Shakir Sarwari
ਸ਼ਾਕਿਰ ਸਰਵਰੀ

ਨਾਂ-ਸ਼ੇਖ਼ ਮੁਹੰਮਦ ਸ਼ਾਕਿਰ, ਕਲਮੀ ਨਾਂ-'ਸ਼ਾਕਿਰ ਸਰਵਰੀ',
ਪਿਤਾ ਦਾ ਨਾਂ-ਸ਼ੇਖ਼ ਫ਼ਤਿਹ ਮੁਹੰਮਦ,
ਜਨਮ ਤਾਰੀਖ਼-31 ਮਾਰਚ 1924,
ਜਨਮ ਸਥਾਨ-ਮਿਆਨਾ ਕੋਟ, ਗੁਜਰਾਤ,
ਵਿਦਿਆ-ਅਦੀਬ ਆਲਮ, ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਨੰਗੇ ਪੈਰ (ਪੰਜਾਬੀ ਸ਼ਾਇਰੀ), ਲਾਟਾਂ (ਪੰਜਾਬੀ ਸ਼ਾਇਰੀ),
ਪਤਾ- ਮਿਆਨਾ ਕੋਟ ਗੁਜਰਾਤ ।

ਪੰਜਾਬੀ ਗ਼ਜ਼ਲਾਂ (ਨੰਗੇ ਪੈਰ 1982 ਵਿੱਚੋਂ) : ਸ਼ਾਕਿਰ ਸਰਵਰੀ

Punjabi Ghazlan (Nange Pair 1982) : Shakir Sarwariਕਦੀ ਕਦਾਈ ਵੀ ਉਹ ਸੱਜਣ

ਕਦੀ ਕਦਾਈ ਵੀ ਉਹ ਸੱਜਣ ਹੁਣ ਨਹੀਂ ਮਿਲਦੇ ਜੁਲਦੇ । ਝੱਖੜ ਗ਼ਮ ਦੇ ਚਾਰ-ਚੁਫ਼ੇਰੇ ਹੁਣ ਵੀ ਰਹਿੰਦੇ ਝੁਲਦੇ । ਕਿੱਡੇ ਪਿਆਰ ਭਰੇ ਉਹ ਦਿਨ ਸੀ ਮੇਲ ਮਿਲਾਪਾਂ ਵਾਲੇ, ਟੁਰ ਤੇ ਗਏ ਪਰ ਯਾਦਾਂ ਛੱਡ ਗਏ ਉਹ ਵੇਲੇ ਨਹੀਂ ਭੁੱਲਦੇ । ਬਹਿਰ ਗ਼ਮਾਂ ਵਿਚ ਰੋੜ੍ਹ ਕੇ ਸਾਨੂੰ ਆਪ ਤੇ ਹੋ ਗਏ ਰਾਹੀ, ਉਨ੍ਹਾਂ ਬਾਝੋਂ ਅੱਖਾਂ ਵਿੱਚੋਂ ਛਮ-ਛਮ ਹੰਝੂ ਡੁੱਲ੍ਹਦੇ । ਮਿਲੇ ਜਿਨ੍ਹਾਂ ਨੂੰ ਦਰਦ ਖ਼ਜ਼ਾਨੇ ਤੇਰੇ ਸੋਜ਼ ਫ਼ਿਰਾਕੋਂ, ਦਿਲ ਉਨ੍ਹਾਂ ਦੇ ਕਾਅਬੇ ਵਰਗੇ ਬੇਦਰਦੇ ਕਿਸ ਮੁੱਲ ਦੇ, ਮੇਰੀ ਰੰਗਤ ਤੇ ਖ਼ੁਸ਼ਬੂ ਦਾ ਕੌਣ ਭੁਲੇਖਾ ਖਾਂਦਾ, ਸੀਨੇ ਵਿਚ ਜੇ ਹਿਜਰ ਤੇਰੇ ਦੇ ਫੁੱਲ ਗੁਲਾਬ ਨਾ ਫੁੱਲਦੇ । ਉਹਲੇ ਜਗ ਤੋਂ ਹੋ ਗਏ ਭਾਵੇਂ ਸਾਹਵਾਂ ਦੇ ਵਿਚ ਵਸਦੇ, ਯਾਦ ਕਰਾਂ ਜਿਸ ਵੇਲੇ 'ਸ਼ਾਕਿਰ' ਦਿਲ ਦੇ ਬੂਹੇ ਖੁੱਲ੍ਹਦੇ ।

ਕੱਲ੍ਹ ਜਿਨ੍ਹਾਂ ਨੂੰ ਜੱਗ ਸੀ ਕਹਿੰਦਾ

ਕੱਲ੍ਹ ਜਿਨ੍ਹਾਂ ਨੂੰ ਜੱਗ ਸੀ ਕਹਿੰਦਾ ਫੁੱਲ ਮੋਤੀ ਅਨਮੋਲ । ਅੱਜ ਉਹ ਗੀਤ ਪਿਆਰ ਮੇਰੇ ਦੇ ਹੋ ਗਏ ਡਾਵਾਂਡੋਲ । ਵਾਹ ਜ਼ਮਾਨੇ ਸਦਕੇ ਤੇਰੇ ਕੇਹੀਆਂ ਖੇਡਾਂ ਖੇਡੇਂ, ਇਕਨਾਂ ਦੇ ਘਰ ਭਰਦਾ ਜਾਵੇਂ ਇਕਨਾ ਕੱਖ ਨਾ ਕੋਲ । ਸਿਦਕ ਸਦਾਕਤ ਸ਼ਰਮ ਹਿਆ ਤੇ ਹੋਰ ਵੀ ਜੋਹਰ ਕਿੰਨੇ, ਕਿਉਂ ਵਿਰਾਸਤ ਗੁਮ ਹੋ ਗਈ ਏ ਕੌਣ ਕਰੇ ਪੜਚੋਲ । ਰੰਗ ਬਰੰਗੇ ਸੱਜਰੇ ਫ਼ੈਸ਼ਨ ਫ਼ਰਜ਼ਾਂ ਵਾਂਗ ਨਿਭਾਵਣ, ਦੀਨ ਧਰਮ ਦੀ ਗੱਲ ਜੇ ਪੁੱਛੋ ਕਰ ਜਾਂਦੇ ਨੇ ਗੋਲ । ਜਿਨਸ ਵਫ਼ਾ ਦੂਜੇ ਦੀ ਜਾਨਣ ਜਿਉਂ ਲਿੱਸੇ ਦਾ ਮਾਲ, ਪਿਆਰ ਦੇ ਸਿੱਕੇ ਥੋੜੇ ਦਿੰਦੇ ਬਹੁਤਾ ਲੈਂਦੇ ਤੋਲ । ਕਦਮ ਕਦਮ ਤੇ ਹੈਣ ਸ਼ਿਕਾਰੀ ਫਾਹੀਆਂ ਲਾਈ ਬੈਠੇ, ਵੇਖ ਕੇ ਆਪਣੇ ਪਰਛਾਵੇਂ ਨੂੰ ਗਈ ਹਿਆਤੀ ਡੋਲ । ਜੋ ਬੀਜੇਗਾ ਵੱਢ ਲਵੇਗਾ 'ਸ਼ਾਕਿਰ' ਸਿਧ ਸਵਾਲ, ਆਪਣੇ ਐਬਾਂ ਤੇ ਰੱਖ ਨਜ਼ਰਾਂ ਜੱਗ ਦੇ ਐਬ ਨਾ ਫੋਲ ।

ਵਾਂਗ ਸੱਸੀ ਦੇ ਕਦ ਤੱਕ ਤੱਤੀ ਰਾਹ

ਵਾਂਗ ਸੱਸੀ ਦੇ ਕਦ ਤੱਕ ਤੱਤੀ ਰਾਹ ਸੱਜਣਾਂ ਦਾ ਤੱਕਾਂ । ਉਡਦੀਆਂ ਧੂੜਾਂ ਪਾ ਵਿਚ ਜ਼ੁਲਫ਼ਾਂ ਤੱਤੀਆਂ ਰੇਤਾਂ ਫੱਕਾਂ । ਯਾਰੀ ਲਾਉਣੀ ਹੋਵੇ ਸੌਖੀ ਔਖੀ ਬਹੁਤ ਨਿਭਾਣੀ, ਪੰਡ ਮੁਹੱਬਤ ਦੀ ਚੁੱਕ ਲੈਨਾਂ ਚੁੱਕ ਕੇ ਟੁਰ ਨਾ ਸੱਕਾਂ । ਤੇਰੇ ਨਾਜ਼ ਨਿਆਜ਼ਾਂ ਦੇ ਮੈਂ ਭੇਤ ਭਲੇ ਪਿਆ ਭੰਨਾਂ, ਸੌ ਬਲ ਛਲ ਪਿਆ ਕਰੇ ਜ਼ਮਾਨਾ ਮੈਂ ਆਪਣੀ ਥਾਂ ਪੱਕਾਂ । ਗਲੀ ਗਲੀ ਵਿਚ ਫਿਰਦੀ ਦਿੱਸੇ ਅੰਨ੍ਹੀ ਧੂਆਂ ਰੌਲੀ, ਦੁੱਖ ਦੇ ਭਾਂਬੜ ਬਲਦੇ ਦਿੱਸਣ ਜਿਹੜੇ ਵਿਹੜੇ ਤੱਕਾਂ । ਨਾਲ ਪਿਆਰ ਪਿਆ ਟਕਰਾਵੇ ਜ਼ੁਲਮ ਦਾ ਉਹ ਆਵਾਜ਼ਾ, ਕੋਹਸ਼ਿਕਨ ਨੂੰ ਸ਼ੀਰੀਂ ਬਾਝੋਂ ਜਿਸ ਪਾਇਆ ਵਿਚ ਸ਼ੱਕਾਂ । ਖੂਹ ਵਿਰਾਗਾਂ ਦਾ ਨਿੱਤ ਜੋੜਾਂ ਦੋ ਨੈਣਾਂ ਦੀ ਜੋਗੇ, ਪਿਆਰ ਦੀ ਪੈਲੀ ਬੀਜਣ ਲੱਗਾ ਨਾ ਅੱਕਾਂ ਨਾ ਥੱਕਾਂ । ਸਾਰੇ ਦਿਲ ਜ਼ਖ਼ਮੀ ਜਦ ਵਿਹਣਾ ਨਾਲੇ ਦੀਦੇ ਗਿੱਲੇ, ਆਪਣੇ ਦੁੱਖਾਂ ਦਰਦਾਂ ਦੇ ਮੈਂ ਨਾਂ ਲੈਦਾ ਪਿਆ ਝੱਕਾਂ । ਕੋਈ ਨਹਿਰ ਨਾ ਵਗਦੀ ਦਿੱਸੇ ਨਾ ਕੋਈ ਬਾਰੀ ਖੁੱਲ੍ਹੀ, ਦੁੱਖ ਗ਼ਮਾਂ ਦੇ ਪਰਬਤ ਤੋਂ ਜਾਂ ਕਿਧਰੇ ਮਾਰ ਧਰੱਕਾਂ । 'ਸ਼ਾਕਿਰ' ਮੇਰੇ ਬੇਵਸ ਦੀਦੇ ਭੇਤ ਪਏ ਦਿਲ ਦਾ ਭੰਨਣ, ਕੀਕਣ ਤੱਤੀਆਂ ਹਾਵਾਂ ਰੋਕਾਂ ਠੰਡੇ ਹੌਕੇ ਡੱਕਾਂ ।

ਬੜੀਆਂ ਰੁੱਤਾਂ ਆਈਆਂ ਗਈਆਂ

ਬੜੀਆਂ ਰੁੱਤਾਂ ਆਈਆਂ ਗਈਆਂ ਕੋਈ ਤੇ ਰੁੱਤ ਮਿਸ਼ਾਲੀ ਆਵੇ । ਪੀਲੇ ਫੁੱਸੇ ਦੁੱਖਾਂ ਮਾਰੇ ਚਿਹਰੇ ਉੱਤੇ ਲਾਲੀ ਆਵੇ । ਗ਼ਮ ਨੇ ਔੜਾਂ ਲਾਈਆਂ ਨੇ ਕੀ ਪਿਆਰ ਦੇ ਬੂਟੇ ਵੀ ਕੁਮਲਾਏ, ਤੇਰੀ ਰਹਿਮਤ ਦੀ ਕੋਈ ਬਦਲੀ ਲੈ ਕੇ ਸ਼ਾਨ ਨਿਰਾਲੀ ਆਵੇ । ਕਲੀਆਂ ਵਰਗੇ ਬੁੱਲ੍ਹਾਂ ਉੱਤੇ ਰੰਗਲੇ ਹਾਸੇ ਪੈਲਾਂ ਪਾਵਣ, ਬਾਗਾਂ ਦੇ ਵਿਚ ਫੁੱਲ ਖਿੜਣ ਤੇ ਖੇਤਾਂ ਵਿਚ ਹਰਿਆਲੀ ਆਵੇ । ਹਿਰਸਾਂ ਦੀ ਇਹ ਲਾਲ ਹਨੇਰੀ ਅੱਗ ਦਾ ਰੂਪ ਵਟਾਈ ਫਿਰਦੀ, ਪਿਆਰ ਖ਼ਲੂਸ ਦੇ ਛੱਪਰ ਢਾਰੇ ਬਾਲਣ ਵਾਂਗੂੰ ਬਾਲੀ ਆਵੇ । ਇਹ ਵੀ ਦੌਰ ਸੁਖ਼ਨ ਦਾ ਸੰਵਰੇ ਇਹਦੇ ਵੀ ਰੰਗ ਗੂਹੜੇ ਹੋਵਣ, ਆਵੇ ਵਾਰਿਸ, ਬਾਹੂ ਮੁੜ ਕੇ, ਫੇਰ ਇਕਬਾਲ ਤੇ ਹਾਲੀ ਆਵੇ । ਕੁਝ ਤੇ ਦੇਹ ਜਵਾਬ ਜ਼ਮਾਨੇ ਕੀ ਹੋਇਆ ਏ ਕੀ ਹੋਣਾ ਏ, ਚਾਰ-ਚੁਫ਼ੇਰੇ ਮੈਨੂੰ ਨਜ਼ਰੀਂ ਹਰ ਇਕ ਸ਼ਕਲ ਸਵਾਲੀ ਆਵੇ । ਕੁੱਲੇ ਕੋਠੇ ਜਾਗਣ ਸਾਰੇ ਮਹਿਲ ਮੁਨਾਰੇ ਹੋਸ਼ ਕਰਨ ਤੇ, ਫੇਰ ਅਸਾਡੇ ਘਰ ਵੀ 'ਸ਼ਾਕਿਰ' ਖ਼ੁਸ਼ੀਆਂ ਤੇ ਖ਼ੁਸ਼ਹਾਲੀ ਆਵੇ ।

ਪਹਿਲਾਂ ਕਦੀ ਵੀ ਆਉਂਦਾ ਨਹੀਂ ਸੀ

ਪਹਿਲਾਂ ਕਦੀ ਵੀ ਆਉਂਦਾ ਨਹੀਂ ਸੀ ਯਾਰ ਖ਼ਿਆਲ ਗ਼ਜ਼ਲ ਦਾ । ਤੇਰੇ ਪਿਆਰ ਵਿਛੋੜੇ ਦਿੱਤਾ ਦਰਦ ਉਛਾਲ ਗ਼ਜ਼ਲ ਦਾ । ਸੋਚ ਫ਼ਿਕਰ ਦੇ ਬਾਗ਼ੇ ਜਿਸ ਨੇ ਕੱਲ੍ਹ ਸੀ ਚੁੰਗੀਆਂ ਭਰੀਆਂ, ਅੱਜ ਦਿਲਾਂ ਦੀ ਰੌਣਕ ਬਣਿਆ ਸ਼ੋਖ਼ ਗ਼ਜ਼ਾਲ ਗ਼ਜ਼ਲ ਦਾ । ਮਾਂ ਨੂੰ ਨਿੰਦਨ ਵਾਲਿਆਂ ਦਿੱਤੇ ਜਦੋਂ ਜਵਾਬ ਗ਼ਜ਼ਲ ਦੇ, ਮੈਨੂੰ ਮਾਂ ਦੀ ਖ਼ਾਤਰ ਕਰਨਾ ਪਿਆ ਸਵਾਲ ਗ਼ਜ਼ਲ ਦਾ । ਆਉ ਮੇਰਿਉ ਜੁੱਟੋ, ਸ਼ਾਇਰੋ ਰਲ-ਮਿਲ ਚਾਰਾ ਕਰੀਏ, ਦੇਸ ਪੰਜਾਬ ਪਿਆਰੇ ਵਿੱਚੋਂ ਮੁੱਕੇ ਕਾਲ ਗ਼ਜ਼ਲ ਦਾ । ਹੋਸ਼ ਮੰਦਾਂ ਦੀ ਪਰ੍ਹਿਆ ਬਹਿ ਕੇ ਬੋਲਣ ਦਾ ਚੱਜ ਆਇਆ, ਦਿੱਤਾ ਸੁਘੜ ਸਿਆਣੇ ਸਾਕੀ ਜਾਮ ਪਿਆਲ ਗ਼ਜ਼ਲ ਦਾ । ਨੰਗੇ ਪੈਰ ਹਿਆਤੀ ਸਾਰੀ ਥਲ ਸਮੁੰਦਰ ਗਾਹੀਏ, ਸ਼ਾਇਦ ਫੇਰ ਹਿਸਾਬੇ ਆਵੇ ਬਹਿਰ ਪਤਾਲ ਗ਼ਜ਼ਲ ਦਾ । ਸੋਹਣੇ ਸੋਹਣੇ ਨਕਸ਼ ਬਣਾ ਤੂੰ 'ਸ਼ਾਕਿਰ' ਦਿਲ ਦੀ ਰੱਤੋਂ, ਵੇਹੰਦਾ ਰਹੇਗਾ ਆਪ ਜ਼ਮਾਨਾ ਐਬ ਕਮਾਲ ਗ਼ਜ਼ਲ ਦਾ ।

ਬੰਦੇ ਜਿਹੜੇ ਬੰਦੇ ਬੇਦਸਤੂਰੇ ਨੇ

ਬੰਦੇ ਜਿਹੜੇ ਬੰਦੇ ਬੇਦਸਤੂਰੇ ਨੇ । ਮੂਰਖ਼ ਨੇ ਅਕਲੋਂ ਨਾ ਹੁੰਦੇ ਪੂਰੇ ਨੇ । ਝੂਠੇ ਮਾਨਣ ਰਾਜ ਹਮੇਸ਼ਾ ਧਰਤੀ ਤੇ, ਸੱਚੀਆਂ ਆਖਣ ਵਾਲੇ ਖਾਂਦੇ ਹੂਰੇ ਨੇ । ਡਰਦੀ ਮਾਰੀ ਫੇਰ ਹਿਆਤੀ ਕੰਬ ਗਈ, ਕਲਜੁਗ ਦੇ ਮੁੜ ਨੰਗੇ ਸਾਏ ਘੂਰੇ ਨੇ । ਵਾਹਵਾ ਤੇਰੀ ਕੁਦਰਤ ਸ਼ਾਨਾਂ ਵਾਲੜਿਆ, ਲੰਬੀਆਂ ਲੰਬੀਆਂ ਕਾਰਾਂ ਵਿਚ ਕਤੂਰੇ ਨੇ । ਸ਼ਾਮਾਂ ਫ਼ਜਰਾਂ ਰਹੀਆਂ ਹੁੱਜਾਂ ਮਾਰਦੀਆਂ, ਸਿਰ ਤੇ ਸੂਰਜ ਮਾਰੇ ਬੜੇ ਘੰਗੂਰੇ ਨੇ । ਮਜ੍ਹਮੇ ਲਾ ਕੇ ਮੇਲੇ ਲੁੱਟੀ ਜਾਂਦੇ ਨੇ, ਚਾਤਰ ਹੈਣ ਮਦਾਰੀ ਸ਼ੌਖ਼ ਜਮੂਰੇ ਨੇ । ਵੇਲੇ ਦੀ ਰਫ਼ਤਾਰ ਨੂੰ ਫਾਹੀਆਂ ਪਾਣ ਪਏ, ਬਣੇ ਸ਼ਰੀਕ ਖ਼ੁਦਾ ਦੇ ਕੱਕੇ ਬੂਰੇ ਨੇ । ਜਿਨ੍ਹਾਂ 'ਸ਼ਾਕਿਰ'ਨਾਲ ਨਾ ਅੱਖ ਮਿਲਾਣੀ ਏ, ਉਹੋ ਰਿੰਦ ਵਿਚਾਰੇ ਅਜੇ ਅਧੂਰੇ ਨੇ ।

ਜਿਸਮ ਨੂੰ ਤੇ ਜਾਨ ਨੂੰ ਕੀ ਹੋ ਗਿਆ

ਜਿਸਮ ਨੂੰ ਤੇ ਜਾਨ ਨੂੰ ਕੀ ਹੋ ਗਿਆ । ਅੱਜ ਦੇ ਇਨਸਾਨ ਨੂੰ ਕੀ ਹੋ ਗਿਆ । ਸਾਜ਼ਿਆ ਸੀ ਜੋ ਹਿਆਤੀ ਵਾਸਤੇ, ਸਾਜ਼ ਨੂੰ ਸਾਮਾਨ ਨੂੰ ਕੀ ਹੋ ਗਿਆ । ਮੇਰਿਆਂ ਰਾਹਵਾਂ ਦੇ ਵਿਚ ਨੇ ਔਕੜਾਂ, ਅੱਜ ਤੇਰੇ ਅਹਿਸਾਨ ਨੂੰ ਕੀ ਹੋ ਗਿਆ । ਮੇਰੇ ਆਵਣ ਤੋਂ ਉਹ ਪਹਿਲਾਂ ਤੁਰ ਗਿਆ, ਕੀ ਮੇਰੇ ਮਹਿਮਾਨ ਨੂੰ ਕੀ ਹੋ ਗਿਆ । ਜਿਚ ਕਿਉਂ ਕਰਦੇ ਨੇ ਪਏ ਬੀਮਾਰ ਨੂੰ, ਦਰਦ ਨੂੰ ਦਰਮਾਨ ਨੂੰ ਕੀ ਹੋ ਗਿਆ । ਕਦ ਗਿਲੇ ਸ਼ਿਕਵੇ ਸੀ ਕਰਦਾ ਦਿਲ ਤੇਰਾ, ਖ਼ਵਰੇ ਇਸ ਨਾਦਾਨ ਨੂੰ ਕੀ ਹੋ ਗਿਆ । ਸ਼ੁਕਰ ਕਰਨਾ 'ਸਰਵਰੀ' ਮਸਲਿਕ ਤੇਰਾ, ਅੱਜ ਤੇਰੇ ਈਮਾਨ ਨੂੰ ਕੀ ਹੋ ਗਿਆ ।