Sugandh Sameer : Bawa Balwant

ਸੁਗੰਧ ਸਮੀਰ : ਬਾਵਾ ਬਲਵੰਤ

1. ਕਿਨਾਰੇ-ਕਿਨਾਰੇ

ਕਦੋਂ ਤਕ ਤੁਰੋਗੇ ਕਿਨਾਰੇ-ਕਿਨਾਰੇ,
ਨ ਸਮਝੋਗੇ ਲਹਿਰਾਂ ਦੇ ਕਦ ਤਕ ਇਸ਼ਾਰੇ।

ਇਹ ਕੰਡਾ ਉਮੰਗਾਂ ’ਚ ਚੁੱਭਦਾ ਰਹੇਗਾ
ਕਦੋਂ ਤਕ ਖਿੜਨਗੇ ਫੁੱਲ ਸਾਰੇ ਦੇ ਸਾਰੇ।

ਤੜਪਦੀ ਏ ਹਰ ਭਾਵਨਾ ਦੀ ਸੁਗੰਧੀ
ਕਿ ਕੋਈ ਹਵਾ ਚਾਰੇ ਪਾਸੇ ਖਿਲਾਰੇ।

ਚਿਰਾਂ ਤੋਂ ਨੇ ਕਲੀਆਂ ਦੇ ਪੈਰਾਂ ’ਚ ਛਾਲੇ
ਕਲਾ-ਕਾਰ ਹੱਥਾਂ ਨੂੰ ਖੇੜਾ ਪੁਕਾਰੇ।

ਹਨੇਰੇ ’ਚ ਬਾਗ਼ ਦੀ ਸੈਰ ਜਾਈਏ
ਲੁਟਾਵਣਗੇ ਚਮਕਾਂ ਨਿਸ਼ਾ ਦੇ ਫਵਾਰੇ।

ਰਹੀ ਰੋਕ ਫੁੱਲਣ ਫਲਣ ਤੇ ਉਸੇ ਦੇ
ਕਿ ਜਿਸ ਦੇ ਹੁਨਰ ਨੇ ਜ਼ਮਾਨੇ ਉਸਾਰੇ।

ਲਤਾ ਹੀ ਨਹੀਂ, ਸਭ ਜ਼ਮੀਨਾਂ ਤੇ ਤਾਰੇ
ਇਹ ਜੀਵਤ ਨੇ ਇਕ ਦੂਸਰੇ ਦੇ ਸਹਾਰੇ।

ਦੁਮੇਲ ’ਚ ਪਰ ਘਸਰਦੇ ਨੇ ਕਲਮ ਦੇ
ਉਡਾਰੀ ਜੇ ਮਾਰੇ ਤਾਂ ਕਿਸ ਥਾਂ ਤੇ ਮਾਰੇ।

2. ਦੁਨੀਆ


ਕੋਈ ਮਾਣ ਕੇ ਇਸ ਦੁਨੀਆਂ ਦੇ ਦੁੱਖ-ਸੁਖ
ਗਿਆ ਕਹਿ ਕੇ ਆਖ਼ਰ ਕਿ ਸੁਪਨਾ ਹੈ ਦੁਨੀਆ
ਕਲਪਨਾ ਦਾ ਰੋਣਾ, ਤੜਪਨਾ ਹੈ ਦੁਨੀਆ।
ਉਹ ਖਾਂਦਾ ਰਿਹਾ ਧਰਤ ਦਾ ਅੰਨ-ਦਾਣਾ,
ਰਿਹਾ ਧਰਤ ਤੇ ਹੀ ਉਹ ਵਸਦਾ ਸਿਆਣਾ,
ਰਿਹਾ ਜ਼ਿੰਦਾ ਦੁਨੀਆ ਦਾ ਹੀ ਪੀ ਕੇ ਪਾਣੀ
ਬਣੇ ਉਸ ਦੇ ਆਪਣੇ ਹੀ ਇਹ ਜਗਤ ਪ੍ਰਾਣੀ।
ਕਿਵੇਂ ਸਮਝੀਏ ਜੱਗ ਧੂੰਆਂ ਹੀ ਧੂੰਆਂ ਹੈ?
ਕੋਈ ਆਖਦਾ ਏ ਧੂੰਆਂ ਹੈ ਇਹ ਦੁਨੀਆ
ਕੋਈ ਕਹਿ ਗਿਆ 'ਕਲਪਨਾ ਹੈ ਇਹ ਦੁਨੀਆ'।
ਕੋਈ ਧਰਤ ਤੇ ਸੌ ਸਾਲ ਜੀ ਕੇ
ਦਰੱਖਤਾਂ ਦੇ ਫਲ, ਸ਼ਹਿਦ ਤੇ ਸ਼ੀਰ ਪੀ ਕੇ
ਗਿਆ ਫੇਰ ਦੁਨੀਆ ਨੂੰ ਲਿਖ ਕੇ ਤੇ ਕਹਿ ਕੇ
ਇਹ ਝੂਠੀ ਹੈ ਦੁਨੀਆ, ਕੋਈ ਦਿਨ ਦੀ ਦੁਨੀਆ
ਕੋਈ ਪਲ ਦੀ ਦੁਨੀਆ, ਕੋਈ ਛਿਣ ਦੀ ਦੁਨੀਆ
ਸਦਾ ਏਸ ਦੁਨੀਆ ਦੇ ਆਨੰਦ ਲੈ ਕੇ
ਕੋਈ ਕਹਿ ਗਿਆ ਇਕ ਸਾਇਆ ਹੈ ਦੁਨੀਆ
ਕਈ ਯਾਦਗਾਰਾਂ ਜਗਤ ਤੇ ਬਣਾ ਕੇ
ਕੋਈ ਕਹਿ ਗਿਆ ਇਕ ਧੋਖਾ ਹੈ ਦੁਨੀਆ
ਕੋਈ ਕਹਿ ਗਿਆ 'ਵਾ ਦਾ ਝੋਕਾ ਹੈ ਦੁਨੀਆ।


ਹਜ਼ਾਰਾਂ ਹੀ ਸਾਲਾਂ ਤੋਂ ਇਹ ਕਹਿਣ ਵਾਲੇ
ਕਈ ਤੁਰ ਗਏ ਪਰ ਬਾਕੀ ਹੈ ਦੁਨੀਆ
ਉਹ ਤੱਤਾਂ ਦੀ ਕੁਝ ਅਸਲੀਅਤ ਹੀ ਨਾ ਸਮਝੇ,
ਜੋ ਕਹਿੰਦੇ ਰਹੇ ਫ਼ਾਨੀ ਖ਼ਾਕੀ ਹੈ ਦੁਨੀਆ
ਬੜੇ ਪੇਚ ਖਾ-ਖਾ ਕੇ ਚਲਦੀ ਏ ਦੁਨੀਆ
ਇਹ ਮਰਦੀ ਨਹੀਂ ਪਰ ਬਦਲਦੀ ਏ ਦੁਨੀਆ
ਹੈ ਬਦਲਦੀ ਦਾ ਦਿਨ ਜ਼ਿੰਦਗੀ ਦਾ ਸਵੇਰਾ
ਨਹੀਂ ਮੌਤ ਜਗਤ-ਜੀਵਨ ਹਨੇਰਾ
ਜਗਤ ਕੁਝ ਨਹੀਂ ਇਹ ਸ਼ਬਦ ਕਹਿਣ ਵਾਲਾ
ਪੈਗੰਬਰ ਜਾਂ ਹੋਵੇ ਕੋਈ ਅੱਲ੍ਹਾ ਤਾਲਾ
ਕੋਈ ਪੀਰ ਹੋਵੇ ਕਿ ਅਵਤਾਰ ਹੋਵੇ
ਰਿਸ਼ੀ ਹੋਵੇ ਭਾਵੇਂ ਕਲਾਕਾਰ ਹੋਵੇ
ਉਹ ਅਣਜਾਣੇ, ਜਾਣੇ ਹੈ ਸ਼ਾਹਾਂ ਦਾ ਸਾਥੀ
ਗ਼ਰੀਬੀ, ਗ਼ੁਲਾਮੀ ਵਧੀ ਏਸ ਤੋਂ ਹੀ।


ਹਕੀਕਤ ਹੈ ਦੁਨੀਆ ਸਚਾਈ ਹੈ ਦੁਨੀਆ
ਮਨੁੱਖਾਂ ਦੀ ਮਿਹਨਤ ਤੇ ਜੀਵਨ ਦੀ ਚਾਹ ਨੇ
ਸਗੋਂ ਹੋਰ ਸੁਹਣੀ ਬਣਾਈ ਹੈ ਦੁਨੀਆ
ਹਕੀਕਤ ਹੈ ਸੂਰਜ ਹਕੀਕਤ ਹੈ ਪਾਣੀ
ਹਕੀਕਤ ਹੈ ਮਾਦੇ ਦੀ ਹਰਕਤ ਰਵਾਨੀ
ਹਕੀਕਤ ਹੈ ਖੇਤਾਂ ਦਾ ਕਟਣਾ ਉਗਾਣਾ
ਹਕੀਕਤ ਹੈ ਤੱਤਾਂ ਦਾ ਇਹ ਕਾਰਖਾਨਾ
ਹੈ ਮਾਦਾ ਤੇ ਮਾਦੇ ਦੀ ਹਰਕਤ ਅਨਾਦੀ
ਅਕਲ, ਰੂਹ, ਮਨੁੱਖ ਸਭ ਨੇ ਇਸਦੀ ਆਬਾਦੀ
ਨਾ ਸੁਪਨਾ, ਨਾ ਕੋਈ ਹਵਾਈ ਹੈ ਦੁਨੀਆ
ਹਕੀਕਤ ਹੈ ਦੁਨੀਆ ਸੱਚਾਈ ਹੈ ਦੁਨੀਆ।

3. ਨਵੀਨ ਆਸ

ਬੇ-ਆਸ ਦਿਲਾਂ ਅੰਦਰ ਸ਼ੁਭ ਆਸ ਵਸਾਣੀ ਏ,
ਨ ਬੁਲਬਲਾ ਏ ਜੀਵਨ, ਨ ਦੁਨੀਆਂ ਹੀ ਫ਼ਾਨੀ ਏ।

ਇਸ ਫ਼ਲਸਫ਼ੇ ਫ਼ਾਨੀ ਨੂੰ ਘੜਿਆ ਏ ਅਮੀਰੀ ਨੇ,
ਹੈ ਲਾਭ ਅਮੀਰਾਂ ਨੂੰ ਤੇ ਦੁਨੀਆਂ ਦੀ ਹਾਨੀ ਏ।

ਰਾਜਾਂ ਨੇ, ਗਰੀਬਾਂ ਦੇ, ਕੁਦਰਤ ਵੀ ਉਲਟ ਆਖੀ,
ਹਰ ਦਿਨ ਜਿਦ੍ਹਾ ਨੂਰੀ ਏ, ਹਰ ਰਾਤ ਸੁਹਾਣੀ ਏ।

ਦੌਲਤ ਦੇ ਹੀ ਕਬਜ਼ੇ ਨੇ ਤਕਦੀਰ ਬਣਾਈ ਏ,
ਇਹ ਚੀਜ਼ ਹੀ ਕਲਪਤ ਹੈ ਬੇ-ਨਾਮ ਨਿਸ਼ਾਨੀ ਏ।

ਦੁਨੀਆਂ ਨੂੰ ਵਸਾਇਆ ਏ ਮਿਹਨਤ ਦੀ ਜਵਾਨੀ ਨੇ,
ਭੁਖੀ ਹੀ ਰਹੀ ਮਰਦੀ ਮਿਹਨਤ ਦੀ ਜਵਾਨੀ ਏ।

ਹੁਣ ਜਨਤਾ ਸਿਰ ਚੁੱਕੇ ਕਿਉਂ ਮੁਰਦਾ ਖ਼ਿਆਲਾਂ ਨੂੰ,
ਵਿਗਿਆਨ ਦੇ ਯੁੱਗ ਅੰਦਰ ਉਹ ਰਾਜਾ ਨ ਰਾਣੀ ਏ।

ਜੇ ਜਨਮਾਂ ਤੇ ਕਰਮਾਂ ਦੇ ਚੱਕਰਾਂ 'ਚ ਫਸਾ ਰਖੇ,
ਉਹ ਗ਼ਲਤ ਹੈ ਚਾਹੇ ਉਹ ਆਕਾਸ਼ ਦੀ ਬਾਣੀ ਏ।

ਬਦਲੀ ਦੀ ਸਚਾਈ ਤੋਂ ਜੀਵਨ ਦੀਆਂ ਲੋੜਾਂ ਤੋਂ,
ਭੂਕਾਲ ਦੇ ਕਬਜ਼ੇ ਦੀ ਸਫ਼ ਉਲਟਦੀ ਜਾਣੀ ਏ।

ਉੱਚ ਮਿਸਰੀ-ਮਿਨਾਰਾਂ ਤੋਂ ਹਰ ਤਾਜ ਮਹੱਲ ਅੰਦਰ,
ਸੋਨੇ ਦਿਆਂ ਹਰਫ਼ਾਂ ਵਿਚ ਮਿਹਨਤ ਦੀ ਕਹਾਣੀ ਏ।

ਨਾ ਜ਼ਿੰਦਗੀ ਸੁਪਨਾ ਏ, ਨਾ ਦੁਨੀਆਂ ਹੀ ਫ਼ਾਨੀ ਏ,
ਬੇ-ਆਸ ਦਿਲਾਂ ਅੰਦਰ ਇਹ ਆਸ ਵਸਾਣੀ ਏ।

4. ਆਏ ਨਾ ਆਏ

ਲਗਨ ਦਾ ਜਾਣਕਾਰ ਆਏ ਨਾ ਆਏ,
ਰੁਕਾਂ ਮੈਂ ਕਿਉਂ ਦੁਆਰ ਆਏ ਨਾ ਆਏ।

ਸ਼ੁਰੂ ਕਰਦਾ ਹਾਂ ਮੌਲਕ ਅਪਣਾ ਨਗਮਾ,
ਕੋਈ ਲੈ ਕੇ ਸਤਾਰ ਆਏ ਨਾ ਆਏ।

ਸਸ਼ੀ ਦੀ ਚਮਕ ਗਲ ਲਹਿਰਾਂ ਨੂੰ ਲਾਏ,
ਕਿਨਾਰੇ ਤੇ ਜਵਾਰ ਆਏ ਨਾ ਆਏ।

ਚਲੋ ਰੰਗਾਂ-ਸੁਗੰਧਾਂ ਵਿਚ ਨਹਾਈਏ,
ਹਵਾ ਇਹ ਬਾਰ-ਬਾਰ ਆਏ ਨਾ ਆਏ।

ਮਿਲੇ ਖੇੜਾ ਅਨੇਕਾਂ ਦਰਦੀਆਂ ਦਾ,
ਦੁਮੇਲਾਂ ਤੋਂ ਪਿਆਰ ਆਏ ਨਾ ਆਏ।

ਅਸਾਂ ਹੈ ਵਿਸ਼ਵ-ਰਤਨਾਕਰ 'ਚ ਤਰਨਾ,
ਖ਼ਿਆਲੀ ਪਾਰਾਵਾਰ ਆਏ ਨਾ ਆਏ।

ਕਲਾਧਾਰੀ ਸਵਾਰੀ ਜਾਏ ਦੁਨੀਆਂ,
ਕਦੀ ਉਸ ਤੇ ਬਹਾਰ ਆਏ ਨਾ ਆਏ।

ਅਮਨ ਦੀ ਉਂਗਲੀ ਗਿਣਤੀ ਦੇ ਤਾਰੇ,
ਨਾ ਹਾਰੇਗੀ, ਸ਼ੁਮਾਰ ਆਏ ਨਾ ਆਏ।

5. ਉਸ ਦਾ ਹਾਰ

ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ,
ਮੁਸਕ੍ਰਾਂਦੀ ਆ ਕੇ ਬਣਵਾਇਆ ਕਰੇ।

ਮੇਰੇ ਪੁੱਛਣ ਤੇ ਕਿ 'ਟੁੱਟਾ ਕਿਸ ਤਰ੍ਹਾਂ?'
ਪਾ ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ।
ਮੇਰੇ ਸਿਰ ਸਾਇਆ ਕਰੇ ਖ਼ੁਸ਼ਬੂ ਦੀ ਸ਼ਾਖ਼,
ਉਹ, ਜੋ ਉਸ ਦੇ ਮੂੰਹ ਤੇ ਲਹਿਰਾਇਆ ਕਰੇ।
ਆਉਣ ਤੋਂ ਪਹਿਲਾਂ ਭਰੇ ਨਾਜ਼ਕ-ਤੂਨੀਰ,
ਹੋਰ ਵੀ ਨੈਣਾਂ ਨੂੰ ਸੁਰਮਾਇਆ ਕਰੇ।
'ਜੀ, ਜ਼ਰਾ ਜੋੜੋ ਇਹ ਟੁੱਟਦਾ ਏ ਪਿਆ,'
ਮੱਧ ਭਰੇ ਬੋਲਾਂ ਤੋਂ ਨਸ਼ਿਆਇਆ ਕਰੇ।
ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ।

ਮਖ਼ਮਲੀ ਅੰਗਾਂ ਦੀ ਛੁਹ, ਨਵਨੀਤ-ਕਰ
ਮੇਰਿਆਂ ਹੱਥਾਂ ’ਤੇ ਆ ਸਾਇਆ ਕਰੇ।
ਰੇਸ਼ਮੀ ਕਾਇਆ ਦੀ ਉਜਲੀ ਸਿਫ਼ਤ ਸੁਣ
ਧਰਤ-ਭੂਸ਼ਨ ਵਲ ’ਤੇ ਵਲ ਖਾਇਆ ਕਰੇ।
‘ਰੂਪ ਦੀ ਛੱਡੋ ਸੁਗੰਧੀ ਦਾ ਨਸ਼ਾ’
ਪੁਸ਼ਪ-ਕਾਇਆ ਆ ਕੇ ਸਮਝਾਇਆ ਕਰੇ।
ਮਧੁਰ ਸੁਰ 'ਚ ਰੋ ਕਦੇ ਬੰਦਸ਼ ਦਾ ਰੋਣ
ਆਪ ਤੜਪੇ, ਮੈਨੂੰ ਤੜਪਾਇਆ ਕਰੇ।
ਇਕ ਜੁੜੇ ਤੋੜੇ ਲੜੀ ਉਹ ਦੂਸਰੀ,
ਰੋਜ਼ ਉਸ ਦਾ ਹਾਰ ਟੁਟ ਜਾਇਆ ਕਰੇ।
ਮੁਸਕ੍ਰਾਂਦੀ ਆ ਕੇ ਬਣਵਾਇਆ ਕਰੇ।

ਜੇ ਕਲਾ ਦੇ ਰਾਹ ਦੀ ਲੋਅ ਬਣ ਜਾਏ ਉਹ
ਮੇਰਾ ਮਨ ਕਿਉਂ ਠੋਕਰਾਂ ਖਾਇਆ ਕਰੇ।
ਕੋਈ ਸੁੰਦਰਤਾ ’ਚੋਂ ਲੱਭਦਾ ਏ ਕਮਾਲ
ਕੋਈ ਕਹਿੰਦਾ ਏ ਸਮਾਂ ਜਾਇਆ ਕਰੇ।
ਹੇ ਮੁੱਹਬਤ, ਤੇਰੀ ਮੰਸ਼ਾ ਦੀ ਬਹਾਰ
ਹਿਮੰਤੀ-ਤਲੀਆਂ ’ਤੇ ਉਗ ਆਇਆ ਕਰੇ।
ਇਕ ਉਸਾਰੀ ਦੀ ਲਗਨ ਜੀਵਨ ਦਾ ਚਾਅ
ਮੇਲ ਉਸ ਦਾ ਅਮਲ ਗਰਮਾਇਆ ਕਰੇ।
ਰੋਜ਼ ਉਸ ਦਾ ਹਾਰ ਟੁਟ ਜਾਇਆ ਕਰੇ।

6. ਫੁੱਲ ਜੋ ਮੁਰਝਾ ਗਏ

ਮੁਦਤਾਂ ਤੋਂ ਫੁਲ ਕੁਮਲਾਏ ਹੋਏ
ਹੁਣ ਨਵੀਂ ਮਹਿਫ਼ਲ ਸਜਾ ਸਕਦੇ ਨਹੀਂ
ਸੈਂਕੜੇ ਸਦੀਆਂ ਪੁਰਾਣਾ ਫ਼ਲਸਫ਼ਾ
ਆਦਮੀ ਦੇ ਵਹਿਮ ਦੀ ਸਰਹੱਦ 'ਖ਼ੁਦਾ'
ਧਾਤ ਦੇ, ਪੱਥਰ ਦੇ, ਵੇਲੇ ਦੇ ਕਿਆਸ
ਕੁਝ ਡਰਾਉਣੇ, ਕੁਝ ਹਸਾਉਣੇ ਦੇਵਤੇ
ਭੋਜ ਪੱਤਰਾਂ ਦੇ ਸਮੇਂ ਵਾਲਾ ਧਰਮ
ਆਰੀਆ ਅਨ-ਆਰੀਆ ਵਾਦੀ ਵਰਣ
ਇਹ ਕੰਵਲ ਇਹ ਪੁਸ਼ਪ ਇਹ ਸਿੱਲ-ਪੱਥਰੀ
ਸੈਂਕੜੇ ਸਦੀਆਂ ਪੁਰਾਣੇ ਇਹ ਗੁਲਾਮ
ਇਹ ਯਾਸਮਨ
ਮੁਰਝਾ ਗਏ,
ਮੌਤ ਦਾ ਪੈਗਾਮ ਦੇਂਦੇ ਨੇ ਪਏ
ਹੁਣ ਨਾ ਬਾਕੀ ਤਾਜ਼ਗ਼ੀ, ਨਾ ਜ਼ਿੰਦਗੀ
ਇਹ ਨਵੀਂ ਮਹਿਫ਼ਲ ਸਜਾ ਸਕਦੇ ਨਹੀਂ।
(ਅਧੂਰੀ ਰਚਨਾ)

7. ਲਾਲ ਕਿਲ੍ਹਾ

ਅੱਜ ਹਰ ਕਿਸੇ ਨੂੰ ਦੇਸ ਦੇ ਹੁਨਰਾਂ 'ਤੇ ਮਾਨ ਹੈ,
ਕਾਰੀਗਰਾਂ ਦੀ ਅਕਲ ਦਾ ਉਜਲਾ ਨਿਸ਼ਾਨ ਹੈ।
ਕਾਰੀਗਰਾਂ ਦੇ ਹੁਨਰ ਤੋਂ ਪੱਥਰਾਂ 'ਚ ਜਾਨ ਹੈ,
ਜ਼ਿੰਦਾ ਇਨ੍ਹਾਂ ਦੇ ਹੁਨਰ ਤੋਂ ਹੀ 'ਸਾਹਜ਼ਾਨ' ਹੈ।
ਇਹ ਜਨਤਾ ਦੇ ਲਾਲ ਨੇ ਜੀਵਨ ਦੀ ਰੌਸ਼ਨੀ,
ਕੌਮਾਂ ਦੀ ਆਤਮਾ ਨੇ ਇਹ ਦੇਸ਼ਾਂ ਦੀ ਜ਼ਿੰਦਗੀ।
ਲਾਲ ਕਿਲ੍ਹੇ ਦੀ ਛਾਏਗੀ ਪੀਲੇ ਜਹਾਨ 'ਤੇ,
ਖੁਸ਼-ਹਾਲ-ਨੂਰ ਆਏਗਾ ਹਿੰਦੁਸਤਾਨ 'ਤੇ।
ਪਿਆਰੇ ਕਿਲ੍ਹੇ ਆਜ਼ਾਦੀਆਂ ਦਾ ਪਹਿਰੇਦਾਰ ਬਣ,
ਲੱਖਾਂ ਸ਼ਹੀਦ ਹੋਇਆਂ ਦੀ ਰੂਹ ਦਾ ਕਰਾਰ ਬਣ।
(ਅਧੂਰੀ ਰਚਨਾ)

8. 'ਸਰਮਦ' ਦੇ ਮਕਬਰੇ 'ਤੇ

ਹੁੰਦੇ ਨੇ ਲੱਖਾਂ ਆਗੂ ਜਾਨਾਂ ਬਚਾਣ ਵਾਲੇ,
ਵਿਰਲੇ ਨੇ ਆਮ ਰਾਹ 'ਤੇ ਸਿਰ ਨੂੰ ਕਟਾਣ ਵਾਲੇ।

ਹੁੰਦਾ ਹੈ ਕੋਈ-ਕੋਈ ਜੋ ਮੂਲ ਨੂੰ ਪਹਿਚਾਣੇ,
ਕਰਦੀ ਹੈ ਉਸ ਦੀ ਬਾਣੀ ਸੰਸਾਰ ਵਿੱਚ ਉਜਾਲੇ।

ਚੁੱਕਦਾ ਹੈ ਅੰਧਕਾਰਾਂ ਤੋਂ ਕੋਈ-ਕੋਈ ਪਰਦਾ,
ਦੇ ਕੇ ਬਲੀ ਤੇ ਖੋਲ੍ਹੇ ਰਸਤੇ ਵਿਕਾਸ ਵਾਲੇ।

ਥੱਕਦਾ ਨਹੀਂ ਕਦੀ ਵੀ ਹੁਸਨਾਂ ਦੇ ਰਾਹ ਦਾ ਪਾਂਧੀ,
ਓਨੀ ਖ਼ੁਸ਼ੀ ਤੁਰਨ ਦੀ ਪੈਰਾਂ 'ਚ ਜਿੰਨੇ ਛਾਲੇ।

ਉਹ ਹੌਸਲਾ ਹੈ ਪੂਰਾ, ਪੂਰਨ ਹੈ ਉਹ ਦਲੇਰੀ,
ਤਾਕਤ ਨੂੰ ਆਖ ਦੇਵੇ ਕਿ ਜੀਭ ਨੂੰ ਸੰਭਾਲੇ।

ਕੀ ਨੇ ਸ਼ਰਹ ਦੇ ਬੰਧਨ, ਕੀ ਕਾਫ਼ਰੀ ਦੇ ਫ਼ਤਵੇ,
ਹਨ ਇਨ੍ਹਾਂ ਕਾਫ਼ਰਾਂ ਦੇ ਦੁਨੀਆਂ 'ਚ ਬੋਲ-ਬਾਲੇ।

ਸੁੱਤਾ ਹੈ ਜਿਸ 'ਚ 'ਸਰਮਦ' ਸਵੈਮਾਣ ਨੂੰ ਬਚਾ ਕੇ,
ਐਸੀ ਕਬਰ ਤੋਂ ਸਦਕੇ, ਉੱਚ ਮਸਜਦਾਂ, ਸ਼ਿਵਾਲੇ।

ਸ਼ਾਹਾਂ ਦੇ ਜ਼ੁਲਮ ਦੀ ਇਹ ਜੀਵਤ ਹੈ ਇੱਕ ਨਿਸ਼ਾਨੀ,
ਇਤਹਾਸ ਜ਼ਿੰਦਗੀ ਦਾ ਇਸ ਨੂੰ ਪਿਆ ਸੰਭਾਲੇ।

ਬਣਦਾ ਹੈ ਜ਼ਿੰਦਗੀ ਵਿੱਚ ਕੁੱਝ ਲਾਇਆਂ ਸਿਰ ਦੀ ਬਾਜ਼ੀ,
ਏਸੇ ਤਰ੍ਹਾਂ ਨੇ ਹੁੰਦੇ ਜੀਵਨ ਦੇ ਰਾਹ ਸੁਖਾਲੇ।

ਉਹ ਹੈ ਵਿਸ਼ਾਲ ਬੁੱਧੀ ਜੋ ਆਪ ਸੋਚਦੀ ਹੈ,
ਮੌਲਕ ਵਿਚਾਰ ਹੀ ਤਾਂ ਦੁਨੀਆਂ ਨਵੀਂ ਨੂੰ ਢਾਲੇ।

ਹੈ ਹੋਰ ਵੀ ਸਿਰਾਂ ਦੀ ਬੀਜਣ ਦੀ ਲੋੜ ਏਥੇ,
ਆਈ ਨਾ ਹਿੰਦ ਅੰਦਰ ਪੂਰਨ ਬਹਾਰ ਹਾਲੇ।

ਇਹ ਕਹਿਣ ਦੀ ਦਲੇਰੀ, ਕੁਰਬਾਨੀਆਂ ਦਾ ਜਜ਼ਬਾ,
ਹੈ ਜ਼ਿੰਦਗੀ ਦੀ ਹਰਕਤ! ਕਰ ਦੇ ਮੇਰੇ ਹਵਾਲੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਵਾ ਬਲਵੰਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ