Thakur Dalip Singh ਠਾਕੁਰ ਦਲੀਪ ਸਿੰਘ
ਠਾਕੁਰ ਦਲੀਪ ਸਿੰਘ ਜੀ (6 ਅਗਸਤ 1953-) ਦਾ ਜਨਮ ਭੈਣੀ ਸਾਹਿਬ ਜਿਲਾ ਲੁਧਿਆਣਾ ਵਿਖੇ ਹੋਇਆ।
ਆਪ ਜੀ ਦੇ ਪਿਤਾ ਮਹਾਰਾਜ ਬੀਰ ਸਿੰਘ ਜੀ (ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਭਰਾਤਾ), ਮਹਾਨ ਸੰਤ,
ਲਿਖਾਰੀ, ਵਿਦਵਾਨ ਅਤੇ ਮਾਤਾ ਬੇਬੇ ਦਲੀਪ ਕੌਰ ਜੀ ਸੇਵਾ, ਸਿਮਰਨ ਦੀ ਮੂਰਤ ਸਨ। ਆਪ ਜੀ ਦਾ ਬਚਪਨ ਆਪਣੇ
ਦਾਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਤਾਇਆ ਪਿਤਾ ਸਤਿਗੁਰੂ ਜਗਜੀਤ ਸਿੰਘ ਜੀ ਦੀ ਨੇੜਤਾ ਵਿੱਚ ਬੀਤਿਆ। ਉਹਨਾਂ
ਦੀ ਰਹਿਨੁਮਾਈ ਵਿੱਚ ਸਹਿਜੇ ਹੀ ਆਪ ਨੇ ਸੰਪੂਰਨ ਗੁਰਬਾਣੀ ਦੇ ਨਾਲ-ਨਾਲ, ਭਾਰਤੀਯ ਦਰਸ਼ਨ ਸ਼ਾਸਤਰ, ਸ਼ਾਸਤਰੀ
ਸੰਗੀਤ, ਫੋਟੋਗਰਾਫੀ ਦੀਆਂ ਬਰੀਕੀਆਂ ਅਤੇ ਹੋਰ ਵਿਦਿਆ ਵੀ ਸਿੱਖ ਲਈਆਂ। ਆਪ ਜੀ ਫੋਟੋਗਰਾਫੀ ਵਿੱਚ 150 ਨੈਸ਼ਨਲ
ਅਤੇ ਇੰਟਰਨੈਸ਼ਨਲ ਅਵਾਰਡ ਹਾਸਿਲ ਕਰ ਚੁੱਕੇ ਹਨ।ਜਿਵੇਂ ਕਿ 'ਆਰਟਿਸਟ ਆਫ ਦੀ ਯੀਅਰ'1993 ਕਨਸੈਪਟ,
ਚੰਡੀਗੜ੍ਹ ਵਲੋਂ ਅਤੇ 'ਲਾਈਫਟਾਈਮ ਅਚੀਵਮੈਂਟ ਅਵਾਰਡ' ਅਕੈਡਮੀ ਆਫ ਵਿਜ਼ੂਅਲ ਮੀਡੀਆ ਵਲੋਂ 2004 ਵਿੱਚ ਦੇਕੇ
ਸਨਮਾਨਿਤ ਕੀਤਾ ਗਿਆ। ਆਪ ਜੀ ਦੀਆਂ ਪ੍ਰਮੁੱਖ ਰਚਨਾਵਾਂ "ਗੁਰਬਾਣੀ ਦਰਸ਼ਨ", "ਨਾਨਕ ਸਾਇਰ ਏਵ ਕਹਿਤ ਹੈ"
ਅਤੇ "ਰਸਾਂ ਭਰੀ ਬਾਣੀ ਨਾਨਕ ਦੀ" ਹਨ। ਆਪ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਹੋਣ ਦੇ ਨਾਲ ਪੰਜਾਬੀ ਸਾਹਿਤ
ਅਕਾਦਮੀ ਲੁਧਿਆਣਾ ਦੇ ਸਰਪ੍ਰਸਤ, ਇੰਡੀਆ ਇੰਟਰਨੈਸ਼ਨਲ ਫੋਟੋਗ੍ਰਾਫਿਕ ਸੋਸਾਇਟੀ ਦੇ ਮੋਢੀ ਸਦਸਿਯ ਤੋਂ ਇਲਾਵਾ
ਅਕੈਡਮੀ ਆਫ ਵਿਜ਼ੂਅਲ ਮੀਡੀਆ ਦੇ ਟਰੱਸਟੀ ਅਤੇ ਲੈਨਜ਼ਮੈਨ ਕਲੱਬ ਲੁਧਿਆਣਾ ਦੇ ਮੋਢੀ ਅਤੇ ਪਹਿਲੇ ਪ੍ਰਧਾਨ ਵੀ ਹਨ।
ਆਪ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਵਾਲੇ, ਸਮਾਜ ਕਲਿਆਣ ਦੇ ਨਾਲ ਸਮੁੱਚੇ ਸਿੱਖ ਪੰਥ ਪ੍ਰਤੀ ਉਸਾਰੂ ਸੋਚ ਰੱਖਣ ਵਾਲੇ ਹਨ।
ਆਪ ਜੀ ਨੇ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਵਿੱਚ ਆਪਸੀ ਮਤਭੇਦਾਂ ਨੂੰ ਦੂਰ ਕਰਨ, ਏਕਤਾ ਅਤੇ ਭਾਈਚਾਰਕ ਸਾਂਝ ਵਧਾਉਣ ਲਈ
21 ਅਪ੍ਰੈਲ 2014 ਨੂੰ ਦਿੱਲੀ ਵਿਖੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਅਤੇ 16 ਅਗਸਤ 2016 ਨੂੰ ਹਿੰਦੂ-ਸਿੱਖ ਏਕਤਾ ਸੰਮੇਲਨ
ਵੀ ਕਰਵਾਇਆ। ਆਪ ਜੀ ਗੁਰਬਾਣੀ ਦੇ ਮਹਾਵਾਕਾਂ ਅਨੁਸਾਰ ਆਪਸੀ ਇਕਜੁੱਟਤਾ ਅਤੇ ਸਾਂਝੀਵਾਲਤਾ ਕਾਇਮ ਕਰਨ ਲਈ ਵੀ ਨਿਰੰਤਰ ਜਤਨਸ਼ੀਲ ਹਨ।-ਰਾਜਪਾਲ ਕੌਰ