ਪੰਜਾਬੀ ਗ਼ਜ਼ਲ ਸਾਹਿੱਤ ਵਿੱਚ ਤਰਸੇਮ ਨੂਰ ਮਹੱਤਵਪੂਰਨ ਨਾਮ ਹੈ। ਉਸ ਦੇ ਦੋ ਗ਼ਜ਼ਲ ਸੰਗ੍ਰਹਿ “ਪਹਿਲੀ ਬਾਰਿਸ਼” (2012)ਚੇਤਨਾ ਪ੍ਰਕਾਸ਼ਨ,
ਪੰਜਾਬੀ ਭਵਨ ਲੁਧਿਆਣਾ ਵੱਲੋਂ ਛਪਿਆ ਤੇ “ਅੰਬਰ ਹੋਰ ਵੀ ਨੇ” (2021)ਸਪਰੈੱਡ ਪਬਲੀਕੇਸ਼ਨ ਰਾਮਪੁਰ (ਲੁਧਿਆਣਾ) ਵੱਲੋਂ ਪ੍ਰਕਾਸ਼ਿਤ ਹੋਇਆ।
ਤਰਸੇਮ ਨੂਰ ਦਾ ਜਨਮ ਸ਼੍ਰੀ ਗੁਰਦਿਆਲ ਵਰਮਾ ਦੇ ਗ੍ਰਹਿ ਵਿਖੇ ਮੁਕੇਰੀਆਂ ( ਹੋਸ਼ਿਆਰਪੁਰ) ਵਿੱਚ ਮਾਤਾ ਲੀਲਾ ਵਤੀ ਜੀ ਦੀ ਕੁੱਖੋਂ 28 ਜੁਲਾਈ 1955
ਨੂੰ ਹੋਇਆ। ਘਰੇਲੂ ਆਰਥਿਕ ਤੰਗੀਆਂ ਨੇ ਸਕੂਲ ਦੀ ਪੜ੍ਹਾਈ ਅੱਧ ਵਿਚਕਾਰ ਹੀ ਛੁਡਵਾ ਦਿੱਤੀ ਤੇ ਉਹ ਹੌਜ਼ਰੀ ਦਾ ਕੰਮ ਸਿੱਖਣ ਦੀ ਭਾਲ ਵਿੱਚ
ਲੁਧਿਆਣਾ ਵਿਖੇ ਆਪਣੇ ਮਾਸੜ ਜੀ ਕੋਲ ਆ ਗਏ।
ਹੌਜ਼ਰੀ ਵਿੱਚ ਕੰਮ ਕਰਦਿਆਂ ਆਪ ਨੂੰ ਉਰਦੂ ਤੇ ਹਿੰਦੀ ਸਾਹਿੱਤ ਪੜ੍ਹਨ ਦਾ ਸ਼ੌਕ ਪੈ ਗਿਆ। ਇਸੇ ਸ਼ੌਕ ਦੀ ਪੂਰਤੀ ਲਈ ਉਹ ਦਰੇਸੀ ਗਰਾਉਂਡ ਲੁਧਿਆਣਾ
ਵਿੱਚ ਹਰ ਹਫ਼ਤੇ ਜੁੜਦੀ ਅਦਬੀ ਮਹਿਫ਼ਲ ਵਿੱਚ ਸ਼ਾਮਿਲ ਹੌਣ ਲੱਗ ਪਏ। ਇਸ ਵਿੱਚ ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ, ਬਖ਼ਸ਼ੀ ਰਾਮ ਕੌਸ਼ਲ,
ਰਾਮ ਨਾਥ ਸਰਵਰ,ਸੁਰਜਨ ਸਿੰਘ ਮੌਜ, ਕੈਸ ਜਲੰਧਰੀ, ਓਮ ਦੱਤ ਤਾਲਿਬ,ਗੈਰਤ ਲਾਇਲਪੁਰੀ, ਸ਼ੌਕ ਲੁਧਿਆਣਵੀ ਸਮੇਤ ਉਰਦੂ ਦੇ ਕਈ ਚੰਗੇ ਤੇ
ਸਿਖਾਂਦਰੂ ਸ਼ਾਇਰ ਵੀ ਸ਼ਾਮਿਲ ਹੁੰਦੇ ਸਨ। ਇਨ੍ਹਾਂ ਨੂੰ ਸੁਣਦਿਆਂ ਤਰਸੇਮ ਨੂਰ ਦਾ ਵੀ ਕਾਵਿ ਚਸ਼ਮਾ ਫੁੱਟ ਪਿਆ। ਓਮ ਦੱਤ ਤਾਲਿਬ ਜੀ ਨੂੰ ਉਸਤਾਦ
ਮੰਨ ਕੇ ਉਹ ਉਰਦੂ ਕਲਾਮ ਕਹਿਣ ਲੱਗੇ।
ਕੁਝ ਸਾਲਾਂ ਬਾਦ ਰੋਜ਼ਾਨਾ ਅਖ਼ਬਾਰ ਅਜੀਤ ਵਿੱਚ ਛਪਦੀ ਗ਼ਜ਼ਲ ਫੁਲਵਾੜੀ ਤੋਂ ਪ੍ਰੇਰਤ ਹੋ ਕੇ ਪੰਜਾਬੀ ਵਿੱਚ ਵੀ ਲਿਖਣ ਲੱਗ ਪਏ।
ਉਨ੍ਹਾਂ ਦੀ ਪਹਿਲੀ ਗ਼ਜ਼ਲ ਅਜੀਤ ਵਿੱਚ ਛਪੀ ਜਿਸ ਦਾ ਪਹਿਲਾ ਸ਼ਿਅਰ ਸੀਃ
ਕੀ ਹੋਇਆ ਜੇ ਪਾਣੀ ਨਹੀਂਓ।
ਦਿਲ ਦੀ ਅੱਗ ਬੁਝਾਣੀ ਨਹੀਂਓ।
ਸਾਲ 2001 ਦੇ ਨੇੜੇ ਦੂਰਦਰਸ਼ਨ ਦੇ ਇੱਕ ਕਵੀ ਦਰਬਾਰ ਵਿੱਚ ਤ੍ਰੈਲੋਚਨ ਲੋਚੀ ਨੇ ਉਨ੍ਹਾਂ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਗ਼ਜ਼ਲ ਮੰਚ ਦੀਆਂ
ਮਾਸਿਕ ਇਕੱਤਰਤਾਵਾਂ ਵਿੱਚ ਆਉਣ ਦੀ ਦਾਅਵਤ ਦਿੱਤੀ। ਪੰਜਾਬੀ ਭਵਨ ਦੀਆਂ ਸਰਗਰਮੀਆਂ ਕਾਰਨ ਤਰਸੇਮ ਨੂਰ ਪੰਜਾਬੀ ਗ਼ਜ਼ਲ ਅੰਬਰ ਦਾ ਰੌਸ਼ਨ
ਸਿਤਾਰਾ ਬਣ ਗਿਆ। ਉਸ ਦੇ ਲਿਖੇ ਹਰ ਸ਼ਬਦ ਨੂੰ ਸਾਹ ਰੋਕ ਕੇ ਸੁਣਿਆ ਜਾਣ ਲੱਗਾ।
ਅੱਜ ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਹੌਜ਼ਰੀ ਕਾਰੋਬਾਰੀਆਂ ਵਿੱਚ ਸ਼ਾਮਿਲ ਤਰਸੇਮ ਨੂਰ ਨੂੰ ਅੱਜ ਪੁਰੇ ਵਿਸ਼ਵ ਵਿੱਚ ਸਮਰੱਥ ਗ਼ਜ਼ਲਗੋ ਵਜੋਂ ਜਾਣਿਆ ਜਾਂਦਾ ਹੈ।
ਮੈਨੂੰ ਮਾਣ ਹੈ ਕਿ ਉਸ ਦੇ ਪਹਿਲੇ ਗ਼ਜ਼ਲ ਸੰਗ੍ਰਹਿ “ਪਹਿਲੀ ਬਾਰਿਸ਼” ਦਾ ਮੁੱਖ ਬੰਦ 2012 ਵਿੱਚ ਮੈਂ ਲਿਖਿਆ ਸੀ।
- ਗੁਰਭਜਨ ਗਿੱਲ