ਉਸ ਪਲੰਘ ਦੀ ਪਰਕਰਮਾ ਤਿੰਨ ਵਾਰ, ਹੋਇਆ ਸੁਤੇ ਰੂਪ ਤੇ ਦਿਲ ਉਸਦਾ ਬਲਿਹਾਰ। ਹਿੱਕ ਧੜਕਦੀ ਆਪਣੀ ਉਤੇ ਧਰ ਕੇ ਹੱਥ, ਕਹਿਣ ਲਗਾ, “ਇਸ ਸੇਜ ਤੇ ਮੈਂ ਨਹੀਂ ਸੌਣਾ ਵੱਤ ।” ਤਿੰਨ ਵਾਰੀ ਉਹ ਤੁਰ ਪਿਆ, ਪਰਤ ਪਿਆ ਤਿੰਨ ਵਾਰ, ਸੋਹਣੀ ਏਡ ਯਸ਼ੋਧਰਾ, ਤੀਬਰ ਏਡ ਪਿਆਰ । ਆਖ਼ਰ ਕਰਕੇ ਹੱਠ ਉਹ ਗਿਆ ਬਰੂਹਾਂ ਕੋਲ, ਪਰਦਾ ਸਵਰਨ-ਦਵਾਰ ਤੋਂ, ਚੁਕਿਆ ਓਸ ਅਡੋਲ । ਅੱਗੇ ਕੀ ਉਹ ਵੇਖਦਾ ਸ਼ਾਂਤ, ਅਹਿਲ, ਮਲੂਕ, ਬਾਗ਼ ਵਾਂਗਰਾਂ ਉਹਦੀਆਂ ਸਖੀਆਂ ਸੁਤੀਆਂ ਘੂਕ । ਕੰਵਲ-ਡੋਡੀਆਂ ਵਾਂਗਰਾਂ ਮੁੰਦੇ ਸਭਦੇ ਨੈਣ, ਅੱਧੀ ਰਾਤੀਂ ਛੰਭ ਤੇ ਕਮੀਆਂ ਜਿਦਾਂ ਸੈਣ । ਸੱਜੇ ਲੇਟੀ ਗੋਤਮੀ, ਗੰਗਾ ਖੱਬੇ ਦਾ, ਹੋਰ ਕਈ ਪੱਟ-ਅੰਗੀਆਂ ਸੁਤੀਆਂ ਚੁਪ-ਚੁਪਾ । ਕਿਹਾ ਸ਼ਹਿਜ਼ਾਦੇ, “ਸੋਹਣੀਉ, ਚੰਗੀਆਂ ਲੱਗੋ ਅੱਤ, ਵੇਖ ਜੁਦਾਈ ਤੁਸਾਂ ਦੀ ਅੱਖੀਆਂ ਰੋਵਨ ਰੱਤ, ਪਰ ਜੇਕਰ ਮੈਂ ਨਾ ਗਿਆ, ਤਾਂ ਵੀ ਬਚਣ ਮੁਹਾਲ, ਕਰੇ ਬੁਢੇਪਾ ਜਰਜਰਾ ਯਾ ਖਾ ਵੰਜੇ ਕਾਲ । ਸੌਂ ਰਹੀਆਂ ਹੋ ਜਿਸ ਤਰ੍ਹਾਂ ਅਜ ਮਹਿਲਾਂ ਵਿਚਕਾਰ, ਮਰ ਜਾਣਾ ਹੈ ਤੁਸਾਂ ਨੇ ਏਦਾਂ ਹੀ ਇਕ ਵਾਰ । ਕੁਮਲਾ ਕੇ ਜੱਦ ਡੰਡੀਉਂ ਭੁੰਜੇ ਢਹੇ ਗੁਲਾਬ, ਕਿੱਥੇ ਜਾਵੇ ਓਸ ਦੀ ਸ਼ਾਨ ਸੁਗੰਧੀ, ਆਬ ? ਦੀਵੇ ਵਿਚੋਂ ਜਾਵੰਦਾ ਤੇਲ ਜਦਾਈਂ ਮੁੱਕ, ਦੱਸੋ ਦੀਵਟ ਓਸ ਦੀ ਕਿੱਥੇ ਜਾਵੇ ਲੁਕ ? ਤਾਂ ਤੇ ਰਾਤੇ ਰਾਣੀਏ ਲਾ ਹੋਠਾਂ ਤੇ ਮੁਹਰ, ਨਿੰਦਲੇ ਛੱਪਰ ਇਨ੍ਹਾਂ ਦੇ ਭਾਰੇ ਕਰਦੇ ਹੋਰ । ਤਾਂ ਜੇ ਹੰਝੂ ਕਿਸੇ ਦਾ ਸੱਕੇ ਨਾ ਅਟਕਾ, ਬੋਲ ਪਿਆਰਾ ਮਤ ਕੋਈ ਚਿਤ ਲਏ ਭਰਮਾ। ਮੰਨਿਆ ਇਹ ਚੰਨ-ਟੁਕੜੀਆਂ ਦੇਵਣ ਮੈਨੂੰ ਸੁਖ, ਐਪਰ ਮੈਨੂੰ ਖਾਵੰਦਾ ਹਰ ਵੇਲੇ ਇਹ ਦੁਖ : “ਮਿਰਾ, ਇਨ੍ਹਾਂ ਦਾ, ਸਭ ਦਾ ਜੀਵਨ ਬਿਰਛ ਸਮਾਨ, ਕਦੀ ਬਹਾਰਾਂ, ਪਤਝੜਾਂ, ਕੱਕਰ ਕਦੀ ਤੁਫ਼ਾਨ । ਸਾਈਂ ਜਾਣੇ ਅਸਾਂ ਤੇ ਆਵੇ ਫੇਰ ਬਹਾਰ, ਯਾ ਹੋਣਾ ਏ ਜੜ੍ਹਾਂ ਤੇ ਕੁਲਹਾੜੇ ਦਾ ਵਾਰ । ਤਾਂ ਤੇ ਐਸੀ ਜ਼ਿੰਦਗੀ ਮੈਂ ਨਾ ਕਰਾਂ ਪਸੰਦ, ਭਾਵੇਂ ਵਾਂਗ ਫਰਿਸ਼ਤਿਆਂ ਮੈਂ ਹਾਂ ਬੜਾ ਅਨੰਦ । ਕੀ ਆਖਣ ਇਹ ਇਸ਼ਰਤਾਂ, ਸੇਜਾਂ ਤੇ ਫੁਲ-ਹਾਰ । ਡੁਸਕਣ ਵਿੱਚ ਹਨੇਰਿਆਂ ਦੁਖੀਏ ਜੱਦ ਹਜ਼ਾਰ । ਤਾਂ ਤੇ ਸਖੀਓ ਮੇਰੀਓ ਜਿੰਦ ਆਪਣੀ ਵਾਰ, ਲੱਭਾਂਗਾ ਮੈਂ ਚਾਨਣਾ ਨਾਲੇ ਮੋਖ ਦਵਾਰ ।” ਸੁਤੀਆਂ ਸਖੀਆਂ ਕੋਲ ਦੀ ਧਰਦਾ ਪੋਲੇ ਪੱਬ, ਵਿਚ ਹਨੇਰੀ ਰਾਤ ਉਹ ਦਾਖ਼ਲ ਹੋਇਆ ਝੱਬ । ਡਿੱਠਾ ਉਸਦੇ ਹੁਸਨ ਨੂੰ ਤਾਰਿਆਂ ਵਾਂਗ ਚਕੋਰ, ਚੁੰਮ ਲਈ ਭੌਂਦੂ ਹਵਾ ਨੇ ਚੁਗੇ ਉਹਦੇ ਦੀ ਕੋਰ । ਬਾਗਾਂ ਦੀਆਂ ਡੋਡੀਆਂ ਜੋ ਸਨ ਅਜੇ ਅਮਾਨ, ਦਿਤੇ ਖੋਲ੍ਹ ਅਗੇਤਰੇ ਰੰਗਲੇ ਖੁਸ਼ਬੂ-ਦਾਨ । ਮਖ਼ਮਲ ਵਰਗੀ ਹਿੱਕ ਤੋਂ ਪਰਦੇ ਸੱਭ ਉਥੱਲ, ਲਪਟਾਂ ਛੱਡਣ ਲਗੀਆਂ ਸ਼ਹਿਜ਼ਾਦੇ ਦੇ ਵੱਲ। ਸਾਗਰ ਤੋਂ ਕੈਲਾਸ਼ ਤਕ ਪਈ ਅਜਾਇਬ ਧੂਹ, ਜਾਣੋਂ ਕਿਸੇ ਉਮੀਦ ਵਿਚ ਹਿਲੀ ਜ਼ਿਮੀਂ ਦੀ ਰੂਹ । ਪਾਕ ਕਿਤਾਬਾਂ ਸਾਰੀਆਂ ਜਿਨ੍ਹਾਂ ਦੇ ਵਿਚਕਾਰ, ਕਥਾ ਲਿਖੀ ਭਗਵਾਨ ਦੀ, ਦੇਵਨ ਇਉਂ ਵਿਸਥਾਰ- ਨਾਲ ਅਸਮਾਨੀ ਰਾਗ ਦੇ ਪੌਣ ਗਈ ਲਰਜ਼ਾ, ਪੂਰਬ ਪੱਛਮ ਦੇਵਤੇ ਆ ਗਏ ਹੁੰਮ-ਹੁੰਮਾ । ਨਾਲ ਉਨ੍ਹਾਂ ਦੀ ਚਮਕ ਦੇ ਹੋਇਆ ਦੂਰ ਹਨੇਰ, ਉਤਰੋਂ ਦੱਖਨ ਤੀਕਰਾਂ ਫੈਲੀ ਖੁਸ਼ੀ ਚੁਫੇਰ । ਰਖਵਾਲੇ ਇਸ ਜ਼ਿਮੀਂ ਦੇ ਜੱਬੇ ਵਾਲੇ ਚਾਰ, ਦੋ ਦੋ ਕਰਕੇ ਉਤਰੇ ਰਾਜ-ਮਹਲ ਦੇ ਦਵਾਰ । ਚਿੱਟੇ ਚਿੱਟੇ ਚਮਕਦੇ ਲਸ਼ਕਰ ਹੋਰ ਹਜ਼ਾਰ, ਹੀਰੇ ਮੋਤੀ ਸਵਰਨ ਦੇ ਪਾ ਉਤਰੇ ਹਥਿਆਰ । ਹੱਥ-ਬੰਨ੍ਹੀ ਸਨ ਝਾਕਦੇ ਸਭ ਸ਼ਹਿਜ਼ਾਦੇ ਵੱਲ, ਖਲਾ ਸੀ ਜੋ ਓਸ ਥਾਂ ਸ਼ਾਂਤ, ਅਡੋਲ, ਅਟੱਲ । ਹੰਝੂ-ਭਰੀਆਂ ਅੱਖੀਆਂ ਤਾਰਿਆਂ ਵਲ ਚੁੱਕੀ, ਵਿਚ ਮਨੋਰਥ ਪ੍ਰੇਮ ਦੇ ਦੋਵੇਂ ਹੋਠ ਘੁਟੀ । ਵਿਚ ਹਨੇਰੀ ਰਾਤ ਦੇ ਹੋਰ ਅਗੇਰੇ ਜਾ, ਮਾਰੀ ਹਾਕ ਕੁਮਾਰ ਨੇ, “ਚੰਨਾਂ, ਕੰਤਕ ਲਿਆ !” ਫਾਟਕ ਲਾਗਿਓਂ ਉਠ ਕੇ ਉਘਲਾਂਦੇ ਰਥਵਾਨ, ਪੁਛਿਆ- “ਹੈਂ ! ਇਸ ਰਾਤ ਵਿਚ ਕਿਧਰ ਚਲੇ ਭਗਵਾਨ ?'' ਕਿਹਾ ਸਿਧਾਰਥ, “ਚੰਨਿਆਂ, ਹੌਲੀ ਹੌਲੀ ਬੋਲ, ਅੱਖੀ ਦੇ ਪਲਕਾਰ ਵਿਚ ਕੰਤਕ ਮੇਰਾ ਖੋਹਲ। ਆ ਪੁੱਜਾ ਹੈ ਸੋਹਣਿਆ ਭਾਗ-ਭਰਾ ਉਹ ਕਾਲ, ਕਰਨੀ ਸੀ ਮੈਂ ਜਿਸ ਘੜੀ ਸਚਿਆਈ ਦੀ ਭਾਲ । ਸਭ ਲੋਕਾਂ ਦੇ ਵਾਸਤੇ ਸਵਰਨ-ਪਿੰਜਰਾ ਛੱਡ, ਸਚਿਆਈ ਦੀ ਭਾਲ ਵਿਚ ਜਾਣਾ ਹੈ ਮੈਂ ਲੱਗ । ਇਹ ਗਲ ਸੁਣ ਰਥਵਾਨ ਨੇ ਕੇਹਾ, “ਹੇ ਭਗਵਾਨ, ਕੀ ਉਂਜੇ ਸਨ ਆਖਦੇ ਤਾਰਿਆਂ ਦੇ ਵਿਦਵਾਨ, ਰਾਏ ਸਿਧੋਧਨ ਦਾ ਕੰਵਰ ਕੋਈ ਜ਼ਮਾਨਾ ਪਾ, ਕਰਸੀ ਰਾਜ ਜਹਾਨ ਤੇ ਬਣ ਸ਼ਾਹਾਂ ਦਾ ਸ਼ਾਹ । ਕੀ ਛਡ ਕੇ ਤੁਰ ਜਾਉਗੇ ਏਦਾਂ ਜਗਤ ਅਮੀਰ, ਫੜ ਕੇ ਕਾਸਾ ਹਥ ਵਿਚ ਬਣਸੋ ਤੁਸੀਂ ਫਕੀਰ ? ਮਿਤਰ-ਹੀਨ ਉਜਾੜ ਵਿਚ ਕੀ ਜਾਉਗੇ ਵੱਤ, ਐਸ਼ਾਂ-ਭਰੇ ਸਵਰਗ ਨੂੰ ਮਾਰ ਇਸ ਤਰਾਂ ਲੱਤ ?” ਕਿਹਾ ਸ਼ਹਿਜ਼ਾਦੇ, “ਚੰਨਿਆਂ, ਏਹੋ ਮੇਰੀ ਚਾਹ, ਸ਼ਾਹੀ ਤਖ਼ਤਾਂ ਵਾਸਤੇ ਮੈਂ ਨਹੀਂ ਜਨਮ ਲਿਆ। ਜਿਹੜੇ ਰੱਬੀ ਰਾਜ ਨੂੰ ਤਾਂਘੇ ਮੇਰਾ ਜੀ, ਸਲਤਨਤਾਂ ਇਹ ਜਗ ਦੀਆਂ ਉਸਦੇ ਸਾਹਵੇਂ ਕੀ ? ਨਾਲੇ ਚੀਜ਼ਾਂ ਸਾਰੀਆਂ ਓੜਕ ਹੋਣ ਫ਼ਨਾ, ਜੀਵੇਂ, ਮੇਰਾ ਕੰਤਕਾ ਛੇਤੀ ਨਾਲ ਲਿਆ।” ਫਿਰ ਰਥਵਾਹੀ ਬੋਲਿਆ, “ਹੇ ਮੇਰੇ ਸਿਰਤਾਜ, ਪੂਜ ਪਿਤਾ ਦੇ ਗ਼ਮ ਦਾ ਕੁਝ ਤਾਂ ਕਰੋ ਲਿਹਾਜ਼ । ਤੁਸੀਂ ਉਨ੍ਹਾਂ ਦਾ ਸੁਖ ਹੋ, ਜ਼ਰਾ ਵਿਚਾਰੋ ਇਹ, ਫਿਰ ਦੇਵੋਗੇ ਸੁਖ ਕੀ ਪਹਿਲਾਂ ਕਰ ਕੇ ਥੇਹ ।” ਕਿਹਾ ਸਿਧਾਰਥ, “ਦੋਸਤਾ, ਕੂੜਾ ਹੈ ਉਹ ਪਿਆਰ, ਜੋ ਸਵਾਰਥ ਦੇ ਕਾਰਨੇ ਕਹੇ ਯਾਰ ਨੂੰ ਯਾਰ । ਨਿਜ-ਖੁਸ਼ੀਆਂ ਤੋਂ ਵੱਧ ਮੈਂ ਕਰਾਂ ਇਨ੍ਹਾਂ ਨੂੰ ਪਿਆਰ, ਇਹਨਾਂ ਦੇ ਹੀ ਕਾਰਨੇ ਮੈਂ ਛੱਡਾਂ ਘਰ ਬਾਹਰ । ਤਾਂ ਜੋ ਸਾਰੇ ਜਗਤ ਨੂੰ ਦੁੱਖੋਂ ਸਕਾਂ ਬਚਾ, ਉਠਕੇ ਚੰਨਾਂ ਪਿਆਰਿਆ, ਕੰਤਕ ਮੇਰਾ ਲਿਆ ।” ‘ਹੱਛਾ’ ਕਹਿ ਕੇ ਤੁਰ ਪਿਆ ਚੰਨਾਂ ਹੋ ਦਿਲਗੀਰ, ਵਿਚ ਤਵੇਲੇ ਅਪੜਿਆ ਖਾ ਬਿਰਹੋਂ ਦਾ ਤੀਰ । ਚਾਂਦੀ ਦੀਆਂ ਜੰਜੀਰੀਆਂ, ਤੋੜ-ਦਾਰ ਲਗਾਮ, ਕਿੱਲੀ ਉਤੋਂ ਮਲਕੜੇ ਲਾਹੇ ਓਸ ਤਮਾਮ । ਤਸਮੇ ਰਾਸਾਂ ਬੰਨ ਕੇ, ਹੁੱਕਾਂ ਜੋੜ ਸੰਵਾਰ, ਬੇ-ਦਿਲਿਆਂ ਉਸ ਕੰਤਕਾ ਕੱਢ ਲਿਆਂਦਾ ਬਾਹਰ । ਕਿੱਲੇ ਉਤੇ ਬੰਨ੍ਹ ਫਿਰ ਬੁਰਸ਼ ਹਥਾਲੀ ਵਾਹ, ਦਿਤਾ ਪਿੰਡਾ ਓਸਦਾ ਰੇਸ਼ਮ ਜਿਉਂ ਚਮਕਾ । ਨਮਦਾ ਤਾਹਰੂ ਰਖ ਕੇ ਉਤੇ ਜ਼ੀਨ ਟਿਕਾ, ਤੰਗ ਜੜਾਊ ਓਸਦੇ ਦਿਤੇ ਕੱਸ ਕਸਾ। ਫਿਰ ਉਸ ਹੰਝੂ ਡੋਹਲਦੇ ਦੁਖੀ ਕਲੇਜਾ ਘੁੱਟ, ਸੋਨ-ਰਕਾਬਾਂ ਉਸਦੀਆਂ ਥੱਲੇ ਦਿਤੀਆਂ ਸੁੱਟ। ਫੇਰ ਵਿਛਾਇਆ ਜ਼ੀਨ ਤੇ ਸਵਰਨ-ਤਾਰਾਂ ਦਾ ਜਾਲ, ਮੋਤੀ ਗੁੱਛੇ ਪਲਮਦੇ ਸਿਲਕੀ ਤੰਦਾਂ ਨਾਲ । ਲੈ ਤੁਰਿਆ ਫਿਰ ਓਸਨੂੰ ਵੰਨੇ ਰਾਜ-ਦਵਾਰ, ਜਿਥੇ ਸੀਗ ਉਡੀਕਦਾ ਉਸਨੂੰ ਰਾਜਕੁਮਾਰ । ਸ਼ਹਿਜ਼ਾਦੇ ਨੂੰ ਵਿੰਹਦਿਆਂ ਕੰਤਕ ਹਿਣਕ ਪਿਆ, ਨਾਸਾਂ ਗੁਲੀਆਂ ਵਰਗੀਆਂ ਲਈਆਂ ਓਸ ਫੁਲਾ । ਕਹਿਣ ਕਿਤਾਬਾਂ, ਸਭ ਨੂੰ ਸੁਣੀ ਉਦ੍ਹੀ ਹਿਣਕਾਰ, ਨਾਲੇ ਉਹਦੇ ਸੁਮਾਂ ਦੀ ਫੌਲਾਦੀ ਟਣਕਾਰ । ਐਪਰ ਰਖ ਫਰਿਸ਼ਤਿਆਂ ਨਰਮ ਅਦਿਸਦੇ ਖੰਭ, ਕੰਨ ਸੁੱਤੇ ਸੰਸਾਰ ਦੇ ਕਰ ਰਖੇ ਸਨ ਬੰਦ । ਕੰਤਕ ਦਾ ਮਗ਼ਰੂਰ ਸਿਰ ਉਸਨੇ ਲਿਆ ਝੁਕਾ, ਲਿਸ਼ ਲਿਸ਼ ਕਰਦੀ ਧੌਣ ਤੇ ਥਾਪੀ ਮਾਰ ਕਿਹਾ : “ਲੈ ਚਲ ਚਿਟਿਆ ਕੰਤਕਾ ਲੰਮੇ ਪੈਂਡੇ ਮਾਰ, ਜਿਥੇ ਨਾਲ ਨਸੀਬ ਦੇ ਪਹੁੰਚੇ ਕੋਈ ਸਵਾਰ । ਕਿਉਂਕਿ ਸੱਚ ਦੇ ਕਾਰਨੇ ਛੱਡ ਸ਼ਾਹੀ-ਦਰਬਾਰ, ਤੇਰੇ ਤੇ ਹਾਂ ਹੋ ਰਿਹਾ ਮੈਂ ਅਜ ਰਾਤ ਸਵਾਰ । ਖ਼ਬਰ ਨਹੀਂ ਕੁਝ ਕਿਸ ਜਗਾ ਮੁੱਕੇ ਮੇਰਾ ਪੰਧ, ਹਾਂ, ਪਰ ਸਚ ਲੱਭੇ ਬਿਨਾਂ ਖੋਜ ਨ ਕਰਸਾਂ ਬੰਦ । ਸ਼ਾਬਾ ਚੰਗਿਆ ਘੋੜਿਆ, ਹੋ ਜਾ ਸ਼ੇਰ ਜਵਾਨ, ਬੇਸ਼ਕ ਜੰਗਲ ਖਾਈਆਂ ਲਖ ਰੁਕਾਵਟ ਪਾਣ । ਨਾਲ ਅੱਡੀਆਂ ਅਪਣੀਆਂ ਵਖੀ ਤੇਰੀ ਛੋਹ, ਮਾਰਾਂ ਜਦ ਲਲਕਾਰ ਮੈਂ ਸ਼ਾਬਾ ਕੰਤਕ ਹੋ- ਤੇਜ਼ ਹਵਾ ਨੂੰ ਸੋਹਣਿਆ ਪਿਛੇ ਜਾਵੀਂ ਸੱਟ, ਅੱਗ ਵਾਂਗਰਾਂ ਮਨਜ਼ਲਾਂ ਪਲ ਵਿਚ ਦੇਵੀਂ ਕੱਟ । ਤਾਂ ਜੇ ਉਸ ਉਪਕਾਰ ਦਾ ਤੂੰ ਵੀ ਬਣੇ ਭਿਆਲ, ਕਰਨ ਲਗਾ ਹਾਂ ਸੋਹਣਿਆਂ ਮੈਂ ਜੋ ਲੋਕਾਂ ਨਾਲ । ਸਿਰਫ ਮਨੁੱਖਾਂ ਵਾਸਤੇ ਨਹੀਂ ਰਿਹਾ ਮੈਂ ਜਾ, ਸੱਗੋਂ ਸਭ ਵਸਤਾਂ ਲਈ ਜਿਹੜੀਆਂ ਚੁਪ-ਚੁਪਾ ਬਾਝੋਂ ਕਿਸੇ ਉਮੀਦ ਦੇ, ਬਾਝੋਂ ਕਿਸੇ ਗਿਆਨ, ਨਾਲ ਮਨੁੱਖਾਂ ਰਲ ਕੇ ਦੁਖ ਤੇ ਸੁਖ ਵੰਡਾਨ।” ਮਾਰ ਪਲਾਕੀ ਜ਼ੀਨ ਤੇ ਹੋਇਆ ਕੰਵਰ ਸਵਾਰ, ਬਿਜਲੀ ਵਾਂਗਰ ਉਡਿਆ ਕੰਤਕ ਚੁੰਗੀ ਮਾਰ । ਸੁਮ ਛੱਡਣ ਚੰਗਿਆੜੀਆਂ, ਚਪ ਚਪ ਕਰੇ ਲਗਾਮ, ਚੀਂ ਚੀਂ ਲਾਈ ਜ਼ੀਨ ਨੇ, ਛਣਕਣ ਸਾਜ਼ ਤਮਾਮ । ਪਰ ਇਹ ਵਾਜ਼ਾਂ ਸਾਰੀਆਂ ਸੁਣੀਆਂ ਕਿਸੇ ਨ ਮੂਲ, ਕਿਉਂਕਿ ਸੁਧ ਫਰਿਸ਼ਤਿਆਂ ਚੁਣ ਚੁਣ ਮੁਹਰੇ-ਫੂਲ, ਪੈਰਾਂ ਥੱਲੇ ਓਸ ਦੇ ਦਿਤੇ ਖੂਬ ਵਿਛਾ, ਅਤੇ ਅਦਿਸਦੇ ਹਥਾਂ ਨੇ ਸਾਜ਼ ਲਏ ਅਟਕਾ । ਏਦਾਂ ਵੀ ਹੈ ਆਉਂਦਾ ਪੋਥੀਆਂ ਵਿਚ ਬਿਆਨ, ਫਾਟਕ ਵਾਲੇ ਫਰਸ਼ ਤੇ ਉਹ ਪਹੁੰਚੇ ਜਿਸ ਆਨ, ਜਾਦੂ-ਦਰੀਆਂ ਯਾਕਸ਼ਾਂ ਦਿਤੀਆਂ ਹੇਠ ਵਿਛਾ, ਚੁਪ ਚੁਪੀਤਾ ਕੰਤਕਾਂ ਉਤੋਂ ਲੰਘ ਗਿਆ। ਐਪਰ ਜਦ ਉਹ ਅੱਪੜੇ ਪਿੱਤਲ-ਫਾਟਕ ਕੋਲ, ਜਿਸ ਨੂੰ ਪੰਜ ਵੀਹਾਂ ਜਣੇ ਨਹੀਂ ਸਕਦੇ ਸਨ ਖੋਹਲ ? ਭਾਰੀ ਬੂਹੇ ਓਸ ਦੇ ਦੇਵਾਂ ਵਾਂਗ ਖੜੇ, ਬਾਝੋਂ ਕਿਸੇ ਖੜਾਕ ਦੇ ਆਪੇ ਖੁਲ੍ਹ ਗਏ । ਭਾਵੇਂ ਵੇਲੇ ਦਿਨ ਦੇ ਦੋ ਦੋ ਮੀਲਾਂ ਤੀਕ, ਚੂਲਾਂ ਕਬਜ਼ੇ ਓਸ ਦੇ ਪਹੁੰਚਾਂਦੇ ਸਨ ਚੀਕ । ਏਦਾਂ ਗਭਲੇ ਬਾਹਰਲੇ ਫਾਟਕ ਸਾਰੇ ਹੋਰ, ਤਕ ਕੰਤਕ ਤੇ ਕੰਵਰ ਨੂੰ ਖੁਲ੍ਹ ਗਏ ਬਿਨ ਸ਼ੋਰ । ਉਹਨਾਂ ਦੇ ਪਰਛਾਵਿਆਂ ਥੱਲੇ ਚੁਪ ਚੁਪਾਰ, ਵਾਂਗ ਮੁਰਦਿਆਂ ਪਏ ਸਨ ਚੁਣਵੇਂ ਚੌਕੀਦਾਰ । ਕਿਤੇ ਸਿਪਾਹੀ ਸੂਰਮੇ ਤੇ ਕਿਧਰੇ ਸਰਦਾਰ, ਡਿਗੀਆਂ ਤੇਗ਼ਾਂ, ਬਰਛੀਆਂ, ਢਾਲਾਂ ਹਥੋਂ ਬਾਹਰ । ਕਿਉਂਕਿ ਨੀਂਦ ਲਿਆਉਣੀ ਕੋਈ ਨਸ਼ੀਲੀ ਵਾ, ਸੀਗੀ ਵਗਦੀ ਜਾਂਵਦੀ ਸ਼ਹਿਜ਼ਾਦੇ ਦੇ ਰਾਹ । ਜਿਸਨੇ ਸੁਰਤਾਂ ਸਾਰੀਆਂ ਛਡੀਆਂ ਸਨ ਸੁਲਾ, ਏਦਾਂ ਮਹਿਲਾਂ ਵਿਚ ਦੀ ਕੰਤਕ ਲੰਘ ਗਿਆ । ਤਾਰਾ ਜਦੋਂ ਉਸ਼ੇਰ ਦਾ ਪੂਰਬ ਦੇ ਨਜ਼ਦੀਕ, ਅਧ-ਨੇਜ਼ੇ ਦੀ ਵਿਥ ਤੇ ਆਣ ਪਹੁੰਚਿਆ ਠੀਕ । ਧਰਤੀ ਉਤੇ ਖਿਲਰੀ ਸਰਘੀ ਦੀ ਮਹਿਕਾਰ, ਆਨੋਮਾ ਵਿਚ ਉਠੀਆਂ ਲਹਿਰਾਂ ਕੁੰਡਲ ਮਾਰ । ਭੁੰਜੇ ਉਤਰ ਕੁਮਾਰ ਨੇ ਵਾਗਾਂ ਲਈਆਂ ਖਿਚ, ਕੰਤਕ ਨੂੰ ਫਿਰ ਚੰੁਮਿਆਂ ਦੋ ਕੰਨਾਂ ਦੇ ਵਿਚ । ਫੇਰ ਕਿਹਾ ਉਸ, “ਚੰਨਿਆਂ, ਇਹ ਤੇਰਾ ਉਪਕਾਰ, ਤੈਨੂੰ ਤੇ ਕੁਲ ਜਗਤ ਨੂੰ ਕਰਸੀ ਠੰਢਾ-ਠਾਰ । ਮੋੜ ਲਿਜਾ ਹੁਣ ਕੰਤਕਾ, ਕਲਗੀ ਮੋਤੀਦਾਰ, ਪੇਟੀ ਜੜੀ ਸਤਾਰਿਆਂ, ਚੋਗ਼ਾ ਤੇ ਤਲਵਾਰ, ਲੈ ਫੜ ਨਾਲੇ ਸੋਹਣਿਆ ਲੰਮੇ ਮੇਰੇ ਵਾਲ, ਕਟਦਾ ਹਾਂ ਮੈਂ ਜਿਨ੍ਹਾਂ ਨੂੰ ਤੇਜ਼ ਕਟਾਰੀ ਨਾਲ। ਇੰਜੇ ਮੇਰੇ ਪਿਤਾ ਨੂੰ ਸਭ ਚੀਜ਼ਾਂ ਇਹ ਮੋੜ, ਕਹੀਂ ਸਿਧਾਰਥ ਤੁਸਾਂ ਦਾ ਕਹਿੰਦਾ ਸੀ ਹਥ ਜੋੜ : “ਓਦੋਂ ਤੀਕਰ ਪਿਤਾ ਜੀ ਮੈਨੂੰ ਦਿਉ ਵਿਸਾਰ, ਬਣ, ਸ਼ਹਿਜ਼ਾਦਾ ਦਸ ਗੁਣਾਂ ਜਦ ਤਕ ਮੁੜਾਂ ਨੂੰ ਦਵਾਰ । ਵਿਚ ਭਿਆਨਕ ਬਨਾਂ ਦੇ ਜਿੰਦ ਆਪਣੀ ਘਾਲ, ਕਲਮੁਕੱਲਾ ਕਰਾਂਗਾ ਚਾਨਣ ਦੀ ਮੈਂ ਭਾਲ । ਇਸ ਚਾਨਣ ਦੀ ਖੋਜ ਵਿਚ ਜੇ ਮੈਂ ਜਿਤ ਗਿਆ ਫਿਰ ਸਾਰੇ ਸੰਸਾਰ ਤੇ ਹੋਸੀ ਰਾਜ ਮਿਰਾ । ਕਿਉਂਕਿ ਮੇਰੇ ਵਾਂਗਰਾਂ ਕੀਤੀ ਕਿਸੇ ਨ ਲੋੜ। ਜਗ ਖਾਤਰ ਜਗ ਆਪਣਾ ਜਿਸ ਨੇ ਦਿਤਾ ਛੋੜ।”


ਪੰਜਵੀਂ ਪੁਸਤਕ

ਸੁੰਦਰ ਪੰਜ ਪਹਾੜੀਆਂ, ਉੱਚੀ ਧੌਣ ਉਠਾਲ, ਰਾਜ-ਗ੍ਰਹਿ ਦੇ ਗਿਰਦ ਸਨ ਖੜੀਆਂ ਵਾਂਗ ਖ਼ਿਆਲ । ਰਾਜ ਭਿੰਬੀ ਸਾਰ ਦਾ ਸ਼ਹਿਰ ਇਨ੍ਹਾਂ ਵਿਚਕਾਰ, ਬੇ-ਫ਼ਿਕਰਾ ਸੀ ਵਸ ਰਿਹਾ, ਇਹ ਸਨ ਪਹਿਰੇਦਾਰ । ਪਹਿਲੀ ਨੂੰ ਸਨ ਆਖਦੇ ਲੋਕੀ ਬਾਈ-ਭਾਰ, ਨਾਲ ਖਜੂਰਾਂ ਲਦੜੀ ਘਾਹਾਂ ਦੀ ਭਰਮਾਰ । ਨਾਂ ਦੂਜੀ ਦਾ ਬਿੱਪੁਲਾ ਜਿਸ ਦੇ ਪੈਰਾਂ ਨਾਲ ਵਗਦੀ ਸੀ ਸਰਸਵਤੀ ਕਰ ਨਖਰੇਲੀ ਚਾਲ । ਤਪੋਵਨ ਸੀ ਤੀਸਰੀ ਜਿਸ ਦੇ ਝਰਦੇ ਨੀਰ, ਸੀਗ ਚਟਾਨਾਂ ਕਾਲੀਆਂ ਦੀ ਖਿਚਦੇ ਤਸਵੀਰ, ਜਿਸ ਦੀਆਂ ਉੱਗੜ ਦੁਗੜੀਆਂ, ਛੱਤਾਂ ਚੋਂ ਇਕਸਾਰ, ਕਿਰਦਾ ਰਹਿੰਦਾ ਸੀ ਸਦਾ ਸ਼ੋਰਾ ਨੰਢਾ-ਠਾਰ । ਚੌਥੀ ਸੀ ਸ਼ੈਲਾ ਗਿਰੀ ਦੱਖਣ ਵਲ ਖੜੀ, ਪੰਜਵੀਂ ਸੀ ਰਤਨਾ ਗਿਰੀ ਰਤਨਾਂ ਨਾਲ ਭਰੀ । ਚੜ੍ਹਦਾ ਜਾਵੇ ਉਤਾਂਹ ਨੂੰ ਸਪ-ਤੋਰਾ ਇਕ ਰਾਹ, ਪੈਰ-ਘੱਸੀਆਂ ਸਿਲਾਂ ਦਾ ਜਿਸ ਨੂੰ ਫ਼ਰਸ ਲਗਾ। ਪਹਿਲਾਂ ਕੇਸਰ-ਕਿਆਰੀਆਂ ਤੇ ਬਾਗ਼ਾਂ ਦੇ ਝੁੰਡ, ਕੱਚੇ ਅੰਬਾਂ ਜੰਮੂਆਂ ਸੱਜੇ ਖੱਬੇ ਘੁੰਡ । ਫੇਰ ਚਟਾਨਾਂ ਮਰਮਰੀ ਦੁਧ-ਚਿਟੀਆਂ ਰੰਗਦਾਰ, ਅਗੇ ਚਲ ਕੇ ਆਉਂਦੇ ਟੀਲੇ ਖਿੰਘਰਦਾਰ । ਜੰਗਲੀ-ਫੁੱਲਾਂ ਲੱਦੀਆਂ ਫਿਰ ਪਧਰਾਈਆਂ ਆਣ, ਮੋਢੇ ਚੜ੍ਹੇ ਪਹਾੜ ਦੇ ਲੰਘ ਜਿੱਥੋਂ ਇਨਸਾਨ । ਅੱਗੇ ਪੱਛਮ ਵਲ ਹੈ ਆਉਂਦੀ ਇਕ ਗੁਫ਼ਾ, ਉਲਰੇ ਬਿਰਛ ਅੰਜੀਰ ਦੇ ਜਿਸ ਤੇ ਕੰਘੇ ਪਾ। ਏਥੇ ਅਪੜਨ ਵਾਲਿਆ, ਕਰ ਲੇ ਨੰਗੇ ਪੈਰ, ਨਾਲੇ ਮੱਥਾ ਟੇਕ ਦੇ ਜੇ ਲਭਨਾਂ ਏਂ ਖੈੇਰ । ਕਿਉਂਕਿ ਵਿਚ ਪਵਿਤ੍ਰਤਾ ਨਹੀਂ ਏਸ ਦਾ ਹਾਣ, ਚੱਪਾ ਚੱਪਾ ਜਗ ਦਾ ਭਾਵੇਂ ਦਈਏ ਛਾਣ । ਪਾ ਕੇ ਲੀੜੇ ਭਗਵੇਂ ਏਥੇ ਬੁਧ ਅਵਤਾਰ, ਕਟੀਆਂ ਸਾੜੂ ਗਰਮੀਆਂ, ਰੱਬ ਦਾ ਸ਼ੁਕਰ ਗੁਜ਼ਾਰ, ਨਾਲੇ ਸਿਰ ਤੇ ਝਲੀਆਂ ਝੜੀਆਂ ਮੋਹਲੇ-ਧਾਰ, ਖ਼ੂਨ-ਜਮਾਊ ਸਰਘੀਆਂ, ਸ਼ਾਮਾਂ ਕੱਕਰ ਦਾਰ । ਵਾਂਗ ਫ਼ਕੀਰਾਂ ਸਾਧੂਆਂ ਮਿੱਸਾ ਲੂਣਾ ਖਾ । ਪੈ ਰਹਿੰਦੇ ਸਨ ਰਾਤ ਨੂੰ ਕੱਲੇ ਉੱਪਰ ਘਾਹ । ਭਾਵੇਂ ਸੀਗ ਹੰਵਾਕਦੇ ਗਿੱਦੜ ਚਾਰ ਚੁਫ਼ੇਰ, ਬਦਲਾਂ ਵਾਂਗੂ ਗਜਦੇ ਭੁੱਖੇ ਜੰਗਲੀ ਸ਼ੇਰ । ਏਦਾਂ ਸੁਹਲ ਸਰੀਰ ਨੂੰ ਵਰਤ ਜਾਗਰੇ ਨਾਲ, ਲੰਮੀਆਂ ਰਖ ਸਮਾਧੀਆਂ ਕੀਤਾ ਉਨ੍ਹਾਂ ਨਢਾਲ। ਹੋ ਜਾਂਦੇ ਸਨ ਯਾਦ ਵਿਚ ਕਦੀ ਜਹੇ ਗਲਤਾਨ, ਸਮਝ ਪਹਾੜੀ ਉਨ੍ਹਾਂ ਨੂੰ ਗਾਹਲੜ ਚੜ੍ਹਦੇ ਆਣ । ਕਦੀ ਡਰਾਕਲ ਭੱਗਲਾਂ ਅਪਣੇ ਪੋਚ-ਸਮੇਤ, ਪੈਰਾਂ ਵਿਚੋਂ ਉਨ੍ਹਾਂ ਦੇ ਜਾਂਦੀਆਂ ਲੰਘ ਅਚੇਤ । ਕਦੀ ਸਮਾਨੀ ਘੁੱਗੀਆਂ ਬਿਨਾਂ ਖੌਫ ਆ ਕੋਲ, ਉਹਨਾਂ ਦੇ ਕਚਕੌਲ ਚੋਂ ਚੁਗ ਜਾਂਦੀਆਂ ਚੌਲ । ਵੇਲੇ ਸਿਖਰ ਦੁਪਹਿਰ ਦੇ, ਸੁੰਨ-ਸਮਾਧੀ ਧਾਰ, ਬਹਿ ਜਾਂਦੇ ਭਗਵਾਨ ਜੀ ਬੰਨ੍ਹ ਬਿਰਤੀ ਦੀ ਤਾਰ । ਜਿਸ ਵੇਲੇ ਸੀ ਤਪਦੀ ਧਰਤੀ ਵਾਂਗ ਅੰਗਾਰ, ਕੰਧਾਂ ਮੰਦਰ ਨਚਦੇ ਬੰਦ ਹਵਾ ਵਿਚਕਾਰ । ਏਦਾਂ ਸੰਝਾਂ ਤੀਕਰਾਂ ਰਹਿੰਦੇ ਉਹ ਗ਼ਲਤਾਨ, ਪਤਾ ਨ ਲਗਦਾ ਉਨ੍ਹਾਂ ਨੂੰ ਕਦੋਂ ਅਸਤਿਆ ਭਾਨ, ਨਾ ਤਿਲਕੰਦੜੀ ਸ਼ਾਮ ਦਾ ਰਹਿੰਦਾ ਕੁਝ ਖਿਆਲ, ਲੰਘ ਜਾਂਦੀ ਜੋ ਮਲਕੜੇ ਲਾ ਕੇ ਲੰਬੀ ਛਾਲ । ਨਾ ਤਕਦੇ ਆਕਾਸ਼ ਵਿਚ ਤਾਰਿਆਂ ਦੀ ਝਿਲਕਾਰ, ਨਾ ਸੁਣਦੇ ਉਹ ਸ਼ਹਿਰ 'ਚੋਂ ਢੋਲਾਂ ਦੀ ਢਮਕਾਰ, ਨਾ ਉਲੂਆਂ ਦੀ ਹੂਕ ਦਾ ਰਖਦੇ ਕੁਝ ਧਿਆਨ, ਐਸੀ ਬਿਰਤੀ ਜੋੜ ਕੇ ਬਹਿੰਦੇ ਸਨ ਭਗਵਾਨ । ਆਪੇ ਦੀ ਡੂੰਘਾਣ ਵਿਚ ਖਿਆਲਾਂ ਤਾਂਈ ਉਤਾਰ ਰਹਿੰਦੇ ਉਹ ਸੁਲਝਾਉਂਦੇ ਉਲਝੀ ਜੀਵਨ-ਤਾਰ । ਏਦਾਂ ਅੱਧੀ ਰਾਤ ਤੱਕ ਰਹਿੰਦੇ ਅੰਤਰ-ਧਿਆਨ, ਜਦੋਂ ਖਮੋਸ਼ੀ ਜੱਗ ਤੇ ਚਾਦਰ ਦੇਂਦੀ ਤਾਣ । ਐਪਰ ਕਿਧਰੇ ਕਿਧਰੇ ਜੰਗਲ ਦੇ ਵਿਚਕਾਰ, ਭਾਲੂ ਚਿਤਰੇ ਸ਼ੇਰ ਦੀ ਸੁਣ ਪੈਂਦੀ ਭਭਕਾਰ, ਜਿਉਂ ਸਾਡੀ ਅਗਿਆਨਤਾ ਦੇ ਜੰਗਲ ਵਿਚਕਾਰ ਮਾਰਨ ਚੀਕਾਂ ਚਾਂਗਰਾਂ ਕਾਮ, ਕ੍ਰੋਧ, ਹੰਕਾਰ । ਸੌਂ ਰਹਿੰਦੇ ਫਿਰ ਘਾਹ ਦੇ ਉਤੇ ਬੁਧ ਭਗਵਾਨ, ਆਖਰ ਬੇੜੀ ਚੰਨ ਦੀ ਤਰ ਜਾਂਦੀ ਅਸਮਾਨ। ਪੌਹ-ਫੁਟਾਲਾ ਹੁੰਦਿਆਂ ਉਠ ਖਲੋਂਦੇ ਫੇਰ, ਕਿਸੇ ਪਹਾੜੀ ਥੜ੍ਹੇ ਤੇ ਖੜ੍ਹਦੇ ਵਿਚ ਹਨੇਰ, ਤਕਦੇ ਨਾਲ ਪਿਆਰ ਦੇ ਘੂਕ ਸੁਤਾ ਸੰਸਾਰ, ਵਿਚ ਤਸੱਵਰ ਜੀਆਂ ਨੂੰ ਲੈਂਦੇ ਜੱਫੀ ਮਾਰ । ਘੁਸਰ-ਮੁਸਰ ਪਰਭਾਤ ਦੀ ਖੇਤਾਂ 'ਚੋਂ ਲਹਿਰਾ, ਦੇ ਦੇ ਚੁੰਮਣ ਜਗਤ ਨੂੰ ਦੇਂਦੀ ਫੇਰ ਜਗਾ । ਫੇਰ ਆਕੜਾਂ ਭੰਨਦਾ ਸੂਰਜ ਟੂਣੇ-ਹਾਰ, ਹੌਲੀ ਹੌਲੀ ਉਭਰਦਾ ਪੂਰਬ ਦੇ ਵਿਚਕਾਰ । ਏਡੀ ਫਿੱਕੀ ਰੋਸ਼ਨੀ ਕਰਦੀ ਆ ਕੇ ਝਾਤ, ਪਤਾ ਨਾ ਲਗਦਾ ਰਾਤ ਹੈ ਯਾ ਹਾਲੇ ਪਰਭਾਤ । ਪਰ ਬਨ-ਕੁੱਕੜ ਦੇਂਵਦੇ ਬਾਗ਼ ਜਦੋਂ ਦੋ ਵਾਰ, ਨਸ ਜਾਂਦੀ ਅਸਮਾਨ ਤੇ ਦੁੱਧ-ਰੰਗੀ ਇਕ ਧਾਰ, ਜੋ ਤਾਰਾ ਪਰਭਾਤ ਦਾ ਛੇਤੀ ਨਾਲ ਡੁਬੋ, ਪੀਲੇ ਸੋਨੇ ਵਾਂਗਰਾਂ, ਨਿੱਘੀ ਜਾਂਦੀ ਹੋ। ਫਿਰ ਉਚੇ ਬਦਲਾਂ ਦੀਆਂ ਕੰਨੀਆਂ ਤੀਕਰ ਦੌੜ, ਭਖ ਭਖ ਕਰਦੇ ਸਵਰਨ ਦੀ ਝਾਲਰ ਦੇਂਦੀ ਜੋੜ, ਊਦੇ, ਸੂਹੇ, ਕੇਸਰੀ, ਦਸਕੇ ਰੰਗ ਹਜ਼ਾਰ, ਰੰਗ ਨੀਲੇ ਅਸਮਾਨ ਦਾ ਦੇਂਦੀ ਤੁਰਤ ਨਿਖਾਰ । ਖੁਸ਼ੀਆਂ ਦੇ ਵਿਚ ਰੱਤੜੇ, ਨੂਰੀ ਕਪੜੇ ਪਾ ਆ ਜਾਂਦਾ ਅਸਮਾਨ ਤੇ ਫਿਰ ਹੁਸਨਾ ਦਾ ਸ਼ਾਹ । ਤਦ ਸਾਡੇ ਭਗਵਾਨ ਜੀ ਵੱਡ ਰਿਸ਼ੀਆਂ ਦੇ ਦਾ, ਚੜ੍ਹਦੀ ਟਿੱਕੀ ਸਾਹਮਣੇ ਦੇਂਦੇ ਸੀਸ ਨਿਵਾ। ਕਰਕੇ ਸੌਚ ਇਸ਼ਨਾਨ ਫਿਰ ਢਕੀਉਂ ਥੱਲੇ ਲਹਿ, ਚੁਪ ਚੁਪੀਤੇ ਸ਼ਹਿਰ ਦੇ ਰਸਤੇ ਜਾਂਦੇ ਪੈ। ਫੜ ਕਰਮੰਡਲ ਹੱਥ ਵਿਚ ਫਿਰਦੇ ਗਲੀ ਬਜ਼ਾਰ, ਬੂਹੇ ਬੂਹੇ ਮੰਗਦੇ ਭੋਜਨ ਲੋੜ ਅਨੁਸਾਰ, ਪਰ ਕਰਮੰਡਲ ਉਨਾਂ ਦਾ ਭਰਿਆ ਜਾਂਦਾ ਝੱਬ, ਕਿਉਂਕਿ ਭੋਜਨ ਦੇਣ ਨੂੰ ਤਰਲੇ ਲੈਂਦੇ ਸਭ। ਤੱਕ ਉਨ੍ਹਾਂ ਦੀਆਂ ਅਖੀਆਂ ਮਗਨ ਸਮਾਧੀ ਨਾਲ, ਨਿੱਕੇ ਵੱਡੇ ਨਗਰ ਦੇ ਹੋਂਦੇ ਸੱਭ ਨਿਹਾਲ । ਬੂਹੇ ਅੱਗੋਂ ਲੰਘਦੇ ਜਾਂ ਉਹ ਅਲਖ ਪੁਕਾਰ, ਬਚਿਆਂ ਤਾਂਈ ਕਹਿੰਦੀਆਂ ਮਾਵਾਂ ਹਾਕਾਂ ਮਾਰ : “ਦੌੜੋ ਕਰਮਾਂ-ਵਾਲਿਉ ਛੇਤੀ ਪਾਵੋ ਖੈਰ, ਲਵੋ ਅਸੀਸਾਂ ਸੋਹਣਿਉਂ ਚੁੰਮ ਉਨ੍ਹਾਂ ਦੇ ਪੈਰ ।” ਰੱਤੇ ਰੱਬੀ ਤਰਸ ਵਿਚ ਕੋਮਲ ਚਿੱਤ ਭਗਵਾਨ, ਏਦਾਂ ਚੱਕਰ ਲਾਂਦਿਆਂ ਹੋ ਜਾਂਦੇ ਗ਼ਲਤਾਨ । ਦੁਖੀ ਭਰਾਵਾਂ ਵਾਸਤੇ ਕਰਦੇ ਸੋਚ ਵਿਚਾਰ, ਹੋਵੇ ਕਿੱਦਾਂ ਸਖਣਾ ਹੰਝੂਆਂ ਤੋਂ ਸੰਸਾਰ । ਨੈਣ ਕਿਸੇ ਮੁਟਿਆਰ ਦੇ ਕਾਲੇ ਅਤੇ ਹੈਰਾਨ, ਸੋਚੀ ਪਏ ਕੁਮਾਰ ਦੇ ਉਤੇ ਟਿਕਦੇ ਆਣ । ਤਕ ਕੇ ਫ਼ਾਨੀ ਹੁਸਨ ਤੋਂ ਵਧ ਸੋਹਣਾ ਦੀਦਾਰ, ਕਈ ਉਮੰਗਾਂ ਉਠਦੀਆਂ ਹਿਕ ਉਹਦੀ ਵਿਚਕਾਰ, ਨਾਲ ਅਚਾਨਕ ਪ੍ਰੀਤ ਦੇ ਅੰਦਰ ਪੈਂਦੀ ਖੋਹ, ਸਭ ਸੁਫ਼ਨੇ ਉਸ ਕੁੜੀ ਦੇ ਸੱਚੇ ਜਾਂਦੇ ਹੋ। ਪਰ ਸਾਡੇ ਭਗਵਾਨ ਜੀ ਮਿੱਠੇ ਬੋਲ ਉਚਾਰ, ਦਂਦੇੇ ਮੁੱਲ ਪਿਆਰ ਦਾ ਪੈਰਾਂ ਉੱਪਰ ਤਾਰ । ਫੇਰ ਪਹਾੜਾਂ ਵਲ ਉਹ ਜਾਂਦੇ ਪਰਤ ਅਡੋਲ, ਪਾਈ ਪੀਲੀ ਕੱਫਨੀ, ਹਥ ਫੜੀ ਕਚਕੋਲ, ਜਿਥੇ ਬੈਠ ਸਿਆਣਿਆਂ ਦੀ ਸੰਗਤ ਵਿਚਕਾਰ, ਬੁੱਧੀ ਬਾਰੇ ਪੁੱਛਦੇ, ਸੁਣਦੇ ਕਈ ਵਿਚਾਰ । ਸ਼ਾਂਤ ਭਰੀ ਰਤਨਾਗਰੀ ਦੇ ਬੇਲੇ ਵਿਚਕਾਰ, ਸਾਧਾਂ ਦੀ ਇਕ ਮੰਡਲੀ ਕੀਤਾ ਆਣ ਉਤਾਰ । ਇਕ-ਟੰਗੇ, ਜੋਗੀ, ਜਤੀ, ਭਿਕਸ਼ੂ ਤੇ ਜਟਧਾਰ, ਸੀਗ ਸਮਝਦੇ ਦੇਹ ਨੂੰ ਜੋ ਇਕ ਵਾਧੂ ਭਾਰ । ਨਾਲ ਤਸੀਹੇ ਮਾਰਦੇ ਅਪਣਾ ਸੁਹਲ ਸਰੀਰ, ਵਾਂਗ ਹਵਾਨਾਂ ਨਥਦੇ ਪਾ ਕੇ ਨਕ ਜ਼ੰਜੀਰ । ਦੇ ਦੇ ਪੀੜਾਂ ਤਨ ਦਾ ਇਤਨਾਂ ਕਰਦੇ ਨਾਸ, ਇਥੋਂ ਤਕ ਕਿ ਮੁਕਦਾ ਦੁੱਖਾਂ ਦਾ ਇਹਸਾਸ । ਇਕ ਉਨ੍ਹਾਂ ਚੋਂ ਰਾਤ ਦਿਨ, ਬਾਹਾਂ ਤਾਈਂ ਪਸਾਰ, ਖ਼ਬਰੇ ਕਿਤਨੇ ਚਿਰਾਂ ਤੋਂ ਖੱਲਾ ਸੀ ਹਠ ਧਾਰ, ਟਾਂਡਾ ਹੋਈਆਂ ਵੀਣੀਆਂ ਮੜਨੋ ਹਟ ਗਏ ਜੋੜ, ਨਿਕਲੇ ਟੁੰਡਾਂ ਵਾਂਗਰਾਂ ਮੋਢੇ ਤੇ ਕੰਗਰੋੜ। ਸਨ ਕਈਆਂ ਨੇ ਮੀਟੀਆਂ ਮੁੱਠਾਂ ਇਉਂ ਇਕਸਾਰ, ਨੌਂਹ ਤਲੀਆਂ ਨੂੰ ਚੀਰ ਕੇ ਨਿਕਲ ਆਏ ਸਨ ਪਾਰ । ਕਈ ਖੜਾਵਾਂ ਘਤ ਕੇ ਭਰੀਆਂ ਮੇਖਾਂ ਨਾਲ, ਪਏ ਆਪਣੇ ਆਪ ਨੂੰ ਕਰਦੇ ਸੀਗ ਹਲਾਲ। ਕਈ ਵਗਾਂਦੇ ਲਹੂ ਸਨ ਤਿੱਖੇ ਪਥਰ ਮਾਰ, ਕਈ ਲਾਸਦੇ ਦੇਹ ਸਨ ਧਰ ਤੱਤੇ ਅੰਗਿਆਰ । ਕਈਆਂ ਮਾਸ ਵਿਲੂੰੰਹਦਰੇ, ਕੰਡਿਆਂ ਨਾਲ ਝਰੀਠ, ਕਈਆਂ ਸੀਖਾਂ ਚੋਭੀਆਂ ਬਣ ਕੇ ਪੱਕੇ ਢੀਠ । ਕਈਆਂ ਪਿੰਡਾ ਪੋਚਿਆ ਸੀ ਚਿਕੜ ਦੇ ਨਾਲ, ਕੀਤੇ ਨਾਲ ਸੁਆਹ ਦੇ ਗੁੱਥਮ ਗੁੱਥਾ ਵਾਲ । ਖੱਫਣ ਬਦਬੂਦਾਰ ਸਨ ਕਈਆਂ ਬੱਧੇ ਲੱਕ। ਕਈਆਂ ਵੰਨੇ ਨਕ ਦੇ ਲਾ ਰੱਖੀ ਸੀ ਟੱਕ । ਕਈ ਮਸਾਣਾਂ ਵਿਚ ਸਨ ਰਹਿੰਦੇ ਨ੍ਹੇਰ ਸਵੇਰ, ਲਾਂਭੇ ਚਾਂਭੇ ਉਨ੍ਹਾਂ ਦੇ ਲੋਥਾਂ ਹੋਈਆਂ ਢੇਰ। ਚੀਲਾਂ, ਗਿਰਜਾਂ ਉਡਦੀਆਂ ਚੀਕਾਂ ਕੂਕਾਂ ਮਾਰ, ਚੁੰਝਾਂ ਪਹੁੰਚੇ ਮਾਰ ਕੇ ਨੋਚਦੀਆਂ ਮੁਰਦਾਰ । ਬਾਜ਼ੇ ਉਹਨਾਂ ਵਿਚ ਸਨ ਏਹੋ ਜਹੇ ਜਪਾਰ, ਨਾਂ ਜਪਦੇ ਜੋ ਸ਼ਿਵਾਂ ਦਾ ਦਿਨ ਵਿਚ ਪੰਜ ਸੌ ਵਾਰ। ਧੂਪ-ਝਲੂਸੇ ਗਲਾਂ ਵਿਚ ਸਨ ਸੱਪਾਂ ਦੇ ਹਾਰ, ਅੰਦਰ ਪਈਆਂ ਵੱਖੀਆਂ, ਨਾੜਾਂ ਨਿਕਲੀਆਂ ਬਾਹਰ । ਸੁਕ ਗਈ ਸੀ ਕਿਸੇ ਦੀ ਪਈ ਪਟਾਂ ਤੇ ਲੱਤ, ਪੱਛੀ ਵਾਗੂੰ ਨੁੱਚੜੀ, ਰਹੀ ਨਾ ਮਾਸਾ ਰੱਤ । ਤਾਲੂ ਲੂਸੇ ਧੁਪ ਨੇ ਤਿਖੀਆਂ ਕਿਰਨਾਂ ਨਾਲ, ਅੱਖਾਂ ਹੋਈਆਂ ਚੁੰਨ੍ਹੀਆਂ, ਨਿਤ ਧੂਣੀਆਂ ਬਾਲ । ਹੜਬਾਂ ਬਾਹਰ ਨਿਕਲੀਆਂ, ਬੋਕਾ ਹੋਏ ਪੇਟ, ਕੁੜ ਕੁੜ ਕਰਦੀਆਂ ਹੱਡੀਆਂ ਧਰੀਆਂ ਚੰਮ-ਵਲੇਟ। ਐਸੀ ਸੋਗੀ ਮੰਡਲੀ ਜੁੜੀ ਓਸ ਥਾਂ ਆਣ, ਪਾ ਰਖੀ ਸੀ ਜਿਨ੍ਹਾਂ ਨੇ ਧੁਪੇ ਸੁਕਣੀ ਜਾਨ । ਬੈਠਾ ਸੀ ਇਕ ਵੱਖਰਾ ਘਟੇ ਦੇ ਵਿਚਕਾਰ, ਗਿਣਦਾ ਸੀ ਜੋ ਜਵਾਂ ਦੇ ਦਾਣੇ ਰੋਜ਼ ਹਜ਼ਾਰ। ਇਕ ਇਕ ਕਰਕੇ ਉਨ੍ਹਾਂ ਨੂੰ ਖਾਂਦਾ ਸੀ ਉਹ ਫੇਰ ਤਾਂਜੇ ਭੁਖ ਦੇ ਦਿਉ ਨੂੰ ਕਰ ਸਕੇ ਉਹ ਜ਼ੇਰ । ਕੌੜੇ ਪੱਤਰ ਦਾਲ ਵਿਚ ਘੋਟ ਰਿਹਾ ਸੀ ਇੱਕ, ਤਾਂਜੇ ਰਹੇ ਨਾ ਜੀਭ ਨੂੰ ਰਸਾਂ ਕਸਾਂ ਦੀ ਸਿਕ । ਰਤਾ ਪਰੇਰੇ ਉਨ੍ਹਾਂ ਤੋਂ ਬੈਠਾ ਸੀ ਇਕ ਹੋਰ, ਗੁੱਛਾ-ਮੁੱਛਾ ਹੋਇਆ ਡਰਿਆ ਜਿਵੇਂ ਜਨੌਰ । ਵਿਚ ਖਿਆਲੀ ਸੁਖਾਂ ਦੇ ਕਰਕੇ ਜਾਨ ਹਲਾਲ, ਅੱਖਾਂ, ਇੰਦਰੀ, ਜੀਭ, ਕੰਨ ਦਿਤੇ ਉਸ ਨਿਕਾਲ । ਗਲ ਕੀ ਐਸੇ ਦੁਖੜੇ ਸੀਗ ਰਹੇ ਉਹ ਪਾ, ਵੇਖ ਜਿਨ੍ਹਾਂ ਨੂੰ ਨਰਕ ਵੀ ਲੈਣ ਨੀਵੀਆਂ ਪਾ। ਹਠੀਆਂ ਦੇ ਸਰਦਾਰ ਨੂੰ ਵੇਖ ਸ਼ੋਕ ਦੇ ਨਾਲ, ਕੀਤਾ ਬੁਧ ਭਗਵਾਨ ਨੇ, ਏਦਾਂ ਨਾਲ ਸਵਾਲ : “ਕਈ ਮਹੀਨੇ ਹੋ ਗਏ ਮੈਨੂੰ ਵਿਚ ਪਹਾੜ, ਸਚਿਆਈ ਦੀ ਖੋਜ ਵਿਚ ਗਾਂਹਦਾ ਫਿਰਾਂ ਉਜਾੜ । ਵੇਖ ਤੁਸਾਡੇ ਕਸ਼ਟ ਪਰ ਹੋਇਆਂ ਬੜਾ ਹੈਰਾਨ, ਕਿਉਂ ਦੇਂਦੇ ਹੋ ਜਾਣ ਕੇ ਦੁਖਾਂ ਦੇ ਮੂੰਹ ਜਾਨ ? ਬੇਦਰਦੀ ਦੇ ਨਾਲ ਕਿਉਂ ਲਿੱਸਾ ਕਰੋ ਸਰੀਰ ? ਕਾਹਨੂੰ ਦੁਖਦੇ ਦਿਲਾਂ ਨੂੰ ਹੋਰ ਕਰੋ ਦਿਲਗੀਰ ।” ਰੁਕਦਾ ਰੁਕਦਾ ਬੋਲਿਆ, ਹਠੀਆਂ ਦਾ ਸਰਦਾਰ : “ਏਸ ਤਰ੍ਹਾਂ ਨੇ ਲਿਖ ਗਏ ਸਿਆਣੇ ਗ੍ਰੰਥਾ ਕਾਰ, ਜਿਹੜਾ ਬੰਦਾ ਦੇਹ ਨੂੰ ਦੇਵੇ ਇਤਨੇ ਦੁਖ, ਜਾਪਣ ਲਗ ਪਏ ਓਸਨੂੰ, ਦੁੱਖਾਂ ਦੇ ਵਿਚ ਸੁਖ । ਸੜ ਜਾਂਦੇ ਨੇ ਓਸਦੇ ਪਾਪ ਅਤੇ ਸੰਤਾਪ, ਕੱਟ ਜਾਂਦੀਆਂ ਉਸ ਦੀਆਂ ਫਾਹੀਆਂ ਅਪਣੇ ਆਪ । ਉੱਡੇ ਉਸਦੀ ਆਤਮਾਂ ਉਚ-ਮੰਡਲਾਂ ਵਿਚਕਾਰ, ਜਿੱਥੇ ਪਹੁੰਚ ਨਾ ਸਕਦੀ ਬੰਦੇ ਦੀ ਵੀਚਾਰ ।” ਉੱਤਰ ਦਿੱਤਾ ਕੰਵਰ ਨੇ, ਵੇਖ ਹਠੀ ਸਰਦਾਰ, ਔਹ ਬੱਦਲ ਜੋ ਤਰ ਰਿਹਾ ਅੰਬਰ ਦੇ ਵਿਚਕਾਰ, ਜਾਪੇ ਏਦਾਂ ਚਮਕਦਾ ਜਿਵੇਂ ਸੁਨਹਿਰੀ ਸ਼ਾਲ, ਹਨ ਵਲ੍ਹੇਟੇ ਕਿਸੇ ਨੇ ਤਖ਼ਤ ਇੰਦਰ ਦੇ ਨਾਲ । ਲਹਿਰਾਂ ਲੈਂਦੇ ਸਾਗਰੋਂ ਚੜ੍ਹਿਆ ਇਹ ਅਸਮਾਨ, ਪਰ ਡਿੱਗੇਗਾ ਅੰਤ ਨੂੰ ਹੰਝੂਆਂ ਵਾਂਗਰ ਆਣ । ਪਰਬਤ, ਖੁੰਦਰਾਂ, ਕੱਸੀਆਂ, ਨਦੀਆਂ ਨਾਲੇ ਚੀਰ, ਵਿਚ ਸਾਗਰ ਦੇ ਡਿਗ ਕੇ ਰਲਣਾ ਏਸ ਅਖ਼ੀਰ । ਕੀ ਇਸ ਬੱਦਲ ਵਾਂਗਰਾਂ ਸਵਰਗੀ ਜੀਆ-ਜੰਤ, ਡਿਗਣਗੇ ਨਾ ਜ਼ਿਮੀ ਤੇ ਛੱਡ ਸੁਖਾਂ ਨੂੰ ਅੰਤ ? ਜੋ ਬਣਿਆ ਸੋ ਭਜਸੀ ਹੇ ਹਠ-ਧਾਰੀ ਵੀਰ, ਜਿਹੜਾ ਵੀ ਹੈ ਉਠਦਾ ਢਹਿਣਾ ਓਸ ਅਖ਼ੀਰ । ਮੰਨ ਲਿਆ ਭਾਵੇਂ ਤੁਸੀ ਨਰਕਾਂ ਦੇ ਬਾਜ਼ਾਰ ਲਵੋ ਖ਼ਰੀਦ ਸਵਰਗ ਨੂੰ ਮੁਲ ਖੂਨ ਦਾ ਤਾਰ, ਐਪਰ ਚੇਤੇ ਰਖਣਾ, ਸੌਦਾ ਹੁੰਦਿਆਂ ਸਾਰ । ਨਵਿਉਂ ਸਿਰਿਉਂ ਚਲਸੀ ਫਿਰ ਜਤਨਾਂ ਦੀ ਤਾਰ ।” ਉੱਤਰ ਦਿਤਾ ਸਾਧ ਨੇ ਠੰਢਾ ਹੌਕਾ ਮਾਰ, ਖ਼ਬਰੇ ਚਲ ਪੈਣੀ ਹਊ ਫਿਰ ਜਤਨਾਂ ਦੀ ਤਾਰ, ਪਰ ਅਫ਼ਸੋਸ ਨਾ ਏਸਦਾ ਸਾਨੂੰ ਕੁਝ ਗਿਆਨ, ਕੇਵਲ ਇਤਨੀ ਗਲ ਦੀ ਰਖੀਏ ਅਸੀਂ ਪਛਾਣ, ਰਾਤ-ਹਨੇਰੇ ਮਗਰੋਂ ਹੋਏ ਜ਼ਰੂਰ ਸਵੇਰ, ਦੁੱਖਾਂ ਮਗਰੋਂ ਸੁਖ ਦਾ ਝੂਟਾ ਆਵੇ ਫੇਰ । ਏਸੇ ਲਈ ਨਾ ਅਸਾਂ ਨੂੰ ਚੰਗਾ ਲਗੇ ਸਰੀਰ, ਜਿਹੜਾ ਉਡਦੀ ਰੂਹ ਨੂੰ ਪਾਵੇ ਕੜੇ ਜ਼ੰਜੀਰ, ਤਾਂਹੀਉਂ ਦੇ ਦੇ ਦੇਹ ਨੂੰ ਛੋਟੇ ਛੋਟੇ ਦੁਖ, ਦੇਵਤਿਆਂ ਤੋਂ ਲੋਚੀਏ ਅਸੀਂ ਵਡੇਰੇ ਸੁਖ ।” ਉਤਰ ਦਿਤਾ ਕੰਵਰ ਨੇ, ਉਚੇ ਕਰਕੇ ਨੈਣ : “ਮੰਨ ਲਿਆ ਸੁਖ ਤੁਸਾਂ ਦੇ ਵਰ੍ਹਿਆਂ ਬੱਧੀ ਰਹਿਣ, ਐਪਰ ਓੜਕ ਇਨ੍ਹਾਂ ਨੇ ਇਕ ਦਿਨ ਜਾਣਾ ਮੁੱਕ, ਜਿਦਾਂ ਸੂਰਜ ਚੜ੍ਹਦਿਆਂ ਤਾਰੇ ਜਾਂਦੇ ਲੁੱਕ । ਕੀ ਆਕਾਸ਼ ਪਤਾਲ ਵਿਚ ਯਾ ਏਦੂੰ ਵੀ ਦੂਰ, ਹੈ ਕੋਈ ਐਸੀ ਜਿੰਦੜੀ ਜਿਸ ਨਹੀਂ ਹੋਣਾ ਚੂਰ ? ਕੀ ਅਸਮਾਨੀ ਦੇਵਤੇ ਰਹਿਸਣ ਸਦਾ ਅਟੱਲ ? ਰਤਾ ਭਰਾਵੋ ਮੇਰਿਓ ਸੋਚੋ ਖਾਂ ਇਹ ਗੱਲ ।” “ਨਹੀਂ, ਜੋਗੀਆਂ ਆਖਿਆ, “ਕੇਵਲ ਬ੍ਰਹਮ ਅਕਾਲ, ਬਾਕੀ ਸਾਰੇ ਦੇਵਤੇ ਹਨ ਮੌਤ ਦਾ ਮਾਲ ।” “ਅਤ ਸਿਆਣੇ ਹੋਏ ਕੇ, ਤਦ ਬੋਲੇ ਭਗਵਾਨ, ਉਹਨਾਂ ਲਾਹਾਂ ਵਾਸਤੇ ਕਿਉਂ ਹੋਵੋ ਹਲਕਾਨ, ਜਿਹੜੇ ਸ਼ਾਇਦ ਨਿਕਲਣੇ ਸੁਫ਼ਨੇ ਵਾਂਗ ਅਖੀਰ, ਨਾਲ ਘ੍ਰਿਣਾ ਦੇ ਮਾਰਨਾ ਚੰਗਾ ਨਹੀਂ ਸਰੀਰ । ਕਰੋ ਨਾ ਲੂਹਲਾ ਏਸ ਨੂੰ ਭੰਨਕੇ ਗੋਡੇ ਹੱਥ, ਭੰਨਣਾ ਇਸਨੂੰ, ਭੰਨਣਾ ਰੂਹ ਅਪਣੀ ਦਾ ਰੱਥ । ਘਰ ਪਹੁੰਚਣ ਦਾ ਆਤਮਾ ਕਰਦੀ ਦਿਸੇ ਆਹਰ, ਐਪਰ ਏਸ ਸਰੀਰ ਨੇ ਸੰਝੋਂ ਹੀ ਉਰਵਾਰ, ਉਸ ਘੋੜੇ ਦੇ ਵਾਂਗਰਾਂ ਢਹਿ ਪੈਣਾ ਚੌਫਾਲ, ਜਿਸਨੂੰ ਜਾਵੇ ਹਿੱਕਿਆ ਬੇਕਿਰਕੀ ਦੇ ਨਾਲ । ਕੀ ਓ ਪੂਜਯ ਮਹਾਤਮਾ, ਸੁੰਦਰ ਇਹ ਮਕਾਨ, ਨਾਲ ਬੇਦਰਦੀ ਤੋੜ ਕੇ ਕਰ ਦੇਸੋ ਵੀਰਾਨ, ਜਿਥੇ ਪੁੱਜੇ ਅਸੀਂ ਹਾਂ ਲਾ ਕੇ ਲੰਮਾ ਗੇੜ, ਬੀਤੀਆਂ ਉਮਰਾਂ ਵਿਚ ਦੀ ਕਸ਼ਟ ਉਠਾਂਦੇ ਢੇਰ ? ਨਾਲੇ ਦਸਣ ਅਸਾਂ ਨੂੰ ਜਿਹੜੀਆਂ ਚਾਨਣ ਪਾ ਖਾਵੇ ਮੋੜਾ ਕਿਧਰ ਨੂੰ ਕੋਈ ਚੰਗੇਰਾ ਰਾਹ ?'' ਲੱਗੇ ਕਹਿਣ ਕੁਮਾਰ ਨੂੰ, ਹੋ ਸਾਰੇ ਇਕ-ਸਾਹ : “ਚੁਣਿਆਂ ਹੈ ਅਪਣੇ ਲਈ ਅਸਾਂ ਇਹੋ ਹੀ ਰਾਹ, ਭਾਵੇਂ ਪੱਥਰ ਏਸਦੇ ਭੱਖਣ ਵਾਂਗ ਅੰਗਾਰ, ਅਸਾਂ ਨਾ ਛਡਣਾ ਏਸ ਨੂੰ ਮੌਤੋਂ ਉਰਲੇ ਪਾਰ, ਦੱਸੋ ਜੇ ਹੋ ਜਾਣਦੇ ਏਦੂੰ ਚੰਗਾ ਰਾਹ, ਨਹੀਂ ਤਾਂ ਜਾਉ ਤੁਸਾਂ ਤੇ ਈਸ਼ਵਰ ਕਰੇ ਦਿਆ ।” ਲੈ ਦਿਲਗੀਰੀ ਤੁਰ ਪਿਆ ਉਥੋਂ ਰਾਜ-ਕੁਮਾਰ, ਰਾਹ ਵਿਚ ਜਾਵੇ ਸੋਚਦਾ, ਕਿੱਦਾਂ ਬਿਨਾਂ ਵਿਚਾਰ, ਡਰ ਤੋਂ ਬਚਣ ਲਈ ਇਹ ਮੌਤੋਂ ਡਰਨ ਨਾ ਮੂਲ, ਜੀਵਨ ਬਦਲੇ ਕਰਨ ਨਾ ਹਥਲਾ ਜੀਣ ਕਬੂਲ । ਮਾਰਨ ਅਪਣੇ ਆਪ ਨੂੰ ਅਪਣੀ ਹੱਥੀਂ ਤੀਰ, ‘ਕਿਧਰੇ ਰੀਝਣ ਦੇਵਤੇ ਪੱਛਣ ਸੁਹਲ ਸਰੀਰ । ਅਪਣੀ ਹਥੀਂ ਬਾਲ ਕੇ ਨਰਕ ਦੁਖਾਂ-ਭਰਪੂਰ, ਨਾਲ ਏਸਦੇ ਚਾਹਣ ਉਹ ਨਰਕ ਹਟਾਣੇ ਦੂਰ । ਝੱਲ-ਪੁਣੇ ਦੇ ਵਿਚ ਉਹ ਏਦਾਂ ਕਰਨ ਖ਼ਿਆਲ, ਦੁੱਖਾਂ-ਭੰਨੀ ਦੇਹ ਚੋਂ ਰੂਹ ਦਾ ਉਡਣ ਸੁਖਾਲ । “ਹੇ ਫੁੱਲੋ ਮੁਸਕਾਂਦਿਓ !” ਕਿਹਾ ਸਿਧਾਰਬ ਕੂਕ, “ਵੱਲ ਸੂਰਜ ਹਨ ਤੁਸਾਂ ਦੇ ਉਠੇ ਮੁੱਖ ਮਲੂਕ । ਰੋਸ਼ਨ ਮੁਖੜੇ ਤੁਸਾਂ ਦੇ ਰਿਸ਼ਮਾਂ ਰਹੇ ਖਿਲਾਰ, ਸਵਾਸ ਤੁਸਾਡੇ ਮਿੱਠੜੇ ਵੰਡ ਰਹੇ ਮਹਿਕਾਰ । ਪਹਿਨ ਪੁਸ਼ਾਕਾਂ ਉਜਲੀਆਂ, ਊਦੀਆਂ ਤੇ ਗੁਲਨਾਰ, ਸੂਹੀਆਂ ਚਾਂਦੀ-ਰੰਗੀਆਂ ਦਿੱਸੋ ਸ਼ੁਕਰ-ਗੁਜ਼ਾਰ । ਸਾਰੇ ਦੇ ਸਾਰੇ ਤੁਸੀਂ ਜਾਪੋ ਬੜੇ ਅਨੰਦ, ਹਸ ਰਸ ਕੇ ਹੋ ਕਟ ਰਹੇ ਬਿਖੜਾ ਜੀਵਨ-ਪੰਧ । ਤੁਹਾਡੇ ਵਿੱਚੋਂ ਕੋਈ ਵੀ ਮੂਰਖ ਬੰਦੇ ਵਾਂਗ ਹੱਥੀਂ ਅਪਣੇ ਹੁਸਨ ਦਾ ਬਾਗ਼ ਨ ਸੁੱਟਦਾ ਛਾਂਗ । ਅਣੀ ਖਜੂਰੋ ਉੱਚੀਉ, ਬੈਠੀਆਂ ਅਧ-ਅਸਮਾਨ, ਸਾਗਰ ਵੱਲੋਂ ਰੁਮਕਦੀ ਪੌਣ ਕਰੋ ਨਿੱਤ ਪਾਨ । ਪਾ ਕੇ ਕਿਹੜੇ ਭੇਦ ਨੂੰ ਭਣੋ ਤੁਸੀਂ ਆਨੰਦ, ਗਾਵੇ ਚੋਟੀ ਤੁਸਾਂ ਦੀ ਨਿਤ ਸੁਨਹਿਰੀ ਛੰਦ ? ਅਣੀ ਬੁਲਬੁਲੋ ! ਘੁਗੀਉ ! ਤੋਤਿਉ ! ਮੱਧ ਮਖੀਓ, ਫਿਕਰ ਪਵਾੜੇ ਜਗ ਦੇ ਤੁਹਾਨੂੰ ਸਕਣ ਨਾ ਛੋਹ। ਕਿਉਂਕਿ ਵਿਚ ਅੰਦੇਸ਼ਿਆਂ ਜਿੰਦ ਆਪਣੀ ਹੂਲ, ਇਦੂੰ ਚੰਗੇਰੀ ਜ਼ਿੰਦਗੀ ਲੋਚੋ ਤੁਸੀਂ ਨ ਮੂਲ । ਐਪਰ ਕਾਤਲ ਤੁਸਾਂ ਦਾ ਇਹ ਜ਼ਾਲਮ ਇਨਸਾਨ, ਸਰਬ-ਸਵਾਮੀ ਹੋਣ ਦਾ ਖਾ ਗਿਆ ਜਿਸ ਨੂੰ ਮਾਣ, ਵਿਚ ਖਿਆਲੀ ਸੁਖਾਂ ਦੇ ਦੇਵੇ ਦੇਹ ਨੂੰ ਦੁੱਖ, ਰਾਤੀਂ ਕੱਟੇ ਜਾਗਰੇ, ਦਿਹਾੜੀ ਕੱਟੇ ਭੁੱਖ ।” ਬੋਲ ਰਹੇ ਸਨ ਪੰਛੀਆਂ ਨਾਲ ਏਦਾਂ ਭਗਵਾਨ, ਢਕੀਉਂ ਉਡਦੀ ਧੂੜ ਨੇ ਲੀਤਾ ਖਿਚ ਧਿਆਨ । ਚਿੱਟੇ ਚਿੱਟੇ ਬੱਕਰੇ ਭੇਡਾਂ ਕਾਲੀਆਂ-ਸ਼ਾਹ, ਮਾਰਦੀਆਂ ਮੂੰਹ ਘਾਹ ਨੂੰ ਚੜ੍ਹੀਆਂ ਉੱਪਰ ਆ। ਗੁੱਛੇ ਖਾਣ ਅੰਜੀਰ ਦੇ ਹੋ ਕੇ ਖਿੱਟਾਂ ਭਾਰ, ਵੇਖ ਚਮਕਦਾ ਨੀਰ ਯਾ ਭੱਜਣ ਰਾਹੋਂ ਬਾਹਰ । ਨਾਲ ਉਨ੍ਹਾਂ ਦੇ ਆਜੜੀ ਛਿਹ ਛਿਹ ਕਰਦੇ ਜਾਣ ਮਾਰ ਗੁਲੇਲਾਂ ਉਨ੍ਹਾਂ ਨੂੰ ਰਸਤੇ ਉਤੇ ਪਾਣ। ਇੱਜੜ ਵਿਚ ਇਕ ਭੇਡ ਸੀ ਦੋ ਸਨ ਜਿਦੇ ਜਵਾਕ, ਇਕ ਫੱਟੜ ਮਮਿਆਉਂਦਾ, ਦੂਜਾ ਬੜਾ ਚਲਾਕ । ਮਾਂ ਚਿੰਤਾਤਰ ਉਨਾਂ ਦੀ ਕਰੇ ਦੁਪਾਸੜ ਦੌੜ, ਲਹੂ ਇਕ ਦਾ ਚੱਟਦੀ ਨੈਣ ਦੂਏ ਵਲ ਮੋੜ। ਵੇਖ ਉਨ੍ਹਾਂ ਨੂੰ ਕੰਵਰ ਦਾ ਦਿਲ ਹੋਇਆ ਦੋ-ਟੁੱਕ, ਲਿਆ ਕੰਧਾੜੇ ਓਸ ਨੇ ਲੰਙਾਂ ਲੇਲਾ ਚੁੱਕ । ਕਹਿਣ ਲਗਾ ਫਿਰ ਭੇਡ ਨੂੰ ‘ਗ਼ਮ ਨਾ ਦਿਲ ਤੇ ਲਿਆ, ਜਿੱਧਰ ਵੀ ਤੂੰ ਜਾਏਂਗੀ ਲੇਲਾ ਖੜਸਾਂ ਚਾ । ਕਿਉਂਕਿ ਦੁਖੀ ਜਨੌਰ ਨੂੰ ਕਰਨਾਂ ਠੰਢਾ ਠਾਰ, ਹਠਾਂ, ਜਪਾਂ ਤੇ ਤਪਾਂ ਤੋਂ ਚੰਗਾ ਹੈ ਸੌ ਵਾਰ।” ਆਜੜੀਆਂ ਨੂੰ ਵੇਖਕੇ ਬੋਲੇ ਫਿਰ ਭਗਵਾਨ, “ਏਸ ਕੜਕਦੀ ਧੁੱਪ ਵਿਚ ਕਿੱਧਰ ਜਾਉ ਜਵਾਨ ? ਹੇਠਾਂ ਧਰਤੀ ਤੱਪਦੀ, ਉਤੋਂ ਵਰ੍ਹਨ ਅੰਗਾਰ, ਕਿਹੜਾ ਇੱਜੜ ਹੱਕਦਾ ਏਸ ਧੁੱਪ ਵਿਚਕਾਰ ?” ਆਖਣ ਲੱਗੇ ਆਜੜੀ, “ਸਾਨੂੰ ਹੁਕਮ ਹਜ਼ੂਰ, ਸੌ ਭੇਡਾਂ ਸੌ ਬੱਕਰੇ ਹਾਜ਼ਰ ਕਰੋ ਜ਼ਰੂਰ । ਦੇਵਤਿਆਂ ਦੀ ਖੁਸ਼ੀ ਨੂੰ ਰਾਜਾ ਕਰਸੀ ਯੱਗ, ਦੋ ਸੌ ਜੀ ਅਜ ਰੱਬ ਦਾ ਬਿੱਲੇ ਜਾਣੈ ਲੱਗ ।” “ਮੈਂ ਵੀ ਚਲਸਾਂ ਨਾਲ ਹੀ,”-ਡੁਸਕਿਆ ਰਾਜਕੁਮਾਰ, ਲੇਲਾ ਚੁਕੀ ਤੁਰ ਪਿਆ ਧੁੱਪ ਘੱਟੇ ਵਿਚਕਾਰ । ਮੈਂ ਮੈਂ ਕਰਦੀ ਭੇਡ ਵੀ ਤੁਰ ਪਈ ਨਾਲੋ ਨਾਲ, ਵਲ ਬੱਚੇ ਦੇ ਬੁੜ੍ਹਕਦੀ ਮਾਰ ਮਾਰ ਕੇ ਛਾਲ । ਪਹੁੰਚੇ ਕੰਢੇ ਨਦੀ ਦੇ ਜਿਸ ਵੇਲੇ ਭਗਵਾਨ, ਘੁੱਗੀ-ਨੈਣੀ ਨਾਰ ਇਕ ਸਾਹਵੇਂ ਹੋਈ ਆਣ । ਹੱਥ ਉਹਦੇ ਆਕਾਸ਼ ਵਲ, ਹੰਝੂਆਂ-ਡੁੱਬੇ ਨੈਣ, ਨਾਲ ਅਦਬ ਦੇ ਝੁਕ ਕੇ ਏਦਾਂ ਲੱਗੀ ਕਹਿਣ- ‘ਕੀ ਨਹੀਂਗੇ ਉਹੀਉ ਤੁਸੀਂ ? ਜਿਨ੍ਹਾਂ ਕਲ੍ਹੋਕੇ ਵਾਰ, ਕੀਤਾ ਸੀ ਇਸ ਝੁੰਡ ਵਿਚ ਮੇਰੇ ਤੇ ਉਪਕਾਰ ? ਰਹਿੰਦੀ ਹਾਂ ਮੈਂ ਜਿਸ ਜਗ੍ਹਾ ਕਲ-ਮੁਕਲੀ ਜਾਨ, ਪੁੱਤਰ ਨੂੰ ਹਾਂ ਪਾਲਦੀ ਕਰਕੇ ਆਪਣਾ ਘਾਣ । ਖੇਡ ਰਿਹਾ ਸੀ ਫੁਲਾਂ ਵਿਚ ਗੋਦ ਮੇਰੀ ਦਾ ਲਾਲ, ਬੁਣ ਰਖਿਆ ਸੀ ਸੱਪ ਨੇ ਗਿਰਦ ਓਸਦੇ ਜਾਲ। ਹੱਸ ਹੱਸ ਕੇ ਸੀ ਛੇੜਦਾ ਬੱਚਾ ਸੱਪ ਦੀ ਜੀਭ, ਹਸਦਾ ਹਸਦਾ ਸੌਂ ਗਿਆ ਐਸੇ ਫਿਰੇ ਨਸੀਬ । ਇਕ ਆਂਹਦਾ ਸੀ ਚੜ੍ਹ ਗਈ ਇਸਨੂੰ ਸੱਪ ਦੀ ਪਾਣ, ਦੂਜਾ ਕਹਿੰਦਾ ਪਲਾਂ ਦਾ ਪੁੱਤ ਤੇਰਾ ਮਹਿਮਾਨ। ਦਾਰੂ ਦਰਮਲ ਗੰਢੀਆਂ ਲਾਈਆਂ ਰਗੜ ਹਜ਼ਾਰ, ਕਰ ਕਰ ਟੂਣੇ ਟੱਪਲੇ ਅੰਤ ਗਈ ਮੈਂ ਹਾਰ । ਪਾਈ ਮੈਨੂੰ ਕਿਸੇ ਨੇ ਫੇਰ ਤੁਹਾਡੀ ਦੱਸ, ਉਹਨੀਂ ਪੈਰੀਂ ਤੁਸਾਂ ਵਲ ਤੁਰਤ ਪਈ ਮੈਂ ਨੱਸ । ਤੱਤੇ ਹੁੰਝੂ ਡੋਲ੍ਹਦੀ ਭਰਦੀ ਠੰਢੀ ਆਹ, ਬੱਚੇ ਤੋਂ ਮੈਂ ਮਲਕੜੇ ਲੀੜਾ ਦਿੱਤਾ ਲਾਹ । ਨਾਲ ਮੁਹੱਬਤ ਤੁਸਾਂ ਨੇ ਛੋਹੀ ਉਹਦੀ ਗੱਲ੍ਹ, ਲੀੜਾ ਉਸਦੇ ਮੂੰਹ ਤੇ ਦਿੱਤਾ ਫੇਰ ਉਥੱਲ । ਫੇਰ ਤੁਸਾਂ ਸੀ ਆਖਿਆ ਸੁਣਕੇ ਮੇਰੇ ਵੈਣ, ਬੱਚ ਸਕਦੈ ਇਕ ਸ਼ਰਤ ਤੇ ਪੁੱਤਰ ਤੇਰਾ ਭੈਣ । ਲਿਆਵੇਂ ਜੇ ਐਸੇ ਘਰੋਂ ਮੰਗ ਤਿਲਾਂ ਦੀ ਖੈਰ, ਅਜੇ ਤੀਕ ਨਹੀਂ ਮੌਤ ਨੇ ਪਾਇਆ ਜਿਥੇ ਪੈਰ ।” ਇਹ ਗਲ ਸੁਣ ਭਗਵਾਨ ਜੀ ਬੋਲੇ ਖਾ ਕੇ ਗੱਚ, “ਗੱਲ ਗੌਤਮੀ ਪਿਆਰੀਏ ! ਆਹਨੀ ਏਂ ਤੂੰ ਸੱਚ । ਐਪਰ ਸਾਨੂੰ ਦੱਸ ਖਾਂ ਕਿੱਥੇ ਨੀਂ ਉਹ ਤਿੱਲ ? ਕਾਹਨੂੰ ਭੈਣ ਮੇਰੀਏ ਲਾਂਦੀ ਜਾਂਵੇ ਢਿੱਲ ?” “ਪਿਆਰਾ ਬੱਚਾ ਆਪਣਾ ਘੁੱਟ ਕਲੇਜੇ ਨਾਲ, ਬੂਹੇ ਬੂਹੇ ਤਿਲਾਂ ਦੀ ਕੀਤੀ ਹੈ ਮੈਂ ਭਾਲ। ਛੰਨਾਂ, ਢਾਰੇ, ਟਪਰੀਆਂ, ਧੌਲਰ, ਰਾਜਦਵਾਰ, ਕੀ ਜੰਗਲ ਕੀ ਵਸਤੀਆਂ ਕਰਦੀ ਰਹੀ ਪੁਕਾਰ । ‘ਪਾਉ ਕਰਮਾਂ ਵਾਲੀਉ ਲੱਪ ਤਿਲਾਂ ਦੀ ਖੈਰ, ਪਰ ਜੇ ਬੂਹੇ ਤੁਸਾਂ ਦੇ ਮੌਤ ਨਾ ਪਾਇਆ ਪੈਰ ।’ ‘ਮੁੜ ਜਾ ਭੈਣੇ ਭੋਲੀਏ ਸਭਨਾ ਕਿਹਾ ਪੁਕਾਰ, ਜਿਉਂਦੇ ਥੋੜ੍ਹੇ ਜੱਗ ਤੇ ਮੋਇਆਂ ਨਹੀਂ ਸੁਮਾਰ।’ ਹੋਰ ਅਗੇਰੇ ਵੰਜ ਮੈਂ ਕੀਤੀ ਫੇਰ ਪੁਕਾਰ, ਐਪਰ ਉੱਤਰ ਸਭ ਨੇ ਇਉਂ ਦਿੱਤਾ ਹਰ ਵਾਰ- ‘ਹਨ ਅਸਾਡੇ ਤਿੱਲ ਕੁੜੇ ਕੰਤ ਲਾ ਗਿਆ ਤੀਰ, ‘ਹਨ ਅਸਾਡੇ ਤਿਲ ਕੁੜੇ,-ਮਰ ਗਿਆ ਮੇਰਾ ਵੀਰ’ ‘ਹਨ ਅਸਾਡੇ ਤਿਲ ਕੁੜੇ-ਮੋਇਆ ਪੁਤ ਪਰਾਰ, ‘ਹਨ ਅਸਾਡੇ ਤਿਲ ਕੁੜੇ-ਮਰ ਗਿਆ ਬੀਜਣ-ਹਾਰ।’ ਬੂਹੇ ਬੂਹੇ ਪਿੰਨ ਕੇ ਹੁਟ ਗਈ ਮੇਰੀ ਜਾਨ, ਮੌਤੋਂ ਸਖਣਾ ਲਭਿਆ ਪਰ ਨਾ ਕੋਈ ਸਥਾਨ। ਏਸ ਲਈ ਛੱਡ ਪੁੱਤ ਨੂੰ ਬੰਨ-ਵੇਲਾਂ ਵਿਚਕਾਰ, ਫੇਰ ਤੁਹਾਡੀ ਸ਼ਰਨ ਮੈਂ ਆ ਗਈ ਕਰਨ ਪੁਕਾਰ । ਦੱਸੋ ਓਸ ਮਕਾਨ ਦਾ ਮੈਨੂੰ ਕੁਝ ਨਿਸ਼ਾਨ, ਜੇਕਰ ਮੇਰੇ ਪੁੱਤ ਵਿਚ ਜਾਣੋ ਅਜੇ ਪ੍ਰਾਨ । ਕਿਉਂਕਿ ਮੈਨੂੰ ਆਖਦੇ ਹਨ ਸਾਰੇ ਹੀ ਲੋਕ, ਪੁੱਤਰ ਤੇਰਾ ਭੋਲੀਏ ਲੱਦ ਗਿਆ ਪਰਲੋਕ।” “ਲੱਭ ਪਈ ਏ ਕਮਲੀਏ”-ਹਸ ਕਿਹਾ ਭਗਵਾਨ, “ਕੌੜੀ ਬੂਟੀ ਮੌਤ ਦੀ, ਤੈਨੂੰ ਵਿਚ ਜਹਾਨ। ਜਿਸਦੀ ਖਾਤਰ ਭੈਣ ਨੀਂ ਤੂੰ ਸੈਂ ਬਣੀ ਸੁਦੈਣ ਮੀਟ ਲਏ ਸਨ ਕਲ੍ਹ ਹੀ ਸਦਾ ਲਈ ਉਸ ਨੈਣ । ਐਪਰ ਹੁਣ ਤੂੰ ਤਕ ਲਿਆ ਅਪਣੀਆਂ ਅੱਖਾਂ ਨਾਲ, ਸਾਰੀ ਦੁਨੀਆਂ ਰੋਣ ਵਿਚ ਤੇਰੇ ਨਾਲ ਭਿਆਲ। ਰੋਵਨ ਜਿਹੜੇ ਦੁਖ ਨੂੰ ਰਲ ਕੇ ਸਭ ਮਨੁੱਖ, ਹੌਲਾ ਫੁਲ ਹੋ ਜਾਂਵਦਾ ਇਕ ਲਈ ਉਹ ਦੁੱਖ । ਖੂਨ ਆਪਣਾ ਦਿਆਂ ਮੈਂ ਟੇਪਾ ਟੇਪਾ ਡੋਲ੍ਹ, ਰੁਕ ਸੱਕਣ ਜੇ ਇਸ ਤਰਾਂ ਹੰਝੂ ਤੇਰੇ ਅਮੋਲ । ਜਾਂ ਫਿਰ ਸਕਦਾ ਜਿਤ ਮੈਂ ਓਸ ਸਰਾਪ ਦਾ ਭੇਦ, ਦੇਵੇ ਮਿਠੇ ਪ੍ਰੇਮ ਨੂੰ ਪੀੜ ਨਾਲ ਜੋ ਵੇਧ, ਫੁੱਲਾਂ ਘਾਹਾਂ ਉਪਰੋਂ ਪਸ਼ੂ ਬੇਦੋਸ਼ੇ ਹੱਕ, ਪਲੋ ਪਲੀ ਲੈ ਜਾਵੰਦਾ ਮਾਰਨ ਲਈ ਨਹੱਕ । ਏਸੇ ਗੁਝੇ ਭੇਦ ਦੀ ਲੱਗੀ ਮੈਨੂੰ ਭਾਲ, ਜਾ ਹੁਣ ਬੱਚਾ ਆਪਣਾ ਦੱਬ ਦੇ ਛੇਤੀ ਨਾਲ ।” ਜਦੋਂ ਦੁਰਾਡੀ ਨਦੀ ਤੇ ਕਿਰਨਾਂ ਸੁਟੀਆਂ ਭਾਨ, ਸਰਕ ਸ਼ਹਿਜ਼ਾਦਾ ਤੇ ਆਜੜੀ ਵੜੇ ਨਗਰ ਵਿਚ ਆਣ । ਪਹੁੰਚੇ ਫਾਟਕ ਲਾਗ ਉਹ ਜਿਥੇ ਸਾਵ ਧਿਆਨ, ਹੈ ਸਨ ਪਹਿਰਾ ਦੇ ਰਹੇ ਰਾਜੇ ਦੇ ਦਰਬਾਨ । ਪਰ ਮੋਢੇ ਭਗਵਾਨ ਦੇ ਲੇਲਾ ਦੇਖ ਲਚਾਰ, ਝਟ ਇਕ ਪਾਸੇ ਹੋ ਗਏ ਸਭੋ ਪਹਿਰੇਦਾਰ । ਪਾਸੇ ਕਰ ਲਏ ਗਾਡੀਆਂ ਗੱਡੇ ਖੜੇ ਬਜ਼ਾਰ, ਗਾਹਕਾਂ ਤੇ ਹਟਵਾਣੀਆਂ ਜੀਭ ਲਈ ਖਲਿਆਰ । ਤਕਣ ਲਈ ਕੁਮਾਰ ਦਾ ਕੋਮਲ ਉਜਲਾ ਮੁਖ, ਘਣ ਚੁਕਿਆ ਲੋਹਾਰ ਦਾ ਗਿਆ ਹਵਾ ਵਿਚ ਰੁਕ । ਤਾਣੀ ਭੁਲੀ ਜੁਲਾਹਿਆਂ, ਭੁਲਿਆ ਵਹੀ ਮੁਨੀਮ, ਗਿਣਤੀ ਭੁਲੀ ਸਰਾਫ਼ ਨੂੰ; ਦਾਰੂ ਭੁਲਾ ਹਕੀਮ । ਗੜਵੀ ਭਰ ਕੇ ਡੁਲ੍ਹ ਪਿਆ ਹਲਵਾਈ ਦਾ ਦੁੱਧ, ਕਰ ਦਰਸ਼ਨ ਭਗਵਾਨ ਦਾ ਐਸੀ ਭੁਲੀ ਸੁਧ। ਗੁਮ ਸੁਮ ਤਕ ਹਟਵਾਣੀਆਂ, ਚੌਲਾਂ ਦੇ ਅੰਬਾਰ ਚੋਂ ਸ਼ਿਵ ਜੀ ਦੇ ਸਾਨ੍ਹ ਨੇ ਬੁਰਕ ਲਿਆ ਇਕ ਮਾਰ । ਪੁੱਛਣ ਖੜੀਆਂ ਤ੍ਰੀਮਤਾਂ ਬਰੂਹਾਂ ਵਿਚ ਹੈਰਾਨ, ਭੇਟ ਲਿਆਵਣ ਵਾਲੜਾ ਕਿਹੜਾ ਹੈ ਇਹ ਜੁਆਨ ? ਸ਼ਾਂਤੀ ਜਾਏ ਖਿਲਾਰਦਾ ਛਬ ਅਨੋਖੀ ਨਾਲ, ਨੇਤਰ ਇਸਦੇ ਕਿਤਨੇ ਮਿੱਠੇ ਅਤੇ ਵਿਸ਼ਾਲ ? ਕਿਹੜੀ ਇਸਦੀ ਜ਼ਾਤ ਹੈ, ਕਿਹੜਾ ਇਸਦਾ ਥਾਨ ? ਸਾਕਰ ਹੈ ਜਾਂ ਦੇਵਤਾ ਸੁੰਦਰ-ਚਿਤ ਇਹ ਜੁਆਨ ?” ਕੋਲੋਂ ਕਈਆਂ ਆਖਿਆ : “ਇਹ ਉਹ ਪੂਜ ਮਨੁੱਖ, ਰਹਿੰਦਾ ਰਿਸ਼ੀਆਂ ਨਾਲ ਜੋ ਉਸ ਪਰਬਤ ਦੀ ਕੁਖ ।” ਮਗਨ ਚਿਤ ਤੁਰਦੇ ਗਏ, ਪਰ ਸਾਡੇ ਭਗਵਾਨ, ਏਸ ਤਰਾਂ ਵੀਚਾਰ ਦੇ, ਹੋਏ ਅੰਤਰ ਧਿਆਨ। “ਸਭ ਭੇਡਾਂ ਤੇ ਆਉਂਦਾ ਮੈਨੂੰ ਤਰਸ ਮਹਾਨ, ਜਿਨ੍ਹਾਂ ਦਾ ਕੋਈ ਆਜੜੀ ਨਹੀਂਗਾ ਏਸ ਜਹਾਨ। ਰਹੀਆਂ ਵਿਚ ਹਨੇਰਿਆਂ ਅੰਨ੍ਹੇਵਾਹ ਜੋ ਚਲ, ਮੈਂ, ਮੈਂ ਕਰਦੀਆਂ ਜਾਂਦੀਆਂ ਮੌਤ-ਕਟਾਰੀ ਵਲ। ਪਹੁੰਚੀ ਰਾਜੇ ਤੀਕਰਾਂ ਓਸੇ ਪਲ ਇਹ ਗਲ: “ਇਕ ਤਿਆਗੀ ਆਇਆ ਸ਼ਹਿਰ ਤੁਹਾਡੇ ਚਲ । ਉਸ ਇੱਜੜ ਦੇ ਸਣੇ ਹੈ ਵੜਿਆ ਇਥੇ ਆਣ, ਹੈਸੀ ਤੁਸਾਂ ਮੰਗਾਇਆ ਜਿਹੜਾ ਭੇਟ ਚੜ੍ਹਾਣ ।” ਪੂਜਾ-ਕਮਰੇ ਵਿਚ ਸੀ ਰਾਜਾ ਖੜਾ ਤਿਆਰ, ਚਿਟੇ ਚੋਲਿਆਂ ਵਾਲੜੇ ਮੰਤਰ ਰਹੇ ਉਚਾਰ । ਜਲਣ ਸੁਗੰਧਤ ਲਕੜਾਂ ਹਵਨ-ਕੁੰਡ ਵਿਚਕਾਰ, ਘਿਓ, ਸਮਿਗ੍ਰੀ, ਸੋਮਰਸ, ਖਾਣ ਪਚਾਕੇ ਮਾਰ । ਸਹਿਜ ਸਹਿਜ ਸੀ ਵਗ ਰਹੀ ਕੋਲ ਨਦੀ ਇਕ ਲਾਲ, ਮੈਂ, ਮੈਂ, ਮੈਂ, ਕਰਲਾਉਂਦੇ ਪਸ਼ੂਆਂ ਦੇ ਲਹੂ ਨਾਲ । ਚਿਤਰਾ ਮਿਤਰਾ ਬਕਰਾ ਲੰਮੇ ਜਿਸਦੇ ਸਿੰਙ, ਲੰਮਾ ਪਾਇਆ ਬਾਹਮਣਾ ਮੁੰਜ ਦੇ ਨਾਲ ਵਲਿੰਗ । ਿ ਖਿੱਚੀ ਉਹਦੀ ਧੌਣ ਤੇ ਕਰ ਕੇ ਤੇਜ਼ ਕਟਾਰ, ਵੱਡਾ ਬਾਹਮਣ ਬੋਲਿਆ ਮੰਤਰ ਇਉਂ ਉਚਾਰ : “ਸੁਣੋ ਭਿਆਨਕ ਦਿਉਤਿਉ ਰਾਜਾ ਭਿੰਬੀਸਾਰ, ਰਿਹਾ ਸਾਹਮਣੇ ਤੁਸਾਂ ਦੇ ਮਹਾਂ ਭੇਟ ਇਹ ਚਾਹੜ । ਤੁਹਾਡੀ ਪਰਸੰਤਾ ਲਈ ਵੱਗੇ ਲਹੂ ਦੀ ਧਾਰ, ਖੁਸ਼ਬੂ ਭੁਜਦੇ ਮਾਸ ਦੀ ਅਗਨੀ ਰਹੀ ਖਿਲਾਰ । ਰਾਜੇ ਭਿੰਬੀਸਾਰ ਦੇ ਪਾਪ ਕਰੋ ਨਿਰਵਾਰ, ਇਸ ਬਕਰੇ ਦੇ ਨਾਲ ਹੀ ਰਿਹਾ ਜਿਨੂੰ ਮੈਂ ਮਾਰ ।” ਐਪਰ ਬੁਧ ਨੇ ਆਖਿਆ ਪੂਰੇ ਹਿੱਤ ਦੇ ਨਾਲ : “ਦਿਉ ਨਾ ਮਾਰਨ ਏਸਨੂੰ ਰਾਜਨ ਕਰੋ ਖਿਆਲ।” ਇਤਨਾ ਕਹਿ ਕੇ ਢੁਕਿਆ ਬੁਧ ਬਕਰੇ ਦੇ ਕੋਲ, ਦੋਵੇਂ ਹੀ ਸਿੰਙ ਪਸ਼ੂ ਦੇ ਦਿੱਤੇ ਖੋਲ੍ਹ, ਅਡੋਲ । ਬਿਟ ਬਿਟ ਤਕਦੇ ਰਹਿ ਗਏ ਸਭ ਹੈਰਾਨੀ ਨਾਲ, ਕਿਸੇ ਨਾ ਰੋਕਿਆ ਵਰਜਿਆ ਦੇਖ ਚਮਕਦਾ ਭਾਲ। ਜੀਵਨ ਬਾਰੇ ਬੁਧ ਨੇ ਫਿਰ ਬੋਲੇ ਕੁਝ ਬੋਲ, ਜਿਹੜਾ ਹਰ ਕੋਈ ਮੰਗਦਾ ਪਲਿਉਂ ਦਏ ਨਾ ਖੋਹਲ । ਕੀੜੀ ਤੋਂ ਮਾਨੁਖ ਤਕ ਜਿਸਦੇ ਸਭ ਚਾਹਵਾਨ, ਅਚਰਜ, ਪਿਆਰੀ, ਸੁਆਦਲੀ, ਸਭ ਨੂੰ ਲਗੇ ਜਾਨ । ਬਰਕਤ ਹੈ ਇਹ ਜ਼ਿੰਦਗੀ ਤਰਸ ਹੋਏ ਜੇ ਨਾਲ, ਸਭ ਨਿਤਾਣੇ, ਤਗੜੇ ਤਰਸੋਂ ਬਿਨਾਂ ਨਢਾਲ। ਦੇਵਤਿਆ ਦੀ ਦਿਆ ਦਾ ਕੀ ਹੈ ਉਸਨੂੰ ਹੱਕ, ਪਸੂਆਂ ਤਾਈਂ ਮਾਰਦਾ ਜਿਹੜਾ ਫਿਰ ਨਿਹੱਕ । ਪਾਪ ਹਟਾਵਣ ਵਾਸਤੇ ਅਸੀ ਮਾਰੀਏ ਜੀ, ਐਪਰ ਜੀ ਨੂੰ ਮਾਰਨਾ ਨਵਾਂ ਪਾਪ ਨਹੀਂ ਕੀ ? ਕੋਈ ਨਾ ਅਪਣੀ ਆਤਮਾ ਧੋ ਸੱਕੇ ਲਹੂ ਨਾਲ ਨਾ ਹੀ ਚੰਗੇ ਦੇਵਤੇ ਹੋਵਣ ਇਉਂ ਦਿਆਲ । ਨਾ ਕੋਈ ਵੱਢੀਆਂ ਚਾਹੜ ਕੇ ਪਾ ਸਕੇ ਛੁਟਕਾਰ, ਨਾ ਮਾਨੁਖੀ ਪਾਪ ਦੇ ਪਸ਼ੂ ਵੰਡਾਵਣ ਭਾਰ । ਕਲਿਆਂ ਹੀ ਸਭ ਭੁਗਤਸਣ ਮੰਦ ਕਰਮਾਂ ਦੇ ਫੱਲ, ਆਖੇ ਇਉਂ ਬ੍ਰਹਿਮੰਡ ਦੀ ਵਿਦਿਆ-ਗੜ੍ਹਤ ਅਟੱਲ । ਹਰ ਵੇਲੇ ਜੋ ਜਾਗਦੀ ਚੇਤਨ ਅਤੇ ਅਕਾਲ, ਭਲਾ ਭਲੇ ਦੇ ਸੰਗ ਕਰੇ, ਬੁਰਾ ਬੁਰੇ ਦੇ ਨਾਲ । ਹਰ ਥਾਂ ਏਸੇ ਨਿਯਮ ਦਾ ਰਾਜ ਰਿਹਾ ਹੈ ਚਲ, ਜਿਹੜਾ ਲਾਏ ਭਵਿਸ਼ ਨੂੰ ਬੀਤੇ ਦਾ ਹੀ ਫਲ।” ਸੁਣ ਕੇ ਬੁਧ ਭਗਵਾਨ ਦੇ ਤਰਸਾਂ ਭਰੇ ਵਿਚਾਰ, ਲਹੂ-ਲਿਬੜੇ ਹਥ ਬਾਹਮਣਾਂ ਕੱਜੇ ਸਿਰ ਨਿਉਹਾੜ । ਰਾਜੇ ਵੀ ਹਥ ਜੋੜ ਕੇ ਕੀਤਾ ਅਤ ਸਨਮਾਨ, ਐਪਰ ਗਏ ਉਚਾਰਦੇ ਏਦਾਂ ਬੁਧ ਭਗਵਾਨ : “ਕੇਡੀ ਸੋਹਣੀ ਧਰਤ ਇਹ ਪਲ ਵਿਚ ਜਾਵੇ ਥੀ, ਸਾਂਝੇ ਕਿਸੇ ਪ੍ਰੇਮ ਵਿਚ ਬੱਝਣ ਜੇ ਸਭ ਜੀ। ਕਣਕ ਸੁਨਹਿਰੀ, ਸਾਗ, ਫਲ, ਨਿਰਮਲ ਜਲ ਦੀ ਧਾਰ, ਭੁਖ ਤੇ ਤ੍ਰੇਹ ਮਿਟਾਣ ਨੂੰ ਕਾਫ਼ੀ ਵਿਚ ਸੰਸਾਰ ।” ਇਹਨਾਂ ਬਚਨਾਂ ਵਿਚ ਸੀ ਏਨੀ ਸ਼ਕਤ ਮਹਾਨ, ਅਪਣੀ ਹਥੀਂ ਬਾਹਮਣਾਂ ਢਾਹਿਆ ਹੋਮ-ਅਸਥਾਨ। ਨਾਲੇ ਸੁਟੇ ਉਨ੍ਹਾਂ ਨੇ ਛੁਰੇ ਵਗਾਹ ਕੇ ਦੂਰ ਰਾਜ ਸਾਰੇ ਵਿਚ ਹੋ ਗਿਆ ਅਗਲੇ ਦਿਨ ਮਸ਼ਹੂਰ : “ਰਾਜੇ ਭਿੰਬੀਸਾਰ ਦਾ ਅਜ ਤੋਂ ਇਹ ਫਰਮਾਨ, ਭੇਟਾ ਹੁੰਦੇ ਰਹੇ ਹਨ ਅਜ ਤਕ ਕਈ ਹਵਾਨ । ਐਪਰ ਅਗੋਂ ਕੋਈ ਨਾ ਮਾਰੇ ਪਸ਼ੂ ਅਭੋਲ, ਵੱਡਾ ਪਾਪ ਲਬੇੜਨੀ ਨਾਲ ਖੂਨ ਦੇ ਝੋਲ।” ਏਸ ਤਰ੍ਹਾਂ ਦਾ ਹੁਕਮ ਸੀ, ਉਸ ਦਿਨ ਤੋਂ ਉਪਰਾਂਤ, ਸਭ ਪਸ਼ੂਆ ਤੇ ਜੀਆਂ ਵਿਚ ਵਰਤੀ ਮਿੱਠੀ ਸ਼ਾਂਤ। ਡਾਢੇ ਕੋਮਲ-ਚਿਤ ਸਨ ਸਾਡੇ ਬੋਧ ਭਗਵਾਨ, ਪੂਜ ਗਰੰਥਾਂ ਵਿਚ ਹੈ ਆਉਂਦਾ ਇੰਜ ਬਿਆਨ- ਕਿਸੇ ਵਤੀਤੇ ਜਨਮ ਵਿਚ, ਗੁਜ਼ਰ ਗਏ ਕਈ ਸਾਲ, ਜਦ ਸਾਡੇ ਭਗਵਾਨ ਜੀ ਸਨ ਇਕ ਬਾਹਮਣ ਬਾਲ । ਕੁਛੜ ਮੰਦਾ ਗਿਰੀ ਦੇ ਸੀ ਉਹਨਾਂ ਦਾ ਗ੍ਰਾਮ, ਹੈਸੀ ਲੋਕਾਂ ਰਖਿਆ ਦਾਲਿਦ ਜਿਸਦਾ ਨਾਮ- ਦਿੱਤੀ ਹੈਸੀ ਸੋਕੜੇ ਧਰਤੀ ਸਾਰੀ ਲੂਸ, ਚਸ਼ਮੇ ਸਾਰੇ ਜ਼ਿਮੀ ਦੇ ਲਏ ਤਪਸ਼ ਨੇ ਚੂਸ । ਇਥੋਂ ਤਕ ਸਨ ਪੈਲੀਆਂ ਸੜ ਕੇ ਹੋਈਆਂ ਖੇਹ, ਇਕ ਬਟੇਰੇ ਤਾਈਂ ਵੀ ਉਹਲਾ ਸਕਣ ਨਾ ਦੇ। ਝੁਲਸੇ ਘਾ ਤੇ ਬੂਟੀਆਂ, ਆ ਕੇ ਦਿਕ ਜਨੌਰ, ਵਿਚ ਤਲਾਸ਼ ਖੁਰਾਕ ਦੀ ਭੱਜੇ ਜੰਗਲ ਛੋੜ। ਇਕ ਸੁਕੇ ਨਾਲੇ ਦਿਆਂ ਕੰਢਿਆਂ ਦੇ ਵਿਚਕਾਰ, ਬੁਧ ਦੇਖੀ ਇਕ ਸ਼ੇਰਨੀ ਭੁਖ ਦੇ ਨਾਲ ਲਚਾਰ । ਅੱਖਾਂ ਦੇ ਵਿਚ ਮਚਦੀ ਭੁਖ ਦੀ ਸਾਵੀ ਲਾਟ, ਹੌਂਕ ਹੌਂਕ ਕੇ ਓਸਦੀ ਜੀਭ ਰਹੀ ਸੀ ਪਾਟ । ਪਸਲੀ ਪਸਲੀ ਹੋਈ ਸੀ ਝੁਰੜੀ ਉਹਦੀ ਖੱਲ, ਹੁੰਦੀ ਮੀਹਾਂ ਨਾਲ ਜਿਉਂ ਬੋਦੀ ਹੋਈ ਝੱਲ । ਸੁੱਕੇ ਉਸਦੇ ਥਣਾਂ ਨੂੰ ਬੱਚੇ ਉਸਦੇ ਦੋ, ਤ੍ਰੁੰਡਦੇ ਅਤੇ ਨਚੋੜਦੇ ਨਾਲ ਭੁਖ ਦੇ ਲੋਹ । ਫਿਰ ਵੀ ਨਾਲ ਪਿਆਰ ਦੇ ਕਰ ਕੇ ਜੀਭ ਅਗਾਂਹ, ਵਿਲਕਦਿਆਂ ਨੂੰ ਚਟਦੀ ਮੋਈ ਮੁਕੀ ਮਾਂ । ਐਪਰ ਆਖ਼ਰ ਉਸ ਨੇ ਇਕ ਡਸਕੋਰਾ ਮਾਰ, ਸੁਟ ਕੇ ਬੁਥੀ ਰੇਤ ਤੇ ਕੱਢੀ ਇਕ ਦਹਾੜ । ਦੇਖ ਅਵਸਥਾ ਓਸਦੀ ਸਾਡੇ ਬੁਧ ਭਗਵਾਨ, ਨਾਲ ਤਰਸ ਤੇ ਸੋਚ ਦੇ ਹੋਏ ਚਿੰਤਾਵਾਨ : “ਸੂਰਜ ਡੁਬਣੋ ਪਹਿਲ ਹੀ ਇਹਨਾਂ ਛਡਣਾ ਸਾਹ, ਇਹਨਾਂ ਤਾਈਂ ਬਚਾਣ ਦਾ ਇਕੋ ਹੀ ਬਸ ਰਾਹ । ਬਣ ਜਾਵਾਂ ਮੈਂ ਆਪ ਹੀ ਇਹਨਾਂ ਦਾ ਆਹਾਰ, ਹਾਨੀ ਕੋਈ ਨਾ ਏਸ ਵਿਚ ਸਿਰੇ ਚੜ੍ਹੇ ਜੇ ਪਿਆਰ ।” ਇਹ ਕਹਿ ਕੇ ਭਗਵਾਨ ਨੇ ਪਊਏ ਦਿੱਤੇ ਲਾਹ, ਨਾਲੇ ਮਾਲਾ ਕਪੜੇ, ਜੰਜੂ ਸੁਟੇ ਵਗਾਹ । ਝਾੜੀ ਪਿਛੋਂ ਨਿਕਲਕੇ ਆਣ ਖਲੇ ਫਿਰ ਬਾਹਰ, ਬੋਲੇ, “ਮਾਤਾ ਮੇਰੀਏ, ਭੋਜਨ ਤੇਰਾ ਤਿਆਰ” ਮਾਰੀ ਮਰਦੇ ਪਸ਼ੂ ਨੇ ਉੱਚੀ ਇਕ ਦਹਾੜ, ਚਿਤ ਕੀਤਾ ਭਗਵਾਨ ਨੂੰ ਅੱਖੀ ਦੇ ਪਲਕਾਰ, ਨਹੁੰਆਂ ਨਾਲ ਸਰੀਰ ਨੂੰ ਕੀਤਾ ਬੰਦੋ ਬੰਦ, ਗਏ ਨਹਾਤੇ ਖੂਨ ਵਿਚ ਪੀਲੇ ਉਸਦੇ ਦੰਦ । ਮੁਢ ਤੋਂ ਬੁਧ ਭਗਵਾਨ ਦਾ ਹਿਰਦਾ ਸੀਗ ਵਿਸ਼ਾਲ, ਹੁਣ ਨਾ ਵਖਰੀ ਗਲ ਕੋਈ ਜਦੋਂ ਤਰਸ ਦੇ ਨਾਲ ਵਰਜੀ ਪੂਜਾ ਉਨ੍ਹਾਂ ਸੀ ਬੋਲ ਮਿਠੜੇ ਬੋਲ, ਲਏ ਬਚਾ ਸਨ ਸੈਂਕੜੇ ਮਰਨੋਂ ਪਸ਼ੂ ਅਭੋਲ । ਸੋਹਣੇ ਬੁਧ ਭਗਵਾਨ ਦੇ ਰਾਜ-ਜਨਮ ਨੂੰ ਜਾਣ, ਰਾਜੇ ਭਿੰਬੀ ਸਾਰ ਨੇ ਤਰਲਾ ਕੀਤਾ ਆਣ : “ਰਹਿ ਕੇ ਸਾਡੇ ਨਗਰ ਵਿਚ ਲਾਵੋ ਇਸ ਨੂੰ ਭਾਗ, ਕਾਹਨੂੰ ਮਾਰੋ ਦੇਹ ਨੂੰ ਵਰਤ ਜਾਗਰੇ ਝਾਗ ? ਵਾਰਸ ਮੇਰੇ ਰਾਜ ਦੇ ਬਣ ਜਾਓ ਤਤਕਾਲ, ਰਹੋ ਅਸਾਡੇ ਮਹਿਲ ਵਿਚ ਸੁੰਦਰ ਸਜਨੀ ਨਾਲ ।” ਪਰ ਸਿਧਾਰਥ ਬੋਲਿਆ ਅਗੋਂ ਦ੍ਰਿੜ੍ਹਤਾ ਧਾਰ: “ਇਹ ਸਭ ਮੇਰੇ ਕੋਲ ਸੀ, ਚੰਗੇ ਭਿੰਬੀਸਾਰ, ਐਪਰ ਮੈਨੂੰ ਲਗੀ ਹੈ ਪੂਰੇ ਸਚ ਦੀ ਭਾਲ । ਹੈਸੀ, ਹੈ, ਤੇ ਰਹੇਗੀ ਜੋ ਮੇਰੇ ਸਿਰ ਨਾਲ, ਭਾਵੇਂ ਸਾਕਰ ਮਹਿਲ ਦੇ ਖੋਹਲ ਦੇਵੀਆਂ ਬਾਰ, ਨਾਲ ਇੰਗਤਾਂ ਸੈਨਤਾਂ ਸੱਦਣ ਸੌ ਸੌ ਵਾਰ । ਵਿਚ ਨਿਯਮ ਦੀ ਖੋਜ ਦੇ, ਚੰਗੇ ਭਿੰਬੀਸਾਰ, ਵਲ ਗਯਾ ਦੇ ਜੰਗਲਾਂ ਹੋਇਆ ਹਾਂ ਮੈਂ ਤਿਆਰ । ਰਹਿ ਰਿਖੀਆਂ ਵਿਚ ਲੱਭਿਆ ਮੈਨੂੰ ਨਾ ਜੋ ਨੂਰ ਵਿਚ ਹਨੇਰੇ ਜੰਗਲਾਂ ਪੈਣਾ ਲੱਭ ਜ਼ਰੂਰ । ਜੇਕਰ ਪੂਰੀ ਹੋ ਗਈ ਮਿਤਰਾ ਮੇਰੀ ਚਾਹ, ਬਦਲਾ ਤੇਰੇ ਪਿਆਰ ਦਾ ਆ ਕੇ ਦੇਸਾਂ ਲਾਹ।” ਉਠਕੇ ਕਾਜਕੁਮਾਰ ਦੀ ਰਾਜੇ ਭਿੰਬੀਸਾਰ, ਕੀਤੀ ਵਿਚ ਸਤਿਕਾਰ ਦੇ ਪਰਕਰਮਾ ਤਿੰਨ ਵਾਰ । ਡੂੰਘੇ ਆਦਰ ਨਾਲ ਫਿਰ ਚਰਨੀ ਲਾਇਆ ਹੱਥ, ਸ਼ੁਭ ਇਛਾਵਾਂ ਦਿਤੀਆਂ, ਸਵਾਮੀ ਪੈ ਗਏ ਪੱਥ । ਧਰ ਲੀਤਾ ਮੂੰਹ ਉਨ੍ਹਾਂ ਨੇ ਉਗਵਿਲਵਾ ਦੀ ਓਰ, ਨਹੀਂ ਸੀ ਆਈ ਉਨ੍ਹਾਂ ਦੇ ਚਿਤ ਨੂੰ ਹਾਲੇ ਠੌਰ । ਚਿਹਰਾ ਪਤਲਾ ਹੋਇਆ ਵਰਤ ਜਾਗਰੇ ਨਾਲ, ਲਿਸਾ ਕੀਤਾ ਉਨ੍ਹਾਂ ਨੂੰ ਛੇ ਵਰ੍ਹਿਆਂ ਦੀ ਭਾਲ । ਐਪਰ ਜਿਹੜੇ ਵਕਤ ਆ ਟਪਿਆ ਉਨ੍ਹਾਂ ਪਹਾੜ, ਤੁਰਤ ਅਲਾਰਾ, ਉਦਰਾ ਤੇ ਪੰਜੇ ਹਠਧਾਰ ਸਿਧਾਰਥ ਦੇ ਰਾਹ ਵਿਚ ਤੁਰਤ ਖਲੋਤੇ ਆਣ : “ਸ਼ਾਸਤਰਾਂ ਵਿਚ ਆਉਂਦਾ ਹੈ ਸਾਰਾ ਹੀ ਗਿਆਨ । ਉੱਚਾ ਸ੍ਰੁਤੀ ਸਮ੍ਰਿਤੀ ਤੋਂ ਸਕਦਾ ਕੋਈ ਨਾ ਉਠ, ਭਾਵੇਂ ਲਾਵੇ ਤ੍ਰਾਣ ਲੱਖ ਨਸ਼ਵਰ ਇਹ ਮਨੁੱਖ । ਸਭ ਨੂੰ ਸੁਣਿਆ ਕੰਵਰ ਨੇ ਪੂਰੀ ਸ਼ਰਧਾ ਨਾਲ, ਐਪਰ ਹੋਇਆ ਸਾਂਤ ਨਾ ਉਸਦਾ ਚਿਤ ਵਿਸ਼ਾਲ ।

ਛੇਵੀਂ ਪੁਸਤਕ

ਜੇ ਹੋਵੇ ਤੂੰ ਦੇਖਣਾ ਸੋਹਣਾ ਉਹ ਅਸਥਾਨ, ਜਿਥੇ ਚਾਨਣ ਦੇਖਿਆ ਓੜਕ ਬੁਧ ਭਗਵਾਨ, ਤੱਦ ਹਜ਼ਾਰੀ ਬਾਗ਼ ਦੇ ਉੱਤਰ ਪੂਰਬ ਵਲ, ਹਰੀਆਂ ਉੱਚ ਪਹਾੜੀਆਂ ਦੇ ਕਦਮਾਂ ਵਿਚ ਚੱਲ। ਨੀਲਾਜਨ ਤੇ ਮੋਹਿਨਾ ਜਿਥੋਂ ਨਦੀਆਂ ਦੋ, ਬੱਚੇ ਵਾਂਗ ਟਹਿਕਾਂਦੀਆਂ ਮੂੰਹ ਵਾਦੀ ਦਾ ਧੋ। ਨਾਲ ਇਨ੍ਹਾਂ ਦੇ ਤੁਰੀ ਜਾ ਬੇਲੇ ਦੇ ਵਿਚਕਾਰ, ਮਹੂਆ ਬ੍ਰਿਛਾਂ ਹੇਠ ਦੀ ਤੇਜ਼ ਜਿਨ੍ਹਾਂ ਮਹਿਕਾਰ । ਪੁਜ ਪਉ ਖੁਲ੍ਹੇ ਮਦਾਨ ਵਿਚ ਜਿਥੇ ਨਦੀਆਂ ਦੋ, ਡਿਗ ਫਲਗੂ ਦੇ ਪਾਟ ਵਿਚ, ਲੀਨ ਜਾਂਦੀਆਂ ਹੋ- ਫਲਗੂ, ਪੱਥਰਾਂ ਵਿਚ ਦੀ ਜਿਹੜਾ ਕਰਦਾ ਘੋਲ, ਅੰਤ ਸਿਰਾ ਜਾ ਕਢਦਾ ਲਾਲ ਪਹਾੜਾਂ ਕੋਲ । ਇਸ ਦਰਿਆ ਦੇ ਲਾਗ ਹੀ ਬੰਜਰ ਹੈ ਇਕ ਥਾਂ, ਉਰਵੇਲਿਆ ਸੀ ਰੱਖਿਆ ਲੋਕਾਂ ਜਿਸ ਦਾ ਨਾਂ । ਇਸਦੇ ਪਰਲੇ ਸਿਰੇ ਤੇ ਸੀ ਤਗੜਾ ਇਕ ਬਨ, ਹਰੀਆਂ ਜਿਸਦੀਆਂ ਕਲਗੀਆਂ ਲਹਿਰਨ ਵਿਚ ਗਗਨ । ਹੇਠਾਂ ਸੰਘਣੇ ਘਾਹ ਚੋਂ ਲੁਕ ਛਿਪ ਵੱਗੇ ਧਾਰ, ਜਿਸ ਦੇ ਉਤੇ ਕੰਵਲ ਫੁਲ ਨੀਲੇ ਸੇਤ ਹਜ਼ਾਰ । ਕੱਛੂ ਕੁੰਮੇ, ਮੱਛੀਆਂ ਜਿਸ ਵਿਚ ਤਾਰੀਆਂ ਲੈਣ, ਸਿਖਰ ਦੁਪਹਿਰੇ ਵੀ ਜਿਥੇ ਸ਼ਾਮਾਂ ਵੇਲੇ ਰਹਿਣ। ਲਾਗੇ ਹੀ ਸੀ ਵਸਦਾ ਸੈਨਾਨੀ ਦਾ ਗ੍ਰਾਮ, ਖਜੀਆਂ ਦੇ ਝੁੰਡ ਵਿਚ ਦੀ ਦਿਸਣ ਜਿਸ ਦੇ ਧਾਮ । ਜਿੰਦਾਂ ਸਾਦ ਮੁਰਾਦੀਆਂ ਰਹਿਣ ਜਿਨ੍ਹਾਂ ਵਿਚਕਾਰ, ਕਰਦੇ ਸਨ ਗੁਜ਼ਰਾਨ ਜੋ ਕਰ ਜਟਕੀ ਜਹੀ ਕਾਰ । ਇਸ ਜੰਗਲੀ ਏਕਾਂਤ ਵਿਚ ਸਾਡੇ ਬੁਧ ਭਗਵਾਨ, ਡੁਬ ਕੇ ਵਿਚ ਸਮਾਧੀਆਂ, ਹੋ ਕੇ ਅੰਤਰ-ਧਿਆਨ, ਰਹਿੰਦੇ ਸਨ ਵਿਚਾਰਦੇ ਮਾਨੁਖਾਂ ਦੇ ਗ਼ਮ, ਗ੍ਰੰਥਾਂ ਦੇ ਸਿਧਾਂਤ ਸਭ ਤੇ ਕਿਸਮਤ ਦੇ ਕੰਮ; ਓਸ ਚੁਪ ਦੇ ਭੇਦ ਨੂੰ ਜਿਥੋਂ ਆਉਂਦੇ ਸਭ, ਉਸ ਨ੍ਹੇਰੇ ਦੇ ਰਾਜ਼ ਨੂੰ ਜਿਥੇ ਜਾਂਦੇ ਸਭ । ਵਿਚਲੀ ਜ਼ਿੰਦਗੀ ਵਲ ਉਹ ਕਰਦੇ ਫੇਰ ਧਿਆਨ, ਡਾਟ ਵਾਂਗ ਜੋ ਉਬਰ ਕੇ ਚੜ੍ਹਦੀ ਧੁਰ ਅਸਮਾਨ। ਕੰਧਾਂ ਜਿਸਦੀਆਂ ਧੁੰਦ ਦੀਆਂ, ਪਾਏ ਜਿਦੇ ਹਵਾੜ, ਹਸਨ ਜਿਦਾ ਢਲ ਜਾਂਵਦਾ ਦਸ ਜੋਬਨ ਦਿਨ ਚਾਰ । ਕਈ ਮਹੀਨੇ ਬੁਧ ਨੇ ਇਸ ਜੰਗਲ ਵਿਚਕਾਰ, ਸੱਭ ਕਾਸੇ ਤੇ ਸੋਚਿਆ ਗੂੜ੍ਹ ਸਮਾਧੀ ਧਾਰ । ਹੋ ਜਾਂਦੇ ਉਹ ਏਸ ਵਿਚ ਇਥੋਂ ਤਕ ਗ਼ਲਤਾਨ, ਕਈ ਵਾਰੀ ਭੁਲ ਜਾਂਵਦੇ ਰੋਟੀ ਦਾ ਵੀ ਧਿਆਨ। ਜਦ ਸੂਰਜ ਡੁਬ ਜਾਂਵਦਾ, ਉੱਚਾ ਹੁੰਦਾ ਚੰਦ, ਤਕ ਕਰਮੰਡਲ ਸਖਣਾ, ਮੁਸਕਾਂਦੇ ਉਹ ਮੰਦ ਝੂਣ ਵਗਾਏ ਬਾਂਦਰਾਂ, ਤੋਤਿਆਂ ਸੁੱਟੇ ਟੁੱਕ, ਫਲ ਜੰਗਲ ਦੇ ਚੁਗ ਕੇ ਪੂਰੀ ਕਰਦੇ ਭੁੱਖ । ਉਡ ਗਈ ਲਾਲੀ ਮੂੰਹ ਦੀ ਏਸ ਤਰ੍ਹਾਂ ਦੇ ਨਾਲ, ਰੂਹ ਦੇ ਭਾਰੇ ਗ਼ਮਾਂ ਨੇ ਤਨ ਕੀਤਾ ਜ਼ਿਲਹਾਲ । ਸੁੱਕਾ ਪੱਤਾ ਸਾਲ ਦਾ ਝੜਿਆ ਟੁਟ ਜ਼ਮੀਨ, ਖੜ ਖੜ ਕਰਦਾ ਪੈਰ ਵਿੱਚ ਹੂਕਾਂ ਸੁਟ ਮਹੀਨ। ਫਿਰ ਵੀ ਨਾਲ ਬਹਾਰ ਦੇ ਰੱਲਸ ਕੁਝ ਨੁਹਾਰ, ਐਪਰ ਇਤਨਾ ਢਲ ਗਿਆ ਸਾਡਾ ਰਾਜ ਕੁਮਾਰ, ਹੌਲੀ ਹੌਲੀ ਉਡ ਗਏ ਵੀਹ ਤੇ ਦੋ ਨਿਸ਼ਾਨ, ਨਾਲ ਜਿਨ੍ਹਾਂ ਸੀ ਹੋਂਵਦੀ ਉਸ ਦੀ ਤੁਰਤ ਪਛਾਣ । ਤੇ ਇਕ ਵਾਰੀ ਇਸ ਤਰ੍ਹਾਂ ਹੁਟਿਆ ਰਾਜ ਕੁਮਾਰ, ਗਸ਼ ਖਾ ਭੁੰਜੇ ਢਹਿ ਪਿਆ ਮੂਧਾ ਮੂੰਹ ਦੇ ਭਾਰ । ਵਾਂਗਰ ਉਸ ਮਕਤੂਲ ਦੇ ਵਢਿਆ ਵਿਚ ਤ੍ਰਾਹ, ਅੰਗ ਹਿਲਣ ਨਾ ਲਹੂ ਵਗੇ, ਨਾ ਹੀ ਚਲੇ ਸਾਹ । ਸਿੱਧਾਰਥ ਨੂੰ ਤਕਿਆ ਇਉਂ ਇਕ ਬੱਕਰਵਾਲ, ਘੁੱਟੀ ਹੋਠ ਤੇ ਅਖੀਆਂ ਪੀੜ ਅਣਾਖੀ ਨਾਲ । ਉਤੋਂ ਸੂਰਜ ਸਿਖਰ ਦਾ ਰਿਹਾ ਅੱਗ ਵਰ੍ਹਾ, ਝਬਦੇ ਬੱਕਰਵਾਲ ਨੇ ਕੱਠਾ ਕਰ ਕੁਝ ਘਾਹ, ਛਿਟੀਆਂ ਜੰਗਲੀ ਸੇ ਦੀਆਂ ਨਾਲੇ ਕੁਝ ਕੁ ਭੰਨ, ਪੂਜਯ ਮੁਖ ਤੇ ਛਾਂ ਲਈ ਛੱਪਰ ਦਿਤਾ ਬੰਨ੍ਹ । ਨਾਲੇ ਧਾਰਾਂ ਮਾਰੀਆਂ ਬੁਧ ਦੇ ਮੂੰਹ ਵਿਚਕਾਰ, ਫੜ ਬਕਰੀ ਦੇ ਥਣਾਂ ਨੂੰ ਦੂਰੋਂ, ਇੰਜ ਵਿਚਾਰ : ਹਾਂ ਮੈਂ ਨੀਵੀਂ ਜ਼ਾਤ ਦਾ ਲਗ ਮੇਰੀ ਮਤ ਛੋਹ, ਇਸ ਉਚੇ ਤੇ ਪੂਜਯ ਦਾ ਜਾਏ ਨਿਰਾਦਰ ਹੋ। ਪਰ ਏਦਾਂ ਹੈ ਆਉਂਦਾ ਗ੍ਰੰਥਾਂ ਦੇ ਵਿਚਕਾਰ, ਗਡੀਆਂ ਉਹਦੀਆਂ ਛਿਟੀਆਂ ਪੁੰਗਰੀਆਂ ਵਾਂਗ ਬਹਾਰ । ਫੁਲ ਪੱਤਿਆਂ ਦਾ ਉਨ੍ਹਾਂ ਤੇ ਚੜ੍ਹਿਆ ਜੋਬਨ ਅੱਤ, ਫ਼ਬ ਉਠੀ ਉਹ ਛਪਰੀ ਜਿਉਂ ਰੇਸ਼ਮ ਦੀ ਛੱਤ। ਕੱਢੀ ਚਾਂਦੀ ਸਵਰਨ ਦੇ ਚਮਕ ਧਾਗਿਆਂ ਨਾਲ, ਨਾਲੇ ਹੋਈ ਨਗਾਂ ਦੀ ਜਿਸ ਤੇ ਜੜ੍ਹਤ ਕਮਾਲ। ਤਾਣਿਆ ਵਿਚ ਉਜਾੜ ਦੇ ਜਿਸ ਨੂੰ ਮੀਰ ਸ਼ਕਾਰ, ਇਕਲਵਾਂਜੇ ਜੱਗ ਤੋਂ ਐਸ਼ ਕਰਨ ਦਿਨ ਚਾਰ । ਪੂਜਿਆ ਬੱਕਰਵਾਲ ਨੇ ਰੱਬ ਉਨ੍ਹਾਂ ਨੂੰ ਜਾਣ, ਐਪਰ ਆਏ ਹੋਸ਼ ਵਿਚ ਜਦ ਸਾਡੇ ਭਗਵਾਨ, ਲੋਟੇ ਦੇ ਵਿਚ ਮੰਗਿਆ ਉਹਨਾਂ ਨੇ ਕੁਝ ਦੁਧ, ਅਗੋਂ ਬੱਕਰਵਾਲ ਨੇ ਕਿਹਾ “ਜਾਣੋ ਖੁਦ, ਸ਼ੂਦਰ ਹਾਂ ਮੈਂ ਜ਼ਾਤ ਦਾ ਨੀਵੀਂ ਮੇਰੀ ਮੱਤ, ਲੋਟੇ ਦੇ ਵਿਚ ਕਿੰਜ ਦਿਆਂ ਦੁਧ ਤੁਹਾਨੂੰ ਘੱਤ।” ਤਦ ਬੋਲੇ ਭਗਵਾਨ, “ਕਰਦੇ ਲੋੜ ਤੇ ਤਰਸ ਹਨ ਸਭ ਨੂੰ ਇਕ ਸਮਾਨ । ਲਹੂ ਦੀ ਕੋਈ ਜ਼ਾਤ ਨਾ ਉਸ ਦਾ ਇਕੋ ਰੰਗ, ਨਾ ਹੰਝੂਆਂ ਦੀ ਜਿਨ੍ਹਾਂ ਵਿਚ ਇਕੋ ਜਹੀ ਤਰੰਗ । ਕੁਖੋਂ ਕੋਈ ਨਾ ਜੰਮਦਾ ਮੱਥੇ ਤਿਲਕ ਲਗਾ, ਸਣੇ ਜਨੇਉ ਨਾ ਕੋਈ ਪੈਦਾ ਹੋਇਆ ਆ । ਜਿਹੜਾ ਚੰਗੇ ਕੰਮ ਕਰੇ, ਉਹ ਦੋ-ਜਨਮਾ ਜਾਣ, ਜਿਹੜਾ ਮੰਦੇ ਕੰਮ ਕਰੇ ਸ਼ੂਦਰ ਉਹਨੂੰ ਸਿਹਾਣ। ਝਬਦੇ ਵੀਰਾ ਮੇਰਿਆ ਦੇ ਲੋਟੇ ਵਿਚ ਦੁਧ, ਹੋਈ ਸਫ਼ਲੀ ਭਾਲ ਜਦ, ਕਾਰਜ ਹੋਇਆ ਸੁਧ, ਹੋਵੇਗਾ ਇਸ ਭਾਲ ਵਿਚ ਤੇਰਾ ਭਾਗ਼ ਅਵੱਸ਼ ।” ਟਹਿਕ ਉਠਿਆ ਉਹ ਆਜੜੀ, ਦੁਧ ਦਿਤਾ ਉਸ ਹੱਸ । ਇਕ ਦਿਹਾੜ ਹੋਰ, ਲਾਗੇ ਵਗਦੀ ਸੜਕ ਤੋਂ ਲੰਘੀਆਂ ਢਾਕ ਮਰੋੜ, ਇੰਦਰ ਦੇ ਮੰਦਰ ਦੀਆਂ ਗਾਣ ਵਾਲੀਆਂ ਕੁਝ, ਰੰਗ ਜਿਨ੍ਹਾਂ ਦੇ ਸਾਂਵਲੇ, ਨੈਣਾਂ ਸੁਹਣੇ ਪੁਜ । ਪੈਰ ਉਨ੍ਹਾਂ ਦੇ ਝਾਂਜਰਾਂ ਕਰਦੀਆਂ ਛਾਣੋ ਛਾਣ, ਗਾਉਣ ਵਾਲੇ ਕੁਝ ਮਰਦ ਵੀ ਨਾਲ ਉਨ੍ਹਾਂ ਦੇ ਜਾਣ । ਇਕ ਸਜਾਈ ਢੋਲਕੀ ਮੋਰ-ਖੰਭਾਂ ਦੇ ਨਾਲ, ਡੁਗ ਡੁਗ ਡੁਗ ਸੀ ਕੁੱਟਦਾ ਡੂੰਘਾ ਭਰ ਕੇ ਤਾਲ । ਦੂਆ ਬਜਾਂਦਾ ਬਾਂਸਰੀ, ਤੀਜਾ ਧੁਣੇ ਸਿਤਾਰ । ਹਸਦੇ ਸਨ ਉਹ ਜਾ ਰਹੇ ਦੇਖਣ ਕੋਈ ਤਿਹਾਰ । ਛਣ ਛਣ ਛਣਕਣ ਘੁੰਗਰੀਆਂ ਕਣਕਾਂ-ਭਿੰਨੇ ਪੈਰ, ਬਾਹਾਂ ਉਤਲੀਆਂ ਚੂੜੀਆਂ ਕਰਦੀਆਂ ਜਾਵਨ ਕਹਿਰ । ਅੱਖਾਂ ਵਿਚ ਗਡ ਅੱਖੀਆਂ ਸੁਰ ਤਾਰਾਂ ਵਿਚ ਮੇਲ, ਇਉਂ ਸੀ ਗਾਂਦੀ ਜਾਵੰਦੀ ਛੋਹਰੀ ਇਕ ਅਲਬੇਲ : ਸਜਨ ਵੇ, ਸੁਰ ਕਰ ਤਾਰਾਂ ਨਿਕੀਆਂ, ਨਾ ਉੱਚੀਆਂ ਤੇ ਨਾ ਝਿਕੀਆਂ ! ਜੇ ਤੂੰ ਤਾਰਾਂ ਸੁਰ ਕਰ ਛੇੜੇਂ, ਅੰਬਰ ਦੇ ਵਿਚ ਪੰਛੀ ਵੇਹੜੇਂ, ਧਰਤੀ ਜਿੰਦਾਂ ਲਡਿਕੀਆਂ । ਸਜਨ ਵੇ, ਸੁਰ ਕਰ ਤਾਰਾਂ ਨਿਕੀਆਂ, ਨਾ ਉਚੀਆਂ ਤੇ ਨਾ ਝਿਕੀਆਂ । ਬਹੁਤੀ ਛਿੱਕੀ ਤਾਰ ਕੁੜਕਦੀ, ਰਾਗ ਨਸ਼ੇ ਦੀ ਗਲ ਸਭ ਮੁਕਦੀ, ਗੂੰਗੀ ਰਹਿ ਜਾਏ ਤਾਰ ਢਿਲਕਦੀ, ਤਰਬਾਂ ਪੈਂਦੀਆਂ ਫਿਕੀਆਂ ਸਜਨ ਵੇ, ਸੁਰ ਕਰ ਤਾਰਾਂ ਨਿਕੀਆਂ, ਨਾ ਉਚੀਆਂ ਨਾ ਝਿਕੀਆਂ । ਰੰਗੀ ਤਿਤਲੀ ਵਾਂਗਰਾਂ ਟਪਦੀ ਉਹ ਨਚਾਰ, ਇਕ ਪਹੇ ਤੋਂ ਦਏ ਤੇ ਨਜ਼ਰੋਂ ਹੋਈ ਪਾਰ । ਉਹ ਕੀ ਜਾਣੇ ਰਸ-ਭਰੇ ਮਿੱਠੇ ਉਸ ਦੇ ਬੋਲ ਪੈਣ ਕੰਨੀਂ ਉਸ ਪੂਜਯ ਦੇ, ਜਿਹੜਾ ਮਗਨ ਅਡੋਲ ਉਸ ਰਸਤੇ ਦੇ ਕੋਲ ਹੀ, ਹੇਠਾਂ ਬ੍ਰਿਛ ਅੰਜੀਰ, ਬੈਠਾ ਸੀ ਵਿਚ ਸੋਚ ਦੇ ਹੋਇਆ ਅਤ ਦਿਲਗੀਰ । ਚੌੜਾ ਮਸਤਕ ਆਪਣਾ ਉੱਪਰ ਚੁਕ ਅਡੋਲ, ਜਦ ਉਹ ਕੋਲੋਂ ਲੰਘੀਆਂ ਇਉਂ ਬੋਲੇ ਉਸ ਬੋਲ : “ਮੂਰਖ ਵੀ ਦੇਂਦੇ ਕਦੀ ਅਕਲਮੰਦਾਂ ਨੂੰ ਸਿੱਖ, ਜਿੰਦੜੀ ਦੀ ਇਸ ਤਾਰ ਨੂੰ ਬਹੁਤ ਦਿਤਾ ਮੈਂ ਖਿੱਚ । ਹੁਣ ਚਾਹਵਾਂ ਮੈਂ ਗਾਵਣਾ ਮੁਕਤੀ ਦਾ ਕੋਈ ਰਾਗ, ਨੈਣ ਮੇਰੇ ਜਦ ਹੋ ਗਏ ਬੁਝਿਆ ਜਿਵੇਂ ਚਰਾਗ । ਸਚਿਆਈ ਨੇ ਪਾਈ ਹੈ ਹਿਕ ਮੇਰੀ ਹੁਣ ਝਾਤ, ਦੇਹ ਮੇਰੀ ਵਿਚ ਮੁਕ ਗਈ ਸਤਿਆ ਦੀ ਜਦ ਦਾਤ। ਮੈਨੂੰ ਮਿਲੇ ਸਹਾਇਤਾ ਜਿਦ੍ਹਾ ਮਨੁਖ ਮੁਬਾਜ, ਮਰ ਜਾਵਾਂਗਾ ਨਹੀਂ ਤੇ ਛੱਡ ਅਧੂਰਾ ਕਾਜ ।” ਉਸ ਦਰਿਆ ਦੇ ਲਾਗ ਸੀ ਰਹਿੰਦਾ ਇਕ ਗਊਪਾਲ, ਅਤ ਧਰਮੀ ਤੇ ਧਨੀ ਜੋ ਦੀਨਾਂ ਦਾ ਰਖਵਾਲ। ਮਲਕੀਅਤ ਸਨ ਓਸ ਦੀ ਵਗ ਤੇ ਇੱਜੜ ਸੈ, ਗਿਆ ਸੈਨਾਨੀ ਉਦ੍ਹੇ ਤੇ ਨਾਂ ਸੀ ਪਿੰਡ ਦਾ ਪੈ। ਰਹਿੰਦਾ ਸੀ ਉਹ ਓਸ ਥਾਂ ਵਿਚ ਅਮਨ ਤੇ ਸੁਖ ਸੀਗ ਸੁਜਾਤਾ ਉਸ ਦੀ ਪਤਨੀ ਸੁੰਦਰ-ਮੁਖ । ਸਾਰੀਆਂ ਕਜਲ-ਨੈਣੀਆਂ ਵਿਚੋਂ ਸੀ ਜੋ ਚੋਣ, ਸੁੰਦਰ, ਸੁਚੀ, ਸਾਊ ਅੱਤ ਪਹੁੰਚੇ ਉਸ ਨੂੰ ਕੌਣ । ਵਿਚ ਘਰੋਗੀ ਖ਼ੁਸ਼ੀ ਦੇ ਪਈ ਗੁਜ਼ਾਰੇ ਦਿਨ, ਅਪਣੇ ਪਿਆਰੇ ਪਤੀ ਤੋਂ ਜੁਦਾ ਨਾ ਹੋਵੇ ਛਿਨ । ਉਸ ਦੇ ਜੀਵਨ ਵਿਚ ਸੀ ਇਕੋ ਹੀ ਇਕ ਘਾਟ, ਮਿਲੀ ਨਹੀਂ ਸੀ ਉਸ ਨੂੰ ਪੁੱਤ ਦੀ ਮਿੱਠੀ ਦਾਤ। ਕੱਢੇ ਸਨ ਉਸ ਲਕਸ਼ਮੀ ਅਗੇ ਤਰਲੇ ਢੇਰ, ਕਿਤਨੀਆਂ ਪੂਰਨਮਾਸ਼ੀਆਂ ਉਤੇ ਇਕਾਸੀ ਵੇਰ ਪਰਕਰਮਾ ਸ਼ਿਵਲਿੰਗ ਦੀ ਉਸ ਨੇ ਚਾੜ੍ਹੀ ਤੋੜ, ਚੌਲ, ਚੰਬੇਲੀ, ਤੇਲ ਦੇ ਢੇਰ ਚੜ੍ਹਾਵੇ ਰੋਹੜ । ਨਾਲੇ ਸੀ ਉਸ ਸੁਖਿਆ ਜੇ ਹੋ ਜਾਏ ਉਲਾਦ, ਪੈਰੀਂ ਜੰਗਲ-ਦੇਵ ਦੇ ਚਾੜ੍ਹਾਂਗੀ ਪਰਸ਼ਾਦ, ਹੇਠਾਂ ਉਹਦੇ ਬ੍ਰਿਛ ਦੇ ਸੋਨ-ਕਟੋਰੇ ਘੱਤ, ਦੇਓਤਿਆਂ ਦੇ ਭੋਗ ਦੇ ਯੋਗ ਹੋਏ ਜੋ ਅੱਤ। ਪੂਰੇ ਨੌਵੇ ਦਿਨਾਂ ਦਾ ਹੋ ਗਿਆ ਉਸਦਾ ਬਾਲ, ਡੁਬੀ ਵਿਚ ਸ਼ੁਕਰਾਨਿਆਂ ਲਾ ਉਸ ਨੂੰ ਹਿਕ ਨਾਲ, ਪੂਜਣ ਜੰਗਲ ਦੇਵ ਨੂੰ ਜਾ ਰਹੀ ਸੀ ਉਹ ਅੱਜ, ਵਿਚ ਸਾੜੀ ਦੀ ਬੁਕਲੀ ਚੰਨ ਅਪਣੇ ਨੂੰ ਕੱਜ । ਪਰ ਰਾਧਾ, ਜੋ ਗਈ ਸੀ ਪਹਿਲੋਂ ਹੂੰਝਣ ਥਾਨ, ਨਾਲੇ ਦਵਾਲੇ ਬ੍ਰਿੱਛ ਦੇ ਧਾਗਾ ਲਾਲ ਵਲਾਣ, ਕਾਹਲੀ ਕਾਹਲੀ ਮੁੜ ਪਈ ਆਖਣ ਲੱਗੀ ਆਣ, “ਦੇਖ, ਮਿਰੀ ਪ੍ਰੀ ਸਵਾਣੀਏ, ਜੰਗਲ ਦੇ ਭਗਵਾਨ ਆਣ ਬਿਰਾਜੇ ਆਪ ਹਨ ਬ੍ਰਿਛ ਹੇਠ ਪਰਤੱਖ, ਸ਼ਾਂਤ ਚੰਦ੍ਰਮਾ ਵਾਂਗਰਾਂ, ਸੂਰਜ ਵਰਗੀ ਦੱਖ । ਚਮਕੇ ਮੱਥਾ ਉਨ੍ਹਾਂ ਦਾ ਕੋਮਲ ਅਤੇ ਮਹਾਨ, ਕਿਹੀਆਂ ਦੈਵੀ ਅੱਖੀਆਂ ਪਵਿੱਤਰ ਅਤੇ ਜਵਾਨ।” ਜਾਣ ਸੁਜਾਤਾ ਉਨ੍ਹਾਂ ਨੂੰ ਸਚੀਂ ਮੁਚੀਂ ਵਣ-ਦੇਵ, ਢੁਕੀ ਨੇੜੇ ਕੰਬਦੀ ਕਰਨ ਉਨ੍ਹਾਂ ਦੀ ਸੇਵ । ਚੁੰਮੀ ਧਰਤੀ ਓਸ ਨੇ ਓਕੜ ਕੇ ਤ੍ਰੈ ਵਾਰ, ਭਰ ਅਦਰਾਈਆਂ ਅਖੀਆਂ ਕੀਤੀ ਫੇਰ ਪੁਕਾਰ : “ਕੀ ਸਵਾਮੀ ਇਸ ਵਣ ਦਾ ਮਹਾਪੂਜਯ, ਕਿਰਪਾਲ, ਦਾਸੀ ਨੂੰ ਜਿਸ ਤਾਰਿਆ, ਅਪਣੇ ਦਰਸ਼ਨ ਨਾਲ, ਮੇਰੇ ਚਿੱਟੇ ਦਹੀਂ ਦਾ ਕਰਸੀ ਅੱਜ ਅਹਾਰ, ਚੰਦੋਂ ਚਿੱਟੇ ਦੁਧ ਚੋਂ ਜੋ ਮੈਂ ਕੀਤਾ ਤਿਆਰ ?” ਇਹ ਕਹਿ ਦਿੱਤਾ ਓਸ ਨੇ ਸੋਨ-ਕਟੋਰੀ ਘਤ, ਦਹੀਂ ਉਤੇ ਕੁਝ ਦੁਧ ਵੀ ਪਿਘਲੀ ਚਾਂਦੀ ਵੱਤ। ਫਿਰ ਭਗਵਨ ਦੇ ਹਥਾਂ ਤੇ ਥੋੜ੍ਹੀ ਅੱਗੇ ਵਧ ਅਤਰ ਛਿੜਕਿਆ ਓਸ ਨੇ ਸੋਨ-ਸੁਰਾਹੀਓਂ ਕੱਢ । ਖਿਚਿਆ ਸੀ ਜੋ ਉਸ ਨੇ ਚੀਰ ਫੁਲਾਂ ਦਾ ਦਿਲ ਵਿਚ ਸੁਗੰਧੀ ਸਕੇ ਨਾ ਕੁਝ ਵੀ ਉਸ ਨੂੰ ਮਿਲ । ਖਾਧਾ ਓਹ ਭਗਵਾਨ ਨੇ, ਮੂੰਹੋ ਕਿਹਾ ਨਾ ਬੋਲ, ਖੜੀ ਰਹੀ ਪਸੰਨ ਮਾਂ ਸਾਦਰ ਉਹਨਾਂ ਕੋਲ । ਪਰ ਉਸ ਭੋਜਨ ਵਿਚ ਸੀ ਐਸੀ ਕੋਈ ਗੱਲ, ਬੁਧ ਨੂੰ ਮੁੜਦਾ ਜਾਪਿਆ ਘਟਿਆ ਜੀਵਨ ਬੱਲ । ਨਾਲੋ ਨਾਲ ਸਰੀਰ ਦੇ, ਸਤਿਆ ਦੇ ਵਿਚ ਆ, ਮਾਂਦੀ ਹੋਈ ਆਤਮਾ ਮੁੜ ਉੱਠੀ ਲਰਜ਼ਾ। ਜਿਦਾਂ ਮਾਰੂਥਲਾਂ ਦੇ ਉਤੋਂ ਮਾਰ ਉਡਾਰ, ਉਡ ਉਡ ਥਕਿਆ ਪੰਖਣੂ ਵਿਗਸੇ ਕੂਲ੍ਹ ਨਿਹਾਰ । ਜਿਉਂ ਜਿਉਂ ਬੁੱਧ ਭਗਵਾਨ ਦਾ ਵਧਦਾ ਜਾਏ ਜਲਾਲ, ਹੋਰ ਸੁਜਾਤਾ ਪੂਜਦੀ ਤਿਉਂ ਤਿਉਂ ਸ਼ਰਧਾ ਨਾਲ। “ਕੀ ਸਚ ਮੁਚ ਹੋ ਰਬ ਤੁਸੀਂ ?” ਬੋਲੀ ਕੁੜੀ ਨਦਾਨ, “ਕੀ ਤੁਛ ਭੇਟਾ ਇਹ ਮੇਰੀ ਹੋ ਗਈ ਏ ਪਰਵਾਨ ?” ਪੁਛਿਆ ਬੁਧ ਭਗਵਾਨ : “ਕੀ ਵਸਤੂ ਇਹ ਸੋਹਣੀਏ, ਜੋ ਮੈਂ ਕੀਤੀ ਪਾਨ ?” ਕਿਹਾ ਸੁਜਾਤਾ, “ਘਿੰਨ ਕੇ ਸੌਂ ਗਾਈਆਂ ਦਾ ਦੁੱਧ, ਮਿੱਠਾ ਮਾਖਿਓਂ ਵਾਂਗਰਾਂ, ਅੰਮ੍ਰਿਤ ਵਾਰੀ ਸ਼ੁੱਧ, ਪਾਇਆ ਢਿਡ ਪੰਜਾਹ ਦੇ, ਫੇਰ ਉਨ੍ਹਾਂ ਨੂੰ ਚੋ, ਢਿਡ ਪੰਝੀਆਂ ਦੇ ਪਾਇਆ ਸਭ ਤੋਂ ਚੰਗੀਆਂ ਜੋ । ਬਾਰਾਂ ਦੇ ਢਿੱਡ ਘਤਿਆ ਕੱਢ ਪੰਝੀਆਂ ਦੀ ਧਾਰ, ਫੇਰ ਛਿਆਂ ਨੂੰ ਪਿਆਲ ਕੇ ਚੋ ਕੇ ਕਢਿਆ ਬਾਹਰ । ਘੱਤ ਚਾਂਦੀ ਦੀ ਕਾੜ੍ਹਨੀ ਫਿਰ ਇਹ ਸੋਹਣਾ ਦੁੱਧ, ਨਾਲ ਸੁਗੰਧਾਂ ਵਣ ਦੀਆਂ ਹੋਰ ਵੀ ਕੀਤਾ ਸ਼ੁਧ । ਫਿਰ ਪਾਏ ਮੈਂ ਏਸ ਵਿਚ ਚਾਵਲ ਕੁਝ ਸੰਵਾਰ, ਇਕ ਇਕ ਦਾਣਾ ਜਿਨ੍ਹਾਂ ਦਾ ਕੰਵਾਰੇ ਮੋਤੀ ਹਾਰ । ਇਹ ਕੀਤਾ ਸੀ ਸਭ ਮੈਂ ਸੁਚੇ ਦਿਲ ਦੇ ਨਾਲ, ਕਿਉਂਕਿ ਸੁਖਿਆ ਸੀਗ ਮੈਂ ਜੇ ਘਰ ਹੋਵੇ ਲਾਲ, ਚਾੜ੍ਹਾਂਗੀ ਮੈਂ ਭੇਟ ਇਹ ਤੁਹਾਡੇ ਚਰਨੀਂ ਆਣ, ਪੂਰੀ ਹੋ ਗਈ ਸੁੱਖਣਾ ਮੇਰੀ ਹੇ ਭਗਵਾਨ ।” ਚੁਕਿਆ ਪੱਲਾ ਕਿਰਮਚੀ ਸਹਿਜ ਨਾਲ ਭਗਵਾਨ, ਸਿਰ ਓਹਦੇ ਤੇ ਹੱਥ ਰਖ ਕੀਤਾ ਇਉਂ ਫਰਮਾਨ: “ਲੰਮਾ ਹੋਵੇ ਸੁਖ ਤਿਰਾ, ਜੀਵਨ ਹੌਲਾ ਫੁਲ, ਬਾਝੋ ਤੇਰੀ ਸਹਾਇਤਾ ਜਿੰਦ ਜਾਣੀ ਸੀ ਘੁਲ। ਨਹੀਂ ਹਾਂ ਭਾਵੇਂ ਰੱਬ ਮੈਂ, ਪਰ ਇਹ ਤੇਰਾ ਵੀਰ, ਮਹਿਲਾਂ ਵਿਚ ਸੀ ਵਸਦਾ, ਪਹਿਨੀ ਸੁੰਦਰ ਚੀਰ । ਤੇ ਹੁਣ ਭੈਣੇ ਮੇਰੀਏ ਹਾਂ ਮੈਂ ਰਮਤਾ ਇਕ, ਰਾਤ ਦਿਨੇ ਹਾਂ ਤੜਪਦਾ ਵਿਚ ਚਾਨਣ ਦੀ ਸਿੱਕ । ਛੇ ਸਾਲਾਂ ਤੋਂ ਕਰ ਰਿਹਾ ਮੈਂ ਹਾਂ ਇਸ ਦੀ ਭਾਲ, ਤਾਂ ਜੇ ਜਨਤਾ-ਹਿਰਦਿਓਂ ਨ੍ਹੇਰਾ ਦਿਆਂ ਭਜਾਲ। ਲੱਭੇਗਾ ਇਹ ਚਾਨਣਾ ਮੈਨੂੰ ਅੰਤ ਜ਼ਰੂਰ, ਅਜੇ ਹੁਣੇ ਸੀ ਲਿਸ਼ਕਿਆ ਸੁਖਦਾਈ ਪੁਰ ਨੂਰ । ਪਰ ਚਾਨਣ ਦੀ ਝਲਕ ਇਹ ਆਉਂਦੀ ਕਿਸੇ ਨਾ ਕੰਮ, ਲੈਂਦੀ ਮੇਰੀ ਜਾਨ ਨੂੰ ਜੇਕਰ ਤੂੰ ਨਾ ਥੰਮ੍ਹ । ਮੁਕਣ ਤੇ ਸੀ ਆ ਗਿਆ ਨਿਰਬਲ ਮੇਰਾ ਸਰੀਰ, ਕਰਦਾ ਨਾ ਸੁਰਜੀਤ ਜੇ ਤੇਰਾ ਅੰਮ੍ਰਿਤ-ਖੀਰ । ਕਈਆਂ ਜਾਨਾਂ ਵਿਚ ਦੀ ਨਾਲ ਜੁਗਤ ਦੇ ਚੋ, ਜੀਵਨ ਦੇਵਣ ਲਈ ਤੂੰ ਪ੍ਰਾਪਤ ਕੀਤਾ ਜੋ । ਕਈ ਜਨਮਾਂ ਚੋਂ ਲੰਘਕੇ ਜਿੱਦਾਂ ਜੀਵਨ ਰੌ, ਚੜ੍ਹੇ ਉਚੇਰੇ ਮੰਡਲੀਂ ਪਾਪ ਪਿੰਡਿਓਂ ਧੋ। ਪਰ ਕੀ ਸੱਚੀ ਜ਼ਿੰਦਗੀ ਦੇਵੇ ਤੈਨੂੰ ਸੁੱਖ ? ਨਾਲ ਜੀਵਨ ਤੇ ਪਿਆਰ ਦੇ ਲਥੇ ਤੇਰੀ ਭੁੱਖ ?” ਕਿਹਾ ਸੁਜਾਤਾ ਪਰਤ ਕੇ, “ਹੇ ਦੁਨੀਆਂ ਦੀ ਪੱਤ, ਨਿਕਾ ਜਿਹਾ ਹੈ ਦਿਲ ਮੇਰਾ ਫੁੱਲ-ਕਟੋਰੀ ਵੱਤ । ਖੇਤ ਗਿਲਾ ਨਾ ਹੋਵਦਾ ਵਰ੍ਹਨ ਜੇ ਕਣੀਆਂ ਚਾਰ, ਨਿਕੇ ਜਹੇ ਪਰ ਫੁਲ ਦਾ ਭਰ ਜਾਏ ਘਰ ਬਾਹਰ । ਮੇਰੇ ਵਾਸਤੇ ਬਹੁਤ ਹੈ ਪਤੀ ਦੇਵ ਦਾ ਪਿਆਰ, ਯਾ ਇਸ ਨਿਕੇ ਬਾਲ ਦੀ ਭਿੰਨੀ ਜਿਹੀ ਮਹਿਕਾਰ, ਜੀ ਪਰਚਾਈ ਰਖਦੇ ਨਿਕੇ ਨਿਕੇ ਕੰਮ, ਗ਼ਮ ਵਲ੍ਹੇਟੀਆਂ ਖੁਸ਼ੀਆਂ, ਖੁਸ਼ੀ ਵਲ੍ਹੇਟੇ ਗ਼ਮ । ਉਠ ਪੂਜਾਂ ਮੈਂ ਦੇਵਤੇ ਸੂਰਜ ਉਭਰਨ ਸਾਰ, ਫਿਰ ਦਾਣੇ ਹਾਂ ਵੰਡਦੀ, ਤੁਲਸੀ ਤਾਈਂ ਝਾੜ । ਲਾਵਾਂ ਫਿਰ ਮੈਂ ਬਾਂਦੀਆਂ ਆਪੋ ਅਪਣੇ ਕੰਮ, ਸਿਖਰ ਦੁਪਹਿਰਾਂ ਤੀਕਰਾਂ ਕੰਤ ਮੇਰੇ ਜਿਸ ਦਮ ਉਪਰ ਮੇਰੇ ਗੋਡਿਆਂ ਸਿਰ ਅਪਣੇ ਨੂੰ ਰੱਖ, ਲਾਵਣ ਨਾਲ ਅਰਾਮ ਦੇ ਥੋਹੜੀ ਜਿਤਨੀ ਅੱਖ । ਗਾਵਾਂ ਨਾਲੋ ਨਾਲ ਮੈਂ ਮਿੱਠੇ ਮਿੱਠੇ ਗੀਤ, ਦੂਣੀ ਮਿੱਠੀ ਲਗਦੀ ਸੁੱਤੀ ਹੋਈ ਪ੍ਰੀਤ। ਉਹਨਾਂ ਦੇ ਫਿਰ ਸਾਹਮਣੇ ਸੰਝਾਂ ਵੇਲੇ ਨਾਲ, ਰੀਝਾਂ ਨਾਲ ਪਰੋਸ ਕੇ ਰੱਖਦੀ ਹਾਂ ਮੈਂ ਥਾਲ । ਮੰਦਰ ਚੋਂ ਫਿਰ ਪਰਤ ਕੇ, ਕੁਲ ਮਿਤਰਾਂ ਵਿਚ ਬਹਿ। ਗੱਲਾਂ ਬਾਤਾਂ ਕਰਾਂ ਮੈਂ ਨੀਂਦ ਜਾਏ ਫਿਰ ਪੈ। ਹੋਵਾਂ ਕਿੰਜ ਪਰਸੰਨ ਨਾ ਜਿਸ ਤੇ ਏਡੀ ਮਿਹਰ, ਜੀਵਨ ਮੇਰੇ ਵਾਸਤੇ ਫੁੱਲਾਂ ਭਰੀ ਚੰਗੇਰ । ਦਿੱਤਾ ਹੈ ਮੈਂ ਪਤੀ ਨੂੰ ਇਹ ਸੋਹਣਾ ਜਿਹਾ ਬਾਲ, ਸਵਰਗ ਖੜੇ ਜੋ ਉਸ ਨੂੰ ਨੰਨ੍ਹੇ ਹੱਥਾਂ ਨਾਲ । ਏਸ ਤਰ੍ਹਾਂ ਨੇ ਆਖਦੇ ਪੁਰਾਣੇ ਗ੍ਰੰਥ ਸਮੂਹ, ਰਾਹੀਆਂ ਦੇ ਸੁਖ ਲਈ ਜੋ ਲਾਵੇ ਬ੍ਰਿਛ ਤੇ ਖੂਹ, ਨਾਲੇ ਪ੍ਰਾਪਤ ਕਰ ਲਵੇ ਪੁਤਰ ਵਰਗੀ ਦਾਤ ਪੈਂਦੀ ਝੋਲੀ ਓਸ ਦੀ ਸਵਰਗਾਂ ਜਹੀ ਸੁਗਾਤ । ਤੇ ਜੋ ਕਹਿੰਦੇ ਗ੍ਰੰਥ ਨੇ ਮੰਨਾਂ ਹੋ ਨਿਰਮਾਣ, ਕਿਉਂਕਿ ਉਹਨਾਂ ਵਡੇਰਿਆਂ ਵਰਗੀ ਕਿਨੂੰ ਸਿਞਾਣ, ਜਿਨ੍ਹਾਂ ਗੱਲਾਂ ਕੀਤੀਆਂ ਦੇਵਤਿਆਂ ਦੇ ਨਾਲ, ਨਾਲੇ ਮੰਤਰ ਭਜਨ ਸਭ ਰਖੇ ਹਿੱਕ ਸੰਭਾਲ। ਨਾਲੇ ਮੇਰੇ ਜੀ ਵਿਚ ਪੱਕਾ ਹੈ ਵਿਸ਼ਵਾਸ, ਭਲਾ ਭਲੇ ਤੋਂ ਉਪਜਦਾ, ਬੁਰੀ ਬੁਰੇ ਤੋਂ ਆਸ । ਹਰ ਥਾਂ ਤੇ ਹਰ ਸਮੇਂ ਵਿਚ ਵੇਖੀ ਗਈ ਇਹ ਗੱਲ, ਮਿਠੇ ਫੁੱਲ ਲਿਆਉਂਦੀ ਮਿਠੀ ਜੜ੍ਹ ਦੀ ਵਲ। ਤੇ ਜ਼ਹਿਰੀਲੇ ਸੋਮਿਉਂ ਵਗੇ ਕੁੜੱਤਣ ਨਿੱਤ, ਨਫਰਤ ਘ੍ਰਿਣਾ ਉਗਾਉਂਦੀ, ਦਯਾ ਉਗਾਵੇ ਮਿੱਤ। ਅਸੀਂ ਹਾਂ ਜੋ ਕੁਝ ਦੇਖਦੇ ਇਥੇ ਜੀਉਂਦੇ ਜੀ, ਚੰਗਾ ‘ਹੁਣ’ ਦੇ ਵਾਂਗਰਾਂ ‘ਅੱਗਾ’ ਹੋਏ ਨਾ ਕੀ ? ਹੋਏ ਚੰਗੇਰਾ ਖਬਰੇ, ਜਿੱਦਾਂ ਇਹ ਇਕ ਚੋਲ, ਉੱਗੇ ਅਗਲੇ ਜਨਮ ਵਿਚ ਭਰੇ ਮੋਤੀਆਂ ਝੋਲ। ਇਉਂ ਹੀ ਨਿਕੀਆਂ ਨੰਗੀਆਂ ਕਲੀਆਂ ਭੂਰੀਆਂ ਸੇਤ, ਸਵਰਨ ਰਜਤ ਦੇ ਰੰਗ ਕਈ ਰਖਣ ਗਰਭ ਲਪੇਟ । ਇਹ ਵੀ ਹਾਂ ਮੈਂ ਜਾਣਦੀ ਹੇ ਚੰਗੇ ਭਗਵਾਨ, ਦੁਖ ਵੀ ਪੈਸਣ ਭੋਗਣੇ ਜਿਹੜੇ ਸਬਰ ਮੁਕਾਣ । ਮੈਥੋਂ ਪਹਿਲੇ ਚਲ ਵਸੇ ਜੇ ਇਹ ਮੇਰਾ ਲਾਲ, ਪਾਟੇਗਾ ਝਟ ਦਿਲ ਮੇਰਾ ਇਕ ਹਝੋਕੇ ਨਾਲ। ਪਰ ਜੇ ਮੇਰੇ ਕੰਤ ਨੂੰ ਲੈ ਜਾਵੇ ਯਮਰਾਜ, ਸਿਰ ਗੋਦੀ ਵਿਚ ਰੱਖ ਕੇ ਉਹਨਾਂ ਦਾ, ਮਹਾਰਾਜ। ਚੜ੍ਹ ਜਾਵਾਂਗੀ ਚਿਤਾ ਤੇ, ਹੋਵਾਂਗੀ ਪਰਸੰਨ, ਲਾਂਬੂ ਜਦੋਂ ਭਖਾਇਗਾ ਲਾਟਾਂ ਨਾਲ ਗਗੱਨ । ਕਿਉਂਕਿ ਆਵੇ ਇਸ ਤਰ੍ਹਾਂ ਪੁਰਾਣੇ ਗ੍ਰੰਥ ਵਿਚਾਲ, ਮਰੇ ਜੇ ਹਿੰਦੂ ਇਸਤ੍ਰੀ ਏਸ ਤਰ੍ਹਾਂ ਦੇ ਨਾਲ, ਕੰਤ ਉਹਦਾ ਪਰਵੇਸਦਾ ਸਵਰਗਾਂ ਵਿਚ ਬਿਨ ਹੋੜ, ਸਦਕੇ ਉਹਦੇ ਪਿਆਰ ਦੇ ਜੀਵੇ ਵਰ੍ਹੇ ਕਰੋੜ, ਏਸ ਲਈ ਨਾ ਭੈ ਕੋਈ ਮੇਰੇ ਦਿਲ ਵਿਚਕਾਰ, ਅਤ ਪਸੰਨ ਜੀਵਨ ਮੇਰਾ ਰਹਿੰਦਾ ਵਾਂਗ ਬਹਾਰ । ਉਹਨਾਂ ਨੂੰ ਵੀ ਭੁਲਦੀ ਨਹੀਂ ਪਰ ਮੈਂ ਮਹਾਰਾਜ, ਮਹਾਂ ਕੰਗਲੇ ਤੇ ਦੁਖੀ ਜੋ, ਨੀਵੇਂ ਅਤੇ ਮੁਥਾਜ । ਜਿਨ੍ਹਾਂ ਦੇ ਸੁਖ ਵਾਸਤੇ ਧਾਰ ਦਯਾ ਦੀ ਆਸ, ਈਸ਼ਵਰ ਅਗੇ ਕਰਾਂ ਮੈਂ ਦੋਵੇਂ ਡੰਗ ਅਰਦਾਸ । ਪਰ ਅਪਣੇ ਲਈ ਸਮਝਦੀ ਜੋ ਮੈਂ ਚੰਗੀ ਗੱਲ, ਨਾਲ ਨਿਮਰਤਾ ਕਰਾਂ ਮੈਂ ਵਿਚ ਧਰਮ ਦੇ ਚਲ, ਇਹ ਭਰਵਾਸਾ ਰਖ ਕੇ ਜੋ ਰੱਬ ਨੂੰ ਮੰਨਜ਼ੂਰ, ਚੰਗਾ ਹੀ ਉਹ ਹੋਏਗਾ, ਨਾਲੇ ਹੋਏ ਜ਼ਰੂਰ ।” ਫਿਰ ਬੋਲੇ ਭਗਵਾਨ : “ਬੁਧਵਾਨਾਂ ਤੋਂ ਵਧ ਹੈ ਤੇਰਾ ਸਾਦਾ ਗਿਆਨ। ਚੰਗੀ ਹੈਂ ਸੰਤੁਸ਼ਟ ਤੂੰ ਠੀਕ ਨਾ ਬੁਧ ਦੀ ਚਾਹ, ਕਾਫੀ ਤੇਰੇ ਵਾਸਤੇ ਸਿਧੀ ਧਰਮ ਦੀ ਰਾਹ । ਹੇ ਕਲੀਏ ਜੰਗਲ ਦੀਏ ਜਮ ਜਮ ਖਿੜ ਤੇ ਹੱਸ, ਵਿਚ ਅਪਣੇ ਪਰਵਾਰ ਦੇ ਸੁਖੀ ਸਾਂਦੀ ਵਸ । ਸਚ ਦੀ ਸਿਖਰ ਦੁਪਹਿਰ ਦਾ, ਚਾਨਣ ਅਤ ਬਲਵਾਨ, ਕੋਮਲ ਪੱਤਿਆਂ ਵਾਸਤੇ ਮੂਲ ਨਾ ਚੰਗਾ ਜਾਣ, ਮੱਧਮ ਚਾਨਣ ਵਿਚ ਇਹ ਖਿਲਰਨ ਤੇ ਲਹਿਰਾਣ, ਹਰਾ ਭਰਾ ਸਿਰ ਆਪਣਾ ਗਗਨੀ ਫੇਰ ਉਠਾਣ । ਤੂੰ ਪੂਜਾ ਕੀਤੀ ਮੇਰੀ ਪਰ ਮੈਂ ਪੂਜਾਂ ਤੁਧ, ਹੇ ਅਤ ਸੁੰਦਰ ਹਿਰਦਿਆ ! ਬਿਨ ਜਾਣੇ ਸਣਬੁਧ । ਤੈਨੂੰ ਹੋਵੇ ਸੁਖ ਸਦਾ ਨਾਲੇ ਅਮਨ ਅਮਾਨ, ਜੀਕਰ ਤੈਨੂੰ ਲਭਿਆ ਮੈਂ ਵੀ ਲੱਭਾਂ ਗਿਆਨ। ਜਿਸ ਨੂੰ ਤੂੰ ਸੀ ਸਮਝਿਆ ਦੇਵ ਅਤੇ ਭਗਵਾਨ, ਤੈਥੋਂ ਹੈ ਉਹ ਮੰਗਦਾ ਇਸ ਇੱਛਾ ਦਾ ਦਾਨ।” “ਤੁਹਾਨੂੰ ਵੀ ਪ੍ਰਾਪਤ ਹੋਏ।” ਕਿਹਾ ਸੁਜਾਤਾ ਬੋਲ, ਇਛਿਆ ਭਰੀਆਂ ਅੱਖੀਆਂ ਕਰ ਕੇ ਬੱਚੇ ਕੋਲ, ਜਿਸ ਨੇ ਬਾਹਾਂ ਅਪਣੀਆਂ ਬੁੱਧ ਦੇ ਵਲ ਹੁਲਾਰ, ਸਾਦਾ ਨਿਰਛਲ ਢੰਗ ਵਿਚ ਪ੍ਰਗਟਾਇਆ ਸਤਿਕਾਰ, ਹੋ ਕੇ ਤਗੜੇ ਬੁਧ ਜੀ ਉਸ ਭੋਜਨ ਦੇ ਨਾਲ, ਹੇਠਾਂ ਬੋਧੀ ਬ੍ਰਿੱਛ ਦੇ ਪਹੁੰਚੇ ਕਦਮ ਸੰਭਾਲ । ਜਿਹੜੀ ਥਾਂ ਸੀ ਹੋਵਣਾ ਉਹਨਾਂ ਤਾਈਂ ਗਿਆਨ, ਪਹਿਲੋਂ ਹੀ ਸਨ ਜਾਣਦੇ ਸ਼ਾਇਦ ਇਹ ਭਗਵਾਨ ਤਾਹੀਓਂ ਦ੍ਰਿੜ੍ਹ ਗੌਰਵ-ਭਰੇ, ਮਿਣਵੇਂ ਕਦਮ ਉਠਾ, ਹੇਠਾਂ ਬੋਧੀ ਬ੍ਰਿੱਛ ਦੇ ਗਏ ਬੁਧ ਜੀ ਆ। ਹੇ ਭਵਨੋ ਤੇ ਧਰਤੀਓ, ਰਲ ਕੇ ਕਰੋ ਅਨੰਦ, ਚੜ੍ਹਨਾ ਥਲੇ ਬ੍ਰਿਛ ਦੇ ਅਜ ਗਿਆਨ ਦਾ ਚੰਦ । ਵੱਡੇ ਬੋਧੀ ਬ੍ਰਿਛ ਦੀ ਸੰਘਣੀ ਸੰਘਣੀ ਛਾਂ, ਥੰਮ੍ਹੀਆਂ ਵਰਗੀਆਂ ਦਾੜ੍ਹੀਆਂ ਖੜੀਆਂ ਬਾਂ ਪਰ ਥਾਂ । ਸਿਰ ਉਤੇ ਹਰਿਆਉਲ ਦਾ ਛਤਰ ਰਿਹਾ ਲਹਿਰਾ, ਪੈਰੀਂ ਫੁੱਲਾਂ-ਚਿਤਰੇ ਵੰਨ ਸੁਵੰਨੇ ਘਾਹ । ਜਾਣੋ ਚੇਤੰਨ ਹੋ ਗਈ ਉਥੋਂ ਦੀ ਸਭ ਭੋਂ, ਚਰਨ ਪਰਸ ਭਗਵਾਨ ਦੇ, ਵਿਚ ਆਦਰ ਦੇ ਨਿਉਂ ਝੁਕੀਆਂ ਜੰਗਲੀ ਟਹਿਣੀਆਂ ਕਰਨ ਵਾਸਤੇ ਛਾਂ, ਕੰਵਲ-ਗੰਧ ਸੰਗ ਲੱਦੀਆਂ ਝੋਲੀਆਂ ਸੀਤ ਹਵਾਂ । ਰਿੱਛ ਚਿਤਰੇ ਸ਼ੇਰਾਂ ਦੀਆਂ ਅੱਖਾਂ ਲਹੂ ਲੁਹਾਨ, ਸ਼ਾਂਤ ਮੁੱਖ ਭਗਵਾਨ ਦਾ ਤੱਕਣ ਹੋ ਹੈਰਾਨ। ਘੁਪ ਹਨੇਰੀ ਖੁੱਡ ਚੋਂ ਕੌਡੀਆਂ ਵਾਲਾ ਨਾਗ, ਆਦਰ ਵਿਚ ਭਗਵਾਨ ਦੇ ਨੀਂਦੋ ਉਠਿਆ ਜਾਗ । ਜਗ ਮਗ ਕਰਦੀਆਂ ਤਿਤਲੀਆਂ ਕਰਨ ਵਾਸਤੇ ਵਾ । ਸੇਤ, ਅਸਮਾਨੀ, ਕੇਸਰੀ ਫੰਗ ਦਿਤੇ ਲਹਿਰਾ । ਡਿੱਗਾ ਇਲ ਦੇ ਪੰਜਿਉਂ ਧਰਤੀ ਉਤੇ ਸ਼ਿਕਾਰ । ਨੱਚੀ ਉਤੇ ਬਿਰਛ ਦੇ ਗਾਲ੍ਹੜ ਧਾਰੀਦਾਰ । ਚਿਰ ਚਿਰ ਕੀਤੀ ਬਿੱਜੜੇ, ਕਿਰਲੇ ਲਾਈ ਦੌੜ, ਘੁਗੀਆਂ ਝੁਰਮਟ ਘੱਤਿਆ, ਵਿਗਸੇ ਕੀੜੇ ਮਕੌੜ । ਵਾਜਾਂ ਜ਼ਿਮੀਂ ਹਵਾ ਦੀਆਂ ਰਲੀਆਂ ਇਕ ਸੰਗੀਤ, ਸੁਣਿਆ ਕੰਨਾਂ ਸਿਆਣਿਆਂ ਏਸ ਤਰ੍ਹਾਂ ਦਾ ਗੀਤ ਹੇ ਸਵਾਮੀ, ਹੇ ਮਿੱਤਰ ਪਿਆਰੇ ! ਹੇ ਪ੍ਰੇਮੀ ਤੇ ਹੇ ਰਖਵਾਰੇ ! ਜਿਨ੍ਹਾਂ ਕ੍ਰੋਧ ਨੂੰ ਮਾਰ ਮੁਕਾਇਆ, ਅਹੰਕਾਰ ਨੂੰ ਪਕੜ ਝੁਕਾਇਆ। ਡਰ, ਤ੍ਰਿਸ਼ਨਾ ਤੇ ਸ਼ੰਕਿਆਂ ਤਾਂਈਂ, ਵਸ ਵਿਚ ਕੀਤਾ ਸਹਿਜ ਸੁਭਾਈ। ਜਾਉ, ਬ੍ਰਿਛ ਦੇ ਹੇਠਾਂ ਜਾਉ, ਸੋਗੀ ਜਗ ਦੀ ਤਪਤ ਮਿਟਾਉ । ਹੇ ਪਿਆਰੇ ਤੇ ਹੇ ਸਤਿਕਾਰੇ, ਦੁਖੀ ਦਿਲਾਂ ਦੇ ਬਣੋ ਸਹਾਰੇ। ਹੇ ਰਾਜਨ, ਹੇ ਉੱਚ ਵਿਜਈ, ਘੜੀ ਸੁਲਖਣੀ ਜੇ ਆ ਗਈ। ਰਾਤ ਉਹੀ ਆ ਗਈ ਪਿਆਰੇ, ਰਹੇ ਉਡੀਕ ਜਿਦੀ ਜੁਗ ਚਾਰੇ । ਰਾਤ ਹਨੇਰੀ ਪੈ ਗਈ ਜਦ, ਸੋਹਣੇ ਭਗਵਾਨ, ਬ੍ਰਿਾਜੇ ਹੇਠਾਂ ਬ੍ਰਿਛ ਦੇ ਹੋ ਕੇ ਅੰਤਰ ਧਿਆਨ । ਪਰ ਨ੍ਹੇਰੇ ਦੇ ਬਾਦਸ਼ਾਹ-ਮਾਰਾ ਜਿਸ ਦਾ ਨਾਮ, ਸਦ ਲਈਆਂ ਮੰਦ-ਸ਼ਕਤੀਆਂ ਨ੍ਹੇਰੇ ਦੀਆਂ ਤਮਾਮ । ਕਿਉਂਕਿ ਉਸ ਨੂੰ ਪਤਾ ਸੀ ਇਹ ਹੈ ਬੁੱਧ ਭਗਵਾਨ, ਪ੍ਰਾਪਤ ਹੋਣਾ ਸੀ ਜਿਨੂੰ ਅਜ ਦੀ ਰਾਤ ਗਿਆਨ । ਮੰਦ-ਸ਼ਕਤੀਆਂ ਸਾਰੀਆਂ ਜਾਗੀਆਂ ਓਸੇ ਪੈਰ, ਉਹ ਰਾਖਸ਼, ਹੈ ਜਿਨ੍ਹਾਂ ਦਾ ਅਕਲ ਗਿਆਨ ਸੰਗ ਵੈਰ । ਤ੍ਰਿਸ਼ਨਾ, ਮੋਹ, ਅਸ਼ਾਂਨਤੀ ਲਾਣਾ ਸਾਰਾ ਹੋਰ, ਖੌਫ਼, ਜਹਾਲਤ, ਬੁਜ਼ਦਿਲੀ, ਘੋਰ ਘ੍ਰਿਣਾ ਦੇ ਸ਼ੋਰ । ਮਨ ਡੁਲਾਵਣ ਬੁੱਧ ਦਾ ਏਹੋ ਸਭ ਦੀ ਚਾਹ, ਚਾਰ ਚੁਫੇਰੇ ਬੁੱਧ ਦੇ ਮਲਿਆ ਉਹਨਾਂ ਰਾਹ । ਅਤ ਸਿਆਣੇ ਵੀ ਅਜੇ ਤਕ ਜਾਣ ਨਾ ਸੱਕੇ ਬਾਤ, ਕੀ ਕੀ ਨਰਕੀ ਰਾਖਸ਼ਾਂ ਜਤਨ ਕੀਤੇ ਉਸ ਰਾਤ। ਤਾਂ ਜੇ ਬੁਧ ਭਗਵਾਨ ਨੂੰ ਭਰਮਾਂ ਵਿਚ ਭੁਲਾ, ਉਸ ਤੋਂ ਸੁਚੇ ਗਿਆਨ ਨੂੰ ਰਖਣ ਪਰੇ ਲੁਕਾ । ਨ੍ਹੇਰੀ ਦਾ ਤੂਫਾਨ ਬਣ, ਪੌਣ ਕਦੀ ਲਰਜ਼ਾ, ਕਦੀ ਨਰਕ ਦੀ ਅੱਗ ਜਿਉਂ ਬਿਜਲੀ ਨੂੰ ਕੜਕਾ । ਘਣ ਬਦਲਾਂ ਦੇ ਪਾੜ ਚੋਂ ਕ੍ਰੋਧ-ਚਿਲੇ ਤੇ ਤਾਣ, ਸੁਟਦੇ ਸਨ ਉਹ ਕਸ ਕਸ ਅੱਗ-ਜੀਭੇ ਕੋਈ ਬਾਣ; ਕਦੀ ਰੁਮਕਦੀ ਪੌਣ ਦੇ ਬੁਲਿਆਂ ਵਿਚ ਰਲਾ, ਚੁਪ-ਚੁਪੀਤੇ ਪੱਤਰਾਂ ਪਿਛੇ ਕਦੀ ਲੁਕਾ । ਮੋਹਣੀਆਂ ਦੇ ਮੁੱਖ ਚੋਂ ਕੱਢਣ ਮਿਠੇ ਬੋਲ, ਮਾਰਨ ਹਉਕੇ ਪ੍ਰੇਮ ਦੇ ਕਦੀ ਆਣ ਕੇ ਕੋਲ। ਲਾਲਚ ਕਿਧਰੇ ਰਾਜ ਦਾ ਬੁਧ ਦੇਵ ਨੂੰ ਪਾਣ, ਸਚ ਝੁਠਿਆਰਨ ਵਾਸਤੇ ਸ਼ੰਕੇ ਕਦੀ ਉਗਾਣ । ਆਏ ਵੱਡੇ ਪਾਪ ਦਸ ਕਰਦੇ ਮਾਰੋ ਮਾਰ, ਅੱਤਿਵਾਦ ਦੇ ਦੇਵ ਦੀ ਪਹਿਲੋਂ ਆਈ ਵਾਰ । ਸੀ ਹਉਮੈਂ ਦਾ ਪਾਪ ਉਹ ਡਾਢਾ ਤੇ ਬਲਵਾਨ, ਜੋ ਅਪਣੇ ਹੀ ਅਕਸ ਨੂੰ ਤੱਕੇ ਵਿਚ ਜਹਾਨ। “ਮੈਂ ਮੈਂ” ਹੀ ਜੋ ਕੂਕਦਾ “ਮੈਂ” ਹੀ ਸੁਣਦਾ ਹੈ, ਆਪੇ ਦੀ ਜੈ ਚਾਹੁੰਦਾ ਸਭ ਨੂੰ ਕਰ ਕੇ ਖੈ । ਬੋਲਿਆ, “ਜੇ ਤੂੰ ਬੁਧ ਹੈਂ ਲੋਕਾਂ ਛਡ ਹਨੇਰ, ਤੈਨੂੰ ਕੀ ਜੇ ਖੂਹ ਪਵੇ ਤੇਰਾ ਦੁਖੀ ਚੁਫੇਰ । ਉਠ ਤੈਨੂੰ ਹਨ ਦੇਂਵਦੇ ਦਿਉਤੇ ਅਚਲ ਅਸੀਸ, ਕਦੀ ਕਿਸੇ ਲਈ ਉਠੇ ਨਾ ਦਿਲ ਜਿਨ੍ਹਾਂ ਦੇ ਚੀਸ ।” ਪਰ ਬੋਲੇ ਭਗਵਾਨ ਜੀ, “ਕੂੜ ਤੇਰੀ ਸਭ ਗੱਲ, ਆਪੇ ਨੂੰ ਜੋ ਪਿਆਰਦੇ, ਚੱਲ ਉਨ੍ਹਾਂ ਨੂੰ ਛਲ ।” ਤਦ ਸ਼ੰਕੇ ਦੇ ਪਾਪ ਨੇ ਅਗੇ ਧਰਿਆ ਪੈਰ, ਕੰਨਾਂ ਵਿਚ ਭਗਵਾਨ ਦੇ ਇੰਜ ਉਗਲਿਆ ਜ਼ਹਿਰ : “ਸਭ ਚੀਜ਼ਾਂ ਹਨ ਮਿਥਿਆ, ਥੋਥਾ ਕੁੱਲ ਗਿਆਨ, ਕਿਉਂ ਪਿਛੇ ਪਰਛਾਵਿਆਂ ਭਜਦਾ ਫਿਰੇਂ ਅਜਾਣ । ਮੇਟ ਨਾ ਕੋਈ ਸਕਦਾ ਲੋਕਾਂ ਦੇ ਮੰਦ ਹਾਲ, ਠਲ੍ਹ ਨਾ ਕੋਈ ਸਕਦਾ ਕਾਲ ਚਕਰ ਦੀ ਚਾਲ।” ਪਰ ਅਗੋਂ ਭਗਵਾਨ ਨੇ ਉਤਰ ਦਿੱਤਾ ਮੋੜ : “ਮੇਰੇ ਤੇਰੇ ਵਿਚ ਨਾ ਰਾਈ ਭਰ ਵੀ ਜੋੜ । ਕੂੜੀ ਤੇਰੀ ‘ਵਿਸਿਖਸ਼ਾ', ਕੂੜਾ ਤੇਰਾ ਗਿਆਨ, ਦੁਸ਼ਮਨ ਮੋਮੋ ਠਗਣਾ ਮਾਨੁਖਾਂ ਦਾ ਜਾਣ ।” ਆਇਆ ਅਪਣੀ ਵਾਰ ਸਿਰ ਪਾਪ ਤੀਸਰਾ ਚੱਲ, ਦੇਂਦਾ ਭਰਮੀ ਫਿਰਕਿਆਂ ਤਾਈਂ ਜਿਹੜਾ ਬਲ । ਭਰਵਾਸੇ ਦੇ ਭੇਸ ਵਿਚ ਫਿਰਦਾ ਜਿਹੜਾ ਨਿਤ, ਰਸਮਾਂ ਤੇ ਅਰਦਾਸਿਆਂ ਨਾਲ ਭੁਲਾਂਦਾ ਚਿਤ । ਨਰਕ ਸੁਰਗ ਦੀਆਂ ਕੁੰਜੀਆਂ ਆਖਣ ਜਿਸ ਦੇ ਕੋਲ ਕਹਿਣ ਲਗਾ ਭਗਵਾਨ ਨੂੰ ਬੋਲ ਮੀਸਣੇ ਬੋਲ : “ਛਡ ਦੇਸੇਂ ਕੀ ਸੋਹਣਿਆ, ਵੱਡ ਰਿਸ਼ੀਆਂ ਦਾ ਪੰਥ ? ਸੁਟ ਪਾਸੇਂ ਕੀ ਹੀਰਿਆ ਪੂਜਯ ਅਸਾਡੇ ਗ੍ਰੰਥ ? ਕੀ ਤੂੰ ਸਾਡੇ ਦੇਵਤੇ ਤਖਤੋਂ ਦੇਸੇਂ ਝਾੜ, ਵਸਦੇ ਮੰਦਰ ਅਸਾਂ ਦੇ ਦੇਸੇਂ ਸਭ ਉਜਾੜ ? ਕੀ ਦੇਸੇਂ ਉਸ ਨਿਯਮ ਨੂੰ ਪੈਰਾਂ ਦੇ ਵਿਚ ਮਲ ? ਦੇਂਦਾ ਪ੍ਰੋਹਤਾਂ ਰਿਜ਼ਕ ਜੋ, ਰਖਦਾ ਧਰਤੀ ਠਲ੍ਹ ?” ਉੱਤਰ ਦਿਤਾ ਬੁਧ ਨੇ : “ਤੇਰਾ ਚਪਲ ਗਿਆਨ, ਸ਼ਕਲ ਏਸ ਦੀ ਬਾਹਰੀ ਵਟਣੀ ਧੁੰਦ ਸਮਾਨ। ਸੱਚ ਸੁਤੰਤਰ ਇਕ ਹੈ ਪੱਕਾ ਅਤੇ ਅਟੱਲ, ਜਾਹ ਨ੍ਹੇਰੇ ਦੀ ਗੋਦ ਵਿਚ ਥਾਂ ਅਪਣੀ ਤੂੰ ਮੱਲ ।” ਇਸ ਦੇ ਮਗਰੋਂ ਆਇਆ ਵਡਾ ਛਲੀਆ ਕਾਮ, ਹੂੜੀ ਤੇ ਮੂੰਹ ਜ਼ੋਰ ਅਤ ਮੂੰਹ ਨਾ ਜਿਦੇ ਲਗਾਮ । ਵੱਡ ਵੇਗਾਂ ਦਾ ਪਾਦਸ਼ਾਹ, ਪ੍ਰੀਤਾਂ ਦੇ ਸਿਰਤਾਜ, ਉਚਿਉਂ ਉਚੇ ਦੇਵਤੇ ਵੀ ਹਨ ਜਿਦੇ ਮੁਥਾਜ । ਮਿਠੀ ਹਾਸੀ ਹਸਦਾ ਆਇਆ ਬ੍ਰਿਛ ਦੇ ਕੋਲ । ਸੋਨੇ ਜੜੀ ਕਮਾਨ ਹਥ, ਡਾਢੀ ਸੁੰਦਰ ਡੌਲ । ਸਜੀ ਹੋਈ ਸੀ ਹਦ ਜੋ ਸੂਹੇ ਫੁੱਲਾਂ ਨਾਲ, ਤਾਣੇ ਤ੍ਰਿਸ਼ਨਾ ਤੀਰ ਸਨ ਤਿਖੇ ਤੇਜ਼ ਕਮਾਲ । ਰਖ ਪੰਜ-ਜੀਭੀ ਲਾਟ ਤੇ ਦਿਤੀ ਜਿਨ੍ਹਾਂ ਨੂੰ ਪਾਣ। ਜ਼ਹਿਰ ਵਾਂਗਰਾਂ ਧਸਦੇ ਵਿਚ ਦਿਲਾਂ ਜੋ ਜਾਣ । ਚਾਰ ਚੁਫੇਰੇ ਓਸਦੇ ਲਿਸ਼ਕਦੀਆਂ ਕਈ ਹੋਰ, ਆਈਆਂ ਸੁੰਦਰ ਸੂਰਤਾਂ, ਮਸਤ ਜਿਨਾਂ ਦੀ ਤੋਰ । ਲਾਲ ਜਿਨ੍ਹਾਂ ਦੀਆਂ ਬੁਲ੍ਹੀਆਂ ਕੋਮਲ ਅਤੇ ਬਰੀਕ, ਗਾਵਣ ਸ਼ੋਭਾ ਕਾਮ ਦੀ ਹੋ ਬਧਿ ਦੇ ਨਜ਼ਦੀਕ । ਐਸੀਆਂ ਸਨ ਉਹ ਸੋਹਣੀਆਂ ਸੁਣਨ ਉਨ੍ਹਾਂ ਦੇ ਗੌਣ, ਅਟਕੇ ਤਾਰੇ ਚੰਦ੍ਰਮਾ, ਖੜ੍ਹ ਗਈ ਭੌਂਦੂ ਪੌਣ । ਆਂਹਦੀਆਂ ਸਨ ਉਹ : “ਏਸ ਤੋਂ ਚੰਗਾ ਕੁਝ ਨਾ ਹੋਰ, ਜੇਡੀ ਸੋਹਣੀ ਸੁੰਦਰਤਾ ਭਰੀ ਪਲੀ ਲਟਬੌਰ । ਨਾਲੇ ਛਾਤੀ ਓਸਦੀ ਰਜ਼ਾਮੰਦ ਤੇ ਦਿਆਲ, ਝੁਲਣ ਜਿਸ ਤੇ ਮੌਜ ਵਿਚ ਛਾਤੀ-ਗੁੰਚੇ ਲਾਲ । ਨਾ ਹੀ ਏਦੂ ਵਧ ਕੇ ਸਿਖਰ ਮਨੁਖੀ ਹੋਰ, ਜੇਡੀ ਅੰਗ ਸਡੌਲਤਾ ਕੰਵਾਰੀ ਨਵੀਂ ਨਕੋਰ । ਪ੍ਰੀਤਾਂ ਭਿੰਨੀ ਸੁੰਦਰਤਾ ਦੇ ਨਕਸ਼ਾਂ ਵਿਚਕਾਰ, ਅਣਜਾਤੀ ਜੋ ਵਸਦੀ ਭਿੰਨੀ ਮਹਿਕ ਖਿਲਾਰ । ਭਾਵੇਂ ਆਪ ਅਕੱਥ ਇਹ ਤਾਂ ਵੀ ਸਹਿਜ ਸੁਭਾ, ਆਪੋ ਵਿਚ ਦੋ ਦਿਲਾਂ ਨੂੰ ਗੱਲਾਂ ਦਏ ਕਰਾ। ਮਲਕਾ ਨਚਦੇ ਲਹੂ ਦੀ, ਪੂਜੇ ਜਿਸਨੂੰ ਇਛ, ਤੇ ਅਤੇ ਚੰਗੀ ਜਾਣ ਕੇ ਖਾਵੇ ਗੁਝੀ ਖਿਚ । ਏਹੀ ਸਚਾ ਸਵਰਗ ਹੈ ਜਿਥੇ ਮਨੁਖ ਪਧਾਰ, ਬਣ ਜਾਂਦੇ ਹਨ ਦੇਵਤੇ ਸਵਾਮੀ ਤੇ ਕਰਤਾਰ । ਕੌਣ ਉਦੋਂ ਪਛਤਾਂਵਦਾ ਬਾਹਾਂ ਰੇਸ਼ਮ-ਹਾਰ, ਜਦ ਗਲਵਕੜੀ ਪਾਂਦੀਆਂ ਘੁਟ ਕੇ ਨਾਲ ਪਿਆਰ। ਇਕ ਚੁੰਮਣ ਵਿਚ ਪੰਘਰਦਾ ਜੀਵਨ ਜਦੋਂ ਤਮਾਮ, ਇਕ ਹਉਕੇ ਵਿਚ ਲਭਦਾ ਸਭ ਜਗ ਦਾ ਆਰਾਮ।” ਕਰਦੀਆਂ ਕੋਮਲ ਸੈਨਤਾਂ ਅਪਣੇ ਹਥਾਂ ਨਾਲ, ਏਦਾਂ ਸਨ ਉਹ ਗਾਂਦੀਆਂ ਤਾਰ ਉਠਾਲ ਬਹਾਲ, ਪ੍ਰੇਮ-ਅਗਨ ਵਿਚ ਮਘੀਆਂ ਅਖਾਂ ਚਮਕ ਵਿਖਾਣ, ਬੁਲਾਂ ਉਤੇ ਮੋਹਿਨੀ ਅਜਬ ਕੋਈ ਮੁਸਕਾਨ । ਬੇ ਸੰਕੋਚੇ ਨਾਚ ਵਿਚ ਸੁਹਲ ਉਨ੍ਹਾਂ ਦੇ ਅੰਗ, ਹੈਸਨ ਲੁਕਦੇ ਉਘੜਦੇ ਬਝੇ ਸੰਙ ਨਿਸੰਙ । ਜਿਦਾਂ ਕਲੀਆਂ ਸਜਰੀਆਂ ਨਵ-ਖਿੜੀਆਂ ਅਨਜਾਣ, ਅਪਣਾ ਰੰਗ ਵਿਖਾਂਦੀਆਂ, ਐਪਰ ਦਿਲ ਛੁਪਾਣ। ਟੋਲੀ ਟੋਲੀ ਨਚਦੀਆਂ ਆਉਂਦੀਆਂ ਬ੍ਰਿਛ ਦੇ ਕੋਲ, ਇਕ ਦੂੰ ਇਕ ਚੜ੍ਹੰਦੀਆਂ ਇਉਂ ਕਹਿੰਦੀਆਂ ਬੋਲ : “ਹੇ ਸਿਧਾਰਥ, ਮੈਂ ਤੇਰੀ, ਉਠ ਮੈਨੂੰ ਗਲ ਲਾ, ਚੱਖ ਰਸ ਮੇਰੇ ਮੁਖ ਦਾ, ਚਾਉ ਰੂਪ ਦਾ ਲਾਹ ।” ਫਿਰ ਕਾਲੇ ਆਕਾਸ਼ ਵਿਚ ਪਾਂਦੇ ਅੰਨ੍ਹਾ ਸ਼ੋਰ, ਚੜ੍ਹੇ ਹਨੇਰੀ ਵਾਂਗਰਾਂ ਪਾਪ ਆਏ ਕੁਝ ਹੋਰ । ਦਸ ਪਾਪਾਂ ਚੋਂ ਆਖਰੀ ਘੋਰ ਘ੍ਰਿਣਾ ਦਾ ਪਾਪ, ਲਾਗੇ ਆਇਆ ਬੁਧ ਦੇ ਭਾਰਾ ਜਿਵੇਂ ਸਰਾਪ । ਸਪ ਵਲ੍ਹੇਟੇ ਹੋਏ ਸਨ ਜਿਸ ਦੇ ਲੱਕ ਦੁਆਲ, ਵਿਸ਼-ਭਰਿਆ ਦੁਧ ਚੁੰਘਦੇ ਲਮਕ ਛਾਤੀਆਂ ਨਾਲ । ਪਏ ਰਲਾਂਦੇ ਆਪਣੀ ਕ੍ਰੋਧ-ਭਰੀ ਫੁੰਕਾਰ, ਉਹਦੇ ਕੌੜੇ ਕੋਝੜੇ ਦੁਰਬਚਨਾਂ ਵਿਚਕਾਰ । ਐਪਰ ਉਤੇ ਪੂਜਯ ਦੇ ਅਸਰ ਨਾ ਪਿਆ ਰਵਾਲ, ਬੁਲ੍ਹ ਸੀਤੇ ਜਿਸ ਘ੍ਰਿਣਾ ਦੇ ਇਕੋ ਤਕਣੀ ਨਾਲ । ਰੂਪ ਰਾਗ ਫਿਰ ਆਇਆ ਮਸਤੀ ਦੇ ਵਿਚ ਝੁੱਲ, ਜੀਵਣ ਦੇ ਜੋ ਲੋਭ ਵਿਚ ਜੀਉਣਾ ਜਾਵੇ ਭੁਲ । ਆਇਆ ਫੇਰ ਅਰੂਪ-ਰਾਗ ਜਿਸਦੇ ਜਾਦੂ ਨਾਲ, ਸ਼ੁਹਰਤ ਦੀ ਮਦ ਚਾਹੜ ਕੇ ਸਿਆਣੇ ਡਿਗਣ ਚੁਫਾਲ । ਆਇਆ ਅਭਿਮਾਨੀ ਮਨੋ ਕਰਦਾ ਮਾਰੋ ਮਾਰ, ਅਹੰਕਾਰ ਦਾ ਦੇਵਤਾ ਜਿਸਦਾ ਡੂੰਘਾ ਯਾਰ । ਨਿਜ-ਨੇਕੀ ਫਿਰ ਆ ਗਈ ਮਿਠੀ ਜਿਸ ਦੀ ਜੀਭ ਨਿਕੇ ਮੋਟੇ ਪਾਪ ਕਈ ਸ਼ਕਲਾਂ ਧਾਰ ਅਜੀਬ । ਫੇਰ ਜਹਾਲਤ ਆ ਗਈ ਜਿਸ ਦੇ ਕੋਝੇ ਪੈਰ ਛੂ, ਨ੍ਹੇਰੇ ਵਿਚ ਬਦਲਦੀ ਚਿੱਟੀ ਦੁਧ ਦੁਪਹਿਰ । ਕੋਝੀ ਫੱਫੇ ਕੁਟਣੀ, ਡਰ ਆਲਸ ਦੀ ਮਾਂ ਸਾੜ ਸੁਟੇ ਸਭ ਨੇਕੀਆਂ ਜਿਸਦੀ ਸਾੜੂ ਛਾਂ । ਅਣ-ਬਣੀਆਂ ਤੇ ਕੋਝੀਆਂ ਸ਼ਕਲਾਂ ਦਾ ਇਕ ਜਾਲ ਡਡੂਆਂ ਤੇ ਚਮਗਾਦੜਾਂ ਵਾਂਗੂ ਉਸਦੇ ਨਾਲ। ਕੰਬੇ ਪਰਬਤ ਜ਼ਿਮੀਂ ਤੇ, ਤਾਰੇ ਡਿਗੇ ਟੁਟ, ਚੜ੍ਹੀਆਂ ਘੋਰ ਹਨੇਰੀਆਂ ਮੀਂਹ ਦੇ ਛਾਂਟੇ ਸੁਟ । ਕਾਲੀ ਕਾਲੀ ਪੌਣ ਵਿਚ ਫੜਕੇ ਖੰਭ ਹਜ਼ਾਰ, ਦਿਸੇ ਚੰਦਰੇ ਮੂੰਹ ਕਈ, ਉਠੀ ਹਾਲ ਪੁਕਾਰ । ਜਾਣੋ ਹਾਕਮ ਨਰਕ ਦੇ ਲਾ ਕੇ ਸਾਰਾ ਤਾਣ, ਆਏ ਬੁਧ ਭਗਵਾਨ ਦੇ ਮੰਨੂਏਂ ਤਾਈਂ ਡੁਲਾਣ । ਐਪਰ ਸਾਡੇ ਬੁਧ ਨੇ ਰਤਾ ਨਾ ਖਾਧਾ ਹੌਲ, ਨੇਕੀ ਦੀ ਦੀਵਾਰ ਵਿਚ ਰਹੇ ਅਹਿੱਲ ਅਡੋਲ । ਨਾ ਹੀ ਬੋਧੀ ਬ੍ਰਿਛ ਦਾ ਵਿੰਗਾ ਹੋਇਆ ਵਾਲ, ਰਹੇ ਉਂਜ ਹੀ ਲਿਸ਼ਕਦੇ ਪੱਤਰ ਟਾਹਣਾਂ ਨਾਲ । ਆਖ਼ਰ ਤੀਜੇ ਪਹਿਰ, ਚਕੇ ਨਰਕੀ ਫੌਜ ਨੇ ਧਰਤੀ ਤੋਂ ਜਦ ਪੈਰ, ਸ਼ਾਂਤੀ ਸੀ ਜਦ ਵੰਡ ਰਹੀ ਡੁਬਦੇ ਚੰਨ ਦੀ ਲੋ ‘ਸੰਮ-ਸੰਬੁਧ’ ਦੀ ਪ੍ਰਾਪਤੀ ਗਈ ਬੁਧ ਨੂੰ ਹੋ। ਦਿਸੇ ਬੁਧ ਭਗਵਾਨ ਨੂੰ ਉਸ ਜੋਤੀ ਦੇ ਨਾਲ ਜਿਸ ਤਕ ਸਾਡੇ ਗਿਆਨ ਦਾ ਪੁਜਣਾ ਬੜਾ ਮੁਹਾਲ ਅਪਣੇ ਪਿਛਲੇ ਜਨਮ ਸਭ ਵਿੱਛੇ ਵਾਰੋ ਵਾਰ । ਸਾਰੀਆਂ ਦੁਨੀਆਂ ਵਿਚ ਦੀ, ਜਿਦਾਂ ਕੋਈ ਪਹਾੜ ਦੀ ਚੋਟੀ ਤੇ ਪਹੁੰਚ ਕੇ ਤੱਕੇ ਅਪਣਾ ਰਾਹ ਘਾਟੀਆਂ ਵਾਦੀਆਂ ਵਿਚ ਦੀ ਚੜ੍ਹਦਾ ਚੱਕਰ ਖਾ, ਸੰਘਣੇ ਜੰਗਲਾਂ ਵਿਚ ਦੀ ਲੰਘਦਾ ਛੁਪ ਛੁਪਾ, ਟੋਇਆਂ ਥਾਈਂ ਉਭਰਦਾ ਹੋਇਆ ਸਾਹੋ ਸਾਹ, ਰੋਸ਼ਨ ਘਾਹ ਦੇ ਕਿਤਿਆਂ ਤੋਂ ਵੀ ਪਰੇ ਪਰੇਰ ਝੱਲਾਂ, ਖੇਡਾਂ, ਛਪਰਾਂ ਉਤੋਂ ਲਾਂਦਾ ਗੇੜ । ਤੋੜ ਮੈਦਾਨਾਂ ਤੀਕਰਾਂ, ਜਿਥੋਂ ਪੈਂਡੇ ਮਾਰ, ਪੁਜਾ ਹੈ ਉਹ ਯਾਤਰੂ ਆਖਰ ਸਿਖਰ ਪਹਾੜ । ਤੱਕੇ ਬੁਧ ਭਗਵਾਨ ਨੇ ਲੰਮੀ ਨਜ਼ਰ ਦੁੜਾ, ਜ਼ਿੰਦਗਾਨੀ ਦੀ ਲੜੀ ਵਿਚ ਬੱਝੇ ਕਈ ਪੜਾ । ਨੀਵਾਣਾਂ ਚੋਂ ਉਠਦੇ, ਜਿਥੇ ਤ੍ਰਕਿਆ ਸਾਹ, ਉਚਿਆਈਆਂ ਵਲ ਉਭਰਦੇ ਭਰ ਸਜਰੇ ਉਤਸ਼ਾਹ । ਬੁਧ ਨੇ ਇਹ ਵੀ ਦੇਖਿਆ ਸੁਟ ਕੇ ਨਜ਼ਰ ਮਹੀਨ, ਵਢਦਾ ਪਿਛਲਾ ਬੀਜਿਆ ਜੀਵਨ ਕਿਵੇਂ ਨਵੀਨ; ਕਿੱਦਾਂ ਨਵਾਂ ਅਰੰਭਦਾ ਪਿਛਲੇ ਤਾਈਂ ਮੁਕਾ, ਵਾਧਾ ਪਲੇ ਬੰਨ੍ਹ ਕੇ ਘਾਟਿਆਂ ਤਾਈਂ ਚੁਕਾ । ਕਿੱਦਾਂ ਹਰ ਇਕ ਜਨਮ ਵਿਚ ਚੰਗੋਂ ਉਪਜੇ ਚੰਗ, ਕਿੱਦਾਂ ਭੇੜੋਂ ਭੇੜ ਦਾ ਚੜ੍ਹਦਾ ਕੋਝਾ ਰੰਗ । ਮੌਤ, ਆਮਦਨ ਖਰਚ ਦਾ ਚਿਠਾ ਇਕ ਸਿੰਞਾਣ, ਲੈਂਦਾ ਅਗਲੀ ਜ਼ਿੰਦਗੀ ਪਿਛਲੀ ਤੋਂ ਜੋ ਆਣ । ਜਿਸ ਵਿਚ ਇਕ ਥਾਂ ਹੋਂਵਦੇ ਬੀਤੇ ਕਰਮ ਤੇ ਭਾਵ, ਯਾਦਾਂ ਅਤੇ ਮੁਹੱਬਤਾਂ, ਜਤਨ, ਜਿਤਾਂ ਤੇ ਚਾਵ । ਫਿਰ ਸਾਡੇ ਭਗਵਾਨ, ਕਰ ਪ੍ਰਾਪਤ ਅਵਿਗਿਆਨ ਨੂੰ ਪਾਈ ਦ੍ਰਿਸ਼ਟ ਮਹਾਨ । ਤਕ ਸਕੇ ਜੋ ਧਰਤ ਨੂੰ ਮੰਡਲ ਹੋਰ ਅਨੇਕ, ਅਣਗਿਣਤੇ ਸੂਰਜ ਕਈ ਵੰਡਦੇ ਜੀਵਨ-ਸੇਕ । ਨੀਲੇ ਸਾਗਰ ਵਿਚ ਕਈ ਚਿਟੇ ਦੀਪ ਵਿਸ਼ਾਲ, ਹਿਲਦੇ ਤਬਦੀਲੀ ਦੀਆਂ ਅਣਥਕ ਲਹਿਰਾਂ ਨਾਲ । ਸੂਰਜ ਦੇਖੇ ਹੋਰ ਕੁਝ ਜਿਹੜੇ ਜਕੜ ਰਖਾਣ ਅਣਦਿਖ ਧੂਹਾਂ ਘਤ ਕੇ ਮੰਡਲ ਕਈ ਮਹਾਨ। ਹੋਰ ਵਡੇਰੇ ਸੂਰਜਾਂ ਦਾ ਆਖਾ ਪਰ ਮੰਨ, ਚੱਲਣ ਬਝੇ ਹੁਕਮ ਵਿਚ ਸ਼ਾਂਤ ਅਤੇ ਪਰਸੰਨ । ਦ੍ਰਿਸ਼ਟੀ ਹੋਰ ਵਿਸ਼ਾਲ ਕਰ ਦੇਖੇ ਸਾਡੇ ਬੁਧ, ਮੰਡਲਾਂ ਤੇ ਮੰਡਲ ਕਈ, ਯੁਗਾਂ ਉਤੇ ਯੁਗ । ਨਾਲੇ ਕਥਾ ਕਹਾਣੀਆਂ ਉਹਨਾਂ ਦੀਆਂ ਸਭ, ਨਾਲੇ ਕਲਪ ਮਹਾਂ ਕਲਪ ਨਜ਼ਰੋਂ ਕਢੇ ਝਬ । ਉਚਿਆਈਆਂ ਡੂੰਘਾਈਆਂ ਦੇ ਵਿਚੋਂ ਦੀ ਲੰਘ, ਗੁਜ਼ਰ ਅਕਾਸ਼ਾਂ ਵਿਚ ਦੀ ਤੱਕਿਆ ਉਨ੍ਹਾਂ ਨਿਸ਼ੰਗ- ਸਭ ਸ਼ਕਲਾਂ, ਸਭ ਤਾਰਿਆਂ ਦੇ ਪਿਛੇ ਇਕਸਾਰ, ਕਰਦਾ ਇਕ ਕਾਨੂੰਨ ਹੈ ਚੁਪ ਚੁਪੀਤਾ ਕਾਰ । ਕਰੇ ਹਨੇਰੇ ਚਾਨਣਾ, ਮੁਰਦੇ ਪਾਂਦਾ ਜਿੰਦ, ਅਣਬਣਿਆਂ ਨੂੰ ਸਾਜਦਾ, ਭਰਦਾ ਸਖਣੇ ਪਿੰਡ । ਬੋਲੇ ਬਿਨਾਂ ਸਿਖਾਂਵਦਾ ਰਖੀ ਬੰਦ ਜ਼ਬਾਨ, ਦੇਵਤਿਆਂ ਤੋਂ ਵਧ ਹੈ ਕਿਉਂਕਿ ਉਸਦਾ ਗਿਆਨ । ਹੁੰਦਾ ਨਾ ਤਬਦੀਲ ਹੋ ਨਾ ਹੀ ਕਥਿਆ ਜਾਏ, ਅਤ ਉੱਚਾ ਤੇ ਤਗੜਾ ਕੌਣ ਇਨੂੰ ਹਟਕਾਏ। ਹੈ ਇਕ ਵੱਡੀ ਸ਼ਕਤ ਇਹ ਜਿਹੜੀ ਢਾਏ ਬਣਾਏ, ਇਕੋ ਨੇਮ ਅਨੁਸਾਰ ਜੋ ਸਭ ਤੇ ਹੁਕਮ ਚਲਾਏ। ਕੀ ਹੈ ਆਖਰ ਨੇਮ ਇਹ ? ਇਸ ਦਾ ਸਾਫ਼ ਜਵਾਬ: ਸਚਿਆਈ ਤੇ ਸੁੰਦਰਤਾ, ਚੰਗਿਆਈ ਤੇ ਲਾਭ। ਇਸ ਲਈ ਚੀਜ਼ਾਂ ਸਭ ਉਹ ਚੰਗੀਆਂ ਹੋਣ ਸ਼ੁਮਾਰ, ਰਾਤ ਦਿਨੇ ਜੋ ਤੁਰਦੀਆਂ ਏਸ ਨੇਮ ਅਨੁਸਾਰ । ਧਰਮ ਕੀੜੇ ਦਾ ਚੁਗਣਾ, ਬਾਜ਼ ਵੀ ਚੰਗਾ ਜਾਣ, ਪੰਜੇ ਵਿਚ ਸ਼ਿਕਾਰ ਜੋ ਕਰਦਾ ਲਹੂ ਲੁਹਾਨ । ਉਤੇ ਤਾਰਾ ਚਮਕਦਾ, ਹੇਠਾਂ ਕਤਰਾ ਤ੍ਰੇਲ, ਇਕੋ ਸਾਂਝੇ ਕੰਮ ਲਈ ਹਸ ਹਸ ਕਰਦੇ ਕੇਲ । ਤੇ ਉਹ ਚੰਗਾ, ਜੀਉਂਦਾ ਜਿਹੜਾ ਮਰਨ ਲਈ, ਯਾ ਚੰਗੇ ਜੀਵਨ ਲਈ ਰਖਦਾ ਜਾਨ ਤਲੀ । ਤੀਜੇ ਪਹਿਰ ਦੇਖਿਆ ਇਹ ਸਭ ਕੁਝ ਭਗਵਾਨ, ਚੌਥੇ ਪਹਿਰੇ ਖੁਲ੍ਹਿਆ ਭੇਤ ਸ਼ੋਕ ਦਾ ਆਣ । ਇਉਂ ਨਰੜੇ ਕਾਨੂੰਨ ਨੂੰ ਸ਼ੋਕ ਚਾੜ੍ਹ ਕੇ ਵਲ ਸੁਨਿਆਰੇ ਦੀ ਅੱਗ ਨੂੰ ਜਿੱਦ ਸਿਲ੍ਹ ਤੇ ਮਲ। ‘ਦੁੱਖ-ਸਤਿ’ ਦਾ ਖੁਲ੍ਹਿਆ ਰਾਜ਼ ਬੁਧ ਤੇ ਫੇਰ, ਸਚਿਆਈਆਂ ਚੋਂ ਪ੍ਰਗਟੀ ਜਿਹੜੀ ਪਹਿਲੀ ਵੇਰ । ਜਿਹੜੀ ਆਖੇ : ਸ਼ੋਕ ਹੈ ਜ਼ਿੰਦਗੀ ਦੀ ਪਰਛਾਂ, ਨਾਲੋ ਨਾਲ ਜੋ ਦੌੜਦਾ ਫੜ ਜ਼ਿੰਦਗੀ ਦੀ ਬਾਂਹ । ਛਡਿਆਂ ਮੂਲ ਨਾ ਛੁਟਦਾ ਲਾਵੋ ਤਾਣ ਹਜ਼ਾਰ, ਟੁਟੇ ਨਾ ਜਦ ਤੀਕਰਾਂ ਜ਼ਿੰਦਗਾਨੀ ਦੀ ਤਾਰ । ਜਨਮ, ਜਵਾਨੀ, ਬੁਢਪਣਾ, ਸੁਖ ਦੁਖ, ਘ੍ਰਿਣਾ, ਪਿਆਰ, ਬਦਲਦੀਆਂ ਏਸੇ ਦੀਆਂ ਸ਼ਕਲਾਂ ਵਾਰੋ ਵਾਰ । ਸੁਟ ਨਾ ਕੋਈ ਸਕਦਾ ਗਲ ਅਪਣੇ ਤੋਂ ਲਾਹ, ਸੋਗਾਂ ਭਰੀਆਂ ਖੁਸ਼ੀਆਂ, ਗ਼ਮਾਂ-ਭਰੇ ਉਮਾਹ । ਹੋ ਜਾਵੇ ਨਾ ਓਸ ਨੂੰ ਜਦ ਤੀਕਰ ਇਹ ਗਿਆਨ । ਨਿਰੇ ਭੁਲਾਵੇ ਹਨ ਇਹ ਜਿਹੜੇ ਪਏ ਭੁਲਾਣ । ਐਪਰ ਜਿਨੂੰ ਅਵਿਦਿਆ ਦੀ ਲਗ ਜਾਵੇ ਸੋ, ਜੀਵਨ ਨੂੰ ਨਾ ਚੰਮੜਦਾ ਏਸ ਤਰਾਂ ਫਿਰ ਉਹ । ਕਿਉਂਕਿ ਉਹ ਫਿਰ ਦੇਖਦਾ ਗਿਆਨ ਨੇਤਰਾਂ ਨਾਲ, ਰੁਚੀਆਂ ਨੂੰ ਪੈਦਾ ਕਰੇ ਮਾਇਆ ਦੀ ਹੀ ਚਾਲ। ਰੁਚੀਆਂ ਹਨ ਬਲ ਦੇਂਦੀਆਂ ਜਿਸ ਚੋਂ ਅਪਣੀ ਵਾਰ, ਨਾਮ ਰੂਪ ਹਨ ਉਪਜਦੇ ਜਿਹੜੇ ਸ਼ੀਸ਼ੇ ਹਾਰ, ਨੰਗੀਆਂ ਕਰਦੇ ਸੁਰਤੀਆਂ ਪੜਦੇ ਪਰਾਂ ਹਟਾ, ਤਾਂ ਜੇ ਸੁਫਨੇ ਮਨ ਦੇ ਸੱਕਣ ਸਭ ਵਿਖਾ । ਏਸ ਤਰਾਂ ਪਰ ‘ਵੇਦਨਾ’ ਵਧਦੀ ਜਾਵੇ ਹੋਰ, ਖੁਸ਼ੀਆਂ ਜਿਸ ਦੀਆਂ ਝੂਠੀਆਂ, ਨਾਲੇ ਗ਼ਮ ਕਠੋਰ । ਐਪਰ ਸਭੋ ਖਾਹਿਸ਼ਾਂ ਦੀ ਵੱਡ-ਉਮਰੀ ਮਾਂ, ‘ਤ੍ਰਿਸ਼ਨਾ’ ਐਸੀ ਪਿਆਸ ਹੈ ਜਿਹੜੀ ਧਕ ਅਗਾਂਹ, ਲਹਿਰਾਂ ਝੂਠੀਆਂ ਖਾਰੀਆਂ ਦੇ ਘੁਟਾਂ ਤੇ ਘੁਟ, ਭਰਨੇ ਲਈ ਹੈ ਪ੍ਰੇਰਦੀ ਜਦ ਤਕ ਜਾਨ ਨਿਹੁਟ । ਸ਼ੁਹਰਤ, ਉਸਤਤ, ਧਨ, ਖੁਸ਼ੀ, ਫਤਹ, ਹਕੂਮਤ, ਮੋਹ, ਦੀ ਝੱਗਾਂ ਤੇ ਭਟਕਦਾ ਬੰਦਾ ਬੇਵਸ ਹੋ। ਵਧੀਆ ਭੋਜਨ ਬਸਤ ਯਾ ਰਾਜ-ਭਵਨ ਦੀ ਚਾਹ, ਜੋਸ਼ ਤੇ ਧੱਕਾ ਯੁਬਾ ਦਾ ਮਿਠੇ ਫਿਕੇ ਗੁਨਾਹ । ਇਉਂ ਜੀਵਨ ਦੀ ਤ੍ਰਿਸ਼ਨਾ ਰਖੇ ਬੁਝਣ ਦੀ ਆਸ, ਉਹਨਾਂ ਪਾਣੀਆਂ ਨਾਲ ਜੋ ਲਾਵਣ ਹੋਰ ਪਿਆਸ । ਪਰ ਤ੍ਰਿਸ਼ਨਾਂ ਤੋਂ ਆਤਮਾ ਸਿਆਣਾ ਪਰਾਂ ਹਟਾਏ, ਕੂੜ ਦ੍ਰਿਸ਼ਾਂ ਤੇ ਸੁਰਤੀਆਂ ਅਪਣੀਆਂ ਨਾ ਭਰਮਾਏ। ਨਾਲੇ ਅਪਣੇ ਮਨ ਨੂੰ ਇਸ ਤਰਾਂ ਦਿਰੜਾਏ, ਗ੍ਰਹਿਣ ਲਈ ਨਾ ਯੁਧ ਕਰੇ ਦਿਲ ਨਾ ਕੋਈ ਦੁਖਾਏ : ਕਰਮਾਂ ਦੀ ਮੰਦਗਤੀ ਨੂੰ ਚੁੱਪ ਕਰ ਲਏ ਸਹਾਰ, ਵਸ ਕਰ ਅਪਣੀਆਂ ਕਾਮਨਾਂ ਭੁਖੀਆਂ ਦੇਵੇ ਮਾਰ । ਇਥੋਂ ਤਕ ਕਿ ਗੁਜ਼ਰੇ ਜੀਵਨ ਦਾ ਸਭ ਜੋੜ, ਕੀਤੇ ਸੋਚੇ ਕੰਮਾਂ ਦਾ ਕਢਿਆ ਤਤ ਨਚੋੜ ‘ਕਰਮ’-ਪਕੜ ਉਸ ਖੁਦੀ ਨੂੰ ਕਰਦੇ ਅਉਗਣ-ਹੀਨ, ਬਣੁੀ ਅਮਲ ਤੇ ਸਮੇਂ ਨੇ ਬਣਤਰ ਜਿਦ੍ਹੀ ਮਹੀਨ । ਓਦੋਂ ਰਹਿੰਦੀ ਮੂਲ ਨਾ ਹੋਰ ਜੀਵਨ ਦੀ ਲੋੜ, ਓਦੋਂ ਜੀਵਨ ਆਉਂਦਾ ਉਸ ਹਸਤੀ ਵਿਚ ਦੌੜ ਕਰਦੀ ਜੋ ਨਿਸ਼ਕਾਮ ਕੰਮ ਮੰਜ਼ਲ ਜਾਵੇ ਪੁਜ, ਵੱਜ ਨਾ ਜਿਥੇ ਸਕਦੀ ਕਾਲ ਚੱਕ੍ਰ ਦੀ ਹੁੱਜ । ਨਾਲੇ ਦੋਸ਼ ਸਰੀਰ ਦੇ ਕਰ ਨਾ ਸਕਣ ਹਰਾਨ, ਦੇਵਾਂ ਤੋਂ ਪਰਸੰਨ ਵਧ ਹੋ ਜਾਵੇ ਇਨਸਾਨ। ਜ਼ਿੰਦਗਾਨੀ ਦੀ ਲਾਲਸਾ ਜਾਵੇ ਮੁਕ ਤਮਾਮ, ਸ਼ਾਂਤੀ ਅਤੇ ਅਨੰਦ ਵਿਚ ਮਿਲੇ ਅਕਥ ਅਰਾਮ। ਪਾਪੋਂ ਰਹਿਤ ਅਡੋਲਤਾ, ਸ਼ਾਂਤਮਈ ਨਿਰਵਾਨ, ਪਦਵੀ ਉੱਚੀ ਸਭ ਤੋਂ ਮੰਨਦੇ ਜਿਨੂੰ ਸੁਜਾਨ । ਏਧਰ ਬੁਧ ਦੀ ਜਿਤ ਹੋਈ ਓਧਰ ਫੁਟੀ ਪਹੁ, ਪਹਿਲੀਆਂ ਕਿਰਨਾਂ ਲਿਸ਼ਕੀਆਂ ਪੂਰਬ ਦੇ ਵਿਚ ਔਹ ! ਭੱਜੀ ਜਾਂਦੀ ਰਾਤ ਦੀ ਕਾਲੀ ਝੋਲੀ ਪਾੜ, ਡੁਲ੍ਹ ਪਈਆਂ ਜੋ ਮਲਕੜੇ ਅੰਬਰ ਦੇ ਵਿਚਕਾਰ । ਜਿਉਂ ਜਿਉਂ ਗਈਆਂ ਹੋਦੀਆਂ ਕਿਰਨਾਂ ਹੋਰ ਰੰਗੀਨ, ਵਡ ਤਾਰਾ ਪਰਭਾਤ ਦਾ ਹੁੰਦਾ ਗਿਆ ਮਹੀਨ । ਸਭ ਤੋਂ ਪਹਿਲਾਂ ਜਾਗਿਆ ਪਰਬਤ ਅਖ ਉਘਾੜ, ਮੁਕਟ ਕਿਰਮਚੀ ਸੀਸ ਤੇ ਲਿਆ ਓਸ ਨੇ ਧਾਰ । ਇਕ ਇਕ ਕਰਕੇ ਫੁਲਾਂ ਨੇ ਪੈ ਸਰਘੀ ਦੀ ਝੋਲ, ਬੱਚੇ ਦੀ ਮੁਠ ਵਾਂਗਰਾਂ ਕਲੀਆਂ ਦਿਤੀਆਂ ਖੋਲ । ਝਮ ਝਮ ਕਰਦੇ ਘਾਹ ਤੇ ਚਾਨਣ ਰੱਖੇ ਪੱਬ, ਬਦਲੇ ਹੰਝੂ ਰਾਤ ਦੇ ਮੋਤੀਆਂ ਦੇ ਵਿਚ ਝੱਬ । ਪਲੋ ਪਲੀ ਵਿਚ ਹੋ ਗਿਆ ਰੰਗ ਧਰਤੀ ਦਾ ਹੋਰ ਲਗੀ ਝਿੱਕੇ ਬਦਲਾਂ ਸੋਨ ਸੁਨਹਿਰੀ ਕੋਰ । ਸੋਨੇ ਵਿਚ ਮੜ੍ਹੀ ਗਏ ਖਜੀਆਂ ਦੇ ਸਭ ਪੱਤ, ਲਾਲਾਂ ਵਾਂਗੂੰ ਭਖ ਉਠੀ ਅਸਮਾਨਾਂ ਦੀ ਛੱਤ । ਜੰਗਲ ਦੇ ਵਿਚ ਹਰਨ ਨੇ ਖੋਹਲੇ ਮੁੰਦੇ ਨੈਣ, ਲਗੇ ਪੰਛੀ ਰੰਗਲੇ ਭੇਤ ਦਿਲਾਂ ਦੇ ਕਹਿਣ । ‘ਊਸ਼ਾ, ਊਸ਼ਾ’ ਕਰ ਉਠੀ ਚੁੰਝ ਨੂੰ ਖੋਹਲ ਗੁਟਾਰ, ਲਾਈ ਸੂਰਜ-ਪੰਛੀਆਂ ਚੈਂ ਚੈਂ ਨਾਲ ਬਹਾਰ । ਲਟਪਟ ਕੀਤੀ ਤੋਤਿਆਂ, ਕਾਂ ਕਾਂ ਕੀਤੀ ਕਾਂ, ਘੂੰ ਘੂੰ ਘੂੰ ਕਰ ਘੁਗੀਆਂ ਬੰਨਿਆਂ ਅਜਬ ਸਮਾਂ । ਇਸ ਵੱਡੀ ਪਰਭਾਤ ਦਾ ਏਡਾ ਸੀ ਪਰਭਾ, ਦੂਰ ਨੇੜੇ ਸਭ ਘਰਾਂ ਤੇ ਗਈ ਸ਼ਾਂਤ ਇਕ ਛਾ । ਦਿੱਤਾ ਘਾਤਕ ਨੇ ਛੁਰਾ ਹਥ ਅਪਣੇ ਚੋਂ ਸੁਟ, ਦਿਤੀ ਮੋੜ ਲੁਟੇਰਿਆਂ ਝਬਦੇ ਅਪਣੀ ਲੁਟ । ਮੰਦੇ ਦਿਲ ਚੰਗੇ ਬਣੇ ਚੰਗੇ ਚੰਗੇ ਹੋਰ, ਬੰਦ ਕਰ ਦਿਤੇ ਰਾਜਿਆਂ ਖੂਨੀ ਯੁਧ ਕਠੋਰ । ਉਠ ਮੰਜੇ ਤੇ ਬਹਿ ਗਏ ਹਸ ਕੇ ਦੁਖੀ ਬੀਮਾਰ, ਰੰਗਲੇ ਫੁਲ ਦੇ ਵਾਂਗਰਾਂ ਟਹਿਕ ਪਿਆ ਸੰਸਾਰ। ਸਿਧਾਰਥ ਦੇ ਪਲੰਘ ਤੇ ਬੈਠੀ ਅੱਤ ਉਦਾਸ, ਉੱਠੀ ਹਿਕ ਯਸ਼ੋਧਰਾ ਵਿਚ ਅਚਾਨਕ ਆਸ । ਪ੍ਰੇਮ ਨਾ ਬਿਰਥਾ ਜਾਵੰਦਾ ਨਾ ਕੋਈ ਵੱਡਾ ਗ਼ਮ, ਖੁਸ਼ੀਆਂ ਦੇ ਵਿਚ ਬਦਲਕੇ ਰਹਿੰਦਾ ਆਖਰ ਦਮ । ਸਾਰਾ ਜਗ ਪਰਸੰਨ ਸੀ ਭਾਵੇਂ ਪਤਾ ਨਾ ਕਿਉਂ, ਫਿਰਿਆ ਉਜੜੇ ਥਲਾਂ ਤੇ ਗੀਤ ਖੁਸ਼ੀ ਦਾ ਇਉਂ । “ਢੂੰਢ ਮੁਕ ਗਈ।” ਗਲੀ ਵਿਚ ਪ੍ਰੋਹਤ ਹੋ ਹੈਰਾਨ, ਬੋਲੇ: “ਹੋਈ ਜਗ ਤੇ ਘਟਨਾ ਕੋਈ ਮਹਾਨ ।” ਪੈਦਾ ਹੋ ਗਈ ਸਾਂਝ ਇਕ ਵਣ-ਪਸ਼ੂਆਂ ਵਿਚਕਾਰ, ਪਰਗਟ ਕੀਤਾ ਹਰਨ ਨੇ ਨਾਲ ਸ਼ੇਰਨੀ ਪਿਆਰ । ਪੀਤਾ ਗਉਆਂ ਚੀਤਿਆਂ ਪਾਣੀ ਇਕੋ ਜਾ, ਖੰਭਾਂ ਹੇਠ ਉਕਾਬ ਦੇ ਸਹਿਆਂ ਲਈ ਪਨਾਹ । ਸਾਡੇ ਬੁਧ ਦੀ ਆਤਮਾ ਦਾ ਇਤਨਾ ਪਰਭਾ, ਪੰਛੀ ਪਸ਼ੂ ਮਨੁਖ ਦੇ ਉਪਰ ਗਿਆ ਸੀ ਛਾ। ਜਦ ਉਹ ਬੋਧੀ ਬ੍ਰਿਛ ਦੇ ਹੇਠਾਂ ਸਾਂਝੇ ਗਿਆਨ, ਦੇ ਚਾਨਣ ਵਿਚ ਚਮਕਦੇ ਸੁਟਦੇ ਸਨ ਮੁਸਕਾਨ। ਤਗੜੇ ਤੇ ਪਰਸੰਨ ਹੋ ਉਠੇ ਫਿਰ ਭਗਵਾਨ, ਸਭ ਜੁਗਾਂ ਤੇ ਜਗਾਂ ਨੂੰ ਲਗੇ ਇਉਂ ਸੁਣਾਨ: “ਜੀਵਨ ਦਿਆਂ ਅਨੇਕਾਂ ਸੌੜੇ ਘੁਰਨਿਆਂ, ਸਦਾ ਸਦਾ ਤੋਂ ਮੈਨੂੰ ਕੈਦੀ ਰਖਿਆ। ਰਿਹਾ ਸਦਾ ਮੈਂ ਓਸੇ ਨੂੰ ਹੀ ਚੂੰਢਦਾ, ਜਿਸ ਇਹ ਸੋਗੀ ਬੰਦੀਖਾਨਾ ਸਾਜਿਆ। ਮੇਰੀ ਘਾਲ ਅਮੁਕ ਪੀੜਾ-ਭਰੀ ਸੀ। ਪਰ ਓ ਮਾਇਆ ! ਤੈਨੂੰ ਹੁਣ ਮੈਂ ਜਾਣਿਆਂ, ਹੁਣ ਤੂੰ ਇਹ ਦੁਖ-ਕੰਧਾਂ ਸਕੇਂ ਉਸਾਰ ਨਾ, ਨਾ ਧੋਖੇ ਦੀ ਛੱਤ ਉਪਰ ਪਾ ਸਕੇਂ । ਟੁਟਿਆ ਤੇਰਾ ਘਰ ਤੇ ਥਮਲਾ ਕੁੜਕਿਆ, ਹੁਣ ਸਵਤੰਤਰ ਜਿਥੋਂ ਹਾਂ ਮੈਂ ਨਿਕਲਦਾ, ਮੁਕਤੀ ਨੂੰ ਝੋਲੀ ਵਿਚ ਪਾਵਣ ਦੇ ਲਈ ।”

ਸਤਵੀਂ ਪੁਸਤਕ

ਉਹ ਸਾਰੇ ਲੰਮੇ ਵਰ੍ਹੇ, ਸਾਕਯ ਰਾਣਿਆਂ ਵਿਚ, ਸੋਗੀ ਸਮਾਂ ਗੁਜ਼ਾਰਦਾ ਰਿਹਾ ਸਧੋਧਨ ਨਿਤ। ਪੁਤ ਦੇ ਇੱਕੋ ਬੋਲ ਨੂੰ ਸਹਿਕ ਗਿਆ ਉਹ ਅੱਤ, ਕਿੱਦਾਂ ਬਹੇ ਅਰਾਮ ਕਰ ਵਿਛੜੀ ਹੋਈ ਰੱਤ । ਉਹ ਸਾਰੇ ਲੰਮੇ ਵਰ੍ਹੇ, ਕਟ ਕੇ ਵਿਚ ਉਡੀਕ, ਹੋਈ ਸੁਕ ਯਸ਼ੋਧਰਾਂ ਚਾਨਣ ਦੀ ਇਕ ਲੀਕ । ਜਾਣੋ ਜੀਉਂਦੇ ਪਤੀ ਦੀ ਬ੍ਰਿਹੋਂ-ਚਿਖਾ ਵਿਚਕਾਰ, ਸੁਤੀ ਸਤੀ ਯਸ਼ੋਧਰਾਂ ਲਾ ਕੇ ਗਲ ਅੰਗਿਆਰ । ਦੂਰ ਥਲਾਂ ਤੋਂ ਆਉਂਦੇ ਜਦ ਕਦੀ ਉਠਵਾਨ, ਜਾਂ ਸੌਦਾਗਰ ਪਹੁੰਚਦੇ ਲੰਮੀਆਂ ਮੰਜ਼ਲਾਂ ਛਾਣ, ਦਸਦੇ ਕਿਸੇ ਵਿਰਕਤ ਦਾ ਆਕੇ ਪਤਾ ਨਿਸ਼ਾਨ, “ਜਾਉ ਲਿਆਵੋ !” ਨਿਕਲਦਾ ਰਾਜੇ ਦਾ ਫਰਮਾਨ । ਵਸੋਂ ਅਤੇ ਉਜਾੜ ਚੋਂ ਕਾਸਦ ਲੰਘਦੇ ਝੱਬ, ਕਿਸੇ ਗੁਆਚੇ ਰਿਸ਼ੀ ਦੀ ਖ਼ਬਰ ਲਿਆਉਂਦੇ ਲਭ । ਐਪਰ ਰਾਜਕੁਮਾਰ ਦੀ ਲਿਆਇਆ ਕੋਈ ਨਾ ਸੋ, ਪੋਟਾ ਪੋਟਾ ਧਰਤ ਦਾ ਭਾਵੇਂ ਦਿੱਤਾ ਟੋਹ । ਪਤਾ ਨੀ ਕਿਹੜੀ ਧਰਤ ਤੇ ਭੌਦਾ ਹੋ ਦਲਗੀਰ, ਇਹ ਵੀ ਪਤਾ ਨਾ ਜੀਉਂਦਾ ਯਾ ਛਡ ਗਿਆ ਸਰੀਰ । ਇਕ ਦਿਨ ਰੁੱਤ ਬਹਾਰ, ਅੰਬ-ਬ੍ਰਿਛਾਂ ਤੇ ਦੇਂਵਦਾ ਬੂਰ ਜਦੋਂ ਲਿਸ਼ਕਾਰ, ਬੈਠੀ ਸੀਗ ਯਸ਼ੋਧਰਾਂ ਬਾਗ਼-ਨਦੀ ਦੇ ਤੀਰ, ਕੰਵਲ ਫੁਲਾਂ ਦੇ ਨਾਲ ਸੀ ਜੜਿਆ ਜਿਸਦਾ ਨੀਰ, ਵਹਿੰਦਾ ਸ਼ੀਸ਼ਾ ਨਦੀ ਦਾ ਕਦੀ ਪਹਿਲੀਆਂ ਵਿਚ, ਜੁੜੇ ਬੁਲ੍ਹਾਂ ਤੇ ਹਥਾਂ ਦਾ ਅਕਸ ਲੈਂਦਾ ਸੀ ਖਿਚ । ਪਰ ਅਜ ਛੱਪਰ ਕੁੜੀ ਦੇ ਪੀਲੇ ਹੰਝੂਆਂ ਨਾਲ, ਕੋਮਲ ਗਲ੍ਹਾਂ ਉਹਦੀਆਂ ਬੇਰੰਗ ਅਤੇ ਨਢਾਲ। ਲੀਕਾਂ ਬੁਲ੍ਹਾਂ ਉਤਲੀਆਂ ਮਿਠੀਆਂ ਅਤੇ ਬਰੀਕ, ਨਾਲ ਅਣਦਿਸਦੀ ਪੀੜ ਦੇ ਸੁੰਗੜੀਆਂ ਗੁੱਠਾਂ ਤੀਕ । ਲਈ ਬੱਝੇ ਵਿਧਵਾ ਵਾਂਗਰਾਂ ਜੂੜੇ ਦੇ ਵਿਚ ਵਾਲ, ਨਾ ਕੋਈ ਗਹਿਣਾ ਰੰਗਲਾ ਨਾ ਕੋਈ ਹੀਰੇ ਲਾਲ । ਇਕੋ ਪੱਲਾ ਮਾਤਮੀ ਸਾਦੀ ਜਿਸਦੀ ਸਜ, ਉਚੀ ਸੁਚੀ ਓਸਦੀ ਹਿਕ ਰਿਹਾ ਸੀ ਕਜ । ਪੀੜ ਪੀੜ ਅਜ ਉਠ ਰਹੇ ਨਿਕੇ ਸੋਹਣੇ ਪਬ, ਸੁਣਕੇ ਬੋਲ ਕੁਮਾਰ ਦੇ ਨਚਦੇ ਸਨ ਜੋ ਝਬ । ਰੋਸ਼ਨ ਦੀਪਕ ਪ੍ਰੇਮ ਦੇ ਸੋਹਣੇ ਉਸਦੇ ਨੈਣ, ਸੂਰਜ ਸਨ ਜੋ ਚਾੜ੍ਹਦੇ ਵਿਚ ਹਨੇਰੀ ਰੈਨ, ਬਿਨਾ ਮਨੋਰਥ ਲਿਸ਼ਕ ਦੇ ਤਕ ਰਹੇ ਸਨ ਅੱਜ, ਝਿਕੀਆਂ ਪਲਕਾਂ ਰੇਸ਼ਮੀ ਗ਼ਮ ਨਾ ਸੱਕਣ ਕੱਜ । ਕਮਰ-ਕੱਸਾ ਇਕ ਹਥ ਸੀ ਜੜਤ ਮੋਤੀਆਂ ਨਾਲ, ਜੋ ਬਿਰਹੋਂ ਦੀ ਰਾਤ ਤੋਂ ਰਖਿਆ ਓਸ ਸੰਭਾਲ, ਹੱਥ ਦੂਜੇ ਦੀ ਉਂਗਲੀ ਲੱਗਾ ਉਸਦਾ ਬਾਲ, ਰਾਹੁਲ, ਚੜ੍ਹਿਆ ਜਿਨੂੰ ਸੀ ਆ ਹੁਣ ਸਤਵਾਂ ਸਾਲ, ਤਕ ਧਰਤੀ ਦੀ ਹਿੱਕ ਤੇ ਖਿੜੇ ਫੁੱਲਾਂ ਦਾ ਜਾਲ, ਕੁਦਦਾ ਜਾਂਦਾ ਸੀਗ ਉਹ ਅਪਣੀ ਮਾਤਾ ਨਾਲ। ਏਦਾਂ ਰਾਹੁਲ ਖੇਡਦਾ ਕੰਵਲ ਤਲਾਆਂ ਕੋਲ, ਨੀਲੀਆਂ ਪੀਲੀਆਂ ਮਛੀਆਂ ਤਾਂਈ ਸੁਟਦਾ ਚੋਲ । ਐਪਰ ਮਾਤਾ ਓਸਦੀ ਸੋਗੀ ਨੈਣਾਂ ਨਾਲ, ਅੱਗੇ ਇੱਲਾਂ ਉਡਦੀਆਂ ਕਰਦੀ ਇੰਜ ਸੁਆਲ: “ਜੁਗ ਜੁਗ ਜੀਂਦੇ ਪੰਛੀਓ, ਜਾਉ ਜੇ ਓਸ ਸਥਾਨ, ਜਿਥੇ ਬੈਠੇ ਛੁਪ ਕੇ ਪੂਜਯ ਮੇਰੇ ਭਗਵਾਨ, ਮੇਰੀ ਵਲੋਂ ਆਖਣਾ ਤੁਹਾਡੇ ਇਕੋ ਬੋਲ, ਤੇ ਇਕ ਛੁਹ ਨੂੰ ਸਹਿਕਦੀ ਮਰੀ ਤੁਹਾਡੀ ਸੁਹਲ । ਇਉਂ ਜਦ ਪੁੱਤਰ ਖੇਡਦਾ ਮਾਂ ਸੀ ਭਰਦੀ ਆਹ, ਇਕ ਬਾਂਦੀ ਨੇ ਓਸਨੂੰ ਏਦਾਂ ਦਸਿਆ ਆ: “ਹੇ ਵਡੀਏ ਕੰਵਰਾਣੀਏ ! ਦੋ ਸੌਦਾਗਰ ਅਜ, ਤ੍ਰਿਪੁਸ਼ ਤੇ ਭਾਲਕ ਆਏ ਨੇ, ਸਾਊ ਨੇ ਜੋ ਰਜ । ਦੂਰ ਸਾਗਰਾਂ ਤੀਕ ਜੋ ਆਏ ਪੈਂਡੇ ਮਾਰ, ਲਿਆਏ ਜ਼ਰੀਆਂ ਦੰਦਖੰਦ, ਖੰਜਰ ਮੀਨਾਕਾਰ । ਨਾਲੇ ਜੜੀਆਂ ਬੂਟੀਆਂ ਅਚਰਜ ਕਈ ਜਨੌਰ, ਸਭ ਕਾਸੇ ਤੋਂ ਵਧ ਪਰ ਖ਼ਬਰ ਦੇਣ ਇਕ ਹੋਰ । ਆਖਣ ਉਹਨਾਂ ਦੇਖਿਆ ਪੂਜਯ ਸਾਡਾ ਭਗਵਾਨ, ਸਿਧਾਰਥ, ਸਭ ਧਰਤ ਦੀ ਜਿਹੜਾ ਜਿੰਦ ਪਰਾਨ। ਆਖਣ ਆਹਮੋ ਸਾਹਮਣੇ ਤੱਕੇ ਨੇ ਪਰਤੱਖ, ਚਰਨਾਂ ਉਤੇ ਉਨ੍ਹਾਂ ਦੇ ਮਸਤਕ ਅਪਣ ਰੱਖ । ਜਿੱਦਾਂ ਕਿਹਾ ਸਿਆਣਿਆਂ ਓਵੇਂ ਬਣ ਗਏ ਉਹ, ਪੂਜ, ਪਵਿੱਤਰ, ਜਗਤ ਗੁਰ, ਨਿਰਮੋਹ ਤੇ ਨਿਰਭਉ । ਉਹ ਬੁਧ ਜਿਸਦਾ ਪੂਜਯ ਦਿਲ ਕੋਮਲ ਅਤੇ ਵਿਸ਼ਾਲ, ਬੰਧਨ ਕੱਟੇ ਜਗਤ ਦੇ, ਇਕ ਨਿਗਾਹ ਦੇ ਨਾਲ । ਨਾਲੇ ਹਨ ਉਹ ਆਖਦੇ, ਹੋ ਕੇ ਅਤੇ ਨਿਰਮਾਣ, ਵਤਨਾਂ ਵਲ ਹਨ ਆ ਰਹੇ ਛੇਤੀ ਹੀ ਭਗਵਾਨ । ਸੁਣਕੇ ਖਿੜੀ ਯਸ਼ੋਧਰਾਂ ਜਿਉਂ ਸਰਘੀ ਦਾ ਫੁੱਲ, ਲਹੂ ਨਾੜਾਂ ਵਿਚ ਦੌੜਿਆ ਕਸਤੂਰੀ ਜਿਉਂ ਹੁਲ । ਉੱਠੀ ਤੁਰਤ ਯਸੋਧਰਾਂ ਤਲੀ ਤਲੀ ਤੇ ਮਾਰ, ਬੁਲ੍ਹੀਂ ਹਾਸਾ ਛਣਕਿਆ ਨੈਣ ਹੋਏ ਜਲਿਹਾਰ । “ਛੇਤੀ ਲਿਆਵੋ ਸੱਦ ਕੇ,” ਭਰ ਕੇ ਆਖਿਆ ਉਸ, “ਇਹ ਸੌਦਾਗਰ ਗ੍ਰਹਿ ਮੇਰੇ ਕਰਾਂ ਉਨ੍ਹਾਂ ਨੂੰ ਖੁਸ਼ । ਸੁਕੇ ਸੰਘਿਆਂ ਵਾਂਗਰਾਂ ਕਿਉਂਕਿ ਮੇਰੇ ਕੰਨ, ਏਸ ਸੁਭਾਗੀ ਖ਼ਬਰ ਦੇ ਚਿਰ ਤੋਂ ਪਿਆਸੇ ਹਨ। ਜਾਉ ਲਿਆਵੇ ਉਨ੍ਹਾਂ ਨੂੰ ਇਥੇ ਮੇਰੇ ਕੋਲ, ਤਾਂ ਜੇ ਮੋਤੀਆਂ ਨਾਲ ਮੈਂ ਭਰਾਂ ਉਨ੍ਹਾਂ ਦੀ ਝੋਲ। ਤੁਸੀਂ ਵੀ ਕੁੜੀਉ ਮੇਰੀਉ ਲੈਣਾ ਮੂੰਹੋਂ ਮੰਗ, ਦਾਤਾ ਨੇ ਜੇ ਕਰ ਦਿਤੀ ਪੂਰੀ ਮੇਰੀ ਉਮੰਗ ।” ਉਹ ਸੌਦਾਗਰ ਆ ਗਏ ਸੁਖ-ਮੰਦਰ ਵਿਚ ਝੱਬ, ਜ਼ਰੀਆਂ-ਕਢੇ ਰਸਤਿਆਂ ਉੱਪਰ ਧਰਦੇ ਪੱਬ । ਚੁਕ ਚੁਕ ਕੇ ਮੂੰਹ ਬਾਂਦੀਆਂ ਤੱਕਣ ਉਹਨਾਂ ਵਲ ਚਕ੍ਰਿਤ ਹੁੰਦੇ ਜਾਣ ਉਹ ਦੇਖ ਹੁਸਨ ਦਾ ਛਲ । ਅਪਰ ਪਹੁੰਚੇ ਜਦੋਂ ਉਹ ਆ ਪਰਦੇ ਦੇ ਕੋਲ, ਸੁਣਿਆਂ ਉਹਨਾਂ ਥਰਕਵਾਂ ਅਤੇ ਕੋਮਲ ਇਕ ਬੋਲ: “ਦੂਰ ਦੇਸ਼ਾਂ ਤੋਂ ਆਏ ਹੋ, ਲੰਮੇ ਪੈਂਡ ਮਾਰ, ਤਕਿਆ ਨਾਲੇ ਪੂਜਿਆ ਮੇਰਾ ਤੁਸਾਂ ਭਤਾਰ । ਕਿਉਂਕਿ ਉਹ ਹੁਣ ਬਣ ਗਏ ਪਵਿਤਰ, ਬੰਦੀ ਛੋੜ, ਸਾਰੇ ਜਗ ਦੇ ਪੂਜਨੀਯ ਸੁਚਤਾ ਵਿਚ ਬੇਜੋੜ । ਗ੍ਰਹਿ ਮੇਰੇ ਦੇ ਮਿੱਤਰੋ ਲਉ ਮੇਰਾ ਸਤਕਾਰ, ਜੀਉ ਆਇਆਂ ਨੂੰ ਆਖਦੀ ਤੁਹਾਨੂੰ ਸੌ ਸੌ ਵਾਰ । ਇਕ ਵੇਰੀ ਫਿਰ ਆਖਣਾ ਕੀ ਮੇਰੇ ਭਗਵਾਨ, ਵਤਨਾਂ ਵਲ ਨੇ ਮੁੜ ਰਹੇ ਕਰਨ ਮੇਰੀ ਕਲਿਆਨ ।” ਤੱਦ ਤ੍ਰਿਪੁਸ਼ ਨੇ ਆਖਿਆ, “ਅਸੀਂ ਦੇਖਿਆ ਆਪ, ਹੇ ਚੰਗੀਏ ਕੰਵਰਾਣੀਏ ਬੁਧ ਦਾ ਵਡ ਪਰਤਾਪ । ਕੰਵਰ ਗਵਾਚਾ ਸੀਗ ਜੋ ਲਭਿਆ ਰਾਜਾ ਬਣ, ਕੰਢੇ ਫਲਗੂ ਨਦੀ ਦੇ ਸੰਘਣੇ ਜਿਥੇ ਵਣ । ਹੇਠਾਂ ਬੋਧੀ ਬ੍ਰਿਛ ਦੇ ਪਾ ਕੇ ਉਚਾ ਗਿਆਨ, ਤਾਰਨ ਹਾਰੇ ਜਗਤ ਨੂੰ ਬਣ ਗਏ ਉਹ ਭਗਵਾਨ । ਬਿਲਕੁਲ ਰਾਜ਼ੀ ਹਨ ਉਹ ਸਭ ਰੋਗਾਂ ਤੋਂ ਦੂਰ, ਕੋਈ ਦੇਵਤਾ ਧਰਤ ਤੇ ਵੰਡੇ ਜਿਦਾਂ ਨੂਰ । ਹੁਣ ਵਤਨਾਂ ਵਲ ਆ ਰਹੇ ਲੰਘਦੇ ਸ਼ਹਿਰੋ ਸ਼ਹਿਰ, ਸੁਖ ਸ਼ਾਂਤੀ ਦੀ ਘਤਦੇ ਲੋਕਾਂ ਝੋਲੀ ਖੈਰ । ਦਿਲ ਲੋਕਾਂ ਦੇ ਤੁਰਨ ਇਉਂ ਮਗਰ ਉਨਾਂ ਦੇ ਲਗ, ਵਾ ਪਿਛੇ ਜਿਉਂ ਪਤ ਝੜੇ, ਪਾਲੀ ਪਿਛੇ ਵਗ । ਹਰੇ ਸ਼ਰੀਂਹ ਦੇ ਬੇਲਿਆਂ ਵਿਚ ਅਸਾਂ ਨੇ ਆਪ, ਤਕਿਆ ਤੇ ਹੈ ਪੂਜਿਆ ਉਹਨਾਂ ਦਾ ਪਰਤਾਪ । ਪਹੁੰਚਣਗੇ ਉਹ ਏਸ ਥਾਂ ਛੇਤੀ ਹੀ ਹੁਣ ਆਣ, ਪਹਿਲਾਂ ਮੀਂਹ ਦੀ ਰੁੱਤ ਤੋਂ ਸੋਹਣੇ ਬੁਧ ਭਗਵਾਨ ।” ਖਿੜ ਕੇ ਕਿਹਾ ਯਸ਼ੋਧਰਾਂ, “ਸਦਾ ਰਹੋ ਪਰਸੰਨ, ਕਿਉਂਕਿ ਤੁਸੀਂ ਖਿੜਾਇਆ ਮੂਝਿਆ ਮੇਰਾ ਮਨ। ਐ ਪਰ ਚੰਗੇ ਮਿਤ੍ਰੋ ਦਸਿਉ ਨਾਲ ਧਿਆਨ, ਹੋਣੀ ਏਸ ਮਹਾਨ ਦਾ ਜੋ ਕੁਝ ਤੁਹਾਨੂੰ ਗਿਆਨ ।” ਤਦ ਭਾਲੁਕ ਨੇ ਦਸਿਆ ਹੌਲੀ ਹੌਲੀ ਬੋਲ, ਉਸ ਨਿਰਨੇ ਦੀ ਰਾਤ ਦਾ ਹਾਲ ਭਿਆਨਕ ਖੋਹਲ । ਜਦ ਨਰਕੀ ਪਰਛਾਵਿਆਂ ਦੁਨੀਆਂ ਦਿਤੀ ਢਕ, ਨਾਲ ਖੌਫ਼ ਦੇ ਹੋਇਆ ਮੂੰਹ ਧਰਤੀ ਦਾ ਫਕ । ਕੰਬੇ ਪਰਬਤ ਨਾਲ ਭੀ ਆਇਆ ਜਿਵੇਂ ਭੂਚਾਲ, ਹੜ ਵਿਚ ਆਈਆਂ ਨਦੀਆਂ ਕ੍ਰੋਧ ਮਾਰਾ ਦੇ ਨਾਲ । ਤੇ ਕੀਕਰ ਸੀ ਫੁਟ ਪਈ ਸ਼ਾਨ ਭਰੀ ਉਹ ਪੋਹ, ਆਸ-ਲਾਲੀ ਦੇ ਨਾਲ ਸੀ ਮਸਤਕ ਜਿਦਾ ਸਛੋਹ । ਤੇ ਕੀਕਰ ਵੇਖੇ ਗਏ ਸੁੰਦਰ ਚਿਤ ਭਗਵਾਨ, ਬੈਠੇ ਹੇਠਾਂ ਬ੍ਰਿਛ ਦੇ ਨਸ਼ਿਆਂ ਵਿਚ ਗਲਤਾਨ। ਐਪਰ ਕਈ ਦਿਹਾੜ ਤਕ ਇਸ ਮੁਕਤੀ ਦਾ ਭਾਰ, ਪਿਆ ਰਿਹਾ ਦਿਲ ਉਨ੍ਹਾਂ ਤੇ ਸੋਨੇ ਦੀ ਸਿਲ ਹਾਰ । ਕਿਉਕਿ, ਕਿੰਜ ਮਨੁਖ ਉਹ-ਸੋਚਿਆ ਬੁਧ ਭਗਵਾਨ, ਪਾਪਾਂ ਅਤੇ ਭੁਲੇਖਿਆਂ ਨੂੰ ਜੋ ਚੰਬੜੀ ਜਾਣ, ਤੇ ਲਖ ਗੰਧਲੇ ਸੋਮਿਆਂ ਵਿਚੋਂ ਪਾਣੀ ਪੀਣ, ਫਸ ਖਾਹਿਸ਼ਾਂ ਦੇ ਜਾਲ ਵਿਚ ਜਾਂਦੇ ਬੁਧ ਬਲ ਹੀਨ- ਕਿੱਦਾਂ ਲੈਸਣ ਧਾਰ ਇਹ ਦਸ ਤੇ ਦੋ ਨਿਸ਼ਾਨ, ਨਾਲੇ ਉਸ ਕਾਨੂੰਨ ਨੂੰ ਜਿਹੜਾ ਅੱਤ ਬਲਵਾਨ ? ਜਾਣੀ ਇੰਜ ਗਵਾਚ ਸੀ ਲਾਭ ਭਰੀ ਇਹ ਭਾਲ, ਨਹੀਂ ਸੀ ਸਾਨੂੰ ਲਭਣਾ ਇਸਦਾ ਇਕ ਰਵਾਲ, ਜੇਕਰ ਮਾਰਗ ਆਪਣੇ ਨੂੰ ਅੱਤ ਔਖਾ ਜਾਣ, ਅੱਗੇ ਹੀ ਲੰਘ ਜਾਂਵਦੇ ਸੁੰਦਰ ਚਿਤ ਭਗਵਾਨ । ਪਰ ਸਾਡੇ ਭਗਵਾਨ ਦਾ ਵੱਡਾ ਤਰਸ ਅਪਾਰ, ਰਿਹਾ ਵਿਚਾਰਾਂ ਵਿਚ ਹੀ ਰੁਝਾ ਕਈ ਦਿਹਾੜ। ਧਰਤੀ ਵਿਚੋਂ ਚੀਕ ਇਕ ਉਠ ਕੇ ਚੜ੍ਹੀ ਅਕਾਸ਼- “ਮੇਰੇ ਤੇ ਲੋਕਾਂ ਲਈ ਰਹੀ ਨਾ ਕੋਈ ਆਸ ।” ਪਲ ਮਗਰੋਂ ਪਰ ਆਸ ਇਕ ਸਰਕੀ ਵਿਚ ਹਵਾ- “ਭਗਵਨ, ਅਪਣੇ ਨਿਯਮ ਨੂੰ ਝਬ ਦੇਵੋ ਪ੍ਰਗਟਾ।” ਇਹ ਸੁਣ ਚਾਰੇ ਦਿਸ਼ਾਂ ਵਿਚ ਤਕਿਆ ਬੁਧ ਭਗਵਾਨ, ਤਾਂ ਜੇ ਦੇਖੋ ਕੌਣ ਹੈ ਮਾਰਗ ਦਾ ਚਾਹਵਾਨ । ਜਿੱਦਾਂ ਸੂਰਜ ਜਾਂਚਦਾ ਕੰਵਲ ਝੀਲਾਂ ਤੇ ਝੁਕ, ਭਰਨਾ ਕਿਹੜੀ ਕਲੀ ਨੇ ਨਾਲ ਨੂਰ ਦੇ ਬੁਕ । ਪਰਸੰਤਾ ਦੇ ਵਿਚ ਤਦ ਬੁਧ ਪਏ ਮੁਸਕਾ : “ਦਸਦਾ ਹਾਂ ਕਾਨੂੰਨ ਮੈਂ, ਸਿੱਖੋ ਜਿਸਨੂੰ ਚਾਹ ।” ਇਸਦੇ ਮਗਰੋਂ ਦਸਦੇ ਲੋਕ ਇਉਂ ਪਰਸੰਗ, ਗਏ ਬਨਾਰਸ ਵਿਚ ਉਹ ਦੇਸ਼ ਪਹਾੜੀ ਲੰਘ । ਜਿੱਥੇ ਕੀਤਾ ਉਨ੍ਹਾਂ ਨੇ ਪੰਜਾਂ ਨੂੰ ਉਪਦੇਸ਼, ਦਸਿਆ ਜੰਮਣ ਮਰਨ ਦਾ ਕਟੇ ਕਿੰਜ ਕਲੇਸ਼ । ਬਾਝੋਂ ਕਰਮਾਂ ਅਪਣਿਆਂ ਕਿਸਮਤ ਵਾਧੂ ਸ਼ੋਰ, ਆਪ ਬਣਾਏ ਨਰਕ ਬਿਨ ਨਰਕ ਨਾ ਕੋਈ ਹੋਰ । ਨਾ ਹੀ ਉਹਦੇ ਵਾਸਤੇ ਕੋਈ ਸੁਰਗ ਅਗੱਮ, ਰਖਿਆਂ ਜਿਸਨੇ ਅਪਣੀਆਂ ਸਭ ਕਾਮਨਾਂ ਠੱਮ੍ਹ । ਰਿਸ਼ੀਆਂ ਚੋਂ ਕੌਂਦਿਨਯ ਨੇ ਮੰਨ ਸਚਿਆਈਆਂ ਚਾਰ, ਸਭ ਤੋਂ ਪਹਿਲਾਂ ਕਰ ਲਿਆ ਮਾਰਗ ਨੂੰ ਸਵੀਕਾਰ । ਫੇਰ ਬਸਾਵਾ, ਭਦਰਕਾ, ਅਸਵਜੀਤ, ਮਹਾਨਾਮ, ਚਰਨੀਂ ਲੱਗੇ ਬੁਧ ਦੇ ਹੋ ਕੇ ਅਤੇ ਨਿਸ਼ਕਾਮ । ਨਾਲੇ ਰਾਜਾ ਯਸਦ ਵੀ ਓਸੇ ਬਣ ਵਿਚਕਾਰ, ਸਣੇ ਚੁਰੰਜਾ ਰਾਣਿਆਂ ਆਣ ਹੋਇਆ ਬਲਿਹਾਰ । ਕਿਉਂਕਿ ਬੁਧ ਭਗਵਾਨ ਦੇ ਢਾਰਸ ਦੇਣੇ ਬੋਲ, ਸ੍ਰੋਤੇ ਤੇ ਸਨ ਚਾੜ੍ਹਦੇ ਨਵੀਂ ਆਸ ਦੀ ਝੋਲ। ਜਿੱਦਾਂ ਲੰਘ ਕੇ ਥਲਾਂ ਚੋਂ ਪਾਣੀ ਦੀ ਇਕ ਧਾਰ, ਘਾਹ ਤੇ ਫੁਲ ਉਗਾਉਂਦੀ, ਲਗਦੀ ਨਵੀਂ ਬਹਾਰ । ਤੇ ਇਹਨਾਂ ਸੱਠ ਸ਼ਿਸ਼ਾਂ ਨੂੰ ਨਿਜ ਕਾਬੂ ਦੇ ਨਾਲ, ਕਰਕੇ ਪੂਰਨ, ਬੁਧ ਨੇ ਤੋਰ ਦਿਤਾ ਤਤਕਾਲ । ਤਾਂ ਜੋ ਮਾਰਗ ਸੱਚ ਦਾ ਲੋਕਾਂ ਨੂੰ ਦਰਸਾਣ, ਦੱਖਣ ਦੇ ਵਲ ਤੁਰ ਪਏ ਐਪਰ ਖੁਦ ਭਗਵਾਨ। ਰਾਜੇ ਭਿੰਬੀ ਸਾਰ ਦਾ ਸੀਗਾ ਜਿਥੇ ਰਾਜ, ਜਿਥੇ ਯਗ ਉਪਦੇਸ਼ ਦਾ ਰਚਿਆ ਬੁਧ ਮਹਾਰਾਜ । ਰਾਜੇ ਅਪਣਾ ਬਾਂਸਬਣ ਕੀਤਾ ਬੁਧ ਦੀ ਭੇਟ, ਜਿਸ ਅੰਦਰ ਕਈ ਨਦੀਆਂ, ਗੁਫਾਂ ਜ਼ਿਮੀਂ ਦੇ ਪੇਟ। ਤੇ ਰਾਜੇ ਨੇ ਓਸ ਥਾਂ ਲਗਵਾਈ ਇਕ ਸਿਲ, ਜਿਸ ਉਤੇ ਹੈ ਉਕਰਿਆ ਹਿੱਕ ਪੱਥਰ ਦੀ ਛਿੱਲ : ਜ਼ਿੰਦਗੀ ਦਾ ਜੋ ਕਾਰਨ ਮੂਲ, ਜ਼ਿੰਦਗੀ ਘੁੰਮੇ ਜਿਸ ਦੀ ਚੂਲ। ਉਸ ਦਾ ਡੂੰਘਾ ਭੇਦ ਛੁਪਾਇਆ, ਤਥੋ ਗਤੋ ਸਾਨੂੰ ਸਮਝਾਇਆ। ਜੀਣ-ਗਮੋ ਪਰ ਜਿਨੇ ਛੁਡਾਇਆ, ਉਹ ਸਾਡੇ ਭਗਵਾਨ ਸਿਖਾਇਆ। ਤੇ ਓਸੇ ਹੀ ਬਾਗ਼ ਵਿਚ, ਲੋਕੀਂ ਕਰਦੇ ਗੱਲ, ਹੋਏ ਇਕੱਤਰ ਲੋਕ ਸਨ ਦੂਰੋਂ ਦੂਰੋਂ ਚਲ। ਜਿਥੇ ਸਿਖ ਸਨ ਦੇਂਵਦੇ ਬੁਧ ਬਲ ਦੀ ਭਗਵਾਨ, ਜੋ ਵੀ ਸੁਣਦਾ ਉਨ੍ਹਾਂ ਨੂੰ ਚਰਨੀ ਢਹਿੰਦਾ ਆਣ । ਨੌ ਸੌ ਚੋਲਾ ਭਗਵਾਂ ਲਿਆ ਭਿਕਸ਼ੂਆਂ ਧਾਰ, ਝਟ ਉਹਦੇ ਕਾਨੂੰਨ ਦਾ ਛੋਹ ਦਿਤਾ ਪਰਚਾਰ । ਛੇਕੜ ਬੁਧ ਭਗਵਾਨ ਨੇ ਠਪ ਕੇ ਅਪਣਾ ਖਿਆਲ, ਗਲ ਮੁਕਾਈ ਆਪਣੀ ਇਸ ਗਾਥਾ ਦੇ ਨਾਲ : ਕਰਜ਼ ਬੁਰਾਈ ਨਿਤ ਵਧਾਏ, ਨੇਕੀ ਤਾਰੇ ਅਤੇ ਛੁਡਾਏ। ਤਿਆਗ ਬੁਰਾਈ, ਗ੍ਰਹਿਣ ਭਲਾਈ, ਸਵੈ-ਕਾਬੂ ਦੀ ਕਰ ਪਕਿਆਈ । ਜੇ ਤੈਨੂੰ ਮੁਕਤੀ ਦੀ ਚਾਹ, ਏਹੋ ਮਾਰਗ, ਏਹੋ ਰਾਹ । ਕੀਤੀ ਜਦੋਂ ਸੁਦਾਗਰਾਂ ਪੂਰੀ ਬੁਧ ਦੀ ਬਾਤ, ਕੰਵਰਾਣੀ ਨੇ ਉਨ੍ਹਾਂ ਨੂੰ ਕੀਤੀ ਭੇਟ ਸੁਗਾਤ । ਤੇ ਫਿਰ ਪੁਛਿਆ ਓਸ ਨੇ ਕਢ ਨਿਮ੍ਹੀ ਮੁਸਕਾਨ, “ਕਿਹੜੇ ਰਾਹੀਂ ਆ ਰਹੇ ਮੇਰੇ ਬੁਧ ਭਗਵਾਨ ?” ਅਗੋਂ ਕਿਹਾ ਸੁਦਾਗਰਾਂ ਬੰਨ੍ਹ ਕੇ ਦੋਵੇਂ ਹੱਥ, ਸੱਠ ਯੋਜਨ ਇਸ ਜਗ੍ਹਾ ਤੋਂ ਦੂਰ ਉਨਾਂ ਦਾ ਪੱਥ ।” ਇਹ ਗਲ ਸੁਣਦੇ ਸਾਰ, ਘੱਲੇ ਝਟ ਮਹਾਰਾਜ ਨੇ ਚੁਣਵੇਂ ਘੋੜ-ਸਵਾਰ । ਨਾਲੇ ਦੇਣ ਸੁਨੇਹੜਾ ਦੂਤ ਪਠਾਏ ਨੌਂ- “ਵਿਚ ਵਿਛੋੜੇ ਤੁਸਾਂ ਦੇ ਗਿਆ ਸੁਧੋਧਨ ਝੌਂ, ਸਤ ਵਰ੍ਹੇ ਦੇ ਬਿਰ੍ਹੋਂ ਨੇ ਕੀਤਾ ਚਿਖਾ ਕਿਨਾਰ, ਪਲ ਪਲ ਤੈਨੂੰ ਢੂੰਡਦਾ, ਪੁੱਤਰ ਪਰਤੋ ਦਵਾਰ ।” ਦਿੱਤੇ ਮੁੰਜ ਯਸੋਧਰਾਂ ਨੇ ਵੀ ਨੌਂ ਅਸਵਾਰ, ਨਾਲ ਸੁਨੇਹੜਾ ਘਲਿਆ, “ਗ੍ਰਹਿ ਤੇਰੇ ਦੀ ਨਾਰ, ਰਾਹੁਲ ਦੀ ਮਾਂ, ਲੋਚਦੀ ਏਦਾਂ ਤੇਰਾ ਮੁਖ, ਚੰਨ-ਪੁਸ਼ਪ ਜਿਉਂ ਲੋਚਦਾ ਚੰਦਰਮਾ ਦਾ ਸੁਖ । ਪੀਲੀ ਕਲੀ ਅਸ਼ੋਕ ਦੀ ਯਾ ਫਿਰ ਜਿੱਦਾਂ ਨਾਲ, ਤੀਵੀਂ ਦੇ ਚਰਨਾਂ ਲਈ ਛਡਣਾ ਚਾਹੇ ਡਾਲ। ਜੇ ਲਭਿਆ ਹੈ ਕੁਝ ਤੁਸਾਂ ਗਵਾਏ ਨਾਲੋਂ ਵਧ, ਮੰਗਦੀ ਹੈ ਉਹ ਆਪਣਾ ਉਸਦੇ ਵਿਚੋਂ ਅੱਧ । ਨਾਲੇ ਹੈ ਉਹ ਮੰਗਦੀ ਰਾਹੁਲ ਦਾ ਵੀ ਭਾਗ, ਐਪਰ ਸਭ ਤੋਂ ਵਧ ਕੇ ਮੰਗੇ ਅਪਣਾ ਸੁਹਾਗ ।” ਪਲੋ ਪਲੀ ਵਿਚ ਅਪੜੇ ਰਾਣੇ ਘੋੜ-ਸਵਾਰ, ਅੱਗੇ ਬੈਠੇ ਬੁਧ ਸਨ ਬਾਂਸ-ਬਾਗ਼ ਵਿਚਕਾਰ । ਅਪਣਾ ਸੁੱਚਾ ਉੱਜਲਾ ਮਾਰਗ ਰਹੇ ਸਿਖਾ, ਚਾਰੇ ਪਾਸੇ ਬੈਠੀਆਂ ਸੰਗਤਾਂ ਹੁਮ ਹੁਮਾ । ਉਹ ਵੀ ਢੁਕ ਕੇ ਬਹਿ ਗਏ ਬੁਧ ਚਰਨਾਂ ਦੇ ਕੋਲ, ਭੁਲੇ ਸਭ ਸੁਨੇਹੜੇ ਸੁਣ ਭਗਵਨ ਦੇ ਬੋਲ । ਰਹੇ ਵੇਖਦੇ ਬੁਧ ਨੂੰ ਮੋਹੇ ਨੈਨਾਂ ਨਾਲ, ਰਹੇ ਸੁਣੀਦੇ ਵਾਕ ਉਹ ਪੂਰਨ ਅਤੇ ਰਸਾਲ। ਜਿੱਦਾਂ ਮਖੀਆਂ ਮੱਧ ਦੀਆਂ ਮੁੜਦੀਆਂ ਛੱਤੇ ਵਲ, ਤਕ ਕੇ ਖਿੜਿਆ ਮੋਂਗਰਾ ਸਕਣ ਨਾ ਉਥੋਂ ਹਲ, ਹੋਵੇ ਪੈਂਦੀ ਰਾਤਰੀ ਭਾਵੇਂ ਮੀਂਹ ਦੀ ਭੂਹਰ, ਖੇੜੇ ਉਤੇ ਬੈਠਣਾ ਪੈਂਦਾ ਉਨ੍ਹਾਂ ਜ਼ਰੂਰ । ਬੱਝੇ ਏਦਾਂ ਨਾਲ ਹੀ ਰਾਜ ਦੂਤ ਵੀ ਸਭ, ਭਲੇ ਮਨੋਰਥ ਆਪਣਾ ਦੇਖ ਬੁਧ ਦੀ ਛੱਬ । ਰਾਜੇ ਬਹੁਤ ਉਡੀਕਿਆ ਮੁੜਿਆ ਇਕ ਨਾ ਦੂਤ, ਫਿਰ ਘਲਿਆ ਉਸ ਉਦੈ ਨੂੰ ਹਿਰਦਾ ਜਿਦਾ ਅਛੂਤ । ਰਾਣਾ ਵੱਡਾ ਸਭ ਤੋਂ ਸੁਚੀ ਜਿਦੀ ਪ੍ਰੀਤ, ਨਾਲੇ ਚੰਗਿਆਂ ਦਿਨਾਂ ਵਿਚ ਸਿਧਾਰਥ ਦਾ ਮੀਤ । ਘੋੜੇ ਤੋਂ ਉਹ ਲਥਿਆ ਪਹੁੰਚ ਬਾਗ਼ ਦੇ ਕੋਲ, ਪਕੜ ਕਪਾਹ ਚੋਂ ਖੋਹਿਆ ਤੂੰਬਾ ਓਸ ਅਡੋਲ । ਕਰ ਲੀਤੇ ਬੰਦ ਓਸ ਨੇ ਕੰਨ ਦੋਵੇਂ ਉਸ ਨਾਲ, ਤਾਂ ਜੇ ਪਏ ਨਾ ਓਸ ਤੇ ਬੁਧ-ਬਚਨਾਂ ਦਾ ਜਾਲ । ਅੱਗੇ ਬੁਧ ਮਹਾਰਾਜ ਦੇ ਪਹੁੰਚ ਇਸ ਤਰ੍ਹਾਂ ਨਾਲ, ਰਾਜੇ ਅਤੇ ਯਸ਼ੋਧਰਾਂ ਦਾ ਦਸਿਆ ਉਸ ਹਾਲ । ਸਿਰ ਨੀਵਾਂ ਕਰ ਆਪਣਾ ਤਦ ਬੋਲੇ ਭਗਵਾਨ, “ਜਾਵਾਂਗਾ ਹੁਣ ਤੁਤ ਮੈਂ ਇਛਿਆ ਇਹ ਬਲਵਾਨ । ਕੋਈ ਨਾ ਭੁਲੇ ਕਦੇ ਵੀ ਉਹਨਾਂ ਦਾ ਸਤਿਕਾਰ, ਦੇਵਨ ਜੀਵਨ ਅਸਾਂ ਨੂੰ ਜਿਹੜੇ ਨਾਲ ਪਿਆਰ । ਮਿੱਟੇ ਏਦਾਂ ਨਾਲ ਹੀ ਸਾਡਾ ਆਵਣ ਜਾਣ, ਨਾਲੇ ਪ੍ਰਾਪਤ ਹੋਂਵਦਾ ਸ਼ਾਂਤ ਮਈ ਨਿਰਵਾਨ । ਕੱਢੋ ਔਗਣ ਪਿਛਲੇ ਨਵੇਂ ਨਾ ਲਿਆਉ ਨੇੜ, ਪ੍ਰੇਮ, ਦਯਾ, ਦੋ ਗੁਣਾਂ ਨੂੰ ਚਿਤਵੋ ਸੰਝ ਸਵੇਰ । ਰਾਜੇ ਅਤੇ ਯਸ਼ੋਧਰਾਂ ਤਾਈਂ ਦਸੋ ਖੋਹਲ, ਤੁਰਤ ਪਿਆ ਹਾਂ ਆਉਂਦਾ ਮੈਂ ਉਹਨਾਂ ਦੇ ਕੋਲ ।” ਰਾਜ ਕੰਵਰ ਦੇ ਮੁੜਨ ਦੀ ਗਲ ਹੱਲੀ ਜਿਸ ਦਮ, ਕਪਲ ਵਸਤੁ ਦੇ ਨਗਰ ਨੇ ਸੁਟ ਪਾਏ ਸਭ ਗ਼ਮ। ਪ੍ਰੀਯ ਅਪਣੇ ਦੇ ਮਿਲਣ ਨੂੰ ਹੋਏ ਸਭ ਤਿਆਰ, ਗਡਿਆ ਦਖਣੀ ਦਿਸ਼ਾ ਤੇ ਖੇਮਾ ਇਕ ਜ਼ਰਕਾਰ । ਥਮ੍ਹਾਂ ਦਵਾਲੇ ਫੁਲਾਂ ਦੇ ਵਲੇ ਸੁਗੰਧਤ ਹਾਰ, ਉਤੇ ਪਰਦੇ ਰੇਸ਼ਮੀ ਮੋਤੀ ਬਾਝ ਸ਼ੁਮਾਰ । ਦੋਵੇਂ ਪਾਸੇ ਸੜਕ ਦੇ ਗਡੀਆਂ ਵਿਚ ਕਤਾਰ, ਲਾਹ ਕੇ ਅੰਬ ਤੇ ਨਿੰਮ ਤੋਂ ਟਹਿਣੀਆਂ ਖੁਸ਼ਬੂਦਾਰ । ਧੂੜਿਆ ਉੱਪਰ ਧੂੜ ਦੇ ਖੁਲ੍ਹਾ ਚੰਦਨ-ਬੂਰ, ਫਰ ਫਰ ਫਰ ਫਰ ਉਡਦੇ ਝੰਡੇ ਭਰੇ ਗ਼ਰੂਰ । ਹੋਇਆ ਰਾਜ ਦਵਾਰ ਤੋਂ ਰਾਜੇ ਦਾ ਫਰਮਾਨ, ਖੜੇ ਉਡੀਕਣ ਕੰਵਰ ਨੂੰ ਪੱਤਣ ਉਤੇ ਆਣ, ਏਨੇ ਹਾਥੀ, ਜਿਨ੍ਹਾਂ ਦੇ ਸੋਨੇ ਡੁਬੇ ਦੰਦ, ਹੌਦੇ ਚਾਂਦੀ ਸਵਰਨ ਦੇ ਚੁਕੀ ਉੱਪਰ ਕੰਡ । ਗੁਜਣ ਭੇਹਰਾਂ ਡਫਰੇ ਕੰਵਰ ਰਿਹਾ ਹੈ ਆ,” ਨਾਲੇ ਇਹ ਫਰਮਾਨ ਵੀ ਦਿੱਤਾ ਗਿਆ ਸੁਣਾ । ਕਿਥੇ ਕਰਨੀ ਰੋਸ਼ਨੀ, ਕਿਹੜੀ ਥਾਂ ਪਰਨਾਮ, ਕਰਨੀ ਵਰਖਾ ਫੁਲਾਂ ਦੀ ਕੁੜੀਆਂ ਕਿਹੜੀ ਥਾਮ। ਕਿਉਕਿ ਕਿਥੇ ਗਾਣਾ ਨਾਚੀਆਂ “ਜੀਉ ਆਇਆਂ” ਦਾ ਗੌਣ, ਕਿਥੇ ਛਿੜਕ ਗੁਲਾਬ ਨੂੰ ਮੂਰਛਿਤ ਕਰਨੀ ਪੌਣ । ਨਾਲੇ ਜਿਥੋਂ ਕੰਵਰ ਦਾ ਘੋੜਾ ਲੰਘੇ ਆਣ, ਸੁੰਮ ਗੇਂਦੇ ਦੇ ਫੁੱਲਾਂ ਵਿਚ ਜਨੂੰਆਂ ਤੀਕ ਧਸਾਣ। ਸਭ ਕੰਨਾਂ ਤਕ ਪਹੁੰਚਿਆ ਸੋਹਣਾ ਇਹ ਫਰਮਾਨ, ਸਾਰੇ ਹੀ ਇਹ ਲੋਚਦੇ ਕਦੋਂ ਬੁਧ ਜੀ ਆਣ । ਐਪਰ ਮਧੁਰ ਯਸੋਧਰਾਂ ਬਹਿ ਪਰਦੇ ਵਿਚਕਾਰ, ਪੁੱਜੀ ਪਹਿਲਾਂ ਸਭ ਤੋਂ ਪੱਤਣ ਦੇ ਉਰਵਾਰ । ਜਿਥੇ ਸੀ ਲਹਿਰਾ ਰਿਹਾ ਨਿਗਰੋਦਾ ਉਦਿਆਨ, ਸ਼ਾਂਤ ਅਤੇ ਨਵ-ਛਾਂਗਿਆਂ ਫੁਲਾਂ ਲਦੇ ਟਾਹਣ । ਹੈ ਸੀ ਇਸ ਦੇ ਕੋਲ ਦੀ ਲੰਘਦਾ ਦਖਣੀ ਰਾਹ, ਸਨ ਕੁਝ ਸ਼ੂਦਰ-ਝੁਗੀਆਂ ਜਿਸਦੇ ਖਬੇ ਦਾ। ਛੋਹ ਜਿਨ੍ਹਾਂ ਦੀ ਭੇਟਦੀ ਬਾਹਮਣ ਤੇ ਜ਼ਜਮਾਨ, ਇਹ ਵੀ ਕਿਸੇ ਹੁਲਾਸ ਵਿਚ ਅਜ ਪਏ ਵਿਗਸਾਣ । ਵਡੀ ਸਰਘੀ ਜਾਗ ਕੇ ਤਕਦੇ ਬੁਧ ਦਾ ਰਾਹ, ਜਦ ਕੋਈ ਤੂਤੀ ਵਜਦੀ ਬਿਰਛੀਂ ਚੜ੍ਹਦੇ ਧਾ। ਪਰ ਜਦ ਕੋਈ ਨਾ ਆਉਂਦਾ ਬਿਰਛਾਂ ਉਤੋਂ ਲਹਿ, ਮੁੜ ਕੇ ਕੰਮੀਂ ਰੁਝਦੇ, “ਜੈ ਬੁਧ ਦੀ” ਕਹਿ । ਘਰ ਦੀਆਂ ਥੜ੍ਹੀਆਂ ਹੂੰਝਦੇ, ਸੁਥਰੇ ਕਰਦੇ ਰਾਹ, ਗੁੰਦ ਪੱਤਰ ਅੰਜੀਰ ਦੇ ਟੰਗਦੇ ਹਾਰ ਸਜਾ। ਖੁਸ਼ੀਆਂ ਨਾਲ ਕਰਾਉਂਦੇ ਸ਼ਿਵ-ਲਿੰਗ ਨੂੰ ਇਸ਼ਨਾਨ, ਬੂਹਿਆਂ ਤੇ ਬਦਲਾਉਂਦੇ ਕਲ ਦੇ ਮੂਝੇ ਟਾਹਣ । ਲੰਘਦੇ ਰਾਹੀਆਂ ਕੋਲ ਦੀ ਲੈਂਦੇ ਫਿਰਦੇ ਸੋ, ਸਿਧਾਰਥ ਦੇ ਆਉਣ ਦਾ ਹੋਵੇ ਜੇ ਕੁਝ ਥੌਹ। ਕੰਵਰਾਣੀ ਦੀਆਂ ਪੰਘਰੀਆਂ ਅੱਖਾਂ ਨਾਲ ਪਿਆਰ, ਚਾ ਤੇ ਉੱਦਮ ਉਨ੍ਹਾਂ ਦੇ ਰਹੀਆਂ ਸਨ ਨਿਹਾਰ । ਉਹ ਵੀ ਉਨ੍ਹਾਂ ਵਾਂਗ ਸੀ ਭਰੀ ਨਾਲ ਉਤਸ਼ਾਹ, ਉਸ ਵੀ ਉਹਨਾਂ ਵਾਂਗ ਹੀ ਅੱਖਾਂ ਲਾਈਆਂ ਰਾਹ । ਏਨੇ ਨੂੰ ਉਸ ਵੇਖਿਆ ਇਕ ਰਿਹਾ ਸੀ ਆ, ਮੋਢੇ ਪਰਨਾਂ ਭਗਵਾਂ, ਰਖਿਆ ਸੀਸ ਮੁੰਨਾ। ਬੱਧਾ ਹੋਇਆ ਓਸਨੇ ਜੋਗੀਆਂ ਵਾਂਗਰ ਲੱਕ, ਮਿੱਟੀ ਦਾ ਇਕ ਖਪਰਾ ਚੁਕਿਆ ਉਸਦੇ ਹੱਥ । ਹਰ ਬੂਹੇ ਦੇ ਸਾਹਮਣੇ ਜਿਸਨੂੰ ਦਏ ਵਧਾ, ਭਿਛਿਆ ਮਿਲੇ ਯਾ ਨਾ ਮਿਲੇ ਪੈਂਦਾ ਉਹ ਮੁਸਕਾ। ਭਗਵੇਂ ਪਹਿਰੀਂ ਆਉਂਦੇ ਮਗਰ ਉਹਦੇ ਦੋ ਹੋਰ, ਪਰ ਸੀ ਖੱਪਰ ਹੱਥ ਜਿਦੇ ਗਲ ਉਹਦੀ ਕੁਝ ਹੋਰ । ਹੈਸੀ ਏਡਾ ਪੂਜ ਉਹ, ਤੁਰਦਾ ਐਸੀ ਚਾਲ, ਸਭ ਨੂੰ ਜਾਵੇ ਮੋਹੰਦਾ ਗੌਰਵਤਾ ਦੇ ਨਾਲ। ਜੇ ਕੋਈ ਦੇ ਕੇ ਭਿਛਿਆ ਤਕਦਾ ਉਸਦੇ ਵਲ, ਐਸਾ ਚਕਰਿਤ ਹੋਵੰਦਾ ਕਰ ਨਾ ਸਕਦਾ ਗਲ । ਕੋਈ ਵਿਚ ਪਰਨਾਮ ਦੇ ਝੁਕਦਾ ਨੀਵਾਂ ਹੋਰ, ਭਿਛਿਆ ਹੋਰ ਲਿਆਉਣ ਨੂੰ ਕੋਈ ਜਾਂਦਾ ਦੌੜ । ਏਸ ਤਰ੍ਹਾਂ ਦੇ ਨਾਲ, ਤੁਰ ਪਏ ਪਿੱਛੇ ਓਸ ਦੇ ਮਰਦ ਤੀਵੀਆਂ ਬਾਲ । ਮੀਟੇ ਬੁਲ੍ਹਾਂ ਵਿਚ ਦੀ ਘੁਸ ਮੁਸ ਕਰਦੇ ਜਾਣ, ਕੌਣ ਕੋਈ ਇਹ ਦੇਖਿਆ ਅਸਾਂ ਨਾ ਇਸਦੇ ਹਾਣ। ਪਰ ਜਿਸ ਦਮ ਉਹ ਪਹੁੰਚਿਆ ਤੁਰਦਾ ਖ਼ੈਮੇ ਕੋਲ, ਉਠਿਆ ਪਰਦਾ ਰੇਸ਼ਮੀ ਸੁਟ ਹਜ਼ਾਰਾਂ ਝੋਲ । ਸਨਮੁਖ ਹੋਈ ਯਸ਼ੋਧਰਾਂ ਅਣ-ਕੱਜੇ ਮੂੰਹ ਨਾਲ, ਉਠੀ ਤੁਰਤ ਪ੍ਰਕਾਰ ਉਹ: “ਹੇ ਸਵਾਮੀ ਹੇ ਦਿਆਲ!'' ਖੁਲ੍ਹੇ ਹੋਏ ਓਸ ਦੇ ਚੌੜੇ ਨੈਨ ਹਰਾਨ, ਹਿਕ ਉਠ ਉਠ ਪਈ ਖੁਲ੍ਹਦੀ, ਚਰਨੀਂ ਢੱਠੀ ਆਣ । ਮਗਰੋਂ ਜਦੋਂ ਯਸੋਧਰਾਂ ਕਰ ਲੀਤਾ ਪਰਵਾਨ, ਸੁੱਚਾ ਮਾਰਗ ਬੁੱਧ ਦਾ, ਪੁਛਿਆ ਕਿਸੇ ਸੁਜਾਨ : “ਸਾਰੇ ਹੀ ਨੇ ਜਾਣਦੇ ਹੇ ਸੋਹਣੇ ਭਗਵਾਨ, ਨਾਰੀ-ਛੋਹ ਦੇ ਤਿਆਗ ਦਾ ਤੁਹਾਡਾ ਵਰਤ ਮਹਾਨ। ਫਿਰ ਉਸ ਦਿਨ ਕਿਉਂ ਤੁਸਾਂ ਨੇ ਏਸ ਵਰਤ ਨੂੰ ਭੁਲ, ਕੰਵਰਾਣੀ ਨੂੰ ਦਿਤੀ ਸੀ ਗਲਵਕੜੀ ਦੀ ਖੁਲ੍ਹ ?” ਬੋਲੇ ਬੁਧ ਭਗਵਾਨ ਜੀ ਵਲ ਓਸ ਦੇ ਝੁਕ, “ਲੈਂਦੀ ਵੱਡੀ ਪ੍ਰੀਤ ਹੈ ਛੋਟੀ ਤਾਂਈਂ ਚੁੱਕ । ਤਾਂ ਜੇ ਉਚੇ ਮੰਡਲਾਂ ਵਿਚ ਉਸਨੂੰ ਲੈ ਜਾਏ, ਸੁੱਚੀ ਉਸਦੀ ਆਤਮਾ ਅਪਣੇ ਵਾਂਗ ਬਣਾਏ । ਖ਼ਬਰਦਾਰ ਕੋਈ ਆਦਮੀ ਸਵਤੰਤਰਤਾ ਜਿੱਤ, ਅੱਗੇ ਬਧੀਆਂ ਆਤਮਾਂ ਪਾਏ ਵਖਾਲਾ ਨਿੱਤ। ਰਸਤੇ ਪਾਣ ਮਨੁੱਖ ਨੂੰ ਜਤਨਾਂ ਦੇ ਤਿੰਨ ਕਾਲ, ਪਹੁੰਚਾਵਣ ਨਿਰਵਾਨ ਤੇ ਪੂਰੀ ਦ੍ਰਿੜ੍ਹਤਾ ਨਾਲ। ਪਹਿਲੇ ;ਦਿੜ੍ਹ ਇਰਾਦਾ; ਦੂਜਾ ‘ਯਤਨ’ ਹੈ, ਨਾਂ ਧਰਿਆ ਹੈ ‘ਚੋਣ’ ਤੀਜੇ ਕਾਲ ਦਾ, ਸੁਣੋ ਇਰਾਦੇ ਕਾਲ ਦੀ ਇਕ ਵਿਥਿਆ- ਜਦ ਬੁੱਧੀ ਦੀ ਭਾਲ ਮੈਨੂੰ ਲਗੀ ਸੀ, ਐਪਰ ਮੇਰੇ ਨੇਤਰ ਮੀਟੇ ਹੋਏ ਸਨ। ਬੀਤੀਆਂ ਉਮਰਾਂ ਢੇਰ, ਹੈਸਾਂ ਰਾਮ ਮੈਂ, ਸਾਗਰ ਕੰਢੇ ਉਤੇ ਮੇਰਾ ਵਾਸ ਸੀ। ਜਿਥੋਂ ਦੱਖਣ ਪਾਸੇ ਬੋਹੜੀ ਵਿਥ ਤੇ, ਖਾਣ ਮੋਤੀਆਂ ਵਾਲੀ ਲੰਕਾ ਖੜੀ ਸੀ । ਉਸ ਵੇਲੇ ਵੀ ਇਹੋ ਮਧੁਰ ਯਸੋਧਰਾਂ, ਵਸਦੀ ਸੀ ਮੈਂ ਨਾਲ ਸਾਗਰ ਤੱਟ ਤੇ, ਹੁਣ ਵਰਗੀ ਹੀ ਕੋਮਲ, ਨਾਂ ਸੀ ਲਕਸ਼ਮੀ । ਹਾਲੇ ਤੀਕਰ ਚੇਤਾ ਮੈਨੂੰ ਕਿਸ ਤਰ੍ਹਾਂ, ਲਾਭਾਂ ਖ਼ਾਤਰ ਜਾਂਦਾ ਸਾਂ ਮੈਂ ਦੂਰ ਤਕ, ਕਿਉਂਕਿ ਮੇਰਾ ਟੱਬਰ ਬਹੁਤ ਗ਼ਰੀਬ ਸੀ। ਫਿਰ ਵੀ ਹੰਝੂ ਸੁਟ ਇਹ ਮੈਨੂੰ ਵਰਜਦੀ, ਖ਼ਤਰੇ ਵਿਚ ਨਾ ਪਾਵਾਂ ਅਪਣੀ ਜਾਨ ਨੂੰ । ਐਪਰ ਵਿਚ ਸਮੁੰਦਰ ਮੈਂ ਸਾਂ ਠਿਲ੍ਹਦਾ, ਤੇ ਇਕ ਵੇਰਾਂ ਝੱਖੜ ਝਾਂਜਾ ਝਾਗ ਕੇ, ਖਾਊ ਜਨੌਰਾਂ ਕੋਲੋਂ ਜਿੰਦ ਬਚਾਉਂਦਾ, ਕਾਲੀਆਂ ਰਾਤਾਂ, ਕੜਕ ਦੁਪਹਿਰਾਂ ਝਾਗਦਾ, ਸਾਗਰ ਦੀਆਂ ਡੂੰਘਾਣਾਂ ਤਾਈਂ ਫੋਲ ਕੇ, ਲੱਭਾ ਮੈਂ ਇਕ ਮੋਤੀ ਵਾਂਗਰ ਚੰਨ ਦੇ। ਖੁਸ਼ੀ ਖੁਸ਼ੀ ਮੈਂ ਮੁੜਿਆ ਅਪਣੇ ਪਿੰਡ ਨੂੰ, ਐਪਰ ਸਾਡਾ ਸਭ ਇਲਾਕਾ ਕਾਲ ਨੇ, ਅਪਣੇ ਮਾਰੂ ਪੰਜੇ ਵਿੱਚ ਗੁਰਸਿਆ। ਹੋਕੇ ਅੱਤ ਨਢਾਲ ਭੁੱਖਾ ਲੂਸਦਾ, ਘਰ ਦੇ ਬੂਹੇ ਤੀਕ ਮਸਾਂ ਹੀ ਅਪੜਿਆ, ਤੇ ਲਕ ਮੇਰੇ ਨਾਲ ਚਿੱਟੀ ਲਿਸ਼ਕਦੀ, ਸਾਗਰ ਦੀ ਉਹ ਦੌਲਤ ਬੱਧੀ ਹੋਈ ਸੀ । ਐਪਰ ਉਥੇ ਕੁਝ ਨਾ ਹੈਸੀ ਖਾਣ ਨੂੰ, ਤੇ ਜਿਸ ਖਾਤਰ ਆਇਆ ਸਾਂ ਮੈਂ ਭਟਕਦਾ, ਮੈਥੋਂ ਵੀ ਵੱਧ ਆਤਰ ਪਈ ਦਲ੍ਹੀਜ਼ ਤੇ, ਪਹੁੰਚ ਚੁਕੀ ਸੀ ਸ਼ੋਹਦੀ ਨੇੜੇ ਮੌਤ ਦੇ, ਇਕ ਦਾਣੇ ਦੇ ਭੋਰੇ ਤਾਈਂ ਸਹਿਕਦੀ। ਸਾਰੇ ਪਿੰਡ ਮੈਂ ਫਿਰਿਆ ਇੰਜ ਪੁਕਾਰਦਾ, ‘ਕੋਲ ਕਿਸੇ ਜੇ ਹੋਵੇ ਦਾਣਾ ਅੰਨ ਦਾ, ਮੁਲ ਰਾਜ ਦਾ ਦੇਵਾਂ ਮੈਂ ਇਕ ਜਿੰਦ ਲਈ । ਜੇ ਕੋਈ ਰੋਟੀ ਦੇਵੇ ਮੇਰੀ ਲਕਸ਼ਮੀ, ਚੰਦ ਜਿਹਾ ਇਹ ਮੋਤੀ ਮੈਥੋਂ ਲੈ ਲਵੇ ।’ ਇਹ ਸੁਣ ਕੇ ਇਕ ਅਪਣੇ ਸਭ ਅਨਾਜ ਨੂੰ- ਤਿੰਨ ਸੇਰ ਦੇ ਨੇੜੇ ਤੇੜੇ ਬਾਜਰਾ- ਲੈ ਆਇਆ ਤੇ ਸ਼ਾਹ ਮੋਤੀ ਦਾ ਬਣ ਗਿਆ, ਐਪਰ ਮਰਨੋਂ ਬਚ ਗਈ ਮੇਰੀ ਲਕਸ਼ਮੀ । ਤੰਦ ਲਟਕਦੀ ਜਿੰਦੜੀ ਨੇ ਹੌਕਾ ਲਿਆ : ‘ਆਹ ਪੀਆ ਜੀ, ਤੁਹਾਡਾ ਸੱਚਾ ਪਿਆਰ ਹੈ !’ ਇਕ ਹਿਰਦੇ ਦੇ ਤਾਈਂ ਸੁਖ ਪੁਚਾਣ ਨੂੰ, ਜਿਤ ਅਪਣੇ ਜੀਵਨ ਦੀ ਦਿੱਤੀ ਰੋਹੜ ਮੈਂ, ਐਪਰ ਮੇਰੇ ਵੱਡ ਆਤਮ ਲਾਭ ਦੇ, ਬਾਰਾਂ ਸੁਚੇ ਮੋਤੀ ਚੰਗੇ ਨਿਯਮ ਜੋ, ਡੂੰਘੀਆਂ ਛੱਲਾਂ ਵਿਚੋਂ ਜਿਤਿਆ ਜਿਨ੍ਹਾਂ ਮੈਂ, ਖ਼ਰਚਿਆਂ ਮੂਲ ਨਾ ਮੁੱਕਣ, ਘਟਣ ਨਾ ਚਮਕ ਵਿਚ । ਸਗੋਂ ਜੇਕਰ ਦਈਏ ਨਾਲ ਉਦਾਰਤਾ, ਕਰਨ ਆਪਣੀ ਸੁੰਦਰਤਾ ਨੂੰ ਪੂਰਿਆਂ । ਏਸੇ ਖਾਤਰ ਮੇਰੇ ਪਵਿਤਰ ਪ੍ਰੇਮ ਨੇ- ਸੁਰਤੀ ਦੀਆਂ ਜ਼ੰਜੀਰਾਂ ਚੋਂ ਜੇ ਖੁਲ੍ਹ ਕੇ, ਅੱਤ ਚੌੜਾ ਤੇ ਦਿਆਵਾਨ ਹੈ ਹੋ ਗਿਆ- ਨਿਰਬਲ ਹਿਰਦੇ ਤਾਈਂ ਹੈਸੀ ਚੁਕਿਆ, ਕਿਉਂਕਿ ਏਦਾਂ ਨਾਲ ਮਧੁਰ ਯਸ਼ੋਧਰਾਂ, ਪ੍ਰੇਮ ਅਗਵਾਈ ਨਾਲ ਦਾਖਲ ਹੋ ਗਈ, ਸ਼ਾਂਤੀ ਤੇ ਆਨੰਦ ਦੇ ਮੰਡਲਾਂ ਵਿਖੇ। ਐਪਰ ਪੁੱਜੀ ਖ਼ਬਰ ਇਹ ਜਦ ਰਾਜੇ ਦੇ ਕੋਲ, ਸਿੱਧਾਰਥ ਹੈ ਆ ਗਿਆ ਹਥ ਫੜੀ ਕਚਕੌਲ, ਗਲ ਵਿਚ ਪਾਈ ਭਗਵੇਂ ਕੇਸਾਂ ਤਾਈਂ ਮੁੰਨਾ, ਮੰਗਦਾ ਸ਼ੂਦਰ-ਘਰਾਂ ਤੋਂ ਭਿਛਿਆ ਹਥ ਫੈਲਾ, ਰਾਜਾ ਨਾਲ ਕ੍ਰੋਧ ਦੇ ਹੋਇਆ ਲਾਲੋ ਲਾਲ, ਤ੍ਰੈ ਵਾਰੀ ਉਸ ਜ਼ਿਮੀਂ ਤੇ ਥੁਕਿਆ ਰੋਹ ਦੇ ਨਾਲ । ਧੌਲੀ ਦਾੜ੍ਹੀ ਆਪਣੀ ਖਿੱਚੀ ਉਸ ਨੇ ਫੇਰ, ਝੱਟ ਚੜ੍ਹਿਆ ਰਣ-ਅਸ਼ਵ ਤੇ ਲਾਈ ਰਤਾ ਨਾ ਦੇਰ । ਸਿਧਾਰਥ ਵਲ ਤੁਰ ਪਿਆ ਲੈਕੇ ਰਾਣੇ ਨਾਲ, ਅਡੀਆਂ ਵੱਖੀ ਖੋਭਦਾ ਘੋੜਾ ਗਿਆ ਭਜਾਲ । ਮੰਦਰ ਲਾਗੇ ਮੋੜ ਤੇ ਪਹੁੰਚਾ ਉਹ ਜਦ ਆਣ, ਅੱਗੋਂ ਵੱਡੀ ਭੀੜ ਨੇ ਖਿਚਿਆ ਉਸਦਾ ਧਿਆਨ, ਜਿਸਦੇ ਵਿਚ ਹਰ ਪਾਸਿਉਂ ਜਨਤਾ ਰਲਦੀ ਜਾ, ਇੱਥੋਂ ਤਕ ਕਿ ਰੁਕ ਗਏ ਸੱਭੋ ਰਸਤੇ ਰਾਹ । ਅੱਗੇ ਅੱਗੇ ਉਨ੍ਹਾਂ ਦੇ ਜਾਂਦੇ ਸਨ ਭਗਵਾਨ, ਤੱਕ ਜਿਨ੍ਹਾਂ ਦੀ ਜੋਤ ਨੂੰ ਚੰਨ ਸੂਰਜ ਸ਼ਰਮਾਣ । ਸ਼ਾਂਤ ਨੈਨ ਜਦ ਬੁਧ ਦੇ ਉਠੇ ਰਾਜੇ ਵਲ, । ਰੋਹ ਰਾਜੇ ਦਾ ਢਲ ਕੇ ਲੱਥਾ ਓਸੇ ਪਲ । ਫਿਰ ਉਠ ਕੇ ਭਗਵਾਨ ਜੀ ਸ਼ਾਂਤ ਨਿਮਰਤਾ ਨਾਲ, ਰਖਿਆ ਅੱਗੇ ਪਿਤਾ ਦੇ ਧਰਤੀ ਉਤੇ ਭਾਲ । ਫਿਰ ਵੀ ਰਾਜਾ ਬੋਲਿਆ, “ਲੇਖ ਬੜੇ ਬਲਵਾਨ, ਚੋਰ ਵਾਂਗਰਾਂ ਨਗਰ ਵਿਚ ਵੜੇ ਸਿਧਾਰਥ ਆਣ । ਹੈਸੀ ਜੀਵਨ ਏਸਦਾ ਦੇਵਤਿਆਂ ਦੇ ਹਾਰ, ਪਊਏ ਪਾਈ ਮੰਗਦਾ ਅਜ ਇਹ ਦਵਾਰੋ ਵਾਰ । ਪੁੱਤਰ, ਕੁਝ ਤੇ ਚਾਹੀਦਾ ਰਖਣਾ ਸਵੈ-ਸਤਿਕਾਰ, ਆਉਣਾ ਸੀ ਤੂੰ ਸ਼ਹਿਰ ਵਿਚ ਰੁਤਬੇ ਦੇ ਅਨੁਸਾਰ । ਤਕ ਕਿੰਜ ਪਾ ਕੇ ਛਾਉਣੀ ਖੜੇ ਮੇਰੇ ਅਸਵਾਰ, ਨਗਰ ਮੇਰਾ ਸਭ ਤਾਂਘ ਵਿਚ ਤੈਨੂੰ ਰਿਹਾ ਚਿਤਾਰ । ਏਨੇ ਚੰਦਰੇ ਵਰ੍ਹੇ ਤੂੰ ਰਿਹਾ ਕਿਹੜੇ ਦੇਸ਼, ਵਿਧਵਾ ਵਾਂਗ ਯਸ਼ੋਧਰਾਂ ਰਖਿਆ ਮੈਲਾ ਵੇਸ । ਭੂਸ਼ਨ ਕਦੀ ਸੁਹਾਗ ਦੇ ਲਾਏ ਓਸ ਨਾ ਅੰਗ, ਛੇੜੀ ਕਦੀ ਸਿਤਾਰ ਨਾ ਮਾਣੇ ਕਦੀ ਨਾ ਰੰਗ । ਐਪਰ ਬੰਨ੍ਹੀ ਅਜ ਉਹ ਸਾੜ੍ਹੀ ਤਿੱਲੇਦਾਰ, ਏਸ ਭਿਖਾਰੀ ਪਤੀ ਦਾ ਸਵਾਗਤ ਰਹੀ ਗੁਜ਼ਾਰ । ਪੁੱਤਰ ਇਹ ਕਿਉਂ ਹੋਇਆ ?” ਮੋੜ ਕਿਹਾ ਭਗਵਾਨ : “ਜਾਤੀ ਸਾਡੀ ਦੀ ਪਿਤਾ ਰੀਤ ਇਹੋ ਪਹਿਚਾਨ ।” “ਪੁੱਤਰ ਤੇਰੀ ਜਾਤੀ,” ਰਾਜੇ ਆਖਿਆ, “ਸੌ ਪੁਸ਼ਤਾਂ ਤੋਂ ਰਾਜ ਕਰਦੀ ਆ ਰਹੀ, ਐਪਰ ਐਸੀ ਰੀਤ ਕੋਈ ਨਾ ਓਸਦੀ।” “ਪੂਜ ਪਿਤਾ ਜੀ” ਕਿਹਾ ਅਗਿਉਂ ਬੁਧ ਨੇ, “ਨਸ਼ਵਰ ਜਾਤੀ ਦੀ ਨਹੀਂ ਕੀਤੀ ਗਲ ਮੈਂ । ਮੈਂ ਤੇ ਅਣਦਿਖ ਪੁਸ਼ਤਾਂ ਬਾਰੇ ਕਿਹਾ ਸੀ । ਉਹਨਾਂ ਬੁੱਧਾਂ ਬਾਰੇ ਜਿਹੜੇ ਹੋ ਚੁਕੇ, ਯਾ ਹੋਵਣਗੇ ਜਿਹੜੇ ਅਗੋਂ ਜਗਤ ਤੇ । ਜੋ ਉਹਨਾਂ ਹੈ ਕੀਤਾ ਮੈਂ ਉਹ ਕਰ ਰਿਹਾ, ਤੇ ਹੁਣ ਜਿੱਦਾਂ ਹੋਇਆ ਮੇਰੇ ਪਿਤਾ ਜੀ, ਏਸ ਤਰ੍ਹਾਂ ਹੀ ਅਗੇ ਵੀ ਸੀ ਹੋਂਵਦਾ, ਕਿ ਅਪਣੇ ਦਵਾਰੇ ਤੇ ਸ਼ਸਤਰ ਧਾਰ ਕੇ ਰਾਜਾ ਅਪਣੇ ਪੁੱਤਰ ਦਾ ਸਵਾਗਤ ਕਰੇ, ਭਗਵੇ ਲੀੜਿਆਂ ਵਾਲੇ ਰਾਜ ਕੁਮਾਰ ਦਾ ਜਿਹੜਾ ਪ੍ਰੇਮ ਅਤੇ ਸਵੈ ਕਾਬੂ ਧਾਰ ਕੇ, ਅਧਿਰਾਜਾਂ ਦੇ ਨਾਲੋਂ ਤਗੜਾ ਹੋਇਆ ਝੁਕੇ ਜਿਵੇਂ ਮੈਂ ਤੁਹਾਡੇ ਅਗੇ ਝੁਕਿਆ, ਧਰੇ ਆਪਣੀ ਦੌਲਤ ਦਾ ਫਲ ਪਹਿਲੜਾ, ਨਾਲ ਨਿਮਰਤਾ ਪੂਰੀ ਅੱਗੇ ਉਨਾਂ ਦੇ, ਜਿਨ੍ਹਾਂ ਦਾ ਉਸ ਦੇਣਾ ਹੈ ਰਿਣ ਪ੍ਰੀਤ ਦਾ । ਸੋ ਮੈਂ ਸਭ ਕੁਝ ਤੁਹਾਡੇ ਅੱਗੇ ਰਖਦਾ ।” ਤਦ ਹੋ ਕੇ ਹੈਰਾਨ ਰਾਜੇ ਪੁਛਿਆ, “ਕਿਹੜੀ ਦੌਲਤ ?” ਅਗੋਂ ਬਧ ਭਗਵਾਨ ਨੇ ਮਹਾਰਾਜ ਦੇ ਸ਼ਾਹੀ ਹਥ ਨੂੰ ਫੜ ਲਿਆ, ਤੇ ਇਕ ਪਾਸੇ ਰਾਜਾ, ਦੂਏ ਯਸੋਧਰਾਂ, ਬਾਜ਼ਾਰਾਂ ਦੇ ਵਿਚੋਂ ਤੁਰਦੇ ਗਏ ਉਹ। ਤੇ ਬੁਧ ਨੇ ਉਹ ਗੱਲਾਂ ਦਸੀਆਂ ਉਨ੍ਹਾਂ ਨੂੰ, ਪਵਿਤਰਤਾ ਤੇ ਸ਼ਾਂਤੀ ਜੋ ਉਪਜਾਂਦੀਆਂ- ਚਾਰ ਸਚਾਈਆਂ ਚੰਗੀਆਂ ਜੋ ਕਿ ਬੁਧਿ ਨੂੰ, ਜਿਉਂ ਸਾਗਰ ਦੇ ਦਵਾਲੇ ਕੰਢੇ ਓਸ ਦੇ, ਅਪਣੇ ਆਪੇ ਅੰਦਰ ਸੀਮਤ ਰਖਦੀਆਂ । ਉਹ ਅੱਠ ਸਚੇ ਨੇਮ ਰਾਹੀਂ ਜਿਨ੍ਹਾਂ ਦੇ, ਰਾਜਾ ਯਾ ਕੰਗਾਲ ਜੋ ਵੀ ਚਾਹੁੰਦਾ ਪੂਰਨ ਮਾਰਗ ਉਤੇ ਹੈ ਚੱਲ ਸਕਦਾ। ਚਾਰ ਅਵਸਥਾਵਾਂ ਨੇ ਜਿਸ ਮਾਰਗ ਦੀਆਂ, ਨਾਲੇ ਅੱਠ ਉਪਦੇਸ਼ ਅੰਦਰ ਜਿਦੇ ਨੇ, ਇਹਨਾਂ ਦੇ ਅਨੁਸਾਰ ਜੋ ਵੀ ਤੁਰੇਗਾ, ਕੀ ਵੱਡਾ ਕੀ ਛੋਟਾ, ਸਿਆਣਾ, ਮੂੜ੍ਹ ਕੀ, ਪੁਰਸ਼ ਇਸਤਰੀ ਭਾਵੇਂ ਬੁੱਢਾ ਜਵਾਨ ਯਾ, ਤੋੜ ਸਕੇਗਾ ਜੀਵਨ ਚੱਕਰ ਨੂੰ ਕਦੀ, ਤੇ ਪ੍ਰਾਪਤ ਕਰ ਲਏ ਪਦ ਨਿਰਵਾਨ ਦਾ। ਏਸ ਤਰ੍ਹਾਂ ਦੇ ਨਾਲ ਕਰਦੇ ਬਚਨ ਉਹ, ਰਾਜ ਮਹੱਲ ਦੀ ਡਿਉੜ੍ਹੀ ਤੀਕਰ ਪੁਜ ਗਏ । ਖੁਲ੍ਹਾ ਸੀ ਹੁਣ ਮਸਤਕ ਬੁਧ ਦੇ ਪਿਤਾ ਦਾ, ਤੇ ਕਰਮੰਡਲ ਬੁਧ ਦਾ ਰਾਜੇ ਹਥ ਸੀ, ਨਾਲੇ ਉਸ ਦੇ ਅਥਰੂ ਸਨ ਹੁਣ ਹਸ ਰਹੇ। ਧਰਿਆ ਓਸੇ ਰਾਤ ਉਹਨਾਂ ਸਾਰਿਆਂ, ਸ਼ਾਂਤੀ ਮਾਰਗ ਉਤੇ ਅਪਣੇ ਪੈਰ ਨੂੰ ।

ਅਠਵੀਂ ਪੁਸਤਕ

ਨਾਗਰ ਲਾਗੇ ਪਹੁੰਚ ਕੇ ਕੋਹਾਨਾ ਦੇ ਤੀਰ, ਚੌੜੀ ਇਕ ਚਰਾਂਦ ਹੈ ਕੱਜੀ ਘਾਹ ਤੇ ਨੀਰ, ਜਿਥੇ ਗਡਿਆਂ ਵਿਚ ਬਹਿ ਪੰਜ ਦਿਨਾਂ ਵਿਚਕਾਰ, ਬੰਦਾ ਪੁਜੇ ਬਨਾਰਸੋਂ ਲੰਮੇ ਪੈਂਡੇ ਮਾਰ । ਹਿੰਮ ਆਲੇ ਦੀਆਂ ਚੋਟੀਆਂ ਕਜੀਆਂ ਬਰਫ਼ਾਂ ਨਾਲ, ਝੁਕੀਆਂ ਏਸ ਚਰਾਂਦ ਤੇ ਰਹਿੰਦੀਆਂ ਸਾਰਾ ਸਾਲ । ਛੱਲਾਂ ਚਾਂਦੀ-ਰੰਗੀਆਂ ਲਾਵਣ ਸਦਾ ਬਹਾਰ, ਢਲਵਾਨਾਂ ਅੱਤ ਕੂਲੀਆਂ ਛਾਵਾਂ ਖੁਸ਼ਬੂਦਾਰ । ਅਜ ਤੀਕਰ ਵੀ ਪੂਜਯ ਹੈ ਇਸ ਥਾਂ ਦਾ ਪਰਭਾ, ਘੁਟਿਆ ਘਟਿਆ ਸੰਝ ਦਾ ਉਤਰੇ ਇਥੇ ਸਾਹ- ਉਪਰ ਜੰਗਲਾਂ ਸੰਘਣਿਆਂ, ਉਪਰ ਪਥਰਾਂ ਢੇਰ, ਸੁਟਿਆ ਪਿੱਪਲ-ਜੜ੍ਹਾਂ ਨੇ ਜਿਨ੍ਹਾਂ ਤਾਈਂ ਉਚੇੜ । ਫਨੀਅਰ ਮਲਬੇ ਹੇਠ ਦੀ ਕਾਲੀ ਧੌਣ ਹੁਲਾਰ, ਬੇਲ ਨਕਸ਼ੀਆਂ ਸਿਲਾਂ ਤੇ ਬਹਿੰਦਾ ਕੁੰਡਲ ਮਾਰ । ਛੁਪਕਲੀਆਂ ਹਨ ਟਪਦੀਆਂ ਫਰਸ਼ਾਂ ਉਪਰ ਆਣ, ਜਿਥੇ ਹੈਸਨ ਵਿਚਰਦੇ ਰਾਜੇ ਕਦੀ ਕਦਾਣ। ਸੂਈ ਭੂਰੀ ਲੂੰਮੜੀ ਟੁੱਟੇ ਤਖ਼ਤਾਂ ਹੇਠ, ਸਭ ਕੁਝ ਦਿੱਤਾ ਬਦਲ ਹੈ ਵੇਲੇ ਦੀ ਪਲਸੇਟ । ਕੇਵਲ ਨਦੀਆਂ, ਚੋਟੀਆਂ, ਅਣ-ਵਟੀਆਂ ਨੇ ਹਾਲ, ਢਕੀਆਂ ਘਾਹਾਂ ਕਜੀਆਂ, ਕੋਮਲ ਪਵਨਾਂ ਨਾਲ । ਇਹ ਉਹੀਉ ਹੀ ਥਾਂ ਹੈ ਪੂਜਯ ਜਿਦਾ ਪਰਭਾ, ਨਗਰ ਸਧੋਧਨ ਦਾ ਕਦੀ ਵਸਦਾ ਸੀ ਜਿਸ ਜਾ । ਨਾਲੇ ਅਪਣੇ ਨਿਯਮ ਤੇ ਜਿਥੇ ਬੁਧ ਭਗਵਾਨ, ਇਕ ਸੁਨਹਿਰੀ ਸ਼ਾਮ ਨੂੰ ਦਿੱਤਾ ਸੀ ਵਖਿਆਨ । ਪੂਜਯ ਗ੍ਰੰਥਾਂ ਵਿਚ ਹੈ ਆਉਂਦਾ ਇੰਜ ਵਿਚਾਰ, ਹੁੰਦੀ ਸੀ ਇਕ ਵਾਟਕਾ ਇਥੇ, ਜਿਸ ਵਿਚਕਾਰ ਹੈਸਨ ਰਵਸ਼ਾਂ ਬਰੀਆਂ ਫੁਹਾਰੇ ਅਤੇ ਤਲਾ, ਚਿੱਟੇ ਦੁੱਧ ਚਬੂਤਰੇ ਭਰੇ ਸੁਗੰਧਾਂ ਘਾਹ। ਏਸੇ ਥਾਂ ਹੀ ਪੂਜਨੀ ਦਿਬ ਜੋਤ ਭਗਵਾਨ, ਹੈਸਨ ਬੈਠੇ ਆਣ ਕੇ ਅਪਣਾ ਨਿਯਮ ਸਿਖਾਣ। ਦਵਾਲੇ ਜਨਤਾ ਤਾਂਘਦੀ ਜੁੜੀ ਢੁਕ ਕੇ ਕੋਲ, ਤਾਂ ਜੇ ਤੱਕਣ ਬੁਧ ਨੂੰ ਬੋਲਦਿਆਂ ਉਹ ਬੋਲ ਕੋਮਲ-ਚਿਤ ਸਭ ਏਸ਼ੀਆ ਦਿੱਤਾ ਜਿਸ ਬਣਾ, ਜਿਸਦੇ ਹਾਲੇ ਤੀਕ ਵੀ ਕਈ ਕਰੋੜ ਗਵਾਹ । ਸਜੇ ਪਾਸੇ ਪਿਤਾ ਦੇ ਬੈਠੇ ਸਨ ਭਗਵਾਨ, ਗਿਰਦੇ ਨੰਦਾ, ਦੇਵ ਦੱਤ ਸਾਕਯ ਕੁਲ ਦੇ ਜਵਾਨ । ਪਿਛਲੇ ਪਾਸੇ ਖੜੇ ਸਨ ਭਗਵੇਂ ਮੁਖੀਏ ਦੋ, ਰਾਹੁਲ ਹਾਸੇ ਵੰਡਦਾ ਗੋਡਿਆਂ ਵਿਚ ਖਲੋ । ਬੈਠੀ ਸੀਗ ਯਸ਼ੋਧਰਾਂ ਢੁਕ ਚਰਨਾਂ ਦੇ ਕੋਲ, ਮੁਕੀਆਂ ਪੀੜਾਂ ਉਸਦੀਆਂ ਨਾਲੇ ਸਾਰੇ ਹੌਲ। ਹੋ ਚੁਕਾ ਸੀ ਓਸ ਨੂੰ ਪ੍ਰਾਪਤ ਐਸਾ ਪਿਆਰ, ਜਿਸਦੀ ਕੋਈ ਨਾ ਕਾਮਨਾ ਰਹਿੰਦੀ ਵਿਚ ਸੰਸਾਰ । ਮਾਰੇ ਜੀਵਨ ਉਹਦੀਆਂ ਅੱਖਾਂ ਵਿਚ ਲਿਸ਼ਕਾਰ, ਜਿਹੜਾ ਕਦੀ ਨਾ ਹੋਂਵਦਾ ਬੁੱਢਾ ਅਤੇ ਲਚਾਰ । ਹਥ ਦਿੱਤਾ ਉਸ ਆਪਣਾ ਬੁਧ ਦੇ ਹਥ ਵਿਚਾਲ, ਕੰਨੀ ਭਗਵੇਂ ਚੀਰ ਦੀ ਜੋੜੀ ਭਛਨ ਨਾਲ। ਗਲ ਉਸ ਅਧਭੁਤ ਗਿਆਨ ਦੀ ਮੇਰੇ ਕਥਨੋਂ ਬਾਹਰ, ਜਿਹੜਾ ਬੁਧ ਦੇ ਮੁਖ ਚੋਂ ਨਿਕਲਿਆ ਓਸ ਦਿਹਾੜ। ਪਿਛੋਂ ਪੁੱਜਾ ਪਛੜਿਆ ਮੈਂ ਹਾਂ ਲੇਖਕ ਇਕ, ਨਾਲ ਬੁਧ ਦੇ ਪਿਆਰ ਦੇ ਨਿਘੀ ਮੇਰੀ ਹਿੱਕ । ਬੜੇ ਸਿਆਣੇ ਸੀਗ ਉਹ ਏਨਾ ਮੈਨੂੰ ਗਿਆਨ, ਪਰ ਉਹਨਾਂ ਦੇ ਗਿਆਨ ਦੀ ਮੈਨੂੰ ਕੀ ਪਹਿਚਾਨ । ਸ਼ਕਤ ਨਾ ਮੇਰੇ ਵਿਚ ਹੈ ਜਾਵਾਂ ਉਸ ਤੋਂ ਬਾਹਰ, ਬੁਧ ਬਾਰੇ ਜੋ ਲਿਖਿਆ ਗ੍ਰੰਥਾਂ ਦੇ ਵਿਚਕਾਰ । ਲਿਖਤਾਂ ਮੱਧਮ ਕੀਤੀਆਂ ਪਰ ਵੇਲੇ ਦੇ ਗੇੜ, ਉਹਨਾਂ ਵਿਚਲੇ ਭਾਵ ਵੀ ਸੁਟੇ ਸਭ ਉਧੇੜ, ਜਿਹੜੇ ਕਦੀ ਨਵੀਨਤਾ ਦੀ ਸ਼ਕਤੀ ਦੇ ਨਾਲ, ਧੜ ਧੜ ਕਰਦੇ ਦਿਲਾਂ ਨੂੰ ਸਕਦੇ ਸਨ ਪਘਾਲ। ਜੋ ਕੁਝ ਬੁਧ ਉਚਾਰਿਆ ਉਸ ਕੋਮਲ ਤਰਕਾਲ, ਉਸਦੇ ਵਿਚੋਂ ਪਤਾ ਹੈ ਮੈਨੂੰ ਰਤੀ ਰਵਾਲ। ਬੈਠੇ ਵਿਚ ਸਰੋਤਿਆਂ ਲੋਕੀ ਸਿਰੀਆਂ ਜੋੜ, ਅਣਦਿਸਦੇ ਵੀ ਦੇਵ ਸਨ ਬੈਠੇ ਕਈ ਕਰੋੜ । ਏਸ ਤਰ੍ਹਾਂ ਸੀ ਜਾਪਦਾ ਸੋਹਣੀ ਉਹ ਦਿਹਾੜ, ਅਟਕੀ ਪਰਬਤ ਚੋਟੀਆਂ ਭਾਹ ਗੁਲਾਬੀ ਧਾਰ । ਇਉਂ ਭਾਸਦੀ ਰਾਤ ਸੀ ਵਾਦੀਆਂ ਦੇ ਵਿਚਕਾਰ, ਐਪਰ ਉੱਪਰ ਪਰਬਤਾਂ ਹਾਲੇ ਤੀਕ ਦਿਹਾੜ । ਏਸ ਤਰ੍ਹਾਂ ਹੀ ਆਉਂਦਾ ਪੂਜ ਗ੍ਰੰਥ ਵਿਚਾਲ ਗੱਭੇ ਰਾਤ ਦਿਹਾੜ ਦੇ ਏਦਾਂ ਸੀ ਤਰਕਾਲ । ਜਿੱਦਾਂ ਕੋਈ ਅਪਛਰਾਂ ਸਵਰਗਾਂ ਦੀ ਵਸਨੀਕ, ਵਿੰਨ੍ਹੀ ਅਣੀ ਪ੍ਰੇਮ ਦੀ ਖੱਲੀ ਵਿਚ ਉਡੀਕ । ਕੂਲੇ ਕੂਲੇ ਤਿਲਕਦੇ ਬਦਲ ਉਹਦੇ ਵਾਲ, ਜੜੇ ਸਿਤਾਰੇ ਲਿਸ਼ਕਦੇ ਮੋਤੀ ਮੁਕਟ ਵਿਚਾਲ। ਚੰਨ ਓਸਦੀ ਦਾਉਣੀ ਦਾ ਟਿੱਕਾ ਪਹਿਚਾਣ, ਘਿਰਦਾ ਨ੍ਹੇਰਾ ਰਾਤ ਦਾ, ਬਸਤਰ ਉਹਦੇ ਜਾਣ। ਹੈਸੀ ਓਸੇ ਦਾ ਲਿਆ ਰੋਕ ਰੋਕ ਕੇ ਸਾਹ, ਵਾਂਗ ਸੁਗੰਧਤ ਹੌਕਿਆਂ ਰਿਹਾ ਸੀ ਜੋ ਛਾ । ਸੋਹਣੇ ਬੁਧ ਭਗਵਾਨ ਦੇ ਸੁਣਦਾ ਜੋ ਵੀਚਾਰ, ਪਰਦੇਸੀ ਯਾ ਆਰੀਆ ਬਾਹਮਣ ਯਾ ਚਮਿਆਰ ਸਭ ਨੂੰ ਏਦਾਂ ਜਾਪਦਾ ਬੁਧ ਭਗਵਾਨ ਦੇ ਬੋਲ, ਉਸਦੀ ਬੋਲੀ ਵਿਚ ਹੀ ਬੋਲੇ ਗਏ ਅਭੋਲ । ਇਉਂ ਲਿਖਿਆ ਉਸ ਭੀੜ ਤੋਂ ਛੁਟ ਉਥੇ ਸਨ ਹੋਰ, ਵੰਨਾ ਵੰਨਾ ਦੇ ਪੰਖਨੂੰ ਕੀੜੇ ਅਤੇ ਜਨੌਰ । ਅਨਭਵ ਸਨ ਜੋ ਕਰ ਰਹੇ ਬੁਧ ਦਾ ਪ੍ਰੇਮ ਵਿਸ਼ਾਲ, ਸਰਬ ਸ੍ਰਿਸ਼ਟ ਨੂੰ ਲਾਉਂਦਾ ਜੋ ਛਾਤੀ ਦੇ ਨਾਲ । ਏਸ ਤਰ੍ਹਾਂ ਸੀ ਭਾਸਦਾ ਓਸ ਘੜੀ ਵਿਚਕਾਰ, ਸ਼ੇਰ, ਹਿਰਨ, ਰਿਛ, ਚਿਤਰੇ, ਗਿੱਦੜ ਯਾ ਬਘਿਆੜ ਮੁਰਦੇ ਖਾਣੀ ਇਲ ਯਾ ਜੜਿਆ ਭਰਿਆ ਮੋਰ, ਸਪ, ਕਿਰਲੇ, ਚਮਗਾਦੜਾਂ ਕਈ ਜਾਨਵਰ ਹੋਰ, ਸਾਂਝੇ ਕਿਸੇ ਪਿਆਰ ਨੇ ਰਖੇ ਸਾਰੇ ਵੇਧ, ਮਾਨੁਖਾਂ ਤੇ ਉਨ੍ਹਾਂ ਵਿਚ ਰਿਹਾ ਨ ਕੋਈ ਭੇਦ । ਗੁੰਗੇ ਕਿਸੇ ਸਵਾਦ ਨੂੰ ਸਭ ਰਹੇ ਸਨ ਮਾਣ, ਜਦੋਂ ਬੁਧ ਸਨ ਕਰ ਰਹੇ ਏਸ ਤਰਾਂ ਵਿਖਿਆਨ : ਓਮ ਅਮਿਤ ! ਇਸ ਅਣਮਿਣਵੇਂ ਨੂੰ ਸ਼ਬਦਾਂ ਵਿਚ ਕਿੰਜ ਲਈਏ, ਡੋਰੀ ਪਕੜ ਵਿਚਾਰਾਂ ਦੀ ਨਾ ਵਿਚ ਅਥਾਹ ਦੇ ਲਹੀਏ। ਪੁੱਛਣ ਵਾਲਾ ਵੀ ਭੁਲਦਾ ਹੈ, ਦਸਣ ਵਾਲਾ ਵੀ ਭੁਲਦਾ, ਦੋਹਾਂ ਕੋਲੋਂ ਏਹੋ ਚੰਗਾ ਮੂੰਹੋਂ ਕੁਝ ਨਾ ਕਹੀਏ। ਗ੍ਰੰਥ ਸਿਖਾਂਦੇ ਵਿਚ ਆਦ ਦੇ ਤਾਰੀਕੀ ਸੀ ਛਾਈ, ਕੱਲਾ ਬ੍ਰਹਮ ਹਨੇਰੇ ਅੰਦਰ ਬੈਠਾ ਸੀ ਲਿਵ ਲਾਈ । ਲੱਭ ਨ ਏਥੇ ਬ੍ਰਹਮੇ ਤਾਈਂ ਨਾ ਸ੍ਰਿਸ਼ਟੀ ਦੇ ਮੁੱਢ ਨੂੰ, ਕਿਉਂਕਿ ਨਹੀਂ ਕਿਸੇ ਨੂੰ ਦੇਣਾ ਚਾਨਣ ਇੰਜ ਦਿਖਾਈ। ਲੱਭ ਨਾ ਸੱਕਣ ਚਾਨਣ ਤਾਈਂ ਬੁਧਵਾਨਾਂ ਦੇ ਟੱਲੇ, ਨਾਸ਼ਵਾਨ ਅੱਖਾਂ ਦੀ ਨਾ ਕੁਝ ਪੇਸ਼ ਇਥਾਈਂ ਚੱਲੇ । ਪਏ ਹੋਏ ਅਣਗਿਣਵੇਂ ਪਰਦੇ ਇਸ ਚਾਨਣ ਦੇ ਉੱਤੇ, ਹੋਰ ਨਿਕਲਦੇ ਆਵਣ ਹੇਠੋਂ ਜਿਉਂ ਜਿਉਂ ਕੋਈ ਉਥੱਲੇ । ਮੂੰਹ ਮੀਟੀ ਅਸਮਾਨਾਂ ਉਤੇ ਤੁਰਦੇ ਜਾਣ ਸਿਤਾਰੇ, ਹਰਖ ਸੋਗ, ਜੀਵਨ ਤੇ ਮ੍ਰਿਤਯੂ, ਕਰਮ ਕਾਰਨ ਵੀ ਸਾਰੇ । ਏਦਾਂ ਹੀ ਪਰਵਾਹ ਸਮੇ ਦਾ ਨਾਲੇ ਜੀਵਨ-ਧਾਰਾ, ਵਟਦੀ, ਨਸਦੀ, ਤਿੱਖੀ, ਮੱਠੀ, ਢਹੇ ਜਾ ਸਾਗਰ ਖਾਰੇ। ਸਾਗਰ ਨੂੰ ਫਿਰ ਤਾ ਸੂਰਜ ਦਾ ਉੱਪਰ ਚੁਕ ਲਿਜਾਏ, ਨਦ ਨਦੀਆਂ ਦੀਆਂ ਗਵਾਚੀਆਂ ਛਲਾਂ ਬਦਲੀਂ ਮੋੜ ਲਿਆਏ । ਢਹਿ ਕੇ ਫੇਰ ਪਰਬਤਾਂ ਉਤੇ ਬਣ ਵੱਗਣ ਇਹ ਨਦੀਆਂ, ਕਿਸੇ ਤਰ੍ਹਾਂ ਦਾ ਅਮਨ ਯਾ ਅਟਕਣ ਕੁਦਰਤ ਨੂੰ ਨਾ ਭਾਏ । ਦੁਨੀਆਂ ਅਤੇ ਅਕਾਸ਼ ਧਰਤੀਆਂ ਹਨ ਸਭ ਝੌਲੇ ਵਾਲੇ, ਜਿਨ੍ਹਾਂ ਤਾਈਂ ਰਹੇ ਵਟਾਂਦੀ ਤਬਦੀਲੀ ਹਰ ਹਾਲੇ। ਰਹੇ ਸਦੀਵੀ ਯਤਨਾਂ ਵਾਲਾ, ਮਹਾਂ-ਚਕ੍ਰ ਨਿਤ ਭੌਂਦਾ, ਕੋਈ ਨਾ ਇਸ ਦੇ ਗੇੜਾਂ ਤਾਈਂ ਜਿਹੜਾ ਬੰਨ੍ਹ ਬਹਾਲੇ । ਕੁਝ ਨਾ ਮੰਗੋ ਏਸ ਨ੍ਹੇਰਿਓਂ ਚਾਨਣ ਖੈਰ ਨਾ ਪੈਣਾ, ਚੁਪ ਅੱਗੇ ਨਾ ਕੱਢੋ ਤਰਲੇ ਏਸ ਨਹੀਂ ਕੁਝ ਕਹਿਣਾ । ਕਰੋ ਨਾ ਸੋਗੀ ਮਨ ਅਪਣੇ ਨੂੰ ਨਾਲ ਪਵਿਤਰ ਕਸ਼ਟਕਾਂ, ਆਹ ! ਭਰਾਉ ਭੈਣੋ ਮੇਰੀਉ ਚੰਗਾ ਏ ਚੁਪ ਰਹਿਣਾ । ਆਪ ਦੇਵਤੇ ਆਤਰ ਸਾਰੇ ਇਹਨਾਂ ਤੋਂ ਕੀ ਚਾਹੋ, ਕੀ ਦੇਵੋ ਲਹੂਆਂ ਦੀ ਰਿਸ਼ਵਤ ਕੀ ਪਰਸ਼ਾਦ ਚੜ੍ਹਾਉ ? ਲਭਣੀ ਪੈਣੀ ਮੁਕਤ ਤੁਹਾਨੂੰ ਓੜਕ ਅਪਣੇ ਅੰਦਰੋਂ, ਸਵੈ-ਸਾਜੇ ਬੰਦੀ-ਖਾਨੇ ਵਿਚ ਹਰ ਇਕ ਵਸੇ ਭਰਾਉ । ਹਰ ਇਕ ਵਿਚ ਉਹੀਉ ਸਮਰੱਥਾ ਉਚਿਆਂ ਵਿਚ ਜੋ ਆਂਹਦੇ, ਐਪਰ ਸਭਨਾਂ ਲਈ ਕਰਮ ਹੀ ਹਰਖ ਤੇ ਸੋਗ ਬਣਾਂਦੇ, ਭਾਵੇਂ ਹੋਵਨ ਮਹਾਂ ਸ਼ਕਤੀਆਂ ਗਗਨੀ ਯਾ ਪਾਤਾਲੀ, ਭਾਵੇਂ ਹੋਣ ਜੀਵੰਦੇ ਪ੍ਰਾਨੀ, ਬਚ ਨਾ ਕਿਧਰੇ ਜਾਂਦੇ । ਫਲ ਕਰਮਾਂ ਦੇ ਬੀਤੇ ਵਿਚੋਂ ਹੋਣੀ ਕੱਢ ਲਿਆਵੇ, ਚੰਗੇ ਮੰਦੇ, ਫੇਰ ਉਨ੍ਹਾਂ ਨੂੰ ਅਗਿਉਂ ਅਗੇ ਲਿਜਾਵੇ । ਅਪਣੇ ਚੰਗੇ ਜੀਵਨ ਦਾ ਫਲ ਪਏ ਦੇਵਤੇ ਭੋਗਣ, ਹਰਖ-ਸਵਰਗਾਂ ਅੰਦਰ ਬੈਠੇ ਜਿਥੇ ਦੁਖ ਨਾ ਹਾਵੇ । ਨੀਵੀਂ ਦੁਨੀਆਂ ਦੇ ਵਿਚ ਪਾਪੀ ਤਨੋ ਮਨੋ ਜੇ ਚਾਹਵਣ, ਅਪਣੇ ਮਾੜੇ ਕਰਮਾਂ ਦਾ ਉਹ ਭੈੜਾ ਅਸਰ ਘਟਾਵਣ । ਨਹੀਂ ਸਥਿਰ ਕੁਝ, ਨਾਲ ਸਮੇਂ ਦੇ ਚੰਗੇ ਗੁਣ ਮੁਕ ਜਾਂਦੇ, ਹੌਲੀ ਹੌਲੀ ਪਾਪ ਡਰਾਉਣੇ ਅਤ ਉੱਜਲ ਹੋ ਜਾਵਣ । ਕਈ ਵਾਰ ਮਿਹਨਤ ਦਾ ਝਮਿਆਂ ਦਾਸ ਕੋਈ ਦਰਮਾਂਦਾ, ਸਾਊ ਯੋਗਤਾ ਅਤੇ ਸੁਚਜਤਾ ਨਾਲ ਕੰਵਰ ਬਣ ਜਾਂਦਾ । ਕਈ ਵਾਰ ਰਾਜੇ ਦੇ ਗਲ ਵਿਚ ਛਜ ਛਜ ਲਮਕਣ ਲੀਰਾਂ, ਕੀਤੇ ਅਣਕੀਤੇ ਕਰਮਾਂ ਦਾ ਉਹ ਵੀ ਏ ਫਲ ਪਾਂਦਾ । ਸੰਭਵ ਇੰਦਰ ਤੋਂ ਵੀ ਉੱਚੀ ਕਿਸਮਤ ਨੂੰ ਘੜ ਸਕਣਾ, ਸੰਭਵ ਕੀੜੇ ਤੋਂ ਵੀ ਥੱਲੇ ਡਿਗਣਾ ਅਤੇ ਤਰਕਣਾ । ਅੰਤ ਲਖਾਂ ਦਾ ਪਹਿਲਾ ਹੁੰਦਾ, ਅੰਤ ਲਖਾਂ ਦਾ ਦੂਜਾ, ਨਾ ਹਾਏ ਪਰ ਹੱਥ ਕਿਸੇ ਦੇ ਰਾਹ ਹੋਣੀ ਦਾ ਡਕਣਾ । ਅਣ-ਦਿਸਦਾ ਇਹ ਜੀਵਨ ਚੱਕਰ ਚਲਦਾ ਨ੍ਹੇਰ ਸਵੇਰੇ, ਕੋਈ ਅਮਨ ਅਟਕਾ ਨਾ ਇਥੇ ਕੋਈ ਪੜਾ ਨਾ ਡੇਰੇ । ਜਿਹੜਾ ਚੜ੍ਹਦਾ ਹੈ ਡਿਗੇਗਾ, ਉਠੇਗਾ ਜੋ ਡਿਗਦਾ, ਕੱਢੀ ਜਾਵਨ ਅਰਾਂ ਇਸਦੀਆਂ ਜੁਗਾਂ ਜੁਗਾਂ ਤੋਂ ਗੇੜੇ । ਇਸ ਤਬਦੀਲੀ ਦੇ ਚੱਕਰ ਦੇ ਨਾਲ ਤੁਸੀਂ ਹੋ ਬੀੜੇ, ਇਸ ਨਾਲੋਂ ਟੁਟਣ ਦਾ ਸਾਧਨ ਜੇਕਰ ਕੋਈ ਨਾ ਲੱਭੇ, ਤਾਂ ਫਿਰ ਇਹ ਬੇਅੰਤਾ ਜੀਵਨ ਇਕ ਸਰਾਪ ਏ ਭਾਰਾ, ਅਤੇ ਆਤਮਾਂ ਸਭ ਚੀਜ਼ਾਂ ਦੀ ਇਕ ਬੇ ਕਿਰਕੀ ਪੀੜ ਏ। ਸਭ ਚੀਜ਼ਾਂ ਦੀ ਮਧੁਰ ਆਤਮਾ, ਤੁਸੀਂ ਨਾ ਬੱਝੇ ਫੱਸੇ, ਇਸ ਸਾਰੇ ਜੀਵਨ ਦੇ ਦਿਲ ਵਿਚ ਅਮਨ ਸਵਰਗੀ ਵੱਸੇ। ਸ਼ੋਕੋਂ ਤਗੜੀ ਸਾਡੀ ਇੱਛਾ, ਚੰਗਾ ਬਣੇ ਚੰਗੇਰਾ, ਅਤੇ ਚੰਗੇਰਾ ਹੁੰਦਿਆਂ ਹੁੰਦਿਆਂ ਅੱਤ ਚੰਗਾ ਬਣ ਲੱਸੇ । ਮੈਂ ਬੁਧ ਜਿਸਨੇ ਸਭਨਾਂ ਖਾਤਰ ਹੰਝੂ ਢੇਰ ਵਗਾਏ, ਮੈਂ ਬੁਧ ਜਿਸਦੇ ਹਿਰਦੇ ਉਤੇ ਦੁਖਾਂ ਸਨ ਪੱਛ ਲਾਏ। ਅਜ ਪਰਸੰਨ ਤੇ ਹਸਦਾ ਹਾਂ ਮੈਂ ਕਿਉਂਕਿ ਹੈ ਛੁਟਕਾਰਾ, ਬੰਨ੍ਹ ਲਉ ਗਲ ਇਹ ਮੇਰੀ ਪੱਲੇ ਜਿਨ੍ਹਾਂ ਜਿਨ੍ਹਾਂ ਦੁਖ ਪਾਏ । ਤੁਹਾਡੇ ਅੰਦਰੋਂ ਹੀ ਜੰਮਦੇ ਨੇ ਦੁਖ ਤੁਹਾਡੇ ਸਾਰੇ । ਨਾ ਕੋਈ ਹੋਰ ਜਿਵਾਲੇ ਤੁਹਾਨੂੰ ਨਾ ਕੋਈ ਤੁਹਾਨੂੰ ਮਾਰੇ । ਨਾ ਕੋਈ ਆਖੇ ਚੁੰਮੋਂ ਘੁੱਟੋ ਅਰਾਂ ਚਕ੍ਰ ਦੀਆਂ ਸੋਗੀ, ਨਾ ਕੋਈ ਤੁਹਾਨੂੰ ਇਹਦੇ ਉੱਤੇ ਨਾਲ ਧਿਙਾਣੇ ਚਾਹੜੇ । ਨਰਕੋਂ ਨੀਵੀਂ, ਗਗਨੋਂ ਉਚੀ, ਤਾਰਿਆਂ ਤੋਂ ਵੀ ਪਰੇਰੀ, ਆਦੋਂ ਪਹਿਲੋਂ, ਬਾਝ ਅੰਤ ਦੇ, ਬ੍ਰਹਮਾਂ ਨਾਲੋਂ ਅਗੇਰੀ । ਵਸਦੀ ਹੈ ਇਕ ਸ਼ਕਤ ਅਨੰਤੀ, ਨੇਮ ਅਟਲ ਹਨ ਜਿਸਦੇ, ਟੁੰਭ ਚੰਗਿਆਈਆਂ ਦੀ ਜੋ ਕਰਦੀ ਚਾਲ ਸਦਾ ਤਿਰਖੇਰੀ । ਏਹੋ ਖਿੜੇ ਗੁਲਾਬਾਂ ਉਤੇ ਛੋਹ ਅਪਣੀ ਹੈ ਲਾਂਦੀ, ਏਹੋ ਸੁੰਦਰ ਕੰਵਲ-ਦਲਾਂ ਤੇ ਅਧਭੁਤ ਰੇਖਾਂ ਵਾਂਹਦੀ । ਏਹੋ ਨ੍ਹੇਰੀ ਧਰਤੀ ਹੇਠਾਂ ਬੀਜਾਂ ਦੀ ਕੁੱਖ ਅੰਦਰ, ਬਸਤਰ ਰਹੇ ਬਸੰਤ ਰਿਤੂ ਦੇ ਬੁਣਦੀ ਅਤੇ ਬਣਾਂਦੀ। ਔਹਨਾਂ ਬਦਲਾਂ ਦੇ ਲੜ ਸੋਹਣੇ ਏਸ ਨੇ ਹਨ ਰੰਗੇ, ਨਾਲੇ ਮੋਰਾਂ ਦੇ ਖੰਭਾਂ ਤੇ ਇਸੇ ਜ਼ਮੁਰਦ ਟੰਗੇ। ਸਭਨਾਂ ਤਾਰਿਆਂ ਦੇ ਵਿਚ ਬਣੀਆਂ ਇਸ ਸ਼ਕਤੀ ਦੀਆਂ ਬਾਹਰਾਂ, ਪਵਨ, ਬਿਜਲੀਆਂ, ਮੀਹਾਂ ਵਿਚ ਵੀ ਦਾਸ ਏਸ ਦੇ ਢੰਗੇ । ਘੋਰ ਹਨੇਰੇ ਵਿਚੋਂ ਏਸੇ ਦਿਲ ਬੰਦੇ ਦਾ ਘੜਿਆ, ਇਸੇ ਚਕੋਰਾਂ ਦੇ ਗਲ ਦਵਾਲੇ ਘੋਗਿਆਂ ਤਾਈਂ ਜੜਿਆ । ਕੁਹਜਾਂ ਨੂੰ ਇਹ ਰਹੇ ਵਟਾਂਦੀ ਸੋਹਜਾਂ ਦੇ ਵਿਚ ਹਰਦਮ, ਟੁਟੇ ਉਜੜੇ ਖੰਡਰਾਂ ਨੂੰ ਇਹ ਮੁੜ ਮੁੜ ਕਰਦੀ ਹਰਿਆ । ਸੂਰਜ-ਪੰਛੀ ਦੇ ਅੰਡਿਆਂ ਵਿਚ ਏਸੇ ਦੇ ਹਨ ਝੌਲੇ, ਛੇ-ਨੁਕਰੇ ਮਖਿਆਲਾਂ ਵਿਚ ਵੀ ਇਸਦੇ ਮਾਖਿਉ ਡੋਲੇ। ਇਸ ਸ਼ਕਤੀ ਦੇ ਭਾਵਾਂ ਤੋਂ ਹੈ ਕੀੜੀ ਤਕ ਵੀ ਜਾਣੂ, ਘੁਘੀਆਂ ਦੀ ਘੂੰ ਘੂੰ ਦੇ ਵਿਚ ਵੀ ਗਿਆਨ ਇਸੇ ਦਾ ਬੋਲੇ। ਖੰਭ ਬਾਸ਼ਿਆਂ ਦੇ ਏਹੋ ਹੀ ਗਗਨਾਂ ਵਿਚ ਖਿਲਾਰੇ, ਮਾਰ ਸ਼ਿਕਾਰ ਪਰਤਦੇ ਜਦ ਇਹ ਆਹਲਣਿਆਂ ਵਲ ਸਾਰੇ । ਏਹੋ ਹੀ ਬਘਿਆੜੀ ਤਾਈਂ ਬਚਿਆਂ ਦੇ ਵਲ ਘੱਲੇ, ਏਹੋ ਅਣਚਾਹੀਆਂ ਜਿੰਦਾਂ ਲਈ ਲਭਦੀ ਮਿੱਤਰ ਪਿਆਰੇ। ਨਾ ਇਹ ਮੁਕਦੀ ਕਦੀ ਵਰਤਿਆਂ, ਨਾ ਇਕ ਥਾਂ ਅਟਕਾਂਦੀ, ਕੀ ਚੰਗੀਆਂ ਕੀ ਮੰਦੀਆਂ ਚੀਜ਼ਾਂ ਸਭਨਾਂ ਨੂੰ ਅਪਣਾਂਦੀ। ਏਹੋ ਸਪ ਦੇ ਮੂੰਹ ਵਿਚ ਭਰਦੀ ਜ਼ਹਿਰੀ ਚਿੱਟੇ ਕਤਰੇ, ਏਹੋ ਮਾਂ ਦੀਆਂ ਦੁਧੀਆਂ ਦੇ ਵਿਚ ਮਿੱਠਾ ਦੁਧ ਲਿਆਉਂਦੀ । ਤਾਰਿਆਂ ਦਾ ਸੰਗੀਤ ਗੁੰਦਿਆ ਏਹੋ ਹੀ ਉਪਜਾਵੇ, ਗਗਨਾਂ ਦੇ ਅਣਦਿਸਦੇ ਤੰਬੂਆਂ ਅੰਦਰ ਜੋ ਗੁੰਜਰਾਵੇ। ਲਿਸ਼ ਲਿਸ਼ ਕਰਦਾ ਸੋਨਾ ਚਾਂਦੀ ਨੀਲਮ ਲਾਲ ਤੇ ਹੀਰੇ, ਧਰਤੀ ਦੇ ਡੂੰਘੇ ਪਾਤਾਲਾਂ ਦੇ ਵਿਚ ਇਹੋ ਛੁਪਾਵੇ । ਨਿਤ ਨਵੇਂ ਭੇਦਾਂ ਨੂੰ ਕੱਢ ਕੇ ਉੱਪਰ ਹੈ ਇਹ ਲਿਆਂਦੀ, ਵਾਦੀਆਂ ਦੀ ਹਰਿਆਵਲ ਵਿਚ ਵੀ ਏਹੋ ਡੇਰੇ ਲਾਂਦੀ । ਨਿਤ ਅਨੋਖੇ ਬੀਜ ਪਾਲਦੀ ਦਿਉਦਾਰ ਦੇ ਪੈਰੀਂ, ਏਹੋ ਵੇਲਾਂ, ਪੱਤਰ, ਫਲ ਫੁਲ, ਟਹਿਣੀਆਂ ਰਹੇ ਬਣਾਂਦੀ । ਏਹੋ ਮਾਰੇ ਇਹੋ ਜਿਵਾਲੇ, ਡੋਲਣ ਮੂਲ ਨਾ ਜਾਣੇ, ਰਹੇ ਸਦਾ ਪਰਬਲ ਹੋਣੀ ਦੇ ਏਹੋ ਤਣਦੀ ਤਾਣੇ। ਇਸ ਸ਼ਕਤੀ ਦੀ ਖੱਡੀ ਅੰਦਰ ਪ੍ਰੇਮ ਤੇ ਜੀਵਨ ਧਾਗੇ, ਐਪਰ ਮੌਤ ਤੇ ਪੀੜਾ ਵੀ ਹਨ ਪੈਂਦੇ ਪੇਟੇ ਪਾਣੇ । ਏਹੋ ਸਾਜੇ ਤੇ ਅਣ-ਸਾਜੇ ਇਹੋ ਉਸਾਰੇ ਢਾਹੇ, ਪਹਿਲੇ ਨਾਲੋਂ ਬਣੇ ਚੰਗੇਰਾ ਜਿਸਨੂੰ ਵੀ ਛੋਹ ਲਾਏ, ਹਥ ਏਸ ਦੇ ਰੀਝਾਂ ਵੱਸਣ ਸਜਰੇ ਰੰਗਾਂ ਭਰੀਆਂ, ਜਿੱਦਾਂ ਦਾ ਇਹ ਚਾਹੇ ਨਮੂਨਾ ਓਦਾਂ ਦਾ ਬਣ ਜਾਏ । ਦਿਸਦੀਆਂ ਚੀਜ਼ਾਂ ਉਤੇ ਏਦਾਂ ਇਹ ਪਰਭਾ ਹੈ ਪਾਂਦੀ, ਐਪਰ ਅਣਦਿਸਦੀ ਦੁਨੀਆਂ ਵੀ ਏਸੇ ਦੀ ਹੈ ਬਾਂਦੀ। ਲੋਕਾਂ ਦੇ ਮਨ, ਚਿਤ, ਵਤੀਰੇ, ਭਾਵ ਅਤੇ ਇਛਾਵਾਂ, ਮਹਾਂ ਨੇਮ ਦੇ ਵਿਚ ਕਲਾਵੇ ਇਹ ਸੱਭੇ ਹੀ ਲਿਆਂਦੀ। ਅਣਦਿਸਦੀ, ਪਰ ਨਾਲ ਹਥਾਂ ਦੇ ਦੇਂਦੀ ਰਹੇ ਸਹਾਰਾ, ਅਣ ਸੁਣਦੀ, ਤੂਫਾਨਾਂ ਤੋਂ ਪਰ ਉੱਚਾ ਇਦ੍ਹਾ ਕਕਾਰਾ । ਤਰਸ ਤੇ ਪ੍ਰੇਮ ਮਨੁਖ ਨੂੰ ਲੱਭੇ, ਕਿਉਂਕਿ ਲੰਮੇ ਕਸ਼ਟਾਂ ਪਿਛੋਂ ਅੰਨ੍ਹੀ ਪਰਕਿਰਤੀ ਨੇ ਰੂਪ ਧਾਰਿਆ ਪਿਆਰਾ। ਰੁੱਕੇ ਨਾ ਇਹ ਕਿਸੇ ਰੋਕਿਆਂ ਜੋ ਰੋਕੇ ਸੋ ਗਵਾਂਦਾ, ਐਪਰ ਜਿਹੜਾ ਸੇਵੇ ਇਸ ਨੂੰ ਅਤ ਚੰਗ ਫਲ ਪਾਂਦਾ। ਮੁਲ ਲੁਕੀ ਚੰਗਿਆਈ ਦਾ ਹੈ ਸੁਖ ਅਨੰਦ ਤੇ ਸ਼ਾਂਤੀ, ਪਰ ਲੁਕੀ ਬੁਰਿਆਈ ਵਾਲਾ ਪੀੜ ਪੀੜ ਕੁਰਲਾਂਦਾ। ਸਭੋ ਕੁਝ ਇਹ ਜਾਣੇ ਬੁਝੇ ਸਭੋ ਕੁਝ ਤਕਾਵੇ, ਚੰਗਾ ਕੰਮ ਕਰੇ ਜੇ ਕੋਈ ਮੁਲ ਇਸਦਾ ਇਹ ਪਾਵੇ। ਇਕ ਬੁਰਿਆਈ ਦਾ ਵੀ ਦੇਣਾ ਪਏ ਤੁਹਾਨੂੰ ਵੱਟਾ, ਭਾਵੇਂ ਧਰਮ ਨਿਆਂ ਦੇ ਹੁੰਦਿਆਂ ਢਿਲ ਕੁਝ ਲਗ ਜਾਵੇ। ਨਾ ਇਹ ਜਾਣੇ ਕ੍ਰੋਧ ਕ੍ਰੋਪੀ ਨਾ ਹੀ ਇਹ ਬਖਸ਼ੇਂਦੀ, ਬਿਨਾਂ ਪਾਸਕੂ ਤਕੜੀ ਇਹਦੀ ਸੱਚੋ ਸਚ ਤੁਲੇਂਦੀ। ਸਮਾਂ ਕੁਝ ਨਹੀਂ, ਅਜ ਨਹੀਂ ਕਲ, ਕਲ ਨਹੀਂ ਤਾਂ ਪਰਸੋਂ, ਕਈਆਂ ਕਲ੍ਹਾਂ ਮਗਰੋਂ ਓੜਕ ਹੈ ਇਹ ਨਿਆਂ ਕਰੇਂਦੀ । ਘਾਤ ਕਰਨ ਵਾਲੇ ਦਾ ਖੰਜਰ ਓਸੇ ਦੇ ਢਿਡ ਵੱਜੇ, ਨਿਆਂ-ਹੀਣ ਨਿਆਂਕਾਰੀ ਆਪੇ ਅਪਣੀ ਰਖਸ਼ਾ ਤੱਜੇ । ਝੂਠੀ ਜੀਭਾ ਝੂਠ ਆਪਣਾ ਓੜਕ ਆਪੇ ਭੰਡਦੀ, ਚੋਰ ਲੁਟੇਰੇ ਚੋਰੀ ਮੋੜਨ ਆਪੇ ਆਉਂਦੇ ਭੱਜੇ । ਇਹ ਉਹ ਨੇਮ ਪੈਰ ਜੋ ਹਰ ਦਮ ਨੇਕੀ ਦੇ ਵਲ ਚੱਕੇ, ਨਾ ਹੀ ਕੋਈ ਖੁੰਝਾਵੇ ਇਸਨੂੰ ਨਾ ਕੋਈ ਇਸਨੂੰ ਡੱਕੇ । ਕੇਂਦਰ ਪ੍ਰੇਮ ਪਿਆਰ ਹੈ ਇਸਦਾ, ਅੰਤ ਸ਼ਾਂਤ ਪੂਰਨਤਾ, ਝਬਦੇ ਅਮਲ ਕਰੋ ਇਸ ਉਤੇ ਤਿਆਗੋ ਜੱਕੋ ਤੱਕੇ । ਕਰੋ ਨਾ ਸ਼ੰਕਾ ਮੇਰੇ ਵੀਰੋ ਗ੍ਰੰਥ ਠੀਕ ਹਨ ਆਂਹਦੇ, ਇਸ ਜੀਵਨ ਵਿਚ ਪਹਿਲੇ ਦਾ ਹੀ ਸਾਰੇ ਹਨ ਫ਼ਲ ਖਾਂਦੇ । ਹਰ ਇਕ ਦੇ ਹੋ ਗੁਜ਼ਰੇ ਔਗਣ ਦੁਖ ਤੇ ਸੋਗ ਲਿਆਵਣ, ਹਰ ਇਕ ਦੇ ਹੋ ਬੀਤੇ ਸਦਗੁਣ ਸੁਖ ਸ਼ਾਂਤੀ ਉਪਜਾਂਦੇ। ਜੋ ਬੀਜੋਗੇ ਸੋ ਵੱਢੋਗੇ ਤੱਕੋ ਔਹ ਕਿਆਰੇ, ਸਰ੍ਹੋਂ ਸਰ੍ਹੋਂ ਸੀ, ਮੱਕ ਮੱਕ ਸੀ, ਪ੍ਰਥਮ ਜਨਮ ਵਿਚਕਾਰੇ । ਧਰਤੀ ਦੇ ਨ੍ਹੇਰੇ ਤੇ ਚੁਪ ਨੂੰ ਪਤਾ ਸੀ ਸਭ ਇਸਦਾ, ਏਦਾਂ ਹੀ ਮਾਨੁਖ ਦੀ ਹੋਣੀ ਜਨਮ ਨਵੇਂ ਨਿਤ ਧਾਰੇ । ਧਰਤੀ ਤੇ ਮਾਨੁਖ ਆਉਂਦਾ ਅਪਣੀ ਕਟਣ ਬਿਜਾਈ, ਸਰਹੋਂ ਮੱਕੀ ਜਿਹੜੀ ਪਿੱਛੇ ਹੈਸੀ ਉਸਨੇ ਗਾਹੀ । ਨਾਲੇ ਕੱਟਣ ਘਾਹ ਕੰਡੇ ਨੂੰ ਪੁੱਟਣ ਬੂਟੀਆਂ ਜ਼ਹਿਰੀ, ਜਿਨ੍ਹਾਂ ਉਹਨੂੰ ਤੇ ਧਰਤੀ ਨੂੰ ਹੈਸੀ ਹਾਨ ਪੁਚਾਈ। ਜੇ ਕੋਈ ਪੁਟ ਕੇ ਨਾਲ ਜਤਨ ਦੇ ਜੜ੍ਹਾਂ ਇਨ੍ਹਾਂ ਦੀਆਂ ਸੱਭੇ, ਥਾਂ ਇਹਨਾਂ ਦੀ ਬੀ ਅੱਤ ਚੰਗੇ ਧਰਤੀ ਦੇ ਵਿਚ ਦੱਬੇ, ਹੋ ਜਾਏਗੀ ਧਰਤ ਓਸਦੀ ਸੋਹਣੀ ਅਤੇ ਪਵਿੱਤਰ, ਓੜਕ ਭਰਵੀਂ ਤੇ ਅੱਤ ਰਜਵੀਂ ਫਸਲ ਓਸਨੂੰ ਲੱਭੇ । ਜੇ ਕੋਈ ਪ੍ਰਾਨੀ ਦੁਖ ਦੇ ਕਾਰਨ ਪੂਰੀ ਤਰ੍ਹਾਂ ਪਛਾਣੇ, ਸਬਰ ਨਾਲ ਫਿਰ ਜਰੇ ਉਨ੍ਹਾਂ ਨੂੰ ਰਹਿ ਕੇ ਅੰਦਰ ਭਾਣੇ । ਬੀਤ ਚੁਕੇ ਭੈੜਾਂ ਦਾ ਕਰਜ਼ਾ ਪੂਰਾ ਪੂਰਾ ਲਾਹੇ, ਸਦਾ ਪਿਆਰ ਤੇ ਚੰਗਿਆਈ ਵਿਚ ਕਰ ਕੇ ਜਤਨ ਸਤਾਣੇ । ਜੇ ਕੋਈ ਅਪਣੇ ਲਹੂ ਦੇ ਵਿਚੋਂ ਮੁਢੋਂ ਹੀ ਚਾ ਪੱਟੇ, ਝੂਠ, ਸਵਾਰਥ ਵਰਗੇ ਔਗਣ ਕੋਝੇ ਅਤੇ ਤਰੱਕੇ । ਨਾਲ ਨਿਮਰਤਾ ਕਸ਼ਟਾਂ ਤਾਈਂ ਅਪਣੇ ਉਤੋਂ ਝਲ ਕੇ, ਸੀਤਲਤਾ ਤੇ ਨੇਕੀ ਦੇਵੇ ਦੁਖ ਹਾਣੀ ਦੇ ਵੱਟੇ । ਜੇ ਕੋਈ ਦਿਨ ਦਿਨ ਨਾਲ ਤਰਸ ਦੇ ਆਪੇ ਨੂੰ ਪਘਲਾਵੇ, ਦਯਾ, ਪਵਿਤਰਤਾ, ਨਿਆਂਕਾਰੀ ਤੇ ਸਚ ਨੂੰ ਅਪਣਾਵੇ, ਨਾਲੇ ਪੁਟ ਜੜ੍ਹਾਂ ਤੋਂ ਸੁਟੇ ਚਮੜਦੀਆਂ ਇੱਛਾਵਾਂ, ਏਥੋਂ ਤਕ ਕਿ ਮੋਹ ਜੀਵਨ ਦਾ ਉੱਕਾ ਹੀ ਮੁਕ ਜਾਵੇ । ਉਹ ਮਰ ਕੇ ਖਾਤੇ ਅਪਣੇ ਨੂੰ ਉੱਕਾ ਬੰਦ ਕਰ ਛੋੜੇ, ਮਰ ਜਾਵਨ ਸਭ ਭੈੜ ਓਸਦੇ ਮੁੱਕਣ ਕਰਜ਼ ਚਮੋੜੇ । ਨੇਕੀ ਉਹਦੀ ਤਿੱਖੀ ਤਗੜੀ ਦੂਰ ਨੇੜੇ ਛਾਂ ਜਾਂਦੀ, ਅਪਣੇ ਆਪ ਹੀ ਫਲ ਆਉਂਦੇ ਮਗਰ ਓਸਦੇ ਦੌੜੇ । ਐਸੇ ਤਾਈਂ ਲੋੜ ਨਾ ਰਹਿੰਦੀ ਜੀਵਨ ਦੀ ਫਿਰ ਕਾਈ, ਖ਼ਾਸ ਤੌਰ ਉਹ ਜੀਵਨ ਜਿਸਨੂੰ ਜੀਵਨ ਕਹੇ ਲੁਕਾਈ । ਉਸਦੇ ਆਰੰਭ ਨਾਲ ਅਰੰਭਿਆ ਸਭੋ ਕੁਝ ਹੀ ਮੁਕਿਆ, ਮਾਨੁਖ ਸਾਜਣ ਦੇ ਮੰਤਵ ਦੀ ਮੰਜ਼ਲ ਓਸ ਮੁਕਾਈ। ਨਾ ਹੀ ਫਿਰ ਇੱਛਾਵਾਂ ਉਸਨੂੰ ਆ ਆ ਕੇ ਭਰਮਾਵਨ, ਨਾ ਹੀ ਪਾਪ ਕਰੂਰ ਤੇ ਕੋਹਜੇ ਦਾਗ਼ ਓਸਨੂੰ ਲਾਵਨ । ਨਾ ਹੀ ਹਰਖ ਸ਼ੋਕ ਧਰਤੀ ਦੇ ਤੋੜਨ ਉਸਦੀ ਸ਼ਾਂਤੀ, ਨਾ ਹੀ ਮੌਤ ਤੇ ਜੀਵਨ ਉਹਨੂੰ ਭੁਆਵਨ ਤੇ ਭਟਕਾਵਨ । ਉਹ ਨਿਰਵਾਨ ਪ੍ਰਾਪਤ ਕਰਕੇ ਛੁਟਕਾਰਾ ਹੈ ਪਾਂਦਾ, ਭਾਵੇਂ ਜੀਉਂਦਾ ਨਾ, ਪਰ ਜੀਵਨ ਨਾਲ ਇਕ ਹੋ ਜਾਂਦਾ। ਸਦਾ ਸਚਦਾਨੰਦ ਹੁੰਦਾ ਪਰ ਵਖਰੀ ਹੋਂਦ ਨਾ ਰਖਦਾ, ਓਮ ਮਨੀ ਪਦਮੇ ! ਜਲ-ਕਤਰਾ ਸਾਗਰ ਵਿਚ ਸਮਾਂਦਾ । ਇਹ ਸਿਧਾਂਤ ਹੈ ਕਰਮਾਂ ਵਾਲਾ ਜੋ ਚਾਹਵੇ ਸਮਝਾਵੇ, ਕੇਵਲ ਉਦੋਂ ਜਦੋਂ ਆਪੇ ਦੀ ਮੈਲ ਸਭੇ ਉਤਰਾਵੇ । ਕੇਵਲ ਉਦੋਂ ਜਦੋਂ ਜੀਵਨ ਦੀ ਲਾਟ ਚਿਟੀ ਬਲ ਮੁਕਦੀ, ਤਦੋਂ ਮੌਤ ਵੀ ਨਾਲ ਉਸ ਦੇ ਸਦਾ ਲਈ ਮੁਕ ਜਾਵੇ । ਆਖ ਨਾ ਹਾਂ, ਸਾਂ, ਯਾ ਹੋਵਾਂਗਾ ਸ਼ਬਦ ਇਹ ਸਖਣੇ ਵਾਂਦੇ, ਨਾ ਜਾਣੋ ਇਕ ਮਾਸ-ਘੁਰਨਿਉਂ ਦੂਜੇ ਵਿਚ ਹੋ ਜਾਂਦੇ। ਜਿਵੇਂ ਯਾਤਰੂ ਵੰਨ ਵਨਾਂ ਦੀਆਂ ਮੰਜ਼ਲਾਂ ਵਿਚੋਂ ਲੰਘਦੇ, ਚੰਗੀਆਂ ਮੰਦੀਆਂ ਸਭ ਯਾਦਾਂ ਨੂੰ ਓੜਕ ਨੇ ਵਿਸਰਾਂਦੇ। ਨਵੇਂ ਸਿਰੇ ਤੋਂ ਫਿਰ ਦੁਨੀਆਂ ਵਿਚ ਜਨਮ ਜ਼ਿੰਦਗੀ ਬਾਰੇ, ਤਾਜ਼ਾ ਸਜਰੀ ਤੇ ਅਣਛੋਹੀ ਅੰਗ ਅੰਗ ਜਿਸਦੇ ਕੰਵਾਰੇ । ਰੇਸ਼ਮ ਦੇ ਕੀੜੇ ਦੇ ਵਾਂਗੂੰ ਨਵਾਂ ਘਰੋਂਦਾ ਸਾਜੇ, ਮੁਢੋਂ ਸਢੋਂ ਫਿਰ ਜਿਸ ਵਿਚ ਉਹ ਜੀਵਨ ਤਾਈਂ ਗੁਜ਼ਾਰੇ । ਅਪਣੇ ਤਤ ਤੇ ਪਰਕਿਰਤੀ ਨੂੰ ਮੁੜ ਕੇ ਉਹ ਲਭ ਲਿਆਵੇ, ਜਿੱਦਾਂ ਸਪ ਅਪਣੇ ਅੰਡਿਆਂ ਨੂੰ ਕੁੰਜ, ਵਿਸ ਵਿਚ ਵਟਾਵੇ । ਜਿਵੇਂ ਚਟਾਨਾਂ, ਮੈਰਿਆਂ, ਰੇਤਾਂ ਉਤੇ ਉਡਦਾ ਫੰਭਾ , ਢੂੰਢ ਆਪਣੀ ਦਲਦਲ ਓੜਕ ਘਣ-ਜੰਗਲ ਬਣ ਜਾਵੇ। ਯਾ ਇਹ ਜੰਮਦਾ ਹਾਲੀ ਦੇਵਣ ਯਾ ਇਹ ਲਾਭ ਪੁਚਾਵੇ, ਜਦ ਕੌੜਾ ਜੱਲਾਦ ਮੌਤ ਦਾ ਅੰਤ ਇਹਨੂੰ ਫੜਕਾਵੇ । ਕਹਿਤ ਵਬਾ ਦੇ ਝਖੜਾਂ ਉਤੇ ਧਿੰਗੋਜ਼ੋਰੀ ਖਿਦਿਆ, ਲਹੂ-ਲਿਬੜਿਆ ਤੇ ਅਣਸੋਧਿਆ ਰਾਤ ਦਿਨੇ ਭਟਕਾਵੇ । ਪਰ ਜਦ ਕੋਮਲ ਚਿਤ ਕੋਈ ਮਰਦਾ ਮਿੱਠੀ ਪੌਣ ਬੁਲਾਂਦੀ, ਪਹਿਲੇ ਨਾਲੋਂ ਕਿਤੇ ਚੰਗੇਰੀ ਦੁਨੀਆਂ ਹੈ ਬਣ ਜਾਂਦੀ। ਜਿੱਦਾਂ ਨਦੀ ਥਲਾਂ ਵਿਚ ਵਗਦੀ ਗੁੰਮ ਰੇਤ ਦੇ ਅੰਦਰ, ਵਧ ਸੋਹਣੀ ਤੇ ਵਧ ਪਵਿਤ ਹੋ ਬਾਹਰ ਨਿਕਲ ਹੈ ਆਂਦੀ । ਏਦਾਂ ਜਿੱਤ ਗੁਣ ਲਿਆਉਂਦੇ ਜਿਤ ਕੇ ਉਮਰ ਸੁਖੇਰੀ, ਜਿਹੜੀ ਸਾਡੇ ਭੈੜਾਂ ਕਰ ਕੇ ਮੰਜ਼ਲੋਂ ਰਹੇ ਪਰੇਰੀ । ਤਾਵੀਂ ਨਿਸਚੇ ਪ੍ਰੇਮ-ਨਿਯਮ ਇਹ ਬਾਦਸ਼ਾਹ ਹੈ ਸਭ ਦਾ, ਰਹਿਣੀ ਕਲਪਾਂ ਤੀਕ ਹਕੂਮਤ ਜਿਸਦੀ ਸਦਾ ਪਕੇਰੀ । ਕੌਣ ਰੋਕਦਾ ? ਨ੍ਹੇਰਾ ਰੋਕੇ ਜੋ ਅਗਿਆਨ ਉਜਪਾਵੇ, ਮੰਨੇ ਬੰਦਾ ਅਸਲ ਨਕਲ ਨੂੰ ਕਬਜ਼ੇ ਲਈ ਤਰਸਾਵੇ । ਲੈ ਕਬਜ਼ਾ ਫਿਰ ਲੜ ਤ੍ਰਿਸ਼ਨਾ ਦੇ ਮੁੜ ਮੁੜ ਪਕੜੇ ਚਮੜੇ, ਜੋ ਮਾਨੁਖ ਦੇ ਜੀਵਨ ਤਾਈਂ ਡਾਢਾ ਦੁਖੀ ਬਣਾਵੇ। ਵਿਚਲੇ ਰਾਹ ਦੇ ਉਤੇ ਜਿਹੜਾ ਪੈਰ ਟਿਕਾਣਾ ਚਾਹਵੇ, ਉਹ ਰਾਹ ਜਿਸ ਨੂੰ ਬੁਧੀ ਲਭਦੀ ਪਧਰਾ ਸ਼ਾਂਤ ਕਰਾਵੇ । ਤੇ ਉਚੇ ਨਿਰਵਾਨ-ਪਥ ਤੇ ਜਿਸ ਕਿਸੇ ਵੀ ਤੁਰਨਾ, ਚਾਰ ਚੰਗੀਆਂ ਸਚਿਆਈਆਂ ਉਹ ਮੰਨ ਅਪਣੇ ਤੇ ਲਾਵੇ। ਗ਼ਮ ਸਚਿਆਈ ਪਹਿਲੀ ਵੀਰੋ ਖਾਉ ਨਾ ਮੂਲ ਭੁਲੇਖਾ, ਜੀਵਨ ਜਿਸ ਨੂੰ ਤੁਸੀਂ ਤਾਂਘਦੇ ਹੈ ਇਕ ਕਸ਼ਟ ਲੰਮੇਰਾ । ਚਿਰ-ਜੀਵਨੀਆਂ ਪੀੜਾਂ ਇਸਦੀਆਂ, ਐਪਰ ਹਰਖ ਤੇ ਖੁਸ਼ੀਆਂ, ਪੰਛੀਆਂ ਵਾਂਗ ਘੜੀ ਝਟ ਬਹਿ ਕੇ ਜਾਂਦੀਆਂ ਛਡ ਬਨੇਰਾ। ਪੀੜ ਜਨਮ ਦੀ, ਫੇਰ ਸਹਾਇਤਾ-ਹੀਣ ਦਿਨਾਂ ਦੀ ਆਵੇ, ਗਰਮ ਯੁਵਾ ਦੀ ਪੀੜਾ ਪਿਛੋਂ ਪ੍ਰੋਢ ਪੁਣੇ ਦੇ ਹਾਵੇ । ਪੀੜ ਠਰਕਦੇ ਵਰ੍ਹਿਆਂ ਦੀ, ਫਿਰ ਆਏ ਮੌਤ ਦੀ ਪੀੜਾ, ਨਿੱਕਾ ਜਿਹਾ ਮਨੁੱਖ ਦਾ ਜੀਵਨ ਇਉਂ ਪੀੜਾਂ ਵਿਚ ਜਾਵੇ । ਪ੍ਰੇਮ ਲਡਿੱਕਾ ਡਾਢਾ ਮਿੱਠਾ ਚਿਖਾ ਦੀਆਂ ਪਰ ਲਾਟਾਂ, ਝੁਲਸਨ ਉਹਦੀ ਕੋਮਲ ਛਾਤੀ ਨਾਲੇ ਬੁਲ੍ਹ ਪਿਆਰੇ । ਰਣਯੋਧਾ ‘ਬਲ’ ਸੂਰਬੀਰ ਹੈ, ਪਰ ਕੀ ਰੰਕ ਤੇ ਰਾਜਾ, ਓੜਕ ਸਭ ਦੀਆਂ ਹਡੀਆਂ ਉਤੇ ਗਿਰਝਾਂ ਕਰਨ ਉਤਾਰੇ । ਧਰਤੀ ਸੁੰਦਰ ਹੈ ਪਰ ਇਸ ਦੇ ਜੰਗਲੀ ਟੱਬਰ ਸਾਰੇ, ਇਕ ਦੂਜੇ ਦੇ ਕਤਲ ਖੂਨ ਦੀ ਸਾਜ਼ਸ਼ ਦੇ ਹਤਿਆਰੇ । ਨੀਲਮ ਦੇ ਆਕਾਸ਼ ਬਣੇ ਹਨ, ਪਰ ਜਦ ਭੁਖੇ ਕੂਕਣ, ਇਕ ਕਣੀ ਵੀ ਨਾ ਵਰਸਾਵਣ, ਹੇਠਾਂ ਇਹ ਨਕਾਰੇ । ਰੋਗੀ ਕੋਲੋਂ ਪੁਛ ਕੇ ਦੇਖੋ ਨਾਲੇ ਸੋਗੀ ਕੋਲੋਂ, ਨਾਲੇ ਉਸ ਤੋਂ ਮਿਤ੍ਰ-ਹੀਨ ਜੋ ਖਾਂਦਾ ਏ ਡਿਕਡੋਲੇ : “ਕੀ ਤੈਨੂੰ ਭਾਉਂਦਾ ਏ ਜੀਵਨ ?” ਆਖੇਗਾ ਉਹ ਅਗੋਂ, “ਬਾਲ ਸਿਆਣਾ, ਜੰਮਦਿਆਂ ਹੀ ਜੋ ਰੋ ਰੋ ਹੰਝੂ ਡੋਲ੍ਹੇ ।” ‘ਗਮ ਸਾਡੇ ਦਾ ਮੁਢ ਤੇ ਕਾਰਨ’ ਹੈ ਦੂਜੀ ਸਚਿਆਈ, ਕੌਣ ਪੀੜ ਜੋ ਆਪੇ ਉਪਜੀ, ਤ੍ਰਿਸ਼ਨਾ ਨਹੀਂ ਉਪਜਾਈ । ਸਭ ਦਿਸਦੀਆਂ ਵਸਤਾਂ ਸੁਰਤਾਂ ਆਪੋ ਵਿਚੀ ਮਿਲ ਕੇ, ਕਾਮਨਾਵਾਂ ਦਾ ਤਿੱਖਾ ਲੂੰਬਾ ਰਖਦੀਆਂ ਹਨ ਮਚਾਈ। ਏਸ ਤਰ੍ਹਾਂ ਤ੍ਰਿਸ਼ਨਾ ਹੈ ਮਚਦੀ ਭੁਖ ਵਸਤਾਂ ਦੀ ਨਾਲੇ, ਘੁਟ ਘੁਟ ਤੁਸੀਂ ਫੜੋ ਪਰਛਾਵੇਂ ਘੁੰਮੋ ਸੁਫਨਿਆਂ ਦਵਾਲੇ। ਵਿਚ ਇਕ ਝੂਠੀ ਖੁਸ਼ੀ ਵਸਾਉ, ਲਾਂਭ ਚਾਂਭ ਉਹ ਦੁਨੀਆਂ, ਹੋਂਦ ਜਿਦੀ ਮ੍ਰਿਗ-ਤ੍ਰਿਸ਼ਨਾ ਵਾਂਗਰ ਪਿਛੇ ਪਿਛੇ ਭਜਾਲੇ । ਉਚਿਆਂ ਸਿਖਰਾਂ ਵਲ ਨਾ ਝਾਕੋ ਸੁਣੋਂ ਨਾ ਸਦ ਪੌਣਾਂ ਦੀ, ਇੰਦ੍ਰ-ਅਕਾਸ਼ਾਂ ਤੋਂ ਵੀ ਪਰਿਉਂ, ਜਿਹੜੀਆਂ ਝੁਲ ਝੁਲ ਆਵਣ । ਉਸ ਸਚੇ ਜੀਵਨ ਦੇ ਸਦੇ ਦਾ ਉੱਤਰ ਨਾ ਦੇਵੋ, ਕੂੜ ਤਿਆਗਣ ਵਾਲੇ ਖਾਤਰ ਜੋ ਉਹ ਨਾਲ ਲਿਆਵਣ । ਇੰਜ ਘਾਲਾਂ ਤੇ ਖਾਹਿਸ਼ਾਂ ਵੱਧਣ ਜਿਹੜੀਆਂ ਜੰਗ ਰਚਾਵਣ, ਇੰਜ ਸ਼ੋਹਦੇ ਮੁਠੇ ਦਿਲ ਸੋਗੀ ਰੋਵਣ ਤੇ ਕੁਰਲਾਵਣ । ਇੰਜ ਚਮਕਣ ਤ੍ਰਿਸ਼ਨਾਵਾਂ ਸਾਡੇ ਕ੍ਰੋਧ ਅਤੇ ਘਿਰਨਾਵਾਂ, ਇੰਜ ਵਰ੍ਹੇ ਲਹੂ-ਲਿਬੜੀਆਂ ਪੀੜਾਂ ਉਤੋਂ ਲੰਘੀ ਜਾਵਣ । ਇਉਂ ਜਿਥੇ ਅਨ ਨੇ ਸੀ ਉਗਣਾ, ਉਥੇ ਮਾਰੂ ਬੂਟੀ, ਅਪਣੇ ਵਿਹੁਲੇ ਫੁਲ ਖਿਲਾਰੇ, ਜੜ੍ਹਾਂ ਚੰਦਰੀਆਂ ਗੱਡੇ। ਧਰਤੀ ਦੀ ਹਿਕ ਤੇ ਇਉਂ ਛਾਵੇ, ਚੰਗੇ ਬੀਜਾਂ ਤਾਂਈਂ ਡਿਗਣ ਪੁੰਗਰਨ ਤੇ ਮੌਲਣ ਦੀ ਥਾਂ ਨਾ ਕੋਈ ਛੱਡੇ । ਵਿਹੋ-ਕਟੋਰੀ ਦੀ ਨਸ਼ਿਆਈ ਰੂਹ ਏਦਾਂ ਤੁਰ ਜਾਵੇ, ਹੋਰ ਪੀਣ ਦੀ ਤ੍ਰਿਸ਼ਨਾ ਬੱਝਾ ਕਰਮ ਫੇਰ ਮੁੜ ਆਵੇ । ਸੁਰਤੀ ਮੋਹਿਆ ਮੈਲਾ ਆਪਾ ਫੇਰ ਅਰੰਭਿਆ ਜਾਂਦਾ, ਤਾਂ ਜੋ ਨਵੇਂ ਤਰ੍ਹਾਂ ਦੇ ਧੋਖੇ ਖੱਟ ਖੱਟ ਝੋਲੀ ਪਾਵੇ । ‘ਸ਼ੋਕ-ਅੰਤ’ ਤੀਜੀ ਸਚਿਆਈ ਮੁਸ਼ਕਲ ਜਿਨੂੰ ਕਮਾਣਾ, ਜੀਣ-ਲਾਲਸਾ, ਮੋਹ, ਖੁਦੀ ਨੂੰ ਪੈਂਦਾ ਏਥੇ ਢਾਹਣਾ । ਨਾਲੇ ਪੁਟ ਕਾਮਨਾ ਦੀਆਂ ਜੜ੍ਹਾਂ ਡੂੰਘੀਆਂ ਹਿਕ ਚੋਂ, ਅੰਦਰ ਦੀ ਖਿਚੋ ਤਾਣੀ ਨੂੰ ਪੈਂਦਾ ਸ਼ਾਂਤ ਕਰਾਣਾ । ਸੁਹਜ ਸਦੀਵੀ ਤਾਈਂ ਇਥੇ ਘੁਟ ਕੇ ਪੈਂਦਾ ਫੜਨਾ, ਨਾਲੇ ਅਪਣੇ ਆਪੇ ਦਾ ਵੀ ਸਵਾਮੀ ਪੈਂਦਾ ਬਣਨਾ। ਹਰਖ ਅਤੇ ਆਨੰਦ ਦੀ ਖਾਤਰ ਦੇਵਾਂ ਤੋਂ ਵੀ ਵਧ ਕੇ, ਸਾਨੂੰ ਕਿਤੇ ਉਚੇਰਾ ਤੇ ਸੁਹਣੇਰਾ ਜੀਵਨ ਪੈਂਦਾ ਘੜਨਾ। ਕੋਮਲ ਬਚਨ, ਦਯਾ, ਦਿਨ ਚੰਗੇ ਪੂਰਨ ਸੇਵਾ ਵਾਲੇ, ਪੈਣ ਜੋੜਨੇ ਵਾਂਗ ਖਜ਼ਾਨੇ ਹਰ ਵੇਲੇ ਹਰ ਹਾਲੇ । ਇਹ ਦੌਲਤ ਜੀਵਨ ਦੇ ਅੰਦਰ ਫਿਕੀ ਪੈ ਨਹੀਂ ਸਕਦੀ, ਨਾ ਹੀ ਮੌਤ ਕੋਈ ਮੁਲ ਇਸਦਾ ਕਸਿਆਂ ਕਰ ਵਿਖਾਲੇ । ਏਦਾਂ ਮੁਕਣ ਮੌਤ ਤੇ ਜੀਵਨ, ਸ਼ੋਕ ਅੰਤ ਹੋ ਜਾਵੇ, ਕਿੰਜ ਟਿਮਕੇਗਾ ਦੀਵਾ ਸ਼ੋਹਦਾ ਤੇਲ ਹੀ ਜਦੋਂ ਮੁਕਾਵੇ। ਹੋਇਆ ਸਾਫ਼ ਪੁਰਾਣਾ ਖਾਤਾ, ਨਵਾਂ ਅਜੇ ਹੈ ਕੋਰਾ, ਇਉਂ ਦਾਤ ਸੰਤੋਖ ਸ਼ੁਕਰ ਦੀ ਬੰਦਾ ਝੋਲੀ ਪਾਵੇ। ਚੌਥੀ ਸਚਿਆਈ ਹੈ ਮਾਰਗ ਜੋ ਸਭਨਾਂ ਦੇ ਅੱਗੇ, ਚੌੜਾ ਸੌਖਾ ਅਤੇ ਨੇੜਲਾ ਇਕ ਮੈਦਾਨ ਖੁਲ੍ਹਾਵੇ, ਅੱਠ ਪੱਖਾਂ ਵਾਲਾ ਇਹ ਮਾਰਗ ਚੰਗਾ ਅਤੇ ਪਵਿੱਤਰ, ਅਮਨ ਪਨਾਹ ਦੀ ਮੰਜ਼ਲ ਤੀਕਰ ਸਿੱਧਾ ਤੋੜ ਪੁਚਾਵੇ । ਉਹਨਾਂ ਉਚੀਆਂ ਸਿਖਰਾਂ ਤੀਕਰ ਰਸਤੇ ਕਈ ਪੁਚਾਂਦੇ, ਜਿਨ੍ਹਾਂ ਦੀਆਂ ਬਰਫ਼ਾਂ ਨੂੰ ਬੱਦਲ ਕੋਰ ਸੁਨਹਿਰੀ ਲਾਂਦੇ। ਚੜ੍ਹ ਚੜ੍ਹਾਈਆਂ ਝਿਕੀਆਂ ਤਿਖੀਆਂ ਜਾਚਕ ਇੱਥੇ ਪੁਜਦਾ, ਨਵੇਂ ਜਹਾਨਾਂ ਦੇ ਹਦ ਬੰਨੇ ਸ਼ੁਰੂ ਜਿਥੋਂ ਹੋ ਜਾਂਦੇ। ਤਗੜੇ ਹੱਡ ਪੈਰਾਂ ਦੇ ਮਾਲਕ ਚੁਣਦੇ ਰਾਹ ਉਖੇਰਾ, ਪਰਬਤ ਦੀ ਛਾਤੀ ਉਤੋਂ ਜੋ ਉਠਦਾ ਜਾਏ ਉਚੇਰਾ । ਐਪਰ ਮਾੜੇ ਹੌਲੀ ਹੌਲੀ ਘਾਟੀਉ ਘਾਟੀ ਭੌਂ ਕੇ, ਰਾਹ ਵਿਚ ਕਈ ਜਗਾ ਸਾਹ ਲੈਂਦੇ ਕਰਕੇ ਪੁਜਣ ਅਵੇਰਾ। ਅਠ-ਰਾਹਾ ਇਹ ਮਾਰਗ ਸੋਹਣਾ ਸ਼ਾਂਤੀ ਨਾਲ ਲਿਆਂਦਾ, ਨੀਵੇਂ ਰਾਹਾਂ ਤੋਂ ਵੀ ਲੰਘਦਾ, ਢਕੀਆਂ ਵੀ ਚੜ੍ਹ ਜਾਂਦਾ । ਛੇਤੀ ਤੁਰੇ ਆਤਮਾ ਤਗੜੀ, ਥਾਂ ਥਾਂ ਅਟਕੇ ਮਾੜੀ, ਪਰ ਸੂਰਜ-ਰੰਗੀਆਂ ਬਰਫ਼ਾਂ ਤਕ ਹਰ ਕੋਈ ਅਪੜਾਂਦਾ । ਮਾਰਗ ਦੀ ਪਹਿਲੀ ਪਧਰਾਈ ਸਚ ਅਸੂਲ ਭਰਾਉ, ਤੁਰੋ ਧਰਮ ਦੇ ਭੈ ਦੇ ਅੰਦਰ ਕਿਸੇ ਨਾ ਕਸ਼ਟ ਪੁਚਾਉ । ਨਿਤ ਕਰਮਾਂ ਨੂੰ ਚੇਤੇ ਰਖੋ ਜਿਹੜੇ ਭਾਗ ਬਣਾਂਦੇ, ਹਰ ਦਮ ਅਪਣੀ ਸੁਰਤੀ ਉਤੇ ਕਾਬੂ ਤਾਈਂ ਵਧਾਉ । ਦੂਜੀ ਪੱਧਰ ‘ਸੱਚ ਮਨੋਰਥ’ ਸ਼ੁਭ ਇਛਾਵਾਂ ਧਾਰੋ, ਸਭ ਪ੍ਰਾਨੀਆਂ ਖ਼ਾਤਰ ਦਿਲ ਚੋਂ ਨਿਰਦਯਤਾ ਨਿਰਵਾਰੋ । ਨਾਲੇ ਲੋਭ ਕ੍ਰੋਧ ਨੂੰ ਉੱਕਾ ਦਿਲ ਵਿਚੋਂ ਕੱਢ ਸੁੱਟੋ, ਜੀਕਰ ਕੋਮਲ ਪਵਨਾਂ ਝੁੱਲਣ, ਜੀਵਨ ਇਉਂ ਸੰਵਾਰੋ । ਤੀਜੀ ਪੱਧਰ ‘ਸੱਚ ਬੋਲ’ ਹੈ ਬੁਲ੍ਹ ਵਾਕ ਸਿਰ ਲਿਆਉ, ਜਾਣੋ ਦਵਾਰ ਮਹਿਲ ਦੇ ਹਨ ਉਹ, ਅੰਦਰ ਵੱਸੇ ਰਾਉ । ਆਦਰ ਭਰੇ ਸ਼ਾਂਤ ਤੇ ਸੋਹਣੇ ਹੋਵਣ ਸ਼ਬਦ ਤੁਹਾਡੇ, ਜਿਹੋ ਜਹੇ ਰਾਜੇ ਦੇ ਮੂੰਹੋਂ ਸੋਭਣ ਮੇਰੇ ਭਰਾਉ । ਚੌਥੀ ਪੱਧਰ ‘ਸੱਚ ਵਤੀਰਾ', ਹਰ ਇਕ ਅਮਲ ਤੁਹਾਡਾ, ਯਾ ਕੋਈ ਔਗਣ ਬਾਹਰ ਕੱਢੇ ਯਾ ਕੋਈ ਗੁਣ ਉਪਜਾਵੇ । ਜਿਵੇਂ ਬਲੌਰੀ ਮੋਤੀਆਂ ਵਿਚੋਂ ਤੰਦ ਚਾਂਦੀ ਦੀ ਲਿਸ਼ਕੇ, ਤਿਵੇਂ ਚੰਗੇਰੇ ਅਮਲਾਂ ਵਿਚੋਂ ਲਿਸ਼ਕਾਂ ਪਿਆਰ ਦਖਾਵੇ। ਚਾਰ ਉਚੇਰੇ ਰਾਹ ਹੋਰ ਨੇ ਤੁਰੇ ਉਨ੍ਹਾਂ ਤੇ ਉਹੀਉ, ਜਿਹੜਾ ਧਰਤੀ ਦੇ ਲੋਭਾਂ ਨੂੰ ਪਿੱਛੇ ਹੀ ਛੱਡ ਆਵੇ । ਸੱਚ ਪਵਿੱਤਰਤਾ ਰਾਹ ਪਹਿਲਾ, ਸੱਚ ਵਿਚਾਰ ਹੈ ਦੂਜਾ, ਸੱਚ ਏਕਾਂਤ ਤੀਸਰਾ, ਚੌਥਾ ਸੱਚ ਆਨੰਦ ਕਹਾਵੇ । ਤਗੜੇ ਜੇ ਖੰਭਲੇਟ ਨਾ ਤੇਰੇ ਉੱਡ ਨਾ ਅਰਸ਼ਾਂ ਵੰਨੇ, ਨੀਵੀਂ ਪੌਣ, ਹੇਠਲੀ ਪੱਧਰ ਤੈਨੂੰ ਠੀਕ ਸੁਖਾਵੇ। ਕੇਵਲ ਕੋਈ ਬਲੀ ਹੀ ਅਪਣਾ ਛੱਡ ਆਹਲਣਾ ਸਕਦਾ, ਜਿਸਨੂੰ ਹਰ ਕੋਈ ਅਪਣੀ ਖ਼ਾਤਰ ਰੀਝਾਂ ਨਾਲ ਬਣਾਵੇ। ਮੈਂ ਜਾਣਾ ਪਤਨੀ ਤੇ ਪੁੱਤਰ ਹੁੰਦੇ ਸਭ ਨੂੰ ਪਿਆਰੇ, ਹਨ ਸਵਾਦੀ ਕੰਮ ਰੁਝੇਵੇਂ, ਮਿੱਤਰ, ਬੇਲੀ, ਹਾਣੀ । ਜੀਵਨ ਦੀਆਂ ਮਿਠੀਆਂ ਦਾਤਾਂ ਦੇ ਫਲ ਲੱਗਣ ਮਿੱਠੇ, ਡਰ ਏਸ ਦੇ ਝੂਠੇ ਸਾਰੇ ਭਾਵੇਂ ਧਸੇ ਡੂੰਘਾਣੀ। ਜੀਵੋ ਜਿਤਨਾ ਇਸ ਧਰਤੀ ਤੇ ਜੀਉਣਾ ਹੋਏ ਜ਼ਰੂਰੀ, ਆਪਣੀਆਂ ਕਮਜ਼ੋਰੀਆਂ ਦੀ ਇਕ ਪੌੜੀ ਸਵਰਨ ਬਣਾਉ। ਫੇਰ ਏਸਦੇ ਸਵਪਨਲ ਅਡਿਆਂ ਉਤੇ ਖਲ੍ਹ ਖਲ੍ਹ, ਚੜ੍ਹ ਚੜ੍ਹ, ਅਤ ਸੋਹਣੀਆਂ ਸਚਿਆਈਆਂ ਦੀ ਸਿਖਰਾ ਤੇ ਚੜ੍ਹ ਜਾਉ। ਸਾਫ਼ ਦ੍ਰਿਸ਼ ਹੁੰਦਾ ਜਾਵੇਗਾ ਏਦਾਂ ਨਾਲ ਤੁਹਾਡਾ, ਤੇਜ਼ ਚੜ੍ਹਾਈ ਬਣੇ ਸੁਖਾਲੀ ਪੰਡ ਪਾਪਾਂ ਦੀ ਹੌਲੀ । ਹੋ ਜਾਵੇ ਇੱਛਾ ਅੱਤ ਤਗੜੀ ਪੁਜ ਕੇ ਏਸ ਟਿਕਾਣੇ, ਤੋੜੇ ਕਾਮਨਾਵਾਂ ਦੇ ਬੰਧਨ ਘੋਪੇ ਵਿਸ਼ਿਆਂ ਰੌਲੀ । ਪਹਿਲੀ ਮੰਜ਼ਲ ਤੈ ਕਰ ਲੈਂਦਾ ਜਿਹੜਾ ਇਥੇ ਪਹੁੰਚੇ, ਅੱਠ-ਰਾਹੇ ਮਾਰਗ ਦਾ ਪੂਰਾ ਜਾਣੂ ਉਹ ਹੋ ਜਾਵੇ। ਭਾਵੇਂ ਕਦਮ ਤੁਰੇ ਉਹ ਬਹੁਤੇ ਭਾਵੇਂ ਪੁੱਟੇ ਥੋਹੜੇ, ਓੜਕ ਉਹ ਨਿਰਵਾਨ ਪਦ ਨੂੰ ਝੋਲੀ ਅਪਣੀ ਪਾਵੇ। ਮੰਜ਼ਲ ਦੂਜੀ ਪੁੱਜਣ ਵਾਲਾ ਛਡ ਕੇ ਸਭ ਭੁਲੇਖੇ, ਅੰਦਰ ਦੀ ਖਿੱਚੋ ਤਾਣੀ ਤੋਂ ਸਵਤੰਤਰ ਹੋ ਜਾਵੇ। ਜਿਤੇ ਲਾਲਸਾ ਅਤੇ ਪ੍ਰੋਹਤਾਂ ਤੋਂ ਪਾਵੇ ਛੁਟਕਾਰਾ, ਇਸ ਜੀਵਨ ਵਿਚ ਇਕੋ ਅੰਤਲਾ ਜੀਵਨ ਹੋਰ ਬਤਾਵੇ । ਇਸਤੋਂ ਅੱਗੇ ਤੀਜੀ ਮੰਜ਼ਲ ਪੁਜ ਆਤਮਾ ਜਿੱਥੇ, ਅੱਤ ਪਵਿੱਤਰ ਪਾਵਨ ਹੋ ਕੇ ਗੌਰਵ ਨਾਲ ਭਰੀਵੇ । ਪੂਰਨ ਸ਼ਾਂਤੀ ਨਾਲ ਪਿਆਰੇ ਸਭ ਪ੍ਰਾਨੀਆਂ ਤਾਈਂ, ਜੀਵਨ ਦਾ ਇਹ ਬੰਦੀ-ਖਾਨਾ ਚੂਰਾ ਚੂਰਾ ਥੀਵੇ। ਪਰ ਐਸੇ ਵੀ ਹਨਗੇ ਜਿਹੜੇ ਦਿਸਦੇ ਅਤੇ ਜਿਊਂਦੇ, ਪਰਮ ਧਾਮ ਦੀ ਮੰਜ਼ਲ ਉਤੇ ਜਾਂਦੇ ਪੁਜ ਸਵੇਰੇ, ਇਹ ਚੌਥੀ ਮੰਜ਼ਲ ਅਖਵਾਉਂਦੀ ਪੂਜਯ ਬੁਧਾਂ ਦੀ ਮੰਜ਼ਲ, ਅਤ ਉੱਜਲ ਬੇਦਾਗ਼ ਆਤਮਾਂ ਜਿਥੇ ਕਰਨ ਬਸੇਰੇ। ਜਿਵੇਂ ਕਿਸੇ ਖੂਨੀ ਸ਼ਤਰੂ ਦਾ ਘਾਤ ਕਰੋ ਕੋਈ ਯੋਧਾ, ਇਹਨਾਂ ਮੰਜ਼ਲਾਂ ਦੇ ਰਾਹ ਢੱਠੇ ਪਾਪ ਦਸੇ ਹੀ ਮਿਲਦੇ। ਸਵੈ-ਪਿਆਰ, ਕੂੜਾ ਭਰਵਾਸਾ, ਤੀਜਾ ਸੰਕਾ ਮਾਰੂ, ਚੌਥਾ ਘੋਰ ਘ੍ਰਿਣਾਂ ਦੇ ਲੰਬੂ, ਪੰਜਵਾਂ ਵਹਿਣ ਵਿਸ਼ੇ ਦੇ। ਇਹਨਾਂ ਪੰਜਾਂ ਹੀ ਪਾਪਾਂ ਨੂੰ ਜਿਹੜੇ ਜਿੱਤ ਮੁਕਾਵਣ, ਜਾਣੋ ਚਵਾਂ ਵਿਚੋਂ ਤਿੰਨ ਮੰਜ਼ਲਾਂ ਤੈ ਉਹਨਾਂ ਕਰ ਲਈਆਂ । ਜੀਵਨ-ਮੋਹ, ਭੁੱਲ, ਸਵੈ-ਸ਼ਲਾਘਾ, ਗਰਬ ਤੇ ਚਾਹ ਸਵਰਗ ਦੀ, ਫਿਰ ਵੀ ਹੋਰ ਪੰਜ ਬੁਰਿਆਈਆਂ ਰਹਿਣ ਉਨ੍ਹਾਂ ਗਲ ਪਈਆਂ। ਬਰਫਾਂ ਢੱਕੀ ਚੋਟੀ ਉਤੇ ਜਿੱਦਾਂ ਕੋਈ ਪਹੁੰਚੇ, ਤੇ ਉਸ ਕੋਲੋਂ ਗਗਨ ਅਮੁਕਵਾਂ ਹੀ ਉੱਚਾ ਰਹਿ ਜਾਵੇ । ਏਦਾਂ ਜਦੋਂ ਪਾਪ ਇਹ ਸਾਰੇ ਜੀਵਨ ਝਾੜ ਝੰਬੇ, ਤਦੋਂ ਮਨੁਖ ਨਿਰਵਾਨ ਸਿਖਰ ਤੇ ਸਹਿਜੇ ਹੀ ਅਪੜਾਵੇ । ਕਰਨ ਦੇਵਤੇ ਰਸ਼ਕ ਓਸਦਾ ਅਪਣੀ ਨੀਵੀਂ ਥਾਂ ਤੋਂ, ਉਹਨੂੰ ਤ੍ਰੈਲੋਕਾਂ ਦੀ ਪਰਲੋ ਵੀ ਨਾ ਮੂਲ ਡੁਲਾਵੇ। ਜੀ ਚੁਕਿਆ ਉਹ ਸਾਰਾ ਜੀਵਨ, ਮੌਤਾਂ ਉਸਦੀਆਂ ਮਰੀਆਂ, ਫੇਰ ਕਰਮ ਨਾ ਉਸ ਦੀ ਖ਼ਾਤਰ ਘੁਰਨਾ ਨਵਾਂ ਬਣਾਵੇ। ਰਹੇ ਢੂੰਢ ਨਾ ਉਸਨੂੰ ਕੋਈ ਉਹ ਸਭ ਕੁਝ ਪਾ ਲੈਂਦਾ, ਭੁਲ ਕੇ ਆਪਾ ਮੈਂ ਓਸਦੀ ਬ੍ਰਹਿਮੰਡ ਬਣ ਜਾਵੇ । “ਮੁਕ ਜਾਣਾ ਨਿਰਵਾਨ ਅੰਤ ਨੂੰ,” ਜੇ ਕੋਈ ਤੁਹਾਨੂੰ ਆਖੇ, ਆਖੋ ਇਹ ਬੇ-ਸਮਝਾ ਬੰਦਾ ਕੂੜੇ ਬਚਨ ਅਲਾਵੇ । “ਹੈ ਨਿਰਵਾਨ ਜੀਵਣਾ,” ਜਿਹੜਾ ਏਦਾਂ ਤੁਹਾਨੂੰ ਆਖੇ, ਆਖੋ ਉਹ ਭੁਲਦਾ ਹੈ ਉਸ ਨੂੰ ਇਸਦਾ ਪਤਾ ਨਾ ਰਾਈ । ਨਾ ਉਸ ਚਾਨਣ ਦਾ ਜੋ ਟੁਟੇ ਦੀਵੇ ਵਿਚੋਂ ਚਮਕੇ, ਨਾ ਉਸ ਜੀਵਨ-ਰਹਿਤ ਅਨੰਦ ਦਾ ਹਦ ਨਾ ਜਿਸਦੀ ਕਾਈ । ਘਿਰਨਾ ਵਰਗਾ ਰੰਜ ਨਾ ਕੋਈ, ਚੱਲੋ ਮਾਰਗ ਉਤੇ, ਕਾਮਨਾ ਵਰਗੀ ਪੀੜ ਨਾ ਕੋਈ ਸੁਰਤੀ ਜਿਹਾ ਨਾ ਧੋਖਾ। ਮਾਰਗ ਉਤੇ ਤੁਰੇ ! ਓਸ ਨੇ ਸਮਝੋ ਮੰਜ਼ਲ ਮਾਰੀ । ਇਕ ਵੀ ਮੋਹਣਾ ਔਗਣ ਜਿਸ ਨੇ ਵਸ ਅਪਣੇ ਕਰ ਲੀਤਾ। ਮਾਰਗ ਉਤੇ ਤੁਰੋ ਵਗਦੀਆਂ ਪਾਵਨ ਨਦੀਆਂ ਇਥੇ, ਜਿਹੜੀਆਂ ਤ੍ਰਿਸ਼ਨਾ ਤਾਈਂ ਜਗਾਵਨ, ਫੁਲ ਏਥੇ ਮਹਿਕਾਵਨ ਜੋ ਸਾਰੇ ਪੈਂਡੇ ਦੇ ਅੰਦਰ ਖੁਸ਼ੀ ਖਿੰਡਾਂਦੇ ਜਾਂਦੇ, ਇੱਥੇ ਘੜੀਆਂ ਮਿਠੀਆਂ ਤਿਖੀਆਂ ਸਹਿਜਾਂ ਵਿਚ ਬਿਤਾਵਨ । ਲਾਲਾਂ ਹੀਰਿਆਂ ਨਾਲੋਂ ਚੰਗੀ ਏਸ ਨਿਯਮ ਦੀ ਪੂੰਜੀ, ਮਾਖਿਉਂ ਦੇ ਨਾਲੋਂ ਵੀ ਵਧ ਕੇ ਮਿੱਠਤ ਇਹਦੀ ਭਰਾਉ । ਏਸ ਦੀਆਂ ਖੁਸ਼ੀਆਂ ਦੀ ਵੀਰੋ ਉਪਮਾ ਕੋਈ ਨਾ ਲੱਭੇ, ਇਸ ਜੀਵਨ ਦੇ ਪੰਜ ਨਿਯਮ ਨੇ ਸੁਣੋ ਅਤੇ ਅਪਣਾਉ । ਛੱਡ ਹਤਿਆ ਤੇ ਰੋਹ, ਮਾਰ ਨਾ ਸਦਕਾ ਤਰਸ ਦਾ, ਮੱਤ ਸੁੱਟੇਂ ਤੂੰ ਕੋਹ, ਉਤੇ ਚੜ੍ਹਦੀ ਜਿੰਦ ਕੋਈ । ਬਣ ਕੋਮਲ ਤੇ ਦਿਆਲ, ਲੈ ਤੇ ਦੇ ਦਿਲ ਖੋਹਲ ਕੇ, ਧੋਖੇ ਧੱਕੇ ਨਾਲ, ਖੋਹ ਨਾ ਹਿੱਸਾ ਕਿਸੇ ਦਾ । ਨਾ ਹੀ ਝੂਠ ਅਲਾ, ਨਾ ਲਾ ਤੁਹਮਤ ਕਿਸੇ ਤੇ; ਹੁੰਦਾ ਸਚ ਗਵਾਹ, ਅੰਦਰਲੀ ਚੰਗਿਆਈ ਦਾ ਸਾੜ ਨਾ ਅੰਦਰ ਵੀਰ, ਨਸ਼ੇ ਦਵਾਈਆਂ ਵਰਤ ਕੇ, ਪਵਿਤਰ ਮਨ ਸਰੀਰ, ਨਸ਼ਿਆਂ ਦੇ ਮੁਹਤਾਜ ਨਾ । ਨਾ ਕਰ ਮੈਲੀ ਅੱਖ, ਗਵਾਂਢਣ ਉਤੇ ਭੁਲ ਕੇ, ਜਿਸਮ ਨਰੋਆ ਰੱਖ, ਵਰਜੇ ਹੋਏ ਪਾਪ ਤੋਂ । ਇਉਂ ਸਿਖਿਆ ਦੇ ਬੋਲ ਬੋਲੇ ਬੁੱਧ ਨੇ, ਮਾਤਾ ਪਿਤਾ ਭਰਾਵਾਂ ਮਿਤਰਾਂ ਸਾਹਮਣੇ । ਫੇਰ ਖੋਹਲ ਕੇ ਦਸਿਆ ਕੀਕਰ ਪੁਰਸ਼ ਉਹ, ਜਿਹੜੇ ਸੁਰਤੀ-ਸੰਗਲ ਨੂੰ ਨਾ ਤੋੜਦੇ, ਅੱਠ-ਰਾਹੇ ਮਾਰਗ ਤੇ ਰੱਖਣ ਪੈਰ ਨੂੰ, ਕਰਨ ਸਭਸ ਨੂੰ ਪਿਆਰ ਅਪਣੇ ਵਾਂਗਰਾਂ, ਕਿਉਂਕਿ ਹਰ ਇਕ ਭੈੜ ਉਪਜੇ ਭੈੜ ਤੋਂ, ਤੇ ਚੰਗਿਆਈ ਚੰਗਿਆਈ ਤੋਂ ਉਪਜਦੀ। ਅਤੇ ਗ੍ਰਹਿਸਤੀ ਜਿਤਨੇ ਜਤਨਾਂ ਨਾਲ ਹੈ ਅਪਣੇ ਤਾਈਂ ਭੁਲ ਕੇ ਦੁਨੀਆਂ ਪਿਆਰਦਾ ਓਨਾ ਵਧ ਪ੍ਰਸੰਨ ਤੇ ਚੰਗਾ ਬਣੇ ਉਹ, ਪਹਿਲੀ ਤੋਂ ਉੱਚੀ ਮੰਜ਼ਲ ਤੇ ਪਹੁੰਚਦਾ । ਪਹਿਲੋਂ ਵੀ ਇਕ ਵਾਰੀ ਏਦਾਂ ਨਾਲ ਹੀ, ਬਾਂਸ-ਬਨ ਵਿਚਕਾਰ ਭਗਵਨ ਕਿਹਾ ਸੀ । ਇਕ ਪਰਭਾਤੇ ਵਿਚਰ ਰਹੇ ਸਨ ਜਦੋਂ ਉਹ, ਕੀ ਦੇਖਣ ਸਿਰ ਨੰਗੇ, ਨਹਾ ਕੇ ਸਿੰਗਲਾ ਗ੍ਰਹਿਸਥੀ, ਮੱਥਾ ਟੇਕੇ ਉੱਪਰ ਧਰਤ ਦੇ, ਚਵਾਂ ਦਿਸ਼ਾਂ ਨੂੰ ਫਿਰ ਕੀਤਾ ਪਰਨਾਮ ਉਸ ਨਾਲੇ ਜਾਵੇ ਚਿੱਟੇ ਚੌਲ ਖਿਲਾਰਦਾ । “ਕਾਹਦੇ ਲਈ ਭਰਾਵਾ ਮੱਥਾ ਟੇਕਦਾ ?” ਉਹਦੇ ਕੋਲੋਂ ਪੁਛਿਆ ਸੀ ਭਗਵਾਨ ਨੇ, ਉੱਤਰ ਦਿੱਤਾ ਉਸਨੇ, “ਸਾਡੀ ਰੀਤ ਹੈ, ਸਾਨੂੰ ਸਾਡੇ ਵਡੇ ਸਨ ਸਿਖਾਵੰਦੇ, ਪਰਭਾਤੇ ਦਿਨ ਸ਼ੁਰੂ ਹੋਣ ਤੋਂ ਪਹਿਲ ਹੀ, ਰੋਕਣ ਧਰਤ ਅੰਬਰ ਦੇ ਵਿਚਲੇ ਭੈੜ ਨੂੰ, ਨਾਲੇ ਰੋਕਣ ਖਾਤਰ ਝੱਖੜ ਨ੍ਹੇਰੀਆਂ, ਏਦਾਂ ਹੀ ਮਹਾਰਾਜ ਕਰਨਾ ਚਾਹੀਦਾ।” ਲੋਕਮਾਨ ਤੱਦ ਬੋਲੇ : “ਚੌਲ ਖਿਲਾਰ ਨਾ, ਚੰਗੇ ਅਮਲ ਖ਼ਿਆਲ ਭੇਟਾ ਕਰ ਸਗੋਂ, ਸਮਝ ਮਾਪਿਆਂ ਪੂਰਬ, ਚਾਨਣ ਦੇਣ ਜੋ; ਅਧਿਆਪਕ ਨੇ ਦੱਖਣ, ਦਾਤਾਂ ਵੰਡਣ ਜੋ; ਇਸਤ੍ਰੀ ਬੱਚੇ ਪਛਮ ਜਿਥੇ ਲਿਸ਼ਕਦੇ, ਪਿਆਰ ਅਮਨ ਦੇ ਸੋਹਣੇ ਸੋਹਣੇ ਰੰਗ ਕਈ; ਉੱਤਰ ਸਾਕ ਤੇ ਮਿੱਤਰ ਅਤੇ ਮਨੁੱਖ ਸੱਭ, ਛੋਟੀ ਤੋਂ ਵੀ ਛੋਟੀ ਨੀਵੀਂ ਚੀਜ਼ ਨੂੰ ਸੰਤਾਂ, ਮੁਖੀਆਂ, ਦੋਵਾਂ ਤਾਈਂ ਜਾਣ ਤੂੰ । ਏਦਾਂ ਸਭ ਬੁਰਿਆਈ ਤੇਰੀ ਝੜੇਗੀ, ਇਉਂ ਹੀ ਛਏ ਦਿਸ਼ਾਵਾਂ ਜਾਵਣ ਬੱਧੀਆਂ ।” ਪਰ ਅਪਣੀ ਸ਼੍ਰੇਣੀ ਦੇ ਭਗਵੇਂ ਵਾਲਿਆਂ ਤਾਈਂ-ਜਿਹੜੇ ਜਾਗੇ ਬਾਜ਼ਾਂ ਵਾਗਰਾਂ ਜੀਵਨ ਦੀਆਂ ਨਿਵਾਣਾਂ ਤੋਂ ਮੂੰਹ ਮੋੜ ਕੇ, ਸੂਰਜ ਦੇ ਵਲ ਉਡਦੇ ਮਾਰ ਉਡਾਰੀਆਂ- ਦਿਤੇ ਦਸ ਉਪਦੇਸ਼ ਬੁਧ ਭਗਵਾਨ ਨੇ, ਦਯਾ-ਸੀਲ ਨੇ ਜਿਨ੍ਹਾਂ ਤਾਈਂ ਆਖਦੇ। ਕਿੱਦਾਂ ਇਕ ਵਿਰੱਕਤ ਤਾਈਂ ਚਾਹੀਦਾ ਤਿੰਨ ਦਰਾਂ ਤੋਂ ਪੂਰਾ ਜਾਣੂ ਹੋਏ ਉਹ; ਨਾਲੇ ਸਮਝੇ ਛਏ ਅਵਸਥਾਂ ਮਨ ਦੀਆਂ, ਬੁੱਧੀ ਦੇ ਸਭ ਸਾਧਨ, ਇੱਧੀ, ਉਪੇਕਸ਼ਾ, ਤੇ ਪੰਜ ਵੱਡੇ ਧਿਆਨ, ਜਿਹੜੇ ਆਤਮਾ ਲਈ ਅੰਮ੍ਰਿਤੋਂ ਵਧ ਕੇ ਮਿੱਠੇ ਹੋਂਵਦੇ, ਨਾਲੇ ਤਿੰਨ ਪਨਾਹਾਂ ਬਾਰੇ ਦਸਿਆ। ਅਤੇ ਆਖਿਆ ਕੀਕਰ ਮਾਇਆ-ਜਾਲ ਤੋਂ ਪਾਵਣ ਉਹ ਛੁਟਕਾਰਾ, ਨਾਲੇ ਦਸਿਆ, ਕੀ ਖਾਣਾ ਕੀ ਪੀਣਾ ਉਹਨਾਂ ਚਾਹੀਦਾ, ਤੇ ਤਿੰਨ ਸਾਦੇ ਭਗਵੇਂ ਵਸਤਰ ਰਖਣੇ, ਇਕ ਕਰਮੰਡਲ, ਖੱਪਰ ਅਤੇ ਕਪੀਨ ਵੀ। ਏਦਾਂ ਸਾਡੇ ਸੰਗ੍ਹ ਦੀ ਰੱਖੀ ਨੀਂਹ ਉਨ੍ਹਾਂ, ਭਗਵੇਂ ਚੋਲੇ ਵਾਲਾ ਬੀਬਾ ਸੰਗ ਜੋ । ਜਿਹੜਾ ਅਜ ਤਕ ਜਗਤ ਸਹਾਇਤਾ ਵਾਸਤੇ, ਪੱਕਾ ਅਤੇ ਅਟਲ ਸੇਵਾ ਕਰ ਰਿਹਾ । ਉਸ ਸਾਰੀ ਹੀ ਰਾਤ ਦੇਂਦੇ ਰਹੇ ਉਹ, ਅਤ ਸੋਹਣਾ ਉਪਦੇਸ਼ ਅਪਣੇ ਨਿਯਮ ਦਾ, ਕਿਸੇ ਨਾ ਲਾਈ ਅੱਖ ਸਾਰੀ ਰਾਤ ਹੀ, ਵਿਚ ਅਨੰਦ ਅਕੱਥ ਸਾਰੇ ਮਗਨ ਸਨ, ਮੁਕਿਆ ਜਦ ਉਪਦੇਸ਼, ਉਤੇ ਤਖ਼ਤ ਦੇ ਰਾਜਾ ਗਿਆ ਖੜੋ, ਝੁਕਿਆ ਫੇਰ ਉਹ, ਨੰਗੇ ਪੈਰੀਂ ਸਨਮੁਖ ਪੁੱਤਰ ਆਪਣੇ। ਫਿਰ ਚੋਲੇ ਦੀ ਕੰਨੀ ਚੁੰਮ ਕੇ ਬੋਲਿਆ, “ਓ ਪੁੱਤਰ, ਮੈਨੂੰ ਵੀ ਕਰ ਪਰਵਾਨ ਲੈ, ਅਪਣੇ ਸੰਗ੍ਹ ਦੇ ਅੰਤ ਛੋਟੇ, ਨਾਚੀਜ਼ ਨੂੰ ।” ਪੂਰਨ ਸੁਖ ਵਿਚ ਬੋਲੀ ਮਧੁਰ ਯਸੋਧਰਾਂ, “ਰਾਹੁਲ ਨੂੰ ਵੀ ਦੇਵੋ, ਹੇ ਮਹਾਰਾਜ ਜੀ, ਸਵੈ-ਭੰਡਾਰੇ ਵਿਚੋਂ ਦੌਲਤ ਨਾਮ ਦੀ ।” ਏਸ ਤਰ੍ਹਾਂ ਉਹ ਤਿੰਨੇ ਮਾਰਗ ਪੈ ਗਏ । ਇਹ ਹੈ ਉਹਦਾ ਅੰਤ ਜੋ ਸੀ ਲਿਖਣਾ, ਮੈਂ ਹਾਂ ਕਰਦਾ ਪਿਆਰ ਬੁਧ ਭਗਵਾਨ ਨੂੰ ਕਿਉਂਕਿ ਉਹ ਵੀ ਸਾਨੂੰ ਸਭ ਨੂੰ ਪਿਆਰਦੇ, ਦਸ ਸਕਿਆ ਹਾਂ ਥੋਹੜਾ, ਏਹੋ ਸਮਝ ਸੀ, ਛੋਹ ਸਕਿਆ ਹਾਂ ਮਸਾਂ ਉਨ੍ਹਾਂ ਦੇ ਮਾਰਗ ਨੂੰ । ਇਸ ਦਿਨ ਤੋਂ ਉਪਰੰਤ, ਪੰਜਤਾਲੀ ਵਰ੍ਹੇ ਕਈ ਦੇਸ਼ਾਂ ਤੇ ਕਈ ਜ਼ਬਾਨਾਂ ਵਿਚ ਜਾ, ਭਰਿਆ ਚਾਨਣ ਨਾਲ ਉਹਨਾਂ ਏਸ਼ੀਆ, ਜਿਹੜਾ ਚਾਨਣ ਅਜ ਤੀਕਰ ਵੀ ਚਮਕਦਾ । ਉਹਨਾਂ ਤਗੜੀ ਐਪਰ ਕੋਮਲ ਆਤਮਾ ਨਾਲ ਜਗਤ ਨੂੰ ਜਿਤਿਆ, ਵੰਡੀ ਸ਼ਾਨਤੀ । ਪੂਜ ਗ੍ਰੰਥਾਂ ਵਿਚ ਆਵੇ ਇਸ ਤਰ੍ਹਾਂ, ਬੜੇ ਬੜੇ ਅਭਿਮਾਨੀ ਰਾਵਾਂ ਰਾਣਿਆਂ, ਪਥਰਾਂ ਤੇ ਉਕਰਾਇਆ ਭਾਸ਼ਣ ਉਨ੍ਹਾਂ ਦਾ । ਤੇ ਕੀਕਰ ਜਦ ਹੋਇਆ ਪੂਰਾ ਆ ਸਮਾਂ ਕੀਤਾ ਅੰਤ ਚਲਾਣਾ ਸਾਡੇ ਬੁਧ ਨੇ। ਤੇ ਕਿੰਜ ਲੱਖਾਂ ਅਤੇ ਕਰੋੜਾਂ ਆਦਮੀ ਉਸ ਤੋਂ ਪਿਛੋਂ ਮਾਰਗ ਉਤੇ ਤੁਰੇ ਹਨ- ਉਸ ਮਾਰਗ ਤੇ ਜਿਹੜਾ ਪਦ-ਨਿਰਵਾਨ ਤੇ ਪਹੁੰਚਾਂਦਾ ਹੈ, ਜਿੱਥੇ ਸ਼ਾਂਤੀ ਵੱਸਦੀ। ਆਹ ! ਪੂਜਯ ਭਗਵਾਨ ! ਬੰਦੀ ਛੋੜ ਜੀ, ਬਖਸ਼ ਲਈਂ ਕਮਜ਼ੋਰ ਮੇਰੀ ਲੇਖਨੀ, ਜਿਹੜੀ ਤੇਰੇ ਨਾਲ, ਨਿਆਂ ਨਾ ਕਰ ਸਕੀ, ਜਿਹੜੀ ਤੇਰੇ ਚੌੜੇ ਪ੍ਰੇਮ ਵਿਸ਼ਾਲ ਨੂੰ ਛੋਟੀ ਬੁੱਧੀ ਨਾਲ ਚਾਹੇ ਨਾਪਣਾ। ਆਹ ! ਪ੍ਰੇਮੀ ਤੇ ਵੀਰ ! ਦੀਪਕ ਨਿਯਮ ਦੇ ! ਤੇਰੇ ਵਿਚ ਪਨਾਹ ਮੈਂ ਹਾਂ ਭਾਲਦਾ, ਨਾਲੇ ਤੇਰੇ ਸੋਹਣੇ ਚੰਗੇ ਨਿਯਮ ਵਿਚ, ਨਾਲੇ ਤੇਰੇ ਦ੍ਰਿੜ੍ਹ ਅਟਲਵੇਂ ਸੰਗ੍ਹ ਵਿਚ । ਕਮਲ ਉਤੇ ਤ੍ਰੈ ਕਤਰੇ ਡਲ੍ਹਕਾਂ ਮਾਰਦੇ, ਚੜ੍ਹ ਓ ਵੱਡੇ ਸੂਰਜ, ਪੱਤਰ ਚੁਕ ਮੇਰੇ । ਓਮ ਮਨੀ ਪਦਮੇ ਹਮ, ਸੂਰਜ ਚੜ੍ਹ ਪਿਆ, ਓੜਕ ਕਤਰਾ-ਤ੍ਰੇਲ ਸਾਗਰ ਤਿਲ੍ਹਕਿਆ।


(ਇਸ ਰਚਨਾ ਨੂੰ ਵੈਬਸਾਈਟ ਤੇ ਲਿਆਉਣ ਲਈ ਅਸੀਂ ਵਿਸ਼ੇਸ਼ ਤੌਰ ਤੇ ਸ. ਸੁਰਜੀਤ ਸਿੰਘ 'ਦਿਲਾ ਰਾਮ' ਗੁਰਮਤ ਕਾਲਜ ਪਟਿਆਲਾ ਵਾਲਿਆਂ ਦੇ ਦਿਲੋਂ ਧੰਨਵਾਦੀ ਹਾਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ