Shah Murad ਸ਼ਾਹ ਮੁਰਾਦ

ਸ਼ਾਹ ਮੁਰਾਦ ਲਹਿੰਦੇ ਵੱਲ ਦੇ ਕਵੀ ਹੋਏ ਹਨ । ਇਨ੍ਹਾਂ ਦਾ ਰਚਿਆ ਇਕ ਬਾਰਾਂਮਾਹ ਹੀ ਮਿਲਦਾ ਹੈ । ਜਿਸ ਦੀ ਪੋਠੋਹਾਰੀ ਸ਼ਬਦਾਵਲੀ ਹੈ ਤੇ ਰਵਾਨੀ ਹੜ੍ਹ ਵਰਗੀ ਹੈ ।

ਬਾਰਾਂਮਾਹ ਸ਼ਾਹ ਮੁਰਾਦ

ਬਿਨ ਜਾਨੀ ਬਾਰਾਂਮਾਹ, ਨ ਗੁਜ਼ਰੇ ਸਾਈ ਦੇਵੈ ਪਨਾਹ
ਵਿਛੋੜੇ ਕੀਤੀ ਸਾਵੀ ਘਾਹ, ਕਲੇਜੇ ਆਤਸ ਸੀਨੇ ਆਹ
ਦਿਵਾਨੀ ਕੋਇ ਨ ਆਵੈ ਰਾਹ, ਕੀ ਕਰੀਏ ਨਾਲ ਵਿਛੋੜੇ ਵਾਹ
ਕਰੇਂਦੀ ਹਾਹਿ ਰੇ ।
ਹਾਹਿ ਰੇ ਉਹ ਕਦਣ ਮਿਲੈਸੀ ਆਇ, ਉਡੀਕੀ ਪੂਣੀ ਕੀਤੀ ਚਾਇ
ਚੁਪਾਤੀ ਗਲਿ ਨ ਆਵੈ ਕਾਇ, ਮਿਲੈਸੀ ਮੈਨੂੰ ਆਪਿ ਇਲਾਹਿ
ਵਿਖੈਸੀ ਅੱਖੀਂ ਨੂਰ ਖੁਦਾਇ, ਬਹੈਸੀ ਫੇਰਿ ਮੁਈ ਜੀਵਾਇ
ਕਦਾਈਂ ਬਾਹੁਰੇ ।
ਬਾਹੁਰੇ ਜੇ ਹੋਰੁ ਨਹੀਂ ਕੋਈ ਬੇਲੀ, ਆਜਜ਼ ਹੋਈ ਬਹੁਤ ਇਕੇਲੀ
ਖਾਵਣ ਢੁਕੀ ਏਹੁ ਹਵੇਲੀ, ਕੋਈ ਨਾ ਹੀ ਸਖੀ ਸਹੇਲੀ
ਬਿਰਹਾਂ ਪੀੜੀ ਜਿਉ ਤਿਲੁ ਤੇਲੀ, ਚੁਪਚੁਪਾਤੀ ਰੋਵਾਂ ਦੁਹੇਲੀ
ਅੱਖੀਂ ਵਾਹਿ ਰੇ ।੧।

ਵਾਹਿ ਰੇ ਫਿਰਿ ਚੇਤ ਮਾਂਹ ਬਹਾਰਾਂ, ਗੁਲ ਨੂੰ ਬੁਲਬੁਲ ਜਿਵੈ ਪੁਕਾਰਾਂ
ਕਮਰੀ ਕੂਕਾਂ ਸਰੂ ਚਿਤਾਰਾਂ, ਗਲ ਵਿਚਿ ਹੰਝੂ ਪਾਈ ਹਾਰਾਂ
ਅੱਖੀਂ ਲਾਲ ਜਿਵੇਂ ਗੁਲਜ਼ਾਰਾਂ, ਖੜੀ ਉਡੀਕਾਂ ਕਾਗ ਉਡਾਰਾਂ
ਕਦਹੀ ਆਵਸੀ ।
ਆਵਸੀ ਆਇ ਹਾਲੁ ਅਸਾਡਾ ਵੇਖੈ, ਲਾਇਆ ਬਿਰਹੁ ਕਲੇਜੇ ਸੀਖੈ
ਉਮਰਿ ਵੰਞਾਈਂ ਕਿਤੈ ਨ ਲੇਖੈ, ਗੁਜ਼ਰੀ ਸਭ ਉਸਾਸੇ ਝੋਖੈ
ਲਖ ਸਉ ਭਾਂਤੇ ਬਹੁਤੇ ਭੇਖੈ, ਵੈਂਦੀ ਪੀਰ ਫ਼ਕੀਰੈ ਸੇਖੈ
ਫਾਲਾਂ ਪਾਵਸੀ ।
ਪਾਵਸੀ ਫਿਰਿ ਪੰਡਿਤ ਪੁਛਦੀ ਜੋਸੀ, ਕਦਹੀ ਵੰਞ ਪਵੈਦੀ ਔਂਸੀ
ਕੋਲੇ ਦਰਦ ਭਰੀ ਖੜੀ ਰੋਸੀ, ਰਾਤੀਂ ਦੇਹਾਂ ਕਦੀ ਨਾ ਸੌਂਸੀ
ਗਲੀਏ ਬੂਹੇ ਹੋਇ ਖਲੋਸੀ, ਸੁਣਦੀ ਫਿਰਿ ਕੰਨ ਸੋਇ ਕਿ ਹੋਸੀ
ਰੱਬ ਮਿਲਾਵਸੀ ।੨।

ਮਿਲਾਵਸੀ ਵੈਸਾਖ ਸੁਹਾਵਾ ਤਿਸੈ, ਜੈ ਨੂੰ ਨਿਤ ਘਰਿ ਜਾਨੀ ਦਿਸੈ
ਕਦ ਹੀ ਮਿਲੇ ਕਦ ਹੀ ਰੁਸੇ, ਕਦਹੀ ਖੋਲ ਖਿਲਾਏ ਹੱਸੇ
ਬੇਗਮ ਹੋਵੈ ਅਪਨੇ ਹਿਸੇ, ਘਰਿ ਵਰੁ ਯੂਸਫ਼ਿ ਜੇਹਾ ਉਸੇ
ਕੋਲਿ ਰਿਸਾਂਵਦੀ ।
ਰਿਸਾਂਵਦੀ ਕਿ ਰੀਸਾਂ ਕਰੇ ਨਿਮਾਣੀ, ਜੈਂਦਾ ਜਾਨੀ ਵਿਛੁੜਿਆ ਹਾਣੀ
ਰੋਵਾਂ ਲੋਹੂ ਨ ਆਵੈ ਪਾਣੀ, ਸੂਲਾਂ ਕਿਥੂੰ ਆਇ ਸਿਞਾਣੀ
ਗਲੀਆਂ ਢੂੰਢਾਂ ਬਹੁਤ ਹੈਰਾਣੀ, ਬਿਰਹਾ ਲਾਈ ਕਾਰੀ ਕਾਨੀ
ਦਰਿ ਦਰਿ ਧਾਂਵਦੀ ।
ਧਾਂਵਦੀ ਮਤ ਰਬੁ ਦਿਖਾਏ ਮੈਨੂੰ, ਜੈਂਦਾ ਤੀਰ ਕਲੇਜੇ ਮੈਨੂੰ
ਕੂਕਾਂ ਕੂਕ ਸੁਣਾਈ ਕੈਨੂੰ, ਜੇ ਕੁਛ ਗੁਜ਼ਰੇ ਆਹਿ ਦਿਲੈ ਨੂੰ
ਕਦਹੀ ਮਿਹਰਿ ਭੀ ਪਉਸੀ ਤੈਨੂੰ, ਮਾਲਮੁ ਮੈਂਡਾ ਹਾਲ ਰੱਬੇ ਨੂੰ
ਫਿਰਿ ਘਰਿ ਆਂਵਦੀ ।੩।

ਆਂਵਦੀ ਬਿਨੁ ਕੰਤੇ ਜੇਠੁ ਨ ਆਵੈ, ਬਿਰਹਾ ਬਾਣ ਕਲੇਜੇ ਲਾਵੈ
ਨੱਸਾ ਸੀਹੁ ਪਲੰਘ ਡਰਾਵੈ, ਤੀਲੀ ਪੀਲੀ ਹੋਈਅਸੁ ਹਾਵੈ
ਜੁਸੇ ਸਾਹ ਨ ਜਿੰਦ ਸਮਾਵੈ, ਜਿੰਦੂ ਜੁਸਾ ਜ਼ਰਾ ਨ ਭਾਵੈ
ਹੋਈਅਸੁ ਕਾਹਲੀ ।
ਕਾਹਲੀ ਕੋ ਦਾਰੂ ਨਾਹੀ ਕਾਰੀ, ਡਿਠੇ ਹਾਦਕ ਸਭੁ ਪਸਾਰੀ
ਪੁੜੀਆਂ ਸਟਨਿ ਵਾਰੋ ਵਾਰੀ, ਜ਼ਹਮਤਿ ਏਹਾ ਸਜਣ ਵਿਸਾਰੀ
ਨਾਹੀ ਕੋ ਤਲਵਾਰ ਕਟਾਰੀ, ਮਾਰੀ ਛੁਟਾਂ ਇਸ ਬੀਮਾਰੀ
ਬਹੁਤ ਉਤਾਵਲੀ ।
ਉਤਾਵਲੀ ਕਿ ਹੋਂਦਾ ਇਸ ਉਤਾਵਲਾ, ਹਿਕੇ ਚੋਟ ਨਾ ਹੋਵੇ ਚਾਵਲਾ
ਕੋਹੇ ਅੰਦਰਿ ਪਾਣੀ ਲਾਵਲਾ, ਲਖੇ ਕੋਹੇ ਦਿਸੇ ਸਾਵਲਾ
ਦਰਦੇ ਵਿਚਿ ਨਾ ਕੀਚੈ ਲਾਵਲਾ, ਸਰਬੇ ਅੰਦਰ ਏਹੁ ਬਿਲਾਵਲਾ
ਸੁਨੀਏ ਮਾਵਲੀ ।
ਮਾਵਲੀ ਕਿਉਂ ਬਾਹਰਿ ਪੇਟੋਂ ਆਂਦੀ, ਦਾਈ ਅਕੁ ਗੁੜਤੀ ਪਾਂਦੀ
ਵਿਛੁੜੀ ਕੂੰਜ ਜਿਵੈਂ ਕੁਰਲਾਂਦੀ, ਬਾਹਾਂ ਮਾਰੀ ਗੋਤੇ ਖਾਂਦੀ
ਕਿਉਂਕਰਿ ਦਿਸੈ ਉਮਰਿ ਵਿਹਾਂਦੀ, ਹੁਣ ਦੀ ਲਗੀ ਗੇੜੇ ਖਾਂਦੀ
ਨੀਰ ਵਹਾਂਵਦੀ ।੪।

ਵਹਾਂਵਦੀ ਫਿਰਿ ਹਾੜ ਸੜੇਂਦਾ ਭਾਹੀਂ, ਢੋਲੀ ਘਰਿ ਵਰੁ ਮੈਂਡੇ ਨਾਹੀਂ
ਰਾਤੀ ਲਖ ਕਰੋੜੀਂ ਆਹੀਂ, ਖਾਰੇ ਛਜੇ ਰੋਵਾਂ ਸਬਾਹੀਂ
ਸਿਰ ਥੂ ਪਲੂ ਸਿਜਦਾ ਲਾਹੀਂ, ਰਬਾ ਮੇਲਿ ਹਬੀਬ ਕਦਾਹੀਂ
ਹਥ ਉਠਾਂਵਦੀ ।
ਉਠਾਂਵਦੀ ਕਰਿ ਦੂਰ ਵਿਛੋੜਾ ਸਾਈਂ, ਵਿਛੁੜੀ ਮਰਦੀ ਜੀਵਣੁ ਨਾਹੀ
ਸੀਨੇ ਭਾਹਿ ਭੜਕਨਿ ਭਾਹੀਂ, ਸੜੀਅਸੁ ਕਿਉਂਕਰਿ ਅਗਿ ਬੁਝਾਈ
ਹੰਝੂ ਤੇਲ ਅਲੰਬੀ ਤਾਈ, ਸਿਰ ਤੇ ਹਥੀਂ ਮਿਟੀ ਪਾਈ
ਅੱਗ ਬੁਝਾਂਵਦੀ ।
ਬੁਝਾਂਵਦੀ ਏਹ ਕੇਹਾ ਮਿਲਮੁ ਅਸਾੜਾ, ਦੋਜ਼ਕ ਜੇਹਾ ਨਹੀਂ ਅਵਾੜਾ
ਚਰਖਾ ਸੂਤੁ ਨਾ ਰਹਿਆ ਵਾੜਾ, ਆਹੀ ਧੂੰਆਂਧਾਰ ਅੰਧਾਰਾ
ਚਿਣਗਾਂ ਗਗਨਿ ਗਈਆਂ ਸਹੁ ਤਾਰਾ, ਬਿਰਹੋਂ ਪਾਇਆ ਏਹੁ ਦਿਹਾੜਾ
ਪਛੋਤਾਂਵਦੀ ।੫।

ਪਛੋਤਾਂਵਦੀ ਫਿਰਿ ਸਾਵਣ ਗਈਅਰੁ ਬੋਲੇ, ਹਾਠਾ ਹਾਥੀ ਸੀਂਹੁ ਸਮੋਲੇ
ਵਾਊ ਲਗਨਿ ਦੋਜਕ ਝੋਲੇ, ਕਣੀਆਂ ਜਿਵੈ ਬੰਦੂਖਾਂ ਗੋਲੇ
ਪੀਂਘਾਂ ਨਾਗ ਅਕਾਸੋਂ ਜੋਲੇ, ਬਿਜੁਲੀ ਚਿਣਗ ਚੁਆਤੀ ਚੋਲੇ
ਲਸ਼ਕ ਡਰਾਂਵਦਾ ।
ਡਰਾਂਵਦਾ ਦਰਿ ਕਿਤ ਵਲਿ ਜਾਈਏ ਨਸਦੀ, ਭੋਰੀ ਜਾਇ ਨਾ ਕਾਈ ਦਿਸਦੀ
ਦਿਸੇ ਸਭ ਉਜਾੜ ਨ ਵਸਦੀ, ਕਦਹੀ ਰੋਵਾਂ ਕਦਹੀ ਹਸਦੀ
ਮੈਥੋਂ ਕਾਈ ਗਲਿ ਨਾ ਰਸਦੀ
ਕੁਝ ਨ ਆਂਵਦਾ ।
ਆਂਵਦਾ ਕੱਲੀ ਬੈਠੀ ਵੇਹੜੇ ਰੋਵਾਂ, ਕਦਹੀ ਬੂਹਾ ਪਕੜਿ ਖੜੋਵਾਂ
ਕਦਹੀ ਝੁਰਦੀ ਬੇਖੁਦ ਹੋਵਾਂ, ਮੈਲੇ ਵੇਸ ਨ ਕਦਹੀ ਧੋਵਾਂ
ਹੈਰਾਂ ਹੋਈਅਸੁ ਕਦੀ ਨ ਸੋਵਾਂ, ਪਲਕ ਨ ਜੋੜੀ ਵੇਲਾ ਖੋਵਾਂ
ਮਤੁ ਘਰਿ ਆਂਵਦਾ ।੬।

ਆਂਵਦਾ ਫਿਰ ਭਾਦੋਂ ਰੁਤ ਭਲੇਰੀ, ਬਿਰਹੋਂ ਆਇਆ ਹੇਰੂ ਹੇਰੀ
ਕੇਹੀ ਪਈਅਮੁ ਏਹ ਅੰਧੇਰੀ, ਦੁਖਾਂ ਦਉੜ ਚਉਫੇਰੂ ਘੇਰੀ
ਆਜਜ਼ ਕਛੂ ਨ ਰਹੀ ਦਲੇਰੀ, ਬਾਝੁਨ ਸਾਈਂ ਕੋਇ ਨ ਢੇਰੀ
ਪਾਰਿ ਉਤਾਰਦਾ ।
ਉਤਾਰਦਾ ਘਰਿ ਕਿਸੇ ਨ ਬੈਠੀ ਭਾਵਾਂ, ਅਮਰੀ ਦੇਖਿ ਪਈ ਕੁਰਲਾਵਾਂ
ਭੈਣੇ ਤਾਨ੍ਹੇ ਗਲਿ ਭਰਾਵਾਂ, ਖਰੀ ਨਿਮਾਣੀ ਹੋਇ ਢਹਾਵਾਂ
ਬਾਬੁਲ ਮਾਰਦਾ ।
ਮਾਰਦਾ ਫਿਰਿ ਦੇਸ ਕਿ ਕਰਸਾਂ ਦੇਸ, ਮੈਨੂੰ ਲਗੀ ਇਤ ਵਰੇਸ
ਅਜੇ ਨ ਕੰਘੀ ਕਾਲੇ ਕੇਸ, ਅਜੇ ਨ ਬੁੰਦੇ ਬੇਸਰ ਸੀਸ
ਬਿਰਹੋ ਲੈ ਕਲਵਤ੍ਰ ਤੈਸਾ, ਹੈਰਾਂ ਫਿਰਦੀ ਦੇਸ ਬਿਦੇਸਾ
ਚੇਟਕ ਯਾਰ ਦਾ ।੭।

ਯਾਰ ਦਾ ਫਿਰਿ ਅਸੂ ਮਾਹਿ ਕਿ ਕਰੀਏ, ਗਰਮੀ ਹੰਝੂ ਦੇਹਾ ਸੜੀਐ
ਸੜਦੀ ਆਹੀਂ ਰਾਤੀ ਠਰੀਐ, ਤਤੇ ਸੁਖ ਨ ਠੰਢੇ ਮਰੀਐ
ਹਰਿ ਦਮ ਸਾਇਤ ਲਹਜਾ ਡਰੀਐ, ਸੂਲ ਸਜਣ ਦਾ ਕਿਉਂ ਕਰਿ ਜਰੀਐ
ਰਹੀਏ ਸਬਰ ਕਰਿ ।
ਸਬਰੁ ਕਰਿ ਨਿਤ ਰਹੀਅਸ ਕਦੀ ਨ ਆਇਆ, ਦਿਹੁ ਦਿਹੁ ਹੋਵੈ ਵੰਞ ਪਰਾਇਆ
ਸਬਰੋ ਪਾਸਾ ਚਾਇ ਹਰਾਇਆ, ਢੋਲੀ ਆਪੈ ਆਪਿ ਗਵਾਇਆ
ਢੂੰਢਾਂ ਦਰ ਬਦਰ ।
ਦਰ ਬਦਰ ਮਤੁ ਰਬੁ ਦਿਖਾਏ ਜਾਨੀ, ਸੁਰਤਿ ਏਹੇ ਜੂਸਫ਼ ਸਾਨੀ
ਭਹੁੰਆਂ ਚੜ੍ਹੀ ਕਮਾਨਿ ਕਿਆਨੀ, ਅੱਖੀਂ ਨਰਗਸ ਜਿਉਂ ਬੁਸਤਾਨੀ
ਮੱਥੇ ਚੰਦ ਸੂਰਜ ਅਸਮਾਨੀ, ਸੁਧਾ ਨੂਰੋ ਨੂਰ ਨੂਰਾਨੀ
ਦੰਦਾਂ ਜਿਉਂ ਗੁਹਰ ।੮।

ਜਿਉਂ ਗੁਹਰਿ ਕਤਕਿ ਕਿਤ ਨੂੰ ਚੜ੍ਹਿਆ, ਅੰਦਰਿ ਬਿਰਹੁ ਕਸਾਈ ਵੜਿਆ
ਨਾ ਨਾ ਨਾਗ ਇਆਣਾ ਲੜਿਆ, ਨਾਹੀ ਅੱਗ ਕਲੇਜਾ ਸੜਿਆ
ਭੁਚੀ ਚੋਰੁ ਸਭੋ ਕਿਛੁ ਖੜਿਆ, ਜੋ ਕਿਛੁ ਆਹਾ ਅੰਦਰ ਧਰਿਆ
ਦੀਵਾ ਬਾਲਿ ਬਾਲਿ ।
ਬਾਲਿ ਬਾਲਿ ਕਛੁ ਸਬਰ ਨ ਛੋੜਿਅਸੁ ਭੋਰਾ, ਨਾਲੇ ਸੁਖ ਤੇ ਨੀਂਦਰ ਜੋਰਾ
ਹਸਨੁ ਖੇਲਨੁ ਬੋਲਨੁ ਤੋਰਾ, ਤਾਗਤਿ ਰਹੀ ਨ ਕੋਈ ਥੋਰਾ
ਨਾ ਕੋ ਤਾਨ੍ਹਾ ਅਤੇ ਨਿਹੋਰਾ, ਉਪਟ ਘਿੰਨੁ ਚਲਿਆ ਦਿਨ ਚੋਰਾ
ਲੋਕਾ ਹਾਲ ਹਾਲ ।
ਹਾਲ ਹਾਲ ਕਰ ਰਹੀ ਨ ਆਇਆ ਕੋਈ, ਕੂਕਾਂ ਕਰੇ ਨ ਕੋ ਦਿਲਜੋਈ
ਪੁਛੇ ਆਖਿ ਵਿਖਾ ਕਿ ਹੋਈ, ਕਿਥੋਂ ਚੋਰੁ ਅਚਾਣ ਪਇਓਈ
ਸਭੋ ਗਇਓ ਨੇ ਕੁਛ ਰਹਿਓ ਈ, ਢੂੰਢਾਂ ਕਛੁ ਨਹੀ ਦਿਹੁ ਲੋਈ
ਅੰਦਰ ਭਾਲਿ ਭਾਲਿ ।੯।

ਭਾਲਿ ਭਾਲਿ ਫਿਰਿ ਮੰਘਰੁ ਪਇਆ ਸਿਆਲਾ, ਕੱਕਰੁ ਲੇਫ ਤਲਾਈ ਪਾਲਾ
ਆਤਸ ਹੋਈ ਅਹਿਨਿ ਅਟਾਲਾ, ਪਿੰਚਰੀ ਗੋਲਾ ਸਰਦ ਨਿਵਾਲਾ
ਉਤੇ ਵਰਫ ਪਵੈ ਦੁਸ਼ਾਲਾ, ਧੁਪੈ ਬੈਠੀ ਰਹਾਂ ਹਯਾਲਾ
ਰੋਵਾਂ ਜ਼ਾਰ ਜ਼ਾਰ ।
ਜ਼ਾਰ ਜ਼ਾਰ ਰੋਇ ਤਤਾ ਪਾਣੀ ਆਣੀ, ਠਰੀਅਸੁ ਨ੍ਹਾਵਾਂ ਦਰਦ ਰੰਜਾਣੀ
ਧੂੰਆਂ ਆਹੀਂ ਸੰਗਿ ਨਿਮਾਣੀ, ਨ ਕਿਛੁ ਖਾਵਣ ਪੀਵਣੁ ਪਾਣੀ
ਕਿਥੋਂ ਲਗਾ ਨੇਹੁ ਇਆਣੀ, ਹੀਲਾ ਦਸੋ ਕੋਇ ਸਿਆਣੀ
ਪੁਛਦੀ ਵਾਰਿ ਵਾਰਿ ।
ਵਾਰਿ ਵਾਰਿ ਪੁਛ ਰਹੀ ਨ ਕੋਈ ਦਸੇ, ਜੇ ਕੋਈ ਸੁਣਦਾ ਸੋ ਕੋਈ ਨਸੇ
ਵੇਖੇ ਹਾਲ ਅਸਾਡਾ ਹਸੇ, ਭੁਖੇ ਦਰਦਿ ਕਿ ਜਾਣਨਿ ਤਸੇ
ਢੋਲੀ ਬਰਰ ਚਲੀਹੇ ਵਸੇ, ਊਹਾ ਮਿਲੇ ਜੋ ਸਿਰ ਥੀ ਰਸੇ
ਦੇਵੇ ਵਾਰ ਵਾਰ ।੧੦।

ਵਾਰ ਵਾਰ ਫਿਰਿ ਚੜ੍ਹਿਆ ਮਹੀਨਾ ਪੋਹੁ, ਵਿਛੋੜਾ ਕੀਤਾ ਡਾਢਾ ਰੋਹੁ
ਨ ਛੋੜਿ ਉਸ ਰਾਤੀਂ ਦਿਹਾਂ ਅੰਦੋਹਿ, ਕਿ ਕਰੀਏ ਦਰਦਾਂ ਬਹੁਤ ਅੰਬੋਹੁ
ਨ ਰਹੀਆਂ ਕਾਈ ਢੇਰੀ ਲੋਹ, ਛੁੜਾਏ ਓਹੀ ਓਹੀ ਓਹੁ
ਕਰੇਂਦੀ ਰੱਬ ਰੱਬ ।
ਰਬੁ ਰਬੁ ਛੁੜਕਾਇ ਵਿਛੋੜੇ ਮਾਰੀ, ਬਰਛੀ ਘਾਉ ਕਲੇਜੇ ਕਾਰੀ
ਸੂਲਾਂ ਉਮਰ ਵੰਞਾਈ ਸਾਰੀ, ਸਾਈਆਂ ਮੇਲ ਕਦੀ ਹਿਕ ਵਾਰੀ
ਕਦਹੀ ਦੇਖ ਅਸਾਡੀ ਬਾਰੀ
ਰੋਵਾਂ ਛਬ ਛਬ ।
ਛਬ ਛਬ ਕਰਿ ਦੂਰ ਵਿਛੋੜਾ ਸਾਈਂ, ਮੈਨੂੰ ਮੇਲਿ ਕਦਾਹੀ ਸਾਈਂ
ਨਹੀਂ ਤਾਂ ਸਿਕਦੀ ਮਰਿ ਵੈਸਾਈਂ, ਢੋਲੀ ਫੇਰਿ ਨ ਕਦੀ ਰੁਸਾਈਂ
ਰਾਤੀਂ ਦਿਹਾਂ ਕਰੀ ਸਬਾਹੀ, ਸਉ ਸਉ ਲਖ ਹਜ਼ਾਰ ਦੁਆਈਂ
ਮੇਲੀ ਝਬਿ ਝਬਿ ।੧੧।

ਝਬ ਝਬ ਫਿਰਿ ਚੜ੍ਹਿਆ ਮਾਹੁ ਸੁਹਾਰਾ, ਆਵਣੁ ਕੀਤਾ ਰੁਤਿ ਬਹਾਰਾ
ਵਣ ਤ੍ਰਿਣੁ ਹੋਈ ਸਾਵੇ ਸਾਰਾ, ਸਹੀਓ ! ਮਿਲਦਾ ਢੋਲ ਪਿਆਰਾ
ਧਉਂ ਧਉਂ ਕੀਤਾ ਸੁਖ ਨਗਾਰਾ, ਪਕੜੀ ਨਸਦਾ ਦੁਖ ਕਰਾਰਾ
ਡਰਦਾ ਰਾਤਿ ਰਾਤਿ ।
ਰਾਤਿ ਰਾਤਿ ਘਰਿ ਜਾਨੀ ਮੈਂਡਾ ਆਵੈ, ਮਥਾ ਜਿਉਂ ਮਹਿਤਾਬੁ ਦਿਖਾਵੈ,
ਤਾਰਾਂ ਨਾਲ ਚਚੰਗਲਿ ਲਾਵੈ, ਹਾਸੇ ਸ਼ਕਰ ਸੀਰ ਰਲਾਵੈ
ਚਾਲੇ ਗਈਅਰੁ ਚਾਲ ਚਲਾਵੈ, ਗਲੇ ਮੋਤੀ ਫੁਲ ਚੁਆਵੈ
ਖੂਬਾਂ ਮਾਤ ਮਾਤ ।
ਮਾਤ ਮਾਤ ਕੋ ਨਾਹੀ ਵਿਚ ਜਹਾਨੇ, ਅੰਦਰਿ ਦਿਲੀ ਤੇ ਮੁਲਤਾਨੇ
ਕਾਬਲ ਬਲਖਾ ਤੇ ਖੁਰਸਾਨੇ, ਰੂਮ ਸਾਮਾ ਤੇ ਲਗਮਾਨੇ
ਨਾ ਵਿਚਿ ਸਹਰਾ ਤੇ ਬੁਸਤਾਨੇ, ਨਹੀ ਫਿਰਸ਼ਤਾ ਵਿਚਿ ਅਸਮਾਨੇ
ਉਤਮਿ ਜਾਤਿ ਜਾਤਿ ।੧੨।

ਜਾਤਿ ਜਾਤਿ ਫਿਰਿ ਚੜ੍ਹਿਆ ਫਗਣੁ ਘੋਲੀ, ਮਿਲਿਆ ਆਏ ਪਿਆਰਾ ਢੋਲੀ
ਸੂਰਜੁ ਚੰਦੁ ਪਾਇਆ ਵਿਚ ਝੋਲੀ, ਕੇਸਰਿ ਮਹਿੰਦੀ ਸੇਰੇ ਤੋਲੀ
ਖੇਡਾਂ ਨਾਲਿ ਪਿਆਰੇ ਹੋਲੀ, ਕੰਘੀ ਕਾਲੇ ਕੇਸੇ ਜੋਲੀ
ਚੰਦਨੁ ਤੇਲੁ ਤੇਲੁ ।
ਤੇਲੁ ਤੇਲੁ ਲਾਇ ਚੰਦਨ ਧੜੀ ਗੁੰਦਾਈ, ਸੂਹੇ ਸਾਵੇ ਰੰਗਿ ਲਵਾਈ
ਗਹਿਣੇ ਬਹੁਤੇ ਗਣਤਰ ਨਾਹੀ, ਸੁਖ ਸ਼ਰੀਣੀ ਲੱਖ ਵੰਡਾਈ
ਵਜਨਿ ਤੁਰੀਆਂ ਤੇ ਸਰਨਾਈ, ਗਾਵਨਿ ਸਹੀਆਂ ਕੋਲਿ ਬਹਾਈ
ਦੇਵਾਂ ਵੇਲਿ ਵੇਲਿ ।
ਵੇਲਿ ਵੇਲਿ ਕਹੁ ਸ਼ਾਹ ਮੁਰਾਦ ਦੁਆਈਂ, ਬੁਰਿਆਂ ਭਲਿਆਂ ਲੋਕਾਂ ਤਾਈਂ
ਰਾਤੀਂ ਦਿਹਾਂ ਚਿਤਾਰੀ ਸਾਈਂ, ਸਾਈਂ ਬਾਝੁ ਹੋਰ ਕੁਛੁ ਨਾਹੀਂ
ਏਹਾ ਸ਼ਗਨ ਦਿਲੇ ਵਿਚਿ ਪਾਈ, ਦੁਨੀਆਂ ਧੰਧਾਂ ਭਠਿ ਛੁੜਕਾਈ
ਆਪੇ ਅਪਣਾ ਆਪੁ ਮਿਲਾਈ, ਵਿਛੁੜਿ ਮੇਲਿ ਮੇਲਿ ।੧੩।੧।