Punjabi Kafian Tehkan
ਪੰਜਾਬੀ ਕਾਫ਼ੀਆਂ ਟਹਿਕਨ ਦਾਸ
1. ਲੂੰ ਲੂੰ ਵਿਚਿ ਵਸਦੀ ਹੈ
ਲੂੰ ਲੂੰ ਵਿਚ ਵਸਦੀ ਹੈ,
ਅਖੀਂ ਨਾਹੀਂ ਦਿਸਦੀ ਹੈ,
ਚੁਖ ਨ ਦਿਖਾਲੀ ਨੀ,
ਮੈਂ ਅੰਗੁ ਅੰਗੁ ਸੀਤੀ ਹੈ ।੧।ਰਹਾਉ।
ਪੁਛਣਿ ਸਹੇਲੀਆਂ ਨੀ ਹੋਇਕੈ ਇਕੇਲੀਆਂ,
ਆਖਿ ਦੇਖਾਂ ਵੇਦਨ ਤੈਨੂੰ,
ਬਣੀ ਹੈ ਕਿ ਬੀਤੀ ਹੈ ।੧।
ਆਖਾਂ ਕੀ ਸਹੇਲੀਹੋ ਨੀ,
ਆਖਣ ਦੀ ਗੱਲ ਤੈਨੂੰ,
ਬੈਣਾਂ ਵਿਚਿ ਆਵਹਿ ਨਾਹੀਂ,
ਨੈਣਾਂ ਲਖ ਲੀਤੀ ਹੈ ।੨।
'ਟਹਿਕਨ' ਬਿਹਾਰੀ ਆਵੈ,
ਵਿਛੋੜੇ ਦੀ ਪੀੜ ਪਾਵੈ,
ਨੇਹੁ ਦੀ ਅਨੋਖੀ ਗਾਲ,
ਜਾਣੈ ਜੈ ਸਹੀਤੀ ਹੈ ।੩।
(ਰਾਗ ਜੈਜਾਵੰਤੀ)
(ਬੀਤੀ=ਹੱਡ-ਬੀਤੀ, ਸਹੀਤੀ=
ਸਹਾਰੀ)
2. ਇਕੋ ਵਿਹੜਾ, ਇਕੋ ਰਾਹੁ
ਇਕੋ ਵਿਹੜਾ, ਇਕੋ ਰਾਹੁ,
ਮਿਲਨੇ ਦਾ ਲੱਗੇ ਨਹੀਂ ਦਾਉ,
ਨੇੜੇ ਦਾ ਸੁਨੇਹਾ ਮੈਨੂੰ,
ਸੋਨੇ ਵਾਂਗੂੰ ਗਾਲਦਾ ।੧।ਰਹਾਉ।
ਮੰਦੀਆਂ ਗਵਾਂਢਣੀ,
ਕੋਈ ਆਵਹਿ ਨਹੀਂ ਗਾਂਢਣੀ,
ਆਖਿ ਕੇ ਸੁਣਾਈ ਕੈਨੂੰ,
ਭੇਤੀ ਨਹੀਂ ਹਾਲ ਦਾ ।੧।
'ਟਹਿਕਨ' ਬਿਹਾਰੀ ਹਾਰੀ,
ਜਿੰਦੁ ਜਾਨ ਮੈਂ ਤੈਥੋਂ ਵਾਰੀ,
ਘਿੰਨ ਕੇ ਗਇਆ ਸੀ ਕੋਈ,
ਖ਼ਿਆਲੁ ਪਿਆਰੇ ਲਾਲੁ ਦਾ ।੨।
(ਰਾਗ ਤਿਲੰਗ)
(ਗਾਂਢਣੀ=ਸਹੇਲੀ)
3. ਸੁਨਿ ਰੀ ਸਹੇਲੀ
ਸੁਨਿ ਰੀ ਸਹੇਲੀ ਗਲ ਹੋਇਕੈ ਇਕੇਲੀ
ਮੇਰਾ ਗੋਕੁਲ ਦਾ ਬੇਲੀ ਤੇਰਾ ਮੇਲੀ ਕਰ ਦੇਨੀ ਹਾਂ ।
ਜੈਨੂੰ ਬ੍ਰਿਜ ਨਾਰੀਆਂ ਝਾਕਦੀਆਂ ਨੀ ਵਾਰੋ ਵਾਰੀ
ਤੇਰੇ ਕਾਰਣ ਰਾਤਿ ਦਿਹੇਂ ਮਿੰਨਤ ਕਰੇਨੀ ਹਾਂ ।
ਦੋਵੈਂ ਤੁਸੀਂ ਹੋ ਸਿਆਣੇ, ਲੋੜਹੁ ਮਨ ਦੇ ਭਾਣੇ
ਮਾਣਾ ਤੂੰ ਮਣੇਨੀ ਵਿਚ ਤਾਣਾ ਮੈਂ ਤਣੇਨੀ ਹਾਂ ।
'ਟਹਿਕਨ' ਬਿਹਾਰੀ ਲਾਲ ਜੋਬਨ ਗੁਮਾਨ ਭਰਿਓ
ਭਿੱਜਣ ਦਾ ਨਾਹੀਂ ਕਿਤੈ ਭਾਵੈ ਨਾਲ ਭੇਂਨੀ ਹਾਂ ।
(ਰਾਗ ਬਿਲਾਵਲ)