Siddique Sadaf
ਸਿੱਦੀਕ 'ਸਦਫ਼'

ਨਾਂ-ਮੁਹੰਮਦ ਸਿੱਦੀਕ ਮੁਗ਼ਲ, ਕਲਮੀ ਨਾਂ-ਸਿੱਦੀਕ ਸਦਫ਼,
ਪਿਤਾ ਦਾ ਨਾਂ-ਮੀਆਂ ਰਹਿਮਤੁੱਲਾ,
ਜਨਮ ਤਾਰੀਖ਼-15 ਅਗਸਤ 1935,
ਜਨਮ ਸਥਾਨ-ਅਮ੍ਰਿਤਸਰ,
ਵਿਦਿਆ-ਦਸਵੀਂ, ਕਿੱਤਾ-ਜ਼ਰਗਰ (ਸੁਨਿਆਰ),
ਛਪੀਆਂ ਕਿਤਾਬਾਂ ਹੰਝੂ ਦੇਣ ਹੁੰਗਾਰੇ (ਪੰਜਾਬੀ ਸ਼ਾਇਰੀ),
ਪਤਾ-ਲਾਹੌਰ ।

ਪੰਜਾਬੀ ਗ਼ਜ਼ਲਾਂ (ਹੰਝੂ ਦੇਣ ਹੁੰਗਾਰੇ 2009 ਵਿੱਚੋਂ) : ਸਿੱਦੀਕ 'ਸਦਫ਼'

Punjabi Ghazlan (Hanjhu Den Hungare 2009) : Siddique Sadaf



ਯਾਦ ਤੇਰੀ ਵਿਚ ਦਿਨ ਕਟ ਜਾਂਦਾ

ਯਾਦ ਤੇਰੀ ਵਿਚ ਦਿਨ ਕਟ ਜਾਂਦਾ ਰੋ ਰੋ ਕਟਦੀ ਰਾਤ । ਹੰਝੂ ਬਣ ਕੇ ਵਸਦੀ ਰਹਿੰਦੀ ਅੱਖਾਂ ਚੋਂ ਬਰਸਾਤ । ਜਿਉਂਦੀ ਜਾਨੇ ਹਰ ਕੋਈ ਕਹਿੰਦਾ ਸਭ ਕੁਝ ਤੇਰਾ ਤੇਰਾ, ਮਰਦੇ ਹੋਏ ਨੂੰ ਕੋਈ ਨਹੀਂ ਦਿੰਦਾ ਸਾਹਵਾਂ ਦੀ ਸੌਗ਼ਾਤ । ਉੱਚੀ ਸਾਹ ਵੀ ਲੈ ਨਹੀਂ ਸਕਦੇ ਸ਼ਹਿਰਾਂ ਦੇ ਵਸਨੀਕ, ਚਾਰੇ ਪਾਸੇ ਬੰਧਣਾਂ ਲਾਈ ਚੋਰਾਂ ਵਾਂਗੂੰ ਝਾਤ । ਮਾਨ ਹੁਸਨ ਦਾ ਕਦੀ ਨਾ ਕਰੀਏ ਇਹ ਢਲਦਾ ਪਰਛਾਵਾਂ, ਯੂਸਫ਼ ਦਾ ਮੁੱਲ ਅੱਟੀ ਪੈਂਦਾ ਤੇਰੀ ਕੀ ਔਕਾਤ । ਵਾਂਗ ਸ਼ਰੀਕਾਂ ਆਢਾ ਲਾਵੇਂ ਲੱਖਾਂ ਲੀਕਾਂ ਨਾਲ, ਭੁੱਲ ਜਾਣਾ ਏ ਸੱਭੇ ਕੁਝ ਜਦ ਮੌਤ ਨੇ ਮਾਰੀ ਝਾਤ । ਦੁੱਖ ਵੰਡਾਵਣ ਵਾਲੇ 'ਸਦਫ਼' ਦੇਸੋਂ ਗਏ ਪਰਦੇਸ, ਕਰ ਤਿਆਰੀ ਜਾਣ ਦੀ ਤੂੰ ਵੀ ਛੱਡ ਹੁਣ ਕਲਮ ਦਵਾਤ

ਵਾਅਦਾ ਕਰਕੇ ਭੁੱਲ ਗਿਆ ਏਂ

ਵਾਅਦਾ ਕਰਕੇ ਭੁੱਲ ਗਿਆ ਏਂ ਲਿੱਖਿਆ ਮੈਂ ਦਿਲ ਉੱਤੇ ਦੇਖ । ਕਈ ਬਹਾਰਾਂ ਬੀਤ ਗਈਆਂ ਆਵੇਂਗਾ ਕਿਹੜੀ ਰੁੱਤੇ ਦੇਖ । ਹੁਸਨ ਜਵਾਨੀ ਬਾਗ਼ ਬਹਾਰਾਂ ਜੋ ਕੁਝ ਵੀ ਤੂੰ ਮੰਗਿਆ ਸੀ, ਇਕ ਇਕ ਕਰਕੇ ਪੂਰੇ ਹੋ ਗਏ ਤੇਰੇ ਸਾਰੇ ਬੁੱਤੇ ਦੇਖ । ਆਪਣੀ ਆਪਣੀ ਮੰਜ਼ਿਲ ਦੇ ਵਲ ਹਰ ਕੋਈ ਟੁਰਿਆ ਜਾਂਦਾ ਏ, ਰਾਹ ਜਿਨ੍ਹਾਂ ਨੂੰ ਯਾਦ ਸੀ ਰਾਹਵਾਂ ਦੇ ਵਿਚ ਰਹਿ ਗਏ ਸੁੱਤੇ ਦੇਖ । ਆਪਣੇ ਐਬ ਛੁਪਾਵਣ ਦੇ ਲਈ ਜਿਹੜੀ ਜੂਹੇ ਜਾਵਾਂ ਮੈਂ, ਲੱਭ ਲੈਂਦੇ ਨੇ ਅਜਲ ਦੇ ਢੱਗੇ ਸਾਹਵਾਂ ਦੇ ਸੰਗ ਜੁੱਤੇ ਦੇਖ । ਕੰਧਾਂ ਦੇ ਨਾਲ ਗੱਲਾਂ ਕਰ ਕਰ 'ਸਦਫ਼' ਗੁਜ਼ਾਰੀ ਸਾਰੀ ਰਾਤ, ਇਕ ਇਕ ਹੰਝੂ ਕੱਠਾ ਕਰਕੇ ਹਿਜਰ ਦੇ ਹਾਰ ਪਰੁੱਤੇ ਦੇਖ ।

ਢੈ ਜਾਂਦੇ ਨੇ ਆਸਾਂ ਵਾਲੇ

ਢੈ ਜਾਂਦੇ ਨੇ ਆਸਾਂ ਵਾਲੇ ਜਿਹੜੇ ਮਹਿਲ ਉਸਾਰਾਂ ਮੈਂ । ਇਕ ਵਾਰੀ ਉਹ ਮਿਲ ਜਾਵੇ ਤੇ ਦਿਲ ਦਾ ਭਾਰ ਉਤਾਰਾਂ ਮੈਂ । ਅੱਖੀਆਂ ਵਿੱਚੋਂ ਸਾਵਣ ਵੱਸੇ ਦਿਲ ਦੇ ਢੈਂਦੇ ਢਾਰੇ ਤੇ, ਆਸਾਂ ਵਾਲੀਆਂ ਥੰਮੀਆਂ ਦੇ ਕੇ ਇਹੋ ਫੇਰ ਖਲਾਰਾਂ ਮੈਂ । ਅੰਦਰੋ-ਅੰਦਰੀ ਖਾਂਦਾ ਜਾਵੇ ਮੈਨੂੰ ਦਰਦ ਹਿਆਤੀ ਦਾ, ਦਿਨ ਲੰਘ ਜਾਂਦਾ ਯਾਦ ਉਹਦੀ ਵਿਚ ਕੀਕਣ ਰਾਤ ਗੁਜ਼ਾਰਾਂ ਮੈਂ । ਚੁੱਪ-ਚੁਪੀਤੇ ਪੀੜਾਂ ਸਈਆਂ ਹੌਕੇ ਹਾਵਾਂ ਦਿਲ ਵਿਚ ਰਹੀਆਂ, ਮੁੱਕਦੀ ਨਹੀਂ ਇਹ ਤਾਂਘ ਦਿਲੇ ਦੀ ਕੰਧੀਂ ਟੱਕਰਾਂ ਮਾਰਾਂ ਮੈਂ । ਮਾਨ ਜਿਨ੍ਹਾਂ ਤੇ ਕੀਤਾ ਸੀ ਮੈਂ ਦੇਖ ਲਿਆ ਏ ਉਨ੍ਹਾਂ ਨੂੰ, ਇਹ ਦੁਨੀਆਂ ਇਕ ਗੰਦਲਾ ਪਾਣੀ ਕੀਵੇਂ 'ਸਦਫ਼' ਨਿਤਾਰਾਂ ਮੈਂ ।

ਪਿਆਰ ਤੇਰੇ ਸੰਗ ਹੋਰ ਵਧਾ ਕੇ

ਪਿਆਰ ਤੇਰੇ ਸੰਗ ਹੋਰ ਵਧਾ ਕੇ ਵੇਖ ਲਵਾਂਗਾ । ਸਿਰ ਨੂੰ ਤਲੀਆਂ ਉੱਤੇ ਚਾ ਕੇ ਵੇਖ ਲਵਾਂਗਾ । ਬੇਲੇ ਦੀ ਮਜ਼ਦੂਰੀ ਚੂਰੀ ਵੇਖ ਲਈ ਏ, ਖੇੜੇ ਦੇ ਸੰਗ ਆਢਾ ਲਾ ਕੇ ਵੇਖ ਲਵਾਂਗਾ । ਬਸਤੀ ਦੇ ਵਿਚ ਘਰ ਘਰ ਕੈਦੋਂ ਖੇੜਾ ਵੱਸੇ, ਚੋਰੀ ਛੁੱਪੇ ਤੈਨੂੰ ਆ ਕੇ ਵੇਖ ਲਵਾਂਗਾ । ਮੁੱਦਤਾਂ ਹੋਈਆਂ ਜੇ ਇਕ ਵਾਰੀ ਆ ਜਾਵੇਂ ਤੇ, ਉਜੜੀ ਮਹਫ਼ਿਲ ਫੇਰ ਸਜਾ ਕੇ ਵੇਖ ਲਵਾਂਗਾ । ਭੀੜ ਪਵੇ ਨੇੜੇ ਕੋਈ ਨਾ ਆ ਕੇ ਢੁਕਦਾ, ਭੱਜੀਆਂ ਬਾਹਵਾਂ ਗਲ ਨੂੰ ਲਾ ਕੇ ਵੇਖ ਲਵਾਂਗਾ । ਤੇਰੀ ਖ਼ਾਤਰ ਦਿਲ ਦੇ ਕੋਰੇ ਕਾਗ਼ਜ਼ ਉੱਤੇ, ਤੇਰੀ ਇਕ ਤਸਵੀਰ ਬਣਾ ਕੇ ਵੇਖ ਲਵਾਂਗਾ । 'ਸਦਫ਼' ਜੇ ਮੇਰੇ ਇਸ਼ਕ ਦੀ ਕਦਰ ਨਾ ਪਾਈ ਤੂੰ, ਫੇਰ ਮੈਂ ਤੈਨੂੰ ਗ਼ਜ਼ਲ ਸੁਣਾ ਕੇ ਵੇਖ ਲਵਾਂਗਾ ।

ਦਿਲ ਦਾ ਮੈਨੂੰ ਫੱਟ ਵਿਖਾਉਣਾ

ਦਿਲ ਦਾ ਮੈਨੂੰ ਫੱਟ ਵਿਖਾਉਣਾ ਆਉਂਦਾ ਨਈਂ । ਗ਼ੈਰਾਂ ਤਾਈਂ ਹਾਲ ਸੁਣਾਉਣਾ ਆਉਂਦਾ ਨਈਂ । ਆਪਣੇ ਘਰ ਵਿਚ ਆਪੇ ਚੋਰੀ ਹੋ ਗਿਆ ਮੈਂ, ਹੋਰ ਕਿਸੇ ਨੂੰ ਚੋਰ ਬਣਾਉਣਾ ਆਉਂਦਾ ਨਈਂ । ਲੱਖਾਂ ਹੀਰਾਂ ਵਸਦੀਆਂ ਏਥੇ ਪਰ ਮੈਨੂੰ, ਜੋਗੀ ਵਾਲਾ ਭੇਸ ਵਟਾਉਣਾ ਆਉਂਦਾ ਨਈਂ । ਇਕ ਦਾ ਹੋਵੇ ਜੁਰਮ ਤੇ ਮੈਂ ਸਮਝਾ ਦੇਵਾਂ, ਵੇਹੜੇ ਨੂੰ ਤੇ ਇੰਜ ਸਮਝਾਉਣਾ ਆਉਂਦਾ ਨਈਂ । ਉਹਦੀਆਂ ਯਾਦਾਂ ਨਾਲ ਮੈਂ ਦਿਲ ਪਰਚਾ ਲੈਂਦਾ, ਡਾਰੋਂ ਵਿੱਛੜ ਕੇ ਕੁਰਲਾਉਣਾ ਆਉਂਦਾ ਨਈਂ । 'ਸਦਫ਼' ਨੇ ਤੇਰੇ ਨਾਵੇਂ ਸਭ ਕੁਝ ਲਾ ਦਿੱਤਾ, ਨੱਚ ਕੇ ਮੈਨੂੰ ਯਾਰ ਮਨਾਉਣਾ ਆਉਂਦਾ ਨਈਂ ।

ਲੱਗੇ ਦੁੱਖ ਹਿਆਤੀ ਨਾਲ

ਲੱਗੇ ਦੁੱਖ ਹਿਆਤੀ ਨਾਲ ਹੰਢਾਉਂਦੇ ਪਏ ਆਂ । ਕੁੱਛੜ ਚੁੱਕ ਕੇ ਬਾਲਾਂ ਵਾਂਗ ਖਿਡਾਉਂਦੇ ਪਏ ਆਂ । ਨੈਣ ਪਿਆਸੇ ਤਰਸ ਗਏ ਦੀਦਾਰ ਨਾ ਹੋਇਆ, ਹੰਝੂਆਂ ਦੇ ਸੰਗ ਦਿਲ ਆਪਣਾ ਪਰਚਾਉਂਦੇ ਪਏ ਆਂ । ਡੁੱਬ ਗਿਆ ਦਿਨ ਫੇਰ ਨਾ ਸੱਜਣ ਨੇੜੇ ਆਇਆ, ਬੰਨੇ ਉੱਤੇ ਬੈਠੇ ਕਾਂਗ ਉਡਾਉਂਦੇ ਪਏ ਆਂ । ਹਰ ਬੰਦਾ ਈ ਇਕ ਦੂਜੇ ਦਾ ਵੈਰੀ ਦਿੱਸੇ, ਅਸੀਂ ਤੇ ਨਫ਼ਰਤ ਵਾਲੀ ਅੱਗ ਬੁਝਾਉਂਦੇ ਪਏ ਆਂ । ਘੁੰਮਣ-ਘੇਰੀ ਦੇ ਵਿਚ ਬੇੜੀ ਫਸ ਗਈ ਸਾਡੀ, ਕੱਖਾਂ ਨੂੰ ਹੱਥ ਪਾ ਕੇ ਜਾਨ ਬਚਾਉਂਦੇ ਪਏ ਆਂ । ਭੁੱਲਣ ਨਾ ਉਹ ਹਿਜਰ ਸਮੇਂ ਦੀਆਂ ਕਾਲੀਆਂ ਰਾਤਾਂ, ਝੂਠੇ ਲਾਰੇ ਲਾ ਕੇ ਦਿਲ ਪਰਚਾਉਂਦੇ ਪਏ ਆਂ । 'ਸਦਫ਼' ਨੂੰ ਮਾਰ ਗਏ ਨੇ ਤੇਰੇ ਬੋਲ ਉਹ ਮਿੱਠੇ, ਏਸੇ ਆਸ ਤੇ ਕੀਤੇ ਕੌਲ ਨਿਭਾਉਂਦੇ ਪਏ ਆਂ ।

ਚੋਰਾਂ ਵਾਂਗੂੰ ਅੱਖ ਚੁਰਾਈ ਜਾਨਾਂ ਏਂ

ਚੋਰਾਂ ਵਾਂਗੂੰ ਅੱਖ ਚੁਰਾਈ ਜਾਨਾਂ ਏਂ । ਦੰਦਾਂ ਥੱਲੇ ਜੀਭ ਦਵਾਈ ਜਾਨਾਂ ਏਂ । ਵੇਖਣ ਨੂੰ ਤੂੰ ਭੋਲਾ-ਭਾਲਾ ਲੱਗਣਾ ਏਂ, ਬੁੱਕਲ ਦੇ ਵਿਚ ਛੁਰੀ ਲੁਕਾਈ ਜਾਨਾਂ ਏਂ । ਜੋ ਬੀਜੇਂਗਾ ਓੜਕ ਉਹੋ ਵੱਢਣਾ ਈ, ਕੰਡੇ ਰਾਹਵਾਂ ਵਿੱਚ ਉਗਾਈ ਜਾਨਾਂ ਏਂ । ਐਸ਼ ਕਰੇਂ ਤੂੰ ਆਪਣੇ ਉੱਚੇ ਮਹਿਲਾਂ ਵਿਚ, ਸਾਡੇ ਪਿਆਰ ਦੀ ਕੁੱਲੀ ਢਾਈ ਜਾਨਾਂ ਏਂ । ਹੋਰ ਕਿੰਨਾ ਅਜ਼ਮਾਉਣੈ 'ਸਦਫ਼' ਜੀ ਇਸ਼ਕੇ ਨੂੰ, ਕੱਚਾ ਘੜਾ ਝਨਾਂ ਵਿਚ ਪਾਈ ਜਾਨਾਂ ਏਂ ।

ਗ਼ੈਰਾਂ ਦੇ ਦੁੱਖ ਆਪਣੇ ਉੱਤੇ ਜਰਦੇ ਰਹੇ

ਗ਼ੈਰਾਂ ਦੇ ਦੁੱਖ ਆਪਣੇ ਉੱਤੇ ਜਰਦੇ ਰਹੇ । ਗ਼ਮ ਦੇ ਬੱਦਲ ਸਾਡੇ ਵਿਹੜੇ ਵਰਦੇ ਰਹੇ । ਸੌਂ ਗਏ ਨੇ ਅੱਜ ਪਾਹਰੂ ਸਾਡੀ ਕਿਸਮਤ ਦੇ, ਜਿੱਤੇ ਹੋਏ ਸਾਂ ਫੇਰ ਵੀ ਬਾਜ਼ੀ ਹਰਦੇ ਰਹੇ । ਦਿਲ ਦੇ ਖੂਹ ਚੋਂ ਟਿੰਡਾਂ ਖ਼ਾਲੀ ਆਈਆਂ ਨੇ, ਹੰਝੂਆਂ ਦੇ ਖਾਲਾਂ ਚੋਂ ਚੁੱਲੀਆਂ ਭਰਦੇ ਰਹੇ । ਅਸੀਂ ਤਾਂ ਉਹ ਤਾਰੇ ਆਂ ਟੁੱਟੇ ਅੰਬਰਾਂ ਤੋਂ, ਬਾਹਰ ਕਿਸੇ ਦੇ ਕੰਮ ਆਏ ਨਾ ਘਰ ਦੇ ਰਹੇ । ਤੇਰੀ ਉਹ ਮਿਸ਼ਾਲ ਏ 'ਸਦਫ਼' ਜ਼ਮਾਨੇ ਵਿਚ, ਲੋਹਾ ਬਣ ਕੇ ਲੱਕੜ ਦੇ ਨਾਲ ਤਰਦੇ ਰਹੇ ।