Punjabi Kavita
  

Sufikhana Lala Dhani Ram Chatrik

ਸੂਫ਼ੀਖ਼ਾਨਾ ਲਾਲਾ ਧਨੀ ਰਾਮ ਚਾਤ੍ਰਿਕ

1. ਵਿਸ਼ਨਪਦ

ਆਰਤੀ

ਮੈਂ ਮੱਲਿਆ ਦਾਤਾ ਦਾ ਦੁਆਰ-ਟੇਕ

ਲੰਮਾ ਚੌੜਾ ਬਾਗ ਬਗੀਚਾ, ਜਿਸ ਦਾ ਕੋਈ ਉਰਾਰ ਨਾ ਪਾਰ,
ਤ੍ਰੈਲੋਕੀ ਵਿਚ ਤਾਣਾ ਪੇਟਾ, ਬ੍ਰਹਮੰਡਾਂ ਵਿਚ ਖਿਲਰ-ਖਿਲਾਰ ।
ਸੂਰਜ, ਚੰਦ, ਸਿਤਾਰੇ, ਧਰਤੀ, ਚਰਖ ਚਲ ਰਿਹਾ ਚੱਕਰ ਮਾਰ,
ਝਲਾਂ, ਚਸ਼ਮੇ, ਪਰਬਤ, ਨਦੀਆਂ, ਕੈਲਾਂ, ਚੀਲ, ਦਿਆਰ, ਚਿਨਾਰ ।
ਫਲ, ਫੁਲ, ਮਧੂ, ਮਕਰੰਦ ਮਧੁਰ ਦੀ, ਮਨ ਮੋਹੀ ਜਾਏ ਮਹਿਕਾਰ,
ਵੇਲਾਂ ਵੱਲਾਂ ਵਣ ਤ੍ਰਿਣ ਬਿਰਛ, ਖਲੋਤੇ ਨੇ ਇਕ ਟੰਗ ਦੇ ਭਾਰ ।
ਸ਼ੋਭਾ ਕਰਨ ਸੁਰੀਲੇ ਪੰਛੀ, ਊਸ਼ਾ ਉਭਾਰੇ ਨੂਰ ਨਿਖਾਰ,
ਦਾਤਾਂ ਮਿਲਣ ਕਲਾਵੇ ਭਰ ਭਰ, ਖੁਲ੍ਹਾ ਕੁਦਰਤ ਦਾ ਭੰਡਾਰ ।
ਸਾਰੀ ਸ੍ਰਿਸ਼ਟਿ ਜਿਦ੍ਹੇ ਦਰਬਾਰੋਂ, ਬਰਕਤ ਮੰਗੇ ਬਾਹਾਂ ਪਸਾਰ,
ਚਾਤ੍ਰਿਕ ਮੰਗੇ ਦਾਨ ਮਿਹਰ ਦਾ, ਭਵ ਸਾਗਰ ਤੋਂ ਕਰਦੇ ਪਾਰ ।

2. ਗੀਤ

ਓ ਦੇਸ਼ ਦੇ ਪੁਜਾਰੀ

1
ਓ ਹਿੰਦ ਦੇ ਜਵਾਨਾ ! ਹਿੰਦੂ ਤੇ ਮੁਸਲਮਾਨਾ !
ਹੁਸ਼ਿਆਰ ਹੋ ਕੇ ਡਟ ਜਾ, ਉਕ ਜਾਏ ਨਾ ਨਿਸ਼ਾਨਾ ।
ਹਿੰਮਤ ਦੇ ਨਾਲ ਛੋਹ ਦੇ, ਇਤਫਾਕ ਦੀ ਉਸਾਰੀ,
ਓ ਦੇਸ਼ ਦੇ ਪੁਜਾਰੀ !
2
ਮਾਤਾ ਤੇਰੀ ਦੇ ਗਲ ਦੇ, ਸੰਗਲ ਏ ਮੋਟੇ ਮੋਟੇ,
ਜੰਗਾਲ ਖਾ ਚੁਕੇ ਨੇ, ਕਰ ਸੁਟ ਏ ਟੋਟੇ ਟੋਟੇ ।
ਲਾ ਜ਼ੋਰ ਦਾ ਇਕ ਝਟਕਾ, ਮੁਸ਼ਕਿਲ ਮੁਕਾ ਦੇ ਸਾਰੀ,
ਓ ਦੇਸ਼ ਦੇ ਪੁਜਾਰੀ !
3
ਤੇਰੀ ਘਾਲ ਹੋਈ ਪੂਰੀ, ਜੇਲ੍ਹਾਂ ਨਿਸੰਗ ਨਾ ਭਰ,
ਛੱਡ ਦੇ ਪਰਾਈ ਪੂਜਾ, ਤੇ ਆਪਣਿਆਂ ਤੋਂ ਨਾ ਡਰ ।
ਨਫ਼ਰਤ ਤੇ ਬੇਵਿਸਾਹੀ, ਹੁਣ ਹੋ ਗਈ ਨਿਕਾਰੀ,
ਓ ਦੇਸ਼ ਦੇ ਪੁਜਾਰੀ !
4
ਆਸ਼ਾ ਤੇਰੀ ਦਾ ਸੂਰਜ, ਸਭ ਥਾਂ ਤੇ ਚੜ੍ਹ ਚੁਕਾ ਹੈ,
ਦੁਨੀਆਂ ਦੀ ਤਕੜੀ ਤੇ, (ਤੇਰਾ) ਤੋਲ ਵਧ ਗਿਆ ਹੈ ।
ਨੀਯਤ ਹੈ ਰਾਸ ਤੇਰੀ, ਹੁਣ ਮਾਰ ਇਕ ਉਡਾਰੀ,
ਓ ਦੇਸ਼ ਦੇ ਪੁਜਾਰੀ !
5
ਅਹਿਮਕ ਬਣਾਣ ਵਾਲਾ, ਬੈਠਾ ਸੀ ਜੋ ਮਦਾਰੀ,
ਕਰਤਬ ਦਿਖਾ ਦਿਖਾ ਕੇ, ਚੁਕ ਲੈ ਗਿਆ ਪਟਾਰੀ ।
ਜਾਦੂ ਉਤਰ ਗਿਆ ਹੈ, ਮੁਕ ਗਈ ਦੁਕਾਨਦਾਰੀ,
ਓ ਦੇਸ਼ ਦੇ ਪੁਜਾਰੀ !
6
ਤਕ ਨਾ ਪਰਾਏ ਮੂੰਹ ਵਲ ਤਕਦੀਰ ਆਪ ਘੜ ਲੈ,
ਤੇਰੇ ਅੰਦਰੇ ਹੈ ਸਭ ਕੁਝ, ਹਿੰਮਤ ਦੀ ਬਾਂਹ ਫੜ ਲੈ ।
ਖੀਸੇ ਫਰੋਲ ਆਪਣੇ, ਦੌਲਤ ਨਾ ਲੈ ਉਧਾਰੀ,
ਓ ਦੇਸ਼ ਦੇ ਪੁਜਾਰੀ !

3. ਗੀਤ

ਵਹਿੰਦਾ ਜਾਏ

ਨੀਰ ਨਦੀ ਦਾ ਵਹਿੰਦਾ ਜਾਏ

ਉਤਰ ਪਹਾੜੋਂ ਡਿਗਦਾ ਢਹਿੰਦਾ,
ਚੱਕਰ ਖਾਂਦਾ ਧੱਪੇ ਸਹਿੰਦਾ,
ਨਾਲ ਚਿਟਾਨਾਂ ਖਹਿੰਦਾ ਖਹਿੰਦਾ,
ਨੀਰ ਨਦੀ ਦਾ ਵਹਿੰਦਾ ਜਾਏ ।

ਰਾਹ ਤੁਰਦਾ ਅਸਮਾਨੀ ਤਾਰਾ,
ਲਹਿਰਾਂ ਵਿਚ ਪਾ ਪਾ ਝਲਕਾਰਾ,
'ਪੰਧ ਤੇਰਾ ਹੈ ਲੰਮਾ ਸਾਰਾ',
ਚਲ ਚਲ ਚਲ ਚਲ ਕਹਿੰਦਾ ਜਾਏ,
ਨੀਰ ਨਦੀ ਦਾ ਵਹਿੰਦਾ ਜਾਏ ।

ਨਾਲ ਸਮੁੰਦਰ ਸਾਕਾਦਾਰੀ,
ਵਿਛਵੇ ਮਿਲੇ ਹਜ਼ਾਰਾਂ ਵਾਰੀ,
ਖਾ ਗਰਮੀ ਅਸਮਾਨੇ ਚੜ੍ਹਿਆ,
ਮੁੜ ਪਹਾੜ ਤੇ ਬਹਿੰਦਾ ਜਾਏ ।
ਨੀਰ ਨਦੀ ਦਾ ਵਹਿੰਦਾ ਜਾਏ ।

ਆਣਾ, ਜਾਣਾ, ਫੇਰੇ ਪਾਣਾ,
ਤੁਰਿਆਂ ਰਹਿਣਾ ਅੱਖ ਨਾ ਲਾਣਾ ।
ਹੁਕਮਾਂ ਅੰਦਰ ਵਾਂਗ ਫੁਹਾਰੇ,
ਮੁੜ ਮੁੜ ਚੜ੍ਹਦਾ ਲਹਿੰਦਾ ਜਾਏ ।
ਨੀਰ ਨਦੀ ਦਾ ਵਹਿੰਦਾ ਜਾਏ ।

4. ਕਾਫ਼ੀ ਕਵਾਲੀ

ਇਸ਼ਾਰੇ ਤੇ

ਵਿਛੀ ਬ੍ਰਹਮੰਡ ਦੀ ਸ਼ਤਰੰਜ, ਫੁਰਨੇ ਦੇ ਇਸ਼ਾਰੇ ਤੇ,
ਤੇ ਆ ਗਿਆ ਚੱਕਰਾਂ ਵਿਚ ਚਰਖ, ਮਰਕਜ਼ ਦੇ ਸਹਾਰੇ ਤੇ ।

ਚੜ੍ਹੀ ਇਕ ਪੀਂਘ ਸਤਰੰਗੀ, ਇਧਰ ਔਂਦੀ, ਉਧਰ ਜਾਂਦੀ,
ਤੇ ਝੁਲਣ ਲੱਗ ਪਈ ਤਕਦੀਰ, ਮੌਜਾਂ ਦੇ ਹੁਲਾਰੇ ਤੇ ।

ਹੈ ਲੰਮਾ ਰਾਹ ਲੈ-ਪਰਲੈ ਦਾ, ਆਸ਼ਾ ਹੈ ਬੜੀ ਉੱਚੀ,
ਕਦਮ ਹੈ ਇਕ ਦੁਆਰੇ ਵਲ, ਨਿਗਹ ਹੈ ਇਕ ਸਤਾਰੇ ਤੇ ।

ਹਨੇਰੀ ਰਾਤ, ਘੁੰਮਣ ਘੇਰ, ਡਗਮਗ ਡੋਲਦੀ ਬੇੜੀ,
ਤਸੱਲੀ ਹੈ, ਕਿਸੇ ਦਿਨ ਪਹੁੰਚ ਜਾਣਾ ਹੈ ਕਿਨਾਰੇ ਤੇ ।

ਸਮਝ ਕੇ ਰਾਹ ਹਕੀਕਤ ਦਾ, ਤਰੀਕਤ ਦੀ ਨ ਪਾ ਉਲਝਣ,
ਕਿ ਮੱਕਾ ਛੋੜ ਜਾਈਏ ਨਾ, ਮਜੌਰਾਂ ਦੇ ਦੁਆਰੇ ਤੇ ।

ਲਿਆ ਕੇ ਰਹਿਮਤਾਂ ਦਾ ਰੋੜ੍ਹ, ਧੋ ਜਾਏਗੀ ਸਭ ਧੋਣੇ,
ਨਿਗਹ ਇਕ ਪਯਾਰ ਦੀ ਪੈ ਗਈ, ਜਦੋਂ ਚਾਤ੍ਰਿਕ ਨਿਕਾਰੇ ਤੇ ।

5. ਬਸੰਤ
ਜੰਗ ਜਿੱਤ ਕੇ ਆਏ ਫ਼ੌਜੀ

ਕੁਦਰਤ ਨੇ ਪਾਸਾ ਮੋੜਿਆ, ਤਸਵੀਰ ਦਾ ਰੁੱਖ ਪਲਟਿਆ,
ਬਿਸਤਰ ਉਠਾਇਆ ਪਤਝੜੀ, ਆ ਗਈ ਬਹਾਰ ਬਸੰਤ ਦੀ ।

ਸਜਰੇ ਸ਼ਿਗੂਫ਼ੇ ਪੁੰਗਰੇ, ਕਲੀਆਂ ਦੇ ਮੁੱਖੜੇ ਧੁਲ ਗਏ ।
ਆਈਆਂ ਚਮਨ ਵਿਚ ਬਰਕਤਾਂ, ਮਹਿਕਾਂ ਦੇ ਦਫ਼ਤਰ ਖੁਲ੍ਹ ਗਏ ।

ਨਿਕਲੀ ਬਸੰਤੋ ਵੇਸ ਕਰ, ਫੁੱਲਾਂ ਦੀ ਖਾਰੀ ਸਿਰ ਧਰ ।
ਖਿੜਦੀ ਤੇ ਹਸ ਹਸ ਗਾਉਂਦੀ, ਨਚਦੀ ਤੇ ਪੈਲਾਂ ਪਾਉਂਦੀ ।

ਮੱਥੇ ਤੇ ਡਲ੍ਹਕ ਸ਼ਹਾਬ ਦੀ, ਗੱਲ੍ਹਾਂ ਤੇ ਰੰਗ ਗੁਲਾਬ ਦਾ,
ਘਰ ਘਰ ਢੰਡੋਰਾ ਫਿਰ ਗਿਆ, ਮੈਂ ਹੁਸਨ ਹਾਂ ਪੰਜਾਬ ਦਾ ।

ਆਖੇ ਨੀ ਆਓ ਸਹੇਲੀਓ ! ਅਣਖੀਲੀਓ ! ਅਲਬੇਲੀਓ !
ਆਓ ਬਣਾਈਏ ਟੋਲੀਆਂ, ਰਲ ਕੇ ਮਨਾਈਏ ਹੋਲੀਆਂ ।

ਗਭਰੂਟ ਸਭ ਪੰਜਾਬ ਦੇ, ਮੁੱਛਾਂ ਦੇ ਵੱਟ ਸੁਆਰ ਕੇ ।
ਕਰ ਕੇ ਲੜਾਈ ਦੀ ਫਤ੍ਹੇ, ਆ ਗਏ ਦਮਾਮੇ ਮਾਰਦੇ ।

ਪਾਈਆਂ ਨੇ ਖ਼ਾਕੀ ਵਰਦੀਆਂ, ਮੋਢੇ ਤੇ ਨੰਬਰ ਚਮਕਦੇ ।
ਪਗੜੀ ਤੇ ਝਾਲਰ ਝੂਮਦੀ, ਛਾਤੀ ਤੇ ਤਕਮੇ ਲਮਕਦੇ ।

ਝੋਲੇ ਸੁਗਾਤਾਂ ਦੇ ਭਰੇ, ਨੋਟਾਂ ਦੇ ਬਟੂਏ ਆਫ਼ਰੇ,
ਬੂਟਾਂ ਦੀ ਚਿਰ ਚਿਰ ਦੱਸਿਆ, ਰੌਲਾ ਪਿਆ ਔਹ ਆ ਗਿਆ ।

ਬਾਂਕਾ ਸਿਪਾਹੀ ਆ ਗਿਆ, ਫ਼ੌਜੀ ਬਹਾਦੁਰ ਆ ਗਿਆ ।
ਸੱਸ ਪੁੱਤ ਨੂੰ ਚੁੰਮਣ ਲੱਗ ਪਈ, ਮੈਂ ਸੰਗ ਕੇ ਅੰਦਰ ਜਾ ਵੜੀ ।

ਸੋਚੀ ਕਿ ਮੈਂ ਨਹੀਂ ਹੱਸਣਾ, ਪੁੱਛੇ ਤੇ ਕੁਝ ਨਹੀਂ ਦੱਸਣਾ ।
ਰਾਤਾਂ ਵਿਛੋੜੇ ਮਾਰੀਆਂ, ਰੋ ਰੋ ਕੇ ਕਿੰਜ ਗੁਜ਼ਾਰੀਆਂ ।

ਅੱਗੇ ਈ ਮਜਾਜੀ ਸੀ ਬੜਾ, ਹੁਣ ਤੇ ਲੜਾਕਾ ਬਣ ਗਿਆ ।
ਉਸ ਨੇ ਤੇ ਮੁੱਲ ਪਾਣਾ ਨਹੀਂ, ਪਰ ਮੈਂ ਵੀ ਡਰ ਜਾਣਾ ਨਹੀਂ ।

ਆਖੇਗਾ ਜੇ,'ਕੂ ਤੇ ਸਹੀ', ਆਖਾਂਗੀ ਮੈਂ,'ਛੇੜੋ ਨਾ ਜੀ' ।
ਦੁਖਿਆਂ ਨੂੰ ਹੋਰ ਦੁਖਾਓ ਨਾ, ਪੱਛਾਂ ਤੇ ਮਿਰਚਾਂ ਪਾਉ ਨਾ ।

ਸਾਡੀ ਤੁਹਾਨੂੰ ਸਾਰ ਕੀ, ਇਸ ਪ੍ਰੀਤ ਦਾ ਇਤਬਾਰ ਕੀ ।
ਲੋਭੀ ਓ ਤਲਬਾਂ ਦੇ ਤੁਸੀਂ, ਜੁੱਤੀ ਤੋਂ ਵਾਰੀ ਨੌਕਰੀ ।

ਸਾਡੀ ਜਵਾਨੀ ਰੁਲ ਗਈ, ਉਲਫ਼ਤ ਤੁਹਾਡੀ ਖੁਲ੍ਹ ਗਈ ।
ਸੌ ਸੌ ਖਿਆਲਾਂ ਦੇ ਕਿਲ੍ਹੇ, ਢਾਏ ਉਸਾਰੇ ਅੰਦਰੇ ।

ਪਰ ਹਾਇ ਨੀ ਦਿਲ ਚੰਦਰਾ, ਆਪੇ ਹੀ ਹੌਲਾ ਪੈ ਗਿਆ ।
ਉਹ ਆ ਗਿਆ, ਮੈਂ ਹੱਸ ਪਈ, ਗਲ ਲੱਗ ਕੇ ਛਮ ਛਮ ਵੱਸ ਪਈ ।

6. ਕੀ ਕੀ ਹੈ ?

ਸੰਸਾਰ ਹੈ ਇਕ ਫੁਰਨਾ,
ਜੀਵਨ ਹੈ ਇਕ ਇਸ਼ਾਰਾ ।
ਕੁਦਰਤ ਹੈ ਇਕ ਤਮਾਸ਼ਾ,
ਦੁਨੀਆਂ ਹੈ ਇਕ ਨਜ਼ਾਰਾ ।
ਸੁੰਦਰਤਾ ਹੈ ਇਕ ਦੀਪਕ,
ਅਰ ਇਸ਼ਕ ਹੈ ਪਰਵਾਨਾ ।
ਸ੍ਰਿਸ਼ਟੀ ਹੈ ਮੂਲ ਮਕਸਦ,
ਮਾਇਆ ਹੈ ਇਕ ਪਸਾਰਾ ।
ਜੀਣਾ ਹੈ ਇਕ ਨਿਆਮਤ,
ਮਰਨਾ ਹੈ ਇਕ ਹਕੀਕਤ ।
ਇਕ ਵਹਿਣ ਹੈ ਹਯਾਤੀ,
ਅਰ ਮੌਤ ਹੈ ਕਿਨਾਰਾ ।
ਮੁਕਤੀ ਹੈ ਇਕ ਨਿਸ਼ਾਨਾ,
ਮਜ਼ਹਬ ਹੈ ਇਕ ਬਹਾਨਾ ।
ਹੈ ਨਰਕ ਇਕ ਡਰਾਵਾ,
ਤੇ ਸੁਰਗ ਹੈ ਇਕ ਲਾਰਾ ।
ਬੰਦਾ ਹੈ ਇਕ ਮੁਸਾਫਿਰ,
ਪਰਲੋਕ ਹੈ ਇਕ ਮੰਜਿਲ ।
ਹਰ ਸਫਰ ਇਕ ਸਰਾਂ ਹੈ,
ਆਸ਼ਾ ਹੈ ਇਕ ਸਹਾਰਾ ।
ਕਿਸਮਤ ਹੈ ਇਕ ਤਸੱਵੁਰ,
ਸੰਕਲਪ ਹੈ ਇਕ ਰਹਬਰ,
ਤਕਦੀਰ ਹੈ ਇਕ ਹੀਲਾ,
ਹਿੰਮਤ ਹੈ ਇਕ ਹੁਲਾਰਾ ।
ਮਾਨੁੱਖਤਾ ਹੈ ਮੇਵਾ,
ਮਕਸਦ ਹੈ 'ਲੋਕ-ਸੇਵਾ',
ਮਿਲ ਬੈਠਣਾ ਗਨੀਮਤ,
ਇਕ ਰਾਤ ਦਾ ਗੁਜਾਰਾ ।
ਜਿਤਨੀ ਹੈ ਰਾਤ ਬਾਕੀ,
ਖ਼ੁਸ਼ ਖ਼ੁਸ਼ ਲੰਘਾ ਦੇ ਸਾਕੀ,
ਚੜ੍ਹਿਆ ਹੀ ਚਾਹੁੰਦਾ ਹੈ,
ਪਰਭਾਤ ਦਾ ਸਤਾਰਾ ।

7. ਮਹਾਰਾਜਾ ਰਣਜੀਤ ਸਿੰਘ ਨੂੰ

ਉਸ ਦੀ ਸ਼ਤਾਬਦੀ (18-6 1939) ਪਰ

ਮੈਂ ਮੰਨਦਾ ਤੈਨੂੰ ਦਾਨਸ਼ ਦਾ ਭੰਡਾਰਾ,
ਪਰਜਾ ਪਾਲਕ, ਜਰਨੈਲ, ਸੂਰਮਾ ਭਾਰਾ ।

ਤੂੰ ਸਿੱਖ ਰਾਜ ਦੀ ਇੱਕੋ ਇੱਕ ਨਿਸ਼ਾਨੀ,
ਗੁਰੁਘਰ ਦਾ ਸ਼ਰਧਾਵਾਨ ਦਿਲਾਵਰ, ਦਾਨੀ ।

ਹਰਿ-ਮੰਦਰ-ਸੇਵਾ ਤੋੜ ਚੜ੍ਹਾਉਣ ਵਾਲਾ,
ਸ਼੍ਰੀ ਕਲਗੀਧਰ ਦੀ ਮਹਿਮਾ ਦਾ ਮਤਵਾਲਾ ।

ਕੁਲ ਅਪਣੀ ਗੁਰੂ-ਚਰਨਾਂ ਤੋਂ ਸਦਕੇ ਕੀਤੀ,
ਕਾਲੇ ਕੋਹਾਂ ਤੇ ਯਾਦਗਾਰ ਰਚ ਲੀਤੀ ।

ਮੈਂ ਮੰਨਦਾ ਹਾਂ ਇਕਬਾਲ ਤੇਰਾ ਲਾਸਾਨੀ,
ਮੁਲਤਾਨ ਤੀਕ ਤੇ ਤੇਰੀ ਸੀ ਨਿਗਰਾਨੀ ।

ਫਿਰਦੇ ਸਨ ਤੇਰੇ ਸ਼ੇਰ ਮਾਰਦੇ ਨਾਅਰਾ,
ਕਾਬਲ ਤਕ ਤੇਰਾ ਗਜਦਾ ਸੀ ਜੈਕਾਰਾ ।

ਪਰ ਮੇਰਾ ਸਿਰ ਸਤਕਾਰ ਲਈ ਨੀਵਾਂ ਹੈ,
ਇਸ ਲਈ, ਕਿ ਸਭ ਦੇ ਦਿਲ ਵਿਚ ਤੇਰੀ ਥਾਂ ਹੈ ।

ਤੂੰ ਪਹਿਲਾਂ ਹੈਂ ਮੇਰੇ ਪੰਜਾਬ ਦਾ ਵਾਲੀ,
ਜਿਨ ਹਿੰਮਤ ਕਰ, ਤਕਦੀਰ ਦੇਸ਼ ਦੀ ਢਾਲੀ ।

ਤੂੰ ਤੀਲਾ ਤੀਲਾ ਜੋੜ ਬੁਹਾਰੀ ਬੰਨ੍ਹੀ,
ਬਿਸਮਾਰਕ ਵਰਗੀ ਸੋਚ ਤੇਰੀ ਗਈ ਮੰਨੀ ।

ਜੇ ਤੈਨੂੰ ਸਾਥੋਂ ਹੋਣੀ ਖੋਹ ਨਾ ਖੜਦੀ,
ਪੰਜ ਦਰਿਆਵਾਂ ਦੀ ਸ਼ਾਨ ਕਿਤੇ ਜਾ ਚੜ੍ਹਦੀ ।

ਹੁਣ ਤੇਰੇ ਪਿੱਛੋਂ ਦੇਸ਼ ਅਬਾਦ ਬੜਾ ਹੈ,
ਮੀਆਂ, ਲਾਲਾ, ਸਰਦਾਰ, ਸਭੋ ਵਸਦਾ ਹੈ ।

ਘਰ ਘਰ ਵਿਚ ਝਲਕੇ ਪਈ ਸ਼ਾਨ ਨੱਵਾਬੀ,
ਪਰ ਨਜ਼ਰ ਨ ਆਵੇ ਕੋਈ ਨਿਰੋਲ ਪੰਜਾਬੀ ।

ਤੇਰੀ ਅਰਥੀ ਦੇ ਨਾਲ ਸਲੂਕ ਸਿਧਾਇਆ,
ਨਕਸ਼ਾ ਪੰਜਾਬ ਦਾ ਕੁਦਰਤ ਨੇ ਬਦਲਾਇਆ ।

ਜੇ ਮੁੜ ਆ ਕੇ ਬੰਨ੍ਹ ਸਕੇਂ ਉਹ ਸ਼ੀਰਾਜਾ,
ਖੁਲ੍ਹ ਜਾਏ ਸਾਡੀ ਉੱਨਤੀ ਦਾ ਦਰਵਾਜ਼ਾ ।

8. ਬੋਲੀ ਹੈ ਪੰਜਾਬੀ ਸਾਡੀ

ਅਸਾਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ

ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,
ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ ।

ਤ੍ਰਿੰਞਣਾਂ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ,
ਮਿੱਠੀ ਤੇ ਸੁਹਾਉਣੀ, ਬੋਲੀ ਹੈ ਪੰਜਾਬੀ ਸਾਡੀ ।

ਜੋਧ ਤੇ ਕਮਾਈਆਂ ਵਿਚ,
ਜੰਗਾਂ ਤੇ ਲੜਾਈਆਂ ਵਿਚ,
ਏਹੋ ਜਿੰਦ ਪਾਉਣੀ, ਬੋਲੀ ਹੈ ਪੰਜਾਬੀ ਸਾਡੀ ।

ਫੁਲਾਂ ਦੀ ਕਿਆਰੀ ਸਾਡੀ,
ਸੁਖਾਂ ਦੀ ਅਟਾਰੀ ਸਾਡੀ,
ਭੁਲ ਕੇ ਨਹੀਂ ਢਾਉਣੀ, ਬੋਲੀ ਹੈ ਪੰਜਾਬੀ ਸਾਡੀ ।

9. ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇ
(ਗੀਤ ਕਾਲੰਗੜਾ )

1
ਨੀ ਪੰਜਾਬ ਦੀਏ ਪਟਰਾਣੀਏ !
ਤਖਤੋਂ ਡਿੱਗੀ ਪੰਜਾਬੀ ਨਿਮਾਣੀਏ !
ਪਿੱਛੇ ਪਾਈ ਧਰੇਲਾਂ ਦੀ ਮਾਰ ਨੇ,
ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇ ।

2
ਬਾਬੇ ਨਾਨਕ ਦੀਏ ਵਡਿਆਈਏ !
ਬੁਲ੍ਹੇ ਸ਼ਾਹ ਦੀਏ ਸਿਰ ਤੇ ਚਾਈਏ !
ਫੇਰੇ ਦਿਨ ਤੇਰੇ ਸਿਰਜਨਹਾਰ ਨੇ,
ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇ ।

3
ਹੋਈ ਸਾਈਂ ਦੀ ਨਜ਼ਰ ਸਵੱਲੀ ਏ,
ਤੇਰੀ ਕੱਟੀ ਮੁਸੀਬਤ ਚੱਲੀ ਏ,
ਉੱਠੇ ਜਾਗ ਤੇਰੇ ਬਰਖੁਰਦਾਰ ਨੇ,
ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇ ।

4
ਆ ਕੇ ਸਾਂਭ ਲੈ ਆਪਣੀਆਂ ਗੱਦੀਆਂ,
ਗਈਆਂ ਮਾਵਾਂ ਮਤ੍ਰੇਈਆਂ ਰੱਦੀਆਂ,
ਹੱਕੋ ਹੱਕ ਹੁਣ ਲੱਗੇ ਨੇ ਨਿਤਾਰਨੇ ।
ਸਿਦਕਾਂ ਵਾਲਿਆਂ ਦੇ ਬੇੜੇ ਪਾਰ ਨੇ ।

10. ਜਵਾਨ ਭਾਰਤੀ ਨੂੰ
ਜਵਾਨਾ ! ਹਿੰਮਤ ਜ਼ਰਾ ਵਿਖਾ

1
ਨੀਂਦੋਂ ਜਾਗ ਪਿਆ ਜਗ ਸਾਰਾ,
ਗਿਆ ਜਹਾਲਤ ਦਾ ਅੰਧਿਆਰਾ,
ਤੂੰ ਬਣ ਕੇ ਪਰਭਾਤੀ ਤਾਰਾ,
ਸੂਰਜ ਨਵਾਂ ਚੜ੍ਹਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।

2
ਪਲਚ ਗਿਆ ਮਜ਼ਹਬ ਦਾ ਤਾਣਾ,
ਗਲ ਪੈ ਗਿਆ ਇਤਿਹਾਸ ਪੁਰਾਣਾ,
ਭੋਲੇ ਪਾਂਧੀ ਤੇ ਰਾਹ ਬਿਖੜਾ,
ਪੱਥਰ ਪਰੇ ਹਟਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।

3
ਮਾਨੁਖਤਾ ਚੱਕਰ ਵਿਚ ਆਈ,
ਸਹਿਮੀ ਫਿਰਦੀ ਹੈ ਸਚਿਆਈ,
ਕਲਮ, ਜ਼ੁਬਾਨ ਦੁਹਾਂ ਤੇ ਜੰਦਰੇ,
ਪਿੰਜਰੇ ਪਿਆ ਖ਼ੁਦਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।

4
ਬਾਹਰ ਨਿਕਲ ਆ, ਲਾਹ ਕੇ ਸੰਗਾ,
ਪਾਖੰਡਾਂ ਨੂੰ ਕਰ ਸੁਟ ਨੰਗਾ ।
ਭਗਵਾ, ਨੀਲਾ, ਮਹਿੰਦੀ ਰੰਗਾ,
ਬੁਰਕਾ ਇਹ ਉਲਟਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।

5
ਪੈਦਾ ਕਰ ਜਾਗ੍ਰਤ ਵਿਸ਼ਵਾਸ਼ੀ,
ਭਾਰਤ ਦੀ ਹੋ ਜਾਇ ਖ਼ਲਾਸੀ,
ਤੂੰ ਜਾਗੇਂ ਤਾਂ ਸਭ ਜਗ ਜਾਗੇ,
ਚਲ ਪਏ ਨਵੀਂ ਹਵਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।

6
ਰੱਬ ਮਜੌਰਾਂ ਪਾਸੋਂ ਖੋਹ ਲੈ,
ਉਸ ਦੇ ਦਿਲ ਦੀ ਮਰਜ਼ੀ ਟੋਹ ਲੈ,
ਫਿਰ ਸਚਿਆਈ ਦਾ ਦਰਵਾਜ਼ਾ,
ਓਸੇ ਤੋਂ ਖੁਲ੍ਹਵਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।

11. ਜੰਗਲ ਦਾ ਫੁੱਲ

ਖੁਦੀ ਨਸ਼ੇ ਵਿਚ ਮਸਤ ਮੁਸਾਫਿਰ ! ਐਧਰ ਨਿਗਹ ਉਠਾਈ ਜਾ,
ਜੰਗਲ ਦੇ ਇਕ ਫੁੱਲ ਨਿਮਾਣੇ, ਵਲ ਭੀ ਝਾਤੀ ਪਾਈ ਜਾ ।

ਝਾਕ ਰਿਹਾ ਹਾਂ ਕੱਲਮਕੱਲਾ, ਦੇਂਦਾ ਕੋਈ ਦਿਲਾਸਾ ਨਹੀਂ,
ਸੀਨੇ ਵਿਚ ਅਰਮਾਨ ਰੜਕਦੇ, ਕੋਈ ਪਰਤਦਾ ਪਾਸਾ ਨਹੀਂ ।

ਛੁੱਟੜ ਤੀਵੀਂ ਵਾਂਗਰ, ਮੇਰੇ ਜੀ ਦੀਆਂ ਜੀ ਵਿਚ ਪਈਆਂ ਨੇ,
ਸਧਰਾਂ ਦੇ ਦਰਯਾ ਦੀਆਂ ਲਹਿਰਾਂ, ਉਭਰ ਉਭਰ ਲਹਿ ਗਈਆਂ ਨੇ ।

ਰੀਝ ਨਹੀਂ ਹੁਣ ਮਹਿਬੂਬਾਂ ਦੀ, ਲਿਟ ਵਿਚ ਟਾਂਕੇ ਜਾਉਣ ਦੀ,
ਨਾ ਆਸ਼ਿਕ ਦਾ ਢੋਆ ਬਣ ਕੇ, ਦਿਲਬਰ ਨੂੰ ਪਰਚਾਉਣ ਦੀ ।

ਚਾਹ ਨਹੀਂ, ਮੈਖ਼ਾਨੇ ਅੰਦਰ, ਸਾਕੀ ਦਾ ਸ਼ਿੰਗਾਰ ਬਣਾਂ,
ਸੱਜ ਵਿਆਹੀ ਜਾਂਦੀ ਜੋੜੀ, ਦੇ ਸੀਨੇ ਦਾ ਹਾਰ ਬਣਾਂ ।


ਨਾ ਹੈ ਰੀਝ ਬਜ਼ੁਰਗ ਕਿਸੇ ਦੀ, ਧੌਣ ਦੁਆਲੇ ਪਾਇਆ ਜਾਂ,
ਨਾ ਹੈ ਚਾਉ ਕਿਸੇ ਮੰਦਰ ਵਿਚ, ਸ਼ਰਧਾ ਨਾਲ ਚੜ੍ਹਾਇਆ ਜਾਂ ।

ਸੱਧਰ ਹੈ ਹੁਣ ਇੱਕੋ ਬਾਕੀ, ਜੇ ਤੂੰ ਤੋੜ ਚੜ੍ਹਾ ਦੇਵੇਂ,
ਪੈਰਾਂ ਦੇ ਵਿਚ ਰੁਲਣ ਲਈ, ਉਸ ਰਾਹ ਦੇ ਵਿਚ ਵਿਛਾ ਦੇਵੇਂ,

ਲੋਕ-ਪਿਆਰੇ ਯੁਵਕ ਜਿਥੋਂ ਦੀ, ਲੰਘਣ ਜਾਨ ਘੁਮਾਣ ਲਈ,
ਸਿਰ ਤਲੀਆਂ ਤੇ ਧਰੀ ਖਲੋਤੇ, ਡਿਗਿਆਂ ਤਾਈਂ ਉਠਾਣ ਲਈ ।

12. ਰਾਹੀ ਨੂੰ

ਜੰਗਲ ਵਿਚ ਭਟਕਦੇ ਰਾਹੀਆ ! ਥੱਕਾ ਤੇ ਘਬਰਾਇਆ ਹੋਇਆ,
ਧੜਕੇ ਦਿਲ, ਤਲਾਸ਼ ਦੀ ਚਿੰਤਾ, ਮੂੰਹ ਤੇਰਾ ਕੁਮਲਾਇਆ ਹੋਇਆ ।

ਖਬਰੇ ਲੰਮੀ ਮੰਜ਼ਿਲ ਤੇਰੀ, ਮੁੱਕਣ ਵਿਚ ਅਜੇ ਨਹੀਂ ਆਈ,
ਕਿਸ ਚਸ਼ਮੇ ਵਲ ਤੁਰਿਆ ਜਾਵੇਂ ? ਆਸ਼ਾ ਦਾ ਪਰਚਾਇਆ ਹੋਇਆ ।

ਕੇਡੀ ਦੂਰੋਂ ਤੁਰਦਾ ਆਇਓਂ ? ਟਪਦਾ ਪਰਬਤ ਨਦੀਆਂ ਨਾਲੇ,
ਵੇਸ ਵਟਾਂਦਾ, ਠੇਡੇ ਖਾਂਦਾ, ਸਹਿੰਦਾ ਮੀਂਹ ਧੁੱਪਾਂ ਤੇ ਪਾਲੇ ।

ਰਾਤਾਂ ਕੱਟੀਆਂ, ਸੂਰਜ ਚਾੜ੍ਹੇ, ਦਿਨ ਢਾਲੇ, ਤਿਰਕਾਲਾਂ ਪਈਆਂ,
ਚੱਕਰ ਫੇਰ ਨਾ ਮੁੱਕੇ ਉਸ ਦੇ, ਜਿਸ ਕੋਹਲੂ ਦੇ ਰਿਹੋਂ ਦੁਆਲੇ ।

ਪੈਂਡਾ ਤੇਰਾ ਘਟ ਜਾਣਾ ਸੀ, ਮਰਕਜ ਵਲ ਜੇ ਤੁਰਿਆ ਜਾਂਦੋਂ,
ਭਰਮ ਭੁਲੇਖਿਆਂ ਤੋਂ ਬਚ ਬਚ ਕੇ, ਵਲ ਵਿੰਗਾਂ ਵਲ ਝਾਤ ਨ ਪਾਂਦੋਂ ।

ਕਤਰੇ ਵਾਂਗ ਖੁਦੀ ਦਾ ਜਾਮਾ, ਪਾ ਥਾਂ ਥਾਂ ਨਾ ਭੌਂਦਾ ਫਿਰਦੋਂ,
ਜਲ ਵਿਚ ਵਾਂਗ ਬੁਲਬੁਲੇ ਰਹਿੰਦੋਂ, ਵਿਚੋਂ ਈ ਉਠਦੋਂ, ਵਿੱਚਿ ਸਮਾਂਦੋਂ ।

13. ਮੇਰਾ ਹਿੰਦੁਸਤਾਨ

ਕੁਦਰਤ ਦੇ ਜਲਵਿਆਂ ਨੂੰ ਭਰਮਾ ਕੇ ਜਿਨ ਬਹਾਇਆ,
ਸੁਹਜਾਂ ਸਜਾਉਟਾਂ ਨੇ, ਜਿਸ ਥਾਂ ਨੂੰ ਘਰ ਬਣਾਇਆ ।
ਚਾਨਣ ਜਿਦ੍ਹੇ ਹਟਾਇਆ, ਅਗਿਆਨ ਦਾ ਹਨੇਰਾ,
ਅੰਗੂਰ ਸੱਭਤਾ ਦਾ, ਜਿਸ ਧਰਤ ਨੇ ਉਗਾਇਆ ।
ਸ਼ਰਧਾ ਦੇ ਫੁੱਲ ਖੇੜੇ, ਭਗਤੀ ਨੂੰ ਭਾਗ ਲਾਏ,
ਈਸ਼ਰ ਤੇ ਜੀਵ ਵਿਚਲਾ, ਪਰਦਾ ਜਿਨ੍ਹੇ ਹਟਾਇਆ ।
ਜਿਨ ਪ੍ਰੇਮ ਦੇ ਫੁਹਾਰੇ ਵਿਚ ਮਾਰਿਆ ਉਛਾਲਾ,
ਏਕੇ ਤੇ ਅਹਿੰਸਾ ਦਾ ਪਾਠ ਜਿਨ ਪੜ੍ਹਾਇਆ ।
ਉਹ ਨੇਕੀਆਂ ਦਾ ਚਸ਼ਮਾ,
ਉਹ ਬਰਕਤਾਂ ਦਾ ਡੇਰਾ,
ਉਹ ਧਰਮ ਦਾ ਬਗੀਚਾ,
ਹਿੰਦੋਸਤਾਨ ਮੇਰਾ ।

ਜਿਸ ਥਾਂ ਤੇ ਮੂਲ-ਜਨਿਤਾ ਦੀ ਨੀਂਹ ਗਈ ਟਿਕਾਈ,
ਅਜ਼ਲੀ ਧਰਮ ਦੀ ਜਿਸ ਥਾਂ, ਕੀਤੀ ਗਈ ਬਿਆਈ ।
ਰਿਸ਼ੀਆਂ ਦੇ ਸੀਨਿਆਂ ਵਿਚ, ਰੱਬੀ ਜਲਾਲ ਲਹਿ ਕੇ,
ਜਿਸ ਥਾਂ ਤੋਂ ਪਹੁ ਫੁਟਾਈ, ਦੁਨੀਆਂ ਨੂੰ ਲੋ ਪੁਚਾਈ ।
ਜਿਸ ਮੰਦਰੋਂ ਸੁਰੀਲੇ, ਵਹਦਤ ਦੇ ਰਾਗ ਗੂੰਜੇ,
ਅਸਮਤ ਦੇ ਧੌਲਰਾਂ ਦੀ ਕੀਤੀ ਜਿਨ੍ਹੇ ਚਿਣਾਈ ।
ਸਭ ਪ੍ਰਾਣੀਆਂ ਨੂੰ ਜਿਸ ਨੇ, ਇਕ ਤਾਰ ਵਿਚ ਪਰੋਤਾ,
ਸਬਜੇ ਦੀ ਤਾਰ ਛੇੜੀ, ਫੁੱਲਾਂ ਦੀ ਸੁਰ ਸੁਣਾਈ ।
ਵੇਦਕ ਫਿਲਾਸਫੀ ਨੇ,
ਜਿਸ ਥਾਂ ਲਿਆ ਬਸੇਰਾ,
ਉਹ ਸਤਿਅਤਾ ਦਾ ਆਗੂ,
ਹਿੰਦੋਸਤਾਨ ਮੇਰਾ ।

ਜਿਸ ਨਭ ਦੇ ਚਾਨਣਾਂ ਨੇ, ਤਾਰੇ ਨਵੇਂ ਚੜ੍ਹਾਏ,
ਕਰਮਾਂ ਦੇ ਮਰਮ ਦੱਸੇ, ਮੁਕਤੀ ਦੇ ਰਾਹ ਸੁਝਾਏ ।
ਜੋਤਸ਼ ਦੀ ਚਾਲ ਦੇਖੀ, ਹਿਕਮਤ ਦੀ ਨਾੜ ਟੋਹੀ,
ਆਵਾਗਮਨ ਨੂੰ ਫੜਿਆ, ਵਰਣਾਸ਼ਰਮ ਟਿਕਾਏ ।
ਲਾ ਲਾ ਸਮਾਧ ਡਿੱਠਾ, ਕੁਦਰਤ ਦਾ ਕਾਰਖਾਨਾ,
ਮੂੰਹ ਮੌਤ ਦਾ ਭੁਆਇਆ, ਜੀਵਨ ਦੇ ਭੇਦ ਪਾਏ ।
ਜਿਨ ਤਿਆਗ ਵਿਚ ਲਭਾਏ, ਸੰਤੋਖ ਦੇ ਖਜ਼ਾਨੇ,
ਕੁਰਬਾਨੀਆਂ ਕਰਾਈਆਂ, ਉਪਕਾਰ ਜਿਨ ਸਿਖਾਏ ।
ਆਚਰਨ ਜਿਸ ਦਾ ਸੁੱਚਾ,
ਆਸ਼ਾ ਜਿਦ੍ਹਾ ਉਚੇਰਾ,
ਉਹ ਚਾਨਣ ਮੁਨਾਰਾ,
ਹਿੰਦੋਸਤਾਨ ਮੇਰਾ ।

ਜਿਨ ਭਗਤ ਕੀਤੇ ਪੈਦਾ, ਅਵਤਾਰ ਜਿਨ ਉਤਾਰੇ,
ਜਿਸ ਥਾਂ ਰਿਸ਼ੀ ਉਪਾਏ, ਦੁਰਗਾ ਨੇ ਦੈਂਤ ਮਾਰੇ ।
ਸਤੀਆਂ ਨੇ ਸਤ ਨਿਭਾਏ, ਦੇਵਾਂ ਨੇ ਖੂਨ ਸਿੰਜੇ,
ਸੰਤਾਂ ਨੇ ਘਾਲ ਘਾਲੀ, ਬੀਰਾਂ ਨੇ ਪ੍ਰਾਣ ਵਾਰੇ ।
ਸਤਿਆਗ੍ਰਹੀ, ਅਹਿੰਸਕ, ਦਾਨੀ ਤੇ ਸੱਤਵਾਦੀ,
ਧਰਮੀ, ਤਪੀ, ਤਿਆਗੀ, ਅਣਖੀ, ਅਸੀਲ ਭਾਰੇ ।
ਜਿਸ ਆਨ ਸ਼ਾਨ ਵਾਲੇ, ਦੁਨੀਆਂ ਜਗਾਣ ਵਾਲੇ,
ਏਹ ਬੁਰਜ ਰੋਸ਼ਨੀ ਦੇ, ਜਿਸ ਧਰਤ ਨੇ ਉਸਾਰੇ ।
ਉਹ ਭਾਰਤਾ ਭਵਾਨੀ,
ਇਕਬਾਲ ਦੀ ਅਟਾਰੀ,
ਠੰਢੀ ਠਰੀ ਸੁਹਾਨੀ,
ਮੇਰੀ ਹੈ ਮਾਤ ਪਿਆਰੀ ।

ਨਿਰਮਲ ਭਾਗੀਰਥੀ ਦੇ, ਪਾਵਨ ਤਿਲਕ ਸੁਹਾਈ,
ਅਰਸ਼ੇ ਚੜ੍ਹੇ ਹਿਮਾਲਾ ਦੇ ਮੁਕੁਟ ਨੇ ਸਜਾਈ !
ਨਦੀਆਂ ਦੇ ਨੀਰ ਠਾਰੀ ! ਹਰਿਆਉਲਾਂ ਸ਼ਿੰਗਾਰੀ !
ਚੰਦਨ-ਬਨਾਂ ਦੀ ਸੀਤਲ, ਮਹਿਕਾਰ ਵਿਚ ਵਸਾਈ !
ਫਸਲਾਂ ਦੇ ਨਾਲ ਫੱਬੀ ! ਫੁੱਲਾਂ ਫਲਾਂ ਦੀ ਲੱਦੀ !
ਲੋ ਸਰਦ ਚਾਨਣੀ ਦੀ, ਚੰਬੇ ਤਰ੍ਹਾਂ ਖਿੜਾਈ !
ਹਸਮੁਖ, ਰਸਾਲ, ਸੁੰਦਰ, ਸੀਤਲ, ਤਿੱਜਸ ਨਿਰਮਲ,
ਮਿਠ-ਬੋਲਣੀ, ਮਨੋਹਰ, ਹਰ ਮਨ ਦੇ ਵਿਚ ਸਮਾਈ !
ਵਰਦਾਨ ਕਰਨ ਵਾਲੀ !
ਸੁਖ ਸ਼ਾਨਤੀ ਦੀ ਢੇਰੀ !
ਹੇ ਬਿਰਦਪਾਲ ਭਾਰਤ !
ਪਰਣਾਮ ਤੈਨੂੰ ਮੇਰੀ ।

14. ਇਕ ਸੱਧਰ

ਪ੍ਰਭੁ ! ਤਿਰੀ ਕ੍ਰਿਪਾ ਦੇ ਨਾਲ,
ਜਿਸ ਤਰਾਂ ਦੀ ਜਿੰਦਗੀ,
ਅਰੋਗ ਤੇ ਅਚਿੰਤ,
ਹੱਸ ਖੇਡ ਕੇ ਗੁਜਰ ਗਈ,
ਉਸੇ ਤਰਾਂ ਲੰਘਾ ਦੇ,
ਰਹਿ ਗਏ ਜੋ ਹੋਰ ਚਾਰ ਦਿਨ,
ਇਹ ਹੱਡ ਪੈਰ ਚਲਦਿਆਂ,
ਸੁਖੀ ਸੁਖੀ, ਖੁਸ਼ੀ ਖੁਸ਼ੀ,
ਕਿਸੇ ਦਾ ਕਰਜ ਚੁੱਕਣਾ,
ਪਏ ਨਾ ਆ ਕੇ ਤੰਗ ਥੀ,
ਸਮਰਥ ਦੇ, ਕਿ ਹੋ ਸਕੇ,
ਮਦਦ ਕਿਸੇ ਮੁਥਾਜ ਦੀ ।

15. ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ

(ਗੀਤ ਪਹਾੜੀ)

ਨੀਂ ਨਵੀਏਂ ਕੁੜੀਏ ਮੁਟਿਆਰੇ !
ਗਿਆ ਹਨੇਰਾ, ਡੁਬ ਗਏ ਤਾਰੇ,
ਸੂਰਜ ਨਵਾਂ ਆਵਾਜ਼ਾਂ ਮਾਰੇ,
ਉਠ ਕੇ ਬਿਗਲ ਵਜਾ ਨੀਂ ਕੁੜੀਏ,
ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ ।

ਸੁਘੜ, ਸਲੋਨੀ, ਛੈਲ, ਨਰੋਈ,
ਹੁਸਨ ਹੁਲਾਰੇ ਖਾਂਦੀ ਹੋਈ,
ਮਾਰ ਫਰਜ਼ ਦਾ ਹੰਭਲਾ ਕੋਈ,
ਪੀਂਘ ਅਕਾਸ਼ ਚੜ੍ਹਾ ਨੀਂ ਕੁੜੀਏ,
ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ ।

ਮਾਤ-ਭੂਮੀ ਕੁਝ ਸੇਵਾ ਲੋੜੇ,
ਜੋਧੇ ਨਰ ਨਾਰਾਂ ਦੇ ਜੋੜੇ,
ਪਹਿਨ ਸੰਜੋਆਂ ਜੋੜ ਕੇ ਘੋੜੇ,
ਜਾਨਾਂ ਦੇਣ ਲੜਾ ਨੀਂ ਕੁੜੀਏ,
ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ ।

ਤੂੰ ਭਰਤਾ ਦੀ ਕਮਰ ਬਣਾ ਲੈ,
ਦੇਸ਼ ਦੀ ਬਿਗੜੀ ਬਣਤ ਬਣਾ ਲੈ,
ਸਜਰੀ ਉਲਝਣ ਨੂੰ ਸੁਲਝਾ ਲੈ,
ਰਾਮ ਰਾਜ ਬਰਤਾ ਨੀਂ ਕੁੜੀਏ,
ਦੇਸ਼ ਦੀ ਸ਼ਾਨ ਬਣਾ ਨੀਂ ਕੁੜੀਏ ।

16. ਗੀਤ ਕਾਲੰਗੜਾ

ਸਮਾਂ ਬੜਾ ਬਲਵਾਨ

ਸਮਾਂ ਬੜਾ ਬਲਵਾਨ, ਦੋਸਤਾ ! ਸਮਾਂ ਬੜਾ ਬਲਵਾਨ

1
ਜਿਧਰ ਜਿਧਰ ਇਹ ਤੁਰਿਆ ਜਾਏ, ਪੈਂਦੇ ਜਾਣ ਨਿਸ਼ਾਨ,
ਅੱਗੇ ਅੱਗੇ ਨੇਕ ਇਰਾਦੇ, ਮਗਰ ਮਗਰ ਸ਼ੈਤਾਨ ।
ਦੋਸਤਾ ! ਸਮਾਂ ਬੜਾ ਬਲਵਾਨ ।

2
ਭੋਲੀ ਭਾਲੀ ਪਰਜਾ ਦਾ ਮਨ, ਮਤਲਬੀਏ ਭਰਮਾਣ,
ਕਿਰਤ ਕਮਾਈ ਜਾਣ ਲੁਟਾਈ, ਕਿਰਤੀ ਤੇ ਕਿਰਸਾਣ ।
ਦੋਸਤਾ ! ਸਮਾਂ ਬੜਾ ਬਲਵਾਨ ।

3
ਹਿੰਮਤ ਵਾਲੇ ਮਾਰ ਕੇ ਹੰਭਲਾ, ਕਿਸਮਤ ਆਪ ਬਣਾਣ,
ਤਾਕਤ ਦੌਲਤ ਤਕਦੇ ਰਹਿ ਗਏ, ਜਿਤ ਗਏ ਨੈਣ ਪਰਾਣ ।
ਦੋਸਤਾ ! ਸਮਾਂ ਬੜਾ ਬਲਵਾਨ ।

4
ਹੱਕ ਹਲਾਲ ਦਾ ਅੰਨ ਮਿਹਨਤੀ, ਰਜ ਕੇ ਲਗ ਪਏ ਖਾਣ,
ਰਾਜਾ ਪਰਜਾ ਰਾਜ਼ੀ ਹੋ ਗਏ, ਖੁਸ਼ ਹੋ ਗਿਆ ਭਗਵਾਨ ।
ਦੋਸਤਾ ! ਸਮਾਂ ਬੜਾ ਬਲਵਾਨ ।

17. ਤਾਜ ਮਹਲ

ਚਾਨਣੀ ਦੇ ਫੁੱਲ ਵਰਗਿਆ ਚਿੱਟਿਆ !
ਬਰਫ-ਚੋਟੀ ਜਿਹਾ ਲਿਸ਼ਕਿਆ ਪੁਸ਼ਕਿਆ !
ਜਮਨ ਦੀ ਝਿਲਮਿਲੀ ਹਿੱਕ ਤੇ ਲੇਟਿਆ !
ਹਿਲਦਿਆ ਜੁਲਦਿਆ ਪਿਆਰ ਦਿਆ ਟਿੱਲਿਆ !
ਕਿਸ ਸੁਘੜ ਨੇ ਤੈਨੂੰ ਸੰਚੇ ਵਿਚ ਢਾਲਿਆ ?
ਕਿਸ ਸ਼ਹਿਨਸ਼ਾਹ ਤੇਰਾ ਖਰਚ ਸੰਭਾਲਿਆ ?
ਵਾਂਗ ਸ਼ੀਸ਼ੇ ਤੇਰਾ ਠਾਠ ਹੈ ਮਰਮਰੀ,
ਰੇਸ਼ਮੋਂ ਭੀ ਤੇਰੀ ਦੇਹ ਹੈ ਲੁਸਲੁਸੀ,
ਜੜਤ ਸ਼ਿੰਗਾਰ ਤੇ ਨਿਗਾਹ ਨਹੀਂ ਠਹਿਰਦੀ,
ਤੇਰੇ ਤੇ ਹੋ ਗਈ ਖਤਮ ਕਾਰੀਗਰੀ ।
ਬਿਰਧ ਹੋ ਕੇ ਭੀ ਤੂੰ ਕੱਲ੍ਹ ਦਾ ਜਵਾਨ ਹੈਂ,
ਬੁਝ ਗਏ ਦਿਲਾਂ ਦੀ ਚਮਕਦੀ ਸ਼ਾਨ ਹੈਂ ।
ਜਗਤ ਦੇ ਸੱਤ ਸੁਹਜਾਂ ਦਿਆ ਅਫਸਰਾ,
ਤੂੰਹੇ ਹੈਂ ਸੁੰਦਰੀ ਤਾਜ ਦਾ ਮਕਬਰਾ ?
ਤੇਰੇ ਤੇ ਹੀ ਹਿੰਦ ਨਾਜ਼ ਹੈ ਕਰ ਰਿਹਾ,
ਤੇਰੇ ਸਿਰ ਤੇ ਤੀਰਥ ਬਣ ਗਿਆ ਆਗਰਾ ।
ਤੂੰਹੇ ਹਨ ਮੁਗਲ ਸੁਲਤਾਨ ਦੇ ਦਿਲ ਦੀਆਂ
ਦੌਲਤਾਂ ਹਸ਼ਮਤਾਂ ਸਾਂਭ ਕੇ ਰੱਖੀਆਂ ।
ਜਿਸ ਪਤੀ ਦੇ ਪ੍ਰੇਮ-ਰੰਗ ਵਿਚ ਮੱਤੜੀ,
ਜਿੰਦ ਤੇਰੇ ਬਦਨ ਵਿਚ ਹੈ ਸੁੱਤੜੀ,
ਕਿਸ ਤਰ੍ਹਾਂ ਦੇ ਲਾਡ ਚਾਉ ਹੈ ਕਰ ਰਹੀ ?
ਸ਼ਾਹਜਹਾਂ ਦੀ ਬਗਲ ਵਿਚ ਬੈਠੀ ਹੋਈ ।
ਪੁੱਛ ਖਾਂ ਬੀਤਦਾ ਵਕਤ ਹੈ ਕਿਸ ਤਰ੍ਹਾਂ ?
ਫ਼ਿਕਰ ਗ਼ਮ ਤੇ ਨਹੀਂ ਛੇੜਦੇ ਏਸ ਥਾਂ ?
ਵੱਸਦੀ ਰੱਸਦੀ ਹੈ ਉਸੇ ਪਿਆਰ ਵਿਚ ?
ਮਸਤ ਸੀ ਜਿਸ ਤਰ੍ਹਾਂ ਇਸ ਸੰਸਾਰ ਵਿਚ ।
ਨੈਣ ਖੀਵੇ ਘਿਰੇ ਕਜਲੀ ਧਾਰ ਵਿਚ,
ਤੀਰ ਕੱਸੀ ਖੜੇ ਹੁਸਨ-ਹੰਕਾਰ ਵਿਚ ।
ਬੇ-ਵਸੇ ਖਿੜਖਿੜਾ ਉੱਠਦੇ ਨੇ ਕਦੀ ?
ਤਰਸਦੀ ਦੇਖ ਕੇ ਆਤਮਾ ਕੰਤ ਦੀ ।
ਸੁੱਤੀਆਂ ਰੂਹਾਂ ਦੇ ਜਾਗਦੇ ਪਹਿਰੂਏ !
ਆਖ-ਮਾਣੀ ਚਲੋ ਸੁਆਦ ਇਸ ਮੇਲ ਦੇ,
ਕੋਈ ਨਹੀਂ ਏਸ ਥਾਂ ਛੇੜਦਾ ਆਣ ਕੇ,
ਧੁਰਾਂ ਦੇ ਜੋੜ ਇਹ ਤੋੜ ਚੜ੍ਹ ਜਾਣਗੇ ।
ਖ਼ਿਜ਼ਾਂ ਦੇ ਦੌਰ ਨਿੱਤ ਆਣਗੇ ਜਾਣਗੇ,
ਪਰ ਨਹੀਂ ਪਿਆਰ ਦੇ ਫੁੱਲ ਕੁਮਲਾਣਗੇ ।

18. ਪਿੰਜਰਾ ਬੁਲਬੁਲ ਨੂੰ

ਬੁਲਬੁਲ ਨੀਂ ਦੀਵਾਨੀ ਬੁਲਬੁਲ ! ਘੋਲੇਂ ਕੀ ਚਤੁਰਾਈ ਤੂੰ ?
ਖੇਫ਼ਨ ਕਰ, ਡੁਸਕਾ ਕੇ ਦੀਦੇ, ਦੁਨੀਆਂ ਸਿਰ ਤੇ ਚਾਈ ਤੂੰ ।

ਫਾਂਧੀ ਤੈਨੂੰ ਫੜ ਕੀ ਆਂਦਾ, ਜਹਿਮਤ ਸਿਰ ਤੇ ਚਾ ਬੈਠਾ ।
ਬੈਠਾ ਬੈਠਾ ਉਸਤਰਿਆਂ ਦੀ ਮਾਲਾ ਗਲ ਵਿਚ ਪਾ ਬੈਠਾ ।

ਤੇਰੇ ਪਿੰਜਰੇ ਨਾਲ ਉਦ੍ਹੀ ਭੀ, ਜਾਨ ਲਟਕਦੀ ਰਹਿੰਦੀ ਏ,
ਪਰ ਤੇਰੀ ਬੇ ਸਬਰ ਤਬੀਅਤ, ਚੌ ਕਰ ਨਹੀਂ ਬਹਿੰਦੀ ਏ ।
ਸੁਟ ਸੁਟ ਧੌਣ, ਪਖੰਡ ਖਿਲਾਰੇਂ, ਤੜਫ ਤੜਫ ਦਿਖਲਾਨੀ ਏਂ ।
ਮਾਲਕ ਦੇ ਉਪਕਾਰਾਂ ਦਾ ਇਹ ਮੋੜ ਖਰਾ ਭੁਗਤਾਨੀ ਏਂ,

ਦੁਨੀਆਂ ਵਿਚ ਇਨਸਾਫ ਨਹੀਂ, ਯਾ ਤੈਨੂੰ ਵਗ ਗਈ ਮਾਰ ਕੋਈ,
ਤੇਰੇ ਵਰਗੀ ਨਾਸ਼ੁਕਰੀ ਦੇ ਨਾਲ ਕਰੇ ਕੀ ਪਿਆਰ ਕੋਈ ।

ਭਲਿਆਈ ਸੀ ਰਸਮ ਜਹਾਨੋਂ, ਏਸ ਤਰ੍ਹਾਂ ਉਠ ਜਾਵੇਗੀ,
ਤੇਰੇ ਨਾਲ ਹਜ਼ਾਰਾਂ ਲੋਕਾਂ ਦੀ ਭੀ ਸ਼ਾਮਤ ਆਵੇਗੀ ।

ਆ ਟਲ ਜਾ, ਤੇ ਰਾਹ ਰਸਤਾ ਫੜ, ਸ਼ੁਕਰ ਖ਼ੁਦਾ ਦਾ ਕਰਿਆ ਕਰ,
ਖਾਂਦੀ ਪੀਂਦੀ, ਵਸਦੀ ਰਸਦੀ, ਹੌਕੇ ਨਾ ਨਿਤ ਭਰਿਆ ਕਰ ।

19. ਬੁਲਬੁਲ ਪਿੰਜਰੇ ਨੂੰ

ਪਿੰਜਰਿਆ ! ਤੂੰ ਕਿਸ ਪਥਰੀਲੇ ਜੰਗਲ ਦੇ ਵਿਚ ਪਲਿਉਂ ਵੇ ?
ਆਪਣੇ ਵੱਡ-ਵਡੇਰੇ ਦੀ ਕਰਤੂਤੋਂ ਮੂਲ ਨ ਟਲਿਓਂ ਵੇ ।

ਉਸ ਦੇ ਤਨ ਨੂੰ ਚੰਦਨ-ਬਨ ਦੀਆਂ ਲਪਟਾਂ ਨੇ ਮਹਿਕਾਇਆ ਨਾ,
ਆਂਢ ਗੁਆਂਢ ਬਹਾਰ ਖਿੜੀ ਨੇ, ਰੂਪ ਤੇਰਾ ਪਲਟਾਇਆ ਨਾ ।

ਨਾ ਉਸ ਨੂੰ ਕੁਝ ਪੋਂਹਦਾ ਸੀ, ਨਾ ਤੇਰੇ ਜੀ ਨੂੰ ਲਗਦੀ ਏ,
ਕੀ ਜਾਣੇ ਤੂੰ, ਦੁਨੀਆਂ ਤੇ, ਵਾ ਕਿਸ ਪਾਸੇ ਦੀ ਵਗਦੀ ਏ ।

ਜੰਗਲ ਦੇ ਵਿਚ ਖੁਲ੍ਹਿਆਂ ਫਿਰ ਫਿਰ, ਕਦੇ ਨ ਚੁਗਿਆ ਚੋਗਾ ਤੂੰ,
ਫ਼ਲ, ਫੁੱਲ, ਮਹਿਕ, ਮਿਠਾਸ ਬਿਨਾਂ, ਰਹਿ ਗਿਓਂ ਟਿਚਕਰਾਂ ਜੋਗਾ ਤੂੰ ।

ਕੰਨਾਂ ਤੇਰਿਆਂ ਨੇ ਨਾ ਸੁਣਿਆ, ਆਜ਼ਾਦੀ ਦੀਆਂ ਤਾਨਾਂ ਨੂੰ,
ਖੁਸ਼ਕ-ਦਿਲਾ ! ਕੀ ਸਮਝ ਸਕੇਂ ਤੂੰ, ਬੁਲਬੁਲ ਦੇ ਅਰਮਾਨਾਂ ਨੂੰ ।

ਸਤੀ ਹੋਈ ਦੇ ਘਾਵਾਂ ਤੇ ਤੂੰ, ਲੂਣ ਮਿਰਚ ਕਿਉਂ ਪਾਂਦਾ ਹੈਂ ?
ਅਰਸ਼ਾਂ ਦੀ ਸੈਲਾਨਣ ਨੂੰ, ਪਿੰਜਰੇ ਦਾ ਰਾਗ ਸੁਣਾਂਦਾ ਹੈਂ ।

ਤੂੰ ਕਿਸਮਤ ਦਾ ਕਾਇਲ ਰਹੁ, ਮੈਂ ਹਿੰਮਤ ਕਦੇ ਨ ਹਾਰਾਂਗੀ,
ਜਾਨ ਜਦੋਂ ਤਕ ਬਾਕੀ ਹੈ, ਮੈਂ ਰੋਵਾਂਗੀ ਪਰ ਮਾਰਾਂਗੀ ।

20. ਕਦੀਮੀ ਕਿੱਸਾ

ਕਦੀਮੀ ਕਿੱਸਾ ਹੈ ਤੇਰਾ ਮੇਰਾ,
ਜਦ ਇਕ ਦੁਰਾਹੇ ਤੇ ਆ ਮਿਲੇ,
ਮੈਂ ਤੇਰੀ ਖਾਤਿਰ ਤੇ ਤੂੰ ਮੇਰੀ ਖਾਤਿਰ,
ਬੜੇ ਚਿਰੋਂ ਤਲਮਲਾ ਰਹੇ ਸਾਂ ।
ਨਿਗਾਹਾਂ ਲੜੀਆਂ, ਕਲੇਜੇ ਧੜਕੇ,
ਤੇ ਪਾਟ ਨਿਕਲੇ, ਦਿਲਾਂ ਦੇ ਚਸ਼ਮੇ ।
ਇਸ਼ਾਰਿਆਂ ਨਾਲ ਗੱਲਾਂ ਹੋਈਆਂ,
ਤੇ ਬੁਲ੍ਹਾਂ ਵਿਚ ਮੁਸਕਰਾ ਰਹੇ ਸਾਂ ।
ਦੁਹਾਂ ਨੇ ਜੀਵਨ ਦਾ ਸਾਥ ਛੋਹਣ-
ਲਈ, ਮੁਹੱਬਤ ਦੀ ਗੰਢ ਪਾਈ,
ਕਿ ਹਸ਼ਰ ਤਕ ਪ੍ਰੇਮ ਪੁੰਗਰੇਗਾ,
ਜ਼ਮੀਰ ਜ਼ਾਮਨ ਬਣਾ ਰਹੇ ਸਾਂ ।
ਨਸ਼ੀਲੇ ਨੈਣਾਂ ਨੇ ਮਾਰੀ ਸੈਨਤ,
ਤੇ ਹਿਲ ਪਏ ਪੈਰ ਆਰਜੂ ਦੇ,
ਤੂੰ ਨਾਚ ਛੋਹਿਆ, ਮੈਂ ਸੁਰ ਅਲਾਪੀ,
ਖੁਸ਼ੀ ਦੀ ਨੌਬਤ ਵਜਾ ਰਹੇ ਸਾਂ ।
ਹਸਰਤਾਂ ਆਂਦੀ ਘੜੀ ਮੁਰਾਦਾਂ ਦੀ,
ਤਾਰੇ ਹੱਸੇ ਤਰੇਲ ਵੱਸੀ,
ਰਜ਼ਾ ਦੇ ਹੁਜਰੇ 'ਚ ਹੁਕਮ ਕੁਦਰਤ ਦਾ,
ਹਸਦੇ ਹਸਦੇ ਬਜਾ ਰਹੇ ਸਾਂ ।
ਜੋ ਹੁਸਨ ਤੇ ਇਸ਼ਕ ਦਾ ਤਰਾਨਾ,
ਖੁਦਾ ਦੇ ਵੇਲੇ ਦਾ ਛਿੜ ਚੁਕਾ ਸੀ,
ਗ੍ਰਹਸਥ ਮਾਰਗ ਦੇ ਦੋ ਮਸਾਫਿਰ,
ਨਵਾਂ ਜਹਾਨ ਇਕ ਵਸਾ ਰਹੇ ਸਾਂ ।

ਪ੍ਰਭੂ ਨੇ ਕੀਤੀ ਅਕਾਸ਼ ਬਾਣੀ,
ਕਿ ਜੀਓ ਜਾਗੋ, ਵਧੋ ਤੇ ਫੁੱਲੋ,
ਉਸੇ ਤੋਂ ਲੈ ਲੈ ਅਸ਼ੀਰਵਾਦਾਂ,
ਉਸੇ ਦੀ ਸ੍ਰਿਸ਼ਟੀ ਵਧਾ ਰਹੇ ਸਾਂ ।
ਤੂੰ ਮੈਨੂੰ ਜਗ ਵਿਚ ਅਮਰ ਬਣਾਇਆ,
ਤੇ ਆਪ ਬਣੀਓਂ ਜਗਤ ਮਾਤਾ,
ਜੇ ਤੂੰ ਨਾ ਹੁੰਦੀ, ਤਾਂ ਕੁਝ ਨਾ ਹੁੰਦਾ,
ਏ ਦੁਨੀਆਂ ਸੁਹਣੀ ਬਣਾ ਰਹੇ ਸਾਂ ।

21. ਜੀਵਨ ਨਈਆ

ਗੀਤ

ਜੀਵਨ ਨਈਆ ਡਗਮਗ ਡੋਲੇ,
ਆਸ਼ਾ ਨਦੀ-ਕਿਨਾਰੇ ਤੇ,
ਅੰਧੇਰੇ ਨੇ ਨਿਗਹ ਜਮਾਈ,
ਕਿਸੇ ਗੁਪਤ ਝਲਕਾਰੇ ਤੇ ।

ਅਰਸ਼ੇ ਚੜ੍ਹੀ ਪਤੰਗ ਥਰਕਦੀ,
ਧੀਰੇ ਧੀਰੇ ਡੋਰ ਸਰਕਦੀ,
ਹੁੰਦੀ ਜਾਵੇ ਤਾਰ ਲਮੇਰੀ,
ਨਾ-ਮਾਲੂਮ ਸਹਾਰੇ ਤੇ ।

ਪੀਂਘ ਚੜ੍ਹੀ ਹੈ ਅਜ਼ਲੀ, ਅਬਦੀ,
ਪਿਛਾਂਹ ਅਗਾਂਹ ਦੀਆਂ ਸੀਮਾਂ ਲਭਦੀ,
ਆਵੇ ਜਾਵੇ ਫੜ ਫੜ ਛੋਹਾਂ,
ਉਡਦੀ ਫਿਰੇ ਹੁਲਾਰੇ ਤੇ,

ਦੇਸ਼ ਕਾਲ ਦਾ ਕੀ ਅੰਦਾਜਾ,
ਮਲ ਛਡਿਆ ਮੁਹਕਮ ਦਰਵਾਜ਼ਾ,
ਪੁਤਲੀ ਨੱਚੇ ਤਕਵਾ ਰੱਖੀ,
ਡੋਰ ਹਿਲਾਉਣ ਹਾਰੇ ਤੇ,

ਮੋਮਨ ਹਾਂ, ਯਾ ਕਾਫਰ ਹਾਂ ਮੈਂ,
ਸਮਝ ਰਖੀ ਹੈ ਅਪਣੀ ਥਾਂ ਮੈਂ,
ਕਤਰਾ ਸਾਗਰ ਵਿਚ ਮਿਲ ਜਾਣਾ,
ਝਟਕੇ ਨਾਲ ਇਸ਼ਾਰੇ ਤੇ ।

22. ਕਬਰ ਵੱਲ ਆਉਂਦਿਆਂ ਨੂੰ

1
ਬੇਕਦਰੀ ਦੀਆਂ ਸੱਟਾਂ ਖਾ ਖਾ, ਅਸਾਂ ਘੁੱਟ ਸਬਰ ਦਾ ਪੀਤਾ,
ਝੋਰਿਆਂ ਹੱਥੋਂ ਜਿੰਦ ਛੁਡਾ ਕੇ, ਅਸਾਂ ਜੰਗਲ ਡੇਰਾ ਕੀਤਾ ।
ਜੀਉਂਦੀ ਜਿੰਦੇ ਅਸੀਂ ਰਹੇ ਤੜਫਦੇ, ਤੁਸੀਂ ਲੰਘ ਗਏ ਢਾਕ ਭੁਆ ਕੇ,
ਤਦ ਭੀ ਸ਼ੁਕਰ ਜੇ ਮੋਇਆਂ ਮਗਰੋਂ, ਤੁਸਾਂ ਯਾਦ ਤੇ ਹੈ ਕਰ ਲੀਤਾ ।

2
ਗਿਆਂ ਗੁਆਤਿਆਂ ਦੀ ਮਿੱਟੀ ਵਲ, ਜ਼ਰਾ ਸੰਭਲ ਸੰਭਲ ਕੇ ਔਣਾ,
ਮਰ ਕੇ ਸੀਤੇ ਅਸਾਂ ਫੱਟ ਜਿਗਰ ਦੇ, ਤੁਸਾਂ ਦੁਖਣੋਂ ਜ਼ਰਾ ਬਚੌਣਾ ।
ਹੰਝੂ ਕੇਰਨ ਜਮ ਜਮ ਆ ਜਾਓ, ਪਰ ਦਿਲ ਦੇ ਨੈਣ ਵਹਾਣੇ,
ਬਲ ਬੁਝਿਆਂ ਅਰਮਾਨਾਂ ਉੱਤੇ, ਕੋਈ ਮੁੜ ਕੇ ਤੇਲ ਨਾ ਪੌਣਾ ।

3
ਮੋਇਆਂ ਨਾਲ ਯਰਾਨੇ ਨਿਭਣੇ, ਕੋਈ ਕੰਮ ਨਹੀਂ ਸੁਖਲੇਰਾ,
ਮਸਖਰੀਆਂ ਦੇ ਮੂੰਹ ਨਾ ਦੇਣਾ, ਜੇ ਐਡਾ ਨਹੀਂ ਜੇ ਜੇਰਾ ।
ਓਪਰੀਆਂ ਦਿਲਬਰੀਆਂ ਸੰਦਾ, ਅਸਾਂ ਪੌਣਾ ਨਹੀਂ ਵਿਖਾਲਾ,
ਤੇਲ ਵਿਹੂਣੇ ਦੀਵਿਆਂ ਬਾਝੋਂ, ਸਾਨੂੰ ਚੰਗਾ ਏ ਇਹੋ ਹਨੇਰਾ ।

23. ਕਿਉਂ ਨਹੀਂ

(ਗੀਤ ਕਵਾਲੀ)

ਮੈਂ ਜੁ ਤੇਰਾ ਦਿਲ ਟੋਂਹਦਾ ਫਿਰਨਾਂ, ਤੂੰ ਖੁਲ੍ਹ ਕੇ ਗਲ ਦਸਦਾ ਕਿਉਂ ਨਹੀਂ ?
ਜੁਗੜੇ ਹੋ ਗਏ ਪਰਦਾ ਤਣਿਆਂ, ਘੁੰਡ ਹਟਾ ਕੇ ਹੱਸਦਾ ਕਿਉਂ ਨਹੀਂ ?

ਮੈਂ ਜੂ ਓਥੇ ਚੰਗਾ ਭਲਾ ਸਾਂ, ਘੱਲ ਕੇ ਕੀ ਹੱਥ ਆਇਆ ਤੇਰੇ ?
ਜਿਵੇਂ ਰਜ਼ਾ ਸੀ ਤਿਵੇਂ ਸਹੀ, ਪਰ ਕੋਲ ਮੇਰੇ ਹੁਣ ਵੱਸਦਾ ਕਿਉਂ ਨਹੀਂ ?

ਇਕ ਦੀਵੇ ਵਲ ਲਖ ਪਰਵਾਨੇ, ਰਿਸ਼ਮਾਂ ਫੜ ਫੜ ਦੌੜੇ ਜਾਂਦੇ,
ਪਰ ਰਸਤੇ ਵਿਚ ਵਲ ਵਿੰਗ ਕਿਉਂ ਨੇ, ਭਰਮ ਕਦੋਕਾ ਨਸਦਾ ਕਿਉਂ ਨਹੀਂ ?

ਕਦਮ ਕਦਮ ਤੇ ਚਸ਼ਮੇ ਜਾਰੀ, ਲਭਦੇ ਫਿਰਨ ਹਜ਼ਾਰਾਂ ਪਿਆਸੇ,
ਤ੍ਰਿਪਤੀ ਦਾ ਦਰਵਾਜ਼ਾ ਖੁਲ੍ਹ ਕੇ,ਰਸ ਲੂੰ ਲੂੰ ਵਿਚ ਧਸਦਾ ਕਿਉਂ ਨਹੀਂ ?

24. ਮਦਰਾਲਯ

1
ਗੋ ਕਬਰਾਂ ਦੀ ਮਿੱਟੀ, ਚਕ ਤੇ-
ਚਾੜ੍ਹੇਂ ਨਿਤ ਕੁਮਿਹਾਰਾ !
ਅੱਜ ਮੇਰੀ ਮਿੱਟੀ ਨੂੰ ਭੀ,
ਦੇ ਦੇ ਇਕ ਰੂਪ ਨਿਆਰਾ ।
ਸੁਥਰੀ ਜਿਹੀ ਪਿਆਲੀ ਘੜ ਕੇ,
ਮਦਰਾਲਯ ਪਹੁੰਚਾ ਦੇ,
ਛੁਹ ਬੁੱਲ੍ਹਾਂ ਦੀ ਮਾਣ ਸਕਾਂ,
ਮੂੰਹ ਲਾਵੇ ਜਦੋਂ ਪਿਆਰਾ ।

2
ਮਦਰਾਲਯ ਦੇ ਅੰਗਣ ਅੰਦਰ,
ਜਦ ਪਿਆਕ ਕੋਈ ਆਵੇ,
ਨਾਲ ਉਦ੍ਹੇ ਰਲ ਕੇ ਪੀਵਣ ਦਾ,
ਚਾਓ ਜਿਹਾ ਚੜ੍ਹ ਜਾਵੇ ।
ਖਬਰੇ ਉਸ ਨੇ ਕਿਸ ਕਿਸ ਮੈ ਦੀ,
ਮਸਤੀ ਮਾਣੀ ਹੋਵੇ,
ਉਸ ਦੀ ਰੰਗਣ ਸ਼ਾਇਦ ਮੈਨੂੰ,
ਭੀ ਅਰਸ਼ੀਂ ਪਹੁੰਚਾਵੇ ।

25. ਬੀਰ ਰਸ

ਗ਼ਜ਼ਲ

ਓ ਭਾਰਤੀ ਜਵਾਨਾ ! ਜੋਧੇ ਤੇ ਬੁੱਧਿਵਾਨਾ !
ਹੁਸ਼ਿਆਰ ਹੋ ਕੇ ਡਟ ਜਾ, ਉੱਕ ਜਾਏ ਨਾ ਨਿਸ਼ਾਨਾ ।

ਬੇਅੰਤ ਮੁਸ਼ਕਿਲਾਂ ਦੀ, ਕਾਲੀ ਘਟਾ ਹੈ ਛਾਈ,
ਬਿਜਲੀ ਨਾ ਸਾੜ ਜਾਏ, ਇਹ ਤੇਰਾ ਆਸ਼ੀਆਨਾ ।

ਹਮਸਾਇਆ ਇਕ ਪੁਰਾਣਾ, ਬੈਠਾ ਸੀ ਬਣ ਕੇ ਆਪਣਾ,
ਪੜ੍ਹ ਕੇ ਪਰਾਈ ਪੱਟੀ, ਅੱਜ ਹੋ ਗਿਆ ਬਿਗਾਨਾ ।

ਬਘਿਆੜ ਹੈ ਤਾਂ ਕੀ ਹੈ ? ਤੂੰ ਸ਼ੇਰ ਬਣ ਕੇ ਢਾ ਲੈ,
ਭੁੱਲ ਜਾਈਂ ਨਾ ਪੁਰਾਣਾ, ਇਸ ਦੇਸ਼ ਦਾ ਫਸਾਨਾ ।

ਉਹ ਸ਼ਾਨ ਰਾਜਪੂਤੀ, ਓਹ ਮਰਹਟੇ ਬਹਾਦੁਰ,
ਦਲ ਸ਼ੇਰ ਖਾਲਸੇ ਦਾ, ਬਲਕਾਰ ਦਾ ਖ਼ਜ਼ਾਨਾ ।

ਇਤਫ਼ਾਕ ਵਿਚ ਹੈ ਬਰਕਤ, ਸਿਰ ਜੋੜ ਕੇ ਡਟ ਜਾਓ,
ਮੈਦਾਨ ਵਧ ਕੇ ਮਾਰੋ, ਛੋਹ ਦੇਸ਼ ਦਾ ਤਰਾਨਾ ।

ਇਕ ਵਕਤ ਸੀ ਕਿ ਭਾਰਤ ਵਿਚ ਰਾਜ ਸੀ ਪ੍ਰਜਾ ਦਾ,
ਯੁਗ ਰਾਮ ਕ੍ਰਿਸ਼ਨ ਵਾਲਾ, ਇਕਬਾਲ ਸੀ ਸ਼ਹਾਨਾ ।

ਗ਼ਲਬਾ ਸਚਾਈ ਦਾ ਸੀ, ਰਿਸ਼ੀਆਂ ਦੀ ਗਲ ਸੀ ਚਲਦੀ,
ਇਨਸਾਫ਼ ਦੇ ਸਹਾਰੇ, ਚਲਦਾ ਸੀ ਕਾਰਖ਼ਾਨਾ ।

ਦੁਸ਼ਮਨ ਦਾ ਦਿਲ ਹੈ ਕਾਲਾ, ਉਲਟਾ ਹੈ ਇਸ ਦਾ ਚਾਲਾ,
ਜਿਤ ਜਾਏਗੀ ਸਚਾਈ, ਢਾ ਕੂੜ ਦਾ ਬਹਾਨਾ ।

ਹੋ ਸਾਵਧਾਨ ਖੜ੍ਹ ਜਾ, ਤਕਦੀਰ ਆਪ ਘੜ ਲੈ,
ਸ਼ਕਤੀ ਦਾ ਯੁਗ ਹੈ ਚਾਤ੍ਰਿਕ, ਤਾਕਤ ਦਾ ਹੈ ਜ਼ਮਾਨਾ ।

26. ਪ੍ਰੇਮ ਪਰਵਾਨ

ਗੀਤ ਢੋਲਕ

ਧਾਰਨਾ :-
ਤੈਨੂੰ ਵੇ ਮੈਂ ਆਖ ਵੇ ਰਹੀ, ਬੀਬਾ ?
ਨੌਕਰ ਲੱਗ ਜਾ ਮੇਰਾ ।

ਪ੍ਰੇਮ ਦੀਆਂ ਪੀੜਾਂ ਗੁਝੀਆਂ,
ਸਈਓ ! ਹਿਲ ਗਿਆ ਬੰਦ ਬੰਦ ਸਾਰਾ ।

ਪ੍ਰੇਮ ਨੇ ਤਣਾਵਾਂ ਖਿੱਚੀਆਂ,
ਮੈਨੂੰ ਸੁੱਝ ਪਿਆ ਸਾਈਂ ਦਾ ਚੁਬਾਰਾ ।

ਚੰਨ ਸੂਰ ਤਾਰਿਓਂ ਪਰੇ,
ਸਈਓ ! ਚਾਨਣ ਦਾ ਚਾਨਣ ਮੁਨਾਰਾ ।

ਸਿਦਕ ਦਾ ਸਹਾਰਾ ਸਾਂਭ ਕੇ,
ਨੀ ਮੈਂ ਮਾਣ ਲਿਆ ਪੀਂਘ ਦਾ ਹੁਲਾਰਾ ।

ਚਰਖੇ ਵਾਂਗੂੰ ਗੇੜ ਖਾਂਦਿਆਂ,
ਮੈਨੂੰ ਦਿਸ ਪਿਆ ਪਾਰਲਾ ਕਿਨਾਰਾ ।

ਮਾਹੀ ਨੇ ਇਸ਼ਾਰਾ ਘੱਲਿਆ,
ਤੇਰੇ ਅੰਦਰੇ ਜਲਾਲ ਦਾ ਉਤਾਰਾ ।

ਨਦਰ ਨੇ ਨਿਹਾਲ ਕਰ ਲਿਆ,
ਜਦੋਂ ਰਹਿਮਤਾਂ ਦਾ ਖੁਲ੍ਹ ਗਿਆ ਭੰਡਾਰਾ ।

ਪ੍ਰੇਮ ਪਰਵਾਣ ਹੋ ਗਿਆ,
ਰਿਹਾ ਸਾਗਰੋਂ ਨਾ ਬੁਲਬੁਲਾ ਨਿਆਰਾ ।

27. ਭਗਵਾਨ ਨੂੰ

(ਕਾਫੀ ਕਵਾਲੀ)

1
ਭਗਵਨ ! ਕਿਹੜੇ ਨਵੇਂ ਜਗਤ ਤੇ, ਅਜ ਕਲ੍ਹ ਜੀ ਭਰਮਾਇਆ ਜੇ ?
ਆਪਣੇ ਭਗਤ ਪੁਰਾਣੇ ਨੂੰ ਭੀ, ਯਾਦ ਕਦੇ ਫਰਮਾਇਆ ਜੇ ?

2
ਸਾਰਾ ਜਗਤ ਕਮਾਈਆਂ ਕਰ ਕਰ, ਸੁਖ ਦੀ ਨੀਂਦੇ ਸੌਂਦਾ ਏ,
ਪਰ ਇਸ ਧਰਤੀ ਦੇ ਬੀਰਾਂ ਨੂੰ, ਲੜਨ ਮਰਨ ਤੇ ਲਾਇਆ ਜੇ ?

3
ਲੰਗਰ, ਭੋਗ, ਨਿਆਜ਼, ਚੜ੍ਹਾਵੇ, ਲੈ ਲੈ ਕੇ ਖੁਸ਼ ਹੁੰਦੇ ਓ,
ਪਰ ਭਾਰਤ ਦੇ ਭੁੱਖਿਆਂ ਨੰਗਿਆਂ ਦਾ ਚੇਤਾ ਭੀ ਆਇਆ ਜੇ ?

4
ਪਾ ਪੈਸਾ ਖਲਕਤ ਦਾ ਖੋਹ ਖੋਹ, ਅੰਦਰ ਪਾਈ ਜਾਂਦੇ ਨੇ,
ਆਪਣੇ ਠੇਕੇਦਾਰਾਂ ਪਾਸੋਂ, ਲੇਖਾ ਭੀ ਮੰਗਵਾਇਆ ਜੇ ?

5
ਖੁਦਗਰਜ਼ੀ ਨੇ ਖੰਡਰ ਕੀਤਾ, ਵਸਦੀ ਰਸਦੀ ਦੁਨੀਆਂ ਨੂੰ,
ਭੂਤੀ ਹੋਈ ਤਾਕਤ ਨੂੰ ਭੀ, ਕੰਨੋਂ ਫੜ ਸਮਝਾਇਆ ਜੇ ?

6
ਆਜ਼ਾਦੀ ਦੀ ਤਾਂਘ ਪੁਰਾਣੀ, ਰਾਤ ਦਿਨੇਂ ਤੜਫਾਂਦੀ ਏ,
ਬੇ-ਇਨਸਾਫੀ ਦੇ ਪਿੰਜਰੇ ਦੀ, ਖਿੜਕੀ ਖੋਲ੍ਹ ਛੁਡਾਇਆ ਜੇ ।

28. ਮੁਸਾਫਿਰ ਨੂੰ

ਗੀਤ

ਮੁਸਾਫਿਰ ! ਜਾਗ ਹੋਈ ਪਰਭਾਤ-ਟੇਕ

ਪੂਰਬ ਪੱਛਮ ਰੋਸ਼ਨ ਹੋ ਗਏ,
ਮੁਕ ਗਈ ਕਾਲੀ ਰਾਤ ।
ਮੁਸਾਫਿਰ ! ਜਾਗ ਹੋਈ ਪਰਭਾਤ ।

ਸੁਤਿਆਂ ਸੁਤਿਆਂ ਜੁਗੜੇ ਬੀਤੇ,
ਲੁਟਦੇ ਰਹੇ ਯਾਰ ਬਦਨੀਤੇ,
ਹਰਕਤ ਦੇ ਵਿਚ ਆਈ ਗੁਲਾਮੀ,
ਤਕ ਤਕ ਨਵੀਂ ਹਯਾਤ ।
ਮੁਸਾਫਿਰ ! ਜਾਗ ਹੋਈ ਪਰਭਾਤ ।

ਸੌਂ ਉਠਿਆ ਬਾਹਮਣ ਮੌਲਾਣਾ,
ਜਾਣ ਵਲ੍ਹੇਟੀ ਜਾਲ ਪੁਰਾਣਾ,
ਹਿੰਮਤ ਦੇ ਦਰਵਾਜ਼ੇ ਖੁਲ੍ਹ ਗਏ,
ਕਿਸਮਤ ਪੈ ਗਈ ਮਾਤ ।
ਮੁਸਾਫਿਰ ! ਜਾਗ ਹੋਈ ਪਰਭਾਤ ।

ਖਿਲਰ ਗਏ ਪਿੰਜਰ ਦੇ ਤੀਲੇ,
ਜਾਗ ਉਠੇ ਜੀਵਨ ਦੇ ਹੀਲੇ ।
ਕੁਦਰਤ ਨੇ ਪੰਛੀ ਨੂੰ ਬਖ਼ਸ਼ੀ,
ਆਜ਼ਾਦੀ ਦੀ ਦਾਤ ।
ਮੁਸਾਫਿਰ ! ਜਾਗ ਹੋਈ ਪਰਭਾਤ ।

ਪ੍ਰੇਮ-ਨਦੀ ਵਿਚ ਭਾਈਚਾਰਾ,
ਢੂੰਡਣ ਲਗ ਪਿਆ ਮੁਕਤ-ਕਿਨਾਰਾ ।
ਧੋ ਧੋ ਲਾਹੀ ਮੈਲ ਦਿਲਾਂ ਦੀ,
ਦੂਰ ਹੋਈ ਛੂ ਛਾਤ ।
ਮੁਸਾਫਿਰ ! ਜਾਗ ਹੋਈ ਪਰਭਾਤ ।

ਸਭ ਦੁਨੀਆਂ ਦੀ ਸਾਂਝੀ ਵਸਤੀ,
ਜੀਵਨ ਜੁਗਤੀ ਹੋ ਗਈ ਸਸਤੀ ।
ਲਹੂ ਰਲ ਗਿਆ ਕਾਲਾ ਗੋਰਾ,
ਮਾਨੁਖਤਾ ਦੀ ਜ਼ਾਤ ।
ਮੁਸਾਫਿਰ ! ਜਾਗ ਹੋਈ ਪਰਭਾਤ ।

ਖੀਵਾ ਹੋ ਗਿਆ ਆਸ਼ਾਵਾਦੀ,
ਜੀਭ ਕਲਮ ਦੀ ਤਕ ਆਜ਼ਾਦੀ,
ਘਰ ਘਰ ਦੇਂਦੀ ਫਿਰੇ ਮੁਨਾਦੀ,
ਸਾਈਂ ਦੀ ਸੌਗਾਤ ।
ਮੁਸਾਫਿਰ ! ਜਾਗ ਹੋਈ ਪਰਭਾਤ ।

29. ਚਾਨਣ

ਗੀਤ ਕੱਵਾਲੀ

ਚਾਨਣ ਮੇਰੇ ਅੰਦਰ ਬਾਹਰ-ਟੇਕ

ਰੋਸ਼ਨ ਮੇਰਾ ਚਾਰ ਚੁਫ਼ੇਰਾ,
ਹਰ ਹੁਜਰੇ ਮਾਹੀ ਦਾ ਡੇਰਾ,
ਲੌਲਾਕੇ ਦਾ ਤਾਣਾ ਪੇਟਾ,
ਉਣੀ ਹੋਈ ਹੈ ਇਕ ਇਕ ਤਾਰ ।
ਚਾਨਣ ਮੇਰੇ ਅੰਦਰ ਬਾਹਰ ।

ਲੰਮਾ ਰਸਤਾ, ਚੌੜਾ ਘੇਰਾ,
ਲੈ-ਪਰਲੈ ਦਾ ਅਜ਼ਲੀ ਗੇੜਾ,
ਕਦੇ ਹਨੇਰਾ, ਕਦੇ ਸਵੇਰਾ,
ਲੱਗੀ ਰਹਿੰਦੀ ਏ ਢਾਹ-ਉਸਾਰ ।
ਚਾਨਣ ਮੇਰੇ ਅੰਦਰ ਬਾਹਰ ।

ਹਰ ਪਲ ਜੀਵਨ ਦਾ ਸੰਦੇਸ਼ਾ,
ਜੀਵਨ ਚਲਦਾ ਰਹੇ ਹਮੇਸ਼ਾ,
ਟਿੰਡਾਂ ਦਾ ਇਕ ਗੇੜ ਮੁਕਾਇਆ,
ਨਵਾਂ ਜਹਾਨ ਮਿਲੇ ਤੱਯਾਰ ।
ਚਾਨਣ ਮੇਰੇ ਅੰਦਰ ਬਾਹਰ ।

ਦੁਨੀਆਂ ਦਾ ਮੈਂ ਹੋ ਗਿਆ ਭੇਤੀ,
ਮਿਲ ਪੈਂਦੇ ਹਾਂ ਛੇਤੀ ਛੇਤੀ,
ਮਨ ਪੰਛੀ ਦੇ ਤਨ ਪਿੰਜਰੇ ਦੇ,
ਨਿਭਦੇ ਆਏ ਕੌਲ ਕਰਾਰ ।
ਚਾਨਣ ਮੇਰੇ ਅੰਦਰ ਬਾਹਰ ।

30. ਆਸ਼ਾਵਾਦ

ਆਸ਼ਾ ਦੇ ਆਧਾਰ,
ਖੜੋਤੀ ਹੈ
ਮਖ਼ਲੂਕ ਖ਼ੁਦਾ ਦੀ,
ਛੱਲ ਕਦੇ-
ਆ ਹੀ ਜਾਵੇਗੀ
ਮਿਹਰਾਂ ਦੇ ਦਰਯਾ ਦੀ ।
ਮੂਰਖ ਨੂੰ ਭੀ
ਮਿਲ ਜਾਂਦੀ ਹੈ,
ਜੰਗਲ ਦੇ ਵਿਚ ਰੋਟੀ,
ਕੰਨਾਂ ਨੂੰ ਲਾ ਹੱਥ,
ਕਦੇ ਨਾ ਬਣੀਂ,
ਨਿਰਾਸ਼ਾਵਾਦੀ ।

31. ਜਿਹਲਮ ਦਰਿਆ ਨੂੰ

ਚਲ ਚਲ ਚਲ ਚਲ ਚਲਿਆ ਚਲ,
ਚਲਿਆ ਚਲ ਭਈ ਚਲਿਆ ਚਲ ।-ਟੇਕ

ਪਰਬਤ ਪਰ ਬਰਫਾਨੀ ਢੇਰ, ਚਸ਼ਮਾ ਭਰਦੇ ਹੰਝੂ ਕੇਰ,
ਫੁੱਲਾਂ ਫਲਾਂ ਸ਼ਿੰਗਾਰੀ ਭੋਂ, ਇੰਦਰ ਪੁਰੀਓਂ ਪਿਆਰੀ ਭੋਂ,
ਵੈਰੀਨਾਗ ਸੁਹਾਣੀ ਥਾਂ, ਓਹੋ ਥਾਂ ਹੈ ਤੇਰੀ ਮਾਂ,
ਨਿਰਮਲ ਸੀਤਲ ਵਹਿੰਦਾ ਜਲ,
ਚਲਿਆ ਚਲ ਭਈ ਚਲਿਆ ਚਲ ।

ਉਠ ਬਹੁ ਸ਼ੇਰਾ ਛਾਲਾਂ ਲਾ, ਰੋਕਾਂ ਅਟਕਾਂ ਚੀਰੀ ਜਾ ।
ਗਰਜਾਂ ਬੜ੍ਹਕਾਂ ਮਾਰੀ ਜਾ, ਡਿਗ ਡਿਗ ਝੱਗ ਖਿਲਾਰੀ ਜਾ ।
ਵਿੰਗ, ਵਲਾਵੇਂ, ਰੋੜ੍ਹਾਂ, ਸ਼ੋਰ, ਛੱਡ ਕੇ ਛੋਹ ਮਸਤਾਨੀ ਤੋਰ ।
ਸਿਰੀ ਨਗਰ ਦਾ ਭਰ ਦੇ ਡਲ,
ਚਲਿਆ ਚਲ ਭਈ ਚਲਿਆ ਚਲ ।

ਬਰਕਤ ਹੈ ਇਹ ਤੇਰੀ ਚਾਲ, ਦੁਨੀਆਂ ਵੱਸੇ ਇਸ ਦੇ ਨਾਲ ।
ਝਾਤ ਦੁਪਾਸੜ ਪਾਈ ਜਾ, ਜੱਟ ਦੇ ਭਾਗ ਜਗਾਈ ਜਾ ।
ਫਲ, ਫੁਲ, ਫਸਲਾਂ ਤਾਰੀ ਜਾ, ਮੋਤੀ ਗਿਰਦ ਖਿਲਾਰੀ ਜਾ ।
ਵੁੱਲਰ ਦੇ ਵਿਚ ਚਲ ਕੇ ਰਲ,
ਚਲਿਆ ਚਲ ਭਈ ਚਲਿਆ ਚਲ ।

ਏਥੋਂ ਫੇਰ ਅਗੇਰੇ ਹੋ, ਰਸਤੇ ਵਿਚ ਨਾ ਕਿਤੇ ਖਲੋ ।
ਬੜਾ ਪਿਆ ਹੈ ਤੇਰਾ ਰਾਹ, ਪੈਂਡੇ ਪੈ ਜਾ ਵਾਹੋ ਦਾਹ ।
ਪੱਥਰ ਵੱਟਾ ਤੋੜੀ ਜਾ, ਜੋ ਮਿਲ ਜਾਏ ਰੋੜ੍ਹੀ ਜਾ ।
ਪਾ ਦੇ ਪਰਬਤ ਵਿਚ ਤਰਥੱਲ,
ਚਲਿਆ ਚਲ ਭਈ ਚਲਿਆ ਚਲ ।

ਛੱਡ ਪਹਾੜ ਮਿਦਾਨੀਂ ਆ, ਚੌੜੀ ਕਰ ਕੇ ਹਿੱਕ ਵਿਖ਼ਾ ।
ਦੇ ਜਾ ਆਪਣੇ ਨਾਂ ਦੀ ਯਾਦ, ਕੰਢੇ ਤੇ ਕਰ ਸ਼ਹਿਰ ਅਬਾਦ ।
ਤੇਰੀ ਵੱਡੀ ਭੈਣ ਝਨਾਂ, ਰਲ ਕੇ ਰੱਖ ਲਉ ਇੱਕੋ ਨਾਂ ।
ਸ਼ੀਤਲ ਕਰਦਾ ਮਾਰੂ ਥਲ,
ਚਲਿਆ ਚਲ ਭਈ ਚਲਿਆ ਚਲ ।

ਅਪਣੀ ਦਰਯਾ-ਦਿਲੀ ਵਿਖਾ, ਨਹਿਰਾਂ ਨਾਲ ਬਹਾਰਾਂ ਲਾ !
ਕਰ ਦੇ ਸਭ ਦਲਿੱਦਰ ਦੂਰ ਬਾਰਾਂ ਨੂੰ ਕਰਦੇ ਭਰਪੂਰ ।
ਮੁੰਜੀ, ਗੰਨਾ, ਕਣਕ, ਕਪਾਹ, ਕਾਸੇ ਦੀ ਨਾ ਛੱਡ ਪਰਵਾਹ ।
ਕੁਰਬਾਨੀ ਦਾ ਮਿਲਸੀ ਫਲ,
ਚਲਿਆ ਚਲ ਭਈ ਚਲਿਆ ਚਲ ।

ਰਾਵੀ ਆ ਗਈ ਦੇਸ਼ ਵਸਾ, ਮਿਲ ਲੈ ਸੁ ਗਲਵਕੜੀ ਪਾ ।
ਸਤਲੁਜ ਦੇ ਵਿਚ ਰਲੀ ਬਿਆਸ, ਉਹ ਵੀ ਆਈ ਤੁਹਾਡੇ ਪਾਸ ।
ਕੱਠੇ ਹੋ ਕੇ ਪੰਜ ਦਰਿਆ, ਦੇਸ ਲਓ ਪੰਜਾਬ ਬਣਾ ।
ਹੋ ਜਾਏ ਸਾਂਝਾ ਨਾਮ ਅਟੱਲ,
ਚਲਿਆ ਚਲ ਭਈ ਚਲਿਆ ਚਲ ।

ਚਲਣਾ ਹੈ ਜੀਵਨ ਦੀ ਸ਼ਾਨ, ਅਣ-ਚਾਲੂ ਦਾ ਥਾਂ ਸ਼ਮਸ਼ਾਨ ।
ਬੰਦ ਨਾ ਕਰੀਂ ਕਦੇ ਤੂੰ ਚਾਲ, ਜਾ ਰਲ ਸਿੰਧ, ਸਮੁੰਦਰ ਨਾਲ ।
ਉਥੋਂ ਉਡ ਕੇ ਚੜ੍ਹ ਆਕਾਸ਼, ਆ ਫੇਰ ਹਿਮਾਲਾ ਪਾਸ ।
ਉਹੋ ਚਾਲ ਪੁਰਣੀ ਮੱਲ,
ਚਲਿਆ ਚਲ ਭਈ ਚਲਿਆ ਚਲ ।

32. ਦਿਲੀ ਵਲਵਲੇ

ਮੈਂ ਪੈਦਾ ਹੋਇਆ ਇਸ ਦੁਨੀਆਂ ਵਿਚ !
ਚਾਰ ਦਿਹਾੜੇ ਜੀਉਣ ਲਈ,
ਭਲਿਆਂ ਲੋਕਾਂ ਵਿਚ ਬਹਿਣ ਲਈ,
ਇਨਸਾਨ ਬਣਨ ਤੇ ਨੀਉਣ ਲਈ ।
ਕੁਝ ਰੋਟੀ ਦਾ ਉਪਰਾਲਾ ਸੀ,
ਕੁਝ ਪੜ੍ਹਣ ਲਿਖਣ ਦਾ ਚਸਕਾ ਸੀ,
ਕਵਿਤਾ ਕਰਦਾ ਸਾਂ ਦੇਸ਼ ਲਈ,
ਯਾ ਪਾਟੇ ਸੀਨੇ ਸੀਉਣ ਲਈ ।
ਈਸ਼ਰ ਹੈ ਸਚਮੁਚ ਬਹੁਤ ਬੜਾ,
ਪਰ ਮੈਂ ਉਸਨੂੰ ਨਹੀਂ ਪਾ ਸਕਿਆ,
ਨਾ ਉਸ ਦੇ ਭੇਦ ਸਮਝ ਸਕਿਆ,
ਨਾ ਦੁਨੀਆਂ ਨੂੰ ਸਮਝਾ ਸਕਿਆ ।
ਮਜ਼ਹਬ ਤੇ ਫਿਰਕੇਦਾਰੀ ਦੀ,
ਰੰਗਣ ਨੇ ਮੈਨੂੰ ਮੋਹਿਆ ਨਹੀਂ,
ਮੈਂ ਧਰਤੀ ਦਾ ਪੰਖੇਰੂ ਸਾਂ,
ਅਸਮਾਨਾਂ ਤਕ ਨਹੀਂ ਜਾ ਸਕਿਆ ।
ਨਰਕਾਂ ਦਾ ਮੈਨੂੰ ਖ਼ੌਫ਼ ਨਹੀਂ,
ਸੁਰਗਾਂ ਵਿਚ ਜਾਣਾ ਚਾਹੁੰਦਾ ਨਹੀਂ,
ਇਨਸਾਨੀਅਤ ਦਾ ਹਾਮੀਂ ਹਾਂ,
ਲੁਟ ਲੁਟ ਕੇ ਖਾਣਾ ਚਾਹੁੰਦਾ ਨਹੀਂ
ਰੱਬ ਦੇ ਚਾਲਾਕ ਏਜੰਟਾਂ ਨੂੰ,
ਨਿਤ ਨੰਗਾ ਕਰਦਾ ਆਇਆ ਹਾਂ,
ਖੱਟੀ ਇਸ ਲੋਕ ਦੇ ਲੋਕਾਂ ਦੀ,
ਪਰਲੋਕ ਪੁਚਾਣਾ ਚਾਹੁੰਦਾ ਨਹੀਂ ।
ਮੈਂ ਬੰਦਿਆਂ ਵਰਗਾ ਬੰਦਾ ਹਾਂ,
ਪੈਗੰਬਰ ਨਹੀਂ ਮਲਾਹ ਨਹੀਂ
ਮੈਂ ਸੰਤ ਨਹੀਂ, ਗੁਰ ਪੀਰ ਨਹੀਂ,
ਮੁਕਤੀ ਦੀ ਹਾਲੀ ਚਾਹ ਨਹੀਂ
ਬੁਲਬੁਲਾ ਸਮੁੰਦਰ ਵਿਚ ਤਰਦਾ,
ਜਿਸ ਦਿਨ ਜੀ ਆਵੇ ਫਟ ਜਾਵੇ,
ਕੋਈ ਮੇਰੀ ਬਾਬਤ ਕੁਝ ਆਖੇ,
ਇਸ ਦੀ ਮੈਨੂੰ ਪਰਵਾਹ ਨਹੀਂ !

33. ਉਇ ਦੂਰ ਦੇ ਰਾਹੀ !

ਧਾਰਨਾ:-ਐ ਕਾਫ਼ਲੇ ਵਾਲੇ !

ਓਇ ਲੰਮੇ ਮੁਸਾਫਿਰ ! ਤੇਰਾ ਪੰਧ ਪੁਰਾਣਾ,
ਕਦ ਛੋਹਿਆ ਸਫਰ ਤੂੰ ? ਕਦ ਘਰ ਤੂੰ ਜਾਣਾ ?
ਰਸਤੇ ਵਿਚ ਕੀ ਸੁਖ ਦੁਖ ਤੂੰ ਮਾਣੇ ?
ਕੀ ਵੇਸ ਵਟਾਏ, ਛੱਡ ਚੋਲੇ ਪੁਰਾਣੇ ?
ਕਿਸ ਤਾਕਤ ਤੈਨੂੰ ਇਸ ਰਾਹ ਤੇ ਪਾਇਆ ?
ਕੀ ਹੁਕਮ ਚੜ੍ਹਾਏ ? ਕੀ ਨਾਚ ਨਚਾਇਆ ?
ਜਿਸ ਕਾਦਰ ਕੁਦਰਤ ਦੀ ਸਫ਼ਾ ਵਿਛਾਈ,
ਉਹ ਤੇਰਾ ਕਮਾਂਡਰ, ਤੂੰ ਉਸ ਦਾ ਸਿਪਾਹੀ ।
ਉਇ ਦੂਰ ਦੇ ਰਾਹੀ !

ਕੀ ਦੱਸੇ ਕੋਈ, ਤੇਰੇ ਪੈਰਾਂ ਥੱਲੇ,
ਥਰ ਕਿੰਨੇ ਬੱਝੇ, ਹੜ੍ਹ ਕਿੰਨੇ ਚੱਲੇ ?
ਬਣ ਜਲ ਦਾ ਕੀੜਾ, ਕਦ ਭੁਇੰ ਤੇ ਆਇਆ ?
ਕਦ ਜੰਗਲ ਰੁੱਖਾਂ ਵਿਚ ਡੇਰਾ ਲਾਇਆ ?
ਕਦ ਬਣ ਪੰਖੇਰੂ, ਹੋ ਗਿਓਂ ਉਡਾਰੂ ?
ਚੌਖੁਰ ਬਣ ਹੋਇਓਂ ਕਦ ਤਾਰੂ(ਤਰੂ) ਚਾਰੂ ?
ਕਦ ਬਾਂਦਰ ਜੂਨੋਂ ਤੂੰ ਨਸਲ ਵਟਾਈ ?
ਕਦ ਬੰਦਾ ਬਣ ਕੇ ਤੂੰ ਨਾਰ ਵਿਆਹੀ ?
ਉਇ ਦੂਰ ਦੇ ਰਾਹੀ !

ਇਕ ਵਕਤ ਤੂੰ ਬਣਿਆਂ, ਇਕ ਵਡ-ਪਰਵਾਰੀ,
ਘੜ ਪੱਥਰ ਬਣਿਓਂ, ਮਿਰਗਾਂ ਦਾ ਸ਼ਿਕਾਰੀ ।
ਤੂੰ ਜੋੜ ਕਬੀਲਾ, ਇਕ ਨਗਰ ਵਸਾਇਆ,
ਰਾਜਾ ਜਿਹਾ ਬਣ ਕੇ, ਤੂੰ ਰਣ ਵਿਚ ਆਇਆ ।
ਹਥਿਆਰ ਫੜਾ ਕੇ ਤੂੰ ਫੌਜ ਬਣਾਈ,
ਇਕ ਹੋਰ ਕਬੀਲੇ ਤੇ ਜਾਇ ਚੜ੍ਹਾਈ,
ਬੰਦੂਕਾਂ ਤੋਪਾਂ ਧਰ ਜੰਗ ਮਚਾਈ
ਬਮ ਅਰਸ਼ੋਂ ਵੱਸੇ, ਮਚ ਗਈ ਤਬਾਹੀ ।
ਉਇ ਦੂਰ ਦੇ ਰਾਹੀ !

ਐਥੋਂ ਤਕ ਜਾ ਕੇ, ਕੀ ਬਣਿਆਂ ਤੇਰਾ ?
ਪੈਂਡਾ ਨਹੀਂ ਮੁੱਕਾ ਰਾਹ ਪਿਆ ਬਹੁਤੇਰਾ ।
ਹੁਣ ਐਟਮ ਬਮ ਦੀ ਆ ਗਈ ਹੈ ਵਾਰੀ,
ਤੂੰ ਸਾਂਭ ਸਕੇਂਗਾ, ਹੁਣ ਦੁਨੀਆਂ ਸਾਰੀ ।
ਪਰ ਲੰਮਾ ਪੈਂਡਾ, ਤੂੰ ਕਿਉਂ ਨਹੀਂ ਤਕਦਾ ?
ਕੀ ਬੰਦਿਓਂ ਦਿਉਤਾ ਤੂੰ ਬਣ ਨਹੀਂ ਸਕਦਾ ?
ਇਕ ਰੀਝ ਅਮਨ ਦੀ ਜੇ ਚਾਹੇਂ ਲਾਹੀ,
ਤੂੰ ਰਚ ਸਕਦਾ ਹੈਂ ਇਕ ਸਮਾਂ ਅਲਾਹੀ ।
ਉਇ ਦੂਰ ਦੇ ਰਾਹੀ !

34. ਵੀਣਾ

ਗੀਤ

(ਮਨ ਸਮਝਾਵਾ)

ਮਧੁਰ ਮਧੁਰ ਧੁਨ ਗਾ ਮੇਰੀ ਵੀਣਾ !-ਟੇਕ

1
ਨਾਜ਼ਕ ਤਰਬਾਂ, ਕੋਮਲ ਤਾਰਾਂ,
ਲੰਮੀਆਂ ਉੱਚੀਆਂ ਤੇ ਮੁਟਿਆਰਾਂ ।
ਤੜਫਣ, ਜੀਵਨ-ਛੁਹ ਦੀਆਂ ਭੁਖੀਆਂ,
ਜਖ਼ਮੇ ਨਾਲ ਬੁਲਾ ਮੇਰੀ ਵੀਣਾ,
ਮਧੁਰ ਮਧੁਰ ਧੁਨ ਗਾ ਮੇਰੀ ਵੀਣਾ ।

2
ਸੁੰਦਰ ਸੁੰਦਰੀਆਂ ਵਿਚ ਅੜੀਆਂ,
ਕੋਈ ਇਸ਼ਾਰਾ ਤਾਂਘਣ ਖੜੀਆਂ ।
ਦੇ ਕੇ ਸੁਹਲ ਜਿਹਾ ਲਚਕਾਰਾ,
ਬੰਦ ਬੰਦ ਥਰਕਾ ਮੇਰੀ ਵੀਣਾ ।
ਮਧੁਰ ਮਧੁਰ ਧੁਨ ਗਾ ਮੇਰੀ ਵੀਣਾ ।

3
ਛੇੜ ਕੋਈ ਰਸਰਸਾ ਤਰਾਨਾ,
ਆਪਣੇ ਜੀਵਨ ਦਾ ਅਫਸਾਨਾ ।
ਲੈ ਪਰਲੈ ਦਾ ਗੀਤ ਪੁਰਾਣਾ,
ਗਾ ਗਾ ਧੌਣ ਹਿਲਾ ਮੇਰੀ ਵੀਣਾ,
ਮਧੁਰ ਮਧੁਰ ਧੁਨ ਗਾ ਮੇਰੀ ਵੀਣਾ ।

4
ਜਦ ਤਕ ਚਲੇ ਚਲਾਈ ਚਲ ਤੂੰ
ਦੁਨੀਆਂ ਨਾਲ ਨਿਭਾਈ ਚਲ ਤੂੰ,
ਜਦ ਹੋ ਜਾਏ ਉਛਾੜ ਪੁਰਾਣਾ,
ਨਵਾਂ ਲਈਂ ਬਦਲਾ ਮੇਰੀ ਵੀਣਾ,
ਮਧੁਰ ਮਧੁਰ ਧੁਨ ਗਾ ਮੇਰੀ ਵੀਣਾ ।

35. ਨੇਮ ਤੇ ਪ੍ਰੇਮ

ਕਾਫ਼ੀ ਕਵਾਲੀ

ਇਕ ਦਿਨ ਨੇਮ ਤੇ ਪ੍ਰੇਮ ਦੁਹਾਂ ਵਿਚ ਹੋ ਪਈ ਛੇੜ ਛਿੜਾਈ,
ਹਸਦਿਆਂ ਹਸਦਿਆਂ ਵਾਧੇ ਪੈ ਗਈ, ਲੱਸੀ ਵਾਂਗ ਲੜਾਈ ।

ਨੇਮ ਕਹੇ ਮਰਜਾਦਾ ਬਾਝੋਂ, ਕੋਈ ਗੱਲ ਨ ਸਰਨੀ ਹੈ,
ਪ੍ਰੇਮ ਕਹੇ ਮੈਂ ਖੰਭ ਖੁਹਾ ਕੇ, ਦੁਨੀਆਂ ਕੈਦ ਨ ਕਰਨੀ ਹੈ ।

ਨੇਮ ਕਹੇ ਫੜ ਮਨ ਦੀਆਂ ਵਾਗਾਂ, ਨੱਕ ਦੀ ਸੇਧੇ ਜਾਣਾ ਹੈ ।
ਪ੍ਰੇਮ ਕਹੇ ਇਹ ਮੱਤਾ ਹਾਥੀ, ਬਿਨਾਂ ਲਗਾਮ ਚਲਾਣਾ ਹੈ ।

ਨੇਮ ਕਹੇ ਚਲ ਮੰਦਰ ਦੇ ਵਿਚ, ਚੰਦਨ ਤਿਲਕ ਲਗਾਇਆ ਕਰ,
ਪ੍ਰੇਮ ਕਹੇ ਬਹਿ ਇੱਕਲਵਾਂਜੇ, ਅੰਦਰ ਜੋਤ ਜਗਾਇਆ ਕਰ ।

ਨੇਮ ਕਹੇ ਫੜ ਤੁਲਸੀ ਮਾਲਾ, ਹਰ ਦਮ ਨਾਮ ਧਿਆਈ ਦਾ,
ਪ੍ਰੇਮ ਕਹੇ ਸਮਝਾ ਕੇ ਲੇਖਾ, ਰੱਬ ਨੂੰ ਨਹੀਂ ਪਰਚਾਈਦਾ ।

ਨੇਮ ਕਹੇ ਮੈਂ ਮੰਦਰ ਦੇ ਵਿਚ, ਮੂਰਤ ਪੂਜ ਬਹਾਲੀ ਹੈ,
ਪ੍ਰੇਮ ਕਹੇ ਉਸ ਮਨ-ਮੋਹਨ ਤੋਂ, ਖੂੰਜ ਨ ਕੋਈ ਖਾਲੀ ਹੈ ।

ਨੇਮ ਕਹੇ ਮੈਂ ਜ਼ੁਹਦ ਕਮਾ ਕੇ, ਜੰਨਤ ਦੇ ਵਿਚ ਜਾਣਾ ਹੈ,
ਪ੍ਰੇਮ ਕਹੇ ਅਸਾਂ ਏਸੇ ਜਗ ਵਿਚ, ਨਵਾਂ ਬਹਿਸ਼ਤ ਬਣਾਣਾ ਹੈ ।

ਨੇਮ ਕਹੇ ਮੈਂ ਫਲਸਫਿਆਂ ਦਾ, ਉੱਚਾ ਤੰਬੂ ਤਾਣ ਲਿਆ,
ਪ੍ਰੇਮ ਕਹੇ ਮੈਂ ਬੇ-ਇਲਮਾਂ ਵਿਚ, ਵਸਦਾ ਰੱਬ ਪਛਾਣ ਲਿਆ ।

ਨੇਮ ਕਹੇ ਮੈਂ ਲੀਹਾਂ ਕਦੀਮੀ, ਉੱਤੇ ਉੱਤੇ ਜਾਣਾ ਹੈ,
ਪ੍ਰੇਮ ਕਹੇ ਮੈਂ ਜੁਗ ਜੁਗ ਦੇ ਵਿਚ, ਨਵਾਂ ਲਿਬਾਸ ਵਟਾਣਾ ਹੈ ।

36. ਕਮਾਲ ਕੀ ਹੈ ?

ਗ਼ਜ਼ਲ ਕਵਾਲੀ

ਕਿਸੇ ਨੇ ਇਸ਼ਕ ਨੂੰ ਪੁੱਛ ਕੀਤੀ,
ਕਿ ਤੇਰੇ ਅੰਦਰ ਕਮਾਲ ਕੀ ਹੈ ?
ਜੋ ਫਸ ਗਿਆ, ਫਿਰ ਫਟਕ ਨ ਸਕਦਾ,
ਅਜ਼ਾਬ ਹੈ ਤੇਰਾ ਜਾਲ ਕੀ ਹੈ ।

ਵਿਖਾ ਕੇ ਝਾਕੀ, ਉਡਾ ਕੇ ਜਿਗਰਾ,
ਅੜਾ ਕੇ ਕੁੰਡੀ, ਫਸਾ ਕੇ ਪੰਛੀ,
ਨਾ ਆ ਕੇ ਫਿਰ ਉਸ ਦੀ ਬਾਤ ਪੁੱਛੇਂ,
'ਸੁਣਾ ਮੀਆਂ ਤੇਰਾ ਹਾਲ ਕੀ ਹੈ ?'

ਤੇਰੇ ਭੁਲਾਏ, ਖ਼ੁਦਾ ਭੁਲਾ ਕੇ,
ਤੇਰੇ ਧੂਏਂ ਦੇ ਫ਼ਕੀਰ ਬਣਦੇ,
ਤੇ ਤੂੰ ਪਿਆ ਅੱਖੀਆਂ ਚੁਰਾਵੇਂ,
ਏ ਬੇ-ਵਫ਼ਾਈ ਦੀ ਚਾਲ ਕੀ ਹੈ ?

ਜਵਾਬ ਮਿਲਿਆ, ਕਿ ਤੂੰ ਕੀ ਜਾਣੇਂ ?
ਹੈ ਖੇਡ ਬਾਲਾਂ ਦੀ ਤੇਰੇ ਭਾਣੇ,
ਏ ਲੱਗੇ ਜਿਸ ਤਨ ਉਹੋ ਪਛਾਣੇ,
ਕਿ ਇਸ ਖਜਾਨੇ 'ਚ ਮਾਲ ਕੀ ਹੈ ?

ਜਿਨ੍ਹਾਂ ਨੇ ਇਸ ਨੈਂ ਦੀ ਲੀਤੀ ਤਾਰੀ,
ਉਨ੍ਹਾਂ ਨੂੰ ਰਹਿੰਦੀ ਨ ਜਾਨ ਪਿਆਰੀ,
ਜੋ ਬਣ ਗਏ ਇਸ਼ਕ ਦੇ ਬਪਾਰੀ,
ਉਨ੍ਹਾਂ ਨੂੰ ਮਰਨਾ ਮਹਾਲ ਕੀ ਹੈ ?

ਏ ਐਸਾ ਚੇਟਕ ਹੈ ਨਾਸ ਜਾਣਾ,
ਹਰਾਮ ਕਰ ਦੇਵੇ ਪੀਣਾ ਖਾਣਾ,
ਨਾ ਟਿਕ ਕੇ ਬਹਿਣਾ ਨ ਅੱਖ ਲਾਣਾ,
ਕਰਾਰ ਆਵੇ ਮਜਾਲ ਕੀ ਹੈ ?

ਹੈ ਇਸ਼ਕ ਦੀ ਐਸੀ ਲਿਸ਼ਕ ਬਾਹੀ,
ਨ ਜਾਨ ਨਿਕਲੇ ਨ ਖੁਲ੍ਹੇ ਫਾਹੀ,
ਤੜਫਦੇ ਰਹਿਣਾ ਤੇ ਸੀ ਨਾ ਕਰਨਾ,
ਇਹੋ ਹੀ ਹੈ ਹੋਰ ਘਾਲ ਕੀ ਹੈ ?

ਵਿਛੋੜਾ ਤੇ ਮੇਲ ਦੋਵੇਂ ਭੈੜੇ,
ਅਨੰਦ ਸਾਰਾ ਉਡੀਕ ਵਿਚ ਹੈ,
ਜੁਦਾਈ ਮੱਛੀ ਨੂੰ ਪੁੱਛ ਜਾ ਕੇ,
ਪਤੰਗਾ ਜਾਣੇ ਵਿਸਾਲ ਕੀ ਹੈ ?

ਏ ਉੱਤੋਂ ਵੇਖੀਂ ਨਾ ਭੋਲੇ ਭਾਲੇ,
ਇਨ੍ਹਾਂ ਦੇ ਦੀਦੇ ਨੇ ਸੂਝ ਵਾਲੇ,
ਨਫ਼ੇ ਤੇ ਘਾਟੇ ਨੂੰ ਜਾਣਦੇ ਨੇ,
ਹਰਾਮ ਕੀ ਹੈ, ਹਲਾਲ ਕੀ ਹੈ ?

ਲਹਾ ਕੇ ਖੱਲਾਂ, ਵਢਾ ਕੇ ਧੋਣਾਂ,
ਕਰਾ ਕੇ ਟੋਟੇ, ਬਣਾ ਕੇ ਕੀਮੇ,
ਦਿਖਾਣ ਚੜ੍ਹ ਚੜ੍ਹ ਕੇ ਸੂਲੀਆਂ ਤੇ,
ਕਿ ਆਸ਼ਕੀ ਦਾ ਜਲਾਲ ਕੀ ਹੈ ?

ਏ ਪੌੜੀ ਅਰਸ਼ਾਂ ਤੇ ਜਾਣ ਦੀ ਹੈ,
ਫਨਾ ਬਕਾ ਵਿਚ ਪੁਚਾਣ ਦੀ ਹੈ,
ਏ ਜ਼ੱਰੇ ਸੂਰਜ ਬਣਨ ਨੂੰ ਉਠਦੇ,
ਇਨ੍ਹਾਂ ਦੇ ਅੱਗੇ ਮਸ਼ਾਲ ਕੀ ਹੈ ?

37. ਜਗ ਰਚਨਾ

ਸੋਚਾਂ ਖੋਜਾਂ ਤਜਰਬਿਆਂ ਨੇ,
ਕੀਤਾ ਅੰਤ ਨਿਤਾਰਾ,
ਕਾਦਰ ਵਿਚੋਂ ਕੁਦਰਤ ਬਣ ਗਈ,
ਸੁਹਜਾਂ ਦਾ ਭੰਡਾਰਾ ।
ਹੁਸਨ ਇਸ਼ਕ ਦਾ ਕਿੱਸਾ ਛਿੜਿਆ,
ਅਗਨਿ ਪ੍ਰੇਮ ਦੀ ਜਾਗੀ,
ਨਰ ਮਦੀਨ ਦਾ ਸੰਗਮ ਹੋ ਕੇ,
ਫੈਲ ਗਿਆ ਜਗ ਸਾਰਾ ।
ਮਾਨੁਖਤਾ ਨੇ ਹੋਸ਼ ਸੰਭਾਲੀ,
ਰੱਬ ਦਾ ਹੁਲੀਆ ਘੜਿਆ,
ਕਲਪੀ ਗਈ ਖ਼ਿਆਲ ਦੀ ਦੁਨੀਆਂ,
ਰਿਸ਼ੀਆਂ ਮੁਨੀਆਂ ਦੁਆਰਾ ।
ਸਿੱਧਾਂਤਾਂ ਤੇ ਮਤਭੇਦਾਂ ਦੀ,
ਪੈ ਗਈ ਭੀੜ ਚੁਫੇਰੇ,
ਫਿਰਕੇਦਾਰਾਂ ਨੇ ਲੜ ਭਿੜ ਕੇ,
ਕੀਤਾ ਚੌੜ ਅਕਾੜਾ ।

38. ਅਣਡਿੱਠਾ ਸਾਜਨ

ਅਣਡਿੱਠੇ ਸਾਜਨ ਦਾ ਹੁਲੀਆ,
ਮੈਂ ਸੁਪਨੇ ਵਿਚ ਘੜਿਆ,
ਖੇੜਾ, ਖ਼ੁਸ਼ੀ ਖ਼ੁਮਾਰ ਅਗੰਮੀ,
ਦਰਸ਼ਨ ਕਰ ਕੇ ਚੜ੍ਹਿਆ ।
ਛੁਹ ਬੁੱਲ੍ਹਾਂ ਦੀ ਲੂੰ ਲੂੰ ਮੇਰਾ,
ਸੁਆਦ ਸੁਆਦ ਕਰ ਛੜਿਆ,
ਰਸ ਦਾਤੇ ਦੇ ਪਲਕਾਰੇ ਵਿਚ,
ਸਬਰ ਮੇਰਾ ਖੋਹ ਖੜਿਆ ।
ਤ੍ਰਬਕ ਉਠੀ, ਖੁਲ੍ਹ ਗਈਆਂ ਅੱਖਾਂ,
ਮੁੜ ਮੁੜ ਮਲ ਮਲ ਤੱਕਾਂ,
ਸ਼ਾਲਾ ਉਹ ਅਧ-ਖੁਲ੍ਹੀਆਂ ਬੁਲ੍ਹੀਆਂ,
ਜਾਗਦਿਆਂ ਛੁਹ ਸੱਕਾਂ ।
ਸੁਪਨੇ ਅੰਦਰ ਕਲਪੀ ਸੁਹਣੀ,
ਸੂਰਤ ਜੇ ਮਿਲ ਜਾਵੇ,
ਜੀਵਨ ਜੋਤ ਜੜੀ ਚਾਨਣ ਦੀ,
ਦਿਲ ਸ਼ੀਸ਼ੇ ਵਿਚ ਰੱਖਾਂ ।

39. ਭਾਵੇਂ ਤੁਸਾਂ ਭੁਲਾ……

ਭਾਵੇਂ ਤੁਸਾਂ ਭੁਲਾ ਛੱਡਿਆ ਹੈ,
ਮੈਂ ਤੇ ਭੁੱਲ ਨਹੀਂ ਸਕਦਾ,
ਮਰਨ ਕਿਨਾਰੇ ਆ ਪਹੁੰਚਾ ਹਾਂ,
ਦਰਵਾਜ਼ੇ ਵਲ ਤਕਦਾ ।
ਜ਼ਰਾ ਕੁ ਹੱਥ ਉਲਾਰੋਗੇ ਤਾਂ,
ਲੱਗ ਜਾਵਾਂਗਾ ਬੰਨੇ,
ਬਿਰਦਪਾਲ ਨਹੀਂ ਕਦੇ ਬੂਹੇ ਤੇ,
ਆਏ ਹੋਏ ਧੱਕਦਾ ।
ਨਿਰਾ ਹੁਸਨ ਹੀ ਹੁਸਨ ਤੁਸੀਂ,
ਅਸੀਂ ਦਰਸ਼ਨ ਦੇ ਦੀਵਾਨੇ,
ਸੱਖਣੇ ਸੱਖਣੇ ਸਹਿਕ ਰਹੇ,
ਦੋ ਨੈਣਾਂ ਦੇ ਪੈਮਾਨੇ ।
ਜੋਤ ਹਜੂਰੀ ਜਗੀ ਜਦੋਂ ਦੀ,
ਸਿਦਕੀ ਪੁਜਦੇ ਆਏ,
ਸਾਡੇ ਤੇ ਭੀ ਖੋਲ੍ਹੇ ਨਾ ਹੁਣ,
ਬਖ਼ਸ਼ਾਂ ਦੇ ਮੈਖ਼ਾਨੇ ।

40. ਅਣਮੁੱਕ ਰਸਤਾ

ਰਾਹੀ ਦੇ ਚਿਹਰੇ ਤੇ,
ਖਿੜਦੇ ਹਾਸੇ,
ਵਲ ਨਾ ਜਾਈਂ,
ਸੀਨੇ ਵਿਚ
ਨਾਸੂਰ ਪੁਰਾਣੇ
ਚੋਣ ਹਜਾਰੀਂ ਥਾਈਂ ।

ਜੀਉਣ-ਪੰਧ ਦੀ
ਅਦਲ ਬਦਲ ਵਿਚ,
ਹੁਲੀਏ ਕਈ ਵਟਾਏ,
ਪਤਾ ਨਹੀਂ
ਇਸ ਰਾਹ ਵਿਚ
ਤੁਰਿਆ ਜਾਣਾ ਹੈ ਕਦ ਤਾਈਂ ।

41. ਆਵਾਗਵਨ

ਕਰ ਇਤਫਾਕ ਤ੍ਰੇਲ-ਕਣੀਆਂ ਨੇ,
ਮੋਤੀ ਚਾ ਝਲਕਾਇਆ,
ਪੌਣ ਚਲੀ, ਮੋਤੀ ਢਹਿ ਥੱਲੇ,
ਧਰਤੀ ਵਿਚ ਸਮਾਇਆ ।

ਮੁੱਦਤ ਪਾ, ਇਕ ਨਵੇਂ ਸ਼ਿਗੂਫੇ,
ਹੋਰ ਗੁਲਾਬ ਖਿੜਾਇਆ,
ਚੱਕਰ ਦੇ ਵਿਚ ਤ੍ਰੇਲ ਪੈ ਗਈ,
ਕਰਤੇ ਗੇੜ ਚਲਾਇਆ ।

ਆਉਣ ਜਾਣ ਅਨਾਦਿ ਅਨੰਤੀ,
ਚੱਕਰ ਚਲੇ ਪੁਰਾਣਾ,
ਤ੍ਰੇਲ-ਕਣੀ ਨੇ ਅਰਸ਼ੋਂ ਲਹਿ ਕੇ,
ਸਬਜ਼ੇ ਤੇ ਬਹਿ ਜਾਣਾ ।

ਸੂਰਜ ਕਿਰਨਾਂ ਭਾਫ ਬਣਾ ਕੇ,
ਵਿਚ ਅਰਸ਼ੇ ਪਹੁੰਚਾਣਾ,
ਜੀਵ ਜੁਲਾਹੀ ਵਾਂਗ,
ਚਲਾਈ ਰੱਖੇ ਤੰਦਣ-ਤਾਣਾ ।

42. ਰਾਂਝਣ ਯਾਰ

ਕਾਫ਼ੀ ਕੱਵਾਲੀ

ਮੈਂ ਢੁੰਡੇਂਦੀ ਰਾਂਝਣ ਯਾਰ-ਟੇਕ
1
ਲਾਚੇ ਨੂੰ ਲਗੇ ਬੁੱਕ ਬੁੱਕ ਤਾਰੇ,
ਵੰਝਲੀ 'ਕੁਨ-ਫਯਕੂਨ' ਪੁਕਾਰੇ,
ਮੰਗੂ ਜਿਦ੍ਹੇ ਫ਼ਰਿਸ਼ਤਿਓਂ ਸੁਹਣੇ,
ਸਭ ਦੁਨੀਆਂ ਤੋਂ ਚੌੜੀ ਬਾਰ ।
ਮੈਂ ਢੁੰਡੇਂਦੀ ਰਾਂਝਣ ਯਾਰ ।

2
ਰਾਂਝਣ ਨਾਲ ਮੁਹੱਬਤ ਲਾਈ,
ਪਰ ਉਸ ਐਸੀ ਨਿਗਹ ਖੁੰਝਾਈ,
ਮੈਂ ਲੱਭਦੀ ਰਹੀ ਝੰਗ ਸਿਆਲੀਂ,
ਉਹ ਜਾਪੇ ਲੌਲਾਕੋਂ ਪਾਰ ।
ਮੈਂ ਢੁੰਡੇਂਦੀ ਰਾਂਝਣ ਯਾਰ ।

3
ਖੋਜ ਫੜਨ ਮੈਂ ਬਾਹਰ ਆਈ,
ਦੱਸ ਪਈ ਦਿਲਬਰ ਹਰ-ਜਾਈ,
ਬਣੇ ਮਸੀਤੇ ਮੱਕੀ ਮਦਨੀ,
ਮੰਦਰ ਦੇ ਵਿਚ ਕ੍ਰਿਸ਼ਨ ਮੁਰਾਰ ।
ਮੈਂ ਢੁੰਡੇਂਦੀ ਰਾਂਝਣ ਯਾਰ ।

4
ਸੁਘੜ ਸਹੇਲੀਓ ਤਰਸ ਕਮਾਓ,
ਜਾ ਰਾਂਝਣ ਨੂੰ ਯਾਦ ਕਰਾਓ,
ਡੋਲੇ ਚੜ੍ਹਦੀ ਨਾਲ ਜੋ ਕੀਤੇ,
ਭੁੱਲ ਨ ਜਾਏ ਕੌਲ ਕਰਾਰ ।
ਮੈਂ ਢੁੰਡੇਂਦੀ ਰਾਂਝਣ ਯਾਰ ।

43. ਬਸੰਤ

1
ਸਰਦੀ ਸਰਦ ਪੈ ਗਈ, ਆਈ ਰੁੱਤ ਮਿੱਠੀ,
ਖੇਤਰ ਪੱਲ੍ਹਰੇ ਟਹਿਕੀਆਂ ਵਾੜੀਆਂ ਨੇ,
ਰੁੱਖ ਪੁੰਗਰੇ, ਡਾਲੀਆਂ ਫੁੱਲ ਕੱਢੇ,
ਲਗਰਾਂ ਖ਼ੁਸ਼ਕ, ਪਤਝੜੀ ਦੀਆਂ ਸਾੜੀਆਂ ਨੇ,
ਕਲੀਆਂ ਲੁਕ ਲੁਕ ਝਾਕਦੀਆਂ ਘੁੰਡ ਵਿਚੋਂ,
ਜਿਵੇਂ ਡੋਲੀਓਂ ਨਿਕਲੀਆਂ ਲਾੜੀਆਂ ਨੇ,
ਢੋਲਕ ਧਰੀ ਸ਼ਦਿਆਨੇ ਦੀ ਬੁਲਬੁਲਾਂ ਨੇ,
ਅਤੇ ਭੌਰਿਆਂ ਸੁੱਖਣਾਂ ਚਾੜ੍ਹੀਆਂ ਨੇ ।

ਕੁਦਰਤ ਨਿਕਲੀ ਹਾਰ ਸ਼ਿੰਗਾਰ ਕਰ ਕੇ,
ਨੱਢੀ ਬਾਹਰ ਸਿਆਲ ਤੋਂ ਆਉਂਦੀ ਏ,
ਅਤਰ ਭਿੰਨੀਆਂ ਮਾਰ ਕੇ ਫੁੱਲ-ਛਟੀਆਂ,
ਮੁਰਦਾ ਰੂਹਾਂ ਨੂੰ ਮੁੜ ਕੇ ਜਿਵਾਉਂਦੀ ਏ ।

2
ਨੀ ਕਪਾਹੀ ਦੁਪੱਟੜੇ ਵਾਲੀਏ ਨੀਂ !
ਕਾਮਨਹਾਰੀਏ, ਕਾਮ ਦੀਏ ਕੁੰਨੀਏ ਨੀਂ !
ਟਾਹਣੀ ਵਾਂਗ ਫੁੱਲਾਂ ਨਾਲ ਲੱਦੀਏ ਨੀਂ !
ਮਹਿਕਾਂ ਭਰੀ, ਫੁਲੇਲ ਵਿਚ ਗੁੰਨ੍ਹੀਏ ਨੀਂ !
ਸਰੂ ਵਾਂਗ ਹੈ ਕਦੇ ਨਿਗਾਹ ਉੱਚੀ,
ਲਗਰ ਵਾਂਗ ਦੂਹਰੀ ਕਦੇ ਹੁੰਨੀਏ ਨੀਂ !
ਬਾਗਾਂ ਵਿਚ ਪੇਲੇਂ, ਥਈਆ ਥਈਆ ਕਰਦੀ,
ਸੈਤੀ ਵਾਂਗ ਮੁਰਾਦ ਨੂੰ ਪੁੰਨੀਏ ਨੀਂ ।

ਨੀ ਬਸੰਤ ਕੌਰੇ ! ਕੋਈ ਹੋਸ਼ ਕਰ ਨੀਂ,
ਤੈਨੂੰ ਮਰਨ ਮਿੱਟੀ ਕਾਹਦੀ ਚੜ੍ਹੀ ਹੋਈ ਏ ?
ਨਿੱਕਲ ਖ਼ਿਜ਼ਾਂ ਦੇ ਸੂਤਕੋਂ ਫੁੱਲੀਓਂ ਕਿਉਂ ?
ਔਧਰ ਦੇਖ, ਗਰਮੀ ਸਿਰ ਤੇ ਖੜੀ ਹੋਈ ਏ ।

44. ਨਵੀਂ ਦੁਨੀਆਂ

ਗੀਤ

ਪੰਛੀਆ ! ਨਵੀਂ ਉਡਾਰੀ ਮਾਰ-ਟੇਕ

1
ਖੰਭ ਖਿਲਾਰ, ਫੁਲਾ ਕੇ ਛਾਤੀ,
ਅਰਸ਼ੇ ਪਹੁੰਚ, ਮਾਰ ਇਕ ਝਾਤੀ,
ਵੇਖ ਰਚੀਂਦਾ ਮਾਤ ਲੋਕ ਵਿਚ,
ਸੁਪਨਿਆਂ ਦਾ ਸੰਸਾਰ,
ਪੰਛੀਆ ! ਨਵੀਂ ਉਡਾਰੀ ਮਾਰ ।

2
ਰੰਗ ਨਸਲ ਤਕ ਘੁਲਦੇ ਮਿਲਦੇ,
ਮਿਟਦੇ ਜਾਂਦੇ ਪਾੜੇ ਦਿਲ ਦੇ,
ਰਲਦੇ ਲਹੂ, ਰਿਵਾਜ ਬਦਲਦੇ,
ਏਕੇ ਦਾ ਪਰਚਾਰ,
ਪੰਛੀਆ ! ਨਵੀਂ ਉਡਾਰੀ ਮਾਰ ।

3
ਦਫ਼ਨ ਹੋ ਰਹੀ ਫ਼ਿਰਕੇਦਾਰੀ,
ਛੁਹ ਦੀ ਲਾਹਨਤ, ਬੇ-ਇਤਬਾਰੀ,
ਗ਼ਲਤ ਅਕੀਦਿਆਂ ਦੀ ਬੀਮਾਰੀ,
ਸਭ ਦੁਨੀਆਂ ਬੇਜ਼ਾਰ,
ਪੰਛੀਆ ! ਨਵੀਂ ਉਡਾਰੀ ਮਾਰ ।

4
ਤਕ ਮਜ਼ਹਬ ਦਾ ਸੂਰਜ ਢਲਦਾ,
ਮਾਨੁੱਖਤਾ ਦਾ ਸਿੱਕਾ ਚਲਦਾ,
ਮਕਰ, ਦਿਖਾਵੇ ਦਾ ਮੂੰ੍ਹਹ ਕਾਲਾ,
ਸੱਚ ਦੀ ਜੈ-ਜੈ-ਕਾਰ,
ਪੰਛੀਆ ! ਨਵੀਂ ਉਡਾਰੀ ਮਾਰ ।

5
ਜੰਗ ਜਦਲ ਹਟਕੋਰੇ ਖਾਂਦਾ,
ਅਮਨ ਨਵਾਂ ਸੰਸਾਰ ਵਸਾਂਦਾ,
ਆਪਣੀ ਮੌਤੇ ਮਰਦਾ ਜਾਂਦਾ,
ਤਾਕਤ ਦਾ ਹੰਕਾਰ,
ਪੰਛੀਆ ! ਨਵੀਂ ਉਡਾਰੀ ਮਾਰ ।

6
ਸਭ ਦੁਨੀਆਂ ਦੀ ਸਾਂਝੀ ਧਰਤੀ,
ਖੋਜਾਂ ਵਾਲੇ ਹੋ ਰਹੇ ਭਰਤੀ,
ਫੋਲ ਫੋਲ ਕੇ ਬਾਹਰ ਲਿਆਉਣ,
ਦੌਲਤ ਦਾ ਭੰਡਾਰ,
ਪੰਛੀਆ ! ਨਵੀਂ ਉਡਾਰੀ ਮਾਰ ।

45. ਸ਼ਾਲਾ

ਕਾਫ਼ੀ ਕੱਵਾਲੀ

ਸ਼ਾਲਾ ਮੈਂ ਲਾਲ ਰਿਝਾ ਸਕਦੀ ।-ਟੇਕ

1
ਪ੍ਰੇਮ ਨਗਰ ਵਿਚ ਅਪੜ ਜਾਂਦੀ,
ਗਲੀ ਬਜ਼ਾਰੀਂ ਫੇਰਾ ਪਾਂਦੀ,
ਪੁਛਦੀ ਪੁਛਦੀ, ਲਭਦੀ ਲਭਦੀ,
ਦਰਵਾਜ਼ੇ ਤਕ ਜਾ ਸਕਦੀ ।
ਸ਼ਾਲਾ ਮੈਂ ਲਾਲ ਰਿਝਾ ਸਕਦੀ ।

2
ਹੌਲੀ ਹੌਲੀ ਪੌੜੀ ਚੜ੍ਹਦੀ,
ਹਿੰਮਤ ਕਰ, ਅੰਦਰ ਜਾ ਵੜਦੀ,
ਝਕਦੀ ਝਕਦੀ, ਡਰਦੀ ਡਰਦੀ,
ਪਰਦਾ ਪਰੇ ਹਟਾ ਸਕਦੀ ।
ਸ਼ਾਲਾ ਮੈਂ ਲਾਲ ਰਿਝਾ ਸਕਦੀ ।

3
ਖ਼ੀਵੀ ਹੁੰਦੀ ਦਰਸ਼ਨ ਕਰ ਕੇ,
ਢਹਿ ਪੈਂਦੀ, ਚਰਨੀਂ ਸਿਰ ਧਰ ਕੇ,
ਪਾ ਪਾ ਕੇ ਹੰਝੂਆਂ ਦਾ ਪਾਣੀ,
ਮੀਟੇ ਨੈਣ ਖੁਲ੍ਹਾ ਸਕਦੀ । ਸ਼ਾਲਾ ਮੈਂ ਲਾਲ ਰਿਝਾ ਸਕਦੀ ।

4
ਓਹ ਤਕ ਲੈਂਦੇ, ਮੈਂ ਠਰ ਜਾਂਦੀ,
ਓਹ ਚੁਕ ਲੈਂਦੇ, ਮੈਂ ਤਰ ਜਾਂਦੀ,
ਪੀੜ ਹਿਜਰ ਦੀ, ਜਖ਼ਮ ਜਿਗਰ ਦੇ,
ਹਿਰਦਾ ਚੀਰ ਵਿਖਾ ਸਕਦੀ ।
ਸ਼ਾਲਾ ਮੈਂ ਲਾਲ ਰਿਝਾ ਸਕਦੀ ।

5
ਸੁਣਿਆਂ ਜਾਂਦਾ ਕਿੱਸਾ ਸਾਰਾ,
ਖੁਲ੍ਹ ਜਾਂਦਾ ਬਖਸ਼ਸ਼ ਦਾ ਦੁਆਰਾ,
ਤੁਲਾ ਜਰਜਰਾ, ਦੂਰ ਕਿਨਾਰਾ,
ਤਕਵੇ ਨਾਲ ਲੰਘਾ ਸਕਦੀ ।
ਸ਼ਾਲਾ ਮੈਂ ਲਾਲ ਰਿਝਾ ਸਕਦੀ ।

46. ਭੰਭਟ

ਭੰਭਟ ਪਾਸੋਂ, ਕੁਕੜਾ ! ਸਿੱਖ ਪ੍ਰੇਮ ਦਾ ਰਾਜ਼,
ਦੀਪਕ ਤੇ ਭੁੱਜ ਭੁੱਜ ਮਰੇ, ਕੱਢੇ ਨਾ ਆਵਾਜ਼ ।

ਬੁਲਬੁਲ ਨਹੀਂ ਕਿ ਰੋਂਦਿਆਂ, ਲਾ ਦੇਵਾਂ ਸਿਰ ਪੀੜ,
ਪਰਵਾਨਾ ਹਾਂ, ਸ਼ਮ੍ਹਾਂ ਤੋਂ ਸਦਕੇ ਕਰਾਂ ਸਰੀਰ ।

ਭੰਭਟ ਭੁੱਜੇ ਸ਼ਮ੍ਹਾਂ ਤੇ, ਇੱਕ ਫ਼ਟਾਕਾ ਖਾਇ,
ਸ਼ਮ੍ਹਾਂ ਵਹਾਂਦੀ ਅੱਥਰੂ, ਘੁਲ ਘੁਲ ਕੇ ਮੁੱਕ ਜਾਇ ।

ਪ੍ਰੇਮ ਪੰਥ ਦੀ ਰੀਤਿ ਹੈ, ਗੁਪਤ ਰਹਿਣ ਜਜ਼ਬਾਤ,
ਹੋਛਾ ਤੇ ਹੌਲਾ ਕਰੇ, ਨੰਗੀ ਹੋ ਗਈ ਬਾਤ !

47. ਮਾਲਣ ਨੂੰ

ਗੀਤ
ਮਾਲਣੇ ! ਗੁੰਦ ਕੇ ਲਿਆ ਦੇ ਹਾਰ ।-ਟੇਕ

1
ਪ੍ਰੇਮ ਬਗੀਚਾ, ਕੋਮਲ ਕਲੀਆਂ,
ਕੁਦਰਤ ਦੀ ਗੋਦੀ ਵਿਚ ਪਲੀਆਂ,
ਧੁਰ ਦਰਗ਼ਾਹੋਂ ਵੰਡਣ ਚਲੀਆਂ,
ਸੇਵਾ ਦੀ ਮਹਿਕਾਰ ।
ਮਾਲਣੇ ! ਗੁੰਦ ਕੇ ਲਿਆ ਦੇ ਹਾਰ ।

2
ਮਹਿਕ ਦੇ ਅੰਦਰ ਰਮਜ਼ ਉਚੇਰੀ,
ਇਹ ਦੁਨੀਆਂ ਫੁੱਲਾਂ ਦੀ ਢੇਰੀ,
ਮਹਿਕ ਲੁਟਾ ਕੇ ਸੁੱਕ ਸੜ ਜਾਣਾ,
ਕਰ ਕਰ ਪਰ-ਉਪਕਾਰ ।
ਮਾਲਣੇ ! ਗੁੰਦ ਕੇ ਲਿਆ ਦੇ ਹਾਰ ।

3
ਸਾਈਂ ਦਾ ਸਦਕਾ ਜੱਗ ਵਿਚ ਆਈਆਂ,
ਸਾਈਂ ਨੇ ਸੇਵਾ ਹੇਤ ਬਣਾਈਆਂ,
ਕਰ ਲੈ ਬੰਦਿਆ ਨੇਕ ਕਮਾਈਆਂ,
ਮਾਨੁੱਖ ਜਨਮ ਸੁਆਰ ।
ਮਾਲਣੇ ! ਗੁੰਦ ਕੇ ਲਿਆ ਦੇ ਹਾਰ ।

4
ਚਾਤ੍ਰਿਕ ਲੱਗ ਜਾ ਸੇਵਾ ਦੀ ਕਾਰੇ,
ਵੰਡ ਸੁਟ ਜੀਵਨ ਦੇ ਫੁਲ ਸਾਰੇ,
ਪਹੁੰਚ ਸਕੇਂ ਜੇ ਦੂਰ ਕਿਨਾਰੇ,
ਬੇੜਾ ਹੋ ਜਾਏ ਪਾਰ ।
ਮਾਲਣੇ ! ਗੁੰਦ ਕੇ ਲਿਆ ਦੇ ਹਾਰ ।

48. ਦੇਸ਼ ਪੰਜਾਬ

1
ਹਰੇ ਭਰੇ ਹੇ ਦੇਸ਼ ਪੰਜਾਬ ਮੇਰੇ,
ਸਾਰੇ ਦੇਸ਼ਾਂ ਦੇ ਸਿਰ ਦਾ ਸਰਦਾਰ ਹੈਂ ਤੂੰ,
ਮੁਕਟ ਸਿਹਰਿਆਂ ਲੱਦਿਆ ਪਰਬਤਾਂ ਦਾ,
ਲਾੜਾ ਰੱਬ ਨੇ ਦਿੱਤਾ ਸ਼ਿੰਗਾਰ ਹੈਂ ਤੂੰ,
ਪੰਜਾਂ ਨੈਆਂ ਦੀ ਸਾਈਂ ਨੇ ਲਹਿਰ ਲਾਈ,
ਨਹਿਰਾਂ ਨਾਲ ਬਣ ਰਿਹਾ ਗੁਲਜ਼ਾਰ ਹੈਂ ਤੂੰ,
ਭਾਰਤ-ਵਰਸ਼ ਦੇ ਸੀਸ ਤੇ ਛਤ੍ਰ ਛਾਇਓਂ,
ਅੰਨਾਂ ਧਨਾਂ ਦਾ ਭਰਿਆ ਭੰਡਾਰ ਹੈਂ ਤੂੰ ।

2
ਹਰੀ ਹਰੀ ਪੱਧਰ ਫਸਲਾਂ ਭਰੀ ਤੇਰੀ,
ਠੰਡੀ ਠਰੀ ਪਹਾੜਾਂ ਦੀ ਧਾਰ ਤੇਰੀ,
ਮਾਝੇ, ਮਾਲਵੇ, ਦੜਪ, ਬਹਾਰ ਬੱਧੀ,
ਖਾਣ ਸੋਨੇ ਦੀ ਹੋ ਗਈ ਬਾਰ ਤੇਰੀ,
ਕੰਢੀ ਬੇਟ, ਡੁੱਗਰ, ਮੈਨ ਦਵਾਬ, ਲੰਮਾ,
ਲਹਿ ਲਹਿ ਕਰੇ ਧੰਨੀ ਪੋਠੋਹਾਰ ਤੇਰੀ,
ਤੇਰੇ ਹਲਾਂ ਪੰਜਾਲੀਆਂ ਰੰਗ ਲਾਇਆ,
ਚਾਰ ਕੂਟ ਖਾਵੇ ਪੈਦਾਵਾਰ ਤੇਰੀ ।

3
ਮਾਈ ਬਾਪ ਤੂੰ ਭੁੱਖਿਆਂ ਨੰਗਿਆਂ ਦਾ,
ਵੰਨੋ-ਵੰਨ ਦੇ ਅੰਨ ਉਗਾਉਨਾ ਏਂ,
ਫੁੱਲਾਂ ਫਲਾਂ ਵੱਲਾਂ ਵੱਖਰ-ਵਾੜੀਆਂ ਤੇ,
ਰਸਾਂ ਕਸਾਂ ਦੇ ਢੇਰ ਲਗਾਉਨਾ ਏਂ,
ਵੱਗ ਚਾਰ ਕੇ ਕੁੰਢੀਆਂ ਬੂਰੀਆਂ ਦੇ,
ਦੁੱਧ ਘਿਉ ਦੀ ਨਹਿਰ ਵਗਾਉਨਾ ਏਂ,
ਰਸਤਾਂ ਖੋਲ੍ਹ ਤੂੰ ਮੋਦੀਆ ! ਜੱਗ ਲਾਇਆ,
ਸਾਰੇ ਜੱਗ ਦੀ ਅੱਗ ਬੁਝਾਉਨਾ ਏਂ ।

4
ਤੇਰੀ ਦਿੱਲੀ ਨੇ ਦਿਲ ਦੀ ਮਰੋੜ ਕਿੱਲੀ,
ਤੇ ਕਲਕੱਤਿਓਂ ਤਖ਼ਤ ਪਲਟਾ ਦਿੱਤਾ,
ਝਾਕੀ ਸ਼ਿਮਲੇ ਦੀ ਸੁਰਗ ਦੀ ਖੋਲ੍ਹ ਤਾਕੀ,
ਇੰਦਰਪੁਰੀ ਨੂੰ ਭੀ ਵੱਟਾ ਲਾ ਦਿੱਤਾ,
ਮਰੀ, ਭਾਗਸੁ, ਭਾਗ ਕਸ਼ਮੀਰ ਲਾਇਆ
ਤੇ ਲਾਹੌਰ ਦਾ ਹੁਲੀਆ ਵਟਾ ਦਿੱਤਾ,
ਭੌਣ ਪਰਸਦੇ ਤੇਰੇ ਦਰਬਾਰ ਅੱਗੇ,
ਅੰਮ੍ਰਿਤਸਰ ਨੇ ਬਿਕੁੰਠ ਭਰਮਾ ਦਿੱਤਾ ।

5
ਤੇਰੇ ਜੋਬਨ ਤੇ ਹੁਸਨ ਦੀ ਰੀਸ ਹੈ ਨਹੀਂ,
ਬਰਸੇ ਨੂਰ ਤੇ ਭਖਦੀਆਂ ਲਾਲੀਆਂ ਨੇ,
ਸਿੰਘ ਸੂਰਮੇ, ਡੋਗਰੇ ਕੁੰਢ ਮੁੱਛੇ,
ਪੋਠੋਹਾਰ ਦੀਆਂ ਪੱਟੀਆਂ ਕਾਲੀਆਂ ਨੇ,
ਛੈਲ ਗੱਭਰੂ ਬਾਂਕੇ ਜੁਆਨ ਸੁਹਣੇ,
ਹਿੱਕਾਂ ਚੌੜੀਆਂ ਅੱਖਾਂ ਮਤਵਾਲੀਆਂ ਨੇ,
ਦਰਸ਼ਨ ਕੀਤਿਆਂ ਜਿਨ੍ਹਾਂ ਦੇ ਭੁੱਖ ਲੱਥੇ,
ਕਹੀਆਂ ਸੂਰਤਾਂ ਸੱਚੇ ਵਿਚ ਢਾਲੀਆਂ ਨੇ ।

6
ਜਿਹੜੇ ਦੇਸ਼ ਦਿਸੌੜ ਵਿਚ ਜਾ ਨਿਕਲੇ,
ਝੰਡੇ ਗੱਡੇ ਨੇ ਤੇਰੇ ਦੁਲਾਰਿਆਂ ਦੇ,
ਥੋੜਾ ਖਾਂਦੇ ਤੇ ਬਹੁਤੀ ਕਮਾਈ ਕਰਦੇ,
ਜਾ ਜਾ ਪਾਰ ਸਮੁੰਦਰਾਂ ਖਾਰਿਆਂ ਦੇ,
ਧੁੰਮ ਪਈ ਹੈ ਤੇਰੀ ਬਹਾਦੁਰੀ ਦੀ,
ਕੰਬਣ ਕਾਲਜੇ ਵੈਰੀਆਂ ਸਾਰਿਆਂ ਦੇ,
ਬਰਮਾ ਚੀਨ ਅਫ਼ਰੀਕਾ ਫ਼ਰਾਂਸ ਅੰਦਰ,
ਤਕਮੇ ਮਿਲੇ ਤੈਨੂੰ ਜੰਗਾਂ ਭਾਰਿਆਂ ਦੇ ।

7
ਤੇਰੀ ਹੱਡ-ਬੀਤੀ ਕੀਤੀ ਮਾਤ ਮਹਿਫ਼ਲ,
ਮੱਤਾਂ ਸਿੱਖੀਆਂ ਤੈਥੋਂ ਸੰਸਾਰ ਸਾਰੇ,
ਪਹਿਲਾ ਬਾਬ ਕਿਤਾਬ ਦਾ ਧਰਤ ਤੇਰੀ,
ਖੇਡੇ ਤੇਰੇ ਵਿਚ ਰਿਸ਼ੀ ਅਵਤਾਰ ਸਾਰੇ,
ਇਹ ਸ਼ਿਕਾਰਗਾਹ ਭੀਲਾਂ ਲੁਟੇਰਿਆਂ ਦੀ,
ਵਣਾਂ ਕੰਡਿਆਂ ਦੀ ਭਰੀ ਬਾਰ ਸਾਰੇ,
ਕੀਕੁਰ ਵੱਟ ਕੇ ਆਰੀਆ-ਵਰਤ ਬਣ ਗਈ,
ਤੇਰੀ ਰਾਹੀਂ ਏਹ ਹੋਏ ਵਿਹਾਰ ਸਾਰੇ ।

8
ਰਿਸ਼ੀਆਂ ਮੁਨੀਆਂ ਦੇ ਤਪਾਂ ਦਾ ਤੇਜ ਤੁਧ ਵਿਚ,
ਵਾਰਾਂ ਤੇਰੀਆਂ ਜੱਗ ਵਿਚ ਚੱਲੀਆਂ ਨੇ,
ਪੂਰਨ ਜਤੀ, ਪ੍ਰਹਿਲਾਦ ਜਿਹੇ ਭਗਤ ਹੋਏ,
ਸੀਤਾ ਸਤੀ ਤੇਰੀਆਂ ਜੂਹਾਂ ਮੱਲੀਆਂ ਨੇ,
ਲਊ ਕੁਸ਼ੂ ਨੇ ਜੱਗ ਦਾ ਬੰਨ੍ਹ ਘੋੜਾ,
ਫੌਜਾਂ ਰਾਮ ਦੀਆਂ ਪਿਛ੍ਹਾਂ ਨੂੰ ਘੱਲੀਆਂ ਨੇ,
ਕੈਰੋ ਪਾਂਡਵਾਂ ਛੇੜਿਆ ਮਹਾਂਭਾਰਤ,
ਠਾਰਾਂ ਖੂਹਣੀਆਂ ਖ਼ਾਕ ਵਿਚ ਰੱਲੀਆਂ ਨੇ ।

9
ਲਹੂਆਂ ਭਰੀ ਤਰਥੱਲਾਂ ਦੀ ਵਾਰ ਤੇਰੀ,
ਵੱਗੇ ਕਈ ਅਨ੍ਹੇਰ ਤੂਫ਼ਾਨ ਏਥੇ,
ਲੁੱਟਾਂ ਧਾਵਿਆਂ ਭਾਜੜਾਂ ਮੱਤ ਮਾਰੀ,
ਘੱਲੂਘਾਰੇ ਦੇ ਪਏ ਘਮਸਾਨ ਏਥੇ,
ਜਾਗੇ ਦੇਸ਼ ਨੂੰ ਕਈ ਜਗਾਣ ਵਾਲੇ,
ਸੁੱਤੇ ਸੌਂ ਗਏ ਕਈ ਸੁਲਤਾਨ ਏਥੇ,
ਸਿਰ ਨੂੰ ਤਲੀ ਧਰ ਕੇ ਖੰਡਾ ਵਾਹਣ ਵਾਲੇ,
ਹੀਰੇ ਹੋ ਗਏ ਕਈ ਕੁਰਬਾਨ ਏਥੇ ।

10
ਜੰਮਣ ਭੋਂ ਅਵਤਾਰਾਂ ਤੇ ਆਰਿਫ਼ਾਂ ਦੀ,
ਹਠੀਆਂ ਤਪੀਆਂ ਤੇ ਰੂਹਾਂ ਮਸਤਾਨੀਆਂ ਦੀ,
ਸੂਰਬੀਰਾਂ, ਕਵੀਸ਼ਰਾਂ, ਪੰਡਿਤਾਂ ਦੀ,
ਭਗਤਾਂ, ਧਰਮੀਆਂ, ਬ੍ਰਹਮ-ਗਿਆਨੀਆਂ ਦੀ,
ਤੂੰ ਦਰਗਾਹ ਹੈਂ ਅਸਕਾਂ ਸਾਦਕਾਂ ਦੀ,
ਤੂੰ ਸਮਾਧ ਸਰਬੰਸ ਦੇ ਦਾਨੀਆਂ ਦੀ,
ਤੇਰੀ ਮਿੱਟੀ ਵਿਚ ਮਹਿਕ ਸ਼ਹੀਦੀਆਂ ਦੀ,
ਤੇਰੀਆਂ ਤਰਬਾਂ ਵਿਚ ਗੂੰਜ ਕੁਰਬਾਨੀਆਂ ਦੀ ।

11
ਕੋਟ ਅਕਲ ਦਾ, ਤੇਗ ਦਾ ਧਨੀ ਪੂਰਾ,
ਛੇਤਰ ਧਰਮ ਦਾ, ਭਗਤੀ ਭੰਡਾਰ ਹੈਂ ਤੂੰ,
ਤੂੰ ਉਸਤਾਦ ਕਾਰੀਗਰੀਆਂ ਹਿਕਮਤਾਂ ਦਾ,
ਸ਼ੀਲ ਸੱਭਤਾ, ਨੀਤਿ ਦਾ ਦਵਾਰ ਹੈਂ ਤੂੰ,
ਹੀਰੇ ਲਾਲਾਂ ਦੀ ਖਾਣ ਸਾਹਿੱਤ ਤੇਰਾ,
ਕਾਵਿ-ਕੋਸ਼ ਦਾ ਕੁੰਜੀ-ਬਰਦਾਰ ਹੈਂ ਤੂੰ,
ਰਿਸ਼ਮਾਂ ਇਲਮ ਦੀਆਂ ਪਾਵੇ ਜਹਾਨ ਉੱਤੇ,
ਓਸ ਤਕਸਿਲਾ ਦਾ ਦਾਵੇਦਾਰ ਹੈਂ ਤੂੰ ।

12
ਰੁੱਤਾਂ ਮਿੱਠੀਆਂ, ਬਲੀ ਹੈ ਪੌਣ ਪਾਣੀ,
ਜੋਬਨ ਮੱਤੜਾ ਰੂਪ ਅਪਾਰ ਤੇਰਾ,
ਵੇਸ ਉੱਜਲਾ, ਮਿੱਠੜਾ ਬੋਲ ਤੇਰਾ,
ਬਾਂਕੀ ਚੜ੍ਹਤ ਚਿਹਰਾ ਸ਼ਾਨਦਾਰ ਤੇਰਾ,
ਸ਼ਾਹੂਕਾਰ, ਸਿਪਾਹੀ, ਕਿਰਸਾਣ, ਕਿਰਤੀ,
ਉੱਚਾ ਵਣਜ ਤੇ ਸੁੱਚਾ ਵਪਾਰ ਤੇਰਾ,
ਤੇਰੇ ਦਾਨੇ ਖ਼ਜਾਨੇ ਭਰਪੂਰ 'ਚਾਤ੍ਰਿਕ',
ਪੁੰਨ ਖਾ ਰਿਹਾ ਸਾਰਾ ਸੰਸਾਰ ਤੇਰਾ ।

49. ਜਵਾਨੀ

ਡਿੱਠੀ ਮੈਂ ਜਵਾਨੀ, ਇਕ ਜੱਟੀ ਮੁਟਿਆਰ ਤੇ,
ਵਿਛੀ ਹੋਈ ਇਕ ਸੂਬੇਦਾਰ ਦੇ ਪਿਆਰ ਤੇ ।

ਮੱਥਾ ਉਹਦਾ ਡਲ੍ਹਕਦਾ ਤੇ ਨੈਣਾਂ ਵਿਚ ਨੂਰ ਸੀ,
ਰੂਪ ਦਾ ਗੁਮਾਨ ਤੇ ਜਵਾਨੀ ਦਾ ਗ਼ਰੂਰ ਸੀ ।

ਆਕੜੀ ਨਰੋਈ, ਫ਼ੁੱਲ ਵਾਂਗ ਖਿੜ ਖਿੜ ਹੱਸਦੀ,
ਸਾਬਣ ਦੀ ਚਾਕੀ ਵਾਂਗ ਤਿਲਕ ਤਿਲਕ ਨੱਸਦੀ ।

ਸੇਮ ਵਾਂਗ ਸਿੰਮਦਾ ਸੁਹਾਗ ਦਾ ਸੰਧੂਰ ਸੀ,
ਬੋਤਲ ਦਾ ਨਸ਼ਾ ਉਹਦੇ ਨੈਣਾਂ 'ਚ ਸਰੂਰ ਸੀ ।

ਕੱਸੇ ਹੋਏ ਪਿੰਡੇ ਉੱਤੋਂ ਮੱਖੀ ਤਿਲਕ ਜਾਂਦੀ ਸੀ,
ਹੁਸਨ ਦੇ ਹੁਲਾਰੇ ਸ਼ਮਸ਼ਾਦ ਵਾਂਗ ਖਾਂਦੀ ਸੀ ।

ਚੀਕੂ ਵਾਂਗ ਮਿੱਠੀ ਤੇ ਖਰੋਟ ਵਾਂਗ ਪੱਕੀ ਸੀ,
ਪੀਆ ਦਾ ਪਿਆਰ ਨ ਸੰਭਾਲ ਹਾਲ ਸੱਕੀ ਸੀ ।

ਜੋਬਨ ਮਞੈਲਣਾਂ ਦਾ ਝਲਕਦਾ ਗੁਲਾਬ ਤੇ,
ਸ਼ਾਲਾ ਏਹੋ ਰੰਗ ਚੜ੍ਹੇ ਸਾਰੇ ਹੀ ਪੰਜਾਬ ਤੇ ।

50. ਖੁਸ਼ ਰਹੁ

ਕਾਫ਼ੀ ਕਵਾਲੀ

1
ਗ਼ਮਾਂ ਦੀ ਡੋਬ ਦੇ ਬੇੜੀ,
ਖੁਸ਼ੀ ਦੀ ਨੈਂ 'ਚ ਤਰਿਆ ਕਰ,
ਬਰਾਬਰ ਤੇ ਖੜਾ ਰਹਿ ਕੇ,
ਡਰਾਇਆ ਕਰ ਨ ਡਰਿਆ ਕਰ ।

2
ਜੇ ਚੜ੍ਹ ਬੈਠੇਂ ਚੁਮਜ਼ਲੇ ਤੇ,
ਤਾਂ ਹੇਠਾਂ ਭੀ ਨਿਗਾਹ ਮਾਰੀਂ,
ਗਰੀਬ ਤੇ ਮੁਥਾਜਾਂ ਤੇ,
ਕੋਈ ਉਪਕਾਰ ਕਰਿਆ ਕਰ ।

3
ਤੂੰ ਸੂਰਜ ਵਾਂਗ ਤੇਜੱਸੀ,
ਤੇ ਚੰਦਰ ਵਾਂਗ ਸ਼ੀਤਲ ਹੈਂ,
ਉਦ੍ਹੇ ਗੁਣ ਨਾਲ ਕਾਇਮ ਰਹੁ,
ਇਦ੍ਹੇ ਗੁਣ ਨਾਲ ਠਰਿਆ ਕਰ ।

4
ਤਿਰਾ ਜੌਹਰ ਹੈ ਸੁਬਹਾਨੀ,
ਤਿਰੀ ਹੈ ਸ਼ਾਨ ਸੁਲਤਾਨੀ,
ਸਦਾ ਖੁਸ਼ ਰਹਿਣ ਦੀ ਆਦਤ-
ਪਕਾ, ਹੌਕੇ ਨ ਭਰਿਆ ਕਰ ।

51. ਮਹਾਤਮਾ ਗਾਂਧੀ

ਜਦ ਭਾਰਤ ਦੇ ਵਿਚ ਤਾਕਤ ਨੇ, ਆਪਣੀ ਤਾਕਤ ਅਜ਼ਮਾ ਲੀਤੀ,
ਜ਼ੋਰਾਵਰ ਨੇ ਬੇ-ਜ਼ੋਰਾਂ ਤੇ, ਰਜ ਰਜ ਕੇ ਧੌਂਸ ਜਮਾ ਲੀਤੀ ।

ਸਾਹ ਲੈਣਾ ਮੁਸ਼ਕਿਲ ਦਿਸਦਾ, ਅਜ਼ਾਦੀ ਦੀ ਫਰਯਾਦ ਲਈ,
ਬੁਲਬੁਲ ਦਾ ਰੋਣਾ ਧੋਣਾ ਭੀ, ਗੁਸਤਾਖ਼ੀ ਸੀ ਸੱਯਾਦ ਲਈ ।

ਜਿਉਂ ਜਿਉਂ ਸਖਤੀ ਸਿਰ ਚੜ੍ਹ ਗਈ, ਨਰਮੀ ਕੁਝ ਜਿਗਰਾ ਫੜ ਗਈ,
ਉਹ ਚੜ੍ਹੀ ਗਈ, ਉਹ ਅੜੀ ਗਈ, ਹੱਕਾਂ ਲਈ ਹਿੰਮਤ ਲੜੀ ਗਈ ।

ਤਲਵਾਰ ਤੋਪ ਬੰਦੂਕ ਬੰਬ, ਜਦ ਸਭ ਨੁਸਖ਼ੇ ਬੇਕਾਰ ਗਏ,
ਤਦ ਭਗਵਾਨ ਵੱਲੋਂ ਭਾਰਤ ਵਿਚ, ਭੇਜੇ ਨਿਰਭੈ ਅਵਤਾਰ ਗਏ ।

ਇਸ ਨਵੇਂ ਬੁੱਧ ਨੇ ਚੜ੍ਹਦਿਆਂ ਹੀ, ਤਾਕਤ ਦਾ ਚਰਖ਼ ਭੁਆ ਦਿੱਤਾ,
ਫੁੰਕਾਰੇ ਭਰਦੇ ਇੰਜਨ ਦਾ, ਵਧ ਕੇ ਕਾਂਟਾ ਬਦਲਾ ਦਿੱਤਾ ।

ਭੂਤੇ ਹੋਏ ਜਿੰਨ ਨੂੰ ਕੀਲ ਲਿਆ, ਸਚਿਆਈ ਦੀਆਂ ਕਲਾਮਾਂ ਨੇ,
ਵਗਦੇ ਦਰਿਆ ਨੂੰ ਰੋਕ ਲਿਆ, ਕੁਰਬਾਨੀ ਦੇ ਪੈਗਾਮਾਂ ਨੇ ।

ਲੰਗੋਟੀ ਵਾਲੇ ਬਾਪੂ ਦੀ, ਲਲਕਾਰ ਗਈ ਅਸਮਾਨਾਂ ਤੇ,
ਚੁਪ-ਬਰਤੀ ਦੀ ਛਾਇਆ ਪੈ ਗਈ. ਚਲਾਕ ਸਿਆਸਤ-ਦਾਨਾਂ ਤੇ ।

ਇਸ ਅਤਿ ਵਿਸ਼ਾਲ ਛਾਤੀ ਉਹਲੇ, ਇਕ ਪ੍ਰੇਮ-ਸਿੰਧ ਲਹਿਰਾਂਦਾ ਸੀ,
ਲੰਗੋਟੀ ਬੰਦ ਸੁਦਾਮਾ ਵਿਚ, ਮੋਹਨ ਝਲਕਾਰੇ ਪਾਂਦਾ ਸੀ ।

ਬੇ-ਤਾਜ਼ ਬਾਦਸ਼ਾਹ ਭਾਰਤ ਦਾ, ਪਰ ਨਗਨ ਫਿਰਨ ਤੋਂ ਆਰ ਨਹੀਂ,
ਜਰਨੈਲ ਸਾਰੀਆਂ ਫ਼ੌਜਾਂ ਦਾ, ਪਰ ਹੱਥਾਂ ਵਿਚ ਹਥਿਆਰ ਨਹੀਂ ।

ਅਪਣਾ ਕੇ ਸੂਦਰ ਅਛੂਤ ਦੁਖੀ, ਹੰਕਾਰੀ ਦੇ ਗਲ ਲਾਏ ਤੂੰ,
ਰਬ ਦੇ ਅਣ-ਕੰਧੇ ਮੰਦਿਰ ਵਿਚ, ਚੌ ਵਰਣੇ ਭਗਤ ਬਹਾਏ ਤੂੰ ।

ਤੂੰ ਛੋਹੀ ਉਸਾਰੀ ਕੌਮੀ ਸੀ, ਇਤਫ਼ਾਕ ਦੇ ਗੀਤ ਸੁਣਾਂਦਾ ਸੈਂ,
ਗੁਰ ਨਾਨਕ ਵਾਂਗਰ ਭਾਰਤ ਵਿਚ ਤੂੰ ਸਾਂਝਾ ਪੀਰ ਸਦਾਂਦਾ ਸੈਂ ।

ਬਾਰਾਂ ਸੌ ਸਾਲ ਗੁਲਾਮੀ ਦੇ, ਮੁਕ ਗਏ ਭਾਰਤ ਦੁਖਿਆਰੀ ਦੇ,
ਚੁਕਵਾ ਕੇ ਘਰ ਪਹੁੰਚਾਏ ਗਏ, ਥੈਲੇ ਉਸਤਾਦ ਮਦਾਰੀ ਦੇ ।

ਤੂੰ ਧੁਨ ਵਿਚ ਮੇਲ ਮਿਲਾਪਾਂ ਦੀ, ਢਾਕਾ, ਬੰਗਾਲਾ, ਗਾਹ ਮਾਰੇ,
ਜਦ ਫਿਰ ਫਿਰ ਆਇਓਂ ਦਿੱਲੀ ਵਿਚ, ਚੋਲੇ ਜਰਜਰੇ ਵਗਾਹ ਮਾਰੇ ।

ਇਸ ਨੇਕੀ ਦੇ ਰਾਹ ਚਲਦੇ ਨੇ, ਬਹਿ ਨਾਮ ਰਾਮ ਦਾ ਲੀਤਾ ਤੂੰ,
ਅਣ-ਮੰਗਿਆ ਜਾਮ ਸ਼ਹਾਦਤ ਦਾ, ਗੋਲੀ ਖਾ ਖਾ ਕੇ ਪੀਤਾ ਤੂੰ ।

ਕਤਰਾ ਰਲ ਗਿਆ ਸਮੁੰਦਰ ਵਿਚ, ਸੂਰਜ ਨੇ ਕਿਰਨ ਬੁਲਾ ਲੀਤੀ,
ਭਗਵਨ ਨੇ ਜਗਦੀ ਜੋਤ ਮੰਗਾ, ਚਰਨਾਂ ਦੇ ਪਾਸ ਬਹਾ ਲੀਤੀ ।

ਹਰ ਥਾਂ ਦੁਹਰਾਇਆ ਜਾਂਦਾ ਹੈ, ਮਾਨੁਖਤਾ ਦਾ ਪੈਗ਼ਾਮ ਤੇਰਾ,
ਦੁਨੀਆਂ ਭਰ ਦਿਆਂ ਮਹਾਂ-ਪੁਰਖਾਂ ਵਿਚ, ਸ਼ਾਮਲ ਹੋ ਗਿਆ ਨਾਮ ਤਿਰਾ ।

ਨਿਸ਼ਕਾਮ ਰੂਹ ਲਾਫਾਨੀ ਦੇ, ਨੇੜੇ ਆ ਸਕਦਾ ਕਾਲ ਨਹੀਂ,
ਉਪਕਾਰੀ ਗਾਂਧੀ ਦੀ ਸ਼ੋਭਾ ਨੂੰ, ਚਾਤ੍ਰਿਕ ਕਦੇ ਜ਼ਵਾਲ ਨਹੀਂ ।

52. ਸਾਕੀ

ਕਾਫ਼ੀ ਕਵਾਲੀ

1
ਰਹੇ ਸਲਾਮਤ, ਤਿਰੇ ਚਮਨ ਦੀ,
ਸਦਾ ਸੁਹਾਣੀ ਬਹਾਰ ਸਾਕੀ !
ਹੁਸਨ ਤੇਰੇ ਦਾ ਨਿਖ਼ਾਰ ਦੇਖਾਂ ਮੈਂ,
ਹਸ਼ਰ ਤਕ ਬਰ-ਕਰਾਰ ਸਾਕੀ !

2
ਹੈ ਅਜ਼ਲ ਦੇ ਦਿਨ ਤੋਂ ਖੁਲ੍ਹਾ ਹੋਇਆ,
ਤਿਰੇ ਸਦਾ-ਬਰਤ ਦਾ ਦੁਆਰਾ,
ਮੈਂ ਪੀਤੀ ਮੁੜ ਮੁੜ ਹਜ਼ਾਰਾਂ ਵਾਰੀ,
ਰਿਹਾ ਅਧੂਰਾ ਖ਼ੁਮਾਰ ਸਾਕੀ !

3
ਏ ਅਪਨੀ ਹਸਤੀ ਭੀ ਕੀ ਏ ਹਸਤੀ,
ਦਿਨੇ ਬਲੰਦੀ ਤੇ ਰਾਤ ਪਸਤੀ,
ਏ ਚਰਖਾ ਚਲਦਾ ਏ ਜਬਰਦਸਤੀ,
ਤੇ ਗੇੜੇ ਭੀ ਬੇ-ਸ਼ੁਮਾਰ ਸਾਕੀ !

4
ਮੈਂ ਫਿਰਕੇਦਾਰੀ ਤੋਂ ਤੰਗ ਆਇਆ,
ਬੁੱਤਾਂ ਦੀ ਪੂਜਾ ਤੋਂ, ਕੁਝ ਨਾ ਪਾਇਆ,
ਮੈਂ ਖੁਦ ਤਰੀਕਤ ਤੋਂ ਜੀ ਚੁਰਾਇਆ,
ਤੇ ਤੇਰੇ ਵੱਲ ਤਿਆਰ ਹਾਂ ਸਾਕੀ !

5
ਉਡੀਕ ਨੇ ਮੈਨੂੰ ਕੜ ਲਿਆ ਹੈ,
ਤੇ ਪੱਲਾ ਤਕਵੇ ਦਾ ਫੜ ਲਿਆ ਹੈ,
ਹੈ ਵਾਅਦਿਆਂ ਯਕੀਨ ਮੇਰਾ,
ਤੇ ਕਰ ਰਿਹਾਂ ਇੰਤਿਜ਼ਾਰ ਸਾਕੀ !

6
ਪਿਆ ਤੂੰ ਇਸ ਵਾਰ ਬਹੁਤ ਸਾਰੀ,
ਕਿ ਤਾਰ ਚੜ੍ਹ ਜਾਏ ਇੱਕੋ ਵਾਰੀ,
ਨ ਜਾਏ ਮੁੜ ਕੇ ਹਿਠਾਂ ਉਤਾਰੀ,
ਤੇ ਬੇੜਾ ਹੋ ਜਾਏ ਪਾਰ ਸਾਕੀ !

53. ਕਸ਼ਮੀਰ

(1)
ਚਲ ਮਨ ਅਰਸ਼-ਉਡਾਰੀ ਭਰ ਕੇ, ਕਾਸ਼ਮੀਰ ਦੇ ਰਾਹੇ ਪੈ ਜਾ,
ਭਾਰਤ ਦੇ ਨੈਣਾਂ ਦੇ ਤਾਰੇ, ਧਰਤੀ ਦੇ ਬਹਿਸ਼ਤ ਵਿਚ ਲੈ ਜਾ ।

ਕੁਦਰਤ ਦੀ ਗੋਦੀ ਵਿਚ ਪਲਿਆ, ਫਲਾਂ ਮੇਵਿਆਂ ਦਾ ਭੰਡਾਰਾ,
ਇੰਦਰ ਰਾਜੇ ਉਤਰ ਅਗਾਸੋਂ, ਲਾਇਆ ਜਿਸ ਥਾਂ ਆਣ ਅਖਾੜਾ ।

ਚੱਪਾ ਚੱਪਾ ਜਿਸ ਧਰਤੀ ਦਾ, ਯਾ ਸਬਜ਼ਾ ਯਾ ਬਾਗ ਬਹਾਰਾਂ,
ਡਲ, ਝੀਲਾਂ, ਨਦੀਆਂ ਤੇ ਨਾਲੇ, ਚਸ਼ਮੇ ਸੋਮੇ ਤੇ ਆਬਸ਼ਾਰਾਂ ।

ਥਾਂ ਥਾਂ ਸ਼ਾਹੀ ਬਾਗਾਂ ਦੇ ਵਿਚ, ਉਛਲ ਉਛਲ ਕੇ ਵਹਿਣ ਫੁਹਾਰੇ,
ਨੀਲਮ, ਲਾਲ, ਜ਼ਮੁੱਰਦ, ਹੀਰੇ ਮਾਰਨ ਸਤਰੰਗੇ ਝਲਕਾਰੇ ।

ਬਰਫ਼ਾਂ ਢੱਕੇ ਪਰਬਤ-ਟਿੱਲੇ, ਸੀਤਲ ਨੀਰ ਵਹਾਈ ਜਾਂਦੇ,
ਝਰ ਝਰ ਝਰਨ ਨਿਵਾਣਾਂ ਦੇ ਵੱਲ, ਰਾਗ ਰਸੀਲਾ ਗਾਈ ਜਾਂਦੇ ।

ਜਿਧਰ ਜਿਧਰ ਬਰਫ਼ਾਨੀ ਨਾਲੇ, ਵਲ ਖਾ ਖਾ ਕੇ ਵਹਿੰਦੇ ਜਾਵਣ,
ਧੂੰਏਂ ਵਾਂਗ ਤੁਖਾਰ ਸੰਭਾਲੀ, ਥੱਲੇ ਥੱਲੇ ਲਹਿੰਦੇ ਜਾਵਣ ।

ਵੈਰੀ ਨਾਗੋਂ ਤੁਰੀ ਵਿਦਸਥਾ ਸਿਰੀ ਨਗਰ ਰਾਹ ਵੁੱਲਰ ਆਈ,
ਓਥੋਂ ਨਿਕਲ, ਤੁਰੀ ਜਿਹਲਮ ਨੂੰ, ਛੋੜ ਪੰਜਾਬ ਸਮੁੰਦ ਸਮਾਈ ।

ਨੂਰਜਹਾਂ ਤੇ ਤਾਜਮਹਲ ਲਈ, ਤੁਹਫ਼ੇ ਮੁਗ਼ਲ ਸ਼ਾਹਾਂ ਬਣਵਾਏ,
ਕੁਝ ਢਹਿ ਗਏ, ਕੁਝ ਹਾਲੀ ਵੱਸਣ, ਦੁਨੀਆਂ ਓਨ੍ਹਾਂ ਤੋਂ ਸੁਖ ਪਾਏ ।

2
ਵਾਹ ਕਸ਼ਮੀਰਾ ! ਵਾਹ ਕਸ਼ਮੀਰਾ ! ਵਾਹ ਰੌਣਕ, ਵਾਹ ਬਾਗ ਬਹਾਰਾਂ,
ਗਿੱਲੇ ਸੁੱਕੇ ਫਲ ਤੇ ਮੇਵੇ, ਪਰਬਤ-ਧਾਰਾਂ, ਪੈਦਾਵਾਰਾਂ ।

ਫਲਾਂ ਸਮੇਤ ਬਿਰਛ ਜੰਗਲ ਦੇ, ਕਈ ਕਰੋੜ ਝਾਤੀਆਂ ਪਾਂਦੇ,
ਅੰਬਰ-ਤਾਰੇ ਗਿਣ ਸਕੀਏ, ਪਰ ਤੇਰੇ ਰੁੱਖ ਗਿਣੇ ਨਹੀਂ ਜਾਂਦੇ ।

ਵਾਹ ਵਰਖਾ, ਬੱਦਲ ਤੇ ਬਿਜਲੀ, ਵਾਹ ਦੱਰੇ, ਵਾਹ ਸਰਦ ਹਵਾਵਾਂ,
ਖਿੜੇ ਕਮਲ, ਡਲ ਤੇ ਵੁੱਲਰ ਦੇ, ਤਕ ਤਕ ਸਦਕੇ ਹੁੰਦਾ ਜਾਵਾਂ ।

ਪਹਿਲਗਾਮ, ਗੁਲਮਰਗ, ਮਟਨ ਤੇ ਅਮਰਨਾਥ ਜਹੇ ਸੁਰਗੀ ਝਾਕੇ,
ਸਾਰੇ ਗਿਣੇ ਨ ਜਾਣ ਨਜ਼ਾਰੇ, ਥੱਕਣ ਅੱਖਾਂ ਦਰਸ਼ਨ ਪਾ ਕੇ ।

ਕੋਹ-ਹਿਮਾਲਾ ਦਾ ਤੂੰ ਜੇਠਾ ਪੁੱਤਰ, ਦਾਵੇਦਾਰ ਪੁਰਾਣਾ,
ਤੇਰੇ ਸਿਰ ਹੈ ਭਾਰਤ ਨੂੰ ਤ੍ਰਿਪਤਾਣਾ ਤੇ ਖੁਸ਼ਹਾਲ ਬਣਾਣਾ ।

ਸ਼ਾਲਾ ਰਹੇਂ ਕਿਆਮਤ ਤੀਕਰ, ਜੀਣ ਤੇਰੀਆਂ ਬਾਗ਼ ਬਹਾਰਾਂ,
ਸਦਾ-ਵਰਤ ਰਹੇ ਜਾਰੀ ਤੇਰਾ, ਫਲ ਮੇਵੇ ਤੇ ਚੀਲ ਦਿਆਰਾਂ ।

ਸੇਉ, ਬਦਾਮ, ਅੰਗੂਰ, ਖੁਮਾਨੀ, ਬੱਗੂ-ਗੋਸ਼ੇ ਦਾ ਭੰਡਾਰਾ,
ਚਾਤ੍ਰਿਕ ਚਾਹੇ ਚਲ ਕੇ ਆਣਾ, ਪਰਸਣ ਤੇਰਾ ਸੁਰਗ-ਦੁਆਰਾ ।

54. ਜੀਵਨ ਜੋੜੀ

ਜੀਵਨ ਸਾਥ ਉਸੇ ਨੂੰ ਕਹਿੰਦੇ,
ਦੋਵੇਂ ਦਿਲ ਹੋ ਜਾਣ ਇਕੱਠੇ,
ਇੱਕ ਟਿਕਾਣਾ, ਇੱਕ ਨਿਸ਼ਾਨਾ,
ਸਫ਼ਰ ਮੁਕਾਉਣ ਨੱਠੇ ਨੱਠੇ ।
ਮਿਲੇ ਦਿਲਾਂ ਦੀ ਸਾਂਝੀ ਧੜਕਣ,
ਗੱਡੀ ਦੇ ਦੋ ਚੱਲਣ ਪਹੀਏ,
ਵੱਖਰੇ ਵੱਖਰੇ ਮਕਸਦ ਵਾਲੇ,
ਚਲਦੇ ਨੇ ਪਰ ਢਿੱਲੇ ਮੱਠੇ ।

ਕੁਦਰਤ ਢਾਲੀ ਭਾਗਾਂ ਵਾਲੀ,
ਨਰ ਨਾਰੀ ਦੀ ਸੁੰਦਰ ਜੋੜੀ,
ਉੱਚੇ ਮਕਸਦ, ਗਰਦਨ ਨੀਵੀਂ,
ਮਿੱਠਤ ਬਹੁਤੀ, ਆਕੜ ਥੋੜ੍ਹੀ,
ਪ੍ਰੇਮ, ਨਿਮ੍ਰਤਾ, ਨੇਕੀ, ਸੇਵਾ,
ਸਚਿਆਈ ਤੇ ਦਇਆ ਗ਼ਰੀਬੀ,
ਸੱਤਾਂ ਸਿਫ਼ਤਾਂ ਵਾਲੀ ਜੋੜੀ,
ਜੀਵੇ ਜਾਗੇ ਜੁੱਗਾਂ ਤੋੜੀ ।

55. ਰਮਜ਼ੀ ਨੂੰ

ਰਮਜ਼ੀਆ ! ਪਰਦਾ ਪਰ੍ਹੇ ਹਟਾ !-ਟੇਕ

1
ਗੰਗਾ ਵਾਂਗ ਜਟਾਂ ਵਿਚ ਵੜਿਆ,
ਖਾ ਖਾ ਗੇੜ, ਉਤਰਿਆ ਚੜ੍ਹਿਆ,
ਭੇਦ ਤੇਰਾ ਪਰ ਗਿਆ ਨਾ ਫੜਿਆ,
ਕੁਝ ਤੇ ਗਲ ਸਮਝਾ ।
ਰਮਜ਼ੀਆ ! ਪਰਦਾ ਪਰ੍ਹੇ ਹਟਾ !

2
ਲਾਰਿਆਂ ਦਾ ਫੜ ਸਿਦਕ ਸਹਾਰਾ,
ਤਾਂਘ ਰਿਹਾ ਕੋਈ ਗੁਪਤ ਇਸ਼ਾਰਾ,
ਰਾਤ ਹਨੇਰੀ, ਦੂਰ ਕਿਨਾਰਾ,
ਬੰਨੇ ਛਡਦੋਂ ਲਾ ।
ਰਮਜ਼ੀਆ ! ਪਰਦਾ ਪਰ੍ਹੇ ਹਟਾ !

3
ਰਾਹ ਤਕਦਿਆਂ ਆਹ ਦਿਨ ਲੈ ਆਦਾ,
ਸ਼ਾਲਾ ਉਹ ਵੇਲਾ ਆ ਜਾਂਦਾ,
ਮਾਲਕ ਬੰਦੇ ਨੂੰ ਫ਼ਰਮਾਂਦਾ,
ਕੀ ਹੈ ਤੇਰੀ ਰਜ਼ਾ ?
ਰਮਜ਼ੀਆ ! ਪਰਦਾ ਪਰ੍ਹੇ ਹਟਾ !

4
ਤੂੰ ਨਹੀਂ ਵਖਰਾ, ਮੈਂ ਨਹੀਂ ਵਖਰਾ,
ਕਰ ਹੁਣ ਖ਼ਤਮ ਪੁਰਾਣਾ ਨਖ਼ਰਾ,
ਹਸਰਤ ਸੀ, ਇਕ-ਮਿਕ ਹੋ ਜਾਂਦੇ,
ਕਤਰਾ ਤੇ ਦਰਯਾ ।
ਰਮਜ਼ੀਆ ! ਪਰਦਾ ਪਰ੍ਹੇ ਹਟਾ !

56. ਚਲ ਜਿੰਦੀਏ

ਗੀਤ ਕੱਵਾਲੀ

1
ਚਲ ਜਿੰਦੀਏ ! ਚੜ੍ਹ ਉਡਣ-ਖਟੋਲੇ,
ਗਗਨ ਮੰਡਲ ਤੋਂ ਪਾਰ ਕੁੜੇ,
ਅਰਸ਼ੀ ਰੂਹਾਂ, ਪ੍ਰੇਮ-ਮਦ ਮਤੀਆਂ
ਦਾ ਕਰੀਏ ਕਰੀਏ ਦੀਦਾਰ ਕੁੜੇ ।
ਨਾਨਕ, ਰਾਮ, ਮੁਹੰਮਦ, ਈਸਾ,
ਨੇਕੀ ਦੇ ਅਵਤਾਰ ਕੁੜੇ,
ਸਿਦਕ ਰਜ਼ਾ ਦੇ ਸੌਦੇ ਕਰਦੇ,
ਭਗਤੀ ਦੇ ਭੰਡਾਰ ਕੁੜੇ ।

2
ਤਪਦੇ ਠਾਰਨ ਬਚਨ ਜਿਨ੍ਹਾਂ ਦੇ,
ਮੁਕਦੇ ਜਾਵਣ ਭਰਮ ਦਿਲਾਂ ਦੇ,
ਨਾਮ-ਪ੍ਰੇਮ ਦੀ ਮਦ ਵਰਤਾਂਦੇ,
ਰੰਗਣ ਚੜ੍ਹੇ ਅਪਾਰ ਕੁੜੇ ।

3
ਪ੍ਰੇਮ-ਨਗਰ ਦੀ ਅਕਥ ਕਹਾਣੀ,
ਰਾਹ ਲੰਮਾ, ਅਣ-ਮਿਣਿਆ ਪਾਣੀ,
ਔਣ ਜਾਣ ਦੀ ਮੰਜ਼ਲ ਮੁਕਾਣੀ,
ਬੇੜਾ ਹੋ ਜਾਏ ਪਾਰ ਕੁੜੇ,
4
ਜਨ-ਸੇਵਾ, ਮਿੱਠ-ਬੋਲ, ਸੱਚਾਈ,
ਨਿਉਂ ਚਲਣਾ, ਨੇਕੀ, ਭਲਿਆਈ,
ਹਰ ਮੁਸ਼ਕਿਲ ਵਿਚ ਬਣੇ ਸਹਾਈ,
ਸੰਤਾਂ ਦਾ ਉਪਕਾਰ ਕੁੜੇ ।

57. ਚੰਦ-ਚਾਨਣੀ

ਸੰਝ ਪਈ, ਉਂਘਲਾ ਗਿਆ ਸੂਰਜ,
ਅਰਸ਼ ਤੇ ਗੋਟਾ ਕਿਨਾਰੀ ਖਿੰਡਾ ਕੇ,
ਛੁੱਟੀ ਮਨਾ, ਬੈਠੀ ਛੱਤੇ ਤੇ ਜਾ, ਮੱਖੀ
ਫੁੱਲਾਂ ਨੂੰ ਫੋਲ, ਮਖਾਣੇ ਉੜਾ ਕੇ ।
ਥੱਲੇ ਨੂੰ ਚੱਲੀ ਪਹਾੜੀ ਨਦੀ,
ਤੁਖਰਾਈ ਹਵਾ ਨਾਲ ਰਾਗਣੀ ਗਾ ਕੇ,
ਵਿੱਛੁੜਦੇ ਚਕਵਾ ਚਕਵੀ ਤਕ,
ਤਾਰੇ ਰੋਏ ਉੱਤੋਂ ਤ੍ਰੇਲ ਵਹਾ ਕੇ ।

ਪੁੰਨਿਆਂ ਦਾ ਚੰਦ, ਦੇਖ ਚਕੋਰਨੀ,
ਭੂਏ ਹੋਈ ਭੁੜਕੇ ਚਿਚਲਾ ਕੇ,
ਗੋਪੀਆਂ ਦੇਖ ਖਿੜੀ ਹੋਈ ਚਾਨਣੀ,
ਚੱਲ ਪਈਆਂ ਕੰਮ ਧੰਦੇ ਭੁਲਾ ਕੇ ।
ਬੰਸੀ ਵਜੱਯੇ ਕਨ੍ਹੱਯੇ ਨੂੰ ਲੈ ਆਈਆਂ,
ਅੰਮਾਂ ਜਸੋਧਾਂ ਦੀ ਗੋਦੋਂ ਉਠਾ ਕੇ,
ਰਾਸ ਰਚੀ ਮਨਮੋਹਨ ਨੇ,
ਸਖੀਆਂ ਦੀ ਹਥੇਲੀ ਤੇ ਹੱਥ ਛੁਹਾ ਕੇ ।

58. ਨਿਮ੍ਰਤਾ

ਦੋਹਰਾ:-ਦਰਦ ਵੰਡਾਉਣ ਵਾਸਤੇ, ਰਚੇ ਗਏ ਇਨਸਾਨ,
ਜੱਸ ਕਰਨ ਨੂੰ ਦੇਉਤੇ, ਅੱਗੇ ਈ ਘੱਟ ਨ ਸਾਨ ।

ਰੱਬ ਦੇ ਇਕਬਾਲ, ਜੇ ਕਰੇ ਸਿੰਬਲ,
ਬੇਰੀ ਵਾਂਗ ਨਿਉਂ, ਜੀਉਰ ਕੇ ਖਾਈਏ ਜੀ,
ਖਿੜਨਾ ਮਿਲੇ ਜੇ ਫੁੱਲ ਦੇ ਵਾਂਗ ਦੋ ਦਿਨ,
ਮਹਿਕਾਂ ਵੰਡ ਕੇ, ਨੇਕੀ ਕਮਾਈਏ ਜੀ,
ਮੋਤੀ ਮਿਲਣ ਤਾਂ ਦੱਬ ਕੇ ਰੱਖੀਏ ਨਾ,
ਸਗੋਂ ਹੋਰਨਾਂ ਦੇ ਕੰਮ ਆਈਏ ਜੀ,
ਏਥੇ ਵੱਸੀਏ ਰੱਸੀਏ ਚੈਨ ਕਰੀਏ,
ਐਪਰ ਮੌਤ ਨਾ ਮਨੋਂ ਭੁਲਾਈਏ ਜੀ ।
ਜਦ ਗੁਲਾਬ ਦਾ ਫੁੱਲ ਕੁਰਬਾਨ ਹੋਵੇ,
ਬਣ ਗੁਲ-ਆਬ ਗੁਲ-ਕੰਦ ਬਰਬਾਦ ਹੋਵੇ ।
ਮੱਖੀ ਡੂਮਣੇ ਮਾਖਿਓਂ ਖਾਣ ਵੰਡਣ,
ਅਗਲੇ ਸਮੇਂ ਗੁਲਾਬ ਫਿਰ ਯਾਦ ਹੋਵੇ ।

ਦੋਹਰਾ:-ਸੂਰਮੇ ਵਾਂਗਰ ਸੰਤ ਜਨ, ਆਪਾ ਗਏ ਪਿਸਾਇ,
ਧੂੜੀ ਕਰ ਭਗਵਾਨ ਨੇ, ਮਸਤਕ ਲਏ ਚੜ੍ਹਾਇ ।

59. ਜੇ ਬੰਦਿਆ !

ਜੇ ਬੰਦਿਆ !
ਈਮਾਨ ਤਿਰੇ ਦਾ
ਪੈਰ ਕੁਫ਼ਰ ਵਲ ਥਿੜਕੇ,

ਤੋਬਾ ਦਾ ਦਰ
ਸਦਾ ਖੁਲ੍ਹਾ ਹੈ,
ਆਈ ਜਾ ਮੁੜ ਘਿੜ ਕੇ ।

ਮਾਂ ਜੀਕਰ
ਬਾਲਾਂ ਦੇ ਲਾਡ
ਸਹਾਰੀ ਜਾਏ ਖਿੜਕੇ,

ਮੈਂ
ਗੁੱਸੇ ਨਹੀਂ ਹੁੰਦਾ,
ਤੇਰੀ ਗੁਸਤਾਖ਼ੀ ਤੋਂ ਚਿੜ ਕੇ ।

60. ਸਾਉਣ ਦਾ ਨਾਚ

ਗੀਤ

ਸਈਓ ! ਸਾਉਣ ਦੀ ਆ ਗਈ ਬਹਾਰ,
ਮੈਂ ਨਚਨੀ ਆਂ ਥਈਆ ਥਈਆ ।-ਟੇਕ

1
ਬਦਲੀਆਂ ਘੁਰ ਘੁਰ ਝੜੀਆਂ ਲਾਈਆਂ,
ਨਦੀਆਂ ਨਿਕਲ ਪਹਾੜਾਂ ਤੋਂ ਆਈਆਂ,
ਧਰਤੀ ਜਲ ਥਲ, ਸਰਵੇ ਫੁਲ ਫਲ,
ਫਸਲਾਂ ਤੇ ਆਗਿਆ ਨਿਖਾਰ ।
ਮੈਂ ਨਚਨੀ ਆਂ ਥਈਆ ਥਈਆ ।

2
ਪਿਪਲਾਂ ਦੀ ਛਾਵੇਂ ਪੀਂਘਾਂ ਪਈਆਂ,
ਜੋੜੀਆਂ ਬਣ ਬਣ ਝੂਟਣ ਸਈਆਂ,
ਕੰਤ ਕਬੂਲੀਆਂ, ਮਾਹੀ ਕੋਲ ਗਈਆਂ,
ਲਾ ਲਾ ਕੇ ਸੋਲਾਂ ਸ਼ਿੰਗਾਰ ।
ਮੈਂ ਨਚਨੀ ਆਂ ਥਈਆ ਥਈਆ ।

3
ਮਾਹੀ ਮੈਨੂੰ ਮਿਲ ਕੇ ਗੱਲ ਸਮਝਾਈ,
ਮਾਹੀ ਤੇ ਮੇਰੇ ਵਿਚ ਫ਼ਰਕ ਨ ਕਾਈ,
ਘਟ ਘਟ ਵਿਚ ਵਸਦਾ ਏ ਹਰਜਾਈ,
ਜੀ ਜੀ ਦਾ ਜੀਵਨ ਅਧਾਰ ।
ਮੈਂ ਨਚਨੀ ਆਂ ਥਈਆ ਥਈਆ ।

4
ਮਾਹੀ ਦਾ ਤੇ ਮੇਰਾ ਪਿਆਰ ਪੁਰਾਣਾ,
ਉਸ ਸੱਦਣਾ, ਮੈਂ ਨਿਤ ਨਿਤ ਜਾਣਾ,
ਜਿਸ ਵੇਲੇ ਉਸ ਦਾ ਹੋਇਆ ਭਾਣਾ,
ਹੱਥ ਬੰਨ੍ਹੀ ਬੈਠੀ ਆਂ ਤਿਆਰ ।
ਮੈਂ ਨਚਨੀ ਆਂ ਥਈਆ ਥਈਆ ।

61. ਜੀਵਨ ਆਦਰਸ਼

ਜੀਵਨ ਦਾ ਆਦਰਸ਼
ਚੁਣਨ ਦੀ,
ਮਨ ਵਿਚ, ਜਦ ਭੀ ਉਠੇ ਉਮੰਗ,

ਰਾਜਾ, ਜੋਗੀ,
ਪੰਡਿਤ, ਦਾਨੀ,
ਜੋਧਾ, ਬਣਨਾ ਮੰਗ ਨਿਸੰਗ ।

ਦਸਾਂ ਨਵ੍ਹਾਂ ਦੀ
ਕਿਰਤ ਕਮਾ ਕੇ,
ਹੱਕ ਹਲਾਲ ਦੀ ਰੋਟੀ ਖਾਹ,

ਯਾ ਫਿਰ,
ਤੁਲਸੀ ਮੀਰਾਂ ਵਰਗੀ,
ਭਗਵਨ ਪਾਸੋਂ ਭਗਤੀ ਮੰਗ ।

62. ਆਪ ਦੀ ਯਾਦ

ਗ਼ਜ਼ਲ ਕੱਵਾਲੀ

ਯਾਦ ਔਂਦਾ ਹੈ ਉਹ ਮੁੜ ਮੁੜ ਯਾਦ ਆਣਾ ਆਪ ਦਾ,
ਮਾਰ ਮਾਰ ਹਜ਼ਾਰਾਂ ਵਾਰੀ, ਫਿਰ ਜਿਵਾਣਾ ਆਪ ਦਾ ।

ਮੇਰੀ ਗੁਸਤਾਖੀ ਤੋਂ ਚਿੜ ਕੇ, ਵੱਟ ਮੱਥੇ ਚਾੜ੍ਹਨਾ,
ਕੁਹਣ ਨੂੰ ਖੰਜਰ ਪਕੜ, ਫਿਰ ਤਰਸ ਖਾਣਾ ਆਪ ਦਾ ।

ਸਦਕੇ ਬੇ-ਪਰਵਾਹੀਓਂ, ਕੁਰਬਾਨ ਕਾਲੇ ਬੁਰਕਿਓਂ,
ਘੁੰਮਣਾ ਘਰ ਘਰ ਤੇ ਫਿਰ ਮੂੰਹ ਨਾ ਦਿਖਾਣਾ ਆਪ ਦਾ ।

ਸੁਪਨੇ ਅੰਦਰ ਆ ਕੇ, ਪੂਰਾ ਕਰਨਾ ਵਾਅਦਾ ਵਸਲ ਦਾ,
ਚੁਪ ਚੁਪੀਤੇ, ਬਿਸਤਰੇ ਤੋਂ ਖਿਸਕ ਜਾਣਾ ਆਪ ਦਾ ।

ਮੈਂ ਤੇ ਆਉਣ ਜਾਣ ਬਾਝੋਂ ਕੱਖ ਵੀ ਨਹੀਂ ਖੱਟਿਆ,
ਚਲ ਰਿਹਾ ਹੈ ਆਦ ਤੋਂ ਚੱਕਰ ਪੁਰਾਣਾ ਆਪ ਦਾ ।

ਬੇ-ਰੁਖੀ ਤੇ ਬੇ-ਨਿਆਜ਼ੀ, ਹਾਇ ! ਮੈਂ ਸਦਕੇ ਗਈ,
ਬੇ-ਬਸੀ ਮੇਰੀ ਨੂੰ ਸੁਣ ਕੇ ਮੁਸਕਰਾਣਾ ਆਪ ਦਾ ।

ਗੁੰਮ ਗੁੰਮ ਰਹਿਣਾ ਸਦਾ, ਨਾ ਹੱਸਣਾ, ਨਾ ਬੋਲਣਾ,
ਫੱਟਿਆ ਗਿਆ ਚਾਤ੍ਰਿਕ ਤਕ ਘੁੰਡ ਕਾਣਾ ਆਪ ਦਾ ।

63. ਹਾਰ ਕੇ

ਗ਼ਜ਼ਲ

ਲੁਕ ਰਹੇ ਹੋ ਖ਼ੂਬ, ਖੇਡ ਖਿਲਾਰ ਕੇ,
ਮੈਂ ਭੀ ਆ ਬੈਠਾ ਹਾਂ, ਧਰਨਾ ਮਾਰ ਕੇ ।

ਆਪ ਦੇ ਚਰਨਾਂ 'ਚ ਸਾਂ ਚੰਗਾ ਭਲਾ,
ਹੱਥ ਕੀ aਇਉ ਜੇ ? ਹੇਠ ਉਤਾਰ ਕੇ ।

ਮਾਣ ਹੈ ਮਾਂ ਪਿਉ ਤੇ ਬਾਲਾਂ ਨੂੰ ਬੜਾ,
ਗਲ ਲਗਾ ਲਓ, ਝਾੜ ਪੂੰਖ ਸੁਆਰ ਕੇ ।

ਪਿਆਰ ਦੀ ਖ਼ੈਰਾਤ ਬਖ਼ਸ਼ੋ, ਜਿਸ ਤਰ੍ਹਾਂ-
ਤਾਰਿਆ ਧੰਨਾ ਸੀ, ਵੱਛੇ ਚਾਰ ਕੇ ।

ਡੂੰਘਾ ਦਰਯਾ, ਰਾਤ ਕਾਲੀ, ਕੰਬੇ ਦਿਲ,
ਕਰ ਦਿਓ ਨਿਸ਼ਚਿੰਤ, ਪਾਰ ਉਤਾਰ ਕੇ ।

ਬੰਦਾ ਹਾਂ ਆਖ਼ਿਰ ਫਰਿਸ਼ਤਾ ਤੇ ਨਹੀਂ
ਥਕ ਗਿਆ ਬੇਅੰਤ ਮਜ਼ਲਾਂ ਮਾਰ ਕੇ ।

ਹੁਣ ਹੈ ਇੱਕੋ ਹੀ ਤਕਵਾ ਆਸਰਾ,
ਚਾ ਲਓ ਗੇ ਆਪੇ ਬਾਂਹ ਉਲਾਰ ਕੇ ।

ਆ ਕੇ ਲੈ ਜਾਓ ਤਾਂ ਮੇਰਾ ਮਾਣ ਹੈ,
ਚਾਤ੍ਰਿਕ ਬੈਠਾ ਹੈ ਖੰਭ ਸੁਆਰ ਕੇ ।

64. ਸੁੰਦਰਤਾ ਤੇ ਪ੍ਰੇਮ

ਹੁਸਨ ਤੇ ਇਸ਼ਕ

ਖਿੜਾਇਆ ਜਿਨ ਚਮਨ ਕੁਦਰਤ ਦਾ, ਉਹ ਰੱਬੀ ਇਸ਼ਾਰਾ ਤੂੰ,
ਵਸਾਈ ਚੰਦ ਵਿਚ ਜਿਨ ਠੰਢ, ਉਹ ਅੰਮ੍ਰਿਤ ਦੀ ਧਾਰਾ ਤੂੰ ।

ਹੈ ਰੋਸ਼ਨ ਅੱਖ ਜਿਸ ਦੀ ਡਲ੍ਹਕ ਪਾ ਕੇ, ਉਹ ਸਿਤਾਰਾ ਤੂੰ,
ਜਿਦ੍ਹੇ ਸਰ ਨ੍ਹਾ ਕੇ ਖ਼ਾਕੀ, ਹੋਣ ਨੂਰਾਨੀ, ਓ ਪਾਰਾ ਤੂੰ ।

ਨਿਗਹ ਤੇਰੀ ਨੇ ਕੋਹੇ ਦੈਂਤ, ਅੰਮ੍ਰਿਤ ਦੀ ਵੰਡਾਈ ਵਿਚ,
ਗੁਆਚੀ ਸ਼ਾਨਤੀ ਸ਼ਿਵ ਦੀ, ਤੇਰੀ ਜਲਵਾ-ਨਮਾਈ ਵਿਚ ।

ਤੇਰੇ ਹੀ ਰੂਪ ਤੇ ਭੁੱਲਾ, ਖ਼ੁਦਾ ਰੁੱਝਾ ਖ਼ੁਦਾਈ ਵਿਚ,
ਤੂਹੇਂ ਹੂਰਾਂ ਸੁਝਾਈਆਂ ਮੁਸਲਿਮਾਂ ਨੂੰ, ਪਾਰਸਾਈ ਵਿਚ ।
ਤੇਰੀ ਬੰਸੀ ਦੀਆਂ ਤਾਨਾਂ, ਕਿਤੇ ਗੋਕੁਲ ਗੁੰਜਾਈ ਸੀ,
ਤੇਰੀ ਬਿਜਲੀ ਜ਼ੁਲੈਖਾਂ ਦੇ ਕਲੇਜੇ ਅੱਗ ਲਾਈ ਸੀ ।

ਸ਼ਮਾ ਤੇਰੀ ਨੇ ਪਰਵਾਨੇ ਨੂੰ, ਕੁਰਬਾਨੀ ਸਿਖਾਈ ਸੀ,
ਤੇਰੀ ਹੀ ਮਹਿਕ ਨੇ ਉਠ, ਫੁੱਲ ਦੀ ਮਹਿਫਲ ਭਖਾਈ ਸੀ ।

ਤੇਰੀ ਹੀ ਮੁਸਕਰਾਹਟ ਨੇ, ਊਸ਼ਾ ਤੇ ਨੂਰ ਪਾਇਆ ਹੈ,
ਤੇਰੀ ਹੀ ਜ਼ੁਲਫ਼ ਦੇ ਵਿਚ, ਸ਼ਾਮ ਨੇ ਦਰਬਾਰ ਲਾਇਆ ਹੈ ।

ਜਲਾਲੀ ਰੂਪ ਤੇਰਾ ਹੀ, ਨਦੀ ਵਿਚ ਝਿਲ-ਮਿਲਾਇਆ ਹੈ,
ਲੱਗਾ ਸ਼ਿੰਗਾਰ ਪਰਬਤ ਨੂੰ, ਤੂੰਹੇਂ ਲਾੜਾ ਬਣਾਇਆ ਹੈ ।

ਨਿਵਾਈ ਤੇਗ਼ ਤਾਕਤ ਦੀ, ਹਕੂਮਤ ਤੂੰ ਝੁਕਾਈ ਹੈ,
ਤੇਰੀ ਮੇਢੀ ਦੇ ਵਲ ਨੇ, ਵਲ ਛੱਡੀ ਸਾਰੀ ਖ਼ੁਦਾਈ ਹੈ ।

ਪਤਾ ਹੈ ਪਰ ? ਏ ਤੇਰੀ ਸ਼ਾਨ, ਕਿਨ ਅਰਸ਼ੀਂ ਚੜ੍ਹਾਈ ਹੈ,
ਤੇਰੇ ਗੌਹਰ ਦੀ ਕਿਸ ਸੱਰਾਫ਼ ਨੇ, ਕੀਮਤ ਵਧਾਈ ਹੈ ?

ਹੈ ਬੇਸ਼ਕ ਹੁਸਨ ਯੂਸਫ਼ ਪਰ,
ਜ਼ੁਲੈਖਾਂ ਮੁੱਲ ਪਾਵੇ ਤਾਂ,
ਖਿੜੇ ਹੋਏ ਕਮਲ ਪਰ ਪ੍ਰੇਮ,
ਭੌਰਾ ਬਣ ਕੇ ਆਵੇ ਤਾਂ ।

65. ਭਾਰਤ ਮਾਤਾ

ਰੰਗਣਾਂ ਵਿਚ ਵਸਦਿਆਂ, ਸ਼ਹਿਰਾਂ ਦੇ ਉਜੜੇ ਢੇਰ ਵਿਚ,
ਇੱਕ ਅਬਲਾ ਹੈ ਘਿਰੀ ਹੋਈ, ਦਿਨਾਂ ਦੇ ਫੇਰ ਵਿਚ ।

ਤਾਉ ਖਾ ਖਾ ਚਰਖ਼ ਦੇ, ਚਿਹਰਾ-ਕਮਲ ਕੁਮਲਾ ਗਿਆ,
ਫ਼ਿਕਰ ਵਿਚ ਘੁਲ ਘੁਲ, ਜਵਾਨੀ ਤੇ ਬੁਢੇਪਾ ਆ ਗਿਆ ।

ਖੰਡਰਾਂ ਵਿਚ ਖੋਜਦੀ, ਲਾਲ ਟੁੱਟੇ ਹਾਰ ਦੇ,
ਫੁੱਲ ਰੋ ਰੋ ਚੁਣ ਰਹੀ ਹੈ, ਮਰ ਮਿਟੀ ਗੁਲਜ਼ਾਰ ਦੇ ।

ਸੋਨੇ ਦੀ ਲੰਕਾ ਮੇਰੀ ਵਿਚ, ਮੌਤ ਲੰਬੂ ਲਾ ਗਈ,
ਮੇਰੇ ਸ਼ੇਰਾਂ ਦਾ ਕਲੇਜਾ, ਕੋਈ ਡਾਇਨ ਖਾ ਗਈ ।

ਐਥੇ ਮੇਰਾ ਰਾਮ ਲਛਮਣ, ਮੋਰਚੇ ਸੀ ਲਾ ਰਿਹਾ,
ਐਥੇ ਮੇਰਾ ਸ਼ਾਮ ਸੀ ਦੁਸ਼ਟਾਂ ਨੂੰ ਰਾਹੇ ਪਾ ਰਿਹਾ ।

ਐਥੇ ਅਰਜਨ ਭੀਮ ਮੇਰੇ, ਦਿਗ-ਵਿਜੈ ਸਨ ਕਰ ਰਹੇ,
ਐਸ ਥਾਂ ਸਰਬੰਸ-ਦਾਨੀ, ਚੂਲੀਆਂ ਸਨ ਭਰ ਰਹੇ ।

ਐਥੇ ਮੇਰੀ ਜਾਨਕੀ ਸੀ, ਧਰਮ ਦੀ ਨੀਂਹ ਧਰ ਰਹੀ,
ਐਸ ਥਾਂ ਦੁਰਗਾ ਸੀ ਦੈਂਤਾਂ ਦੀ ਸਫ਼ਾਈ ਕਰ ਰਹੀ ।

ਐਥੇ ਰਿਸ਼ਮਾਂ ਪਾਉਂਦੇ ਸਨ, ਵਿੱਸ਼-ਵਿਦਿਆਲੇ ਮਿਰੇ,
ਐਥੇ ਮੇਰੇ ਜੋਤਸ਼ੀ, ਆਕਾਸ਼ ਸਨ ਮਿਣਦੇ ਰਹੇ ।

ਐਸ ਥਾਂ ਲੀਲਾਵਤੀ ਨੇ, ਬਹਿ ਕੇ ਲੇਖੇ ਲਾਏ ਸਨ,
ਐਥੇ ਕਾਲੀਦਾਸ ਨੇ ਕਵਿਤਾ ਨੂੰ ਕਾਮਨ ਪਾਏ ਸਨ ।

ਹਾਇ ! ਮੇਰੀ ਸ਼ਾਨ ਤੇ ਸ਼ੌਕਤ ਜੜ੍ਹੋਂ ਪੱਟੀ ਗਈ,
ਚੜ੍ਹ ਕੇ ਗੁੱਡੀ ਅਰਸ਼ ਤੇ, ਇਕਬਾਲ ਦੀ ਕੱਟੀ ਗਈ ।

ਹੋਏ ਜੋ ਖ਼ਾਲੀ ਸਿੰਘਾਸਣ, ਮੁੜ ਸੰਭਾਲੇ ਨਾ ਕਿਸੇ,
ਕਲਮ ਤੇ ਤਲਵਾਰ ਦੇ ਜੌਹਰ ਦਿਖਾਲੇ ਨਾ ਕਿਸੇ ।

ਸਾਰੇ ਜੱਗ ਦਾ ਰਾਹ-ਦਿਖਲਾਊ ਮੁਨਾਰਾ ਢਹਿ ਗਿਆ,
ਕਾਗਤਾਂ ਵਿਚ ਸਹਿਕਦਾ, ਇਤਿਹਾਸ ਖ਼ਾਲੀ ਰਹਿ ਗਿਆ ।

ਮੈ ਨਹੀਂ, ਮਸਤੀ ਨਹੀਂ, ਮਹਿਫ਼ਲ ਨਹੀਂ, ਸਾਕੀ ਨਹੀਂ,
ਬਾਗ਼ ਬੁਲਬੁਲ, ਬਾਗ਼ਬਾਨ, ਬਹਾਰ ਕੁਝ ਬਾਕੀ ਨਹੀਂ ।

ਧਰਮ, ਧੀਰਜ, ਧਾਮ, ਧਨ, ਧੌਂਸਾ, ਨਗਾਰਾ ਰਹਿ ਗਿਆ,
ਹਿੰਮਤੀ ਸੰਤਾਨ ਦਾ ਇੱਕੋ ਸਹਾਰਾ ਰਹਿ ਗਿਆ ।

66. ਲਛਮੀ

ਭਾਰਤ ਮਾਤਾ ਨੂੰ

ਉੱਨਤੀ ਦੇ ਲੋਰ ਵਿਚ, ਮਸਤਾਨਾ ਅੱਜ ਜਹਾਨ ਹੈ,
ਜ਼ਿੰਦਗੀ ਦੀ ਦੌੜ ਹੈ, ਹਿੰਮਤ ਦਾ ਇਹ ਘਮਸਾਨ ਹੈ ।

ਟਾਕਰਾ ਹੈ ਜੋਸ਼ ਦਾ, ਸਰਗਰਮੀਆਂ ਦਾ ਜੰਗ ਹੈ,
ਰਾਜ ਹੈ ਸਰਮਾਏ ਦਾ, ਮਜ਼ਦੂਰੀਆਂ ਦੀ ਮੰਗ ਹੈ ।

ਜੋਸ਼ ਖਾਂਦਾ ਹੈ ਉਮੰਗਾਂ ਦਾ ਲਹੂ ਇਨਸਾਨ ਵਿਚ,
ਮਾਰਾ ਮਾਰੀ ਹੋ ਰਹੀ ਹੈ, ਇਸ ਭਖੇ ਮੈਦਾਨ ਵਿਚ ।

ਮੌਤ ਤੋਂ ਡਰਦੇ ਨਹੀਂ, ਥੱਕਣ ਤੋਂ ਘਬਰਾਂਦੇ ਨਹੀਂ,
ਹਿੰਮਤਾਂ ਵਾਲੇ ਕਦੀ ਪਿੱਛੇ ਕਦਮ ਪਾਂਦੇ ਨਹੀਂ ।

ਲੱਛਮੀ ਦੇਵੇ ਬਹਾਰੀ, ਮਿਹਨਤੀ ਦੇ ਦੁਆਰ ਤੇ,
ਨੱਚਦੀ ਹੈ ਕਾਮਯਾਬੀ, ਹਿੰਮਤੀ ਦੀ ਤਾਰ ਤੇ ।

ਪੈ ਗਈ ਬਿਜਲੀ ਕੋਈ, ਖਬਰੇ ਤੇਰੀ ਸੰਤਾਨ ਤੇ,
ਹੋਸ਼ ਫਿਰਦੀ ਹੀ ਨਹੀਂ, ਸੌ ਸੌ ਹਲੂਣੇ ਖਾਣ ਤੇ ।

ਤੂੰ ਜਗਾ ਦੇ ਜਾਗਦੇ ਨੀ, ਕੋਈ ਮੰਤਰ ਮਾਰ ਕੇ,
ਇਲਮ ਦਾ ਹਥਿਆਰ ਦੇ ਦੇ ਤੂੰ ਜ਼ਰਾ ਖਲਿਹਾਰ ਕੇ ।

ਦਸਤਕਾਰੀ ਦੇ ਵਦਾਣਾਂ, ਥੀਂ ਦਲਿੱਦਰ ਤੋੜ ਲੈ,
ਮੁੱਠ ਵਿਚ ਲੈ ਕੇ ਤਜਾਰਤ, ਮਾਲ ਦੌਲਤ ਮੋੜ ਲੈ ।

ਵਣਜ ਦੀ ਤਲਵਾਰ, ਜਿਹੜੀ ਕੌਮ ਦੇ ਹੱਥ ਆ ਗਈ,
ਨਹਿਰ ਦੌਲਤ ਦੀ, ਉਸੇ ਦਾ ਘਰ ਬਹਿਸ਼ਤ ਬਣਾ ਗਈ ।

ਭੇਦ ਇਸ ਦਾ ਖੁਲ੍ਹ ਗਿਆ, ਜਿਸ ਦਿਨ ਤੇਰੀ ਸੰਤਾਨ ਤੇ,
ਬਰਕਤਾਂ ਦਾ ਮੀਂਹ ਤਦੋਂ, ਵੱਸੇਗਾ ਹਿੰਦੁਸਤਾਨ ਤੇ ।

ਮੈਂ ਉਹੋ, ਮਾਇਆ ਉਹੋ, ਓਹੋ ਤੇਰਾ ਇਕਬਾਲ ਹੈ,
ਆਪਣੀ ਗ਼ਫ਼ਲਤ ਹੈ ਕੁਝ, ਬਸ ਦੇਸ਼ ਮਾਲਾ-ਮਾਲ ਹੈ ।

ਤੇਰੀ ਵਾ ਵਲ ਕੋਈ ਨਾ ਵੇਖੇ,
ਹਿੰਦੀਆ ! ਤੂੰ ਲੱਕ ਬੰਨ੍ਹ ਲੈ ।

67. ਆਜ਼ਾਦੀ

ਬੀਤੀਆਂ ਸਦੀਆਂ ਜਿਦ੍ਹੀ,
ਸੂਰਤ ਦੇ ਸੁਪਨੇ ਘੜਦਿਆਂ,
ਸੁੱਖਣਾਂ ਸੁਖ ਸੁਖ ਜਿਦ੍ਹੇ,
ਬੂਹੇ ਤੇ ਹਾੜੇ ਕਰਦਿਆਂ ।

ਵੇਖ ਸਾਡੀ ਬੇ-ਕਸੀ,
ਬੇ-ਚਾਰਗੀ, ਬੇ-ਹਿੰਮਤੀ,
ਨਾਲ ਭਾਰਤ ਵਰਸ਼ ਦੇ,
ਰੁੱਸੀ ਰਹੀ ਹੂਰਾਂ ਪਰੀ ।

ਸ਼ੁਕਰ ਹੈ ਉਹ ਸਹਿਕਵੀਂ ਸੁਹਣੀ,
ਆਜ਼ਾਦੀ ਦੀ ਘੜੀ,
ਬਰਕਤਾਂ ਖ਼ੁਸ਼ੀਆਂ ਦਾ ਨੂਰ ਉਛਾਲ,
ਇਕ ਦਿਨ ਚੜ੍ਹ ਪਈ ।

ਟੁੱਟ ਗਏ ਸੰਗਲ ਗੁਲਾਮੀ ਦੇ,
ਓ ਦੋ ਸੌ ਸਾਲ ਦੇ,
ਕੰਮ ਆਏ ਹਠ ਤੇ ਤਪ,
ਗਾਂਧੀ ਜਵਾਹਰ ਲਾਲ ਦੇ ।

68. ਨਵੀਂ ਬਹਾਰ

ਨਵੀਓਂ ਨਵੀਂ ਬਹਾਰ, ਸਮੇਂ ਦੀ ਨਵੀਓਂ ਨਵੀਂ ਬਹਾਰ-ਟੇਕ

ਨਵੀਂ ਹਿਸਟਰੀ, ਨਵੇਂ ਫ਼ਸਾਨੇ,
ਨਵੇਂ ਸ਼ਿਕਾਰੀ, ਨਵੇਂ ਨਿਸ਼ਾਨੇ,
ਨਵੇਂ ਚਿਰਾਗ, ਨਵੇਂ ਪਰਵਾਨੇ,
ਨਵੇਂ ਨਵੇਂ ਦਿਲਦਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

ਨਵੇਂ ਤਮਾਸ਼ੇ, ਨਵੇਂ ਮਦਾਰੀ,
ਨਵੇਂ ਦੇਵਤੇ, ਨਵੇਂ ਪੁਜਾਰੀ,
ਨਵੇਂ ਕੌਲ ਇਕਰਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

ਮਾਸ਼ੂਕਾਂ ਦੀ ਚਾਲ ਪੁਰਾਣੀ,
ਗੱਲਾਂ ਨਾਲ ਰਿੜਕਣਾ ਪਾਣੀ,
ਨਾ ਮਰਨਾ, ਨਾ ਮੰਜੀ ਚਾਣੀ,
ਲਾਈ ਰੱਖਣੀ ਲਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

ਨਵੀਂ ਕਿਸਮ ਦੀ ਅਮਨ-ਪਸੰਦੀ,
ਜੀਭ ਕਲਮ ਦੀ ਨਾਕਾ-ਬੰਦੀ,
ਆਜ਼ਾਦੀ ਦੇ ਸਿਰ ਤੇ ਲਟਕੇ,
ਤਾਕਤ ਦੀ ਤਲਵਾਰ,
ਸਮੇਂ ਦੀ ਨਵੀਓਂ ਨਵੀਂ ਬਹਾਰ ।

69. ਨੂਰਜਹਾਂ ਬਾਦਸ਼ਾਹ ਬੇਗ਼ਮ

ਧਾਰਨਾ ਮਿਰਜ਼ਾ ਸਾਹਿਬਾਂ

ਸ਼ਾਇਰ ਦੀ ਸੱਦ

ਉੱਠ ਨੀਂ ਨੂਰਾਂ ਬੀਬੀਏ ! ਪਾਸਾ ਤੇ ਪਰਤਾ,
ਤੇਰੀ ਸੇਜ ਹਲੂਣੇ ਕਦੋਂ ਦਾ, ਰਾਵੀ ਖੌਰੂ ਪਾ ।

ਖੋਲ੍ਹ ਬਹਿਸ਼ਤੀ ਬਾਰੀਆਂ, ਵੇਖੇ ਨਵਾਂ ਜਹਾਨ,
ਪਿਛਲੇ ਪਾਸੇ ਵੱਲ ਵੀ, ਮਾਰੀਂ ਜਰਾ ਧਿਆਨ ।

ਕਿੱਥੇ ਈ ਜਲਵਾ ਹੁਸਨ ਦਾ ? ਕਿੱਥੇ ਈ ਸ਼ਾਹੀ ਤਾਜ,
ਕਿਸ ਨੂੰ ਸੌਂਪਿਆ ਸਮੇਂ ਨੇ, ਹਿੰਦ ਤੇਰੇ ਦਾ ਰਾਜ ।

ਚੱਕਰ ਫਿਰਿਆ ਚਰਖ਼ ਦਾ, ਪਛੜ ਗਿਆ ਇਕਬਾਲ,
ਪਰ ਤੇਰੀ ਤਾਰੀਖ਼ ਤੇ, ਜੀਉਂਦੀ ਏ ਤੇਰੇ ਨਾਲ ।

ਇਸ ਰਾਵੀ ਨੇ ਕਰ ਛੱਡੇ, ਪਾਰ ਕਰੋੜਾਂ ਪੂਰ,
ਤੈਨੂੰ ਸਾਂਭੀ ਰੱਖਣਾ, ਰੱਬ ਨੂੰ ਸੀ ਮਨਜੂਰ ।

ਖੁਰ ਖੁਰ ਕੱਲਰ ਹੋ ਗਿਆ, ਫੁੱਲੋਂ ਸੁਹਲ ਸਰੀਰ,
ਖੁਦੀ ਹੋਈ ਹੈ ਦਿਲਾਂ ਤੇ, ਪਰ ਤੇਰੀ ਤਸਵੀਰ ।

ਦੀਵਾ ਭੰਬਟ ਨਾ ਰਹੇ, ਨਾ ਬੁਲਬੁਲ ਨਾ ਫੁੱਲ,
ਸ਼ੁਹਰਤ ਤੇਰੇ ਦਾਨ ਦੀ, ਪਰ ਨਹੀਂ ਸਕਦੀ ਭੁੱਲ ।

ਸੂਰਤ, ਦਾਨਸ਼, ਸ਼ਾਇਰੀ, ਚੌਥਾ ਪਤੀ ਪਿਆਰ,
ਚਹੁੰ ਥੰਮ੍ਹਾਂ ਤੇ ਖੜਾ ਹੈ ਨੂਰਾਨੀ ਮੀਨਾਰ ।

ਰੰਗ ਬਿਰੰਗੀ ਜ਼ਿੰਦਗੀ, ਅਜਬ ਉਤਾਰ ਚੜ੍ਹਾ,
ਇਕ ਪਲ ਅੱਥਰ ਕੇਰਦੇ, ਇਕ ਪਲ ਦੇਣ ਖਿੜਾ ।

ਕੁੱਖੇ ਪਈ ਇਰਾਨ ਦੇ, ਅੱਖ ਖੁਲ੍ਹੀ ਕੰਧਾਰ,
ਦਾਣਾ-ਪਾਣੀ ਆਗਰੇ, ਵਿਚ ਲਹੌਰ ਮਿਜ਼ਾਰ ।

ਸ਼ੇਰ-ਅਫ਼ਗਨ ਜਿਹਾ ਸ਼ੇਰਦਿਲ, ਛੁਟ ਗਿਆ ਕਦਰ ਸ਼ਨਾਸ,
ਪਰ ਆਖ਼ਰ ਜਹਾਂਗੀਰ ਦੀ, ਅੱਖ ਵਿਚ ਮਿਲ ਗਿਆ ਵਾਸ ।

ਸ਼ਾਹ ਦੀਆਂ ਅੱਖਾਂ ਸਾਹਮਣੇ, ਜੇਕਰ ਪੈਂਦੀਓਂ ਚੱਲ,
ਬਣਦਾ ਹਿੰਦੁਸਤਾਨ ਵਿਚ, ਦੂਜਾ ਤਾਜ ਮਹੱਲ ।

ਕੁਦਰਤ ਖੂੰਜੇ ਪਾ ਛੱਡੀ, ਸੁਹਣਿਆਂ ਦੀ ਸਰਕਾਰ,
ਨਾ ਸ਼ਾਨਾਂ ਦਾ ਮਕਬਰਾ, ਨਾ ਉੱਤੇ ਮੀਨਾਰ ।

ਥਾਂ ਥਾਂ ਤ੍ਰੇੜਾਂ ਪਾਟੀਆਂ, ਥਾਂ ਥਾਂ ਜਾਪੇ ਖੋੜ,
ਕੌਮਾਂ ਹਿੰਦੁਸਤਾਨ ਦੀਆਂ, ਵਿਚ ਜਿਵੇਂ ਅਨਜੋੜ ।

ਕਿਰਲੇ, ਕਹਿਣੇ, ਟਿੱਡੀਆਂ, ਮੱਲੀ ਬੈਠੇ ਥਾਂ,
ਪਾਇਆ ਗੰਦ ਕਬੂਤਰਾਂ, ਸਮਝੀ ਕੋਈ ਸਰਾਂ ।

ਤੂੰ ਪਰ ਅੱਖਾਂ ਮੀਟ ਕੇ, ਸਭ ਕੁਝ ਲਿਆ ਸਹਾਰ,
ਸਿਰ ਤੋਂ ਰੋਜ਼ ਲੰਘਾਨੀ ਏਂ, ਸੈ ਰੇਲਾਂ ਦਾ ਭਾਰ ।

(ਇਸ (ਨੂਰਜਹਾਂ ਬਾਦਸ਼ਾਹ ਬੇਗ਼ਮ) ਨਾਂ ਦੀ ਕਿਤਾਬ ਨੂਰਜਹਾਂ ਦਾ ਮਕਬਰਾ (ਸ਼ਾਹਦਰਾ)
ਅੱਖੀਂ ਦੇਖ ਕੇ 1944 ਵਿਚ ਲਿਖੀ ਗਈ ਸੀ, ਉਸ ਦਾ ਕੁਝ ਹਿੱਸਾ ਹੈ ।)

70. ਭਗਵਨ

ਅਨਾਥ ਜਨਿਤਾ ਦੇ ਨਾਥ ਮੋਹਨ !
ਜਸੋਧਾਂ ਮਈਆ ਦੇ ਲਾਲ ਭਗਵਨ !
ਅਜੀਬ ਗਲ ਹੈ, ਕਿ ਤੇਰੀ ਭਾਰਤ,
ਅਜੇ ਤਲਕ ਹੈ ਕੰਗਾਲ ਭਗਵਨ !

ਤੂੰ ਵੇਖੇ ਜਨਿਤਾ ਦੇ ਸਿਰ ਕਟੀਂਦੇ,
ਤੂੰ ਵੇਖੇ ਲਹੂਆਂ ਦੇ ਹੜ੍ਹ ਵਹੀਂਦੇ,
ਤੇ ਬੰਦੇ ਰੁਲਦੇ ਤਬਾਹ ਥੀਂਦੇ,
ਨ ਆਇਆ ਤੈਨੂੰ ਉਬਾਲ ਭਗਵਨ !

ਤੂੰ ਮੁਰਦਿਆਂ ਦਾ ਅੰਬਾਰ ਤਕਦੋਂ,
ਤੂੰ ਰੱਤੇ ਪਾਣੀ ਦੀ ਧਾਰ ਤਕਦੋਂ,
ਤੜਪਦਿਆਂ ਦੀ ਪੁਕਾਰ ਸੁਣਦੋਂ,
ਤੇ ਤਕਦੋਂ ਵਿਧਵਾਂ ਦੇ ਹਾਲ ਭਗਵਨ !

ਤੂੰ ਵੇਖ ਲੈਂਦੋਂ ਓ ਹੂਰਾਂ ਪਰੀਆਂ,
ਜੋ ਖੋਹ ਕੇ ਮੁਸ਼ਟੰਡਿਆਂ ਨੇ ਖੜੀਆਂ,
ਜੋ ਬੇ-ਦਰੇਗਾਂ ਦੀ ਭੇਟ ਚੜ੍ਹੀਆਂ,
ਜੋ ਸੜੀਆਂ ਗਲ ਲਾ ਕੇ ਬਾਲ ਭਗਵਨ !

ਜੋ ਆਲ੍ਹਣੇ ਏਨ੍ਹਾਂ ਬੁਲਬੁਲਾਂ ਦੇ,
ਬੁਲੰਦ ਥਾਂ ਸਨ ਹੁਲਾਰੇ ਖਾਂਦੇ,
ਕਜ਼ਾ ਨੇ ਉਹ ਉਹ ਤੁਫ਼ਾਨ ਆਂਦੇ,
ਕਿ ਰਲ ਗਏ ਖ਼ਾਕ ਨਾਲ ਭਗਵਨ !

ਤੂੰ ਛੋੜ ਦੇ ਠਾਕੁਰੀ ਹਿੰਡੋਲਾ,
ਪਹਿਨ ਲੈ ਰਿਫ਼ਯੂਜੀਆਂ ਦਾ ਚੋਲਾ,
ਤੂੰ ਦੇਖ ਦੁਖਿਆਰਿਆਂ ਦਾ ਟੋਲਾ,
ਤੇ ਫਿਰਦਾ ਰਹੁ ਨਾਲ ਨਾਲ ਭਗਵਨ !

ਤੂੰ ਅਰਬਾਂ ਖਰਬਾਂ ਦੇ ਤਕ ਉਜਾੜੇ,
ਤੇ ਦੇਖ ਫਿਰਦੇ ਜੋ ਮਾਰੇ ਮਾਰੇ,
ਜੋ ਬੈਠੇ ਹੋਏ ਤੇਰੇ ਸਹਾਰੇ,
ਤੂੰ ਕਰ ਉਨ੍ਹਾਂ ਦੀ ਸੰਭਾਲ ਭਗਵਨ !

ਪਸ਼ੌਰੋਂ ਚਲ ਕੇ ਜੋ ਦਿੱਲੀ ਆਏ,
ਤੇ ਸੂਬਿਆਂ ਵਿਚ ਗਏ ਖਿੰਡਾਏ,
ਬਿਗਾਨੀ ਬੋਲੀ ਤੇ ਥਾਂ ਪਰਾਏ,
ਤੂੰ ਬਾਹੋਂ ਫੜ ਕੇ ਉਠਾਲ ਭਗਵਨ !

ਵਿਰਾਟ ਸੂਰਤ ਤੇਰੀ 'ਚ ਸਾਰੇ,
ਅਕਾਸ਼ੋਂ ਟੁਟ ਟੁਟ ਕੇ ਡਿਗਦੇ ਤਾਰੇ,
ਤੂੰ ਦੇਖੇ ਹੋਸਣ ਏ ਸਭ ਨਜ਼ਾਰੇ,
ਵਿਖਾਂਦੇ ਹੋਣੀ ਦੇ ਤਾਲ ਭਗਵਨ !

ਹੈਂ ਤੂੰ ਭੀ ਭਾਰਤ ਦਾ ਜਾਇਆ ਹੋਇਆ,
ਉਸੇ ਦੇ ਦਿਲ ਵਿਚ ਸਮਾਇਆ ਹੋਇਆ,
ਜੇ ਹੈਂ ਦਇਆ ਵਿਚ ਤੂੰ ਆਇਆ ਹੋਇਆ,
ਤਾਂ ਕਰ ਵਿਖਾ ਇਕ ਕਮਾਲ ਭਗਵਨ !

ਤੂੰ ਫੜ ਲੈ ਸ਼ੈਤਾਨ ਦੇ ਭੁਲਾਏ,
ਜੋ ਲਾਲਚਾਂ ਦੇ ਕੁਰਾਹੇ ਪਾਏ,
ਦਿਖਾ ਕੇ ਦੁਰ-ਭਾਗ ਦੇ ਸਤਾਏ,
ਤੂੰ ਦੇਸ਼ ਭਗਤੀ ਸਿਖਾਲ ਭਗਵਨ !

71. ਜਾਣ ਲਿਆ

ਲੁਕ ਬਹਿਣ ਲਈ ਸੁਰਮਈ ਤੁਸਾਂ,
ਬਾਰੀਕ ਦੁਪੱਟਾ ਤਾਣ ਲਿਆ,
ਪਰ ਜਾਲੀ ਵਿਚੋਂ ਦੇਖ ਅਸਾਂ,
ਸਾਰਾ ਰੰਗ ਰੂਪ ਪਛਾਣ ਲਿਆ ।

ਜਿਸ ਖੂੰਜੇ ਅੰਦਰ ਵੱਸਦੇ ਹੋ,
ਉਹ ਹੁਜਰਾ ਏ ਏਸੇ ਬੰਦੇ ਦਾ,
ਘਟ ਘਟ ਵਿਚ ਆਸਣ ਵਿਛਿਆ ਹੈ,
ਇਹ ਭੇਦ ਪੁਰਾਣਾ ਜਾਣ ਲਿਆ ।

72. ਨੂਰਜਹਾਂ ਬਾਦਸ਼ਾਹ ਬੇਗ਼ਮ

ਧਾਰਨਾ ਮਿਰਜ਼ਾ ਸਾਹਿਬਾਂ

ਸ਼ਾਇਰ ਦੀ ਅਰਜ਼

ਧੀ ਸੈਂ ਤੂੰ ਈਰਾਨ ਦੀ, ਹਿੰਦੁਸਤਾਨੀ ਨਾਰ,
ਭੈਣ ਬਣੀ ਪੰਜਾਬ ਦੀ, ਠਾਰਾਂ ਸਾਲ ਗੁਜ਼ਾਰ ।

ਪੰਜਾਬਣ ਬਣ ਹਿਸਟਰੀ, ਹੋਈ ਤੇਰੀ ਮਦਾਮ,
ਇਹ ਕੰਮ ਕਰੇਂ ਤਾਂ ਰਹੇਗਾ, ਕਾਇਮ ਤੇਰਾ ਨਾਮ ।

ਤੇਰੇ ਸਮੇਂ ਪੰਜਾਬ ਵਿਚ, ਜੋ ਸੀ ਮੇਲ ਮਿਲਾਪ,
ਓਹੋ ਵਕਤ ਵਿਖਾਲ ਦੇ, ਵਿੱਚ ਖਲੋ ਕੇ ਆਪ ।

ਹਿੰਦੂ ਮੁਸਲਿਮ ਇੱਕ ਸਨ, ਇੱਕੋ ਮਾਂ ਦੇ ਲਾਲ,
ਜਪਦੇ ਰਾਮ ਰਹੀਮ ਨੂੰ, ਬਹਿ ਕੇ ਨਾਲੋ ਨਾਲ ।

ਪਰ ਇਸ ਵੀਹਵੀਂ ਸਦੀ ਨੇ, ਡਿੱਠੇ ਉਹ ਉਹ ਹਾਲ,
ਸੱਚ ਸ਼ਰਮ ਦਾ ਮਾਰਿਆ, ਮੂੰਹ ਤੇ ਲਏ ਰੁਮਾਲ ।

ਇਨਸਾਨੀਅਤ ਇਸ ਤਰ੍ਹਾਂ ਹੋ ਗਈ ਲਹੂ ਲੁਹਾਣ,
ਵਰਕੇ ਭੀ ਤਾਰੀਖ਼ ਦੇ, ਅੱਖਾਂ ਪਏ ਲੁਕਾਣ ।

ਸਿਖ਼ਰ ਚੜ੍ਹੇ ਇਖਲਾਕ ਨੂੰ, ਧੁਰ ਥੱਲੇ ਪਟਕਾ,
ਸੋਨੇ ਦੀ ਝਲਕਾਰ ਨੇ, ਲਿਆ ਗੁਲਾਮ ਬਣਾ ।

ਚਿੱਕੜ ਭਰੀਆਂ ਆਤਮਾਂ, ਮੁਰਦਾ ਹੋਏ ਜ਼ਮੀਰ,
ਫਿਰ ਗਈ ਧਰਮ ਇਮਾਨ ਦੀ, ਗਰਦਨ ਤੇ ਸ਼ਮਸ਼ੀਰ ।

(ਇਸੇ ਨਾਂ ਦੀ ਪਹਿਲੀ ਕਵਿਤਾ ਦਾ ਅਖ਼ੀਰੀ ਹਿੱਸਾ।)

73. ਕਿੱਕਲੀ ਕਲੀ

(ਕੁੜੀਆਂ ਦੇ ਕਿੱਕਲੀ ਦੇ ਗੀਤ ਜਾਂ
ਖੇਨੂੰ ਖੇਡਣ ਵਾਲੇ ਗੀਤ ਦੀ ਧਾਰਨਾ ਉੱਤੇ)

1
ਕਿੱਕਲੀ ਕਲੀ,
ਕੁੜੀਓ ਕਿੱਕਲੀ ਕਲੀ,
ਹਾਲੀ ਐਥੇ ਸੀ ਖਲੀ, ਕਿਥੇ ਗਈ ਨੀ ਚਲੀ ?
ਨੀ ਆਜ਼ਾਦੀ ਦੀ ਘੜੀ,
ਕਿਸ ਦੇ ਕੋਠੇ ਜਾ ਚੜ੍ਹੀ ?
ਕਿਹੜੇ ਡਾਕੂ ਨੇ ਫੜੀ ?
ਦਿੱਤੀ ਮਹੁਰੇ ਦੀ ਪੁੜੀ,
ਨੀ ਹਰਾਮ ਦੀ ਕੁੜੀ,
ਨੀ ਬਲੈਕ ਦੀ ਜੁੜੀ ।

2
ਹੁਣ ਤੇ ਓਹੋ ਹੈ ਆਜ਼ਾਦ,
ਜਿਸ ਨੂੰ ਰੱਬ ਨਾ ਬਿਲਕੁਲ ਯਾਦ,
ਜਿਸ ਨੂੰ ਰਿਸ਼ਵਤ ਦਾ ਪਰਸ਼ਾਦ,
ਖਾ ਖਾ ਆਵੇ ਬੜਾ ਸੁਆਦ ।

3
ਕੋਈ ਚਾਚੇ ਦਾ ਜੁਵਾਈ,
ਕੋਈ ਮਾਮੇ ਦਾ ਜੁਵਾਈ,
ਕੋਈ ਸਾਂਢੂ, ਕੋਈ ਸਾਲਾ,
ਕੋਈ ਸਾਲੇ ਦਾ ਵੀ ਸਾਲਾ,
ਸਾਂਭੀ ਜਾਂਦੇ ਠੇਕੇ ਸਾਰੇ,
ਆਪੂੰ ਬੈਠੇ ਰਹਿਣ ਕਿਨਾਰੇ ।

4
ਹੁਣ ਤੇ ਸਾਰੇ ਲੋਕ ਗੁਲਾਮ,
ਦੁਨੀਆਂ ਪੈਸੇ ਦੀ ਗੁਲਾਮ,
ਖੁਲ੍ਹਾ ਪੈਸੇ ਦਾ ਬਾਜ਼ਾਰ,
ਸਭ ਨੂੰ ਪੈਸੇ ਨਾਲ ਪਿਆਰ ।

5
ਪੂਰੇ ਦੋ ਹਜ਼ਾਰ ਸਾਲ,
ਦੀ ਗੁਲਾਮੀ ਦਾ ਉਬਾਲ,
ਰਚ ਗਿਆ ਹੱਡਾਂ ਵਿਚ ਹਰਾਮ,
ਨੀ ਜਮਾਂਦਰੂ ਗੁਲਾਮ,
ਲੁੱਟੀ ਜਾਣ ਸਵੇਰੇ ਸ਼ਾਮ,
ਨੀ ਹਰਾਮ ਦੀ ਕੁੜੀ,
ਬੇ-ਈਮਾਨੀ ਦੀ ਜੁੜੀ ।

6
ਕੁੜੀਓ ਕਿੱਕਲੀ ਕਲੀ,
ਕਿੱਥੇ ਗਈ ਨੀ ਚਲੀ ?
ਨੀ ਆਜ਼ਾਦੀ ਦੀ ਘੜੀ,
ਕਿਹੜੇ ਖੂੰਜੇ ਜਾ ਵੜੀ ?

74. ਆਗ਼ਾ ਸਾਹਿਬ

(ਲਾਹੌਰ ਦੇ ਪ੍ਰਸਿੱਧ ਉਸਤਾਦ *ਆਗ਼ਾ* ਦੇ
ਦੇਹਾਂਤ ਸਮੇਂ ਲਿਖੀ ਗਈ ਸੀ ।)

ਸਾਡੇ ਸੱਜਣਾਂ ! ਰੁੱਠ ਕੇ ਉੱਠ ਤੁਰਿਉਂ,
ਸਾਡੀ ਦੋਸਤੀ ਦਿਲ ਤੋਂ ਭੁਲਾ ਦਿੱਤੀ,
ਤੂੰ ਸ਼ਿੰਗਾਰ ਸੈਂ ਸਾਡੀਆਂ ਮਹਿਫਲਾਂ ਦਾ,
ਵਿਚੋਂ ਚਾਨਣੀ ਸ਼ਮ੍ਹਾਂ ਬੁਝਾ ਦਿੱਤੀ,
ਤੇਰੀ ਸ਼ਾਨ ਚਮਕਾਇਆ ਸ਼ਾਇਰੀ ਨੂੰ,
ਪਾ ਕੇ ਜਾਨ ਅਸਮਾਨ ਚੜ੍ਹਾ ਦਿੱਤੀ ।
ਲਾਹ ਜੰਜਾਲ ਤੇ ਛੱਡ ਧੰਦਾਲ ਸਾਰੇ,
ਜਾ ਨਵੇਕਲੀ ਝੋਂਪੜੀ ਪਾ ਦਿੱਤੀ !
ਬਗ਼ਲੀ ਪਾ ਤੁਰਿਓਂ ਛੱਡ ਯਾਰ ਬੇਲੀ,
ਬਗ਼ਲੀ ਵਿਚ ਹੁਣ ਧੂਣੀ ਰੁਮਾ ਦਿੱਤੀ ।
ਰੁੱਝੋਂ ਸੈਰ ਬਹਿਸ਼ਤਾਂ ਦੀ ਖੋਲ੍ਹ ਤਾਕੀ,
ਫਾਨੀ ਜੱਗ ਦੀ ਝਾਕ ਹਟਾ ਦਿੱਤੀ,
ਕਤਰੇ ਬਹਿਰ ਦਾ ਪਾਇਆ ਵਿਸਾਲ ਜਾ ਕੇ,
ਅਪਣੀ ਬੁਲਬੁਲੇ ਹਸਤੀ ਮਿਟਾ ਦਿੱਤੀ,
ਹੋ ਫ਼ਨਾਹ ਜ਼ੱਰਾ ਆਫਤਾਬ ਬਣਿਆਂ,
ਆਉਣ ਜਾਣ ਦੀ ਤਾਂਘ ਮੁਕਾ ਦਿੱਤੀ ।
ਤੇਰੀ ਮੌਤ ਨੇ ਦਿੱਤੀਆਂ ਖੋਲ੍ਹ ਅੱਖਾਂ,
ਮੌਤ ਸਾਨੂੰ ਭੀ ਯਾਦ ਕਰਵਾ ਦਿੱਤੀ ।
ਜਿਹੜੀ ਸ਼ਾਨਤੀ ਢੂੰਡਦੇ ਹੋਏ ਬੱਗੇ,
ਤੂੰ ਅਮਾਨਤੀ ਰਮਜ਼ ਸਮਝਾ ਦਿੱਤੀ ।

(ਲਾਹੌਰ ਵਿਚ ਜਿਸ ਵੇਲੇ ਉਰਦੂ ਵਾਲਿਆਂ ਨੇ
ਪੰਜਾਬੀ ਦਾ ਬਾਈਕਾਟ ਕਰ ਦਿੱਤਾ ਸੀ, ਆਗ਼ਾ
ਉਸਤਾਦ ਨੇ ਦਲੇਰੀ ਨਾਲ ਆਪਣੇ ਸਕੂਲ ਨੂੰ
ਜਾਰੀ ਰੱਖਿਆ ।)

75. ਤ੍ਰੈ ਮਾਵਾਂ

1
ਪਹਿਲੀ ਮਾਤਾ ਲਛਮੀ ਦੇਵੀ,
ਜਿਸ ਨੇ ਜਣ ਕੇ ਅਕਲ ਸਿਖਾਈ,
ਪੜ੍ਹ ਗੁੜ੍ਹ ਜੋਬਨ ਮਾਣ ਜਵਾਨੀ,
ਉਮਰਾ ਛੱਤੀ ਸਾਲ ਹੰਢਾਈ ।
ਓਸੇ ਦੀਆਂ ਅਸੀਸਾਂ ਲੈ ਲੈ,
ਭਲਿਆਂ ਲੋਕਾਂ ਦੀ ਛੁਹ ਪਾਈ,
ਸੁਰਗੀ ਵਾਸਾ ਹੋਵੇ ਸ਼ਾਲਾ,
ਮਾਨੁਖਤਾ ਜਿਸ ਪਾਸੋਂ ਆਈ ।

2
ਦੂਜੀ ਅੰਮਾਂ ਭਾਰਤ ਮਾਤਾ,
ਜਿਸ ਦੀ ਮਿੱਟੀ ਮੈਨੂੰ ਜਣਿਆ,
ਉਸ ਦੀ ਭਗਤੀ ਕਰਦਾ ਕਰਦਾ,
ਮੈਂ ਪੰਜਾਬੀ ਸ਼ਾਇਰ ਬਣਿਆਂ ।
ਏਕੇ ਤੇ ਇਤਫ਼ਾਕ ਕਰਾਂਦਿਆਂ,
ਸਾਰੀ ਉਮਰ ਬੀਤ ਗਈ ਮੇਰੀ,
ਓੜਕ ਦੁੱਧ ਵਿਚ ਕਾਂਜੀ ਪੈ ਗਈ,
ਪਾਕਿਸਤਾਨੀ ਫ਼ਿਤਨਾ ਛਣਿਆ ।

3
ਤੀਜੀ ਮਾਂ ਪੰਜਾਬੀ ਬੋਲੀ,
ਬਚਪਨ ਵਿਚ ਮਾਂ ਪਾਸੋਂ ਸਿੱਖੀ,
ਧੋਤੀ ਮਾਂਜੀ, ਪਹਿਨੀ-ਪਚਰੀ,
ਨਜ਼ਮ ਨਸਰ ਬੋਲੀ ਤੇ ਲਿਖੀ ।
ਮਤਰੇਈਆਂ ਨੂੰ ਪਰ੍ਹੇ ਹਟਾ ਕੇ,
ਪਟਰਾਣੀ ਨੂੰ ਤਖ਼ਤ ਬਹਾਇਆ,
ਏਹੋ ਜਿਹੀ ਮਨੋਹਰ ਮਿੱਠੀ,
ਹੋਰ ਕੋਈ ਬੋਲੀ ਨਹੀਂ ਡਿੱਠੀ ।

76. ਦਾਤਾ ਨੂੰ

1
ਦਾਤਾ ! ਦੇਵੇ ਦਾਤਾਂ, ਚੰਗ ਸੁ-ਚੰਗੀਆਂ,
ਖਲਕਤ ਖਾਏ ਖੁਰਾਕਾਂ, ਮੂੰਹੋਂ ਮੰਗੀਆਂ,
ਪਹਿਨਣ ਲਈ ਪੁਸ਼ਾਕਾਂ, ਰੰਗ ਬਰੰਗੀਆਂ,
ਹੁੰਦੀ ਤੇਰੇ ਦਾਨ ਨਾਲ ਕਲਿਆਣ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

2
ਇਕਨਾਂ ਦੇ ਘਰ ਗਾਈਂ ਮਹੀਂ ਲਵੇਰੀਆਂ,
ਫ਼ਸਲਾਂ ਹਰੀਆਂ, ਨਾਲ ਅੰਨ ਦੀਆਂ ਢੇਰੀਆਂ,
ਉੱਚੇ ਉੱਚੇ ਮਹਿਲ, ਹਵੇਲੀਆਂ ਘੇਰੀਆਂ,
ਲੋਹ ਲੰਗਰ ਵਿਚ ਪੱਕ ਰਿਹਾ ਪਕਵਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

3
ਇਕਨਾਂ ਦਾ ਇਕਬਾਲ ਤੇ ਕਾਰੋਬਾਰ ਹੈ,
ਦੌਲਤ ਦਾ ਭੰਡਾਰ, ਚੜ੍ਹਨ ਨੂੰ ਕਾਰ ਹੈ,
ਨੌਕਰ ਖਿਦਮਤਕਾਰ ਤੇ ਸੁੰਦਰ ਨਾਰ ਹੈ,
ਪੁਤਰ ਆਗਿਆਕਾਰ ਨੇਕ ਸੰਤਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

4
ਇਕ ਪੀਂਦੇ ਨੇ ਚਾਹਾਂ, ਲਾ ਲਾ ਸ਼ੁਰਕੀਆਂ,
ਕੇਕ ਪੇਸਟਰੀ ਖਾਂਦੇ, ਭਰ ਭਰ ਬੁਰਕੀਆਂ,
ਇਕ ਮੰਗਦੇ ਨੇ ਚਾਹ ਤੇ ਪੈਂਦੀਆਂ ਘੁਰਕੀਆਂ,
ਜੋ ਤੈਨੂੰ ਮਨਜੂਰ ਸੋਈ ਪਰਵਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

5
ਇਕ ਤਖ਼ਤਾਂ ਤੇ ਬੈਠੇ ਰਾਜ ਕਮਾਉਂਦੇ,
ਇਕ ਪਿਛਵਾੜ ਖਲੋਤੇ, ਛਤਰ ਝੁਲਾਉਂਦੇ
ਇਕ ਅਗਵਾੜੇ ਨੱਸਦੇ ਭੀੜ ਹਟਾਉਂਦੇ,
ਇਕ ਫਾਟਕ ਨੂੰ ਫੜੀਂ ਖੜਾ ਦਰਬਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

6
ਇਕ ਉਜੜੇ ਹੋਏ ਧੰਨੀ ਪੋਠੋਹਾਰ ਦੇ,
ਇਕ ਲੁੱਟੇ ਹੋਏ ਲਹਿੰਦੇ ਗੰਜੀ ਬਾਰ ਦੇ,
ਸ਼ਾਹੂਕਾਰ ਨਿਥਾਵੇਂ ਅਟਕੋਂ ਪਾਰ ਦੇ,
ਮਿਲ ਗਈ ਮਿੱਟੀ ਨਾਲ ਜਿਨ੍ਹਾਂ ਦੀ ਸ਼ਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

7
ਲੱਖਾਂ ਬਾਲ ਯਤੀਮ ਤੇ ਵਿਧਵਾ ਨਾਰੀਆਂ,
ਖੜੀਆਂ ਖੋਹ ਜਵਾਨ ਤੇ ਕੰਜਕਾਂ ਕੁਆਰੀਆਂ,
ਫਿਰਨ ਰੁਲਦੀਆਂ ਥਾਂ ਥਾਂ, ਕਿਸਮਤ ਮਾਰੀਆਂ,
ਜਿਨ੍ਹਾਂ ਭਾਣੇ ਟੁਟ ਪਿਆ ਅਸਮਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

8
ਕਿਸਮਤ ਵਾਲੇ ਕਈ ਅਡੋਲ ਬਚਾਏ ਤੂੰ,
ਔਣ ਨ ਦਿੱਤਾ ਸੇਕ, ਤੇ ਘਰ ਅਪੜਾਏ ਤੂੰ,
ਘੁੰਮਣ-ਘੇਰੋਂ ਫੜ ਫੜ ਬੰਨੇ ਲਾਏ ਤੂੰ,
ਬੰਦਿਆਂ ਦੇ ਸਿਰ ਬੜਾ ਤੇਰਾ ਅਹਿਸਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

9
ਇਕ ਰਿਫਯੂਜ਼ੀ ਤਰਸਣ ਮੰਜੀ ਥਾਂ ਨੂੰ,
ਧੁੱਪੋਂ ਮੀਂਹੋਂ ਬਚਾਵੀਂ ਛੱਪਰ ਛਾਂ ਨੂੰ,
ਨਾ ਲੱਭੇ ਕੋਈ ਕਾਰ ਤੇ ਰੋਜ਼ੀ ਨਾਂ ਨੂੰ,
ਨਾ ਕੋਈ ਥੜ੍ਹਾ ਦੁਕਾਨ ਨ ਕੋਈ ਮਕਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

10
ਇਕਨਾਂ ਨੂੰ ਤੜਫਾਇਆ ਬੇ-ਰੁਜਗਾਰੀਆਂ,
ਆ ਪਈਆਂ ਪਰਦੇਸ ਮੁਸ਼ਕਲਾਂ ਭਾਰੀਆਂ,
ਪਿਛੇ ਕਰਦੇ ਆਏ ਕੋਠੀ-ਦਾਰੀਆਂ,
ਮੱਥੇ ਦੀ ਤਕਦੀਰ ਬੜੀ ਬਲਵਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

11
ਕਈ ਟੋਕਰੀ ਫੜੀ, ਮਜੂਰੀ ਭਾਲਦੇ,
ਕਈ ਘਾਲਣਾ ਘਾਲ ਅੰਞਾਣੇ ਪਾਲਦੇ,
ਫਿਰਨ ਕਈ ਕੰਗਾਲ, ਸੁਦਾਮਾ ਨਾਲ ਦੇ,
ਮਗਰ ਜਿਨ੍ਹਾਂ ਦੇ ਖੜ੍ਹਾ ਕ੍ਰਿਸ਼ਨ ਭਗਵਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

12
ਇਕਨਾਂ ਦੇ ਮਨ ਭਾਉ, ਭਗਤ ਕਰਤਾਰ ਦੇ,
ਬੇਰੀ ਵਾਂਗਰ ਝੁਕਦੇ, ਨਾਲ ਪਿਆਰ ਦੇ,
ਦੁਖੀ ਗਰੀਬਾਂ ਉੱਤੇ ਝਾਤੀ ਮਾਰਦੇ,
ਪ੍ਰੇਮ ਗਲੀ ਦੇ ਰਾਹੀ, ਮਨ ਮਸਤਾਨ ਹੈ,
ਭਗਵਨ ! ਤੇਰਾ ਮੰਗਤਾ ਸਗਲ ਜਹਾਨ ਹੈ ।

77. ਗੁਲਾਬ ਦਾ ਫੁੱਲ

ਮੈਂ ਖੇੜੂ ਫੁੱਲ ਗੁਲਾਬ ਦਾ-ਟੇਕ

1
ਮੱਖੀਆਂ ਨੂੰ ਮੈਂ ਸ਼ਹਿਦ ਚੁੰਘਾਵਾਂ,
ਸੁਹਣਿਆਂ ਦੀ ਮੈਂ ਸੇਜ ਸਜਾਵਾਂ,
ਟਹਿਲ ਕਮਾਵਾਂ, ਘਰ ਤੁਰ ਜਾਵਾਂ,
ਦਾਈਆ ਮੇਰਾ ਉਕਾਬ ਦਾ ।
ਮੈਂ ਖੇੜੂ ਫੁੱਲ ਗੁਲਾਬ ਦਾ ।

2
ਮੂੰਹ ਮੇਰੇ ਦਾ ਰੰਗ ਗੁਲਾਬੀ,
ਉੱਚਾ ਹੋਵਾਂ ਬਹੁਤ ਸ਼ਤਾਬੀ,
ਮਾਂ ਮੇਰੀ ਭਾਰਤ ਦੇ ਸਿਰ ਤੇ,
ਛਤਰ ਝੁਲੇ ਪੰਜਾਬ ਦਾ,
ਮੈਂ ਖੇੜੂ ਫੁੱਲ ਗੁਲਾਬ ਦਾ ।

3
ਅਸਲਾ ਮੇਰਾ ਅਰਸ਼ੀਂ ਜਾਣਾ,
ਸਭ ਦੁਨੀਆਂ ਤੇ ਝਾਤੀ ਪਾਣਾ,
ਦੁਖੀਆਂ ਨੂੰ ਆਰਾਮ ਪੁਚਾਣਾ
ਕਰਨਾ ਕੰਮ ਸਵਾਬ ਦਾ ,
ਮੈਂ ਖੇੜੂ ਫੁੱਲ ਗੁਲਾਬ ਦਾ ।

4
ਮੈਂ ਹਾਂ ਅਮਨ ਚੈਨ ਦਾ ਹਾਮੀ,
ਮੂਲ ਨ ਕਰਾਂ ਪਸੰਦ ਗੁਲਾਮੀ,
ਤਰਸਾਂ ਜੇ ਤਾਕਤ ਮਿਲ ਜਾਵੇ,
ਮੈਂ ਕੱਢ ਦਿਆਂ ਗੰਦ ਸਮਾਜ ਦਾ,
ਮੈਂ ਖੇੜੂ ਫੁੱਲ ਗੁਲਾਬ ਦਾ ।

78. ਬੇਈਂ ਹੋ ਗਈ ਬੇ-ਈਮਾਨ

ਇੰਦਰ ਰਾਜ ਕ੍ਰੋਧ ਵਿਚ ਆਇਆ,
ਬਦਲਾਂ ਦਾ ਲਸ਼ਕਰ ਸਦਵਾਇਆ,
ਚਲਾ ਗਿਆ ਅੰਗ੍ਰੇਜ਼ੀ ਪਹਿਰਾ,
ਪਰ ਫਿਰ ਭੀ ਪੰਜਾਬੇ ਅੰਦਰ,
ਲੜ ਲੜ ਮਰਨੋਂ ਬਾਜ਼ ਨ ਆਏ,
ਹਿੰਦੂ, ਸਿਖ ਤੇ ਮੁਸਲਮਾਨ ।

ਹੁਕਮ ਚੜ੍ਹਾਇਆ, ਕੱਠੇ ਹੋ ਕੇ-
ਵਰਖਾ ਕਰੋ ਜ਼ੋਰ ਦੀ ਐਨੀ,
ਰੁੜ੍ਹ ਪੁੜ੍ਹ ਜਾਵਣ ਸਭ ਸ਼ੈਤਾਨ,
ਬਦਲਾਂ ਨੇ ਗੁੱਸੇ ਵਿਚ ਆ ਕੇ,
ਲੈ ਆਂਦਾ ਐਨਾ ਤੂਫ਼ਾਨ ।
ਨਦੀਆਂ ਨਾਲੇ ਚੜ੍ਹ ਚੜ੍ਹ ਆਏ,
ਕੰਢੇ ਦੰਦੇ ਤੋੜੀ ਜਾਣ ।

ਬੇਈਂ ਨਦੀ ਕਪੂਰਥਲੇ ਦੀ,
ਜਿਸ ਨੇ ਕਿਸੇ ਜ਼ਮਾਨੇ ਅੰਦਰ,
ਗੁਰ ਨਾਨਕ ਨੂੰ ਤਿੰਨ ਦਿਹਾੜੇ
ਗੋਦੀ ਵਿਚ ਛੁਪਾਈ ਰਖਿਆ,
ਇਸ ਵਰਖਾ ਦੀ ਕਾਂਗ ਦੇ ਅੰਦਰ,
ਰੋੜ੍ਹ ਲੈ ਗਈ ਲੱਖਾਂ ਜਾਨਾਂ,
ਡੰਗਰ ਵੱਛਾ ਤੇ ਇਨਸਾਨ ।
ਬੇਈਂ ਹੋ ਗਈ ਬੇ-ਈਮਾਨ ।

ਨਾ ਤੱਕਿਆ ਉਸ ਤੀਮਤ ਬੱਚਾ,
ਨਾ ਤੱਕਿਆ ਉਸ ਬਿਰਧ ਜਵਾਨ ।
ਮੱਝੀਂ ਗਾਈਂ ਭੇਡ ਬਕਰੀਆਂ,
ਲੱਦੇ ਲਦਾਏ ਸਮਾਨੀ ਗੱਡੇ
ਕਪੜੇ ਲੀੜੇ ਦੇ ਸੰਦੂਕ,
ਚਰਖੇ, ਮੰਜੇ, ਭਾਂਡੇ, ਬਰਤਨ,
ਕੁੱਕੜੀਆਂ ਦੇ ਭਰੇ ਟੋਕਰੇ,
ਆਟਾ ਕੋਟਾ ਮਿਰਚ ਮਸਾਲਾ,
ਸਭ ਸ਼ੈ ਹੋਈ ਵਿਰਾਨ ।

ਨਾ ਤੱਕਿਆ ਉਸ ਜੰਞੂ ਟਿੱਕਾ,
ਨਾ ਦੇਖੇ ਉਸ ਤਸਬੀ ਮਾਲਾ,
ਕੱਛ, ਕੜਾ, ਕਿਰਪਾਨ,
ਮਜ਼ਹਬ ਧਰਮ ਇਮਾਨ,
ਨਾ ਇਨਸਾਨ, ਨ ਹੈਵਾਨ,
ਬੇਈਂ ਹੋ ਗਈ ਬੇ-ਈਮਾਨ ।

ਪਾਣੀ ਦੇ ਧੱਕੇ ਵਿਚ ਚੜ੍ਹ ਕੇ,
ਕੁਝ ਨਾ ਕੀਤੀ ਗਈ ਸੰਭਾਲ,
ਅੱਠ ਪਹਿਰ ਦੀ ਵਰਖਾ ਅੰਦਰ,
ਬੇਈਂ ਫੈਲੀ ਮੀਲਾਂ ਤੀਕਰ,
ਰੇਲਾਂ ਪਟੜੀਆਂ ਭੀ ਹਿੱਲ ਗਈਆਂ,
ਪੁਲ ਦਾ ਭੀ ਕਾਫੀ ਨੁਕਸਾਨ ।
ਬੇਈਂ ਹੋ ਗਈ ਬੇ-ਈਮਾਨ ।

ਅਗਲੇ ਦਿਨ ਜਦ ਪਾਣੀ ਲੱਥੇ,
ਮੀਲਾਂ ਵਿਚ ਬਰੇਤਾ ਨੰਗਾ,
ਲੱਖਾਂ ਲਾਸ਼ਾਂ ਲੇਟੀਆਂ ਪਈਆਂ,
ਬੰਦਿਆਂ ਨਾਲੋਂ ਡੰਗਰ ਬਹੁਤੇ,
ਹੋਰ ਬਿਅੰਤ ਸਮਾਨ ।
ਲੱਖਾਂ ਦਾ ਨੁਕਸਾਨ,
ਹੇ ਮੇਰੇ ਭਗਵਾਨ !

ਮੱਛ ਕੱਛ ਸੰਸਾਰ ਤੇਂਦਵੇ,
ਭਰ ਭਰ ਬੁਰਕ ਡਕਾਰੀ ਜਾਣ,
ਬੇਈਂ ਹੋ ਗਈ ਬੇ-ਈਮਾਨ ।
ਬੰਦਾ ਹੋ ਜਾਵੇ ਹੈਰਾਨ ।
ਹੇ ਭਗਵਾਨ, ਹੇ ਭਗਵਾਨ !
ਤੂੰਹੇਂ ਜਾਣੇਂ ਤੇਰੀ ਸ਼ਾਨ ।

79. ਪਪੀਹਾ

*ਪੀ ਪੀ* ਸਦਾ ਪੁਕਾਰਨ ਵਾਲੇ,
ਨੈਣਾਂ ਦੇ ਮਤਵਾਲੇ,
ਚੜ੍ਹੀ ਖ਼ੁਮਾਰੀ ਖੀਵੇ ਹੋ ਗਏ,
ਨਰਗਸ ਨਿਗਹ ਪਈ ਦਾਤੇ ਦੀ,
ਬੇੜਾ ਲੱਗ ਗਿਆ ਬੰਨੇ,
ਨਦਰਿ ਨਿਹਾਲ ਹੋ ਗਿਆ ਚਾਤ੍ਰਿਕ,
ਤੱਕਿਆ ਨੈਣਾਂ ਵਾਲੇ ।

ਚਾਤਕ ਚੁਭਕ ਪਿਰੰਮ ਦੀ
ਪੀ ਪੀ ਕਰੇ ਪੁਕਾਰ,
ਸਵਾਂਤਿ ਬੂੰਦ ਜਦ ਆ ਮਿਲੀ,
ਬੇੜਾ ਹੋ ਗਿਆ ਪਾਰ ।

80. ਅਗੇਰੇ

ਕੌਮੀ ਗੀਤ

ਵਧੀ ਚਲ ਅਗੇਰੇ ਵਧੀ ਚਲ ਅਗੇਰੇ ।-ਟੇਕ

1
ਮੇਰੇ ਸ਼ੇਰ ਦਿਲ ਹਿੰਦੀਆ ! ਨੌਜਵਾਨਾ !
ਖੜਾ ਹੋ ਕੇ ਭਾਰਤ ਦਾ ਛੋਹ ਦੇ ਤਰਾਨਾ ।
ਗੁਲਾਮੀ ਗਈ, ਹੁਣ ਨਵਾਂ ਏ ਜ਼ਮਾਨਾ,
ਬੜੀ ਜ਼ਿੰਮੇਵਾਰੀ ਏ ਤੇਰੇ ਚੁਫੇਰੇ,
ਵਧੀ ਚਲ ਅਗੇਰੇ, ਵਧੀ ਚਲ ਅਗੇਰੇ ।

2
ਕਿਸਾਨਾ ! ਮਜੂਰਾ ! ਤ੍ਰਖਾਣਾ ! ਲੁਹਾਰਾ !
ਮੇਰੇ ਕਸਬੀਆ ! ਕਿਰਤੀਆ ! ਦਸਤਕਾਰਾ !
ਤੂੰ ਹੈਂ ਦੇਸ਼ ਦਾ ਆਸਰਾ ਤੇ ਸਹਾਰਾ,
ਏ ਰੌਣਕ ਤੇ ਦੌਲਤ ਵਧੇ ਨਾਲ ਤੇਰੇ,
ਵਧੀ ਚਲ ਅਗੇਰੇ, ਵਧੀ ਚਲ ਅਗੇਰੇ ।

3
ਤੂੰ ਸ਼ੂਦਰ ਨਹੀਂ ਤੇਰਾ ਪਿੰਡਾ ਏ ਸੁੱਚਾ,
ਤੂੰ ਨੀਵਾਂ ਨਾ ਹੋ, ਤੇਰਾ ਦਰਜਾ ਏ ਉੱਚਾ,
ਕਮੀਣਾਂ ਦਾ ਬਾਣਾ ਬਦਲ ਦੇ ਸਮੁੱਚਾ,
ਤੂੰ ਲੀੜੇ ਪਹਿਨ ਸਾਊਆਂ ਤੋਂ ਚੰਗੇਰੇ ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ ।

4
ਤੇਰਾ ਦੇਸ਼ ਆਪਣਾ, ਹਕੂਮਤ ਵੀ ਤੇਰੀ,
ਇਹ ਤਾਕਤ, ਲਿਆਕਤ ਤੇ ਹਿੰਮਤ ਵੀ ਤੇਰੀ,
ਇਹ ਧਰਤੀ ਤਲੇ ਦੱਬੀ ਦੌਲਤ ਵੀ ਤੇਰੀ,
ਦਫ਼ਾ ਹੋ ਚੁਕੇ ਨੇ ਫ਼ਰੰਗੀ ਲੁਟੇਰੇ ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ ।

5
ਤੇਰੀ ਧਰਤਿ ਅੰਨਾਂ ਧਨਾਂ ਦਾ ਭੰਡਾਰਾ,
ਇਹ ਫਸਲਾਂ, ਇਹ ਮੇਵੇ, ਇਹ ਸਬਜ਼ੀ, ਇਹ ਚਾਰਾ,
ਤੇਰੇ ਡੌਲਿਆਂ ਦਾ ਨਜ਼ਾਰਾ ਇਹ ਸਾਰਾ,
ਤੂੰਹੇਂ ਢੇਰ ਲਾਏ ਉਚੇਰੇ ਉਚੇਰੇ ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ ।

6
ਜੇ ਸਰਮਾਏਦਾਰੀ ਹੈ, ਤਾਂ ਕੀ ਹੈ ? ਡਰ ਨਾ,
ਹੈ ਬਹੁ-ਗਿਣਤੀ ਤੇਰੀ, ਕੋਈ ਫ਼ਿਕਰ ਕਰ ਨਾ,
ਵਗਾਰਾਂ ਤੇ ਚੱਟੀ ਕੋਈ ਟੈਕਸ ਭਰ ਨਾ,
ਫ਼ਤੇ ਤੇਰੀ ਹੋਸੀ ਅਵੇਰੇ ਸਵੇਰੇ ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ ।

7
ਤੇਰੀ ਗਿਣਤੀ ਨੱਬੇ ਤੇ ਦਸ ਖਾਊਆਂ ਦੀ,
ਤੇਰੀ ਸ਼ਾਨ ਉੱਚੀ, ਹਿਠਾਂਹ ਸਾਊਆਂ ਦੀ,
ਤੇਰੇ ਪੈਰਾਂ ਥੱਲੇ ਹੈ ਤਾਕਤ ਦੁਹਾਂ ਦੀ,
ਓ ਥੋੜ੍ਹੇ ਜਿਹੇ ਤੇ ਤੁਸੀਂ ਹੋ ਵਧੇਰੇ ।
ਵਧੀ ਚਲ ਅਗੇਰੇ, ਵਧੀ ਚਲ ਅਗੇਰੇ ।

81. ਜੋੜੀ

ਵਾਹ ਨੈਣਾਂ ਦੀ ਜੋੜੀ-ਟੇਕ

ਨਰਗਸ ਵਾਂਗ ਧਰੂਹਾਂ ਪਾਂਦੇ,
ਕਮਲ ਵਾਂਗ ਖਿੜ ਚਿੱਤ ਚੁਰਾਂਦੇ,
ਪਲਕਾਂ ਨਾਲ ਤੀਰ ਵਰਸਾਂਦੇ,
ਧਸਣ ਕਲੇਜੇ ਤੋੜੀ ।
ਵਾਹ ਨੈਣਾਂ ਦੀ ਜੋੜੀ ।

ਹਰਨ ਵਾਂਗ ਉਭਰੇ ਅਧਗੋਲੇ,
ਨਚਦੇ ਟਪਦੇ ਵਾਂਗ ਮਮੋਲੇ,
ਭਵਾਂ ਕਮਾਨਾਂ ਨਿਗ਼ਹ ਕਟਾਰਾਂ,
ਜਾਂਦੇ ਧੌਣ ਮਰੋੜੀ ।
ਵਾਹ ਨੈਣਾਂ ਦੀ ਜੋੜੀ ।

ਅੰਮ੍ਰਤ-ਛੰਨੇ ਛੁਲਕੇ ਡੁਲ੍ਹੇ,
ਮਸਤੀ ਦੇ ਮੈ-ਖ਼ਾਨੇ ਖੁਲ੍ਹੇ,
ਸਾਕੀ ਵਰਤਾਵੇ ਤਿੰਨ ਰੰਗੀ,
ਵੰਡੇ ਥੋੜੀ ਥੋੜੀ ।
ਵਾਹ ਨੈਣਾਂ ਦੀ ਜੋੜੀ ।

ਦੋ ਨੈਣਾਂ ਦੇ ਕੋਹੇ ਆਏ,
ਬਿਰਹ ਸਤਾਏ ਦਰਸ ਤਿਹਾਏ,
ਮਿਲੇ ਨਿਗਾਹ ਨੈਣਾਂ ਵਾਲੇ ਦੀ,
ਬਹੁਮੁੱਲੀ ਬਹੁਲੋੜੀ ।
ਵਾਹ ਨੈਣਾਂ ਦੀ ਜੋੜੀ ।

82. ਜਵਾਹਰ ਲਾਲ ਨਹਿਰੂ

ਜਿਸ ਜੋਧੇ ਨੇ ਜਿੱਤਿਆ, ਦੁਨੀਆਂ ਦਾ ਸਨਮਾਨ,
ਨਹਿਰੂ ਹੀਰਾ ਹਿੰਦ ਦਾ, ਸਚਮੁਚ ਦਾ ਇਨਸਾਨ ।

ਨਿਰਭਯ ਤੇ ਨਿਰਵੈਰ ਜਨ, ਨੀਤੀ ਦਾ ਭੰਡਾਰ,
ਗਾਂਧੀ ਜੀ ਦੇ ਮਰਮ ਦਾ, ਸੱਚਾ ਪੈਰੋਕਾਰ ।

ਗਾਂਧੀ ਜੀ ਨੇ ਕਰ ਲਿਆ, ਜਾ ਬੈਕੁੰਠ ਨਿਵਾਸ,
ਸਭ ਮਨਸੂਬੇ ਰਹਿ ਗਏ, ਨਹਿਰੂ ਜੀ ਦੇ ਪਾਸ ।

ਜਿਸ ਨੇ ਗੋਵਰਧਨ ਜਿਹਾ, ਭਾਰ ਲਿਆ ਸੰਭਾਲ,
ਇਕ ਜਵਾਹਰ ਲਾਲ ਹੈ, ਭਾਰਤ ਮਾਂ ਦਾ ਲਾਲ ।

83. ਦੋਹਿਰੇ

1
ਹੁਸਨ-ਬਾਗ਼ ਵਿਚ ਸੂਰਤਾਂ, ਖਿੱਚਣ ਲੱਖ ਧਿਆਨ,
ਵੇਖ ਮੁਸੱਵਰ ਦੀ ਕਲਮ, ਮੈਂ ਜਾਵਾਂ ਕੁਰਬਾਨ ।

2
ਦਮ ਦਮ ਵਿਚ ਦਾਤਾ ਸਿਮਰ, ਦਮ ਦਾ ਕੀ ਵਿਸ਼ਵਾਸ਼ ?
ਖ਼ਬਰੇ ਏਹੋ ਸਾਸ ਹੀ, ਹੋਇ ਅਖ਼ੀਰੀ ਸਾਸ ।

3
ਕਦਰ ਬੜੀ ਹੈ ਸੱਚ ਦੀ, ਪਰ ਇਹ ਰਹੇ ਖ਼ਿਆਲ,
ਸੱਚਾ ਹੋਣਾ ਚਾਹੀਏ, ਅਪਣੇ ਆਪੇ ਨਾਲ ।

4
ਤੂੰਹੇਂ ਸੱਚੋ ਸੱਚ ਕਹੁ, ਕਰ ਇਹ ਹੱਲ ਸਵਾਲ,
ਕਿਸ ਨੇ ਇਸ਼ਕ ਸਹੇੜਿਆ, ਆਪਣੀ ਮਰਜ਼ੀ ਨਾਲ ।

5
ਬੈਠੇ ਬੈਠੇ ਰੱਬ ਨੂੰ ਕੁੱਦ ਪਿਆ ਸੌਦਾ,
ਦੁਨੀਆਂ ਰਚ ਕੇ ਲਾਹ ਲਿਆ, ਆਪ ਇਸ਼ਕ ਦਾ ਚਾ ।

6
ਤੋਰਨ ਲੱਗਿਆਂ ਕੰਨ ਵਿਚ, ਫੂਕ ਇਸ਼ਕ ਦੀ ਮਾਰ,
ਫਿਰ ਕਿਉਂ ਆਖੇਂ ਨਾ ਕਰੀਂ, ਹੁਸਨੇ ਨਾਲ ਪਿਆਰ ?

7
ਕੱਛੂ ਚਾਲੇ ਤੁਰ ਪਏ, ਆਸ਼ਿਕ ਧਰ ਕੇ ਆਸ,
ਜ਼ੱਰੇ ਦੇ ਮਨ ਦੀ ਲਗਨ, ਪਹੁੰਚਾਂ ਸੂਰਜ ਪਾਸ ।

8
ਬਾਹਰ ਕੀ ਹੈਂ ਭਾਲਦਾ ? ਅਪਣਾ ਅੰਦਰ ਫੋਲ,
ਤੇਰੀ ਲੈਲਾ ਮਜਨੂਆ ! ਬੈਠੀ ਤੇਰੇ ਕੋਲ ।

9
ਬੇਹੇ ਪੁਰਾਣੇ ਤਜਰਬੇ, ਐਵੇਂ ਸੁੱਟ ਨ ਪਾ,
ਮਾਲੀ ਵਾਂਗ ਪਨੀਰੀਆਂ, ਨਵੀਆਂ ਲਾਈ ਜਾ ।

84. ਬੋਲੀਆਂ

1
ਜਦੋਂ ਖੁੱਲ੍ਹ ਗਈ ਹੁਸਨ ਪਟਾਰੀ,
ਪ੍ਰੇਮ ਨੇ ਸਰੂਪ ਧਾਰਿਆ ।

2
ਤੇਰੇ ਨਾਲ ਦੇ ਤੁਰੇ ਸਭ ਜਾਂਦੇ,
ਤੈਨੂੰ ਕਿਸੇ ਸੱਦਿਆ ਨਹੀਂ ?

3
ਸੱਚ ਸਾਰਿਆਂ ਦੁੱਖਾਂ ਦਾ ਦਾਰੂ,
ਝੂਠ ਦੇ ਤੇ ਪੈਰ ਹੀ ਨਹੀਂ ।

4
ਜੇ ਨਿਰਾਸ਼ ਤੂੰ ਕਦੇ ਨਾ ਹੋਵੇਂ,
ਰੱਬ ਨੂੰ ਵੀ ਲੱਭ ਲਏਂਗਾ ।

5
ਛੱਡ ਦੇਈਂ ਨਾ ਤਲਾਸ਼ ਦਾ ਪੱਲਾ,
ਸੱਚ ਤੇ ਗੁਆਚਦਾ ਨਹੀਂ ।

6
ਝੂਠ ਕੰਬਦਾ ਖੁੱਡੀਂ ਛਿਪ ਜਾਵੇ,
ਚੰਦ ਜਦੋਂ ਸੱਚ ਦਾ ਚੜ੍ਹੇ ।

7
ਤੇਰੇ ਪਿਆਰ ਤੇ ਮਿਲਾਪ ਦੀਆਂ ਘੜੀਆਂ,

ਮੁੜ ਮੁੜ ਯਾਦ ਆਂਦੀਆਂ ।

8
ਤੇਰੇ ਨਾਮ ਦੀ ਯਾਦ ਨਾ ਭੁਲੇ,
ਸੱਚ ਦੇ ਕਪਾਟ ਖੋਲ੍ਹ ਦੇ ।

9
ਨਾਮ ਯਾਦ ਤੇ ਸੱਚਾਈ ਤਿੰਨੇ,
ਬੰਦੇ ਨੂੰ ਸੁਰਾਹੇ ਪਾਉਂਦੇ ।

85. ਚਉਬਰਗੇ

ਬਿਰਲੇ, ਟਾਟੇ, ਦਾਲਮੀਏ ਨੇ,
ਰਲ ਕੇ ਏਕਾ ਕੀਤਾ;
ਵੱਡੇ ਵੱਡੇ ਅਕਬਾਰਾਂ ਨੂੰ,
ਕੁਝ ਦੇ ਕੇ ਮੁੱਲ ਲੈ ਲੀਤਾ ।

ਧਨ ਭੀ ਅਪਣਾ, ਪ੍ਰੈਸ ਭੀ ਅਪਣਾ,
ਬਾਕੀ ਰਹਿ ਗਏ ਕਾਮੇ,
ਮੁੱਠ ਗਰਮ ਕਰ ਵੋਟ ਲੈ ਲਿਆ,
ਮੂੰਹ ਉਹਨਾਂ ਦਾ ਸੀਤਾ ।

ਰੱਬਾ ਤੂੰ ਵੀ ਚੰਗਾ ਰੱਬ ਹੈਂ,
ਭੇਦ ਨ ਕੁਝ ਸਮਝਾਇਆ,
ਰੋਟੀ ਰਿਜ਼ਕ ਪਚਾਨਵਿਆਂ ਦਾ,
ਪੰਜਾਂ ਦੇ ਵੱਸ ਪਾਇਆ !

ਸਾਰਾ ਧਨ ਸਰਮਾਏਦਾਰਾਂ,
ਲਛਮੀ ਤੋਂ ਖੋਹ ਲੀਤਾ,
ਤੂੰ ਕਿਉਂ ਸਾਰੀ ਜਨਤਾ ਦੀ,
ਰੋਜ਼ੀ ਦਾ ਫਿਕਰ ਭੁਲਾਇਆ ?

86. ਕਦੋਂ ਤਕ

ਇਹ ਸੁੱਖ ਦਾ ਸੰਸਾਰ ਕਦੋਂ ਤਕ, ਖਿੜੀ ਬਸੰਤ ਬਹਾਰ ਕਦੋਂ ਤਕ,
ਸੁਹਣਿਆਂ ਦੀ ਸਰਕਾਰ ਕਦੋਂ ਤਕ, ਜੋਬਨ ਦਾ ਹੰਕਾਰ ਕਦੋਂ ਤਕ ?

ਵੱਸਦੀ ਰਸਦੀ ਦੁਨੀਆਂ ਅੰਦਰ, ਐਨੀ ਮਾਰੋ ਮਾਰ ਕਦੋਂ ਤਕ,
ਲਾਲਚ ਦਾ ਬੀਮਾਰ ਕਦੋਂ ਤਕ, ਤਾਕਤ ਦਾ ਹਥਿਆਰ ਕਦੋਂ ਤਕ ?

ਅਸਰਾਫ਼ਤ ਤੇ ਇਨਸਾਨੀਅਤ, ਨਿਰਮਲ ਜੋਤ, ਪਵਿੱਤਰ ਹਿਰਦਾ,
ਸ਼ੈਤਾਨੀ ਦੇ ਕਾਬੂ ਆਇਆ, ਚੜ੍ਹਿਆ ਰਹੂ ਖ਼ੁਮਾਰ ਕਦੋਂ ਤਕ ?

ਬੰਦੇ ਦੇ ਸਿਰ ਜਗਦਾ ਦੀਵਾ, ਝੱਖੜ ਦੇ ਵਿਚ ਬੁਝਿਆ ਹੋਇਆ,
ਬੇ-ਸਮਝੀ ਤੇ ਮੂਰਖਤਾ ਦਾ, ਬਣਿਆ ਰਹੂ ਸ਼ਿਕਾਰ ਕਦੋਂ ਤਕ ?

ਮੰਜ਼ਿਲ ਜਿਸ ਦੀ ਲੰਮੀ ਉੱਚੀ, ਕਦੇ ਨ ਚੁਣਿਆ ਗ਼ਲਤ ਨਿਸ਼ਾਨਾ,
ਦੂਰ ਕਿਨਾਰੇ ਦਾ ਉਤਸ਼ਾਹੀ, ਰਹਿਸੀ ਖੜਾ ਉਰਾਰ ਕਦੋਂ ਤਕ ?

ਚਲੋ ਚਲੀ ਦਾ ਹੈ ਇਹ ਡੇਰਾ, ਚੁੱਪ ਰਹਿਣਾ ਕਰਤਬ ਨਹੀਂ ਤੇਰਾ,
ਵਸਦਾ ਰੌਣਕਦਾਰ ਰਹੇਗਾ, ਇਹ ਮੀਨਾ ਬਾਜ਼ਾਰ ਕਦੋਂ ਤਕ ?

ਸਾਂਝੀ ਦੁਨੀਆਂ ਦੀ ਆਬਾਦੀ, ਰਲ ਕੇ ਵੰਡ ਗ਼ਮੀ ਤੇ ਸ਼ਾਦੀ,
ਤੂੰ ਚਾਤ੍ਰਿਕ ਹੈਂ ਆਸ਼ਾਵਾਦੀ, ਬਹਿ ਰਹਿਣਾ ਬੇਕਾਰ ਕਦੋਂ ਤਕ ?

87. ਕਿਸੇ ਦਾ

(ਗਜ਼ਲ ਕੱਵਾਲੀ)

ਏ ਕੀ ਹੋ ਗਿਆ ਹੈ ਇਸ਼ਾਰਾ ਕਿਸੇ ਦਾ ?
ਕਿ ਮਨ ਸਹਿਕਦਾ ਹੈ ਸਹਾਰਾ ਕਿਸੇ ਦਾ ।

ਮੇਰੇ ਕੰਨਾਂ ਵਿਚ ਗੂੰਜੇ ਦਰਸ਼ਨ ਦਾ ਵਾਅਦਾ,
ਪਤਾ ਕੀ ਕਦੋਂ ਤਕ ਹੈ ਲਾਰਾ ਕਿਸੇ ਦਾ ।

ਮੈਂ ਰਾਹ ਵਿਚ ਖਲੋਤੀ ਜੁਗਾਂ ਤੋਂ ਉਡੀਕਾਂ,
ਕਿਸੇ ਦਿਨ ਤਾਂ ਹੋਸੀ ਇਸ਼ਾਰਾ ਕਿਸੇ ਦਾ ।

ਨਿਗਾਹਾਂ ਮਿਲਾਣਾ ਤੇ ਫਿਰ ਖਿਸਕ ਜਾਣਾ,
ਏ ਨਖ਼ਰਾ ਜਹਾਨੋਂ ਨਿਆਰਾ ਕਿਸੇ ਦਾ ।

ਥਰਕਦੀ ਹੈ ਬੇੜੀ ਮੇਰੇ ਨਿਸ਼ਚਿਆਂ ਦੀ,
ਹਨੇਰੇ 'ਚ ਢੂੰਡੇ ਸਤਾਰਾ ਕਿਸੇ ਦਾ ।

ਰਹੇ ਮੇਰੇ ਤਕਵੇ ਦੀ ਡੋਰੀ ਸਲਾਮਤ,
ਮੈਂ ਮੱਲਿਆ ਹੈ ਇੱਕੋ ਦੁਆਰਾ ਕਿਸੇ ਦਾ ।

88. ਕੋਈ ਕੋਈ

ਹੈ ਚਰਚਾ ਇਸ਼ਕ ਦਾ ਘਰ ਘਰ, ਕਮਾਂਦਾ ਕੋਈ ਕੋਈ ਹੈ,
ਬੜੇ ਇਕਰਾਰ ਹੁੰਦੇ ਨੇ, ਨਿਭਾਂਦਾ ਕੋਈ ਕੋਈ ਹੈ ।

ਦਿਖਾਵੇ ਦੇ ਮੁਲੰਮੇ ਦੀ ਨੁਮਾਇਸ਼ ਹਰ ਜਗਹ ਦੇਖੀ,
ਕਸੌਟੀ ਤੇ ਉਤਰ ਪੂਰਾ, ਦਿਖਾਂਦਾ ਕੋਈ ਕੋਈ ਹੈ ।

ਸੰਦੇਸ਼ੇ ਪਿਆਰ ਦੇ, ਪਾਣੀ ਤੇ ਤਰਦੇ, ਕਾਗਤੀ ਬੇੜੇ,
ਹਕੀਕਤ ਦੇ ਕਿਨਾਰੇ ਤੇ ਪੁਚਾਂਦਾ ਕੋਈ ਕੋਈ ਹੈ ।

ਏ ਦੁਨੀਆਂ ਬਾਗ਼ ਬਹੁ-ਰੰਗਾ, ਨਵੇਂ ਫੁੱਲ ਰੋਜ਼ ਖਿੜਦੇ ਨੇ,
ਸ਼ਮ੍ਹਾਂ ਤੇ ਜਿੰਦ ਪਰਵਾਨਾ ਘੁਮਾਂਦਾ ਕੋਈ ਕੋਈ ਹੈ ।

ਏ ਰਸਤਾ ਹੈ ਬੜਾ ਬਿਖੜਾ, ਤੇ ਜੰਗਲ ਕੰਡਿਆਂ ਭਰਿਆ,
ਪਕੜ ਬਾਹੋਂ ਗੁਰੂ ਪੂਰਾ ਲੰਘਾਂਦਾ ਕੋਈ ਕੋਈ ਹੈ ।

ਜਗਤ ਹੈ ਗ਼ਰਜ਼-ਮੰਦਾਂ ਦਾ, ਕੋਈ ਬੇ-ਗ਼ਰਜ਼ ਮਿਲਿਆ ਨਹੀਂ,
ਕਮਰ ਤੋੜੂ ਬੜੇ ਨੇ, ਲੱਕ ਬਨ੍ਹਾਂਦਾ ਕੋਈ ਕੋਈ ਹੈ ।

ਖ਼ੁਦਾਈ ਦਾਵੇ ਫਰਜ਼ੀ ਨੇ, ਦਿਖਾਵੇ ਦੀ ਹੈ ਕੁਰਬਾਨੀ,
ਏ ਲੋਹੇ ਦੇ ਚਣੇ ਚਾਤ੍ਰਿਕ, ਚਬਾਂਦਾ ਕੋਈ ਕੋਈ ਹੈ ।

89. ਨਹੀਂ

ਮੈਨੂੰ ਕੋਈ ਗੁੱਸਾ ਗਿਲਾ ਨਹੀਂ,
ਪਾਈ ਮੈਂ ਕਦੇ ਦੁਹਾਈ ਨਹੀਂ ।

ਬੇ-ਤਰਸੀ ਮੂੰਹੋਂ ਕੱਢੀ ਨਹੀਂ,
ਕੋਈ ਤੁਹਮਤ ਝੂਠੀ ਲਾਈ ਨਹੀਂ ।

ਸੁਰਗਾਂ ਦਾ ਮੈਨੂੰ ਲਾਲਚ ਨਹੀਂ,
ਮੁਕਤੀ ਲਈ ਹੱਥ ਪਸਾਰੇ ਨਹੀਂ,

ਮੈਂ ਕਦੇ ਨਰਕ ਤੋਂ ਡਰਿਆ ਨਹੀਂ,
ਹੱਥ ਪੈਰ ਜੀਉਣ ਲਈ ਮਾਰੇ ਨਹੀਂ ।

ਮੈਂ ਕਰਮ ਬਥੇਰੇ ਕੀਤੇ ਨੇ,
ਪਰ ਫਲ ਦੀ ਰੱਖੀ ਆਸ਼ਾ ਨਹੀਂ,

ਭਗਤੀ ਦਾ ਦਾਵਾ ਕੀਤਾ ਨਹੀਂ,
ਪਰ ਭਗਤੀ ਕੋਈ ਤਮਾਸ਼ਾ ਨਹੀਂ ।

ਜੋ ਭਾਣਾ ਉਪਰੋਂ ਔਂਦਾ ਹੈ,
ਉਹ ਆਪੇ ਹੋਈ ਜਾਂਦਾ ਹੈ ।

ਡੋਰੀ ਹੈ ਹੱਥ ਖਿਲਾੜੀ ਦੇ,
ਪੁਤਲੀ ਤੋਂ ਨਾਚ ਕਰਾਂਦਾ ਹੈ ।

ਜਿਸ ਘੜੀ ਬੁਲਾਵਾ ਆਵੇਗਾ,
ਹੱਥ ਜੋੜ ਹੁਕਮ ਭੁਗਤਾਵਾਂਗੇ,

ਔਂਦੀ ਵਾਰੀ ਕੁਝ ਰੋਏ ਸਾਂ,
ਪਰ ਹੱਸਦੇ ਹੱਸਦੇ ਜਾਵਾਂਗੇ ।

90. ਪ੍ਰਾਣਵਾਯੂ ਨੂੰ

ਤੇਰਾ ਮੇਰਾ ਸਾਥ ਸੀ ਧੁਰ ਦਾ,
ਕੱਠੇ ਗਏ ਉਤਾਰੇ,

ਰਲ ਮਿਲ ਕੇ ਰਹੇ ਕਰਮ ਕਮਾਂਦੇ,
ਚੰਗੇ ਮੰਦੇ ਸਾਰੇ ।

ਅੰਤ ਸਮੇਂ ਹੁਣ ਨਿਖੜਨ ਲਗਿਆਂ,
ਇਹ ਗਲ ਨਹੀਂ ਸੁਹਾਂਦੀ,

ਮੈਂ ਰਹਿ ਜਾਂ ਅਣ-ਖਫਣਾਇਆ,
ਤੇ ਤੂੰ ਹੋ ਜਾਇੰ ਕਿਨਾਰੇ ।

91. ਮੇਰੇ ਭਾਰਤ !

ਮੇਰੇ ਭਾਰਤ ! ਜੱਗ ਵਿਚ ਤੇਰੀ, ਕਿਸੇ ਸਮੇਂ ਸੀ ਸ਼ਾਨ ਨਿਰਾਲੀ,
ਚੋਟੀ ਤੇ ਪ੍ਰਤਾਪ ਦਾ ਸੂਰਜ, ਰਾਜੇ ਪਰਜਾ ਦੀ ਖੁਸ਼ਹਾਲੀ ।

ਦੌਲਤ, ਅੰਨ, ਜਵਾਹਰ, ਮੋਤੀ, ਵਿਦਯਾ, ਜੋਤਸ਼, ਨੀਤਿ ਉਚੇਰੀ,
ਪਰਦੇਸੀ ਭੀ ਗਏ ਸਲਾਂਹਦੇ, ਦਾਨਸ਼, ਦਾਨ, ਦਲੇਰੀ ਤੇਰੀ ।

ਕਾਰੀਗਰੀ, ਘਾੜਤ, ਮਿਅਮਾਰੀ, ਚਿਤ੍ਰਕਲਾ, ਬੁਤਗਰੀ, ਜਰਾਹੀ,
ਜੁੱਧਨੀਤਿ-ਨੇਤਾ ਸੈਨਾਪਤਿ, ਸ਼ਸਤ੍ਰੀ, ਅਸਤ੍ਰੀ, ਬੀਰ ਸਿਪਾਹੀ ।

ਚੜ੍ਹੀ ਅਕਾਸ਼ ਪਤੰਗ ਤੇਰੀ ਤਕ, ਉਪਰੋਂ ਤਾੜਨ ਇੱਲਾਂ ਆਈਆਂ,
ਸੋਨ-ਚਿੜੀ ਨੂੰ ਬੋਚਣ ਖ਼ਾਤਰ, ਲੱਗੀਆਂ ਪੈਣ ਨਿਗ੍ਹਾਂ ਲਲਚਾਈਆਂ ।

ਯੂਨਾਨੋਂ ਆ ਸ਼ਾਹ ਸਿਕੰਦਰ, ਜਿਹਲਮ ਤੀਕਰ ਫਿਰ ਫਿਰ ਤੱਕਿਆ,
ਆਇਆ ਸੀ ਕੁਝ ਅਸਰ ਪਾਣ, ਪਰ ਸ਼ਾਨ ਤੇਰੀ ਤਕ ਪਹੁੰਚ ਨ ਸਕਿਆ ।

ਅਰਬੀ, ਈਰਾਨੀ ਆ ਝਪਟੇ, ਪੈ ਗਈ ਲਾਲਚ ਦੀ ਬੀਮਾਰੀ,
ਮੁੜ ਮੁੜ ਆ ਮਹਿਮੂਦ ਗ਼ਜ਼ਨਵੀ, ਲੁਟਿਆ ਖ਼ੂਬ ਅਠਾਰਾਂ ਵਾਰੀ ।

ਸੋਮਨਾਥ ਗੁਜਰਾਤੀ ਮੰਦਿਰ, ਕੀਤੀ ਹੂੰਝਾ ਫੇਰ ਸਫ਼ਾਈ,
ਤਖ਼ਤ ਤਊਸ ਲੁਟੇਰਾ ਨਾਦਰ, ਲੈ ਵੜਿਆ ਊਠਾਂ ਤੇ ਚਾਈ ।

ਮਾਰਾ ਮਾਰੀ ਕਰਦਾ ਬਾਬਰ, ਆ ਦਿੱਲੀ ਵਿਚ ਪੈਰ ਜਮਾਇਆ,
ਸੱਤ ਪੀਹੜੀਆਂ ਲੂਣ ਤੇਰਾ ਖਾ, ਆਖਰ ਵੇਲੇ ਦਗਾ ਕਮਾਇਆ ।

ਔਰੰਗਜ਼ੇਬ ਨੀਤ ਦੇ ਖੋਟੇ, ਹਿੰਦੂਆਂ ਦੀ ਕਤਲਾਮ ਮਚਾਈ,
ਸ਼ਿਵਾ ਜੀ ਤੇ ਗੁਰੂ ਗੋਬਿੰਦ ਨੇ, ਮੁਗਲ ਰਾਜ ਦੀ ਅਲਖ ਮੁਕਾਈ ।

ਅਹਿਮਦ ਸ਼ਾਹ ਅਬਦਾਲੀ ਨੇ ਆ, ਨਾਲ ਖਾਲਸੇ ਮੱਥਾ ਲਾਇਆ,
ਪਰ ਸਿੰਘਾਂ ਨੇ ਮਗਰੇ ਮਗਰੇ, ਮਾਰ ਚਪੇੜਾਂ ਘਰ ਪਹੁੰਚਾਇਆ ।

ਮਹਾਰਾਜਾ ਰਣਜੀਤ ਸਿੰਘ ਨੇ, ਉਠ ਪੰਜਾਬ ਦੀ ਸ਼ਾਨ ਬਣਾਈ,
ਪਰ ਹੋਣੀ ਨੇ ਅਧਖੜ ਉਮਰੇ, ਜਗਦੀ ਜਗਦੀ ਜੋਤ ਬੁਝਾਈ ।

ਗ਼ਦਰੋਂ ਬਾਦ ਫ਼ਰੰਗੀ ਆਇਆ, ਮਲਕਾਂ ਨੂੰ ਚਾ ਤਖ਼ਤ ਬਹਾਇਆ,
ਪੜਪੋਤੇ ਤਕ ਲੁਟ ਲੁਟ ਖਾਧਾ, ਸਭ ਕੁਝ ਤੇਰਾ ਅੰਦਰ ਪਾਇਆ ।

ਚਤੁਰ ਮਦਾਰੀ ਵਰ੍ਹਾ ਡੂਢ ਸੌ, ਅਖੀਂ ਘੱਟਾ ਪਾਂਦਾ ਪਾਂਦਾ,
ਰੁਖਸਤ ਹੋ ਗਿਆ, ਪਰ ਤੇਰੇ ਦੋ ਟੋਟੇ ਕਰ ਗਿਆ ਜਾਂਦਾ ਜਾਂਦਾ ।

ਸਾਰੀ ਰਾਤ ਹਨੇਰਾ ਢੋਂਦਿਆਂ, ਟੈਕਸ ਡਾਲੀਆਂ ਦੇ ਦੇ ਬੀਤੀ,
ਜਿੰਨੇ ਆਏ ਵਾਰੋ ਵਾਰੀ, ਸਭ ਨੇ ਰੱਤ ਤੇਰੀ ਪੀ ਲੀਤੀ ।

ਲੁੱਟਾਂ ਦੇ ਵਿਚ ਨਸਦਿਆਂ ਭਜਦਿਆਂ, ਮੱਤ ਗਈ ਜਨਤਾ ਦੀ ਮਾਰੀ,
ਤਾਕਤ ਵਾਲੀ ਛਾਤੀ ਤੇਰੀ, ਦੁਖ ਵਿਚ ਗਈ ਲਤਾੜੀ ਸਾਰੀ ।

ਮੁੱਕੀ ਰਾਤ ਮੁਸੀਬਤ ਦੀ ਹੁਣ ਧੁੱਮ ਪਈ ਊਸ਼ਾ ਦੀ ਲਾਲੀ,
ਹਿੰਮਤ ਦੇ ਕੇ ਫੇਰ ਜਗਾ ਲੈ, ਘੂਕੀ ਵਿਚ ਪਈ ਖੁਸ਼ਹਾਲੀ ।

ਫੜ ਝੰਡਾ ਸਚਿਆਈ ਦਾ, ਤੇ ਪੈਦਾ ਕਰ ਜੀਵਨ ਦੇ ਹੀਲੇ,
ਇੱਤਿਖ਼ਾਕ ਦੀ ਲੋਰੀ ਦੇ ਕੇ, ਜੋੜ ਬਹਾਰੀ ਦੇ ਸਭ ਤੀਲੇ ।

ਚਾਤ੍ਰਿਕ ਤੇਰਾ ਭਗਤ ਪੁਰਾਣਾ, ਬੁੱਢਾ ਹੋ ਗਿਆ ਆਸਾਂ ਕਰਦਾ,
ਆਜ਼ਾਦੀ ਦਾ ਖੁਲ੍ਹ ਗਿਆ ਬੂਹਾ, ਵੜਦਾ ਨਹੀਂ ਬਲੈਕੋਂ ਡਰਦਾ ।

92. (ਗੀਤ)
ਕਵਿਤਾ ਰਾਣੀ

1
ਢਲ ਪਰਬਤ, ਜਲ ਡਲ ਵਿਚ ਢੱਠਾ,
ਹੌਲੀ ਹੌਲੀ ਹੋ ਗਿਆ ਕੱਠਾ,
ਸੀਤਲ, ਨਿਰਮਲ, ਮਧੁਰਾ ਪਾਣੀ,
ਕੁੱਖੇ ਪੈ ਗਿਆ ਕਵਿਤਾ ਰਾਣੀ ।

2
ਸੁੰਦਰਤਾ ਨੇ ਧੂਹਾਂ ਪਾਈਆਂ,
ਪ੍ਰੇਮ ਦੌੜਿਆ ਕਰ ਕਰ ਧਾਈਆਂ,
ਹੁਸਨ ਇਸ਼ਕ ਦੀ ਛਿੜੀ ਕਹਾਣੀ,
ਜਗ ਵਿਚ ਜਨਮੀ ਕਵਿਤਾ ਰਾਣੀ ।

3
ਈਸ਼ਰ-ਗਿਆਨ, ਨੂਰ ਭੰਡਾਰਾ,
ਬੁੱਧਿ, ਵਿਵੇਕ, ਸੱਭਤਾ ਦੁਆਰਾ,
ਮਨ ਨੇ ਉਸ ਦੀ ਮਹਿਮਾ ਜਾਣੀ,
ਜਗ ਵਿਚ ਜਨਮੀ ਕਵਿਤਾ ਰਾਣੀ ।

4
ਮਨ ਪੰਛੀ ਨੇ ਭਰੀ ਉਡਾਰੀ,
ਅਰਸ਼ੋਂ ਦੇਖੀ ਦੁਨੀਆਂ ਸਾਰੀ,
ਠੰਢ ਕਲੇਜੇ ਸਭ ਦੇ ਪਾਣੀ,
ਜਗ ਵਿਚ ਜਨਮੀ ਕਵਿਤਾ ਰਾਣੀ ।

93. ਅੰਧੇਰ ਨਗਰੀ
(ਗੀਤ)
ਇਸ ਅੰਧੇਰ ਨਗਰੀ ਵਿਚ ਮੈਂ ਨਹੀਂ ਰਹਿਣਾ-ਟੇਕ

1
ਜਿਥੇ ਹਰਦਮ ਰਹੇ ਉਦਾਸੀ,
ਇੱਕ ਗਲੀ ਵਿਹੜੇ ਦੇ ਵਾਸੀ,
ਮਿਲੇ ਨ ਰਲ ਕੇ ਰਹਿਣਾ ਸਹਿਣਾ ।
ਇਸ ਨਗਰੀ ਵਿਚ ਮੈਂ ਨਹੀਂ ਰਹਿਣਾ ।

2
ਅਸਰਾਫ਼ਤ ਕੱਢਿਆ ਦੀਵਾਲਾ,
ਮਾਨੁਖਤਾ ਮੂੰਹ ਕੀਤਾ ਕਾਲਾ,
ਮੁਸ਼ਕਿਲ ਹੋ ਗਿਆ ਕੱਠਿਆਂ ਬਹਿਣਾ ।
ਇਸ ਨਗਰੀ ਵਿਚ ਮੈਂ ਨਹੀਂ ਰਹਿਣਾ ।

3
ਅਮਨ-ਪਸੰਦੀ ਦੀ ਵਾਦੀ ਸੀ,
ਲਿਖਣ ਪੜ੍ਹਨ ਦੀ ਆਜ਼ਾਦੀ ਸੀ,
ਸੱਚ ਸੱਚ ਸੁਣਨਾ, ਸੱਚ ਸੱਚ ਕਹਿਣਾ ।
ਇਸ ਨਗਰੀ ਵਿਚ ਮੈਂ ਨਹੀਂ ਰਹਿਣਾ ।

4
ਉਪਜੀ ਚਤੁਰਾਈ ਚਲਾਕੀ,
ਖੋਟੀ ਮਹਿਫ਼ਲ, ਖਚਰਾ ਸਾਕੀ,
ਮੋਮੀ ਮੋਤੀ, ਗਿਲਟੀ ਗਹਿਣਾ,
ਇਸ ਨਗਰੀ ਵਿਚ ਮੈਂ ਨਹੀਂ ਰਹਿਣਾ ।

94. ਭਾਰਤ ਕੁਟੰਬ

(1) ਮੌਲਿਕ ਧਰਮ(ਰੂਟ ਰਿਲੀਜਨ)

ਮੋਢੀ ਬੋਹੜ ਬਜ਼ੁਰਗ ਪੁਰਾਣਾ,
ਚੌੜਾ ਘੇਰਾ ਗੂੜ੍ਹੀ ਛਾਇਆ,
ਲੈਣ ਸਹਾਰਾ ਜੋ ਭੀ ਆਇਆ,
ਦੇ ਪਿਆਰ, ਉਸ ਹੇਠ ਬਹਾਇਆ ।
ਜਿਸ ਨੂੰ ਜਿਸ ਥਾਂ ਦਾੜ੍ਹੀ ਦਿਸ ਪਈ,
ਉਥੇ ਈ ਪੈਰ ਜਮਾਂਦਾ ਆਇਆ,
ਵਾਹ ਬਾਬਾ ! ਪਰਵਾਰ ਤਿਰੇ ਨੇ,
ਖਿਲਰ ਖਿਲਰ ਕੇ ਦੇਸ਼ ਵਸਾਇਆ ।

(2) ਵਰਣ-ਸ਼ੰਕਰ

ਜੌਹਰੀ ਨੇ ਗੁਥਲੀ ਉਲਟਾਈ,
ਖਿਲਰ ਗਏ ਨਗ ਰੰਗ ਬਰੰਗੇ,
ਪੀਲੇ, ਲਾਲ, ਜ਼ਮੁਰਦੀ, ਨੀਲੇ,
ਹੌਲੇ, ਭਾਰੇ, ਮੰਦੇ, ਚੰਗੇ ।
ਰਵਿ ਨੇ ਜੋਤਿ ਸਭਸ ਤੇ ਪਾਈ,
ਚੁਣਿ, ਗਲਿ ਪਾ ਲਏ ਬੁਢੜੀ ਮਾਈ,
ਸਾਂਝੀ ਡੋਰਿ ਪਰੋਤੇ, ਓੜਕ,
ਸਭ ਰੰਗ ਹੋ ਗਏ ਇਕ-ਰੰਗੇ ।

3 ਖੁਲ੍ਹੇ ਦਰਵਾਜ਼ੇ

ਬੋਧੀ, ਜੈਨੀ, ਸ਼ੈਵ, ਵੈਸ਼ਨਵ,
ਈਸ਼ਰ ਅਤੇ ਅਨੀਸ਼ਰਵਾਦੀ,
ਸ਼ਾਕਤਿਕ, ਵੇਦਾਂਤੀ, ਯਤਿ, ਯੋਗੀ,
ਸਿੱਖ, ਦੁਜਨਮੇ, ਸ਼ੂਦ੍ਰ ਅਬਾਦੀ,
ਸੁਆਗਤ ਹੇਤ ਤਿਆਰ ਖੜਾ ਹੈ,
ਭਾਰਤ-ਧਰਮ ਵਿਸ਼ਾਲ ਕਲਾਵਾ,
ਹਰ ਵਿਸ਼ਵਾਸ਼ੀ ਨੂੰ ਪ੍ਰਾਪਤ ਹੈ,
ਇਸ ਮੰਡਪ ਵਿਚ ਖੁਲ੍ਹੀ ਅਜ਼ਾਦੀ ।

95. ਮਿਲ ਗਿਆ

(ਗ਼ਜ਼ਲ ਕੱਵਾਲੀ)

ਪ੍ਰੇਮ-ਮਾਰਗ ਲਭਦਿਆਂ, ਕੋਈ ਇਸ਼ਾਰਾ ਮਿਲ ਗਿਆ,
ਡੁਬਦੇ ਜਾਂਦੇ ਦਿਲ ਨੂੰ, ਤਿਣਕੇ ਦਾ ਸਹਾਰਾ ਮਿਲ ਗਿਆ ।

ਲੱਖਾਂ ਮਜ਼ਲਾਂ ਮਾਰ, ਥਕ ਕੇ ਚੂਰ ਹੋਏ ਰਾਹੀ ਨੂੰ,
ਜੀ ਕੇ ਮਾਣਨ ਵਾਸਤੇ, ਇਕ ਦਿਨ ਉਧਾਰਾ ਮਿਲ ਗਿਆ ।

ਹੁਸਨ ਰੱਬੀ ਨੂਰ ਸੀ, ਦੋ ਨੈਣ ਮਿਲ ਗਏ ਇਸ਼ਕ ਨੂੰ,
ਹਸ਼੍ਰ ਤਕ ਮੋਮਿਨ ਨੂੰ ਵੇਲਾ, ਢੇਰ ਸਾਰਾ ਮਿਲ ਗਿਆ ।

ਧੰਨੇ ਨਿਹੁੰ ਲਾਇਆ ਤ੍ਰਿਲੋਚਨ ਦੀ ਪਸੇਰੀ ਨਾਲ ਜਦ,
ਵੱਛੇ ਚਾਰਨ ਵਾਸਤੇ, ਪ੍ਰੀਤਮ ਪਿਆਰਾ ਮਿਲ ਗਿਆ ।

ਹੁਕਮ ਹੋਇਆ ਤੁਰਨ ਦਾ, ਪਰ ਕੁਝ ਦਿਹਾੜੇ ਠਹਿਰ ਕੇ,
ਖੰਭ ਖੋਲ੍ਹਣ ਵਾਸਤੇ ਹਸਦਾ ਹੁਲਾਰਾ ਮਿਲ ਗਿਆ ।

ਸੁੱਟ ਕੇ ਗਠੜੀ ਅਮਲ ਦੀ, ਚਾਤ੍ਰਿਕ ਜੀ ਚਲ ਤੁਰੇ,
ਸੁਰਗ ਨਰਕ ਤੋਂ ਨਿਆਰਾ, ਇਕ ਚੁਬਾਰਾ ਮਿਲ ਗਿਆ ।