Punjabi Ghazlan/Poetry Sultan Kharvi
ਪੰਜਾਬੀ ਗ਼ਜ਼ਲਾਂ-ਨਜ਼ਮਾਂ ਸੁਲਤਾਨ ਖ਼ਾਰਵੀ
੧. ਕਿੰਨੇ ਮੌਸਮ ਪਹਿਨ ਹੰਢਾਏ, ਵੇਖ ਬਹਾਰਾਂ ਲਈਆਂ ਨੇ
ਕਿੰਨੇ ਮੌਸਮ ਪਹਿਨ ਹੰਢਾਏ, ਵੇਖ ਬਹਾਰਾਂ ਲਈਆਂ ਨੇ ।
ਇੱਕ ਤਮੰਨਾਂ ਹੁਣ ਵੀ ਬਾਕੀ, ਤੂੰ ਨਾ ਸਾਰਾਂ ਲਈਆਂ ਨੇ ।
ਕੱਲ੍ਹ ਇੱਕੋ ਇੱਕ ਸੁਰਖ਼ੀ ਪੜ੍ਹਕੇ, ਸਾਰੀ ਰਾਤ ਮੈਂ ਸੁੱਤਾ ਨਾ,
ਹੋਕਾ ਸੁਣ ਕੇ 'ਹਾਕਰ' ਦਾ' ਅੱਜ ਫਿਰ ਅਖ਼ਬਾਰਾਂ ਲਈਆਂ ਨੇ ।
ਨੀਅਤ ਸਾਡੀ ਦੋਹਾਂ ਦੀ, ਬਾਜ਼ਾਰੇ ਜ਼ਾਹਰ ਹੋ ਗਈ ਏ,
ਮੈਂ ਤੇ ਫੁੱਲ ਖ਼ਰੀਦੇ ਨੇ, ਪਰ ਤੂੰ ਤਲਵਾਰਾਂ ਲਈਆਂ ਨੇ ।
ਮੰਜ਼ਲ ਮੇਰੀ "ਝਾ" ਕਰਕੇ, ਹੋ ਗਈ ਏ ਉਹਲੇ ਮੇਰੇ ਤੋਂ,
ਮੇਰੀਆਂ ਸਾਰਾਂ ਲਈਆਂ ਨੇ ਤੇ ਰਾਹ ਦੀਆਂ ਖ਼ਾਰਾਂ ਲਈਆਂ ਨੇ ।
ਨੈਣ ਤਿਰੇ ਥੀਂ ਜੋੜਨ ਵਾਲੀ ਏਸ ਖ਼ਤਾ ਤੋਂ ਲੱਭਾ ਕੀ ?
ਜ਼ੁਲਫ਼ਾਂ ਨੂੰ ਕੀ ਛੁਹਿਆ ਛੂਹ ਬਿਜ਼ਲੀ ਦੀਆਂ ਤਾਰਾਂ ਲਈਆਂ ਨੇ ।
ਰਾਤ ਗੁਜ਼ਰ ਗਈ ਬਾਤ ਗੁਜ਼ਰ ਗਈ, ਆਇਆ ਹੁਣ 'ਸੁਲਤਾਨ' ਅਲੀ,
ਹੱਟ ਵਧਾ ਗਿਆ ਸਾਕੀ ਰਿੰਦਾਂ ਮਾਰ ਅੱਜ ਮਾਰਾਂ ਲਈਆਂ ਨੇ ।
੨. ਤੇਰੇ ਦੀਦਾਰ ਦੇ ਬਾਝੋਂ, ਨਾ ਜਲਵਾ 'ਤੂਰ' ਦਾ ਰਹਿੰਦਾ
ਤੇਰੇ ਦੀਦਾਰ ਦੇ ਬਾਝੋਂ, ਨਾ ਜਲਵਾ 'ਤੂਰ' ਦਾ ਰਹਿੰਦਾ ।
ਖ਼ੁਦਾ ਜੇ ਹੋਵੰਦਾ ਜ਼ਾਹਿਰ, ਤਾਂ ਕੱਲਾ ਝੂਰਦਾ ਰਹਿੰਦਾ ।
ਉਹ ਰਾਤੀਂ ਕੁਮਕੁਮੇ ਬਾਲਣ, ਦਿਨੇ ਸੂਰਜ ਰਹੇ ਮਹਿਲੀਂ,
ਹਨ੍ਹੇਰੇ ਦੀ ਪਨਾਹ ਖ਼ਾਤਰ, ਹੈ ਘਰ ਮਜ਼ਦੂਰ ਦਾ ਰਹਿੰਦਾ ।
ਡਰਾਕਲ ਜਹੀ ਹਿਆਤੀ ਨੇ, ਬੜੇ ਹੌਕੇ ਹੰਢਾਏ ਨੇ,
ਕਦੀ ਦੁਨੀਆਂ ਦਾ ਡਰ ਰਹਿੰਦਾ ! ਕਦੀ ਦਸਤੂਰ ਦਾ ਰਹਿੰਦਾ ।
ਓ ਇਸ਼ਕਾ ! ਸਾਦਗੀ ਤੇਰੀ, ਤੂੰ ਲਾਵੀਂ ਨਾਲ ਸੀਨੇ ਦੇ,
ਭਲਾਂ ਕੀ 'ਰੂਪ' ਦਾ ਜੀਵਨ ? ਨਿਕਾਰਾ ਘੂਰਦਾ ਰਹਿੰਦਾ ।
ਅਸਾਡੇ ਵਾਂਗਰਾਂ ਮੁੱਲਾਂ, ਤਲੀ 'ਤੇ ਦਿਲ ਲਈ ਫਿਰਦਾ,
ਕਦੀ ਜੇ ਜ਼ਹਿਨ ਵਿੱਚ ਉਹਦੇ, ਨਾ ਲਾਲਚ ਹੂਰ ਦਾ ਰਹਿੰਦਾ ।
ਜਦੋਂ ਤਾਰੀਖ਼ ਦੇ ਵਰਕੇ ਪੜ੍ਹੋਂ, ਤਾਂ ਸੋਚ ਕੇ ਪੜ੍ਹੀਓ,
ਖ਼ਤਾ 'ਸੁਲਤਾਨ' ਕਰਦੇ ਨੇ, ਤੇ ਨਾਂ 'ਜ਼ਮਹੂਰ' ਦਾ ਰਹਿੰਦਾ ।
੩. ਅੰਬਰ ਵਾਲਾ ਧਰਤੀ ਦਾ ਜਦ ਮੈਲਾ-ਸ਼ੀਸ਼ਾ ਧੋਵੇ
ਅੰਬਰ ਵਾਲਾ ਧਰਤੀ ਦਾ ਜਦ ਮੈਲਾ-ਸ਼ੀਸ਼ਾ ਧੋਵੇ ।
ਕਿੱਦਾਂ ਮਿੱਠੀ ਨੀਂਦਰ ਮਾਣੇ, ਜੀਹਦਾ ਕੋਠਾ ਚੋਵੇ ?
ਗ਼ਜ਼ਲਾਂ ਦੀ ਥਾਂ ਅੱਜ-ਕੱਲ੍ਹ ਮੈਂ ਵੀ ਮਰਸੀਏ ਲਿਖਦਾ ਰਹਿਨਾਂ,
ਉਹ ਮਜ਼ਦੂਰ ਆਂ ਕਬਰ ਅਪਣੀ ਦੇ, ਜੋ ਖ਼ੁਦ ਪੱਥਰ ਢੋਵੇ ।
ਬੰਦਾ ਹੋ ਕੇ ਜੀਵਣ ਨਾਲੋਂ ਪੱਥਰ ਹੋਣਾ ਚੰਗਾ,
ਮੇਰੀ ਇਹ ਫ਼ਰਮਾਇਸ਼ ਹੈ, ਜੇ ਮੁੜ ਕੋਈ ਮਿੱਟੀ ਗੋਵੇ ।
ਖ਼ੌਰੇ ਓੜਕ ਦੇਖ ਲਿਆ ਸੂ ਛਾਲਿਆਂ ਤੋਂ ਵੀ ਪਹਿਲਾਂ,
ਵਾਟ ਮੇਰੀ ਕੁਰਲਾਹਟ ਕਰੇ ਤੇ ਕੂੰਜਾਂ ਵਾਂਗੂੰ ਰੋਵੇ ।
ਮੇਰਾ ਜੱਗ ਹਨ੍ਹੇਰ ਬਣਾਇਆ ਕਾਲੀਆਂ ਜ਼ੁਲਫ਼ਾਂ ਵਾਲੇ,
ਸੋਹਣਾ ਯਾਰ ਮੁਨੱਵਰ ਹੋਇਆ, ਮੇਰੇ ਦਿਲ ਦੀ ਲੋਵੇ ।
ਉਹਦੇ ਘਰ ਦਾ ਆਟਾ ਮੁੱਕਿਆ, ਯਾ 'ਸੁਲਤਾਨ' ਆ ਖੋਹਿਆ,
ਮਜ਼ਦੂਰੀ ਦੇ ਕਾਰਣ ਜੀਹਨੂੰ ਸੇਠ ਖਰਾਸੇ ਜੋਵੇ ।
੪. ਇਹ ਜੀਵਨ ਦਾ ਪਿਆਲਾ ਤੇ, ਕਦੋਂ ਦਾ ਭਰ ਗਿਆ ਹੁੰਦਾ
ਇਹ ਜੀਵਨ ਦਾ ਪਿਆਲਾ ਤੇ, ਕਦੋਂ ਦਾ ਭਰ ਗਿਆ ਹੁੰਦਾ ।
ਹਿਆਤੀ ਦੇ ਅਜ਼ਾਬੋਂ ਜੇ, ਕਦੇ ਮੈਂ ਡਰ ਗਿਆ ਹੁੰਦਾ ।
ਕਲੇਜੇ ਲਾ ਲਿਆ ਗ਼ਮ ਨੂੰ, ਤੇ ਚਿੰਤਾ ਹੋਰ ਖਾਂਦੀ ਏ,
ਜੇ ਮੈਂ ਦੁਰਕਾਰ ਦਿੰਦਾ ਤਾਂ, ਇਹ ਕੀਹਦੇ ਘਰ ਗਿਆ ਹੁੰਦਾ ?
ਮੈਂ ਸੂਰਜ ਡੁੱਬਦਾ ਡਿੱਠਾ, ਤੇ ਮੈਨੂੰ ਰੋਣ ਚਾ ਆਇਆ,
ਜੇ ਫ਼ਜ਼ਰੇ ਪੰਧ ਚਾ ਪੈਂਦਾ, ਤੇ ਮੈਂ ਵੀ ਘਰ ਗਿਆ ਹੁੰਦਾ ।
ਕਦੇ ਝੋਲੀ 'ਚ ਪੈ ਜਾਂਦੇ, ਕਿਤੋਂ ਜੇ ਮੁੱਠ-ਕੁ ਹਾਸੇ,
ਮਿਰੇ ਦੋ-ਚਾਰ ਦੁੱਖਾਂ ਦਾ, ਤੇ ਬੁੱਤਾ ਸਰ ਗਿਆ ਹੁੰਦਾ ।
ਅਖ਼ੀਰੀ ਹਰਫ਼ ਬਾਕੀ ਏ, ਲਿਖਾਂਗਾ ਆਖ਼ਰੀ ਵੇਲੇ,
ਜੇ ਓਹੋ ਹਰਫ਼ ਲਿਖਦਾ ਮੈਂ, ਕਦੋਂ ਦਾ ਮਰ ਗਿਆ ਹੁੰਦਾ ।
ਬੁਰਾ ਹੋਇਆ ਚੁਰਾਇਆ ਏ, ਕਿਸੇ 'ਸੁਲਤਾਨ' ਨੇ ਦਿਲ ਨੂੰ,
ਕਦੀ ਅਫ਼ਸੋਸ ਨਾ ਕਰਦਾ, ਜੇ ਮੇਰਾ ਜ਼ਰ ਗਿਆ ਹੁੰਦਾ ।
੫. ਸੂਰਜ ਬੂਹੇ ਬੂਹੇ ਅਪਣੇ ਲਹੂ ਦੇ ਦੀਵੇ ਬਾਲ ਗਿਆ
ਸੂਰਜ ਬੂਹੇ ਬੂਹੇ ਅਪਣੇ ਲਹੂ ਦੇ ਦੀਵੇ ਬਾਲ ਗਿਆ ।
ਡੁੱਬਣ ਲੱਗਿਆ ਕੱਲਾ ਡੁੱਬਿਆ, ਕੋਈ ਨਾ ਉਹਦੇ ਨਾਲ ਗਿਆ ।
ਬੱਤੀ ਧਾਰਾਂ ਬਖ਼ਸ਼ੇ ਤੇ, ਅਹਿਸਾਨ ਮਿਰੀ ਮਾਂ-ਧਰਤੀ ਦਾ,
ਸੇਵਾ ਇਹਦੀ ਕੁਝ ਨਾ ਕੀਤੀ, ਪਰ ਨਹੀਂ ਦਿਲੋਂ ਖ਼ਿਆਲ ਗਿਆ ।
ਯਾਦ ਕਰੇ ਭਾਵੇਂ ਭੁੱਲ ਜਾਵੇ, ਇਹ ਦੁਨੀਆਂ ਦੀ ਮਰਜ਼ੀ ਏ,
ਮਾਲੀ ਨੇ ਰਖਵਾਲੀ ਕੀਤੀ, ਬੂਟਾ-ਬੂਟਾ ਪਾਲ ਗਿਆ ।
ਹਾਲ ਮਿਰਾ ਨਾ ਪੁੱਛੋ ਮੈਂ ਨਹੀਂ ਹਾਲ ਸੁਨਾਉਣਾ ਦੁਨੀਆਂ ਨੂੰ,
ਮਾਜ਼ੀ ਨੇ ਤੇ ਜਾਣਾ ਹੀ ਸੀ, ਹਾਲ ਵੀ ਉਹਦੇ ਨਾਲ ਗਿਆ ।
ਹੋਇਆ ਕੀ ਜੇ ਜੁੱਸੇ ਵਿੱਚੋਂ ਫਿਰ ਕੋਈ ਜੁੱਸੀ ਆਇਆ ਨਹੀਂ,
ਰੱਤ ਪਿਲਾ ਕੇ ਰੀਤਾਂ ਨੂੰ ਤੇ ਦੇ ਕੇ ਬਾਂਗ 'ਬਿਲਾਲ' ਗਿਆ ।
ਉਹ ਕਲਮੂੰਹਾਂ ਬੁਰਾ ਮੁਕੱਦਰ, ਮੱਥੇ ਤੋਂ ਮਰ ਚੁੱਕਾ ਏ,
ਓਦੋਂ ਦਾ 'ਸੁਲਤਾਨ' ਸਦਾਉਨਾਂ, ਜਿੱਦਣ ਦਾ ਕੰਗਾਲ ਗਿਆ ।
ਪੰਜਾਬੀ ਨਜ਼ਮਾਂ ਸੁਲਤਾਨ ਖ਼ਾਰਵੀ
1. ਪਾਣੀ ਦਾ ਸਿਰਨਾਵਾਂ
ਸਾਡੇ ਸੁਫ਼ਨੇ ਪੁੱਛਣ ਸਾਥੋਂ
ਪਾਣੀ ਦਾ ਸਿਰਨਾਵਾਂ
ਜਿਹੜਾ ਮੌਸਮ ਅੰਗ ਹੰਡਾਇਆ
ਉਹੋ ਈ ਕੌੜਾ ਲੱਗਾ
ਆਪਣੇ ਲਹੂ ਦੇ ਮਾਣ ਵਿੱਚ ਮੋਏ
ਉਹ ਵੀ ਹੈਸੀ ਬੱਗਾ
ਜਿੰਦ ਖਡਾਇਆ ਸਾਨੂੰ
ਸਾਡੇ ਪਿੰਡੇ ਪੀੜਾਂ ਜਣੀਆਂ
ਸਾਹ ਦੀ ਤਾਣੀ ਤਣਦਿਆਂ ਰਹਿਣਾ
ਬੁੱਝਣ ਤੀਕਰ ਤਣੀਆਂ
ਦੋਵੇਂ ਪੈਰ ਗਵਾਚ ਗਏ ਤੇ
ਮੰਜ਼ਿਲ ਡਾਹ ਨਾ ਦਿੱਤੀ
ਰੋਜ਼ ਸਿਖ਼ਰ ਨੂੰ ਛੂੰਹਦੀ ਲੱਗੇ
ਇਕ ਉਮਰ ਦੀ ਖਿੱਤੀ
ਇਹ ਅਸਾਡਾ ਬੁੱਤ ਪਿਆ ਏ
ਉਹ ਸਾਡਾ ਪਰਛਾਵਾਂ
ਵੇਲ਼ੇ ਨੇ ਕੀ ਪਾਇਆ ਹੋਇਆ
ਸਾਡੇ ਗਲ਼ੀਂ ਗਲ਼ਾਵਾਂ
ਭਿੱਜਦਾ ਜੀਵਨ ਨੂੜ ਲਿਆ ਏ
ਵਿੱਚ ਉਡੀਕ ਦੇ ਮਾਂਵਾਂ
ਸਾਡੇ ਸੁਫ਼ਨੇ ਪੁੱਛਣ ਸਾਥੋਂ
ਪਾਣੀ ਦਾ ਸਿਰਨਾਵਾਂ
2. ਕਬਰਾਂ ਦੀ ਮਿੱਟੀ
ਸਾਡੀ ਪਿਆਰ ਤ੍ਰੇਹ ਦਾ ਕੀ ਏ?
ਜਿਉਂ ਕਬਰਾਂ ਦੀ ਮਿੱਟੀ
ਜੰਮਦਿਆਂ ਨਾਲ ਬੁਢੇਪੇ ਖੇਡੇ
ਬਣ ਕੇ ਹਾਣੀ ਹਾਣੀ
ਜੋਬਨ ਰੁੱਤ ਕਿਤੇ ਨਾ ਆਈ
ਲੰਘੇ ਕਾਲ਼ੇ ਪਾਣੀ
ਸਾਡੇ ਸਿਰ ਤੇ ਨਹੀਂ ਨਾ ਕਾਲ਼ੇ
ਪਹਿਲੇ ਦਿਨ ਤੋਂ ਬੱਗੇ
ਹੋਰ ਕਿਸੇ ਦੀ ਪੀੜ ਵੀ ਸਾਨੂੰ
ਆਪਣੀ ਵਰਗੀ ਲੱਗੇ
ਸਾਹ ਦੇ ਮਿਰਗ ਨੂੰ ਮਰਗ ਚੁਵਾਤੀ
ਗੁੜ੍ਹਤੀ ਦੇ ਵਿੱਚ ਲੱਭੀ
ਸਾਡਾ ਸਾਰਾ ਜੀਵਨ ਕੀ ਏ
ਈਵੇਂ ਰੱਬ ਸਬੱਬੀ
ਬੇਦੋਸ਼ੇ ਬੇਕਰਮੇ ਯਾਰੋ
ਲੋਥ ਕਿਸੇ ਜਿਓਂ ਸਿੱਟੀ
ਸਾਡੀ ਪਿਆਰ ਤ੍ਰੇਹ ਦਾ ਕੀ ਏ
ਜਿਉਂ ਕਬਰਾਂ ਦੀ ਮਿੱਟੀ