Siharfian Ali Haider Multani

ਸੀਹਰਫ਼ੀਆਂ : ਅਲੀ ਹੈਦਰ ਮੁਲਤਾਨੀ

ਸੀਹਰਫ਼ੀ : ਸ਼ਸ਼ਮ

1. ਅਲਿਫ਼-ਅਲਿਫ਼ ਦਾ ਆਖਣ ਬਹੁਤ ਮਿੱਠਾ

ਅਲਿਫ਼-ਅਲਿਫ਼ ਦਾ ਆਖਣ ਬਹੁਤ ਮਿੱਠਾ,
ਨਿੱਤ ਮੀਮ ਦੀ ਖਾਦਮ ਥੀਨੀਆਂ ਮੈਂ ।
ਵਾਉ ਸਾਦ ਦੀ ਸਿੱਕ ਹਮੇਸ਼ ਮੈਨੂੰ,
ਪਾਣੀ ਲਾਮ ਤੋਂ ਵਾਰ ਕੇ ਪੀਨੀਆਂ ਮੈਂ ।
ਇਤਰ ਗੁਲਾਬ ਤੇ ਸੰਦਲ ਕਿਉੜਾ,
ਸ਼ੀਸ਼ੇ ਐਨ ਦੇ ਨਾਲ ਮਲੇਨੀਆਂ ਮੈਂ ।
ਅਲੀ ਹੈਦਰ ਨੂੰ ਤਕਵਾ ਰੱਬ ਦਾ ਏ,
ਕਲਮੇ ਪਾਕ ਦਾ ਜ਼ਿਕਰ ਕਰੇਨੀਆਂ ਮੈਂ ।੧।

2. ਅਲਿਫ਼-ਅਹਦ ਦੇ ਵਿੱਚ ਮੀਮ ਰੱਖੇਂ

ਅਲਿਫ਼-ਅਹਦ ਦੇ ਵਿੱਚ ਮੀਮ ਰੱਖੇਂ
ਤੇ ਅਹਮਦ ਨਾਮ ਕਹਾਵੰਦਾ ਏ ।
ਅਲਿਫ਼ ਦੀ ਜਾਂ ਵੱਤ ਮੀਮ ਬਣਾਏਂ,
ਹੋ ਮੁਹੰਮਦ ਆਵੰਦਾ ਏ ।
ਉਂਨਸਰ ਦੇ ਵਿੱਚ ਓਹੋ ਵਸੇਂਦਾ,
ਲਾਮਕਾਨ ਬਤਾਵੰਦਾ ਏ ।
ਓਥੇ ਚੂੰ ਚਰਾਂ ਦੀ ਜਾ ਨ ਹੈਦਰ,
'ਸੁਮਮ ਬਕੁਮਮ' ਭਾਵੰਦਾ ਏ ।੨੯।

3. ਐਨ-ਅਲਹਦਾ ਪਾਨ ਦਾ ਰੰਗ

ਐਨ-ਅਲਹਦਾ ਪਾਨ ਦਾ ਰੰਗ
ਤੇ ਮੱਸੀ ਦਾ ਰੰਗ ਅਲਹਦੜਾ ਏ ।
ਸ਼ਾਮ ਸ਼ਫਕ ਦਾ ਰੰਗ ਅਲਹਦਾ,
ਨੈਣਾਂ ਦਾ ਰੰਗ ਅਲਹਦੜਾ ਏ ।
ਉਹ ਲਬ ਗਾਹਲੀਆਂ ਦੇਂਦੜਾ ਮੈਨੂੰ,
ਇਹਨਾਂ ਦਾ ਜੰਗ ਅਲਹਦੜਾ ਏ ।
ਹੈਦਰ ਲਾਲ ਲਬਾਂ ਦਾ ਸਾਇਲ,
ਖਾਲ ਪਲੰਗ ਅਲਹਦੜਾ ਏ ।੧੮।

4. ਬੇ-ਭੈਣਾਂ ਵੀਰ ਸਜਣ ਦੇ ਭੀ ਕੇਹੀ ਕਿਆਮਤ

ਬੇ-ਭੈਣਾਂ ਵੀਰ ਸਜਣ ਦੇ ਭੀ ਕੇਹੀ ਕਿਆਮਤ,
ਜੇ ਉਨ ਵੀਰ ਕਿਆਮਤ ਭੀ ।
ਵਿੱਚ ਸਿਲਸਿਲਾ ਜ਼ੁਲਫ਼ ਸਿਆਹ ਦੇ,
ਲਟਕਣ ਸੈ ਖੁਰਸ਼ੀਦ ਕਿਆਮਤ ਭੀ ।
ਜੇ ਵਾਅਦਾ ਵਿਸਾਲ ਮਹਸ਼ਰ ਦਾ ਹੋਵੇ,
ਘੁੰਡ ਦੇਵੇ ਖੋਲ੍ਹ ਕਿਆਮਤ ਭੀ ।
ਹੈਦਰ ਦਿਲਬਰ ਨੇੜੇ ਵੱਸੇ,
ਮਿਨ ਹਬਲਉਲ 'ਵਰੀਦ' ਕਿਆਮਤ ਭੀ ।੨।

5. ਦਾਲ-ਦਿਲ ਦੀ ਘੁੰਡੀ ਖੋਲ੍ਹ ਕੇ ਦੇਖਾਂ

ਦਾਲ-ਦਿਲ ਦੀ ਘੁੰਡੀ ਖੋਲ੍ਹ ਕੇ ਦੇਖਾਂ,
ਇਹਨਾਂ ਜ਼ੁਲਫ਼ਾਂ ਕਾਲੀਆਂ ਲੰਬੀਆਂ ਨੂੰ ।
ਉਹ ਅੰਬਰ ਦੇ ਵਿਚ ਪਾਲੀਆਂ ਨੂੰ,
ਉਹ ਤੇਲ ਫੁਲੇਲ ਪਲੰਮੀਆਂ ਨੂੰ ।
ਉਹ ਜ਼ੁਲਫ਼ਾਂ ਸ਼ਾਮ ਕਿਨਾਰ ਸ਼ਫਕ,
ਉਹ ਨਾਲ ਸਬਾ ਦੇ ਜੰਮੀਆਂ ਨੂੰ ।
ਸੱਚ ਕੁਨੋਂ ਦਿਲ ਤਾਲਿਅ ਭੀ ਇਹਨਾਂ,
ਰਾਤੀਂ ਮੂਲ ਨਾ ਧੰਮੀਆਂ ਨੂੰ ।
ਲੈ ਹੱਥ ਹੈਦਰ ਜ਼ੁਲਫ਼ ਦਾ ਦਾਮਨ,
ਗਾਹਲੀਂ ਛੋੜ ਨਿਕੰਮੀਆਂ ਨੂੰ ।੮।

6. ਫੇ-ਫਜ਼ਲ ਤੈਂਡਾ ਬਹੁਤ ਅਜ਼ੀਜ਼

ਫੇ-ਫਜ਼ਲ ਤੈਂਡਾ ਬਹੁਤ ਅਜ਼ੀਜ਼,
ਮੈਂ ਲਾਇਕ ਤੈਂਡੇ ਗਜ਼ਬ ਦੇ ਭੀ ਨਾ ।
ਪਰ ਰਹਮਤ ਆਮ ਨਾ ਨੌਕੂਫ਼ ਅਤੇ,
ਲਾਇਕ ਵੱਡੇ ਨਸਬ ਦੇ ਭੀ ਨਾ ।
ਪਰ ਮੈਨੂੰ ਦਾਹੇਂ(ਚਾਹੇਂ) ਚਾ ਨਵਾਜ਼ੇਂ
ਮੌਕੂਫ ਉੱਤੇ ਹਸਬ ਨਸਬ ਦੇ ਭੀ ਨਾ ।
ਆਪੇ ਦਰਿਆ ਮਾਰੇ ਮੌਜ ਕਰਮ ਦੀ,
ਵਕੂਫ ਅਤੇ ਤਲਬ ਦੇ ਭੀ ਨਾ ।
ਪਰ ਮੈਂ ਤਿਲ ਸ਼ਕਰ ਮਾਸ਼ਾ ਨ ਜਾਣਾ,
ਖਾਲ ਸਿਆਹ ਅਤੇ ਲਬ ਦੇ ਭੀ ਨਾ ।
ਪਰ ਓਸੇ ਦਾ ਵਾਸਤਾ ਈ ਜਿਸ ਜੇਹਾ,
ਵਿੱਚ ਅਜਮ ਅਰਬ ਦੇ ਭੀ ਨਾ ।
ਏਸ ਹੈਦਰ ਦੇ ਸਿਰੋਂ ਸਾਇਆ ਨਾ ਟਾਲੀਂ,
ਤਾਂ ਵਿੱਚ ਰੋਜ਼ੇ-ਸ਼ਬ ਦੇ ਭੀ ਨਾ ।੨੦।

7. ਗ਼ੈਨ-ਗ਼ਰੀਬ ਦੀ ਬਾਤ ਭੀ ਨੇਕ ਭਵਾਂ

ਗ਼ੈਨ-ਗ਼ਰੀਬ ਦੀ ਬਾਤ ਭੀ ਨੇਕ ਭਵਾਂ
ਪਰ ਇਸ਼ਕ ਦੀ ਚੋਟ ਅਣੋਖੜੀ ਏ ।
ਉੱਠਾਂ ਘੋੜਿਆਂ ਉਪਰ ਸੈਰ ਚੰਗੀ,
ਪਰ ਸ਼ੇਰ ਦੀ ਲੇਟ ਅਣੋਖੜੀ ਏ ।
ਜਿੰਨ ਤੇ ਪਰੀ ਸਾਇਆ ਭਵਾਂ,
ਪਰਦੇ ਦੀ ਫੇਟ ਅਣੋਖੜੀ ਏ ।
ਆਸ਼ਿਕ ਦਾ ਗ਼ੁਲਾਮ ਵੇ ਹੈਦਰ,
ਮਾਸ਼ੂਕ ਦੀ ਰੀਤ ਅਣੋਖੜੀ ਏ ।੧੯।

8. ਹੇ-ਹਿਆਤੀ ਜਲਦਿਆਂ ਗੁਜ਼ਰੀ

ਹੇ-ਹਿਆਤੀ ਜਲਦਿਆਂ ਗੁਜ਼ਰੀ,
ਤੈਨੂੰ ਪਰ ਪਰਵਾਹ ਨਾ ਵੇ ।
ਛਿੱਕੇਂ ਡੋਰ ਗੁੱਡੀ ਹੋ ਉੱਡਾਂ,
ਖੁਦ ਹੋਵਾਂ ਪਰਵਾਨਾ ਵੇ ।
ਯਾ ਖਾਕ ਰਾਹੇ ਦੀ ਹੋਏ ਉੱਡਾਂ,
ਮੁਸ਼ਕਾਂ ਕੀ ਪਰਵਾਨਾ ਵੇ ।
ਹੁਣ ਪੌਸਾਂ ਹੈਦਰ ਸ਼ਮਾ ਦੇ ਗਲ,
ਹੋਸਾਂ ਮੈਂ ਪਰਵਾਨਾ ਵੇ ।੬।

9. ਹੇ-ਹਿਕ ਤਿਲ ਲਾਲ ਲਬਾਂ ਦਾ ਮਿੱਠਾ

ਹੇ-ਹਿਕ ਤਿਲ ਲਾਲ ਲਬਾਂ ਦਾ ਮਿੱਠਾ,
ਨੌ-ਲੱਖ ਸ਼ਕਰ ਗੰਜ ਦਾ ਈ ।
ਗਾਹਲ ਭੀ ਸ਼ਕਰ ਗਲ ਭੀ ਸ਼ਕਰ,
ਤਿਲ ਦਖ ਸ਼ਕਰ-ਗੰਜ ਦਾ ਈ ।
ਪਾਕ ਪਟਨ ਦਾ ਗੁੜ ਕੇਹਾ ਮਿੱਠਾ,
ਬਰ ਹੱਕ ਸ਼ਕਰ ਗੰਜ ਦਾ ਈ ।
ਓਥੇ ਬੂਟਾ ਕਾਨਾ ਕਮਾਦੋਂ ਮਿੱਠਾ,
ਹਰ ਕੱਖ ਸ਼ਕਰਗੰਜ ਦਾ ਈ ।
ਉਸ ਬਾਬੇ ਫ਼ਰੀਦ ਦਾ ਨਾਉਂ ਕਿਆ ਮਿੱਠਾ,
ਲੈ ਚੱਖ ਸ਼ਕਰ ਗੰਜ ਦਾ ਈ ।੨੭।

10. ਜੀਮ-ਜੋ ਕੁਝ ਲਿਖਿਆ ਮਿਟੇ ਨਾਹੀਂ

ਜੀਮ-ਜੋ ਕੁਝ ਲਿਖਿਆ ਮਿਟੇ ਨਾਹੀਂ,
ਪਰ ਹੁਣ ਭੀ ਉਸਦੇ ਹੱਥ ਵਲੇ ।
ਲਿਖੇ ਹਰਫ ਨੂੰ ਕਾਇਦੇ ਵਾਂਗ,
ਬੋਲੈਂਦੇ ਕਿਤਨੇ ਭੱਤ ਵਲੇ ।
ਰਹੇ ਪਾਸੇ ਲਿਖਿਆ ਖਤ ਕਰੇ,
ਜੇ ਸਾਈਂ ਉਲਟ ਪਲੱਟ ਵਲੇ ।
ਤੋੜੇ ਪੱਥਰ ਦੇ ਵਿਚ ਲਿੱਖਣ,
ਉੱਕਰ ਉੱਕਰ ਕੱਢੇ ਵੱਤ ਵਲੇ ।
ਜੇ ਖਾਲ ਲਬਾਂ ਵਾਲਾ ਵਾਲੀ ਨਹੀਂ,
ਪਰ ਕੱਜੇ ਸੋਨੇ ਦੀ ਨੱਥ ਵਲੇ ।
ਅਸੀਂ ਚਿਰਕਾ ਖਤ ਲਿਖਾਵਨ ਵਾਲਾ,
ਦੇਵੀਂ ਜ਼ੁਲਫ਼ਾਂ ਜੇ ਮੈਂਡੇ ਹੱਥ ਵਲੇ ।
ਮੋਇਆਂ ਨੂੰ ਚਾ ਜਵਾਏਂ ਤੂੰ,
ਇਸ ਬੰਦੜੀ ਨੂੰ ਜਿੰਦ ਘੱਤ ਵਲੇ ।
ਲੱਗੀ ਸੱਟ ਨੂੰ ਸੱਠ ਕਰੈਂਦਾ ਈ,
ਹੈਦਰ ਯਾਰ ਦਾ ਸੱਟ ਵਲੇ ।੫।

11. ਕਾਫ-ਕਿਆ ਗਮ ਖੌਫ ਅਸਾਨੂੰ

ਕਾਫ-ਕਿਆ ਗਮ ਖੌਫ ਅਸਾਨੂੰ,
ਜੇ ਸ਼ਾਹ ਮੁਹੀਉਦੀਨ ਅਸਾਡੜਾ ਏ ।
ਸ਼ਾਹ ਅਬਦੁਲਕਾਦਰ ਜੀਲਾਨ ਦਾ ਜੋ
ਲੁਤਫ ਆਮੀਨ ਅਸਾਡੜਾ ਏ ।
ਸਭ ਚੈਨ ਅਰਲੈਨ ਅਸਾਡੜਾ ਏ,
ਜੇ ਉਹ ਬੁਤ ਹੁਸੀਨ ਅਸਾਡੜਾ ਏ ।
ਕੇਹਾ ਡਰ ਗੋਰ ਅੰਧੇਰੀ ਕੁਨੋਂ,
ਜੇ ਉਹ ਮਾਹ ਜਬੀਨ ਅਸਾਡੜਾ ਏ ।
ਅਲੀ ਹੈਦਰ ਕਿਆ ਪਰਵਾਹ ਕਿਸੇ ਦੀ,
ਜੇ ਸ਼ਾਹ ਮੁਅੱਈਨ ਉਦੀਨ ਅਸਾਡੜਾ ਏ ।੨੨।

12. ਕਾਫ-ਕੁਰਬ ਹਜ਼ੂਰ ਨਸੀਬ ਹੋਵੇ

ਕਾਫ-ਕੁਰਬ ਹਜ਼ੂਰ ਨਸੀਬ ਹੋਵੇ,
ਦੁਨੀਆਂ ਕੁਰਬ ਕਿਰਾਬਤਾਂ ਕੂੜੀਆਂ ਨੇ ।
ਜਿਨ੍ਹਾਂ ਕੁਰਬ ਹਜ਼ੂਰ ਨਸੀਬ ਨਹੀਂ,
ਨੱਕ ਵੱਢੀਆਂ ਤੇ ਕੰਨੋਂ ਬੋੜੀਆਂ ਨੇ ।
ਜਿਨ੍ਹਾਂ ਕੁਰਬ ਹਜ਼ੂਰ ਨਸੀਬ ਹੋਇਆ,
ਨੱਕ ਨੱਥ, ਸੋਹੇ ਹੱਥ ਚੂੜੀਆਂ ਨੇ ।
ਅਲੀ ਹੈਦਰ ਜਿਨ੍ਹਾਂ ਕੁਰਬ ਨਹੀਂ,
ਜਿਵੇਂ ਗੱਧੀਂ ਫਿਰਨ ਅਰੂੜੀਆਂ ਨੇ ।੨੧।

13. ਖੇ-ਖਬਰ ਦਿਉ ਨੀ ਯਾਰ ਨੂੰ

ਖੇ-ਖਬਰ ਦਿਉ ਨੀ ਯਾਰ ਨੂੰ,
ਸੀ-ਮੁਰਗੀ ਦਿੱਤਾ ਆਨਾ ਵੇ ।
ਆਖ ਕੇ ਐਵੇਂ ਆਸਾਂ ਦਿਲ ਨੂੰ,
ਕਿਸ ਆ ਗਇਆ ਈ ਆਨਾ ਵੇ ।
ਨਾਹੀਂ ਕਮਲਾ ਦੀਵਾਨਾ ਮੈਂ,
ਆਹ ਯਾਰ ਦਾ ਮਸਤਾਨਾ ਵੇ ।
ਲੈ ਮੈਂ ਇਹ ਜਿੰਦ ਘੋਲੀ ਹੈਦਰ,
ਓਸੇ ਦਾ ਦੀਵਾਨਾ ਵੇ ।੭।

14. ਲਾਮ-ਲਿਖ ਦੇ ਮੁੱਲਾਂ ਥੱਕੀਆਂ ਮੈਂ

ਲਾਮ-ਲਿਖ ਦੇ ਮੁੱਲਾਂ ਥੱਕੀਆਂ ਮੈਂ
ਵੱਤ ਨਿੱਤ ਨਿੱਤ ਕਾਂਗਾਂ ਲੰਘਾਵਣੀ ਆਂ ।
ਕਾਗਾਂ ਦੇ ਗਲ ਬੰਨ੍ਹ ਬੰਨ੍ਹ ਥੱਕੀ,
ਕਬੂਤਰ ਨਿੱਤ ਉਡਾਵਣੀ ਆਂ ।
ਪਰਬਤ ਤੋਂ ਭੀ ਸਖਤ ਏ ਜ਼ਾਲਿਮ,
ਮੈਂ ਮੂਲ ਜਵਾਬ ਨ ਪਾਵਣੀ ਆਂ ।
ਅੱਖੀਂ ਸਾਵਣ ਲਾਇਆ ਬਿਜਲੀ ਖਿਉਂਦੀ,
ਬਨ ਕੋਇਲ ਕੁਰਲਾਵਣੀ ਆਂ ।
ਹੁਣ ਭੜਕ ਲੱਗੀ ਓ ਰਾਂਝਣ ਮੈਨੂੰ,
ਬਿਜਲੀ ਹੋ ਉਡਾਵਣੀ ਆਂ ।
ਭੜਕ ਭੜਕ ਮਰਵੈਨੀਆਂ ਹੈਦਰ,
ਸ਼ਾਹ-ਰਗ ਜੇ ਭੜਕਾਵਣੀ ਆਂ ।੨੩।

15. ਲਾਮ-ਲੋਕ ਨਸੀਹਤਾਂ ਦੇ ਥੱਕੇ

ਲਾਮ-ਲੋਕ ਨਸੀਹਤਾਂ ਦੇ ਥੱਕੇ
ਸੋਹਣੇ ਯਾਰ ਤੋਂ ਮੁੱਖ ਨ ਮੋੜਸਾਂ ਮੈਂ ।
ਤੋੜੇ ਮੋੜੇ ਫੋੜੇ ਕੱਢ ਛੱਡਣ,
ਜਾਨੀ ਯਾਰ ਪਿੱਛੇ ਘਰ ਛੋੜਸਾਂ ਮੈਂ ।
ਮੈਂ ਤਾਂ ਬੇਲੇ ਵੈਸਾਂ ਹਰਦਮ ਮਾਹੀ ਵਾਲੇ,
ਮਤੇ ਵੈਂਦਿਆਂ ਨੂੰ ਖੂਹੇ ਬੋੜਸਾਂ ਮੈਂ ।
ਅਲੀ ਹੈਦਰ ਨੇ ਅੱਖੀਆਂ ਲਾਈਆਂ
ਕੀਤੇ ਕੌਲ ਨੂੰ ਮੂਲ ਨਾ ਤੋੜਸਾਂ ਮੈਂ ।੨੮।

16. ਮੀਮ-ਮੈਂ ਕੁੱਤਾ ਬਣ ਆਲ ਰਸੂਲ ਨਜੀਬ ਦਾ

ਮੀਮ-ਮੈਂ ਕੁੱਤਾ ਬਣ ਆਲ ਰਸੂਲ ਨਜੀਬ ਦਾ,
ਪਾਹਰਾ ਹਾਂ ਘਰ ਬਾਰ ਉੱਤੇ ।
ਉਪਰ ਅਗੋਂ ਉਹ ਅੰਧੇਰੀ,
ਮੈਂ ਹੋਂਦੀਆਂ ਏਸ ਦਰਬਾਰ ਉੱਤੇ ।
ਨਾਮ ਧਰੀਕ ਦਾ ਭੀ ਮੈਂ ਖਾਦਿਮ,
ਸਾਹਿਬਾਂ ਦੀ ਪੁਚਕਾਰ ਉੱਤੇ ।
ਪਰ ਅਹਲੇ-ਉਲੂਮ ਦੀ ਇੱਜ਼ਤ ਰੱਖਣ,
ਵਾਜਿਬ ਹੈ ਸੰਸਾਰ ਉੱਤੇ ।
ਹੈਦਰ ਉਲਮਾਂ ਵਾਰਸੇ ਅੰਬੀਆ,
ਕੌਣ ਹੋਵੇ ਇਨਕਾਰ ਉੱਤੇ ।੨੪।

17. ਨੂਨ-ਨੀਂਗਰਾ ਛੱਲਿਆਂ ਵਾਲਿਆ ਵੇ

ਨੂਨ-ਨੀਂਗਰਾ ਛੱਲਿਆਂ ਵਾਲਿਆ ਵੇ,
ਜ਼ੁਲਫ਼ਾਂ ਤੈਂਡੀਆਂ ਕਾਲੀਆਂ ਬਿੰਦੀਆਂ ਭੀ ।
ਮੂੰਹ ਬੰਨ੍ਹ ਦੁਬਿੰਦੀਆਂ ਮਾਰ ਨ ਜ਼ਾਲਿਮ,
ਜੇ ਮੈਂ ਮੰਦੀਆਂ ਬੰਦੀਆਂ ਭੀ ।
ਕਿਉਂ ਬਸ ਨਹੀਂ ਮੈਨੰ ਜ਼ੁਲਫ਼ ਦੀ ਫਾਹੀ,
ਵੱਤ ਮੈਂਡੇ ਗਲ ਤੰਦੀਆਂ ਭੀ ।
ਉਸ ਰਾਹ ਤੇ ਦਿਲ ਪਾ ਨ ਜ਼ਾਲਿਮ,
ਇਹ ਕਮਾਣਾਂ ਤੇ ਬੰਦੀਆਂ ਭੀ ।
ਜਿਸ ਦੇਂਹ ਲਇਆ ਇਸ਼ਕ ਰਾਂਝਣ ਦਾ,
ਨਾਲ ਸਿਆਲੀਂ ਦੇ ਸੰਦੀਆਂ ਭੀ ।
ਹੈਦਰ ਭੀ ਖੈਰ ਇਸ਼ਕ ਦਾ ਪਾਇਆ,
ਮੰਗ ਮੰਗ ਅਤੇ ਕੱਢ ਦੰਦੀਆਂ ਭੀ ।੨੫।

18. ਰੇ-ਰਾਂਝਾ ਜੇ ਬੇਲੇ ਵੱਤੇ

ਰੇ-ਰਾਂਝਾ ਜੇ ਬੇਲੇ ਵੱਤੇ,
ਤੇ ਅੱਖੀਂ ਕੁਨੋਂ ਭੀ ਦੂਰ ਨਾਹੀਂ ।
ਸੋਹਣਿਆਂ ਦੇ ਵਿੱਚ ਓਹੋ ਵੇਖਾਂ,
ਤੇ ਹੂਰ ਪਰੀ ਭੀ ਮਨਜ਼ੂਰ ਨਾਹੀਂ ।
ਆਰਸੀਆਂ ਵਿੱਚ ਸੋਹਣੀ ਸੂਰਤ,
ਹੋਰ ਭੀ ਨ ਜੇ ਹੂਰ ਨਾਹੀਂ ।
ਰੰਗ ਲਬਾਂ ਬੇਰੰਗ ਅਖਣੀਵੇ,
ਹੈਦਰ ਪਰ ਦਸਤੂਰ ਨਾਹੀਂ ।੧੦।

19. ਸੀਨ-ਸੋਹਣਿਆਂ ਦੀ ਕਾਈ ਚਾਲ ਸੋਹਣੀ

ਸੀਨ-ਸੋਹਣਿਆਂ ਦੀ ਕਾਈ ਚਾਲ ਸੋਹਣੀ,
ਕੋਈ ਸਬ੍ਹ ਚਾਲ ਮਰੋੜਦੇ ਨੇ ।
ਘੁੰਨ ਕਰੇਂਦੇ ਛੰਡ ਕਰੇਂਦੇ,
ਚਾਲ ਛਨਾਵਰ ਚੋਰ ਦੇ ਨੇ ।
ਪੱਬ ਛਣਕੇਂਦੇ ਤੇ ਪੈਰ ਮਰੇਂਦੇ,
ਬੰਦਸ਼ ਵਾਂਗ ਲਾਹੌਰ ਦੇ ਨੇ ।
ਹੈਦਰ ਦਿਲ ਦੀ ਦਿੱਲੀ ਲੁਟ ਲਈ,
ਹੁਣ ਨਿੱਤ ਦੀਨੋਂ ਮੋੜਦੇ ਨੇ ।੧੨।

20. ਸੇ-ਸਾਬਤ ਇਸ਼ਕ ਅਸਾਡੜੇ ਓ

ਸੇ-ਸਾਬਤ ਇਸ਼ਕ ਅਸਾਡੜੇ ਓ,
ਤੈਂਡੇ ਜੀਉ ਦੀ ਖਬਰ ਨ ਕਾ ਰਾਂਝਾ ।
ਮੱਝੀ ਛੇੜ ਕੇ ਝੱਲ ਦੇ ਵਿਚ ਸਾਈਆਂ,
ਅਤੇ ਹੀਰ ਨਿਮਾਣੀ ਤੇ ਆ ਰਾਂਝਾ ।
ਛੇੜ ਕੇ ਮੁਰਲੀ ਵਹਦਤ ਵਾਲੀ,
ਤੇ ਗਾਵਣ ਸੋਹਣੇ ਗਾ ਰਾਂਝਾ ।
ਅਲੀ ਹੈਦਰ ਬੈਠ ਤਮਾਸ਼ਾ ਦੇਖੇ,
ਤੇ ਰੁੱਠੜਾ ਯਾਰ ਮਨਾ ਰਾਂਝਾ ।੪।

21. ਸ਼ੀਨ-ਸ਼ਰ੍ਹਾ ਮੁੱਲਾਂ ਪੜ੍ਹਦਿਆ ਨੀਂਗਰਾ ਵੇ

ਸ਼ੀਨ-ਸ਼ਰ੍ਹਾ ਮੁੱਲਾਂ ਪੜ੍ਹਦਿਆ ਨੀਂਗਰਾ ਵੇ,
ਕੇਹਾ ਕਥਨੀ ਕਹਾਨੀ ਮਤਾਲਾ, ਕਰ ।
ਜ਼ਰਬਨ ਜ਼ੈਦਨ ਉਮਰਨ ਸੁਣ,
ਤੇਰੀ ਉਮਰ ਵਿਹਾਨੀ ਮਤਾਲਾ, ਕਰ ।
'ਅਲ ਕਲਮਤੁ ਲਫਜੁ ਵਜ਼ਾਅਅਲ ਮਅਨੀ
ਫਰਦ ਮਆਨੀ ਮਤਾਲਾ, ਕਰ ।
ਹੋਵੇ ਹਾਸਲ ਹਸੂਲ ਜੇ ਤੂੰ ਨ,
ਅਪਣੀ ਜ਼ਾਤ ਪਛਾਣੀ ਮਤਾਲਾ, ਕਰ ।
ਹੈਦਰ ਤੈਨੂੰ ਇਹ ਕਾਫੀਆਂ ਕਾਫੀ,
ਹੋਵੇ ਅਸਾਨੀ ਮਤਾਲਾ, ਕਰ ।੧੩।

22. ਸੁਆਦ-ਸਦਕਾ ਅਖੀਂ ਮਤਵਾਲੀਆਂ ਦਾ

ਸੁਆਦ-ਸਦਕਾ ਅਖੀਂ ਮਤਵਾਲੀਆਂ ਦਾ,
ਮੁੜ ਭਾਲ ਵੇ ਦਿਲਬਰਾ ਵਾਸਤਾ ਈ ।
ਸਦਕਾ ਜ਼ੁਲਫ਼ਾਂ ਪਰੇਸ਼ਾਨ ਕਾਲੀਆਂ ਦਾ,
ਵੇਖ ਹਾਲ ਵੇ ਦਿਲਬਰਾ ਵਾਸਤਾ ਈ ।
ਭਲਾ ਸਦਕਾ ਸੋਹਣਿਆਂ ਗਾਲਿਆਂ ਦਾ,
ਸੁਣ ਗਾਲ ਵੇ ਦਿਲਬਰਾ ਵਾਸਤਾ ਈ ।
ਮੱਥਾ ਸਦਕਾ ਗੁੱਲਾਂ ਆਬ ਵਾਲਿਆਂ ਦਾ,
ਗ਼ਮ ਟਾਲ ਵੇ ਦਿਲਬਰਾ ਵਾਸਤਾ ਈ ।
ਤਕਸੀਰਾਂ ਹੈਦਰ ਵਾਲੀਆਂ ਦਾ,
ਨਾਮਾ ਗਾਲ ਵੇ ਦਿਲਬਰਾ ਵਾਸਤਾ ਈ ।੧੪

23. ਤੇ-ਤੇਰੇ ਸਾਹਮਣਿਆਂ ਹੋਈ ਦੇਖੇ

ਤੇ-ਤੇਰੇ ਸਾਹਮਣਿਆਂ ਹੋਈ ਦੇਖੇ,
ਨਾਹੀਂ ਤਾਂ ਕਿਆ ਤਕਾਬਲ ਆਰਸੀ ਨੂੰ ।
ਉਸ ਗਾਲ ਸਫਾ ਤੇ ਜ਼ੁਲਫ਼ ਸਿਆਹ ਨੂੰ,
ਗੁਲਸ਼ਨ ਸੁੰਬਲ ਆਰਸੀ ਨੂੰ ।
ਤੈਂਡੇ ਅਕਸ ਦਾ ਅਕਸ ਪਵੇ ਦਿਲ,
ਗਾਲ ਤੇ ਦੂਰ ਤਸਲਸਲ ਆਰਸੀ ਨੂੰ ।
ਜਿੰਨਾ ਖੇਡ ਪਇਓਂ ਗਲ ਵਲਵਲ,
ਆਵੇ ਮੇਲਣ ਦਿਲ ਕਲ ਆਰਸੀ ਨੂੰ ।
ਵੇਖ ਰਹੀ ਇੱਕ ਪਲਕ ਨਾ ਝਮਕੀ,
ਹੋਸ਼ ਗਇਆ ਫੁੱਲ(ਭੁੱਲ) ਆਰਸੀ ਨੂੰ ।
ਜੇ ਸ਼ੌਕ ਤੈਂਡੇ ਤੋ ਰੋਂਦਿਆਂ ਰੋਂਦਿਆਂ,
ਅੱਖੀਂ ਭੀ ਭੁੱਲ ਆਰਸੀ ਨੂੰ ।
ਪਰ ਫੇਰ ਕਰੇਸੇਂ ਨੈਣ ਸਿਆਹ ਤੈਂਡਾ,
ਕੱਜਲ ਘੁਲ ਘੁਲ ਆਰਸੀ ਨੂੰ ।
ਜੇ ਹੈਦਰ ਯਾਰ ਦਾ ਅਕਸ ਪਵੇ,
ਕਰੇ ਆਲ੍ਹਣਾ ਬੁਲਬੁਲ ਆਰਸੀ ਨੂੰ ।੩।

24. ਤੋਏ-ਤਲਬ ਮੈਂਡੀ ਹੱਕ ਪਾਕ ਵਲੋਂ

ਤੋਏ-ਤਲਬ ਮੈਂਡੀ ਹੱਕ ਪਾਕ ਵਲੋਂ,
ਤੋੜੇ ਨਾਲ ਗੁਨਾਹਾਂ ਦੇ ਅੱਟੀਆਂ ਮੈਂ ।
ਏਹਨਾਂ ਸਾਹਿਬਾਂ ਦੇ ਧਰਮ ਬੰਨ੍ਹੀਆਂ ਮੈਂ,
ਸੋਹਣਿਆਂ ਦੇ ਨੈਣਾਂ ਪੱਟੀਆਂ ਮੈਂ ।
ਮਖਣ ਦੀ ਹਮਸਾਈ ਹਾਂ ਮੈਂ,
ਤੋੜੇ ਛਾਹ ਨਿਮਾਨੜੀ ਖੱਟੀਆਂ ਮੈਂ ।
ਅਲੀ ਹੈਦਰ ਜਾਏ ਸ਼ਰਾਬ ਦੀ ਹਾਂ,
ਤੋੜੇ ਖਾਕ ਨਿਮਾਣੀ ਦੀ ਮੱਟੀਆਂ ਮੈਂ ।੧੬।

25. ਵਾਉ-ਵੇਖਾਂ ਕਰੇ ਕਿਆ ਸ਼ਾਹ ਜੋ ਆਖੇਂ

ਵਾਉ-ਵੇਖਾਂ ਕਰੇ ਕਿਆ ਸ਼ਾਹ ਜੋ ਆਖੇਂ,
ਕੁੱਠੀ ਯਾਰ ਦੀ ਤੈਂਡੀ ਸ਼ਾਇਕ ਆਂ ਮੈਂ ।
ਓਹੋ ਸ਼ਹਨਸ਼ਾਹ ਸਲਾਹ ਸੁਣੇ ਨਿੱਤ,
ਅੱਖੀਆਂ ਤੈਂਡੇ ਦੀਆਂ ਆਸ਼ਿਕ ਆਂ ਮੈਂ ।
ਅਤੇ ਆਖੇ ਨਹੀਂ ਕੁਝ ਤੋੜੀ ਨ ਉਸ ਦੀ,
ਕੇਤੀਆਂ ਭੀ ਨਾਲਾਇਕ ਆਂ ਮੈਂ ।
ਜੇ ਅਸਹਾਬ ਕੁਹਫ ਦੇ ਥੀਵੇਂ,
ਨਬੀ ਦੀ ਕੇਤੀਆਂ ਖਾਇਫ ਆਂ ਮੈਂ ।
ਪਰਵਰਦਗਾਰ ਦੇ ਕਰਮ ਦੀ ਲਾਇਕ ਆਂ,
ਹੈਦਰ ਜੇ ਨਾਲਾਇਕ ਆਂ ਤੇ ਫਾਸਿਕ ਆਂ ਮੈਂ ।੨੬।

26. ਯੇ-ਯਾ ਰੱਬ ਬਖਸ਼ ਗੁਨਾਹ ਅਸਾਡੇ

ਯੇ-ਯਾ ਰੱਬ ਬਖਸ਼ ਗੁਨਾਹ ਅਸਾਡੇ,
ਵਾਸਤਾ ਆਪਣੇ ਯਾਰ ਦਾ ਈ ।
ਓਸ ਖਾਸ ਬੰਦੇ ਆਪਣੇ ਦਾ,
ਓਸ ਆਲਮ ਦੇ ਸਰਦਾਰ ਦਾ ਈ ।
ਓਤੇ ਭੀ ਵਾਸਤਾ ਉਸ ਦੀ ਆਲ ਦਾ ਈ,
ਅਤੇ ਵਤ ਇਸਹਾਬ ਕਿਬਾਰ ਦਾ ਈ ।
ਯੂ ਬਕਰ, ਉਮਰ ਉਸਮਾਨ ਦਾ ਈ,
ਅਤੇ ਹੈਦਰ ਅਲੀ ਕਰਾਰ ਦਾ ਈ ।
ਯਾ ਰੱਬ ਭੇਜ ਸਲਵਾਤ ਸਲਾਮ ਉਨ੍ਹਾਂ ਤੇ
ਜਿਵੇਂ ਫਜ਼ਲ ਬਹਾਰ ਦਾ ਈ ।੩੦।

27. ਜ਼ਾਲ-ਜ਼ਰਾ ਜਲਵਾ ਕਵੱਲੜਾ ਤੈਂਡੜਾ ਡਿੱਠਾ

ਜ਼ਾਲ-ਜ਼ਰਾ ਜਲਵਾ ਕਵੱਲੜਾ ਤੈਂਡੜਾ ਡਿੱਠਾ,
ਭੁੱਲ ਗਏ ਸੰਸਾਰ ਦੋਵੇਂ ।
ਹਿੱਕਾ ਮੋਤੀ ਹਾਰ ਦਾ ਡਿੱਠਾ,
ਭੁੱਲੇ ਤਸਬੀਹ ਤੇ ਜ਼ੁੱਨਾਰ ਦੋਵੇਂ ।
ਮੈਂ ਲੁੱਟ ਲਈ ਅਤੇ ਲੜਦੇ ਛੋੜੇ,
ਕਾਫ਼ਿਰ ਤੇ ਦੀਨਦਾਰ ਦੋਵੇਂ ।
ਮੈਂ ਗਾਹਲ ਦੇ ਪਾਏ ਖਾਲ ਸਿਆਹ,
ਉਹ ਦਿੱਤੇ ਜ਼ੁਲਫ਼ ਦੀ ਮਾਰ ਦੋਵੇਂ ।
ਦੋਹਾਂ ਨੈਣਾਂ ਹੈਦਰ ਘੇਰ ਕੇ ਮਾਹੀ,
ਦਿਲ ਥੋਂ ਪਏ ਪਾਰ ਦੋਵੇਂ ।੯।

28. ਜ਼ੇ-ਜ਼ੈਦ ਉਮਰ ਨਾਉਂ ਜਾਣਦਾ ਸੀ

ਜ਼ੇ-ਜ਼ੈਦ ਉਮਰ ਨਾਉਂ ਜਾਣਦਾ ਸੀ,
ਤੇ ਦੀਦ ਇਨਹਾਂ ਦੇ ਦੀਦ ਸਜਣ ।
ਨਾਫੇ ਦੀ ਸੁੰਘ ਬੂ ਜੇ ਚਾਹੇਂ
ਕਰੀਂ ਤਮਾਸ਼ਾ ਮੁਲਕੇ ਖੁਤਨ ।
ਮਿੱਠੇ ਦੀ ਤੰਗ ਸ਼ਕਰ ਜੇ ਦੇਖੇਂ,
ਦੇਖੇਂ ਸਜਣ ਦਾ ਤੰਗ ਦਹਨ ।
ਆਪ ਸੂਰਜ ਨੂੰ ਦੇਖੇਂ ਅੱਖੀਂ,
ਦੇਖੇਂ ਸੁਆਈਂ ਚੌਧਵੀਂ ਚੰਨ ।
ਉਹ ਜਾਨ ਜਹਾਨ ਅਨਲਹਕ ਆਖੇ,
ਦੇਹ ਨ ਜਿੰਦ ਬਿਨ ਆਖ ਸੱਜਣ ।
ਜੇ ਨੇਵਰ ਪਾਏ ਚੂੜਾ ਦੇਖੇ,
ਸੁਣ ਵੇ ਹੈਦਰ ਛਣ ਛਣ ਛਣ ।
ਜੇ ਰਹਮਾਨ ਦੀ ਬੂ ਦਾ ਸ਼ਾਇਕ,
ਉਠ ਸੁੰਘ ਹੈਦਰ ਬਾਦਿ ਚਮਨ ।
ਮਨ ਮੁਹੰਮਦ ਮਨ ਵਿਚ ਲੱਭੇ
'ਹੱਕੇ ਤਾਅਲਾ ਜ਼ੁਲਮਨਨ' ।੧੧।

29. ਜ਼ੋਏ-ਜ਼ੁਲਮ ਕੀਤਾ ਏਹਨਾਂ ਖੇੜਿਆਂ ਨੇ

ਜ਼ੋਏ-ਜ਼ੁਲਮ ਕੀਤਾ ਏਹਨਾਂ ਖੇੜਿਆਂ ਨੇ,
ਹੀਰ ਘਿੰਨ ਕੇ ਤੇ ਡੋਲੀ ਚਾ ਟੁਰੇ ।
ਰਾਂਝਣ ਯਾਰ ਤਾਂ ਟੁਰ ਗਇਆ ਨਾਲ ਮਝੀਂ,
ਉਹ ਤਾਂ ਅਪਣਾ ਹੁਕਮ ਚਲਾ ਟੁਰੇ ।
ਆ ਫੇਰ ਦੇਰ ਨ ਲੱਗੀਓ ਨੇ,
ਜੱਟੀ ਹੀਰ ਨੂੰ ਲੈ ਅਪਣੇ ਦਾ ਟੁਰੇ ।
ਕਾਦਰ ਕਰਮ ਕੀਤਾ ਮਿਲੇ ਹੀਰ ਰਾਂਝਾ,
ਹੈਦਰ ਡੋਲੀ ਨੂੰ ਖੈਰ ਉਠਾ ਟੁਰੇ ।੧੭।

30. ਜ਼ੁਆਦ-ਜ਼ਰੂਰਤ ਕੀ ਹੈ ਮੈਂ ਕੂ

ਜ਼ੁਆਦ-ਜ਼ਰੂਰਤ ਕੀ ਹੈ ਮੈਂ ਕੂ,
ਦੁੱਖਾਂ ਦੇਣ ਅਲਾਵਣੇ ਦੀ ।
ਕੋਲ ਯਾਰ ਨਹੀਂ ਤਕਰਾਰ ਨਹੀਂ,
ਜਿਸ ਕਾਰਣ ਰਮਜ਼ ਸੁਣਾਵਣੇ ਦੀ ।
ਹਾਲ ਹਾਲ ਕੁਨੋਂ ਤਾਂ ਬੇਹਾਲ ਹੋਈ,
ਸ਼ੇਰਾਂ ਵਾਸਤੇ ਤੀਰ ਚਲਾਵਣੇ ਦੀ ।
ਰਾਗ ਦੀ ਮਾਲਾ ਗਲ ਵਿਚ ਹੈਦਰ,
ਆਸ ਤੇਰੇ ਮਿਲ ਜਾਵਣੇ ਦੀ ।੧੫।