Sun Ve Mahiya/Mahia : Karamjit Kaur Kishanwal

ਸੁਣ ਵੇ ਮਾਹੀਆ : ਕਰਮਜੀਤ ਕੌਰ ਕਿਸ਼ਾਂਵਲ

ਜੱਗਬੀਤੀ ਤੇ ਹੱਡਬੀਤੀ

ਸੋਚ ਮੇਰੀ ਦੇ ਬੂਹੇ ਉੱਤੇ
ਦਸਤਕ ਕਿਸ ਨੇ ਕੀਤੀ?
ਕਿਸ ਨੇ ਵੜ ਸੋਚਾਂ ਦੇ ਵਿਹੜੇ
ਮੇਰੀ ਸੋਚ ਵਿਲੱਖਣ ਕੀਤੀ?
ਉਹਦੇ ਚਾਨਣ, ਚਾਨਣ ਕੀਤਾ
ਅੰਬਰ ਦੀ ਅੱਜ ਕਾਲਖ ਪੀਤੀ
ਉਹੀਓ ਕਾਲਖ ਬਣ ਗਈ ਸਿਆਹੀ
ਕਲਮ ਮੇਰੀ ਨੇ ਰੱਜ-ਰੱਜ ਪੀਤੀ
ਕਾਗਜ਼ ਦੀ ਅਸਾਂ ਹਿੱਕ ਦੇ ਉੰਤੇ
ਲਿਖ ਦਿੱਤੀ ਕੁਝ ਜੱਗਬੀਤੀ ਤੇ ਹੱਡਬੀਤੀ!

………………………
ਕੁਝ ਸ਼ਬਦ ਅਰਥੋਂ ਸੱਖਣੇ
ਕੁਝ ਅਰਥ ਸ਼ਬਦੋਂ ਵਾਂਝੇ
ਕੁਝ ਤੂੰ ਸੁਣ ਨਾ ਸਕਿਆ
ਤੇ ਕੁਝ ਮੈਂ ਕਹਿ ਨਾ ਸਕੀ
ਕੋਰੇ ਸ਼ਬਦ ਤੇ ਖਾਲੀ ਅਰਥ
ਸਹਿਕਦੇ ਰਹੇ ਖਲਾਅ ਅੰਦਰ!

1. ਬਿਰਹਾ ਦਾ ਗੀਤ

ਰੋਜ਼ ਸਰਘੀ ਦੇ ਵੇਲੇ ਜਦੋਂ
ਪੰਛੀ ਕੋਈ ਗੀਤ ਗਾਏਗਾ
ਮੇਰੇ ਨੈਣਾਂ ਦੀ ਸਿੱਲ੍ਹੀ ਰੇਤ 'ਤੇ
ਇੱਕ ਸੁਪਨਾ ਮਰ ਜਾਏਗਾ

ਤਪਸ਼ਾਂ ਦੀ ਜੂਹ ਲੰਘ ਕੇ
ਆਥਣ ਦਾ ਵੇਲਾ ਆਏਗਾ
ਇੱਕ ਨਿੱਘ ਸੋਹਣੇ ਚੰਨ ਦਾ
ਮੇਰੇ ਸੁਪਨੇ ਨੂੰ ਸਹਿਲਾਏਗਾ

ਇਸ ਅਲਾਣੇ ਸਫ਼ਰ ਤਹਿਤ
ਜਦ ਸ਼ਹਿਰ ਤੇਰਾ ਆਏਗਾ
ਨੈਣਾ ਦਾ ਸਾਗਰ ਛਲਕੇਗਾ
ਬਿਰਹਾ ਦਾ ਗੀਤ ਗਾਏਗਾ

'ਕਰਮ' ਦੇ ਬੁਰਿਆਂ ਕਰਮਾਂ ਦੀ
ਕੋਈ ਕਹਾਣੀ ਜਦੋਂ ਸੁਣਾਏਗਾ
ਫਿਰ ਜਿਗਰ ਤੇਰਾ ਰੋਏਗਾ
ਮੁੱਖੜਾ ਤੇਰਾ ਮੁਸਕਰਾਏਗਾ ।

2. ਨੀ ਜਿੰਦ ਮੇਰੀਏ

ਜ਼ਿਹਨ ਤੇਰੇ ਦੀ ਫੱਟੀ ਉੰਤੇ
ਸੂਰਜ ਰੰਗੀ ਗਾਚੀ ਫੇਰੀ,
ਨੀ ਜਿੰਦ ਮੇਰੀਏ
ਕਿਰਨਾਂ ਪਾਏ ਪੂਰਨੇ
ਅੱਖਰਾਂ ਦੀ ਉਮਰ ਲੰਬੇਰੀ,
ਨੀ ਜਿੰਦ ਮੇਰੀਏ
ਹੋ ਜਾਵਣ ਹਰਫ਼ ਪਕੇਰੇ ਜੋ
ਹੋਠਾਂ ਸੰਗ ਕਲਮ ਛੁਹਾਈ,
ਨੀ ਜਿੰਦ ਮੇਰੀਏ
ਕਿਹੜੇ ਸ਼ਹਿਰੋਂ ਕਲਮ ਖ਼ਰੀਦੀ,
ਪ੍ਰੀਤਾਂ ਦੀ ਤ੍ਰਿਹਾਈ,
ਨੀ ਜਿੰਦ ਮੇਰੀਏ
ਜਦ ਸਖੀਆਂ ਗੀਟੇ ਖੇਡੀਆਂ
ਤੂੰ ਖੇਡੀ ਖੇਡ ਅਵੱਲੜੀ,
ਨੀ ਜਿੰਦ ਮੇਰੀਏ
ਬਿਰਹਾ ਤੇਰੇ ਅੰਗ-ਸੰਗ ਖੇਡੇ
ਤੂੰ ਏਂ ਡਾਹਢੀ 'ਕੱਲੜੀ,
ਨੀ ਜਿੰਦ ਮੇਰੀਏ
ਤਾਰਿਆਂ ਸੰਗ ਤੂੰ ਖੇਡ ਰਚਾਈ
ਉਹ ਵੀ 'ਕੱਲੇ-'ਕਹਿਰੇ,
ਨੀ ਜਿੰਦ ਮੇਰੀਏ
ਤਾਰੇ ਤੈਨੂੰ ਰਾਤੀਂ ਲੱਭਦੇ,
ਤੂੰ ਤਾਰਿਆਂ ਨੂੰ ਸਿਖਰ-ਦੁਪਹਿਰੇ,
ਨੀ ਜਿੰਦ ਮੇਰੀਏ
ਰਾਤੋਂ ਲੰਬੀਆਂ ਤੇਰੀਆਂ ਬਾਤਾਂ
ਗੀਤਾਂ ਭਰੇ ਹੁੰਗਾਰੇ,
ਨੀ ਜਿੰਦ ਮੇਰੀਏ
ਗੀਤ ਸੁਵਖ਼ਤੇ ਸੌਂ ਜਾਂਦੇ
ਰਾਤਾਂ ਦੇ ਲਾ ਕੇ ਲਾਰੇ,
ਨੀ ਜਿੰਦ ਮੇਰੀਏ
ਤੇਰਿਆਂ ਗੀਤਾਂ ਪੀੜਾਂ ਚੁੰਮੀਆਂ
ਪੀੜਾਂ ਕੌਣ ਹੰਢਾਊ,
ਨੀ ਜਿੰਦ ਮੇਰੀਏ
ਨੀਂਦ-ਵਿਯੋਗੇ ਨੈਣਾ ਦੇ ਵਿੱਚ
ਸੁਪਨੇ ਕੌਣ ਸਜਾਊ,
ਨੀ ਜਿੰਦ ਮੇਰੀਏ

3. ਅੱਜ ਦਾ ਦਿਨ

ਬਾਪ ਦੇ ਮੂਕ ਹੋਠਾਂ ਦੀ
ਥਰਕਣ ਵਾਂਗੂੰ
ਠੰਡ ਨਾਲ਼ ਨੀਲੇ ਹੋਏ
ਹੱਥਾਂ ਵਰਗੇ ਅੰਬਰ 'ਤੇ
ਮਾਂ ਦੇ ਬਿਮਾਰ ਚਿਹਰੇ ਦੀ
ਪਲੱਤਣ ਜਿਹਾ ਸੂਰਜ ਇਹ
ਅੱਜ ਦਾ ਦਿਨ ਹੈ!
ਅੱਜ ਦੇ ਦਿਨ ਦੀ
'ਸਿਖਰ ਦੁਪਹਿਰ' ਹੈ
ਮੇਰੀ ਵੀ ਜ਼ਿੰਦਗੀ ਦਾ
'ਦੂਜਾ ਕੁ ਪਹਿਰ' ਹੈ
ਮੈਂ ਲੱਭ ਰਹੀ ਹਾਂ
ਦੋਸਤੀਆਂ ਦੀ ਮਹਿਕ ਜੇਹੀ
ਕੋਈ ਕਿਰਨ!
ਪਰ ਸੁਣਿਐ,
ਅੱਜ ਦੇ ਸੂਰਜ ਨੂੰ
ਮੱਠਾ-ਮੱਠਾ ਤਾਪ ਹੈ
ਫਿਰ ਭਲਾ
ਕਿਰਨਾਂ ਉਹਤੋਂ ਦੂਰ ਕਿਵੇਂ ਹੋਣ?
ਕਿਰਨਾਂ ਦੀ ਬੇਵੱਸੀ ਸੰਗ ਵਿੰਨ੍ਹਿਆ
ਇਹ ਅੱਜ ਦਾ ਦਿਨ ਹੈ ਬਿਮਾਰ
ਸੂਰਜ ਨੂੰ
ਨੇਰ੍ਹਿਆਂ ਨੇ ਕੱਜਣਾ ਹੈ
ਜੀ ਕੀਤਾ,
ਮੂੰਹ ਵੇਖ ਆਵਾਂ
ਕੀ ਵਿਸਾਹ ਬਿਮਾਰ
ਸੂਰਜ ਦਾ?
ਖੌਰੇ ਭੁੱਲ ਹੀ ਜਾਵੇ ਮੁੜਨਾ
ਥਿੜਕ-ਥਿੜਕ ਕੇ ਬੀਤਿਆ
ਇਹ ਅੱਜ ਦਾ ਦਿਨ ਸੀ!

4. ਤੇਰੀ ਯਾਦ

ਉੱਠੀ ਸਾਂ ਬੂਹਾ ਢੋਣ ਨੂੰ
ਵੇਖਿਆ ਕਿ ਤੇਰੀ ਯਾਦ ਆਈ
ਅੰਬਰ ਦੀ ਸਿਆਹੀ ਡੁੱਲ੍ਹ ਗਈ
ਹਾਏ! ਕਲਮਾਂ ਨੇ ਪਾਈ ਦੁਹਾਈ
ਯਾਦ ਤੇਰੀ ਨੇ ਬਾਤਾਂ ਪਾਈਆਂ
ਅਸੀਂ ਜਾਗੇ ਰੈਣ-ਸੁਬਾਈ
ਯਾਦ ਤੇਰੀ ਦਾ ਸਾਹ ਉਖੜਿਆ
ਸਾਡੀ ਜਾਨ ਮੁੱਠੀ ਵਿੱਚ ਆਈ
ਯਾਦ ਤੇਰੀ ਨੇ ਮੰਗਿਆ ਪਾਣੀ
ਅੰਬਰੋਂ ਬੱਦਲੀ ਉੰਤਰ ਆਈ
ਨੀਲੀ ਬੱਦਲੀ ਯਾਦ ਤੇਰੀ ਨੇ
ਭਰ-ਭਰ ਕੌਲ ਮੁਕਾਈ
ਯਾਦ ਤੇਰੀ ਦਾ ਲੂੰ-ਲੂੰ ਕੰਬਿਆ
ਇਸ਼ਕ ਮੇਰੇ ਨੇ ਧੂਣੀ ਲਾਈ
ਜਿੰਦ-ਕਲਮ ਨੇ ਪਾਤੀ ਘੱਲੀ
ਕਿਰਨਾਂ ਦੀ ਟੋਲੀ ਆਈ
ਸੂਰਜ ਨੇ ਬਿੜਕਾਂ ਲਈਆਂ
ਕਿਰਨਾਂ ਨੇ ਅੱਗ ਧੁਖਾਈ
ਯਾਦ ਤੇਰੀ ਨੂੰ ਸੇਕ ਅੱਪੜਿਆ
ਨਸ-ਨਸ ਪੰਘਰ ਆਈ
ਹਾਲ ਜੋ ਪੁੱਛਿਆ ਯਾਦ ਤੇਰੀ ਦਾ
ਸਾਡੇ ਨੈਣੀਂ ਤੱਕ ਮੁਸਕਾਈ
ਡੂੰਘਾ ਸਾਹ ਭਰ ਯਾਦ ਤੇਰੀ ਨੇ
ਰਹਿੰਦੀ ਬਾਤ ਮੁਕਾਈ
ਉਮਰਾਂ ਜੇਡ ਲੰਬੇਰੀ ਸੀ ਜੋ
ਬਾਤ ਮੁੱਕਣ 'ਤੇ ਆਈ
ਯਾਦ ਤੇਰੀ ਨੇ ਹਉਂਕਾ ਭਰਿਆ
ਅਸੀਂ ਬਾਹੀਂ ਭਰ ਚੁੱਪ ਕਰਾਈ
ਸੋਚ ਲੰਬੇਰੀ ਵਾਟ ਤੇਰੀ
ਅਸੀਂ ਦੇਹ ਦੀ ਚਾਟੀ ਲਾਹੀ
ਖੋਹ ਕੇ ਚਾਟੀ ਹੱਥੋਂ ਸਾਡਿਉਂ
ਹੋਠਾਂ ਸੰਗ ਛੁਹਾਈ
ਦੁੱਧ ਨਾ ਹੋਠੀਂ ਲੱਗਿਆ
ਬੱਦਲੀ ਮੂੰਹੋਂ ਆਣ ਲੁਹਾਈ
ਯਾਦ ਤੇਰੀ ਸੀ ਕੇਹੀ ਆਈ
ਪਰਤ ਗਈ ਤ੍ਰਿਹਾਈ
ਕਿਰਨਾਂ ਵੀ ਪਿੱਛੇ ਭੱਜੀਆਂ
ਸੂਰਜ ਨੇ ਪਾਈ ਦੁਹਾਈ
ਯਾਦ ਤੇਰੀ ਦਾ ਲੰਬਾ ਪੈਂਡਾ
ਸੂਰਜ ਦੀ ਕਰਜ਼ਾਈ!

5. ਅਜੀਬ-ਯਾਤਨਾ

ਇਹ ਕੇਹਾ ਮਾਤਮ ਛਾ ਗਿਆ
ਕਲੀਆਂ ਦੇ ਵਿਹੜੇ ਵੇ
ਅੱਜ ਕੌਣ ਭੌਰਾ ਲੈ ਗਿਆ
ਖੋਹ ਕੇ ਕਲੀਆਂ ਤੋਂ ਖੇੜੇ ਵੇ

ਇਹ ਕੇਹੀ ਪੌਣ ਵਗੀ ਏ
ਅੰਬੀਆਂ ਦੇ ਬਾਗ਼ੀਂ ਵੇ
ਰੋਣੇ ਦੀ ਝਲਕ ਪੈਂਦੀ ਏ
ਕੋਇਲਾਂ ਦੇ ਰਾਗੀਂ ਵੇ

ਅੱਜ ਕੌਣ ਡਾਚੀ ਲੈ ਗਿਆ
ਓਪਰੇ ਰਾਹੀਂ ਵੇ
ਥਲਾਂ ਦਾ ਰੇਤਾ ਠਰ ਗਿਆ
ਪੈੜਾਂ ਨੂੰ ਭਰ ਕੇ ਬਾਹੀਂ ਵੇ

ਇਹ ਵੈਣ ਕਿਹੜੀ ਮਾਂ ਦੇ
ਖ਼ਲਾਅ ਅੰਦਰ ਸਹਿਕਦੇ
ਇਹ ਕੀਹਦੀ ਝਾਂਜਰ ਟੁੱਟ ਗਈ
ਇਹ ਸਾਹ ਕੀਹਦੇ ਸਹਿਕਦੇ

ਅੱਜ ਕੌਣ ਆ ਕੇ ਮੁੜ ਗਿਆ
ਸਿਖਰ-ਦੁਪਹਿਰੇ ਵੇ
ਤਰਕਾਲਾਂ ਕਿਉਂ ਚੁੱਪ ਕੀਤੀਆਂ
ਲੱਗੀ ਕਿਹੜੀ ਗਾਰਦ ਪਹਿਰੇ ਵੇ

ਇਹ ਗੀਤ ਸੂਹਾ ਰੱਤੜਾ
ਕੀਹਦੇ ਸਾਜ਼ਾਂ ਨੂੰ ਤਰਸਦਾ
ਸਿਆਹੀ ਬਣਨਾ ਲੋਚਦਾ
ਕਿਉਂ ਤਾਰਾ ਹਰ ਇੱਕ ਅਰਸ਼ ਦਾ

ਇਹ ਕਿਸ ਅੰਮੜੀ ਦਾ ਜਾਇਆ
ਥਲੀਂ ਗੁਆਚਿਆ
ਪਲਕਾਂ ਦੇ ਬੂਹੇ ਖੋਲ੍ਹ ਕੇ
ਵੱਲ ਸੱਸੜੀ ਨਾ ਝਾਕਿਆ ।

6. ਮੈਂ

ਮੈਂ
ਜਦ ਵੀ ਗੁਜ਼ਰੀ ਹਾਂ
ਵਕਤ ਦੇ ਝਰੋਖੇ 'ਚੋਂ
ਧੁੱਪ ਦਾ ਇੱਕ ਟੋਟਾ ਬਣ ਕੇ
ਤਾਂ
ਇਹੋ ਮੈਨੂੰ ਜਾਪਿਆ
ਕਿ
ਹਨੇਰਿਆਂ 'ਚ ਇਲਮ ਟੋਲ ਰਹੇ
ਰਾਹੀ ਲਈ
ਮੈਂ ਖੌਫ਼ ਦੀ ਕੰਬਣੀ ਹੋ ਨਿੱਬੜੀ ਹਾਂ ।
ਆਦਮ-ਕੱਦ ਦਰਪਣ ਦੇ
ਸਾਹਮਣੇ ਖਲੋ ਕੇ
ਜਦ ਵੀ ਤੱਕਿਆ ਖ਼ੁਦ ਨੂੰ
ਤਾਂ
ਮਹਿਸੂਸਿਆ ਮੈਂ ਸਦਾ ਹੀ
ਕਿ
'ਮੈਂ' 'ਮੈਂ' ਨਹੀਂ ਹੋ ਸਕਦੀ!
'ਮੈਂ' ਤੋਂ 'ਮੈਂ' ਤੱਕ ਦਾ ਸਫ਼ਰ
ਬਹੁਤ ਵਿਆਪਕ ਹੈ!
ਮੈਂ ਜਦ ਵੀ ਕੋਸ਼ਿਸ਼ ਕੀਤੀ
ਆਪਣੇ ਸਿਵਾਇ
ਕਿਸੇ ਨੂੰ ਆਪਣਾ ਸਮਝਣ ਦੀ
ਤਾਂ
ਮੇਰੇ ਅਧਿਆਪਕ ਦੇ ਫਿਲਾਸਫਰਾਂ ਜਿਹੇ ਬੋਲ ਕਿ :
'ਹਰ ਮਨੁੱਖ ਇਕੱਲਾ ਹੈ ।
ਮੇਰੇ ਧੀਰਜ ਨੂੰ
ਚੀਣਾ-ਚੀਣਾ ਕਰਕੇ ਬਿਖੇਰ ਦਿੰਦੇ ਨੇ ।

7. ਤਿੱਖੀ ਪੀੜ

ਜਦੋਂ ਹਰਫ਼ ਤਰਤੀਬ ਵਿੱਚ ਆ ਜਾਣ
ਤਾਂ-
ਉਹਨਾਂ ਦੇ ਮਾਇਨੇ ਬਦਲ ਜਾਂਦੇ ਨੇ!
ਪਰ ਅੜਿਆ!
ਤੇਰੀ-ਮੇਰੀ ਕਹਾਣੀ ਦੇ ਹਰਫ਼
ਜੋ ਹਰਫ਼ ਨਹੀਂ
ਮਹਿਜ਼ ਅਹਿਸਾਸ ਨੇ
ਉਹ ਕਿਵੇਂ ਪੂਰੇ ਹੋਣਗੇ
ਤੇ
ਕਦੋਂ ਟਿਕਣਗੇ ਕਿਸੇ ਤਰਤੀਬ 'ਚ!
ਤਾਂ ਜੋ-
ਤੇਰੀ-ਮੇਰੀ ਕਹਾਣੀ ਦਾ ਵੀ
ਕੋਈ ਮਾਇਨਾ ਹੋਵੇ!
ਅਸੀਂ ਵਾਹੁੰਦੇ ਰਹਿੰਦੇ ਹਾਂ ਜੋ
ਦਿਲ ਦੀ ਜਰਖ਼ੇਜ਼ ਜ਼ਮੀਨ
ਉੰਥੇ ਵੀ ਕੁੱਝ ਉਪਜੇ!
ਇੱਕ ਬੱਸ ਤੇਰੀ ਕਮੀ ਕਰਕੇ
ਹੰਝੂਆਂ ਦੇ ਹੜ੍ਹ ਨਾਲ਼ ਵੀ
ਸਿੰਜ ਨਹੀਂ ਸਕੇ ਅਸੀਂ
ਦਿਲ ਦੀ ਜਰਖੇਜ਼ ਜ਼ਮੀਨ!

8. ਮੁਹੱਬਤ ਦੀ ਕਹਾਣੀ

ਮੁਹੱਬਤ ਹੈ ਬੱਸ-
ਮਹਿਬੂਬ ਦਿਆਂ ਹੱਥਾਂ 'ਚ ਵਿਕ ਜਾਣਾ
ਮਹਿਜ਼ ਅੱਥਰੂਆਂ ਦੇ ਭਾਅ
ਤੇ ਹੰਝੂਆਂ ਦੇ ਸੇਕ ਨਾਲ਼
ਪੰਘਰ ਜਾਣਾ ਦੇਹ ਦਾ ਕਤਰਾ-ਕਤਰਾ
ਮੁਹੱਬਤ-
ਨਾਂਅ ਹੈ
ਹਰਫ਼ੋਂ ਵਾਂਝੇ ਅਹਿਸਾਸਾਂ ਦਾ
ਹਰਫ਼ਾਂ ਦੀ ਤਲਾਸ਼ 'ਚ ਗੁੰਮਸ਼ੁਦਾ
ਅਹਿਸਾਸਾਂ ਦਾ ਮੌਨ
ਸਰਾਪ ਹੋ ਨਿੱਬੜਦਾ ਹੈ ਤਾਂ
ਚੀਣਾ-ਚੀਣਾ ਹੋ ਕੇ
ਡੁੱਲ੍ਹ ਜਾਂਦਾ ਏ ਮਨ ਦਾ ਸਮੁੰਦਰ-
ਮੁਹੱਬਤ ਹੈ ਮਹਿਜ਼-
ਸਿਤਾਰਿਆਂ ਨਾਲ਼ ਮਾਂਗ ਭਰਨ ਵਰਗਾ
ਕੱਚ ਵਰਗਾ ਸੁਪਨਾ
ਤੇ ਭੋਲ਼ੇ ਨੈਣ ਬੇਖ਼ਬਰ ਨੇ
ਕਿ
ਸਿਤਾਰੇ ਮਹਿਜ਼ ਚਮਕਦੇ ਪੱਥਰ ਨੇ
ਉਹ ਵੀ ਉਧਾਰੀ ਰੌਸ਼ਨੀ ਸਦਕਾ-
ਮੁਹੱਬਤ ਹੈ ਮਹਿਜ਼-
ਪਥਰਾਈਆਂ ਖਾਹਿਸ਼ਾਂ ਦੀ ਵਿਲਕ
ਜਿਨ੍ਹਾਂ ਦਾ ਦਰਦ
ਘੁਣ ਵਾਂਗ ਲੱਗ ਜਾਂਦਾ ਏ
ਦਿਲ ਦੀ ਜਰਖ਼ੇਜ਼ ਜ਼ਮੀਨ ਨੂੰ
ਤੇ ਮਹਿਜ਼-
ਥੋਹਰ ਹੀ ਉੰਗਦੇ ਨੇ
ਉਸ ਔੜਾਂ ਮਾਰੀ ਧਰਤ 'ਤੇ
ਮੁਹੱਬਤ ਦੀ ਕਹਾਣੀ ਅਜੇ ਜਾਰੀ ਹੈ...

9. ਮੁਹੱਬਤ

ਮੁਹੱਬਤ ਇੱਕ ਜ਼ੁਬਾਂ ਹੈ
ਤੇਰੀ ਜਾਂ ਮੇਰੀ-
ਜਾਂ ਫਿਰ ਨਜ਼ਰ ਹੈ
ਸਾਡੇ ਮਨ ਦੇ
ਸ਼ੀਸ਼ੇ ਵਰਗੀ
ਤਾਂਹੀਉਂ ਤਾਂ
ਕਦੇ ਗੁਸੈਲੀ-ਕਦੇ ਚੰਚਲ!

ਅਸੀਂ ਇਸ ਰਾਹ ਤੁਰੇ ਹਾਂ
ਹੋਣੀ ਦੀਆਂ ਮੁੱਠੀਆਂ 'ਚ ਬੱਝ ਕੇ!
....ਤੇ ਕੁਦਰਤ
ਕਰ ਰਹੀ ਐ ਤਜ਼ਰਬਾ
ਸਾਡੇ ਪੈਂਡਿਆਂ ਨੂੰ ਨਾਪ ਕੇ
ਕਿ-
ਮੁਹੱਬਤ ਭੁੱਜਦੀ ਐ ਖ਼ੁਦ
ਜਾਂ ਭੁੱਜ ਜਾਂਦੀ ਹੈ ਰੇਤ ਵਿਚਾਰੀ
ਮੁਹੱਬਤ ਦੇ ਪੈਰਾਂ ਤਲੇ ਆ!

ਮੁਹੱਬਤ ਦੇ ਸਫ਼ਰ ਦੀਆਂ
ਰਾਹਾਂ 'ਤੇ ਵਿਛ ਕੇ
ਭੁੱਜ ਜਾਣਾ ਤੇ ਜਾਂ ਫਿਰ
ਮੁਹੱਬਤ ਸੰਗ ਤੁਰਨ ਦੀ ਤਮੰਨਾ
ਦੋਵੇਂ ਹੀ
ਦਰਦਾਂ ਮਾਰੀ ਆਹ ਨੇ
ਤੇ ਅਸੀਂ
ਅਸੀਂ ਹੋਣੀ ਦੀਆਂ ਮੁੱਠੀਆਂ 'ਚ ਕੈਦ ਹਾਂ!

10. ਤਿੰਨ ਕਿਸ਼ਤਾਂ

ਪਹਿਲਾਂ ਤੇਰੇ ਹਾਸੇ ਗੁੰਮੇ
ਫਿਰ ਗੁੰਮਿਆ ਸਿਰਨਾਵਾਂ
ਅਸਾਂ ਤਾਂ ਤੈਨੂੰ ਲੱਭਦੇ-ਲੱਭਦੇ

ਵੱਲ ਕਬਰਾਂ ਤੁਰ ਜਾਣਾ

ਸਰਘੀ ਵੇਲੇ ਖੌਰੇ ਮੈਨੂੰ
ਸੂਰਜ ਕੋਈ ਮਿਲ ਜਾਵੇ
ਉਸ ਚਾਨਣ ਦੀ ਚਾਦਰ ਵਿੱਚੋਂ
ਸੂਰਤ ਕੋਈ ਮਿਲ ਜਾਵੇ
ਉਹੀਓ ਸੂਰਤ ਚਲਦੇ-ਚਲਦੇ
ਦੱਸ ਦੇ ਤੇਰਾ ਠਿਕਾਣਾ
ਅਸਾਂ ਤਾਂ...........

ਵਸਲ ਤੇਰੇ ਦੀ ਖ਼ਾਤਿਰ
ਸਿਖਰ ਦੁਪਹਿਰ ਲੰਘਾ ਲੈਣੀ
ਤਪਦੇ ਰਾਹਾਂ ਦੇ ਰੇਤੇ ਨੂੰ
ਸੱਸੀ ਦੀ ਹੂਕ ਸੁਣਾ ਦੇਣੀ
ਖੌਰੇ ਸਾਨੂੰ ਦੱਸ ਹੀ ਦੇਵੇ
ਪੁੰਨੂੰ ਦਾ ਸਿਰਨਾਵਾਂ
ਅਸਾਂ ਤਾਂ..............

ਸ਼ਾਮ ਢਲੀ ਤਰਕਾਲਾਂ ਵੇਲੇ
ਬਿਰਹਾ ਮੀਤ ਬਣਾ ਲੈਣਾ
ਚੁੱਪ-ਚੁਪੀਤੇ ਤਾਰਿਆਂ ਸਾਨੂੰ
'ਕਰਮ' ਦਾ ਗੀਤ ਸੁਣਾ ਦੇਣਾ
ਕਿਸ਼ਤਾਂ ਦੇ ਵਿੱਚ ਮੁੱਕਦੇ-ਮੁੱਕਦੇ
ਆਖਿਰ ਨੂੰ ਮੁੱਕ ਜਾਣਾ
ਅਸਾਂ ਤਾਂ..............

11. ਸਹਿਕਦੇ ਪ੍ਰਸ਼ਨ

ਜ਼ਿੰਦਗੀ ਦੇ
ਮਿਲਦੇ-ਜੁਲਦੇ
ਸਭ ਸੁਆਲਾਂ 'ਤੇ
ਇੱਕੋ ਫਾਰਮੂਲਾ ਲਾਗੂ ਨਹੀਂ ਹੁੰਦਾ
ਭਾਵਨਾਵਾਂ ਦਾ ਮਾਮੂਲੀ ਅੰਤਰ
ਸਮੁੱਚੇ ਸੁਆਲ ਦਾ
ਮਾਇਨਾ ਬਦਲ ਦਿੰਦੈ
.......... ਤੇ ਅੜਚਣ ..............
ਕਿ ਹਰ ਭਾਵਨਾ ਨੂੰ
ਲਫ਼ਜ਼ ਦੇ ਦੇਣੇ
ਅਸਾਨ ਨਹੀਂ ਹੁੰਦੇ!
ਸ਼ਾਇਦ ਤਾਂਹੀਉਂ
ਜ਼ਿੰਦਗੀ ਦੇ ਬਹੁਤੇ ਸੁਆਲ
ਜਵਾਬ ਖੁਣੋਂ ਮਰ ਜਾਂਦੇ ਨੇ
.. ਤੇ ਜਾਂ ਫਿਰ
ਰੂਹਾਂ ਦੀ ਤਰ੍ਹਾਂ ਦੇਹ ਬਦਲ ਕੇ ...
ਸਦਾ ਜਿਉਾਦੇ ਰਹਿੰਦੇ ਨੇ !

12. ਰਮਜ਼

ਸੁਪਨੇ ਤੋਂ ਜੇ ਕੁੱਝ ਵੀ ਹਾਸਿਲ ਨਹੀਂ
ਹਾਸਿਲ ਹੋਏਗਾ ਇਸ ਦੀ ਤਾਮੀਰ ਤੋਂ
ਤੇਰੀ ਖਮੋਸ਼ੀ 'ਚ ਕਹਿਰਾਂ ਦਾ ਸਿਤਮ ਹੈ
ਨਹੀਂ ਰੰਜ਼ਸ਼ ਕੋਈ ਤੇਰੀ ਤਸਵੀਰ ਤੋਂ
ਰਮਜ਼ ਹੈ ਕੋਈ ਪੱਤਿਆਂ ਦੀ ਖੜਖੜ 'ਚ
ਹਵਾ ਹੈ ਆ ਰਹੀ ਪਾਰ ਲਕੀਰ ਤੋਂ
ਹਾਸਲ ਹੈ ਉਸ ਨੂੰ ਰੁਤਬਾ ਬੜਾ
ਝਾਕ ਫਿਰ ਵੀ ਰੱਖਦੈ ਏਸ ਫ਼ਕੀਰ ਤੋਂ
ਦਲ-ਬਦਲੂ ਜਿਹੀ ਉਸ ਦੀ ਆਦਤ ਹੈ
ਕੌਣ ਹੋਵੇ ਵਾਕਫ਼ ਫਿਰ ਉਸ ਦੀ ਤਾਸੀਰ ਤੋਂ
'ਕਰਮ' ਦੇ ਕਰਮਾਂ ਦੀ ਕੀ ਗੱਲ ਕਰੀਏ
ਮਿੱਟੀ ਹੀ ਨੀ ਲਹਿੰਦੀ ਏਸ ਲਕੀਰ ਤੋਂ ।

13. ਪੌਣਾ ਅੱਥਰੂ-1

ਚੀਕ ਅਧੂਰੀ ਕਿੰਨੀ ਏ
ਪੌਣੇ-ਅੱਥਰੂ ਦੀ
ਜੋ ਹੋਠਾਂ 'ਚੋਂ ਨਿਕਲੇ
ਨਾ ਨੈਣਾਂ 'ਚੋਂ ਬਰਸੇ
ਕੇਹਾ ਹੈ ਆਲਮ
ਰੂਹਾਂ ਦੀ ਪਿਆਸ ਦਾ
ਜੋ ਨਾ ਪੀ ਕੇ ਵੀ ਤੜਫ਼ੇ
ਤੇ ਪੀ ਕੇ ਵੀ ਤਰਸੇ
ਗੀਤ ਅਧੂਰਾ ਜੋ
ਹੋਠਾਂ 'ਤੇ ਲਰਜ਼ ਰਿਹਾ
ਸਾਜ਼ਾਂ ਨੂੰ ਤਰਸੇ
ਕਿ ਸਿਆਹੀ ਨੂੰ ਤਰਸੇ!

14. ਪੌਣਾ ਅੱਥਰੂ-2

ਜ਼ਿੰਦਗੀ ਜਦੋਂ
ਹੋ ਜਾਵੇ
'ਪੌਣੇ-ਅੱਥਰੂ' ਜਿਹੀ
ਤਾਂ
'ਸੰਪੂਰਨ ਖ਼ੁਸ਼ੀ' ਵੀ
ਜ਼ਿੰਦਗੀ ਨੂੰ ਹਸਾ ਨਹੀਂ ਸਕਦੀ
...ਤੇ ਪੌਣਾ ਅੱਥਰੂ
ਅਜ਼ਾਦ ਵੀ ਨਹੀਂ ਹੋ ਸਕਦਾ
ਸਾਹਿਲਾਂ ਨਾਲ਼ ਟਕਰਾ ਕੇ
ਮੁੜ ਪਰਤ ਜਾਂਦਾ
ਖ਼ਾਰੇ ਸਮੁੰਦਰਾਂ 'ਚ!

15. ਪੌਣਾ ਅੱਥਰੂ-3

ਜੇ ਕੱਟਿਆ ਜਾਏ ਇੱਕ ਹੱਥ
ਤਾਂ ਦੂਜਾ ਹੱਥ
ਉਸ ਦੀ ਆਦਤ ਪਾ ਲੈਂਦਾ!
ਪਰ ਤੂੰ....
ਤੂੰ ਮੇਰਾ ਕੱਟਿਆ ਅੰਗ ਨਹੀਂ
ਤੂੰ ਮੇਰੇ ਲਹੂ 'ਚ ਰਚਿਆ ਏਂ!

ਭਾਵੇਂ ਸਿੱਖ ਲਈ ਹੋਣੀ
ਤੇਰੀ ਜੀਭ ਨੇ
'ਤਰਕ-ਵਿਤਰਕ' ਦੀ ਭਾਸ਼ਾ
ਪਰ ਮੇਰੇ ਚੇਤਿਆਂ 'ਚ
ਤੇਰੀ ਤੋਤਲੀ ਭਾਸ਼ਾ ਵਸੀ ਏ

ਭਾਵੇਂ ਹੋ ਗਿਆ ਹੋਣੈ
ਤੇਰੀ ਤੇ ਤੇਰੇ ਬਾਪ ਦੀ ਜੁੱਤੀ ਦਾ
ਇੱਕੋ ਨਾਪ-
ਪਰ ਮੈਨੂੰ ਤਾਂ-
ਉਹੀਓ ਯਾਦ ਨੇ,
ਤੇਰੇ 'ਘੋਰ-ਕੰਡੇ' ਕੱਢਣ ਜੇਡੇ ਪੈਰ

ਹੋ ਸਕਦੈ-
ਤੂੰ ਬਣ ਗਿਆ ਹੋਵੇਂ 'ਬਹੁਭਾਸ਼ੀਆ'
ਪਰ ਮੇਰੇ ਚੇਤਿਆਂ 'ਚ ਵਸਿਆ ਏ
ਉਹੀਓ
ਲੋਰੀਆਂ ਸੁਣਨ ਦੀ ਉਮਰ ਵਾਲਾ ਬਾਲ!

ਭਾਵੇਂ ਸਿੱਖ ਲਈ ਹੋਵੇ ਤੂੰ
'ਮਿਲਨ-ਵਿਛੜਨ' ਦੀ ਰੀਤ
ਪਰ ਮੇਰੇ ਨੈਣਾਂ ਨੂੰ
ਨਹੀਂ ਭੁੱਲਦੀ
ਆਪਣੇ ਵਿਛੜਨ ਦੀ ਘੜੀ
ਮੇਰੇ ਚੇਤਿਆਂ 'ਚ ਅਟਕ ਗਈ ਏ
ਤੇਰੀ ਉਹ ਚੀਕ
ਜੋ ਤੂੰ ਆਪਣੇ ਵਿਛੜਨ ਵੇਲੇ
ਮਾਰੀ ਸੀ
...ਤੇ
ਉੰਥੇ ਹੀ ਅਟਕ ਗਿਆ
ਉਹ 'ਪੌਣਾ ਅੱਥਰੂ'
ਜੋ ਮੇਰੇ ਦੀਦਿਆਂ ਦੇ ਹਿੱਸੇ ਆਇਆ ।

ਤੂੰ ਮੇਰੇ ਸਾਹਾਂ 'ਚ ਏਂ
ਤੂੰ ਮੇਰੇ ਲਹੂ 'ਚ ਏਂ
ਤੂੰ ਮੇਰੇ ਹਉਂਕਿਆਂ 'ਚ ਏਂ
ਤੂੰ ਮੇਰੇ ਵਜੂਦ 'ਚ ਏਂ!

16. ਕੱਲ੍ਹ ਤੇ ਅੱਜ

ਕੱਲ੍ਹ ਤੱਕ ਤਾਂ
ਭੱਜ ਆਉਂਦਾ ਸੈਂ
ਕਹਿਰਾਂ ਦੀ ਭੀੜ 'ਚੋਂ
ਸਾਡੀ ਤਾਂਘ 'ਚ-
...ਤੇ ਅੱਜ
ਸਾਥੋਂ ਛੁਪਣ ਲਈ
ਲੈ ਰਿਹਾ ਏ ਆਸਰਾ
ਉਸੇ ਭੀੜ ਦਾ!

...ਤੇ ਜਾਪਦਾ
ਅੱਜ 'ਅੱਖਾਂ' ਨੇ
ਤੇ ਕੱਲ੍ਹ ਤੱਕ 'ਅਸੀਂ'
ਉੰਥੇ ਖੜੋਤਿਆਂ
ਪੱਥਰ ਹੋ ਜਾਣਾ!
...ਤੇ
ਵਕਤ ਦੀਆਂ ਨਹੁੰਦਰਾਂ ਨੇ
ਫੇਰ ਵੀ ਬਾਜ 'ਨੀ ਆਉਣਾ
...ਤੇ ਸਾਡੀ 'ਪੱਥਰ ਅੱਖ'
ਸਿੰਮ ਆਉਣੀ ਏ!

17. ਇਸ ਵਰ੍ਹੇ ਵੀ...

ਹਰ ਵਰ੍ਹੇ ਦੀ ਤਰ੍ਹਾਂ
ਇਸ ਵਰ੍ਹੇ ਵੀ
ਇੱਕ ਹੋਰ ਵਰ੍ਹਾ
ਡੁੱਬ ਗਿਆ ਏ...
ਪਿਛਲੇ ਵਰ੍ਹਿਆਂ ਦੇ
ਕਾਲੇ ਅਤੀਤ 'ਚ!
...ਤੇ ਨਵਾਂ ਵਰ੍ਹਾ
ਅੱਪੜ ਗਿਆ ਏ
ਉਸੇ ਅਤੀਤ ਦਾ ਪਾਤਰ
ਬਣਨ ਲਈ!
...ਤੇ ਇੰਝ ਹੀ
ਹੁੰਦੀ ਰਹੀ ਹੈ ਸਿਰਜਣਾ
ਅਨੂਠੇ ਇਤਿਹਾਸ ਦੀ!
ਕਾਲਾ ਅਤੀਤ
ਖੜ੍ਹਾ ਹੈ ਬਾਹਾਂ ਪਸਾਰੀ
ਇਸ ਵਰ੍ਹੇ ਦੇ
ਮੁੱਕਣ ਦੀ ਉਡੀਕ 'ਚ!
ਅੱਜ ਦਾ ਸੂਰਜ ਤਾਂ
ਉਵੇਂ ਹੀ ਨਜ਼ਰ ਆਉਂਦਾ ਹੈ
ਰੋਜ਼ ਦੀ ਤਰ੍ਹਾਂ-
ਝਿਜਕਦਾ ਜਿਹਾ
ਲੁਕਦਾ ਜਿਹਾ
ਛਿਪਦਾ ਜਿਹਾ
ਧੁੰਦਲਾ ਜਿਹਾ....
ਕੁੱਝ ਵੀ ਤਾਂ ਨਵਾਂ ਨਹੀਂ!

18. ਸ਼ਬਦਾਂ ਦੀ ਭਟਕਣ

ਸ਼ਬਦ ਕਿੰਨੇ ਘੱਟ ਨੇ
ਤੇ ਕਹਿਣ ਵਾਲਾ ਕਿੰਨਾ ਕੁਝ-
ਅੰਦਰ ਕਿਤੇ-
ਕੁਝ ਭਟਕਦਾ ਪਿਆ!
ਕਹਿੰਦੇ ਨੇ,
ਖਾਮੋਸ਼ੀ ਦੀ ਅਵਸਥਾ 'ਚ
ਸਕੂਨ ਹੁੰਦਾ
ਪਰ ਸਕੂਨ ਵੀ ਨਹੀਂ-
ਇਹ ਕਿਹੜੀ ਅਵਸਥਾ ਹੈ?
ਕਿਉਂ ਇਹ ਸ਼ਬਦ
ਲੰਘ ਜਾਂਦੇ ਨੇ
ਮੈਨੂੰ ਝਕਾਨੀ ਦੇ ਕੇ?
ਤੇ ਮੇਰੀ ਤਨਹਾਈ
ਥੱਕ ਜਾਂਦੀ ਏ
ਇਹਨਾਂ ਦਾ ਪਿੱਛਾ ਕਰਦੀ!
ਜਦੋਂ ਮੈਂ ਚਾਹੁੰਦੀ ਹਾਂ-
ਇਹਨਾਂ ਨੂੰ ਛੰਡ ਕੇ ਲਾਹ ਸੁੱਟਣਾ
ਇਹ ਚਿੰਬੜ ਜਾਂਦੇ ਨੇ ਮੈਨੂੰ
ਜੋਕ ਦੀ ਤਰ੍ਹਾਂ-
ਕਦੇ ਸ਼ਬਦਾਂ ਦਾ ਹੜ੍ਹ
ਕਦੇ ਸ਼ਬਦਾਂ ਦੀ ਥੁੜ੍ਹ
ਰਹਿ ਜਾਂਦਾ ਏ ਅਕਸਰ
ਬਹੁਤ ਕੁਝ ਅਣਕਿਹਾ
ਤੇ ਬਹੁਤ ਕੁਝ ਅਣਸੁਣਿਆ
ਫਿਰ ਤਾ-ਉਮਰ
ਢੋਂਹਦੇ ਹਾਂ ਅਸੀਂ
ਕੁਝ ਅਣਕਹੇ ਤੇ ਅਣਸੁਣੇ ਦੀ ਲਾਸ਼
ਆਪਣੇ ਮੋਢਿਆਂ 'ਤੇ!

19. ਨਹੁੰਦਰਾਂ

ਤੂੰ ਕਦ ਵੇਖੀ ਸੀ
ਮੇਰੀ ਰੂਹ ਦੀ
ਕੁਆਰੀ ਰੀਝ?
ਤੂੰ ਤਾਂ ਵੇਖਿਆ ਸੀ ਬੱਸ
ਮੇਰੇ ਤਨ ਦੀ ਓਢਣੀ 'ਤੇ
ਪਈ ਝਿਰਖੀ ਨੂੰ!

ਤੂੰ ਕਿਸ ਤਰ੍ਹਾਂ ਪਰਖਿਆ ਸੀ
ਆਪਣੀ 'ਵਕਾਲਤ' ਦੇ
'ਪਹਿਲੇ ਪਾਠ' ਨੂੰ
ਮੇਰੇ ਅਰਮਾਨਾਂ ਦਾ ਕੇਸ ਲੜ ਕੇ!
ਕਿੰਨਾ ਸਹਿਜ ਸੀ ਤੇਰੇ ਲਈ
ਫਾਈਲ ਤਿਆਰ ਕਰਨਾ
ਤੇ ਮੇਰੇ ਲਈ
ਕਿੰਨਾ ਅਸਹਿਜ ਸੀ
ਦਸਤਖ਼ਤ ਕਰ ਹਾਮੀ ਭਰਨਾ!

ਤੂੰ ਚਾਹਿਆ ਸੀ
ਮੇਰੇ ਤਨ ਦੀ ਧਰਤ ਨੂੰ
ਆਪਣੇ 'ਮਨਚਾਹੇ ਬੂਟੇ'
ਉਗਾਉਣ ਲਈ
...ਤੇ ਕਿੰਨੀਆਂ ਹੀ
'ਅਣਚਾਹੀਆਂ ਬੂਟੀਆਂ'
ਜੜ੍ਹੋਂ ਪੁੱਟ
ਵਗਾਹ ਮਾਰੀਆਂ ਸਨ!

ਪਰ
ਮੇਰੀ ਕੁੱਖ ਦੀ ਧਰਤ 'ਤੇ
ਅੱਜ ਵੀ
ਉਵੇਂ ਹੀ ਨੇ
ਉਹਨਾਂ 'ਅਣਹੋਈਆਂ' ਦੇ ਨਿਸ਼ਾਨ ।

ਤੂੰ ਲੈ ਗਿਉਂ ਭਾਵੇਂ
ਆਪਣੇ 'ਮਨ-ਚਾਹੇ ਬੂਟੇ' ਨੂੰ
ਬੜੀ ਦੂਰ...
ਪਰ ਅੱਜ ਵੀ
ਉਹਦੇ ਸਾਹਾਂ 'ਚ
ਮੇਰੀ ਮਿੱਟੀ ਦੀ ਹੈ ਮਹਿਕ!
.................
ਕਿੰਨਾ ਸਹਿਜ ਸੀ ਤੇਰੇ ਲਈ
'ਸਭ ਕੁੱਝ'!
...ਤੇ ਕਿੰਨਾ ਅਸਹਿਜ ਹੈ
ਮੇਰੇ ਲਈ
ਅਤੀਤ ਦੇ ਉਸ ਕਾਲੇ ਪੰਨੇ ਨੂੰ
ਸਾਂਭਣਾ
ਪੜ੍ਹਨਾ
ਤੇ
ਪਾੜਨਾ
...ਪਰ ਤੈਨੂੰ ਦੱਸ ਦਿਆਂ...
ਤੇਰੀਆਂ 'ਨਹੁੰਦਰਾਂ' ਤੋਂ ਸਿਵਾਇ
ਤੇਰਾ ਕੁੱਝ ਵੀ
ਮੇਰੇ ਕੋਲ ਨਹੀਂ
...ਤੇ ਤੂੰ
ਤੂੰ ਅੱਜ ਵੀ
ਕਰਜ਼ਦਾਰ ਏਂ
ਮੇਰੀ ਧਰਤ ਦਾ!

20. ਧੁੱਪ ਵਰਗੀ ਗੱਲ

ਉਹ ਕਹਿੰਦੇ ਨੇ,
''ਅੱਜ ਸਾਨੂੰ
ਧੁੱਪ ਵਰਗੀ ਕੋਈ ਗੱਲ ਸੁਣਾ ।''
ਪਰ
ਮੇਰੇ ਘਰ ਦੇ ਅਸਮਾਨ ਤੋਂ ਤਾਂ
ਅੱਜ ਸੂਰਜ
ਗ਼ੈਰ-ਹਾਜ਼ਿਰ ਹੈ!
ਕੋਈ ਚਿੜੀ
ਚਹਿਕੀ ਨਹੀਂ!
ਫੁੱਲ ਟਹਿਕੇ ਨਹੀਂ!
ਦੁਪਹਿਰ ਵੀ ਧੁੰਦਲੀ ਜਾਪਦੀ ਹੈ!
ਫਿਰ ਭਲਾ
ਮੈਂ ਉਹਨਾਂ ਨੂੰ
ਧੁੱਪ ਵਰਗੀ ਗੱਲ ਕਿਵੇਂ ਸੁਣਾਵਾਂ???

21. ਖ਼ਾਰਾ-ਪਾਣੀ

ਜਦ ਮੇਰਾ
'ਅੱਜ' ਹੀ
ਮੇਰੇ ਅਤੀਤ 'ਤੇ
ਮੁੜ-ਮੁੜ ਸੁੱਟੇ ਚੰਗਿਆੜੀ
ਤਾਂ

'ਭਵਿੱਖ' ਵੀ ਪਾਰਦਰਸ਼ੀ ਨਹੀਂ ਰਹਿੰਦਾ!
...ਤੇ ਉੰਕਾ ਹੀ ਝੁਲਸ ਜਾਂਦਾ ਹੈ ।

ਮੈਂ ਕਿੰਨਾ ਕੁ ਕੱਜਦੀ ਰਹਾਂ
ਕੀਚਰ ਹੋਈ ਰੂਹ ਨੂੰ
ਓਪਰੇ ਹਾਸਿਆਂ ਨਾਲ਼!
ਮੇਰੇ ਗੂੰਗੇ ਹਉਂਕੇ
ਸਿਰਫ਼ ਮੈਨੂੰ ਹੀ ਸੁਣਦੇ ਨੇ ।

ਮੈਂ ਬਹੁਤ ਖ਼ੁਸ਼ ਹਾਂ
'ਮੇਰੇ ਆਪਣਿਆਂ' ਦੀ ਨਜ਼ਰ 'ਚ
ਜਿਹੜੇ
ਵੇਖ ਵੀ ਲੈਣ ਜੇ ਮੇਰੇ ਹੰਝੂ
ਤਾਂ 'ਖ਼ਾਰਾ-ਪਾਣੀ' ਦੱਸਦੇ ਨੇ!

22. ਸੁੱਜ ਗਏ ਮੇਰੇ ਨੈਣਾ ਦੇ ਕੋਏ

ਸੁੱਜ ਗਏ ਮੇਰੇ ਨੈਣਾ ਦੇ ਕੋਏ
ਤੇਰੀ ਯਾਦ ਬੜੀ ਹਰਜ਼ਾਈ

ਟੱਪ ਨੈਣਾ ਦੀਆਂ ਸਰਦਲਾਂ
ਇਹ ਵਹੁਟੀ ਬਣ ਕੇ ਆਈ

ਦਿਲ ਸਾਡੇ ਨੇ ਜਸ਼ਨ ਮਨਾਇਆ
ਇਹ ਰੋਇਆ ਰੈਣ-ਸੁਬਾਈ

ਭੇੜ ਲਏ ਅਸਾਂ ਨੈਣਾ ਦੇ ਬੂਹੇ
ਸੱਧਰਾਂ ਦੀ ਸੇਜ ਵਿਛਾਈ

ਸਾਥੋਂ ਪਹਿਲਾਂ ਚੜ੍ਹ ਬੈਠੀ
ਉੰਤੇ ਕਾਲੀ ਕੋਈ ਪਰਛਾਈਂ
ਅਸੀਂ ਉਹਦਾ ਕੋਈ ਕਰਜ਼ਾ ਦੇਣਾ
ਜਾਂ ਉਹ ਸਾਡੀ ਕਰਜ਼ਾਈ

ਲੱਪ ਕੁ ਹੰਝੂ ਦੇ ਗਈ ਸਾਨੂੰ
ਖ਼ੁਦ ਪਰਤ ਗਈ ਤ੍ਰਿਹਾਈ!

23. ਉਡੀਕ

ਮੇਰੇ ਬਿਰਹੜੇ ਨੂੰ
ਕੇਹੀ ਸਿਉਂਕ ਲੱਗੀ ਗ਼ਮਾਂ ਦੀ
ਹੰਝੂਆਂ ਦਾ ਜ਼ਹਿਰ ਪੀ ਕੇ ਵੀ
ਜੋ ਹੋਰ ਦੂਣੀ ਹੋ ਗਈ

ਤੇਰੀਆਂ ਉਡੀਕਾਂ ਦੀ
ਇਹ ਰੁੱਤ ਕੇਹੀ ਚੰਦਰੀ
ਇਹ ਦਿਨ ਦੂਣੇ ਹੋ ਗਏ
ਇਹ ਰਾਤ ਚੌਣੀ ਹੋ ਗਈ

ਸਾਡੀ ਪ੍ਰੀਤ ਦੀ ਇਹ ਚਰਖੜੀ
ਡਾਹ ਸਾਥੋਂ ਹੋਈ ਨਾ
ਤੰਦ ਹਰ ਵਸਲ ਦੀ
ਅੱਧਵਾਟੇ ਖੋਹ ਗਈ

ਮਿਲਨ ਦੀ ਤਾਂਘ ਅਵੱਲੀ
ਮੇਰੇ ਵਿਹੜੇ ਦੀ ਪੌਣ ਅੰਦਰ
ਮਹਿਕ ਤੇਰੇ ਸਾਹਾਂ ਦੀ
ਹੋਰ ਗੂੜ੍ਹੀ ਹੋ ਗਈ

ਕਿਹੜੇ ਆਸਰੇ ਮੈਂ ਲੱਭਾਂ
ਡਾਚੀ ਮੇਰੇ ਪੁੰਨੜੇ ਦੀ
ਹਵਾ ਕੋਈ ਕਾਲਖਾਧੀ
ਪੈੜਾਂ ਦੇ ਨਿਸ਼ਾਨ ਧੋ ਗਈ

ਹਿੱਸੇ ਜੋ ਆਇਆ ਗ਼ਮ
ਮੈਂ ਬਾਹਾਂ 'ਚ ਲੈ ਲਿਆ
ਖ਼ੁਸ਼ੀ ਤਾਂ ਆਉਂਦੇ-ਆਉਂਦੇ
ਰਾਹਾਂ 'ਚ ਖੋ ਗਈ!

24. ਕਿਸ ਦੇ ਨਾਂ ਕਰਾਂ?

ਜੇਕਰ ਮੇਰੀ ਕਵਿਤਾ ਮੈਨੂੰ
ਹੱਸਦੀ ਜਾਪੇ ਤਾਂ
ਉਸ ਕਵਿਤਾ ਨੂੰ ਮੈਂ
ਉਹਨਾਂ ਹਾਸਿਆਂ ਦੇ ਨਾਂ ਕਰ ਦੇਵਾਂ
ਜੋ ਮੈਂ-
ਖ਼ਰੀਦੇ ਸੀ ਕਦੇ
ਖ਼ੁਸ਼ੀਆਂ ਤੇ ਗ਼ਮਾਂ ਵਿਚਲੀ
ਲਕੀਰ 'ਤੇ ਖੜਕੇ!
...ਤੇ ਹਾਸਿਆਂ ਦੀ ਪਿੱਠਭੂਮੀ 'ਤੇ
ਮਹਿਜ਼ ਇੱਕ ਸਹਿਮ ਸੀ!

ਰੋਂਦੀ ਹੋਈ ਕਵਿਤਾ ਨੂੰ ਮੈਂ
ਉਹਨਾਂ ਹੰਝੂਆਂ ਦੇ ਨਾਂ ਕਰ ਦੇਵਾਂ
ਜਿਨ੍ਹਾਂ ਨੂੰ ਮੈਂ
ਵਰਜਿਆ ਹਮੇਸ਼ਾ
ਅੱਖੀਉਂ ਬਾਹਰ ਆਉਣ ਤੋਂ-
ਭਾਵੇਂ ਭਰਮ ਹੀ ਸੀ ਮੇਰਾ
ਕਿ
''ਅੱਖਾਂ ਦਾ ਸਮੁੰਦਰ-
ਅੰਦਰ ਦੀ ਅੱਗ ਬੁਝਾ ਦੇਵੇਗਾ ।''

ਕਦੇ-ਕਦੇ ਕੋਈ ਕਵਿਤਾ ਮੇਰੀ
ਅਹਿਸਾਸਾਂ ਵਰਗੀ-
ਪਾਕ-ਪਵਿੱਤਰ ਜਾਪੇ ਤਾਂ
ਉਸ ਕਵਿਤਾ ਦੀ ਵਸੀਅਤ
ਉਹਨਾਂ ਅਹਿਸਾਸਾਂ ਦੇ ਨਾਂ ਲਿਖਵਾ ਦੇਵਾਂ ।
ਜੋ ਸਾਂਝ ਨੂੰ ਰਿਸ਼ਤਾ ਨਹੀਂ
ਅਹਿਸਾਸ ਬਣਾਈ ਰੱਖੇ
ਕਿਉਂ ਜੋ:
ਰਿਸ਼ਤੇ ਤੰਦਾਂ 'ਚ ਬੱਝਦੇ ਨੇ
ਜੋ ਟੁੱਟਣਾ ਜਾਣਦੇ ਨੇ
...ਤੇ ਅਹਿਸਾਸਾਂ ਦਾ ਨਿੱਘ
ਕਦੇ ਨਹੀਂ ਟੁੱਟਦਾ
ਕਦੇ ਨਹੀਂ ਮੁੱਕਦਾ!

ਜੇਕਰ ਕੋਈ ਕਵਿਤਾ ਮੈਨੂੰ
ਤ੍ਰਿਹਾਈ ਰੇਤ ਜਾਪੇ ਤਾਂ
ਉਸ ਕਵਿਤਾ ਨੂੰ ਮੈਂ
ਪਲਕਾਂ ਦੀਆਂ ਉਹਨਾਂ
ਸੇਜਲ ਸੜਕਾਂ ਦੇ ਨਾਂ ਕਰ ਦੇਵਾਂ
ਜਿਨ੍ਹਾਂ ਮੇਰੇ ਹੰਝੂਆਂ ਨੂੰ
ਸਾਲਾਂ-ਬੱਧੀ ਸੋਖਿਆ ਏ!

ਪਰ ਜੇਕਰ
ਕਵਿਤਾ ਕੋਈ ਅਦੁੱਤੀ
ਹੋਠ ਆਪਣੇ ਸੀਅ ਲਵੇ
ਤੇ ਸਾਰਾ ਹੀ ਜ਼ਹਿਰ
ਇਕੱਲਿਆਂ ਪੀ ਲਵੇ
ਤਾਂ ਮੈਂ-
ਉਸ ਚੁੱਪ ਵਰਗੀ ਕਵਿਤਾ ਨੂੰ
ਕਿਸ ਦੇ ਨਾਂ ਕਰਾਂ???

ਇਸ ਕਵਿਤਾ ਨੂੰ ਕੋਈ ਨਾ ਚਾਹਵੇ
ਇਸ ਕਵਿਤਾ ਨੂੰ ਮੈਂ ਆਪੇ ਚਾਹਵਾਂ
ਇਸ ਕਵਿਤਾ ਨੂੰ ਗਲ ਨਾਲ਼ ਲਾਵਾਂ
ਆਪਣੇ ਵਰਗੀ ਆਪਣੀ ਕਵਿਤਾ
ਆਪਣੇ ਹੀ ਨਾਂ ਕਰਾਂ
ਤੇ ਆਪਣੀ ਚੁੱਪ ਪਰਚਾਵਾਂ-

……………………
ਢੂੰਡ-ਢੁਡੇਂਦੇ
ਤੈਨੂੰ ਲੱਭਿਆ
ਲੱਭਿਆ
ਦਿਲ ਦਾ ਤਾਣਾ
ਆਪਣੇ ਪਿਆਰ ਦਾ ਪੇਟਾ ਪਾ
ਅਸੀਂ ਬੁਣਿਆ ਇਕ ਖਜ਼ਾਨਾ

25. ਚੜ੍ਹ ਵੇ ਚੰਨਿਆ

ਚੜ੍ਹ ਵੇ ਚੰਨਿਆ
ਮੇਰੀ ਸੋਚ ਦੇ ਅੰਬਰੀਂ
ਨੀਰ ਨੈਣਾ ਦਾ ਅਰਘ ਚੜ੍ਹਾਵਾਂ-

ਅੱਜ ਦੀ ਰਾਤ ਨੂੰ
ਪੁੰਨਿਆਂ ਕਰ ਦੇ
ਕੱਲ੍ਹ ਤੋਂ ਘੁੱਪ ਹੰਢਾਵਾਂ-

ਦੇ ਵੇ ਚੰਨਾ ਮੈਨੂੰ
ਬੱਦਲਾਂ ਦਾ ਕੱਜਣ
ਜੱਗ ਤੋਂ ਪਿਆਰ ਲੁਕਾਵਾਂ-

ਪਾ ਵੇ ਮੇਰੀ ਝੋਲੀ
ਚਾਨਣ ਦੀਆਂ ਛਿੱਟਾਂ
ਵੇ ਮੈਂ ਰੀਝਾਂ ਨੂੰ ਰੁਸ਼ਨਾਵਾਂ-

ਵੱਧਦੇ-ਫੁੱਲਦੇ ਵੇਖਾਂ-
ਰੀਝਾਂ ਤਾਂਈਂ
ਵੇ ਮੈਂ ਨੈਣੀ ਠੰਡਕ ਪਾਵਾਂ-

26. ਉਹ ਸੱਤ ਵਰ੍ਹੇ

ਰੱਬ ਨਾ ਕਰੇ
ਮੈਂ ਭੁੱਲ ਜਾਵਾਂ
ਸਲੀਬ 'ਤੇ ਲਟਕੇ ਸਾਲਾਂ ਨੂੰ
ਤਾਂ
ਉਮਰ ਦਿਆਂ ਵਰ੍ਹਿਆਂ 'ਚੋਂ
ਸੱਤ ਵਰ੍ਹੇ
ਮਨਫ਼ੀ ਹੋ ਜਾਣਗੇ

ਪਲਾਂ-ਪਲਾਂ ਦਾ ਜਮ੍ਹਾਂਫਲ
ਜਦੋਂ ਸੱਤ ਵਰ੍ਹੇ ਹੋ ਨਿੱਬੜਿਆ
ਤਾਂ ਜ਼ਿਹਨ ਦੀ ਸਲੇਟ 'ਤੇ
ਸਿਫ਼ਰ ਜਿਹੇ ਜੁਆਬ ਵਰਗਾ
ਇੱਕ ਸੁਆਲ ਨਿਕਲ ਆਇਆ

ਸਿਫਰ ਜਿਹੇ ਸਫ਼ਰ ਤੋਂ
ਅਗਾਂਹ ਤੁਰਨ ਲਈ
ਜਦ ਹੀਆ ਕੀਤਾ
ਤਾਂ ਕਲਮ ਖਹਿੜੇ ਪੈ ਗਈ

ਥਿੜਕ-ਥਿੜਕ ਕੇ ਬੀਤੇ ਪਲਾਂ ਨੂੰ
ਤੇ ਭੱਜੇ ਜਾਂਦੇ ਵਰ੍ਹਿਆਂ ਨੂੰ
ਸੋਚਾਂ ਦੀ ਪੂੰਜੀ ਗਿਰਵੀ ਰੱਖ ਕੇ
ਮੈਂ ਕਲਮ ਨੂੰ
ਸਿਆਹੀ ਲੈ ਕੇ ਦਿੱਤੀ

ਮੈਂ ਤੇ ਮੇਰੀ ਕਲਮ
ਸਿਫ਼ਰ ਬਣੇ ਸਫ਼ਰ ਤੋਂ
ਅਗਾਂਹ ਤੁਰ ਪਈਆਂ
ਹੋਣੀ ਨੂੰ ਹਲੂਣਦਿਆਂ
ਸਾਡੀ ਰੂਹ ਭਬੰਤਰੀ
ਇੱਕ-ਦੂਜੇ ਨੂੰ ਵੇਖਿਆ
ਤਾਂ ਜਾਪਿਆ--
ਇਹ ਤਾਂ ਸੁਪਨਾ ਸੀ
ਸੁਪਨੇ ਵਰਗਾ ਕੋਈ ਛਲ ਸੀ

ਅਸੀਂ ਤੁਰ ਪਈਆਂ
ਨਾ ਮੁੱਕਣ ਵਾਲੀ ਸੜਕ 'ਤੇ
ਸਮੇਂ ਦੀ ਨਜ਼ਾਕਤ ਦੇ
ਵਰ ਤੇ ਸਰਾਪ
ਦੋਨੋਂ ਸਾਡੇ ਹਮਸਾਏ ਨੇ
ਹਮਸਫ਼ਰ ਨੇ!

27. ਹੀਆ

ਰੋਜ਼ ਆਉਂਦੀ ਸੀ ਤਖ਼ਲੀਕ
ਤੇ ਮੇਰੇ ਜ਼ਿਹਨ ਦੇ ਬੂਹੇ
ਆ ਦਸਤਕ ਦਿੰਦੀ ਸੀ!
ਤੇ ਅੱਜ
ਪਹਿਲੀ ਵਾਰੀ ਇੰਝ ਹੋਇਆ
ਕਿ
ਮੈਂ ਖ਼ੁਦ ਗਈ ਹਾਂ
ਮੁਹੱਬਤ ਸੰਗ ਹੋ ਕੇ ਲਬਰੇਜ਼
ਤਖ਼ਲੀਕ ਦਾ ਬੂਹਾ ਖੜਕਾਉਣ-

ਨਿੱਤ ਬਹੁੜਦਾ ਸੀ ਕੋਈ ਸਰਾਪ
ਮੇਰੀਆਂ ਉਧਾਰੀਆਂ ਖ਼ੁਸ਼ੀਆਂ
ਮੈਥੋਂ ਖੋਹ ਲੈਣ ਵਾਸਤੇ
...ਤੇ ਸਰਾਪੀਆਂ ਰੂਹਾਂ ਵਾਂਗ
ਮੈਂ
ਅੰਦਰ ਮੱਚਦੇ ਸ਼ੋਰ 'ਚ
ਗੁਆਚਦੀ ਰਹੀ ਸਾਂ
ਅੱਜ ਪਹਿਲੀ ਵਾਰੀ
ਇੰਝ ਹੋਇਆ ਕਿ
ਮੈਂ ਖ਼ੁਦ ਗਈ ਹਾਂ

ਸਰਾਪੇ ਵਰ੍ਹਿਆਂ ਨੂੰ
ਜ਼ਿੰਦਗੀ ਦੇ ਸੁਆਲਾਂ 'ਚੋਂ
ਮਨਫ਼ੀ ਕਰਨ!

ਪਹਿਲਾਂ ਜਦ ਵੀ ਕਦੇ
ਉੰਗਿਆ ਕੋਈ
ਕੰਡਿਆਲਾ ਬੂਟਾ
ਮੇਰੇ ਦਿਲ ਦੇ ਵਿਹੜੇ
ਮੈਂ ਖ਼ੁਦ ਸਿੰਜਦੀ ਰਹੀ
ਨੈਣਾਂ ਦਾ ਨੀਰ ਪਿਲਾ ਕੇ
...ਤੇ ਅੱਜ
ਪਹਿਲੀ ਵਾਰੀਂ ਹੀਆ ਕੀਤਾ ਏ
ਥੋਹਰਾਂ ਭਰੀ ਧਰਤ ਨੂੰ
ਮੌਲਦੇ ਬਾਗ਼ਾਂ 'ਚ ਬਦਲਣ ਦਾ!

ਭਾਵੇਂ ਬਹੁਤ ਔਖਾ ਹੁੰਦੈ
ਅਤੀਤ ਦੇ ਕੰਡਿਆਂ ਦੀ
ਚੋਭ ਨੂੰ ਜਰਨਾ
ਪਰ
ਤਿਆਰ ਖੜ੍ਹੀ ਹਾਂ ਮੈਂ
ਤੇ
ਕਹਿੰਦੀ ਹਾਂ ਤੁਹਾਨੂੰ
ਖ਼ੁਸ਼-ਆਮਦੀਦ!

28. ਸਮੇਂ ਦੀ ਮੌਤ

ਕਦੇ-ਕਦੇ ਤਾਂ
ਹੋ ਜਾਂਦੀ ਹੈ ਲਾਜ਼ਮੀ
ਮੌਤ ਸਮੇਂ ਦੀ ਵੀ
ਬੇਸ਼ੱਕ
ਕੋਈ ਨਹੀਂ ਚਾਹੁੰਦਾ
ਕਿ ਸਮਾਂ ਮੁੱਕ ਜਾਵੇ!
ਭਲਾ ਇਹ ਵੀ ਕਦੇ ਥਿਆਉਂਦਾ ਏ?
ਇਹ ਤਾਂ ਚਲਦਾ ਰਹਿੰਦਾ ਏ
ਬੇਲਿਹਾਜ਼ ਹੋ ਕੇ!
ਪਰ ਫਿਰ ਵੀ ਹੈ ਲਾਜ਼ਮੀ
ਮੌਤ ਸਮੇਂ ਦੀ
ਉਦੋਂ - ਜਦੋਂ
ਖ਼ੁਸ਼ਗਵਾਰ ਮੌਸਮਾਂ ਦੀ ਉਡੀਕ ਹੋਵੇ
ਤੇ ਵਰਤਮਾਨ ਦੇ ਚੁੱਲ੍ਹਿਆਂ 'ਚ
ਆਦਮੀ ਸਿਰਫ਼
ਧੁੱਖਦਾ ਹੀ ਨਹੀਂ
ਸਗੋਂ ਭਾਂਬੜ ਬਣ ਕੇ ਬਲ ਰਿਹਾ ਹੋਵੇ
ਉਦੋਂ-ਜਦੋਂ
ਪੈਰਾਂ ਤਲੇ
ਸਿਰਫ਼ ਰੇਤ ਨਹੀਂ
ਲਾਵਾ ਵਹਿ ਰਿਹਾ ਹੋਵੇ
ਫਿਰ ਹੋ ਹੀ ਜਾਂਦੀ ਹੈ ਲਾਜ਼ਮੀ
ਮੌਤ ਸਮੇਂ ਦੀ ਵੀ
ਕਿਸੇ ਖ਼ੁਸ਼ਗਵਾਰ ਮੌਸਮ ਦੀ ਉਡੀਕ 'ਚ
ਤਾਂ ਜੋ
ਇਹਨਾਂ ਧੁੱਖਦੇ ਮੌਸਮਾਂ
ਤੇ ਉਸ ਖ਼ੁਸ਼ਗਵਾਰ ਮੌਸਮ ਵਿਚਲਾ ਫਾਸਲਾ
ਸਿਫ਼ਰ ਹੋ ਜਾਵੇ...! ...!!

29. ਛਾਂ

ਛਾਂ ਤੇਰੇ ਰੁੱਖ ਦੀ
ਛਾਂ ਮੇਰੇ ਰੁੱਖ ਦੀ
ਜਾਂ ਕਹਿ ਲਵਾਂ ਕਿ
ਛਾਂ ਆਪਣੇ ਬੁੱਤ ਦੀ
ਉੰਕਾ ਭੈਣ ਹੀ ਹੈ
ਰੋਹੀਆਂ ਵਾਲੀ ਧੁੱਪ ਦੀ!

ਪਰ
ਵੇਖ ਖਾਂ!
ਹਰ ਓਝੜ ਰਾਹ
ਸਾਡੀਆਂ ਜੜ੍ਹਾਂ ਸੰਗ ਆ ਮਿਲਦਾ ।
ਹਫ਼ਦਾ ਤੇ ਥੱਕਿਆ ਰਾਹੀ
ਜੱਫ਼ੀਆਂ ਪਾ
ਸਾਡੇ ਤਣਿਆਂ ਨੂੰ ਮਿਲਦਾ ਏ
ਤੇ ਕਦੇ ਵੀ ਨਹੀਂ ਮੁੜਦਾ
ਪਰਛਾਵਾਂ ਤਾਂ ਕਦੇ ਵੀ ਨਹੀਂ-
ਇਹ ਮਹਿਜ਼
ਇਤਫ਼ਾਕ ਹੀ ਤਾਂ ਨਹੀਂ!

30. ਹਰਫ਼ਾਂ ਦੀ ਪੰਡ

ਰਾਤੀਂ-
ਤਾਰੇ ਤੱਕਦੀ ਰਹੀ
ਉਹ ਭੁਰ-ਭੁਰ ਕੇ
ਏਦਾਂ ਕਿਰਦੇ ਰਹੇ
ਮੇਰੀ ਬੁੱਕਲ 'ਚ
ਜਿੱਦਾਂ
ਆਪਣਾ ਹੀ ਨਿੱਘ
ਉਹਨਾਂ ਲਈ
ਸੇਕ ਬਣ ਗਿਆ ਹੋਵੇ!
ਮੈਂ ਸਾਰੇ ਤਾਰੇ ਸਮੇਟ ਕੇ
ਕਈ ਹਰਫ਼ ਉਣ ਲਏ
ਹਰਫ਼ਾਂ ਦੀ ਪੰਡ
ਸਿਰ 'ਤੇ ਚੁੱਕ ਕੇ
ਇਲਮ ਦਾ ਘਰ ਲੱਭਣ ਤੁਰ ਪਈ!
ਜਦੋਂ
ਸਾਰੇ ਰਾਹ ਸ਼ਾਹ ਹੋ ਗਏ
ਤਾਂ ਮੈਂ
ਤੈਨੂੰ ਲੱਭਿਆ...
ਤੂੰ ਕਿਹਾ,
''ਸਾਰੇ ਹਰਫ਼ ਨਜ਼ਮਾਂ ਦੀ ਝੋਲੀ ਪਾ ਦੇਹ!''
ਮੈਂ ਤੇਰਾ ਕਿਹਾ ਮੰਨ
ਸਾਰੇ ਹਰਫ਼ ਨਜ਼ਮਾਂ ਦੀ ਝੋਲੀ ਪਾ ਦਿੱਤੇ
...ਤੇ ਮੇਰੀਆਂ ਨਜ਼ਮਾਂ
ਤੇਰੇ ਅਹਿਸਾਸ
ਤੁਰ ਪਏ ਇਲਮ ਦੇ ਘਰ ਨੂੰ ਜਾਂਦੇ
ਰਾਹਾਂ 'ਤੇ!

31. ਖਾਮੋਸ਼ ਪਰਤ

ਮੇਰੇ ਪਿਆਰ ਦੀ ਝੀਲ ਨੂੰ
ਛੋਟਾ ਕਹਿਣ ਵਾਲਿਆ!
ਤੂੰ ਵੇਖਿਆ ਈ ਕਦ ਏ
ਖਾਮੋਸ਼ ਪਰਤ ਦੇ
ਹੇਠਲੀ ਹਲਚਲ ਤਾਂਈਂ?!?

32. ਰਹਿਮਤ ਦੀ ਬੂੰਦ

ਜਿੰਦ-ਪੰਛੀ ਨੇ
ਚੁੰਝ ਜੋ ਖੋਲ੍ਹੀ
ਸੂਰਜ ਦੇ ਵਿਹੜਿਉਂ
ਰਹਿਮਤ ਦੀ ਬੂੰਦ
ਜਿੰਦ-ਪੰਛੀ ਦੇ
ਮੂੰਹ ਵਿੱਚ ਡਿੱਗੀ
ਸੁਣਿਐ!
ਰਹਿਮਤ ਦੀ ਇੱਕੋ ਬੂੰਦ ਨੇ
ਜਿੰਦ-ਪੰਛੀ ਦੀ
ਰੂਹ ਨੂੰ ਸਿੰਜਿਆ
ਰੂਹ ਦੇ ਬਾਗੀਂ ਫੁੱਲ ਖਿੜੇ
ਮਹਿਕਾਂ ਦਾ ਇੱਕ ਚਾਨਣ ਖਿੰਡਿਆ
ਪਰ
ਸੂਰਜ ਦਾ ਵਿਹੜਾ ਭਰਪੂਰ ਹੈ
ਨਿੱਤ ਰਹਿਮਤ ਦੀ ਬੂੰਦ ਉਹ ਵੰਡੇ
ਫਿਰ ਵੀ ਨੂਰੋ-ਨੂਰ ਹੈ!

33. ਤੂੰ ਤੇ ਮੈਂ

ਤੂੰ ਕਲ-ਕਲ ਕਰਦਾ
ਆਬਸ਼ਾਰ!
ਮੈਂ ਸਹਿਜ ਵਗਦੀ ਨਦੀ!
ਤੇਰੇ ਪਾਣੀਆਂ 'ਚ ਤਰਥੱਲੀ
ਮੇਰੇ ਪਾਣੀਆਂ 'ਚ ਸਹਿਜਤਾ
ਤੇ ਵੇਖ!
ਮੇਰੀ ਗੋਦ ਦੀ ਵਿਸ਼ਾਲਤਾ
ਕਿ
ਤੇਰੇ ਪਾਣੀਆਂ ਨੂੰ ਵੀ
ਸਹਿਜ ਕਰ ਦੇਵੇ-
ਤੇ ਤੂੰ
ਸਿਮਟ ਜਾਵੇਂ
ਸਾਰੇ ਦਾ ਸਾਰਾ
ਮੇਰੀ ਗੋਦ 'ਚ!

34. ਹੋਂਦ

ਤਿਤਲੀਆਂ 'ਚ ਰੰਗ ਨੇ
ਫੁੱਲਾਂ ਦੀ ਬਦੌਲਤ
ਤੇ
ਫੁੱਲ ਖਿੜਦੇ ਨੇ
ਤਿਤਲੀਆਂ ਦੇ ਕਾਰਨ!
ਫਿਰ ਭਲਾ
ਕਿੰਝ ਮੁਮਕਿਨ ਹੈ
ਤੇਰੀ-ਮੇਰੀ ਹੋਂਦ
ਇੱਕ-ਦੂਜੇ ਬਿਨਾਂ?!?!

35. ਉਹ ਦੌਰ

ਉਮਰ ਦੇ ਹਰ ਵਰਕੇ 'ਤੇ
ਹਾਲਾਤ ਦੀ ਸਿਆਹੀ
ਕਾਲਖ ਬਣ ਕੇ ਖਿੱਲਰ ਗਈ
ਅਪਣੱਤ ਜਿਹਾ ਹਰ ਲਫ਼ਜ਼
ਅਣਦਿੱਖ ਹੋ ਗਿਆ
ਫਿਰ ਕੱਢ ਬੈਠੇ ਅਸੀਂ
ਅੱਧ-ਦਿਸਦੇ ਸ਼ਬਦਾਂ ਦੇ
ਗਲਤ ਮਤਲਬ!
ਕਾਲਖਾਂ ਦੇ ਕਹਿਰ 'ਚ
ਘੂਰਦਾ ਰਿਹਾ ਹਰ ਚਿਹਰਾ
ਪ੍ਰਸ਼ਨ-ਚਿੰਨ੍ਹ ਬਣ ਕੇ!
...ਤੇ ਤੇਰਾ ਨਾਂ ਬੁਣਦੇ
ਕੁੱਝ ਕੁ ਅੱਖਰ
ਮੈਂ ਹਾਸ਼ੀਏ ਵਿੱਚ ਸਾਂਭ ਲਏ!

36. ਚੰਨ ਤੋਂ ਪਾਰ

ਚਲ ਪ੍ਰੀਤਮ
ਚਲ ਚਲੀਏ
ਚੰਨ ਤੋਂ ਪਾਰ!
ਤੇਰੀ ਮੇਰੀ ਪ੍ਰੀਤ ਦਾ ਜਿਥੇ
ਹੋਵੇ ਬਸ ਸੰਸਾਰ
ਬਸ ਇੱਕ ਤੇਰੀ
ਵੰਝਲੀ ਹੋਵੇ
ਜਾਂ ਬਸ ਹੋਵੇ
ਮੇਰੀ ਝਾਂਜਰ ਦੀ ਛਣਕਾਰ!
ਤੂੰ ਫੁੱਲ ਹੋਵੇਂ
ਮੈਂ ਸ਼ਬਨਮ ਹੋਵਾਂ
ਰਹੀਏ ਮਹਿਕਾਂ ਦੇ ਸੰਸਾਰ
ਝਿਲਮਿਲ ਤਾਰਿਆਂ ਦੀ ਬਸਤੀ ਵਿਚ
ਖੀਵੇ ਹੋ ਹੋ ਮਾਣੀਏ ਪ੍ਰੀਤਮ
ਕਿਰਨਾਂ ਦੀ ਬੌਛਾਰ!
ਸੁਪਨਿਆਂ ਦਾ ਇਕ ਘਰ ਬਣਾਈਏ
ਚੰਨ ਦੀ ਦੁਧੀਆ ਚਾਨਣੀ ਜਿਥੇ
ਬਰਸੇ ਬਣ ਖੁਮਾਰ!
ਤੋੜੀਏ ਸੋਚਾਂ ਦੇ ਜਿੰਦਰੇ
ਤੇ ਪੈਰਾਂ ਦੇ ਬੰਧਨ
ਤੁਰ ਚਲੀਏ ਬੰਧਨਾਂ ਤੋਂ ਪਾਰ
ਚਲ ਪ੍ਰੀਤਮ ਚਲ ਚਲੀਏ
ਚੰਨ ਤੋਂ ਪਾਰ!
ਤੇਰੀ ਮੇਰੀ ਪ੍ਰੀਤ ਦਾ ਜਿਥੇ
ਹੋਵੇ ਬਸ ਸੰਸਾਰ!

37. ਕਵਿਤਾ ਦੀ ਕਬਰ

ਮਨ ਦੇ ਵਿਹੜੇ 'ਚ ਦਫ਼ਨ
ਕੰਜ-ਕੁਆਰੀਆਂ ਕਵਿਤਾਵਾਂ ਨੂੰ
ਫੇਰ ਜਗਾ-
ਚਾਹੇ ਸਭ ਤੋਂ ਚੋਰੀ ਹੀ ਸਹੀ
ਪਰ ਇਹਨਾਂ ਦਾ
ਜਾਗਣਾ ਲਾਜ਼ਮੀ ਹੈ!
ਕਿਉਂ ਜੋ
ਕਵਿਤਾਵਾਂ ਦੀ
ਭਟਕਦੀ ਰੂਹ
ਸਾਡੇ ਅੰਦਰ ਦੇ ਖ਼ਲਾਅ ਨੂੰ
ਭਰਨ 'ਨੀ ਦਿੰਦੀ!
...ਤੇ
ਆਪਣੇ ਨਿੱਜ ਦੀ ਅਵਸਥਾ 'ਚ
ਅਸੀਂ ਹੰਢਾਉਂਦੇ ਹਾਂ-
ਉਹਨਾਂ ਰੂਹਾਂ ਦਾ ਸਰਾਪ!

38. ਕਵਿਤਾ

ਕਲਮ ਜਦ ਵੀ ਖਹਿੜੇ ਪੈਂਦੀ ਹੈ
ਤਾਂ ਮੈਥੋਂ
ਕਵਿਤਾ ਲਿਖੀ ਜਾਂਦੀ ਏ
ਐਸੀ ਕਵਿਤਾ
ਜੋ
ਕਲਮ ਦੇ ਘਰ ਦਾ
ਰਾਹ ਲੱਭਦੀ-ਲੱਭਦੀ
ਪਤਾ ਨਹੀਂ ਕਿਵੇਂ
ਸੋਚਾਂ ਦੀ ਉਂਗਲੀ ਫੜ
ਮੇਰੇ ਜ਼ਿਹਨ ਦੇ ਵਿਹੜੇ
ਮੇਰੇ ਦਿਲ ਦੇ ਵਿਹੜੇ
ਮੇਰੇ ਅਚੇਤ ਮਨ ਦੀਆਂ
ਪਰਤਾਂ ਫਰੋਲਦੀ ਏ
ਤਾਂ ਲੱਗਦਾ-
ਮੇਰੇ ਘਰ
ਕਵਿਤਾ ਪ੍ਰਾਹੁਣੀ ਆਈ ਏ
ਪਤਾ ਨਹੀਂ ਕਿਵੇਂ?
ਪਤਾ ਨਹੀਂ ਕਦੋਂ?
ਕਲਮ-ਕਵਿਤਾ ਇੱਕ ਹੋ ਜਾਵਣ
ਦੂਰ ਦੀ ਕਿਸੇ ਦੁਨੀਆਂ ਦਾ
ਬਿੰਬ ਜਿਹਾ ਪ੍ਰਗਟਾਉਣ
ਮੈਂ ਆਪੇ ਵਿੱਚ ਖੋਈ
ਤਨਹਾਈਆਂ ਦਾ ਪਹਿਨਣ ਪਹਿਨ ਕੇ
ਉਸ ਬਿੰਬ 'ਚ ਸਮੋਈ!
ਉਸ ਸੋਚਾਂ ਦੀ ਧਰਤ 'ਤੇ
ਚੜ੍ਹਦੇ ਸੂਰਜ ਦੀ
ਪਹਿਲੀ ਕਿਰਨ
ਇੱਕ ਕਵਿਤਾ ਜਾਪਦੀ ਏ
ਹਰ ਦਿਨ ਦੀ ਸਿਖਰ-ਦੁਪਹਿਰ
ਇੱਕ ਕਵਿਤਾ ਜਾਪਦੀ ਏ
ਰਾਤ ਦੇ ਤਾਰਿਆਂ ਦੀ ਲੋਅ
ਇੱਕ ਕਵਿਤਾ ਜਾਪਦੀ ਏ
ਤੂੰ ਇੱਕ ਕਵਿਤਾ ਜਾਪਦਾ ਏਂ
ਮੇਰੇ ਆਪਾ ਮੈਨੂੰ ਕਵਿਤਾ ਜਾਪਦਾ ਏ
ਹਰ ਸ਼ੈਅ ਕਵਿਤਾ ਜਾਪਦੀ ਏ!
ਪਰ ਕੋਈ ਕਹੇ ਕਿ
ਦੱਸ ਖਾਂ ਕਵਿਤਾ ਕਿਸ ਨੂੰ ਕਹਿੰਦੇ ਨੇ
ਮੈਂ ਕੁਝ ਵੀ ਦੱਸ ਨੀ ਪਾਉਂਦੀ
ਪਰ ਆਪਣੀ ਹੀ ਖਮੋਸ਼ੀ ਵੀ-
ਮੈਂ ਹਾਇ ਸਹਿ ਨੀ ਪਾਉਂਦੀ!
ਉਹ ਖਮੋਸ਼ੀ ਵੀ
ਮੈਨੂੰ ਤਾਂ-
ਇੱਕ ਕਵਿਤਾ ਹੀ ਜਾਪੇ
ਪਰ
ਸਾਹਮਣੇ ਵਾਲੇ ਨੂੰ
ਕਿੰਝ ਸਮਝਾਵਾਂ ਕਿ
ਇਹ ਜੋ ਪਲ ਅਸੀਂ ਸਾਂਝੇ ਕੀਤੇ ਨੇ
ਇੱਕ ਕਵਿਤਾ ਨੇ
ਚੁੱਪ ਦਾ ਬਿਰਤਾਂਤ ਸਿਆਹੀ!
ਉਹ ਜੋ ਵੀ ਮੈਂ ਕਹਿਣਾ ਹੈ
ਉਹ ਜੋ ਵੀ ਤੂੰ ਸੁਣਨਾ ਹੈ
ਸਭ ਕਵਿਤਾ ਹੈ!
ਸਭ ਕਵਿਤਾ ਹੈ!

39. ਮੇਰੇ ਵਜੂਦ ਦੇ ਟੁੱਕੜੇ

ਮੈਂ ਜਦ
ਤੇਰੇ ਘਰ ਦੀ
ਚੌਖਟ ਅੰਦਰ ਪੈਰ ਧਰਿਆ
ਤਾਂ ਤੂੰ
ਮੇਰੇ ਲਈ ਘਰ ਹੋ ਗਿਉਂ-
ਬੇਸ਼ੱਕ
ਤੇਰੇ ਭਾਣੇ ਪਰਤ ਆਈ ਸਾਂ ਮੈਂ
ਸਾਬਤ-ਸਬੂਤੀ
ਪਰ
ਮੇਰਾ ਬਹੁਤ ਕੁੱਝ
ਤੇਰੇ ਘਰ ਦੀ
ਚੌਖਟ ਅੰਦਰ ਰਹਿ ਗਿਆ
ਮੈਂ ਤੇਰੇ ਘਰ 'ਚੋਂ
ਆਪਣੇ ਟੁੱਕੜੇ
ਸਮੇਟਣਾ ਨੀ ਚਾਹੁੰਦੀ-
ਤਾਂ ਜੋ
ਉਹ ਮਾਣ ਸਕਣ
ਤੇਰੇ ਸਾਹਾਂ ਦੀ ਗਰਮੀ
ਤੇਰੇ ਵਜੂਦ ਦਾ ਸੇਕ
ਤੇਰੇ ਬੋਲਾਂ ਦਾ ਨਿੱਘ

ਕੁਝ ਤਾਂ ਅੱਪੜੇ
ਤੇਰੇ ਤਾਂਈਂ ਵੀ
ਮੇਰੇ ਟੁੱਕੜਿਆਂ ਦੀ ਛੋਹ!

40. ਇੱਕ ਹਮਦਰਦ ਹੱਥ

ਇੱਕ ਹਮਦਰਦ ਹੱਥ
ਜੋ ਜਲਾਵਤਨ ਹੋਈ
'ਮਹਿਕ ਦੀ ਰੁੱਤ' ਤਲਾਸ਼ਦੀ
ਜਿੰਦ-ਕੁੜੀ ਦੇ ਹੱਥਾਂ 'ਤੇ
'ਨਿਰਛਲ-ਮੋਹ' ਦਾ
ਇੱਕ ਚਿਰਾਗ ਧਰ ਗਿਆ
....ਤੇ ਜਿੰਦ-ਕੁੜੀ
ਕਿੰਨਾ ਹੀ ਚਿਰ
ਨਿਹਾਰਦੀ ਰਹੀ ਉਹ ਰਾਹ
ਜਿੱਧਰ ਉਹ
ਹਮਦਰਦ ਹੱਥ ਤੁਰ ਗਿਆ
....ਤੇ ਫੇਰ
ਓਝਲ ਹੋ ਗਿਆ!

41. ਤੇਰੇ ਹੋਠ ਮੇਰੇ ਹੋਠ

ਕੀ ਕੁੱਝ ਸਾਂਝਾ ਕਰਨਾ ਚਾਹੁੰਦੇ,
ਤੇਰੇ ਹੋਠ ਮੇਰੇ ਹੋਠ
ਕਿਉਂ ਨਾ ਦਿਲ ਦੀ ਗੱਲ ਸੁਣਾਉਂਦੇ,
ਤੇਰੇ ਹੋਠ ਮੇਰੇ ਹੋਠ

ਚੰਨ ਸਰਘੀ ਦਾ ਵੇਖਣ ਆਇਆ,
ਭੁੱਲ ਗਿਆ ਮੁੜਨਾ
ਜਦ ਵੀ ਤੱਕ ਲਏ ਇਕ ਥਾਂ ਵਸਦੇ
ਤੇਰੇ ਹੋਠ ਮੇਰੇ ਹੋਠ

ਸੌ ਜਨਮਾਂ ਤੋਂ ਦਿਲ ਵਿੱਚ
ਸਾਂਭੀ ਗੱਲ ਦਿਲਾਂ ਦੀ
ਕਹਿੰਦੇ ਕਾਹਤੋਂ ਝਿਜਕਣ ਯਾਰਾ,
ਤੇਰੇ ਹੋਠ ਮੇਰੇ ਹੋਠ

ਫੁੱਲ ਵੀ ਮੈਨੂੰ ਆ-ਆ
ਦੇਣ ਸੁਨੇਹੇ ਹਰ ਪਲ
ਤੱਕ ਕੇ ਕਲੀਆਂ ਵਰਗੇ ਹੱਸਦੇ,
ਤੇਰੇ ਹੋਠ ਮੇਰੇ ਹੋਠ

ਠੰਡੀਆਂ ਸ਼ੀਤ ਹਵਾਵਾਂ
ਰੁਕ-ਰੁਕ ਪੁੱਛਣ ਮੈਥੋਂ
ਕਿੱਥੇ ਵੰਡਦੇ ਨਿੱਘੀਆਂ ਮਹਿਕਾਂ,
ਯਾਰ ਤੇਰੇ ਦੇ ਹੋਠ

ਪਤਾ ਨਹੀਂ ਉਹ ਕੌਣ ਸੀ
ਮੰਗਦਾ ਰਾਤੀਂ ਅੜਿਆ
ਇੱਕ-ਦੂਜੇ ਨੂੰ ਦੇ ਗਏ ਜੋ,
ਤੇਰੇ ਹੋਠ ਮੇਰੇ ਹੋਠ

42. ਜ਼ਿੰਦਗੀ

ਜ਼ਿੰਦਗੀ ਮਹਿਜ਼
ਵਿਲਕਣਾ ਜਾਂ ਕਿਲਕਾਰੀਆਂ ਮਾਰ
ਹੱਸਣਾ ਨਹੀਂ
ਜ਼ਿੰਦਗੀ-ਤਵਾਰੀਖ ਦਾ ਪਰਛਾਵਾਂ
ਭਵਿੱਖ ਦੀ ਕਲਪਨਾ
ਤੇ
ਵਰਤਮਾਨ ਦਾ ਪੈਂਡਾ ਹੈ!
ਜ਼ਿੰਦਗੀ ਜਦੋਂ
ਕਰਜ਼ ਬਣ ਜਾਂਦੀ ਹੈ
ਉਦੋਂ ਹਰ ਨਵਾਂ ਵਰ੍ਹਾ ਚੜ੍ਹਨ 'ਤੇ
ਇੱਕ ਕਿਸ਼ਤ ਅਦਾ ਹੋ ਜਾਂਦੀ ਹੈ
ਓਸ ਕਰਜ਼ ਦੀ!
ਬੇਸ਼ੱਕ ਪੈਰਾਂ ਤਲੇ
ਓਹੀਓ ਓਝੜ ਰਾਹ ਹੋਣ
ਪਰ ਇੱਕ ਕਿਸ਼ਤ ਲਹਿ ਜਾਣ ਦੀ
ਡਾਹਢੀ ਖ਼ੁਸ਼ੀ ਹੁੰਦੀ ਹੈ!
ਸਿਰਫ਼ ਉਦੋਂ-ਜਦੋਂ ਜ਼ਿੰਦਗੀ
ਕਰਜ਼ ਬਣ ਜਾਂਦੀ ਹੈ!

ਜਦ ਜ਼ਿੰਦਗੀ
ਫ਼ਰਜ਼ ਬਣ ਜਾਵੇ ਤਾਂ
ਹਰ ਗ਼ਮ ਤੇ ਹਰ ਖ਼ੁਸ਼ੀ
ਇੱਕ ਦਸਤੂਰ ਬਣ ਜਾਂਦੇ ਨੇ ।
ਇਸ ਤੋਂ ਮੁਨਕਰ ਹੋਇਆਂ ਵੀ
ਨਹੀਂ ਸਰਦਾ
ਪੌਣਾਂ ਤੇ ਰੇਤ
ਵਗਦੇ ਹੀ ਰਹਿੰਦੇ ਨੇ
ਕਿਰਦੇ ਹੀ ਰਹਿੰਦੇ ਨੇ
ਵਕਤ ਦੇ ਮੌਸਮਾਂ 'ਚ
ਵਕਤ ਦੀਆਂ ਮੁੱਠੀਆਂ 'ਚੋਂ
ਇੱਕ ਫ਼ਰਜ਼ ਬਣ ਕੇ!

ਜ਼ਿੰਦਗੀ
ਬਣ ਜਾਵੇ ਮਰਜ਼ ਜੇ
ਔੜਾਂ ਮਾਰੀ ਧਰਤ
ਦਰਦਾਂ ਮਾਰੀ ਦੇਹ
ਸ਼ਰੀਕ-ਏ-ਹਯਾਤ ਹੋ ਨਿੱਬੜਦੇ ਨੇ
ਮਹਿਜ਼ ਉਸ ਦਿਨ ਦੀ ਉਡੀਕ 'ਚ
ਜੋ ਹਰ ਧੜਕਣ ਦੀ
ਅਖੀਰ ਹੈ!

ਕਦੇ-ਕਦੇ ਜ਼ਿੰਦਗੀ
ਬਣ ਜਾਂਦੀ ਹੈ ਅਰਜ਼ ਵੀ
ਉਦੋਂ
ਹੋਠਾਂ 'ਤੇ ਆਏ ਹਰਫ਼
ਇੱਕ ਤਰਲਾ ਹੋ ਜਾਂਦੇ ਨੇ ।
ਵਕਤ ਦੀਆਂ ਮੀਢੀਆਂ ਗੁੰਦਣਾਂ
ਹੋ ਜਾਂਦਾ ਹੈ ਲਾਜ਼ਮੀ
ਕੰਬਦੇ ਹੱਥਾਂ ਲਈ!
ਵਕਤ ਦੀ ਰਾਅ ਨੂੰ
ਭਲਾ ਕੌਣ 'ਨੀ ਪਛਾਣਦਾ!

43. ਨਵਾਂ ਅਧਿਆਇ

ਸਾਡੇ ਮੱਥੇ 'ਤੇ
'ਬੰਦ-ਕਿਤਾਬ' ਦਾ
ਲੇਬਲ ਲਾਉਣ ਵਾਲਿਆ
ਦੱਸ ਖਾਂ
ਕਿੰਨੀ ਕੁ ਵਾਰ ਤਾਂਘੇ ਨੇ
ਤੇਰੇ ਹੱਥ
ਇਹ ਕਿਤਾਬ ਖੋਹਲਣ ਲਈ?

ਤੂੰ ਕਿਹਾ,
''ਮੈਂ ਖੁੱਲ੍ਹੀ-ਕਿਤਾਬ ਹਾਂ,
ਜਦ ਮਰਜ਼ੀ ਚਾਹੇ ਪੜ੍ਹ ਲੈ ।''
ਪਰ
ਤੇਰੇ ਪੰਨਿਆਂ 'ਤੇ ਉੰਕਰੇ ਹਰਫ਼
ਬਦਲਦੇ ਪਲ-ਪਲ ਜੋ
ਰੂਹ ਵੀ
ਤੇ ਰੂਹ ਦਾ ਜਾਮਾ ਵੀ
ਉਹ ਕਿੰਨੇ ਬੇਰਹਿਮ ਨੇ
ਤੇ ਤੂੰ
ਹਰ ਵਾਰ ਮਿਲਦਾ ਏਂ ਮੈਨੂੰ
ਇੱਕ 'ਨਵਾਂ-ਅਧਿਆਇ' ਬਣਕੇ!

44. ਸ਼ਿਕਵਾ

ਤੇਰਾ ਵਿਸ਼ਵਾਸ
ਹਰ ਵਾਰ ਹੀ
ਚੀਣਾ-ਚੀਣਾ ਹੋ ਕੇ
ਡੁੱਲ੍ਹ ਕਿਉਂ ਜਾਂਦਾ?
....ਤੇ ਮੈਨੂੰ
ਹਰ ਵਾਰ ਹੀ
ਹਰਫ਼ਾਂ ਦੀ ਚੁੱਪ ਜਿਹਾ
ਕੋਈ ਸਬੂਤ ਸਿਰਜਣਾ ਪੈਂਦਾ!

ਤੂੰ ਤੇ ਤੇਰਾ ਵਿਸ਼ਵਾਸ
ਕੋਈ ਮੂੰਹ-ਜ਼ੁਬਾਨੀ
ਕਵਿਤਾ ਕਿਉਂ 'ਨੀ ਬਣ ਜਾਂਦੇ
ਮੈਨੂੰ ਹਰ ਵਾਰ ਹੀ
ਗਾਚੀ-ਫੇਰੀ ਫੱਟੀ ਜਿਹੇ
ਤੇਰੇ ਜ਼ਿਹਨ 'ਤੇ
ਪੂਰਨੇ ਕਿਉਂ ਪਾਉਣੇ ਪੈਂਦੇ ਨੇ?

45. ਪਰਮ ਪ੍ਰਾਪਤੀ

ਮਲ-ਮਲ ਕੇ ਨਜ਼ਮਾਂ ਦਾ ਵਟਣਾ
ਮਨ ਮੇਰੇ ਦੀ ਦੇਹੀ ਨਾਤ੍ਹੀ ।

ਮਹਿਕ-ਵਿਹੂਣੇ ਫੁੱਲ ਨੇ ਮਾਣੀ
ਮਾਣਮੱਤੇ ਭੰਵਰੇ ਦੀ ਝਾਤੀ

ਜਨਮਾਂ ਦੀ ਮੈਂ ਕਾਲਖ਼ ਧੋਤੀ
ਪ੍ਰੀਤਾਂ ਦਾ ਅੱਜ ਚਾਨਣ ਹੋਇਆ

ਮੈਂ ਅੱਜ ਨਿਰਛਲ ਹਾਸਾ ਹੱਸਿਆ
ਅੱਜ ਜਦ ਮੇਰਾ ਆਪਾ ਮੋਇਆ

ਮੇਰਾ ਨਾਂ ਬੁਣਦੇ ਅੱਖਰਾਂ ਨੂੰ ਮੈਂ
ਉਹਦੇ ਹੱਥੋਂ ਕਿਰਦੇ ਤੱਕਿਆ

ਰੱਬੀ ਵਰ ਜਿਹੇ ਹੱਥਾਂ ਨੂੰ ਮੈਂ
ਆਪਣੇ ਸਿਰ ਵੱਲ ਉੰਠਦੇ ਤੱਕਿਆ

ਮੈਂ ਮੋਈ, ਮੇਰਾ ਆਪਾ ਮੋਇਆ
ਮੈਂ ਜਦ ਉਹਦੇ ਨੈਣੀ ਝਾਕੀ

ਜਿੰਦ ਜਿਹੀ ਇੱਕ ਸ਼ੈਅ ਨੂੰ ਪੀਤਾ
ਇੱਕ-ਦੂਜੇ ਦੇ ਬਣ ਕੇ ਸਾਕੀ!

46. ਕਿਸ਼ਾਂਵਲ

ਪਤਾ ਨਹੀਂ ਕਦੋਂ
ਤੇ ਪਤਾ ਨਹੀਂ ਕਿਵੇਂ
ਮੇਰੀਆਂ ਕਵਿਤਾਵਾਂ 'ਚ
ਸੂਰਜ
ਕੇਂਦਰ-ਬਿੰਦੂ ਬਣ ਗਿਆ
ਕਦੇ ਮੈਂ
ਮੰਗਦੀ ਹਾਂ ਹਿਸਾਬ
ਸੂਰਜ ਦੇ ਮੁਨੀਮ ਤੋਂ
ਆਪਣੇ ਹਿੱਸੇ ਦੀ ਲੋਅ ਦਾ!

ਕਦੇ ਕਰਦੀ ਹਾਂ ਅਰਜ਼ੋਈ
ਕਿ ਉਹ ਰੁਸ਼ਨਾ ਦੇਵੇ
ਇਸ ਧਰਤ ਦਾ ਹਰ ਇੱਕ ਕੋਨਾ
ਕੋਈ ਨੁੱਕਰ ਰਹੇ ਨਾ ਵਾਂਝੀ
ਇਸ ਦੇ ਨੂਰ ਤੋਂ!

ਤੇ ਕਦੇ
ਦੱਸਦੀ ਹਾਂ ਖ਼ੁਦ ਉਸ ਨੂੰ
ਕਿ ਮੈਂ ਨਹੀਂ ਮਾਣਿਆ
ਉਹਦੇ ਤੇਜ਼ ਦਾ ਨਿੱਘ
...ਤੇ ਪਤਾ ਨਹੀਂ ਕਦੋਂ ਮੈਂ
ਕਿਸ਼ਾਂਵਲ (ਕਿਸ਼ਾਂ (ਸੂਰਜ) + ਵਲ) ਬਣ ਗਈ?
ਬੇਸ਼ੱਕ
ਬੀਤੇ ਨੇ ਬਹੁਤ ਸਾਲ
ਇਸ ਤਰ੍ਹਾਂ
ਕਿ ਮੈਂ
ਸੂਰਜ ਵੱਲ ਮੂੰਹ 'ਨੀ ਕੀਤਾ
ਜਾਂ
ਫਿਰ ਸੂਰਜ ਹੀ ਮੈਨੂੰ
ਪਿੱਠ ਦਿਖਾ ਗਿਆ
ਪਰ ਅੱਜ ਫੇਰ
ਉਹ ਮੇਰੇ ਸਨਮੁੱਖ ਹੈ
ਅੱਜ ਫੇਰ
ਮੈਂ ਉਹਦੇ ਸਨਮੁੱਖ ਹਾਂ
ਅੱਜ ਫੇਰ
ਮੈਂ ਕਿਸ਼ਾਂਵਲ ਹੋ ਗਈ ਹਾਂ
ਅੱਜ ਫੇਰ
ਉਹਦੇ ਨੂਰ 'ਤੇ ਮੇਰਾ ਹੱਕ ਹੈ ।

47. ਅਜ਼ਲਾਂ ਦੀ ਤੜਫ਼

ਉਂਝ ਭਾਵੇਂ-
ਬਹੁਤ ਔਖਾ ਹੈ
ਵਕਤ ਦਾ ਕਤਲ
ਪਰ...
ਅੱਜ ਮੈਂ
ਹੀਆ ਕੀਤਾ ਹੈ
...ਤੇ
ਜ਼ਿੰਦਗੀ ਦੇ
ਕਿੰਨੇ ਹੀ ਵਰ੍ਹਿਆਂ ਦਾ
ਕਤਲ ਕਰਕੇ
ਅਜ਼ਲਾਂ ਦੀ ਤੜਫ਼ ਮੁਕਾਈ ਹੈ
ਅੰਜ਼ਾਮ-
ਮੈਨੂੰ 'ਮੌਤ ਦੀ ਸੂਲੀ' ਨਹੀਂ,
'ਜ਼ਿੰਦਗੀ ਦੀ ਸੌਗਾਤ' ਮਿਲੀ ਹੈ!

48. ਪੱਥਰ

ਪੱਥਰ ਲੋਕਾਂ ਦੇ
ਪੱਥਰ ਦੇ ਸ਼ਹਿਰ ਨੂੰ ਜਾਂਦੀ
ਪੱਥਰ ਦੀ ਸੜਕ 'ਤੇ ਤੁਰਦਿਆਂ
ਮੈਂ
ਖ਼ੁਦ ਪੱਥਰ ਹੋ ਗਈ ਹਾਂ!
ਹੁਣ ਮੈਨੂੰ
ਨਹੀਂ ਡਸਦੇ-
ਉਹਨਾਂ ਦੇ ਪੱਥਰ ਬੋਲ
ਜੋ ਕਦੇ
ਲੂਹ ਦਿੰਦੇ ਸਨ
ਮੇਰਾ ਤਨ-ਮਨ!
ਹੁਣ
ਸਹਿਜ ਤੁਰ ਸਕਦੀ ਹਾਂ ਮੈਂ
ਇਹਨਾਂ ਰਾਹਾਂ 'ਤੇ!

49. ਕੋਈ ਕਾਤਰ ਤਾਂ...

ਜੇ ਮੈਂ ਤੈਨੂੰ
ਪਿਛਾਂਹ ਮੁੜ ਕੇ ਵੇਖਿਆ
ਤਾਂ ਮੈਥੋਂ
ਅੱਗੇ ਨੀ ਜਾ ਹੋਣਾ !
ਉਮਰ ਦਾ ਇਹ ਮੋੜ
ਇਸ ਤਰ੍ਹਾਂ ਦਾ ਵੀ ਤਾਂ ਨਹੀਂ
ਕਿ ਆਪਾਂ
ਕੁਝ ਪਲ ਹੋਰ
ਰੁਕ ਸਕੀਏ - ਇੱਕ ਦੂਜੇ ਕੋਲ !
ਬੱਸ ! ਜੋ ਵੀ ਪਲ ਮਿਲੇ
ਉਹਨਾਂ ਨੂੰ ਸਾਂਭ ਲਵੀਂ
'ਯਾਦਾਂ ਦੀ ਪੋਟਲੀ' 'ਚ !
ਸਮੇਂ ਦੇ ਇਸ ਥਾਨ 'ਚ
ਕੋਈ ਕਾਤਰ ਤਾਂ
ਆਪਣੀ ਹੋਵੇ ਅੜਿਆ !
ਉਮਰਾਂ ਦੇ ਪਹਿਰਾਵੇ 'ਤੇ
ਕੋਈ ਟਾਕੀ ਹੀ ਧਰ ਲਵਾਂਗੇ !

50. ਭਵਿੱਖ ਦਾ ਗੀਤ

ਅੱਜ ਦੇ ਮੌਸਮਾਂ 'ਚ
ਜਦ ਵੀ ਪੈਂਦੀ ਏ
ਬੀਤ ਚੁੱਕੇ ਕੱਲ੍ਹ ਦੇ
ਚੇਤਿਆਂ ਦੀ ਧੁੰਦ
ਤਾਂ-
ਆਉਣ ਵਾਲਾ ਕੱਲ੍ਹ ਵੀ
ਉਸ ਧੁੰਦ ਦੀ ਗ੍ਰਫ਼ਿਤ ਵਿੱਚ
ਏਨਾ ਕੁ ਜ਼ਰੂਰ ਆ ਜਾਂਦਾ
ਕਿ
ਉਮਰ ਦਾ ਕੋਈ ਛਿਣ
ਪਾਰਦਰਸ਼ੀ ਨਹੀਂ ਰਹਿੰਦਾ ।

ਮੇਰੀ ਪੈੜ-ਚਾਲ ਸੁਣਨ ਵਾਲਿਆ!
ਮੇਰਾ ਇਮਤਿਹਾਨ ਨਾ ਲੈ 'ਭੂਤ'
ਤਾਂ ਮੇਰੇ 'ਅੱਜ' ਨੂੰ ਖਾ ਰਿਹਾ

ਤੂੰ ਮੈਨੂੰ
'ਭਵਿੱਖ' ਦਾ ਗੀਤ ਸੁਣਾ
ਬੜੀ ਦੇਰ ਪੜ੍ਹ ਲਿਆ ਮੈਂ
ਆਪਣੇ ਹੀ ਗੀਤਾਂ ਦੀ ਕਬਰ 'ਤੇ ਬਹਿ ਕੇ
ਆਪਣੇ ਗੀਤਾਂ ਦਾ ਮਰਸੀਆ!
ਹੁਣ ਮੈਨੂੰ
ਭਵਿੱਖ ਦਾ ਗੀਤ ਸੁਣਾ!
ਅੰਦਰ ਮੱਚਦੇ ਸ਼ੋਰ ਨੂੰ
ਚਿਹਰੇ ਦੀ ਚੁੱਪ
ਹੋਰ ਨਹੀਂ ਲੁਕੋ ਸਕਦੀ!
ਸ਼ਾਇਦ ਇਹਨਾਂ ਹੰਝੂਆਂ ਦਾ ਵੀ
ਇਹੀਓ ਸਬੱਬ ਹੈ!

51. ਇਹ ਮੁੱਠ ਕੁ ਅੱਖਰ

ਇਹ ਮੁੱਠ ਕੁ ਅੱਖਰ
ਮੇਰੀ ਕਲਮ ਦੇ ਹੰਝੂ
ਮੇਰੀ ਕਲਮ ਦੇ ਹਾਸੇ
ਉਮਰ ਦੀ ਦੇਹੀ 'ਤੇ
ਖੁੱਭ ਗਏ ਬਣ ਕੇ ਖ਼ਾਰ

ਹਾਸਿਆਂ ਡੰਗਿਆ
ਉਮਰ ਦਾ ਸੀਨਾ
ਗਲ ਬਣ ਲਟਕਿਆ
ਸੱਪ ਦਾ ਹਾਰ!
ਉਮਰ ਮੇਰੀ ਦੇ ਖਿਲਰੇ ਵਰਕੇ
ਚੰਦਰੀ ਸਿਆਹੀ ਦਿਖੇ ਬਿਮਾਰ
ਕਲਮ-ਕੁੜੀ ਦੇ ਪੋਟੇ ਥੱਕ ਗਏ
ਖਾ ਕੇ ਸੂਈਆਂ ਕੋਲੋਂ ਮਾਰ
ਮੈਂਡਾ ਸੱਜਣ ਮੈਨੂੰ ਬਹੁੜਿਆ
ਪਰ ਪੈਂਡੇ ਦੀ ਦੂਰੀ ਵਿਚਕਾਰ
ਜਾਂ ਤਾਂ ਸੱਜਣਾ ਮੁੱਕ ਜਾ ਮੈਂ ਸੰਗ
ਜਾਂ ਇਹ ਦੂਰੀ ਮਾਰ

ਇਹ ਮੁੱਠ ਕੁ ਅੱਖਰ
ਮੇਰੀ ਕਲਮ ਦੇ ਹੰਝੂ
ਮੇਰੀ ਕਲਮ ਦੇ ਹਾਸੇ
ਉਮਰ ਦੀ ਦੇਹੀ 'ਤੇ
ਖੁੱਭ ਗਏ ਬਣ ਕੇ ਖ਼ਾਰ!

ਹਰ ਝੱਖੜ ਅਸੀਂ ਝੱਲ ਗਏ
ਝੱਲ ਨਾ ਹੋਣੀ ਤੇਰੀ ਹਾਰ
ਸੱਜਣ ਮੈਂਡਿਆ!
ਝੱਲ ਨਾ ਹੋਣੀ ਤੇਰੀ ਹਾਰ!

………………………
ਅਸੀਂ ਇਸ ਰਾਹ 'ਤੇ ਤੁਰਾਂਗੇ
ਜਦ ਤੱਕ
ਜ਼ੁਲਮ ਦਾ ਬੀਜ਼ ਨਾਸ਼ ਨਹੀਂ ਹੋ ਜਾਂਦਾ !
ਆ ਵੇ ਮਾਹੀਆ!
ਇਸ ਚਿਣਗ ਨੂੰ ਭਾਂਬੜ ਬਣਾਈਏ !

52. ਸੁਣ ਵੇ ਮਾਹੀਆ

ਸੁਣ ਵੇ ਮਾਹੀਆ!
ਹੁਣ ਸਮਾਂ ਨਹੀਂ
ਗਲਵਕੜੀ ਵਿਚ ਰਹਿਣ ਦਾ !
ਮੇਰੀ ਰੂਹ 'ਚ ਫੁੱਟੀ ਏ
ਚਿਣਗ ਇਕ ਕ੍ਰਾਂਤੀ ਦੀ!
ਚੱਲ ਜੂਝੀਏ ।
ਭਾਈ ਲਾਲੋਆਂ ਨੂੰ ਨਾਲ ਲੈ ਕੇ
ਤੇ ਭਰੀਏ ਉਨ੍ਹਾਂ ਦੀ ਰੱਤ 'ਚ ਜੋਸ਼
ਹੁਣ ਕੋਈ ਭਾਗੋ ਹੋਰ ਨਾ ਚੂਸੇ
ਸਾਡਾ ਲਹੂ !

ਸੁਣ ਵੇ ਮਾਹੀਆ!
ਬੜੀ ਮੁਸ਼ੱਕਤ ਕਰਨੀ ਪੈਣੀ
ਭੁੱਖ ਨੰਗ 'ਚ ਵਿਚਰਦੇ
ਲਾਲੋ ਦੀ ਰੱਤ ਲਾਲ ਕਰਨ ਲਈ !

ਕਿਵੇਂ ਦੱਸਾਂ ਵੇ ਮਾਹੀਆ !
ਤੇਰੀ ਤਾਂਘ ਤੋਂ ਪਹਿਲਾਂ
ਤਾਂਘ ਹੈ ਹੁਣ ਮੈਨੂੰ
ਕਿ ਮੈਂ
'ਪਵਨ ਗੁਰੂ' ਦੇ ਦੂਸ਼ਿਤ ਰੂਪ ਨੂੰ
ਸੁਗੰਧੀਆਂ 'ਚ ਬਦਲਾਂ
'ਪਾਣੀ ਪਿਤਾ' ਦੇ ਜ਼ਹਿਰ ਚੂਸ ਲਵਾਂ
'ਮਾਤਾ ਧਰਤਿ' ਦੀ ਕੁੱਖ ਨੂੰ
ਬਾਂਝ ਹੋਣ ਤੋਂ ਬਚਾਵਾਂ!

ਸੁਣ ਵੇ ਮਾਹੀਆ!
ਆ ਤੂੰ ਵੀ ਹੋ
ਮੇਰੀ ਤਾਂਘ 'ਚ ਸ਼ਰੀਕ
ਇਸ ਚਿਣਗ ਨੂੰ ਹਵਾ ਦੇ!
ਤਾਂ ਜੋ ਭਾਂਬੜ ਬਣੇ ਇਹ ਚਿਣਗ
ਉਸ ਹਨੇਰੇ 'ਚ ਪਹੁੰਚੇ
ਇਹਦਾ ਚਾਨਣ
ਜਿੱਥੇ
ਸਮੈਕ, ਅਫੀਮ, ਹੈਰੋਇਨ ਦੇ ਬਦਲੇ
ਕੌਡੀਆਂ ਦੇ ਭਾਅ ਵਿਕਦੀ ਏ
ਮੇਰੇ ਦੇਸ ਪੰਜਾਬ ਦੀ ਜਵਾਨੀ
ਜਿੱਥੇ
ਕੈਂਸਰ ਤੇ ਕਾਲਾ ਪੀਲੀਆ
ਨਿਗਲ ਰਿਹਾ ਮੇਰੇ ਪੰਜਾਬ ਦੀ
ਉਸ ਜਨਤਾ ਨੂੰ
ਜਿਹੜੀ ਹੁੰਦੀ ਏ ਭਾਗੋਆਂ ਦਾ
ਇਕ ਵੱਡਾ 'ਵੋਟ ਬੈਂਕ'!
ਸੁਣ ਮੇਰੇ ਮਾਹੀਆ!
ਇਹ ਨਾ ਭੁੱਲੀਂ ਕਿ
ਇਨਕਲਾਬ ਦਾ ਸਫਰ
'ਮਾਛੀਵਾੜੇ ਦੇ ਜੰਗਲਾਂ' 'ਚੋਂ ਹੋ ਕੇ
'ਖਿਦਰਾਣੇ ਦੀ ਢਾਬ' ਵੱਲ ਜਾਂਦਾ ਹੈ
ਉਹ ਢਾਬ
ਜਿੱਥੇ
ਹੁਣ ਪਾਣੀ ਵੀ
ਨਸੀਬ ਨਹੀਂ ਹੋਣਾ ਸਾਨੂੰ!
ਤੂੰ ਵੇਖੀ ਕਿਤੇ
ਮਹਾਂ ਸਿੰਘ ਵਾਂਗੂ
ਭਟਕ ਨਾ ਜਾਵੀਂ !
ਪਰ ਅਸੀਂ ਲੜਾਂਗੇ
ਆਪਣੇ ਖੂਨ ਦੇ ਆਖਰੀ ਕਤਰੇ ਤੱਕ!

ਚੱਲ ਮਾਹੀਆ!
ਲਈਏ ਫੈਸਲਾ ਹੁਣ
ਇਸ ਸਫਰ 'ਤੇ ਤੁਰਨ ਦਾ !
ਤਾਂ ਹੀ ਸਿਰਜ ਪਾਵਾਂਗੇ ਅਸੀਂ
ਗਦਰੀ ਬਾਬਿਆਂ ਦਾ ਦੇਸ !
ਭਗਤ ਸਿੰਘ ਦੇ ਸੁਪਨਿਆਂ ਦਾ ਦੇਸ !
ਚੱਲ!
ਫਤਹਿ ਦਾ ਡੰਕਾ ਵਜਾਉਣ ਲਈ
ਕਦਮ ਪੁੱਟਣਾ ਲਾਜ਼ਮੀ ਹੈ!
ਜਦ ਤੱਕ
ਆਵਾਜ਼
ਆਵਾਮ 'ਚ ਗੂੰਜੇਗੀ
ਤਾਂ ਜੁਆਬ 'ਚ
ਸਾਡੀ ਅਵਾਜ਼ ਵੀ
ਹੋਵੇਗੀ ਤੇਰੇ ਨਾਲ !
ਨਹੀਂ ਧੁੰਦਲਾਏਗੀ ਰੂਹ ਦੀ ਚਮਕ
ਰਾਜੇ ਸ਼ੀਂਹ ਦੇ ਲੋਭ 'ਚ ਪੈ ਕੇ !
ਸਾਡੀ ਓਟ ਹੋਵੇਗੀ,
ਉਸ ਵਿਰਸੇ 'ਤੇ
ਜਿਸ 'ਚ ਬਾਬਾ ਨਾਨਕ ਦੇ ਬੋਲਾਂ ਦਾ ਨਿੱਘ
ਗੁਰੂ ਗੋਬਿੰਦ ਦੇ ਖੰਡੇ ਦਾ ਪ੍ਰਤਾਪ
ਬਾਬਾ ਬੰਦਾ ਬਹਾਦਰ ਦਾ ਡੰਕਾ
ਸ਼ੇਰ-ਏ-ਪੰਜਾਬ ਦੀ ਦਿਆਨਤਦਾਰੀ
ਬੁੱਧ ਦੀ ਮਾਨਵਤਾ
ਮਾਰਕਸ ਦੀ ਚੇਤਨਾ
ਅੰਬੇਡਕਰ ਦਾ ਸਮਾਜ!

ਅਸੀਂ ਇਸ ਰਾਹ 'ਤੇ ਤੁਰਾਂਗੇ
ਜਦ ਤੱਕ
ਜ਼ੁਲਮ ਦਾ ਬੀਜ਼ ਨਾਸ਼ ਨਹੀਂ ਹੋ ਜਾਂਦਾ !
ਆ ਵੇ ਮਾਹੀਆ!
ਇਸ ਚਿਣਗ ਨੂੰ ਭਾਂਬੜ ਬਣਾਈਏ !

53. ਹੇ ਨਾਨਕ !

ਕਿਸੇ ਚਿਤਰਕਾਰ ਤੈਨੂੰ
ਅੱਖਾਂ ਬੰਦ,
ਹੱਥ 'ਚ ਮਾਲਾ ਫੜ੍ਹਾ
ਕੀ ਚਿਤਰ ਦਿੱਤਾ
ਕਿ
ਤੇਰੇ ਸਿੱਖ
ਤੇਰੀ ਹੀ ਬਾਣੀ ਤੋਂ
ਅੱਖਾਂ ਮੂੰਦ ਬਹਿ ਗਏ !
ਉਹ ਪੜ੍ਹਦੇ ਨੇ ਤੇਰੀ ਬਾਣੀ
ਚੇਤਿਆਂ 'ਚੋਂ
...ਤੇ
ਮਾਲਾ ਦੇ ਮਣਕੇ ਗਿਣਦਿਆਂ
ਘਸਾ ਲੈਂਦੇ ਨੇ ਆਪਨੇ ਪੋਟੇ !
ਵਿਸ਼ਵ-ਕ੍ਰਾਂਤੀ ਦੇ ਸਮਰੱਥ
ਤੇਰੀ ਬਾਣੀ
ਮਾਨਵਤਾ ਦੇ ਲਖਾਇਕ
ਤੇਰੇ ਸਿਧਾਂਤ
ਉਹਨਾਂ ਬੰਦ ਰੱਖੇ
ਲੁਭਾਵਣੇ ਰੁਮਾਲਿਆਂ 'ਚ !

ਹੇ ਨਾਨਕ !
ਮੈਂ ਜਦ ਵੀ ਲੱਭਦੀ ਹਾਂ
ਤੇਰਾ ਅਕਸ , ਤੇਰੀ ਬਾਣੀ 'ਚੋਂ
ਤੂੰ ਮੈਨੂੰ ਇਨਕਲਾਬੀ ਜਾਪਦਾ ਏਂ !
ਜਦ ਬਾਬਰ ਢਾਹਿਆ ਸੀ ਜ਼ੁਲਮ
ਤੇਰੇ ਦਿਲ 'ਚੋਂ
ਨਿਕਲੀ ਸੀ ਧਾਹ !
....ਤੇ ਅੱਜ ਜਦ
ਹਰ ਪਾਸੇ ਜ਼ੁਲਮ ਦੀ ਸਿਖਰ ਹੈ
ਧੀਆਂ ਬੇਪੱਤ ਹੋ ਰਹੀਆਂ
ਭੇੜੀਏ ਨੋਚ ਰਹੇ ਹਿਰਨਾਂ ਤਾਈ
... ਤੇ ਇਨਕਲਾਬੀ ਧੀ
ਸਹਿ ਰਹੀ ਐ
ਤੇਜ਼ਾਬੀ ਹਮਲੇ
ਪੁਲੀਸ ਜੋ ਸਾਡੀ ਰਖਵਾਲੀ ਹੈ,
ਦੇ ਥੱਪੜ
ਤੇ ਖਿੱਚਾ-ਧੂਹੀ
ਤਾਂ ਕਿਉਂ ਸੁੱਤੇ ਪਏ ਨੇ
ਤੇਰੇ ਸਿੱਖ ?
ਕਿਉਂ ਨਹੀਂ ਮਾਰਿਆ ਕਿਸੇ
ਹਾਅ ਦਾ ਨਾਹਰਾ?
ਕਿਉਂ ਤੇਰੇ ਸ਼ਬਦ
ਬਾਣ ਬਣ
ਨਹੀਂ ਵੱਜਦੇ ਉਹਨਾਂ ਦੇ ਸੀਨੇ?
ਬੱਸ!
ਧਾਰਮਿਕ ਸਮਾਗਮ ਰਚਾ
''ਜੈਕਾਰੇ'' ਛੱਡਣੇ
ਉਹਨਾਂ ਦਾ ਕਸਬ ਹੋ ਗਿਆ!
ਉਂਝ ਲੋੜ ਪੈਣ 'ਤੇ
ਉਹ ਖੁੱਡੀ ਜਾ ਵੜਦੇ ਨੇ!
ਉਹ ਸੱਚ ਲਈ ਨਹੀਂ ,
ਸੱਤਾ ਲਈ ਲੜਦੇ ਨੇ!

ਹੇ ਨਾਨਕ !
ਵਿਸ਼ਵ-ਨੂਰ ਤੇਰੀ ਬਾਣੀ ,
ਜੀਵਨ ਦੇ ਪਲ-ਪਲ ਦੀ
ਅਗਵਾਈ ਦੇ ਸਮੱਰਥ
ਤੇਰੇ ਆਪਣਿਆਂ ਹੀ
ਮਾਲਾ ਦੇ ਮਣਕਿਆਂ 'ਚ
ਕੈਦ ਕਰ ਦਿੱਤੀ!
ਮਾਰਕਸਵਾਦ ਨਾਲੋਂ ਕਿਤੇ ਵੱਡਮੁੱਲਾ
ਤੇਰਾ ਨਾਨਕਵਾਦ!
ਅਵਾਮ ਤੋਂ ਪਹਿਲਾਂ
ਪਖੰਡੀਆਂ ਦੇ ਹੱਥੀਂ ਚੜ੍ਹ ਗਿਆ !
ਜੀਵਨ ਨੂੰ ਸਵਰਗ ਬਣਾਉਣ ਲਈ
ਤੂੰ ਦਿੱਤੇ ਜਿਹੜੇ 'ਗੁਰ'
ਉਹ ਇੱਕ ਵੀ
ਸਾਡੇ ਅਮਲ 'ਚ ਨਹੀਂ !
ਅਸੀਂ ਤਾਂ ਜਪ ਰਹੇ ਹਾਂ ਤੇਰੀ ਬਾਣੀ
ਉਸ ਅਣਦਿਸਦੇ
ਸਵਰਗ ਦੀ ਚਾਹ 'ਚ !
ਦੁਆਲੇ ਵਾਪਰਦਾ ਨਰਕ
ਸਾਨੂੰ ਮਨਜ਼ੂਰ ਹੈ !
ਤੂੰ ਖੋਹਲਣੇ ਚਾਹੇ ਸਨ
ਲੋਕਾਈ ਦੇ ਕਵਾੜ
ਤੇਰੀ ਸੋਚ 'ਚ ਸੀ
ਤਰਕ
ਮਾਨਵਤਾ
ਇਨਕਲਾਬ
ਤੇ ਧਰਮ-ਨਿਰਪੱਖਤਾ !
ਪਰ ਵੇਖ ਸਾਡੀ ਕੱਟੜਤਾ !
ਅਸੀਂ
ਮਾਨਵਤਾ ਦੀਆਂ ਧੱਜੀਆਂ ਉਡਾਉਂਦੇ ਹਾਂ!
ਤਰਕ ਸਾਡੇ ਨੇੜੇ ਵੀ ਨਹੀਂ
ਪਰ ਅਸੀਂ ਤੇਰੇ ਸਿੱਖ ਕਹਾਉਂਦੇ ਹਾਂ !
ਅਸੀਂ
''ਸੱਚੇ-ਸਾਹਿਬ'' ਨੂੰ ਜਪਦੇ ਹਾਂ
ਪਰ 'ਕੂੜ' ਵੀ ਖੂਬ ਕਮਾਉਂਦੇ ਹਾਂ !

ਹੇ ਨਾਨਕ !
ਜੋ ਵੀ ਹੋਵੇ
ਅਸੀਂ ਤੇਰੇ ਸਿੱਖ ਕਹਾਉਂਦੇ ਹਾਂ !
ਅਸੀਂ ਤੇਰੇ ਸਿੱਖ ਕਹਾਉਂਦੇ ਹਾਂ !

54. ਪੰਜਾਬ ਉਦਾਸ ਹੈ

ਪੰਜਾਬ ਉਦਾਸ ਹੈ
ਬਹੁਤ ਉਦਾਸ !
ਉਸ ਬਾਪ ਵਾਂਗਰਾਂ
ਜਿਹਦੇ ਪੁੱਤਰਾਂ
ਉਹਦੇ ਨਾਮ ਦੀਆਂ ਹੀ
ਧੱਜੀਆਂ ਉਡਾ ਦਿੱਤੀਆਂ!
ਪਹਿਲਾਂ ਕਿਸੇ ਸੱਤ ਬੇਗਾਨੇ
'ਪੰਜ ਆਬ' ਤੋਂ
ਕਰ ਦਿੱਤਾ 'ਢਾਈ ਆਬ'
ਤੇ ਰਹਿੰਦੀ ਕਸਰ
ਉਹਦੇ ਆਪਣਿਆਂ
ਹੀ ਕੱਢ'ਤੀ
'ਢਾਈ ਆਬ' ਨੂੰ
ਕਰਕੇ ਜ਼ਹਿਰੀ
ਵਿਕਾਸ ਦੇ ਨਾਂ 'ਤੇ!

ਪੰਜਾਬ ਉਦਾਸ ਹੈ
ਬਹੁਤ ਉਦਾਸ!
ਉਸ ਬਾਪ ਵਾਂਗਰਾਂ
ਜਿਹਦੇ ਪੁੱਤਰਾਂ
ਜੇ ਕੀਤਾ ਹੀਆ ਇਨਕਲਾਬ ਦਾ
ਤਾਂ
ਲਾਵਾਰਸ ਲਾਸ਼ਾਂ ਬਣ
ਅਖਬਾਰਾਂ ਦੀਆਂ ਸੁਰਖੀਆਂ ਬਣ ਗਏ !
....ਤੇ ਕੂੜ ਦੀ ਕਚਹਿਰੀ 'ਚ
ਅਜੇ ਵੀ ਰੁਲਦੀ ਐ
ਉਸ ਬਾਪ ਦੀ ਦਾਹੜੀ !
ਉਹਦੀ ਲਚਾਰੀ 'ਤੇ
'ਨਿਆਂ ਦੇ ਠੱਗ' ਇੰਝ ਮੁਸਕਾਏ
ਜਿੱਦਾਂ 'ਹਿਟਲਰ'
ਯਹੂਦੀਆਂ ਨੂੰ ਗੈਸ-ਭੱਠੀਆਂ 'ਚ ਸੁੱਟ
ਸ਼ੈਤਾਨੀ ਹਾਸਾ ਹੱਸ ਸਕਦੈ !

ਪੰਜਾਬ ਉਦਾਸ ਹੈ
ਬਹੁਤ ਉਦਾਸ !
ਜਿਸ 'ਦਿੱਲੀ' ਨੂੰ ਸੁਹਾਗਣ ਰੱਖਣ ਲਈ
ਬਣਿਆ ਸਦਾ ਹੀ ਇਹ 'ਖੜਗ-ਭੁਜਾ'
ਉਸੇ ਦਿੱਲੀ ਨੇ
ਇਹਦੀਆਂ ਭੱਜੀਆਂ ਬਾਹਾਂ ਵੇਖ
ਲਗਾਏ ਠਹਾਕੇ!
ਤੇ ਇਹਦੀਆਂ ਧੀਆਂ ਨੂੰ
ਵਿਧਵਾ ਕਰਨ ਲਈ
ਵਰਤਾਏ ਕਈ ਹੀਲੇ!

ਪੰਜਾਬ ਉਦਾਸ ਹੈ
ਬਹੁਤ ਉਦਾਸ !
ਉਸ ਬਾਪ ਵਾਂਗਰਾਂ
ਜਿਹਦੇ ਪੁੱਤਰ
ਰੁੜ ਗਏ ਵਿੱਚ ਦਰਿਆ ਨਸ਼ੇ ਦੇ!
ਜਿਹਦੀਆਂ ਧੀਆਂ
ਰਹਿ ਗਈਆਂ ਬਣ ਕੇ
ਨੁਮਾਇਸ਼ ਦੀ ਵਸਤੂ!
ਜਿਹਦੀ ਜਰਖੇਜ਼ ਭੋਂਇੰ
ਬਣਦੀ ਜਾਏ ਬੰਜਰ!
ਜਿਹਦੇ 'ਮਾਝੇ' ਪੁੱਤ ਨੂੰ
ਵਿਸਰ ਗਈ ਆਪਣੀ 'ਸੂਰਮਗਤੀ'
'ਮਾਲਵੇ' ਨੂੰ ਚਿੰਬੜ ਗਈ 'ਕੈਂਸਰ-ਡੈਣ'
ਤੇ 'ਦੁਆਬੇ' ਨੂੰ ਚੜ੍ਹ ਗਿਆ
ਐਨ ਆਰ ਆਈ ਹੋਣ ਦਾ ਬੁਖ਼ਾਰ!
ਹੁਣ ਦੱਸੋ ਭਲਾ!
ਉਹ ਸੂਰਮਾ ਪੁੱਤ ਕਿਸ ਨੂੰ ਆਖੇ?
ਕਿਥੋਂ ਲੱਭ ਲਿਆਵੇ
ਧੀ ਦੀਆਂ ਅੱਖਾਂ ਦੀ ਗੁਆਚੀ ਸ਼ਰਮ?
ਜ਼ਹਿਰੀਲੀ-ਧਰਤ 'ਤੇ ਖਲੋ
ਦੂਸ਼ਿਤ ਹਵਾ 'ਚੋਂ
ਮਹਿਕ ਕਿੱਥੋਂ ਲੱਭੇ?

ਪੰਜਾਬ ਉਦਾਸ ਹੈ
ਬਹੁਤ ਉਦਾਸ !
'ਸਰਬੱਤ ਦਾ ਭਲਾ'
ਮੰਗਣ ਵਾਲਾ ਦਰਵੇਸ਼
ਅੱਜ ਆਪਣੇ ਹੀ ਘਰ 'ਚ
ਹੰਢਾ ਰਿਹਾ
ਬੇਗਾਨਗੀ ਦੀ ਜੂਨ!
ਉਹਦੇ ਸੀਨੇ ਬਲਦੀ ਲਾਟ
'ਮੇਰਾ ਭਾਰਤ ਮਹਾਨ'
ਦੇ ਗੀਤ ਕਿੰਝ ਫੇਰ ਗਾਵੇ?
ਇਸ ਵਿਚ ਉਹਦਾ ਦੋਸ਼ ਕੀ
ਜੇ ਇਨਕਲਾਬ 'ਤੇ ਉੰਤਰ ਆਵੇ?
ਹਾੜ੍ਹਾ ਈ ਪੁੱਤਰੋ!
ਉਸ ਬਾਪ ਦਾ ਸਾਥ ਦੇਵੋ
ਉਸ 'ਖੜਗ-ਭੁਜਾ' ਨੂੰ
ਅੱਜ ਤੁਹਾਡੀਆਂ ਭੁਜਾਵਾਂ ਦੀ ਲੋੜ ਹੈ!
'ਛੇਵੇਂ -ਦਰਿਆ' 'ਚੋਂ ਨਿਕਲੋ
'ਢਾਈ -ਆਬ' ਦੀ ਪੜਤ ਬਚਾਵੋ!
ਪੰਜਾਬ ਉਦਾਸ ਹੈ
ਬਹੁਤ-ਬਹੁਤ ਉਦਾਸ!

55. ਮਸੀਹਾ

ਕਦੋਂ ਤੱਕ
ਕਰਦੇ ਰਹਾਂਗੇ ਇੰਤਜ਼ਾਰ
ਅਸੀਂ ਉਸ ਮਸੀਹੇ ਦਾ,
ਜੋ ਅੰਬਰੋਂ ਉੱਤਰ ਆਏਗਾ
ਤੇ ਖੋਲ੍ਹੇਗਾ
ਸਾਡੀ ਮੁਕਤੀ ਦੇ ਕਵਾੜ!

ਨਿਆਂ ਪੂਰਨ ਸਮਾਜ ਦੀ ਸਿਰਜਣਾ ਲਈ
ਸਿਰਜਣਾ ਪੈਣਾ ਖ਼ੁਦ ਨੂੰ
ਆਉਣਾ ਪੈਣਾ
'ਸੁਪਨ-ਦੁਨੀਆਂ' ਤੋਂ ਬਾਹਰ!

ਆਧੁਨਿਕ ਹੋਣ ਲਈ
ਬਰਾਂਡਾਂ ਦੀ ਲੋੜ ਨਹੀਂ!
ਦੇਸੀ ਪਹਿਰਾਵੇ ਵਿਚ ਵੀ
ਹੋ ਸਕਦੇ ਹਾਂ ਅਸੀਂ ਆਧੁਨਿਕ!
ਆਓ ਲਾਹੀਏ ਜ਼ਿਹਨ ਤੋਂ
ਗੁਲਾਮੀ ਦੀ ਪਰਤ!
ਅੱਧ-ਕੱਜੇ ਝੁੰਡ 'ਚ
ਮਸਤ ਹੋ-ਸ਼ਰਾਬਾਂ ਪੀ
ਪੱਬਾਂ 'ਚ ਮਨਾਉਣਾ 'ਵੀਕ-ਐਂਡ'
ਆਧੁਨਿਕਤਾ ਨਹੀਂ
ਆਓ ਕਰੀਏ
ਸੋਚ ਨੂੰ ਆਧੁਨਿਕ
ਜੋ ਦੇਖਦੀ ਹੈ-
'ਪੱਛਮ' ਦੇ ਹਰ ਵਰਤਾਰੇ 'ਚ ਵਡੱਪਣ!

ਨਹੀਂ ਜਿੱਤ ਹੋਣਾ ਹੁਣ
ਮੋਢਿਆਂ 'ਤੇ ਸ਼ੇਰ ਖੁਦਵਾ ਕੇ
'ਪੰਜਾਬੀ-ਸ਼ੇਰ' ਦਾ ਖ਼ਿਤਾਬ!
ਨਸ਼ਿਆਂ ਨਾਲ ਖੋਖਲੇ ਹੋਏ ਤਨ ਤੋਂ
ਨਹੀਂ ਪੈਣੀਆਂ ਹੁਣ ਕਬੱਡੀਆਂ!
ਤੇ ਨਹੀਂ ਆਉਣਾ ਕਿਸੇ ਮਸੀਹੇ
ਸਾਡੀ ਸਾਰ ਲੈਣ!

ਆਓ ਚੀਰੀਏ!
ਇਸ ਲੁਭਾਵਣੀ ਧੁੰਦ ਨੂੰ
ਤੇ ਸਿਰਜਣ ਲਈ
ਨਵਾਂ ਸਮਾਜ
ਪਹਿਲਾਂ ਸਿਰਜੀਏ ਖ਼ੁਦ ਨੂੰ!

56. ਮੈਂ ਪੰਜਾਬ ਹਾਂ!

ਚਾਹੇ ਸੁੰਗੜ ਗਿਆ ਹੈ
ਮੇਰਾ ਆਕਾਰ!
ਪਰ ਕਹਿੰਦੇ ਨੇ ਕਿ
ਮੈਂ ਵਿਕਾਸ ਦੇ ਰਾਹ 'ਤੇ ਹਾਂ!
ਨਾ ਹੁਣ ਮੇਰੀ ਰਾਜਧਾਨੀ
ਨਾ ਮੇਰੀ ਪਾਣੀਆਂ ਤੇ ਮਾਲਕੀ
ਪਰ ਵੱਡ-ਆਕਾਰੀ ਬਿਲਡਿੰਗਾਂ
ਤੇ ਮਲਟੀਪਲੈਕਸਾਂ ਦੀ ਭਰਮਾਰ
ਵਿਕਾਸ ਨਹੀਂ ਤਾਂ-ਹੋਰ ਕੀ ਐ?

ਮੈਂ ਮਸਤ ਹਾਂ
ਰੌਸ਼ਨ ਪੰਜਾਬ ਹਾਂ
ਚਾਹੇ ਉਹ-
ਮੇਰੇ ਸੀਨੇ ਬਲਦੀ ਲਾਟ ਹੀ ਹੋਵੇ ।
ਕੀ ਫ਼ਰਕ ਪੈਂਦਾ?
ਰੋਮ ਸੜ ਰਿਹਾ-
ਤੇ ਨੀਰੋ ਵਜਾ ਰਿਹਾ ਬੰਸਰੀ!

ਪੱਛਮੀ ਧੁਨਾਂ 'ਤੇ ਨੱਚਦੇ-ਗਾਉਂਦੇ
ਸਾਡੇ ਗਾਇਕ
ਅੰਤਰਰਾਸ਼ਟਰੀ-ਪੱਧਰ 'ਤੇ
ਲੈ ਗਏ ਨੇ ਮੇਰੀ ਧੀ ਦਾ 'ਜੁਗਰਾਫ਼ੀਆ'!

ਮੇਰੇ ਨੇਤਾ ਖ਼ੁਸ਼ਹਾਲ
ਹੂਟਰਾਂ ਵਾਲੀਆਂ ਗੱਡੀਆਂ
ਹੈਲੀਕਾਪਟਰਾਂ ਦੇ ਨਜ਼ਾਰੇ
ਟੈਕਸ ਦੇ-ਦੇ ਕੇ ਚਾਹੇ
ਜਨਤਾ ਹੋ ਰਹੀ ਕੰਗਾਲ
ਪਰ ਮੇਰੇ ਨੇਤਾ ਖ਼ੁਸ਼ਹਾਲ
ਤਾਂ ਕੀ?
ਮੈਂ ਠੂਠਾ ਫੜ
ਕੇਂਦਰ ਅੱਗੇ ਜਾਵਾਂਗਾ
ਕੁੱਝ ਨਾ ਕੁੱਝ ਤਾਂ ਮੰਗ ਲਿਆਵਾਂਗਾ

ਕੀ ਹੋਇਆ ਜੇ ਨਹੀਂ ਹੁਣ
ਮੇਰੇ ਵਿਹੜੇ 'ਚ
ਦੁੱਧ, ਮੱਖਣ ਤੇ ਲੱਸੀ ਦੀ ਭਰਮਾਰ
ਮੈਂ ਜਾਣਦਾ ਹਾਂ ਕਰਨੀ
'ਕੋਕਾ ਕੋਲਾ' ਤੇ 'ਪੈਪਸੀ' ਨਾਲ
ਪ੍ਰਾਹੁਣਾਚਾਰੀ!
ਕੀ ਹੋਇਆ ਜੇ ਨਹੀਂ ਬਲਦਾ
ਦੋ ਵਕਤ ਚੁੱਲ੍ਹਾ ਮੇਰੇ ਘਰ
ਪਰ ਮੈਂ
ਦੇਸ ਦਾ ਅੰਨਦਾਤਾ ਹਾਂ!
ਕੀ ਇਹ ਵਿਕਾਸ ਨਹੀਂ?

ਬੱਸ ਕੁਝ ਕੁ ਅਲਾਮਤਾਂ
ਪ੍ਰਦੂਸ਼ਣ, ਕੈਂਸਰ, ਮਲੀਨ ਪਾਣੀ
ਕਰਜ਼ਿਆਂ ਦੀ ਪੰਡ,
ਬੇਰੁਜ਼ਗਾਰੀ
ਨਸ਼ੇ ਤੇ ਵਿਲਾਸਤਾ!
ਪਰ
ਤਖ਼ਤਾਂ 'ਤੇ ਬੈਠੇ
ਮੇਰੇ ਸ਼ਹਿਨਸ਼ਾਹ ਦੱਸਦੇ ਨੇ
ਕਿ
ਮਾੜਾ-ਮੋਟਾ ਤਾਂ
ਅਣਦੇਖਿਆ ਕਰਨਾ ਪੈਂਦਾ!
ਕੁੱਝ ਵੀ ਹੋਵੇ,
ਪੰਜਾਬ ਵਿਕਾਸ ਦੇ ਰਾਹਾਂ 'ਤੇ!
ਮੈਂ ਵਿਕਾਸ ਦੇ ਰਾਹਾਂ 'ਤੇ!

57. ਓ ਕਲਮਾਂ ਵਾਲਿਓ

ਕੀ ਹੋਇਆ ਜੇ ਨਹੀਂ ਅਸੀਂ
ਕਮਾਨ ਦੇ ਧਾਰਨੀ?
ਕੀ ਹੋਇਆ ਜੇ ਸਾਡੇ
ਤੀਰ ਨੇ ਟੁੱਟੇ?

ਆਓ!
ਕਲਮਾਂ ਦੀ ਲਾਜ ਬਚਾਈਏ
ਸ਼ਬਦ ਬਾਣ ਹੀ ਚਲਾਈਏ
ਕ੍ਰਾਂਤੀ ਦੇ ਨਾਇਕ ਨੂੰ ਜਗਾਈਏ!

ਕ੍ਰਾਂਤੀ ਦਾ ਨਾਇਕ-
ਜੋ ਕਾਰਖ਼ਾਨਿਆਂ ਦੇ ਮਸ਼ੀਨੀ
ਸ਼ੋਰ 'ਚ ਗੁਆ ਬੈਠਾ
ਆਪਣੀ 'ਰੂਹ ਦੀ ਅਵਾਜ਼'!
ਦੋ ਵਕਤ ਦੀ ਰੋਟੀ ਦਾ ਵਸੀਲਾ
ਉਹਦਾ 'ਕਰਮ-ਖੇਤਰ' ਹੈ ।
...ਤੇ ਪੰਜ ਸਾਲ ਬਾਅਦ
ਮਿਲਦਾ ਹੈ ਉਸ ਨੂੰ
ੳਸ ਦੀ ਲੋਕਤੰਤਰੀ ਸ਼ਕਤੀ
ਦਾ ਬੋਨਸ
'ਕੁਝ ਪੈਸੇ' ਤੇ 'ਸ਼ਰਾਬ'
ਫਿਰ ਤੋਂ ਗੁਆਚ ਜਾਂਦਾ ਹੈ ਉਹ
ਮਸ਼ੀਨਾਂ ਦੇ ਸ਼ੋਰ 'ਚ!

ਕ੍ਰਾਂਤੀ ਦਾ ਨਾਇਕ-
ਇਸ ਮਹਾਨ ਭਾਰਤ ਦਾ
ਪੜ੍ਹਿਆ ਲਿਖਿਆ
ਬੇਰੁਜ਼ਗਾਰ ਹਜ਼ੂਮ
ਜੋ ਹੱਕ ਮੰਗਦਾ
ਤਾਂ ਮਿਲਦੈ ਉਸ ਨੂੰ
ਡਾਂਗਾਂ ਦਾ ਪ੍ਰਸਾਦ
ਤੇ ਖਿੱਚਾਧੂਹੀ

ਕ੍ਰਾਂਤੀ ਦਾ ਨਾਇਕ-
ਉਹ ਕਿਸਾਨ
ਜੋ ਮਲਕੀਅਤ ਦੇ ਨਾਮ 'ਤੇ
ਢੋ ਰਿਹੈ ਕਰਜਿਆਂ ਦੀ ਪੰਡ

ਖੇਤ ਮਜ਼ਦੂਰ
ਜਿਸ ਦਾ ਹੱਕ ਨਹੀਂ
ਉਸ ਭੋਇੰ 'ਤੇ
ਜਿੱਥੇ ਡੁੱਲ੍ਹਦਾ ਹੈ
ਰੋਜ ਉਸ ਦਾ ਪਸੀਨਾ

ਕੰਮੀਆਂ ਦੇ ਵਿਹੜੇ ਦੀ ਧੀ
ਜੋ ਵਿਕ ਰਹੀ ਹੈ

'ਕੱਖਾਂ ਦੀ ਪੰਡ' ਦੇ ਭਾਅ!

ਆਓ ਕਲਮਾਂ ਵਾਲਿਓ!
'ਨਿਤਾਣਿਆਂ' 'ਚ ਭਰੀਏ ਅਣਖ
ਸੰਘਰਸ਼ ਦਾ ਬਿਗਲ ਵਜਾਈਏ!
ਇਹ ਜੋ ਵਜ ਰਿਹੈ ਹਰ ਪਾਸੇ
ਭ੍ਰਿਸ਼ਟਾਚਾਰ ਤੇ ਗ਼ੈਰ ਜਮਹੂਰੀਅਤ ਦਾ
ਸੰਖਨਾਦ
ਇਸ ਦੀ ਸੰਘੀ ਕੌਣ ਘੁੱਟੇਗਾ
ਕੌਣ ਆਏਗਾ ਸਾਡੀ ਮੁਕਤੀ ਲਈ
ਕਦੋਂ ਮਿਟੇਗੀ ਸਾਡੇ ਜ਼ਿਹਨ 'ਚੋਂ ਗ਼ੁਲਾਮੀ
ਕਦੋਂ ਤੱਕ ਕਹਿੰਦੇ ਰਹਾਂਗੇ ਅਸੀਂ
ਸਵਿਸ ਬੈਂਕਾਂ ਦੇ ਕਾਲੇ ਧਨ
ਦੇ ਮਾਲਕਾਂ ਨੂੰ ਦੇਸ ਭਗਤ ।
ਜੂਝਣ ਵਾਲੇ ਭੋਗਦੇ ਰਹਿਣਗੇ
'ਅਫਸਪਾ' ਤੇ 'ਟਾਡਾ' ਦਾ ਦੰਡ???

ਐ ਕਲਮਾਂ ਦੇ ਵਾਰਸੋ!
ਲੋਕ ਯੁੱਧ ਦਾ ਨਾਇਕ
ਕਦੇ ਬੁੱਧ ਬਣ ਆਵੇ
ਕਦੇ ਮਿਲਟਨ ਬਣ ਆਵੇ
ਕਦੇ ਨਿਤਸ਼ੇ ਬਣ ਆਵੇ
ਕ੍ਰਾਂਤੀ ਦਾ ਸੂਰਜ
ਕਦੇ ਬਾਬਾ ਨਾਨਕ ਬਣ
ਲਾਲੋ ਦੀ ਗੱਲ ਕਰੇ
ਤੇ ਬਾਬਰ ਤੂੰ ਜਾਬਰ
ਆਖ ਸਦਾਵੇ!

ਇਹ ਕਲਮਾਂ ਦੇ ਧਨੀ
ਇਹ ਕ੍ਰਾਂਤੀ ਦੇ ਨਾਇਕ
ਤੁਰਗੇ ਨੇ ਭਾਵੇਂ ਸਾਥੋਂ ਦੂਰ
ਪਰ ਅਸੀਂ ਉਨ੍ਹਾਂ ਦੀ
ਸੋਚ ਦੇ ਵਾਰਸ ਹਾਂ!

ਆਓ!
ਇਸ ਸੋਚ ਨੂੰ ਪ੍ਰਚੰਡ ਕਰੀਏ
ਕ੍ਰਾਂਤੀ ਦੇ ਨਾਇਕ ਜਗਾਈਏ
ਕਦੇ ਬੰਦੂਕਾਂ,
ਫਾਂਸੀਆਂ ਤੇ ਕਾਲੇ ਕਨੂੰਨਾਂ ਨਾਲ
ਨਹੀਂ ਹੁੰਦੀ 'ਸੱਚ' ਤੇ 'ਸੋਚ' ਦੀ ਮੌਤ
'ਲੋਕ ਸੰਘਰਸ਼' ਕਦੇ ਇੰਜ ਨੀ
ਮਰਿਆ ਕਰਦੇ!

ਓ ਕਲਮਾਂ ਵਾਲਿਓ!
ਸ਼ਬਦ ਬਾਣ ਹੀ ਚਲਾਈਏ
ਹੁਣ ਦੇਰ ਨਹੀਂ ਮੁਨਾਸਿਬ
ਆਓ! ਕ੍ਰਾਂਤੀ ਦੇ ਨਾਇਕ ਨੂੰ ਜਗਾਈਏ!

58. ਅਜ਼ਾਦੀ ਦੇ ਅਰਥ

ਇੰਨ ਬਿੰਨ ਯਾਦ ਐ ਮੈਨੂੰ
ਜੋ ਕਾਲਜ ਦੇ ਪ੍ਰੋਫੈਸਰਾਂ ਨੇ ਦੱਸੀ ਸੀ
ਅਜ਼ਾਦੀ ਤੇ ਜਮਹੂਰੀਅਤ ਦੀ ਪਰਿਭਾਸ਼ਾ !
ਪਰ ਜਿਉਂ ਹੀ
ਕਾਲਜੋਂ ਨਿੱਕਲ
ਸਮਝਿਆ ਜ਼ਿੰਦਗੀ ਦਾ ਯਥਾਰਥ
ਤਾਂ
ਕੁਝ ਵੀ
ਓਹਦੇ ਵਰਗਾ ਨਹੀਂ ਸੀ !
ਅਜ਼ਾਦੀ ਤੇ ਜਮਹੂਰੀਅਤ ਦੀ
ਅਸਲ ਪਰਿਭਾਸ਼ਾ
ਥੱਪੜ ਵਾਂਗ ਵੱਜਦੀ ਐ ਰੋਜ਼
ਤੇ
ਰੋਜ਼ ਹੀ ਹੁੰਦਾ ਹੈ
ਮੇਰੇ ਜ਼ਿਹਨ ਦੀ ਧਰਤ 'ਤੇ
ਮਹਾਂਯੁੱਧ !
ਇਥੇ 'ਸੁਪਰੀਮ' ਨਹੀਂ
ਸਗੋਂ 'ਸੋਝੀਹੀਣ' ਹੈ ਜਨਤਾ
ਆਪਣੀ ਤਾਕਤ ਤੋਂ ਅਣਜਾਣ !
ਇਹ ਮਨਾਉਂਦੀ ਏ
'ਗਣਤੰਤਰ ਦਿਵਸ' ਤੇ 'ਸੁਤੰਤਰਤਾ ਦਿਵਸ'
ਇਹ ਤਾਂ ਲਾਉਂਦੀ ਏ ਬਸ
ਦੇਸ਼ ਦੀ 'ਅਜ਼ਾਦੀ'
ਤੇ 'ਅਖੰਡਤਾ' ਦੇ ਨਾਅਰੇ
......ਤੇ
ਨਾਅਰਿਆਂ ਵਿੱਚ
ਲੁਕ ਜਾਂਦਾ ਐ
ਲੁੱਟਤੰਤਰ ਦਾ ਕੁਹਜ
ਧਨਤੰਤਰ ਦਾ ਨੰਗੇਜ਼
ਤੇ ਸ਼ੋਸ਼ਣ-ਤੰਤਰ ਦੀ ਹੈਵਾਨਗੀ !
'ਮੇਰਾ ਭਾਰਤ ਮਹਾਨ'
ਦੇ ਨਾਅਰਿਆਂ 'ਚ
ਦਬ ਜਾਂਦੀਆਂ ਨੇ
ਭੁੱਖੇ , ਨੰਗੇ , ਵਿਲਕਦੇ
ਆਵਾਮ ਦੀਆਂ ਆਹਾਂ !
ਪਰ ਨਹੀਂ ਭੁੱਲਦੀ ਮੈਨੂੰ
ਮੇਰੇ ਪ੍ਰੋਫੈਸਰਾਂ ਦੀ ਦੱਸੀ
ਅਜ਼ਾਦੀ ਤੇ ਜਮਹੂਰੀਅਤ
ਦੀ ਪਰਿਭਾਸ਼ਾ !

ਬੇਸ਼ੱਕ!
ਗੁਆਚ ਗਏ ਨੇ
ਅਜ਼ਾਦੀ ਦੇ ਅਸਲੀ ਅਰਥ!

59. ਹੋਕਾ

ਸਾਡਾ ਮਕਸਦ ਇੱਕ ਹੈ
ਸਾਡੀ ਲੋੜ ਇੱਕ ਹੈ
ਆਓ !
ਇੱਕ ਹੋ ਕੇ ਲੜੀਏ
ਨਾ ਬਣੀਏ ਕਠਪੁਤਲੀ
ਓਹਨਾਂ ਹੱਥਾਂ ਦੀ
ਜੋ ਸਾਨੂੰ ਨੋਚ ਰਹੇ ਨੇ
ਤੇ
ਸਾਥੋਂ ਖੋਹ ਰਹੇ ਨੇ
ਸਾਡਾ 'ਮਨੁੱਖ' ਹੋਣ ਦਾ
ਅਧਿਕਾਰ !
ਅਸੀਂ ਵਿਕ ਜਾਂਦੇ ਹਾਂ
'ਦਾਰੂ' ਲਈ
ਤੇ
ਖ਼ਰੀਦ ਲੈਂਦੇ ਹਾਂ
'ਪੰਜ ਸਾਲ' ਲਈ ਓਹ 'ਬਿਮਾਰੀ'
ਜੋ ਘੁਣ ਵਾਂਗ ਖਾਂਦੀ ਏ ਸਾਨੂੰ !
ਹੇ ਮਨੁੱਖ!
ਤੂੰ ਤਾਂ ਸਰਬ-ਸ਼੍ਰਿਸ਼ਟ ਕਿਰਤ ਏਂ !
ਤੇਰਾ ਮੁੱਲ ਏਨਾ ਘੱਟ ਨਹੀਂ !
ਆਪਣਾ ਮੂਲ ਪਛਾਣ
ਤੇ
ਮਾਰ ਹੰਭਲਾ
'ਜੋਕਤੰਤਰ' ਨੂੰ ਲਾਹ ਕੇ ਗਲੋਂ
'ਲੋਕਤੰਤਰ' ਦੀ ਨੀਂਹ ਰੱਖ !
ਜਾਗ ਕਿ ਬੱਸ
ਜਾਗਣ ਦੀ ਲੋੜ ਹੈ !
ਤੇਰੇ ਸੁਪਨਿਆਂ ਨੂੰ
'ਤੇਰੀ ਖੁਲ੍ਹੀ ਅੱਖ' ਦੀ ਲੋੜ ਹੈ

60. ਸਾਡੀ ਸੰਸਦ

ਰੋਜ਼ ਹੁੰਦਾ ਹੈ
ਸਾਡੀ ਸੰਸਦ ਵਿਚ
'ਚਿੱਟੇ ਬਗਲਿਆਂ' ਦਾ ਇਕੱਠ
ਤੇ ਛਾ ਜਾਂਦੀ ਹੈ
ਕਾਲ਼ੇ ਕਾਰਨਾਮਿਆਂ ਦੀ ਕਾਵਾਂ ਰੌਲ਼ੀ
ਕਦੇ ਬੋਫਰਸ, ਕਦੇ ਖੰਡ
ਕਦੇ ਚਾਰਾ
ਤੇ ਕਦੇ ਕੋਇਲਾ ਘੋਟਾਲਾ
ਵਕਤ ਹੀ ਨਹੀਂ ਮਿਲਦਾ
ਕਿ ਉਠਾਏ ਜਾਣ
ਭੁੱਖ ਤੇ ਵਿਕਾਸ ਦੇ ਮੁੱਦੇ
ਕਦੇ ਨਹੀਂ ਉੰਠਦਾ ਉੰਥੇ
ਗ਼ਰੀਬੀ, ਬੇਰੁਜ਼ਗਾਰੀ
ਤੇ ਭੁੱਖਮਰੀ ਦਾ
ਸੁਆਲ
ਪਰ ਪੂੰਜੀਪਤੀਆਂ ਨੂੰ
ਲਾਭ ਦੇਣ ਲਈ
ਸਾਰੇ ਹੀ 'ਬਗਲੇ'
ਅੱਖਾਂ ਮੀਟ ਹਾਮੀ ਭਰਦੇ ਨੇ
ਇਲੀਟ ਕਲਾਸ ਦੇ 'ਕੁੱਤੇ'
ਦੀ ਹਿਫਾਜ਼ਤ ਲਈ ਵੀ
ਬਣਦੇ ਨੇ ਕਨੂੰਨ
ਪਰ ਕੁੱਲੀ ਗੁੱਲੀ ਜੁਲੀ
ਤੋਂ ਵਿਰਵਾ
ਮੇਰੇ ਦੇਸ ਦਾ ਹਜੂਮ
ਰੋਜ਼ ਮਰਦਾ ਏ
ਕੁੱਤੇ ਦੀ ਮੌਤ
ਕਾਲੇ ਧਨ ਦਾ ਧੰਦਾ ਕਰਨ ਵਾਲੇ
ਇਹ 'ਚਿੱਟੇ ਬਗਲੇ'
ਸਾਡਾ ਕੀ ਸੰਵਾਰਨਗੇ?
ਇਹ ਤਾਂ ਬੱਸ
ਭਰਨਗੇ ਸਵਿਸ ਬੈਂਕਾਂ
ਤੇ ਆਪਣਾ ਪੇਟ
ਮੇਰੇ ਦੇਸ਼ ਦਾ ਕਿਰਤੀ
ਆਪਣੇ ਟੱਬਰ ਦਾ
ਪੇਟ ਭਰਨ ਦਾ ਹੀਲਾ
ਕਰਨ ਲਈ
ਰੋਜ਼ ਹੀ ਤੁਰੇਗਾ ਘਰੋਂ
ਖ਼ਾਲੀ ਪੇਟ
ਸਾਡੀ ਸੰਸਦ ਵਿੱਚ ਕਦੇ ਨਹੀਂ ਉੰਠੇਗਾ
ਖ਼ਾਲੀ ਪੇਟ ਦਾ ਸੁਆਲ
ਉੰਥੇ ਤਾਂ ਰਚੀ ਜਾਏਗੀ
ਲੋਕ ਹਿੱਤੂ ਕਨੂੰਨਾਂ ਦੇ ਖ਼ਾਤਮੇ
ਦੀ ਸਾਜ਼ਿਸ਼
ਤੇ ਕਾਵਾਂ ਰੌਲ਼ੀ 'ਚ
ਗਵਾਚਦੀ ਰਹੇਗੀ
ਲੋਕ ਹਿੱਤਾਂ ਦੀ ਗੱਲ

61. ਬਾਗੀ ਸੁਰਾਂ

ਉਹ ਚਾਹੁੰਦੇ ਹਨ
ਬੁੱਲ੍ਹ ਸੀਤੇ ਰਹਿਣ
ਤੇ ਬੰਦ ਹੋ ਜਾਣ
ਬਾਗੀ ਸੁਰਾਂ-
ਨਾ ਲੱਗੇ ਨਾਅਰਾ ਕੋਈ
ਸ਼ੋਸ਼ਕਾਂ ਦੇ ਵਿਰੁੱਧ !

ਚਾਹੁੰਦੇ ਹਨ ਉਹ
ਲੋਕ ਇੱਕ ਨਾ ਹੋਣ
ਦਿਲਾਂ ਵਿੱਚ
ਸੁਲਗਦੀ ਚਿੰਗਾਰੀ
ਬਣ ਜਾਵੇ ਨਾ ਭਾਂਬੜ !

ਉਹ ਚਾਹੁੰਦੇ ਨੇ ਇਹ ਵੀ
ਅਹਿੱਲ ਹੋ ਜਾਣ ਇਹ ਕਦਮ-
ਇੱਕ ਤਾਲ ਵਿੱਚ ਨਾ ਉੰਠਣ
ਕਦੀ ਉਨ੍ਹਾਂ ਵੱਲ !

ਉਹ ਖੋਹ ਲੈਣਾ ਚਾਹੁੰਦੇ ਹਨ
ਹੱਕ ਜੀਉਣ ਦਾ-
ਵਿਰੋਧ ਕਰਨ ਦਾ !

ਕਿੰਨਾ ਦੁੱਖ ਹੁੰਦੈ
ਜਦੋਂ ਕਰਾਈਮ ਕਰਨ ਵਾਲੇ
ਬਣ ਜਾਂਦੇ ਨੇ ਸਾਡੇ ਦੇਸ਼ ਦੇ ਆਗੂ !

ਮੈਂ ਇੱਥੇ
ਦੇਸ ਧਰੋਹੀਆਂ ਦਾ
ਸਵਾਗਤ ਹੁੰਦੇ ਦੇਖਿਆ ਹੈ
ਜੋ ਸਿਆਸਤ ਦਾ ਮਖੌਟਾ ਪਾ ਕੇ
ਦੇਸ ਵਿਰੋਧੀਆਂ ਨੂੰ
ਵੇਚਦੇ ਨੇ ਅਹਿਮ ਦਸਤਾਵੇਜ਼
ਤੇ ਆਪਣੀਆਂ ਪੁਸ਼ਤਾਂ ਲਈ
ਕਰਦੇ ਨੇ ਧਨ ਇਕੱਠਾ
ਵੇਚ ਕੇ ਆਪਣਾ ਦੇਸ਼ !

ਪੂਰਾ ਦੇਸ ਨਜ਼ਰ ਆਉਂਦਾ
ਲਾਸ਼ਾਂ ਦੀ ਮੰਡੀ !
ਦਿੱਲੀ ਦੰਗੇ, ਗੁਜਰਾਤ ਦੰਗੇ
ਇਸ ਦੀ ਹਕੀਕਤ !
ਅਸੀਂ ਚਲਾ ਰਹੇ ਹਾਂ ਸਿੰਘਾਸਨ
ਰਾਮ ਰਾਜ ਦੇ ਨਾਅਰਿਆਂ ਵਿੱਚ !
ਜਿਨ੍ਹਾਂ ਵਿਚੋਂ ਬੋਅ ਆਉਂਦੀ ਹੈ
ਫਿਰਕਾਪ੍ਰਸਤੀ ਦੀ !

ਇਹ ਕੁਰਸੀ ਦੇ ਲੋਭੀ
ਮਾਇਆ ਦੇ ਦੀਵਾਨੇ
ਸੱਤ ਸਮੁੰਦਰ ਪਾਰ
ਰਖਦੇ ਨੇ ਆਪਣੇ ਖਜ਼ਾਨੇ !

ਬੁੱਧੀਜੀਵੀਆਂ ਨੂੰ ਮੇਰੀ ਕਵਿਤਾ
ਬਾਗੀ ਲੱਗ ਸਕਦੀ ਹੈ
ਸ਼ੈਲੀ ਕਾਵਿ-ਸੁਹਜ ਦੀ
ਕਾਤਲ ਲੱਗ ਸਕਦੀ ਹੈ
ਪਰ ਜਦ ਸੰਸਦ ਗੂੰਗੀ
ਸ਼ਾਸਨ ਬਹਿਰਾ ਹੋ ਜਾਂਦਾ ਹੈ
ਜਦ ਪੂਰਾ ਜਨ ਗਣ ਮਨ
ਘਿਰ ਜਾਂਦਾ ਹੈ ਘੋਰ ਹਨੇਰਿਆਂ ਵਿੱਚ
ਫਿਰ ਲਲਕਾਰਨਾ ਹੀ ਪੈਂਦਾ
ਅੰਗਾਰਿਆਂ ਦੀ ਭਾਸ਼ਾ ਵਿੱਚ !

62. ਚੀਸ

ਦਿੱਲੀ ਤਖਤ ਦੀ
ਰਾਣੀ ਦਾ ਕਤਲ -
ਨਤੀਜਾ -
ਔਰਤਾਂ ਦਾ ਬਲਾਤਕਾਰ
ਦਿੱਲੀ ਦੀਆਂ ਸੜਕਾਂ 'ਤੇ
ਅੱਗ ਦੀਆਂ ਲਪਟਾਂ ਦੀ ਹੋਲੀ
ਗਲਾਂ 'ਚ ਬਲਦੇ ਟਾਇਰ
ਹਜ਼ਾਰਾਂ ਘਰ ਬਣ ਗਏ ਸ਼ਮਸ਼ਾਨ
ਇਨਸਾਨ ਤੋਂ ਬਣਿਆ ਹੈਵਾਨ!

ਹਜ਼ਾਰਾਂ ਵਰ੍ਹੇ
ਲੰਬਾ ਸਫ਼ਰ ਤਹਿ ਕਰਕੇ
ਜਾਨਵਰ ਤੋਂ ਬਣਿਆ ਇਨਸਾਨ
ਪਲਾਂ 'ਚ ਹੀ ਤਹਿ ਕਰ ਗਿਆ
ਉਲਟਾ ਸਫ਼ਰ -
ਤੇ
ਨਿਗਲ ਗਿਆ
ਕਿੰਨ੍ਹੇ ਹੀ ਬੇਕਸੂਰ !

ਇਹ ਹੈ ਰੀਤ
ਮੇਰੇ ਧਰਮ-ਨਿਰਪੱਖ ਦੇਸ਼ ਦੀ
ਤੇ ਧਰਮ ਨਿਰਪੱਖਤਾ ਦੀ ਮਿਸਾਲ !

ਖੰਡਰ ਹੋਏ ਘਰਾਂ ਤੋਂ
ਲੈ ਕੇ ਅਲਵਿਦਾ
ਉਹ ਜੋ ਭਟਕ ਰਹੇ ਨੇ
ਇਨਸਾਫ਼ ਦੀ ਤਲਾਸ਼ 'ਚ
ਅਦਾਲਤਾਂ ਦੀਆਂ ਬਰੂਹਾਂ 'ਤੇ
ਤੇ ਇਸੇ ਭਟਕਣਾ 'ਚ
ਬੀਤ ਗਏ ਤਿੰਨ ਦਹਾਕੇ
ਉਹ ਕਿੰਝ ਕਹਿਣ :
''ਸਾਨੂੰ ਭਾਰਤੀ ਹੋਣ 'ਤੇ ਮਾਣ ਹੈ''

63. ਜਮਹੂਰੀਅਤ

ਮੇਜ਼ਾਂ ਥਪਥਪਾ ਕੇ
ਹੋ ਰਹੇ ਨੇ ਫ਼ੈਸਲੇ
ਪਰ ਤੁਸੀਂ ਚੁੱਪ ਰਹੋ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਤਾਂ ਹੈ ਦੁਨੀਆਂ ਦੀ
ਸਭ ਤੋਂ ਵੱਡੀ ਜਮਹੂਰੀਅਤ !

ਵਿਰੋਧੀ ਦਲ
ਉਖਾੜ ਕੇ ਮਾਈਕ
ਕੱਢ ਰਹੇ ਨੇ ਗਾਲ੍ਹਾਂ
ਦਿਖਾ ਰਹੇ ਨੇ
ਜਗਤ –ਤਮਾਸ਼ਾ
ਸੰਸਦ ਪੂਰਾ
ਸਬਜ਼ੀ ਮੰਡੀ ਦਾ ਦ੍ਰਿਸ਼ !
ਤੁਸੀਂ ਚੁੱਪ ਰਹੋ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਤਾਂ ਹੈ ਦੁਨੀਆਂ ਦੀ
ਸਭ ਤੋਂ ਵੱਡੀ ਜਮਹੂਰੀਅਤ !

ਏ.ਸੀ. ਰੂਮਾਂ 'ਚ ਬੈਠ ਕੇ
ਤੈਅ ਕੀਤੀਆਂ ਜਾ ਰਹੀਆਂ ਨੇ
ਗ਼ਰੀਬੀ ਦੀਆਂ ਰੇਖਾਵਾਂ
ਭੁੱਖ ਦੀਆਂ ਸੀਮਾਵਾਂ
ਪਰ ਤੁਸੀਂ ਚੁੱਪ ਰਹੋ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਤਾਂ ਹੈ ਦੁਨੀਆਂ ਦੀ
ਸਭ ਤੋਂ ਵੱਡਾ ਜਮਹੂਰੀਅਤ !

ਪਿਛਲੇ ਸਾਲ ਦੇ ਅੰਕੜਿਆਂ ਵਿਚ
ਕਰਕੇ ਕੁਝ ਹੇਰ ਫੇਰ
ਹੋ ਰਿਹਾ ਹੈ
ਗ਼ਰੀਬੀ ਦਾ ਸਰਵੇਖਣ
ਪਰ ਤੁਸੀਂ ਚੁੱਪ ਰਹੋ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਤਾਂ ਹੈ ਦੁਨੀਆਂ ਦਾ
ਸਭ ਤੋਂ ਵੱਡਾ ਲੋਕਤੰਤਰ !

ਲੋਕਤੰਤਰ ਹੋ ਗਿਆ ਹੈ
ਸਬਸਿਡੀ ਦਾ ਹਿੱਸਾ
ਨਸ਼ਿਆਂ ਤੇ ਨੋਟਾਂ 'ਤੇ
ਵਿਕ ਰਹੀ ਏ ਵੋਟ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਹੈ ਦੁਨੀਆਂ ਦੀ
ਸਭ ਤੋਂ ਵੱਡੀ ਜਮਹੂਰੀਅਤ !

ਤੁਹਾਨੂੰ ਦਿੱਤੀ ਜਾ ਰਹੀ ਹੈ
ਭੁੱਖ ਤੋਂ ਸੁਰੱਖਿਆ ਦੀ ਗਰੰਟੀ
ਸਿੱਖਿਆ, ਕੰਮ, ਸੂਚਨਾ ਦੀ ਗਰੰਟੀ
ਇਹ ਵਾਅਦੇ ਤਾਂ
ਚੋਣ -ਮਨੋਰਥ ਪੱਤਰਾਂ ਦੀ
ਸ਼ਾਨ ਲਈ ਨੇ
ਇਹ ਕਦ ਪੂਰੇ ਹੋਣਗੇ !
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਹੈ ਦੁਨੀਆਂ ਦੀ
ਸਭ ਤੋਂ ਵੱਡੀ ਜਮਹੂਰੀਅਤ !

64. ਗੁਆਚਿਆ ਸੱਚ

ਜਦ ਝੂਠ ਦਾ ਪਰਛਾਵਾਂ
ਉਹਦੇ ਜਿਸਮ 'ਤੇ ਪਿਆ
ਤਾਂ ਉਹਦੀ ਦੇਹ
ਪੱਥਰ ਦੀ ਦੀਵਾਰ ਹੋ ਗਈ
ਪੱਥਰ ਦੀ ਉਸ ਦੀਵਾਰ 'ਤੇ
ਸੱਚ ਨੇ
ਜਦ ਵੀ ਵਿਛਣਾ ਚਾਹਿਆ
ਤਾਂ-
ਤਿਲਕ-ਤਿਲਕ ਕੇ ਡਿੱਗਦਾ ਰਿਹਾ
ਪਤਾ ਨਹੀਂ ਉਹ ਸੱਚ
ਏਸ ਪਾਰ ਦੇ ਸਮੁੰਦਰ 'ਚ ਖੁਰ ਗਿਆ-
ਪਤਾ ਨਹੀਂ ਉਹ ਸੱਚ
ਉਸ ਪਾਰ ਦੇ ਮਾਰੂਥਲ ਨੇ ਪੀ ਲਿਆ
ਪਰ ਸੱਚ ਉਦੋਂ ਤੋਂ ਗੁੰਮ ਹੈ
ਜਦੋਂ ਦਾ
ਉਹਦੇ ਜਿਸਮ ਦੀ ਦੀਵਾਰ 'ਤੇ
ਝੂਠ ਦਾ ਪਰਛਾਵਾਂ ਪਿਆ ਹੈ!

ਐ ਸੰਗੀਨਾਂ ਦੇ ਮਾਲਕੋ
ਮੋਢਿਆਂ 'ਤੇ ਸੰਗੀਨਾਂ ਦਾ ਭਾਰ
ਵਿਅਰਥ ਨਾ ਪਾਵੋ
ਸੰਗੀਨਾਂ ਇੰਝ ਨਾ ਵਰਤੋ
ਕਿ ਰੰਗੀਨ ਮੌਸਮ
ਸ਼ਮਸ਼ਾਨਾਂ ਦੇ ਰਾਹ ਪੈ ਜਾਣ
ਸੰਗੀਨਾਂ ਇੰਝ ਵਰਤੋ
ਕਿ ਰੰਗੀਨ ਮੌਸਮਾਂ ਦੀ ਫੁਲਕਾਰੀ
ਹਰ ਜੋਬਨ ਲਈ
ਤਾਂਘ ਬਣ ਜਾਵੇ
ਸੰਗੀਨਾਂ ਇੰਝ ਵਰਤੋ
ਕਿ ਪੱਥਰ ਦੀ ਦੀਵਾਰ ਬਣਿਆ
ਉਹਦਾ ਜਿਸਮ
ਝੂਠ ਦੇ ਪਰਛਾਵੇਂ ਤੋਂ
ਮੁਕਤ ਹੋ ਜਾਵੇ!
...ਤੇ
ਸਮੁੰਦਰ 'ਚ ਖੁਰਿਆ ਸੱਚ
ਰਤਨ ਬਣ ਕੇ
ਫਿਰ ਤੋਂ ਆਣ ਮਿਲੇ
ਮਾਰੂਥਲਾਂ ਦੀ ਰੇਤ 'ਚ ਸਿੰਮਿਆ ਸੱਚ
ਡਾਚੀ ਦੇ ਖੁਰਾਂ ਨੂੰ ਆਣ ਚਿੰਬੜੇ

ਸੱਚ ਜਿੱਥੇ ਵੀ ਕਿਤੇ ਹੈ
ਘਰ ਮੁੜ ਆਵੇ-
ਸੱਚ ਕਦੇ ਤਿਲਕੇ ਨਾ
ਸੱਚ ਕਦੇ ਖੁਰ ਨਾ ਜਾਵੇ
ਸੱਚ ਨੂੰ ਪੀਵੇ ਨਾ ਕੋਈ
ਡੀਕ ਲਾ ਕੇ-
ਸੰਗੀਨਾਂ ਦੇ ਮਾਲਕੋ!
ਸੁਚੇਤ ਰਹੋ

65. ਮੇਰਾ ਰੱਬ

ਮੇਰਾ ਰੱਬ ਮੈਨੂੰ ਬਹੁੜਿਆ
ਜੋ ਮਜ਼ਦੂਰਾਂ ਦੇ ਝੁਰਮਟ 'ਚ
ਖੇਡ ਰਿਹਾ ਸੀ
ਮਿੱਟੀ ਦੇ ਢੇਲਿਆਂ ਨਾਲ਼

ਕਾਲਜ ਦੀ ਬਗੀਚੀ 'ਚ
ਖੜ੍ਹੀ ਸਾਂ ਫੁੱਲਾਂ ਦੇ ਕੋਲ਼
ਤਾਂ
ਮੇਰੀ ਚੁੰਨੀ ਦੀ
ਕੰਨੀ ਆ ਫੜਦਾ ਏ!
ਉਹ ਛੋਟੀ ਬਾਲੜੀ ਸੀ ਇੱਕ!
ਮੈਥੋਂ ਮੰਗਦੀ ਏ ਇੱਕ ਫੁੱਲ
ਤਾਂ ਮੈਂ
ਉਹਦੇ ਮੱਥੇ 'ਤੇ
ਚੁੰਮਣ ਰੱਖ ਦਿੰਦੀ ਹਾਂ-
ਤਾਂ ਹੋ ਜਾਂਦਾ ਹੈ
ਉਹਦਾ ਚਿਹਰਾ ਵੀ ਫੁੱਲ ।

...ਤੇ
ਕੱਲ੍ਹ ਹੀ ਗੁਜ਼ਰੀ ਸਾਂ ਮੈਂ
ਮੰਦਰ ਦੇ ਸਾਹਮਣਿਉਂ
ਤਾਂ ਵੇਖੇ ਸਨ ਮੈਂ
ਨਿਰਜਿੰਦ ਤੇ ਸਹਿਕਦੇ ਫੁੱਲ
ਜੋ ਤੁਸਾਂ ਅਰਪਿਤ ਕੀਤੇ ਸਨ
ਆਪਣੇ ਰੱਬ ਨੂੰ!

ਮੈਨੂੰ ਬਹੁੜਿਆ ਮੇਰਾ ਰੱਬ
ਇੱਕ ਹੋਰ ਬਾਲੜੀ
ਜਿਹਦੀ ਮਾਂ
ਕਰ ਗਈ ਉਸ ਨੂੰ ਮਾਂ-ਬਾਹਰੀ
ਤਾਂ ਉਹ
ਬਾਪ ਦੇ ਗਲ ਲੱਗ ਰੋਈ

ਪਰ ਕੁੱਝ ਦਿਨਾਂ ਬਾਅਦ
ਬਾਪ ਭੁੱਲ ਗਿਆ

ਕਿ ਇਹ ਮੇਰੀ 'ਧੀ' ਏ-
ਮੈਂ ਉਹਦੀਆਂ ਨਜ਼ਰਾਂ 'ਚੋਂ
ਪੜ੍ਹਿਆ ਉਹਦਾ ਦਰਦ
ਤੇ ਮਾਂ ਦੇ ਬੋਲਾਂ ਦਾ ਕੱਜਣ
ਉਹਦੀ ਛੱਲਣੀ ਰੂਹ 'ਤੇ ਪਾਇਆ
ਨੇਮ ਨਾਲ਼
ਉਹਦਾ ਮੇਰੇ ਘਰ ਆਉਣਾ
ਤੇ ਨੇਮ ਨਾਲ਼
ਮੇਰਾ ਉਹਦੀ ਛੱਲਣੀ ਰੂਹ 'ਤੇ
ਸ਼ਬਦਾਂ ਦੀ ਮਰਹਮ ਲਾਉਣਾ
ਹੋ ਗਿਆ ਮੇਰਾ ਨਿੱਤਨੇਮ!
ਤੇ ਮੈਨੂੰ ਜਾਪਦਾ
ਉਹ ਰੱਬ ਬਣ
ਮੇਰੇ ਘਰ ਬਹੁੜਦੀ ਏ!

66. ਦਾਮਿਨੀ

ਦਾਮਿਨੀ ਨੇ ਜਦੋਂ
ਦਮ ਤੋੜਿਆ ਹੋਵੇਗਾ
ਕਿਨ੍ਹੇ ਹੀ ਲਫ਼ਜ਼ਾਂ ਨੇ
ਤੋੜਿਆ ਹੋਣੈ ਦਮ
ਓਹਦੇ ਹੋਂਠਾਂ 'ਤੇ
ਓਹਦੀ ਜ਼ੁਬਾਨ 'ਤੇ
....ਤੇ
ਓਹਦੇ ਜ਼ਿਹਨ 'ਤੇ !

ਓਹਨੇ ਮਾਂ ਨੂੰ ਕੀ ਕਹਿਣਾ ਸੀ ?
ਓਹਦਾ ਬਾਪ ਲਈ ਕੀ ਤਰਲਾ ਸੀ?
ਕਿਹੜੇ ਸ਼ਬਦ ਸਨ
ਜੋ ਮੁੱਕ ਗਏ
ਓਹਦੇ ਮੁੱਕਣ ਨਾਲ ...
ਮੈਂ ਉਹਨਾਂ ਸ਼ਬਦਾਂ ਨੂੰ
ਮਿਲਣਾ ਲੋਚਦੀ ਹਾਂ
ਮੈਂ ਲੋਚਦੀ ਹਾਂ
ਓਹਨਾਂ ਸ਼ਬਦਾਂ ਨੂੰ ਸਾਹ ਦੇਣੇ
ਤਾਂ ਜੋ
ਸੁਣ ਲਏ
ਓਹਦੀ ਮਾਂ
ਓਹਦਾ ਬਾਪ
ਉਸ ਦੇ ਆਖਰੀ ਦਮ ਦੀ ਗਾਥਾ !

ਉਹਦੇ ਕੋਲੋਂ ਲੰਘਿਆ
ਬੇਗੈਰਤ ਲੋਕਾਂ ਦਾ ਝੁੰਡ
ਸੁਣ ਲਏ ਓਹਦੀ ਪੁਕਾਰ
.....ਤੇ ਕਿਸੇ ਹੋਰ ਦਾਮਿਨੀ ਕੋਲੋਂ
ਲੰਘੇ ਨਾ ਕੋਈ
ਅਣਦੇਖਿਆ ਕਰਕੇ !

ਉਹ ਜੋ ਬੇਵੱਸ
ਓਹਦਾ ਸਾਥੀ
ਸੁਣ ਸਕੇ
ਉਸ ਦਾ ਉਹ ਆਖਰੀ ਤਰਲਾ
ਜੋ ਸ਼ਾਇਦ ਓਹਨੇ
ਕੀਤਾ ਹੋਏਗਾ
ਕੁਝ ਇਹੋ ਜਿਹਾ ਹੀ
ਕਿ :
ਸਾਥੀ ! ਮੈਂ ਤੇਰੀ ਹੀ ਹਾਂ !!
ਮੇਰੀ ਪ੍ਰੀਤ ਦੇ
ਸੁੱਚੜੇ ਮੋਤੀ
ਚਾਹਿਆ ਸੀ
ਤੇਰੀ ਹੀ ਝੋਲੀ ਡਿੱਗਣਾ
ਪਰ ਕਲਮੂੰਹੇਂ ਰਾਹੀਆਂ
ਮੇਰੀ ਪ੍ਰੀਤ ਨੂੰ ਜੂਠ ਬਣਾ ਦਿੱਤਾ !
ਮੇਰੇ ਤਨ ਦਾ
ਮੇਰੀ ਰੂਹ ਦਾ
ਕੱਜਣ ਲਾਹ ਦਿੱਤਾ !
ਪਰ ਮੈਂ ਮਿਲਾਂਗੀ ਤੈਨੂੰ
ਆਪਣੇ ਉਸੇ ਜਲੌਅ 'ਚ
ਉਸੇ ਹੀ ਸ਼ਿੱਦਤ ਨਾਲ !
ਸਾਥੀ ! ਤੂੰ ਮੇਰਾ ਇੰਤਜ਼ਾਰ ਕਰੀਂ!!

67. ਔਰਤ

''ਮੈਂ ਤੈਨੂੰ
ਪਿਆਰਦਾ
ਸਤਿਕਾਰਦਾ
ਤੇ ਪੂਜਦਾ ਹਾਂ ।''
ਤੇਰਾ ਇਹ ਕਹਿਣਾ
ਹੈ ਕਿੰਨਾ ਬੇਮਾਇਨਾ!
ਔਰਤ ਸਿਰਫ਼ ਪਿਆਰ ਮੰਗਦੀ ਹੈ
ਤੇ ਉਸੇ ਪਿਆਰ 'ਚੋਂ
ਪਾ ਲੈਂਦੀ ਹੈ
ਸਤਿਕਾਰ ਤੇ ਪੂਜਾ
ਬਸ਼ਰਤੇ-
ਕਿ ਉਹ ਪਿਆਰ
ਰੂਹ ਦਾ ਹੋਵੇ
ਸਦੀਵੀ ਹੋਵੇ
ਤੇ
ਅਸੀਮ ਹੋਵੇ!
ਔਰਤ ਪੂਜਾ ਨਹੀਂ
ਬਰਾਬਰ ਦਾ ਹੱਕ ਮੰਗਦੀ ਹੈ
ਜੇ ਤੂੰ ਬਣ ਜਾਵੇ
ਪਰਸ਼ੋਤਮ-ਪੁਰਖ
ਤਾਂ ਉਹ
ਅਗਨੀ-ਪ੍ਰੀਖਿਆ ਵੀ ਦੇ ਸਕਦੀ ਹੈ!
ਉਹ
ਸ਼ਿਵ ਦੇ ਪੈਰ ਦਬਾਉਣ ਵਾਲੀ
ਪਾਰਬਤੀ ਨਹੀਂ!
ਸਗੋਂ
ਤੇਰੇ ਸਿਰ ਦਾ
ਤਾਜ ਬਣਨਾ ਲੋਚਦੀ ਹੈ
ਉਹ ਨੋਚੇ ਜਾਣਾ ਨਹੀਂ
ਸਗੋਂ ਲੋਚਦੀ ਹੈ
ਵਸਲ ਦੀ ਚਰਮ-ਸੀਮਾ
ਤੇ ਤੇਰੀ ਰੂਹ ਦਾ ਦੀਦਾਰ
ਉਹ ਦੇਵੀ ਨਹੀਂ,
ਵਸਤੂ ਨਹੀਂ,
ਦਾਸੀ ਨਹੀਂ,
ਪੈਰ ਦੀ ਜੁੱਤੀ ਨਹੀਂ
ਹਮਸਫ਼ਰ ਬਣਨਾ ਲੋਚਦੀ ਹੈ
ਬਸ-ਹਮਸਫ਼ਰ!

68. ਬਾਂਝ

ਮਾਂ ਬਣਨਾ-
ਕਿੰਨਾ ਪਿਆਰਾ ਅਹਿਸਾਸ!
ਨੌਂ ਮਹੀਨੇ
ਸਿੰਜਦੀ ਏ
ਕੁੱਖ ਦੀ ਧਰਤ ਨੂੰ
ਪਿਲਾ ਕੇ ਆਪਣਾ ਲਹੂ
ਪੁੰਗਰਦਾ ਏ ਬੀਜ
ਨਸ਼ਿਆ ਜਾਂਦੀ ਏ ਓਹਦੀ ਰੂਹ
ਘੜਦੀ ਏ ਅਣਗਿਣਤ ਨਾਮ
ਕਦੇ ਪੁੱਤ ਦਾ ਤਸੱਵੁਰ
ਕਦੇ ਧੀ ਦੀ ਤਸਵੀਰ

ਪਰ ਕੰਬ ਜਾਂਦੀ ਏ
ਪੜ੍ਹ ਕੇ ਅਖਬਾਰਾਂ ਦੀਆਂ ਸੁਰਖੀਆਂ
ਕਿਤੇ ਬਲਾਤਕਾਰ
ਕਿਤੇ ਦਾਜ ਦੀ ਬਲੀ
ਕਿਤੇ ਨਸ਼ਿਆਂ 'ਚ ਡੁੱਬੇ
ਪੁੱਤ ਦੀ ਤ੍ਰਾਸਦੀ!

ਕੋਸਦੀ ਏ
ਆਪਣੀ ਕੁੱਖ ਨੂੰ
ਤੱਕ ਕੇ ਹੈਵਾਨਗੀ
ਪਸ਼ੂਪਣ
ਤੇ ਦਰਿੰਦਗੀ ਦੀ ਤਸਵੀਰ
ਇਹੀਓ ਹਸ਼ਰ ਰਿਹਾ ਜੇ ਧੀ ਦਾ
ਤਾਂ ਹੁਣ
ਭਰੂਣ ਹੱਤਿਆ ਦੀ
ਨਵੀਂ ਪਰਿਭਾਸ਼ਾ ਘੜੀ ਜਾਵੇਗੀ ।
ਜੇ ਇੰਜ ਹੀ ਰਹੀ
ਸਾਡੀ ਮਾਨਸਿਕਤਾ
ਤਾਂ ਕਿਹੜੀ ਮਾਂ
ਧੀ ਜੰਮੇਗੀ?
ਕਿਹੜੀ ਮਾਂ ਚਾਹੇਗੀ ਪੁੱਤ ਜੰਮਣਾ?
ਕਿਹੜੀ ਭੈਣ ਕਰੂ ਜੋਦੜੀ,
'ਇੱਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ
ਚਿੱਤ ਕਰਦਾ ।'

ਕੌਣ ਮਾਂ ਅੱਡੇਗੀ
ਪੁੱਤਰ-ਦਾਤ ਲਈ ਝੋਲੀਆਂ
ਜੇ ਇੰਜ ਹੀ ਨੋਚੇਗਾ
ਹਵਸੀ ਦਰਿੰਦਾ ਮੇਰੀ ਧੀ ਨੂੰ
ਹੇ ਰੱਬਾ! ਮੈਨੂੰ ਧੀ ਨਾ ਦੇਵੀਂ!
ਜੇ ਇੰਝ ਹੀ ਹੋਵੇਗੀ
ਮੇਰੇ ਪੁੱਤ 'ਚ ਦਰਿੰਦਗੀ
ਤਾਂ ਮੈਨੂੰ
ਪੁੱਤਰ ਨਾ ਦੇਵੀਂ ਰੱਬਾ?
ਮੈਨੂੰ ਬਾਂਝ ਹੀ ਰੱਖੀਂ!
ਮੈਂ ਬਾਂਝ ਹੀ ਚੰਗੀ!

69. ਐ ਔਰਤ

ਐ ਔਰਤ!
ਤੂੰ ਮਹਾਨ ਏਂ
ਆਪਣੇ ਹਰ ਰੂਪ 'ਚ
ਤੂੰ ਸਮਰਪਿਤ ਹਾ
ਕਦੇ ਮਾਂ ਬਣ ਕੇ
ਕਦੇ ਬੇਟੀ ਬਣ ਕੇ
ਕਦੀ ਪਤਨੀ
ਤੇ ਕਦੇ ਭੈਣ
ਹਰ ਰੂਪ ਵਿੱਚ ਸਮਰਪਿਤ!

ਪਰ ਤੇਰੀ ਹੋਂਦ 'ਤੇ
ਪ੍ਰਸ਼ਨ ਚਿੰਨ੍ਹ ਕਿਉਂ
ਕਿਉਂ ਤੇਰੇ ਰਾਹਾਂ 'ਤੇ ਕੰਢੇ
ਤੇਰੇ ਪੁੰਗਰਨ ਤੋਂ ਪਹਿਲਾਂ ਹੀ
ਤੈਨੂੰ ਮਸਲ ਦੇਣ ਦੀਆਂ ਸਾਜ਼ਿਸ਼ਾਂ
ਤੇਰੇ ਹਰ ਕਦਮ ਨਾਲ
ਕਿਉਂ ਜੁੜੇ ਨੇ ਇੱਜ਼ਤਾਂ ਦੇ ਸੁਆਲ
ਕਿਉਂ ਰਹਿ ਗਈ ਬਣ ਕੇ ਤੂੰ
ਨੁਮਾਇਸ਼ ਦੀ ਵਸਤੂ
ਕਿਉਂ ਵਿਸਰ ਗਿਆ ਤੈਨੂੰ
ਕਿ ਤੂੰ ਹੋ ਸਕਦੀ ਏਂ
ਲਕਸ਼ਮੀ ਬਾਈ
ਤੇ ਮਾਈ ਭਾਗੋ ਵੀ!

ਐ ਔਰਤ!
ਕਿਉਂ ਮਨਜ਼ੂਰ ਐ ਤੈਨੂੰ
ਬਣ ਕੇ ਰਹਿਣਾ
ਬਸ ਇੱਕ ਜਿਸਮ
ਤੇ ਭੋਗੇ ਜਾਣ ਦੀ ਵਸਤੂ
ਕਿਉਂ ਨਹੀਂ ਦਿਸਦਾ ਤੈਨੂੰ
ਤੇਰੀ ਹੀ ਰੂਹ ਦਾ ਜਲੌਅ
ਕਿਉਂ ਨਹੀਂ ਕਰ ਸਕਦੀ ਤੂੰ
ਥੋਥੇ ਸੰਸਕਾਰਾਂ ਦਾ ਕਤਲ
ਪਰ ਰੋਜ਼ ਕਰਦੀ ਏ
ਕਤਲ ਆਪਣੀ ਰੂਹ ਦਾ!

ਜਾਗ ਹੁਣ ਜਾਗਣ ਦੀ ਲੋੜ ਹੈ
ਆਪਣੀ ਹੋਂਦ ਬਚਾਉਣ ਲਈ
ਤੈਨੂੰ ਖ਼ੁਦ ਹੀ
ਤਹਿ ਕਰਨੀ
ਪੈਣੀ ਹੈ
ਆਪਣੀ
'ਅਜ਼ਾਦੀ' ਦੀ ਦਿਸ਼ਾ!

70. ਧੁੰਦ ਭਰਿਆ ਰਾਹ

ਅੰਦਰ ਦੀ
ਧੁਰ ਤਹਿ ਤੱਕ
ਅੱਪੜਨ ਵਾਸਤੇ
ਖ਼ੁਦ ਹੀ ਤਹਿ ਕਰਨਾ ਪੈਣਾ
ਸੋਚਾਂ ਦੀਆਂ ਉਲਝਣਾਂ ਦਾ
ਧੁੰਦ ਭਰਿਆ ਰਾਹ
ਇਸ ਸਫ਼ਰ 'ਤੇ ਚੱਲਦਿਆਂ
ਰਸਤਿਆਂ ਦੀ ਰੇਤ ਦਾ ਇਲਮ
ਇਸ ਕਦਰ ਹੋ ਰਿਹਾ
ਕਿ ਜਾਪਦਾ
ਪੈਰਾਂ ਦੀਆਂ ਤਲੀਆਂ 'ਚ
'ਅੱਖਾਂ ਦੇ ਉੱਗ' ਜਾਣ ਵਰਗਾ
ਕੁੱਝ ਵਾਪਰ ਗਿਆ ਹੈ!

71. ਬੇਲਿਹਾਜ਼ ਵਕਤ

ਵਕਤ ਤਾਂ
ਗਿੜ ਹੀ ਰਿਹਾ ਹੈ
ਖੂਹ ਦੀਆਂ ਟਿੰਡਾਂ ਵਾਂਗੂੰ
ਤੇ ਜ਼ਿੰਦਗੀ
ਗੁਜ਼ਰ ਰਹੀ ਐ
ਖੂਹ ਦੀ ਸਤਹ ਤੋਂ
ਖੂਹ ਦੀ ਮੌਣ ਤੱਕ
ਵਗਦੇ ਪਾਣੀ ਦੀ ਤਰ੍ਹਾਂ!
ਫਰਕ ਡਾਹਢਾ ਹੁੰਦਾ ਏ
ਜ਼ਿੰਦਗੀ ਬੀਤ ਜਾਣ
ਤੇ
ਜ਼ਿੰਦਗੀ ਜਿਉਣ ਵਿਚ!
ਵਕਤ ਗਿੜ ਹੀ ਰਿਹਾ ਤਾਂ
ਜ਼ਿੰਦਗੀ ਬੀਤ ਜਾਏਗੀ
ਜ਼ਿੰਦਗੀ ਜਿਉਣ ਲਈ ਤਾਂ
ਵਕਤ ਗੇੜਨਾ ਪੈਣਾ!

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ