She'r Te Kaav-Tukrian : Karamjit Singh Gathwala

ਸ਼ਿਅਰ ਤੇ ਕਾਵਿ-ਟੁਕੜੀਆਂ : ਕਰਮਜੀਤ ਸਿੰਘ ਗਠਵਾਲਾ

1. ਅਸੂਲ

ਬੰਦਾ ਜਿਹੜਾ ਅਸੂਲ ਦਾ ਹੋਏ ਪੱਕਾ,
ਉਹਦੀ ਗੱਲ ਦਾ ਪੱਕਾ ਯਕੀਨ ਹੁੰਦਾ।
ਪੈਰ ਪੈਰ ਤੇ ਬਦਲਦਾ ਫਿਰੇ ਜਿਹੜਾ,
ਪੈਰ ਪੈਰ ਤੇ ਆਪ ਬਦੀਨ ਹੁੰਦਾ।

ਬੇਅਸੂਲੇ ਦੇ ਕਦੇ ਨਾ ਹੋਵੋ ਨੇੜੇ,
ਆਪ ਗਲ਼ੇ ਤੇ ਹੋਰਾਂ ਨੂੰ ਗਾਲ਼ ਜਾਂਦਾ।
ਅਸੂਲ ਵਾਲ਼ਾ ਬੰਦਾ ਜਦੋਂ ਵਕਤ ਪਏ,
ਆਪੂੰ ਸੰਭਲ਼ਦਾ ਦੂਜੇ ਸੰਭਾਲ਼ ਜਾਂਦਾ।

2. ਫ਼ਰਕ

ਜਿੱਦ ਅਣਖ ਹੰਕਾਰ ਨੇ ਭੈਣ ਭਾਈ,
ਫ਼ਰਕ ਤਿੰਨਾਂ ਵਿੱਚ ਜ਼ਿਮੀਂ ਅਸਮਾਨ ਜਿੰਨਾ।
ਜਿਹਨੇ ਇਨ੍ਹਾਂ ਦੇ ਅਰਥ ਨੂੰ ਸਹੀ ਜਾਤਾ,
ਗਿਆਨੀ ਕੌਣ ਹੈ ਓਸ ਇਨਸਾਨ ਜਿੰਨਾ?

3. ਆਸ

ਜਾਨ ਹੂਲ ਲਿਆਉਂਦੇ ਕੱਢ ਮੋਤੀ,
ਮਰਜੀਵੜੇ ਸਾਗਰ ਦੀ ਕੁੱਖ ਵਿੱਚੋਂ।
ਹਰ ਥਾਂ ਉਹ ਮਹਿਕ ਖਿੰਡਾ ਜਾਂਦੇ,
ਆਸ ਫੁੱਲ ਖਿੜਾਏ ਜੋ ਦੁੱਖ ਵਿੱਚੋਂ।

4. ਭੇਦ

ਭੇਦ ਸਾਂਭਕੇ ਕਾਸਨੂੰ ਮੈਲ ਵਾਲੇ,
ਆਪਣੇ ਦਿਲ ਨੂੰ ਮੈਲਾ ਕਰੀ ਜਾਵੋ।
ਨਾਲੇ ਹੋਰਾਂ ਦੀ ਰੌਣਕ ਖੋਹੀ ਜਾਵੋ,
ਨਾਲੇ ਘੁਟ-ਘੁਟ ਜੀਅ ਵਿੱਚ ਮਰੀ ਜਾਵੋ।

5. ਸ਼ੱਕ

ਧੁੰਦ ਸ਼ੱਕ ਦੀ ਮਨਾਂ ਤੋਂ ਦੂਰ ਹੋਵੇ,
ਸੱਚ-ਸੂਰਜ ਸੁਨਹਿਰੀ ਭਾਹ ਮਾਰੇ।
ਸਭ ਚਿਹਰਿਆਂ ਤੇ ਖ਼ੁਸ਼ੀ ਛਾ ਜਾਵੇ,
ਨਾ ਕਿਸੇ ਨੂੰ ਕਿਸੇ ਦੀ ਆਹ ਮਾਰੇ।

6. ਕਰਮ

ਕਰਮ ਕਿਸੇ ਦੇ ਖ਼ੁਦ ਨਹੀਂ ਲਗਦੇ,
ਆਪ ਲਗਾਉਣੇ ਪੈਂਦੇ ਨੇ।
ਆਪਣੇ ਰਾਹ ਦੇ ਬਿਖੜੇ ਪੈਂਡੇ,
ਆਪ ਮੁਕਾਉਣੇ ਪੈਂਦੇ ਨੇ।

7. ਗਲਤੀ

ਐਸਾ ਕੋਈ ਨਾ ਡਿੱਠਾ ਇਨਸਾਨ ਕਿਧਰੇ,
ਜੀਹਨੇ ਕਦੇ ਨਾ ਗਲਤੀ ਕਰੀ ਹੋਵੇ।
ਗਲਤੀ ਕਦੇ ਉਹ ਆਦਮੀ ਮੰਨਦਾ ਨਹੀਂ,
ਜੀਹਦੀ ਆਤਮਾ ਬਿਲਕੁਲ ਮਰੀ ਹੋਵੇ।

8. ਝਾੜੂ

ਕੰਡੇ ਰਾਹਾਂ ਵਿਚ ਖਿੰਡੇ ਜੋ ਕਿਸੇ ਦੇ ਵੀ,
ਝਾੜੂ ਪਿਆਰਦੇ ਨਾਲ ਉਹ ਹੂੰਝ ਦੇਵੋ।
ਮੋਤੀ ਅੱਖੀਓਂ ਛਲਕ ਜੋ ਬਾਹਰ ਵੱਗਣ,
ਜਿੰਨੇ ਹੋ ਸਕਦੈ ਓਨੇ ਪੂੰਝ ਦੇਵੋ।

9. ਕੰਮ

ਕੰਮ ਜੋ ਵੀ ਨਜ਼ਰ ਨੂੰ ਕਰਨ ਨੀਵੀਂ
ਨੇੜੇ ਉਨ੍ਹਾਂ ਦੇ ਮੂਲ ਨਾ ਢੁਕੀਏ ਜੀ
ਜਿਹਨੂੰ ਮਿਲਣ ਤੇ ਮਨ ਨਾ ਖਿੜੇ ਮੂਲੋਂ
ਕੋਲ ਓਸਦੇ ਕਦੇ ਨਾ ਰੁਕੀਏ ਜੀ

10. ਖੁਸ਼ੀ

ਖੁਸ਼ੀ ਦੂਜੇ ਦੀ ਜਿਹੜਾ ਸ਼ਰੀਕ ਹੋਵੇ,
ਮੁੱਖ ਓਸਦਾ ਆਪੇ ਦਹਿ ਚੰਦ ਹੋਵੇ।
ਮਨੋਂ ਆਪਣੇ ਮੈਲ ਗਵਾਏ ਜਿਹੜਾ,
ਉਹਦਾ ਆਪੇ ਇਕਬਾਲ ਬੁਲੰਦ ਹੋਵੇ।

11. ਸਾਬਤ-ਕਦਮੀਂ

ਸਾਬਤ-ਕਦਮੀਂ ਨਾਲ ਜੋ ਰਹਿਣ ਟੁਰਦੇ
ਨਵੇਂ ਰਾਹ ਉਹ ਰਾਹੀ ਬਣਾ ਜਾਂਦੇ
ਜਿਹੜੇ ਤ੍ਰੇਹ ਦੀ ਨਹੀਂ ਪਰਵਾਹ ਕਰਦੇ
ਪਾਣੀ ਪੱਥਰਾਂ ਵਿੱਚੋਂ ਵਗਾ ਜਾਂਦੇ

12. ਸੱਦਾ

ਰੌਣਕ ਵਿਹੜੇ ਦੀ ਸਾਨੂੰ ਕਹਿ ਰਹੀਏ
ਰੌਣਕ ਨਾਲ ਹੀ ਰੌਣਕਾਂ ਹੁੰਦੀਆਂ ਨੇ
ਤੁਸੀਂ ਆਉ ਤੁਹਾਡੀ ਉਡੀਕ ਅੰਦਰ
ਅਸਾਂ ਰੀਝਾਂ ਦੀਆਂ ਕਲੀਆਂ ਗੁੰਦੀਆਂ ਨੇ

ਸ਼ਾਦੀ ਘਰ ਆਈ ਵੱਜੇ ਸ਼ਾਦਿਆਨੇ
ਉੱਚੀ ਗੀਤਾਂ ਦੀ ਹੋਰ ਗੁੰਜਾਰ ਹੋਈੇ
ਸਾਕ-ਸੰਗੀਆਂ ਨੇ ਵਿਹੜੇ ਪੈਰ ਪਾਇਆ
ਹਰ ਰੁੱਤ ਬਹਾਰ ਬਹਾਰ ਹੋਈ

ਸਾਡੇ ਫੁੱਲਾਂ ਤੇ ਭੌਰੇ ਮਸਤ ਝੂੰਮਣ
ਆਈਆਂ ਬੁਲਬੁਲਾਂ ਗੀਤ ਸੁਣਾਵਣੇ ਨੂੰ
ਸਾਡਾ ਦਿਲ ਅਨੰਦ ਅਨੰਦ ਹੋਇਆ
ਤੁਸੀਂ ਆਓ ਅਨੰਦ ਵਧਾਵਣੇ ਨੂੰ

ਵਾਅ ਕਹਿੰਦੀ ਚੰਨਣ ਦੇ ਬਾਗ਼ ਵਾਲੀ
ਜਿਥੇ ਕਹੋਗੇ ਓਸ ਥਾਂ ਜਾਵਾਂਗੀ ਮੈਂ
ਮੇਰੀ ਧੀ ਦੇ ਘਰ ਬਹਾਰ ਆਉਣੀ
ਸਭਨਾਂ ਤਾਈਂ ਸੁਨੇਹਾ ਪੁਚਾਵਾਂਗੀ ਮੈਂ

  • ਮੁੱਖ ਪੰਨਾ : ਸੰਪੂਰਣ ਕਾਵਿ ਰਚਨਾਵਾਂ, ਕਰਮਜੀਤ ਸਿੰਘ ਗਠਵਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ