Sunehri Kalian : Babu Firoz Din Sharaf

ਸੁਨਹਿਰੀ ਕਲੀਆਂ : ਬਾਬੂ ਫ਼ੀਰੋਜ਼ਦੀਨ ਸ਼ਰਫ਼


1. ਪੰਜਾਬੀ ਰਾਣੀ ਦਾ ਸੁੰਦਰ ਦਰਬਾਰ

ਸੀਨੇ ਫੁੱਲਾਂ ਦੇ ਪਾਟਕੇ ਹੋਨ ਲੀਰਾਂ, ਬੰਨ੍ਹ ਸੰਦਲੇ ਬੁਲਬੁਲਾਂ ਰੋਣ ਲੱਗਣ ! ਪਾੜ ਪਾੜ ਕਲੀਆਂ ਅੱਧੜਵੰਜਿਆਂ ਨੂੰ, ਹੋਕੇ ਨੰਗ ਧੜੰਗ ਖਲੋਣ ਲੱਗਣ ! ਨਿਕਲੇ ਅੱਗ ਪਹਾੜਾਂ ਦੇ ਪੱਥਰਾਂ ਚੋਂ, ਪਾਣੀ ਪਾਣੀ ਸਮੁੰਦਰ ਸਭ ਹੋਣ ਲੱਗਣ ! ਫਿਰ ਫਿਰ ਜ਼ਿਮੀਂ ਅਸਮਾਨ ਦੇ ਪੁੜ ਦੋਵੇਂ, ਚੱਕੀ ਨਿੱਤ ਦੇ ਸੋਗਾਂ ਦੀ ਝੋਣ ਲੱਗਣ ! ਇਕ ਇਕ ਵਲ ਜੀਹਦਾ ਗਲ ਦਾ ਹਾਰ ਹੋਵੇ, ਅਜ ਮੈਂ ਗੱਲ ਹਾਂ ਐਸੀ ਸੁਨੌਣ ਆਇਆ ! ਗੂਹੜੀ ਨੀਂਦ ਅੰਦਰ ਸੌਣ ਵਾਲਿਆਂ ਨੂੰ ਝੂਣ ਝੂਣ ਕੇ ਸਿਰੋਂ ਜਗੌਣ ਆਇਆ ! ਇਕ ਦਿਨ ਆਈ ਸੀ ਮੇਰੇ ਤੇ ਰਾਤ ਓਹੋ, ਸੁਣਕੇ ਚਿਰਾਂ ਦਾ ਜਿਨ੍ਹੂੰ ਮੈਂ ਡੋਲਦਾ ਸਾਂ ! ਹੁੱਸੜ ਆਣਕੇ ਰਗਾਂ ਤੋਂ ਘੁੱਟਦਾ ਸੀ, ਰਤੀ ਗੱਲ ਭੀ ਜੇ ਮੂੰਹੋਂ ਬੋਲਦਾ ਸਾਂ ! ਗੰਢਾਂ ਜੇੜ੍ਹੀਆਂ ਹੱਥੀ ਮੈਂ ਦਿੱਤੀਆਂ ਸਨ, ਵਿਲਕ ਵਿਲਕ ਕੇ ਦੰਦੀਆਂ ਖੋਲ੍ਹਦਾ ਸਾਂ ! ਕਾਲੀ ਜ਼ੁਲਫ਼ ਨਾ ਰੈਨ ਦੀ ਮੁੱਕਦੀ ਸੀ, ਪਿਆ ਸੱਪ ਵਾਗੂੰ ਵਿੱਸ ਘੋਲਦਾ ਸਾਂ ! ਹੋ ਗਏ ਅੱਡਰੇ, ਗ਼ਮਾਂ ਕੁਝ ਸਾਂਝ ਤੋੜੀ, ਅੱਖ ਨੀਂਦ ਦੇ ਕੰਢੇ ਤੇ ਵੱਗ ਲੱਗੀ ! ਉਹਦਾ ਇੱਕ ਚੰਗਿਆੜਾ ਮੈਂ ਦੱਸਨਾ ਹਾਂ, ਜੇੜ੍ਹੀ ਸੁਫ਼ਨੇ ਅੰਦਰ ਮੈਨੂੰ ਅੱਗ ਲੱਗੀ ! ਐਸਾ ਧੌਲਰ ਇਕ ਵੇਖਿਆ ਮਨ-ਮੋਹਣਾ, ਜਿਸ ਨੂੰ ਵੇਖਕੇ ਹੋਵੇ ਹੈਰਾਨ "ਜੱਨਤ" ! ਓਹਦੀ ਇਕ ਇਕ ਮੋਰੀ ਦੀ ਇੱਟ ਉਤੋਂ, ਕਰੇ ਪਿਆ 'ਸ਼ੱਦਾਦ' ਕੁਰਬਾਨ ਜੱਨਤ ! ਓਹਨੂੰ ਵੇਖਣ ਜੇ ਓਪਰੇ ਮੁਲਕ ਵਾਲੇ, ਜੀਉਂਦੀ ਜਾਨ ਨਾ ਕਦੀ ਭੀ ਜਾਨ ਜੱਨਤ ! ਲਿਖਿਆ ਹੋਇਆ ਸੀ ਮੋਟਿਆਂ ਅੱਖਰਾਂ ਦਾ, ਓਹਦੇ ਮੱਥੇ ਉੱਤੇ 'ਹਿੰਦੁਸਤਾਨ' ਜੱਨਤ ! ਰਵਾਂ ਰਵੀਂ ਮੈਂ ਲੰਘਿਆ ਜਾ ਡਿੱਠਾ, ਓਹਦੇ ਵਿੱਚ ਇਕ ਲੱਗਾ ਦਰਬਾਰ ਸੁੰਦਰ ! ਸ਼ੋਅਲੇ ਨੂਰ ਦੇ ਨਾੜਾਂ ਚੋਂ ਨਿਕਲਦੇ ਸਨ, ਚੜ੍ਹਦੀ ਇੱਕ ਤੋਂ ਇੱਕ ਸੀ ਨਾਰ ਸੁੰਦਰ ! ਇੱਕਲਵਾਂਜੇ ਮੈਂ ਓਹਲੇ ਖਲੋ ਡਿੱਠੀ । ਜਿਹੜੀ ਜਿਹੜੀ ਸੀ ਉਨ੍ਹਾਂ ਨੇ ਕਾਰ ਕੀਤੀ ! ਕਿਸੇ ਆਖਿਆ ਏ ਜ਼ਰਾ 'ਹਿੱਡੇ ਅੱਚੋ', ਮਿੱਠੀ 'ਸਿੰਧੀ' ਵਿੱਚ ਗੱਲ ਗੁਫ਼ਤਾਰ ਕੀਤੀ ! ਕਿਸੇ ਕਿਹਾ ਗੁਜਰਾਤੀ ਵਿਚ 'ਤਮੀ ਚਾਲੋ', 'ਰਾਜ਼ੇ ਖ਼ੈਲੇ' ਦੀ ਕਿਸੇ ਪੁਕਾਰ ਕੀਤੀ ? ਫਿਰ ਫਿਰ ਵਾਂਗ 'ਮਰਹੱਟੀ' ਮਰ-ਹਟੀ ਕੋਈ, ਬੜੀ 'ਹੇਕੜੇ ਤੇਕੜੇ' ਮਾਰ ਕੀਤੀ । 'ਬਾੜੀ ਆਪਨਾ ਕੁਥੈ ਛੇ' ਕਿਸੇ ਕਹਿਕੇ, ਡਾਢੇ ਜਾਦੂ ਚਲਾਏ ਬੰਗਾਲੀਆਂ ਦੇ ! 'ਮੰਚੀ ਮੰਚੀ' ਪੁਕਾਰ ਮਦਰਾਸ ਵਾਲੀ, ਮੂੰਹ ਕੀਤੇ ਸਨ ਬੰਦ ਸਵਾਲੀਆਂ ਦੇ ! ਦੱਸ "ਹਿਨਾਕਸੁੱਲਰ ਦੇ" ਨਾਂ ਕੀ ਊ, ਲੰਕਾ ਵਾਲੀ ਦੁਲਾਰੀ ਵਸਨੀਕ ਬੋਲੀ ! ਰਹਿਣ ਵਾਲੀ ਨਿਪਾਲ ਦੇ ਪੱਥਰਾਂ ਦੀ, 'ਨਿੱਕਾ ਨੰਦ ਛੋਹ' ਮਾਰਕੇ ਚੀਕ ਬੋਲੀ ! ਬ੍ਰਹਮੀ 'ਮੋਟੇ ਮਮੂਲੇ' ਦਾ ਛਿੱਨ ਪਾਇਆ, 'ਕੱਥਬੋਜ਼' ਕਸ਼ਮੀਰ ਦੀ ਠੀਕ ਬੋਲੀ ! ਇਕ ਸੀ ਸਾਰੇ ਜ਼ਮਾਨੇ ਦੀ ਛਟੀ ਹੋਈ, ਮੂੰਹੋਂ ਸੁੱਟਕੇ ਪਾਨ ਦੀ ਪੀਕ ਬੋਲੀ ! "ਆਏ ਮੇਰੇ ਮੁਕਾਬਲ ਵੁਹ ਆਜ ਮੂਈ, ਜਿਸ ਕਰਨੀ ਹੋ ਦੁਨੀਆਂ ਮੇਂ ਰੀਸ ਮੇਰੀ ! ਮੇਰੀ ਜ਼ਰੀ ਸੀ ਬਾਤ ਭੀ ਪਰੀ ਸੀ ਹੈ, ਚੋਟੀ ਗੂੰਦੇ ਹੈ ਸਦਾ 'ਬਲਕੀਸ', ਮੇਰੀ ! ਦਿੱਤੀ ਜਦੋਂ ਉੜੇਸ 'ਓੜੀਸਾ' ਵਾਲੀ, ਇਕ ਨੇ ਹਿੰਦੀ ਅੰਦਰ 'ਵ੍ਯਾਖ੍ਯਾਨ' ਕੀਤਾ ! ਦੋ ਤਿੰਨ ਡਿੱਠੀਆਂ ਉੱਥੇ ਪ੍ਰਾਹੁਣੀਆਂ ਭੀ, ਚੰਗੀ ਤਰਾਂ ਮੈਂ ਜਦੋਂ ਧਿਆਨ ਕੀਤਾ ! ਇਖ਼ਤਸਾਰ ਗੁਫ਼ਤਮ ਦੋ ਸਿਹ ਚਾਰ ਕਲਮਾ, ਦੇ ਇਕ ਨੇ ਕਹਿਕੇ ਏ ਬੰਦ ਬਿਆਨ ਕੀਤਾ ! ਕੁਮਕੁਮ ਯਾ ਹਬੀਬੀ ਇਕ ਪਈ ਆਖਦੀ ਸੀ, ਸਭ ਨੇ ਮਿੱਠੜਾ ਬੋਲ ਪਰਵਾਨ ਕੀਤਾ ! ਬਣੀ ਹੋਈ ਸੀ ਜੇਹੜੀ ਪ੍ਰਧਾਨ ਉੱਥੇ, ਓਹ ਕੋਈ ਪਰੀ ਸਮੁੰਦਰੋਂ ਪਾਰ ਦੀ ਸੀ ! ਰੌਲਾ ਪੈਂਦਾ ਸੀ ਜਦੋਂ ਦਰਬਾਰ ਅੰਦਰ, ਫੌਰਨ 'ਆਡਰ' ਪਲੀਜ਼ ਪੁਕਾਰ ਦੀ ਸੀ ! ਜਿਹਨੂੰ ਅੱਖੀਆਂ ਮੇਰੀਆਂ ਵੇਂਹਦੀਆਂ ਸਨ, ਹਾਏ ਉਹ ਲੱਭੀ ਨਾਂ ਓਸ ਦਰਬਾਰ ਵਿੱਚੋਂ ! ਟੁੱਟੀ ਡਾਢ ਕਲੇਜੇ ਨੂੰ ਵਾਢ ਲੱਗੀ, ਫਿਰ ਗਈ ਆਹਾਂ ਦੀ ਤੇਜ਼ ਤਲਵਾਰ ਵਿੱਚੋਂ ! ਮੈਂ ਇਹ ਜਾਣਿਆ ਹੋਵੇਗੀ ਕਿਤੇ ਬੈਠੀ, ਦਿਲ ਨੇ ਕਿਹਾ ਏਹ ਮੈਨੂੰ ਪੁਕਾਰ ਵਿੱਚੋਂ ! ਏਥੇ ਹੁੰਦੀ ਜੇ ਭਲਾ ਓਹ ਲੁਕੀ ਰਹਿੰਦੀ ? 'ਗੁੱਝੀ ਰਹੇ ਨਾਂ ਹੀਰ ਹਜ਼ਾਰ ਵਿੱਚੋਂ !' ਲਾਂਭੇ ਬੈਠ ਖਰੋਚ ਖਰੋਚ ਧਰਤੀ, ਹੋਰ ਹੋਰ ਸੋਚਾਂ ਸੋਚਣ ਲਗ ਪਿਆ ਮੈਂ ! ਲੈਂਦਾ ਲੂਸਣੀ ਹੰਝੂ ਦੇ ਵਾਂਗ ਓੜਕ, ਓਥੋਂ ਨਿਕਲਕੇ ਬਾਹਰ ਨੂੰ ਵਗ ਪਿਆ ਮੈਂ ! ਗਿਆ ਪੈਲੀ ਦੀ ਵਾਟ ਤੇ ਵੇਖਿਆ ਕੀ ? ਕੂੰਜ ਵਾਂਗ ਇਕ ਨਾਰ ਕੁਰਲਾਂਵਦੀ ਸੀ ! ਪੂੰਝ ਪੂੰਝ ਕੇ ਅੱਥਰੂ ਰੱਤ ਭਿੰਨੇ, ਮਹਿੰਦੀ ਸੋਗਾਂ ਦੀ ਹੱਥਾਂ ਨੂੰ ਲਾਂਵਦੀ ਸੀ ! ਲੀੜੇ ਮੈਲ ਦੇ ਨਾਲ ਸਨ ਕੁੜੇ ਉਹਦੇ, ਸੂਰਤ ਝੱਲੀ ਦੀ ਝੱਲੀ ਨਾਂ ਜਾਂਵਦੀ ਸੀ ! ਮੈਂ ਇਹ ਸਮਝਿਆ 'ਦੀਪਕ' ਮਲ੍ਹਾਰ ਗਾਵੇਂ, ਉਹ ਪਈ ਜਿਗਰ ਦੀ ਲੰਬ ਬੁਝਾਂਵਦੀ ਸੀ ! ਵੇਖ ਵੇਖ ਕੇ ਅੰਬਰਾਂ ਵੱਲ ਰੋਵੇ, ਅੱਖਾਂ ਵਿੱਚੋਂ ਪਏ ਅੱਥਰੂ ਛੁੱਟਦੇ ਸਨ ! ਏਧਰ ਮੋਤੀ ਅਣਵਿੱਧ ਉਹ ਤੋੜਦੀ ਸੀ, ਓਧਰ ਤਾਰੇ ਅਸਮਾਨ ਤੋਂ ਟੁੱਟਦੇ ਸਨ ! ਜਾਕੇ ਕੋਲ ਮੈਂ ਆਖਿਆ 'ਦੱਸ ਮਾਈ, ਬੜੇ ਦੁੱਖੜੇ ਵਾਲੀ ਸੰਞਾਪਨੀ ਏਂ ! ਕੌਣ ਵਿਛੜਿਆ ਜੀਹਦੇ ਵਿਜੋਗ ਅੰਦਰ, ਡੂੰਘੇ ਵੈਣਾਂ ਦੇ ਰਾਗ ਅਲਾਪਨੀ ਏਂ? 'ਸਾਢੇ ਤਿੰਨ ਹੱਥ' ਲੰਮੀ ਹੈ ਆਹ ਤੇਰੀ, ਏਹ ਤੂੰ ਕਬਰ ਦੀ ਜਿਮੀਂ ਪਈ ਨਾਪਨੀ ਏਂ? ਕੇਸ ਵੇਸ ਤੇਰੇ ਟੁੱਟੇ ਖੁੱਸੇ ਹੋਏ ਨੇ, ਕਿਸੇ ਦੇਸ ਦੀ ਰਾਣੀ ਉਂਜ ਜਾਪਨੀ ਏਂ ! ਜਿੱਥੇ ਜੰਮੀਓਂ ਉਗੀਓਂ ਹੋਈਓਂ ਐਡੀ, ਭਾਗਾਂ ਵਾਲਾ ਉਹ ਕੇਹੜਾ ਗਰਾਂ ਤੇਰਾ ? ਰੱਬ ਸੱਤਰ ਵਾਰੀ, ਤੇਰੇ ਸਤਰ ਕੱਜੇ, ਬੋਲੀਂ ਹੱਸਕੇ ਦੱਸ ਕੀ ਨਾਂ ਤੇਰਾ ?' ਕਹਿਣ ਲੱਗੀ ਉਹ ਮੇਰੇ ਵੱਲ ਮੂੰਹ ਕਰਕੇ:- 'ਕਿੱਥੋਂ ਆ ਗਿਓਂ ਮੈਨੂੰ ਪਤਿਆਉਣ ਵਾਲਾ ? ਸੱਜੇ ਪੱਟ 'ਚੋਂ ਨਿਕਲਿਆ ਪੁੱਤ ਜੇਠਾ, ਮੇਰੇ ਪੀੜਾਂ ਤੇ ਦਰਦ ਵੰਡਾਉਣ ਵਾਲਾ ? ਰਾਹੇ ਜਾਂਦਿਆਂ ਜਾਂਦਿਆਂ ਸਖ਼ੀ ਵੱਡਾ, 'ਹਾਤਮ' ਵਾਂਗ ਸਵਾਲ ਨਿਭਾਉਣ ਵਾਲਾ ! 'ਰੁਸਤਮ' ਕੋਲੋਂ ਭੀ ਆਯੋਂ ਵਰਯਾਮ ਵਧਕੇ, ਨਵ੍ਹਾਂ ਨਾਲ ਹਿਮਾਲਾ ਨੂੰ ਢਾਉਣ ਵਾਲਾ ! ਮੇਰੇ ਸੀਨੇ ਵਿੱਚ ਦਾਗ਼ ਬੇਅੰਤ ਲੱਗੇ, ਤੇਰੇ ਕੋਲੋਂ ਏਹ ਕਦੀ ਨਹੀਂ ਗਿਣੇ ਜਾਣੇ ! ਜਾਹ ! ਜਾ ! ਪੈਂਡਾ ਨਾਂ ਆਪਣਾ ਕਰੀਂ ਖੋਟਾ, ਤੀਲੇ ਨਾਲ ਸਮੁੰਦਰ ਨਹੀਂ ਮਿਣੇ ਜਾਣੇ !' ਕੀਤਾ ਮੋੜ ਮੈਂ 'ਮਾਈ ਜੀ ! ਕਰੋ ਜੇਰਾ, ਐਡ ਰੋਹ ਦੇ ਤੰਬੂ ਪਏ ਤਾਣੀਏ ਨਾਂ ! ਲਾਲ ਪੱਥਰਾਂ ਵਿੱਚੋਂ ਈਂ ਨਿਕਲਦੇ ਨੇ, ਮੋਤੀ ਵਾਸਤੇ ਦੁੱਧ ਨੂੰ ਛਾਣੀਏ ਨਾਂ ! ਜੋ ਜੋ ਰੱਬ ਨੇ ਕੀਤੀ ਹੈ ਚੀਜ਼ ਪੈਦਾ, ਉਹਨਾਂ ਵਿੱਚੋਂ ਨਿਗੂਣੀ ਕੋਈ ਜਾਣੀਏ ਨਾਂ! ਲੜ ਕੇ ਸੁੰਡ ਵਿੱਚ ਹਾਥੀ ਮਰੁੰਡ ਦੇਵੇ, ਕਦੀ ਕੀੜੀ ਭੀ ਕੂੜੀ ਪਛਾਣੀਏ ਨਾਂ ! ਵੇਖੀਂ ਟੈਣੇ ਟਟਹਿਣੇ ਦੇ ਟਿਮਕਣੇ ਤੂੰ, ਉੱਡਿਆ ਜਾਂਦਾ ਵੀ ਕਰਦਾ ਓਹ ਲੋ ਜਾਵੇ ! ਮੈਨੂੰ ਗੱਲਾਂ ਤੂੰ ਖੋਲ੍ਹਕੇ ਦੱਸ ਤੇ ਸਹੀ ? ਖ਼ਬਰੇ ਮੈਥੋਂ ਭੀ ਸੇਵਾ ਕੋਈ ਹੋ ਜਾਵੇ !' ਬੋਲੀ:-'ਖਹਿੜਾ ਜੇ ਮੇਰਾ ਤੂੰ ਛੱਡਣਾ ਨਹੀਂ, ਬਹਿ ਜਾ ਚੌਂਕੜੀ ਮਾਰਕੇ ਕੋਲ ਮੇਰੇ ! ਫੜਕੇ ਤੱਕੜੀ ਅਕਲ ਦੀ ਹੋਈਂ ਤਕੜਾ, ਬੋਹਲ ਦੁੱਖਾਂ ਦੇ ਲਈਂ ਸਭ ਤੋਲ ਮੇਰੇ ! ਹਾਸੇ ਵਿੱਚ ਨਾਂ ਐਵੇਂ ਘਚੋਲ ਸੁੱਟੀਂ, ਇਹ ਕਰੁੱਤੜੇ ਫੁੱਲ ਨੀ ਬੋਲ ਮੇਰੇ ! ਹੜ ਵਗਣ ਨਾਂ ਇਨ੍ਹਾਂ ਚੋਂ ਹਾੜਿਆਂ ਦੇ, ਛਾਲੇ ਵੇਖੀਂ, ਪਰ ਵੇਖੀਂ ਅਡੋਲ ਮੇਰੇ ! ਪੱਖੀ ਵਾਂਗ ਮੈਂ ਡੋਲਦੀ ਫਿਰਾਂ ਸਾਰੇ, ਮੈਨੂੰ ਝੱਲੀ ਨੂੰ ਲੋਕ ਨਾਂ ਝੱਲਦੇ ਨੇ ! ਓਸ ਸੂਬੇ ਦੀ 'ਰਾਣੀ' ਮੈਂ ਗਈ ਰਾਣੀਂ, ਜੀਹਦੇ ਪੰਜ ਦਰਿਆ ਅਜ ਚੱਲਦੇ ਨੇ ! 'ਅੰਗਦ ਦੇਵ' ਜੀ ਦੇ ਘਰ ਮੈਂ ਜਨਮ ਲੀਤਾ, ਪਾਈ ਦੀਦ ਅਪੱਛਰਾਂ ਆਣਕੇ ਵੇ ! ਦਸਮ ਗੁਰੂ ਦੀ ਗੋਦ ਵਿੱਚ ਖੇਡਦੀ ਰਹੀ, ਉਨ੍ਹਾਂ ਪਾਲਿਆ ਲਾਡਲੀ ਜਾਣਕੇ ਵੇ! ਕੀਤੀ 'ਫੂਲ ਖ਼ਣਵਾਦੇ' ਨੇ ਕਦਰ ਮੇਰੀ, ਮੈਨੂੰ ਫੁੱਲਾਂ ਤੋਂ ਸੋਹਲ ਪਛਾਣਕੇ ਵੇ! ਆਵੇ ਯਾਦ ਦਰਬਾਰ ਰਣਜੀਤ ਸਿੰਘ ਦਾ, ਮੇਰੀ ਜਾਨ ਲੈ ਜਾਂਦਾ ਏ ਰਾਣਕੇ ਵੇ ! ਖੁਲ੍ਹੇ ਕੇਸ ਪਰਾਂਦੜਾ ਹੱਥ ਫੜਿਆ, ਏਸੇ ਚੌਂਕ ਗਵਾਚੇ ਨੇ ਫੁੱਲ ਮੇਰੇ ! ਗੱਲਾਂ ਔਂਦੀਆਂ ਮਿੱਠੀਆਂ ਯਾਦ ਜਿਸ ਦਮ, ਓਦੋਂ ਇਸਤਰ੍ਹਾਂ ਜੁੜਦੇ ਨੇ ਬੁੱਲ੍ਹ ਮੇਰੇ:- ਮੇਰੇ ਮਾਹੀ ! ਮੈਂ ਮੋਈ ਮੁਹਾਰ ਮੋੜੀਂ, ਬਣਕੇ ਬਾਲ ਮੁਆਤੜਾ ਬਾਲ ਬੈਠੀ ! ਪੀਆ ! ਪਾਲ ਪਰੀਤ ਪ੍ਰੇਮ ਪਿਆਰੀ, ਬਨ ਬਨ ਬੰਨੀ ਬਾਲਮ ਭਾਲ ਬੈਠੀ ! ਭੁੱਲੀ ਭੁੱਲ ਭੁਲਾਵੜੇ ਭਲੀ ਭੋਲੀ, ਮੋਈ ਮੋਈ ਮੁਹਾ ਮੈਂ ਮਾਲ ਬੈਠੀ ! ਬਾਲੀ-ਬਣ ਬੁਲਬੁਲ ਫੁੱਲੀ ਫੁੱਲ ਬਣ ਬਣ, ਮਰ ਮਰ ਪ੍ਰੀਤ ਪਰੀਤਮਾਂ ਪਾਲ ਬੈਠੀ ! ਪੰਡ ਪਿਆਰ ਪ੍ਰੇਮ ਦੀ ਪਾ ਮੋਢੇ, ਪਿੰਡੋ ਪਿੰਡ ਫਿਰਦੀ ਪੀ ਪੀ ਬੋਲਦੀ ਮੈਂ ! ਭੌਂਦੀ ਮਿਸਲ ਭੰਬੀਰੀ ਮੈਂ ਭੌਰ ਬਣ ਬਣ, ਫੁੱਲ ਬਾਗ਼, ਪਰਬਤ, ਪੱਥਰ ਫੋਲਦੀ ਮੈਂ ! ਮਾਰਨ ਪਈਆਂ ਪਟੋਕਰਾਂ ਨਾਲ ਦੀਆਂ, ਔਖੀ ਬਣ ਅੰਦਰ ਔਖੀ ਬਣੀ ਮੈਨੂੰ ! ਹਾਸੇ ਟਿਚਕਰਾਂ ਤੇ ਰਹਿ ਗਏ ਇੱਕ ਪਾਸੇ, ਦੇਵੇ ਛਿੱਬੀਆਂ ਪਈ ਜਨੀ ਖਨੀ ਮੈਨੂੰ ! ਪਰਦਾ ਕੱਜਦਾ ਜਿਹੜਾ ਕੁਚੱਜੜੀ ਦਾ, ਐਸਾ ਕੋਈ ਨਾ ਮਿਲਿਆ ਏ ਤਨੀ ਮੈਨੂੰ ! 'ਕਣੀ' ਵਾਲੀ ਨੂੰ ਰੋਲਿਆ ਵਿੱਚ ਗਲੀਆਂ, ਲੋਕਾਂ ਸਮਝਿਆ ਚੌਲਾਂ ਦੀ ਕਨੀ ਮੈਨੂੰ ! ਕਰਾਂ ਵੈਣ ਬੇ-ਆਸ 'ਬਿਆਸ' ਵਾਰੀ, ਮੇਰੇ ਦੀਦਿਆਂ ਦੇ ਜੇਹੇ ਵਹਿਣ ਖੁੱਲ੍ਹੇ ! ਜਿਵੇਂ ਕੰਢੇ ਦਰਿਆ ਦੇ ਨਹੀਂ ਮਿਲਦੇ, ਮੇਰੇ ਬੁੱਲ੍ਹ ਭੀ ਇਸ ਤਰਾਂ ਰਹਿਣ ਖੁੱਲ੍ਹੇ:- ਸਈਆਂ ਸਾਰੀਆਂ ਹਾਰ ਸ਼ਿੰਗਾਰ ਲਾਏ, ਰੱਤੇ ਚੇਹਰਿਆਂ ਤੇ ਚੜ੍ਹੀਆਂ ਲਾਲੀਆਂ ਨੇ ! ਸਾਡਾ ਕਾਲਜਾ ਛਾਨਣੀ ਛਾਨਣੀ ਏ । ਡਾਢੇ ਡੰਗ ਲਾਏ ਲਿਟਾਂ ਕਾਲੀਆਂ ਨੇ ! ਲਾਂਝੇ ਰਾਂਝੇ ਦੇ ਕੀਰਨੇ ਨਿੱਤ ਕਰਦੀ, ਤੱਤੀ ਹੀਰ ਨੇ, ਅਖੀਆਂ ਗਾਲੀਆਂ ਨੇ ! 'ਖੇਤ ਕੇਸਰੀ' ਕੱਲਰਾਂ ਸਾੜ ਛੱਡੇ, ਲਈ ਸਾਰ ਨਾਂ ਆਣਕੇ ਹਾਲੀਆਂ ਨੇ ! ਗਲਾਂ ਕਿਸੇ ਨੇ ਆਣ ਨਜਿੱਠੀਆਂ ਨਹੀਂ, ਲਿਖ ਲਿਖ ਚਿੱਠੀਆਂ ਡਿੱਠੀਆਂ ਜੱਗ ਸਾਰੇ ! ਦੇਖ ਦੇਖ ਹਾਂ ਰੇਖ ਦੇ ਲੇਖ ਸੜਦੀ, ਚਾਹਾਂ ਜਲ ਤੇ ਦੇਂਦੇ ਨੇ ਅੱਗ ਸਾਰੇ ! ਪਾਈਆਂ ਜੱਗ ਵਾਹਰਾਂ 'ਵਾਰਾਂ' ਮੇਰੀਆਂ ਨੇ, ਨਾਲ 'ਸੁਰਾਂ' ਦੇ 'ਗੌਣ' 'ਕਬਿੱਤ' ਮੇਰੇ ! 'ਕਲੀਆਂ' ਵਾਂਗ ਕਲੀਆਂ ਹੀਰੇ 'ਬੈਂਤ' 'ਦੋਹੜੇ' 'ਟੱਪੇ' 'ਡਿਓਢ' ਸੁਣ ਸੁਣ ਟੱਪਣ ਮਿੱਤ ਮੇਰੇ ! ਪਾ ਪਾ ਕਵ੍ਹਾਂ 'ਅਖਾਣ' 'ਬੁਝਾਰਤਾਂ' ਕੀ ? 'ਬਾਤਾਂ' ਜੇਹੜੀਆਂ ਭਰੀਆਂ ਨੇ ਚਿੱਤ ਮੇਰੇ ! 'ਸੋਹਲੇ' 'ਸਿੱਠਾਂ' ਵਿਆਹ ਵਿੱਚ ਕਹਿਣ ਕੁੜੀਆਂ, ਨੀਂਗਰ ਚੰਦ 'ਛੰਦ' ਆਖਦੇ ਨਿੱਤ ਮੇਰੇ ! ਚੰਨਾਂ, 'ਬਾਣੀਆਂ' ਮੇਰੀਆਂ ਪੜ੍ਹ ਪੜ੍ਹ ਕੇ, ਹੋਵੇ ਚਾਨਣਾ ਦਿਲਾਂ ਦੀ ਖੋੜ ਅੰਦਰ ! ਵੇ ਤੂੰ ਸੱਚ ਜਾਣੀ ਮੋਈ ਹੋਈ ਦੇ ਭੀ, ਪੈਂਦੇ 'ਵੈਣ' ਨੇ ਕਈ ਕਰੋੜ ਅੰਦਰ ! ਹਹੁਕਾ ਮਾਰਿਆ ਓਸ ਨੇ ਫੇਰ ਐਸਾ, ਖੋਹਲ ਖੋਹਲ ਕੇ ਅੱਖਾਂ ਮਸਤਾਨੀਆਂ ਦੋ ! 'ਸੂਰਜ' 'ਚੰਨ' ਦਾ ਕਾਲਜਾ ਵਿੰਨ੍ਹ ਗਈਆਂ, ਜੇਹੀਆਂ ਮੇਲਕੇ ਛੱਡੀਆਂ ਕਾਨੀਆਂ ਦੋ ! ਮੈਨੂੰ ਮੋਢਿਓਂ ਝੂਣਕੇ ਕਹਿਣ ਲੱਗੀ, 'ਤੈਨੂੰ ਹੋਰ ਭੀ ਦਸਾਂ ਨਿਸ਼ਾਨੀਆਂ ਦੋ ! ਏਹ ਹੈ ਇੱਕ 'ਕਿਤਾਬ' ਤੇ ਇੱਕ 'ਮਾਲਾ', ਹੋਈਆਂ ਮੇਰੇ ਉਤੇ ਮੇਹਰਬਾਨੀਆਂ ਦੋ ! ਸੁੰਦਰ ਹਰਫ਼ ਸਨ ਓਸ ਕਿਤਾਬ ਦੇ ਭੀ, ਓਸ ਮਾਲਾ ਦੀ ਝਲਕ ਵੀ ਵੱਖਰੀ ਸੀ ! ਇਕ ਤੇ ਹੀਰ ਹੈਸੀ ਵਾਰਸਸ਼ਾਹ ਵਾਲੀ, ਦੂਜੀ ਗੁਰਮੁਖੀ ਦੀ ਪੈਂਤੀ ਅੱਖਰੀ ਸੀ !' ਗੱਲਾਂ ਉਹਦੀਆਂ ਸਾਰੀਆਂ ਸੁਣ ਸੁਣ ਕੇ, ਪਹਿਲੇ ਚੁੱਪ ਮੈਂ ਵਾਂਗ ਤਸਵੀਰ ਹੋਇਆ ! ਫੇਰ ਕੰਬਣੀ ਆਣਕੇ ਛਿੜੀ ਐਸੀ, ਲੂੰ ਕੰਡੇ ਸਭ ਮੇਰਾ ਸਰੀਰ ਹੋਇਆ ! ਮੇਰੇ ਜਿਗਰ ਨੂੰ ਛਾਨਣੀ ਕਰਨ ਬਦਲੇ, ਹਰਇਕ ਵਾਲ ਸੀ ਪਿੰਡੇ ਦਾ ਤੀਰ ਹੋਇਆ ! ਓੜਕ ਥੱਕਿਆ ਰਹਿ ਨਾਂ ਸੱਕਿਆ ਮੈਂ, ਜਾਰੀ ਅੱਖੀਆਂ ਦੇ ਵਿੱਚੋਂ ਨੀਰ ਹੋਇਆ ! ਬਾਲ-ਪਨ ਦੀਆਂ ਲੋਰੀਆਂ ਯਾਦ ਆਈਆਂ, ਸੀਸ ਸੁੱਟਕੇ ਜ਼ਿਮੀਂ ਤੇ ਰੋਣ ਲੱਗਾ ! ਗੰਗਾ-ਜਮਨਾ ਵਗਾਕੇ ਅੱਖੀਆਂ ਚੋਂ, ਚਰਨ ਮਾਤਾ ਪਿਆਰੀ ਦੇ ਧੋਣ ਲੱਗਾ ! ਹੱਥ ਜੋੜਕੇ ਬੇਨਤੀ, ਏਹ ਕੀਤੀ:- 'ਏਥੋਂ ਤੀਕ ਤੇ ਟਿੱਲ ਮੈਂ ਲਾ ਦਿਆਂਗਾ ! ਮੈਨੂੰ ਮਿਲੀ ਹੈ ਦੌਲਤ ਕਵੀਸ਼ਰੀ ਦੀ, ਤੇਰੇ ਵਾਸਤੇ ਸਾਰੀ ਲੁਟਾ ਦਿਆਂਗਾ ! ਲਿਖ ਲਿਖ ਕੁਦਰਤੀ ਭਾਵ ਪ੍ਰੇਮ ਐਸਾ, ਤੇਰੀ ਸ਼ਾਨ ਮੈਂ ਨਵੀਂ ਦਿਖਾ ਦਿਆਂਗਾ ! ਤੇਰੀ ਜੁੱਤੀ ਦੇ ਟੁੱਟੇ ਹੋਏ ਤਾਰਿਆਂ ਨੂੰ ! ਫੜਕੇ ਚੰਦ ਅਸਮਾਨੀ ਬਣਾ ਦਿਆਂਗਾ ! ਨਵੇਂ ਫੈਸ਼ਨ ਦਾ ਦਿਆਂਗਾ ਰੰਗ ਐਸਾ, ਚਮਕੇ ਸੂਰਜ ਦੇ ਵਾਂਗ ਇਤਿਹਾਸ ਤੇਰਾ ! 'ਸ਼ਰਫ਼' ਓਪਰੇ ਭੀ ਲਾ ਲਾ ਦੂਰ-ਬੀਨਾਂ, ਦਿਨ ਰਾਤ ਪਏ ਲਭਣ ਅਕਾਸ਼ ਤੇਰਾ ! (ਸ਼ੱਦਾਦ=ਓਹ ਪਾਤਸ਼ਾਹ, ਜਿਸ ਨੇ ਆਪਣੇ ਆਪ ਨੂੰ ਰੱਬ ਅਖਵਾਇਆ ਤੇ ਦੁਨੀਆਂ ਵਿਚ ਬਹਿਸ਼ਤ ਬਣਵਾਇਆ, ਹਿੱਡੇ ਅੱਚੋ= (ਸਿੰਧੀ) ਏਧਰ ਆ, ਤਮੀ ਚਾਲੋ= (ਕਾਠੀਆਵਾੜੀ) ਤੂੰ ਚੱਲ, ਰਾਜ਼ੇ ਖ਼ੈਲੇ= (ਪਸ਼ਤੋ) ਰਾਜ਼ੀ ਖੁਸ਼ੀ, ਹੈਕੜੇ ਤੇਕੜੇ= (ਮਰਹੱਟੀ) ਐਧਰ ਓਧਰ, ਬਾੜੀ ਅਪਨਾ ਕੁਥੈ ਛੇ=(ਬੰਗਾਲੀ) ਆਪਦਾ ਘਰ ਕਿੱਥੇ ਹੈ ? ਮੰਚੀ ਮੰਚ=(ਮਦਰਾਸੀ) ਅੱਛਾ ਅੱਛਾ, ਨਿਕਾ ਨੰਦ ਛੋਹ=(ਨੀਪਾਲੀ) ਰਾਜ਼ੀ ਖੁਸ਼ੀ ਹੈਂ ? ਮੋਟੇ ਮਮੂਲੇ=(ਬ੍ਰਹਮੀ) ਕਿੱਥੇ ਲੈ ਜਾਏਂਗੀ ? ਕੱਥਬੋਜ਼=(ਕਸ਼ਮੀਰੀ) ਮੇਰੀ ਗੱਲ ਸੁਣ, ਬਲਕੀਸ-ਸਲੈਮਾਨ ਪੈਗ਼ੰਬਰ ਦੀ ਰਾਣੀ, ਇਖ਼ਤਸਾਰ ਗੁਫ਼ਤਮ ਦੋ ਸਿਹ ਚਾਰ ਕਲਮ= (ਫਾਰਸੀ) ਦੋ ਤਿੰਨ ਚਾਰ ਗੱਲਾਂ ਆਖਕੇ ਬੱਸ ਕਰਦੀ ਹਾਂ, ਕੁਮਕੁਮ ਯਾ ਹਬੀਬ= (ਅਰਬੀ) ਉਠ ਉਠ ਮੇਰੇ ਪਿਆਰੇ, ਆਰਡਰ ਪਲੀਜ਼=(ਅੰਗ੍ਰੇਜ਼ੀ) ਚੁੱਪ ਰਹੋ, ਬੁੱਲ੍ਹ ਜੁੜਨੇ=ਇਸ ਬੈਂਤ ਵਿਚ ਜਿਤਨੇ ਸ਼ਬਦ ਹਨ ਉਨ੍ਹਾਂ ਦੇ ਉਚਾਰਨ ਕਰਨ ਨਾਲ ਬੁੱਲ੍ਹ ਜੁੜ ਜਾਂਦੇ ਹਨ, ਬੁੱਲ੍ਹ ਖੁੱਲ੍ਹਨੇ=ਇਸ ਬੈਂਤ ਵਿੱਚ ਸਾਰੇ ਸ਼ਬਦ ਅਜੇਹੇ ਵਰਤੇ ਹਨ, ਜਿਨ੍ਹਾਂ ਦੇ ਉਚਾਰਨ ਨਾਲ ਬੁੱਲ੍ਹ ਖੁੱਲ੍ਹੇ ਰਹਿੰਦੇ ਹਨ)

2. ਤ੍ਰੇਲ ਤੁਬਕੇ ਦਾ ਸੁਫ਼ਨਾ

ਇਕ ਦਿਨ ਸਮੇਂ ਸਵੇਰ ਦੇ ਉੱਠਕੇ ਮੈਂ, ਗਿਆ ਰਮਕੇ ਰਮਕੇ ਬਾਗ਼ ਅੰਦਰ ! ਜਾ ਇਕ ਬੂਟੇ ਦੇ ਕੋਲ ਖਲੋ ਗਿਆ ਸਾਂ, ਬਹਿ ਗਈ ਸੁੰਦ੍ਰਤਾ ਓਹਦੀ ਦਿਮਾਗ਼ ਅੰਦਰ ! ਲੈਕੇ ਉਹਦੀ ਤਰੇਲ ਦਾ ਤੇਲ ਪਾਯਾ, ਜਦ ਮੈਂ ਅਕਲ ਦੇ ਨਿੰਮ੍ਹੇ ਚਰਾਗ਼ ਅੰਦਰ ! ਸੂਰਜ ਕੁਦਰਤੀ ਚੜ੍ਹੇ ਬੇਅੰਤ ਦੇਖੇ, ਪੱਤੇ ਪੱਤੇ ਦੀ ਹਿੱਕ ਦੇ ਦਾਗ਼ ਅੰਦਰ ! ਡਿੱਠਾ ਚੋਆ ਤਰੇਲ ਦਾ ਇੱਕ ਏਦਾਂ, ਬੈਠਾ ਹੋਯਾ ਪਸਿੱਤੜਾ ਫੁੱਲ ਉੱਤੇ ! ਜਿਵੇਂ ਮੋਤੀ ਬੁਲਾਕ ਦਾ ਹੋਵੇ ਝੁਕਿਆ, ਕਿਸੇ ਪਦਮਣੀ ਨਾਰ ਦੇ ਬੁੱਲ ਉਤੇ ! ਕਿਹਾ ਫੁੱਲ ਨੇ:-ਯਾਰ ਤਰੇਲ ਤੁਬਕੇ, ਅਜ ਤੂੰ ਕਿਹੜੀ ਮੁਰਾਦ ਨੂੰ ਲੋਚਨਾ ਏਂ ? ਬੱਗੇ ਅੱਥਰੂ ਕੱਢਕੇ ਅੱਖੀਆਂ 'ਚੋਂ, ਚੂਨਾ ਮੋਤੀਆਂ ਦਾ ਪਿਆ ਪੋਚਨਾ ਏਂ ? ਬੁੜ੍ਹਕ ਬੁੜ੍ਹਕ ਕੇ ਕਦੀ ਤੂੰ ਬਾਲ ਵਾਂਗੂੰ, ਪਿਆ ਟਿੰਘ ਜੁਆਨੀ ਦੀ ਬੋਚਨਾ ਏਂ ? ਡੁੱਬਾ ਹੋਯਾ ਦਲੀਲਾਂ ਦੇ ਵਹਿਣ ਅੰਦਰ, ਮੈਨੂੰ ਦੱਸ ਤੂੰ ਪਿਆ ਕੀ ਸੋਚਨਾ ਏਂ ? ਖੋਲ੍ਹ ਅੱਖੀਆਂ ਸੂਰਜ ਨੂੰ ਦੇਖ ਔਧਰ, ਕੀ ਕੀ ਤੇਰੇ ਲਈ ਮਕਰ ਖਿਲਾਰਦਾ ਏ ! ਚੋਗ ਸੁੱਟਕੇ ਤੇਰੇ ਲਈ ਜ਼ੱਰਿਆਂ ਦੀ, ਪਿਆ ਕਿਰਨਾਂ ਦਾ ਜਾਲ ਸਵਾਰਦਾ ਏ ! ਤੁਪਕਾ ਬੋਲਿਆ:-ਯਾਰ ਕੀ ਹਾਲ ਦੱਸਾਂ, ਦੁੱਖਾਂ ਵਿੱਚ ਹਾਂ ਗਿਆਂ ਵਲ੍ਹੇਟਿਆ ਮੈਂ! ਐਵੇਂ ਡਿੱਗਕੇ ਰਿਸ਼ਮਾਂ ਦੀ ਪੀਂਘ ਉੱਤੋਂ, ਆਪਾ ਤੇਰੇ ਸੁਹੱਪਣ ਤੇ ਮੇਟਿਆ ਮੈਂ ! ਤੇਰੇ ਰੇਸ਼ਮੀ ਪੱਟ ਮਲੂਕ ਉੱਤੇ, ਨਿੱਜ ਅੱਜ ਦੀ ਰਾਤ ਹਾਂ ਲੇਟਿਆ ਮੈਂ! ਦੋਂਹ ਘੜੀਆਂ ਦੀ ਮਿੱਠੜੀ ਨੀਂਦ ਬਦਲੇ, ਸਾਰੇ ਜੱਗ ਦਾ ਦੁੱਖ ਸਮੇਟਿਆ ਮੈਂ । ਜੋ ਜੋ ਸੁਤਿਆਂ ਦੇਖਿਆ ਅੱਜ ਹੈ ਮੈਂ, ਜੇ ਉਹ ਭੇਦ ਜਹਾਨ ਤੇ ਖੁੱਲ੍ਹ ਜਾਵੇ ! ਸੁਣਕੇ ਖੰਭ ਪਤੰਗੇ ਦੇ ਝੜਨ ਦੋਵੇਂ, ਕਰਨਾ ਚਾਨਣਾ ਦੀਵੇ ਨੂੰ ਭੁੱਲ ਜਾਵੇ ! ਅੰਦਰ ਸੁਫ਼ਨੇ ਦੇ ਜਿਸ ਤਰ੍ਹਾਂ ਕਿਸੇ ਬੰਦੇ, ਮੈਨੂੰ ਤੇਰੇ ਤੋਂ ਆਣਕੇ ਝਾੜਿਆ ਏ ! ਤੈਨੂੰ ਟਾਹਣੀਓਂ ਤੋੜਕੇ, ਬੁਲਬੁਲਾਂ ਦਾ, ਉਹਨੇ ਭਾਗ ਸੁਹਾਗ ਉਜਾੜਿਆ ਏ ! ਹੈਸੀ ਭੌਰਾਂ ਦੀ ਪਾਕ ਕਤਾਬ ਜਿਹੜੀ, ਵਰਕ ਵਰਕ ਫੜ ਓਸ ਦਾ ਪਾੜਿਆ ਏ ! ਤੇਰੀ ਖੰਬੜੀ ਖੰਬੜੀ ਵੱਖ ਕਰਕੇ, ਕਈਆਂ ਤਿੱਤਰੀਆਂ ਦਾ ਸੀਨਾ ਸਾੜਿਆ ਏ ! ਤੋੜ ਤਾੜਕੇ ਚਾੜ੍ਹਕੇ ਅੱਗ ਉੱਤੇ, ਬੰਦ ਬੰਦ ਉਹ ਲੱਗਾ ਝਲੂਣ ਤੇਰਾ ! ਓੜਕ ਕਿਸੇ ਹੁਸੀਨ ਦੇ ਢੋਏ ਬਦਲੇ, ਉਹਨੇ ਸ਼ੀਸ਼ੀ 'ਚ ਪਾ ਲਿਆ ਖ਼ੂੰਨ ਤੇਰਾ ! ਹੁੰਦਾ ਤੇਰੇ ਤੇ ਦੇਖਕੇ ਜ਼ੁਲਮ ਐਡਾ, ਸਹਿਮ ਨਾਲ ਮੈਂ ਕੁਸਕਿਆ ਹੱਲਿਆ ਨਾ ! ਡਰਦਾ ਰਿਹਾ ਮੈਂ ਜ਼ੇਬੁੱਨਸਾ ਵਾਂਗੂੰ, ਢੱਕਣ ਦੇਗ਼ ਦਾ ਗਿਆ ਉੱਥਲਿਆ ਨਾ ! ਚੁਣੀ ਕੰਧ ਵਿੱਚ ਗਈ ਅਨਾਰਕਲੀ, ਤਾਂ ਵੀ ਵੱਸ ਸਲੀਮ ਦਾ ਚੱਲਿਆ ਨਾ ! ਦੇ ਦੇ ਠੁੱਮ੍ਹਣੇ ਠੱਲਿਆ ਬੜਾ ਜੀ ਨੂੰ, ਪਰ ਇਹ ਦੁੱਖ ਮੈਥੋਂ ਗਿਆ ਝੱਲਿਆ ਨਾ ! ਸੌੜੀ ਪਈ ਵਿਛੋੜੇ ਤੋਂ ਜਿੰਦ ਆਕੇ, ਜਾ ਇਕ ਕੰਢੇ ਦੀ ਚੁੰਝ ਤੇ ਤਣ ਗਿਆ ! ਪੱਤੇ ਟਾਹਣੀਆਂ ਦੇਖਕੇ ਬੋਲ ਉੱਠੇ, 'ਲਉ ਜੀ ! ਨੂਹ ਮਨਸੂਰ ਅਜ ਬਣ ਗਿਆ ! ਫਿਰਦੀ ਪਈ ਸੀ ਕਿਤੇ ਹਵਾ ਵੈਰਨ, ਉਹਨੇ ਆਣਕੇ ਸੂਲੀਓਂ ਢਾ ਦਿੱਤਾ ! ਹੇਠੋਂ ਧੁੱਪ ਨੇ ਕਿਰਨਾਂ ਦੀ ਪਕੜ ਸ਼ੂਸ਼ਕ, ਮਾਰ ਮਾਰ ਕੇ ਮੈਂਨੂੰ ਉਡਾ ਦਿੱਤਾ ! ਸਮਝ ਸਾਕ ਦਰਯਾ ਨੂੰ ਆਂਦਰਾਂ ਦਾ, ਡੇਰਾ ਉਹਦੀਆਂ ਲਹਿਰਾਂ ਵਿੱਚ ਲਾ ਦਿੱਤਾ ! ਘੱਲ ਸੂਰਜ ਨੇ ਤਪਤ ਨੂੰ ਅੰਬਰਾਂ ਤੋਂ, ਮੈਂਨੂੰ ਓਥੋਂ ਵੀ ਬਾਹਰ ਕਢਾ ਦਿੱਤਾ ! ਠੇਡੇ ਲਾਏ ਨਸੀਬਾਂ ਨੇ 'ਜਹੇ ਆਕੇ, ਹੋ ਹੋ ਇੱਲਣ ਪਹਾੜਾਂ ਤੇ ਰੁਲਣ ਲੱਗਾ ! ਹੀਰਾ ਤਾਜ ਗੁਲਾਬੀ ਦਾ ਟੁੱਟਕੇ ਮੈਂ, ਦੇਖੋ! ਪੱਥਰਾਂ ਨਾਲ ਹੁਣ ਤੁਲਣ ਲੱਗਾ ! ਸਾਧੂ ਆ ਗਿਆ ਕਿਤੋਂ ਇੱਕ ਬੱਦਲਾਂ ਦਾ, ਉਹਨੇ ਜਟਾਂ ਤੇ ਲਿਆ ਭਰਮਾ ਮੈਂਨੂੰ ! ਵਾਹੋ ਦਾਹ ਸਮੁੰਦਰਾਂ ਵੱਲ ਨੱਠਾ ਕਰ ਕਾਲੀ ਕੰਬਲੀ ਵਿੱਚ ਛੁਪਾ ਮੈਂਨੂੰ ! ਕੜਕਾ ਮਾਰਕੇ ਬਿਜਲੀ ਨੇ ਨਾਲ ਗੁੱਸੇ, ਉਹਦੇ ਕੋਲੋਂ ਵੀ ਦਿੱਤਾ ਸੁਟਾ ਮੈਂਨੂੰ ! ਵਿਂਹਦੀ ਪਈ ਸੀ ਲਹਿਰਾਂ ਦੀ ਅੱਖ ਸਿੱਪੀ ਪੁਤਲੀ ਵਾਂਗ ਉਸ ਲਿਆ ਲੁਕਾ ਮੈਂਨੂੰ ! ਸੁਹਲ ਜਿੰਦ, ਮਲੂਕੜਾ, ਉਮਰ ਛੋਟੀ, ਮਾਰ ਮਾਰ ਕੇ ਮੰਜ਼ਲਾਂ ਝੌਂ ਗਿਆ ਮੈਂ ! ਥੱਕਾ, ਟੁੱਟਿਆ, ਪੰਧ ਦਾ ਵਾਂਗ ਰਾਂਝੇ, ਬੇੜੀ ਹੀਰ ਦੀ ਸਮਝਕੇ ਸੌਂ ਗਿਆ ਮੈਂ! ਆਈ ਜਾਗ ਤੇ ਵੇਖਿਆ ਹੜ੍ਹ ਕਾਂਗਾਂ, ਤੇਰੇ ਹਿਜਰ ਦੇ ਗੀਤ ਸੁਣੌਣ ਲੱਗੇ ! ਲਹਿੰਦੇ ਚੜ੍ਹਦਿਓਂ ਆਣ ਜੁਆਰਭਾਟੇ, ਤੇਰੀ ਯਾਦ ਦੀ ਪੀਂਘ ਝੁਟੌਣ ਲੱਗੇ । ਘੁੰਮਣਘੇਰ ਸਮੁੰਦਰੀ, ਵਾਂਗ ਕੁੜੀਆਂ, ਏਦਾਂ ਨੱਚਕੇ ਕਿਲਕਲੀ ਪੌਣ ਲੱਗੇ ! ਹਰੇ ਭਰੇ ਬਰੂਟੇ ਦੀ ਗੋਦ ਅੰਦਰ, ਤੇਰੇ ਖਿੜਨ ਦਾ ਸਮਾ ਦਿਖੌਣ ਲੱਗੇ ! ਤ੍ਰਹਣਾ, ਕੰਬਣਾਂ, ਡੋਲਣਾ, ਦੂਰ ਕਰਕੇ, ਓੜਕ ਆਪਣੀ ਪੈਰੀਂ ਖਲੋ ਗਿਆ ਮੈਂ ! ਦਿੱਤੇ ਤੇਰੀ ਜੁਦਾਈ ਨੇ ਦੁੱਖ ਐਸੇ, ਕਰੜਾ ਪੱਥਰਾਂ ਵਾਂਗ ਹੁਣ ਹੋ ਗਿਆ ਮੈਂ ! ਰਲਕੇ ਬੁਲਬੁਲੇ ਸਾਗਰ ਨੂੰ ਕਹਿਣ ਲੱਗੇ, ਕਿਉਂ ਜੀ ਏਹ ਕੀ ਏਥੇ ਬਣਾਂਵਦਾ ਏ ? ਚਮਕ ਮੰਗਦਾ ਰਹਿੰਦਾ ਏ ਤਾਰਿਆਂ ਤੋਂ, ਠੰਢਕ ਆਪ ਦੀ ਪਿਆ ਚੁਰਾਂਵਦਾ ਏ ? ਰਹੇ ਡੁੱਬਿਆ ਪਾਣੀ ਦੇ ਵਿੱਚ ਹਰਦਮ, ਤਾਂ ਵੀ ਸੁੱਕਾ ਵੀ ਨਜ਼ਰ ਇਹ ਆਂਵਦਾ ਏ ? ਰਹਿੰਦਾ ਬਹਿੰਦਾ ਏ ਆਪ ਦੀ ਸ਼ਾਹੀ ਅੰਦਰ, ਪਰ ਇਹ ਕੋਰਾ ਜਵਾਬ ਸੁਣਾਂਵਦਾ ਏ ? ਸੁਣਕੇ, ਝੱਗ ਸਮੁੰਦ੍ਰ ਨੇ ਮੂੰਹੋਂ ਸੁੱਟੀ, ਅੰਦਰ ਜੋਸ਼ ਦੇ ਹੌਸਲਾ ਛੱਡ ਦਿੱਤਾ ! ਜਿਵੇਂ ਆਦਮ ਨੂੰ ਜੱਨਤੋਂ ਕੱਢਿਆ ਸੀ, ਤਿਵੇਂ ਮੈਂਨੂੰ ਉੱਛਲਕੇ ਕੱਢ ਦਿੱਤਾ ! ਪਿਆ ਮੂੰਧੜੇ ਮੂੰਹ ਮੈਂ ਕੰਢੜੇ ਤੇ, ਸ਼ਾਨ ਰੱਬ ਦੀ ਹਿੱਲ ਨਾ ਸੱਕਨਾ ਹਾਂ ! ਖੱਸੇ ਹੋਏ ਉਹ ਉੱਡਣੇ ਖੰਭ ਮੇਰੇ, ਪਿਆ ਮੂੰਹ ਜਨੌਰਾਂ ਦਾ ਤੱਕਨਾ ਹਾਂ ! ਕਿਨੂੰ ਕਹਾਂ ਮੈਂ ਕੀ ਸੀ ? ਬਣ ਗਿਆ ਕੀ ? ਆਂਹਦਾ ਗਲ ਵੀ ਕਿਸੇ ਨੂੰ ਝੱਕਨਾਂ ਹਾਂ ! ਦੇਖ ਦੇਖਕੇ ਹੰਸਾਂ ਦੀ ਅੱਖ ਮੈਲੀ, ਗੋਰੀ ਦੇਹ ਲੁਕਾਂਵਦਾ ਢੱਕਨਾ ਹਾਂ ! ਏਸੇ ਸਮੇਂ ਇੱਕ ਆਣਕੇ ਕਿਤੋਂ ਬੰਦਾ, ਮੇਰੇ ਲੋਭ ਦੀ ਅੱਗ ਤੇ ਸਿਕਣ ਲੱਗਾ ! ਮੁੱਦਾ ਕੀ, ਕਿ ਮੈਂ ਬੇ-ਵਤਨ ਦੁਖੀਆ, ਬਰਦਾ ਹੋ ਬਾਜ਼ਾਰ ਵਿਚ ਵਿਕਣ ਲੱਗਾ ! ਪਾਰੇ ਵਾਂਗ ਕੁਈ ਤੜਫ਼ਦਾ ਆਣ ਪਹੁੰਚਾ, ਮੈਂਨੂੰ ਕੁਸ਼ਤਾ ਅਕਸੀਰ ਬਣਾਉਂਣ ਵਾਲਾ ! ਦੇਂਦਾ ਆ ਗਿਆ ਮੁੱਛਾਂ ਨੂੰ ਤਾ ਕੋਈ, ਜੌਹਰ ਅੱਗ ਤੇ ਮੇਰੇ ਦਿਖਾਉਂਣ ਵਾਲਾ ! ਕਰਕੇ ਗਹਿਰੀਆਂ ਅੱਖੀਆਂ ਕੋਈ ਆਯਾ, ਮੈਨੂੰ ਸੁਰਮੇਂ ਦੇ ਵਿੱਚ ਰਲਾਉਂਣ ਵਾਲਾ ! ਜੇਹੜਾ ਆਯਾ ਵਰੋਲੇ ਦੇ ਵਾਂਗ ਆਯਾ, ਮੋਏ ਹੋਏ ਦੀ ਖ਼ਾਕ ਉਡਾਉਂਣ ਵਾਲਾ ! ਸਮਝ ਅੱਥਰੂ ਯੂਸਫ਼ੀ ਅੱਖੀਆਂ ਦਾ, ਬਹੁੜ ਪਿਆ ਉਹ ਮੇਰਾ ਕਰਤਾਰ ਮੈਂਨੂੰ ! ਵੈਰੀ ਹੱਥਾਂ ਤੇ ਮਾਰਦੇ ਹੱਥ ਰਹਿ ਗਏ, ਲੈ ਗਈ ਮੁੱਲ ਇਕ ਸੁੰਦਰੀ ਨਾਰ ਮੈਂਨੂੰ ! ਉਹਦੀ ਮਸਤ ਜਵਾਨੀ ਨੂੰ ਦੇਖਕੇ ਤੇ, ਇਹੋ ਆਉਂਦਾਏ ਮੇਰੇ ਕਿਆਸ ਅੰਦਰ ! ਹੂਰ ਜੱਨਤੀ ਜਿਵੇਂ ਸ਼ਰਾਬ ਲੈਕੇ, ਖੜੀ ਹੋਈ ਏ ਨੂਰੀ ਗਲਾਸ ਅੰਦਰ ! ਕੰਵਲ ਖੰਬੜੀ ਵਿੱਚ ਜ੍ਯੋਂ ਹੋਵੇ ਧਾਰੀ, ਏਦਾਂ ਸਜੇ ਉਹ ਚਿੱਟੇ ਲਿਬਾਸ ਅੰਦਰ ! ਫਿਰ ਘਰ ਅੰਦਰ ਏਦਾਂ ਸੋਂਹਦੀ ਏ, ਜਿਵੇਂ ਚੰਨ ਸੋਹੇ ਬਿਰਖ ਰਾਸ ਅੰਦਰ ! ਸਾਫ਼ ਸਾਫ਼ ਮਲੂਕ ਹਥਾਲੀਆਂ ਤੇ, ਜਿਹੜੇ ਪੇਚ ਲਕੀਰਾਂ ਨੇ ਪਾਏ ਹੋਏ ਨੇ ! ਨਕਸ਼ੇ, ਸ਼ਹਿਨਸ਼ਾਹ ਹੁਸਨ ਦੇ ਹੱਥ ਏਹ ਤਾਂ, ਹੂਰਾਂ ਪਰੀਆਂ ਦੇ ਮੁਲਕ ਦੇ ਆਏ ਹੋਏ ਨੇ ! ਪੁਤਲੀ ਨੂਰ ਦੀ ਲਓ ਜੀ ਸੁੰਦਰੀ ਉਹ, ਮੈਂਨੂੰ ਇਹ ਤਮਾਸ਼ਾ ਦਿਖਾਉਂਣ ਲੱਗੀ ! ਤੇਰੀ ਸ਼ੀਸ਼ੀ ਓਹ ਕੱਢ ਸੰਦੂਖੜੀ ਚੋਂ, ਗੀਤ ਪਤੀ ਪਿਆਰੇ ਦੇ ਗਾਉਂਣ ਲੱਗੀ ! ਦੇਖ ਦੇਖ ਕੇ ਰੱਤੜੀ ਝਲਕ ਤੇਰੀ, ਮੇਰੇ ਮੁੱਖ ਉੱਤੇ ਲਾਲੀ ਆਉਂਣ ਲੱਗੀ ! ਤੈਂਨੂੰ ਮੇਰੇ ਤੋਂ ਰੱਖ ਕੇ ਵਿੱਥ ਉੱਤੇ, ਪਰ ਉਹ ਹਿੱਕ ਮੇਰੀ ਛੇਕ ਪਾਉਂਣ ਲੱਗੀ ! ਗਿਆ ਵਿੰਨ੍ਹਿਆਂ ਸੀ ਨਾ ਜ਼ਰਾ ਕੀਤੀ, ਅੰਮ੍ਰਿਤ ਚੁੰਘਿਆ ਸੂਈ ਦੀ ਜ਼ਹਿਰ ਵਿੱਚੋਂ ! ਮੈਂਨੂੰ ਹੂਰਾਂ ਦੀ ਗੋਦ ਵਿੱਚ ਸੌਣ ਵਾਲੀ, ਲੱਭੀ ਜ਼ਿੰਦਗੀ ਮੌਤ ਦੇ ਸ਼ਹਿਰ ਵਿੱਚੋਂ ! ਕਰਨਾ ਰੱਬ ਦਾ ਆਣਕੇ ਹੋਯਾ ਐਸਾ, ਰੁੱਝੀ ਫੇਰ ਉਹ ਹਾਰ ਸ਼ਿੰਗਾਰ ਅੰਦਰ ! ਤੇਰਾ ਅਤਰ ਗੁਲਾਬੀ ਰਚਾ ਸਿਰ ਤੇ, ਖਿੜ ਗਈ ਚੰਬੇ ਦੀ ਕਲੀ ਬਹਾਰ ਅੰਦਰ ! ਸਗਨਾਂ ਨਾਲ ਪਰੋ ਲਿਆ ਫੇਰ ਮੈਂਨੂੰ, ਫੜ ਕੇ ਲਿਟ ਕਾਲੀ ਕੁੰਡਲਦਾਰ ਅੰਦਰ ! ਸਾਡੇ ਦੋਹਾਂ ਦਾ ਮੇਲ ਕਰਾ ਦਿੱਤਾ । ਓਸ ਪਰੀ ਨੇ ਜ਼ੁਲਫ਼-ਬਾਜ਼ਾਰ ਅੰਦਰ ! ਖੁਸ਼ੀ ਨਾਲ ਇਹ ਹੋਗਿਆ ਹਾਲ ਮੇਰਾ, ਤੈਨੂੰ ਪਾ ਗਲਵੱਕੜੀ ਲਮਕਿਆ ਮੈਂ ! 'ਸ਼ਰਫ਼' ਕਾਲੀਆਂ ਜ਼ੁਲਫਾਂ ਦੀ ਰਾਤ ਅੰਦਰ, ਬਣਕੇ ਤਾਰਾ ਉਸ਼ੇਰ ਦਾ ਚਮਕਿਆ ਮੈਂ ! (ਜ਼ੇਬੁੱਨਸਾ=ਜ਼ੇਬੁੱਨਸਾ ਤੇ ਆਕਲ ਖਾਂ ਦਾ ਮਸ਼ਹੂਰ ਸਾਕਾ, ਅਨਾਰਕਲੀ=ਅਨਾਰਕਲੀ ਸਲੀਮ (ਜਹਾਂਗੀਰ) ਦੀ ਪ੍ਰੇਮਕਾ ਸੀ, ਬਿਰਖ=ਬਿਰਖ ਰਾਸ ਵਿੱਚ ਚੰਦਰਮਾ ਪਰਮ ਉੱਚ ਹੁੰਦਾ ਹੈ, ਨਕਸ਼ੇ=ਨਕਸ਼ੇ ਜੁਗਰਾਫ਼ੀਏ ਵਾਲੇ)

3. ਸੱਚਾ ਯਰਾਨਾ

ਇੱਕ ਰੋਜ਼ ਸ਼ਾਮ ਨੂੰ ਮੈਂ ਏਨ੍ਹਾਂ ਹੀ ਦਲੀਲਾਂ ਵਿੱਚ, ਤੇਲ-ਮੁੱਕੇ ਦੀਵੇ ਵਾਂਗੂੰ ਬੈਠਾ ਹੈਸਾਂ ਬਲਦਾ:- 'ਯਾਰੀ ਤੇ ਵਫ਼ਾ ਵਾਲੇ ਫੁੱਲ ਕਿੱਥੋਂ ਲੱਭਦੇ ਨੇ ? ਪਤਾ ਮੈਂਨੂੰ ਲੱਗਦਾ ਨਹੀਂ ਓਸ ਰੁੱਖ-ਵੱਲ ਦਾ ! 'ਬਹੁਤ ਘਿਸਾਂ ਖਾਧੀਆਂ ਨੇ ਪਰਖ ਦੀ ਕਸੌਟੀ ਉੱਤੇ, ਮਤਲਬੀ ਯਰਾਨਾ ਡਿੱਠਾ ਸਾਰਾ ਅੱਜ ਕੱਲ ਦਾ ! ਵੱਟਾ ਸੱਟਾ ਪੱਗ ਦਾ ਕਰੇਂਦੇ ਓਹਦੇ ਨਾਲ ਸਾਰੇ, ਧਨੀ ਜਿਹੜਾ ਹੋਂਵਦਾ ਏ ਜ਼ਰਾ ਬਾਹੂ ਬਲ ਦਾ ! 'ਹੁਸਨ ਤੇ ਜਵਾਨੀ ਦੀ ਦੁਪਹਿਰ ਜਿਦ੍ਹੀ ਲੱਗੀ ਹੋਵੇ, ਜੱਗ ਓਹਦੇ ਜੋੜਿਆਂ ਤਨੋੜਿਆਂ ਨੂੰ ਝੱਲਦਾ ! 'ਲੱਭੇ ਨਾ ਹਨੇਰੇ ਦੇ ਪ੍ਰਛਾਵੇਂ ਵਾਂਗ ਓਦੋਂ ਕੋਈ, ਓਹਦੇ ਰੂਪ ਜੋਬਨਾਂ ਦਾ ਸੂਰਜ ਜਦੋਂ ਢੱਲਦਾ ! 'ਵੇਖ ਲਉ ਪਤੰਗੇ ਨੂੰ ਵੀ ਜਗੇ ਹੋਏ ਦੀਵੇ ਉੱਤੇ, ਪਿਆਰ ਤੇ ਮੁਹੱਬਤਾਂ ਦੀ ਤਾਰ ਕਿਵੇਂ ਵਲਦਾ ! 'ਉੱਡ ਜਾਵੇ ਲੋ-ਚਾਨਣ ਜਦੋਂ ਓਹਦੇ ਮੁੱਖੜੇ ਤੋਂ, ਰਵਾਦਾਰ ਹੋਂਵਦਾ ਨਹੀਂ ਫੇਰ ਕਿਸੇ ਗੱਲ ਦਾ ! 'ਮੈਨੂੰ ਤੇ ਕੋਈ ਲੱਭਦਾ ਨਹੀਂ ਏਹੋ ਜਿਹਾ ਯਾਰ 'ਸੱਚਾ', ਯਾਰ ਦੀਆਂ ਭੀੜਾਂ ਵਿੱਚ ਜਿਹੜਾ ਹੋਵੇ ਢੱਲਦਾ ! 'ਆਪਣੇ ਹੀ ਢਿੱਡਾਂ ਵਿੱਚ ਪਈਆਂ ਹੋਈਆਂ ਕੱਲਰੀਆਂ ਨੇ, ਓਪਰੇ ਤੋਂ ਲਾਂਝਾ ਕਿਹਾ ਫੇਰ ਕਿਸੇ ਫਲ ਦਾ ?' 'ਸੁੱਤੀ ਪਈ ਦਮ੍ਯੰਤੀ ਨੂੰ ਜੂਹ ਵਿੱਚ ਛੱਡ ਜਾਣਾ, ਚੰਗੀ ਤਰਾਂ ਚੇਤੇ ਮੈਂਨੂੰ ਕਾਰਾ ਰਾਜੇ ਨਲ ਦਾ ! 'ਤੂਰ ਦਿਆਂ ਮੋਢਿਆਂ ਤੇ ਚੜ੍ਹ ਗੱਲਾਂ ਕਰਨ ਵਾਲਾ, ਮੈਂ ਤਾਂ 'ਮੂਸਾ' ਸੁਣਿਆਂ ਨਹੀਂ ਤੂਰ ਨਾਲ ਜਲਦਾ !' ਓੜਕ ਇਨ੍ਹਾਂ ਵਹਿਣਾਂ ਵਿੱਚ ਆ ਗਿਆ ਬਜ਼ਾਰ ਨੂੰ ਮੈਂ, ਸੋਚਾਂ ਵਾਲੇ ਫੋਕੇ ਪਾਣੀ ਦਿਲ ਨੂੰ ਝਬਲਦਾ ! ਹੌਲੀ ਹੌਲੀ ਦੁੱਧ ਵਾਲੀ ਹੱਟੀ ਉੱਤੇ ਪਹੁੰਚ ਕੇ ਤੇ, ਇੱਕਲਵਾਂਜੇ ਥਾਂ ਸੋਹਣੀ ਆਪਣੇ ਲਈ ਮੱਲਦਾ ! 'ਯਾਰ ਕਿਨ੍ਹੂੰ ਆਖਦੇ ਨੇ? ਕਿਹੋ ਜਿਹਾ ਚਾਹੀਦਾਏ ? ਦੇਖੋ ਕਿੱਥੋਂ ਪਤਾ ਲੱਗਾ ਮੈਂਨੂੰ ਏਸ ਗੱਲ ਦਾ ! ਪੈਸੇ ਦੇਕੇ ਹੱਥ ਹੱਟੀ ਵਾਲੇ ਨੂੰ ਮੈਂ ਆਖਿਆ ਇਹ, 'ਦੁੱਧ ਮੈਂਨੂੰ ਦਈਂ ਛੇਤੀ ਪੀ ਕੇ ਹੋਵਾਂ ਚੱਲਦਾ !' ਬੋਲਿਆ ਓਹ, 'ਦੁੱਧ ਨੂੰ ਉਬਾਲਾ ਜ਼ਰਾ ਆ ਜਾਵੇ, ਬੈਠੇ, ਠੰਢੇ ਹੋਵੋ, ਕਰੋ ਜੇਰਾ ਘੜੀ ਪਲ ਦਾ !' ਏਨੀ ਗੱਲ ਕਹਿਕੇ ਮੈਂਨੂੰ, ਧੂਆਂ ਰੌਲੀ ਦੇਖੀ ਓਹਨੇ, ਡਾਢੇ ਗੁੱਸੇ ਨਾਲ ਏਦਾਂ ਕਾਮੇ ਨੂੰ ਦਬੱਲਦਾ ! 'ਗਾਹਕਾਂ ਦੇ ਵੀ ਕੱਪੜੇ ਧਵਾਂਖੇ ਗਏ ਧੂਏਂ ਵਿੱਚ, ਛੌਡੇ ਡਾਹਕੇ ਛੇਤੀ ਨਾਲ, ਪੱਖਾ ਕ੍ਯੋਂ ਨਹੀਂ ਝੱਲਦਾ?' ਮੁੱਦਾ ਕੀ?ਕਿ ਪਲੋ ਪਲੀ ਵਿੱਚ ਮੇਰੇ ਵਿਂਹਦੇ ਵਿਂਹਦੇ, ਦੁੱਧ ਦੀ ਕੜਾਹੀ ਥੱਲੇ ਲੰਬੂ ਹੈਸੀ ਬਲਦਾ ! ਸਿਰ ਉੱਤੇ ਚੁੱਕ ਕੇ ਮਲੂਕ ਸੋਹਲ ਦੁੱਧ ਪਹਿਲੋਂ, ਅੱਗ ਨੇ ਦਿਖਾਇਆ ਪਿੱਛੋਂ ਜ਼ੋਰ ਏਡਾ ਬਲ ਦਾ ! ਚੁੱਲ ਵਿੱਚ ਚੋ ਫੇਰ ਡਰ ਨਾਲ ਪੁੰਗਰੇ ਸਨ, ਇੱਕ ਇੱਕ ਕੋਲਾ ਬਣਿਆ ਫੁੱਲ ਸੀ ਗੁੜੱਲ ਦਾ ! ਮੂੰਹ ਗਿਆ ਅੱਡਿਆ ਹਰਾਸੇ ਹੋਏ ਚਿਮਟੇ ਦਾ, ਕਾਲਜਾ ਕੜਾਹੀ ਦਾ ਸੀ ਵਿੱਚੋਂ ਪਿਆ ਢਲਦਾ ! ਅੱਗ ਦੀਆਂ ਸ਼ੂਕਰਾਂ ਨੇ ਬੱਧੀਆਂ ਸੀ ਘੂਕਰਾਂ ਓਹ, ਸਿਮਸਿਮੀ ਵਿਖਾਯਾ ਸਮਾ ਧੌਂਕਣੀ ਦੀ ਖੱਲ ਦਾ ! ਚਿਣਗਾਂ ਮਾਰਨ ਲੱਗਿਆ ਕੜਾਹੀ ਦਾ ਵੀ ਜਦੋਂ ਪਿੰਡਾ, ਚੁੱਲ੍ਹੇ ਵਿੱਚੋਂ ਆਣ ਡਿੱਗਾ ਲੇਅ ਮੋਟ ਡਲ ਦਾ ! ਐਪਰ ਦੁੱਧ ਪਿਆ ਉਤੇ ਔਕੜਾਂ ਦੇ ਟੋਏ ਵਿੱਚ, ਹੈ ਸੀ ਪਾਸੇ ਆਪਣੇ ਉਥੱਲਦਾ ਪੁਥੱਲਦਾ ! ਚਿੱਟੇ ਚਿੱਟੇ ਖੰਭਾਂ ਜਹੇ ਬੂੰਬਿਆਂ ਦਾ ਰੁੱਗ ਸਾਰਾ, ਤੜਫ ਤੜਫ ਏਦਾਂ ਸੀਗਾ ਸੀਕਦਾ ਤੇ ਹੱਲਦਾ ! ਜਿਊਂਦੇ ਰਾਜ ਹੰਸ ਹੈ ਕੋਈ ਫੜਕੇ ਬੇਤਰਸ ਜਿਵੇਂ, ਤਪੇ ਹੋਏ ਤੇਲ ਵਿਚ ਹੋਵੇ ਪਿਆ ਤਲਦਾ ! ਫੱਟੇ ਹੋਏ ਸਹੇ ਵਾਂਗੂ ਬੁੜ੍ਹਕਿਆ ਬਥੇਰਾ,ਪਰ ਕੰਢਾ ਬੜਾ ਉੱਚਾ ਸੀ ਕੜਾਹੀ ਦੀ ਖਡੱਲ ਦਾ ! ਗੁੱਛਾ ਮੁੱਛਾ ਹੋਣ ਲੱਗਾ ਸੇਕ ਨਾਲ ਜਦੋਂ ਬਹੁਤਾ, ਚੀਕਾਂ ਹੱਥ ਸੱਦੇ ਏਦਾਂ ਯਾਰਾਂ ਵੱਲ ਘੱਲਦਾ:- ਨੀਂਦ ਮੱਤੀ ਸੱਸੀਏ ਨੀ ਛੇਤੀ ਜਾਗ' 'ਲੱਸੀਏ' ਨੀ, ਤੋੜ ਗਿਆ ਫੁੱਲ ਹੋਤਾਂ ਪੁੱਨੂੰ ਤੇਰੀ ਵੱਲ ਦਾ ! ਛੱਤ ਤੇ ਖਲੋਤੀਏ 'ਮਲਾਈਏ' ਛੈਲ ਗੋਰੀਏ ਨੀ, ਮਾਰਕੇ ਧਿਆਨ ਹਾਲ ਵੇਖ ਲੈ ਮਹੱਲ ਦਾ ! 'ਸੱਖਣਾ' ਪਿਆਰ ਤੇਰਾ ਵੇਖਿਆ ਹੈ 'ਮੱਖਣਾ' ਓਇ, ਐਵੇਂ ਤੇਰੇ ਵਾਸਤੇ ਮੈਂ ਜਾਨ ਰਿਹਾ ਸੱਲਦਾ ! 'ਖੋਯਾ' ਮੋਯਾ ਹੋਯਾ ਤੇਰੇ ਵਾਸਤੇ ਹਾਂ ਲੱਖ ਵਾਰੀ, ਖੌਂਚਿਆਂ ਦੇ ਪਹੁੰਚੇ ਰਿਹਾ ਸਿਰ ਉੱਤੇ ਝੱਲਦਾ ! 'ਦਹੀਂ' ਤੇ 'ਪਨੀਰਾ' ਮੇਰੀ ਜਾਨ ਏਦਾਂ ਟੁੱਟਦੀ ਏ, ਨਿੱਕਲੇ ਕੜਾਕਾ ਜਿਵੇਂ ਪੈਰ ਦੀ ਕੁੜੱਲ ਦਾ ! ਗੋਰੜੀ ਨਿਛੇਹ ਸੱਸੀ ਵਾਂਗੂੰ ਹਾੜੇ ਘੱਤਦਾ ਸੀ, ਅੱਖਾਂ ਸਾਹਵੇਂ ਆ ਗਿਆ ਨਜ਼ਾਰਾ ਸਾਰਾ ਥਲ ਦਾ ! ਕੰਮ ਕੱਢੂ ਯਾਰਾਂ ਅੱਗੋਂ ਕਿਸੇ ਨਾ ਹੁੰਗਾਰਾ ਦਿੱਤਾ, ਵੇਖ ਵੇਖ ਦੁੱਧ ਹੈਸੀ ਹੱਥ ਪਿਆ ਮਲਦਾ ! (ਬਲਦਾ=ਕਾਫੀਏ ਦੇ ਹਰਫਾਂ ਤੇ ਅੱਧਕ ਜ਼ਰੂਰੀ ਨਹੀਂ ਸਮਝੀ ਗਈ, ਤੂਰ=ਮੂਸਾ ਪੈਗੰਬਰ ਜਿਨ੍ਹਾਂ ਨੂੰ ਤੂਰ ਪਹਾੜ ਉਤੇ ਰੱਬ ਦੇ ਨੂਰ ਦਾ ਦਰਸ਼ਨ ਹੋਇਆ ਤੇ ਪਹਾੜ ਸੜ ਗਿਆ, ਪਰ ਆਪ ਓਹ ਸਿਰਫ਼ ਬੇਹੋਸ਼ ਹੋਏ, ਗੁੜੱਲ-ਲਾਲ ਸੂਹਾ ਫੁੱਲ, ਸਿਮਸਿਮੀ-ਬਲਦੀਆਂ ਲੱਕੜਾਂ ਵਿਚੋਂ ਸ਼ੂੰ ਸ਼ੂੰ, ਚਿਣਗਾਂ-ਚੰਗਿਆੜੀਆਂ, ਕੜਾਹੀ ਦੇ ਹੇਠਲੇ ਪਾਸੇ, ਸੀਕਦਾ-ਸੀ ਸੀ ਕਰਦਾ, ਯਾਰਾਂ ਵੱਲ= ਜੇਹੜੀਆਂ ਚੀਜ਼ਾਂ ਦੁੱਧ ਵਿਚੋਂ ਬਣਦੀਆਂ ਨੇ, ਓਹਨਾਂ ਵੱਲ, ਜਾਗ=ਜਾਗ, ਲੱਸੀ, ਮਲਾਈ, ਦਹੀਂ, ਪਨੀਰ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ)

4. ਤੁਬਕਾ ਤੇ ਕਿਰਨਾ

ਜਿੰਦ ਜਾਨ ਮੇਰੀਏ, ਹਾਏ ਕਿਰਨੇ ਪਿਆਰੀਏ ਨੀ, ਕੇੜ੍ਹੀ ਕੇੜ੍ਹੀ ਥਾਂ ਉੱਤੇ ਦੱਸ ਤੂੰ ਗੁਜ਼ਾਰੀ ਰਾਤ ? ਗਲੇ ਨਾਲੋਂ ਤੋੜਕੇ ਜ਼ਮੀਨ ਉੱਤੇ ਸੁੱਟ ਗਈਓਂ, ਰੋਂਦਾ ਰਿਹਾ ਜ਼ਾਲਮੇਂ ਵਿਛੋੜੇ ਵਿੱਚ ਸਾਰੀ ਰਾਤ ! ਫੁੱਲਾਂ ਨੇ ਵਛਾਈ ਹੈਸੀ ਸੇਜ ਭਾਵੇਂ ਅੱਖੀਆਂ ਦੀ, ਕੰਡਿਆਂ ਤੇ ਲੇਟਿਆ ਮੈਂ ਕਈ ਕਈ ਵਾਰੀ ਰਾਤ ! ਤੇਰੇ ਕੋਲ ਜਾਣ ਲਈ ਜਦੋਂ ਵੀ ਮੈਂ ਪ੍ਯਾਰੀਏ ਨੀ, ਵਾ ਦਿਆਂ ਘੋੜਿਆਂ ਤੇ ਕੀਤੀ ਅਸਵਾਰੀ ਰਾਤ ! ਲਿੱਸਾ ਜਿਹਾ ਦੇਖ ਮੈਂਨੂੰ ਦਾਬੇ ਮਾਰਨ ਲੱਗ ਪਈ ਕਾਲੇ ੨ ਕੇਸਾਂ ਵਿੱਚੋਂ ਕੱਢਕੇ 'ਕਟਾਰੀ' ਰਾਤ ! ਪੈਰ ਤੇਰੇ ਧੋ ਧੋ ਕੇ ਲੱਖ ਵਾਰੀ ਪੀਂਵਦਾ ਮੈਂ, ਬਾਗ ਵਿੱਚ ਆਉਂਦੀਓਂ ਜੇ ਚੱਲ ਇੱਕ ਵਾਰੀ ਰਾਤ ! ਸਹੁੰ ਤੇਰੀ ਅੱਖ ਦੀ, ਉਡੀਕ ਵਿਚ ਉੱਠ ਉੱਠ, ਟੀਸੀਆਂ ਹਿਮਾਲਾ ਦੀਆਂ ਵੇਂਹਦਾ ਰਿਹਾ ਸਾਰੀ ਰਾਤ ! ਨਿੱਕੇ ਜੇਹੇ ਬੋਟ ਦੇ ਸੁਨਹਿਰੀ ਖੰਭ ਤੋੜਕੇ ਤੂੰ, ਕੇਹੜੇ ਦੇਸ ਚਲੀ ਗਈ ਸੈਂ ਮਾਰਕੇ ਉਡਾਰੀ ਰਾਤ ? ਫੁੱਲਾਂ ਦੀ ਪੁਸ਼ਾਕ, ਵਿੱਚ ਸੌ ਸੌ ਸੇਜ ਸੂਲੀਆਂ ਦੀ, ਚੋਰੀ ਚੋਰੀ ਅੰਬਰਾਂ 'ਚੋਂ ਮੇਰੇ ਲਈ ਉਤਾਰੀ ਰਾਤ ! ਹਰ ਇਕ 'ਹੂਰ' ਮੇਰਾ 'ਮੱਛੀ-ਨਾਚ' ਵੇਖਦੀ ਸੀ, ਖੋਲ੍ਹ ਖੋਲ੍ਹ ਅੰਬਰਾਂ ਤੋਂ ਚੰਨ ਵਾਲੀ ਬਾਰੀ ਰਾਤ ! ਸਾਗਰਾਂ ਤੋਂ ਡੂੰਘੇ ਮੇਰੇ ਸੀਨੇ ਦੇ ਖ਼ਿਆਲਾਂ ਵਿੱਚ, ਚੰਨ ਸਣੇ ਤਾਰਿਆਂ ਦੇ ਲਾਉਂਦੀ ਰਹੀ ਤਾਰੀ ਰਾਤ ! ਸੁੰਜੜੇ ਬਗ਼ੀਚੇ ਵਿੱਚ ਰੋ ਰੋ ਹੌੱਕੇ ਮਾਰਦਾ ਸਾਂ, ਚੁੱਕੀ ਸੀ ਉਦਾਸੀਆਂ ਦੀ ਸਿਰ ਉੱਤੇ ਖਾਰੀ ਰਾਤ ! ਚਿੱਟੇ ਚਿੱਟੇ ਤਾਰਿਆਂ ਜਹੇ ਮੂੰਹ ਤੋਂ ਚਟਾਕ ਉੱਡੇ, ਖੋਲ੍ਹ ਖੋਲ੍ਹ ਮੇਢੀਆਂ ਰਹੀ ਪਿੱਟਦੀ ਵਿਚਾਰੀ ਰਾਤ ! ਤੇਰੀਆਂ ਸਹੇਲੀਆਂ ਈ ਤੇਰੇ ਕੋਲੋਂ ਚੰਗੀਆਂ ਨੇ, ਚੰਨ ਦੀਆਂ ਰਿਸ਼ਮਾਂ ਨੇ ਹਿੱਕ ਮੇਰੀ ਠਾਰੀ ਰਾਤ ! ਨਿੰਮੀ ਨਿੰਮੀ ਚਾਨਣੀ 'ਚ ਚਾਂਦੀ ਦੀ ਰੰਗੀਲ ਚਰਖੀ, ਡਾਹ ਬੈਠੀ ਮੇਰੇ ਸਾਹਵੇਂ ਰਾਜ-ਕੁਮਾਰੀ ਰਾਤ ! ਕੱਤਕੇ ਬਰੀਕ ਸੂਤ 'ਰਿਸ਼ਮਾਂ' ਮੁਕਾਈ ਸਾਰੀ, ਤਾਰੇ ਰੂਪੀ ਗੋੜ੍ਹਿਆਂ ਦੀ ਭਰਕੇ ਪਟਾਰੀ ਰਾਤ ! ਚੁਣ ਚੁਣ ਤਾਰਿਆਂ ਦੀ ਗਾਨੀ ਭੀ ਮੈਂ ਗਲ ਪਾਈ, ਫੇਰ ਭੀ ਨਾਂ 'ਕੰਨ ਪਾਈ ਗੱਲ' ਚੰਚਲ ਹਾਰੀ ਰਾਤ ! ਹੁਸਨ ਨੇ ਸਿਖਾਈਆਂ ਜਹੀਆਂ ਸ਼ੋਖੀਆਂ ਅਦਾਵਾਂ ਆਕੇ, ਬ੍ਰਿਹੋਂ ਤੇ ਪ੍ਰੇਮ ਲਈ ਬਣ ਗਈ ਸ਼ਿਕਾਰੀ ਰਾਤ ! ਨੀਂਦ ਚਿੜੀ ਫੜ ਲਈ 'ਨਰਗਸੀ' ਕ੍ਯਾਰੀਆਂ 'ਚੋਂ, ਤਾਰਿਆਂ ਦੀ ਚੋਗ, ਫਾਹੀ ਲਿਟਾਂ ਦੀ ਖਿਲਾਰੀ ਰਾਤ ! ਮੇਰੀਆਂ 'ਬੇਕਲੀਆਂ' ਨੇ ਫੁੱਲ ਜਦੋਂ ਸਾੜ ਦਿੱਤੇ, 'ਸੰਖ' ਤੇ 'ਅਜ਼ਾਨ' ਵਿੱਚੋਂ ਓਦੋਂ ਏਹ ਪਕਾਰੀ ਰਾਤ ! 'ਮੋੱਤੀਆ' ਪ੍ਰੇਮ ਦਿਆ ਦਰਦਾਂ ਦਿਆ 'ਹੀਰਿਆ' ਵੇ, ਸਣੇ ਚੰਨ ਤਾਰਿਆਂ ਦੇ ਤੇਰੇ ਉੱਤੋਂ ਵਾਰੀ ਰਾਤ ! ਫੋੜਿਆਂ ਦੇ ਨਾਲ ਸੀ ਓਹ ਆਪ ਈ ਪਰੁੱਚੀ ਹੋਈ, ਮੇਰੇ ਜੇਹੇ ਫੱਟਿਆਂ ਦੀ ਕਰਦੀ ਕੀ ਕਾਰੀ ਰਾਤ ! ਪੱਤਰਾਂ ਦੇ ਕਿੰਗਰੇ ਬਣਾਕੇ ਤਿੱਖੀ ਦਾਤਰੀ ਮੈਂ, ਔਕੜਾਂ ਦੇ ਨਾਲ ਕੱਟੀ ਗ਼ਮਾਂ ਦੀ ਕਿਆਰੀ ਰਾਤ ! 'ਸ਼ਰਫ਼' ਬੂੰਦ ਪਾਣੀ ਦੀ ਹਕੀਕੀ ਸ਼ੀਸ਼ਾ ਬਣ ਗਿਆ, ਵੇਖ ਵੇਖ ਚੇਹਰਾ ਮੇਰਾ 'ਚੀਰਨੀ' ਸ਼ਿੰਗਾਰੀ ਰਾਤ ! (ਕਟਾਰੀ=ਕੈਕਸ਼ਾਹ-ਅਸਮਾਨ ਦਾ ਤਾਰਿਆਂ ਭਰਿਆ ਰਾਹ, ਮੱਛੀ-ਨਾਚ=ਤੜਫਨਾ, ਨਰਗਸੀ=ਅੱਖੀਆਂ ਅਜ਼ਾਨ=ਬਾਂਗ, ਚੀਰਨੀ=ਅਸਮਾਨ ਦਾ ਰਾਹ)

5. ਮਾਂ ਦਾ ਦਿਲ

ਮਾਂ ਛਾਂ-ਜ਼ਿੰਦਗੀ ਦੇ ਨਿਕੜੇ ਜਹੇ ਦਿਲ ਵਿਚ, ਸੋਮਾਂ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ । ਅੱਜ ਤੀਕਨ ਏਸ ਦਾ ਥਾਹ ਕਿਸੇ ਨਹੀਂ ਪਾਯਾ, ਮਾਰ ਮਾਰ ਟੁੱਭੀਆਂ ਹੈ ਜੱਗ ਸਾਰਾ ਹਾਰਿਆ । ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ, ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਰਿਆ । ਮੈਂ ਭੀ ਤਸਵੀਰ ਇੱਕ ਨਿੱਕੀ ਜੇਹੀ ਵਿਖਾਲਦਾ ਹਾਂ, ਸ਼ਾਇਰੀ ਦੇ ਰੰਗ ਨਾਲ ਜਿਹਨੂੰ ਮੈਂ ਸਵਾਰਿਆ । ਸਹਿਕ ਸਹਿਕ ਪੁੱਤ ਲੱਭਾ ਇੱਕ ਮਾਤਾ ਤੱਤੜੀ ਨੂੰ, ਲੱਖ ਲੱਖ ਸ਼ੁਕਰ ਓਹਨੇ ਰੱਬ ਦਾ ਗੁਜ਼ਾਰਿਆ । ਹੁੰਦੇ ਤਾਨ ਪੁੱਤ ਨੂੰ ਨਾ ਵਾ ਤੱਤੀ ਪੋਹਨ ਦਿੱਤੀ, ਦੁੱਖ ਝੱਲੇ ਉਹਦੇ, ਹਿੱਕ ਆਪਣੀ ਨੂੰ ਠਾਰਿਆ । ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰ੍ਹੇ ਹੋਏ, ਬੈਠਾ ਫੇਰ ਰਿੜ੍ਹਿਆ, ਤੁਰਾਇਆ ਤੇ ਖਲ੍ਹਾਰਿਆ । ਦੇ ਦੇ ਵਾਰ ਲੋਰੀਆਂ ਮੁਹੱਬਤਾਂ ਅਸੀਸਾਂ ਵਾਲੇ, ਮਾਂ ਨੇ ਮੁਨਾਰਾ ਖ਼ੁਸ਼ੀ-ਆਸ ਦਾ ਉਸਾਰਿਆ । ਫੁੱਟ ਪਈ ਅੰਗੂਰੀ ਕੱਕੀ ਗੋਰੇ ਗੋਰੇ ਮੁਖੜੇ ਤੇ, ਫੁੱਲਾਂ ਵਾਂਗੂੰ ਆਣਕੇ ਜਵਾਨੀ ਨੇ ਸ਼ਿੰਗਾਰਿਆ । ਸੱਧਰਾਂ ਮੁਰਾਦਾਂ ਵਾਲੇ ਦਿਨ ਜਦੋਂ ਨੇੜੇ ਢੁੱਕੇ, ਹੋਣੀ ਹੁਰਾਂ ਆਣ ਉਦੋਂ ਚੀਣਾ ਇਹ ਖਿਲਾਰਿਆ :- ਤੁਰੇ ਤੁਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ, ਖਿੱਚਕੇ ਦੁਗਾੜਾ ਖ਼ੂਨੀ ਨੈਣਾਂ ਵਿੱਚੋਂ ਮਾਰਿਆ । ਕਾਲੀ ਕਾਲੀ ਜ਼ੁਲਫ਼ਾਂ ਦੇ ਕੁੰਡਲਾਂ ਤੇ ਵਲਾਂ ਵਿੱਚ, ਚੰਦ ਪੁੱਤ ਮਾਂ ਦਾ ਉਹ ਗਿਆ ਪਰਵਾਰਿਆ । ਬਿੱਟ ਬਿੱਟ ਵੇਂਹਦੇ ਉਹਨੂੰ, ਉਸ ਨਾਰੀ ਪੁੱਛਿਆ ਏਹ :- 'ਏਥੇ ਕਿਉਂ ਖਲੋ ਰਿਹਾ ਏਂ ਏਦਾਂ ਤੂੰ ਵਿਚਾਰਿਆ ?' ਹੰਝੂਆਂ ਨੂੰ ਪੂੰਝਦੇ ਨੇ ਦਿੱਤਾ ਇਹ ਜਵਾਬ ਅੱਗੋਂ :- 'ਤੇਰੀ ਮੋਹਨੀ ਮੂਰਤ ਉੱਤੇ ਮੈਂ ਹਾਂ ਗਿਆ ਵਾਰਿਆ । ਅੱਖੀਓਂ ਪਰੋਖੇ ਹੋਣਾ ਮੁੱਖ ਤੇਰਾ, ਮੌਤ ਮੇਰੀ, ਸੋਮਾ ਹੈ ਜ਼ਿੰਦਗੀ ਦਾ ਮੈਂ ਦਰਸ ਤੇਰਾ ਧਾਰਿਆ ।' ਬੋਲੀ ਮੁਟਿਆਰ ਅੱਗੋਂ, 'ਪਿਆਰ ਦੇ ਪੁਜਾਰੀਆ ਵੇ, ਮੈਂ ਭੀ ਤੈਨੂੰ ਥੋੜਾ ਜਿਹਾ ਚਾਹਨੀਆਂ ਵੰਗਾਰਿਆ । ਕੱਢਕੇ ਲਿਆ ਦੇਂ ਜੇ ਤੂੰ ਦਿਲ ਮਾਤਾ ਆਪਣੀ ਦਾ, ਲਾਵਾਂ ਹੀ ਮੈਂ ਤੇਰੇ ਨਾਲ ਲੈ ਲਾਂਗੀ ਕਵਾਰਿਆ ।' ਏਨੀ ਗੱਲ ਸੁਣੀਂ ਤੇ ਉਹ ਨੱਸਾ ਨੱਸਾ ਘਰ ਆਇਆ, ਆਣ ਸੁੱਤੀ ਮਾਂ ਦੇ ਕਲੇਜੇ ਛੁਰਾ ਮਾਰਿਆ । ਸਗਨਾਂ ਦੀ ਮਹਿੰਦੀ ਜਿਨ੍ਹੇ ਹੱਥਾਂ ਉੱਤੇ ਲਾਵਨੀ ਸੀ, ਘੋੜੀਆਂ ਸੁਹਾਗ ਗਉਂਕੇ ਚੰਨਾ ਮਾਹੀਆ ਤਾਰਿਆ । ਅੱਜ ਉਹਦੀ ਰੱਤ ਵਿੱਚ ਹੱਥਾਂ ਨੂੰ ਹੰਗਾਲਕੇ ਤੇ, ਵੇਖੋ ਖ਼ੂਨੀ ਪੁੱਤ ਨੇ ਪਿਆਰ ਕੀ ਨਿਤਰਿਆ । ਓੜਕ ਓਥੋਂ ਉੱਠ ਨੱਸਾ ਦਿਲ ਲੈ ਕੇ ਮਾਂ ਦਾ ਉਹ, ਉਹਦੇ ਵੱਲ, ਜੀਹਦੇ ਲਈ ਇਹ ਕਹਿਰ ਸੀ ਗੁਜਾਰਿਆ । ਐਸਾ ਅੰਨ੍ਹਾ ਹੋ ਗਿਆ ਸੀ ਵਿਸ਼ੇ ਦੇ ਪ੍ਰੇਮ ਵਿੱਚ, ਉੱਚਾ ਨੀਵਾਂ ਰਾਹ ਭੀ ਨਾ ਸੋਚਿਆ ਵਿਚਾਰਿਆ । ਠੇਡਾ ਲੱਗਾ ਡਿੱਗ ਪਿਆ ਮੂਧੜੇ ਮੂੰਹ ਜ਼ਿਮੀਂ ਉੱਤੇ, ਉਸ ਵੇਲੇ ਮੁੱਠ ਵਿਚੋਂ ਦਿਲ ਇਹ ਪੁਕਾਰਿਆ :- 'ਲੱਖ ਲੱਖ ਵਾਰੀ ਤੈਥੋਂ ਵਾਰੀ ਜਾਵੇ ਅੰਬੜੀ ਇਹ, ਸੱਟ ਤੇ ਨਹੀਂ ਲੱਗੀ ਮੇਰੇ ਬੱਚਿਆ ਪਿਆਰਿਆ ?' 'ਸ਼ਰਫ਼' ਏਹ ਹੌਂਸਲਾ ਹੈ ਮਾਂ ਦੇ ਪਯਾਰ ਦਾ ਈ, ਪੁੱਤ ਹੱਥੋਂ ਮਰਕੇ ਭੀ ਮੋਹ ਨਹੀਂ ਵਿਸਾਰਿਆ ।

6. ਪ੍ਰੀਤਮ ਦੀ ਭਾਲ

ਗਹੁ ਨਾਲ ਸੁਣਨਾ ਸਾਰੇ ਕੰਨ ਧਰਕੇ, ਕਿੱਸਾ ਕਵ੍ਹਾਂ ਅਚਰਜ ਸਵੇਲ ਦਾ ਮੈਂ ! ਮੋਰ ਵਾਂਗ ਬਨਿਸਤ ਅਜ ਮਸਤ ਹੋਕੇ, ਗਿਆ ਬਾਗ਼ ਵਿੱਚ ਰੇਲਦਾ ਪਲਦਾ ਮੈਂ ! ਤੋੜ ਤੋੜ ਕੇ ਫੁੱਲਾਂ ਖਿਡੌਣਿਆਂ ਨੂੰ, ਹੈਸਾਂ ਜਾਤ ਦੇ ਵਾਂਗ ਖੇਲਦਾ ਮੈਂ ! ਬੈਠਾ ਹੋਇਆ ਗੁਲਾਬ ਦੇ ਫੁੱਲ ਉੱਤੇ, ਕਤਰਾ ਵੇਖਿਆ ਇੱਕ ਤਰੇਲ ਦਾ ਮੈਂ ! ਉਹਦੀ ਚਮਕ ਦੀ ਚੜ੍ਹਤ ਕੁਝ ਵੱਖਰੀ ਸੀ, ਸ਼ਮਸੀ ਹੀਰਿਆਂ ਦੀ ਰੰਗਣ ਦੇਖ ਕੋਲੋਂ ! ਪਰ ਓਹ ਪਾਰੇ ਦੇ ਵਾਂਗ ਤ੍ਰਿਬਕਦਾ ਸੀ, ਰਤੀ ਤਿੱਖੜੀ ਕਿਸੇ ਦੀ ਅੱਖ ਕੋਲੋਂ ! ਓਹਨੂੰ ਕਿਹਾ ਮੈਂ 'ਚੰਨ ਦੀ ਅੱਖ ਵਿੱਚੋਂ, ਹੰਝੂ ਡਿਗਿਆ ਤੂੰ ਜਾਂਦੀ ਵਾਰ ਦਾ ਏਂ ? ਕਿ ਹੈਂ ਬੁਲਬੁਲਾ ਫੁੱਲ ਦੀ ਉਮਰ ਵਾਲਾ, ਯਾ ਤੂੰ ਅੱਥਰੂ ਬੁਲਬੁਲ ਦੇ ਪਿਆਰ ਦਾ ਏਂ ? ਹੱਥੋ ਪਾਈ ਪਰੇਮ ਦੀ ਵਿੱਚ ਯਾ ਤੂੰ, ਮੋਤੀ ਟੁੱਟਿਆ ਸ਼ਾਮ ਦੇ ਹਾਰ ਦਾ ਏਂ ? ਯਾ ਤੂੰ ਰੈਨ ਦੇ ਕੁਲਫ਼ੀ ਦੁਪੱਟੜੇ ਤੋਂ, ਅਬਰਕ ਝੜ ਡਿੱਗਾ ਚਮਕਾਂ ਮਾਰਦਾ ਏਂ ? ਰਿੜ੍ਹੇਂ ਖਿੜ੍ਹੇਂ ਟਪੋਸੀਆਂ ਲਾ ਲਾ ਕੇ, ਫਿਰੇਂ ਖੰਬੜੀ ਖੰਬੜੀ ਫੋਲਦਾ ਤੂੰ ! ਫੁੱਲਾਂ ਵਿੱਚ ਹੈ ਕੌਣ ਓਹ ਲੁਕਣ ਵਾਲਾ, ਜਿਨ੍ਹੂੰ ਏਕਣਾਂ ਨਾਲ ਹੈਂ ਟੋਲਦਾ ਤੂੰ ?' ਲੱਗਾ ਕਹਿਣ ਓਹ 'ਖੋਲ੍ਹਕੇ ਕੀ ਦੱਸਾਂ, ਪਾਈਆਂ ਕਿਸੇ ਨੇ ਐਸੀਆਂ ਫਾਹੀਆਂ ਨੇ ! ਹੋਇਆ ਵੇਖ ਹਿਮਾਲਾ ਦਾ ਮੂੰਹ ਬੱਗਾ, ਜੋ ਜੋ ਔਕੜਾਂ ਸਖ਼ਤ ਨਿਬਾਹੀਆਂ ਨੇ ! ਕੱਛੇ ਹੋਏ ਨੇ ਸੱਤੇ ਅਸਮਾਨ ਮੇਰੇ, ਸੱਤੇ ਧਰਤੀਆਂ ਮੇਰੀਆਂ ਗਾਹੀਆਂ ਨੇ ! ਉਨਾਂ ਕੋਲੋਂ ਤੂੰ ਵਾਪਰੀ ਪੁੱਛ ਮੇਰੀ, ਸੂਰਜ ਚੰਦ ਦੋ ਸਾਫ਼ ਗਵਾਹੀਆਂ ਨੇ ! ਚਿੱਪਰ ਸ਼ੀਸ਼ੇ ਦੀ ਜਮ ਦਾ ਜਾਮ ਸਮਝਾਂ, ਜਲਵੇ ਜੱਗ ਦੇ ਮੇਰੇ ਵਿਚ ਭਰੇ ਹੋਏ ਨੇ ! ਮੈਂਨੂੰ ਪਾਣੀ ਦੀ ਬੂੰਦ ਨ ਸਮਝ ਬੈਠੀਂ, ਮੈਂ ਤਾਂ ਸੱਤੇ ਸਮੁੰਦਰ ਈ ਤਰੇ ਹੋਏ ਨੇ ! ਵੇਂਹਦਾ ਮਜਨੂੰ ਦੇ ਇਸ਼ਕ ਨੂੰ ਨਜਦ ਅੰਦਰ, ਮੈਂ ਉਹ ਲੇਲੀ ਦਾ ਹੁਸਨ ਕਮਾਲ ਡਿੱਠਾ ! ਚਿਮਟਾ ਕੱਢਦਾ ਰਾਂਝੇ ਜਿਹੇ ਜੋਗੀਆਂ ਦਾ, ਲੱਖ ਲੱਖ ਅਲੱਖ ਦਾ ਤਾਲ ਡਿੱਠਾ ! ਪੁਰਜ਼ੇ ਪੁਰਜ਼ੇ ਹੁੰਦਾ ਬੇੜਾ ਸੋਹਣੀ ਦਾ, ਤੇਜ਼ ਕੈਂਚੀਆਂ ਲਹਿਰਾਂ ਦੇ ਨਾਲ ਡਿੱਠਾ ! ਬੈਠੀ ਡਾਚੀ ਦੇ ਖੁਰੇ ਤੇ ਰੋਂਵਦੀ ਸੀ, ਮੈਂ ਇਹ ਰਾਤ ਦੀ ਵਿਆਹੀ ਦਾ ਹਾਲ ਡਿੱਠਾ ! ਪ੍ਰੀਤਮ ਵਾਸਤੇ ਘਾਟੇ ਨੂੰ ਲਾਹਾ ਸਮਝਨ, ਡਿੱਠੀ ਰੀਤ ਪਰੀਤ ਦੇ ਦਾਨਿਆਂ ਦੀ ! ਛੱਡ ਮਹਿਲ ਜ਼ੁਲੈਖਾਂ ਦੇ ਵਾਂਗ ਕਈਆਂ, ਪਾ ਲਈ ਰਾਹ ਅੰਦਰ ਝੁੱਗੀ ਕਾਨਿਆਂ ਦੀ ! ਵੇਖੇ ਹੈਣ ਮੈਂ ਭੀ ਪ੍ਰਹਿਲਾਦ ਵਰਗੇ, ਕਿਸੇ ਪਿਆਰੇ ਦੇ ਨਾਮ ਨੂੰ ਜਪਣ ਵਾਲੇ ! ਠੰਢੇ ਹੋਏ ਮਰਦਾਨੇ ਦੇ ਲਈ ਵੇਖੇ, ਤੇਲ ਕਿਸੇ ਦੀ ਯਾਦ ਵਿੱਚ ਤਪਣ ਵਾਲੇ ! ਪੰਡ ਕਿਸੇ ਦੇ ਪਿਆਰ ਦੀ ਚੁੱਕ ਸਿਰ ਤੇ, ਬਾਲਕਪਨ ਅੰਦਰ ਵੇਖੇ ਖਪਣ ਵਾਲੇ ! ਸੂਹ ਕਿਸੇ ਦੀ ਅੰਬਰਾਂ ਤੀਕ ਲੈਂਦੇ, ਵੇਖੋ ਤਾਰਿਆਂ ਵਿਚ ਮੈਂ ਛਪਣ ਵਾਲੇ ! ਡਿੱਠੇ ਕਿਸੇ ਦੇ ਹੁਸਨ ਦੀ ਖਿੱਚ ਦੇ ਮੈਂ, ਦਿੱਤੇ ਠੁੰਮਣੇ ਅੰਬਰਾਂ ਧਰਤੀਆਂ ਨੂੰ ! ਵਿਕਦਾ ਵੇਖਿਆ ਕਿਸੇ ਦੇ ਨਾਮ ਉੱਤੇ, ਅੱਗੇ ਚੂਹੜਿਆਂ ਦੇ ਚੱਕਰਵਰਤੀਆਂ ਨੂੰ ! ਡਿਠੇ ਕਿਸੇ ਦੇ ਜਲਵੇ ਦੀ ਸ਼ਮਾਂ ਉੱਤੇ, ਕੋਹਤੂਰ ਜਿਹੇ ਸੜੇ ਪਤੰਗ ਹੋਕੇ ! ਉੱਡੇ ਖੰਜਰ ਪਿਆਰੇ ਦੀ ਡੋਰ ਉੱਤੇ, ਸਰਮੱਦ ਜਿਹਾਂ ਦੇ ਸੀਸ ਪਤੰਗ ਹੋਕੇ ! ਕਿਸੇ ਪਰਦਾ ਨਸ਼ੀਨ ਦੀ ਵੀਹ ਅੰਦਰ, ਪੁੱਜੇ ਏਕਣਾਂ ਕਈ ਮਲੰਗ ਹੋਕੇ ! ਚੋਲਾ ਖੱਲ ਦਾ ਲਾਹ ਕੇ ਤਨ ਉੱਤੋਂ, ਬੈਠੇ ਸਾਮ੍ਹਣੇ ਨੰਗ ਧੜੰਗ ਹੋਕੇ ! ਡਿਗਕੇ ਕੰਡੇ ਦੀ ਚੁੰਝ ਤੇ-ਕਹਿਣ ਲੱਗਾ, ਕਰੜੇ ਜ਼ੁਲਮ ਵੇਖੇ ਦੇਹੀਆਂ ਕੂਲੀਆਂ ਤੇ ? ਜਿਹੜੇ 'ਸ਼ਿਬਲੀ' ਦਾ ਫੁੱਲ ਨ ਸਹਿ ਸੱਕੇ, ਏਦਾਂ ਚੜ੍ਹੇ ਓਹ ਕਿਸੇ ਲਈ ਸੂਲੀਆਂ ਤੇ ! ਨੈਣ ਕਿਸੇ ਪਿਆਰੇ ਦੇ ਹੈਣ ਐਸੇ, ਮਿਕਨਾਤੀਸ ਵਾਂਗੂੰ ਖਿੱਚ ਪਾਉਂਣ ਵਾਲੇ ! ਦੇਖ ?'ਪ੍ਰੇਮ-ਪਟਾਰੀ' ਵਿੱਚ ਫੁੱਲ ਲੈਕੇ, ਆਏ 'ਗ਼ਜ਼ਨੀਓਂ' ਭੇਟ ਚੜ੍ਹਾਉਂਣ ਵਾਲੇ ! ਪਰਲੋ ਤੀਕ ਵੀ ਕਿਸੇ ਦੀ ਸੁੰਦਰਤਾ ਦੇ, ਰੰਗ ਗਿਣਤੀਆਂ ਵਿੱਚ ਨਹੀਂ ਆਉਂਣ ਵਾਲੇ ! ਕਣਕ ਵਾਂਗ ਵੇਖੇ ਸੀਨਾ ਚਾਕ ਫਿਰਦੇ, ਨਾਲ ਸੈਨਤਾਂ ਚੱਕੀ ਚਲਾਉਂਣ ਵਾਲੇ ! ਵੇਖ ਵੇਖਕੇ ਹੁਸਨ ਦੇ ਮੁੱਠਿਆਂ ਨੂੰ, ਲੱਗ ਗਿਆ ਹੈ ਇਸ਼ਕ ਕਮਾਲ ਮੈਂਨੂੰ ! ਜੀਹਦੇ ਦੀਦ ਨੇ ਇਨ੍ਹਾਂ ਨੂੰ ਫੱਟਿਆ ਸੀ, ਹੈ ਅਜ ਓਸੇ ਪਿਆਰੇ ਦੀ ਭਾਲ ਮੈਂਨੂੰ ! ਚੜ੍ਹਕੇ ਕਿਰਨਾਂ ਦੀ ਪਉੜੀ ਮੈਂ ਰੋਜ਼ ਦਿਨ ਨੂੰ, ਨੀਲੀ ਛੱਤ ਉੱਤੇ ਚਲਿਆ ਜਾਵਨਾ ਹਾਂ ! ਲੈਕੇ ਬੈਂਸਰੀ ਪੌਣ ਦੇ ਬੁੱਲਿਆਂ ਦੀ, ਪੀਆ ਪੀਆ ਦੇ ਗੀਤ ਮੈਂ ਗਾਵਨਾ ਹਾਂ ! ਰੱਸੀ ਰੇਸ਼ਮੀ 'ਰਿਸ਼ਮਾਂ' ਦੀ ਪਕੜ ਕੇ ਤੇ, ਰਾਤੀਂ ਲੱਥ ਅਸਮਾਨ ਤੋਂ ਆਵਨਾ ਹਾਂ ! ਸ਼ੋਖ਼ ਅੱਖੀਆਂ ਵਾਲਾ ਓਹ ਕਿਤੋਂ ਲੱਭੇ, ਲੁਕ ਲੁਕ ਝਾਤੀਆਂ ਸਾਰੇ ਹੀ ਪਾਵਨਾ ਹਾਂ ! ਝੁਰਮਟ ਵੇਖਕੇ ਬੁਲਬੁਲਾਂ ਭੌਰਿਆਂ ਦਾ, ਮੈਂ ਏਹ ਜਾਣਿਆਂ ਸੀ ਏਥੇ ਹੋਵਣਾ ਏ ! ਪਰ ਮੈਂ ਭਾਗ ਨਿਖੁੱਟੇ ਨੂੰ ਕੀ ਆਖਾਂ, ਲਿਖਿਆ ਲੇਖ ਵਿੱਚ ਇਥੇ ਵੀ ਰੋਵਣਾ ਏ ! ਸੁਣਕੇ ਓਹਦੀਆਂ ਗੱਲਾਂ ਮੈਂ ਕਿਹਾ ਮੁੜਕੇ, 'ਤੇਰਾ ਬੋਲ ਨਾ ਮੈਂਨੂੰ ਕੋਈ ਜੱਚਿਆ ਏ ! ਬਾਜ਼ੀਗਰ ਵਾਂਗੂ, ਚੜ੍ਹਕੇ ਵਾਂਸ ਉੱਤੇ, ਐਡਾ ਮੂਰਖਾ ਨਾਚ ਨੂੰ ਨੱਚਿਆ ਏ ! ਓਹਦੀ ਜੋਤ ਨੂੰ ਚਿੱਤ ਚੋਂ ਲੱਭਣਾ ਸਈ, ਜੀਹਦਾ ਥਾਂ ਥਾਂ ਤੇ ਰੌਲਾ ਮੱਚਿਆ ਏ ! ਅੰਦਰ ਦੁਧ ਦੇ ਹੁੰਦਾ ਏ ਤੇਜ ਜਿਵੇਂ, ਏਕਣ ਹਰੀ ਓ ਹਰ ਵਿੱਚ ਰੱਚਿਆ ਏ ! ਜਿਵੇਂ ਵਗਦੀਏ ਰਾਤ ਦਿਨ ਜੱਗ ਅੰਦਰ, ਪਰ ਨਹੀਂ ਦਿੱਸਦੀ ਕਦੀ ਹਵਾ ਸਾਨੂੰ ! ਏਸੇ ਤਰ੍ਹਾਂ ਓਹ ਥਾਂ ਥਾਂ ਵੱਸਦਾ ਭੀ, ਆਵੇ ਨਜ਼ਰ ਨਾਂ ਪਾਕ ਖ਼ੁਦਾ ਸਾਨੂੰ ! ਤਾਣੇ ਬਾਣੇ ਜਹਾਨ ਦੇ ਤਣ ਤਣ ਕੇ, ਉੱਧੜ ਗਿਆ ਸਭ ਉਮਰ ਦਾ ਸੂਤ ਤੇਰਾ ! ਭਰ ਗਈ ਸੀਸ ਵਿੱਚ ਵਾ ਤਕੱਬਰੀ ਦੀ, ਫੁੱਲਿਆ ਬੁਲਬੁਲੇ ਵਾਂਗ ਕਲਬੂਤ ਤੇਰਾ ! ਓਸ ਇੱਕ ਨੇ, ਤੈਂਨੂੰ ਕੀ ਲੱਭਣਾ ਏਂ, ਪਰਦਾ ਦੂਈ ਦਾ ਦਿੱਸੇ ਸਬੂਤ ਤੇਰਾ ! ਕੱਚੇ ਜੱਗ ਦੇ ਕੱਚ ਲਈ ਕੱਚਿਆ ਓਏ, ਹੀਰਾ ਜਨਮ ਏ ਗਿਆ ਅਕੂਤ ਤੇਰਾ ! ਕਿਸੇ ਕੋਠੜੀ ਦੀ ਵੜਕੇ ਨੁੱਕਰੇ ਜੋ, ਓਹਦੀ ਯਾਦ ਦੇ ਵਿੱਚ ਖਲੋ ਜਾਂਦੋਂ ! 'ਸ਼ਰਫ਼' ਸਿੱਪ ਵਾਲੇ ਤੁਪਕੇ ਵਾਂਗ ਤੂੰ ਭੀ; ਕਿਉਂ ਨਾਂ ਸਾਫ਼ ਸੁੱਚਾ ਮੋਤੀ ਹੋ ਜਾਂਦੋਂ !' (ਸ਼ਮਸੀ=ਸ਼ਮਸੀ ਹੀਰਾ, ਜਿਸਦੇ ਸੂਰਜ ਦੀਆਂ ਕਿਰਣਾਂ ਨਾਲ ਰੰਗ ਬਦਲਦੇ ਹਨ, ਜਮ ਦਾ ਜਾਮ=ਜਮਸ਼ੈਦ ਪਾਤਸ਼ਾਹ ਦਾ ਪਿਆਲਾ, ਨਜਦ=ਇਕ ਪਹਾੜੀ ਦਾ ਨਾਮ ਹੈ ਜਿੱਥੇ ਮਜਨੂੰ ਪਾਗ਼ਲ ਹੋਕੇ ਜਾ ਬੈਠਾ ਸੀ, ਵੀਹ= ਗਲੀ, ਗ਼ਜ਼ਨੀਓਂ=ਭਾਈ ਨੰਦ ਲਾਲ ਜੀ 'ਗੋਯਾ' ਗ਼ਜ਼ਨੀ ਸ਼ਹਿਰ ਦੇ ਵਾਸੀ)

7. ਸੁਹਾਗ ਭਾਗ

'ਮੱਛੀ ਵੇਚੀ ਹੋਈ ਸੀ' ਕਿਤੇ ਡੱਡੀਆਂ ਨੇ, ਕਿਧਰੇ ਅੰਬਰਾਂ ਤੇ ਬੱਦਲ ਗੱਜਦਾ ਸੀ ! ਕਿਧਰੇ ਬਿਜਲੀ ਪਈ ਨੈਣ ਵਿਖਾਂਵਦੀ ਸੀ, ਕਿਧਰੇ ਪਿਆ ਸੂਰਜ ਮੂੰਹ ਕੱਜਦਾ ਸੀ ! ਘਟਾਂ ਕਾਲੀਆਂ ਕਾਲੀਆਂ ਵਿੱਚ ਬਗਲਾ, ਬੱਗਾ ਜੇਹਾ ਕੋਈ ਉੱਡਦਾ ਸੱਜਦਾ ਸੀ ! ਪੀਆ ! ਪੀਆ ! ਪਪੀਹੇ ਦਾ ਕੂਕਣਾ ਉਹ, ਆਕੇ ਤੀਰ ਉੱਤੇ ਤੀਰ ਵੱਜਦਾ ਸੀ ! ਕਹਿਣਾ ਕਿਸੇ ਨੇ ਪਕੜਕੇ ਬਾਂਹ ਮੇਰੀ:- 'ਮਿਨਤਾਂ ਸਾਡੀਆਂ ਵੱਲ ਧਿਆਨ ਦੇਣਾ ! ਆ ਗਈ ਰੁੱਤ ਸੁਹਾਵਣੀ ਬੜੀ ਲੱਗੀ, ਅੱਜ ਮੈਂ ਘਰੋਂ ਸੁਹਾਗ ਨਹੀਂ ਜਾਣ ਦੇਣਾ !' 'ਬੱਦਲ ਟਿੱਲਿਓਂ' ਸ਼ੂਕਦਾ ਆਣ ਪਹੁੰਚਾ, ਬੁੱਲੇ ਸੁਰਗ ਦੇ ਆਣਕੇ ਝੁੱਲ ਗਏ ਨੇ ! ਜੇਹੜੇ ਦਿਲ ਸਨ ਗ਼ਮਾਂ ਝਲੂਹ ਦਿੱਤੇ, ਉਹ ਵੀ ਕਲੀਆਂ ਦੇ ਵਾਂਗ ਅਜ ਫੁੱਲ ਗਏ ਨੇ ! ਸਾਵਣ ਮਾਹ ਨੇ ਰੰਗ ਜਮਾ ਲਿਆ ਏ, ਚਹੁੰਆਂ ਪਾਸਿਆਂ ਤੇ ਬੱਦਲ ਘੁਲ ਗਏ ਨੇ ! ਬੱਦਲ ਘੁਲ ਗਏ ਨੇ ਕਿ ਇਹ ਪੇਚ ਪੀਚੇ, ਬਰਖਾ ਰਾਣੀ ਦੇ ਕੇਸਾਂ ਦੇ ਖੁੱਲ੍ਹ ਗਏ ਨੇ ! ਕਹਿਣਾ ਕਿਸੇ ਨੇ ਉਂਗਲੀ ਖੜੀ ਕਰਕੇ:- 'ਵੇਖੋ ! ਮੀਂਹ ਕਿਸ ਸ਼ਾਨ ਦਾ ਵੱਸਦਾ ਏ ! ਐਸੀ ਰੁੱਤ ਸੁਹਾਵਣੀ ਵਿੱਚ ਦੱਸੋ ? ਪਿਆਰਾ, ਪਿਆਰੀ ਨੂੰ ਛੱਡ ਕੋਈ ਨੱਸਦਾ ਏ?' ਮੇਰੀ 'ਪੁੱਛਣਾ' ਤੇ ਕਿਸੇ ਚੁੱਪ ਰਹਿਨਾ, ਕਿਸੇ ਰੋਵਣਾ ਮੇਰਿਆਂ ਹਾਸਿਆਂ ਤੇ ! ਅੱਥਰ ਪੁਣੇ ਦੀ ਕਿਸੇ ਰਿਹਾੜ ਕਰਨੀ, ਹੱਥ ਛਿਣਕਣੇ ਮੇਰੇ ਦਿਲਾਸਿਆਂ ਤੇ ! ਲਿਵੇ ਸਾਨੀਆਂ ਮੇਰੀਆਂ ਵੇਖ ਕੇ ਤੇ, ਮੂੰਹ ਕਿਸੇ ਨੇ ਮੋੜਨਾ ਪਾਸਿਆਂ ਤੇ ! 'ਆਹੋ ਜੀ !' ਕਹਿਕੇ ਕਿਸੇ ਰੁੱਸ ਜਾਣਾ, ਧਰਨਾ ਚਿੱਤ ਨਾਂ ਮੇਰੇ ਭਰਵਾਸਿਆਂ ਤੇ ! ਡੁਸਕ ਡੁਸਕ ਕੇ ਕਿਸੇ ਨੇ ਆਖਣਾ ਇਹ:- 'ਧੋਖਾ ਹੋਰਨਾਂ ਨੂੰ ਦਿਓ ਛੱਲਿਆਂ ਦਾ ! ਸਾਨੂੰ ਆਪਣੇ ਨਾਲ ਹੀ ਲੈ ਚੱਲੋ, ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ !' ਕਿਧਰੇ ਪਿਆਰ ਪਰੇਮ ਦੇ ਲੋਰ ਅੰਦਰ, ਓਹਦਾ ਰੁੱਸਣਾ ਮੇਰਾ ਮਨਾਵਣਾ ਓਹ ! ਉੱਡ ਉੱਡ ਕੇ ਕਿਤੇ ਸਲਾਰਿਆਂ ਨੇ ਸੋਹਣਾ ਗੀਤ ਬਹਾਰ ਦਾ ਗਾਵਣਾ ਓਹ ! ਵਗਣੀ ਵਾ ਤੇ ਪਿੱਪਲ ਦੇ ਪੱਤਿਆਂ ਨੇ, ਰਲਕੇ ਖੁਸ਼ੀ ਅੰਦਰ ਗਿੱਧਾ ਪਾਵਣਾ ਓਹ ! ਓਧਰ ਮੋਰ ਨੇ ਆਪਣੀ ਮੋਰਨੀ ਨੂੰ, ਪੈਲਾਂ ਪਾ ਪਾ ਨਾਚ ਵਿਖਾਵਣਾ ਓਹ ! ਏਧਰ ਵੇਖਕੇ ਕਿਸੇ ਨੇ ਆਖਣਾ ਏਹ:- 'ਰੱਬਾ ! ਗੱਲ ਨਾਂ ਸਾਡੀ ਕੁਥਾਰ ਜਾਵੇ ! ਸਾਡੇ ਮੋਯਾਂ ਦਾ ਮੂੰਹ ਓਹ ਫੇਰ ਵੇਖੇ, ਜੇਹੜਾ ਅੱਜ ਜੁਦਾਈ ਵਿੱਚ ਮਾਰ ਜਾਵੇ !' ਹਾਇ ! ਹਾਇ ! ਵੇਲਾ ਮੇਰੇ ਟੁਰਨ ਵਾਲਾ, ਜਿਵੇਂ ਜਿਵੇਂ ਆਕੇ ਨੇੜੇ ਢੁੱਕਣਾ ਓਹ ! ਤਿਉਂ ਤਿਉਂ ਕਿਸੇ ਨੇ ਵਿੱਚ ਉਦਰੇਵਿਆਂ ਦੇ, ਰੋਣਾ, ਤੜਫਣਾ, ਲੁੜਛਣਾ, ਮੁੱਕਣਾ ਓਹ ! ਪੈਣੇ ਕਿਸੇ ਨੂੰ ਤਿਓਂ ਤਿਓਂ ਡੋਬ ਘਾਟਾਂ, ਜਿਉਂ ਜਿਉਂ ਘਟਾਂਨੇ ਵਰ੍ਹਨਾ ਤੇ ਝੁੱਕਣਾ ਓਹ ! ਪਾਣੀ ਨਾਲ ਭਰਨੇ ਜਿਉਂ ਜਿਉਂ ਟੋਏ ਖਾਈਆਂ, ਤਿਉਂ ਤਿਉਂ ਕਿਸੇ ਨੇ ਸਹਿਮ ਕੇ ਸੁੱਕਣਾ ਓਹ! ਝੋਲੀ ਅੱਡਕੇ ਕਿਸੇ ਨੇ ਆਖਣਾ ਇਹ:- 'ਹੁਣ ਤਾਂ ਗੱਲ ਹੈ ਏਹੋ ਈ ਕਹਿਣ ਜੋਗੀ ! ਰੱਬਾ ! ਏਸ ਵਿਛੋੜੇ ਤੋਂ ਮੌਤ ਚੰਗੀ, ਐਡੇ ਦੁੱਖ ਨਹੀਂ ਜਿੰਦੜੀ ਸਹਿਣ ਜੋਗੀ !' ਵੇਖ, ਵੇਖਕੇ ਮੇਰੀਆਂ ਛੇਤੀਆਂ ਨੂੰ, ਕਿਸੇ ਘੜੀ ਤੇ ਛੜੀ ਲੁਕਾ ਦੇਣੀ ! ਓਧਰ ਦਿਨ ਹੋਰਾਂ ਨ੍ਹਾ ਕੇ ਮੀਂਹ ਅੰਦਰ, ਧੋਤੀ ਸ਼ਾਮ ਨਚੋੜ ਕੇ ਪਾ ਦੇਣੀ ! ਏਧਰ ਰੈਣ ਨੇ ਨਿੱਤਰੇ ਅੰਬਰਾਂ ਤੇ, ਚੁਣਕੇ ਚੰਬੇ ਦੀ ਸੇਜ ਵਿਛਾ ਦੇਣੀ ! ਏਧਰ ਤੇਤਰੀ ਮੇਤਰੀ ਬੱਦਲੀ ਚੋਂ, ਨਿਕਲ ਤਾਰਿਆਂ ਨੇ ਝਿਲਮਿਲ ਲਾ ਦੇਣੀ ! ਹਹੁਕੇ ਲੈਂਦਿਆਂ ਕਿਸੇ ਨੇ ਆਖਣਾ ਇਹ:- 'ਸਾਨੂੰ ਆਂਹਦੀ ਕੀ ਚੰਨ ਦੀ ਚਾਨਣੀ ਏਂ ? ਓਹਲੇ-ਆਸਰੇ ਬੂਹੇ ਦੇ ਅਸਾਂ ਰੋਣਾ, ਭਾਗਾਂ ਵਾਲਿਆਂ ਨੇ ਮੌਜ ਮਾਨਣੀ ਏਂ !' ਕਰ ਕਰ ਜਸ਼ਨ-ਮਹਿਤਾਬੀ ਦੀ ਖ਼ੁਸ਼ੀ ਏਧਰ, ਗੌਣਾ ਬੀਂਡਿਆਂ ਨੇ ਇੱਕੋ ਤਾਰ ਅੰਦਰ ! ਉੱਡ ਉੱਡਕੇ, ਓਧਰ ਟਟਹਿਣਿਆਂ ਨੇ, ਬਾਲ ਦੇਣੀ ਦੀਵਾਲੀ ਸੰਸਾਰ ਅੰਦਰ ! ਅੱਖਾਂ ਸਾਮ੍ਹਣੇ ਰਿਸ਼ਮਾਂ ਨੇ ਇੰਜ ਫਿਰਨਾ, ਚੂਨੇ ਗੱਚ ਪੁਰਾਣੇ ਪਸਾਰ ਅੰਦਰ ! ਲਾਯਾ ਹੋਯਾ ਏ ਪਰੀਆਂ ਨੇ ਨਾਚ ਜਿੱਦਾਂ, ਰਾਜੇ ਇੰਦਰ ਦੇ ਖ਼ਾਸ ਦਰਬਾਰ ਅੰਦਰ ! ਕਹਿਣਾ ਕਿਸੇ ਨੇ ਜੋੜਕੇ ਹੱਥ ਦੋਵੇਂ:- 'ਅਜ ਤੇ ਰੱਬ ਦੇ ਵਾਸਤੇ ਰਹਿ ਜਾਣਾ ! ਸਾਡਾ, ਅਜੇ ਨਹੀਂ ਲੱਥੜਾ ਚਾ ਮਾਹੀਆ, ਸਾਡੇ ਕੋਲ ਅਜ ਰੱਜਕੇ ਬਹਿ ਜਾਣਾ !' ਮਹਿੰਦੀ ਰੰਗਲੇ ਕਿਸੇ ਦੇ ਹੱਥ ਵਿੱਚੋਂ, ਪੱਲਾ ਤਰਲਿਆਂ ਨਾਲ ਛੁਡਾਵਣਾ ਮੈਂ ! ਖਾਨ ਹੁਸਨ-ਜਵਾਨੀ ਦੀ ਭਰੀ ਹੋਈ ਨੂੰ, ਹਾਵੇ ਹੇਰਵੇ ਵਿੱਚ ਰੁਲਾਵਣਾ ਮੈਂ ! ਚੜ੍ਹਕੇ ਕਿਸੇ ਨੇ ਵੇਖਣਾ ਕੋਠਿਆਂ ਤੋਂ, ਪਰਤ ਪਰਤ ਕੇ ਵੇਂਹਦਿਆਂ ਜਾਵਣਾ ਮੈਂ ! ਅਗੋ ਜਾਂਦਿਆਂ ਰੇਲ ਨੇ ਚਲੇ ਜਾਣਾ, ਅੱਧੀ ਰਾਤ ਮੁੜਕੇ ਘਰ ਨੂੰ ਆਵਣਾ ਮੈਂ ! ਹੰਜੂ ਪੂੰਝਦੇ ਹੱਸਦੇ ਕਿਸੇ ਕਹਿਣਾ:- 'ਕਿਉਂਜੀ! ਡਿੱਠਾ ਜੇ ਮੋੜ ਲਿਆਉਂਣ ਵਾਲਾ? 'ਸ਼ਰਫ਼' ਤੁਸੀਂ ਤੇ ਰੋਂਦਿਆਂ ਛੱਡ ਗਏ ਸਓ, ਸਾਡਾ ਰੱਬ ਸੀ ਸਾਨੂੰ ਹਸਾਉਂਣ ਵਾਲਾ !' (ਮੱਛੀ ਵੇਚੀ ਹੋਈ ਸੀ=ਰੌਲਾ ਪਾਵਣ ਦਾ ਮੁਹਾਵਰਾ, ਬੱਦਲ ਟਿੱਲਿਓਂ=ਟਿਲੇ ਵਾਲੇ ਪਾਸੇ ਦਾ ਬੱਦਲ ਪ੍ਰਸਿੱਧ ਏ, ਪੁੱਛਣਾ= ਆਗਿਆ ਮੰਗਣ ਤੋਂ ਮੁਰਾਦ ਏ, ਕੁਥਾਰ= ਬਿਰਥਾ)

8. ਹਿਰਸ

ਦੌਲਤ ਮਾਲ ਦੀ ਹਿਰਸ ਨਾਂ ਕਰੀਂ ਐਡੀ, ਐਥੋਂ ਚੱਲਣਾ ਈ ਇੱਕ ਦਿਨ ਯਾਰ ਖ਼ਾਲੀ ! ਹਿਰਸ, ਹਵਸ ਤੇ ਤਮਾਂ ਦੇ ਹਰਫ਼ ਦੇਖੀਂ, ਬਿਨਾਂ ਨੁਕਤਿਓਂ ਕਰਨ ਤਕਰਾਰ ਖ਼ਾਲੀ ! ਮੈਂ, ਤੂੰ ਤੇ ਕੁੱਝ ਭੀ ਚੀਜ਼ ਨਾਹੀਂ, ਵੱਡੇ ਵੱਡੇ ਗਏ, ਤਾਜ਼ਦਾਰ ਖ਼ਾਲੀ ! ਜਿਸ ਦਿਨ ਮੋਯਾ 'ਸਕੰਦਰ' ਸੀ ਕਫ਼ਨ ਵਿੱਚੋਂ, ਦੋਵੇਂ ਹੱਥ ਹੈਸਨ ਬਾਹਰਵਾਰ ਖ਼ਾਲੀ ! ਮਤਲਬ ਇਹ ਕਿ ਆਯਾ ਜਾਂ ਹੱਥ ਖ਼ਾਲੀ, ਹੁਣ ਭੀ ਚੱਲਿਆ ਹਾਂ ਆਖ਼ਰਕਾਰ ਖ਼ਾਲੀ ! ਦੋ ਗਜ਼ ਕਫ਼ਨ ਹੈ ਸਿਰਫ਼ ਨਸੀਬ ਹੋਯਾ, ਓਹ ਭੀ ਦੇਖ ਲਵੋ ਪੱਲੇ ਚਾਰ ਖ਼ਾਲੀ ! ਏਸ ਦੰਮ ਨੇ ਕਈਆਂ ਨੂੰ ਦਮ ਕੀਤਾ, ਏਸ ਦਮ ਤੇ ਦੰਮ ਨਾਂ ਮਾਰ ਖ਼ਾਲੀ ! ਓਹਦੀ ਯਾਦ ਵਿੱਚ ਹੋ ਜਾ ਗ਼ਰਕ ਐਸਾ, ਇੱਕ ਦਮ ਨਾਂ 'ਸ਼ਰਫ ਗੁਜ਼ਾਰ ਖ਼ਾਲੀ !

9. ਸ਼ਾਮ ਪ੍ਯਾਰੀ

ਭਰਿਆ ਨੂਰ ਤੇ ਨਾਰ ਦਾ ਥਾਲ ਫੜਕੇ, ਜੋਗੀ ਉਤਰ ਹਿਮਾਲਾਂ ਤੋਂ ਔਣ ਵਾਲਾ ! ਧੁੱਪ-ਛਾਂ ਦੇ ਕੱਪੜੇ ਪਾ ਤਨ ਤੇ, ਮੱਥੇ ਤਿਲਕ ਪ੍ਰਕਾਸ਼ ਦਾ ਲੌਣ ਵਾਲਾ ! ਮਾਲਾ ਕਿਰਨਾਂ ਦੀ ਪਕੜ ਕੇ ਹਥ ਅੰਦਰ, ਘਰੋ ਘਰੀ ਜਾ ਅਲਖ ਜਗੌਣ ਵਾਲਾ ! ਇੱਕੋ ਅੱਖ ਜੋ ਵੇਖਦਾ ਸਾਰਿਆਂ ਨੂੰ, ਮੁਲਕ ਮੁਲਕ ਵਿੱਚ ਝਾਤੀਆਂ ਪੌਣ ਵਾਲਾ ਹੈ ! ਖੇਨੂੰ ਨੂਰ ਦਾ ਨੀਲ ਦਰਿਆ ਅੰਦਰ, ਰੋੜ੍ਹੇ ਪਿਆ ਜਾ ਲਹਿੰਦੇ ਵਿੱਚ ਡੁੱਬ ਗਿਆ ! ਥੱਲੇ ਬੱਲੇ ਹੀ ਨਿੱਘਰਦਾ ਗਿਆ ਕਿਧਰੇ, ਐਸੀ ਜਿੱਲ੍ਹਣ ਅੰਦਰ ਜਾਕੇ ਖੁੱਭ ਗਿਆ ! ਘੁੰਡ ਮਲਕੜੇ ਲਾਹਕੇ ਸ਼ਾਮ ਪਿਆਰੀ, ਮੁੱਖ ਸਾਂਵਲਾ ਆਣ ਵਿਖਾਲਿਆ ਏ ? ਛਿਪਿਆ ਦਿਨ ਤਿਕਾਲਾਂ ਦੇ ਹੋਏ ਦਰਸ਼ਨ, ਰਾਮ ਸ਼ਾਮ ਦਾ ਰੂਪ ਵਟਾ ਲਿਆ ਏ ! ਏਸ ਸਾਂਵਲੀ ਸਾਂਵਲੀ ਇਸਤ੍ਰੀ ਨੇ, ਜਾਦੂ ਜੱਗ ਤੇ ਇਸ ਤਰ੍ਹਾਂ ਪਾ ਲਿਆ ਏ ! ਜਿਵੇਂ ਇੰਦਰ ਨੂੰ ਜ਼ੁਲਫ਼ ਸੁੰਘਾਕੇ ਤੇ, ਨੀਲਮ ਪਰੀ ਨੇ ਮਸਤ ਬਣਾ ਲਿਆ ਏ! ਲਟਬਾਵਰੀ ਕਾਲੋਂ ਦੀ ਸ਼ਾਹੀ ਕੀਤੀ, ਖੋਲ੍ਹ ਖੋਲ੍ਹਕੇ ਲਿਟਾਂ ਖਿਲਾਰੀਆਂ ਨੇ ! ਐਰੀਂ ਐਰਾਂ ਦਾ ਕੱਜਲਾ ਸ਼ਾਮ ਲੈਕੇ, ਮਸਤ ਨੈਣਾਂ ਵਿੱਚ ਖਿੱਚੀਆਂ ਧਾਰੀਆਂ ਨੇ ! ਟਾਵੇਂ ਟਾਵੇਂ ਸਤਾਰਿਆਂ ਲਿਸ਼ਕ ਮਾਰੀ, ਯਾ ਏ ਦੀਵੇ ਅਸਮਾਨ ਤੇ ਜਗ ਪਏ ਨੇ ! ਊਦੀ ਕਾਸ਼ਨੀ ਨੀਲੀ ਜ਼ਮੀਨ ਉੱਤੇ, ਯਾ ਏ ਹੀਰਿਆਂ ਦੇ ਡਿੱਗੇ ਨਗ ਪਏ ਨੇ ! ਮੋਟੇ ਮੋਟੇ ਗਲੇਡੂ ਵਗਾਕੇ ਯਾ, ਅੰਬਰ ਹੁਰੀ ਬੁਝਾਂਵਦੇ ਅੱਗ ਪਏ ਨੇ ! ਨਿਕਲਨ ਲੱਗੀ ਭੜਾਸ ਜ਼ਮੀਨ ਦੀ ਭੀ, ਸੀਨੇ ਦੋਹਾਂ ਦੇ ਹੁਣ ਠਰਨ ਲਗ ਪਏ ਨੇ ! ਲੱਗੇ ਮਾਨਣ ਸੁਹਾਗ ਦੀ ਰਾਤ ਕੋਈ, ਭਾ ਕਈਆਂ ਦੇ ਬਿਰਹੋਂ ਦਾ ਸੋਗ ਹੋਇਆ ! ਏਧਰ ਰਾਤ ਤੇ ਦਿਨ ਨੇ ਪਾਈ ਜੱਫੀ, ਚਕਵੇ ਚਕਵੀ ਨੂੰ ਓਧਰ ਵਿਯੋਗ ਹੋਇਆ ! ਰੰਗ ਰੱਤੜੀ ਨੀਂਦ ਵਿੱਚ ਮੱਤੜੀ ਨੇ, ਗੱਲਾਂ ਕੀਤੀਆਂ ਰੰਗ ਰੰਗੀਲੀਆਂ ਨੇ ! ਲਾਲੀ ਹੱਥਾਂ ਦੀ ਦੱਸਕੇ, ਅੰਬਰਾਂ ਤੋਂ, ਲਾ ਦਿੱਤੀਆਂ ਘਰਾਂ ਵਿੱਚ ਤੀਲੀਆਂ ਨੇ ! ਕੀਤੇ ਫ਼ਰਸ਼ ਦਰਿਆਈ ਦੇ ਦੀਵਿਆਂ ਨੇ, ਰਿਸ਼ਮਾਂ ਛੱਡੀਆਂ ਲਾਲ ਤੇ ਪੀਲੀਆਂ ਨੇ ! ਜੋਬਨ ਯਾਰ ਦਾ ਡੁੱਲ੍ਹਦਾ ਵੇਖਕੇ ਤੇ, ਓਧਰ ਆਸ਼ਕਾਂ ਨੇ ਜਾਨਾਂ ਹੀਲੀਆਂ ਨੇ ! ਪੀਚੇ ਹੋਏ ਪਰੇਮ ਦੇ ਪੇਚ ਅੰਦਰ, ਨਿੱਕੇ ਨਿੱਕੇ ਜਹੇ ਖੰਭ ਖਿਲਾਰ ਆਏ ! ਲਾਟ ਬੱਤੀ ਦੀ, ਪਿਆਰ ਦੀ ਡੋਰ ਬਣ ਗਈ ! ਉੱਡਣ ਲਈ "ਪਤੰਗ" ਹਜ਼ਾਰ ਆਏ ! ਤੇੱਲਾ ਗ਼ਮਾਂ ਦਾ ਪਿਆ ਤਰੇਲ ਨੂੰ ਭੀ, ਘੁੰਡ ਵਿੱਚ ਚੋਰੀ ਗੋਰੀ ਰੋਣ ਲੱਗੀ ! ਜੇਹੜੇ ਸਾਗਰਾਂ ਵਿੱਚੋਂ ਭੀ ਲੱਭਦੇ ਨਹੀਂ, ਉਨ੍ਹਾਂ ਮੋਤੀਆਂ ਦੀ ਬਰਖਾ ਹੋਣ ਲੱਗੀ ! ਤਾਪ ਜਿਨ੍ਹਾਂ ਨੂੰ ਧੁੱਪ ਦਾ ਚੜ੍ਹ ਗਿਆ ਸੀ, ਅੰਮ੍ਰਿਤ ਉਨ੍ਹਾਂ ਦੇ ਮੂੰਹ ਵਿੱਚ ਚੋਣ ਲੱਗੀ ! ਹੋਈਆਂ ਗੋਰੀਆਂ ਚਿੱਟੀਆਂ ਦੁੱਧ ਵਾਂਗੂੰ, ਸੌ ਸੌ ਪਾਣੀ ਏ ਕਲੀਆਂ ਨੂੰ ਧੋਣ ਲੱਗੀ ! ਕੁਝ ਤੇ ਖਿੱਲਰੇ ਮਖ਼ਮਲੀ ਫ਼ਰਸ਼ ਉੱਤੇ, ਮੋਤੀ ਪੱਤਰਾਂ ਲਾਏ ਕੁਝ ਝਾਲਰਾਂ ਨੂੰ ! ਰਹਿੰਦੇ ਕਲੀਆਂ ਨੇ ਹਾਰ ਤਿਆਰ ਕੀਤੇ, ਬਾਕੀ ਫੁੱਲਾਂ ਨੇ ਟਾਂਕ ਲਏ ਕਾਲਰਾਂ ਨੂੰ ! ਭਾਵੇਂ ਕਾਰੂੰ ਦੀ ਦੌਲਤ ਭੀ ਖ਼ਰਚ ਕਰੀਏ, ਔਖੀ ਸਿਫ਼ਤ ਹੈ ਸ਼ਾਮ ਦੇ ਪਹਿਣਿਆਂ ਦੀ ! ਤੁਬਕੇ ਤੁਬਕੇ 'ਚ ਦਿਸਦੇ ਨੇ ਚੰਦ ਤਾਰੇ, ਪਵੇ ਝਲਕ ਜਦ ਓਸਦੇ ਗਹਿਣਿਆਂ ਦੀ ! ਦਿਲਾ ਚਲ ਹੁਣ ਵੇਖੀਏ ਲੁਕਣ ਮੀਟੀ, ਬਾਗਾਂ ਪੈਲੀਆਂ ਵਿੱਚ ਖ਼ੁਸ਼-ਰਹਿਣਿਆਂ ਦੀ ! ਲੰਪ ਬਿਜਲੀ ਦੇ ਖੀਸਿਆਂ ਵਿੱਚ ਪਾਕੇ, ਨਿਕਲੀ ਸੈਰ ਨੂੰ ਫੌਜ ਟਟਹਿਣਿਆਂ ਦੀ ! "ਸ਼ਰਫ਼" ਵੇਖਕੇ ਬਾਗ ਵਿੱਚ ਸ਼ਾਮ ਕਾਲੀ, ਮੈਂਨੂੰ ਨਾਮਾ ਐਮਾਲ ਦਾ ਯਾਦ ਆਯਾ ! ਕਲੀਆਂ ਵਾਂਗ ਚੁਪ ਕੀਤਾ ਗਿਆ ਸਾਂ ਮੈਂ, ਕਰਦਾ ਬੁਲਬੁਲਾਂ ਵਾਂਗ ਫਰਿਆਦ ਆਯਾ !

10. ਚੰਦ ਚਾਨਣੀ

ਇੰਦਰਪੁਰੀ ਦੀ 'ਸੀਤਲਾ ਮਹਾਰਾਣੀ,' ਠੰਢ ਜ਼ਿਮੀਂ ਦੇ ਕਾਲਜੇ ਪੌਣ ਵਾਲੀ ! ਨੂਰਾਂ ਪਰੀ ਓਹ ਨੂਰ ਦੀ ਭਰੀ ਹੋਈ, ਸਾਰੇ ਜੱਗ ਨੂੰ ਦਰਸ ਦਿਖੌਣ ਵਾਲੀ ! ਲੀੜੇ ਰੇਸ਼ਮੀ-ਰਿਸ਼ਮ ਦੇ ਪਹਿਨ ਪੱਚਰ, ਨਖ਼ਰੇ ਨਾਲ ਅਸਮਾਨ ਤੋਂ ਔਣ ਵਾਲੀ ! ਚੌਦਾਂ ਸਾਲ ਦੀ ਨਿੱਤਰੀ ਦੁੱਧ ਵਾਂਗੂੰ, ਚੰਨੋਂ ਚੌਧਵੀਂ ਰਾਤ ਸਦੌਣ ਵਾਲੀ ! ਆਕੇ ਬਹਿ ਗਈ ਦੁਨੀਆਂ ਦੇ ਤਖ਼ਤ ਉੱਤੇ, ਸਿੱਕਾ ਆਪਣਾ ਸਾਰੇ ਚਲੌਣ ਲੱਗੀ ! ਕਿਰਨਾਂ ਸੁੱਟ ਹਨੇਰੇ ਤੇ, ਨੂਰ ਦੀਆਂ, ਗ਼ਲਤ ਅੱਖਰਾਂ ਵਾਂਗ ਮਿਟੌਣ ਲੱਗੀ ! ਜਲਵੇ ਕੁਦਰਤੀ ਸੁੱਟਕੇ ਜ਼ਿਮੀਂ ਉੱਤੇ, ਕੰਧਾਂ ਕੋਠਿਆਂ ਨੂੰ ਨੂਰੋ-ਨੂਰ ਕੀਤਾ ! ਕਿਰਨਾਂ ਤਿਰਛੀਆਂ ਬਰਛੀਆਂ ਮਾਰਕੇ ਤੇ, ਸਾਰਾ ਕੁਫ਼ਰ ਹਨੇਰੇ ਦਾ ਦੂਰ ਕੀਤਾ ! ਨਜ਼ਰਾਂ ਪਿਆਰੀਆਂ ਮਾਰੀਆਂ ਜਿਸ ਪਾਸੇ, ਇੱਕ ਇੱਕ ਜ਼ਰੇ ਨੂੰ ਪਕੜ ਕੋਹਤੂਰ ਕੀਤਾ! ਪਾਈ ਠੰਢ ਬਹਿੱਸ਼ਤਾਂ ਦੀ ਹੂਰ ਐਸੀ, ਸੂਰਜ ਵਾਲਾ ਵੀ ਠੰਢਾ ਤਨੂਰ ਕੀਤਾ ! ਸ਼ੋਖ਼ ਅੱਖ ਵਿਖਾਲਕੇ- ਚੰਦ ਚਾਤਰ, ਲੁੱਟੀ ਹੋਸ਼ ਅਸਮਾਨ ਤੇ ਸਾਰਿਆਂ ਦੀ ! ਟੇਢੀ ਕਿਰਨਾਂ ਦੀ ਪਕੜ ਸਤਾਰ, ਬਾਂਕੀ, ਮੱਧਮ ਕੀਤੀ ਸੀ ਲੋਅ ਸਤਾਰਿਆਂ ਦੀ ! ਐਡੀ ਤਬ੍ਹਾ ਦੀ ਤੇਜ਼ ਲਡਿੱਕੜੀ ਇਹ ਜਾ ਜਾ ਪਾਣੀ ਦੇ ਜਿਗਰ ਵਿੱਚ ਧੱਸਦੀ ਸੀ ! ਐਡੀ ਬੇ-ਪਰਵਾਹ-ਸਿਰ-ਲੱਥ ਚੈਂਚਲ, ਪਈ ਹੁਸਨ ਵਾਲੇ ਨਖ਼ਰੇ ਦੱਸਦੀ ਸੀ ! ਐਡੀ ਲਾਜਵੰਤੀ-ਗੂਹੜੇ ਸਤਰ ਵਾਲੀ, ਸੂਰਜ ਦੇਵਤੇ ਤੋਂ ਡਰਦੀ ਨੱਸਦੀ ਸੀ ! ਖਹਿੰਦੀ ਜਾਂਦੀ ਸੀ ਬੂਟਿਆਂ ਨਾਲ ਕਿਧਰੇ, ਕਿਤੇ ਛੇੜਦੀ ਕਾਨਿਆਂ ਕਾਹੀਆਂ ਨੂੰ ! ਕਿਤੇ ਮਕਰ ਦਾ ਜਾਲ ਖਿਲਾਰਕੇ ਤੇ, ਫਾਹੁੰਦੀ ਪਈ ਸੀ ਭੋਲਿਆਂ ਰਾਹੀਆਂ ਨੂੰ ! ਠੰਢੇ-ਠਾਰ ਫੁਹਾਰੇ ਨੇ ਅੰਬਰਾਂ ਤੋਂ, ਛੱਟੇ ਮਾਰ ਸੰਸਾਰ ਨਿਹਾਲ ਕੀਤਾ ! ਜਿਹੜਾ ਪਿਆਰਾ ਸੀ ਪਿਆਰੇ ਦੇ ਕੋਲ ਬੈਠਾ, ਓਹਨੂੰ ਖੁਸ਼ੀ ਅੰਦਰ ਮਾਲਾਮਾਲ ਕੀਤਾ ! ਜਿਹੜਾ ਅੱਗੇ ਵਿਛੋੜੇ ਦਾ ਮਾਰਿਆ ਸੀ, ਬੁਰਾ ਓਸਦਾ ਏਸ ਨੇ ਹਾਲ ਕੀਤਾ ! ਕਿਰਨਾਂ ਸੁੱਟਕੇ ਓਸਦੀ ਹਿੱਕ ਉੱਤੇ, ਜ਼ਖ਼ਮੀ ਕਾਲਜਾ ਨੇਜ਼ਿਆਂ ਨਾਲ ਕੀਤਾ ! ਏਸੇ ਚਾਨਣੀ-ਚਾਨਣੀ-ਰਾਤ ਠੰਢੀ, ਸੀਨਾ ਜਿਗਰ ਸਨ ਮੇਰੇ ਭੀ ਸਾੜ ਦਿੱਤੇ ! ਘੂਰ-ਘੂਰ ਕੇ ਅੰਬਰੋਂ ਤਾਰਿਆਂ ਨੇ, ਦਿਲ ਦੇ ਅੱਲੜੇ ਜ਼ਖ਼ਮ ਉਘਾੜ ਦਿੱਤੇ ! ਲੋਕਾਂ ਵਾਸਤੇ ਚਾਨਣੀ ਚੰਦ ਘੱਲੀ, ਮੇਰੇ ਲਈ ਹਨੇਰ ਇਹ ਘੱਲ ਦਿੱਤਾ ! ਵੇਲਾ ਬੀਤਿਆ ਯਾਦ ਕਰਾ ਮੈਂਨੂੰ, ਮਾਰ ਨਸ਼ਤਰਾਂ ਕਾਲਜਾ ਸੱਲ ਦਿੱਤਾ ! ਰੱਸਾ ਰੇਸ਼ਮੀ-ਰਿਸ਼ਮਾਂ ਦਾ ਵੱਟਕੇ ਤੇ, ਮੇਰੇ ਗਲੇ ਅੰਦਰ ਸੌ-ਸੌ ਵੱਲ ਦਿੱਤਾ ! ਦਰਦਾਂ ਮੱਲਿਆ ਮੈਂ ਮਰ-ਚੱਲਿਆ ਸਾਂ, ਆਕੇ ਬਾਗ਼ ਦੀ ਯਾਦ ਨੇ ਠੱਲ੍ਹ ਦਿੱਤਾ ! ਦਿਲ ਨੂੰ ਪਕੜਕੇ ਨਿਕਲਿਆ ਘਰੋਂ ਰੋਂਦਾ ਸਾਰੇ ਰਾਹ ਅੰਦਰ ਗਿਣਦਾ ਦਾਗ਼ ਆਯਾ ! ਜਿਥੇ ਮਜ਼ੇ ਪਿਆਰ ਦੇ ਲੁੱਟਦਾ ਸਾਂ, ਮੇਰੇ ਭਾਗਾਂ ਨੂੰ ਅੱਗੋਂ ਉਹ ਬਾਗ਼ ਆਯਾ ! ਕਿਤੇ ਬੈਠਿਆ, ਉੱਠਿਆ, ਟਹਿਲਿਆ ਮੈਂ ਕਿਤੇ ਫੁੱਲਾਂ ਦੇ ਕੋਲ ਖਲੋ ਗਿਆ ਸਾਂ ! ਕਦੀ ਓਸ ਪਾਸੇ, ਕਦੀ ਏਸ ਪਾਸੇ, ਕਦੀ ਡੰਡੀ ਦੇ ਮੋੜ ਤੇ ਹੋ ਗਿਆ ਸਾਂ ! ਔਧਰ ਜਾ ਚੰਬੇਲੀ ਦੇ ਫੁੱਲ ਤੋੜੇ, ਏਧਰ ਚੰਬੇ ਦੀ ਸੁੰਘ ਖੁਸ਼ਬੋ ਗਿਆ ਸਾਂ ! ਫੇਰ ਚਾਰ ਉਲਾਂਘ ਮੈਂ ਪਿਛ੍ਹਾਂ ਆਇਆ, ਜੇਕਰ ਅਗ੍ਹਾਂ ਵੱਲੇ ਕਦਮ ਦੋ ਗਿਆ ਸਾਂ ! ਬਾਗ਼ ਵਿੱਚ ਵੀ ਘਾਹ ਤੇ ਬੂਟਿਆਂ ਤੇ, ਲਾਈ ਹੋਈ ਬਹਾਰ ਸੀ ਚਾਨਣੀ ਨੇ ! ਪੌਡਰ ਨੂਰ ਦਾ ਫੁੱਲਾਂ ਤੇ ਧੂੜਿਆ ਸੀ, ਛਾਣ ਛਾਣ ਅਸਮਾਨ ਦੀ ਛਾਨਣੀ ਨੇ ! ਸੁੰਦ੍ਰ ਚਾਨਣੀ-ਰਾਤ ਦੀ ਖੁਸ਼ੀ ਅੰਦਰ, ਕਿਤੇ ਚੜ੍ਹੀਆਂ ਗੁਲਾਬ ਨੂੰ ਲਾਲੀਆਂ ਸਨ ! ਨਹੀਂ ਸਨ ਚੋਏ ਤ੍ਰੇਲ ਦੇ ਪੱਤੀਆਂ ਤੇ, ਭਰੀਆਂ ਮੋਤੀਆਂ ਨਾਲ ਇਹ ਥਾਲੀਆਂ ਸਨ ! ਜਦੋਂ ਬੁੱਲੇ ਹਵਾ ਦੇ ਆਂਵਦੇ ਸਨ, ਕਲੀਆਂ ਮੂੰਹਾਂ ਤੋਂ ਲਹੁੰਦੀਆਂ ਜਾਲੀਆਂ ਸਨ ! ਚੁੰਮਣ ਵਾਸਤੇ ਫੁੱਲਾਂ ਦੇ ਮੂੰਹ ਸੁੰਦਰ, ਝੁਕ ਝੁਕ ਦੂਹਰੀਆਂ ਹੁੰਦੀਆਂ ਡਾਲੀਆਂ ਸਨ ! ਖਿੜ ਖਿੜ ਮੋਤੀਆ ਹਸਿਆ ਜਦੋਂ ਪ੍ਯਾਰਾ, ਹੈਸੀ ਚਮਕ ਐਸੀ ਇੱਕ ਇੱਕ ਦੰਦ ਅੰਦਰ ! ਤਾਰੇ ਟੁੱਟਕੇ ਜ਼ਿਮੀਂ ਤੇ ਆਣ ਡਿੱਗੇ, ਲਗੇ ਦਾਗ਼ ਅਸਮਾਨਾਂ ਤੇ ਚੰਦ ਅੰਦਰ ! ਸੂਰਜ ਮੁਖੀ ਦੇ ਫੁੱਲ ਪਏ ਵੇਖਦੇ ਸਨ, 'ਕਿਤੇ' ਨਰਗਸ ਬੀਮਾਰ ਨੂੰ ਝੁਕ ਝੁਕ ਕੇ ! ਦਾਗ਼ 'ਲਾਲਾ' ਦੇ 'ਨਗਰਸ' ਪਈ ਵੇਖਦੀ ਸੀ, ਕਿਤੇ ਅੱਖਾਂ ਸ਼ਰਮੀਲੀਆਂ ਚੁਕ ਚੁਕ ਕੇ ! ਕਿਤੇ 'ਸੋਸਨ' ਪਈ ਚੰਬੇ ਨੂੰ ਦਸਦੀ ਸੀ, ਰੰਗ ਮਿੱਸੀਆਂ ਦਾ ਨੇੜੇ ਢੁਕ ਚੁਕ ਕੇ ! ਕਿਤੇ ਕਲੀ ਰਵੇਲ ਦੀ ਤਾੜਦੀ ਸੀ, 'ਮੌਲਸਰੀ' ਦੇ ਫੁੱਲਾਂ ਨੂੰ ਲੁਕ ਲੁਕ ਕੇ ! ਵਾਲਾਂ ਵਿੱਚ ਹਵਾ ਦੀ ਫੇਰ ਕੰਘੀ, ਕਿਤੇ 'ਸੁੰਬਲ' ਨੇ ਜ਼ੁਲਫ਼ਾਂ ਸਵਾਰੀਆਂ ਸਨ ! ਕਿਤੇ ਸੁੰਬਲ ਪਿਆਰੀ ਨੂੰ ਢਾਹੁਣ ਬਦਲੇ, 'ਇਸ਼ਕ' ਪੇਚੇ ਨੇ ਫਾਹੀਆਂ ਖਿਲਾਰੀਆਂ ਸਨ ! ਓਥੇ ਹੋਰ ਕੋਈ ਨਜ਼ਰ ਨਾ ਪਿਆ ਮੈਂਨੂੰ, ਵੇਂਹਦਾ ਰਿਹਾ ਮੈਂ ਕੱਲਾ ਨਜ਼ਾਰਿਆਂ ਨੂੰ ! ਖੜੇ ਸਰੂ 'ਸ਼ਮਸ਼ਾਦ' ਉਡੀਕਦੇ ਸਨ, ਓਥੇ ਆਪਣੇ ਆਪਣੇ ਪਿਆਰਿਆਂ ਨੂੰ ! ਆਯਾ ਯਾਦ ਪਿਆਰ ਜਾਂ ਬਲਬੁਲਾਂ ਦਾ, ਸੁਲਾਂ ਵੱਜੀਆਂ ਫੁੱਲਾਂ ਵਿਚਾਰਿਆਂ ਨੂੰ ! ਫੜਕੇ ਨੀਂਦ ਦਾ ਮੀਰ ਸ਼ਕਾਰ ਕਿਧਰੇ, ਲੈ ਗਿਆ ਸੀ ਆਸ਼ਕਾਂ ਸਾਰਿਆਂ ਨੂੰ ! ਕੀਤਾ ਕਹਿਰ ਸੀ ਜਿਹਦੇ ਤੇ ਚਾਨਣੀ ਨੇ, ਆਸ਼ਕ ਇੱਕ ਮੈਂ ਓਸ ਥਾਂ ਹੋਰ ਡਿੱਠਾ ! ਲੇਲੀ-ਮਜਨੂੰ ਦੇ ਬੂਟੇ ਦੇ ਹੇਠ ਜਾਕੇ, ਜਾਨ ਤੋੜਦਾ ਸੁੰਦਰ ਚਕੋਰ ਡਿੱਠਾ ! ਉਹਨੂੰ ਚੁੱਕ ਫੁਹਾਰੇ ਤੇ ਆ ਗਿਆ ਮੈਂ, ਲਹੂ ਓਸਦੀ ਚੁੰਝ ਤੋਂ ਧੋਣ ਲੱਗਾ ! ਮਿਟੀ ਝਾੜਕੇ ਓਹਦਿਆਂ ਪਰਾਂ ਤੋਂ, ਪਾਣੀ ਓਸਦੇ ਮੂੰਹ ਵਿੱਚ ਚੋਣ ਲੱਗਾ ! ਵੇਖ ਵੇਖ ਕੇ ਉਸ ਨੂੰ ਮੱਛੀਆਂ ਦਾ, ਸੀਨਾ ਜਿਗਰ ਕਬਾਬ ਸੀ ਹੋਣ ਲੱਗਾ ! ਛਾਲੇ ਦਿਲ ਦੇ ਬੁਲਬੁਲੇ ਤੋੜਦੇ ਸਨ, ਫੁੱਟ ਫੁੱਟ ਫੁਹਾਰਾ ਵੀ ਰੋਣ ਲੱਗਾ ! ਜਲਵਾ ਚੰਦ ਦਾ ਵੇਂਹਦਿਆਂ ਵੇਂਹਦਿਆਂ ਈ, ਤੜਫ਼ ਤੜਫ਼ ਕੇ ਅੰਤ ਉਹ ਹਾਰ ਗਿਆ ! ਸੱਚਾ ਇਸ਼ਕ ਚਕੋਰ ਦਾ ਵੇਖਿਆ ਮੈਂ, ਜਾਨ ਪ੍ਯਾਰੇ ਦੇ ਕਦਮਾਂ ਤੇ ਵਾਰ ਗਿਆ ! ਓਸ ਦੁੱਖਾਂ ਦੇ ਮਾਰੇ ਦੀ ਲੋਥ ਉੱਤੇ, ਜੇਬੋਂ ਕੱਢ ਰੁਮਾਲ ਮੈਂ ਪਾ ਦਿੱਤਾ ! ਬੂਟਾ ਲੱਭ ਸੁਖਚੈਨ ਦਾ ਇੱਕ ਪਾਸੇ, ਜਾਕੇ ਓਸਦੇ ਹੇਠਾਂ ਦਬਾ ਦਿੱਤਾ ! ਐਨੇ ਫੁੱਲ ਚੜ੍ਹਾਏ ਮੈਂ ਚਾਨਣੀ ਦੇ, ਉਹਦੀ ਕਬਰ ਨੂੰ ਵਿੱਚ ਲੁਕਾ ਦਿੱਤਾ ! ਦੀਵੇ ਕੁਦਰਤੀ ਅੱਲਾ ਨੇ ਬਾਲ ਘੱਲੇ, ਆਕੇ ਮੇਲਾ ਟੱਟਹਿਣਿਆਂ ਲਾ ਦਿੱਤਾ ! ਬੈਠਾ ਉਹਦੇ ਸਰ੍ਹਾਣੇ ਮਜ਼ੌਰ ਬਣਕੇ, ਗੱਲ ਹੁਸਨ ਤੇ ਇਸ਼ਕ ਦੀ ਸੋਚਦਾ ਸਾਂ ! ਨੀਵੀਂ ਧੌਣ, ਖ਼ਿਆਲ ਸੀ ਅਰਸ਼ ਉੱਤੇ, ਤਿੜਾਂ ਤੋੜਦਾ, ਜ਼ਿਮੀਂ ਖਰੋਚਦਾ ਸਾਂ ! ਭਿੱਜੀ ਦੁੱਖ ਦੀ ਹੋਰ ਇੱਕ ਚਾਂਗ, ਨਿਕਲੀ, ਜਿਹਨੂੰ ਸੁਣਦਿਆਂ ਸਾਰ ਮੈਂ ਮੁੱਕ ਗਿਆ ! ਸੜੀ ਹੋਈ ਸੀ ਦਰਦ ਦੇ ਨਾਲ ਐਸੀ, ਸੁਣਕੇ ਪਾਣੀ ਫੁਹਾਰੇ ਦਾ ਸੁੱਕ ਗਿਆ ! ਸਹਿਮ ਨਾਲ ਸਾਰੇ ਹੋ ਗਏ ਫੁੱਲ ਗੁੱਛਾ, ਮੂੰਹ ਟਾਹਣੀਆਂ ਦਾ ਥੱਲੇ ਝੁੱਕ ਗਿਆ ! ਪੈ ਗਈ ਭਾਂਜ ਅਸਮਾਨ ਤੇ ਤਾਰਿਆਂ ਨੂੰ, ਚੰਨ ਬੱਦਲੀ ਦੇ ਹੇਠਾਂ ਲੁੱਕ ਗਿਆ ! ਨਹੀਂ ਸੀ ਚਾਂਗ ਓਹ, ਝੰਮਣੀ ਅੱਗ ਦੀ ਸੀ, ਜਾਕੇ ਅੰਬਰਾਂ ਨੂੰ ਜਿਹਨੇ ਝੰਬਿਆ ਸੀ ! ਰਾਹੂ-'ਕੇਤੂ' ਪਿਛਾਹਾਂ ਨੂੰ ਉੱਠ ਨੱਸੇ, ਜਿਗਰਾ 'ਮੰਗਲ' 'ਸਨੀਚਰ' ਦਾ ਕੰਬਿਆ ਸੀ! ਮੈਂਨੂੰ ਚਿੱਤ ਦੇ ਵਿੱਚ ਖ਼ਿਆਲ ਆਇਆ, ਇਹ ਵੀ ਦੁਖੀ ਕੋਈ ਮੇਰੇ ਈ ਨਾਲ ਦਾ ਏ ! ਵਿੱਛੜ ਗਿਆ ਏ ਇਹਦਾ ਵੀ ਯਾਰ ਖ਼ਬਰੇ, ਤਦੇ ਢਾਂਡਰੀ ਆਹਾਂ ਦੀ ਬਾਲਦਾ ਏ ! ਚੱਲੋ ਚੱਲਕੇ ਪੁੱਛੀਏ ਸਾਰ ਏਹਦੀ, ਮਹਿਰਮ ਲੱਭਦਾ ਆਪਣੇ ਹਾਲ ਦਾ ਏ ! ਦੇਕੇ ਡਾਢ ਕਲੇਜੇ ਨੂੰ ਤੁਰ ਪਿਆ ਮੈਂ, ਓੜਕ ਲੱਭ ਲੈਂਦਾ, ਜਿਹੜਾ ਭਾਲਦਾ ਏ ! ਬੂਟੇ 'ਹਰਸ਼ਿੰਗਾਰ' ਦੇ ਹੇਠ ਵੇਖੀ, ਇੱਕ ਉੱਜੜੀ ਨਾਰ ਮੁਟਿਆਰ ਬੈਠੀ ! ਦੁੱਖ ਕੋਲ ਖਲੋਤੇ ਪਏ ਹੱਸਦੇ ਸਨ, ਓਹ ਪਈ ਰੋਂਵਦੀ ਸੀ ਜ਼ਾਰੋ ਜ਼ਾਰ ਬੈਠੀ ! ਓਹਨੂੰ ਕਿਹਾ ਮੈਂ-'ਦੱਸ ਤੂੰ ਭਾਗਵਾਨੇ, ਕੀ ਕੁਝ ਮਾਪਿਆਂ ਰੱਖਿਆ 'ਨਾ' ਤੇਰਾ ? ਬੈਠੀ ਬਾਗ਼ ਅੰਦਰ ਕੱਲੀ ਰੋਵਨੀ ਏਂ, ਰਿਹਾ ਜੱਗ ਤੇ ਕੋਈ ਨਹੀਂ ਥਾਂ ਤੇਰਾ ? ਵਾਸਾ ਸ਼ਹਿਰ ਦਾ ਤੈਂਨੂੰ ਹੀ ਭਾਂਵਦਾ ਨਹੀਂ, ਵੈਰੀ ਹੋਯਾ ਯਾ ਸ਼ਹਿਰ ਗਿਰਾਂ ਤੇਰਾ ? ਧਾੜ ਜ਼ੁਲਮ ਦੀ ਕਿੱਧਰੋਂ ਪਈ ਤੈਨੂੰ, ਕਿਸੇ ਹਾਕਮ ਨਹੀਂ ਕੀਤਾ ਨਿਆਂ ਤੇਰਾ ? ਲੈ 'ਦੀਪਕ' ਦੀ ਰੱਖਦੇ ਵੈਣ ਤੇਰੇ, ਅੱਗ ਫੁੱਲਾਂ ਦੇ ਸੀਨੇ ਤੇ ਬਾਲਨੀ ਏਂ, ਖਾਰੇ ਸੋਮਿਆਂ ਦਾ ਪਾਣੀ ਪਾ ਪਾ ਕੇ, ਕਾਹਨੂੰ ਨਰਗਸੀ ਅੱਖੀਆਂ ਗਾਲਨੀ ਏਂ ?' ਕਹਿਣ ਲੱਗੀ ਓਹ:-'ਦੱਸਾਂ ਮੈਂ ਕੀ ਤੈਨੂੰ ? ਬੜੀ ਦੁੱਖਾਂ ਦੇ ਮੂੰਹ ਵਿੱਚ ਢੋਈ ਹੋਈ ਆਂ ? ਫਿਰਾਂ ਸਾਸ ਵਰੋਲਦੀ ਜੱਗ ਉੱਤੇ, ਜਿਊਂਦੀ ਜਾਣ ਨਾਂ, ਵਿੱਚੋਂ ਮੈਂ ਮੋਈ ਹੋਈ ਆਂ ! ਹੱਥੀਂ ਲੋਰੀਆਂ ਜਿਨ੍ਹਾਂ ਨੂੰ ਰਹੀ ਦੇਂਦੀ, ਉਹਨਾਂ ਵਾਸਤੇ ਅੱਜ ਮੈਂ 'ਕੋਈ' ਹੋਈ ਆਂ ! ਉਂਜ ਤੇ ਪੰਜਾਂ ਦਰਿਆਵਾਂ ਦੀ ਹਾਂ ਮਾਲਕ, ਪਰ ਮੈਂ ਪਾਣੀਓਂ ਪਤਲੀ ਹੋਈ ਹੋਈ ਆਂ! ਮੁੱਠਾਂ ਮੀਟਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ ! ਪੁੱਛੀ ਵਾਤ ਨਾਂ ਜਿਨ੍ਹਾਂ ਨੇ 'ਸ਼ਰਫ਼' ਮੇਰੀ, ਵੇ ਮੈਂ 'ਬੋੱਲੀ' ਹਾਂ ਉਹਨਾਂ ਪੰਜਾਬੀਆਂ ਦੀ !'

11. ਫੁੱਲ

ਫੁੱਲ ਨੂੰ ਸਵੇਰੇ ਅੱਜ ਬਾਗ਼ ਵਿੱਚ ਆਖਿਆ ਮੈਂ, 'ਤੇਰੇ ਜਹੀ ਨਾਂ ਜੱਗ ਵਿੱਚ ਕਿਸੇ ਤੇ ਬਹਾਰ ਹੋਵੇ!' ਵਾ ਨਾਲ ਹਿੱਲ ਫੁੱਲ ਹੰਝੂ ਕੇਰ ਤ੍ਰੇਲ ਵਾਲੇ, ਕਹਿਣ ਲੱਗਾ 'ਸੁਣ:-ਸ਼ੁਰੂ ਦੁੱਖਾਂ ਵਾਲੀ ਵਾਰ ਹੋਵੇ! ਜੰਮ ਅਜੇ ਚੁੱਕਦਾ ਨਹੀਂ ਸੁੱਕਦਾ ਨਹੀਂ ਨੀਰ ਮੇਰਾ, ਸੇਜ ਪਹਿਲੋਂ ਕੰਡਿਆਂ ਦੀ ਮੇਰੇ ਲਈ ਤਿਆਰ ਹੋਵੇ! ਤੈਨੂੰ ਓਦੋਂ ਸੁੱਤਿਆ ਵਿਗੁੱਤਿਆਂ ਨਹੀਂ ਹੋਸ਼ ਹੁੰਦੀ, ਧੱਮੀ ਵੇਲੇ ਧੱਫਿਆਂ ਦੀ ਜਦੋਂ ਮੈਂਨੂੰ ਮਾਰ ਹੋਵੇ! ਧੱਫਿਆਂ ਦੇ ਨਾਲ ਹੋਵੇ ਵਾਲ ਵਾਲ ਲਾਲ ਮੇਰਾ, ਸੋਹਲ ਤੇ ਮਲੂਕ ਪਿੰਡੇ ਖਾਰ ਨਾ ਸਹਾਰ ਹੋਵੇ! ਜੇ ਮੈਂ ਭੁੱਲਾਂ ਹਿੱਲਾਂ ਜੁੱਲਾਂ ਐਧਰ ਓਧਰ ਜ਼ਰਾ ਹੋਵਾਂ, ਅੱਗੋਂ ਨੇਜ਼ਾ ਮਾਰਨ ਨੂੰ ਤਿਆਰ ਪਹਿਰੇਦਾਰ ਹੋਵੇ! ਫਿੱਤੀ ਫਿੱਤੀ ਜਦੋਂ ਹੋਵਾਂ ਲੋਕੀ ਆਖਣ ਹੱਸਦਾ ਏ, ਵਿੱਚੋਂ ਮੇਰਾ ਦਿਲ ਪਿਆ ਰੋਂਦਾ ਜ਼ਾਰੋ ਜ਼ਾਰ ਹੋਵੇ! ਹੋਸ਼ ਨਾਂ ਸੰਭਾਲਾਂ, ਤੁਰਤ ਆਸ਼ਕਾਂ ਦੇ ਜੱਥੇ ਲੱਥਣ, ਲੈਕੇ ਚੁੰਝਾਂ ਤਿੱਖੀਆਂ ਨੂੰ ਤੇਜ਼ ਜਿਵੇਂ ਆਰ ਹੋਵੇ! ਲਾਹੁਣ ਪਾਣਪਤ, ਪਤ ਰੋਲ ਤੇ ਘਚੋਲ ਛੱਡਣ, ਮੇਰੀ ਮੌਤ, ਓਨ੍ਹਾਂ ਦਾ ਇਹ ਲਾਡ ਤੇ ਪਿਆਰ ਹੋਵੇ! ਕਾਲੇ ਮੂੰਹ ਵਾਲੇ ਨਾਲੇ ਆਣ ਕਈ ਦਵਾਲੇ ਹੁੰਦੇ, ਰੂਪ ਚੂਪ ਲੈਂਦੇ ਜੇਹੜਾ ਜੋਬਨ ਦਾ ਸ਼ਿੰਗਾਰ ਹੋਵੇ! ਸੂਰਜ ਜੇਹਾ ਸੂਰਮਾ ਵੀ ਮੇਰੇ ਤੇ ਚੜ੍ਹਾਈ ਕਰੇ, ਨਾਲ ਨੇਜ਼ੇ ਵਾਲਿਆਂ ਦੀ ਫ਼ੌਜ ਬੇਸ਼ੁਮਾਰ ਹੋਵੇ! ਰਚ ਰਚ ਔਕੜਾਂ ਦੇ ਵਿੱਚ ਜੇ ਮੈਂ ਬਚ ਜਾਵਾਂ, ਅੱਗੋਂ ਸੁਣੀਂ ਹੋਰ ਮੇਰੇ ਨਾਲ ਕੀ ਕੀ ਕਾਰ ਹੋਵੇ! ਤੋੜਕੇ ਫੁਲੇਰਾ ਮੇਰਾ ਸੀਨਾ ਸੂਈ ਨਾਲ ਵਿੱਨ੍ਹੇ, ਹਾਰ ਜਾਂਦੇ ਲੇਖ ਜਦੋਂ ਫੇਰ ਮੇਰਾ ਹਾਰ ਹੋਵੇ! ਇੱਕੋ ਰਾਤ ਮੌਜ ਮਾਣੀ ਗਲੇ ਕਿਸੇ ਲਾ ਲਿਆ ਜੇ, ਦਿਨੇ ਫੇਰ ਰੂੜੀਆਂ ਤੇ ਮਿੱਟੀ ਪਈ ਖ਼ਵਾਰ ਹੋਵੇ! ਜਦੋਂ ਜਾਵਾਂ ਸੁੱਕ ਤੇ ਕੋਈ ਥੁੱਕਦਾ ਨਹੀਂ ਮੂੰਹ ਉੱਤੇ ਓਦੋਂ ਮੇਰਾਂ ਚੁੱਕਣਾ ਭੀ ਮਣਾਂ ਮੂੰਹੀ ਭਾਰ ਹੋਵੇ! ਏਥੋਂ ਭੀ ਜੇ ਬਚ ਜਾਵਾਂ ਪਾਵਾਂ ਹੋਰ ਦੁੱਖ ਬਹੁਤੇ, ਹੋਵਾਂ ਫੱਟੀ ਹੱਟੀ ਦੀ ਤੇ ਸਾਹਮਣੇ ਅਤਾਰ ਹੋਵੇ! ਡੋਬ ਮੈਂਨੂੰ ਪੈਣ ਜਦੋਂ ਰੂਹ ਮੇਰਾ ਖਿੱਚਦੇ ਨੇ, ਮੈਂ ਤੇ ਹੋਵਾਂ ਗ਼ਰਕ ਮੇਰਾ ਅਰਕ਼ ਅੰਮ੍ਰਿਤਧਾਰ ਹੋਵੇ! ਬੰਦ ਬੰਦ ਗਾਲ ਦੇਂਦੇ ਤਾਂ ਮੈਂ ਗੁਲਕੰਦ ਹੋਵਾਂ, ਹੁੰਦੀ ਏ ਬੀ -ਮਾਰ ਜਦੋਂ ਰਾਜ਼ੀ ਤਾਂ ਬੀਮਾਰ ਹੋਵੇ! ਦੱਸਾਂ ਤੈਨੂੰ ਅਤਰ ਮੇਰਾ ਕੇਹੜੇ ਵੱਤਰ ਨਾਲ ਕੱਢਣ, ਹੇਠਾਂ ਮੇਰੇ ਨਰਕ ਵਾਲੀ ਬਾਲੀ ਹੋਈ ਨਾਰ ਹੋਵੇ! ਕੰਡੇ ਮੁਸ਼ਟੰਡੇ ਬੁਰੇ ਛੁਰੇ ਨੂੰ ਕੋਈ ਛੇੜਦਾ ਨਾਂ, 'ਸ਼ਰਫ਼' ਮੇਰੇ ਵਰਗਿਆਂ ਤੇ ਜ਼ੁਲਮ ਕਈ ਹਜ਼ਾਰ ਹੋਵੇ!

12. ਕੰਡਾ

ਰਹਿਕੇ 'ਕੱਠਿਆਂ ਬਾਗ਼ ਦੇ ਵਿੱਚ ਫੁੱਲਾ, ਵਾਹ ਏਹ ਚੰਗੀਆਂ ਯਾਰੀਆਂ ਘੋਲੀਆਂ ਨੀ! ਸੋਣ੍ਹਾ ਦਿੱਤਾ ਈ ਭਤਕਰਾ ਰਾਖੀਆਂ ਦਾ, ਭਾਂਤ ਭਾਂਤ ਦੀਆਂ ਬੋਲੀਆਂ ਬੋਲੀਆਂ ਨੀ! ਤੁਬਕੇ ਸੁੱਟ ਤਰੇਲ ਦੇ ਸੜੇ ਹੋਏ, ਹਾਇ ਇਹ ਸੀਨੇ ਵਿੱਚ ਮਾਰੀਆਂ ਗੋਲੀਆਂ ਨੀ। ਰੰਗ ਰੱਤਿਆ ਜੋਬਨਾਂ ਮੱਤਿਆ ਓ, ਮੇਰੇ ਖ਼ੂੰਨ ਵਿੱਚ ਖੇਡੀਆਂ ਹੋਲੀਆਂ ਨੀ! ਬਦਲੇ ਦੁੱਧ ਦੇ ਲਹੂ ਚੁੰਘਾ ਕੇ ਤੇ, ਤੈਨੂੰ ਪਾਲਿਆ ਪੋਸਿਆ, ਘੁੰਨਿਆਂ ਓ! ਅਜ ਤੂੰ ਵਾਂਗ ਕੋਲੇ ਲਾਲੋ ਲਾਲ ਹੋਕੇ, ਮੇਰੇ ਜਿਗਰ ਕਲੇਜੇ ਨੂੰ ਭੁੰਨਿਆਂ ਓ! ਚਾਕਰ ਮੁੱਢ ਕਦੀਮ ਦਾ ਮੈਂ ਤੇਰਾ, ਕੁੱਛੜ ਚੁੱਕਕੇ ਤੈਂਨੂੰ ਖਿਡਾਉਂਣ ਵਾਲਾ! ਤੇਰੇ ਵੱਲ ਜੇ ਉਂਗਲੀ ਕਰੇ ਕੋਈ, ਓਹਦੇ ਲਹੂ ਦੇ ਵਿੱਚ ਹਾਂ ਨ੍ਹਾਉਂਣ ਵਾਲਾ! ਮੇਰੇ ਜਿਊਂਦਿਆਂ ਬਾਗ਼ ਦੇ ਵਿੱਚ ਤੈਂਨੂੰ, ਕੇਹੜਾ ਜੰਮਿਆਂ ਏ ਹੱਥ ਲਾਉਂਣ ਵਾਲਾ! ਜੇਕਰ ਸੱਚੀ ਨਿਤਾਰਕੇ ਪੁੱਛਨਾ ਏਂ, ਚਿੜਕੇ ਤੇਰੇ ਤੋਂ ਜਾਨ ਗਵਾਉਂਣ ਵਾਲਾ! ਮੇਰੇ ਦਮ ਦੇ ਨਾਲ ਹੀ ਜੱਗ ਅੰਦਰ, ਏਹ ਸਭ ਮਿਲੀ ਹੋਈਏ ਆਦਰ ਭਾ ਤੈਂਨੂੰ! ਪਿੱਛੋਂ ਰੋਵੇਂਗਾ ਵੇਖ ਲਈਂ ਨੈਣ ਭਰ ਭਰ, ਆਈ ਯਾਦ ਜਦ ਮੇਰੀ ਵਫ਼ਾ ਤੈਂਨੂੰ! ਚੱਲ ਖੂਹ ਤੇ ਪੈਲੀਆਂ ਵੇਖ ਤਾਂ ਸਹੀ, ਕਰਦਾ ਰਾਖੀਆਂ ਜਿੱਥੇ ਮੈਂ ਥੱਕਦਾ ਨਹੀਂ! ਜੇੜ੍ਹੇ ਬੰਨੇ ਤੇ ਨੌਕਰੀ ਹੋਵੇ ਮੇਰੀ, ਓਧਰ ਪਸ਼ੂ ਭੀ ਕਦੀ ਕੋਈ ਤੱਕਦਾ ਨਹੀਂ! ਵਿਚਲਾ ਜੇੜ੍ਹੇ ਨਿਲੱਜ ਦਾ ਡੋਲ ਜਾਵੇ, ਓਦ੍ਹੇ ਚਾਨੇ ਭੀ ਲਾਹੁੰਦਿਆਂ ਝੱਕਦਾ ਨਹੀਂ! ਪਾਵਾਂ ਬੇੜੀਆਂ ਓਸਨੂੰ ਮੈਂ ਜੱਹੀਆਂ, ਨੱਸ ਭੱਜ ਓਹ ਕਿਤੇ ਭੀ ਸੱਕਦਾ ਨਹੀਂ! ਮੇਰੇ ਜੇਹੇ ਵਰਿਆਮ ਦੀ ਮੂਰਖਾ ਓਇ, ਕਦਰ ਪੁੱਛਣੀ ਸੀ ਕਿਸੇ ਜੱਟ ਕੋਲੋਂ! ਜੇਹੜੀ ਥਾਂ ਤੇ ਗੱਡਦਾ ਵਾੜ ਮੇਰੀ, ਲੋਕੀ ਲੰਘਦੇ ਨੇ ਪਰੇ ਵੱਟ ਕੋਲੋਂ! ਤੇਰਾ ਚੜ੍ਹਿਆ ਦਿਮਾਗ਼ ਹੈ ਅਰਸ਼ ਉੱਤੇ, ਲੱਗੀ ਬਾਗ਼ ਦੀ ਜਹੀ ਹਵਾ ਤੈਨੂੰ! ਤੇਰੀ ਖਿੰਡ ਗਈ ਬਾਸ਼ਨਾਂ ਜੱਗ ਸਾਰੇ, ਹੁਣ ਤੇ ਬਾਸ਼ਿਆ, ਆਵੇ ਹਯਾ ਤੈਨੂੰ! ਗੱਲਾਂ ਵਿਤਕਰੇ ਵਾਲੀਆਂ ਕਰਨੀਆਂ ਇਹ, ਕਿਨ੍ਹੇ ਦੱਸੀਆਂ ਸਹਿਜ ਸੁਭਾ ਤੈਨੂੰ? ਮੈਂਨੂੰ ਫ਼ੁੱਲਾਂ ਦੇ ਨਾਲ ਕਿਉਂ ਗੰਢਿਆ ਸੂ ਇਹ ਭੀ ਖੋਲ੍ਹਕੇ ਦਿਆਂ ਸਮਝਾ ਤੈਨੂੰ! 'ਕੰਡਾ' ਟਹਿਣੀ ਦਾ ਲਾਕੇ ਰੱਬ ਸੱਚੇ, ਕੰਡੇ-ਫੁੱਲ ਨੂੰ ਇੱਕ ਥਾਂ ਤੋਲਿਆ ਏ! ਓਦ੍ਹੀ ਨਜ਼ਰ ਵਿੱਚ ਇੱਕੋ ਜਹੇ ਹੈਨ ਸਾਰੇ, ਓਹਨ ਭੇਦ ਇਹ ਆਪਣਾ ਖੋਲਿਆ ਏ! ਇੱਕੋ ਜਿਹਾ ਹਾਂ ਅੰਦਰੋਂ ਬਾਹਰੋਂ ਮੈਂ ਮੈਂਨੂੰ ਲੋਕਾਂ ਨੇ ਖੂਬ ਪਛਾਣਿਆ ਏ! ਓਹਦੀ ਯਾਦ ਵਿੱਚ ਖੜਾ ਹਾਂ ਦਿਨੇ ਰਾਤੀ, ਫ਼ਾੱਨੀ ਜੱਗ ਨੂੰ ਮੁੱਢੋਂ ਮੈਂ ਜਾਣਿਆ ਏ! ਅਲਫ਼ ਬਣ ਗਿਆ ਹੂਬਹੂ ਆਪ ਵੀ ਮੈਂ, ਐਸਾ ਅਲਫ਼ ਦੇ ਇਸ਼ਕ ਨੇ ਰਾਣਿਆ ਏ! ਮੈਂਨੂੰ ਰੁਤਬਾ ਇਹ ਓਸ ਨੇ ਬਖ਼ਸ਼ ਦਿੱਤਾ, ਸਿਰ ਤੇ ਛਤਰ ਗੁਲਾਬ ਦਾ ਤਾਣਿਆ ਏ! ਮੇਰੇ ਜ਼ਾਹਰ ਤੇ ਬਾਤਨ ਨੇ ਇੱਕ ਹੋਕੇ, ਏਹੋ ਦੁਨੀਆਂ ਨੂੰ ਸਬਕ ਸਿਖਾਇਆ ਏ! ਜੇਹੜਾ ਅੰਦਰੋਂ ਬਾਹਰੋਂ ਇੱਕ ਹੋਇਆ, ਓਸ ਇੱਕ ਨੂੰ ਓਸੇ ਨੇ ਪਾਇਆ ਏ! ਜੇ ਤੂੰ ਚੰਗਾ ਏਂ ਮੈਂਨੂੰ ਕਿਉਂ ਬੁਰਾ ਕਹੇਂ? ਜੇ ਮੈਂ ਬੁਰਾ ਹਾਂ ਤੈਨੂੰ ਕੀ ਚੰਗਿਆ ਓ? ਤੇਰੇ ਨਿਰੇ ਸੁਹੱਪਣ ਨੂੰ ਅੱਗ ਲਾਵਾਂ? ਸ਼ੂਕਾ ਸ਼ਾਕੀ ਤੇ ਖ਼ੁਦੀ ਵਿੱਚ ਰੰਗਿਆ ਓ ? ਬੈਠੇਂ ਫੁੱਲ ਫੁੱਲ ਤੁੱਰ੍ਰੇ ਨੂੰ ਵੇਖ ਉੱਚਾ, ਏਸ ਸੂਲੀ ਦੇ ਉੱਤੇ ਭੀ ਟੰਗਿਆ ਓ। ਡਿੱਗੇ ਵਾਂਗ ਫੁਹਾਰੇ ਦੇ ਸਿਰ ਪਰਨੇ, ਉਤਾਂਹ ਹੁੰਦਿਆਂ ਜੇਹੜਾ ਨਾਂ ਸੰਗਿਆ ਓ! ਕੀ ਹੋ ਗਿਆ 'ਸ਼ਰਫ' ਜੇ ਮੂੰਹ ਕਾਲਾ, ਗੋਰੇ ਰੰਗ ਵਾਲੀ ਮਕਰ-ਚਾਨਣੀ ਨਹੀਂ! ਓਥੇ ਅਮਲਾਂ ਤੇ ਫ਼ੈਸਲੇ ਮੁੱਕਣੇ ਨੇ, ਰੰਗਤ, ਜ਼ਾਤ ਤੇ ਕਿਸੇ ਪਛਾਨਣੀ ਨਹੀਂ! (ਅਲਫ਼=ਅੱਲਾਹ, ਖੁਦਾ)

13. ਬਸੰਤ

ਦਰਜਾ ਯਾਰ ਦਾ ਵੱਧ ਭਰਾ ਕੋਲੋਂ, ਲੋਕੀ ਆਖਦੇ ਹੈਨ ਜਹਾਨ ਅੰਦਰ! ਬਿਪਤਾ ਭੀੜ ਅੰਦਰ ਯਾਰ ਕੰਮ ਆਵੇ ਯਾਰ ਨਿੱਤਰੇ ਰਣ ਮੈਦਾਨ ਅੰਦਰ! ਹੋਵੇ ਯਾਰ ਤਲਵਾਰ ਹਮੈਤ ਵਾਲੀ, ਸੱਚੇ ਪਿਆਰ ਦੀ ਸੁੰਦਰ ਮਿਆਨ ਅੰਦਰ! ਅੰਮਾਂ ਜਾਏ ਭਰਾ ਸ਼ਰੀਕ ਹੁੰਦੇ, ਦੁਨੀਆਂ ਦਸਦੀ ਪਈ ਅਖਾਨ ਅੰਦਰ! ਬੇਸ਼ਕ ਹੋਣਗੇ ਜੱਗ ਤੇ ਯਾਰ ਲੱਖਾਂ, ਅਸਲੇ ਵਾਲੜਾ ਕੋਈ ਕਹਾਂਵਦਾ ਏ! ਕਤਰੇ ਵੱਸਦੇ ਰਹਿਣ ਬੇਅੰਤ ਜਿਵੇਂ, ਮੋਤੀ ਕਿਸੇ ਨੂੰ ਰੱਬ ਬਣਾਂਵਦਾ ਏ! ਏਸੇ ਤਰ੍ਹਾਂ ਦਾ ਹੈ ਇੱਕ ਯਾਰ ਮੇਰਾ, ਸੈਆਂ ਯਾਰਾਂ ਚੋਂ ਇੱਕ ਕਹੌਣ ਵਾਲਾ! ਦੁੱਖ ਭੀੜ ਦੇ ਵਿੱਚ ਭਿਆਲ ਸਾਵਾਂ, ਮੇਰੇ ਮੁੜ੍ਹਕੇ ਤੇ ਰੱਤ ਵਗੌਣ ਵਾਲਾ! ਆਕੇ ਕਿਸੇ ਖ਼ਿਆਲ ਦੇ ਸੱਪ ਜ਼ਹਿਰੀ, ਓਹਦੇ ਕਾਲਜੇ ਨੂੰ ਐਸਾ ਡੰਗ ਦਿੱਤਾ! ਤੜਫ਼ ਤੜਫ਼ ਕੇ ਓਸ ਮਲੂਕੜੀ ਨੇ, ਤੋੜ ਕੱਚ ਵਾਂਗੂ ਅੰਗ ਅੰਗ ਦਿੱਤਾ! ਮਾਰ ਮਾਰਕੇ ਟੱਕਰਾਂ ਜੋਸ਼ ਅੰਦਰ, ਨਾਲ ਖ਼ੂਨ ਦੇ ਪਿੰਜਰਾ ਰੰਗ ਦਿੱਤਾ! ਟੱਪ ਟੱਪਕੇ ਵਹਿਸ਼ਣਾਂ ਵਾਂਗ ਓਨ੍ਹੇ, ਕਈਆਂ ਤੀਲੀਆਂ ਤੇ ਪੋਸ਼ ਟੰਗ ਦਿੱਤਾ! ਸੁੱਕੀ ਕਲੀ ਦੀ ਖੰਬੜੀ ਜਾਪਦੀ ਸੀ, ਸਹਿਕ ਸਹਿਕ ਕੇ ਓਹਦੀ ਜ਼ਬਾਨ ਨਿਕਲੀ! ਨਾਂ ਤੇ ਪਿੰਜਰੇ ਵਿੱਚੋਂ ਓਹ ਨਿਕਲ ਸੱਕੀ, ਨਾ ਹੀ ਪਿੰਜਰੇ ਵਿੱਚੋਂ ਓਦ੍ਹੀ ਜਾਨ ਨਿਕਲੀ! ਆ ਗਈ ਉੱਡਕੇ ਓਸ ਥਾਂ ਇੱਕ ਮੱਖੀ, ਬੜੇ ਰੋਹ ਦੇ ਨਾਲ ਸਮਝੌਣ ਲੱਗੀ:- 'ਨਿੱਜ ਜੰਮੀਏਂ ਤੱਤ ਕਰੱਮੀਏਂ ਨੀ, ਕਾਹਨੂੰ ਇਸ਼ਕ ਨੂੰ ਲਾਜ ਹੈਂ ਲੌਣ ਲੱਗੀ? ਮਰਕੇ ਆਪਣੇ ਆਪ ਹਰਾਮ ਮੌਤੇ, ਗਲੇ ਫਾਹ ਕਿਆਮਤ ਦਾ ਪੌਣ ਲੱਗੀ! ਤੇਰੇ ਜਹੇ ਕਈ ਹੋਰ ਵੀ ਹੈਨ ਆਸ਼ਕ, ਨੀ ਤੂੰ ਨਵਾਂ ਨਹੀਂ ਇਸ਼ਕ ਕਮੌਣ ਲੱਗੀ! ਹੋਈਓਂ ਕੈਦ ਤੇ ਹੋ ਗਿਆ ਕੀ ਮੋਈਏ? ਏਸੇ ਤਰ੍ਹਾਂ ਪ੍ਰੇਮ ਪਖਾਈਦਾ ਏ! ਯੂਸਫ਼ ਵਾਂਗ ਪਹਿਲੋਂ ਬੰਦੀਵਾਨ ਬਣਕੇ, ਫੇਰ ਤਖ਼ਤ 1ਅਜ਼ੀਜ਼ ਦਾ ਪਾਈਦਾ ਏ। ਅੱਖਾਂ ਖੋਲ੍ਹਕੇ ਹੋਸ਼ ਦੇ ਨਾਲ ਬਹਿ ਜਾ, ਦੱਸਾਂ ਹਾਲ ਮੈਂ ਤੇਰੇ ਪਿਆਰਿਆਂ ਦਾ ਤੇਰੇ ਪਿਆਰ ਪ੍ਰੇਮ ਦੇ ਹੇਰਵੇ ਨੇ ਲਹੂ ਸਾੜ ਦਿੱਤਾ ਫੁੱਲਾਂ ਸਾਰਿਆਂ ਦਾ! ਸਰ੍ਹੋਂ ਫੁੱਲ ਗਈ ਦੀਦਿਆਂ ਵਿੱਚ ਮੇਰੇ, ਰੰਗ ਵੇਖਕੇ ਜ਼ਰਦ ਵਿਚਾਰਿਆਂ ਦਾ! ਡੇਲੇ ਨਰਗਸੀ ਪੱਕ ਕੇ ਹੋਏ ਪੀਲੇ, ਜਾਂਦਾ ਠਰਕ ਨਹੀਂ ਅਜੇ ਨਜ਼ਾਰਿਆਂ ਦਾ! ਫਿੱਤੀ ਫਿੱਤੀ ਹਜ਼ਾਰੇ ਦਾ ਫੁੱਲ ਹੋਇਆ ਤੇਰੇ ਹਿਜਰ ਦੀ ਝੰਬਣੀ ਝੰਬਿਆ ਏ! ਰੱਤ ਸੁੱਕ ਗਈ ਖੱਟਿਆਂ ਮਿੱਠਿਆਂ ਦੀ, ਵੇਖ ਵੇਖਕੇ ਕਿੰਬ ਭੀ ਕੰਬਿਆ ਏ। ਨਿੰਬੂ ਵਾਂਗ ਨਚੋੜਿਆ ਸੰਗਤਰੇ ਨੂੰ, ਗਲਗਲ ਰੋਂਵਦੀ ਏ ਗੱਲ ਗੱਲ ਉੱਤੇ! ਆਖੇ ਮਾਲਟਾ ਪਿਆ ਚਕੋਧਰੇ ਨੂੰ, ਚਾਕੂ ਰੱਖਕੇ ਆਪਣੇ ਗਲ ਉੱਤੇ! ਝੂਠਾ ਸਾਰੇ ਜਹਾਨ ਦਾ ਨਜ਼ਰ ਆਇਆ , ਨਹੀਂ ਪ੍ਰਤੀਤ 'ਗੁਲਾਬ' ਦੀ ਗੱਲ ਉੱਤੇ ਵਰੀ ਆਪਣੇ ਸੀਸ ਦੀ ਚਾੜ੍ਹ ਦਈਏ, ਆਖੀ ਹੋਈ ਪਿਆਰੇ ਦੀ ਗੱਲ ਉੱਤੇ! ਮੁੱਦਾ ਕੀ ? ਕਿ ਬਾਗ਼ ਵਿੱਚ ਹੁਣ ਤੇ, ਆਈ ਹੋਈ ਬਹਾਰ ਬਸੰਤ ਦੀ ਏ! ਤੇਰੇ ਬਿਰਹੋਂ ਨੇ ਜੱਗ ਦੇ ਮੁੱਖੜੇ ਤੇ ਧੁੜੀ ਹੋਈ ਵਸਾਰ ਬਸ-ਅੰਤ ਦੀ ਏ। ਆਕੇ ਪੋਨੀਆਂ ਪੋਨੀਆਂ ਗੰਦਲਾਂ ਤੇ, ਝੜੀਆਂ ਇੰਜ ਬਸੰਤ ਨੇ ਲਾਈਆਂ ਨੇ! ਸਿਰ ਸੋਨੇ ਦੇ ਫੁੱਲ ਤੇ ਚੌਂਕ ਪਾਕੇ, ਨਵੀਆਂ ਵਹੁਟੀਆਂ ਵਾਂਗ ਸਜਾਈਆਂ ਨੇ! ਖੱਟੇ ਕੱਪੜੇ ਪਹਿਨ ਅਨਾਥ ਕੁੜੀਆਂ, ਯਾ ਏ ਆਸ਼੍ਰਮ ਦੇ ਵਿਚੋਂ ਆਈਆਂ ਨੇ! ਨਿੱਕੇ ਨਿੱਕੇ ਜਹੇ ਫੁੱਲਾਂ ਦੇ ਗੁਲਦਸਤੇ, ਭੇਟਾ ਕਰਨ ਬਹਾਰ ਨੂੰ ਧਾਈਆਂ ਨੇ! ਸੂਰਜ ਦੇਵਤੇ ਜਦੋਂ ਏਹ ਰੰਗ ਡਿੱਠਾ ਕੱਢ ਕਿਰਨਾਂ ਦੀ ਜ਼ਰੀ ਲੁਟਾ ਦਿੱਤੀ! ਹੇਠਾਂ ਖੱਟੀ ਦਰਿਆਈ ਦਾ ਫ਼ਰਸ਼ ਕਰਕੇ, ਉੱਤੇ ਸਿਲਮੇਂ ਦੀ ਚਾਨਣੀ ਲਾ ਦਿੱਤੀ! ਤਾਰੇ ਮੀਰੇ ਪਿਆਰੇ ਦੇ ਖੇਤ ਅੰਦਰ, ਲੱਗੀ ਹੁਸਨ ਦੀ ਅੰਜ ਫੁਲਝੜੀ ਹੋਈ ਏ! ਹਰੀ ਹਰੀ ਜ਼ਮੁੱਰਦੀ ਸ਼ਾਲ ਕੋਈ, ਜਿਵੇਂ ਤਾਰਿਆਂ ਦੇ ਨਾਲ ਜੜੀ ਹੋਈ ਏ! ਵਿਰਲੀ ਵਾਂਝੜੀ ਰਾਈ ਦੀ ਕਿਤੇ ਗੰਦਲ, ਮੁੱਘੜ ਮਾਰਕੇ ਇਸਤਰਾਂ ਖੜੀ ਹੋਈ ਏ! ਜਿਵੇਂ ਸੱਜਰੀ ਸੱਜਰੀ ਬੰਨਰੀ ਕੋਈ, ਨਾਲ ਆਪਣੇ ਕੌਂਤ ਦੇ ਲੜੀ ਹੋਈ ਏ ! ਸੁੱਕ ਗਿਆ ਸੀ ਤੋਰੀਆ ਤਾਂਘ ਅੰਦਰ, ਚਿੱਠੀ ਆ ਗਈ ਓਹਨੂੰ ਬੁਲਾਵਿਆਂ ਦੀ! ਬਣਕੇ ਚੰਦ ਬਕਰੀਦ ਦਾ ਜ਼ਿਬ੍ਹਾ ਕਰ ਗਈ, ਫਿਰ ਗਈ ਗਲੇ ਤੇ ਦਾਤਰੀ 2ਲਾਵਿਆਂ ਦੀ!' ਬੁਲਬੁਲ ਰੋ ਕੇ ਮੱਖੀ ਨੂੰ ਆਖਿਆ ਏਹ:- 'ਗੁਸੇ ਨਾਲ ਮੈਂਨੂੰ ਤਾੜਨ ਵਾਲੀਏ ਨੀ! ਬਾਗ਼ਾਂ ਬੂਟਿਆਂ ਦੀ ਮਾਇਆ ਲੁੱਟ ਸਾਰੀ, ਕੱਲੇ ਢਿੱਡ ਅੰਦਰ ਵਾੜਨ ਵਾਲੀਏ ਨੀ! ਚੂਪ ਚੱਟਕੇ ਫੁੱਲਾਂ ਦਾ ਰੂਪ ਸੁੰਦਰ, ਸੀਨਾ ਬੁਲਬੁਲਾਂ ਦਾ ਪਾੜਨ ਵਾਲੀਏ ਨੀ ! ਨਿੱਕੇ ਨਿੱਕੇ ਪਤੰਗਿਆਂ ਸ਼ੂਹਦਿਆਂ ਨੂੰ, ਮੋਮ ਬੱਤੀਆਂ ਤੇ ਸਾੜਨ ਵਾਲੀਏ ਨੀ! ਮੇਰੀ ਉਮਰ ਦੀ ਖਿਸਕਵੀਂ ਗੰਢ ਨੂੰ ਕਿਉਂ, ਵਲ ਗਲ ਵਿੱਚ ਪਾ ਪਾ ਨੂੜਿਆ ਈ? ਖੁੰਡ ਖੁੰਡ ਕੇ ਅੱਲੜੇ ਘਾ ਮੇਰੇ, ਕਾਹਨੂੰ ਸੋਖ਼ਤਾਂ ਦਾ ਲੂਣ ਧੂੜਿਆ ਈ? ਘੁੰਮਣਘੇਰ ਦਰਿਆਂ ਦੇ ਵਿੱਚ ਜਾਕੇ, ਬੇੜੀ ਪੈ ਜਾਏ ਜਿਨ੍ਹਾਂ ਬਿਆਸਿਆਂ ਦੀ! ਦਿੱਸੇ ਸਾਮ੍ਹਣੇ ਕਾਲ ਦਾ ਦੇਉ ਕਾਲਾ, ਆਸ ਟੁੱਟ ਜਾਵੇ ਸਾਰੇ ਪਾਸਿਆਂ ਦੀ! ਬਣਕੇ ਬੁਲਬੁਲੇ ਸਾਮ੍ਹਣੇ ਪਏ ਟੁੱਟਣ, ਫਿਰੇ ਨਿਗ੍ਹਾ ਵਿੱਚ ਸ਼ਕਲ ਪਤਾਸਿਆਂ ਦੀ! ਤੂੰ ਹੀ ਦੱਸ ਖਾਂ ਉਨ੍ਹਾਂ ਨੂੰ ਖ਼ੁਸ਼ੀ ਹੋਵੇ, ਕਦੋਂ 3ਚਾਰਲੀ ਹੁਰਾਂ ਦੇ ਹਾਸਿਆਂ ਦੀ? ਤੂੰ ਕੀ ਜਾਣਿਆਂ ਫੁੱਲਾਂ ਦੇ ਸੋਗ ਅੰਦਰ, ਮੈਂ ਏਹ ਰੱਤ ਦੇ ਅੱਥਰੂ ਸਿੱਟਨੀ ਆਂ? ਅਮੀ ਜਮੀ ਬਸੰਤ ਦੀ ਰੁੱਤ ਆਵੇ, ਮੈਂ ਤਾਂ 'ਸ਼ਰਫ਼' ਆਜ਼ਾਦੀ ਨੂੰ ਪਿੱਟਨੀ ਆਂ! 1. ਮਿਸਰ ਦਾ ਬਾਦਸ਼ਾਹ ਤੇ 2. ਵਾਢੀ ਕਰਨ ਵਾਲੀ 3. ਚਾਰਲੀ, ਬਾਈਸਕੋਪ ਦਾ ਮਸ਼ਹੂਰ ਮਸਖ਼ਰਾ ਐਕਟਰ ਹੈ।

14. ਪ੍ਯਾਰੇ ਦੀ ਲਾਜ

ਬੇੜੀ ਉੱਤੇ ਲੱਗਾ ਹੋਇਆ, ਲੋਹਿਆ ਪਾਣੀ ਅੱਗੇ ਰੋਇਆ:- 'ਸੁਣ ਓ ਬੇਲੀ! ਸੁਣ ਓ ਯਾਰਾ, ਇਹ ਕੀ ਫੜਿਆ ਤੂੰ ਵਰਤਾਰਾ? ਲੱਕੜ ਨੂੰ ਤੂੰ ਚੁੱਕ ਕੰਧਾੜੇ, ਫਿਰਦਾ ਰਹਿਨੈਂ ਰਾਤ ਦਿਹਾੜੇ! ਕਿਹੜੇ ਕਿਹੜੇ ਦੇਸ ਫਿਰਾਵੇਂ? ਚਾਈਂ ਚਾਈਂ ਸੈਲ ਕਰਾਵੇਂ! ਲੱਖ ਮਣਾਂ ਵੀ ਹੋਵੇ ਭਾਵੇਂ, ਭਾਰ ਨਾ ਜਾਣੇਂ ਤੀਲ੍ਹੇ ਸਾਵੇਂ! ਅੱਗ ਜੇ ਓਹਨੂੰ ਲੱਗੀ ਹੋਵੇ, ਲਹਿਰ ਕਲੇਜੇ ਉੱਠ ਖਲੋਵੇ! ਵਾਹੋ ਦਾਹੀ ਨੱਸਾ ਜਾਵੇਂ, ਜਾਕੇ ਓਹਨੂੰ ਝੱਟ ਬੁਝਾਵੇਂ! ਪਾਟੇ ਜੇ ਓਹ ਨਾਲ ਦਰੇੜਾਂ, ਮੇਲੇਂ ਓਹਦੇ ਫੱਟ ਤਰੇੜਾਂ! ਹੌਲੇ, ਦਿਲ ਦੀ ਸਾਖ ਸਹੇੜੀ, ਭਾਰ ਭਰਮ ਨਾ ਰੱਖੇ ਜੇਹੜੀ! ਲਹਿਰਾਂ ਚੀਰੇ ਮਾਰੇ ਮੁੱਕੇ, ਸਿਰ ਤੇ ਚੜ੍ਹ ਚੜ੍ਹ ਨਾੜਾਂ ਟੁੱਕੇ! ਹੋ ਕੇ ਪਾਕ ਪਵਿੱਤਰ ਪਾਣੀ, ਨੀਚ ਨਖ਼ਿੱਧ ਸਹੇੜੀ ਰਾਣੀ! ਮੈਂ ਜੇ ਤੈਂਨੂੰ ਸੌੜਾ ਵੇਖਾਂ, ਧਰਤੀ ਅੰਦਰ ਮਾਰਾਂ ਮੇਖਾਂ! ਛੇਕ ਜ਼ਿਮੀਂ ਦੇ ਸੀਨੇ ਪਾਵਾਂ, ਤੈਨੂੰ ਬਾਹਰ ਕੱਢ ਲਿਆਵਾਂ! ਮੇਰੇ ਪਾਰੋਂ ਹੋਣ, ਨਜ਼ਾਰੇ, ਵੇਖੇਂ ਸੂਰਜ ਚੰਦ ਸਤਾਰੇ! ਸਾਰੇ ਮੰਨਣ ਲੋਹਾ ਮੇਰਾ, ਖੰਡ ਕਰੇਂਦੀ ਆਦਰ ਤੇਰਾ! ਤਾਂ ਵੀ ਮੇਰੀ ਕਦਰ ਨ ਪਾਵੇਂ, ਲੱਕੜ ਕੋਲੋਂ ਹੇਠ ਬਹਾਵੇਂ? ਓਹਦੇ ਨਾਲ ਯਰਾਨਾ ਗੂਹੜਾ, ਮੈਨੂੰ ਸਮਝੇ ਸਾਂਹਸੀ, ਚੂਹੜਾ! ਮੈਂ ਜੇ ਤੇਰੇ ਨੇੜੇ ਹੋਵਾਂ, ਹੱਥ ਉਮਰ ਦੇ ਜਾਨੋ ਧੋਵਾਂ! ਮੈਂ ਤੇ ਮਿਲਣ ਆਵਾਂ ਤੈਂਨੂੰ, ਤੂੰ ਵਹਿਣਾਂ ਵਿੱਚ-ਰੋਹੜੇਂ ਮੈਂਨੂੰ! ਇਹ ਚੰਗਾ ਇਨਸਾਫ਼ ਨਿਤਾਰੇਂ, ਮੈਨੂੰ ਡੋਬੇਂ ਓਹਨੂੰ ਤਾਰੇਂ? ਇਹ ਗੱਲ ਅਜ ਮੈਂ ਪੁੱਛਾਂ ਤੈਥੋਂ, ਕਿਸ ਜੁਗ ਦਾ ਲਏਂ ਵੱਟਾ ਮੈਥੋਂ?' ਪਾਣੀ ਨੇ ਇਹ ਕਿਹਾ ਅੱਗੋਂ:- 'ਮਗਜ਼ ਮੇਰਾ ਕਿਉਂ ਚੱਟਣ ਲੱਗੋਂ? ਮੈਂ ਓਹ ਦੋਵੇਂ ਮੁੱਢੋਂ ਬੇਲੀ, ਜਿਉਂ ਕਰ ਗੁਜ਼ਰੇ ਮਜਨੂੰ ਲੇਲੀ! ਕੀਕੁਰ ਲੱਗੀ ਸਾਡੀ ਯਾਰੀ, ਤੈਨੂੰ ਗੱਲ ਸੁਨਾਵਾਂ ਸਾਰੀ! ਜਦ ਬੰਦੇ ਨੂੰ ਅਕਲਾਂ ਆਈਆਂ, ਸਾੜਨ ਲੱਗਾ ਇਹ ਚਤਰਾਈਆਂ! ਵਿੱਚ ਤਕੱਬਰ ਏਦਾਂ ਮੋਇਆ, ਰੱਬ ਵਲੋਂ ਇਨਕਾਰੀ ਹੋਇਆ! ਤਦ ਇਹ ਕੁਦਰਤ ਦੇ ਮਨ ਆਇਆ, ਬੰਦੇ ਜਿਹੜਾ ਮਾਨ ਵਖਾਇਆ? ਏਦਾਂ ਇਹਦਾ ਮਾਨ ਗਵਾਵਾਂ, ਇੱਕ ਨੁਕਤੇ ਨੂੰ ਖੋਲ੍ਹ ਵਿਖਾਵਾਂ! ਇੱਕ ਜ਼ਰੇ ਵਿਚ ਦੁਨੀਆਂ ਵੇਖੇ' ਮਾਨ ਤਰੁੱਟਣ ਕਰ ਕਰ ਲੇਖੇ! ਨਿਕਾ ਜਿਹਾ ਫੜ ਤੁੱਛ ਨਿਮਾਣਾ, ਸੁਟ ਦਿੱਤਾ ਇੱਕ ਕੁਦਰਤ ਦਾਣਾ! ਜਦ ਡਿੱਗਾ ਓਹ ਧਰਤ ਵਿਚਾਰਾ, ਮੈਂ ਪਾਣੀ ਇਹ ਡਿੱਠਾ ਕਾਰਾ! ਵਗ ਵਗ ਤੁਰਤ ਸਲ੍ਹਾਬ ਪੁਚਾਈ, ਕੁਲੀ ਪੋਲੀ ਧਰਤ ਬਣਾਈ! ਨਿੱਕਾ ਜਿਹਾ ਉਹ ਜਾਤਕ ਜਾਯਾ, ਨਰਮ ਵਿਛੌਣੇ ਵਿੱਚ ਸਵਾਇਆ! ਇੱਕ ਦਿਨ ਐਸਾ ਹੁੱਮਸ ਹੋਇਆ, ਸੁੱਤਾ ਪਿਆ ਉਹ ਉੱਠ ਖਲੋਇਆ! ਆਯਾ ਬਾਹਰ ਬਦਨ ਅੰਗੂਰੀ, ਲੀੜੇ ਪਾਕੇ ਘੀਆ ਕਪੂਰੀ! ਠੰਢੇ ਬੁੱਲੇ ਝੁੱਲਣ ਲੱਗੇ, ਮੀਟੇ ਪੱਤਰ ਖੁੱਲ੍ਹਣ ਲੱਗੇ! ਮੈਂ ਵੀ ਖੁਸ਼ੀ ਮਨਾਵਣ ਲੱਗਾ, ਮੋਤੀ ਪਕੜ ਲੁਟਾਵਣ ਲੱਗਾ! ਮੁੱਦਾ ਕੀ ਮੈਂ ਆਉਂਦਾ ਰਿਹਾ, ਰੋਟੀ ਟੁੱਕ ਪੁਚਾਉਂਦਾ ਰਿਹਾ! ਪੀਂਘ ਜਵਾਨੀ ਦਿੱਤਾ ਝੂਟਾ, ਦਿਨਾਂ ਅੰਦਰ ਉਹ ਹੋਇਆ ਬੂਟਾ! ਹੁਸਨ ਉਹਦੇ ਓਹ ਧੁੰਮਾਂ ਪਾਈਆਂ, ਲੱਖਾਂ ਲਗਰਾਂ ਮਗਰ ਲਗਾਈਆਂ! ਗੂਹੜੇ ਪੱਤਾਂ ਤੰਬੂ ਤਾਣੇ, ਰਾਹੀ ਪਾਂਧੀ ਛਾਵਾਂ ਮਾਣੇ! ਵੇਖ ਜਨੌਰਾਂ ਮਨ ਭਰਮਾਏ, ਕਈਆਂ ਨੇ ਚੁਕ ਘਰ ਬਣਾਏ! ਆਂਡੇ ਦਿੱਤੇ ਬੱਚੇ ਹੋਏ, ਮਾਂ ਗਈ ਚੋਗੇ ਜਦ ਓਹ ਰੋਏ! ਪੱਤਾ ਪੱਤਾ ਫੜ ਖੜਕਾਯਾ, ਲੋਰੀ ਦਿੱਤੀ ਗਿੱਧਾ ਪਾਯਾ! ਕੁਦਰਤ ਕੀਤਾ ਐਸਾ ਹੀਲਾ, ਬਣਿਆ ਓੜਕ ਰੁੱਖ ਰੰਗੀਲਾ! ਦਿੱਤੀ ਐਸੀ ਮੱਤ ਖ਼ੁਦਾ ਨੇ, ਖੋਲ੍ਹੇ ਓਹਨੇ ਫ਼ੈਜ਼ ਖਜ਼ਾਨੇ! ਫੁੱਲ ਖਿੜਾਏ ਐਸੇ ਮਿੱਠੇ, ਸੋਮੇਂ ਸ਼ਹਿਦ ਜਿਨ੍ਹਾਂ ਵਿਚ ਡਿੱਠੇ! ਭੌਰ ਗਿਆ ਤੇ ਮੱਖੀ ਆਈ, ਇੱਕ ਤੁਰਾਯਾ ਇੱਕ ਬਹਾਈ! ਵਧ ਵਧ ਦੋਂਹ ਦੀ ਟਹਿਲ ਕਮਾਈ, ਉਹਨੂੰ ਅਤਰ ਓਹਨੂੰ ਮਠਿਆਈ! ਫਲ ਹਰੇ ਜਾਂ ਉੱਤੇ ਆਏ, ਆਣ ਜਨੌਰਾਂ ਝੁਰਮਟ ਪਾਏ! ਲੈ ਕਿਰਨਾਂ ਤੋਂ ਰੰਗ ਰੰਗੀਲੇ, ਕੀਤੇ ਸਾਰੇ ਰੱਤੇ ਪੀਲੇ! ਪੱਕੇ ਗੁੱਛੇ ਲਟਕਣ ਮੇਵੇ, ਜਿਹੜਾ ਆਵੇ ਓਹਨੂੰ ਦੇਵੇ! ਦੁੱਖਾਂ ਅੰਦਰ ਖੁਸ਼ੀ ਕਰੇਂਦਾ, ਇੱਟਾਂ ਖਾਂਦਾ, ਮੇਵਾ ਦੇਂਦਾ! ਆਕੜ ਓਹਨੂੰ ਕਦੀ ਨਾ ਭਾਵੇ, ਫਲ ਲੱਗੇ ਤੇ ਨਿਉਂਦਾ ਜਾਵੇ! ਹਾਲ ਤੈਂਨੂੰ ਮੈਂ ਜੀਹਦਾ ਕਿਹਾ, ਵਿਰਲਾ ਲੱਭੇ ਓਹੋ ਜਿਹਾ! ਸਾਊ ਸੁਘੜ ਸਚਿੱਤਰ ਦਾਨੀ, ਸੀ ਓਹ ਮੇਰਾ ਪੱਕਾ ਜਾਨੀ! ਜ਼ਾਲਮ ਤੈਂਨੂੰ ਰਹਿਮ ਨਾ ਆਯਾ, ਓਹਨੂੰ ਵੀ ਤੂੰ ਵਢ ਮੁਕਾਯਾ! ਐਡੇ ਦੁੱਖ ਮੁਸੀਬਤ ਜਰਕੇ, ਪਾਲਾਂ ਜਿਹਨੂੰ ਮੈਂ ਮਰ ਮਰਕੇ! ਜੇ ਤੂੰ ਓਹਨੂੰ ਕੱਟ ਗਵਾਵੇਂ, ਮੈਥੋਂ ਦੱਸ ਨਫ਼ਾ ਕੀ ਪਾਵੇਂ? ਕਿਉਂ ਨਾ ਤੈਂਨੂੰ ਡੂੰਘੇ ਡੋਬਾਂ? ਗਿੱਚੀ ਫੜਕੇ ਗਾਰੇ ਖੋਭਾਂ? ਮੂੰਹ ਓਸੇ ਦਾ ਹੁਣ ਵੀ ਮਾਰੇ, ਫਿਰਦਾ ਰਹੇਂ ਤੂੰ ਤਾਹੀਏਂ ਸਾਰੇ! ਜੇ ਤੂੰ ਕੱਲਾ ਨਜ਼ਰੀਂ ਆਵੇਂ, ਫੇਰ ਭਲਾ ਕਦ ਸੁੱਕਾ ਜਾਵੇਂ! ਲਾਜ ਇਦ੍ਹੀ ਹੀ ਮਾਰੇ ਅੜਿਆ, 'ਸ਼ਰਫ਼' ਜਿਦ੍ਹਾ ਤੂੰ ਪੱਲਾ ਫੜਿਆ!'

15. ਸਾਈਂ ਦੇ ਦਰਸ਼ਨ

ਦੁਨੀਆਂਦਾਰ ਇੱਕ ਭਗਤ ਨੂੰ ਕਹਿਣ ਲੱਗਾ:- 'ਜੇਕਰ ਅਰਜ਼ ਇੱਕ ਕਰੋ ਮਨਜ਼ੂਰ ਐਵੇਂ! ਤਾਂ ਮੈਂ ਹਿਰਦਿਓਂ ਹਾਲ ਕੁਝ ਖੋਲ੍ਹ ਦੱਸਾਂ, ਵਲਾਂ ਛਲਾਂ ਦੇ ਬਿਨਾਂ ਹਜ਼ੂਰ ਐਵੇਂ!' ਉਹਨੇ ਕਿਹਾ-'ਗ੍ਰਹਸਤੀਆ ਮੂਰਖਾ ਓ! ਬਹੁਤੇ ਸਾੜ ਨਾਂ ਅਕਲ ਸ਼ਊਰ ਐਵੇਂ! ਅਸੀਂ ਕਿਸੇ ਵੀ ਚੀਜ਼ ਦੇ ਨਹੀਂ ਲੋਭੀ, ਤੇਰਾ ਕਰਾਂਗੇ ਕੰਮ ਜ਼ਰੂਰ ਐਵੇਂ!' ਕਿਹਾ ਓਸਨੇ-'ਭਗਤ ਜੀ ਲਾਲ ਹੋ ਹੋ, ਗੁੱਸੇ ਵਿੱਚ ਕਿਉਂ ਬਣੋਂ ਤੰਦੂਰ ਐਵੇਂ? ਓਸ ਰੱਬ ਦਾ ਪਤਾ ਕੁਝ ਦਿਉ ਮੈਨੂੰ, ਜਿਨ੍ਹੂੰ ਕੀਤਾ ਹੈ ਤੁਸਾਂ ਮਸ਼ਹੂਰ ਐਵੇਂ! ਜਾ ਜਾ ਤੀਰਥੀਂ ਬੜੇ ਮੈਂ ਤੀਰ ਖਾਧੇ, ਮੱਕੇ ਜਾਂ ਜਾ ਸਾਸ ਮੁਕਾਏ ਨੇ ਮੈਂ! ਕਰ ਕਰ ਆਰਤੀ ਸੀਸ ਨੂੰ ਚੜ੍ਹੇ ਚੱਕਰ, ਸਜਦੇ ਕਰਦਿਆਂ ਪੱਥਰ ਘਸਾਏ ਨੇ ਮੈਂ! ਪਾਈ ਬੜੀ ਹਥਕੜੀ ਏ ਤਸਬੀਆਂ ਦੀ, ਗਲੇ ਜੰਜੂ ਦੇ ਫਾਹ ਵੀ ਪਾਏ ਨੇ ਮੈਂ! ਕਿਸੇ ਤਰ੍ਹਾਂ ਉਹ ਰੀਝਕੇ ਦਰਸ ਦੇਵੇ, ਕਈ ਰੂਪ ਤੇ ਸਾਂਗ ਵਟਾਏ ਨੇ ਮੈਂ! ਪਰ ਉਹ ਕਿਤੋਂ ਨਹੀਂ ਲੱਭਿਆ ਅੱਜ ਤੀਕਰ, ਹੋਇਆ ਪੈਂਡਿਆਂ ਵਿੱਚ ਹਾਂ ਚੂਰ ਐਵੇਂ! ਏਹਨਾਂ ਵੇਦ ਕਤੇਬ ਤੇ ਪੋਥੀਆਂ ਦਾ, ਬਣਿਆਂ ਰਿਹਾ ਮੈਂ ਸਗੋਂ ਮਜੂਰ ਐਵੇਂ!' ਰੱਬੀ ਭਗਤ ਨੇ ਉਹਨੂੰ ਇਹ ਕਿਹਾ ਅੱਗੋਂ:- ਗ਼ੁੰਚਾ ਵਾ ਬਾਝੋਂ ਕਦੀ ਫੁੱਲਦਾ ਨਹੀਂ! ਦੁੱਧ ਜੰਮਦਾ ਕਦੀ ਨਹੀਂ ਜਾਗ ਬਾਝੋਂ, ਸੁਪਨਾ ਨੀਂਦ ਬਾਝੋਂ ਕਦੀ ਖੁੱਲ੍ਹਦਾ ਨਹੀਂ! ਮੀਂਹ ਬਾਝ ਨ ਪੁੰਗਰੇ ਰੁੱਖ ਬੂਟਾ, *ਮੁਸ਼ਕ ਸੜਨ ਬਾਝੋਂ ਕਦੀ ਹੁੱਲਦਾ ਨਹੀਂ! ਚਾਨਣ ਬਾਝ ਹਨੇਰ ਨਹੀਂ ਦੂਰ ਹੁੰਦਾ, ਬਿਨਾਂ ਪਾਣੀਓਂ ਕਪੜਾ ਧੁੱਲਦਾ ਨਹੀਂ! ਜਿਵੇਂ ਬਿਨਾਂ ਮਲਾਹ ਦੇ ਨੈਂ ਵਿੱਚੋਂ, ਕੰਢੇ ਲੱਗਦਾ ਕਦੀ ਨਹੀਂ ਪੂਰ ਐਵੇਂ, ਓਸੇ ਤਰ੍ਹਾਂ ਈ ਗੁਰੂ ਤੇ ਪੀਰ ਬਾਝੋਂ, ਡਿੱਠਾ ਜਾਏ ਨਾਂ ਓਸ ਦਾ ਨੂਰ ਐਵੇਂ! ਰੰਗ ਓਸ ਲਲਾਰੀ ਦੇ ਕੌਣ ਗਾਖੇ, ਜਿਸਦੀ ਲੀਲ੍ਹਾ ਦਾ ਅੰਤ ਨਾਂ ਆਂਵਦਾ ਏ! ਬਣਕੇ ਬੰਸੀ ਉਹ ਕਿਤੇ ਕ੍ਰਿਸ਼ਨ ਜੀ ਦੀ, ਰਾਧਾਂ ਜਹੀਆਂ ਨੂੰ ਪਿਆ ਤੜਫਾਂਵਦਾ ਏ! ਪੜਦੇ ਪਾਂਵਦਾ ਕਿਤੇ ਦਰੋਪਦੀ ਤੇ, ਕਿਤੇ ਥੰਮ੍ਹ ਚੋਂ ਦਰਸ ਦਿਖਾਂਵਦਾ ਏ! ਕਿਤੇ ਜੱਟ ਦੀ ਅੜੀ ਤੇ ਨਿਉਂ ਨਿਉਂ ਕੇ, ਭੋਜਨ ਪੱਥਰ ਨੂੰ ਪਿਆ ਖੁਆਂਵਦਾ ਏ! ਕਿਤੇ ਭਗਤ "ਸ੍ਰਿੰਗੀ" ਜਹੇ ਰਿਖੀਆਂ ਦੇ, ਦੇਵੇ ਡੋਬ ਤਪੱਸਯਾ ਦੇ ਪੂਰ ਐਵੇਂ! ਕਿਧਰੇ ਸੱਜਨ ਜਹੇ ਠੱਗਾਂ ਦਾ ਬਨ ਸੱਜਨ, ਕਰਦਾ ਭਗਤੀਆਂ ਨਾਲ ਭਰਪੂਰ ਐਵੇਂ! ਕਿਸੇ ਵੈਦ ਦੇ ਕਦੀ ਨਾਂ ਹੋਣ ਅੱਝੇ, ਫਟੇ ਹੋਏ ਜੋ ਓਸਦੇ ਬਾਣ ਦੇ ਨੇ! ਪੋਰੀ ਪੋਰੀ ਕਟਵਾਕੇ ਦੇਹ ਪਿਆਰੀ, ਮੌਜ ਓਸਦੀ ਗਲੀ ਵਿੱਚ ਮਾਣਦੇ ਨੇ! ਕਈ ਓਸ ਨੂੰ ਜੱਗ ਦੀਆਂ +ਕੂਹਮਤਾਂ ਚੋਂ, ਚੜ੍ਹਕੇ ਚਰਖ਼ੀਆਂ ਉੱਤੇ ਪਛਾਣਦੇ ਨੇ! ਤੱਤੀ ਲੋਹ ਨੂੰ ਕਈ ਉਹਦੀ ਦੀਦ ਬਦਲੇ, ਸੇਜ ਸ੍ਵਰਗ ਦੇ ਫੁੱਲਾਂ ਦੀ ਜਾਣਦੇ ਨੇ! ਅਪਰ ਰਹਿਬਰੋਂ ਬਾਝ ਜੇ ਲੱਭ ਜਾਂਦਾ, ਉਹਦੇ ਮਿਲਣ ਦਾ ਰਾਹ ਦਸਤੂਰ ਐਵੇਂ! ਮੋਰਛਲ ਕਿਉਂ ਝੱਲਦਾ ਕਦੀ ਬਾਲਾ? ਫੜਦਾ ਕਿਉਂ ਮਰਦਾਨਾ ਤੰਬੂਰ ਐਵੇਂ? ਉਹਦੇ ਹੁਸਨ ਦਾ ਦਾਰੂ ਏ ਤੇਜ ਐਸਾ, ਆਸ਼ਕ ਵੇਂਹਦਿਆਂ ਸਾਰ ਬੇਹੋਸ਼ ਹੁੰਦਾ! ਸੀਸ ਕਿਸੇ ਦਾ ਉੱਡਦਾ ਵਾਂਗ ਖਿੱਦੋ, ਵੱਖ ਕਿਸੇ ਦੇ ਪਿੰਡੇ ਤੋਂ ਪੋਸ਼ ਹੁੰਦਾ ਹੈ! ਓਭੜ ਜੱਗ ਤੇ ਲੂਤੀਆਂ ਲਾਉਂਣ ਜਿਉਂ ਜਿਉਂ, ਤਿਉਂ ਤਿਉਂ ਦੂਣਾਏ ਇਸ਼ਕ ਦਾ ਜੋਸ਼ ਹੁੰਦਾ! ਮੋਤੀ ਭੇਦ ਦਾ ਸਾਂਭਕੇ ਰੱਖਦਾ ਉਹ, ਜਿਹੜਾ ਸਿੱਪ ਵਾਂਗੂੰ ਪੜਦਾ ਪੋਸ਼ ਹੁੰਦਾ! ਫ਼ਤਵਾ ਲਾਕੇ ਸ਼ਰ੍ਹਾ ਮੁਹੰਮਦੀ ਨੇ, ਸੂਲੀ ਚਾੜ੍ਹਿਆ ਨਹੀਂ ਮਨਸੂਰ ਐਵੇਂ! ਓਸ ਫੁੱਲ ਇਲਾਹੀ ਦੀ ਵਾਸ਼ਨਾ ਨੂੰ, ਖੋਹਲਣ ਲੱਗਾ ਸੀ ਵਾਂਗ ਕਾਫੂਰ ਐਵੇਂ! ਓਹਨੂੰ ਚੌਧਵੀਂ ਰਾਤ ਦੇ ਚੰਨ ਵਾਂਗੂੰ, ਸਾਵਾਂ ਸਾਰੇ ਜਹਾਨ ਦਾ ਪੱਖ ਹੋਵੇ। ਭਾਵੇਂ ਸ਼ਾਹੀ ਮਹੱਲ ਦੀ ਹੋਏ ਬੂਬੀ, ਭਾਵੇਂ ਮੰਗਤੇ ਦੀ ਝੁੱਗੀ ਦਾ ਕੱਖ ਹੋਵੇ! ਉਹਦੇ ਜ਼ੱਰੇ ਨੂੰ ਕਦੀ ਜੇ ਚੁਭੇ ਛਿਲਤਰ, ਅੰਨ੍ਹੀ ਗ੍ਰਹਿਣ ਵਿੱਚ ਸੂਰਜ ਦੀ ਅੱਖ ਹੋਵੇ। ਨਹੀਂ ਉਹ ਹੇਜਲਾ ਸੱਯਦਾਂ ਬ੍ਰਾਹਮਣਾਂ ਦਾ, ਨਾਂ ਉਹ ਸ਼ੂਦਰਾਂ ਨਾਲੋਂ ਹੀ ਵੱਖ ਹੋਵੇ! ਜ਼ਾਤ ਪਾਤ ਦੀਆਂ ਸੁਹਲ ਪਰਾਂਮ੍ਹਲਾਂ ਤੇ, ਬੈਠੇ ਆਹਲਣੇ ਘੱਤ ਮਗ਼ਰੂਰ ਐਵੇਂ! ਝੱਖੜ ਮੌਤ ਦੇ ਇੱਕੋ ਹੀ ਭੋਇਂ ਅੰਦਰ, ਓੜਕ ਰੋਲਣੇ ਨੇ ਵਾਂਗਰ ਬੂਰ ਐਵੇਂ! ਪਤਾ ਓਸ ਹਰ-ਥਾਵੇਂ ਦਾ ਕੀ ਪੁੱਛੇਂ, 'ਹਰਿ' ਹਰ ਸ਼ੈ ਅੰਦਰ ਓਹੋ ਟਹਿਕਦਾ ਏ! ਕਿਤੇ ਫੁੱਲ ਬਣਕੇ ਝੂਟੇ ਟਹਿਣੀਆਂ ਤੇ, ਬਣਕੇ ਵਾਸ਼ਨਾਂ ਕਿਤੇ ਉਹ ਮਹਿਕਦਾ ਏ! ਕਿਤੇ ਭੌਰਾਂ ਦੇ ਵਿੱਚ ਏ ਮਸਤ ਫਿਰਦਾ, ਕਿਤੇ ਬੁਲਬੁਲਾਂ ਵਿੱਚ ਉਹ ਚਹਿਕਦਾ ਏ! ਕਿਤੇ ਦੀਵਿਆਂ ਵਿੱਚ ਪ੍ਰਕਾਸ਼ ਕਰਦਾ, ਕਿਤੇ ਭੰਬਟਾਂ ਵਿੱਚ ਓਹ ਸਹਿਕਦਾ ਏ! 'ਸ਼ਰਫ਼' ਉਹਨੂੰ ਸੁਜਾਖਿਆਂ ਕੌਣ ਆਖੇ, ਉਹਦੇ ਮੱਥੇ ਜੋ ਮੜ੍ਹੇ ਕਸੂਰ ਐਵੇਂ! ਉਹ ਤੇ ਘੰਡੀਓਂ ਵੀ ਨੇੜੇ ਵੱਸਦਾ ਏ, ਲੋਕੀ ਲੱਭਦੇ ਰਹਿੰਦੇ ਨੇ ਦੂਰ ਐਵੇਂ! *ਕਸਤੂਰੀ +ਭੀੜ-ਭੜੱਕਾ

16. ਮਾਂ ਤੇ ਬੱਚਾ

ਮੇਰੇ ਹੀਰਿਆ ਡੋਲ੍ਹਦਾ ਡਲਕਦਾ ਈ, ਏਸੇ ਲਟਕ ਸੁਹਾਵਣੀ ਨਾਲ-ਆ ਜਾ! ਭਰ ਭਰ ਮੋਤੀਆਂ ਦੇ ਥਾਲ ਵੰਡ ਦੇਵਾਂ, ਹੱਸ ਹੱਸ ਕੇ ਹੰਸ ਦੀ ਚਾਲ-ਆ ਜਾ! ਜਾਵੇ ਮਾਂ ਘੋਲੀ ਏਸ ਹੰਬਲੇ ਤੋਂ, ਹੋਰ ਮਾਰ ਇੱਕ ਨਿੱਕੀ ਜਹੀ ਛਾਲ-ਆ ਜਾ! ਚੀਜੋ ਦਿਆਂ ਤੈਂਨੂੰ ਨਾਲੇ ਗੇਂਦ ਦੇਵਾਂ, ਆ ਆ ਛੇਤੀ ਮੇਰੇ ਲਾਲ-ਆ ਜਾ! ਘੁੱਟ ਘੁੱਟ ਕੇ ਹਿੱਕ ਦੇ ਨਾਲ ਲਾਵਾਂ, ਗਲੇ ਵਿੱਚ ਪਾਵਾਂ ਬਾਹਾਂ ਖੁੱਲ੍ਹੀਆਂ ਨੂੰ! ਘੁੱਟ ਅੰਮ੍ਰਿਤਾਂ ਦੇ 'ਸ਼ਰਫ਼' ਪੀ ਜਾਵਾਂ, ਚੁੰਮ ਚੁੰਮ ਕੇ ਸੋਹਣੀਆਂ ਬੁੱਲ੍ਹੀਆਂ ਨੂੰ!

17. ਰੋਟੀ

ਬੋੱਲੀ ਨਾਲ ਤਨੋੜੇ ਦੇ ਨਾਰ ਮੇਰੀ, ਇਕ ਦਿਨ ਸ਼ਾਮ ਨੂੰ ਵੇਖ ਅਚਾਰ ਰੋਟੀ:- 'ਚੌਂਕ ਫੁੱਲ ਤੇ ਸੜੇ ਸਨ ਏਸ ਘਰ ਦੇ, ਹੋ ਗਈ ਸਿਰ ਤੇ ਸੁੱਕੀ ਅਸਵਾਰ ਰੋਟੀ? ਗੁਲੂ ਬੰਦ ਹਮੇਲ ਦੀ ਥਾਂ ਬਣ ਗਈ, ਬਿਨਾਂ ਲਾਜ਼ਮੇਂ ਗਲੇ ਦਾ ਹਾਰ ਰੋਟੀ? ਟੂੰਬਾਂ ਵੰਨ ਸੁਵੰਨੀਆਂ ਜੱਗ ਪਾਵੇ, ਸਾਡੇ ਲਈ ਆ ਗਈ ਅਲੋਕਾਰ ਰੋਟੀ ?' ਓਹਨੂੰ ਕਿਹਾ ਮੈਂ 'ਮੂਰਖੇ ! ਨਿੰਦੀਏ ਨਾਂ, ਰੁੱਖੀ, ਕੋਝੜੀ, ਕਦੀ ਭੀ ਨਾਰ ਰੋਟੀ ! ਤੇਰੇ ਜਹੀਆਂ ਪਕੌਂਦੀਆਂ ਹੋਣ ਕੋਲੇ, ਅਜੇ ਮਰਦ ਕਮੌਣ ਸਭਿਆਰ ਰੋਟੀ! ਨੂਰ ਨੈਣਾਂ ਦਾ, ਆਤਮਾ ਉਮਰ ਦੀ ਏ, ਸ਼ਕਤੀ ਸੁਰਤ ਦੀ ਜੱਗ ਵਿੱਚਘਾਰ ਰੋਟੀ! ਜਾਨ ਬਲ ਦੀ ਤਾਣ ਹਰ ਗੱਲ ਦੀ ਏ, ਕੁਦਰਤ ਹੈ, ਜੇ ਨਹੀਂ ਕਰਤਾਰ ਰੋਟੀ! ਸ਼ੀਸ਼ਾ ਸਾਫ਼ ਹੈ ਅਕਲ ਦੀ ਆਰਸੀ ਦਾ, ਦੱਸੇ ਫ਼ਲਸਫ਼ੇ ਕਈ ਹਜ਼ਾਰ ਰੋਟੀ! ਆਦਮ ਜੂਨ ਫਰੀਕਾ ਦੇ ਬਣੇ ਨਾਂਗੇ, ਖਾਧੀ ਉਨ੍ਹਾਂ ਨੇ ਜਦੋਂ ਇੱਕ ਵਾਰ ਰੋਟੀ ! ਇਹਦੇ*ਫੁੱਲਾਂ ਤੋਂ ਦੁਨੀਆਂ ਦੇ ਬਾਗ਼ ਸਦਕੇ, ਖ਼ੁਸ਼ੀ, ਐਸ਼ ਦੀ ਖਿੜੀ ਗੁਲਜ਼ਾਰ ਰੋਟੀ! ਕਲੀਆਂ ਵਾਂਗ ਹੈ ਬਾਗ਼ ਪਰਵਾਰ ਖਿੜਦਾ, ਆਵੇ ਪੱਕ ਕੇ ਜਦੋਂ ਬਹਾਰ ਰੋਟੀ! ਅਜੇ ਨੰਗਾ, ਨਿਥਾਵਾਂ ਤਾਂ ਰਹਿ ਸੱਕੇ, ਦੇਂਦੀ ਫ਼ਾੱਕਿਆਂ ਨਾਲ ਪਰ ਮਾਰ ਰੋਟੀ! ਮਿਲੇ ਡੰਗ ਨ ਜਦੋਂ ਹਨੇਰ ਵਰਤੇ, ਸੂਰਜ ਚੰਨ ਤੋਂ ਅਪਰ ਅਪਾਰ ਰੋਟੀ! ਚੌਂਕੇ ਚੁੱਲ੍ਹੇ ਤੇ ਤਵੇ ਪਰਾਤ ਦੀ ਵੀ, ਬਾੱਨੀ ਕਾਰ ਰੋਟੀ, ਹੈ ਮੁਖ਼ਤਾਰ ਰੋਟੀ! ਓਸ ਘਰ ਅੰਦਰ ਭੰਗ ਭੁੱਜਦੀ ਏ, ਜਿੱਥੇ ਕਰੇ ਨਾਂ ਗਰਮ ਬਾਜ਼ਾਰ ਰੋਟੀ! ਲੱਖਾਂ ਐਬ ਜਹਾਨ ਦੇ ਕੱਜ ਲੈਂਦੀ, ਇਕੋ ਲਾਜਵੰਤੀ ਪਰਦੇ ਦਾਰ ਰੋਟੀ! ਅੱਗੇ ਅੱਗੇ ਹਰ ਜੀਵ ਦੇ ਫਿਰੇ ਰਿੜ੍ਹਦੀ, ਮਗਰੋਂ ਪਕੜਦਾ ਫਿਰੇ ਸੰਸਾਰ ਰੋਟੀ! ਦੀਵਾ ਜਾਨ ਦਾ ਰੱਖਕੇ ਤਲੀ ਉੱਤੇ, ਰਾਤੀਂ ਲੱਭਦੇ ਚੋਰ ਚਕਾਰ ਰੋਟੀ! ਚੱਕਰ ਵਰਤੀ, ਇਹ ਲੱਖਾਂ ਨੂੰ ਪਾਏ ਚੱਕਰ, ਖੜਦੀ ਖਿੱਚ ਸਮੁੰਦਰੋਂ ਪਾਰ ਰੋਟੀ! ਰੋਟੀ, ਸ਼ੇਰਾਂ ਦੇ ਨੱਕ ਨੂੰ ਨੱਥਦੀ ਏ, ਪੈਂਛੀ ਉੱਡਕੇ ਕਰੇ ਸ਼ਿਕਾਰ ਰੋਟੀ! ਤਾਜ ਵਾਲੇ ਬੀ ਹੈਨ ਮੁਥਾਜ ਇਹਦੇ, ਪ੍ਰਗਟ ਹੋਈ ਅਚੱਰਜ ਸਰਕਾਰ ਰੋਟੀ! ਸੁਲੇਮਾਨ ਜਹੇ ਝੋਕਦੇ ਭੱਠ ਜਾਕੇ; ਜਦੋਂ ਕਰਦੀ ਏ ਬਹੁਤ ਲਾਚਾਰ ਰੋਟੀ! ਇਹਦੇ ਵਲਾਂ ਵਿੱਚ ਵਲੀ ਬੀ ਵਲੇ ਹੋਏ ਨੇ, ਕੀਤੀ ਕਾਠ ਦੀ 1ਕਈਆਂ ਤਿਆਰ ਰੋਟੀ ! ਛੱਡ ਮੂਸਾ ਦੀ ਕੌਮ ਨੇ 2"ਮੱਨਸਲਵਾ", ਮੰਗੀ ਓਸ ਕੋਲੋਂ ਬਾਰ ਬਾਰ ਰੋਟੀ! ਕਾਹਨੂੰ ਕਿਸੇ ਦੀ ਚੋਪੜੀ ਵੇਖ ਤਰਸੇਂ, ਸੁੱਕੀ ਜਾਣ ਅਪਣੀ ਅੰਮ੍ਰਤਧਾਰ ਰੋਟੀ ! ਕਰਕੇ ਹੱਕ ਹਲਾਲ ਦੀ ਖਾਏ ਜੇਹੜਾ, ਖੋਲ੍ਹੇ ਓਸ ਤੇ ਰੱਬੀ "ਇਸਰਾਰ" ਰੋਟੀ ! ਅੰਨ, ਧਨ ਦੀ ਓਸ ਘਰ ਵਗੇ ਗੰਗਾ, ਜਿਹੜਾ ਰੱਖਦਾ ਸਾਂਭ ਸਵਾਰ ਰੋਟੀ ! ਰੱਬ ਝੱਬ ਨਿਆਦਰੀ ਕਰੇ ਓਹਦੀ, ਗੰਦੀ ਥਾਂ ਜੋ ਸੁੱਟੇ ਗਾਵਾਰ ਰੋਟੀ ! ਖਾਣੇ ਕਈ ਪਰਕਾਰ ਦੇ ਹੈਨ ਭਾਵੇਂ ਪਰ ਹੈ ਸਭ ਦੀ ਬਣੀ ਸਰਦਾਰ ਰੋਟੀ ! ਜੀਹਦੇ ਖਾਧਿਆਂ ਉੱਘੜਦੀ ਅੱਖ ਹੈ ਨੀ, ਤੂੰ ਉਹ ਗਹਿਣਿਆਂ ਉੱਤੋਂ ਨਾਂ ਵਾਰ ਰੋਟੀ! ਗਹਿਣਾ ਨਾਰ ਦਾ ਸਿਊਂਣ ਪਰੋਣ ਹੁੰਦਾ, ਹੁੰਦਾ ਸਦਾ ਸੁਹਾਗ 3ਸ਼ਿੰਗਾਰ ਰੋਟੀ! ਜਿਹਨੂੰ ਸਿਉਂਣ, ਪਕੌਣ ਦਾ ਚੱਜ ਨਹੀਂ ਏ, ਓਹ ਤੇ ਕੰਤ ਦੀ ਕਰੇ ਬੇਕਾਰ ਰੋਟੀ? ਲੈਕੇ ਮੰਗਤੇ ਤੋਂ ਬਾਦਸ਼ਾਹ ਤੀਕਰ, ਕੀਤੇ ਹੋਏ ਨੇ ਕੁੱਲ ਖ਼ਵਾਰ ਰੋਟੀ! ਸਵ੍ਹੇ ਗੱਲ ਨਾਂ ਕਿਸੇ ਦੀ ਕਦੇ ਕੋਈ, ਜੇ ਨਾ ਢਿੱਡ ਨੂੰ ਹੋਵੇ ਦਰਕਾਰ ਰੋਟੀ! ਪਾਪੜ ਵੇਲੀਏ ਲੱਖ ਤੇ ਤਦ ਕਿਧਰੇ, ਰੋਕੜ ਕਾਰ ਤੇ ਮਿਲੇ ਹੁਦਾਰ ਰੋਟੀ! ਓਹ ਦਿਨ ਲੱਦ ਗਏ, ਇੱਕ ਦੀ ਕਿਰਤ ਉੱਤੇ, ਜਦੋਂ ਖਾਂਦਾ ਸੀ ਕੁੱਲ ਪਰਵਾਰ ਰੋਟੀ! ਧੰਦੇ ਪੇਟ ਦੇ ਪਿੱਟੀਏ ਸਭ ਹੁਣ ਤੇ, ਤਾਂ ਇਹ ਢਿੱਡ ਦਾ ਭਰੇ ਭੰਡਾਰ ਰੋਟੀ! ਤੈਂਨੂੰ ਗਹਿਣਿਆਂ ਦੇ ਸ਼ੌਂਕ ਸੁੱਝਦੇ ਨੇ, ਦਿੱਤੀ ਵਾਂਜੀਏ ਮਨੋਂ ਵਿਸਾਰ ਰੋਟੀ! ਮੈਂ ਤੇ ਰੱਬ ਕੋਲੋਂ 'ਸ਼ਰਫ਼' ਮੰਗਦਾ ਹਾਂ, ਚਿੱਟਾ ਕੱਪੜਾ ਤੇ ਇੱਜ਼ਤਦਾਰ ਰੋਟੀ! *ਤ੍ਰੀਮਤਾਂ ਦੇ ਮੁਹਾਵਰੇ ਵਿੱਚ ਰੋਟੀ ਉੱਤੇ ਪਕਕੇ ਜਿਹੜੇ ਲਾਲ ਲਾਲ ਨਿਸ਼ਾਨ ਪੈ ਜਾਂਦੇ ਹਨ, ਓਹਨਾਂ ਨੂੰ ਫੁੱਲ ਆਖਦੇ ਹਨ । 1 ਬਾਬਾ ਫਰੀਦ ਜੀ ਸ਼ਕਰ ਗੰਜ । 2 ਇਕ ਕਿਸਮ ਦਾ ਅਰਸ਼ੀ ਖਾਣਾ ਸੀ । 3 ਰੋਟੀ ਪਕੌਣ ਤੋਂ ਮੁਰਾਦ ਹੈ।

18. ਕੁਦਰਤੀ ਸੁੰਦ੍ਰਤਾ

ਗੋਰੇ ਰੰਗ ਦੇ ਮਖ਼ਮਲੀ ਬਦਨ ਉੱਤੇ, ਲੋਹੜਾ ਮਾਰਿਆ ਏ ਕੁੜਤੇ ਸਿਲਕ ਦੇ ਨੇ! ਸ਼ੀਸ਼ੇ ਮੁੱਖ ਤੇ ਠਹਿਰ ਨਾਂ ਸੱਕਦੀ ਏ, ਪਏ ਪੈਰ ਨਿਗਾਹ ਦੇ ਤਿਲਕਦੇ ਨੇ! ਤਿੱਖੀ ਅੱਖ ਸਪਾਹਦਿਆਂ ਵਾਂਗ ਫਿਰਦੇ, ਕੇਸ ਗਲੇ ਵਿੱਚ ਪਲਮਦੇ ਢਿਲਕਦੇ ਨੇ! ਨਗ ਲਿਸ਼ਕਦੇ ਓਧਰੋਂ ਹੀਰਿਆਂ ਦੇ, ਛਾਲੇ ਜਿਗਰ ਦੇ ਏਧਰੋਂ ਚਿਲਕਦੇ ਨੇ! ਲੰਘਣ, ਹੱਸਕੇ ਜਿੱਧਰੋਂ ਇੱਕ ਵਾਰੀ, ਲੋਕ ਉਮਰ ਭਰ ਦੰਦੀਆਂ ਵਿਲਕਦੇ ਨੇ ! 'ਸ਼ਰਫ਼' ਨਿੱਕੀ ਜਹੀ ਉਮਰ ਹਜ਼ੂਰ ਦੀ ਏ, ਬਾਦਸ਼ਾਹ ਪਰ ਹੁਸਨ ਦੀ ਮਿਲਕ ਦੇ ਨੇ !

19. ਪੱਛੋਤਾਵਾ

ਮੈਥੋਂ ਪੁੱਛੋ ਸਹੇਲੀਓ! ਹਾਲ ਕੁਝ ਨ, ਜੋ ਜੋ ਬਿਰ੍ਹੋਂ ਮੁਸੀਬਤਾਂ ਪਾਈਆਂ ਨੇ ! ਫਿਰਾਂ ਦਰ ਦਰ ਜੋਗਨਾਂ ਵਾਂਗ ਤੱਤੀ, ਸ਼ਰਮਾਂ ਪ੍ਰੇਮ ਨੇ ਸਾਰੀਆਂ ਲਾਹੀਆਂ ਨੇ ! ਕਦੀ ਸ਼ੌਕ ਦੇ ਨਾਲ ਮੈਂ ਗੁੰਦਦੀ ਸਾਂ, ਜ਼ੁਲਫਾਂ ਖੁੱਲ੍ਹ ਜੋ ਹਿੱਕ ਤੇ ਆਈਆਂ ਨੇ। ਹਾਇ ! ਮੈਂ ਸਾਰੇ ਜਹਾਨ ਵਿੱਚ ਨਸ਼ਰ ਹੋਈ, ਮੇਣ੍ਹੇ ਦੇਂਦੀਆਂ ਕੁੱਲ ਹਮਸਾਈਆਂ ਨੇ ! ਸੁਫ਼ਨੇ ਵਿੱਚ ਭੀ ਕਦੀ ਨਹੀਂ ਦਰਸ ਦਿੱਤਾ, ਵਾਹਵਾ ਓਦ੍ਹੀਆਂ ਬੇਪਰਵਾਹੀਆਂ ਨੇ ! ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ! ਬਤੱਰ ਹੋਈ ਏ ਜ਼ਿੰਦਗੀ ਮੌਤ ਕੋਲੋਂ, ਲਈਆਂ ਡਾਢਿਆਂ ਨਾਲ ਮੈਂ ਲਾ ਅੱਖੀਆਂ ! ਪੈ ਗਏ ਕੁੱਕਰੇ ਤੇ ਪਲਕਾਂ ਗਲ ਗਈਆਂ, ਰੋ ਰੋ ਕੇ ਲਈਆਂ ਸੁਜਾ ਅੱਖੀਆਂ ! ਮੇਰੇ ਨਾਲ ਸੀ ਏਹਨਾਂ ਨੇ ਦਗ਼ਾ ਕੀਤਾ, ਕੀਤਾ ਆਪਣਾ ਭੀ ਲਿਆ ਪਾ ਅੱਖੀਆਂ ! ਹੁਣ ਇਹ ਦਰਸ ਦੀਦਾਰ ਦੀ ਚਾਹ ਰੱਖਣ, ਮਾਹੀ ਵੇਖਕੇ ਲਵੇ ਚੁਰਾ ਅੱਖੀਆਂ! ਜੇ ਮੈਂ ਬੰਦ ਕਰਾਂ ਏਹਨਾਂ ਅੱਖੀਆਂ ਨੂੰ, ਸਗੋਂ ਹੁੰਦੀਆਂ ਦੂਣ ਸਵਾਈਆਂ ਨੇ! ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ! ਇੱਕ ਦਿਨ ਕਿਹਾ ਨਜੂਮੀ ਨੂੰ 'ਵੇ ਵੀਰਾ! ਖੋਹਲ ਪੱਤਰੀ ਵੇਖ ਨਸੀਬ ਮੇਰੇ! ਮਰਜ਼ ਇਸ਼ਕ ਦੀ ਕੀਤੇ ਨੇ ਹੱਡ ਥੋਥੇ, ਕਦੋਂ ਮਿਲਨਗੇ ਦੱਸੀਂ ਤਬੀਬ ਮੇਰੇ? ਕਦੋਂ ਵਿੱਚ ਸੁਹਾਗਣਾਂ ਮੈਂ ਹੋਸਾਂ? ਕਦੋਂ ਆਉਂਣਗੇ ਪਿਆਰੇ ਹਬੀਬ ਮੇਰੇ? ਕਿਸੇ ਪਾਸਿਓਂ-ਆਵੇ ਨਾਂ ਵਾ ਠੰਢੀ, ਐਸੇ ਸੜੇ ਨੇ ਲੇਖ ਗ਼ਰੀਬ ਮੇਰੇ ! ਮੈਨੂੰ ਕਿਹਾ ਨਜੂਮੀਏਂ ਫ਼ਾਲ ਪਾਕੇ:- 'ਬਾਤਾਂ ਵਿੱਚ ਹਿਸਾਬ ਇਹ ਆਈਆਂ ਨੇ! ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ! ਸੁੱਧ ਬੁੱਧ ਜਹਾਨ ਦੀ ਰਹੀ ਨਾਹੀਂ, ਐਸੀ ਇਸ਼ਕ ਵਿੱਚ ਹੋਈ ਦਿਵਾਨੀਆਂ ਮੈਂ ! ਏਸੇ ਤਰਾਂ ਕਲੇਜੇ ਨੂੰ ਠੰਢ ਪੈਂਦੀ, ਰਵ੍ਹਾਂ ਆਖਦੀ:-ਜਾਨੀਆਂ ਜਾਨੀਆਂ ਮੈਂ' ! ਤੱਤੀ ਆਹ ਦੇ ਵਿੱਚ ਭੀ ਅਸਰ ਨਾਹੀਂ, ਨਿੱਤ ਕੂੰਜ ਦੇ ਵਾਂਗ ਕੁਰਲਾਨੀਆਂ ਮੈਂ ! ਕਦੀ ਕਾਗ ਉਡਾਨੀ ਹਾਂ ਖੜੀ ਸਈਓ, ਕਦੀ ਬੈਠਕੇ ਔਂਸੀਆਂ ਪਾਨੀਆਂ ਮੈਂ! ਮੇਰਾ ਚੰਨ ਪਿਆਰਾ ਨਹੀਂ ਕਦੀ ਆਯਾ, ਤਾਰੇ ਗਿਣ ਗਿਣ ਰਾਤਾਂ ਲੰਘਾਈਆਂ ਨੇ! ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ! ਹੀਰ ਵਾਂਗ ਮੈਂ ਹੋਈ ਬਦਨਾਮ ਸਾਰੇ, ਮੇਰੀ ਗੱਲ ਜਹਾਨ ਵਿੱਚ ਤੁਰੀ ਸਈਓ! ਯਾਦ ਮਾਹੀ ਦੀ ਚੈਨ ਨਾਂ ਲੈਣ ਦੇਵੇ, ਮੇਰੇ ਲੱਗੇ ਕਲੇਜੇ ਵਿੱਚ ਛੁਰੀ ਸਈਓ! ਡਰਦੀ ਹਾਲ ਨਾਂ ਕਿਸੇ ਨੂੰ ਦੱਸਨੀ ਹਾਂ, ਵਿੱਚੇ ਵਿੱਚ ਮੈਂ ਤੱਤੀ ਹਾਂ ਖੁਰੀ ਸਈਓ! ਅੱਲਾ ਕਰੇ ਨਾਂ ਕਿਸੇ ਨੂੰ ਲੱਗ ਜਾਵੇ, ਚਿੰਤਾ ਨਿੱਤ ਦੀ ਹੁੰਦੀ ਏ ਬੁਰੀ ਸਈਓ! ਮੇਰੇ ਮਾਹੀ ਨੇ ਅਜੇ ਨਹੀਂ ਕਰ ਪਾਯਾ, ਪਾਈਆਂ ਰੋ ਕੇ ਤਦੇ ਦੁਹਾਈਆਂ ਨੇ! ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ, ਮੇਰੀ ਆਖ਼ਰੀ ਗੱਲ ਇੱਕ ਸੁਣੋ ਸਈਓ, ਅੱਲਾ ਵਾਸਤੇ ਮੱਨ ਸਵਾਲ ਜਾਣਾ! ਆਵੇ ਪਿਆਰਾ ਤਾਂ ਓਸ ਨੂੰ ਆਖਣਾ ਇਹ, ਕਿਤੇ ਭੁੱਲ ਨਾਂ ਤੁਸੀਂ ਖਿਆਲ ਜਾਣਾ! ਤੇਰੇ ਬ੍ਰਿਹੋਂ ਨੇ ਬਾਲੀ ਏ ਇਹ 'ਬਾਲੀ' ਏਹਦੀ ਕਬਰ ਤੇ ਦੀਵਾ ਤੇ ਬਾਲ ਜਾਣਾ! ਤੇਰੇ ਮੁਖ ਗੁਲਾਬੀ ਦੀ ਸੀ ਆਸ਼ਕ, ਦੋ ਤਿੰਨ ਫੁੱਲ ਗੁਲਾਬ ਦੇ ਡਾਲ ਜਾਣਾ! ਮੇਰੀ ਕਬਰ ਨੇ ਭੀ 'ਸ਼ਰਫ' ਆਖਣਾ ਏ, ਫੇਰਾ ਪਾਯਾ ਜੇ ਕਦੀ ਨਾਂ ਸਾਈਆਂ ਨੇ:- ਜਲ ਭਰੀਆਂ ਅੱਖੀਆਂ ਰੋਂਦੀਆਂ ਇਹ, ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ!'

20. ਸ਼ੀਸ਼ਾ

ਹਾਏ ਰੱਬਾ ਮੇਰਿਆ! ਤੂੰ ਸ਼ੀਸ਼ਾ ਈ ਬਣਾ ਦੇਂਦੋਂ, ਮੈਂਨੂੰ ਮੇਰੇ ਯਾਰ ਦਾ, ਮੈਂ ਹੁੰਦਾ ਕਿਸੇ ਕਾਰ ਦਾ! ਓਥੇ ਈ ਖਲੋਤਾ ਰਹਿੰਦਾ ਕੰਧ ਨਾਲ ਲੱਗਕੇ ਮੈਂ, ਜਿੱਥੇ ਮੈਂਨੂੰ ਆਪ ਜਾਨੀ ਫੜਕੇ ਖਲ੍ਹਾਰਦਾ! ਸੁੱਤਾ ਹੋਯਾ ਉੱਠਕੇ ਸਵੇਰੇ ਮੇਰੇ ਸਾਹਮਣੇ ਆ, ਵਲਾਂ ਵਾਲੇ ਖਿੱਲਰੇ ਓਹ ਵਾਲ ਜਾਂ ਸਵਾਰਦਾ ! ਮਲਕੜੇ ਈ ਬੈਠਾਹੋਯਾ *'ਹਲਬ' ਵਿੱਚੋਂ ਵੇਖਦਾ ਮੈਂ, 'ਚੀਨ' ਅੰਦਰ ਜੰਗ ਹੁੰਦਾ +'ਖ਼ੁਤਨ’ ਤੇ ‘ਤਾਤਾਰ’ ਦਾ ! ਚੜ੍ਹਦਾ ਉਮਾਹ ਮੈਂਨੂੰ ਹਿਰਖ ਸਾਰਾ ਲਹਿ ਜਾਂਦਾ, ਹੁੰਦਾ ਜਦੋਂ ਚਾਉ ਓਹਨੂੰ ਹਾਰ ਤੇ ਸ਼ਿੰਗਾਰ ਦਾ! ਜੋਬਨਾਂ ਦੇ ਮਤਵਾਲੇ ਨਸ਼ੇ ਵਿੱਚ ਗੁੱਤਿਆਂ ਨੂੰ, ਵਲ ਪੇਚ ਦੱਸਦਾ ਮੈਂ ਕੱਲੀ ਕੱਲੀ ਤਾਰ ਦਾ ! ਸਾਣ ਉੱਤੇ ਲੱਗਦੀ ਕਟਾਰ ਦੀ ਮੈਂ ਧਾਰ ਵੇਂਹਦਾ, ਜਦੋਂ ਡੋਰਾ ਖਿੱਚਦਾ ਓਹ ਕੱਜਲੇ ਦੀ ਧਾਰ ਦਾ! ਚਿੱਟੇ ਚਿੱਟੇ ਦੰਦਾਂ ਵਿੱਚ ਊਦੀ ਊਦੀ ਮਿੱਸੀ ਪਾ, ਨੀਲਮਾਂ ਦੀ ਖਾਨ ਸਾਰੀ ਮੋਤੀਆਂ ਤੋਂ ਵਾਰਦਾ ! ਮਲਦਾ ਦੰਦਾਸੜਾ ਜਾਂ ਲਾਲ ਲਾਲ ਹੋਠਾਂ ਉੱਤੇ, ਖ਼ੂੰਨ ਉੱਤੇ ਖ਼ੂੰਨ ਸੋਹਣਾ ਹੋਰ ਬੀ ਗੁਜ਼ਾਰਦਾ! ਖ਼ਾਲ ਜਦੋਂ ਕੱਢਕੇ ਓਹ ਗੋਰੇ ਗੋਰੇ ਮੁੱਖੜੇ ਤੇ, ਪੰਛੀ ਦਿਲ ਫਾਹੁਣ ਲਈ ਚੋਗ ਚਾ ਖਿਲਾਰਦਾ! ਲਾਉਂਦਾ ਫੁੱਲ ਸੋਸਨੀ ਬਲੌਰ ਦੀ ਜ਼ਮੀਂਨ ਵਿੱਚ, ਵਾਧਾ ਏਹ ਵਿਖਾਲ ਦੇਦਾ ਹੁਸਨ ਦੀ ਬਹਾਰ ਦਾ ! ਕੋਲ ਓਹਦੇ ਬਹਿ ਜਾਂਦਾ ਨੇੜੇ ਨੇੜੇ ਢੁੱਕਕੇ ਮੈਂ, ਲਾਡ ਤੇ ਨਿਹੋਰੇ ਮੇਰੇ ਯਾਰ ਵੀ ਸਹਾਰਦਾ! ਜਾਗਦੇ ਨਸੀਬ ਮੇਰੇ, ਰੱਜਕੇ ਮੈਂ ਸੌਂ ਲੈਂਦਾ, ਪੱਟ ਦਾ ਸਰ੍ਹਾਣਾ ਹੁੰਦਾ ਹੱਥ ਦਿਲਦਾਰ ਦਾ! ਆਰਸੀ ਦੇ ਵਿੱਚ ਹੁੰਦਾ, ਫੇਰ ਤੇ ਏਹ ਭਾਗ ਮੇਰਾ, ਚੌਧਵੀਂ ਦੇ ਚੰਨ ਵਾਂਗ ਪਿਆ ਲਿਸ਼ਕ ਮਾਰਦਾ! ਸਾਰੀ ਉਮਰ ਛੱਡਦਾ ਨਾਂ ਮਹਿੰਦੀ ਵਾਲਾ ਹੱਥ ਕਦੀ, ਸੜੀ ਹੋਈ ਹਿੱਕ ਨੂੰ ਮੈਂ ਰੱਜ ਰੱਜ ਠਾਰਦਾ! ਲੰਬੂ ਲੱਗੇ ਹੋਏ ਮੇਰੇ ਸੀਨੇ ਦੇ ਵੀ ਦਿੱਸ ਪੈਂਦੇ, ਲਾਲ ਸੂਹੇ ਹੱਥ ਜਦੋਂ ਸਾਹਮਣੇ ਪਸਾਰਦਾ! ਦੋਹੀਂ ਧਿਰੀਂ ਇੱਕੋ ਜਿਹੀ ਲੱਗੀ ਹੋਈ ਅੱਗ ਹੁੰਦੀ, ਡਾਢਾ ਮਜ਼ਾ ਆ ਜਾਂਦਾ ਕਸਮੇਂ ਪਿਆਰ ਦਾ ! ਵੇਖ ਵੇਖ ਜੀਵੰਦਾ ਓਹ ਰੋਜ਼ ਮੇਰਾ ਯਾਰ ਮੈਨੂੰ, ਮੋਯਾ ਰਹਿੰਦਾ ਮੈਂ ਬੀ ਨਿੱਤ ਓਸਦੇ ਦੀਦਾਰ ਦਾ! ਕਰਦਾ ਹੰਕਾਰ ਮੈਂਨੂੰ ਫੇਰ ਬੀ ਜੇ ਦੇਖਕੇ ਓਹ, ਰਾਹ ਓਹਨੂੰ ਦੱਸ ਦੇਂਦਾ #'ਮਿਸਰ' ਦੇ ਬਾਜ਼ਾਰ ਦਾ! 'ਇੱਕ ਅਟੀ' ਸੂਤ ਦੀ ਜਾਂ ਮੁੱਲ ਪੈਂਦਾ 'ਸ਼ਰਫ਼' ਓਦ੍ਹਾ, ਟੁੱਟਦਾ ਗੁਮਾਨ ਕੱਚੀ ਤੰਦ ਵਾਂਗ ਯਾਰ ਦਾ! *ਜਿਸ ਸ਼ਹਿਰ ਦਾ ਸ਼ੀਸ਼ਾ ਮਸ਼ਹੂਰ ਏ । +ਏਥੋਂ ਦੀ ਖ਼ੁਸ਼ਬੋ ਤੇ ਕਸਤੂਰੀ ਪ੍ਰਸਿੱਧ ਹੈ। #ਜਿਸ ਤਰਾਂ ਯੂਸਫ਼ ਪੈਗ਼ੰਬਰ ਨਾਲ ਬੀਤੀ ਸੀ।

21. ਪਿਆਰ ਦੇ ਹੰਝੂ

ਬਿਰ੍ਹੋਂ ਆ ਕੇ ਝੱਟ ਪੱਟ ਸੱਟ ਜੇਹੀ ਕਾਰੀ ਮਾਰੀ, ਡੱਕ ਡੱਕ ਥੱਕਿਆ ਨਾ ਸੱਕਿਆ ਸੰਭਾਲ ਹੰਝੂ ! ਚਿੱਤ ਦਾ ਕਬੂਤਰ ਮੇਰਾ ਚਿੱਤ ਹੋਇਆ ਹਿਤ ਵਿੱਚ, ਰੱਤ ਨਾਲ ਰੰਗੇ ਹੋਏ ਨਿਕਲਦੇ ਨੇ ਲਾਲ ਹੰਝੂ ! ਨਹੀਂ ਨਹੀਂ ਪਾਨ ਖਾਧੇ ਤਿੱਕੇ ਮੇਰੇ ਕਾਲਜੇ ਦੇ, ਸੂਹੇ ਸੂਹੇ ਪੁਤਲੀਆਂ ਨੇ ਸੁੱਟੇ ਨੇ ਉਗਾਲ ਹੰਝੂ ! ਅੱਖੀਆਂ ਰਲਾਕੇ ਓਹਨੇ ਭਵਾਂ ਫੇਰ ਫੇਰੀਆਂ ਨੇ, ਪੁੱਠੀ ਛੁਰੀ ਨਾਲ ਹੋਏ ਹੋਏ ਨੇ ਹਲਾਲ ਹੰਝੂ ! ਵਾਧਾ ਹੋਰ ਵੇਖਿਆ ਜੇ ਕਾਲੀ ਕਾਲੀ ਅੱਖ ਦਾ ਇਹ, ਕੋਲਿਆਂ ਦੀ ਖਾਨ ਵਿੱਚੋਂ ਕੱਢ ਦਿੱਤੇ ਲਾਲ ਹੰਝੂ ! ਮੱਛੀਆਂ ਦੇ ਵਾਂਗ ਪਈਆਂ ਡੋਬੂ ਲੈਣ ਅੱਖੀਆਂ ਇਹ, ਕੱਢ ਕੱਢ 'ਸੱਕੀਆਂ' ਸੁਕਾਉਣ ਲੱਗੇ ਤਾਲ ਹੰਝੂ ! ਡੂੰਘੇ ਵਹਿਣ ਵਿੱਚ ਮੇਰੀ 'ਆਹ' ਸੋਹਣੀ ਡੁੱਬ ਗਈ ਏ, ਪਿੱਛੇ ਓਹਦੇ ਰੁੜ੍ਹੇ ਜਾਂਦੇ ਬਣ ਮਹੀਂਵਾਲ ਹੰਝੂ ! ਅਰਸ਼ ਵਾਲਾ ਕਿੰਗਰਾ ਹੈ ਤੋੜ ਦਿੱਤਾ ਦਿਲ ਓਹਨੇ, ਅੱਖਾਂ ਵਿੱਚ ਰੜਕਦੇ ਨੇ ਰੋੜਿਆਂ ਦੇ ਹਾਲ ਹੰਝੂ ! ਪੱਥਰਾਂ ਦੇ 'ਮਨ' ਮੇਰੀ ਫੂਕ ਨਾਲ ਮੋਮ ਹੋਏ, ਮਾਰ ਮਾਰ ਹਹੁਕੇ ਦਿੱਤੇ ਬਰਫ਼ ਵਾਂਗੂੰ ਢਾਲ ਹੰਝੂ ! ਇੱਕ ਇੱਕ ਅੱਖ ਹੱਥ ਨੂਰੀ ਚੰਗਿਆੜੇ ਲੱਖਾਂ, ਭਰ ਭਰ ਮੋਤੀਆਂ ਦੇ ਵੰਡਦੇ ਨੇ ਥਾਲ ਹੰਝੂ ! ਲੱਗਣ ਜਿਵੇਂ ਝੰਬਣੀ ਨੂੰ ਫੁੱਟੀਆਂ ਕਪਾਹ ਦੀਆਂ, ਚੰਬੜੇ ਨੇ ਇੰਜ ਮੇਰੀ ਝਿੰਮਣੀ ਦੇ ਨਾਲ ਹੰਝੂ ! ਬੱਧੀ ਹੋਈ ਟੀਂਡ ਏਹਨਾਂ ਖੂਹ ਦੀਆਂ ਟਿੰਡਾਂ ਵਾਂਗ, ਸੌੜ ਔੜ ਵਿੱਚ ਮੈਨੂੰ ਕਰਨਗੇ ਨਿਹਾਲ ਹੰਝੂ ! ਸੋਕੇ ਨਾਲ ਸੁੱਕਦੇ ਨਹੀਂ, ਬੱਦਲਾਂ ਤੇ ਥੁੱਕਦੇ ਨਹੀਂ, ਇੱਕੋ ਜਹੇ ਵਗਦੇ ਨੇ ਹਾੜ ਤੇ ਸਿਆਲ ਹੰਝੂ ! ਕਾਇਮ ਰੱਖੇ ਦਾਇਮ ਅੱਲਾ ਸਿੱਪ ਮੇਰੇ ਦੀਦਿਆਂ ਦੇ, ਮੋਤੀਆਂ ਦਾ ਜੱਗ ਉੱਤੇ ਕਰਨਗੇ ਸੁਕਾਲ ਹੰਝੂ ! ਗ਼ਮਾਂ ਦੀ ਹਨੇਰੀ ਨਾਲ ਬੇਰਾਂ ਵਾਂਗ ਝੜ ਪੈਂਦੇ, ਉਂਜ ਤੇ ਮੈਂ ਵਾੜਾਂ ਵਿੱਚ ਰੱਖੇ ਹੋਏ ਨੇ ਪਾਲ ਹੰਝੂ ! ਗਿੱਲਾ ਪੀਹਣ ਔਕੜਾਂ ਦਾ ਨਾਲ ਮੇਰੇ ਬੈਠਕੇ ਤੇ, ਦਾਣਾ ਦਾਣਾ ਪੀਹਣ ਲੱਗੇ ਦੁੱਖ ਦੇ ਭਿਆਲ ਹੰਝੂ ! ਬਾਗ਼ ਮੇਰੀ ਹਿੱਕ ਦਿਆਂ ਦਾਗ਼ਾਂ ਵਾਲਾ ਸੁੱਕ ਗਿਆ, ਕੱਢਕੇ ਲਿਆਏ ਤਦੋਂ ਸੋਮਿਆਂ 'ਚੋਂ ਖਾਲ ਹੰਝੂ ! ਉੱਭੇ ਸਾਹ ਰੋਂਦੇ ਰੋਂਦੇ ਚਾਂਗਰਾਂ ਤੇ ਜ਼ੋਰ ਪਾਯਾ, ਰੋਣ ਦੀ ਵੀ ਤੇਹ ਰਹਿ ਗਈ, ਤੋੜਗੇ ਨਿਕਾਲ ਹੰਝੂ ! ਦੇਖੋ ਕੇਡਾ ਸ਼ੋਰ ਪਾਯਾ ਲੂਣ ਦੀਆਂ ਨਿੱਕਰਾਂ ਨੇ, ਦੇਣਗੇ ਪਤਾਸੇ ਵਾਂਗ ਦੀਦਿਆਂ ਨੂੰ ਗਾਲ ਹੰਝੂ ! ਮੋਤੀ ਟੋਭੇ ਲੱਭਦੇ ਸਮੁੰਦਰਾਂ ਦੇ ਖੋਭੇ ਵਿੱਚੋਂ, ਅਰਸ਼ਾਂ ਉਤੋਂ ਆਂਦੇ ਹੋਏ ਪਰ ਮੈਂ ਏਹ ਭਾਲ ਹੰਝੂ ! ਓਸ ਪਰੀ ਉੱਤੇ ਪਰ ਰਤਾ ਵੀ ਨਾ ਪੋਹਿਆ ਕੋਈ, ਹੁੱਬ ਦੇ ਵਜ਼ੀਫ਼ੇ ਰਹੇ ਪੜ੍ਹਦੇ ਕਈ ਸਾਲ ਹੰਝੂ ! ਪੱਥਰਾਂ ਜੱਹੇ ਮਨ ਓਦੋਂ ਬੈਠ ਰੋਂਦੇ ਮਣ ਉੱਤੇ, ਤੁਰਨ ਜਦੋਂ ਬੰਨ੍ਹਕੇ ਯਤੀਮਾਂ ਵਾਂਗ ਪਾਲ ਹੰਝੂ ! ਬਿਟ ਬਿਟ ਵੇਂਹਦੀਆਂ ਨੇ ਪੁਤਲੀਆਂ ਬੀ ਮਾਂ ਵਾਂਗੂੰ, ਗੋਦ ਵਿੱਚੋਂ ਨਿਕਲੇ ਤੇ ਰਿੜ੍ਹੇ ਜਾਂਦੇ ਬਾਲ ਹੰਝੂ ! ਕੌਡੀਆਂ ਗ਼ਰੀਬ ਦੀਆਂ ਪੈਣ ਇਹ ਕਬੂਲ ਸ਼ਾਲਾ, ਬਣਾਂ ਮੈਂ ਕਾਰੂਨ ਕਾਹਨੂੰ ਜੋੜ ਜੋੜ ਮਾਲ ਹੰਝੂ ! ਉੱਚਿਆਂ ਖ਼ਿਆਲਾਂ ਵਾਲਾ ਯਾਰ ਵੇਖ ਕੰਬ ਗਿਆ, ਅੰਬਰਾਂ ਦੇ ਉੱਤੇ ਵੀ ਲਿਆਏ ਨੇ ਭੁਚਾਲ ਹੰਝੂ ! ਰੁੱਠਾ ਹੋਯਾ ਜਾਨੀ ਮੇਰਾ ਝੱਟ ਪੱਟ ਮੰਨ ਪਿਆ, ਜੌਹਰੀਆਂ ਦੇ ਪੁੱਤ ਜਦੋਂ ਬਣ ਗਏ ਦਲਾਲ ਹੰਝੂ ! ਮੋਤੀ ਦਿੱਤੇ ਯਾਰ ਨੂੰ ਮੈਂ ਮੁੱਖੜਾ ਵਖਾਲਣੀ ਦੇ, ਦੇਖ ਲਿਆ ਮੂੰਹ ਓਹਦਾ, ਓਸਨੂੰ ਵਿਖਾਲ ਹੰਝੂ ! ਦੂਤੀਆਂ ਦੀ ਹਿੱਕ ਵਿੱਚ ਗੋਲੀਆਂ ਦੇ ਵਾਂਗ ਵੱਜੇ, ਪੂੰਝੇ ਜਦੋਂ ਓਸਨੇ ਦੁਪੱਟੜੇ ਦੇ ਨਾਲ ਹੰਝੂ ! ਮੇਰੇ ਸੱਚੇ ਹੇਰਵੇ ਨੇ ਕਰ ਦਿੱਤੇ ਵੇਰਵੇ ਏਹ, ਲੱਗ ਪਿਆ ਕੇਰਨ ਓਹ ਬੀ ਹੋ ਕੇ ਨਿਢਾਲ ਹੰਝੂ ! ਮਾਘ ਦੇ ਮਹੀਨੇ ਮੇਰੇ ਸੀਨੇ ਦੀ ਬਿਆਈ ਸੜੀ, ਗੜੇ ਵਾਂਗ ਡੇਗੇ ਓਹਦੇ ਦੀਦਿਆਂ ਕਮਾਲ ਹੰਝੂ ! 'ਨਰਗਸੀ-ਕਿਆਰੀ' ਵਿੱਚੋਂ ਮਾਰ ਕੇ ਉਡਾਰੀ ਚੱਲੇ, ਚੰਦ ਜਹੇ ਮੁੱਖ ਤੇ, ਚਕੋਰ ਵਾਲੀ ਚਾਲ ਹੰਝੂ ! ਹਰਨਾਂ ਦੇ ਸਿੰਗਾਂ ਉੱਤੇ 'ਕੈਸ' ਦੀਆਂ ਚਿੱਠੀਆਂ ਨੇ, ਪਲਕਾਂ ਉੱਤੇ ਪਾਗਲਾਂ ਨੇ ਕੀਤੇ ਏਹ ਖ਼ਿਆਲ ਹੰਝੂ ! ਵੇਖਕੇ ਗਲੇਡੂ ਓਹਦੇ ਉੱਤੋਂ ਤੇ ਮੈਂ ਹੱਸ ਪਿਆ, ਉਂਜ ਮੇਰਾ ਦਿਲ ਵਿੱਚੋਂ ਲੈ ਗਏ ਉਧਾਲ ਹੰਝੂ ! ਫੜਕੇ ਬਿਠਾਯਾ ਬਾਹੋਂ, ਰੋਂਦੇ ਨੂੰ ਹਸਾਯਾ ਨਾਲੇ, ਗੱਲ੍ਹਾਂ ਉੱਤੋਂ ਪੂੰਝ ਦਿੱਤੇ ਚਿੱਟੇ ਚਿੱਟੇ ਖ਼ਾਲ ਹੰਝੂ ! ਧੁੱਪ ਜ੍ਯੋਂ ਉਡਾਵੇ ਮੋਤੀ, ਫੁੱਲ ਦੀਆਂ ਜੇਬਾਂ ਵਿੱਚੋਂ, ਚੁੱਕ ਲਏ ਅਡੋਲ ਓਵੇਂ ਰੇਸ਼ਮੀ ਰੁਮਾਲ ਹੰਝੂ ! ਆਖੀ ਓਹਨੂੰ ਗੱਲ ਕੋਈ, ਮਿਲ੍ਯਾ ਏਹ ਜਵਾਬ ਜੀਹਦਾ :- 'ਤੈਨੂੰ ਤੇ ਮੈਂ ਅੱਖੀਆਂ ਦਾ ਹੋਵਾਂ ਨਾ ਦਵਾਲ ਹੰਝੂ !' ਅੱਖਾਂ ਵਿੱਚੋਂ ਚੱਲ ਪਏ ਉਦਾਸ ਤੇ ਨਿਰਾਸ ਹੋ ਕੇ, ਠੋਡੀ ਵਾਲੇ ਡੂੰਘ ਆ ਕੇ ਮਾਰ ਗਏ ਨੇ ਛਾਲ ਹੰਝੂ ! ਹੁਸਨ ਦਾ ਸਮੁੰਦਰ ਦੇਖੋ, ਦਿਲ ਮੇਰਾ ਲੈ ਗਿਆ ਓਹ, ਖੂਹਾਂ ਤੇ ਤਲਾਵਾਂ ਵਿੱਚ ਪਾਉਂਦੇ ਫਿਰਨ ਜਾਲ ਹੰਝੂ ! ਰਮਲੀਏ ਵਾਂਗ ਪਏ ਕਮਲੇ ਤੇ ਰਮਲੇ ਏਹ, ਕੇਡਾ 'ਜ਼ਫ਼ਰ' ਜਾਲ ਜਾਲ ਕਢਦੇ ਨੇ ਫ਼ਾਲ ਹੰਝੂ ! ਬੁਲਬੁਲੇ ਦੇ ਕੋਲੋਂ ਉਂਜ ਸੋਹਲ ਮੈਨੂੰ ਜਾਪਦੇ ਨੇ, ਫੇਰ ਬੀ ਏਹ ਟੁੱਟਦੇ ਨੇ, ਝੱਲਦੇ ਨਹੀਂ ਝਾਲ ਹੰਝੂ ! ਝੱਟ ਪੱਟ ਫਿਸ ਪੈਂਦੇ, ਗੱਲ ਬੀ ਨ ਸਹਿ ਸੱਕਣ, ਤਬ੍ਹਾ ਦੇ ਮਲੂਕ ਐਡੇ, ਉਂਜ ਏਹ ਕੰਗਾਲ ਹੰਝੂ ! ਰਹਿਮਤਾਂ ਦੇ ਛਟਿਆਂ 'ਚੋਂ ਇੱਕੋ ਛਿਟ ਦੇ ਦੇ ਸਾਨੂੰ, ਤੇਰੇ ਅੱਗੇ ਮਾਲਕਾ ! ਏਹ ਪੌਂਦੇ ਨੇ ਸਵਾਲ ਹੰਝੂ ! ਛੁੱਟ ਪਈ ਤਰੇਲੀ ਜਦੋਂ ਪਿੰਡੇ ਉੱਤੇ ਜਾਣਿਆਂ ਮੈਂ, ਨਿੱਕੇ ਨਿੱਕੇ 'ਦੀਦਿਆਂ' 'ਚੋਂ ਡੇਗਦੇ ਨੇ ਵਾਲ ਹੰਝੂ ! 'ਸ਼ਰਫ਼' ਬੜੀ ਝੜੀ ਲਾਈ ਰੱਬ ਦੀਆਂ ਰਹਿਮਤਾਂ ਨੇ, ਧੋਣ ਲੱਗੇ ਕਾਲੇ ਕਾਲੇ 'ਨਾਮੇ ਦੇ ਅਮਾਲ' ਹੰਝੂ !

22. ਵਿਛੋੜੇ ਦੇ ਹੁਲਾਰੇ

ਯਾਰ ਦੇ ਵਿਛੋੜੇ ਮੈਂਨੂੰ ਰੰਗ ਐਸਾ ਚਾੜ੍ਹਿਆ ਏ, ਅੱਖਾਂ ਵਿੱਚੋਂ ਚੱਲਦੇ ਖ਼ੂਨ ਦੇ ਫੁਹਾਰੇ ਨੇ! ਰੋਣ ਨਾਲ ਬੁਝਦੀ ਨਹੀਂ ਅੱਗ ਮੇਰੇ ਕਾਲਜੇ ਦੀ, ਦੂਣੀ ਅੱਗ ਬਾਲਦੇ ਪੈ ਸਗੋਂ ਅੰਗਿਆਰੇ ਨੇ ! ਦਿਲ ਤੇ ਕਲੇਜਾ ਮੇਰਾ ਤੜਫਦਾ ਨਾਂ ਬਾਜ਼ ਆਵੇ, ਸਾਂਭ ਸਾਂਭ ਹੱਥ ਮੇਰੇ ਥਕ ਗੈ ਵਿਚਾਰੇ ਨੇ! ਬਾਗ਼ ਮੇਰੇ ਦਾਗ਼ਾਂ ਵਾਲਾ ਇੱਕੋ ਅਜੇ ਵੇਖਿਆ ਸੀ, ਫਿੱਤੀ ਫਿੱਤੀ ਕਰ ਲੀਤਾ ਕਾਲਜਾ 'ਹਜ਼ਾਰੇ' ਨੇ ! ਯਾਰ ਪਏ ਤੱਕਦੇ, ਪਛਾਣ ਮੈਨੂੰ ਸੱਕਦੇ ਨਹੀਂ, ਹੁਲੀਆ ਈ ਵਿਗਾੜ ਦਿੱਤਾ ਅੱਲਾ ਦੇ ਸਵਾਰੇ ਨੇ! ਪੱਥਰਾਂ ਦੇ ਸੀਨੇ ਵਿੱਚ ਅੱਗ ਇਹਨੇ ਬਾਲ ਦਿੱਤੀ, ਰੀਸ ਮੇਰੇ ਦਿਲ ਦੀ ਕੀ ਕਰਨੀ ਹੈ ਪਾਰੇ ਨੇ? ਦੀਦਿਆਂ, ਨਦੀਦਿਆਂ ਦੀ ਗੱਲ ਕੀ ਮੈਂ ਖੋਲ੍ਹ ਦੱਸਾਂ, ਵੈਣਾਂ ਵਾਲੇ ਵਹਿਨ ਵਿੱਚ ਬੇੜੇ ਇਹ ਨਿਘਾਰੇ ਨੇ! ਪੀਂਘ ਮੇਰੀ ਰੇਸ਼ਮੀ ਸੀ ਪ੍ਯਾਰੇ ਦੇ ਪ੍ਯਾਰ ਵਾਲੀ, ਤੋੜ ਦਿੱਤੀ ਆਣਕੇ ਵਿਛੋੜੇ ਦੇ ਹੁਲਾਰੇ ਨੇ! ਗ਼ਮ ਖਾਵੇ ਨਿੱਤ ਮੈਨੂੰ, ਗ਼ਮਾਂ ਨੂੰ ਮੈਂ ਨਿੱਤ ਖਾਵਾਂ, ਖੁੱਲ੍ਹੇ ਡੁੱਲ੍ਹੇ ਲੰਘਦੇ ਪੈ ਦੋਹਾਂ ਦੇ ਗੁਜ਼ਾਰੇ ਨੇ! ਭਵਾਂ ਦੀ ਕਮਾਨ ਓਹਨੇ ਤੀਰ ਰੱਖ ਝਿੰਮਣੀ ਦੇ, ਖਿੱਚਕੇ ਨਿਸ਼ਾਨੇ ਮੇਰੀ ਹਿੱਕ ਵਿੱਚ ਮਾਰੇ ਨੇ ! ਕੇੜ੍ਹੇ ਕੇੜ੍ਹੇ ਫੱਟਾਂ ਉੱਤੇ ਪੱਟੀਆਂ ਮੈਂ ਹਾਇ ਬੰਨ੍ਹਾਂ, ਵਿੰਨ੍ਹ ਦਿੱਤਾ ਲੂੰ ਲੂੰ ਓਸਦੇ ਨਜ਼ਾਰੇ ਨੇ ! ਸਾਂਭ ਸਾਂਭ ਰੱਖੀਆਂ ਨਿਸ਼ਾਨੀਆਂ ਏ ਪ੍ਯਾਰ ਦੀਆਂ, ਦਾਗ਼ ਮੈਨੂੰ ਦਿਲ ਵਾਲੇ ਜਾਨ ਤੋਂ ਪਿਆਰੇ ਨੇ! ਦੁਨੀਆਂ ਦੇ ਬਾਗ਼ ਵਿੱਚ ਲੁੱਟੀ ਨਾਂ ਬਹਾਰ ਕੋਈ, ਜੜ੍ਹ ਮੇਰੀ ਪੁੱਟ ਦਿੱਤੀ ਏਸ ਜੜ੍ਹ ਮਾਰੇ ਨੇ! ਕਦੋਂ ਤੀਕ ਹੰਝੂਆਂ ਦੇ ਘੁੱਟ ਯਾਰੋ ਮੈਂ ਪੀਆਂ, ਹੱਡ ਮੇਰੇ ਖੋਰ ਦਿੱਤੇ ਏਸ ਪਾਣੀ ਖ਼ਾਰੇ ਨੇ! ਜਦੋਂ ਮੈਨੂੰ ਜਾਣ ਲਗੇ ਸੱਜਣਾਂ ਨੇ ਕੰਡ ਦਿੱਤੀ, ਐਸ਼ ਤੇ ਅਰਾਮ ਮੇਰੇ ਓਦੋਂ ਦੇ ਸਿਧਾਰੇ ਨੇ! ਚੀਰ ਦਿੱਤਾ ਦਿਲ ਮੇਰਾ ਤਾਨ੍ਹਿਆਂ ਤੇ ਮੇਹਣਿਆਂ ਨੇ, ਰੋਜ਼ ਮੇਰੇ ਸੀਨੇ ਉੱਤੇ ਚਲਦੇ ਪੈ ਆਰੇ ਨੇ! ਸੱਜਣ ਮੈਨੂੰ ਅੱਜ ਕਲ ਕੋਈ ਬੀ ਨਾ ਦਿੱਸਦਾ ਏ, ਵੈਰੀ ਮੇਰੇ ਜੱਗ ਉੱਤੇ ਹੋਏ ਹੋਏ ਸਾਰੇ ਨੇ! ਰੋਂਦਾ ਹੋਯਾ ਰਾਤ ਨੂੰ ਜੇ ਅੰਬਰਾਂ ਦੇ ਵੱਲ ਵੇਖਾਂ, ਕੱਢ ਕੱਢ ਅੱਖੀਆਂ ਤੇ ਘੂਰਦੇ ਸਤਾਰੇ ਨੇ! ਭਰਮ ਭਾ ਆਪਣਾ ਕੀ ਖੋਲਕੇ ਮੈਂ ਦੱਸ ਦੇਵਾਂ? ਗਲੀਆਂ ਦੇ ਕੱਖ ਬੀ ਤੇ ਮੇਰੇ ਕੋਲੋਂ ਭਾਰੇ ਨੇ! 'ਸ਼ਰਫ਼' ਹੱਸ ਦੰਦਾਂ ਦੀ ਪਰੀਤ ਸਾਡੀ ਰੱਬ ਜਾਣੇ, ਐਵੇਂ ਸਾਡੇ ਮਗਰ ਪਏ, ਲੋਕੀ ਹੈਂਸਿਆਰੇ ਨੇ!

23. ਸਮੁੰਦਰੋਂ ਡੂੰਘਾ ਦਿਲ

ਹਿੰਮਤ ਨਹੀਂ ਜੇ ਖੋਲ੍ਹਕੇ ਕਲਮ ਆਖੇ, ਜੋ ਜੋ ਜ਼ੁਲਮ ਅਨੋਖੇ ਗੁਜ਼ਾਰਦਾ ਦਿਲ ! ਵੇਖ ਵੇਖ ਅਸਮਾਨ ਭੀ ਖਾਏ ਚੱਕਰ, ਐਡੇ ਹਿਰਸਾਂ ਦੇ ਜਾਲ ਖਿਲਾਰਦਾ ਦਿਲ! ਬਹਿਕੇ ਪਹਿਲੂ ਵਿੱਚ ਜੱਗ ਤੇ ਕਰੇ ਕਬਜ਼ੇ, ਪੈਰ ਚਾਦਰੋਂ ਬਾਹਰ ਪਸਾਰਦਾ ਦਿਲ! ਤਸਬੀ ਫੇਰਦਾ ਜ਼ਾਹਿਦਾਂ ਵਾਂਗ ਕਿਧਰੇ, ਮੋਤੀ ਬਣ ਕਿਧਰੇ ਕਿਸੇ ਹੋਰ ਦਾ ਦਿਲ! ਕਿਧਰੇ ਵੇਖ ਕੇ ਕਿਸੇ ਦੇ ਸ਼ੋਖ਼ ਦੀਦੇ, ਤੀਰ ਆਪਣੇ ਆਪ ਨੂੰ ਮਾਰਦਾ ਦਿਲ ! ਕਿਧਰੇ ਠੋਡੀ ਦੇ ਡੂੰਘ ਵਿੱਚ ਡੋਬਦਾ ਏ, ਕਿਧਰੇ ਨੈਣਾਂ ਦੀ ਬੇੜੀ ਵਿੱਚ ਤਾਰਦਾ ਦਿਲ! ਗੰਗਾ ਜਮਨਾ ਵਗਾਂਵਦਾ ਅੱਖੀਆਂ 'ਚੋਂ , ਸੋਮਾਂ ਬਣਦਾ ਏ ਜਦੋਂ ਪਿਆਰ ਦਾ ਦਿਲ! ਕਦੀ ਡੇਰੇ ਜ਼ਮੀਨ ਤੇ ਲਾ ਬੈਠੇ, ਕਦੀ ਫੁੱਲਾਂ ਦੀ ਸੇਜ ਸਵਾਰਦਾ ਦਿਲ! ਬਾਦਸ਼ਾਹੀ ਦੀ ਹਿਰਸ ਵਿੱਚ ਫਿਰੇ ਕਿਧਰੇ, ਕਿਤੇ ਭੇਸ ਫ਼ਕੀਰਾਂ ਦਾ ਧਾਰਦਾ ਦਿਲ ! ਬਣਕੇ ਕਲੀਆਂ ਕਰੂੰਬਲਾਂ ਫੁੱਟਦਾ ਏ, ਅੰਦਰ ਬਾਗ਼ ਦੇ ਕਿਤੇ ਬਹਾਰ ਦਾ ਦਿਲ! ਡਿੱਗਣ ਹੰਜੂ ਤਰੇਲ ਦੇ ਕਿਤੇ ਅਰਸ਼ੋਂ, ਰੋਵੇ ਫੁੱਲਾਂ ਦੇ ਹੱਸਣ ਤੇ ਖ਼ਾਰ ਦਾ ਦਿਲ! ਚੱਕੀ ਹਿਰਸਾਂ ਦੀ ਹਰਦਮ ਇਹ ਪਿੱਸਦਾ ਏ, ਦਾਨਾ ਬਣਕੇ ਸਾਰੇ ਸੰਸਾਰ ਦਾ ਦਿਲ! ਕਿਤੇ ਵੇਖ ਬੇਕਿਰਕੀ ਨੂੰ ਕਰਨ ਲੱਗੇ, ਕਿਤੇ ਰੇਤ ਦੇ ਮਹਿਲ ਉਸਾਰਦਾ ਦਿਲ! ਨੂਰ ਨਾਲ ਸਮੂਲਚਾ ਉਂਜ ਬਣਿਆ' ਰੁੱਖ ਸ਼ੌਕ ਪਰ ਨਰਕਾਂ ਦੀ ਨਾਰ ਦਾ ਦਿਲ! ਮੈਂ ਕੀ ਕਿਸੇ ਦੀ ਗੱਲ ਹਾਂ ਕਰਨ ਜੋਗਾ, ਮੇਰਾ ਆਪਣਾ ਨਹੀਂ ਕਿਸੇ ਕਾਰ ਦਾ ਦਿਲ! ਬਦੀਆਂ ਵੱਲ ਹੈ ਸਦਾ ਧਿਆਨ ਏਹਦਾ, ਨੇਕੀ ਇੱਕ ਨਹੀਂ ਕਦੀ ਵਿਚਾਰਦਾ ਦਿਲ! ਏਹਦੇ ਭਲੇ ਦੀ ਕਦੀ ਜੇ ਕਰਾਂ ਕੋਈ, ਅੱਗੋਂ ਇੱਕ ਨਹੀਂ ਗੱਲ ਸਹਾਰਦਾ ਦਿਲ! ਉਲਟਾ ਸਗੋਂ ਜਵਾਬ ਏਹ ਦੇ ਦੇ ਕੇ, ਸੜੇ ਬਲੇ ਹੋਏ ਸੀਨੇ ਨੂੰ ਠਾਰਦਾ ਦਿਲ! ਧੋਤੇ ਜਾਣਗੇ ਮੇਰੇ ਗੁਨਾਹ ਸਾਰੇ, ਡੁੱਲ੍ਹ ਪਿਆ ਜੇ ਮੇਰੀ ਸਰਕਾਰ ਦਾ ਦਿਲ! 'ਸ਼ਰਫ਼' ਆਪਣੇ ਔਗੁਣ ਨਹੀਂ ਤੱਕਦਾ ਮੈਂ, ਮੈਂ ਤੇ ਦੇਖਦਾ ਹਾਂ ਬਖ਼ਸ਼ਨਹਾਰ ਦਾ ਦਿਲ !

24. ਚੰਦ ਦੇ ਦਾਗ਼

ਇੱਕ ਦਿੱਨ ਚਾਨਣੀ ਚਾਨਣੀ ਰਾਤ ਪਿਆਰੀ, ਪਾਈ ਹੋਈ ਸੀ ਠੰਢ ਸਰਬੱਤ ਉੱਤੇ! ਪੋਚਾ ਫੇਰਿਆ ਹੋਇਆ ਸੀ ਨੂਰ ਭਿੱਜਾ, ਹਰ ਇੱਕ ਬੂਹੇ ਬਨੇਰੇ ਤੇ ਛੱਤ ਉੱਤੇ! ਇੰਦਰ ਵਾਂਗਰਾਂ ਬਣੇ ਸਨ ਫੁੱਲ ਰਾਜੇ, ਰਿਸ਼ਮਾਂ ਨਚਦੀਆਂ ਸਨ ਪੱਤ ਪੱਤ ਉੱਤੇ! ਮੈਂ ਭੀ ਵੇਂਹਦਾ ਸਾਂ ਚੰਨ ਦੇ ਜ਼ਖ਼ਮ ਅੱਲੇ, ਲੱਤ ਰੱਖ ਕੇ ਆਪਣੀ ਲੱਤ ਉੱਤੇ! ਫੱਟ ਓਸਦੇ ਏਕਨਾ ਪੰਜ ਜਾਪਦੇ ਸੀ, ਲਾਈਆਂ ਹੋਈਆਂ ਮੈਂ ਜਿੰਨ੍ਹਾਂ ਵਲ ਤਾੜੀਆਂ ਸਨ! ਧਾਗੇ ਰੇਸ਼ਮੀ ਰਿਸ਼ਮਾਂ ਦੇ ਲਾ ਲਾ ਕੇ, ਜਿਵੇਂ ਸੀਤੀਆਂ ਹੋਈਆਂ ਦੋ ਫਾੜੀਆਂ ਸਨ! ਸੈਨਤ ਨਾਲ ਮੈਂ ਆਖਿਆ 'ਯਾਰ ਚੰਨਾ! ਐਸੀ ਸੁੰਦਰਤਾ ਦਿੱਤੀ ਏ ਰੱਬ ਤੈਨੂੰ! ਟੁਰ ਕੇ ਨਹੁੰ ਤੋਂ ਟਿੱਕਰੀ ਮੂੰਹ ਤੀਕਰ, ਨੂਰ ਨਾਲ ਬਣਾਯਾ ਏ ਸੱਭ ਤੈਨੂੰ! ਅੱਖਾਂ ਚੁਕ ਚੁਕ ਕੇ ਵੇਂਹਦੇ ਨੇ ਲੋਕ ਸਾਰੇ, ਬਖ਼ਸ਼ੀ ਗਈ ਓਹ ਟੀਸੀ ਦੀ ਛੱਬ ਤੈਨੂੰ! ਪਰ ਏਹ ਲੋੜ੍ਹਾ ਏ ਨੂਰ 'ਚ ਡੁੱਬ ਕੇ ਭੀ, ਕਾਲੇ ਕਾਲੇ ਕਿਉਂ ਰਹਿ ਗਏ ਡੱਬ ਤੈਨੂੰ! ਮੋਰ ਵਾਂਗ ਉਂਞ ਅੰਦਰੋਂ ਝੂਰਨਾ ਏਂ, ਉੱਤੋਂ ਦੱਸਨਾ ਏਂ ਹੱਸ ਹੱਸ ਮੈਨੂੰ! ਤਾਰੇ ਅੰਬਰੋਂ ਪਿਆ ਨਾ ਤੋੜ ਏਡੇ, ਘੁੰਡੀ ਚਿੱਤ ਦੀ ਖੋਲ੍ਹ ਕੇ ਦੱਸ ਮੈਨੂੰ?' ਮੇਰੀ ਗੱਲ ਸੁਣ ਫੁੱਲਿਆ ਚੰਨ ਏਡਾ, ਆਪਾ ਚੌਧਵੀਂ ਰਾਤ ਦਾ ਕਰ ਦਿੱਤਾ! ਟੋਪੇ ਭਰ ਭਰ ਮਾਯਾ ਦੇ ਜਹੇ ਵੰਡੇ, ਭਾਰਤ ਮਾਤਾ ਦੀ ਝੋਲੀ ਨੂੰ ਭਰ ਦਿੱਤਾ! ਚਾਂਦੀ ਚਾਨਣੀ ਦੀ ਦਿਤੀ ਹੋਰਨਾਂ ਨੂੰ, ਐਪਰ ਓਸ ਨੇ ਮੈਨੂੰ ਇਹ ਵਰ ਦਿੱਤਾ ! ਟੈਲੀਫ਼ੋਨ ਇੱਕ ਰਿਸ਼ਮ ਦਾ ਪਕੜਕੇ ਤੇ, ਮੇਰੇ ਕੰਨਾਂ ਦੇ ਸਾਮ੍ਹਣੇ ਧਰ ਦਿੱਤਾ! ਲੱਗਾ ਕਹਿਣ 'ਲੈ ਸੁਣੀ ਹੁਸ਼ਿਆਰ ਹੋਕੇ, ਕਿੱਸਾ ਹੋਵੇ ਅਚਰਜ ਇੱਕ ਸਿੱਧ ਤੈਨੂੰ! ਤਾਰ ਦਿਲੇ ਦੀ ਵਿੱਚ ਪਰੁਚ ਲਈਂ ਤੂੰ, ਦੇਣ ਲੱਗਾ ਹਾਂ ਮੋਤੀ ਅਣਵਿੱਧ ਤੈਨੂੰ ! ਸੂਤ ਕੱਤਦੀ ਵੇਖੀ ਇਕ ਮਾਈ ਬੁੱਢੀ, ਜੀਹਦੇ ਛੋਪ ਅਚਰਜ ਭੰਡਾਰ ਦੇ ਸਨ! ਓਹਦਾ ਚਰਖਾ ਵੀ ਨਾਨਕੀ ਘਾੜ ਦਾ ਸੀ, ਕੋਕੇ ਠੁਕੇ ਵਿੱਚ ਇੱਕ ਓਅੰਕਾਰ ਦੇ ਸਨ! ਲੱਠ ਲਗਨ ਤੇ ਬੈੜ ਸੀ ਸਿਦਕ ਵਾਲਾ, ਮੁੱਨੇ ਗੁੱਡੀਆਂ ਫਰ੍ਹੀ ਪਿਆਰ ਦੇ ਸਨ ! ਕੀਤਾ ਹੋਇਆ ਸੀ ਤੱਕਲਾ ਰਾਸ ਐਸਾ, ਜਲਵੇ ਜਾਪਦੇ ਵਿੱਚ ਕਰਤਾਰ ਦੇ ਸਨ! ਹਰ ਹਰ ਗੇੜ ਦੇ ਨਾਲ ਏਹ ਗਾਉਂਦੀ ਸੀ:- 'ਅੜੀ ਖੜੀ ਏ ਲਬਾਂ ਤੇ ਜਿੰਦ ਪਿਆਰੇ! ਛੇਤੀ ਪਹੁੰਚਕੇ ਦਾਸੀ ਨੂੰ ਦਰਸ ਬਖ਼ਸ਼ੋ, *ਹਰਗੋਬਿੰਦ ਪਿਆਰੇ, ਹਰਗੋਬਿੰਦ ਪਿਆਰੇ! ਤੰਦ ਸ਼ਰਧਾ ਦੀ ਏਕਣਾ ਨਿਕਲਦੀ ਸੀ, ਓਸ ਮਾਈ ਦੀ ਪੱਕੀ ਪਰੀਤ ਵਿੱਚੋਂ! ਕਲਗ਼ੀ ਜਿਸਤਰਾਂ ਹਰ ਗੋਬਿੰਦ ਜੀ ਦੀ, ਝਲਕਾਂ ਮਾਰਦੀ ਏ ਕਿਸੇ ਝੀਤ ਵਿੱਚੋਂ! ਹੋ ਕੇ ਸ਼ਾਨਤੀ ਨਾਲ ਗੜੁੱਚ ਏਦਾਂ, ਦਰਦ ਨਿਕਲਦਾ ਸੀ ਓਹਦੇ ਗੀਤ ਵਿੱਚੋਂ! ਜਿੱਦਾਂ ਰੱਬ ਨੂੰ ਪੂਜਕੇ ਨਿਕਲਦਾ ਏ, ਬਾਹਮਣ ਮੌਲਵੀ ਮੰਦਰ ਮਸੀਤ ਵਿੱਚੋਂ! ਧਾਗਾ ਮਾਹਲ ਦਾ ਆਰਤੀ ਕਰ ਕਰ ਕੇ, ਹੈਸੀ ਇਸਤਰਾਂ ਦੀ ਘੂੰ ਘੂੰ ਕਰਦਾ! ਪਿਛਲੀ ਰਾਤ ਨੂੰ ਉੱਠ ਦਰਵੇਸ਼ ਰੱਬੀ, ਹੋਵੇ ਜਿਸਤਰਾਂ ਕੋਈ ਤੂੰ ਤੂੰ ਕਰਦਾ ! ਸੂਤਰ ਕੱਤ, ਉਣਾ, ਧੁਆ ਰੇਜਾ, ਓਸ ਭਗਤਣੀ ਅੰਤ ਤਿਆਰ ਕੀਤਾ! ਲਿੰਬ ਪੋਚ ਪੜਛੱਤੀ ਤੇ ਰੱਖ ਓਹਨੂੰ ਸੌ ਸੌ ਵਾਰ ਉਠਕੇ ਨਸਸਕਾਰ ਕੀਤਾ! ਧੂਪ ਸੰਦਲ ਕਸਤੂਰੀ ਦੀ ਦੇ ਦੇ ਕੇ, ਸੜਦੀ ਹਿੱਕ ਨੂੰ ਠੰਢਿਆਂ ਠਾਰ ਕੀਤਾ! ਮਹਿਮਾਂ ਗੁਰੂ ਦੀ ਆਪਣੀ ਨਿਮਰਤਾਈ' ਓਹਨੂੰ ਆਖਣੀ, ਰੋਜ਼ ਵਿਹਾਰ ਕੀਤਾ! ਸੱਚ ਪੁੱਛੋ ਤਾਂ ਪ੍ਰੇਮ ਦੇ ਜੁੱਧ ਅੰਦਰ, ਹੈ ਇਹ ਹੌਸਲਾ ਭਗਤਣਾਂ ਸੱਚੀਆਂ ਦਾ! 'ਬੰਦੀਛੋੜ' ਜਹੇ ਗੁਰੂ ਨੂੰ ਢਾਹੁਣ ਬਦਲੇ! ਜਾਲ ਲਾ ਦੇਨਾਂ ਤੰਦਾਂ ਕੱਚੀਆਂ ਦਾ! ਸੋਨੇ ਵਾਂਗ ਮੁਰੀਦਣੀ ਗੁਰੂ ਜੀ ਦੀ, ਪਰਖੀ ਗਈ ਓਹ ਜਦੋਂ ਪਿਆਰ ਅੰਦਰ! ਜਾਣੀ ਜਾਣ ਉਸ ਸ਼ਹਿਨਸ਼ਾਹ ਦਿਲਾਂ ਦੇ ਨੂੰ, ਪੁੱਜੀ ਖ਼ਬਰ ਇਹ ਪਰੇਮ ਦੀ ਤਾਰ ਅੰਦਰ! ਬੁਲ ਬੁਲ ਵਾਂਗ ਇਕ ਬੁੱਢੜੀ ਤੜਫ਼ਦੀ ਏ, ਦੀਦ ਲਈ ਕਸ਼ਮੀਰ-ਗੁਲਜ਼ਾਰ ਅੰਦਰ! ਡਿੱਠਾ ਜਦੋਂ ਪਰੇਮ ਦਾ ਸਿਦਕ ਉੱਚਾ, ਹੁਸਨ ਤੁਰ ਪਿਆ ਵਿਕਣ ਬਜ਼ਾਰ ਅੰਦਰ! ਤੁੱਠ ਪਿਆ ਜੇ ਰਾਮ ਦਿਆਲ ਹੋਕੇ, ਕਾਰੇ ਸੌਜਲੋ ਖਿੱਚ ਵਕੀਲਣੀ ਦੇ! ਰੁਤਬਾ ਲਾਲ ਦਾ ਪਾਉਣਗੇ ਜੱਗ ਉੱਤੇ, ਤੁਸੀਂ ਵੇਖਣਾ ਬੇਰ ਅਜ ਭੀਲਣੀ ਦੇ! ਧੰਨ ਧੰਨ ਕਸ਼ਮੀਰ ਦੇ ਵਿੱਚ ਆ ਗਏ, ਡਾਢੀ ਤਾਂਘ ਸੀ ਜਿਨ੍ਹਾਂ ਪਿਆਰਿਆਂ ਦੀ! ਪੱਬਾਂ ਭਾਰ ਹੋ ਹੋ ਉੱਚੇ ਪਰਬਤਾਂ ਨੇ, ਲਾਹੀ ਰੱਜ ਕੇ ਡੰਝ ਨਜ਼ਾਰਿਆਂ ਦੀ! ਰਲ ਕੇ ਰਾਗ ਮਲ੍ਹਾਰ ਦਾ ਗਾਉਣ ਲੱਗੇ, ਮੌਜ ਬੱਝ ਗਈ ਝਰਨਿਆਂ ਸਾਰਿਆਂ ਦੀ! ਮੂੰਹ #'ਡਲ' ਦਾ ਲਿਸ਼ਕਿਆ ਵਾਂਗ ਸ਼ੀਸ਼ੇ, ਝਲਕ ਵੇਖਕੇ ਜੁੱਤੀ ਦੇ ਤਾਰਿਆਂ ਦੀ! ਸਿੱਧੇ ਹੋਏ ਸਲਾਮੀ ਨੂੰ ਰੁਖ ਬੂਟੇ, ਅੱਖ ਅੱਖ ਕਰੂੰਬਲਾਂ ਖੋਲ੍ਹ ਦਿੱਤੀ! ਛੜੇ ਇੱਕੋ ਕਸਤੂਰੇ ਨੇ ਖੁਸ਼ੀ ਅੰਦਰ, ਬੋਲੀ ਕਈਆਂ ਜਨੌਰਾਂ ਦੀ ਬੋਲ ਦਿੱਤੀ! ਅੰਤ ਆਣਕੇ ਮਿਹਰ ਕਰਤਾਰ ਕੀਤੀ, ਭਾਗ ਭਰੀ ਦੇ ਭਾਗ ਭੀ ਹੱਸ ਪਏ! ਠੁਮ ਠੁਮ ਗੁਰੂ ਜੀ ਵਿਹੜੇ ਚ ਵੜੇ ਆ ਕੇ, ਛਮਛਮ ਮੀਂਹ ਉਪਕਾਰ ਦੇ ਵੱਸ ਪਏ! ਏਧਰ ਚਰਨ, ਰਕਾਬ ਚੋਂ ਗਏ ਚੁੰਮੇ, ਓਧਰ ਦੁੱਖ ਵਿਛੋੜੇ ਦੇ ਨੱਸ ਪਏ! ਹੰਝੂ ਨਿਕਲਕੇ ਮਾਈ ਦੇ ਦੋ ਨਾਲੇ, ਹੈਸਨ ਗੁਰਾਂ ਦੇ ਗਾਊਂਦੇ ਜੱਸ ਪਏ! ਮੋਤੀ ਟੁੱਟਦੇ ਵੇਖਕੇ ਸਿਦਕ ਵਾਲੇ, ਵੇਖੋ ਮੁੱਲ ਇਹ ਸੱਚੀ ਸਰਕਾਰ ਦਿੱਤਾ! ਸਿਰ ਸਦਕਾ ਉਹਦੇ ਦੋ ਹੰਝੂਆਂ ਦਾ, ਸਾਰਾ ਦੇਸ਼ ਕਸ਼ਮੀਰ ਦਾ ਤਾਰ ਦਿੱਤਾ! ਓੜਕ ਕੱਤਿਆ ਹੋਇਆ ਉਸ ਭਗਤਣੀ ਦਾ, ਜਾਮਾ ਸੀਪਕੇ ਪੇਸ਼ ਹਜ਼ੂਰ ਹੋਇਆ! ਬਿਰਧ ਪੋਟਿਆਂ ਦਾ ਡਿੱਠਾ ਸਿਦਕ ਜਦੋਂ, ਐਸੀ ਖ਼ੁਸ਼ੀ ਅੰਦਰ ਰੱਬੀ ਨੂਰ ਹੋਇਆ! ਖੇਡਣ ਲਗ ਪਈ ਮੁਸਕੜੀ ਬੁੱਲ੍ਹੀਆਂ ਤੇ, ਓਹਦਾ ਕਤਿਆ ਕੁੱਲ ਮਨਜ਼ੂਰ ਹੋਇਆ! ਨਾਲੇ ਏਸ ਦੁਨੀਆਂ ਨਾਲੇ ਓਸ ਦੁਨੀਆਂ, ਸਿਦਕਵਾਨ ਦਾ ਨਾਂ ਮਸ਼ਹੂਰ ਹੋਇਆ! ਤਦੇ ਸੂਤ ਏਹ ਰਿਸ਼ਮਾਂ ਦਾ ਕੱਤਦਾ ਹਾਂ, ਮੈਂ ਵੀ ਚੋਆ ਇਕ ਸਿਦਕ ਦਾ ਚੱਖਿਆ ਏ! 'ਸ਼ਰਫ਼' ਜਿਨ੍ਹਾਂ ਨੂੰ ਦਾਗ਼ ਤੂੰ ਸਮਝ ਬੈਠੋਂ, ਭਾਗਭਰੀ ਦਾ ਚਰਖ਼ਾ ਏਹ ਰਖਿਆ ਏ! *ਛੇਵੇਂ ਗੁਰੂ ਸਾਹਿਬ। #ਕਸ਼ਮੀਰ ਦੇ ਮਸ਼ਹੂਰ ਛੰਭ ਦਾ ਨਾਮ ਹੈ।

25. ਰੂਹ ਤੇ ਸਰੀਰ

ਪ੍ਰੀਤ ਦੋਵੇਂ ਪਾਣ ਵਾਲੇ ਰੂਹ ਤੇ ਸਰੀਰ ਸਨ, ਜਾਨ ਐਵੇਂ ਫਸ ਗਈ ਨਿੱਤ ਦੇ ਅਜ਼ਾਬ ਵਿੱਚ ! ਮੰਗੀ ਕਯੋਂ ਨਾ ਜ਼ਿੰਦਗੀ ਮੈਂ ਹਾਏ ਖੁਸ਼ਬੂ ਵਾਲੀ, ਰੰਗ ਹੋਕੇ ਫਸ ਗਿਆ ਕਾਸਨੂੰ ਗੁਲਾਬ ਵਿੱਚ! ਸੀਨੇ ਵਿੱਚ ਦਿਲ ਹੁਰੀ, ਦਿਲ ਵਿੱਚ ਸੱਧਰਾਂ ਨੇ, ਜੁੱਤੀ 'ਚ ਜਰਾਬ ਫਸੀ, ਪੈਰ ਹੈ ਜਰਾਬ ਵਿੱਚ! ਬਾਰਾਂ ਸਾਲ ਚਾਰਨਾ ਪੈ ਹੀਰ ਦੀਆਂ ਮੱਝੀਆਂ ਨੂੰ, ਖੇਚਲਾਂ ਕੋਈ ਲੰਮੀਆਂ ਨਾ ਚਾਕ ਦੇ ਖਿਤਾਬ ਵਿੱਚ! ਡੁੱਬੀ ਸੋਹਣੀ ਨੈਂ ਵਿਚ ਭੜਕੀ ਨੂੰ ਬੁਝਾਣ ਲਈ, ਖ਼ਬਰੇ ਕੀ ਮਸਾਲਾ ਹੈਸੀ ਪੱਟ ਦੇ ਕਬਾਬ ਵਿੱਚ? ਖੰਭ ਓਹਦੇ ਸੀਸ ਤੋਂ ਭੀ ਉੱਚੇ ਜਾਨੀ ਰੱਖਦਾ ਏਂ, ਐਡੀ ਵਡਿਆਈ ਕੀ ਸੀ ਭਲਾ ਸੁਰਖ਼ਾਬ ਵਿੱਚ? ਚੜ੍ਹਿਆ ਰਹੇ ਚੰਦ ਸਦਾ ਮੇਰੇ ਲਈ ਈਦ ਵਾਲਾ, ਅੱਖੀਆਂ ਦੇ ਘੇਰੇ ਮੇਰੇ ਰੱਖ ਲੈ ਰਕਾਬ ਵਿੱਚ! ਚਿੱਟੇ ਚਿੱਟੇ ਦੰਦ ਤੇ ਬਰੀਕ ਬੁੱਲ ਲਾਲ ਤੇਰੇ, ਮੋਤੀਆ ਗੁਲਾਬ ਲਗੇ ਹੈਨ ਇੱਕੋ ਦਾਬ ਵਿੱਚ! ਦਿਲ ਲੈਕੇ ਬੋਲੋ ਨ ਬੁਲਾਏ ਬਿਨਾ ਹਰਫ਼ ਵਾਂਗੂੰ, ਦਸੋ ਮੈਨੂੰ ਲਿਖਿਆ ਹੈ ਕੇੜੀ ਏ ਕਿਤਾਬ ਵਿੱਚ? 'ਸ਼ਰਫ਼' ਤੇਰੇ ਸਾਹਵੇਂ ਤਦੇ ਘੜੀ ਮੁੜੀ ਆਉਂਦਾ ਏ, ਬੜਾ ਮਜ਼ਾ ਆਵੇ ਤੇਰੇ ਗੁਸੇ ਦੇ ਜਵਾਬ ਵਿੱਚ!

26. ਪ੍ਰੇਮ-ਹਠ

ਪ੍ਰਸ਼ਨ- 'ਮਲਕੀ' ਆਖਦੀ ਬੀਤ ਗਈ ਉਮਰ ਹੀਰੇ, ਤੈਨੂੰ ਅਜੇ ਨਹੀਂ ਫ਼ਹਿਮ ਇਦਰਾਕ ਆਯਾ! ਤੇਰੇ ਸੀਸ ਤੇ ਕਿਆ ਲਡਿੱਕੀਏ ਨੀ, ਭੂਤ ਪ੍ਰੇਮ ਦਾ ਮਾਰ ਪੁਲਾਕ ਆਯਾ! ਚਾਦਰ ਸ਼ਰਮ ਹਯਾ ਤੂੰ ਚੀਰ ਸੁੱਟੀ, ਸਾਡੇ ਘਰ ਏਹ ਜਦੋਂ ਦਾ ਚਾਕ ਆਯਾ! ਬਦਲੇ ਮਹੀਆਂ ਦੇ ਸਾਨੂੰ ਹੀ ਚਾਰਿਆ ਸੂ, ਵਾਗੀ ਵੱਗ ਦਾ ਜਿਹਾ ਚਲਾਕ ਆਯਾ! ਸਾਨੂੰ ਏਸ ਗੱਲੇ ਢਾਹ ਢਾਹ ਮਾਰਨੀ ਏਂ, ਘੁਲ ਕੇ ਭਾਬੀਆਂ ਨਾਲ ਘੁਲਾਕ ਆਯਾ! ਭਰਮ ਭਾ ਗਵਾ ਕੇ ਭਾਈਆਂ ਦਾ, ਸਾਨੂੰ ਕਰਨ ਹੌਲਾ ਵਾਂਗ ਕਾਕ ਆਯਾ! ਡੋਕੇ ਬੂਰੀਆਂ ਦੇ ਚੁੰਘ ਕੇ ਫਿਟ ਗਿਆ, ਨੀ, ਇਹ ਦੁੱਧ ਦਾ ਵੱਡਾ ਪਿਆਕ ਆਯਾ! ਤੇਰੀਆਂ ਚੂਰੀਆਂ ਕੀਕਰ ਪਚਾਉਂਦਾ ਇਹ, ਜੇੜ੍ਹਾ ਗੋਜੀ ਦੀ ਖਾਂਦਾ ਖ਼ੁਰਾਕ ਆਯਾ ! ਤੈਨੂੰ ਯਾਦ ਏ ਓਦਨ ਦਾ ਹਾਲ ਇਹਦਾ, ਸਾਡੇ ਘਰ ਸੀ ਜਿੱਦਨ ਰਲਾਕ ਆਯਾ? ਲੱਥੇ ਹੋਏ ਲੰਗਾਰ ਸਨ ਲੀੜਿਆਂ ਦੇ, ਝੱਗਾ ਪਾਟ ਕੇ ਸੀ ਉੱਤੇ ਢਾਕ ਆਯਾ! ਜਾਇਦਾਦ ਹਜ਼ਾਰੇ ਦੀ ਲੈ ਵੱਡੀ, ਸੀ ਇਹ ਵੰਝਲੀ ਸ਼ੀਸ਼ਾ ਮਸਵਾਕ ਆਯਾ! ਫਸੀ ਤਖ਼ਤ ਹਜ਼ਾਰੇ ਨ ਕੋਈ ਤੀਵੀਂ, ਬੜਾ ਵਾਂਗ ਬੁਲਾਰੇ ਪਟਾਕ ਆਯਾ! ਸੁਣੀ ਰਾਮ ਕਹਾਣੀ ਨ ਕਿਸੇ ਏਹਦੀ, ਸਾਰੇ ਪਿੰਡਾਂ ਵਿਚ ਮਾਰਦਾ ਹਾਕ ਆਯਾ! ਜਿਨ੍ਹੇ ਆਪਣੇ ਸੱਕੇ ਨਾ ਮੂਲ ਜਾਤੇ, ਤੇਰਾ ਕਿੱਧਰੋਂ ਵਡਾ ਇਹ ਸਾਕ ਆਯਾ? ਨਾ ਭੁੱਲ ਚਾਕ ਦੇ ਚੋਪੜੇ ਬੋਦਿਆਂ ਤੇ, ਤੇਰੀ ਜਾਨ ਦਾ ਵੈਰੀ ਜ਼ੋਹਾਕ ਆਯਾ! ਖੇਹ ਤੇਰੀ ਭੀ ਹੁਣ ਇਹ ਉਡਾਣ ਲੱਗਾ, ਪਾ ਪਿਛਲਿਆਂ ਦੇ ਸਿਰ ਵਿਚ ਖ਼ਾਕ ਆਯਾ? ਦਾਹੜੀ ਬੱਬ ਦੀ ਮੇਰਾ ਸੁਫ਼ੈਦ ਝਾਟਾ, ਤੇਰੇ ਧਿਆਨ ਨਹੀਂ ਰਤਾ ਬੇਬਾਕ ਆਯਾ? ਨਾ ਤੂੰ ਵੀਰ ਦੀ ਪੱਗ ਦੀ ਲਾਜ ਰੱਖੀ, ਓਹ ਵੀ ਸੱਥ ਚੋਂ ਹੋ ਗ਼ਮਨਾਕ ਆਯਾ! ਮਾਪੇ ਪਿੰਡ ਦਾ ਪੋਸ਼ ਭੀ ਲਾਹ ਸੁੱਟਣ, ਅੱਗੋਂ ਧੀਆਂ ਨੂੰ ਕਰਨਾ ਨਹੀਂ ਵਾਕ ਆਯਾ! ਨੀ ਤੂੰ ਓਹਨੂੰ ਭੀ ਪਿਛੇ ਨਾ ਪਾਉਨੀ ਏਂ, ਮੱਤ ਦੇਣ ਜੇ ਤੀਜਾ ਧਿਆਕ ਆਯਾ! ਜਿਦ੍ਹੀ ਵਿੱਚ ਉਡੀਕ ਦੇ ਰੋ ਰੋ ਕੇ, ਸਾਸ ਨੱਕ ਤੇ ਤੇਰਾ ਨਾਪਾਕ ਆਯਾ! ਮੇਰਾ ਪੁੱਤ ਸੁਲਤਾਨ ਝਲਾਂਗ ਵੇਲੇ, ਮੱਝਾਂ ਚਾਰਨੋਂ ਓਸ ਨੂੰ ਠਾਕ ਆਯਾ! ਤੈਨੂੰ ਓਦੋਂ ਦੀ ਲੱਗੀ ਪਝੱਤਰੀ ਏ, ਵਾਜੇ ਵੱਜਣ ਦਾ ਜਦੋਂ ਖੜਾਕ ਆਯਾ! ਕਮਲੀ ਹੋ ਨਾਂ ਰਾਂਝੇ ਦੀ ਕੰਬਲੀ ਤੇ, ਅੰਗ ਲਾ ਨੀ ਜੋੜਾ ਪੁਸ਼ਾਕ ਆਯਾ! ਨੀ ਤੂੰ ਅਕਲ ਨੂੰ ਹੱਥ ਕੁਝ ਮਾਰ ਮੋਈਏ, ਚੂੜਾ ਪਾ ਬਾਹੀਂ ਅਰਕਾਂ ਤਾਕ ਆਯਾ! ਨਾਂ ਕਰ ਨੱਕ ਚੜ੍ਹਾ ਚੜ੍ਹਾ ਗੱਲਾਂ, ਹੀਰੇ ਵਾਲੜਾ ਵੇਖ ਬਲਾਕ ਆਯਾ ! ਬਹਿ ਜਾ ਚੱਉ ਦੇ ਨਾਲ ਤੇ ਵੇਖ ਪੀੜ੍ਹਾ, ਜੜਿਆ ਸੋਨੇ ਦੀ ਨਾਲ ਸੁਲਾਕ ਆਯਾ! 'ਸ਼ਰਫ਼' ਕੰਡਿਆਂ ਦਾ ਢੀਂਗਰ ਲਾਹ ਮਗਰੋਂ, ਸੈਦਾ ਵੇਖ ਨੀ ਨੀਂਗਰ ਉਸ਼ਨਾਕ ਆਯਾ! ਉੱਤਰ:- ਹੀਰ ਆਖਦੀ ਮਾਏ ਨੀ ਪਵੇ ਲੋੜ੍ਹਾ, ਤੈਨੂੰ ਖ਼ਿਆਲ ਨਹੀਂ ਅਜੇ ਤਾਕ ਆਯਾ! ਮੈਂ ਕਦ ਰਾਜ਼ੀ ਸਾਂ ਏਸ ਝੁਲ੍ਹਾ ਉੱਤੇ, ਤੁਸਾਂ ਸੱਦਿਆ ਸੈਦਾ ਰੁਲਾਕ ਆਯਾ! ਬਦੋ ਬਦੀ ਨਹੀਂ ਕਦੀ ਵਿਆਹ ਹੁੰਦੇ, ਐਵੇਂ ਵਾਜਿਆਂ ਦੀ ਪਾਉਂਦਾ ਧਾਕ ਆਯਾ! ਮੇਰੀ ਮੌਤ ਦੀ ਪੜ੍ਹੇਗਾ ਮੇਲ ਚਿੱਠੀ, ਇਜ਼ਰਾਈਲ ਖੇੜਾ ਲੈਕੇ ਡਾਕ ਆਯਾ! ਛੁਰੀ ਸਗਨ ਦੀ ਪਕੜਕੇ ਹੱਥ ਜ਼ਾਲਮ, ਨੀ ਏਹ ਮੁੱਝ ਨੂੰ ਕਰਨ ਹਲਾਕ ਆਯਾ! ਸ਼ਾਨ ਰੱਬ ਦੀ ਖੇੜਿਆਂ ਝੇੜਿਆਂ ਲਈ, ਰੰਗ ਰੰਗ ਦਾ ਖਾਣਾ ਖ਼ੁਰਾਕ ਆਯਾ। ਨਾਂ ਕੋਈ ਰਾਂਝੇ ਗ਼ਰੀਬ ਨੂੰ ਪੁੱਛਦਾ ਏ, ਜੇੜ੍ਹਾ ਲੰਮੀਆਂ ਮੰਜ਼ਲਾਂ ਝਾਕ ਆਯਾ! ਅੱਗੇ ਜੱਨਤ ਹਜ਼ਾਰਿਓਂ ਵਾਂਗ ਆਦਮ, ਹੋਕੇ ਹੱਥੋਂ ਭਰਾਵਾਂ ਗ਼ਮਨਾਕ ਆਯਾ! ਚੱਕੀ ਦੁੱਖਾਂ ਦੀ ਤੁਸਾਂ ਭੀ ਪੀਸ ਦਿੱਤਾ, ਹੈਸੀ ਕਣਕ ਵਾਂਗੂੰ ਸੀਨਾ ਕਾਕ ਆਯਾ! ਵੇਖ ਵੇਖ ਮਾਏ ਓਹਦੇ ਹਾਲ ਉੱਤੇ, ਝੜੀਆਂ ਬੰਨ੍ਹਕੇ 'ਹੁਫਤ ਅਫਲਾਕ' ਆਯਾ! ਅੱਧੜ ਵੰਜਾ ਕਬੂਲ ਰੰਝੇਟੜੇ ਦਾ, ਚੁੱਲ੍ਹੇ ਪਾ ਜੋ ਜੋੜਾ ਪੁਸ਼ਾਕ ਆਯਾ ! ਨੀ ਮੈਂ ਓਸ ਰੰਝੇਟੇ ਦੀ 'ਸ਼ਰਫ਼' ਬਾਂਦੀ, ਜਿਦ੍ਹੇ ਵਾਸਤੇ ਤਾਜ ਲੌਲਾਕ ਆਯਾ !

27. ਲੁਟਕੀਆਂ

ਸ਼ਮ੍ਹਾ ਹੁਸਨ ਦੀ ਪਰਦਾ ਫਾਨੂਸ ਅੰਦਰ, ਤੁਸਾਂ ਕਦੋਂ ਤਕ ਪਿਆਰਿਆ ਬਾਲਨੀ ਏਂ! ਸੁੱਟ ਸ਼ੋਹਲਾ ਕੋਹਤੂਰ ਦਾ ਸਾੜ ਛੇਤੀ, ਜੇ ਤੂੰ ਏਸੇ ਤਰਾਂ ਜਾਨ ਜਾਲਨੀ ਏਂ! ਮੇਰੀ ਜਾਨ ਚਲ ਛੱਡ ਹੁਨ ਜਾਨ ਭੀ ਦੇਹ, ਕੀ ਪ੍ਰਦੇਸੀਆਂ ਦੀ ਗੱਲ ਟਾਲਨੀ ਏਂ! ਜੇਕਰ ਹੋਵੇ ਮਨਜ਼ੂਰ ਤੇ ਦਿਲ ਲੈ ਲਓ, 'ਸ਼ਰਫ਼' ਕੋਲ ਏਹੋ ਮੂੰਹ ਵਖਾਲਨੀ ਏਂ! ਲੈ ਲਓ ਦਿਲ ਪਰ ਸਾਂਭਕੇ ਕੋਲ ਰੱਖੋ, ਹੱਥਾਂ ਵਿੱਚ ਘਝੋਣਾ ਮਰੋੜਨਾ ਨਹੀਂ! ਬੜਾ ਸੁਹਲ ਮਿਜ਼ਾਜ ਤੇ ਅੱਥਰਾ ਜੇ, ਏਹਨੂੰ ਤੋੜਿਆਂ ਦੇ ਨਾਲ ਤੋੜਨਾ ਨਹੀਂ! ਬੜਾ ਨਾਜ਼ਕ ਜੇ ਮੋਤੀ ਦੇ ਕੱਚ ਕੋਲੋਂ, ਇਹ ਜੇ ਟੁੱਟਿਆ ਤੇ ਕਿਸੇ ਜੋੜਨਾ ਨਹੀਂ! ਨਾਲੇ ਹੁਣੇ ਹੀ ਪਰਖ ਲਓ ਖਰਾ ਖੋਟਾ, ਪਿਛੋਂ 'ਸ਼ਰਫ਼' ਨੇ ਏਸਨੂੰ ਮੋੜਨਾ ਨਹੀਂ! ਬਦਲੇ ਦਿਲ ਦੇ ਪਵੇਗਾ ਦਿਲ ਦੇਣਾ, ਏਸ ਗੱਲ ਨੂੰ ਵੀ ਯਾਦ ਰੱਖਣਾ ਜੇ! ਇੱਕ ਹੱਥ ਦੇਵੋ, ਇੱਕ ਹੱਥ ਲੈ ਲਓ, ਜਾਨੀ ਵਣਜ ਇਹ ਬੜਾ ਸੁਲੱਖਣਾ ਜੇ! ਦੇਣੇ ਪੈਣਗੇ ਪ੍ਰੇਮ ਦੇ ਜਾਮ ਭਰ ਭਰ ਅਸਾਂ ਰੋਹਬ ਨਾ ਝੱਲਣਾ ਸੱਖਣਾ ਜੇ! ਹੁਣੇ ਫੈਸਲਾ 'ਸ਼ਰਫ਼' ਦੇ ਨਾਲ ਕਰ ਲਓ, ਪਿੱਛੋਂ ਕੰਗ ਮਚਾਉਣੀਏਂ ਮੱਖਣਾ ਜੇ? ਦੇਕੇ ਥਾਪਣਾ ਲਾਰਿਆਂ ਝੂਠਿਆਂ ਦੀ, ਮੈਨੂੰ ਵਿੱਚ ਉਡੀਕ ਨਾਂ ਗੱਡ ਜਾਂਦੋਂ! ਜੇ ਤੂੰ ਚਲਿਆ ਹੀ ਜਾਣਾ ਸੀ ਦਗ਼ੇ ਬਾਜ਼ਾ, ਮੇਰੀ ਦੀਦ ਹਸਰਤ ਤੇ ਕੱਢ ਜਾਂਦੋਂ? ਨਹੀਂ ਤੇ ਜ਼ੁਲਫ਼ਾਂ ਦੀ ਕਾਤਲਾ ਪਾ ਫਾਂਸੀ, ਮੇਰਾ ਰੋਜ਼ ਦਾ ਫਾਹ ਇਹ ਵੱਢ ਜਾਂਦੋਂ! ਸਾਰੀ ਉਮਰ ਪੀਂਦਾ ਤੇਰੇ ਪੈਰ ਧੋ ਧੋ, ਜੇ ਨਾਂ 'ਸ਼ਰਫ਼' ਨੂੰ ਰੋਂਦਿਆਂ ਛੱਡ ਜਾਂਦੋਂ! ਪੱਕੀ ਤਰਾਂ ਨਾਂ ਪਾਈ ਸੀ ਪ੍ਰੀਤ ਅਜੇ, ਬੁੱਝ ਲਈ ਸੀ ਲੋਕਾਂ ਤੜੱਕ ਕਰਕੇ! ਦੂਜੇ ਕੰਨ ਨਹੀਂ ਅੱਜ ਆਵਾਜ਼ ਪਹੁੰਚੀ, ਟੁੱਟ ਪਈ ਏ ਜਦੋਂ ਕੜੱਕ ਕਰਕੇ! ਗੁੱਸੇ ਗਿਲੇ ਹਮੇਸ਼ਾਂ ਇਹ ਰਹਿਣ ਸੁੱਕੇ, ਲੋਕੀ ਚੁੱਪ ਰਹਿ ਗਏ, ਏਹੋ ਸ਼ੱਕ ਕਰਕੇ! 'ਸ਼ਰਫ' ਡੱਕਦਾ ਡੱਕਦਾ ਥੱਕਿਆ ਮੈਂ, ਗਿਆ ਯਾਰ ਗੱਲ ਦੋ ਡੱਕ-ਕਰਕੇ! ਬਹੁਤੇ ਅੱਥਰੇ ਨਾਲ ਨਾਂ ਪਿਆਰ ਪਾਈਏ, ਆਖੇ ਕੌਲ ਸਿਆਣਿਆਂ ਸੱਚ ਦੇ ਸਨ! ਘਾਟੇ ਵਾਧੇ ਇਹ ਦਗ਼ੇ ਫਰੇਬ ਵਾਲੇ, ਮੇਰੀ ਨਜ਼ਰ ਦੇ ਵਿੱਚ ਨਾਂ ਜੱਚਦੇ ਸਨ! ਬਰਫ ਵਾਂਗ ਹੁਣ ਹੋ ਗਿਆ ਦਿਲ ਠੰਢਾ, ਜਿੱਥੇ ਪਿਆਰੇ ਵਾਲੇ ਭਾਂਬੜ ਮਚਦੇ ਸਨ! 'ਸ਼ਰਫ਼' ਜਿਨ੍ਹਾਂ ਨੂੰ ਲਾਲ ਮੈਂ ਸਮਝਿਆ ਸੀ, ਮੇਰੀ ਵਾਹ ਕਿਸਮਤ! ਮੋਤੀ ਕੱਚ ਦੇ ਸਨ! ਮੈਥੋਂ ਉਹਨਾਂ ਦਾ ਹਾਲ ਅਜ ਪੁੱਛ ਜਾਨੀ, ਨਵੇਂ ਯਾਰ ਤੂੰ ਜੇਹੜੇ ਹੁਣ ਟੋਲੜੇ ਨੇ! ਯੂਸਫ਼ ਜਹੇ ਭਰਾਵਾਂ ਨੂੰ ਦੇਣ ਧੋਖੇ, ਜ਼ਾਹਰਾ ਦਿੱਸਦੇ ਭੋਲੋੜੇ ਭੋਲੜੇ ਨੇ! ਮਤਾਂ ਹੋਵੇ ਦਲਾਲੀ ਵਿੱਚ ਮੂੰਹ ਕਾਲਾ, ਲਾਲ ! ਕੱਚ ਨਾਹੀਂ ਸਮਝੀਂ ਕੋਲੜੇ ਨੇ! 'ਸ਼ਰਫ਼' ਸਮਝ ਸੁਰਖ਼ਾਬ ਦਾ ਖੰਭ ਤੈਨੂੰ, ਏਹ ਉਡੌਣ ਲੱਗੇ ਵਾ ਵਰੋਲੜੇ ਨੇ! ਬੜੇ ਸ਼ੌਕ ਦੇ ਨਾਲ ਸੀ ਪਿਆਰ ਪਾਯਾ, ਨਹੀਂ ਸੀ ਖ਼ਬਰ ਇਹ ਦੁੱਖ ਸਹਾਰਨੇ ਸਨ! ਓਸ ਵੇਲੇ ਇਹ ਦਿਨ ਨ ਯਾਦ ਆਏ, ਰੋ ਰੋ ਕੇ ਜੇਹੜੇ ਗੁਜ਼ਾਰਨੇ ਸਨ! ਲਾ ਲਾ ਸੋਖਤਾਂ ਤੇਰੀਆਂ ਪਿਆਰਿਆ ਓ, ਤਾਹਨੇ ਦੋਸਤਾਂ ਵੀ ਮੈਨੂੰ ਮਾਰਨੇ ਸਨ! ਤੁਸਾਂ ਕਦੀ ਨ 'ਸ਼ਰਫ਼' ਨੂੰ ਪੁੱਛਣਾ ਸੀ, ਹਰਦਮ ਬੈਠਕੇ ਵਾਲ ਸਵਾਰਨੇ ਸਨ! ਮੇਰੇ ਪਿਆਰਿਆ ਤੇਰੇ ਈ ਦਮ ਬਦਲੇ, ਝਿੜਕਾਂ ਝੱਲੀਆਂ ਇੱਕ ਇੱਕ ਧਿਰ ਦੀਆਂ ਨੇ! ਏਹਨਾਂ ਕਿਤੇ ਨਹੀਂ ਛੱਡਿਆ ਜਾਣ ਜੋਗਾ, ਤੇਰੀ ਕੰਘੀ ਦੇ ਵਿੱਚ ਜੋ ਘਿਰਦੀਆਂ ਨੇ ! ਚਲੇ ਕੰਘੀ ਤੇ ਚਲਦੀ ਹੈ ਆਰੀ, ਨਿਕਲੇ ਚੀਰਨੇ ਤੇ ਘਟਾਂ ਚਿਰਦੀਆਂ ਨੇ ! ਰੋਵਾਂ ਮੈਂ ਤੇ ਵੱਸਦੀ ਹੈ ਬਰਖਾ, ਹੱਸੇਂ ਤੂੰ ਤੇ ਬਿਜਲੀਆਂ ਗਿਰਦੀਆਂ ਨੇ ! ਠੇਡੇ ਖਾ ਖਾ ਕੇ ਤੇਰੀ ਗਲੀ ਅੰਦਰ, ਦੇਖ ਚਿਪਰਾਂ ਉਡੀਆਂ ਸਿਰ ਦੀਆਂ ਨੇ ! 'ਸ਼ਰਫ਼' ਕੀਕਰ ਇੱਕ ਝਲਕ ਦੇ ਨਾਲ ਨਿਕਲਣ, ਦਿਲ ਵਿੱਚ ਸੱਧਰਾਂ ਜੋ ਚੋਖੇ ਚਿਰ ਦੀਆਂ ਨੇ !

28. ਬਿਜਲੀ ਦੀ ਲਿਸ਼ਕ

ਨੀਲੇ ਜਹੇ ਦੁਪੱਟੜੇ ਦਾ ਘੁੰਡ ਲਾਹਕੇ ਮੁਖੜੇ ਤੋਂ, ਘੜੀ ਮੁੜੀ ਵੇਖਦੀ ਕੋਈ ਅੰਬਰਾਂ ਤੋਂ ਨਾਰੀ ਏ! ਸਿਰ ਉੱਤੇ ਲੈਂਦਿਆਂ ਜਾਂ ਹੀਰਾ-ਕਣੀ ਕੱਪੜੇ ਦੀ, ਝਿਲ ਮਲ ਕਰਦੀ ਪਈ ਗੋਟਾ ਤੇ ਕਨਾਰੀ ਏ! ਬਿਜਲੀ ਦੇ ਚੂੜੇ ਵਾਲੀ ਬਾਂਹ ਜਾਂ ਉਤਾਂਹ ਕਰ, ਨੂਰੀ ਜੇਹੀ ਚੀਰਨੀ ਤੇ ਦਾਉਣੀ ਸ਼ੰਗਾਰੀ ਏ! ਕ੍ਰਿਸ਼ਨ ਜੀ ਦੇ ਗਲੇ ਵਿੱਚ ਪਿਆਰ ਤੇ ਪ੍ਰੇਮ ਨਾਲ, ਹਾਰ ਜਾਂ ਪਹਿਨਾਉਂਦੀ ਪਈ ਰਾਧਾਂ ਜੀ ਪਿਆਰੀ ਏ! ਕਾੜ ਕਾੜ ਸ਼ਾੜ ਸ਼ਾੜ ਚਾਬਕਾਂ ਦੀ ਵਾਜ ਆਵੇ, ਕੀਤੀ ਰਾਣੀ ਕੋਕਲਾਂ ਨੇ ਭੋਜ ਤੇ ਸਵਾਰੀ ਏ! ਕੜਕ ਏਹਦੀ ਸੁਣਕੇ ਕੜੱਕ ਦੌੜੀ ਸਹਿਮ ਨਾਲ, ਕੌਂਤ ਗਲੇ ਜਾ ਲੱਗੀ ਕੋਈ ਮੁਟਿਆਰੀ ਏ! ਜੱਗ ਕੀਤਾ ਚੁੰਨ੍ਹਾਂ ਮਿੰਨ੍ਹਾ ਜਲਵਾ ਦਿਖਾਲ ਕੇ ਤੇ, ਅੱਖਾਂ ਵਿੱਚ ਫਿਰ ਗਈ ਕੋਈ ਤਿਖੀ ਜਹੀ ਕਟਾਰੀਏ! ਚੰਦ ਨੂੰ ਘਸੀਟ ਕੇ ਤੇ ਅੰਬਰਾਂ ਦੇ ਵਿੱਚ ਲੈ ਗਈ, ਨੂਰੀ ਜਹੀ ਕਮੰਦ ਐਸੀ ਓਹਲੇ ਹੋਕੇ ਮਾਰੀ ਏ ! ਤਾਰੇ ਵੀ ਵਿਚਾਰੇ ਸਾਰੇ ਡਰ ਮਾਰੇ ਲੁਕ ਗਏ ਨੇ, ਟੋਹਰ ਵਿੰਨ੍ਹੀ ਆਈ ਕਿੱਥੋਂ ਏਹ ਚੰਚਲਹਾਰੀ ਏ? ਲਹਿੰਦੇ ਵੱਲੋਂ ਗੁੰਮ ਹੋਕੇ ਨਿਕਲੀ ਪਹਾੜ ਤੇ ਜਾ, ਦੇਖੋ ਕਿਥੋਂ ਟੁਬੀ ਮਾਰੀ ਕਿਥੇ ਲਾਈ ਤਾਰੀ ਏ! ਚਮਕ ਏਹਦੀ ਆਂਹਦੀ ਏ ਕੀ ਛੱਜੀਂ ਖਾਰੀਂ ਮੀਂਹ ਵਿੱਚ, ਰੋਂਦਿਆਂ ਦੇ ਕੋਲ ਹੱਸੇ ਕੇਡੀ ਹੈਂਸਿਆਰੀ ਏ! ਕਾਲੀ ਕਾਲੀ ਘਟ ਨਹੀਂ ਏਹ ਮਹਮਲ ਹੈ ਕਚਾਵੇ ਉੱਤੇ, ਮਜਨੂੰ ਦੇ ਵੱਲ ਕੀਤੀ ਲੇਲਾਂ ਨੇ ਤਿਆਰੀ ਏ! ਡੋਰੀ ਬੌਰੀ ਹੋਈ ਹੋਈ ਝਾਤੀਆਂ ਪਈ ਮਾਰਦੀ ਏ, ਪੱਛਮੀ ਚੁਬਾਰੇ ਵਾਲੀ ਖੋਲ੍ਹੀ ਹੋਈ ਬਾਰੀ ਏ! ਬਾਲ ਬਾਲ ਤੀਲੀਆਂ ਤੇ ਕਾਲੀ ਕਾਲੀ ਰਾਤ ਵਿੱਚ, ਨਿੱਕੀ ਜੇਹੀ ਭੈਣ ਵੱਲ ਵੇਂਹਦੀ ਦੁਖਿਆਰੀ ਏ! ਵਿੱਚੇ ਵਿੱਚ ਪਈ ਸੜੇ ਵੱਸ ਓਹਦਾ ਚੱਲਦਾ ਨਹੀਂ, ਸ਼ੀਸ਼ਿਆਂ ਦੀ ਜੇਲ ਵਿੱਚ ਕੈਦ ਓਹ ਵਿਚਾਰੀ ਏ! ਸਾੜੇ ਰੁੱਖਾਂ ਬੂਟਿਆਂ ਨੂੰ ਪਿਆ ਏਹਦਾ ਪਰਛਾਵਾਂ, ਅੱਗ ਏਹਦੇ ਸੀਨੇ ਵਿੱਚ ਜੱਗ ਤੋਂ ਨਿਆਰੀ ਏ! ਕਾਲਾ ਜਿਹਾ ਬੱਦਲ ਇੰਜ ਜਾਪਦਾਏ ਜਿਵੇਂ ਕੋਈ, ਮਲ ਕੇ ਸਵਾਹ ਬੈਠਾ ਹੁਸਨ ਦਾ ਪੁਜਾਰੀ ਏ! ਭੁੱਬਾਂ ਮਾਰ ਰੋਂਵਦਾ ਏ ਸੋਗ ਤੇ ਵਜੋਗ ਵਿੱਚ, ਮੁੱਖੜਾ ਵਿਖਾਲ ਪਰੀ ਮਾਰ ਗਈ ਉਡਾਰੀ ਏ! ਕਾਲੇ ਇਲਮ ਵਾਲਾ ਕੋਈ ਕਰਦਾ ਏ ਜਾਪ ਪਿਆ, ਵਰ ਓਹਨੂੰ ਦੇਂਦੀ ਪਈ ਲੂਣਾਂ ਚਮਿਆਰੀ ਏ! ਸਾਵਣ ਪਿਆ ਕੱਢਦਾ ਏ 'ਸ਼ਰਫ਼' ਕੁਤਕਤਾਰੀਆਂ ਜਾਂ, ਖਿੜ ਖਿੜ ਹਸਦੀ ਪਈ ਬਰਖਾ ਕੁਮਾਰੀ ਏ !

29. ਕਸ਼ਮੀਰ ਦਾ ਹੁਸਨ

ਮੱਖਣ ਮੈਦੇ, ਸੰਧੂਰ ਨੂੰ ਗੋ ਗੋ ਕੇ, ਪੁਤਲਾ ਢਾਲਿਆ ਓਹਦੇ ਖ਼ਮੀਰ ਦਾ ਏ ! ਲੁਸ ਲੁਸ ਕਰੇ ਪਿੰਡਾ ਹੱਡ ਕਾਠ ਖੁੱਲ੍ਹੇ, ਮਾਸ ਗੁੱਤਿਆ ਹੋਯਾ ਸਰੀਰ ਦਾ ਏ ! ਤਿੱਖੇ ਨੈਨ ਕਟਾਰੀ ਦੀ ਧਾਰ ਵਾਂਗੂੰ, ਨੱਕ ਰੱਖਿਆ ਨੁੱਕਾ ਸ਼ਮਸ਼ੀਰ ਦਾ ਏ ! ਗੁੱਤਾਂ ਕਾਲੀਆਂ ਕਾਲੀਆਂ ਮਗਰ ਪਿਛੇ, ਜੂੜਾ ਸੁੱਟਿਆ ਹੋਯਾ ਜ਼ੰਜੀਰ ਦਾ ਏ ! ਸੱਚ ਪੁੱਛੋ ਤੇ ਵੱਟਿਆ ਗਿਆ ਰੱਸਾ, ਏਥੇ ਆਣ ਅਮੀਰ ਨੂੰ ਫ਼ਕੀਰ ਦਾ ਏ ! ਕਰੇ ਪ੍ਯਾਰ ਉਹ ਜ਼ੁਲਫ਼ ਦੇ ਕੁੰਡਲਾਂ ਨੂੰ, ਫੇਰ ਪੈ ਗਿਆ ਜਿਨੂੰ ਤਕਦੀਰ ਦਾ ਏ! ਸਿੱਧੇ ਚੀਰ ਦਾ ਵੱਜਦਾ ਤੀਰ ਜਿਸਨੂੰ, ਪਰਬਤ ਗਰਮੀਆਂ ਵਿੱਚ ਓਹ ਚੀਰ ਦਾ ਏ ! ਚੌੜੇ ਮੱਥੇ ਤੇ ਭਾਗ ਦੀ ਸਤਰ ਨਿੰਮ੍ਹੀਂ, ਰੋਜ਼ਨਾਮਚਾ ਸ਼ਾਹੀ ਫ਼ਕੀਰ ਦਾ ਏ ! ਕਾਲੇ ਤਿਲ ਪਾ ਰੱਬ ਨੇ ਮੁੱਖੜੇ ਤੇ, ਖ਼ੱਤਾ ਬੀਜਿਆ ਹੁਸਨ ਜਾਗੀਰ ਦਾ ਏ ! ਬਣੀਆਂ ਹੋਈਆਂ ਨੇ ਬਾਰਕਾਂ ਭਵਾਂ ਦੋਵੇਂ, ਲਾਮ ਲਸ਼ਕਰ ਵਿੱਚ ਨੇਜ਼ੇ ਤੇ ਤੀਰ ਦਾ ਏ! ਨਿਰਮਲ ਅੱਖੀਆਂ ਸ਼ੀਸ਼ੇ ਦੋ ਕੈਮਰੇ ਦੇ, ਜੋੜਾ ਜਾਪਦਾ ਵਿੱਚ ਤਸਵੀਰ ਦਾ ਏ! ਖਿੜਿਆ ਹੋਇਆ ਗ਼ਰੀਬੀ 'ਚ ਸੁੱਖ ਏਦਾਂ, ਕੌਲ ਫੁੱਲ ਜਿਉਂ ਡਲ ਦੇ ਨੀਰ ਦਾ ਏ ! ਸੁਰਖੀ, ਪਾਨ, ਦੰਦਾਸੜੇ ਬਿਨਾ ਚੜ੍ਹਿਆ, ਰੰਗ ਕੁਦਰਤੀ ਬੁੱਲ੍ਹਾਂ ਤੇ ਸੀਰ ਦਾ ਏ ! ਗੁਲੀ ਬਿਜਲੀ ਈ ਕੱਢ ਕੇ ਦਾਨ ਦਿੱਤਾ, ਹੁਸਨ ਦੰਦਾਂ ਤੇ ਅੱਤ ਅਖ਼ੀਰ ਦਾ ਏ, ਕੰਵਲ ਪੱਤੀ ਦੀ ਬਣੀ ਏ ਜੀਭ ਪੀਪੀ, ਮਿੱਠਾ ਬੋਲ ਮਿਜ਼ਾਜ ਗੁੰਭੀਰ ਦਾ ਏ, ਡੂੰਘ ਠੋਡੀ ਦੇ, ਗਲ੍ਹਾਂ ਦੇ ਟੋਏ ਅੰਦਰ, ਡਿਗਦਾ ਢੱਠਦਾ ਦਿਲ ਦਿਲਗੀਰ ਦਾ ਏ ! ਹਾਥੀ ਦੰਦ ਤਾਂ ਹੁੰਦਾ ਏ ਬੜਾ ਕਰੜਾ, ਗਾਟਾ, ਗਲਾ ਗਲਾਸ ਪਨੀਰ ਦਾ ਏ ! ਥਾਂ ਬਾਹਵਾਂ ਦੀ ਇਕ ਇਕ ਸ਼ਿਅਰ ਸੁੰਦਰ, ਲਿਖਿਆ ਹੋਯਾ ਦੇ ਕਿਸੇ ਫ਼ਕੀਰ ਦਾ ਏ :- 'ਇੱਕ ਹੱਥ ਦੇ ਦੇ, ਇੱਕ ਹੱਥ ਲੈ ਲੈ, ਖਰਾ ਵਣਜ ਵਿਹਾਰ ਏਹ ਧੀਰ ਦਾ ਏ ! ਰਿਸ਼ੀਆਂ ਵਾਸਤੇ ਲੇਕਾਂ 'ਚ ਇੰਜ ਰਹਿਣਾ, ਕੇਲੇ ਮੁੱਢ ਜਿਉਂ ਰੁੱਖ ਕਰੀਰ ਦਾ ਏ ! *ਸ਼ਾਲੀ ਛੜਦਿਆਂ ਟਿਕੇ ਨਾ ਪੱਬ ਅੱਡੀ, ਭਾਵੇਂ ਕੰਮ ਏਹ ਬੜੀ ਖਲ੍ਹੀਰ ਦਾ ਏ! ਦੱਸਾਂ ਗੱਲਾਂ ਚੋਂ ਨਿਕਲਦਾ ਤਿੰਨ ਵਾਰੀ, ਮੂੰਹੋਂ ਕਲਮਾ ਏਹ +'ਤੌਬ ਤਕਸੀਰ' ਦਾ ਏ! ਸਿਰ ਤੇ ਟੋਪੀ ਪਟਾਰੀ ਸਪੋਲੀਆਂ ਦੀ, ਗਿਰਦ ਘੇਰਾ ਇਕ ਲੰਮੀ ਜਹੀ ਲੀਰ ਦਾ ਏ! ਪਿੰਨਾਂ ਓਹਦੇ ਵਿੱਚ ਸੈਂਕੜੇ ਲਾ ਲਾ ਕੇ, ਰੰਗ ਰੰਗਿਆ ਹੋਇਆ ਨਕਸੀਰ ਦਾ ਏ! ਬੁਕ ਬੁਕ ਡੰਡੀਆਂ ਪਾਈ ਏ ਡੰਡ ਐਸੀ, ਪੈਂਦਾ ਸ਼ੋਰ ਜਿਉਂ ਕਿਸੇ ਵਹੀਰ ਦਾ ਏ! ਸਾਦਾ ਲੌਹੀ ਤੇ ਹੁਸਨ ਨੇ ਰਲ ਮਿਲਕੇ, ਮਜ਼ਾਂ ਬੰਨ੍ਹਿਆਂ ਖੰਡ ਤੇ ਖੀਰ ਦਾ ਏ! ਸੰਦਰ ਪਿੰਨ ਰੁਮਾਲ ਦਾ ਇਸ਼ਕ ਏਡਾ, ਹੁੰਦਾ ਭੈਣ ਨੂੰ ਪ੍ਰੇਮ ਜਿਉਂ ਵੀਰ ਦਾ ਏ! ਚਾਹ ਰੋਟੀ ਦੀ ਭੱਤ ਨੇ ਅੰਜ ਤੋੜੀ, ਤੀਲਾ ਟੁੱਟਦਾ ਜਿਵੇਂ ਕਸੀਰ ਦਾ ਏ! ਜ਼ਿੰਦਾ ਦਿਲਾਂ ਦੇ ਵਾਸਤੇ ਜੱਗ ਉੱਤੇ, ਬੇਸ਼ਕ ਦੇਸ਼ ਏ ਜੱਨਤ ਨਜ਼ੀਰ ਦਾ ਏ! 'ਸ਼ਰਫ਼' ਸ਼ਹਿਰ ਗਰਾਵਾਂ ਨੂੰ ਗਾਹ ਗਾਹ ਕੇ, ਪਰਖ ਲਿਆ ਮੈਂ ਹੁਸਨ ਕਸ਼ਮੀਰ ਦਾ ਏ। *ਝੋਨਾ +ਓਥੋਂ ਦੇ ਲੋਕਾਂ ਦਾ ‘ਮੂੰਹ ਚੜ੍ਹਿਆ ਬੋਲ

30. ਮਿਲਾਪ

ਹੁੰਦੇ ਮੱਖਣਾ ਅਸੀਂ ਜੇ ਸੂਝ ਵਾਲੇ, ਐਵੇਂ ਰੇੜਕੇ ਦਾ ਪਾਣੀ ਰਿੜਕਦੇ ਨਾਂ! ਦੂਤੀ ਪੈਰਾਂ ਤੇ ਰੱਖਦੇ ਪੱਗ ਭਾਵੇਂ, ਅਸੀਂ ਪੈਂਤੜੇ ਤੋਂ ਕਦੀ ਥਿੜਕਦੇ ਨਾਂ! ਪਾਣੀ ਓਭੜਾਂ ਦਾ ਭਰਨਾਂ ਕਿਓਂ ਪੈਂਦਾ, ਆਪੋ ਵਿੱਚ ਜੇ ਪਾਟਦੇ ਤਿੜਕਦੇ ਨਾਂ! ਜੇ ਨਾਂ ਭੁੱਲਦੇ ਅਸੀ ਗਵਾਂਢ ਮੱਥਾ, ਤਾਂ ਅਜ ਓਪਰੇ ਸਾਨੂੰ ਭੀ ਝਿੜਕਦੇ ਨਾਂ! ਹੁਣ ਭੀ ਰੱਬ ਦੇ ਵਾਸਤੇ ਇੱਕ ਹੋ ਜਾ, ਕੀ ਲੈਣਾ ਈਂ ਭੋਲਿਆ ਦੋ ਬਣਕੇ! ਆ ਜਾ ਹਿੰਦ ਗੁਲਾਬ ਦੇ ਫੁੱਲ ਅੰਦਰ, ਦੋਵੇਂ ਵੱਸੀਏ ਰੰਗ-ਖ਼ੁਸ਼ਬੋ ਬਣਕੇ! ਤੂੰ ਤੇ ਮੈਂ ਹਾਂ ਦੋਏ ਭਰਾ ਓਹੋ, ਜਿਨ੍ਹਾਂ ਧੁੰਮ ਜਹਾਨ ਵਿੱਚ ਪਾ ਦਿੱਤੀ! ਡਿੱਠਾ ਅੱਖ ਸੁਰਮੀਲੀ ਦੇ ਨਾਲ ਜਿੱਧਰ, ਓਧਰ ਹਿੰਦ ਦੀ ਤੇਗ ਲਿਸ਼ਕਾ ਦਿੱਤੀ! ਮਾਰੀ ਫੂਕ ਸਲੂਕ ਦੀ ਜਹੀ ਜਾ ਕੇ, ਜਰਮਨ ਜੇਹਾਂ ਦੀ ਹੋਸ਼ ਉਡਾ ਦਿੱਤੀ! ਅਸਾਂ ਦੋਹਾਂ ਮੁਹਾਣਿਆਂ ਜੁੱਟ ਹੋਕੇ, ਬੇੜੀ ਬੰਨੇ ਇੰਗਲੈਂਡ ਦੀ ਲਾ ਦਿੱਤੀ! ਅਸੀਂ ਭਾਰਤ ਦੀ ਅੱਖੀਓਂ ਵਗੇ ਹੋਏ, ਦੋ ਹੰਝੂ ਹਾਂ ਓਹ ਇਤਹਾਸ ਅੰਦਰ! ਜ਼ਮਜ਼ਮ ਰੰਗ ਦੇ ਸੋਮੇ ਵਗਾ ਦਿੱਤੇ ਜਿਨ੍ਹਾਂ ਕੱਚ ਦੇ ਇੱਕੋ ਗਲਾਸ ਅੰਦਰ! ਕਿਨ੍ਹੂੰ ਅੰਨ੍ਹਿਆਂ ਕਰੇਂਗਾ ਦੱਸ ਮੈਨੂੰ, ਛੁਰੀਆਂ ਤੇਜ਼ ਏਹ ਕੀਹਦੇ ਲਈ ਰੱਖੀਆਂ ਨੇ? ਤੂੰ ਨਹੀਂ ਜਾਣਦਾ ਏਹ ਮੁਸਲਮਾਨ ਹਿੰਦੂ, ਭਾਰਤ ਮਾਤਾ ਦੀਆਂ ਦੋਵੇਂ ਅੱਖੀਆਂ ਨੇ? ਜੀਹਦੇ ਨਾਲ ਇਕ ਪੈਲੀ ਦਾ ਪੰਧ ਕਰੀਏ, ਮੁੜ ਮੁੜ ਓਸਨੂੰ ਵੇਂਹਦੀਆਂ ਅੱਖੀਆਂ ਨੇ! ਮਾਂ ਪਿਉ ਜਾਏ ਹਮਸਾਏ ਤੂੰ ਵੇਖ ਤੇ ਸਹੀ, ਮੈਂ ਤਾਂ ਨੀਹਾਂ ਈ ਸਾਂਝੀਆਂ ਰੱਖੀਆਂ ਨੇ! ਵੈਰੀ ਹੱਥਾਂ ਤੇ ਪਾਉਣ ਨਿਸ਼ੰਗ ਤੈਨੂੰ, ਪਰ ਇਹ ਸਾਂਝ ਬੱਨਾਂ ਕਦੀ ਛੁੱਟਣਾ ਨਹੀਂ ! ਬਾਂਹਾਂ ਭੱਜੀਆਂ ਗਲੇ ਨੂੰ ਆਉਣੀਆਂ ਨੇ, ਮਾਸ ਨਵ੍ਹਾਂ ਨਾਲੋਂ ਕਦੀ ਟੁੱਟਣਾ ਨਹੀਂ! ਪਿਆ ਖੈਬੜੇਂ ਗੱਲਾਂ ਨਿਗੂਣੀਆਂ ਤੋਂ, ਤੈਥੋਂ ਧਰਮ ਈਮਾਨ ਦਾ ਵੀ ਅੱਕਿਆ ਏ ! ਪਾਕੇ ਮੂੰਹ ਗਲਮੀਣੇ ਦੇ ਵਿੱਚ ਤੂੰ ਭੀ, ਜਲਵਾ ਦੱਸ ਖਾਂ ਏਕੇ ਦਾ ਤੱਕਿਆ ਏ! ਇਕ ਇਕ ਤੰਦ ਨੂੰ ਵੇਖ ਇਤਫ਼ਾਕ ਕਰਕੇ, ਤੇਰੇ ਸਾਰੇ ਸਰੀਰ ਨੂੰ ਢੱਕਿਆ ਏ! ਕਰਕੇ ਦੁਸ਼ਮਨੀ ਬੰਦਿਆਂ ਨਾਲ ਤੂੰ ਤੇ, ਹੁਕਮ ਵੱਡਿਆਂ ਦਾ ਪਰ੍ਹਾਂ ਧੱਕਿਆ ਏ ! ਵੇਖ ਨਾਨਕ ਦੇ ਅੱਖਰ ਨੇ ਚਾਰ ਏਧਰ, ਓਧਰ ਚਾਰੇ ਈ ਕ੍ਰਿਸ਼ਨ ਦੇ ਜਾਪਦੇ ਨੇ! ਹਰਫ਼ ਚਾਰ ਮੁਹੰਮਦ ਦੇ ਹੈਨ ਏਧਰ, ਓਧਰ ਚਮਕਦੇ ਚਾਰ ਮਿਲਾਪ ਦੇ ਨੇ ! ਪੰਜ ਸੌ ਸੱਤਰ ਕ੍ਰਿਸ਼ਨ ਦੇ ਹੈਨ ਅੰਛਰ, ਵੱਖ ਬਾਨਵੇਂ ਹਜ਼ਰਤ ਦੇ ਪਾ ਦੇਈਏ! ਇਕ ਸੌ ਇੱਕੀ ਵੀ ਨਾਨਕ ਦੇ ਲਿਖ ਲਈਏ, ਜ਼ਰਬ ਅੱਠਾਂ ਦੀ ਅੱਡ ਅੱਡ ਲਾ ਦਈਏ! ਸੱਤ ਜਮ੍ਹਾਂ ਕਰਕੇ ਦਸ ਦੀ ਜ਼ਰਬ ਦੇਈਏ, ਅਦਦ ਹੋਰ ਭੀ ਤਿੰਨ ਵਧਾ ਦੇਈਏ! ਫੇਰ ਏਹਨਾਂ ਨੂੰ ਅੱਸੀ ਦੀ ਰਕਮ ਉੱਤੇ, ਵੱਖੋ ਵੱਖ ਤਕਸੀਮ ਕਰਾ ਦੇਈਏ! ਸੱਤਰ ਤਿੰਨ ਤਿਹੱਤਰ ਦਾ ਅਦਦ ਬਾਕੀ, ਵਿੱਚੋਂ ਪਿਆਰ ਦਾ ਰਾਗ ਅਲਾਪ ਨਿਕਲੇ! ਹੁੰਦੇ ਅਦਦ ਤਿਹੱਤਰ ਮਿਲਾਪ ਦੇ ਨੇ, ਤਿੰਨਾਂ ਵਿੱਚੋਂ ਮਿਲਾਪ ਮਿਲਾਪ ਨਿਕਲੇ! ਅਜੇ ਤੀਕ ਨਹੀਂ ਵਿਗਆ ਕੁਝ ਤੇਰਾ, ਹੁਣ ਭੀ ਸੈਂਤ ਲੈ ਮੋਤੀਆਂ ਡੌਲਿਆਂ ਨੂੰ! ਰਲਕੇ ਆਪਣੀ ਗੱਲ ਨਬੇੜ ਲਈਏ, ਤਰਲੇ ਘੱਤੀਏ ਕਾਹਨੂੰ ਵਿਚੋਲਿਆਂ ਨੂੰ! ਦੁਭਦਾ ਵਿੱਚ ਲੁਟਾਵੀਏ ਪਏ ਮੋਹਰਾਂ, ਮੋਹਰਾਂ ਲਾਵੀਏ ਪਏ ਅਸੀ ਕੋਲਿਆਂ ਨੂੰ ! ਖੁੰਝ ਗਿਆ ਜੇ ਸਮਾਂ ਏਹ ਯਾਦ ਰੱਖੀਂ, ਪਏ ਤਰਸਾਂਗੇ ਕੱਚਿਆਂ ਛੋਲਿਆਂ ਨੂੰ ! ਜੇਕਰ ਅੱਜ ਇਤਫ਼ਾਕ ਨੂੰ ਛੇਕ ਦਿੱਤਾ, ਸਾਡੇ ਨੇੜੇ ਆਜ਼ਾਦੀ ਨੇ ਢੁੱਕਣਾ ਨਹੀਂ! ਡੁੱਬਣ ਲਈ ਭੀ ਗਿਓਂ ਜੇ 'ਸ਼ਰਫ਼' ਪਿੱਛੋਂ, ਤੇਰੇ ਮੂੰਹ ਤੇ ਮੱਛੀਆਂ ਥੁੱਕਣਾ ਨਹੀਂ!

31. ਹਿੰਦੂ-ਮੁਸਲਿਮ-ਸਿੱਖ

ਮੁਸਲਿਮ:-ਤੁਸੀ ਬੜੇ ਕਦੀਰ ਕਰੀਮ ਮੌਲਾ, ਰੰਗਾ ਰੰਗ ਦੇ ਰੰਗ ਦਿਖਾਉਣ ਵਾਲੇ! ਏਸ ਜ਼ਿਮੀਂ ਅਸਮਾਨ ਨੂੰ ਸਾਜਕੇ ਤੇ, ਬਿਨਾਂ ਥੰਮ੍ਹਾਂ ਦੇ ਤੁਸੀ ਟਿਕਾਉਣ ਵਾਲੇ! ਆਫ਼ਤਾਬ ਮਹਿਤਾਬ ਇਹ ਚੀਜ਼ ਕੀ ਨੇ, ਜ਼ੱਰੇ ਜ਼ੱਰੇ ਵਿੱਚ ਨੂਰ ਚਮਕਾਉਣ ਵਾਲੇ! ਕਤਰੇ ਸੁੱਟ ਕੇ ਪਾਣੀ ਵਿੱਚ ਪਾਣੀਆਂ ਦੇ, ਮੋਤੀ ਸਿੱਪ ਵਿੱਚ ਤੁਸੀਂ ਸਜਾਉਣ ਵਾਲੇ! ਤੁਸੀ ਬੜੇ ਰਹੀਮ ਕਰੀਮ ਮੌਲਾ, ਆਦਮ ਹਵਾ ਦਾ ਮੇਲ ਕਰਾਉਣ ਵਾਲੇ! ਵੱਡੇ ਬਹਿਰ ਹੋ ਰਹਿਮਤਾਂ ਸੱਚੀਆਂ ਦੇ, ਕਿਸ਼ਤੀ ਨੂਹ ਦੀ ਪਾਰ ਲੰਘਾਉਣ ਵਾਲੇ! ਤੁਸੀ ਰੋਹੜ ਫਰਊਨ ਨੂੰ ਨੀਲ ਅੰਦਰ, ਹਜ਼ਰਤ ਮੂਸਾ ਨੂੰ ਪਾਰ ਲੰਘਾਉਣ ਵਾਲੇ! ਇਬਰਾਹੀਮ ਦੇ ਵਾਸਤੇ ਚਿਖ਼ਾ ਬਲਦੀ, ਤੁਸੀ ਬਾਗ਼ ਗੁਲਜ਼ਾਰ ਬਣਾਉਣ ਵਾਲੇ! ਇਸਮਾਈਲ ਪੈਗ਼ੰਬਰ ਦਾ ਛੁਰੀ ਕੋਲੋਂ, ਇਕ ਇਕ ਲੂੰ ਹੋ ਤੁਸੀ ਬਚਾਉਣ ਵਾਲੇ! ਤੁਸੀਂ ਯੂਨਸ ਨੂੰ ਮੱਛੀ ਦੇ ਪੇਟ ਵਿੱਚੋਂ, ਬਾਹਰ ਸਹੀ ਸਲਾਮਤ ਕਢਾਉਣ ਵਾਲੇ! ਸੁਲੇਮਾਨ ਪੈਗੰਬਰ ਨੂੰ ਤੁਸੀਂ ਮੁੜਕੇ, ਓਦੋ ਤਖ਼ਤ ਹਵਾਈ ਦਿਵਾਉਣ ਵਾਲੇ! ਕੱਢ ਖੂਹ ਚੋਂ ਵੇਚ ਬਜ਼ਾਰ ਅੰਦਰ, ਤੁਸੀ ਯੂਸਫ ਨੂੰ ਤਾਜ ਪਹਿਨਾਉਣ ਵਾਲੇ ! ਕਿਰਮ ਖਾਧੇ ਆਯੂਬ ਦੇ ਬਦਨ ਉੱਤੇ, ਤੁਸੀ ਫੇਰ ਹੋ ਕਰਮ ਫ਼ਰਮਾਉਣ ਵਾਲੇ! ਹਜ਼ਰਤ ਈਸਾ ਨੂੰ ਕੱਢ ਕੇ ਦੁਸ਼ਮਨਾਂ ਚੋਂ, ਤੁਸੀ ਚੌਥੇ ਅਸਮਾਨ ਪੁਚਾਉਣ ਵਾਲੇ! ਸੱਦ ਹਜ਼ਰਤ ਮੁਹੰਮਦ ਨੂੰ ਅਰਸ਼ ਉੱਤੇ, ਰੁਤਬਾ ਖ਼ਾਕ ਦਾ ਤੁਸੀ ਵਧਾਉਣ ਵਾਲੇ! ਹਿੰਦੂ:-ਲੱਜ ਪਾਲ ਹੋ ਤੁਸੀ ਨਾਰਾਇਣ ਐਸੇ, ਇੰਦਰ ਕੋਲੋਂ ਗਵਾਲੇ ਬਚਾਉਣ ਵਾਲੇ! ਪ੍ਰਹਿਲਾਦ ਨੂੰ ਭੀ ਦੀਨਾ ਨਾਥ ਸਚੇ, ਤੁਸੀ ਥੰਮ੍ਹ ਚੋਂ ਦਰਸ਼ਨ ਦਿਖਾਉਣ ਵਾਲੇ! ਨਰਸੀ ਭਗਤ ਦੀ ਭੀ ਸਾਵਲ ਸ਼ਾਹ ਬਣਕੇ, ਰਾਮ ਨਾਮ ਦੀ ਹੁੰਡੀ ਤਰਾਉਣ ਵਾਲੇ! ਨਾਰੀ ਗੋਤਮ ਦੀ ਪੱਥਰ ਹੋ ਗਈ ਹੋਈ ਨੂੰ, ਆਦਮ ਰੂਪ ਵਿੱਚ ਤੁਸੀ ਲਿਆਉਣ ਵਾਲੇ! ਕਰਕੇ ਦਿਆਲਤਾ ਬ੍ਰਹਮਾ ਦੇ ਵੇਦ ਸਾਰੇ, ਹੇ ਪ੍ਰਮਾਤਮਾ ! ਤੁਸੀ ਲਭਾਉਣ ਵਾਲੇ! ਧੰਨੇ ਜੱਟ ਦੀ ਨਿਸਚਾ ਨੂੰ ਵੇਖਕੇ ਤੇ, ਤੁਸੀਂ ਪੱਥਰ ਨੂੰ ਭੋਜਨ ਖਵਾਉਣ ਵਾਲੇ! ਪ੍ਰਿਤਪਾਲ ਜੀ ਭਰੇ ਦਰਬਾਰ ਅੰਦਰ, ਤੁਸੀ ਦ੍ਰੋਪਤੀ ਤੇ ਪਰਦੇ ਪਾਉਣ ਵਾਲੇ! ਹੇ ਭਗਵਾਨ ਟਟਹੁਲੀ ਦੇ ਬੱਚਿਆਂ ਨੂੰ, ਖ਼ੂਨੀ ਜੁੱਧ ਚੋਂ ਤੁਸੀਂ ਰਖਾਉਣ ਵਾਲੇ! ਬੜੇ ਰਖਸ਼ਕ ਹੋ ਤੁਸੀ ਨਿਹੱਥਿਆਂ ਦੇ, ਫਾਹੀ ਸਾੜ ਕੇ ਹਰਨੀ ਛਡਾਉਣ ਵਾਲੇ! ਵਲ ਛਲ ਦੇ ਤੁਸੀ ਨਰਾਇਣ ਜਾਣੂੰ, ਕੁਬਜਾਂ ਜੇਹੀਆਂ ਦੇ ਕੁੱਬ ਗਵਾਉਣ ਵਾਲੇ! ਸਿੱਖ:-ਠੰਡੇ ਯਖ਼ ਮਰਦਾਨੇ ਲਈ ਕਰ ਦਿੱਤੇ, ਤੁਸਾਂ ਤਪੇ ਕੜਾਹੇ ਜਲਾਉਣ ਵਾਲੇ! ਸੁਕੇ ਪੱਥਰਾਂ ਵਿੱਚੋਂ ਨਿਰਭਉ ਸੱਚੇ, ਤੁਸੀ ਪਾਣੀ ਤਿਹਾਇਆਂ ਨੂੰ ਪਿਆਉਣ ਵਾਲੇ! ਦਾਣੇ ਵਾਂਗ ਦਾਨੇ ਪਿਸ ਪਿਸ ਆਖ ਗਏ ਨੇ, ਤੁਸੀ ਕੁਦਰਤੋਂ ਚੱਕੀ ਚਲਾਉਣ ਵਾਲੇ! ਅੰਤਰਯਾਮੀ ਹੋ ਤੁਸੀਂ ਕਰਤਾਰ ਐਸੇ, ਦੁਸ਼ਟਾਂ ਰਾਖਸ਼ਾਂ ਨੂੰ ਰਾਹੇ ਲਾਉਣ ਵਾਲੇ ! ਲੋਹਾਂ ਤਪਦੀਆਂ ਤੇ ਦੇਗ਼ਾਂ ਰਿਝਦੀਆਂ ਚੋਂ, ਤੁਸੀ ਲੂੰ ਨਹੀਂ ਤੱਤਾ ਕਰਾਉਣ ਵਾਲੇ! ਰੀਤਾਂ ਸੱਚੀਆਂ ਲਈ ਰੇਤਾਂ ਤੱਤੀਆਂ ਦੇ, ਜ਼ੱਰੇ ਨੂਰ ਬਨਾ ਉਡਾਉਣ ਵਾਲੇ ! ਤੁਸੀ ਪਿਰਤਪਾਲੂ ਮੁੱਢੋਂ ਆਜਜ਼ਾਂ ਦੇ ਆਵੇ ਵਿੱਚ ਸਾੜੋ ਦੁਸ਼ਮਨ ਆਉਣ ਵਾਲੇ! ਨਾਮ ਦੇਵ ਦੀ ਜਾਨ ਬਚਾਉਣ ਵਾਲੇ, ਮੋਈ ਗਊ ਨੂੰ ਤੁਸੀ ਜੁਆਉਣ ਵਾਲੇ! ਸਣੇ ਰਾਜਿਆਂ ਦੇ ਬੰਦੀ-ਛੋੜ ਦਾ ਦਿਲ, ਕਲੀ ਕਲੀ ਦੇ ਵਾਂਗ ਖਿੜਾਉਣ ਵਾਲੇ! ਕਾਲੀ ਰਾਤ ਵਿੱਚੋਂ ਕੱਢੋ ਦਿਨ ਚਿੱਟਾ, ਤੁਸੀ ਕਾਵਾਂ ਦੇ ਹੰਸ ਬਣਾਉਣ ਵਾਲੇ! ਤੁਸੀ ਕਰੋ ਸਾਬਤ ਲੂਹਲੇ ਪਿੰਗਲੇ ਨੂੰ, ਬੇੜੇ ਸਿਦਕ ਦੇ ਨਹੀਂ ਅਟਕਾਉਣ ਵਾਲੇ! ਕੇਹੜੇ ਗਾਵੀਏ ਕੇਹੜੇ ਨਾ ਗਾਵੀਏ ਜੀ, ਗੁਣ ਜੱਸ ਸਭ ਆਪਦੇ ਗਾਉਣ ਵਾਲੇ! ਤੁਹਾਡੇ ਨਾਲ ਮੁਕਾਬਲੇ ਜਿਨ੍ਹਾਂ ਕੀਤੇ, ਉਨ੍ਹਾਂ ਉੱਤੇ ਭੀ ਰਹਿਮ ਕਮਾਉਣ ਵਾਲੇ! ਅਸੀ ਪਾਪ ਕਰਦੇ ਨਹੀਂ ਸ਼ਰਮਾਉਣ ਵਾਲੇ, ਤੁਸੀ ਰਹਿਮ ਕਰਦੇ ਨਹੀਂ ਘਬਰਾਉਣ ਵਾਲੇ! ਆਲੀ ਬਾਰਗਾਹ ਵਿੱਚੋਂ ਸਵਾਲੀਆਂ ਨੂੰ, ਤੁਸੀ ਕਦੀ ਨਹੀਂ ਖਾਲੀ ਫਿਰਾਉਣ ਵਾਲੇ। ਸਦਕਾ ਆਪਣੇ ਕੁੱਲ ਪਿਆਰਿਆਂ ਦਾ, ਤੁਸੀ 'ਸ਼ਰਫ਼' ਦੀ ਆਸ ਪੁਚਾਉਣ ਵਾਲੇ!

32. ਜਾਨੀ

ਜ਼ਖ਼ਮੀ ਲੇਲੇ ਦੇ ਵਾਂਗ ਮੈਂ ਦਿਆਂ ਲਿੱਲਾਂ, ਐਸੀ ਲਾਈ ਹੈ ਮੈਨੂੰ ਤੂੰ ਲਿੱਲ ਜਾਨੀ। ਛਾਲੇ ਪਾ ਦਿੱਤੇ ਮੇਰੇ ਦਿਲ ਉੱਤੇ, ਜ਼ੁਲਫ਼ਾਂ ਤੇਰੀਆਂ ਨੇ ਹਿੱਲ ਹਿੱਲ ਜਾਨੀ। ਲਾ ਦਿੱਤੀ ਬਹਾਰ ਜਿਹੀ ਛਾਲਿਆਂ ਨੇ, ਬਣਿਆਂ ਗੁੱਛਾ ਅੰਗੂਰਾਂ ਦਾ ਦਿੱਲ ਜਾਨੀ। ਪੱਕ ਪੱਕ ਕੇ ਐਸਾ ਹੁਣ ਰੱਸਿਆ ਏ, ਪਿਆ ਕਰੇ ਹਰ ਦਮ ਪਿੱਲ ਪਿੱਲ ਜਾਨੀ। ਪਾ ਸਬਜ਼ਾ ਜ਼ਮੁੱਰਦ ਦਾ ਨੱਥਲੀ ਨੂੰ, ਲਾ ਦਿੱਤੀ ਊ ਸਰੂ ਨੂੰ ਲਿੱਲ੍ਹ ਜਾਨੀ। ਕਾਹਨੂੰ ਨਹੁੰ ਲੁਹਾਉਂਨਾ ਏ ਗ਼ੈਰ ਕੋਲੋਂ? ਮੇਰੇ ਅੱਲੇ ਖਰੀਂਢ ਨਾ ਛਿੱਲ ਜਾਨੀ। ਜੋਬਨ ਲੁੱਟਨਾ ਚਾਹੁੰਦੇ ਬੜੇ ਡਾਕੂ, ਸਾਂਭ ਰੱਖ ਰਸਾਇਣ ਨੂੰ ਬਿੱਲ ਜਾਨੀ । ਲਾਈ ਤੇਰੇ ਪ੍ਰੇਮ ਨੇ ਚੋਟ ਐਸੀ, ਚੂਰ ਹੋ ਗਈ ਏ ਸਬਰ ਦੀ ਸਿੱਲ੍ਹ ਜਾਨੀ। ਪਿਆ ਧੱਪ ਕਿਆਮਤ ਦੀ ਢੂੰਢਦਾ ਹਾਂ, ਰੋ ਰੋ ਅੱਖੀਆਂ ਨੇ ਕੀਤੀ ਸਿੱਲ ਜਾਨੀ। ਐਸਾ ਤੇਰੀ ਜੁਦਾਈ ਨੇ ਭੰਨ ਦਿੱਤਾ, ਜਿੱਦਾਂ ਹੁੰਦੀ ਸੁਹਾਗੇ ਦੀ ਖਿੱਲ ਜਾਨੀ। ਮੈਂ ਅਣਤਾਰੂ ਤੇ ਇਸ਼ਕ ਦੀ ਨੈਂ ਡੋਬੂ, ਤੇਰੇ ਆਸਰੇ ਪਿਆ ਸਾਂ ਠਿਲ੍ਹ ਜਾਨੀ। ਸਗੋਂ ਤੂੰ ਭੀ ਰੁਆ ਰੁਆ ਕੇ ਤੇ, ਮੇਰੀ ਅਗਲੀ ਸੁਕਾਈ ਊ ਗਿੱਲ ਜਾਨੀ? ਵੇਖੀਂ ਕੰਨ ਚਰੌਣੋਂ ਵੀ ਨਹੀਂ ਟੱਲਣਾ, ਟਿੱਲੇ ਤੀਕ ਮੈਂ ਲਾਵਾਂਗਾ ਟਿੱਲ ਜਾਨੀ। ਸਾਰਾ ਹਾਲ ਹਵਾਲ ਜੇ ਪੁਛਣਾ ਈਂ, ਕਿਧਰੇ ਵੱਖਰਾ 'ਸ਼ਰਫ਼' ਨੂੰ ਮਿੱਲ ਜਾਨੀ ।

33. ਆਸ਼ਕ ਦੀਆਂ ਅੱਖੀਆਂ

ਕਿਸੇ ਪਾਸੇ ਵੀ ਰਹੇ ਨਾ ਜਾਨ ਜੋਗੇ, ਕਾਫ਼ਰ ਦੇਖ ਕੇ ਤੇਰੇ ਅਕੀਦਿਆਂ ਨੂੰ । ਧੋਖੇ ਇਸਤ੍ਰਾਂ ਦੇ ਕੌਣ ਦੇਂਵਦਾ ਏ, ਭਲਾ ਦੱਸ ਗ਼ੁਲਾਮਾਂ ਖ਼ਰੀਦਿਆਂ ਨੂੰ । ਅਗੇ ਕਦੀ ਕਦਾਈਂ ਸੀ ਦੀਦ ਹੁੰਦੀ, ਅਸਾਂ ਆਸ਼ਕਾਂ ਬੇ ਉਮੀਦਿਆਂ ਨੂੰ । ਬੂਹੇ ਬਾਰੀਆਂ ਦੇ "ਸ਼ਰਫ਼" ਬੰਦ ਕਰਕੇ, ਅੰਨ੍ਹਾਂ ਕੀਤਾ ਈ ਸਾਡਿਆਂ ਦੀਦਿਆਂ ਨੂੰ ।

34. ਚੋਣਵੇਂ ਫੁੱਲ

ਜਿਤਨਾਂ ਜੀ ਚਾਹੇ ਕਰਲੈ ਜੁਲਮ ਜ਼ਾਲਮ, ਖ਼ਾਕਸਾਰ ਮੁਝ ਆਸ਼ਕੇ ਰਾਜ਼ ਉੱਤੇ । ਜੀਉਂਦੀ ਜਾਨ ਨਾਂ ਛਡਾਂਗਾ ਗਲੀ ਤੇਰੀ, ਰਹਿਸਾਂ ਮਰਕੇ ਭੀ ਕਾਇਮ ਇਕਰਾਰ ਉੱਤੇ । ਮੇਰੀ ਸੱਚੀ ਮੁਹੱਬਤ ਦੀ ਕਲੀ ਪਿਆਰੇ, ਖੁੱਲ ਜਾਏਗੀ ਸਾਰੇ ਸੰਸਾਰ ਉੱਤੇ। ਮੋਇਆਂ ਬਾਦ ਭੀ 'ਸ਼ਰਫ' ਦੀਆਂ ਹੱਡੀਆਂ ਦਾ, ਚੂਨਾ ਹੋਵੇਗਾ ਤੇਰੀ ਦੀਵਾਰ ਉੱਤੇ। ਨਾੜ ਨਾੜ ਮੇਰੀ ਸਾੜੀ ਨਾੜ ਵਾਂਗੂੰ, ਤੇਰੇ ਚਾਏ ਚਾ ਲਾਈਆਂ ਚੁਵਾਤੀਆਂ ਨੇ । ਪਲਕਾਂ ਤੀਰ ਸ਼ਰੀਰ ਨੂੰ ਚੀਰ ਗਈਆਂ, ਭਵਾਂ ਫੇਰੀਆਂ ਜ਼ਿਗਰ ਤੇ ਕਾਤੀਆਂ ਨੇ। ਕੁਝ ਤੇ ਮਾਰਿਆ ਤੇਰਿਆਂ ਸਾਥੀਆਂ ਨੇ, ਬਹੁਤਾ ਮਾਰਿਆ ਤੇਰੀਆਂ ਝਾਤੀਆਂ ਨੇ । ਮਰ ਮਰ ਗਏ ਹਾਂ ਅਸੀ ਹਰ ਗਲ ਉੱਤੇ, ਮੁਸ਼ਕਲ ਸਾਡੀਆਂ 'ਸ਼ਰਫ਼' ਹਯਾਤੀਆਂ ਨੇ । ਇਡੇ ਇਡੇ ਭੀ ਅੰਤਰੇ ਲੈਕੇ ਤੇ, ਅਜੇ ਰਹਿਮ ਨਹੀਂ ਬੁੱਤ ਸੰਗੀਂਨ ਆਇਆ । ਐਸੀ ਲਾਈ ਊ ਚੋਟ ਚਕੋਰ ਦਿੱਲ ਨੂੰ, ਚੈਨ ਕਦੀ ਨਹੀਂ ਮਾਹੇ ਜ਼ਬੀਨ ਆਇਆ । ਓਥੇ ਰੋ ਪਿਆ ਤੈਨੂੰ ਮੈਂ ਯਾਦ ਕਰਕੇ, ਜਿਥੇ ਨਜ਼ਰ ਕੋਈ ਮੈਂਨੂੰ ਹੁਸੀਨ ਆਇਆ । ਮੇਰੀ ਖ਼ਾਕ ਭੀ 'ਸ਼ਰਫ' ਬਰਬਾਦ ਹੋ ਗਈ, ਤੈਨੂੰ ਮਰਨ ਦਾ ਨਹੀਂ ਯਕੀਨ ਆਇਆ । ਦਿੱਲ ਨੂੰ ਮੋਹਨਿਆਂ ਖੋਹਨਿਆਂ ਕੋਹਨਿਆਂ ਨੇ, ਤੇਰੀਆਂ ਸੋਹਣੀਆਂ ਸੋਹਣੀਆਂ ਯਾਰ ਅੱਖੀਆਂ । ਦੱਸਾਂ ਕੀ ਮੈਂ ਕੀ ਦਿੱਲ ਨੂੰ ਹੋਗਿਆ ਏ, ਜ਼ਖਮੀ ਕੀਤਾ ਈ, ਜਾਨੀਆਂ ਮਾਰ ਅੱਖੀਆਂ। ਮੈਨੂੰ ਐਸੀਆਂ ਪਿਯਾਰੀਆਂ ਲਗਦੀਆਂ ਨੇ, ਨੀਮਖ੍ਵਾਬ ਇਹ ਤੇਰੀਆਂ ਦਿੱਲਦਾਰ ਅੱਖੀਆਂ! ਤੈਨੂੰ ਕੋਲ ਬਹਾਕੇ 'ਸ਼ਰਫ' ਹਰ ਦਮ, ਰਹਵਾਂ ਚੁਮਦਾ ਮੈਂ ਸੌ ਸੌ ਵਾਰ ਅੱਖੀਆਂ। ਪਾਕੇ ਕੱਜਲਾ ਅੱਖੀਆਂ ਵਿੱਚ ਹਰਦਮ, ਨਾਂ ਤੂੰ ਜਾਇਆ ਕਰ ਸਰੇ ਬਜ਼ਾਰ ਸੋਹਣੇ । ਸ਼ੋਖ ਦੀਦਿਆਂ ਨੂੰ ਮਤਾਂ ਨਜ਼ਰ ਲਗੇ, ਤਕਨ ਵਾਲੇ ਨੇ ਕਈ ਹਜ਼ਾਰ ਸੋਹਣੇ । ਘਰ ਜਾਏਂ ਤੇ ਨਰਗਸੀ ਫੁੱਲ ਲੈਕੇ, ਸੁਟੇਂ ਅੱਖੀਆਂ ਦੇ ਉੱਤੋਂ ਵਾਰ ਸੋਹਣੇ। ਤੈਂਨੂੰ ਫਿਰਦਿਆਂ ਤੁਰਦਿਆਂ 'ਸ਼ਰਫ' ਵੇਖਾਂ, ਹੋਵੇ ਕਦੀ ਨਾਂ ਕੋਈ ਅਜ਼ਾਰ ਸੋਹਣੇ। ਮੈਂ ਕੁਰਬਾਨ ਜਾਂ ਹਸ਼ਰ ਦੀ ਚਾਲ ਉੱਤੋਂ, ਜ਼ਰਾ ਤਕ ਕੇ ਜਾਈਂ ਉਹ ਜਾਨ ਵਾਲੇ । ਤੇਰੇ ਰਾਹ ਵਿੱਚ ਬੈਠੇ ਹਾਂ ਮੁੱਦਤਾਂ ਦੇ, ਅਸੀ ਜਾਨੀਆਂ ਨਾਜ਼ ਉਠਾਨ ਵਾਲੇ। ਹਸ ਦੰਦਾਂ ਦੀ ਸਿਰਫ਼ ਪ੍ਰੀਤ ਸਾਡੀ, ਮਥੇ ਵੱਟ ਨਹੀਂ ਹੀਰਿਆ ਪਾਨ ਵਾਲੇ। ਗੁੱਸਾ ਨਾਲ ਪ੍ਰਦੇਸੀਆਂ 'ਸ਼ਰਫ' ਕੀ ਏ, ਤੁਸੀ ਖੁਸ਼ੀ ਰਹੋ ਦੇਸ ਮਕਾਨ ਵਾਲੇ।

35. ਚਿਠੀ !

ਐਤ:-ਐਤਕੀ ਸੀਸ ਕਲਮ ਸਮਝੇਂ, ਜੇਕਰ ਲਿਖਿਆ ਨ ਕਲਮ ਸਵਾਰ ਖ਼ਤ ਨੂੰ। ਐਸੇ ਅਦਬ ਆਦਾਬ ਦੇ ਲਿਖੀਂ ਕਲਮੇਂ, ਚੁਮੇਂ ਯਾਰ ਮੇਰਾ ਸੌ ਸੌ ਵਾਰ ਖ਼ਤ ਨੂੰ। ਕਰਨਾ ਰਸ ਜਿਹੀ ਭਰੀਂ ਮਜ਼ਮੂਨ ਅੰਦਰ, ਲਾਵੇ ਸੀਨੇ ਦੇ ਨਾਲ ਦਿੱਲ ਦਾਰ ਖ਼ਤ ਨੂੰ। ਭੇਜ ਦੇਵਾਂ ਓਏ 'ਸ਼ਰਫ਼' ਜਵਾਬ ਜਲਦੀ, ਮੇਰੇ ਹਿਜਰ ਦੇ ਵਿਹਦਿਆਂ ਸਾਰ ਖ਼ਤ ਨੂੰ। ਸੋਮਵਾਰ:-ਨੂੰ ਮੇਰੀਆਂ ਅੱਖੀਆਂ ਨੇ, ਲਾਈ ਸੌਣ ਦੇ ਵਾਂਗ ਬਰਸਾਤ ਪਿਆਰੇ। ਸਾਰਾ ਦਿਨ ਭੀ ਰੋ ਕੇ ਗੁਜ਼ਰਦਾ ਏ, ਗੁਜ਼ਰ ਜਾਂਦੀ ਏ ਰੋਦਿਆਂ ਰਾਤ ਪਿਆਰੇ। ਸਿਰ ਕਿਸੇ ਦੇ ਮੈਂ ਕੀ ਦੋਸ਼ ਦੇਵਾਂ, ਏਸੇ ਤਰ੍ਹਾਂ ਸੀ ਲਿਖੀ ਬਰਾਤ ਪਿਆਰੇ! ਤਰਸ ਖਾਕੇ 'ਸ਼ਰਫ਼’ ਦੇ ਹਾਲ ਉੱਤੇ, ਸੁਫ਼ਨੇ ਵਿੱਚ ਹੀ ਪੁਛ ਜਾ ਵਾਤ ਪਿਆਰੇ। ਮੰਗਲ:-ਵਾਂਗ ਜੰਗਲ ਤੇਰੇ ਬਾਝ ਮੈਨੂੰ, ਜਾਨੀ ਲਗਦੀਆਂ ਮੈਹਿਲ ਤੇ ਮਾੜੀਆਂ ਨੇ। ਤੇਰੇ ਮੁਖ ਗੁਲਾਬੀ ਦੇ ਬਿਨਾਂ ਦਿੱਲਬਰ, ਲੱਗਨ ਬਾਗ਼ ਬਾਗ਼ੀਚੇ ਸੱਭ ਝਾੜੀਆਂ ਨੇ। ਚੰਗਾ ਹਾਰ ਸ਼ਿੰਗਾਰ ਨਾ ਲਗਦਾ ਏ, ਪਾੜ ਚੁਨੀਆਂ ਚੋਲੀਆਂ ਸਾੜੀਆਂ ਨੇ। ਬੰਦੀ 'ਸ਼ਰਫ਼' ਦੀ ਵਾਤ ਨ ਪੁਛਨਾ ਏਂ, ਖ਼ਬਰੇ ਹੋਰ ਕੀ ਸੋਹਨਿਆਂ ਤਾੜੀਆਂ ਨੇ। ਬੁੱਧ-ਬੁੱਧ ਤੇ ਸੁਧ ਗੁਵਾ ਬੈੱਠੀ, ਤੇਰੇ ਨਾਲ ਮੈਂ ਅੱਖੀਆਂ ਲਾ ਦਿੱਲਬਰ! ਖਾਂਨ ਪੀਨ ਤੇ ਐਸ਼ ਅਰਾਮ ਭੁੱਲਾ, ਲਿਆ ਆਪਨਾ ਆਪ ਗੁਵਾ ਦਿੱਲਬਰ! ਸੋਹਨੀ ਨਹੀਂ ਮੈਂ ਨਹੀਂ ਕੋਈ ਗੁਣ ਪੱਲੇ, ਮੈਂਨੂੰ ਦਈਂ ਨ ਮਨੋਂ ਭੁਲਾ ਦਿੱਲਬਰ। ਅੱਲਾ ਵਾਸਤੇ 'ਸ਼ਰਫ਼' ਦੀ ਅਰਜ਼ ਮੱਨੀਂ, ਆਪ ਆ ਯਾ ਮੈਨੂੰ ਬੁਲਾ ਦਿੱਲਬਰ। ਜੁਮੇਰਾਤ:- ਨੂੰ ਉਠ ਪ੍ਰਭਾਤ ਵੇਲੇ, ਸਾਰੇ ਪੀਰ ਫ਼ਕੀਰ ਮਨਾਉਂਨੀ ਹਾਂ। ਲੈ ਲੈ ਨਾਮ ਪਿਆਰਿਆ ਕਦੀ ਤੇਰਾ, ਪਈ ਕੋਠੇ ਤੋਂ ਕਾਂਗ ਉਡਾਵਨੀ ਹਾਂ। ਕਦੀ ਰਾਹ ਪਛਵਾੜਿਉਂ ਉਠ ਵੇਖਾਂ, ਕਦੀ ਬੈਠਕੇ ਔਂਸੀਆਂ ਪਾਉਨੀ ਹਾਂ। ਤੁਸੀ ਜਾਣੋਂ ਨ ਜਾਣੋਂ ਮੈਂ 'ਸ਼ਰਫ' ਬੰਦੀ, ਪਈ ਗੀਤ ਤੁਸਾਡੜੇ ਗਾਉਂਨੀ ਹਾਂ। ਜੁਮਾ:-ਕੈਂਹਦਾ ਏ ਮੇਰਾ ਨਹੀਂ ਕੋਈ ਜ਼ਿਮਾ, ਜੋ ਕੁਝ ਕੀਤੀਆਂ ਲੇਖਾਂ ਨੇ ਕੀਤੀਆਂ ਨੇ। ਹਾਏ ਹਾਏ ਜਾਨ ਭੀ ਤੱਤੀ ਦੀ ਨਿਕਲ ਦੀ ਨਹੀਂ, ਲਖਾਂ ਜ਼ੈਹਰ ਪਿਆਲੀਆਂ ਪੀਤੀਆਂ ਨੇ। ਤੁਸਾਂ ਕਦੀ ਭੀ ਸੋਹਨਿਆਂ ਪੁਛਿਆ ਨਹੀਂ, ਤੇਰੇ ਹਿਜ਼ਰ ਅੰਦਰ ਜੋ ਜੋ ਬੀਤੀਆਂ ਨੇ। ਅੱਲਾ ਵਾਸਤੇ 'ਸ਼ਰਫ਼' ਦਾ ਦਿੱਲ ਮੋੜੀਂ, ਤੇਰੇ ਦਿਲ ਅੰਦਰ ਜੇ ਬਦ-ਨੀਤੀਆਂ ਨੇ। ਹਫ਼ਤੇ:-ਹੋਰਾਂ ਦੇ ਦਬਕੇ ਮੈਂ ਸਹਵਾਂ ਕੀਕਰ, ਹਿੱਮਤ ਰਹੀ ਨ ਮੁਝ ਹੁਸ਼ਨਾਕ ਅੰਦਰ। ਤੇਰੇ ਇਸ਼ਕ ਕਸਾਈ ਨੇ ਛੁਰੀ ਫੜਕੇ, ਕਰ ਛਡਿਆ ਏ ਚਾਕ ਚਾਕ ਅੰਦਰ। ਦਸ ਕਿਸ ਤਰ੍ਹਾਂ ਤੈਨੂੰ ਮੈਂ ਘਲ ਦੇਵਾਂ, ਹਾਲ ਲਿਖਕੇ ਆਪਨਾ ਡਾਕ ਅੰਦਰ। ਜੇਹੜੀ ਦੋਜ਼ਖ਼ ਨੂੰ ਫੂਕ ਕੇ ਕਰੇ ਕੋਲਾ, ਐਸੀ ਅੱਗ ਹੈ 'ਸ਼ਰਫ਼' ਗ਼ਮਨਾਕ ਅੰਦਰ।

36. ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ

ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ, ਅੱਖਾਂ ਤੇਰੀਆਂ ਮੱਸਤੇ ਕਟੋਰੇ ਬੀਬਾ। ਵਿੱਚ ਸੋਂਹਦੇ ਨੇ ਕਜਲੇ ਦੇ ਡੋਰੇ ਬੀਬਾ ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। ਜ਼ੁਲਫਾਂ ਤੇਰੀਆਂ ਕਾਲੀਆਂ ਕਾਲੀਆਂ ਵੇ, ਅਸਾਂ ਰੋ ਰੋਕੇ ਰਾਤਾਂ ਜਾਲੀਆਂ ਵੇ। ਸਾਡੇ ਦੀਦੇ ਭੀ ਹੋ ਗਏ ਨੇ ਖੋਰੇ ਬੀਬੀ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ, ਤੇਰੇ ਬਿਰਹੋਂ ਨੇ ਕਾਲਜਾ ਜਾਲਿਆ ਵੇ, ਸੁਣੀ ਅਰਜ਼ਾਂ ਤੂੰ ਨੈਣਾਂ ਵਾਲਿਆ ਵੇ। ਕਾਹਨੂੰ ਦੇਵੇਂ ਜਵਾਬ ਤੂੰ ਕੋਰੇ ਬੀਬਾ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। ਅੱਖਾਂ ਲਾਈਏ ਤੇ ਤੋੜ ਨਬਾਹੀਏ ਵੇ, ਨਹੀਂ ਤਾਂ ਪੈਹਲੋਂ ਜਵਾਬ ਸੁਨਾਈਏ ਵੇ। ਆਸ਼ਿਕ ਹੋਣ ਗ਼ਰੀਬ ਬੇਜ਼ੋਰੇ ਬੀਬਾ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। ਔਗਣ ਹਾਰੀ ਮੈਂ ਪਈ ਸ਼ਰਮਾਨੀਆਂ ਵੇ, ਗ਼ਨੀ ਕਨੀਂ ਨੂੰ ਬੰਨ ਲਿਜਾਨੀਆਂ ਵੇ। ਤੇਰੇ ਹੱਥ ਪਤੰਗ ਦੀ ਡੋਰ ਏ ਬੀਬਾ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। ਘਰ ਆਵੀਂ ਤੂੰ 'ਸ਼ਰਫ਼' ਪਿਆਰਿਆ ਵੇ, ਜੀਊਂ ਜਾਵਾਂ ਤੇਰੇ ਤੋਂ ਵਾਰਿਆ ਵੇ। ਲੱਥਨ ਮਗਰੋਂ ਇਹ ਨਿੱਤ ਦੇ ਝੋਰੇ ਬੀਬਾ, ਤੇਰੇ ਮਾਰ ਗਏ ਨਾਜ਼ ਨਹੋਰੇ ਬੀਬਾ। (੧) ਅਲਫ਼-ਅਲਾ ਇਹ ਕੁਦਰਤ ਤੇਰੀ, ਹਰ ਦਮ ਰੋਵਾਂ ਸਿਰ ਨੂੰ ਖੋਵਾਂ ਚੈਨ ਅਰਾਮ ਹਰਾਮ ਹੋਇਆ ਸਬ, ਕਦੀ ਨਾ ਸੋਵਾਂ ਲੈਂਦਾ ਸੋਵਾਂ। ਦਾਗ਼ ਹਿਜਰ ਦਾ ਨਾਲੇ ਅੰਦਰ, ਮਲ ਮਲ ਧੋਵਾਂ ਵੱਗ ਦੀਆਂ ਲੋਵਾਂ । 'ਸ਼ਰਫ਼' ਮਿਲਾਂ ਜਾ ਦਿੱਲਬਰ ਤਾਈਂ, ਜੇ ਪੰਛੀ ਮੈਂ ਹੋਵਾਂ ਉੱਡ ਖਲੋਵਾਂ। ( ੨ ) ਬੜੇ ਸ਼ੌਕ ਦੇ ਨਾਲ ਸੀ ਪਿਆਰ ਪਾਇਆ, ਨਹੀਂ ਸੀ ਖ਼ਬਰ ਕੇ ਦੁਖ ਸਹਾਰਨੇ ਸਨ । ਓਸੇ ਵੇਲੇ ਇਹ ਦਿਨ ਨ ਯਾਦ ਆਏ, ਰੋ ਰੋ ਕੇ ਜੇਹੜੇ ਗੁਜ਼ਾਰਨੇ ਸਨ। ਲਾਕੇ ਸੋਖ਼ਤਾਂ ਤੇਰੀਆਂ ਪਿਅਰਿਆ ਓਏ, ਤਾਹਨੇ ਦੋਸਤਾਂ ਭੀ ਮੈਨੂੰ ਮਾਰਨੇ ਸਨ। ਤੁਸਾਂ ਕਦੀ ਨਾ 'ਸ਼ਰਫ਼' ਨੂੰ ਪੁਛਨਾ ਸੀ, ਹਰ ਦਮ ਬੈਠਕੇ ਗੇਸੂ ਸਵਾਰਨੇ ਸਨ। ( ੩ ) ਹੇ-ਹੁਸਨ ਡਿਠਾ ਇੱਕ ਐਸਾ ਅੰਦਰ, ਯੋਮ ਸ਼ਬਾਬੀ ਸ਼ਕਲ ਨਵਾਬੀ। ਬਦਨ ਦਵਾਲੇ ਜ਼ਰੀਂ ਲੀੜੇ, ਪੈਰਾਂ ਵਿੱਚ ਗੁਰਗਾਬੀ ਰੰਗ ਉਨਾਬੀ। ਭਖ਼ ਭਖ਼ ਕੇ ਸਨ ਲਾਟ ਮਰੇਂਦੇ, ਦੋਵੇਂ ਰੁਖ਼ ਸ਼ਹਾਬੀ ਮਿਸਲ ਮਸਾਬੀ। ਮਸਤ ਅਲਮਸਤ 'ਸ਼ਰਫ' ਨੂੰ ਕਰ ਗਏ, ਉਹਦੇ ਨੈਣ ਸ਼ਰਾਬੀ ਨੀਮ ਗੁਲਾਬੀ।

37. ਨੇਕੀ !

ਕੀਤੋ ਸ਼ੁਕਰ ਨਾਂ ਆਦਮੀ ਜੂੰਨ ਬਣਕੇ, ਗੁਨ੍ਹਾਂ ਲਾਜ਼ਮ ਤੇ ਕੀਤੀ ਬਰਬਾਦ ਨੇਕੀ । ਬਦੀਆਂ ਵਿੱਚ ਵੀ ਲਜ਼ਤ ਨੂੰ ਢੂੰਡਣਾ ਏਂ, ਕਿਉਂਕਿ ਲਗਦੀ ਓਹ ਬੇਸਵਾਦ ਨੇਕੀ । ਹਰਦਮ ਖੁਲ੍ਹੇ ਬੁਰਾਈਆਂ ਦੇ ਕਾਰਖ਼ਾਨੇ, ਕੀਤੀ ਕਦੀ ਨਾ ਇੱਕ ਈਜਾਦ ਨੇਕੀ । 'ਸ਼ਰਫ਼' ਦਿਨ ਮੁਸੀਬਤ ਦੇ ਗੁਜ਼ਰ ਜਾਂਦੇ, ਰਹਿ ਜਾਂਦੀ ਏ ਕਿਸੇ ਦੀ ਯਾਦ ਨੇਕੀ ।

38. ਅਮਲਾਂ ਦਾ ਝੋਰਾ

ਐਸਾ ਹਸਤੀ ਦੇ ਨਸ਼ੇ ਵਿੱਚ ਚੋਰ ਹੋਇਓਂ, ਜ਼ਾਲਮ ਕਦੀ ਨਾਂ ਅੱਖੀਆਂ ਪੱਟੀਆਂ ਨੀ। ਜੇਹੜੇ ਦਾ ਆਯਾ ਏਂ ਵਿੱਚ ਦੁਨੀਆਂ, ਮੈਨੂੰ ਦੱਸ ਕੀ ਖਟੀਆਂ ਖੱਟੀਆਂ ਨੀ। ਸਗੋਂ ਮੂਲ ਸਮੂਲਚਾ ਖੋ ਬੈਠੋਂ, ਮੂਰਖ ਕੀਤੀਆਂ ਚੌੜ ਤਰੱਟੀਆਂ ਨੀ। 'ਸ਼ਰਫ' ਉਮਰ ਤੇ ਪੈਗਈ ਖੂਹ ਖਾਤੇ, ਵਹੀਆਂ ਸਾਰੀਆਂ ਡੋਬ ਸੁਟੀਆਂ ਨੀ। ਕਦੋਂ ਦੁਨੀਆਂ ਦੀ ਤੰਗੀ ਏਹ ਦੂਰ ਹੋਸੀ, ਕਦੋਂ ਜਾਣ ਏਹ ਹੋਵਣੀ ਮੋਕਲੀ ਏ। ਮੇਰੇ ਹਾਲ ਬੇ ਹਾਲ ਤੇ ਖ਼ਾਰ ਖਾਵੇ, ਹਰ ਬਾਗ਼ ਅੰਦਰ ਯਾਰ ਵਜੋਕਲੀ ਏ। ਕੰਢੇ ਇਸਤਰ੍ਹਾਂ ਦੇ ਬੀਜੇ ਰਾਹ ਅੰਦਰ, ਮੈਨੂੰ ਵੇਖਕੇ ਪੈਂਦੀ ਹਰ ਰੋਕਲੀ ਏ। ਸਫ਼ਰ ਖ਼ਰਚ ਨਾ ਪੱਲੇ ਤੇ ਰਾਹ ਔਖਾ, ਸਿਰ ਤੇ ਬਦੀਆਂ ਦੀ 'ਸ਼ਰਫ' ਪੰਡ ਓਕਲੀ ਏ। ਵਾਲਾਂ ਚਿਟਿਆਂ ਆਨ ਪੈਗ਼ਾਮ ਦਿੱਤਾ, ਕੋਈ ਦਮ ਦੀ ਬਾਕੀ ਹਯਾਤ ਰਹ ਗਈ। ਟੁਰ ਗਏ ਨਾਜ਼ ਅੰਦਾਜ਼ ਤੇ ਹੁਸਨ ਗਮਜ਼ੇ, ਨਾਂ ਓਹ ਚੁਲਬੁਲੀ ਗਲ ਤੇ ਬਾਤ ਰਹਿ ਗਈ। ਤੇਰੇ ਨਾਲ ਦੇ ਸਾਥੀ ਤੇ ਲੱਦ ਗਏ ਨੇ, ਸੁੱਤੀ ਪਈ ਕਿਉਂ ਤੇਰੀ ਇੱਕ ਜ਼ਾਤ ਰਹਿ ਗਈ। ਤਾਰਾ ਕੋਈ ਕੋਈ ਚਮਕਦਾ 'ਸ਼ਰਫ' ਸਿਰ ਤੇ, ਉਠ ਗ਼ਾਫਲਾ ਥੋੜੀ ਜਹੀ ਰਾਤ ਰਹਿ ਗਈ। ਨੇਕ ਅਮਲ ਨ ਜੱਗ ਵਿੱਚ ਕੋਈ ਕੀਤਾ, ਓਧਰ ਕੂਚ ਵਾਲਾ ਵਾਜਾ ਵਜਿਆ ਏ। ਹਾਮੀ ਕਾਰ ਨਾਂ ਬਨੇ ਕੋਈ ਐਸ ਵੇਲੇ, ਤਕ ਆਸਰਾ ਤੇਰੇ ਵਲ ਭੇਜਿਆ ਏ। ਗੁਨ੍ਹਾਂਗਾਰ ਮੂੰਹ ਕਾਲੜਾ ਸ਼ਰਮ ਆਵੇ, ਤਦੇ ਕਫ਼ਨ ਅੰਦਰ ਮੂੰਹ ਕਜਿਆ ਏ। ਬਖਸ਼ ਲਵੀਂ ਤੂੰ 'ਸ਼ਰਫ਼' ਨੂੰ ਏ ਰੱਬਾ, ਪੈਦਾ ਕਰਨ ਦੀ ਤੁਧਨੂੰ ਲਜਿਆ ਏ। ਐਸੇ ਸਖ਼ਤ ਸੰਗ਼ੀਂਨ ਸਨ ਫੇਲ ਮੇਰੇ, ਇੱਟਾਂ ਵੱਟਿਆਂ ਥੀਂ ਲੋਕੀ ਮਾਰ ਦੇਂਦੇ। ਗਢ ਜ਼ਮੀਂਨ ਅੰਦਰ ਤੀਰੀਂ ਲੇਖ ਕਰਦੇ, ਜ਼ਿੰਦਾ ਚੁਣ ਯਾ ਕਿਸੇ ਦੀਵਾਰ ਦੇਂਦੇ । ਏਹ ਭੀ ਘਟ ਸਜ਼ਾ ਸੀ ਦੋਜ਼ਖ਼ੀ ਨੂੰ, ਜਿਓਂਦੀ ਜਾਣ ਜੇ ਸਾੜ ਵਿੱਚ ਨਾਰ ਦੇਂਦੇ । ਸ਼ਰਫ਼ ਕੀ ਕੀ ਹੋਨਾ ਸੀ ਹਾਲ ਖਬਰੇ, ਜੇ ਨਾ ਬਖਸ਼ ਓਹ ਰਬ ਗ਼ੁਫ਼ਾਰ ਦੇਂਦੇ । ਤਖ਼ਤ ਅਦਲ ਤੇ ਜਲਵਾ ਫਰਮਾ ਜਿਸ ਦਮ, ਰੋਜ਼ੇ ਹਸ਼ਰ ਨੂੰ ਓਹ ਅਲਾ ਹੂ ਹੋਇਆ । ਜ਼ਰੇ ਜ਼ਰੇ ਦਾ ਗਿਆ ਹਿਸਾਬ ਲੀਤਾ, ਜ਼ਰਾ ਫਰਕ ਨਾਂ ਸੀ ਇੱਕ ਮੂ ਹੋਇਆ। ਮੈਂ ਵੀ ਸਦਿਆ ਗਿਆ ਦਰਬਾਰ ਅੰਦਰ, ਹਾਜ਼ਰ ਜਾ ਮੁਜਰਮ ਰੂਬਰੂ ਹੋਇਆ। ਐਸੇ ਸਖ਼ਤ ਸਿਆਹ ਸਨ ਫ਼ੇਲ ਮੇਰੇ, ਹੱਥ ਪੈਰ ਨੀਲੇ ਕਾਲਾ ਰੂ ਹੋਇਆ। ਮੈਨੂੰ ਵੇਖ ਕੇ ਸਭਨਾਂ ਦੇ ਪਾਪ ਕੰਬੇ, ਨਫ਼ਸੀ ਨਫ਼ਸੀ ਦਾ ਸ਼ੋਰ ਹਰ ਸੂ ਹੋਇ! । ਦਿੱਤਾ ਗਿਆ ਜਵਾਬ ਨਾਂ ਕੋਈ ਮੈਥੋਂ, ਰਗਾਂ ਖੁਸ਼ਕ ਤੇ ਬੰਦ ਗਲੂ ਹੋਇਆ । ਓਹਦੀ ਬੇਨਿਆਜ਼ੀ ਨੂੰ ਵੇਖ ਕੇ ਤੇ, ਜਾਰੀ ਜੀਭ ਤੇ ਲਾ ਤਕਨਾ ਤੂ ਹੋਇਆ । ਦਿੱਤਾ ਬਖਸ਼ ਸਰਕਾਰ ਨੇ 'ਸ਼ਰਫ਼' ਮੈਨੂੰ , ਮੇਰਾ ਕੁਲ ਗੁਨਾਹ ਅਫੂਹ ਹੋਇਆ।

39. ਬਾਰੀ ਪਿਆਰੀ !

(੧ ) ਮੇਰੇ ਪਿਆਰੇ ਮਹਿਬੂਬ ਕੋਈ ਫਿਕਰ ਨਾਹੀਂ, ਕੀਤੇ ਨਜ਼ਰ ਜੇ ਦੀਨ ਈਮਾਨ ਤੇਰੇ । ਹੋ ਗਈ ਆਹ ਵਿੱਚ ਜਦੋਂ ਤਾਸੀਰ ਪੈਦਾ, ਫੇਰ ਵੇਖਾਂ ਗੇ ਸ਼ਾਨ ਗੁਮਾਨ ਤੇਰੇ। ਕੁਫ਼ਰ ਤੋੜਾਂਗੇ ਤੇਰੇ ਸਭ ਯਾਦ ਰਖੀਂ, ਅਸੀ ਹਾਂ ਆਸ਼ਕ ਮੁਸਲਮਾਨ ਤੇਰੇ । ਹੁਣ ਤੂੰ ਦੀਦ ਭੀ ਦੇਵੇਂ ਯਾ ਨਾਂ ਦੇਵੇਂ, ਪਿਆਰੇ ਸਮਝੀਏ ਬਹੁਤ ਅਹਸਾਨ ਤੇਰੇ । ਰਸ਼ਕੇ ਹੂਰ ਗ਼ਰੂਰ ਵਿੱਚ ਰਹੋ ਨਾਹੀਂ, ਕਦਰ ਦਾਨ ਨਾਂ ਕਿਤੇ ਮਰ ਜਾਨ ਤੇਰੇ । ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ, ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ। (੨) ਸ਼ੀਰੀਂ ਲਭ ਪਹਾੜ ਜਹੀ ਰਾਤ ਕਾਲੀ, ਅਸੀ ਵਾਂਗ ਫ਼ਰਹਾਦ ਦੇ ਕਟਨੇ ਹਾਂ। ਤੇਰੀਆਂ ਮੇਡੀਆਂ ਗੁੰਦੀਆਂ ਯਾਦ ਕਰਕੇ, ਖਾ ਖਾ ਪੇਚ ਤੇ ਫਾਂਸੀਆਂ ਵਟਨੇ ਹਾਂ। ਚਿੱਟੇ ਦੰਦ ਤੇਰੇ ਦਾਨੇ ਮੋਤੀਆਂ ਦੇ, ਕਰ ਕਰ ਯਾਦ ਤੇ ਹੀਰੇ ਪਏ ਚਟਨੇ ਹਾਂ। ਦਿੱਨ ਚੜ੍ਹੇ ਤੇ ਨਾਲ ਦੀਵਾਰ ਤੇਰੀ, ਮਾਰ ਟਕਰਾਂ ਸੀਸ ਨੂੰ ਫਟਨੇ ਹਾਂ । ਮਜ਼ੇ ਦਰਦ ਮੁਹਬਤ ਦੇ ਦੇਨ ਵਾਲੇ, ਸਦਕੇ ਹੋ ਹੋ ਜਾਈਏ ਕੁਰਬਾਨ ਤੇਰੇ। ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ, ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ। (੩ ) ਸਾਂਨੂੰ ਆਪਣਾ ਆਪ ਦਿਖਾਉਣ ਬਦਲੇ, ਕਦੀ ਆਨ ਕੇ ਚਿਕ ਨੂੰ ਚੁਕ ਜਾਨਾ। ਝੁਕ ਝੁਕ ਕੇ ਬਾਰੀ ਦੇ ਵਲ ਆਉਣਾ, ਨਜ਼ਰ ਬਾਹਰ ਵਲ ਮਾਰ ਕੇ ਰੁਕ ਜਾਨਾ। ਜ਼ਖ਼ਮੀ ਕਰ ਪਰਦੇਸੀਆਂ ਪੰਛੀਆਂ ਨੂੰ, ਮੇਰੇ ਮੀਰ ਸ਼ਕਾਰ ਫਿਰ ਲੁਕ ਜਾਨਾ। ਤੇਰੀ ਚਿਕ ਦਾ ਬਿਜਲੀ ਦੇ ਵਾਂਗ ਡਿੱਗਣਾ, ਨਾਲੇ ਬਾਰੀ ਪਿਆਰੀ ਦਾ ਢੁਕ ਜਾਨਾ ਸਾਡਾ ਕਹਿੰਦਿਆਂ ਕਹਿੰਦਿਆਂ ਰਹਿ ਜਾਨਾ। ਰਹਿਣ ਵਸਦੇ ਮਹਿਲ ਮਕਾਨ ਤੇਰੇ। ਦਿਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ, ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ। (੪) ਤੇਰੀ ਨਜ਼ਰ ਸ਼ਰਮੀਲੀ ਨੇ ਕਹਿਰ ਕੀਤਾ, ਚੰਗੀ ਤਰਾਂ ਨਾਂ ਮਾਰੇ ਨੇ ਤੀਰ ਖਿਚਕੇ। ਨਾਂ ਏਹ ਆਰ ਨਾਂ ਜਿਗਰ ਦੇ ਪਾਰ ਹੋਵੇ, ਆਸ਼ਕ ਹੋ ਗਏ ਨੇ ਬੜੇ ਜਹੀਰ ਖਿਚਕੇ। ਤੀਰ ਪਲਕਾਂ ਨੂੰ ਆਬ ਝੜਾ ਤਾਜ਼ੀ, ਡੋਰੇ ਚਸ਼ਮਾਂ ਦੇ ਬੁਤੇ ਬੇ ਪੀਰ ਖਿਚਕੇ। ਹਰਫ਼ੇ ਗਲਤ ਵਾਂਗੂ ਸਾਂਨੂੰ ਮੇਟ ਜਾਵੇਂ, ਜਾਨੀ ਕੱਜਲੇ ਦੀ ਇੱਕ ਲਕੀਰ ਖਿਚਕੇ। ਨਿਗ੍ਹਾ ਨਾਜ਼ ਦੇ ਤੀਰ ਆ ਹੋਰ ਲਾਜਾ, ਬੈਠੇ ਮੁਨਤਜ਼ਰ ਅਬਰੂ ਕਮਾਨ ਤੇਰੇ। ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ, ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ। ( ੫ ) ਏਹ ਭੀ ਦੁਸ਼ਮਨ ਨਸੀਬਾਂ ਵਿੱਚ ਲਿਖੇ ਹੋਏ ਸਨ, ਪਟੀ ਨਵੀਂ ਤੋਂ ਨਵੀਂ ਪੜ੍ਹਾਉਣ ਵਾਲੇ। ਤੈਨੂੰ ਮਖ਼ਮਲੀ ਬਦਨ ਪਸੰਦ ਆਵਨ, ਕੀਕਰ ਖੱਦਰ ਦੇ ਕੱਪੜੇ ਪਾਉਣ ਵਾਲੇ। ਸ਼ਫ਼ਕ ਵਾਂਗ ਏਹ ਲਾਲੀਆਂ ਰਹਿਣੀਆਂ ਨਹੀਂ, ਅਰਸ਼ਾਂ ਉੱਤੇ ਦਿਮਾਗ਼ ਚੜ੍ਹਾਉਣ ਵਾਲੇ । ਤੈਨੂੰ ਹੀਰਿਆ ਕੱਚ ਬਨਾਉਂਦੇ ਨੇ, ਐਡੀ ਬਹੁਤੀ ਨਜ਼ਾਕਤ ਸਖਾਉਣ ਵਾਲੇ। ਫਰਸ਼ੇ ਰਾਹ ਹੈ ਅਖੀਆਂ ਸਾਡੀਆਂ ਦਾ, ਮੈਲੇ ਹੁੰਦੇ ਨਹੀਂ ਪੈਰ ਜਾਨਾਨ ਤੇਰੇ। ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ, ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ। (੬) ਬਾਂਕੇ ਨੈਣਾਂ ਦੇ ਤੀਰ ਕਮਾਨ ਵਾਲੇ, ਹਦਫ ਕਰਨ ਦੇ ਸਿਖੇ ਨੀ ਵਲ ਅਛੇ । ਏਸ ਵਾਸਤੇ ਹਾਜ਼ਰ ਆ ਜਾਨ ਕੀਤੀ, ਦਿੱਲ ਦੇ ਕੀਤੇ ਨਸ਼ਾਨੇ ਤੂੰ ਕਲ ਅਛੇ। ਛਲ ਜਾ ਨਾਂ ਨੈਣਾਂ ਦੇ ਫਟਿਆਂ ਨੂੰ, ਏਹ ਨਹੀਂ ਕਰਨੇ ਛਲਾਵਿਆ ਛਲ ਅਛੇ। ਤੀਰ ਨਜ਼ਰ ਜੋ ਖੁਸ਼ੀ ਦੇ ਨਾਲ ਖਾਈਏ, ਨੌ ਨਿਹਾਲ ਏਹ ਲਗਦੇ ਨੇ ਫਲ ਅਛੇ। ਟੁਕੜੇ ਦਿੱਲਦੇ ਕਰ ਲੈ ਨੇ 'ਸ਼ਰਫ਼' ਕਠੇ, ਹੁਣ ਪਏ ਢੂੰਡੀਏ ਅਸੀ ਪੈਕਾਨ ਤੇਰੇ। ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ, ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ।

40. ਸਲਾਮ

ਡਰਦੇ ਰਹੀਏ ਹੁਸੀਨਾਂ ਦੇ ਧੋਖਿਆਂ ਤੋਂ, ਏਨ੍ਹਾਂ ਨਾਲ ਨਾਂ ਕਦੀ ਕਲਾਮ ਕਰੀਏ। ਵੇਖ ਵੇਖ ਕੇ ਏਨ੍ਹਾਂ ਦੇ ਨੈਣ ਸੋਹਣੇ, ਨੀਂਦਰ ਸੁਖਦੀ ਕਾਹਨੂੰ ਹਰਾਮ ਕਰੀਏ। ਸੈਂਨਤ ਨਾਲ ਭੀ ਕਰੀਏ ਨਾਂ ਗੱਲ ਕੋਈ, ਤੇ ਨਾਂ ਆਪਣਾ ਆਪ ਨੂੰ ਬਦਨਾਮ ਕਰੀਏ। ਏਨ੍ਹਾਂ ਸੋਹਣਿਆਂ ਸੋਹਣਿਆਂ ਬੰਦਿਆਂ ਨੂੰ, ਦੂਰੋਂ ਦੂਰੋਂ ਈ 'ਸ਼ਰਫ਼' ਸਲਾਮ ਕਰੀਏ।

41. ਬਾਜਾਂ ਨਾਲ ਲੜਾਈਆਂ ਚਿੜੀਆਂ

ਡਿਓਢ- ਸ਼ੁੱਭ ਘੜੀ, ਸ਼ੁੱਭ ਲਗਨ ਮਹੂਰਤ, ਮਾਤਾ ਗੁਜਰੀ ਜਾਏ ! ਪਟਨੇ ਆਏ। ਮਾਰ ਦਿਤੇ ਲਿਸ਼ਕਾਰੇ ਐਸੇ, ਸੱਤ ਦੀਪ ਚਮਕਾਏ ! ਦਰਸ ਦਿਖਾਏ। ਹੱਕ ਹਮਸਾਏ ਦੇਣ ਵਧਾਈਆਂ, ਕਰ ਕਰ ਖੁਸ਼ੀਆਂ ਚਾਏ ! ਅੱਖੀਂ ਚਾਏ। ਗੰਧਰਭ ਹੋਰ ਅਪੱਛਰਾਂ ਆਈਆਂ, ਨੂਰੀ ਦਰਸ਼ਣ ਪਾਏ ! ਰੂਪ ਵਧਾਏ। ਸਚ ਖੰਡ ਵਿੱਚੋਂ ਦੇਵਤੇ ਸਾਰੇ, ਹੁਮ ਹੁਮਾਕੇ ਧਾਏ ! ਦਰਸ਼ਨ ਪਾਏ। ਬਾਲੇ ਪਨ ਵਿੱਚ ਗੁਰੂਆਂ ਵਾਲੇ, ਆ ਉਪਦੇਸ਼ ਸੁਣਾਏ ! ਭਰਮ ਮਿਟਾਏ। ਜ਼ੁਲਮ ਜ਼ਬਰ ਦੇ ਬੱਦਲ ਸਾਰੇ, ਧੂੜਾਂ ਵਾਂਗ ਉਡਾਏ ! ਕਰਮ ਕਮਾਏ। ਨਾਤਾਣਾਂ ਤੇ ਤਾਣਾਂ ਵਾਲੇ, ਤੰਬੂ ਤਾਣ ਵਿਖਾਏ ! ਦੁਖੀ ਹਸਾਏ। ਫੜ ਫੜ ਤੇਗਾਂ ਪਾਪੀ ਵੈਰੀ, ਸੁਸਰੀ ਵਾਂਗ ਸਵਾਏ ! ਦੂਣ ਸਵਾਏ। ਕਰ ਸ਼ਾਦੀ ਪਰਸਾਦੀ ਹਾਥੀ, ਖੁੱਲ੍ਹਾਂ ਨਾਲ ਹੰਡਾਏ ! ਮਨ ਪਰਚਾਏ। ਛੇ ਛੇ ਸੂਰੇ ਪੂਰੇ ਕਰ ਕਰ, ਸੱਠਾਂ ਨਾਲ ਲੜਾਏ ! ਜੋ ਲੜ ਲਾਏ। ਬੇ ਪਰਤੀਤੇ ਆਏ ਜੇਹੜੇ, ਪਿੱਪਲ ਚਾ ਗਿਣਵਾਏ ! ਭਰਮ ਮਿਟਾਏ। ਤੀਰ ਪਿਆਰੇ ਚਿੱਲੇ ਵਿੱਚੋਂ, ਪਰੀਆਂ ਵਾਂਗ ਉਡਾਏ ! ਖਤ ਪਹੁੰਚਾਏ। ਉੱਕੇ ਕਦੀ ਨ ਟੀਚੇ ਉੱਤੋਂ, ਸਾਫ਼ ਨਿਸ਼ਾਨੇ ਲਾਏ ! ਜਿੱਧਰ ਧਾਏ। ਤੇਰੇ ਨੀਲੇ ਦੇ ਖ਼ੁਰ ਉੱਤੋਂ, ਸੂਰਜ ਚੰਦ ਘੁਮਾਏ ! ਉਤ੍ਹਾਂ ਚੜ੍ਹਾਏ। ਸੁੰਦਰ ਕਲਗ਼ੀ ਵਾਲਿਆ ਤੇਰੇ, ਸਖੀਆਂ ਗੀਤ ਬਣਾਏ ! ਘਰ ਘਰ ਗਾਏ। ਨੀਲਾ ਘੋੜਾ ਬਾਂਕਾ ਜੋੜਾ, ਹੱਥ ਪੁਰ ਬਾਜ ਸੁਹਾਏ! ਗੁਰੂ ਜੀ ਆਏ। ਧੀਰਜ ਦੇਵਨ ਬਾਜ ਤੇਰੇ ਓ, ਬਾਗ਼ ਗੁਰੂ ਦੇ ਆਏ ! ਭਰਮ ਮਿਟਾਏ। ਸੰਗਤ ਦੇ ਵਿੱਚ ਅੰਮ੍ਰਿਤ ਵਾਲੇ, ਸੋਹਣੇ ਛੱਟੇ ਲਾਏ ! ਮੀਂਹ ਬਰਸਾਏ। ਬਾਜਾਂ ਨਾਲ ਲੜਾਈਆਂ ਚਿੜੀਆਂ, ਗਿੱਦੜ ਸ਼ੇਰ ਬਣਾਏ! ਜੁੱਧ ਕਰਾਏ। ਧਰਮ ਸਚਾਈ ਬਦਲੇ ਪਿਆਰੇ, ਚਾਰੇ ਲਾਲ ਕੁਹਾਏ ! ਵੰਸ ਲੁਟਾਏ। ਨਾਨਕ ਵਾਂਗੂੰ ਦੁਨੀਆਂ ਉੱਤੇ, ਸਦਾ ਨਿਸ਼ਾਨ ਝੁਲਾਏ ! ਬੂਟੇ ਲਾਏ। ਇੱਕ ਓਂਕਾਰ ਅਕਾਲ ਪੁਰਖ ਦੇ, ਸੁੰਦਰ ਸਬਕ ਪੜ੍ਹਾਏ ! ਜੋ ਰੱਬ ਭਾਏ। ਮਾਧੋ ਵਰਗੇ ਜਾਦੂਗਰ ਭੀ, ਬੰਦੇ 'ਸ਼ਰਫ਼' ਬਣਾਏ ! ਭਰਮ ਮਿਟਾਏ।

42. ਪੰਜ ਪੰਜ ਘੁਟ ਪਾਣੀ ਖੰਡੇ ਦਾ ਪਿਆਲ ਕੇ

ਕ:-ਆਜਾ ਮੇਰੀ ਕਲਮ ਪਯਾਰੀ ਜਾਵਾਂ ਤੈਥੋਂ ਬਲਹਾਰੀ, ਚੱਲ ਖਾਂ ਚਕੋਰ ਵਾਲੀ ਚਾਲ ਝੂਲ ਝਾਲ ਕੇ! ਸੰਗਤਾਂ ਦੇ ਦਿਲਾਂ ਨੂੰ ਅਨੰਦ ਜ਼ਰਾ ਕਰ ਦੇਵੀਂ! ਕਲਗ਼ੀਧਰ ਤੇਗ਼ ਦਾ ਨਜ਼ਾਰਾ ਭੀ ਵਿਖਾਲਕੇ! ਸ਼ਾਹੀ ਫੌਜਾਂ ਬਿਕਰਮੀ ਸਤਾਰਾਂ ਸੌ ਤੇ ਸੱਠ ਵਿੱਚ, ਬੈਠੀਆਂ ਅਨੰਦ ਪੁਰ ਉੱਤੇ ਘੇਰਾ ਡਾਲ ਕੇ! ਲਹਿੰਦੇ ਵਲ ਜਾਓ ਬੱਚਾ ਹੜ੍ਹ ਵਾਂਗੂੰ ਚੜ੍ਹ ਆਓ, ਘੱਲਿਆ 'ਅਜੀਤ' ਜੀ ਨੂੰ ਪਿਤਾ ਨੇ ਸਿਖਾਲ ਕੇ! ਦੂਜੀ ਗੁੱਠੋਂ ਆਪ ਆਏ ਚੜ੍ਹ ਕੇ ਹਨੇਰੀ ਵਾਂਗੂੰ, ਉੱਚ ਵਾਲੇ ਸਿੰਘ ਪੀਰ ਨਾਲ ਲੈ ਕੇ ਬਾਲ ਕੇ! ਸ਼ਾਹੀ ਫੌਜਾਂ ਨਾਲ ਆ ਕੇ ਹੋਯਾ ਐਸਾ ਟਾਕਰਾ ਸੀ, ਕਾਲ ਦਿਉਤਾ ਨੱਸ ਗਿਆ ਜਾਨ ਨੂੰ ਸੰਭਾਲ ਕੇ! ਤੇਗ਼ ਵਾਲੀ ਖੂੰਡੀ ਐਸੀ ਵਾਹੀ ਸੀ 'ਅਜੀਤ' ਜੀ ਨੇ, ਖਿੱਦੋ ਵਾਂਗ ਸੀਸ ਸੁੱਟੇ ਧੜਾਂ ਤੋਂ ਉਛਾਲ ਕੇ! ਜੇੜ੍ਹਾ ਆਯਾ ਸਾਮ੍ਹਣੇ ਉਹ ਇੱਕ ਦਾ ਬਣਾਯਾ ਦੋ, ਮਾਂ ਜਾਯਾ ਪੁੱਤ ਨ ਕੋਈ ਵਾਰ ਗਿਆ ਟਾਲ ਕੇ! ਗੋਰਾ ਗੋਰਾ ਮੁਖ ਜਿਨੂੰ ਤੇਗ਼ ਦਾ ਵਿਖਾਲ ਦਿੱਤਾ, ਓਸੇ ਦਾ ਕਲੇਜਾ ਆਂਦਾ ਨਾਲੇ ਹੀ ਉਧਾਲ ਕੇ! ਦੂਜੇ ਪਾਸੋਂ ਚੱਟਦੀ ਸੀ ਤੇਗ਼ ਦਸਮੇਸ਼ ਜੀ ਦੀ, ਵੈਰੀਆਂ ਦੇ ਕਾਲਜੇ ਦਾ ਖੂਨ ਭਾਲ ਭਾਲ ਕੇ! ਇੱਕੋ ਪਰ ਵਾਲੀ ਪਰੀ ਜੁੱਧ ਵਿੱਚ ਉੱਡ ਉੱਡ, ਰੱਤ ਵਾਲੇ ਸੁੱਟਦੀ ਸੀ ਲਾਲ ਪਈ ਉਗਾਲ ਕੇ! ਜਿਹੜਾ ਰਤਾ ਤੱਤਾ ਹੋਇਆ ਤੱਤੇ ਤੱਤੇ ਤਾ ਉਹਨੂੰ, ਧਾਰ ਨਾਲ ਠੰਢਾ ਕੀਤਾ ਉੱਥੇ ਹੀ ਨੁਹਾਲ ਕੇ! ਚੱਕੀਆਂ ਦੇ ਪੁੜਾਂ ਵਾਂਗੂੰ ਦੋਹਾਂ ਤੇਗਾਂ ਫਿਰ ਫਿਰ, ਦਾਣੇ ਵਾਂਗ ਰੱਖ ਦਿੱਤੇ ਦੱਲ ਸੀ ਹੁਦਾਲ ਕੇ! ਵੇਖ ਵੇਖ ਸੂਰਿਆਂ ਨੂੰ ਸੂਬਾ ਸਰਹੰਦ ਵਾਲਾ, ਪੁੱਛੇ ਅਜਮੇਰ ਚੰਦ ਰਾਜੇ ਨੂੰ ਬਹਾਲ ਕੇ! ਸਿੱਖਾਂ ਦੇ ਸਰੀਰਾਂ ਨੂੰ ਹੈ ਮਿੱਟੀ ਕੇਹੜੀ ਲੱਗੀ ਹੋਈ, ਕਿਹੜੇ ਸੱਚੇ ਵਿੱਚ ਇਹ ਬਣਾਏ ਹੋਇ ਨੇ ਢਾਲ ਕੇ? ਪਿਛ੍ਹਾਂ ਭੀ ਇਹ ਹਟਦੇ ਨਹੀਂ ਉਂਞ ਭੀ ਇਹ ਘਟਦੇ ਨਹੀਂ, ਅੱਕਦੇ ਨਹੀਂ ਥੱਕਦੇ ਨਹੀਂ ਖੂਹਣੀਆਂ ਭੀ ਗਾਲ ਕੇ! ਅਜੇ ਤੀਕ ਮੱਤੇ ਹੋਏ ਅੱਖੀਆਂ ਉਘੇੜਦੇ ਨਹੀਂ, ਸੁੱਸਰੀ ਦੇ ਵਾਂਗ ਸਾਡੇ ਦਿਲਾਂ ਨੂੰ ਸਵਾਲ ਕੇ! ਪੈਰਾਂ ਤੋਂ ਪਿਆਦੇ ਭੀ ਇਹ ਜੁਧ ਵਿੱਚ ਹੰਬਦੇ ਨਹੀਂ, ਮੁੱਕ ਗਏ ਖਜ਼ਾਨੇ ਸਾਡੇ ਕੋਤਲਾਂ ਨੂੰ ਪਾਲ ਕੇ! ਮੁੱਠ ਮੁੱਠ ਛੋਲਿਆਂ ਤੇ ਜਾਨ ਪਏ ਵਾਰਦੇ ਨੇ, ਵੇਖੋ ਅਸੀਂ ਉੱਜੜੇ ਹਾਂ ਬੱਕਰੇ ਖਵਾਲ ਕੇ! ਅੱਗੋਂ ਇਹ ਜਵਾਬ ਦਿੱਤਾ ਰਾਜੇ ਅਜਮੇਰ ਚੰਦ, ਲੰਮੇ ਸਾਰੇ ਹਾਉਕੇ ਲੈ ਤਨ ਮਨ ਜਾਲ ਕੇ! 'ਕੀ ਮੈਂ ਦੱਸਾਂ ਖਾਂ ਸਾਹਿਬ! ਇਹਨਾਂ ਨੂੰ ਕੀ ਕਰ ਦਿੱਤਾ, ਪੰਜ ਪੰਜ ਘੁਟ ਪਾਣੀ ਗੁਰੂ ਨੇ ਪਿਆਲ ਕੇ? 'ਚਾੜ੍ਹ ਦਿੱਤੀ ਪਾਣ ਕੋਈ ਜੱਗ ਕੋਲੋਂ ਵੱਖਰੀ ਹੀ, ਤਿੱਖਾ ਜਿਹਾ ਖੰਡਾ ਵਿੱਚ ਲੋਹੇ ਦਾ ਹੰਗਾਲ ਕੇ!' 'ਸ਼ਰਫ਼' ਅਜੇ ਵੇਖਿਆ ਕੀ ਜੋਸ਼ ਹੈ ਤੂੰ ਸੂਰਿਆਂ ਦਾ, ਛੋਲਿਆਂ ਦੇ ਵਾਂਗ ਫੌਜਾਂ ਜਾਣਗੇ ਉਬਾਲ ਕੇ!

43. ਮੈਂ ਤਾਂ ਰਾਜਾ ਅਵਤਾਰਾਂ ਦਾ ਆਖਦਾ ਹਾਂ

ਚਾਦਰ ਵੇਖ ਤੁਕਾਂਤ ਦੀ ਨਿੱਕੀ ਜੇਹੀ, ਮੇਰੀ ਨਜ਼ਮ ਨੇ ਪੈਰ ਸੰਗੋੜ ਦਿੱਤੇ। ਜਿਹੜੇ ਆਏ ਖ਼ਿਆਲ ਸਨ ਅਰਸ਼ ਉੱਤੋਂ, ਹਾੜੇ ਘੱਤਕੇ ਪਿਛ੍ਹਾਂ ਨੂੰ ਹੋੜ ਦਿੱਤੇ। ਲੋੜ੍ਹ, ਕੋੜ੍ਹ ਤੇ ਰੋੜ੍ਹ ਤੇ ਥੋੜ੍ਹ ਵਾਲੇ, ਗ਼ੈਰ ਕਾਫ਼ੀਏ ਸਮਝਕੇ ਛੋੜ ਦਿੱਤੇ। ਨਾਲੋ ਭੋਂ ਨਾ ਲੇਖ ਦੀ ਪੱਧਰੀ ਸੀ, ਮੇਰੀ ਕਲਮ ਦੇ ਪੈਰ ਮਚਕੋੜ ਦਿੱਤੇ। ਕਹਿਣੀ ਸਿਫ਼ਤ ਸੀ ਫੁੱਲ ਦਸਮੇਸ਼ ਦੀ ਮੈਂ, ਲੋਕਾਂ ਹੋਰ ਈ ਛਾਪੇ ਚਮੋੜ ਦਿੱਤੇ। ਸੱਚ ਪੁੱਛੋ ਤੇ ਏਸ ਸਮੱਸਿਆ ਨੇ, ਮੇਰੇ ਕੀਮਤੀ ਲਾਲ ਤ੍ਰੋੜ ਦਿੱਤੇ। ਪੰਜਾਂ ਅੱਖਰਾਂ ਤੇ ਦੋਹਾਂ ਬਿੰਦੀਆਂ ਨੂੰ, ਜਦੋਂ ਸੱਤ ਕਰਤਾਰ ਸਜਾਉਣ ਲੱਗੇ। ਸੱਤੀਂ ਅੰਬਰੀਂ ਚਮਕਕੇ ਸੱਤ ਤਾਰੇ, ਸ਼ਰਧਾ ਨਾਲ ਦਿਵਾਲੀ ਜਗਾਉਣ ਲੱਗੇ। ਸੱਤਾਂ ਸੁਰਾਂ ਸੁਹਾਗ ਦੇ ਗਵੇਂ ਸੋਹਲੇ, ਸ਼ਿਵਜੀ ਖੁਸ਼ੀ ਵਿਚ ਡੌਰੂ ਵਜਾਉਣ ਲੱਗੇ। ਸੱਤਾਂ ਜ਼ਿਮੀਆਂ ਦੇ ਜਾਗ ਪਏ ਭਾਗ ਸੁੱਤੇ, ਸੱਤਵੀਂ ਪੋਹੋਂ ਗੋਬਿੰਦ ਸਿੰਘ ਆਉਣ ਲੱਗੇ। ਜਲਵੇ ਸੁੱਟਕੇ ਦਯਾ ਤੇ ਧਰਮ ਵਾਲੇ, ਪਾਪ ਜੜਾਂ ਤੋਂ ਪਕੜ ਘਰੋੜ ਦਿੱਤੇ। ਤਿੱਖੀ ਖੰਡੇ ਦੀ ਧਾਰ ਵਿਖਾਲ ਇੱਕੋ, ਬਾਈਆਂ ਧਾਰਾਂ ਦੇ ਲੱਕ ਤ੍ਰੋੜ ਦਿੱਤੇ। ਤੇਗ਼ਾਂ-ਦੇਵੀ ਨੇ ਆਣਕੇ ਅੰਬਰਾਂ ਤੋਂ, ਕਲਗ਼ੀ ਵਾਲਿਆ! ਦੇਣੇ ਸਨ ਵਰ ਤੈਨੂੰ। ਤਦੇ ਰੱਬ ਨੇ ਘੱਲਿਆ ਜੱਗ ਉੱਤੇ, ਗੁਰੂ ਤੇਗ਼ ਬਹਾਦਰ ਦੇ ਘਰ ਤੈਨੂੰ। ਮੈਂ ਤਾਂ ਰਾਜਾ ਅਵਤਾਰਾਂ ਦਾ ਆਖਦਾ ਹਾਂ, ਪਿਆ ਜੱਗ ਆਖੇ ਕਲਗੀਧਰ ਤੈਨੂੰ। ਨਾਲ ਜਦ ਵਾਹਿਗੁਰੂ ਆਪ ਹੈਸੀ, ਫੇਰ ਕਿਸੇ ਦਾ ਹੁੰਦਾ ਕੀ ਡਰ ਤੈਨੂੰ? ਵਗਕੇ ਤੇਰੇ ਹਿਮਾਇਤੀ ਨਾਲਿਆਂ ਨੇ, ਬੇੜੇ ਦੁਸ਼ਮਣਾਂ ਦੇ ਰਣ ਵਿੱਚ ਬੋੜ ਦਿੱਤੇ। ਤੇਰੇ ਸੂਰਿਆਂ ਨੇ ਸੀਸ ਹਾਥੀਆਂ ਦੇ, ਵਾਂਗ ਟਿੰਡਾਂ ਦੇ ਭੰਨ ਤ੍ਰੋੜ ਦਿੱਤੇ। ਕਲਗ਼ੀ ਸਜੀ ਯਾ ਨਿਕਲੀਆਂ ਹੈਣ ਕਿਰਨਾਂ, ਸੂਰਜ ਮੁੱਖੜਾ ਬਣਿਆਂ ਹਜ਼ੂਰ ਦਾ ਏ। ਅੱਖਾਂ ਵੇਖਕੇ ਠੰਡੀਆਂ ਹੁੰਦੀਆਂ ਨੇ, ਯਾ ਫੁਹਾਰਾ ਕੋਈ ਛੁੱਟਿਆ ਨੂਰ ਦਾ ਏ। ਯਾ ਇਹ ਸ਼ਾਹੀ ਦਿਮਾਗ਼ ਦੇ ਸ਼ਬਦ ਵਿੱਚੋਂ, ਸਿੱਟਾ ਨਿਕਲਿਆ ਅਕਲ ਸ਼ਊਰ ਦਾ ਏ। ਬੈਠਾ ਹੋਯਾ ਹੁਮਾ ਯਾ ਸੀਸ ਉੱਤੇ, ਸੜਨ ਵਾਲਿਆਂ ਨੂੰ ਪਿਆ ਘੂਰ ਦਾ ਏ। ਤੇਰੇ ਨੀਲੇ ਨੇ ਚਮਕ ਚਮਕੌਰ ਅੰਦਰ, ਭੌਰ ਤਾਜ਼ੀਆਂ ਦੇ ਬੂਥੇ ਮੋੜ ਦਿੱਤੇ। ਤੇਰੀ ਤੇਗ਼ ਨੇ ਚੰਨ ਦੁ-ਖੰਨ ਕੀਤੇ, ਤੇਰੇ ਤੀਰਾਂ ਨੇ ਤਾਰੇ ਤ੍ਰੋੜ ਦਿੱਤੇ। ਹੱਕ ਖੋਹ ਖੋਹ ਰੰਡੀਆਂ ਰੂੜ੍ਹੀਆਂ ਦੇ, ਜਿਹੜੇ ਆਪਣੇ ਘਰਾਂ ਵਿੱਚ ਵਾੜਦੇ ਸਨ। ਤੇਰੇ ਸੁੰਦਰ ਪ੍ਰਸ਼ਾਦੀ ਦੇ ਵੱਲ ਜਿਹੜੇ, ਕਰ ਕਰ ਕੈਰੀਆਂ ਅੱਖੀਆਂ ਤਾੜਦੇ ਸਨ। ਜਬਰ, ਈਰਖਾ ਦੇ ਨਸ਼ੇ ਵਿੱਚ ਗੁੱਤੇ, ਜਿਹੜੇ ਪਲਕ ਨਾਂ ਕਦੀ ਉਘਾੜਦੇ ਸਨ। ਆਰੀ ਜ਼ੁਲਮ ਦੀ ਪਕੜਕੇ ਹੱਥ ਅੰਦਰ, ਜਿਹੜੇ ਅਦਲ ਦਾ ਬਾਗ਼ ਉਜਾੜਦੇ ਸਨ। ਤੇਗ਼ ਸੂਤਕੇ ਕੀਤੇ ਉਹ ਸੂਤ ਸਾਰੇ, ਫੜਕੇ ਅੱਟੀ ਦੇ ਵਾਂਗ ਮਰੋੜ ਦਿੱਤੇ। ਜਿਹੜੇ ਸੰਗਲ ਗ਼ੁਲਾਮੀ ਦੇ ਪਏ ਹੋਇ ਸਨ, ਕੱਚੀ ਤੰਦ ਦੇ ਵਾਂਗ ਤ੍ਰੋੜ ਦਿੱਤੇ। ਇੱਕ ਦਿਨ ਕਿਹਾ ਦਸਮੇਸ਼ ਦੀ ਮੂਰਤੀ ਨੂੰ:- ਇਹਦੇ ਅਰਥ ਤਾਂ ਮੈਨੂੰ ਸਮਝਾ ਦੇਣਾ? 'ਕਦੀ ਭਗਤ ਬਣਨਾ' ਕਦੀ ਲੁਕ ਜਾਣਾ, ਕਦੀ ਗੁਰੂ ਬਣਕੇ ਦਰਸ਼ਨ ਆ ਦੇਣਾ?' ਕਿਹਾ ਆਪ ਨੇ:-ਸੁਣੀਂ ਤੂੰ ਮੂਰਖਾ ਓ, ਮੇਰੀ ਸੰਗਤ ਨੂੰ ਨਾਲੇ ਸੁਣਾ ਦੇਣਾ। ਸੂਰਜ ਵਾਂਗ ਉਹ ਡੁੱਬਦੇ ਨਿਕਲਦੇ ਨੇ, ਜਿੰਨ੍ਹਾਂ ਹੋਵੇ ਹਨੇਰ ਮਿਟਾ ਦੇਣਾ। ਬੁੱਧੂ ਸ਼ਾਹ ਵਾਂਗੂੰ ਜਿਨ੍ਹਾਂ ਪੁੱਤ ਵਾਰੇ, ਸਣੇ ਕੁਲਾਂ ਉਹ ਤਾਰ-ਸਣਤੋੜ ਦਿੱਤੇ। ਕਾਲੇ ਖ਼ਾਂ ਵਾਂਗੂੰ ਹੋ ਗਏ ਮੂੰਹ ਕਾਲੇ, ਕਰਕੇ ਜਿਨ੍ਹਾਂ ਇਕਰਾਰ ਤ੍ਰੋੜ ਦਿੱਤੇ। ਰਾਮ ਰਾਵਣ ਦਾ ਜੁੱਧ ਭੀ ਹੋਯਾ ਐਸਾ, ਪਰਲੋ ਤੀਕ ਨਹੀਂ ਕਦੇ ਭੁਲਾਉਣ ਵਾਲਾ। ਮਹਾਂ ਭਾਰਤ ਦਾ ਨਕਸ਼ਾ ਭੀ ਜੱਗ ਉੱਤੋਂ, ਕੋਈ ਨਹੀਂ ਜੰਮਿਆਂ ਅਜੇ ਮਿਟਾਉਣ ਵਾਲਾ। ਜੇਕਰ ਕੀੜੇ ਨੂੰ ਵੇਖੀਏ ਗਹੁ ਕਰਕੇ, ਉਹ ਭੀ ਆਪੇ ਲਈ ਜਾਨ ਗਵਾਉਣ ਵਾਲਾ। ਐਪਰ ਕਿਸੇ ਦੇ ਦੁੱਖ ਤੇ ਸੁੱਖ ਬਦਲੇ, ਡਿੱਠਾ ਤੈਨੂੰ ਹੀ ਬੰਸ ਲੁਟਾਉਣ ਵਾਲਾ। ਸ਼ਿਵਜੀ ਗੰਗਾ ਵਗਾਈ ਸੀ ਲਿਟਾਂ ਵਿੱਚੋਂ, ਤੁਸਾਂ ਖੰਡੇ ਚੋਂ ਅੰਮ੍ਰਿਤ ਨਿਚੋੜ ਦਿੱਤੇ। ਚਿੜਕੇ ਆਨ ਉੱਤੋਂ ਚਿੜੀਆਂ ਤੇਰੀਆਂ ਨੇ, ਫੜਕੇ ਬਾਜ਼ਾਂ ਦੇ ਪਹੁੰਚੇ ਤ੍ਰੋੜ ਦਿੱਤੇ। ਪੀਰਾ-ਉਚ-ਦਿਆ ਦਿਲਾਂ ਵਿੱਚ ਰੁਚਦਿਆ ਵੇ, ਰਿੱਧੀ ਸਿੱਧੀ ਅਚਰਜ ਵਿਖਾ ਗਿਓਂ। ਕਿਤੇ ਘਾਟ ਨਗੀਨੇ ਬਣਾ ਦਿੱਤੇ, ਕਿਤੇ ਬੰਦੇ ਬਹਾਦਰ ਬਣਾ ਗਿਓਂ। ਕਲਮਾਂ ਸਿੱਧੀਆਂ ਪੁੱਠੀਆਂ ਵਾਹ ਕੇ ਤੇ, ਕਿਤੇ ਗੁਰੂ ਦੀ ਕਾਂਸ਼ੀ ਸਜਾ ਗਿਓਂ। ਖੰਡੇ ਨਾਲ ਉਖੇੜ ਕੇ ਤਿੜ ਕਿਧਰੇ, ਜੜ੍ਹ ਜ਼ੁਲਮ ਦੀ ਮੁੱਢੋਂ ਉਡਾ ਗਿਓਂ। ਨਵਾਂ ਦਿਨਾਂ ਤੇ ਨਵਾਂ ਮਹੀਨਿਆਂ ਵਿੱਚ, ਕਿਧਰੇ ਸ਼ਬਦ ਗਰੰਥ ਦੇ ਜੋੜ ਦਿੱਤੇ। ਧੀਰ ਮੱਲ ਜਹੇ 'ਸ਼ਰਫ਼' ਗੁਮਾਨੀਆਂ ਦੇ, ਸਾਰੇ ਕਿਬਰ ਹੰਕਾਰ ਤ੍ਰੋੜ ਦਿੱਤੇ।

44. ਕਲਗੀ ਵਾਲੇ ਜੀ! ਆਪ ਦੇ ਨਾਮ ਉੱਤੋਂ!

ਹਾੜੇ ਸੁਣ ਸੁਣ ਕੇ ਦੁਖੀ ਬੰਦਿਆਂ ਦੇ, ਦਯਾ ਕਰਨ ਤੇ ਜਦੋਂ ਕਰਤਾਰ ਹੋਇਆ। 'ਪਟਨੇ' ਸ਼ਹਿਰ ਵਿੱਚ ਕ੍ਰਿਪਾ ਦੀ ਲੈਹਰ ਆਈ, ਵਿਚੋਂ, 'ਲਾਲ' 'ਸੁੱਚਾ' ਪੈਦਾਵਾਰ ਹੋਇਆ। "ਮਾਤਾ ਗੁਜਰੀ" ਨੂੰ ਦਾਈ ਨੇ ਆਖਿਆ ਏ, ਤੁਹਾਡੇ ਘਰ ਕੋਈ "ਅਵਤਾਰ" ਹੋਇਆ! ਪਿਤਾ "ਤੇਗ਼ ਬਹਾਦੁਰ" ਵਧਾਈਆਂ ਲੈ ਲੈ, ਫੁਲ ਫੁਲ ਖੁਸ਼ੀ ਵਿੱਚ ਬਾਗ਼ਬਹਾਰ ਹੋਇਆ! ਤੇਰਾ ਰੂਪ ਅਨੂਪ ਤੇ ਚੰਦ ਚੇਹਰਾ, ਜੀਹਨੇ ਵੇਖਿਆ ਉਹੋ ਬਲਿਹਾਰ ਹੋਇਆ! ਕਲਗ਼ੀ ਵਾਲੇ ਜੀ! ਆਪ ਦੇ ਨਾਮ ਉੱਤੋਂ, ਸਾਰਾ ਪੰਥ ਬਲਿਹਾਰ ਨਿਸਾਰ ਹੋਇਆ! ਆਕੇ 'ਪੰਡਤਾਂ' ਆਪਦੇ ਸ਼ੈਹਰ ਅੰਦਰ, ਜਦੋਂ ਰੋ ਰੋ ਬੜਾ ਵਿਰਲਾਪ ਕੀਤਾ! ਇਹ 'ਹੱਤਿਆ' ਸੀਸ ਦੇ ਕੋਈ ਮੰਗਦੀਏ, ਸੁਣਕੇ ਹੁਕਮ ਸੀ ਆਪ ਦੇ ਬਾਪ ਕੀਤਾ! ਨੌਵੇਂ ਵਰ੍ਹੇ ਦੇ ਵਿੱਚ ਸੌ ਤੁਸੀਂ ਓਦੋਂ ਬੋਲ ਹੱਸਕੇ ਕੋਲੋਂ ਇਹ ਆਪ ਕੀਤਾ! "ਮੇਰੇ ਪਿਤਾ ਜੀ! ਸੀਸ ਬੀ ਜਾਵੇ ਭਾਵੇਂ, ਜਾਏ ਹਿੰਦ ਚੋਂ ਦੂਰ ਪਰ ਪਾਪ ਕੀਤਾ!" "ਧਰਮ ਰਖਸ਼ਾ" ਵਾਲੀ ਇਹ ਬਿਨ ਸੁਣਕੇ, ਉਨ੍ਹਾਂ ਕੋਲੋਂ ਵੀ ਨਹੀਂ ਸੀ ਇਨਕਾਰ ਹੋਇਆ! ਕਲਗ਼ੀ ਵਾਲੇ ਜੀ! ਆਪ ਦੇ ਨਾਮ ਉੱਤੋਂ, ਸਾਰਾ ਪੰਥ ਬਲਿਹਾਰ ਨਿਸਾਰ ਹੋਇਆ! ਪੱਥਰ ਦਿੱਲਾਂ ਦੇ ਡੱਕਰੇ ਹੋਏ ਸੁਣ ਕੇ, ਗੱਲਾਂ ਆਪ ਦੀਆਂ ਜੇਹੀਆਂ ਸੱਚੀਆਂ ਸਨ! ਲਹੂ ਆਪਣਾ ਡੋਹਲ ਬੁਝਾਈਆਂ ਚਾ, ਜੇਹੜੀਆਂ ਪਾਪ ਦੀਆਂ ਅੱਗਾਂ ਮੱਚੀਆਂ ਸਨ। ਸੱਚ ਕਹਵਾਂ ਮੈਂ ਖਾਲਸਾ ਧਰਮ ਦੀਆਂ, ਕੰਧਾਂ ਗੁਰੂ ਜੀ ਓਦੋਂ ਤੇ ਕੱਚੀਆਂ ਸਨ! "ਲਖ਼ਤੇ-ਜਿਗਰ" ਕੁਹਾ ਕੇ ਯੁੱਧ ਅੰਦਰ, ਲਾਈਆਂ ਇਨ੍ਹਾਂ ਨੂੰ ਤੁਸੀਂ ਹੀ ਬੱਚੀਆਂ ਸਨ! ਬਦਲੇ ਇੱਟਾਂ ਦੇ ਨੀਹਾਂ ਵਿੱਚ "ਲਾਲ" ਦਿੱਤੇ, ਤਾਂ ਇਹ ਸਿੱਖੀ ਦਾ ਮੈਹਲ ਤਿਆਰ ਹੋਇਆ! ਕਲਗ਼ੀ ਵਾਲੇ ਜੀ! ਆਪ ਦੇ ਨਾਮ ਉੱਤੋਂ, ਸਾਰਾ ਪੰਥ ਬਲਿਹਾਰ ਨਿਸਾਰ ਹੋਇਆ! ਇਕਦਰ ਸੰਗਤ ਤੇਰੀ, ਇਕਦਰ ਗ਼ੈਰ ਬੈਠਾ, ਵਿੱਚ ਰੱਖੀ ਸ਼ਤਰੰਜ ਹੈ ਲਾਲ ਹੋਈ! ਘਰ ਆਣ ਕੇ ਗ਼ੈਰਾਂ ਨੇ ਮੱਲਿਆ ਏ, ਐਸੀ ਪੁੱਠੀ ਨਸੀਬਾਂ ਦੀ ਚਾਲ ਹੋਈ! ਦੇ ਕੇ "ਸ਼ੈਹ" ਜੋ ਦੁਸ਼ਮਨ ਨੂੰ ਘਰੋਂ ਕੱਢੇ, ਹੁਣ ਹੈ ਓਸ ਖਿਲਾਰੂ ਦੀ ਭਾਲ ਹੋਈ! ਲੂੰ ਲੂੰ ਸੰਗਤ ਦਾ ਗ਼ਮਾਂ ਵਿੱਚ ਵਿੰਨ੍ਹਿਆਂ ਹੈ, ਦੁਖੀ ਆਪ ਬਾਝੋਂ ਵਾਲ ਵਾਲ ਹੋਈ! "ਨੀਲੀ ਵਲਿਆ" ਆਣ ਕੇ ਜਿੱਤ ਬਾਜ਼ੀ, ਬੜਾ ਚਿਰ ਤੇਰਾ ਇੰਤਜ਼ਾਰ ਹੋਇਆ! ਕਲਗ਼ੀ ਵਾਲੇ ਜੀ! ਆਪ ਦੇ ਨਾਮ ਉੱਤੋਂ, ਸਾਰਾ ਪੰਥ ਬਲਿਹਾਰ ਨਿਸਾਰ ਹੋਇਆ!

45. ਵੇ ਮੈਂ ਰਾਣੀ ਇਤਿਹਾਸ ਦੇ ਦੇਸ ਦੀ ਹਾਂ !

ਦੇਵੀ ਸੁਰਗ ਦੀ ਜਗਤ ਦੀ ਮਹਾਰਾਣੀ, ਦਿਲ ਦੇ ਮਹਿਲ ਅੰਦਰ ਡੇਰਾ ਲੌਣ ਵਾਲੀ! *ਖ਼ੁਮਰੇ ਵਾਂਗ ਜੋ ਗੁਟਕਦੀ ਵਿੱਚ ਗੱਲਾਂ, ਵਾਂਗ ਕਲੀਆਂ ਦੇ ਬੁੱਲ੍ਹ ਮੁਸਕੌਣ ਵਾਲੀ! ਅੱਖ ਬੰਦੇ ਦੀ ਸੱਜੀ ਫੁਰਕਾ ਕੇ ਤੇ, ਮੁੱਖ +ਚੂਨੀਆਂ ਵਾਂਗ ਭਖੌਣ ਵਾਲੀ! ਜੀਹਦੇ ਆਉਂਦਿਆਂ ਨੱਸਦੇ ਗ਼ਮ ਸਾਰੇ, ਪੁੱਛੋ ਨਾਮ ਤੇ 'ਖੁਸ਼ੀ' ਸਦੌਣ ਵਾਲੀ! ਘਟਾਂ ਬੰਨ੍ਹਕੇ ਅੱਜ ਉਸ਼ੇਰ ਵੇਲੇ, ਮੇਰੇ ਦਿਲ ਉੱਤੇ ਕਿਤੋਂ ਆ ਗਈ ਸੀ! ਹੱਸ ਹੱਸਕੇ ਫੁੱਲਾਂ ਦੇ ਵਾਂਗ ਮੈਨੂੰ, ਚੇਟਕ ਬਾਗ਼ ਦੇ ਸੈਰ ਦੀ ਲਾ ਗਈ ਸੀ! ਗਿਆ ਟਹਿਲਦਾ ਟਹਿਲਦਾ ਬਾਗ਼ ਅੰਦਰ, ਜਾਕੇ ਫੁੱਲ ਅਡੋਲ ਇੱਕ ਤੋੜਿਆ ਮੈਂ! ਲੱਖ ਨੌਂਹਦਰਾਂ ਮਾਰੀਆਂ ਕੰਡਿਆਂ ਨੇ, ਖਾਲੀ ਹੱਥ ਨ ਪਿਛ੍ਹਾਂ ਨੂੰ ਮੋੜਿਆ ਮੈਂ! ਡਿੱਗਕੇ ਪਤੀਆਂ ਓਹਦੀਆਂ ਖਿੰਡ ਗਈਆਂ, ਜਦੋਂ ਸੁੰਘਣਾ ਓਸਨੂੰ ਲੋੜਿਆ ਮੈਂ! ਬੜੇ ਹਿਰਖ ਤੇ #ਮਨਖ ਦੇ ਨਾਲ ਮੁੜਕੇ, ਇਕ ਇਕ ਖੰਭੜੀ ਨੂੰ ਫੜਕੇ ਜੋੜਿਆ ਮੈਂ! ਓਹਨੂੰ ਆਖਿਆ ਦੱਸ ਤੂੰ ਮੂਰਖਾ ਓ, ਵਿਗੜ ਚੱਲੀ ਸੀ ਸੁੰਘਿਆਂ ਸ਼ਾਨ ਤੇਰੀ? ਪਾਣ ਪੱਤ ਜਦ ਬੁਲਬਲਾਂ ਲਾਹੁੰਦੀਆਂ ਨੀ, ਓਦੋਂ ਜਾਂਦੀ ਏ ਕਿੱਥੇ ਇਹ ਆਨ ਤੇਰੀ? ਅੱਗੋਂ ਓਸਨੇ ਦਿੱਤਾ ਜਵਾਬ ਮੈਨੂੰ, ਟਾਹਣੀ ਵਾਲੜੇ ਤੋਂ ਪੁੱਛੀਂ ਹਾਲ ਸਾਰਾ! ਓਥੋਂ ਉੱਠਕੇ ਗਿਆ ਮੈਂ ਓਸ ਵੱਲੇ, ਜਾ ਕੇ ਕੱਢਿਆ ਦਿਲੀ ਉਬਾਲ ਸਾਰਾ! ਹੰਝੂ ਡੇਗ ਤਰੇਲ ਦੇ ਅੱਖੀਆਂ ਚੋਂ, ਦੱਸਣ ਲੱਗਾ ਓਹ ਹਾਲ ਐਹਵਾਲ ਸਾਰਾ! ਏਸੇ ਸ਼ੁਭ ਸੁਲੱਖਣੇ ਵਾਰ ਬਦਲੇ, ਅਸਾਂ ਲੁਕ ਕੇ ਕੱਢਿਆ ਸਾਲ ਸਾਰਾ! ਹੁਣੇ ਨਾਰ ਮੁਟਿਆਰ ਇਕ ਆਵਣੀਏ, ਰਹਿੰਦੀ ਗੱਲ ਓਹ ਤੈਨੂੰ ਸਮਝਾ ਦਏਗੀ! ਤੇਰੇ ਚਿੱਤ ਤੋਂ ਭਰਮ ਮਿਟਾ ਸਾਰਾ! ਉੱਤੇ ਮੋਹਰ ਪਰਤੀਤ ਦੀ ਲਾ ਦਏਗੀ! ਏਨੇ ਵਿੱਚ ਇਕ ਨੂਰ ਦੀ ਲੱਸ ਚਮਕੀ, ਮੀਂਹ ਅੰਮ੍ਰਿਤ ਦਾ ਆਣਕੇ ਵੱਸਿਆ ਸੀ! ਵਗ ਵਗ ਪ੍ਰੇਮ ਦੇ ਬੁੱਲਿਆਂ ਨੇ, ਖਬਰੇ ਬਾਗ਼ ਦੇ ਕੰਨ ਕੀ ਦੱਸਿਆ ਸੀ! ਗਿੱਧਾ ਮਾਰਿਆ ਕਲੀਆਂ ਤੇ ਪੱਤਰਾਂ ਨੇ, ਟਾਹ ਟਾਹ ਕਰਕੇ ਫੁੱਲ ਹੱਸਿਆ ਸੀ! ਮੁੱਦਾ ਕੀ ਕਿ ਬਾਗ਼ ਨਿਵਾਸੀਆਂ ਲਈ, ਤਰਨ ਤਾਰਨੋ ਆ ਗਈ ਮੱਸਿਆ ਸੀ! ਆਦਰ ਨਾਲ ਸਿਹਾਰੀਆਂ ਵਾਂਗ ਹੋਕੇ, ਸਭਨਾਂ ਟਾਹਣੀਆਂ ਸੀਸ ਨਿਵਾ ਦਿੱਤੇ! ਤਰਸੇ ਹੋਏ ਉਡੀਕ ਵਿੱਚ ਘਾਹ ਨੇ ਭੀ, ਨੇਤਰ ਮਖ਼ਮਲੀ ਫ਼ਰਸ਼ ਵਿਛਾ ਦਿੱਤੇ! ਪ੍ਰਗਟ ਹੋਈ ਇਕ ਇਸਤ੍ਰੀ ਓਸ ਵੇਲੇ, ਬੱਦਲ ਨੂਰ ਦੇ ਜੀਹਦੇ ਤੇ ਛਾਏ ਹੋਏ ਸਨ! ਦਯਾ ਦਾਨ ਦੀ ਬਣੀ ਸੀ ਦੇਹ ਓਹਦੀ, ਪਤੀਬਰਤ ਦੇ ਅੰਗ ਸਜਾਏ ਹੋਏ ਸਨ! ਪਈ ਸਿਦਕ ਦੀ ਓਸ ਵਿੱਚ ਆਤਮਾ ਸੀ, ਸੇਵਾ ਟਹਿਲ ਦੇ ਹੱਥ ਬਣਾਏ ਹੋਏ ਸਨ! ਓਹਦਾ ਦਿਲ ਪ੍ਰੇਮ ਦਾ ਸਾਜਕੇ ਤੇ, ਵਿੱਚ ਦੁੱਖੜੇ ਜੱਗ ਦੇ ਪਾਏ ਹੋਏ ਸਨ! ਲਾਜ ਸ਼ਰਮ ਦੀ ਨੱਕ ਵਿੱਚ ਪਈ ਤੀਲੀ, ਮੱਥੇ ਚੰਦ ਹੈਸੀ ਰਾਜਧਾਨੀਆਂ ਦਾ! ਦੇਸ਼ ਸੇਵਾ ਦੀ ਹੱਥ ਵਿੱਚ ਆਰਸੀ ਸੀ, ਗਲੇ ਪਿਆ ਸੀ ਹਾਰ ਕੁਰਬਾਨੀਆਂ ਦਾ! ਓਹਦੀ ਸੁੰਦਰਤਾ ਇਸਤਰ੍ਹਾਂ ਡੁੱਲ੍ਹਦੀ ਸੀ, ਪਰਾਧੀਨਤਾ ਵਾਲੇ ਲਿਬਾਸ ਵਿੱਚੋਂ! ਤੇਜ ਦੁੱਧ ਦਾ ਜਿਸਤਰ੍ਹਾਂ ਡੁੱਲ੍ਹਦਾ ਏ, ਫੁੱਟ ਫੁੱਟ ਬਿਲੌਰੀ ਗਲਾਸ ਵਿੱਚੋਂ! ਸੂਰਜ ਓਹਦੀ ਜਵਾਨੀ ਦਾ ਓਸ ਵੇਲੇ, ਕਿਰਨਾਂ ਸੁੱਟਦਾ ਸੀ ਮੇਖ ਰਾਸ ਵਿੱਚੋਂ! ਲਿਖਦਾ ਸਿਫ਼ਤ ਮੈਂ ਓਹਦੀਆਂ ਅੱਖੀਆਂ ਦੀ, ਜੇਕਰ ਲੱਭਦੇ ਅੱਖਰ ਇਤਿਹਾਸ ਵਿੱਚੋਂ! ਠੁਮਕ ਠੁਮਕ ਕੇ ਹੰਸ ਦੀ ਚਾਲ ਚੱਲੇ, ਕਰ ਕਰ ਛੋਹਲੀਆਂ ਫੁੱਲ ਪਈ ਚੁੱਗਦੀ ਸੀ! ਜਿੱਥੋਂ ਪੱਬ ਟਿਕਾਕੇ ਲੰਘ ਗਈ ਓ, ਕਿਆਰੀ ਫੁੱਲਾਂ ਦੀ ਓਸ ਥਾਂ ਉੱਗਦੀ ਸੀ! ਤੋੜ ਤੋੜ ਕੇ ਫੁੱਲਾਂ ਦਾ ਗੁਲਦਸਤਾ ਕੀਤਾ ਸ਼ੌਕ ਦੇ ਨਾਲ ਤਿਆਰ ਓਨ੍ਹੇ! ਪੀਚ ਪੀਚ ਕੇ ਸ਼ਰਧਾ ਦੇ ਵਲ ਦਿੱਤੇ, ਬੱਧੀ ਪਿਆਰ ਦੇ ਤਿੱਲੇ ਦੀ ਤਾਰ ਓਨ੍ਹੇ! ਸੂਈ ਪਕੜ ਪ੍ਰੀਤ ਦੀ ਹੱਥ ਅੰਦਰ, ਮਾਣ ਨਾਲ ਪ੍ਰੋਏ, ਕੁਝ ਹਾਰ ਓਨ੍ਹੇ! ਫੇਰ ਇੱਕ ਪਟਾਰ ਦੇ ਵਿੱਚ ਸਾਰਾ, ਸਾਂਭ ਸੂਤ ਇਹ ਲਿਆ ਭੰਡਾਰ ਓਨ੍ਹੇ! ਪਰ ਲੱਗ ਗਏ ਚਾ ਦੇ ਜਹੇ ਓਹਨੂੰ, ਉੱਡਣ ਲਈ ਓਹ ਪੂਰੀ ਤਿਆਰ ਹੋ ਗਈ! ਗੱਲ ਕਰਨ ਦੇ ਵਾਸਤੇ ਔਹੜਿਆ ਮੈਂ, ਮੇਰੀ ਓਦ੍ਹੀ ਨਿਗਾਹ ਭੀ ਚਾਰ ਹੋ ਗਈ! ਓਹਨੂੰ ਕਿਹਾ ਮੈਂ ਦੱਸ ਖਾਂ ਭਾਗਵਾਨੇ, ਇਹ ਕੀ ਕੀਤੀਆਂ ਗੱਲਾਂ ਨਿਕਾਰੀਆਂ ਤੂੰ! ਕੀਤਾ ਰੱਬ ਦਾ ਭਉ ਨ ਭੌਰਿਆਂ ਤੇ, ਡੰਗ ਲਾ ਲਾ ਡੁੰਗੀਆਂ ਕਿਆਰੀਆਂ ਤੂੰ! ਗਹਿਣਾ ਲਾਹ ਲਾਹ ਫੁੱਲਾਂ ਦੀ ਟਾਣ੍ਹੀਆਂ ਤੋਂ, ਕਰ ਛੱਡੀਆਂ ਬੁੱਚੀਆਂ ਸਾਰੀਆਂ ਤੂੰ! ਤੈਨੂੰ ਕਹਿਣਗੇ ਚਿੱਤ ਕੀ ਬੁਲਬੁਲਾਂ ਦੇ, ਫੇਰ ਚੱਲੀਂ ਏ ਜਿਨ੍ਹਾਂ ਤੇ ਆਰੀਆਂ ਤੂੰ! ਦੇਵੀ ਦਯਾ ਦੀ ਬਾਹਰੋਂ ਜਾਪਦੀ ਏਂ, ਦਿੱਸੇ ਹੋਰ ਕੁਝ ਅੰਦਰੋਂ ਹਿੱਤ ਤੇਰਾ! ਮਹਿੰਦੀ ਵਾਂਗ ਤੂੰ ਉੱਪਰੋਂ ਹਰੀ ਲਗੇਂ, ਖ਼ੂਨੀ ਜਾਪਦਾ ਏ ਵਿੱਚੋਂ ਚਿੱਤ ਤੇਰਾ! ਸਹਿਜ ਭਾ ਦੇ ਨਾਲ ਓਹ ਕੂਈ ਅੱਗੋਂ, ਐਡਾ ਝੂਠ ਅਪਰਾਧ ਕਿਉਂ ਤੋਲਿਆ ਈ? ਮੇਰੀ ਹਿੱਕ ਤੇ ਉੱਕਰੇ ਗਏ ਸਾਰੇ, ਜੋ ਜੋ ਸੁਖ਼ਨ ਬਿਲੱਛਣਾ ਬੋਲਿਆ ਈ! ਅੱਭਰ ਮੇਰੇ ਤੇ ਲਾਈ ਊ ਊਜ ਜੇੜ੍ਹੀ, ਸੁਣਕੇ ਅਰਸ਼ ਦਾ ਕਿੰਗਰਾ ਡੋਲਿਆ ਈ! ਲੀਰਾਂ ਬਾਝ ਨਹੀਂ ਹੋਰ ਕੁਝ ਲਗਾ ਲੱਭਣ, ਐਵੇਂ ਖਿੱਦੋ ਉਧੇੜਕੇ ਫੋਲਿਆ ਈ! ਜੇ ਤੂੰ ਮੂਰਖਾ ਮੈਨੂੰ ਨਾਂ ਜਾਣਦਾ ਸੈਂ, ਮੇਰੀ ਸ਼ਕਲ ਤਾਂ ਵੇਖਣੀ ਚਾਖਣੀ ਸੀ! ਜੇਕਰ ਚੁੱਪ ਕਰਕੇ ਨਹੀਂ ਸੈਂ ਰਹਿਣ ਜੋਗਾ, ਮੂੰਹੋਂ ਗੱਲ ਤੇ ਜਾਚਕੇ ਆਖਣੀ ਸੀ? ਵੇ ਮੈਂ ਰਾਣੀ ਇਤਿਹਾਸ ਦੇ ਦੇਸ ਦੀ ਆਂ, ਹਰ ਇਕ ਮਜ਼੍ਹਬ ਦੇ ਸ਼ੈਹਰ ਵਿੱਚ ਰਹਿਣ ਵਾਲੀ! ਤਾਜ ਕਵਿਤਾ ਦਾ ਸੋਂਹਵਦਾ ਸੀਸ ਮੇਰੇ, ਵੇ ਮੈਂ ਵਿੱਦਿਆ ਦੇ ਤਖ਼ਤ ਬਹਿਣ ਵਾਲੀ! ਮੇਰੇ ਗੂੰਜਦੇ ਜੱਗ ਤੇ ਜ਼ਫ਼ਰਨਾਮੇ, ਗੱਲਾਂ ਸੱਚੀਆਂ ਸ਼ਾਹਾਂ ਨੂੰ ਕਹਿਣ ਵਾਲੀ! ਖੁਸ਼ੀ ਗ਼ਮ ਵਿੱਚ ਸੋਂਹਵਦੇ ਬੋਲ ਮੇਰੇ, ਦੁਖ ਸੁਖ ਜਹਾਨ ਦੇ ਸਹਿਣ ਵਾਲੀ! ਸੁੰਦਰ ਸੋਹਣਿਆਂ ਫੁੱਲਾਂ ਦਾ ਗੁਲਦਸਤਾ, ਜੇਹੜਾ ਡਿੱਠਾ ਈ ਮੇਰੇ ਪਟਾਰ ਅੰਦਰ! ਭੇਟਾ ਕਰਨ ਏ ਚੱਲੀ ਦਸਮੇਸ਼ ਦੀ ਮੈਂ, ਸੱਚ ਖੰਡ ਦੇ ਖ਼ਾਸ ਦਰਬਾਰ ਅੰਦਰ! ਹੋਰ ਹਾਰ ਜੋ ਵੇਖੋ ਨੀ ਕੋਲ ਮੇਰੇ, ਏਹ ਮੈਂ ਉਨ੍ਹਾਂ ਦੇ ਸੀਸ ਚੜ੍ਹਾਵਣੇ ਨੇ! ਜਿਨ੍ਹਾਂ ਦੇਵੀਆਂ ਦੇ ਏਸ ਜੱਗ ਉੱਤੇ, ਪਰਲੋ ਤੀਕ ਲੋਕਾਂ ਗੀਤ ਗਾਵਣੇ ਨੇ! ਦੀਪ ਕੌਰ ਦੀ ਕਰਾਂਗੀ ਕੁਝ ਭੇਟਾ, ਮਾਈ ਭਾਗੋ ਦੇ ਗਲ ਕੁਝ ਪਾਵਣੇ ਨੇ! ਸਾਹਿਬ ਕੌਰ ਨਾਲੇ ਧਰਮ ਕੌਰ ਨੂੰ ਭੀ, ਬੜੀ ਸ਼ਰਧਾ ਦੇ ਨਾਲ ਪਹਿਨਾਵਣੇ ਨੇ! ਬਲ, ਸਿਦਕ, ਸੇਵਾ ਪਤੀਬਰਤ ਅੰਦਰ, ਧੰਨ ਹੌਸਲੇ ਸਨ ਇਨ੍ਹਾਂ ਬੀਬੀਆਂ ਦੇ! ਛਿੱਤਰ ਮਾਰਕੇ ਮਾਇਆ ਦੇ ਮੂੰਹ ਉੱਤੇ, ਕੀਤੇ ਸੱਥਰ ਮਨਜ਼ੂਰ ਗ਼ਰੀਬੀਆਂ ਦੇ! ਗੱਲਾਂ ਓਹਦੀਆਂ ਸਾਰੀਆਂ ਸੁਣ ਸੁਣਕੇ, ਮੈਨੂੰ ਚਤਰ ਚਲਾਕੀਆਂ ਭੁੱਲ ਗਈਆਂ! ਆਦਰ ਨਾਲ ਮੈਂ ਸੀਸ ਨਿਵਾ ਦਿੱਤਾ, ਲੱਤਾਂ ਬਾਹਾਂ ਵਿੱਚ ਖੁਸ਼ੀ ਦੇ ਫੁੱਲ ਗਈਆਂ! ਮੋਤੀ ਖਿੱਲਰੇ ਜ਼ਿਮੀਂ ਤੇ ਹੰਝੂਆਂ ਦੇ, ਅੱਖਾਂ ਵਾਲੀਆਂ ਡੱਬੀਆਂ ਡੁੱਲ੍ਹ ਗਈਆਂ! ਆਕੇ ਫੇਰ ਇਕ ਤੇਜ ਦੀ ਲਾਸ ਚਮਕੀ, ਓਧਰ ਅਰਸ਼ ਤੋਂ ਬਾਰੀਆਂ ਖੁੱਲ੍ਹ ਗਈਆਂ! ਚੜ੍ਹ ਗਈ ਮਾਰ ਉਡਾਰੀਆਂ ਅੰਬਰਾਂ ਤੇ, ਲੈਕੇ ਨਾਲ ਵਧਾਈ ਸਲਾਮ ਮੇਰਾ! ਜਾਣ ਲੱਗੀ ਏਹ ਆਖ ਗਈ 'ਸ਼ਰਫ਼' ਮੈਨੂੰ, ਹੈ "ਪੰਜਾਬੀ ਕਵੀਸ਼ਰੀ" ਨਾਮ ਮੇਰਾ! *ਖ਼ੁਮਰਾ ਇਕ ਘੁੱਘੀ ਤੋਂ ਛੋਟਾ ਗੁਟਕਣ ਵਾਲਾ ਪੰਛੀ ਹੈ। +ਚੂਨੀਆਂ ਲਾਲ ਦੀ ਕਿਸਮ । #ਅਰਮਾਨ, ਹਸਰਤ।

46. ਪਿਆਰ ਦੀ ਲੜਾਈ

ਤਿੜ ਕੇ ਨਗੂਨੀ ਗਲੋਂ ਤੜਕੇ ਈ ਉਸ਼ੇਰ ਸਾਰ, ਹੋ ਗਈ ਮੇਰੇ ਨਾਲ ਦਿਲਦਾਰ ਦੀ ਲੜਾਈ ਏ। ਵੇਖਾਂ ਇਹ ਸ਼ਨਿਛਰ ਮੇਰੇ ਸਿਰੋਂ ਕਦੋਂ ਢੱਲਦਾ ਏ, ਕਦੋਂ ਹੋਵੇ ਸੁਲਹਾ ਕਦੋਂ ਹਾਰ ਦੀ ਲੜਾਈ ਏ। ਕੀ ਮੈਂ ਦਸਾਂ? ਕਦੋਂ ਲੜੇ ਕਲ ਬੈਠੇ ਹੱਸਦੇ ਸਾਂ, ਹੋਈ ਅਜੋ ਫ਼ਜ਼ਰੇ ਈ ਯਾਰ ਦੀ ਲੜਾਈ ਏ। ਮੂੰਹ ਫੇਰ ਫੇਰ ਅਜ ਮੇਰੇ ਵਲੋਂ ਇੰਜ ਲੰਘੇ, ਹੋਈ ੨ ਹੁੰਦੀ ਜਿਉਂ ਪਰਾਰ ਦੀ ਲੜਾਈ ਏ। ਆਂਹਦਾ ਸੀ ਗੁਲਾਬੀ ਫੁੱਲ ਮੈਨੂੰ ਕਿਉਂ ਤੂੰ ਆਖਨਾ ਏ, ਓਹਨੂੰ ਮੇਰੇ ਨਾਲ ਐਸੇ ਖਾਰਦੀ ਲੜਾਈ ਏ ਗੁੱਸੇ ਵਿੱਚ ਚੁਪ ਦੋਵੇਂ ਬੈਠੇ ਆਹਮੋ ਸਾਹਮਣੇ ਹਾਂ, ਅੱਖਾਂ ੨ ਵਿੱਚ ਹੁੰਦੀ ਤਾਰ ਦੀ ਲੜਾਈ ਏ। ਅੱਖਾਂ ਵਿੱਚ ਅੱਖਾਂ ਪਾਕੇ ਵੱਟੇ ਭਰਵਟਿਆਂ ਨੂੰ, ਤੀਰਾਂ ਪਿੱਛੋਂ ਕਰਦਾ ਉਹ ਕਟਾਰਦੀ ਲੜਾਈ ਏ। ਮੇਰੀ ਝੂਠੀ ਊਜ ਤੇ ਤਰੇਲੋ ਤਰੇਲੀ ਹੁੰਦਾ, ਸਚੋ ਸਚ ਏਦਾਂ ਪਈ ਨਤਾਰਦੀ ਲੜਾਈ ਏ। ਮੈਨੂੰ ਝਾੜਾਂ ਪਾਵੇ ਤੇ ਉਹ ਚੁੰਮਦਾ ਨਸ਼ਾਨੀ ਮੇਰੀ, ਡਿਠੀ ਇਹ ਅਨੋਖੀ ਅਲੋਕਾਰ ਦੀ ਲੜਾਈ ਏ। ਜੋਸ਼ ਤੇ ਖਰੋਸ਼ ਨਾਲ ਖੋਲ ਖੋਲ ਗੇਸੂਆਂ ਨੂੰ, ਓਹਦੇ ਗੋਰੇ ਮੁਖ ਤੇ ਖਿਲਾਰ ਦੀ ਲੜਾਈ ਏ। ਜਿਉਂ ਜਿਉਂ ਸਾਡੇ ਦੋਹਾਂ ਵਿੱਚ ਪੈਂਦਾ ਏ ਵਿਗਾੜ ਪਿਆ, ਤਿਉ ਤਿਉਂ ਓਹਦੀ ਸ਼ਾਨ ਨੂੰ ਸਵਾਰਦੀ ਲੜਾਈ ਏ। ਬਾਹਵਾਂ ਦੇ ਹੁਲਾਰੇ ਓਹਦੇ ਫਟਦੇ ਕਲੇਜਾ ਮੇਰਾ, ਤੇਗ਼ ਬਿਨਾਂ ਓਹਦੀ, ਮੈਨੂੰ ਮਾਰ ਦੀ ਲੜਾਈ ਏ। ਗਲ ੨ ਨਾਲ ਮੈਨੂੰ ਚਾਲਬਾਜ਼ ਮਾਤ ਕਰੇ, ਹੁੰਦੀ ਜਿਉਂ ਅਨਾੜੀ ਤੇ ਖਡਾਰ ਦੀ ਲੜਾਈ ਏ। ਮੇਰੀ ਓਹਦੀ ਦੁਬਤਾ ਤੇ ਹੜਬਾਂ ਦਾ ਭੇੜ ਹੈ ਇਹ, ਆਪੋ ਵਿੱਚ ਹੁੰਦੀ ਕਿਸ ਕਾਰ ਦੀ ਲੜਾਈ ਏ। ਜੇਕਰ ਮੈਥੋਂ ਪੁਛਦਾ ਵੇ ਸਚ ੨ ਆਖਨਾਂ ਹਾਂ ਅੱਗਾ ਪਿਛਾ ਰਤਾ ਨਾਂ ਵਿਚਾਰਦੀ ਲੜਾਈ ਏ। ਸਾਰੀ ਕੀਤੀ ਕੱਤਰੀ ਇਹ ਮੁੱਦਤਾਂ ਤੇ ਵਰਿਆਂ ਦੀ, ਪਲਾਂ ਵਿੱਚ ਆਨਕੇ ਵਸਾਰਦੀ ਲੜਾਈ ਏ। ਪੈਸਾ ਭਰ ਜੀਬ ਪਹਿਲੋਂ ਗੁਸੇ ਵਿੱਚ ਹਿੱਲ ਜਾਵੇ, ਪਿੱਛੋਂ ਰੂਪ ਛਵੀਆਂ ਦਾ ਧਾਰਦੀ ਲੜਾਈ ਏ। ਮੇਲ ਪਾਣੀ ਦੁਧ ਦਾ ਤੇ ਸੇਰਾਂ ਤੀਕ ਹੋਂਵਦਾ ਏ, ਸਿਰਾਂ ਤੀਕ ਪੈਰ ਇਹ ਪਸਾਰਦੀ ਲੜਾਈ ਏ। ਮੋਈਆਂ ਹੋਈਆਂ ਸੱਧਰਾਂ ਲਈ ਤਾਜ਼ੀ ਤਦਬੀਰ ਕਰਾਂ, ਪਤ ਝੜ ਨਾਲ ਇਹ ਬਹਾਰ ਦੀ ਲੜਾਈ ਏ। 'ਸ਼ਰਫ਼' ਸਾਡੇ ਰੋਸਿਆਂ ਦਾ ਹਾਲ ਕੀ ਤੂੰ ਪੁਛਨਾਂ ਏਂ, ਮੇਰੀ ਓਹਦੀ ਹੁੰਦੀ ਇਹ ਪਿਆਰ ਦੀ ਲੜਾਈ ਏ।

47. ਪਿਆਰੇ ਵੱਲ ਖ਼ਤ

ਹੀਰੇ ਪੰਨੇ ਜਵਾਹਰ ਤੇ ਲਾਲ ਦਿਲਬਰ, ਮੇਰੇ ਮੋਤੀਆ ਸੱਚੇ ਹਜ਼ਾਰਿਆ ਓ। ਰਖੇ ਰੱਬ ਹਮੇਸ਼ ਆਬਾਦ ਤੈਨੂੰ, ਹਰਦਮ ਰਹੇਂ ਸਲਾਮਤ ਤੂੰ ਪਿਆਰਿਆ ਓ। ਬਾਲੀ ਉਮਰ ਤੇ ਹੁਸਨ ਦੀ ਸ਼ਮ੍ਹਾਂ ਬਾਲੋ, ਤੀਲੀ ਨਾਜ਼ ਦੇ ਨਾਲ ਸੁਹਾਰਿਆ ਓ। ਤੇਰਾ ਅਗੇ ਥੀਂ ਹੋਵੇ ਇਕਬਾਲ ਦੂਣਾਂ, ਚਮਕੇਂ ਚੰਦ ਦੇ ਵਾਂਗ ਸਤਾਰਿਆ ਓ। ਮੇਰਾ ਹਾਲ ਅਹਿਵਾਲ ਕੀ? ਪੁਛਨਾਂ ਏ, ਤੈਨੂੰ ਪਤਾ ਹੈ ਕੁਲ ਦੁਲਾਰਿਆ ਓ। ਦੱਬੀ ਅੱਗ ਨੂੰ ਜਾਨਕੇ ਫੋਲਨਾਂ ਏ, ਉੱਡ ਜਾਏਂਗਾ ਕਿਤੇ ਮਾਂਹ ਪਾਰਿਆ ਓ। ਬੀ ਜਗੜੇ ਖ਼ਤੋਂ ਜਵਾਬ ਦਿੱਤਾ, ਵਾਹ ਵਾ! ਚੰਗਾ ਪਿਆਰ ਨਤਾਰਿਆ ਓ। ਅੱਲਾ ਜਾਨਦਾ ਤੇਰੀ ਜੁਦਾਈ ਅੰਦਰ, ਅਸਾਂ ਜਿਸ ਤਰ੍ਹਾਂ ਸਮਾਂ ਗੁਜਾਰਿਆ ਓ। ਕਾਲੀ ਰਾਤ ਫ਼ਰਾਕ ਦੀ ਮੁਕਦੀ ਨਹੀਂ, ਦਿੱਸੇ ਹੱਥ ਨਾਂ ਕਿਤੇ ਪਸਾਰਿਆ ਓ! ਕੁੰਡੀ ਜ਼ੁਲਫ਼ ਦੀ ਲਾ ਫਸਾ ਮਾਹੀ, ਮਛੀ ਵਾਂਗ ਤੜਫਾ ਕੇ ਮਾਰਿਆ ਓ। ਤੇਰੇ ਇਸ਼ਕ, ਚ ਕੱਖਾਂ ਥੀਂ ਹੋਇਆ ਹੌਲਾ, ਦਗੇਬਾਜ਼ ਫ਼ਰੇਬੀਆ ਭਾਰਿਆ ਓ। ਬੋਲ ਤੋਲ ਤੇਰਾ ਨਾਂ ਕੋਈ ਹੋਇਆ ਸੱਚਾ, ਪੂਰਾ ਹੋਇਓਂ ਨਾਂ ਝੂਠਿਆ ਲਾਰਿਆ ਓ। ਸਗੋਂ ਅਗਲੇ ਸਵਾਦੋਂ ਭੀ ਰਖਿਆ ਈ, ਮੂੰਹ ਲਗ ਕੇ ਕੌੜਿਆ ਖਾਰਿਆ ਓ। ਗੱਲਾਂ ਫਿਕੀਆਂ ਤੇਰੀਆਂ ਨਜ਼ਰ ਆਈਆਂ, ਬੋਲਨ ਵਿੱਚ ਹੈਂ ਖੂਬ ਕਰਾਰਿਆ ਓ। ਸਾਡੇ ਹਾਲ ਦੀ ਖ਼ਬਰ ਕੀ ਹੋਵੇ ਤੈਨੂੰ, ਤੂੰ ਤੇ ਆਪਣਾ ਆਪ ਸਵਾਰਿਆ ਓ ਮੇਰੀ ਸੋਨੇ ਜਹੀ ਦੇਹੀ ਨੂੰ ਗਾਲ ਦਿੱਤਾ, ਪਾ ਕੇ ਹਿਜਰ ਕੁਠਾਲੀ ਸੁਨਿਆਰਿਆ ਓ। ਸਿਰ ਤੇ ਲੈਂਦਿਆਂ ਜ਼ਿਮੀਂ ਤੇ ਲਮਕਨਾਂ ਏਂ, ਪਾਟ ਜਾਇਂਗਾ ਸ਼ੋਖ਼ ਸਲਾਰਿਆ ਓ। ਏਸ ਜੋਬਨ ਜਵਾਨੀ ਦੇ ਵਿੱਚ ਜਾਨੀ, ਰਹਿਸੇਂ ਕਦੋਂ ਤਕ ਭਲਾ ਸ਼ੰਗਾਰਿਆ ਓ। ਯੂਸਫ਼ ਵਾਂਗ ਇਸ ਮਿਸਰ ਬਜ਼ਾਰ ਅੰਦਰ, ਕੋਈ ਦੱਮ ਦਿਆ ਹੁਸਨ ਨਜ਼ਾਰਿਆ ਓ। ਓੜਕ ਓਸ ਸਰਾਫ਼ ਨੇ ਪਰਖਨਾਂ ਏਂ, ਝੂਠਾ ਵਾਂਗ ਮੁਲੰਮੇਂ ਚਮਕਾਰਿਆ ਓ। ਬਹੁਤ ਉੱਚਾ ਨਾਂ ਚੜ੍ਹੀਂ ਅਸਮਾਨ ਉੱਤੇ, ਮਤਾਂ ਡਿਗੇਂ ਸਿਰ ਭਾਰ ਪੁਹਾਰਿਆ ਓ! ਮੇਰੀ ਰੇਸ਼ਮੀ ਪੀਂਘ ਪਿਆਰ ਵਾਲੀ, ਤੋੜ ਦਿੱਤੀ ਓ ਸਖ਼ਤ ਹੁਲਾਰਿਆ ਓ। ਜ਼ੁਲਮ ਜੱਗ ਕੋਲੋਂ ਬਾਹਰਾ ਕਰ ਗਿਆ ਏਂ, ਮੇਰੇ ਨਾਲ ਤੂੰ ਤੇ ਹੈਂਸਿਆਰਿਆ ਓ। ਜਿਗਰ ਵਾਂਗ ਦਿਆਰ ਦੇ ਚੀਰ ਗਿਓਂ, ਹਾਏ ਤਰਖਾਣਾ ਦੇ ਤਿਖਿਆ ਆਰਿਆ ਓ। ਤੇਲ ਪਾ ਕੇ ਹੋਰ ਭੜਕਾਇਆ ਈ, ਲਗੀ ਅੱਗ ਨੂੰ ਸਗੋਂ ਅੰਗਿਆਰਿਆ ਓ। ਠੰਡੇ ਸਾਹ ਹੁਣ ਦਸ ਮੈਂ ਲਵਾਂ ਕਿਉਂ ਨਾਂ, ਮੇਰੀ ਹਿੱਕ ਨੂੰ ਕਦੋਂ ਤੂੰ ਠਾਰਿਆ ਓ। ਤੇਰੇ ਨਾਲ ਮੁਹੱਬਤਾਂ ਕੀ? ਪਾਈਆਂ, ਅਵੇਂ ਰੇਤ ਦਾ ਮਹਿਲ ਉਸਾਰਿਆ ਓ। ਬਣਕੇ ਆਪ ਚਲਾਕ ਹੁਸ਼ਿਆਰ ਵੱਡੇ, ਸਾਨੂੰ ਗਾਈਆਂ ਦੇ ਵਾਂਗ ਤੂੰ ਚਾਰਿਆ ਓ। ਤੇਰਾ ਹੋਰਨਾਂ ਨਾਲ ਪਿਆਰ ਡਾਹਡਾ, ਤਦੇਂ ਮਨੋਂ ਤੂੰ ਮੈਂਨੂੰ ਵਸਾਰਿਆ ਓ। ਸਾਨੂੰ ਵਿੱਚ ਸੁਹਾਗ ਦੇ ਭੁਲਿਆ ਏਂ, ਵਰਿਆ ਗਿਆ ਤੇ ਨਿਜ ਕਵਾਰਿਆ ਓ। ਮੈਂ ਅਨਤਾਰੂ ਤੇ ਇਸ਼ਕ ਦੀ ਨੈਂ ਡੋਬੂ, ਤੇਰੇ ਆਸਰੇ ਠਿੱਲਾ ਸਹਾਰਿਆ ਓ। ਹੋਕੇ ਯਾਰ ਤੇ ਠੱਗੀਆਂ ਕੀਤੀਆਂ ਨੀ ਬਾਹੋਂ ਪਗੜ ਨਾਂ ਪਾਰ ਉਤਾਰਿਆ ਓ। ਕੱਦੀ ਚੈਂਣ ਨਾਂ ਪਾਏ ਮੁਹਾਨਿਆਂ ਤੂੰ, ਮੇਰਾ ਰੜੇ ਵਿੱਚ ਪੂਰ ਨਿਘਾਰਿਆ ਓ। ਮਾਲੀ ਜਾਨ ਕੇ ਹੁਸਨ ਦੇ ਬਾਗ਼ ਵਾਲਾ, ਹੈਸੀ ਤੁਧ ਨੂੰ ਯਾਰ ਵੰਗਾਰਿਆ ਓ। ਬਦਲੇ ਫੁੱਲ ਦੇ ਬਨ ਗਿਉਂ ਨਾਗ਼ ਜ਼ਹਿਰੀ, ਸਗੋਂ ਤੂੰ ਭੀ ਚਾਇ ਡੰਗ ਉਲਾਰਿਆ ਓ। ਸੁਫ਼ਨੇ ਵਿੱਚ ਭੀ ਕਦੀ ਨਾਂ ਮਿਲੇ ਆ ਕੇ, ਤੈਂਥੋਂ ਇਹ ਭੀ ਨਾਂ ਸਰੇ ਨਕਾਰਿਆ ਓ। ਹੁਣ ਤਾਂ ਕਾਲੀਆਂ ਵੰਗਾ ਚੜ੍ਹਾ ਜਾਵੀਂ, ਆ, ਕੇ ਸ਼ੌਂਕ ਦੇ ਨਾਲ ਵੰਨਜਾਰਿਆ ਓ। ਤੇਰੇ ਮਿਲਨ ਦਾ ਅਸਾਂ ਸੁਹਾਗ ਕਰਨਾਂ, ਨਾਲੇ ਸੋਗ ਜੁਦਾਈ ਦਾ ਧਾਰਿਆ ਓ। ਭਾਵੇਂ ਬੁਲਾਂ ਤੇ ਅੜੀ ਏ ਜਾਨ ਮੇਰੀ, ਐਪਰ ਕੌਲ ਇਕਰਾਰ ਨਹੀਂ ਹਾਰਿਆ ਓ। ਡੋਬ ਨਾਲ ਮੈਂ ਡਿਗ ਪਿਆ ਫੇਰ ਓਥੇ, ਬਾਹੋਂ ਪਗੜ ਜੇ ਕਿਸੇ ਖਲਾਰਿਆ ਓ ਜਾਨੀ ਏਸ ਬੀਮਾਰ ਨੂੰ ਦੇ ਜਾਵੀਂ, ਪਾਣੀ ਆਪਣੇ ਸੀਸ ਤੋਂ ਵਾਰਿਆ ਓ। ਪੈਂਛੀ ਹੋਵਾਂ ਤੇ ਉੱਡ ਕੇ ਆ ਵੇਖਾਂ, ਤੇਰਾ ਮੁਖੜਾ ਚੰਦ ਪਿਆਰਿਆ ਓ। ਮੇਰਾ ਵਿੱਚ ਪ੍ਰਦੇਸ ਦੇ ਵਾਂਗ ਕੂੰਜਾਂ, ਦਾਨਾ ਪਾਣੀ ਏ ਰੱਬ ਖਲਾਰਿਆ ਓ। "ਸ਼ਰਫ਼" ਜ਼ਰਾ ਭੀ ਝੂਠ ਨਹੀਂ ਆਖਿਆ ਮੈਂ, ਹੱਡੀਂ ਵਰਤਿਆ ਹਾਲ ਪੁਕਾਰਿਆ ਓ।

48. ਰੁਮਾਲ ਮੁੰਦਰੀ

ਵਟਾ ਸੱਟਾ ਹੋ ਗਿਆ ਨਸ਼ਾਨੀਆਂ ਦਾ ਦੋਹੀਂ ਪਾਸੀਂ, ਘੱਲੀ ਅੱਜ ਓਹਨੇ ਭੀ ਰੁਮਾਲ ਨਾਲ ਮੁੰਦਰੀ । ਹੁਕਮ ਹੋਇਆ ਨਾਲ ਇਹ ਅਚੱਚੀ ਮੇਰੀ ਚੀਚੀ ਦੀ ਏ, ਗ਼ੈਰਾਂ ਵਿੱਚ ਰਖਨੀ ਖ਼ਿਆਲ ਨਾਲ ਮੁੰਦਰੀ । ਪਟੀ ਜਹੀ ਪੜ੍ਹਾਈ ਓਹਨੂੰ ਵੈਰੀਆਂ ਤੇ ਦੂਤੀਆਂ ਨੇ, ਲੈਣ ਲਗਾ ਫੇਰ ਏਸ ਚਾਲ ਨਾਲ ਮੁੰਦਰੀ । ਮੋੜ ਮੇਰੀ ਮੁੰਦਰੀ ਤੇ ਸਾਂਭ ਲੈ ਇਹ ਵਰਾਸੋਈ, ਲਾਹ ਮਾਰੀ ਹਥੋਂ ਮੇਰੀ ਕਾਹਲ ਨਾਲ ਮੁੰਦਰੀ । ਜੋੜ ਜੋੜ ਹਥ ਫੇਰ ਤੋੜਿਆਂ ਵਛੋੜਿਆਂ ਵਿੱਚ, ਪਾਈ ਓਹਦੇ ਹਥ ਬੁਰੇ ਹਾਲ ਨਾਲ ਮੁੰਦਰੀ । ਨਿਕੀ ਜਿਹੀ ਵਚੋਲੜੀ ਪਿਆਰ ਤੇ ਮੁਹੱਬਤਾਂ ਦੀ, ਮੇਲ ਦਿੱਤਾ ਦੋਹਾਂ ਨੂੰ ਸੁਖਾਲ ਨਾਲ ਮੁੰਦਰੀ । ਮੇਰੇ ਕਾਬੂ ਰਖਦੀ ਏ ਮੇਰੇ ਓਸ ਪਿਆਰ ਨੂੰ ਏਹ, ਮੋਹਰਾ ਸੁਲੇਮਾਨੀ ਲੱਭਾ ਘਾਲ ਨਾਲ ਮੁੰਦਰੀ । ਮੈਥੋਂ ਭਾਵੇਂ ਦੂਰ ਦੂਰ ਰਹੇ ਉਹ ਨਗੀਨਾ ਮੇਰਾ, ਰਵੇ ਓਹਦੀ ਨਿੱਤ ਮੇਰੇ ਨਾਲ ਨਾਲ ਮੁੰਦਰੀ । ਖੋਹਕੇ ਫ਼ੀਰੋਜ਼ੀ ਥੇਵਾ ਸੀਨੇ ਵਿੱਚ ਰਖਦੀ ਏ, ਰੱਖੇ ਐਡਾ ਹੇਚ ਓਹਦੇ ਖ਼ਾਲ ਨਾਲ ਮੁੰਦਰੀ । "ਸ਼ਰਫ਼" ਏਸ ਸਮੇਂ ਵਿੱਚ ਵਟਾਉਂਦਾ ਏ ਕੌਣ ਭਲਾ, ਲਿੱਸੇ ਨਾਲ ਪੱਗ ਤੇ ਕੰਗਾਲ ਨਾਲ ਮੁੰਦਰੀ ।

49. ਫ਼ੈਸ਼ਨ

ਰੋ ਰੋ ਬੁੱਡੜ੍ਹੀ ਇੱਕ ਪਈ ਆਖ ਦੀ ਸੀ, ਇਹ ਕੀ ਰੱਬ ਨੇ ਮੈਂਨੂੰ ਦਿਖਾਏ ਫ਼ੈਸ਼ਨ। ਵੜਿਆ ਜਦੋਂ ਦਾ ਆਨਕੇ ਹਿੰਦ ਅੰਦਰ, ਸਾਰੇ ਅਦਬ ਅਦਾਬ ਭੁਲਾਏ ਫ਼ੈਸ਼ਨ। ਇੱਕ ਧੀ ਤੇ ਇੱਕ ਸੀ ਪੁਤ ਮੇਰਾ, ਵੇਖੋ ਦੋਵੇਂ ਈਂ ਰੋਹੜ ਗਵਾਏ ਫ਼ੈਸ਼ਨ। ਕੋਕੇ ਪਾਕੇ ਲਹੂ ਦੀ ਛਿੱਟ ਵਰਗੇ, ਲਾਲ ਤੀਲੀਆਂ ਲੌਂਗ ਨੂੰ ਲਾਏ ਫ਼ੈਸ਼ਨ। ਫਿਰੇ ਫੁਲਦਾ ਕੋਟ ਪਤਲੂਨ ਪਾਕੇ, ਜਾਵੇ ਵਿੱਚ ਨਾਂ ਜ਼ਰਾ ਸਮਾਏ ਫ਼ੈਸ਼ਨ। ਪੁਤ੍ਰ ਆਖਦਾ? ਵੇਖ ਡੀਜ਼ਾਇਨ ਮੇਰਾ, ਧੀ ਆਖਦੀ ਵੇਖ ਨੀ ਮਾਏ ਫ਼ੈਸ਼ਨ। ਪੈ ਗਈ ਲੋੜ ਹੁਣ ਪੌਡਰਾਂ ਸੁਰਖ਼ੀਆਂ ਦੀ, ਰੱਤ ਚੂਪ ਲਈ ਆਨ ਤਿਹਾਏ ਫ਼ੈਸ਼ਨ। ਪਿਤਾ ਪੁਰਖੀ ਦੇ ਭੁਲ ਗਏ ਰਾਹ ਸਿੱਧੇ, ਡਿੰਗੇ ਚੀਰ ਬੇ-ਪੀਰ ਕਢਾਏ ਫ਼ੈਸ਼ਨ। ਸ਼ਾਇਰ ਨਵੀਂ ਤਸ਼ਬੀਹ ਲਈ ਜਾਨ ਲੰਦਨ, ਕਿਉਂਕਿ ਪੂਰ ਪੂਰਨ ਚਲਕੇ ਆਏ ਫ਼ੈਸ਼ਨ। ਮੁਛੋਂ ਦਾਹੜੀਓਂ ਮਰਦ ਕਰ ਜ਼ਨ ਦਿੱਤੇ, ਓਦਰ ਜ਼ਨਾਂ ਦੇ ਮਰਦ ਬਨਾਏ ਫ਼ੈਸ਼ਨ। ਨਵੀਂ ਰੋਸ਼ਨੀ ਦੇ ਆਸ਼ਕ ਪੌਣ ਬਾਘੀ, ਉਨ੍ਹਾਂ ਲਈ ਇਹ ਸੌਖ ਲਿਆਏ ਫ਼ੈਸ਼ਨ। ਉੱਡਨੇ ਸੱਪ ਜੋ ਜ਼ੁਲਫ਼ਾਂ ਦੇ ਡੰਗਦੇ ਸਨ, ਸ਼ਾਹ ਪਰ ਉਨ੍ਹਾਂ ਦੇ ਕੈਂਚ ਕਰ ਆਏ ਫ਼ੈਸ਼ਨ। ਜੇਹੜੇ ਕੈਦੀ ਈਰਾਨ ਦੀ ਜ਼ੁਲਫ਼ ਦੇ ਸਨ, ਅਜ ਉਹ ਬਿਨਾਂ ਅਪੀਲ ਛੁਡਾਏ ਫ਼ੈਸ਼ਨ। ਹਿੱਕਾਂ ਨੰਗੀਆਂ ਹੋ ਗਈਆਂ ਬਿਨਾਂ ਸੰਘੋਂ, ਪਾਏ ਪਰੀਆਂ ਤੇ ਆਣ ਜਹੇ ਸਾਏ ਫੈਸ਼ਨ। ਨੱਕੀ ਪੂਰ ਨੌ ਖ਼ਾਲ ਤੇ ਚੌਸਰਾਂ ਤੇ, ਦਫ਼ਾ ਜੂਏ ਦੀ ਝਟ ਪਟ ਲਾਏ ਫ਼ੈਸ਼ਨ। ਕਿਸੇ ਕਾਰਨੀਵਲ ਦੇ ਭੇਸ ਅੰਦਰ, ਭਾਵੇਂ ਹਿੰਦ ਨੂੰ ਲੁਟ ਲੈ ਜਾਏ ਫ਼ੈਸ਼ਨ। ਆਕੇ ਜਬਰੂ ਨਜ਼ਾਮ ਦੀ ਰੂਹ ਉੱਤੇ, ਏਸੇ ਛਵੀਆਂ ਦੇ ਵਾਰ ਚਲਾਏ ਫ਼ੈਸ਼ਨ। ਬਾਈਸਕੋਪ ਵਿੱਚ ਘਲ ਪਰਛਾਵਿਆਂ ਨੂੰ ਡਾਕੇ ਚੋਰੀਆਂ ਨਵੇਂ ਸਿਖਾਏ ਫ਼ੈਸ਼ਨ। ਤਿਉਂ ੨ ਹਿੰਦੀਆਂ ਦੀ ਉਮਰ ਘਟਦੀ ਏ, ਜਿਉਂ ੨ ਪਿਆ ਖ਼ਲ ਜਗਨ ਵਧਾਏ ਫ਼ੈਸ਼ਨ ਭੈਂਣ ਪਾਲਸੀ ਅਗੇ ਈ ਆਈ ਹੋਈ ਸੀ, ਮਗਰੋਂ ਹੋਰ ਭਰਾ ਜੀ ਆਏ ਫ਼ੈਸ਼ਨ। ਓਹਨੇ ਹਿੰਦੀਆਂ ਨੂੰ ਜੱਫ਼ਾ ਮਾਰਿਆ ਸੀ, ਡੇਰੇ ਘਰਾਂ ਵਿੱਚ ਆਂਨ ਜਮਾਏ ਫ਼ੈਸ਼ਨ। ਹੁਣ ਇਹ ਫ਼ਿਕਰ ਏ ਆਬਰੂ ਹਿੰਦੀਆਂ ਦੀ, ਗੰਗਾ ਵਿਚ ਨਾਂ ਕਿਤੇ ਡੁਬਾਏ ਫ਼ੈਸ਼ਨ। ਚਾਲਬਾਜ਼ ਇਹ ਹੁਸਨ ਦੇ ਵਾਂਗ ਇਹ ਭੀ, ਕਿਸੇ ਨਾਲ ਨਾਂ ਸਿਧਾ ਨਭਾਏ ਫ਼ੈਸ਼ਨ। ਪੱਸਰ ਜਾਂਦੇ ਨੇ ਚਾਦਰੋਂ, ਪੈਰ ਬਾਹਰ, ਸਗੋਂ ਬੋਬਿਆਂ ਹੇਠ ਫਸਾਏ ਫੈਸ਼ਨ। ਹਰ ਹਰ ਪਾਸਿਉਂ ਪੈਂਦੀਆਂ 'ਸ਼ਰਫ' ਚੀਕਾਂ, ਲੁਟ ਪੁਟਕੇ ਲੈ ਗਿਆ ਹਾਏ ਫ਼ੈਸ਼ਨ।

50. ਮੱਤਾਂ

ਜੇ ਤੂੰ ਪੰਧ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏਂ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜੀਂ ਘੁੱਟਕੇ ਜਹਾਨ ਵਿੱਚ ਇੱਕ ਦਾ ਤੂੰ, ਜਣੇ ਖਣੇ ਨਾਲ ਪਿਆ ਐਵੇਂ ਨਾ ਪਿਆਰ ਗੰਢ। ਭਲਾ ਰੱਬ ਆਸਰੇ ਨੂੰ ਜੱਗ ਦੀ ਮੁਥਾਜੀ ਕਾਹਦੀ, ਸਿਰ ਉੱਤੇ ਚੁੱਕਦਾ ਨਹੀਂ ਘੋੜੇ ਅਸਵਾਰ ਗੰਢ। ਪੀਚ ਪੀਚ ਪਲੇ ਬੰਨ੍ਹ, ਕੰਮ ਸਾਰੇ ਨੇਕੀਆਂ ਦੇ, ਸ਼ੂਮ ਜਿਵੇਂ ਰੱਖਦਾ ਹੈ ਪੈਸਿਆਂ ਨੂੰ ਮਾਰ ਗੰਢ। ਏਹਨੂੰ ਸਿਰੋਂ ਲਾਹੁਣ ਲੱਗੇ ਪੱਗ ਵੀ ਨਾ ਲਹੇ ਤੇਰੀ, ਸੋਚ ਨਾਲ ਚੁਕੀਂ ਤੂੰ ਬਿਆਜੜੂ ਹੁਦਾਰ ਗੰਢ। ਜੇਰੇ ਨਾਲ ਡੱਕ ਤੂੰ ਵੀ ਹੰਝੂਆਂ ਨੂੰ ਭੋਲਿਆ ਓਏ, ਵੇਖ ਕਿਵੇਂ ਦਾਂਣਿਆਂ ਦੀ ਬੰਨ੍ਹਦਾ ਅਨਾਰ ਗੰਢ। ਘੁੰਡੀ ਵਾਲੇ ਦਿਲੋਂ ਨਾ ਪਿਆਰ ਦੀ ਉਮੈਦ-ਰੱਖੀਂ, ਗੰਨੇ ਵਿੱਚ ਰੱਸ ਕਿੱਥੇ ਜਿੱਥੇ ਹੋਵੇ ਯਾਰ ਗੰਢ। ਭੇਤ ਇੱਕ ਦੂਸਰੇ ਦਾ ਲੜ ਕੇ ਵੀ ਖੋਲ੍ਹੀਏ ਨਾਂ, ਦਿਲਾਂ ਵਿੱਚ ਪਏ ਭਾਵੇਂ ਲੱਖ ਤੇ ਹਜ਼ਾਰ ਗੰਢ। ਲੱਕ ਤੇਰਾ ਤੋੜ ਦੇਸਣ ਵਾਧੂ ਫ਼ੈਲਸੂਫ਼ੀਆਂ ਏਹ, ਵਿਤੋਂ ਬਾਹਰੀ ਚੁੱਕੀ ਹੋਈ ਕਰਦੀ ਖ਼ਵਾਰ ਗੰਢ। 'ਸ਼ਰਫ਼' ਤੇਰੀ ਜ਼ਿੰਦਗ਼ੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਓਹਦੇ ਸਿਰੇ ਉੱਤੇ ਮਾਰ ਗੰਢ।

51. ਗੀਤ-1

ਆ ਜਾ ਮੇਰੇ ਚੰਦ ਮਾਹੀਆ ਵਾਲ ਤੇਰੇ ਨੇ ਕਾਲੇ ਕਾਲੇ, ਚਿੱਟੇ ਚਿੱਟੇ ਦੰਦ ਮਾਹੀਆ। ਸਾਡੇ ਵੇਹੜੇ ਕਿਉਂ ਨਹੀਂ ਆਉਂਦਾ, ਕੀਨ੍ਹੇ ਕੀਤੋ ਬੰਦ ਮਾਹੀਆ। ਚਰਖ਼ੇ ਕੱਤ ਦੀ ਵੇਖਾਂ ਤੈਨੂੰ, ਟੁੱਟ ੨ ਜਾਵੇ ਤੰਦ ਮਾਹੀਆ। ਬਾਂਹ ਹੁਲਾਰੇ ਖਾਂਦੀ ਮੇਰੀ, ਛਣਕਨ ਮੇਰੇ ਬੰਦ ਮਾਹੀਆ। ਜ਼ੁਲਫ਼ ਵਿਖਾਕੇ ਫਾਹਵੇਂ ਦਿਲ ਨੂੰ, ਕੇਡੇ ਕਰਨਾਂ ਏ ਫੰਦ ਮਾਹੀਆ। "ਸ਼ਰਫ਼" ਉਡੀਕਾਂ ਹਰਦਮ ਤੈਂਨੂੰ, ਛੇਤੀ ਪੌ ਹੁਣ ਪੰਦ ਮਾਹੀਆ। ॥ਦੋਹਿਰਾ॥ ਅਲਫ਼ ਅਲੀ ਇਹ ਕੁਦਰਤ ਤੇਰੀ, ਹਰਦਮ ਰੋਵਾਂ ਸਿਰ ਨੂੰ ਖੋਵਾਂ। ਚੈਣ ਅਰਾਮ ਹਰਾਮ ਹੋਇਆ ਸਭ, ਕਦੀ ਨਾਂ ਹੋਵਾਂ ਲੈਂਦਾ ਸੋਵਾਂ। ਦਾਗ਼ ਹਿਜ਼ਰ ਦਾ ਹੰਝੂਆਂ ਅੰਦਰ, ਮਲ ੨ ਧੋਵਾਂ ਵਗਦੀਆਂ ਲੋਵਾਂ। 'ਸ਼ਰਫ਼' ਮਿਲਾਂ ਜਾ ਦਿਲਬਰ ਤਾਈਂ, ਜੇ ਪੰਛੀ ਮੈਂ ਹੋਵਾਂ ਉਡ ਖਲੋਵਾਂ।

ਗੀਤ-2

ਸਾਡੇ ਵੇਹੜੇ ਆ ਮਾਹੀਆ! ਵੇ ਆਕੇ ਦਿਲ ਪਰਚਾ ਮਾਹੀਆ! ਘਰ ਗ਼ੈਰਾਂ ਦੇ ਆਵੇਂ ਜਾਵੇਂ, ਕਰ ੨ ਗੱਲਾਂ ਚੰਦ ਚੜ੍ਹਾਵੇਂ। ਸਾਂਨੂੰ ਨਾਂ ਤਰਸਾ ਮਾਹੀਆ, ਸਾਡੇ ਵੇਹੜੇ ਆ ਮਾਹੀਆ। ਇਸ਼ਕ ਤੇਰੇ ਨੇ ਕਾਂਗ ਚੜ੍ਹਾਈ, ਡੁੱਬ ਜਾਂਦੀ ਦਿਆਂ ਦੁਹਾਈ। ਫੜਕੇ ਕੰਢੇ ਲਾ ਮਾਹੀਆ, ਸਾਡੇ ਵੇਹੜੇ ਆ ਮਾਹੀਆ। "ਸ਼ਰਫ਼" ਮਿਲੇਂ ਜੇ ਕਿੱਧਰੇ ਮੈਂਨੂੰ, ਨੈਣਾਂ ਵਿੱਚ ਬਠਾਵਾਂ ਤੈਨੂੰ। ਰੁੱਠਾ ਲਵਾਂ ਮਨਾ ਮਾਹੀਆ, ਸਾਡੇ ਵੇਹੜੇ ਆ ਮਾਹੀਆ। ॥ਦੋਹਿਰਾ॥ ਦਿਲਬਰ ਜਾਨੀ ਇਸ਼ਕ ਤੇਰੇ ਦੀਆਂ, ਘਰ ਘਰ ਗਲਾਂ ਤੁਰੀਆਂ। ਅੱਖਾਂ ਕੱਢ ਕੱਢ ਘੂਰਨ ਮਾਪੇ, ਲੋਗ ਵਖਾਵਣ ਛੁਰੀਆਂ। ਡਰਦੀ ਉੱਭੇ ਸਾਹ ਨਾਂ ਲੈਂਦੀ, ਵਾਂਗ ਪਤਾਸੇ ਖੁਰੀਆਂ। ਤੈਂਨੂੰ ਮੇਰੀਆਂ ਸਭੋ ਸ਼ਰਮਾਂ, ਲੱਖ, 'ਸ਼ਰਫ਼' ਮੈਂ ਬੁਰੀਆਂ।

ਗੀਤ-3

ਸੋਹਣੀਆਂ ਜ਼ੁਲਫ਼ਾਂ ਵਾਲਿਆ॥ ਨਾਂ ਕਰ ਐਡੇ ਤੋੜੇ॥ ਸੁਰਮੇਂ ਵਾਲੇ ਨੈਣ ਨਸ਼ੀਲੇ, ਮਹਿੰਦੀ ਵਾਲੇ ਹੱਥ ਵੇ ਰੰਗੀਲੇ। ਵੇਖ਼ ਤੱਤੀ ਕੋਈ ਜੋੜੇ ਵੇ, ਸੋਹਣੀਆਂ ਜ਼ੁਲਫ਼ਾਂ ਵਾਲਿਆ। ਨਾਂ ਕਰ ਐਡੇ..............। ਗੱਲ ਵਿੱਚ ਜ਼ੁਲਫ਼ਾਂ ਦਸਤ ਪਰਾਂਦਾ, ਮਾਹੀ ਮੇਰਾ ਰੁਸਿਆ ਜਾਂਦਾ। ਜਾਓ ਸਈਓ ਕੋਈ ਮੋੜੇ, ਸੋਹਣੀਆਂ ਜ਼ੁਲਫ਼ਾਂ ਵਾਲਿਆ। ਨਾਂ ਕਰ ਐਡੇ..........। "ਸ਼ਰਫ਼" ਰਹਵਾਂ ਮੈਂ ਓਹਦੀ ਨੌਕਰ, ਜੋੜੇ ਝਾੜਾਂ ਫੇਰਾਂ ਬੌਹਕਰ। ਜੇਹੜਾ ਟੁਟਦੀ ਯਾਰੀ ਕੋਈ ਜੋੜੇ, ਸੋਹਣੀਆਂ ਜ਼ੁਲਫ਼ਾਂ ਵਾਲਿਆ। ਨਾਂ ਕਰ ਐਡੇ...........। ॥ਦੋਹਰਾ॥ ਖ਼ਬਰ ਹੁੰਦੀ ਜੇ ਪਹਿਲੋਂ ਮੈਂਨੂੰ, ਐਡਾ ਪਿਆਰ ਵਧੌਂਦੀ ਨਾਂ। ਜ਼ੁਲਫ ਤੇਰੀ ਨੂੰ ਚੁੰਮ ੨ ਜਾਨੀ, ਗੱਲ ਵਿੱਚ ਫਾਹੀਆਂ ਪਾਉਂਦੀ ਨਾਂ। ਕਲੀਆਂ ਵਰਗੇ ਦੰਦਾਂ ਉੱਤੇ, ਜੇਕਰ ਪਹਿਲੋਂ ਦਿਲ ਭਰਮਾਉਂਦੀ ਨਾਂ। ਹਿਜਰ ਤੇਰੇ ਵਿੱਚ 'ਸ਼ਰਫ਼' ਤੱਤੀ ਮੈਂ, ਅਜ ਏਦਾਂ ਕੁਰਲਾਉਂਦੀ ਨਾਂ।

ਗੀਤ-4

ਮੋਇਆਂ ਨੂੰ ਨਾਂ ਮਾਰ ਬੇ-ਦਰਦਾ॥ ਲੁਕ ਛੁਪ ਜਾਨੀ ਝਾਤੀਆਂ ਪਾਵੇਂ, ਵਿੱਚ ਕਲੇਜੇ ਦੇ ਛੁਰੀਆਂ ਲਾਵੇਂ। ਇਹ ਕੀ ਕਰਨਾਂ ਏਂ ਕਾਰ ਬੇ-ਦਰਦਾ, ਮੋਇਆਂ ਨੂੰ ਨਾਂ ਮਾਰ ਬੇ-ਦਰਦਾ। ਸਾਨੂੰ ਤੇਰਾ ਇਸ਼ਕ ਮਰੋੜੇ, ਨਾਂ ਕਰ ਐਡੇ ਤੋੜ ਵਛੋੜੇ। ਇਹ ਜੋਬਨ ਦਿਨ ਚਾਰ! ਬੇ-ਦਰਦਾ, ਮੋਇਆਂ ਨੂੰ ਨਾਂ ਮਾਰ ਬੇ-ਦਰਦਾ। ਇਸ਼ਕ ਤੇਰੇ ਨੇ ਭਾਂਬੜ ਬਾਲੇ, ਕੋਲੇ ਵਾਂਗੂੰ ਤਨ ਮਨ ਜਾਲੇ। 'ਸ਼ਰਫ਼' ਸੜੀ ਨੂੰ ਠਾਰ ਬੇ-ਦਰਦਾ, ਮੋਇਆਂ ਨੂੰ ਨਾਂ ਮਾਰ ਬੇ-ਦਰਦਾ। ॥ਦੋਹਿਰਾ॥ ਸਾਡੇ ਵਲ ਨਾਂ ਤਕੇਂ ਜਾਨੀ ਨਾਲ ਗ਼ੈਰਾਂ ਦੇ ਬੋਲੇਂ। ਘੋਗੇ ਫੜ ੨ ਝੋਲੀ ਪਾਵੇਂ ਮੋਤੀ ਚਿੱਕੜ ਰੋਲੇਂ। ਸੁਰਮੇ ਵਾਲਿਆਂ ਨੈਣਾਂ ਅੰਦ੍ਰ ਸਬਰ ਮੇਰਾ ਜੇ ਤੋਲੇਂ। ਸੋਹਣਾ 'ਸ਼ਰਫ਼' ਵੀ ਰਬਦੇ ਖੌਫ਼ੋਂ ਬੇੜੀ ਵਾਂਗੂੰ ਡੋਲੇਂ।

ਗੀਤ-5

ਸੌ ੨ ਵਾਰੀ ਵੇਖ ਪਿਆਰੀ ਮੇਰੇ ਦਿਲ ਦਾ ਸ਼ੀਸ਼ਾ। ਸੜ ੨ ਬ੍ਰਿਹੋਂ ਵਾਲੀ ਅੱਗੇ, ਛਾਲੇ ਪੈ ਗਏ ਬੱਗੇ ਬੱਗੇ। ਦਿਲ ਵਿੱਚ ਕਿੱਲ ਬਲੌਰੀ ਲਗੇ। ਐਸਾ ਜੁੜਿਆ ਸੀਂਨੇ ਦੇ ਵਿੱਚ ਹੁਣ ਨਹੀਂ ਹਿਲਦਾ ਸ਼ੀਸ਼ਾ। ਸੌ ੨ ਵਾਰੀ ਵੇਖ ਪਿਆਰੀ, ਮੇਰੇ ਦਿਲ ਦਾ ਸ਼ੀਸ਼ਾ। ਸੁੰਦ੍ਰ ਕਾਂਟੇ ਕੰਨੀ ਲਮਕਨ, ਵਿੱਚ ਨਗੀਂਨੇ ਏਦਾਂ ਚਮਕਨ। ਤਾਰੇ ਜਿਉਂ ਕਰ ਅਖੀਆਂ ਝਮਕਨ। ਧੌਨ ਹਿਲੇ ਤੇ ਨਾਲ ਹੁਲਾਰੇ ਹਰ ਇਕ ਹਿਲਦਾ ਸ਼ੀਸ਼ਾ। ਸੌ ੨ ਵਾਰੀ ਵੇਖ਼ ਪਿਆਰੀ ਮੇਰੇ ਦਿਲ ਦਾ ਸ਼ੀਸ਼ਾ। ਸ਼ੀਸ਼ੇ ਦਿਲ ਦੀ ਟੁਕੜੀ ਘੜਕੇ, ਰਖੀ ਤੇਰੀ ਮੂਰਤ ਜੜਕੇ। ਜੇ ਇਕ ਵਾਰੀ ਵੇਖੇਂ ਫੜਕੇ। ਆਪੇ ਆਖੇਂ ਏਹੋ ਜਿਹਾ 'ਸ਼ਰਫ਼' ਨਹੀਂ ਮਿਲਦਾ ਸ਼ੀਸ਼ਾ। ਸੌ ੨ ਵਾਰੀ ਵੇਖ ਪਿਆਰੀ ਮੇਰੇ ਦਿਲ ਦਾ ਸ਼ੀਸ਼ਾ।

ਗੀਤ-6

ਵਾਹ ਵਾਹ ਯਾਰ ਨਜ਼ਾਰਾ ਤੇਰਾ। ਭੋਲੇ ੨ ਨੈਣ ਰੰਗੀਲੇ, ਮੁੱਖੜਾ ਪਿਆਰਾ ੨ ਤੇਰਾ। ਨਿੱਕੀਆਂ ੨ ਗਲਾਂ ਤੇਰੀਆਂ, ਝੂਠਾ ੨ ਲਾਰਾ ਤੇਰਾ। ਰਵੇ ਸਲਾਮਤ ਹਰਦਮ ਜਾਨੀ, ਬਾਰੀਆਂ ਵਾਲਾ ਚੁਬਾਰਾ ਤੇਰਾ। ਦਿਲ ਨੂੰ ਢਾਰਸ ਦੇਵਾਂ ਦਿਲਬਰ, ਦੂਰੋਂ ਵੇਖ ਇਸ਼ਾਰਾ ਤੇਰਾ। ਪਾ ਏ 'ਸ਼ਰਫ' ਨੂੰ ਖ਼ੈਰ ਹੁਸਨ ਦਾ, ਬੈਠਾ ਮੱਲ ਦਵਾਰਾ ਤੇਰਾ। ॥ਦੋਹਿਰਾ॥ ਦਿਲ ਮੇਰੇ ਵਿੱਚ ਖੁਭ ਗਏ ਜਾਨੀ, ਤੇਰਾ ਹੁਸਨ ਸ਼ਬਾਬੀ, ਸ਼ਕਲ ਨਵਾਬੀ। ਬਦਨ, ਦਵਾਲੇ ਜ਼ਰੀਂ ਕਪੜੇ, ਪੈਰਾਂ ਵਿੱਚ ਗੁਰਗ਼ਾਬੀ, ਰੰਗ ਉਨਾਬੀ। ਭਖ ੨ ਕੇ ਉਹ ਲਾਟ ਮਰੇਂਦੇ, ਤੇਰੇ ਰੁਖ਼ ਸ਼ਹਾਬੀ, ਮਿਸਲ ਮਤਾਬੀ। ਮਸਤ ਅਲਮਸਤ 'ਸ਼ਰਫ਼' ਨੂੰ ਕਰ ਗਏ, ਦੋਵੇਂ ਨੈਂਣ ਗੁਲਾਬੀ ਨੀਂਮ ਸ਼ਰਾਬੀ।

ਗੀਤ-7

ਮਾਹੀ ਮੇਰਾ ਨਿੱਕਾ ਜਿਹਾ ਮੈਂ ਜਟੀ ਮੁਟਿਆਰ। ਵਰ ਮੇਰਾ ਖੇਡੇ ਹਾਣੀਆਂ ਅੰਦਰ, ਮੈਂ ਸਾਂਭਾਂ ਘਰ ਬਾਰ, ਮਾਹੀ ਮੇਰਾ..........। ਹਟ ਨੀ ਸਹੇਲੀਏ! ਛੇੜ ਨਾਂ ਮੈਂਨੂੰ, ਨੀਮੈਂ ਫੂਕਾਂ ਹਾਰ-ਸ਼ਿੰਗਾਰ। ਮਾਹੀ ਮੇਰਾ....। ਬਾਗ਼ ਹੁਸਨ ਦਾ ਖਿੜ ਪਿਆ ਮੇਰਾ, ਕੌਣ ਤੋੜੇ ਅੰਬ ਅਨਾਰ। ਮਾਹੀ ਮੇਰਾ....। ਮਾਂ ਪਿਓ ਦੇ ਸਿਰ 'ਸ਼ਰਫ਼' ਚੜ੍ਹਾਇਆ, ਇਹ ਜੋਬਨ ਦਿਨ ਚਾਰ। ਮਾਹੀ ਮੇਰਾ ..........। ॥ਦੋਹਿਰਾ॥ ਹਾਰ ਹਮੇਲਾਂ ਦਸ ੨ ਮਾਏ ਮਾਰ ਨਾਂ ਸੀਨੇ ਕਾਨੀ। ਡੰਗ ਚਲਾਵੇ ਨਾਗਾਂ ਵਾਂਗੂੰ ਪਈ ਸੁਨਹਿਰੀ ਗਾਨੀ। ਸੂਰਜ ਤੋਂ ਦੀ ਚੜ੍ਹਦੀ ਮੇਰੀ ਡੁਬ ਗਈ ਅਹਿਲ ਜਵਾਨੀ। 'ਸ਼ਰਫ਼' ਰੜੇ ਉਮਰ ਲੰਘਾਉਂਦੀ ਜੇ ਮਿਲ ਜਾਂਦਾ ਜਾਨੀ।

ਗੀਤ-8

ਲਾਵਾਂ ਸੀਨੇ ਨਾਲ ਨਸ਼ਾਨੀ ਨੂੰ। ਕਰਾਂ ਯਾਦ ਜਦੋਂ ਮੈਂ ਜਾਨੀ ਨੂੰ। ਛਾਵੇਂ ਬਹਿ ੨ ਅੱਥਰੂ ਕੇਰਾਂ, ਨਾਲੇ ਮੋਤੀ ਪਾਵਾਂ ਗਾਨੀ ਨੂੰ। ਲਾਵਾਂ .......। ਲਾਂਬੂ ਬਲ ੨ ਸੀਨੇ ਉੱਠਦੇ, ਜਦੋਂ ਵੇਖਾਂ ਹੁਸਨ ਜਵਾਨੀ ਨੂੰ। ਲਾਵਾਂ.....। ਘਰ ਦੇ ਮੈਂਨੂੰ ਛਿਬੀਆਂ ਨੇ ਦੇਂਦੇ, ਸਈਆਂ ਹਾਸੇ ਕਰਨ ਦੀਵਾਨੀ ਨੂੰ। ਲਾਵਾਂ......। 'ਸ਼ਰਫ਼' ਤੇਰੇ ਇਹ ਛਾਪਾਂ ਤੇ ਛੱਲੇ, ਮੇਰੇ ਲਾਵਨ ਭਾਗ ਵੈਰਾਨੀ ਨੂੰ। ਲਾਵਾਂ......। ॥ਦੋਹਿਰਾ॥ ਵਰਜ ਨਾਂ ਮੇਰੀ ਅਹਿਲ ਸਹੇਲੀ ਰੋਵਨ ਦੇਹ ਅਜ ਰੱਜਕੇ। ਖੁਲ੍ਹੇ ਕੇਸ ਘਟਾਂ ਚੜ੍ਹ ਆਈਆਂ, ਨੈਣ ਵਰਹੱਨ ਗੱਜ ੨ ਕੇ। ਅਗੇ ਚੌਖਾ ਸਮਾਂ ਲੰਘਾਇਆ, ਸ਼ਰਮ ਅੰਦਰ ਮੂੰਹ ਕੱਜਕੇ। 'ਸ਼ਰਫ਼' ਮਾਹੀ ਬਿਨ ਮੈਂ ਨਹੀਓਂ ਰਹਿਣਾ ਹੁਣ ਆਖਾਂ ਮੈਂ ਵੱਜਕੇ।

ਗੀਤ-9

ਰਿਮ ਰਿਮ ਝਮ ਝਮ ਬਦਲੀ ਬਰਸੇ, ਸੀਨਾ ਧੜਕੇ ਜੀਊਰਾ ਤਰਸੇ, ਭਰ ਭਰ ਚਰਸੇ ਆਵਨ ਪਰਸੇ, ਤੇਰੇ ਬਾਝੋ ਮੈਂਨੂੰ ਪਿਆਰੇ। ਰਿਮ ਰਿਮ....। ਦਮ ਦਮ ਛਮ ਛਮ ਹੰਝੂ ਰੋਵਾਂ, ਝਿਲ ਮਿਲ ਕੁੜਤੀ ਮਲ ਮਲ ਧੋਵਾਂ, ਬੇਕਲ ਹੋਵਾਂ ਬੇਦਿਲ ਹੋਵਾਂ, ਹਿਕ ਮੇਰੀ ਤੇ ਚਲਨ ਆਰੇ। ਰਿਮ ਰਿਮ....। ਸੁਣ ਵੇ ਦਰਦੀ ਬਰਦੀ ਦਰਦੀ, ਤਰਲੇ ਕਰਦੀ ਦੁਖੜੇ ਜਰਦੀ, ਰੋ! ਰੋ! ਮਰਦੀ ਕਾਂਗਾ ਤਰਦੀ, ਪਹੁੰਚ ਗਈ ਹੁਣ ਗੋਰ ਕਿਨਾਰੇ। ਰਿਮ ਰਿਮ......। ਛੇਤੀ ਆ ਹੁਣ! ਦਰਸ ਦਿਖਾ ਹੁਣ, ਜਾਨ ਬਚਾ ਹੁਣ! ਸੀਨੇ ਲਾ ਹੁਣ, ਅੱਗ ਬੁਝਾ ਹੁਣ ਠੰਡਾਂ ਪਾ ਹੁਣ, 'ਸ਼ਰਫ' ਤੇਰੇ ਤੋਂ ਜਾਵਾਂ ਵਾਰੇ। ਰਿਮ ਰਿਮ ....।

ਗੀਤ-10

ਲੰਘਦਾ ਲੰਘਦਾ ਪਿਆਰਾ, ਨਜ਼ਾਰਾ ਮੈਂਨੂੰ ਦੇ ਗਿਆ। ਚੜ੍ਹ ਚੜ੍ਹ ਕੋਠੇ ਰਾਹ ਪਈ ਵੇਖਾਂ, ਅੱਖੀਆਂ ਦੇ ਵਿੱਚ ਠੁਕੀਆਂ ਮੇਖਾਂ। ਨੀ ਯਾਰ ਦਾ ਇਸ਼ਾਰਾ, ਹਾਏ! ਲਾਰਾ ਮੈਨੂੰ ਦੇ ਗਿਆ। ਲੰਘਦਾ.........। ਕੁੰਡਲਾਂ ਵਾਲੜੀ ਜ਼ੁਲਫ਼ ਵਖਾਕੇ, ਬੂਟੀਆਂ ਵਾਲੜਾ ਰੁਮਾਲ ਉਡਾਕੇ। ਹਸ ਹੱਸਕੇ ਦੁਲਾਰਾ, ਸਹਾਰਾ ਮੈਂਨੂੰ ਦੇ ਗਿਆ। ਲੰਘਦਾ......। ਬੈਠੀ ਸਾਂ ਮੈਂ ਢਾਹਕੇ ਢੇਰੀ, ਸਈਆਂ ਅੰਦਰ ਬਾਂਹ ਫੜ ਮੇਰੀ। 'ਸ਼ਰਫ਼' ਮੇਰਾ ਚੰਦ ਤਾਰਾ, ਹੁਲਾਰਾ ਮੈਂਨੂੰ ਦੇ ਗਿਆ। ਲੰਘਦਾ...........। ॥ਦੋਹਿਰਾ॥ ਸਜਨ ਮੇਰੇ ਨੂੰ ਮਿਲਨ ਨਾਂ ਦੇਂਦੇ, ਦੁਸ਼ਮਨ ਮਾਰਨ ਚੂਲਾਂ। ਅੰਗ ਅੰਗ ਮੇਰਾ ਖੜ ਖੜ ਕਰਦਾ, ਜਿਉਂ ਚਰਖ਼ੇ ਦੀਆਂ ਚੂਲਾਂ। ਮਾਪੇ ਮੈਂਨੂੰ ਲਾਡਾਂ ਅੰਦਰ, ਆਂਹਦੇ ਸਨ ਪੰਜ ਫੂਲਾਂ। 'ਸ਼ਰਫ' ਤਦੇ ਇਹ ਚੰਬੜ ਗਈਆਂ, ਦੁੱਖਾਂ ਵਾਲੀਆਂ ਸੂਲਾਂ।

52. ਘੜਿਆਲ

ਜੱਗ ਜ਼ਮਾਨੇ ਹੱਥੋਂ-ਅੜਿਆ, ਇਕ ਦਿਨ ਹੈਸਾਂ ਡਾਢਾ ਸੜਿਆ, ਮੇਹਣੇ ਲਾ ਲਾ ਦਿਲ ਨੂੰ ਘੜਿਆ, ਬੇ ਕਦਰਾਂ ਦੀ ਕੁੱਛੀਂ ਵੜਿਆ, ਢਾਹੀ ਢਾਰਸ ਤੋੜੀਆਂ ਆਸਾਂ। ਡੁੱਬ ਗਿਆ ਮੈਂ ਵਿੱਚ ਕਿਆਸਾਂ। ਲਾਇਆ 'ਜਿਹਾ ਸਬੱਬ ਖ਼ੁਦਾ ਨੇ, ਮਿਲਣ ਗਿਆ ਮੈਂ ਇਕ ਨੂੰ ਥਾਣੇ, ਰੁਤ ਗਰਮੀਂ ਦੀ ਭੁੰਨੇ ਦਾਣੇ ਭੁਰਜੀ ਹੁੰਦੇ ਪੱਤ ਪੁਰਾਣੇ, ਲੁਕੇ ਜਨੌਰ ਰੁੱਖਾਂ ਤੇ ਹੌਂਕਣ। ਵਾਂਗ ਲੁਹਾਰਾਂ ਖੱਲਾਂ ਧੌਂਕਣ। ਪੁੱਛ ਪਛਾ ਕੇ ਸਾਰੇ ਟੀਚੇ, ਜਾ ਬੈਠਾ ਮੈਂ ਵਿੱਚ ਬਗੀਚੇ, ਘਾਹ ਵਿਛਾਏ ਹਰੇ ਗ਼ਲੀਚੇ, ਭੇਤ ਖੋਲ੍ਹੇ ਸਨ ਸਾਰੇ ਪੀਚੇ, ਕੁਦਰਤ ਕੀਤੀ ਅਜਬ ਲਿਖਾਈ। ਤਿੜ ਤਿੜ ਦੀ ਸੀ ਸਤਰ ਬਨਾਈ। ਸੂਹੀਆਂ ਲਾਲ ਗੁਲਾਬੀ ਕਲੀਆਂ, ਚੜ੍ਹ ਬੂਟ ਦੇ ਕੁੱਛੜ ਪਲੀਆਂ, ਜਾਪਦੀਆਂ ਸਨ ਏਦਾਂ ਖਲੀਆਂ, ਜਿਉਂ ਕਰ ਹੋਨ ਮਸਾਲਾਂ ਬਲੀਆਂ, ਵਾਂਗ ਪਤੰਗਾਂ ਡੌਰੇ ਬੌਰੇ। ਫਿਰਦੇ ਹੈਸਨ ਕਾਲੇ ਭੌਰੇ। ਭਖ਼ ਲੌਂਦੇ ਸਨ ਜਹੇ ਨਿਆਰੇ, ਅੱਖੀਂ ਵੇਖ ਭੰਬਰ ਤਾਰੇ, ਖਿੜ ਖਿੜਾਏ ਫੁੱਲ ਵਿਚਾਰੇ, ਕਮਲੇ ਹੋ ਕੁਮਲਾਏ ਸਾਰੇ, ਧੁੱਪ ਮਰੋੜੀ ਫੜ ਫੜ ਝਾਲਰ। ਚੁਰਮੁਰ ਹੋ ਗਏ ਸੁੰਦਰ ਕਾਲਰ। ਓਸ ਬਗੀਚੇ ਅੰਦਰ ਭਾਵੇਂ, ਰੁਖ ਬੂਟੇ ਸਨ ਟਾਵੇਂ ਟਾਵੇਂ, ਤਦ ਭੀ ਓਹਨਾਂ ਦੇ ਪਰਛਾਵੇਂ, ਸੂਰਜ ਨੇ ਸਨ ਕੀਤੇ ਸਾਵੇਂ, ਧੁੱਪ ਜੁਆਨੀ ਅੰਦਰ ਗੁੱਤੀ। ਥੱਕ ਗਈ ਸੀ ਕਰਕੇ ਬੁੱਤੀ*। ਅਰਸ਼ ਉੱਤੇ ਕੁਝ ਪੈ ਗਈ ਰੌਲੀ, ਸੂਰਜ ਨੇ ਕੁਝ ਓਥੋਂ ਗੌਲੀ, ਸੂਰਜ ਹੋਰਾਂ 1ਤੌਲੀ ਤੌਲੀ, ਕਹੀ ਕਿਰਨਾਂ ਨੂੰ ਹੌਲੀ ਹੌਲੀ, ਸੁਣ ਸੁਣ ਕੇ ਕਿਰਨਾਂ ਘਬਰਾਈਆਂ। ਛੇਤੀ ਛੇਤੀ ਹੇਠ ਆਈਆਂ। ਆਣ +ਘੜੀ ਵਿਚ ਡੇਰਾ ਲਾਇਆ, ਸ਼ੀਸ਼ੇ ਵਿੱਚੋਂ ਲੰਘ ਵਿਖਾਇਆ, ਸੂਈਆਂ ਨੂੰ ਕੁਝ ਆਖ ਸੁਣਾਇਆ, ਵਿੱਛੜੀਆਂ ਨੂੰ ਗਲੇ ਮਿਲਾਇਆ, ਸੂਈਆਂ ਨੇ ਕੁਝ ਕਹੀ ਨਿਆਰੀ। ਘੜਿਆਲੀ ਨੂੰ ਸੈਨਤ ਮਾਰੀ। ਫੜ ਮੁੰਗਲੀ ਘੜਿਆਲੀ ਧਾਇਆ, ਨੱਸਾ ਵੱਲ ਘੜਿਆਲੇ ਆਇਆ, ਸੱਟਾਂ ਦਾ ਉਹ ਮੀਂਹ ਵਰਸਾਇਆ, ਮੱਛੀ ਵਾਂਗੂੰ ਫੜ ਤੜਫਾਇਆ, ਮਾਰੇ ਚੀਕਾਂ ਕਰੇ ਪੁਕਾਰਾਂ। ਮੁੱਦਾ ਕੀ? ਕਿ ਵਜ ਗਏ ਬਾਰਾਂ। ੧- ਪਹਿਲੀ ਸੱਟ ਘੜਿਆਲ ਪੁਕਾਰੇ, ਸੁਣ ਤੂੰ ਆਦਮ ਜ਼ਾਤ ਪਿਆਰੇ, ਸੂਰਜ ਚੰਦ ਸਤਾਰੇ ਸਾਰੇ, ਅੰਬਰ ਉੱਤੇ ਜਿਨ੍ਹੇਂ ਖਿਲਾਰੇ, ਓਸ ਇੱਕੋ ਦੀ ਕਰ ਤੂੰ ਪੁਜਾ। ਓਹਦੇ ਨਾਲ ਨਾ ਮੇਲੀਂ ਦੂਜਾ। ੨- ਦੂਜੀ ਸੱਟੇ ਫੇਰ ਪੁਕਾਰੇ, ਕਰੀ ਦੋਹਾਂ ਦਾ ਆਦਰ ਪਿਆਰੇ, ਮਾਂ ਪਿਉ ਉੱਤੋਂ ਜਾਂਵੀਂ ਵਾਰੇ, ਦੀਨ ਦੁਨੀ ਸਭ ਰੱਬ ਸਵਾਰੇ, ਮੱਥੇ ਉੱਤੇ ਵੱਟ ਨਾ ਪਾਵੀਂ। ਨਿਉਂ ਨਿਉਂ ਤੂੰ ਟਹਿਲ ਕਮਾਵੀਂ। ੩- ਤੀਜੀ ਸੱਟੇ ਕਰੇ ਪੁਕਾਰਾ, ਰੱਖੀਂ ਸੱਚ ਹਮੇਸ਼ ਪਿਆਰਾ, ਸੱਚ ਰਲੇ ਜੇ ਮਿੱਟੀ ਸਾਰਾ, ਜ਼ੱਰਾ ਜ਼ੱਰਾ ਹੁੰਦਾ ਤਾਰਾ, ਸੱਚ ਹੁੰਦਾ ਹੈ ਜੀਹਦੇ ਪੱਲੇ। ਸਿੱਕਾ ਉਹਦਾ ਸਾਰੇ ਚੱਲੇ। ੪- ਆਖਨ ਲਗਾ ਚੌਥੀ ਸੱਟੇ, ਇਲਮ ਨਾ ਰੋਲੀਂ ਕੌਡੀ ਘੱਟੇ, ਜੇਕਰ ਮਾਰੇਂ ਏਹਦੇ ਛੱਟੇ, ਗ਼ਮ ਦੁਖ ਸਾਰੇ ਜਾਨ ਕੱਟੇ, ਸੁੰਦਰ, ਵਿੱਦ੍ਯਾ ਹੈ ਉਹ ਪਿਆਰੀ। ਸੂਝ ਸਿਖਾਵੇ ਜੇੜ੍ਹੀ ਸਾਰੀ। ੫- ਪੰਜਵੀਂ ਸਟੇ ਆਖ ਸੁਣਾਵੇ, ਸਮਾਂ ਗੁਆਚਾ ਹੱਥ ਨਾ ਆਵੇ, ਮੂਰਖ ਏਹਦੀ ਕਦਰ ਨਾ ਪਾਵੇ, ਟਾਲ ਮਟੋਲੇ ਵਿੱਚ ਗਵਾਵੇ, ਕਦਰ ਸਮੇਂ ਦੀ ਕਰ ਤੂੰ ਪਿਆਰੇ। ਤੇਰੇ ਸਾਰੇ ਕੰਮ ਸਵਾਰੇ। ੬- ਛੇਵੀਂ ਚੋਟੇ ਦੇਇ ਦੁਹਾਈ, ਕਰੀਂ ਉਚਾਟੀ ਕਦੀ ਨਾ ਭਾਈ, ਦਾ ਮੇਚ ਨੂੰ ਸਮਝੀ 2ਦਾਈ, ਏਹਨੇ ਸੌਖੀ ਉਮਰ ਲੰਘਾਈ ਕੁੱਲੀ, ਗੁੱਲੀ, ਜੁੱਲੀ ਅੰਦਰ। ਭਾਰ ਭਰਮ ਵਿੱਚ ਬਣੀ ਸਿਕੰਦਰ। ੭- ਰੋ ਰੋ ਆਖੇ ਸੱਤਵੀਂ ਵਾਰੀ, ਰੱਖੀਂ ਹੁੱਬ ਵਤਨ ਦੀ ਪਿਆਰੀ, ਦੂਜੇ ਦੇਸ ਉਸਾਰ ਅਟਾਰੀ, ਵਾ ਲਈ ਰੱਖੀ ਏਧਰ ਬਾਰੀ, ਦੇਸ ਦੂਜੇ ਦੀਆਂ ਬਾਗ਼ ਬਹਾਰੀਂ। ਆਪਣੇ ਕੰਡੇ ਉਤੋਂ ਵਾਰੀਂ। ੮- ਅਠਵੀਂ ਵਾਰੀ ਫੇਰ ਪੁਕਾਰੇ, ਏਦਾਂ ਮਿਲ ਤੂੰ ਸਭ ਨੂੰ ਪਿਆਰੇ, ਆਸ਼ਕ,ਅਪਣਾ ਸਮਝਨ ਸਾਰੇ, ਐਪਰ ਜਾਵਨ ਤੇਥੋਂ ਵਾਰੇ, ਐਸਾ ਉਚ ਇਖ਼ਲਾਕ ਵਿਖਾ ਦੇ। ਵੈਰੀ ਨੂੰ ਭੀ ਵੈਰ ਭੁਲਾ ਦੇ। ੯- ਆਖਨ ਲੱਗਾ, ਨੌਵੀਂ ਚੋਟੇ, ਭਾਵੇਂ ਪਾਈਏ ਸਿਲਮੇਂ ਗੋਟੇ, ਵਿੱਚ ਗੁਲਾਮੀ ਉੱਛਨ ਪੋਟੇ, ਖਰੇ ਰੁਲੇਂਦੇ ਪਰਖਨ ਖੋਟੇ, ਆਜ਼ਾਦੀ ਵਿੱਚ ਸੁਣ ਤੂੰ ਭੋਲੇ। ਮੋਤੀ ਜਾਪਣ ਕੱਚੇ ਛੋੱਲੇ। ੧੦- ਦਸਵੀਂ ਵਾਰ ਤੜਫ ਕੇ ਦੱਸੇ, ਬੰਦਾ ਜੇਕਰ ਕਮਰਾਂ ਕੱਸੇ, ਅੱਧ ਵਰਿੱਤਾ ਛੱਡ ਨ ਨੱਸੇ, ਉੱਦਮ ਕਰਕੇ ਰੋਂਦਾ ਹੱਸੇ, ਬਨੇਂ ਹਠੀਲਾ ਹਿੰਮਤ ਅੰਦਰ। ਅੰਮ੍ਰਿਤ ਲੱਭੇ ਤਦੇ ਸਿਕੰਦਰ। ੧੧- ਜਦ ਸੀਨੇ ਤੇ ਪਈਆਂ ਯਾਰਾਂ, ਰੋ ਰੋ ਪਾਈਆਂ ਓਸ ਪੁਕਾਰਾਂ, ਨਾੜਾਂ ਹੋਵਨ ਤਨ ਦੀਆਂ ਤਾਰਾਂ, ਵਿੱਚੋਂ ਨਿਕਲਨ ਗ਼ਮ ਦੀਆਂ ਵਾਰਾਂ, ਪੀੜ ਕਿਸੇ ਦੀ ਜੇਹੜਾ ਮਰਦਾ। ਸਭ ਤੋਂ ਵੱਧ ਤਪੱਸਿਆ ਕਰਦਾ। ੧੨- ਓੜਕ ਆਖੇ ਦਿਲ ਨਾ ਢ੍ਹਾਵੀਂ, ਮੇਰੇ ਵਾਂਗੂੰ ਟੰਗਿਆ ਜਾਵੀਂ, ਵੈਰੀ ਹੱਥੋਂ ਮਾਰਾਂ ਖਾਵੀਂ, ਤਾਂ ਭੀ ਨਾ ਤੂੰ ਫ਼ਰਜ਼ ਭੁਲਾਵੀਂ, ਬੇ ਕਦਰਾਂ ਦੀਆਂ ਸਹਿ ਸਹਿ ਨੋਕਾਂ। 'ਸ਼ਰਫ਼' ਜਗਾਵੀਂ ਸੁੱਤਿਆਂ ਲੋਕਾਂ। * ਵਗਾਰ 1 ਕਾਹਲੀ ਕਾਹਲੀ। + ਵਕਤ ਵੇਖਣ ਵਾਲੀ ਘੜੀ। 2 ਹਦ।

53. ਗ਼ਮ

ਮੋਇਆ ਹੋਇਆ ਗੱਲ ਦਾ ਮੈਂ ਵਿੱਚੇ ਵਿੱਚ ਗਲਦਾ ਜਾਂ, ਐਡਾ ਮੇਰੇ ਗਲ ਦਾ ਇਹ ਹੋ ਗਿਆ ਏ ਹਾਰ ਗ਼ਮ! ਭੁੱਖੇ ਭਾਣੇ ਸ਼ੇਰਾਂ ਹੱਥ ਆ ਗਿਆ ਸ਼ਿਕਾਰ ਕੱਲਾ, ਇੱਕ ਮੇਰੀ ਜਾਨ ਉੱਤੇ ਚੜ੍ਹੇ ਨੇ ਹਜ਼ਾਰ ਗ਼ਮ! ਖੱਬੀ ਅੱਖ ਫੁਰਕੇ ਪਈ ਅੱਜ ਦਬਾ ਦਬ ਮੇਰੀ, ਔਣ ਕੋਲੋਂ ਪਹਿਲੇ ਮੈਨੂੰ ਘੱਲ ਦਿੱਤੀ ਤਾਰ ਗ਼ਮ! ਫੇਰ ਓਹਨੂੰ ਲੋੜ ਕੀ ਏ ਵੈਰੀਆਂ ਤੇ ਦੂਤੀਆਂ ਦੀ, ਬਣ ਜਾਵੇ ਜੱਗ ਉਤੇ ਜੀਹਦਾ ਇੱਕ ਯਾਰ ਗ਼ਮ! ਉੱਡਦਾ ਬਸੰਤ ਦਾ ਭੀ ਰੂਪ ਵੇਖ ਵੇਖਕੇ ਤੇ, ਆਂਦੀ ਮੇਰੇ ਮੁੱਖੜੇ ਤੇ ਇਹੋ ਜਹੀ ਬਹਾਰ ਸ਼ਾਮ! ਵਿੱਚੇ ਵਿੱਚ ਥੋਥਾ ਕਰ ਛੱਡਿਆ ਬੁਘਾਟ ਵਾਂਗੂੰ, ਬਹਿ ਗਿਆ ਏ ਮੱਲ ਮਾਰ ਹੱਡਾਂ ਵਿਚਕਾਰ ਗ਼ਮ! ਖ਼ਸ਼ੀ ਭੈੜੀ ਈਦ ਵਾਲੇ ਦਿਨ ਵੀ ਨਾਂ ਬਹੁੜਦੀ ਏ, ਸੌ ਸੌ ਵਾਰੀ ਪੁੱਛੇ ਪਰ ਰੋਜ਼ ਮੇਰੀ ਸਾਰ ਗ਼ਮ! ਚਿੱਟੇ ਚਿੱਟੇ ਹੰਝੂ ਮੇਰੇ ਕਿਰਮਚੀ ਬਣਾ ਦਿੱਤੇ, ਐਡਾ ਗੂੜ੍ਹਾ ਮੇਰੇ ਨਾਲ ਪਾਲਿਆ ਪ੍ਯਾਰ ਗ਼ਮ! ਭਰਿਆ ਜਾਇ ਚਾਣਚੱਕ ਰੁੱਗ ਇੱਕ ਕਾਲਜੇ ਨੂੰ। ਚੋਭ ਦੇਵੇ ਚੁੱਪ ਕੀਤਾ ਤਿੱਖੜੀ ਜਹੀ ਆਰ ਗ਼ਮ! ਵਗਾ ਤੱਗ ਹਾਹੁਕਿਆਂ ਦੇ ਗਾਹਕ ਪਏ ਆਂਵਦੇ ਨੇ, ਲਾਵੇ ਜਦੋਂ ਆਣਕੇ ਦਲੀਲਾਂ ਦਾ ਬਜ਼ਾਰ ਗ਼ਮ! ਖੁਸ਼ੀ ਦੇ ਦਿਹਾੜੇ ਪਹਿਲੇ ਗਿਣੇ ਮਿਥੇ ਜਾਂਵਦੇ ਨੇ, ਔਣ ਲੱਗਾ ਪੁੱਛਦਾ ਨਹੀਂ ਕਿਸੇ ਕੋਲੋਂ ਵਾਰ ਗਮ! ਭੰਡਾਂ ਤੇ ਭੰਡਾਰੀਆਂ ਦੀ ਖੇਡ ਖੇਡੇ ਨਾਲ ਮੇਰੇ, ਇੱਕ ਮੁੱਕੀ ਲਾਹ ਦੂਜੀ ਰੱਖਦਾ ਤਿਆਰ ਗਮ! ਖ਼ੁਸ਼ੀ ਵਿੱਚ ਭੁੱਲਾਂ ਏਹਨੂੰ, ਪਰ ਇਹ ਮੈਨੂੰ ਭੁੱਲਦਾ ਨਹੀਂ, ਹੰਝੂਆਂ ਦੇ ਮੋਤੀਆਂ ਚੋਂ ਦੇਂਦਾ ਏ ਦੀਦਾਰ ਗ਼ਮ! ਫੁੱਲ ਦਾ ਸੁਹੱਪਣ ਹੁੰਦਾ ਆਪੇ ਓਹਦੀ ਸਾਦਗੀ ਏ, ਦੁਖੀਆਂ ਦੇ ਚੇਹਰਿਆਂ ਦਾ ਹੁੰਦਾ ਏ ਸ਼ਿੰਗਾਰ ਗ਼ਮ! ਅੱਜ ਤੇ ਤੂੰ ਲਾ ਪਾ, ਕੱਲ੍ਹ ਦਾ ਭੀ ਰੱਬ ਵਾਲੀ, ਰੋਕ ਦੇਕੇ ਐਸ਼, ਕਾਹਨੂੰ ਲੈਨਾ ਏਂ ਹੁਦਾਰ ਗਮ? ਖ਼ੁਸ਼ੀ ਦੀ ਕਰੂੰਬਲ ਕੋਈ ਫੁੱਟਦੀ ਜ਼ਰੂਰ ਓਦੋਂ, ਆਕੇ ਜਦੋਂ ਹੰਝੂਆਂ ਦੀ ਸੱਟਦਾ ਫੁਹਾਰ ਗ਼ਮ! ਦਿਲਾਂ ਦਿਆਂ ਸ਼ੀਸ਼ਿਆਂ ਤੋਂ ਉੱਲੀ ਲਾਹੇ ਈਰਖਾ ਦੀ, ਕਰੇ ਚਾ ਘੜਹੱਥਿਆਂ ਦਾ ਆਣਕੇ ਸੁਧਾਰ ਗ਼ਮ! ਬੰਦਾ ਹੋਕੇ ਮੰਨਦਾ ਨਹੀਂ ਰੱਬ ਨੂੰ, ਓਹ ਤੁਸੀਂ ਜਾਣੋ, ਦਿੱਤਾ ਜਿਨ੍ਹੇ ਜ਼ਿੰਦਗੀ 'ਚ ਮੌਤ ਦਾ ਵਿਸਾਰ ਗ਼ਮ! ਰੱਬ ਚੇਤੇ ਆਉਂਦਾ ਏ ਭੁੱਲਿਆਂ ਨੂੰ ਭੀੜ ਵਿੱਚ, ਸੱਚ ਪੁੱਛੋ ਆਤਮਾਂ ਨੂੰ ਦੇਂਦਾ ਏ ਸਵਾਰ ਗ਼ਮ! 'ਸ਼ਰਫ' ਤੂੰ ਕੁੜੰਘਾ ਕਰੇਂ ਕਿਸੇ ਦਾ ਅਨੰਦ ਕਿਉਂ? ਪੈ ਗਿਆ ਏ ਸਿਰ ਜੇਹੜਾ ਆਪੇ ਹੀ ਸਹਾਰ ਗ਼ਮ!

54. ਰੱਬੀ ਰੰਗਣ

ਗਹਿਰੇ ਗਹਿਰੇ ਆਨਿਆਂ ਤੋਂ ਅੱਜ ਏਹ ਸੰਜਾਪਦਾ ਏ, ਦੇਖ ਲਈਆਂ ਤੁਸੀਂ ਕਿਸੇ ਹੋਰ ਦੀਆਂ ਅੱਖੀਆਂ। ਤਦੇ ਮੇਰੇ ਰੋਣ ਤੇ ਵੀ ਹੱਸ ਹੱਸ ਪੈਂਦੀਆਂ ਨੇ, ਤੇਰੇ ਜਹੇ ਬੇਰਹਿਮ ਤੇ ਕਠੋਰ ਦੀਆਂ ਅੱਖੀਆਂ। ਦਿਲ ਮੇਰਾ ਲੈਣ ਵਾਲੇ ! ਨੀਵੀਂ ਨਜ਼ਰ ਕਹੇ ਤੇਰੀ, ਸਾਵ੍ਹੇਂ ਕਦੀ ਹੁੰਦੀਆਂ ਨਹੀਂ ਚੋਰ ਦੀਆਂ ਅੱਖੀਆਂ। ਤਾੜੀ ਐਦਾਂ ਬੱਝ ਗਈ ਏ ਗੋਰੇ ਗੋਰੇ ਮੁੱਖੜੇ ਤੇ, ਵੇਂਹਦੀਆਂ ਨੇ ਚੰਨ ਜਿਓਂ ਚਕੋਰ ਦੀਆਂ ਅੱਖੀਆਂ। ਓਸੇ ਤਰਾਂ ਵੇਖਣ ਬਰੀਕੀ ਤੇਰੇ ਹੁਸਨ ਵਾਲੀ, ਮੇਰੇ ਜਹੇ ਬਾਵਰੇ ਲਟੋਰ ਦੀਆਂ ਅੱਖੀਆਂ। 'ਸ਼ਰਫ਼' ਜਿੱਦਾਂ ਵੇਂਹਦੀਆਂ ਨੇ ਰੱਬ ਦੀਆਂ ਰੰਗਣਾਂ ਨੂੰ, ਇੱਕ ਇੱਕ ਖੰਭ ਵਿੱਚੋਂ ਮੋਰ ਦੀਆਂ ਅੱਖੀਆਂ।

55. ਉੱਦਮ

ਕਰੇਂ ਕਿਸੇ ਤੇ ਕਾਹਦਾ ਰੋਸਾ? ਕਾਹਨੂੰ ਹੋਵੇਂ ਠੰਡਾ ਕੋਸਾ? ਦਿਲ ਅਪਨੇ ਨੂੰ ਦੇਵੀਂ ਝੋਸਾ! ਖ਼ੁਦ ਤੇ ਕਰਨਾ ਸਿੱਖ ਭਰੋਸਾ! ਪੱਥਰ ਪਾੜ ਜ਼ਿਮੀਂ ਦੇ ਸਾਰੇ! ਸੋਮੇਂ ਵਾਂਗੂੰ ਛੱਡ ਫੁਹਾਰੇ! ਬਣ ਜਾ ਰਿਜ਼ਮ ਤਰੇਲ ਪਿਆਰੀ! ਸੂਰਜ ਵੱਲੇ ਮਾਰ ਉਡਾਰੀ! ਜੇ ਚੜ੍ਹ ਜਾਵੇਂ ਏਸ ਅਟਾਰੀ! ਤਾਂ ਤੂੰ ਵੇਖੇਂ ਦੁਨੀਆਂ ਸਾਰੀ! ਫੁੱਲ ਜੇੜ੍ਹੇ ਏ ਮਹਿਕਣ ਟਹਿਕਣ! ਦੀਦ ਤੇਰੀ ਨੂੰ ਏਹ ਭੀ ਸਹਿਕਣ! ਦੁੱਖ ਅੰਦਰ ਨਾ ਆਪਾ ਘੁੱਟੀਂ! *ਵਾਂਸੀ ਸੂਏ ਵਾਂਗੂੰ ਫੁੱਟੀਂ! ਜੇ ਇਕ ਵਾਰੀ ਕਰੇਂ ਦਲੇਰੀ! ਸੁੰਦਰ ਨਿਕਲੇ +ਮੱਟੀ ਤੇਰੀ! ਲੱਗਣ ਤੈਨੂੰ ਐਸੇ ਫੁੱਮਣ! ਰਾਗ ਤੇਰਾ ਪਏ ਮੁਖੜਾ ਚੁੰਮਣ! ਖ਼ੁਸ਼ਬੂ ਵਾਂਗੂੰ ਉੱਡ ਖਲੋਵੀਂ! ਫੁੱਲਾਂ ਦੇ ਵਿੱਚ ਰੰਗ ਨ ਹੋਵੀਂ! ਦੇਖ ਨਜ਼ਾਕਤ ਦਾ ਚਮਕਾਰਾ! ਫਸਿਆ ਹੋਯਾ ਰੰਗ ਵਿਚਾਰਾ! ਮਹਿੰਦੀ ਭੀ ਜੇ ਬਣਿਓਂ ਯਾਰਾ! ਖ਼ੂਨ ਕਰਾਕੇ ਦਿਲ ਦਾ ਸਾਰਾ! ਏਹ ਭੀ ਕੰਮ ਬੇਸਗਨਾ ਤੈਨੂੰ! ਪੈਰੀਂ ਪੈ ਗਾ ਲਗਨਾ ਤੈਨੂੰ! ਸੁਰਮਾਂ ਕ੍ਯੋਂ ਨਹੀਂ ਬਣਦਾ ਪ੍ਯਾਰੇ? ਅੱਖੀ, ਚਾਵਣ ਤੈਨੂੰ ਸਾਰੇ। ਵੇਖ ਕਿਸੇ ਦੇ ਝੂਠ ਦਿਲਾਸੇ! ਖੁਰਦਾ ਜਾਵੇਂ ਵਾਂਗ ਪਤਾਸੇ! ਬੰਨ੍ਹ ਕਿਸੇ ਤੇ ਝੂਠ ਉਮੈਦਾਂ! ਪਿਆ ਸਹੇੜੇ ਕਾਹਨੂੰ ਕੈਦਾਂ? ਜੋ ਹੋਣਾ ਈ ਆਪੇ ਹੋ ਜਾ! ਅਪਣੀ ਪੈਰੀਂ ਆਪ ਖਲੋ ਜਾ! ਕਾਹਨੂੰ ਕੱਢੇਂ ਹਾੜੇ ਤਰਲੇ! ਜੁਗਤਾਂ ਕਰਦੇ ਉਰਲੇ ਪਰਲੇ! ਹੀਰਾ ਚਿੱਕੜ ਵਿੱਚ ਰੁਲਾਵੇਂ! ਆਦਮ ਜੂਨੀ ਸ਼ਾਨ, ਘਟਾਵੇਂ! ਮੁੱਠ ਤੇਰੀ ਵਿਚ ਕੁੱਲ ਖ਼ਜ਼ਾਨੇ! ਭਰ ਦਿੱਤੇ ਨੇ ਓਸ ਖ਼ੁਦਾ ਨੇ! ਗੱਲ ਤੇਰੇ ਤੋਂ ਨਹੀਂ ਕੋਈ ਖੁੰਝੀ! ਹਰ ਕੁਦਰਤ ਦੀ ਤੂੰ ਹੈਂ ਕੁੰਜੀ! ਹੁਣ ਹੈ ਅੱਗੋਂ ਹਿੰਮਤ ਤੇਰੀ! ਕਰ ਉੱਦਮ ਯਾ ਢਾ ਦੇ ਢੇਰੀ! ਜੋ ਕੁਝ ਦਿਲ ਹੈ ਤੇਰਾ ਕਰਦਾ! ਮਾਲਕ ਹੋ ਯਾ ਬਣ ਜਾ ਬਰਦਾ! ਹਿੰਮਤ, ਉੱਦਮ, ਕਰੇਂ ਦਲੇਰੀ! 'ਸ਼ਰਫ਼' ਹੋਵੇ ਤਾਂ ਇੱਜ਼ਤ ਤੇਰੀ! *ਵਾਂਸ ਦਾ ਸੂਆ ਇੱਕੋ ਵਾਰੀ ਜ਼ਮੀਨ ਪਾੜਕੇ ਫੁੱਟਦਾ ਏ। +ਵਾਂਸ ਦੀ ਮੱਟੀ।

56. ਕੋਇਲ

ਬੂਰ ਪਿਆ ਆ ਡਾਲੀ ਡਾਲੀ, ਕੋਇਲ ਬੋਲੇ ਕਾਲੀ ਕਾਲੀ! ਪੀਘਾਂ ਪਾਈਆਂ ਹਰ ਹਰ ਬੂਟੇ, ਅੰਬੀਆਂ ਲੈਂਦੀਆਂ ਏਦਾਂ ਝੂਟੇ! ਜਿੱਦਾਂ ਸਬਜ਼ ਪੁਸ਼ਾਕਾਂ ਪਾ ਕੇ, ਖੜੀਆਂ ਹੋਣ ਹੁਸੀਨਾਂ ਆ ਕੇ! ਕੰਨ ਉਨ੍ਹਾਂ ਦੇ ਕਾਂਟੇ ਲਮਕਨ, ਨਗ਼ ਜ਼ਮੁਰਦੀ ਹਿਲ ਹਿਲ ਚਮਕਨ, ਬੁੱਲਾ ਜਦੋਂ ਹਵਾ ਦਾ ਆਵੇ, ਹਰੀ ਪਰਾਂਭਲ ਇਓਂ ਲਹਿਰਾਵੇ! ਜਿਓਂ ਮੁਟਿਆਰ ਵਿਯੋਗਣ ਕੋਈ, ਨਾਲ ਵਿਛੋੜੇ ਵਿਆਕੁਲ ਹੋਈ! ਰਾਹ ਵੇਖੇ ਪਈ ਚੜ੍ਹੀ ਚੁਬਾਰੇ, ਕੰਤ ਪਿਆਰੇ ਹੋਣ ਸਿਧਾਰੇ! ਹੋਵੇ ਸਾਰਾ ਸਬਜ਼ ਪਹਿਰਾਵਾ, ਉੱਡੇ ਸਿਰੋਂ ਦੁਪੱਟਾ ਸਾਵਾ! ਰੁੱਤ ਐਸਾ ਕੋਈ ਮੰਤਰ ਪੜ੍ਹਿਆ, ਹਰ ਹਰ ਬੂਟੇ ਜੋਬਨ ਚੜ੍ਹਿਆ! ਬੂਟੇ ਬੂਟੇ ਕੋਇਲ ਫਿਰਦੀ ਆਸ ਪੁੱਜੀ ਹੁਣ ਚੋਖੇ ਚਿਰ ਦੀ! ਟਾਹਣੀ ੨ ਗਲੇ ਲਗਾਵੇ, ਵਾਂਗ ਪਤੰਗੇ ਜਾਨ ਘੁਮਾਵੇ! ਉੱਚੀ ਉੱਚੀ ਕਰੇ ਪੁਕਾਰਾਂ, ਲੁੱਟਾਂਗੀ ਹੁਣ ਮੌਜ ਬਹਾਰਾਂ! ਸਾਵੀ ਤਾਰ ਮੁਹੱਬਤ ਵਾਲੀ, ਵੱਟੀ ਐਸੀ ਕੋਇਲ ਕਾਲੀ! ਅੰਬਾਂ ਅੰਦਰ ਪੈ ਗਈ ਜਾਲੀ, ਜ਼ਰਦੀ ਉੱਤੇ ਛਾ ਗਈ ਲਾਲੀ! ਕੁਦਰਤ ਘੋਲੀ ਖੰਡ ਨਿਰਾਲੀ, ਭਰ ਗਏ ਸਾਰੇ ਕੂਜ਼ੇ ਖ਼ਾਲੀ! ਅੱਗ ਲਗਨ ਦੀ ਕੋਇਲ ਕਾਲੀ ਸੀਨੇ ਅੰਦਰ ਐਸੀ ਬਾਲੀ! ਦੁੱਖ ਹਿਜਰ ਦਾ ਗਿਆ ਨ ਸਹਿਆ, ਜੇਰਾ ਟੁੱਟਾ ਸਬਰ ਨ ਰਹਿਆ! ਜਬਰ ਜਲਾਇਆ ਪਕੜ ਤ੍ਰਾਟਾਂ ਬਲ ਬਲ ਆਈਆਂ ਬਾਹਰ ਲਾਟਾਂ! ਲਾਟਾਂ ਨੇ ਉਹ ਰੰਗ ਵਿਖਾਇਆ, ਜੀਭ ਉਤੇ ਫੜ ਛਾਲਾ ਪਾਇਆ! ਓਧਰ ਅੰਬਾਂ ਰੰਗ ਵਟਾਇਆ ਚੜ੍ਹ ਚੜ੍ਹ ਆਇਆ ਹੁਸਨ ਸਵਾਇਆ! ਏਧਰ ਛਾਲਾ ਚਿਲ ਚਿਲ ਕਰਦਾ, ਅੰਬਾਂ ਵਾਗੂੰ ਪਿਲ ਪਿਲ ਕਰਦਾ! ਬਿਤਰ ਬਿਤਰ ਪਈ ਕੋਇਲ ਤੱਕੇ ਜੀਭ ਨਾਂ ਹਿੱਲੇ, ਬੋਲ ਨਾਂ ਸੱਕੇ! ਬਾਗ਼ੀਂ ਤੋਤੇ ਟੁਕ ਟੁਕ ਖਾਵਨ, ਲੱਖਾਂ ਪੰਛੀ ਮੌਜ ਉਡਾਵਨ! ਬੰਨ੍ਹ ਰੁਮਾਲੀਂ ਲੋਕ ਲਿਜਾਂਦੇ, ਬਰਫ਼ਾਂ ਦੇ ਵਿਚ ਲਾ ਲਾ ਖਾਂਦੇ! ਪਰ ਏਹ ਕੋਇਲ ਕਰਮਾਂ ਮਾਰੀ, ਹਾਵੇ ਹਹੁਕੇ ਲਵੇ ਵਿਚਾਰੀ! ਸੁੱਕੀ ਟਿੰਘੇ ਬੈਠੀ ਤਰਸੇ, ਖ਼ੂਨ ਫਲੂਹੇ ਵਿੱਚੋਂ ਬਰਸੇ! ਡੁਬੀ ਹੋਈ ਵਿੱਚ ਕਿਆਸਾਂ, ਲਹਿਰਾਂ ਬਣ ਬਣ ਉੱਠਣ ਆਸਾਂ! ਸਿੱਪਾਂ ਵਾਂਗੂੰ ਚੁੰਝ ਪਿਆਰੀ, ਮੀਟੀ ਹੋਈ ਹੈ ਦੁਖਿਆਰੀ! ਛਾਲਾ ਅੰਦਰ ਪਾਇਆ ਹੋਇਆ, ਮੋਤੀ ਵਾਂਗ ਲੁਕਾਇਆ ਹੋਇਆ! ਖੂਹ ਵਿਚ ਪੈ ਗਈ ਏਹਦੀ ਸੇਵਾ, ਭਾਗਾਂ ਵਾਲੇ ਖਾ ਗਏ ਮੇਵਾ! ਵੇਖੋ ਏਹਦਾ ਭਾਗ ਨਿਖੁੱਟਾ, ਅੰਬ ਮੁਕੇ ਤੇ ਛਾਲਾ ਟੁੱਟਾ! ਫ਼ੇਰ ਲੱਗੀ ਏਹ ਕਰਨ ਪੁਕਾਰਾਂ, ਬੰਨ੍ਹ ਤਸੱਵਰ ਵਾਲੀਆਂ ਤਾਰਾਂ! ਓਹੋ ਰੋਣਾ ਓਹੋ ਧੋਣਾ, ਓਹੋ ਹੰਝੂ ਹਾਰ ਪਰੋਣਾ! ਓਹੋ ਟਾਹਣੀ ਟਾਹਣੀ ਬਹਿਣਾ, ਓਹੋ ਵਾਂਗ ਸ਼ੁਦੈਣਾ ਰਹਿਣਾ! ਓਹੋ ਤੂੰਹੀਂ ਤੂੰਹੀਂ ਕਹਿਣਾ, ਓਹੋ ਦੁੱਖ ਹਿਜਰ ਦਾ ਸਹਿਣਾ! ਓਹੋ ਕਾਰਜ ਓਹੋ ਪੋੱਖਾ, ਓਹੋ ਕਿਸਮਤ ਓਹੋ ਧੋਖਾ! 'ਸ਼ਰਫ਼' ਮਿਟਾ ਦੇ ਝੋਰਾ ਦਿਲ ਦਾ, ਬਾਝ ਨਸੀਬਾਂ ਕੁਝ ਨਹੀਂ ਮਿਲਦਾ!

57. ਟੁੱਟੀ ਕਲੀ

ਆਖ ਰਹੀ ਸਾਂ ਓਦੋਂ ਤੈਨੂੰ, ਟਹਿਣੀ ਨਾਲੋਂ ਤੋੜ ਨਾ ਮੈਨੂੰ! ਹੁਣ ਕਿਉਂ ਇਹ ਅਪ੍ਰਾਧ ਕਮਾਵੇਂ? ਪਾਣੀ ਦੇ ਵਿਚ ਪਿਆ ਡੁਬਾਵੇਂ! ਕੋਲੇ ਰੱਖ ਹੁਣ ਦੁਨੀਆਂ ਚਾਰੀ, ਸਾਡੀ ਹੋ ਗਈ ਕੂਚ ਤਿਆਰੀ! ਲੇਖ ਮਿਰੇ ਸਨ ਵੱਸ ਨ ਤੇਰੇ! ਹਿਰਖ ਰਿਹਾ ਇਕ ਮਨ ਵਿਚ ਮੇਰੇ! ਮਾਂ ਬਹਾਰ ਮੈਨੂੰ ਨਿਜ ਜਣਿਆਂ, ਹਾਰ ਹੋਈ ਨਾ ਸਿਹਰਾ ਬਣਿਆਂ, ਨਾ ਕੋਈ ਪਰਿਹਾ ਡਿੱਠੀ ਰਜਕੇ! ਗੁਲਦਸਤੇ ਵਿਚ ਗਈ ਨਾਂ ਸਜਕੇ! ਬਣਕੇ ਅਤਰ ਨਾ ਪਹੁੰਚੀ ਹੱਟੀ, ਨਾ ਮੈਂ ਅਹੁਰ ਕਿਸੇ ਦੀ ਕੱਟੀ! ਨਾ ਮੈਂ ਹੱਸੀ ਕਿਸੇ ਹਸਾਈ, ਵਾ ਨਾ ਮੇਰੇ ਅੰਗਣ ਆਈ! ਨਾ ਮੈਂ ਰੱਤੀ ਤਲੀ ਵਿਖਾਈ, ਭੌਰਾਂ ਤੋਂ ਨਾ ਫ਼ਾਲ ਕਢਾਈ! ਬੁਲਬੁਲ ਕੋਲੋਂ ਸਬਕ ਜੇ ਪੜ੍ਹਦੀ, ਤਾਂ ਮੈਂ ਗੋਰ ਸਮਾਧੇ ਚੜ੍ਹਦੀ! ਜਦ ਮੈਂ ਕੀਤੀ ਬਹੁੜੀ ਬਹੁੜੀ, ਓਦੋਂ ਤੈਨੂੰ ਕੁਝ ਨਾ ਅਹੁੜੀ! ਹੁਣ ਤੂੰ ਏਡਾ ਹੇਜ ਵਿਖਾਵੇਂ, ਮਰਦੀ ਦੇ ਮੂੰਹ ਪਾਣੀ ਪਾਵੇਂ, ਜਿਉਂ ਜਿਉਂ ਡੋਬੇਂ ਜੀਊੜਾ ਤਰਦਾ, ਪਰ ਨਹੀਂ ਚਿੱਤ ਵਿਛੋੜਾ ਜਰਦਾ! ਬੇਕਦਰਾ! ਤੂੰ ਕਦਰ ਨ ਪਾਈ, ਲੱਗੀ ਐਵੇਂ ਤੋੜ ਗਵਾਈ! ਕਿੰਨਾ ਚਿਰ ਇਹ ਪਾਣੀ ਤੇਰਾ, ਡੱਕ ਲਵੇਗਾ ਮਰਨਾ ਮੇਰਾ? ਬੱਸ 'ਸ਼ਰਫ਼' ਨਾ ਮਾਰ ਤਰੌਂਕੇ, ਹੁਣ ਮੈਂ ਸੌਂ ਗਈ ਲੰਮੇ ਠੌਂਕੇ!

58. ਫੁੱਲ ਆਪਨੇ ਪਰਛਾਵੇਂ ਨੂੰ

ਰਹਿ ਗਿਆ ਕੱਲਾ ਨਦੀ ਕਿਨਾਰੇ, ਚਲ ਗਏ ਮੇਰੇ ਸਾਥੀ ਸਾਰੇ। ਕਰ ਕਰ ਛੋਹਲੀ ਪਹੁੰਚੇ ਅੱਗੇ, ਅਤਰ ਬਣ ਜਾਂ ਜ਼ੁਲਫ਼ੀਂ ਲੱਗੇ। ਹਾਰ ਬਣੇ ਕੋਈ ਕਿਸਮਤ ਵਾਲੇ, ਬਾਹਾਂ ਪਾਈਆਂ ਗਲੇ ਦੁਆਲੇ। ਨਾਲ ਮੇਰੇ ਜੋ ਜੰਮੀਆਂ ਪਲੀਆਂ, ਚਲ ਬਸੀਆਂ ਉਹ ਸੁੰਦਰ ਕਲੀਆਂ। ਮੈਂ ਹੁਣ ਵਾਜਾਂ ਮਾਰਾਂ ਤੈਨੂੰ, ਦਈਂ ਜਵਾਬ ਪਿਆਰੇ ਮੈਨੂੰ। ਸ਼ੀਸ਼ਾ ਵਿੰਹਦਾ ਵੇਖ ਨ ਮੈਨੂੰ। ਮੈਂ ਤਾਂ ਪਿਆਰੇ ਵੇਖਾਂ ਤੈਨੂੰ। ਦੂਰੋਂ ਦੂਰੋਂ ਕਰੇ ਇਸ਼ਾਰੇ, ਦੇਂਦਾ ਨਹੀਂ ਜਵਾਬ ਪ੍ਯਾਰੇ। ਆ ਜਾ ਦੋਵੇਂ, ਰਲਕੇ ਬਹੀਏ, ਹਾਲ ਦੁਖਾਂ ਦੇ ਸੁਣੀਏ ਕਹੀਏ। ਬੇਸ਼ਕ ਹੈ ਇਹ ਚੇਤੇ ਮੈਨੂੰ, ਮੇਰੀ ਵੀ ਹੈ ਉਲਫ਼ਤ ਤੈਨੂੰ। ਜਿੱਦਾਂ ਮੈਨੂੰ ਸਬਰ ਨ ਆਵੇ, ਓਦਾਂ ਤੈਨੂੰ ਚੈਨ ਨ ਭਾਵੇ ਗਿਆ ਫੁਲੇਰਾ ਰਿਹਾ ਨ ਮਾਲੀ, ਬਾਗ਼ ਪਿਆ ਹੈ ਸਾਰਾ ਖ਼ਾਲੀ। ਫਿਰ ਵੀ ਤੂੰ ਨਹੀਂ ਆਕੇ ਮਿਲਦਾ, ਕੇਡਾ ਹੈਂ ਤੂੰ ਪੱਥਰ ਦਿਲ ਦਾ। ਤੂੰ ਨਹੀਂ ਆਉਂਦਾ, ਮੈਂ ਹੀ ਆਵਾਂ? ਆਕੇ ਤੈਨੂੰ ਗਲੇ ਲਗਾਵਾਂ? ਆ ਮੈਂ ਲੈ ਲਾਂ ਝੱਟ ਕਲਾਵੇ, ਬਾਝ ਮਿਲਾਪੋਂ ਸਬਰ ਨ ਆਵੇ। ਤਾਂਘ ਲੰਮੀ ਤੇ ਉਮਰ ਨ ਓਡੀ, ਭੁਰ ਭੁਰ ਜਾਂਦੀ ਮੁਢੋਂ ਡੋਡੀ। ਗੱਲ ਸੁਣੀ ਜਦ ਵਾ ਨੇ ਸਾਰੀ, ਰੁਤ ਅੱਗੇ ਜਾ ਰੋਈ ਵਿਚਾਰੀ। ਆ ਗਈ ਤੁਰਤ ਬਹਾਰ ਪਿਆਰੀ, ਫ਼ੌਜ ਫੁਲਾਂ ਦੀ ਲੈਕੇ ਸਾਰੀ। ਹਰ ਹਰ ਆਣ ਕਰੂੰਬਲ ਕਿੜਕੀ, ਕਲੀ ਕਲੀ ਨੇ ਖ਼ੋਲ੍ਹੀ ਖਿੜਕੀ। ਆਖ ਮੂੰਹੋਂ "ਮੈਂ ਆਇਆ ਯਾਰਾ!" ਏਧਰ ਟੁੱਟਾ ਫੁੱਲ ਵਿਚਾਰਾ। ਪ੍ਰੀਤਮ ਪ੍ਯਾਰਾ ਮਾਰ ਕਲਾਵੇ, ਪਾਣੀ ਅੰਦਰ ਰੁੜ੍ਹਿਆ ਜਾਵੇ। ਲਹਿਰ ਦੇ ਵਿੱਚ ਰਲ ਗਏ ਓਵੇਂ, ਇੱਕ ਹੋ ਗਏ ਦਿਲਬਰ ਦੋਵੇਂ।

59. ਪੱਥਰ ਦਾ ਵੱਟਾ

ਮੰਜੇ ਦੇ ਪੜਾਵੇ ਥਲੇ ਵੱਟਾ ਇੱਕ ਵੇਖਿਆ ਮੈਂ, ਰੋ ਰੋ ਪਿਆ ਆਹਾਂ ਵਾਲੀ ਢਾਂਡਰੀ ਸੀ ਬਾਲਦਾ ਪੁੱਛਿਆ ਮੈਂ ਓਸਨੂੰ ਕੀ ਹੋਗਿਆ ਹੈ ਦੱਸ ਤੈਨੂੰ, ਝੂਣ ਦਿੱਤਾ ਦਿਲ ਹੈ ਤੂੰ ਅਰਸ਼ ਤੇ ਪਤਾਲ ਦਾ? ਮਾਰ ਮਾਰ ਚਾਂਗਰਾਂ ਤੇ ਉੱਭੇ ਉੱਭੇ ਸਾਹ ਰੋ ਕੇ, ਦਿੱਤਾ ਇਹ ਜਵਾਬ ਮੈਨੂੰ ਓਸਨੇ ਸਵਾਲ ਦਾ:- 'ਦੇ ਦਿਓ ਅਜ਼ਾਦੀ ਮੈਨੂੰ ਦੇ ਦਿਓ ਅਜ਼ਾਦੀ ਹੁਣ, ਸਹਿਆ ਜਾਂਦਾ ਭਾਰ ਨਾ ਗ਼ੁਲਾਮੀ ਦੇ ਜੰਜਾਲ ਦਾ ਫੇਰ ਓਹਨੂੰ ਕਿਹਾ ਮੈਂ 'ਪਹਾੜਾਂ ਦਿਆ ਪੱਥਰਾ ਓਇ, ਤੈਨੂੰ ਭਲਾ ਲਾਹ ਕੀ ਆਜ਼ਾਦੀ ਦੇ ਪਲਾਲ ਦਾ?' ਕੱਢ ਕੱਢ ਚੰਗਿਆੜੇ ਮੂੰਹ ਵਿੱਚੋਂ ਅੱਗ ਵਾਲੇ, ਕਹਿਣ ਲੱਗਾ ‘ਸੁਣ ਮੈਥੋਂ ਕਿੱਸਾ ਮੇਰੇ ਹਾਲ ਦਾ। ਟੋਟੇ ਟੋਟੇ ਕੀਤਾ ਮੇਰੇ ਨਾਲਦਿਆਂ ਬੇਲੀਆਂ ਨੂੰ, ਮਾਰਿਆ ਹਥੌੜਾ ਕਿਸੇ ਵੈਰੀ ਨੇ ਕਮਾਲ ਦਾ। ਲੂਣ ਮਿਰਚਾਂ ਲੱਗਦੇ ਨੇ ਕਿਸੇ ਦਿਆਂ ਫੱਟਾਂ ਉੱਤੇ, ਚੱਕੀ ਪਿਆ ਪੀਸਦਾ ਏ ਕੋਈ ਮੇਰੇ ਨਾਲ ਦਾ। ਦਿੱਤਾ ਏ ਚੌਖ਼ੱਡੀਆਂ ਦੇ ਵਿਚ ਕਈਆਂ ਪ੍ਯਾਰਿਆਂ ਨੂੰ ਵਿਛ ਵਿਛ ਫ਼ਰਸ਼ ਉੱਤੇ ਔਕੜਾਂ ਕੋਈ ਜਾਲ ਦਾ। ਸਾਡੇ ਠੇਡੇ ਨਾਲ ਜਿਹੜਾ ਕੱਲ ਪਿਆ ਡਿੱਗਦਾ ਸੀ, ਅੱਜ ਓਹੋ ਮਿੱਧ ਮਿੱਧ ਆਕੜਾਂ ਵਿਖਾਲਦਾ। ਮੈਂ ਭੀ ਦੇਸ ਆਪਣੇ ਦੇ ਵਿੱਚ ਜੇ ਅਜ਼ਾਦ ਹੁੰਦਾ, ਵੇਂਹਦੋਂ ਮੈਨੂੰ ਫੇਰ ਤੂੰ ਭੀ ਵੇਸ ਮੈਂ ਕੀ ਢਾਲਦਾ? ਹਰੀ ਭਰੀ ਭਾਗਾਂ ਵਾਲੀ ਐਸੀ ਹੁੰਦੀ ਗੱਦ ਮੇਰੀ, ਹੀਰਿਆਂ ਫ਼ੀਰੋਜ਼ਿਆਂ ਨੂੰ ਝੋਲੀ ਵਿੱਚ ਪਾਲਦਾ। ਸੱਤ ਸੱਤ ਬਾਦਸ਼ਾਹੀਆਂ ਭਾਵੇਂ ਵਿਕ ਜਾਂਦੀਆਂ ਜੇ, ਫੇਰ ਵੀ ਨਾ ਪੂਰਾ ਹੁੰਦਾ ਮੁਲ ਇੱਕ ਲਾਲ ਦਾ। ਮੇਰੇ ਮੂੰਹ ਦੀ ਥੁੱਕੀ ਹੋਈ ਲਾਲ ਲਾਲ ਥੁੱਕ ਨੇ ਵੀ, ਬੂਥਾ ਕਦੋਂ ਵੇਖਣਾ ਸੀ ਤੇਰੇ ਜਹੇ ਕੰਗਾਲ ਦਾ। ਕਹਿਣ ਲਗਾ ਆਪ ਭੀ ਅਜ਼ਾਦੀ ਦਾ ਪ੍ਰੇਮੀ ਬਣ, ਖਹਿੜਾ ਛੱਡ ਮੇਰੀ ਭੀ ਗ਼ੁਲਾਮੀ ਦੇ ਖ਼ਿਆਲ ਦਾ। 'ਸ਼ਰਫ਼' ਏਹ ਅਟੱਲ ਗੱਲ ਰੱਬ ਬੀ ਬਣਾਈ ਹੋਈ, ਜ਼ੱਰਾ ਜ਼ੱਰਾ ਜੱਗ ਦਾ ਅਜ਼ਾਦੀਆਂ ਨੂੰ ਭਾਲਦਾ।'

60. ਪ੍ਰਦੇਸੀ

ਵਾਹਵਾ ਮੇਰਾ ਵਤਨ ਪਿਆਰਾ, ਹਰ ਹਰ ਜ਼ੱਰਾ ਜਿਸ ਦਾ ਤਾਰਾ। ਜਦ ਕੋਈ ਬੰਦਾ ਵਤਨੀ ਮਿਲਦਾ, ਖਿੜ ਜਾਂਦਾ ਏ ਗ਼ੁੰਚਾ ਦਿਲ ਦਾ। ਜਿਵੇਂ ਜਿਵੇਂ ਓਹ ਖ਼ਬਰਾਂ ਦੱਸੇ, ਤਿਉਂ ਤਿਉਂ ਮੀਂਹ ਖੁਸ਼ੀ ਦਾ ਵੱਸੇ। ਜਦ ਕੋਈ ਵੱਲ ਵਤਨ ਦੇ ਜਾਵੇ, ਦਿਲ ਵਿਚ ਡਾਢੀ ਸੱਧਰ ਆਵੇ। ਮੂੰਹ ਉਹਦਾ ਮੈਂ ਬਿਟ ਬਿਟ ਤੱਕਾਂ, ਉਂਜ ਜ਼ਬਾਨੋ ਬੋਲ ਨ ਸੱਕਾਂ। ਦਿਲ ਸੀਨੇ ਵਿਚ ਫੜ ਫੜ ਕਰਦਾ, ਚੱਲੇ ਵੱਸ ਨਾ ਇਸ ਬੇ ਪਰ ਦਾ। ਦੀਦ, ਵਿਛੁੰਨੇ ਦੀਦੇ ਚਿਰਦੇ, ਅੱਖਾਂ ਵਿੱਚ, ਮਹੱਲੇ ਫਿਰਦੇ। ਭਾਗ, ਜਿਨ੍ਹਾਂ ਦੇ ਖਰੇ ਸਵੱਲੇ, ਚੱਲੇ ਦੇਸ ਪਿਆਰੇ ਵੱਲੇ। ਜਿੱਥੇ ਹੱਸੇ ਭੁੜਕੇ ਖੇਡੇ, ਦੌੜੇ ਭੱਜੇ ਖਾਧੇ ਠੇਡੇ। ਉੱਚੇ ਉੱਚੇ ਮਹਿਲ ਮੁਨਾਰੇ, ਅੱਖਾਂ ਅੱਗੇ ਫਿਰਦੇ ਸਾਰੇ। ਏਹ ਦਿਲ ਕਰਦਾ ਮਾਰ ਉਡਾਰੀ, ਜਾ ਪਹੁੰਚਾਂ ਮੈਂ ਇੱਕੋ ਵਾਰੀ। ਖਿੱਚ ਲਵੇ ਯਾ ਜ਼ਿਮੀ ਤਣਾਵਾਂ, ਫੋਰ ਅੱਖੀਂ ਵਿੱਚ ਓਥੇ ਜਾਵਾਂ। ਸੰਗੀ ਸਾਥੀ ਬੇਲੀ ਪ੍ਯਾਰੇ, ਜਾਕੇ ਗਲੇ ਲਗਾਵਾਂ ਸਾਰੇ। ਕੀ ਆਖਾਂ ਕੁਝ ਵੱਸ ਨ ਚੱਲੇ, ਪਾਸੇ ਲੂਸਾਂ ਕਰ ਕਰ ਹੱਲੇ। 'ਸ਼ਰਫ਼' ਸ੍ਵਰਗੀ ਮੌਜ ਬਹਾਰਾਂ, ਦੇਸ਼ ਪਿਆਰੇ ਉੱਤੋਂ ਵਾਰਾਂ।

61. ਮਾਹੀ ਦੀ ਸਿੱਕ

ਬੂਟੇ ਨੂੰ ਮੈਂ ਪਾਣੀ ਪਾਵਾਂ, ਗੀਤ ਮਾਹੀ ਦੇ ਨਾਲੇ ਗਾਵਾਂ। ਫੁੱਟਣ ਕਲੀਆਂ ਨਿਕਲਣ ਪੱਤੇ, ਮਾਹੀਆ, ਤੈਨੂੰ ਖ਼ੈਰਾਂ ਸੱਤੇ। ਕੂੰਬਲ ਕੂੰਬਲ ਪਈ ਸੁਣਾਵੇ, ਪਿਆਰਾ ਸਾਡਾ ਠੁਮ ਠੁਮ ਆਵੇ। ਸੁੱਕਾ ਪੱਤਰ ਵਰਤੀ ਜ਼ਰਦੀ, ਕੰਤ ਪਿਆਰੇ, ਤੇਰੀ ਬਰਦੀ। ਨਾਜ਼ਕ ਟਹਿਣੀ ਲਵੇ ਹੁਲਾਰੇ, ਰਾਹ ਦੇਖਾਂ ਮੈਂ ਖੜੀ ਚੁਬਾਰੇ। ਦੇ ਖੁਸ਼ਬੋਆਂ ਫੁਲ ਰੰਗੀਲਾ, ਸੁਕ ਸੁਕ ਹੋਈ ਹੁਣ ਮੈਂ ਤੀਲਾ। ਮੁੜ ਮੁੜ ਬਾਗੀਂ ਰੁੱਤਾਂ ਆਈਆਂ, ਮਾਹੀਆ ਤੂੰ ਕਿਉਂ ਡੇਰਾਂ ਲਾਈਆਂ? ਡਾਲੀ ਡਾਲੀ ਭੌਰਾ ਫਿਰਦਾ, ਤੇਰੇ ਬਾਝੋਂ ਜਿਊੜਾ ਘਿਰਦਾ। ਫੁੱਲ ਖਿੜਾਵਨ ਬੁੱਲੇ ਚਲ ਚਲ, ਮੈਨੂੰ ਉੱਠਣ ਹੁੱਦਾਂ ਬਲ ਬਲ। ਰਸ ਫੁੱਲਾਂ ਦਾ ਚੂਪੇ ਮੱਖੀ, ਫੁਰਕੇ ਮੇਰੀ ਖੱਬੀ ਅੱਖੀ। ਪਾਣੀ ਪਾਉਂਦਿਆਂ ਚਿੱਠੀ ਆਈ, ਚੁੰਮੀ ਚੱਟੀ ਸੀਨੇ ਲਾਈ। ਪਰਸੋਂ ਸਾਡੇ ਮਾਹੀ ਆਉਣਾ, ਰੁੱਤ ਖੁਸ਼ੀ ਦੀ ਫੇਰਾ ਪਾਉਣਾ। ਓਦਨ ਰੰਗ, ਵਟਾਵਣਗੀਆਂ, ਸਭ ਕਲੀਆਂ ਖਿੜ ਜਾਵਣਗੀਆਂ।

62. ਪਿਆਰੇ ਕੇਸ

ਕਾਲੇ ਕਾਲੇ ਨਾਗ਼ ਮੈਨੂੰ ਤਰਦੇ ਵਖਾਈ ਦਿੱਤੇ, ਓਨ੍ਹੇ ਜਦੋਂ ਪਾਣੀ ਵਿੱਚੋਂ ਆਪਣੇ ਨਿਤਾਰੇ ਕੇਸ। ਲਹਿਰਾਂ ਦੇ ਕਲੇਜੇ ਉੱਤੇ ਛਾਲੇ ਪਏ ਬੁਲ ਬੁਲੇ ਜਹੇ, ਐਸੇ ਡੰਗ ਮਾਰ ਗਏ ਨੇ ਜ਼ਹਿਰੀਂ ਹੈਂਸਿਆਰੇ ਕੇਸ। ਮੋਤੀ ਉਦੋਂ ਵੱਸ ਗਏ ਓਹ, ਜੇੜ੍ਹੇ ਕਿਤੋਂ ਲੱਭਦੇ ਨਹੀਂ, ਛੰਡੇ ਤੇ ਨਚੋੜੇ ਜਦੋਂ ਓਸ ਨੇ ਸਵਾਰੇ ਕੇਸ। ਇਸ਼ਕ ਪੇਚਾ ਸਰੂ ਉੱਤੇ ਜਿੱਦਾਂ ਚੜ੍ਹ ਜਾਂਵਦਾ ਏ, ਲਗਰ ਜਹੇ ਕੱਦ ਉੱਤੇ ਦੇਂਦੇ ਤਿਉਂ ਨਜ਼ਾਰੇ ਕੇਸ। ਪੁੱਛਿਆ ਮੈਂ 'ਬੱਦਲਾਂ 'ਚ ਚੰਦ ਕਿੱਦਾਂ ਆਂਵਦਾ ਏ?' ਝੱਟ ਪੱਟ ਮੁੱਖੜੇ ਤੇ ਓਸਨੇ ਖਲਾਰੇ ਕੇਸ। ਕੰਘੀ ਦਿਆਂ ਦੰਦਿਆਂ ਚੋਂ ਲੰਘਕੇ ਸਫ਼ਾਈ ਨਾਲ, ਕਈਆਂ ਦੇ ਕਲੇਜਿਆਂ ਤੇ ਫੇਰ ਗਏ ਨੇ ਆਰੇ ਕੇਸ। ਕੰਘੀ ਵਿੱਚੋਂ ਨਿੱਕਲੇ ਤੇ ਕੁੰਡਲਾਂ ਦੇ ਵਿੱਚ ਫਸੇ, ਮੇਰੇ ਵਾਂਗ ਚੱਕਰਾਂ 'ਚ ਪਏ ਦੁਖਿਆਰੇ ਕੇਸ। ਇੱਕ ਇੱਕ ਸਤਰ ਓਦੋਂ ਪੜ੍ਹਾਂ ਲੇਖਾਂ ਕਾਲਿਆਂ ਦੀ, ਸ਼ੀਸ਼ੇ ਵਾਂਗ ਮਾਰਦੇ ਨੇ ਜਦੋਂ ਲਿਸ਼ਕਾਰੇ ਕੇਸ। ਮੇਰੇ ਵਾਂਗੂੰ ਫੱਟੇ ਹੋਏ ਅੱਖਾਂ ਸੁਰਮੀਲੀਆਂ ਦੇ, ਪੱਟੀਆਂ ਦੇ ਵਿੱਚ ਪਏ ਮਾਰਨ ਚਮਕਾਰੇ ਕੇਸ। ਮੇਚਾ ਓਹਦੇ ਕੱਦ ਦਾ ਸੀ ਪਿੱਛੋਂ ਕੰਢੀ ਲੈਣ ਲੱਗੇ, ਏਸੇ ਈ ਖੁਨਾਮੀ ਵਿਚ ਬੰਨ੍ਹੇ ਗਏ ਵਿਚਾਰੇ ਕੇਸ। ਮੋਤੀਏ ਦਾ ਹਾਰ ਉੱਤੇ ਕੁੰਜ ਵਾਂਗ ਲੱਗਦਾ ਏ, ਕਾਲੇ ਕਾਲੇ ਸੱਪ ਮਾਰਨ ਸ਼ੂਕਰਾਂ ਸ਼ਿੰਗਾਰੇ ਕੇਸ। ਅਬਰਕ ਦਿਆਂ ਜ਼ੱਰਿਆਂ ਨੇ ਚੰਦ ਐਸਾ ਚਾੜ੍ਹਿਆ ਏ, ਉੱਡ ਉੱਡ ਤੋੜਦੇ ਨੇ ਅੰਬਰਾਂ ਤੋਂ ਤਾਰੇ ਕੇਸ। ਕੰਨ ਦੀ ਕਨੂਲੀ ਵਿਚ ਮਾਰ ਮਾਰ ਕੁੰਡਲਾਂ ਨੂੰ, ਖ਼ਬਰੇ ਕੀ ਕੀ ਆਖਦੇ ਨੇ ਪਏ ਮੇਰੇ ਬਾਰੇ ਕੇਸ। ਪੁਰੇ ਦੀ ਹਵਾ ਵਿੱਚ ਸੱਪ ਜਿਵੇਂ ਝੂਲਦਾ ਏ, ਗਲ ਨਾਲ ਲੈਂਦੇ ਤਿਵੇਂ ਗੱਲ੍ਹ ਤੇ ਹੁਲਾਰੇ ਕੇਸ। ਦਿਨੇ ਰਾਤ ਹਿੱਕ ਉੱਤੇ ਲੇਟਦੇ ਤੇ ਪੇਲਦੇ ਨੇ, ਕਾਲੇ ਕਾਲੇ ਵਲਾਂ ਵਾਲੇ ਕਿਸੇ ਦੇ ਪਿਆਰੇ ਕੇਸ। 'ਸ਼ਰਫ਼' ਸੱਚੇ ਇਸ਼ਕ ਦੀ ਕਮੰਦ ਇਨ੍ਹਾਂ ਵਿੱਚ ਹੋਵੇ, ਖੜਦੇ ਮਜ਼ਾਜ਼ੀ ਵਿੱਚੋਂ ਹਰਿ ਦੇ ਦਵਾਰੇ ਕੇਸ।

63. ਬੂਟਾ ਤੇ ਬੱਦਲ

ਲਾ ਲਾ ਮੈਨੂੰ ਝੂਠੇ ਲਾਰੇ, ਐਡੇ ਲੰਮੇ ਸਮੇਂ ਗੁਜ਼ਾਰੇ। ਜਿੰਦ ਲਬਾਂ ਤੇ ਭਾਵੇਂ ਆਈ, ਪਰ ਨਹੀਂ ਅਜੇ ਉਡੀਕ ਭੁਲਾਈ। ਕਾਲੇ ਕਾਲੇ ਕੇਸਾਂ ਤੇਰੇ, ਦਿਲ ਮੇਰੇ ਤੇ ਪਾਏ ਘੇਰੇ। ਤੇਰੇ ਬਾਝੋਂ ਸ਼ਾਮ ਸਲੋਣੇ, ਹੰਝੂ ਮੇਰੇ ਕਿਸ ਨੇ ਧੋਣੇ? ਜਾਂਦੀ ਵਾਰ ਖ਼ੁਸ਼ੀ ਵਿੱਚ ਆਕੇ, ਜਦ ਤੂੰ ਬੈਠੋਂ ਪੀਂਘੇ ਜਾਕੇ। ਨੀਲਾ ਜੇਹਾ ਘੁੰਡ ਹਟਾਕੇ, ਲਾਲਾਂ ਵਰਗੇ ਬੁਲ ਮੁਸਕਾਕੇ। ਬਿੱਜਲੀ ਵੱਨੇ ਦੰਦ ਚਮਕਾਕੇ, ਇਹ ਗੱਲ ਮੈਨੂੰ ਗਿਓਂ ਸੁਣਾਕੇ:- 'ਯਾਦ ਰੱਖੀਂ ਨਾ ਭੁੱਲੀਂ ਮੈਨੂੰ, ਸੌ ਸੌ ਵਾਰੀ ਮਿਲਸਾਂ ਤੈਨੂੰ। ਜਦ ਮੈਂ ਤੈਨੂੰ ਮਿਲਣ ਆਸਾਂ, ਸਿੱਪਾਂ ਦੇ ਮੂੰਹ ਮੋਤੀ ਪਾਸਾਂ। ਝੜੀ ਬਣਾਕੇ ਰਹਿਮਤ ਵਾਲੀ, ਧੋਵਾਂਗਾ ਮੈਂ ਡਾਲੀ ਡਾਲੀ।' ਚੋਖਾ ਚਿਰ ਮੈਂ ਕੀਤਾ ਜੇਰਾ, ਹੁਣ ਧਰਵਾਸਾ ਟੁੱਟਾ ਮੇਰਾ। ਲਾ ਗਿਓਂ ਐਸੇ ਸੁੱਕੇ ਲਾਰੇ, ਰੱਤਾਂ ਪੀ ਪੀ ਸਮੇਂ ਗੁਜਾਰੇ। ਹਿਜਰ ਤੇਰੇ ਵਿਚ ਸੁਕਦਾ ਜਾਵਾਂ, ਝੜ ਗਏ ਪੱਤੇ ਉੱਡੀਆਂ ਛਾਵਾਂ। ਕੋਈ ਕੋਈ ਪੱਤਾ ਸੁੱਕਾ ਖੜਕੇ, ਸਾਹ ਨਿਕਲੇ ਹੁਣ ਸੰਘੋਂ ਅੜਕੇ। ਭੁਰਜੀ ਟਿੰਗਾਂ ਮਾਰਨ +ਧਾੜਾਂ, ਰਿਹਾ ਮਾਸ ਨਾ ਦਿਸਦੀਆਂ ਨਾੜਾਂ। ਡਰਦਾ ਸੀ ਜੋ ਸੂਰਜ ਤੈਥੋਂ, ਹੁਣ ਓਹ ਭਾਂਗੇ ਲੈਂਦਾ ਮੈਥੋਂ। ਵੇਂਹਦਾ ਮੈਨੂੰ ਤਿੱਖੀ ਅੱਖੇ, ਬਾਲ ਅੰਗੀਠੀ ਸਿਰ ਤੇ ਰੱਖੇ। ਦੂਤੀ ਕਰਦਾ ਭੈੜੇ ਚਾਲੇ, ਤੀਰ ਚਲਾਵੇ ਕਿਰਨਾਂ ਵਾਲੇ। ਕੀ ਕੀ ਦੱਸਾਂ ਖੋਲ੍ਹ ਸਿਆਪਾ, ਦੁਨੀਆਂ ਵਿੱਚ ਹਾਂ ਮੈਂ ਇਕਲਾਪਾ। ਫੜਦਾ ਹੱਥ ਨ ਦਰਦੀ ਕੋਈ, ਸਿਰ ਉੱਤੇ ਕੋਈ ਛਾਂ ਨਾ ਹੋਈ। ਭਾਂ ਭਾਂ ਬਿੱਲੀਆਂ ਖੇਡਣ ਵਾਲੇ, ਦਿੱਸਣ ਕਿੱਥੇ ਹੁਣ *ਮੂੰਹ ਕਾਲੇ। ਫੁੱਲੇ ਫੁੱਲਨ ਕਲੀਆਂ ਖਿੜੀਆਂ, ਉੱਧੜ ਲੱਥੇ ਪੱਤਰ ਪਿੜੀਆਂ। ਬੁੜ੍ਹਕ ਬੁੜ੍ਹਕ ਕੇ ਤੋਤੇ ਚਿੜੀਆਂ, ਖਿੱਦੂ ਵਾਂਗ ਅਗੇਰੇ ਰਿੜ੍ਹੀਆਂ। ਸੱਚ ਆਂਖਾ ਮੈਂ ਏਸ ਜ਼ਮਾਨੇ, ਮਤਲਬ ਦੇ ਨੇ ਕੁੱਲ ਯਰਾਨੇ। ਮੈਂ ਇੱਕ ਟੰਗਾ ਨਿੱਤ ਖਲੋਕੇ, ਕਰਾਂ ਦੁਆਵਾਂ ਹਰ ਦਮ ਰੋਕੇ। ਤੇਰੇ ਬਦਲੇ ਏਡਾ ਰੋਵਾਂ, ਜਦ ਮੈਂ ਰੋਵਾਂ, ਬੇਸੁਧ ਹੋਵਾਂ। ਦੇਖ ਤਰੇਲ ਵਿਚਾਰੀ ਰੋਂਦੀ, ਮੂੰਹ ਮੇਰੇ ਵਿਚ ਪਾਣੀ ਚੋਂਦੀ। ਓਹੋ ਇੱਕ ਸਹੇਲੀ ਤੇਰੀ, ਦੁਨੀਆਂ ਦੇ ਵਿਚ ਦਰਦਣ ਮੇਰੀ। ਓਹ ਵੀ ਸੂਰਜ ਕੋਲੋਂ ਡਰਦੀ, ਚੋਰੀ ਚੋਰੀ ਕਾਰੀ ਕਰਦੀ। ਓਹਨੇ ਹੋਰ ਜਤਨ ਕੀ ਕਰਨੇ, ਜੀਵਨ ਮੇਰਾ ਤੇਰੇ ਪਰਨੇ। ਨਦੀਆਂ ਖੂਹ ਸਮੁੰਦਰ ਸਾਰੇ, ਮੇਰੇ ਲਈ, ਨਿਕਾਰੇ ਖਾਰੇ। ਛਮ ਛਮ ਕਰਦਾ ਜਾਨੀ ਆ ਜਾ, ਆਕੇ ਮੇਰੀ ਜਾਨ ਬਚਾ ਜਾ। ਘਰ ਗ਼ੈਰਾਂ ਦੇ ਗੱਜੇਂ, ਗੁੜ੍ਹਕੇਂ, ਹੱਸੇਂ, ਵੱਸੇਂ ਨੱਚੇਂ ਭੁੜਕੇਂ। ਦੂਰੋਂ ਦੂਰੋਂ ਪਿਆ ਤਰਸਾਵੇਂ, ਸਾਡੇ ਵੇਹੜੇ ਪੈਰ ਨ ਪਾਵੇਂ। ਇਕ ਇਕ ਸੜੀ ਕਰੂੰਬਲ ਮੇਰੀ, ਮੁੱਕੀ ਅਜੇ ਉਡੀਕ ਨ ਤੇਰੀ। ਹੱਛਾ ਜਾਨੀ ਹੱਛਾ ਪਿਆਰੇ, ਰਹਿਣ ਸਲਾਮਤ ਤੇਰੇ ਲਾਰੇ। ਭਾਵੇਂ ਰੱਤ ਜਿਗਰ ਦੀ ਪੀਵਾਂ, ਪਰ ਮੈਂ 'ਸ਼ਰਫ' ਏਹਨਾਂ ਤੇ ਜੀਵਾਂ। +ਚੀਕਾਂ *ਭੌਰੇ 'ਤੇ ਮੱਖੀਆਂ।

64. ਕਲੀ ਤੇ ਤਾਰਾ

ਆ ਜਾ ਪਿਆਰੇ ਸੁੰਦਰ ਤਾਰੇ। ਨਾਂ ਲਾ ਲਾਰੇ ਬੀਤੇ ਵਾਰੇ। ਸੀਨੇ ਠਾਰੇ। ਹੋਏ ਨਜ਼ਾਰੇ। ਸੌਂ ਗਿਆ ਮਾਲੀ ਬਾਗ਼ ਹੈ ਖ਼ਾਲੀ। ਰਾਤ ਵੀ ਕਾਲੀ ਸਭ ਦੇ ਵਾਲੀ। ਖੋਲ੍ਹੇ ਬਾਰੇ, ਪਾਸੇ ਚਾਰੇ। ਜ਼ੋਰਾਂ ਤੇ ਹਿੱਲ ਹਿੱਲ ਪਤੇ। ਲੜਨ ਕੁਪੱਤੇ ਖ਼ੈਰਾਂ ਸਤੇ। ਏਸ ਬਹਾਰੇ, ਲਾਹ ਡਰ ਸਾਰੇ। ਪ੍ਰੇਮ ਵਧਾਈਏ ਨੈਣ ਲੜਾਈਏ। ਤਾਰ ਬਣਾਈਏ ਪੀਂਘਾਂ ਪਾਈਏ। ਹਰਿ ਦੇ ਦੁਆਰੇ, ਲਈਏ ਹੁਲਾਰੇ। ਨੂਰੀ ਸਾਯਾ ਤਨ ਤੇ ਪਾਯਾ। ਹੁਸਨ ਸਵਾਯਾ ਚੜ੍ਹਕੇ ਆਯਾ। ਜਾਵਾਂ ਵਾਰੇ, ਹੱਥ ਪਸਾਰੇ। ਹਰਦਮ ਚਾਹਵਾਂ ਮੈਂ ਉਡ ਜਾਵਾਂ। ਇਹ ਗ਼ਮ ਖਾਵਾਂ ਕੀਕਰ ਆਵਾਂ। ਖੰਭ ਨਿਕਾਰੇ, ਕਜ਼ੀਏ ਭਾਰੇ। ਹੰਜੂ ਤੇਰੇ ਮੋਤੀ ਮੇਰੇ। ਉੱਡ ਸਵੇਰੇ ਵਾ ਨੇ ਕੇਰੇ। ਹੱਥ ਸ਼ਿੰਗਾਰੇ, ਰਹੇ ਖਿਲਾਰੇ। ਜੋ ਕੁਝ ਲੱਸਾਂ ਆਵੀਂ ਦੱਸਾਂ, ਖਿੜ ਖਿੜ ਹੱਸਾਂ ਉਜੜੀ ਵੱਸਾਂ। 'ਸ਼ਰਫ਼' ਚੁਬਾਰੇ, ਖੜੀ ਪੁਕਾਰੇ।

65. ਫੁੱਲ ਤੇ ਤੋਤਾ

ਤੋਤੇ ਨੂੰ ਇਕ ਆਖਣ ਲੱਗਾ ਫੁੱਲ ਗੁਲਾਬੀ ਰੋ ਕੇ?:- 'ਕਿਉਂ ਤੂੰ ਮੇਰੀ ਕਦਰ ਨ ਪਾਵੇਂ ਐਡਾ ਆਕਲ ਹੋਕੇ? ਸਾਵੇ ਸਾਵੇ ਖੰਭ ਤੇਰੇ ਇਹ ਐਸੇ ਸੋਹਣੇ ਲੱਗਣ, ਹਿਲ ਹਿਲ ਸਾਵੇ ਪੱਤਾਂ ਵਾਂਗੂੰ ਦਿਲ ਮੇਰੇ ਨੂੰ ਠੱਗਣ। ਚੁੰਝ ਤੇਰੀ 'ਤੇ ਮੇਰੇ ਰੰਗੋਂ ਕੁਦਰਤ ਰੰਗ ਚੜ੍ਹਾਯਾ, ਮੇਰੇ ਵਿੱਚੋਂ ਹੋਕੇ ਜ਼ਾਲਮ ਤੂੰ ਕਿਉਂ ਕਹਿਰ ਕਮਾਯਾ। ਕਾਲੀ ਰੱਤੀ ਗਾਨੀ ਤੇਰੀ ਮੈਨੂੰ ਫਾਹੀਆਂ ਪਾਈਆਂ, ਮਿੱਠੀ ਮਿੱਠੀ ਬੋਲੀ ਤੇਰੀ ਦਿਲ ਤੇ ਕਾਨੀਆਂ ਲਾਈਆਂ। ਮਾਣ ਕਰੇਂ ਜੇ ਦਿਲ ਵਿਚ ਇਹ ਤੂੰ ਮੈਂ ਹਾਂ ਛੈਲ ਛਬੀਲਾ। ਘੱਟ ਨਹੀਂ ਕੁਝ ਤੇਰੇ ਕੋਲੋਂ ਮੈਂ ਭੀ ਰੰਗ ਰੰਗੀਲਾ। ਵੇਖ ਤ੍ਰੇਲ ਸੁਹੱਪਣ ਮੇਰਾ ਅੰਬਰ ਉੱਤੋਂ ਆਵੇ, ਤਾਰਿਆਂ ਵਿੱਚੋਂ ਪਾਣੀ ਲੈਕੇ ਮੇਰਾ ਮੁੱਖ ਧੁਆਵੇ। 'ਵਾ ਰਾਂਣੀ' ਭੀ ਹੌਲੀ ਹੌਲੀ ਅੰਙਣ ਮੇਰੇ ਚੱਲੇ, ਮੁੱਠੀ ਚਾਪੀ ਕਰਦੀ ਮੈਨੂੰ ਨਾਲੇ ਪੱਖਾ ਝੱਲੇ। ਵੇਖ ਨਜ਼ਾਕਤ ਐਡੀ ਮੇਰੀ ਹੁਸਨ ਮੇਰੇ ਤੇ ਮੋਯਾ, ਤੇਰਾ ਦਿਲ ਕਿਉਂ ਮੇਰੇ ਵੱਲੋਂ ਜ਼ਾਲਮ ਪੱਥਰ ਹੋਯਾ? ਨਾਲ ਮੇਰੇ ਜੇ ਯਾਰੀ ਲਾਵੇਂ ਕਰੀਏ ਐਸ਼ ਬਹਾਰਾਂ, ਸੀਨੇ ਵਿੱਚੋਂ ਕੱਢ ਸੁਗੰਧੀ ਤੇਰੇ ਉੱਤੋਂ ਵਾਰਾਂ। ਦਿਲ ਮੇਰੇ ਵਿਚ ਸੱਧਰ ਏਹੋ ਠੰਢੀਆਂ ਹੋਵਨ ਅੱਖਾਂ, ਸਿਰ ਤੇਰੇ ਤੇ ਛਤਰ ਗੁਲਾਬੀ ਹਰ ਦਮ ਲਾਈ ਰੱਖਾਂ!' ਤੋਤੇ ਨੇ ਏਹ ਉੱਤਰ ਦਿਤਾ:-'ਨਾ ਕਰ ਐਡ ਨਿਹੋਰੇ, ਮੈਂ ਨਹੀਂ ਫਸਦਾ ਫਾਹੀ ਤੇਰੀ ਕਾਹਨੂੰ ਪਾਵੇਂ ਡੋਰੇ? ਸੌ ਜ਼ਬਾਨਾਂ ਵਾਲਿਆ! ਐਵੇਂ ਮਗ਼ਜ਼ ਮੇਰਾ ਤੂੰ ਖਾਵੇਂ, ਇੱਕ ਜ਼ਬਾਨ ਜੇ ਹੋਵੇ ਤੇਰੀ ਤਾਂ ਤੂੰ ਮੈਨੂੰ ਭਾਵੇਂ! ਕਿਧਰੇ ਤੇਰੇ ਸੀਨੇ ਉੱਤੇ ਬੁਲਬੁਲ ਆਕੇ ਲੇਟੇ, ਕਾਲੇ ਮੂੰਹ ਵਾਲੇ ਭੌਰਾਂ ਦੇ ਚੜ੍ਹਿਓਂ ਕਿਧਰੇ ਟੇਟੇ! ਜੋਬਨ ਦਾ ਰਸ ਚੂਪੇ ਤੇਰਾ ਕਿਧਰੇ ਮੱਖੀ ਆਕੇ, ਕਿਧਰੇ ਤੈਨੂੰ ਬੰਦੇ ਰੱਖਣ ਗਲ ਦਾ ਹਾਰ ਬਣਾਕੇ! ਐਨਿਆਂ ਨਾਲ ਮੁਹੱਬਤ ਲਾਕੇ ਕੀਹਦੇ ਨਾਲ ਨਿਭਾਈ, ਮੈਨੂੰ ਭੀ ਹੁਣ ਫਾਹਵਣ ਲੱਗੋਂ ਤੈਨੂੰ ਸ਼ਰਮ ਨ ਆਈ? ਤੇਰੇ ਜਹੇ ਹਰ-ਥਾਵੇਂ ਦੇ ਮੈਂ ਨੇੜੇ ਕਦੀ ਨਾਂ ਜਾਵਾਂ, ਚਿੱਟੀ ਚਾਦਰ ਯਾਰੀ ਦੀ ਨੂੰ ਦਾਗ਼ ਕਦੀ ਨ ਲਾਵਾਂ! ਆਨਾਂ ਅਣਖਾਂ ਵਾਲਾ ਕੋਈ ਯਾਰ ਫੜਾਂਗਾ ਚੁਣ ਕੇ, ਹਰ ਹਰ ਗੱਲ ਨਿਤਾਰ ਲਵਾਂਗਾ ਸੌ ਸੌ ਵਾਰੀ ਪੁਣ ਕੇ! "ਸ਼ਰਫ਼" ਇੱਕੋ ਨੂੰ ਯਾਰ ਬਣਾਈਏ ਇਕ ਦੇ ਰਹੀਏ ਹੋਕੇ, ਘੁਟਕੇ ਓਹਦਾ ਪੱਲਾ ਫੜੀਏ ਦੂਈ ਵਲੋਂ ਹਥ ਧੋਕੇ!'

66. ਚੰਨ ਨਾਲ ਗੱਲਾਂ

ਚੜ੍ਹ ਵੇ ਚੰਨਾ ਕਰ ਰੁਸ਼ਨਾਈ, ਮੈਂ ਹਾਂ ਤੈਨੂੰ ਵੇਖਣ ਆਈ। ਪੌੜੀ ਪੌੜੀ ਚੜ੍ਹਦੀ ਆਵਾਂ, ਗੀਤ ਤੇਰੇ ਮੈਂ ਨਾਲੇ ਗਾਵਾਂ। ਧੁਰ ਦੀ ਛੱਤੇ ਆਣ ਖਲੋਤੀ, ਅੱਖੋਂ ਕੇਰਾਂ ਰੋ ਰੋ ਮੋਤੀ। ਪੱਬਾਂ ਭਾਰ ਖਲੋ ਕੇ ਵੇਖਾਂ, ਨਿੰਮੋ ਝੂਣੀ ਹੋਕੇ ਵੇਖਾਂ। ਵਿੱਚੋ ਵਿੱਚ ਪਿਆ ਤੜਫਾਵੇਂ, ਅੰਬਰ ਉੱਤੇ ਨਜ਼ਰ ਨ ਆਵੇਂ। ਖੜੀ ਚਿਰਾਂ ਦੀ ਮੱਲ ਬਨੇਰਾ, ਖ਼ਾਲੀ ਦਿਸੇ ਚੁਬਾਰਾ ਤੇਰਾ। ਖੜੀ ਖਲੋਤੀ ਭਾਵੇਂ ਅੱਕੀ, ਨਜ਼ਰ ਨ ਮੇਰੀ ਤਾਂ ਵੀ ਥੱਕੀ ਮੈਂ ਤੱਤੀ ਹਾਂ ਬਿਰਹੋਂ-ਮਾਰੀ ਦੁਨੀਆਂ ਡਾਢੀ ਚੰਚਲਹਾਰੀ। ਡਰਦੀ ਹਾਂ ਮੈਂ ਤੇਰੀ ਗੋਲੀ, ਹੋਰ ਨਾਂ ਪੈ ਜਾਏ ਮੇਰੀ ਝੋਲੀ। ਡਰ ਲੋਕਾਂ ਦਾ ਉਲਫ਼ਤ ਤੇਰੀ, ਗਹੀ ਹਾਂ ਸੱਜੇ ਖੱਬੇ ਘੇਰੀ। ਮਾਰੇ ਹੇਠੋਂ ਵਾਜਾਂ ਕੋਈ, ਹਾਇ ਰੱਬਾ ! ਮੈਂ ਜਿਊਂਦੀ ਮੋਈ। ਹਿਰਖ ਰਿਹਾ ਅਜ ਦਿਲ ਵਿੱਚ ਮੈਨੂੰ, ਵੇਖ ਨਾ ਸੱਕੀ ਚੰਨਾ ਤੈਨੂੰ। ਭਾਗ ਹੋਵਣ ਜੇ ਚੰਗੇ ਮੇਰੇ, ਹਰਦਮ ਨੇੜੇ ਹੋਵਾਂ ਤੇਰੇ। ਦੇਖਾਂ ਨਿਤ ਨਜ਼ਾਰਾ ਤੇਰਾ, ਬਣ ਜਾਵਾਂ ਮੈਂ ਤਾਰਾ ਤੇਰਾ। ਨੂਰ ਤੇਰੇ ਵਿਚ ਡੁੱਬੀ ਹੋਵਾਂ, ਦਾਗ਼ ਕੁਫ਼ਰ ਦੇ ਸਾਰੇ ਧੋਵਾਂ। ਜਗ ਵੇਖੇ ਤੇ ਆਖੇ ਸਾਰਾ, ਵੇਖੋ ਲੋਕੋ ਚੰਨ ਤੇ ਤਾਰਾ।

67. ਵਿੱਦਯਾ

ਮੇਰਾ ਯਾਰ ਅਨਪੜ੍ਹਿਆ ਇਕ ਕਹਿਣ ਲੱਗਾ:- 'ਯਾਰਾ ਮੈਨੂੰ ਏਹ ਸਮਝ ਨਾ ਆਂਵਦੀ ਏ! ਜਿਹੜੇ ਵੇਲੇ ਵੀ ਆਣਕੇ ਦੇਖਦਾ ਹਾਂ, ਤੈਨੂੰ ਲਿਖ਼ਤ ਤੇ ਪੜ੍ਹਤ ਹੀ ਭਾਂਵਦੀ ਏ! ਲੱਖਾਂ ਗੋਰੀਆਂ ਗੁੰਦਕੇ ਘਰੋਂ ਚੱਲਾਂ, ਏਥੇ ਆਣ ਜ਼ਬਾਨ ਥਥਲਾਂਵਦੀ ਏ। ਤੇਰੇ ਹੱਥ ਰਿਸਾਲੇ ਨੂੰ ਜਦੋਂ ਦੇਖਾਂ, ਮੇਰੀ ਗੱਲਾਂ ਦੀ ਫ਼ੌਜ ਘਬਰਾਂਵਦੀ ਏ। ਪੜ੍ਹਨੋ ਹਟੇਂ ਤਾਂ ਫੇਰ ਇਹ ਕਲਮ ਤੇਰੀ, ਪਈ ਚਿੜੀਆਂ ਦੇ ਵਾਂਗ ਚਿਚਲਾਂਵਦੀ। ਏਨੇ ਕਾਗ਼ਜ਼ ਤੂੰ ਪਕੜ ਕਿ ਕਰੇਂ ਕਾਲੇ, ਚੰਨੋਂ *ਆਖ਼ਰੀ ਰਾਤ ਸ਼ਰਮਾਂਵਦੀ ਏ। ਤੇਰੇ ਨਾਲ ਕੀ ਕਿਸੇ ਨੇ ਗੱਲ ਕਰਨੀ, ਬੌਂਕੇ ਹਾਲ ਦਿਹਾੜਿਆਂ ਮੰਦਿਆਂ ਦੀ। ਤੂੰ ਤੇ ਅਰਥਾਂ ਨੂੰ ਛਿੱਲਦਾ ਰਹੇਂ ਹਰਦਮ, ਤੇਰੀ ਜੀਭ ਹੈ ਭੈਣ ਇਹ ਰੰਦਿਆਂ ਦੀ। ਜਿਵੇਂ ਟੀਸੀ ਹਿਮਾਲਾ ਦੀ ਫਿਰੇ +ਸੋਂਘਾ, ਕਰੇਂ ਸੇਰ ਇੰਞ ++ਸੀਨ ਦੇ ਦੰਦਿਆਂ ਦੀ। ਬਾਬਾ ਧੰਨ ਹੈਂ ਤੂੰ ਕਦੀ ਅੱਕਦਾ ਨਹੀਂ, ਨਜ਼ਰ ਥੱਕਦੀ ਵੇਂਹਦਿਆਂ ਬੰਦਿਆਂ ਦੀ। ਡੁੱਬਾ ਵੇਖਕੇ ਮੰਤਕਾਂ ਵਿੱਚ ਤੈਨੂੰ, ਜਾਨ ਘਰਦਿਆਂ ਦੀ ਗ਼ੋਤੇ ਖਾਂਵਦੀ ਏ। ਰਾਮ ਸੱਤ ਹੈ ਏਹੋ ਜਹੀ ਵਿੱਦਿਆ ਨੂੰ, ਜੇਕਰ ਵਿੱਦਿਆ ਏਹੋ ਸਦਾਂਵਦੀ ਏ। ਓਹਨੂੰ ਕਿਹਾ ਮੈਂ:-ਕੋਰਿਆ ਕਾਗ਼ਜ਼ਾ ਓਏ, ਭਲਾ ਤੈਨੂੰ ਕੀ ਸਾਰ ਹੈ ਵਿੱਦਿਆ ਦੀ? ਜੀਹਦੇ ਪੈਰਾਂ 'ਚ ਸ਼ਹਿਨਸ਼ਾਹ ਤਾਜ ਰੱਖਣ, ਇਹ ਓਹ ਉੱਚੀ ਸਰਕਾਰ ਹੈ ਵਿੱਦਿਆ ਦੀ। ਜੀਹਦੇ ਵਿੱਚੋਂ ਪਰਮਾਤਮਾ ਨਜ਼ਰ ਆਵੇ, ਇਹ ਓਹ ਨੂਰੀ ਚਮਕਾਰ ਹੈ ਵਿੱਦਿਆ ਦੀ। ਜੀਹਦੇ ਫੁੱਲਾਂ ਨੂੰ ਡਰ ਨਹੀਂ ਪਤ ਝੜ ਦੀ ਇਹ ਓਹ ਸਦਾ ਬਹਾਰ ਹੈ ਵਿੱਦਿਆ ਦੀ। ਇਹ ਓਹ ਪਰੀ-ਜਿਸ ਕੌਮ ਦੇ ਸੀਸ ਉੱਤੇ, ਸਾਯਾ ਆਪਣਾ ਆਣਕੇ ਪਾਂਵਦੀ ਏ। ਲਾਕੇ ਖੰਭ ਇਹ ਓਸਨੂੰ ਫ਼ਲਸਫ਼ੇ ਦੇ, ਪਈ ਅੰਬਰਾਂ ਉੱਤੇ ਉਡਾਂਵਦੀ ਏ। ਬਿਨਾ ਇਲਮ ਦੇ ਆਦਮੀ ਹੋਵੇ ਏਦਾਂ, ਕਿਸੇ ਮੋਰੀ ਦਾ ਜਿਸਤਰਾਂ ਪੁਲ ਹੋਵੇ। ਉੱਤੋਂ ਲੰਘੇ ਜ਼ਮਾਨਾ ਤੇ ਉਮਰ ਹੇਠੋਂ, ਪਰ ਨਾ ਓਹਨੂੰ ਕੋਈ ਓਹਨਾਂ ਦਾ ਮੁੱਲ ਹੋਵੇ। ਹੋਵੇ ਨਾਰ ਅਵਿਦਿਆ ਕੇਹੀ ਸੁੰਦਰ, ਪਰ ਓਹ ਕੰਤ ਬਦਲੇ ਏਸ ਤੁੱਲ ਹੋਵੇ:- ਜਿੱਦਾਂ ਕਿਸੇ ਨੇ ਕੋਟ ਦੇ ਕਾਜ ਅੰਦਰ, ਲਾਯਾ ਹੋਯਾ ਕੋਈ ਕਾਗਜ਼ੀ ਫੁੱਲ ਹੋਵੇ। ਸੂਝ ਆਪਣੀ ਤੇ ਆਦਰ ਦੂਜਿਆਂ ਦਾ, ਬਹਿਣਾ ਪਰ੍ਹੇ ਦੇ ਵਿੱਚ ਸਿਖਲਾਂਵਦੀ ਏ। ਦੇਖ, ਦੇਖ, ਅਫ਼ਰੀਕਾ ਦੇ ਹਬਸ਼ੀਆਂ ਨੂੰ, ਪਈ ਪਸ਼ੂਆਂ ਤੋਂ ਬੰਦ ਬਣਾਂਵਦੀ ਏ। ਰਾਜੇ ਇੰਦਰ ਦਾ ਰਾਜ ਵੀ ਹੋਵੇ ਭਾਵੇਂ, ਉਹ ਵੀ ਕ੍ਰਿਸ਼ਨ ਅੱਗੇ ਇਕ ਦਿਨ ਝੁਕ ਜਾਵੇ। ਹੋਵੇ ਭਰਿਆ ਸਮੁੰਦਰ ਦੇ ਦੌਲਤਾਂ ਦਾ, ਓਹ ਵੀ ਵਰਤਦੇ ਵਰਤਦੇ ਸੁੱਕ ਜਾਵੇ। ਓੜਕ ਸੂਰਜ ਜਵਾਨੀ ਦਾ ਢਲ ਜਾਂਦਾ, ਆਖ਼ਰ ਹੁਸਨ ਦਾ ਕੰਵਲ ਵੀ ਲੁੱਕ ਜਾਵੇ। ਮੇਖ ਰਾਸ ਤੋਂ ਚੱਲ ਕੇ ਮੀਨ ਤੀਕਰ, ਸਾਰਾ ਗੇੜ ਅਸਮਾਨ ਦਾ ਮੁੱਕ ਜਾਵੇ। ਐਪਰ ਲੜੀ ਇਹ ਸੁੱਚਯਾਂ ਮੋਤੀਆਂ ਦੀ, ਕਦੀ ਕਿਸੇ ਨੂੰ ਤੋਟ ਨ ਪਾਂਵਦੀ ਏ। ਜਿੰਨ੍ਹਾਂ ਏਸ ਨੂੰ ਕੰਠ ਕੋਈ ਕਰੇ ਬਹੁਤਾ, ਓਨੀ ਵੱਧ ਦੀ ਚਮਕ ਵਿਖਾਂਵਦੀ ਏ। ਜਦੋਂ ਕਿਸੇ ਤੇ ਆਣ ਕੇ ਭੀੜ ਬਣਦੀ, ਓਦੋਂ ਕੋਈ ਨਹੀਂ ਓਹਦਾ ਭਿਆਲ ਹੁੰਦਾ। ਸਗੋਂ ਫੁੱਲ ਦੀ ਸੁੰਦ੍ਰਤਾ ਵਾਂਗ ਓਹਦਾ, ਵੈਰੀ ਆਪਣਾ ਹੀ ਵਾਲ ਵਾਲ ਹੁੰਦਾ। ਓਹਦੀ ਕਲਮ ਪਰ ਓਦੋਂ ਵੀ ਬਣੇ ਨੇਜ਼ਾ, ਸਫ਼ਾ ਸਫ਼ਾ ਕਿਤਾਬ ਦਾ ਢਾਲ ਹੁੰਦਾ। ਕਰੇ ਸ਼ਾਹੀ ਦਵਾਤ ਦੀ, ਜਿਹਾ ਚਾਨਣ, ਅੱਖਰ ਅੱਖਰ ਹੈ ਵਾਂਗ ਮਸ਼ਾਲ ਹੁੰਦਾ। ਪਾਵੇ ਸੁੰਦ੍ਰਤਾ ਯੂਸਫ਼ ਨੂੰ ਜੇਲ੍ਹ ਅੰਦਰ, ਪਰ ਇਹ ਓਸ ਨੂੰ ਤਖ਼ਤ ਬਿਠਾਂਵਦੀ ਏ। ਬਣਕੇ ਦੁਖੀ ਦਮਯੰਤੀ ਦੀ ਸੁਘੜ ਸਾਥਣ, ਕੁੱਲ ਔਕੁੜਾਂ ਇਹੋ ਹਟਾਂਵਦੀ ਏ। ਏਹੋ ਜਹੀਆਂ ਕਧਿੱਤਾਂ ਨੂੰ ਛੱਡ ਜੱਟਾ, ਕੌਣ ਕਹੇਗਾ ਫੇਰ ਗਵਾਰ ਤੈਨੂੰ। ਚੁੱਕ ਟੋਕਰੀ ਜੁੱਤੀਆਂ ਗੰਡ ਭਾਵੇਂ, ਕਿਰਤ ਵਿੱਚ ਨਹੀਂ ਕਿਸੇ ਦੀ ਆਰ ਤੈਨੂੰ। ਪਰ ਜੇ ਆਪ ਨੂੰ ਬੰਦਾ ਅਖ਼ਵਾਵਣਾ ਈਂ, ਚਾਹੀਏ ਵਿੱਦਿਆ ਨਾਲ ਪਿਆਰ ਤੈਨੂੰ। ਦੇਖ ਕਿਸਤਰਾਂ ਨਾਲ ਪਰੇਰਦੀ ਏ, ਸ਼ਕਤੀ, ਵਿੱਦਿਆ ਦੀ ਬਾਰ ਬਾਰ ਤੈਨੂੰ। ਕਲਮ ਹਲ ਦੀ ਪੈਲੀ ਦੇ ਕਾਗਜ਼ਾਂ ਤੇ, ਸਤਰਾਂ ਵਾਂਗ ਸਿਆੜ ਬਣਾਂਵਦੀ ਏ। ਦਾਣੇ ਕੱਢਕੇ ਸਿੱਟੇ ਦੇ ਖੀਸਿਆਂ 'ਚੋਂ, ਗੁੱਝੇ ਨੁਕਤੇ ਪਈ ਤੈਨੂੰ ਸਮਝਾਂਵਦੀ ਏ। ਐਵੇਂ ਪਿਆ, ਬੁਢੇਪੇ ਨੂੰ ਭੰਡਦਾ ਏਂ, ਭਲਾ ਏਹਨੇ ਕੀ ਤੇਰਾ ਵੰਞਾ ਦਿੱਤਾ? ਰਤਾ ਵੇਖ ਖਾਂ 1ਸਾਅਦੀ ਨੂੰ ਗਹੁ ਕਰਕੇ, ਬੁੱਢੇ ਵਾਰੇ ਕੀ ਬਣਕੇ ਵਿਖਾ ਦਿੱਤਾ। ਨੁਕਤਾ ਲੱਭਕੇ ਚੋਏ ਦੇ ਤੁਬਕਿਆਂ ਚੋਂ, ਫੜਕੇ ਇਲਮ ਦਾ ਵਹਿਣ ਵਗਾ ਦਿੱਤਾ। ਐਸਾ 'ਬੋਸਤਾਂ' ਲਾਯਾ 'ਸ਼ੀਰਾਜ਼' ਅੰਦਰ, ਸਾਰਾ ਜੱਗ ਜਹਾਨ ਮਹਿਕਾ ਦਿੱਤਾ। ਇਹਨੂੰ ਬੱਤੀਆਂ ਦੰਦਾਂ ਦੇ ਵਾਂਗ ਜਿਹੜੀ, ਕੌਮ ਮਾਂਜਦੀ ਅਤੇ ਲਿਸ਼ਕਾਂਵਦੀ ਏ। ਓਹਦਾ ਸਿੱਕਾ ਇਹ ਤੇਤੀ ਕ੍ਰੋੜ ਉੱਤੇ, ਬਣਕੇ ਸ਼ਾਹੀ ਜ਼ਬਾਨ ਚਲਾਂਵਦੀ ਏ। ਪੜ੍ਹਕੇ ਇਲਮ ਤੇ ਏਡਾ ਹੁਸ਼ਿਆਰ ਹੋ ਜਾ, ਤਾਂ ਜੋ ਕਿਸੇ ਦੀ ਕਰੇ ਨਾਂ ਆਤਰੀ ਤੂੰ। ਸਾਰੀ ਦੁਨੀਆਂ ਦੀ ਵਿੱਦਿਆ ਪੜ੍ਹੀਂ ਬੇਸ਼ਕ, ਪਰ ਇਹ ਭੁੱਲੀਂ ਜ਼ਬਾਨ ਨਾਂ ਮਾਤਰੀ ਤੂੰ। ਅਰਬੀ ਛਡ 'ਲਾਤੀਨੀ' ਸਿਖਾ ਦਿੱਤੀ, ਵੇਖ 'ਤੁਰਕੀ ਕਮਾਲ' ਦੀ ਚਾਤਰੀ ਤੂੰ। ਰੁੜ੍ਹ ਜਾਈਂ ਨਾ 2'ਟੇਮਜ਼' ਦੀ ਕਾਂਗ ਅੰਦਰ, ਹੋਕੇ ਪੰਜਾਂ ਦਰਯਾਂਵਾਂ ਦਾ ਯਾਤਰੀ ਤੂੰ। ਚਰਚਾ ਆਪਣੀ ਬੋਲੀ ਦਾ ਕੌਮ ਜਿਹੜੀ, ਕਰਨਾ ਜੱਗ ਦੇ ਅੰਦਰ ਘਟਾਂਵਦੀ ਏ। ਓਹਨੂੰ ਵਾਂਗ 3ਯਹੂਦੀਆਂ ਪੰਡਤਾਂ ਦੇ, ਇਹ ਪਈ ਪੈਰਾਂ ਦੇ ਹੇਠ ਰੁਲਾਂਵਦੀ ਏ। ਕਦੀ ਰੱਬ ਜੇ ਬਾਦਸ਼ਾਹ ਕਰੇ ਮੈਨੂੰ, ਇਹ ਇਕ ਸੱਧਰ ਤੇ ਆਪਣੀ ਲਾਹ ਲਵਾਂ ਮੈਂ। ਵਡੇ ਵਡੇ ਵਿਦਵਾਨ ਲਿਖਾਰੀਆਂ ਦੇ, ਲਿਖਨ ਵਾਲੜੇ ਕਲਮ ਮੰਗਾ ਲਵਾਂ ਮੈਂ। ਲੈਕੇ ਓਹਨਾਂ ਨੂੰ ਆਪਣੇ ਤਾਜ ਉੱਤੇ, ਤੁੱਰੇ ਕਲਗੀ ਦੀ ਜਗ੍ਹਾ ਸਜਾ ਲਵਾਂ ਮੈਂ। ਤਾਂ ਵੀ ਇਲਮ ਦੀ ਕਦਰ ਨਾ ਪਾ ਸੱਕਾਂ, ਐਪਰ ਆਪਨੀ ਸ਼ਾਨ ਵਧਾ ਲਵਾਂ ਮੈਂ। ਜਿਹੜੀ ਕੌਮ ਵਿਦਵਾਨਾਂ ਤੇ ਵਿੱਦਿਆ ਦੀ, ਆਦਰ ਕਦਰ ਨੂੰ ਦਿਲੋਂ ਭੁਲਾਂਵਦੀ ਏ। 'ਸ਼ਰਫ਼' ਓਹਨੂੰ ਇਹ ਜੱਗ ਦੇ ਸਫ਼ੇ ਉੱਤੋਂ, ਗ਼ਲਤ ਅੱਖਰਾਂ ਵਾਂਗ ਮਿਟਾਂਵਦੀ ਏ।' *ਮੱਸਿਆ ਦੀ ਰਾਤ। +ਜੋ ਪਹਾੜਾਂ ਵਿਚੋਂ ਧਾਤਾਂ ਆਦਿ ਲਭਦੇ ਫਿਰਦੇ ਹਨ। ++ਉਰਦੂ ਦੇ ਅੱਖਰ 'ਸੀਨ' ਦੇ ਵੀ ਤਿਨ ਦੰਦੇ ਹਨ ਤੇ ਹਿਮਾਲੀਆ ਪਹਾੜ ਦੀਆਂ ਵੀ ਤਿੰਨ ਮਸ਼ਹੂਰ ਚੋਟੀਆਂ ਹਨ। 1 ਸ਼ੇਖ ਸਾਅਦੀ ਸ਼ੀਰਾਜ਼ੀ ਨੇ ਚਾਲੀ ਸਾਲ ਦੀ ਉਮਰ ਵਿਚ ਝੁੱਗੀ ਦੇ ਚੋਏ ਵਿੱਚੋਂ ਬੂੰਦਾਂ ਡਿੱਗ ਡਿੱਗ ਕੇ ਛੱਪੜੀ ਬਣਨ ਦਾ ਨਜ਼ਾਰਾ ਵੇਖਕੇ ਵਿੱਦਿਆ ਪੜ੍ਹਨੀ ਸ਼ੁਰੂ ਕੀਤੀ ਤੇ ਕਮਾਲ ਦੀ ਕਵਿਤਾ ਅਰ ਅਨੇਕਾਂ ਪੁਸਤਕਾਂ ਲਿਖ ਗਏ। ਬੋਸਤਾਂ ਆਪ ਦੀ ਇਕ ਰਚਨਾ ਹੈ। 2 ਟੇਮਜ਼ ਲੰਡਨ ਦਾ ਪ੍ਰਸਿੱਧ ਦਰਯਾ ਹੈ। 3 ਤੋਰੇਤ ਤੇ ਜ਼ਬੂਰਾਂ ਕਤਾਬਾਂ ਨੂੰ ਮੰਨਣ ਵਾਲੇ ਪੰਡਤ ਜਿਨ੍ਹਾਂ ਨੇ ਸੰਸਕ੍ਰਿਤ ਆਦਿ ਤੇ ਖੁਦ ਕਬਜ਼ਾ ਕੀਤਾ ਰੱਖਿਆਂ ਤੇ ਕਿਸੇ ਨੂੰ ਪੜ੍ਹਨ ਦੀ ਆਗਿਆ ਨ ਦਿੱਤੀ।

68. ਮੋਰ ਦੇ ਅੱਥਰੂ

ਡਿੱਠਾ ਇਕ ਦਿਨ ਮੋਰ ਪਯਾਰਾ, ਹੰਝੂ ਕੇਰੇ ਪਿਆ ਵਿਚਾਰਾ। ਪੈਲ ਛਬੀਲੀ ਪਾਈ ਹੋਈ, ਰੱਬੀ ਸਿਫ਼ਤ ਵਖਾਈ ਹੋਈ। ਮਸਤੀ ਦੇ ਵਿਚ ਆਯਾ ਹੋਯਾ, ਸੁੰਦਰ ਨਾਚ ਰਚਾਯਾ ਹੋਯਾ। ਕਿਰਨਾਂ-ਖੰਭ ਬਣਾਏ ਹੋਏ, ਸੂਰਜ ਕਈ ਚੜ੍ਹਾਏ ਹੋਏ। ਧੌਣ ਸੁਰਾਹੀ ਵਰਗੀ ਸੁੰਦਰ, ਭਰੇ ਜਿਦ੍ਹੇ ਵਿੱਚ ਕਈ ਸਮੁੰਦਰ। ਕਲਗ਼ੀ ਉੱਪਰ ਚਮਕਾਂ ਮਾਰੇ, ਦੱਸੇ ਏਦਾਂ ਪਈ ਨਜ਼ਾਰੇ। ਹੋਵੇ ਜਿਉਂ ਕਰ ਮਹਿਫ਼ਲ ਸ਼ਾਹੀ, ਨੀਲਮ ਦੀ ਵਿਚ ਪਈ ਸੁਰਾਹੀ। ਜਾਮ ਜ਼ਮੁਰਦ ਬਨਾਯਾ ਹੋਯਾ, ਉੱਤੇ ਹੋਇ ਟਿਕਾਯਾ ਹੋਯਾ। ਨਾਚ ਕਰੇ ਤੇ ਨਾਲੇ ਰੋਂਦਾ, ਮੂੰਹ ਖ਼ੁਸ਼ੀ ਦਾ ਗ਼ਮ ਵਿਚ ਧੋਂਦਾ। ਮੈਂ ਓਹਨੂੰ ਇਹ ਕਿਹਾ 'ਮੋਰਾ! ਇਹ ਕੀ ਲੱਗਾ ਤੈਨੂੰ ਝੋਰਾ? ਘਟ ਕਾਲੀ ਹੈ ਚੜ੍ਹਕੇ ਆਈ, ਖ਼ੁਸ਼ੀਆਂ ਕਰਦੀ ਕੁੱਲ ਲੁਕਾਈ। ਤੂੰ ਕਿਉਂ ਹੰਝੂ ਕੇਰਨ ਲੱਗੋਂ ? ਗ਼ਮ ਦੀ ਮਾਲਾ ਫੇਰਨ ਲੱਗੋਂ ?' ਕੂਕਾਂ ਲਾ ਲਾ ਹੋਇਆ ਛਿੱਤਾ, ਤਦ ਇਹ ਓਹਨੇ ਉੱਤਰ ਦਿੱਤਾ:- 'ਘਟ ਕਾਲੀ ਇਹ ਜੇਹੜੀ ਆਈ, ਮੈਨੂੰ ਓਹਦੀ ਖ਼ੁਸ਼ੀ ਸਵਾਈ। ਤਾਂ ਹੀ ਪੈਲਾਂ ਪਾਵਨ ਲੱਗਾ, ਰੱਬੀ ਮਹਿਮਾਂ ਗਾਵਨ ਲੱਗਾ। ਸਿਪ ਭੁੱਖੇ ਨੂੰ ਬਰਖਾ ਨਾਲੇ, ਲੁਕਮੇ ਦੇਗੀ ਮੋਤੀਆਂ ਵਾਲੇ। ਔੜਾਂ ਮਾਰੇ ਜੱਟ ਵਿਚਾਰੇ, ਡਾਬੂ ਲੈਂਦੇ ਜਾਸਨ ਤਾਰੇ। ਬਾਗ਼ ਖਿੜਨਗੇ ਫੁੱਲਾਂ ਵਾਲੇ, ਖ਼ੁਸ਼ ਹੋਵੇਗੀ ਬੁਲਬੁਲ ਨਾਲੇ। ਖ਼ੁਸ਼ੀਆਂ ਦੇ ਵਿਚ ਨਾਚ ਰਚਾਯਾ, ਜ਼ਾਹਰੀ ਅੱਖਾਂ ਇਹ ਵਖਾਯਾ। ਓਹ ਭੀ ਗੱਲ ਸੁਣਾਵਾਂ ਤੈਨੂੰ, ਕਿਉਂ ਆਯਾ ਇਹ ਰੋਣਾ ਮੈਨੂੰ। ਜਾਂ ਮਸਤੀ ਵਿੱਚ ਆਪਾ ਭੁੱਲਾ; ਹਰ ਹਰ ਪਰ ਦਾ ਨੇਤਰ ਖੁੱਲ੍ਹਾ। ਡਿੱਠੇ ਲੋਕੀ ਦੁਨੀਆਂ ਵਾਲੇ, ਹੱਥਾਂ ਦੇ ਵਿੱਚ ਫੜੇ ਪ੍ਯਾਲੇ। ਭਰ ਭਰ ਕੇ ਓਹ ਪੀਣ ਸ਼ਰਾਬਾਂ, ਖੋਲ੍ਹੀ ਬੈਠੇ ਐਸ਼-ਕਿਤਾਬਾਂ। ਦੇਖ ਗੁਨਾਹਾਂ ਵਿੱਚ ਲੋਕੀ ਘੇਰੇ, ਤਦੇ 'ਸ਼ਰਫ਼' ਇਹ ਹੰਝੂ ਕੇਰੇ।'

69. ਟਾਹਣੀ ਫੁੱਲ ਨੂੰ

ਹੋਵੇਂ ਸਾਮ੍ਹਣੇ ਸੀਨਾ ਮੈਂ ਚੀਰ ਦੱਸਾਂ, ਜੇਹੜਾ ਦਾਗ਼ ਜੁਦਾਈ ਦਾ ਲਾ ਗਿਓਂ। ਨਾ ਮੈਂ ਜਿਉਂਦਿਆਂ ਵਿੱਚ ਨਾ ਵਿੱਚ ਮੋਇਆਂ, ਐਸਾ ਮੌਤ ਦੇ ਬਿਸਤਰੇ ਪਾ ਗਿਓਂ। ਬੜੇ ਸ਼ੌਕ ਦੇ ਨਾਲ ਸੀ ਪਿਆਰ ਪਾਇਆ, ਚੰਦ ਰੋਜ਼ ਨਾ ਚੰਦਾ ਨਿਭਾ ਗਿਓਂ। ਉੱਘ ਸੁੱਘ ਨ ਲੱਭਦੀ ਕਿਤੇ ਤੇਰੀ, ਫਿਰਾਂ ਪੁੱਛਦੀ ਮੈਂ ਕੇੜ੍ਹੇ ਦਾ ਗਿਓਂ! ਐਸਾ ਚੁੱਪ ਚਪਾਤੜਾ ਨੱਸਿਓਂ ਤੂੰ, ਨਾ ਕੋਈ ਜੀਉ ਦੀ ਪੁੱਛ ਪੁਛਾ ਗਿਓਂ। ਕੀ ਕੁਛ ਹੋਈ ਤਕਸੀਰ, ਖ਼ਤਾ ਮੈਥੋਂ, ਕਿ ਤੂੰ ਐਵੇਂ ਹੀ, ਕੰਨੀ ਛੁਡਾ ਗਿਓਂ? ਏਨ੍ਹਾਂ ਦੂਤੀਆਂ, ਦੁਸ਼ਮਨਾਂ, ਵੈਰੀਆਂ ਦੇ, ਵਾਹ! ਵਾਹ! ਮਨ ਦੇ ਚਿੰਦੇ ਕਰਾ ਗਿਓਂ। ਗੁੱਡੀ ਚਾੜ੍ਹਕੇ ਤੋੜੀਓ ਡੋਰ ਮੇਰੀ, ਮੈਨੂੰ ਦੁਸ਼ਮਨਾਂ ਹੱਥ ਲੁਟਾ ਗਿਓਂ। ਸੱਚ ਪੁੱਛੇਂ ਜੇ ਪ੍ਯਾਰਿਆ ਹਾਲ ਮੇਰਾ, ਮੈਨੂੰ ਖ਼ਾਕ ਦੇ ਵਿੱਚ ਰੁਲਾ ਗਿਓਂ। ਵੇਖ ਲਵੇਂਗਾ "ਸ਼ਰਫ" ਤੂੰ ਹਾਲ ਆਕੇ, ਜੇਕਰ ਨਾਲ ਤਕਦੀਰ ਦੇ ਆ ਗਿਓਂ।

70. ਜੌਂ ਤੇ ਖਜੂਰ

ਸੰਘ ਪਾੜ ਨਾ ਬਹੁਤੀਆਂ ਕਰੀ ਗੱਲਾਂ, ਰਹੀਂ ਵਿਤ ਦੇ ਵਿਚ ਸੁਚੱਜੀਏ ਨੀ। ਤੇਰੇ ਕੰਨ ਵਰਾਛਾਂ ਭੀ ਇੱਕ ਹੋ ਗਏ, ਐਡਾ ਖੋਲ੍ਹਿਆ ਮੁੰਹ ਨਿਲੱਜੀਏ ਨੀ। ਨੰਗਾ ਐਬ ਜੇ ਕਿਸੇ ਦਾ ਵੇਖ ਲਈਏ, ਪੜਦਾ ਸ਼ਰਮ ਦਾ ਪਾਕੇ ਕੱਜੀਏ ਨੀ। ਅਸੀਂ ਯਾਰ ਪਿਆਰੇ ਦੇ ਮੂੰਹ ਬਦਲੇ, ਖੇਤ ਖ਼ੁਸ਼ੀ ਦਾ ਜਾਣਕੇ ਤੱਜੀਏ ਨੀ। ਪੈਰਾਂ ਹੇਠ ਲਿਤਾੜਦੇ ਲੋਕ ਭਾਵੇਂ, ਸਹਿੰਦੇ ਦੁਖ ਨਾ ਫੇਰ ਭੀ ਰੱਜੀਏ ਨੀ। ਛੱਜ ਛਾਨਣੀ ਪਾ ਪਾ ਜੱਗ ਛੱਟੇ, ਸ਼ੁਹਰਤ ਝੱਲੀਏ ਕਦੀ ਨਾ ਭੱਜੀਏ ਨੀ। ਦੂਤੀ ਲੋਕ ਜਿਉਂ ਜਿਉਂ ਪਾਉਂਦੇ ਸੁੱਕਣੇ ਨੇ, ਤ੍ਯੋਂ ਤ੍ਯੋਂ ਮੌਤ ਨਿਸ਼ਾਨੇ ਤੇ ਵਜੀਏ ਨੀ। ਪਿਸ ਪਿਸ ਕੇ ਚ`ਕੀ ਦੇ ਪuੜਾਂ ਅੰਦਰ, ਜਪ ਜਪ ਯਾਰ ਦੇ ਨਾਮ ਨੂੰ ਗੱਜੀਏ ਨੀ। ਖਾ ਖਾ ਮੁੱਕੀਆਂ ਹਿਜਰ ਵਿਚ ਗੁੱਝਨੇ ਹਾਂ, ਸੜ ਸੜ ਠਾਰੀਏ ਹਿ`ਕ ਕੁਚੱਜੀਏ ਨੀ। ਪੈਂਦੇ ਵਖਤ ਪੈਗ਼ੰਬਰੀ 'ਸ਼ਰਫ਼' ਸਾਨੂੰ, ਤੈਨੂੰ ਸਾਰ ਕੀ ਪ੍ਰੇਮ ਦੀ ਖੱਜੀਏ ਨੀ?

71. ਬੱਚਾ ਪੰਘੂੜੇ ਵਿਚ

ਓਹੋ! ਮੈਂ ਹਾਂ ਕਿੱਥੇ ਆਇਆ? ਏਹ ਕੀ ਮੈਨੂੰ ਰੱਬ ਵਿਖਾਇਆ? ਜਿਸ ਪਾਸੇ ਮੈਂ ਲਾਂ ਕਨਸੋਵਾਂ, ਸੁਣ ਸੁਣ ਬੁਰੀਆਂ ਭਿਣਖਾਂ ਰੋਵਾਂ! ਚੁਪ ਕੀਤੀ ਸੀ ਦੁਨੀਆਂ ਮੇਰੀ, ਕਿੱਥੇ ਸੁਟਿਆ ਉਮਰ ਹਨੇਰੀ? ਓਥੇ ਨਹੀਂ ਸੀ ਪੱਤਾ ਹਿਲਦਾ, ਏਥੇ ਚੁਪ ਦਾ ਪਤਾ ਨ ਮਿਲਦਾ। ਕਿਹੜੇ ਪਾਸੇ ਆਂਦਾ ਲੇਖਾਂ, ਜਿਧਰ ਦੇਖਾਂ ਗ਼ਮ ਨੂੰ ਵੇਖਾਂ, ਵਗ ਵਗ ਬੁੱਲੇ ਪੱਖਾ ਝੋਲਨ, ਕੰਨ ਮੇਰੇ ਦੇ ਪੜਦੇ ਖੋਲ੍ਹਨ। ਸ਼ਾਂ ਸ਼ਾਂ ਕਰਕੇ ਆਖਣ ਮੈਨੂੰ, ਮਿੱਟੀ ਵਾਂਗ ਉਡਾਉਣਾ ਤੈਨੂੰ। ਆਖਣ ਮੈਨੂੰ ਕਿਰਨਾਂ ਰਲ ਕੇ, ਹੋਣਾ ਤੂੰ ਪਰਛਾਵਾਂ ਢਲਕੇ। ਅੱਖੋਂ ਡੇਗ ਤਰੇਲ ਸਤਾਰੇ, ਰੋਵਣ ਦਾ ਵਲ ਦੱਸਣ ਸਾਰੇ। ਸਹਿਮੀ ਜਾਵਾਂ, ਹੰਝੂ ਵੀਟਾਂ, ਬੁੱਲ੍ਹ ਅਟੇਰਾਂ, ਮੁੱਠਾਂ ਮੀਟਾਂ। ਮਾਂ ਪਰਚਾਵੇ ਪੋੱਖੇ, ਜ਼ੋਰੀ, ਦੇਂਦੀ ਮੈਨੂੰ ਮਿੱਠੀ ਲੋਰੀ। ਲੋਕੀ ਆਖਣ ਪ੍ਯਾਰੀ ਦੁਨੀਆਂ, ਮੈਂ ਆਖਾਂ ਦੁਖਿਆਰੀ ਦੁਨੀਆਂ। ਖਾਣਾ ਪੀਣਾ ਮਰਨਾ ਜਿੱਥੇ, ਓਥੇ ਸੁਖ ਦਾ ਵਾਸਾ ਕਿੱਥੇ? ਏਹ ਦੁਨੀਆਂ ਹੈ ਦੁੱਖਾਂ ਵਾਲੀ, ਓਹ ਦੁਨੀਆਂ ਹੈ ਫ਼ਿਕਰੋਂ ਖਾਲੀ। ਦੇਸ਼ ਵਿਛੁੰਨਾ ਚੇਤੇ ਆਵੇ, ਚੀਕਾਂ ਮਾਰਾਂ ਏਸੇ ਹਾਵੇ। ਐਸਾ ਮੇਰਾ ਦਰਦੀ ਕਿਹੜਾ, ਓਥੇ ਫੇਰ ਪੁਚਾਵੇ ਜਿਹੜਾ? ਏਥੇ ਮਿਲਦੀਆਂ ਏਹੋ ਸੋਆਂ, ਦੱਸ 'ਸ਼ਰਫ਼' ਮੈਂ ਕਿਓਂ ਨਾਂ ਰੋਵਾਂ?

72. ਦੋ ਸਰਮਾਯਾਦਾਰ

(੧) ਪਹਿਲਾ ਬੋਲਿਆ ਯਾਰ ਕੀ ਗੱਲ ਦੱਸਾਂ, ਸੂਟ ਮਖ਼ਮਲੀ ਨਵਾਂ ਬਣਵਾਇਆ ਏ। ਸੱਤਰ ਪੌਂਡ ਦੀ ਘੜੀ ਹੈ ਕੱਲ ਆਈ, ਮੇਰੇ ਗੁੱਟ ਨੂੰ ਇਹਨੇ ਸਜਾਇਆ ਏ। ਕਣੀਆਂ ਨਾਲ ਸੀ ਬੂਟ ਸਲਾਭ ਗਿਆ, ਪੰਜਾਂ ਪੌਂਡਾਂ ਦਾ ਹੋਰ ਇਹ ਆਇਆ ਏ। ਖਾਹ ਮਾਜੂਨ ਜਾਕੇ ਸੁੱਚੇ ਮੋਤੀਆਂ ਦੀ, ਸਿਵਲ ਸਰਜਨ ਨੇ ਅੱਜ ਸਮਝਾਇਆ ਏ। ਮਾਲਸ਼ ਵਾਸਤੇ ਕਿਹਾ ਬਾਦਾਮ ਰੋਗ਼ਨ, ਏਸੇ ਵਾਸਤੇ ਨਵਾਂ ਕਢਵਾਇਆ ਏ। ਅਰਕ ਸਾਰੇ ਵਲਾਇਤੀ ਮੇਵਿਆਂ ਦਾ, ਪੀਣ ਲਈ ਉਸ਼ੇਰ ਫ਼ਰਮਾਇਆ ਏ। ਪੌਡਰ ਸੋਨੇ ਦਾ ਲੌਣਾ ਸੀ ਫਿੰਮਣੀ ਤੇ, ਏਸੇ ਵਾਸਤੇ ਕੁੰਦਨ ਮਰਵਾਇਆ ਏ। ਕੀਮ ਖ਼ਾਬ ਦਾ ਸੂਟ ਇਹ ਈਦ ਬਦਲੇ, ਬੇਗ਼ਮ ਸਾਹਿਬਾ ਲਈ ਸਿਲਵਾਇਆ ਏ। ਹੋਰ ਨਰਸ ਮੰਗਵਾਈ ਏ ਪੈਰਸੋਂ ਮੈਂ, ਹਿੰਦੀ ਟਹਿਲਨ ਨੇ ਮਗਜ਼ ਖਪਾਇਆ ਏ। ਕੁੱਤੇ ਲਈ ਚੁਬਾਰਾ ਬਣਵਾਕੇ ਤੇ, ਅੰਦਰ ਬਿਜਲੀ ਦਾ ਪੱਖਾ ਲਵਾਇਆ ਏ। ਅਰਬੀ ਨਸਲ ਦਾ ਟੱਟੂ ਇਕ ਨਿੱਕਾ ਜਿਹਾ, ਨਿੱਕੇ ਛੋਕਰੇ ਲਈ ਮੰਗਵਾਇਆ ਏ। ਕੱਥੂ ਵੱਲ ਸਨ ਨਿਕਲਦੇ ਸੱਤ ਆਨੇ, ਢੱਗਾ ਓਸਦਾ ਕੁਰਕ ਕਰਵਾਇਆ ਏ। ਓਹਦੇ ਲਈ ਸੀ ਦੁੱਧ ਦੀ ਬਾਂਧ ਕਰਨੀ, ਬੂਟਾ ਪਾਮ ਦਾ ਨਵਾਂ ਲੁਵਾਇਆ ਏ। ਦੱਸਾਂ ਕੀ ਮੈਂ ਐਤਕੀ ਬੰਕ ਅੰਦਰ, ਪੰਜ ਲੱਖ ਕੁਲ ਜਮਾਂ ਕਰਾਇਆ ਏ। ਚੌਦਾਂ ਆਨੇ ਦਿਹਾੜੀ ਦਾ ਰੇਟ ਕੀਤਾ, ਤਾਂ ਭੀ ਕਿਰਤੀਆਂ ਬੜਾ ਸਤਾਇਆ ਏ। ਧੂੜ ਪੈਰ ਦੀ ਨੂੰ ਬਾਜ਼ੇ ਮੂਰਖਾਂ ਨੇ, ਚੁੱਕ ਚੁੱਕ ਕੇ ਸਿਰੀਂ ਚੜ੍ਹਾਇਆ ਏ। ਯੂਰਪ ਵਾਲਿਆਂ ਦੀ ਰੀਸ ਕਰਨ ਲੱਗੇ, ਚਿੱਤ ਨਿੱਤ ਹੜਤਾਲ 'ਤੇ ਲਾਇਆ ਏ। ਆਡੋਂ ਪਾਰ ਅਜ ਕਰਾਂਗਾ ਸਭ ਜਾਕੇ, ਰੌਲਾ ਰੱਪਾ ਇਹ ਜਿਨ੍ਹਾਂ ਨੇ ਪਾਇਆ ਏ। ਮੇਰੇ ਕਿਰਤੀਆਂ ਵਿੱਚ ਸੀ ਮੁਖੀ ਜੇਹੜਾ, ਕੱਲ ਓਹਦਾ ਤੇ ਯੱਭ ਮੁਕਾਇਆ ਏ। ਪੈ ਗਿਆ ਹੈ ਗੁੱਟ ਨੂੰ 'ਸ਼ਰਫ਼' ਗਾਨਾ, ਮਾਰ ਮਾਰ ਕੇ ਐਸਾ ਸੁਜਾਇਆ ਏ। (੨) ਵੇਖਣ ਗਿਆ ਸਾਂ ਇੱਕ ਥਾਂ ਕੱਲ ਟੈਨਸ, ਜਾਕੇ ਓਸ ਥਾਂ ਬੜਾ ਖ਼ੁਆਰ ਹੋਇਆ। ਚਿੱਤ ਕਲੀ ਦੇ ਵਾਂਗ ਕਮਲਾ ਗਿਆ ਸੀ, ਕ੍ਰਿਕਿਟ ਵੇਖਕੇ ਬਾਗ਼ ਬਹਾਰ ਹੋਇਆ। ਘੋੜ ਦੌੜ ਤੇ ਗਿਆ ਸਾਂ ਚੌਥ ਨਾਲੇ, ਓਥੇ ਐਤਕੀਂ ਬੜਾ ਤਕਰਾਰ ਹੋਇਆ। ਪਰਸੋਂ ਆਯਾ ਸਵਾਦ ਨਾਂ ਰਤਾ ਮੈਨੂੰ, ਫੁੱਟਬਾਲ ਤੋਂ ਜੇਹਾ ਬੇਜ਼ਾਰ ਹੋਇਆ। ਜਿੱਤ ਗਈ ਏ ਟੀਮ ਇੰਗਲੈਂਡ ਵਾਲੀ, ਪੋਲ੍ਹੋ ਵੇਖਕੇ ਚਿੱਤ ਬਲਿਹਾਰ ਹੋਇਆ। ਸਾਰੀ ਉਮਰ ਨਾਂ ਕਦੇ ਭੀ ਭੁੱਲਣਾ ਏ, ਹਾਕੀ ਮੈਚ ਜੇਹੜਾ ਬੁੱਧਵਾਰ ਹੋਇਆ। ਮੇਰੇ ਰਹਿੰਦੇ ਨੇ ਸਦਾ ਈ ਪੌਂ ਬਾਰਾਂ, ਜਦ ਦਾ ਨਾਲ ਸ਼ਤਰੰਜ ਪਿਆਰ ਹੋਇਆ। ਏਸ ਗੱਲ ਨੂੰ ਤੇ ਤੂੰ ਭੀ ਜਾਣਦਾ ਏਂ, ਚੌਪਟ ਵਿਚ ਮੈਂ ਬੜਾ ਹੁਸ਼ਿਆਰ ਹੋਇਆ। ਖਾਣਾ ਖਾਣ ਦੇ ਬਾਦ ਮੈਂ ਨਿੱਤ ਖੇਡਾਂ, ਤਾਸ਼ ਵੱਲੋਂ ਨਹੀਂ ਕਦੀ ਉਧਾਰ ਹੋਇਆ। ਵੇਖਣ ਗਿਆ ਸਾਂ ਰਾਤ ਨੂੰ ਅੱਜ ਥੇਟਰ, ਖੇਲ ਕੰਪਨੀ ਦਾ ਮਜ਼ੇਦਾਰ ਹੋਇਆ। ਬਾਈਸਕੋਪ ਵਿਚ ਵੇਖਕੇ ਚਾਰਲੀ ਨੂੰ, ਹੱਸ ਹੱਸ ਕੇ ਜੀਉ ਨਿਸਾਰ ਹੋਇਆ। ਸਰਕਸ ਵੇਖ ਲਈ ਕੱਲ ਮਦਰਾਸੀਆਂ ਦੀ, ਆਸ਼ਕ ਜਿਦ੍ਹਾ ਸੀ ਕੁੱਲ ਸੰਸਾਰ ਹੋਇਆ। ਗਹੁਰਜਾਨ ਕਲਕੱਤੇ ਦੀ ਆਈ ਹੋਈ ਸੀ, ਗਾਣਾ ਓਸ ਦਾ ਅਪਰ ਅਪਾਰ ਹੋਇਆ। ਡੌਗ ਸ਼ੋ ਵਿੱਚੋਂ ਆਂਦਾ ਇਹ ਬੁਲੀ, ਮੁੱਲ ਏਸ ਦਾ ਤਿੰਨ ਹਜ਼ਾਰ ਹੋਇਆ। ਵਾ ਖ਼ੋਰੀ ਦੇ ਵਾਸਤੇ ਲਈ ਮੋਟਰ, ਹੈਸਾਂ ਗਿੱਗ ਕੋਲੋਂ ਅਵਾਜ਼ਾਰ ਹੋਇਆ। ਮਾਇਆ ਭਵਨ ਉਹ ਤੁਸੀਂ ਨਹੀਂ ਅਜੇ ਡਿੱਠਾ, ਅੱਜ ਕੱਲ ਜੋ ਨਵਾਂ ਤਿਆਰ ਹੋਇਆ। ਦੌਲਤ-ਲੁੱਟ ਸੀ ਫ਼ਰਮ ਜੋ ਮੈਂ ਖੋਲ੍ਹੀ, ਧਨ ਹਿੱਸਿਆਂ ਦਾ ਬੇਸ਼ੁਮਾਰ ਹੋਇਆ। ਜੇੜ੍ਹੇ ਬਾਂਡ ਖ਼ਰੀਦੇ ਸੀ ਐਤਕੀ ਮੈਂ, ਨਫਾ ਉਨ੍ਹਾਂ 'ਚੋਂ ਕਈ ਹਜ਼ਾਰ ਹੋਇਆ। ਰਾਏ ਸਾਹਿਬ ਦਾ ਮਿਲਿਆ ਖ਼ਿਤਾਬ ਮੈਨੂੰ, ਸਾਰੀ ਕੌਮ ਦਾ ਹਾਂ ਸਰਦਾਰ ਹੋਇਆ। ਟੀ ਪਾਰਟੀ ਤੇ 'ਸ਼ਰਫ਼' ਚੱਲਿਆ ਹਾਂ, ਫੇਰ ਮਿਲਾਂਗਾ ਪੱਕ ਇਕਰਾਰ ਹੋਇਆ।

73. ਹਲੂਣਾ

ਗੂਹੜੀ ਨੀਂਦ ਸੁੱਤਿਆ ਓ ਉੱਠ ਰਤਾ ਵੇਖ ਤੇ ਸਹੀ, ਕੀ ਕੀ ਤੇਰੇ ਸਿਰ ਉੱਤੇ ਕਰਦਾ ਪੁਕਾਰ ਦਿਨ? ਰਬ ਨੇ ਬਣਾਯਾ ਤੇਨੂੰ ਪਤਲਾ, ਆਜ਼ਾਦੀਆਂ ਦਾ, ਫੇਰ ਵੀ ਗ਼ੁਲਾਮੀ ਵਿਚ ਦਿੱਤੇ ਤੂੰ ਗੁਜ਼ਾਰ ਦਿਨ। ਬੀਤੇ ਹੋਏ ਵੇਲਿਆਂ ਦਾ ਢੁੱਚਰ ਐਵੇਂ ਡਾਹੁਨਾ ਏ, ਤੇਰੀ ਇੱਕ ਘੜੀ ਵਿਚ ਲੁਕੇ ਨੇ ਹਜ਼ਾਰ ਦਿਨ। ਉੱਦਮ ਜਦੋਂ ਕਰੇਂਗਾ ਤੂੰ ਆਪਣੇ ਸਭੇਤੇ ਲਈ, ਵਿਗੜੇ ਹੋਏ ਰੱਬ ਤੇਰੇ ਦੇਵੇਗਾ ਸਵਾਰ ਦਿਨ। ਝੌਲਿਆਂ ਦੇ ਵਿੱਚ ਈ ਤਸਵੀਰ ਤੇਰੀ ਜਿੱਤਦੀ ਏ, ਪੈਰਾਂ ਉੱਤੇ ਖੜਾ ਹੋਕੇ ਗੰਧਲੇ ਨਤਾਰ ਦਿਨ। ਕਾਹਨੂੰ ਕਿਰਨਾਂ ਟੇਡੀਆਂ ਦੇ ਹਾੜੇ ਪਿਆ ਘੱਤਨਾ ਏਂ, ਸੂਰਜ ਬਣ ਆਪਣੇ ਤੂੰ ਆਪ ਈ ਸੁਧਾਰ ਦਿਨ। ਤੇਰੇ ਵਾਂਗ ਹੱਥਲ ਹੋਕੇ ਬੈਠਦਾ ਨਹੀਂ ਭੋਲਿਆ ਓ, ਰਾਤ ਦੀ ਮਿਆਨ ਰੱਖੇ ਨੂਰੀ ਤਲਵਾਰ ਦਿਨ। ਬੰਨ੍ਹਕੇ ਉਮੀਦ ਝੂਠੀ ਕਿਸੇ ਦਿਆਂ ਲਾਰਿਆਂ ਤੇ, ਕੀਮਯਾ ਜਹੇ ਕੀਮਤੀ ਨਾ ਆਪਣੇ ਖਿਲਾਰ ਦਿਨ। ਚੜ੍ਹਦੇ ਦਿਆ ਸੂਰਜਾ ਹਿਮਾਲੀਆ ਦੀ ਸਹੁੰ ਤੈਨੂੰ, ਆਪਣੀ ਗ਼ੁਲਾਮੀ ਵਾਲਾ ਲਹਿੰਦੇ 'ਚ ਉਤਾਰ ਦਿਨ ਵੇਰਵੇ ਦੇ ਆਖੇ ਲੱਗ ਬਣਿਓਂ ਸ਼ਰੀਕ ਮੇਰਾ, ਦਿੱਤੇ ਭਾਈਚਾਰਿਆਂ ਦੇ ਮੂਰਖਾ, ਵਿਸਾਰ ਦਿਨ। ਮਰਣ ਤੇ ਗ਼ੁਲਾਮੀਆਂ ਦਾ ਰੋਜ਼ ਨਾ ਨਸੀਬ ਹੋਵੇ, ਲੜਨ ਵਾਲੇ ਜੱਗ ਉੱਤੇ ਔਣ ਕਈ ਹਜ਼ਾਰ ਦਿਨ। ਖੋਲ੍ਹੇ ਨੇ ਅਜ਼ਾਦੀ ਨੇ ਤ੍ਰੱਕੀਆਂ ਦੇ ਕਾਰਖਾਨੇ, ਤੇਰੇ ਲਈ ਅੰਬਰਾਂ ਤੋਂ ਉਤਰੇ ਬੇਕਾਰ ਦਿਨ। ਬੋ ਹੈ ਦਿਮਾਗ਼ ਵਿਚ ਏਡੀ ਰਾਜਧਾਨੀਆਂ ਦੀ, ਵਰ੍ਹੇ ਗੰਢ ਆਪਣੀ ਦਾ ਭੁੱਲਦਾ ਨਹੀਂ ਵਾਰ ਦਿਨ। ਕਿੰਨਾ ਚਿਰ ਹੋ ਗਿਆ ਏ ਪੈਰਾਂ ਵਿਚ ਰੁਲਦਿਆਂ ਨੂੰ, ਏਹ ਵੀ ਮੈਨੂੰ ਦੱਸ ਕਦੀ ਕੀਤੇ ਨੇ ਸ਼ੁਮਾਰ ਦਿਨ? ਆਲਸੀ ਨਕੱਮਿਆਂ ਸੁਲਖੱਣਾਂ ਜੇ ਲੱਭਦਾ ਨਹੀਂ, ਤੈਨੂੰ ਕੋਈ ਅੰਬਰਾਂ ਦੇ ਗੇੜ ਵਿਚਘਾਰ ਦਿਨ। ਅਣਖ, ਆਨ, ਵੱਡਿਆਂ ਦੀ ਰੱਖਕੇ ਗਿਰੌ ਫੇਰ, ਪੰਛੀਆਂ ਪੰਖੇਰੂਆਂ ਤੋਂ ਮੰਗ ਲੈ ਹੁਦਾਰ ਦਿਨ। ਜ਼ਿੰਦਗੀ ਦੀ ਭੁਖ ਜਿਨ੍ਹਾਂ ਸ਼ੇਰਾਂ ਦੇ ਸਰੀਰਾਂ ਵਿੱਚ, ਓਹਨਾਂ ਲਈ ਗ਼ੁਲਾਮੀਆਂ ਦਾ ਹੁੰਦਾ ਏਕ ਹਾਰ ਦਿਨ। ਠੰਢੇ ਠੰਢੇ ਹਹੁਕਿਆਂ ਦੀ ਮੁੱਕਦੀ ਨਹੀਂ ਰਾਤ ਕਾਲੀ, ਚਾੜ੍ਹ ਦੇਵੇ ਸਾੜਿਆਂ ਦਾ ਆਣਕੇ ਬੁਖ਼ਾਰ ਦਿਨ। ਰਾਤ ਜਹੀ ਅਫ਼ਾਤ ਵਾਲੇ ਕਾਲੇ ਕਾਲੇ ਧੂੰ ਵਿੱਚੋਂ, ਸੂਰਜ ਵਾਲੇ ਕੱਢ ਕੱਢ ਮਾਰੇ ਅੰਗਿਆਰ ਦਿਨ। ਸੇਜੇ ਸੁਖ ਸੌਣ ਦੀਆਂ ਘੜੀਆਂ ਤਦੇ ਲਹਿੰਦੀਆਂ ਨੇ, ਸੂਰਜ ਵਾਲੇ ਚੱਕ ਨੂੰ ਜਾਂ ਫੇਰੇ ਘੁਮਿਆਰ ਦਿਨ। ਕਿਰਨ ਕਦੀ ਸੂਰਜੋਂ ਜੇ ਇੱਕ ਵੀ ਗਵਾਚ ਜਾਵੇ, ਕਰੇ ਢੂੰਡ ਭਾਲ ਵਿੱਚ ਐਸੀ ਮਾਰੋ ਮਾਰ ਦਿਨ। ਸਣੇ ਚੰਨ ਤਾਰਿਆਂ ਦੀ ਗੰਢਾਂ ਪਿਆ ਫੋਲਦਾ ਏ, ਖੋਲ੍ਹ ਖੋਲ੍ਹ ਵੇਖਦਾ ਏ ਰਾਤ ਦਾ ਪਟਾਰ ਦਿਨ। ਤੈਨੂੰ ਤਾਂ ਖਿਆਲ ਭੀ ਨਹੀਂ ਜਾਗੀ ਹੋਈ ਰਾਤ ਜਿੰਨਾ, ਆਲਸੀ ਨੇ ਲੁੱਟੇ ਤੇਰੇ ਭਾਵੇਂ ਕਈ ਹਜ਼ਾਰ ਦਿਨ। 'ਸ਼ਰਫ਼' ਜੇ ਅਜ਼ਾਦ ਨਹੀਂ ਖ਼ੁਦਮੁਖਤ੍ਯਾਰ ਬਣ, ਐਸ਼ਾਂ ਨਾਲ ਕੱਟ ਲੈ ਤੂੰ ਜ਼ਿੰਦਗੀ ਦੇ ਚਾਰ ਦਿਨ।

74. ਕੇਸਰ-ਕਿਆਰੀ

ਨੂਰੀ ਕਿਰਨਾਂ ਕਿਰ ਕਿਰ ਆਈਆਂ, ਅਰਸ਼ਾਂ ਉੱਤੋਂ ਫਿਰ ਫਿਰ ਆਈਆਂ। ਨਾਲ ਹਨੇਰੇ ਆਕੇ ਲੜੀਆਂ, ਜਾ ਕੇਸਰ ਦੀ ਕੱਛੇ ਵੜੀਆਂ। ਫੁੱਲਾਂ ਨਾਲ ਪ੍ਰੀਤ ਜੋ ਲਾਈ, ਪੱਗ ਜ਼ਰੀ ਦੀ ਬੰਨ੍ਹ ਵਿਖਾਈ। ਬਣ ਗਏ ਦੋਵੇਂ ਬੇਲੀ ਜਾਨੀ, ਨੂਰੀ ਕਿਰਨਾਂ, ਫੁੱਲ ਅਸਮਾਨੀ। ਸੁਣ ਸੁਣ ਪਿਅਰ, ਪਰੇਮ ਅਮੁਲੇ, ਦੇਖਣ ਆ ਗਏ, ਵਾ ਦੇ ਬੁਲੇ। ਸਭ ਦੀ ਕੰਡੇ ਥਾਪੀ ਲਾਈ, ਹਰ ਇਕ ਦੇ ਮਨ ਚਾਹ ਵਧਾਈ। ਮੁਸ਼ਕੰਬਰ ਦੀ ਗਠੜੀ ਪੋਲੀ, ਹੌਲੀ ਜਿਹੀ ਹਵਾ ਨੇ ਖੋਲ੍ਹੀ। ਡਿੱਠਾ ਜਦੋਂ ਪਿਆਰ ਅਜਿਹਾ, ਫੁੱਲਾਂ ਕੋਲੋਂ ਗਿਆ ਨ ਰਿਹਾ। ਗੁੜ੍ਹਕੇ, ਮੁਸਕੇ ਆਇਆ ਹਾਸਾ, ਰੱਤੀ ਕੋਲੋਂ ਹੋ ਗਏ ਮਾਸਾ। ਖੀਵੇ ਹੋ ਹੋ ਲੈਣ ਹੁਲਾਰੇ ਓੜਕ ਖਿੜ ਖਿੜ ਹੱਸੇ ਸਾਰੇ। ਖੰਬੜੀਆਂ ਨੇ ਹੱਥ ਪਸਾਰੇ, ਊਦੇ ਊਦੇ ਖੰਭ ਖਿਲਾਰੇ। ਗੁੰਝਲ ਖੋਲ੍ਹ ਬਸੰਤੀ ਤੁਰੀਆਂ, ਲਾਲ ਲਛੇ ਦੇ ਵੱਲੇ ਟੁਰੀਆਂ। ਹੁੰਮ ਹੁਮਾਈਆਂ, ਬਾਗ਼ ਬਹਾਰਾਂ, *ਇੱਕ ਕਲੀ ਦੇ ਹੋ ਗਏ ਬਾਰਾਂ। ਕੱਠੇ ਹੋ ਗਏ ਯਾਰ ਰੰਗੀਲੇ, ਸਾਵੇ, ਊਦੇ, ਰੱਤੇ, ਪੀਲੇ। ਸੁੰਦਰ, ਬੂਟੇ, ਤੋਤੇ ਰੰਗੇ। ਫੁੱਲ ਅਸਮਾਨੀ ਅੰਦਰ ਟੰਗੇ। ਤੁਰੀਆਂ ਫ਼ਰਸ਼ ਵਛਾਯਾ ਪੀਲਾ, ਕੇਸਰ ਬੈਠਾ ਵਿੱਚ ਰੰਗੀਲਾ। ਅੱਖਾਂ ਅਗੇ ਪਿਆਰਾ ਪਿਆਰਾ, ਫਿਰਿਆ ਏਹੋ ਜਿਹਾ ਨਜ਼ਾਰਾ। ਜਿਉਂ ਕਰ ਕੰਧ ਜ਼ਮੁਰਦੀ ਅੰਦਰ, ਨੀਲਮ ਦਾ ਕੋਈ ਹੋਵੇ ਮੰਦਰ। ਫ਼ਰਸ਼ ਸੋਨੇ ਦਾ ਲਾਇਆ ਹੋਵੇ, ਹੀਰੇ ਨਾਲ ਜੜਾਇਆ ਹੋਵੇ। ਓਦ੍ਹੇ ਅੰਦਰ ਨ੍ਹਾਤਾ ਧੋਤਾ, ਲਾਲ ਬਾਦਸ਼ਾਹ ਹੋਇ ਖਲੋਤਾ। ਜਾਂ ਕੇਸਰ ਨੇ ਮੁਖ ਵਿਖਾਇਆ, ਪਹਿਰੇਦਾਰਾਂ ਝੁਰਮਟ ਪਾਇਆ। ਭੂੰ ਭੂੰ ਕਰਦੇ ਭੌਰੇ ਉੱਤੇ, ਹੇਠਾਂ ਸੱਪ ਨਸ਼ੇ ਵਿੱਚ ਗੁੱਤੇ। ਕੇਸਰ ਦੀ ਫੁਲਵਾੜੀ ਫੁੱਲੀ, ਵਾਣ੍ਹ ਅੰਦਰ ਕਸਤੂਰੀ ਡੁੱਲ੍ਹੀ। "ਸ਼ਰਫ਼" ਹਵਾ ਦਾ ਬੁੱਲਾ ਆਯਾ, +'ਪਾਮ-ਪੁਰੇ' ਨੂੰ ਸੁਰਗ ਬਣਾਯਾ। *ਕੇਸਰ ਦਾ ਬੂਟਾ ਜੌਂ ਦੇ ਬੂਟੇ ਵਾਂਗੂੰ ਚਾਰ ਪੰਜ ਇੰਚ ਉੱਚਾ ਹੁੰਦਾ ਹੈ। ਉਸ ਵਿਚੋਂ ਅਸਮਾਨੀ ਰੰਗ ਦੀ ਇਕ ਕਲੀ ਫੁਟਦੀ ਏ ਜਿਸ ਦੀਆਂ ਛੇ ਖੰਭੜੀਆਂ ਹੁੰਦੀਆਂ ਨੇ, ਉਨ੍ਹਾਂ ਵਿਚ ਤਿੰਨ ਪੀਲੇ ਅਤੇ ਤਿੰਨ ਕੇਸਰੀ ਰੰਗ ਦੀਆਂ ਤੁਰੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲਛਾ ਕਿਹਾ ਜਾਂਦਾ ਏ। +ਕਸ਼ਮੀਰ ਵਿਚ ਇਕ ਪਿੰਡ ਹੈ, ਜਿਥੇ ਕੇਸਰ ਹੁੰਦਾ ਹੈ।

75. ਕਿਸੇ ਦੀ ਯਾਦ

ਯਾਦ ਆਏ ਜਦ ਮੈਨੂੰ ਪਯਾਰੇ, ਦਿਲ ਦੇ ਛਾਲੇ ਫਿੱਸੇ ਸਾਰੇ! ਸੋਹਣੀ ਸੋਹਣੀ ਭੋਲੀ ਭੋਲੀ, ਮੋਹਣੀ ਮੂਰਤ ਮਿੱਠੀ ਬੋਲੀ! ਨਿੱਘੀ ਸ਼ੋਖੀ ਗੂੜ੍ਹੀਆਂ ਸ਼ਰਮਾਂ, ਲਾਸਾਂ ਪੈਣ, ਜੇ ਪਾਵੇ ਨਰਮਾਂ! ਅੰਬਰਾਂ ਵਾਂਗੂੰ ਉੱਚ ਖ਼ਿਆਲੀ, ਨਿਉਂ ਕੇ ਰਹਿਣ ਜ੍ਯੋਂ ਕਰ ਡਾਲੀ! ਹਸਦੀ ਰਸਦੀ ਚੰਦ ਪੇਸ਼ਾਨੀ, ਕੰਵਲ ਲਕੀਰਾਂ ਵੱਟ ਨੂਰਾਨੀ! ਨਰਮ ਸੁਭਾਉ ਦਾਨਿਆਂ ਵਾਲਾ, ਸਾਊਆਂ ਵਾਲੀ ਹਥ ਵਿਚ ਮਾਲਾ! ਅੱਖਾਂ ਵਿਚ ਓਹ ਸ਼ਰਮ ਹਜ਼ੂਰੀ, ਨਿਕਲੇ ਗੱਲ ਨ ਮੂੰਹੋਂ ਪੂਰੀ! ਸਚ ਦੇ ਸੱਚੇ ਗੱਲਾਂ ਢਲੀਆਂ, ਜ੍ਯੋਂ ਖੁਸ਼ਬੂ ਖਿਲਾਰਨ ਕਲੀਆਂ! ਭਲਿਆਈ ਵਿਚ ਉੱਦਮ ਕਰਨਾ, ਬੁਰਿਆਈ ਤੋਂ ਹਰਦਮ ਡਰਨਾ! ਛੋਟੀ ਉਮਰਾ 'ਅਕਲ ਵਡੇਰੀ', ਜ੍ਯੋਂ ਖ਼ੁਸ਼ਬੂ ਨਾਪੇ ਵਿਚ ਘੇਰੀ! ਸਰੂਆਂ ਵਾਂਗ ਅਣਖ ਵਿਚ ਰਹਿਣਾ, ਰੱਤੀ ਭਰ ਏਹਸਾਨ ਨ ਸਹਿਣਾ! ਪੀੜ ਪਰਾਈ ਅੰਦਰ ਮਰਨਾ, ਦੁਖ ਗ਼ੈਰਾਂ ਦਾ ਸਿਰ ਤੇ ਧਰਨਾ! ਪਾਕ ਪਵਿੱਤਰ ਥਾਂ ਤੇ ਬਹਿਣਾ, ਵਾਂਗ ਕੰਵਲ ਦੇ ਸੁਥਰੇ ਰਹਿਣਾ! ਹਾਇ ਓਹ ਮੇਰਾ ਯਾਰ ਪ੍ਯਾਰਾ, ਗੁੰਮ ਹੋਯਾ ਏ ਰੋਸ਼ਨ ਤਾਰਾ! ਆਣ ਪਵੇ ਜਦ ਓਹਦਾ ਝੌਲਾ, ਰੋ ਕੇ ਕਰ ਲਾਂ ਦਿਲ ਨੂੰ ਹੌਲਾ! ਦੁਨੀਆਂ ਵਾਲਾ ਬਾਗ਼ ਪਿਆਰਾ, ਨਾਲ ਫੁੱਲਾਂ ਦੇ ਭਰਿਆ ਸਾਰਾ। ਪਰ ਮੈਂ ਉਹਨਾਂ ਕੋਲੋਂ ਡਰਦਾ, ਤਦੇ ਕਿਸੇ ਨੂੰ ਪਯਾਰ ਨ ਕਰਦਾ! ਕਾਗ਼ਜ਼ ਦੇ ਏਹ ਫੁੱਲ ਨਿਰਾਲੇ, ਬਿਨ ਖ਼ੁਸ਼ਬੂਓਂ ਭੜਕਾਂ ਵਾਲੇ! 'ਸ਼ਰਫ਼' ਇਨ੍ਹਾਂ ਤੋਂ ਹਰਦਮ ਡਰੀਏ, ਨਾਲ ਇਨ੍ਹਾਂ ਦੇ ਪ੍ਯਾਰ ਨ ਕਰੀਏ!

76. ਸ਼ੋਹਰਤ ਦੀ ਈਰਖਾ

ਇੱਕ ਸ਼ਹਿਰ ਸੀ ਬੜਾ ਨਿਰਾਲਾ, ਰੰਗ ਬਰੰਗੀ, ਮਹਿਲਾਂ ਵਾਲਾ! ਸਾਫ਼ ਮਹੱਲੇ ਨਿਰਮਲ ਗਲੀਆਂ, ਗਿਰਦਬਗਿਰਦ ਫ਼ਸੀਲਾਂ ਵਲੀਆਂ। ਵੱਸਣ ਵਾਲੇ ਬੜੇ ਰੰਗੀਲੇ, ਬਾਂਕੇ, ਟੇਡੇ, ਛੈਲ, ਛਬੀਲੇ! *ਮੁਸ਼ਕਨ ਮੈਦੇ ਤਲ ਤਲ ਖਾਵਨ, ਮਖ਼ਮਲ ਰੇਸ਼ਮ ਪੱਟ ਹੰਡਾਵਨ! ਉਹਦੇ ਇੱਕ ਮਹੱਲੇ ਅੰਦਰ, ਬਿਨ ਤਾਜੋਂ ਇੱਕ ਰਹੇ ਸਕੰਦਰ! ਵੱਡੀ ਉਮਰਾ ਬੁੱਢਾ ਠੇਰਾ, ਬੱਗੀ ਦਾੜ੍ਹੀ ਨੂਰੀ ਚੇਹਰਾ! ਆਜਜ਼, ਅਣਖੀ, ਦਰਦੀ, ਦਾਨੀ, ਸੁਘੜ, ਸੁਚਿੱਤ੍ਰ, ਸਾਊ, ਗਿਆਨੀ! ਫੱਟ ਕਿਸੇ ਨੂੰ ਜੇਕਰ ਲੱਗੇ, ਲਹੂ ਤਤੀਰੀ ਉਹਨੂੰ ਵੱਗੇ! ਪੀੜ ਪਰਾਈ ਅੰਦਰ ਮਰਦਾ, ਦੁੱਖ ਕਿਸੇ ਦਾ ਆਪੂੰ ਜਰਦਾ! ਮਾੜੇ ਉੱਤੇ ਰਹਿਮ ਕਮਾਵੇ, ਪਾਣੀ ਵਾਂਗੂੰ ਨੀਵੇਂ ਜਾਵੇ! ਸੋਚ ਵਿਚਾਰ ਅਜਿਹੀ ਦੁੜਾਵੇ, ਹਰ ਪਰਿਹਾ ਖੜਪੈਂਚ ਬਣਾਵੇ! ਰੋਸ਼ਨ ਹੋਯਾ ਐਸਾ ਨਾਵਾਂ, ਧੁੰਮ ਪਈ ਵਿਚ ਸ਼ਹਿਰ ਗਿਰਾਵਾਂ! ਕੰਮ ਕਰੇ ਤਰਖਾਣਾਂ ਵਾਲਾ, ਮਨ ਮਣਕੇ ਦੀ ਫੇਰੇ ਮਾਲਾ! ਹੱਕ ਹਲਾਲ ਕਮਾਈ ਕਰਦਾ! ਰੱਬੀ ਖ਼ੌਫ਼ੋਂ ਹਰਦਮ ਡਰਦਾ! ਘਰੋਂ ਕਦੀ ਜੇ ਬਾਹਰ ਆਵੇ, ਵਾਂਗ ਚੰਦਰਮਾ ਇਜ਼ਤ ਪਾਵੇ! ਨਿੱਕੇ ਵੱਡੇ ਕਰਨ ਸਲਾਮਾਂ, ਹਰ ਇਕ ਬਣਿਆ ਉਹਦਾ ਕਾਮਾਂ! ਓਥੇ ਹੀ ਇਕ ਮਾਯਾਧਾਰੀ, ਰਹਿੰਦਾ ਹੈਸੀ ਬੜਾ ਹੰਕਾਰੀ! ਲਹੂ ਲੋਕਾਂ ਦਾ ਪੀਵਨ ਵਾਲਾ, ਮਾਰ ਮੋਯਾਂ ਨੂੰ ਜੀਵਣ ਵਾਲਾ! ਮਾਨ ਮਾਯਾ ਦੇ ਡੁੱਬਾ ਰਹਿੰਦਾ, ਥੂ ਥੂ ਕਰਦਾ ਉਠਦਾ ਬਹਿੰਦਾ। ਮੰਗਤਿਆਂ ਨੂੰ ਮਾਰੇ ਧੱਕੇ, ਦੌਲਤ ਰੋੜ੍ਹੇ ਤੀਏ ਛੱਕੇ+! ਲੈਣ ਉਧਾਰ ਕੋਈ ਜੇ ਆਵੇ, ਦੂਣੀ ਚੌਣੀ ਰਕਮ ਲਿਖਾਵੇ! ਜੋ ਜੀ ਚਾਹੇ ਬ੍ਯਾਜ ਲਗਾਵੇ, ਕੁੱਲਾ ਕੋਠਾ ਕੁਰਕ ਕਰਾਵੇ! ਦੇਖ ਬੁੱਢੇ ਨੂੰ ਸੜਦਾ ਰਹਿੰਦਾ, ਏਹੋ ਸਭ ਨੂੰ ਹਰਦਮ ਕਹਿੰਦਾ:- 'ਦੇਖੋ ਜੀ, ਮੈਂ ਮਾਯਾ ਧਾਰੀ, ਮਿਲਖ ਜਗੀਰ ਮੇਰੀ ਹੈ ਭਾਰੀ! ਓਹ ਤਰਖਾਣ ਗ਼ਰੀਬ ਨਿਕਾਰਾ, ਡੰਗ ਬਡੰਗੀ ਕਰੇ ਗੁਜ਼ਾਰਾ! ਕਰਨ ਸਲਾਮਾਂ ਓਹਨੂੰ ਸਾਰੇ, ਨਿੱਕੇ ਵੱਡੇ ਜਾਵਨ ਵਾਰੇ! ਓਹਦੀ ਐਡੀ ਸ਼ੋਹਰਤ ਹੋਈ, ਮੇਰੀ ਵਾਤ ਨ ਪੁੱਛੇ ਕੋਈ! ਦੌਲਤ ਮੇਰੀ ਕੰਮ ਨ ਆਈ, ਮੈਨੂੰ ਜੱਸ ਨ ਮਿਲਿਆ ਰਾਈ! ਏਹ ਸਿਆਪੇ ਦਿਲ ਵਿਚ ਕਰਦਾ, ਓਹਦੇ ਸਾੜੇ ਹਰਦਮ ਮਰਦਾ! ਇਕ ਦਿਨ ਕਰਨਾ ਐਸਾ ਹੋਯਾ, ਰੱਬ ਸਬੱਬ ਅਜੇਹਾ ਢੋਯਾ! ਬੁੱਢੇ ਕੋਲੋਂ ਲੰਘਦਾ ਹੋਯਾ, ਕੋਲ ਬੁੱਢੇ ਦੇ ਆਣ ਖਲੋਯਾ! ਡਿੱਠਾ ਓਹਨੂੰ ਕੰਮ ਵਿਚ ਰੁੱਝਾ, ਜ੍ਯੋਂ ਮੈਦੇ ਵਿਚ ਮੱਖਣ ਗੁੱਝਾ! ਆਰੀ ਫੜਕੇ ਅੰਜ ਚਲਾਵੇ, ਦਿਲੋਂ ਬਖ਼ੀਲੀ ਵੱਢ ਗੁਆਵੇ! ਲੱਕੜ ਤੇ ਜਦ ਤੇਸਾ ਮਾਰੇ! ਲੋਭ ਕ੍ਰੋਧ ਛਿੱਲੇ ਤਦ ਸਾਰੇ! ਰੰਦਾ ਲੈਕੇ ਜਦੋਂ ਚਲੌਂਦਾ, ਸੀਨਾ ਸ਼ੀਸ਼ੇ ਵਾਂਗ ਬਣੌਂਦਾ! ਗੁਣੀਆਂ ਪਕੜ ਸਫ਼ਾਈ ਵੇਖੇ, ਗੁਣ ਔਗੁਣ ਦੇ ਕਰਦਾ ਲੇਖੇ! ਸੂਰਤ ਨਾਲ ਲਕੀਰਾਂ ਪਾਵੇ, ਦਿਲ ਨੂੰ ਸਿੱਧੇ ਰਾਹੇ ਲਾਵੇ! ਚੱਪੂ ਚੌਰਸ ਜਿਹਾ ਚਲਾਵੇ, ਲੱਕੜ ਅੰਦਰ ਵੇਲਾਂ ਪਾਵੇ! ਮੁੜ੍ਹਕੇ ਮੁੜ੍ਹਕੀ ਹੋਯਾ ਹੋਯਾ, ਜੁੱਸਾ ਕੁੱਲ ਡਬੋਯਾ ਹੋਯਾ! ਹਰ ਹਰ ਕਤਰਾ ਮੁੜ੍ਹਕੇ ਵਾਲਾ, ਬਣਿਆ ਹੈਸੀ ਮੋਤੀ ਮਾਲਾ! ਜਦ ਏਹ ਡਿੱਠਾ ਮਾਯਾ ਧਾਰੀ, ਦਿਲ ਅੰਦਰ ਏਹ ਗਲ ਵਿਚਾਰੀ:-- ਲੱਕੜ ਉੱਤੇ ਜਿਹਾ ਕੁਸਾਲਾ, ਕਰਨਾ ਪੈਂਦਾ ਮੇਹਨਤ ਵਾਲਾ ਹੈ! ਤਾਂ ਏਹ ਬੂਟੇ ਉਕਰੇ ਜਾਵਣ, ਲੋਕਾਂ ਅੱਗੇ ਸੋਭਾ ਪਾਵਣ! ਐਪਰ ਦਿਲ ਏਹ ਦੁਨੀਆਂ ਵਾਲੇ, ਪੱਥਰ ਕੋਲੋਂ ਸਖ਼ਤ ਨਿਰਾਲੇ! ਨਾਮ ਉਕਰਨਾ ਓਹਨਾਂ ਉੱਤੇ, ਫਲ ਲਿਆਉਣੇ ਹੋਨ ਕਰੁੱਤੇ! ਵੇਖ ਏਹਨੂੰ ਮੈਂ ਕ੍ਯੋਂ ਹਾਂ ਸੜ ਦਾ? ਪੈਰ ਏਹਦੇ ਜਾ ਕ੍ਯੋਂ ਨਹੀਂ ਫੜਦਾ? ਦਿਲ ਅੰਦਰ ਸ਼ਰਮਿੰਦਾ ਹੋਯਾ, ਤੋਬਾ ਕੀਤੀ, ਢਾਡਾ ਰੋਯਾ! ਛੱਡੇ ਸਾਰੇ ਭੈੜੇ ਚਾਲੇ, ਕੰਮ ਫੜੇ ਸਭ ਬਾਬੇ ਵਾਲੇ ! ਸਾਫ਼ ਬਣਾਕੇ ਦਿਲ ਦਾ ਥੇਵਾ, ਉੱਕਰ ਲੀਤੀ ਉਸ ਤੇ ਸੇਵਾ! ਪੰਡ 'ਸ਼ਰਫ਼' ਇਹ ਚਾਉਣੀ ਔਖੀ, ਸ਼ੋਹਰਤ ਪਾਉਣੀ ਨਹੀਂ ਕੋਈ ਸੌਖੀ ! *ਬੇਗਮੀ। +ਜੂਆ

77. ਔਕੜਾਂ

ਨਿੱਕੇ ਨਿੱਕੇ ਵਹਿਣ ਆ ਕੇ ਡੋਬ ਦੇਂਦੇ ਜੀਅ ਮੇਰਾ, ਬਣਕੇ ਹੰਝੂ ਅੱਖੀਆਂ 'ਚੋਂ ਵਹਿੰਦੀਆਂ ਨੇ ਔਕੜਾਂ! ਵੇਖੋ ਲੋਕੋ ! ਸੜਨ ਲੱਗੀ ਪੈਲੀ ਮੇਰੀ ਮੀਂਹ ਅੰਦਰ, ਗੜੇ ਵਾਂਗੂੰ ਸੱਧਰਾਂ ਤੇ ਢਹਿੰਦੀਆਂ ਨੇ ਔਕੜਾਂ! ਆਉਂਦੀਏ ਹਨੇਰੀ ਤੇ ਕਲੇਜੇ ਧੁਖ ਉੱਠਦੀ ਏ, ਆ ਆ ਮੇਰੇ ਸਾਹਵੇਂ ਜਦੋਂ ਬਹਿੰਦੀਆਂ ਨੇ ਔਕੜਾਂ! ਲੇਹ ਦੇ ਇਹ ਕੰਡੇ ਮੈਨੂੰ ਚੰਬੜੇ ਨੇ 'ਜਹੇ ਆ ਕੇ, ਜਿਉਂ ਜਿਉਂ ਲਾਹਵਾਂ ਮਗਰੋਂ ਨਾ ਲਹਿੰਦੀਆਂ ਨੇ ਔਕੜਾਂ! ਮਾਸਾ ਮਾਸ ਛੱਡਿਆ ਨਾ ਛੱਡੀ ਮੇਰੀ ਰੱਤ ਰੱਤੀ, ਹੋਰ ਮੈਨੂੰ ਦੱਸੋ ਏਹ ਕੀ ਕਹਿੰਦੀਆਂ ਨੇ ਔਕੜਾਂ! 'ਸ਼ਰਫ਼' ਕਿਉਂ ਹਰਾਸਿਆ ਏਂ ਰੱਬ ਉੱਤੇ ਰੱਖ ਡੋਰੀ, ਸਦਾ ਨਾਲ ਕਿਸੇ ਦੇ ਨਾ ਰਹਿੰਦੀਆਂ ਨੇ ਔਕੜਾਂ!

78. ਦੂਈ ਦਾ ਬੁਲਬੁਲਾ

ਸ਼ੌਂਕੀ ਬੰਸਰੀ ਦਾ ਨੰਦ ਲਾਲ ਮੇਰਾ, ਮੈਨੂੰ ਦਸ ਦਿਓ ਨੀ ਕਿਹੜੀ ਵਲ ਗਿਆ ਜੇ? ਹੈਂ ਹੈਂ! ਵੇਖੋ ਨੀ! ਹੁਣੇ ਸੀ ਕੋਲ ਮੇਰੇ, ਹੁਣੇ ਅੱਖੀਆਂ ਵਿੱਚ ਓਹ ਛਲ ਗਿਆ ਜੇ! ਲੱਭੋ! ਫੜੋ !! ਨੀ ਸਾਂਵਲਾ ਕਾਨ੍ਹ ਮੇਰਾ, ਚੰਨ ਚਾਨਣੀ ਨਾਲ ਹੀ ਰਲ ਗਿਆ ਜੇ! ਕੱਜਲ ਭਿੰਨੇ ਵਿਖਾਲਕੇ ਨੈਣ ਤਿੱਖੇ, ਪੁੜੀ ਜਾਦੂ ਦੀ ਧੂੜਕੇ ਚਲ ਗਿਆ ਜੇ! ਨਹੀਂ ! ਨਹੀਂ !! ਨੀ ਛੱਡਕੇ ਚੰਦ ਮੈਨੂੰ, ਜਾਵੇ ਕਿਸਤਰ੍ਹਾਂ ਸਖੀਆਂ ਦੀ ਰਾਸ ਅੰਦਰ। ਉਲਟੀ ਚਾਲ ਨ ਡਿੱਠੀ ਏ ਚੰਦ੍ਰਮਾਂ ਦੀ, ਕਦੇ ਕਿਸੇ ਆਕਾਸ਼ ਇਤਿਹਾਸ ਅੰਦਰ! ਤੂੰ ਹੀ ਦੱਸ ਦੇਹ ਸਰੂ ਦੇ ਬੂਟਿਆ ਵੇ, ਕਿਰਪਾ ਨਾਥ ਮੇਰਾ ਕਿਹੜੇ ਦਾ ਗਿਆ ਏ? ਮੈਨੂੰ ਜਾਪਦਾ ਏ ਤੇਰੀ ਦੇਹੀ ਤੇ ਵੀ, ਸਾਇਆ ਲੰਘਦਾ ਲੰਘਦਾ ਪਾ ਗਿਆ ਏ! ਤੇਰੇ ਝੁਲਣ ਤੋਂ ਨਾਲੇ ਪ੍ਰਤੀਤ ਹੁੰਦਾ, ਪਿਉਂਦ ਲਗਨ ਦੀ ਤੈਨੂੰ ਵੀ ਲਾ ਗਿਆ ਏ! ਕਿਉਂ ਨਹੀਂ ਦੱਸਦਾ ਪ੍ਰੇਮ ਦੀ ਕੁੱਠੜੀ ਨੂੰ, ਨੰਦ ਲਾਲ ਕੀ ਪੱਟੀ ਪੜ੍ਹਾ ਗਿਆ ਏ? ਜੇ ਤੂੰ ਦੱਸੇਂਗਾ ਗੈਂਦੇ ਦੇ ਹਾਰ ਗੁੰਦ ਗੁੰਦ, ਤੇਰੇ ਸੀਸ ਤੇ ਚਰਨਾਂ 'ਤੇ ਧਰਾਂਗੀ ਮੈਂ! ਮਾਲਾ ਤੁਲਸੀ ਦੀ ਪਕੜਕੇ ਹੱਥ ਅੰਦਰ, ਜਾਪ ਤੇਰੇ ਉਪਕਾਰ ਦਾ ਕਰਾਂਗੀ ਮੈਂ! ਲੋਏ ਚੰਨ ਦੀ ਏ ਨੀ ਤੂੰਹੇਂ ਦੱਸ ਮੈਨੂੰ, ਕਿੱਧਰ ਗਏ ਨੇ ਸੁੰਦਰ ਸਲੋਣੇ ਮੇਰੇ! ਝਾਕੀ ਫੁੱਲ ਤਰੇਲ ਦੀ ਫੇਰ ਵੇਖੀਂ, ਪਹਿਲੇ ਵੇਖ ਲੈ ਪਾਪਣੇ ਰੋਣੇ ਮੇਰੇ! ਧਾਗੇ ਰਿਸ਼ਮਾਂ ਦੇ ਟੁੱਟਦੇ ਵੇਖ ਓਧਰ, ਏਧਰ ਹੰਝੂ ਵੀ ਵੇਖ ਪਰੋਣੇ ਮੇਰੇ! ਓਧਰ ਚੰਦ੍ਰਮਾਂ ਖੇਹਨੂੰ ਦਾ ਵੇਖ ਰਿੜ੍ਹਨਾ, ਏਧਰ ਆਹਾਂ ਦੇ ਵੇਖ ਨੀ ਟੋਣੇ ਮੇਰੇ! ਮੇਰੇ ਪ੍ਰੀਤਮ ਨੂੰ ਅੱਜ ਜੇ ਮੇਲ ਦੇਵੇਂ, ਹੋਵੇਂ ਉੱਚੀਆਂ ਨਾਰਾਂ ਦੀ ਗੋਤ ਅੰਦਰ! ਕਰਿਆ ਕਰਾਂਗੀ ਸ਼ਾਮ ਦੀ ਨਿੱਤ ਪੂਜਾ, ਤੇਰੀ ਚੌਧਵੀਂ ਰਾਤ ਦੀ ਜੋਤ ਅੰਦਰ! ਰੇਖਾ ਸੀਤਲੇ ਸ੍ਵਰਗਾਂ ਦੇ ਹੱਥ ਦੀ ਏ, ਜਮਨਾ ਭੁੱਲ ਗਈ ਓਹਦੀ ਪਛਾਨ ਤੈਨੂੰ। ਜੀਹਦੇ ਚਰਨਾਂ ਦੇ ਛੁਹਣ ਦਾ ਜੱਗ ਅੰਦਰ, ਮਿਲਿਆ ਸਭ ਕੋਲੋਂ ਪਹਿਲੇ ਮਾਨ ਤੈਨੂੰ। ਨਾਗ ਕੱਢਕੇ ਤੇਰੀਆਂ ਲਿਟਾਂ ਵਿਚੋਂ, ਜਿਨ੍ਹੇ ਕਰ ਦਿੱਤਾ ਅਵਾਦਾਨ ਤੈਨੂੰ। ਲਹਿਰਾਂ ਮਾਰਨ ਦੀ ਜਾਚ ਸਿਖਾ ਗਈ ਏ, ਜਿਦ੍ਹੀ ਬੰਸਰੀ ਦੀ ਸੁੰਦਰ ਤਾਨ ਤੈਨੂੰ। ਤੈਨੂੰ ਓਸੇ ਹੀ ਭੈਣ ਦੀ ਸਹੁੰ ਹੈ ਨੀ, ਜਿਦ੍ਹੇ ਵਿੱਚ ਇਹ ਜਾਣੇ ਨੇ ਫੁੱਲ ਮੇਰੇ। ਓਸ ਅੰਮ੍ਰਿਤ ਦੇ ਸੋਮੇ ਦਾ ਪਤਾ ਦਸੀਂ, ਹਾੜੇ ਕਰਦਿਆਂ ਸੁਕ ਗਏ ਬੁਲ੍ਹ ਮੇਰੇ! ਪਰਮ ਪਿਆਰੀਏ ਵਾਏ ਨੀ ਹੈਂ ਤੂੰ ਤੇ, ਛੋਹ ਕੇ ਟੀਸੀ ਹਿਮਾਲਾ ਦੀ ਆਉਣ ਵਾਲੀ ਮੋਰ ਮੁਕਟ ਸਿਆਮ ਦਾ ਚੁੰਮ ਚੁੰਮ ਕੇ, ਬੜੀਆਂ ਸੱਧਰਾਂ ਨਾਲ ਹਿਲਾਉਣ ਵਾਲੀ ਸੁਰਾਂ ਭਿੱਜੀਆਂ ਭਿੱਜੀਆਂ ਪ੍ਰੇਮ ਦੀਆਂ, ਬ੍ਰਿਜ ਨਾਰੀਆਂ ਕੋਲ ਪਚਾਉਣ ਵਾਲੀ। ਸੱਚ ਪੁਛੇਂ ਤੇ ਉਸ ਦੀ ਬੰਸਰੀ ਦੀ, ਮੈਨੂੰ ਤੂੰ ਹੈਂ ਦੁਮੂੰਹੀ ਲੜਾਉਣ ਵਾਲੀ। ਏਸ ਚਾਨਣੀ ਰਾਤ ਦੇ ਵਿੱਚ ਪਾਵਾਂ, ਓਸ ਪਿਆਰੇ ਦੇ ਪਿਆਰ ਦੀ ਸਹੁੰ ਤੈਨੂੰ। ਮੈਨੂੰ ਦੱਸ ਨੀ ਚੰਦ ਇਕਾਦਸੀ ਦਾ, ਨਜ਼ਰ ਆਇਆ ਜੇ ਓਸ ਦਾ ਨਹੁੰ ਤੈਨੂੰ। ਸ਼ਾਮਾਂ ! ਏਹ ਕੀ ਕਿਹਾ ਈ ਬੰਸਰੀ ਨੂੰ? ਫੂਕ ਹੌਲੀ ਜਿਹੀ ਮਾਰਕੇ ਕੰਨ ਅੰਦਰ? ਤੇਰੀ ਵਾਂਸ ਦੀ ਮੱਟੀ ਨੇ ਤੀਰ ਲਖਾਂ, ਮਾਰੇ ਰਾਧਾਂ ਵਿਚਾਰੀ ਦੇ ਮਨ ਅੰਦਰ। ਨਾੜ ਨਾੜ ਹੈ ਜਮਨਾਂ ਦੀ ਤੜਫ ਉੱਠੀ, ਅੱਗ ਲੱਗ ਗਈ ਲਹਿਰਾਂ ਦੇ ਤਨ ਅੰਦਰ। ਸੁਰਾਂ ਘੱਤਕੇ ਗੋਕਲ ਦੇ ਵਾਸੀਆਂ ਨੂੰ, ਖਿੱਚ ਲਿਆ ਈ ਬਿੰਦਰਾ ਬਨ ਅੰਦਰ। ਮਾਲਾ ਬਣੀ ਸਵਾਸਾਂ ਦੇ ਮਣਕਿਆਂ ਦੀ, ਜਪਾਂ ਦਿਨ ਰਾਤੀ ਤੇਰੇ ਨਾਮ ਪਿਆਰੇ। ਨੰਦ ਲਾਲ ਗੋਪਾਲ ਤੇ ਕ੍ਰਿਸ਼ਨ ਗੋਬਿੰਦ, ਮੋਰ ਮੁਕਟ ਵਾਲੇ ਰਾਧੇ ਸ਼ਾਮ ਪਿਆਰੇ। ਆਓ ! ਛੰਦ ਬਿਹਾਰੀ ਜੀ ਉਰ੍ਹੇ ਆਓ, ਕਾਹਨੂੰ ਦੂਰ ਖਲੋਤੜੇ ਹੱਸਦੇ ਓ। ਮਿਰਗ ਨੈਣੀ ਦੇ ਨੈਣ ਪਥਰਾਉਣ ਲਗੇ, ਮੋਰ ਮੁਕਟ ਦਾ ਦਰਸ ਹੁਣ ਦੱਸਦੇ ਓ। ਲੱਭ ਲਿਆ ਮੈਂ ਆਪ ਨੂੰ ਲੁਕੋ ਭਾਵੇਂ, ਜਾਓ ਜਾਓ ਨਿਸ਼ੰਗ ਜੇ ਨੱਸਦੇ ਓ।

79. ਚਨਾਰ ਦੀ ਅੱਗ

ਅਸਰ ਜੇ ਤੂੰ ਚਾਹੇਂ ਗੱਲਾਂ ਵਿੱਚ ਦਿਲਾ, ਬੋਲ ਘੱਟ, ਵੇਖ ਕਿਵੇਂ ਸ਼ੀਸ਼ੀਆਂ ਨੂੰ ਰੱਖਦਾ ਅਤਾਰ ਬੰਦ। ਨਿੱਕਾ ਨਿੱਕਾ ਰੋਣਾ ਤੇਰਾ, ਢਾਉਂਦਾ ਏ ਦਿਲ ਪਿਆ, ਖੁੱਲ੍ਹ ਕੇ ਵੀ ਵਸਦੀ ਨਹੀਂ, ਹੁੰਦੀ ਨਹੀਂ ਫੁਹਾਰ ਬੰਦ। ਖੁੱਲ੍ਹਾ ਡੁੱਲ੍ਹਾ ਫਿਰ, ਹੋਵੇ ਮੁੱਖੜੇ ਦੀ ਆਬ ਦੂਣੀ, ਸੜ ਜਾਂਦਾ ਪਾਣੀ ਓਹਦਾ ਹੋਵੇ ਜੋ ਝਲਾਰ ਬੰਦ। ਸਾੜ ਰੱਖ ਸੀਨੇ ਵਿੱਚ, ਉੱਤੇ ਉਂਜ ਟਹਿਕਦਾ ਰਹੁ, ਅੱਗ ਜਿਵੇਂ ਆਪਣੇ 'ਚ ਰੱਖਦਾ ਚਨਾਰ ਬੰਦ। ਘਾਬਰੀਂ ਨਾ ਪਿਆ ਐਵੇਂ ਔਕੜਾਂ ਨੂੰ ਵੇਖ ਵੇਖ, ਪੱਤ-ਝੜ ਵਿੱਚ ਰੱਖੀ ਰੱਬ ਨੇ ਬਹਾਰ ਬੰਦ। ਪਾਲਾ ਤੈਨੂੰ ਸੁੱਝਦਾ ਜੇ ਹੋਵੇ ਕਦੀ ਕਰਨੀਆਂ ਦਾ, ਕਰੇਂ ਕੰਬਲ ਦਿਲ ਦੇ ਤੋਂ ਕਮਲਿਆ ਮੁਘਾਰ ਬੰਦ। ਨੇਕੀਆਂ ਵਿਹਾਜ ਹੁਣੇ ਦਮ ਤੇਰੇ ਚੱਲਦੇ ਨੇ, ਫੇਰ ਕੇੜ੍ਹੇ ਕੰਮ ਜਦੋਂ ਹੋ ਗਿਆ ਬਜ਼ਾਰ ਬੰਦ। 'ਸ਼ਰਫ਼' ਅੱਜ ਕੱਲ ਤੇ ਹੈ ਸ਼ਾਇਰ ਓਹੋ ਬਣ ਜਾਂਦਾ, ਵਿੰਗੇ ਚਿੱਬੇ ਸ਼ੇਅਰਾਂ ਦੇ ਜੋ ਲਿਖ ਲਵੇ ਚਾਰ ਬੰਦ।

80. ਕਿਸਮਤ

ਵਾਹ ਓ ਰੱਬਾ ! ਵਾਹ ਓ ਰੱਬਾ। ਕਲਮ ਤੇਰੀ ਨੂੰ ਨੂਰੀ ਛੱਬਾ। ਕਿਉਂ ਨਾਂ ਜਾਵਾਂ ਸਦਕੇ ਤੇਰੇ? ਲੇਖ ਲਿਖੇ ਤੂੰ ਸੋਹਣੇ ਮੇਰੇ। ਲੇਖਾਂ ਦੇ ਵਿਚ ਲਿਖੀਆਂ ਭੂਕਾਂ, ਤਬ੍ਹਾ ਬਣਾਈ ਵਾਂਗ ਮਲੂਕਾਂ। ਲੂਣ ਮਿਰਚ ਵਿੱਚ ਅੱਧ-ਵਰਿਤਾ, ਭਰ ਕਿਸਮਤ ਦਾ ਕੜਛਾ ਦਿੱਤਾ। *ਢੱਕਾਂ ਜੇਹੀ ਅਲੂਣੀ ਭਾਜੀ, ਸ਼ਾਹਾਂ ਵਰਗੀ ਸੁਹਲ ਮਿਜ਼ਾਜੀ। ਲਾਵਾਂ ਹਰਦਮ ਟਿੱਲ ਬਤੇਰਾ, ਸੌਰੇ ਕਿਵੇਂ ਨਸੀਬਾ ਮੇਰਾ। ਪਰ ਓਹ ਸਗੋਂ ਵਿਗੜਦਾ ਜਾਵੇ, ਵੈਦੇ-ਅਬਦਨ ਦੂਣੇ ਪਾਵੇ । ਫੁੱਲ ਕਿਸੇ ਨੂੰ ਹੱਥ ਜੇ ਪਾਵਾਂ, ਮਾਰੇ ਡੰਗ ਓਹਦਾ ਪਰਛਾਵਾਂ। ਹੱਥ ਮੇਰੇ ਜੇ ਸੋਨਾ ਆਵੇ, ਓਹ ਭੀ ਮਿੱਟੀ ਹੋ ਹੋ ਜਾਵੇ। ਮਿੱਟੀ ਹੋਰ ਮਸੀਬਤ ਪੌਂਦੀ, ਬਣ ਅਠੂਹੇਂ ਡੰਗ ਚਲੌਂਦੀ। ਨੈਂ ਉੱਤੇ ਮੈਂ ਜੇਕਰ ਜਾਵਾਂ, ਜਾ ਸਵਾਲ ਮੱਛੀ ਨੂੰ ਪਾਵਾਂ। ਐਸ ਵੇਲੇ ਹਾਂ ਮੈਂ ਬੁਰਿਹਾਲਾ, ਪੈਸਾ ਦੇ ਇਕ ਚਾਨੇ ਈ ਵਾਲਾ। ਜੇ ਓਹ ਬੈਠੀ ਹੋਇ ਕਿਨਾਰੇ, ਵੇਖ ਮੈਨੂੰ ਉਹ ਟੁੱਬੀ ਮਾਰੇ। ਜੇ ਕਿਧਰੋਂ ਇਕ ਪੈਸਾ ਮਿਲਦਾ, ਮਿਟ ਜਾਵੇ ਕੁਝ ਸੰਸਾ ਦਿਲਦਾ। ਕਈ ਦਲੀਲਾਂ ਚਿੱਤ ਦੁੜਾਵੇ, ਹਾਏ ਏਹ ਕਿਤੇ ਗਵਾਚ ਨ ਜਾਵੇ। ਪਲ ਪਲ ਵੇਖਾਂ ਮਲ ਮਲ ਅੱਖਾਂ, ਮੁੱਠਾਂ ਦੇ ਵਿਚ ਘੁਟ ਘੁਟ ਰੱਖਾਂ। ਉਹ ਭੀ ਭਾਗ ਮੇਰੇ ਦਾ ਪੱਤਾ, ਮੁਠ ਵਿੱਚ ਹੋਵੇ ਏਡਾ ਤੱਤਾ। ਦਿਲ ਮੇਰੇ ਤੇ ਛਾਲਾ ਪਾਵੇ, ਓੜਕ ਕਿਧਰੇ ਗੁਮ ਹੋ ਜਾਵੇ। ਮਾਰੇ ਕਿਧਰੇ ਆਪ ਘੁਝਾਨੀ, ਦਿਲ ਵਿੱਚ ਗ਼ਮ ਦੀ ਰਹੇ ਨਿਸ਼ਾਨੀ। ਏਹੋ ਜੇਹਾ ਭਾਗ ਬਣਾਯਾ, ਤੈਨੂੰ ਕੁਝ ਖਿਆਲ ਨਾ ਆਯਾ ? ਮੈਂ ਤਾਂ ਓਦੋਂ ਭੁਲਾਯਾ ਹੋਯਾ, ਹੁਸਨ ਨਗਰ ਸਾਂ ਆਯਾ ਹੋਯਾ। ਵੇਂਹਦਾ ਤੇਰੇ ਸੁੰਦਰ ਕਾਰੇ, ਜਾਂਦਾ ਤੇਰੇ, ਵਾਰੇ ਵਾਰੇ। ਨੈਣ ਕਟਾਰ ਬਣਾਏ ਤੇਰੇ, ਜ਼ੁਲਫ਼ਾਂ ਦੇ ਵਲ ਪਾਏ ਤੇਰੇ। ਸਿੱਧੇ ਕੱਦ ਬਣਾਏ ਹੋਏ, ਖ਼ਾਲ ਮੂੰਹਾਂ ਤੇ ਪਾਏ ਹੋਏ। ਅਲਫ਼ਾਂ ਉੱਤੇ ਕਤਰੇ ਡੋਲ੍ਹੇ, ਨੂਰੀ ਨੁਕਤੇ-ਕਾਲੋਂ ਖੋਲ੍ਹੇ। ਤੂੰ ਫੜ ਪਿੱਛੋਂ ਕਲਮ ਚਲਾਈ, ਲਿਖ ਦਿੱਤੀ ਜੋ ਦਿਲ ਵਿਚ ਆਈ। ਜੇ ਮੈਂ ਹੁੰਦਾ ਕੋਲ ਖਲੋਤਾ, ਪੂਰਾ ਕਰਦਾ ਤੇਰਾ ਪੋਤਾ। ਕਲਮ ਤੇਰੀ ਨੂੰ ਤੋੜ ਗਵੌਂਦਾ, ਸ਼ਾਹੀ ਤੇਰੀ ਡੋਲ੍ਹ ਵਿਖੌਂਦਾ। ਪਾੜ ਸਟੇਂਦਾ ਕਾਗ਼ਜ਼ ਸਾਰਾ, ਇਕ ਇਕ ਪੁਰਜ਼ਾ ਬਣਦਾ ਤਾਰਾ। ਯਾ ਤੇ ਚੰਗੇ ਭਾਗ ਬਣੌਂਦੋਂ, ਯਾ ਨਾਂ ਦੁਨੀਆਂ ਵਿੱਚ ਲਿਔਂਦੋਂ! ਹੁਣ ਤੇ ਹਰ ਦਮ ਸ਼ੁਕਰ ਗੁਜ਼ਾਰਾਂ, ਡਰਦਾ ਤੈਥੋਂ ਦਮ ਨਾ ਮਾਰਾਂ! ਮਤੇ ਕੁਝ ਹੋਰ ਮੁਸੀਬਤ ਪਾਵੇਂ, ਏਨੇ ਤੋਂ ਭੀ ਕਿਤੇ ਰਖਾਵੇਂ। ਹੁਣ ਸਭ ਮੇਰੀਆਂ ਸ਼ਰਮਾਂ ਤੈਨੂੰ, ਜਿੱਦਾਂ ਚਾਹੇਂ ਰੱਖੀਂ ਮੈਨੂੰ। 'ਸ਼ਰਫ਼' ਤੇਰਾ ਇਕ ਅਦਨਾ ਬੰਦਾ, ਗਲੇ ਗੁਲੱਮ ਤੇਰੇ ਦਾ ਫੰਧਾ । *ਕੈਦੀਆਂ ।

81. ਫੁੱਲ ਦਾ ਗਿਲਾ

ਮੇਰੀ ਜਾਨ ਬਹਾਰ ਪਿਆਰੀਏ ਨੀ, ਪਲ ਪਲ ਯਾਦ ਆਵੇ ਤੇਰਾ ਆ ਜਾਣਾ। ਗੂੜੀ ਨੀਂਦਰੇ ਸਬਜ਼ਿਆਂ ਸੁੱਤਿਆਂ ਨੂੰ, ਟੁੰਬ ਟੁੰਬ ਕੇ ਪੈਰ, ਜਗਾ ਜਾਣਾ। ਨਾਜ਼ਕ ਕੂਲੀਆਂ ਸੁਹਲ ਹਰਿਆਵਲਾਂ ਦਾ, ਸੁੰਦਰ ਮਖ਼ਮਲੀ ਫ਼ਰਸ਼ ਵਿਛਾ ਜਾਣਾ। ਸਾਡੇ ਬਾਗ਼ ਚੋਂ ਲੰਘਦੀ ਲੰਘਦੀ ਨੇ, ਜਾਦੂ ਨਿਗਹ ਦਾ ਜੇਹਾ ਚਲਾ ਜਾਣਾ। ਦੀਦੇ ਖੋਲ੍ਹਕੇ ਕੂਬਲਾਂ ਸੁੱਤੀਆਂ ਦੇ, ਨਾਜ਼ਕ ਟਾਹਣੀਆਂ ਉੱਤੇ ਬਿਠਾ ਜਾਣਾ। ਫਿਰਨਾ ਉੱਡਦੀ ਕਿਤੇ ਖੁਸ਼ਬੂ ਬਣਕੇ, ਬਣਕੇ ਰੰਗ ਤੇ ਕਿਤੇ ਸਮਾ ਜਾਣਾ। ਬੂਹਾ ਬਾਗ਼ ਦਾ ਖੋਲ੍ਹਣਾ ਕਿਤੇ ਆਕੇ, ਕਿਤੇ ਪਿੰਜਰੇ ਨੂੰ ਜਿੰਦਾ ਲਾ ਜਾਣਾ। ਕਿਧਰੇ ਹੰਸਣਾ ਚੰਬੇ ਦੇ ਵਿੱਚ ਵੜਕੇ, ਕਿਤੇ ਨਰਗਸ ਦੇ ਵਿੱਚ ਸ਼ਰਮਾ ਜਾਣਾ। ਕਿਧਰੇ ਦੰਦ ਸਮੁੰਦਰੀ ਮੋਤੀਆਂ ਦੇ, ਖਿੜ ਖਿੜ ਮੋਤੀਏ ਵਿੱਚ ਵਿਖਾ ਜਾਣਾ। ਕਿਤੇ ਝੁੱਗੀ ਬਣਾਉਣੀ ਰਾਖਿਆਂ ਦੀ, ਕਿਤੇ ਆਲ੍ਹਣਾ ਬੁਲਬੁਲ ਦਾ ਢਾ ਜਾਣਾ। ਬਣਕੇ ਮਹਿੰਦੀ ਦੇ ਜਿਗਰ ਦੀ ਗੱਲ ਖ਼ੂਨੀ, ਕਿਤੇ ਲਾਲਾ ਦੇ ਬੁੱਲ੍ਹਾਂ ਤੇ ਆ ਜਾਣਾ। ਜੀਭਾਂ ਸੈਂਕੜੇ ਬਖ਼ਸ਼ਕੇ ਕਿਤੇ ਮੈਨੂੰ, ਚੁੱਪ ਰਹਿਣ ਦਾ ਸਬਕ ਪੜ੍ਹਾ ਜਾਣਾ । ਮੈਨੂੰ ਅੱਲ੍ਹੜੀ ਉਮਰ 'ਚ ਮੋਹਨ ਬਦਲੇ, ਕਈਆਂ ਤਰਾਂ ਦੀ ਖੇਡ ਰਚਾ ਜਾਣਾ । ਤੈਨੂੰ ਚਾਹੀਦਾ ਨਹੀਂ ਸੀ ਜ਼ਾਲਮੇ ਨੀ, ਮੇਰੇ ਨਾਲ ਏਹ ਦਗ਼ਾ ਕਮਾ ਜਾਣਾ। ਪਹਿਲੋਂ ਚਾੜ੍ਹਕੇ ਉਚੀਆਂ ਟੀਸੀਆਂ ਤੇ, ਫੇਰ ਖ਼ਾਕ ਦੇ ਵਿੱਚ ਰੁਲਾ ਜਾਣਾ। ਤੇਰੇ ਹਾਸਿਆਂ ਵਿੱਚ ਨਾਂ 'ਸ਼ਰਫ਼' ਆਂਉਂਦਾ, ਹੁੰਦਾ ਯਾਦ ਜੇ ਤੇਰਾ ਰੁਆ ਜਾਣਾ।

82. ਹੁਸਨ ਹਕੂਮਤ

ਕਿੱਸਾ ਇਹ ਅਚਰਜ ਇੱਕ ਆਪ ਨੂੰ ਸੁਨਾਵਨਾ ਹਾਂ, ਜੇਹੜਾ ਤੁਸਾਂ ਸਣਿਆ ਨਹੀਂ ਕਦੀ ਸੰਸਾਰ ਵਿੱਚ। ਲੌਢੇ ਵੇਲੇ ਲੰਮਾ ਪਿਆ ਮੰਜੇ ਉੱਤੇ ਪੜ੍ਹਦਾ ਸਾਂ, ਕਿਸੇ ਨੇ ਛਪਾਯਾ ਹੋਇਆ ਹੈਸੀ ਅਖ਼ਬਾਰ ਵਿੱਚ। ਇੱਕ ਪਾਸੇ ਸ਼ਾਹੀ ਦੂਜੇ ਵੱਲ ਹੁਸਨ ਰੱਖਯਾ ਏ, ਮੇਰੀ ਪਿਆਰੀ ਜ਼ਿੰਦਗੀ ਲਈ ਜੰਗ ਦੇ ਬਪਾਰ ਵਿੱਚ। ਦੱਸੋ ਤੁਸੀ ਦੋਹਾਂ ਵਿੱਚੋਂ ਕੇਹੜੀ ਇੱਕ ਚੀਜ਼ ਲਵਾਂ? ਲਾਭ ਮੈਨੂੰ ਬਹੁਤੇ ਹੈਣ ਜਾਚੋ ਕੇਹੜੀ ਕਾਰ ਵਿੱਚ। ਪੜ੍ਹ ਪੜ੍ਹ ਪਰਚੇ ਨੂੰ ਮੱਤੂ ਹੋਇਆ ਸੌ ਗਿਆ ਮੈਂ, ਮੰਗ ਉਹਦੀ ਰੱਖਕੇ ਦਿਮਾਗ਼ ਦੇ ਪਟਾਰ ਵਿੱਚ। ਵੇਂਹਦਾ ਵੇਂਹਦਾ ਸੁਫਨੇਦੇ ਉੱਚੇ ਉੱਚੇ ਸ਼ਹਿਰ ਸੋਹਣੇ, ਥਕ ਟੁੱਟ ਪੁੱਜ ਗਿਆ ਭਾਗਾਂ ਦੇ ਬਜ਼ਾਰ ਵਿੱਚ। ਡਿਠਾ ਓਥੇ ਜੋ ਵੀ ਮੰਗੋ, ਸੋਈ ਓਥੋਂ ਮਿਲਦਾ ਸੀ, ਹੇਰ ਫੇਰ ਰਤੀ ਨਾਂ ਸੀ ਹੱਕ ਦੇ ਵਿਹਾਰ ਵਿੱਚ। ਦਿੱਤਿਆਂ ਵੀ ਹੋਵੇ ਚੌਣੀ ਹਰ ਇੱਕ ਸ਼ੈ ਓਥੇ, ਡਿੱਠਾ ਇਹ ਵਧੀਕ ਵਾਧਾ ਹਰੀ ਦੇ ਭੰਡਾਰ ਵਿੱਚ। ਜੰਗ ਤੇ ਬਹਾਦਰੀ ਦਾ ਡਿੱਠਾ ਇਕ ਦੇਵਤਾ ਮੈਂ, ਖ਼ੂਨੀ ਨੈਂ ਵਗਦੀ ਸੀ ਓਹਦੀ ਤਲਵਾਰ ਵਿੱਚ। ਤਲੀ ਉੱਤੇ ਸੀਸ ਰੱਖ ਜਿਹੜਾ ਓਹਨੂੰ ਲੰਘ ਜਾਵੇ, ਬਣਦੀ ਹਕੂਮਤ ਓਹਦੀ ਬਾਂਦੀ ਸੰਸਾਰ ਵਿੱਚ। ਫੇਰ ਦੇਵੀ ਜਾ ਦੇਖੀ ਰਾਜ ਤੇ ਹਕੂਮਤਾਂ ਦੀ, ਰੋਹਬ ਨਾਲ ਬੈਠੀ ਹੋਈ ਮਾਨ ਤੇ ਹੰਕਾਰ ਵਿੱਚ। *ਲੱਛਮੀ ਨੇ ਅੱਖੀਆਂ ਦੀ ਭੋਂ ਸੀ ਬਨਾਈ ਹੋਈ, ਸੁੰਦਰਤਾਈ ਝੱਲਦੀ ਸੀ ਪੱਖਾ ਦਰਬਾਰ ਵਿੱਚ। ਦੇਵੀ ਅੱਗੇ ਹੁਸਨ ਵਾਲੀ ਬੈਠੀ ਹੋਈ ਜਾ ਵੇਖੀ, ਰੰਗੀ ਹੋਈ ਜੋਬਨਾਂ ਦੇ ਰੰਗਲੇ ਖ਼ੁਮਾਰ ਵਿੱਚ । ਜ਼ੋਰ, ਰਾਜ, ਮਾਯਾ, ਤਿੰਨੇ ਇਕੋ ਈ ਨਿਗਾਹ ਨਾਲ, ਰੁੜ੍ਹ ਪੁੜ੍ਹ ਜਾਂਦੇ ਓਹਦੇ ਕੱਜਲੇ ਦੀ ਧਾਰ ਵਿੱਚ । ਰੂਹ ਕਈਆਂ ਬਿਜਲੀਆਂ ਦੇ ਖਿੱਚੇ ਜਾਨ ਅੰਬਰਾਂ ਤੋਂ, ਓਹਦੇ ਇੱਕੋ ਦੰਦ ਦੀ ਪ੍ਯਾਰੀ ਲਿਸ਼ਕਾਰ ਵਿੱਚ । ਚਿਰੇ ਹੋਏ ਸਿੱਪ ਜਹੀਆਂ ਬੁੱਲ੍ਹੀਆਂ ਜੇ ਹੱਸ ਪੈਣ, ਮੋਤੀਆਂ ਦਾ ਮੀਂਹ ਵਸੇ ਕੱਲਰਾਂ ਦੀ ਬਾਰ ਵਿੱਚ। ਲੱਖਾਂ ਤੀਰਾਂ ਨੇਜ਼ਿਆਂ ਦੇ ਰੁੱਕੇ ਪਏ ਰੜਕਦੇ ਸਨ, ਚੂੜੀਆਂ ਤੇ ਗਜਰਿਆਂ ਦੀ ਚੁਭਵੀਂ ਛਣਕਾਰ ਵਿੱਚ। ਨਿੱਕੀ ਜਹੀ ਨੱਥਲੀ ਅਦਾਵਾਂ ਤੇ ਨਿਹੋਰਿਆਂ ਦੀ, ਕੀਲਿਆ ਸੀ ਜੱਗ ਸਾਰਾ ਸੋਨੇ ਦੀ ਲਕਾਰ ਵਿੱਚ । ਚੌਧਵੀਂ ਦਾ ਚੰਦ ਓਹਦੀ ਸਾਦਗੀ 'ਚ ਲੁਕਯਾ ਸੀ, ਸੂਰਜ ਸਵੇਰ ਦਾ ਸੀ ਓਸ ਦੇ ਸ਼ਿੰਗਾਰ ਵਿੱਚ। ਅਗ੍ਹਾਂ ਜਾਕੇ ਫੇਰ ਡਿੱਠਾ ਦੇਵਤਾ ਪ੍ਰੇਮ ਦਾ ਮੈਂ, ਸੋਹਣੇ ਸੋਹਣੇ ਨਿੱਕੇ ਜਿੰਨੇ ਬਾਲ ਦੇ ਉਭਾਰ ਵਿੱਚ । ਅੱਖਾਂ ਤੋਂ ਨਦਾਰ ਅੰਨ੍ਹਾ ਫੜਕੇ ਕਮਾਨ ਹੱਥ, ਤੀਰ ਪਿਆ ਮਾਰਦਾ ਸੀ ਦਿਲਾਂ ਦੇ ਪਸਾਰ ਵਿੱਚ। ਅਕਲਾਂ ਦਾ ਦੇਵਤਾ ਬਿਰਾਜਦਾ ਨਿਗਾਹ ਪਿਆ, ਮੱਥੇ ਤੇ ਅੰਗੂਠ ਰੱਖ ਡੁੱਬਿਆ ਵਿਚਾਰ ਵਿੱਚ। ਦੇਵੀ ਇਲਮ ਵਿੱਦ੍ਯਾ ਦੀ ਬੈਠੀ ਅੱਗੇ ਜਾ ਵੇਖੀ, ਸੌ ਸੌ ਨੁਕਤੇ ਲੁਕੇ ਹੋਏ ਤਿਲਾਂ ਦੀ ਨੁਹਾਰ ਵਿੱਚ। ਕਾਲੇ ਜਹੇ ਦੁਪੱਟੜੇ ਦਾ ਪੱਲਾ ਪਾਕੇ ਮੂੰਹ ਉੱਤੇ, ਬਰਖਾ ਦੇਵੀ ਰੋਂਵਦੀ ਸੀ ਆਪਣੀ ਬਹਾਰ ਵਿੱਚ। ਫੁੱਲ ਦਾ ਬਣਾਯਾ ਤਖਤ, ਤਾਜ ਸੀ ਉਦਾਸੀਆਂ ਦਾ, ਵੇਖਿਆ ਬਸੰਤ ਰਾਜਾ ਖਿੜੀ ਗੁਲਜ਼ਾਰ ਵਿੱਚ । ਜ਼ੁਹਦ ਤੇ ਤਪੱਸਿਆ ਦੀ ਦੇਵੀ ਅਗ੍ਹਾਂ ਜਾ ਵੇਖੀ, ਕੁੱਲੀ ਘੱਤੀ ਕਾਨਿਆਂ ਦੀ ਰੱਬ ਦੇ ਪਿਆਰ ਵਿੱਚ। ਪਰੀ ਰਾਗ ਵਿੱਦ੍ਯਾ ਦੀ ਅੰਤ ਬੈਠੀ ਜਾ ਡਿਠੀ, ਖਿੰਡੇ ਹੋਏ ਪਰ ਓਹਦੇ ਜੱਗਦੇ ਖਲਾਰ ਵਿੱਚ। ਸੱਤੇ ਸੁਰਾਂ ਬੰਨ੍ਹਕੇ ਸਨ ਓਸਨੇ ਬਹਾਈਆਂ ਹੋਈਆਂ, ਡਾਢੇ ਈ ਪ੍ਰੇਮ ਨਾਲ ਆਲੀ ਸਰਕਾਰ ਵਿੱਚ। ਹੁਕਮ ਜਦੋਂ ਚਾੜ੍ਹ ਦਿੱਤਾ ਦਿਲ ਹੁਰਾਂ ਅੱਖੀਆਂ ਤੇ, ਹੱਥਾਂ ਦੀਆਂ ਉਂਗਲਾਂ ਜਾ ਬੈਠੀਆਂ ਸਤਾਰ ਵਿੱਚ। ਸੌ ਸੌ ਨੈਂ ਵਗ ਪਈ ਦਰਦ ਦੇ ਵਿਯੋਗ ਵਾਲੀ, ਤਾਰਿਆਂ ਦੇ ਕੇਸਾਂ ਜਹੀ ਇੱਕ ਇੱਕ ਤਾਰ ਵਿੱਚ। ਤਾਰ ਤਾਰ ਬੋਲੀ ਕਰਤਾਰ ਤੂੰਹੀਂ ਤਾਰਨ ਵਾਲਾ, ਜਾਪਦਾ ਨਹੀਂ ਗੁਣ ਕੋਈ ਏਸ ਔਗਣਹਾਰ ਵਿੱਚ। ਹੁਸਨ ਤੇ ਹਕੂਮਤ ਦੇ ਕਲੇਜੇ ਓਨ੍ਹੇ ਕੱਢ ਲੀਤੇ, ਮਾਰੀ ਇੱਕ ਤਾਨ ਐਸੀ ਖਿੱਚ ਕੇ ਮਲ੍ਹਾਰ ਵਿੱਚ। ਬੂਹੇ ਖੁੱਲ੍ਹੇ ਸੁਰਗਾਂ ਦੇ ਭਗਤੀਆਂ ਨੂੰ ਨਜ਼ਰ ਆਏ, ਮੈਲ ਭਿੰਨੀ ਗੋਦੜੀ ਦੇ ਪਾਟੇ ਹੋਏ ਲੰਗਾਰ ਵਿਚ। ਪੱਥਰਾਂ ਦੇ ਕਾਲਜੇ ਵੀ ਪਾਣੀ ਹੋਕੇ ਵਹਿਣ ਲੱਗੇ, ਨਿੱਕੀ ਨਿੱਕੀ ਕੈਂਸੀਆਂ ਦੀ ਮਿੱਠੀ ਟੁਨਕਾਰ ਵਿੱਚ। ਅਰਸ਼ ਸਣੇ ਅੰਬਰਾਂ ਦੇ ਖੀਵਾ ਹੋਕੇ ਝੂਲਦਾ ਸੀ, ਦੇਵਤੇ ਵਿਚਾਰੇ ਹੈਸਨ ਭਲਾ ਕਿਹੜੀ ਡਾਰ ਵਿੱਚ। ਤਾਰਿਆਂ ਅੰਗਿਯਾਰਿਆਂ ਤੇ ਨੱਚ ਨੱਚ ਕਹਿਣ ਲੱਗੀ, +ਜ਼ੁਹਰਾ ਵੀ ਏ ਮਸਤ ਹੋਕੇ ਉੱਚੀ ਜਹੀ ਪੁਕਾਰ ਵਿੱਚ। ਕਾਗ ਹੈ ਬਨੇਰੇ ਬੈਠਾ ਦੌਲਤਾਂ ਹਕੂਮਤਾਂ ਦਾ, ਉੱਡ ਜਾਵੇ ਹੁਸਨ ਵੀ ਇੱਕੋ ਹੀ ਬੁਖ਼ਾਰ ਵਿੱਚ। ਹੁਸਨ ਤੇ ਹਕੂਮਤ ਕੋਲੋਂ ਚੰਗੀ ਰਾਗ ਵਿੱਦ੍ਯਾ ਏ, ਤੈਨੂੰ ਆਖਾਂ ਬੰਦਿਆ ਮੈਂ ਲੱਖ ਤੇ ਹਜ਼ਾਰ ਵਿੱਚ। ਓਨ੍ਹਾਂ ਦੋਹਾਂ ਵਿੱਚੋਂ ਈ ਜੇ ਇੱਕ ਨੂੰ ਤੂੰ ਲੋੜਨਾ ਏਂ, ਵਰ ਲੈ ਹਕੂਮਤ ਤਾਂ ਜੱਗ ਪਰਵਾਰ ਵਿੱਚ। ਪੁੰਨ ਦਾਨ ਕਰੀਂ ਨਾਲੇ ਮਾੜਿਆਂ ਦਾ ਪੱਖ ਕਰੀਂ, 'ਸ਼ਰਫ਼' ਨਾਲੇ ਲੱਗ ਜਾਵੀਂ ਪਾਪ ਦੇ ਸੁਧਾਰ ਵਿੱਚ। *ਦੌਲਤ, ਮਾਇਆ। +ਸ਼ੁੱਕਰ ਸਤਾਰਾ, ਜਿਦ੍ਹੇ ਨਾਲ ਨਾਚ ਤੇ ਰਾਗ ਦਾ ਸੰਬੰਧ ਹੈ।

83. ਸੁੰਦਰ ਅੱਥਰੂ

ਹੰਝੂ ਓਸ ਮਾਹੀ ਦੇ ਪ੍ਯਾਰੇ, ਫੇਰ ਗਏ ਨੇ ਦਿਲ ਤੇ ਆਰੇ। ਡਿੱਗੇ ਨੇ ਇਹ ਹੰਝੂ ਪ੍ਯਾਰੇ, ਯਾ ਅੰਬਰ ਤੋਂ ਟੁੱਟੇ ਤਾਰੇ? ਲੜੀ ਦੰਦਾਂ ਦੀ ਜਦੋਂ ਪਰੋਤੀ, ਯਾ ਏਹ ਓਦੋਂ ਵਧ ਗਏ ਮੋਤੀ? ਯਾ ਏਹ ਦੋਵੇਂ ਸ਼ਮਸੀ ਹੀਰੇ, ਚੜ੍ਹ ਚਰਖੀ ਤੇ ਗਏ ਨੇ ਚੀਰੇ। ਆਹਲਣਿਆਂ ਚੋਂ ਮਾਰ ਉਡਾਰੀ, ਖ਼ੁਮਰੇ ਗੈ ਯਾ ਬੰਨ੍ਹਕੇ ਤਾਰੀ? ਯਾ ਨਰਗਸ ਦੇ ਅੰਦਰ ਡੁਬਕੇ, ਡਿੱਗੇ ਹੈਨ ਤਰੇਲੀ ਤੁਬਕੇ। ਯਾ ਦੋ ਭਰੇ ਗਲਾਸ ਗੁਲਾਬੀ, ਪੀਣ ਲਗੇ ਸਨ ਪਕੜ ਸ਼ਰਾਬੀ । ਕਤਰਾ ਕਤਰਾ ਰੋੜ੍ਹ ਵਗਾਯਾ, ਤਾਂ ਜੋ ਆਵੇ ਨਸ਼ਾ ਸਵਾਯਾ। ਯਾ ਨਰਮੇ ਦੇ ਟੀਂਡੇ ਤਿੜਕੇ, ਫੁੱਟੀ ਫੁੱਟੀ ਡਿੱਗੀ ਖਿੜ ਕੇ। ਯਾ ਹਾਸੇ ਦੀ ਬਿਜਲੀ ਵਾਲੇ, ਟੁੱਟੇ ਦੋ ਗਲੋਬ ਨਿਰਾਲੇ। ਯਾ ਏਹ ਫਲ ਦੁੱਖਾਂ ਦੇ ਟੁੱਟੇ, ਯਾ ਏਹ ਬੀਜ ਬੀਜ ਦੇ ਫੁੱਟੇ। ਯਾ ਏਹ ਸੱਚੀ ਰਾਮ ਕਹਾਣੀ, *ਕੱਚ ਵਗਾਯਾ ਕਰਕੇ ਪਾਣੀ। ਦਰਦ ਦਿਲੀ ਯਾ ਆਯਾ ਢਲ ਕੇ, ਸ਼ੀਸ਼ੇ ਬਣ ਬਣ ਮੂੰਹ ਤੇ ਡਲ੍ਹਕੇ। ਦੋਹਾਂ ਦਿਲਾਂ ਦੀ ਕਰਨ ਸਫ਼ਾਈ, ਯਾ ਇਹ ਨਿਕਲ ਹਕੀਕਤ ਆਈ। ਯਾ ਏਹ ਜਹੁਰੀ ਕਰ ਕਰ ਹੱਲੇ, ਲਾਲ ਬੁੱਲ੍ਹਾਂ ਦੇ ਪਰਖਣ ਚਲੇ, ਯਾ ਏਹ +ਪੁਤਲੀਆਂ ਖੇਲ ਵਿਖਾਏ। ਬਿਦਕੇ ਖੇਹਨੂੰ ਰੇੜ੍ਹ ਵਗਾਏ। ਯਾ ਏਹ ਦੋ ਫ਼ਰੰਗੀ ਕੱਠੇ, ਉਡਨ ਖਟੋਲਿਆਂ ਵਿੱਚੋਂ ਢੱਠੇ। ਯਾ ਦੋ ਬੱਦਲ ਕੈਰੇ ਕੈਰੇ, ਜਲ ਥਲ ਕਰ ਗਏ ਰੋਹੀਆਂ ਮੈਰੇ। ਯਾ ਹੰਸਾਂ ਦੀ ਜੋੜੀ ਪ੍ਯਾਰੀ, ਛੰਭੋਂ ਨਿਕਲੀ ਮਾਰ ਉਡਾਰੀ। ਯਾ ਬੰਦੂਕ ਦੁਨਾਲੀ ਚੱਲੀ, ਜਾਨ ਮੇਰੀ ਜਿਸ ਆਕੇ ਸੱਲੀ। ਏਹਨਾਂ 'ਜਿਹਾ ਤਰੌਂਕਾ ਲਾਯਾ, ਗੁੱਸਾ ਮੇਰਾ ਕੁੱਲ ਬੁਝਾਯਾ। ਜੇ ਓਹ 'ਸ਼ਰਫ਼' ਨ ਜਾਂਦੇ ਪੂੰਝੇ, ਫਿਰ ਜਾਂਦੇ ਤਾਂ ਮੈਨੂੰ ਹੂੰਝੇ। *ਝੂਠ। +ਅੱਖਾਂ ਦੀਆਂ ।

84. ਸਵੇਰ

ਉੱਠ ਸ਼ੇਰਾ ਸੁੱਤਿਆ ਵਗੁੱਤਿਆ ਓ ਨੀਂਦ ਦਿਆ, ਨੂਰੀ ਸਮਾਂ ਲੱਭਨਾ ਨਹੀਂ ਫੇਰ ਇਹ ਉਸ਼ੇਰ ਦਾ। ਪੱਲਾ ਲਾਹਕੇ ਮੁਖੜੇ ਤੋਂ ਖੋਲ੍ਹ ਅੱਖਾਂ ਮੀਟੀਆਂ ਨੂੰ, ਘੁੰਡ ਕਿਵੇਂ ਲੱਥਦਾ ਹੈ ਵੇਖ ਲੈ ਹਨੇਰ ਦਾ। ਲੁਕੀ ਜਾਂਦੇ ਤਾਰੇ ਸਾਰੇ ਡਰ ਮਾਰੇ ਸੂਰਜ ਤੋਂ, ਕਰਨਾ ਛਟਾਕੀਆਂ ਨੇ ਟਾਕਰਾ ਕੀ ਸੇਰ ਦਾ। ਤਾਰਾ ਨਹੀਂ ਉਸ਼ੇਰ ਦਾ ਏਹ ਕੋਕਾ ਰਾਤ ਰਾਣੀ ਦਾ ਏ, ਮਾਰ ਮਾਰ ਡਲ੍ਹਕਾਂ ਹੈ ਰਿਸ਼ਮਾਂ ਖਲੇਰਦਾ। ਤੇਰੇ ਜਹੇ ਖੀਵਿਆਂ ਤੇ ਅਕਲੋਂ ਵਗੁੱਤਿਆਂ ਨੂੰ, ਇੱਕ ਇਕ ਬੁੱਲਾ ਏਦਾਂ ਪੁਰੇ ਦਾ ਪਰੇਰਦਾ। ਛੇੜ ਛੇੜ ਲੰਘ ਜਾਵੇ ਜ਼ੁਲਫ਼ਾਂ ਨੂੰ ਮੁਖੜੇ ਤੇ, ਠੇਡੇ ਮਾਰ ਮਾਰ ਕੇ ਜਗਾਵੇ ਪਿਆ ਡੇਰ ਦਾ। ਨਿੱਛਾਂ ਤੈਨੂੰ ਭੋਲਿਆ ਓ ਐਵੇਂ ਪਈਆਂ ਆਉਂਦੀਆਂ ਨਹੀਂ, ਬਾਗ਼ੇ ਤੇਰੀ ਯਾਦ ਵਿੱਚ ਫੁੱਲ ਹੈ ਕਨੇਰ ਦਾ। ਨੂਰ ਦੇ ਸਰੂਰ ਵਿੱਚ ਗੁੱਟ ਹੋਕੇ ਏਸ ਵੇਲੇ, ਪੱਤਾ ਪੱਤਾ ਪੱਛ ਦਿਤਾ ਕੰਡਿਆਂ ਨੇ ਬੇਰ ਦਾ। ਭੁੱਬਾਂ ਮਾਰ ਮਾਰ ਕੇ ਕੰਬਾ ਦਿੱਤੀ ਜੂਹ ਸਾਰੀ, ਬੱਲੇ ਬੱਲੇ ਬੇਲੇ ਵਿੱਚ ਜਾਗਣਾ ਇਹ ਸ਼ੇਰ ਦਾ। ਕਾਵਾਂ ਤੇ ਕਬੂਤਰਾਂ ਦੀ ਮੈਂ ਮੈਂ ਤੇ ਤੂੰ ਤੂੰ ਨੇ, ਜੱਗ ਵਿਚ ਪਾ ਦਿੱਤਾ ਰੌਲਾ ਤੇਰ ਮੇਰ ਦਾ। ਸ਼ਾਮ ਦਾ ਗੁਆਚਾ ਹੋਇਆ ਖਿੱਧੋ ਵੀ ਹੈ ਲੱਭ ਪਿਆ, ਅੰਬਰਾਂ ਦੇ ਵਿੱਚ ਪਿਆ ਨੂਰੀ ਕਿਰਨਾਂ ਕੇਰਦਾ। ਮਾਰ ਮਾਰ ਬਰਛੀਆਂ ਹਨੇਰੇ ਨੂੰ ਚੁਫੇਰਿਓਂ ਈ, ਖੂਹਾਂ ਖੱਡਾਂ ਮੋਰੀਆਂ ਦੇ ਵਿਚ ਆਇਆ ਘੇਰਦਾ। ਪਿੰਜ ਪਿੰਜ ਰੂੰ ਵਾਂਗੂੰ ਕੱਢ ਦਿੱਤਾ ਧੂੰ ਵਾਂਗੂੰ, ਫਿਰ ਗਿਆ ਪਲੂ ਸਾਰੇ ਜੱਗ ਤੇ ਦਲੇਰ ਦਾ । ਫੁੱਲਾਂ ਸਿਰ ਛਤਰ ਝੁਲਾਕੇ ਜ਼ਰੀ ਬਾਦਲੇ ਦਾ, ਮੂੰਹ ਫੇਰ ਦੱਸਿਆ ਫੁਲੇਰੇ ਦੀ ਚੰਗੇਰ ਦਾ। ਉੜ ਉੜ ਮੋਤੀ ਸੁੱਚੇ ਚੁਗ ਲੈ ਤ੍ਰੇਲ ਵਾਲੇ, ਸੋਨੇ ਦੀਆਂ ਸੂਈਆਂ ਨੂੰ ਹੈ ਅੰਬਰੋਂ ਉਲੇਰਦਾ। ਜੋਗੀਆਂ ਦੇ ਲੀੜੇ ਤੇ ਮੁਹਾਂਦਰਾ ਹੈ ਦਾਨੀਆਂ ਦਾ, ਸੂਰਜ ਦਿਉਤਾ ਆ ਗਿਆ ਹੈ ਰੱਬੀ ਮਾਲਾ ਫੇਰਦਾ। ਤਿੱਖੀ ਤਿੱਖੀ ਅੱਖੇ, ਨਾਲੇ ਵੇਖਦਾ ਹੈ ਸੁੱਤਿਆਂ ਨੂੰ, ਨੂਰੀ ਦੇ +ਟੇਰੇ ਉੱਤੋਂ ਨਾਲੇ ਕਿਰਨਾਂ ਅਟੇਰਦਾ! ਉੱਠ ਉੱਠ ਲੁੱਟਦੇ ਪਏ ਰੱਬ ਦੇ ਖ਼ਜ਼ਾਨਿਆਂ ਨੂੰ, ਰਾਹ ਜਿਨ੍ਹਾਂ ਲੱਭ ਲੀਤਾ ਕਰਮਾਂ ਦੇ ਢੇਰਦਾ! ਛੋਲ੍ਹੀ ਛੋਲ੍ਹੀ ਜਾਗ ਤੂੰ ਭੀ ਪੀਆ ਨੂੰ ਰਿਝਾ ਪਿਆਰੇ, ਘਾਪਾ ਪੂਰਾ ਹੋਣਾ ਨਹੀਓਂ ਪਿੱਛੋਂ ਏਹ ਵੇਰ ਦਾ! ਜਾਹ 'ਸ਼ਰਫ਼' ਪੁੱਛ ਵੇਖ ਰੱਬ ਦੇ ਪਿਆਰਿਆਂ ਨੂੰ, ਕੇਡੇ ਗੁਣ ਰੱਖਦਾ ਏ ਜਾਗਣਾ ਸਵੇਰ ਦਾ! +ਟੇਰਾ ਜਿਹਦੇ ਉਤੇ ਸੂਤ ਦੀਆਂ ਅੱਟੀਆਂ ਪਾਕੇ ਅਟੇਰਦੇ ਨੇ ।

85. ਸਾੜੇ

ਏਹ ਜਗ ਜਿਊਣਾ ਚਾਰ ਦਿਹਾੜੇ , ਕਾਹਨੂੰ ਪਾਵੇਂ ਐਡੇ ਛਾੜੇ। ਸਭ ਕੁਝ ਰਹਿਸੀ ਏਥੇ ਤੇਰਾ, ਅੱਭਰ ਮਾਰੇਂ ਐਡੇ ਧਾੜੇ । ਉੱਚਿਆਂ ਮਹਿਲਾਂ ਵਾਲਿਆ ਬੀਬਾ, ਨਜ਼ਰ ਕਰੇਂ ਜੇ ਤੂੰ ਪਿਛਵਾੜੇ। ਵਿਚ ਕਬਰਾਂ ਦੇ ਸੁੱਤੇ ਜਾਪਨ, ਤੇਰੇ ਜਹੇ ਕਈ ਲਾੜੀਆਂ ਲਾੜੇ। ਪੰਡ ਹਿਰਸਾਂ ਦੀ ਸਿਰ ਤੇ ਚੁਕਕੇ, ਉਮਰ ਗਵਾਵੇਂ ਭੰਗ ਦੇ ਭਾੜੇ। ਆਪੇ ਸਾਰੇ ਪਰਖ ਲਵੇਂਗਾ, ਜਿਸ ਦਿਨ ਲਗੀਆਂ ਅੱਖੀਆਂ ਤਾੜੇ। ਵੇਖ ਕਿਸੇ ਨੂੰ ਪਾਸੇ ਲੂਸੇਂ, ਤੈਨੂੰ ਸਾੜਨ ਤੇਰੇ ਸਾੜੇ। ਹਸ ਹਸ ਕੇ ਹੈਂ ਬਦੀਆਂ ਕਰਦਾ, ਨੇਕੀਆਂ ਵਲੋਂ ਪੈਣ ਦੁਗਾੜੇ। ਪਰਖੇ ਜਾਸਨ ਅਮਲ ਜ਼ਰੂਰੀ, ਝੂਠੇ ਜਾਣ ਨਾ ਇਹ ਅਵਾੜੇ। 'ਸ਼ਰਫ਼' ਕਰੀਂ ਇਕ ਯਾਦ ਖ਼ੁਦਾ ਦੀ, ਮਗਰੋਂ ਲਾਹ ਦੇ ਹੋਰ ਪੁਆੜੇ ।

86. ਖਰੀਆਂ ਗੱਲਾਂ

ਲੋਹਾ ਅਸਲ ਤਲਵਾਰ ਦਾ ਹੋਵੇ ਦੂਹਰਾ, ਅਸਲ ਨਸਲ ਦੇ ਆਦਮੀ ਝੁੱਕਦੇ ਨੇ । ਵੇਲਾ ਘੁੱਸਿਆ ਕਦੀ ਨਾਂ ਹੱਥ ਆਵੇ, ਚੱਲੇ ਤੀਰ ਨਾਂ ਚਿੱਲਿਓਂ ਰੁੱਕਦੇ ਨੇ। ਔਖੀ ਬਣੀ ਤੇ ਨਜ਼ਰ ਚੁਰਾ ਜਾਂਦੇ, ਜਿਹੜੇ ਅੱਖੀਆਂ ਤੇ ਪਹਿਲੋਂ ਚੁੱਕਦੇ ਨੇ। ਧੋਖੇਬਾਜ਼ ਨਾਂ ਕਰਨ ਇਕਰਾਰ ਪੂਰੇ, ਕੀਤੇ ਸਖ਼ਨ ਤੋਂ ਮਰਦ ਨਾਂ ਉੱਕਦੇ ਨੇ। ਉਮਰ ਖ਼ਿਜ਼ਰ ਦੀ ਹੋਵੇ, ਸਮੁੰਦ੍ਰ ਤਾਂ ਵੀ, ਝੱਟੇ ਜਾਂਵਦੇ ਨਾਲ ਨਾਂ ਬੁਕ ਦੇ ਨੇ। ਕਿੱਲ ਵਾਂਗਰਾਂ ਸੀਨੇ 'ਚ ਖੁਭ ਜਾਂਦੇ, ਬੋਲ, ਸ਼ੇਅਰ ਹੁੰਦੇ ਜਿਹੜੇ ਠੁੱਕ ਦੇ ਨੇ। ਸੱਤ ਸੱਤ ਪੜਦੇ ਭਾਵੇਂ ਪਾਉਣ ਅੱਖਾਂ, ਹੰਝੂ ਦਰਦ ਦੇ ਕਦੇ ਨਾਂ ਲੁੱਕ ਦੇ ਨੇ। ਜਦੋਂ ਬੂਹੇ ਤਕਦੀਰ ਦੇ ਖੁੱਲ੍ਹ ਜਾਂਦੇ, ਓਦੋਂ ਢੋ ਸੁਲੱਖਣੇ ਢੁੱਕਦੇ ਨੇ । ਚੂਹਿਆਂ ਕੋਲੋਂ ਨਾਂ ਲੋਹੇ ਦਾ ਕੁਝ ਵਿਗੜੇ, ਐਵੇਂ ਬੁੱਲ੍ਹੀਆਂ ਵੱਢਦੇ ਟੁੱਕਦੇ ਨੇ। ਦੌਲਤ, ਦੰਮ ਤਾਂ ਖ਼ਰਚਿਆਂ ਘਟਣ ਦੋਵੇਂ, ਇਲਮ, ਅਕਲ ਨਾਂ ਵਰਤਿਆਂ ਮੁੱਕਦੇ ਨੇ। ਬੁੱਝੇ ਅੱਗ ਨਾਂ ਮੀਹ ਵਿਚ ਪੱਥਰਾਂ ਦੀ, ਲੋ ਨਾਲ ਸਮੁੰਦਰ ਨਾਂ ਸੁੱਕਦੇ ਨੇ। ਮੂਰਖ ਆਪਣਾ ਮੂੰਹ ਲਬੇੜ ਲੈਂਦੇ, 'ਸ਼ਰਫ਼' ਚੰਨ ਵੱਲੇ ਜਿਹੜੇ ਥੁੱਕਦੇ ਨੇ ।

87. ਵਿਧਵਾ ਦੀ ਅਪੀਲ

ਸ਼ਾਹੀ ਹਾਕਮਾ! ਸਦਾ ਤੂੰ ਸੁਖੀ ਵੱਸੇਂ, ਦੁੱਖਾਂ ਵਾਲੜਾ ਸੁਣੀ ਬਿਆਨ ਮੇਰਾ। ਜੰਮੀਂ ਘਰ ਪਤਵੰਤਿਆਂ ਸਾਊਆਂ ਦੇ, ਕੀਤਾ ਮਾਪਿਆਂ ਬੜਾ ਧੁਮਾਨ ਮੇਰਾ:- ਕੁੱਛੜ ਮਾਂ ਦੀ, ਗੱਦ ਪੰਘੂੜਿਆਂ ਦੀ, ਮੋਤੀ ਵਾਂਗਰਾਂ ਚਮਕਿਆ ਸ਼ਾਨ ਮੇਰਾ। ਬੈਠੀ, ਰਿੜ੍ਹੀ, ਖਲੋਤੜੀ, ਤੁਰੀ, ਨੱਸੀ, ਓੜਕ ਲੰਘਿਆ ਸਮਾਂ ਨਧਾਨ ਮੇਰਾ। ਸਈਆਂ, ਗੁੱਡੀਆਂ, ਪੀਂਘ, ਪਟੋਲ੍ਹਿਆਂ ਦਾ, ਫੇਰ ਵੱਸਿਆ ਨਵਾਂ ਜਹਾਨ ਮੇਰਾ। ਮੇਰੀ ਜ਼ਿਮੀਂ ਸੀ +ਖੇਨੂੰ ਦੀ ਬਣੀ ਹੋਈ, ਹੈਸੀ ਥਾਲਾਂ ਦਾ ਬਣਿਆਂ ਅਸਮਾਨ ਮੇਰਾ। ਚੰਗਾ ਹੁੰਦਾ ਜੇ ਓਦੋਂ ਹੀ ਮਰ ਜਾਂਦੀ, ਓਸ ਵੇਲਿਓਂ ਨਿੱਜ ਵਿਛੁੰਨੀਆਂ ਮੈਂ। ਸੋਹਣੀ ਉਮਰ ਸੀ ਬੋਦਿਆਂ ਪਲਕਿਆਂ ਦੀ, ਵਾਲ ਵਾਲ ਹੁਣ ਗ਼ਮਾਂ ਪਰੁੰਨੀਆਂ ਮੈਂ। ਓੜਕ ਵੰਡ ਪਟੋਲ੍ਹੜੇ ਸਖੀਆਂ ਨੂੰ, ਕੱਢਣ ਲੱਗ ਪਈ ਚੋਲੀਆਂ ਚੁੰਨੀਆਂ ਮੈਂ। ਪਾਣੀ ਲਾਡ ਪਿਆਰ ਦਾ ਪਾ ਪਾਕੇ, ਮਾਂ ਪਿਓ ਹੋਂਵਦਾ ਰਿਹਾ ਕੁਰਬਾਨ ਮੇਰਾ, ਗੂੜ੍ਹੀ ਛਤਰ ਛਾਂ ਮਿੱਠਿਆਂ ਪਿਆਰਿਆਂ ਦੀ, ਬੂਟਾ ਉਮਰ ਦਾ ਹੋਯਾ ਜਵਾਨ ਮੇਰਾ। ਅੰਤ ਘੜੀ ਕੁੜਮਾਈ ਦੀ ਆਣ ਢੁੱਕੀ, ਮੈਨੂੰ ਮਾਪਿਆਂ ਨੇ ਵਿਆਹ ਵਰ ਦਿੱਤਾ। ਸੋਲ੍ਹਾਂ ਵਰ੍ਹੇ ਜਿਸ ਬੂਟੇ ਨੂੰ ਪਾਲਦੇ ਰਹੇ, ਸੋਘੀ ਕਿਸੇ ਦੀ ਅੱਜ ਓਹ ਕਰ ਦਿੱਤਾ। ਚੌਂਕ ਫੁੱਲ ਪਾ ਸਗਨ ਦੇ ਤੱਤੜੀ ਨੂੰ, ਸਿਰ ਤੇ ਪਿੱਟਣਾ ਉਮਰ ਦਾ ਧਰ ਦਿੱਤਾ। ਦਿੱਤ ਦਾਜ ਦਿੱਤੀ ਐਡੀ ਪੇਕਿਆਂ ਨੇ, ਘਰ ਕੁੜਮ ਦਾ ਬੂਹੇ ਤਕ ਭਰ ਦਿੱਤਾ। ਕਲੀ ਤੋੜ ਸੰਜੋਗ ਦੇ ਬਾਗ਼ ਵਿੱਚੋਂ, ਲੈਕੇ ਚੱਲਿਆ ਕੰਤ ਸੁਲਤਾਨ ਮੇਰਾ। ਰਹਿ ਗਏ ਚਾਂਗਰਾਂ ਮਾਰਦੇ ਸਾਕ ਸਾਰੇ, ਹੋਯਾ ਜ਼ਿੰਦਾ ਜਨਾਜ਼ਾ ਰਵਾਨ ਮੇਰਾ। ਮੇਰੀ ਡੋਲੜੀ ਪਹੁੰਚ ਗਈ ਜਦੋਂ ਅੱਗੇ, ਗਿਰਦੇ ਆਣਕੇ ਵਹੁਟੀਆਂ ਬਾਲ ਹੋ ਗਏ। ਮੀਂਹ ਵਾਂਗ ਵਧਾਈਆਂ ਨੇ ਝੜੀ ਲਾਈ, ਸਹੁਰੇ ਸਰੂਆਂ ਦੇ ਵਾਂਗ ਨਿਹਾਲ ਹੋ ਗਏ। ਭਖੀਆਂ ਚੂਣੀਆਂ ਚਾਉ ਦੇ ਨਾਲ ਜਿਹੀਆਂ, ਮੁੱਖ ਸੱਸ ਨਣਾਨ ਦੇ ਲਾਲ ਹੋ ਗਏ। ਘਰ ਸਾਹੁਰੇ ਵੱਸਦੀ ਰੱਸਦੀ ਨੂੰ, ਮੈਨੂੰ ਖ਼ੁਸ਼ੀ ਅੰਦਰ ਚਾਰ ਸਾਲ ਹੋ ਗਏ। ਸੱਸ ਮਾਂ ਵਾਂਗੂੰ ਹੱਥੀਂ ਛਾਂ ਕਰ ਕਰ, ਰੱਖੇ ਧੀਆਂ ਦੇ ਵਾਂਗ ਧਿਆਨ ਮੇਰਾ। ਸਿਰੋਂ ਲਾਹ ਦੁਪੱਟੜਾ ਝਾੜਦੀ ਰਹੇ, ਪੀੜ੍ਹਾ ਸ਼ੌਕ ਦੇ ਨਾਲ ਨਿਣਾਣ ਮੇਰਾ। ਹੁਣ ਵੀ ਅੱਖੀਆਂ ਮੀਟਕੇ ਪਈ ਵੇਖਾਂ, ਨਕਸ਼ਾ 'ਕੰਤ-ਪ੍ਰੇਮ' ਦੇ ਖ਼ਵਾਬ ਦਾ ਮੈਂ। ਹਰਦਮ ਵੇਖਦਾ ਰਹਿੰਦਾ ਸੀ ਮੁੱਖ ਮੇਰਾ, ਓਹਦੇ ਲਈ ਸਾਂ ਸਫ਼ਾ ਕਿਤਾਬ ਦਾ ਮੈਂ। ਘੁੰਡੀ ਗਲਮੇ ਦੀ ਵਾਂਗ ਅੱਜ ਖੋਲ੍ਹ ਦੱਸਾਂ, ਨੁਕਤਾ ਪਿਆਰ ਦੇ ਗੁੱਝੇ ਹਿਸਾਬ ਦਾ ਮੈਂ। ਹੈਸੀ ਬੂੰਦ ਤ੍ਰੇਲ ਦੀ ਮੇਰੇ ਲਈ ਓਹ, ਓਹਦੇ ਲਈ ਸਾਂ ਫੁੱਲ ਗੁਲਾਬ ਦਾ ਮੈਂ। ਨਹੀਂ ਸਾਂ ਜਾਣਦੀ ਦੁੱਖਾਂ ਦਾ ਨਾਂ ਬੀ ਮੈਂ, ਬਣਿਆ ਹੋਯਾ ਸੀ ਸੁਰਗ ਮਕਾਨ ਮੇਰਾ। ਜੋ ਕੁਝ ਬੱਤੀਆਂ ਦੰਦਾਂ 'ਚੋਂ ਆਖਦੀ ਸਾਂ, ਸੋਈ ਹੁੰਦਾ ਸੀ ਬੋਲ ਪ੍ਰਵਾਨ ਮੇਰਾ। ਅੱਚਨਚੇਤ ਨਸੀਬਾਂ ਨੇ ਹਾਰ ਦਿੱਤੀ, ਬਾਜ਼ੀ ਸੁੱਖਾਂ ਦੀ ਦੁੱਖਾਂ ਦੇ ਹੱਥ ਗਈ। ਘੇਰਾ ਗ਼ਮਾਂ ਨੇ ਪਾਯਾ ਪ੍ਰਕਾਰ ਵਾਂਗੂੰ, ਗੁੰਮ ਹੋ ਸੁਹਾਗ ਦੀ ਨੱਥ ਗਈ। ਖੋਹਿਆ ਰੱਬ ਨੇ ਕੌਂਤ ਸੁਲਤਾਨ ਮੇਰਾ, ਰਾਜ ਭਾਗ ਵਾਲੀ ਗੱਲ ਕੱਥ ਗਈ। ਲੀੜੇ ਪਏ ਰੰਡੇਪੇ ਦੇ ਤਨ ਮੇਰੇ, ਸ਼ਾਲ ਸਗਨਾਂ ਦੀ ਸੀਸ ਤੋਂ ਲੱਥ ਗਈ। ਝੱਖੜ ਗ਼ਮਾਂ ਦਾ ਝੁੱਲਿਆ ਜਿਹਾ ਆਕੇ, ਹੋਯਾ ਖ਼ੁਸ਼ੀ ਦਾ ਬੋਲ੍ਹ ਵੈਰਾਨ ਮੇਰਾ। ਫੱਕਾ ਛੋਲਿਆਂ ਤੋਂ ਲੱਗੀ ਮਰਨ ਫ਼ਾੱਕੇ, ਐਸਾ ਰੱਬ ਹੋਯਾ ਕਹਿਰਵਾਨ ਮੇਰਾ। ਭੁੱਲਾ ਸੱਸ ਨੂੰ ਹੇਜ ਪਿਆਰ ਕਰਨਾ, ਗੱਲ ਗੱਲ ਤੇ ਮਾਰਦੀ ਕੁੱਟਦੀ ਸੀ। ਸਿਰ ਧੋਣ ਦਾ ਹੈਸਾਂ ਜੇ ਨਾਂ ਲੈਂਦੀ, ਫੜ ਫੜ ਮੇਢੀਆਂ ਮੇਰੀਆਂ ਪੁੱਟਦੀ ਸੀ। ਜੇ ਮੈਂ ਮੂੰਹੋਂ ਉਭਾਸਰਾਂ 'ਹਾਏ ਮਾਂ ਜੀ', ਸਗੋਂ ਘੰਡੀਓਂ ਪਕੜਕੇ ਘੁੱਟਦੀ ਸੀ। ਲੋਕੀ ਰੱਬ ਦਾ ਨਾਮ ਉਸ਼ੇਰ ਲੈਂਦੇ, ਤੇ ਓਹ ਉੱਠ ਲੜਾਈ ਨੂੰ ਜੁੱਟਦੀ ਸੀ। ਲਾ ਲਾ ਲੂਤੀਆਂ ਛਿੱਬੀਆਂ ਦੇ ਦੇ ਕੇ, ਦਿੱਤਾ ਤੋੜ ਨਿਣਾਨ ਨੇ ਮਾਨ ਮੇਰਾ। ਊਜਾਂ ਮੇਹਣਿਆਂ ਦੇ ਤੀਰ ਖਾ ਖਾ ਕੇ, ਹੋਯਾ ਸਰੂ ਸਰੀਰ ਕਮਾਨ ਮੇਰਾ। ਬੁਰਕੀ ਵੱਧ ਜੇ ਖੰਨੀਓਂ ਕਦੀ ਮੰਗਾਂ, ਫ਼ਾਕੇ ਲੰਘਦੇ ਸਨ ਤਿੰਨ ਤਿੰਨ ਡੰਗ ਮੈਨੂੰ। ਕਰਕੇ ਮੂੰਹ ਕਾਲਾ ਕਿਧਰੇ ਨਿਕਲ ਜਾਂਦੀ, ਮਾਰ ਗਿਆ ਸੀ ਮਾਂ ਪਿਓ ਦਾ ਨੰਗ ਮੈਨੂੰ। ਮੋਈ ਮਰੀ ਨੂੰ ਹੋਰ ਵਿਖਾਉਣ ਲੱਗੇ, ਉੱਤੋਂ ਲੇਖ ਭੀ ਏਦਾਂ ਦੇ ਰੰਗ ਮੈਨੂੰ। ਕਦੀ ਭੁੱਲ ਜੇ ਫੁੱਲ ਨੂੰ ਹੱਥ ਪਾਵਾਂ, ਵਿੱਚੋਂ ਮਾਰੇ *ਸਪੋਲੀਆ ਡੰਗ ਮੈਨੂੰ। ਜੇਕਰ ਪੜ੍ਹਾਂ ਨਮਾਜ਼, ਦੁਆ ਮੰਗਾਂ, ਹੋਵੇ ਹੋਰ ਵੀ ਸਗੋਂ ਨੁਕਸਾਨ ਮੇਰਾ। ਹੈਸੀ ਮੁਲਾਂ ਦੀ ਦੌੜ ਮਸੀਤ ਤੀਕਰ, ਓਹ ਵੀ ਟੁੱਟਿਆ ਹੱਮਾਂ ਗੁਮਾਨ ਮੇਰਾ। ਪੇਕੇ ਘਰ ਵੱਲੋਂ ਜਦੋਂ ਵੇਖਦੀ ਹਾਂ, ਮੇਰੇ ਕੰਨਾਂ ਅੰਦਰ ਸ਼ਾਂ ਸ਼ਾਂ ਹੁੰਦੀ। ਵੇਂਹਦੀ ਹਾਲ ਅੱਜ ਧੀ ਲਡਿੱਕੜੀ ਦਾ, ਜੇਕਰ ਜੀਂਵਦੀ ਜੱਗ ਤੇ ਮਾਂ ਹੁੰਦੀ। ਹੁਣ ਤੇ ਕਬਰ-ਪ੍ਰਛਾਵਾਂ ਬੀ ਲੱਭਦਾ ਨਹੀਂ, ਸਿਰ ਤੇ ਪਿਓ ਦੀ ਕਦੀ ਸੀ ਛਾਂ ਹੁੰਦੀ। ਡਾਢ ਵੀਰ ਦੀ ਆਸਰਾ ਭੈਣ ਦਾ ਨਹੀਂ, ਥਿੜੇ ਹੋਏ ਦੀ ਕੋਈ ਨਹੀਂ ਥਾਂ ਹੁੰਦੀ। ਲਗਰ ਟਿੰਗ ਨਾਂ ਦਿੱਸੇ ਕੋਈ ਦਰਦੀਆਂ ਦੀ, ਮੌਤ ਤੋੜਿਆ ਜੇਹਾ ਤਰਾਨ ਮੇਰਾ। ਟੁੰਡ ਮੁੰਡ ਕੋਈ ਹੁੰਦਾ ਹੈ ਰੁੱਖ ਜਿਵੇਂ, ਏਦਾਂ ਰਹਿ ਗਿਆ ਖੜਾ ਨਿਸ਼ਾਨ ਮੇਰਾ। ਜਾਵੇ ਜਾਨ ਨਾਂ ਸੁਖਾਂ ਦਾ ਸਾਹ ਆਵੇ, ਮੇਰੀ ਜ਼ਿੰਦਗੀ ਮੌਤ ਦੀ ਭੈਣ ਬਣ ਗਈ। ਫਿੱਕੀ ਜ਼ਿੰਦਗੀ ਦਰਦ ਬਿਨ ਲੱਗਦੀ ਸੀ, ਪੀ ਪੀ ਗ਼ਮਾਂ ਦੇ ਘੁੱਟ ਨਸ਼ੈਣ ਬਣ ਗਈ। ਹੋਰ ਕੰਮ ਦੀ ਰਹੀ ਨ ਸੜਨ ਬਾਝੋਂ, ਉਜੜੇ ਖੂਹ ਦੀ ਨਿਰੀ ਲਟੈਣ ਬਣ ਗਈ। ਦੀਵਾ ਅਕਲ ਦਾ ਗ਼ਮਾਂ ਨੇ ਗੁੱਲ ਕੀਤਾ, ਲੱਗੀ ਬਕੜਵਾਹ ਕਰਨ ਸੁਦੈਣ ਬਣ ਗਈ। ਤੋੜ ਤਾਰ ਸਰੀਰ ਦੇ ਪਿੰਜਰੇ ਦੀ, ਲੱਗਾ ਰੂਹ ਸੀ ਉੱਡਕੇ ਜਾਨ ਮੇਰਾ। ਮੈਨੂੰ ਪਕੜ ਖ਼ੁਦਕਸ਼ੀ ਦੇ ਜੁਰਮ ਅੰਦਰ, ਕਰ ਦਿੱਤਾ ਏ ਪੁਲਸ ਚਲਾਨ ਮੇਰਾ। ਅੱਗੋਂ ਹਾਕਮ ਨੇ ਏਹੋ ਨਿਆਂ ਕੀਤਾ, ਦੋਹਾਂ ਵਰਿਹਾਂ ਦੀ ਕੈਦ ਸੁਣਾ ਦਿੱਤੀ। ਨਾਂ ਮੈਂ ਗਈ ਬਹਿਸ਼ਤ ਨ ਰਹੀ ਦੋਜ਼ਖ, ਮੇਰੀ ਜਾਨ #ਐਰਾਫ਼ ਵਿਚ ਪਾ ਦਿੱਤੀ। ਲਾਕੇ ਟਿੱਲ ਕਾਨੂੰਨ ਦਾ ਕੁੱਲ ਓਹਨੇ, ਕਰੜੀ ਆਪਣੇ ਵਲੋਂ ਸਜ਼ਾ ਦਿੱਤੀ। ਪਰ ਜੇ ਮੋਤੀਆਂ ਵਾਲਿਆ ਸੱਚ ਪੁਛੇਂ, ਮੇਰੀ ਜ਼ੁਲਮ ਤੋਂ ਜਾਨ ਛੁਡਾ ਦਿੱਤੀ। ਭਾਰਤ ਮਾਤ ਦੇ ਤਾਜ ਦੀ ਕਸਮ ਮੈਨੂੰ, ਜੇਕਰ ਦੁੱਖਾਂ 'ਚ ਲਓ ਇਮਤਿਹਾਨ ਮੇਰਾ। ਕਰੇ ਬੱਤੀ ਕਰੋੜ ਦੀ ਵੱਸੋਂ ਅੰਦਰ, ਨਾਂ ਕੋਈ ਟਾਕਰਾ ਕਦੀ ਇਨਸਾਨ ਮੇਰਾ। ਮੇਰੇ ਦਰਦ ਤੇ ਦੁੱਖ ਦੀ ਸਤਰ ਵਿੱਚੋਂ, ਦੋ ਵਰਿਹਾਂ ਦੀ ਕੈਦ ਏਹ ਜ਼ੇਰ ਹੈ ਇੱਕ। ਸਤ ਸੌ ਤੀਹ ਦਿਨ ਦੀ ਚੱਕੀ ਝੌਵਨੀ ਇਹ, ਮੇਰੇ ਵਿੰਗਿਆਂ ਲੇਖਾਂ ਦਾ ਫੇਰ ਹੈ ਇੱਕ। ਪੀਹਣਾ ਜੇਹਲ ਦੇ ਮਣਾਂ ਮੂੰਹ ਦਾਣਿਆਂ ਦਾ, ਮੇਰੇ ਹੰਝੂ ਦੇ ਬੋਹਲ 'ਚੋਂ ਸੇਰ ਹੈ ਇੱਕ। ਰਾਤਾਂ ਕਾਲੀਆਂ ਜੇਹਲ ਨਿਵਾਸ ਦੀਆਂ, ਬੀਤੇ ਦਿਨਾਂ ਦੀ ਮੇਰੀ ਉਸ਼ੇਰ ਹੈ ਇੱਕ। ਛੇਤੀ ਹੁਕਮ ਹਜ਼ੂਰ ਸੁਣਾਓ ਮੈਨੂੰ, ਨਿਕਲੇ ਘੁੱਟਿਆ ਹਿਰਖ ਅਰਮਾਨ ਮੇਰਾ। ਕਿਤੇ ਨਿਆਂ ਨੂੰ ਤੁਸੀ ਵੀ ਭੁੱਲਣਾ ਨਾਂ, ਕਰਨਾ ਫੈਸਲਾ ਨੋਕ ਜ਼ਬਾਨ ਮੇਰਾ। ਲਿਖਿਆ ਜੱਜ ਨੇ ਬੜੀ ਦੁਖਿਆਰ ਹੈਂ ਤੂੰ, ਐਪਰ ਇਸਤ੍ਰੀ ਜੋ ਅਕਲਮੰਦ ਹੋਵੇ। ਜਿਉਂ ਜਿਉਂ ਦੁੱਖ ਤੇ ਔਕੜਾਂ ਕਰਨ ਹੱਲੇ, ਤਿਵੇਂ ਤਿਵੇਂ ਓਹ ਮਗਨ ਅਨੰਦ ਹੋਵੇ। ਜਿੱਦਾਂ ਸੱਪ ਦੇ ਮੂੰਹ ਵਿਚ ਹੋਏ ਮੋਤੀ, ਜਿਵੇਂ ਲਫ਼ਜ਼ ਅੰਦਰ ਅਰਥ ਬੰਦ ਹੋਵੇ। ਓਸੇ ਤਰ੍ਹਾਂ ਗ੍ਰਿਹਸਤ ਦੇ ਦੁੱਖ ਅੰਦਰ, ਪਤੀਬਰਤ ਦਾ ਰੱਖਿਆ ਚੰਦ ਹੋਵੇ। ਕਾਇਰ ਦਿਲ ਗ੍ਰਿਹਸਤ 'ਚੋਂ ਫੇਲ ਹੋਈਓਂ, ਹੈ ਇਹ ਫ਼ੈਸਲਾ ਅੱਜ ਪਹਿਚਾਨ ਮੇਰਾ। 'ਸਿਦਕ' 'ਲਾਜ' ਕਰਵਾਯਾ ਹੈ ਬਰੀ ਤੈਨੂੰ, ਪਰ ਇਹ ਯਾਦ ਰਹੇ 'ਸ਼ਰਫ਼' ਫ਼ੁਰਮਾਨ ਮੇਰਾ। +ਜ਼ਮੀਨ ਖੇਹਨੂੰ ਅਤੇ ਅਸਮਾਨ ਥਾਲ ਜੇਹਾ ਹੈ। *ਸੱਪ ਦਾ ਬੱਚਾ। #ਦੋਜ਼ਖ ਤੇ ਬਹਿਸ਼ਤ ਦੇ ਵਿਚਦਾਰ ਇਕ ਥਾਂ ਹੈ।

88. ਮੁਰਸ਼ਦ

ਮੁਰਸ਼ਦ ਮੇਰੇ ਪ੍ਰੇਮ ਪਿਆਲਾ ਐਸਾ ਮੈਨੂੰ ਪਿਆਯਾ। ਰੇਤ ਛਲੇ ਦੇ ਖੋਜਾਂ ਵਾਂਗੂੰ ਮੇਰਾ ਕਿਬਰ ਗੁਆਯਾ। ਹੋਰ ਅਚੰਭਾ ਨਜ਼ਰੀ ਆਇਆ ਮੈਨੂੰ ਜੱਗੋਂ ਬਾਹਰਾ। "ਸ਼ਰਫ਼" ਮੇਰੇ ਗਲਮੀਨੇ ਅੰਦਰ ਸੂਰਜ ਚੰਦ ਸਮਾਯਾ। ਜ਼ਾਹਿਰ ਰਹਿਣ ਨਿਮਾਣੇ ਬਣਕੇ ਰਬਦੇ ਖਾਸ ਪਿਆਰੇ। ਬਾਤਨ ਦੇ ਵਿਚ ਏਨ੍ਹਾਂ ਉੱਤੋਂ ਕੁਦਰਤ ਜਾਂਦੀ ਵਾਰੇ। ਸੁੱਟ ਰਸਾਇਨ ਨਿਗ੍ਹਾ ਪਵਿੱਤਰ ਪਰਬਤ ਸੋਨਾ ਕਰਦੇ, 'ਸ਼ਰਫ਼' ਵਿਖਾਵਨ ਇਕ ਤਿਲ ਅੰਦਰ ਸੂਰਜ ਚੰਦ ਸਤਾਰੇ। ਜਿਉਂ ਕਰ ਬੇੜੀ ਪਾਣੀ ਅੰਦਰ, ਕਰਦੀ ਹੈ ਇਹ ਕਾਰੇ। ਆਪ ਰਹੇ ਵਿਚ ਪਾਣੀ ਗਲਦੀ ਪਰ ਲੋਕਾਂ ਨੂੰ ਤਾਰੇ, ਓਹਧੇ ਵਾਂਗੂੰ ਕਰਨੀ ਵਾਲੇ ਆਪ ਜ਼ੁਲਮ ਵਿਚ ਰਹਿ ਕੇ। 'ਸ਼ਰਫ਼' ਜਹੇ ਲਖ ਪਾਪੀਆਂ ਦੇ ਨੇ ਕਰਦੇ ਪਾਰ ਉਤਾਰੇ। ਖ਼ਾਲ ਸੁੰਦ੍ਰੀ ਸ਼ਾਇਰ ਖ਼ਿਆਲ ਰੰਗੇ, ਰੰਗ ਵਾਲੜੇ ਕੱਪੜੇ ਸ਼ਾਲ ਰੰਗਣ। ਵਸਮੇਂ, ਮਹਿੰਦੀਆਂ ਲੋਕ ਖ਼ਿਜ਼ਾਬ ਲਾ ਲਾ, ਬੱਗੇ ਹੋਏ ਹੋਏ ਆਪਣੇ ਵਾਲ ਰੰਗਣ। ਕਿਰਨਾਂ ਸੂਰਜੀ ਅੰਬਰੋਂ ਕਿਰ ਕਿਰ ਕੇ, ਹੀਰੇ, ਪੰਨੇ, ਫ਼ਿਰੋਜ਼ੇ ਤੇ ਲਾਲ ਰੰਗਣ। ਹੁੰਦੇ ਰੰਗ ਇਹ ਅੰਤ ਪਰਾਹਵਣੇ ਨੇ, ਭਾਵੇਂ ਏਨ੍ਹਾਂ ਨੂੰ ਕੇਡੇ ਸੰਭਾਲ ਰੰਗਣ। ਪਿਆਰੇ ਰੱਬ ਦੇ ਨਾਮ ਤੋਂ ਕੋਰਿਆਂ ਨੂੰ, ਜਹੇ ਨਿਗ੍ਹਾ-ਪਵਿੱਤਰ ਦੇ ਨਾਲ ਰੰਗਣ। 'ਸ਼ਰਫ' ਮਰਨ ਦੇ ਬਾਦ ਭੀ ਲੱਥਦੀ ਨਹੀਂ, ਚਾੜ੍ਹ ਦੇਂਦੇ ਨੇ ਐਸੀ ਕਮਾਲ ਰੰਗਣ।

89. ਕੁਰਬਾਨੀ

ਦਮ ਦਿੱਤਿਆਂ ਬਾਝ ਨਹੀਂ ਦੱਮ ਮਿਲਦਾ, ਬਿਨਾਂ ਦੱਮ ਦੇ ਢੋਏ ਨਹੀਂ ਢੋਏ ਜਾਂਦੇ। ਬਾਝ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗ਼ਮਾਂ ਦੇ ਬਾਝ ਨਹੀਂ ਰੋਏ ਜਾਂਦੇ। ਦਰਦ ਬਾਝ ਨਹੀਂ ਸੀਨੇ ਵਿਚ ਛੇਕ ਪੈਂਦਾ, ਛੇਕ ਬਾਝ ਨਹੀਂ ਮੋਤੀ ਪਰੋਏ ਜਾਂਦੇ। 'ਸ਼ਰਫ਼' ਦਾਗ਼ ਗ਼ੁਲਾਮੀ ਦੇ ਦੇਸ਼ ਉੱਤੋਂ, ਕੌਮੀ ਅਣਖ ਦੇ ਬਾਝ ਨਹੀਂ ਧੋਏ ਜਾਂਦੇ। ਜਦੋਂ ਕਿਸੇ ਭੀ ਕੌਮ ਤੇ ਦੇਸ਼ ਅੰਦਰ, ਆਕੇ ਵਾ ਆਜ਼ਾਦੀ ਦੀ ਵੱਗਦੀ ਏ। ਓਸ ਮੁਲਕ ਦੇ ਸੱਚਿਆਂ ਆਸ਼ਕਾਂ ਨੂੰ, ਰਹਿੰਦੀ ਹੋਸ਼ ਨਾਂ ਸੀਸ ਤੇ ਪੱਗ ਦੀ ਏ। ਘਰ ਉਜੜਦੇ ਸੈਂਕੜੇ ਮੱਖੀਆਂ ਦੇ, ਬੱਤੀ ਮੋਮ ਦੀ ਤਾਂ ਇੱਕ ਜੱਗਦੀ ਏ। 'ਸ਼ਰਫ਼' ਖ਼ੂਨ ਗ਼ਰੀਬਾਂ ਦੇ ਨੁਚੜ ਜਾਂਦੇ, ਮਹਿੰਦੀ ਹੋਰਨਾਂ ਦੇ ਹੱਥੀਂ ਲੱਗਦੀ ਏ। ਬਹੁਤੇ ਦੁੱਖ ਓਹ ਝੱਲਦੇ ਦੇਸ਼ ਬਦਲੇ, ਬੰਦੇ ਕੌਮ ਦੇ ਜੇਹੜੇ ਦਲੇਰ ਹੁੰਦੇ। ਇੱਟਾਂ ਉਸੇ ਨੂੰ ਬਹੁਤੀਆਂ ਪੈਂਦੀਆਂ ਨੇ, ਜਿਹੜੀ ਬੇਰੀ ਦੇ ਨਾਲ ਨੇ ਬੇਰ ਹੁੰਦੇ। ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ, ਕੈਦ ਪਿੰਜਰੇ ਬਾਜ਼ ਤੇ ਸ਼ੇਰ ਹੁੰਦੇ। ਕਤਰੇ ਲਹੂ ਤੇ ਪਾਣੀ ਦੇ ਬੰਦ ਹੋਕੇ, 'ਸ਼ਰਫ਼' ਮੋਤੀ ਤੇ ਮੁਸ਼ਕ ਨੇ ਫੇਰ ਹੁੰਦੇ। ਜ਼ੁਲਮ ਜਬਰ ਦਾ ਸੀਨਾ ਪਾੜੇ, ਜਾਕੇ ਜੇਹੜੀ ਕਾਨੀ, ਦੁਨੀਆਂ ਅੰਦਰ ਕਾਇਮ ਰੱਖੇ, ਜੇਹੜੀ ਨਾਮ ਨਿਸ਼ਾਨੀ। ਦੇਸ਼, ਕੌਮ ਦੇ ਪੈਰੋਂ ਜੇਹੜੀ, ਸੰਗਲ-ਗੁਲਾਮੀ ਲਾਹੇ, ਜੱਗ ਅੰਦਰ ਓਹ 'ਸ਼ਰਫ਼' ਪਿਆਰੇ, ਦੇਵੀ ਹੈ ਕੁਰਬਾਨੀ।

90. ਚਕਵੀ-ਚਕਵਾ

ਵੈਰਨ ਸ਼ਾਮ ਕਿੱਥੋਂ ਇਹ ਆਈ, ਪਾਈ ਜਿਸਨੇ ਆਣ ਜੁਦਾਈ। ਜੂਹ ਸੁੰਞੀ ਇਹ ਸ਼ਾਂ ਸ਼ਾਂ ਕਰਦੀ, ਮੈਂ ਇਕਲਾਪੀ ਜਾਨੀ ਡਰਦੀ। ਦਿਲ ਮੇਰੇ ਤੇ ਚਲਦੇ ਆਰੇ, ਮੈਂ ਰੋਵਾਂ ਤੇ ਹਸਦੇ ਤਾਰੇ। ਕਰਨ ਬਖੇੜੇ ਚਿਟੀਆਂ ਚਿਟੀਆਂ, ਪੱਥਰ ਮਾਰਨ ਮੈਨੂੰ +ਗਿਟੀਆਂ। ਐਸੀ ਆਕੇ ਕਾਲੀ ਵਰਤੀ, ਬਦਲੇ, ਦੋਵੇਂ ਅੰਬਰ ਧਰਤੀ। ਪ੍ਰੇਮ ਸਿੰਧ ਵਿਚ ਭਾਰੀ ਤਰਦੇ, ਦਿਨ ਸਾਰਾ ਰਹੇ ਦਰਸ਼ਨ ਕਰਦੇ। ਬਰਦੀ ਪਾ ਹੁਣ ਕਾਲੀ ਕਾਲੀ, ਆ ਗਈ ਰਾਤ ਜੁਦਾਈਆਂ ਵਾਲੀ। ਪੈ ਗਿਆ ਡਾਢਾ ਜ਼ੁਲਮ ਹਨੇਰਾਂ, ਨਜ਼ਰੀ ਆਵੇ ਮੁਖ ਨਾ ਤੇਰਾ। ਸੂਰਤ ਤੇਰੀ ਹੋ ਗਈ ਓਹਲੇ, ਰੋ ਰੋ ਅੱਖਾਂ ਮੋਤੀ ਡੋਹਲੇ। ਕੰਤ, ਵਿਛੁੰਣੀ ਬੈਠ ਉਰਾਰੋਂ, ਲਾਂ ਕਨਸੋਆਂ ਤੇਰੀਆਂ ਪਾਰੋਂ। ਸੁਣ ਸੁਣ ਤੇਰਾ ਛੜਾ ਅਵਾਜ਼ਾ, ਕੰਵਲ, ਦਿਲੇ ਦਾ ਹੋਵੇ ਤਾਜ਼ਾ, ਉੱਚੀ ਉੱਚੀ ਜਾਂ ਤੂੰ ਬੋਲੇਂ, ਮੀਟੇ ਪੱਤੇ ਸਾਰੇ ਖੋਲ੍ਹੇਂ। ਭਾਵੇਂ ਮੈਨੂੰ ਨਜ਼ਰ ਨਾ ਆਵੇਂ, ਪਰ ਜਦ ਉੱਚੀ ਬੋਲ ਸੁਣਾਵੇਂ। ਵਾਜ ਤੇਰੀ ਵਿਚ ਅਜਬ ਸਫ਼ਾਈ, ਸ਼ੀਸ਼ੇ ਵਾਂਗੂੰ ਰੱਬ ਬਣਾਈ ! ਜਦ ਏਹ ਸ਼ੀਸ਼ਾ ਸਾਹਵੇਂ ਆਵੇ, ਸੁਰਤ ਤੇਰੀ ਸਾਫ਼ ਦਿਖਾਵੇ! ਮੈਨੂੰ ਏਸੇ ਸ਼ੀਸ਼ੇ ਅੰਦਰ, ਦਿਸਦੀ ਤੇਰੀ ਸ਼ਕਲ ਸਕੰਦਰ! ਸੁੰਦਰ ਬੋਲ ਰਸੀਲਾ ਥਿਰਕੇ, ਸਾਹਵੇਂ ਆਵੇਂ ਤੂੰ ਫਿਰ ਫਿਰਕੇ! ਵਾਜ ਤੇਰੀ ਵਿਚ ਖਿੱਚ ਅਨੋਖੀ, ਮਰ ਮਰ ਜਾਂਦੇ ਸੁਣਕੇ ਦੇਖੀ! 'ਸ਼ਰਫ਼' ਮੋਈ ਮੈਂ ਸੁਣਕੇ ਜੀਵਾਂ, ਆਬ ਹਯਾਤ ਪਿਆਲਾ ਪੀਵਾਂ! +ਤਾਰਿਆਂ ਦਾ ਗੁੱਛਾ।

91. ਅੱਖੀਆਂ ਤੇ ਦਿਲ

ਬੜੇ ਧਵ੍ਹੇਂ ਦੇ ਨਾਲ ਇਹ ਕਿਹਾ ਦਿਲ ਨੇ:- 'ਲਾਹੋ' ਸਿਰੋਂ ਖ਼ੁਮਾਰ ਦਾ ਭਾਰ ਅੱਖੀਓ! ਸਣੇ ਕਾਕਿਆਂ ਆਕਿਆਂ ਵਾਂਗ ਮੇਰਾ, ਤੁਸਾਂ ਛੱਡਿਆ ਰੋਹਬ ਵਿਸਾਰ ਅੱਖੀਓ! ਮੇਰਾ ਰਾਜ ਸਰੀਰ ਦੇ ਦੇਸ਼ ਅੰਦਰ, ਤੁਸੀ, ਮੇਰੀਆਂ ਕਾਰ- ਗੁਜ਼ਾਰ ਅੱਖੀਓ! ਸਾਰੇ ਅੰਗਾਂ ਨੇ ਮੰਨਿਆ ਸ਼ਾਹ ਮੈਨੂੰ, ਮੇਰੇ ਹੁਕਮ ਤੋਂ ਤੁਸੀਂ ਬੇਜ਼ਾਰ ਅੱਖੀਓ? ਅੱਗੋਂ ਖੁੱਲ੍ਹਕੇ ਬੋਲੀਆਂ, ਬਿਨਾ ਸੰਗੋਂ, ਕੱਜਲ ਗਾਨੀਆਂ ਗਲੇ ਸਵਾਰ ਅੱਖੀਆਂ:- 'ਆਇਓਂ ਬੁੱਧੂਆ, ਤੂੰ ਕਿਥੋਂ ਬੁੱਧ ਵਾਲਾ, ਜਿਨ੍ਹੇ ਜਾਣੀਆਂ ਹੈਨ ਬੇਕਾਰ ਅੱਖੀਆਂ! ਅੰਨ੍ਹੇ ਡੰਗ ਨਾਂ ਮਾਰਦੋਂ ਵਾਂਗ ਠੂੰਹੇਂ, ਲੈਦੋਂ ਵੇਖ ਜੇ ਕਦੀ ਇਕਵਾਰ ਅੱਖੀਆਂ! ਬਾਦਸ਼ਾਹਾਂ ਦੇ ਰੜੇ ਵਿਚ ਕਰਨ ਟੋਟੇ, ਹੋਵਨ ਐਸੀਆਂ ਸਿਪਹਸਾਲਾਰ ਅੱਖੀਆਂ! ਭਰੇ ਭੇਤ ਦੋ ਜੱਗ ਦੇ ਜਿਨ੍ਹਾਂ ਅੰਦਰ, ਇਹ ਦੋ ਡੱਬੀਆਂ ਨੇ ਅਲੋਕਾਰ ਅੱਖੀਆਂ! ਚਾਹੜ ਦੇਦੀਆਂ 1ਜ਼ੋਹਰਾ ਨੂੰ ਅਰਸ਼ ਉੱਤੇ, 2ਸੂਰਜ ਅੰਬਰੋਂ ਲੈਣ ਉਤਾਰ ਅੱਖੀਆਂ! ਜ਼ਰਾ ਵੇਖ ਗੁਲਾਬ ਜਹੇ ਮੁੱਖੜੇ ਤੇ, ਲਾਈ ਕਿਸਤਰਾਂ ਨਾਲ ਬਹਾਰ ਅੱਖੀਆਂ! ਬੁੱਲ ਫੁੱਲ ਅਨਾਰ ਦੇ ਦੰਦ ਚੰਬਾ, ਸੋਹਣੀ ਨਰਗਸੀ ਖੜੀ ਗੁਲਜ਼ਾਰ ਅੱਖੀਆਂ! ਮਸਤ ਬੈਠੀਆਂ, ਹੁਸਨ ਦੇ ਫੁੱਲ ਉੱਤੇ, ਖੰਭ ਭੌਰਿਆਂ ਵਾਂਗ ਖਿਲਾਰ ਅੱਖੀਆਂ! ਜਿਵੇਂ ਹੁਸਨ ਜਵਾਨੀ ਦਾ ਰੂਪ ਹੋਏ, ਤਿਵੇਂ ਹੁਸਨ ਦਾ ਹੈਨ ਸ਼ਿੰਗਾਰ ਅੱਖੀਆਂ! ਚਿੱਟੀ ਚੀਰਨੀਂ ਦੁੱਧ ਦੀ ਨਹਿਰ ਨਿਕਲੀ, ਚੀਰ ਚੀਰ ਆਂਦੀ ਕਾਲੀ ਧਾਰ ਅੱਖੀਆਂ! ਸੁੰਦਰ ਬੇੜੀਆਂ ਤਰਦੀਆਂ ਆਬਨੂਸੀ, ਠਾਠਾਂ ਮਾਰਵੇਂ ਹੁਸਨ ਵਿਚਕਾਰ ਅੱਖੀਆਂ! ਸੁੰਦਰ ਜਾਦੂੜਾ ਘੱਤ ਕੱਜਲੇ ਦਾ, ਜਾਦੂਗਰਨੀਆਂ ਕਰਨ ਖ਼ਵਾਰ ਅੱਖੀਆਂ! ਪਕੜ ਪਕੜਕੇ ਚੰਦ ਇਹ ਦੂਜ ਵਾਲੇ, ਕਿਧਰੇ ਕਰਨ ਕਮਾਨ ਤੱਯਾਰ ਅੱਖੀਆਂ! ਤੀਰ ਪਲਕਾਂ ਦੇ ਇੱਕੋ ਨਿਗਾਹ ਅੰਦਰ, ਕਰਨ ਸੀਨਿਓਂ ਪਾਰ ਹਜ਼ਾਰ ਅੱਖੀਆਂ? ਧਾਰ ਸੁਰਮੇ ਦੀ, ਪੱਟ ਦੀ ਬਨੇ ਪੇਟੀ ਬੰਨ੍ਹਣ ਲੱਕ ਦੇ ਨਾਲ ਤਲਵਾਰ ਅੱਖੀਆਂ! ਜਾਲ ਰੇਸ਼ਮੀ, ਘੱਤਕੇ ਲਾਲ ਡੋਰੇ, ਕਰਨ ਹਰਨ ਦੇ ਵਾਂਗ ਸ਼ਿਕਾਰ ਅੱਖੀਆਂ! ਪਾਕ ਬੀਵੀਆਂ ਨੀਵੀਆਂ ਜਦੋਂ ਹੋਵਣ, ਜਾਪਣ ਸ਼ਰਮ ਹਜ਼ੂਰ ਸਰਕਾਰ ਅੱਖੀਆਂ! ਦੋਹਾਂ ਦਿਲਾਂ ਦੇ ਹੋਂਵਦੇ 3ਸੱਠ ਟੋਟੇ, ਜਦੋਂ ਹੱਸਕੇ ਹੁੰਦੀਆਂ ਚਾਰ ਅੱਖੀਆਂ, ਨੱਚਨ, ਸੱਧਰਾਂ ਪੁਤਲੀਆਂ ਬਣ ਬਣ ਕੇ, ਜਦੋਂ ਕਰਦੀਆਂ ਲਾਡ ਪ੍ਯਾਰ ਅੱਖੀਆਂ! ਆਲੇ ਭੋਲੜੇ ਭਾ, ਇਹ ਖੋਭ ਦੇਵਣ, ਕਦੀ ਜਿਗਰ ਦੇ ਵਿੱਚ ਕਟਾਰ ਅੱਖੀਆਂ! ਭਰੀ ਪਰ੍ਹੇ ਅੰਦਰ ਚੁੱਪ ਕੀਤੀਆਂ ਏਹ, ਲੈਣ, ਸੈਨਤਾਂ ਨਾਲ ਵੰਗਾਰ ਰੱਖੀਆਂ! ਤਾਰੇ ਤੋੜਕੇ ਲਾਹੁੰਦੀਆਂ ਕਦੀ ਅਰਸ਼ੋਂ, ਚੰਚਲ ਤਿੱਖੀਆਂ ਸ਼ੋਖ ਉਡਾਰ ਅੱਖੀਆਂ! ਕਦੀ ਭੁੱਲੀਂ ਨਾਂ ਵੇਖਕੇ ਲੜਦੀਆਂ ਨੂੰ, ਮੇਲ ਸੁਲਹ ਦੇ ਕਰਨ ਇਕਰਾਰ ਅੱਖੀਆਂ! ਸੱਤਵੇਂ ਅੰਦਰੋਂ ਖਿੱਚਕੇ ਬਾਹਰ ਕੱਢਣ, ਬੰਨ੍ਹਣ ਜਦੋਂ ਪ੍ਰੇਮ ਦੀ ਤਾਰ ਅੱਖੀਆਂ! ਸ਼ਕਤੀ ਰੂਹ ਦੀ ਸੁੱਟਕੇ ਖੋਜ ਉੱਤੇ, ਲੈਣ ਡਾਚੀ ਦੀ ਮੋੜ ਮੁਹਾਰ ਅੱਖੀਆਂ! ਜਿਨ੍ਹਾਂ ਵਿੱਚੋਂ ਗੁਮਾਨ ਦੀ ਦਿਸੇ ਸੂਰਤ, ਇਹ ਉਹ ਹੈਨ ਸ਼ੀਸ਼ੇ ਚਮਕਦਾਰ ਅੱਖੀਆਂ! ਜਿਹੜਾ ਇਹਣਾਂ ਦੀ ਨਜ਼ਰ ਤੇ ਭੁਲ ਜਾਵੇ, ਵੇਚਣ ਓਸਨੂੰ 4ਮਿਸਰ ਬਾਜ਼ਾਰ ਅੱਖੀਆਂ! ਫਿਰ ਫਿਰ ਰਾਤ ਦਿਨ ਬੱਗੀਆਂ ਕਾਲੀਆਂ ਇਹ, ਪਈਆਂ ਗਾਹੁੰਦੀਆਂ ਹੈਨ ਸੰਸਾਰ ਅੱਖੀਆਂ! 'ਸ਼ਰਫ਼' ਇਹੋ ਜਹੀ ਹੋਰ ਨਹੀਂ ਕੋਈ ਨੇਹਮਤ, ਜਿਹੋ ਜਹੀਆਂ ਏਹ ਹੈਨ ਸਰਕਾਰ ਅੱਖੀਆਂ! 1. ਜ਼ੋਹਰਾ ਵੇਸ਼ਵਾ ਉਤੇ ਦੋ ਫਰਿਸ਼ਤੇ ਮੋਹਤ ਹੋ ਗਏ ਸਨ ਤੇ ਓਨ੍ਹਾਂ ਪ੍ਰੇਮ ਵਿੱਚ ਮੱਤਿਆਂ ਉਸਨੂੰ ਅਕਾਸ਼ ਵਿੱਚ ਉੱਡਣਾ ਸਿਖਾ ਦਿਤਾ। 2. ਵਲੀ ਸ਼ੱਮਸ ਤਬਰੇਜ਼ ਨੇ ਮਾਸ ਦੀ ਬੋਟੀ ਭੁੰਨਣ ਲਈ ਅੱਖਾਂ ਨਾਲ ਘੂਰਕੇ ਸੂਰਜ ਨੂੰ ਹੇਠਾਂ ਬੁਲਾ ਲਿਆ ਸੀ। 3. ਤਿੱਬ ਯੂਨਾਨੀ ਅਨੁਸਾਰ ਦਿਲ ਦੇ ਤੀਹ ਟੋਟੇ ਹੁੰਦੇ ਹਨ। 4. ਯੂਸਫ਼ ਨੇ ਇਕ ਦਿਨ ਸ਼ੀਸ਼ੇ ਵਿਚੋਂ ਆਪਣੀ ਸੁੰਦਰਤਾ ਵੇਖਕੇ ਹੰਕਾਰ ਕੀਤਾ ਕਿ ਜੇ ਮੈਂ ਕਿਤੇ ਵਿਕਣ ਜਾ ਪਵਾਂ ਤਾਂ ਮੇਰਾ ਮੁੱਲ ਕੋਈ ਵੀ ਨਾਂ ਦੇ ਸਕੇ। ਪਰ ਰੱਬ ਦੀ ਕਰਨੀ ਐਸੀ ਹੋਈ ਕਿ ਮਿਸਰ ਦੇ ਬਾਜ਼ਾਰ ਵਿਚ ਉਸਦਾ ਮੁਲ ਇਕ ਬੁੱਢੀ ਨੇ ਸੂਤ ਦੀ ਕੁੱਲ ਇਕ ਅੱਟੀ ਪਾਇਆ। ਇਹ ਵੇਖਕੇ ਓਹਦਾ ਘੁਮੰਡ ਟੁੱਟਾ ਤੇ ਓਹਨੇ ਤੋਬਾ ਕੀਤੀ।

92. ਫੁੱਲਾਂ ਦੀ ਫ਼ਰਿਆਦ

ਤੂੰ ਜੋ ਐਡਾ ਆਢਾ ਲਾਯਾ? ਦੱਸ ਤੇਰਾ ਕੀ ਅਸਾਂ ਗਵਾਯਾ? ਚੜ੍ਹੋ ਖਤੀ ਤੂੰ ਐਡੀ ਕੀਤੀ, ਪਕੜ ਤਲਾਸ਼ੀ ਸਾਡੀ ਲੀਤੀ! ਹਰ ਇਕ ਸਾਡੀ ਗਠੜੀ ਫੋਲੀ, ਮੀਟੀ ਮੁੱਠ ਪੱਤਾਂ ਦੀ ਖੋਲ੍ਹੀ! ਨਾ ਕੋਈ ਸਾਡੇ ਦੋਸ਼ ਨਿਤਾਰੇ, ਝਸੇ ਦੇਵੇਂ ਹੁਝਕੇ ਮਾਰੇਂ! ਐਵੇਂ ਮਾਰੇਂ ਪਈ ਚਪੇੜਾਂ, ਨਾਜ਼ਕ ਜੁੱਸੇ ਪੈਣ ਤਰੇੜਾਂ! ਐਡ ਸਾਨੂੰ ਧੱਪੇ ਲਾਏ, ਚੇਹਰੇ, ਸਾਡੇ ਲਾਲ ਬਣਾਏ! ਆਉਂਦੀ ਜਾਂਦੀ ਧੱਕੇ ਮਾਰੇਂ, ਫੇਰੇ ਪਾਉਂਦੀ ਮੂਲ ਨਾ ਹਾਰੇਂ, ਬੇਸ਼ਰਮੇ ! ਤੂੰ ਸ਼ਰਮ ਨਾ ਖਾਵੇਂ, ਖ਼ਾਕ ਰਾਹਾਂ ਦੀ ਪਈ ਉਡਾਵੇਂ! ਫਿਰਦੀ ਰਹਿਨੀਏਂ ਨਿੱਤ ਅਵਾਰਾ, ਤੈਥੋਂ ਤੰਗ ਬਾਗ ਹੈ ਸਾਰਾ! ਨਹੀਂ ਰਹਿਣੀ ਏਹ ਸਦਾ ਜਵਾਨੀ, ਕਾਹਨੂੰ ਹੋਈਓਂ ਮਸਤ ਦੀਵਾਨੀ! ਅਸੀ ਇਥੇ ਹੀ ਵਖਤਾਂ ਮਾਰੇ, ਚਹੁੰ ਦਿਨਾਂ ਦੇ ਹਾਂ ਵਣਜਾਰੇ! ਵਹਿਮ ਨਾਂ ਹੋਵੇ ਤੈਨੂੰ ਕੋਈ, ਇੱਟ ਅਸਾਂ ਨਹੀਂ ਲਾਈ ਹੋਈ! ਦਿਨਾਂ ਦਾ ਸਾਡਾ ਡੇਰਾ, ਤੈਨੂੰ ਸ਼ਹਿਰ ਮੁਬਾਰਕ ਤੇਰਾ! ਰੱਬ ਸਬਬ ਜਦੋਂ ਕਰ ਦੇਸੀ, ਤੁਰ ਜਾਵਣਗੇ ਇਹ ਪ੍ਰਦੇਸੀ! ਖ਼ਬਰੇ ਤੋੜ ਕਿਸੇ ਨੇ ਖੜਨਾ ਖ਼ਬਰੇ ਟਾਹਣੀਓਂ ਥੱਲੇ ਝੜਨਾ! ਲੁਕ ਛਿਪਕੇ ਹਾਂ ਸਮਾ ਲੰਘਾਂਦੇ, ਨਹੀਂ ਕੁਝ ਚੁਕਦੇ, ਨਹੀਂ ਚੁਰਾਂਦੇ! ਸਗਵਾਂ ਤੈਨੂੰ ਅਤਰ ਲਗਾਈਏ, ਖਿੜ ਖਿੜਕੇ ਖ਼ੁਸ਼ਬੂ ਰਚਾਈਏ! ਸਾਨੂੰ ਛੋਹਕੇ ਜਿੱਧਰ ਜਾਵੇਂ, ਓਧਰ ਹੀ ਤੂੰ ਇੱਜ਼ਤ ਪਾਵੇਂ! ਬੇਫ਼ੈਜ਼ੇ ਕੁਝ ਫ਼ੈਜ਼ ਪਛਾਣੀਂ, ਬੇਦਰਦੇ ਕੁਝ ਦਰਦ ਸਿਆਣੀਂ! ਰੱਬ ਦੇ ਖੌਫ਼ੋਂ ਹਰ ਦਮ ਡਰ ਨੀ, ਜ਼ੁਲਮ ਗ਼ਰੀਬਾਂ ਤੇ ਨਾ ਕਰ ਨੀ! ਜਿਸ ਦਿਨ ਪਾਉਣੀ ਹਾਰ ਗ਼ਰੀਬਾਂ ਤੈਨੂੰ ਦੇਣੀ ਹਾਰ ਨਸੀਬਾਂ ! ਹੋ ਸੁਦੈਣ , ਫਿਰੇਂਗੀ ਭੌਂਦੀ, ਘੱਟਾ ਮਿੱਟੀ ਸਿਰ ਵਿੱਚ ਪੌਂਦੀ। ਹਰ ਇੱਕ ਗੁਠੋਂ ਖਾ ਖਾ ਝਾੜਾਂ, ਸਿਰ ਪਾੜੇਂਗੀ ਨਾਲ ਪਹਾੜਾਂ! 'ਸ਼ਰਫ਼' ਫੁੱਲਾਂ ਨੇ, ਹਾੜੇ ਪਾਏ:- 'ਨਾ ਕਰ ਐਡਾ ਜ਼ੁਲਮ ਹਵਾਏ!'

93. ਧੀ ਦੀ ਕਬਰ ਉੱਤੇ ਮਾਂ

ਉੱਠ ਉੱਠ ਧੀਏ ਕੁਰਬਾਨ ਤੇਰੀ ਨੀਂਦ ਉੱਤੋਂ ਤੇਰੇ ਕੋਲ ਆਈ ਅੱਜ ਅੰਬੜੀ ਪਿਆਰੀ ਤੇਰੀ! ਗੋਡੇ ਗੋਡੇ ਦਿਨ ਉੱਤੋਂ ਚੜ੍ਹ ਆਯਾ ਵੇਖ ਤੇ ਸਹੀ, ਅਜੇ ਤਾਈਂ ਲੱਥਦੀ ਨਹੀਂ ਸੁੱਤੀਏ ਖ਼ੁਮਾਰੀ ਤੇਰੀ? ਗੋੱਲੀਆਂ ਦੇ ਵਾਂਗ ਤੈਨੂੰ ਅੱਜ ਪਈ ਜਗਾਵਨੀਆਂ, ਵੇਖ ਕੇਡੀ ਭਾਂਵਦੀ ਏ ਮੈਨੂੰ ਸਰਦਾਰੀ ਤੇਰੀ! ਖੋਲ੍ਹ ਖੋਲ੍ਹ ਅੱਖੀਆਂ ਤੂੰ ਵੇਖ ਲੈ ਸ਼੍ਹਜ਼ਾਦੀਏ ਨੀ, ਵੇਖਦੀਏ ਰਾਹ ਤੇਰਾ ਬਹਿਣ ਵਾਲੀ ਬਾਰੀ ਤੇਰੀ! ਜੰਦਰਾ ਤੇ ਮਾਰ ਓਹਨੂੰ ਵੇਖ ਲੈ ਨਿਸ਼ੰਗ ਚੱਲ, ਖੁੱਲ੍ਹੀ ਪਈ ਹੋਈਏ ਨੀ ਧੀਏ ਅਲਮਾਰੀ ਤੇਰੀ! ਸਾਂਭ ਸੂਤ ਸੋਹਣੀਏਂ ਨੀ ਗੁੱਡੀਆਂ ਪਟੋਲਿਆਂ ਨੂੰ, ਮੇਰੇ ਤੋਂ ਨਾ ਹੋਵੇ ਕੱਠੀ ਖੇਡ ਇਹ ਖਿਲਾਰੀ ਤੇਰੀ! ਫੁੱਲ ਵਾਂਗ ਵਿੰਨਿ੍ਹਆ ਕਰੋਸ਼ੀਏ ਨੇ ਦਿਲ ਸਾਡਾ, ਵੇਖ ਵੇਖ ਪਿੱਟੀਏ ਨੀ ਪੱਟ ਦੀ ਪਟਾਰੀ ਤੇਰੀ! ਜਦੋਂ ਸਈਆਂ ਤੇਰੀਆਂ ਵਿਛੋੜੇ ਵਿੱਚ ਰੋਂਦੀਆਂ ਨੇ, ਅੱਖ ਉੱਤੇ ਪੱਟੀ ਬੰਨ੍ਹੇ ਸੂਈ ਵੀ ਵਿਚਾਰੀ ਤੇਰੀ! ਤੈਨੂੰ ਈ ਸੁਹੰਢਣਾ ਏਹ ਹੋਵੇ ਬੱਚੀ ਦਾਜ ਤੇਰਾ, ਸਾਨੂੰ ਤਾਂ ਇਹ ਫੱਬਦੀ ਨਹੀਂ ਗੋਟਾ ਤੇ ਕਨਾਰੀ ਤੇਰੀ! ਸ਼ੀਸ਼ਿਆਂ ਦੇ ਨਗਾਂ ਵਾਲੀ ਕੰਘੀ ਜੇੜ੍ਹੀ ਛੱਡ ਆਈਓਂ, ਸੀਨੇ ਸਾਡੇ ਚੀਰਦੀ ਓਹ ਨਿੱਕੀ ਜਹੀ ਆਰੀ ਤੇਰੀ! ਫੁੱਲ ਜੇਹਾ ਮੁੱਖ ਤੇਰਾ ਸਰੂ ਕੱਦ ਵਾਲੀਏ ਨੀ, ਪੱਤੇ ਪੱਤੇ ਵਿੱਚ ਦੱਸੇ ਸਾਨੂੰ ਫੁਲਕਾਰੀ ਤੇਰੀ! ਸਾਂਭੀ ਐਸੀ ਛੇਤੀ ਹੱਟ ਉਮਰ ਦੀ ਵਣਜਾਰੀ ਏ ਤੂੰ, ਰਹਿ ਗਈ ਵੰਗਾਂ ਕਾਂਟਿਆਂ ਦੀ ਪਈ ਮੁਨਿਆਰੀ ਤੇਰੀ! ਜੋੜੇ ਕਈ ਲਾਹੁੰਦੀ ਤੇ ਪਾਉਂਦੀ ਸੈਂ ਦਿਨ ਵਿੱਚ, ਇੱਕੋ ਹੀ*ਪੁਸ਼ਾਕ ਹੁਣ ਕਿਕੂੰ ਬਣੀ ਪਿਆਰੀ ਤੇਰੀ! ਤੇਰਾ ਤਾਂ ਵਿਆਹ ਭਲਾ ਰਹਿ ਗਿਆ ਸੀ ਇੱਕ ਪਾਸੇ, ਗਹਿਣਿਆਂ ਦੇ ਨਾਲ ਰਹਿ ਗਈ ਗੁੱਡੀ ਵੀ ਸ਼ਿੰਗਾਰੀ ਤੇਰੀ! ਪੱਕਿਆਂ ਚੁਬਾਰਿਆਂ ਦੇ ਵਿੱਚ ਰਹਿਣ ਵਾਲੀਏ ਨੀ, ਵਾ ਨਾਲ ਢੱਠਦੀਏ ਗਜ਼ ਦੀ +ਅਟਾਰੀ ਤੇਰੀ! ਸੋਹਣੀ ਧੌਣ ਵਾਲੀਏ! ਕਬੂਤਰੀ ਦੇ ਵਾਂਗ ਸਾਨੂੰ, ਅੱਚਨਚੇਤ ਕੁੱਠ ਗਈ ਤਿੱਖੜੀ ਉਡਾਰੀ ਤੇਰੀ! ਮਣਾਂ ਮੂੰਹੀਂ ਮਿੱਟੀਆਂ ਦਾ ਭਾਰ ਕੀਕਰ ਝੱਲਦੀਏ, ਫੁੱਲ ਨਾ ਸਹਾਰਦੀ ਸੀ ਦੇਹ ਜੋ ਪਿਆਰੀ ਤੇਰੀ। ਕਾਲੀ ਕਾਲੀ ਰਾਤ ਸੁੰਞੀ, ਚੰਦ ਮੁਖ ਵਾਲੀਏ ਨੀ, ਘੂਰਨ ਵਾਲੇ ਤਾਰਿਆਂ 'ਚ ਕੀਕੂੰ ਬੀਤੇ ਸਾਰੀ ਤੇਰੀ? ਮੋਏ ਹੋਏ ਸੱਪ ਤੇਰੇ ਦਿੱਸਦੇ #ਸਪਾਧਣੇ ਨੀਂ, ਖੁੱਲ੍ਹੀ ਹੋਈ ਗੁੱਤ ਵੀ ਨਹੀਂ ਕਿਸੇ ਨੇ ਸਵਾਰੀ ਤੇਰੀ! ਸੌ ਸੌ ਵਾਰੀ ਦਿਨ ਵਿੱਚ ਰੁੱਸੀ ਨੂੰ ਮਨਾਂਵਦੇ ਸਾਂ, ਏਥੇ ਕੌਣ ਕਰਦਾ ਏ ਦੱਸ ਦਿਲਦਾਰੀ ਤੇਰੀ? ਕੰਮ ਕਾਜ ਵੱਲੋਂ ਜੇ ਤੂੰ ਰੁੱਸੀਏਂ ਸੁਚੱਜੀਏ ਨੀ, ਕਰ ਲਾਂ ਗੀ ਆਪ ਈ ਮੈਂ ਬਹੁਕਰ ਬੁਹਾਰੀ ਤੇਰੀ! ਚੱਲ ਧੀਏ ਘਰ ਚੱਲ ਓਪਰੇ ਜਹੇ ਸ਼ਹਿਰ ਵਿੱਚੋਂ, ਕੱਲਿਆਂ ਨਹੀਂ ਰਹਿਣ ਚੰਗਾ ਉਮਰ ਏ ਕਵਾਰੀ ਤੇਰੀ! ਸਾਡੀ ਕੁੱਖੋਂ ਜੰਮਕੇ ਨਾਂ ਛਲ ਸਾਨੂੰ ਸ਼ੇਹਲੀਏ ਨੀ, ਸਾਡੇ ਪਿੱਛੋਂ ਆਵਣੀ ਏ ਮੌਤ ਦੀ ਵੀ ਵਾਰੀ ਤੇਰੀ! 'ਸ਼ਰਫ਼' ਜੇਤੂੰ ਹੁਣ ਭੀ ਨਾਂ ਗਈਓਂ ਉੱਠ ਨਾਲ ਮੇਰੇ, ਤੇਰੇ ਕੋਲ ਈ ਰਹੇਗੀ ਤਾਂ ਅੰਮਾਂ ਦੁਖਿਆਰੀ ਤੇਰੀ! *ਕਫ਼ਨ +ਕਬਰ #ਸਪੇਰਨ।

94. ਦੋ ਮਜ਼ਦੂਰ

ਪਹਿਲਾ ਬੋਲਿਆ ਯਾਰ ਕੀ ਹਾਲ ਦੱਸਾਂ, ਸੁੰਞੇਂ ਮਹਿੰਗ ਨੇ ਬੜਾ ਹੈਰਾਨ ਕੀਤਾ! ਏਧਰ ਅੱਜ ਕਰਖਾਨੇ ਦੇ ਮਾਲਕਾਂ ਨੇ, ਛਾਂਟੀ ਕਰਨ ਦਾ ਨਵਾਂ ਏਲਾਨ ਕੀਤਾ! ਦਿੱਤੀ ਤੋੜ ਤਨਖਾਹ ਹੈ ਬਹੁਤਿਆਂ ਦੀ, ਸਰਵਿਸ ਵੱਲ ਨਾਂ ਜ਼ਰਾ ਧਿਆਨ ਕੀਤਾ! ਹਫ਼ਤਾ ਇੱਕ ਜਰਮਾਨੇ ਦਾ ਹੋਯਾ ਅੱਭਰ, ਗਿਆ ਲੇਟ ਨਾਂ ਕੋਈ ਨੁਕਸਾਨ ਕੀਤਾ! ਮਾਰ ਲਈ ਗ੍ਰੈਜੂਏਟੀ ਬੁੱਢਿਆਂ ਦੀ, ਮੇਰੇ ਨਾਲ ਭੀ ਏਹੋ ਅਹਿਸਾਨ ਕੀਤਾ! ਮੇਰੇ ਬਾਪ ਦਾ ਬੋਨਸ ਭੀ ਘੁੱਟ ਬੈਠੇ, ਏਸ ਸੱਟ ਨੇ ਓਹਨੂੰ ਕਮਾਨ ਕੀਤਾ! ਕੀਤੀ ਬੰਦ ਤਰੱਕੀ ਹੈ ਸਾਰਿਆਂ ਦੀ, ਓਵਰ ਟਾਈਮ ਨਾਲੇ ਬੇ ਨਿਸ਼ਾਨ ਕੀਤਾ! ਜ਼ਰਦਾ ਸਮਝ ਕੇ ਖਾ ਗਏ ਕੁੱਲ +ਭੱਤਾ, ਸਾਨੂੰ ਜੱਗ ਅੰਦਰ ਪਰੇਸ਼ਾਨ ਕੀਤਾ! ਕਰਕੇ ਬੰਦ ਮੁਆਵਜ਼ਾ ਫੱਟੜਾਂ ਦਾ, ਮੁਰਦਾ ਅੰਤ ਦੇ ਵਿੱਚ ਵੈਰਾਨ ਕੀਤਾ। ਹੈਸਨ, ਕਾਲ-ਐਲਾਉਂਸ ਦੇ ਦੋ ਮਿਲਦੇ, ਅੱਗੋਂ ਲਈ ਉਹ ਬੰਦ ਬਿਆਨ ਕੀਤਾ! ਡਿਊਟੀ ਕਰ ਦਿੱਤੀ ਨਾਲੇ ਦਸ ਘੰਟੇ, ਹਰ ਕੋਈ ਤੰਗ ਲੁਹਾਰ ਤਰਖਾਨ ਕੀਤਾ! ਛੁੱਟੀ ਬਿਨਾਂ ਤਨਖਾਹ ਭੀ ਨਹੀਂ ਦਿੰਦੇ, ਐਡੇ ਕਹਿਰ ਦਾ ਨਵਾਂ ਸਾਮਾਨ ਕੀਤਾ ! ਹੁੰਦੀ ਖ਼ਬਰ ਦੇ ਪਾਸ ਭੀ ਨਹੀਂ ਮਿਲਨੇ, ਨੌਕਰ ਹੋਣ ਦਾ ਨਿੱਜ ਗੁਮਾਨ ਕੀਤਾ! ਪੜ੍ਹੇ ਕੋਈ ਨਮਾਜ਼ ਨਾਂ ਕੰਮ ਅੰਦਰ, ਇਹ ਮੈਨੇਜਰ ਨੇ ਕੱਲ ਫ਼ਰਮਾਨ ਕੀਤਾ! ਮਾਰ ਲਿਆ ਹੈ ਸਾਈਕਲ ਐਲਾਉਂਸ ਨਾਲੇ, ਬੜੇ ਦਿਨ ਇਹ ਐਤਕੀਂ ਦਾਨ ਕੀਤਾ! ਅੱਗੋਂ ਵਾਸਤੇ ਰੇਟ ਘਟਾ ਦਿੱਤੇ, ਇਹ ਭੀ ਮਰਦਿਆਂ ਅਸਾਂ ਪਰਵਾਨ ਕੀਤਾ! ਡੈਮਫੂਲ ਦੇ ਗਲੇ ਵਿਚ ਹਾਰ ਪਾ ਪਾ, ਸਭਨਾਂ ਕਿਰਤੀਆਂ ਦਾ ਆਦਰ ਮਾਨ ਕੀਤਾ! ਗੱਲ ਗੱਲ ਤੇ ਠੁੱਡ ਦੀ ਢੁੱਡ ਵੱਜੇ, ਵੈਰੀ ਢਿੱਡ ਨੇ ਪਸੂ ਇਨਸਾਨ ਕੀਤਾ! 'ਸ਼ਰਫ਼' ਐਸੀ ਗ਼ੁਲਾਮੀ ਨੂੰ ਕਰਾਂ ਸਦਕੇ, ਆਦਮ ਜੂਨ ਨੂੰ ਜਿਨ੍ਹੇ ਕੁਰਬਾਨ ਕੀਤਾ! ਮੇਰਾ ਦੁਖੜਾ ਸੁਣੀਂ ਹੁਣ ਕੰਨ ਧਰਕੇ, ਤੂੰ ਤੇ ਆਪਣਾ ਹਾਲ ਸੁਣਾ ਲਿਆ ਏ! ਏਸ ਕਾਲ ਦੇ ਕਾਲ ਹਮਾਤੜਾਂ ਨੂੰ, ਫੜਕੇ ਛੋਲਿਆਂ ਵਾਂਗ ਉਧਾਲਿਆ ਏ। ਇੱਕੋ ਕੁੱਲਾ ਸੀ ਸੀਸ ਲੁਕਾਨ ਵਾਲਾ, ਵੇਚ ਵੱਟ ਚਰੋਕਣਾ ਖਾ ਲਿਆ ਏ! ਖੋਭੇ ਵਿੱਚ ਹਾਂ ਗੋਡਿਆਂ ਤੀਕ ਧਸਿਆ, ਬੋਬਾ ਸੀਸ ਤੇ ਬੜਾ ਚੜ੍ਹਾ ਲਿਆ ਏ! ਲਾਂਘਾ ਨਾਲ ਤਨਖ਼ਾਹ ਦੇ ਲੰਘਦਾ ਨਹੀਂ, ਖਾਣਾ ਪੀਣਾ ਭੀ ਬੜਾ ਘਟਾ ਲਿਆ ਏ! ਕਰਕੇ ਬੁੱਚੀ ਬਿਠਾਈ ਭਰਜਾਈ ਤੇਰੀ, ਨੱਕ ਕੰਨ ਸਾਰਾ-ਗਹਿਣੇ ਪਾ ਲਿਆ ਏ! ਹੈਸਨ ਨੱਤੀਆਂ ਕੁੜੀ ਦੇ ਕੰਨ ਪਾਈਆਂ, ਜਾਕੇ ਅਜ ਮੈਂ ਉਹਨਾਂ ਨੂੰ ਢਾਲਿਆ ਏ! ਜੀਆ ਜੰਤ ਸੀ ਕੱਲ ਦਾ ਸਭ ਫ਼ਾਕੇ, ਵੇਚ ਵਾਚ ਕੇ ਟੁੱਕ ਖੁਆਲਿਆ ਏ! ਹੁਣ ਤਾਂ ਰਿਹਾ ਨਹੀਂ ਸਤਰ ਲੁਕਾਣ ਜੋਗਾ, ਪਿਛਲਾ ਪਿਆ ਸੀ ਕੁੱਲ ਹੰਡਾ ਲਿਆ ਏ! ਬਿਜਲੀ ਕਾਲ ਨੇ ਹੈ ਜਦ ਦੀ ਆਣ ਡੇਗੀ, ਦੀਵਾ ਰਾਤ ਨੂੰ ਕਦੇ ਨਾਂ ਬਾਲਿਆ ਏ! +ਸਫ਼ਰ ਖ਼ਰਚ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਬੂ ਫ਼ੀਰੋਜ਼ਦੀਨ ਸ਼ਰਫ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ