Suthra Shah ਸੁਥਰਾ ਸ਼ਾਹ

ਸੁਥਰੇ ਸ਼ਾਹ ਦਾ ਜਨਮ ਗੁਰੂ ਹਰਗੋਬਿੰਦ ਜੀ ਦੇ ਸਮੇਂ ੧੬੧੫ ਈ: ਨੂੰ ਹੋਇਆ ਮੰਨਿਆਂ ਜਾਂਦਾ ਹੈ। ਬਾਵਾ ਬੁਧ ਸਿੰਘ ਜੀ ਉਨ੍ਹਾਂ ਦੇ ਜਨਮ ਬਾਰੇ ਦਸਦੇ ਹਨ ਕਿ ਜਨਮ ਵੇਲੇ ਉਨ੍ਹਾਂ ਦੇ ਮੂੰਹ ਵਿੱਚ ਦੰਦ ਸਨ। ਘਰ ਵਾਲਿਆਂ ਨੇ ਸਮਝਿਆ ਕਿ ਸਾਡੇ ਘਰ ਕੋਈ ਬਲਾ ਪੈਦਾ ਹੋਈ ਹੈ। ਉਨ੍ਹਾਂ ਨੇ ਆਪ ਨੂੰ ਕਪੜੇ ਵਿੱਚ ਵਲ੍ਹੇਟ ਕੇ ਜੰਗਲ ਵਿੱਚ ਸੁਟਵਾ ਦਿਤਾ । ਰਬ ਦੀ ਸ਼ਾਨ ਉਥੇ ਇਕ ਕੁੱਤੀ ਨੇ ਬਚੇ ਦਿਤੇ ਹੋਏ ਸਨ। ਕੁੱਤੀ ਇਨ੍ਹਾਂ ਨੂੰ ਭੀ ਆਪਣਾ ਬੱਚ ਸਮਝ ਕੇ ਦੁਧ ਪਿਲਾਂਦੀ ਰਹੀ। ਇਕ ਦਿਨ ਗੁਰੂ ਹਰ ਗੋਬਿੰਦ ਸਾਹਿਬ ਜੀ ਉਸ ਪਾਸਿਓਂ ਲੰਘੇ। ਉਨ੍ਹਾਂ ਵੇਖਿਆ ਕਿ ਕੁੱਤੀ ਦੇ ਬਚਿਆਂ ਵਿੱਚ ਇਕ ਮਨੁੱਖ ਦਾ ਬਚਾ ਹੈ ਤਾਂ ਉਸ ਨੂੰ ਚੁਕਵਾ ਕੇ ਉਸ ਦੀ ਪਾਲਣਾ ਮਨੁੱਖੀ ਹੱਥਾਂ ਵਿੱਚ ਕਰਵਾਈ। ਉਹ ਬਾਲ ਅਵਸਥਾ ਤੋਂ ਹੀ ਸ਼ੋਖ ਅਤੇ ਮਖੌਲੀਏ ਸਨ । ਆਪ ਨੇ ਗੁਰੂ ਹਰਗੋਬਿੰਦ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਦਰਸ਼ਨ ਕੀਤੇ ਹਨ । ਕਹਿੰਦੇ ਹਨ ਉਨ੍ਹਾਂ ਨੇ ੧੪੦ ਸਾਲ ਦੀ ਉਮਰ ਭੋਗੀ ।

ਸੁਥਰੇ ਸ਼ਾਹ ਪੰਜਾਬੀ ਕਵਿਤਾ

ਕੁਤਾ ਸੋ ਜੋ ਕੁੱਤਾ ਪਾਲੇ

ਕੁਤਾ ਸੋ ਜੋ ਕੁੱਤਾ ਪਾਲੇ।
ਕੁੱਤਾ ਦੁਹਤਾ ਨਾਨੇ ਹਾਲੇ।
ਕੁੱਤਾ ਭੈਣ ਦੇ ਘਰ ਭਾਈ।
ਕੁੱਤਾ ਸਹੁਰੇ ਦੇ ਘਰ ਜਵਾਈ।
ਵੱਡਾ ਕੁੱਤਾ ਸੋਈ ਭਾਲ।
ਸਹੁਰਾ ਫਿਰੇ ਜਵਾਈ ਨਾਲ।
ਲਾਲਚ ਕਰਕੇ ਮਗਰ ਜੋ ਫਿਰਦਾ।
ਅਸਲੀ ਕੁੱਤਾ ਉਹ ਧਿਰ ਧਿਰ ਦਾ।

ਨਾਨਕ ਸ਼ਾਹ ਦਾ ਨਾਮ ਹੈ

ਨਾਨਕ ਸ਼ਾਹ ਦਾ ਨਾਮ ਹੈ ਇਸ ਜੀਵਨ ਦਾ ਤੱਥ।
ਬਿਨ ਹਰਿ ਨਾਮ ਨਾ ਜਾਣਦੇ, ਕੋਈ ਗੱਲ ਨਾ ਕੱਥ।
ਇਹੋ ਮਾਰਗ ਸੱਚ ਦਾ, ਇਹੋ ਸੁੱਚਾ ਪੱਥ।
ਲੋਕੀ ਭਾਵੇਂ ਕਹਿਣ ਪਏ ਸੁਥਰਾ ਨਿਰਾ ਉਲੱਥ।
ਪਰ ਸਾਹਿਬ ਨੇ ਪਾ ਲਈ ਨੱਕ ਅਸਾਡੇ ਨੱਥ।
ਜਿਉਂ ਨਚਾਵੇ ਨੱਚੀਏ ਹੋਰ ਨਾ ਕੋਈ ਸੱਥ।
ਪੁੱਤਰ ਧੀਆਂ ਫਾਹੀਆਂ ਦੇਂਦੇ ਜੀਵਨ ਮੱਥ।
ਅਸੀਂ ਤੇ ਸੁਥਰੇ ਸ਼ਾਹ ਹਾਂ ਬੇ-ਡਰ ਤੇ ਸਿਰਲੱਥ।
ਸ਼ਾਹਾਨ ਸ਼ਾਹ ਨੇ ਬਖਸ਼ਿਆ ਬੇ-ਫਿਕਰੀ ਦਾ ਰੱਥ।
ਜਾਂਦੀ ਵਾਰੀ ਸੁਥਰਿਆ ਰੱਖ ਛਾਤੀ ਤੇ ਹੱਥ।
ਹੱਸ ਖੇਡ ਕੇ ਚੱਲਣਾ ਓਸ ਅਨੋਖੇ ਪੱਥ।
ਨਾਨਕ ਸ਼ਾਹ ਤੋਂ ਸੁਥਰਿਆ ਲਈ ਅਮੋਲਕ ਵੱਥ।

ਲੋਕ ਡਰਾਵਣ ਕਾਰਨੇ

ਪ੍ਰਸ਼ਨ-
ਲੋਕ ਡਰਾਵਣ ਕਾਰਨੇ ਕੀ ਤੈਂ ਭੇਖ ਬਣਾਯਾ।
ਨਿਰ ਉੱਦਮ ਟੁਕੜਾ ਖਾਵਣਾ ਬਾਬਾ ਨਾਮ ਸਦਾਯਾ।
ਜਿਉਂ ਜਿਉਂ ਚੜ੍ਹਨ ਸ਼ਰੀਣੀਆਂ ਤਿਉਂ ਤਿਉਂ ਵਧਦਾ ਜਾ।
ਦੇ ਦੁਆਈਂ ਖੁੱਲੀਆਂ ਅਗਲੀ ਗੱਲ ਨ ਕਾ।

ਉੱਤ੍ਰ-
ਸੁਥਰਿਆ ਜੇ ਬਾਬੇ ਨੂੰ ਅਕਲ ਹੋਵੇ ਤਾਂ ਪੂਜਾ ਓਹ ਕਿਉਂ ਖਾਇ।
ਬਾਬਾ ਬਪੜਾ ਕੀ ਕਰੇ ਜਿ ਦਿੱਤੋਸੁ ਰਿਜਕ ਖਿੰਡਾਇ।
ਜਿਉਂ ਦੇਵੇ ਤਿਉਂ ਖਾਵਣਾ ਡਾਢੇ ਦੀ ਸੱਤ ਰਜ਼ਾਇ।

ਧੀਆਂ ਧਾੜ ਤੇ ਪੁੱਤਰ ਫਾਹ

ਧੀਆਂ ਧਾੜ ਤੇ ਪੁੱਤਰ ਫਾਹ ਰੰਨ ਦੁੱਖਾਂ ਦਾ ਖੂਹ।
ਇਸ ਘਾਣੀ ਚੋਂ ਸੁਥਰਿਆ ਕੋਈ ਹਰਿ ਜਨੁ ਕਢੇ ਧੂਹ।

ਘਰ ਦੀ ਧਾੜ ਵਧਾਈਓ ਨਾਉਂ ਰਖਾਇਓ ਜੰਞ।
ਜਿਉਂ-ਜਿਉਂ ਝੁਗਾ ਉਜੜੇ ਤਿਉਂ-ਤਿਉਂ ਕਹੀਏ ਧੰਨ।
ਆਈ ਰੰਨ ਤੇ ਹੋਏ ਕੰਨ, ਲੋਕਾਂ ਆਖਿਆ ਅੱਡਿਆ ਘਰ।
ਹੋਇਆ ਵੰਨੀ ਸੰਦਾ ਵਰ।

ਆਰ ਗੰਗਾ ਪਾਰ ਗੰਗਾ ਵਿੱਚ ਮੈਂ ਤੇ ਤੂੰ
ਲਹਿਣਾ ਲੈਣਾ ਸੁਥਰਿਆ ਨਾਸੀਂ ਦੇ ਕੇ ਧੂੰ

ਓਥੇ ਤ੍ਰੀਮਤ ਰਹੀ ਖੜੋਤੀਆ

ਓਥੇ ਤ੍ਰੀਮਤ ਰਹੀ ਖੜੋਤੀਆ, ਪੁੱਤਰ ਤੇ ਭਾਈ।
ਹਸਤੀ, ਘੋੜੇ, ਮਾਲ, ਧੰਨ, ਕੁਛ ਨਾਲ ਨਾ ਜਾਈ।
ਤਦਹੂੰ ਸਿਮਰਿਆ ਦੇਵੀ ਦੇਵਤਾ, ਕੌਣ ਹੋਇ ਸਹਾਈ।
ਜਿਸ ਪਹਿਲਾਂ ਮੂਲ ਨਾ ਚੇਤਿਓ ਹੁਣ ਬਣੇ ਨਾ ਕਾਈ।
ਉਂਹ ਦੇਖੋ ਜੀ ! ਮਨਮੁੱਖ ਮਾਰੀਅਨ, ਬਹੁ ਲਏ ਸਜਾਈ।

ਢੋਲ ਵਜੇ ਘਰ ਲੁੱਟਿਓ

ਢੋਲ ਵਜੇ ਘਰ ਲੁੱਟਿਓ ਲੋਕੀ ਕੈਹਣ ਵਿਆਹੁ।
ਸਾਹਿਬ ਅਰਥ ਨਾ ਬੀਜਿਓ ਹੋਇਓ ਮੁਖ ਸਿਆਹੁ।
ਜਿਤ ਦਿਨ ਲੇਖਾ ਮੰਗੀਐ ਗਲਿ ਪਲੂ ਮੂੰਹ ਘਾਹੁ।
ਸੁਥਰਿਆ ਰਾਹੋਂ ਘੁਥਿਆਂ ਤਿੰਨਾਂ ਨੂੰ ਵੱਡਾ ਦਾਹੁ।

ਜਿਉਂ ਜਿਉਂ ਲੱਗਣ ਕੁਟੰਬ ਦੀਆਂ ਲੀਕਾਂ

ਜਿਉਂ ਜਿਉਂ ਲੱਗਣ ਕੁਟੰਬ ਦੀਆਂ ਲੀਕਾਂ।
ਦੇ ਦੇ ਰੋਸੀ ਉਚੀਆਂ ਡੀਕਾਂ।
ਇਹ ਕੁਟੰਬ ਦੁਖਾਂ ਦਾ ਘਰ, ਨਿਕਲ ਭੱਜ ਨਾ ਫਾਥਾ ਮਰ।
ਸਾਧਾਂ ਵਾਲਾ ਹੋਕਾ ਸੁਨ, ਜਾਨ ਨਾਲ ਏ ਦੇਹੀ ਨੂੰ ਘੁਨ।

ਮੁਕਟ ਬੰਨ੍ਹਾਏ ਸੰਧੂਰਿਓਂ ਹੋਇ ਬੈਠਾ ਰਾਉ,
ਨਸ ਦੇਹ ਦੇ ਮਾਰਿਆਂ ਜੇਕਰ ਲਗੀ ਦਾਉ।
ਏ ਵਧਾਈ ਗ੍ਰਿਹਸਤ ਦੀ ਜਿਨ੍ਹਾਂ ਖੁਸ਼ ਹੋਈ ਝਾਲੀ।
ਭੌਂਕ ਮੋਏ ਓਹ ਸੁਥਰਿਆ ਜਿਉਂ ਕੁੱਤਾ ਵਿਚ ਡਾਲੀ।