Tanveer Bukhari
ਤਨਵੀਰ ਬੁਖ਼ਾਰੀ

ਨਾਂ-ਫ਼ਕੀਰ ਮੁਹੰਮਦ, ਕਲਮੀ ਨਾਂ-ਤਨਵੀਰ ਬੁਖ਼ਾਰੀ,
ਪਿਤਾ ਦਾ ਨਾਂ-ਅਲਾਮਾ ਅਬਦੁਲ ਰਹਿਮਾਨ ਸ਼ਾਹ ਬੁਖ਼ਾਰੀ,
ਜਨਮ ਤਾਰੀਖ਼-10 ਨਵੰਬਰ 1939,
ਜਨਮ ਸਥਾਨ : ਭਿਖੀਵਿੰਡ ਹਠਾੜ, ਜ਼ਿਲਾ ਕਸੂਰ,
ਵਿਦਿਆ-ਐਮ. ਏ.; ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਵਿਲਕਣੀਆਂ (ਗ਼ਜ਼ਲ ਸੰਗ੍ਰਿਹ), ਲੋਏ ਲੋਏ (ਗ਼ਜ਼ਲ ਸੰਗ੍ਰਿਹ), ਐਸ਼ ਟਰੇ, (ਗ਼ਜ਼ਲ ਸੰਗ੍ਰਿਹ), ਪੀੜ ਦਾ ਬੂਟਾ (ਗ਼ਜ਼ਲ ਸੰਗ੍ਰਿਹ), ਗ਼ਜ਼ਲ ਸ਼ੀਸ਼ਾ (ਗ਼ਜ਼ਲ ਸੰਗ੍ਰਿਹ) ਸ਼ਾਇਰੀ, ਮੁਕਾਸ਼ਫ਼ਾ, ਬੁਝੀ ਇਸ਼ਕ ਦੀ ਅੱਗ ਨੂੰ ਵਾ ਲੱਗੀ, ਤਾਜ਼ੇ ਫੁੱਲ, ਇਸ਼ਕ ਦੀਆਂ ਛੱਲਾਂ, ਤਨਵੀਰ ਦੇ ਗੀਤ, ਗੋਰੀ ਦੀਆਂ ਝਾਂਜਰਾਂ, ਜਾਹ ਬੇਦਰਦਾ, ਕੁੜੱਤਣਾਂ, ਨਜ਼ਰਾਨਾ, ਸਲਾਮ ਆਖਣਾ ਵਾਂ, ਮਾਅਰਫ਼ਤ ਦਾ ਖ਼ਜ਼ੀਨਾ, ਵੈਣ, ਉਦਾਸੀਆਂ, ਸੁਨੇਹੜੇ, ਵਾਸ਼ਨਾ, ਸੋਹਣੀ ਧਰਤੀ, ਮਾਹੀਆ,
ਪਤਾ-ਪੰਜਾਬੀ ਕਲਚਰ ਸੈਂਟਰ, ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ ।

Punjabi Ghazlan : Tanveer Bukhari

ਪੰਜਾਬੀ ਗ਼ਜ਼ਲਾਂ : ਤਨਵੀਰ ਬੁਖ਼ਾਰੀ



ਉਮਰ ਪੜ੍ਹੇਂਦਿਆਂ ਬੁੱਢੀ ਹੋਈ, ਹਾਲੇ ਇਲਮ ਅੰਞਾਣਾ

ਉਮਰ ਪੜ੍ਹੇਂਦਿਆਂ ਬੁੱਢੀ ਹੋਈ, ਹਾਲੇ ਇਲਮ ਅੰਞਾਣਾ । ਸਮਝ ਕੇ ਆਪਣੇ ਆਪ ਨੂੰ ਦਾਨਾ, ਜਾਹਲ ਰਹਿਯਾ ਨਿਮਾਣਾ । ਨਾਦਰ ਸ਼ਾਹ ਦੇ ਲਸ਼ਕਰ ਵਾਂਗੂੰ, ਮਿੱਧ ਗਿਆ ਪੈਰਾਂ ਥੱਲੇ, ਕਿਹੜੇ ਵਸਲੋਂ ਚੇਤੇ ਆਵੇ, ਸਾਨੂੰ ਵਕਤ ਪੁਰਾਣਾ । ਅਸੀਂ ਬੇਹਿਰਸੇ ਜਿਹੇ ਜ਼ਰਦਾਰਾ! ਬੁਜ਼ਦਿਲ ਆਂ ਯਾ ਸੂਫ਼ੀ, ਸਹਿ ਜਾਨੇ ਆਂ ਜ਼ੁਲਮ ਤਿਰੇ ਨੂੰ, ਸਮਝ ਕੇ ਰੱਬ ਦਾ ਭਾਣਾ । ਖਾ ਜਾਣਾ ਸੀ ਵੇਚ ਕੇ ਰੱਬ ਨੂੰ, ਕਰ ਕੇ ਹੇਰਾ ਫੇਰੀ, ਜੇਕਰ ਮੁੱਲਾਂ ਵਾਂਗੂੰ ਮੈਂ ਵੀ, ਹੁੰਦਾ ਏਡ ਸਿਆਣਾ । ਅਸੀਂ ਉਨ੍ਹਾਂ ਚੋਂ ਨਾਹੀਂ ਜਿਹੜੇ, ਨਿਰੇ ਮਰਨ ਲਈ ਜੰਮੇ, ਅਸੀਂ ‘ਬੁਖਾਰੀ’ ਦੁਨੀਆਂ ਨੂੰ ਕੋਈ ਕੰਮ ਵਿਖਾ ਕੇ ਜਾਣਾ ।

ਅਜੇ ਕਿੰਨੀ ਕੁ ਡੂੰਘੀ ਏ ਸਫ਼ਰ ਦੀ ਰਾਤ ਯਾ ਅੱਲ੍ਹਾ

ਅਜੇ ਕਿੰਨੀ ਕੁ ਡੂੰਘੀ ਏ ਸਫ਼ਰ ਦੀ ਰਾਤ ਯਾ ਅੱਲ੍ਹਾ । ਕਦੋਂ ਆਖ਼ਰ ਬਣੇਗੀ ਮੰਜ਼ਿਲਾਂ ਦੀ ਬਾਤ ਯਾ ਅੱਲ੍ਹਾ । ਉਡੇਂਦੇ ਪੰਛੀ ਰਲ-ਮਿਲ ਕੇ ਤੇ ਚੁਗਦੇ ਚੋਗ ਵੀ ਸਾਂਝੀ, ਜੁਦਾ ਏ ਆਦਮੀ ਤੋਂ ਆਦਮੀ ਦੀ ਜ਼ਾਤ ਯਾ ਅੱਲ੍ਹਾ । ਤੇਰੇ ਆਸੇ ਉਸਾਰੀ ਬੈਠਾ ਹਾਂ ਮੈਂ ਮਹਿਲ ਆਸਾਂ ਦੇ, ਮੇਰੀ ਕੱਖਾਂ ਦੀ ਕੁੱਲੀ ਵੱਲੇ ਵੀ ਇਕ ਝਾਤ ਯਾ ਅੱਲ੍ਹਾ । ਵਪਾਰੀ ਤੇਰੇ ਦੁੱਖਾਂ ਦਾ ਮੈਂ ਸ਼ਾਹੂਕਾਰ ਦਰਦਾਂ ਦਾ, ਨਜ਼ਰ ਆਵੇ ਕੀ ਦੁਨੀਆ ਨੂੰ ਮੇਰੀ ਔਕਾਤ ਯਾ ਅੱਲ੍ਹਾ । ਬਿਨਾ ਤੇਰੀ ਮੁਹੱਬਤ ਦੇ ਸਿਵਾ ਆਪਣੇ ਗੁਨਾਹਾਂ ਤੋਂ, 'ਬੁਖ਼ਾਰੀ' ਕੋਲ ਨਾਹੀਂ ਹੋਰ ਕੋਈ ਸੌਗ਼ਾਤ ਯਾ ਅੱਲ੍ਹਾ ।

ਐਡੇ ਕੂੜੇ ਜੱਗ ਵਿਚ ਯਾਰਾ ਸੱਚ ਕਿਵੇਂ ਕੋਈ ਬੋਲੇ

ਐਡੇ ਕੂੜੇ ਜੱਗ ਵਿਚ ਯਾਰਾ ਸੱਚ ਕਿਵੇਂ ਕੋਈ ਬੋਲੇ । ਕਿੰਜ ਕਰੇ ਕੋਈ ਦਿਲ ਨੂੰ ਨੰਗਾ ਭੇਦ ਦਿਲਾਂ ਦੇ ਖੋਲ੍ਹੇ । ਦਗ਼ੀਆਂ ਹੋਈਆਂ ਸੱਧਰਾਂ ਵਾਲੀ ਅੱਗ ਹੀ ਅੱਗ ਚੁਫ਼ੇਰੇ, ਨੰਗੀ ਚਿੱਟੀ ਆਸ ਨਿਮਾਣੀ ਕਿਹੜੇ ਘੁਰਨੇ ਟੋਲ੍ਹੇ । ਰਾਤ ਦੇ ਹਿਰਖੀ ਰੁੱਖ ਦੇ ਉੱਤੇ ਚੰਨ ਦਾ ਫੱਟੜ ਪੰਛੀ, ਖੇਰੂੰ ਖੇਰੂੰ ਚਿੜੀਆਂ ਹੋਈਆਂ ਉਡ ਪੁਡ ਗਏ ਮਮੋਲੇ । ਉਤਲੇ ਉਤਲੇ ਹਾਸਿਆਂ ਅੰਦਰ ਹੁਣ ਥੱਲੇ ਦੇ ਰੋਣੇ, ਜਿੰਨੇ ਚੀੜੇ੍ਹ ਚਾਨਣ ਬਾਹਰੋਂ ਓਨੇ ਅੰਦਰੋਂ ਪੋਲੇ । ਰੋਈਏ ਰੱਜ ਰੱਜ ਕੇ ਅੱਜ ਬੱਲੀ ਰਹਵੇ ਨਾ ਕੋਈ ਉਲਾਹਮਾਂ, ਕਿਸ ਨੂੰ ਕਾਹਦੀ ਪੀੜ 'ਬੁਖ਼ਾਰੀ' ਆਵੇ ਤੇ ਦੁਖ ਫੋਲੇ ।

ਸਾਹਵਾਂ ਦੀ ਜ਼ੰਜੀਰ ਦੀ ਈ ਕਾਫ਼ੀ ਏ ਮੈਨੂੰ ਸਜ਼ਾ

ਸਾਹਵਾਂ ਦੀ ਜ਼ੰਜੀਰ ਦੀ ਈ ਕਾਫ਼ੀ ਏ ਮੈਨੂੰ ਸਜ਼ਾ । ਜਾਣ ਦੇ ਹੁਣ ਜ਼ਿੰਦਗੀ ਨੂੰ ਰੇਤ ਦੇ ਪੈਂਖੜ ਨਾ ਪਾ । ਕੱਲਾ ਬਹਿ ਕੇ ਕਰਨਾ ਵਾਂ ਜਦ ਗੱਲਾਂ ਆਪਣੇ ਆਪ ਨਾਲ, ਇੰਜ ਲਗਦਾ ਏ ਜਿਵੇਂ ਹੋਰ ਈ ਕੋਈ ਹੈ ਬੋਲਦਾ । ਕੀ ਏ ਜੇ ਕਰ ਚੜ੍ਹ ਗਈ ਘੂਕੀ ਜ਼ਰਾ ਕੁ ਵਿਸ਼ ਦੀ, ਸੱਧਰਾਂ ਦੀ ਸੱਪਣੀ ਦੱਸੋ ਕੀਹਨੂੰ ਜੇ ਡੰਗਿਆ । ਸੁਫ਼ਨਿਆਂ ਦੇ ਪੈਂਡੇ ਵਿਚ ਸੀ ਉਹ ਵੀ ਮੇਰੇ ਨਾਲ ਨਾਲ, ਸਫ਼ਰ ਪਰ ਜਗਰਾਤਿਆਂ ਦਾ ਕੱਲਿਆਂ ਕਰਨਾ ਪਿਆ । ਮਰ ਗਿਆ 'ਤਨਵੀਰ' ਹੋਈ ਨਾ ਕਿਸੇ ਨੂੰ ਵੀ ਖ਼ਬਰ, ਨਾਲ ਦੇ ਕਮਰੇ 'ਚ ਉਵੇਂ ਰੇਡੀਉ ਵਜਦਾ ਰਿਹਾ ।

ਸ਼ਿਅਰ ਸੋਨਾ ਹੋਣ ਤੇ ਟੂੰਬਾਂ ਉਹਨੂੰ ਘੜਵਾ ਦਿਆਂ

ਸ਼ਿਅਰ ਸੋਨਾ ਹੋਣ ਤੇ ਟੂੰਬਾਂ ਉਹਨੂੰ ਘੜਵਾ ਦਿਆਂ । ਸੋਚ ਸ਼ੈ ਹੋਵੇ ਕੋਈ ਤੇ ਉਸਦੇ ਨਾਵੇਂ ਲਾ ਦਿਆਂ । 'ਵਾਜ ਦੇਵੇ ਯਾ ਨਾ ਦੇਵੇ ਓਸਦੀ ਮਰਜ਼ੀ ਹੈ ਇਹ, ਫ਼ਰਜ਼ ਏ ਇਕਵਾਰ ਉਹਦਾ ਬੂਹਾ ਤੇ ਖੜਕਾ ਦਿਆਂ । ਮੰਨਿਆਂ ਹੋ ਜਾਏਗਾ ਦੋ ਵਕਤ ਦੀ ਰੋਟੀ ਦਾ ਆਹਰ, ਘਰ ਦੀਆਂ ਗੱਲਾਂ ਕਿਵੇਂ ਅਖ਼ਬਾਰ ਵਿਚ ਛਪਵਾ ਦਿਆਂ । ਖ਼ਤਮ ਹੋਵਣ ਫ਼ਾਸਿਲੇ ਤੇ ਮੁੱਕ ਜਾਵੇ ਤੇਰ-ਮੇਰ ਜੀ ਕਰੇ 'ਤਨਵੀਰ' ਕੰਧਾਂ ਸਾਰੀਆਂ ਈ ਢ੍ਹਾ ਦਿਆਂ ।

ਹਿਯਾਤੀ ਦੋਸਤੋ ਜੇ ਕਰਬਲਾ ਏ

ਹਿਯਾਤੀ ਦੋਸਤੋ ਜੇ ਕਰਬਲਾ ਏ । ਸ਼ਹਾਦਤ ਪਾਉਣ ਦਾ ਮੈਨੂੰ ਵੀ ਚਾ ਏ । ਮੈਂ ਅੱਖੀਆਂ ਮੀਟ ਕੇ ਪਿਆ ਵੇਖਨਾਂ ਵਾਂ, ਉਹ ਮੇਰੇ ਸਾਹਮਣੇ ਆਇਆ ਖੜਾ ਏ । ਨਿਸੂੰਹਾਂ ਬੰਦਿਆਂ ਦੇ ਚਿਹਰਿਆਂ ਤੋਂ, ਕਿਤਾਬਾਂ 'ਚੋਂ ਭਲਾ ਕੀ ਟੋਲਦਾ ਏ । ਕਿਰੀ ਜਾਂਦੇ ਨੇ ਇੰਜ ਅੱਖਰ ਲਬਾਂ 'ਚੋਂ, ਜਿਵੇਂ ਝੋਲੀ 'ਚ ਮੋਰਾ ਹੋ ਗਿਆ ਏ । ਕੋਈ ਝਾਲੂ ਨਾ ਬਣਦਾ ਏਸ ਦਾ ਵੀ, 'ਬੁਖ਼ਾਰੀ' ਵੀ ਜਿਵੇਂ ਮੇਰਾ ਭਰਾ ਏ ।

ਹੁਸਨ ਅੱਖੀਆਂ ਵਿੱਚ ਪਿਆ ਹਜ਼ਮ ਕਰਨਾਂ

ਹੁਸਨ ਅੱਖੀਆਂ ਵਿੱਚ ਪਿਆ ਹਜ਼ਮ ਕਰਨਾਂ, ਹੋਇਆ ਸੁੰਨ ਮੈਂ ਹੈਰਤ ਦੇ ਨਾਲ ਨਹੀਂ ਜੀ ਸੱਤੇ ਰੰਗ ਸਮੇਟ ਕੇ ਵਿੱਚ ਨੈਣਾਂ, ਅਜੇ ਰੱਜਿਆ ਮੇਰਾ ਖ਼ਿਆਲ ਨਹੀਂ ਜੀ ਮੇਰੇ ਮੱਥੇ 'ਤੇ ਵੱਜੀਆਂ ਇੰਜ ਲੀਕਾਂ, ਜਿਵੇਂ ਤਖ਼ਤੀ 'ਤੇ ਲਿੱਖਦੇ ਬਾਲ ਨਹੀਂ ਜੀ ਜਿਹੋ ਜਿਹਾ ਪੈ ਵੇਖਦੇ ਹੋ ਬਾਹਰੋਂ, ਮੇਰਾ ਅੰਦਰੋਂ ਏਹੋ ਜਿਹਾ ਹਾਲ ਨਹੀਂ ਜੀ ਰਹਿਨਾਂ ਪਿਛਾਂਹ ਦੋ ਪੈਰ ਮੈਂ ਜੱਗ ਕੋਲੋਂ, ਅੱਗੇ ਲੰਘਦਾ ਮਾਰ ਕੇ ਛਾਲ਼ ਨਹੀਂ ਜੀ ਪਤਾ ਨਹੀਂ ਕਿਓਂ ਲੋਕੜੇ ਵੈਰ ਪੈ ਗਏ, ਮੈਂ ਕਦੇ ਵਿਖਾਇਆ ਕਮਾਲ ਨਹੀਂ ਜੀ ਵੱਗ ਪੀੜਾਂ ਦਾ ਆਪੇ ਈ ਚਾਰਨੇ ਆਂ, ਅਸਾਂ ਰੱਖਿਆ ਕੋਈ ਭਿਆਲ ਨਹੀਂ ਜੀ ਖੈਰ ਨਾਲ਼ ਇਹ ਸਾਰਾ ਈ ਆਪਣਾ ਏ, ਕਿਸੇ ਹੀਰ ਸਿਆਲ ਦਾ ਮਾਲ ਨਹੀਂ ਜੀ ਵਿੱਚੋਂ ਗੱਲ ਦਿਓਂ ਨਿਕਲੇ ਗੱਲ ਜਿਵੇਂ, ਵਿੱਚੋਂ ਨਹਿਰ ਦਿਓਂ ਨਿਕਲ਼ਦਾ ਖਾਲ਼ ਨਹੀਂ ਜੀ ਚੋ ਲਵੋ ਹਯਾਤੀ ਦਾ ਨੂਰ ਜਿਵੇਂ, ਡੂਨਾ ਭਰੀ ਦਾ ਡੋਕਿਆਂ ਨਾਲ਼ ਨਹੀਂ ਜੀ ਕੀਤਾ ਕੈਦ ਸਮੁੰਦਰ ਨੂੰ ਵਿੱਚ ਕੁੱਜੇ, ਆਖ ਦੇਣਾ ਤੇ ਕੋਈ ਮਹਾਲ ਨਹੀਂ ਜੀ ਚੁੰਝ ਭਰ ਕੇ ਚਿੜੀ ਜਿਓਂ ਸਮਝਦੀ ਏ, ਪਾਣੀ ਨੈਂ 'ਚ ਰਹਿਆ ਰਵਾਲ ਨਹੀਂ ਜੀ ਵਾਂਗ ਬੁੱਤ ਦੇ ਕੁਸਕਦਾ ਬੋਲਦਾ ਨਹੀਂ, ਲੱਗੀ ਹੋਈ ਜਿਵੇਂ ਅਲਫ਼ੀ ਬੁੱਲ੍ਹੀਆਂ 'ਤੇ ਜੀ ਓਥੇ ਖੜਾ ਹੈ ਅੱਜ ਤਨਵੀਰ ਖ਼ੌਰੇ, ਜਿਥੇ ਬੋਲਣ ਦੀ ਹੁੰਦੀ ਮਜਾਲ ਨਹੀਂ ਜੀ

ਕਿਸੇ ਦੀ ਭਾਲ ਵਿਚ ਪੈ ਕੇ ਖਹਾ ਬੈਠੇ ਖੁਰਾ ਅਪਣਾ

ਕਿਸੇ ਦੀ ਭਾਲ ਵਿਚ ਪੈ ਕੇ ਖਹਾ ਬੈਠੇ ਖੁਰਾ ਅਪਣਾ । ਅਸੀਂ ਕੀ ਹਾਂ ਤੇ ਕਿਹੜੇ ਹਾਂ ਕੀ ਹੁਣ ਦਸੀਏ ਪਤਾ ਅਪਣਾ । ਤਿਰੇ ਮਿਲਣ ਤੋਂ ਪਹਿਲੇ ਵੀ ਮੈਂ ਤਾਰੇ ਗਿਣਦਾ ਰਹਿੰਦਾ ਸਾਂ, ਤਿਰੇ ਮਿਲਣ ਤੋਂ ਮਗਰੋਂ ਵੀ ਹੈ ਓਹੀ ਰਤਜਗਾ ਅਪਣਾ । ਪਤਾ ਸੀ ਝੱਖੜਾਂ ਦੇ ਕਾਰਨਾਮੇ ਦਾ, ਤੇ ਮੁੜ ਕਾਹਨੂੰ, ਮੈਂ ਨਾਜ਼ਕ ਸ਼ਾਖ ਉੱਤੇ ਪਾ ਲਿਆ ਸੀ ਆਲ੍ਹਣਾ ਅਪਣਾ । ਤਿਰੇ ਪੈਰੀਂ ਵੀ ਕੰਡੇ ਨੇ, ਮਿਰੇ ਪੋਟੇ ਵੀ ਜ਼ਖ਼ਮੀ ਨੇ, ਮਿਰਾ ਦਾਰੂ ਵੀ ਹੋ ਜਾਸੀ, ਉਪਾ ਕਰ ਦੋਸਤਾ ਅਪਣਾ । ਬੜਾ ਹੈਰਾਨ ਹੋਵਾਂਗਾ, ਮੈਂ ਕਿਸ ਰੰਗਣ 'ਚ ਆਇਆ ਵਾਂ, ਪਛਾਤਾ ਈ ਕਿ ਨਈਂ ਖ਼ਬਰੇ, 'ਬੁਖ਼ਾਰੀ' ਆਂ ਤਿਰਾ ਅਪਣਾ ।

ਕੀਤਾ ਜਾਂਦਾ ਏ ਤੇ ਆਪੇ ਕਰ ਲਵੋ ਕੋਈ ਉਪਾ

ਕੀਤਾ ਜਾਂਦਾ ਏ ਤੇ ਆਪੇ ਕਰ ਲਵੋ ਕੋਈ ਉਪਾ । ਉਹ ਤੇ ਦਾਰੂ ਦੇਣ ਦੀ ਥਾਂ ਜ਼ਹਿਰ ਦੇ ਕੇ ਟੁਰ ਗਿਆ । ਤੋੜਨਾ ਈਂ ! ਜੇ ਜ਼ਰੂਰੀ, ਇੱਕ ਪਾਸੇ, ਕਰਕੇ ਤੋੜ, ਰਸਤੇ ਵਿਚ ਕਿਰਚਾਂ ਖਿੰਡਣ ਇਹ ਠੀਕ ਨਈਓਂ ਬੇਲੀਆ । ਕੀ ਏ ਜੇ ਕਰ ਚੜ੍ਹ ਗਈ, ਘੂਕੀ ਜ਼ਰਾ ਕੁ ਜ਼ਹਿਰ ਦੀ, ਸੱਧਰਾਂ ਦੀ ਨਾਗਣੀ ਦੱਸੋ ਕਿਹਨੂੰ ਨਈਂ ਡੰਗਿਆ । ਸੁਪਨਿਆਂ ਦੇ ਪੈਂਡੇ ਵਿਚ ਵੀ, ਸੀ ਉਹ ਮੇਰੇ ਨਾਲ ਨਾਲ, ਪਰ ਸਫ਼ਰ ਜਗਰਾਤਿਆਂ ਦਾ ਕੱਲਿਆਂ ਕਰਨਾ ਪਿਆ । ਛਾਂ ਗ਼ਜ਼ਲ ਦੀ ਮਾਨਣੀ 'ਤਨਵੀਰ' ਤਦ ਹੁੰਦੀ ਨਸੀਬ, ਦਿਲ ਦੇ ਵਿਹੜੇ ਵਿੱਚ ਉਗ ਆਵੇ ਜੇ ਬੂਟਾ ਪੀੜ ਦਾ ।

ਚਾਂਦੀ ਵਰਗੇ ਹਾਸੇ ਹਸਦੀ ਸੋਨੇ ਜਿਹੀ ਇਕ ਨਾਰੀ

ਚਾਂਦੀ ਵਰਗੇ ਹਾਸੇ ਹਸਦੀ ਸੋਨੇ ਜਿਹੀ ਇਕ ਨਾਰੀ । ਰੋਟੀ ਨਾਲੋਂ ਅੱਤ ਸੁਆਦੀ ਦੌਲਤ ਤੋਂ ਵੱਧ ਪਿਆਰੀ । ਜਿਹੜੀ ਰੁੱਤ ਉੱਤੇ ਨਹੀਂ ਤੇਰੀ ਚੁੰਨੀ ਦਾ ਪਰਛਾਵਾਂ, ਉਹ ਰੁੱਤ ਕਸਮੀ ਦੌਜ਼ਖ਼ ਵਰਗੀ ਤੱਤੀ ਕਰਮਾ ਮਾਰੀ । ਜੀਵਨ ਜਿਵੇਂ ਗਵਾਂਢਣ ਕੋਲੋਂ ਮੰਗਿਆ ਹੋਇਆ ਆਟਾ, ਲੈ ਆਈਆਂ ਭੁੱਖ ਮੋਈਆਂ ਸੱਧਰਾਂ ਸ਼ਾਮਤ ਕਿਉਂ ਉਧਾਰੀ । ਜਾਂਦੇ ਸੂਰਜ ਨੇ ਚੁੱਕ ਖੜ੍ਹਿਆ ਉਸ ਮੁਟਿਆਰ ਦਾ ਸਾਲੂ, ਸ਼ਾਮ ਪਟਾਰੀ ਉਹਦੇ ਚੋਂ ਖਿਸਕਾ ਲਿਤੀ ਫੁਲਕਾਰੀ । ਸ਼ਹਿਰ 'ਚ ਵਸ ਕੇ ਵੇਲੇ ਦੇ ਸੰਗ ਟੱਕਰ ਲਏ ਤੇ ਮੰਨੇ, ਪਿੰਡ 'ਚ ਰਹਿ ਕੇ ਤੇੜੂ ਬੰਦਾ ਏ 'ਤਨਵੀਰ ਬੁਖ਼ਾਰੀ' ।

ਤੇਰੀਆਂ ਘਣੀਆਂ ਜ਼ੁਲਫ਼ਾਂ ਅੰਦਰ ਫਾਥਾ ਸ਼ੌਕ ਅਵਾਰਾ

ਤੇਰੀਆਂ ਘਣੀਆਂ ਜ਼ੁਲਫ਼ਾਂ ਅੰਦਰ ਫਾਥਾ ਸ਼ੌਕ ਅਵਾਰਾ । ਅਫ਼ਰੀਕਾ ਦੇ ਜੰਗਲੀਂ ਖੁੰਜਿਆ ਫਿਰੇ ਜਿਉਂ ਕੋਈ ਵਿਚਾਰਾ । ਗੱਲ ਤੇ ਇਹ ਵੇ ਕੋਈ ਐਨੀ ਵਾਰੀ ਰੋਂਦ ਨਾ ਮਾਰੇ, ਚੂੰਢੀ ਧੱਫਾ ਖੇਡਦਿਆਂ ਹੱਥ ਕੀ ਹੌਲਾ ਕੀ ਭਾਰਾ । ਪਿਛਲੀ ਰਾਤ ਦੇ ਸ਼ੀਸ਼ੇ ਵਿਚ ਇਕ ਹੰਝੂ ਨਜ਼ਰੀਂ ਆਇਆ, ਮੈਨੂੰ ਜਾਪਿਆ ਚੜ੍ਹ ਪਿਆ ਹੋਵੇ ਜਿਉਂ ਸਰਘੀ ਦਾ ਤਾਰਾ । ਕਿੰਨੇ ਬੱਦਲ ਕਣੀਆਂ ਬਣ ਕੇ ਭੋਂ ਦੇ ਢਿੱਡ ਵਿਚ ਲੱਥੇ, ਉਂਜ ਤੇ ਹਰ ਇਕ ਕੀਤਾ ਹੋਗ ਸਮੁੰਦਰ ਬਣਨ ਦਾ ਚਾਰਾ । ਮੈਂ ਛਾਵਾਂ ਨੂੰ ਰਾਹ ਦੀਆਂ ਕੰਧਾਂ ਬਣਦਿਆਂ ਵੀ ਹੈ ਡਿੱਠਾ, ਬਹਿੰਦਾ ਨਹੀਂ 'ਤਨਵੀਰ' ਕਿਸੇ ਰੁੱਖ ਥੱਲੇ ਡਰਦਾ ਮਾਰਾ ।

ਦਰਦ ਦਾ ਮੌਸਮ ਵੀ ਕੀ ਏ, ਦਿਲਲਗੀ ਏ ਹੋਰ ਕੀ

ਦਰਦ ਦਾ ਮੌਸਮ ਵੀ ਕੀ ਏ, ਦਿਲਲਗੀ ਏ ਹੋਰ ਕੀ ? ਪੀੜ ਦਾ ਬੂਟਾ ਏ ਬਸ ਇਹ ਜ਼ਿੰਦਗੀ ਏ ਹੋਰ ਕੀ ? ਆਪ ਈ ਟਲ ਜਾਏਗੀ ਯਾ ਮੈਨੂੰ ਪੈਸੀ ਟਾਲਣੀ, ਰੋਜ਼ ਵਾਗੂੰ ਇਕ ਬਲਾ ਸਿਰ ਤੇ ਖੜੀ ਹੈ ਹੋਰ ਕੀ । ਮੇਰੀ ਤੇ ਜਗ ਦੀ ਲੜਾਈ ਦੀ ਵਜ੍ਹਾ ਬਸ ਜਾਣ ਲਉ, ਸੋਹਣਿਆਂ ਦੇ ਨਾਲ ਮੇਰੀ ਦੋਸਤੀ ਏ ਹੋਰ ਕੀ । ਆ ਗਿਐ ਸੂਰਜ ਹਵਾ ਨੇਜ਼ੇ 'ਤੇ ਬਿਲਕੁਲ ਆ ਗਿਐ, ਸੋਚਨਾਂ ਵਾਂ ਦੁਨੀਆਂ ਖ਼ਬਰੇ ਸੋਚਦੀ ਏ ਹੋਰ ਕੀ ? ਕੀਤੀਆਂ 'ਤਨਵੀਰ' ਨੇ ਕੁਝ ਤਿਤਲੀਆਂ ਬੋਤਲ 'ਚ ਬੰਦ, ਵੇਖੀਏ ਤੇ ਹਰ ਗ਼ਜ਼ਲ ਉਡਦੀ ਪਰੀ ਏ ਹੋਰ ਕੀ ।

ਨਾ ਮੈਂ ਫੁੱਲ ਨਾ ਖ਼ੁਸ਼ਬੂ ਕੋਈ ਨਾ ਮੈਂ ਧੁੱਪ ਨਾ ਛਾਂ

ਨਾ ਮੈਂ ਫੁੱਲ ਨਾ ਖ਼ੁਸ਼ਬੂ ਕੋਈ ਨਾ ਮੈਂ ਧੁੱਪ ਨਾ ਛਾਂ । ਫਿਰ ਵੀ ਜੋ ਕੁੱਝ ਚਾਹਵੋ ਸੱਜਣੋ ਰੱਖ ਲਉ ਮੇਰਾ ਨਾਂ । ਆਖ਼ਰ ਨਿੱਤ ਨਹੀਂ ਵੱਜੇ ਰਹਿਣੇ ਜਿੰਦਰੇ ਜੀਭਾਂ ਨੂੰ, ਕਿਸੇ ਦਿਹਾੜੇ ਬੇਲੀ ਆਪੇ ਤੋੜਣਗੇ ਚੁੱਪ ਚਾਂ । ਨੌਟੀਆਂ ਅੱਖੀਂ ਖੋਲ੍ਹਣ ਲੱਗੀ ਲਗ਼ਰ ਦੀ ਇਕ ਇਕ ਪੋਰ, ਪੰਛੀਆਂ ਦੀ ਚਹਿਕਾਰ 'ਚ ਡੁੱਬੀ ਸੀ ਜੰਗਲ ਦੀ ਭਾਂ ਭਾਂ । ਬਾਲਾਂ ਨਾਲ ਸ਼ਰੀਕਾ ਵੰਡਣਾ ਚੰਗੀ ਗੱਲ ਤੇ ਨਹੀਂ, ਤੂੰਹੀਉਂ ਸਿਆਣਾ ਬਣਦਾ ਚੰਨਾਂ ਜੇ ਮੈਂ ਇਆਣਾ ਸਾਂ । ਰੱਬ ਰਾਖਾ ਜਾਹ ਫੱਕਰਾਂ ਦੀ ਗੱਲ ਯਾਦ ਰੱਖੀਂ 'ਤਨਵੀਰ', ਦੁਨੀਆ ਖਿੱਚੇਗੀ ਪਰ ਤੂੰ ਨਾ ਹੱਥੋਂ ਛੱਡੀਂ ਲਾਂ ।

ਪਿਆ ਮੁੱਲ ਨਹੀਂ ਮੇਰਾ ਤੇ ਕੀ ਹੋਇਆ

ਪਿਆ ਮੁੱਲ ਨਹੀਂ ਮੇਰਾ ਤੇ ਕੀ ਹੋਇਆ, ਕਦਰ ਓਸ ਦੀ ਕਿਉਂ ਨਾ ਪਾਈ ਲੋਕਾਂ ਮੀਟ ਮੀਟ ਕੇ ਅੱਖੀਆਂ ਚੰਨ ਵੱਲੋਂ ਅੰਨ੍ਹਿਆਂ ਹੋਣ ਦੀ ਹੱਦ ਮੁਕਾਈ ਲੋਕਾਂ ਭਾਵੇਂ ਉਮਰ ਭਰ ਚਿੱਟੜੇ ਦੇਂਹ ਵਾਂਗੂੰ ਨੇਕੀ ਮੇਰੀ ਏ ਅੱਖੀਂ ਤਕਾਈ ਲੋਕਾਂ ਪਰ ਉਹਦੇ ਮੁਕਾਬਲੇ ਵਿੱਚ ਮੇਰੀ, ਦੇਣੀ ਫੇਰ ਵੀ ਨਹੀਂ ਸਫ਼ਾਈ ਲੋਕਾਂ ਗੁੱਠੇ ਲਗ ਕੇ ਕੱਟ ਲੈ ਭੈੜ ਦੇ ਦੇਂਹ, ਦਿੱਤਾ ਇਜ਼ਨ ਨਾ ਸ਼ੋਹਦੀ ਨੂੰ ਕਾਈ ਲੋਕਾਂ ਰਾਤੀਂ ਪਰ੍ਹਿਆ ਦੇ ਵਿੱਚ ਸਲਾਹ ਕਰ ਕੇ, ਕੱਢ ਛੱਡੀ ਏ ਪਿੰਡੋਂ ਸੱਚਾਈ ਲੋਕਾਂ ਫਿੰਡ ਫਿੰਡ ਕੇ ਜਿੰਦ ਨੂੰ ਫਿੰਡ ਵਾਂਗੂੰ, ਕੀਤੀ ਧਾਈਆਂ ਦੇ ਵਾਂਗ ਫੰਡਾਈ ਲੋਕਾਂ ਮਾਰ ਮਾਰ ਕੇ ਠੇਡੜੇ ਹੱਟ ਹੱਟ ਕੇ, ਮੈਨੂੰ ਜੀਣ ਦੀ ਜਾਚ ਸਿਖਾਈ ਲੋਕਾਂ ਗਲ਼ੀ ਗਲ਼ੀ ਦੇ ਵਿੱਚ ਖੁਸ਼ਬੁ ਵਾਂਗੂੰ ਇਹ ਗੱਲ ਚਾ ਕਿਵੇਂ ਧੁਮਾਈ ਲੋਕਾਂ ਜਿਹਦੇ ਸਾਹਵਾਂ ਦੇ ਨਾਲ਼ ਪਿਆ ਸਾਹ ਲੈਨਾ ਵੇਖ ਲਈ ਉਹ ਚੀਜ਼ ਹਵਾਈ ਲੋਕਾਂ ਇਸ਼ਕ ਅੜਬ ਕੁਮੱਤੇ ਦੀ ਪੱਖ ਪਾਰੋਂ ਚਘ ਛੱਡੀ ਏ ਮੇਰੀ ਦਾਨਾਈ ਲੋਕਾਂ ਮੇਰੇ ਨਾਲ ਨਾ ਕਰਨ ਉਹ ਗੱਲ ਸਿਆਣੀ ਸਮਝ ਲਿਆ ਏ ਮੈਨੂੰ ਸ਼ੁਦਾਈ ਲੋਕਾਂ ਡੁੱਬ ਡੁੱਬ ਤਖ਼ਲੀਕ ਦੇ ਨਸ਼ੇ ਅੰਦਰ ਲੋਰ ਲੁੱਟਦਾ ਰਹਿਆਂ ਬੁਖ਼ਾਰੀਆ ਮੈਂ ਛਾਪ ਛਾਪ ਕੇ ਲਿਖਤਾਂ ਮੇਰੀਆਂ ਨੂੰ ਕੀਤੀ ਰੱਜ ਕੇ ਜਿਵੇਂ ਕਮਾਈ ਲੋਕਾਂ

ਮੇਰੀਆਂ ਤਦਬੀਰਾਂ ਤੇ ਔਗਤ ਈ ਗਈਆਂ ਸਾਰੀਆਂ

ਮੇਰੀਆਂ ਤਦਬੀਰਾਂ ਤੇ ਔਗਤ ਈ ਗਈਆਂ ਸਾਰੀਆਂ । ਮੁੜਨ ਲੱਗਿਆਂ ਕੁਦਰਤੋਂ ਈ ਖੁੱਲ੍ਹ ਗਈਆਂ ਬਾਰੀਆਂ । ਮੁੜ ਪੁਰਾਣੇ ਮਿੱਤਰਾਂ ਦੇ ਚੇਤਿਆਂ ਆ ਪਾਈ ਭੀੜ, ਚੜ੍ਹ ਗਈਆਂ ਲਾਰੀ ਤੇ ਜੋ ਸੀਟਾਂ ਤੋਂ ਵੱਧ ਅਸਵਾਰੀਆਂ । ਕੀ ਪਤਾ ਕੀ ਕੀ ਤਮਾਸ਼ੇ ਲੱਗੇ ਸਨ ਰਾਹਾਂ ਦੇ ਵਿਚ, ਮੈਂ ਜੋ ਆਹਮੇ ਲਾਹਮੇ ਝਾਤੀਆਂ ਨਹੀਂ ਮਾਰੀਆਂ । ਕਰਦੇ ਨੇ ਸੋਹਣੇ ਹਮੇਸ਼ਾ ਆਸ਼ਕਾਂ ਦੇ ਦਿਲ ਤੇ ਰਾਜ, ਚੌਧਰੀ ਕੰਮੀਆਂ ਦੇ ਸਿਰ ਤੇ ਕਰਦੇ ਜਿਉਂ ਸਰਦਾਰੀਆਂ । ਲੰਘ ਗਈ ਏ ਆਖਰੀ 'ਵੈਗਨ' ਵੀ ਹੁਣ ਤੇ ਉੱਠ ਬਹੋ, ਗਿਣ ਲਵੀਂ 'ਤਨਵੀਰ' ਕੱਲ੍ਹ ਨੂੰ ਫੇਰ ਆ ਕੇ ਲਾਰੀਆਂ ।

ਮੇਰੇ ਸ਼ਿਅਰੀਂ ਮੇਰਾ ਆਲ ਦੁਆਲਾ ਇੰਜ ਦਿਸ ਆਵੇ

ਮੇਰੇ ਸ਼ਿਅਰੀਂ ਮੇਰਾ ਆਲ ਦੁਆਲਾ ਇੰਜ ਦਿਸ ਆਵੇ ਜਿਸਰਾਂ ਕਿਸੇ ਡਰੈਵਰ ਕੋਲੋਂ, ਡੀਜਲ ਦੀ ਬੂ ਆਵੇ ਮਾਲੀ ਕੇਡ ਕਰੇ ਰਖਵਾਲੀ, ਪਹਿਰੇ ਲੱਖ ਬਿਠਾਵੇ ਉੱਚੀਆਂ ਉੱਚੀਆਂ ਕੰਧਾਂ 'ਚੋਂ ਵੀ ਖ਼ੁਸ਼ਬੂ ਉੱਧਲ ਜਾਵੇ ਮੰਜ਼ਲ ਕੋਲੋਂ ਮੇਰੀਆਂ ਵਾਟਾਂ ਇੰਜ ਤਰਹਿੰਦੀਆਂ ਰਹੀਆਂ ਜਿਸਰਾਂ ਕੋਈ ਬੇਟਿਕਟ ਮੁਸਾਫ਼ਰ ਬਾਬੂ ਤੋਂ ਘਬਰਾਵੇ ਉਹਦਾ ਰੂਪ ਉਧਾਰਾ ਲੈ ਕੇ ਗ਼ਜ਼ਲਾਂ ਲੀਕ ਰਿਹਾ ਵਾਂ ਮੰਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇ ਇਕਲਾਪੇ ਦੀ ਬੁੱਕਲੇ ਅਪਣਾ ਆਪਾ ਕੁੰਜੀ ਬੈਠਾਂ ਖੋਲੇ ਅੰਦਰ, ਚੋਰ ਜਿਵੇਂ 'ਤਨਵੀਰ' ਕਿਤੇ ਸ਼ਹਿ ਜਾਵੇ

ਰਲ਼ ਕੇ ਤੌਣੀ ਲਾਓ ਜਿਹੜਾ ਕਰਦਾ ਸੀਨਾ ਜ਼ੋਰੀ ਏ

ਰਲ਼ ਕੇ ਤੌਣੀ ਲਾਓ ਜਿਹੜਾ ਕਰਦਾ ਸੀਨਾ ਜ਼ੋਰੀ ਏ । ਤੋੜ ਅੱਪੜੇ ਯਾ ਨਾ ਅੱਪੜੇ, ਮੈਂ ਤੇ ਗੱਲ ਚਾ ਟੋਰੀ ਏ । ਕੁੜੀਆਂ ਵੰਗਾਂ ਲਾਹ ਸੁੱਟੀਆਂ ਤੇ ਝੱਫ ਲਈਆਂ ਨੇ ਮੁੰਡਿਆਂ ਨੇ, ਬਾਬਾ! ਤੂਈਉਂ ਈ ਚੁੱਪ ਕਰ ਜਾ, ਖੱਚ ਜੇ ਬਾਲ੍ਹਾ ਭੋਰੀ ਏ । ਕੱਲਿਆਂ ਪਿੜ ਦੇ ਵਿਚ ਖਲੋ ਕੇ, ਡਾਂਗਾਂ ਖਾਂਦਿਆਂ ਰਹਿਣਾ ਏਂ, ਭੱਜ ਕੇ ਰੱਬ ਦੇ ਉਹਲੇ ਹੋਈਏ, ਅਰਸ਼ ਨੂੰ ਕਿਹੜੀ ਮੋਰੀ ਏ । ਖਾਣਾ ਪੀਣਾ ਤੇ ਮਰ ਜਾਣਾ, ਮਕਸਦ ਤੇ ਨਹੀਂ ਜੀਵਣ ਦਾ, ਨਾਹੀਂ ਜਿਹਨੂੰ ਪੀੜ ਕਿਸੇ ਦੀ, ਮਿੱਟੀ ਦੀ ਉਹ ਬੋਰੀ ਏ । ਨਿਰੀਆਂ ਗ਼ਜ਼ਲਾਂ ਨਾਲ 'ਬੁਖਾਰੀ' ਸੱਖਣਾ ਪੇਟ ਭਰੇਂਦਾ ਨਹੀਂ, ਮੂੰਹ ਭੰਨ ਦਿੱਤਾ ਪਿਆਰ ਨੇ ਹੁਣ ਤਾਂ ਰੋਟੀ ਮੰਗਦੀ ਗੋਰੀ ਏ ।

ਲਿਸ਼ਕਦੀ ਸੀ ਮੁੱਖੜੇ ਤੇ ਵਾਰਨਸ਼ ਜਿਹੀ ਰੂਪ ਦੀ

ਲਿਸ਼ਕਦੀ ਸੀ ਮੁੱਖੜੇ ਤੇ ਵਾਰਨਸ਼ ਜਿਹੀ ਰੂਪ ਦੀ । ਖਰ ਗਈ ਕਿਉਂ ਜੇ ਉਹ ਆਇਲ ਕਲਰ ਦੀ ਤਸਵੀਰ ਸੀ । ਰੌਸ਼ਨੀ ਬਲਬਾਂ ਦੀ ਨਈਂ ਪਾਵਰ ਦੀ ਹੁੰਦੀ ਏ ਜਨਾਬ, ਮਨ ਦੀ ਕਾਲਖ ਤਨ ਦੇ ਮੇਕਅਪ ਨਾਲ ਨਹੀਂ ਜਾਂਦੀ ਕਦੀ । ਚਿਹਰਿਆਂ ਤੇ ਸੋਚ ਦੇ ਤਜਰੀਦੀ ਆਰਟ ਦਾ ਕਮਾਲ, ਕਿਹੜੀ ਫ਼ਨਕਾਰੀ ਤੇ ਜੀਂਦੀ ਜਾਂਦੀ ਏ ਵੀਹਵੀਂ ਸਦੀ । ਮਾਲ ਤੇ ਆਵਾਰਾ ਫਿਰਦੈ, ਮਾਲ ਕੀਹਦੈ ਸਾਂਭ ਲਉ, ਹੈ ਕੋਈ ਬਾਗ਼ੀ ਕਿ ਸਾਰੇ ਬਣ ਗਏ ਨੇ ਧਾੜਵੀ । ਸਾਧ ਹਾਂ ਯਾ ਚੋਰ ਹਾਂ ਆਪੇ ਨਿਤਾਰਾ ਕਰ ਲਵੋ, ਕਰਦੇ ਨੇ 'ਤਨਵੀਰ' ਮੇਰੇ ਸ਼ਿਅਰ ਮੇਰੀ ਮੁਖ਼ਬਰੀ ।

ਲੈ ਗਈਆਂ ਜਦ ਖੋਹ ਕੇ ਮੈਨੂੰ, ਮੇਰੀਆਂ ਫ਼ਨਕਾਰੀਆਂ

ਲੈ ਗਈਆਂ ਜਦ ਖੋਹ ਕੇ ਮੈਨੂੰ, ਮੇਰੀਆਂ ਫ਼ਨਕਾਰੀਆਂ । ਬੇਮਜ਼ਾ ਹੋ ਗਈਆਂ ਮਿੱਠੀਆਂ ਚੀਜ਼ਾਂ ਵਸਤਾਂ ਸਾਰੀਆਂ । ਤਰਸ ਨਹੀਂ ਜ਼ਾਲਿਮ ਨੂੰ ਆਇਆ, ਵੇਖ ਰੱਬਾ ਡਾਢਿਆ, ਬਾਲਕਾਂ ਦੇ ਸਿਰ ਚੁਕਾਈਆਂ, ਵਕਤ ਪੰਡਾਂ ਭਾਰੀਆਂ । ਕੀ ਭਲਾ ਲੱਗਾ ਰਹੇਗਾ ਹਸ਼ਰ ਤੀਕਰ ਕਰਫਿਊ, ਰੱਖੋਗੇ ਕਦ ਤੀਕ ਇੰਝ ਹੀ ਬੰਦ ਬੂਹੇ ਬਾਰੀਆਂ । ਰੋਗੀਆਂ ਨੂੰ ਤਾਂ ਵਿਲਾਇਤੀ, ਪੈਸਿਆਂ ਦੀ ਲੋੜ ਸੀ, ਸ਼ਾਇਰੀ ਸੱਖਣੀ 'ਬੁਖਾਰੀ' ਕਰਦੀ ਕੀ ਗ਼ਮਖਵਾਰੀਆਂ ।

ਵੈਰ ਵਿਰੋਧ ਨੇ ਅੱਤਾਂ ਚਾਈਆਂ, ਪਿਆਰਾਂ ਦਾ ਰਬ ਵਾਰਸ

ਵੈਰ ਵਿਰੋਧ ਨੇ ਅੱਤਾਂ ਚਾਈਆਂ, ਪਿਆਰਾਂ ਦਾ ਰਬ ਵਾਰਸ । ਫਿੱਕੇ ਪੈਂਦੇ ਜਾਣ ਯਰਾਨੇ, ਯਾਰਾਂ ਦਾ ਰਬ ਵਾਰਸ । ਡੁਬਦੇ ਸੂਰਜ ਵਾਂਗ ਕਹਾਣੀ ਛੇਕੜ ਤੇ ਆ ਪੁੱਜੀ, ਪਹਿਲੇ ਦਿਨ ਦੇ ਕੀਤੇ ਕੌਲ 'ਕਰਾਰਾਂ ਦਾ ਰਬ ਵਾਰਸ । ਗਾਟੇ ਤੋੜਨ ਵਾਲੀਆਂ ਪੰਡਾਂ ਫਾਹ ਨਾ ਮਾਰਨ ਕਿਧਰੇ, ਭਾਰੇ ਚਾਈ ਫਿਰਦੇ ਦੁਨੀਆਂ-ਦਾਰਾਂ ਦਾ ਰਬ ਵਾਰਸ । ਲਿਓੜ ਲੱਥਿਆ ਹੋਇਆ ਵੀ ਜੋ ਕੱਜਣ ਕੱਜੀ ਖੜ੍ਹੀਆਂ, ਵੇਲੇ ਦੇ ਸ਼ਰਲਾਟਿਆਂ ਵਿਚ ਦੀਵਾਰਾਂ ਦਾ ਰਬ ਵਾਰਸ । ਵੇਖਣ ਪਏ 'ਤਨਵੀਰ' ਚੁਪੀਤੇ ਸਾਕੀ ਦੇ ਮੂੰਹ ਵੱਲੇ, ਅੱਜ ਸਮੇਂ ਦੇ ਠੇਕੇ ਵਿਚ ਮੈਖ਼ਾਰਾਂ ਦਾ ਰਬ ਵਾਰਸ ।