Siharfian : Hidayatullah
ਸੀਹਰਫ਼ੀਆਂ : ਹਿਦਾਇਤਉਲਾ
ਵਾਕ ਕਵੀ-ਆਪ ਬੀਤੀ
ਕਹਿਣਾ ਸੁਖ਼ਨ ਦਾ ਜਾਨ ਦਾ ਵੀਟਨਾ ਜੇ,
ਕਦਰ ਦਾਨ ਸੁਣ ਕੇ ਕਦਰ ਪਾਨ ਮੇਰਾ।
ਕੁਝ ਸ਼ੇਅਰ ਫ਼ਰਾਕ ਦੇ ਆਸ਼ਕਾਨੀ,
ਕੁਝ ਤਰਜਮਾਂ ਸ਼ੇਅਰ ਕਰਾਨ ਮੇਰਾ।
ਬੇਦਰਦ ਨੂੰ ਹੋਵੇ ਦਰਦ ਪੈਦਾ,
ਸ਼ੇਅਰ ਸੁਣੇ ਜੇ ਨਾਲ ਧਿਆਨ ਮੇਰਾ।
ਮੈਂ ਵੀ ਇਸ਼ਕ ਦੀ ਅੱਗ ਦੇ ਵਿਚ ਸੜਿਆ,
ਖ਼ਾਲੀ ਨਹੀਂ ਇਹ ਆਹੋ-ਫ਼ੁਗ਼ਾਨ ਮੇਰਾ।
ਸੜੇ ਜੰਗਲੀਂ, ਕਦੇ ਨਾ ਘਾਹ ਉੱਗੇ,
ਜਿਹੜੀ ਥਾਂ ਕਲਬ੍ਰੂਤ ਦਬਾਨ ਮੇਰਾ।
ਕਿਸ਼ਤੀ ਨੂਹ ਦੇ ਵਾਂਗ ਅਸਮਾਨ ਡੋਲੇ,
ਜੇਕਰ ਰੋਣ ਦਾ ਚੜ੍ਹੇ ਤੂਫ਼ਾਨ ਮੇਰਾ।
ਛਾਤੀ ਕਲਮ ਦੀ ਤਦੇ ਦੁਫਾੜ ਹੋਈ,
ਆਹਾ ਲਿਖਿਆ ਐਸਾ ਦੀਵਾਨ ਮੇਰਾ।
ਰੋਵੇ ਕਲਮ, ਵਗੇ ਹੰਝੂ ਕਾਗਜ਼ਾਂ ਤੇ,
ਚਰਚਾ ਖਿੰਡਿਆ ਵਿਚ ਜਹਾਨ ਮੇਰਾ।
ਨਹੀਂ ਆਦਮੀ ਉਹ ਜਿੰਨੂੰ ਦਰਦ ਨਾਹੀਂ,
ਯਾਦ ਰਖਣਾ ਸੁਖ਼ਨ ਜ਼ਬਾਨ ਮੇਰਾ।
ਸੜਿਆ ਨਾਲ ਫ਼ਰਾਕ ਦੇ ਖੂਨ ਮੈਂਡਾ,
ਅਤੇ ਖ਼ੁਸ਼ਕ ਹੋਇਆ ਅਸਤਖਾਨ ਮੇਰਾ।
ਜਿਹੜਾ ਸਰੂ ਸ੍ਰੀਰ ਸੀ ਤੀਰ ਵਾਂਗੂੰ,
ਕੀਤਾ ਇਸ਼ਕ ਨੇ ਵਾਂਗ ਕਮਾਨ ਮੇਰਾ।
ਚੁਗੇ ਫੁੱਲ ਨਾ ਬਾਗ ਜਹਾਨ ਵਿਚੋਂ,
ਭਰਿਆ ਕੰਡਿਆਂ ਨਾਲ ਦਾਮਾਨ ਮੇਰਾ।
ਬਾਰਾਂ ਸੈ ਅੱਸੀ ਅਤੇ ਚਾਰ ਉੱਤੇ,
ਸਨ ਹਿਜਰ ਦੇ ਵਿਚ ਬਿਆਨ ਮੇਰਾ।
ਬੇੜੇ ਪਾਰ ਹੋ ਜਾਣ ਹਦਾਇਤ ਉੱਲਾ,
ਕਰੇ ਕਰਮ ਜੇ ਰੱਬ ਰਹਿਮਾਨ ਮੇਰਾ।
ਕਵੀ ਆਪਣੇ ਬਾਰੇ
(੧) ਓੜਕ ਜਗ ਸਰਾਏ ਮੁਸਾਫਰਾਂ ਦੀ,
ਹਰ ਇਕ ਖੜਾ ਕਮਰ ਕਸਦਾ ਜੇ।
ਕਿਸੇ ਦੂਰ ਦਰਾਜ਼ ਨੂੰ ਛੱਡ ਏਥੇ,
ਉੱਨੀ ਸੌ ਚਵੀ ਸੰਮਤ ਦਸਦਾ ਜੇ।
ਇਕ ਸ਼ਹਿਰ ਲਾਹੌਰ ਪੰਜਾਬ ਅੰਦਰ,
ਜਿੱਥੇ ਨੂਰ ਹਮੇਸ਼ ਬਰਸਦਾ ਜੇ।
ਕੰਮ ਦਰਜ਼ੀ ਦਾ ਕਰੇ ਹਦਾਇਤ ਉੱਲਾ,
ਗਲੀ ਚਾਬਕ ਸਵਾਰਾਂ ਦੀ ਵਸਦਾ ਜੇ।
(੨) ਜਿਵੇਂ ਸ਼ਾਇਰਾਂ ਸੁਖਨ ਕਲਾਮ ਕੀਤੇ,
ਸਾਨੂੰ ਮੂਲ ਨਹੀਂ ਵਲ ਆਇਆ ਜੇ।
ਸ਼ੇਅਰ ਬਿਨਾਂ ਅਰੂਜ਼ ਦੇ ਖ਼ਾਮ ਮੇਰਾ,
ਐਬ ਆਪਣਾ ਫੋਲ ਸੁਨਾਇਆ ਜੇ।
ਸ਼ੇਅਰ ਕਹਿਣ ਵਾਲੇ, ਪੜ੍ਹਣ ਸੁਨਣ ਵਾਲੇ,
ਐਬ ਦੇਖ ਮੇਰਾ, ਪਰਦਾ ਪਾਇਆ ਜੇ।
ਸੀਹਰਫ਼ੀਆਂ ਯਾਰਾਂ, ਹਦਾਇਤ ਉੱਲਾ,
ਬਾਰਾਂ ਮਾਹ ਵੀ ਇਕ ਬਨਾਇਆ ਜੇ।
ਕਵੀ ਆਪਣੇ ਉਸਤਾਦ ਬਾਰੇ
(੧) ਅੰਦਰ ਸ਼ਹਿਰ ਲਾਹੌਰ ਉਸਤਾਦ ਮੇਰੇ,
ਰਹਿੰਦੇ ਵਿਚ ਦਲਾਲਾਂ ਦੀ ਗਲੀ ਆਹੇ।
'ਸਜਨ' ਨਾਮ ਧਰਾਇਆ ਉਨ੍ਹਾਂ ਸ਼ੇਅਰ ਅੰਦਰ,
ਇਸਮ ਵਲੀ ਅੱਲਾ, ਕਾਮਲ ਵਲੀ ਆਹੇ।
ਅੱਲਾ ਬਖ਼ਸ਼ ਪਿਆਰਾ ਵਾਲਦ ਉਨ੍ਹਾਂ ਦੀ ਸੀ,
ਜੀਹਦੇ ਸ਼ੇਅਰ ਨਬਾਤ ਦੀ ਡਲੀ ਆਹੇ।
ਆਲਮ, ਇਲਮ ਤੇ ਹਿਲਮ ਦੀ ਕਾਨ ਗੋਯਾ,
ਬਾਗ਼ ਦੀਨ ਅੰਦਰ ਸ਼ਾਖ਼ ਫਲੀ ਆਹੇ।
ਕਾਮਲ ਫ਼ੱਕਰ, ਜਵਾਨ ਵਿਚ ਬੰਦਗੀ ਦੇ,
ਚੇਹਰਾ ਨੂਰ ਭਰਿਆ ਉਮਰ ਢਲੀ ਆਹੇ।
ਬੁਰਾ ਹਰਫ਼ ਨਾ ਕਹਿਣ ਜ਼ਬਾਨ ਵਿਚੋਂ,
ਦਿੰਦੇ ਮਤ ਹਰ ਇਕ ਨੂੰ ਭਲੀ ਆਹੇ।
ਸੂਰਤ ਫ਼ਾਤਹ ਪੜ੍ਹਣ ਤੇ ਫੂਕ ਮਾਰਨ,
ਅੱਛੇ ਹੋਂਵਦੇ ਨਾਫ਼ ਤੇ ਤਲੀ ਆਹੇ।
ਸੁਹਬਤ ਉਨ੍ਹਾਂ ਦੀ ਬੈਠ ਕੇ ਰਾਸ ਹੋਏ,
ਲੁੱਚ ਖੁੱਚ ਜਿਹੜੇ ਵਲੀ ਛਲੀ ਆਹੇ।
ਸਾਏ ਵਾਲਿਆਂ ਨੂੰ ਉਵੇਂ ਖ਼ੈਰ ਹੁੰਦੀ,
ਨਕਸ਼ ਲਿਖ ਦੇਂਦੇ ਉਤੇ ਤਲੀ ਆਹੇ।
ਗੁੰਮ ਗਿਆਂ ਦਾ ਜਾਂ ਲਿਖਣ ਗਰਦਨਾਮਾ,
ਹਾਜ਼ਰ ਆਣ ਹੁੰਦੇ ਪਲੋ ਪਲੀ ਆਹੇ।
ਵਿਚ ਜ਼ੁਹਦ ਦੇ ਬਦਨ ਗੁਦਾਜ਼ ਕੀਤਾ,
ਨਫ਼ਸ ਮਾਰਨੇ ਨੂੰ ਵੱਡੇ ਬਲੀ ਆਹੇ।
ਸਖਤੀ ਦੇਖ ਰਫ਼ੀਕ ਤੇ ਗ਼ਮ ਖਾਂਦੇ,
ਹੋਂਦੇ ਖੁਸ਼ ਸੁਣ ਕੇ ਆਫ਼ਤ ਟਲੀ ਆਹੇ।
ਸ਼ੇਅਰ ਹਿੰਦੀ ਜ਼ਬਾਨ ਵਿਚ ਆਖਣੇ ਦਾ,
ਲਾਇਆ ਸ਼ੌਕ ਸੱਜਣ ਉਸਤਾਦ ਮੈਨੂੰ।
ਪ੍ਰਬਤ ਜਿਗਰ ਥੀਂ ਸੁਖ਼ਨ ਦੀ ਨਹਿਰ ਸ਼ੀਰੀਂ,
ਦੱਸੀ ਕਢਣੀ ਵਾਂਗ ਫ਼ਰਹਾਦ ਮੈਨੂੰ।
ਕਰਨੀ ਜਮ੍ਹਾਂ ਖ਼ੁਲਦੀਨ ਪੁਰਦਰਦ ਬਾਤਾਂ,
ਵਜ਼ਨ ਸ਼ੇਅਰ ਕਰਾਇਓ ਨੇ ਯਾਦ ਮੈਨੂੰ।
ਸ਼ਕਰ ਕੰਦ ਨਬਾਤ ਤੇ ਸ਼ਹਿਦ ਕੋਲੋਂ,
ਦੇਂਦੇ ਉਨ੍ਹਾਂ ਦੇ ਸੁਖ਼ਨ ਸਵਾਦ ਮੈਨੂੰ।
(ਕਵੀ ਪੰਜਾਬੀ ਨੂੰ ਹਿੰਦੀ ਕਹਿੰਦਾ ਹੈ)
ਬੈਂਤ
ਯੇ-ਯਾਰ ਦੇ ਹੱਥ ਹੈ ਡੋਰ ਮੇਰੀ, ਫੜ ਉਡਦੀ ਵਾਂਗ ਪਤੰਗ ਸਈਓ।
ਕਾਰੇ ਰੋ ਵੱਡੇ ਮਾਰੇ ਕਦੇ ਤੁਣਕੇ, ਵਾਹ ਵਾਸ ਖਿਲਾੜੀ ਢੰਗ ਸਈਓ।
ਮੈਂ ਭੀ ਖੇਡ ਖੇਡਦੀ ਉਹਦੇ ਇਸ਼ਕ ਅੰਦਰ, ਸ਼ਰਮ ਲਾਹ ਕੇ ਬਣੀ ਮਲੰਗ ਸਈਓ।
ਸੋਹਣਾ ਗ਼ਨੀ ਮੈਂ ਉਸਦੀ ਫ਼ਕੀਰਨੀ ਆਂ, ਦਾਨ ਫ਼ਜ਼ਲ ਦਾ ਰਹੇ ਜੇ ਮੰਗ ਸਈਓ।
ਉਸ ਯਾਰ ਦਾ ਵਸਲ ਤਰਯਾਕ ਮੈਨੂੰ, ਨਾਗ ਹਿਜਰ ਵਾਲਾ ਰਿਹਾ ਡੰਗ ਸਈਓ।
ਹੋਇਆ ਮਸਤ ਜੋ ਯਾਰ ਦੇ ਜ਼ਿਕਰ ਸੇਤੀ, ਪੀਵੇ ਚਰਸ ਸ਼ਰਾਬ ਨਾ ਭੰਗ ਸਈਓ।
ਗ਼ਾਜ਼ੀ ਅਤੇ ਸ਼ਹੀਦ ਉਹ ਅਸਲ ਜਾਣੋ, ਨਫ਼ਸ ਨਾਲ ਕੀਤੇ ਜਿਨਾਂ ਜੰਗ ਸਈਓ।
ਜਿਨ੍ਹਾਂ ਇਸ਼ਕ ਮਹਿਬੂਬ ਦੀ ਲਾਗ ਲਗੀ,ਵਾਹ ਵਾਹ ਰਤੀਆਂ ਗੂਹੜੇ ਰੰਗ ਸਈਓ।
ਜਿਨ੍ਹਾਂ ਸਾਵੀਆਂ ਕੌਂਤ ਪਸੰਦ ਰਖੇ, ਕਾਹਨੂੰ ਹੱਥ ਘੱਤਣ ਕੜੀ ਵੰਗ ਸਈਓ।
ਨੀ ਉਹ ਕੋਝੀਆਂ ਚੰਗੀਆਂ ਸੋਹਣੀਆਂ ਤੋਂ, ਜਿਨ੍ਹਾਂ ਨਾਲ ਲਾਵੇ ਪੀਆ ਅੰਗ ਸਈਓ।
ਸਾਂਈਂ ਵਾਲੀਆਂ ਜੋ ਮਨੋਂ ਪਾਕ ਹੋਈਆਂ, ਉਨ੍ਹਾਂ ਨਹੀਂ ਹਾਜਤ ਨ੍ਹਾਵਣ ਗੰਗ ਸਈਓ।
ਕੌਂਤਾਂ ਵਾਲੀਆਂ ਛੇਜ ਤੇ ਰੰਗ ਲਾਵਣ, ਮੈਨੂੰ ਸੁੰਞੜਾ ਸ਼ੇਰ ਪਲੰਗ ਸਈਓ।
ਇਸ਼ਕ ਤੇ ਹਿਜਰ
(੧) ਐਨ ਇਸ਼ਕ ਵਾਲਾ ਦਰਿਆ ਖ਼ੂਨੀ,
ਜਿਹੜਾ ਨਿਤ ਪਿਆ ਲਹਿਰਾਂ ਮਾਰਦਾ ਏ।
ਡੁੱਬੇ ਕਈ ਜਹਾਨ ਤੇ ਸਣੇ ਬੇੜੀ,
ਨਾਹੀਂ ਕਿਸੇ ਨੂੰ ਪਾਰ ਉਤਾਰਦਾ ਏ।
ਅਗੇ ਲੱਖ ਤਾਰੂ ਜ਼ੋਰ ਲਾ ਰਹੇ,
ਕੰਢਾ ਨਜ਼ਰ ਨਾ ਆਉਂਦਾ ਪਾਰ ਦਾ ਏ।
ਘੁੰਮਣ ਘੇਰ ਹਜ਼ਾਰ ਹਦਾਇਤ ਉੱਲਾ,
ਅਤੇ ਪਾਰ ਝੁੱਗਾ ਮੇਰੇ ਯਾਰ ਦਾ ਏ।
(੨) ਸੱਸੀ ਇਸ਼ਕ ਰੁਲਾਏ ਥਲੀਂ ਮਾਰੀ,
ਸੋਹਣੀ ਮਾਰਿਆ ਇਸ਼ਕ ਰੁੜ੍ਹਾਏ ਕੇ ਤੇ।
ਜ਼ਾਲਮ ਇਸ਼ਕ ਨੇ ਦੇਖ ਹਦਾਇਤ ਉੱਲਾ,
ਕੁਠੀ ਹੀਰ ਵੀ ਜ਼ਹਿਰ ਖਵਾਇ ਕੇ ਤੇ।
(੩) ਲਾਮ ਲ਼ਜ਼ਤ ਏਸ ਇਸ਼ਕ ਦੀ ਉਹ ਜਾਨਣ,
ਜਿੰਨਾਂ ਇਸ਼ਕ ਵਾਲੇ ਜਾਮ ਪੀੜੜੇ ਨੇ।
ਹੋ ਗਏ ਬੇਹੋਸ਼ ਜਹਾਨ ਵਲੋਂ,
ਕਮਲੇ ਇਸ਼ਕ ਮਹਿਬੂਬ ਦੇ ਕੀਤੜੇ ਨੇ।
ਜੂਹਾਂ ਜੰਗਲਾਂ ਦੇ ਵਿਚ ਫਿਰਨ ਭੌਂਦੇ,
ਜਿਥੇ ਸ਼ੇਰ ਬਘਿਆੜ ਤੇ ਚੀਤੜੇ ਨੇ।
ਓੜਕ ਆਸ਼ਕਾਂ ਵੇਖ ਹਦਾਇਤ ਉੱਲਾ,
ਝੂਟੇ ਸੂਲੀਆਂ ਤੇ ਚੜ੍ਹ ਲੀਤੜੇ ਨੇ।
ਖ਼ੇ-ਖ਼ੁਸ਼ੀ ਦੇ ਨਾਲ ਜਹਾਨ ਦਿੱਸੇ,
ਮੈਂ ਹਾਂ ਤੱਤੜੀ ਯਾਰ ਤੋਂ ਦੂਰ ਸਈਓ।
ਵਾਹ ਵਾਹ ਉਨ੍ਹਾਂ ਦੇ ਬਖ਼ਤ ਹਦਾਇਤ ਉੱਲਾ,
ਜਿਹੜੀਆਂ ਯਾਰ ਦੀ ਨਜ਼ਰ ਮਨਜ਼ੂਰ ਸਈਓ।
ਮੈਂ ਕੁਚੱਜੀ ਤੇ ਕੋਝੀ ਕਿਸੇ ਕੰਮ ਦੀ ਨਾ,
ਉਥੇ ਖ਼ਿਦਮਤਾਂ ਨੂੰ ਲਖਾਂ ਹੂਰ ਸਈਓ।
ਔਗਣ ਲਖ ਮੈਥੇ, ਗੁਣ ਇਕ ਨਾਹੀਂ,
ਕੀਕਰ ਯਾਰ ਦੇ ਜਾਂ ਹਜੂਰ ਸਈਓ।
ਮੀਮ-ਮੇਹਰਬਾਨੀ ਕਰੇ ਯਾਰ ਮੇਰਾ,
ਤਰਫ ਅਸਾਂ ਜੇ ਕਰਮ ਫ਼ਰਮਾ ਹੋਵੇ।
ਭਲਾ ਕੀ ਪ੍ਰਵਾਹ ਹੈ ਗੋਲਿਆਂ ਨੂੰ,
ਮੇਹਰਬਾਨ ਜਦੋਂ ਬਾਦਸ਼ਾਹ ਹੋਵੇ।
ਉਸਤਾਦ ਦਾ ਹੁਸਨ
ਬੇ-ਬਹੁਤ ਹੁਸੀਨ ਸੀ ਯਾਰ ਮੇਰਾ,
ਵਾਙੂੰ ਫੁੱਲ ਗੁਲਾਬ ਦੇ ਰੰਗ ਸਈਓ।
ਭਵਾਂ ਵਾਂਗ ਕਮਾਨ ਤੇ ਚੰਦ ਮੱਥਾ,
ਆਹੂ ਚਸ਼ਮ, ਗੁੰਚਾ ਮੁੱਖ ਤੰਗ ਸਈਓ।
ਤਿੱਖਾ ਨੱਕ ਤਲਵਾਰ ਦੀ ਧਾਰ ਕੋਲੋਂ,
ਜ਼ੁਲਫ਼ਾਂ ਨਾਗ ਕਾਲੇ ਮਾਰਨ ਡੰਗ ਸਈਓ।
ਠੋਡੀ ਸੇਬ ਕਸ਼ਮੀਰ ਹਦਾਇਤ-ਉੱਲਾ,
ਗਰਦਨ ਉਸਦੀ ਮਿਸਲ ਕਲੰਗ ਸਈਓ।
ਤੇ-ਤਕ ਵੇਖਣ ਵਾਲੀ ਧੌਣ ਮੂਰਤ,
ਬਾਜੂ ਘੜੇ ਉਸਤਾਦ ਖ਼ਰਾਦ ਉਤੇ।
ਵਾਹ ਵਾਹ ਹਥ ਉਸਦੇ ਚੁੰਮਣ ਵਾਲੜੇ ਨੇ,
ਕਾਰੀਗਰੀ ਹੈ ਖ਼ਤਮ ਉਸਤਾਦ ਉਤੇ।
ਸੀਨਾ ਸਾਫ਼ ਬਲੌਰ ਥੀਂ, ਪੇਟ ਮਖ਼ਮਲ,
ਦੇਖ ਨਾਫ਼ ਆਵੇ ਰੱਬ ਯਾਦ ਉਤੇ।
ਪਟ ਚੰਨਣ ਦੇ ਬਣੇ ਹਦਾਇਤ ਉੱਲਾ,
ਸੋਹਣੇ ਪੈਰ ਤੇ ਕੱਦ ਸ਼ਮਸ਼ਾਦ ਉਤੇ।
ਪ੍ਰੇਮਕਾ ਦਾ ਚਿਤਰਣ
ਅਲਫ਼-ਅੱਜ ਉਡੀਕ ਹੈ ਸੱਜਨਾਂ ਦੀ,
ਬੈਠ ਹਾਰ ਸ਼ੰਗਾਰ ਬਨਾਉਣੀ ਹਾਂ।
ਨੈਣੀਂ ਘਤ ਕੇ ਕੱਜਲਾ, ਮਲਾਂ ਸੁਰਖੀ,
ਮੌਲੀ ਪਾਇਕੇ ਸੀਸ ਗੁੰਦਾਉਂਣੀ ਹਾਂ।
ਸੋਹਣੇ ਕਪੜੇ ਪਹਿਣ ਸੁਹਾਗ ਵਾਲੇ,
ਮਹਿੰਦੀ ਸੁਰਖ਼ ਹਥੀਂ ਪੈਰੀਂ ਲਾਉਣੀ ਹਾਂ।
ਗਹਿਣੇ ਜੜਤ ਜੜਾ ਹਦਾਇਤ ਉੱਲਾ,
ਨੱਕ ਨਥ ਸੁਹਾਗ ਦੀ ਪਾਉਣੀ ਹਾਂ।
ਇਸ਼ਕ ਦੀ ਪੀੜ ਤੇ ਨਿਰਾਸ਼ਾਵਾਦ
ਐਨ-ਇਸ਼ਕ ਜਲਾਦ ਦੇ ਵਸ ਪਈਆਂ,
ਆਸ ਜੀਊਣੇ ਦੀ ਚੁੱਕ ਗਈ ਜੇ ਨੀ।
ਗ਼ਮਾਂ ਨਾਲ ਹੋਈ ਸੁੱਕ ਕੰਡੜਾ ਮੈਂ,
ਦਿਨੇ ਰਾਤ ਰਹਿੰਦੀ ਮੰਜੀ ਪਈ ਜੇ ਨੀ।
ਹੋਈ ਪੀਲੜੀ ਜ਼ਰਦ ਵਸਾਰ ਵਾਙੂੰ,
ਰੱਤੀ ਰਤ ਨਾ ਸ੍ਰੀਰ 'ਚ ਰਹੀ ਜੇ ਨੀ।
ਮਰ ਗਈ, ਪਰ ਵੇਖ ਹਦਾਇਤ ਉੱਲਾ,
ਮੇਰੀ ਸੱਜਨਾਂ ਸਾਰ ਨਾ ਲਈ ਜੇ ਨੀ।
ਦਾਲ-ਦੁੱਖ ਵਿਛੋੜੇ ਦਾ ਬੁਰਾ ਲੋਕੋ,
ਦਰਦ ਵਸਲ ਦੇ ਬਾਝ ਨਾ ਜਾਂਵਦਾ ਜੇ।
ਕਰੇ ਹੋਸ਼ ਥੀਂ ਚਾ ਬੇਹੋਸ਼ ਪਹਿਲੇ,
ਸੂਰਤ ਵਹਿਸ਼ੀਆਂ ਵਾਂਙ ਬਣਾਂਵਦਾ ਜੇ।
ਕੁੰਡਲ ਘਤ ਕੇ ਵਿਚ ਕਲੇਜੜੇ ਦੇ,
ਵਾਙੂੰ ਮੱਛਲੀ ਦੇ ਤੜਫਾਂਵਦਾ ਜੇ।
ਲੱਗੇ ਜਿਨੂੰ ਇਹ ਦੁੱਖ ਹਦਾਇਤ ਉੱਲਾ,
ਉਹਨੂੰ ਜੀਵਨਾਂ ਫਿਰ ਨਾ ਭਾਂਵਦਾ ਜੇ।
ਵਾ-ਵਿਚ ਉਡੀਕ ਤੁਸਾਡੜੀ ਦੇ,
ਮੇਰੋ ਜ਼ੁਲਫ਼ ਸਿਆਹ ਸਫ਼ੈਦ ਹੋਈ।
ਤੇਰਾ ਇਸ਼ਕ ਪਿਆਰਿਆ ਸੱਜਨਾ ਵੇ,
ਮੇਰੇ ਭਾਅ ਫ਼ਰੰਗ ਦੀ ਕੈਦ ਹੋਈ।
ਭੋਰਾ ਮਿਹਰ ਨਾਂਹੀਂ ਜੀ ਵਿਚ ਤੇਰੇ,
ਉਲਫ਼ਤ ਜਗ ਤੋਂ ਕਿਹੀ ਨਾ ਪੈਦ ਹੋਈ।
ਛੱਤੀ ਸਾਲ ਹੋ ਗਏ ਹਦਾਇਤ ਉੱਲਾ,
ਪੂਰੀ ਅਜੇ ਨਾ ਆਸ ਉਮੈਦ ਹੋਈ।
ਪ੍ਰਮਾਰਥ-ਪਾਪੀਆਂ ਬਾਰੇ
ਕਾਫ਼- ਕਦਰ ਮਲੂਮ ਉਸ ਰੋਜ਼ ਕਰਸਨ,
ਜਿਨ੍ਹਾਂ ਬੇਫ਼ਰਮਾਨੀਆਂ ਕੀਤੀਆਂ ਨੇ।
ਵੰਡੀ ਬੰਨ੍ਹ ਦਸਤਾਰ ਤੇ ਪਹਿਣ ਜਾਮੇਂ,
ਝੂਠ ਬੋਲ ਕੇ ਵੱਢੀਆਂ ਲੀਤੀਆਂ ਨੇ।
ਪੀਵਣ ਖ਼ੂਨ ਗਰੀਬਾਂ ਦਾ ਜੋਕ ਵਾਙੂੰ,
ਜ਼ਾਹਰ ਚੁੱਪ ਜਿਵੇਂ ਲਬਾਂ ਸੀਤੀਆਂ ਨੇ।
ਬਦਲੇ ਹਸ਼ਰ ਨੂੰ ਲੈਣ ਹਦਾਇਤ ਉੱਲਾ,
ਉਪਰ ਜਿਨ੍ਹਾਂ ਦੇ ਸਖ਼ਤੀਆਂ ਬੀਤੀਆਂ ਨੇ।
ਇਸ਼ਕ ਦੀ ਉੱਚਤਾ
(੧) ਐਨ-ਇਸ਼ਕ ਮਹਿਬੂਬ ਦਾ ਫਰਜ਼ ਦਾਇਮ,
ਕਾਫ਼ਰ ਇਸ਼ਕ ਬਾਝੋਂ, ਮੋਮਨ ਮੂਲ ਨਾਹੀਂ।
ਕਰੇ ਲਖ ਰਕੂਅ ਸਜੂਦ ਭਾਵੇਂ,
ਬਿਨਾਂ ਇਸ਼ਕ ਨਮਾਜ਼ ਕਬੂਲ ਨਾਹੀਂ।
ਦਿਲ ਸੱਖਣਾ ਹੈ ਜਿਹਦਾ ਇਸ਼ਕ ਬਾਝੋਂ,
ਉਹਨੂੰ ਯਾਰ ਦਾ ਕੁਰਬ ਹਸੂਲ ਨਾਹੀਂ।
ਰਖੀਂ ਯਾਰ ਦੀ ਤਲਬ ਹਦਾਇਤ ਉੱਲਾ,
ਬਿਨਾਂ ਇਸ਼ਕ ਦੀਦਾਰ ਵਸੂਲ ਨਾਹੀਂ।
(੨) ਇਸ਼ਕ ਸਾਣ ਕਲਬ ਨੂੰ ਕਰੇ ਰੌਸ਼ਨ,
ਵੇਖੇ, ਜੀਹਦਾ ਹੋਵੇ ਕਲਬ ਕਾਲਾ।
ਸੁਹਬਤ ਆਸ਼ਕਾਂ ਬੈਠਕਾਂ ਹਦਾਇਤ ਉੱਲਾ,
ਤੂੰ ਵੀ ਆਸ਼ਕੀ ਦਾ ਕਿਤੋਂ ਸਿਖ ਚਾਲਾ।
(੩) ਕਾਫ-ਕਿਹਾ ਉਹ ਆਦਮੀ? ਸੰਗ ਜਾਣੋ,
ਜੀਦੇ ਅੰਦਰ ਭੋਰਾ ਦਰਦ ਨਾਹੀਂ।
ਹਾਲ ਕੁੱਠਿਆਂ ਦਾ ਕਦੋਂ ਜਾਣਦਾ ਏ?
ਲੱਗੀ ਜਿਹਨੂੰ ਪ੍ਰੇਮ ਦੀ ਕਰਦ ਨਾਹੀਂ।
(੪) ਨੂਨ-ਨਾਮ ਉਸ ਯਾਰ ਦਾ ਜਪਣ ਆਸ਼ਕ,
ਜਿਸ ਦਾ ਕੁੱਲ ਜਹਾਨ ਤੇ ਰਾਜ ਮੀਆਂ।
ਉਹਨੂੰ ਕਿਸੇ ਦੀ ਨਹੀਂ ਪ੍ਰਵਾਹ ਕੋਈ,
ਉਹਦਾ ਕੁੱਲ ਜਹਾਨ ਮੁਹਤਾਜ ਮੀਆਂ।
ਤਖ਼ਤੋਂ ਸੁੱਟ ਸੁਲਤਾਨ ਤੇ ਦੇਹ ਠੂਠਾ,
ਸਿਰ ਮੰਗਤੇ ਦੇ ਧਰੇ ਤਾਜ ਮੀਆਂ।
ਤੂੰ ਵੀ ਤੋੜ ਨਾ ਆਸ ਹਦਾਇਤ ਉੱਲਾ,
ਪੈਦਾ ਕਰਨ ਦੀ ਉਸਨੂੰ ਲਾਜ ਮੀਆਂ।
(ਪ) ਸੁਆਦ-ਸਾਫ਼ ਕਰਕੇ ਸ਼ੀਸ਼ੇ ਕਲਬ ਦੇ ਨੂੰ,
ਦੇਖੋ ਯਾਰ ਦਾ ਹੁਸਨ ਕਮਾਲ ਸਹੀਓ।
ਹਦੋਂ ਬਾਹਰ ਜੋਬਨ ਮੇਰੇ ਯਾਰ ਦਾ ਏ,
ਨਹੀਂ ਪਹੁੰਚਦਾ ਵਹਿਮ ਖ਼ਿਆਲ ਸਹੀਓ।
ਯੂਸਫ਼ ਓਸਦਾ ਇਕ ਗ਼ੁਲਾਮ ਆਹਾ,
ਜਿਹਦੀ ਜੱਗ ਤੇ ਨਹੀਂ ਮਿਸਾਲ ਸਹੀਓ।
ਡਿੱਠਾ ਕਿਸੇ ਨਾ ਮੂਲ ਹਦਾਇਤ ਉੱਲਾ,
ਜਿਹੜੇ ਯਾਰ ਦੀ ਏ ਮੈਨੂੰ ਭਾਲ ਸਹੀਓ।
ਉਪਦੇਸ਼
ਅਲਫ਼- ਅਜ ਵੇਲਾ ਤੇਰੇ ਕੱਤਣੇ ਦਾ, ਸੂਤਰ ਕਤ ਕੁੜੇ ਚਰਖ਼ਾ ਚਲਦਾ ਈ।
ਬਾਇੜ ਚਮੜੀਆਂ ਚਰਖ਼ਾ ਰਾਸ ਤੇਰਾ, ਮੁੰਨਾ ਮੂਲ ਨਾਹੀਂ ਕੋਈ ਹਲਦਾ ਈ।
ਤੈਨੂੰ ਪੈਣ ਲੋਹੜੇ ਰੁੜ੍ਹ ਗਏ ਗੋਹੜੇ, ਵਟ ਪੂਣੀਆਂ ਨੀ ਵੰਡ ਬਲਦਾ ਈ।
ਗਏ ਵਕਤ ਨੂੰ ਵੇਖ ਹਦਾਇਤਉੱਲਾ, ਮੱਖੀ ਵਾਂਗ ਪਿਆ ਹੱਥ ਮਲਦਾ ਈ।
ਬੇ-ਬੈਠ ਸਈਆਂ ਤੇਰੇ ਹਾਣ ਜਹੀਆਂ, ਵਿਚ ਤਰਿੰਜਣਾਂ ਦੇ ਛੋਪੇ ਪਾਂਦੀਆਂ ਨੀ।
ਨਾਲ ਫ਼ਿਕਰ ਦੇ ਉਠ ਕੇ ਰਾਤ ਅੱਧੀ, ਚਰਖ਼ਾ ਸ਼ੌਕ ਦੇ ਨਾਲ ਘੁਕਾਂਦੀਆਂ ਨੀ।
ਨਾਲ ਮੁਢਿਆਂ ਦੇ ਭਰ ਛਿਕੂਆਂ ਨੂੰ, ਘਰੀਂ ਹਸਦੀਆਂ ਹਸਦੀਆਂ ਜਾਂਦੀਆਂ ਨੀ।
ਤੇਰੇ ਜਿਹੀਆਂ ਨਾਦਾਨ ਹਦਾਇਤਉੱਲਾ, ਘਰੀਂ ਜਾਂਦੀਆਂ ਨੀ ਖਲੇ ਖਾਂਦੀਆਂ ਨੀ।
ਤੇ-ਤੁੱਧ ਨੂੰ ਸ਼ੌਕ ਨਾ ਕਤਣੇ ਦਾ, ਕਿਹੜੀ ਗੱਲ ਦਾ ਈ ਤੈਨੂੰ ਮਾਣ ਕੁੜੀਏ।
ਸਈਆਂ ਕਤ ਕੇ ਦਾਜ ਬਣਾਂਦੀਆਂ ਨੀ, ਤੇਰਾ ਖੇਡ ਦੇ ਵਲ ਧਿਆਨ ਕੁੜੀਏ।
ਤੇਰੇ ਜਿਹੀਆਂ ਨਕਾਰੀਆਂ ਰੋਣ ਆਖ਼ਿਰ, ਜਿਹੜੀਆਂ ਤਕਲੇ ਤੰਦ ਨਾ ਪਾਉਣ ਕੁੜੀਏ।
ਪਛੋਤਾਵਸਨ ਵਾਂਗ ਹਦਾਇਤਉੱਲਾ, ਜਿਹੜੀਆਂ ਰਾਇਗਾਂ ਉਮਰ ਗਵਾਉਣ ਕੁੜੀਏ।
ਸੇ-ਸਾਬਤੀ ਨਾਲ ਘਰ ਮਾਪਿਆਂ ਦੇ, ਕੁਝ ਕਤ ਅਟੇਰ ਉਣਾ ਲੈ ਨੀ।
ਤੇਰਾ ਤੁਰਨ ਦਾ ਵਕਤ ਨਜ਼ਦੀਕ ਆਇਆ, ਹੁਣ ਖੇਡ ਵਲੋਂ ਚਿਤ ਚਾ ਲੈ ਨੀ।
ਨਾਲ ਅਕਲ ਦੇ ਬਾਨ੍ਹਣੂੰ ਬੰਨ੍ਹ ਕੋਈ, ਰੰਗ ਸ਼ਾਹ-ਪਸੰਦ ਰੰਗਾ ਲੈ ਨੀ।
ਗ਼ਾਫ਼ਲ ਹੋ ਨਾ ਵਾਂਗ ਹਦਾਇਤਉੱਲਾ, ਹੁਣ ਜਾਗ ਜ਼ਰਾ ਤੰਦ ਪਾ ਲੈ ਨੀ।
ਜੀਮ-ਜੁਦਾ ਹੋ ਟੁਰੇਂਗੀ ਮਾਪਿਆਂ ਤੋਂ, ਇਕ ਘੜੀ ਨਾ ਦੇਣਗੇ ਬਹਿਣ ਤੈਨੂੰ।
ਸੁਖ-ਸੁਤੀਏ ਜਾਗ ਸਵੇਲੜੇ ਨੀ, ਭਲਕੇ ਲਾਗੀਆਂ ਆਉਣਾ ਲੈਣ ਤੈਨੂੰ।
ਗਹਿਣੇ ਪੰਜ ਤੇ ਤੀਸ ਬਣਾ ਤੇਵਰ, ਫੇਰ ਪਲਕ ਨਾ ਮਿਲੇਗਾ ਬਹਿਣ ਤੈਨੂੰ।
ਦਿਨ ਖੇਡ ਕੇ ਵਾਂਗ ਹਦਾਇਤਉੱਲਾ, ਅਤੇ ਸੁਤਿਆਂ ਬੀਤਦੀ ਰੈਣ ਤੈਨੂੰ।
ਹੇ-ਹਾਲ ਅਵੱਲੜਾ ਹੋਗੁ ਤੇਰਾ, ਜਿਹੜੀ ਤਿੰਜਣੇ ਤੋਂ ਨਿਤ ਭਜਨੀ ਏਂ।
ਤੈਨੂੰ ਕੁਝ ਖ਼ਿਆਲ ਨਾ ਆਂਵਦਾ ਏ, ਨਿਤ ਖੇਡਣੇ ਨੂੰ ਉਠ ਵਗਨੀ ਏਂ।
ਦਗ਼ੇਬਾਜ਼, ਝੂਠੀ, ਅਪਰਾਧਣੇ ਨੀ, ਗੱਲਾਂ ਮਿੱਠੀਆਂ ਦੇ ਨਾਲ ਠਗਨੀ ਏਂ।
ਪਤਲੀ ਕਮਰ ਦੇ ਵਾਂਗ ਹਦਾਇਤਉੱਲਾ, ਹਾਜਣ ਮੱਕੇ ਦੀ ਜ਼ਾਹਿਰਾ ਲਗਨੀ ਏਂ।
ਖ਼ੇ-ਖ਼ੁਦੀ ਗੁਮਾਨ ਦੀ ਫਿਰੇਂ ਲਦੀ, ਖ਼ੁਦੀ ਵਾਲੀਆਂ ਭੰਨ ਕੇ ਮਾਰੀਆਂ ਨੀ।
ਹਾਲ ਇਨ੍ਹਾਂ ਦਾ ਆਖ ਸੁਣਾਂ ਤੈਨੂੰ, ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ।
ਫਿਰਨ ਬਹੁਤ ਜ਼ਲੀਲ ਤੇ ਖ਼ੁਆਰ ਹੋਈਆਂ, ਜਦੋਂ ਖ਼ਸਮ ਨੇ ਚਾ ਦੁਰਕਾਰੀਆਂ ਨੀ।
ਬੰਨ੍ਹ ਮਾਰੀਆਂ ਵਾਂਗ ਹਦਾਇਤਉੱਲਾ, ਜਿਨ੍ਹਾਂ ਰਤੀਆਂ ਚੋਲੀਆਂ ਪਿਆਰੀਆਂ ਨੀ।
ਦੇ-ਦੇਰ ਹੋਈ ਤੈਨੂੰ ਖੇਡਦੀ ਨੂੰ, ਸਈਆਂ ਜਾ ਕੇ ਘਰਾਂ ਵਿਚ ਪੁੰਨੀਆਂ ਨੀ।
ਵੰਞ ਖ਼ਸਮ ਦੀ ਨਜ਼ਰ ਮਨਜ਼ੂਰ ਹੋਈਆਂ, ਜਿਨ੍ਹਾਂ ਰਤੀਆਂ ਚੋਲੀਆਂ ਚੁੰਨੀਆਂ ਨੀ।
ਭੈੜੀ ਤੱਤ-ਕਰਮਣੀ ਤੁੱਧ ਜਿਹੀਆਂ, ਵਾਂਗ ਮੁਰਗ਼ ਕਬਾਬ ਦੇ ਭੁੰਨੀਆਂ ਨੀ।
ਸਈਆਂ ਵਸਦੀਆਂ ਵੇਖ ਹਦਾਇਤਉੱਲਾ, ਬਦਲ ਵਾਂਗ ਤੇਰੇ ਜਿਹੀਆਂ ਰੁੰਨੀਆਂ ਨੀ।
ਜ਼ੇ-ਜ਼ਰਾ ਨਾ ਵਹਿਮ ਖ਼ਿਆਲ ਤੈਨੂੰ, ਘਰ ਚਲਣੇ ਦਾ ਅਰਬੇਲਣੇ ਨੀ।
ਆ ਚਜ ਕੁਚੱਜੀਏ ਸਿਖ ਕੋਈ, ਛਡ ਖੇਲਣਾ ਤੇ ਡੰਡ-ਪੇਲਣੇ ਨੀ।
ਧਰ ਮਾਰ ਸਈਆਂ ਕੰਮ ਕਰਦੀਆਂ ਨੀ, ਚਰਖ਼ਾ ਚੁਕ ਕੇ ਬਹਿੰਦੀਆਂ ਵੇਲਣੇ ਨੀ।
ਖੇਡਾਂ-ਪਿਟੀਏ ਵਾਂਗ ਹਦਾਇਤਉੱਲਾ, ਛੱਡ ਗੁਡੀਆਂ ਤੇ ਗੀਟੇ ਖੇਲਣੇ ਨੀ।
ਰੇ-ਰੰਜ ਉਠਾ ਘਰ ਮਾਪਿਆਂ ਦੇ, ਕੌਂਤ ਕੋਲ ਜੇ ਵਸਣਾ ਲੋੜਨੀ ਏਂ।
ਥਕੇਂ ਮੂਲ ਨਾ ਖੇਡਦੀ ਦਿਨੇਂ ਰਾਤੀਂ, ਘੜੀ ਭੰਨ ਕਤਣ ਜਿੰਦ ਤੋੜਨੀ ਏਂ।
ਕੀਕਰ ਕਰੇਗਾ ਕੌਂਤ ਪਸੰਦ ਤੈਨੂੰ, ਗੁਨਾਹਗਾਰੀਏ! ਹੱਥ ਨਾ ਜੋੜਨੀ ਏਂ।
ਪਈ ਝੂਰਸੇਂ ਵਾਂਗ ਹਦਾਇਤਉੱਲਾ, ਕੀਤੀ ਖ਼ਸਮ ਦੀ ਕਿਸੇ ਨਾ ਮੋੜਨੀ ਏਂ।
ਜ਼ੇ-ਜ਼ਬਾਨ ਥੀਂ ਗੁੰਗੀਆਂ ਹੋ ਰਹੀਆਂ, ਗੱਲ ਬਾਤ ਨਹੀਂ ਕੁਝ ਕਰਦੀਆਂ ਨੀ।
ਦਿਨ ਰਾਤ ਕਸੀਦੜੇ ਕਢ ਰਹੀਆਂ, ਗ਼ੁਸੇ ਖ਼ਸਮ ਦੇ ਥੀਂ ਜਿਹੜੀਆਂ ਡਰਦੀਆਂ ਨੀ।
ਜਿਨ੍ਹਾਂ ਖ਼ੁਸ਼ ਕੀਤਾ ਖ਼ਸਮ ਆਪਣੇ ਨੂੰ, ਸੇਜ ਹਸਈਆਂ ਹਸਦੀਆਂ ਚੜ੍ਹਦੀਆਂ ਨੀ।
ਤੇਰੇ ਜਿਹੀਆਂ ਕੰਬਖ਼ਤ ਹਦਾਇਤਉੱਲਾ, ਰੋ ਰੋ ਕੇ ਹਾਸਲ ਭਰਦੀਆਂ ਨੀ।
ਸੀਨ-ਸੁਤਿਆਂ ਬੀਤ ਗਈ ਉਮਰ ਤੇਰੀ, ਜਾਗ ਜਾਗ ਕੁੜੇ ਪਛੋਤਾਵਸੇਂ ਤੂੰ।
ਘੁਣ ਖਾ ਗਿਆ ਚਰਖ਼ੇ ਰਾਂਗਲੇ ਨੂੰ, ਪੁਛਣ ਵਾਤ ਤਾਂ ਕੀ ਦਿਖਾਵਸੇਂ ਤੂੰ।
ਕੌਂਤ ਖ਼ਫ਼ਾ ਹੋਸੀ ਘਰ ਜਾਂਦੜੀ ਨੂੰ, ਜੇ ਕਰ ਕਤ ਕੇ ਨਾ ਲੈ ਜਾਵਸੇਂ ਤੂੰ।
ਮੂੰਹ-ਕਾਲੀਏ ਵਾਂਗ ਹਦਾਇਤਉੱਲਾ, ਪਈ ਰੋਵਸੇਂ ਤੇ ਕੁਰਲਾਵਸੇਂ ਤੂੰ।
ਫ਼ੇ-ਫ਼ਿਕਰ ਦੇ ਨਾਲ ਮਨੂਰ ਹੋਈਆਂ, ਸਈਆਂ ਤੁਧ ਦਾ ਕਾਜ ਰਚਾਂਦੀਆਂ ਨੀ।
ਬਾਂਹੋਂ ਪਕੜ ਤੈਨੂੰ ਖਾਰੇ ਚਾੜ੍ਹਿਆ ਨੇ, ਅਤੇ ਗੀਤ ਫ਼ਰਾਕ ਦੇ ਗਾਂਦੀਆਂ ਨੀ।
ਮਲ ਵਟਣਾ ਖ਼ੂਬ ਨੁਹਾਣ ਤੈਨੂੰ, ਵਾਰੋ ਵਾਰ ਸਈਆਂ ਪਾਣੀ ਪਾਂਦੀਆਂ ਨੀ।
ਲਾਵਣ ਅਤਰ ਅੰਬੀਰ ਹਦਾਇਤਉੱਲਾ, ਤੈਨੂੰ ਨਵੀਂ ਪੁਸ਼ਾਕ ਪਹਿਨਾਂਦੀਆਂ ਨੀ।
ਕਾਫ਼-ਕਲਮ ਕਜ਼ਾ ਦੀ ਕੌਣ ਮੋੜੇ, ਓੜਕ ਚਾ ਤੈਨੂੰ ਡੋਲੀ ਚਾੜ੍ਹਿਆ ਨੇ।
ਗਲੇ ਲਗ ਤੇਰੇ ਜ਼ਾਰੋ ਜ਼ਾਰ ਰੋਵਣ, ਸੀਨਾ ਸਾਂਗ ਫ਼ਰਾਕ ਦੇ ਫਾੜਿਆ ਨੇ।
ਤੇਰੇ ਵਾਰਨੇ ਵਾਰਨੇ ਜਾਣ ਸਈਆਂ, ਜਦੋਂ ਹਿਜਰ ਦੀ ਅੱਗ ਨੇ ਸਾੜਿਆ ਨੇ।
ਚੜ੍ਹੀ ਗ਼ਮਾਂ ਦੀ ਫ਼ੌਜ ਹਦਾਇਤਉੱਲਾ, ਸਾਡਾ ਵਸਦਾ ਦੇਸ ਉਜਾੜਿਆ ਨੇ।
ਕਿਆਫ਼-ਕਹੀ ਕਰ ਚਲੀਉਂ ਨਾਲ ਸਾਡੇ, ਤੈਨੂੰ ਜਾਂਦੜੀ ਨੂੰ ਸਈਆਂ ਕਹਿੰਦੀਆਂ ਨੀ।
ਐਸੀ ਚਲੀਉਂ ਵਤ ਨਾ ਆਵਣਾ ਤੂੰ, ਤੇਰੇ ਬਾਝ ਨ ਪਲਕੁ ਸਾਂ ਰਹਿੰਦੀਆਂ ਨੀ।
ਉਹ ਵੇਲੜਾ ਖ਼ੁਆਬ ਖ਼ਿਆਲ ਹੋਇਆ, ਜਦੋਂ ਰਲ ਤਰਿੰਜਣੀਂ ਬਹਿੰਦੀਆਂ ਨੀ।
ਸਾਡਾ ਹਾਲ ਹੈ ਵਾਂਗ ਹਦਾਇਤਉੱਲਾ, ਅਸੀਂ ਆਪਣਾ ਲਿਖਿਆ ਲੈਂਦੀਆਂ ਨੀ।
ਲਾਮ-ਲਟਕ ਚਲੰਦੜੀ ਚਾਲ ਤੇਰੀ, ਜਿਸ ਵਕਤ ਸਾਨੂੰ ਯਾਦ ਆਂਵਦੀ ਏ।
ਲਾਹੋ ਲਥੀਆਂ ਤੇ ਡੋਬੂ ਲੈਂਦੀਆਂ ਹਾਂ, ਸਾਨੂੰ ਜ਼ਿੰਦਗੀ ਮੂਲ ਨਾ ਭਾਂਵਦੀ ਏ।
ਭਲਾ ਕੌਣ ਰਖੇ ਸਾਹਾਂ ਪੁੰਨਿਆਂ ਨੂੰ, ਖਿਚ ਵਾਂਗ ਤਕਦੀਰ ਲਿਜਾਂਵਦੀ ਏ।
ਮੁਕ ਰਹੀ ਹਾਂ ਵਾਂਗ ਹਦਾਇਤਉੱਲਾ, ਹੋਣੀ ਢੱਠਿਆਂ ਨੂੰ ਪਈ ਢਾਂਵਦੀ ਏ।
ਮੀਮ-ਮਰਨ ਕਬ੍ਰੂਲ ਹੈ ਤੁਧ ਬਾਝੋਂ, ਸਾਡਾ ਜੀਊਣੇ ਦਾ ਕੋਈ ਹਜ ਨਾਹੀਂ।
ਸੱਧਰ ਲਾਹ ਕੇ ਮੂਲ ਨਾ ਖੇਡੀਉਂ ਤੂੰ, ਅਤੇ ਅਸਾਂ ਡਿੱਠਾ ਤੈਨੂੰ ਰਜ ਨਾਹੀਂ।
ਤੇਰਾ ਸ਼ਹਿਰ ਖ਼ਮੋਸ਼ਾਂ ਨੂੰ ਕੂਚ ਹੋਇਆ, ਮੁੜ ਆਵਣਾ ਤੂੰ ਕਿਸੇ ਪਜ ਨਾਹੀਂ।
ਦਗ਼ਾ ਦੇ ਕੇ ਵਾਂਗ ਹਦਾਇਤਉੱਲਾ, ਮੁਖ ਕਜ ਕੇ ਅਸਾਂ ਤੋਂ ਭਜ ਨਾਹੀਂ।
ਨੂਨ-ਨਾਲ ਫ਼ਰਾਕ ਦੇ ਸਭ ਸਈਆਂ, ਜਾਮੇ ਪਾੜ ਕੇ ਮੇਢੀਆਂ ਖੋਂਹਦੀਆਂ ਨੀ।
ਕੋਈ ਟਕਰਾਂ ਮਾਰ ਬੇਹੋਸ਼ ਹੋਈਆਂ, ਕੋਈ ਨਾਲ ਹਟਕੋਰਿਆਂ ਰੋਂਦੀਆਂ ਨੀ।
ਕੋਈ ਕਹਿੰਦੀਆਂ ਨਾਲ ਲੈ ਚਲ ਸਾਨੂੰ, ਕੋਈ ਹੋ ਹੈਰਾਨ ਖਲੋਂਦੀਆਂ ਨੀ।
ਕੋਈ ਵੇਖ ਕੇ ਹਾਲ ਹਦਾਇਤਉੱਲਾ, ਚੁਪ ਵਾਂਗ ਤਸਵੀਰ ਦੇ ਵੇਂਹਦੀਆਂ ਨੀ।
ਵਾ-ਵੱਸ ਨਾ ਕਿਸੇ ਦਾ ਚਲਿਆ ਈ, ਡੋਲੀ ਚੁਕ ਕੇ ਟੁਰੇ ਕਹਾਰ ਤੇਰੀ।
ਸਈਆਂ ਕਰਨ ਵਿਦਾ ਨਾਲ ਜਾਂਦੀਆਂ ਨੀ, ਡੋਲੀ ਸਭ ਚੁਕਣ ਵਾਰੋਵਾਰ ਤੇਰੀ।
ਤੇਰੇ ਖ਼ਵੇਸ਼ ਕਬੀਲੜਾ ਸਭ ਸਈਆਂ, ਕਰਨ ਯਾਦ ਮਿੱਠੀ ਗੁਫ਼ਤਾਰ ਤੇਰੀ।
ਘਰ ਚਲ ਕੇ ਵਾਂਗ ਹਦਾਇਤਉੱਲਾ, ਹੋਸੀ ਸਭ ਕਰਤੂਤ ਇਜ਼ਹਾਰ ਤੇਰੀ।
ਹੇ-ਹੋਰ ਹਕਾਇਤਾਂ ਭੁਲ ਗਈਆਂ, ਮੈਨੂੰ ਖੌਫ਼ ਵਡਾ ਪਹਿਲੀ ਰਾਤ ਦਾ ਜੀ।
ਸਈਓ ਕੌਂਤ ਮੇਰਾ ਵਡੇ ਇਲਮ ਵਾਲਾ, ਮੈਨੂੰ ਚਜ ਸ਼ਊਰ ਨਾ ਬਾਤ ਦਾ ਜੀ।
ਨੀ ਮੈਂ ਬੜੀ ਕਮੀਨ ਕੰਗਾਲ ਬਾਂਦੀ, ਅਤੇ ਕੰਤ ਮੇਰਾ ਉੱਤਮ ਜ਼ਾਤ ਦਾ ਜੀ।
ਮੇਰਾ ਕੌਂਤ ਬੇਮਿਸਾਲ ਹਦਾਇਤਉੱਲਾ, ਮੈਨੂੰ ਵਲ ਨਾ ਉਹਦੀ ਸਫ਼ਾਤ ਦਾ ਜੀ।
ਲਾਮ-ਲਰਜ਼ਦਾ ਏ ਸਈਓ ਜੀ ਮੇਰਾ, ਕੀਕਰ ਕੌਂਤ ਦੀ ਹਾਜ਼ਰੀ ਭਰਾਂਗੀ ਮੈਂ।
ਜਿਵੇਂ ਚੋਰ ਨੂੰ ਖ਼ੌਫ਼ ਕਰਤੂਤ ਦਾ ਏ, ਕੀਤੇ ਆਪਣੇ ਤੋਂ ਪਈ ਡਰਾਂਗੀ ਮੈਂ।
ਜਦੋਂ ਪਕੜ ਕੇ ਖੜਨ ਹਜ਼ੂਰ ਮੈਨੂੰ, ਅਗੇ ਨਜ਼ਰ ਸੁਲਤਾਨ ਕੀ ਧਰਾਂਗੀ ਮੈਂ?
ਮਾਰੀ ਸ਼ਰਮ ਦੇ ਵਾਂਗ ਹਦਾਇਤਉੱਲਾ, ਸਈਓ ਚਸ਼ਮ ਨਹੀਂ ਉੱਚੀ ਕਰਾਂਗੀ ਮੈਂ।
ਅਲਫ਼-ਉਹ ਸੁਹਾਗਣਾਂ ਭਾਗਭਰੀਆਂ, ਜਿਹੜੀਆਂ ਖ਼ਸਮ ਤੋਂ ਹੋਣ ਕੁਰਬਾਨ ਸਈਓ।
ਭਾਹ ਤਿਨ੍ਹਾਂ ਦੇ ਦੁਖ ਮੁਸੀਬਤਾਂ ਨੇ, ਜਿਹੜੀਆਂ ਹੁੰਦੀਆਂ ਬੇਫ਼ੁਰਮਾਨ ਸਈਓ।
ਜਿਹੜੀਆਂ ਰੋ ਕੇ ਖ਼ਸਮ ਦੀ ਪੈਣ ਪੈਰੀਂ, ਹੋਸੀ ਤਿਨ੍ਹਾਂ ਦੀ ਵੱਡੜੀ ਸ਼ਾਨ ਸਈਓ।
ਮਜ਼ੇ ਵਸਲ ਦੇ ਲੈਣ ਹਦਾਇਤਉੱਲਾ, ਜਦੋਂ ਕੰਤ ਹੋਵੇ ਮਿਹਰਬਾਨ ਸਈਓ।
ਯੇ-ਯਕੀਨ ਮੈਨੂੰ ਕੌਂਤ ਆਪਣੇ ਤੇ, ਭਾਵੇਂ ਲੱਖ ਸਈਓ ਗੁਨਾਹਗਾਰ ਹਾਂ ਮੈਂ।
ਮੇਰੇ ਜਿਹਾ ਆਸੀ ਕੋਈ ਹੋਰ ਨਾਹੀਂ, ਸਾਰੇ ਆਸੀਆਂ ਦੀ ਸਰਦਾਰ ਹਾਂ ਮੈਂ।
ਹੋਸੀ ਮਿਹਰਬਾਨੀ ਮੇਰੇ ਹਾਲ ਉਤੇ, ਸਦਾ ਮੰਗਤੀ ਉਸ ਦਰਬਾਰ ਹਾਂ ਮੈਂ।
ਹੋਈ ਅਸਾਂ ਉਮੀਦ ਹਦਾਇਤਉੱਲਾ, ਜਦੋਂ ਆਖਿਆ ਸੂ ਬਖ਼ਸ਼ਨਹਾਰ ਹਾਂ ਮੈਂ।
ਜ਼ਾਲ-ਜਿਕਰ ਸੁਣ ਖਾਂ ਦੁਨੀਆਂ ਬੁੱਢੜੀ ਦਾ,
ਅੰਧੀ ਹੋਕੇ ਨਾਜ਼ ਵਖਾਉਂਦੀ ਏ।
ਮੀਨਾ ਕਾਰ ਇਹ ਹਾਰ ਸ਼ੰਗਾਰ ਪਹਿਨੇ,
ਵਹੁਟੀ ਨਵੀਂ ਵਾਙੂੰ ਨਜ਼ਰ ਆਉਂਦੀ ਏ।
ਕਈ ਗਭਰੂ ਏਸ ਨੇ ਚਿੱਤ ਕੀਤੇ,
ਕਿਸੇ ਨਾਲ ਨ ਤੋੜ ਨਿਭਾਉਂਦੀ ਏ।
ਹੋਂਦੇ ਮਰਦ ਨੇ ਖ਼ੁਆਰ ਹਦਾਇਤ ਉੱਲਾ,
ਰੰਨ ਵਾਂਙ ਜਾਂ ਅਸਲ ਜਤਾਉਂਦੀ ਏ।
ਸ਼ੀਨ-ਸ਼ੌਕ ਦੇ ਨਾਲ ਨਾ ਕਦੀ ਬੈਠੋਂ,
ਯਾਦ ਰੱਬ ਦੀ ਵਿਚ ਮਸ਼ਗੂਲ ਹੋ ਕੇ।
ਬੰਦਾ ਹੋ ਕੇ ਬੰਦਗੀ ਕਰੇਂ ਨਾਹੀਂ,
ਹੋਵੇਂ ਬੇਫ਼ਰਮਾਨ ਮਝਹੂਲ ਹੋ ਕੇ।
ਬਿਨਾਂ ਹੁਕਮ ਖਾਧਾ ਆਦਮ ਇਕ ਦਾਣਾ,
ਆਇਆ ਜੱਨਤੋਂ ਬਾਹਰ ਮਲੂਲ ਹੋ ਕੇ।
ਪਿਆ ਸ਼ੌਕ ਸ਼ੈਤਾਨ ਹਦਾਇਤ ਉੱਲਾ,
ਹੋਇਆ ਲਾਅਨਤੀ ਹੁਕਮ ਅਦੂਲ ਹੋ ਕੇ।
(੩) ਜ਼ੋਏ-ਜ਼ਾਲਮਾਂ ਵਿਚ ਮਸ਼ਹੂਰ ਹੋਸੇਂ,
ਜ਼ੋਰ ਕਦੇ ਮਜ਼ਲੂਮ ਤੇ ਲਾਵੀਏ ਨਾ।
ਜਿਹੜੀ ਦਿਲ ਚਾਹੇ ਕਰੇਂ ਉਹ ਬੈਠਾ,
ਕਦੀ ਕਿਸੇ ਦਾ ਜੀਉ ਦੁਖਾਵੀਏ ਨਾ।
(੪) ਐਨ-ਇਲਮ ਤੂੰ ਦੀਨ ਦਾ ਸਿੱਖ ਭਾਈ,
ਦੁਨੀਆਂ ਵਾਲੜੇ ਛੱਡ ਦੇ ਸਭ ਝੇੜੇ।
ਕਰ ਬੰਦਗੀ ਭੁੱਖਿਆਂ ਦੇਹ ਰੋਟੀ,
ਮੱਤੀਂ ਦੇ ਗਏ ਰੱਬ ਦੇ ਲੋਕ ਜਿਹੜੇ।
(੫) ਗ਼ੈਨ-ਗ਼ੈਰ ਦੀ ਥਾਂ ਨਾ ਦਿਲੇ ਅੰਦਰ,
ਦਿਲ ਰੱਬ ਦਾ ਖ਼ਾਸ ਮਕਾਨ ਮੀਆਂ।
ਦਿਲ ਅਰਸ਼ ਦਾ ਕਿੰਗਰਾ ਆਖਦੇ ਨੇ,
ਵੱਡਾ ਕਾਅਬਿਉਂ ਏਸ ਦਾ ਸ਼ਾਨ ਮੀਆਂ।
(੬) ਤੇ-ਤੂੰ ਕੀਕਰ ਪਾਰ ਉਤਰੇਂਗੀ,
ਔਖੀ ਘਾਟੀ ਤੇ ਮੁਸ਼ਕਲ ਪੈਂਡੜਾ ਈ।
ਰਾਹ ਮਾਰ ਸ਼ੈਤਾਨ ਤੇ ਨਫ਼ਸ ਦੋਵੇਂ,
ਜਿਨ੍ਹਾਂ ਨਾਲ ਬਣਿਆਂ ਸੰਗ ਤੈਂਡੜਾ ਈ।
(੭) ਸੇ-ਸਾਬਤ ਨਾ ਰਹੇਗਾ ਮੂਲ ਕੋਈ,
ਜਿਹੜਾ ਘੜਿਆ ਅੰਤ ਨੂੰ ਭੱਜਨਾਂ ਈ।
ਰਹਿਸੀ ਕੱਖ ਨਾ ਉਮਰ ਦੇ ਖੇਤ ਵਿਚੋਂ,
ਬੱਦਲ ਜਦੋਂ ਰਜ਼ਾ ਦਾ ਗੱਜਨਾਂ ਈ।
ਸ਼ਾਖ਼ ਜ਼ਿੰਦਗੀ ਦਾ ਫਲ ਖਾਣ ਜਿਹੜੇ,
ਉਹਨਾਂ ਮੌਤ ਗੁਲੇਲੜਾ ਵੱਜਨਾਂ ਈ।
(੮) ਜੀਮ-ਜਗ ਤੇ ਸਦਾ ਨ ਕਿਸੇ ਰਹਿਣਾ,
ਦਾਹਵਾ ਕਾਸ ਨੂੰ ਕਰੇਂ ਨਾਦਾਨ ਮੋਈਏ।
ਮੇਰੀ ਮੇਰੀ ਕਰਦੇ ਕਈ ਮੋਏ ਅੱਗੇ,
ਏਥੇ ਛਡਕੇ ਤਖ਼ਤ ਜਹਾਨ ਮੋਈਏ।
ਲਗ ਲਗ ਕੇ ਮਜਲਸਾਂ ਉਠ ਗਈਆਂ,
ਕਈ ਬਹਿ ਬਹਿ ਗਏ ਦੀਵਾਨ ਮੋਈਏ।
ਲਦ ਗਏ ਨੇ ਕਈ ਹਦਾਇਤ ਉੱਲਾ,
ਖ਼ਾਲੀ ਆਉਂਦੇ ਨਜ਼ਰ ਮਕਾਨ ਮੋਈਏ।
(੯) ਬੇ-ਬੋਲ ਸੰਭਾਲ ਕੇ ਸੁਖ਼ਨ ਮੂੰਹੋਂ,
ਮਲਕ ਲਿਖਣ ਵਾਲੇ ਤੇਰੇ ਨਾਲ ਮੀਆਂ।
ਦਿਨੇ ਰਾਤ ਤੂੰ ਕਰੇਂ ਕਰਤੱਬ ਜਿਹੜੇ,
ਹਰਦਮ ਲਿਖਣ ਤੇਰਾ ਹਾਲ ਚਾਲ ਮੀਆਂ।
ਭਲਾ ਦਸ ਜਵਾਬ ਕੀ ਦਏਂ ਭਲਕੇ,
ਜਦੋਂ ਤੁਧ ਤੇ ਹੋਣ ਸਵਾਲ ਮੀਆਂ।
ਔਖਾ ਵਕਤ ਹਿਸਾਬ ਹਦਾਇਤ ਉੱਲਾ,
ਅਜੇ ਵਕਤ ਹੈ ਸੁਰਤ ਸੰਭਾਲ ਮੀਆਂ।
(੧੦) ਸੁਆਦ-ਸਾਫ਼ ਤੇ ਵੱਡਾ ਬਲੰਦ ਅੰਬਰ,
ਵਿਚ ਤਾਰਿਆਂ ਦੀ ਜਗ ਮੱਗ ਵੇਖੋ।
ਆਦਮ ਜਿਨ ਚਰਿੰਦ ਪ੍ਰਿੰਦ ਪ੍ਰਬਤ,
ਨਦੀਆਂ ਰੁੱਖਾਂ ਸੇਤੀ ਸੋਂਹਦਾ ਜਗ ਵੇਖੋ।
ਕਾਰਨ ਅਸਾਂ ਗ਼ੁਲਾਮਾਂ ਦੇ ਰੱਬ ਸਾਹਿਬ,
ਖ਼ਿਦਮਤ ਗਾਰ ਕੀਤੇ ਪਾਣੀ ਅੱਗ ਵੇਖੋ।
ਜ਼ੱਨਾਂ ਹਾਰ ਸ਼ੰਗਾਰ ਹਦਾਇਤ ਉੱਲਾ,
ਦਿੱਤੀ ਮਰਦਾਂ ਤਾਈਂ ਦਾਹੜੀ ਪੱਗ ਵੇਖੋ।