Shagan Te Vatne De Geet : Neelam Saini

ਸ਼ਗਨ ਤੇ ਵਟਣੇ ਦੇ ਗੀਤ : ਨੀਲਮ ਸੈਣੀ

ਵਿਆਹ ਤੋਂ 5-7 ਦਿਨ ਪਹਿਲਾਂ ਸ਼ਗਨ ਦੀ ਰਸਮ ਹੁੰਦੀ ਸੀ। ਇਸ ਦਿਨ ਕੜਾਹੀ ਚੜ੍ਹਦੀ ਸੀ। ਇਸ ਰਸਮ ਲਈ ਲਾਗੀ ਬੁਲਾਏ ਜਾਂਦੇ ਸਨ। ਉਹ ਇਸ ਰਸਮ ਨੂੰ ਸ਼ਗਨਾਂ ਨਾਲ ਸ਼ੁਰੂ ਕਰਦੇ ਸਨ। ਉਹ ਭੱਠੀ ਕੱਢਣ ਵੇਲ਼ੇ ਤੇਲ ਚੋਅ ਕੇ ਮਿੱਠਾ ਵੰਡ ਕੇ ਆਪਣਾ ਲਾਗ ਲੈਂਦੇ ਸਨ। ਘਰ ਵਾਲਿਆਂ ਦੇ ਸੱਦੇ ਤੇ ਵੱਡੇ ਤੜਕੇ ਸਭ ਸ਼ਰੀਕਣੀਆਂ ਮੱਠੀਆਂ ਵੇਲ ਜਾਂਦੀਆਂ ਸਨ ਅਤੇ ਟਿੱਕੀਆਂ ਘੜ ਜਾਂਦੀਆਂ ਸਨ। ਘੁੰਙਣੀਆਂ ਉਬਾਲ਼ੀਆਂ ਜਾਂਦੀਆਂ ਸਨ, ਲੱਡੂ ਵੱਟੇ ਜਾਂਦੇ ਸਨ। ਵਿਆਹ ਵਾਲੇ ਘਰ ਨਜ਼ਦੀਕੀ ਰਿਸ਼ਤੇਦਾਰ ਕੰਮ ਵਿਚ ਹੱਥ ਵਟਾਉਣ ਲਈ ਆ ਢੁੱਕਦੇ ਸਨ। ਇਸ ਰਸਮ ਦੇ ਨਾਲ ਹੀ ਵਿਆਂਹਦੜ ਕੁੜੀ ਅਤੇ ਮੁੰਡੇ ਦੇ ਘਰੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਸੀ ਜਿਸ ਦਾ ਮੁੱਖ ਕਾਰਨ ਉਨ੍ਹਾਂ ਨੂੰ ਕਿਸੇ ਸੱਟ-ਚੋਟ ਤੋਂ ਸੁਰੱਖਿਅਤ ਰੱਖਣਾ ਹੁੰਦਾ ਸੀ।
ਹੁਣ ਇਹ ਰਸਮ ਵਿਰਲੀ ਟਾਵੀਂ ਹੋ ਰਹੀ ਹੈ। ਵਿਆਹ ਵਾਲੇ ਘਰ ਹਲਵਾਈ ਬਿਠਾਇਆ ਜਾਂਦਾ ਹੈ। ਸਵੇਰ ਸਾਰ ਹੀ ਕੜਾਹੀ ਚਾੜ੍ਹ ਕੇ ਟਿੱਕੀਆਂ ਅਤੇ ਮੱਠੀਆਂ ਬਣਾਈਆਂ ਜਾਂਦੀਆਂ ਹਨ। ਸੀਰਨੀ, ਸ਼ਕਰਪਾਰੇ, ਗੁਲਗੁਲੇ ਅਤੇ ਪਕੌੜੀਆਂ ਆਦਿ ਵੀ ਕੱਢੇ ਜਾਂਦੇ ਹਨ। ਘੁੰਙਣੀਆਂ ਉਬਾਲ਼ੀਆਂ ਜਾਂਦੀਆਂ ਹਨ, ਲੱਡੂ ਵੱਟੇ ਜਾਂਦੇ ਹਨ। ਕੰਮ-ਕਾਜ ਨੂੰ ਤਰਜੀਹ ਦੇਣ ਕਾਰਨ, ਮੁੰਡੇ-ਕੁੜੀ ਦੇ ਬਾਹਰ ਜਾਣ ‘ਤੇ ਕੋਈ ਰੋਕ ਨਹੀਂ ਲਗਾਈ ਜਾਂਦੀ। ਉਨ੍ਹਾਂ ਨੂੰ ਮਾਈਏਂ ਵਾਲ਼ੇ ਦਿਨ ਤੱਕ ਕੰਮ (ਨੌਕਰੀ) ‘ਤੇ ਜਾਣ ਦੀ ਖੁੱਲ੍ਹ ਹੁੰਦੀ ਹੈ। ਵਿਆਹ ਵਾਲੇ ਘਰੋਂ ਮਿਲੇ ਸ਼ਗਨ ਦੇ ਸੱਦੇ ਤੋਂ ਬਾਅਦ ਮਿਥੇ ਸਮੇਂ ‘ਤੇ ਪਿੰਡ ਵਿਚੋਂ ਔਰਤਾਂ ਇਕੱਠੀਆਂ ਹੁੰਦੀਆਂ ਹਨ। ਮੁੰਡੇ ਅਤੇ ਕੁੜੀ ਦੇ ਹੱਥਾਂ ਤੇ ਸ਼ਗਨਾਂ ਦੇ ਗਾਨੇ ਬੰਨ੍ਹੇ ਜਾਂਦੇ ਹਨ। ਕੁੜੀ ਦੀਆਂ ਸਹੇਲੀਆਂ ਉਸ ਨੂੰ ਸ਼ਗਨਾਂ ਵਾਲੀ ਚੌਂਕੀ ਤੇ ਬਿਠਾ ਕੇ ਵਾਰੋ-ਵਾਰੀ ਉਸ ਦੀ ਗੁੱਤ ਖੋਲ੍ਹਦੀਆਂ ਗੀਤ ਗਾਉਂਦੀਆਂ ਹਨ।

ਸ਼ਗਨ ਵੇਲੇ ਗਾਏ ਜਾਣ ਵਾਲੇ ਗੀਤ

ਮੇਰਾ ਪਲਕਾ ਨਾ ਖੋਲ੍ਹੋ ਨੀ ਸਹੇਲੜੀਓ!
ਮੇਰੇ ਬਾਬਲ ਨੂੰ ਪੁੱਛ ਲਓ ਨੀ ਸਹੇਲੜੀਓ!
ਜਿਨ ਮੇਰਾ ਕਾਜ ਰਚਾਇਆ ਨੀ ਸਹੇਲੜੀਓ!
ਮੇਰੇ ਮਾਮੇ ਨੂੰ ਪੁੱਛ ਲਓ ਨੀ ਸਹੇਲੜੀਓ!
ਮੇਰੇ ਵੀਰੇ ਨੂੰ ਪੁੱਛ ਲਓ ਨੀ ਸਹੇਲੜੀਓ!
ਜਿਨ ਮੇਰਾ ਕਾਜ ਰਚਾਇਆ ਨੀ ਸਹੇਲੜੀਓ!

ਇਸ ਤੋਂ ਬਾਅਦ ਗੁੱਟ ‘ਤੇ ਅੱਟਾ ਬੰਨ੍ਹਦੇ ਇਹ ਗੀਤ ਗਾਇਆ ਜਾਂਦਾ ਹੈ:
ਤੂੰ ਧੰਨ ਆ ਨੀ ਨੈਣੇ!
ਤੂੰ ਧੰਨ ਆ ਨੀ ਨੈਣੇ!
ਕਾਜ ਸੁਣੇ ਘਰ ਆਈ ਆਂ।
ਵਿਆਹ ਵਾਲੀ ਕੁੜੀ ਦੇ ਅੱਟਾ ਬੰਨ੍ਹਣ ਤੋਂ ਬਆਦ ਸਭ ਦੇ ਗੁੱਟਾਂ ਤੇ ਗਾਨਾ (ਅੱਟਾ) ਬੰਨਿਆ ਜਾਂਦਾ ਹੈ। ਗਾਨਾ ਬੰਨ੍ਹਣ ਤੋਂ ਬਾਅਦ 7 ਸੁਹਾਗਣਾਂ ਵਾਰੀ-ਵਾਰੀ ਚੱਕੀ ਦੀ ਚੁੰਗ ਪਾ ਕੇ ਸੁੱਕੇ ਮਾਂਹ ਪੀਂਹਦੀਆਂ ਹਨ ਅਤੇ ਵਡੇਰਿਆਂ ਦੀ ਯਾਦ ਵਿਚ ਇਹ ਲੋਕ ਗੀਤ ਗਾਇਆ ਜਾਂਦਾ ਹੈ।
ਵੱਜ ਸੰਧੂਰਿਆ ਵੱਜ ਵਾਰੇ,
ਸਾਡੇ ਵੱਡਿਆਂ ਦੇ ਵਾਰੇ।
ਕਿਸ ਲੁਹਾਰੇ ਦੀਏ ਚੱਕੜੀਏ,
ਕਿਸ ਤਰਖਾਣੇ ਦਾ ਹੱਥਾ।
ਅਮਰੂ ਲੁਹਾਰੇ ਦੀਏ ਚੱਕੜੀਏ,
ਵਰਿਆਮੇ ਤਰਖਾਣੇ ਦਾ ਹੱਥਾ।
ਸੱਤ ਸੁਹਾਗਣਾਂ ਸੱਤ ਗਲ਼ੇ ਪਾ ਕੇ ਵਾਰੀਵਾਰੀ ਚੱਕੀ ਪੀਂਹਦੀਆਂ ਹਨ ਅਤੇ ਨਾਲ ਹੀ ਇਹ ਗੀਤ ਗਾਉਣਾ ਸ਼ੁਰੂ ਕਰ ਦਿੰਦੀਆਂ ਹਨ:
ਕਿਥੋਂ ਲਿਆਂਦੀ ਚੱਕੀ ਨੀ ਰਾਣੀਏਂ,
ਕਿਥੋਂ ਲਿਆਂਦਾ ਹੱਥਾ।
ਕਿਸ ਸੁਦਾਗਰ ਚੱਕੀ ਲਿਆਂਦੀ,
ਕਿਸ ਲਿਆਂਦਾ ਹੱਥਾ।
ਵੀਰ ਸੁਦਾਗਰ ਚੱਕੀ ਲਿਆਂਦੀ,
ਵਣੋਂ ਕਰੀਰੋਂ ਹੱਥਾ।

ਮਾਂਹ ਭਿਉਂਣ ਦੀ ਰਸਮ ਅਤੇ ਗੀਤ

ਇਸ ਉਪਰੰਤ ਮਾਂਹ ਭਿਉਂਣ ਦੀ ਰਸਮ ਕੀਤੀ ਜਾਂਦੀ ਸੀ। ਵਿਆਹ ਵਾਲੇ ਘਰ ਇਕੱਠੀਆਂ ਹੋਈਆਂ ਔਰਤਾਂ ਵਿਚੋਂ ਪੰਜ ਸੁਹਾਗਣਾਂ ਵਲੋਂ ਵਾਰੀ-ਵਾਰੀ ਇਕ ਮੁੱਠੀ ਮਾਂਹ ਕੱਚੇ ਭਾਂਡੇ ਵਿਚ ਪਾ ਕੇ ਪਾਣੀ ਵਿਚ ਭਿਉਂ ਦਿੱਤੇ ਜਾਂਦੇ ਸਨ। ਇਸ ਰਸਮ ਦਾ ਅਸਲੀ ਮੰਤਵ ਤਾਂ ਵਿਆਹ ਵਾਲੇ ਘਰ ‘ਕੱਠੀਆਂ ਹੋ ਕੇ ਵਿਆਹ ਦੇ ਕੰਮ-ਕਾਜ ਵਿਚ ਹੱਥ ਵਟਾਉਣਾ ਸੀ। ਇਸ ਰਸਮ ਤੋਂ ਬਾਅਦ ਸੁਹਾਗ/ਘੋੜੀਆਂ ਅਤੇ ਗੀਤ ਗਾਏ ਜਾਂਦੇ ਸਨ। ਟਿੱਕੀਆਂ ਅਤੇ ਘੁੰਙਣੀਆਂ ਵੰਡੀਆਂ ਜਾਂਦੀਆਂ ਸਨ। ਇਹ ਮਾਂਹ ਬਾਅਦ ਵਿਚ ਵੜੇ ਬਣਾਉਣ ਲਈ ਵਰਤੇ ਜਾਂਦੇ ਸਨ।

ਮੁੰਡੇ ਦੇ ਸ਼ਗਨ ਦੀ ਰਸਮ ਅਤੇ ਗੀਤ

ਵਿਆਂਹਦੜ ਮੁੰਡੇ ਵਾਲੇ ਘਰ ਵੀ ਪਲਕਾ ਖੋਲ੍ਹਣ ਦੀ ਰਸਮ ਨੂੰ ਛੱਡ ਕੇ ਬਾਕੀ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ। ਸ਼ਗਨਾਂ ਵਾਲੀ ਚੌਂਕੀ ਤੇ ਬਿਠਾ ਕੇ ਉਸ ਦੀ ਝੋਲੀ ਵਿਚ 5/7 ਟਿੱਕੀਆਂ ਪਾ ਕੇ ਸ਼ਗਨ ਕੀਤਾ ਜਾਂਦਾ ਸੀ। ਇਹ ਰਸਮ ਵੀ ਵਿਰਲੀ-ਟਾਵੀਂ ਹੋ ਰਹੀ ਹੈ।
ਚੌਂਕੀ ਵੇ ਵੀਰਾ ਤੇਰੀ ਮੈਂ ਡਾਹੀ,
ਕੋਈ ਚਾਰੇ ਪਾਵੇ ਵੇ ਰੰਗੀਨ।
ਚੌਂਕੀ ਤੇ ਤੂੰ ਇਓਂ ਬੈਠਾ,
ਜਿਓਂ ਰਾਜੇ ਮੂਹਰੇ,
ਵੇ ਅੰਤੋਂ ਪਿਆਰਿਆ ਵਜੀਰ!

ਮਾਂ ਦੀਏ ਇੰਦਰੋ-ਨੀ ਬਿੰਦਰੋ,
ਬਿੰਦਰੋ ਨੀ ਬੰਤੀਏ।
ਆ ਕੇ ਸਾਹਾ ਨੀ ਸੁਧਾ,
ਰਾਜੇ ਦੀਏ ਨੀ ਬੇਟੀਏ।
ਸਾਹਾ ਸੁਧਾਵੇ ਤੇਰੀ ਮਾਂ,
ਮੱਲਾ ਤਾਈਆਂ ਵੇ ਚਾਚੀਆਂ।
ਸਕੀਆਂ ਵੇ ਭਾਬੀਆਂ,
ਨਣਦਾਂ ਵੇ ਸਾਡੀਆਂ।
ਜਿਨ੍ਹਾਂ ਦੇ ਮਨ ਚਾਅ,
ਰਾਜੇ ਦਿਆ ਵੇ ਬੇਟਿਆ।
ਮਾਂ ਦੀਏ ਇੰਦਰੋ ਨੀ ਬਿੰਦਰੋ,
ਬਿੰਦਰੋ ਨੀ ਬੰਤੀਏ।
ਆ ਕੇ ਵੜੀਆਂ ਟਿਕਾ,
ਰਾਜੇ ਦੀਏ ਨੀ ਬੇਟੀਏ।
ਵੜੀਆਂ ਟਿਕਾਵੇ ਤੇਰੀ ਮਾਂ,
ਮੱਲਾ ਤਾਈਆਂ ਵੇ ਚਾਚੀਆਂ।
ਸਕੀਆਂ ਵੇ ਭਾਬੀਆਂ,
ਨਣਦਾਂ ਵੇ ਸਾਡੀਆਂ।
ਜਿਨ੍ਹਾਂ ਦੇ ਮਨ ਚਾਅ,
ਰਾਜੇ ਦਿਆ ਵੇ ਬੇਟਿਆ।

ਸਾਡੇ ਤਾਂ ਮਹਿਲੀਂ ਤੈਨੂੰ ਸੱਦ ਹੋਈ,
ਸਾਲੂ ਵਾਲੀਏ ਨੀ।
ਆ ਕੇ ਤਾਂ ਸਾਹਾ ਨੀ ਸੁਧਾ,
ਦਿਲਾਂ ਵਿਚ ਵਸ ਰਹੀਏ।
ਸਾਹਾ ਸੁਧਾਵਣ ਤੇਰੇ ਦਾਦੇ-ਪੜਦਾਦੇ,
ਚੀਰੇ ਵਾਲਿਆ ਵੇ।
ਜਿਨ੍ਹਾਂ ਦੇ ਮਨ ਵਿਚ ਚਾਅ,
ਦਿਲਾਂ ਵਿਚ ਵਸ ਰਹੀਏ।
ਪਰਦੇਸਾਂ ਵਿਚ ਸ਼ਗਨ ਨਾਲ ਸੰਬੰਧਤ ਇਹ ਰਸਮਾਂ ਅਤੇ ਗੀਤ ਲੋਪ ਹੋ ਰਹੇ ਹਨ। ਇਥੇ ਵਰਣਨਯੋਗ ਹੈ ਕਿ ਸਾਡੇ ਸਭਿਆਚਾਰ ਵਿਚ ਇਕ ਸਮਾਜਿਕ ਬੁਰਾਈ ਵੀ ਪ੍ਰਚੱਲਿਤ ਰਹੀ ਹੈ। ਕਿਸੇ ਵੀ ਵਿਧਵਾ ਔਰਤ ਨੂੰ ਇਨ੍ਹਾਂ ਰਸਮਾਂ ਵਿਚ ਭਾਗ ਲੈਣ ਦੀ ਮਨਾਹੀ ਹੁੰਦੀ ਸੀ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਅਜੋਕੇ ਸਮੇਂ ਵਿਚ ਇਸ ਬੁਰਾਈ ਨੂੰ ਵੀ ਨੱਥ ਪਾਈ ਜਾ ਰਹੀ ਹੈ।

ਵਟਣੇ ਦੀ ਰਸਮ ਅਤੇ ਗੀਤ

ਵਿਆਹ ਵਾਲ਼ੇ ਘਰੋਂ ਨਾਈ ਭੇਜ ਕੇ ਸ਼ਰੀਕੇ (ਭਾਈਚਾਰੇ) ਨੂੰ ਮਾਈਏਂ ਅਤੇ ਰਾਤ ਦੇ ਗਾਉਣ ਦਾ ਸੱਦਾ ਇਕੱਠਾ ਭੇਜਿਆ ਜਾਂਦਾ ਸੀ। ਵਿਆਹ ਤੋਂ ਦੋ ਦਿਨ ਪਹਿਲਾਂ ਦੋਵੇਂ ਪਾਸੇ ਵਟਣਾ ਲੱਗਦਾ ਸੀ। ਇਸ ਨੂੰ ਮਾਈਆਂ ਲਾਉਣਾ ਵੀ ਕਹਿੰਦੇ ਹਨ। ਇਹ ਰਸਮ ਅੱਜ ਵੀ ਹਰ ਥਾਂ ਹਰਮਨਪਿਆਰੀ ਹੈ। ਤੇਲ, ਹਲਦੀ, ਵਟਣੇ ਦੇ ਫ਼ੁੱਲ, ਵੇਸਣ ਅਤੇ ਕੇਸਰ ਮਿਲਾ ਕੇ ਵਟਣਾ ਤਿਆਰ ਕੀਤਾ ਜਾਂਦਾ ਹੈ। ਮਾਈਆਂ ਲਗਾਉਣ ਲਈ ਮਾਂ, ਭਾਬੀਆਂ, ਭੈਣਾਂ, ਚਾਚੀਆਂ, ਤਾਈਆਂ ਅਤੇ ਹੋਰ ਸਭ ਮਿਥੇ ਹੋਏ ਸਮੇਂ ਤੇ ਇਕੱਠੀਆਂ ਹੋ ਜਾਂਦੀਆਂ ਹਨ। ਪਹਿਲਾ ਮਾਈਆਂ ਸਵੇਰ ਨੂੰ ਅਤੇ ਦੂਜਾ ਮਾਈਆਂ ਸ਼ਾਮ ਨੂੰ ਸੂਰਜ ਢਲਣ ਤੋਂ ਪਹਿਲਾਂ ਲਗਾਇਆ ਜਾਂਦਾ ਹੈ। ਇਹ ਵਟਣਾ ਕੁੜੀ ਅਤੇ ਮੁੰਡੇ ਦਾ ਰੂਪ ਨਿਖਾਰਨ ਲਈ ਲਗਾਇਆ ਜਾਂਦਾ ਹੈ। ਅੱਜ ਕਲ੍ਹ ਇਸ ਮਕਸਦ ਲਈ ਬਿਊਟੀ ਪਾਰਲਰ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਵਿਆਹ ਵਾਲੀ ਕੁੜੀ ਦਾ ਪਾਰਲਰ ਵਿਚ ਬਕਾਇਦਾ ਚਿਹਰਾ ਬਲੀਚ ਕਰਨ ਉਪਰੰਤ ਫ਼ੇਸ਼ੀਅਲ ਅਤੇ ਵੈਕਸਿੰਗ ਕੀਤੀ ਜਾਂਦੀ ਹੈ। ਇਸ ਸਭ ਦੇ ਬਾਵਜੂਦ ਵਟਣੇ ਦੀ ਰਸਮ ਦਾ ਆਪਣਾ ਮਹੱਤਵ ਹੈ।
ਵਿਆਂਹਦੜ ਕੁੜੀ/ਮੁੰਡੇ ਨੂੰ ਮਾਈਆਂ ਲੱਗਣ ਤੋਂ ਬਾਅਦ ਨਹਾ-ਧੋ ਕੇ ਹੋਰ ਕੱਪੜੇ ਨਹੀਂ ਸੀ ਪਾਉਣ ਦਿੱਤੇ ਜਾਂਦੇ। ਇਸ ਨੂੰ ‘ਮਾਈਏਂ ਪਾਉਣਾ' ਕਿਹਾ ਜਾਂਦਾ ਸੀ। ਇਹ ਸਮਝਿਆ ਜਾਂਦਾ ਸੀ ਕਿ ਦੋ ਦਿਨਾਂ ਤੋਂ ਬਾਅਦ ਇਸ ਤਰ੍ਹਾਂ ਕਰਨ ਨਾਲ ਵਿਆਹ ਵਾਲੇ ਦਿਨ ਵਾਹਵਾ ਰੂਪ ਚੜ੍ਹਦਾ ਹੈ।
ਮਾਈਆਂ ਲਗਾਉਣ ਤੋਂ ਪਹਿਲਾਂ ਆਟੇ ਨਾਲ ਚੌਂਕ ਪੂਰ ਕੇ ਉਸ ਉਪਰ ਅੱਟਾ ਬੰਨ੍ਹੀ ਚੌਂਕੀ (ਫੱਟੀ) ਰੱਖ ਜਾਂਦੀ ਸੀ। ਇਸ ਚੌਂਕੀ ਉਪਰ ਵਿਆਂਹਦੜ ਕੁੜੀ ਨੂੰ ਸ਼ਗਨਾਂ ਵਾਲੀ ਚੁੰਨੀ ਦੇ ਕੇ ਬਿਠਾ ਦਿੱਤਾ ਜਾਂਦਾ ਸੀ। ਕੁੜੀ ਦੇ ਹੱਥ ਉਤੇ ‘ਕੰਙਣਾ' ਬੰਨ੍ਹਿਆ ਜਾਂਦਾ ਸੀ। ਕੁੜੀ ਤੇ ਮੁੰਡੇ ਦੇ ਪੈਰਾਂ ਦੀਆਂ ਤਲੀਆਂ ਹੇਠ ਰੁਪਈਏ ਰੱਖੇ ਜਾਂਦੇ ਸਨ। ਇਹ ਰੁਪਈਏ ਬਾਅਦ ਵਿਚ ਨੈਣ ਨੂੰ ਦੇ ਦਿੱਤੇ ਜਾਂਦੇ ਸਨ। ਚਾਰ ਜਣੀਆਂ ਉਸ ਦੇ ਸਿਰ ਉਪਰੋਂ ਸ਼ਗਨਾਂ ਵਾਲੀ ਚੁੰਨੀ ਜਾਂ ਫ਼ੁਲਕਾਰੀ ਵਿਚ 7 ਟਿੱਕੀਆਂ ਰੱਖ ਕੇ (ਚੰਦੋਆ) ਤਾਣਦੀਆਂ ਸਨ। ਮਾਂ ਪੀੜ੍ਹੀ ਤੇ ਬੈਠ ਕੇ ਵਿਆਂਹਦੜ ਦੇ ਵਟਣਾ ਮਲਣਾ ਸ਼ੁਰੂ ਕਰਦੀ ਸੀ ਅਤੇ ਬਾਕੀ ਸਭ ਦੁਆਲੇ ਘੇਰਾ ਬੰਨ੍ਹ ਕੇ ਗਾਉਣਾ ਸ਼ੁਰੂ ਕਰ ਦਿੰਦੀਆਂ ਸਨ। ਇਹ ਰਸਮ ਅਜੇ ਤੱਕ ਇਸੇ ਰੂਪ ਵਿਚ ਪ੍ਰਚਲਿਤ ਹੈ।

ਕੁੜੀ ਵਾਲੇ ਘਰ ਵਟਣੇ ਦੇ ਗੀਤ

ਮੇਰੇ ਪੱਟ ਦਾ ਬੱਧਾ, ਸੱਜੇ ਹੱਥ ਦਾ ਬੱਧਾ।
ਮਾਂ ਸੁਹਾਗਣ ਨੇ ਬੰਨ੍ਹਿਆ,
ਭਾਬੋ ਸੁਹਾਗਣ ਨੇ ਬੰਨ੍ਹਿਆ।
ਕੋਈ ਸਤਿਗੁਰਾਂ ਦੀ ਰੱਖ,
ਕੰਙਣਾ ਬੰਨ੍ਹਿਆਂ ਹੋ।

ਵਾਹ ਵਾਹ ਕਟੋਰਾ ਵਟਣੇ ਦਾ,
ਜਿੰਦੜੀ ਕਟੋਰਾ ਵਟਣੇ ਦਾ।
ਗੋ-ਗੋ ਕਟੋਰਾ ਵਟਣੇ ਦਾ,
ਜਿੰਦੜੀ ਕਟੋਰਾ ਵਟਣੇ ਦਾ।
ਵਾਹ ਵਾਹ ਕਿ ਗੋ ਰਹੀਆਂ ਦੋ ਜਣੀਆਂ,
ਜਿੰਦੜੀ ਕਿ ਗੋ ਰਹੀਆਂ ਦੋ ਜਣੀਆਂ।
ਵਾਹ ਵਾਹ ਮਲ਼ੇਂਦੀਆਂ ਦੋ ਜਣੀਆਂ,
ਜਿੰਦੜੀ ਕਿ ਮਲ਼ੇਂਦੀਆਂ ਦੋ ਜਣੀਆਂ।
ਵਾਹ ਵਾਹ ਕਿ ਆਮ੍ਹੋ-ਸਾਮ੍ਹਣੀਆਂ,
ਜਿੰਦੜੀ ਕਿ ਆਮ੍ਹੋ-ਸਾਮ੍ਹਣੀਆਂ।
ਵਾਹ ਵਾਹ ਕਿ ਜੇਠ ਜਠਾਨੜੀਆਂ,
ਜਿੰਦੜੀ ਕਿ ਜੇਠ ਜਠਾਨੜੀਆਂ,
ਵਾਹ ਵਾਹ ਕਿ ਦੇਰ ਦਰਾਨੜੀਆਂ,
ਜਿੰਦੜੀ ਕਿ ਦੇਰ ਦਰਾਨੜੀਆਂ।
ਵਾਹ ਵਾਹ ਕਿ ਸਕੀਆਂ ਭੈਨੜੀਆਂ,
ਜਿੰਦੜੀ ਕਿ ਸਕੀਆਂ ਭੈਨੜੀਆਂ।
ਵਾਹ! ਵਾਹ! ਕਿ ਚਾਦਰ ਚਿੜੀਆਂ ਦੀ,
ਜਿੰਦੜੀ ਕਿ ਚਾਦਰ ਚਿੜੀਆਂ ਦੀ।
ਵਾਹ! ਵਾਹ! ਕਿ ਰੌਣਕ ਕੁੜੀਆਂ ਦੀ,
ਜਿੰਦੜੀ ਕਿ ਰੌਣਕ ਕੁੜੀਆਂ ਦੀ।

ਰਾਮਾ! ਕਾਹੇ ਦਾ ਤੇਲ ਕਾਹੇ ਦਾ ਵਟਣਾ,
ਮੇਰੀ ਲਾਡੋ ਦੇ ਅੰਗ ਲਗਾਈਏ।
ਸਰੋਂ ਦਾ ਤੇਲ ਫ਼ੁੱਲਾਂ ਦਾ ਵਟਣਾ,
ਇਸ ਲਾਡੋ ਦੇ ਅੰਗ ਲਗਾਈਏ।
ਰਾ ਪੁਰ ਤੇਲਣ, ਰਾ ਪੁਰ ਤੇਲਣ,
ਉਸ ਕੋਲੋਂ ਤੇਲ ਮੰਗਾਈਏ।
ਰਾ ਪੁਰ ਮਾਲਣ, ਰਾ ਪੁਰ ਮਾਲਣ,
ਉਸ ਕੋਲੋਂ ਫ਼ੁੱਲ ਮੰਗਾਈਏ।

ਪਹਿਲੇ ਸਮਿਆਂ ਵਿਚ ਉਸ ਤੋਂ ਬਾਅਦ ਮਾਂ ਕੁੜੀ ਦੇ ਮੂੰਹ ਵਿਚ ਘਿਓ-ਖੰਡ ਦੀਆਂ 7 ਬੁਰਕੀਆਂ ਪਾਉਂਦੀ ਸੀ। ਮਾਂ ਵਲੋਂ ਵਿਦਾ ਹੋ ਰਹੀ ਧੀ ਨੂੰ ਘਿਉ ਕਰੂਲੀਆਂ ਕਰਾਉਣ ਲਈ ਇਹ ਢੁਕਵਾਂ ਸਮਾਂ ਪ੍ਰਤੀਤ ਹੁੰਦਾ ਸੀ। ਹੁਣ ਘਿਓ-ਖੰਡ ਦੀ ਥਾਂ ਤੇ ਬੂੰਦੀ ਜਾਂ ਕੋਈ ਹੋਰ ਮਠਿਆਈ ਰੱਖੀ ਜਾਂਦੀ ਹੈ।
ਫਿਰ ਸਭ ਤੋਂ ਪਹਿਲਾਂ ਮਾਂ ਵਾਰਨਾ ਕਰਦੀ ਸੀ ਅਤੇ ਫਿਰ ਮੌਕੇ ਤੇ ਹਾਜ਼ਰ ਸਭ ਚਾਚੀਆਂ, ਤਾਈਆਂ, ਮਾਮੀਆਂ, ਮਾਸੀਆਂ ਅਤੇ ਸ਼ਰੀਕਣੀਆਂ ਵੱਲੋਂ ਵਾਰਨੇ ਕਰ ਕੇ ਲਾਗਣ ਨੂੰ ਦੇ ਦਿੱਤੇ ਜਾਂਦੇ ਸਨ। ਵਿਆਂਹਦੜ ਕੁੜੀ ਘਿਓ-ਖੰਡ ਵਾਲੀ ਥਾਲੀ ਲੈ ਕੇ ਅੰਦਰ ਜਾ ਕੇ ਹੋਰ ਕੁਆਰੀਆਂ ਕੁੜੀਆਂ ਨੂੰ ਗਰਾਹੀਆਂ ਖਾਣ ਨੂੰ ਦਿੰਦੀ ਸੀ। ਵਿਸ਼ਵਾਸ ਕੀਤਾ ਜਾਂਦਾ ਸੀ ਕਿ ਉਹ ਗਰਾਹੀਆਂ ਖਾਣ ਨਾਲ ਬਾਕੀ ਕੁਆਰੀਆਂ ਸਹੇਲੀਆਂ ਦਾ ਵਿਆਹ ਜਲਦੀ ਹੋਵੇਗਾ। ਮਾਂ ਮਲਿਆ ਹੋਇਆ ਵਟਣਾ ‘ਕੱਠਾ ਕਰ ਕੇ ਪਟੜੀ ਟੱਪਦੀ ਸੀ। ਮਾਂ ਵਲੋਂ ਪਟੜੀ ਟੱਪਣਾ ਅਤੇ ਵਟਣੇ ਵਾਲੀ ਥਾਂ ਨੂੰ ਸਾਫ਼ ਕਰਨਾ ਉਸ ਦੇ ਰਿਸ਼ਤੇ ਦਾ ਮਾਣ ਹੀ ਹੁੰਦਾ ਸੀ। ਇਹ ਰਸਮ ਦੇਸਵਿਦੇਸ਼ ਵਿਚ ਇਸ ਰੂਪ ਵਿਚ ਹੀ ਪ੍ਰਚਲਿਤ ਹੈ।
ਪਰਦੇਸਾਂ ਵਿਚ ਵਾਰਨੇ ਧਰਮ ਸਥਾਨ ਤੇ ਚੜ੍ਹਾ ਦਿੱਤੇ ਜਾਂਦੇ ਹਨ ਜਾਂ ਬਾਅਦ ਵਿਚ ਵੇਟਰਾਂ ਨੂੰ ਟਿੱਪ ਦੇ ਰੂਪ ਵਿਚ ਦੇ ਦਿੱਤੇ ਜਾਂਦੇ ਹਨ।
ਪਟੜੀ ਟੱਪ ਪਿਆਰੀਏ ਨੀ,
ਸੱਤਾਂ ਪੁੱਤਾਂ ਦੀਏ ਮਾਏਂ।
ਪਟੜੀ ਟੱਪ ਪਿਆਰੀਏ ਨੀ,
ਸੱਤਾਂ ਪੁੱਤਾਂ ਦੀਏ ਮਾਏਂ।
ਪਟੜੀ ਟੱਪ ਨਾ ਸਕਦੀ ਨੀ,
ਝੁੱਡੂ ਬਾਬੇ ਦੀ ਪੋਤੀ।
ਪਟੜੀ ਟੱਪ ਨਾ ਸਕਦੀ ਨੀ,
ਝੁੱਡੂ ਬਾਬੇ ਦੀ ਪੋਤੀ।
ਇਸ ਤੋਂ ਬਾਅਦ ਸਭ ਨੂੰ ਟਿੱਕੀਆਂ ਅਤੇ ਘੁੰਙਣੀਆਂ ਆਦਿ ਵੰਡੀਆਂ ਜਾਂਦੀਆਂ ਸਨ, ਹੁਣ ਲੱਡੂ ਵੰਡੇ ਜਾਂਦੇ ਹਨ। ਇਸ ਦੇ ਨਾਲ ਹੀ ਵਧਾਈਆਂ ਦੇ ਗੀਤ ਸ਼ੁਰੂ ਹੋ ਜਾਂਦੇ ਹਨ:
ਚੜ੍ਹਿਆ ਮਹੀਨਾ ਫ਼ੱਗਣ,
ਕਿ ਘੁੰਙਣੀਆਂ ਦਾ ਚੱਬਣ।
ਕਿ ਮੀਤੋ ਕੁੜੀਏ ਦਾਰੀਏ,
ਕਿ ਚੁੱਕ ਪਤੀਲੇ ਦਾ ਢੱਕਣ।
ਕਿ ਇਕੋ ਫ਼ੱਕਾ ਮਾਰੀਏ...

ਮਾਮੇ ਨੇ ਮਾਮੀ ਕੁੱਟੀ,
ਦੋ ਦਾਣਿਆਂ ਬਦਲੇ।
ਚਾਚੇ ਨੇ ਚਾਚੀ ਕੁੱਟੀ,
ਦੋ ਦਾਣਿਆਂ ਬਦਲੇ।

ਆਈਆਂ ਨੀ ਸੰਤੀਏ ਤੇਰੇ ਚਾਅ,
ਤੇੜ ਦੀ ਘੱਗਰੀ ਥੱਲੇ ਵਿਛਾ।
ਤੇੜ ਦੀ ਘੱਗਰੀ ਛੋਟੀ ਆ,
ਸੰਤੀ ਮਨ ਦੀ ਖੋਟੀ ਆ।

ਦੁੱਧ ਕੜ੍ਹੇਂਦਿਆ ਵੇ
ਉਤੇ ਆਈ ਆ ਮਲਾਈ
ਭਾਬੋ ਰਾਣੀਏ ਨੀ ਸਾਡੀ ਮੰਨ ਲਾ ਵਧਾਈ।
ਦੁੱਧ ਕੜ੍ਹੇਂਦਿਆ ਵੇ
ਉਤੇ ਆਈ ਆ ਮਲਾਈ,
ਚਾਚੀ ਰਾਣੀਏਂ ਨੀ ਸਾਡੀ ਮੰਨ ਲਾ ਵਧਾਈ।

ਵਧਾਈਆਂ ਕਮਲਾ ਤੈਨੂੰ, ਵਧਾਈਆਂ ਲੈ।
ਜਣੇਂਦੇ ਨੂੰ ਬਣੇਂਦੇ ਨੂੰ,
ਜੰਮਣ ਘੁੱਟੀ ਦੇਂਦੇ ਨੂੰ।
ਦੀਵਾਲੀ ਵਾਲੇ ਦਿਨ ਨੂੰ,
ਵਸੋਏ (ਵਿਸਾਖੀ) ਵਾਲੀ ਰਾਤ ਨੂੰ।
ਜਿਨ ਰੱਖਿਆ ਕਮਲਾ ਨਾਂ, ਵਧਾਈਆਂ ਲੈ।

ਮੁੰਡੇ ਵਾਲੇ ਘਰ ਵਟਣਾ ਅਤੇ ਗੀਤ

ਵਿਆਂਹਦੜ ਮੁੰਡੇ ਲਈ ਵੀ ਪਲਕਾ ਖੋਲ੍ਹਣ ਨੂੰ ਛੱਡ ਕੇ ਬਾਕੀ ਸਭ ਰਸਮਾਂ ਉਸੇ ਤਰ੍ਹਾਂ ਹੀ ਕੀਤੀਆਂ ਜਾਂਦੀਆਂ ਸਨ। ਪਹਿਲਾ ਮਾਈਆਂ ਸਵੇਰੇ ਲੱਗਦਾ ਸੀ ਅਤੇ ਦੂਜਾ ਮਾਈਆਂ ਦੂਜੇ ਦਿਨ ਸ਼ਾਮ ਨੂੰ ਨਾਨਕਿਆਂ ਵਲੋਂ ਲਗਾਇਆ ਜਾਂਦਾ ਸੀ। ਮੁੰਡੇ ਲਈ ਗਾਏ ਜਾਣ ਵਾਲੇ ਗੀਤਾਂ ਵਿਚਲੀ ਸ਼ਬਦਾਵਲੀ ਬਦਲ ਦਿੱਤੀ ਜਾਂਦੀ ਸੀ। ਹੁਣ ਵੀ ਇਹ ਰਸਮ ਇਸ ਤਰ੍ਹਾਂ ਪ੍ਰਚੱਲਿਤ ਹੈ। ਪਰਦੇਸਾਂ ਵਿਚ ਜੇ ਨਾਨਕੇ ਕੋਲ ਨਾ ਹੋਣ ਤਾਂ ਇਹ ਮਾਈਆਂ ਕਿਸੇ ਨਜ਼ਦੀਕੀ ਦੋਸਤ ਦੇ ਘਰ ਵੀ ਲਗਾਇਆ ਜਾਂਦਾ ਹੈ।
ਰਾਮਾ! ਕਾਹੇ ਦਾ ਤੇਲ ਕਾਹੇ ਦਾ ਵਟਣਾ,
ਮੇਰੇ ਹਰ ਜੀ ਦੇ ਅੰਗ ਲਗਾਈਏ।
ਸਰੋਂ ਦਾ ਤੇਲ ਫ਼ੁੱਲਾਂ ਦਾ ਵਟਣਾ,
ਇਸ ਲਾੜੇ ਦੇ ਅੰਗ ਲਗਾਈਏ।
ਰਾ ਪੁਰ ਮਾਲਣ, ਰਾ ਪੁਰ ਤੇਲਣ,
ਉਸ ਕੋਲੋਂ ਤੇਲ ਮੰਗਾਈਏ।
ਰਾ ਪੁਰ ਮਾਲਣ, ਰਾ ਪੁਰ ਮਾਲਣ,
ਉਸ ਕੋਲੋਂ ਫ਼ੁੱਲ ਮੰਗਾਈਏ।
ਇਸ ਤੋਂ ਬਾਅਦ ਮਾਂ ਵਿਆਂਹਦੜ ਮੁੰਡੇ ਦੇ ਮੂੰਹ ਵਿਚ ਘਿਓ-ਖੰਡ ਦੀਆਂ 7 ਬੁਰਕੀਆਂ ਪਾਉਂਦੀ ਸੀ। ਹੁਣ ਬੂੰਦੀ, ਲੱਡੂ ਜਾਂ ਬਰਫ਼ੀ ਖੁਆਉਂਦੇ ਹਨ। ਵਿਆਂਹਦੜ ਮੁੰਡੇ ਦੀਆਂ ਭਾਬੀਆਂ ਇਹ ਬੁਰਕੀਆਂ ਉਸ ਦੇ ਮੂੰਹ ਵਿਚ ਜਾਣ ਤੋਂ ਪਹਿਲਾਂ ਹੀ ਖੋਂਹਦੀਆਂ ਹਨ ਅਤੇ ਵਿਆਂਹਦੜ ਮੁੰਡਾ ਆਪਣਾ ਜ਼ੋਰ ਦਿਖਾਉਂਦਾ ਉਨ੍ਹਾਂ ਦੀਆਂ ਬਾਹਾਂ ਫੜ ਕੇ ਪੂਰੀ ਚਤੁਰਾਈ ਨਾਲ ਬੁਰਕੀ ਖਾਣ ਵਿਚ ਕਾਮਯਾਬ ਹੋ ਜਾਂਦਾ ਹੈ। ਮਾਂ ਵੀ ਦਿਓਰ-ਭਾਬੀਆਂ ਦੇ ਇਸ ਸ਼ੁਗਲ ਵਿਚ ਆਪਣੇ ਘੋੜੀ ਚੜ੍ਹਨ ਜਾ ਰਹੇ ਪੁੱਤ ਦਾ ਸਾਥ ਹੀ ਦਿੰਦੀ ਹੈ। ਬੁਰਕੀਆਂ ਖੋਂਹਦੇ ਵਕਤ ਇਹ ਰਸਮ ਬਹੁਤ ਰੌਚਿਕ ਹੋ ਜਾਂਦੀ ਹੈ। ਬੁਰਕੀਆਂ ਖੋਹਣ ਦਾ ਮੰਤਵ ਭਾਬੀਆਂ ਵਲੋਂ ਸਹੁਰੇ ਘਰ ਵਿਚ ਆਪਣੀ ਸਥਾਪਿਤ ਹੋਂਦ ਦਾ ਅਹਿਸਾਸ ਕਰਵਾਉਣਾ ਹੁੰਦਾ ਹੈ। ਸਹੁਰੇ ਘਰ ਵਿਚ ਦਰਾਣੀ ਤੋਂ ਪਹਿਲਾਂ ਆਪਣਾ ਹੱਕ ਜਤਾ ਕੇ ਦਿਉਰ ਨਾਲ ਹਾਸਾ-ਠੱਠਾ ਕਰਨਾ ਹੁੰਦਾ ਹੈ।
ਮਾਈਏਂ ਦੀ ਰਸਮ ਤੋਂ ਬਾਅਦ ਸਭ ਨੂੰ ਟਿੱਕੀਆਂ-ਘੁੰਙਣੀਆਂ ਆਦਿ ਦੇ ਕੇ ਤੋਰਿਆ ਜਾਂਦਾ ਸੀ। ਪਰਦੇਸਾਂ ਵਿਚ ਇਸ ਦੀ ਥਾਂ ਮਿਠਿਆਈਆਂ ਨੇ ਲੈ ਲਈ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ