Karamjit Singh Gathwala
ਕਰਮਜੀਤ ਸਿੰਘ ਗਠਵਾਲਾ

Punjabi Kavita
  

Swarthi Dio Oscar Wilde

ਸਵਾਰਥੀ ਦਿਉ ਆਸਕਰ ਵਾਇਲਡ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ

ਇਹ ਰਚਨਾ ਔਸਕਰ ਵਾਇਲਡ ਦੀ ਅੰਗ੍ਰੇਜੀ ਕਹਾਣੀ
'The Selfish Giant' ਤੇ ਆਧਾਰਿਤ ਹੈ)

ਛੁੱਟੀ ਦੀ ਜਦ ਘੰਟੀ ਵੱਜਦੀ ਬੱਚੇ ਭੱਜੇ ਆਉਂਦੇ ।
ਦਿਉ ਦੇ ਬਾਗ਼ 'ਚ ਸਾਰੇ ਰਲਕੇ ਪੂਰੀ ਧੁੰਮ ਮਚਾਉਂਦੇ ।
ਬਹੁਤ ਹੀ ਵੱਡਾ ਬਾਗ਼ ਸੀ ਉਹ ਨਾਲੇ ਸੀ ਮਨਮੋਹਣਾ ।
ਐਨਾ ਸੁੰਦਰ ਧਰਤੀ ਉੱਤੇ ਕੋਈ ਬਾਗ਼ ਨਹੀਂ ਹੋਣਾ ।
ਸੁੰਦਰ ਘਾਹ ਵਿਛੀ ਹੋਈ ਸੀ ਫੁੱਲ ਖਿੜੇ ਸਨ ਸਾਰੇ ।
ਘਾਹ ਵਿੱਚੋਂ ਫੁੱਲ ਐਦਾਂ ਝਾਕਣ ਜਿਦਾਂ ਹੋਣ ਸਿਤਾਰੇ ।
ਬਾਰਾਂ ਬੂਟੇ ਆੜੂਆਂ ਦੇ ਸਨ ਜਦੋਂ ਬਸੰਤ ਸੀ ਆਉਂਦੀ ।
ਸੋਹਣੇ ਫੁੱਲ ਗੁਲਾਬੀ ਸੀ ਉਹ ਉਹਨਾਂ ਉੱਤੇ ਖਿੜਾਉਂਦੀ ।
ਪਤਝੜ ਆਕੇ ਫਲ ਪਕਾਉਂਦੀ ਫਲ ਵੀ ਐਨੇ ਮਿੱਠੇ ।
ਇਹੋ ਜਿਹੇ ਫਲ ਕਦੀ ਕਿਸੇ ਨੇ ਹੋਣ ਨਾ ਕਿਧਰੇ ਡਿੱਠੇ ।
ਪੰਛੀ ਰੁੱਖਾਂ ਉੱਤੇ ਬਹਿਕੇ ਮਸਤੀ ਵਿਚ ਸਨ ਗਾਉਂਦੇ ।
ਬੱਚੇ ਸੁਣ ਕੇ ਗੀਤ ਉਨ੍ਹਾਂ ਦੇ ਅਪਣੀ ਖੇਡ ਭੁਲਾਉਂਦੇ ।
"ਅਸੀਂ ਏਥੇ ਕਿੰਨੇ ਖ਼ੁਸ਼ ਹਾਂ" ਇਕ ਦੂਜੇ ਨੂੰ ਕਹਿੰਦੇ ।
ਸਾਰਾ ਦਿਨ ਉਸੇ ਬਾਗ਼ ਵਿਚ ਖੇਡਦੇ ਹਸਦੇ ਰਹਿੰਦੇ ।

ਵਾਪਸ ਦਿਉ ਆਇਆ ਉੱਥੋਂ ਜਿੱਥੇ ਉਹ ਗਿਆ ਸੀ ।
ਕੌਰਨਿਸ਼ ਓਗਰ ਦੋਸਤ ਕੋਲੇ ਜਾ ਕੇ ਉਹ ਰਿਹਾ ਸੀ ।
ਐਨੀ ਛੋਟੀ ਗੱਲਬਾਤ ਸੀ ਸੱਤੀਂ ਸਾਲੀਂ ਮੁੱਕੀ ਸਾਰੀ ।
ਤਾਹੀਂ ਉਹਨੇ ਘਰ ਮੁੜਨ ਦੀ ਕੀਤੀ ਕਾਹਲੀ ਭਾਰੀ ।
ਕਿਲੇ ਵਿਚ ਆਕੇ ਵੇਖੇ ਉਹਨੇ ਜਦ ਬਾਗ਼ ਵਿਚ ਬੱਚੇ ।
ਭਾਰੀ ਆਵਾਜ਼ 'ਚ ਪੁੱਛਣ ਲੱਗਾ,"ਕੀ ਕਰਦੇ ਹੋ ਇੱਥੇ ?"
ਦਿਉ ਦੀ ਉੱਚੀ 'ਵਾਜ਼ ਸੁਣਦਿਆਂ ਬੱਚੇ ਡਰਦੇ ਮਾਰੇ ਭੱਜੇ ।
"ਮੇਰਾ ਆਪਣਾ ਬਾਗ਼ ਹੈ ਮੇਰਾ ਅਪਣਾ ਇਹ ਜਾਣਦੇ ਸੱਭੇ ।
ਮੈਥੋਂ ਬਿਨਾਂ ਏਸ ਬਾਗ਼ ਵਿੱਚ ਖੇਡ ਕੋਈ ਨਹੀਂ ਸਕਦਾ ।"
ਬਾਗ਼ ਦੁਆਲੇ ਕੋਟ ਮਾਰ ਉਸ ਰੋਕਿਆ ਸਭ ਦਾ ਰਸਤਾ ।
ਦਰਵਾਜ਼ੇ ਦੇ ਉੱਤੇ ਉਸਨੇ ਇਹ ਨੋਟਿਸ ਲਿਖ ਲਾਇਆ,
'ਏਥੋਂ ਲੰਘਣ ਵਾਲੇ ਉੱਤੇ ਜਾਵੇਗਾ ਕੇਸ ਚਲਾਇਆ ।'

ਕਿੰਨਾ ਸਵਾਰਥੀ ਦਿਉ ਸੀ ਉਹ ਇਹ ਜਾਣ ਲਉ ਸਾਰੇ ।
ਬੱਚਿਆਂ ਲਈ ਨਾ ਜਗ੍ਹਾ ਸੀ ਕੋਈ ਖੇਡਣ ਕਿੱਥੇ ਬਿਚਾਰੇ ।
ਸੜਕ ਦੇ ਉੱਤੇ ਖੇਡਣ ਜਦ ਵੀ ਠੇਡੇ ਖਾ ਖਾ ਡਿੱਗਣ ।
ਉਡ ਧੂੜ ਚਿਹਰਿਆਂ ਉੱਤੇ ਪੈਂਦੀ ਰੋੜੇ ਪੈਰੀਂ ਵੱਜਣ ।
ਛੁੱਟੀ ਹੋਣ ਤੇ ਕੋਟ ਦੁਆਲੇ, ਬੱਚੇ ਸੀ ਘੁੰਮਦੇ ਰਹਿੰਦੇ ।
"ਅਸੀਂ ਉੱਥੇ ਕਿੰਨੇ ਖ਼ੁਸ਼ ਸਾਂ," ਇਕ ਦੂਜੇ ਨੂੰ ਕਹਿੰਦੇ ।

ਬਸੰਤ ਆ ਗਈ ਚਾਰੇ ਪਾਸੀਂ ਫੁੱਲਾਂ ਮਹਿਕ ਖਿੰਡਾਈ ।
ਰੁੱਖਾਂ ਉੱਤੇ ਬਹਿ ਪੰਛੀ ਗਾਵਣ ਪੂਰੀ ਰੌਣਕ ਲਾਈ ।
ਸਿਰਫ਼ ਦਿਉ ਦੇ ਬਾਗ਼ ਵਿੱਚ ਸੀ ਸਰਦੀ ਡੇਰੇ ਲਾਏ ।
ਬੱਚਾ ਨਾ ਕੋਈ ਉੱਥੇ ਦਿੱਸੇ ਕਿਉਂ ਕੋਈ ਪੰਛੀ ਗਾਏ ।
ਸੋਹਣੇ ਜਿਹੇ ਨਿੱਕੇ ਫੁੱਲ ਨੇ ਘਾਹ ਵਿੱਚੋਂ ਸਿਰ ਚੁੱਕਿਆ ।
ਬੱਚਿਆਂ ਦੀ ਥਾਂ ਨੋਟਿਸ-ਬੋਰਡ ਵੇਖ ਕੇ ਧਰਤੀ ਲੁਕਿਆ ।
ਦੋ ਜਣੇ ਬੱਸ ਖ਼ੁਸ਼ ਸਨ ਪੂਰੇ ਇਕ ਬਰਫ਼ ਤੇ ਦੂਜਾ ਕੱਕਰ ।
"ਬਸੰਤ ਤਾਂ ਆਉਣਾ ਭੁੱਲ ਗਈ ਏ," ਬੈਠ ਮਾਰਦੇ ਜੱਕੜ ।
"ਆਪਾਂ ਏਥੇ ਸਾਰਾ ਸਾਲ ਰਹਾਂਗੇ ਏਹੀ ਅਪਣੀ ਮਰਜੀ ।"
ਬਰਫ਼ ਨੇ ਪੁਆਈ ਸਾਰੇ ਘਾਹ ਨੂੰ ਪੂਰੀ ਚਿੱਟੀ ਵਰਦੀ ।
ਕੱਕਰ ਨੇ ਸਭ ਰੁੱਖਾਂ ਤਾਈਂ, ਚਾਂਦੀ ਰੰਗ ਕਰਾਇਆ ।
ਫੇਰ ਉਨ੍ਹਾਂ ਨੇ ਉੱਤਰ ਵਾਲਾ, ਠੰਢਾ ਪੌਣ ਬੁਲਾਇਆ ।
ਫਰਾਂ ਵਿਚ ਉਹ ਲਿਪਟਿਆ ਹੋਇਆ ਜ਼ੋਰ ਜ਼ੋਰ ਦੀ ਗੱਜੇ ।
ਹਰ ਚੀਜ਼ ਸੀ ਟੁੱਟ ਭੱਜ ਜਾਂਦੀ ਜਿਸ ਵਿਚ ਜਾ ਉਹ ਵੱਜੇ ।
ਧੂੰਏਂਦਾਨੀਆਂ ਸਾਰੀਆਂ ਉਸਨੇ ਐਧਰ ਓਧਰ ਖਿੰਡਾਈਆਂ ।
"ਇਹ ਤਾਂ ਬੜੀ ਕਮਾਲ ਜਗ੍ਹਾ ਹੈ" ਨਾਲੇ ਪਾਏ ਦੁਹਾਈਆਂ ।
"ਆਪਾਂ ਹੁਣ ਏਥੇ ਕਿਉਂ ਨਾ ਗੜਿਆਂ ਤਾਈਂ ਬੁਲਾਈਏ ?"
"ਤੁਸੀਂ ਬੁਲਾਓਂ ਅਸੀਂ ਨਾ ਆਈਏ, ਕਿਉਂ ਨਾ ਦੱਸੋ ਆਈਏ ।"
ਗੜੇ ਆ ਗਏ ਸੱਦਾ ਸੁਣਕੇ ਖੌਰੂ ਸੀ ਬਹੁਤਾ ਪਾਉਂਦੇ ।
ਹਰ ਰੋਜ਼ ਹੀ ਤਿੰਨ ਘੰਟੇ ਉਹ ਕਿਲੇ ਦੀ ਛੱਤ ਹਿਲਾਉਂਦੇ ।
ਬਾਗ਼ ਅੰਦਰ ਉਹ ਦੌੜਾਂ ਲਾਉਂਦੇ ਜਿਦਾਂ ਅੱਥਰੇ ਮੁੰਡੇ ।
ਰੁੱਖ ਬਾਗ਼ ਦੇ ਬਹੁਤੇ ਉਨ੍ਹਾਂ ਟਾਹਣੀਆਂ ਸਣੇ ਮਰੁੰਡੇ ।
ਸਲੇਟੀ ਜਹੇ ਘਸਮੈਲੇ ਰੰਗ ਦੇ ਉਸਨੇ ਕਪੜੇ ਪਾਏ ।
ਸਾਹ ਲਵੇ ਤਾਂ ਏਦਾਂ ਲੱਗੇ ਜਿਉਂ ਕੋਈ ਬਰਫ਼ ਛੁਹਾਏ ।
ਖਿੜਕੀ ਵਿੱਚੋਂ ਬਾਹਰ ਵੇਖਦਾ ਦਿਉ ਇਹ ਸੋਚੀਂ ਜਾਵੇ,
'ਸਮਝ ਨਾ ਲੱਗੇ ਬਸੰਤ ਐਤਕੀ ਐਨੀ ਦੇਰੀ ਕਿਉਂ ਲਾਵੇ ।
ਮੈਨੂੰ ਪਰ ਉਮੀਦ ਹੈ ਪੂਰੀ ਇਹ ਮੌਸਮ ਵੀ ਬਦਲੇਗਾ ।
ਬਾਗ਼ ਮੇਰੇ ਦਾ ਬੂਟਾ ਬੂਟਾ ਪਹਿਲਾਂ ਜਿਉਂ ਮਹਿਕੇਗਾ ।'
ਬਸੰਤ ਰੁੱਤ ਮੁੜਕੇ ਨਾ ਆਈ ਨਾਹੀ ਆਈ ਗਰਮੀ ।
ਮੌਸਮ ਨੇ ਕੋਈ ਆਪਣੇ ਵੱਲੋਂ ਨਾ ਵਿਖਾਈ ਨਰਮੀ ।
ਪਤਝੜ ਆਈ ਸਾਰੇ ਬਾਗ਼ੀਂ ਫਲ ਸੁਨਹਿਰੀ ਦਿੱਤੇ ।
ਦਿਉ ਦੇ ਬਾਗ਼ ਗਈ ਪਰ ਫਿਰ ਮੁੜ ਆਈ ਪਿੱਛੇ ।
"ਕਿੰਨਾ ਸੁਆਰਥੀ ਦਿਉ ਹੈ ! ਕਿਉਂ ਏਥੇ ਫਲ ਲਾਵਾਂ ।
ਬਾਗ਼ ਆਪਣੇ ਪੈਣ ਨਾ ਦਿੰਦਾ ਬੱਚਿਆਂ ਦਾ ਪਰਛਾਵਾਂ ।"
ਦਿਉ ਦੇ ਬਾਗ਼ ਹਮੇਸ਼ਾ ਸਰਦੀ ਠੰਢੀ ਹਵਾ ਤੇ ਕੱਕਰ ।
ਬਰਫ਼ ਗੜੇ ਰਲਕੇ ਸਭ ਨੱਚਣ, ਪਾਇਆ ਬਾਗ਼ੇ ਸੱਥਰ ।
ਇਕ ਦਿਨ ਸਵੇਰੇ ਦਿਉ ਜਾਗਦਾ ਹੀ ਸੁਸਤਾ ਰਿਹਾ ਸੀ ।
ਬਾਹਰੋਂ ਮਿੱਠਾ ਸੰਗੀਤ ਆ ਕੇ ਉਸਦੇ ਕੰਨ ਪਿਆ ਸੀ ।
ਉਸਦੇ ਕੰਨੀਂ ਉਸ ਸੰਗੀਤ ਨੇ ਐਨੀ ਮਿਸਰੀ ਘੋਲੀ ।
ਸ਼ਾਹੀ ਸਾਜਿੰਦਿਆਂ ਦੀ ਜਾਪੀ ਉਸਨੂੰ ਜਾਂਦੀ ਟੋਲੀ ।
ਛੋਟਾ ਜਿਹਾ ਲਿਨਿਟ ਪੰਛੀ ਹੇਕਾਂ ਪਿਆ ਲਗਾਵੇ ।
ਬਾਹਰ ਬੈਠਾ ਖਿੜਕੀ ਦੇ ਆਪਣੀ ਸੁਰ 'ਚ ਗਾਵੇ ।
ਕੋਈ ਸੰਗੀਤ ਸੁਣਿਆਂ ਦਿਉ ਨੂੰ ਕਈ ਸਾਲ ਸੀ ਲੰਘੇ ।
ਤਾਹੀਉਂ ਪੰਛੀ ਦੇ ਬੋਲ ਓਸਨੂੰ ਲੱਗੇ ਸਨ ਐਨੇ ਚੰਗੇ ।
ਗੜਿਆਂ ਨੇ ਨੱਚਣਾ ਛੱਡਿਆ ਹਵਾ ਦਹਾੜ ਵੀ ਭੁੱਲ ਗਈ ।
ਬਾਹਰੋਂ ਮਿੱਠੀ ਸੁਗੰਧੀ ਆ ਕੇ ਕਮਰੇ ਦੇ ਵਿਚ ਘੁਲ ਗਈ ।
ਦਿਉ ਸੋਚਦਾ ਆਖ਼ਿਰ ਨੂੰ ਹੈ ਰੁੱਤ ਬਹਾਰ ਦੀ ਆਈ ।
ਮੈਂ ਵੀ ਬਾਹਰ ਜਾ ਕੇ ਪਾਵਾਂ ਉਸਤੇ ਝਾਤੀ ਕਾਈ ।
ਬਾਹਰ ਆ ਤੱਕਿਆ ਉਸਨੇ ਬਹੁਤ ਕਮਾਲ ਨਜ਼ਾਰਾ ।
ਪੰਛੀਆਂ ਫੁੱਲਾਂ ਨਾਲ ਟਹਿਕੇ ਬਾਗ਼ ਓਸਦਾ ਸਾਰਾ ।
ਕੰਧ ਵਿਚ ਕਿਤੇ ਮੋਰੀ ਹੋਈ ਬੱਚੇ ਅੰਦਰ ਵੜ ਗਏ ।
ਹੱਸਣ ਗਾਵਣ ਮਾਰਨ ਛਾਲਾਂ ਰੁੱਖਾਂ ਉਪਰ ਚੜ੍ਹ ਗਏ ।
ਬੱਚੇ ਖ਼ੁਸ਼ ਤੇ ਰੁੱਖ ਵੀ ਖ਼ੁਸ਼ ਹੋ ਲੱਗੇ ਖ਼ੁਸ਼ੀ ਮਨਾਵਣ ।
ਸ਼ਾਖਾਂ ਫੁੱਲਾਂ ਨਾਲ ਲੱਦੀਆਂ ਬੱਚਿਆਂ ਉੱਤੇ ਹਿਲਾਵਣ ।
ਪੰਛੀ ਪਏ ਉਡਾਰੀਆਂ ਲਾਵਣ ਗੀਤ ਖ਼ੁਸ਼ੀ ਦੇ ਗਾਵਣ ।
ਫੁੱਲ ਘਾਹ ਦੇ ਵਿੱਚੋਂ ਝਾਕਣ ਲੱਗੇ ਮਹਿਕ ਲੁਟਾਵਣ ।
ਸਾਰੇ ਬਾਗ਼ ਨਜ਼ਾਰਾ ਸੁੰਦਰ ਇਕ ਖੂੰਜੇ ਸਰਦੀ ਭਾਰੀ।
ਨਿੱਕਾ ਇਕ ਬੱਚਾ ਖੜਾ ਉਸ ਖੂੰਜੇ ਰੋਵੇ ਜ਼ਾਰੋ ਜ਼ਾਰੀ ।
ਛੋਟਾ ਸੀ ਉਹ ਬੱਚਾ ਬਹੁਤਾ ਉਪਰ ਚੜ੍ਹਿਆ ਨਾ ਜਾਵੇ ।
ਰੋਂਦਾ ਰੋਂਦਾ ਉਹ ਰੁੱਖ ਦੁਆਲੇ ਚੱਕਰ ਲਾਈਂ ਜਾਵੇ ।
ਰੁੱਖ ਦੇ ਉਪਰ ਹਵਾ ਦਹਾੜੇ ਬਰਫ਼ ਤੇ ਕੱਕਰ ਢਕਿਆ ।
ਹੌਲੀ ਹੌਲੀ ਆਖੇ, "ਪਿਆਰੇ ਬੱਚੇ ਉੱਤੇ ਚੜ੍ਹ ਆ ।"
ਜਿੰਨਾਂ ਹੋ ਸਕਿਆ ਉਹਨੇ ਟਾਹਣੀਆਂ ਹੇਠ ਨਿਵਾਈਆਂ ।
ਬੱਚੇ ਦੀਆਂ ਛੋਟੀਆਂ ਬਾਹਵਾਂ ਉਨ੍ਹਾਂ ਤੱਕ ਨਾ ਆਈਆਂ ।

ਇਹ ਨਜ਼ਾਰਾ ਵੇਖ ਦਿਉ ਦਾ ਦਿਲ ਪਸੀਜ ਗਿਆ ਸੀ ।
"ਕਿੰਨਾਂ ਮੈਂ ਸਵਾਰਥੀ ਹਾਂ !" ਉਸਨੇ ਮੂੰਹੋਂ ਕਿਹਾ ਸੀ ।
"ਹੁਣ ਮੈਂ ਇਹ ਜਾਣ ਗਿਆਂ ਬਸੰਤ ਕਿਉਂ ਨਾ ਆਈ ।
ਬਿਨਾਂ ਬੱਚਿਆਂ ਏਥੇ ਉਹਨੂੰ ਖ਼ੁਸ਼ੀ ਨਾ ਦਿੱਸੀ ਕਾਈ ।
ਹੁਣ ਮੈਂ ਜਾ ਕੇ ਛੋਟਾ ਬੱਚਾ ਉਪਰ ਰੁੱਖ ਬਿਠਾਵਾਂ ।
ਉਸਤੋਂ ਬਾਦ ਬਾਗ਼ ਦੁਆਲਿਉਂ ਸਾਰੀ ਕੰਧ ਗਿਰਾਵਾਂ ।
ਮੇਰਾ ਬਾਗ਼ ਮੈਦਾਨ ਬਣੇਗਾ ਬੱਚੇ ਰਲ ਖੇਡਣ ਜਿੱਥੇ ।"
ਦਿਉ ਨੂੰ ਸੀ ਅਫ਼ਸੋਸ ਬਹੁਤ ਆਪਣੇ ਕੀਤੇ ਉੱਤੇ ।
ਉਤਰ ਪੌੜੀਆਂ ਹੌਲੀ ਹੌਲੀ ਦਰਵਾਜ਼ਾ ਫਿਰ ਖੋਲ੍ਹਿਆ ।
ਬਾਹਰ ਬਾਗ਼ ਵਿਚ ਆਇਆ ਪਰ ਨਾ ਮੂੰਹੋਂ ਬੋਲਿਆ ।
ਬੱਚਿਆਂ ਵੇਖਿਆ ਡਰਦੇ ਮਾਰੇ ਇਧਰ ਉਧਰ ਭੱਜੇ ।
ਉਹੀ ਪ੍ਰਾਹੁਣੇ ਪਹਿਲਾਂ ਵਾਲੇ ਬਾਗ਼ ਅੰਦਰ ਆ ਗੱਜੇ ।
ਛੋਟਾ ਬੱਚਾ ਰਿਹਾ ਖਲੋਤਾ ਉਸ ਨਾ ਦਿਉ ਨੂੰ ਤੱਕਿਆ ।
ਹੰਝੂ ਭਰੀਆਂ ਅੱਖਾਂ ਸਨ ਤਾਹੀਂ ਉਹ ਵੇਖ ਨਾ ਸਕਿਆ ।
ਸਹਿਜੇ ਸਹਿਜੇ ਚੋਰੀ ਚੋਰੀ ਦਿਉ ਉਸ ਪਿੱਛੇ ਆਇਆ ।
ਪਿਆਰ ਨਾਲ ਚੁੱਕ ਬੱਚੇ ਨੂੰ ਰੁੱਖ ਦੇ ਉੱਤੇ ਬਿਠਾਇਆ ।
ਰੁੱਖ ਤੇ ਪੰਛੀ ਚਹਿਕਣ ਲੱਗੇ ਫੁੱਲ ਬਹਾਰ ਲੈ ਆਈ ।
ਬੱਚੇ ਨੇ ਬਾਹਾਂ ਫੈਲਾਈਆਂ ਦਿਉ ਨੂੰ ਗਲਵਕੜੀ ਪਾਈ ।
ਮੂੰਹ ਮੱਥਾ ਉਸਦਾ ਚੁੰਮ ਕੇ ਬਹੁਤ ਪਿਆਰ ਸੀ ਕੀਤਾ ।
ਦਿਉ ਨੂੰ ਜਾਪੇ ਜਿਦਾਂ ਉਸਨੇ ਅੰਮ੍ਰਿਤ ਦਾ ਘੁੱਟ ਪੀਤਾ ।
ਦਿਉ ਨੂੰ ਬਦਲਿਆ ਵੇਖ ਕੇ ਬੱਚੇ, ਵਾਪਸ ਭੱਜੇ ਆਏ ।
ਬਸੰਤ ਭਲਾ ਕਿਉਂ ਪਿਛੇ ਰਹਿੰਦੀ ਨਾਲੇ ਉਹਨੂੰ ਲਿਆਏ ।
ਦਿਉ ਆਖਦਾ, "ਬੱਚਿਓ, ਹੁਣ ਬਾਗ਼ ਤੁਸਾਂ ਦਾ ਸਾਰਾ।
ਲੈ ਕੇ ਉਸਨੇ ਵੱਡਾ ਕੁਹਾੜਾ ਕੋਟ ਗਿਰਾਇਆ ਭਾਰਾ ।
ਬਾਰਾਂ ਵਜੇ ਮੰਡੀ ਵੱਲ ਜਾਂਦੇ ਲੋਕੀ ਬਾਗ਼ ਨੂੰ ਤੱਕਣ ।
ਦਿਉ ਨਾਲ ਬੱਚੇ ਪਏ ਖੇਡਣ ਨਾ ਅੱਕਣ ਨਾ ਥੱਕਣ ।
ਐਨਾ ਸੁੰਦਰ ਬਾਗ਼ ਉਨ੍ਹਾਂ ਨੂੰ ਕਿਧਰੇ ਨਜ਼ਰ ਨਾ ਆਵੇ ।
ਜਿਉਂ ਜਿਉਂ ਬਾਗ਼ ਨੂੰ ਵੇਖਣ ਹੋਰ ਤਾਂਘ ਵਧ ਜਾਵੇ ।
ਸ਼ਾਮ ਪਈ ਜਦ ਸਾਰੇ ਬੱਚੇ ਮਿਲਣ ਦਿਉ ਨੂੰ ਆਏ ।
ਦਿਉ ਪੁੱਛਦਾ, "ਛੋਟਾ ਸਾਥੀ, ਕਿੱਥੇ ਹੋ ਛੱਡ ਆਏ ?"
ਬੱਚੇ ਕਹਿੰਦੇ, "ਪਤਾ ਨਹੀਂ ਉਹ ਪਹਿਲੋਂ ਚਲਾ ਗਿਆ ਏ ।"
"ਕੱਲ੍ਹ ਜ਼ਰੂਰ ਉਹ ਖੇਡਣ ਆਵੇ ਉਸਨੂੰ ਦੱਸ ਦਿਆ ਜੇ ।"
ਬੱਚਿਆਂ ਦੱਸਿਆ, "ਕਿੱਥੇ ਰਹਿੰਦਾ ਸਾਨੂੰ ਪਤਾ ਨਾ ਕਾਈ ।"
ਇਹ ਸੁਣਦਿਆਂ ਦਿਉ ਦੇ ਮਨ ਵਿਚ ਬਹੁਤ ਉਦਾਸੀ ਛਾਈ ।
ਛੁੱਟੀ ਹੁੰਦਿਆਂ ਸਾਰ ਹੀ ਬੱਚੇ ਬਾਗ਼ ਵੱਲ ਭੱਜੇ ਆਵਣ ।
ਆਪ ਵੀ ਖੇਡਣ ਨਾਲੇ ਦਿਉ ਨੂੰ ਆਪਣੇ ਨਾਲ ਖਿਡਾਵਣ ।
ਪਰ ਛੋਟਾ ਬੱਚਾ ਫੇਰ ਦੁਬਾਰਾ ਕਦੇ ਬਾਗ਼ ਨਾ ਆਇਆ ।
ਦਿਉ ਨੂੰ ਜਾਪੇ ਜਿਦਾਂ ਉਸਨੇ ਆਪਣਾ ਕੁਝ ਗੁਆਇਆ ।
ਸਾਰੇ ਬੱਚਿਆਂ ਉੱਤੇ ਦਿਉ ਨੂੰ ਪਿਆਰ ਬੜਾ ਸੀ ਆਉਂਦਾ ।
ਮੁੜਕੇ ਛੋਟਾ ਬੱਚਾ ਆਵੇ ਦਿਲ ਉਸ ਦਾ ਪਰ ਚਾਹੁੰਦਾ ।

ਸਮਾਂ ਬੀਤਿਆ ਦਿਉ ਸੀ ਕਮਜ਼ੋਰ ਤੇ ਬੁੱਢਾ ਹੋਇਆ ।
ਬੱਚੇ ਖੇਡਣ ਪਰ ਉਸ ਤੋਂ ਕੋਲ ਨਾ ਜਾਏ ਖਲੋਇਆ ।
ਆਪਣੇ ਬੈਠਣ ਨੂੰ ਉਸਨੇ ਆਰਾਮ ਕੁਰਸੀ ਬਣਵਾਈ ।
ਕਦੇ ਬਾਗ਼ ਕਦੇ ਉਹ ਬੱਚੇ ਤੱਕੇ ਪੂਰੀ ਨੀਝ ਲਗਾਈ ।
"ਬਾਗ਼ ਵਿੱਚ ਨੇ ਫੁੱਲ ਬੜੇ ਹੀ ਸੁੰਦਰ ਤੇ ਮਨਮੋਹਣੇ ।
ਪਰ ਬੱਚਿਆਂ ਜਿਹੇ ਦੁਨੀਆਂ ਅੰਦਰ ਕੋਈ ਫੁੱਲ ਨਾ ਹੋਣੇ ।"
ਸਰਦੀ ਦੀ ਰੁੱਤ ਵੀ ਹੁਣ ਉਸਨੂੰ ਬੁਰੀ ਨਹੀਂ ਸੀ ਲਗਦੀ ।
ਰੁੱਤਾਂ ਦੀ ਇਹ ਅਦਲਾ ਬਦਲੀ ਹੈ ਕੁਦਰਤ ਦੀ ਮਰਜੀ ।
ਸਰਦੀਆਂ ਵਿਚ ਬਸੰਤ ਰੁੱਤ ਜਾ ਘਰ ਅਪਣੇ ਸੌਂ ਜਾਵੇ ।
ਥੱਕੇ ਫੁੱਲ ਆਰਾਮ ਪਏ ਕਰਦੇ ਜਿਦਾਂ ਮਨ ਨੂੰ ਭਾਵੇ ।
ਸਰਦੀ ਦੀ ਇਕ ਸੁਬਹ ਨੂੰ ਦਿਉ ਕੱਪੜੇ ਪਾਈਂ ਜਾਵੇ ।
ਬਾਹਰ ਵੱਲ ਜੋ ਉਸਨੇ ਤੱਕਿਆ ਸੱਚ ਨਾ ਉਸਨੂੰ ਆਵੇ ।
ਖੂੰਜੇ ਵਾਲਾ ਰੁੱਖ ਸੀ ਪੂਰਾ ਚਿੱਟੇ ਫੁੱਲਾਂ ਨਾਲ ਭਰਿਆ ।
ਸ਼ਾਖਾਂ ਸਭ ਸੁਨਹਿਰੀ ਦਿੱਸਣ ਫਲ ਚਾਂਦੀ ਰੰਗ ਕਰਿਆ ।
ਛੋਟਾ ਬੱਚਾ ਰੁੱਖ ਹੇਠ ਖਲੋਤਾ ਜੋ ਸੀ ਸਭ ਤੋਂ ਪਿਆਰਾ ।
ਖ਼ੁਸ਼ੀ ਨਾਲ ਦਿਉ ਭੱਜਾ ਜਾਵੇ ਭਾਵੇਂ ਸਰੀਰ ਸੀ ਭਾਰਾ ।
ਛੇਤੀ ਨਾਲ ਘਾਹ ਤੋਂ ਲੰਘਦਾ ਕੋਲ ਬੱਚੇ ਦੇ ਆਇਆ ।
ਵਿੰਹਦਿਆਂ ਹੀ ਬੱਚਾ ਉਸਨੇ ਚਿਹਰਾ ਲਾਲ ਬਣਾਇਆ ।
ਕਿੱਲਾਂ ਦੇ ਨਿਸ਼ਾਨ ਪਏ ਸਨ ਉਸਦੀਆਂ ਤਲੀਆਂ ਉੱਤੇ ।
ਦੋ ਹੱਥਾਂ 'ਤੇ ਦੋ ਪੈਰਾਂ 'ਤੇ ਨਿਸ਼ਾਨ ਸੀ ਉਸਨੇ ਤੱਕੇ ।
"ਕੀਹਨੇ ਤੈਨੂੰ ਜ਼ਖ਼ਮੀ ਕੀਤਾ ਐਡਾ ਹੌਸਲਾ ਕਿਸਦਾ ?
ਵੱਡੀ ਤਲਵਾਰ ਲਿਜਾ ਕੇ ਮੈਂ ਵੱਢਾਂ ਜਾ ਸਿਰ ਉਸਦਾ ।"
"ਇਹ ਜ਼ਖ਼ਮ ਪਿਆਰ ਦੇ ਨੇ," ਬੱਚੇ ਉਹਨੂੰ ਸੁਣਾਇਆ ।
ਇਹ ਸੁਣਦਿਆਂ ਅਜਬ ਜਿਹਾ ਡਰ ਮਨ ਓਸਦੇ ਛਾਇਆ ।
"ਕੌਣ ਏਂ ਤੂੰ ?" ਫਿਰ ਉਸਨੇ, ਬੱਚੇ ਕੋਲੋਂ ਪੁੱਛਿਆ ।
ਇਹ ਕਹਿੰਦਿਆਂ ਸਾਰ ਦਿਉ ਉਸਦੇ ਅੱਗੇ ਝੁਕਿਆ ।
ਬੱਚੇ ਮੂੰਹ ਮੁਸਕਾਣ ਆ ਗਈ ਜਦ ਉਸ ਦਿਉ ਨੂੰ ਡਿੱਠਾ ।
"ਇਕ ਵਾਰੀ ਤੂੰ ਬਾਗ਼ ਆਪਣਾ ਖੇਡਣ ਲਈ ਸੀ ਦਿੱਤਾ ।
ਹੁਣ ਮੈਂ ਤੈਨੂੰ ਸਵਰਗ ਲਿਜਾਣਾ ਜੋ ਬਾਗ਼ ਹੈ ਮੇਰਾ ।
ਅੱਜ ਤੋਂ ਬਾਦ ਸਦਾ ਲਈ ਓਥੇ ਹੋਣਾ ਤੇਰਾ ਵਸੇਰਾ ।"
ਅਗਲੇ ਦਿਨ ਬੱਚਿਆਂ ਵੇਖਿਆ ਦਿਉ ਪਿਆ ਸੀ ਮੋਇਆ ।
ਚਿੱਟੇ ਫੁੱਲਾਂ ਦੀ ਚਾਦਰ ਨਾਲ ਸਾਰਾ ਢਕਿਆ ਹੋਇਆ ।