World Famous Stories in Punjabi Poetic Form : Karamjit Singh Gathwala

ਵਿਸ਼ਵ-ਪ੍ਰਸਿੱਧ ਕਹਾਣੀਆਂ ਦਾ ਕਾਵਿ-ਰੂਪ : ਕਰਮਜੀਤ ਸਿੰਘ ਗਠਵਾਲਾ

1. ਸਵਾਰਥੀ ਦਿਉ

ਇਹ ਰਚਨਾ ਔਸਕਰ ਵਾਇਲਡ ਦੀ ਅੰਗ੍ਰੇਜੀ ਕਹਾਣੀ
'The Selfish Giant' ਤੇ ਆਧਾਰਿਤ ਹੈ)

ਛੁੱਟੀ ਦੀ ਜਦ ਘੰਟੀ ਵੱਜਦੀ ਬੱਚੇ ਭੱਜੇ ਆਉਂਦੇ ।
ਦਿਉ ਦੇ ਬਾਗ਼ 'ਚ ਸਾਰੇ ਰਲਕੇ ਪੂਰੀ ਧੁੰਮ ਮਚਾਉਂਦੇ ।
ਬਹੁਤ ਹੀ ਵੱਡਾ ਬਾਗ਼ ਸੀ ਉਹ ਨਾਲੇ ਸੀ ਮਨਮੋਹਣਾ ।
ਐਨਾ ਸੁੰਦਰ ਧਰਤੀ ਉੱਤੇ ਕੋਈ ਬਾਗ਼ ਨਹੀਂ ਹੋਣਾ ।
ਸੁੰਦਰ ਘਾਹ ਵਿਛੀ ਹੋਈ ਸੀ ਫੁੱਲ ਖਿੜੇ ਸਨ ਸਾਰੇ ।
ਘਾਹ ਵਿੱਚੋਂ ਫੁੱਲ ਐਦਾਂ ਝਾਕਣ ਜਿਦਾਂ ਹੋਣ ਸਿਤਾਰੇ ।
ਬਾਰਾਂ ਬੂਟੇ ਆੜੂਆਂ ਦੇ ਸਨ ਜਦੋਂ ਬਸੰਤ ਸੀ ਆਉਂਦੀ ।
ਸੋਹਣੇ ਫੁੱਲ ਗੁਲਾਬੀ ਸੀ ਉਹ ਉਹਨਾਂ ਉੱਤੇ ਖਿੜਾਉਂਦੀ ।
ਪਤਝੜ ਆਕੇ ਫਲ ਪਕਾਉਂਦੀ ਫਲ ਵੀ ਐਨੇ ਮਿੱਠੇ ।
ਇਹੋ ਜਿਹੇ ਫਲ ਕਦੀ ਕਿਸੇ ਨੇ ਹੋਣ ਨਾ ਕਿਧਰੇ ਡਿੱਠੇ ।
ਪੰਛੀ ਰੁੱਖਾਂ ਉੱਤੇ ਬਹਿਕੇ ਮਸਤੀ ਵਿਚ ਸਨ ਗਾਉਂਦੇ ।
ਬੱਚੇ ਸੁਣ ਕੇ ਗੀਤ ਉਨ੍ਹਾਂ ਦੇ ਅਪਣੀ ਖੇਡ ਭੁਲਾਉਂਦੇ ।
"ਅਸੀਂ ਏਥੇ ਕਿੰਨੇ ਖ਼ੁਸ਼ ਹਾਂ" ਇਕ ਦੂਜੇ ਨੂੰ ਕਹਿੰਦੇ ।
ਸਾਰਾ ਦਿਨ ਉਸੇ ਬਾਗ਼ ਵਿਚ ਖੇਡਦੇ ਹਸਦੇ ਰਹਿੰਦੇ ।

ਵਾਪਸ ਦਿਉ ਆਇਆ ਉੱਥੋਂ ਜਿੱਥੇ ਉਹ ਗਿਆ ਸੀ ।
ਕੌਰਨਿਸ਼ ਓਗਰ ਦੋਸਤ ਕੋਲੇ ਜਾ ਕੇ ਉਹ ਰਿਹਾ ਸੀ ।
ਐਨੀ ਛੋਟੀ ਗੱਲਬਾਤ ਸੀ ਸੱਤੀਂ ਸਾਲੀਂ ਮੁੱਕੀ ਸਾਰੀ ।
ਤਾਹੀਂ ਉਹਨੇ ਘਰ ਮੁੜਨ ਦੀ ਕੀਤੀ ਕਾਹਲੀ ਭਾਰੀ ।
ਕਿਲੇ ਵਿਚ ਆਕੇ ਵੇਖੇ ਉਹਨੇ ਜਦ ਬਾਗ਼ ਵਿਚ ਬੱਚੇ ।
ਭਾਰੀ ਆਵਾਜ਼ 'ਚ ਪੁੱਛਣ ਲੱਗਾ,"ਕੀ ਕਰਦੇ ਹੋ ਇੱਥੇ ?"
ਦਿਉ ਦੀ ਉੱਚੀ 'ਵਾਜ਼ ਸੁਣਦਿਆਂ ਬੱਚੇ ਡਰਦੇ ਮਾਰੇ ਭੱਜੇ ।
"ਮੇਰਾ ਆਪਣਾ ਬਾਗ਼ ਹੈ ਮੇਰਾ ਅਪਣਾ ਇਹ ਜਾਣਦੇ ਸੱਭੇ ।
ਮੈਥੋਂ ਬਿਨਾਂ ਏਸ ਬਾਗ਼ ਵਿੱਚ ਖੇਡ ਕੋਈ ਨਹੀਂ ਸਕਦਾ ।"
ਬਾਗ਼ ਦੁਆਲੇ ਕੋਟ ਮਾਰ ਉਸ ਰੋਕਿਆ ਸਭ ਦਾ ਰਸਤਾ ।
ਦਰਵਾਜ਼ੇ ਦੇ ਉੱਤੇ ਉਸਨੇ ਇਹ ਨੋਟਿਸ ਲਿਖ ਲਾਇਆ,
'ਏਥੋਂ ਲੰਘਣ ਵਾਲੇ ਉੱਤੇ ਜਾਵੇਗਾ ਕੇਸ ਚਲਾਇਆ ।'

ਕਿੰਨਾ ਸਵਾਰਥੀ ਦਿਉ ਸੀ ਉਹ ਇਹ ਜਾਣ ਲਉ ਸਾਰੇ ।
ਬੱਚਿਆਂ ਲਈ ਨਾ ਜਗ੍ਹਾ ਸੀ ਕੋਈ ਖੇਡਣ ਕਿੱਥੇ ਬਿਚਾਰੇ ।
ਸੜਕ ਦੇ ਉੱਤੇ ਖੇਡਣ ਜਦ ਵੀ ਠੇਡੇ ਖਾ ਖਾ ਡਿੱਗਣ ।
ਉਡ ਧੂੜ ਚਿਹਰਿਆਂ ਉੱਤੇ ਪੈਂਦੀ ਰੋੜੇ ਪੈਰੀਂ ਵੱਜਣ ।
ਛੁੱਟੀ ਹੋਣ ਤੇ ਕੋਟ ਦੁਆਲੇ, ਬੱਚੇ ਸੀ ਘੁੰਮਦੇ ਰਹਿੰਦੇ ।
"ਅਸੀਂ ਉੱਥੇ ਕਿੰਨੇ ਖ਼ੁਸ਼ ਸਾਂ," ਇਕ ਦੂਜੇ ਨੂੰ ਕਹਿੰਦੇ ।

ਬਸੰਤ ਆ ਗਈ ਚਾਰੇ ਪਾਸੀਂ ਫੁੱਲਾਂ ਮਹਿਕ ਖਿੰਡਾਈ ।
ਰੁੱਖਾਂ ਉੱਤੇ ਬਹਿ ਪੰਛੀ ਗਾਵਣ ਪੂਰੀ ਰੌਣਕ ਲਾਈ ।
ਸਿਰਫ਼ ਦਿਉ ਦੇ ਬਾਗ਼ ਵਿੱਚ ਸੀ ਸਰਦੀ ਡੇਰੇ ਲਾਏ ।
ਬੱਚਾ ਨਾ ਕੋਈ ਉੱਥੇ ਦਿੱਸੇ ਕਿਉਂ ਕੋਈ ਪੰਛੀ ਗਾਏ ।
ਸੋਹਣੇ ਜਿਹੇ ਨਿੱਕੇ ਫੁੱਲ ਨੇ ਘਾਹ ਵਿੱਚੋਂ ਸਿਰ ਚੁੱਕਿਆ ।
ਬੱਚਿਆਂ ਦੀ ਥਾਂ ਨੋਟਿਸ-ਬੋਰਡ ਵੇਖ ਕੇ ਧਰਤੀ ਲੁਕਿਆ ।
ਦੋ ਜਣੇ ਬੱਸ ਖ਼ੁਸ਼ ਸਨ ਪੂਰੇ ਇਕ ਬਰਫ਼ ਤੇ ਦੂਜਾ ਕੱਕਰ ।
"ਬਸੰਤ ਤਾਂ ਆਉਣਾ ਭੁੱਲ ਗਈ ਏ," ਬੈਠ ਮਾਰਦੇ ਜੱਕੜ ।
"ਆਪਾਂ ਏਥੇ ਸਾਰਾ ਸਾਲ ਰਹਾਂਗੇ ਏਹੀ ਅਪਣੀ ਮਰਜੀ ।"
ਬਰਫ਼ ਨੇ ਪੁਆਈ ਸਾਰੇ ਘਾਹ ਨੂੰ ਪੂਰੀ ਚਿੱਟੀ ਵਰਦੀ ।
ਕੱਕਰ ਨੇ ਸਭ ਰੁੱਖਾਂ ਤਾਈਂ, ਚਾਂਦੀ ਰੰਗ ਕਰਾਇਆ ।
ਫੇਰ ਉਨ੍ਹਾਂ ਨੇ ਉੱਤਰ ਵਾਲਾ, ਠੰਢਾ ਪੌਣ ਬੁਲਾਇਆ ।
ਫਰਾਂ ਵਿਚ ਉਹ ਲਿਪਟਿਆ ਹੋਇਆ ਜ਼ੋਰ ਜ਼ੋਰ ਦੀ ਗੱਜੇ ।
ਹਰ ਚੀਜ਼ ਸੀ ਟੁੱਟ ਭੱਜ ਜਾਂਦੀ ਜਿਸ ਵਿਚ ਜਾ ਉਹ ਵੱਜੇ ।
ਧੂੰਏਂਦਾਨੀਆਂ ਸਾਰੀਆਂ ਉਸਨੇ ਐਧਰ ਓਧਰ ਖਿੰਡਾਈਆਂ ।
"ਇਹ ਤਾਂ ਬੜੀ ਕਮਾਲ ਜਗ੍ਹਾ ਹੈ" ਨਾਲੇ ਪਾਏ ਦੁਹਾਈਆਂ ।
"ਆਪਾਂ ਹੁਣ ਏਥੇ ਕਿਉਂ ਨਾ ਗੜਿਆਂ ਤਾਈਂ ਬੁਲਾਈਏ ?"
"ਤੁਸੀਂ ਬੁਲਾਓਂ ਅਸੀਂ ਨਾ ਆਈਏ, ਕਿਉਂ ਨਾ ਦੱਸੋ ਆਈਏ ।"
ਗੜੇ ਆ ਗਏ ਸੱਦਾ ਸੁਣਕੇ ਖੌਰੂ ਸੀ ਬਹੁਤਾ ਪਾਉਂਦੇ ।
ਹਰ ਰੋਜ਼ ਹੀ ਤਿੰਨ ਘੰਟੇ ਉਹ ਕਿਲੇ ਦੀ ਛੱਤ ਹਿਲਾਉਂਦੇ ।
ਬਾਗ਼ ਅੰਦਰ ਉਹ ਦੌੜਾਂ ਲਾਉਂਦੇ ਜਿਦਾਂ ਅੱਥਰੇ ਮੁੰਡੇ ।
ਰੁੱਖ ਬਾਗ਼ ਦੇ ਬਹੁਤੇ ਉਨ੍ਹਾਂ ਟਾਹਣੀਆਂ ਸਣੇ ਮਰੁੰਡੇ ।
ਸਲੇਟੀ ਜਹੇ ਘਸਮੈਲੇ ਰੰਗ ਦੇ ਉਸਨੇ ਕਪੜੇ ਪਾਏ ।
ਸਾਹ ਲਵੇ ਤਾਂ ਏਦਾਂ ਲੱਗੇ ਜਿਉਂ ਕੋਈ ਬਰਫ਼ ਛੁਹਾਏ ।
ਖਿੜਕੀ ਵਿੱਚੋਂ ਬਾਹਰ ਵੇਖਦਾ ਦਿਉ ਇਹ ਸੋਚੀਂ ਜਾਵੇ,
'ਸਮਝ ਨਾ ਲੱਗੇ ਬਸੰਤ ਐਤਕੀ ਐਨੀ ਦੇਰੀ ਕਿਉਂ ਲਾਵੇ ।
ਮੈਨੂੰ ਪਰ ਉਮੀਦ ਹੈ ਪੂਰੀ ਇਹ ਮੌਸਮ ਵੀ ਬਦਲੇਗਾ ।
ਬਾਗ਼ ਮੇਰੇ ਦਾ ਬੂਟਾ ਬੂਟਾ ਪਹਿਲਾਂ ਜਿਉਂ ਮਹਿਕੇਗਾ ।'
ਬਸੰਤ ਰੁੱਤ ਮੁੜਕੇ ਨਾ ਆਈ ਨਾਹੀ ਆਈ ਗਰਮੀ ।
ਮੌਸਮ ਨੇ ਕੋਈ ਆਪਣੇ ਵੱਲੋਂ ਨਾ ਵਿਖਾਈ ਨਰਮੀ ।
ਪਤਝੜ ਆਈ ਸਾਰੇ ਬਾਗ਼ੀਂ ਫਲ ਸੁਨਹਿਰੀ ਦਿੱਤੇ ।
ਦਿਉ ਦੇ ਬਾਗ਼ ਗਈ ਪਰ ਫਿਰ ਮੁੜ ਆਈ ਪਿੱਛੇ ।
"ਕਿੰਨਾ ਸੁਆਰਥੀ ਦਿਉ ਹੈ ! ਕਿਉਂ ਏਥੇ ਫਲ ਲਾਵਾਂ ।
ਬਾਗ਼ ਆਪਣੇ ਪੈਣ ਨਾ ਦਿੰਦਾ ਬੱਚਿਆਂ ਦਾ ਪਰਛਾਵਾਂ ।"
ਦਿਉ ਦੇ ਬਾਗ਼ ਹਮੇਸ਼ਾ ਸਰਦੀ ਠੰਢੀ ਹਵਾ ਤੇ ਕੱਕਰ ।
ਬਰਫ਼ ਗੜੇ ਰਲਕੇ ਸਭ ਨੱਚਣ, ਪਾਇਆ ਬਾਗ਼ੇ ਸੱਥਰ ।
ਇਕ ਦਿਨ ਸਵੇਰੇ ਦਿਉ ਜਾਗਦਾ ਹੀ ਸੁਸਤਾ ਰਿਹਾ ਸੀ ।
ਬਾਹਰੋਂ ਮਿੱਠਾ ਸੰਗੀਤ ਆ ਕੇ ਉਸਦੇ ਕੰਨ ਪਿਆ ਸੀ ।
ਉਸਦੇ ਕੰਨੀਂ ਉਸ ਸੰਗੀਤ ਨੇ ਐਨੀ ਮਿਸਰੀ ਘੋਲੀ ।
ਸ਼ਾਹੀ ਸਾਜਿੰਦਿਆਂ ਦੀ ਜਾਪੀ ਉਸਨੂੰ ਜਾਂਦੀ ਟੋਲੀ ।
ਛੋਟਾ ਜਿਹਾ ਲਿਨਿਟ ਪੰਛੀ ਹੇਕਾਂ ਪਿਆ ਲਗਾਵੇ ।
ਬਾਹਰ ਬੈਠਾ ਖਿੜਕੀ ਦੇ ਆਪਣੀ ਸੁਰ 'ਚ ਗਾਵੇ ।
ਕੋਈ ਸੰਗੀਤ ਸੁਣਿਆਂ ਦਿਉ ਨੂੰ ਕਈ ਸਾਲ ਸੀ ਲੰਘੇ ।
ਤਾਹੀਉਂ ਪੰਛੀ ਦੇ ਬੋਲ ਓਸਨੂੰ ਲੱਗੇ ਸਨ ਐਨੇ ਚੰਗੇ ।
ਗੜਿਆਂ ਨੇ ਨੱਚਣਾ ਛੱਡਿਆ ਹਵਾ ਦਹਾੜ ਵੀ ਭੁੱਲ ਗਈ ।
ਬਾਹਰੋਂ ਮਿੱਠੀ ਸੁਗੰਧੀ ਆ ਕੇ ਕਮਰੇ ਦੇ ਵਿਚ ਘੁਲ ਗਈ ।
ਦਿਉ ਸੋਚਦਾ ਆਖ਼ਿਰ ਨੂੰ ਹੈ ਰੁੱਤ ਬਹਾਰ ਦੀ ਆਈ ।
ਮੈਂ ਵੀ ਬਾਹਰ ਜਾ ਕੇ ਪਾਵਾਂ ਉਸਤੇ ਝਾਤੀ ਕਾਈ ।
ਬਾਹਰ ਆ ਤੱਕਿਆ ਉਸਨੇ ਬਹੁਤ ਕਮਾਲ ਨਜ਼ਾਰਾ ।
ਪੰਛੀਆਂ ਫੁੱਲਾਂ ਨਾਲ ਟਹਿਕੇ ਬਾਗ਼ ਓਸਦਾ ਸਾਰਾ ।
ਕੰਧ ਵਿਚ ਕਿਤੇ ਮੋਰੀ ਹੋਈ ਬੱਚੇ ਅੰਦਰ ਵੜ ਗਏ ।
ਹੱਸਣ ਗਾਵਣ ਮਾਰਨ ਛਾਲਾਂ ਰੁੱਖਾਂ ਉਪਰ ਚੜ੍ਹ ਗਏ ।
ਬੱਚੇ ਖ਼ੁਸ਼ ਤੇ ਰੁੱਖ ਵੀ ਖ਼ੁਸ਼ ਹੋ ਲੱਗੇ ਖ਼ੁਸ਼ੀ ਮਨਾਵਣ ।
ਸ਼ਾਖਾਂ ਫੁੱਲਾਂ ਨਾਲ ਲੱਦੀਆਂ ਬੱਚਿਆਂ ਉੱਤੇ ਹਿਲਾਵਣ ।
ਪੰਛੀ ਪਏ ਉਡਾਰੀਆਂ ਲਾਵਣ ਗੀਤ ਖ਼ੁਸ਼ੀ ਦੇ ਗਾਵਣ ।
ਫੁੱਲ ਘਾਹ ਦੇ ਵਿੱਚੋਂ ਝਾਕਣ ਲੱਗੇ ਮਹਿਕ ਲੁਟਾਵਣ ।
ਸਾਰੇ ਬਾਗ਼ ਨਜ਼ਾਰਾ ਸੁੰਦਰ ਇਕ ਖੂੰਜੇ ਸਰਦੀ ਭਾਰੀ।
ਨਿੱਕਾ ਇਕ ਬੱਚਾ ਖੜਾ ਉਸ ਖੂੰਜੇ ਰੋਵੇ ਜ਼ਾਰੋ ਜ਼ਾਰੀ ।
ਛੋਟਾ ਸੀ ਉਹ ਬੱਚਾ ਬਹੁਤਾ ਉਪਰ ਚੜ੍ਹਿਆ ਨਾ ਜਾਵੇ ।
ਰੋਂਦਾ ਰੋਂਦਾ ਉਹ ਰੁੱਖ ਦੁਆਲੇ ਚੱਕਰ ਲਾਈਂ ਜਾਵੇ ।
ਰੁੱਖ ਦੇ ਉਪਰ ਹਵਾ ਦਹਾੜੇ ਬਰਫ਼ ਤੇ ਕੱਕਰ ਢਕਿਆ ।
ਹੌਲੀ ਹੌਲੀ ਆਖੇ, "ਪਿਆਰੇ ਬੱਚੇ ਉੱਤੇ ਚੜ੍ਹ ਆ ।"
ਜਿੰਨਾਂ ਹੋ ਸਕਿਆ ਉਹਨੇ ਟਾਹਣੀਆਂ ਹੇਠ ਨਿਵਾਈਆਂ ।
ਬੱਚੇ ਦੀਆਂ ਛੋਟੀਆਂ ਬਾਹਵਾਂ ਉਨ੍ਹਾਂ ਤੱਕ ਨਾ ਆਈਆਂ ।

ਇਹ ਨਜ਼ਾਰਾ ਵੇਖ ਦਿਉ ਦਾ ਦਿਲ ਪਸੀਜ ਗਿਆ ਸੀ ।
"ਕਿੰਨਾਂ ਮੈਂ ਸਵਾਰਥੀ ਹਾਂ !" ਉਸਨੇ ਮੂੰਹੋਂ ਕਿਹਾ ਸੀ ।
"ਹੁਣ ਮੈਂ ਇਹ ਜਾਣ ਗਿਆਂ ਬਸੰਤ ਕਿਉਂ ਨਾ ਆਈ ।
ਬਿਨਾਂ ਬੱਚਿਆਂ ਏਥੇ ਉਹਨੂੰ ਖ਼ੁਸ਼ੀ ਨਾ ਦਿੱਸੀ ਕਾਈ ।
ਹੁਣ ਮੈਂ ਜਾ ਕੇ ਛੋਟਾ ਬੱਚਾ ਉਪਰ ਰੁੱਖ ਬਿਠਾਵਾਂ ।
ਉਸਤੋਂ ਬਾਦ ਬਾਗ਼ ਦੁਆਲਿਉਂ ਸਾਰੀ ਕੰਧ ਗਿਰਾਵਾਂ ।
ਮੇਰਾ ਬਾਗ਼ ਮੈਦਾਨ ਬਣੇਗਾ ਬੱਚੇ ਰਲ ਖੇਡਣ ਜਿੱਥੇ ।"
ਦਿਉ ਨੂੰ ਸੀ ਅਫ਼ਸੋਸ ਬਹੁਤ ਆਪਣੇ ਕੀਤੇ ਉੱਤੇ ।
ਉਤਰ ਪੌੜੀਆਂ ਹੌਲੀ ਹੌਲੀ ਦਰਵਾਜ਼ਾ ਫਿਰ ਖੋਲ੍ਹਿਆ ।
ਬਾਹਰ ਬਾਗ਼ ਵਿਚ ਆਇਆ ਪਰ ਨਾ ਮੂੰਹੋਂ ਬੋਲਿਆ ।
ਬੱਚਿਆਂ ਵੇਖਿਆ ਡਰਦੇ ਮਾਰੇ ਇਧਰ ਉਧਰ ਭੱਜੇ ।
ਉਹੀ ਪ੍ਰਾਹੁਣੇ ਪਹਿਲਾਂ ਵਾਲੇ ਬਾਗ਼ ਅੰਦਰ ਆ ਗੱਜੇ ।
ਛੋਟਾ ਬੱਚਾ ਰਿਹਾ ਖਲੋਤਾ ਉਸ ਨਾ ਦਿਉ ਨੂੰ ਤੱਕਿਆ ।
ਹੰਝੂ ਭਰੀਆਂ ਅੱਖਾਂ ਸਨ ਤਾਹੀਂ ਉਹ ਵੇਖ ਨਾ ਸਕਿਆ ।
ਸਹਿਜੇ ਸਹਿਜੇ ਚੋਰੀ ਚੋਰੀ ਦਿਉ ਉਸ ਪਿੱਛੇ ਆਇਆ ।
ਪਿਆਰ ਨਾਲ ਚੁੱਕ ਬੱਚੇ ਨੂੰ ਰੁੱਖ ਦੇ ਉੱਤੇ ਬਿਠਾਇਆ ।
ਰੁੱਖ ਤੇ ਪੰਛੀ ਚਹਿਕਣ ਲੱਗੇ ਫੁੱਲ ਬਹਾਰ ਲੈ ਆਈ ।
ਬੱਚੇ ਨੇ ਬਾਹਾਂ ਫੈਲਾਈਆਂ ਦਿਉ ਨੂੰ ਗਲਵਕੜੀ ਪਾਈ ।
ਮੂੰਹ ਮੱਥਾ ਉਸਦਾ ਚੁੰਮ ਕੇ ਬਹੁਤ ਪਿਆਰ ਸੀ ਕੀਤਾ ।
ਦਿਉ ਨੂੰ ਜਾਪੇ ਜਿਦਾਂ ਉਸਨੇ ਅੰਮ੍ਰਿਤ ਦਾ ਘੁੱਟ ਪੀਤਾ ।
ਦਿਉ ਨੂੰ ਬਦਲਿਆ ਵੇਖ ਕੇ ਬੱਚੇ, ਵਾਪਸ ਭੱਜੇ ਆਏ ।
ਬਸੰਤ ਭਲਾ ਕਿਉਂ ਪਿਛੇ ਰਹਿੰਦੀ ਨਾਲੇ ਉਹਨੂੰ ਲਿਆਏ ।
ਦਿਉ ਆਖਦਾ, "ਬੱਚਿਓ, ਹੁਣ ਬਾਗ਼ ਤੁਸਾਂ ਦਾ ਸਾਰਾ।
ਲੈ ਕੇ ਉਸਨੇ ਵੱਡਾ ਕੁਹਾੜਾ ਕੋਟ ਗਿਰਾਇਆ ਭਾਰਾ ।
ਬਾਰਾਂ ਵਜੇ ਮੰਡੀ ਵੱਲ ਜਾਂਦੇ ਲੋਕੀ ਬਾਗ਼ ਨੂੰ ਤੱਕਣ ।
ਦਿਉ ਨਾਲ ਬੱਚੇ ਪਏ ਖੇਡਣ ਨਾ ਅੱਕਣ ਨਾ ਥੱਕਣ ।
ਐਨਾ ਸੁੰਦਰ ਬਾਗ਼ ਉਨ੍ਹਾਂ ਨੂੰ ਕਿਧਰੇ ਨਜ਼ਰ ਨਾ ਆਵੇ ।
ਜਿਉਂ ਜਿਉਂ ਬਾਗ਼ ਨੂੰ ਵੇਖਣ ਹੋਰ ਤਾਂਘ ਵਧ ਜਾਵੇ ।
ਸ਼ਾਮ ਪਈ ਜਦ ਸਾਰੇ ਬੱਚੇ ਮਿਲਣ ਦਿਉ ਨੂੰ ਆਏ ।
ਦਿਉ ਪੁੱਛਦਾ, "ਛੋਟਾ ਸਾਥੀ, ਕਿੱਥੇ ਹੋ ਛੱਡ ਆਏ ?"
ਬੱਚੇ ਕਹਿੰਦੇ, "ਪਤਾ ਨਹੀਂ ਉਹ ਪਹਿਲੋਂ ਚਲਾ ਗਿਆ ਏ ।"
"ਕੱਲ੍ਹ ਜ਼ਰੂਰ ਉਹ ਖੇਡਣ ਆਵੇ ਉਸਨੂੰ ਦੱਸ ਦਿਆ ਜੇ ।"
ਬੱਚਿਆਂ ਦੱਸਿਆ, "ਕਿੱਥੇ ਰਹਿੰਦਾ ਸਾਨੂੰ ਪਤਾ ਨਾ ਕਾਈ ।"
ਇਹ ਸੁਣਦਿਆਂ ਦਿਉ ਦੇ ਮਨ ਵਿਚ ਬਹੁਤ ਉਦਾਸੀ ਛਾਈ ।
ਛੁੱਟੀ ਹੁੰਦਿਆਂ ਸਾਰ ਹੀ ਬੱਚੇ ਬਾਗ਼ ਵੱਲ ਭੱਜੇ ਆਵਣ ।
ਆਪ ਵੀ ਖੇਡਣ ਨਾਲੇ ਦਿਉ ਨੂੰ ਆਪਣੇ ਨਾਲ ਖਿਡਾਵਣ ।
ਪਰ ਛੋਟਾ ਬੱਚਾ ਫੇਰ ਦੁਬਾਰਾ ਕਦੇ ਬਾਗ਼ ਨਾ ਆਇਆ ।
ਦਿਉ ਨੂੰ ਜਾਪੇ ਜਿਦਾਂ ਉਸਨੇ ਆਪਣਾ ਕੁਝ ਗੁਆਇਆ ।
ਸਾਰੇ ਬੱਚਿਆਂ ਉੱਤੇ ਦਿਉ ਨੂੰ ਪਿਆਰ ਬੜਾ ਸੀ ਆਉਂਦਾ ।
ਮੁੜਕੇ ਛੋਟਾ ਬੱਚਾ ਆਵੇ ਦਿਲ ਉਸ ਦਾ ਪਰ ਚਾਹੁੰਦਾ ।

ਸਮਾਂ ਬੀਤਿਆ ਦਿਉ ਸੀ ਕਮਜ਼ੋਰ ਤੇ ਬੁੱਢਾ ਹੋਇਆ ।
ਬੱਚੇ ਖੇਡਣ ਪਰ ਉਸ ਤੋਂ ਕੋਲ ਨਾ ਜਾਏ ਖਲੋਇਆ ।
ਆਪਣੇ ਬੈਠਣ ਨੂੰ ਉਸਨੇ ਆਰਾਮ ਕੁਰਸੀ ਬਣਵਾਈ ।
ਕਦੇ ਬਾਗ਼ ਕਦੇ ਉਹ ਬੱਚੇ ਤੱਕੇ ਪੂਰੀ ਨੀਝ ਲਗਾਈ ।
"ਬਾਗ਼ ਵਿੱਚ ਨੇ ਫੁੱਲ ਬੜੇ ਹੀ ਸੁੰਦਰ ਤੇ ਮਨਮੋਹਣੇ ।
ਪਰ ਬੱਚਿਆਂ ਜਿਹੇ ਦੁਨੀਆਂ ਅੰਦਰ ਕੋਈ ਫੁੱਲ ਨਾ ਹੋਣੇ ।"
ਸਰਦੀ ਦੀ ਰੁੱਤ ਵੀ ਹੁਣ ਉਸਨੂੰ ਬੁਰੀ ਨਹੀਂ ਸੀ ਲਗਦੀ ।
ਰੁੱਤਾਂ ਦੀ ਇਹ ਅਦਲਾ ਬਦਲੀ ਹੈ ਕੁਦਰਤ ਦੀ ਮਰਜੀ ।
ਸਰਦੀਆਂ ਵਿਚ ਬਸੰਤ ਰੁੱਤ ਜਾ ਘਰ ਅਪਣੇ ਸੌਂ ਜਾਵੇ ।
ਥੱਕੇ ਫੁੱਲ ਆਰਾਮ ਪਏ ਕਰਦੇ ਜਿਦਾਂ ਮਨ ਨੂੰ ਭਾਵੇ ।
ਸਰਦੀ ਦੀ ਇਕ ਸੁਬਹ ਨੂੰ ਦਿਉ ਕੱਪੜੇ ਪਾਈਂ ਜਾਵੇ ।
ਬਾਹਰ ਵੱਲ ਜੋ ਉਸਨੇ ਤੱਕਿਆ ਸੱਚ ਨਾ ਉਸਨੂੰ ਆਵੇ ।
ਖੂੰਜੇ ਵਾਲਾ ਰੁੱਖ ਸੀ ਪੂਰਾ ਚਿੱਟੇ ਫੁੱਲਾਂ ਨਾਲ ਭਰਿਆ ।
ਸ਼ਾਖਾਂ ਸਭ ਸੁਨਹਿਰੀ ਦਿੱਸਣ ਫਲ ਚਾਂਦੀ ਰੰਗ ਕਰਿਆ ।
ਛੋਟਾ ਬੱਚਾ ਰੁੱਖ ਹੇਠ ਖਲੋਤਾ ਜੋ ਸੀ ਸਭ ਤੋਂ ਪਿਆਰਾ ।
ਖ਼ੁਸ਼ੀ ਨਾਲ ਦਿਉ ਭੱਜਾ ਜਾਵੇ ਭਾਵੇਂ ਸਰੀਰ ਸੀ ਭਾਰਾ ।
ਛੇਤੀ ਨਾਲ ਘਾਹ ਤੋਂ ਲੰਘਦਾ ਕੋਲ ਬੱਚੇ ਦੇ ਆਇਆ ।
ਵਿੰਹਦਿਆਂ ਹੀ ਬੱਚਾ ਉਸਨੇ ਚਿਹਰਾ ਲਾਲ ਬਣਾਇਆ ।
ਕਿੱਲਾਂ ਦੇ ਨਿਸ਼ਾਨ ਪਏ ਸਨ ਉਸਦੀਆਂ ਤਲੀਆਂ ਉੱਤੇ ।
ਦੋ ਹੱਥਾਂ 'ਤੇ ਦੋ ਪੈਰਾਂ 'ਤੇ ਨਿਸ਼ਾਨ ਸੀ ਉਸਨੇ ਤੱਕੇ ।
"ਕੀਹਨੇ ਤੈਨੂੰ ਜ਼ਖ਼ਮੀ ਕੀਤਾ ਐਡਾ ਹੌਸਲਾ ਕਿਸਦਾ ?
ਵੱਡੀ ਤਲਵਾਰ ਲਿਜਾ ਕੇ ਮੈਂ ਵੱਢਾਂ ਜਾ ਸਿਰ ਉਸਦਾ ।"
"ਇਹ ਜ਼ਖ਼ਮ ਪਿਆਰ ਦੇ ਨੇ," ਬੱਚੇ ਉਹਨੂੰ ਸੁਣਾਇਆ ।
ਇਹ ਸੁਣਦਿਆਂ ਅਜਬ ਜਿਹਾ ਡਰ ਮਨ ਓਸਦੇ ਛਾਇਆ ।
"ਕੌਣ ਏਂ ਤੂੰ ?" ਫਿਰ ਉਸਨੇ, ਬੱਚੇ ਕੋਲੋਂ ਪੁੱਛਿਆ ।
ਇਹ ਕਹਿੰਦਿਆਂ ਸਾਰ ਦਿਉ ਉਸਦੇ ਅੱਗੇ ਝੁਕਿਆ ।
ਬੱਚੇ ਮੂੰਹ ਮੁਸਕਾਣ ਆ ਗਈ ਜਦ ਉਸ ਦਿਉ ਨੂੰ ਡਿੱਠਾ ।
"ਇਕ ਵਾਰੀ ਤੂੰ ਬਾਗ਼ ਆਪਣਾ ਖੇਡਣ ਲਈ ਸੀ ਦਿੱਤਾ ।
ਹੁਣ ਮੈਂ ਤੈਨੂੰ ਸਵਰਗ ਲਿਜਾਣਾ ਜੋ ਬਾਗ਼ ਹੈ ਮੇਰਾ ।
ਅੱਜ ਤੋਂ ਬਾਦ ਸਦਾ ਲਈ ਓਥੇ ਹੋਣਾ ਤੇਰਾ ਵਸੇਰਾ ।"
ਅਗਲੇ ਦਿਨ ਬੱਚਿਆਂ ਵੇਖਿਆ ਦਿਉ ਪਿਆ ਸੀ ਮੋਇਆ ।
ਚਿੱਟੇ ਫੁੱਲਾਂ ਦੀ ਚਾਦਰ ਨਾਲ ਸਾਰਾ ਢਕਿਆ ਹੋਇਆ ।

2. ਈਦਗਾਹ

(ਇਹ ਰਚਨਾ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ
'ਈਦਗਾਹ' ਤੇ ਆਧਾਰਿਤ ਹੈ)

ਤੀਹ ਦਿਨ ਰਮਜ਼ਾਨ ਦੇ ਲੰਘੇ ਤਾਂ ਈਦ ਕਿਤੇ ਆਈ ।
ਨਾਲ ਆਪਣੇ ਸੋਹਣੀ ਤੇ ਮਨਮੋਹਣੀ ਸੁਬਹ ਲਿਆਈ ।
ਖੇਤਾਂ ਵਿੱਚ ਹੈ ਰੌਣਕ ਪੂਰੀ ਰੁੱਖਾਂ ਤੇ ਹਰਿਆਲੀ ।
ਆਕਾਸ਼ ਤੇ ਵੇਖੋ ਸਾਰੇ ਪਾਸੇ ਬੜੀ ਅਜਬ ਹੈ ਲਾਲੀ ।
ਸੂਰਜ ਨੇ ਵੀ ਰੂਪ ਬਣਾਇਆ ਠੰਢਾ ਅਤੇ ਪਿਆਰਾ ।
ਉਹ ਵੀ ਈਦ ਮੁਬਾਰਕ ਆਖੇ ਜੱਗ ਸੁਣੇਂਦਾ ਸਾਰਾ ।
ਪਿੰਡ 'ਚ ਕਿੰਨੀ ਹਫੜਾ-ਦਫੜੀ ਈਦ ਨੇ ਹੈ ਮਚਾਈ ।
ਤਿਆਰੀ ਈਦਗਾਹ ਜਾਣ ਦੀ ਕਰਦੀ ਫਿਰੇ ਲੋਕਾਈ ।
ਬਟਨ ਕਿਸੇ ਦੇ ਕੁੜਤੇ ਹੈ ਨਹੀਂ ਸੂਈ ਧਾਗਾ ਭਾਲੇ ।
ਕਿਸੇ ਦੇ ਜੁੱਤੇ ਸਖ਼ਤ ਹੋਏ, ਤੇਲੀ ਵਲ ਪਾਏ ਚਾਲੇ ।
ਸੰਨ੍ਹੀ-ਪਾਣੀ ਬਲਦਾਂ ਦਾ ਵੀ ਛੇਤੀ ਛੇਤੀ ਮੁਕਾਣਾ ।
ਦੁਪਹਿਰ ਤੱਕ ਈਦਗਾਹ ਤੋਂ ਔਖਾ ਵਾਪਸ ਆਣਾ ।
ਤਿੰਨ ਕੋਹ ਦਾ ਪੈਦਲ ਰਸਤਾ ਹੋਰਾਂ ਨੂੰ ਵੀ ਮਿਲਣਾ ।
ਬਿਨਾਂ ਈਦ-ਮੁਬਾਰਕ ਆਖਿਆਂ ਕਿਦਾਂ ਓਥੋਂ ਹਿੱਲਣਾ ।

ਬੱਚਿਆਂ ਦਾ ਹਾਲ ਤਾਂ ਵੇਖੋ ਚਾਅ ਨਹੀਂ ਜਾਂਦਾ ਚੱਕਿਆ ।
ਕਿਸੇ ਨੇ ਅੱਧਾ ਰੋਜਾ ਰੱਖਿਆ ਕਿਸੇ ਨਾ ਉਹ ਵੀ ਰੱਖਿਆ ।
ਈਦ ਜਾਣ ਦੀ ਖ਼ੁਸ਼ੀ ਜੋ ਹੁੰਦੀ ਇਨ੍ਹਾਂ ਦੇ ਹਿੱਸੇ ਆਈ ।
ਵੱਡੇ ਰੋਜਾ ਰੱਖਣ ਜਾਂ ਨਾ ਰੱਖਣ ਇਨ੍ਹਾਂ ਕੀ ਪਿਆ ਈ ।
ਰੋਜ ਈਦ ਦਾ ਨਾਂ ਰਟਦੇ ਸੀ ਮਸਾਂ ਈਦ ਹੈ ਆਈ ।
ਲੋਕੀ ਈਦਗਾਹ ਜਾਣ ਦੀ ਨਾ ਕਾਹਲ ਕਰੇਂਦੇ ਕਾਈ ?
ਇਨ੍ਹਾਂ ਨੂੰ ਪਰਵਾਹ ਨਾ ਕੋਈ ਦੁੱਧ ਸ਼ੱਕਰ ਕਿੱਥੋਂ ਆਣਾ ।
ਹੱਕ ਇਨ੍ਹਾਂ ਦਾ ਦਿਨ ਈਦ ਦੇ ਸੇਵੀਆਂ ਰੱਜ ਰੱਜ ਖਾਣਾ ।
ਇਨ੍ਹਾਂ ਨੂੰ ਕੀ ਅੱਬੂ ਮੀਆਂ ਕਿਉਂ ਕਾਯਮਅਲੀ ਦੇ ਜਾਂਦੇ ।
ਕੁਬੇਰ ਖ਼ਜ਼ਾਨਾ ਗਿਣ ਇਹ ਅਪਣਾ ਫਿਰ ਜੇਬਾਂ ਵਿੱਚ ਪਾਂਦੇ ।
ਮੋਹਸਿਨ ਕੋਲ ਨੇ ਪੰਦਰਾਂ ਪੈਸੇ ਮਹਮੂਦ ਕੋਲ ਨੇ ਬਾਰਾਂ ।
ਇਨ੍ਹਾਂ ਪੈਸਿਆਂ ਦੀਆਂ ਸੋਚਣ ਚੀਜਾਂ ਆਉਣ ਹਜ਼ਾਰਾਂ ।

ਹਾਮਿਦ ਸਭ ਤੋਂ ਵੱਧ ਖ਼ੁਸ਼ ਹੈ ਜੋ ਮਾੜੂ ਜਿਹਾ ਬੱਚਾ ।
ਸੂਰਤ ਬਹੁਤ ਗ਼ਰੀਬ ਜਿਹੀ ਤੇ ਲੱਗੇ ਉਮਰੋਂ ਕੱਚਾ ।
ਪਿਛਲੇ ਸਾਲ ਪਿਉ ਓਸਦਾ, ਖੜਿਆ ਹੈਜ਼ੇ ਦੀ ਬੀਮਾਰੀ ।
ਉਸਦੇ ਗ਼ਮ ਵਿਚ ਘੁਲਦੇ ਮਾਂ ਵੀ ਹੋਈ ਅੱਲਾ ਪਿਆਰੀ ।
ਬੁੱਢੀ ਦਾਦੀ ਅਮੀਨਾ ਦੀ ਗੋਦੀ ਹਾਮਿਦ ਸੌਂ ਖ਼ੁਸ਼ ਰਹਿੰਦਾ ।
ਮਾਂ-ਪਿਉ ਦੇ ਨਾ ਹੋਣ ਦਾ ਗ਼ਮ ਨਾ ਕੁਝ ਵੀ ਕਹਿੰਦਾ ।
ਅੱਬਾ ਪੈਸੇ ਕਮਾਣ ਗਏ ਨੇ ਅੰਮੀ ਗਈ ਏ ਅੱਲਾ ਕੋਲੇ ।
ਥੈਲੀਆਂ ਭਰ ਲਿਆਉਣਗੇ ਪੈਸੇ ਚੀਜਾਂ ਭਰ ਭਰ ਝੋਲੇ ।
ਪੈਰੀਂ ਜੇ ਕਰ ਜੁੱਤੇ ਨਹੀਂ ਹਨ ਟੋਪੀ ਸਿਰ 'ਤੇ ਪੁਰਾਣੀ ।
ਕੀ ਗ਼ਮ ਉਸ ਲਈ ਹਰ ਸ਼ੈ ਅੰਮੀਂ ਅੱਬੂ ਨੇ ਲੈ ਆਣੀ ।
ਅੱਬਾਜਾਨ ਨੇ ਬਹੁਤੇ ਪੈਸੇ ਜਦ ਉਸ ਨੂੰ ਲਿਆ ਦਿੱਤੇ ।
ਮੋਹਸਿਨ, ਨੂਰੇ, ਸੰਮੀ ਕੋਲੇ ਐਨੇ ਪੈਸੇ ਹੋਣੇ ਨੇ ਕਿੱਥੇ ।

ਅਮੀਨਾ ਵਿਚਾਰੀ ਕੋਠੜੀ ਅੰਦਰ ਕੱਲੀ ਬੈਠੀ ਰੋਵੇ ।
ਗ਼ਰੀਬਾਂ ਦੇ ਘਰ ਹਾਏ ਅੱਲਾ ! ਕਦੇ ਈਦ ਨਾ ਹੋਵੇ ।
ਹਾਮਿਦ ਆ ਦਾਦੀ ਨੂੰ ਆਖੇ, "ਅੰਮਾਂ ਡਰ ਹੈ ਕਾਹਦਾ ?
ਸਭ ਤੋਂ ਪਹਿਲਾਂ ਮੁੜਕੇ ਆਵਾਂ ਮੇਰਾ ਪੱਕਾ ਵਾਅਦਾ ।"
ਕਿਦਾਂ ਬੱਚਾ ਮੇਲੇ ਭੇਜੇ ਅਮੀਨਾ ਦਾ ਦਿਲ ਖੁਸਦਾ ।
'ਹੋਰਾਂ ਦੇ ਵੱਡੇ ਨਾਲ ਜਾਣਗੇ ਕੌਣ ਹੋਣਾ ਏਂ ਇਸਦਾ ?
ਤਿੰਨ ਕੋਹ ਦਾ ਰਸਤਾ ਲੰਮਾ ਤੇ ਹਾਮਿਦ ਪੈਰੋਂ ਨੰਗਾ ।
ਭੀੜ-ਭਾੜ ਵੀ ਬਹੁਤੀ ਹੋਣੀ ਨਾ ਭੇਜਾਂ ਤਾਂ ਚੰਗਾ ।
ਪੈਸੇ ਮੇਰੇ ਪੱਲੇ ਹੁੰਦੇ ਤਾਂ ਨਾਲ ਇਹਦੇ ਮੈਂ ਜਾਂਦੀ ।
ਲੋੜ ਦੀਆਂ ਸਾਰੀਆਂ ਚੀਜਾਂ ਮੁੜਦੀ ਮੈਂ ਲਿਆਂਦੀ ।
ਚੀਜਾਂ ਇਕੱਠੀਆਂ ਕਰਦਿਆਂ ਕਈ ਘੰਟੇ ਲਗ ਜਾਣੇ ।
ਮੰਗ ਪਿੰਨ ਕੇ ਗੁਜ਼ਾਰਾ ਕਰਨਾ ਪੈਣਾਂ ਅੱਲਾ ਭਾਣੇ ।
ਫਹੀਮਨ ਦੇ ਕਪੜੇ ਸਿਉਂ ਕੇ ਮਿਲੇ ਸੀ ਅੱਠ ਆਨੇ ।
ਛੇ ਆਨੇ ਗਵਾਲਣ ਲੈ ਗਈ ਬਾਕੀ ਰਹੇ ਦੋ ਆਨੇ ।
ਤਿੰਨ ਪੈਸੇ ਹਾਮਿਦ ਨੂੰ ਦਿੱਤੇ ਪੰਜ ਪੈਸੇ ਮੇਰੇ ਕੋਲੇ ।
ਸੇਵੀਆਂ ਲੈਣ ਲਾਗਣਾਂ ਆਉਣਾ ਬੰਨ੍ਹ ਬੰਨ੍ਹ ਕੇ ਟੋਲੇ ।
ਕਿਸ ਕਿਸ ਨੂੰ ਦੇਈਂ ਜਾਵੇ ਕਿਸ ਤੋਂ ਜੀ ਚੁਰਾਵੇ ।
ਜਿਸ ਨੂੰ ਜਾਪੇ ਥੋੜ੍ਹਾ ਮਿਲਿਆ ਓਹੀ ਮੂੰਹ ਸੁਜਾਵੇ ।
ਸਾਲ ਬਾਦ ਦਿਨ ਈਦ ਦਾ ਮਸੀਂ ਮਸੀਂ ਹੈ ਆਉਂਦਾ ।
ਅੱਲਾ ਬੱਚਾ ਸਲਾਮਤ ਰੱਖੇ ਉਹੀ ਵਕਤ ਲੰਘਾਉਂਦਾ ।'

ਪਿੰਡੋਂ ਟੋਲੀ ਮੇਲੇ ਚੱਲੀ ਬੱਚੇ ਜਾਂਦੇ ਖ਼ੁਸ਼ ਖ਼ੁਸ਼ ਭੱਜੇ ।
ਕਿਸੇ ਰੁੱਖ ਹੇਠ ਖੜ੍ਹ ਸਾਹ ਲੈਂਦੇ ਨਿਕਲ ਕੇ ਕੁਝ ਅੱਗੇ ।
ਹਾਮਿਦ ਦੇ ਪੈਰਾਂ ਨੂੰ ਪਰ ਲੱਗੇ ਬੱਚੇ ਜਾਂਦੇ ਉਡਦੇ ।
ਸੋਚੀਂ ਜਾਵਣ ਵੱਡੇ ਲੋਕੀਂ ਕਿਉਂ ਨਾ ਛੇਤੀ ਤੁਰਦੇ ।
ਸ਼ਹਿਰ ਦੇ ਨੇੜੇ ਆਏ ਜਦ ਬਾਗ਼ ਲੱਗੇ ਉਨ੍ਹਾਂ ਤੱਕੇ ।
ਚਾਰੇ ਪਾਸੇ ਉਨ੍ਹਾਂ ਬਾਗ਼ਾਂ ਦੇ ਕੋਟ ਬਣੇ ਸਨ ਪੱਕੇ ।
ਅੰਬ-ਲੀਚੀਆਂ ਨਾਲ ਪਏ ਸੀ ਰੁੱਖ ਸਾਰੇ ਹੀ ਲੱਦੇ ।
ਕਦੀ ਕੋਈ ਬੱਚਾ ਮਾਰ ਕੇ ਰੋੜਾ ਅੰਬਾਂ ਉੱਤੇ ਭੱਜੇ ।
ਮਾਲੀ ਅੰਦਰੋਂ ਗਾਲਾਂ ਦਿੰਦਾ ਜਾ ਕੇ ਦੂਰ ਖਲੋਵਣ ।
'ਮਾਲੀ ਨੂੰ ਉੱਲੂ ਬਣਾਇਆ' ਸੋਚ ਸੋਚ ਖ਼ੁਸ਼ ਹੋਵਣ ।

ਵੱਡੀਆਂ ਇਮਾਰਤਾਂ ਆਉਣ ਲੱਗੀਆਂ ਫੇਰ ਨਜ਼ਰ ਦੇ ਅੰਦਰ ।
ਅਦਾਲਤ, ਕਾਲਜ ਬਾਦ ਦਿਸਿਆ ਵੱਡਾ ਇਕ ਕਲੱਬ-ਘਰ ।
ਕਾਲਜ ਵਿੱਚ ਲੜਕੇ ਪੜ੍ਹਦੇ ਨੇ ਨਾਲੇ ਪੜ੍ਹਦੇ ਮੁੱਛਾਂ ਵਾਲੇ ।
ਐਨੇ ਐਨੇ ਵੱਡੇ ਹੋ ਗਏ ਤਾਂ ਵੀ, ਪੜ੍ਹਾਈ ਨਾ ਮੁੱਕੀ ਹਾਲੇ ।
ਮਦਰਸੇ ਹਾਮਿਦ ਦੇ ਤਿੰਨ ਲੜਕੇ ਵੱਡੇ ਪੜ੍ਹਨ ਨੇ ਆਉਂਦੇ ।
ਹਰ ਰੋਜ਼ ਉਨ੍ਹਾਂ ਮਾਰ ਹੈ ਪੈਂਦੀ ਕੰਮ ਤੋਂ ਜੀਅ ਚੁਰਾਉਂਦੇ ।
ਇਹ ਵੀ ਉਦਾਂ ਦੇ ਹੀ ਹੋਣੇ ਨੇ ਬੱਚੇ ਸੋਚੀਂ ਜਾਵਣ ।
ਕਲੱਬ-ਘਰ ਨੂੰ ਤੱਕ ਕੇ ਅੱਗੇ ਲੱਗੇ ਗੱਲਾਂ ਚਲਾਵਣ ।
ਇੱਥੇ ਰੋਜ਼ ਹੀ ਜਾਦੂ ਹੁੰਦਾ ਖੋਪੜੀਆਂ ਭੱਜਣ ਜਿੱਥੇ ।
ਅੰਦਰ ਜਾ ਕੋਈ ਵੇਖ ਨਾ ਸਕੇ ਕੀ ਹੁੰਦਾ ਹੈ ਇੱਥੇ ?
ਸਾਹਿਬ ਦਾੜ੍ਹੀਆਂ ਮੁੱਛਾਂ ਵਾਲੇ ਮੇਮਾਂ ਖੇਡਣ ਆਵਣ ।
ਸਾਡੀ ਅੰਮਾਂ ਗਿਰਨੀ ਖਾਵੇ ਜੇ ਲੱਗੇ ਬੈਟ ਘੁੰਮਾਵਣ ।
ਮਹਮੂਦ ਆਖੇ, "ਮੇਰੀ ਅੰਮੀਂ ਦੇ ਹੱਥ ਲੱਗ ਪੈਣ ਕੰਬਣ ।"
ਮੋਹਸਿਨ ਬੋਲਿਆ, "ਕਿਉਂ ਲੱਗਿਆ ਐਵੇਂ ਗੱਪਾਂ ਛੰਡਣ,"
ਮਣਾਂ-ਮੂੰਹੀਂ ਆਟਾ ਪੀਂਹਦੀਆਂ ਸੌ ਘੜੇ ਭਰਦੀਆਂ ਪਾਣੀ ।
ਮੇਮ ਨੂੰ ਘੜਾ ਪਏ ਜੇ ਭਰਨਾ ਯਾਦ ਆ ਜਾਵੇ ਨਾਨੀ ।"
ਮਹਮੂਦ ਕਿਹਾ, "ਆਪਣੀਆਂ ਅੰਮੀਆਂ ਨਾ ਇਉਂ ਨੱਚਣ-ਟੱਪਣ ।"
ਮੋਹਸਿਨ ਕਹਿੰਦਾ, " ਮੈਂ ਅੱਖੀਂ ਵੇਖਿਆ ਕਿਤੇ ਤੇਜ ਉਹ ਨੱਸਣ ।
ਇਕ ਦਿਨ ਸਾਡੀ ਗਾਂ ਖੁਲ੍ਹ ਕੇ ਚੌਧਰੀ ਦੇ ਖੇਤ ਜਾ ਵੜ ਗਈ ।
ਨਸਦਿਆਂ ਮਾਂ ਨੂੰ ਕੁਝ ਨਾ ਹੋਇਆ ਪਰ ਮੇਰੀ ਸਾਹ ਚੜ੍ਹ ਗਈ ।

ਹਲਵਾਈਆਂ ਦੀਆਂ ਦੁਕਾਨਾਂ ਅੱਗੇ ਖ਼ੂਬ ਸੀ ਸਜੀਆਂ ਹੋਈਆਂ ।
ਮਣਾਂ-ਮੂੰਹੀ ਮਠਿਆਈਆਂ ਦਿਸਣ ਸਭ ਤੇ ਲੱਗੀਆਂ ਹੋਈਆਂ ।
"ਅੱਬਾ ਕਹਿੰਦੇ ਰਾਤ ਪੈਂਦਿਆਂ ਜਿੰਨਾਤ ਕਈ ਏਥੇ ਆਵਣ ।
ਸਾਰੀਆਂ ਬਚੀਆਂ ਮਠਿਆਈਆਂ ਰੁਪਏ ਦੇ ਕੇ ਲੈ ਜਾਵਣ ।"
ਹਾਮਿਦ ਨੂੰ ਯਕੀਨ ਨਾ ਆਵੇ, "ਰੁਪਏ ਕਿਥੋਂ ਲਿਆਵਣ ?"
ਮੋਹਸਿਨ ਦੱਸਿਆ, "ਜਿਥੋਂ ਮਰਜੀ ਉਹ ਪੈਸੇ ਲੈ ਆਵਣ ।
ਲੋਹੇ ਦੇ ਦਰਵਾਜ਼ੇ ਵੀ ਉਨ੍ਹਾਂ ਨੂੰ ਜ਼ਰਾ ਰੋਕ ਨਹੀਂ ਸਕਦੇ ।
ਕਿੰਨੇ ਹੀ ਜਵਾਹਰ ਤੇ ਹੀਰੇ ਆਪਣੇ ਕੋਲ ਉਹ ਰਖਦੇ ।
ਟੋਕਰੀਆਂ ਭਰ ਉਸ ਨੂੰ ਦੇਵਣ ਜਿਸ ਉੱਤੇ ਖ਼ੁਸ਼ ਹੋਵਣ ।
ਪੰਜਾਂ ਮਿੰਟਾਂ ਵਿਚ ਉਹ ਇੱਥੋਂ ਕਲਕੱਤੇ ਜਾ ਖੜੋਵਣ ।
ਹਾਮਿਦ ਪੁੱਛੇ, "ਫਿਰ ਜਿੰਨਾਤ ਤਾਂ ਬਹੁਤ ਹੀ ਵੱਡੇ ਹੁੰਦੇ ?"
ਮੋਹਸਿਨ ਦਸਦਾ, "ਸਿਰ ਉਨ੍ਹਾਂ ਦੇ ਆਸਮਾਨ ਨੂੰ ਛੁੰਹਦੇ ।
ਪਰ ਜੇ ਮਰਜੀ ਹੋਵੇ ਉਸਦੀ ਤਾਂ ਗੜਵੀ ਵਿਚ ਸਮਾਵੇ ।"
"ਹੈ ਕੋਈ ਕਿਸੇ ਨੂੰ ਮੰਤਰ ਆਉਂਦਾ ਜਿੰਨ ਵੱਸ ਹੋ ਜਾਵੇ ?"
"ਇਹ ਤਾਂ ਮੈਂ ਨਹੀਂ ਜਾਣਦਾ ਨਾ ਮੈਨੂੰ ਕਿਸੇ ਦੱਸਿਆ ।
ਚੌਧਰੀ ਸਾਹਿਬ ਨੇ ਕਈ ਜਿੰਨਾਂ ਨੂੰ ਹੈ ਕਾਬੂ ਕਰ ਰੱਖਿਆ ।
ਕਿਸ ਦੇ ਘਰ ਹੈ ਚੋਰੀ ਹੋਈ ਤੇ ਕਿਸਨੇ ਚੋਰੀ ਕੀਤੀ ।
ਚੌਧਰੀ ਸਾਹਿਬ ਨੂੰ ਜਿੰਨ ਦਸਦੇ ਜੋ ਹੋਵੇ ਜੱਗ ਬੀਤੀ ।
ਜੁਮਰਾਤੀ ਦਾ ਵੱਛਾ ਗੁੰਮਿਆਂ ਤਿੰਨ ਦਿਨ ਪਤਾ ਨਾ ਚਲਿਆ ।
ਪੁੱਛਿਆਂ ਚੌਧਰੀ ਨੇ ਦੱਸਿਆ ਤਾਂ ਗਊਸ਼ਾਲਾ ਤੋਂ ਮਿਲਿਆ ।"
ਸਮਝ ਗਿਆ ਹਾਮਿਦ ਕਿਥੋਂ ਚੌਧਰੀ ਕੋਲ ਧਨ ਆਵੇ ।
ਤੇ ਲੋਕਾਂ ਕੋਲੋਂ ਇੱਜਤ ਐਨੀ ਕਿਉਂ ਚੌਧਰੀ ਪਾਵੇ ।

ਅੱਗੇ ਪੁਲੀਸ ਲਾਈਨ ਆਈ ਸਿਪਾਹੀ ਕਵਾਇਦ ਕਰਦੇ ।
ਰਾਤੀਂ ਜਾਗ ਜਾਗ ਪਹਿਰਾ ਦਿੰਦੇ ਚੋਰੀ ਹੋਣ ਤੋਂ ਡਰਦੇ ।
ਮੋਹਸਿਨ ਕਹਿੰਦਾ, "ਪਹਿਰਾ ਦਿੰਦੇ ! ਇਹ ਚੋਰੀ ਕਰਵਾਉਂਦੇ ।
ਚੋਰ ਤੇ ਡਾਕੂ ਸਾਰੇ ਪਹਿਲਾਂ ਇਹਨਾਂ ਕੋਲ ਹਨ ਆਉਂਦੇ ।
ਚੋਰਾਂ ਨੂੰ ਕਹਿ ਚੋਰੀ ਕਰ ਲਉ ਦੇਣ ਜਾਗਦੇ ਰਹੋ ਦਾ ਹੋਕਾ ।
ਸਭ ਇਹਨਾਂ ਨੂੰ ਪੈਸੇ ਦਿੰਦੇ ਪਾਉਣ ਇਹ ਰੌਲਾ ਫੋਕਾ ।
ਮੇਰਾ ਮਾਮੂ ਆਪ ਸਿਪਾਹੀ ਵੀਹ ਰੁਪਏ ਉਹ ਪਾਵੇ ।
ਹਰ ਮਹੀਨੇ ਘਰ ਆਪਣੇ ਰੁਪਏ ਪੰਜਾਹ ਭਿਜਵਾਵੇ ।
ਐਨੇ ਰੁਪਏ ਕਿੱਥੋਂ ਆਉਂਦੇ ਮੈਂ ਪੁੱਛਿਆ ਇਕ ਵਾਰੀ ।
ਆਖੇ ਇਹ ਸਭ ਅੱਲਾਹ ਦਿੰਦਾ ਉਸ ਦੀ ਰਹਿਮਤ ਭਾਰੀ ।
ਜੇ ਅਸੀਂ ਚਾਹੀਏ ਲੱਖਾਂ ਬਣਾਈਏ ਡਰ ਬਦਨਾਮੀ ਖਾਵੇ ।
ਨਾਲੇ ਡਰੀਏ ਕਿਤੇ ਨੌਕਰੀ ਹੱਥੋਂ ਨਾ ਚਲੀ ਜਾਵੇ ।"
ਹਾਮਿਦ ਪੁਛਦਾ, "ਸੱਚੀਂ ਮੁੱਚੀਂ, ਜੇ ਚੋਰੀ ਇਹ ਕਰਵਾਵਣ ।
ਤੂੰ ਹੀ ਦੱਸ ਫਿਰ ਇਹ ਲੋਕੀ ਫੜੇ ਕਿਉਂ ਨਾ ਜਾਵਣ ?"
ਹਾਮਿਦ ਦੇ ਇਸ ਭੋਲੇਪਣ ਤੇ ਮੋਹਸਿਨ ਅੱਗੋਂ ਆਖੇ,
"ਕੌਣ ਫੜੇ ਦੱਸ ਇਨ੍ਹਾਂ ਤਾਈਂ ਫੜਨ ਵਾਲੇ ਇਹ ਆਪੇ ।
ਹਰਾਮ ਦਾ ਮਾਲ ਹਰਾਮ 'ਚ ਜਾਂਦਾ, ਅੱਲਾ ਸਜਾ ਦਿਵਾਈ ।
ਅੱਗ ਲੱਗੀ ਮਾਮੂ ਘਰ ਇਕ ਦਿਨ ਪੂੰਜੀ ਰਾਖ ਬਣਾਈ ।
ਕਈ ਦਿਨ ਤਾਂ ਉਨ੍ਹਾਂ ਨੇ ਵੀ ਇਕ ਰੁੱਖ ਦੇ ਹੇਠ ਲੰਘਾਏ ।
ਸੌ ਰੁਪਿਆ ਫਿਰ ਕਰਜ਼ਾ ਲੈ ਕੇ ਭਾਂਡਾ ਟੀਂਡਾ ਲਿਆਏ ।"

ਈਦਗਾਹ ਜਾਣ ਵਾਲੇ ਟੋਲੇ ਹੋਰ ਕਿੰਨੇ ਹੀ ਨਜ਼ਰੀਂ ਆਏ ।
ਇਕ ਤੋਂ ਇਕ ਭੜਕੀਲੇ ਕੱਪੜੇ ਸਭ ਲੋਕਾਂ ਨੇ ਪਾਏ ।
ਸਾਰੇ ਜਾਪਣ ਇਤਰ ਨਹਾਤੇ ਕੋਈ ਟਾਂਗੇ ਉੱਤੇ ਆਉਂਦਾ ।
ਮੋਟਰ ਸਵਾਰ ਸ਼ਾਨ ਨਾਲ ਦੂਰੋਂ ਹਾਰਨ ਪਿਆ ਵਜਾਉਂਦਾ ।
ਨਿੱਕੀ ਜਿਹੀ ਇਹ ਪੇਂਡੂ ਟੋਲੀ ਗ਼ਰੀਬੀ ਦੀ ਪਰਵਾਹ ਨਾ ਕੋਈ ।
ਸਬਰ ਸੰਤੋਖ ਇਨ੍ਹਾਂ ਦੇ ਦੀ ਪਰ ਥਾਹ ਪਾ ਨਾ ਸਕਿਆ ਕੋਈ ।
ਹਾਰਨ ਦੀ ਆਵਾਜ਼ ਨਾ ਸੁਣਦੇ ਵੇਖੀਂ ਜਾਵਣ ਚੀਜ਼ਾਂ ਵੱਲੇ ।
ਔਹ ਵੇਖੋ ਹਾਮਿਦ ਵਿਚਾਰਾ ! ਆ ਚਲਿਆ ਸੀ ਮੋਟਰ ਥੱਲੇ ।

ਅਚਾਣਕ ਈਦਗਾਹ ਦਿਸ ਪਈ ਰੁੱਖਾਂ ਦੀ ਛਾਂ ਸਾਰੇ।
ਹੇਠਾਂ ਪੱਕੇ ਫ਼ਰਸ਼ ਉੱਤੇ ਵੀ ਵਿਛਾਏ ਜਾਜਮ ਸਜੇ ਸੰਵਾਰੇ ।
ਦੂਰ ਦੂਰ ਇਕ ਦੂਜੇ ਪਿੱਛੇ ਲੋਕੀਂ, ਬੰਨ੍ਹੀਂ ਖੜੇ ਕਤਾਰਾਂ ।
ਗਿਣਤੀ ਦਾ ਕੋਈ ਅੰਤ ਨਾ ਆਵੇ ਹੋਣੀ ਕਈ ਹਜ਼ਾਰਾਂ ।
ਨਵਾਂ ਆਉਣ ਵਾਲਾ ਹਰ ਇਕ ਬੰਦਾ ਪਿੱਛੇ ਜਾ ਖਲੋਵੇ ।
ਏਸ ਜਗ੍ਹਾ ਤੇ ਧਨ ਤੇ ਪਦ ਦੀ ਪੁੱਛ ਨਾ ਕੋਈ ਹੋਵੇ ।
ਇਸਲਾਮ ਵਿਚ ਨੇ ਸਭ ਬਰਾਬਰ ਊਚ-ਨੀਚ ਨਾ ਕੋਈ ।
ਵੁਜੂ ਕਰਕੇ ਪਿੰਡੋਂ ਆਈ ਟੋਲੀ ਵੀ ਪਿੱਛੇ ਜਾ ਖਲੋਈ ।
ਲੱਖਾਂ ਸਿਰ ਸਿਜਦੇ ਵਿਚ ਝੁਕਦੇ ਇਦਾਂ ਨਜ਼ਰੀ ਆਵਣ।
ਜਿਦਾਂ ਲੱਖਾਂ ਬਿਜਲੀ ਦੇ ਦੀਵੇ ਜਗਣ ਅਤੇ ਬੁਝ ਜਾਵਣ।
ਦੂਰ ਤੱਕ ਇਹ ਫੈਲਿਆ ਹੋਇਆ ਤੱਕੇ ਜਿਹੜਾ ਨਜ਼ਾਰਾ ।
ਮਾਣ ਤੇ ਸ਼ਰਧਾ ਦਿਲ ਵਿਚ ਭਰਦੇ ਅਨੰਦ ਆਂਵਦਾ ਭਾਰਾ ।
ਇਉਂ ਲੱਗੇ ਜਿਉਂ ਭਾਈਚਾਰੇ ਦਾ ਧਾਗਾ ਇਹ ਪਿਆਰਾ ।
ਸਭਨਾਂ ਦਾ ਇਕ ਲੜੀ ਪਰੋ ਕੇ ਹਾਰ ਬਣਾਵੇ ਨਿਆਰਾ ।

ਨਮਾਜ਼ ਖ਼ਤਮ ਹੋਈ ਸਾਰੇ ਲੋਕੀ ਇਕ ਦੂਜੇ ਗਲ ਮਿਲਦੇ ।
ਦੁਕਾਨਾਂ ਵੱਲ ਫਿਰ ਧਾਵਾ ਕੀਤਾ ਬਿਨਾਂ ਕਿਸੇ ਵੀ ਢਿਲ ਦੇ ।
ਇਕ ਪੈਸਾ ਦੇ ਹਿੰਡੋਲੇ ਉੱਤੇ ਮੌਜ ਨਾਲ ਚੜ੍ਹ ਜਾਉ ।
ਵੱਲ ਆਕਾਸ਼ ਦੇ ਮਾਰ ਉਡਾਰੀ ਹੇਠਾਂ ਨੂੰ ਫਿਰ ਆਉ ।
ਚਰਖ਼ੀ ਵੇਖੋ ਜਿੱਥੇ ਉੱਠ ਘੋੜੇ ਸੰਗਲ ਬੰਨ੍ਹ ਲਮਕਾਏ ।
ਹਾਮਿਦ ਦੇ ਸਾਥੀਆਂ ਦੇ ਇੱਕ ਪੈਸਾ ਪੱਚੀ ਗੇੜੇ ਲਾਏ ।
ਦੂਰ ਖੜਾ ਇਕ ਪਾਸੇ ਵੱਲ ਉਹ ਪਿਆ ਦਲੀਲ ਦੁੜਾਵੇ ।
ਆਪਣੇ ਖ਼ਜਾਨੇ ਦਾ ਤੀਜਾ ਹਿੱਸਾ ਕਿਉਂ ਫ਼ਜ਼ੂਲ ਲੁਟਾਵੇ ।

ਅੱਗੇ ਗਏ ਖਿਡੌਣਿਆਂ ਦੀਆਂ ਆਈਆਂ ਕਈ ਦੁਕਾਨਾਂ ।
ਸਭ ਖਿਡੌਣੇ ਇੰਜ ਜਾਪਣ ਜਿਵੇਂ ਖੋਲ੍ਹਣ ਹੁਣੇ ਜ਼ੁਬਾਨਾਂ ।
ਮਹਮੂਦ ਨੇ ਸਿਪਾਹੀ ਖਰੀਦਿਆ ਖਾਕੀ ਵਰਦੀ ਵਾਲਾ ।
ਮੋਢੇ ਤੇ ਬੰਦੂਕ ਰੱਖੀ ਜਿਸ ਲਗੇ ਕੋਈ ਮਤਵਾਲਾ ।
ਮੋਹਸਿਨ ਨੇ ਲਿਆ ਮਾਸ਼ਕੀ ਪਿੱਛੇ ਮਸ਼ਕ ਫੜੀ ਸੀ ।
ਜਾਪੇ ਜਿਦਾਂ ਗੀਤ ਕੋਈ ਗਾਵੇ ਚਿਹਰੇ ਖ਼ੁਸ਼ੀ ਚੜ੍ਹੀ ਸੀ ।
ਨੂਰੇ ਨੂੰ ਖਿਡੌਣਿਆਂ ਵਿੱਚੋਂ ਵਕੀਲ ਪਸੰਦ ਏ ਆਇਆ ।
ਚਿੱਟੀ ਅਚਕਨ ਦੇ ਨਾਲ ਜਿਸਨੇ ਕਾਲਾ ਚੋਗਾ ਪਾਇਆ।
ਜੇਬ ਵਿਚ ਉਸ ਘੜੀ ਰੱਖੀ ਜਿਸਦੀ ਜੰਜੀਰ ਸੁਨਹਿਰੀ ।
ਹੱਥ ਕਾਨੂੰਨ ਦਾ ਪੋਥਾ ਫੜਿਆ ਆਇਆ ਜਾ ਕਚਹਿਰੀ ।
ਹਾਮਿਦ ਸੋਚੇ, "ਖਿਡੌਣੇ ਮਿੱਟੀ ਦੇ ਹੱਥੋਂ ਡਿਗ ਟੁੱਟ ਜਾਵਣ ।
ਪਾਣੀ ਲੱਗੇ ਰੰਗ ਘੁਲ ਜਾਵੇ ਫਿਰ ਕਿਹੜੇ ਕੰਮ ਆਵਣ ।"
ਮੋਹਸਿਨ ਕਹਿੰਦਾ, "ਮਾਸ਼ਕੀ ਲਿਆਊ ਪਾਣੀ ਸੰਝ-ਸਬਾਹੀ ।"
ਮਹਮੂਦ ਕਹੇ, "ਰੋਜ਼ ਦਏਗਾ ਪਹਿਰਾ ਮੇਰਾ ਵੀਰ ਸਿਪਾਹੀ ।"
ਨੂਰੇ ਆਖੇ, "ਮੇਰਾ ਵਕੀਲ ਲੜੇਗਾ ਮੁਕੱਦਮੇ ਵਡੇ ਵਡੇਰੇ ।"
ਸੰਮੀ ਕਹਿੰਦਾ, "ਧੋਬਣ ਹਰਦਿਨ ਧੋਵੇਗੀ ਕੱਪੜੇ ਮੇਰੇ ।"
ਹਾਮਿਦ ਕਹਿੰਦਾ, "ਖਿਡੌਣਿਆਂ ਦਾ ਕੀ ਟੁੱਟ ਮਿੱਟੀ ਹੋ ਜਾਵਣ ।"
ਉਨ੍ਹਾਂ ਨੂੰ ਪਰ ਇਕ ਵਾਰ ਛੁਹਣ ਲਈ ਉਸ ਦੇ ਹੱਥ ਲਲਚਾਵਣ ।
ਜਦੋਂ ਵੀ ਕੋਈ ਖਿਡਾਉਣਾ ਛੁਹਣ ਲਈ ਆਪਣਾ ਹੱਥ ਵਧਾਂਦਾ ।
ਹਰ ਇਕ ਬੱਚਾ ਖਿਡੌਣਾ ਆਪਣਾ ਉਸ ਤੋਂ ਪਰ੍ਹਾਂ ਹਟਾਂਦਾ ।

ਖਿਡੌਣਿਆਂ ਤੋਂ ਬਾਦ ਦੁਕਾਨਾਂ ਜੋ ਭਰੀਆਂ ਮਠਿਆਈਆਂ ।
ਬੱਚਿਆਂ ਅਪਣੇ ਖਾਣ ਲਈ ਸੀ ਅੱਡੋ-ਅੱਡ ਪੁਆਈਆਂ ।
ਹਾਮਿਦ ਕੋਲੇ ਬੱਸ ਤਿੰਨ ਪੈਸੇ ਕੁਝ ਨਾ ਲੈ ਕੇ ਖਾਵੇ ।
ਜਦ ਹੋਰਾਂ ਨੂੰ ਖਾਂਦਿਆਂ ਵੇਖੇ ਉਹਦਾ ਮਨ ਲਲਚਾਵੇ ।
ਮੋਹਸਿਨ ਕਹਿੰਦਾ, "ਲੈ ਰਿਉੜੀ ਮੇਰੇ ਕੋਲੋਂ ਭਾਈ ।"
ਹਾਮਿਦ ਨੇ ਜਾਂ ਹੱਥ ਵਧਾਇਆ ਉਸ ਅਪਣੇ ਮੂੰਹ ਪਾਈ ।
ਸਾਰੇ ਬੱਚੇ ਹੱਸਣ ਲੱਗੇ ਮੋਹਸਿਨ ਰਿਉੜੀ ਫੇਰ ਵਿਖਾਵੇ।
ਹਾਮਿਦ ਅੱਗੋਂ ਵਿਖਾ ਕੇ ਪੈਸੇ ਆਪਣਾ ਸਿਰ ਹਿਲਾਵੇ ।
ਜਦੋਂ ਉਸਨੂੰ ਹੋਰ ਤੰਗ ਕੀਤਾ ਹਾਮਿਦ ਅੱਗੋਂ ਸੁਣਾਈ ।
ਮਠਿਆਈ ਦੀ ਦੱਸੀ ਉਸਨੇ ਕਿਤਾਬੀਂ ਲਿਖੀ ਬੁਰਾਈ ।
ਮਹਮੂਦ ਕਹਿੰਦਾ, "ਅਪਣੇ ਪੈਸੇ ਇਹ ਉਦੋਂ ਖਰਚੇਗਾ ।
ਜਦੋਂ ਅਪਣੇ ਕੋਲੇ ਖਰਚਣ ਨੂੰ ਬਾਕੀ ਨਾ ਕੁਝ ਬਚੇਗਾ ।
ਫਿਰ ਇਹ ਲੈ ਕੇ ਮਠਿਆਈ ਆਪ ਇਕੱਲਿਆਂ ਖਾਊ ।
ਖਾਊ ਆਪ ਪਰ ਸਾਨੂੰ ਵੀ ਇਹ ਦੂਰੋਂ ਦੂਰੋਂ ਵਿਖਾਊ ।"

ਅੱਗੇ ਗਏ ਤਾਂ ਇਕ ਦੁਕਾਨ ਤੇ ਸਾਮਾਨ ਲੋਹੇ ਦਾ ਰੱਖਿਆ ।
ਸਾਥੀ ਉਸਦੇ ਅੱਗੇ ਲੰਘ ਗਏ ਪਰ ਹਾਮਿਦ ਉੱਥੇ ਰੁਕਿਆ ।
ਚਿਮਟੇ ਵੇਖ ਦੁਕਾਨ ਦੇ ਉੱਤੇ ਉਸਨੂੰ ਖ਼ਿਆਲ ਇਹ ਆਵੇ ।
ਕਿਉਂ ਨਾ ਦਾਦੀ ਮਾਂ ਦੀ ਖਾਤਰ ਇਕ ਚਿਮਟਾ ਲੈ ਜਾਵੇ ।
ਹੱਥ ਓਸਦੇ ਜਲ ਜਲ ਜਾਂਦੇ ਜਦ ਤਵਿਓਂ ਰੋਟੀ ਲਾਹਵੇ ।
ਉਸ ਕੋਲ ਨਾ ਵਿਹਲ ਨਾ ਪੈਸੇ ਖੁਦ ਚਿਮਟਾ ਲੈ ਜਾਵੇ ।
ਖਿਡੌਣਿਆਂ ਦਾ ਕੀ ਫਾਇਦਾ ਟੁੱਟ ਭੱਜ ਇਹਨਾਂ ਜਾਣਾ ।
ਜਦੋਂ ਇਹ ਥੋੜ੍ਹੇ ਹੋਏ ਪੁਰਾਣੇ ਕਿਸੇ ਹੱਥ ਨਹੀਂ ਲਾਣਾ ।
ਹਾਮਿਦ ਦੇ ਸਾਥੀ ਲੰਘ ਅੱਗੇ ਸ਼ਰਬਤ ਪੀਣ ਸਬੀਲੋਂ ।
ਉਹ ਰੁਕ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਘੜੇ ਦਲੀਲੋਂ ।
ਮੇਰੇ ਸਾਥੀ ਕਿੰਨੇ ਲਾਲਚੀ ! ਮੈਨੂੰ ਦਿੱਤੀ ਨਾ ਮਠਿਆਈ ।
ਫੋੜੇ-ਫੁਣਸੀਆਂ ਸਭਦੇ ਹੋਵਣ ਜਬਾਨ ਚਟੋਰੀ ਹੋ ਜਾਈ ।
ਚੋਰੀ ਕਰਨਗੇ ਮਾਰ ਖਾਣਗੇ ਵਿਚ ਕਿਤਾਬਾਂ ਲਿਖਿਆ ।
ਇਹ ਝੂਠ ਨਹੀਂ ਹੋਵਣ ਲੱਗੀ ਜੋ ਦੇਣ ਇਹ ਸਿੱਖਿਆ ।
ਅੰਮਾਂ ਨੇ ਜਦ ਚਿਮਟਾ ਡਿੱਠਾ ਉਸ ਭੱਜੀ ਭੱਜੀ ਆਉਣਾ ।
"ਮੇਰਾ ਬੱਚਾ ਚਿਮਟਾ ਲਿਆਇਆ," ਕਹਿ ਮੈਨੂੰ ਗਲ ਲਾਉਣਾ ।
ਵੱਡਿਆਂ ਦੀਆਂ ਦੁਆਵਾਂ ਸਿੱਧੀਆਂ ਅੱਲਾ ਕੋਲੇ ਜਾਵਣ ।
ਖਿਡੌਣੇ ਵੇਖ ਦੁਆ ਕੀ ਮਿਲਣੀ ਭਾਵੇਂ ਮਨ ਲੁਭਾਵਣ ।
ਅੱਬਾ ਅੰਮੀਂ ਨੇ ਜਦ ਕਦੇ ਵੀ ਪੈਸੇ ਲੈ ਕੇ ਆਉਣਾ ।
ਟੋਕਰੀਆਂ ਭਰ ਖਿਡੌਣੇ ਲੈ ਮੈਂ ਦੋਸਤਾਂ ਨੂੰ ਦੇ ਆਉਣਾ ।
ਨਾਲੇ ਦੱਸਣਾ ਦੋਸਤੀ ਹੁੰਦੀ ਸਾਰੇ ਵੰਡ ਕੇ ਖਾਈਏ ।
ਰਿਉੜੀ ਵਿਖਾ ਦੋਸਤਾਂ ਨੂੰ ਨਾ ਕਦੇ ਝਿਟਕਾਈਏ ।
ਚਿਮਟਾ ਵੇਖ ਹਸਣਗੇ ਸਾਰੇ ਕੀ ਪਰਵਾਹ ਇਸ ਗੱਲ ਦੀ ।
ਲੈ ਚਿਮਟਾ ਉਹਨਾਂ ਦੇ ਕੋਲੇ ਜਾਈਏ ਜਲਦੀ ਜਲਦੀ ।
ਦੁਕਾਨਦਾਰ ਨੇ ਮੁੱਲ ਦੱਸਿਆ, "ਛੇ ਪੈਸੇ ਚਿਮਟੇ ਦਾ ।
ਜੇ ਜ਼ਰੂਰ ਲਿਜਾਣਾ ਈਂ ਤਾਂ ਪੰਜ ਪੈਸੇ ਦਾ ਲੈ ਜਾ ।"
ਹਾਮਿਦ ਦਾ ਦਿਲ ਬੈਠ ਗਿਆ ਪਰ ਉਸ ਕਰੀ ਦਲੇਰੀ,
"ਤਿੰਨ ਪੈਸੇ ਦਾ ਮੈਨੂੰ ਦੇ ਦੇ ਜੇ ਮਰਜੀ ਏ ਤੇਰੀ ।"
ਘੁੜਕੀ ਦੇ ਡਰ ਕੋਲੋਂ ਹਾਮਿਦ ਤੁਰਿਆ ਹੋ ਦੋ ਚਿੱਤਾ ।
ਦੁਕਾਨਦਾਰ ਨੇ ਚਿਮਟਾ ਉਸਨੂੰ ਤਿੰਨ ਪੈਸੇ ਦਾ ਦਿੱਤਾ ।
ਬੰਦੂਕ ਜਿਉਂ ਧਰ ਮੋਢੇ ਚਿਮਟਾ ਸਾਥੀਆਂ ਕੋਲੇ ਆਇਆ ।

ਮੋਹਸਿਨ ਪੁੱਛੇ, "ਓ ਪਾਗਲਾ ! ਚਿਮਟਾ ਕਿਉਂ ਲਿਆਇਆ ।"
ਹਾਮਿਦ ਮਾਰਿਆ ਧਰਤੀ ਤੇ ਚਿਮਟਾ ਨਾਲੇ ਅੱਗੋਂ ਸੁਣਾਵੇ,
"ਮਾਸ਼ਕੀ ਹੇਠਾਂ ਸੁੱਟ ਵੇਖ ਖਾਂ ਚੂਰ-ਚੂਰ ਹੋ ਜਾਵੇ ।"
ਮਹਮੂਦ ਕਹੇ, "ਚਿਮਟਾ ਤੇਰਾ ਕੀ ਹੈ ਕੋਈ ਖਿਡਾਉਣਾ ?"
ਹਾਮਿਦ ਆਖੇ, "ਇਹਦੀਆਂ ਸਿਫ਼ਤਾਂ ਤੈਨੂੰ ਮੈਂ ਸੁਣਾਉਨਾ ।
ਮੋਢੇ ਰੱਖ ਬੰਦੂਕ ਬਣ ਜਾਵੇ ਹੱਥ ਚਿਮਟਾ ਬਣੇ ਫ਼ਕੀਰਾਂ ।
ਮਜੀਰੇ ਦਾ ਕੰਮ ਇਹ ਦੇਵੇ ਹਥਿਆਰ ਬਣੇ ਬਲਬੀਰਾਂ ।
ਤੁਹਾਡੇ ਸਾਰੇ ਖਿਡਾਉਣੇ ਚਾਹੇ ਪਲ ਵਿਚ ਮਾਰ ਗਿਰਾਵੇ ।
ਕੌਣ ਬਹਾਦੁਰ ਚਿਮਟੇ ਦਾ ਵਾਲ ਵਿੰਗਾ ਕਰ ਜਾਵੇ ?"
ਸੰਮੀ ਆਖੇ, "ਮੇਰੀ ਖੰਜਰੀ ਲੈ ਲੈ ਚਿਮਟਾ ਦੇ ਦੇ ਮੈਨੂੰ ।"
ਹਾਮਿਦ ਕਹੇ, "ਖੰਜਰੀ ਬਦਲੇ ਕਿਦਾਂ ਇਹ ਦੇਵਾਂ ਤੈਨੂੰ ।
ਖੰਜਰੀ ਤੇਰੀ ਕੀ ਵਿਚਾਰੀ ਚਮੜੇ ਦੀ ਚੜ੍ਹੀ ਝਿਲੀ ।
ਢਬ ਢਬ ਬੰਦ ਹੋ ਜਾਵੇ ਇਸਦੀ ਰਤਾ ਜੇ ਹੋ ਜਾਏ ਗਿੱਲੀ ।
ਖੰਜਰੀ ਦਾ ਢਿੱਡ ਪਾੜੇ ਚਿਮਟਾ ਜੇ ਇਸਦਾ ਮਨ ਹੋਵੇ ।
ਅੱਗ ਪਾਣੀ ਤੂਫ਼ਾਨ ਦੇ ਵਿੱਚ ਵੀ ਡਟਿਆ ਇਹ ਖਲੋਵੇ ।"
ਸਭ ਦਾ ਮਨ ਚਿਮਟੇ ਨੇ ਮੋਹਿਆ ਦੂਰ ਮੇਲੇ ਤੋਂ ਆਏ ।
ਪੈਸੇ ਵੀ ਮੁੱਕੇ ਧੁੱਪ ਵੀ ਤਿਖੇਰੀ ਕਿਹੜਾ ਵਾਪਸ ਜਾਏ ।
ਹਾਮਿਦ ਬੜਾ ਚਲਾਕ ਨਿਕਲਿਆ ਪੈਸੇ ਰੱਖੇ ਬਚਾ ਕੇ ।
ਸਾਡੇ ਤੇ ਹੁਣ ਰੋਅਬ ਝਾੜਦਾ ਚਿਮਟਾ ਇਕ ਲਿਆ ਕੇ ।
ਦੋ ਦਲ ਬੱਚਿਆਂ ਦੇ ਹੋਏ ਸੰਮੀ ਹੋਇਆ ਹਾਮਿਦ ਬੰਨੇ ।
ਮੋਹਸਿਨ, ਨੂਰੇ, ਮਹਮੂਦ ਦਾ ਦਿਲ ਹਾਰ ਕਿਵੇਂ ਪਰ ਮੰਨੇ ।
ਵਕੀਲ, ਮਾਸ਼ਕੀ ਤੇ ਸਿਪਾਹੀ ਮਿੱਟੀ ਦੇ ਬਣੇ ਖਿਡੌਣੇ ।
ਲੋਹੇ ਦੇ ਚਿਮਟੇ ਅੱਗੇ ਬਣ ਗਏ ਸਭ ਦੇ ਸਭ ਉਹ ਬੌਨੇ ।
ਮੋਹਸਿਨ ਸੋਚ ਸੋਚ ਕੇ ਕਹਿੰਦਾ, "ਇਹ ਪਾਣੀ ਕਿਦਾਂ ਭਰੇਗਾ ।"
ਹਾਮਿਦ ਕਹੇ, "ਚਿਮਟੇ ਦਾ ਝਿੜਕਿਆ ਮਾਸ਼ਕੀ ਸਭ ਕਰੇਗਾ ।"
ਮਹਮੂਦ ਕਹੇ, "ਜੇ ਫੜੇ ਗਏ ਤਾਂ ਵਕੀਲ ਨੇ ਹੀ ਛੁਡਾਉਣਾ ।"
ਹਾਮਿਦ ਥੋੜ੍ਹਾ ਝਿਪ ਕੇ ਪੁੱਛੇ, "ਫੜਨ ਕੀਹਨੇ ਹੈ ਆਉਣਾ ?"
ਆਕੜ ਕੇ ਨੂਰੇ ਕਹਿਣ ਲੱਗਾ, "ਇਹ ਸਿਪਾਹੀ ਬੰਦੂਕ ਲੈ ਆਵੇ ।"
ਹਾਮਿਦ ਕਹੇ, "ਲਿਆ ਫਿਰ ਇਨ੍ਹਾਂ ਦੀ ਹੁਣੇ ਕੁਸ਼ਤੀ ਹੋ ਜਾਵੇ ।
ਰੁਸਤਮੇ-ਹਿੰਦ ਚਿਮਟਾ ਫੜਨਗੇ ਸਿਪਾਹੀ ਇਹ ਬਿਚਾਰੇ !
ਸੂਰਤ ਵੇਖ ਇਨ੍ਹਾਂ ਘਬਰਾਉਣਾ ਭੱਜ ਜਾਣਾ ਡਰਦੇ ਮਾਰੇ ।"
ਮੋਹਸਿਨ ਕਹੇ, "ਤੇਰੇ ਚਿਮਟੇ ਦਾ ਮੂੰਹ ਅੱਗ ਵਿਚ ਤਪੇਗਾ ।"
ਹਾਮਿਦ ਕਹੇ, "ਇਹ ਕੁੜੀ ਨਹੀਂ ਜੋ ਡਰਦਾ ਜਾ ਛੁਪੇਗਾ ।
ਅੱਗ ਵਿਚ ਕੇਵਲ ਓਹੋ ਕੁਦ ਸਕਣ ਜੋ ਹੁੰਦੇ ਬਹਾਦਰ ਸੂਰੇ ।
ਮਾਸ਼ਕੀ, ਵਕੀਲ, ਸਿਪਾਹੀ ਭੱਜਣ ਇਕ ਦੂਜੇ ਤੋਂ ਮੂਹਰੇ ।"
ਮਹਮੂਦ ਕਹੇ, "ਵਕੀਲ ਕੁਰਸੀ ਬੈਠੇ ਚਿਮਟਾ ਰਹੇ ਰਸੋਈ ।
ਪਏ ਰਹਿਣ ਤੋਂ ਬਿਨਾ ਏਸ ਤੋਂ ਕੰਮ ਨਾ ਹੋਵੇ ਕੋਈ ।"
ਹਾਮਿਦ ਨੂੰ ਕੋਈ ਗੱਲ ਨਾ ਸੁੱਝੀ ਕਹਿਣ ਲੱਗਾ ਘਬਰਾਇਆ,
"ਵੇਖਿਓ ਮੇਰੇ ਚਿਮਟੇ ਨੇ ਜਾਂ ਵਕੀਲ ਨੂੰ ਹੇਠ ਗਿਰਾਇਆ ।
ਉਸ ਦਾ ਕਾਨੂੰਨ ਇਸਨੇ ਉਸਦੇ ਢਿੱਡ ਵਿਚ ਪਾ ਦੇਣਾ ।"
ਤਿੰਨੋਂ ਸੂਰਮੇ ਸੋਚਣ ਲੱਗੇ ਅਸਾਂ ਨਹੀਂ ਕੁਝ ਕਹਿਣਾ ।
ਹਾਮਿਦ ਬਿਲਕੁਲ ਸੱਚ ਆਖਦਾ ਖਿਡੌਣਿਆਂ ਟੁੱਟ ਜਾਣਾ ।
ਇਸਦਾ ਚਿਮਟਾ ਓਵੇਂ ਰਹਿਣਾ ਇਹ ਨਾ ਹੋਏ ਪੁਰਾਣਾ ।
ਕਹਿੰਦੇ, "ਚਿਮਟਾ ਤੂੰ ਵਿਖਾ ਦੇ ਖਿਡੌਣੇ ਅਸੀਂ ਵਿਖਾਈਏ ।
ਐਵੇਂ ਲੜਨ ਦਾ ਕੀ ਫਾਇਦਾ ਝਗੜਾ ਹੁਣ ਨਿਪਟਾਈਏ ।"
ਚਿਮਟਾ ਹਾਮਿਦ ਦੂਜਿਆਂ ਨੂੰ ਦਿੱਤਾ ਆਪ ਲੈ ਲਏ ਖਿਡੌਣੇ ।
ਕਿੰਨੇ ਖ਼ੂਬਸੂਰਤ ਸਭ ਖਿਡੌਣੇ ਇਕ ਤੋਂ ਇਕ ਮਨਮੋਹਣੇ ।
ਕਹਿਣ ਲੱਗਾ, "ਚਿਮਟਾ ਬਿਚਾਰਾ ਕੀ ਲੱਗੇ ਇਨ੍ਹਾਂ ਕੋਲੇ ।
ਇਹ ਸਾਰੇ ਇਉਂ ਜਾਪਣ ਜਿਦਾਂ ਹੁਣ ਬੋਲੇ ਕਿ ਬੋਲੇ ।"
ਮੋਹਸਿਨ ਕਹੇ, "ਖਿਡੌਣੇ ਵੇਖ ਕੇ ਦੇਣੀਆਂ ਕਿਸ ਦੁਆਵਾਂ ।"
ਮਹਮੂਦ ਕਹੇ, "ਦੁਆਵਾਂ ਦੀ ਛੱਡੋ ਬਸ ਮਾਰੋਂ ਬਚ ਜਾਵਾਂ ।"

ਗਿਆਰਾਂ ਵਜੇ ਪਿੰਡ ਪੁੱਜੀ ਟੋਲੀ ਸਾਰੇ ਹੱਲਾ ਹੋਇਆ ।
ਮੋਹਸਿਨ ਦੀ ਭੈਣ ਭੱਜੀ ਆਈ ਉਸ ਮਾਸ਼ਕੀ ਖੋਹਿਆ ।
ਖੋਹ ਖਿੰਝ ਵਿਚ ਮਾਸ਼ਕੀ ਡਿਗਿਆ ਉਸਦੇ ਟੋਟੇ ਹੋਏ ।
ਮਾਰ ਕੁਟਾਈ ਭੈਣ ਭਾਈ ਹੋਏ ਨਾਲੇ ਫੁੱਟ ਫੁੱਟ ਰੋਏ ।
ਰੌਲਾ ਸੁਣ ਕੇ ਅੰਮਾਂ ਅੰਦਰੋਂ ਭੱਜੀ ਭੱਜੀ ਆਈ।
ਦੋਹਾਂ ਦੇ ਦੋ ਦੋ ਥੱਪੜ ਧਰਕੇ ਅੰਦਰ ਖਿਚ ਲਿਆਈ ।

ਨੂਰੇ ਮੀਆਂ ਵਕੀਲ ਲਈ ਦੋ ਕਿੱਲੇ ਕੰਧ ਗਡਾਏ।
ਪਟੜੇ ਉੱਤੇ ਕਾਲੀਨ ਦੀ ਥਾਂ ਕਾਗਜ਼ ਉਹਨੇ ਵਿਛਾਏ ।
ਵਕੀਲ ਉੱਤੇ ਬਿਠਾ ਕੇ ਉਸਨੂੰ ਪੱਖਾ ਝੱਲਣ ਲੱਗਾ ।
ਪਤਾ ਨਹੀਂ ਤੇਜ ਹਵਾ ਵੱਜੀ ਜਾਂ ਪੱਖਾ ਉਸਦੇ ਵੱਜਾ ।
ਭੁੰਜੇ ਡਿਗਦਿਆਂ ਸਾਰ ਉਹ ਸਿੱਧੇ ਸਵਰਗ ਸਿਧਾਏ ।
ਹੱਡੀਆਂ ਸਾਰੀਆਂ ਕਰ ਇਕੱਠੀਆਂ ਕੂੜੇ ਤੇ ਸੁੱਟ ਆਏ ।

ਮਹਮੂਦ ਸਿਪਾਹੀ ਆਪਣੇ ਨੂੰ ਪਹਿਰੇ ਦਾ ਚਾਰਜ ਦਿੱਤਾ ।
ਸਿਪਾਹੀ ਹੋ ਕੇ ਪੈਦਲ ਚੱਲੇ ਇਹ ਕਿਦਾਂ ਦਾ ਕਿੱਤਾ !
ਟੋਕਰੀ ਲੈ ਕੇ ਉਸ ਵਿਚ ਪੁਰਾਣੇ ਕਪੜੇ ਕੁਝ ਵਿਛਾਏ ।
ਇੰਜ ਉਹਨੇ ਪਾਲਕੀ ਬਣਾਕੇ ਸਿਪਾਹੀ ਜੀ ਬਿਠਾਏ ।
ਸਿਰ ਉੱਤੇ ਪਾਲਕੀ ਚੁੱਕ ਕੇ ਬਾਰ ਦਾ ਚੱਕਰ ਲਾਵਣ ।
'ਜਾਗਦੇ ਲਹੋ' ਦਾ ਹੋਕਾ ਉਸਦੇ ਛੋਟੇ ਭਾਈ ਲਗਾਵਣ ।
ਠੋਕਰ ਖਾ ਕੇ ਡਿੱਗੇ ਮੀਆਂ ਸਿਪਾਹੀ ਦੀ ਲੱਤ ਤੋੜੀ ।
ਗੂਲਰ ਦਾ ਦੁੱਧ ਲਾ ਕੇ ਉਸਦੇ ਫਿਰ ਉਹ ਆਪੇ ਜੋੜੀ ।
ਜਦੋਂ ਲੱਤ ਨਾ ਠੀਕ ਜੁੜੀ ਦੂਜੀ ਤੋੜ ਬਰਾਬਰ ਕੀਤੀ ।
ਜਿੱਥੇ ਧਰਦੇ ਬਣ ਸੰਨਿਆਸੀ ਬੈਠਾ ਰਹੇ ਚੁੱਪ-ਚੁਪੀਤੀ ।
ਝਾਲਰਦਾਰ ਸਾਫਾ ਖੁਰਚ ਕੇ ਗੰਜਾ ਕਰ ਬਿਠਾਉਂਦੇ ।
ਕਦੇ ਕਦੇ ਸਿਪਾਹੀ ਜੀ ਦਾ ਵੱਟਾ ਵੀ ਬਣਾਉਂਦੇ ।

ਹਾਮਿਦ ਮੀਆਂ ਜਦ ਘਰ ਆਏ ਦਾਦੀ ਭੱਜੀ ਆਵੇ ।
ਪਿਆਰ ਨਾਲ ਪਿਆਰਾ ਪੋਤਾ ਗੋਦੀ ਵਿਚ ਉਠਾਵੇ ।
ਚਿਮਟਾ ਵੇਖ ਕੇ ਫਿਰ ਬੋਲੀ, "ਇਹ ਹੈ ਕਿੱਥੋਂ ਆਇਆ ?"
ਹਾਮਿਦ ਕਹਿੰਦਾ, "ਤਿੰਨ ਪੈਸੇ ਦਾ ਮੈਂ ਹਾਂ ਮੁੱਲ ਲਿਆਇਆ ।"
ਛਾਤੀ ਪਿਟ ਅਮੀਨਾ ਪੁੱਛੇ, "ਇਹ ਕਾਹਤੋਂ ਚੁੱਕ ਲਿਆਇਆ?"
"ਤਵੇ ਨਾਲ ਤੇਰੇ ਹੱਥ ਜਲਦੇ ਸੀ," ਹਾਮਿਦ ਅੱਗੋਂ ਸੁਣਾਇਆ ।
ਸਾਰਾ ਗੁੱਸਾ ਪਿਆਰ 'ਚ ਬਦਲਿਆ ਅਮੀਨਾ ਸੋਚੀਂ ਜਾਵੇ ।
ਕਿਹੜਾ ਬੱਚਾ ਬੁੱਢੀ ਦਾਦੀ ਲਈ ਐਨਾ ਤਿਆਗ ਦਿਖਾਵੇ ।
ਬੱਚੇ ਹੋਣਗੇ ਕੁਝ ਕੁਝ ਖਾਂਦੇ ਕਿੰਨਾ ਇਸ ਜਬਤ ਦਿਖਾਇਆ ।
ਦਾਦੀ ਦੀ ਯਾਦ ਦਿਲ ਰੱਖੀ ਤਾਹੀਂ ਚਿਮਟਾ ਲੈ ਆਇਆ ।
ਬੱਚਿਆਂ ਵਾਂਗੂੰ ਰੋਈਂ ਜਾਵੇ ਨਾਲੇ ਦੁਆਵਾਂ ਦੇਈਂ ਜਾਵੇ ।
ਇਸ ਵਿਚਲਾ ਭੇਦ ਜੋ ਗੁੱਝਾ ਹਾਮਿਦ ਸਮਝ ਕੀ ਪਾਵੇ !

(ਕਾਯਮਅਲੀ=ਪਿੰਡ ਦਾ ਸ਼ਾਹੂਕਾਰ ਜੋ ਬਹੁਤ ਵਿਆਜ਼ ਤੇ
ਪੈਸੇ ਦਿੰਦਾ ਸੀ, ਲਾਗੀ ਜਾਂ ਲਾਗਣ=ਉਹ ਲੋਕ ਜੋ ਪਿੰਡਾਂ ਵਿਚ
ਦੂਜਿਆਂ ਦਾ ਕੰਮ ਕਰਦੇ ਹਨ, ਲੋਕ ਉਨ੍ਹਾਂ ਨੂੰ ਦਿਨ-ਦਿਹਾਰ ਜਾਂ
ਫ਼ਸਲ ਆਉਣ ਤੇ ਕੁਝ ਨਾ ਕੁਝ ਗੁਜ਼ਾਰੇ ਲਈ ਦੇ ਦਿੰਦੇ ਹਨ)

3. ਕਾਬੁਲੀਵਾਲਾ

(ਇਹ ਰਚਨਾ ਰਾਬਿੰਦਰ ਨਾਥ ਟੈਗੋਰ ਦੀ ਕਹਾਣੀ
'ਕਾਬੁਲੀਵਾਲਾ' ਤੇ ਆਧਾਰਿਤ ਹੈ)

ਮੇਰੀ ਪੰਜ ਸਾਲਾਂ ਦੀ ਬੱਚੀ ਮਿੰਨੀ ਹੈ ਜਿਸਦਾ ਨਾਂ ।
ਬਿਨਾਂ ਬੋਲੇ ਨਹੀਂ ਰਹਿ ਸਕਦੀ ਥੋੜ੍ਹਾ ਜਿੰਨਾਂ ਸਮਾਂ ।
ਇਕ ਦਿਨ ਸਵੇਰੇ ਭੱਜੀ ਭੱਜੀ ਮੇਰੇ ਕੋਲੇ ਆਈ ।
ਉਸਨੇ ਆਉਂਦੇਸਾਰ ਹੀ ਆਪਣੀ ਗੱਲ ਸੁਣਾਈ ।
"ਰਾਮਦਯਾਲ ਦਰਬਾਨ, 'ਕਾਕ' ਨੂੰ 'ਕਊਆ' ਬੁਲਾਵੇ ।
ਬਾਬੂ ਜੀ, ਏਦਾਂ ਨਹੀਂ ਲਗਦਾ ਉਸਨੂੰ ਕੁਝ ਨਾ ਆਵੇ ।
ਭੋਲਾ ਇਕ ਦਿਨ ਮੈਨੂੰ ਦੱਸੇ ਮੀਂਹ ਕਿਦਾਂ ਹੈ ਪੈਂਦਾ ।
ਹਾਥੀ ਆਪਣੀ ਸੁੰਡ ਦੇ ਅੰਦਰ ਪਾਣੀ ਹੈ ਭਰ ਲੈਂਦਾ ।
ਉਸ ਪਾਣੀ ਨੂੰ ਜ਼ੋਰ ਮਾਰਕੇ ਵੱਲ ਆਕਾਸ਼ ਪੁਚਾਵੇ ।
ਉਹੋ ਪਾਣੀ ਸਾਡੇ ਕੋਲੇ ਮੀਂਹ ਬਣਕੇ ਫਿਰ ਆਵੇ ।
ਬਾਬੂ ਜੀ, ਭੋਲਾ ਝੂਠ ਮਾਰਦਾ" ਕਹਿਕੇ ਉਥੋਂ ਭੱਜੀ ।
ਜਿਦਾਂ ਪਹਿਲਾਂ ਖੇਡ ਰਹੀ ਸੀ ਫੇਰ ਖੇਡ ਜਾ ਲੱਗੀ ।

ਮੇਰੇ ਕਮਰੇ ਵਿਚ ਮਿੰਨੀ ਇਕ ਦਿਨ ਖੇਡ ਰਹੀ ਸੀ ।
ਅਚਣਚੇਤ ਖਿੜਕੀਓਂ ਬਾਹਰ ਉਸਦੀ ਨਜ਼ਰ ਪਈ ਸੀ ।
ਖਿੜਕੀ ਛੱਡ ਕੇ ਕੋਲ ਮੇਰੇ ਜਲਦੀ ਜਲਦੀ ਆਈ ।
"ਕਾਬੁਲੀਵਾਲਾ, ਕਾਬੁਲੀਵਾਲਾ" ਪਾਈਂ ਜਾਵੇ ਦੁਹਾਈ ।
ਮੋਢੇ ਤੇ ਝੋਲਾ ਲਟਕਾਇਆ ਜਿਸ ਵਿਚ ਸੁੱਕੇ ਮੇਵੇ ।
ਹੱਥ ਵਿਚ ਅੰਗੂਰਾਂ ਦੀ ਪਿਟਾਰੀ ਦੂਰੋਂ ਵਿਖਾਈ ਦੇਵੇ।
ਲੰਮਾ ਕੱਦ ਪਰ ਹੌਲੀ ਚਾਲੇ ਸੜਕੇ ਤੁਰਿਆ ਆਵੇ ।
ਮਿੰਨੀ ਡਿੱਠਾ ਘਰ ਵੱਲ ਮੁੜਿਆ ਅੰਦਰ ਭੱਜੀ ਜਾਵੇ ।
ਮਿੰਨੀ ਨੂੰ ਸੀ ਇਹ ਡਰ ਲੱਗਾ ਫੜ ਨਾ ਝੋਲੀ ਪਾਵੇ ।
ਉਸਨੂੰ ਫੜਕੇ ਨਾਲ ਆਪਣੇ ਕਿਤੇ ਦੂਰ ਲੈ ਨਾ ਜਾਵੇ ।
ਮਿੰਨੀ ਸੋਚੇ ਉਸਦੀ ਝੋਲੀ ਜੇ ਕੋਈ ਫੋਲ ਕੇ ਤੱਕੇ ।
ਉਸ ਵਿਚੋਂ ਹੋਰ ਮਿਲ ਜਾਣਗੇ ਕਿੰਨੇ ਹੀ ਛੋਟੇ ਬੱਚੇ ।
ਕਾਬੁਲੀਵਾਲੇ ਮੁਸਕਰਾਕੇ ਫਿਰ ਸਲਾਮ ਆ ਕੀਤਾ ।
ਮੈਂ ਵੀ ਉਸਤੋਂ ਮਿਂਨੀ ਲਈ ਕੁਝ ਸਮਾਨ ਲੈ ਲੀਤਾ ।
ਥੋੜ੍ਹਾ ਚਿਰ ਚੁੱਪ ਰਹਿਕੇ ਉਸਨੇ ਉਪਰ ਨਿਗਾਹ ਉਠਾਈ,
"ਬਾਬੂ ਜੀ ਬੇਟੀ ਗਈ ਕਿੱਥੇ ?" ਮੈਨੂੰ ਉਸ ਪੁੱਛਿਆ ਈ ।
ਮਿੰਨੀ ਦਾ ਡਰ ਘੱਟ ਕਰਨ ਲਈ ਮੈਂ ਉਸਨੂੰ ਬੁਲਾਇਆ ।
ਕਾਬੁਲੀਵਾਲੇ ਬਦਾਮ ਤੇ ਕਿਸ਼ਮਿਸ਼ ਮਿੰਨੀ ਵੱਲ ਵਧਾਇਆ ।
ਡਰਕੇ ਮੇਰੇ ਗੋਡਿਆਂ ਨੂੰ ਚਿੰਬੜੀ ਮਿੰਨੀ ਉੱਚੀ ਰੋਈ ।
ਜਾਣ ਪਛਾਣ ਦੋਵਾਂ ਦੀ ਏਦਾਂ ਪਹਿਲੀ ਵਾਰੀ ਹੋਈ ।
ਕੁਝ ਦਿਨ ਲੰਘੇ ਕਿਸੇ ਕੰਮ ਨੂੰ ਮੈਂ ਬਾਹਰ ਜਾਂ ਆਇਆ ।
ਕੀ ਵੇਖਾਂ, ਮਿੰਨੀ ਨੇ ਕੋਲੇ ਕਾਬੁਲੀਵਾਲਾ ਬਿਠਾਇਆ ।
ਉਹ ਹੱਸੇ ਮਿੰਨੀ ਗੱਲਾਂ ਸੁਣਾਵੇ ਬਿਲਕੁਲ ਨਾ ਡਰੀ ਸੀ ।
ਬਦਾਮ ਤੇ ਕਿਸ਼ਮਿਸ਼ ਨਾਲ ਉਸਦੀ ਝੋਲੀ ਭਰੀ ਸੀ ।
ਕਾਬੁਲੀਵਾਲੇ ਨੂੰ ਅੱਠ ਆਨੇ ਦੇ ਮੈਂ ਬਾਹਰ ਨੂੰ ਆਇਆ ।
"ਅੱਗੋਂ ਇਸਨੂੰ ਕੁਝ ਨਾ ਦੇਈਂ" ਨਾਲੇ ਪੱਕ ਕਰਾਇਆ ।
ਕੁਝ ਦੇਰ ਹੋਰ ਗੱਲਾਂ ਕਰਕੇ ਕਾਬੁਲੀ ਉੱਠ ਖਲੋਇਆ ।
ਅਠਿਆਨੀ ਮਿੰਨੀ ਦੀ ਝੋਲੀ ਪਾ ਕੇ ਉੱਥੋਂ ਤੁਰਦਾ ਹੋਇਆ ।
ਮੈਂ ਘਰ ਮੁੜਿਆ ਮਾਂ ਮਿੰਨੀ ਨੂੰ ਝਿੜਕਾਂ ਦੇ ਰਹੀ ਸੀ ।
ਅਠਿਆਨੀ ਉਸ ਕਿਉਂ ਲਈ ਉਸ ਤੋਂ ਪੁੱਛ ਰਹੀ ਸੀ ।

ਕਾਬੁਲੀਵਾਲਾ ਰਹਮਤ ਹਰ ਰੋਜ਼ ਸਾਡੇ ਘਰ ਆਉਂਦਾ ।
ਬਾਦਾਮ, ਕਿਸ਼ਮਿਸ਼ ਮਿੰਨੀ ਲਈ ਝੋਲੀ ਪਾ ਲਿਆਉਂਦਾ ।
ਮਿੰਨੀ ਦੇ ਦਿਲ ਹੌਲੀ ਹੌਲੀ ਉਸਨੇ ਪੱਕੀ ਜਗਾਹ ਬਣਾਈ ।
ਦੋਵੇਂ ਗੱਲਾਂ ਕਰਦੇ ਰਹਿੰਦੇ ਸਮੇਂ ਦਾ ਖ਼ਿਆਲ ਨਾ ਕਾਈ ।
ਮਿੰਨੀ ਪੁੱਛਦੀ, "ਕਾਬੁਲੀਵਾਲੇ ਤੇਰੀ ਝੋਲੀ ਵਿਚ ਕੀ ਹੈ ?"
ਰਹਮਤ ਦਸਦਾ, " ਮੇਰੀ ਝੋਲੀ ਰੱਖਿਆ ਇਕ ਹਾਥੀ ਹੈ ।"
ਫਿਰ ਉਹ ਪੁੱਛਦਾ, "ਮਿੰਨੀ ਬੇਟੀ ਤੂੰ ਕਦ ਸਹੁਰੇ ਜਾਵੇਂਗੀ ?
"ਸਹੁਰੀਂ ਜਾ ਕੇ ਸਾਡੇ ਤਾਈਂ ਆਪਣੇ ਦਿਲੋਂ ਭੁਲਾਵੇਂਗੀ ।
ਮਿੰਨੀ ਨੂੰ ਜਵਾਬ ਨਾ ਆਉਂਦਾ ਉਲਟਾ ਉਸਤੋਂ ਉਹ ਪੁੱਛੇ ।
ਉਸਨੇ ਕਦੋਂ ਹੈ ਸਹੁਰੇ ਜਾਣਾ ਆਪੇ ਪਹਿਲਾਂ ਉਹ ਦੱਸੇ ।
ਰਹਮਤ ਮੁੱਕਾ ਤਾਣ ਕੇ ਕਹਿੰਦਾ ਇਹ ਸਹੁਰੇ ਨੂੰ ਮਾਰਾਂ ।
ਮਿੰਨੀ ਇਹ ਗੱਲ ਸੁਣ ਹੱਸਦੀ ਮੂੰਹ ਤੇ ਖਿੜਨ ਬਹਾਰਾਂ ।

ਸਰਦੀ ਖ਼ਤਮ ਹੁੰਦਿਆਂ ਰਹਮਤ ਆਪਣੇ ਦੇਸ਼ ਨੂੰ ਜਾਂਦਾ ।
ਜਾਣੋਂ ਪਹਿਲਾਂ ਉਧਾਰ ਆਪਣੀ ਸਾਰੀ ਸੀ ਉਗਰਾਂਹਦਾ ।
ਘਰ-ਘਰ ਜਾਂਦਾ ਗੇੜੇ ਲਾਂਦਾ ਪਰ ਜਦ ਸਮਾਂ ਤਕਾਂਦਾ ।
ਤਾਂ ਵੀ ਇਕ ਵਾਰ ਮਿੰਨੀ ਨੂੰ ਰੋਜ਼ ਆ ਕੇ ਮਿਲ ਜਾਂਦਾ ।
ਇਕ ਦਿਨ ਸਵੇਰੇ ਅੰਦਰ ਬੈਠਾ ਕੰਮ ਮੈਂ ਕਰ ਰਿਹਾ ਸੀ ।
ਉਸੇ ਵੇਲੇ ਸੜਕ ਵੱਲੋਂ ਅਚਾਨਕ ਰੌਲਾ ਕੰਨੀਂ ਪਿਆ ਸੀ ।
ਮੈਂ ਬਾਹਰ ਡਿੱਠਾ ਦੋ ਸਿਪਾਹੀ ਰਹਮਤ ਨੂੰ ਬੰਨ੍ਹੀ ਜਾਵਣ ।
ਰਹਮਤ ਦੇ ਕਮੀਜ਼ ਦਾਗ਼ ਲਹੂ ਦੇ ਦੂਰੋਂ ਨਜ਼ਰੀਂ ਆਵਣ ।
ਲਹੂ ਭਿੱਜਿਆ ਛੁਰਾ ਸੀ ਫੜਿਆ ਹੱਥ ਵਿਚ ਇਕ ਸਿਪਾਹੀ ।
ਮੈਂ ਵੀ ਉਹਨਾਂ ਵੱਲ ਗਿਆ ਪੁੱਛਣ ਲਈ ਕੀ ਹੋਇਆ ਸੀ ।
ਕੁਝ ਸਿਪਾਹੀ ਤੇ ਕੁਝ ਰਹਮਤ ਸੁਣਿਆ ਇਹ ਗੱਲ ਕਹਿੰਦਾ ।
ਚਾਦਰ ਉਹਨੇ ਵੇਚੀ ਕਿਸੇ ਨੂੰ ਜੋ ਸਾਡੇ ਗਵਾਂਢ ਹੀ ਰਹਿੰਦਾ ।
ਕੁਝ ਰੁਪਏ ਬਾਕੀ ਰਹਿੰਦੇ ਸੀ ਪਰ ਉਸ ਜਵਾਬ ਸੁਣਾਇਆ ।
ਦੋਹਾਂ ਵਿਚ ਤਕਰਾਰ ਵਧੀ ਜਾਂ ਰਹਮਤ ਛੁਰਾ ਚਲਾਇਆ ।
"ਕਾਬੁਲੀਵਾਲੇ, ਕਾਬੁਲੀਵਾਲੇ," ਕਹਿੰਦੀ ਮਿੰਨੀ ਭੱਜੀ ਆਈ ।
ਮਿੰਨੀ ਤਕ ਰਹਮਤ ਦੇ ਮੂੰਹ ਤੇ ਇਕ ਵਾਰੀ ਤਾਂ ਖ਼ੁਸ਼ੀ ਛਾਈ ।
ਮਿੰਨੀ ਆਉਂਦੇਸਾਰ ਹੀ ਪੁੱਛਿਆ, "ਕਦੋਂ ਤੂੰ ਸਹੁਰੇ ਜਾਣਾ ?"
ਰਹਮਤ ਹੱਸਕੇ ਕਹਿਣ ਲੱਗਾ, "ਹੁਣ ਮੇਰਾ ਉਹੋ ਟਿਕਾਣਾ ।"
ਰਹਮਤ ਸੋਚੇ ਇਸ ਜਵਾਬ ਤੋਂ ਮਿੰਨੀ ਖ਼ੁਸ਼ ਨਾ ਹੋਈ ਕਾਈ ।
ਫਿਰ ਉਸ ਮੁੱਕਾ ਤਾਣ ਕੇ ਉਪਰ ਆਪਣੀ ਬਾਂਹ ਉਠਾਈ ।
"ਸਹੁਰੇ ਨੂੰ ਮੈਂ ਜ਼ਰੂਰ ਮਾਰਦਾ ਪਰ ਮੇਰੇ ਹੱਥ ਵੇਖ ਲੈ ਬੰਨ੍ਹੇ ।"
ਮਿੰਨੀ ਨੂੰ ਕੁਝ ਸਮਝ ਨਾ ਆਵੇ ਇਹ ਗੱਲ ਮੰਨੇ ਜਾਂ ਨਾ ਮੰਨੇ ।

ਇਸ ਗੁਨਾਹ ਲਈ ਰਹਮਤ ਨੂੰ ਸਜ਼ਾ ਲੰਬੀ ਗਈ ਸੁਣਾਈ।
ਹੌਲੀ ਹੌਲੀ ਸਮੇਂ ਨੇ ਯਾਦ ਓਸ ਦੀ ਸਾਡੇ ਮਨੋਂ ਮਿਟਾਈ ।
ਅੱਠ ਸਾਲ ਲੰਘ ਗਏ ਸਨ ਮਿੰਨੀ ਦਾ ਵਿਆਹ ਹੋ ਰਿਹਾ ਸੀ ।
ਮੈਂ ਬੈਠਾ ਹਿਸਾਬ ਸਾਂ ਲਿਖਦਾ ਤਾਂ ਰਹਮਤ ਨਜ਼ਰ ਪਿਆ ਸੀ ।
ਉਸਨੇ ਆ ਸਲਾਮ ਬੁਲਾਈ ਫਿਰ ਇਕ ਪਾਸੇ ਆ ਖੜੋਇਆ ।
ਮੈਂ ਉਸ ਨੂੰ ਪਛਾਣ ਨਾ ਸਕਿਆ ਉਹ ਏਦਾਂ ਸੀ ਹੋਇਆ ।
ਕੋਲ ਨਾ ਉਸਦੇ ਕੋਈ ਝੋਲੀ ਚਿਹਰਾ ਜਾਪੇ ਕੁਮਲਾਇਆ ।
ਮੈਂ ਪੁੱਛਿਆ,"ਦੱਸ ਬਈ ਰਹਮਤ ਕਦੋਂ ਕੁ ਦਾ ਤੂੰ ਆਇਆ ?"
"ਕੱਲ੍ਹ ਸ਼ਾਮ ਮੈਂ ਜੇਲ੍ਹੋਂ ਛੁਟਿਆ," ਉਸਨੇ ਜਵਾਬ ਸੁਣਾਇਆ ।
"ਤੂੰ ਕਿਸੇ ਦਿਨ ਫੇਰ ਆ ਜਾਈਂ ਅੱਜ ਘਰ ਕਾਜ ਰਚਾਇਆ ।"
ਉਹ ਉਦਾਸ ਹੋ ਜਾਣ ਲੱਗਿਆ ਦਰਵਾਜ਼ੇ ਕੋਲ ਜਾ ਰੁਕਿਆ ।
"ਇਕ ਵਾਰ ਬੱਚੀ ਨੂੰ ਵਿਖਾ ਦਿਉ," ਕਹਿਕੇ ਥੋੜ੍ਹਾ ਝੁਕਿਆ ।
ਉਹਨੂੰ ਸ਼ਾਇਦ ਯਕੀਨ ਸੀ ਮਨ ਵਿਚ ਮਿੰਨੀ ਅਜੇ ਵੀ ਬੱਚੀ ।
"ਕਾਬੁਲੀਵਾਲੇ, ਕਾਬੁਲੀਵਾਲੇ," ਕਹਿੰਦੀ ਆਊ ਆਪੇ ਨੱਠੀ ।
ਏਨੇ ਚਿਰ ਦੀਆਂ ਕੱਠੀਆਂ ਕੀਤੀਆਂ ਗੱਲਾਂ ਉਹਨੂੰ ਸੁਣਾਊ ।
ਪਹਿਲਾਂ ਵਾਲੀ ਰੌਣਕ ਆਪੇ ਹੀ ਉਸਦੇ ਮੂੰਹ ਤੇ ਆ ਜਾਊ ।
ਉਸਨੂੰ ਚੁੱਪ ਖੜਾ ਵੇਖ ਕੇ ਮੈਂ ਫਿਰ ਆਖ ਸੁਣਾਇਆ,
"ਅੱਜ ਘਰ ਬਹੁਤ ਕੰਮ ਹੈ ਉਸਤੋਂ ਨਹੀਂ ਜਾਣਾ ਆਇਆ ।"
ਉਸਦੇ ਚਿਹਰੇ ਉਦਾਸੀ ਆਈ ਉਸਨੇ ਸਲਾਮ ਬੁਲਾਈ ।
ਰਹਮਤ ਘਰੋਂ ਬਾਹਰ ਨਿਕਲਿਆ ਤਾਂ ਮੇਰੇ ਮਨ ਆਈ ।
ਉਸਨੂੰ ਮੈਂ ਆਵਾਜ਼ ਲਗਾਵਾਂ ਮੈਂ ਅਜੇ ਇਹ ਸੋਚ ਰਿਹਾ ਸੀ ।
ਰਹਮਤ ਆਪ ਵਾਪਸ ਮੁੜ ਆਇਆ ਉਸਨੇ ਆ ਕਿਹਾ ਸੀ,
"ਇਹ ਥੋੜ੍ਹਾ ਜਿਹਾ ਮੇਵਾ ਰੱਖ ਲਉ ਬੱਚੀ ਨੂੰ ਦੇ ਦੇਣਾ ।
ਉਸਦਾ ਕਾਬੁਲੀਵਾਲਾ ਦੇ ਗਿਐ ਇਹ ਓਸਨੂੰ ਕਹਿਣਾ ।"
ਮੈਂ ਓਹਨੂੰ ਪੈਸੇ ਦੇਣਾ ਚਾਹਵਾਂ ਪਰ ਉਸ ਕੁਝ ਨਾ ਲਿਆ ।
ਜਦ ਮੈਂ ਬਹੁਤਾ ਜ਼ੋਰ ਦਿੱਤਾ ਤਾਂ ਉਸਨੇ ਮੈਨੂੰ ਇਹ ਕਿਹਾ,
"ਬਾਬੂ ਸਾਹਿਬ ਤੁਹਾਡੀ ਮਿਹਰਬਾਨੀ ਗੱਲ ਦੱਸਾਂ ਮੈਂ ਸੱਚੀ ।
ਮਿੰਨੀ ਜਿੱਡੀ ਮੇਰੇ ਘਰ ਵੀ ਇਕ ਛੋਟੀ ਜਿਹੀ ਬੱਚੀ ।
ਜਦੋਂ ਓਸਦੀ ਯਾਦ ਹੈ ਆਉਂਦੀ ਮੈਂ ਤੁਹਾਡੇ ਘਰ ਆਵਾਂ ।
ਆਪਣੀ ਬੱਚੀ ਸਮਝ ਕੇ ਓਹਨੂੰ ਕੁਝ ਮੇਵਾ ਮੈਂ ਦੇ ਜਾਵਾਂ ।
ਮੈਂ ਇੱਥੇ ਸੌਦਾ ਵੇਚਣ ਨਹੀਂ ਆਉਂਦਾ ਬੱਚੀ ਖਿੱਚ ਲਿਆਵੇ ।
ਮਿੰਨੀ ਦੇ ਚਿਹਰੇ 'ਚੋਂ ਮੈਨੂੰ ਆਪਣੀ ਬੱਚੀ ਹੀ ਦਿਸ ਆਵੇ ।
ਉਸਨੇ ਕੁੜਤੇ ਦੀ ਜੇਬ ਵਿਚੋਂ ਇਕ ਕਾਗ਼ਜ਼ ਫਿਰ ਕੱਢਿਆ ।
ਧੂੜ ਸਮੇਂ ਦੀ ਉਸ ਕਾਗ਼ਜ਼ ਨੂੰ ਮੈਲਾ ਸੀ ਕਰ ਛੱਡਿਆ ।
ਹੌਲੀ ਹੌਲੀ ਖੋਲ੍ਹ ਉਸ ਦੀਆਂ ਤੈਹਾਂ ਮੇਜ਼ ਤੇ ਉਸ ਵਿਛਾਇਆ ।
ਉਸ ਉੱਤੇ ਛੋਟੇ ਜਿਹੇ ਹੱਥ ਦਾ ਪੰਜਾ ਲੱਗਾ ਨਜ਼ਰੀਂ ਆਇਆ ।
ਹੱਥ ਦੇ ਉੱਤੇ ਥੋੜ੍ਹੀ ਕਾਲਖ ਲਾ ਕੇ ਛਾਪ ਇਹ ਗਈ ਬਣਾਈ ।
ਆਪਣੀ ਬੇਟੀ ਦੀ ਇਹ ਨਿਸ਼ਾਨੀ ਉਹ ਰੱਖੇ ਦਿਲ ਨਾਲ ਲਾਈ ।
ਜਦ ਵੀ ਰਹਮਤ ਸ਼ਹਿਰ ਕਲਕੱਤੇ ਸੌਦਾ ਵੇਚਣ ਲਈ ਆਵੇ ।
ਇਹ ਕਾਗ਼ਜ਼ ਉਹ ਜੇਬ 'ਚ ਪਾ ਕੇ ਆਪਣੇ ਨਾਲ ਲਿਆਵੇ ।
ਇਹ ਵੇਖ ਮੇਰੀਆਂ ਅੱਖਾਂ ਵਿਚ ਪਾਣੀ ਸੀ ਭਰ ਆਇਆ ।
ਸਭ ਕੁਝ ਭੁਲ ਮੈਂ ਓਸੇ ਵੇਲੇ ਮਿੰਨੀ ਨੂੰ ਉੱਥੇ ਬੁਲਾਇਆ ।
ਵਿਆਹ ਵਾਲੇ ਕਪੜੇ ਗਹਿਣੇ ਪਾਈਂ ਮਿੰਨੀ ਬਾਹਰ ਆਈ ।
ਸਾਡੇ ਕੋਲ ਆ ਉਹ ਖਲੋਤੀ ਪਰ ਲੱਗੇ ਬਹੁਤ ਸ਼ਰਮਾਈ ।
ਉਹਨੂੰ ਵੇਖ ਕੇ ਰਹਮਤ ਪਹਿਲਾਂ ਦਿਲੋਂ ਬਹੁਤ ਘਬਰਾਇਆ ।
"ਲਾਡੋ ਅੱਜ ਸਹੁਰੇ ਘਰ ਜਾਣਾ ?" ਉਸਨੇ ਹੱਸ ਸੁਣਾਇਆ ।
ਮਿੰਨੀ ਨੂੰ ਹੁਣ ਸੱਸ ਦਾ ਮਤਲਬ ਸਾਰਾ ਸਮਝ ਪਿਆ ਸੀ ।
ਰਹਮਤ ਦੀ ਗੱਲ ਸੁਣ ਉਹਦਾ ਮੂੰਹ ਲਾਲੋ ਲਾਲ ਹੋਇਆ ਸੀ ।
ਮਿੰਨੀ ਗਈ ਰਹਮਤ ਨੇ ਫਿਰ ਇਕ ਡੂੰਘਾ ਸਾਹ ਲਿਆ ਸੀ ।
ਜ਼ਮੀਨ ਤੇ ਬਹਿ ਕੇ ਉਸ ਸੋਚਿਆ ਸਭ ਕੁਝ ਸਾਫ਼ ਹੋਇਆ ਸੀ ।
ਉਸਦੀ ਬੱਚੀ ਵੀ ਐਡੀ ਹੀ ਹੋਵੇਗੀ ਉਸ ਨੂੰ ਸੋਚ ਸਤਾਇਆ ।
ਐਨਾਂ ਲੰਬਾ ਸਮਾਂ ਉਸਨੇ ਉਸਦੇ ਪਿਛੋਂ ਕਿਦਾਂ ਹੋਣਾ ਲੰਘਾਇਆ ।
ਰਹਮਤ ਯਾਦਾਂ ਦੇ ਵਿਚ ਗੁੰਮਿਆਂ ਮੈਂ ਕੁਝ ਰੁਪਏ ਹੱਥ ਲਿੱਤੇ ।
"ਰਹਮਤ, ਬੇਟੀ ਕੋਲ ਦੇਸ਼ ਟੁਰ ਜਾ," ਇਹ ਕਹਿ ਉਹਨੂੰ ਦਿੱਤੇ ।

4. ਹਾਰ ਦੀ ਜਿੱਤ

(ਇਹ ਰਚਨਾ ਸੁਦਰਸ਼ਨ ਦੀ ਹਿੰਦੀ ਕਹਾਣੀ
'ਹਾਰ ਕੀ ਜੀਤ' ਤੇ ਆਧਾਰਿਤ ਹੈ)

੧.
ਮਾਂ ਬੇਟੇ ਨੂੰ ਵੇਖ ਕੇ ਖ਼ੁਸ਼ੀ ਹੋਵੇ
ਫ਼ਸਲ ਜੱਟ ਦੇ ਦਿਲ ਨੂੰ ਮੋਹ ਲੈਂਦੀ ।
ਬਾਬਾ ਭਾਰਤੀ ਘੋੜੇ ਨੂੰ ਵੇਖਦੇ ਜਾਂ
ਦਿਲ ਉਹਨਾਂ ਦੇ ਵੀ ਇੰਜ ਖੋਹ ਪੈਂਦੀ ।

ਭਜਨ ਬੰਦਗੀ ਤੋਂ ਜੋ ਵੀ ਸਮਾਂ ਬਚਦਾ
ਸਾਰਾ ਘੋੜੇ ਦੇ ਉੱਤੇ ਹੀ ਲਾ ਦੇਂਦੇ ।
ਕਦੇ ਖਰਖਰਾ ਪਿੰਡੇ ਤੇ ਫੇਰਦੇ ਸੀ
ਹੱਥੀਂ ਆਪਣੇ ਦਾਣਾ ਵੀ ਪਾ ਦੇਂਦੇ ।

ਘੋੜਾ ਸੋਹਣਾ ਸੁਡੌਲ ਤੇ ਸੀ ਬਾਂਕਾ
ਸਾਰੇ ਵਿਚ ਇਲਾਕੇ ਮਸ਼ਹੂਰ ਹੋਇਆ ।
ਬਾਬੇ ਓਸ ਦਾ ਨਾਂ 'ਸੁਲਤਾਨ' ਰੱਖਿਆ
ਨਾਲੇ ਓਸ ਤੇ ਬਹੁਤ ਗਰੂਰ ਹੋਇਆ ।

ਜਾਇਦਾਦ ਛੱਡੀ ਸ਼ਹਿਰ ਛੱਡ ਦਿੱਤਾ
ਪਿੰਡ ਛੋਟੇ ਜਿਹੇ ਮੰਦਿਰ ਵਿਚ ਆ ਬੈਠੇ ।
ਜਾਦੂ ਐਸਾ ਸੁਲਤਾਨ ਨੇ ਧੂੜ ਦਿੱਤਾ
ਸਭ ਕੁਝ ਹੀ ਛੱਡ ਛਡਾ ਬੈਠੇ ।

'ਜਿਵੇਂ ਬੱਦਲ ਨੂੰ ਵੇਖ ਕੇ ਮੋਰ ਨੱਚੇ
ਓਸੇ ਤਰ੍ਹਾਂ ਹੀ ਚਾਲ ਸੁਲਤਾਨ ਦੀ ਏ ।
ਮੈਂ ਏਸ ਤੋਂ ਬਿਨਾ ਨਹੀਂ ਰਹਿ ਸਕਦਾ
ਮੇਰੀ ਰੂਹ ਸਾਰਾ ਕੁਝ ਜਾਣਦੀ ਏ ।'

ਰੋਜ਼ ਸ਼ਾਮ ਨੂੰ ਘੋੜੇ ਦੇ ਚੜ੍ਹ ਉੱਤੇ
ਬਾਬਾ ਭਾਰਤੀ ਸੈਰ ਨੂੰ ਜਾਂਵਦੇ ਨੇ ।
ਅੱਠ-ਦਸ ਮੀਲ ਦਾ ਚੱਕਰ ਲਾ ਆਉਂਦੇ
ਮਨ ਆਪਣੇ ਨੂੰ ਚੈਨ ਪਾਂਵਦੇ ਨੇ ।

੨.
ਡਾਕੂ ਓਸ ਇਲਾਕੇ ਦੇ ਵਿੱਚ ਵਿਚਰੇ
ਖੜਗ ਸਿੰਘ ਸੀ ਓਸ ਦਾ ਨਾਂ ਕਹਿੰਦੇ ।
ਐਸਾ ਡਰ ਸੀ ਓਸ ਦਾ ਛਾਇਆ ਹੋਇਆ
ਨਾਂ ਸੁਣਦਿਆਂ ਕੰਬਦੇ ਲੋਕ ਰਹਿੰਦੇ ।

ਖੜਗ ਸਿੰਘ ਸੁਲਤਾਨ ਦੀ ਸੁਣੀਂ ਸ਼ੋਭਾ
ਮਨ ਓਸਦਾ ਵੇਖਣਾ ਚਾਂਹਵਦਾ ਏ ।
ਇਕ ਦਿਨ ਜਾਂ ਸੂਰਜ ਸਿਰ ਆਇਆ
ਕੋਲ ਬਾਬਾ ਜੀ ਦੇ ਚੱਲ ਆਂਵਦਾ ਏ ।

ਬਾਬਾ ਭਾਰਤੀ ਪੁੱਛਦੇ ਖੜਗ ਸਿੰਘ ਨੂੰ,
'ਤੂੰ ਦੱਸ ਭਾਈ ਕਿਹੜੇ ਕੰਮ ਆਇਆ ?'
ਅੱਗੋਂ ਮੋੜਵਾਂ ਓਸ ਜਵਾਬ ਦਿੱਤਾ,
'ਨਾਂ ਤੁਹਾਡੇ ਸੁਲਤਾਨ ਦਾ ਖਿੱਚ ਲਿਆਇਆ ।'

ਬਾਬਾ ਭਾਰਤੀ ਓਸ ਦੀ ਗੱਲ ਸੁਣਕੇ
ਉਹਨੂੰ ਘੋੜੇ ਦੇ ਕੋਲ ਲੈ ਜਾਂਵਦੇ ਨੇ ।
ਨਾਲੇ ਸਿਫ਼ਤ ਸੁਲਤਾਨ ਦੀ ਕਰੀ ਜਾਂਦੇ
ਨਾਲੇ ਓਸ ਦੀ ਚਾਲ ਵਿਖਾਂਵਦੇ ਨੇ ।

ਘੋੜਾ ਵੇਖਕੇ ਖੜਗ ਸਿੰਘ ਦੰਗ ਰਿਹਾ
ਮਨ ਓਸਦਾ ਲਾਲਚ ਦੇ ਵੱਸ ਹੋਵੇ ।
ਜਿਸ ਚੀਜ਼ ਤੇ ਓਸ ਦਾ ਮਨ ਆਵੇ
ਉਹਦਾ ਦਿਲ ਕਰਦਾ ਉਹਦੀ ਉਹ ਹੋਵੇ ।

ਉਹਦਾ ਮਨ ਸੋਚੇ ਘੋੜਾ ਬੜਾ ਸੁੰਦਰ
ਬਾਬੇ ਏਸ ਦਾ ਕੀ ਕਰਾਵਣਾ ਏਂ ।
ਜਾਂਦਾ ਜਾਂਦਾ ਉਹ ਬਾਬੇ ਨੂੰ ਆਖ ਗਿਆ,
'ਇਹ ਘੋੜਾ ਤਾਂ ਮੈਂ ਲੈ ਜਾਵਣਾ ਏਂ ।

੩.
ਉਸ ਦਿਨ ਤੋਂ ਬਾਬੇ ਦੀ ਨੀਂਦ ਉੱਡੀ
ਰਾਖੀ ਕਰਦਿਆਂ ਦੀ ਸਾਰੀ ਰਾਤ ਲੰਘੇ ।
ਖੜਗ ਸਿੰਘ ਦਾ ਡਰ ਸਤਾਈ ਜਾਂਦਾ
ਭਾਂਵੇਂ ਬਾਹਰ ਤਬੇਲੇ ਦੇ ਕੋਈ ਖੰਘੇ ।

ਏਸੇ ਤਰ੍ਹਾਂ ਮਹੀਨੇ ਕਈ ਲੰਘ ਗਏ
ਖੜਗ ਸਿੰਘ ਉਸ ਪਾਸੇ ਵੱਲ ਨਾ ਆਇਆ ।
ਬਾਬਾ ਭਾਰਤੀ ਵੀ ਸੋਚਣ ਲੱਗ ਪਏ
ਜਿਵੇਂ ਕਿਸੇ ਸੁਪਨੇ ਐਂਵੇ ਡਰ ਪਾਇਆ ।

ਇਕ ਦਿਨ ਸ਼ਾਮ ਵੇਲੇ ਬਾਦਸ਼ਾਹ ਵਾਂਗੂੰ
ਚੜ੍ਹ ਘੋੜੇ ਤੇ ਸੈਰ ਨੂੰ ਜਾਂਵਦੇ ਨੇ ।
ਨੂਰ ਮੁੱਖ ਦੇ ਉੱਤੇ ਸੀ ਚਮਕ ਰਿਹਾ
ਮਨ ਆਪਣੇ ਘੋੜਾ ਸਲਾਂਹਵਦੇ ਨੇ ।

ਏਨੇ ਚਿਰ ਨੂੰ ਇਕ ਆਵਾਜ਼ ਆਈ
ਰੁੱਖ ਹੇਠ ਕੋਈ ਬੈਠਾ ਕਰਾਹ ਰਿਹਾ ਸੀ ।
ਨੇੜੇ ਗਏ ਤਾਂ ਬਾਬਾ ਕੀ ਵੇਖਦਾ ਏ
ਇਕ ਬਿਮਾਰ ਸੀ ਜੋ ਕੁਰਲਾ ਰਿਹਾ ਸੀ ।

ਰੋਗੀ ਆਖਦਾ, 'ਬਾਬਾ ਜੀ ਲਾਗਲੇ ਪਿੰਡ
ਮੈਂ ਜਾਣਾਂ ਏਂ ਜੇ ਤੁਸੀਂ ਛੱਡ ਆਵੋਂ ।
ਭਲਾ ਕਰੇਗਾ ਰੱਬ ਤੁਸਾਂ ਦਾ ਵੀ
ਜੇਕਰ ਏਸ ਗਰੀਬ ਤੇ ਤਰਸ ਖਾਵੋਂ ।'

ਬਾਬੇ ਸੋਚਿਆ ਏਸ ਵਿੱਚ ਜਾਂਵਦਾ ਕੀ
ਉਹਨੂੰ ਘੋੜੇ ਦੇ ਉੱਤੇ ਚੜ੍ਹਾ ਲਿਆ ।
ਆਪ ਫੜ ਲਗਾਮ ਲੱਗ ਗਏ ਅੱਗੇ
ਘੋੜਾ ਪਿੰਡ ਦੇ ਰਾਹ ਤੇ ਪਾ ਲਿਆ ।

ਝਟਕਾ ਲੱਗਾ ਲਗਾਮ ਵੀ ਛੁਟ ਗਈ
ਘੋੜਾ ਭੱਜਾ ਸਵਾਰ ਉਹ ਤਣ ਬੈਠਾ ।
ਜਿਹਨੂੰ ਸਮਝ ਬਿਮਾਰ ਬਿਠਾਇਆ ਸੀ
ਖੜਗ ਸਿੰਘ ਆਪੂੰ ਉਹ ਬਣ ਬੈਠਾ ।

ਬਾਬੇ ਮੂੰਹੋਂ ਨਿਰਾਸ਼ਾ ਦੀ ਚੀਕ ਨਿਕਲੀ
ਚੁੱਪ ਹੋਏ ਤੇ ਫੇਰ ਆਵਾਜ਼ ਮਾਰੀ ।
'ਜ਼ਰਾ ਠਹਿਰ ਜਾ ਤੇ ਮੇਰੀ ਗੱਲ ਸੁਣਜਾ
ਇਹ ਬੇਨਤੀ ਹੈ ਮੇਰੀ ਅੰਤ ਵਾਰੀ ।'

ਡਾਕੂ ਰੁਕ ਗਿਆ ਬਾਬਾ ਕੋਲ ਗਿਆ
ਜਾ ਕੇ ਬਾਬੇ ਨੇ ਉੱਚੀ ਆਵਾਜ਼ ਕਿਹਾ,
'ਘੋੜਾ ਹੋਇਆ ਤੇਰਾ ਮੈਂ ਨਾ ਮੰਗਾਂ
ਮੇਰਾ ਏਸ ਤੇ ਕੋਈ ਨਾ ਹੱਕ ਰਿਹਾ ।

ਇੱਕ ਗੱਲ ਮੇਰੀ ਪਰ ਬੰਨ੍ਹ ਪੱਲੇ
ਇਹਨੂੰ ਆਪਣੇ ਦਿਲ ਹਮੇਸ਼ ਰੱਖੀਂ ।
ਘੋੜਾ ਕਿਦਾਂ ਹੈ ਮੇਰੇ ਤੋਂ ਤੂੰ ਖੜਿਆ
ਇਹ ਹੋਰ ਨਾ ਕਿਸੇ ਨੂੰ ਜਾ ਦੱਸੀਂ ।'

ਖੜਗ ਸਿੰਘ ਨੂੰ ਕੁਝ ਨਾ ਸਮਝ ਆਈ
ਬਾਬਾ ਆਖਣਾ ਕੀ ਚਾਂਹਵਦਾ ਏ ।
'ਇਹਦਾ ਡਰ ਕੀ ਏ ਮੈਨੂੰ ਤੁਸੀਂ ਦੱਸੋ ?'
ਨਾਲ ਆਜ਼ਜ਼ੀ ਉਹ ਪੁਛਾਂਵਦਾ ਏ ।

ਬਾਬੇ ਆਖਿਆ, 'ਗੱਲ ਜੇ ਤੂੰ ਦੱਸੀ
ਦੀਨ-ਦੁਖੀਆਂ ਤੋਂ ਉੱਠ ਇਤਬਾਰ ਜਾਣਾ ।
ਲੋੜਵੰਦ ਵੀ ਕਿਸੇ ਦੇ ਦਰ ਜਾਊ
ਉਹਨੂੰ ਕਿਸੇ ਨੇ ਫੇਰ ਨਹੀਂ ਮੂੰਹ ਲਾਣਾ ।'

੪.
ਏਨੀ ਆਖ ਕੇ ਬਾਬੇ ਨੇ ਪਿੱਠ ਮੋੜੀ
ਖੜਗ ਸਿੰਘ ਨੂੰ ਸੋਚੀਂ ਉਹ ਗੱਲ ਪਾ ਗਈ ।
'ਬਾਬਾ ਦੇਵਤਾ ਤੇ ਮੈਂ ਖੜਾ ਕਿੱਥੇ ?'
ਇਹੋ ਸੋਚ ਉਹਦੇ ਦਿਲ ਸੱਲ ਪਾ ਗਈ ।

ਰਾਤ ਹੋਈ ਅੱਧੀ ਸਾਰੇ ਸੁੰਨ ਛਾਈ
ਘੋੜਾ ਖੜਗ ਸਿੰਘ ਮੋੜ ਕੇ ਲਿਆਂਵਦਾ ਏ ।
ਹੌਲੀ ਹੌਲੀ ਤਬੇਲੇ ਦੇ ਵਿਚ ਵੜਿਆ
ਘੋੜਾ ਬੰਨ੍ਹ ਓਥੋਂ ਟੁਰ ਜਾਂਵਦਾ ਏ ।

ਹੰਝੂ ਆਏ ਅੱਖੀਂ ਮਨ ਹੋਇਆ ਹੌਲਾ
ਹੱਥ ਜੋੜ ਕੇ ਤੇ ਨਮਸ਼ਕਾਰ ਕਰਦਾ ।
ਬਾਬਾ ਓਸ ਨੂੰ ਰੱਬ ਦਾ ਰੂਪ ਦਿੱਸੇ
ਲੱਗੇ ਅੱਖਾਂ ਤੋਂ ਪਰ੍ਹਾਂ ਹੋ ਗਿਆ ਪਰਦਾ ।

ਚੌਥੇ ਪਹਿਰ ਬਾਬੇ ਇਸ਼ਨਾਨ ਕੀਤਾ
ਸੁਤੇ-ਸਿੱਧ ਤਬੇਲੇ ਵੱਲ ਟੁਰ ਪਿਆ ਉਹ ।
ਜਾ ਕੇ ਫਾਟਕ ਤੇ ਭੁੱਲ ਮਹਿਸੂਸ ਹੋਈ
ਪੁੱਠੇ ਪੈਰ ਉਥੋਂ ਫੇਰ ਮੁੜ ਪਿਆ ਉਹ ।

ਪੈਰ ਚਾਪ ਸੁਣ ਹਿਣਕ ਸੁਲਤਾਨ ਪਿਆ
ਬਾਬਾ ਭੱਜ ਕੇ ਗਲ ਜਾ ਲੱਗਿਆ ਏ ।
ਜਿਵੇਂ ਵਿਛੜੇ ਪੁੱਤ ਨੂੰ ਪਿਉ ਮਿਲਿਆ
ਇੰਜ ਅੱਖੀਆਂ 'ਚੋਂ ਹੜ੍ਹ ਵੱਗਿਆ ਏ ।

ਬਾਬਾ ਘੋੜੇ ਦੀ ਪਿੱਠ ਤੇ ਹੱਥ ਫੇਰੇ
ਨਾਲੇ ਮੂੰਹੋਂ ਇਹ ਗੱਲ ਉਹ ਆਖਦਾ ਏ ।
'ਦੀਨ-ਦੁਖੀਆਂ ਤੋਂ ਕੋਈ ਕਿਉਂ ਮੂੰਹ ਮੋੜੂ
ਨੇਕੀ ਪੁੱਟਿਆ ਮੁੱਢ ਜਾਂ ਪਾਪ ਦਾ ਏ ।'

5. ਬਾਜ਼ ਦਾ ਗੀਤ

(ਇਹ ਰਚਨਾ ਮੈਕਸਿਮ ਗੋਰਕੀ ਦੀ ਕਹਾਣੀ
'ਬਾਜ਼ ਦਾ ਗੀਤ' ਦੇ ਗੁਰੂਬਖ਼ਸ਼ ਸਿੰਘ ਦੇ
ਕੀਤੇ ਅਨੁਵਾਦ ਦਾ ਕਾਵਿ ਰੂਪ ਹੈ)

੧.
ਉੱਚੇ ਪਹਾੜੀਂ ਰੀਂਗਦਾ ਇਕ ਸੱਪ ਸੀ ਭਾਰੀ ।
ਜਾ ਕੇ ਸਿਲ੍ਹੀ ਖੱਡ ਵਿਚ ਉਸ ਕੁੰਡਲੀ ਮਾਰੀ ।
ਸਾਗਰ ਵੰਨੇ ਓਸ ਨੇ ਫਿਰ ਨਜ਼ਰ ਉਭਾਰੀ ।
ਸੂਰਜ ਵਿੱਚ ਅਸਮਾਨ ਦੇ ਦੇਵੇ ਚਮਕਾਰੀ ।
ਗਰਮ ਸਾਹ ਪਹਾੜ ਦੀ ਮਾਰੇ ਉੱਚ ਉਡਾਰੀ ।
ਲਹਿਰਾਂ ਚਟਾਨੀਂ ਵਜਦੀਆਂ ਕਰ ਸੱਟ ਕਰਾਰੀ ।
ਹਨੇਰੀ ਗੁਫਾ ਦੀ ਧੁੰਦ 'ਚੋਂ ਇਕ ਝਰਨਾ ਤਿੱਖਾ ।
ਸਾਗਰ ਵੱਲ ਨੂੰ ਉਮਲਿਆ ਰੱਖ ਤੀਬਰ ਇੱਛਾ ।
ਰਾਹ ਦੇ ਪੱਥਰ ਉਲਟਾ ਕੇ ਚੀਰ ਪਰਬਤ ਦਿੱਤਾ ।
ਰੋਹ ਭਰੀ ਕਰਦਾ ਗਰਜ ਜਾ ਸਾਗਰ ਵਿਚ ਡਿੱਗਾ ।

ਅਚਣਚੇਤ ਢੱਠਾ ਇਕ ਬਾਜ਼ ਆ ਉਸ ਥਾਂ ਦੇ ਨੇੜੇ।
ਸੀਨੇ ਉਸਦੇ ਡੂੰਘਾ ਜ਼ਖ਼ਮ ਸੀ ਖੰਭ ਲਹੂ ਲਬੇੜੇ ।
ਧਰਤੀ ਉੱਤੇ ਡਿਗਦਿਆਂ ਉਸ ਚੀਕ ਸੀ ਮਾਰੀ ।
ਖੰਭ ਫੜਫੜਾਏ ਓਸ ਨੇ ਪਰ ਜ਼ਖ਼ਮ ਸੀ ਕਾਰੀ ।
ਸੱਪ ਡਰਿਆ ਤੇ ਨੱਠਿਆ ਫਿਰ ਉਸਨੇ ਤੱਕਿਆ ।
ਇਸ ਪੰਛੀ ਦਾ ਜਾਪਦੈ ਜਿਉਂ ਜੀਵਨ ਮੁੱਕਿਆ ।
ਡਰਦਾ ਡਰਦਾ ਰੀਂਗਦਾ ਉਸ ਕੋਲ ਉਹ ਆਇਆ ।
ਜ਼ਖ਼ਮੀ ਤੱਕ ਉਹ ਸ਼ੂਕਰਿਆ ਤੇ ਤਨਜ ਚਲਾਇਆ ।
"ਕਿਉਂ, ਮਰਨ ਲੱਗਿਐਂ ?" ਉਸ ਨੇ ਪੁਛਾਇਆ ।
"ਹਾਂ, ਮਰ ਰਿਹਾਂ !" ਬਾਜ਼ ਹਉਕਾ ਭਰ ਆਇਆ ।
"ਪਰ ਮੈਂ ਰੱਜ ਕੇ ਜੀਵਿਆ ਤੇ ਖ਼ੁਸ਼ੀ ਹੈ ਮਾਣੀ ।
ਨਾਲ ਬਹਾਦਰੀ ਉਡਦਿਆਂ ਸਭ ਖਲਾਅ ਹੈ ਛਾਣੀ ।
ਮੈਂ ਗਾਹਿਆ ਆਕਾਸ਼ ਏ ਤੇ ਨੇੜਿਓਂ ਤੱਕਿਆ ।
ਤੂੰ ਕੀ ਵਿਚਾਰੀ ਚੀਜ਼ ਏਂ ਜੋ ਉਡ ਨਾ ਸਕਿਆ ।"
"ਆਕਾਸ਼ ਇਕ ਖਲਾਅ ਹੈ ਮੈਂ ਰੀਂਗ ਨਹੀਂ ਸਕਦਾ ।
ਏਥੇ ਬਹੁਤ ਆਨੰਦ ਹੈ ਸਿਲ੍ਹ ਅਤੇ ਨਿੱਘ ਦਾ ।"
ਆਜ਼ਾਦ ਪੰਛੀ ਨੂੰ ਸੱਪ ਨੇ ਇਉਂ ਜਵਾਬ ਸੀ ਦਿੱਤਾ ।
ਮਨ ਆਪਣੇ ਹੱਸਿਆ ਗੱਲ ਨੂੰ ਸਮਝ ਬੇਤੁਕਾ ।
ਸੱਪ ਫਿਰ ਬੈਠਾ ਸੋਚਦਾ, 'ਕੀ ਫਰਕ ਏ ਪੈਂਦਾ,
ਜੇ ਕੋਈ ਧਰਤੀ ਰੀਂਗਦਾ ਜਾਂ ਉਡਦਾ ਰਹਿੰਦਾ ।
ਅੰਤ ਸਭਨਾਂ ਦਾ ਇਕ ਹੈ ਧਰਤੀ ਤੇ ਆਣਾ ।
ਮਿੱਟੀ ਵਿਚ ਸਮਾ ਕੇ ਮਿੱਟੀ ਹੋ ਜਾਣਾ ।'

ਬਾਜ਼ ਨੇ ਰੋਹ ਵਿਚ ਆ ਕੇ ਫਿਰ ਗਰਦਨ ਚੁੱਕੀ ।
ਡੂੰਘੀ ਨਜ਼ਰ ਇਕ ਓਸਨੇ ਵੱਲ ਖੱਡ ਦੇ ਸੁੱਟੀ ।
ਚਟਾਨ ਤਰੇੜਾਂ ਵਿਚੋਂ ਸਿੰਮ ਪਾਣੀ ਰਹੀ ਸੀ ।
ਖੱਡ ਵਾਲੀ ਹਵਾ ਮੌਤ ਤੇ ਸੜ੍ਹਾਂਦ ਭਰੀ ਸੀ ।
ਬਾਜ਼ ਉਦਾਸੀ ਸਿੱਕ ਨਾਲ ਇਕ ਕੂਕ ਸੀ ਮਾਰੀ ।
'ਕਾਸ਼ ਮੈਂ ਵੱਲ ਆਕਾਸ਼ ਦੇ ਫਿਰ ਭਰਾਂ ਉਡਾਰੀ ।
ਦੁਸ਼ਮਣ ਆਪਣੇ ਤਾਈਂ ਮੈਂ ਨਾਲ ਜ਼ਖ਼ਮੀ ਸੀਨੇ ।
ਰਗੜਾਂ ਖ਼ੂਨ 'ਚ ਡੋਬ ਕੇ ਸੁਟ ਦਿਆਂ ਜ਼ਮੀਨੇ ।
ਲੜਾਈ ਵਿਚ ਕੀ ਮਜ਼ਾ ਹੈ ਬੁਜ਼ਦਿਲ ਕੀ ਜਾਣੇ ।
ਮਰਨਾਂ ਹੈ ਨਵੀਂ ਜ਼ਿੰਦਗੀ ਮਰਦਾਂ ਦੇ ਭਾਣੇ ।'
ਸੱਪ ਸੋਚੇ ਉੱਚਾ ਉਡਣ ਦਾ ਹੋਣਾ ਬੜਾ ਨਜ਼ਾਰਾ ।
ਤਾਹੀਂ ਆਹਾਂ ਭਰ ਰਿਹਾ ਇਹ ਬਾਜ਼ ਵਿਚਾਰਾ ।
ਸੱਪ ਬਾਜ਼ ਨੂੰ ਆਖਦਾ, 'ਤੂੰ ਜੇ ਭਰਨੀ ਉਡਾਰੀ।
ਗੁਫਾ ਦੇ ਸਿਰੇ ਤੇ ਪਹੁੰਚ ਜਾ ਤਾਕਤ ਲਾ ਸਾਰੀ ।
ਦੰਦੀ ਤੋਂ ਹੇਠਾਂ ਕੁੱਦ ਪਓ ਕਰ ਵੱਡਾ ਜੇਰਾ ।
ਹੋ ਸਕਦੈ ਖੰਭ ਚੁੱਕ ਲੈਣ ਸਭ ਭਾਰ ਜੋ ਤੇਰਾ ।
ਤੈਨੂੰ ਵਿੱਚ ਖਲਾਅ ਦੇ ਓਹ ਫੇਰ ਉਡਾਵਣ ।
ਬੁਝ ਚੁੱਕੀ ਤੇਰੀ ਆਸ ਨੂੰ ਉਹ ਫੇਰ ਜਗਾਵਣ ।'
ਬਾਜ਼ ਦਾ ਲੂੰ ਲੂੰ ਥਿਰਕਿਆ ਫਿਰ ਰੋਹ ਚੜ੍ਹਾਇਆ ।
ਜਿਲ੍ਹਣ ਵਿਚ ਪੰਜੇ ਖੋਭਦਾ ਦੰਦੀ ਤੱਕ ਆਇਆ ।
ਦੰਦੀ ਉਤੋਂ ਉਡਣ ਦੀ ਉਸ ਕਰੀ ਤਿਆਰੀ ।
ਡੂੰਘਾ ਭਰ ਕੇ ਸਾਹ ਓਸ ਫਿਰ ਚੁੱਭੀ ਮਾਰੀ ।
ਪੱਥਰ ਵਾਂਗੂੰ ਡਿੱਗਿਆ ਤੇ ਖੰਭ ਖਿਲਾਰੇ ।
ਨਾਲ ਚਟਾਨਾਂ ਰਗੜ ਕੇ ਲੱਥੇ ਉਹ ਸਾਰੇ ।
ਇਕ ਲਹਿਰ ਨੇ ਆਕੇ ਉਸ ਤਾਈਂ ਉਠਾਇਆ ।
ਖ਼ੂਨ ਓਸ ਦਾ ਧੋ ਕੇ ਸਭ ਸਾਫ ਕਰਾਇਆ ।
ਝੱਗ ਦੇ ਵਿਚ ਲਪੇਟ ਕੇ ਵੱਲ ਸਾਗਰ ਚੱਲੀ ।
ਲਹਿਰਾਂ ਚੀਕਾਂ ਮਾਰੀਆਂ ਮਚ ਗਈ ਤਰਥੱਲੀ ।

੨.
ਕਿੰਨਾ ਚਿਰ ਸੱਪ ਬੈਠਾ ਰਿਹਾ ਖੱਡ ਕੁੰਡਲ ਮਾਰੀ ।
ਬਾਜ਼ ਬਾਰੇ ਉਹ ਸੋਚਦਾ ਜਿਹਨੂੰ ਖਲਾਅ ਪਿਆਰੀ ।
ਫਿਰ ਵਲ ਉਸ ਅਸਮਾਨ ਦੇ ਇਕ ਨਜ਼ਰ ਸੀ ਮਾਰੀ ।
ਜਿੱਥੇ ਨੇ ਸੁਪਨੇ ਖ਼ੁਸ਼ੀ ਦੇ ਰਹਿੰਦੇ ਲਾਉਂਦੇ ਤਾਰੀ ।
ਸੱਪ ਸੋਚੇ, 'ਬਾਜ਼ ਵਰਗੇ ਕੀ ਭਾਲਦੇ ਵਿਚ ਖਲਾਅ ਦੇ ?
ਨਾ ਹੀ ਜਿਸਦਾ ਕੋਈ ਤਲ ਹੈ ਨਾ ਕਿਨਾਰਾ ਦਿੱਸੇ ।
ਉੱਡਣ ਦੀ ਤਾਂਘ ਵਿਚ ਹੀ ਕਿਉਂ ਰੂਹ ਕਲਪਾਉਂਦੇ ?
ਕੀ ਉੱਥੇ ਉਨ੍ਹਾਂ ਨੂੰ ਦਿਸਦਾ ਕੀ ਖ਼ੁਸ਼ੀ ਨੇ ਪਾਉਂਦੇ ?
ਇਕ ਛੋਟੀ ਭਰ ਉਡਾਣ ਮੈਂ ਜਾਣ ਇਹ ਸਕਦਾ ।
ਜੇ ਕੋਈ ਖ਼ੁਸ਼ੀ ਹੋਵੇਗੀ ਉਹਨੂੰ ਮਾਣ ਮੈਂ ਸਕਦਾ ।
ਸੱਪ ਨੇ ਜ਼ੋਰ ਪੂਰਾ ਲਾ ਕੇ ਕੁੰਡਲ ਇਕ ਮਾਰੀ ।
ਪੱਥਰ ਉੱਤੋਂ ਉਛਲਿਆ ਭਰਨ ਲਈ ਉਡਾਰੀ ।
ਉਸ ਨੇ ਆਪਣੇ ਮਨ ਵਿੱਚੋਂ ਇਹ ਗੱਲ ਵਿਸਾਰੀ ।
ਜੋ ਰੀਂਗਣ ਲਈ ਜੰਮਦੇ ਨਾ ਲਾਣ ਉਡਾਰੀ ।
ਸੱਪ ਉਤਾਂਹ ਭੁੜਕ ਕੇ ਆ ਚਟਾਨ ਤੇ ਡਿੱਗਿਆ ।
ਮਰਨੋ ਜਦ ਉਹ ਬਚ ਗਿਆ ਫਿਰ ਉੱਚਾ ਹੱਸਿਆ ।

'ਬੱਸ ਏਨੀ ਹੀ ਗੱਲ ਹੈ, ਇਸ ਵਿਚ ਖ਼ੁਸ਼ੀ ਕੀ ?
ਉਤਾਂਹ ਚੜ੍ਹ ਕੇ ਉੱਡਣਾ ਫਿਰ ਡਿੱਗਣਾ ਧਰਤੀ ।
ਧਰਤੀ ਨੂੰ ਨਹੀਂ ਜਾਣਦੇ ਤੇ ਦੁਖੀ ਨੇ ਰਹਿੰਦੇ ।
ਭਾਲਣ ਖਲਾਅ ਵਿਚ ਜ਼ਿੰਦਗੀ ਤੇ ਧੁੱਪਾਂ ਸਹਿੰਦੇ ।
ਉਪਰ ਚਾਨਣ ਬਹੁਤ ਹੈ ਜੀਵਨ ਨਹੀਂ ਟਿਕਦਾ ।
ਤਾਂ ਫੇਰ ਮਾਣ ਕਾਹਦੇ ਲਈ ਹੰਕਾਰ ਏ ਕਿਸਦਾ ।
ਪਾਗਲ ਇੱਛਾਵਾਂ ਧਰਤ ਤੇ ਨਾ ਪੂਰੀਆਂ ਹੋਵਣ ।
ਹਾਰ ਤੇ ਪਰਦਾ ਪਾਉਣ ਲਈ ਇਹ ਉਡ ਖਲੋਵਣ ।
ਧਰਤੀ ਨੂੰ ਜੋ ਨਹੀਂ ਪਿਆਰਦੇ ਉਨ੍ਹਾਂ ਉਡਦੇ ਰਹਿਣਾ ।
ਤਾਹੀਉਂ ਪੈਂਦਾ ਇਹਨਾਂ ਨੂੰ ਸਭ ਦੁਖੜਾ ਸਹਿਣਾ ।
ਇਨ੍ਹਾਂ ਦੀ ਫੋਕੀ ਵੰਗਾਰ ਵਿਚ ਮੈਂ ਨਹੀਂ ਆਉਣਾ ।
ਧਰਤੀ ਤੇ ਮੈਂ ਜੰਮਿਆ ਏਥੇ ਵਕਤ ਲੰਘਾਉਣਾ ।'

ਤੇਜ਼ ਰੌਸ਼ਨੀ ਸੀ ਪੈ ਰਹੀ ਸਾਗਰ ਦਏ ਚਮਕਾਰੇ ।
ਲਹਿਰਾਂ ਜ਼ੋਰੋ ਜ਼ੋਰੀ ਵਜਦੀਆਂ ਆ ਆ ਕਿਨਾਰੇ ।
ਉਸੇ ਗਰਜ ਵਿਚ ਸੀ ਗੂੰਜਦਾ ਉਹ ਬਾਜ਼ ਤਰਾਨਾ।
ਜਿਹਦੀ ਧੁਨ ਆਕਾਸ਼ ਡਰਾਉਂਦੀ ਕੰਬਣ ਚੱਟਾਨਾਂ ।
ਲਹਿਰਾਂ ਸੀ ਗੀਤ ਗਾ ਰਹੀਆਂ ਦੱਸ ਬਾਜ਼ ਦਲੇਰੀ ।
'ਤੂੰ ਭਾਵੇਂ ਹੈਂ ਮਰ ਗਿਆ ਪਰ ਕੁਰਬਾਨੀ ਤੇਰੀ,
ਆਜ਼ਾਦੀ ਲਈ ਮਰਜੀਵੜੇ ਨੇ ਪੈਦਾ ਕਰਨੇ ।
ਸਦਾ ਦੂਜਿਆਂ ਲਈ ਜੋ ਤਾਰੇ ਬਣ ਚੜ੍ਹਨੇ ।'

6. ਗਿਰਗਿਟ

(ਇਹ ਰਚਨਾ ਅਨਤੋਨ ਚੈਖ਼ੋਵ ਦੀ ਕਹਾਣੀ
'ਗਿਰਗਿਟ' ਦੇ ਕਰਨਜੀਤ ਸਿੰਘ ਦੇ
ਕੀਤੇ ਅਨੁਵਾਦ ਦਾ ਕਾਵਿ ਰੂਪ ਹੈ)

ਥਾਨੇਦਾਰ ਓਚੂਮੀਲੋਵ ਦੇ ਨਵਾਂ-ਨਕੋਰ, ਵੱਡਾ ਕੋਟ ਸੀ ਪਾਇਆ ।
ਹੱਥ ਵਿਚ ਉਸ ਇਕ ਬੰਡਲ ਫੜਿਆ, ਵਿਚ ਮੰਡੀ ਦੇ ਆਇਆ ।
ਉਸਦੇ ਪਿਛੇ ਲਾਲ ਸਿਰਾ ਸਿਪਾਹੀ, ਸੀ ਇਕ ਟੁਰਦਾ ਆਉਂਦਾ ।
ਰਸ ਭਰੀਆਂ ਦੀ ਟੋਕਰੀ ਚੁੱਕੀਂ, ਤੇਜ਼ੀ ਨਾਲ ਕਦਮ ਉਠਾਉਂਦਾ ।
ਸੁੰਨਸਾਨ ਮੰਡੀ ਵਿਚ ਸਾਰੇ ਨਾ ਦਿਸੇ, ਕਿਧਰੇ ਕੋਈ ਪਰਛਾਵਾਂ ।
ਸ਼ਰਾਬਖ਼ਾਨੇ, ਦੁਕਾਨਾਂ ਗਾਹਕਾਂ ਲਈ ਸੀ, ਅੱਡ ਖਲੋਤੇ ਬਾਹਵਾਂ ।
ਰੱਬ ਦੀ ਰਚੀ ਇਸ ਦੁਨੀਆਂ ਨੂੰ ਉਹ, ਵੇਖਣ ਨਾਲ ਉਦਾਸੀ ।
ਮੰਗਤਾ ਤੱਕ ਵੀ ਨਹੀਂ ਸੀ ਓਥੇ, ਓਸ ਜਗਾਹ ਦਾ ਵਾਸੀ ।

ਥਾਨੇਦਾਰ ਦੇ ਕੰਨਾਂ ਵਿਚ ਫਿਰ, ਇਕ ਆਵਾਜ਼ ਸੀ ਆਈ ।
"ਤੂੰ ਕੁਤੀੜ ਕੱਟੇਂਗਾ ਮੈਨੂੰ, ਇਹਨੂੰ ਜਾਣ ਨਾ ਦੇਣਾ ਭਾਈ ।
ਕੱਟਣ ਦੀ ਹੁਣ ਏਸ ਜਾ ਤੇ, ਨਹੀਂ ਕਿਸੇ ਆਗਿਆ ਕੋਈ ।
ਫੜੀਂ ਰੱਖੋ ਇਹਨੂੰ ਤੁਸੀਂ ਮੁੰਡਿਓ, ਜਿੱਦਾਂ ਮੁਜਰਮ ਕੋਈ ।"
ਕੁੱਤੇ ਦੀ ਚਊਂ-ਚਊਂ ਸੁਣਕੇ, ਥਾਨੇਦਾਰ ਨੇ ਉਧਰ ਤੱਕਿਆ ।
ਤਿੰਨ ਲੱਤਾਂ ਤੇ ਕੁੱਤਾ ਆਵੇ, ਇਕ ਵਿਹੜੇ 'ਚੋਂ ਨੱਠਿਆ ।
ਉਸਦੇ ਪਿੱਛੇ ਬੰਦਾ ਭੱਜਿਆ ਬਾਹਰ ਨੂੰ ਇਕ ਆਇਆ ।
ਠੇਡਾ ਖਾ ਕੇ ਡਿੱਗਿਆ ਪਰ ਕੁੱਤਾ ਲੱਤੋਂ ਕਾਬੂ ਆਇਆ ।
"ਇਸ ਨੂੰ ਜਾਣ ਨਾ ਦੇਈਂ," ਆਵਾਜ਼ ਕਿਸੇ ਫਿਰ ਮਾਰੀ ।
ਉਨੀਂਦੇ ਲੋਕੀਂ ਬਾਹਰ ਝਾਕਣ, ਭੀੜ ਜੁੜ ਗਈ ਭਾਰੀ ।
ਸਿਪਾਹੀ ਆਖੇ, "ਇਉਂ ਲੱਗਦੈ ਝਗੜਾ ਕੋਈ ਹੋਇਆ ।"
ਥਾਨੇਦਾਰ ਭੀੜ ਵੱਲ ਮੁੜਿਆ, ਤੇ ਕੋਲੇ ਆ ਖਲੋਇਆ ।
ਖੁੱਲ੍ਹੇ ਬਟਨ ਵਾਸਕਟ ਪਾਈ ਇਕ ਬੰਦਾ ਉਸਨੇ ਤੱਕਿਆ ।
ਉਂਗਲੀ ਵਿਚੋਂ ਖ਼ੂਨ ਸੀ ਵਹਿੰਦਾ ਹੱਥ ਉਸ ਉਪਰ ਚੱਕਿਆ ।
ਉਂਗਲ ਉਸ ਦੀ ਜਿੱਤ ਦਾ ਝੰਡਾ ਲੋਕਾਂ ਤਾਈਂ ਸੀ ਲਗਦੀ ।
ਗਾਲ੍ਹਾਂ ਦਿੰਦੇ ਉਸਦੇ ਮੂੰਹੋਂ ਸ਼ਰਾਬ ਦੀ ਬੋ ਪਈ ਸੀ ਵਗਦੀ ।
ਥਾਨੇਦਾਰ ਨੇ ਝੱਟ ਪਛਾਣਿਆ ਉਹ ਖਰੀਊਕਿਨ ਸੁਨਿਆਰਾ ।
ਭੀੜ ਵਿਚਾਲੇ ਲੱਤਾਂ ਪਸਾਰੀ ਪਿਆ ਸੀ ਮੁਜਰਮ ਬੇਚਾਰਾ ।
ਸਰੀਰ ਉਸਦਾ ਠੰਢ ਤੇ ਡਰ ਨਾਲ ਕੰਬ ਰਿਹਾ ਸੀ ਪੂਰਾ ।
ਤਿੱਖੇ ਨੱਕ ਤੇ ਚਿੱਟੇ ਰੰਗ ਵਾਲਾ ਉਹ 'ਬੋਰਜ਼ੋਈ' ਕਤੂਰਾ ।

ਮੋਢੇ ਮਾਰਕੇ ਰਾਹ ਬਣਾਉਂਦਾ ਥਾਨੇਦਾਰ ਅੱਗੇ ਆਇਆ ।
"ਇਹ ਸਾਰਾ ਕੁਝ ਕੀ ਹੋ ਰਿਹੈ, ਕੌਣ ਸੀ ਜੋ ਚਿੱਲਾਇਆ ?
ਤੂੰ ਏਥੇ ਦੱਸ ਕੀ ਕਰ ਰਿਹੈਂ, ਕੀ ਤੁਸੀਂ ਝਗੜਾ ਪਾਇਆ ?
ਤੂੰ ਉਂਗਲ ਉੱਤੇ ਕਿਉਂ ਚੁੱਕੀ ?" ਉਹਨੇ ਆ ਪੁਛਾਇਆ ।
ਸੁਨਿਆਰਾ ਮੁੱਠੀ ਵਿਚ ਖੰਘਿਆ, ਫਿਰ ਗੱਲ ਉਸ ਕੀਤੀ ।
"ਮੈਂ ਸਾਂ ਲੇਲੇ ਵਾਂਗੂੰ ਆਉਂਦਾ ਬਿਲਕੁਲ ਚੁਪ-ਚੁਪੀਤੀ ।
ਮਿਤਰੀ ਮਿਤਰਿਚ ਨਾਲ ਲੱਕੜ ਦਾ ਕੰਮ ਸੀ ਮੇਰਾ ਕੋਈ ।
ਪਤਾ ਨਹੀਂ ਕਿਉਂ ਇਸ ਕੁਤੀੜ ਨੇ ਮੇਰੇ ਚੱਕ ਵਢਿਓਈ ।
ਮੈਂ ਕੰਮ ਕਰਨ ਵਾਲਾ ਹਾਂ ਬੰਦਾ ਉਂਗਲ ਬਿਨਾ ਨਹੀਂ ਸਰਨਾ ।
ਮੇਰਾ ਕੰਮ ਬੜਾ ਤਕਨੀਕੀ ਹੁਣ ਮੈਂ ਇਹ ਕਿਦਾਂ ਕਰਨਾ ।
ਮੈਨੂੰ ਤੁਸੀਂ ਇਵਜਾਨਾ ਦਿਵਾਓ ਕਾਨੂੰਨ ਦਾ ਵੀ ਇਹ ਕਹਿਣਾ ।
ਕੁੱਤੇ ਏਦਾਂ ਵੱਢਣ ਲੱਗ ਪਏ ਔਖਾ ਹੋਜੂ ਜੱਗ ਵਿਚ ਰਹਿਣਾ ।"
ਖੰਘੂਰਾ ਮਾਰਕੇ ਰੁਅਬ ਨਾਲ ਫਿਰ ਥਾਨੇਦਾਰ ਇਹ ਪੁਛਦਾ ।
"ਹੂੰ.. ਅੱਛਾ, ਕੀਹਦਾ ਇਹ ਕੁੱਤਾ ? ਪਤਾ ਦਿਓ ਮੈਨੂੰ ਉਸਦਾ ।
ਮੈਂ ਗੱਲ ਏਥੇ ਨਹੀਂ ਛੱਡਣੀ, ਲੋਕਾਂ ਨੂੰ ਇਹ ਦਿਖਾਉਣਾ ।
ਸਮਾਂ ਆ ਗਿਐ ਅਜਿਹੇ ਲੋਕਾਂ ਨੂੰ ਪੈਣਾ ਸਬਕ ਸਿਖਾਉਣਾ ।
ਜੋ ਨਿਯਮਾਂ ਨੂੰ ਤੋੜਣ ਉਨ੍ਹਾਂ ਨੂੰ ਜੁਰਮਾਨਾ ਕਰਨਾ ਭਾਰਾ ।
ਉਸ ਬਦਮਾਸ਼ ਨੂੰ ਮੈਂ ਸਿਖਾਉਣਾ ਕੁੱਤਾ ਜੀਹਦਾ ਅਵਾਰਾ ।
ਯੇਲਦੀਰਿਨ, ਤੂੰ ਪਤਾ ਲਗਾ ਕੁੱਤਾ ਹੈ ਇਹ ਕਿਸਦਾ ?
ਲਿਖ ਬਿਆਨ, ਫਿਰ ਕੁੱਤੇ ਵਾਲਾ ਵੱਢਣਾ ਪੈਣਾ ਫਸਤਾ ।
ਹੋ ਸਕਦੈ ਕੁੱਤਾ ਹਲਕਾਇਆ ਹੋਵੇ ਮਰਨਾ ਇਸਦਾ ਚੰਗਾ ।
ਇਹ ਕੁੱਤਾ ਕੀਹਦਾ ਮੈਂ ਪੁਛਦਾ, ਕੋਈ ਦੱਸੋ ਉਹ ਬੰਦਾ ?"

"ਜਰਨੈਲ ਜ਼ੀਗਾਲੋਵ ਦਾ ਕੁੱਤਾ," ਆਵਾਜ਼ ਕਿਸੇ ਦੀ ਆਈ ।
"ਯੇਲਦੀਰਿਨ, ਮੇਰਾ ਕੋਟ ਲੁਹਾਈਂ, ਕਿੰਨੀ ਗਰਮੀ ਭਾਈ ।
ਮੈਨੂੰ ਹੁਣ ਇੰਜ ਹੈ ਲੱਗਦਾ ਬਰਸਾਤ ਆਈ ਕਿ ਆਈ ।"
ਫਿਰ ਸੁਨਿਆਰੇ ਵੱਲ ਮੁੜਿਆ, ਕਹੇ, "ਸਮਝ ਨਹੀਂ ਆਈ ।
ਇਸ ਕੁੱਤੇ ਨੇ ਤੈਨੂੰ ਕਿਦਾਂ ਵੱਢਿਆ ਤੇਰੀ ਐਨੀ ਉਚਾਈ ।
ਇਹ ਬੇਚਾਰਾ ਨਿੱਕਾ ਜਿਹਾ ਕੁੱਤਾ ਤੂੰ ਉਠ ਜੇਡ ਪਿਆ ਈ ।
ਤੂੰ ਕਿੱਲ ਨਾਲ ਛਿਲਵਾਈ ਉਂਗਲੀ ਫਿਰ ਸਕੀਮ ਬਣਾਈ ।
ਸੱਟ ਜੋ ਇਹ ਲੱਗ ਹੀ ਗਈ ਏ ਕਰੀਏ ਇਹਤੋਂ ਕਮਾਈ ।
ਮੈਂ ਜਾਣਦਾਂ ਤੇਰੇ ਵਰਗਿਆਂ ਨੂੰ, ਸਾਰੀ ਬਦਮਾਸ਼ਾਂ ਦੀ ਢਾਣੀ ।"
ਸਿਪਾਹੀ ਬੋਲਿਆ, "ਸ਼ਰਾਰਤਾਂ ਕਰਨ ਦੀ ਆਦਤ ਇਹਦੀ ਪੁਰਾਣੀ ।
ਬਲਦੀ ਸਿਗਰਟ ਮਜ਼ਾਕ ਨਾਲ ਇਸ ਨੇ ਨੱਕ ਕੁੱਤੇ ਦੇ ਉਤੇ ਲਾਈ ।
ਉਸਨੇ ਤਾਹੀਉਂ ਚੱਕ ਵੱਢ ਖਾਧਾ ਇਸਨੂੰ, ਹੁਣ ਪਾਵੇ ਹਾਲ ਦੁਹਾਈ ।"
ਸਿਪਾਹੀ ਦੀ ਇਸ ਹਰਕਤ ਉੱੇਤੇ ਸੁਨਿਆਰੇ ਨੇ ਖਾਧਾ ਗੁੱਸਾ ।
"ਝੂਠ ਨਾ ਮਾਰੀ ਜਾ ਓਏ ਕਾਣਿਆਂ, ਤੂੰ ਮੈਨੂੰ ਕਦ ਡਿੱਠਾ ।
ਜਨਾਬ ਹੈਣ ਸਿਆਣੇ-ਬਿਆਣੇ, ਝੂਠ ਨਾ ਚਲਦਾ ਇਨ੍ਹਾਂ ਕੋਲੇ ।
ਕੌਣ ਝੂਠਾ ਇਹ ਸਭ ਕੁਝ ਸਮਝਣ, ਕੌਣ ਰੱਬੀ ਸੱਚ ਬੋਲੇ ।
ਮੇਰੇ ਉੱਤੇ ਮੁਕਦਮਾ ਚੱਲਾਓ, ਜੇ ਮੈਂ ਕੋਈ ਝੂਠ ਅਲਾਵਾਂ ।
ਮੇਰਾ ਭਾਈ ਵੀ ਵਿਚ ਪੁਲਸ ਦੇ, ਤੈਨੂੰ ਇਹ ਸਮਝਾਵਾਂ ।"

ਸਿਪਾਹੀ ਗੰਭੀਰ ਹੋਇਕੇ ਆਖੇ, "ਇਹ ਨਹੀਂ ਉਨ੍ਹਾਂ ਦਾ ਕੁੱਤਾ ।
ਜਰਨੈਲ ਸਾਹਿਬ ਦੇ ਕੁੱਤੇ ਸਭ ਸ਼ਿਕਾਰੀ ਮੈਨੂੰ ਪਤਾ ਏ ਪੱਕਾ ।"
"ਮੈਨੂੰ ਆਪ ਇਹ ਲਗਦਾ ਉਹਨਾਂ ਦੇ ਕੁੱਤੇ ਸਭ ਨਸਲੀ ਨੇ ।
ਸਾਰੇ ਮਹਿੰਗੇ ਮੁੱਲ ਦੇ ਨੇ ਤੇ ਸਾਰੇ ਦੇ ਸਾਰੇ ਅਸਲੀ ਨੇ ।
ਇਸ ਕੁਤੀੜ ਵੱਲ ਤਾਂ ਵੇਖੋ ਖੁਰਕ-ਮਾਰਿਆ ਤੇ ਬਦਸੂਰਤ ।
ਜਰਨੈਲ ਸਾਹਿਬ ਨੂੰ ਇਹ ਰੱਖਣ ਦੀ ਕਿਹੜੀ ਪਈ ਜ਼ਰੂਰਤ ।
ਜੇ ਕੋਈ ਐਸਾ ਕੁੱਤਾ ਮਾਸਕੋ ਜਾਂ ਪੀਟਰਸਬਰਗ ਵਿੱਚ ਦਿੱਸੇ ।
ਪਤੈ ਉਸ ਨਾਲ ਕੀ ਹੋਵੇਗਾ ਹਰ ਕੋਈ ਪਵੇਗਾ ਉਹਦੇ ਪਿੱਛੇ ।
ਕਾਨੂੰਨ ਤੋਂ ਬੇਪਰਵਾਹ ਹੋ ਕੇ ਸਾਰੇ ਉਹਨੂੰ ਮਾਰ ਛੱਡਣਗੇ ।
ਪਿੱਛੋਂ ਜੋ ਹੁੰਦੈ ਹੋ ਜਾਵੇ ਪਹਿਲਾਂ ਫਸਤਾ ਉਸਦਾ ਵੱਢਣਗੇ ।
ਖਰੀਊਕਿਨ ਤੈਨੂੰ ਇਸ ਵੱਢਿਐ ਇਹ ਗੱਲ ਭੁੱਲ ਨਾ ਜਾਣਾ ।
ਸਮਾਂ ਆ ਗਿਐ ਇਹਦੇ ਮਾਲਿਕ ਨੂੰ ਪੈਣਾ ਸਬਕ ਸਿਖਾਣਾ ।"

ਫਿਰ ਖ਼ਿਆਲ ਆਪਣਾ ਉੱਚ ਆਵਾਜ਼ੇ ਦੱਸਿਆ ਓਸ ਸਿਪਾਹੀ,
"ਸ਼ਾਇਦ ਇਹ ਕੁੱਤਾ ਸੱਚੀਂ ਮੁੱਚੀਂ ਕਿਤੇ ਹੋਵੇ ਨਾ ਉਨ੍ਹਾਂ ਦਾ ਹੀ ।
ਵੇਖਣ ਨਾਲ ਹੀ ਕੋਈ ਕੁੱਤੇ ਦਾ ਕਦੇ ਮਾਲਕ ਦੱਸ ਸਕਿਆ ਏ ।
ਕੁਝ ਦਿਨ ਹੋਏ ਉਹਨਾਂ ਦੇ ਵਿਹੜੇ ਮੈਂ ਐਸਾ ਕੁੱਤਾ ਤੱਕਿਆ ਏ ।"
ਭੀੜ ਵਿਚੋਂ ਵੀ ਆਵਾਜ਼ ਇਹ ਆਈ, " ਇਹ ਉਨ੍ਹਾਂ ਦਾ ਕੁੱਤਾ ।"
ਇਹ ਗੱਲ ਸੁਣਕੇ ਥਾਣੇਦਾਰ ਵੀ ਮੁੜਕੇ, ਹੋ ਗਿਆ ਦੋ-ਚਿੱਤਾ ।
"ਯੇਲਦੀਰਿਨ, ਮੇਰੇ ਕੋਟ ਪੁਆਈਂ, ਬੁੱਲਾ ਹਵਾ ਦਾ ਆਇਆ ।
ਇਹ ਬੁੱਲਾ ਵੇਖ ਕਿੰਨੀ ਠੰਢਕ ਹੈ ਆਪਣੇ ਨਾਲ ਲਿਆਇਆ ।
ਇਹ ਕੁੱਤਾ ਆਪਣੇ ਨਾਲ ਲੈ ਕੇ ਤੂੰ ਜਰਨੈਲ ਸਾਹਿਬ ਦੇ ਜਾਵੀਂ ।
ਇਸ ਨੂੰ ਮੈਂ ਹੀ ਲੱਭ ਕੇ ਭਿਜਵਾਇਐ ਉਹਨਾਂ ਨੂੰ ਦੱਸ ਆਵੀਂ ।
ਇਸ ਕੁੱਤੇ ਨੂੰ ਐਵੇਂ ਗਲੀ ਵਿੱਚ ਛੱਡਣਾ ਹੈ ਨਹੀਂ ਮੂਲੋਂ ਚੰਗਾ ।
ਮਤਾਂ ਇਹ ਕੀਮਤੀ ਕੁੱਤਾ ਵਿਗੜਕੇ ਬਣ ਹੀ ਨਾ ਜਾਵੇ ਗੰਦਾ ।
ਹਰ ਮੂਰਖ ਆਪਣੀ ਬਲਦੀ ਸਿਗਰਟ ਇਸ ਦੇ ਨੱਕ 'ਚ ਵਾੜੇ ।
ਕੁੱਤਾ ਬੜੀ ਨਾਜ਼ੁਕ ਚੀਜ਼ ਹੈ ਹੁੰਦੀ ਮਤ ਸਿਗਰਟ ਇਸਨੂੰ ਸਾੜੇ ।
..ਆਪਣਾ ਹੱਥ ਹੇਠਾਂ ਕਿਉਂ ਨਹੀਂ ਕਰਦਾ ਉੱਲੂ ਦੇ ਪੱਠੇ ਸੁਣ ਤੂੰ ।
ਆਪਣੀ ਗੰਦੀ ਉਂਗਲ ਲੋਕਾਂ ਨੂੰ ਦਿਖਾਉਣਾ ਬੰਦ ਕਰਦੇ ਹੁਣ ਤੂੰ ।"

"ਔਹ ਵੇਖੋ, ਰਸੋਈਆ ਸਾਹਿਬ ਦਾ ਪਰੋਖੋਰ ਹੈ ਆਇਆ ।
ਬਜ਼ੁਰਗਾ ਪਛਾਣ ਇਹ ਕੁੱਤਾ ਤੁਸਾਂ ਤੇ ਨਹੀਂ ਗੁਆਇਆ ।"
"ਕੋਈ ਹੋਰ ਗੱਲ ਕਰੋ, ਤੁਸਾਂ ਇਹ ਕਿਹੋ ਜਿਹੀ ਗੱਲ ਪੁੱਛੀ ।
ਇਹੋ ਜਿਹੀ ਕੁਤੀੜ ਸਾਰੀ ਜ਼ਿੰਦਗੀ ਅਸਾਂ ਕਦੇ ਨਹੀਂ ਰੱਖੀ ।"
ਥਾਣੇਦਾਰ ਵਿਚੋਂ ਹੀ ਬੋਲਿਆ, "ਹੋਰ ਪੁੱਛਣ ਦੀ ਲੋੜ ਨਾ ਕੋਈ ।
ਇਸ ਕੁੱਤੇ ਨੂੰ ਮਾਰੋ ਹੁਣ ਗੋਲੀ, ਗੱਲ ਸਮਝੋ ਖ਼ਤਮ ਇਹ ਹੋਈ ।"
ਪਰੋਖੋਰ ਅੱਗੋਂ ਫਿਰ ਦੱਸਿਆ, "ਗੱਲ ਅਜੇ ਖ਼ਤਮ ਨਹੀਂ ਹੋਈ ।
ਜਰਨੈਲ ਸਾਹਿਬ ਦੇ ਭਾਈ ਨੂੰ ਬਹੁਤ ਪਸੰਦ ਨੇ ਕੁੱਤੇ 'ਬੋਰਜ਼ੋਈ' ।"
ਇਹ ਸੁਣ ਥਾਨੇਦਾਰ ਦੇ ਚਿਹਰੇ ਉੱਤੇ ਮੁਸਕ੍ਰਾਹਟ ਭਰ ਆਈ।
"ਸੱਚੀਂ ਆਏ ਹੋਏ ਨੇ, ਕਦੋਂ ਦੇ ਜਰਨੈਲ ਸਾਹਿਬ ਦੇ ਭਾਈ ।
ਜ਼ਰਾ ਸੋਚੋ ਉਹ ਆਏ ਹੋਏ ਨੇ ਤੇ ਮੈਨੂੰ ਖ਼ਬਰ ਨਹੀਂ ਕਾਈ ।
ਕੀ ਉਹ ਠਹਿਰਨਗੇ ਜਾਂ ਨਹੀਂ ? ਤੂੰ ਮੈਨੂੰ ਦੱਸ ਮੇਰੇ ਭਾਈ ।"
ਪਰੋਖੋਰ ਨੇ 'ਹਾਂ' ਕਹੀ ਤੇ ਥਾਣੇਦਾਰ ਨੇ ਗੱਲ ਜਾਰੀ ਰੱਖੀ,
"ਇਹ ਕੁੱਤਾ ਉਹਨਾਂ ਦਾ ਮੈਨੂੰ ਕਿਸੇ ਨਹੀਂ ਗੱਲ ਦੱਸੀ !
ਇਸ ਨੂੰ ਚੁੱਕ ਲੈ, ਕਿੰਨਾ ਸੁੰਦਰ ਇਹ ਨਿੱਕੂ ਜਿਹਾ ਕਤੂਰਾ ।
ਜਿਸਦੀ ਉਂਗਲ ਨੂੰ ਇਸ ਚੱਕ ਮਾਰਿਐ, ਉਹ ਹੈ ਬੇਸ਼ਊਰਾ ।"
ਪਰੋਖੋਰ ਕੁੱਤੇ ਨੂੰ ਪੁਚਕਾਰਿਆ ਕੁੱਤਾ ਉਸਦੇ ਪਿੱਛੇ ਤੁਰਿਆ ।
ਭੀੜ ਖੜੋਤੀ ਸਭ ਹੱਸਣ ਲੱਗੀ ਸੁਨਿਆਰਾ ਬਹਿ ਝੁਰਿਆ ।
"ਮੈਂ ਅਜੇ ਤੈਨੂੰ ਫੇਰ ਵੇਖਾਂਗਾ," ਥਾਨੇਦਾਰ ਨੇ ਦਿੱਤਾ ਡਰਾਬਾ ।
ਵੱਡਾ ਕੋਟ ਆਪਣਾ ਲਪੇਟ ਕੇ ਮੰਡੀ ਵਿਚੋਂ ਉਹ ਟੁਰ ਗਿਆ ।

7. ਖ਼ੁਸ਼ ਸ਼ਹਿਜ਼ਾਦਾ

(ਇਹ ਰਚਨਾ ਔਸਕਰ ਵਾਇਲਡ ਦੀ ਅੰਗ੍ਰੇਜੀ ਕਹਾਣੀ
'The Happy Prince' ਤੇ ਆਧਾਰਿਤ ਹੈ)

1.
ਸਾਰੇ ਸ਼ਹਿਰ ਦੇ ਉਪਰੋਂ ਇਕ ਬੁੱਤ ਸੀ ਦਿਸਦਾ ।
ਖ਼ੁਸ਼ ਸ਼ਹਿਜ਼ਾਦਾ ਨਾਂ ਸੀ, ਸੀ ਬੁੱਤ ਉਹ ਜਿਸਦਾ ।
ਮੜ੍ਹਿਆ ਸੋਨੇ ਨਾਲ ਸੀ ਸ਼ਹਿਜ਼ਾਦਾ ਸੋਹਣਾ ।
ਨੀਲਮ ਅੱਖੀਂ ਸੋਂਹਦੇ ਜਾਪੇ ਮਨਮੋਹਣਾ ।
ਉਸ ਹੱਥ ਇਕ ਤਲਵਾਰ ਸੀ ਜੋ ਬੜੀ ਪਿਆਰੀ ।
ਮੁੱਠੇ ਜੜਿਆ ਲਾਲ ਸੀ ਦਿਖ ਜਿਸਦੀ ਨਿਆਰੀ ।
ਲੋਕੀਂ ਉਸਨੂੰ ਵੇਖਕੇ ਕਈ ਗੱਲਾਂ ਕਰਦੇ ।
ਕੋਈ ਕਹੇ ਫ਼ਜ਼ੂਲ ਇਹ ਕਈ ਆਹਾਂ ਭਰਦੇ ।
ਮਾਂ ਆਖਦੀ ਬੱਚੇ ਨੂੰ ਖ਼ੁਸ਼ ਏਦਾਂ ਰਹਿਣਾ ।
ਕੋਈ ਕਹਿੰਦਾ ਬੁੱਤ ਨੇ ਹੈ ਇਉਂ ਹੀ ਰਹਿਣਾ ।
ਬੱਚੇ ਕਹਿਣ, 'ਫ਼ਰਿਸ਼ਤਿਆਂ ਜਿਉਂ ਚਿਹਰਾ ਇਸਦਾ ।'
ਹਿਸਾਬ ਮਾਸਟਰ ਪੁਛਦਾ, 'ਕੀ ਸਬੂਤ ਹੈ ਇਸਦਾ ?
ਤੁਸੀਂ ਕੀ ਜਾਣੋਂ ਫ਼ਰਿਸ਼ਤੇ ਨੇ ਕਿੱਥੇ ਰਹਿੰਦੇ ?'
ਬੱਚੇ ਕਹਿਣ, 'ਵਿਚ ਸੁਪਨਿਆਂ ਸਾਡੇ ਕੋਲ ਬਹਿੰਦੇ ।'

2.
ਇਕ ਰਾਤ ਨੂੰ ਅਬਾਬੀਲ ਇਕ ਆਇਆ ਉੱਥੇ।
ਸਾਥੀ ਮਿਸਰ ਨੂੰ ਚਲੇ ਗਏ ਉਹ ਰਹਿਆ ਪਿੱਛੇ ।
ਬੰਸਰੀ ਦੇ ਬੂਟੇ ਨਾਲ ਸੀ ਪਿਆਰ ਉਹ ਕਰਦਾ ।
ਉਸਨੂੰ ਹਾਸਲ ਕਰਨ ਲਈ ਲੱਖ ਤਰਲੇ ਕਰਦਾ ।
ਸਾਰੀਆਂ ਗਰਮੀਆਂ ਲੰਘੀਆਂ ਉਹਨੂੰ ਏਦਾਂ ਕਰਦੇ ।
ਸਾਥੀ ਕਹਿੰਦੇ ਮੂਰਖ ਨੇ ਜੋ ਬੰਸਰੀਆਂ ਤੇ ਮਰਦੇ ।
ਇਸ ਕੋਲ ਕੋਈ ਧਨ ਨਹੀਂ ਪਰ ਸੰਬੰਧੀ ਨੇ ਕਿੰਨੇ ।
ਇਹ ਕਹਿ ਉਡਾਰੀ ਮਾਰ ਗਏ ਅਬਾਬੀਲ ਸੀ ਜਿੰਨੇ ।
ਪਿੱਛੋਂ ਉਸਨੇ ਸੋਚਿਆ ਇਹਦੀ ਹਵਾ ਨਾਲ ਵੀ ਯਾਰੀ ।
ਇਹ ਨਾ ਇੱਥੋਂ ਜਾ ਸਕੇ ਮਾਰ ਲੰਮੀ ਉਡਾਰੀ ।
ਫਿਰ ਅਬਾਬੀਲ ਨੇ ਪੁੱਛਿਆ, 'ਚੱਲ ਏਥੋਂ ਚੱਲੀਏ ।'
ਉਸਨੇ ਸਿਰ ਹਿਲਾਇਆ ਜਦ ਹਵਾ ਚੱਲੀ ਏ ।
ਉਸਨੇ ਉਹਨੂੰ 'ਬੇਵਫ਼ਾ' ਆਖਕੇ ਕਰ ਲਈ ਤਿਆਰੀ ।
ਪਿਰਾਮਿਡਾਂ ਵੱਲ ਜਾਣ ਲਈ ਉਸ ਭਰੀ ਉਡਾਰੀ ।

3.
ਸਾਰਾ ਦਿਨ ਉਹ ਉੱਡਿਆ ਰਾਤੀਂ ਸ਼ਹਿਰ 'ਚ ਆਇਆ ।
ਉਸ ਜਗ੍ਹਾ ਰਾਤ ਕੱਟਣ ਦਾ ਉਸ ਮਨ ਬਣਾਇਆ ।
ਉਹ ਬੁਤ ਵੱਲ ਵੇਖ ਕੇ ਹੇਠਾਂ ਉਤਰ ਆਇਆ ।
ਉਸ ਦੇ ਪੈਰਾਂ ਵਿਚ ਸੌਣ ਲਈ ਉਸ ਡੇਰਾ ਲਾਇਆ ।
ਸੌਣ ਲਈ ਫਿਰ ਓਸਨੇ ਸਿਰ ਖੰਭਾਂ ਵਿਚ ਦਿੱਤਾ ।
ਐਨ ਉਸੇ ਵੇਲੇ ਪਾਣੀ ਦਾ ਇਕ ਡਿੱਗਿਆ ਤੁਪਕਾ ।
ਉਸਨੇ ਉਪਰ ਤੱਕਿਆ ਤਾਰੇ ਖਿੜ ਖਿੜ ਹੱਸਣ।
ਆਕਾਸ਼ ਵਿਚ ਨਾ ਕਿਤੇ ਵੀ ਕੋਈ ਬੱਦਲ ਦਿੱਸਣ ।
ਐਨੇ ਨੂੰ ਤੁਪਕਾ ਹੋਰ ਆ ਉਸ ਉਤੇ ਡਿੱਗਾ ।
ਖੰਭ ਖੋਲ੍ਹ ਕੇ ਆਪਣੇ ਉਹ ਉੱਡਣ ਸੀ ਲੱਗਾ ।
ਤੀਜਾ ਤੁਪਕਾ ਡਿੱਗਿਆ ਉਸ ਉਪਰ ਤੱਕਿਆ ।
ਐਸਾ ਨਜ਼ਾਰਾ ਉਸ ਵੇਖਿਆ ਤੇ ਉਡ ਨਾ ਸਕਿਆ ।
ਹੰਝੂਆਂ ਨਾਲ ਬੁੱਤ ਦੀਆਂ ਸੀ ਅੱਖੀਆਂ ਭਰੀਆਂ ।
ਉਨ੍ਹਾਂ ਵਿਚੋਂ ਹੀ ਨਿਕਲਕੇ ਬੂੰਦਾਂ ਸਨ ਵਰ੍ਹੀਆਂ ।
ਚਾਨਣੀ ਰਾਤ ਵਿਚ ਸ਼ਹਿਜ਼ਾਦਾ ਸੀ ਲਗਦਾ ਸੋਹਣਾ ।
ਅਬਾਬੀਲ ਨੂੰ ਤਰਸ ਆ ਗਿਆ ਤੱਕ ਉਸ ਦਾ ਰੋਣਾ ।
"ਦੱਸ ਤੂੰ ਮੈਨੂੰ ਕੌਣ ਏਂ ?" ਉਸ ਉਹਨੂੰ ਪੁੱਛਿਆ ।
"ਖ਼ੁਸ਼-ਸ਼ਹਿਜ਼ਾਦਾ ਨਾਂ ਮੇਰਾ," ਸੀ ਬੁੱਤ ਨੇ ਦੱਸਿਆ ।
"ਤੂੰ ਦੱਸ ਕਿਉਂ ਰੋ ਰਿਹਾ ਮੈਨੂੰ ਭਿਉਂ ਦਿੱਤਾ ?"
ਸ਼ਹਿਜ਼ਾਦੇ ਨੇ ਸ਼ੁਰੂ ਕੀਤਾ ਫਿਰ ਆਪਣਾ ਕਿੱਸਾ ।
"ਜਦੋਂ ਮੈਂ ਜਿਉਂਦਾ ਜਾਗਦਾ ਇਨਸਾਨ ਸਾਂ ਭਾਈ ।
ਹੰਝੂਆਂ ਦੀ ਕਦ ਪਹੁੰਚ ਸੀ ਤਦ ਮੇਰੀ ਜਾਈ ।
ਦੁੱਖ ਕਦੇ ਮੇਰੇ ਮਹਿਲ ਦੇ ਨਾ ਆਉਂਦਾ ਨੇੜੇ ।
ਦੋਸਤਾਂ ਨਾਲ ਮੈਂ ਬਾਗ਼ ਵਿਚ ਲਾਉਂਦਾ ਸਾਂ ਗੇੜੇ ।
ਸ਼ਾਮ ਵੇਲੇ ਮੈਂ ਨਾਚ ਦਾ ਸਾਂ ਮੋਹਰੀ ਹੁੰਦਾ ।
'ਖ਼ੁਸ਼-ਸ਼ਹਿਜ਼ਾਦਾ' ਆਖਦਾ ਮੈਨੂੰ ਹਰ ਬੰਦਾ ।
ਮਹਿਲ ਦੇ ਬਾਹਰ ਕੀ ਹੈ ਨਾ ਪਤਾ ਸੀ ਕਾਈ ।
ਏਸ ਤਰ੍ਹਾਂ ਖ਼ੁਸ਼ ਰਹਿੰਦਿਆਂ ਮੈਂ ਉਮਰ ਲੰਘਾਈ ।
ਮਰਨ ਤੋਂ ਬਾਦ ਉਨ੍ਹਾਂ ਨੇ ਆਹ ਬੁੱਤ ਬਣਾਇਆ ।
ਸਿੱਕੇ ਦਾ ਦਿਲ ਉਨ੍ਹਾਂ ਨੇ ਮੇਰੇ ਵਿਚ ਪਾਇਆ ।
ਹੁਣ ਸ਼ਹਿਰ ਦੀ ਸਾਰੀ ਗੰਦਗੀ ਤੇ ਦੁੱਖ ਮੈਂ ਤੱਕਾਂ ।
ਹੰਝੂ ਭਰੀਆਂ ਰਹਿੰਦੀਆਂ ਤਾਹੀਂ ਮੇਰੀਆਂ ਅੱਖਾਂ ।

4.
ਔਹ ਦੂਰ ਛੋਟੀ ਗਲੀ ਵਿਚ ਮਕਾਨ ਹੈ ਦਿਸਦਾ ।
ਉਹ ਦਰਜਣ ਬੜੀ ਗਰੀਬੜੀ ਹੈ ਘਰ ਉਹ ਜਿਸਦਾ ।
ਉਹ ਮਰੀਅਲ ਜਿਹੀ ਜਾਪਦੀ ਅੱਖਾਂ ਵਿਚ ਖੁਭੀਆਂ ।
ਲਾਲ ਖੁਰਦਰੇ ਹੱਥਾਂ ਵਿਚ ਸੂਈਆਂ ਨੇ ਚੁਭੀਆਂ ।
ਸਾਟਿਨ ਦੇ ਇਕ ਗਾਊਨ ਤੇ ਕਢਾਈ ਪਈ ਕਰਦੀ ।
ਅਗਲੇ ਦਿਨ ਪਾਵਣਾ ਨਾਚ ਤੇ ਰਾਣੀ ਦੀ ਬਰਦੀ ।
ਇਕ ਖੂੰਜੇ ਵਿੱਚ ਪਿਆ ਹੈ ਉਹਦਾ ਬਾਲ ਨਿਆਣਾ ।
ਬੁਖਾਰ ਨੇ ਉਸ ਬੱਚੇ ਨੂੰ ਕਰ ਰੱਖਿਆ ਹੈ ਨਿੰਮੋਝਾਣਾ ।
"ਮਾਂ, ਮੈਂ ਸੰਤਰੇ ਲੈਣੇ ਨੇ" ਉਹ ਆਖੀਂ ਹੀ ਜਾਵੇ ।
ਮਾਂ ਦੇ ਕੋਲ ਫੁੱਟੀ ਕੌਡੀ ਨਹੀਂ ਉਹ ਕਿਥੋਂ ਲਿਆਵੇ ।
ਹੇ ਅਬਾਬੀਲ ! ਦੇਖ ਤੂੰ ਮੇਰੇ ਪੈਰ ਪਏ ਬੰਨ੍ਹੇ ।
ਤੈਨੂੰ ਅਰਜ਼ ਮੈਂ ਇਕ ਕਰਾਂ ਜੇ ਮੇਰੀ ਮੰਨੇ ।
ਤਲਵਾਰੋਂ ਲਾਲ ਉਤਾਰ ਲੈ ਤੇ ਮਾਰ ਉਡਾਰੀ ।
ਇਹ ਉਸ ਮਾਂ ਨੂੰ ਦੇ ਆ ਜੋ ਹੈ ਦੁਖਿਆਰੀ ।"
ਅਬਾਬੀਲ ਫਿਰ ਆਖਦਾ, ਮੈਂ ਮਿਸਰ ਜਾਣਾਂ ।
ਜਿਥੇ ਸਾਥੀ ਮੈਨੂੰ ਉਡੀਕਦੇ ਮੇਰਾ ਉਹੀ ਟਿਕਾਣਾ ।
ਉਹ ਉਡਦੇ ਉਪਰ ਨੀਲ ਦੇ ਕੰਵਲਾਂ ਨਾਲ ਬੋਲਣ ।
ਸ਼ਾਮ ਪਏ ਘਰ ਆਉਣ ਲਈ ਪਰ ਅਪਣੇ ਤੋਲਣ ।
ਉਨ੍ਹਾਂ ਦਾ ਘਰ ਰਾਜੇ ਦੀ ਕਬਰ ਹੈ ਜੋ ਬੜੀ ਸ਼ਿੰਗਾਰੀ ।
ਰਾਜੇ ਦੀ ਚਮੜੀ ਓਸ ਵਿਚ ਪਈ ਝੁਰੜੀ ਸਾਰੀ ।"
ਸ਼ਹਿਜ਼ਾਦਾ ਆਖੇ ਅਬਾਬੀਲ ਨੂੰ, "ਰੁਕ ਅੱਜ ਦੀ ਰਾਤੀਂ ।
ਵੇਖ ਲੜਕਾ ਕਿੰਨਾ ਪਿਆਸਾ ਹੈ ਤੇ ਮਾਂ ਕਿੰਨੀ ਉਦਾਸੀ ।"
"ਮੈਨੂੰ ਲੜਕੇ ਪਸੰਦ ਨਾ," ਅਬਾਬੀਲ ਪੁਕਾਰੇ ।
"ਇਕ ਦਿਨ ਤਿੰਨ ਮੁੰਡਿਆਂ ਮੈਨੂੰ ਪੱਥਰ ਮਾਰੇ ।
ਮੈਂ ਇਸ ਲਈ ਬਚ ਗਿਆ ਅਸੀਂ ਹਾਂ ਫੁਰਤੀਲੇ ।
ਮੈਂ ਨਹੀਂ ਰੁਕਣਾ ਏਸ ਥਾਂ ਹੁਣ ਕਿਸੇ ਵੀ ਹੀਲੇ ।"
ਇਹ ਗੱਲ ਸੁਣ ਸ਼ਹਿਜ਼ਾਦੇ 'ਤੇ ਉਦਾਸੀ ਛਾਈ ।
ਇਹੋ ਉਦਾਸੀ ਅਬਾਬੀਲ ਦਿਲ ਤਰਸ ਲਿਆਈ ।
"ਭਾਵੇਂ ਕਿੰਨੀ ਠੰਢ ਹੈ ਰਾਤ ਪਰ ਏਥੇ ਲੰਘਾਣੀ ।
ਤੇਰੀ ਦਿੱਤੀ ਹੋਈ ਚੀਜ਼ ਮੈਂ ਅੱਗੇ ਦੇ ਆਣੀ ।
ਅਬਾਬੀਲ ਤਲਵਾਰ ਤੋਂ ਫਿਰ ਲਾਲ ਨੂੰ ਲਾਹਿਆ ।
ਫੜ ਕੇ ਚੁੰਝ ਵਿਚ ਓਸਨੂੰ ਓਥੋਂ ਉਹ ਧਾਇਆ ।
ਗਿਰਜਾ, ਮਹਿਲ, ਦਰਿਆ ਦੇ ਉਪਰੋਂ ਉਹ ਉਡਿਆ ।
ਮੰਡੀ ਉੱਤੋਂ ਲੰਘਕੇ ਗ਼ਰੀਬ ਮਾਂ ਦੇ ਘਰ ਪੁੱਜਿਆ ।
ਮਾਂ ਸੁੱਤੀ ਪਈ ਸੀ ਬੱਚਾ ਤੜਪਦਾ ਸੀ ਤਪਿਆ ।
ਮੇਜ਼ ਦੇ ਉੱਤੇ ਅਬਾਬੀਲ ਨੇ ਜਾ ਲਾਲ ਸੀ ਰੱਖਿਆ ।
ਮੰਜੇ ਉੱਤੇ ਪਰ ਖੋਲ੍ਹ ਕੇ ਉਸ ਪੱਖਾ ਸੀ ਕਰਿਆ ।
ਬੱਚਾ ਕਹਿੰਦਾ, "ਲਗਦੈ ਮੈਂ ਠੀਕ ਹੋ ਰਿਹਾ ।
ਠੰਢਕ ਹੈ ਕੁਝ ਜਾਪਦੀ ਤਪਦਾ ਘੱਟ ਹੈ ਮੱਥਾ ।"
ਇਹ ਕਹਿ ਪਾਸਾ ਮਾਰ ਮਿੱਠੀ ਨੀਂਦ ਉਹ ਸੁੱਤਾ ।
ਅਬਾਬੀਲ ਵਾਪਸ ਆ ਕੇ ਫਿਰ ਆ ਸੁਣਾਇਆ ।
"ਮੇਰਾ ਸਰੀਰ ਠੰਢ ਵਿਚ ਵੀ ਜਾਪੇ ਗਰਮਾਇਆ ।"
ਸ਼ਹਿਜ਼ਾਦਾ ਕਹਿੰਦਾ, "ਤੂੰ ਜੋ ਨੇਕ ਕੰਮ ਹੈ ਕੀਤਾ ।"
ਸੋਚਾਂ ਸੋਚਦਾ ਹੀ ਉਹ ਸੌਂ ਗਿਆ ਹੋ ਚੁੱਪ-ਚੁਪੀਤਾ ।

5.
ਸੁਬਹ ਉਠਕੇ ਅਬਾਬੀਲ ਦਰਿਆ ਤੇ ਆਇਆ ।
ਪਾਣੀ ਵਿਚ ਕਿੰਨੀ ਦੇਰ ਸੀ ਉਹ ਖ਼ੂਬ ਨਹਾਇਆ ।
ਇਕ ਪ੍ਰੋਫ਼ੈਸਰ ਨੇ ਪੁਲ ਉੱਤੋਂ ਇਹ ਡਿੱਠਾ ਨਜ਼ਾਰਾ ।
"ਸਰਦੀਆਂ ਵਿੱਚ ਅਬਾਬੀਲ !" ਹੈਰਾਨ ਉਹ ਭਾਰਾ ।"
ਵਿੱਚ ਅਖ਼ਬਾਰਾਂ ਓਸ ਨੇ ਇੱਕ ਪੱਤਰ ਲਿਖਿਆ ।
ਪਰ ਸ਼ਬਦ ਕੋਈ ਓਸਦੇ ਸੀ ਸਮਝ ਨਾ ਸਕਿਆ ।
ਰਾਤੀਂ ਮੈਂ ਮਿਸਰ ਜਾਵਣਾਂ ਉਸ ਦਿਲ ਵਿਚ ਧਾਰੀ ।
ਉਹ ਘੁੰਮਿਆਂ ਸਾਰੇ ਸ਼ਹਿਰ 'ਤੇ ਮਾਰ ਲੰਮੀ ਉਡਾਰੀ ।
'ਕਿੱਥੋਂ ਆਇਆ ਅਜਨਬੀ' ਸਭ ਚੂਕਣ ਚਿੜੀਆਂ ।
ਇਹ ਸੁਣ ਚਿਹਰੇ ਓਸਦੇ ਸੀ ਖ਼ੁਸ਼ੀਆਂ ਖਿੜੀਆਂ ।
ਚੰਨ ਅਸਮਾਨੀਂ ਚੜ੍ਹ ਗਿਆ ਉਹ ਵਾਪਸ ਆਇਆ ।
"ਹੈ ਕੋਈ ਕੰਮ ਮਿਸਰ ਵਿਚ ਤੂੰ ਚਾਹੇਂ ਕਰਾਇਆ ।"
ਸ਼ਹਿਜ਼ਾਦੇ ਸੁਣ ਓਸਦੀ ਉਹਨੂੰ ਗੱਲ ਇਹ ਆਖੀ ।
"ਅੱਜ ਦੀ ਰਾਤ ਹੋਰ ਰੁਕ ਜਾ ਮੇਰਾ ਕੰਮ ਏ ਬਾਕੀ ।"
"ਮੇਰੇ ਸਾਥੀਆਂ ਕੱਲ੍ਹ ਨੂੰ ਇਕ ਝਰਨੇ ਵੱਲ ਜਾਣਾ ।
ਜਿੱਥੇ ਦਰਿਆਈ-ਘੋੜੇ ਨੇ ਤੇ ਫ਼ਰਿਸ਼ਤੇ ਨੇ ਆਣਾ ।
ਸਾਰੀ ਰਾਤ ਉੱਥੇ ਉਹ ਬੈਠ ਕੇ ਤਾਰੇ ਪਿਆ ਤਕੇਂਦਾ ।
ਸੁਬਹ ਦੇ ਤਾਰੇ ਨਾਲ ਖ਼ੁਸ਼ੀ ਦੀ ਫਿਰ ਕੂਕ ਮਰੇਂਦਾ ।
ਦੁਪਹਿਰੀਂ ਉਸ ਥਾਂ ਨੇ ਪੀਲੇ ਸ਼ੇਰ ਕਈ ਆਉਂਦੇ ।
ਉੱਚੀ ਉੱਚੀ ਉਹ ਗਰਜਦੇ ਤੇ ਪਿਆਸ ਬੁਝਾਉਂਦੇ ।"
"ਔਹ ਦੂਰ ਇਕ ਨਿੱਕੀ ਕੋਠੜੀ ਵਿੱਚ ਗੱਭਰੂ ਦਿਸਦਾ ।
ਝੁਕਿਆ ਹੋਇਆ ਉਹ ਡੈਸਕ ਤੇ ਜਾਪੇ ਕੁਝ ਲਿਖਦਾ ।
ਆਲੇ ਦੁਆਲੇ ਉਸ ਆਪਣੇ ਕਾਗ਼ਜ਼ ਨੇ ਖਿੰਡਾਏ।
ਜਾਮਨੀ ਫੁੱਲ ਗਲਾਸ ਵਿਚ ਪਏ ਉਕਾ ਮੁਰਝਾਏ ।
ਭੂਰੇ ਤਿੱਖੇ ਉਸਦੇ ਵਾਲ ਨੇ ਬੁਲ੍ਹ ਅਨਾਰਾਂ ਵਰਗੇ।
ਵੱਡੀਆਂ ਅੱਖਾਂ ਨੇ ਉਸਦੀਆਂ ਵਿਚ ਸੁਪਨੇ ਤਰਦੇ ।
ਉਸਨੇ ਨਾਟਕ ਲਿਖਣਾ ਜੋ ਲਿਖਿਆ ਨਾ ਜਾਵੇ ।
ਠੰਢ ਤੇ ਭੁੱਖ ਓਸਨੂੰ ਪਈ ਵੱਢ ਵੱਢ ਖਾਵੇ ।"
"ਰਾਤ ਤੇਰੇ ਕੋਲ ਰੁਕ ਕੇ ਤੇਰਾ ਕੰਮ ਮੈਂ ਕਰਨਾ ।
ਇਕ ਲਾਲ ਤੂੰ ਮੈਨੂੰ ਹੋਰ ਦੇ ਜੋ ਅੱਗੇ ਮੈਂ ਖੜਨਾ ।"
"ਮੇਰੇ ਕੋਲ ਨੀਲਮ ਅੱਖਾਂ ਦੇ ਇਕ ਤੂੰ ਇਹ ਲੈ ਜਾ ।
ਛੇਤੀ ਨਾਲ ਉਡਾਰੀ ਮਾਰ ਉਸ ਗੱਭਰੂ ਨੂੰ ਦੇ ਆ ।"
ਇਹ ਸੁਣ ਅਬਾਬੀਲ ਦਾ ਸੀ ਗਲ ਭਰ ਆਇਆ ।
"ਮੈਂ ਨਹੀਂ ਇਹ ਕਰ ਸਕਦਾ ਜੋ ਤੂੰ ਫ਼ੁਰਮਾਇਆ ।"
ਸ਼ਹਿਜ਼ਾਦਾ ਉਸਨੂੰ ਆਖਦਾ, "ਇਹ ਹੁਕਮ ਹੈ ਮੇਰਾ,
ਦੋਸਤ ਹੋ ਕੇ ਹੁਕਮ ਮੰਨਣਾਂ ਇਹ ਫ਼ਰਜ਼ ਏ ਤੇਰਾ ।"
ਨੀਲਮ ਲੈ ਕੇ ਅਬਾਬੀਲ ਫਿਰ ਓਥੋਂ ਧਾਇਆ ।
ਮੁਰਝਾਏ ਫੁੱਲਾਂ ਕੋਲ ਓਸਨੂੰ ਉਸ ਜਾ ਟਿਕਾਇਆ ।
ਗੱਭਰੂ ਨੇ ਆਪਣੇ ਹੱਥਾਂ ਵਿਚ ਸੀ ਸਿਰ ਨੂੰ ਦਿੱਤਾ ।
ਇਸ ਲਈ ਅਬਾਬੀਲ ਓਸਨੇ ਨਾ ਆਉਂਦੇ ਡਿੱਠਾ ।
ਗੱਭਰੂ ਖ਼ੁਸ਼ ਹੋਇਆ ਜਦ ਉਹਨੇ ਨੀਲਮ ਤੱਕਿਆ ।
ਸੋਚਿਆ ਕਿਸੇ ਕਦਰਦਾਨ ਨੇ ਹੋਣਾ ਇਹ ਰੱਖਿਆ ।

6.
ਅਗਲੇ ਦਿਨ ਬੰਦਰਗਾਹ ਤੇ ਸਾਰਾ ਦਿਨ ਲੰਘਾਇਆ ।
ਵਾਪਸ ਮੁੜਿਆ ਚੰਨ ਜਦ ਦਿਸਿਆ ਚੜ੍ਹ ਆਇਆ ।
"ਪਿਆਰੇ ਸ਼ਹਿਜ਼ਾਦੇ ਅਲਵਿਦਾ," ਕਹਿ ਪਰ ਉਸ ਖੋਲ੍ਹੇ ।
"ਇਕ ਰਾਤ ਹੋਰ ਬੱਸ ਠਹਿਰ ਜਾ ਤੂੰ ਮੇਰੇ ਕੋਲੇ ।"
"ਏਥੇ ਠੰਢ ਹੈ ਵਧ ਰਹੀ ਫੇਰ ਬਰਫ਼ ਵੀ ਆਉਣੀ ।
ਪਰ ਮਿਸਰ ਦੀ ਧੁੱਪ ਹੈ ਤਨ ਨੂੰ ਗਰਮਾਉਣੀ ।
ਮੱਗਰਮੱਛ ਚਿਕੜ ਵਿਚ ਨੇ ਪਏ ਲੇਟਾਂ ਲਾਉਂਦੇ ।
ਮੇਰੇ ਸਾਥੀ ਮੰਦਿਰ ਵਿਚ ਨੇ ਆਲ੍ਹਣੇ ਬਣਾਉਂਦੇ ।
ਅਗਲੀ ਬਸੰਤ ਮੁੜ ਫੇਰ ਮੈਂ ਤੇਰੇ ਕੋਲ ਆਊਂ ।
ਤੇਰੇ ਲਈ ਸੋਹਣਾ ਲਾਲ ਤੇ ਨੀਲਮ ਲੈ ਆਊਂ ।
ਲਾਲ ਦਾ ਰੰਗ ਗੁਲਾਬ ਤੋਂ ਵੀ ਲਾਲ ਹੈ ਹੋਣਾ ।
ਨੀਲਮ ਨੀਲੇ ਸਾਗਰ ਜਿਉਂ ਹੋਣਾ ਮਨਮੋਹਣਾ ।"
"ਵੇਖ ਚੌਰਾਹੇ ਵਿੱਚ ਖੜੀ ਕੁੜੀ ਮਾਚਿਸਾਂ ਵਾਲੀ ।
ਮਾਚਿਸਾਂ ਉਹਦੀਆਂ ਡਿਗੀਆਂ ਵਿਚ ਗੰਦੀ ਨਾਲੀ ।
ਖਾਲੀ ਹੱਥ ਘਰ ਜਾਣ ਤੇ ਪਿਉਂ ਤੋਂ ਉਹ ਡਰਦੀ ।
ਨੰਗਾ ਸਿਰ, ਨੰਗੇ ਪੈਰ ਨੇ ਉੱਤੋਂ ਆ ਰਹੀ ਸਰਦੀ ।
ਨੀਲਮ ਉਸ ਨੂੰ ਦੇ ਆ ਉਹ ਮਾਰੋਂ ਬਚ ਜਾਵੇ ।
ਵਾਧੂ ਪੈਸੇ ਨਾਲ ਲੋੜੀਂਦੀਆਂ ਚੀਜ਼ਾਂ ਲੈ ਆਵੇ ।"
"ਰੁਕ ਜਾਵਾਂਗਾ ਤੇਰੇ ਕੋਲ ਪਰ ਅੱਖ ਕਿਦਾਂ ਕੱਢਾਂ ।
ਆਪਣੀ ਚੁੰਝ ਨਾਲ ਮੈਂ ਤੈਨੂੰ ਅੰਨ੍ਹਾਂ ਕਰ ਛੱਡਾਂ !"
ਸ਼ਹਿਜ਼ਾਦੇ ਦੇ ਹੁਕਮ ਅੱਗੇ ਉਸ ਸਿਰ ਨਿਵਾਇਆ ।
ਨੀਲਮ ਉਹਨੇ ਕੁੜੀ ਦੀ ਜਾ ਤਲੀ ਟਿਕਾਇਆ ।
ਕੁੜੀ ਖ਼ੁਸ਼ ਹੋ ਭੱਜ ਗਈ ਉਹ ਵਾਪਸ ਆਇਆ ।
ਸਦਾ ਲਈ ਉਥੇ ਰੁਕਣ ਦਾ ਉਸ ਮਨ ਬਣਾਇਆ ।
"ਤੂੰ ਹੁਣ ਅੰਨ੍ਹਾ ਹੋ ਗਿਆ ਮੈਂ ਏਥੇ ਹੀ ਰਹਿਣਾ ।
ਤੇਰਾ ਦੁਖ ਆਪਾਂ ਦੋਹਾਂ ਨੇ ਹੁਣ ਰਲਕੇ ਸਹਿਣਾ ।"
"ਤੂੰ ਹੁਣ ਏਥੋਂ ਚਲਾ ਜਾ ਗੱਲ ਮੰਨ ਇਹ ਮੇਰੀ ।"
ਉਹਦੇ ਪੈਰਾਂ ਵਿਚ ਉਹ ਸੌਂ ਗਿਆ ਲਾਈ ਨਾ ਦੇਰੀ ।

7.
ਮੋਢੇ ਉੱਤੇ ਸ਼ਹਿਜ਼ਾਦੇ ਦੇ ਬੈਠ ਕੇ ਅਗਲਾ ਦਿਨ ਸਾਰਾ ।
ਆਪਣੀਆਂ ਕਹਾਣੀਆਂ ਦਾ ਖੋਲ੍ਹਿਆ ਉਸਨੇ ਪਿਟਾਰਾ ।
ਕਦੇ ਉਹ ਅਜਨਬੀ ਦੇਸ਼ਾਂ ਵਿਚ ਉਹਨੂੰ ਲੈ ਜਾਂਦਾ ।
ਨੀਲ ਦੇ ਕੰਢੇ ਬੈਠੇ ਬੂਜੇ ਪੰਛੀਆਂ ਦੀ ਸੈਰ ਕਰਾਂਦਾ ।
ਸਫਿੰਨਕਸ ਬਾਰੇ ਉਸ ਦੱਸਿਆ ਜੋ ਬਹੁਤ ਪੁਰਾਣੀ ।
ਕਦੇ ਉਹ ਉਹਨੂੰ ਵਿਖਾਲਦਾ ਸੌਦਾਗਰਾਂ ਦੀ ਢਾਣੀ ।
ਕਦੇ ਕਹਿੰਦਾ ਪਹਾੜੀ ਰਾਜਾ ਇਕ ਚੰਨ ਤੇ ਰਹਿੰਦਾ ।
ਹਰੇ ਸੱਪ ਬਾਰੇ ਉਸ ਦੱਸਿਆ ਜੋ ਖਾਂਦਾ ਹੀ ਰਹਿੰਦਾ ।
ਤਾੜ ਦੇ ਰੁੱਖ ਵਿਚ ਸੌਂਦਾ ਰਹੇ ਪਰ ਜਦ ਉਹ ਜਾਗੇ ।
ਵੀਹ ਪਾਦਰੀ ਸ਼ਹਿਦ ਦੇਣ ਲਈ ਰਹਿਣ ਉਸਦੇ ਲਾਗੇ ।
ਫਿਰ ਉਸ ਬੌਨਿਆਂ ਬਾਰੇ ਦੱਸਿਆ ਜੋ ਪੱਤਿਆਂ ਤੇ ਤਰਦੇ ।
ਪਰ ਤਿਤਲੀਆਂ ਨਾਲ ਹਮੇਸ਼ ਜੋ ਲੜਾਈਆਂ ਨੇ ਕਰਦੇ ।

8.
ਸ਼ਹਿਜ਼ਾਦਾ ਫਿਰ ਬੋਲਿਆ, "ਓ ਅਬਾਬੀਲ ਪਿਆਰੇ !"
ਤੇਰੇ ਕਿੱਸੇ ਬੜੇ ਕਮਾਲ ਨੇ ਤੂੰ ਸੁਣਾਏ ਜੋ ਸਾਰੇ ।
ਪਰ ਸਭ ਤੋਂ ਕਮਾਲ ਤਾਂ ਦੁੱਖ ਹੈ ਜੋ ਲੋਕੀ ਸਹਿੰਦੇ ।
ਭੇਦ ਇਹਦੇ ਦੀ ਥਾਹ ਨਹੀਂ ਇਹ ਸਾਰੇ ਕਹਿੰਦੇ ।
ਤੂੰ ਸ਼ਹਿਰ ਉਡਾਰੀ ਮਾਰ ਵੇਖ ਦੁੱਖ ਦਰਦ ਏ ਕਿੰਨਾ ।
ਫਿਰ ਉਹ ਮੈਨੂੰ ਆ ਦੱਸੀਂ ਵੇਖੇਂ ਦੁੱਖ ਤੂੰ ਜਿੰਨਾ ।"
ਅਬਾਬੀਲ ਸ਼ਹਿਰ ਦੇ ਉਪਰੋਂ ਜਾਂ ਉਡਕੇ ਆਇਆ ।
ਸ਼ਹਿਜ਼ਾਦੇ ਨੂੰ ਆ ਕੇ ਦੱਸੀ ਜੋ ਖ਼ਬਰ ਲਿਆਇਆ ।
"ਅਮੀਰ ਮਹਿਲਾਂ ਵਿਚ ਨੇ ਐਸ਼ਾਂ ਨਾਲ ਰਹਿੰਦੇ ।
ਗ਼ਰੀਬ ਉਨ੍ਹਾਂ ਦੇ ਦਰ ਉੱਤੇ ਆਸਾਂ ਲਾ ਬਹਿੰਦੇ ।
ਮੈਂ ਉਹ ਗਲੀਆਂ ਵੇਖੀਆਂ ਜਿਥੇ ਦਿਨੇ ਹਨੇਰੇ ।
ਭੁੱਖੇ ਬੱਚਿਆਂ ਦੇ ਉੱਥੇ ਤੱਕੇ ਨੇ ਮੈਂ ਚਿੱਟੇ ਚੇਹਰੇ ।
ਇਕ ਪੁਲ ਹੇਠ ਮੈਂ ਤੱਕਿਆ ਦੋ ਬੱਚੇ ਸਿਮਟੇ ।
ਇਕ ਦੂਏ ਦੀਆਂ ਬਾਹਾਂ ਵਿੱਚ ਸੀ ਪਏ ਲਿਪਟੇ ।
ਬਾਹਰ ਸੀ ਮੀਂਹ ਪੈ ਰਿਹਾ ਤੇ ਠੰਢ ਸੀ ਭਾਰੀ ।
ਇਕ ਨੂੰ ਦੂਜਾ ਆਖਦਾ 'ਭੁੱਖ ਕਿੱਡੀ ਬੀਮਾਰੀ' ।
ਏਨੇ ਨੂੰ ਚੌਕੀਦਾਰ ਇਕ ਕਿਧਰੋਂ ਹੀ ਆਇਆ ।
ਦੋਹਾਂ ਬੱਚਿਆਂ ਨੂੰ ਡਰਾ ਕੇ ਉਸ ਨੇ ਭਜਾਇਆ ।"
"ਇਹ ਸੋਨਾ ਮੇਰੇ ਕਿਸ ਕੰਮ ਮੈਨੂੰ ਜਿਸ ਮੜ੍ਹਿਆ ।
ਲੋਕਾਂ ਨੂੰ ਦੇਣ ਲਈ ਏਸ ਨੂੰ ਤੂੰ ਲਾਹ ਲੈ ਅੜਿਆ ।"
ਅਬਾਬੀਲ ਨੇ ਹੌਲੀ ਹੌਲੀ ਸਾਰਾ ਸੋਨਾ ਲਾਹਿਆ ।
ਸ਼ਹਿਜ਼ਾਦੇ ਨੂੰ ਏਸ ਕੰਮ ਨੇ ਬਦਸ਼ਕਲ ਬਣਾਇਆ ।
ਬੱਚਿਆਂ ਦੇ ਚਿਹਰੇ ਖਿੜ ਗਏ ਉਹ ਲੁੱਡੀਆਂ ਪਾਵਣ ।
ਗਲੀਆਂ ਵਿਚ ਉਹ ਨਿਕਲ ਕੇ ਹਾਸੇ ਛਲਕਾਵਣ ।

9.
ਏਨੇ ਨੂੰ ਬਰਫ਼ ਆ ਗਈ ਕੋਰਾ ਵੀ ਲੱਗਾ ਚਮਕਣ ।
ਛੱਜਿਆਂ ਤੇ ਬਰਖ਼ ਲਟਕਦੀ ਜਿਉਂ ਖੰਜਰ ਲਮਕਣ ।
ਫਰ ਦੇ ਕਪੜੇ ਪਹਿਨ ਕੇ ਸਭ ਬਾਹਰ ਵਲ ਆਏ ।
ਲਾਲ ਰੰਗੀਆਂ ਟੋਪੀਆਂ ਪਾ ਕੇ ਬੱਚੇ ਖੇਡਣ ਆਏ ।
ਬਿਚਾਰਾ ਅਬਾਬੀਲ ਠੰਢ ਨਾਲ ਸੀ ਸੁੰਗੜਦਾ ਜਾਂਦਾ ।
ਪੇਟ ਭਰਨ ਨੂੰ ਬੇਕਰੀ ਅਗਿਉਂ ਭੋਰੇ ਚੁਗ ਚੁਗ ਖਾਂਦਾ ।
ਅੰਤ ਨੂੰ ਠੰਢ ਤੇ ਭੁੱਖ ਨੇ ਐਨਾ ਜ਼ੋਰ ਆ ਪਾਇਆ ।
ਅਬਾਬੀਲ ਨੇ ਸਮਝ ਲਿਆ ਹੁਣ ਅੰਤ ਹੈ ਆਇਆ ।
ਸ਼ਹਿਜ਼ਾਦੇ ਦੇ ਮੋਢੇ ਬੈਠਣ ਲਈ ਪੂਰੀ ਤਾਕਤ ਲਾਈ ।
ਫਿਰ ਉਸਦੇ ਕੰਨ ਵਿਚ ਓਸਨੇ ਇਹ ਗੱਲ ਸੁਣਾਈ ।
"ਹੁਣ ਤੈਨੂੰ ਮੈਂ ਕਹਿ ਅਲਵਿਦਾ ਅੱਗੇ ਵੱਲ ਜਾਵਾਂ ।
ਪਰ ਅੰਤ ਵੇਲੇ ਤੇਰਾ ਹੱਥ ਮੈਂ ਚੁੰਮਣਾ ਵੀ ਚਾਹਵਾਂ ।"
"ਤੂੰ ਆਪਣੇ ਦੇਸ਼ ਜਾ ਰਿਹੈਂ ਮੈਂ ਬਲਿਹਾਰੇ ਜਾਵਾਂ ।
ਮੂੰਹ ਮੱਥਾ ਜੋ ਮਰਜੀ ਚੁੰਮ ਲੈ ਤੈਨੂੰ ਕਿਉਂ ਹਟਾਵਾਂ ।"
"ਮੈਂ ਮਿਸਰ ਨਹੀਂ ਜਾ ਰਿਹਾ ਮੈਂ ਜਮ ਕੋਲ ਜਾਵਾਂ ।
ਮੌਤ ਤੇ ਨੀਂਦ ਸਭ ਸਮਝਦੇ ਵਾਂਗ ਸਕੇ ਭਰਾਵਾਂ ।"
ਚੁੰਮਣ ਲੈਂਦਿਆਂ ਸਾਰ ਹੀ ਅਬਾਬੀਲ ਸੀ ਮੋਇਆ ।
ਉਸੇ ਵੇਲੇ ਸ਼ਹਿਜ਼ਾਦੇ ਦਾ ਦਿਲ ਵੀ ਦੋ ਟੋਟੇ ਹੋਇਆ ।

10.
ਅਗਲੀ ਸੁਬਹ ਮੇਅਰ ਤੇ ਕੌਂਸਲਰ ਚੌਰਾਹੇ ਵਿਚ ਆਏ ।
ਬੁੱਤ ਵੱਲ ਮੇਅਰ ਵੇਖਿਆ ਤੇ ਫਿਰ ਆਖ ਸੁਣਾਏ,
"ਕਿੰਨਾ ਗੰਦਾ ਬੁੱਤ ਲੱਗਦਾ," ਉਹਨੇ ਗੱਲ ਚਲਾਈ ।
ਕੌਂਸਲਰਾਂ ਵੀ ਉਹਦੀ ਗੱਲ ਵਿਚ ਹੀ ਗੱਲ ਰਲਾਈ ।
"ਇਹ ਬਿਲਕੁਲ ਭਿਖਾਰੀ ਜਾਪਦਾ ਬਿਨ ਨੀਲਮ ਲਾਲੋਂ ।"
"ਇਹ ਓਦੂੰ ਵੀ ਭੈੜਾ ਲੱਗ ਰਿਹਾ ਹੈ ਸਾਡੇ ਖ਼ਿਆਲੋਂ ।"
"ਆਹ ਵੇਖੋ ਇਹਦੇ ਪੈਰਾਂ 'ਤੇ ਇਕ ਪੰਛੀ ਏ ਮਰਿਆ ।
ਇੱਥੇ ਅੱਗੋਂ ਪੰਛੀ ਨਾ ਮਰਨ ਕੁਝ ਚਾਹੀਏ ਕਰਿਆ ।"
ਪ੍ਰੋਫੈਸਰ ਨੇ ਵੀ ਇਹੋ ਕਿਹਾ ਉਨ੍ਹਾਂ ਬੁੱਤ ਗਿਰਾਇਆ ।
ਭੱਠੀ ਵਿੱਚ ਉਹਨਾਂ ਪਾ ਉਸਨੂੰ ਸਾਰਾ ਪਿਘਲਾਇਆ ।
ਸਭਨਾਂ ਕੀਤਾ ਫੈਸਲਾ ਬਣਾਓ ਬੁੱਤ ਹੀ ਇਸਦਾ ।
ਇਸ ਗੱਲੋਂ ਝਗੜਾ ਪਿਆ ਹੋਏ ਬੁੱਤ ਉਹ ਕਿਸਦਾ ?
ਓਵਰਸੀਅਰ ਨੇ ਅਜਬ ਗੱਲ ਇਹ ਭੱਠੀ ਵਿੱਚ ਤੱਕੀ ।
ਟੁਟਿਆ ਦਿਲ ਓਵੇਂ ਹੀ ਪਿਆ ਵਿਚ ਤਪਦੀ ਭੱਠੀ ।
ਭੱਠੀਓਂ ਦਿਲ ਨੂੰ ਕੱਢ ਕੇ ਕਾਮਿਆਂ ਨੇ ਚੁੱਕਿਆ ।
ਅਬਾਬੀਲ ਜਿੱਥੇ ਪਿਆ ਸੀ ਓਥੇ ਜਾ ਕੇ ਸੁੱਟਿਆ ।

11.
ਰੱਬ ਇਕ ਫ਼ਰਿਸ਼ਤੇ ਨੂੰ ਆਖਿਆ, "ਛੇਤੀ ਸ਼ਹਿਰ ਨੂੰ ਜਾਓ,
ਦੋ ਚੀਜਾਂ ਉਥੋਂ ਦੀਆਂ ਕੀਮਤੀ ਮੇਰੇ ਕੋਲ ਲਿਆਓ ?"
ਫ਼ਰਿਸ਼ਤਾ ਲੈ ਗਿਆ ਦਿਲ ਟੁੱਟਾ ਤੇ ਪੰਛੀ ਮੋਇਆ ।
ਉਹ ਦੋਵੇਂ ਚੀਜਾਂ ਦੇਖ ਕੇ ਰੱਬ ਬਹੁ ਖ਼ੁਸ਼ ਹੋਇਆ ।
"ਪੰਛੀ ਸੁਰਗੀ ਬਾਗ਼ ਵਿਚ ਰਹੂ ਸਦਾ ਲਈ ਗਾਉਂਦਾ ।
ਦਿਲ ਸ਼ਹਿਜ਼ਾਦੇ ਦਾ ਰਹੇਗਾ ਹੁਣ ਮੈਨੂੰ ਧਿਆਉਂਦਾ ।"

8. ਆਖਰੀ ਪੱਤਾ

(ਇਹ ਰਚਨਾ ਓ. ਹੈਨਰੀ ਦੀ ਕਹਾਣੀ
'The Last Leaf' ਤੇ ਆਧਾਰਿਤ ਹੈ)

ਵਾਸ਼ਿੰਗਟਨ ਸਕਵੇਅਰ ਦੇ ਵੱਸੇ ਜਿਹੜੀ ਬਸਤੀ ਲਹਿੰਦੇ ।
ਗ੍ਰੀਨਵਿਚ ਵਿਲੇਜ ਨਾਂ ਉਹਦਾ ਸਭ ਲੋਕੀ ਨੇ ਕਹਿੰਦੇ ।
ਭੁੱਲ-ਭੁਲੱਈਆਂ ਨੇ ਲਗਦੀਆਂ ਸਭ ਓਥੋਂ ਦੀਆਂ ਗਲੀਆਂ ।
ਕੁਝ ਵਿੰਗ ਵਲੇਵੇਂ ਖਾਂਦੀਆਂ ਫਿਰ ਉਹ ਏਦਾਂ ਮਿਲੀਆਂ ।
ਇਕੋ ਗਲੀ ਇਕ ਦੋ ਵਾਰੀ ਤਾਂ ਆਪਾ ਹੈ ਕੱਟ ਜਾਂਦੀ ।
ਓਪਰਾ ਕੋਈ ਵੜੇ ਜਿਸ ਥਾਂ ਤੋਂ ਮੁੜ ਓਥੇ ਲੈ ਆਂਦੀ ।
ਬਿੱਲ ਕਾਗ਼ਜ਼, ਕੈਨਵਸ, ਰੰਗਾਂ ਦੇ ਲੈਣ ਕੋਈ ਜੇ ਆਵੇ ।
ਖਾਲੀ ਹੱਥੀਂ ਉਹ ਪਰਤ ਜਾਏ ਘਰ ਨਾ ਉਸਨੂੰ ਥਿਆਵੇ ।
ਕਲਾਕਾਰਾਂ ਲਈ ਬਣ ਗਿਆ ਇਹ ਥਾਂ ਬੜਾ ਸੁਖਾਵਾਂ ।
ਕਿਰਾਇਆ ਏਥੇ ਰਹਿਣ ਦਾ ਬਹੁਤਾ ਨਹੀਂ ਦੁਖਾਵਾਂ ।
ਪੁਰਾਣੀਆਂ ਡਚ ਇਮਾਰਤਾਂ ਇੱਥੇ ਨੇ ਮਨ ਮੋਂਹਦੀਆਂ ।
ਛੱਜੇ ਅਤੇ ਅਟਾਰੀਆਂ ਹੈਣ ਜਿਨ੍ਹਾਂ 'ਤੇ ਸੋਂਹਦੀਆਂ ।

ਤਿੰਨ-ਮੰਜ਼ਿਲਾ ਇੱਟਾਂ ਦੀ ਬਣੀ ਇਕ ਇਮਾਰਤ ਇੱਥੇ ।
ਜੌਂਜ਼ੀ ਅਤੇ ਸੂ ਨੇ ਆਪਣਾ ਸਟੂਡੀਓ ਬਣਾਇਆ ਜਿੱਥੇ ।
ਇਕ ਆਈ ਸੀ ਮੇਨ ਤੋਂ ਦੂਜੀ ਕੈਲੀਫੋਰਨੀਆ ਨਿਵਾਸੀ ।
ਇਕ ਰੈਸਤੋਰਾਂ ਖਾਣਾ ਖਾਂਦਿਆਂ ਦੋਸਤੀ ਹੋ ਗਈ ਖਾਸੀ ।
ਖਾਣ-ਪਹਿਨਣ ਦੀਆਂ ਆਦਤਾਂ ਦੋਵਾਂ ਦੀਆਂ ਸੀ ਇੱਕੇ ।
ਕਲਾ ਦੇ ਨਜ਼ਰੀਏ ਵਿੱਚ ਵੀ ਬਹੁਤਾ ਫ਼ਰਕ ਨਾ ਦਿੱਸੇ ।

ਮਈ ਦੀ ਇਹ ਗੱਲ ਹੈ ਪਰ ਜਦੋਂ ਨਵੰਬਰ ਆਇਆ ।
ਠੰਢਾ ਅਦਿੱਖ ਅਜਨਬੀ ਆਪਣੇ ਨਾਲ ਲਿਆਇਆ ।
ਡਾਕਟਰ ਨਮੂਨੀਆਂ ਆਖਦੇ ਜੋ ਉੱਥੇ ਸੀ ਰਹਿੰਦੇ ।
ਠੰਢੇ ਹੱਥ ਇਸ ਮਨਹੂਸ ਦੇ ਜਿਸ ਜਿਸ ਉੱਤੇ ਪੈਂਦੇ ।
ਕਾਂਬਾ ਉਹਨੂੰ ਛਿੜ ਜਾਂਵਦਾ ਜੁੱਸਿਓਂ ਤਾਕਤ ਜਾਵੇ।
ਬੁਖਾਰ ਐਨਾ ਚੜ੍ਹ ਜਾਂਵਦਾ ਉੱਠਿਆ ਮੂਲ ਨਾ ਜਾਵੇ ।
ਪੂਰਬ ਵਾਲੇ ਪਾਸੇ ਏਸਨੇ ਪੂਰਾ ਕਹਿਰ ਮਚਾਇਆ ।
ਵਿੰਗੇ-ਟੇਢੇ ਰਾਹ ਜਿੱਥੇ ਉੱਥੇ ਹੌਲੀ ਹੌਲੀ ਆਇਆ ।
ਨਮੂਨੀਆਂ ਬੁੱਢਾ ਵੀਰ ਜੇ ਹੁੰਦਾ ਸਹੀ ਲੜਾਈ ਲੜਦਾ ।
ਕਿਉਂ ਨਿਮਾਣੀ ਬਾਲੜੀ ਤਾਈਂ ਉਹ ਆਕੇ ਫਿਰ ਚੜ੍ਹਦਾ ।
ਪੱਛਮੀ ਠੰਢੀ ਹਵਾ ਪਹਿਲੋਂ ਸੀ ਜਿਸਦਾ ਲਹੂ ਘਟਾਇਆ।
ਲਾਲ-ਮੁੱਠਾਂ, ਛੋਟੇ ਸਾਹ ਵਾਲਾ ਖੂਸਟ ਕਿਧਰੋਂ ਆਇਆ ।
ਜੌਂਜ਼ੀ ਨੂੰ ਇਸ ਆਕੇ ਦੱਬਿਆ ਉਸ ਤੋਂ ਹਿਲਿਆ ਨਾ ਜਾਵੇ ।
ਬਿਸਤਰ ਲੇਟੀ ਖਿੜਕੀ ਵਿੱਚੋਂ ਬਾਹਰ ਨੂੰ ਝਾਕੀ ਪਾਵੇ ।
ਇਟਾਂ ਵਾਲੀ ਸਾਹਮਣੇ ਘਰ ਦੀ ਕੰਧ ਸੀ ਬਿਲਕੁਲ ਖਾਲੀ ।
ਉਸ ਵੱਲ ਨੀਝ ਲਾ ਕੇ ਉਹ ਰੱਖੇ ਜਿਦਾਂ ਕੋਈ ਸਵਾਲੀ ।
ਸੁਬਹ ਸਵੇਰੇ ਕੰਮ 'ਚ ਰੁਝਿਆ ਡਾਕਟਰ ਉੱਥੇ ਆਇਆ ।
ਬਿਖਰੇ ਚਿੱਟੇ ਵਾਲ ਸੀ ਜਿਸਦੇ ਸੂ ਨੂੰ ਉਸ ਬੁਲਾਇਆ ।
ਥਰਮਾਮੀਟਰ ਆਪਣਾ ਤੱਕੇ ਨਾਲੇ ਉਹ ਆਖ ਸੁਣਾਵੇ,
"ਦਸਾਂ ਵਿੱਚੋਂ ਇਕ ਹਿਸਾ ਹੀ ਬਚਣ ਦਾ ਨਜ਼ਰੀਂ ਆਵੇ ।
ਉਹ ਵੀ ਤਾਂ ਜੇ ਆਪਣੇ ਦਿਲ 'ਚੋਂ ਡਰ ਮੌਤ ਦਾ ਕੱਢੇ ।
ਕਬਰਾਂ ਅਤੇ ਮੋਇਆਂ ਬਾਰੇ ਸੋਚਣਾ ਬਿਲਕੁਲ ਛੱਡੇ ।
ਕਿਹੜੀ ਚੀਜ਼ ਜੋ ਇਸਨੂੰ ਅੰਦਰੋ ਅੰਦਰੀ ਖਾਈਂ ਜਾਵੇ?"
" ਨੇਪਲਜ ਦੀ ਖਾੜੀ ਦਾ ਇਹ ਚਿਤਰ ਬਣਾਣਾ ਚਾਹਵੇ।"
"ਚਿਤ੍ਰਕਾਰੀ ਵੀ ਕੋਈ ਗੱਲ ਹੈ ਜਿਸ ਬਾਰੇ ਕੋਈ ਸੋਚੇ ।
ਕੀ ਕੋਈ ਹੈ ਅਜਿਹਾ ਬੰਦਾ ਜਿਸ ਨੂੰ ਦਿਲੋਂ ਇਹ ਲੋਚੇ ।"
"ਨਹੀਂ, ਡਾਕਟਰ ਕੋਈ ਨਹੀਂ ਬੰਦਾ ਜੋ ਇਸਦੇ ਦਿਲ ਆਵੇ ।"
"ਤਾਂ ਫਿਰ ਬੱਸ ਕਮਜ਼ੋਰੀ ਇਸਨੂੰ ਮੌਤ ਵੱਲ ਲਈਂ ਜਾਵੇ ।
ਜਿੰਨੀ ਵਾਹ ਮੈਂ ਲਾ ਸਕਦਾ ਹਾਂ ਆਪਣੀ ਵੱਲੋਂ ਮੈਂ ਲਾਵਾਂ ।
ਰੋਗੀ ਗਿਣੇ ਜੇ ਮਜਲ ਦੇ ਬੰਦੇ ਤਾਂ ਮੈਂ ਕਿਆਸ ਲਗਾਵਾਂ ।
ਦਵਾਈਆਂ ਦੀ ਕੁਲ ਤਾਕਤ ਦਾ ਅੱਧਾ ਹਿੱਸਾ ਘਟਾਵਾਂ ।
ਫ਼ੈਸ਼ਨ ਦੀ ਗੱਲ ਰੋਗੀ ਕਰੇ ਤਾਂ ਦੁਗਣਾ ਉਹਨੂੰ ਕਰਾਵਾਂ ।"

ਡਾਕਟਰ ਗਿਆ ਸੂ ਐਨਾ ਰੋਈ ਰੁਮਾਲ ਵੀ ਗਿੱਲਾ ਹੋਇਆ ।
ਡਰਾਇੰਗ ਬੋਰਡ ਲੈ ਕਮਰੇ ਆਈ ਮੂਲ ਨਾ ਜਾਵੇ ਖਲੋਇਆ ।
ਸੂ ਹੌਲੀ ਹੌਲੀ ਸੀਟੀਆਂ ਵਜਾਵੇ ਨਾਲੇ ਕੁਝ ਗਾਈਂ ਜਾਵੇ ।
ਜੌਂਜ਼ੀ ਨੂੰ ਵੇਖ ਚੁਪ-ਚਾਪ ਸੁੱਤਿਆਂ ਸੀਟੀਆਂ ਬੰਦ ਕਰਾਵੇ ।
ਕਿਸੇ ਰਸਾਲੇ ਲਈ ਸੂ ਨੇ ਤਸਵੀਰ ਕੀਤੀ ਸ਼ੁਰੂ ਵਾਹਣੀ ।
ਜਿਦਾਂ ਨਵਾਂ ਲੇਖਕ ਕੋਈ ਲਿਖਦਾ ਰਸਾਲੇ ਲਈ ਕਹਾਣੀ ।
ਘੋੜਸਵਾਰ ਚਰਵਾਹੇ ਦੀ ਉਸ ਸੋਹਣੀ ਤਸਵੀਰ ਬਣਾਈ ।
ਉਹਨੂੰ ਲੱਗਿਆ ਜੌਂਜ਼ੀ ਹੌਲੀ ਹੌਲੀ ਜਾਵੇ ਗੱਲ ਦੁਹਰਾਈ ।
ਸੂ ਆਪਣਾ ਕੰਮ ਵਿਚੇ ਛੱਡ ਕੇ ਬਿਸਤਰ ਵੱਲ ਨੂੰ ਆਈ ।
ਜੌਂਜ਼ੀ ਜਾਗਦੀ ਬਿਸਤਰ ਬੈਠੀ ਬਾਹਰ ਨਿਗਾਹ ਟਿਕਾਈ ।
ਬਾਹਰ ਵੇਖੇ ਤੇ ਮੂੰਹ ਵਿੱਚੋਂ ਪੁੱਠੀ ਗਿਣਤੀ ਗਿਣਦੀ ਜਾਵੇ ।
ਬਾਰਾਂ ਗਿਆਰਾਂ ਦਸ ਨੌ ਗਿਣਦੀ ਅੱਠ ਸੱਤ ਤੱਕ ਆਵੇ ।
ਸੂ ਫ਼ਿਕਰਮੰਦ ਬਹੁ ਹੋਈ ਝਾਤੀ ਖਿੜਕੀ ਵੱਲ ਪਾਵੇ ।
ਬਾਹਰ ਵੱਲ ਜੌਂਜ਼ੀ ਕੀ ਵੇਖੇ ਉਸਨੂੰ ਸਮਝ ਨਾ ਆਵੇ ।
ਬਾਹਰ ਸੁੰਨਮਸੁੰਨਾ ਵਿਹੜਾ ਖਾਲੀ ਕੰਧ ਇੱਟਾਂ ਵਾਲੀ ।
ਰੁੰਡ-ਮਰੁੰਡੀ ਵੇਲ ਆਇਵੀ ਦੀ ਉਸ 'ਤੇ ਪਏ ਵਿਖਾਲੀ ।
ਜੜ੍ਹਾਂ ਸੁੱਕੀਆਂ ਜਰਜਰ ਹੋਈ ਅੱਧ ਤੱਕ ਚੜ੍ਹੀ ਹੋਈ ।
ਠੰਢੀ ਖ਼ਿਜ਼ਾਂ ਨੇ ਪੱਤੇ ਸੂਤੇ ਬੱਸ ਹੁਣੇ ਮੋਈ ਕਿ ਮੋਈ ।
"ਬਾਹਰ ਵੱਲ ਕੀ ਤੂੰ ਵੇਖੇਂ ?" ਸੂ ਜੌਜ਼ੀਂ ਨੂੰ ਪੁੱਛੇ ।
"ਛੇ ਰਹਿ ਗਏ ਸਾਰੇ ਝੜ ਗਏ," ਜੌਂਜ਼ੀ ਹੌਲੀ ਦੱਸੇ ।
"ਤਿੰਨ ਦਿਨ ਪਹਿਲਾਂ ਸੌ ਸਨ ਗਿਣਦੀ ਤਾਂ ਸਿਰ ਦੁਖਦਾ ।
ਪਰ ਹੁਣ ਸੌਖਾ ਹੈ ਗਿਣਨਾ ਲੈ ਇਕ ਹੋਰ ਔਹ ਡਿਗਦਾ ।
ਬੱਸ ਹੋਰ ਹੁਣ ਪੰਜ ਬਚੇ ਨੇ," ਜੌਂਜ਼ੀ ਇਹ ਦੱਸੀਂ ਜਾਵੇ ।
ਪੰਜ ਹੋਰ ਕੀ ਬਚੇ ਨੇ ?" ਇਹ ਸੂ ਜਾਣਨਾ ਚਾਹਵੇ ।
"ਆਇਵੀ ਦੇ ਗਿਣਾਂ ਮੈਂ ਪੱਤੇ, ਤੈਨੂੰ ਨਹੀਂ ਡਾਕਟਰ ਦੱਸਿਆ ?
ਅਖੀਰਲੇ ਪੱਤੇ ਨਾਲ ਮੈਂ ਮਰਨਾ ਇਹ ਮੇਰੇ ਮਨ ਵਸਿਆ ।"
ਸੂ ਅੱਗੋਂ ਕੁਝ ਖਿਝ ਕੇ ਬੋਲੀ, "ਇਹ ਗੱਲ ਪਾਗਲਾਂ ਵਾਲੀ ।
ਤੇਰੀ ਤੇ ਝੜ ਰਹੇ ਪੱਤਿਆਂ ਦੀ ਦੱਸ ਕਿਹੜੀ ਭਾਈਵਾਲੀ ?
ਡਾਕਟਰ ਨੇ ਏਹੋ ਦੱਸਿਆ ਦਸ 'ਚੋਂ ਇਕ ਮੌਕਾ ਬਚਣ ਦਾ ।
ਨਵੀਂ ਇਮਾਰਤ ਜੇ ਬਣੀ ਹੋਵੇ ਏਹੋ ਉਸ ਕੋਲੋਂ ਲੰਘਣ ਦਾ ।
ਉਸਦਾ ਐਨਾ ਹੀ ਖਤਰਾ ਕਰੀਏ ਨਿਯੂ ਯਾਰਕ ਕਾਰ ਸਵਾਰੀ ।
ਤੂੰ ਕੁਝ ਖਾ ਪੀ ਲੈ ਮੈਂ ਕਰ ਲਾਂ ਕੁਝ ਨਾ ਕੁਝ ਚਿਤ੍ਰਕਾਰੀ ।
ਜਿਸਨੂੰ ਮੈਂ ਆਡੀਟਰ ਨੂੰ ਦੇ ਕੇ ਥੋੜ੍ਹੇ ਬਹੁਤੇ ਪੈਸੇ ਲੈ ਆਵਾਂ ।
ਜਿਨ੍ਹਾਂ ਦਾ ਸਮਾਨ ਖਾਣ ਪੀਣ ਦਾ ਅਤੇ ਦਵਾਈਆਂ ਲਿਆਵਾਂ ।"
ਜੌਂਜ਼ੀ ਨੇ ਅੱਖਾਂ ਬਾਹਰ ਟਿਕਾਈਆਂ ਸੂ ਨੂੰ ਆਖੇ ਏਹਾ,
"ਮੇਰੇ ਲਈ ਕੁਝ ਲੈ ਕੇ ਆਣ ਦਾ ਤੈਨੂੰ ਫ਼ਿਕਰ ਹੈ ਕੇਹਾ ?
ਹੁਣ ਪੱਤੇ ਕੁਲ ਚਾਰ ਰਹਿ ਗਏ ਇਨ੍ਹਾਂ ਵੀ ਡਿੱਗ ਜਾਣਾ ।
ਉਸੇ ਵੇਲੇ ਮੈਂ ਵੀ ਦੁਨੀਆਂ 'ਚੋਂ ਕਰਨਾ ਕੂਚ ਠਿਕਾਣਾ ।"
ਸੂ ਉਸ ਉੱਤੇ ਝੁਕੀ ਤੇ ਆਖੇ, "ਸੁਣ ਤੂੰ ਮੇਰੀ ਪਿਆਰੀ,
ਅੱਖਾਂ ਮੀਟ ਕੇ ਰੱਖ ਆਪਣੀਆਂ ਨਾ ਵੇਖ ਵੱਲ ਬਾਰੀ ।
ਚਿਤਰ ਬਣਾਕੇ ਦੇਣੇ ਕੱਲ੍ਹ ਤੱਕ ਤਾਹੀਂ ਤੈਨੂੰ ਇਹ ਕਹਿੰਦੀ ।
ਚਾਨਣ ਦੀ ਹੈ ਲੋੜ ਏਸ ਲਈ ਨਹੀਂ ਪਰਦੇ ਬੰਦ ਕਰ ਦਿੰਦੀ ।"
"ਕਿੰਨਾ ਚੰਗਾ ਹੋਵੇ ਦੂਜੇ ਕਮਰੇ ਤੂੰ ਜਾ ਕੇ ਚਿਤਰ ਬਣਾਵੇਂ ।"
ਸੂ ਆਖਦੀ, "ਮੈਂ ਇਹ ਚਾਹਾਂ ਤੂੰ ਪੱਤਿਓਂ ਨਿਗਾਹ ਹਟਾਵੇਂ ।"
ਜੌਂਜ਼ੀ ਕਹਿੰਦੀ, "ਮੈਨੂੰ ਦੱਸੀਂ, ਕੰਮ ਤੇਰਾ ਜਦੋਂ ਮੁਕਿਆ ।"
ਪੂਣੀ ਵਰਗੀ ਬੱਗੀ ਹੋਈ ਜਾਪੇ ਜਿਉਂ ਬੁੱਤ ਟੁੱਟਿਆ ।
"ਮੈਂ ਚਾਹੁੰਦੀ ਮੈਂ ਆਖਰੀ ਪੱਤਾ ਡਿਗਦਾ ਢਹਿੰਦਾ ਤੱਕਾਂ ।
ਉਡੀਕ ਨੇ ਮੈਨੂੰ ਬਹੁਤ ਸਤਾਇਆ ਸੋਚਾਂ ਸੋਚਦੀ ਥੱਕਾਂ ।
ਥੱਕਿਆ ਪੱਤਾ ਡਿੱਗੇ ਜਿਉਂ ਹੌਲੀ ਮੈਂ ਵੀ ਏਹੋ ਚਾਹਵਾਂ ।
ਮੈਂ ਵੀ ਏਦਾਂ ਥੱਕੀ ਥਕਾਈ ਦੁਨੀਆਂ ਨੂੰ ਛੱਡ ਜਾਵਾਂ ।"
ਸੂ ਕਹਿੰਦੀ, "ਤੂੰ ਜ਼ਰਾ ਕੁ ਸੌਂ ਜਾ ਮੈਂ ਹੇਠਾਂ ਜਾ ਆਵਾਂ ।
ਬਹਰਮਨ ਨੂੰ ਅਪਣੇ ਮਾਡਲ ਲਈ ਹੁਣੇ ਬੁਲਾ ਲਿਆਵਾਂ ।
ਇਕ ਮਿੰਟ ਤੋਂ ਵਧ ਨਹੀਂ ਲਾਣਾ ਹੁਣੇ ਆਈ ਕਿ ਆਈ ।
ਤੂੰ ਆਪਣੀ ਥਾਂ ਤੋਂ ਹਿਲਣ ਦੀ ਕੋਸ਼ਿਸ਼ ਕਰੀਂ ਨਾ ਕਾਈ ।"

ਬੁੱਢਾ ਬਹਰਮਨ ਚਿਤ੍ਰਕਾਰ ਸੀ ਜੋ ਸੱਠ ਸਾਲਾਂ ਤੋਂ ਟੱਪਿਆ ।
ਚਾਲੀ ਸਾਲ ਤੋਂ ਇਸ ਪੇਸ਼ੇ ਵਿਚ ਪਰ ਕੁਝ ਵੀ ਨਾ ਖੱਟਿਆ ।
ਇਹ ਗੱਲ ਸਭਨਾਂ ਨੂੰ ਕਹਿੰਦਾ ਮੈਂ ਇਕ ਸ਼ਾਹਕਾਰ ਬਣਾਣਾ ।
ਮੈਂ ਕਿੰਨਾ ਵੱਡਾ ਕਲਾਕਾਰ ਹਾਂ ਫਿਰ ਲੋਕਾਂ ਨੇ ਮੰਨ ਜਾਣਾ ।
ਅਖਬਾਰਾਂ ਵਿਚ ਕੁਝ ਕੰਮ ਕਰਕੇ ਆਪਣਾ ਪੇਟ ਉਹ ਭਰਦਾ ।
ਹੁਣ ਉਹ ਜੌਂਜ਼ੀ ਤੇ ਸੂ ਵਾਸਤੇ ਮਾਡਲ ਦਾ ਕੰਮ ਹੀ ਕਰਦਾ ।
ਬਹੁਤੀ ਜਿੰਨ ਜਦੋਂ ਪੀ ਲੈਦਾ ਆਪਣੇ ਸ਼ਾਹਕਾਰ ਬਾਰੇ ਦੱਸਦਾ ।
ਜੇ ਕੋਈ ਕਮਜ਼ੋਰੀ ਕਦੇ ਵਿਖਾਵੇ ਉਸ ਉੱਤੇ ਖੁਲ੍ਹ ਕੇ ਹੱਸਦਾ ।
ਦੋਵਾਂ ਕੁੜੀਆਂ ਦੀ ਉਹ ਸਮਝੇ ਮੈਂ ਕਰਦਾ ਹਾਂ ਰਖਵਾਲੀ ।
ਇਸ ਅਣਜਾਣ ਜਗ੍ਹਾ ਉਨ੍ਹਾਂ ਦਾ ਕੌਣ ਏਂ ਵਾਰਿਸ ਵਾਲੀ ।
ਜੂਨੀਪਰ ਬੇਰੀਆਂ ਦੀ ਤਿੱਖੀ ਬੋ ਉਸਦੇ ਕਮਰੇ ਭਰੀ ਸੀ ।
ਇਕ ਖੂੰਜੇ ਵਿਚ ਈਜ਼ਲ ਉੱਤੇ ਖਾਲੀ ਕੈਨਵਸ ਧਰੀ ਸੀ ।
ਬਹਰਮਨ ਨੇ ਆਪਣੇ ਸ਼ਾਹਕਾਰ ਦੀ ਲੀਕ ਨਾ ਵਾਹੀ ਕੋਈ ।
ਪੰਝੀ ਸਾਲ ਦੀ ਉਸੇ ਜਗ੍ਹਾ ਤੇ ਬੱਸ ਏਦਾਂ ਹੀ ਟਿੱਕੀ ਹੋਈ ।
ਸੂ ਨੇ ਜੌਂਜ਼ੀ ਦੀ ਸਾਰੀ ਗੱਲ ਬਹਰਮਨ ਨੂੰ ਦੱਸੀ ਜਾ ਕੇ ।
ਉਸਨੇ ਆਪਣੀ ਖਿਝ ਸੂ ਤੇ ਕੱਢੀ ਉਸਨੂੰ ਗੱਲਾਂ ਸੁਣਾ ਕੇ ।
"ਕੀ ਇਸ ਦੁਨੀਆਂ ਵਿਚ ਇਹੋ ਜਿਹਾ ਪਾਗਲ ਵੀ ਕੋਈ ?
ਤੁਹਾਡੇ ਲਈ ਹੁਣ ਮਾਡਲ ਬਣਨ ਦੀ ਮੈਨੂੰ ਲੋੜ ਨਾ ਕੋਈ ।
ਤੂੰ ਉਸਦੇ ਦਿਮਾਗ਼ ਵਿਚ ਇਹ ਖ਼ਿਆਲ ਕਿਉਂ ਆਉਣ ਦੇਵੇਂ ।
ਇਹੋ ਜਿਹੀਆਂ ਫਾਲਤੂ ਸੋਚਾਂ ਕਿਉਂ ਨਾ ਉਸਤੋਂ ਪਰ੍ਹਾਂ ਕਰੇਵੇਂ ।"
ਸੂ ਕਹਿੰਦੀ, "ਜੌਂਜ਼ੀ ਨੂੰ ਬੁਖਾਰ ਨੇ ਕੀਤਾ ਹੈ ਬਹੁਤ ਨਿਤਾਣਾ ।
ਅਜੀਬ ਸੋਚਾਂ ਨੇ ਤਾਹੀਂ ਉਸਦੇ ਮਨ ਸ਼ੁਰੂ ਕੀਤਾ ਹੈ ਆਣਾ ।
ਜੇ ਤੂੰ ਮਾਡਲ ਨਹੀਂ ਬਣਨਾ ਚਾਹੁੰਦਾ ਇਹ ਮਰਜੀ ਏ ਤੇਰੀ ।
ਤੂੰ ਬੁਢਾ ਇਕ ਵੱਡਾ ਮੂਰਖ ਏਂ ਇਹ ਬਣੀ ਸੋਚ ਏ ਮੇਰੀ ।"
ਬਹਰਮਨ ਆਖੇ ਸੂ ਨੂੰ, "ਤੂੰ ਵੀ ਜਨਾਨੀਆਂ ਵਾਂਗ ਹੈਂ ਹੋਈ ।
ਤੇਰੇ ਲਈ ਮਾਡਲ ਨਾ ਬਣਨ ਦੀ ਨਹੀਂ ਮੇਰੀ ਮਰਜੀ ਕੋਈ ।
ਤੂੰ ਚੱਲ ਮੈਂ ਹੁਣੇ ਆਇਆ ਪਰ ਇਕ ਗੱਲ ਸੁਣਦੀ ਜਾਈਂ ।
ਜੌਂਜ਼ੀ ਵਿਚਾਰੀ ਦੇ ਰਹਿਣ ਲਈ ਇਹ ਥਾਂ ਚੰਗੀ ਨਾਹੀਂ ।
ਜਦੋਂ ਮੈਂ ਸ਼ਾਹਕਾਰ ਬਣਾਇਆ ਫਿਰ ਪੈਸੇ ਬਹੁਤ ਕਮਾਣੇ ।
ਉਸੇ ਵੇਲੇ ਇਸ ਭੈੜੀ ਥਾਂ ਤੋਂ ਆਪਾਂ ਸਭਨਾਂ ਚਾਲੇ ਪਾਣੇ ।"

ਜੌਂਜ਼ੀ ਨੂੰ ਸੁੱਤੀ ਵੇਖ ਕੇ ਸੂ ਨੇ ਹੇਠਾਂ ਪਰਦੇ ਸਭ ਗਿਰਾਏ ।
ਬਹਰਮਨ ਤੇ ਸੂ ਦੋਵੇਂ ਫਿਰ ਨਾਲ ਦੇ ਕਮਰੇ ਵਿਚ ਆਏ ।
ਦੋਵੇਂ ਜਣੇ ਦਿਲੋਂ ਡਰੇ ਹੋਏ ਬਾਹਰ ਵੇਲ ਨੂੰ ਵੇਖੀਂ ਜਾਵਣ ।
ਇਕ ਦੂਜੇ ਵੱਲ ਨਿਗ੍ਹਾ ਕਰਨ ਪਰ ਮੂੰਹੋਂ ਨਾ ਕੁਝ ਸੁਣਾਵਣ ।
ਬਾਹਰ ਮੀਂਹ ਤੇਜ ਪੈ ਰਿਹਾ ਉਸਦੀ ਤੇਜੀ ਵਧਦੀ ਜਾਵੇ ।
ਬਰਫ਼ ਵੀ ਨਾਲੋ ਨਾਲ ਡਿਗ ਰਹੀ ਜੋ ਠੰਢ ਨੂੰ ਹੋਰ ਵਧਾਵੇ ।
ਖਾਣ ਮਜ਼ਦੂਰਾਂ ਵਾਂਗੂੰ ਬਹਰਮਨ ਕਮੀਜ਼ ਸੀ ਨੀਲੀ ਪਾਈ ।
ਬੈਠਣ ਲਈ ਚਟਾਨ ਦੀ ਥਾਂ ਉਸ ਕੇਤਲੀ ਪੁੱਠੀ ਕਰਾਈ ।
ਅਗਲੀ ਸਵੇਰ ਘੰਟਾ ਕੁ ਸੌਂ ਕੇ ਸੂ ਨੂੰ ਜਾਗ ਜਾਂ ਆਈ ।
ਉਦਾਸ ਅੱਖਾਂ ਨਾਲ ਜੌਂਜ਼ੀ ਨੇ ਪਰਦੇ ਤੇ ਨਜ਼ਰ ਟਿਕਾਈ ।
"ਪਰਦੇ ਪਰ੍ਹਾਂ ਹਟਾ, ਮੈਂ ਤੱਕਣਾ" ਸੂ ਨੂੰ ਹੁਕਮ ਸੁਣਾਵੇ ।
ਸੂ ਵਿਚਾਰੀ ਕੰਬਦੇ ਹੱਥੀਂ ਪਰਦਿਆਂ ਨੂੰ ਪਰ੍ਹੇ ਹਟਾਵੇ ।
ਵੇਖੋ ਚਮਤਕਾਰ ਇਕ ਹੋਇਆ ਪੱਤਾ ਵੇਲ ਤੇ ਡਟਿਆ ।
ਤੇਜ਼ ਹਨੇਰੀ ਤੇ ਮੀਂਹ ਉਸਦਾ ਕੁਝ ਵਿਗਾੜ ਨਾ ਸਕਿਆ ।
ਗੂੜ੍ਹ੍ਹਾ ਹਰਾ ਰੰਗ ਓਸਦਾ ਪਰ ਕਿਨਾਰੇ ਕੁਝ ਕੁਝ ਸੁੱਕੇ ।
ਵੀਹ ਫੁੱਟ ਸੀ ਜ਼ਮੀਨ ਤੋਂ ਉੱਚਾ ਲੱਗਿਆ ਵੇਲ ਦੇ ਉੱਤੇ ।

ਜੌਂਜ਼ੀ ਕਹਿੰਦੀ, "ਮੈਂ ਸੋਚਿਆ ਸੀ ਰਾਤ ਨੂੰ ਇਹ ਡਿੱਗ ਜਾਣਾ ।
ਤੇਜ ਹਨੇਰੀ ਵਿਚ ਇਸ ਪੱਤੇ ਵਿਚਾਰੇ ਆਪਾ ਕਿਦਾਂ ਬਚਾਣਾ ।
ਅੱਜ ਜ਼ਰੂਰ ਇਹ ਡਿੱਗ ਜਾਵੇਗਾ ਹਨੇਰੀ ਨਹੀਂ ਝੱਲੀ ਜਾਣੀ ।
ਇਸ ਪੱਤੇ ਨਾਲ ਰੂਹ ਮੇਰੀ ਵੀ ਇਸ ਜੱਗ ਤੋਂ ਟੁਰ ਜਾਣੀ ।
ਸੂ ਦਾ ਚਿਹਰਾ ਮੁਰਝਾਇਆ ਕਹੇ ਜੌਂਜ਼ੀ ਨੂੰ, "ਕਰ ਜੇਰਾ ।
ਜੇ ਤੂੰ ਆਪਣਾ ਨਹੀਂ ਸੋਚਣਾ ਕੁਝ ਤਾਂ ਸੋਚ ਤੂੰ ਮੇਰਾ ।"
ਜੌਂਜ਼ੀ ਕੋਈ ਜਵਾਬ ਨਾ ਦਿੱਤਾ ਸੋਚੇ ਉਸਦੀ ਰੂਹ ਕੱਲੀ ।
ਸਾਰੇ ਰਿਸ਼ਤੇ ਤੋੜ ਜਗਤ ਦੇ ਆਪਣੇ ਰਾਹ ਟੁਰ ਚੱਲੀ ।
ਸਾਰਾ ਦਿਨ ਲੰਘਿਆ ਸ਼ਾਮ ਵੇਲੇ ਉਨ੍ਹਾਂ ਬਾਹਰ ਡਿੱਠਾ ।
ਸੂਰਿਆਂ ਵਾਂਗੂੰ ਕਾਇਮ ਖੜਾ ਸੀ ਆਪਣੀ ਥਾਵੇਂ ਪੱਤਾ ।
ਰਾਤ ਹੋਈ ਤਾਂ ਉੱਤਰ ਵੱਲੋਂ ਤੇਜ ਤੂਫ਼ਾਨ ਫਿਰ ਆਇਆ ।
ਕੱਲਾ ਨਹੀਂ ਨਾਲ ਆਪਣੇ ਮੀਂਹ ਜ਼ੋਰ ਦਾ ਲਿਆਇਆ ।
ਛੱਤਾਂ ਤੇ ਕੰਧਾਂ ਤੇ ਮੀਂਹ ਦੀ ਵਾਛੜ ਜ਼ੋਰ ਜ਼ੋਰ ਦੀ ਵੱਜੇ ।
ਇਉਂ ਲੱਗੇ ਇਹਨੇ ਸਭ ਘਰ ਹੀ ਤੋੜ ਸੁੱਟਣੇ ਨੇ ਅੱਜੇ ।
ਸਵੇਰੇ ਥੋੜ੍ਹਾ ਚਾਨਣ ਹੋਇਆ ਜੌਂਜ਼ੀ ਹੁਕਮ ਚੜ੍ਹਾਇਆ ।
ਸੂ ਵਿਚਾਰੀ ਨੇ ਪਰਦੇ ਨੂੰ ਖਿੜਕੀ ਤੋਂ ਪਰ੍ਹਾਂ ਹਟਾਇਆ ।
ਜੌਂਜ਼ੀ ਨੇ ਜਾਂ ਪੱਤਾ ਡਿੱਠਾ ਤਾਂ ਉਸ ਤੇ ਨਿਗਾਹ ਟਿਕਾਈ ।
ਸੂ ਸੀ ਖਾਣਾ ਪਈ ਬਣਾਉਂਦੀ ਉਸ ਨੂੰ ਆਵਾਜ਼ ਲਗਾਈ ।
"ਮੈਂ ਇਕ ਬਹੁਤ ਬੁਰੀ ਕੁੜੀ ਹਾਂ ਜਿਸਨੇ ਤੰਗ ਕੀਤਾ ਤੈਨੂੰ ।
ਪੱਤੇ ਨੇ ਆਪਣੀ ਥਾਂ ਰਹਿਕੇ ਇਕ ਸਬਕ ਸਿਖਇਆ ਮੈਨੂੰ ।
ਆਪੇ ਮੌਤ ਮੰਗਣੀ ਪਾਪ ਹੈ ਵੱਡਾ ਮੈਨੂੰ ਸਮਝ ਇਹ ਆਈ ।
ਬੀਬੀ ਰਾਣੀ ਬਣ ਮੇਰੇ ਲਈ ਛੋਟਾ ਸ਼ੀਸ਼ਾ ਲੈ ਕੇ ਆਈਂ ।
ਸਿਰ੍ਹਾਣਿਆਂ ਦਾ ਫਿਰ ਦੇ ਆਸਰਾ ਮੈਨੂੰ ਚੁੱਕ ਬਿਠਾਈਂ ।
ਫੇਰ ਆਪਣੇ ਹੱਥੀਂ ਮੈਨੂੰ ਦੁੱਧ ਪਿਆਈਂ ਖਾਣਾ ਖੁਆਈਂ ।
ਤੈਨੂੰ ਕੰਮ ਕਰਦੀ ਨੂੰ ਮੈਂ ਬਿਸਤਰ ਬੈਠ ਵੇਖਣਾ ਚਾਹਵਾਂ ।
ਠੀਕ ਹੋ ਕੇ 'ਨੇਪਲਜ ਦੀ ਖਾੜੀ' ਵਾਲਾ ਚਿਤਰ ਬਣਾਵਾਂ ।"

ਦੁਪਹਿਰ ਬਾਦ ਡਾਕਟਰ ਆਇਆ ਸੂ ਜਾਂ ਉਸਨੂੰ ਪੁੱਛਿਆ ।
"ਪੰਜਾਹ ਫੀ ਸਦੀ ਬਚਣ ਦਾ ਮੌਕਾ" ਕਹਿਕੇ ਉਸ ਹੱਥ ਘੁੱਟਿਆ ।
"ਹੁਣ ਮੈਂ ਹੇਠਾਂ ਜਾ ਕੇ ਇਕ ਹੋਰ ਮਰੀਜ ਹੈ ਵੇਖਣ ਜਾਣਾ ।
ਨਮੂਨੀਏ ਨੇ ਬਹਰਮਨ ਨੂੰ ਕਰ ਛੱਡਿਆ ਏ ਜੀ ਭਿਆਣਾ ।
ਬੁੱਢੇ ਅਤੇ ਮਾੜੂ ਕਲਾਕਾਰ ਤੇ ਹਮਲਾ ਤੇਜ ਹੈ ਹੋਇਆ ।
ਨਮੂਨੀਏ ਨੇ ਇਕਦਮ ਉਹਨੂੰ ਕਰ ਦਿੱਤਾ ਅਧਮੋਇਆ ।
ਕੋਈ ਉਮੀਦ ਨਹੀਂ ਦਿਸਦੀ ਉਸਨੂੰ ਹਸਪਤਾਲ ਲੈ ਜਾਣਾ ।
ਤਾਂ ਜੁ ਕੁਝ ਸੌਖਾ ਹੋ ਜਾਵੇ ਉਸਨੂੰ ਰਹਿੰਦਾ ਸਮਾਂ ਲੰਘਾਣਾ ।"
ਅਗਲੇ ਦਿਨ ਡਾਕਟਰ ਆਇਆ ਸੂ ਪੁੱਛਣ ਲਈ ਖਲੋਈ ।
ਡਾਕਟਰ ਕਹਿੰਦਾ, "ਜੌਂਜ਼ੀ ਤਾਈਂ ਹੁਣ ਨਾ ਖ਼ਤਰਾ ਕੋਈ ।
ਤੁਸੀਂ ਜਿੱਤ ਗਏ ਗੱਲ ਖ਼ੁਸ਼ੀ ਦੀ ਮੌਤ ਹਾਰ ਗਈ ਇਸਦੀ ।
ਦੇਖਭਾਲ ਕਰੋ ਦਿਉ ਚੰਗਾ ਖਾਣਾ ਇਸਨੂੰ ਲੋੜ ਹੈ ਜਿਸਦੀ ।"
ਦੁਪਹਿਰ ਬਾਦ ਸੂ ਜੌਂਜ਼ੀ ਕੋਲ ਆਈ ਜੱਫੀ ਘੁੱਟ ਕੇ ਪਾਈ ।
ਸਕਾਰਫ਼ ਉਹ ਇਕ ਉਣੀ ਜਾਂਦੀ ਸੀ ਉਸਨੂੰ ਗੱਲ ਸੁਣਾਈ,
"ਨਮੂਨੀਏ ਨੇ ਬਹਰਮਨ ਨੂੰ ਦੋ ਦਿਨ ਵਿਚ ਮਾਰ ਗਿਰਾਇਆ ।
ਚੌਕੀਦਾਰ ਦੱਸੇ ਸਵੇਰੇ ਸਵੇਰੇ ਜਾਂ ਉਸ ਕੋਲ ਉਹ ਆਇਆ ।
ਦਰਦ ਨਾਲ ਸੀ ਤੜਫੀਂ ਜਾਂਦਾ ਉਸਨੇ ਉਹਨੂੰ ਉਠਾਇਆ ।
ਰਾਤੀਂ ਬਾਹਰ ਕੀ ਕਰਦਾ ਸੀ ਉਹ ਇਹ ਸਮਝ ਨਾ ਪਾਇਆ ।
ਜੁੱਤੀਆਂ ਕਪੜੇ ਸਭ ਕੁਝ ਉਹਦਾ ਪਾਣੀ ਨਾਲ ਸੀ ਭਿੱਜਿਆ ।
ਬਲਦੀ ਲਾਲਟੈਣ ਕੋਲ ਪਈ ਸੀ ਸਮਾਨ ਪਿਆ ਸੀ ਡਿੱਗਿਆ ।
ਪੌੜੀ ਇਕ ਪਈ ਸੀ ਉੱਥੇ ਕੁਝ ਬਰੱਸ਼ ਵੀ ਖਿੰਡੇ ਪਏ ਸਨ ।
ਰੰਗਾਂ ਵਾਲੀ ਪਲੇਟ ਦੇ ਵਿਚ ਹਰਾ ਪੀਲਾ ਰੰਗ ਮਿਲੇ ਸਨ ।
ਜੌਂਜ਼ੀ ਜ਼ਰਾ ਬਾਹਰ ਵੱਲ ਵੇਖੀਂ ਆਪਾਂ ਧਿਆਨ ਨਹੀਂ ਦਿੱਤਾ ।
ਹਵਾ ਚੱਲੇ ਤਾਂ ਵੀ ਨਹੀਂ ਹਿਲਦਾ ਵੇਲ ਤੇ ਲੱਗਿਆ ਪੱਤਾ ।
ਬਹਰਮਨ ਦਾ ਸ਼ਾਹਕਾਰ ਇਹ ਜਿਹੜਾ ਉਸ ਰਾਤ ਬਣਾਇਆ ।
ਆਖਰੀ ਪੱਤਾ ਭਾਵੇਂ ਡਿੱਗਿਆ ਪਰ ਤੈਨੂੰ ਇਹਨੇ ਬਚਾਇਆ ।"

9. ਡਾਕ ਬਾਬੂ

(ਇਹ ਰਚਨਾ ਰਾਬਿੰਦਰ ਨਾਥ ਟੈਗੋਰ ਦੀ ਕਹਾਣੀ
'ਡਾਕ ਬਾਬੂ' ਤੇ ਆਧਾਰਿਤ ਹੈ)

ਡਾਕ ਬਾਬੂ ਜਿੱਥੇ ਪਹਿਲੋਂ-ਪਹਿਲ ਲੱਗਾ,
ਊਲਾਪੁਰ ਉਸ ਪਿੰਡ ਦਾ ਨਾਂ ਸੀ ਜੀ ।
ਉਸ ਪਿੰਡ ਦੀ ਵਸੋਂ ਸੀ ਬਹੁਤ ਥੋੜ੍ਹੀ,
ਨਾਲੇ ਸ਼ਹਿਰ ਤੋਂ ਦੂਰ ਉਹ ਥਾਂ ਸੀ ਜੀ ।
ਉਹਦੇ ਕੋਲ ਅੰਗਰੇਜ਼ ਇਕ ਆ ਲਾਇਆ,
ਨੀਲ ਰੰਗ ਬਣਾਉਣ ਦਾ ਕਾਰਖ਼ਾਨਾ ।
ਉਹਦੀ ਹਿੰਮਤ ਸੀ ਜਿਸਨੇ ਲੈ ਆਂਦਾ,
ਏਸ ਨਿੱਕੇ ਜਿਹੇ ਪਿੰਡ ਵੀ ਡਾਕਖ਼ਾਨਾ ।

ਡਾਕ ਬਾਬੂ ਕਲਕੱਤੇ ਦੇ ਰਹਿਣ ਵਾਲਾ,
ਉਹਨੂੰ ਪਤਾ ਨਾ ਪਿੰਡਾਂ ਦੀ ਜ਼ਿੰਦਗੀ ਕੀ ?
ਇੱਥੇ ਰਹਿੰਦਿਆਂ ਉਹ ਮਹਿਸੂਸ ਕਰਦਾ,
ਜਿਵੇਂ ਪਾਣੀ ਤੋਂ ਬਿਨਾਂ ਕੋਈ ਹੋਏ ਮੱਛੀ ।
ਉਹਦਾ ਦਫ਼ਤਰ ਰਿਹਾਇਸ਼ ਸੀ ਇਕ ਢਾਰਾ,
ਛੱਤ ਜਿਸਦੀ ਸੀ ਕੱਖਾਂ-ਕਾਨਿਆਂ ਦੀ ।
ਨ੍ਹੇਰਾ ਉਸ ਥਾਂ ਇਸ ਤਰ੍ਹਾਂ ਪਸਰਿਆ ਸੀ,
ਜਿਵੇਂ ਰੌਸ਼ਨੀ ਰੁੱਸੀ ਜ਼ਮਾਨਿਆਂ ਦੀ ।
ਉਸਦੇ ਨਾਲ ਹੀ ਸੀ ਇੱਕ ਵੱਡਾ ਛੱਪੜ,
ਕਾਈ ਢਕਿਆ ਗੰਦਗੀ ਭਰੀ ਹੋਈ ਸੀ ।
ਉਹਦੇ ਆਲੇ ਦੁਆਲੇ ਜਿਧਰ ਨਜ਼ਰ ਮਾਰੋ,
ਵਾੜ ਸੰਘਣੇ ਰੁੱਖਾਂ ਨੇ ਕਰੀ ਹੋਈ ਸੀ ।

ਕਾਰਖ਼ਾਨੇ ਵਿਚ ਲੋਕ ਜੋ ਕੰਮ ਕਰਦੇ,
ਵਿਹਲ ਕੋਲ ਨਾ ਉਨ੍ਹਾਂ ਦੇ ਮਰਨ ਦੀ ਵੀ ।
ਸਾਊ ਲੋਕਾਂ ਨਾਲ ਬੈਠ ਕੇ ਦੋ ਘੜੀਆਂ,
ਨਾ ਸੀ ਤਾਂਘ ਕੋਈ ਗੱਲ ਕਰਨ ਦੀ ਵੀ ।
ਸ਼ਹਿਰੋਂ ਆਏ ਲੜਕੇ ਨੂੰ ਪਤਾ ਕੋਈ ਨਾ,
ਕਿੰਝ ਦੂਜਿਆਂ ਨਾਲ ਹੈ ਮਿਲ ਬਹਿਣਾ ।
ਅਣਜਾਣੇ ਲੋਕਾਂ 'ਚ ਤੰਗੀ ਮਹਿਸੂਸ ਕਰਦਾ,
ਜਾਂ ਫਿਰ ਆਪਣੀ ਹਵਾ ਦੇ ਵਿਚ ਰਹਿਣਾ ।
ਡਾਕ ਬਾਬੂ ਦਾ ਨਾ ਸੀ ਸਾਥ ਕੋਈ,
ਨਾ ਹੀ ਕੰਮ ਬਹੁਤਾ ਕੋਈ ਕਰਨ ਵਾਲਾ ।
ਕਵਿਤਾ ਲਿਖਣ ਦੀ ਕਦੇ ਉਹ ਕਰੇ ਕੋਸ਼ਿਸ਼,
ਜਦੋਂ ਪੈਣ ਲਗਦਾ ਉਹਦਾ ਮਨ ਕਾਹਲਾ ।
ਖੜ ਖੜ ਪੱਤਿਆਂ ਦੀ ਚਾਲ ਬੱਦਲਾਂ ਦੀ,
ਖੇੜਾ ਜ਼ਿੰਦਗੀ ਵਿਚ ਲਿਆ ਦੇਵਣ ।
ਮੈਂ ਕਵਿਤਾ ਵਿਚ ਇਹ ਲਿਖਾਂ ਗੱਲਾਂ,
ਖ਼ਿਆਲ ਮਨ ਉਹਦੇ ਖਿੱਚ ਪਾ ਦੇਵਣ ।
ਰੱਬ ਜਾਣਦੈ ਉਹ ਖ਼ੁਸ਼ ਬਹੁਤ ਹੁੰਦਾ,
ਅਲਿਫ਼-ਲੈਲਾ ਵਾਲਾ ਜਿੰਨ ਜੇ ਆ ਜਾਂਦਾ ।
ਰੁੱਖਾਂ ਬੂਟਿਆਂ ਨੂੰ ਤਹਿਸ ਨਹਿਸ ਕਰਕੇ,
ਪੱਕੀਆਂ ਸੜਕਾਂ ਮਕਾਨ ਬਣਾ ਜਾਂਦਾ ।

ਡਾਕ ਬਾਬੂ ਦੀ ਤਨਖ਼ਾਹ ਘੱਟ ਹੀ ਸੀ,
ਖਾਣਾ ਆਪੇ ਹੀ ਉਹ ਬਣਾਂਵਦਾ ਸੀ ।
ਰਤਨ ਪਿੰਡੋਂ ਸੀ ਇਕ ਅਨਾਥ ਲੜਕੀ,
ਜਿਸ ਨਾਲ ਉਹ ਬੈਠਕੇ ਖਾਂਵਦਾ ਸੀ ।
ਰਤਨ ਛੋਟੇ ਮੋਟੇ ਘਰ ਦੇ ਕੰਮ ਕਰਦੀ,
ਬਾਹਰ ਬੂਹਿਓਂ ਕੰਮ ਮੁਕਾ ਬਹਿੰਦੀ ।
ਜੇ ਉਹ ਪੁੱਛਦਾ ਤਾਂ ਜਵਾਬ ਦਿੰਦੀ,
ਮੂੰਹੋਂ ਆਪਣੇ ਪਹਿਲਾਂ ਨਾ ਗੱਲ ਕਹਿੰਦੀ ।

ਸ਼ਾਮ ਪੈਂਦਿਆਂ ਗਊਆਂ ਦੇ ਵਾੜਿਆਂ 'ਚੋਂ,
ਧੂੰਆਂ ਵਲ ਖਾਂਦਾ ਉਪਰ ਜਾਣ ਲਗਦਾ ।
ਵਿਚ ਝਾੜੀਆਂ ਬੈਠਿਆ ਹਰ ਪੰਛੀ,
ਗੀਤ ਆਪਣਾ ਕੋਈ ਸੁਨਾਣ ਲਗਦਾ ।
ਭਜਨ-ਮੰਡਲੀ ਚੀਕਵੇਂ ਸੁਰਾਂ ਅੰਦਰ,
ਸਤਸੰਗ ਵਿਚ ਕੀਰਤਨ ਕਰੀ ਜਾਂਦੀ ।
ਕਿਸੇ ਬਾਂਸ ਦੇ ਬਿੜੇ ਦੇ ਪੱਤਿਆਂ ਵੱਲ,
ਨਜ਼ਰ ਕਵੀ ਦੀ ਜਾਂਦਿਆਂ ਡਰੀ ਜਾਂਦੀ ।
ਡਾਕ ਬਾਬੂ ਦੀਵਾ ਜਗਾ ਪਹਿਲਾਂ,
ਫੇਰ ਰਤਨ ਨੂੰ ਹਾਕ ਲਗਾਂਵਦਾ ਉਹ ।
ਰਤਨ ਬਾਹਰੋਂ ਹੀ ਜਦੋਂ ਜਵਾਬ ਦੇਂਦੀ,
ਫੇਰ ਅੱਗੋਂ ਕੋਈ ਗੱਲ ਚਲਾਂਵਦਾ ਉਹ ।
"ਮੈਂ ਚੱਲੀ ਰਸੋਈ ਵਿੱਚ ਅੱਗ ਬਾਲਣ,"
ਕਹਿ ਜਾਂਵਦੀ ਅੱਗ ਜਲਾਉਣ ਖ਼ਾਤਰ ।
ਡਾਕ ਬਾਬੂ ਰਤਨ ਨੂੰ ਹੁਕਮ ਦਿੰਦਾ,
ਪਹਿਲਾਂ ਆਪਣੀ ਪਾਈਪ ਮਘਾਉਣ ਖ਼ਾਤਰ ।

ਫੂਕਾਂ ਮਾਰਦੀ ਮਘੇ ਹੋਏ ਕੋਲਿਆਂ ਤੇ,
ਰਤਨ ਪਾਈਪ ਲੈ ਅੰਦਰ ਨੂੰ ਆ ਜਾਂਦੀ ।
ਡਾਕ ਬਾਬੂ ਕੋਈ ਗੱਲ ਚਲਾਉਣ ਖ਼ਾਤਰ,
ਉਹਨੂੰ ਪੁੱਛਦਾ, "ਮਾਂ ਨਹੀਂ ਯਾਦ ਆਉਂਦੀ" ।
ਗੱਲ ਸੁਣਦਿਆਂ ਰਤਨ ਜਾਂ ਸੋਚਦੀ ਕੁਝ,
ਝੁਰਮਟ ਯਾਦਾਂ ਆ ਕਿਧਰੋਂ ਪਾਉਂਦੀਆਂ ਸਨ ।
ਕਦੇ ਮਾਂ ਆਉਂਦੀ ਕਦੇ ਪਿਉ ਆਉਂਦਾ,
ਕਦੇ ਵੀਰ ਨੂੰ ਲਿਆ ਵਿਖਾਉਂਦੀਆਂ ਸਨ ।
ਉਹ ਯਾਦ ਕਰਦੀ ਪਿਉ ਸ਼ਾਮ ਵੇਲੇ,
ਥੱਕਿਆ ਹਾਰਿਆ ਘਰ ਨੂੰ ਆਂਵਦਾ ਸੀ ।
ਉਹਨੂੰ ਚੁੱਕ ਕੇ ਓਸਦਾ ਮੂੰਹ ਚੁੰਮਦਾ,
ਤਰ੍ਹਾਂ ਤਰ੍ਹਾਂ ਦੇ ਲਾਡ ਲਡਾਂਵਦਾ ਸੀ ।
ਉਹਨੂੰ ਯਾਦ ਆਇਆ ਨਿੱਕਾ ਵੀਰ ਅਪਣਾ,
ਨਾਲੇ ਬੱਦਲ ਅਸਮਾਨ ਤੇ ਚੜ੍ਹੇ ਹੋਏ ।
ਇੱਕ ਟਾਹਣੀ ਨੂੰ ਛੱਪੜ ਵਿੱਚ ਸੁੱਟ ਦੋਵੇਂ,
ਮੱਛੀਆਂ ਫੜਨ ਲਈ ਕੰਢੇ ਤੇ ਖੜੇ ਹੋਏ ।
ਡਾਕ ਬਾਬੂ ਤੇ ਰਤਨ ਕਰਨ ਗੱਲਾਂ,
ਉਤੋਂ ਡੂੰਘਾ ਹਨੇਰਾ ਫਿਰ ਆ ਪੈਂਦਾ ।
ਸੁਸਤੀ ਛਾ ਜਾਂਦੀ ਨੀਂਦ ਆਉਣ ਲਗਦੀ,
ਖਾਣਾ ਬਣਾਉਣ ਦਾ ਉੱਕਾ ਨਾ ਵਕਤ ਰਹਿੰਦਾ ।
ਰਤਨ ਛੇਤੀ ਛੇਤੀ ਅੱਗ ਬਾਲ ਲੈਂਦੀ,
ਡਬਲ-ਰੋਟੀ ਉਸਤੇ ਕੋਈ ਗਰਮ ਕਰਦੀ ।
ਖਾਣੇ ਸੁਬਹ ਦੇ 'ਚੋਂ ਜੋ ਕੁਝ ਬਚਿਆ ਸੀ,
ਉਹ ਵੀ ਓਸਦੇ ਸਾਹਮਣੇ ਲਿਆ ਧਰਦੀ ।

ਡਾਕ ਬਾਬੂ ਨੂੰ ਸ਼ਾਮ ਨੂੰ 'ਘਰ' ਬੈਠੇ,
ਕਦੀ ਭੈਣ ਤੇ ਮਾਂ ਦੀ ਯਾਦ ਆਉਂਦੀ ।
ਉਹਨੂੰ ਜਾਪਦਾ ਉਹ ਬਨਵਾਸ ਕੱਟੇ,
ਇਹੋ ਸੋਚ ਉਹਦਾ ਦਿਲ ਤੜਫਾਉਂਦੀ ।
ਯਾਦਾਂ ਆਉਂਦੀਆਂ ਇਕ ਤੂਫ਼ਾਨ ਬਣਕੇ,
ਕੀਹਨੂੰ ਦੱਸ ਕੇ ਉਨ੍ਹਾਂ ਨੂੰ ਠੱਲ੍ਹ ਪਾਵੇ ।
ਕਾਮਿਆਂ ਨਾਲ ਨਾ ਸੀ ਉਹਦੀ ਗੱਲ ਸਾਂਝੀ,
ਮਨ ਮੁੜ ਕੇ ਰਤਨ ਦੇ ਵੱਲ ਆਵੇ ।
ਰੋਜ਼ ਰੋਜ਼ ਗੱਲਾਂ ਸੁਣ ਕੇ ਬਾਲ-ਮਨ ਵਿਚ,
ਇਹ ਗੱਲ ਚੰਗੀ ਤਰ੍ਹਾਂ ਰਸ ਗਈ ।
ਉਹਦੇ ਭੈਣ-ਭਾਈ ਸਭ ਆਪਣੇ ਨੇ,
ਸੂਰਤ ਸਾਰਿਆਂ ਦੀ ਅੰਦਰ ਵਸ ਗਈ ।

ਇਕ ਦੁਪਹਿਰ ਨੂੰ ਜਦੋਂ ਕੁਝ ਮੀਂਹ ਰੁਕਿਆ,
ਠੰਢੀ ਨਰਮ ਹਵਾ ਕੁਝ ਵੱਗਣ ਲੱਗੀ ।
ਗੰਧ ਘਾਹ ਤੇ ਧੋਤੇ ਹੋਏ ਪੱਤਿਆਂ ਦੀ,
ਧੁੱਪੇ ਧਰਤੀ ਦੇ ਸਾਹ ਜਿਉਂ ਲੱਗਣ ਲੱਗੀ ।
ਇੱਕ ਪੰਛੀ ਬੈਠਾ ਕਿਸੇ ਰੁੱਖ ਉੱਤੇ,
ਦੁਪਹਿਰੋਂ ਸ਼ਾਮ ਤੋੜੀ ਗੀਤ ਗਾਈ ਗਿਆ ।
ਕੋਈ ਸੁਣੇ ਨਾ ਸੁਣੇ ਇਹ ਓਸ ਨੂੰ ਕੀ,
ਕੁਦਰਤ ਰਾਣੀ ਨੂੰ ਰਾਗ ਸੁਣਾਈ ਗਿਆ ।
ਡਾਕ ਬਾਬੂ ਵਿਹਲਾ, ਲਿਸ਼ਕਦੇ ਪੱਤ ਵੇਖੇ,
ਉਡਦੇ ਬੱਦਲਾਂ ਵੱਲ ਜਾਏ ਨੀਝ ਉਸਦੀ ।
ਐ ਕਾਸ਼ ! ਪਿਆਰਾ ਕੋਈ ਕੋਲ ਹੋਵੇ,
ਮਨ ਵਿੱਚ ਉਬਾਲੇ ਲਏ ਰੀਝ ਉਸਦੀ ।
ਉਹ ਸੋਚਦਾ ਪੰਛੀ ਜੋ ਗਾ ਰਿਹਾ ਏ,
ਸਾਂ-ਸਾਂ ਪੱਤਿਆਂ ਦੀ ਓਹੋ ਆਖਦੀ ਏ ।
ਕੋਈ ਪਿਆਰਾ ਜੇ ਆ ਕੇ ਕੋਲ ਬੈਠੇ,
ਤਾਂਘ ਉਨ੍ਹਾਂ ਦੀ ਵੀ ਏਹੋ ਜਾਪਦੀ ਏ ।
ਉਹਨੇ ਆਹ ਭਰ, 'ਰਤਨ' ਨੂੰ 'ਵਾਜ਼ ਮਾਰੀ,
ਬਾਹਰ ਕੱਚੇ ਅਮਰੂਦ ਜੋ ਖਾ ਰਹੀ ਸੀ ।
'ਕੀ ਮੈਨੂੰ ਬੁਲਾਇਆ ਤੁਸੀਂ ਦਾਦਾ ?
ਇਹ ਕਹਿੰਦੀ ਅੰਦਰ ਨੂੰ ਆ ਰਹੀ ਸੀ।'
ਡਾਕ ਬਾਬੂ ਕਿਹਾ, 'ਮੈਂ ਸੋਚਦਾ ਹਾਂ,
ਕਿਉਂ ਨਾ ਤੈਨੂੰ ਕੁਝ ਪੜ੍ਹਾਇਆ ਜਾਵੇ ?
ਵਿਹਲਾ ਸਮਾਂ ਜਿਹੜਾ ਮਿਲ ਜਾਂਵਦਾ ਏ,
ਉਹ ਏਸ ਲੇਖੇ ਸਾਰਾ ਲਾਇਆ ਜਾਵੇ ।'
ਸ਼ਾਮ ਤੱਕ ਉਹ ਅੱਖਰ ਸਿਖਾਈ ਗਿਆ,
ਰਤਨ ਵੀ ਕੰਮ ਏਸੇ ਵਿਚ ਰੁੱਝ ਗਈ ।
ਕੁਝ ਦਿਨਾਂ ਦੇ ਵਿਚ ਹੀ ਸਿੱਖ ਅੱਖਰ,
ਜੁੜਵੇਂ-ਅੱਖਰਾਂ ਤੱਕ ਉਹ ਪੁੱਜ ਗਈ ।

ਇੰਞ ਜਾਪੇ ਬਰਸਾਤ ਨਹੀਂ ਬੰਦ ਹੋਣੀ,
ਨਹਿਰਾਂ, ਖਾਈਆਂ, ਖਤਾਨ ਉਸ ਭਰ ਦਿੱਤੇ ।
ਚੌਵੀ ਘੰਟੇ ਛੱਤ ਤੇ ਰਹੇ ਖੜਕਾਰ ਹੁੰਦਾ
ਬੋਲ ਡੱਡੂਆਂ ਬੋਲੇ ਕੰਨ ਕਰ ਦਿੱਤੇ ।
ਗਲੀਆਂ ਪਿੰਡ ਦੀਆਂ ਪਾਣੀ ਨਾਲ ਭਰੀਆਂ,
ਉਥੋਂ ਸੌਖਿਆਂ ਲੰਘਿਆ ਜਾਂਵਦਾ ਨਾ ।
ਛੋਟੀ ਬੇੜੀ ਲੈ ਮੰਡੀ ਨੂੰ ਜੋ ਜਾਏ,
ਉਹ ਵੀ ਭਿੱਜੇ ਬਿਨ ਘਰ ਨੂੰ ਆਂਵਦਾ ਨਾ ।

ਇਕ ਸੁਬਹ ਅਸਮਾਨ ਤੇ ਛਾਏ ਬੱਦਲ,
ਰਤਨ ਬਾਹਰ ਆਵਾਜ਼ ਉਡੀਕਦੀ ਰਹੀ ।
ਬਹੁਤਾ ਚਿਰ ਨਾ ਜਦ ਆਵਾਜ਼ ਆਈ,
ਫੜ ਕਿਤਾਬ ਉਹ ਕਮਰੇ ਦੇ ਵੱਲ ਗਈ ।
ਅੰਦਰ ਗਈ ਤਾਂ ਬਿਸਤਰ ਤੇ ਓਸ ਡਿੱਠਾ,
ਡਾਕ ਬਾਬੂ ਸੀ ਲੰਮਾ ਪਇਆ ਹੋਇਆ ।
ਉਹਨੇ ਸੋਚਿਆ ਉਹ ਆਰਾਮ ਕਰਦਾ,
ਵਾਪਸ ਮੁੜਨ ਨੂੰ ਓਸਦਾ ਚਿਤ ਹੋਇਆ ।
ਦੱਬੇ ਪੈਰੀਂ ਜਾਂ ਰਤਨ ਮੁੜਨ ਲਗੀ,
ਉਹਦੇ ਨਾਂ ਦੀ ਓਹਨੂੰ ਆਵਾਜ਼ ਆਈ ।
'ਮੈਨੂੰ ਜਾਪਦਾ ਸੀ ਤੁਸੀਂ ਸੌਂ ਰਹੇ ਓ ?'
ਅੱਗੋਂ ਮੋੜਵਾਂ ਮੁੜ ਉਸ ਪੁੱਛਿਆ ਈ ।
ਡਾਕ ਬਾਬੂ ਉਦਾਸ ਆਵਾਜ਼ ਕੱਢੀ,
'ਮੇਰਾ ਸਰੀਰ ਅੱਜ ਕੁਝ ਨਹੀਂ ਠੀਕ ਲਗਦਾ ।'
ਜ਼ਰਾ ਹੱਥ ਉੱਤੇ ਰੱਖ ਵੇਖ ਤਾਂ ਸਹੀ,
ਮੇਰਾ ਮੱਥਾ ਤੰਦੂਰ ਜਿਉਂ ਕਿਵੇਂ ਤਪਦਾ ।'
ਉਹਨੂੰ ਇਕੱਲ ਦਾ ਇਹ ਬਨਵਾਸ ਡੰਗੇ,
ਉੱਤੋਂ ਬੱਦਲਾਂ ਨੇ ਨ੍ਹੇਰ ਪਾਇਆ ਸੀ ।
ਅਪਣੀ ਮਾਂ ਤੇ ਭੈਣ ਦਾ ਹੱਥ ਕੂਲਾ,
ਮੱਥੇ ਆਪਣੇ ਤੇ ਯਾਦ ਆਇਆ ਸੀ ।
ਐਨ ਉਸੇ ਵੇਲੇ ਚਮਤਕਾਰ ਹੋਇਆ,
ਰਤਨ ਬਾਲੜੀ ਤੋਂ ਮਾਂ ਦਾ ਰੂਪ ਧਰਿਆ ।
ਪਿੰਡੋਂ ਜਾ ਕੇ ਡਾਕਟਰ ਨੂੰ ਲੈ ਆਈ,
ਦਵਾਈ ਸਮੇਂ ਸਿਰ ਦੇਣ ਦਾ ਕੰਮ ਕਰਿਆ ।
ਸਾਰੀ ਰਾਤ ਸਿਰ੍ਹਾਣੇ ਦੇ ਕੋਲ ਬੈਠੀ,
ਦਲੀਆ ਆਪਣੇ ਆਪ ਬਣਾਂਵਦੀ ਰਹੀ ।
'ਪਹਿਲਾਂ ਨਾਲੋਂ ਫ਼ਰਕ ਕੁਝ ਪਿਆ ਦਾਦਾ ?'
ਕਦੇ ਕਦੇ ਇਹ ਉਹਨੂੰ ਪੁਛਾਂਵਦੀ ਰਹੀ ।

ਕੁਝ ਦਿਨ ਲੰਘੇ ਬੁਖਾਰ ਉਤਰ ਗਿਆ,
ਪਰ ਸਰੀਰ ਕਮਜ਼ੋਰ ਉਹ ਕਰ ਗਿਆ ।
'ਮੈਂ ਇੱਥੋਂ ਹੁਣ ਬਦਲੀ ਕਰਵਾ ਲੈਣੀ,'
ਇਹ ਮਰੀਜ਼ ਨੇ ਫੈਸਲਾ ਕਰ ਲਿਆ ।
ਅਰਜ਼ੀ ਕਲਕੱਤੇ ਨੂੰ ਓਸ ਨੇ ਭੇਜ ਦਿੱਤੀ,
ਬਦਲੀ ਲਈ ਉਸ ਵਿੱਚ ਅਪੀਲ ਲਿਖੀ ।
'ਇਹ ਥਾਂ ਸਿਹਤ ਦੇ ਲਈ ਨਹੀਂ ਚੰਗੀ,'
ਇਹ ਉਸ ਆਪਣੇ ਵੱਲੋਂ ਦਲੀਲ ਲਿਖੀ ।

ਕੰਮ ਨਰਸ ਦੇ ਤੋਂ ਜਦੋਂ ਹੋਈ ਵਿਹਲੀ,
ਰਤਨ ਆਪਣੀ ਜਗਾਹ ਆ ਫੇਰ ਮੱਲੀ ।
ਮਾਲਕ ਕੋਈ ਨਾ ਉਹਨੂੰ ਆਵਾਜ਼ ਦੇਵੇ,
ਬਹੁਤਾ ਸਮਾਂ ਲੰਘਾਵਦੀ ਬੈਠ ਕੱਲੀ ।
ਰਤਨ ਆਵਾਜ਼ ਨੂੰ ਪਈ ਉਡੀਕਦੀ ਸੀ,
ਉਹ ਅਰਜ਼ੀ ਦਾ ਜਵਾਬ ਉਡੀਕਦਾ ਸੀ ।
ਏਸੇ ਤਰ੍ਹਾਂ ਸਾਰਾ ਸਮਾਂ ਦੋਵਾਂ ਲਈ,
ਆਪੋ ਆਪਣੇ ਢੰਗ ਨਾਲ ਬੀਤਦਾ ਸੀ ।
ਵਾਰ ਵਾਰ ਪੁਰਾਣੇ ਉਹ ਸਬਕ ਪੜ੍ਹਦੀ,
ਇੰਞ ਕਰਦਿਆਂ ਹਫ਼ਤਾ ਇਕ ਲੰਘ ਗਿਆ ।
ਅੰਤ ਓਸ ਨੂੰ ਜਦੋਂ ਆਵਾਜ਼ ਪਈ,
ਮਨ ਖ਼ੁਸ਼ੀ ਹੋਇਆ ਕਮਰੇ ਵੱਲ ਗਿਆ ।
'ਰਤਨ, ਕੱਲ੍ਹ ਨੂੰ ਇੱਥੋਂ ਮੈਂ ਟੁਰ ਜਾਣਾ,'
ਡਾਕ ਬਾਬੂ ਨੇ ਉਹਨੂੰ ਇਹ ਗੱਲ ਦੱਸੀ ।
'ਕਿੱਥੇ ਜਾ ਰਹੇ ਹੋ, ਦਾਦਾ ਦੱਸੋ ਮੈਨੂੰ ?'
ਰਤਨ ਮੋੜ ਕੇ ਅੱਗੋਂ ਇਹ ਗੱਲ ਪੁੱਛੀ ।
'ਘਰ ਜਾ ਰਿਹਾਂ,' ਅੱਗੋਂ ਜਵਾਬ ਮਿਲਿਆ,
ਉਸ ਪੁੱਛਿਆ, 'ਵਾਪਸ ਹੈ ਕਦੋਂ ਆਉਣਾ ?'
ਓਸ ਆਖਿਆ, 'ਏਸ ਜਗ੍ਹਾ ਤੇ ਹੁਣ,
ਮੁੜ ਕਦੇ ਵੀ ਮੈਂ ਨਹੀਂ ਪੈਰ ਪਾਉਣਾ ।'
ਰਤਨ ਅੱਗੋਂ ਨਾ ਕੋਈ ਸਵਾਲ ਪੁੱਛਿਆ,
ਡਾਕ ਬਾਬੂ ਪਰ ਸਭ ਕੁਝ ਕਹਿ ਦਿੱਤਾ ।
ਉਹਦੀ ਅਰਜ਼ੀ ਹੈ ਨਾਮੰਜ਼ੂਰ ਹੋਈ,
ਇਸ ਲਈ ਅਸਤੀਫਾ ਉਸ ਦੇ ਦਿੱਤਾ ।
ਕਿੰਨਾ ਚਿਰ ਫਿਰ ਦੋਵੇਂ ਹੀ ਚੁੱਪ ਰਹੇ,
ਇਕ ਲਫ਼ਜ਼ ਵੀ ਮੂੰਹਾਂ 'ਚੋਂ ਕੱਢਿਆ ਨਾ ।
ਮੱਧਮ ਜਿਹਾ ਦੀਵਾ ਇੱਕ ਰਿਹਾ ਬਲਦਾ,
ਛੱਤੋਂ ਤਿਪਕਣਾ ਪਾਣੀ ਨੇ ਛੱਡਿਆ ਨਾ ।
ਹੌਲੀ ਹੌਲੀ ਰਤਨ ਉਠੀ ਉਸ ਥਾਂ ਤੋਂ,
ਜਾ ਕੇ ਰਸੋਈ ਵਿੱਚ ਖਾਣਾ ਤਿਆਰ ਕਰਦੀ ।
ਬਾਲ-ਮਨ ਉਹਦਾ ਖ਼ਿਆਲਾਂ ਨਾਲ ਭਰਿਆ,
ਇਕ ਸੋਚ ਜਾਏ ਦੂਜੀ ਫਿਰ ਆ ਵੜਦੀ ।
ਮਾਲਕ ਖਾਣਾ ਖਾ ਕੇ ਜਾਂ ਹੋਇਆ ਵਿਹਲਾ,
ਬਾਲ-ਮਨ ਨੇ ਹੌਸਲਾ ਢੇਰ ਕੀਤਾ ।
'ਮੈਨੂੰ ਆਪਣੇ ਨਾਲ ਲਿਜਾਓਗੇ ਨਾ ?'
ਅਚਣਚੇਤ ਇਹ ਰਤਨ ਨੇ ਪੁੱਛ ਲੀਤਾ ।
'ਕਿਹਾ ਖ਼ਿਆਲ ਏ!' ਮਾਲਕ ਨੇ ਕਿਹਾ ਮੂੰਹੋਂ,
ਇਹ ਕਹਿ ਕੇ ਖ਼ੂਬ ਫਿਰ ਆਪ ਹੱਸਿਆ ।
ਉਹ ਕਿਉਂ ਨਹੀਂ ਉਹਨੂੰ ਲਿਜਾ ਸਕਦਾ ?
ਇਹਦਾ ਜਵਾਬ ਨਾ ਉਸ ਨੇ ਕੋਈ ਦੱਸਿਆ ।
ਸਾਰੀ ਰਾਤ ਹੀ ਜਦ ਉਹਨੂੰ ਜਾਗ ਆਈ,
ਸੁਪਨੇ ਲੈਂਦੀ ਹੋਈ ਭਾਵੇਂ ਪਈ ਸੁੱਤੀ ।
'ਕਿਹਾ ਖ਼ਿਆਲ', ਕਹਿ ਹੱਸਦੀ ਇਕੋ ਸੂਰਤ,
ਵਾਰ ਵਾਰ ਉਹਦੇ ਬਾਲ-ਮਨ ਤੱਕੀ ।
ਪਿੰਡ ਵਾਲੇ ਤਾਂ ਨਦੀ ਵਿਚ ਜਾ ਨ੍ਹਾਉਂਦੇ,
ਡਾਕ ਬਾਬੂ ਪਰ ਘਰੇ ਹੀ ਨਾਂਵਦਾ ਸੀ ।
ਆਪਣੇ ਨ੍ਹਾਉਣ ਲਈ ਰੋਜ਼ ਉਹ ਰਤਨ ਕੋਲੋਂ,
ਕਈ ਘੜਿਆਂ ਵਿਚ ਪਾਣੀ ਭਰਾਂਵਦਾ ਸੀ ।
ਰਤਨ ਰਾਤੀਂ ਨਾ ਉਸ ਤੋਂ ਪੁੱਛ ਸਕੀ,
ਕਿੰਨੇ ਵਜੇ ਸਵੇਰੇ ਉਸ ਜਾਵਣਾ ਏਂ ।
ਸੁਬਹ ਉੱਠ ਨਦੀਉਂ ਘੜੇ ਭਰ ਲਿਆਈ,
ਉਹਨੂੰ ਪਤਾ ਨਾ ਕਦੋਂ ਉਸ ਨ੍ਹਾਵਣਾ ਏਂ ।
ਡਾਕ ਬਾਬੂ ਪਹਿਲਾਂ ਇਸ਼ਨਾਨ ਕੀਤਾ,
ਫੇਰ ਰਤਨ ਨੂੰ ਕੋਲ ਬੁਲਾਇਆ ਉਸਨੇ ।
ਚੁਪਚਾਪ ਉਹ ਕੋਲ ਆ ਖੜ੍ਹੀ ਹੋ ਗਈ,
ਉਹਨੂੰ ਪਿਆਰ ਦੇ ਨਾਲ ਸੁਣਾਇਆ ਉਸਨੇ ।
'ਮੇਰੇ ਜਾਣ ਦੀ ਚਿੰਤਾ ਨਾ ਕਰੀਂ ਕੋਈ,
ਤੇਰੇ ਲਈ ਸਭ ਕੁਝ ਕਰ ਜਾਵਣਾ ਮੈਂ ।
ਮੇਰੇ ਬਾਦ ਜਿਹੜਾ ਆਊ ਥਾਂ ਮੇਰੀ,
ਉਹਨੂੰ ਸਭ ਸਮਝਾ ਕੇ ਜਾਵਣਾ ਮੈਂ ।'
ਕਿੰਨੀ ਵਾਰ ਰਤਨ ਝਿੜਕਾਂ ਝੱਲੀਆਂ ਸਨ,
ਐਨਾ ਕਦੇ ਨਹੀਂ ਸੀ ਉਹ ਦੁਖੀ ਹੋਈ ।
ਡਾਕ ਬਾਬੂ ਦੇ ਇਹ ਕਹਿਣ ਉੱਤੇ,
ਭੁੱਬਾਂ ਮਾਰ ਕੇ ਓਸ ਦੀ ਰੂਹ ਰੋਈ ।
ਨਾਲੇ ਰੋਈਂ ਜਾਵੇ, ਨਾਲੇ ਕਹੀਂ ਜਾਵੇ,
'ਮੇਰੇ ਲਈ ਨਾ ਕਿਸੇ ਨੂੰ ਕੁਝ ਕਹਿਣਾ ।
ਤੁਸੀਂ ਚਲੇ ਜਾਵੋ ਕਾਹਦਾ ਫ਼ਿਕਰ ਮੈਨੂੰ,
ਤੁਹਾਥੋਂ ਬਾਦ ਮੈਂ ਏਸ ਥਾਂ ਨਹੀਂ ਰਹਿਣਾ ।'
ਡਾਕ ਬਾਬੂ ਹੈਰਾਨ ਹੋ ਪਿਆ ਤੱਕੇ,
ਪਹਿਲੀ ਵਾਰ ਇਹ ਰਤਨ ਦਾ ਰੂਪ ਤੱਕਿਆ ।
ਬਾਲ-ਮਨ ਦੀ ਤਾਹੀਂ ਸਭ ਆਖਦੇ ਨੇ,
ਕੋਈ ਸਿਆਣਾ ਵੀ ਥਾਹ ਨਾ ਪਾ ਸਕਿਆ ।

ਨਵਾਂ ਆਦਮੀ ਸਮੇਂ ਸਿਰ ਆ ਪੁੱਜਾ,
ਉਹਨੇ ਆਉਂਦਿਆਂ ਅਹੁਦਾ ਸੰਭਾਲ ਲਿਆ ।
ਡਾਕ ਬਾਬੂ ਜਾਂ ਜਾਣ ਲਈ ਤਿਆਰ ਹੋਇਆ,
ਉਹਨੇ ਰਤਨ ਨੂੰ ਕੋਲ ਬਹਾਲ ਕਿਹਾ,
'ਆਹ ਲੈ ਮੈਂ ਤੈਨੂੰ ਕੁਝ ਦੇਣ ਲੱਗਾ,
ਤੇਰਾ ਕੁਝ ਚਿਰ ਏਸ ਲੰਘਾ ਦੇਣਾ ।'
ਅਪਣੀ ਤਨਖ਼ਾਹ ਸੀ ਉਹਨੂੰ ਉਹ ਦੇਣ ਲੱਗਾ,
ਪਰ ਰਤਨ ਨੂੰ ਜਾਪਿਆ ਇਹ ਮੇਹਣਾ ।
ਰਤਨ ਰੋਏ ਉੱਚੀ ਪੈਰੀਂ ਹੱਥ ਲਾਵੇ,
'ਦਾਦਾ ਮੈਂ ਨਹੀਂ ਕੋਈ ਵੀ ਚੀਜ਼ ਲੈਣੀ ।
ਮੇਰੇ ਵਾਸਤੇ ਕੋਈ ਨਾ ਕਰੋ ਚਿੰਤਾ,
ਮੇਰੀ ਬੇਨਤੀ ਮੰਨ ਇਹ ਤੁਸਾਂ ਲੈਣੀ ।'
ਇਹ ਆਖ ਕੇ ਰਤਨ ਤਾਂ ਦੌੜ ਗਈ,
ਡਾਕ ਬਾਬੂ ਨੇ ਇਕ ਸੀ ਆਹ ਭਰੀ ।
ਉੱਥੋਂ ਚੁਕਿਆ ਸਾਰਾ ਸਾਮਾਨ ਅਪਣਾ,
ਕਿਸ਼ਤੀ ਵੱਲ ਨੂੰ ਅਪਣੀ ਰਾਹ ਫੜੀ ।

ਜਦੋਂ ਉਹ ਕਿਸ਼ਤੀ ਵਿਚ ਜਾ ਚੜ੍ਹਿਆ,
ਨਦੀ ਪੂਰੇ ਉਫਾਣ ਤੇ ਚੜ੍ਹੀ ਹੋਈ ਸੀ ।
ਉਹਨੂੰ ਜਾਪਿਆ ਨਦੀ ਵਿਚ ਨਹੀਂ ਪਾਣੀ,
ਇਹ ਤਾਂ ਹੰਝੂਆਂ ਦੇ ਨਾਲ ਭਰੀ ਹੋਈ ਸੀ ।
ਉਹਦੇ ਮਨ ਅੰਦਰ ਇਕ ਚੀਸ ਉੱਠੀ,
ਚਿਹਰਾ ਰਤਨ ਦਾ ਸਾਮ੍ਹਣੇ ਆਈ ਜਾਵੇ ।
ਉਹਨੂੰ ਜਾਪੀ ਉਹ ਜਿਦਾਂ ਮਾਂ-ਧਰਤੀ,
ਦਰਦ ਕਿੰਨਾਂ ਹੀ ਦਿਲ ਸਮਾਈ ਜਾਵੇ ।
ਉਹਦੇ ਮਨ ਆਇਆ ਉਹਨੂੰ ਲੈ ਆਵਾਂ,
ਬਾਦਬਾਨਾਂ ਵਿਚ ਹਵਾ ਪਰ ਭਰ ਗਈ ਸੀ ।
ਉਹਦੇ ਵਿੰਹਦਿਆਂ ਪਿੰਡ ਨੂੰ ਛੱਡ ਪਿੱਛੇ,
ਮੰਝਧਾਰ ਵੱਲ ਨੂੰ ਬੇੜੀ ਤਰ ਗਈ ਸੀ ।
ਡਾਕ ਬਾਬੂ ਨੂੰ ਫਲਸਫਾ ਯਾਦ ਆਇਆ,
ਕਿੰਨੇ ਮਿਲਣ-ਵਿਛੋੜੇ ਫਿਰ ਯਾਦ ਆਏ ।
ਵਿਛੋੜਾ ਮੌਤ ਦਾ ਸਭ ਤੋਂ ਹੈ ਵੱਡਾ,
ਮੁੜ ਕੇ ਜਿਦ੍ਹੇ ਨਾ ਕਦੇ ਕੋਈ ਬਾਦ ਆਏ ।
ਰਤਨ ਕੋਲ ਨਾ ਕੋਈ ਫਲਸਫਾ ਸੀ,
ਉਹ ਤਾਂ ਡਾਕ-ਘਰ ਵਿੱਚ ਹੀ ਘੁੰਮ ਰਹੀ ਸੀ ।
ਦਾਦਾ ਓਸਦਾ ਸ਼ਾਇਦ ਆ ਜਾਏ ਮੁੜ ਕੇ,
ਉਹਦੇ ਮਨ ਨੂੰ ਆਸ ਇਹ ਟੁੰਬ ਰਹੀ ਸੀ ।
ਪਰ ਇਸ ਤਰ੍ਹਾਂ ਵਿਛੜੇ ਕਦੋਂ ਮਿਲਦੇ,
ਝੂਠੀ ਆਸ ਨੇ ਆਪੇ ਹੀ ਮੁੱਕ ਜਾਣਾ ।
ਸਮਾਂ ਲੰਘਦਾ ਜਾਣਾ ਤੇ ਨਾਲ ਉਸਦੇ,
ਬੂਟਾ ਸੱਧਰਾਂ ਦਾ ਆਪੇ ਸੁੱਕ ਜਾਣਾ ।
ਪਰ ਆਸਾਂ ਦਾ ਇਹ ਧੰਦਾਲ ਐਸਾ,
ਮੁੜ ਮੁੜ ਮਨ ਇਨ੍ਹਾਂ ਵਿਚ ਫਸਦਾ ਏ ।
ਜਿੰਨਾ ਨਿਕਲਣ ਲਈ ਏਸ 'ਚੋਂ ਜ਼ੋਰ ਲਾਵੇ,
ਹੋਰ ਹੋਰ ਜਾਂਦਾ ਇਹ ਕਸਦਾ ਏ ।

10. ਰੱਬ ਨੂੰ ਚਿੱਠੀ

ਇਹ ਰਚਨਾ ਗਰਿਗੋਰੀਓ ਲੋਪੇਜ਼ ਵਾਇ ਫ਼ਯੂਐਂਟਸ ਦੀ ਸਪੇਨੀ ਕਹਾਣੀ
'A Letter To God' ਤੇ ਆਧਾਰਿਤ ਹੈ)

ਸਾਰੀ ਵਾਦੀ ਵਿਚ ਦਿਸਦਾ ਘਰ ਇੱਕੋ,
ਨੀਵੀਂ ਪਹਾੜੀ ਦੇ ਸਿਖਰ ਜੋ ਵੱਸਦਾ ਸੀ ।
ਉਸ ਥਾਂ ਤੋਂ ਜਿਧਰ ਵੀ ਨਜ਼ਰ ਮਾਰੋ,
ਦੂਰ ਦੂਰ ਤੋੜੀ ਸਾਫ਼ ਦਿੱਸਦਾ ਸੀ ।
ਇਕ ਨਦੀ ਵਹਿੰਦੀ, ਅੱਗੇ ਪਸ਼ੂ-ਵਾੜਾ,
ਜਿਦ੍ਹੇ ਨੇੜੇ ਦੇ ਖੇਤ ਸੀ ਫਸਲ ਭਾਰੀ ।
ਟਾਂਡੇ ਮੱਕੀ ਦੇ ਛੱਲੀਆਂ ਨਾਲ ਝੂਮਣ,
ਫੁੱਲ ਰਾਜਮਾਂਹ ਦੇ ਵਿੱਚ ਗੁਲਕਾਰੀ ।
ਫਸਲ ਵਿਚ ਕੋਈ ਘਾਟ ਨਾ ਦਿਸਦੀ ਸੀ,
ਇਕੋ ਚਿੰਤਾ ਪਰ ਲੈਂਕੋ ਨੂੰ ਖਾ ਰਹੀ ਸੀ ।
ਫਸਲ ਪਾਣੀ ਮੰਗੇ ਸਾਫ਼ ਦਿਸਦਾ ਸੀ,
ਕੋਈ ਬਦਲੀ ਨਾ ਕਿਧਰੋਂ ਆ ਰਹੀ ਸੀ ।
ਸਾਰੀ ਸਵੇਰ ਹੀ ਲੈਂਕੋ ਸੀ ਰਿਹਾ ਵਿੰਹਦਾ,
ਉੱਤਰ-ਪੂਰਬ ਵੱਲ ਜਿੱਧਰੋਂ ਆਉਣ ਬੱਦਲ ।
ਉਹਦਾ ਦਿਲ ਲੋਚੇ ਉਹਦੀ ਫਸਲ ਉੱਤੇ,
ਆਕੇ ਰਹਿਮਤ ਦਾ ਮੀਂਹ ਬਰਸਾਉਣ ਬੱਦਲ ।
ਉੱਚੀ ਆਵਾਜ਼ ਦੇ ਪਤਨੀ ਨੂੰ ਕਹਿਣ ਲੱਗਾ,
'ਇੰਞ ਜਾਪਦੈ ਮੀਂਹ ਅੱਜ ਆਵਣਾ ਏਂ ।'
ਖਾਣਾ ਬਣਾ ਰਹੀ ਪਤਨੀ ਕਿਹਾ ਅੱਗੋਂ,
'ਹੋਣਾ ਸੋਈ ਜੋ ਰੱਬ ਨੂੰ ਭਾਵਣਾ ਏਂ ।'
ਵੱਡੇ ਲੜਕੇ ਸੀ ਖੇਤ ਵਿਚ ਕੰਮ ਕਰਦੇ,
ਛੋਟੇ ਖੇਡ ਰੁੱਧੇ ਨਾ ਸੀ ਫ਼ਿਕਰ ਕਾਈ ।
ਘਰ ਵੱਲ ਨੂੰ ਸਾਰੇ ਹੀ ਚੱਲ ਪਏ,
'ਖਾਣਾ ਤਿਆਰ ਏ,' ਮਾਂ ਦੀ 'ਵਾਜ਼ ਆਈ ।
ਖਾਣਾ ਖਾਣ ਵੇਲੇ ਕਣੇ ਪੈਣ ਲੱਗੇ,
ਸੱਚ ਲੈਂਕੋ ਦੀ ਹੋ ਗਈ ਭਵਿਖਬਾਣੀ ।
ਉਤਰ-ਪੂਰਬ ਵੱਲੋਂ ਪਰਬਤ ਬੱਦਲਾਂ ਦੇ,
ਉਨ੍ਹਾਂ ਵੱਲ ਆ ਰਹੇ ਬੰਨ੍ਹ ਢਾਣੀ ।
ਤਾਜ਼ੀ-ਮਿੱਠੀ ਹਵਾ ਦੇ ਆਏ ਬੁੱਲੇ,
ਲੈਂਕੋ ਆਪਣੇ ਵਾੜੇ ਵੱਲ ਉੱਠ ਤੁਰਿਆ ।
ਕਿਉਂ ਨਾ ਮੀਂਹ ਦਾ ਕੁਝ ਅਨੰਦ ਲਵਾਂ,
ਉਹਦੇ ਮਨ ਵਿਚ ਇਹ ਖ਼ਿਆਲ ਫੁਰਿਆ ।
ਭਿੱਜ ਮੀਂਹ ਵਿਚ ਘਰ ਆ ਕਹਿਣ ਲੱਗਾ,
'ਬੱਦਲ ਸਿੱਕਿਆਂ ਦੀ ਬਾਰਿਸ਼ ਕਰ ਰਹੇ ਨੇ ।
ਕੋਈ ਦਸ ਕੋਈ ਪੰਜ ਸੈਂਟੋਵ ਦਾ ਏ,
ਨਵੇਂ ਸਿੱਕੇ ਸਾਡੀ ਝੋਲੀ ਭਰ ਰਹੇ ਨੇ ।'

ਮੂੰਹ ਤੇ ਖੁਸ਼ੀ ਤਸੱਲੀ ਦੀ ਝਲਕ ਰਹੀ ਸੀ,
ਬਾਹਰ ਵਲ ਉਸ ਆਪਣੇ ਖੇਤ ਤੱਕੇ ।
ਉਹਦੇ ਮੱਕੀ, ਰਾਜਮਾਂਹ ਇਉਂ ਲੱਗਦੇ ਸਨ,
ਚਾਦਰ ਮੀਂਹ ਦੀ ਨੇ ਜਿਵੇਂ ਹੋਣ ਢੱਕੇ ।
ਅਚਣਚੇਤ ਝੱਖੜ ਆ ਕੇ ਲੱਗਾ ਝੁੱਲਣ,
ਗੜੇ ਚਾਂਦੀ ਰੰਗੇ ਕਿਧਰੋਂ ਆਣ ਢੱਠੇ ।
ਛੋਟੇ ਬੱਚੇ ਮੀਂਹ ਵਿਚ ਜਾਣ ਭੱਜੇ,
ਜੰਮੇ ਮੋਤੀਆਂ ਨੂੰ ਲੱਗੇ ਕਰਨ ਕੱਠੇ ।
ਜੱਟ ਡਰ ਗਿਆ ਕਹੇ, 'ਬਹੁ ਬੁਰਾ ਹੋਇਆ,
ਰੱਬ ਕਰੇ ! ਛੇਤੀ ਗੜੇ ਰੁਕ ਜਾਵਣ ।'
ਜਿਵੇਂ ਚਾਹੁੰਦਾ ਸੀ ਉਹ ਨਾ ਹੋਇਆ,
ਘੰਟਾ ਭਰ ਗੜਿਆਂ ਕੀਤੀ ਮਨ ਆਵਣ ।
ਘਰ, ਬਾਗ਼, ਵਾਦੀ, ਪਹਾੜੀਆਂ ਖੇਤ ਸੱਭੇ,
ਤਹਿਸ-ਨਹਿਸ ਗੜਿਆਂ ਕਰ ਝੱਟ ਦਿੱਤੇ ।
ਉਹਦੇ ਮੱਕੀ ਰਾਜਮਾਂਹ ਦੇ ਖੇਤ ਸੁਹਣੇ,
ਚਾਦਰ ਲੂਣ ਰੰਗੀ ਸਾਰੇ ਢੱਕ ਦਿੱਤੇ ।
ਪੱਤੇ ਝੜੇ ਰੁੱਖ ਰੁੰਡ-ਮਰੁੰਡ ਹੋਏ,
ਖੇਤ ਮੱਕੀ ਦਾ ਸਾਰਾ ਤਬਾਹ ਕਰ ਗਏ ।
ਗੜੇ ਫੁੱਲ ਰਾਜਮਾਹਾਂ ਦੇ ਝਾੜ ਗਏ,
ਰੂਹ ਲੈਂਕੋ ਦੀ ਦਰਦ ਦੇ ਨਾਲ ਭਰ ਗਏ ।
ਤੂਫ਼ਾਨ ਲੰਘਿਆ ਲੈਂਕੋ ਵਿੱਚ ਖੇਤ ਗਿਆ,
ਪੁੱਤਾਂ ਅਪਣਿਆਂ ਨੂੰ ਇੰਞ ਕਹਿਣ ਲੱਗਾ,
'ਟਿੱਡੀ-ਦਲ ਵੀ ਹਮਲਾ ਜੇ ਕਰ ਦਿੰਦਾ,
ਇੰਨਾਂ ਕਹਿਰ ਤਾਂ ਵੀ ਨਹੀਂ ਸੀ ਢਹਿਣ ਲੱਗਾ ।
ਸਾਡਾ ਗੜਿਆਂ ਨੇ ਕੁਝ ਛੱਡਿਆ ਨਹੀਂ,
ਦਾਣਾ ਇੱਕ ਵੀ ਹੱਥ ਹੁਣ ਆਵਣਾ ਨਹੀਂ ।
ਜਿੰਨੀ ਅੱਜ ਦੀ ਰਾਤ ਡਰਾਵਣੀ ਏਂ,
ਹੋਣਾ ਕੋਈ ਵੀ ਸਮਾਂ ਡਰਾਵਣਾ ਨਹੀਂ ।
ਐਨੀ ਮਿਹਨਤ ਅਜਾਈਂ ਹੀ ਗਈ ਸਾਰੀ,
ਮੱਦਦਗਾਰ ਕੋਈ ਬਾਂਹ ਨਹੀਂ ਫੜਣ ਵਾਲਾ ।'
ਮਨ ਵਿੱਚ ਘਰ ਦੇ ਜੀਆਂ ਸਾਰਿਆਂ ਦੇ,
ਇਕੋ ਰੱਬ ਜਾਪੇ ਕੁਝ ਕਰਨ ਵਾਲਾ ।
ਪਤਨੀ ਕਹਿਣ ਲੱਗੀ, 'ਐਨੇ ਨਾ ਦੁਖੀ ਹੋਵੋ,
ਭਾਵੇਂ ਸਾਰੀ ਹੈ ਫਸਲ ਤਬਾਹ ਹੋਈ ।
ਸਾਰੇ ਆਖਦੇ ਨੇ, ਇਹ ਯਾਦ ਰੱਖੋ,
ਮਰਿਆ ਭੁੱਖ ਦੇ ਨਾਲ ਨਹੀਂ ਕਦੇ ਕੋਈ ।'
ਲੈਂਕੋ ਰਾਤ ਸਾਰੀ ਸੋਚੀਂ ਰਿਹਾ ਡੁੱਬਾ,
ਇੱਕੋ ਆਸ ਬੱਸ ਰੱਬ ਦੀ ਲਾਈ ਉਸਨੇ ।
ਨਜ਼ਰ ਰੱਬ ਦੀ ਸਭ ਕੁਝ ਵੇਖਦੀ ਏ,
ਗੱਲ ਮਨ ਦੇ ਵਿਚ ਵਸਾਈ ਉਸਨੇ ।
ਇਹ ਬਚਪਨ ਤੋਂ ਦੱਸਿਆ ਗਿਆ ਉਸਨੂੰ,
ਰੱਬ ਮਨ ਦੀਆਂ ਗੱਲਾਂ ਵੀ ਜਾਣਦਾ ਏ ।
ਕਿਸ ਤਰ੍ਹਾਂ ਦੀ ਕੋਈ ਉਮੀਦ ਰੱਖੇ,
ਉਹ ਸਭਦੀ ਨਬਜ਼ ਪਛਾਣਦਾ ਏ ।

ਲੈਂਕੋ ਖੇਤ ਵਿਚ ਬੈਲ ਜਿਉਂ ਕੰਮ ਕਰਦਾ,
ਪੜ੍ਹਨਾ ਲਿਖਣਾ ਉਹਨੂੰ ਪਰ ਆਂਵਦਾ ਸੀ ।
ਐਤਵਾਰ ਆਇਆ, ਜਦੋਂ ਦਿਨ ਚੜ੍ਹਿਆ,
ਚਿੱਠੀ ਲਿਖਾਂ ਮੈਂ ਮਤਾ ਪਕਾਂਵਦਾ ਸੀ ।
ਚਿੱਠੀ ਲਿਖਣ ਲੱਗਾ ਨਿਸ਼ਚਾ ਕਰ ਪੱਕਾ,
'ਸਾਡੀ ਮਦਦ ਜੇ ਤੂੰ ਨਾ ਕਰੀ ਰੱਬਾ !
ਸੁਣ ਲੈ ਮੈਂ ਤੇ ਮੇਰਾ ਪਰਿਵਾਰ ਸਾਰਾ,
ਦੁੱਖ ਭੁੱਖ ਦਾ ਜਾਵਾਂਗੇ ਭਰੀ ਰੱਬਾ !
ਫਸਲ ਬੀਜਣੀ, ਸਮਾਂ ਲੰਘਾਵਣਾ ਏਂ,
ਸੌ ਪੀਸੋ ਦੀ ਸਾਨੂੰ ਹੈ ਲੋੜ ਭਾਰੀ ।
ਵੇਖ ਗੜਿਆਂ ਨੇ ਹੈ ਬਰਬਾਦ ਕੀਤੀ,
ਸਾਡੀ ਲਹਿਲਹਾਉਂਦੀ ਫਸਲ ਸਾਰੀ ।'
ਉਪਰ ਲਿਫਾਫੇ ਦੇ 'ਰੱਬ ਨੂੰ' ਲਿਖ ਕੇ,
ਚਿੱਠੀ ਵਿਚ ਪਾ, ਸ਼ਹਿਰ ਨੂੰ ਆ ਗਿਆ ਉਹ ।
ਸ਼ਹਿਰ ਆ ਲਿਫਾਫੇ ਤੇ ਟਿਕਟ ਲਾ ਕੇ,
ਚਿੱਠੀ ਡਾਕਖ਼ਾਨੇ ਵਿਚ ਪਾ ਗਿਆ ਉਹ ।

ਇਕ ਕਰਮਚਾਰੀ ਜੋ ਡਾਕੀਆ ਸੀ,
ਪੋਸਟਅਫ਼ਸਰ ਦੇ ਨਾਲ ਵੀ ਕੰਮ ਕਰਦਾ ।
ਉੱਚੀ ਹੱਸਦਾ, ਹੱਥ ਜੋ ਫੜੀ ਚਿੱਠੀ,
ਲਿਆ ਕੇ ਅਫ਼ਸਰ ਦੇ ਸਾਮ੍ਹਣੇ ਉਹ ਕਰਦਾ ।
ਅਫ਼ਸਰ ਮੋਟਾ ਹਸਮੁਖ ਸੁਭਾਅ ਵਾਲਾ,
ਪਤਾ ਵਿੰਹਦਿਆਂ ਸਾਰ ਹੀ ਹੱਸ ਪਇਆ ।
ਪਰ ਤੁਰਤ ਹੀ ਫੇਰ ਗੰਭੀਰ ਹੋਇਆ,
ਖਤ ਆਪਣੇ ਡੈਸਕ ਤੇ ਓਸ ਧਰਿਆ ।
ਕਹਿੰਦਾ, 'ਬੰਦੇ ਦਾ ਕਿੰਨਾਂ ਵਿਸ਼ਵਾਸ ਪੱਕਾ,
ਚਿੱਠੀ ਲਿਖ ਜਿਸ ਰੱਬ ਦੇ ਵੱਲ ਪਾਈ ।
ਕਾਸ਼ ਮੈਨੂੰ ਵੀ ਐਨਾ ਵਿਸ਼ਵਾਸ ਹੁੰਦਾ,
ਜਿੰਨੇ ਨਾਲ ਯਕੀਨ ਉਸ ਆਸ ਲਾਈ ।'
ਡਾਕ ਬਾਬੂ ਦੇ ਮਨ ਵਿਚਾਰ ਆਇਆ,
ਭਰਮ ਬਣਿਆ ਹੋਇਆ ਕਾਹਨੂੰ ਤੋੜਨਾ ਏਂ ।
ਉਹਨੂੰ ਚਿੱਠੀ ਦਾ ਮੋੜ ਜਵਾਬ ਲਿਖੀਏ,
ਉਹਦਾ ਮੂੰਹ ਕਿਉਂ ਰੱਬ ਤੋਂ ਮੋੜਨਾ ਏਂ ।
ਜਦੋਂ ਪੜ੍ਹਨ ਲਈ ਉਹਨੇ ਖੋਲ੍ਹੀ ਚਿੱਠੀ,
ਉਹਨੇ ਵੇਖਿਆ ਚਿੱਠੀ ਕਿਸ ਢੰਗ ਦੀ ਏ ।
ਸਦਭਾਵਨਾ, ਸਿਆਹੀ ਤੇ ਕਾਗ਼ਜ਼ਾਂ ਤੋਂ,
ਚਿੱਠੀ ਹੋਰ ਬਹੁਤਾ ਕੁਝ ਮੰਗਦੀ ਏ ।
ਉਹ ਆਪਣੀ ਸੋਚ ਤੇ ਰਿਹਾ ਪੱਕਾ,
ਪੈਸੇ ਭੇਜਣ ਦੀ ਉਸ ਨੇ ਨੀਤ ਧਾਰੀ ।
ਕੁਝ ਆਪ ਦਿੱਤੇ, ਕੁਝ ਲਏ ਦੋਸਤਾਂ ਤੋਂ,
ਕੱਠੀ ਕਰ ਨਾ ਸਕਿਆ ਰਕਮ ਸਾਰੀ ।
ਲਿਫਾਫੇ ਵਿਚ ਸਭ ਉਸਨੇ ਪਾਏ ਪੈਸੇ,
ਪਤਾ ਲੈਂਕੋ ਦਾ ਉਸ ਤੇ ਆਪ ਲਿਖਿਆ ।
ਚਿੱਠੀ ਲਿਖ ਜੋ ਉਸ ਨੇ ਨਾਲ ਪਾਈ,
ਉੱਤੇ ਓਸਦੇ ਬੱਸ ਇਕ 'ਰੱਬ' ਲਿਖਿਆ ।

ਐਤਵਾਰ ਨੂੰ ਲੈਂਕੋ ਕੁਝ ਆਇਆ ਜਲਦੀ,
ਆਉਂਦੇ ਸਾਰ ਆ ਚਿੱਠੀ ਦਾ ਪਤਾ ਕਰਿਆ ।
ਖੁਦ ਡਾਕੀਏ ਨੇ ਛੇਤੀ ਨਾਲ ਜਾ ਕੇ,
ਲਿਫਾਫਾ ਲੈਂਕੋ ਦੇ ਹੱਥ 'ਤੇ ਜਾ ਧਰਿਆ ।
ਡਾਕ ਬਾਬੂ ਦੇ ਮਨ ਸੀ ਖੁਸ਼ੀ ਪੂਰੀ,
ਬਾਹਰ ਵੱਲ ਉਸ ਨਿਗਾਹ ਟਿਕਾਈ ਹੋਈ ਸੀ ।
ਜਿਹੜਾ ਉਹਨੇ ਸੀ ਨੇਕੀ ਦਾ ਕੰਮ ਕੀਤਾ,
ਲਾਲੀ ਓਸਦੀ ਮੂੰਹ ਤੇ ਛਾਈ ਹੋਈ ਸੀ ।
ਲੈਂਕੋ ਮਨ ਸੀ ਐਨਾ ਵਿਸ਼ਵਾਸ ਪੱਕਾ,
ਚਿੱਠੀ ਫੜ ਨਾ ਜ਼ਰਾ ਹੈਰਾਨ ਹੋਇਆ ।
ਲਿਫਾਫਾ ਖੋਲ੍ਹ ਉਸਨੇ ਜਦੋਂ ਗਿਣੇ ਪੈਸੇ,
ਉਸੇ ਵੇਲੇ ਡਾਢਾ ਕ੍ਰੋਧਵਾਨ ਹੋਇਆ ।
'ਰੱਬ ਵੱਲੋਂ ਤਾਂ ਗਲਤੀ ਨਹੀਂ ਹੋ ਸਕਦੀ,
ਮੇਰੀ ਅਰਦਾਸ ਹੋਊ ਉਸ ਮਨਜ਼ੂਰ ਕੀਤੀ ।
ਜਿਹੜਾ ਪੈਸਿਆਂ ਦਾ ਐਨਾ ਫ਼ਰਕ ਪਿਆ,
ਲੱਗੇ ਗੜਬੜ ਹੋਊ ਕਿਸੇ ਜ਼ਰੂਰ ਕੀਤੀ ।'
ਛੇਤੀ ਨਾਲ ਲੈਂਕੋ ਗਿਆ ਵੱਲ ਖਿੜਕੀ,
ਕਾਗ਼ਜ਼, ਸਿਆਹੀ ਉਹ ਉਥੋਂ ਲੈ ਆਇਆ ।
ਮੱਥੇ ਤਿਉੜੀਆਂ ਲਿਖੀ ਉਸ ਫੇਰ ਚਿੱਠੀ,
ਲੈ ਕੇ ਟਿਕਟ ਲਿਫਾਫੇ ਤੇ ਚਿਪਕਾਇਆ ।
ਜਦੋਂ ਡਾਕ ਵਿਚ ਲੈਂਕੋ ਨੇ ਪਾਈ ਚਿੱਠੀ,
ਡਾਕ ਬਾਬੂ ਚਿੱਠੀ ਪੜ੍ਹਨ ਉੱਠਿਆ ਸੀ ।
ਚਿੱਠੀ ਖੋਲ੍ਹ ਕੇ ਫੇਰ ਉਹ ਪੜ੍ਹਨ ਲੱਗਾ,
ਸਾਫ਼ ਸਾਫ਼ ਜਿਸ ਦੇ ਵਿਚ ਲਿਖਿਆ ਸੀ-
'ਰੱਬਾ, ਮੰਗੇ ਮੈਂ ਸੌ ਪਰ ਮਿਲੇ ਸੱਤਰ,
ਬਾਕੀ ਭੇਜ ਪੀਸੋ ਕੀ ਹੈ ਥੋੜ੍ਹ ਤੈਨੂੰ ।
ਛੇਤੀ ਕਰੀਂ ਤੇ ਦੇਰ ਨਾ ਮੂਲ ਲਾਈਂ,
ਇਨ੍ਹਾਂ ਪੈਸਿਆਂ ਦੀ ਬੜੀ ਲੋੜ ਮੈਨੂੰ ।
ਇਕ ਗੱਲ ਦਾ ਹੁਣ ਪਰ ਖ਼ਿਆਲ ਰੱਖੀਂ,
ਪੈਸੇ ਡਾਕ ਦੇ ਵਿਚ ਨਾ ਮੂਲ ਪਾਈਂ ।
ਡਾਕਖ਼ਾਨੇ ਵਾਲੇ ਹੈਣ 'ਬਦਮਾਸ਼ ਟੋਲਾ',
ਇਨ੍ਹਾਂ ਹੱਥ ਕੋਈ ਪੈਸਾ ਨਾ ਭਿਜਵਾਈਂ ।'
ਸਾਰੀ ਚਿੱਠੀ ਉਸ ਸਿਦਕ ਦੇ ਨਾਲ ਲਿਖੀ,
ਜਿਹੜੀ ਪੂਰੇ ਵਿਸ਼ਵਾਸ ਨਾਲ ਭਰੀ ਹੋਈ ਸੀ ।
ਪੂਰੀ ਚਿੱਠੀ ਲਿਖ ਉਹਦੇ ਅਖੀਰ ਉੱਤੇ,
ਸਹੀ 'ਲੈਂਕੋ' ਨੇ ਆਪਣੀ ਕਰੀ ਹੋਈ ਸੀ ।

  • ਮੁੱਖ ਪੰਨਾ : ਸੰਪੂਰਣ ਕਾਵਿ ਰਚਨਾਵਾਂ, ਕਰਮਜੀਤ ਸਿੰਘ ਗਠਵਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ