Teri Aamad : Rozy Singh

ਤੇਰੀ ਆਮਦ : ਰੋਜ਼ੀ ਸਿੰਘ

ਸਮਰਪਿਤ

ਮਾਰਵੀ, ਆਫਤਾਬ ਤੇ
ਨੀਰੂ ਸਿੰਘ ਨੂੰ

ਜ਼ਿੰਦਗੀ ਵਿੱਚੋਂ ਜ਼ਿੰਦਗੀ ਤਲਾਸ਼ ਲੈਣ ਵਾਲਿਆਂ ਦੇ ਨਾਮ

ਕਿਸੇ ਮਹਿਫਿਲ 'ਚ ਮੇਰਾ ਜਿਕਰ ਕੋਈ ਬਾਤ ਨਹੀਂ ਸੀ,
ਕੋਈ ਜੀਵਨ 'ਚ ਐਸੀ ਖੁਸ਼ਨੁਮਾਂ ਪ੍ਰਭਾਤ ਨਹੀ ਸੀ।
ਮੇਰੇ ਵਰਗੇ ਨ-ਸ਼ੁਕਰੇ ਨੂੰ ਤੂੰ ਮਾਲਾ ਮਾਲ ਕਰਕੇ,
ਜਿੰਨਾ ਦਿਤਾ ਤੂੰ, ਏਨੇ ਦੀ ਮੇਰੀ ਔਕਾਤ ਨਹੀਂ ਸੀ ।
ਤੇਰੀ ਆਮਦ ਮੇਰੇ ਜੀਵਨ ਲਈ ਵਰਦਾਨ ਹੀ ਹੈ,
ਤੇਰੇ ਪਿਆਰ ਵਰਗੀ ਹੋਰ ਕਈ ਸੌਗਾਤ ਨਹੀ ਸੀ।

ਦਿਲ ਦੀ ਗੱਲ

ਮੇਰੇ ਖਿਆਲ ਵਿੱਚ ਕਵਿਤਾ ਸੁੱਤੇ ਪਏ ਬਾਲ ਦੇ ਹਾਸੇ ਵਰਗੀ ਕਿਸੇ ਸ਼ੈਅ ਦਾ ਨਾਮ ਹੈ ਜਿਹੜਾ ਮਾਸੂਮ ਵੀ ਹੁੰਦੈ, ਪਵਿੱਤਰ ਵੀ ਤੇ ਖੂਬਸੂਰਤ ਵੀ। ਇਸ ਅਦਬੁੱਤ ਕੁਦਰਤੀ ਨਜ਼ਾਰੇ ਦੇ ਅਹਿਸਾਸ ਵਾਸਤੇ ਸੁੱਤੇ ਪਏ ਕਿਸੇ ਨਿੱਕੜੇ ਬਾਲ ਲਾਗੇ ਕੁੱਝ ਚਿਰ ਬੈਠ ਕੇ ਤਜਰਬਾ ਕਰ ਲੈਣਾ ਚਾਹੀਦਾ ਹੈ। ਕਵਿਤਾ ਸਾਡੇ ਆਸ-ਪਾਸ ਹੁੰਦੀ ਹੈ ਬਿਲਕੁੱਲ ਓਸੇ ਤਰ੍ਹਾਂ ਜਿਵੇਂ ਹਵਾ ਸਾਡੇ ਅੰਗ-ਸੰਗ ਰਹਿੰਦੀ ਹੋਈ ਵੀ ਸਾਨੂੰ ਦਿਸਦੀ ਨਹੀਂ ਬਸ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਕਵਿਤਾ ਬਸ ਇਉਂ ਹੈ ਜਿਵੇਂ ਤੁਸੀ ਕਿਸੇ ਖੁਸ਼ਬੂ ਨੂੰ ਪਹਿਚਾਣਦੇ ਤਾਂ ਹੋਵੋ ਪਰ ਤੁਹਾਨੂੰ ਉਸ ਖੁਸ਼ਬੂ ਦਾ ਨਾਮ ਨਾ ਆਉਂਦਾ ਹੋਵੇ। ਕਵਿਤਾ ਉਸ ਭੁੱਲ ਚੁੱਕੇ ਖਿਆਲ ਵਰਗੀ ਹੈ ਜੋ ਰਾਤ ਨੂੰ ਆਏ ਤੇ ਤੁਸੀ ਇਹ ਸੋਚ ਕਿ ਸੌਂ ਜਾਓ ਕਿ ਸਵੇਰੇ ਸਵੱਖਤੇ ਉਠ ਕਿ ਲਿਖ ਲਵਾਂਗੇ।
ਇਹ ਇਸ ਤਰਾਂ ਦਾ ਅਹਿਸਾਸ ਹੈ ਜਿਵੇਂ ਚੰਦਨ ਦੇ ਬਾਗ ਵਿੱਚੋਂ ਲੰਘਦਿਆਂ ਸਾਰੀ ਖੁਸ਼ਬੂ ਕਲਾਵੇ ਭਰ ਲੈਣ ਨੂੰ ਜੀਅ ਕਰੇ ਪਰ ਉਹ ਕਲਾਵੇ ਵਿੱਚ ਹੀ ਨਾ ਆਵੇ।
ਮੈਂ ਕਪਿਉਟਰ ਦੇ ਕੀ-ਬੋਰਡ ਤੇ ਚੱਲਦੀਆਂ ਉਂਗਲਾਂ ਦੇ ਖੜਾਕ ਵਿੱਚੋਂ ਕਵਿਤਾ ਅਤੇ ਮਾਉਸ ਦੀ ਟਿੱਕ-ਟਿੱਕ ਵਿੱਚੋਂ ਸੰਗੀਤ ਭਾਲਦਾ ਰਹਿੰਦਾ ਹਾਂ। ਮੇਰੇ ਲਈ ਪੁੰਗਰਦੇ ਬੀਜ਼ ਅਤੇ ਝੜਦੇ ਪੱਤਿਆਂ ਵਿੱਚੋ ਜੀਵਨ ਫਲਸਫਾ ਭਾਲਣ ਦੀ ਲਾਲਸਾ ਪੈਦਾ ਹੁੰਦੀ ਰਹਿੰਦੀ ਹੈ। ਮੀਂਹ ਪੈਂਦਾ ਹੈ ਤਾਂ ਮੇਰੇ ਮਨ ਦਾ ਮੋਰ ਪੈਲਾਂ ਪਾਉਣ ਲਗਦਾ ਹੈ। ਮੇਰੇ ਲਈ ਪਰਬਤਾਂ ਤੇ ਚੜਨਾ ਅਸਮਾਨ ਨੂੰ ਛੂਹਣ ਵਾਂਗ ਹੈ। ਮੈਨੂੰ ਤੁਰਨਾ ਚੰਗਾ ਲਗਦਾ ਹੈ ਬਸ ਸ਼ਰਤ ਇਹ ਹੈ ਕਿ ਰਸਤੇ ਖੂਬਸੂਰਤ ਹੋਣ।
ਮੈਂ ਰਸਤਿਆਂ ਦੇ ਕੰਢਿਆਂ ਤੇ ਸੰਘਣੇ ਬਿਰਖ ਬਣਨਾ ਲੋਚਦਾ ਹਾਂ ਤਾਂ ਕਿ ਕਿਸੇ ਰਾਹਗੀਰ ਨੂੰ ਧੁੱਪੇ ਨਾ ਸੜਨਾ ਪਵੇ। ਮੈਂ ਹਰ ਥਾਂ ਤੇ ਫੁੱਲ ਬਣ ਕਿ ਉਗਣਾ ਚਾਹੁੰਦਾ। ਮੈਂ ਨਿੱਕੇ ਬਾਲ ਦਾ ਹਾਸਾ ਬਣਨਾ ਚਾਹੁੰਦਾਂ। ਮੈਂ ਚਾਹੁੰਦਾ ਦਰਿਆ ਦੇ ਕੰਢੇ ਰੇਤ ਉਤੇ ਦੂਰ ਤੱਕ ਟੁਰਦਾ ਰਹਾਂ ਤੇ ਮੇਰੀਆਂ ਪੈੜਾਂ ਸਦਾ ਹੀ ਰੇਤ ਉਪਰ ਛਪੀਆਂ ਰਹਿਣ।
ਮੈਨੂੰ ਗਿੱਲੇ ਕੱਚੇ ਵਿਹੜੇ ਵਿੱਚ ਤਿਲਕਣਾ ਚੰਗਾ ਲਗਦੈ। ਵਰਦੇ ਮੀਂਹ ਵਿੱਚ ਨਹਾਉਣਾ, ਪਿੰਡ ਦੀਆਂ ਗਲੀਆਂ ਵਿੱਚ ਹਾਣੀਆਂ ਨਾਲ ਲੁਕਣਮੀਚੀ ਖੇਡਣਾ ਮੇਰੇ ਮਨ ਦੀ ਰੀਝ ਹੈ। ਮੈਂ ਪਿੰਡ ਦੇ ਸੱਕੀ ਨਾਲੇ ਵਿੱਚ ਡੁਬਕੀਆਂ ਲਗਾਉਣਾ ਚਾਹੁੰਦਾ ਹਾਂ।
ਮੈਨੂੰ ਮਲਿਆਂ ਦੇ ਬੇਰਾਂ ਦਾ ਸਵਾਦ ਨਹੀਂ ਭੁੱਲਦਾ। ਡੰਗਰ ਚਾਰਦੇ ਤੂਤਾਂ ਦੀਆਂ ਗੋਹਲਾਂ ਖਾਣ ਨੂੰ ਜੀਅ ਕਰਦਾ ਹੈ। ਮੈਨੂੰ ਉਹ ਮਹਿਕ ਵੀ ਪਸੰਦ ਹੈ ਜਿਹੜੀ ਡੰਗਰ ਚਾਰਨ ਸਮੇ ਪਛੂਆਂ ਦੇ ਪਿੱਛੇ-ਟੁਰਦਿਆਂ ਘੱਟੇ ਨਾਲ ਰਲਕੇ ਆਸ-ਪਾਸ ਖਿੱਲਰ ਜਾਂਦੀ ਸੀ।
ਮੈਂ ਸੋਚਦਾਂ ਦਿਵਾਲੀ ਵਾਲੀ ਰਾਤ ਸਿਰਫ ਅਮੀਰਾਂ ਦੇ ਘਰਾਂ ਚ ਹੀ ਰੌਸ਼ਨੀ ਕਿਉਂ ਹੁੰਦੀ ਐ, ਗਰੀਬਾਂ ਦੀ ਬਸਤੀ ਵਿੱਚ ਕਿਉਂ ਨਹੀਂ ਤੇ ਆਹ ਲਛਮੀ ਦੇਵੀ ਸਿਰਫ ਅਮੀਰਾਂ ਦੇ ਦਿਵਾਲੀ ਵਾਲੀ ਰਾਤ ਖੁੱਲੇ ਬੂਹਿਆਂ ਅੰਦਰ ਹੀ ਪਰਵੇਸ਼ ਕਿਉਂ ਕਰਦੀ ਹੈ ਜਦ ਕਿ ਗਰੀਬਾਂ ਦੇ ਕੋਠਿਆਂ ਦੇ ਤਾਂ ਬੂਹੇ ਵੀ ਨਹੀਂ ਹੁੰਦੇ।
ਸਭ ਕੁੱਝ ਉਂਝ ਕਿਉਂ ਨਹੀਂ ਹੈ ਜਿਵੇਂ ਦਾ ਹੋਣਾ ਚਾਹੀਦਾ ਹੈ।

ਇਹ ਸਾਰੀਆਂ ਇੱਛਾਵਾਂ ਅਤ ਸੋਚਾਂ ਮੇਰੇ ਅੰਦਰ ਨਿਰੰਤਰ ਉਥਲ-ਪੁਥਲ ਮਚਾਉਦੀਆਂ ਰਹਿੰਦੀਆਂ ਹਨ ਤੇ ਫਿਰ ਇੱਕ ਦਿਨ ਚੁੱਪ ਚਾਪ ਕਾਗਜ਼ ਦੇ ਆਣ ਵਿਛਦੀਆਂ ਹਨ। ਗ਼ਜ਼ਲਾਂ ਦੇ ਰੂਪ ਵਿੱਚ ਕਹਾਣੀਆਂ ਦੇ ਰੂਪ ਵਿੱਚ ਜਾਂ ਲੇਖਾਂ ਨਿਬੰਧਾਂ ਦੇ ਰੂਪ ਵਿੱਚ। ਮੇਰੇ ਲਈ ਰੋਣਾ ਵੀ ਇੱਕ ਕਲਾ ਹੈ ਅਤੇ ਹੱਸਣ ਇੱਕ ਹੁਨਰ। ਮੈਂ ਇਹਨਾ ਦੋਹਵਾਂ ਨੂੰ ਅਕਸਰ ਵਰਤਦਾ ਰਹਿੰਦਾ ਹਾਂ। ਅਜਿਹਾ ਕਰਨ ਨਾਲ ਮੇਰੀ ਸ਼ਕਤੀ ਅਤੇ ਕਮਜੋਰੀ ਦਾ ਸੰਤੁਲਨ ਬਣਿਆਂ ਰਹਿੰਦਾ ਹੈ। ਤੁਸੀ ਹੈਰਾਨ ਹੋਵੋਗੇ ਕੇ ਮੈਂ ਨਿਰਜੀਵ ਵਸਤੂਆਂ ਨਾਲ ਵੀ ਗੱਲਾਂ ਕਰ ਲੈਂਦਾ ਹਾਂ ਤੇ ਤੁਸੀ ਇਹ ਸੁਣ ਕਿ ਹੋਰ ਵੀ ਹੈਰਾਨ ਹੋਵੋਗੇ ਕਿ ਉਹ ਸਾਰੀਆਂ ਨਿਰਜੀਵ ਵਸਤੂਆਂ ਮੇਰੀਆਂ ਗੱਲਾਂ ਦਾ ਹੁੰਗਾਰਾ ਵੀ ਭਰਦੀਆਂ ਹਨ।
ਮੇਰਾ ਖੇਤਰ ਵਾਰਤਕ ਹੈ, ਪਰ ਪਤਾ ਹੀ ਨਹੀਂ ਲਗਦਾ ਕਦੋਂ ਕਵਿਤਾ ਮੈਨੂੰ ਆਪਣੇ ਵੱਲ ਖਿੱਚ ਕਿ ਲੈ ਜਾਂਦੀ ਹੈ। ਮੈਂ ਲੇਖ ਲਿਖਣ ਬੈਠਦਾ ਹਾਂ ਤਾਂ ਵਿੱਚੋਂ ਹੀ ਕਵਿਤਾ ਫੁੱਟ ਪੈਂਦੀ ਹੈ।
ਮੈਂ ਇਸ ਕਿਤਾਬ ਦਾ ਨਾਮ ਪਹਿਲਾਂ ਕੁੱਝ ਹੋਰ ਰੱਖਿਆ ਸੀ। ਪਰ ਜਨਵਰੀ 2014 ਵਿੱਚ ਸਾਡੇ ਘਰ ਇੱਕ ਨਿੱਕੀ ਜਿਹੀ ਪਰੀ ਦੀ ਆਮਦ ਹੋਈ। ਅਸੀਂ ਆਪਣੀ ਧੀ ਦਾ ਨਾਮ 'ਮਾਰਵੀ' ਰੱਖਿਆ ਜਿਸਦਾ ਮਤਲਬ ਹੁੰਦਾ ਹੈ ਖੂਬਸੂਰਤੀ ਨੂੰ ਮੁੜ-ਪ੍ਰਭਾਸ਼ਿਤ ਕਰਨ ਵਾਲੀ। ਸਾਡੇ ਵਿਹੜੇ ਹੋਈ ਉਸਦੀ ਆਮਦ ਤੋਂ ਬਾਅਦ ਮੈਂ ਇਸ ਕਿਤਾਬ ਦਾ ਨਾਮ 'ਤੇਰੀ ਆਮਦ' ਰੱਖ ਦਿੱਤਾ।
ਮੈਂ ਹਮੇਸ਼ਾਂ ਅਹਿਸਾਨਮੰਦ ਰਹਾਂਗਾ ਡਾ: ਅਨੂਪ ਸਿੰਘ ਜੀ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਜਿਨਾਂ ਨੇ ਹਰ ਕਦਮ ਦੇ ਮੈਨੂੰ ਯੋਗ ਅਗਵਾਹੀ ਦਿੱਤੀ ਅਤੇ ਲਿਖਣ ਪੜ੍ਹਨ ਲਈ ਪ੍ਰੇਰਿਤ ਕੀਤਾ।
ਇਸ ਕਿਤਾਬ ਦਾ ਖਰੜਾ ਵੱਡੇ ਭਾਅ ਜੀ ਤ੍ਰੈਲੋਚਨ ਲੋਚੀ ਜੀ ਹੁਣਾ ਨੇ ਬੜੀ ਹੀ ਮੁਹੱਬਤ ਨਾਲ ਪੜਿਆ ਅਤੇ ਆਪਣੇ ਰੁਝੇਂਵੇਂ ਭਰੇ ਸਮੇਂ ਵਿਚੋਂ ਖਾਸਾ ਵਕਤ ਮੇਰੀ ਕਿਤਾਬ ਵਾਸਤੇ ਕੱਢਿਆ ਅਤੇ ਖੂਬਸੂਰਤ ਮੁਹੱਬਤ ਭਰੇ ਸ਼ਬਦ ਲਿਖੇ। ਉਹਨਾ ਦੀ ਇਸ ਅਨਾਇਤ ਵਾਸਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਇਹੋ ਆਸ ਰੱਖਦਾ ਹਾਂ ਕਿ ਉਹ ਅੱਗੇ ਤੋਂ ਵੀ ਆਪਣਾ ਸਾਥ ਬਣਾਈ ਰੱਖਣਗੇ ਅਤੇ ਮੈਨੂੰ ਇਸ ਰਾਹ ਦਾ ਰਾਹੀ ਬਣੇ ਰਹਿਣ ਵਿਚ ਮਦਦ ਕਰਨਗੇ।
ਸ਼ੁਕਰਗੁਜਾਰ ਹਾਂ ਮੈਡਮ ਡਾ: ਮਨਦੀਪ ਕੌਰ ਢੀਂਡਸਾ ਜੀ ਦਾ ਜਿਨਾਂ ਨੇ ਕਿਤਾਬ ਦੀ ਪਰੂਫ ਰੀਡਿੰਗ ਕੀਤੀ ਅਤੇ ਯੋਗ ਅਗਵਾਹੀ ਕਰਦਿਆਂ ਕਿਤਾਬ ਦਾ ਵਿਛਲੇਸ਼ਣ ਕੀਤਾ ਅਤੇ ਮੁੱਖ ਬੰਦ ਲਿਖਿਆ, ਉਹਨਾਂ ਵੱਲੋਂ ਦਿੱਤੇ ਇਸ ਸਹਿਯੋਗ ਲਈ ਅਹਿਸਾਨਮੰਦ ਰਹਾਂਗਾ।
ਧੰਨਵਾਦੀ ਹਾਂ ਵੱਡੇ ਵੀਰ ਅਤੇ ਸਾਹਿਤਕ ਵਿਚਾਰ ਮੰਚ (ਰਜਿ:) ਦੇ ਪ੍ਰਧਾਨ ਪ੍ਰੀਤਮ ਸਰਪੰਚ ਜੀ ਦਾ ਜੋ ਹਮੇਸ਼ਾਂ ਹੌਂਸਲਾ ਅਫਜ਼ਾਈ ਅਤੇ ਅਗਵਾਈ ਦਿੰਦੇ ਰਹਿੰਦੇ ਹਨ। ਬਹੁਤ ਬਹੁਤ ਸ਼ੁਕਰਗੁਜਾਰ ਹਾਂ ਵੱਡੇ ਵੀਰ ਚਰਨਜੀਤ ਸਿੰਘ ਚੰਨ ਦਾ ਜਿਨਾਂ ਨੇ ਇਸ ਕਿਤਾਬ ਦਾ ਖੂਬਸੂਰਤ ਸਰਵਰਕ ਬਣਾਇਆ। ਡਾ: ਅਲਕਾ ਵਿੱਜ ਜੀ,ਵੱਡੇ ਭਾਜੀ ਪ੍ਰੋ: ਗੁਰਪ੍ਰਤਾਪ ਸਿੰਘ ਕਾਹਲੋਂ, ਸੁਖਵੰਤ ਸਿੰਘ ਸੁੱਖ, ਸਾਹਿਤਕ ਵਿਚਾਰ ਮੰਚ (ਰਜਿ:) ਦੇ ਸਮੂਹ ਮੈਂਬਰਾਂ ਅਤੇ ਪ੍ਰੈਸ ਕਲੱਬ ਫਤਿਹਗੜ੍ਹ ਚੂੜੀਆਂ ਦੇ ਸਾਰੇ ਮੈਬਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਉਹਨਾਂ ਸਾਰੇ ਦੋਸਤਾਂ ਅਤੇ ਪਰਿਵਾਰ ਮੈਂਬਰਾਂ ਦਾ ਵੀ ਅਤੀ ਧੰਨਵਾਦੀ ਹਾਂ ਜਿਨਾਂ ਕਿਸੇ ਨਾ ਕਿਸੇ ਰੂਪ ਵਿੱਚ ਮੇਰਾ ਸਾਥ ਦਿੱਤਾ।
ਇਹ ਕਿਤਾਬ ਹੁਣ ਆਪ ਜੀ ਦੀ ਹੈ ਅਤੇ ਆਪ ਜੀ ਦੇ ਹੀ ਹਵਾਲੇ ਕਰ ਰਿਹਾ ਹਾਂ ਬਸ ਇਨੀ ਕੁ ਉਮੀਦ ਜਰੂਰ ਰੱਖਦਾ ਹਾਂ ਕਿ ਤੁਸੀ ਇਸਨੂੰ ਪੜ੍ਹ ਕਿ ਆਪਣੇ ਬਹੁਮੁੱਲੇ ਵਿਚਾਰ ਜਰੂਰ ਦੇਵੋਗੇ ਤਾਂ ਜੋ ਮੈਂ ਭਵਿੱਖ ਵਿੱਚ ਹੋਰ ਪਕੇਰਾ ਬਣ ਸਕਾਂ ਅਤੇ ਤੁਹਾਡੀਆਂ ਆਸਾਂ ਉਮੀਦਾਂ ਦੇ ਹਾਣ ਦੀ ਗ਼ਜ਼ਲ ਕਹਿ ਸਕਾਂ। ਆਪ ਸਭ ਅਦੀਬ ਦੋਸਤਾਂ ਦੇ ਹੁੰਗਾਰੇ ਦੀ ਉਡੀਕ ਵਿੱਚ
ਅਦਬ ਨਾਲ ।

ਰੋਜ਼ੀ ਸਿੰਘ ਹਰਦੋਰਵਾਲ ਖੁਰਦ 9988964633

ਤੇਰੀ ਆਮਦ ਦੀ ਆਮਦ 'ਤੇ

ਅੱਜ ਹੋਈ ਬਰਸਾਤ 'ਚ ਕੋਠਾ ਚੋਇਆ ਹੈ, ਕਰਮੂ ਬੇ-ਬਸ, ਟੱਬਰ ਸਾਰਾ ਰੋਇਆ ਹੈ।
ਮੇਰੀ ਰੂਹ ਤੋਂ ਦਾਗ ਗੁਨਾਹ ਦਾ ਲੱਥਾ ਨਾ, ਮੈਂ ਤਾਂ ਬੜਾ ਹੀ ਮਲ-ਮਲ ਇਸਨੂੰ ਧੋਇਆ ਹੈ।
ਅਜਿਹੇ ਜਾਨਦਾਰ ਤੇ ਸ਼ਾਨਦਾਰ ਸ਼ਿਅਰ ਕਹਿਣ ਵਾਲਾ ਸਾਡਾ ਪਿਆਰਾ ਮਿੱਤਰ ਰੋਜ਼ੀ ਸਿੰਘ ''ਤੇਰੀ ਆਮਦ'' ਨਾਲ ਗ਼ਜ਼ਲਾਂ ਦਾ ਇੱਕ ਬਹੁਤ ਹੀ ਖੂਬਸੂਰਤ ਪਰਾਗਾ ਲੈ ਕਿ ਸਾਡੇ ਸਨਮੁੱਖ ਹੈ। ਰੋਜ਼ੀ ਸਿੰਘ ਭਾਂਵੇਂ ਨਵਾਂ ਸ਼ਾਇਰ ਹੈ ਪਰ ਉਸਨੂੰ ਕਾਵਿ-ਭਾਸ਼ਾ ਅਤੇ ਕਾਵਿ ਜੁਗਤਾਂ ਦੀ ਸੋਝੀ ਕਿਸੇ ਸਮਰੱਥ ਕਵੀ ਵਾਂਗ ਹੈ। ਉਸਦੇ ਕੋਲ ਆਪਣਾ ਵੱਖਰਾ ਕਵਿ-ਮੁਹਾਵਰਾ ਹੈ। ਉਹ ਬਹੁਤ ਹੀ ਸੰਜੀਦਾ ਤੇ ਸੰਵੇਦਨਸ਼ੀਲ ਸ਼ਾਇਰ ਹੈ ਜੋ ਆਪਣੀਆਂ ਗ਼ਜ਼ਲਾਂ ਵਿੱਚ ਨਿਜ਼ਾਮ ਦੇ ਕਰੂਰ ਯਥਾਰਥ ਦੀਆਂ ਪਰਤਾਂ ਖੋਲਦਾ ਨਜ਼ਰ ਆਉਂਦਾ ਹੈ।
ਉਸਦਾ ਗ਼ਜ਼ਲ ਕਹਿਣ ਦਾ ਆਪਣਾ ਵੱਖਰਾ ਅੰਦਾਜ਼ ਹੈ, ਵੱਖਰਾ ਲਹਿਜਾ ਤੇ ਵੱਖਰਾ ਨਜ਼ਰੀਆ ਹੈ ਇਸੇ ਕਰਕੇ ਉਹ ਵਰਤਮਾਨ ਸਮੇਂ ਦੇ ਰੰਗ ਨਵੇਂ ਜਜ਼ਬਿਆਂ ਅਤੇ ਅਹਿਸਾਸਾਂ ਦੀ ਤਸਵੀਰ ਬੜੇ ਹੀ ਵਿਲੱਖਣ ਢੰਗ ਵਿੱਚ ਪੇਸ਼ ਕਰਦਾ ਹੈ। ਨਿੱਕੇ-ਨਿੱਕੇ ਅਹਿਸਾਸਾਂ ਨੂੰ ਆਪਣੇ ਸ਼ਬਦਾਂ ਵਿੱਚ ਬੜੇ ਹੀ ਸੁਚੱਜੇ ਤਰੀਕੇ ਨਾਲ ਪਰੋਣ ਦੀ ਉਸਦੇ ਕੋਲ ਇੱਕ ਖਾਸ਼ ਮੁਹਾਰਤ ਹੈ। ਉਸਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉੁਸਦੀ ਸ਼ਾਇਰੀ ਵਿੱਚ ਰਵਾਨੀ, ਕਲਪਨਾ, ਸ਼ਿੱਦਤ ਤੇ ਸੰਗੀਤ ਦਾ ਵੀ ਆਪਣਾ ਇੱਕ ਵੱਖਰਾ ਹੀ ਰੰਗ ਹੈ। ਉਸਦੀ ਭਾਸ਼-ਸ਼ੈਲੀ ਵਿੱਚ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਮਿੱਠਾ ਮੁਹਾਂਦਰਾ ਨਜ਼ਰੀ ਪੈਂਦਾ ਹੈ। ਇੰਝ ਲਗਦਾ ਹੈ ਜਿਵੇਂ ਉਹ ਗੱਲਾਂ ਕਰਦਾ ਗ਼ਜ਼ਲ ਹੀ ਕਹਿ ਰਿਹਾ ਹੋਵੇ।
ਰੋਜ਼ੀ ਸਿੰਘ ਦੇ ਇਸ ਗ਼ਜ਼ਲ ਸੰਗ੍ਰਹਿ ਤੇਰੀ ਆਮਦ ਨੂੰ ਪੜ੍ਹਦਿਆਂ ਕਿਸੇ ਬਹੁਤ ਹੀ ਪਿਆਰੇ ਮੁਹੱਬਤੀ ਤੇ ਅਹਿਸਾਸਾਂ ਨਾਲ ਲਬਰੇਜ਼ ਮਿੱਤਰ ਨਾਲ ਮਨ ਦੀਆਂ ਬਾਤਾਂ ਪਾਉਣ ਜਿਹਾ ਅਹਿਸਾਸ ਹੋਇਆ।
ਮੈਂ ਰੋਜ਼ੀ ਸਿੰਘ ਨੂੰ ਉਸਦੇ ਇਸ ਖੂਬਸੂਰਤ ਗ਼ਜ਼ਲ ਸੰਗ੍ਰਹਿ ਲਈ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਪੰਜਬੀ ਗ਼ਜ਼ਲ ਦੇ ਵਿਹੜੇ ਵਿੱਚ ਤੇਰੀ ਆਮਦ ਦੀ ਆਮਦ ਦਾ ਭਰਪੂਰ ਸੁਆਗਤ ਹੋਵੇਗਾ।

ਤ੍ਰੈਲੋਚਨ ਲੋਚੀ ਲੁਧਿਆਣਾ, ਪੰਜਾਬ।

ਅਮੁੱਕ ਜਜ਼ਬਾਤਾਂ ਨਾਲ ਲਬਰੇਜ਼ ਸ਼ਾਇਰੀ -ਤੇਰੀ ਆਮਦ

ਹਰ ਦੌਰ ਦੇ ਕਵੀ ਨੇ ਆਪਣੇ ਚੌਗਿਰਦੇ ਅਤੇ ਹਾਲਾਤ ਦੀ ਤਸਵੀਰ ਅਤੇ ਮਨ ਦੇ ਜ਼ਜਬਾਤਾਂ ਦੇ ਉਤਰਾਅ-ਚੜ੍ਹਾਅ ਨੂੰ ਬਿਆਨ ਕਰਨ ਲਈ ਢੁੱਕਵੀਂ ਕਾਵਿ-ਵਿਧਾ ਅਪਨਾਉਣ ਦੀ ਕੋਸ਼ਿਸ ਕੀਤੀ ਹੈ। ਰੋਜ਼ੀ ਸਿੰਘ ਵੀ ਉਨ੍ਹਾਂ ਵਿਚੋਂ ਇਕ ਹੈ। ਉਸਨੇ ਵੀ ਆਪਣੇ ਸਮੇਂ ਦੇ ਕੌੜੇ ਸੱਚ ਨੂੰ ਦਰਸਾਉਣ ਲਈ ਕਦੇ ਵਾਰਤਕ ਕਵਿਤਾ, ਗੀਤ, ਅਤੇ ਗ਼ਜ਼ਲ ਨੁਮਾ ਕਾਵਿ-ਰੂਪ ਵਿਚ ਕਲਮ ਅਜ਼ਮਾਈ ਹੈ।
ਤੇਰੀ ਆਮਦ, ਗ਼ਜ਼ਲ ਸੰਗ੍ਰਹਿ ਵਿਚ ਲੱਗਪੱਗ 70 ਦੇ ਕਰੀਬ ਗ਼ਜ਼ਲਾਂ ਹਨ, ਇਹਨਾਂ ਗ਼ਜਲਾਂ ਵਿਚ ਸ਼ਾਇਰ ਨੇ ਇਨਸਾਨੀ ਜੀਵਨ ਤੇ ਮਨੁੱਖਤਾ ਦੇ ਹਰ ਪਹਿਲੂ ਨੂੰ ਛੋਹਿਆ ਤੇ ਬਾਖੂਬੀ ਨਿਭਾਇਆ ਹੈ। ਉਹ ਸਮਾਜ ਵਿਚ ਰਹਿੰਦਿਆ ਭਾਈਚਾਰੇ ਵਿਚ ਵਾਪਰੀ ਹਰ ਘਟਨਾਂ ਨੂੰ ਵੇਖਦਾ ਹੀ ਨਹੀ ਸਗੋਂ ਉਸ ਦੀ ਪਿੱਠ-ਭੂਮੀ ਨੂੰ ਘੋਖਦਾਂ ਵੀ ਹੈ। ਉਸਦਾ ਕਾਰਨ ਤਲਾਸ਼ਦਾ, ਪਰਤਾਂ ਖੋਲ੍ਹਦਾ ਹੋਇਆ ਉਸਦੀ ਤਹਿ ਤੱਕ ਜਾਂਦਾ, ਉਸਨੂੰ ਸ਼ਬਦਾਂ ਦਾ ਕੋਮਲ ਜਾਮਾ ਪਹਿਨਾ ਕੇ ਪਾਠਕਾਂ ਦੇ ਰੂ-ਬ-ਰੂ ਕਰਦਾ ਹੈ।
ਸਾਹਿਤਕਾਰ ਸਾਧਾਰਨ ਵਿਅਕਤੀ ਨਾਲੋਂ ਵਧੇਰੇ ਵਿਵੇਕਸ਼ੀਲ ਤੇ ਸੰਵੇਦਨਸ਼ੀਲ ਹੁੰਦਾ ਹੈ। ਇਸ ਲਈ ਉਹ ਸਮਾਜਕ ਢਾਂਚੇ ਦਾ ਬੜੀ ਗਹਿਰਾਈ ਨਾਲ ਅਧਿਐਨ ਕਰਦਾ ਹੈ ਭਾਵੇਂ ਸਾਹਿਤ ਨਿਰੋਲ ਸਮਾਜ ਦੀ ਪ੍ਰਾਪਤੀ ਦਾ ਪਰਛਾਵਾਂ ਤਾਂ ਨਹੀ ਹੁੰਦਾ, ਪਰ ਇਸ ਦੇ ਇਤਿਹਾਸ ਦੀ ਮੂਲ ਵਸਤੂ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੁੰਦਾ ਹੈ। 'ਤੇਰੀ ਆਮਦ' ਅਜਿਹੀ ਰਚਨਾ ਹੈ ਜਿਸ ਵਿਚ ਵਿਸ਼ੇ ਦੀ ਵਿਭਿੰਨਤਾ ਹੈ, ਕਲਾਤਮਕ ਪੱਖ ਤੋਂ ਸੰਪੂਰਨਤਾ ਕਿਤੇ ਵੀ ਭੰਗ ਨਹੀ ਹੋਈ। ਕਵੀ ਦੀ ਕਲਪਨਾ ਸ਼ਕਤੀ, ਅਜਨਬੀਕਰਣ, ਮੁਹਾਵਰੇਦਾਰ ਬੋਲੀ, ਪ੍ਰਭਾਵ ਦੀ ਏਕਤਾ, ਵਿਅੰਗਮਈ ਤੇ ਨਾਟਕੀ ਸ਼ੈਲੀ ਆਦਿ ਸੂਖ਼ਮ ਤੇ ਸੁੱਚਜੀ ਸਿਰਜਣ ਪ੍ਰਕਿਰਿਆ ਦੀ ਵਿਲੱਖਣਤਾ ਹੈ।
ਰੋਜ਼ੀ ਸਿੰਘ ਦੀ ਸ਼ਇਰੀ ਦਾ ਬਹੁਤ ਵੱਡਾ ਹਾਸਿਲ ਇਹ ਹੈ ਕਿ ਉਹ ਆਮ ਸਧਾਰਨ ਲੋਕਾਂ ਦੀ ਗੱਲ, ਆਮ ਭਾਸ਼ਾ ਅਤੇ ਲੋਕ ਬੋਲੀ ਵਿੱਚ ਕਰਦਾ ਹੈ। ਉਸਦੀ ਸ਼ਾਇਰੀ ਸਵੇਰ ਦੀ ਤ੍ਰੇਲ ਵਾਂਗ ਹਮੇਸ਼ਾਂ ਤਾਜ਼ਾ ਤੇ ਸਵੱਛ ਜਿਹੀ ਲਗਦੀ ਹੈ ਜਿਹੜੀ ਪਾਠਕ ਨੂੰ ਵੀ ਤਰੋ-ਤਾਜਾ ਤੇ ਅਨੰਦਿਤ ਕਰ ਦਿੰਦੀ ਹੈ। ਉਸਦੀ ਸ਼ਾਇਰੀ ਪੂਰੇ ਬਰਿਹਮੰਡ ਨੂੰ ਆਪਣੇ ਕਲਾਵੇ ਵਿੱਚ ਸਮੇਟਦੀ ਹੈ, ਉਸਦੇ ਸ਼ਿਅਰਾਂ ਵਿੱਚ ਅਮੁੱਕ ਜ਼ਜ਼ਬਾਤ ਹਨ, ਉਡੀਕ ਹੈ, ਵਿਆਕੁਲਤਾ ਹੈ, ਪ੍ਰੇਮ ਹੈ, ਮੋਹ ਹੈ ਅਤੇ ਅਜੋਕੇ ਸਮਿਆਂ ਦਾ ਕਰੂਰ ਸੱਚ ਹੈ।
ਉਹ ਨਿੱਜ ਤੋਂ ਪਾਰ ਫੈਲ ਕੇ ਸਮੁੱਚੀ ਮਨੁੱਖਤਾ ਦੇ ਦਰਦ ਨੂੰ ਆਪਣੇ ਕਲਾਵੇ ਵਿਚ ਸਮੇਟਣਾ ਚਾਹੁੰਦਾ ਹੈ ਤੇ ਇਸ ਲਈ ਸਭ ਤੋਂ ਕਾਰਗਰ ਹਥਿਆਰ ਉਸ ਕੋਲ ਕਲਮ ਹੈ। ਜਿਸ ਦੇ ਜ਼ਰੀਏ ਉਹ ਲੋਕ ਵੇਦਨਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਪੇਸ਼ ਕਰਦਾ ਹੈ ਤੇ ਸਮੁੱਚੀ ਲੋਕਾਈ ਲਈ ਇਕ ਕਲਮ ਵਰਗੇ ਹਥਿਆਰ ਦੀ ਮੰਗ ਕਰਦਾ ਹੈ ;
ਰੱਬਾ ਬੰਦਿਆਂ ਦੇ ਹੱਥਾਂ ਵਿੱਚ,
ਕਲਮ ਦਈਂ, ਹਥਿਆਰ ਨਾ ਦੇਵੀਂ।

ਉਹ ਚਾਨਣ ਬਣਕੇ ਚਾਰੇ ਪਾਸੇ ਖਿੰਡਣਾ ਲੋਚਦਾ ਹੈ ਤਾਂ ਕਿ ਉਹ ਹਨੇਰੇ ਨੂੰ ਦੂਰ ਕਰਕੇ ਜਨ ਸਧਾਰਨ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆ ਸਕੇ, ਉਸਦੀ ਭਾਵਨਾ ਨੂੰ ਵਿਅਕਤ ਕਰਦਾ ਇਹ ਸ਼ਿਅਰ ਕਾਬਲੇ-ਤਾਰੀਫ਼ ਹੈ।
ਕਿਸੇ ਬਸਤੀ ਦੇ ਵਿਹੜੇ ਰੌਸ਼ਨੀ ਮੈਂ ਬਣ ਤੇ ਸਕਦਾ ਹਾਂ, ਕਦੇ ਵੀ ਜ਼ੁਲਮੀਆਂ ਦੇ ਨਾਲ ਮੈਂ ਖੜਨਾ ਨਹੀ ਚਾਹੁੰਦਾ।
ਜ਼ਿੰਦਗੀ ਦੀ ਤੇਜ਼ ਰਫ਼ਤਾਰ ਅਤੇ ਉਪਰੋਂ ਮਾਇਆਵਾਦੀ ਅਤੇ ਪਦਾਰਥਵਾਦੀ ਯੁੱਗ ਨੇ ਇਨਸਾਨੀ ਸੁਭਾਅ ਵਿਚ ਕਈ ਖੋਟ ਪੈਦਾ ਕਰ ਦਿੱਤੇ ਹਨ, ਇਨ੍ਹਾਂ ਖੋਟਾਂ ਨੂੰ ਇਹ ਆਦਰਸ਼ਵਾਦੀ ਤੇ ਸਮਾਜਵਾਦੀ ਕਵੀ ਕਿਸ ਤਰਾਂ੍ਹ ਅਣਗੋਲਿਆਂ ਕਰ ਸਕਦਾ ਹੈ। ਇਨ੍ਹਾਂ ਖੋਟਾਂ ਨੂੰ ਆਪਣੀਆਂ ਗ਼ਜ਼ਲਾਂ ਵਿਚ ਨੰਗਿਆਂ ਕਰਦਾ ਹੈ।
ਮਾਰਨ ਵਾਲਾ ਕੌਣ ਸੀ, ਮਾਰਿਆ ਕੌਣ ਗਿਆ ਹੈ,
ਪਲ਼ਾਂ ਛਿਣਾ ਵਿੱਚ ਹੋ ਗਿਐ, ਕਿਸਦਾ ਕੰਮ ਤਮਾਮ।
ਅਤਿ ਦਾ ਉਹ ਮਾਸੂਮ ਸੀ, ਵਲ-ਛਲ ਤੋਂ ਨਿਰਲੇਪ,
ਤਾਂ ਹੀ ਸਾਰਾ ਆ ਗਿਐ, ਉਸ ਦੇ ਸਿਰ ਇਲਜਾਮ।

ਇਹ ਸ਼ਾਇਰ ਹੱਡ-ਭੰਨਵੀ ਮਿਹਨਤ ਵਿਚ ਪੂਰਾ ਵਿਸ਼ਵਾਸ ਦਰਸਾਉਂਦਾ ਹੈ ਇਸੇ ਕਰਕੇ ਸ਼ਾਇਦ ਉਸਦੀ ਹਮਦਰਦੀ ਹਮੇਸ਼ਾ ਮਿਹਨਤੀਆਂ ਤੇ ਕਾਮਿਆਂ ਨਾਲ ਰਹਿੰਦੀ ਹੈ।
ਭੁੱਖ ਬੜੀ ਏ ਡਾਢੀ, ਤੇ ਇਕ ਰੋਟੀ ਲਈ, ਮਾੜੇ ਉਤੇ ਕਹਿਰ ਕਮਾਇਆ ਡਾਢਿਆ ਨੇ।
ਇਸ ਦਰੜੀ ਜਾ ਰਹੀ ਜਮਾਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਵਾ ਕੇ ਅਵਾਜ਼ ਨੂੰ ਬੁਲੰਦ ਕਰਨ ਦੀ ਮੰਗ ਕਰਦਾ ਹੋਇਆ ਉਹ ਲਿਖਦਾ ਹੈ:-
ਚੋਂਦੀਆਂ ਜਦ ਝੁੱਗੀਆਂ ਹੀ ਚੋਂਦੀਆਂ ਕੰਧਾ ਕਿਉਂ ਮਹਿਲਾਂ ਦੀਆਂ ਨ ਢਹਿੰਦੀਆਂ।
ਅੰਦਰੋਂ ਖੋਖਲੇ ਤੇ ਕੰਗਾਲ ਹੋ ਚੁੱਕੇ ਅਜੌਕੇ ਮਨੁੱਖ ਦੀ ਦੰਭ ਤੇ ਪਾਖੰਡ ਦਾ ਪਾਜ ਉਘਾੜਦਾ ਹੈ ਕਿ:-
ਮਨ ਜੇ ਅੰਦਰੋਂ ਪਾਪੀ ਹੈ ਕੁਝ ਨਹੀ ਮਿਲਣਾ ਹੱਜ ਦੇ ਨਾਲ
ਸ਼ਾਇਰ ਵਿਅੰਗ ਵਿਧੀ ਰਾਹੀ ਉਹਨਾਂ ਪੱਖਾਂ ਨੂੰ ਨੰਗਿਆਂ ਕਰਦਾ ਹੈ ਜੋ ਸਮਾਜਕ ਨਿਆਂ ਤੇ ਸੁਤੰਤਰਤਾ ਵਰਗੇ ਜੀਵਨ ਮੁੱਲਾਂ ਦੇ ਰਾਹ ਵਿਚ ਰੁਕਾਵਟ ਬਣਦੇ ਹਨ।
ਮਨੋਵਿਸ਼ਲੇਸ਼ਣੀ ਰੁਚੀ ਅਧੀਨ ਸ਼ਾਇਰ ਲੋਕਾਂ ਦੇ ਅੰਦਰਲੇ ਸੰਸਾਰ ਬਾਰੇ ਜਾਣੂ ਕਰਾਉਂਦਾ ਹੈ ਕਿਉਕਿ ਮਨੁੱਖ ਦੇ ਅੰਦਰ ਇਕ ਹੋਰ ਮਨੁੱਖ ਵੱਸਦਾ ਹੈ ਜੋ ਬਾਹਰੀ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵਿਚਰਦਾ ਹੈ। ਆਪਣਾ ਮਨੋਬਲ ਗੁਆ ਚੁੱਕੇ ਅਜਿਹੇ ਮਾਨਵ ਦਾ ਪ੍ਰਗਟਾਵਾ ਉਸਦੀ ਸ਼ਾਇਰੀ ਦੀ ਪ੍ਰਮੁੱਖ ਸੁਰ ਬਣਦਾ ਹੈ:-
ਘਰੋਂ ਟੁਰਨ ਵੇਲੇ ਬੰਦਾ ਬਾਗ ਹੁੰਦੈ, ਜੰਗਲ ਬਣ ਜਾਵੇ, ਪਰਤਦਾ ਸ਼ਾਮ ਤੱਕ। ਜਾਂ ਰਹਿੰਦਾ ਅੱਜ-ਕੱਲ੍ਹ ਉਹ ਮਖੌਟੇ ਪਹਿਨਕੇ, ਕੀ ਪਤਾ ਹੁਣ ਉਸਦੀ ਕੀ ਪਹਿਚਾਨ ਹੈ।
ਰੋਜ਼ੀ ਸਿੰਘ ਅਜਿਹਾ ਸ਼ਾਇਰ ਹੈ ਜੋ ਕਦੇ ਰੁੱਖਾਂ ਦੀ ਤੇ ਕਦੇ ਕੁੱਖਾਂ ਦੀ ਸਲਾਮਤੀ ਦੀ ਗੱਲ ਕਰਦਾ, ਕਦੇ ਪਾਣੀਆਂ ਦੀ ਗੱਲ ਕਰਦਾ ਤੇ ਕਦੇ ਹਾਣੀਆਂ ਦੀ ਗੱਲ ਕਰਦਾ ਹੈ, ਉਸਨੂੰ ਇਹ ਵੀ ਦੁੱਖ ਹੈ ਕਿ ਪੰਛੀ ਵੀ ਮਨੁੱਖਤਾ ਦਾ ਸਾਥ ਦੇਵੋਂ ਇਨਕਾਰੀ ਨੇ ਤੇ ਇਸ ਧਰਤੀ ਤੇ ਮਨੁੱਖਤਾ 'ਚ ਕੈਸੀ 'ਵਾ ਵਗੀ ਕਿ ਪਿੰਡਾਂ 'ਚ ਸੱਥਾਂ ਤੇ ਬੋਹੜਾਂ/ਪਿੱਪਲਾਂ ਦੀ ਛਾਵਾਂ ਮਾਨਣ ਵਾਲੇ ਲੋਕ ਹੁਣ ਘਰਾਂ 'ਚ ਵੀ ਬੈਚੇਨ ਨੇ ਉਹ ਇਸ ਸੱਚ ਦੀ ਤਸਵੀਰਕਸ਼ੀ ਕਰਦਾ ਹੋਇਆ ਕਹਿੰਦਾ:-
ਸਾਰਾ ਪਿੰਡ ਘਰ ਵਾਂਗ ਸੀ ਲੱਗਦਾ ਹੁਣ ਕੋਈ ਘਰ ਦਾ ਜੀ ਨਹੀ ਲੱਗਦਾ
ਮੈਂ ਇਨ੍ਹਾਂ ਸ਼ਬਦਾਂ ਨਾਲ ਰੋਜ਼ੀ ਸਿੰਘ ਨੂੰ 'ਤੇਰੀ ਆਮਦ' ਗ਼ਜ਼ਲ ਸੰਗ੍ਰਹਿ ਤੇ ਦਾਦ ਤੇ ਦਿਲੋਂ ਵਧਾਈ ਦੇਂਦੀ ਹਾਂ। ਸੁਹਿਰਦ ਤੇ ਸੰਵੇਦਨਸ਼ੀਲ ਪਾਠਕ ਇਸ ਪੁਸਤਕ ਦਾ ਹਾਰਦਿਕ ਸਵਾਗਤ ਕਰਨਗੇ, ਅਜਿਹੀ ਮੇਰੀ ਆਸ ਹੈ। ਸ਼ਾਇਰ ਦੀ ਕਲਮ ਦੀ ਸਲਾਮਤੀ ਲਈ :- ਸੁਰਜੀਤ ਪਾਤਰ ਜੀ ਦਾ ਇਕ ਸ਼ੇਅਰ:- ਜਦ ਤਕ ਲਫ਼ਜ ਜਿਉਂਦੇ ਨੇ ਸੁਖ਼ਨਵਰ ਜੀਉਣ ਮਰ ਕੇ ਵੀ ਉਹ ਬਸ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸਵਾਹ ਬਣਦੇ।

ਡਾ: ਮਨਦੀਪ ਕੌਰ ਢੀਡਸਾ
ਅਸਿਸਟੈਟ ਪ੍ਰੋਫੈਸਰ
ਲੋਹੜੀ 2016 (ਪੰਡਿਤ ਮੋਹਨ ਲਾਲ ਐਸ.ਡੀ.ਕਾਲਜ਼) ਫਤਿਹਗੜ੍ਹ ਚੂੜੀਆਂ।

ਮਹਿਕਦੇ ਖਿਆਲਾਂ ਦੀ ਆਮਦ ਵਰਗਾ ਰੋਜ਼ੀ ਸਿੰਘ

ਚੰਗਾ ਸਹਿਤਕਾਰ ਹੋਣਾ ਬਹੁਤ ਵੱਡੀ ਗੱਲ ਹੈ, ਪਰ ਚੰਗਾ ਸਾਹਿਤਕਾਰ ਹੋਣ ਦੇ ਨਾਲ ਚੰਗਾ ਇਨਸਾਨ ਹੋਣਾ ਉਸ ਤੋਂ ਵੀ ਵੱਡੀ ਗੱਲ ਹੈ। ਸਮਾਜਿਕ ਬੁਰਾਈਆਂ ਦੇ ਖਿਲਾਫ਼ ਲਿਖਣਾ ਅਤੇ ਮਾਨਵਤਾ ਦੇ ਭਲੇ ਦੀਆਂ ਗੱਲਾਂ ਕਰਨੀਆਂ ਮਹਾਨ ਕੰਮ ਹੈ ਪਰ ਖੁਦ ਵੀ ਇਸ 'ਤੇ ਚੱਲਣਾ ਉਸ ਤੋਂ ਵੀ ਵੱਧ ਮਹਾਨਤਾ ਭਰਿਆ ਕਾਰਜ ਹੈ। ਬਹੁਤੇ ਲੋਕਾਂ ਦੀ ਕਹਿਣੀ-ਕਰਨੀ ਵਿੱਚ ਡਾਅਢਾ ਅੰਤਰ ਹੁੰਦਾ ਹੈ ਪਰ ਰੋਜ਼ੀ ਸਿੰਘ ਇਸ ਤੋਂ ਬਿਲਕੁੱਲ ਉਲਟ ਹੈ, ਉਹ ਸਮਾਜਿਕ ਬੁਰਾਈਆਂ ਖਿਲਾਫ਼ ਨਾ ਸਿਰਫ਼ ਲਿਖਦਾ ਹੈ ਸਗੋਂ ਇਹਨਾ ਵਿਰੁੱਧ ਲੜਦਾ ਵੀ ਹੈ। ਉਹ ਮਾਨਵਤਾ ਦੇ ਭਲੇ ਦੀਆਂ ਗੱਲਾਂ ਹੀ ਨਹੀਂ ਕਰਦਾ ਬਲਕਿ ਖ਼ੁਦ ਵੀ ਉਸ ਰਾਹ ਤੇੇ ਖੁਸ਼ੀ-ਖੁਸ਼ੀ ਦੋੜਦਾ ਨਜ਼ਰੀਂ ਆਉਦਾ ਹੈ। ਮਿਸਾਲ ਵਜੋਂ ਉਹ ਹੁਣ ਤੱਕ ਬਿਨਾ ਕਿਸੇ ਭੇਦ ਭਾਵ ਦੇ 52 ਵਾਰ ਖੂਨਦਾਨ ਕਰ ਚੁੱਕਾ ਹੈ ਅਤੇ ਆਪਣੇ ਅੱਖਾਂ ਦਾਨ ਕਰਨ ਲਈ ਘੋਸ਼ਣਾ ਪੱਤਰ ਭਰ ਚੁੱਕਾ ਹੈ। ਉਹ ਹਰ ਤਿਓਹਾਰ, ਅਤੇ ਆਪਣੇ ਜਨਮ ਦਿਨ ਜਰੂਰਤਮੰਦਾ ਅਤੇ ਬੇਸਹਾਰਿਆਂ ਨਾਲ ਮਨਾਉਦਾ ਹੈ ਅਤੇ ਉਹਨਾ ਨਾਲ ਸਮਾਂ ਬਿਤਾ ਕਿ ਖੁਸ਼ੀ ਮਹਿਸੂਸ ਕਰਦਾ ਹੈ। ਜਨਮ ਦਿਨ ਉਪਰ ਛਾਂਦਾਰ ਬੂਟੇ ਲਗਾਉਣ ਲਈ ਸੋਸ਼ਲ ਮੀਡੀਆ ਤੇ ਸੁਨੇਹੇ ਭੇਜ ਕਿ ਉਸ ਵੱਲੋਂ ਸੁਰੂ ਕੀਤੀ ਗਈ ਮੁਹਿੰਮ ਸ਼ਲਾਘਾਯੋਗ ਹੈ।
ਉਕਤ ਸਾਰੀਆਂ ਖੂਬੀਆਂ ਉਹ ਹੋਰਨਾ ਵਿੱਚ ਵੀ ਵੇਖਣਾ ਚਾਹੁੰਦਾ ਹੈ ਇਸ ਲਈ ਉਹ ਆਪਣੇ ਸੰਪਰਕ ਵਿਚਲੇ ਸਾਰੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਇਸ ਪ੍ਰਤੀ ਪ੍ਰੇਰਿਤ ਅਤੇ ਜਾਗਰੂਕ ਕਰਦਾ ਰਹਿੰਦਾ ਹੈ। ਮਹਿਕਦੇ ਖਿਆਲਾਂ ਦੀ ਆਮਦ ਵਰਗੇ ਸਾਡੇ ਯਾਰ ਤੋਂ ਮੈਨੂੰ ਹੀ ਨਹੀਂ ਸਭਨਾ ਨੂੰ ਬਹੁਤ ਆਸਾਂ ਉਮੀਦਾਂ ਹਨ, ਰੱਬ ਕਰੇ ਰੋਜ਼ੀ ਸਿੰਘ ਦੀ ਉਮਰ ਲਮੇਰੀ ਹੋਵੇ। ਉਸ ਦਾ ਚੰਗੇ ਸਮਾਜ ਲਈ ਸਿਰਜਿਆ ਸੁਪਨਾ ਜਲਦ ਪੂਰਾ ਹੋਵੇ। ਇਸ ਚੰਗੇ ਸਹਿਤਕਾਰ ਅਤੇ ਚੰਗੇ ਇਨਸਾਨ ਦੀਆਂ ਸਾਰੀਆਂ ਜਿਮੇਵਾਰੀਆਂ ਨੂੰ ਪੂਰਾ ਕਰਨ ਲਈ ਰੱਬ ਉਸਨੂੰ ਬਲ ਬਖਸ਼ੇ। - ਆਮੀਨ

ਪ੍ਰੀਤਮ ਸਰਪੰਚ

ਸ਼ਿਅਰ ਹੈ ਹਾਜ਼ਰ ਗ਼ਜ਼ਲ ਤੋਂ ਪਹਿਲਾਂ

ਸ਼ਿਅਰ ਹੈ ਹਾਜ਼ਰ ਗ਼ਜ਼ਲ ਤੋਂ ਪਹਿਲਾਂ,
ਸੁਖਨ- ਸੁਨੇਹਾ, ਵਸਲ ਤੋਂ ਪਹਿਲਾਂ।

ਉੁਹ ਸੀ ਇਸ ਅੰਦਾਜ਼ 'ਚ ਬੋਲੇ,
ਗ਼ਜ਼ਲ ਹੋ ਗਈ ਗ਼ਜ਼ਲ ਤੋਂ ਪਹਿਲਾਂ।

ਉਸਦਾ ਕਰਮ ਕਿ ਜੀਂਦੇ ਪਏ ਹਾਂ,
ਉਂਝ ਸਾਂ ਰੁਲਦੇ ਫ਼ਜ਼ਲ ਤੋਂ ਪਹਿਲਾਂ।

ਅੱਜ ਹੈ ਜੋ, ਉਹ ਕੱਲ੍ਹ ਨਹੀਂ ਹੋਣਾ,
ਹੁੰਦੈ ਇਹ ਹਰ ਨਸਲ ਤੋਂ ਪਹਿਲਾਂ।

ਇਸ ਤੋਂ ਪਹਿਲਾਂ ਦੇਰ ਹੋ ਜਾਵੇ,
ਸਾਂਭ ਲੈ ਵੱਤਰ ਫ਼ਸਲ ਤੋਂ ਪਹਿਲਾਂ।

ਗਲੀਆਂ ਦੇ ਵਿੱਚ ਮੱਚਿਆ, ਕਹਿਰਾਂ ਦਾ ਕੁਹਰਾਮ

ਗਲੀਆਂ ਦੇ ਵਿੱਚ ਮੱਚਿਆ, ਕਹਿਰਾਂ ਦਾ ਕੁਹਰਾਮ,
ਮੰਦਰਾਂ ਵਿੱਚ ਮੁਸਕਾਈ ਜਾਵੇ ਫਿਰ ਵੀ ਰਾਧੇ ਸ਼ਾਮ।

ਭੁੱਖਾ ਜਦੋਂ ਮੈਂ ਵੇਖਦਾ ਹਾਂ, ਬਚਪਨ ਅਤਿ ਮਾਸੂਮ,
ਮੈਨੂੰ ਫਿਰ ਨਹੀਂ ਆਂਵਦਾ ਬਿਸਤਰ ਵਿੱਚ ਆਰਾਮ।

ਮਾਰਨ ਵਾਲਾ ਕੌਣ ਸੀ, ਮਾਰਿਆ ਕੌਣ ਗਿਆ ਹੈ,
ਪਲ਼ਾਂ ਛਿਣਾ ਵਿੱਚ ਹੋ ਗਿਐ, ਕਿਸਦਾ ਕੰਮ ਤਮਾਮ।

ਅਤਿ ਦਾ ਉਹ ਮਾਸੂਮ ਸੀ, ਵਲ-ਛਲ ਤੋਂ ਨਿਰਲੇਪ,
ਤਾਂ ਹੀ ਸਾਰਾ ਆ ਗਿਐ, ਉਸ ਦੇ ਸਿਰ ਇਲਜਾਮ।

ਲੰਮੀ ਹੁੰਦੀ ਜਾਂਵਦੀ ਹੈ, ਜ਼ਿੰਦਗੀ ਵਾਲੀ ਰਾਤ,
ਹਾਲੇ ਤੱਕ ਨਈਂ ਮਿਲਿਆ, ਮੌਤ ਦਾ ਕੋਈ ਪੈਗਾਮ।

ਸਾਰਾ ਦੋਸ਼ ਹੈ ਆਪਣਾ, ਟਿਕ ਕੇ ਨਾ ਜੋ ਬਹਿੰਦੀਆਂ,
ਅੱਖੀਆਂ ਨੇ ਬਸ ਕਰਦੀਆਂ, ਦਿਲ ਨੂੰ ਹੀ ਬਦਨਾਮ।

ਦਿਨ ਚੜਦੇ ਨੂੰ ਹੋ ਗਿਆ, ਸ਼ਹਿਰ 'ਚ ਮੈਂ ਮਸ਼ਹੂਰ,
ਮਹਿਫਲ ਵਿਚ ਸੀ ਬੋਲਿਆ ਉਸ ਰਾਤੀਂ ਮੇਰਾ ਨਾਮ।

ਕੁਦਰਤ ਕੋਲ ਨਜ਼ਾਰੇ ਹੁੰਦੇ ਨੇ, ਸਾਡੇ ਲਈ ਹੀ ਸਾਰੇ ਹੁੰਦੇ ਨੇ

ਕੁਦਰਤ ਕੋਲ ਨਜ਼ਾਰੇ ਹੁੰਦੇ ਨੇ,
ਸਾਡੇ ਲਈ ਹੀ ਸਾਰੇ ਹੁੰਦੇ ਨੇ।

ਉਸਦਾ ਕੀ ਐਤਬਾਰ ਹੈ ਕਰਨਾ
ਉਸਦੇ ਕੋਲ ਤਾਂ ਲਾਰੇ ਹੁੰਦੇ ਨੇ।

ਕੋਲ ਬਹਾਨੇ ਉਸਦੇ ਏਨੇ,
ਜਿੰਨੇ ਅਰਸ਼ੀ ਤਾਰੇ ਹੁੰਦੇ ਨੇ।

ਭਾਵੇਂ ਸੱਚੇ ਨਹੀਂ ਹੁੰਦੇ ਐਪਰ,
ਉਸਦੇ ਬੋਲ ਪਿਆਰੇ ਹੁੰਦੇ ਨੇ।

ਕੀ ਹੈ ਸਾਡੇ ਵਰਗਿਆਂ ਦਾ ਵੀ,
ਇਸ਼ਕ ਦੇ ਹੀ ਤਾਂ ਮਾਰੇ ਹੁੰਦੇ ਨੇ।

ਅਸਲ ਫਕੀਰ ਕੋਈ-ਕੋਈ ਹੁੰਦੈ,
ਬਹੁਤੇ ਜ਼ਿੰਦਗੀ ਹਾਰੇ ਹੁੰਦੇ ਨੇ।

ਸਾਡੀ ਅੱਖੋਂ ਡੁੱਲ੍ਹਦੇ ਹੁੰਝੂ,
ਓਸੇ ਦਿੱਤੇ ਸਾਰੇ ਹੁੰਦੇ ਨੇ।

ਕਈ ਵਾਰੀ ਤਾਂ ਗ਼ਮ ਆਪਣੇ ਵੀ,
ਪੱਥਰਾਂ ਨਾਲੋਂ ਭਾਰੇ ਹੁੰਦੇ ਨੇ ।

ਨਿੱਤ ਲੜਾਈਆਂ, ਝਗੜੇ, ਝੇੜੇ,
ਇੰਝ ਵੀ ਕਦੇ ਗੁਜਾਰੇ ਹੁੰਦੇ ਨੇ।

ਕੌਣ ਕਿਸਦਾ ਰਕੀਬ ਹੁੰਦਾ ਏ

ਕੌਣ ਕਿਸਦਾ ਰਕੀਬ ਹੁੰਦਾ ਏ,
ਆਪੋ-ਅਪਣਾ ਨਸੀਬ ਹੁੰਦਾ ਏ।

ਰਹਿੰਦੀ ਨੈਣਾ ਨੂੰ ਭਾਲ ਹੈ ਉਸਦੀ,
ਜਿਹੜਾ ਦਿਲ ਦਾ ਹਬੀਬ ਹੁੰਦਾ ਏ।

ਜਿਸਦੇ ਕੋਲੇ ਹੈ ਪੂੰਜੀ ਸ਼ਬਦਾਂ ਦੀ,
ਉਹ ਨਾ ਹਰਗਿਜ਼ ਗਰੀਬ ਹੁੰਦਾ ਏ।

ਹੋਵੇ ਮੈਥੋਂ ਉਹ ਭਾਵੇਂ ਦੂਰ ਕਿਤੇ,
ਮੇਰੇ ਦਿਲ ਦੇ ਕਰੀਬ ਹੁੰਦਾ ਏ ।

ਉਸ 'ਤੇ ਸ਼ਿਕਵਾ ਕਿਵੇਂ ਕਰੇ ਕੋਈ,
ਜਿਹੜਾ ਸੱਜਣ ਤਬੀਬ ਹੁੰਦਾ ਏ।

ਕਿਹੜੇ ਭੇਦ ਜੋ ਤੇਰੇ ਸਾਥੋਂ ਗੁੱਝੇ ਨੇ

ਕਿਹੜੇ ਭੇਦ ਜੋ ਤੇਰੇ ਸਾਥੋਂ ਗੁੱਝੇ ਨੇ,
ਦੱਸ ਖਾਂ ਕੌਲ ਜੋ ਤੇਰੇ ਕੋਲੋਂ ਪੁੱਗੇ ਨੇ ।

ਮਹਿਲਾਂ ਵਾਲੇ ਦੁਖ ਕੀ ਜਾਨਣ ਗੁਰਬਤ ਦਾ
ਜਿਹਨਾਂ ਕਦੀ ਨਾ ਵੇਖੇ ਝੁਗੀਆਂ ਝੁੱਗੇ ਨੇ।

ਉਹਨਾਂ ਕੋਲ ਵਕਤ ਨਹੀਂ ਅਰਦਾਸਾਂ ਲਈ,
ਜਿਹੜੇ ਹੱਥ ਸਦਾ ਹੀ ਕਿਰਤ 'ਚ ਰੁੱਝੇ ਨੇ ।

ਮੈਂ ਪਰਵਾਹ ਨਈਂ ਕੀਤੀ ਸੁੱਜੇ ਪੈਰਾਂ ਦੀ,
ਤਾਂ ਜਾ ਕੇ ਇਹ ਮੰਜਿਲ ਤਾਂਈ ਪੁੱਜੇ ਨੇ ।

ਓਨੀ ਨੈਣੀ ਖ਼ਾਅਬ ਕਿਸੇ ਦੇ ਸੱਜਣੇ ਕੀ,
ਜਿਹੜੇ ਹਿਜ਼ਰ ਦੇ ਰੋਣੇ ਰੋ-ਰੋ ਸੁੱਝੇ ਨੇ ।

ਸ਼ਹਿਰ ਤੇਰੇ ਦੀ ਜਗਮਗ ਦਾ ਕੀ ਫਾਇਦਾ ਹੈ,
ਜੇਕਰ ਸ਼ਹਿਰ ਦੇ ਵਾਸੀ 'ਨੇਰ 'ਚ ਡੁੱਬੇ ਨੇ ।

ਜੇ ਗਰਮੀ ਤੇ ਠੰਡ ਨਾ ਹੋਵੇ

ਜੇ ਗਰਮੀ ਤੇ ਠੰਡ ਨਾ ਹੋਵੇ,
ਮੌਸਮ ਦੀ ਫਿਰ ਵੰਡ ਨਾ ਹੋਵੇ।

ਬੰਦਾ ਫੌਤ ਹੋ ਜਾਵੇ ਜੇਕਰ,
ਸਿਰ ਸਾਹਾਂ ਦੀ ਪੰਡ ਨਾ ਹੋਵੇ।

ਘਰਾਂ 'ਚ ਰੌਣਕ ਲੱਗੀ ਰਹਿੰਦੀ,
ਘਰ ਦੀ ਕਿਧਰੇ ਵੰਡ ਨਾ ਹੋਵੇ।

ਤੇਰੇ ਬੋਲ ਨੇ ਕਿੰਨੇ ਮਿੱਠੇ,
ਏਨੀ ਮਿੱਠੀ ਖੰਡ ਨਾ ਹੋਵੇ।

ਵਿਗੜ ਹੀ ਜਾਂਦੇ ਨੇ ਓ ਬੱਚੇ,
ਜਿੰਨ੍ਹਾਂ ਖਾਦੀ ਚੰਡ ਨਾ ਹੋਵੇ ।

ਰੰਬਾ ਚੰਡਿਆ ਹੀ ਕੰਮ ਆਵੇ,
ਉੁਂਝ ਤੇ ਘਾਹ ਵੀ ਛੰਡ ਨ ਹੋਵੇ।

ਲੇਫ਼ ਰਜਾਈਆਂ ਭਿੱਜ ਜਾਂਦੇ ਨੇ,
ਅੰਦਰ ਵੱਲ ਦੀ ਫੰਡ ਨਾ ਹੋਵੇ।

ਰੱਬਾ ਬਖਸ਼ੀਂ ਖੁਸ਼ੀਆਂ ਖੇੜੇ,
ਜੀਵਨ ਦੇ ਵਿਚ ਕੰਡ ਨਾ ਹੋਵੇ।

ਸੌ ਹੱਥ ਰੱਸਾ ਘੁੰਮਦਾ ਰਹਿੰਦਾ,
ਸਿਰੇ ਤੇ ਜੇਕਰ ਗੰਢ ਨ ਹੋਵੇ।

ਇੱਕ ਗੁਸਤਾਖ਼ੀ ਕਰ ਬੈਠੇ ਹਾਂ

ਇੱਕ ਗੁਸਤਾਖ਼ੀ ਕਰ ਬੈਠੇ ਹਾਂ,
ਉਸਦੀ ਅਦਾ 'ਤੇ ਮਰ ਬੈਠੇ ਹਾਂ।

ਲੋਕ ਨੇ ਬੈਠੇ ਘਰ ਦੇ ਅੰਦਰ,
ਆਪਾਂ ਹੀ, ਬੇ-ਘਰ ਬੈਠੇ ਹਾਂ।

ਜ਼ਿੰਦਗੀ ਦੀ ਵਲਗਣ ਦੇ ਅੰਦਰ,
ਸੁਪਨੇ ਕੈਦ ਕਿਉਂ ਕਰ ਬੈਠੇ ਹਾਂ।

ਕੀ ਦੱਸਾਂ ਮੈਂ ਉਸਦੇ ਗਮ ਵਿੱਚ,
ਕਿੰਝ ਤਕਲੀਫਾਂ ਜਰ ਬੈਠੇ ਹਾਂ।

ਮੰਜ਼ਿਲ ਤੀਕਰ ਪਹੁੰਚਣ ਖਾਤਰ,
ਅੱਗ ਦੇ ਦਰਿਆ ਤਰ ਬੈਠੇ ਹਾਂ।

ਕਦੇ ਤਾਂ ਨਜ਼ਰ ਸਵੱਲੀ ਹੋਸੀ,
ਚਿਰਾਂ ਤੋਂ ਉਹਦੇ ਦਰ ਬੈਠੇ ਹਾਂ।

ਦਿਲ ਦੇ ਖਾਲੀ ਮੰਦਰ ਦੇ ਵਿੱਚ,
ਮੂਰਤ ਓਹਦੀ ਧਰ ਬੈਠੇ ਹਾਂ ।

'ਰੋਜ਼ੀ' ਖਾਤਰ ਭੱਜਦੇ ਭੱਜਦੇ,
ਪਿਆਰ ਦੀ ਬਾਜ਼ੀ ਹਰ ਬੈਠੇ ਹਾਂ।

ਉਮਰਾਂ ਤੋਂ ਵੀ ਦੁੱਖ ਵੱਡੇ ਸਹਿੰਦੀਆਂ

ਉਮਰਾਂ ਤੋਂ ਵੀ ਦੁੱਖ ਵੱਡੇ ਸਹਿੰਦੀਆਂ,
ਜਿੰਦਗੀਆਂ ਜੋ ਗੁਰਬਤਾਂ 'ਚ ਰਹਿੰਦੀਆਂ।

ਮੱਥਿਆਂ ਵਿੱਚ ਜੀਉਣ ਦੇ ਲਈ ਹਸਰਤਾਂ,
ਰਾਤ-ਦਿਨ ਨੇ ਚਲਦੀਆਂ ਹੀ ਰਹਿੰਦੀਆਂ।

ਉਹ ਕਦੀ ਨਾ ਫੇਰ ਮੁੜੀਆਂ ਵੇਖੀਆਂ,
ਹਸਰਤਾਂ ਜੋ ਹੰਝੂਆਂ ਵਿਚ ਵਹਿੰਦੀਆਂ।

ਸਿਰ 'ਤੇ ਹੈ ਅਕਾਸ, ਹੇਠਾਂ ਧਰਤ ਹੈ,
ਕੀਮਤਾਂ ਮਿਹਨਤ ਦੀਆਂ ਨਾ ਪੈਂਦੀਆਂ।

ਚੋਂਦੀਆਂ ਜਦ ਝੁੱਗੀਆਂ ਹੀ ਚੋਂਦੀਆਂ,
ਕੰਧਾਂ ਕਿਉਂ ਮਹਿਲਾਂ ਦੀਆਂ ਨਾ ਢਹਿੰਦੀਆਂ।

ਸੋਚਦਾ ਹਾਂ ਜਿੰਦਾਂ ਨਿਕੀਆਂ ਨਿੱਕੀਆਂ,
ਮੁਫ਼ਲਸੀ ਦੀ ਪੰਡ ਕਿੰਝ ਚੁੱਕ ਲੈਂਦੀਆਂ।

ਰਹਿਮ ਕਰ ਕੁੱਝ ਸੁਣ ਓ ਮੇਰੇ ਮਾਲਕਾ,
ਚੀਕਾਂ ਮਜਲੂਮਾਂ ਦੀਆਂ ਕੀ ਕਹਿੰਦੀਆਂ।

ਆ ਗਈ ਏ ਜਾਚ ਜਿਸਨੂੰ ਜੀਉਣ ਦੀ,
ਰੂਹਾਂ ਉਹ ਰੀਝਾਂ ਦੀ ਛਾਂਵੇਂ ਬਹਿੰਦੀਆਂ।

ਦੂਰ ਤੱਕ ਇਕ ਸੋਗ ਹੈ, ਸੁਨਸਾਨ ਹੈ

ਦੂਰ ਤੱਕ ਇਕ ਸੋਗ ਹੈ, ਸੁਨਸਾਨ ਹੈ,
ਭੀੜਾਂ ਭਰਿਆ ਸ਼ਹਿਰ ਦਾ ਸ਼ਮਸਾਨ ਹੈ।

ਹਰ ਤਰਫ ਨੇ ਨਫ਼ਰਤਾਂ ਹੀ ਨਫਰਤਾਂ,
ਮਰ ਰਿਹਾ ਹਰ ਰੋਜ਼ ਇੱਕ ਇਨਸਾਨ ਹੈ।

ਸਹਿਮ ਮਨ ਵਿਚ ਚਿਹਰੇ 'ਤੇ ਮੁਸਕਾਨ ਹੈ,
ਅੱਜ-ਕੱਲ ਦੁੱਖਾਂ 'ਚ ਮੇਰੀ ਜਾਨ ਹੈ ।

ਨਿਤ ਦਿਹਾੜੇ ਦ੍ਰੋਪਤੀ ਹੈ ਮਰ ਰਹੀ,
ਮੇਰਾ ਭਾਰਤ ਫੇਰ ਵੀ ਮਹਾਨ ਹੈ।

ਮੁਫਲਸੀ ਦੀ ਪੰਡ ਹੇਠਾਂ ਦੱਬ ਗਈ,
ਬੱਚਿਆਂ ਦੇ ਬੁੱਲ੍ਹਾਂ ਦੀ ਮੁਸਕਾਨ ਹੈ।

ਰਹਿੰਦਾ ਅੱਜ-ਕਲ੍ਹ ਉਹ ਮਖੌਟੇ ਪਹਿਨਕੇ,
ਕੀ ਪਤਾ ਹੁਣ ਉਸਦੀ ਕੀ ਪਹਿਚਾਨ ਹੈ।

ਦਿਲ ਨੂੰ ਝੱਲਾ ਕਰ ਜਾਵਣ ਇਹ

ਦਿਲ ਨੂੰ ਝੱਲਾ ਕਰ ਜਾਵਣ ਇਹ ਤੇਰੀਆਂ ਸ਼ੋਖ ਅਦਾਵਾਂ,
ਰਾਤ-ਰਾਤ ਭਰ ਜਾਗ-ਜਾਗ ਅਸੀਂ ਕੱਟਦੇ ਰੋਜ਼ ਸਜਾਵਾਂ।

ਸਾਡੀ ਹਿੱਕ 'ਚ ਧੜਕਨ ਬਣ ਕਿ ਤੇਰੀਆਂ ਯਾਦਾਂ ਵੱਸਣ,
ਜਿਉਂ ਚੇਤਰ ਵਿੱਚ ਖੁਸ਼ਬੋਆਂ ਸੰਗ ਚੱਲਣ ਮਸਤ ਹਵਾਵਾਂ।

ਪੱਤਝੜ ਦੇ ਪੈਰਾਂ ਤੇ ਉਸਦਾ, ਪੱਤਾ-ਪੱਤਾ ਡਿੱਗਿਆ,
ਨਿਰਵਸਤਰ ਹੋ ਗਈਆਂ ਬੁੱਢੇ ਬਿਰਖ ਦੀਆਂ ਸ਼ਾਖਾਵਾਂ।

ਦੁਨੀਆਂ ਤੋਂ ਜਦ ਮੋਹ ਭੰਗ ਹੋਇਆ ਉਸਦਾ, ਉਸ ਦਿਨ ਦੇਖੀਂ,
ਯਾਦ ਆਉਣੀਆਂ ਉਸਨੂੰ ਮਿਰੇ ਪਿੰਡ ਦੀਆਂ ਓ ਰਾਵਾਂ,

ਜਦ ਤਕ ਤੇਰੇ ਵਾਕਿਫ ਨਹੀਂ ਸਾਂ, ਅਸੀ ਸਾਂ ਸੋਨੇ ਵਰਗੇ,
ਕੱਖੋਂ ਹੌਲਾ ਕਰਤਾ ਸਾਨੂੰ ਤੇਰੀਆਂ ਯਾਰ ਜ਼ਫਾਵਾਂ।

ਜੰਗਲ ਗਾਹੇ ਤਾਂ ਵੀ ਮੈਥੋਂ, ਗਿਆ ਨਾ ਜੋਗ ਕਮਾਇਆ,
ਕੋਈ ਤਾਂ ਮੈਨੂੰ ਦੱਸੇ ਕਿ ਮੈਂ ਇੰਝ ਇਹ ਜੋਗ ਕਮਾਵਾਂ।

ਧੁੱਪਾਂ ਛਾਵਾਂ ਜਰਦੇ ਵੇਖੇ

ਧੁੱਪਾਂ ਛਾਵਾਂ ਜਰਦੇ ਵੇਖੇ,
ਬਿਰਖ ਨੇ ਹਾਵਾਂ ਭਰਦੇ ਵੇਖੇ।

ਮਾਵਾਂ ਵਾਂਗੂੰ ਧੁਰ ਦਿਲ ਅੰਦਰੋਂ,
ਬਿਰਖ ਦੁਆਵਾਂ ਕਰਦੇ ਵੇਖੇ।

ਕੀ ਬਣ ਸਕਦੈ ਜੰਗਲ ਦੀ ਥਾਂ,
ਲੋਕ ਸਲ੍ਹਾਵਾਂ ਕਰਦੇ ਵੇਖੇ।

ਆਰੀ ਫੇਰਨ ਵਾਲੇ ਨੂੰ ਵੀ,
ਰੁੱਖ ਨੇ ਛਾਵਾਂ ਕਰਦੇ ਵੇਖੇ।

ਬਿਨ ਮਾਵਾਂ ਦੇ ਬਾਲ ਕਈਂ ਮੈਂ,
ਮਾਵਾਂ-ਮਾਵਾਂ ਕਰਦੇ ਵੇਖੇ।

ਰੋਜ਼ੀ ਰੋਟੀ ਖਾਤਰ ਕੁਝ ਤਾਂ,
ਮੌਤ 'ਨਾ ਲਾਵਾਂ ਕਰਦੇ ਵੇਖੇ।

ਬਿਨ ਜੁਲਮੋਂ ਕੁੱਝ ਲੋਕੀ ਇਥੇ,
ਸਖਤ ਸਜ਼ਾਵਾਂ ਜਰਦੇ ਵੇਖੇ।

ਪੰਛੀ ਡਰਨ ਨ ਝੱਖੜ ਕੋਲੋਂ,
ਤੇਜ਼ ਹਵਾਵਾਂ ਜਰਦੇ ਵੇਖੇ।

ਜਦੋਂ ਵੀ ਸਿਰ ਤੁਫਾਨ ਉਠਾਇਆ ਡਾਢਿਆਂ ਨੇ

ਜਦੋਂ ਵੀ ਸਿਰ ਤੁਫਾਨ ਉਠਾਇਆ ਡਾਢਿਆਂ ਨੇ,
'ਮਾਤੜ ਬੰਦਾ ਮਾਰ-ਮੁਕਾਇਆ ਡਾਢਿਆਂ ਨੇ ।

ਤਗੜੇ ਦਾ ਤਾਂ ਸੱਤੀਂ ਵੀਹੀਂ ਸੌ ਹੁੰਦੈ,
ਸੱਚੀਂ ਕਰਕੇ ਸੱਚ ਵਿਖਾਇਆ ਡਾਢਿਆ ਨੇ।

ਮਾੜੇ ਦੀ ਘਰਵਾਲੀ ਸਭ ਦੀ ਭਾਬੀ ਹੈ,
ਮਾੜੇ ਵਲ ਕਦ ਪੁੱਤ ਵਿਆਇਆ ਡਾਢਿਆਂ ਨੇ।

ਪੰਚਾਇਤਾਂ ਵੀ ਉਚਿਆਂ ਵੱਲ ਹੀ ਭੁਗਤਦੀਆਂ
ਪੰਚ-ਪੁੰਚ ਸਭ ਖੀਸੇ ਪਾਇਆ ਡਾਢਿਆਂ ਨੇ।

ਪੈਸਾ ਸਭ ਦਾ ਬਾਪ ਏ, ਰੋਜ਼ੀ ਸਿਆਂ ਓਏ,
ਰਬ ਵੀ ਪੈਸੇ ਅੱਗੇ ਲਾਇਆ ਡਾਢਿਆਂ ਨੇ।

ਜਦੋਂ ਕਦੇ ਵੀ ਲੋੜ ਪਈ ਕੁਰਬਾਨੀ ਦੀ,
ਉਦੋਂ ਆਪਣਾ ਮੂੰਹ ਪਰਤਾਇਆ ਡਾਢਿਆਂ ਨੇ।

ਭੁੱਖ ਬੜੀ ਏ ਡਾਢੀ, ਤੇ ਇੱਕ ਰੋਟੀ ਲਈ,
ਮਾੜੇ ਉੱਤੇ ਕਹਿਰ ਕਮਾਇਆ ਡਾਢਿਆਂ ਨੇ।

ਮੇਰੀ ਅੱਖੋਂ ਡੁੱਲਦਾ ਪਾਣੀ

ਮੇਰੀ ਅੱਖੋਂ ਡੁੱਲਦਾ ਪਾਣੀ,
ਮਿੱਟੀ ਘੱਟੇ ਰੁੱਲਦਾ ਪਾਣੀ।

ਮਾਲਕ ਪੰਜ ਦਰਿਆਵਾਂ ਵਾਲੇ,
ਪੀਂਦੇ ਨੇ ਹੁਣ ਮੁੱਲ ਦਾ ਪਾਣੀ।

ਵੱਟਾਂ ਬੰਨੇ ਟੱਪਦਾ ਜਾਂਦਾ,
ਜਦ ਕਿਧਰੇ ਹੈ ਖੁੱਲਦਾ ਪਾਣੀ।

ਪਾਣੀ ਜੀਵਨ ਪਰ, ਕਈ ਵਾਰੀ,
ਮੌਤ ਵਾਂਗਰਾਂ ਝੁੱਲਦਾ ਪਾਣੀ।

ਬੰਦਾ ਭਾਵੇਂ ਭੁੱਲ ਜਾਵੇ ਪਰ,
ਬੰਦੇ ਨੂੰ ਨਾ ਭੁੱਲਦਾ ਪਾਣੀ।

ਤੇਰੇ ਗ਼ਮ ਦਾ ਪਤਾ ਨ ਲੱਗਦਾ,
ਅੱਖੋਂ ਜੇ ਨਾ ਡੁੱਲਦਾ ਪਾਣੀ।

ਬਣਕੇ ਭਾਫ ਇਹ ਸੁੱਕ-ਸੜ ਜਾਊ,
ਰਿਹਾ ਜੇ ਇੰਝ ਉਬੱਲਦਾ ਪਾਣੀ।

ਅੰਤ ਨੂੰ ਪਉ ਪਛਤਾਉਣਾ ਲੋਕੋ,
ਇੰਝ ਰਿਹਾ ਜੇ ਡੁੱਲਦਾ ਪਾਣੀ।

ਦੇਖ ਕੇ ਪਾਣੀ ਜਾਇਆ ਜਾਂਦਾ,
ਬੰਦ ਕਰ ਦੇਵੋ ਚੱਲਦਾ ਪਾਣੀ।

ਮੈਂ ਤਾਂ ਗੱਲਾਂ ਕਰਦਾ ਓਦ੍ਹੇ ਖੁਮਾਰ ਦੀਆਂ

ਮੈਂ ਤਾਂ ਗੱਲਾਂ ਕਰਦਾ ਓਦ੍ਹੇ ਖੁਮਾਰ ਦੀਆਂ,
ਹਾਂ ਮੈਂ ਗੱਲਾਂ ਕਰਦਾਂ ਆਪਣੇ ਯਾਰ ਦੀਆਂ।

ਮੈਂ ਰਾਹੀ ਹਾਂ ਪਿਆਰ 'ਚ ਭਿੱਜੇ ਰਾਹਾਂ ਦਾ,
ਤਾਂ ਹੀ ਗੱਲਾਂ ਕਰਦਾਂ ਮੋਹ ਤੇ ਪਿਆਰ ਦੀਆਂ।

ਝਾਂਜਰ, ਝੁਮਕੇ, ਗਜ਼ਰੇ, ਕੋਕੇ ਤੇ ਕਾਂਟੇ,
ਗੱਲਾਂ ਕਰਦਾਂ ਓਦ੍ਹੇ ਹਾਰ ਸ਼ਿੰਗਾਰ ਦਿੀਆਂ ।

ਮਾਰੂਥਲ ਦੇ ਉਤੇ ਵਰ੍ਹਨਾ ਚਾਹੁੰਦਾ ਹਾਂ,
ਖਿਜ਼ਾ 'ਚ ਵੀ ਮੈਂ ਗੱਲਾਂ ਕਰਾਂ ਬਹਾਰ ਦੀਆਂ।

ਜਿਥੇ ਖੁਸ਼ੀਆਂ, ਹਾਸੇ ਜਿਉਦੇ ਵੱਸਦੇ ਰਹਿਣ,
ਗੱਲਾਂ ਕਰਦਾਂ ਮੈਂ ਇੰਝ ਦੇ ਸੰਸਾਰ ਦੀਆਂ।

ਬੰਦਾ ਭੱਜਾ ਫਿਰਦਾ ਏ ਰੁਜਗਾਰਾਂ ਦੇ ਵਿਚ ਰੋਜ

ਬੰਦਾ ਭੱਜਾ ਫਿਰਦਾ ਏ ਰੁਜਗਾਰਾਂ ਦੇ ਵਿਚ ਰੋਜ,
ਪਿਆ ਇਜ਼ਾਫਾ ਹੁੰਦਾ ਬੇ-ਰੁਜਗਾਰਾਂ ਦੇ ਵਿਚ ਰੋਜ।

ਕੁਝ ਬਣਦੇ ਨੇ ਖ਼ਬਰ ਖੁਸੀ ਦੀ ਕਿਨੇ ਬਣਦੇ ਮਾਤਮ,
ਲੱਖਾਂ ਅੱਖ਼ਰ ਛਪਦੇ ਨੇ ਅਖ਼ਬਾਰਾਂ ਦੇ ਵਿਚ ਰੋਜ।

ਬੜ੍ਹੇ ਵਾਰੀ ਹੈ ਸੋਚਿਐ, ਉਸਦੇ ਖ਼ਤ ਪੜਾਂਗਾ ਫਿਰ,
ਚੇਤਾ ਹੀ ਭੁਲ ਜਾਂਦਾ ਏ ਕੰਮ-ਕਾਰਾਂ ਦੇ ਵਿਚ ਰੋਜ।

ਕੋਲ ਮੁਹੱਬਤ ਦੇ ਬਿਨ ਕੋਈ ਪੂਜੀ ਨਾ ਪਰ ਮੇਰੀ,
ਚਰਚਾ ਅਕਸਰ ਹੁੰਦੀ, ਸ਼ਾਹੂਕਾਰਾਂ ਦੇ ਵਿਚ ਰੋਜ ।

ਜ਼ਿੰਦਗੀ ਵਾਲੀ ਜੰਗ ਕਦੇ ਜਿਤ ਵੀ ਜਾਂਦੈ ਬੰਦਾ,
ਅਕਸਰ ਜਿਤਾਂ ਬਦਲ ਜਾਂਦੀਆਂ ਹਾਰਾਂ ਦੇ ਵਿਚ ਰੋਜ।

ਰੋਲਾ-ਰੱਪਾ, ਰੌਣਕ-ਮੇਲਾ, ਰੋਜ਼ੀ-ਰੋਟੀ ਖਾਤਰ,
ਲੱਖਾਂ ਲੋਕੀ ਫਿਰਦੇ ਰਹਿਣ ਬਾਜ਼ਾਰਾਂ ਦੇ ਵਿਚ ਰੋਜ ।

ਚਾਰੇ ਪਾਸੇ ਚਾਨਣ ਹੋਵੇ, ਹਰ ਇਕ ਮਨ ਰੁਸ਼ਨਾਵੇ,
ਸ਼ਾਲਾ ਸਭਦਾ ਦਿਨ ਲੰਘੇ ਤਿਉਹਾਰਾਂ ਦੇ ਵਿਚ ਰੋਜ ।

ਜਦ ਵੀ ਉਹ ਸੁਪਨੇ ਸਜਾਇਆ ਕਰਨਗੇ

ਜਦ ਵੀ ਉਹ ਸੁਪਨੇ ਸਜਾਇਆ ਕਰਨਗੇ,
ਪੁਲ਼ ਖਿਆਲਾਂ ਦੇ ਬਣਾਇਆ ਕਰਨਗੇ।

ਯਾਦਾਂ ਦੇ ਵਿੱਚ ਪਾਉਣਗੇ ਮੈਨੂੰ ਵੀ ਉਹ,
ਜਦ ਕਦੇ ਓਹ ਯਾਦ ਆਇਆ ਕਰਨਗੇ।

ਅੱਜ ਮੈਂ ਬੂਟਾ ਹਾਂ, ਇੱਕ ਦਿਨ ਲੋਕ ਇਹ,
ਮੇਰੀਆਂ ਛਾਵਾਂ ਹੰਢਾਇਆ ਕਰਨਗੇ ।

ਰੌਸ਼ਨੀ ਦਾ ਰਾਗ ਵੀ... ਸਮਝਣਗੇ ਲੋਕ,
ਗਿਆਨ ਦਾ ਦੀਵਾ ਜਲਾਇਆ ਕਰਨਗੇ।

ਮੈਂ ਰਹਾਂ ਜਾਂ ਨਾ ਰਹਾਂ ਗੱਲ ਹੋਰ ਹੈ,
ਯਾਰ ਮੇਰੇ ਗੀਤ ਗਾਇਆ ਕਰਨਗੇ ।

ਰੌਸ਼ਨੀ ਕੀ ਹੈ ਇੱਕ ਵਾਰ ਤੂੰ ਸਵੇਰਾ ਤਾਂ ਹੋ ਕੇ ਵੇਖ

ਰੌਸ਼ਨੀ ਕੀ ਹੈ ਇੱਕ ਵਾਰ ਤੂੰ ਸਵੇਰਾ ਤਾਂ ਹੋ ਕੇ ਵੇਖ,
ਜੇ ਮੈਨੂੰ ਸਮਝਣਾ ਚਾਹਨੈ, ਕਦੇ ਮੇਰਾ ਤਾਂ ਹੋ ਕੇ ਵੇਖ।

ਮੈਂ ਆਪਣੇ ਚਾਵਾਂ ਦੇ ਹਮੇਸ਼ਾਂ ਹੀ ਚਿਰਾਗ ਬਾਲੀ ਰੱਖਾਂ,
ਮੇਰੇ ਦਿਲ ਦੇ ਘਰ ਦਾ ਕਿਤੇ ਤੂੰ ਬਨੇਰਾ ਤਾਂ ਹੋ ਕੇ ਵੇਖ।

ਜੇ ਹੈ ਕੋਈ ਡਰ ਹਨੇਰੇ ਦਾ ਮਿਟਾ ਲੈ ਡਰ ਤੂੰ ਅੰਦਰ ਦਾ,
ਬੇ-ਘਰੇ ਲੋਕਾਂ ਲਈ ਤੂੰ ਕਿਧਰੇ, ਬਸੇਰਾ ਤਾਂ ਹੋ ਕੇ ਵੇਖ।

ਮੇਰੀ-ਮੇਰੀ ਰਹੇਂ ਕਹਿੰਦਾ ਤੇ ਕੀ ਮੈਂ-ਮੈਂ ਦੀ ਰਟ ਲਾਈ,
ਕਦੇ ਤੂੰ-ਹੀ-ਤੂੰ ਆਖੀਂ ਮੇਰੇ ਤੋਂ ਤੇਰਾ ਤਾਂ ਹੋ ਕੇ ਵੇਖ।

ਨੇ ਲੱਖਾਂ ਲੋਕੀ ਜੱਗ ਉੱਤੇ, ਪੈਗੰਬਰ ਭਾਲਦੇ ਫਿਰਦੇ,
ਭਟਕਦੇ ਲੋਕਾਂ ਲਈ ਤੂੰ ਖਾਸ ਇਕ ਚ੍ਹੇਰਾ ਤਾਂ ਹੋ ਕੇ ਵੇਖ।

ਚੁੱਪ ਨੂੰ ਵੰਙਾਂ ਦੀ ਖਨਕਾਰ ਨਾਲ

ਚੁੱਪ ਨੂੰ ਵੰਙਾਂ ਦੀ ਖਨਕਾਰ ਨਾਲ,
ਤੋੜ ਛੱਡ ਛਨਨ-ਛਣ ਛਣਕਾਰ ਨਾਲ।

ਰੁਸਿਆ ਕਰ ਤੂੰ ਭਾਂਵੇਂ ਹਜਾਰ ਵਾਰ,
ਮੰਨ ਵੀ ਜਾਇਆ ਕਰ ਪਿਆਰ ਨਾਲ।

ਮੁੱਖ ਨਿਖਰ ਜਾਵੇ ਵਖਰੀ ਗੱਲ ਹੈ,
ਮਨ ਨਿਖਰੇ ਨਾ ਕਦੇ ਸਿੰਗਾਰ ਨਾਲ।

ਤੇਰੀ ਆਮਦ 'ਤੇ ਮਹਿਕਦੇ ਗੁਲਸ਼ਨ,
ਫੁੱਲ ਖਿੜਦੇ ਨ 'ਕੱਲੀ ਬਹਾਰ ਨਾਲ।

ਤੇਰੀ ਨਜ਼ਰ ਸਵੱਲੀ ਬਾਜ ਸਾਨੂੰ,
ਕੋਈ ਵਾਸਤਾ ਨਾ ਸੰਸਾਰ ਨਾਲ।

ਸਾਰੇ ਫੁੱਲਾਂ 'ਚ ਤੇਰੀ ਖੁਸ਼ਬੂ ਹੈ,
ਸਭ ਰੱਜੇ ਨੇ ਤੇਰੇ ਖੁਬਾਰ ਨਾਲ।

ਕਿਧਰੇ ਖੁਸ਼ੀ ਵਿਚ ਨਾ ਮਰ ਜਾਈਏ,
ਮਿਲਿਆ ਕਰ ਨਾ ਏਨੇ ਪਿਆਰ ਨਾਲ।

ਅੱਜ ਹੋਈ ਬਰਸਾਤ 'ਚ ਕੋਠਾ ਚੋਇਆ ਹੈ

ਅੱਜ ਹੋਈ ਬਰਸਾਤ 'ਚ ਕੋਠਾ ਚੋਇਆ ਹੈ,
ਕਰਮੂ ਬੇ-ਬਸ, ਟੱਬਰ ਸਾਰਾ ਰੋਇਆ ਹੈ ।

ਜਦ ਦੀ ਸੰਤੀ ਦੀ ਲੜਕੀ ਹੈ ਉਧਲ ਗਈ,
ਤਦ ਦਾ ਉਸ ਨੇ ਘਰ ਦਾ ਬੂਹਾ ਢੋਇਆ ਹੈ।

ਮੋਢਿਆਂ ਉੱਤੇ ਲਾਸ਼ਾਂ ਚੁੱਕੀ ਫਿਰਦੇ ਲੋਕ,
ਤਨ ਜਿਉਂਦਾ ਹੈ ਤਨ ਅੰਦਰ ਮਨ ਮੋਇਆ ਹੈ।

ਜਿਨੂੰ ਪੁੱਛੀਏ ਰਾਹ ਤਾਂ ਸਾਰੇ ਦਸ ਦਿੰਦੇ,
ਐਪਰ ਇਹ ਨਾ ਦੱਸਣ ਰਾਹ ਵਿੱਚ ਟੋਇਆ ਹੈ।

ਸਫ਼ਰ ਲਮੇਰਾ ਮੰਜ਼ਿਲ ਵੀ ਕੋਈ ਦਿਸਦੀ ਨਾ,
ਅਜ-ਕਲ ਬੰਦਾ ਕੋਹਲੂ ਅੱਗੇ ਜੋਇਆ ਹੈ।

ਮੇਰੀ ਰੂਹ ਤੋਂ ਦਾਗ ਗੁਨਾਂਹ ਦਾ ਲੱਥਾ ਨਾ,
ਮੈਂ ਤਾਂ ਬੜਾ ਹੀ ਮਲ-ਮਲ ਇਸਨੂੰ ਧੋਇਆ ਹੈ।

ਚੱਲ ਆ ਧੁੱਪਾਂ 'ਚ ਠਰਕੇ ਵੇਖੀਏ

ਚੱਲ ਆ ਧੁੱਪਾਂ 'ਚ ਠਰਕੇ ਵੇਖੀਏ,
ਅੱਜ ਕੁਝ ਵੱਖਾਰਾ ਹੀ ਕਰਕੇ ਵੇਖੀਏ।

ਅੱਗ ਦਾ ਦਰਿਆ ਮੁਹੱਬਤ ਜੇ ਬਣੀ,
ਚੱਲ ਇਹ ਦਰਿਆ ਵੀ ਤਰਕੇ ਵੇਖੀਏ।

ਮੌਤ ਹੀ ਜੇ ਜ਼ਿੰਦਗੀ ਦਾ ਸੱਚ ਹੈ,
ਇਸ਼ਕ ਫਿਰ ਕਿਉਂ ਨਾ ਕਰਕੇ ਵੇਖੀਏ।

ਆਪਣਾ ਵੀ ਹੌਂਸਲਾ ਕੁਝ ਪਰਖੀਏ,
ਸਿਤਮ ਉਸਦੇ ਵੀ ਤਾਂ ਜਰਕੇ ਵੇਖੀਏ।

ਬੁਝਾਉਣੀ ਤਪਸ਼ ਜੇ ਧਰਤੀ ਦੀ ਹੈ ਤਾਂ,
ਬਣਕੇ ਬੱਦਲ ਚੱਲ ਵਰ੍ਹਕੇ ਵੇਖੀਏ।

ਜਜਬਿਆਂ ਤਹਿਰੀਰਾਂ ਦੇ ਜਮਾਲ ਦੀ ਗੱਲ

ਜਜਬਿਆਂ ਤਹਿਰੀਰਾਂ ਦੇ ਜਮਾਲ ਦੀ ਗੱਲ,
ਕਿਤੇ ਝਟਕੇ, ਜਿਬਾਹ ਤੇ ਹਲਾਲ ਦੀ ਗੱਲ।

ਖੁਦਕੁਸ਼ੀਆਂ ਦੇ ਦੌਰ ਵਿੱਚ ਜੀ ਰਹੇ ਹਾਂ,
ਇਸ ਤੋਂ ਵਧ ਨ ਹੋਵੇਗੀ ਕਮਾਲ ਦੀ ਗੱਲ ।

ਸਾਡੇ ਭਾਸ਼ਨ, ਮਨ ਦੀ ਬਾਤ ਹੀ ਨ ਮੁੱਕੀ,
ਹੋਣੀ ਕੀ ਸੀ ਕਿਸਾਨਾਂ ਦੇ ਹਾਲ ਦੀ ਗੱਲ।

ਕਈਂ ਟੁਰ ਗਏ ਜਹਾਨੋ ਵਿਲਕਦੇ ਰੋਂਦੇ,
ਪੁਰਾਣੀ ਨਹੀਂ ਇਹ ਪਿਛਲੇ ਸਾਲ ਦੀ ਗੱਲ।

ਜਿਥੇ ਸਾਹ ਨ ਆਵੇ ਉਥੇ ਖੜੇ ਨੇ ਲੋਕ,
ਏਹ ਵੀ ਤਾਂ ਹੈ ਵੱਡੀ ਮਿਸਾਲ ਦੀ ਗੱਲ ।

ਅਸੀਂ ਤਾਂ ਸੁਪਨਿਆਂ ਵਿੱਚ ਵੀ ਕਤਲ ਹੋਏ,
ਕੌਣ ਕਰੂ ਸਾਡੇ ਚਾਅ-ਮਲਾਲ ਦੀ ਗੱਲ ।

ਓਦਾਂ ਨਦੀਆਂ ਤਰ ਜਾਨਾ ਏਂ

ਓਦਾਂ ਨਦੀਆਂ ਤਰ ਜਾਨਾ ਏਂ,
ਸਾਡੀ ਵਾਰੀ ਮਰ ਜਾਨਾ ਏਂ।

ਏਧਰ ਓਧਰ ਭੱਜਾ ਫਿਰਨੈ,
ਖੌਰੇ ਕਿਸਦੇ ਦਰ ਜਾਨਾ ਏਂ।

ਛਡਕੇ ਸੋਕੇ ਮਾਰੇ ਰੱਕੜ,
ਦਰਿਆਵਾਂ 'ਤੇ ਵਰ ਜਾਨਾ ਏਂ।

ਮਾਣ ਕੇ ਹਾਸੇ ਗੈਰਾਂ ਦੇ ਤੂੰ,
ਸਾਡੇ ਦੀਦੇ ਭਰ ਜਾਨਾ ਏਂ।

ਤੇਰੇ ਬਾਝੋ ਮਰ ਜਾਨੇ ਆਂ,
ਤੂੰ ਕਿੰਝ ਦੂਰੀ ਜਰ ਜਾਨਾ ਏਂ।

ਜ਼ਿੰਦਗੀ ਸਿਖਰ ਦੁਪਿਹਰ ਸੀ, ਥੋੜੇ ਚਿਰਾਂ ਦੀ ਗੱਲ ਹੈ

ਜ਼ਿੰਦਗੀ ਸਿਖਰ ਦੁਪਿਹਰ ਸੀ, ਥੋੜੇ ਚਿਰਾਂ ਦੀ ਗੱਲ ਹੈ,
ਕਿੰਨਾ ਸੁਨੱਖਾ ਪਹਿਰ ਸੀ, ਥੋੜੇ ਚਿਰਾਂ ਦੀ ਗੱਲ ਹੈ ।

ਜਦ ਅੰਬਰਾਂ 'ਚ ਘੁਲ ਗਿਆ ਤੇਰਾ ਰੰਗ ਸ਼ਰਬਤੀ ਜਿਹਾ,
ਮੌਸਮ ਦੀ ਕੈਸੀ ਲਹਿਰ ਸੀ, ਥੋੜੇ ਚਿਰਾਂ ਦੀ ਗੱਲ ਹੈ।

ਜਿਸਦੇ ਪਾਣੀ 'ਚ ਨਰਗਸੀ ਲਹਿਰਾਂ ਦੀ ਆਮਦ ਸੀ ਕਦੇ,
ਮਿਰੇ ਸੁਪਨਿਆਂ ਦੀ ਨਹਿਰ ਸੀ ਥੋੜੇ ਚਿਰਾਂ ਦੀ ਗੱਲ ਹੈ।

ਇਸ ਪਿਆਸ ਦਾ ਅਹਿਸਾਸ ਲੋਕਾਂ ਨੂੰ ਹੁੰਦਾ ਕਿਸ ਤਰ੍ਹਾਂ,
ਪਿਆਸਾ ਤੇਰਾ ਸ਼ਹਿਰ ਸੀ, ਥੋੜੇ ਚਿਰਾਂ ਦੀ ਗੱਲ ਹੈ।

ਸਭ ਲੁਟਿਆ, ਦਿਲ ਤੋੜਿਆ ਤੇ ਤੜਫਦਾ ਹੀ ਛੱਡ ਗਿਆ,
ਉਸ ਨੇ ਕੀ ਕੀਤਾ ਕਹਿਰ ਸੀ, ਥੋੜੇ ਚਿਰਾਂ ਦੀ ਗੱਲ ਹੈ।

ਜਿਸਨੇ ਹੁਣੇ ਹੀ ਲੜਦਿਆਂ ਮੈਨੂੰ ਬੜਾ ਹੀ ਕੋਸਿਆ,
ਓਦ੍ਹੇ ਮਨ ਦੀ ਹੀ ਤਾਂ ਗਹਿਰ ਸੀ, ਥੋੜੇ ਚਿਰਾਂ ਦੀ ਗੱਲ ਹੈ।

ਜੋ ਝਾਂਜਰਾਂ ਤੋਂ ਹੋ ਜੁਦਾ ਵਸ ਬੇੜੀਆਂ ਦੇ ਜਾ ਪਏ,
ਬੜੇ ਮਖਮਲੀ ਓ ਪੈਰ ਸੀ, ਥੋੜੇ ਚਿਰਾਂ ਦੀ ਗੱਲ ਹੈ।

ਅੰਤਾਂ ਨੂੰ ਮੈਂ ਡੀਕ ਲਾ, ਸਾਰੇ ਦਾ ਸਾਰਾ ਪੀ ਲਿਆ,
ਸਮਿਆਂ ਦਾ ਹੀ ਤਾਂ ਜ਼ਹਿਰ ਸੀ, ਥੋੜੇ ਚਿਰਾਂ ਦੀ ਗੱਲ ਹੈ।

ਖੁੱਲੀਆਂ ਨੇ ਉਸਦੇ ਘਰ ਦੀਆਂ ਬਾਰੀਆਂ

ਖੁੱਲੀਆਂ ਨੇ ਉਸਦੇ ਘਰ ਦੀਆਂ ਬਾਰੀਆਂ,
ਫੇਰ ਅਜ ਸ਼ਾਮਾਂ ਨੇ ਕਿੰਨੀਆਂ ਪਿਆਰੀਆਂ।

ਖੋਲ੍ਹ ਕੇ ਰੱਖੇ ਜੋ ਨਿੱਤ ਹੀ ਖਿੱੜਕੀਆਂ,
ਸਾਡੀਆਂ ਮੱਤਾਂ ਓਸੇ ਨੇ ਮਾਰੀਆਂ ।

ਸਿਖਰ ਦੁਪਿਹਰੇ ਸ਼ਾਮਾਂ ਦਾ ਅਹਿਸਾਸ ਹੋਇਆ
ਸ਼ਾਇਦ ਓਸਨੇ ਜੁਲ਼ਫ਼ਾਂ ਹੈਨ ਖਿਲਾਰੀਆਂ।

ਕੁਝ ਤਾਂ ਉਸਦੇ ਨੈਣਾ ਦਾ ਵੀ ਦੋਸ਼ ਹੈ,
ਜਿਨਾ ਸਾਨੂੰ ਨਿੱਤ ਹੀ 'ਵਾਜਾਂ ਮਾਰੀਆਂ।

ਪਿਆਰ ਦੀ ਦੌਲਤ ਮਿਲੀ ਸੀ ਓਸ ਨੂੰ,
ਐਵੇਂ ਨਈਂ ਸੀ ਰਾਂਝੇ ਮੱਝਾਂ ਚਾਰੀਆਂ ।

ਜਿੱਥੇ-ਜਿੱਥੇ ਕੰਮ ਆਉਦੀ ਸਾਦਗੀ,
ਓਥੇ ਕਿੱਥੇ ਚਲਦੀਆਂ ਹੁਸ਼ਿਆਰੀਆਂ।

ਇਹ ਕੀ ਕਾਰਾ ਕਰ ਗਏ ਸੱਜਣ

ਇਹ ਕੀ ਕਾਰਾ ਕਰ ਗਏ ਸੱਜਣ,
ਸੱਤ ਸਮੁੰਦਰ ਤਰ ਗਏ ਸੱਜਣ।

ਛੱਡ ਕੇ ਦਿਲ ਦੀ ਬੰਜਰ ਧਰਤੀ,
ਦਰਿਆਵਾਂ 'ਤੇ ਵਰ ਗਏ ਸੱਜਣ ।

ਕਰੇ ਕਰਾਰ ਨਾ ਕੀਤੇ ਪੂਰੇ,
ਕੌਲਾਂ ਤੋਂ ਵੀ ਹਰ ਗਏ ਸੱਜਣ ।

ਅਰਮਾਨਾ ਦੀ ਬਾਲ ਕੇ ਅਰਥੀ,
ਦਿਲ ਦੇ ਵਿਹੜੇ ਧਰ ਗਏ ਸੱਜਣ।

ਰੀਝਾਂ, ਸੁਫਨੇ, ਆਸ, ਮੁਹੱਬਤਾਂ,
ਕਤਲ ਉਮੀਦਾਂ ਕਰ ਗਏ ਸੱਜਣ।

ਗੈਰਾ ਨਾਲ ਜੋ ਕਰਨ ਵਸੇਬਾ,
ਸੀਨੇ ਪੱਥਰ ਧਰ ਗਏ ਸੱਜਣ ।

ਜ਼ਿੰਦਗੀ ਯਾਰ ਗਵਾਈ ਏ

ਜ਼ਿੰਦਗੀ ਯਾਰ ਗਵਾਈ ਏ,
ਤਾਂ ਵੀ ਵਾਟ ਨਾ ਪਾਈ ਏ।

ਚਿੱਟੀ ਕਾਲੀ ਕਰ ਕਰ ਕੇ,
ਆਪਣੀ ਅਵੁਦ ਲੁਕਾਈ ਏ।

ਝੂਠ ਫਰੇਬ ਜਮਾਨੇ ਵਿੱਚ,
ਸੱਚ ਦੀ ਕੀ ਸੁਣਵਾਈ ਏ।

ਬੋਲ ਕੇ ਸੱਚੇ ਬੋਲ ਤੂੰ ਕੀ,
ਜਾਨ ਦੁੱਖਾਂ ਵਿਚ ਪਾਈ ਏ।

ਉਸਦਾ ਸਾਥ ਵੀ ਛੁੱਟ ਗਿਆ,
ਪੇਸ਼ ਪਈ ਤਨਹਾਈ ਏ ।

ਚਾਰੇ ਪਾਸੇ ਮੂੰਹ ਅਡ ਕੇ,
ਕਿੰਝ ਪਈ ਮਹਿੰਗਾਈ ਏ।

ਬਾਲ-ਅੰਙਾਣੇ ਵਰਜਣ ਨਾ,
ਕੀ ਸਾਡੀ ਦਸ ਕਮਾਈ ਏ ।

ਤੰਗੀਆਂ, ਘਾਟਾਂ, ਥੋੜਾ 'ਚ,
ਸਾਰੀ ਉਮਰ ਲੰਘਾਈ ਏ ।

ਤੂੰ ਕੀ ਜਾਣੇ ਤੇਰੇ ਬਿੰਨ,
ਕਿੰਨੀ ਪੀੜ ਹੰਢਾਈ ਏ ।

ਹੱਥ ਮਹਿੰਦੀ ਨਾਲ ਭਰੇ ਹੋਏ ਸੀ

ਹੱਥ ਮਹਿੰਦੀ ਨਾਲ ਭਰੇ ਹੋਏ ਸੀ,
ਓਹਨੇ ਮੁੱਖ ਉਤੇ ਧਰੇ ਹੋਏ ਸੀ।

ਉਹਨੇ ਖ਼ਾਬ ਤਾਂ ਸਜਾਏ ਹੋਏ ਸੀ,
ਤੇ ਨਸੀਬ ਓਹਦੇ ਮਰੇ ਹੋਏ ਸੀ ।

ਲਾਲੀ ਅੱਖੀਆਂ ਦੀ ਹੀ ਦੱਸਦੀ,
ਦੁੱਖ ਉਸ ਕਿੰਨੇ ਜਰੇ ਹਏ ਸੀ ।

ਉਸਦੇ ਦਿਲ ਦੀ ਧਰਤੀ ਉੱਤੇ,
ਮੀਂਹ ਦੁੱਖਾਂ ਦੇ ਵਰ੍ਹੇ ਹੋਏ ਸੀ।

ਤੰਗੀਆਂ ਦੇ ਵਿੱਚ ਝੁਲਸ ਗਏ ਸਭ,
ਪਿਆਰ ਦੇ ਪੱਤੇ ਜੋ ਹਰੇ ਹੋਏ ਸੀ।

ਯਾਰਾਂ ਵਿੱਚ ਰਹੇ ਰੋਜ਼ੀ ਹੱਸਦਾ,
ਉਝ ਚਾਅ ਉਹਦੇ ਮਰੇ ਹੋਏ ਸੀ।

ਮਨ ਦੀ ਪੀੜ ਨਾ ਲੁਕਦੀ ਅੜਿਆ

ਮਨ ਦੀ ਪੀੜ ਨਾ ਲੁਕਦੀ ਅੜਿਆ,
ਰਗ-ਰਗ ਪਈ ਏ ਦੁੱਖਦੀ ਅੜਿਆ।

ਰੂਹ ਦੀ ਪਿਆਸ ਵਿਆਕੁਲ ਹੋਈ,
ਅੱਗ ਅੰਦਰ ਦੀ ਧੁੱਖਦੀ ਅੜਿਆ ।

ਹਿਜਰ ਤੇਰੇ ਨੇ ਹੈ ਮਾਰਿਆ ਮੈਨੂੰ,
ਜਾਨ ਜਾਂਦੀ ਏ ਮੁੱਕਦੀ ਅੜਿਆ ।

ਜੀ ਮੇਰਾ ਜੰਜਾਲ 'ਚ ਫਸਿਆ,
ਧੜਕਨ ਦਿਲ ਦੀ ਰੁਕਦੀ ਅੜਿਆ।

ਕਿਉਂ ਇੱਕ ਖੁਸ਼ੀ ਦੀ ਚਿੱਪਰ ਕੋਈ,
ਮੇਰੇ ਦਰ ਨਾ ਢੁੱਕਦੀ ਅੜਿਆ ।

ਹੈ ਮੇਰੇ ਮਨ ਦੀ ਝੀਲ ਅਵੱਲੀ,
ਨਾ ਭਰਦੀ ਨਾ ਸੁੱਕਦੀ ਅੜਿਆ।

ਜੀਣਾ ਕਿਤਨਾ ਮੁਹਾਲ ਹੁੰਦਾ ਏ

ਜੀਣਾ ਕਿਤਨਾ ਮੁਹਾਲ ਹੁੰਦਾ ਏ,
ਜਦ ਵੀ ਤੇਰਾ ਖਿਆਲ ਹੁੰਦਾ ਏ।

ਉਸਨੂੰ ਤੱਕਕੇ ਨਾ ਰੱਜਦੀਆਂ ਅੱਖਾਂ,
ਮਨ ਵੀ ਕਿੱਥੇ ਨਿਹਾਲ ਹੁੰਦਾ ਏ ।

ਕਿੰਨੀ ਵਾਰੀ ਹੈ ਵਰਜਿਆ ਇਸਨੂੰ,
ਦਿਲ ਨਾ ਭੋਰਾ ਸੰਭਾਲ ਹੁੰਦਾ ਏ।

ਜਦ ਵੀ ਦੇਖਾਂ ਮੈਂ ਰੁਲਦੇ ਬਚਪਨ ਨੂੰ,
ਹਾਲ ਦਿਲ ਦਾ ਬੇਹਾਲ ਹੁੰਦਾ ਏ।

ਮੈਂ ਕਦੋਂ ਇਕੱਲਾ ਹੁੰਦਾ ਹਾਂ ਯਾਰੋ,
ਉਸਦਾ ਗਮ ਮੇਰੇ ਨਾਲ ਹੁੰਦਾ ਏ।

ਪੱਥਰਾਂ 'ਚ ਵੀ ਰਿਜ਼ਕ ਕਰੇ ਪੈਦਾ,
ਕੁਦਰਤ ਦਾ ਹੀ ਤੇ ਕਮਾਲ ਹੁੰਦਾ ਏ।

ਯਾਰੋ ਕਿੱਦਾਂ ਮਨ ਪਰਚਾਈਏ, ਹੋਲੀ 'ਤੇ

ਯਾਰੋ ਕਿੱਦਾਂ ਮਨ ਪਰਚਾਈਏ, ਹੋਲੀ 'ਤੇ,
ਦੱਸੋ ਕਿਸਨੂੰ ਰੰਗ ਲਗਾਈਏ, ਹੋਲੀ 'ਤੇ।

ਗੁੱਸੇ ਦੇ ਨਾਲ ਸਾਰੇ ਲਾਲੋ-ਲਾਲ ਹੋਏ,
ਕਿਹੜੇ ਮੂੰਹ ਗੁਲਾਲ ਛੁਹਾਈਏ, ਹੋਲੀ 'ਤੇ।

ਧਰਤ ਹੇਠਲਾ ਪਾਣੀ ਜ਼ਹਿਰੀ ਹੋਇਆ ਏ,
ਪਾਣੀ ਵਿਚ ਨਾ ਜ਼ਹਿਰ ਮਿਲਾਈਏ, ਹੋਲੀ 'ਤੇ।

ਦੁਨੀਆਂ ਅੰਦਰ ਹੁਣ ਨਾ ਵੈਰ-ਵਿਰੋਧ ਦਿਸੇ,
ਸਾਰੇ ਰਲ ਕੇ ਕਸਮਾਂ ਖਾਈਏ, ਹੋਲੀ 'ਤੇ।

ਮਾਂਵਾਂ ਵਾਗੂੰ ਛਾਵਾਂ ਸਿਰ 'ਤੇ ਰਹਿਣ ਸਦਾ,
ਆਓ ਇਕ-ਇਕ ਰੁੱਖ ਲਗਾਈਏ, ਹੋਲੀ 'ਤੇ।

ਸਾਰੇ ਰੰਗ ਹੀ ਮੁੱਠੀ ਦੇ ਵਿੱਚ ਆ ਜਾਵਨ,
ਯਾਰਾਂ ਨੂੰ ਗਲਵੱਕੜੀ ਪਾਈਏ, ਹੋਲੀ ਤੇ।

ਤੇਰੇ ਬਿਨਾਂ ਗੁਜਾਰਾ ਕੀਤਾ ਵਰਿਆਂ ਤੋਂ

ਤੇਰੇ ਬਿਨਾਂ ਗੁਜਾਰਾ ਕੀਤਾ ਵਰਿਆਂ ਤੋਂ,
ਮਰਨਾ ਅਸੀਂ ਗਵਾਰਾ ਕੀਤਾ ਵਰਿਆਂ ਤੋਂ।

ਦੁਨੀਆਂਦਾਰੀ ਰਿਸਤੇ ਨਾਤੇ ਵਿਸਰ ਗਏ,
ਜੀਵਨ ਆਪ ਨਕਾਰਾ ਕੀਤਾ ਵਰਿਆਂ ਤੋਂ।

ਹੋਸ਼ ਰਹੀ ਨਾ, ਸੱਜਣ-ਸਵਰਨ-ਫੱਬਣ ਦੀ,
ਗ਼ਮਾਂ ਦਾ ਬਸ ਸਹਾਰਾ ਕੀਤਾ ਵਰਿਆਂ ਤੋਂ।

ਉਸਦੀ ਸੁੰਦਰ ਸੂਰਤ ਜਦ ਦੀ ਤੱਕੀ ਏ,
ਹੋਰ ਨ ਫੇਰ ਨਜਾਰਾ ਕੀਤਾ ਵਰਿਆਂ ਤੋਂ।

ਤੇਰੇ ਸੁਪਨਿਆਂ ਵਿੱਚ ਹਮੇਸ਼ਾਂ ਵੱਸਣ ਲਈ,
ਮਨ ਨੂੰ ਤਖ਼ਤ ਹਜਾਰਾ ਕੀਤਾ ਵਰਿਆਂ ਤੋਂ।

ਦਿਲ ਨੂੰ ਰੋਗ ਲਵਾ ਬੈਠੇ ਆਂ

ਦਿਲ ਨੂੰ ਰੋਗ ਲਵਾ ਬੈਠੇ ਆਂ,
ਫਿਰ ਇਕ ਧੋਖਾ ਖਾ ਬੈਠੇ ਆਂ।

ਫੁੱਲਾਂ ਦੀ ਚਾਹਤ ਵਿਚ ਅਪਨੇ,
ਮਨ ਤੇ ਜ਼ਖ਼ਮ ਲਵਾ ਬੈਠੇ ਆਂ ।

ਉਸਦਾ ਤੇ ਵੱਖਰਾ ਰਸਤਾ ਸੀ,
ਕਿਹੜੇ ਰਸਤੇ ਜਾ ਬੈਠੇ ਆਂ ।

ਉਸ ਦਿਨ ਦੀ ਬਰਸਾਤ ਰੁਕੇ ਨਾ,
ਫਸਲ ਗਮਾਂ ਦੀ ਲਾ ਬੈਠੇ ਆਂ।

ਉਹ ਵੀ ਤੇ ਰੋਇਆ ਹੋਵੇਗਾ,
ਜਿਸ ਲਈ ਹੰਝ ਵਹਾ ਬੈਠੇ ਆਂ।

ਹੁਣ ਕਿੱਥੇ ਪਛਤਾਵਾ ਅੜਿਆ,
ਤੇਰੇ ਨਾਲ ਲਗਾ ਬੈਠੇ ਆਂ।

ਜਾਂ ਤੇ ਗੱਲ ਨਾ ਕਰਿਆ ਕਰ

ਜਾਂ ਤੇ ਗੱਲ ਨਾ ਕਰਿਆ ਕਰ,
ਜਾਂ ਫੇਰ ਖੁਦ ਵੀ ਜਰਿਆ ਕਰ।

ਹਾਉਂ ਦੀ ਪੰਡ ਉਤਾਰ ਜ਼ਰਾ,
ਉਸਦੇ ਖੌਫ ਤੋਂ ਡਰਿਆ ਕਰ ।

ਨਦੀਆਂ 'ਤੇ ਹੀ ਵਰ੍ਹਦਾ ਏਂ,
ਥਲ ਉਤੇ ਵੀ ਵਰ੍ਹਿਆ ਕਰ ।

ਨੀਵਾਂ ਹੋ ਜਾ ਫਿਰ ਭਾਂਵੇਂ,
ਡੂੰਘੇ ਪੱਤਣ ਤਰਿਆ ਕਰ ।

ਆਪਣਾ ਘਰ ਹੀ ਭਰਦਾ ਏਂ,
'ਮਾਤੜ ਦਾ ਵੀ ਭਰਿਆ ਕਰ।

ਇੱਕ ਦਿਨ ਸਭ ਨੇ ਮੁੱਕ ਜਾਣਾ,
ਗੱਲ-ਗੱਲ ਤੇ ਨ ਮਰਿਆ ਕਰ।

ਤੇਰਾ ਕੁਫਰ ਵੀ ਜਰਦੇ ਹਾਂ,
ਤੂੰ ਵੀ ਸੱਚ ਨੂੰ ਜਰਿਆ ਕਰ ।

ਕਿਨਾ ਦਰਦ ਹੰਢਾਇਆ ਹੈ

ਕਿਨਾ ਦਰਦ ਹੰਢਾਇਆ ਹੈ,
ਤਾਂ ਕਿਤੇ ਤੈਨੂੰ ਪਾਇਆ ਹੈ।

ਲੋਕੀ ਯਾਰ ਬਣਾਉਦੇ ਨੇ,
ਮੈਂ ਤਾਂ ਯਾਰ ਕਮਾਇਆ ਹੈ ।

ਯਾਦਾਂ ਵਿਚ ਮਹਿਫੂਜ ਹੈ ਜੋ,
ਉਸ ਦਾ ਹੀ ਸਰਮਾਇਆ ਹੈ।

ਮੈਂ ਓਸ ਦਾ ਪਰਛਾਵਾਂ ਹਾਂ,
ਉਹ ਮੇਰਾ ਹਮਸਾਇਆ ਹੈ।

ਕਾਹਦਾ ਮਾਣ ਜਮਾਨੇ ਦਾ,
ਸਾਰਾ ਜਗਤ ਪਰਾਇਆ ਹੈ।

ਰਬ ਰੁੱਸਦੈ ਤਾਂ ਰੁਸ ਜਾਵੇ,
ਮੈਂ ਤਾਂ ਯਾਰ ਮਨਾਇਆ ਹੈ।

ਮੇਰੇ ਖਾਬਾਂ ਅੰਦਰ ਕੌਣ,
ਖਿੜ-ਖਿੜਕੇ ਮੁਸਕਾਇਆ ਹੈ।

ਝੱਲਦੇ ਕਿੰਝ ਮੌਸਮਾਂ ਦੀ ਮਾਰ ਨੂੰ

ਝੱਲਦੇ ਕਿੰਝ ਮੌਸਮਾਂ ਦੀ ਮਾਰ ਨੂੰ,
ਵੇਖ ਪੁੱਛ ਕੇ ਪੰਛੀਆਂ ਦੀ ਡਾਰ ਨੂੰ।

ਰਾਹ 'ਚ ਭਾਵੇਂ ਲੱਖਾਂ ਹੀ ਦੁਸ਼ਵਾਰੀਆਂ,
ਪਾ ਹੀ ਲੈਂਦੇ ਮੰਜਿਲਾਂ ਦੀ ਸਾਰ ਨੂੰ।

ਯੋਧਿਆਂ ਦਾ ਕੰਮ ਬੱਸ ਨਹੀਂ ਜਿੱਤਣਾ,
ਹੁੰਦਾ ਹੈ ਸਵੀਕਾਰਨਾ ਵੀ ਹਾਰ ਨੂੰ।

ਤੰਗੀਆਂ ਤੇ ਤੁਰਸ਼ੀਆਂ ਦੇ ਹੀ ਡਰੋਂ,
ਬੁੱਝਦਿਲੀ ਹੈ ਛੱਡਣਾ ਸੰਸਾਰ ਨੂੰ ।

ਉਹ ਕੀ ਜਾਣੇ ਦੋਸਤੀ ਦੇ ਦਰਦ ਨੂੰ,
ਜੋ ਨਾ ਜਾਣੇ ਸੱਚੇ-ਸੱਚੇ ਪਿਆਰ ਨੂੰ ।

ਸਾਡਾ ਵੀ ਜੇਰਾ ਹੈ ਕਿੰਝ ਸਹਿੰਦੇ ਪਏ,
ਨਿੱਤ ਤੇਰੇ ਨੱਸ਼ਤਰਾਂ ਦੇ ਵਾਰ ਨੂੰ ।

ਟੁਰ ਪਿਆ ਹਾਂ ਜਦੋਂ ਕਿਸੇ ਨੇ ਸੱਦਿਐ,
ਵੇਖਿਆ ਨਾ ਮੈਂ ਕਦੇ ਕੰਮ-ਕਾਰ ਨੂੰ ।

ਕੌਣ ਮੇਰੇ ਸੁਪਨਿਆਂ ਵਿੱਚ ਰੋ ਰਿਹੈ

ਕੌਣ ਮੇਰੇ ਸੁਪਨਿਆਂ ਵਿੱਚ ਰੋ ਰਿਹੈ,
ਹੰਝੂਆਂ ਦੇ ਨਾਲ ਚਿਹਰਾ ਧੋ ਰਿਹੈ।

ਵੈਣ ਡਾਹਢੇ, ਹੋਰ ਡੂੰਘੇ ਹੋ ਗਏ,
ਕੌਣ ਇੰਝ ਰੋ-ਰੋ ਕੇ ਆਪਾ ਖੋ ਰਿਹੈ।

ਇਸ ਤਰ੍ਹਾਂ ਦੀ ਆਸ ਤਾਂ ਰੱਖੀ ਨਾ ਸੀ,
ਜਿਸ ਤਰਾਂ ਦਾ ਜ਼ਿੰਦਗੀ ਵਿੱਚ ਹੋ ਰਿਹੈ।

ਇਸ਼ਕ ਦੇ ਰਸਤੇ ਤਾਂ ਨੇ ਕੋਮਲ ਬੜੇ,
ਕੌਣ ਸੂਲਾਂ ਤਿੱਖੀਆਂ ਇਹ ਬੋ ਰਿਹੈ।

ਸ਼ਹਿਰ ਦੇ ਹਰ ਮੋੜ 'ਤੇ ਵਿਰਲਾਪ ਹੈ,
ਸ਼ਹਿਰ ਦਾ ਮਾਲਕ ਬੇਫਿਕਰਾ ਹੋ ਰਿਹੈ।

ਤੇਰਾ ਹਰ ਬੋਲ ਮੈਨੂੰ ਪਰਵਾਨ ਹੁੰਦਾ ਏ

ਤੇਰਾ ਹਰ ਬੋਲ ਮੈਨੂੰ ਪਰਵਾਨ ਹੁੰਦਾ ਏ,
ਤੇਰਾ ਹਰ ਸ਼ਬਦ ਮੇਰੀ ਤਾਂ ਜਾਨ ਹੁੰਦਾ ਏ ।

ਕੋਈ ਬੋਲੇ ਤੇ ਸਾਹ ਰੋਕ ਕੇ ਸੁਣੇ ਹਵਾ,
ਇਸਤੋਂ ਵੱਡਾ ਹੋਰ ਕੀ ਸਨਮਾਨ ਹੁੰਦਾ ਏ।

ਓਸਦੀ ਕਿੰਨੀ ਹੀ ਚਿੰਤਾ ਹੈ ਚੰਦਰੇ ਨੂੰ,
ਇਹ ਦਿਲ ਵੀ ਬੜਾ ਬੇ-ਈਮਾਨ ਹੁੰਦਾ ਏ।

ਬੜੇ ਮਖੌਟੇ ਨੇ ਚਿਹਰਿਆਂ 'ਤੇ ਅੱਜ-ਕੱਲ੍ਹ,
ਬੰਦਾ ਛੇਤੀ ਕਿੱਥੇ ਪਹਿਚਾਨ ਹੁੰਦਾ ਏ ।

ਮੇਰੇ ਕੋਲ ਤੇ ਹੈ ਬਸ ਮੁਹੱਬਤ ਦੀ ਖੁਸ਼ਬੂ,
ਆਸ਼ਕ ਏਥੋਂ ਹੀ ਤਾਂ ਪਹਿਚਾਨ ਹੁੰਦਾ ਏ।

ਓ ਤੀਰ ਨਜ਼ਰਾਂ ਦੇ ਛੱਡਦੇ ਨਾ ਸੋਚਣ,
ਕੇ ਕਿਸੇ ਦਾ ਕਿਨਾ ਨੁਕਸਾਨ ਹੁੰਦਾ ਏ ।

ਸੱਚ ਦੇ ਰਾਹਾਂ ਉਤੇ ਚੱਲਦੇ ਨੇ ਜਿਹੜੇ,
ਓਨ੍ਹਾ ਦੇ ਕਦਮਾਂ ਵਿੱਚ ਜਹਾਨ ਹੁੰਦਾ ਏ।

ਹੁਣ ਇਸ ਜੱਗ 'ਤੇ ਜੀ ਨਹੀਂ ਲਗਦਾ

ਹੁਣ ਇਸ ਜੱਗ 'ਤੇ ਜੀ ਨਹੀਂ ਲਗਦਾ,
ਉਕਾ ਈ, ਮਾਸਾ ਵੀ ਨਹੀਂ ਲਗਦਾ।

ਕਿਸ ਨੂੰ ਹਾਲ ਸੁਣਾਈਏ ਦਿਲ ਦਾ,
ਕੋਈ ਆਪਣਾ ਹੀ ਨਹੀਂ ਲਗਦਾ।

ਉਸ ਪੁਛਿਆ ਤੇਰਾ ਗ਼ਮ ਕੀ ਲਗਦਾ,
ਮੈਂ ਆਖਿਆ ਕੀ-ਕੀ ਨਹੀਂ ਲਗਦਾ।

ਕਦੇ ਉਹ ਮੇਰਾ ਸਭ ਕੁੱਝ ਹੁੰਦੈ,
ਕਦੇ-ਕਦੇ ਕੁੱਝ ਵੀ ਨਹੀਂ ਲਗਦਾ।

ਕਈਂ ਵਾਰੀ ਦਰਪਣ ਵਿਚ ਆਪਣਾ,
ਚੇਹਰਾ ਵੀ ਅਸਲੀ ਨਹੀਂ ਲਗਦਾ।

ਕਿੰਨਾ ਕੁੱਝ ਨਕਲੀ ਹੈ ਜੱਗ 'ਤੇ,
ਪਰ ਸਾਨੂੰ ਨਕਲੀ ਨਹੀਂ ਲਗਦਾ।

ਸਾਰਾ ਪਿੰਡ ਘਰ ਵਾਂਗ ਸੀ ਲਗਦਾ,
ਹੁਣ ਕੋਈ ਘਰ ਦਾ ਜੀ ਨਹੀਂ ਲਗਦਾ।

ਮੈਂ ਤੇਰੇ ਹੰਝੂਆਂ ਵਿੱਚ ਡੁੱਬ ਕੇ, ਮਰਨਾ ਨਹੀਂ ਚਾਹੁੰਦਾ

ਮੈਂ ਤੇਰੇ ਹੰਝੂਆਂ ਵਿੱਚ ਡੁੱਬ ਕੇ, ਮਰਨਾ ਨਹੀਂ ਚਾਹੁੰਦਾ,
ਕਿ ਤੇਰੇ ਹਾਉਕਿਆਂ ਦੇ ਸੇਕ ਵਿੱਚ, ਸੜਨਾ ਨਹੀਂ ਚਾਹੁੰਦਾ।

ਮੈਂ ਚਾਹੁੰਦਾ ਹਾਂ ਤੇਰੇ ਹਰ ਦੁੱਖ ਦਾ, ਦਾਰੂ ਬਣਾ ਐਪਰ,
ਮੈਂ ਬਣਕੇ ਮੀਂਹ ਮੁਸੀਬਤ ਦਾ ਕਿਤੇ, ਵਰਨਾ ਨਹੀਂ ਚਾਹੁੰਦਾ।

ਮੇਰੀ ਮਿੱਟੀ 'ਚ ਫੁੱਲ ਉਗਣ, ਮੇਰੀ ਹਸਰਤ ਤਾਂ ਏਨੀ ਹੈ,
ਮੈਂ ਬਣ ਕੇ ਦਰਿਆ ਦਾ ਕੰਡਾ, ਕਦੇ ਖਰਨਾ ਨਹੀਂ ਚਾਹੁੰਦਾ।

ਮੈਂ ਹਰ ਇਕ ਬਾਲ ਦੇ ਹੱਥ ਵਿਚ ਖਿਡੋਣੇ ਵੇਖਣਾ ਚਾਹੁੰਨਾ,
ਤੇ ਭੁੱਖਾ ਬਾਲ ਕੋਈ ਤੜਪਦਾ ਜਰਨਾ ਨਹੀਂ ਚਾਹੁੰਦਾ ।

ਏਹ ਮੇਰਾ ਸੀਸ ਮੇਰੇ ਮਾਲਕਾ ਬਸ, ਦਰ ਤੇਰੇ ਨੀਉਵੇਂ,
ਮੈਂ ਥਾਂ ਥਾਂ ਸੀਸ ਨੀਵਾਂ ਆਪਣਾ ਕਰਨਾ ਨਹੀਂ ਚਾਹੁੰਦਾ।

ਕਿਸੇ ਬਸਤੀ ਦੇ ਵਿਹੜੇ ਰੌਸ਼ਨੀ ਮੈਂ ਬਣ ਤੇ ਸੱਕਦਾ ਹਾਂ,
ਕਦੇ ਵੀ ਜੁਲਮੀਆਂ ਦੇ ਨਾਲ ਮੈਂ ਖੜਨਾ ਨਹੀਂ ਚਾਹੁੰਦਾ।

ਕੀ ਆਖਾਂ ਕੁੱਝ ਬੋਲ ਨਾ ਹੋਵੇ

ਕੀ ਆਖਾਂ ਕੁੱਝ ਬੋਲ ਨਾ ਹੋਵੇ,
ਹਾਲ ਗਮਾਂ ਦਾ ਖੋਲ ਨਾ ਹੋਵੇ।

ਸੁਕ ਗਏ ਨੈਣਾ ਵਾਲੇ ਕੋਏ,
ਇਕ ਵੀ ਹੰਝੂ ਡੋਲ ਨਾ ਹੋਵੇ।

ਜ਼ਿੰਦਗੀ ਵਾਲੇ ਦਰਪਣ ਵਿੱਚੋਂ,
ਚਿਹਰਾ ਅਪਣਾ ਟੋਲ ਨਾ ਹੋਵੇ।

ਤੇਰੇ ਬਾਝੋਂ ਦਿਲ ਦਾ ਦੁੱਖੜਾ,
ਹੋਰ ਕਿਤੇ ਵੀ ਫੋਲ ਨਾ ਹੋਵੇ।

ਕੁਝ ਵੀ ਮੈਨੂੰ ਸੁੱਝਦਾ ਨਾਹੀਂ,
ਉਹ ਜਦ ਮੇਰੇ ਕੋਲ ਨਾ ਹੋਵੇ।

ਡੁੱਬ ਹੀ ਜਾਵੇ ਉੱਕਾ ਸੂਰਜ,
ਜੇਕਰ ਧਰਤੀ ਗੋਲ ਨਾ ਹੋਵੇ।

ਤੇਰੀ ਨਜ਼ਰ ਸਵੱਲੀ ਦੇ ਬਿੰਨ,
ਕੌਡੀ ਮੇਰਾ ਮੋਲ ਨਾ ਹੋਵੇ ।

ਮੈਂ ਤੇਰਾ ਹਾਂ ਬੱਸ ਤੇਰਾ ਹਾਂ,
ਅੱਗੇ ਹੁਣ ਕੁਝ ਬੋਲ ਨਾ ਹੋਵੇ।

ਮੈਂ ਨਹੀਂ ਹਾਂ ਤੇਰੇ ਸ਼ਹਿਰ ਜਿਹਾ

ਮੈਂ ਨਹੀਂ ਹਾਂ ਤੇਰੇ ਸ਼ਹਿਰ ਜਿਹਾ,
ਨਿੱਤ ਹੀ ਹੁੰਦੇ ਕਹਿਰ ਜਿਹਾ ।

ਮੈਂ ਤਾਂ ਪਿੰਡ ਦੀ ਸਵੇਰ ਜਿਹਾ,
ਪਿਆਰੀ ਗ਼ਜ਼ਲ ਦੀ ਬਹਿਰ ਜਿਹਾ।

ਤੇਰੀ ਛੋਹ ਨੂੰ ਮਚਲਾਂ ਮੈਂ,
ਮੈਂ ਹਾਂ ਨਦੀ ਦੀ ਲਹਿਰ ਜਿਹਾ।

ਸ਼ਾਮ ਹੈ, ਦਰਿਆ, ਪੰਛੀ ਤੇ ਮੈਂ,
ਸੂਰਜ ਹਾਂ ਪਿਛਲੇ ਪਹਿਰ ਜਿਹਾ।

ਮੇਰੇ ਅੰਦਰ ਡੁੱਬ ਜਾ ਤੂੰ,
ਮੈਂ ਇੱਕ ਪਿਆਸੀ ਨਹਿਰ ਜਿਹਾ।

ਬਲਦੇ ਹੋਏ ਰੁੱਖਾਂ ਦੀ ਗੱਲ ਕੌਣ ਕਰੇ

ਬਲਦੇ ਹੋਏ ਰੁੱਖਾਂ ਦੀ ਗੱਲ ਕੌਣ ਕਰੇ,
ਰੋਜ਼ੀ ਤੇਰੇ ਦੁਖਾਂ ਦੀ ਗੱਲ ਕੌਣ ਕਰੇ।

ਜੋ ਵੀ ਪਾਉਦਾ ਬਾਤ ਰੱਬ ਦੀ ਪਾਉਦਾ ਹੈ,
ਐਪਰ ਇਨ੍ਹਾ ਮਨੁੱਖਾਂ ਦੀ ਗੱਲ ਕੌਣ ਕਰੇ।

ਕੂੜੇ ਦੇ ਢੇਰਾਂ 'ਤੇ ਬਚਪਨ ਰੁਲਦਾ ਹੈ,
ਦੱਸੋ ਇਹਨਾ ਭੁੱਖਾਂ ਦੀ ਗੱਲ ਕੌਣ ਕਰੇ।

ਪੁੱਤਰਾਂ ਵਾਸਤੇ ਕੇਹੜਾ ਦੁਖੜਾ ਜਰਿਆ ਨਈਂ,
ਐਪਰ ਮਾਂ ਦੇ ਸੁੱਖਾਂ ਦੀ ਗੱਲ ਕੌਣ ਕਰੇ ।

ਚੁੱਪਾਂ ਜੋ ਚੀਕਾਂ ਦੇ ਵਿੱਚ ਨੇ ਬਦਲੀਆਂ
ਮਿੱਤਰੋ ਉਹਨਾ ਚੁੱਪਾਂ ਦੀ ਗੱਲ ਕੌਣ ਕਰੇ ।

ਧੀਆਂ ਲਈ ਕਬਰਾਂ ਨੇ ਜੋ ਬਣ ਗਈਆਂ,
'ਰੋਜ਼ੀ' ਉੁਹਨਾਂ ਕੁੱਖਾਂ ਦੀ ਗੱਲ ਕੌਣ ਕਰੇ ।

ਦਿਲ ਸਾਡੇ ਦੇ ਤਾਰ ਅਵੱਲੇ

ਦਿਲ ਸਾਡੇ ਦੇ ਤਾਰ ਅਵੱਲੇ,
ਸਾਡੇ ਤੇ ਨੇ ਪਿਆਰ ਅਵੱਲੇ।

ਹਰ ਵੇਲੇ ਹੀ ਚੁੱਭਦੇ ਰਹਿੰਦੇ,
ਸੀਨੇ ਦੇ ਵਿੱਚ ਖਾਰ ਅਵੱਲੇ।

ਰੁੱਸ ਬੈਠਣ ਤੇ ਮਨ ਜਾਂਦੇ ਨੇ,
ਆਪਣੇ ਸੱਜਣ-ਯਾਰ ਅਵੱਲੇ।

ਥੱਕ ਗਏ ਹਾਂ ਢੋਂਦੇ- ਢੋਂਦੇ,
ਰੂਹ ਦੇ ਉੱਤੇ ਭਾਰ ਅਵੱਲੇ।

ਤੇਰੀ ਕੋਈ ਰੀਸ ਕਰੇ ਕੀ,
ਤੇਰੇ ਨੇ ਕੰਮ-ਕਾਰ ਅਵੱਲੇ।

ਦਿਲ ਦੇ ਵਿੱਚੋਂ ਜਾਗ ਨੇ ਪੈਂਦੇ,
ਖ਼ਿਆਲ ਜਹੇ ਦੋ-ਚਾਰ ਅਵੱਲੇ।

ਮੌਂਸਮ ਕਿੰਝ ਦਾ ਬੂਹੇ ਢੁੱਕਿਆ,
ਇੰਝ ਦੇ ਇਹ ਤਿਉਹਾਰ ਅਵੱਲੇ।

'ਰੋਜ਼ੀ ਨੂੰ ਗ਼ਮ ਹੋਰ ਨੇ ਦਿੰਦੇ,
ਉਸਦੇ ਵੀ ਗ਼ਮਖ਼ਾਰ ਅਵੱਲੇ।

ਦੱਸ ਅੱਲ੍ਹਾ ਤੂੰ ਕੀਹਦੇ ਵੱਲ

ਦੱਸ ਅੱਲ੍ਹਾ ਤੂੰ ਕੀਹਦੇ ਵੱਲ,
ਮਾੜੇ ਵੱਲ ਜਾਂ ਤਗੜੇ ਵੱਲ।

ਜਾਂ ਤਾਂ ਉਪਰੋਂ ਰਿਜ਼ਕ ਵਰਾ,
ਜਾਂ ਸਾਨੂੰ ਵੀ ਡਾਲਰ ਘੱਲ।

ਅਪਣਾ ਕੋਈ ਸਿਰਨਾਵਾਂ ਦੇ,
ਕੋਈ ਤਾਂ ਇੱਕ ਟਿਕਾਣਾ ਮੱਲ।

ਸਾਰੇ ਯੱਬ ਨੇ 'ਮਾਤੜ ਲਈ,
ਇਹ ਤੇ ਕੋਈ ਨਾ ਚੰਗੀ ਗੱਲ।

ਘਰਾਂ 'ਚ ਖਾਲੀ ਪੀਪੇ ਖੜਕਣ,
ਮੰਦਰਾਂ ਦੇ ਵਿੱਚ ਖੜਕਣ ਟੱਲ।

ਕਿੱਦਾਂ ਐਸ਼ਾਂ ਕਰਦੇ ਲੋਕ,
ਸਾਨੂੰ ਵੀ ਕੋਈ ਦੱਸ ਦੇ ਵੱਲ।

ਲੋਕੀ ਆਖਣ ਬਾਬਾ ਟੱਲ,
ਪੱਕੀਆਂ ਅਤੇ ਪਕਾਈਆਂ ਘੱਲ।

ਸੱਜਣਾ ਨਾਲ ਬਹਾਰ ਹੈ ਹੁੰਦੀ

ਸੱਜਣਾ ਨਾਲ ਬਹਾਰ ਹੈ ਹੁੰਦੀ,
ਜ਼ਿੰਦਗੀ ਤਾਂ ਉਪਹਾਰ ਹੈ ਹੁੰਦੀ।

ਮੱਥੇ ਰਗੜਨ ਨਾਲ ਕਿਸੇ ਦੀ,
ਕਦ ਇਹ ਬੇੜੀ ਪਾਰ ਹੈ ਹੁੰਦੀ ।

ਕਈਆਂ ਲਈ ਜੋ ਸ਼ਰਧਾ ਹੁੰਦੀ,
ਕਈਆਂ ਲਈ ਵਪਾਰ ਹੈ ਹੁੰਦੀ ।

ਓਹੀ ਸ਼ੈਅ ਦੁੱਖ ਦਿੰਦੀ ਅਕਸਰ,
ਜਿਹੜੀ ਵੱਸੋਂ ਬਾਹਰ ਹੈ ਹੁੰਦੀ ।

ਜਦੋਂ ਇੱਛਾਵਾਂ ਵਧਦੀਆਂ 'ਰੋਜ਼ੀ',
ਜ਼ਿੰਦਗੀ ਤਾਂ ਦੁਸ਼ਵਾਰ ਹੈ ਹੁੰਦੀ ।

ਸਾਨੂੰ ਦਿਲੋਂ ਵਿਸਾਰ ਨਾ ਦੇਵੀਂ

ਸਾਨੂੰ ਦਿਲੋਂ ਵਿਸਾਰ ਨਾ ਦੇਵੀਂ,
ਛੱਡ ਕਿਤੇ ਵਿਚਕਾਰ ਨਾ ਦੇਵੀਂ।

ਤੇਰੇ ਕਰਕੇ ਜਿਉਂਦੇ ਪਏ ਆਂ,
ਵੇਖੀਂ ਕਿਧਰੇ ਮਾਰ ਨਾ ਦੇਵੀਂ ।

ਫੁੱਲ ਮੁਹੱਬਤ ਵਾਲੇ ਦੇ ਜਾ,
ਸੂਲਾਂ, ਕੰਡੇ, ਖਾਰ ਨਾ ਦੇਵੀਂ।

ਸੁਪਨੇ ਵਿੱਚ ਵੀ ਰੋਵਣ ਅੱਖਾਂ,
ਏਦਾਂ ਦਾ ਕੁਝ, ਯਾਰ ਨਾ ਦੇਵੀਂ।

ਝੂਠੇ-ਮੂਠੇ ਲਾਰੇ ਲਾ ਕੇ,
ਐਵੇਂ ਬੁੱਤਾ ਸਾਰ ਨਾ ਦੇਵੀਂ।

ਰੱਬਾ ਬੰਦਿਆਂ ਦੇ ਹੱਥਾਂ ਵਿਚ,
ਕਲਮ ਦਈ, ਹਥਿਆਰ ਨਾ ਦੇਵੀਂ।

ਝੱਲਾ ਕਿਤੇ ਨਾ ਹੋਜੇ ਨਾ 'ਰੋਜ਼ੀ',
ਇਨਾ ਵੀ ਤੂੰ ਪਿਆਰ ਨਾ ਦੇਵੀਂ।

ਜੇ ਤੂੰ ਗੱਲ ਮੁਕਾਵੇਂ ਤਾਂ ਹੀ ਗੱਲ ਬਣੇ

ਜੇ ਤੂੰ ਗੱਲ ਮੁਕਾਵੇਂ ਤਾਂ ਹੀ ਗੱਲ ਬਣੇ,
ਕਦੇ ਤਾਂ ਪਾਰ ਲਗਾਵੇਂ ਤਾਂ ਗੱਲ ਬਣੇ ।

ਬੜੀ ਹੀ ਵਾਟ ਲੰਮੇਰੀ ਹਾਲੇ ਉਮਰਾਂ ਦੀ,
ਜੇ ਤੂੰ ਸਾਥ ਨਿਭਾਵੇਂ ਤਾਂ ਹੀ ਗੱਲ ਬਣੇ।

ਤੇਰੇ ਕੌਲ ਸਾਰੇ ਹੀ ਬਹਾਨੇ ਬਣ ਜਾਣ,
ਨਾ ਤੂੰ ਇੰਝ ਸਤਾਵੇਂ ਤਾਂ ਹੀ ਗੱਲ ਬਣੇ।

ਪਿਆਰ 'ਚ ਇੱਕੋ ਮੁਲਾਕਾਤ ਨਈਂ ਕਾਫੀ,
ਕਿਧਰੇ ਰੋਜ਼ ਬੁਲਾਵੇਂ ਤਾਂ ਹੀ ਗੱਲ ਬਣੇ।

ਕੀ-ਕੀ ਰੱਬਾ ਜੱਗ 'ਤੇ ਹੁੰਦਾ ਫਿਰਦਾ ਏ,
ਕੇਰਾਂ ਭੁੰਜੇ ਆਵੇਂ ਤਾਂ ਹੀ ਗੱਲ ਬਣੇ।

ਨਿੱਤ ਸਾਡੇ 'ਤੇ ਡਾਂਗਾਂ ਦਾ ਮੀਂਹ ਵਰ੍ਹਦਾ,
ਤੂੰ ਵੀ ਮੌਰ ਭਨਾਵੇਂ ਤਾਂ ਹੀ ਗੱਲ ਬਣੇ ।

ਕੋਈ ਗੱਲ ਤੇ ਦੱਸ ਕੋਈ ਜਵਾਬ ਤਾਂ ਦੇ

ਕੋਈ ਗੱਲ ਤੇ ਦੱਸ ਕੋਈ ਜਵਾਬ ਤਾਂ ਦੇ,
ਕੋਈ ਢੰਗ ਤਾਂ ਲੱਭ ਕੋਈ ਹਿਸਾਬ ਤਾਂ ਦੇ।

ਜਿੱਥੇ ਲਿਖਿਆ ਹੋਵੇ, ਇਸ ਤਰ੍ਹਾਂ ਜੁਲਮ ਕਰਨਾ,
ਕੋਈ ਇੱਕ ਮੈਨੂੰ ਇੰਝ ਦੀ ਕਿਤਾਬ ਤਾਂ ਦੇ।

ਝੋਲੀ ਖੈਰ ਪਾ ਦੇ, ਕੁੱਝ ਲਿਹਾਜ ਤਾਂ ਕਰਦੇ,
ਝਲਕ ਮੁੱਖੜੇ ਦੀ ਕੇਰਾਂ ਤੂੰ ਜਨਾਬ ਤਾਂ ਦੇ।

ਚੱਲ ਓ-ਜਾਣ ਜੇ ਮਿਲਣੇ ਦਾ ਵਕਤ ਨਹੀ ਹੈ,
ਤੂੰ ਕੋਈ ਯਾਦਾਂ ਦਾ ਕੋਮਲ ਗੁਲਾਬ ਤਾਂ ਦੇ ।

ਠਿੱਲ ਜਾਵਾਂ ਮੈਂ ਬਣਕੇ ਸੋਹਣੀ ਤੂੰ ਕੇਰਾਂ,
ਡੂੰਘਾ ਮੋਹੱਬਤ ਦਾ ਵਗਦਾ ਝਨਾਬ ਤਾਂ ਦੇ ।

ਅਸੀਂ ਸੂਲੀ ਵੀ ਚੜ੍ਹੇ ਤੇਰੇ ਇੱਸ਼ਕ ਖਾਤਿਰ,
ਸਾਡੀ ਕੁਰਬਾਨੀ ਨੂੰ ਕੋਈ ਖਿਤਾਬ ਤਾਂ ਦੇ।

ਗ਼ਜ਼ਬ ਇਹ ਕੈਸਾ ਕਰਦੇ ਪਏ ਹੋ

ਗ਼ਜ਼ਬ ਇਹ ਕੈਸਾ ਕਰਦੇ ਪਏ ਹੋ,
ਧੁੱਪਾਂ ਵਿੱਚ ਵੀ ਠਰਦੇ ਪਏ ਹੋ।

ਦਿਲ ਦਾ ਬੋਝ ਵਗਾਹ ਕੇ ਮਾਰੋ,
ਨਿੱਤ ਕਿਉਂ ਐਵੇਂ ਮਰਦੇ ਪਏ ਹੋ।

ਗਲਤੀ ਮੰਨਕੇ ਮੁਕਤ ਹੋ ਜਾਓ,
ਮਾਫੀ ਤੋਂ ਕਿਉਂ ਡਰਦੇ ਪਏ ਹੋ।

ਜੇ ਫਰਜ਼ਾਂ ਦੀ ਪੰਡ ਹੈ ਚੁੱਕੀ,
ਫਿਰ ਕਿਉਂ ਹੌਕੇ ਭਰਦੇ ਪਏ ਹੋ।

ਕੱਲ੍ਹ ਨੂੰ ਤੁਸਾਂ ਨੇ ਮੁਕਰ ਜਾਣਾ,
ਕੌਲ ਕਿਉਂ ਅੱਜ ਫਿਰ ਕਰਦੇ ਪਏ ਹੋ।

ਸਭ ਕੁੱਝ ਏਥੇ ਹੀ ਰਹਿ ਜਾਣੈ,
ਸਾਂਭ-ਸਾਂਭ ਕੀ ਧਰਦੇ ਪਏ ਹੋ।

ਜ਼ਰਾ ਨਜਦੀਕ ਆਓ ਬਾਦਸ਼ਾਹੋ

ਜ਼ਰਾ ਨਜਦੀਕ ਆਓ ਬਾਦਸ਼ਾਹੋ,
ਇੰਝ ਤੇ ਨਾ ਸਤਾਓ ਬਾਦਸ਼ਾਹੋ।

ਮੈਂ ਅਜਲਾਂ ਤੋਂ ਪਿਆਸੇ ਦਾ ਪਿਆਸਾ,
ਕਦੇ ਪਿਆਸ, ਬਝਾਓ ਬਾਦਸ਼ਾਹੋ।

ਗਮਾਂ ਵਿੱਚ ਸਾਨੂੰ ਰੁੜ੍ਹਦੇ ਜਾਂਦਿਆਂ ਨੂੰ,
ਕਿਨਾਰੇ 'ਤੇ ਲਗਾਓ ਬਾਦਸ਼ਾਹੋ ।

ਤੁਸੀ ਕਿਉਂ ਚੁੱਪ ਹੋਏ, ਗੱਲ ਕਰਕੇ,
ਜ਼ਰਾ ਇਹ ਗੱਲ ਮੁਕਾਓ ਬਾਦਸ਼ਾਹੋ।

ਹੈ ਦੇਣੀ ਜਾਨ ਜਾ ਕੇ ਰੱਬ ਨੂੰ ਹੀ,
ਕਦੇ ਤਾਂ ਖੌਫ ਖਾਓ ਬਾਦਸ਼ਾਹੋ ।

ਅਸਾਨੂੰ ਹਿਜ਼ਰ ਦੇ ਵਿੱਚ ਮੁੱਕਿਆਂ ਨੂੰ,
ਨਾ ਮਰਿਆਂ ਨੂੰ ਮੁਕਾਓ ਬਾਦਸ਼ਾਹੋ ।

ਘੜੀ ਹੈ ਮਿਲਣ ਦੀ ਤੇ ਚੁੱਪ ਹੋ ਕਿਉਂ,
ਨਾ ਏਨਾ ਕਹਿਰ ਢਾਓ ਬਾਦਸ਼ਾਹੋ।

ਸਭ ਨੂੰ ਸਭ ਕੁੱਝ ਦੱਸ ਨਹੀਂ ਹੁੰਦਾ

ਸਭ ਨੂੰ ਸਭ ਕੁੱਝ ਦੱਸ ਨਹੀਂ ਹੁੰਦਾ,
ਸਭ ਕੁੱਝ ਸਭ ਦੇ ਵੱਸ ਨਹੀਂ ਹੁੰਦਾ।

ਉਝ ਤਾਂ ਨੱਸਣਾ ਚਾਹੁੰਦੈ ਬੰਦਾ,
ਜ਼ਿੰਦਗੀ ਤੋਂ, ਪਰ ਨੱਸ ਨਹੀਂ ਹੁੰਦਾ।

ਜਿਥੇ ਤੰਗੀਆਂ ਤੁਰਸ਼ੀਆਂ ਹੋਵਣ,
ਉਸ ਥਾਂ ਹਾਸਾ ਹੱਸ ਨਹੀਂ ਹੁੰਦਾ।

ਨਿੱਕੀ ਜਿਹੀ ਨਈਂ ਗੱਲ ਵਸੇਬਾ,
ਹਰ ਇੱਕ ਕੋਲੋਂ ਵੱਸ ਨਹੀਂ ਹੁੰਦਾ।

ਦੁੱਖਾਂ ਦੇ ਝੰਭੇ ਜੀਵਨ ਵਿਚ,
ਪੀੜ ਤਾਂ ਹੁੰਦੀ, ਰੱਸ ਨਹੀਂ ਹੁੰਦਾ।

ਸਭ ਕੁੱਝ ਕੁੱਦਰਤ ਦੇ ਵੱਸ ਹੁੰਦੈ,
ਬੰਦੇ ਦੇ ਕੁੱਝ ਵੱਸ ਨਹੀਂ ਹੁੰਦਾ।

ਬੰਦਾ ਪੂਰਾ ਹੋ ਜਾਂਦਾ ਹੈ,
ਪੂਰਾ ਉਸਦਾ ਝੱਸ ਨਹੀਂ ਹੁੰਦਾ।

ਰੋਜ਼ ਹੀ 'ਰੋਜ਼ੀ' ਤਰਲੇ ਪਾਉਂਦਾ,
ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦਾ।

ਏਨੇ ਦੁੱਖੜੇ ਪੇਸ਼ ਪਏ ਨੇ,
ਬੰਦੇ ਕੋਲੋ ਹੱਸ ਨਹੀਂ ਹੁੰਦਾ ।

ਤੂੰ ਰਾਤੀਂ ਕਿਉਂ ਹੰਝ ਵਹਾਏ ਦੱਸੀਂ ਨਾ

ਤੂੰ ਰਾਤੀਂ ਕਿਉਂ ਹੰਝ ਵਹਾਏ ਦੱਸੀਂ ਨਾ,
ਕਿਸਦੇ ਲਈ ਸੀ ਨੈਣ ਸੁਜਾਏ ਦੱਸੀਂ ਨਾ।

ਕੌਣ ਸੁਣੇਗਾ ਤੇਰੀ ਦਰਦ ਕਹਾਣੀ ਨੂੰ,
ਏਥੇ ਸਾਰੇ ਹੈਣ ਪਰਾਏ ਦੱਸੀਂ ਨਾ ।

ਇਥੇ ਫੁੱਲ ਵੀ ਡਰਦੇ-ਡਰਦੇ ਖਿੜਦੇ ਨੇ,
ਕੈਸੇ ਦਿਲ 'ਤੇ ਮੌਸਮ ਛਾਏ ਦੱਸੀਂ ਨਾ ।

ਜਿਹੜੇ ਚੈਨ ਦਿਲਾਂ ਦਾ ਲੁੱਟ ਕੇ ਲੈ ਗਏ ਨੇ,
ਕੌਣ ਸੀ ਕਿਹੜੇ ਦੇਸੋਂ ਆਏ ਦੱਸੀ ਨਾ।

ਦਿਲ ਦੇ ਦੁਖੜੇ ਪੌਣਾ ਕੋਲ ਵੀ ਖੋਲੀਂ ਨਾ,
ਪੰਛੀ ਜਾਣ ਕਿਤੇ ਘਬਰਾਏ ਦੱਸੀਂ ਨਾ ।

ਉਮਰ ਦੀ ਪੂੰਜੀ ਨੇ, ਜਿਹੜੇ ਤੇਰੇ ਲਈ,
ਤੂੰ ਇਹ ਗ਼ਮ ਨੇ ਕਿੰਝ ਕਮਾਏ ਦੱਸੀ ਨਾ।

ਜੇ ਉਹ ਪੱਥਰ ਹੈ ਤਾਂ ਦਿਲ ਨੂੰ ਤੋੜੇ ਵੀ

ਜੇ ਉਹ ਪੱਥਰ ਹੈ ਤਾਂ ਦਿਲ ਨੂੰ ਤੋੜੇ ਵੀ,
ਬੰਨ੍ਹੇ ਲਾਵੇ ਕਸ਼ਤੀ, ਜਾਂ ਫਿਰ ਰੋਹੜੇ ਵੀ।

ਲੋਕ ਇਕੱਲੇ ਦੁਸ਼ਮਣ ਨਹੀਂ ਮੁਹੱਬਤ ਦੇ,
ਜਾਨ ਦੇ ਦੁਸ਼ਮਣ ਅਕਸਰ ਬਣਨ ਵਿਛੋੜੇ ਵੀ।

ਦਿਲ ਦੇ ਫੱਟ ਨ ਬੰਦੇ ਕੋਲੋਂ ਜਰ ਹੋਵਣ,
ਤੰਗ ਬੜਾ ਨੇ ਕਰਦੇ ਰੂਹ ਦੇ ਫੋੜੇ ਵੀ ।

ਉਹ ਜੇ ਸਾਥੋਂ ਵੱਖਰਾ ਹੋਣਾ ਚਾਹੁੰਦਾ ਏ,
ਆਪਣਾ ਸਭ ਕੁਝ ਚੁੱਕੇ ਸਾਡਾ ਮੋੜੇ ਵੀ।

ਰੱਖ ਹੌਂਸਲਾ ਨਾ ਡਰ, ਇਥੇ ਹਿੰਮਤ ਨਾਲ,
ਬਹੁਤੇ ਹਨ ਬਣ ਜਾਦੇ, ਥ੍ਹੋੜੇ ਥ੍ਹੋੜੇ ਵੀ।

ਜਿਹੜੀ ਬੇਰੀ, ਭਰਦੀ ਮਿੱਠਿਆਂ ਬੇਰਾਂ ਨਾਲ,
ਉਸ ਨੂੰ ਝਲਣੇ ਪੈਣ ਬਥੇਰੇ ਰੋੜੇ ਵੀ ।

ਸਾਡੇ ਨਾਲ ਕਿਉਂ ਵੈਰ ਕਮਾਉਂਨੈ

ਸਾਡੇ ਨਾਲ ਕਿਉਂ ਵੈਰ ਕਮਾਉਂਨੈ,
ਕਿਉਂ ਸਾਨੂੰ ਸੂਲੀ ਲਟਕਾਉਂਨੈ ।

ਸੁੱਤੇ ਹੋਏ ਅਰਮਾਨਾ ਤਾਂਈਂ,
ਸੁਪਨੇ ਦੇ ਵਿਚ ਆਣ ਜਗਾਉਂਨੈ ।

ਅੰਤ ਨੂੰ ਸਭ ਕੁਝ ਮੁੱਕ ਜਾਣਾ ਏ,
ਕਿਉਂ ਸਾਨੂੰ ਤੂੰ ਰੋਜ ਮਕਾਉਂਨੈ ।

ਨਿੱਕੀ ਜਿਹੀ ਇੱਕ ਖਾਹਿਸ ਬਦਲੇ,
ਤਰਲੇ ਕਿਉੁਂ ਏਨੇ ਕਢਵਾਉਂਨੈ ।

'ਮਾਤੜ ਹੋ ਕਿ ਸੋਚ ਓਏ ਰੱਬਾ,
ਕਿਉਂ ਮਾੜੇ 'ਤੇ ਕਹਿਰ ਵਰਾਉਂਨੈ ।

ਸਾਡੇ ਸਿਰ ਅੰਬਰ ਦੀ ਚਾਦਰ,
ਤੂੰ ਤੇ ਆਪਣੇ ਮਹਿਲੀਂ ਸਾਉਂਨੈ ।

ਉਸਨੂੰ ਦੁੱਖਾਂ ਪੁੱਛਿਆ ਇੱਕ ਦਿਨ,
ਓਏ ਤੂੰ ਹਾਲੇ ਤੀਕਰ ਜਿਉਂਨੈ ।

ਤੂੰ ਇਸ ਮੌਸਮ ਵਿੱਚ ਵੀ 'ਰੋਜ਼ੀ',
ਕਿੰਝ ਇਹ ਗੀਤ ਖੁਸ਼ੀ ਦੇ ਗਾਉਂਨੈ ।

ਮਾਤਮ ਹੈ, ਤੇ ਓਧਰ ਖੁਸ਼ੀ ਦੇ ਸਾਜ਼ ਨੇ

ਮਾਤਮ ਹੈ, ਤੇ ਓਧਰ ਖੁਸ਼ੀ ਦੇ ਸਾਜ਼ ਨੇ,
ਹਾਕਮ, ਤਿਰੇ ਰਾਜ ਦੇ ਕੇਹੇ ਰਿਵਾਜ਼ ਨੇ।

ਸ਼ਹਿਰ ਦੇ ਸਭੇ ਲੋਕ ਤਾਹੀਓ ਲੜ ਰਹੇ,
ਸ਼ਹਿਰ ਦੇ ਰਾਖੇ ਸੱਭ ਜਾਅਲ-ਸਾਜ਼ ਨੇ।

ਹਮੇਸ਼ਾਂ ਨਵਾਂ ਇੱਕ ਬਹਾਨਾ ਭਾਲ ਲੈਂਦੇ,
ਅੱਜ-ਕੱਲ ਦੇ ਸੱਜਣ ਬਹਾਨੇ-ਬਾਜ਼ ਨੇ।

ਸੂਲਾਂ ਤੇ ਚੱਲ, ਕੇ ਦੁੱਖ ਜਰ, ਕੇ ਮਰ ਕੇ,
ਏਸੇ ਤਰਾਂ ਮਿਲਦੇ ਜਿੱਤਾਂ ਦੇ ਤਾਜ਼ ਨੇ ।

ਤੂੰ ਕਿਤੇ ਹੁਣ ਤੋਂ ਹੀ ਦਿੱਲ ਨਾ ਛੱਡ ਦਈਂ,
ਏਹ ਤਾਂ ਹਾਲੇ ਜੀਵਨ ਦੇ ਆਗਾਜ਼ ਨੇ ।

ਅਸੀਂ ਹਾਂ ਉਸਦੇ ਦੋਸਤਾਂ ਦੀ ਲਿਸਟ ਵਿੱਚ,
ਤੇ ਸਾਨੂੰ ਏਸੇ ਗੱਲ ਦੇ ਹੀ ਨਾਜ਼ ਨੇ ।

ਮੁੱਖ ਸੋਹਣਾ, ਰੂਪ ਸੋਹਣੇ ਖਿਆਲ ਵੀ,
ਸਾਨੂੰ ਵੀ ਦਸਦੇ ਏਹ ਕਿਹੜੇ ਰਾਜ ਨੇ ।

ਆ ਮਿਲ ਬਈਏ ਚੱਜ ਦੇ ਨਾਲ

ਆ ਮਿਲ ਬਈਏ ਚੱਜ ਦੇ ਨਾਲ,
ਟੁਰ ਆ ਕਿਸੇ ਵੀ ਪੱਜ ਦੇ ਨਾਲ।

ਅੱਖਾਂ ਦੇ ਵਿੱਚ ਨੀਂਦਰ ਭਰ,
ਵਿੱਚ ਇਕ ਸੁਪਨਾ ਕੱਜ ਦੇ ਨਾਲ।

ਸ਼ਹਿਦ ਗੜੁੱਚੇ, ਉਸਦੇ ਬੋਲ,
ਸੁਣਨਾ ਚਾਹਵਾਂ ਰੱਜ ਦੇ ਨਾਲ।

ਲਟਕ ਰਿਹਾ ਸੱਚ ਸੂਲੀ 'ਤੇ,
ਮੁਜਰਮ ਰਲੇ ਨੇ ਜੱਜ ਦੇ ਨਾਲ।

ਅਕਸਰ ਉਹੀਓ ਪੱਛੜਦੇ,
ਜੋ ਨਹੀਂ ਟੁਰਦੇ ਅੱਜ ਦੇ ਨਾਲ।

ਮਨ ਜੇ ਅੰਦਰੋਂ ਪਾਪੀ ਹੈ,
ਕੁਝ ਨਹੀਂ ਮਿਲਣਾ ਹੱਜ ਦੇ ਨਾਲ।

ਕੋਮਲ ਦਿੱਲ ਨੇ ਟੁੱਟ ਜਾਣਾ,
ਇੰਝ ਨਾ ਖੇਡ ਕੁਚੱਜ ਦੇ ਨਾਲ।

ਜਿਹੜੀ ਆਪਣੇ ਨਾਲ ਹੋਈ ਏ ਪੁੱਛੋ ਨਾ

ਜਿਹੜੀ ਆਪਣੇ ਨਾਲ ਹੋਈ ਏ ਪੁੱਛੋ ਨਾ,
ਜਿੰਦਗੀ ਤਾਂ ਬੇਹਾਲ ਹੋਈ ਏ ਪੁੱਛੋ ਨਾ ।

ਚੰਗੇ ਦਿੰਨਾਂ ਦੀ ਜਿਹੜੀ ਰੱਟ ਲਗਾਈ ਸੀ,
ਲੋਕਾਂ ਲਈ ਕਿੰਝ ਕਾਲ ਹੋਈ ਏ ਪੁੱਛੋ ਨਾ।

ਗੁਰਬਤ ਵਾਲੀਆਂ ਪੰਡਾਂ ਢੋਂਦੇ ਲੋਕਾਂ ਦੀ,
ਕਿੰਝ ਇਹ ਟੇਡੀ ਚਾਲ ਹੋਈ ਏ ਪੁੱਛੋ ਨਾ।

ਚੰਗਾ ਹੋਉ, ਸਵਾਲ ਹੀ ਪੈਦਾ ਹੁੰਦਾ ਨਹੀਂ,
ਜਿੰਦੜੀ ਆਪ ਸਵਾਲ ਹੋਈ ਏ ਪੁੱਛੋ ਨਾ।

ਸਾਡੇ ਮੁਲਕ 'ਚ ਕੀ ਕੀ ਹੁੰਦੈ, ਕੀ ਦੱਸੀਏ,
ਕੀ-ਕੀ ਯਾਰ ਕਮਾਲ ਹੋਈ ਏ ਪੁੱਛੋ ਨਾ।

ਓਸਦੇ ਸੱਚੇ ਬੋਲ ਸੁਣਦਿਆਂ ਕਿਹੜੇ ਰੁਕ,
ਮਹਿਫਿਲ ਲਾਲੋ-ਲਾਲ ਹੋਈ ਏ ਪੁੱਛੋ ਨਾ।

ਮੈਂ ਤਾਂ ਇਸ ਨੂੰ ਐਵੇਂ-ਕੈਵੇਂ ਸਾਣਿਆਂ ਸੀ,
ਉਲਫ਼ਤ ਪਰ ਜੰਜਾਲ ਹੋਈ ਏ ਪੁੱਛੋ ਨਾ।

ਇੱਸ਼ਕ ਜਦੋਂ ਦਾ ਹੱਡੀਂ ਰਚਿਐ ਓਦੋਂ ਤੋਂ,
ਜਿੰਦ ਤਾਲੋਂ-ਬੇਤਾਲ ਹੋਈ ਏ ਪੁੱਛੋ ਨਾ।

ਪਹੁੰਚੇ ਹਰ ਮਹਿਫਿਲ ਜਦੋਂ ਮੁਕਾਮ ਤੱਕ

ਪਹੁੰਚੇ ਹਰ ਮਹਿਫਿਲ ਜਦੋਂ ਮੁਕਾਮ ਤੱਕ,
ਸਿਮਟ ਜਾਵੇ ਆ ਕੇ ਤੇਰੇ ਨਾਮ ਤੱਕ।

ਯਾਦ ਤੇਰੀ ਪਿੱਛਾ ਮੇਰਾ ਛਡਦੀ ਨਾ,
ਲੈ ਹੀ ਜਾਂਦੀ ਹੈ, ਉਹ ਮੈਨੂੰ ਜਾਮ ਤੱਕ।

ਮੇਰੀ ਵੇਦਨਾ ਵੀ ਕਿੰਨੀ ਡਾਢੀ ਹੈ,
ਮਨ ਨੂੰ ਲੈ ਤੁਰਦੀ ਹੈ ਜਿਹੜੀ ਕਾਮ ਤੱਕ।

ਉਹ ਹੈ ਖਾਸ਼ ਭਾਵੇਂ ਪਰ ਓਸਦੀ ਨਜ਼ਰ,
ਪੁੱਜ ਹੀ ਜਾਂਦੀ ਹੈ ਮੇਰੇ ਆਮ ਤੱਕ।

ਭਾਵੇਂ ਉਸਨੂੰ ਅੱਗ ਚੋਂ ਲੰਘਣਾ ਪਿਐ,
ਪਹੁੰਚ ਸਕੀ ਏ ਕੀ ਸੀਤਾ ਰਾਮ ਤੱਕ?

ਘਰੋਂ ਟੁਰਨ ਵੇਲੇ ਬੰਦਾ ਬਾਗ ਹੁੰਦੈ,
ਜੰਗਲ ਬਣ ਜਾਵੇ, ਪਰਤਦਾ ਸ਼ਾਮ ਤੱਕ।

ਸੋਗੀ ਖਿਆਲ ਦੀ ਚੰਗੇਰ ਵਿੱਚੋਂ

ਸੋਗੀ ਖਿਆਲ ਦੀ ਚੰਗੇਰ ਵਿੱਚੋਂ,
ਧੁੰਦਲੇ ਚਿਹਰੇ ਦੀ ਸਵੇਰ ਵਿੱਚੋਂ,

ਮੈਂ ਤੈਨੂੰ ਸਿਆਣ ਲਵਾਂਗਾ ਪਿਆਰੇ,
ਹਲਾਤਾਂ ਦੇ ਗਹਿਰੇ ਹਨੇਰ ਵਿੱਚੋਂ।

ਮੈਂ ਤੇਰੀ ਹਰ ਪੀੜ ਨੂੰ ਜਾਣਦਾ ਹਾਂ,
ਤੇਰੇ ਸਾਰੇ ਦਰਦ ਸਿਆਣਦਾ ਹਾਂ,

ਮੈਂ ਤੈਨੂੰ ਟੋਲ ਕੇ ਭਾਲ ਲਵਾਂਗਾ,
ਉਲਝੀ ਜ਼ਿੰਦਗੀ ਦੇ ਖਲੇਰ ਵਿੱਚੋਂ।

ਅਸੀਂ ਜੋ ਖਾਬ ਸੀ ਨੈਣੀ ਸਜਾਏ,
ਉਹ ਸਾਰੇ ਰਹਿ ਗਏ ਧਰੇ ਧਰਾਏ,

ਹੁਣ ਤਾਂ ਭਾਲਦੇ ਹਾਂ ਹਯਾਤ ਆਪਾਂ,
ਗਰਜ਼ਾਂ ਤੇ ਫਰਜਾਂ ਦੇ ਢੇਰ ਵਿੱਚੋਂ ।

ਸਾਡੇ ਸਾਹਵਾਂ ਦਾ ਹਿਸਾਬ ਬਣਕੇ,
ਆਜਾ ਤੂੰ ਕਿਤੇ ਮਹਿਤਾਬ ਬਣਕੇ,

ਮੇਰੀ ਮੁਹੱਬਤ ਦਾ ਖਜਾਨਾ ਏਂ ਤੂੰ,
ਅਸਾ ਕੀ ਲੈਣਾ ਹੈ ਕੁਬੇਰ ਵਿੱਚੋਂ ।

ਤੂੰ ਹਮਸਫ਼ਰ ਤੇ ਹਮਖਿਆਲ ਮੇਰਾ,
ਤੇਰੇ ਵਰਗਾ ਹੀ ਏ ਹਾਲ ਮੇਰਾ,

ਤੂੰ ਇੱਕ ਦਿੰਨ ਮਿਲ ਪਿਆ ਸੀ ਮੈਨੂੰ,
ਸੂਹੇ ਖਾਅਬਾਂ ਦੀ ਸਵੇਰ ਵਿੱਚੋਂ ।

ਸੁੰਨੇ ਗੁਮਨਾਮ ਰਾਹ ਤੇ ਚੱਲ ਕੇ,
ਕਿਸਮਤ ਨੂੰ ਹੀ ਸਭੇ ਕੁੱਝ ਮੱਲ ਕੇ,

ਕੁੱਝ ਲੋਕ ਤਾਂ ਭਾਲਦੇ ਨੇ ਜੀਵਨ,
ਇਸੇ ਉਲਝਣ ਤੇ ਹੇਰ-ਫੇਰ ਵਿੱਚੋਂ।

ਓਸ ਨੇ ਮੈਥੋਂ ਨਜ਼ਰ ਚੁਰਾਈ ਹੁੰਦੀ ਏ

ਓਸ ਨੇ ਮੈਥੋਂ ਨਜ਼ਰ ਚੁਰਾਈ ਹੁੰਦੀ ਏ,
ਮੁੱਖ 'ਤੇ ਕਾਲੀ ਐਨਕ ਲਾਈ ਹੁੰਦੀ ਏ।

ਧੁੱਪ ਦੇ ਕੋਲੋਂ ਬਚਣ ਦਾ ਇੱਕ ਬਹਾਨਾ ਹੈ,
ਓਹਨਾ ਬੱਸ ਕਿਆਮਤ ਢਾਈ ਹੁੰਦੀ ਏ।

ਸੂਰਜ ਕਿੱਥੇ ਚਿਰ ਤੀਕਰ ਛੁਪ ਸਕਿਆ ਏ,
ਬਦਲਾਂ ਸੰਗ ਬਸ ਲੁਕਣ ਮਚਾਈ ਹੁੰਦੀ ਏ।

ਉਸਨੂੰ ਬਲਦੀ ਅੱਗ ਦਾ ਸੇਕ ਨ ਪੁੱਛੋ ਜੀ,
ਜਿਸਨੇ ਦਿਲ ਵਿੱਚ ਅੱਗ ਲੁਕਾਈ ਹੁੰਦੀ ਏ।

ਸਾਡਾ ਵੀ ਕੀ ਸੱਜਣਾ ਫਬਣਾ ਥੁੜਿਆਂ ਦਾ,
ਰੋਟੀ ਲਈ ਹੀ ਮਸਾਂ ਕਮਾਈ ਹੁੰਦੀ ਏ ।

'ਮਾਤੜ ਬੰਦਾ ਸਦਾ ਯੁੱਧ ਵਿਚ ਰਹਿੰਦਾ ਹੈ,
ਲੇਖਾਂ ਨਾਲ ਜੋ, ਰੋਜ਼ ਲੜਾਈ ਹੁੰਦੀ ਏ।

ਰੱਬਾ ਜਿੱਥੇ ਪਾਪ ਕਮਾਏ ਜਾਂਦੇ ਨੇ,
ਓਥੇ ਵੀ ਤਾਂ ਤਿਰੀ ਖ਼ੁਦਾਈ ਹੁੰਦੀ ਏ ?

ਮੁਕਤੀ ਅਸਲ 'ਚ ਓਸੇ ਦੀ ਹੀ ਮੁਕਤੀ ਹੈ,
ਜਿਸਨੇ ਜਿਸਮ ਦੀ ਕੈਦ ਹੰਢਾਈ ਹੁੰਦੀ ਏ।

ਮੇਰੇ ਹਾਸੇ ਵਿਚਲਾ ਸੱਚ ਨਾ ਜਾਣੇ ਤੂੰ,
ਹਾਸੇ ਵਿੱਚ ਮੈਂ ਪੀੜ ਛੁਪਾਈ ਹੁੰਦੀ ਏ ।

ਮੁਸ਼ਕਲ ਦੇ ਨਾਲ ਹਮਦਮ ਲੱਭਿਆ

ਮੁਸ਼ਕਲ ਦੇ ਨਾਲ ਹਮਦਮ ਲੱਭਿਆ ਮਰ ਕੇ ਜੀ ਕੇ ਮਰ-ਮਰ ਕੇ,
ਵੰਡ ਨਿਆਜਾਂ, ਰਗੜ ਕੇ ਮੱਥੇ, ਤਰਲੇ ਮਿੰਨਤਾਂ ਕਰ-ਕਰ ਕੇ।

ਜ਼ਿੰਦਗੀ ਵਾਲੇ ਸਾਗਰ ਦੇ ਵਿੱਚ ਠਿੱਲੇ ਵੀ ਪਰ ਫਿਰ ਇਕ ਦਿਨ,
ਪਹੁੰਚ ਗਏ ਸੀ ਕੰਢੇ ਉੱਤੇ ਤਰ ਕੇ ਡੁੱਬ ਕੇ ਤਰ-ਤਰ ਕੇ ।

ਸੌਖਾ ਨਹੀ ਹੈ ਤੇਜ ਹਵਾਵਾਂ ਤੱਤੀਆਂ ਲੋਆਂ ਸੰਗ ਲੜਨਾ।
ਪੱਕ ਹੀ ਜਾਂਦੈ ਬੰਦਾ ਅੰਤ ਨੂੰ 'ਵਾਵਾ ਲੋਆਂ ਜਰ-ਜਰ ਕੇ ।

ਜਦੋਂ ਉਹ ਮੇਰੇ ਦਰ ਦੇ ਉਤੋਂ ਮੁੜ ਗਿਆ ਬਿੰਨ ਦਸਤਕ ਦਿੱਤਿਆਂ,
ਦਿਲ ਦਾ ਹਰ ਇਕ ਕੋਨਾ ਰੋਇਆ ਹੁਭ ਕੇ ਹਾਉਕੇ ਭਰ-ਭਰ ਕੇ।

ਮੁਸ਼ਕਿਲ ਹੈ ਇਹ ਇਸ਼ਕ ਕਮਾਉਣਾ, ਉਮਰ ਲਗਾਉਣੀ ਪੈਂਦੀ ਹੈ,
ਇਸ਼ਕ ਗਲੀ ਚੋਂ ਲੰਘਣਾ ਪੈਂਦੈ, ਖੜ ਕੇ ਜਰ ਕੇ ਡਰ-ਡਰ ਕੇ ।

ਐਵੇਂ ਨਈਂ ਇਹ ਜਿੱਤ ਦਾ ਸੇਹਰਾ ਕਿਸੇ ਦੇ ਸਿਰ 'ਤੇ ਬੱਝ ਜਾਂਦਾ,
ਲੜਨਾ ਪੈਂਦੈ ਅੰਤ ਸਮੇਂ ਤੱਕ ਸੀਸ ਤਲੀ 'ਤੇ ਧਰ-ਧਰ ਕੇ।

ਤੇਰੇ ਖ਼ਾਅਬ ਵਿਚ ਜਦੋਂ ਰਾਤ ਸ਼ੋਰ ਪਾਵੇਗੀ

ਤੇਰੇ ਖ਼ਾਅਬ ਵਿਚ ਜਦੋਂ ਰਾਤ ਸ਼ੋਰ ਪਾਵੇਗੀ,
ਕਿ ਮੇਰੀ ਯਾਦ ਉਦੋਂ ਤਾਂ ਤੈਨੂੰ ਵੀ ਆਵੇਗੀ।

ਸਾਰੀ ਹੀ ਉਮਰ ਤੇਰੇ ਮਿਲਣ ਦੀ ਉਡੀਕ ਰਹੀ,
ਇਸੇ ਹੀ ਆਸ ਵਿਚ ਇਹ ਜਾਨ ਮੇਰੀ ਜਾਵੇਗੀ।

ਤੇਰੀ ਹੀ ਖੁਸ਼ਬੋ ਰਲੀ ਹੈ ਮੇਰੇ ਸਾਹਾਂ ਵਿਚ,
ਮਿਰੇ ਵੀ ਗੀਤ ਹਵਾ ਤੈਨੂੰ ਕਦੇ ਸੁਣਾਵੇਗੀ।

ਮੈਂ ਉਸਦੇ ਦਰ ਤੋਂ ਨਿੱਤ ਹੀ ਉਦਾਸ ਮੁੜ ਆਵਾਂ,
ਸੋਚਦਾ ਹਾਂ ਉਹ ਕਦੇ ਤਾਂ ਮੈਨੂੰ ਬੁਲਾਵੇਗੀ।

ਬਹਾਰ ਹੈ ਪਰ ਦਿਲ 'ਤੇ ਅਜੇ ਐ ਦੋਰ-ਏ-ਖਿਜ਼ਾਂ,
ਕਦੋਂ ਖੁਸ਼ਬੋ ਤੇਰੀ ਦਰ ਮੇਰਾ ਮਹਿਕਾਵੇਗੀ ?

ਬਿਰਖ ਨੇ ਗੀਤ ਮਿਰੇ, ਪੱਤੀਆਂ ਇਹ ਨਜ਼ਮਾਂ ਨੇ,
ਮੇਰੀ ਹਰ ਸ਼ਾਖ ਗ਼ਜ਼ਲ ਇਸ ਤਰਾਂ ਹੀ ਗਾਵੇਗੀ।

ਜਿਵੇਂ ਉਹ ਚਾਹੁੰਦੇ ਨੇ, ਮੈਂ ਉਹ ਅੱਖਰ

ਜਿਵੇਂ ਉਹ ਚਾਹੁੰਦੇ ਨੇ, ਮੈਂ ਉਹ ਅੱਖਰ ਕਿਉਂ ਨਹੀ ਲਿਖਦਾ,
ਮੈਂ ਸੜਦੇ ਥਲ ਨੂੰ ਆਖਿਰ ਸਮੰਦਰ ਕਿਉਂ ਨਹੀਂ ਲਿਖਦਾ।

ਬਹੁਤ ਐਤਰਾਜ਼ ਹੈ ਉਹਨਾ ਨੂੰ ਮੇਰੇ ਲਿਖਣ 'ਤੇ ਅੱਜ-ਕੱਲ
ਮੈਂ ਫੁੱਲ ਨੂੰ ਫੁੱਲ ਲਿਖਦਾ ਹਾਂ, ਪੱਥਰ ਕਿਉਂ ਨਹੀਂ ਲਿਖਦਾ।

ਬੜੇ ਨਾਰਾਜ਼ ਹਨ ਹਾਕਮ, ਮੇਰੀ ਇਸ ਪੇਸ਼ਕਾਰੀ ਲਈ,
ਕਿ ਮੈਂ ਨਕਲੀ ਜਹੇ ਉਹਨਾ ਦੇ ਮੰਜਰ ਕਿਉਂ ਨਹੀਂ ਲਿਖਦਾ।

ਨਿਰੀ ਇੱਕ ਛੱਤ ਹੈ, ਇਸ ਕੈਦਖਾਨੇ ਦੀ, ਨਿਰੀ ਛੱਤ ਹੈ,
ਉਹ ਆਖਣ ਕਿ ਤੂੰ ਇਸੇ ਨੂੰ ਹੀ, ਅੰਬਰ ਕਿਉਂ ਨਹੀਂ ਲਿਖਦਾ।

ਸੁਖਨਵਰ ਚੁੱਪ ਹੈ, ਹੈਰਾਨ ਹਾਂ ਮੈਂ ਏਸ ਗੱਲ 'ਤੇ ਕੇ,
ਤਿੱਖੇ ਖੰਜਰ ਨੂੰ ਆਖਿਰ ਉਹ ਖੰਜਰ ਕਿਉਂ ਨਹੀਂ ਲਿਖਦਾ।

ਜੋ ਮੇਰੇ ਖ਼ਾਬਾਂ ਵਿੱਚ ਦਿਸਦੈ ਸੁਖਮਈ, ਖੁਸ਼ਨੁਮਾ ਜਿਹਾ,
ਤੂੰ ਮੇਰੇ ਲਈ ਇੰਝ ਦਾ ਪਸ-ਮੰਜ਼ਰ ਕਿਉਂ ਨਹੀਂ ਲਿਖਦਾ ।

ਜਦ ਵੀ ਉੁਹ ਬੋਲਣਗੇ ਤਾਂ ਗੱਲਾਂ ਸੁਣਾਉਣਗੇ

ਜਦ ਵੀ ਉੁਹ ਬੋਲਣਗੇ ਤਾਂ ਗੱਲਾਂ ਸੁਣਾਉਣਗੇ,
ਇਲਜ਼ਾਮ ਸਾਰਾ ਬੇ-ਕਸੂਰਾਂ 'ਤੇ ਲਗਾਉਣਗੇ।

ਵਹਿਮ ਹੈ ਸਾਰਾ ਕੇ ਰੱਬ ਦਿਲਾਂ ਵਿੱਚ ਵੱਸਦੈ,
ਲੋਕ ਜਦ ਮਿਲਦੇ ਨੇ ਬਸ ਦਿਲ ਹੀ ਦੁਖਾਉਣਗੇ।

ਬਚ ਗਿਆ ਜੇ ਫੇਰ ਵੀ ਬਦੀਆਂ ਦਾ ਬਾਦਸ਼ਾਹ,
ਚੋਣਾ ਵਿੱਚ ਸਭ ਉਸ ਨੂੰ ਵੋਟਾਂ ਵੀ ਪਾਉਣਗੇ ।

ਸਮਝ ਲੈਣਾ ਦਿਨ ਓਨ੍ਹਾ ਦੇ ਰਹਿ ਗਏ ਥੋੜੇ,
ਲੋਕ ਜਿਹੜੇ ਸੱਚ ਦਾ ਦੀਵਾ ਜਗਾਉਣਗੇ ।

ਤੂੰ ਸਮਝਦੈਂ ਸੱਚ ਜਿਹੜਾ ਬੋਲੇਦੈ ਉਸ ਦੇ,
ਲੋਕ ਸੱਥਾਂ ਵਿੱਚ ਇਕ ਦਿਨ ਗੀਤ ਗਾਉਣਗੇ ।

ਅੱਜ-ਕੱਲ ਬਹੁਤ ਉਦਾਸ ਰਹਿੰਦੀਆਂ

ਅੱਜ-ਕੱਲ ਬਹੁਤ ਉਦਾਸ ਰਹਿੰਦੀਆਂ ਮੇਰੇ ਘਰ ਦੀਆਂ ਕੰਧਾਂ,
ਗੁੰਮ-ਸੁੰਮ ਨੇ ਕੁੱਝ ਵੀ ਨਾ ਕਹਿੰਦੀਆਂ ਤੇਰੇ ਘਰ ਦੀਆਂ ਕੰਧਾ ।

ਚਿਰਾਂ ਦੀਆਂ ਸਾਂਝਾਂ ਸੀ ਜਿਥੇ, ਓਸ ਥਾਂ ਅੱਜ-ਕੱਲ ਝਗੜੇ,
ਸੋਚਾਂ ਫਿਰਕਾਂ ਨੇ ਖਾ ਲਈਆਂ, ਵਡੇਰੇ ਘਰ ਦੀਆਂ ਕੰਧਾ।

ਘਰ ਦੇ ਅੰਦਰ ਘਰ ਇੱਕ ਵੱਖਰਾ, ਜਦ ਤੋਂ ਵੱਸਣ ਲੱਗਿਐ,
ਆਪੋ ਵਿੱਚ ਨੇ ਵੱਖਰੇ ਰਹਿੰਦੀਆਂ ਮੇਰੇ ਘਰ ਦੀਆਂ ਕੰਧਾਂ।

ਜਿੱਥੇ ਮੋਹ ਤੇ ਪਿਆਰ, ਮੁਹੱਬਤ ਉਹ ਘਰ ਅਸਲੀ ਘਰ ਹੈ,
ਚਾਨਣ-ਚਾਨਣ ਕਹਿੰਦੀਆਂ ਰਹਿਣ ਹਨੇਰੇ ਘਰ ਦੀਆਂ ਕੰਧਾਂ।

ਰਾਤੀਂ ਜਿਹੜੇ ਘਰ ਪੁਹੁੰਚੇ ਨਾ, ਝੱਲੀਆਂ ਓਨਾ ਪੁੱਤਰਾਂ ਨੂੰ,
ਮਾਂਵਾਂ ਵਾਂਗੂ ਲੱਭਦੀਆਂ ਰਹਿਣ ਸਵੇਰੇ ਘਰ ਦੀਆਂ ਕੰਧਾਂ।

ਪੈਸਾ - ਧੇਲਾ, ਰੋਣਕ - ਮੇਲਾ, ਬਿੰਨ ਤੇਰੇ ਸਭ ਕੀ ਹੈ ?
ਸਾਡੇ ਲਈ ਸ਼ਮਸਾਨ ਨੇ, ਰਹਿਣ ਬਸੇਰੇ ਘਰ ਦੀਆਂ ਕੰਧਾਂ।

ਅਸੀਂ ਪੌਣਾਂ ਕੋਲੋਂ ਓਹਦਾ ਹਾਲ-ਚਾਲ ਪੁੱਛਦੇ ਹਾਂ

ਅਸੀਂ ਪੌਣਾਂ ਕੋਲੋਂ ਓਹਦਾ ਹਾਲ-ਚਾਲ ਪੁੱਛਦੇ ਹਾਂ,
ਸਾਡੇ ਬਿਨਾਂ ਓਦਾ ਕਿੰਝ ਦਾ ਏ ਹਾਲ ਪੁੱਛਦੇ ਹਾਂ।

ਮੇਰੇ ਗੀਤਾਂ ਵਿੱਚ ਉਸ ਦੇ ਖਿਆਲ ਭਰੇ ਪਏ ਨੇ,
ਸਾਡੇ ਬਾਰੇ ਕੀ ਏ ਓਸ ਦਾ ਖਿਆਲ ਪੁੱਛਦੇ ਹਾਂ।

ਸਾਨੂੰ ਕਿੰਨੀ ਹੀ ਅਸਾਨੀ ਨਾਲ ਉਹ ਭੁੱਲ ਬੈਠੇ,
ਕਿੰਝ ਕੀਤੀ ਉਹਨਾਂ ਇੰਝ ਦੀ ਕਮਾਲ ਪੁੱਛਦੇ ਹਾਂ।

ਵਿਹੜੇ ਦਿਲ ਵਾਲੇ ਤੇਰੀਆਂ ਹੀ ਯਾਦਾਂ ਦੀ ਧਮਾਲ,
ਤੇਰੇ ਵਿਹੜੇ ਵੀ ਕੋਈ ਪੈਂਦੀ ਏ ਧਮਾਲ ਪੁੱਛਦੇ ਹਾਂ।

ਸਾਡੇ ਸਾਹਾਂ ਵਿੱਚ ਉਸੇ ਦੀ ਹੀ ਖੁਸ਼ਬੋ ਰਲੀ ਏ,
ਕਿੰਝ ਭੁੱਲਾਂ ਯਾਦ ਉਸ ਦੀ ਸਵਾਲ ਪੁੱਛਦੇ ਹਾਂ।

ਦਿਨ ਦਿਹਾੜੇ ਲੁੱਟਦੇ ਜੋ, ਬਾਜਾਰਾਂ ਤੋਂ

ਦਿਨ ਦਿਹਾੜੇ ਲੁੱਟਦੇ ਜੋ, ਬਾਜਾਰਾਂ ਤੋਂ ਡਰ ਲਗਦਾ ਹੈ,
ਐਸੀ ਮਾਰ ਵਗੀ ਏ ਹੁਣ ਤੇ, ਯਾਰਾਂ ਤੋਂ ਡਰ ਲਗਦਾ ਹੈ।

ਏਨੇ ਧੋਖੇ ਉਲਫ਼ਤ ਦੇ ਵਿੱਚ, ਹੁਣ ਤੱਕ ਖਾ ਕੇ ਬੈਠੇ ਹਾਂ,
ਸੱਚ ਪੁੱਛੋ ਤਾਂ ਹੁਣ ਤੇ ਮੈਨੂੰ, ਹਾਰਾਂ ਤੋਂ ਡਰ ਲਗਦਾ ਹੈ।

ਤਾਂਘ, ਉਡੀਕ, ਬੈਰਾਗ, ਵਿਛੋੜਾ, ਬੇ-ਬਸੀ, ਲਾਚਾਰੇ,
ਇਸ਼ਕ 'ਚ ਇਨਾਂ ਸਾਰੇ ਹੀ ਹਥਿਆਰਾਂ ਤੋਂ ਡਰ ਲਗਦਾ ਹੈ।

ਆਪਣਾ ਗ਼ਮ ਆਪਣਾ ਹੁੰਦਾ ਹੈ, ਗੈਰਾਂ ਨੂੰ ਕੀ ਦੱਸਣਾ,
ਅੱਜ-ਕੱਲ ਤਾਂ ਆਪਣੇ ਹੀ ਗ਼ਮਖਾਰਾਂ ਤੋਂ ਡਰ ਲਗਦਾ ਹੈ।

ਕੀ ਮਹਿਕਾਂ ਸੰਗ ਰਲ ਕੇ ਬਹਿਣਾ, ਕੀ ਫੁੱਲਾਂ ਸੰਗ ਹੱਸਣਾ,
ਕੋਮਲ ਪੱਤੀਆਂ ਨੂੰ ਬਸ ਤਿੱਖੇ ਖਾਰਾਂ ਤੋਂ ਡਰ ਲਗਦਾ ਹੈ।

ਆਪੋ ਆਪਣੀ ਡਫਲੀ ਹੈ ਤੇ ਆਪੋ ਆਪਣਾ ਤਾਲ ਹੈ ਇਥੇ,
ਸਾਨੂੰ ਟੋਪੀਆਂ, ਸ਼ਮਲਿਆਂ ਤੇ ਦਸਤਾਰਾਂ ਤੋਂ ਡਰ ਲਗਦਾ ਹੈ।

ਏਦਾਂ ਦਾ ਤੇ ਸੋਚਿਆ ਨਈ ਸੀ, ਜੋ ਇਸ ਮੁਲਕ 'ਚ ਹੋਇਐੈ,
ਬੱਚਿਆਂ ਨੂੰ ਹੁਣ ਸਾਡੇ ਲਾਡ ਪਿਆਰਾਂ ਤੋਂ ਡਰ ਲਗਦਾ ਹੈ।

ਕੀ ਮਾਲੂਮ ਹੈ, ਚੋਰਾਂ ਦੇ ਨਾਲ, ਰਲ ਹੀ ਗਏ ਨਾ ਹੋਵਣ,
ਹੁਣ ਤਾਂ ਸ਼ਹਿਰ ਦੇ ਰਾਖੇ, ਚੌਕੀਂਦਾਰਾਂ ਤੋਂ ਡਰ ਲਗਦਾ ਹੈ ।

ਸੂਰਜ ਟੁੱਕ-ਟੁੱਕ ਸੁੱਟੀ ਜਾਵੇ

ਸੂਰਜ ਟੁੱਕ-ਟੁੱਕ ਸੁੱਟੀ ਜਾਵੇ, ਮਨ ਮੇਰੇ ਦੇ ਅੰਬਰ ਨੂੰ,
ਤਾਰੇ ਡੁੱਬਣ ਦੇ ਲਈ ਤੁਰ ਪਏ ਡੂੰਘੇ ਸ਼ਾਂਤ ਸਮੰਦਰ ਨੂੰ।

ਲਾਸ਼ਾਂ ਦੀ ਗਿਣਤੀ ਔਖੀ ਸੀ, ਵੈਣ ਸੁਣੇ ਨਾ ਜਾਂਦੇ ਪਰ,
ਪੱਥਰ ਦਾ ਭਗਵਾਨ ਕਿਉਂ ਹੱਸੇ ਵੇਖ ਕੇ ਐਸੇ ਮੰਜਰ ਨੂੰ।

ਜਿਹੜੇ ਰੋਟੀ ਅੱਗੇ ਹਰਦੇ, ਰੋਜ਼ ਹੀ, ਗਰਜਾਂ ਅੱਗੇ ਵੀ,
ਭੁੱਖੇ ਬਚਪਨ ਨੇ ਕੀ ਕਰਨਾ ਪੜ ਕੇ ਯਾਰ ਸਿਕੰਦਰ ਨੂੰ।

ਜਿਸਦੇ ਪੈਰਾਂ ਦੇ ਵਿੱਚ ਛਾਲੇ, ਸੀਨੇ ਅੰਦਰ ਖਿੱਚ ਹੋਵੇਗੀ,
ਬਸ ਇਕ ਰਾਹੀ ਸਮਝ ਨਾ ਲੈਣਾ ਐਸੇ ਕਿਸੇ ਮੁਸਾਫ਼ਰ ਨੂੰ।

ਮੇਰੇ ਸੀਨੇ ਦੇ ਵਿੱਚ ਜਿਹੜਾ, ਧੁਰ ਅੰਦਰ ਤੱਕ ਗੱਡਿਆ ਹੈ,
ਮੈਂ ਕਿੰਝ ਤਮਗਾ ਸਮਝਾਂ ਆਪਣੀ ਛਾਤੀ ਵਿਚਲੇ ਖੰਜਰ ਨੂੰ।

ਬੰਦਾ ਅਕਸਰ ਦੁਸਰਿਆਂ ਦੇ ਐਬ ਦਿਖਾਉਦਾ ਰਹਿੰਦਾ ਹੈ,
ਬੇ-ਸਮਝ ਨਾ ਝਾਤੀ ਮਾਰੇ ਕਦੇ ਵੀ ਆਪਣੇ ਅੰਦਰ ਨੂੰ ।

ਜਿਸ ਦੇ ਵਿੱਚ ਮੁਹੱਬਤ ਵਾਲਾ, ਇੱਕ ਵੀ ਬੂਟਾ ਉੱਗੇ ਨਾ,
ਕੀ ਕਰਨਾ ਹੇ ਐਸੀ ਜਾਲਿਮ, ਦਿਲ ਦੀ ਧਰਤੀ ਬੰਜਰ ਨੂੰ ।

ਦਿਲ ਵਿਚ ਨਹੀਂ ਉਮੰਗ ਤਾਂ, ਝੂਠੇ ਹਾਸੇ

ਦਿਲ ਵਿਚ ਨਹੀਂ ਉਮੰਗ ਤਾਂ, ਝੂਠੇ ਹਾਸੇ ਦਾ ਕੀ ਕਰਨਾ ਹੈ,
ਚਾਅ ਨੇ ਜਦੋਂ ਅਧੂਰੇ ਤਾਂ, ਅਸਾਂ ਦੰਦਾਸੇ ਦਾ ਕੀ ਕਰਨਾ ਹੈ।

ਉਸਦੇ ਦਰ ਤੋਂ ਕਿੰਨੇ ਵਾਰੀ ਖਾਲੀ ਮੁੜ ਅਇਆ ਹਾਂ ਮੈਂ,
ਹੁਣ ਮੈਂ ਆਪਣੇ ਦਿਲ ਦੇ ਖਾਲੀ ਕਾਸੇ ਦਾ ਕੀ ਕਰਨਾ ਹੈ ।

ਪਾਣੀ ਦੇ ਵਿੱਚ ਲਹੂ ਹੈ ਘੁਲਿਆ, ਪੌਣਾ ਅੰਦਰ ਜ਼ਹਿਰਾਂ ਨੇ,
ਸੋਹਲ ਪਰਿੰਦਿਆਂ ਐਸੇ ਸ਼ਹਿਰ ਉਦਾਸੇ ਦਾ ਕੀ ਕਰਨਾ ਹੈ ।

ਜਿਹੜਾ ਆਪਣੀ ਪਿਆਸ ਨੂੰ ਆਪੇ ਹੀ ਬੁਝਾ ਸਕਦਾ ਨਹੀ,
ਨਦੀਆਂ ਨੇ ਫਿਰ ਐਸੇ ਦਰਿਆ ਪਿਆਸੇ ਦਾ ਕੀ ਕਰਨਾ ਹੈ।

ਏਥੇ ਹੱਸਦੇ ਚਿਹਰੇ ਵਿਕਦੇ, ਆਪਣੇ ਦੁੱਖ ਲੁਕੋ ਲੈ ਤੂੰ,
ਦੁਨੀਆਂ ਨੇ ਭਲਾ ਤੇਰੇ ਮੁੱਖ, ਉਬਾਸੇ ਦਾ ਕੀ ਕਰਨਾ ਹੈ ।

ਭੁੱਖੇ ਢਿੱਡ ਨੇ, ਰੋਂਦੀਆਂ ਅੱਖਾਂ ਦੇ ਵਿੱਚ ਸੁਪਨਾ ਰੋਟੀ ਦਾ,
ਮਾਸੂਮਾਂ ਨੇ ਬਸ ਇੱਕ ਯਾਰ, ਦਿਲਾਸੇ ਦਾ ਕੀ ਕਰਨਾ ਹੈ ।

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ