ਸੂਬਾ ਸਿੰਘ (15 ਮਈ 1915 - 6 ਦਸੰਬਰ 1981) ਦਾ ਜਨਮ ਪਿੰਡ ਊਂਧੋ ਨੰਗਲ ਜਿਲ੍ਹਾ ਅੰਮ੍ਰਿਤਸਰ ਵਿਖੇ ਸ.
ਰਾਮ ਸਿੰਘ ਦੇ ਘਰ ਹੋਇਆ। ਸੂਬਾ ਸਿੰਘ ਨੇ ਐੱਮ. ਏ. ਹਿਸਾਬ ਦੀ ਕੀਤੀ, ਫਿਰ ਫ਼ੌਜ ਵਿੱਚ ਭਰਤੀ ਹੋ ਗਏ। ਦੂਜੇ ਸੰਸਾਰ
ਯੁੱਧ ਵਿੱਚ ਜਪਾਨੀਆਂ ਦੀ ਕੈਦ ਕੱਟੀ। ਸੂਬਾ ਸਿੰਘ ਕੁਝ ਸਮਾਂ ਸਿੰਘਾਪੁਰ ਤੇ ਮੁਲਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਵੀ ਰਹੇ।
ਆਪ ਨੇ ਸਾਹਿਤਿਕ ਜੀਵਨ ਪੱਤਰਕਾਰੀ ਤੋਂ ਸ਼ੁਰੂ ਕੀਤਾ। ਅਖ਼ਬਾਰਾਂ ਦੀ ਸੰਪਾਦਕੀ ਕੀਤੀ ਤੇ ਫਿਰ ਲੋਕ ਸੰਪਰਕ ਵਿਭਾਗ
ਦੇ ਅਧਿਕਾਰੀ ਵੀ ਰਹੇ। ਇਸ ਪਿੱਛੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਓਂਤ ਤੇ ਵਿਕਾਸ ਵਿਭਾਗ ਦੇ
ਡਾਇਰੈਕਟਰ, ਪੰਜਾਬ ਸਟੇਟ ਯੂਨੀਵਰਸਿਟੀ ਟੈੱਕਸਟ ਬੁੱਕ ਬੋਰਡ ਦੇ ਡਾਇਰੈਕਟਰ ਅਤੇ ਪੰਜਾਬ ਸਕੱਤਰੇਤ ਵਿੱਚ
ਪ੍ਰੈੱਸ-ਸਕੱਤਰ ਰਹੇ। ਸੂਬਾ ਸਿੰਘ ਹਾਸ-ਵਿਅੰਗ ਦਾ ਲੇਖਕ ਕਰਕੇ ਜਾਣੇ ਜਾਂਦੇ ਸਨ। ਕਵਿਤਾ ਦੇ ਖੇਤਰ ਵਿੱਚ 'ਹੀਰ ਸੂਬਾ
ਸਿੰਘ ਬਹੁਤ ਮਕਬੂਲ ਹੋਈ। ਉਨ੍ਹਾਂ ਨੇ ਸ਼ਹੀਦ ਸਰਮਦ ਦੀਆਂ ਰੁਬਾਈਆਂ ਅਤੇ ਗੌਤਮ ਬੁੱਧ ਦੇ ਉਪਦੇਸ਼ਾਂ ਨਿਰਵਾਣ
ਮਾਰਗ (ਧਮਪਦ) ਦਾ ਪੰਜਾਬੀ ਕਵਿਤਾ ਵਿੱਚ ਸ਼ਾਨਦਾਰ ਅਨੁਵਾਦ ਵੀ ਕੀਤਾ ਹੈ ।
ਸੂਬਾ ਸਿੰਘ ਰਚਿਤ ਪੁਸਤਕਾਂ : ਅੱਗ ਤੇ ਪਾਣੀ - ਕਹਾਣੀ ਸੰਗ੍ਰਹਿ,
ਤੋਪਾਂ ਦੇ ਪ੍ਰਛਾਵਿਆਂ ਥੱਲਿਉਂ - ਕਹਾਣੀ ਸੰਗ੍ਰਹਿ,
ਗਲਤੀਆਂ - ਕਹਾਣੀ ਸੰਗ੍ਰਹਿ,
ਹੀਰ ਸੂਬਾ ਸਿੰਘ - ਪ੍ਰਬੰਧ-ਕਾਵਿ,
ਦੀਵਾਨ ਸਿੰਘ ਕਾਲੇਪਾਣੀ - ਜੀਵਨੀ,
ਅਲੋਪ ਹੋ ਰਹੇ ਚੇਟਕ - ਲੇਖ ਸੰਗ੍ਰਹਿ,
ਪੰਜਾਬੀ ਪੱਤਰਕਾਰੀ ਦਾ ਇਤਿਹਾਸ,
ਬੰਗਾਲੀ ਸਾਹਿੱਤ ਦਾ ਇਤਿਹਾਸ - ਅਨੁਵਾਦ,
ਸਰਮਦ ਦੀਆਂ ਰੁਬਾਈਆਂ - ਕਾਵਿ-ਅਨੁਵਾਦ,
ਧਮਪਦ - ਕਾਵਿ-ਅਨੁਵਾਦ,
ਭਾਰਤ ਦੀ ਆਜ਼ਾਦੀ ਵਿਚ ਸੈਨਿਕਾਂ ਦਾ ਹਿੱਸਾ -ਜਰਨੈਲ ਮੋਹਨ ਸਿੰਘ ਦੀ ਜੀਵਨੀ ਦਾ ਅਨੁਵਾਦ,
ਹਾਸੇ ਤੇ ਹਾਦਸੇ - ਆਜ਼ਾਦ ਹਿੰਦ ਫੌਜ ਨਾਲ ਸੰਬੰਧਿਤ ਯਾਦਾਂ,
ਝਾਂਸੀ ਦੀ ਰਾਣੀ - ਅਨੁਵਾਦ,
ਕੌੜੀਆਂ ਮਿੱਠੀਆਂ -ਕਾਵਿ ਸੰਗ੍ਰਹਿ ।
