Siharfian : Ali Haider Multani
ਸੀਹਰਫ਼ੀਆਂ : ਅਲੀ ਹੈਦਰ ਮੁਲਤਾਨੀ
ਸੀਹਰਫ਼ੀ : ਅੱਵਲ
1. ਅਲਿਫ਼-ਅੱਲਾ ਦਾ ਆਸਰਾ ਮੈਨੂੰ
ਅਲਿਫ਼-ਅੱਲਾ ਦਾ ਆਸਰਾ ਮੈਨੂੰ,
ਤਾਂ ਹੀ ਹਾਂ ਨੰਗ ਭਰੰਗੜਾ ਮੈਂ ।
ਨਾਮ ਅੱਲਾ ਦੇ ਅੱਗੇ ਸਿੱਧਾ,
ਤੇ ਲੋਕਾਂ ਦੇ ਅੱਗੇ ਜੋ ਡਿੰਗੜਾ ਮੈਂ ।
ਵਾਉ ਦੀ ਹੀ ਮੈਂ ਲੁੰਗੀ ਬੱਧੀ,
ਅਤੇ ਕੀਤਾ ਅਲਫ਼ ਦਾ ਲੰਗੜਾ ਮੈਂ ।
ਹੈਦਰ ਤੋੜੀ ਮੈਂ ਵਿੰਗੜਾ ਕਪੜਾ,
ਕਢਿਆ ਦਾਊਦ ਰੰਗੜਾ ਮੈਂ ।੨੯।
2. ਅਲਿਫ਼-ਏਥੇ ਓਥੇ ਅਸਾਂ ਆਸ ਤੈਂਡੀ
ਅਲਿਫ਼-ਏਥੇ ਓਥੇ ਅਸਾਂ ਆਸ ਤੈਂਡੀ,
ਤੇ ਆਸਰਾ ਤੈਂਡੜੇ ਜ਼ੋਰ ਦਾ ਈ ।
ਮਹੀਂ ਸਭ ਹਵਾਲੜੇ ਤੈਂਡੜੇ ਨੇ,
ਅਸਾਂ ਖ਼ੌਫ਼ ਨਾ ਗੁੰਡੜੇ ਚੋਰ ਦਾ ਈ ।
ਤੂੰ ਹੀ ਜਾਣ ਸਵਾਲ ਜਵਾਬ ਸੱਭੇ,
ਸਾਨੂੰ ਹੌਲ ਨਾ ਔਖੜੀ ਗੋਰ ਦਾ ਈ ।
ਅਲੀ ਹੈਦਰ ਨੂੰ ਸਿੱਕ ਤੈਂਡੜੀ ਏ,
ਤੈਂਡੇ ਬਾਝ ਨਾ ਸਾਇਲ ਹੋਰ ਦਾ ਈ ।੧।
3. ਐਨ-ਇਨਾਇਤ ਰੱਬੇ ਦੀ ਹੋਵੇ
ਐਨ-ਇਨਾਇਤ ਰੱਬੇ ਦੀ ਹੋਵੇ,
ਐਵੇਂ ਹੀ ਫਜ਼ਲ ਕਰੇਂਦਾ ਚਾ ।
ਤਖਤ ਹਜ਼ਾਰੇ ਤੋਂ ਰਾਂਝਣ ਸੱਦ ਕੇ,
ਹੀਰ ਸਿਆਲ ਮਿਲੇਂਦਾ ਚਾ ।
ਇਸ਼ਕ ਅਸਾਡੇ ਦੇ ਛੇੜਣ ਕਾਰਣ,
ਮਹੀਂ ਦੇ ਨਾਲ ਛਿੜੇਂਦਾ ਚਾ ।
ਵਾਹ ਵਾਹ ਕੰਮ ਅੱਲਾ ਦੇ ਹੈਦਰ,
ਆਪੇ ਜੋੜ ਜੋੜੇਂਦਾ ਚਾ ।੧੮।
4. ਬੇ-ਬਾਝ ਤੈਂਡੜੇ ਕੌਣ ਬਾਝ(ਵਾਅਜ਼) ਕਰੇ
ਬੇ-ਬਾਝ ਤੈਂਡੜੇ ਕੌਣ ਬਾਝ(ਵਾਅਜ਼) ਕਰੇ,
ਤੈਂਡੇ ਅੱਗੜੇ ਕੌਣ ਵਸੀਲੜਾ ਏ ।
ਤੈਂਡੇ ਬਾਝ ਮੈਂ ਤਾਂ ਨਿੱਤ ਰਹਾਂ ਖੜੀ,
ਰੰਗ ਰੱਤੜਾ ਸਾਂਵਲਾ ਪੀਲੜਾ ਏ ।
ਕਰ ਬਾਹੁੜੀ ਤੇ ਸੁਣ ਕੂਕ ਮੇਰੀ,
ਮੈਂਡੀ ਪੱਸਲੀ ਦੇ ਮੁੱਢ ਵੀਲੜਾ ਏ ।
ਹੈਦਰ ਯਾਰ ਮਿਲੇ ਤਾਂ ਮੈ ਜੀਵਣੀ ਹਾਂ,
ਦਾਰੂ ਜੀਵਣੇ ਦਾ ਏਹਾ ਹੀਲੜਾ ਏ ।੨।
5. ਦਾਲ-ਦਿਲੇ ਦਾ ਮਰਹਮ ਰਾਂਝਾ
ਦਾਲ-ਦਿਲੇ ਦਾ ਮਰਹਮ ਰਾਂਝਾ,
ਕੀਨੂੰ ਮੈਂ ਕੂਕ ਸੁਣਾਵਣਾ ਏਂ ।
ਆ ਲਬਾਂ ਉਤੇ ਜਿੰਦ ਖਲੋਤੀ,
ਆਓ ਪਿਆਰਿਆ ਜੇ ਆਵਣਾ ਏਂ ।
ਉਮਰ ਵਿਹਾਣੀ ਕਾਗ ਉਡੇਂਦਿਆਂ,
ਓੜਕ ਫੇਰੜਾ ਪਾਵਣਾ ਏਂ ।
ਹੈਦਰ ਦੇਹ ਸੁਨੇਹੜਾ ਮੈਂਡਾ,
ਜੇ ਸੋਹਣਾ ਮੁੱਖ ਵਿਖਾਵਣਾ ਏਂ ।੮।
6. ਫ਼ੇ-ਫ਼ਾਲਾਂ ਲਵਾਂਦੜੀ ਨਿੱਤ ਫਿਰਾਂ
ਫ਼ੇ-ਫ਼ਾਲਾਂ ਲਵਾਂਦੜੀ ਨਿੱਤ ਫਿਰਾਂ,
ਪਈ ਤੈਂਡੜਾ ਰਾਹ ਤਕੇਨੀਆਂ ਮੈਂ ।
ਅੱਖ ਫੜਕੇ ਤਨ ਜਿੰਦ ਪਵੇ,
ਕਾਉਂ ਕੋਠਿਆਂ ਉਤੋਂ ਉਡੇਨੀਆਂ ਮੈਂ ।
ਚਰਖ਼ਾ ਘੁਕੇ ਤੇ ਮਾਹਲ ਬੁਲੇਂਦੀ,
ਸੁਣ ਸੁਣ ਜੀਉ ਧਰੇਨੀਆਂ ਮੈਂ ।
ਅਲੀ ਹੈਦਰ ਆਖੀਂ ਢੋਲਣ ਨੂੰ,
ਕਈ ਕਰ ਕਰ ਹੀਲੜੇ ਜੀਨੀਆਂ ਮੈਂ ।੨੦।
7. ਗ਼ੈਨ-ਗ਼ਰੀਬ ਨਿਮਾਨੜੀ ਗੋਲੀ
ਗ਼ੈਨ-ਗ਼ਰੀਬ ਨਿਮਾਨੜੀ ਗੋਲੀ,
ਰਾਂਝੇ ਦੇ ਦਸਤ ਵਿਕਾਣੀਆਂ ਮੈਂ ।
ਰਾਂਝਾ ਮਹੀਂ ਨੂੰ ਚਾਰ ਲਿਆਵੇ,
ਤਾਂ ਰਿੜਕਾਂ ਮੱਟ ਮਧਾਣੀਆਂ ਮੈਂ ।
ਮੈਨੂੰ ਤੇ ਤੈਂਡੇ ਨਾਉਂ ਦੀ ਇੱਜ਼ਤ,
ਨਹੀਂ ਤਾਂ ਕੌਣ ਨਿਮਾਣੀਆਂ ਮੈਂ ।
ਅਵਗਣ ਭੀ ਗੁਣ ਜੇਹੇ ਵੇ ਹੈਦਰ,
ਜੇ ਰਾਂਝਣ ਮਨ ਭਾਣੀਆਂ ਮੈਂ ।੧੯।
8. ਹੇ-ਹੀਲੜੇ ਸਭ ਬਣਾ ਰਹੀ
ਹੇ-ਹੀਲੜੇ ਸਭ ਬਣਾ ਰਹੀ,
ਰੁੱਠਾ ਯਾਰ ਮੰਨੇਦੜਾ ਮੂਲ ਨਾਹੀਂ ।
ਬੁਲਬੁਲ ਵਾਂਗ ਮੈਂ ਗੀਤ ਸੁਣਾ ਰਹੀ,
ਇਹ ਤਾਂ ਮੂਲ ਖਿੜੇਂਦੜਾ ਫੂਲ ਨਾਹੀਂ ।
ਏਸ ਰਸਤੇ ਨੂੰ ਮੈਂ ਸੋਧ ਰਹੀ,
ਹੱਥ ਆਂਵਦਾ ਅਰਜ਼ ਤੇ ਤੂਲ ਨਾਹੀਂ ।
ਅਲੀ ਹੈਦਰ ਤਕਦੀ ਥੱਕ ਰਹੀ,
ਅਜੇ ਹੋਂਵਦੀ ਅਰਜ਼ ਕਬੂਲ ਨਾਹੀਂ ।੬।
9. ਹੇ-ਹੂ ਅੱਲਾ ਤਾਂ ਓਹੋ ਹੀ ਏ
ਹੇ-ਹੂ ਅੱਲਾ ਤਾਂ ਓਹੋ ਹੀ ਏ,
ਜੋ ਹਰ ਕੋਈ ਜ਼ਿਕਰ ਕਰੇਂਦਾ ਮੀਆਂ ।
ਵੇਖ ਵੇਖਾਂ ਦਮ ਦਮ ਦੇ ਵਿਚ,
ਹੂ ਹੂ ਤੇ ਪਇਆ ਸੁਣੇਂਦਾ ਮੀਆਂ ।
ਅਰਜ਼ ਫ਼ਲਕ ਤੇ ਚੰਨ ਸੂਰਜ ਵਿਚ,
ਹੂ ਹੂ ਦਾ ਨਕਸ਼ ਦਿਸੇਂਦਾ ਮੀਆਂ ।
ਹੈਦਰ ਇਸਮ ਜੋ ਆਜ਼ਮ ਇਲਾਹੀ,
ਸੋ ਏਹਾ ਹੂ ਅਖੇਂਦਾ ਮੀਆਂ ।੨੭।
10. ਜੀਮ-ਜੁਮਾਲ ਤੁਸਾਡੜੇ ਦੀ ਮੈਨੂੰ
ਜੀਮ-ਜੁਮਾਲ ਤੁਸਾਡੜੇ ਦੀ ਮੈਨੂੰ,
ਸਿੱਕ ਸੀਨੇ ਵਿੱਚ ਅੜਕ ਲੱਗੀ ।
ਅੜਕ ਕਹੇ ਕਾਈ ਭਾਹ ਤ੍ਰਿਖੜੀ ਨੂੰ,
ਲੂੰ ਲੂੰ ਦੇ ਵਿੱਚ ਭੜਕ ਲੱਗੀ ।
ਲਾਟ ਚਿਰਾਗ ਤੁਸਾਡੜੇ ਦੀ ਮੈਨੂੰ,
ਬਿਜਲੀ ਦੇ ਵਾਂਗ ਕੜਕ ਲੱਗੀ ।
ਹੈਦਰ ਤੋਪ ਬਿਰਹੋਂ ਵਾਲੀ ਛੁੱਟ ਕੇ ਤੇ,
ਆ ਅਚਣਚੇਤ ਈ ਤੜਕ ਲੱਗੀ ।੫।
11. ਕਾਫ਼-ਕਦੇ ਤਾਂ ਮੈਂਡਾ ਭੀ ਆਹੋਂ
ਕਾਫ਼-ਕਦੇ ਤਾਂ ਮੈਂਡਾ ਭੀ ਆਹੋਂ,
ਹੁਣ ਕਿਉਂ ਪਿਆਰਿਆ ਨੱਸਣਾ ਏਂ ।
ਜੇ ਵਤ ਹਾਲ ਨ ਪੁਛੇਂ ਮੈਂਡਾ,
ਤਾਂ ਨਾਲ ਮੇਰੇ ਕਿਉਂ ਹੱਸਣਾ ਏਂ ।
ਨਿੱਤ ਗਲੀਆਂ ਨੂੰ ਮੱਲ ਖਲੋਵੇਂ,
ਨਿੱਤ ਵੇਹੜੇ ਵਿੱਚ ਵੱਸਣਾ ਏਂ ।
ਹੈਦਰ ਆਖ ਵਫ਼ਾ ਕਰ ਢੋਲਣ,
ਕਿਉਂ ਮੈਂਡਾ ਦਿਲ ਖੱਸਣਾ ਏਂ ।੨੨।
12. ਕਾਫ਼-'ਕਦੂਰੀ' ਤੇ 'ਕਨਜ਼ ਹਦਾਯਾ'
ਕਾਫ਼-'ਕਦੂਰੀ' ਤੇ 'ਕਨਜ਼ ਹਦਾਯਾ',
ਮੈਂ ਪੜ੍ਹ ਪੜ੍ਹ ਕੇ ਹੰਭ ਕੁਝ ਰਹੀ ।
'ਰਦੋ ਕਦਾਹ' ਕਰ ਭੇਤ ਮਆਨੀ,
ਮੈਂ ਰਮਜ਼ ਦਕੀਕੀ(ਹਕੀਕੀ) ਭੀ ਬੁੱਝ ਰਹੀ ।
ਫਿਕਰਾਂ ਬਹੁਤ ਦਲਾਇਲ ਦੇ ਵਿੱਚ,
ਇਹ ਦਿਲ ਮੇਰੇ ਸਮਝ ਰਹੀ ।
ਹੈਦਰ ਨੇਹੁੰ ਲਗਾਇੰਦੇ ਦਿਲ ਨੂੰ,
ਝੇੜਿਆਂ ਦੇ ਵਿੱਚ ਰੁੱਝ ਰਹੀ ।੨੧।
13. ਖੇ-ਖੁਦਾ ਅਸਾਡਾ ਭੀ ਹੈ
ਖੇ-ਖੁਦਾ ਅਸਾਡਾ ਭੀ ਹੈ,
ਜੇ ਲੋਕ ਖੇੜਿਆਂ ਦੀ ਧੀਰ ਕਰੇ ।
ਕਾਜ਼ੀ ਮੈਂ ਵੇਖਾਂ ਜੇ ਵੇਖ ਕਿਤਾਬਾਂ,
ਆਦਮ ਕਿਆ ਤਦਬੀਰ ਕਰੇ ।
ਹੀਰ ਤੇ ਰਾਂਝੇ ਦਾ ਹਿੱਕ ਵਜੂਦ,
ਕਿਉਂਕਰ ਕੋਈ ਦੋ ਚੀਰ ਕਰੇ ।
ਹੈਦਰ ਮਾਂ ਨੂੰ ਮਾਣ ਹੈ ਖੇੜਿਆਂ ਦਾ,
ਅਤੇ ਰੱਬ ਦਾ ਆਸਰਾ ਹੀਰ ਕਰੇ ।੭।
14. ਲਾਮ-ਲੱਗੀ ਮੈਨੂੰ ਚਾਟ ਚਾਕੇ ਦੀ
ਲਾਮ-ਲੱਗੀ ਮੈਨੂੰ ਚਾਟ ਚਾਕੇ ਦੀ,
ਅੱਤਨ ਵਿੱਚ ਕਤੇਂਦੜੀ ਨੂੰ ।
ਉਪਰ ਵਾਰੀਉਂ ਝਾਤ ਜੋ ਪਾਇਓਸੂ,
ਸਈਆਂ ਦੇ ਵਿੱਚ ਹਸੇਂਦੜੀ ਨੂੰ ।
ਰੰਗ ਕਰਾਂਦੜੀ ਸੂਹੇ ਬਾਣੇ,
ਸਿਆਲੀਂ ਵਿੱਚ ਸੁਹੇਂਦੜੀ ਨੂੰ ।
ਹੈਦਰ ਗਲ ਵਿੱਚ ਤੰਦੜੀ ਪਾਈਓਸੂ,
ਚਰਖ਼ੇ ਤੰਦ ਘਤੇਂਦੜੀ ਨੂੰ ।੨੩।
15. ਲਾਮ-ਲਇਆ ਲੱਭ ਢੋਲਣ ਨੂੰ ਜੇ
ਲਾਮ-ਲਇਆ ਲੱਭ ਢੋਲਣ ਨੂੰ ਜੇ,
ਗ਼ੈਰ ਕੁਨੋਂ ਦਿਲ ਦੂਰ ਕੀਤਾ ।
ਨਾਲ ਮਜ਼ਹਰੀ ਲਾਮ ਨਫੀ ਦੇ,
ਭੰਨ ਬੁੱਤਾਂ ਨੂੰ ਚੂਰ ਕੀਤਾ ।
ਬਾਝ ਖੁਦਾ ਅੱਲਾ ਨ ਕੋਈ,
ਓਸੇ ਸਭ ਜ਼ਹੂਰ ਕੀਤਾ ।
ਇਸ ਦਿਲ ਮੈਂਡੇ ਨੂੰ ਰੌਸ਼ਨ ਵੇ ਹੈਦਰ,
ਪਾਕ ਰਸੂਲ ਦੇ ਨੂਰ ਕੀਤਾ ।੨੮।
16. ਮੀਮ-ਮਿਸਾਲ ਮੁਹੰਮਦ ਅੱਗੇ
ਮੀਮ-ਮਿਸਾਲ ਮੁਹੰਮਦ ਅੱਗੇ,
ਮੈਂ ਬਾਹਾਂ ਬੰਨ੍ਹ ਖਲੋਤੀ ਰਹਾਂ ।
ਯਾ ਰੱਬ ਸਿਲਕ ਮੁਹੰਮਦ ਦੀ ਵਿੱਚ,
ਲਾਲਾਂ ਦੇ ਵਾਂਗ ਪ੍ਰੋਤੀ ਰਹਾਂ ।
ਸੈ ਸਿੰਗਾਰ ਤੇ ਸੂਹੜੇ ਬਾਣੇ,
ਉਸ ਦਰਬਾਰ ਜੋ ਪਹੁਤੀ ਰਹਾਂ ।
ਉਸ ਦਰਬਾਰ ਕੁਨੋਂ ਕਿਉਂ ਹੈਦਰ,
ਬਾਹਜ ਜਵਾਹਰ ਮੋਤੀ ਰਹਾਂ ।੨੪।
17. ਨੂਨ-ਨਿਗਾਹ ਇਨਾਇਤ ਕਰਨੀ
ਨੂਨ-ਨਿਗਾਹ ਇਨਾਇਤ ਕਰਨੀ,
ਹਿਕ ਵਾਰ ਮੈਨੂੰ ਮੁੜ ਭਾਲਣਾ ਏਂ ।
ਸਿੱਕ ਸਿਕੇਂਦੀ ਤੇ ਮੇਹਰ ਕਰੀਂ,
ਹਿਕਵਾਰ ਤਾਂ ਮੁੱਖ ਵਿਖਾਲਣਾ ਏਂ ।
ਮੈਂਡੇ ਕੀਤੜੇ ਵਲ ਨ ਵੇਖੀਂ,
ਤੂੰ ਆਪਣਾ ਫਜਲ ਸੰਮ੍ਹਾਲਣਾ ਏਂ ।
ਹੈਦਰ ਦੀਆਂ ਤਕਸੀਰਾਂ ਦਾ ਨਾਮਾ,
ਨਾਲ ਇਨਾਇਤ ਡਾਲਣਾ ਏਂ ।੨੫।
18. ਰੇ-ਰਹਮ ਕਰੇਂ ਮੈਂਡੇ ਹਾਲ ਉਤੇ
ਰੇ-ਰਹਮ ਕਰੇਂ ਮੈਂਡੇ ਹਾਲ ਉਤੇ,
ਜੇ ਦਿਲ ਤੈਂਡੜਾ ਸੰਗ ਨਹੀਂ ।
ਮੈਂ ਸਾਵਲੀ ਪੀਲੜੀ ਨੇਹੁੰ ਕੁਨੋਂ,
ਅਤੇ ਕੇਸਰ ਦਾ ਇਹ ਰੰਗ ਨਹੀਂ ।
ਕਿਉਂ ਵਤ ਕਾਜ਼ੀ ਕੁਰਾਨ ਨ ਚਾਇਆ ਈ,
ਜੇ ਹੀਰ ਰਾਂਝੇ ਦੀ ਮੰਗ ਨਹੀਂ ।
ਅਲੀ ਹੈਦਰ ਕਾਜ਼ੀ ਭੀ ਭੁੱਲਦਾ ਏ,
ਕਾਈ ਹੋਰ ਹੀਰੇ ਨਾਉਂ ਝੰਗ ਨਹੀਂ ।੧੦।
19. ਸੀਨ-ਸਰਾਏ ਜਹਾਨ ਸੱਭੇ
ਸੀਨ-ਸਰਾਏ ਜਹਾਨ ਸੱਭੇ,
ਇੱਕ ਰਾਤ ਗੁਜ਼ਾਰੀ ਤੇ ਉੱਠ ਚੱਲੇ ।
ਇਹ ਸਾਹ ਦਮਾਮੜਾ ਕੂਚ ਦਾ ਈ,
ਇੱਕ ਰੰਗ ਪਈ ਲੱਦ ਉੱਠ ਚੱਲੇ ।
ਇਹ ਟਲੜੀਆਂ ਜ਼ੰਗਾਰ ਪਈਆਂ,
ਸਣ ਗੰਢੜੀਆਂ ਬੰਨ੍ਹ ਰੁੱਠ ਚੱਲੇ ।
ਇਕ ਤਿੱਖੜੇ ਤੇ ਇੱਕ ਮਿੱਠੜੇ ਸਾਥੀ,
ਹੈਦਰ ਅਸਾਂ ਥੀ ਫੁੱਟ ਚੱਲੇ ।੧੨।
20. ਸੇ-ਸਾਬਤ ਦੀਨ ਅਸਾਡੜਾ ਈ
ਸੇ-ਸਾਬਤ ਦੀਨ ਅਸਾਡੜਾ ਈ,
ਇੱਕ ਰਾਂਝੇ ਦਾ ਕੌਲ ਪਛਾਣ ਨਾਹੀਂ ।
ਧਾਂ ਧਾਂ ਦਮਾਮੜਾ ਇਸ਼ਕ ਵਾਲਾ,
ਮੈਕੂੰ ਲੈਲਾ ਦੇ ਵਾਂਗ ਸਿਆਣ ਨਾਹੀਂ ।
ਮੈਂਡੇ ਭਾਹ ਪਿਆ ਪੰਧ ਇਸ਼ਕ ਵਾਲਾ,
ਮਜਨੂੰ ਵਾਂਗ ਡਿੱਠਾ ਬੀਆਬਾਨ ਨਾਹੀਂ ।
ਅਲੀ ਹੈਦਰ ਯਾਰ ਪਿਆਰੜੇ ਨੂੰ,
ਮਜਲਸ ਵਿਚ ਮੈਂਡੇ ਵਲ ਧਿਆਨ ਨਾਹੀਂ ।੪।
21. ਸ਼ੀਨ-ਸ਼ਰਾਬ ਦੇ ਮਸਤ ਰਹਣ ਕੇਹੇ
ਸ਼ੀਨ-ਸ਼ਰਾਬ ਦੇ ਮਸਤ ਰਹਣ ਕੇਹੇ,
ਨੈਣ ਤੈਂਡੜੇ ਮਤਵਾਲੜੇ ਨੇ ।
ਸੁਰਖ਼ ਸਫ਼ੈਦ ਸਿਆਹ ਦੁੰਬਾਲੜੇ,
ਬਾਝ ਕੱਜਲ ਐਵੇਂ ਕਾਲੜੇ ਨੇ ।
ਨਾਲ ਨਿਗਾਹ ਦੇ ਮਸਤ ਕਰਨ,
ਕੇਹੇ ਚੀਨੀ ਦੇ ਰੰਗ ਪਿਆਲੜੇ ਨੇ ।
ਹੈਦਰ ਛਿਕ ਛਿਕ ਤੀਰ ਚਲੈਂਦੇ,
ਕੇਹੇ ਜ਼ਾਲਿਮ ਮਾਰਨ ਵਾਲੜੇ ਨੇ ।੧੩।
22. ਸੁਆਦ-ਸਬਰ ਨਾਹੀਂ ਕਾਈ ਜ਼ਹਿਰ ਦੀ ਬੂਟੀ
ਸੁਆਦ-ਸਬਰ ਨਾਹੀਂ ਕਾਈ ਜ਼ਹਿਰ ਦੀ ਬੂਟੀ,
ਮਲ ਮਲ ਅਸਾਂ ਪੀਵਣੀ ਏਂ ।
ਅਸਾਂ ਰਜ਼ਾ ਤੁਸਾਡੜੀ ਮੰਨੀ,
ਥੀਵੇ ਪਿਆ ਜੋ ਥੀਵਣੀ ਏਂ ।
ਸੋਜ਼ਨ ਪਲਕ ਨਿਗਾਹ ਦੇ ਧਾਗੇ,
ਜ਼ਖ਼ਮ ਅਸਾਡੜੇ ਸੀਵਣੀ ਏਂ ।
ਹੈਦਰ ਜਿੰਦ ਪਿਆਰੇ ਉਤੋਂ ਮੈਂ,
ਸਦਕੜੇ ਕਰ ਦੇਵਣੀ ਏਂ ।੧੪।
23. ਤੇ-ਤਾਰੀਆਂ ਲਾਰਿਆਂ ਤੈਂਡਿਆਂ ਨੇ
ਤੇ-ਤਾਰੀਆਂ ਲਾਰਿਆਂ ਤੈਂਡਿਆਂ ਨੇ,
ਮੈਨੂੰ ਲਾਰਿਆਂ ਕਾਰੀਆਂ ਮਾਰੀਆਂ ਨੇ ।
ਹੀਰ ਜੇਹੀਆਂ ਸੈ ਗੋਲੀਆਂ ਘੋਲੀਆਂ ਨੇ,
ਸਦਕੇ ਕੀਤੀਆਂ ਤੇ ਤੈਥੋਂ ਵਾਰੀਆਂ ਨੇ ।
ਚੌਪਾੜ ਮਾਰ ਤੋੜ ਨਾ ਪਾਸੜੇ ਨੂੰ,
ਪਾਸੇ ਦਿੱਤੀਆਂ ਹੱਡੀਆਂ ਸਾਰੀਆਂ ਨੇ ।
ਅਲੀ ਹੈਦਰ ਘੋਲੜੀ ਤੈਂਡੜੇ ਤੋਂ,
ਅਸਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ ।੩।
24. ਤੋਏ-ਤਰ੍ਹਾਂ ਤੁਸਾਡੜੇ ਖ਼ੂਬੀ ਦੀ
ਤੋਏ-ਤਰ੍ਹਾਂ ਤੁਸਾਡੜੇ ਖ਼ੂਬੀ ਦੀ,
ਮੂਲ ਸ਼ਰ੍ਹਾ ਨਾ ਕੀਤੜੀ ਵੈਂਦੜੀ ਜੇ ।
ਦੇਖ ਹਾਸੀਆ ਖਤ ਤੁਸਾਡੜੇ ਦਾ,
ਆ ਕੇ ਦਰਸ ਤਬੀਅਤ ਕੈਂਦੜੀ ਜੇ ।
ਸਭ ਬਹਮ ਦਲਾਇਲ ਦੂਰ ਤਸਲਸਲ,
ਮਸਲਾ ਜ਼ੁਲਫ਼ ਸੁਣੈਂਦੜੀ ਜੇ ।
ਹੈਦਰ ਮੁੱਲਾਂ ਤੇ ਫਾਜ਼ਿਲ ਕਾਜ਼ੀ ਨੂੰ,
ਹੈਬਤ ਹਰਫ ਪੜੈਂਦੜੀ ਜੇ ।੧੬।
25. ਵਾਉ-ਵਡਿਆਈ ਅਸਾਂ ਨੂੰ ਹੋਵੇ
ਵਾਉ-ਵਡਿਆਈ ਅਸਾਂ ਨੂੰ ਹੋਵੇ,
ਜੇ ਅੰਗਣ ਫੇਰਾ ਪਾਏਂ ਮੀਆਂ ।
ਮੂੰਹ ਮਹਤਾਬ ਸੁਹਾਵੜਾ ਮੈਨੂੰ,
ਜੇ ਹਿਕਵਾਰ ਵਿਖਾਏਂ ਮੀਆਂ ।
ਆਪਣਾ ਕੌਲ ਸੰਭਾਲ ਪਿਆਰਿਆ,
ਤੂੰ ਸਾਈਂ ਦੇ ਨਾਮ ਬਚਾਏਂ ਮੀਆਂ ।
ਹੈਦਰ ਯਾਰ ਪਿਆਰੇ ਤਾਈਂ,
ਆਣ ਮਿਲਾਏਂ ਮੀਆਂ ।੨੬।
(ਤੂੰ ਆਪਣਾ ਕੌਲ ਸੰਬ੍ਹਾਲ ਢੋਲਣ,
ਜਿਹੜਾ ਅਸਾਂ ਨੂੰ ਆਖਸਾਏਂ ਮੀਆਂ ।
ਅਲੀ ਹੈਦਰ ਯਾਰ ਪਿਆਰੇ ਤਾਈਂ,
ਕਦੇ ਅਸਾਂ ਨੂੰ ਆਣ ਮਿਲਾਏਂ ਮੀਆਂ ।)
26. ਯੇ-ਯਾਰ ਪਿਆਰੇ ਨੂੰ ਨਿੱਤ ਸਦੈਨੀਆਂ
ਯੇ-ਯਾਰ ਪਿਆਰੇ ਨੂੰ ਨਿੱਤ ਸਦੈਨੀਆਂ,
ਯਾ ਰੱਬ ਨਿੱਤ ਕੂਕੇਨੀਆਂ ਮੈਂ ।
ਯਾ ਰੱਬ ਯਾ ਰੱਬ ਨਿੱਤ ਕਰੇਨੀਆਂ,
ਪੀਰਾਂ ਨੂੰ ਨਿੱਤ ਸਦੇਨੀਆਂ ਮੈਂ ।
ਯਾ ਰੱਬ ਆਣ ਮਿਲਾਉ ਪਿਆਰੇ ਨੂੰ,
ਤਾਂ ਦਮ ਕੋਈ ਜੀਨੀਆਂ ਮੈਂ ।
ਹੈਦਰ ਆਣ ਮਿਲਾਏਂ ਢੋਲਣ ਨੂੰ,
ਕਈ ਕਰ ਕਰ ਹੀਲੜੇ ਜੀਨੀਆਂ ਮੈਂ ।੩੦।
(ਹੈਦਰ ਆਣ ਮਿਲਾ ਢੋਲਣ,
ਤੈਂਡੇ ਬਾਝ ਦਮਾਂ ਗੋਲੀ ਤੈਨੀਆਂ ਮੈਂ ।
27. ਜ਼ਾਲ-ਜ਼ਿਕਰ ਤੁਸਾਡੜਾ ਮਿੱਠੜਾ ਏ
ਜ਼ਾਲ-ਜ਼ਿਕਰ ਤੁਸਾਡੜਾ ਮਿੱਠੜਾ ਏ,
ਮੈਨੂੰ ਸ਼ਕਰ ਕੰਦ ਨਬਾਤ ਕੁਨੋਂ ।
ਗਾਹਲ ਮਿੱਠੀ ਮਿੱਠੜੇ ਢੋਲਣੇ ਦੀ,
ਮੈਨੂੰ ਮਿੱਠੜੀ ਆਬ-ਹਯਾਤ ਕੁਨੋਂ ।
ਸਈਆਂ ਦੇ ਵਿੱਚ ਸੁਹਾਗਣ ਥੀਵਾਂ,
ਜੇ ਕਰਮ ਕਰੇਂ ਇੱਕ ਰਾਤ ਕੁਨੋਂ ।
ਹੈਦਰ ਨੂੰ ਜੇ ਚਾ ਨਵਾਜ਼ੇਂ,
ਤਾਂ ਦੂਰ ਨਹੀਂ ਤੈਂਡੀ ਜ਼ਾਤ ਕੁਨੋਂ ।੯।
28. ਜ਼ੇ-ਜ਼ਾਰੀਆਂ ਕਰ ਕਰ ਥੱਕ ਰਹੀ
ਜ਼ੇ-ਜ਼ਾਰੀਆਂ ਕਰ ਕਰ ਥੱਕ ਰਹੀ,
ਹੁਣ ਮੈਂ ਭੀ ਤੇ ਨਾਜ਼ ਕਰੇਨੀਆਂ ਨੀ ।
ਕਾਲੜਾ ਨਾਗ ਖਜ਼ਾਨੜੇ ਤੇ,
ਹੁਣ ਮੈਂ ਭੀ ਜ਼ੁਲਫ ਖੁਲ੍ਹੇਨੀਆਂ ਨੀ ।
ਬਿਜਲੀ ਦੇ ਰੰਗ ਨਾਜ਼ ਕੁਨੋਂ,
ਹੁਣ ਮੱਥੇ ਤੇ ਵਲ ਪਵੇਨੀਆਂ ਨੀ ।
ਅਲੀ ਹੈਦਰ ਵੇਖ ਤਮਾਸੜਾ ਮੈਂਡਾ,
ਕਿਉਂਕਰ ਯਾਰ ਛਿਕੇਨੀਆਂ ਨੀ ।੧੧।
29. ਜ਼ੋਏ-ਜ਼ਹੂਰ ਕੀਤਾ ਤੈਂਡੀ ਖੂਬੀ
ਜ਼ੋਏ-ਜ਼ਹੂਰ ਕੀਤਾ ਤੈਂਡੀ ਖੂਬੀ,
ਬਾਗ਼ ਚਮਨ ਸਭ ਆਰਸੀਆਂ ।
ਗੁਲ ਗੁਲ ਰੰਗ ਬਹਾਰ ਗੁਲਸਤਾਂ,
ਸਰਵ ਸੁਖਨ ਸਭ ਆਰਸੀਆਂ ।
ਮੂੰਹ ਮਹਤਾਬ ਤੇ ਸੁੰਬਲ ਜ਼ੁਲਫ਼ਾਂ,
ਸੀਮ ਬਦਨ ਸਭ ਆਰਸੀਆਂ ।
ਹੈਦਰ ਕੌਣ ਜੋ ਹੈਰਤ ਅੰਦਰ,
ਦੇਖ ਸਜਣ ਸਭ ਆਰਸੀਆਂ ।੧੭।
30. ਜ਼ੁਆਦ-ਜ਼ਲਾਲਤ ਕੁਫ਼ਰ ਕੁਨੋਂ ਮੈਂ
ਜ਼ੁਆਦ-ਜ਼ਲਾਲਤ ਕੁਫ਼ਰ ਕੁਨੋਂ ਮੈਂ,
ਸਾਥ ਨਬੀ ਦੇ ਆ ਪਈ ।
ਕਾਫ਼ਰ ਨਫ਼ਸ ਸ਼ੈਤਾਨ ਦੇ ਉਤੇ,
ਫੌਜ ਨਬੀ ਦੀ ਧਾ ਪਈ ।
ਨਾ'ਤ ਨਬੀ ਰਸੂਲ ਦੀ ਮੈਨੂੰ,
ਸ਼ੱਕਰ ਵਾਂਗ ਰਸ ਆ ਪਈ ।
ਹੈਦਰ ਦੇ ਸਿਰ ਫਜ਼ਲ ਇਲਾਹੀ,
ਤੇ ਦੁਸ਼ਮਣ ਦਿਲ ਬਲਾ ਪਈ ।੧੫।