Teean Teej Deean / Teeyan Da Tiuhar
ਤੀਆਂ ਤੀਜ ਦੀਆਂ - ਤੀਆਂ ਦਾ ਤਿਉਹਾਰ
ਤੀਆਂ
ਤੀਆਂ ਦਾ ਨਾਂ ਲੈਂਦਿਆਂ ਹੀ ਮਨ ਵਿਚ ਸਰੂਰ ਜਿਹਾ ਭਰ ਜਾਂਦਾ ਹੈ। ਖ਼ਿਆਲਾਂ ਵਿਚ ਬਦਲਾਂ ਦੀ ਗੜਗੜਾਹਟ ਦੇ ਨਾਲ ਮੋਰਾਂ ਦੀ ਕਿਆਂ-ਕਿਆਂ, ਘਿਆਕੋ-ਘਿਆਕੋ ਆ ਗੂੰਜਦੀ ਹੈ। ਸਾਉਣ ਦੀ ਫੁਹਾਰ ਕਪੜੇ ਭਿਉਂਦੀ ਤਨ ਮਨ ਨੂੰ ਹੁਲਾਰਾ ਦਿੰਦੀ ਹੈ। ਕੁੜੀਆਂ-ਚਿੜੀਆਂ, ਮੁਟਿਆਰਾਂ, ਵਿਆਂਹਦੜਾਂ ਤੇ ਹੋਰ ਸਭ ਔਰਤਾਂ ਦੇ ਮਨਾਂ ਵਿਚ ਖੇੜਾ ਭਰ ਜਾਣਾ ਤਾਂ ਸੁਭਾਵਕ ਹੈ, ਗੱਭਰੂ ਖ਼ੁਸ਼ ਹੁੰਦੇ ਹਨ ਕਿਉਂ ਜੋ ਉਨ੍ਹਾਂ ਦੀਆਂ ਮੰਗੇਤਰਾਂ, ਵਹੁਟੀਆਂ ਅਤੇ ਭੈਣਾਂ ਸਭ ਖ਼ੁਸ਼ ਹਨ। ਬੁੱਢੇ-ਬੁੱਢੀਆਂ ਖ਼ੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ-ਬੱਚੀਆਂ ਖ਼ੁਸ਼ ਹਨ।
ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ। ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਹਨ। ਪਿੱਪਲਾਂ, ਟਾਹਲੀਆਂ, ਬੋਹੜਾਂ (ਬਰੋਟਿਆਂ) 'ਤੇ ਪੀਘਾਂ ਪਾਉਂਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ। ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਹਨ ਤੇ ਦੋ ਜਾਂ ਵੱਧ ਕੁੜੀਆਂ ਘੇਰੇ ਅੰਦਰ ਨੱਚਦੀਆਂ ਹਨ। ਪੁੰਨਿਆਂ ਵਾਲੇ ਦਿਨ ਵੱਅਲੋ (ਬੱਲੋ) ਪਾਈ ਜਾਂਦੀ ਹੈ। ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਹਨ ਅਤੇ ਦੁੱਬ (ਹਰਾ ਘਾਹ) ਪੁੱਟ ਕੇ ਲਿਆਉਂਦੀਆਂ ਹਨ ਤਾਂ ਜੋ ਵੀਰ ਦਾ ਘਰ ਸਾਉਣ ਦੇ ਮਹੀਨੇ ਦੇ ਘਾਹ ਵਾਂਗੂੰ ਹਰਿਆ-ਭਰਿਆ ਰਹੇ। ਗਿੱਧੇ ਦਾ ਅੰਤ ਕਰਦੀਆਂ ਹੋਈਆਂ ਉਹ ਕਹਿੰਦੀਆਂ ਹਨ:
''ਸਾਉਣ ਵੀਰ 'ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।"
ਤੀਆਂ ਤੋਂ ਬਾਦ ਜਦੋਂ ਕੁੜੀਆਂ ਆਪਣੇ ਸੌਹਰੇ ਵਾਪਸ ਜਾਂਦੀਆਂ ਹਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਆਦਿ ਦੇ ਕੇ ਤੋਰਦੇ ਹਨ।
ਸਾਵੇਂ
ਪੰਜਾਬ ਦੇ ਕਈ ਇਲਾਕਿਆਂ ਵਿਚ ਤੀਆਂ ਦੇ ਤਿਉਹਾਰ ਨੂੰ ਸਾਵੇਂ ਕਿਹਾ ਜਾਂਦਾ ਹੈ। ਪਰ ਤੀਆਂ ਤੇ ਸਾਵੇਂ ਵਿਚ ਇਹ ਫ਼ਰਕ ਹੈ ਕਿ ਤੀਆਂ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਮਨਾਈਆਂ ਜਾਂਦੀਆਂ ਹਨ; ਸਾਵੇਂ ਸਾਉਣ ਦੇ ਹਰ ਐਤਵਾਰ ਨੂੰ ਮਨਾਏ ਜਾਂਦੇ ਹਨ। ਬਾਕੀ ਖਾਣ-ਪਾਣ ਦਾ ਢੰਗ, ਮਹਿੰਦੀ ਲਾਉਣ ਦਾ ਢੰਗ, ਕੁੜੀਆਂ ਦਾ ਤਿਆਰ ਹੋਣ ਦਾ ਢੰਗ ਅਤੇ ਸ਼ਾਮ ਵੇਲੇ ਗਿੱਧਾ ਪਾਉਣਾ ਆਦਿ ਰਸਮਾਂ ਇਕੋ ਜਿਹੀਆਂ ਹਨ।
ਮਹਿੰਦੀ
ਤੀਆਂ ਤੋਂ ਪਹਿਲਾਂ ਦੂਜ ਦੀ ਰਾਤ 'ਮਹਿੰਦੀ ਵਾਲੀ ਰਾਤ' ਹੁੰਦੀ ਹੈ। ਸਭ ਬੁੱਢੀਆਂ, ਅੱਧਖੜ, ਜੁਆਨ ਔਰਤਾਂ, ਮੁਟਿਆਰਾਂ ਕੁੜੀਆਂ ਆਪਣੇ ਹੱਥ ਅਤੇ ਪੈਰਾਂ 'ਤੇ ਮਹਿੰਦੀ ਲਗਾਉਂਦੀਆਂ ਹਨ। ਵਣਜਾਰਿਆਂ ਤੋਂ ਰੰਗ-ਬਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਨੇ। ਨੈਣਾਂ ਕੁੜੀਆਂ ਦੇ ਸਿਰ ਗੁੰਦ ਕੇ ਆਪਣੀ ਕਲਾ ਦੇ ਜੌਹਰ ਦਿਖਾਉਂਦੀਆਂ ਹਨ। ਉਹ ਵਾਲਾਂ ਦੇ ਮੋਰ-ਘੁੱਗੀਆਂ ਬਣਾਉਂਦੀਆਂ ਅਤੇ ਡਾਕ ਬੰਗਲੇ ਸਿਰਜਦੀਆਂ, ਹੁਸਨ ਨੂੰ ਚਾਰ ਚੰਨ ਲਾ ਦਿੰਦੀਆਂ ਹਨ। ਕੁੜੀਆਂ ਵਹੁਟੀਆਂ ਤੀਲੇ ਨਾਲ ਹੀ ਆਪਣੇ ਹੱਥਾਂ 'ਤੇ ਮਹਿੰਦੀ ਦੇ ਖੂਬਸੂਰਤ ਫੁੱਲ ਬੂਟੇ ਚਿੱਤਰ ਲੈਂਦੀਆਂ ਨੇ। ਦੂਜੀ ਸਵੇਰ, ਆਪਣੀਆਂ ਤਲੀਆਂ 'ਤੇ ਖਿੜੇ ਮਹਿੰਦੀ ਦੇ ਰੱਤੇ ਫੁੱਲਾਂ ਨੂੰ ਤੱਕ ਤੱਕ ਫੁੱਲੀਆਂ ਨਹੀਂ ਸਮਾਉਂਦੀਆਂ। ਮਹਿੰਦੀ ਦੇ ਉਘੜਨ ਬਾਰੇ ਕਹਿੰਦੇ ਨੇ ਕਿ ਜਿਸ ਕੁੜੀ ਦੇ ਹੱਥਾਂ ਉੱਤੇ ਮਹਿੰਦੀ ਵੱਧ ਉਘੜੇ, ਉਹ ਕੁੜੀ ਓਨੀ ਹੀ ਆਪਣੀ ਸੱਸ ਨੂੰ ਵੱਧ ਪਿਆਰੀ ਹੁੰਦੀ ਹੈ।
ਗਿੱਧਾ
ਤੀਆਂ ਵਾਲੇ ਦਿਨ, ਦੁਪਹਿਰ ਢਲਣ ਸਾਰ, ਸਭ ਕੁੜੀਆਂ-ਚਿੜੀਆਂ, ਪਹਿਨ ਪੱਚਰ ਕੇ, ਸਿਰ ਗੁੰਦਵਾ ਕੇ, ਹਾਰ ਸ਼ਿੰਗਾਰ ਕਰਕੇ, ਰੱਸੇ ਚੁੱਕ ਕੇ, ਹਿਰਨਾਂ ਦੀਆਂ ਡਾਰਾਂ ਵਾਂਗ ਚੁੰਗੀਆਂ ਭਰਦੀਆਂ, ਤੀਆਂ ਦੇ ਪਿੜ ਵੱਲ ਜਾਂਦੀਆਂ ਹਨ। ਪੀਂਘ ਝੂਟਦੀਆਂ ਕੁੜੀਆਂ, ਰੁੱਖ ਦਾ ਟੀਸੀ ਦਾ ਪੱਤਾ, ਆਪਣੇ ਦੰਦਾਂ ਨਾਲ ਤੋੜਨਾ ਚਾਹੁੰਦੀਆਂ ਹਨ। ਮੁਟਿਆਰਾਂ ਦਾ ਗਿੱਧਾ, ਤੀਆਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਹੈ। ਗਿੱਧਾ ਪੰਜਾਬਣ ਦੇ ਅੰਦਰੂਨੀ ਜਜ਼ਬਿਆਂ ਨੂੰ ਜ਼ੁਬਾਨ ਦਿੰਦਾ ਹੈ। ਮਨ ਦੇ ਵਲਵਲਿਆਂ ਦਾ ਅਲੋਕਾਰ ਪ੍ਰਦਰਸ਼ਨ ਹੋ ਨਿਬੜਦਾ ਹੈ। ਤੀਆਂ ਦੇ ਦਿਨਾਂ 'ਚ ਕੁੜੀਆਂ ਨੂੰ ਨਾ ਸੱਸ ਦਾ ਡਰ ਹੁੰਦਾ, ਨਾ ਸਹੁਰੇ ਕੋਲੋਂ ਘੁੰਡ ਕੱਢਣਾ ਪੈਂਦਾ ਹੈ। ਬੰਧਨਾਂ ਤੋਂ ਮੁਕਤ, ਆਜ਼ਾਦ ਪੰਖੇਰੂਆਂ ਵਾਂਗ, ਕੁੜੀਆਂ ਅੰਬਰੀਂ ਉਡਾਰੀਆਂ ਭਰਨਾ ਚਾਹੁੰਦੀਆਂ ਹਨ ਅਤੇ ਜਵਾਨੀ ਦੀ ਰੱਜ ਕੇ ਪ੍ਰਦਰਸ਼ਨੀ ਲਾਉਣਾ ਚਾਹੁੰਦੀਆਂ ਹਨ। ਬੋਲੀਆਂ ਦੇ ਮਾਧਿਅਮ ਰਾਹੀਂ ਕੁੜੀਆਂ ਧੁਰ ਅੰਦਰੋਂ, ਉਹ ਸਾਰਾ ਦਰਦ ਫਰੋਲ ਦਿੰਦੀਆਂ ਹਨ, ਜਿਹੜਾ ਦਰਦ ਉਨ੍ਹਾਂ ਨੂੰ ਸੱਸ, ਨਣਦ, ਦਰਾਣੀ-ਜਠਾਣੀ ਜਾਂ ਕੰਤ ਵੱਲੋਂ ਮਿਲਿਆ ਹੁੰਦਾ ਹੈ। ਤੀਆਂ ਰੂਹ ਦਾ ਦਰਦ ਕਹਿਣ ਤੇ ਸੁਣਨ ਦਾ ਜ਼ਰੀਆ ਬਣ ਜਾਂਦੀਆਂ ਨੇ।
ਇਨ੍ਹਾਂ ਦਿਨਾਂ 'ਚ ਘਰ-ਘਰ ਮੱਠੀਆਂ ਤਲੀਆਂ ਜਾਂਦੀਆਂ ਨੇ, ਗੁਲਗਲੇ ਪੱਕਦੇ, ਮਾਲ੍ਹਪੂੜੇ ਬਣਦੇ ਅਤੇ ਖੀਰਾਂ ਰਿੱਝਦੀਆਂ ਹਨ। ਕਹਿੰਦੇ ਨੇ: 'ਕਾਹਦਾ ਆਇਆ ਅਪਰਾਧੀਆ, ਜੇ ਸਾਵਣ ਖੀਰ ਨਾ ਖਾਧੀ ਆ।'
ਸੰਧਾਰਾ
ਜਿਹੜੀਆਂ ਕੁੜੀਆਂ ਤੀਆਂ ਦੇ ਦਿਨਾਂ 'ਚ ਪੇਕੇ ਨਹੀਂ ਆਉਂਦੀਆਂ, ਉਨ੍ਹਾਂ ਨੂੰ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਸੰਧਾਰੇ ਵਿੱਚ ਕੁੜੀ ਦਾ ਤਿਓਰ (ਸੂਟ), ਚੂੜੀਆਂ, ਰੰਗਲੀ ਮਹਿੰਦੀ, ਰੇਸ਼ਮ ਦੀ ਲੱਜ, ਮਠਿਆਈ, ਸ਼ਗਨ ਵਜੋਂ ਪੈਸੇ, ਸੱਸ, ਨਣਦ ਅਤੇ ਜੁਆਈ ਦੇ ਕੱਪੜੇ ਹੁੰਦੇ ਹਨ। ਜਿਨ੍ਹਾਂ ਕੁੜੀਆਂ ਦੀ ਮੰਗਣੀ ਹੋਈ ਹੁੰਦੀ ਹੈ, ਉਨ੍ਹਾਂ ਨੂੰ ਤੀਆਂ ਦਾ ਸੰਧਾਰਾ ਸਹੁਰੇ ਘਰੋਂ ਆਉਂਦਾ ਹੈ।
ਤੀਆਂ ਅਤੇ ਸਾਉਣ ਦੇ ਗੀਤ ਤੇ ਬੋਲੀਆਂ
ਲੰਬੇ ਗੀਤ
(ਸੰਧਾਰੇ ਦੇ ਚਾਅ ਨੂੰ ਦਰਸਾਉਂਦਾ ਲੋਕ ਗੀਤ)
ਭੇਜੀਂ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ
ਲਿਖ ਲਿਖ ਭੇਜਾਂ ਬਾਬਲ ਚੀਰੀਆਂ
ਤੂੰ ਪਰਦੇਸਾਂ ਤੋਂ ਆ
ਸਾਵਣ ਆਇਆ
ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ
ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ
ਹੱਥ ਦੀ ਵੇ ਦੇਵਾਂ ਮੁੰਦਰੀ
ਗਲ ਦਾ ਨੌਲੱਖਾ ਹਾਰ
ਸਾਵਣ ਆਇਆ
ਮਹਿੰਦੀ ਤਾਂ ਪਾ ਦੇ ਮਾਏਂ ਸੁੱਕਣੀ,
ਮਾਏਂ ਮੇਰੀਏ
ਮਹਿੰਦੀ ਦਾ ਰੰਗ ਨੀਂ ਉਦਾਸ,
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ,
ਮਾਏਂ ਮੇਰੀਏ ਨੀਂ
ਧੀਆਂ ਨੂੰ ਲਈਂ ਨੀਂ ਮੰਗਾ,
ਸਾਵਣ ਆਇਆ
(ਤੀਆਂ ਲਈ ਲੈਣ ਆਏ ਵੀਰ ਤੋਂ ਭੈਣ ਸੁੱਖ-ਸਾਂਦ ਪੁੱਛਦੀ ਹੈ)
ਸਾਵਣ ਆਇਆ ਨੀ ਸੱਸੀਏ
ਸਾਵਣ ਆਇਆ,
ਇਕ ਤਾਂ ਆਇਆ ਮੇਰਾ
ਅੰਮੀ ਦਾ ਜਾਇਆ,
ਚੜ੍ਹਦੇ ਸਾਵਣ ਮੇਰਾ ਵੀਰ ਨੀ ਆਇਆ
ਆ ਜਾ ਵੇ ਵੀਰਾ
ਸੱਸ ਨਿਨਾਣ ਮੁੱਖ ਮੋੜਿਆ,
ਆ ਜਾ ਵੀਰਾ, ਚੜ੍ਹ ਉੱਚੀ ਅਟਾਰੀ,
ਮੇਰੇ ਕਾਨ੍ਹ ਉਸਾਰੀ,
ਦੇ ਜਾ ਵੀਰਾ ਮੇਰੀ ਮਾਂ ਦੇ ਸਨੇਹੜੇ।
ਮਾਂ ਤਾਂ ਤੇਰੀ ਭੈਣੇ ਪਲੰਘੇ ਬੈਠਾਈ ਪਲੰਘੋਂ ਪੀੜ੍ਹੇ ਬਿਠਾਈ,
ਸਾਥ ਅਟੇਰਨ ਸੂਹੀ ਰੰਗਲੀ ਰਾਮ।
ਆ ਵੇ ਵੀਰਾ ਚੜ੍ਹੀਏ ਉੱਚੀ ਅਟਾਰੀ,
ਮੇਰੇ ਕਾਨ੍ਹ ਉਸਾਰੀ, ਮੇਰੀ ਭਾਬੋ ਦੇ ਦੇਹ ਸੁਨੇਹੜੇ ਰਾਮ।
ਭਾਬੋ ਤਾਂ ਤੇਰੀ ਬੀਬਾ ਗੀਗੜਾ ਜਾਇਆ,
ਨੀ ਤੇਰਾ ਭਤੀਜੜਾ ਜਾਇਆ,
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ।
ਆ ਜਾ ਵੀਰਾ, ਚੜ੍ਹ ਉੱਚੀ ਅਟਾਰੀ,
ਮੇਰੇ ਕਾਨ੍ਹ ਉਸਾਰੀ, ਮੇਰੀਆਂ ਸਹੀਆਂ ਦੇ ਦੇਹ ਸੁਨੇਹੜੇ ਰਾਮ।
ਸਹੀਆਂ ਤਾਂ ਤੇਰੀਆਂ ਭੈਣੇ ਛੋਪ ਨੀ ਪਾਏ,
ਵੇਹੜੀਂ ਚਰਖੇ ਨੀ ਡਾਹੇ,
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀ, ਰਾਮ।
ਚਲ ਵੇ ਵੀਰਾ ਚਲੀਏ ਮਾਂ ਦੇ ਕੋਲੇ,
ਚੁਕ ਭਤੀਜੜਾ ਲੋਰੀ ਦੇਵਾਂਗੀ ਰਾਮ।
(ਸਾਉਣ ਦੇ ਸੁਹਾਵਣੇ ਦ੍ਰਿਸ਼ ਵੇਖਕੇ ਸਈਆਂ ਨੂੰ ਤੀਆਂ ਦਾ ਸੱਦਾ ਅਤੇ ਮਾਹੀ ਦੀ ਯਾਦ)
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਂਘਾਂ ਪਿੱਪਲੀਂ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅੱਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
(ਪੀਂਘਾਂ ਝੂਟਦੀਆਂ ਭੈਣਾਂ ਪ੍ਰਦੇਸ ਗਏ ਵੀਰਾਂ ਨੂੰ ਯਾਦ ਕਰਦੀਆਂ)
ਉੱਚੀ ਉੱਚੀ ਰੋੜੀ
ਵੀਰਾ ਦਮ ਦਮ ਵੇ
ਕੰਗਣ ਰੁੜ੍ਹਿਆ ਜਾਏ
ਮੇਰਾ ਵੀਰ ਮਿਲ ਕੇ ਜਾਇਓ ਵੇ
ਕਿੱਕਣ ਮਿਲਾਂ ਭੈਣ ਮੇਰੀਏ
ਸਾਥੀ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ
ਸਾਥੀਆਂ ਤੇਰਿਆਂ ਦੀ ਸੋਟੀ ਪਕੜਾਂ
ਤੇਰੀ ਪਕੜਾਂ ਬਾਂਹ
ਮੇਰਾ ਵੀਰ ਮਿਲ ਕੇ ਜਾਇਓ ਵੇ
ਕਿੱਕਣ ਮਿਲਾਂ ਭੈਣ ਮੇਰੀਏ
ਸਾਥੀ ਜਾਂਦੇ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ
ਸਾਥੀਆਂ ਤੇਰਿਆਂ ਨੂੰ ਮੂਹੜਾ ਪੀਹੜੀ
ਤੈਨੂੰ ਪਲੰਘ ਬਛੌਣਾ
ਮੇਰਾ ਵੀਰ ਮਿਲ ਕੇ ਜਾਇਓ ਵੇ
ਕਿੱਕਣ ਮਿਲਾਂ ਨੀ ਭੈਣ ਮੇਰੀਏ
ਹੈਨੀ ਕੋਲ ਰੁਪਏ
ਮੇਰੀ ਭੈਣ ਫੇਰ ਮਿਲਾਂਗੇ ਨੀ
ਖੋਹਲ ਸੰਦੂਕ ਵੀਰਾ ਕੱਢਾਂ ਰੁਪਿਆ
ਨੌਂ ਕਰੂੰਗੀ ਤੇਰਾ ਵੇ
ਮੇਰਾ ਵੀਰ ਮਿਲ ਕੇ ਜਾਇਓ ਵੇ
(ਗਿੱਧੇ ਪੈਂਦਾ ਮੀਂਹ)
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਸੁੱਥਣ ਭਿੱਜਗੀ
ਬਹੁਤੇ ਗੋਟੇ ਵਾਲੀ
ਜੱਨਤ ਦੀਆਂ ਭਿੱਜੀਆਂ ਮੀਢੀਆਂ
ਗਿਣਤੀ ʼਚ ਪੂਰੀਆਂ ਚਾਲੀ
ਪੀਂਘ ਝੂਟਦੀ ਸੱਸੀ ਡਿਗ ਪਈ
ਨਾਲੇ ਨੂਰੀ ਨਾਭੇ ਵਾਲੀ
ਸ਼ਾਮੋ ਕੁੜੀ ਦੀ ਝਾਂਜਰ ਗੁਆਚ ਗਈ
ਆ ਰੱਖੀ ਨੇ ਭਾਲੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ
ਸਾਉਣ ਦੀਆਂ ਬੋਲੀਆਂ
ਸ਼ੌਕ ਨਾਲ ਗਿੱਧੇ ਵਿਚ ਆਵਾਂ।
ਬੋਲੀ ਪਾਵਾਂ ਸ਼ਗਨ ਮਨਾਵਾਂ
ਸਾਉਣ ਦਿਆ ਬਦਲਾ ਵੇ
ਮੈਂ ਤੇਰਾ ਜਸ ਗਾਵਾਂ।
ਸਾਉਣ ਮਹੀਨੇ ਘਾਹ ਹੋ ਚਲਿਆ
ਰੱਜਣ ਮੱਝੀਆਂ ਗਾਈਂ,
ਗਿੱਧਿਆ ਪਿੰਡ ਵੜ ਵੇ
ਲਾਂਭ ਲਾਂਭ ਨਾ ਜਾਈਂ।
ਚਿੱਟੀ ਕਣਕ ਦੇ ਮੰਡੇ ਪਕਾਵਾਂ
ਨਾਲੇ ਤੜਕਾਂ ਵੜੀਆਂ
ਗਿੱਧਾ ਸਾਉਣ ਦਾ ਹਾਕਾਂ ਮਾਰੇ,
ਮੈਂ ਵਗਾਰ ਵਿਚ ਫੜੀਆਂ
ਗਿੱਧੇ ਦੇ ਪਿੜ ਵਿਚ ਕੀਕਣ ਜਾਵਾਂ
ਘਰ ਧੰਦੇ ਵਿਚ ਮੜ੍ਹੀਆਂ
ਪੱਟਤੀ ਕਬੀਲਦਾਰੀ ਨੇ
ਤਾਹਨੇ ਦੇਂਦੀਆਂ ਖੜ੍ਹੀਆਂ
ਮੇਰੇ ਹਾਣ ਦੀਆਂ
ਗਿੱਧਾ ਪਾ ਘਰ ਮੁੜੀਆਂ।
ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ ਸੌਹਰੇ ...........
ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਵੇ,
ਸਾਉਣ ਵੀਰ .......
ਸਾਉਣ ਮਹੀਨਾ ਦਿਨ ਤੀਆਂ ਦੇ, ਸਭੇ ਸਹੇਲੀਆਂ ਆਈਆਂ,
ਨੀ ਸੰਤੋਂ ਸ਼ਾਮੋ ਹੋਈਆਂ ਕੱਠੀਆਂ, ਵੱਡੇ ਘਰਾਂ ਦੀਆਂ ਜਾਈਆਂ,
ਨੀ ਕਾਲੀਆਂ ਦੀ ਫਿੰਨੋ ਦਾ ਤਾਂ, ਚਾਅ ਚੁੱਕਿਆ ਨਾ ਜਾਵੇ,
ਝੂਟਾ ਦੇ ਦਿਓ ਨੀ, ਦੇ ਦਿਓ ਨੀ, ਮੇਰਾ ਲੱਕ ਹੁਲਾਰੇ ਖਾਵੇ,
ਝੂਟਾ ਦੇ ........
ਛਮ ਛਮ ਛਮ ਛਮ ਪੈਣ ਪੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ-ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਨੀ ਕੋਇਲੇ ਸਾਉਣ ਦੀਏ
ਤੈਨੂੰ ਹੱਥ ʼਤੇ ਚੋਗ ਚੁਗਾਵਾਂ
ਤੀਆਂ ਦਾ ਚਾਅ
ਆਉਦੀ ਕੁੜੀਏ, ਜਾਂਦੀ ਕੁੜੀਏ, ਤੁਰਦੀ ਪਿੱਛੇ ਨੂੰ ਜਾਵੇਂ,
ਨੀ ਕਾਹਲੀ ਕਾਹਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ,
ਨੀ ਕਾਹਲੀ .......
ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ,
ਤੀਆਂ ਤੀਜ ਦੀਆਂ ........
ਮਹਿੰਦੀ
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਵਿੱਚ ਬਾਗਾਂ ਦੇ ਰਹਿੰਦੀ,
ਘੋਟ-ਘੋਟ ਮੈਂ ਹੱਥਾਂ 'ਤੇ ਲਾਵਾਂ,
ਫੋਲਕ ਬਣ ਬਣ ਲਹਿੰਦੀ,
ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਸਹਿੰਦੀ।
ਬੋਲ ਸ਼ਰੀਕਾਂ ਦੇ…।
ਵੀਰਾਂ ਸੰਬੰਧੀ ਬੋਲੀਆਂ
- ਵੀਰਾ ਆਈਂ ਵੇ ਭੈਣ ਦੇ ਵਿਹੜੇ, ਪੁੰਨਿਆਂ ਦਾ ਚੰਨ ਬਣ ਕੇ।
-
ਬੋਤਾ ਬੰਨ੍ਹ ਦੇ ਸਰਵਣਾ ਵੀਰਾ, ਮੁੰਨੀਆਂ ਰੰਗੀਨ ਗੱਡੀਆਂ।
ਅੱਗਿਓਂ ਵੀਰ ਕਹਿੰਦਾ:
ਮੱਥਾ ਟੇਕਦਾ ਅੰਮਾਂ ਦੀਏ ਜਾਈਏ, ਬੋਤਾ ਭੈਣੇ ਫੇਰ ਬੰਨ੍ਹ ਲਊਂ। - ਹੱਥ ਛਤਰੀ ਰੁਮਾਲ ਪੱਲੇ ਸੇਵੀਆਂ, ਔਹ ਵੀਰ ਮੇਰਾ ਕੁੜੀਓ।
- ਭੈਣਾਂ ਰੋਂਦੀਆਂ ਪਿਛੋਕੜ ਖੜ ਕੇ, ਜਿਨ੍ਹਾਂ ਦੇ ਘਰ ਵੀਰ ਨਹੀਂ।
- ਇੱਕ ਵੀਰ ਦੇਈਂ ਵੇ ਰੱਬਾ! ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।
- ਜਿੱਥੇ ਮੇਰਾ ਵੀਰ ਲੰਘਿਆ, ਕੌੜੀ ਨਿੰਮ ਨੂੰ ਪਤਾਸੇ ਲੱਗਦੇ।
- ਵੀਰਾ ਵੇ ਬੁਲਾ ਸੋਹਣਿਆ, ਤੈਨੂੰ ਦੇਖ ਕੇ ਭੁੱਖੀ ਰੱਜ ਜਾਵਾਂ।
- ਬਾਪੂ ਤੇਰੇ ਮੰਦਰਾਂ ʼਚੋਂ, ਸਾਨੂੰ ਮੁਸ਼ਕ ਚੰਦਨ ਦਾ ਆਵੇ।
- ਚੰਦ ਚੜ੍ਹਿਆ ਬਾਪ ਦੇ ਖੇੜੇ, ਵੀਰ ਘਰ ਪੁੱਤ ਜੰਮਿਆ।
- ਅੱਡੀ ਮਾਰੇ ਮਦਰੱਸਾ ਖੋਲੇ, ਵੀਰ ਮੇਰਾ ਪਤਲਾ ਜਿਹਾ।
- ਵੀਰ ਮੇਰਾ ਨੀ ਗੁਲਾਬੀ ਫੁੱਲ ਵਰਗਾ, ਧੁੱਪ ਵਿਚ ਭੋਂ ਮਿਣਦਾ।
- ਪੱਗਾਂ ਖੱਟੀਆਂ ਤੇ ਵੇਖਣ ਜੱਟੀਆਂ, ਦੋਵੇਂ ਵੀਰ ਘੋੜੀਆਂ ਉਤੇ।
- ਪੱਗਾਂ ਖੱਟੀਆਂ ਤੇ ਵੇਖਣ ਜੱਟੀਆਂ, ਔਹ ਵੀਰ ਮੇਰੇ ਕੁੜੀਓ।
- ਪੱਗਾਂ ਕਾਲੀਆਂ, ਲੱਗਣ ਪਿਆਰੇ, ਵੀਰ ਚਲੇ ਮੱਸਿਆ ਨੂੰ।
- ਕੰਨੀਂ ਨੱਤੀਆਂ ਸੰਧੂਰੀ ਸਿਰ ਸਾਫਾ, ਔਹ ਵੀਰ ਮੇਰਾ ਕੁੜੀਓ।
- ਮੇਰਾ ਵੀਰ ਨੀ ਜਮਾਤੀ ਠਾਣੇਦਾਰ ਦਾ, ਸੰਮਾਂ ਵਾਲੀ ਡਾਂਗ ਰੱਖਦਾ।
- ਤੈਨੂੰ ਵੇਖ ਕੇ ਭੁਖੀ ਰੱਜ ਜਾਵਾਂ, ਸੁੰਦਰ ਸਰੂਪ ਵੀਰਨਾ।
- ਜਿੱਥੇ ਵੱਜਦੀ ਬੱਦਕ ਵਾਂਗ ਗੱਜਦੀ, ਕਾਲੀ ਡਾਂਗ ਮੇਰੇ ਵੀਰ ਦੀ।
-
ਵੀਰ ਨਾ ਆਉਣ ਤੇ ਸੱਸ ਦਾ ਮਿਹਣਾ ਤੇ ਭੈਣ ਦਾ ਜਵਾਬ:
''ਬਹੁਤਿਆਂ ਭਰਾਵਾਂ ਵਾਲੀਏ, ਤੈਨੂੰ ਤੀਆਂ 'ਤੇ ਲੈਣ ਨਹੀਂ ਆਏ।"
ਅੱਗਿਓਂ ਭੈਣ ਕਹਿੰਦੀ ਹੈ -
''ਤੈਥੋਂ ਡਰਦੇ ਲੈਣ ਨਹੀਂ ਆਏ, ਸੱਸੀ ਵੜੇਵੇਂ ਅੱਖੀਏ।"
ਸੱਸ ਅਤੇ ਹੋਰ ਰਿਸ਼ਤਿਆਂ ਸੰਬੰਧੀ ਬੋਲੀਆਂ
ਆਪ ਸੱਸ ਮੰਜੇ ਲੇਟਦੀ
ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ
ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ
ਡੌਲੇ ਕੋਲੋਂ ਬਾਂਹ ਟੁੱਟਗੀ
ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਘਿਆੜੀ ਟੱਕਰੀ
ਸੱਸ ਦੇ ਸਤਾਰਾਂ ਕੁੜੀਆਂ
ਮੱਥਾ ਟੇਕਦੀ ਨੂੰ ਬਾਰਾਂ ਬਜ ਜਾਂਦੇ
ਸੁੱਥਣੇ ਸੂਫ ਦੀਏ
ਤੈਨੂੰ ਸੱਸ ਦੇ ਮਰੇ ਤੋਂ ਪਾਵਾਂ
ਪੌੜੀ ਵਿਚ ਅੱਧ ਮੇਰਾ
ਅਸੀਂ ਜੇਠ ਚੜ੍ਹਨ ਨੀ ਦੇਣਾ
ਤੀਆਂ ਦਾ ਉਮਾਹ ਨਵੇਂ ਯੁੱਗ ਦੇ ਮਨੋਰੰਜਨ ਦੇ ਸਾਧਨਾਂ ਅਤੇ ਭੈਣਾਂ ਦਾ ਪਿਆਰ ਜਾਇਦਾਦ ਦੀ ਭੁੱਖ ਨੇ ਬਹੁਤ ਘਟਾ ਦਿੱਤਾ ਹੈ। ਹੁਣ ਇਹ ਕਲੱਬਾਂ, ਸਟੇਜਾਂ ਜਾਂ ਕੁਝ ਥਾਵਾਂ ਤੇ ਪਾਰਕਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਨਵੇਂ ਯੁੱਗ ਦੀ ਇੱਕ ਚੰਗੇਰੀ ਗੱਲ ਇਹ ਹੈ ਕਿ ਹੁਣ ਸੱਸ-ਨੂੰਹ ਦਾ ਰਿਸ਼ਤਾ ਨਿੱਘਾ ਹੁੰਦਾ ਜਾ ਰਿਹਾ ਹੈ। ਤੀਆਂ ਤੇ ਗਿੱਧਾ ਪੰਜਾਬ ਦੀ ਰੂਹ ਹਨ ਤੇ ਰੂਹ ਕਦੇ ਮਰਦੀ ਨਹੀਂ।