Shabdanmani : Dr Amarjit Tanda

ਸ਼ਬਦਾਂਮਣੀ : ਡਾ. ਅਮਰਜੀਤ ਟਾਂਡਾ

Amarjit Tanda's poems are based on deep thought and understanding of social milieu and he has very good command on Punjabi Language. - Dr S. S. Johl

ਕਵਿਤਾ ਦੇ ਖੇਤਰ ਵਿਚ ਕੁਝ ਕਰ ਗੁਜ਼ਰਨ ਦੀ ਤੜਪ, ਲਗਨ ਅਤੇ ਮਿਹਨਤ ਡਾ ਅਮਰਜੀਤ ਟਾਂਡਾ ਦੀ ਅਨੂਠੀ ਵਿਸ਼ੇਸ਼ਤਾ ਹੈ। ਉਹ ਬਹੁਤ ਸਚੇਤ ਅਤੇ ਜਾਗਰੂਕ ਕਵੀ ਹੈ । ਸਿਰਫ਼ ਪੇਸ਼ਕਾਰੀ ਹੀ ਨਹੀਂ, ਇਨ੍ਹਾਂ ਦਾ ਮੁੱਲੰਕਣ ਅਤੇ ਨਿਰਖ ਪਰਖ ਵੀ ਉਸ ਦੀ ਕਵਿਤਾ ਦਾ ਹਿੱਸਾ ਬਣਦੇ ਹਨ । ਸਰੋਦੀ ਵਹਾਅ ਉਸ ਦੀ ਕਵਿਤਾ ਨੂੰ ਸਫ਼ਿਆਂ ਤੇ ਫੈਲਣ ਦੀ ਤੌਫ਼ੀਕ ਬਖ਼ਸ਼ਦਾ ਹੈ-ਡਾ ਸੁਰਜੀਤ ਪਾਤਰ

ਅਮਰਜੀਤ ਟਾਂਡਾ ਦੀ ਕਾਵਿ-ਧਰਤੀ ਪੰਜਾਬ ਹੀ ਹੈ। ਡਾ. ਟਾਂਡਾ ਦੀ ਕਵਿਤਾ ਦਾ ਮੁਹਾਵਰਾ ਕਦੀ ਕਦੀ ਜੁਝਾਰਵਾਦੀ ਕਵਿਤਾ ਤੋਂ ਪ੍ਰੇਰਿਤ ਪ੍ਰਤੀਤ ਹੁੰਦਾ ਹੈ, ਇਸੇ ਕਰਕੇ ਉਸ ਦੀ ਕਵਿਤਾ ਸਿੱਧੇ ਸੰਬੋਧਨੀ ਸੁਰ ਨੂੰ ਅਪਨਾਉੰਦੀ ਹੈ- ਡਾ ਅਮਰੀਕ ਸਿੰਘ ਪੂੰਨੀ

ਅਮਰਜੀਤ ਟਾਂਡਾ ਏਨਾ ਭਾਵਕ ਹੈ ਕਿ ਉਸਦੇ ਰੋਮ ਰੋਮ ਵਿਚ ਕਵਿਤਾ ਦਾ ਵਾਸ ਹੈ-ਡਾ ਸੁਰਿੰਦਰ ਸਿੰਘ ਦੁਸਾਂਝ

ਉਸ ਦੀ 'ਨਜ਼ਮ ਤਾਂ ਕੁਆਰੇ ਜੋਬਨ ਦੀ ਨੂਰ ਹੈ। ਉਹ ਕੰਜ ਕੁਆਰੀ ਹੁਸਨਾਮੱਤੀ ਹੈ, ਇੰਜ ਉਹ ਕਵਿਤਾ ਦਾ ਵੀ ਮਾਨਵੀਕਰਣ ਕਰ ਦੇਂਦਾ ਹੈ - ਡਾ ਜੋਗਿੰਦਰ ਕੈਰੋਂ

ਡਾ. ਟਾਂਡਾ ਵਰਗੀ ਡੂੰਘੀ ਸੰਵੇਦਨਾ ਵਾਲਾ ਵਿਅਕਤੀ ਹੀ ਜਿੰਦਗੀ ਦੀਆਂ ਸਾਰਥਕ ਅਤੇ ਸਿਹਤਮੰਦ ਕਦਰਾਂ ਦੀ ਥਾਹ ਪਾ ਸਕਦਾ ਹੈ। ਅਜੇਹੀ ਕਵਿਤਾ ਨਾਲ ਹੀ ਪਾਠਕ ਦੀ ਸਾਂਝ ਬਣਦੀ ਹੈ। ਅਜੇਹੀ ਕਵਿਤਾ ਨਾਲ ਮੇਰਾ ਨਿਕਟ ਵਾਸਤਾ ਹੈ-ਮੋਹਨਜੀਤ

ਇਹਨਾਂ ਕਵਿਤਾਵਾਂ ਨੂੰ ਪੜ੍ਹਦਿਆਂ ਇਨਸਾਨੀ ਰੀਝਾਂ, ਸੁਪਨਿਆਂ ਅਤੇ ਹੇਰਵਿਆਂ ਦੇ ਕਾਵਿਕ ਬਿਆਨ ਦਾ ਅਨੁਭਵ ਹੋਇਆ ਹੈ। ਸਰੀਂਹ ਦੇ ਸਾਵੇ ਪੱਤਿਆਂ ਦੀ ਸ਼ਗਨਾਂਮੱਤੀ ਖਣਕਾਰ ਤੋਂ ਲੈ ਕੇ ਉੱਜੜੇ ਘਰਾਂ ਦੀ ਸਰਾਪੀ ਚੁੱਪ ਦੀ ਦਰਦਗਾਥਾ ਸੁਣਾਈ ਦਿੱਤੀ ਹੈ।- ਸੁਖਵਿੰਦਰ ਅੰਮ੍ਰਿਤ

ਅਮਰਜੀਤ ਟਾਂਡਾ ਦੀ ਕਵਿਤਾ ਅੰਤਰ ਰਾਸ਼ਟਰੀ ਪ੍ਰਤੀਮਾਨ ਸਥਾਪਤ ਕਰਦੀ ਹੈ। ਉਹਦੇ ਬਿੰਬਾਂ ਵਿਚ ਇਕ ਮਿਕਨਾਤੀਸੀ ਖਿੱਚ ਹੈ। ਅਜਿਹੇ ਮਿਕਨਾਤੀਸੀ ਬਿੰਬ ਬਹੁਤ ਹੀ ਘੱਟ ਸ਼ਾਇਰੀ ਵਿਚ ਮਿਲਦੇ ਹਨ-ਡਾ ਸੁਖਚੈਨ

ਅਮਰਜੀਤ ਟਾਂਡਾ ਵਿਗਿਆਨੀ ਵਾਂਗ ਸਮਝ ਕੇ ਕਾਵਿ-ਭਾਸ਼ਾ 'ਚ ਵਿਅਕਤ ਕਰਦਾ ਹੈ-ਸਵਰਨਜੀਤ ਸਵੀ

ਅਮਰਜੀਤ ਟਾਂਡਾ ਦੀਆਂ ਕਵਿਤਾਵਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਹੈ-ਡਾ ਲੋਕ ਰਾਜ
ਕੱਲ੍ਹ ਫੇਰ ਚੜੇਗਾ ਉਹ ਸੂਰਜ

ਕੱਲ੍ਹ ਫੇਰ ਚੜੇਗਾ ਉਹ ਸੂਰਜ ਸ਼ਾਇਦ ਹੋਵੇਗਾ ਤੇਰੀ ਤਸਵੀਰ ਵਰਗਾ ਤੇਰੀ ਮੁਸਕਾਣ ਬਣਿਆ ਜਿਸ ਦੇ ਮੱਥੇ 'ਤੇ ਜਗਣ ਦੀ ਉਮੀਦ ਹੋਵੇਗੀ ਝੁੱਗੀਆਂ 'ਚ ਵੀ ਕਦੇ ਚਾਨਣ ਵੰਡਣ ਦਾ ਚਾਅ ਹੋਵੇਗਾ ਓਹਦੇ ਪੱਲੇ ਜਾਂ ਠਰਦੀ ਬੱਚੀ ਦੀ ਲੋਰੀ ਨੂੰ ਨਿੱਘ ਦੇਣ ਵਾਲਾ ਬਾਪ ਵਰਗਾ ਹੱਥ ਲੈ ਕੇ ਆਵੇਗਾ-ਲੱਪ ਕੁ ਰਿਸ਼ਮਾਂ ਮੁੱਠੀਆਂ 'ਚ ਆਸਾਂ ਲੈਣਗੀਆਂ ਜਨਮ ਮੇਰੇ ਤੇਰੇ ਦਰ ਘਰ 'ਚ ਸਰਦਲਾਂ ਤੋਂ ਪੂੰਝੇ ਜਾਣਗੇ ਅੱਥਰੂ ਬੇਗੁਨਾਹ ਕਪਾਹ ਦੀਆਂ ਚਿੱਟੀਆਂ ਫੁੱਟੀਆਂ ਵਰਗੇ ਰੀਝਾਂ ਘਰ ਆਉਣਗੀਆਂ ਕਣਕ ਦੇ ਸਿੱਟਿਆਂ ਤੇ ਲਿਖੀਆਂ ਬੈਠ ਬੈਠ ਝਾਕੀਆਂ ਰਾਤਾਂ ਦੇ ਤੌਖਲੇ ਸਾਹ ਲੈਣਗੇ ਪਲ ਭਰ ਆਨੀ ਬਹਾਨੀ ਖੂੰਝੇ ਕੌਲ਼ਿਆਂ ਦੇ ਅੰਗ ਸੰਗ ਲੱਗ ਕੇ ਕੋਈ ਹੰਝੂ ਨਹੀਂ ਗੁਆਏਗੀ ਦੁਪਹਿਰ ਲੁਕ-ਲੁਕ ਨਹੀਂ ਡੁਸਕੇਗੀ ਵੰਗਾਂ ਦੀ ਛਣਕਾਰ ਮਹਿੰਦੀ ਦਾ ਤਰਲਾ ਤੇ ਨਵੀਂ ਰੰਗਾਈ ਧੁੱਪ ਦਾ ਉੱਡਦਾ ਚਾਅ ਪਹਾੜਾਂ ਜਿੱਡੇ ਜਿੱਡੇ ਦਿਨ ਵੀ ਕਿਹੜੇ ਮੁੱਕਦੇ ਨੇ ਅੱਥਰੇ ਕਿਹੜੇ ਕੱਢੇ ਜਾਂਦੇ ਹਨ ਦਸੂਤੀ 'ਤੇ ਕਿਰਦੇ ਹੰਝੂ ਕਿਹੜਾ ਸਾਰ ਲੈਂਦਾ ਹੈ ਤ੍ਰਿੰਝਣਾਂ 'ਚੋਂ ਉੱਡੀਆਂ ਘੁੱਗੀਆਂ ਤੇ ਚਿੜੀਆਂ ਦੀ ਕੌਣ ਪੁੱਛਦਾ ਹੈ ਕਿ ਸੜਕ 'ਤੇ ਕਿੰਜ਼ ਮਰੀ ਚਿੜੀ-ਲਹੂ 'ਚ ਲੱਥ ਪੱਥ ਪਈ ਵਾਰਤਾ ਕਿਹੜਾ ਰਾਹਾਂ ਦੀ ਧੁੱਦਲ 'ਤੇ ਨੰਗੇ ਹਾਉਕੇ ਲੈ ਕੇ ਤੁਰਦਾ ਹੈ ਤੇ ਦਿੰਦਾ ਹੈ ਦਿਲੋਂ ਦਿਲਾਸੇ ਕਿਹੜਾ ਬਚਾਉਂਦਾ ਹੈ ਸੂਰਜਾਂ ਨੂੰ ਸਮੁੰਦਰ 'ਚ ਡੁੱਬਣੋਂ ਅਧੂਰੇ ਜੇਹੇ ਸੁਪਨੇ ਲੈ ਕੇ ਕਿਹੜਾ ਸੌਂ ਸਕਦਾ ਹੈ ਭੁੱਖੇ ਪੇਟ 'ਚ ਰੋਟੀ ਦਾ ਗੀਤ ਲੈ ਕੇ ਕਿਹੜੀ ਗੂੜ੍ਹੀ ਨੀਂਦ ਆਉਂਦੀ ਹੈ ਤਾਰਿਆਂ ਦੀ ਚਾਨਣੀ ਵਰਗੀ? ਹੰਝੂਆਂ ਦੇ ਵਾਸਤੇ ਪਾਉਣ ਨਾਲ ਕਿਹੜਾ ਠਹਿਰ ਜਾਂਦੇ ਨੇ ਜਾਣ ਵਾਲੇ ਜਦੋਂ ਜਵਾਨ ਦਿਨ ਮੰਜੇ ਮੱਲ ਲੈਂਦੇ ਹਨ ਤੇ ਟੁੱਕ ਦੀ ਥਾਂ ਨਸ਼ਿਆਂ ਨੂੰ ਵਿਲਕਦੇ ਹਨ ਚਾਵਾਂ ਦਾ ਭਰਿਆ ਅੰਬਰ ਕਿਰ ਜਾਂਦਾ ਹੈ ਧਰਤ 'ਤੇ ਇੰਜ਼ ਜਹਾਨ ਛੱਡ ਤੁਰ ਗਏ ਪੁੱਤਾਂ ਨਾਲ ਮਾਵਾਂ ਦੇ ਵੀ ਵੱਡੇ ਸ਼ਿਕਵੇ ਹੁੰਦੇ ਹਨ ਓਦੋਂ ਦੁਨੀਆਂ ਤੇ ਜ਼ਸ਼ਨ ਮਰ ਜਾਂਦੇ ਹਨ ਜਦੋਂ ਨਵੇਂ ਸੰਧੂਰ ਰੁਲ਼ਦੇ ਹਨ ਵੰਗਾਂ ਭੱਜਦੀਆਂ ਹਨ ਦੁਹੱਥੜੀਂ ਦੁਨੀਆਂ ਦੀਆਂ ਕਲੀਆਂ ਮੁਰਝਾ ਜਾਂਦੀਆਂ ਹਨ ਜ਼ਿੰਦਗੀ ਮਾਂਵਾਂ ਦੇ ਸਹਾਰੇ ਰੁੜ੍ਹਦੀ ਹੈ ਰੋ ਖਪ ਕੇ ਝੱਲੀ ਰਾਤ ਫਿਰ ਦੁਆ ਦਿੰਦੀ ਕਹਿੰਦੀ ਹੈ ਪੁੱਤ ਤੇਰਾ ਤਾਂ ਅੱਜ ਜਨਮ ਦਿਨ ਸੀ ਦੱਸ ਕਿੱਥੇ ਮਨਾਵਾਂ ਚੰਨ ਵੇ? ਕਬਰਾਂ ਦੇ ਰੁੱਖਾਂ ਹੇਠ ਕਦੇ ਨਹੀਂ ਕੋਈ ਦੁਨੀਆਂ ਦੀ ਖੁਸ਼ੀ ਨੱਚੀ ਸਿਵਿਆਂ ਦੇ ਸੇਕ ਕੋਲ ਕਿਹੜਾ ਬਹਿੰਦਾ ਹੈ ਕਦੇ ਠਰਦੇ ਦਿਨ ਲੈ ਕੇ ਕਿਹੜਾ ਦੱਸਦਾ ਹੈ ਜਿਗਰ ਦੇ ਦੁੱਖ? ਲੰਮੀਆਂ ਉਮਰਾਂ ਕਦੇ ਜਨਾਜ਼ਿਆਂ ਦੇ ਰਾਹਾਂ 'ਚੋਂ ਨਹੀਂ ਲੱਭਦੀਆਂ ਪਰਨਾਏ ਹੋਏ ਗੀਤ ਨੇੜਿਓਂ ਦੀ ਨਹੀਂ ਲੰਘਦੇ ਸਮੁੰਦਰ ਬਲ ਪੈਂਦੇ ਹਨ ਪਰਬਤ ਖੁਰ ਜਾਂਦੇ ਹਨ ਜਦੋਂ ਪੁੱਤ ਦੀ ਅਰਥੀ ਬਾਪ ਦੇ ਮੋਢੇ ਤੇ ਨਹੀਂ ਟਿਕਦੀ ਦੁਨੀਆਂ ਕਮਲੀ ਹੋ ਜਾਂਦੀ ਹੈ ਓਹਨਾਂ ਪਹਿਰਾਂ ਤੇ ਤੁਰਦੀ ਓਹਨਾਂ ਸਾਹਾਂ ਦੇ ਸਹਾਰੇ ਉੱਠਦੀ ਬੈਠਦੀ ਇਹੋ ਜੇਹੇ ਸੂਰਜ ਨੂੰ ਕਦੇ ਕਿਸੇ ਪਿੰਡ ਨਾ ਘੱਲੀਂ ਇਹੋ ਜੇਹੀਆਂ ਵਗਦੀਆਂ ਲੋਆਂ ਤੋਂ ਦੁਨੀਆਂ ਭਰ ਦੇ ਬੱਚਿਆਂ ਦੇ ਸੁਪਨਿਆਂ ਨੂੰ ਦੂਰ ਰੱਖੀਂ ਨਾ ਡੋਬੀਂ ਜਗਦੇ ਪਿੰਡਾਂ ਸ਼ਹਿਰਾਂ ਦਾ ਸੂਰਜ!

ਅਰਜ਼ ਤਾਂ ਹੋ ਰਹੀ ਸੀ

ਅਰਜ਼ ਤਾਂ ਹੋ ਰਹੀ ਸੀ ਫ਼ਰਿਆਦਾਂ ਵੀ ਹੱਥਾਂ 'ਚ ਫੜੀਆਂ ਹੋਈਆਂ ਸਨ ਲਟਕਦੀਆਂ ਲੰਗਾਰੀਆਂ ਪਰ ਕਿਸੇ ਦਾ ਵੀ ਚਿਹਰਾ ਇਕ ਦੂਸਰੇ ਵੱਲ ਨਹੀਂ ਸੀ ਮਨਾਂ 'ਚ ਤੌਖ਼ਲੇ ਘਰਾਂ ਦਰਾਂ ਰਾਹਾਂ ਦੇ ਆਪਣੀ ਆਪਣੀ ਅਰਜ਼ ਦੀ ਚਿੰਤਾ ਅੱਲ੍ਹਾ ਨੂੰ ਮੂਹਰੇ ਹੋ ਕੇ ਮਿਲਣ ਦਾ ਚਾਅ ਹਰ ਇਕ ਨੂੰ ਰਸਤੇ 'ਚ ਡੁੱਲ੍ਹ ਗਏ ਹੱਥ ਜੋੜੇ ਖਿੱਲਰ ਗਈਆਂ ਉਮੀਦਾਂ ਸੰਗਮਰਮਰੀ ਪੌੜੀਆਂ ਦੇਖਦੀਆਂ ਰਹੀਆਂ ਸੁਬ੍ਹਾ ਸਵੇਰਾ ਫ਼ਰਿਆਦ ਵੀ ਕਰਦਾ ਹੈ ਰੋਜ਼ ਨਮਾਜਾਂ ਵੀ ਪੜ੍ਹਦਾ ਹੈ ਹਰੇਕ ਦਾ ਵੱਖ ਵੱਖ ਖ਼ੁਦਾ ਹਰ ਖ਼ੁਦਾ ਦੀ ਵੱਖਰੀ ਵੱਖਰੀ ਰਜ਼ਾ ਸੁਣਨ ਵਾਲੇ ਪੱਥਰ ਫ਼ਰਿਆਦਾਂ ਵਾਲੇ ਬਗ਼ਲੇ ਸਾਰੇ ਫੁੱਲ ਪੱਤੀਆਂ ਦਰਾਂ 'ਤੇ ਡੁੱਲ੍ਹ ਗਏ ਫ਼ਰਿਆਦੀ ਅਰਜ਼ਾਂ ਖਿੱਲਰ ਗਈਆਂ ਪੱਥਰਾਂ ਦੇ ਬੁੱਤ ਡੋਲੂ ਭੁੱਲ ਗਏ

ਨਹੀਂ ਨਹੀਂ

ਨਹੀਂ ਨਹੀਂ ਮੈਥੋਂ ਨਹੀਂ ਤਰ ਹੋਣਾ ਡੂੰਘਾ ਏਡਾ ਵਿਸ਼ਾਲ ਸਾਗਰ ਬਹੁਤ ਲੰਬਾ ਹੈ ਪੈਂਡਾ ਮੇਰੀ ਮੰਜ਼ਿਲ ਬਹੁਤ ਦੂਰ ਦੋਹੀਂ ਪਾਸੀਂ ਜਾਣ ਨੂੰ ਨਾ ਕਹੋ ਮੈਨੂੰ ਇਹ ਨਹੀਂ ਹੋ ਸਕਣਾ ਮੇਰੇ ਕੋਲੋਂ ਇਕੋ ਵੇਲੇ ਨਾਨਕ ਦੇ ਰਾਹ ਵਰਗੇ ਰਸਤੇ ਟੋਲਦਾ ਕੋਈ ਜਾਦੂਗਰ ਨਹੀਂ ਹਾਂ ਮੈਂ ਪੈਰਾਂ ਹੇਠ ਦੇਖਿਆ ਹੈ ਹਰ ਪਾਸੇ ਪੁਰਾਣੇ ਹੀ ਰਾਹ ਜਾ ਰਹੇ ਸਨ ਮੈਂ ਨਵਾਂ ਹੋਰ ਰਾਹ ਲੱਭ ਰਿਹਾ ਹਾਂ ਜਿੱਧਰ ਅਜੇ ਕੋਈ ਵੀ ਨਹੀਂ ਗਿਆ ਹੈ ਰਾਹੀਆਂ ਪਿੱਛੇ ਕੀ ਟੁਰਨਾ ਬਣੇ ਰਾਹਾਂ 'ਤੇ ਕੀ ਜਾਣਾ ਜ਼ਰੂਰੀ ਹੁੰਦੇ ਨੇ ਨਵੀਂਨ ਰਸਤੇ ਲੱਭਣੇ ਮਾਰਗ ਬਣਾਉਣੇ ਤੋਤਲੇ ਕੱਲ ਲਈ ਨਵੀਂ ਪੇਟਿੰਗ ਉਸਾਰਨੀ ਰੰਗਾਂ 'ਚੋਂ ਖਿਚਣੀ ਕੋਈ ਪੱਕੀ ਲਕੀਰ ਨਿਰਪੱਖ ਜੇਹਾ ਫੈਸਲਾ ਲਿਖਣਾ ਇਸ ਤੋਂ ਨਿੱਕੀ ਉਮਰ ਵਾਲਾ ਦਾਅਵਾ ਮੈਂ ਹੋਰ ਨਹੀਂ ਕਰਾਂਗਾ ਜੇ ਪੱਬਾਂ ਹੇਠਲੇ ਘਾਹ ਨੂੰ ਹੀ ਨਾ ਪਛਾਣਿਆਂ ਮਿੱਟੀ ਨਾ ਚੁੰਮੀ ਨਵੇਂ ਰਾਹ ਦੀ ਪਹਿਨਿਆ ਨਾ ਨਿੱਤ ਨਵਾਂ ਅੰਬਰ ਪੀਤਾ ਨਾ ਦਰਿਆ ਇਕੋ ਘੁੱਟੇ ਸਿਆਣਿਆ ਨਾ ਹਰ ਸਵੇਰੇ ਨਿਕਲਦਾ ਸੂਰਜ ਤਾਂ ਕਿਹੜੀ ਜ਼ਿੰਦਗੀ ਦੀ ਪਰਿਭਾਸ਼ਾ ਕਿਹੜੇ ਦੁਖਾਂਤ ਦਾ ਵਰਨਣ ਕਾਲੇ ਹੋ ਜਾਣਗੇ ਰੁੱਖਾਂ ਦੇ ਸਾਰੇ ਪੱਤੇ ਕਿਰ ਜਾਣਗੇ ਚਮਕਦੇ ਰਹਿੰਦੇ ਵੀ ਸਾਰੇ ਤਾਰੇ ਜੇ ਇੰਜ ਹੋਇਆ ਸਵੇਰਾ ਮੈਂ ਆਪਣਾ ਹਰ ਕਦਮ ਨਵੇਂ ਦਿਨ ਨਵੇਂ ਰਾਹ ਲਈ ਰਾਖਵਾਂ ਰੱਖਿਆ ਹੈ ਪਹਿਲੇ ਦਿਨ ਵਾਲੀ ਮੇਰੀ ਮੰਜ਼ਿਲ ਨਹੀਂ ਰਹਿੰਦੀ ਵੱਖਰੇ ਰਾਹਾਂ ਤੇ ਹੀ ਨਵੇਂ ਰੁੱਖ ਟੱਕਰਦੇ ਨੇ ਨਵੀਂਆਂ ਡਾਲੀਆਂ ਤੇ ਹੀ ਲੱਗੇ ਬੇਰਾਂ ਨੂੰ ਚੁੰਮਦੇ ਨੇ ਗਾਨੀ ਵਾਲੇ ਤੋਤੇ ਰਹਿਮਤਾਂ ਵਸਦੀਆਂ ਨੇ ਫੁੱਲ ਖੁਸ਼ਬੂਆਂ ਦੇ ਰੂਪ ਧਾਰ ਕੇ ਵਾਪਸ ਆਉਣ ਲੱਗਾ ਵੀ ਹੋਰ ਰਾਹ 'ਤੇ ਪਰਤਾਂਗਾ ਪੁਰਾਣੇ ਰਸਤੇ ਵੱਲ ਨਾ ਉਡੀਕਿਓ ਕੋਸ਼ਿਸ਼ ਕੀਤੀ ਕਿ ਦੋਂਹੀਂ ਪਾਸੀਂ ਨਾ ਜਾਵਾਂ ਦੋ ਨਾਲੋਂ ਇਕ ਮੰਜ਼ਿਲ ਹੀ ਚੰਗੀ ਵੱਖਰਾ ਰਾਹ ਨਿਵੇਕਲੀ ਯਾਤਰਾ ਤਾਂ ਹੈ ਦੋ ਬੇੜੀਆਂ ਨਹੀਂ ਕਦੇ ਪਾਰ ਲਾਉਂਦੀਆਂ ਸੂਰਜ ਨਾਲ ਮੁਲਾਕਾਤ ਰੱਖਣੀ ਹੈ ਤਾਂ ਅਸਮਾਨ ਵੱਲ ਤੱਕਣਾ ਪਵੇਗਾ ਤਾਰੇ ਚੁਗਣੇ ਨੇ ਤਾਂ ਫੋਲਣੇ ਪੈਣਗੇ ਬੱਦਲ

ਆਸਿਫ਼ਾ

ਆਸਿਫ਼ਾ ਚੱਲ ਮੇਰੇ ਨਾਲ ਇਹੋ ਜੇਹੀ ਇਨਸਾਨੀਅਤ ਨੂੰ ਚੁਰਾਹੇ 'ਚ ਸਲੀਬ ਤੇ ਪੁੱਠੇ ਟੰਗੀਏ ਇਹਨਾਂ ਦੀਆਂ ਹਿੱਕਾਂ 'ਚ ਚਿੱਟੇ ਖੰਜਰ ਡੋਬ ਡੋਬ ਸੂਹੇ ਰੰਗੀਏ ਸ਼ਰਮਸਾਰ ਕਰੀਏ ਇਹਨਾਂ ਦੇ ਮੰਦਿਰਾਂ 'ਚ ਸਜਾਏ ਭਗਵਾਨਾਂ ਨੂੰ ਖੂਨ ਦਾ ਰੰਗ ਦੱਸੀਏ ਦੀਵੇ ਲਈ ਫਿਰਦੇ ਹੈਵਾਨਾਂ ਨੂੰ ਫੁੱਲ ਪੱਤੀਆਂ ਨੂੰ ਮਿੱਧਦੀਆਂ ਦਰਦ ਵੰਡੀਏ ਕੋਈ ਨਿਗਾਹਾਂ ਨੂੰ ਕੀ ਕੀ ਦਰਦ ਸਰਾਣੇ ਰੱਖੇ ਕਿਹੜੇ ਕਿਹੜੇ ਦੁੱਖ ਨੇ ਰਾਹਾਂ ਨੂੰ ਤੂੰ ਡਰੀਂ ਨਾ ਮੈਂ ਹਾਂ ਤੇਰੇ ਨਾਲ ਇਹਨਾਂ ਲਈ ਵੀ ਸਮਸ਼ੀਰ ਕੋਈ ਲਿਖੀਏ ਨਵੀਂ ਇਹਨਾਂ ਦੀ ਤਕਦੀਰ ਕੋਈ ਲਿਖੀਏ ਕਿੱਥੇ ਸੀ ਇਹਨਾਂ ਦਾ ਪਾਪ ਰੋਕਣ ਵਾਲਾ ਭਗਵਾਨ ਧਰਮ ਕਾਰੋਬਾਰ ਤੇ ਪਖੰਡ ਦਾ ਫੁਰਮਾਨ ਮਰਮਰੀ ਇਮਾਰਤਾਂ ਅੰਬਰਾਂ ਨੂੰ ਛੂੰਹਦੀਆਂ ਉੱਚੇ ਉੱਚੇ ਦਾਅਵਿਆਂ ਦੇ ਸ਼ੋਰ ਆਸਿਫ਼ਾ ਨਾਲ ਕੁਕਰਮ ਤੇਰਿਆਂ ਵੱਲੋਂ ਤੇਰੀਆਂ ਹੀ ਨਜ਼ਰਾਂ ਸਾਹਮਣੇ ਹੋਇਆ ਕੀ ਪੈ ਗਿਆ ਸੀ ਓਸ ਵੇਲੇ ਤੇਰੀਆਂ ਅੱਖਾਂ ਵਿਚ ਕਿਉਂ ਨਾ ਬੋਲੇ ਤੇਰੇ ਪੰਨੇ ਨਾ ਡਿੱਗੀਆਂ ਤੇਰੀਆਂ ਦੀਵਾਰਾਂ ਕਿਉਂ ਨਾ ਡਿੱਗ ਮਰੇ ਲਟਕਦੇ ਟੱਲ ਚਿਰਾਂ ਦੇ ਤੇਰੇ ਪੁਜਾਰੀ ਦੁਨੀਆਂ ਸਾਰੀ ਇਨਸਾਨੀਅਤ ਦੇ ਸੰਦੇਸ਼ ਲਪੇਟੇ ਰੁਮਾਲਿਆਂ 'ਚ ਕਿੰਜ ਹੈਵਾਨੀਅਤ ਕਿਰੀ ਤੇਰੇ ਫਰਸ਼ 'ਤੇ ਸਿਖਰਦਾ ਵਹਿਸ਼ੀਪੁਣਾ ਖਿੱਲਰਿਆ ਤੋਤਲੇ ਬੋਲਾਂ ਦੇ ਗੀਤਾਂ 'ਤੇ ਹੁਣ ਅਦਾਲਤ ਤੈਨੂੰ ਵੀ ਸਜ਼ਾ ਦੇਵੇਗੀ ਕਟਹਿਰੇ 'ਚ ਖੜ੍ਹਨਗੇ ਵਕਤ ਦੇ ਭਗਵਾਨ ਮੁਨੱਖ ਬਣੇ ਹੈਵਾਨ ਗੁੰਬਦਾਂ ਓਹਲੇ ਛੁਪੇ ਸ਼ੈਤਾਨ ਤਹਿਜ਼ੀਬ ਹੋਈ ਨਿਲਾਮ ਸੁਰੱਖਿਅਤ 'ਚ ਫਿਰਦਾ ਇਨਸਾਨ ਪੱਛੀਆਂ ਰੂਹਾਂ ਦੇ ਨਿਸ਼ਾਨ ਆਸਿਫ਼ਾ ਹੁਣ ਆਪਾਂ ਇਹਨਾਂ ਦੀਆਂ ਚਿਖ਼ਾਵਾਂ ਚਿਣਾਂਗੇ ਇਕ ਇਕ ਸੱਚ ਇਹਨਾਂ ਦੇ ਮਿਣਾਂਗੇ ਰੋਜ਼ ਜੋ ਇਹ ਕਰਨ ਕੁਕਰਮ ਇਹਨਾਂ ਦੇ ਗਿਣਾਂਗੇ

ਰਬਾਬ ਨਹੀਂ ਵੱਜੀ ਅਜੇ

ਰਬਾਬ ਨਹੀਂ ਵੱਜੀ ਅਜੇ ਨਾ ਹੀ ਕਿਤੇ ਸਰਘੀ 'ਚੋਂ ਸਰਗਮ ਉੱਗੀ ਹੈ ਆਉਣਾ ਸੀ ਮੇਰੇ ਬਾਬੇ ਨਾਨਕ ਨੇ ਪਰਗਟ ਹੋਣਾ ਸੀ ਮੇਰੇ ਸੂਰਜ ਨੇ ਬੋਲ ਜਾਗਣੇ ਸਨ ਸ਼ਬਦ ਨੇ ਪੌਣ 'ਚ ਖੁਸ਼ਬੂ ਖਿਲਾਰਨੀ ਸੀ ਰਿਸ਼ਮਾਂ ਵਾਂਗ ਵਿਛਣਾ ਸੀ ਰਾਗ ਨੇ ਸਵੇਰ ਨੇ ਪੂੰਝਣਾ ਸੀ ਰਾਤ ਨੂੰ ਦੀਬਾਨ ਤਾਂ ਸਜਿਆ ਹੈ ਬੋਲਾਂ 'ਚ ਨਾ ਰਾਗ ਨਾ ਸੁਰ ਕੀ ਸੁਣ ਰਿਹਾ ਹਾਂ ਮੈਂ ਗੁਰਸ਼ਬਦ ਤਾਂ ਹੈ ਵਿਚਾਰ ਕਿੱਥੇ ਗਿਆ? ਅਰਥ ਵੀ ਨਹੀਂ ਦਿਸ ਰਹੇ! ਕਿੱਥੇ ਚਲਾ ਗਿਆ ਹੈ ਚਾਨਣ ਜ਼ਹਾਨ ਦਾ ਰੌਸ਼ਨੀ ਮੇਰੇ ਸੁੰਨੇ ਘਰਾਂ ਦੀ ਮਰਦਾਨਾ ਵੀ ਨਜ਼ਰ ਨਹੀਂ ਆਉਂਦਾ ਇੱਕਲਾ ਰਹਿ ਗਿਆ ਹੈ ਸੂਰਜ ਕਿਤੇ ਸ਼ਬਦ ਰਬਾਬ ਰਾਗ ਕਿੰਜ਼ ਵਿੱਛੜ ਸਕਦੇ ਹਨ ਨਹੀਂ ਇਹ ਯਾਰੀ ਨਹੀਂ ਟੁੱਟ ਸਕਦੀ ਇਹ ਸੁਗੰਧ ਕੌਣ ਮਿਟਾ ਸਕਦਾ ਹੈ ਕੀ ਕਰੇਗੀ ਕੋਈ ਪਵਨ ਇਕੱਲੀ ਮਹਿਕਾਂ ਤੋਂ ਸੱਖਣੀ ਸੰਗਤ ਦੀਆਂ ਭੀੜਾਂ ਏਨੀਆਂ ਸ਼ਬਦ ਵਾਲਾ ਕਿੱਥੇ ਚਲਾ ਗਿਆ ਹੈ ਰਬਾਬ ਵੀ ਨਹੀਂ ਬੋਲਦੀ ਤਾਰ ਤਾਰ ਚੁੱਪ ਬੈਠੀ ਹੈ 'ਕੱਲੀ ਤਰੰਗਾਂ ਨਹੀਂ ਜਾਗੀਆਂ ਲੱਭਦਾ ਨਹੀਂ ਸਰਗਮ ਸੰਗੀਤ ਵੀ ਬੇਪਛਾਣ ਹੋ ਗਿਆ ਹੈ ਚਿਹਰੇ ਬਹੁਤ ਨੇ ਰਾਗ ਨਹੀਂ ਦਿਸ ਰਿਹਾ ਤਾਲ ਨਹੀਂ ਲੱਭਦੇ ਸਾਜ਼ 'ਚੋਂ ਸੁਰ ਨਹੀਂ ਉੱਗ ਰਹੇ ਰਬਾਬ 'ਚੋਂ ਰੰਗ ਨਹੀਂ ਉੱਡ ਰਹੇ ਗੁਲਾਬ 'ਚੋਂ ਲਹਿਰਾਂ ਨਹੀਂ ਜਾਗ ਰਹੀਆਂ ਆਬ 'ਚੋਂ ਜੇ ਨਾਨਕ ਨਾ ਮੇਰਾ ਆਇਆ ਜੇ ਓਹਨੇ ਹੱਥ ਛੁਹ ਜਾਦੂ ਨਾ ਵਿਛਾਇਆ ਤਾਂ ਮਨ ਬੇਚੈਨ ਹੋ ਜਾਣਗੇ ਲਿਆਉਨਾ ਕਿਤਿਓਂ ਲੱਭ ਕੇ ਫਿਰਦਾ ਹੋਣਾ ਕਿਤੇ ਮਰਦਾਨੇ ਬਾਲੇ ਯਾਰਾਂ ਨਾਲ ਮਹਿਰਮ ਬਿਨ ਕਦ ਜਗੇ ਨੇ ਦੀਪਕ ਆਸ਼ਕ ਉਂਗਲਾਂ ਬਿਨ ਕਦ ਬੋਲੀਆਂ ਨੇ ਤਾਰਾਂ

ਆਪਣੇ ਹੀ ਰਾਹ ਦੇ

ਆਪਣੇ ਹੀ ਰਾਹ ਦੇ ਕੰਡੇ ਚੁਗ ਕੇ ਮੈਂ ਸਮਝ ਬੈਠਾ ਕਿ ਕਿੱਡੀ ਮਹਾਨਤਾ ਸਮੇਟ ਲਈ ਹੈ ਜੰਗ ਜਿੱਤ ਲਈ ਹੈ ਰਾਹਾਂ ਦੀ ਇਕ ਸਿਤਾਰਾ ਟੁੱਟਣ ਵੇਲੇ ਹੱਸਦਾ ਹੱਸਦਾ ਬੋਲਿਆ ਦੱਸ ਕਿੱਥੇ ਉੱਤਰਾਂ ਜਿਹੜੀ ਥਾਂ ਤੇ ਰੋੜ ਕੰਡੇ ਨਹੀਂ ਖਿੱਲਰੇ ਕਿਹੜੀ ਜੀਭ ਨਹੀਂ ਟੁੱਕੀ ਹੋਈ ਦੁਨੀਆਂ 'ਤੇ ਕਿੱਥੇ ਜਾਣ ਲਰਜ਼ਦੇ ਗੀਤ ਕਿੱਥੇ ਗਾਉਣ ਹਵਾਵਾਂ ਆਵਾਜਾਂ ਚੁੱਪ ਹੋ ਗਈਆਂ ਨਾਹਰੇ ਘਰੋ ਘਰੀਂ ਚਲੇ ਗਏ ਮੇਰਾ ਵਿਸ਼ੀਅਰ ਤਾਂ ਅਜੇ ਬੋਲਿਆ ਹੀ ਨਹੀਂ ਏਦਾਂ ਨਹੀਂ ਖਤਮ ਹੋਣੀਆਂ ਬਾਤਾਂ ਰਾਜਾ ਰਾਣੀ ਮਰ ਗਏ ਤਾਂ ਕਿਥੇ ਰੱਖਾਂਗਾ ਮੈਂ ਟੁੱਟੇ ਬੱਚਿਆਂ ਦੇ ਖਿਡੌਣੇ ਤੋਤਲੇ ਰੋਂਦੇ ਬੋਲ ਮਾਵਾਂ ਨੂੰ ਟੁੱਟਿਆ ਫੁੱਟਿਆ ਅੱਧਾ ਚੰਨ ਵਿਹੜੇ ਵਿਚ ਡਿੱਗੇ ਸਹਿਕਦੇ ਸਿਤਾਰੇ ਤੇਰੀ ਜ਼ਹਿਰ ਨਫਰਤ ਦੀ ਕਹਾਣੀ ਦਾ ਅੰਤ ਸੀਨੇ ਵਿਚ ਤਰਨ ਵਾਲੇ ਖੰਜਰ ਨੇ ਹੀ ਕਰਨਾ ਹੈ ਤੇਰੇ ਸੀਨੇ ਉੱਤੋਂ ਤਾਂ ਜ਼ਖਮੀ ਰਾਤ ਨੂੰ ਤਗਮਿਆਂ ਦੀ ਲਿਸ਼ਕ ਵਿਖਾਉਣੀ ਸੀ ਤੇਰੇ ਚਾਅ ਤਾਂ ਮੇਰੀ ਤਲਵਾਰ 'ਤੇ ਲਿਖੇ ਹੋਏ ਨੇ ਤੇਰੇ ਮੱਥੇ ਦੀ ਕਲਗੀ ਤਾਂ ਮੇਰਾ ਪਹਿਲਾ ਤੀਰ ਉਡਾਏਗਾ ਜਰਾ ਸਜ ਧਜ ਕੇ ਆਵੀਂ ਦਰਬਾਰ ਵਿਚ ਅਲਵਿਦਾ ਕਹਿ ਕੇ ਆਵੀਂ ਘਰ ਦੀਆਂ ਪੌੜੀਆਂ ਨੂੰ ਸਿਰ ਤਾਂ ਨੀਵਾਂ ਕਰ ਤੇਰੇ ਹਾਰ ਪਾਵਾਂ ਮੁੱਕਤੀ ਦੇ ਧਾਗੇ ਨਾਲ ਪਰੋਇਆ ਰੂਹਾਂ ਨੇ ਜੜਿਆ ਧੁੱਪਾਂ 'ਚ ਪੜ੍ਹਿਆ ਕਰ ਲੈ ਯਾਦ ਸਾਰੇ ਸੁਪਨੇ ਖਿਡੌਣੇ ਵੇਖ ਲੈ ਬਚਪਨ ਦੇ ਇਕ ਵਾਰ ਫਿਰ ਤੇਰੀ ਆਖਰੀ ਖਾਹਿਸ਼ 'ਤੇ ਅਰਪਣ ਕਰਨੀ ਹੈ ਇਹ ਭੇਟ ਮਿਣ ਲੈ ਸੀਨਾ ਗਿਣ ਲੈ ਲਾਸ਼ਾਂ ਅੱਜ ਦੇਖੀਂ ਚੁਰਾਹੇ 'ਚ ਸਲੀਬ 'ਤੇ ਕਿਹਦੀ ਰੀਝ ਲਟਕੇਗੀ ਕਿਹਦਾ ਤੀਰ ਪਹਿਲਾਂ ਡੁੱਬੇਗਾ ਹਿੱਕ ਵਿਚ ਲੰਬਾ ਜੇਹਾ ਸਾਹ ਇਕ ਲੈ ਜੋ ਕਹਿਣਾ ਇਕ ਵਾਰ ਫਿਰ ਕਹਿ ਸੂਰਜਾਂ ਤੋਂ ਕਦੇ ਨਹੀਂ ਬਚਦੀਆਂ ਹੁੰਦੀਆਂ ਕਾਲੀਆਂ ਰਾਤਾਂ ਕਦੇ ਨਹੀਂ ਮੁੱਕਦੀਆਂ ਹੁੰਦੀਆਂ ਰਾਜੇ ਰਾਣੀ ਦੇ ਮਰ ਜਾਣ ਨਾਲ ਬਾਤਾਂ

ਹੁਣੇ-ਹੁਣੇ ਆਇਆ ਹਾਂ ਓਥੋਂ

ਹੁਣੇ-ਹੁਣੇ ਆਇਆ ਹਾਂ ਓਥੋਂ ਜਿੱਥੇ ਕਿਤੇ-ਕਿਤੇ ਮੇਰੇ ਬੋਹੜ ਪਿੱਪਲ ਖੜੇ ਅਜੇ ਵੀ ਉਡੀਕਦੇ ਹਨ ਮੈਂਨੂੰ ਮਿੱਟੀ ਉਡ-ਉਡ ਚਾਅ ਨਾਲ ਗਲ ਲੱਗੀ ਕਹਿੰਦੀ ਐਤਕੀਂ ਲੈ ਚਲ ਮੈਂਨੂੰ ਵੀ ਨਾਲ ਮੇਰਾ ਵੀ ਨਹੀਂ ਹੁਣ ਤੇਰੇ ਬਗੈਰ ਕੁਝ ਲੱਗਦਾ ਕੋਈ ਨਹੀਂ ਰਿਹਾ ਹੁਣ ਤੇਰੇ ਵਰਗਾ ਦਿਲ ਦੀ ਪੁੱਛਦਾ ਦਿਲ ਦੀ ਕਰਦਾ ਚੰਦਰਿਆ ਆਪ ਤਾਂ ਮੁੜ ਜਾਨਾ ਏ ਸਾਡੇ ਕਰੇਦ ਕੇ 'ਕੱਲੇ ਛੱਡ ਜਾਨਾ ਏ ਜ਼ਖਮ ਬਾਅਦ ਦਸ ਕਿਹਦੇ ਗਲ ਲੱਗ ਲੱਗ ਰੋਣ ਇਹ ਬੂਹੇ ਕਿਹਦੇ ਜੋਗੀਆਂ ਸੁੰਨੀਆਂ ਰਾਤਾਂ ਚੁੰਨੀਆਂ ਦੇ ਹੰਝੂਆਂ ਨਾਲ ਨੁੱਚੜਦੇ ਲੜਾਂ ਕੋਲ ਕਿੱਥੇ ਹੁੰਦੇ ਨੇ ਮੋਢਿਆਂ ਤੇ ਰੱਖਣ ਵਰਗੇ ਧਰਵਾਸ ਰਾਹਾਂ ਕੋਲ ਕਿੱਥੇ ਬਚਦੀਆਂ ਨੇ ਥੱਕੇ ਹੋਏ ਪੈਂਡਿਆਂ ਲਈ ਕੋਸੀਆਂ-ਕੋਸੀਆਂ ਟਕੋਰਾਂ ਦਰਾਂ ਨੇ ਦੁੱਖ ਸੁੱਖ ਫਰੋਲੇ ਘਰ ਨੇ ਬਾਤਾਂ ਸੁਣਾਈਆਂ ਰਾਜੇ ਰਾਣੀ ਦੀਆਂ ਚਿਰਾਂ ਤੋਂ ਸੁੰਨੇ ਬਨੇਰੇ ਨੇ ਵੀ ਓਸ ਦਿਨ ਕਾਂ ਉਡਾਏ ਘਰ ਦਾ ਉਜੜਿਆ ਸੰਸਾਰ ਪਲ ਭਰ ਲਈ ਹੰਝੂਆਂ ਦੇ ਗੀਤਾਂ ਨਾਲ ਵਸਿਆ ਹਸਿਆ ਬੇਰੀ ਤੇ ਓਦਣ ਫਿਰ ਤੋਤੇ ਆ ਗਏ ਸਨ ਟੁੱਕਣ ਲਗ ਪਏ ਸਨ ਦੋ ਚਾਰ ਲਗੇ ਅਮਰੂਦ ਨੇੜੇ ਲਾਏ ਮੇਰੇ ਅਮਰੂਦ ਤੋਂ ਨਲਕੇ ਦੀ ਗੁਆਚੀ ਹੱਥੀ ਨਾ ਲੱਭੀ ਮਾਂ ਦੀ ਘੁੰਮਦੀ ਚੱਕੀ ਨਾ ਦਿਸੀ ਮਧਾਣੀਆਂ ਕਿੱਥੇ ਘੰਮ-ਘੁੰਮ ਕਰਦੀਆਂ ਨੇ ਰਬ ਜੇਹੇ ਹੱਥਾਂ ਬਗੈਰ ਕਦ ਸੂਰਜ ਪੱਕਦੇ ਨੇ ਸੁਨਹਿਰੀ ਚੰਨ ਤਾਰਿਆਂ ਦੀ ਪਰਾਤ ਬਿਨ ਕੋਈ ਨਹੀਂ ਡੱਠਦੀ ਪੀੜੀ ਜਿੰਨਾ ਚਿਰ ਦਾਦੀ ਦਾ ਚਰਖਾ ਨਾ ਘੂਕੇ ਬੰਦ ਸਕੂਲ 'ਚ ਪਈਆਂ ਰਹਿ ਗਈਆਂ ਪੈੜਾਂ ਅੱਡੀਆਂ ਚੱਕ-ਚੱਕ ਦੇਖੀਆਂ ਸਜਾਵਾਂ ਦਿੰਦੇ ਮਾਸਟਰਾਂ ਦੇ ਨਕਸ਼ ਕੱਠੇ ਕੀਤੇ ਬੰਟੇ ਖੇਡਣ ਲਈ ਖੁਤੀਆਂ ਦੇ ਨਗਮੇਂ ਗਿਣੇ ਮਝਾਂ ਗਾਵਾਂ ਦੇ ਸੰਗਲਾਂ 'ਚੋਂ ਕਏ ਗੀਤ ਮਿਣੇ ਹਥੀਂ ਲਾਏ ਰੁੱਖਾਂ ਦੇ ਦੁੱਖ ਸੁਣੇ ਪਿੰਡ ਦੇ ਪਿਆਰ 'ਚੋਂ ਬਚੇ ਚਾਅ ਪੁਣੇ ਤਸਵੀਰਾਂ ਦੀਆਂ ਤਹਾਂ 'ਚ ਸਾਂਭ-ਸਾਂਭ ਕੇ ਲੁਕੋ ਕੇ ਲੈ ਆਇਆ ਹਾਂ ਪੰਜਾਬ ਦੀ ਧੁਦਲ ਦੀ ਸੁਗੰਧ ਧਰਤ ਕਿ ਜਿੱਥੇ ਕਿ ਦਿਨ ਵੀ ਮੇਰਾ ਗੀਤ ਨਾ ਵਿਸਰਿਆ ਦੁਖੀ ਨਾ ਹੋਈ ਕੋਈ ਵੀ ਰਾਗ ਮੇਰੀ ਤਰਜ਼ ਦੀ ਗਲਵੱਕੜੀਆਂ 'ਚ ਲੋਹੜੇ ਦੀ ਮਹਿਕ ਸੀ ਬੋਲਾਂ ਚ ਬੇਹੱਦ ਸੀ ਮਿਠਤ ਸਾਹਾਂ ਨੂੰ ਗਲ ਲੱਗਣ ਦੀ ਕਾਹਲ ਸੀ ਰਾਤ ਦਿਨ ਇੰਝ ਹਾਲੋ ਬੇਹਾਲ ਸੀ

ਉਹਦੀਆਂ ਅੱਖਾਂ ਦੀ

ਉਹਦੀਆਂ ਅੱਖਾਂ ਦੀ ਪਹਿਲੀ ਲਿਸ਼ਕ ਨੇ ਚੰਨ ਬੁਝਾ ਦਿੱਤਾ ਸੀ ਉਸ ਦਿਨ ਸਾਰੇ ਪਿੰਡ 'ਚ ਰੌਸ਼ਨੀ ਹੋਈ ਸੀ ਜਦ ਵਿਹੜੇ ਨੇ ਬੂਹੇ ਖੋਲੇ ਸਨ ਉਹਦੇ ਲਈ ਬੀਜੀ ਨੇ ਕੱਚੀ ਲੱਸੀ ਪੀਤੀ ਸੀ ਮੇਰੇ ਰੋਕਦਿਆਂ ਰੋਕਦਿਆਂ ਵੀ ਏਦਾਂ ਹੀ ਕੁਝ ਉਦੋਂ ਹੋਇਆ ਸੀ ਜਦ ਉਹਨੂੰ ਪਹਿਲੀ ਵਾਰ ਤੱਕਿਆ ਸੀ ਕਲਾਸ ਲੈਣ ਜਾਂਦੀ ਨੂੰ ਦਿਨ ਨੂੰ ਸਿਤਾਰੇ ਜੇਹੇ ਲਗ ਗਏ ਸਨ ਕਿਹੜੀ ਗੁਆਂਢਣ ਨਹੀਂ ਸੀ ਆਈ ਮੁੱਖ ਤੋਂ ਪੱਲਾ ਚੱਕ ਚੱਕ ਵਾਰ ਵਾਰ ਮੂੰਹ ਦੇਖਣ ਬਿਜਲੀ ਦਾ ਝਟਕਾ ਤਾਂ ਕੁਝ ਵੀ ਨਹੀਂ ਹੁੰਦਾ ਅੱਖਾਂ ਨੂੰ ਜਿਵੇਂ ਝਮਕਣਾ ਭੁੱਲ ਗਿਆ ਸੀ ਉਸ ਪਲ ਜਦ ਮਾਮੀਆਂ ਮਾਸੀਆਂ ਨੇ ਮੁਸਕਰਾਹਟ ਨਾਲ ਤੱਕਿਆ ਸੀ ਮੇਰੇ ਵੱਲ ਮੂੰਹ ਦੇਖ ਕੇ ਪੰਮੀ ਦਾ ਦੁਪਹਿਰ ਉਦਣ ਜਨਮੀ ਸੀ ਸ਼ਾਇਦ ਸ਼ਾਮ ਉਦਣ ਜਗੀ ਸੀ ਖਬਰੇ ਰੰਗਾਂ ਨੂੰ ਮੁਕਟ 'ਤੇ ਸਜਾ ਕੇ ਮੁਸਕਰਾਹਟ ਮਿਲੀ ਸੀ ਗੁਲਾਬ ਦੀਆਂ ਪੱਤੀਆਂ ਨੂੰ ਰੰਗ ਮਿਲਿਆ ਸੀ ਬੁੱਲਾਂ ਤੋਂ ਸੂਹਾ ਜਿਹਾ ਦਲਾਨ ਨੂੰ ਜਿਵੇਂ ਮਹਿਕਣੀ ਸ਼ੀਸੀ ਜੇਹੀ ਲੱਭ ਗਈ ਹੋਵੇ ਅਤਰ ਫਲੇਲ ਵਾਲੀ ਚੰਨਣ ਦੀਆਂ ਡਾਲੀਆਂ ਲੈ ਆਇਆ ਹੋਵੇ ਕੋਈ ਸਾਡੇ ਘਰ ਉਸ ਦਿਨ ਧੁੱਪ ਦੀਆਂ ਕਿਰਨਾਂ ਜਨਮੀਆਂ ਸਨ ਸਾਡੀਆਂ ਤਾਜ਼ਾ ਲਿੱਪੀਆਂ ਕੰਧਾਂ 'ਤੇ ਆਵਾਜ਼ ਮਿਲੀ ਸੀ ਚੁੱਪ ਜਿਹੀ ਚੁਬਾਰੇ ਦੀ ਹਨੇਰੀ ਰਾਤ ਨੂੰ ਗੀਤ ਕਿਸੇ ਨੇ ਤਰਜ਼ ਲਈ ਅਰਜ਼ ਕੀਤੇ ਸੀ ਸੁਰੀਲੀ ਜਿਹੀ ਆਵਾਜ਼ ਨੂੰ ਜੋ ਸੁਣੀ ਛੁਹੀ ਤੇ ਮਾਣੀ ਜਿਵੇਂ ਕੋਈ ਜਲ ਤਰੰਗਾਂ ਨੂੰ ਛੁੰਹਦਾ ਨਾ ਰੱਜਦਾ ਹੋਵੇ ਚੁੱਪ ਰਾਤ 'ਚ ਬੰਸਰੀ ਦੇ ਬੁੱਲਾਂ ਨੂੰ ਜਿਵੇਂ ਕੋਈ ਵਧੀਆ ਸੁਰ ਮਿਲ ਜਾਣ ਬੁਣਦਾ ਹੋਵੇ ਕੋਈ ਹੋਟਾਂ ਨਾਲ ਤਰੰਨਮ ਅਨਹਦ ਇਸ਼ਕ ਤੁਰਦਾ ਹੈ ਮਟਕ ਮਟਕ ਜਦੋਂ ਇੰਜ ਕਿਸੇ ਨਵੇਂ ਪਿਆਰ ਦੀ ਕਹਾਣੀ ਖਿੜਦੀ ਹੈ ਜੋਤ ਜਗਦੀ ਹੈ ਦੋ ਰੂਹਾਂ 'ਚੋਂ ਇਕਮਿੱਕ ਹੋ ਕੇ ਜਨਮਦਿਨ ਤੇਰਾ ਤਾਂ ਪਰ ਸੁਰਗ ਮਾਨਣ ਵਰਗਾ ਹੈ ਤੇਰੇ ਬੁੱਲ੍ਹਾਂ ਦੀਆਂ ਅਲੀਚੀਆਂ ਚੂਸਣ ਵਾਂਗ ਗੱਲਾਂ ਦੇ ਮਿੱਠੇ ਸਵਾਦੀ ਸੇਬ ਦੇ ਚਖ ਲੈਣ ਵਾਂਗ ਜਦੋਂ ਸਵਰਗ ਸੌਂ ਜਾਂਦੇ ਨੇ ਅਸਮਾਨ ਬੁੱਝ ਜਾਂਦਾ ਹੈ ਸੂਰਜ ਨੂੰ ਨਿੱਘ ਨਹੀਂ ਮਿਲਦਾ ਤਾਂ ਤੇਰੇ ਕੋਲ ਆਉਂਦਾ ਹੈ ਕੋਈ ਠਰਿਆ ਕੰਬਦਾ ਬੁੱਲਾ ਜਿਹਨੇ ਅਜੇ ਕਿਸੇ ਕੁਆਰੀ ਡੰਡੀ 'ਤੇ ਤੁਰਨਾ ਸਿੱਖਣਾ ਹੁੰਦਾ ਹੈ ਫਿਸਲ ਫਿਸਲ ਕੇ ਦੇਖੋ ਅੱਜਕਲ੍ਹ ਸੂਰਜ ਵੀ ਅੱਗਾਂ ਮੰਗਦੇ ਫਿਰਦੇ ਹਨ ਤੇ ਚੰਦ ਬਲਦੇ ਫਿਰਦੇ ਨੇ ਅੱਗਾਂ 'ਚ ਦਿਨ ਕਦ ਚੜਦੇ ਰਹੇ ਰਾਤ ਕਦ ਪੈ ਜਾਂਦੀ ਸੀ ਕਈ ਨਹੀਂ ਜਾਣਦਾ ਜ਼ਿੰਦਗੀ ਕਿੱਥੇ ਲਿਖੀ ਹੁੰਦੀ ਹੈ ਸਾਹ ਕਿੰਜ਼ ਇਕ ਹੋ ਜਾਂਦੇ ਹਨ ਦੋ ਜ਼ਹਾਨਾਂ ਦੇ ਸ਼ਾਇਦ ਮੇਰੀਆਂ ਸ਼ੁਭ ਕਾਮਨਾਵਾਂ 'ਚ ਹੋਣਾ ਕਿਤੇ ਜਨਮਦਿਨ ਤਾਂ ਤੇਰਾ ਹੈ ਮੇਰੇ ਲਈ ਤਾਂ ਜ਼ਿੰਦਗੀ ਦਾ ਰਾਹ ਹੈ ਅਜੇ ਕੱਤਣ ਲਈ ਅਜੇ ਢੇਰ ਸਾਰੀਆਂ ਪੂਣੀਆਂ ਤਰਨ ਨੂੰ ਹਿੱਕ 'ਤੇ ਲੱਖ ਸਾਗਰ ਸੁਣਨ ਨੂੰ ਅਨੇਕਾਂ ਸੁਫਨੇ ਬੁਣਨ ਨੂੰ ਲੱਖਾਂ ਰਾਗ ਗਾਉਣ ਨੂੰ ਅਨੇਕਾਂ ਨਗਮੇਂ ਝੂਟਣ ਨੂੰ ਸੌ ਸਤਰੰਗੀਆਂ ਪੀਘਾਂ

ਕੰਢੇ 'ਤੇ ਨਿਰਾਸ਼ ਖੜ੍ਹਾ ਹੈ

ਕੰਢੇ 'ਤੇ ਨਿਰਾਸ਼ ਖੜ੍ਹਾ ਹੈ ਸੂਰਜ ਡੁੱਬਣ ਨੂੰ ਥੱਕਿਆ ਟੁੱਟਿਆ ਮਜ਼ਦੂਰੀ ਮੰਗਦਾ ਬੇਘਰਾਂ ਨੂੰ ਘੱਲ ਦਿਓ ਮੇਰੇ ਲਈ ਆਏ ਤੂਫ਼ਾਨ ਰਹਿਣ ਦਿਓ ਮੇਰਾ ਸੁਨਹਿਰੀਆਂ ਰਿਸ਼ਮਾਂ ਵਾਲਾ ਲੈਂਪ ਬੂਹੇ ਤੇ ਲਟਕਦਾ ਜ਼ਮੀਨ ਤੋਂ ਜ਼ਮੀਨ ਤੱਕ ਸਵੇਰ ਦਾ ਟੁਰ ਕੇ ਆਇਆ ਹਾਂ ਸੁੱਝਿਆਂ ਪੈਰਾਂ ਨਾਲ ਔਰਤ ਵੀ ਹੈ ਇਕ ਮੋਰਚੇ ਤੋਂ ਪਰਤੀ ਜਿਸ ਦਾ ਹੁਸਨ ਅੱਗ ਦੀ ਲਾਟ ਵਰਗਾ ਹੈ ਉਸਦਾ ਨਾਮ ਹੈ ਅੰਗਾਂ 'ਚ ਕੈਦ ਕੀਤੀ ਅਸਮਾਨੀ ਬਿਜਲੀ ਉਸ ਦੀ ਹਲਕੀ ਅੱਖਾਂ ਦੀ ਪਲਕ ਝਪਕ ਵਿਸ਼ਵ ਵਿਆਪੀ ਸੁਆਗਤ ਬਣ ਜਾਂਦਾ ਹੈ ਪੁਰਾਣੀਆਂ ਮਿੱਟੀਆਂ ਨੂੰ ਕਹੋ ਬੋਲਣਾ ਸਿੱਖੋ ਚੁੱਪ ਬੁੱਲ੍ਹ ਕੀ ਕਰਨਗੇ ਥੱਕੇ ਗਰੀਬ ਤਾਰੇ ਕਦ ਤੱਕ ਜਗਣਗੇ ਪੂਰੀਆਂ ਅੱਖਾਂ ਖੋਲ੍ਹ ਕੇ ਲੋਕ ਕਦ ਤੱਕ ਤਰਸਦੇ ਰਹਿਣਗੇ ਸਾਹ ਲੈਣ ਲਈ

ਹੂ ਬਾ ਹੂ ਤੇਰੇ ਵਰਗੀ

ਹੂ ਬਾ ਹੂ ਤੇਰੇ ਵਰਗੀ ਹੋ ਗਈ ਹੈ ਕਵਿਤਾ ਨਾ ਤਾਂ ਸੌਣ ਦਿੰਦੀ ਹੈ ਤੇ ਨਾ ਹੀ ਰੱਜ ਕੇ ਰੋਣ ਮਿਲਦੀ ਹੈ ਤਾਂ ਬਹਾਨੇ ਗਿਣਦੀ ਕੋਲ ਬਹਿੰਦੀ ਇਸ਼ਕ-ਏ-ਕਦ ਮਿਣਦੀ ਇਕ ਇਕ ਗੱਲ ਸਮੇਂ 'ਚ ਚਿਣਦੀ ਮਹਿਕ ਜੇਹੀ ਜਿਵੇਂ ਗੱਲਾਂ ਕਰਦੀ ਪੌਣ ਸੁਗੰਧ ਮੁਹੱਬਤੋਂ ਡਰਦੀ ਪੁੱਛਾਂ ਉਹਨੂੰ ਦਿਲ ਤਾਂ ਕਰਦਾ ਕਿੰਜ ਤੇਰਾ ਬਿਨ ਚੰਦ ਤੋਂ ਸਰਦਾ ਕੌਣ ਤੇਰੇ ਨਾਲ ਗੱਲਾਂ ਕਰਦਾ ਕੋਈ ਤਾਂ ਹੋਣਾ ਯਾਦਾਂ ਵਰਗਾ ਕਦੇ ਜੂੜੇ 'ਚ ਸੀ ਤਾਰੇ ਜੜਦਾ ਏਡੀ ਛੇਤੀ ਨਹੀਂ ਚੇਤਿਓਂ ਮਰਦਾ ਪੁੱਛਾਂ ਉਹਨੂੰ ਕਿ ਹੁਣ ਕਿਹੜਾ ਨੋਟ ਗਿਣਾ ਲਏ ਸਨ ਕਿਸੇ ਨੇ ਨਾ ਹੀ ਤੂੰ ਸੁੱਤੀ ਪਈ ਸੈਂ ਕਿ ਕਿਸੇ ਨੇ ਸਰ੍ਹਾਣੇ ਨਾਲ ਬੰਨ੍ਹ ਦਿਤਾ ਹੋਵੇ ਗ੍ਰਹਿਣਿਆ ਚੰਦ ਜੇ ਆ ਹੀ ਗਈਂ ਏਂ ਤਾਂ ਅੱਧੀ ਬਣ ਕੇ ਨਾ ਆਵੀਂ ਅੱਧਖਿੜੇ ਫੁੱਲ ਤੇ ਬੁੱਲ੍ਹ ਕਿਸੇ ਨੂੰ ਨਹੀਂ ਮੋਹਦੇਂ ਚੱਲ ਓਹ ਵੇਲਾ ਯਾਦ ਕਰੀਏ ਜਦ ਆਪਾਂ ਇਕ ਦੂਸਰੇ ਦੀਆਂ ਸੱਜਰੀਆਂ ਪੈੜਾਂ ਦੀ ਧੂੜ ਇਸ਼ਕ ਨੂੰ ਛੁਹਾ ਹਿੱਕਾਂ ਨੂੰ ਲਾਉਂਦੇ ਹੁੰਦੇ ਸਾਂ ਚੁੱਕ ਚੁੱਕ ਤੇ ਤੂੰ ਕਹਿੰਦੀ ਹੁੰਦੀ ਸੀ ਤੂੰ ਪਤਾ ਨਹੀਂ ਕਿਹੜੇ ਤਵੀਤ ਘੋਲ ਕੇ ਪਿਲਾਏ ਹੋਏ ਆ ਕਿ ਮੇਰਾ ਤੇਰੇ ਅੱਗੇ ਪਿੱਛੇ ਹੀ ਫਿਰਨ ਨੂੰ ਜੀਅ ਕਰਦਾ ਰਹਿੰਦਾ ਹੈ ਤੇ ਹਾਂ ਇਕ ਵਾਰ ਤੈਂ ਇਹ ਵੀ ਕਿਹਾ ਸੀ ਕਿ ਕਿ ਮੁਹੱਬਤ ਕਹਿੰਦੀ ਹੈ ਜੇ ਯਾਰ ਦੀ ਬੁੱਕਲ 'ਚ ਮਰੀਏ ਤਾਂ ਸੁਰਗਾਂ ਨੂੰ ਜਾਈਦਾ ਏਹੀ ਵਿਸ਼ਵਾਸ ਹੈ ਜਹਾਨ ਦਾ ਹਰ ਮੁਕਾਮ ਦਾ ਹਰ ਪੈਗਾਮ ਦਾ

ਔਰਤ

ਸੁਹੱਪਣਤਾ ਦਾ ਚੰਨ ਮਹਿਕਾਂ ਦੀ ਪੌਣ ਪਰਿਵਾਰ, ਸਮਾਜ ਦੇਸ਼ ਕਲਪਨਾ ਮਨੁੱਖ ਦੀ ਵਿਅਕਤੀਤਵ ਚੇਤਨਾ ਸੰਸਕਾਰਾਂ ਦਾ ਨਿਰਮਾਣ ਤਿਆਗ ਪੂਰਨ ਬਲੀਦਾਨ ਜੀਵਨ ਜਿਊਣ ਭਾਸ਼ਾ ਸਹਿਣਸ਼ੀਲਤਾ ਦੀ ਸਿਖ਼ਰ ਸੱਭਿਅਤਾ ਅਤੇ ਸੱਭਿਆਚਾਰ ਵਿਸ਼ਵਾਸ, ਆਤਮ-ਨਿਰਭਰਤਾ ਆਤਮ-ਰੱਖਿਆ ਜਲ, ਥਲ ਅਤੇ ਆਕਾਸ਼ ਸਿਨੇਮਾ, ਖੇਡ ਜਗਤ ਚੰਦ ਹੁਸਨ ਨੂੰ ਛੂਹਣ ਦਾ ਸੁਪਨਾ ਅਗਿਆਨਤਾ ਅੰਧਕਾਰ ਤੋਂ ਦੂਰ ਗਿਆਨ ਪ੍ਰਕਾਸ਼ ਦਹੇਜ, ਬਲਾਤਕਾਰ, ਭਰੂਣ-ਹੱਤਿਆ ਸਵੈ ਬਲੀਦਾਨ ਘਰੇਲੂ ਹਿੰਸਾ ਦਾ ਆਲਮ ਗੀਤਾਂ, ਫ਼ਿਲਮਾਂ ਅਤੇ ਸਾਹਿਤ 'ਚ ਚਿੰਤਨ ਨਿਰਮਾਣਤਾ ਲਈ ਉਮੀਦ ਘਿਨਾਉਂਣੀਆਂ ਵਾਰਦਾਤਾਂ ਤਸ਼ੱਦਦ ਦੀ ਸ਼ਾਮ ਪੀੜਤ, ਕਮਜ਼ੋਰ ਵਰਗ ਬੇਸਹਾਰਾ, ਅਸੁਰੱਖਿਅਤ ਸਹਾਇਤਾ ਦਾ ਸੰਕਲਪ ਸਮਾਨਤਾ, ਸੰਤੁਲਨ ਇਕਸੁਰਤਾ ਦੀ ਕਿਤਾਬ ਪਿਆਸਾ ਗੁਲਾਬੀ ਫੁੱਲ ਵਿਹੜੇ 'ਚ ਤਰਦਾ ਫਿਰਦਾ ਗੀਤ ਅੰਬਰ ਵਰਗਾ ਸੁਰਮਈ ਨਗ਼ਮਾਂ ਝਨਾਂ 'ਤੇ ਉੱਡਦੀ ਮੁਹੱਬਤ ਕੈਨਵਸ ਦੀ ਜ਼ਿੰਦ ਜਾਨ ਰਾਤਾਂ ਦੀ ਗਾਉਂਦੀ ਬੰਸਰੀ ਦਾ ਸੁਫਨਾ ਗੱਭਰੂਆਂ ਦੀਆਂ ਰਾਤਾਂ ਦੀ ਭੁੱਖ ਪਿਆਸ ਅਰਸ਼ ਦੀ ਅੰਗੜਾਈ ਨਜ਼ਰਾਂ ਦਾ ਜਾਦੂ ਨਖ਼ਰਿਆਂ ਦਾ ਆਲਮ

ਘਰ ਸਨ

ਘਰ ਸਨ ਘਰਾਂ ਨੂੰ ਦੌੜਦੇ ਸਨ ਸੂਰਜ ਸਾਰਾ ਸਾਰਾ ਦਿਨ ਥੱਕ ਟੁੱਟ ਕੇ ਭੁੱਖ ਲੱਗਦੀ ਸੀ ਬੂਹਿਆਂ ਦੀ ਮੋਹ ਜਾਗਦੇ ਸਨ ਦਰਾਂ ਦੇ ਓਹੀ ਘਰ ਜਿਸ ਦਿਨ ਦੇ ਮਕਾਨ ਬਣ ਗਏ ਹਨ ਕਿਸੇ ਦੀ ਵੀ ਰੂਹ ਨਹੀਂ ਕਰਦੀ ਘਰਾਂ ਨੂੰ ਪਰਤਣ ਲਈ ਮਕਾਨਾਂ 'ਚ ਕਿਹੜਾ ਜਾਂਦਾ ਹੈ ਅੱਜਕਲ੍ਹ ਕਿਹੜਾ ਲਾਉਂਦਾ ਹੈ ਨੇਹ ਬਿਨ ਤਸਵੀਰਾਂ ਦੀਵਾਰਾਂ ਨਾਲ ਜਿਹਨਾਂ ਬੋਟਾਂ ਲਈ ਆਲ੍ਹਣੇ ਉਸਾਰੇ ਸਾਰੇ ਹੀ ਫੁੱਟਦਿਆਂ ਪਰਾਂ ਦੇ ਸਹਾਰੇ ਧਰਤ ਅਕਾਸ਼ਾਂ ਨੂੰ ਅਲਵਿਦਾ ਕਹਿ ਉੱਡ ਗਏ ਘਰ ਮਕਾਨ ਬਣ ਗਏ ਸਨ ਓਦਣ ਖੇਤਾਂ 'ਚ ਖੜ੍ਹੀਆਂ ਫਸਲਾਂ ਸਿਸਕੀਆਂ ਸਨ ਓਸ ਦਿਨ ਇੰਜ ਪਿੰਡ ਪਿੰਡ ਹੋਇਆ ਸ਼ਹਿਰਾਂ ਦੀਆਂ ਗਲੀਆਂ ਵੀ ਸੁੰਨੀਆਂ ਹੋਈਆਂ ਛੱਤਾਂ ਚੋਈਆਂ ਸਨ ਹੰਝੂਆਂ ਨਾਲ ਸਾਰੀ ਸਾਰੀ ਰਾਤ ਅੰਬਰ ਉੱਚੇ ਹੋ ਗਏ ਡਿਉੜੀਆਂ 'ਚ ਉਡੀਕਾਂ ਜੁੜ ਜੁੜ ਉਡੀਕਣ ਲੱਗੀਆਂ ਖਤ ਜਾਂ ਫੋਨਾਂ ਦੇ ਰੋਗ ਲੱਗੇ ਅਸੀਸਾਂ ਕੱਤਣ ਲੱਗੀਆ ਆਪਣੇ ਰਾਹ ਆਪ ਸੁੰਨੇ ਕਰ ਭੁੱਖਾਂ ਦੀਆਂ ਚੀਸਾਂ ਜਾਗੀਆਂ ਤਾਰਿਆਂ ਦੇ ਸਹਾਰੇ ਟੁੱਟੇ ਰਾਤਾਂ ਨੂੰ ਉਨੀਂਦਰੀਆਂ ਅੱਖਾਂ ਦੇ ਸਰਾਪ ਲੱਗੇ ਫੋਨਾਂ ਦੀਆਂ ਅਵਾਜ਼ਾਂ ਨਾਲ ਟੁੱਕ ਪੱਕਣ ਲੱਗੇ ਕਦੇ ਕਦੇ ਰੋਣ ਤੇ ਹੱਸਣ ਲੱਗੇ ਥੱਕੇ ਟੁੱਟੇ ਆਏ ਦਿਨ ਭੁੱਖ ਨਾਲ ਅੰਦਰ ਵੜ ਵੜ ਹੰਝੂਆਂ ਨਾਲ ਸਰ੍ਹਾਣੇ ਭਿਓਣ ਲੱਗੇ ਯਾਰਾਂ ਨੂੰ ਨਾ ਦੱਸਦੇ ਮਾਂਵਾਂ ਦੀਆਂ ਰੀਝਾਂ ਵਾਲੇ ਗੀਤ ਸੁਰ ਕੰਧਾਂ ਨਾ ਪੁੱਛਦੀਆਂ ਕਿ ਕੀ ਖਾ ਕੇ ਸੁੱਤਾ ਸੀ ਅੱਧੀ ਰਾਤੇ ਪਿੰਡੀਂ ਮਾਵਾਂ ਦੇ ਹੌਲ ਉੱਠਦੇ ਬਾਪੂ ਨੂੰ ਨਾ ਕੁਝ ਦੱਸਦੀਆਂ ਕਿਉਂ ਕੁੱਖਾਂ ਹਨ ਰੋਂਦੀਆਂ ਕਿਉਂ ਹੱਥੀ ਤੋਰ ਚੰਦ ਕੰਧਾਂ ਚੋਂਦੀਆਂ ਇਹ ਸਭ ਕੁੱਝ ਸਾਡੇ ਸਮਿਆਂ ਨਾਲ ਹੋਇਆ ਕੁਝ ਤਾਂ ਸੂਰਜ ਕਬਰੀਂ ਟੁਰ ਗਏ ਨਾਲ ਹੀ ਟੁਰ ਗਈਆਂ ਮਾਵਾਂ ਰਹਿ ਗਏ ਸਨ ਜੋ ਤਾਰੇ ਗਿਣਦੇ ਵੇਚ ਕੇ ਆ ਗਏ ਥਾਵਾਂ ਹੱਥਾਂ 'ਚ ਖਿਡਾਏ ਚਾਵਾਂ ਦੇ ਅੰਬਰ ਮੇਚਦੇ ਨਾ ਰਹੇ ਲੋਅ ਨਾ ਮੇਚਦੀ ਰਹੀ ਚੰਨ ਸੂਰਜਾਂ ਦੀ ਸੜਕ 'ਤੇ ਫਿਰਦੇ ਸਨ ਦੋ ਜਹਾਨ ਪਿੰਡੀਂ ਸ਼ਹਿਰੀਂ ਬਚੇ ਰਹਿ ਗਏ ਜਿੰਦਰੇ ਲਾ ਆ ਗਏ ਘਰ ਬਣੇ ਮਕਾਨ ਮਕਾਨਾਂ ਚ ਕਿੱਥੇ ਆਉਂਦੀ ਹੈ ਨੀਂਦ ਹਿੱਕ ਨਾਲ ਬਿਨਾ ਚੰਨ ਲਾ ਕੇ ਖਬਰੇ ਕਿੰਜ ਸੌਂ ਜਾਂਦੀਆਂ ਨੇ ਰੁੱਤਾਂ ਕੋਈ ਤਾਂ ਦੱਸੇ? ਹੱਥਾਂ 'ਚ ਨਾਨਕ ਸ਼ਬਦ ਰਹਿ ਗਿਆ ਹੈ ਬਚਿਆ ਜਾਂ ਸ਼ਬਦ ਬਦਲਦਾ ਹੈ ਉਦਾਸ ਪਲਾਂ 'ਚ ਧਰਤ ਸੂਰਜ ਨੂੰ ਛੱਡ ਕੇ ਚਲਾ ਗਿਆ ਹੈ ਕੋਈ ਗੁਰੂ ਦੁਆਰੇ ਅੱਖਾਂ ਦਾ ਧਰੂ ਤਾਰਾ ਅਜੇ ਆਇਆ ਨਹੀਂ ਲੈਣ ਨਾ ਹੀ ਉਹਨਾਂ ਦੀ ਉਡੀਕ 'ਚ ਹੁਣ ਕੋਈ ਘਰ ਬੈਠਾ ਹੈ ਘਰਾਂ ਨੂੰ ਮਕਾਨ ਬਣਾ ਲਿਆ ਹੈ ਆਪਣੇ ਹੱਥੀਂ ਲਕੀਰਾਂ ਨੇ ਮੱਥਿਆਂ 'ਚ ਬਚੀਆਂ ਮਰਦੀਆਂ ਤਕਦੀਰਾਂ ਨੇ ਘਰਾਂ ਨੂੰ ਉਜਾੜਦਿਆਂ ਫ਼ਕੀਰਾਂ ਨੇ ਏਡੇ ਏਡੇ ਵੱਡੇ ਸ਼ਾਹ ਦਿਲ ਅਮੀਰਾਂ ਨੇ ਸੀਨਿਆਂ ਨੂੰ ਆਪ ਹੀ ਝਰੀਟਦਿਆਂ ਕਰੀਰਾਂ ਨੇ

ਬਹੁਤ ਵਾਰ ਹਰਿਆ ਹਾਂ ਮੈਂ

ਬਹੁਤ ਵਾਰ ਹਰਿਆ ਹਾਂ ਮੈਂ ਕਦੇ ਤੇਰੇ ਤੋਂ ਤੇ ਕਈ ਵਾਰ ਆਪਣੇ ਆਪ ਤੋਂ ਪਹਿਲੀ ਵਾਰ ਓਦੋਂ ਹਰਿਆ ਸਾਂ ਜਦ ਮੇਰੇ ਕੋਲੋਂ ਮੱਛੀ ਦੀ ਅੱਖ 'ਚ ਤੀਰ ਨਹੀਂ ਸੀ ਵੱਜਾ ਦੂਸਰੀ ਵਾਰ ਹਰ ਗਿਆ ਸਾਂ ਤੇਰੇ ਭਰਾਵਾਂ ਕੋਲ਼ੋਂ ਜਦ ਤੈਂ ਇਕ ਵੀ ਤੀਰ ਨਹੀਂ ਸੀ ਛੱਡਿਆ ਤੋੜ੍ਹਨੋ ਸਾਰੇ ਹੀ ਭੰਨ੍ਹ ਸੁੱਟੇ ਸਨ ਡਰਦਿਆਂ ਕਿ ਮੈਂ ਤੇਰੇ ਭਰਾਵਾਂ ਨੂੰ ਨਹੀਂ ਸੀ ਬਖ਼ਸ਼ਣਾ ਤੀਸਰੀ ਵਾਰ ਮੈਂ ਦਰੋਪਦੀ ਦੀ ਪੱਤ ਬਚਾਉਂਦਾ ਬਚਾਉਂਦਾ ਵੀ ਹਰ ਹੀ ਗਿਆ ਸਾਂ ਇਕ ਦਿਨ ਤੈਨੂੰ ਡੁੱਬਦੀ ਨੂੰ ਨਾ ਬਚਾ ਸਕਿਆ ਝਨਾਂ 'ਚੋਂ ਤੇ ਕਈ ਵਾਰ ਤੇਰੇ ਤੋਂ ਹਰਿਆ ਜਦ ਤੂੰ ਕਹਿਣ ਤੇ ਵੀ ਨਾ ਆਈ ਤੇ ਜਿੱਤਦੀ ਰਹੀ ਹਰ ਵਾਰ ਹਾਂ ਜੇ ਆਈ ਤਾਂ ਜਲਦੀ ਬਹਾਨਾ ਲਾ ਚਲੀ ਗਈ ਇਹ ਵੀ ਤਾਂ ਇਕ ਹਾਰ ਹੀ ਹੁੰਦੀ ਹੈ ਤੈਨੂੰ ਨਹੀਂ ਪਤਾ ਕਿ ਉਡੀਕ 'ਚ ਬੈਠੀਆਂ ਰੂਹਾਂ ਬਰੂਹਾਂ 'ਚ ਧੁਰ ਅੰਦਰੋਂ ਕਿੰਨੀਆਂ ਪੱਛੀਆਂ ਜਾਂਦੀਆਂ ਹਨ ਕਿੰਨੇ ਮਰਦੇ ਨੇ ਤਾਰੇ ਓਸ ਰਾਤ ਟੁੱਟ ਟੁੱਟ ਕੇ ਕਿੰਨੇ ਹੰਝੂ ਡਿੱਗ ਡਿੱਗ ਮਰਦੇ ਨੇ ਧਰਤ 'ਤੇ ਬੇਗੁਨਾਹ ਕਿੰਨੇ ਪਰਿੰਦਿਆਂ ਦੀ ਮੌਤ ਆਉਂਦੀ ਹੈ ਓਸ ਪਲ ਰੀਝਾਂ ਕਿੰਨੀਆਂ ਬਲੀ ਚੜ੍ਹਦੀਆਂ ਤੂੰ ਕੀ ਜਾਣੇ ਧੁੱਪ ਬਗ਼ੈਰ ਦੁਪਹਿਰ ਵੀ ਕਿਸ ਕੰਮ ਬਲਦੀ ਹਿੱਕ ਨਾ ਠਰੇ ਤਾਂ ਕੀ ਕਰਨੀਆਂ ਕਾਲੀਆਂ ਘਟਾਵਾਂ ਤੂੰ ਨਾ ਹੋਵੇਂ ਤਾਂ ਮਹਿਫ਼ਲ 'ਚ ਕਿਹੜਾ ਰੰਗ ਵੈਸੇ ਤੇਰੇ ਕੋਲੋਂ ਤਾਂ ਹਰ ਜਾਣ ਤੇ ਵੀ ਅਨੰਦਤ ਹੋਇਆ ਹਾਂ ਜਿੱਤਿਆ ਰਹਿੰਦਾ ਹਾਂ ਭਰਿਆ ਰਹਿੰਦਾ ਸਾਂ ਤੇਰੇ ਨਰਮ ਪੋਟਿਆਂ ਦੀ ਛੁਹ ਹੁੰਦੀ ਸੀ ਨਾਲ ਤੇਰੇ ਅੰਗ ਅੰਗ ਦੀ ਖੁਸ਼ਬੋ ਨਾਲ ਅਗਲੀ ਮੁਲਾਕਾਤ ਦੀ ਉਡੀਕ ਹੁੰਦੀ ਸੀ ਮੇਰੇ ਕੋਲ ਤੇਰੀ ਸਾਰੀ ਪਹਿਲੀ ਤਵਾਰੀਖ਼ ਹੁੰਦੀ ਸੀ ਪੱਥਰ 'ਤੇ ਦੋਨਾਂ ਦੀ ਲਿਖੀ ਅਗਲੀ ਮਿਲਣ ਤਾਰੀਕ ਹੁੰਦੀ ਸੀ ਅੱਧੀ ਰਾਤੇ ਸੁਫ਼ਨੇ 'ਚ ਨਿੱਕਲੀ ਚੀਕ ਹੁੰਦੀ ਸੀ ਕੰਧ 'ਤੇ ਮਾਰੀ ਇਕ ਲੀਕ ਹੁੰਦੀ ਸੀ ਤੂੰ ਇੰਜ ਸਦਾ ਜਿੱਤਦੀ ਰਹੀ ਤੇ ਮੈਂ ਜਹਾਨ ਭਰ 'ਚ 'ਕੱਲਾ ਹੀ ਹਰਦਾ ਰਿਹਾ ਠੰਢੇ ਠੰਢੇ ਕੱਚੇ ਦੁੱਧ ਦੇ ਫ਼ੇਹੇ ਰੋਂਦੀਆਂ ਨਿਮਾਣੀਆਂ ਅੱਖਾਂ 'ਤੇ ਧਰਦਾ ਰਿਹਾ ਜਿੰਨੇ ਵੀ ਹੋ ਸਕੇ ਜ਼ਖ਼ਮ ਹਾਉਕਿਆਂ ਨਾਲ ਹੀ ਭਰਦਾ ਰਿਹਾ ਤੂੰ ਨਹੀਂ ਜਾਣਦੀ ਕੋਈ ਨਹੀਂ ਮੋਢੇ 'ਤੇ ਹੱਥ ਧਰਦਾ ਹਾਰੀਆਂ ਹਵਾਵਾਂ ਦੇ ਗੀਤ ਕੋਈ ਨਹੀਂ ਗਾਉਂਦਾ ਵੱਖ ਹੋਏ ਭਰਾਵਾਂ ਦੇ ਨੇੜੇ ਆ ਆ ਕੋਈ ਨਹੀਂ ਬਹਿੰਦਾ ਤਪਦੀਆਂ ਥਾਵਾਂ ਦੇ ਕਿੱਸੇ ਕੋਈ ਨਹੀਂ ਲਿਖਦਾ ਉੱਜੜੇ ਰਾਹਵਾਂ ਦੇ

ਉਹਦੀ ਉਡੀਕ

ਉਹਦੀ ਉਡੀਕ ਸਦੀਆਂ ਜਿੱਡੀ ਲੰਬੀ ਸੀ ਸਾਲਾਂ ਵਰਗੇ ਬਹਾਨੇ ਸਨ ਓਹਦੇ ਕੋਲ ਜਦੋਂ ਵੀ ਸੂਰਜ ਬਣ ਊਦੈ ਹੁੰਦੀ ਪਰਬਤ ਬਲ ਉੱਠਦੇ ਹਵਾਵਾਂ ਨੂੰ ਲਾਂਬੂ ਖਾ ਜਾਂਦੇ ਰੁੱਖਾਂ 'ਤੇ ਕਿਆਮਤ ਆ ਜਾਂਦੀ ਦੁਪਹਿਰਾਂ ਮਚ ਪੈਂਦੀਆਂ ਪੰਛੀ ਦਰਿਆਵਾਂ ਵੱਲ ਦੌੜਦੇ ਆਲ੍ਹਣਿਆਂ 'ਚ ਛੁਪ ਛੁਪ ਪਲ ਕੱਟਦੇ ਅੱਗ ਦਾ ਸੇਕ ਨਾ ਸਹਾਰਦੇ ਨੌਜਵਾਨਾਂ ਦੀਆਂ ਨੀਂਦਾਂ ਤਿੜਕਦੀਆਂ ਰਾਤਾਂ ਬੇਚੈਨ ਹੋ ਜਾਂਦੀਆਂ ਉਹ ਜਦ ਵੀ ਪੱਬ ਧਰਦੀ ਬੂਹੇ 'ਤੋਂ ਬਾਹਰ ਨਦੀ ਕਾਲਜਾਂ ਦੀ ਜਵਾਨੀ ਦੀ ਹਿੱਕ 'ਤੇ ਮੇਲਦੀ ਕਾਲੀ ਸੱਪਣੀ ਬਣ ਡੰਗਦੀ ਮੁੱਛ ਫੁੱਟ ਗੱਭਰੂਆਂ ਨੂੰ ਨਗਰ ਦੀਆਂ ਗਲੀਆਂ 'ਚ ਅੱਗ ਖਿਲਾਰਦੀ ਲੰਘਦੀ ਜਿੱਧਰ ਵੀ ਜਾਂਦੀ ਸੜਕਾਂ 'ਤੇ ਰੌਣਕ ਆ ਜਾਂਦੀ ਮੇਲੇ ਲੱਗ ਜਾਂਦੇ ਪਿੰਡ ਪਿੰਡ ਸੁੰਨਿਆਂ ਖੇਤਾਂ 'ਚ ਵੇਲਾਂ ਡਾਲੀਆਂ ਨੂੰ ਇਸ਼ਕ ਦਾ ਸੇਕ ਵੰਡਦੀ ਸੁੱਤੀਆਂ ਮੁਹੱਬਤਾਂ 'ਤੇ ਚਿਣਗ ਸੁੱਟਦੀ ਤੀਲੀ ਲਾਉਂਦੀ ਕੁਆਰੀਆਂ ਮਰ ਗਈਆਂ ਪੌਣਾਂ ਨੂੰ ਕਬਰਾਂ 'ਚੋਂ ਜਗਾ ਜਗਾ ਜਿਊਣ ਦਾ ਰਾਹ ਦੱਸਦੀ ਨੀਲੀ ਝੀਲ ਉੱਬਲਦੀ ਆਪਣੇ ਹੀ ਜਿਸਮ ਦੀਆਂ ਗੋਲਾਈਆਂ 'ਚ ਬਲਦੀ ਕਿਸੇ ਠਰੀ ਹੋਈ ਛਾਤੀ ਤੇ ਤਰਨ ਲਈ ਤਾਰਿਆਂ ਨੂੰ ਸੱਦਦੀ ਪਲ ਭਰ ਠਾਰਨ ਲਈ ਮਚਦੇ ਅੰਗਾਂ ਤੇ ਚੰਨ ਸੂਰਜਾਂ ਨੂੰ ਮਲ੍ਹਦੀ ਸਮੁੰਦਰ ਨੂੰ ਘੁੱਟ ਭਰ ਪਿਆਸ 'ਚ ਜੜਨਾ ਸੋਚਦੀ ਝੀਲ ਨਦੀ ਬਣਨਾ ਲੋਚਦੀ ਅੱਗ ਵੰਡਦੀ ਜਵਾਲਾਮੁਖੀ ਪਹਾੜਾਂ ਨੂੰ ਅੰਗਿਆਰ ਦਿੰਦੀ ਠਰੇ ਸੂਰਜ ਦੀ ਕੁੱਖ ਨੂੰ ਓਹਦੀਆਂ ਕਿਰਨਾਂ ਨੂੰ ਡੰਗ ਮਾਰਨੇ ਸਿਖਾਉਂਦੀ ਕੁਆਰੀ ਰੁੱਤ ਬਹਾਰ ਬਣ ਨੱਚਦੀ ਧਰਤੀਆਂ ਪੱਟਦੀ ਹਫ਼ 2 ਹੱਸਦੀ ਸੜੀ ਬਲੀ ਭੁੱਖੀ ਪਿਆਸੀ ਦੁਪਹਿਰ ਸ਼ਾਮ ਹਨੇਰੇ ਚੋਂ ਉਡੀਕਦੀ ਕਿਸੇ ਚੰਨ ਚੌਦਵੀਂ ਨੂੰ ਜਿਹੜਾ ਓਹਦੀ ਅੱਗ ਚ ਡੁੱਬੇ ਅੱਗ ਦੀਆਂ ਸੁਣੇ ਬੁੱਝੇ ਸਫਾਲ ਧਰਤ ਤੇ ਅਗਨ ਵਿਛਦੀ ਕਦੇ ਤਾਰਿਆਂ ਦੀ ਭੁੱਖ ਮਾਰਦੀ ਕਦੇ ਥੱਕੇ ਸੂਰਜਾਂ ਨੂੰ ਹਿੱਕ ਨਾਲ ਲਾ ਲਾ ਠਾਰਦੀ ਭੁੱਖੇ ਹਿੱਕ ਦੇ ਚੀਨੇ ਕਬੂਤਰ ਚੰਨ ਸੂਰਜਾਂ ਤੋਂ ਨਾ ਰੱਜਦੇ ਉੱਠ 2 ਅੰਬਰ ਵੱਲ ਭੱਜਦੇ ਨੀਲੇ ਕਾਲੇ ਬੱਦਲਾਂ ਚ ਵਾਰ ਵਾਰ ਵੱਜਦੇ ਬਿਜਲੀ ਬਣ ਨਗਨ ਵਿਲਕਦੇ ਆਖਰ ਸਾਗਰਾਂ ਚ ਭਾਂਬੜ ਡੁੱਬ ਜਾਂਦੇ ਸਮੁੰਦਰ ਦੀ ਪਿਆਸ ਮੁਕਾ ਕੇ ਸੂਰਜ ਦੀ ਅੱਗ ਬੁਝਾ ਕੇ ਚੰਨ ਨੂੰ ਛਾਤੀ ਨਾਲ ਲਾ ਕੇ ਖੁੱਲੇ ਕੇਸਾਂ ਨੂੰ ਰਾਤ ਚ ਉਲਝਾ ਕੇ ਸਿਤਾਰਿਆਂ ਨੂੰ ਅੰਗੀਂ ਲਿਸ਼ਕਾ ਕੇ

ਕਿੱਥੇ ਮਰਦੀਆਂ ਨੇ

ਕਿੱਥੇ ਮਰਦੀਆਂ ਨੇ ਮੱਥਿਆਂ 'ਚ ਖੁਣੀਆਂ ਯਾਦਾਂ ਰਾਤਾਂ 'ਚੋਂ ਨਾ ਸੌਣ ਦੇਣ ਵਾਲੀਆਂ ਪਲ ਪਲ ਉੱਠਦੀਆਂ ਚੀਸਾਂ ਮੁਲਾਕਾਤਾਂ ਵਰਗੀਆਂ ਘੜੀਆਂ ਘਾਵਾਂ ਦੀਆਂ ਤਰਿੜਾਂ ਤੋੜ ਤੋੜ ਕੀਤੇ ਟੁੱਟਦੇ ਜੁੜ੍ਹਦੇ ਵਾਅਦੇ ਚੌਦਵੀਂ ਦੀ ਚਾਨਣੀ ਵਰਗੇ ਵਿਲਕਦੇ ਲਿਸ਼ਕਦੇ 'ਕੱਲੇ ਰਹਿ ਗਏ ਪਹਿਰ ਕਿਤਾਬਾਂ ਦੇ ਸਫਿਆਂ ਚ ਸੁੱਕ ਸੜ ਗਏ ਤੇਰੀਆਂ ਉਡੀਕਾਂ ਵੱਲ ਦੇਖਦੇ ਗੁਲਾਬੀ ਉਨਾਬੀ ਕਈ ਫੁੱਲ ਕੀ ਹਾਲ ਹੋਇਆ ਹੋਵੇਗਾ ਉਹਨਾਂ ਰੰਗੀਨ ਰੂਹਾਂ ਪੱਤੀਆਂ ਦਾ ਜੋ ਆਪਣੀਆਂ ਆਂਦਰਾਂ ਦਾ ਖੂਨ ਵਹਾ ਕੇ ਓਸੇ 'ਚ ਹੀ ਡੁੱਬ ਡੁੱਬ ਮਰਦੀਆਂ ਰਹੀਆਂ ਤੂੰ ਕੀ ਜਾਣੇ ਪਲ ਪਲ ਵਹਿੰਦੇ ਅਜਾਈਂ ਖੂਨ ਦੀ ਗਾਥਾ ਜ਼ਰਾ ਜ਼ਰਾ ਹੋ ਕੇ ਮਰੇ ਪਲ ਪਹਿਰਾਂ ਦੇ ਟੁੱਕੜੇ ਜਿਹਨਾਂ ਨੇ ਮੁੜ ਕਦੇ ਨਹੀਂ ਸੀ ਜੁੜ ਕੇ ਜ਼ਿੰਦਗੀ ਜਿਊਣੀ ਜੋ ਯਾਦਾਂ 'ਚ ਜ਼ਖਮੀ ਹੁੰਦੇ ਨੇ ਕਦੇ ਵੀ ਅਰਾਮ ਨਾਲ ਨਹੀਂ ਸੁੱਤੇ ਵਕਤ ਜੋ ਉਡੀਕਾਂ 'ਚ ਖੁਰਦੇ ਨੇ ਕਦੇ ਨਹੀਂ ਲਿਸ਼ਕੇ ਅੰਬਰਾਂ 'ਚ ਮੁੜ ਕੇ ਮੁਹੱਬਤ ਕੋਈ ਖੇਡ ਨਹੀਂ ਹੁੰਦੀ ਕਿ ਖੇਡ ਕੇ ਘਰਾਂ ਨੂੰ ਪਰਤ ਜਾਓ ਕੋਈ ਖਿਡੌਣਾ ਨਹੀਂ ਕਿ ਟੁੱਟ ਗਿਆ ਤਾਂ ਜੁੜ ਜਾਵੇਗਾ ਦੁਬਾਰਾ ਤੂੰ ਤਾਂ ਦੁਪਹਿਰ ਵਾਂਗ ਖਿੜ ਕੇ ਛੁਪ ਗਈ ਮੁਲਾਕਾਤਾਂ ਚੋਂ ਚਾਨਣੀ ਵਿਛਾ ਉਡ ਗਈ ਰੋਂਦੀਆਂ ਰਾਤਾਂ 'ਚੋਂ ਹਿੱਕ 'ਚ ਲੁਕਾ ਸੂਰਜ ਟੁਰ ਗਈ ਪਰਭਾਤਾਂ 'ਚੋਂ

ਬਹੁਤ ਕੁਝ ਹੈ

ਬਹੁਤ ਕੁਝ ਹੈ ਜਿਉਣ ਲਈ ਏਨੀਆਂ ਪਈਆਂ ਰੋਣ ਲਈ ਰਾਤਾਂ ਅਜੇ ਕਿਹੜੀ ਕਹਾਣੀ ਮੁੱਕ ਗਈ ਅਜੇ ਕਿਹੜੀਆਂ ਮੁੱਕ ਗਈਆਂ ਬਾਤਾਂ ਖੇਡਣ ਲਈ ਏਡਾ ਵੱਡਾ ਨੀਲਾ ਅੰਬਰ ਨਾਲ ਖੇਡਣ ਨੂੰ ਏਨੇ ਯਾਰ ਵੇਲੀ ਨੰਗ ਧੜੰਗੇ ਸਿਤਾਰੇ ਗੀਤ ਪਰਿੰਦਿਆਂ ਦੇ ਰਸ-ਗੁੱਧੇ ਮਾਨਣ ਲਈ ਨੱਚਣ ਲਈ ਰੁੱਖ ਡਾਲੀਆਂ ਪੱਤੇ ਦੇਣ ਹੁਲਾਰੇ ਨਾਲ ਟੁਰਨ ਲਈ ਨਦੀਆਂ ਛਮ ਛਮ ਕਰਦੀਆਂ ਵਹਿਣ ਲਈ ਲਹਿਰਾਂ ਦੇ ਲੱਖ ਨਜ਼ਾਰੇ ਮਹਿਕਣ ਲਈ ਵੰਨ-ਸੁਵੰਨੇ ਫੁੱਲ ਕਲੀਆਂ ਤੱਕਣ ਲਈ ਚਾਅ ਕੰਧਾਂ ਓਹਲੇ ਖੜ੍ਹੇ ਕੁਆਰੇ ਪਹਿਨਣ ਲਈ ਰੰਗੀਨ ਪਲ ਰੌਣਕਾਂ ਬੇਅੰਤ ਸੁਰਗ਼ ਲਈ ਕੁੱਲੀਆਂ ਰੌਸ਼ਨ ਢਾਰੇ ਮਾਨਣ ਲਈ ਗੁਰ ਨਾਨਕ ਬਾਲਾ ਮਰਦਾਨਾ ਸੌਣ ਲਈ ਸੁਫ਼ਨੇ ਪਲਕੀਂ ਪਿਆਰੇ ਪਿਆਰੇ ਖੁਸ਼ਬੂਆਂ ਪੌਣਾਂ ਅਰਸ਼ 'ਤੋਂ ਉੱਤਰਣ ਤੱਕਣ ਲਈ ਕਿੰਨੇ ਟਿੱਮਕਦੇ ਤਾਰੇ ਗਾਉਂਣ ਲਈ ਖੇਤ ਫ਼ਸਲਾਂ ਝੂੰਮਣ ਅੱਖਾਂ 'ਤੇ ਘੁੰਮਣ ਹੁਸਨਾਂ ਦੇ ਲਾਰੇ ਟੋਰਾਂ ਲਈ ਵਿਛ ਜਾਏ ਹਿੱਕ ਧਰਤ ਦੀ ਤਰਨ ਲਈ ਸਾਗਰ ਕਿੰਨੇ ਖ਼ਾਰੇ ਸੀਨੇ 'ਚ ਉਦਾਸ ਪਰਤਾਂ ਅਜੇ ਕਿੰਨੀਆਂ ਜੇਬਾਂ 'ਚ ਹੰਝੂ ਕਿੰਨੇ ਸਹਾਰੇ ਸਾਂਭ ਕੇ ਰੱਖ ਦਿਲ ਜੋ ਨਹੀਂ ਵਿਰਦਾ ਟੁੱਟੇ ਇਹਦੇ ਲਈ ਸੁਫ਼ਨੇ ਸਾਰੇ

ਚੱਲ ਮੇਰੇ ਨਾਲ

ਚੱਲ ਮੇਰੇ ਨਾਲ ਹੱਥ 'ਚ ਹੱਥ ਪਾ ਆਪਾਂ ਮਖ਼ਮਲੀ ਜੇਹੇ ਲੋਗੜ ਵਰਗੇ ਬੱਦਲਾਂ 'ਤੇ ਤੁਰੀਏ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਾਂਗੇ ਓਹੀ ਜਿਹੜੀਆਂ ਤੂੰ ਤੇ ਮੈਂ ਪਾਰਕ 'ਚ ਕਰਿਆ ਕਰਦੇ ਸਾਂ ਦੇਰ ਤੱਕ ਹਰੇ ਕਚੂਰ ਘਾਹ ਦੀ ਚਾਦਰ ਵਿਛਾ ਕੇ ਜਦੋਂ ਤਾਰੇ ਵੀ ਆ ਜਾਂਦੇ ਸਨ ਸਾਨੂੰ ਲੁਕ ਲੁਕ ਤੱਕਣ ਚੱਲ ਭੁੱਲ ਜਾਈਏ ਸਾਰੀ ਦੁਨੀਆਂ ਕਰੀਏ ਆਪਣੀਆਂ ਰਹਿ ਗਈਆਂ ਗੱਲਾਂ ਖ਼ੁਰ ਗਈਆਂ ਉੱਸਰਦੀਆਂ ਮੁਲਾਕਾਤਾਂ ਡੂੰਘੇ ਡੂੰਘੇ ਸਾਗਰ ਤਰੀਏ ਚੁੱਪ ਚਾਪ ਕਿਉਂ ਅੰਦਰ ਵੜ ਮਰੀਏ ਰੁੱਖਾਂ ਨੇ ਤਾਂ ਰਹਿਣਾ ਕਹਿੰਦੇ ਇਹ ਨਾ ਰੰਗੀਂ ਕਿਸੇ ਨੂੰ ਸਹਿੰਦੇ ਦੇਖ ਕਿੰਨੇ ਖੇਡਣ ਲਈ ਤਾਰੇ ਦੇਖੀਂ ਕੋਈ ਪੈਰ ਹੇਠ ਨਾ ਆ ਜਾਵੇ ਜ਼ਖ਼ਮੀ ਹੋ ਜਾਵੇਗਾ ਕਈ ਅਜੇ ਸੁੱਤੇ ਪਏ ਨੇ ਹੋਣੇ ਦੇਖਦੇ ਤੇਰੇ ਵਰਗੇ ਸੁਫ਼ਨੇ ਜਗਾ ਨਾ ਦੇਵੀਂ ਸੁਫ਼ਨੇ ਬਹੁਤ ਕੋਮਲ ਹੁੰਦੇ ਹਨ ਰੰਗੀਨ ਪੱਤੀਆਂ ਵਰਗੇ ਜਗਦੀਆਂ ਬੁਝਦੀਆਂ ਬੱਤੀਆਂ ਵਰਗੇ ਇਹ ਸਾਰੀ ਦੁਨੀਆਂ ਵੀ ਤਾਂ ਇਕ ਸੁਫਨਾ ਹੀ ਹੈ ਕਦੋਂ ਕਿਸੇ ਦਾ ਸੁਫ਼ਨਾ ਟੁੱਟ ਜਾਵੇ ਕਿਸੇ ਨੂੰ ਕੋਈ ਨਹੀਂ ਖਬਰ ਹਰ ਕੋਈ ਰਾਤ ਸੁਫ਼ਨਾ ਹੰਢਾਵੇ ਹਰ ਅੱਖ ਦੇ ਵਿਚ ਇਕ ਇਕ ਪਾਵੇ ਵੇ ਸਾਨੂੰ ਵੀ ਉਮਰ ਸੁਫ਼ਨਿਆਂ ਦੀ ਲੱਗ ਜਾਵੇ ਛੱਡ ਅਸੀਂ ਕੀ ਲੈਣਾ ਸੁਫ਼ਨਿਆਂ ਕੋਲੋਂ ਪਲਕ 'ਤੇ ਆਉਣ ਤਾਂ ਟੁੱਟ ਜਾਣ ਕੀ ਕੰਮ ਇਹੋ ਜੇਹੇ ਸੁਫ਼ਨੇ ਪਲ ਭਰ ਜਿਹਨਾਂ ਦੀ ਜ਼ਿੰਦਗੀ ਦੋ ਚਾਰ ਜਿਹਨਾਂ ਦੇ ਸਾਹ ਇਕ ਤਾਂ ਇਕੱਲਤਾ ਨੇ ਝੰਭਿਆ ਦੂਜਾ ਤੇਰਾ ਵਿਯੋਗ ਜੇਹਾ ਖਾਵੇ ਤੀਜਾ ਜੇ ਆਵੇ ਤੇਰਾ ਸੁਫ਼ਨਾ ਪਲਾਂ ਵਿਚ ਹੀ ਝੱਟ ਟੁੱਟ ਜਾਵੇ ਨੇੜੇ ਖੜ੍ਹੇ ਸਾਰੇ ਰੁੱਖ ਰੋਣ ਝੋਲੀਆਂ ਭਰ ਭਰ ਹੰਝੂ ਚੋਣ ਸੁਫ਼ਨਿਆਂ ਨੂੰ ਕਹਿ ਦਿਓ ਜੇ ਅੱਖਾਂ 'ਚ ਆਉਣਾ ਤਾਂ ਵਸਣ ਲਈ ਔਣ ਬੱਚਿਆਂ ਦੇ ਖਿਡੌਣਿਆਂ ਵਰਗੇ ਹੋਣ ਕਾਲੀਆਂ ਰਾਤਾਂ 'ਚ ਡਰੇ ਨੰਨਿਆਂ ਨੂੰ ਘੁੱਟ ਗਲਵੱਕੜੀ 'ਚ ਲੈ ਕੇ ਸੌਣ ਤੇ ਉਤੋਂ ਵਗਦੀ ਹੋਵੇ ਤੇਰੇ ਸਾਹਾਂ 'ਚੋਂ ਰੁਮਕਦੀ ਪੌਣ

ਹੁਸਨ ਦੇ ਥੋੜਾ ਜੇਹਾ

ਹੁਸਨ ਦੇ ਥੋੜਾ ਜੇਹਾ ਚੰਨ ਨੂੰ ਸਜਾਉਣਾ ਹੈ ਬਾਹਰ ਆ ਜਰਾ ਧਰਤ ਤੋਂ ਹਨੇਰਾ ਪੂੰਝਣਾ ਹੈ ਦਿਨ ਕਦੇ ਅੰਬਰ ਚੋਂ ਨਹੀਂ ਚੜ੍ਹਿਆ ਤੂੰ ਜਾਗੀ ਹੋਵੇਂਗੀ ਵਾਲਾਂ ਦਾ ਜੂੜਾ ਕਰਦੀ ਉਦਾਸ ਦਿੱਲ ਪਲ ਭਰ ਵਿਰੇ ਨੇ ਜੁਲਫਾਂ ਛੰਡੀਆਂ ਹੋਣੀਆਂ ਤੈਂ ਛੱਤ ਤੇ ਚੜ੍ਹ ਕੇ ਫੁੱਲ ਪੱਤੇ ਹੱਸੇ ਨੇ ਮੁਸਕਰਾਈ ਹੋਵੇਂਗੀ ਸ਼ਰਮਾ ਕੇ ਬੂਹੇ ਓਹਲੇ ਹਰਿਆਵਲ ਨੱਚੀ ਹੈ ਰਿਮਝਿਮ ਵਰਸੀ ਹੋਣੀ ਤੇਰੇ ਕੇਸਾਂ ਦੀਆਂ ਘਟਾਵਾਂ ਚੋਂ ਦੁਪਹਿਰ ਖਿੜੀ ਹੈ ਫਿਰ ਅੱਜ ਤੇਰੀ ਮੁਲਾਕਾਤ ਦਾ ਭੁਲੇਖਾ ਪੈਂਦਾ ਹੈ ਮੋਰ ਕੂਕਿਆ ਹੈ ਉਦਾਸ ਡਾਲੀਆਂ ਤੇ ਕੋਂਪਲਾਂ ਨੱਚਣਗੀਆਂ ਫੁੱਲ ਹੱਸਣਗੇ ਕੋਇਲ ਬੋਲੀ ਹੈ ਕਿਸੇ ਦੇ ਹੋਟਾਂ ਦੀ ਪਿਆਸ ਬੁੱਝੇਗੀ ਸੀਨਾ ਠਰੇਗਾ ਕਿਸੇ ਸੂਰਜ ਦਾ

ਬੋਲ

ਬੋਲ ਪਛਾਣ ਹੁੰਦੇ ਨੇ ਕਿਸੇ ਪੁਰਾਣੇ ਰੁੱਖ ਦੇ ਗੀਤ ਦੀ ਸੱਭਿਆਚਾਰਕ ਪਰਛਾਵਾਂ ਹੁੰਦਾ ਹੈ ਗੂੜੀ ਛਾਂ ਦਾ ਪੰਜਾਬ ਦੇ ਬੋਲ ਨਾਨਕਿਆਂ ਤੋਂ ਮਿਲਦੇ ਨੇ ਲੋਰੀਆਂ ਚ ਸੁਣਦੇ ਨੇ ਚੰਦ ਤਾਰਿਆਂ ਦੀਆਂ ਬਾਤਾਂ ਤੋਤਲੇ ਬੋਲ ਸਿਖਾਉਂਦੇ ਨੇ ਮਿੱਟੀ ਦੇ ਘਰ ਬਣਾਉਣੇ ਤੇ ਫਿਰ ਵੱਡੇ ਦਿੱਲ ਕਰਕੇ ਆਪ ਹੀ ਢਾਉਣੇ ਬੋਲੀ ਨਾ ਹੁੰਦੀ ਝਿੜਕਾਂ ਨਹੀਂ ਸੀ ਚੇਤੇ ਰਹਿਣੀਆਂ ਅਣਖ ਨੇ ਨਹੀਂ ਖੜਨਾ ਸੀ ਮੋੜਾਂ ਤੇ ਗੁੜ੍ਹਤੀ ਵਾਲੇ ਦਿਨ ਇਹ ਛੁਹ ਮਿਲਦੀ ਹੈ ਫੁੱਲਾਂ ਵਰਗੇ ਬੁੱਲਾਂ ਨੂੰ ਨਰਮ 2 ਮੁੱਠੀਆਂ ਚ ਤੇ ਪਹਿਲੀਆਂ ਨਜ਼ਰਾਂ ਚ ਇਕ ਜਹਾਨ ਸਿਰਜਿਆ ਜਾਂਦਾ ਹੈ ਨਾਨਕ ਦੇ ਬੋਲ ਕਿਰਦੇ ਨੇ ਉਹਨਾਂ ਬੋਲਾਂ ਨੂੰ ਮਮਤਾ ਦੇ ਕੋਸੇ ਦੁੱਧ ਚੋਂ ਪਰਬਤ ਚੀਰਨ ਤੇ ਅੰਬਰ ਤੇ ਉੱਡਣ ਦੀ ਪਿਆਸ ਜਾਗਦੀ ਹੈ ਇੰਜ ਇਨਸਾਨੀਅਤ ਦਾ ਜਨਮ ਹੁੰਦਾ ਹੈ ਮੁਲਕਾਂ ਵਿੱਚ ਰਿਸ਼ਤੇ ਉੱਗਦੇ ਨੇ ਅੰਬਰਾਂ ਤੇ ਨਾਂ ਲਿਖਦਾ ਹੈ ਕੋਈ ਰੀਝ ਜਨਮਦੀ ਹੈ ਚੰਦ ਦੀ ਭੁੱਖ ਨੱਚਦੀ ਹੈ ਧਰਤ ਦੀ ਨੰਗਧੜੰਗੀ ਦੁਨੀਆਂ ਲਿਟਦੀ ਹੈ ਰੇਤ 'ਚ ਲਿੱਬੜਦੀ ਹੈ ਖਿਡੌਣਿਆਂ ਬਦਲੇ ਰੋਂਦੀ ਹੈ ਸਾਰੇ ਤਾਰਿਆਂ ਲਈ ਬੋਲ ਨਾ ਕਿਰਦੇ ਜ਼ਿੰਦਗੀ ਦੀ ਗਵਾਹੀ ਨਹੀਂ ਸੀ ਹੋਣੀ ਸੁਪਨਿਆਂ ਨੇ ਨਹੀਂ ਸੀ ਕਿਸੇ ਰਾਤ ਚ ਜਨਮ ਲੈਣਾ ਵਿਯੋਗ ਨਹੀਂ ਸੀ ਲੱਗਣਾ ਇਸ਼ਕ ਨੂੰ ਝੱਗੇ ਫਰਾਕਾਂ ਨਹੀਂ ਸੀ ਕਿਸੇ ਨੇ ਮੰਗਣੀਆਂ ਵਲਵਲਿਆਂ ਦੇ ਵਾਵਰੋਲੇ ਨਹੀਂ ਵੜਣੇ ਸੀ ਕਿਸੇ ਪਿੰਡ ਦਾਦੀ ਨਾਨੀ ਨੂੰ ਲੋਰੀਆਂ ਨਹੀਂ ਸੀ ਆਉਣੀਆਂ ਮਾਸੀਆਂ ਮਾਮੀਆਂ ਤੋਂ ਪਿਆਰ ਨਹੀਂ ਸੀ ਲੱਭਣੇ ਨਾਨਕੀਆਂ ਭੈਣਾਂ ਨੇ ਰੋਟੀ ਪਕਾਉਂਦਿਆਂ ਵੀਰਾਂ ਨੂੰ ਨਹੀਂ ਸੀ ਯਾਦ ਕਰਨਾ

ਨਹੀਂ ਮਿਟਣੀਆਂ

ਨਹੀਂ ਮਿਟਣੀਆਂ ਸਾਡੀਆਂ ਨਿੱਕੇ 2 ਬੂਟਾਂ ਨਾਲ ਚੀਂ 2 ਕਰਦੀਆਂ ਨਿੱਕੀਆਂ 2 ਪਾਈਆਂ ਪੈੜਾਂ ਪਿੰਡ ਦੀਆਂ ਗਲੀਆਂ ਗੁਆਂਢਾਂ ਚੋਂ - ਪਿੰਡ ਦੀ ਰਾਤ ਚ ਮੰਜਿਆਂ ਦੇ ਨੇੜੇ ਕੀਤਾ ਫੜ ਕੇ ਸਾਰਾ ਅਸਮਾਨ ਤਾਰਿਆਂ ਨਾਲ ਮੁੱਠੀਆਂ ਭਰ 2 ਖੇਡਦੀਆਂ ਅੱਖਾਂ ਛੱਤਾਂ ਦੀਆਂ ਬਾਤਾਂ ਰੌਣਕਾਂ ਚਾਨਣੀ ਚ ਛੂਹਣ ਛੁਪਾਈ ਕਿਸੇ ਦਿਨ ਫੇਰ ਅੱਡੀ ਛੜੱਪੇ ਲਾਉਣੇ ਅੱਡਾ ਖੱਡਾ ਖੇਡਣਾ ਇਕ ਲੱਤ ਨਾਲ ਸਾਰੀ ਧਰਤ ਤੇ ਖੜ੍ਹ ਕੇ ਲੱਭਣ 2 ਚੋਰ ਸਿਪਾਹੀ ਦਾ ਅਸਮਾਨੀ ਤਾਰਿਆਂ ਦੀ ਵਗਦੀ ਨਦੀ ਲਿਸ਼ਕ ਧਰੂ ਭਗਤ ਦੀ ਵਹਿੰਗੀ ਸਰਵਣ ਦੀ ਕੂਕਾਂ ਮੋਰਾਂ ਦੀਆਂ ਟੀਂ 2 ਟਟੀਰੀ ਦੀ ਗੜੈਂ 2 ਡੱਡੂਆਂ ਦੀ ਹਨੇਰੇ ਤੜਕੇ ਚ ਘੁੰਗਰੂਆਂ ਦੇ ਬੋਲ ਗੱਡਿਆਂ ਦੇ ਰਾਗ ਪੰਛੀਆਂ ਦੇ ਗੀਤ ਸ਼ਬਦ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਨਾਨਕ ਜਿਵੇਂ ਆਪ ਪਿੰਡ ਆ ਗਿਆ ਹੋਵੇ ਮਧਾਣੀਆਂ ਦੀਆਂ ਘੁੰਮਕਾਰਾਂ ਚੂੜਿਆਂ ਦੀਆਂ ਛਣਕਾਰਾਂ ਕੰਮਾਂ ਕਾਰਾਂ ਨੂੰ ਜਾਂਦੀ ਮਿਹਨਤ ਸਕੂਲਾਂ ਕਾਲਜਾਂ ਨੂੰ ਜਾਂਦੇ ਭਵਿੱਖ ਕਿਤੇ ਕਿਤੇ ਗੀਤ ਹਲਟਾਂ ਦੇ ਮਹਿਕਾਂ ਉਡਦੀਆਂ ਆਉਣ ਸੱਜਰੇ ਤੱਤੇ ਗੁੜ੍ਹ ਦੀਆਂ ਗੰਨੇ ਦੇ ਰਸ 'ਚ ਲੱਸੀ ਦੇ ਘੋਲ ਘੋਲ ਪੀਤੇ ਨਗ਼ਮੇ ਕੱਚੀਆਂ ਗ਼ਾਜਰ ਮੂਲੀਆਂ ਦੀਆਂ ਪੁੱਟ ਪੁੱਟ ਆਡ 'ਚ ਧੋ ਧੋ ਮਾਣੀਆਂ ਲੱਜ਼ਤਾਂ ਜਾਣ ਬੁੱਝ ਕੇ ਵੱਟਾਂ 'ਤੇ ਟੁਰਨਾ ਤੇ ਵਾਰ ਵਾਰ ਡਿੱਗਣਾਂ ਅਜੇ ਫਿਰ ਆ ਕੇ ਅਸੀਂ ਰੇਤ ਦੇ ਘਰ ਬਨਾਉਣੇ ਤੇ ਆਪੇ ਹੀ ਢ੍ਹਾਉਣੇ ਨੇ ਛੱਲੀਆਂ ਚੱਬਣੀਆਂ ਹੋਲਾਂ ਖਾ ਖਾ ਮੂੰਹ ਲਵੇੜ ਲਵੇੜ ਹੱਸਣਾ ਪਤੰਗ ਉਡਾ ਉਡਾ ਅਜੇ ਲਾਉਣੇ ਨੇ ਪਿੰਡਾਂ ਦੇ ਅੰਬਰਾਂ ਨੂੰ ਖੋਜੀਆਂ ਤੋਂ ਖੁਰਾ ਕਢਵਾਉਣਾ ਅਜੇ ਚੋਰਾਂ ਦਾ ਜੋ ਗਵਾਂਢੀਆਂ ਦੇ ਸੰਨ੍ਹ ਲਾ ਗਏ ਸਨ ਰਾਤੀਂ ਸਰੋਂ ਦੇ ਝੂੰਮਰ ਪਾਉਂਦੇ ਖੇਤਾਂ ਦੇ ਨਜ਼ਾਰੇ ਨਾਲ ਨੱਚਣਾ ਸਾਗ 'ਚ ਤਰਦਾ ਤਰਦਾ ਘਿਓ ਪਾ ਮੱਕੀ ਦੀਆਂ ਬਿਨਾਂ ਗਿਣੇ ਰੋਟੀਆਂ ਦਾ ਮਜ਼ਾ ਲੈਣਾ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨੀ ਹੈ ਅਜੇ ਅਨਹਦ ਨਾਦ ਛੇੜਨਾ ਸਰੋਵਰ 'ਚ ਸੁਨਹਿਰੀ ਤਰਦੀਆਂ ਤੋਰਾਂ ਦੇਖਣੀਆਂ ਆ ਕੇ ਨੁੱਕਰ 'ਚ ਬੈਠ ਕਿਤੇ ਯਾਦ ਕਰਨਾ ਨਨਕਾਣੇ ਵਾਲੇ ਨੂੰ ਅਜੇ ਤਾਂ ਕਬੱਡੀ ਜਿੱਤ ਕੇ ਲਿਆਉਣੀ ਹੈ ਪਿੰਡ ਲਈ ਬੇੜੀ ਬਣਾ ਕੇ ਤਾਰਨੀ ਹੈ ਕਾਗਜ਼ ਦੀ ਮੀਂਹਾਂ 'ਚ ਭੰਬੀਰੀਆਂ ਬਣਾ ਬਣਾ ਦੌੜ੍ਹਨਾ ਗਲੀਆਂ 'ਚ ਚੈਨ 'ਚੋਂ ਪਜਾਮਾ ਕੱਢਣਾ ਕਾਲਾ ਹੋਇਆ ਪੰਘੂੜੇ ਝੂਟਣੇ ਐਨਕਾਂ ਲਿਆਉਣੀਆਂ ਛਿੰਝ 'ਚੋਂ ਹੀਰ ਦੀਆਂ ਦੀਆਂ ਤਰਜ਼ਾਂ ਕੱਢਣੀਆਂ ਪੀਪਣੀਆਂ ਬਣਾ ਕੇ ਨੱਚਣਾ ਤੇ ਹੱਸਣਾ ਅਜੇ ਕੱਛਾਂ ਵਜਾ ਵਜਾ ਕੇ ਹੁਣ ਤੱਕ ਤਾਂ ਮੇਰੇ ਚੀਕਣੀ ਮਿੱਟੀ ਦੇ ਬਣਾਏ ਧੁੱਪੇ ਪਾਏ ਖਿਡੌਣੇ ਵੀ ਸੁੱਕ ਗਏ ਹੋਣਗੇ ਕਤੂਰੇ ਗਿਣਨੇ ਅਜੇ ਪਰਾਲੀ 'ਚ ਦਿਤੇ ਰਾਣੋ ਦੇ ਜਾਮਣਾਂ ਪੱਕ ਗਈਆਂ ਹੋਣਗੀਆਂ ਖੂਹਾਂ 'ਤੇ ਮਲ੍ਹਿਆਂ ਦੇ ਬੇਰ ਥੋਹਰਾਂ ਦੇ ਕੰਡੇ ਹੋਣੇ ਲਵਾਉਣ ਨੂੰ ਬਥੇਰੇ ਕਾਲੀਆਂ ਘਟਾਵਾਂ ਹੋਣੀਆਂ ਚੜੀਆਂ ਪਸ਼ੂ ਰੱਜ ਗਏ ਹੋਣੇ ਮੇਰੇ ਚਰਦੇ ਖੀਸੇ ਆਕੜ ਗਏ ਹੋਣਗੇ ਗੁੜ੍ਹ ਨਾਲ ਅਜੇ ਵੱਡੀ ਪਿੰਨੀ 'ਤੇ ਅੱਖ ਰੱਖ ਚੱਕਣੀ ਵੱਡਾ ਲੱਡੂ ਚੱਕਣ ਤੇ ਖੌਰੂ ਪਾਉਣਾ ਆ ਕੇ ਰੇਤ 'ਤੇ ਲਿਟ ਲਿਟ ਅਜੇ ਅਰਸ਼ ਤੱਕਣਾ ਮੇਲੇ ਦੇਖਣੇ ਅੰਬਰ ਦੇ ਮੋਢਿਆਂ 'ਤੇ ਚੜ੍ਹ ਕੇ ਪਿੰਡ ਦੇ ਬਨ੍ਹੇਰਿਆਂ 'ਤੇ ਅਜੇ ਸਪੀਕਰ ਬੰਨ੍ਹਣੇ ਰੀਕਾਰਡ ਲਵਾਉਣੇ ਅਜੇ ਮਨ ਪਸੰਦੀ ਦੇ ਅਜੇ ਤਾਂ ਕਬਰਾਂ ਦੇ ਰਾਹ ਪਏ ਯਾਰ ਘਰਾਂ ਵੱਲ ਮੋੜ੍ਹਨੇ ਨੇ ਰੁੱਖਾਂ ਨੂੰ ਪੁੱਛਣਾ ਹੈ ਅਜੇ ਮਾਂ ਮੱਤ ਤੇ ਬਾਪੂ ਵਰਗੀ ਛੱਤ ਦਾ ਸਿਰਨਾਵਾਂ ਘਰਾਂ 'ਚੋਂ ਲੱਭਣੇ ਨੇ ਟੁੱਟੇ ਜੋੜੇ ਸਾਂਭੇ ਖਿਡੌਣੇ ਜੰਗਾਲੇ ਜਿੰਦਰਿਆਂ ਦੇ ਹੇਠੋਂ ਅਜੇ ਅਣਗਿਣਤ ਅੱਥਰੂ ਕਿਰੇ ਟੋਲਣੇ ਨੇ ਬੂਹਿਆਂ ਨਾਲ ਲਟਕ ਲਟਕ ਅਜੇ ਲੱਭਣੀਆਂ ਨੇ ਗੁਆਚੀਆਂ ਲੋਰੀਆਂ ਰਾਹਾਂ 'ਚੋਂ ਵਗਦੇ ਹੰਝੂਆਂ ਦੇ ਦਰਿਆ ਰੋਕਣੇ ਅਜੇ

ਅੱਖਰਾਂ 'ਚ

ਅੱਖਰਾਂ 'ਚ ਜੇ ਕੁਝ ਚਿਤਰਨਾ ਹੋਵੇ ਤਾਂ ਤੈਨੂੰ ਦੇਖੇ ਬਗ਼ੈਰ ਨਹੀਂ ਚਿਤਰ ਹੁੰਦਾ ਹਿੱਕ ਦੀ ਅੱਗ ਵੀ ਕਿਹੜੀ ਬਲਦੀ ਹੈ ਤੇਰੀਆਂ ਨਜ਼ਰਾਂ ਬਿਨ ਮੱਥੇ 'ਤੇ ਜੇ ਤਾਜ ਹੋਵੇ ਤਾਂ ਉਸ ਤੇ ਤੇਰੇ ਹੱਥਾਂ ਦੀ ਕਢਾਈ ਹੋਵੇ ਚਾਨਣੀ ਹੋਵੇ ਤਾਂ ਤੇਰੇ ਹੁਸਨ ਦੀਆਂ ਰਿਸ਼ਮਾਂ ਵਰਗਾ ਪਿਆਸ ਲੱਗੇ ਤਾਂ ਤੇਰੇ ਬੁੱਲ੍ਹਾਂ ਵਰਗੀ ਦਰਿਆ ਲਹਿਰਾਂ ਵਹਿਣ ਤਾਂ ਤੇਰੀਆਂ ਜ਼ੁਲਫਾਂ ਵਾਂਗ ਕੋਈ ਵਿਰਲਾ ਹੀ ਅਰਸ਼ ਹੋਣਾ ਤੇਰੀ ਚੁੰਨੀ ਦੇ ਸਿਤਾਰਿਆਂ ਵਾਂਗ ਜਗਦਾ ਕੋਈ ਵੱਖਰੀ ਹੀ ਰੀਝ ਹੋਣੀ ਤੇਰੇ ਸੁਫ਼ਨਿਆਂ 'ਚ ਵਿਚਰਨ ਜੋਗੀ ਤੂੰ ਤਾਂ ਹਨ੍ਹੇਰੀਆਂ ਰਾਤਾਂ 'ਚ ਵੀ ਬੁਝਦੇ ਦੀਵੇ ਬਾਲ ਦੇਵੇਂ ਤਾਰੀਖ਼ ਦੇ ਸਫ਼ੇ ਥੱਲ ਦੇਵੇਂ ਇਕ ਹੀ ਨਖ਼ਰੇ ਨਾਲ ਖਬਰੇ ਕੌਣ ਤੇਰੇ ਸੁਫ਼ਨੇ ਦੀ ਸੁਰਮ ਸਲਾਈ ਮੇਰੀ ਅੱਖ 'ਚ ਪਾ ਜਾਂਦਾ ਹੈ ਕਾਲੀ ਜੇਹੀ ਰਾਤ 'ਚ ਕੌਣ ਰੱਖ ਦਿੰਦਾ ਹੈ ਸਫ਼ਿਆਂ ਦੀਆਂ ਸਤਰਾਂ 'ਚ ਜੜ ਕੇ ਇਕ ਨਵੀਂ ਨਜ਼ਮ ਜਿਹਨੂੰ ਪੜ੍ਹਦਿਆਂ ਪੜ੍ਹਦਿਆਂ ਦਿਨ ਚੜ੍ਹ ਜਾਂਦਾ ਹੈ ਉਦਾਸ ਜੇਹਾ ਦਿਲ ਵਿਰ ਜਾਂਦਾ ਹੈ ਘੜੀ ਪਲ ਤੂੰ ਰੋਜ਼ ਆ ਜਾਇਆ ਕਰ ਸੁਫ਼ਨਿਆਂ 'ਚ ਵਸੀ ਰਿਹਾ ਕਰ ਯਾਦਾਂ 'ਚ ਫਿਰਦੀ ਰਿਹਾ ਕਰ ਫਰਿਆਦਾਂ 'ਚ

ਘਰ ਘਰ ਪਿੰਜਰੇ

ਘਰ ਘਰ ਪਿੰਜਰੇ ਘਰ ਘਰ ਜੇਲਾਂ ਬੂਹਿਆਂ ਦੀਆਂ ਨਜ਼ਰਾਂ ਹਰ ਵੇਲੇ ਉਹਨਾਂ 'ਤੇ ਅਰਸ਼ 'ਤੇ ਪੱਬ ਰੱਖਣ ਤਾਂ ਕਦ ਚੰਨ ਨੂੰ ਛੁਹਣ ਤਾਂ ਕਿਹੜੇ ਪਹਿਰ ਉਮਰਾਂ ਦੇ ਗੀਤ ਗਾਉਣ ਤਾਂ ਕਿੱਥੇ ਰੀਝਾਂ ਸੁੱਕਣੇ ਪਾਉਣ ਤਾਂ ਕਿੱਥੇ ਕਿੱਥੇ ਲਕੋਣ ਹਾਸੇ ਤੇ ਸੰਗਾਂ ਕਿਹੜੀ ਧਰਤ ਉਹਨਾਂ ਦੀ ਰੀਝਾਂ ਨੇ ਚੁੰਨੀ ਲੜ ਬੰਨ੍ਹੀਆਂ ਚੈਨ ਲੈਣ ਨਾ ਵੰਗਾਂ ਪਿਆਰ ਕਰਨ ਤਾਂ ਕਿਹਨੂੰ ਇਸ਼ਕ ਕਰਨ ਤਾਂ ਕਿੱਥੇ ਜੀਭੀਂ ਜਿੰਦਰੇ ਪਰਾਂ ਨੂੰ ਪਿੰਜਰੇ ਉਹ ਚਾਹੁਣ ਕਿਸੇ ਸਿਤਾਰੇ ਦੀ ਪਲਕ ਬਣ ਫ਼ਰਕਣਾ ਮਹਿਫ਼ਲ 'ਚ ਵਾਰ ਵਾਰ ਕਿਸੇ ਦੀ ਨਜ਼ਰ ਦੀ ਤਰੰਨਮ ਛੇੜਨਾ ਅੰਦਰੀਂ ਬਣ ਨਾ ਸਿਸਕਣਾ ਕੁਆਰੀ ਤੜਪਣ ਮਰ ਜਾਵੇ ਤਾਂ ਕਈ ਪਿੰਡ ਸਰਾਪੇ ਜਾਂਦੇ ਹਨ ਸੱਧਰ ਹਿੱਕ 'ਚ ਵਿਲਕਦੀ ਰਹਿ ਜਾਵੇ ਤਾਂ ਸਦੀਆਂ ਦੀ ਪਿੱਠ ਤੇ ਜ਼ਖ਼ਮ ਰਹਿ ਜਾਂਦੇ ਹਨ ਕਿੱਕਲੀ ਦੀ ਰੁੱਤੇ ਪਰਵਾਜ਼ਾਂ ਨਹੀਂ ਫ਼ੜੀਦੀਆਂ ਮੁਹੱਬਤ ਦੀ ਗਲੀ ਨਮਾਜ਼ਾਂ ਨਹੀਂ ਪੜ੍ਹੀਦੀਆਂ ਉਡਦੀਆਂ ਬੱਦਲੀਆਂ ਦੇ ਖੰਭ ਨਹੀਂ ਖੋਹੀਦੇ ਰੋਂਦੇ ਜੇਹੇ ਝਨਾਂ ਦੇ ਪੰਨੇ ਨਹੀ ਛੋਹੀਦੇ ਇਸ਼ਕ ਤਾਂ ਹਰ ਥਾਂ ਅੰਬਰ ਸਾਂਝੇ ਰੁੱਖ ਰੁੱਖਾਂ 'ਚ ਗਾਉਂਦੇ ਰਾਂਝੇ ਉੱਡਣ ਦੀ ਉਮਰਾ ਰੋਕ ਨਾ ਅੜੀਏ ਦਿਲ ਦੀ ਪੌੜੀ ਅਸਮਾਨੀਂ ਚੜ੍ਹੀਏ ਥੱਲ ਥੱਲ ਬੱਦਲ ਤਾਰੇ ਪੜ੍ਹੀਏ ਡੁੱਲ੍ਹਣ ਸੁਗੰਧੀਆਂ ਦੱਸ ਹੋਰ ਕੀ ਕਰੀਏ ਕੀ ਕੰਮ ਇਹ ਫੁੱਲ ਗੁਲਾਬੀ ਨੱਕੋ ਨੱਕ ਸ਼ਬਾਬ ਉਨ੍ਹਾਬੀ ਰੱਖ ਲੈਣ ਦੇ ਚੰਨ ਸਾਹਾਂ ਦੇ ਵਿਚ ਉੱਡਦੀਆਂ ਜਾਂਦੀਆਂ ਬਾਹਾਂ ਦੇ ਵਿਚ ਚੁੱਪ ਜੇਹੇ ਵਗਦੇ ਰਾਹਾਂ ਦੇ ਵਿਚ ਚਿਰੋਂ ਪਿਆਸੀਆਂ ਆਹਾਂ ਦੇ ਵਿਚ

ਕਿੰਨਾ ਚੰਗਾ ਹੋਵੇ

ਕਿੰਨਾ ਚੰਗਾ ਹੋਵੇ ਕਿ ਤੇਰੇ ਬੋਲ ਬੁੱਲ੍ਹਾਂ ਤੋਂ ਕਿਰਨ ਤੇ ਹੋ ਜਾਣ ਮੇਰੇ ਬੁੱਲ੍ਹਾਂ ਦੇ ਤੇਰੀਆਂ ਨਜ਼ਰਾਂ ਦਾ ਸਾਰਾ ਸੰਸਾਰ ਸਾਹਾਂ 'ਚ ਘੁਲ ਜਾਵੇ ਨਜ਼ਾਕਤ ਤੇ ਨਖ਼ਰੇ ਵੀ ਹੋਣ ਤੇਰੇ ਬਖ਼ਸ਼ ਦੇ ਮਹਿੰਦੀ ਦਾ ਰੰਗ ਉਤਾਰ ਕੇ ਬਾਹਾਂ 'ਚ ਸਿਮਟ ਜਾ ਅੰਗਾਂ ਦੀ ਮਚਲਦੀ ਮਸਤੀ ਲੈ ਕੇ ਦੇ ਦੇ ਮੈਨੂੰ ਮਹਿਕਾਂ ਮੁਸਕਰਾਹਟਾਂ ਫਿਰਦੀਆਂ ਝੱਲੀਆਂ ਇਕੱਲੀਆਂ ਜਿਸਮ ਦੀਆਂ ਅਣਸੁੱਤੀਆਂ ਕਰਵਟਾਂ ਹੁਣ ਕੀ ਕੰਮ ਤੇਰੇ ਕੁਝ ਵੀ ਹੈ ਮੱਥੇ ਤੇਰੇ ਲਿਖਿਆ ਮੈਂ ਨਜ਼ਮ ਬਨਾਉਣੀ ਹੈ ਆਪਣੇ ਮੁੱਖ ਦੇ ਚੰਦ ਸਿਤਾਰੇ ਮੇਰੇ ਕੋਰੇ ਸਫਿਆਂ 'ਤੇ ਰੱਖ ਦੇ ਬੱਗੀਆਂ ਵੀਣੀਆਂ 'ਤੇ ਨਹੀਂ ਛਣਕਦੀਆਂ ਵੰਗਾਂ ਵਿਯੋਗ 'ਚ ਇਹਨਾਂ ਨੂੰ ਮੇਰੇ ਹੱਥਾਂ 'ਚ ਸਜਾ ਝੋਲੀ 'ਚ ਇਕ ਰਹਿਮਤ ਜੇਹੀ ਪਾ ਦੇ ਰੂਹਾਂ ਹਨ ਮਰ ਜਾਣਗੀਆਂ ਰਹਿ ਰਹਿ 'ਕੱਲੀਆਂ ਇਹਨਾਂ ਨੂੰ ਕਦੇ ਆ ਕੇ ਨੱਚਣਾਂ ਸਿਖਾ ਦੇ ਰਾਹ ਨੇ ਵਿਚਾਰੇ ਰਾਹਗੀਰ ਲੱਭਦੇ ਨੇ ਕਦੋਂ ਦੇ ਚੁੱਪਚਾਪ ਖੜ੍ਹੇ ਨੇ ਰੁੱਖ ਉਦਾਸ ਪੱਤਿਆਂ ਨੂੰ ਪਲ ਭਰ ਹੱਸਣ ਲਾ ਦੇ

ਜਦੋਂ ਸੂਰਜ ਥੱਕ ਜਾਂਦਾ ਹੈ

ਜਦੋਂ ਸੂਰਜ ਥੱਕ ਜਾਂਦਾ ਹੈ ਟੁਰ ਟੁਰ ਕੇ ਕ੍ਰੋਧ 'ਚ ਬਲਦਾ ਸਮੁੰਦਰ 'ਚ ਜਾ ਠਰਦਾ ਹੈ ਸ਼ਾਮ ਜਦੋਂ ਬੂਹੇ 'ਤੇ ਆ ਕੇ ਬੈਠ ਜਾਂਦੀ ਹੈ ਹਰ ਕੇ ਓਹਦੇ ਅੰਦਰ ਵੀ ਓਹਦਾ ਸਾਰਾ ਦਿਨ ਛਿਣ ਛਿਣ ਮਰਦਾ ਹੈ ਇਕ ਇਕ ਸਿਤਾਰਾ ਜਦ ਅੱਖਾਂ ਮਲਦਾ ਮਲਦਾ ਜਾਗਦਾ ਹੈ ਕੱਚੀ ਨੀਂਦੇ ਤਾਂ ਇਕ ਇਕ ਤਾਰਾ ਅੱਗ ਦੀ ਨਦੀ ਤਰਦਾ ਹੈ ਚੰਨ ਕੋਲ ਬੈਠ ਕੇ ਵੀ ਕੀ ਕਰੇਂਗਾ ਹੁਣ 'ਕੱਲੀ ਚਾਨਣੀ ਨਾਲ ਵੀ ਕਿਹੜਾ ਅੱਜਕਲ੍ਹ ਦਿਲ ਭਰਦਾ ਹੈ ਕਿਹੜੀ ਮਰਮ ਲਾਵੇਂਗਾ ਇਸ਼ਕ ਦੇ ਜ਼ਖ਼ਮਾਂ 'ਤੇ ਹੁਣ ਤਾਂ ਝਨਾਂ ਵੀ ਮੁਹੱਬਤ ਤੋਂ ਪਲ ਪਲ ਡਰਦਾ ਹੈ ਅਜੇ ਤੱਕ ਪੈੜ ਨਹੀਂ ਲੱਭੀ ਕਿਤੇ ਵੀ ਮਾਰੂਥਲ 'ਚੋਂ ਪੱਬਾਂ ਦੇ ਛਾਲਿਆਂ ਨੂੰ ਪਿਆਰ ਖਬਰੇ ਕਿਹੜੇ ਕਿਹੜੇ ਪੱਤਣੀ ਜਾ ਚੜ੍ਹਦਾ ਹੈ ਰਹਿਣ ਦੇ ਇਸ਼ਕ ਸੁੱਤੇ ਨੂੰ ਜਾਗ ਪਿਆ ਤਾਂ ਰੋਣ ਲੱਗ ਪਵੇਗਾ ਪਤਾ ਨਹੀਂ ਕਿਹੜੇ ਪ੍ਰੇਮ ਦੀ ਇਹ ਰਾਤ ਦਿਨ ਕਿਤਾਬ ਪੜ੍ਹਦਾ ਹੈ

ਕਿਹਦੇ ਕੋਲ ਸਾਰ ਹੈ

ਕਿਹਦੇ ਕੋਲ ਸਾਰ ਹੈ ਆਪਣੇ ਬੀਤੇ ਪਲਾਂ ਦੀ ਦਾਸਤਾਨ ਨੂੰ ਸੰਭਾਲ ਸੰਭਾਲ ਰੱਖਣ ਦੀ ਦਿਲ ਦੀ ਕਿਸੇ ਨੁੱਕਰ 'ਚ ਤੂੰ ਇਸ ਤਰਾਂ ਨਹੀਂ ਸੀ ਜਾਣਾ ਅਜੇ ਸੁੱਤੇ ਪਏ ਸਨ ਕਈ ਖ਼ਾਬ ਅਜੇ ਨਹੀਂ ਸੀ ਆਈ ਕਈ ਸੁੱਤੇ ਪਏ ਜ਼ਖ਼ਮਾਂ ਨੂੰ ਜਾਗ ਉਦਾਸ ਹੋਏ ਸੁਫ਼ਨੇ ਜਦ ਵੀ ਟੁੱਟ ਕੇ ਸੌਂਦੇ ਨੇ ਡਿੱਗ ਪੈਂਦੇ ਨੇ ਏਧਰ ਓਧਰ ਜੇ ਉਠਾਉ ਤਾਂ ਵਿਰਦੇ ਨਹੀਂ ਕਈ ਕਈ ਸਦੀਆਂ ਉਹਨਾਂ 'ਚ ਫਿਰ ਜ਼ਿੰਦਗੀ ਦੇ ਹਾਦਸਿਆਂ ਦਾ ਜ਼ਿਕਰ ਲਿਸ਼ਕਣ ਲਗਦਾ ਹੈ ਫਿਰ ਹਾਸਿਆਂ ਕਿੱਲਕਾਰੀਆਂ ਬਿਨ ਵਿਚਰਣ ਗੁਆਚਣ ਖੇਡਣ ਲੱਗ ਪੈਂਦੇ ਨੇ ਤੂੰ ਚਲੀ ਗਈ ਕੁਝ ਸੁਫ਼ਨੇ ਤਾਂ ਤੇਰੀਆਂ ਪੈੜਾਂ ਲੱਭਣ ਟੁਰ ਗਏ ਜੋ ਬਚੇ ਉਹ ਕੰਧਾਂ ਨਾਲ ਸਿਰ ਲਾ ਕੇ ਡੁਸਕਦੇ ਰਹੇ ਇੰਜ ਆਮ ਹੀ ਹੁੰਦਾ ਆਇਆ ਹੈ ਚੰਨ ਸਿਤਾਰਿਆਂ ਨਾਲ ਤੇ ਟੁੱਟੇ ਹੋਏ ਲਾਰਿਆਂ ਦੇ ਨਾਲ ਤੈਨੂੰ ਯਾਦ ਵੀ ਨਹੀਂ ਹੋਣਾ ਕਿ ਕਿੰਜ ਰੋਇਆ ਓਸ ਰਾਤ ਦਾ ਚੰਨ ਕਿੰਜ ਮਹਿਫ਼ਲ ਉੱਜੜੀ ਤੇਰੇ ਸ਼ਬਾਬ ਬਿਨ ਸੁਫ਼ਨਿਆਂ ਨੇ ਤਾਂ ਅੰਤ ਮਰਨਾ ਹੀ ਹੁੰਦਾ ਹੈ ਚਾਹੇ ਤੇਰੀ ਗੋਦ 'ਚ ਮਰ ਜਾਣ ਜਾਂ ਡੁੱਬ ਮਰਨ ਕਿਸੇ ਡੂੰਘੇ ਸਮੁੰਦਰ 'ਚ ਸਾਨੂੰ ਵੀ ਹੁਣ ਛੁਪਣ ਦਾ ਖੌਫ਼ ਨਹੀਂ ਰਿਹਾ ਹਾਦਸੇ ਵੀ ਜਿੱਤ ਦੇ ਝੂਲਦੇ ਪਰਚਮ ਜਾਪਦੇ ਨੇ ਅਸੀਂ ਤਾਂ ਸਲੀਬ ਤੇ ਵੀ ਉਣਦੇ ਰਹਿੰਦੇ ਹਾਂ ਚਾਅ ਮਹਿਬੂਬ ਦੀ ਮਹਿਫ਼ਲ 'ਚ ਵੀ ਬੰਦਾ ਜ਼ਿਹਬਾ ਹੀ ਹੁੰਦਾ ਹੈ ਹਿੱਕ 'ਚ ਡੁੱਬੇ ਨਜ਼ਰਾਂ ਦੇ ਤੀਰ ਲਕੋਂਦਾ ਹੀ ਰਹਿੰਦਾ ਹੈ ਰਾਹਾਂ 'ਚ ਵੀ ਜੇ ਪਹਿਨਣ ਨੂੰ ਮਿਲਦੇ ਹਨ ਤਾਂ ਖੰਜਰਾਂ ਵਰਗੇ ਪਹਿਰ ਜਾਂ ਅੰਦਰ ਧੁਰ ਕਿਤੇ ਛੁਪੀਆਂ ਕਟਾਰਾਂ ਕੋਈ ਨਹੀਂ ਪਛਾਣ ਸਕਦਾ ਆਪਣੇ ਹਿੱਸੇ ਦੀ ਗੋਲੀ ਦੀ ਆਵਾਜ਼ ਨੂੰ ਅੱਜ ਦੇ ਮੌਸਮ 'ਚ ਕਿਸੇ ਨੂੰ ਨਹੀਂ ਪਤਾ ਕਿ ਕਿਧਰੋਂ ਆਉਣਾ ਹੈ ਮੌਤ ਦੀ ਕਾਲੀ ਹਨ੍ਹੇਰੀ ਨੇ ਕਿਵੇਂ ਜੋੜਾਂ ਹੁਣ ਤੇਰੀ ਉਡੀਕ 'ਚ ਤਿੜਕੇ ਸੁਫ਼ਨਿਆਂ ਨੂੰ ਕਿੰਜ ਚੁਗਾਂ ਜ਼ਖ਼ਮ ਖਿੱਲਰਿਆਂ ਤੇਰਿਆਂ ਚਾਵਾਂ 'ਚੋਂ ਮਹਿਕਾਂ ਜੇ ਕੱਠੀਆਂ ਕਰਦਾ ਹਾਂ ਤਾਂ ਕਿਰ ਜਾਂਦੀਆਂ ਹਨ ਚੇਤਿਆਂ 'ਚੋਂ ਕੈਨਵਸ 'ਤੇ ਜੇ ਰੰਗ ਛੇੜਦਾ ਹਾਂ ਤਾਂ ਤੇਰਾ ਚਿਹਰਾ ਬਣ ਜਾਂਦਾ ਹੈ ਫੁੱਲ ਬਣਾਉਦਿਆਂ ਬਣਾਉਦਿਆਂ

ਬੈਠਾ ਹਾਂ

ਬੈਠਾ ਹਾਂ ਉਸ ਦਿਨ ਦੀ ਉਡੀਕ 'ਚ ਜਦ ਸੂਰਜ ਦੀਆਂ ਪਹਿਲੀਆਂ ਰਿਸ਼ਮਾਂ ਦੇ ਮੁੱਖ 'ਤੋਂ ਕਾਲੀਆਂ ਚੁੰਨੀਆਂ ਸਰਕਣਗੀਆਂ ਦੁਪਹਿਰਾਂ ਜਦ ਹੱਸਦੀਆਂ ਜਾਂਦੀਆਂ ਦੇਖਾਂਗਾ ਸਾਹ ਹੋਣਗੇ ਬੂਹਿਆਂ ਦੀਆਂ ਵਿਰਲਾਂ 'ਚ ਵੀ ਬਚੇ ਲਾਲ ਸੂਹੇ ਚੂੜਿਆਂ ਨੂੰ ਚਾਅ ਹੋਵੇਗਾ ਕਿਸੇ ਦੇ ਆਉਣ ਦਾ ਵਿਹੜਿਆਂ ਨੂੰ ਰੀਝਾਂ ਹੋਣਗੀਆਂ ਧਮਾਲਾਂ ਦੀਆਂ ਦਰਾਂ 'ਤੇ ਬੱਝਣਗੇ ਮੌਲੀ 'ਚ ਪਰੋਏ ਪੱਤ ਸਰੀਂਹ ਦੇ ਗੀਤ ਹੋਣਗੇ ਜਦ ਬੁੱਲਾਂ 'ਤੇ ਪੈਰਾਂ 'ਚ ਪਜੇਬਾਂ ਦੇ ਬੋਰਾਂ ਨੂੰ ਆਵੇਗਾ ਲੋਹੜਾ ਝੂੰਮਣਗੇ ਖੇਤ ਛੱਲੀਆਂ ਦੇ ਕੱਚਿਆਂ ਦੋਧਿਆਂ ਨਾਲ ਕੁੱਖ 'ਚ ਲੋਅ ਹੋਵੇਗੀ ਧਰਤ ਦੇ ਸੁਸੁਬ੍ਹਾ 'ਚ ਸ਼ਬਦ ਹੋਣਗੇ ਗੁਰ ਨਾਨਕ ਦੇ ਉਡੀਕ ਰਿਹਾ ਹਾਂ ਗੋਬਿੰਦ ਸਿੰਘ ਨੂੰ ਅਨੰਦਪੁਰ ਦੇ ਰਾਹਾਂ 'ਚ ਪੰਜ ਹੋਰ ਸਿਰ ਲੈ ਕੇ ਇਕ ਵਾਰ ਫਿਰ ਸਾਜੇ ਉਹ ਸ਼ੇਰ ਕਿ ਪਹਿਲਿਆਂ ਦੀ ਵੰਸ਼ 'ਚੋਂ ਸੱਧਰਾਂ ਕਿਰ ਗਈਆਂ ਹਨ ਜੂਝਣ ਵਾਲੀਆਂ ਪੰਥ ਨੂੰ ਹੋਟਲਾਂ ਦੇ ਚਾਅ ਚੜ੍ਹੇ ਪਏ ਨੇ ਕਿਰਪਾਨਾਂ ਨੂੰ ਭਰਾਵਾਂ ਦੀਆਂ ਬਾਹਵਾਂ ਹੀ ਦਿਸਦੀਆਂ ਹਨ ਗੋਲਕਾਂ ਨੇ ਤਾਂ ਕੀ ਸਾਰ ਲੈਣੀ ਸੀ ਗ਼ਰੀਬੀ ਦੀ ਪੌੜੀਆਂ ਵੀ ਸਾਰ ਨਹੀਂ ਲੈਦੀਆਂ ਗ਼ੁਰਬਤ ਦੀ ਬੋਲਣ 'ਤੇ ਫ਼ਤਵੇ ਮਿਲਦੇ ਹਨ ਭਾਲਦੀਆਂ ਹਨ ਤਲਵਾਰਾਂ ਰਾਤ ਦਿਨ ਆਵਾਜ਼ਾਂ ਨੂੰ ਜਾਂ ਪੀਣ ਨੂੰ ਜ਼ਹਿਰ ਮਿਲਦੀ ਹੈ ਰੂਹਾਂ ਪਿਆਸੀਆਂ ਜਾਣ ਤਾਂ ਕਿੱਥੇ ਸਹਿਕਦੀਆਂ ਮਰਨ ਤਾਂ ਕਿਹੜੇ ਦਰ 'ਤੇ ਅਰਮਾਨ ਸਨ ਕੌਮ ਦੇ ਕੁਝ ਪਰਿਵਾਰਾਂ ਨੇ ਹੀ ਡੀਕ ਲਏ ਸਾਰੇ ਕੀਮਤ ਤਾਂ ਕੀ ਪੈਣੀ ਸੀ ਭੁੱਖੀਆਂ ਸਰਦਲਾਂ 'ਤੇ ਇਨਸਾਨੀਅਤ ਜੇ ਕਿਤੇ ਬਚੀ ਹੈ ਤਾਂ ਜਾਵੇ ਕਿਹੜੀ ਮਿੱਟੀ 'ਚ ਦਫ਼ਨ ਹੋਣ ਹੁਸਨ ਜਾਵੇ ਤਾਂ ਕਿਹੜੀ ਮੰਡੀ 'ਚ ਵਿਕਣ ਗ਼ੈਰਤ ਰੁਲੇ ਤਾਂ ਕਿੱਥੇ ਉਡੀਕਾਂ ਦਮ ਤੋੜ੍ਹਨ ਤਾਂ ਕਿਹੜੇ ਚੁਰਾਹੇ 'ਚ ਯੁਮਲਿਆਂ ਨੂੰ ਤਲੀ 'ਤੇ ਧਰ ਕੇ ਕਿਹੜਾ ਪੇਟ ਭਰਦੇ ਨੇ ਕਿੰਨਾ ਕੁ ਚਿਰ ਕੋਈ ਰੱਖ ਸਕਦਾ ਹੈ ਬੱਚੇ ਨੂੰ ਖਿਡੌਣਿਆਂ ਦੇ ਲਾਰਿਆਂ 'ਤੇ ਭਾਸ਼ਣ ਏਨੇ ਬੇਸ਼ਰਮ ਹੋ ਗਏ ਹਨ ਕਿ ਮਰਦੇ ਹੀ ਨਹੀਂ ਸਦੀਆਂ ਦੇ ਹੱਥੋਂ ਕਰਤੂਤਾਂ ਏਨੀਆਂ ਕਾਲੀਆਂ ਕਿ ਘੁੰਢ ਵੀ ਨਹੀਂ ਕੱਢਦੀਆਂ ਨੱਚਣ ਵੇਲੇ ਰੂਹਾਂ ਨੂੰ ਏਨੀ ਭੁੱਖ ਜਿਵੇਂ ਚਿਖ਼ਾ ਤੇ ਵਿਛਾ ਲੇਟਣਾ ਹੋਵੇ ਜਗੀਰਾਂ ਨੂੰ ਨਜ਼ਰ 'ਚ ਮੋਤੀਏ ਦੀ ਲਿਸ਼ਕ ਹੈ ਲਿੱਬੜੇ ਮੂੰਹ ਨੂੰ ਅਜੇ ਵੀ ਪਿਆਸ ਹੈ ਸੁੱਕੀਆਂ ਆਂਦਰਾਂ 'ਚ ਰਹਿ ਗਏ ਦੋ ਤੁਪਕੇ ਖ਼ੂਨ ਦੀ ਜਾਣਦੇ ਨਹੀਂ ਦਰਬਾਰ ਕਿ ਗੱਡੇ ਬੁੱਤ ਵੀ ਤੋੜ ਦਿੰਦੇ ਨੇ ਲੋਕ ਹੁਣ ਰਾਖ਼ ਕਰ ਦਿੰਦੇ ਹਨ ਮਹਿਲ ਮੁਨæਾਰੇ ਦੌਲਤਾਂ ਸਹਾਰੇ ਕਦੇ ਤਰਿਆ ਨਹੀਂ ਜਾਂਦਾ ਮੰਜ਼ਿਲਾਂ ਨਹੀਂ ਕਦੇ ਮਿਲਦੀਆਂ ਬੇਗ਼ਾਨੇ ਮੋਢਿਆਂ 'ਤੇ ਹੱਥ ਧਰਕੇ ਬੁਢਾਪੇ ਨੂੰ ਪਿਆਸ ਨਹੀਂ ਲਾਈ ਦੀ ਦਰਿਆਵਾਂ ਦੀ ਮਾਸੂਮ ਗਲੀਆਂ ਨੂੰ ਭਿੱਖਿਆ ਮੰਗਣ ਨਹੀਂ ਤੋਰੀਦਾ ਹੱਕ ਕਦੇ ਸਲੀਬਾਂ ਤੋਂ ਨਹੀਂ ਡਰਦੇ ਖ਼ਾਬ ਕਦੇ ਰਾਤਾਂ 'ਚੋਂ ਨਹੀਂ ਮਰਦੇ ਖੰਜਰ ਕਦੇ ਨਿਹੱਥਿਆਂ ਨਾਲ ਨਹੀਂ ਲੜ੍ਹਦੇ ਜ਼ਖ਼ਮ ਕਦੇ ਦਿਲਾਸਿਆਂ ਸੰਗ ਨਹੀਂ ਭਰਦੇ

ਵਾਰ ਵਾਰ ਮਿਲੀਏ

ਵਾਰ ਵਾਰ ਮਿਲੀਏ ਜਾਂ ਮਿਲਣ ਹੋਵੇ ਪਹਿਲੀ ਵਾਰ ਦਾ ਕੋਈ ਨਹੀਂ ਏਥੇ ਧੁਖਦੀਆਂ ਹਿੱਕਾਂ ਨੂੰ ਠਾਰਦਾ ਕਾਹਦਾ ਮਿਲਣਾ ਇਹਨਾਂ ਮਿੱਟੀਆਂ ਦਾ ਪੜ੍ਹਨਾ ਜਿਵੇਂ ਪੁਰਾਣੀਆਂ ਚਿੱਠੀਆਂ ਦਾ ਰੂਹ ਆਪਣੀ ਸੰਗ ਗੱਲਾਂ ਮਿੱਠੀਆਂ ਦਾ ਸੁਫਨੇ ਵਿੱਚ ਯਾਦਾਂ ਡਿੱਠੀਆਂ ਦਾ ਕਿਹਨੇ ਮਿਲਣਾ ਤੈਨੂੰ ਕੱਲ੍ਹ ਨੂੰ ਆ ਕੇ ਛੱਡ ਜਾਣਾ ਕਿਤੇ ਸੁੱਕਣੇ ਪਾ ਕੇ ਰਾਤ ਨੂੰ ਹੰਝੂਆਂ ਨਾਲ ਸੁਆ ਕੇ ਨਵਾਂ ਰੋਗ ਹੋਰ ਜ਼ਿੰਦ ਨੂੰ ਲਾ ਕੇ ਕਦੇ ਨਾ ਢੁੱਕਦੇ ਲਾਏ ਲਾਰੇ ਝਿੜਕ ਦਿੱਤਿਆਂ ਟੁੱਟ ਜਾਂਦੇ ਤਾਰੇ ਦੇਖ ਲਈਂ ਪੜ੍ਹ ਵੇਦ ਇਹ ਸਾਰੇ ਕੋਈ ਨਹੀਂ ਇਤਿਹਾਸ ਨਿਆਰੇ ਸਾਰੇ ਹੰਝੂ ਖਾਰੇ 2 ਚੱਲ ਉੱਚੇ ਅਸਮਾਨ ਚ ਜਗੀਏ ਮਹਿਕ ਬਣ ਸਾਹਾਂ ਚ ਵਗੀਏ ਮਾਰੂਥਲ 'ਚ ਪੈੜਾਂ ਬਣ ਉੱਗੀਏ ਦਿਲ ਓਹਦੇ ਦੀ ਝਿਲਮਿਲ ਬੁੱਝੀਏ

ਜੇ ਉਹ

ਜੇ ਉਹ ਮਨੁੱਖ ਹੁੰਦੇ ਤਾਂ ਫੁੱਲ ਗੁਲਾਮ ਨਾ ਹੁੰਦੇ ਸੂਰਜ ਹਰ ਵਿਹੜੇ ਜਾਂਦਾ ਹਰ ਝੌਂਪੜੀ ਦੀ ਕੁੱਖ ਚ ਲੋਅ ਲਿਖੀ ਜਾਂਦੀ ਕੱਚੀ ਨੀਂਦੇ ਨਾ ਉੱਠਦੇ ਮੇਰੇ ਜਾਏ ਰੱਜ 2 ਸੌਂਦੀਆਂ ਰਾਤਾਂ ਥੱਕੀਆਂ ਟੁੱਟੀਆਂ ਹੱਸਦੀਆਂ ਖੇਡਦੀਆਂ ਦੁਪਹਿਰਾਂ ਸ਼ਾਮਾਂ ਰੂਹਾਂ ਕੁਰਲਾਂਦੀਆਂ ਨਾ ਭੁੱਖੀਆਂ ਚੀਕਾਂ ਦੀ ਅਵਾਜ਼ ਨਾ ਆਉਂਦੀ ਕੰਧਾਂ ਚੀਰਦੀ ਬੂਹੇ ਭੰਨਦੀ ਔਂਸੀਆਂ ਪਾਉਂਦੀਆਂ ਰੀਝਾਂ ਨਾ ਡਿੱਗਦੀਆਂ ਹਫ਼ 2 ਹੱਕ ਮੰਗਦੀ ਅਵਾਜ਼ ਫਾਂਸੀ ਨਾ ਟੰਗੀ ਜਾਂਦੀ ਅਦਾਲਤ ਜੇ ਹੁੰਦੀ ਤਾਂ ਫੈਸਲੇ ਸੱਚ ਦੇ ਵੀ ਹੱਕ 'ਚ ਹੁੰਦੇ ਤਾਰੀਕਾਂ ਜੇ ਪੈਂਦੀਆਂ ਤਾਂ ਉਮਰਾਂ ਤੋਂ ਲੰਬੀਆਂ ਨਾ ਹੁੰਦੀਆਂ ਚੰਦ ਹੁੰਦਾ ਤਾਂ ਸਾਡੀ ਛੱਤ ਤੇ ਵੀ ਕਦੇ ਆਉਂਦਾ ਖੜਕਾਉਂਦਾ ਕਦੇ ਸਾਡਾ ਵੀ ਬੂਹਾ ਤਾਰੇ ਹੁੰਦੇ ਤਾਂ ਸਾਡੇ ਹਿੱਸੇ ਦੇ ਵੀ ਹੋਣੇ ਸੀ ਅਰਸ਼ ਹੁੰਦਾ ਤਾਂ ਅਸੀਂ ਵੀ ਪੀਂਘ ਪਾ ਲੈਂਦੇ ਕਦੇ ਸੱਤਰੰਗੀ ਕੁੱਲੀਆਂ 'ਚ ਕਿਉਂ ਨਹੀਂ ਦਿਸਦਾ ਹਨੇਰਾ ਧਨਾਢਾਂ ਦੇ ਘਰੀਂ ਜਾਂਦੇ ਸੂਰਜ ਨੂੰ ਨੰਗੇ ਤਨ ਠਰਦੇ ਕਿਉਂ ਨਹੀਂ ਨਜ਼ਰੀਂ ਪੈਂਦੇ ਏਡੀ ਵੱਡੀ ਤਾਰਿਆਂ ਜੜੀ ਅੰਬਰੀ ਰਜਾਈ ਨੂੰ ਕਿੱਥੇ ਹੈ ਤੁਹਾਡਾ ਇਨਸਾਫ਼ ਪਸੰਦ ਦਰਬਾਰ ਤੇ ਰਾਜਾ ਤੇ ਓਹਦਾ ਇਨਸਾਫ਼ ਵੰਡਦਾ ਸੀਨਾ ਹੁਣ ਆ ਗਿਆ ਹੈ ਵੇਲਾ ਜਦ ਅਜੇਹੇ ਤਖਤਾਂ ਦੇ ਪਾਵੇ ਹਿੱਲਣਗੇ ਮੁੱਕਟ ਰੁਲਣਗੇ ਇਹਨਾਂ ਦੇ ਜਿਸਮ ਨਹੀ ਵਿਕਣਗੇ ਹੁਣ ਬਜ਼ਾਰਾਂ ਵਿਚ ਮੰਡੀਆਂ 'ਚ ਸੁਫਨੇ ਨਹੀਂ ਸੜਨਗੇ ਹੁਣ ਭੁੱਖੇ ਪੇਟ ਵੀ ਲੜ੍ਹਨਗੇ

ਸੂਰਜਾ ਵੇ

ਸੂਰਜਾ ਵੇ ਤੂੰ ਵੀ ਨਹੀਂ ਰਿਹਾ ਸਾਡਾ ਹੁਣ ਜਿਹਨੇ ਕੱਚੀ ਨੀਂਦੇ ਸਦਾ ਜਗਾਇਆ ਕਦੇ ਰੱਜ ਕੇ ਸੌਣ ਵੀ ਨਹੀਂ ਦਿੱਤਾ ਨਾਹੀ ਥਾਪੜ ਕਦੇ ਸੁਆਇਆ ਕੌਣ ਸੁਣੇਗਾ ਸਾਡੀ ਰੂਹ ਦੀਆਂ ਚੀਕਾਂ ਟੁੱਟ ਗਏ ਹਾਂ ਕੰਧੀ ਮਾਰ ਕੇ ਲੀਕਾਂ ਕਿਉਂ ਨਾ ਹੋਣ ਫੈਸਲੇ ਸਾਡੇ ਹੱਕਾਂ ਦੇ ਕਿਉਂ ਪੈਂਦੀਆਂ ਉਮਰ ਜੇਡ ਤਾਰੀਕਾਂ ਕਿਉਂ ਨਹੀਂ ਚੰਦ ਚੰਦਰਾ ਦਰਾਂ ਕੋਲੋਂ ਲੰਘਦਾ ਤਾਰੇ ਕਿਉਂ ਨਹੀਂ ਵਿਹੜੇ ਵੜਦੇ ਕਿਉਂ ਨਹੀਂ ਬੂਰ ਅੰਬੀਆਂ ਨੂੰ ਪੈਂਦੇ ਅੰਬਰ ਲੇਖ ਕਿਉਂ ਨਹੀਂ ਘੜ੍ਹਦੇ ਸੂਰਜ ਨੂੰ ਕਿਉਂ ਸੰਗ ਕੁੱਲੀ ਤੋਂ ਪਾਟੀ ਜੇਹੀ ਤਕਦੀਰ ਜੁੱਲੀ ਤੋਂ ਚੰਨ ਕਿਉਂ ਨਹੀਂ ਖੇਡਦਾ ਸਾਡੇ ਬੂਹੇ ਮਰੀਏ ਕਿਹੜੇ ਡੁੱਬ ਕੇ ਖੂਹੇ ਲੈ ਕੇ ਚਾਅ ਲੱਪ ਸੂਹੇ ਸੂਹੇ ਕਿੰਨੀਆਂ ਸੱਧਰਾਂ ਸਾਡੀ ਰੂਹੇ

ਜਰਾ ਦੇਖ ਕੇ

ਜਰਾ ਦੇਖ ਕੇ ਬਾਹਰ ਨਿੱਕਲੀਂ ਟੁਰੀਂ ਸੰਭਲ ਕੇ ਹਵਾਵਾਂ ਨੇ ਵੀ ਲੰਘਣਾ ਹੈ ਲੋਕਾਂ ਨੇ ਵੀ ਜਾਣਾ ਹੈ ਕਿਤੇ ਰੋਜ਼ੀ ਰੋਟੀ ਲਈ ਤੈਨੂੰ ਦੇਖਦੇ ਵਿਚਾਰੇ ਹੈਰਾਨ ਹੋ ਜਾਂਦੇ ਨੇ ਸ਼ਹਿਰ ਨਦੀਆਂ ਪੰਧ ਮੰਜ਼ਿਲਾਂ ਰਾਹ ਭੁੱਲ ਜਾਂਦੇ ਨੇ ਸੰਭਲ ਸੰਭਲ ਪੱਬ ਰੱਖ ਕਿਤੇ ਕਿਸੇ ਦੀਆਂ ਅਧੂਰੀਆਂ ਸੱਧਰਾਂ ਖਿੱਲਰੀਆਂ ਸਿਸਕੀਆਂ ਲੈ ਰਹੀਆਂ ਹੁੰਦੀਆਂ ਹਨ ਚਾਅ ਨਾ ਹੋਣ ਕਿਤੇ ਪਏ ਕਿਸੇ ਦੇ ਰਾਹ 'ਚ ਟੁੱਕੜੇ ਟੁੱਕੜੇ ਹੋਏ ਅਣਗਾਏ ਗੀਤ ਨਾ ਆ ਜਾਣ ਨਰਮ ਸੂਹੇ ਪੈਰਾਂ ਹੇਠ ਕਿਤੇ ਪੱਤਾ ਨਾ ਹਿੱਲੇ ਰੁੱਖ ਸੁੱਤੇ ਪਏ ਹਨ ਸੁਫ਼ਨਿਆਂ ਦੀ ਦੁਨੀਆਂ 'ਚ ਦੇਖੀਂ ਕੋਈ ਖੜਾਕ ਨਾ ਹੋਵੇ ਤਾਰਿਆਂ ਵਰਗੇ ਹੁੰਦੇ ਨੇ ਹਰ ਕੁਆਰੀ ਰਾਤ ਦੇ ਸੁਫ਼ਨੇ ਜੋ ਗੁੰਦਦੀ ਹੈ ਹਰ ਅੱਧੀ ਰਾਤ 'ਚ ਕਰਦੀ ਹੈ ਦੋ ਦੋ ਗੁੱਤਾਂ ਹਰੇਕ ਰੀਝ ਦੀਆਂ ਖਿਆਲ ਰੱਖੀਂ ਕਿਤੇ ਨੰਨੇ ਬੱਚੇ ਦੇ ਚੰਨ ਨਾਲ ਖੇਡਣ ਦੇ ਪਲ ਨਾ ਜ਼ਖ਼ਮੀ ਹੋ ਜਾਣ ਏਦਾਂ ਰੱਖੀਂ ਅਗਲਾ ਪੱਬ ਸੁਫਨਾ ਕੋਈ ਵੀ ਹੋਵੇ ਕਦੇ ਟੁੱਟਿਆ ਜੁੜਿਆ ਨਹੀਂ ਅੱਜ ਤੱਕ ਕਿਸੇ ਦੇ ਵਿਯੋਗ 'ਚ ਹੰਝੂ ਨਾ ਅੰਜਾਈਂ ਵਹਿ ਜਾਣ ਕਿਰੇ ਹੰਝੂ ਵੀ ਕਿਹੜਾ ਸਾਂਭ ਸਕਿਆ ਹੈ ਮੁੜ ਪਲਕਾਂ 'ਚ ਵਗਦੇ ਅੱਥਰੂਆਂ ਦੇ ਦਰਿਆ ਕਿਹੜਾ ਕੋਈ ਰੋਕ ਸਕਿਆ ਹੈ ਹੌਲੀ ਹੌਲੀ ਪੈਰ ਰੱਖ ਅਗਲਾ ਕਾਇਨਾਤ ਸਾਰੀ ਸੌਂ ਰਹੀ ਹੈ ਛਾਤੀ ਨਾਲ ਚੰਨ ਨੂੰ ਲਾ ਕੇ ਧਰਤ ਸੁੱਤੀ ਪਈ ਹੈ ਹੁਣੇ ਕੁਆਰੀ ਅੱਗ ਦੀ ਉਦਾਸੀ 'ਚ ਅੱਖ ਲੱਗੀ ਹੈ ਵਟਣੇ ਵਾਲੇ ਦਿਨਾਂ ਦੇ ਬੁੱਲੀਂ ਗੀਤ ਜੋੜੀਂ ਮਹਿੰਦੀ ਰੰਗੇ ਕਿਸੇ ਦੇ ਸੁਫ਼ਨੇ ਨਾ ਤੋੜੀਂ

ਰੋਂਦਾ ਰਹਿ ਹੁਣ

ਰੋਂਦਾ ਰਹਿ ਹੁਣ ਕੇਰਦਾ ਰਹਿ ਵੈਰਾਗੇ ਅੱਥਰੂ ਰਾਤ ਦਿਨ ਭੁੱਖਾ ਪਿਆਸਾ ਕਿਸੇ ਵੀ ਪੰਛੀ ਨੇ ਇਕ ਦਾਣਾ ਵੀ ਨਹੀਂ ਆ ਕੇ ਰੱਖਣਾ ਤੇਰੇ ਸੁੱਕੇ ਬੁੱਲਾਂ 'ਤੇ ਉੱਡ ਗਏ ਨੇ ਉਹ ਜਿਹੜੇ ਵਾਅਦੇ ਸਰ੍ਹਾਣੇ ਰੱਖ ਕੇ ਚਲੇ ਗਏ ਸਨ ਸੁਰੱਖਿਆ ਭਾਲਣ ਤੇਰੇ ਤੋਂ ਹੁਣ ਡਰਦੇ ਨੇ ਆਉਣਗੇ ਉਹ ਜਦ ਤੇਰੀਆਂ ਭੁੱਖੀਆਂ ਆਂਦਰਾਂ 'ਚ ਦੋ ਚਾਰ ਆਖਰੀ ਸਾਹ ਬਚੇ ਨੋਟ ਦੇਣ ਵੋਟ ਲੈਣ ਜਾਂ ਤੇਰੀ ਲਾਸ਼ 'ਤੇ ਫੁੱਲ ਭੇਂਟ ਕਰਨ ਓਦਣ ਲੈ ਲਵੀਂ ਲੋਕਤੰਤਰ ਦਾ ਅਗਲਾ ਸੁਪਨਾ ਗਰਾਹੀ ਤੋੜ ਲਵੀਂ ਆਜ਼ਾਦੀ ਨਾਲੋਂ ਨੱਚ ਲਵੀਂ ਘੜੀ ਪਲ ਅੱਛੇ ਦਿਨ ਪਹਿਨ ਕੇ ਗੀਤ ਗਾ ਲਵੀਂ ਤਿਰੰਗਾ ਉੱਚਾ ਲਹਿਰਾ ਕੇ ਖ਼ਾਤੇ 'ਚੋਂ ਕਢਾ ਲਵੀਂ ਪੰਦਰਾਂ ਲੱਖ 'ਚੋਂ ਥੋੜ੍ਹੇ ਬਹੁਤ ਜ਼ਖ਼ਮਾਂ ਲਈ ਜਾਂ ਢਕ ਲਵੀਂ ਨੰਗਾ ਤਨ ਦਸ ਲੱਖ ਦੇ ਸੂਟ ਦੇ ਸੁਫ਼ਨੇ ਨਾਲ ਲੈ ਉਹ ਫਿਰ ਆਉਣ ਵਾਲੇ ਨੇ ਗੋਡਿਆਂ ਨੂੰ ਛੂਹਣ ਤੇਰੀਆਂ ਰੀਝਾਂ ਨੂੰ ਲੂਹਣ ਬਚੇ ਕੁਝ ਰਹਿੰਦੇ ਹੰਝੂ ਖ੍ਹੋਣ ਦਰਾਂ ਤੇ ਇਕ ਪਲ ਹਮਦਰਦੀ ਚੋਣ ਬਾਹਰ ਬੈਠ ਮੰਜਾ ਵਿਛਾ ਕੇ ਨੇੜੇ ਖਾਲੀ ਇਕ ਕੁਰਸੀ ਡਾਹ ਕੇ

ਨਹੀਂ ਪਤਾ ਸੀ

ਨਹੀਂ ਪਤਾ ਸੀ ਕਿ ਅੱਜ ਫਿਰ ਧਰਤ ਦੀ ਦਹਿਲੀਜ਼ ਨੇ ਭਿੱਜ ਜਾਣਾ ਸੀ ਫਿਰ ਦਰਾਂ ਤੇ ਬੈਠੀ ਹੋਣਾ ਸੀ ਉਦਾਸੀ ਪੌਣ ਨੇ ਬੂਹੇ ਸਾਡੇ ਸੁੰਨੇ ਰਹਿਣੇ ਸਨ ਕਿ ਭਰ ਜੋਬਨ ਹਵਾਵਾਂ ਨੇ ਖੜ੍ਹੀਆਂ ਰਹਿਣਾ ਸੀ ਦਰਾਂ 'ਤੇ ਸੂਹੇ ਚਾਅ ਪਹਿਨ ਕੇ ਜਿਵੇਂ ਸੁਹਾਗ ਰਾਤ ਦੇ ਪਲ ਮਿਲਦੇ ਹੋਣ ਇਕ ਦੂਸਰੇ ਨੂੰ ਭੁੱਖੇ ਪਿਆਸੇ ਤੇ ਉਲਝ ਜਾਣ ਆਪਸ 'ਚ ਵਾਲਾਂ ਦੀਆਂ ਅਟਕਾਂ ਵਾਂਗ ਓਦੋਂ ਜਦ ਚੰਨ ਸ਼ਰਮਾਂਦਾ ਹੈ ਤੱਕਦਾ ਹੈ ਪਲ ਪਲ ਭਰੀ ਹਿੱਕ 'ਚੋਂ ਡੁੱਲ੍ਹਦੀਆਂ ਹਨ ਖੁਸ਼ਬੂਆਂ ਜਦੋਂ ਕੱਚੀਆਂ ਉਮੰਗਾਂ ਦਾ ਸਾਥ ਟੁਰਦਾ ਹੈ ਹੌਲੀ ਹੌਲੀ ਮਟਕ ਮਟਕ ਪੱਬ ਧਰਦਾ ਕਦੇ ਅਗਾਂਹ ਤੇ ਕਦੇ ਪਿਛਾਂਹ ਨੂੰ ਜਦੋਂ ਹੜ੍ਹ ਆਉਂਦਾ ਹੈ ਸੱਧਰਾਂ ਦਾ ਪਹਿਲ ਵਰੇਸ ਮੁਸਕਰਾਂਦੀ ਹੈ ਆਪ ਮੁਹਾਰੇ ਸ਼ੀਸ਼ੇ ਨੂੰ ਦੇਖਦੀ ਤਾਰਿਆਂ ਲੱਦੀ ਰਾਤ ਲੋਚਦੀ ਹੈ ਸੰਗ ਕਿਸੇ ਚੰਨ੍ਹੜੇ ਦਾ ਅਜੇ ਜਦੋਂ ਅੰਗ ਅੰਗ ਸੁੱਚਾ ਹੁੰਦਾ ਹੈ ਮੀਂਢੀਆਂ ਦੀ ਉਮਰ ਖੇਡਦੀ ਹੈ ਗੀਟੇ ਵਾਲ ਜਦੋਂ ਸਿੱਖਦੇ ਨੇ ਜੂੜਾ ਬਣਨਾ ਕਲਿੱਪ ਜਦੋਂ ਟੁੰਗੇ ਜਾਂਦੇ ਹਨ ਵੰਨ-ਸੁਵੰਨੇ ਬੁੱਲ ਸੁਰæਖੀ ਭਾਲਦੇ ਹਨ ਜਦੋਂ ਚਿਰਾਂ ਦੇ ਸੁੱਤੇ ਸੁਪਨੇ ਧੁਖ਼ਦੇ ਹਨ ਜਦ ਹਿੱਕ ਦੀਆਂ ਪਰਤਾਂ 'ਚ ਚਿੱਟੀਆਂ ਵੀਣੀਆਂ ਜਦ ਲਾਲ ਚੂੜਾ ਲੋਚਦੀਆਂ ਹਨ ਕੱਚੇ ਅੰਗ ਜਦ ਵਟਣੇ ਦੀ ਰੁੱਤ ਭਾਲਦੇ ਨੇ ਭੁੱਖੀਆਂ ਉਮੀਦਾਂ ਨੂੰ ਜਦ ਕਰਵਟਾਂ ਨਹੀਂ ਸੌਣ ਦਿੰਦੀਆਂ ਸੁਫ਼ਨਿਆਂ 'ਚ ਜਦ ਓਹਦੇ ਬਗੈæਰ ਕੋਈ ਹੋਰ ਨਹੀਂ ਆਉਂਦਾ ਕੁਆਰੀ ਜਿੰਦ ਇਕੱਲੀ ਦਾ ਜਦ ਜੀਅ ਨਹੀਂ ਲੱਗਦਾ ਗੁਣ-ਗੁਨਾਉਣਾ ਲੱਗਦਾ ਹੈ ਜਦ ਮਾਹੀਆ ਸੋਹਣਾ ਜਦ ਤੀਰਥਾਂ 'ਤੇ ਕਿਸੇ ਆਪਣੇ ਲਈ ਸੁੱਖਾਂ ਸੁੱਖੀਆਂ ਜਾਂਦੀਆਂ ਹਨ ਕæੋਰੇ ਕਾਗਤਾਂ 'ਤੇ ਦਿਲ ਬਣਾ ਕੇ ਨਾਂ ਲਿਖ ਕੰਧਾਂ ਉਪਰੋਂ ਦੀ ਸੁੱਟੇ ਜਾਂਦੇ ਹਨ ਬਹਾਨੇ ਜਦ ਕਿਤਾਬਾਂ 'ਚ ਮੁਹੱਬਤ ਦੇ ਖ਼ਤ ਰੱਖਦੇ ਹਨ ਅੱਲੜ ਉਮਰਾਂ ਨੂੰ ਜਦ ਭੁੱਖ ਭੁੱਲ ਜਾਂਦੀ ਹੈ ਜਦੋਂ ਕੋਈ ਸੂਈ ਧਾਗਾ ਕਿਸੇ ਦਾ ਨਾਂ ਕੱਢਦਾ ਹੈ ਰੁਮਾਲ 'ਤੇ ਦਿਲ ਕਰਦਾ ਹੈ ਜਦ ਨਦੀ 'ਚ 'ਕੱਠੇ ਚਾਅ ਤਾਰਨ ਨੂੰ ਸਦੀਆਂ ਦੀ ਸਾਂਭੀ ਸੁੱਤੀ ਚੁੱਪ ਜੇਹੀ ਅੱਗ ਠਾਰਨ ਨੂੰ ਅੰਗ ਛੂਹਣ ਛੂਹਣ ਖੇਡਣ ਨੂੰ ਤੇ ਕਿਤੇ ਦੂਰ ਜਾ ਕੇ ਲੁਕ ਛੁਪ ਜਾਣ ਨੂੰ ਇਕ ਦੂਸਰੇ 'ਚ ਜਿੱਥੇ ਮਹਿੰਦੀ ਦੇ ਰੰਗ ਨਾਲ ਜੇਬਾਂ ਭਰਦੀਆਂ ਹਨ ਲੇਖ ਬਦਲਦੇ ਹਨ ਰੁੱਸੀਆਂ ਦੁਪਹਿਰਾਂ ਬਾਹਾਂ ਗਲ 'ਚ ਹਾਰ ਬਣ ਲਿਪਟ ਜਾਂਦੀਆਂ ਹਨ ਸੁਗੰਧੀਆਂ ਸਾਹਾਂ 'ਚ ਵਹਿਣ ਬਣਦੀਆਂ ਨੇ ਮੁੱਕ ਜਾਂਦੀਆਂ ਨੇ ਉਡੀਕਾਂ ਬਲਦੀਆਂ ਹਿੱਕਾਂ ਦੀਆਂ ਤਰੀਕਾਂ ਵਾਹੀਆਂ ਕੰਧਾਂ ਉੱਤੇ ਲੀਕਾਂ ਅੱਧੀ ਰਾਤ ਦੀਆਂ ਚੀਕਾਂ ਚੰਦਰੇ ਜਹਾਨ ਦੀਆਂ ਰੀਤਾਂ

ਦਰਿਆ ਕਾਹਦਾ ਏਂ

ਦਰਿਆ ਕਾਹਦਾ ਏਂ ਏਨਾ ਸ਼ਾਂਤ ਸੁਭਾਅ! ਜੇ ਵੱਖ ਹੋਇਆਂ ਏਂ ਵਜੂਦ ਤਾਂ ਵਿਖਾ ਸੀਨਾ ਤਾਂ ਸਿਖ ਚੌੜਾ ਕਰਨਾ ਟੋਰ ਅਣਖੀਲੀ ਤਾਂ ਹੋਵੇ ਰਾਹ ਬਨਾਉਣੇ ਨੇ ਨਦੀਆਂ ਵਿਛਾਉਣੀਆਂ ਨੇ ਖਹਿ ਕੇ ਚੱਲ ਕਿਨਾਰਿਆਂ ਨਾਲ ਕੁੱਦ ਉੱਛਲ ਤਾਂ ਸਈ ਕਦੇ ਗੋਲ ਕਰਕੇ ਆਏ ਖਿਡਾਰੀ ਵਾਂਗ ਚੌਕਾ ਛਿੱਕਾ ਲੱਗੇ ਨਜ਼ਾਰੇ ਵਰਗਾ ਤਾਂ ਹੋ ਜਿੱਤੇ ਗੋਲਡ ਮੈਡਲ ਵਾਂਗ ਤਾਂ ਵਿਖਾ ਟੁਰ ਕੇ ਫੁੱਟਬਾਲ ਦੀ ਕਿੱਕ ਤਾਂ ਮਾਰ ਜਰਾ ਉੱਚੀ ਅੰਬਰ ਤਾਂ ਛੁਹ ਸੋਹਣੀ ਜੇਹੀ ਦਿੱਲਕਸ਼ ਪੇਟਿੰਗ ਤਾਂ ਬਣਾ ਕੋਰੀ ਕੁਆਰੀ ਕੈਨਵਸ ਦੀ ਉੱਭਰੀ ਛਾਤੀ 'ਤੇ ਬਣ ਫਬ ਕੇ ਤਾਂ ਨਿੱਕਲ ਕਦੇ ਨਵ ਵਿਆਹੀ ਸਵੇਰ ਵਾਂਗ ਉਹ ਦਰਿਆ ਹੀ ਕੀ ਜਿਸ ਦਾ ਦਿਲ ਟੋਹਿਆਂ ਹੀ ਲੱਭੇ ਇਹੋ ਜੇਹੇ ਪਾਣੀਆਂ ਦੀਆਂ ਬੇਬਸ ਲਹਿਰਾਂ ਰੂਹਾਂ ਪੂਜਣ ਤਾਂ ਕਿੱਥੇ ਚਾਅ ਸਜਾਉਣ ਤਾਂ ਕਿਹੜੀ ਗਲੀ ਜੇ ਨਹੀਂ ਮਟਕ ਪੱਬੀਂ ਤਾਂ ਘਰਾਂ ਨੂੰ ਮੁੜ ਜਾਇਓ ਜੂਝਣ ਦਾ ਨਹੀਂ ਚਾਅ ਤਾਂ 'ਨੰਦਪੁਰ ਦਾ ਰਾਹ ਨਾ ਪੁੱਛਿਓ ਨੀਵਾਣਾਂ ਵੱਲ ਵਹਿਨਾਂ ਏਂ ਸਿਰ ਤਾਂ ਉੱਚਾ ਰੱਖ ਭੀੜ 'ਚ ਨਹੀਂ ਵੜੀਦਾ ਸੂਰਜ ਵਾਂਗ ਖਿੜ ਖਿੜ ਹੱਸ

ਹਰਫ਼

ਹਰਫ਼ ਦਸਤਕ ਦੇ ਰਹੇ ਹਨ ਬੂਹੇ ਤੇ ਸਤਰਾਂ ਤੁਰੀਆਂ ਫਿਰਦੀਆਂ ਹਨ ਦਰਾਂ ਤੇ ਹਿੱਕ 'ਚ ਹਾਉਕੇ ਨੇ ਵਿਲਕਦੀ ਮਾਂ ਦੇ ਭੈਣਾਂ ਕਿੰਜ ਦੱਸਣ ਚਾਅ ਵੀਰਾਂ ਨੂੰ ਸੁਪਨਿਆਂ 'ਚ ਦੇਖੇ ਬੁੱਲ੍ਹ ਹਨ ਕਿ ਕੁਝ ਬੋਲਦੇ ਹੀ ਨਹੀਂ ਡਰੇ ਹੋਏ ਲੋਕਾਂ ਦੀ ਵਾਰਤਾ ਕਿੰਜ ਕਹਿਣ ਹਾਕਮ 'ਤੋਂ ਸਹਿਮੇ ਪਲ ਸਫ਼ੇ ਵੀ ਉਡੀਕ ਰਹੇ ਹਨ ਕਿ ਕਿੱਦਾਂ ਦੀ ਹੁੰਦੀ ਹੈ ਨਜ਼ਮ ਭੁੱਖੇ ਲੋਕਾਂ ਦੀਆਂ ਗੱਲਾਂ ਸੁਣਾਂਗੇ ਟੁੱਕ ਦੀ ਬਾਤ ਪਵੇਗੀ ਕਿਵੇਂ ਲਿਖੇਗੀ ਸ਼ਾਇਰ ਦੀ ਕਲਮ ਪਿਆਸੀਆਂ ਨਦੀਆਂ ਦੀ ਕਹਾਣੀ ਕੱਚੇ ਘੜਿਆਂ ਨੂੰ ਕਿੰਜ ਪੁੱਛੇਗਾ ਕਿ ਕਿੱਦਾਂ ਤਰੀ ਦਾ ਇਸ਼ਕ ਨੂੰ ਕਿੰਜ ਸਵਾਲ ਕਰੇਂਗਾ ਕਿ ਕਿੰਜ ਡੁੱਬ ਮਰੀ ਦਾ ਕਿਵੇਂ ਲਿਖ ਲਈਦਾ ਨਾਂ ਤੇਗ ਦੀ ਧਾਰ 'ਤੇ ਕਿੰਜ ਜੰਗ ਲੜ੍ਹੀਦੇ ਨੇ 'ਕੱਲੇ ਧੜਾਂ ਨਾਲ ਆ ਤੇਰਾ ਵੀ ਨਾਂ ਲਿਖਾਂ ਤਗ਼ਮਿਆਂ ਤੋਂ ਜਰਾ ਉਤਾਂਹ ਲਿਖਾਂ ਕਿਸੇ ਗੋਲੀ ਲਈ ਵੀ ਛਾਂ ਲਿਖਾਂ ਬੰਨ੍ਹੀਆਂ ਬਾਹਾਂ ਪਿਛਾਂਹ ਲਿਖਾਂ ਲਾਸ਼ ਨਹਿਰ ਦੇ ਨਾਂ ਲਿਖਾਂ ਹੇਠਾਂ ਬੇਗ਼ੁਨਾਹ ਲਿਖਾਂ

ਨਾ ਤੂੰ ਇੰਜ ਨਾ ਕਰੀ

ਨਾ ਤੂੰ ਇੰਜ ਨਾ ਕਰੀਂ ਮੁਹੱਬਤ ਕਿਹੜੀ ਵਾਰ ਵਾਰ ਲੰਘਦੀ ਹੈ ਕੋਲੋਂ ਦੀ ਇਰਾਦਾ ਇਕ ਵਾਰ ਹੀ ਸੀ ਵਗਦੀ ਬਹਾਰ ਲਈ ਪਿਆਰ ਦਾ ਜੇ ਇਸ਼ਕ ਤੋਂ ਡਰਦੇ ਰਹੇ ਤਾਂ ਫਿਰ ਕਾਹਦਾ ਇਸ਼ਕ ਕਾਹਦੇ ਵਾਅਦੇ ਜੇ ਤੂੰ ਦਗਾ ਦੇ ਟੁਰ ਜਾਵੇਂਗੀ ਓਹੀ ਦਰਦ ਰਹਿ ਜਾਵੇਗਾ ਸਾਹਾਂ ਵਿਚ ਤੇ ਇਸ਼ਕ ਦੇ ਰਾਹਾਂ ਵਿਚ ਆਸ਼ਕਾਂ ਦਾ ਮਰਨ ਰਾਹ ਵੀ ਇਹੀ ਦਿਲ ਦੀ ਤਮੰਨਾ ਵੀ ਇਹੀ ਮੁਹੱਬਤ ਦੇ ਪੱਬਾਂ 'ਚ ਚੋਰੀ ਨਹੀਂ ਹੁੰਦੀ ਝਾਂਜਰਾਂ ਦੀ ਛਣਕਾਰ 'ਚ ਖੌਫ ਨਹੀਂ ਹੁੰਦੇ ਛਣਕਣ ਦੇ ਮਰਨਾ ਓਹੀ ਜੋ ਲੋਕਾਂ ਸਾਹਮਣੇ ਹੋਵੇ ਸ਼ਮਾ ਦੇ ਜਗਦਿਆਂ ਜਗਦਿਆਂ ਹਾਉਕਿਆਂ ਦੇ ਵਗਦਿਆਂ ਵਗਦਿਆਂ ਮਹਿਬੂਬ ਦਿਸਦਾ ਰਹੇ ਤਾਂ ਮੌਤ ਨਹੀਂ ਆਉਂਦੀ ਇਸ਼ਕ ਦਾ ਸਰੂਰ ਰਹੇ ਤਾਂ ਬਲਦੇ ਗੀਤ ਕਦ ਬੁੱਝਦੇ ਨੇ ਏਦਾਂ ਨਹੀਂ ਮਰਦੇ ਹੁੰਦੇ ਨਿਮਾਣੇ ਇਸ਼ਕ ਏਦਾਂ ਨਹੀਂ ਡੁੱਬਦੀਆਂ ਹੁੰਦੀਆਂ ਪਿਆਰ ਦੀਆਂ ਕਹਾਣੀਆਂ ਜਾਨ ਤਾਂ ਕੁਝ ਵੀ ਨਹੀਂ ਹੁੰਦੀ ਪਿਆਰ ਬਗੈਰ ਜ਼ਿੰਦਗੀ ਕਿਸ ਕੰਮ ਜ਼ਖਮ ਨਾ ਹੋਣ ਦਿਲ ਦੇ ਕਿਨਾਰੇ ਤਾਂ ਧੜਕਣ ਦਾ ਕੀ ਧਰਮ ਕਰਮ ਜੇ ਮੁਹੱਬਤ ਚੋਰੀ ਹੈ ਤਾਂ ਕੋਈ ਮਨਾਹੀ ਨਹੀਂ ਜੇ ਰਾਤਾਂ ਚ ਨੀਂਦ ਨਹੀਂ ਤਾਂ ਕੈਦ ਕਰ ਦਿਓ ਆਹਾਂ ਡੱਕ ਦਿਓ ਹੰਝੂਆਂ ਨੂੰ ਪਲਕਾਂ 'ਚ ਵਾਪਿਸ ਲੈ ਲਓ ਇਹ ਜ਼ਿੰਦਗੀ ਤੇ ਸਾਹਾਂ ਦੇ ਰੰਗ ਮੁਹੱਬਤ ਹੋਈ ਤਾਂ ਕਰ ਜਾਣਾ ਵਾਪਿਸ ਹੰਝੂ ਹੋਏ ਤਾਂ ਪੂੰਝ ਜਾਣਾ ਹਾਉਕੇ ਵਿਲਕਦੇ ਹੋਏ ਤਾਂ ਥਾਪੜ ਸੁਆ ਜਾਣਾ

ਭਗਤੀ

ਭਗਤੀ ਕਰਾਂ ਤਾਂ ਤੇਰੀ ਮੁਹੱਬਤ ਦੀ ਹੋਵੇ ਸਿਮਰਨ ਕਰਾਂ ਤਾਂ ਤੇਰੇ ਹੀ ਨਾਂ ਦਾ ਤੈਨੂੰ ਯਾਦ ਕਰਾਂ ਜਿਵੇਂ ਬੱਚੇ ਦੇ ਮਨ ਵਿਚ ਸਦਾ ਖਿਲੌਣੇ ਦੀ ਰੀਝ ਰਹਿੰਦੀ ਹੈ ਉੱਡਾਂ ਕਿ ਖੰਭਾਂ ਦੀਆਂ ਜੱਫੀਆਂ 'ਚ ਤੇਰਾ ਗੋਰਾ ਨਰਮ ਗਰਮ ਜਿਸਮ ਹੋਵੇ ਸਾਹ ਲਵਾਂ ਤਾਂ ਹਰ ਸਾਹ ਚੁੰਮਣਾਂ ਵਰਗਾ ਅਗਾਂਹ ਉਡਾਰੀ ਭਰੀਏ ਤਾਂ ਆਪਣੀਆਂ ਪੁਰਾਣੀਆਂ ਮਿਲਣ ਖੇਡਣ ਵਾਲੀਆਂ ਥਾਵਾਂ ਤੇ ਮੰਡਰਾਈਏ ਜੇ ਮੰਜ਼ਿਲ ਆਵੇ ਤਾਂ ਵੰਗਾਂ ਲੱਦੀ ਟਹਿਣੀ ਤੇ ਬੈਠੀਏ ਜੇ ਪਿਆਸ ਲੱਗੇ ਤਾਂ ਇਕੱਠੇ ਸ਼ਰਬਤੀ ਝੀਲ 'ਚੋਂ ਇਕ ਦੂਸਰੇ ਦੇ ਮੂੰਹ 'ਚ ਇਸ਼ਕ ਨੀਰ ਦੀਆਂ ਚੁੰਝਾਂ ਪਾਈਏ ਤੇ ਫਿਰ ਅੰਬਰ 'ਚ ਇਕ ਉਡਾਰੀ ਲਾ ਕੇ ਆਈਏ ਭੁੱਖ ਲੱਗੇ ਤਾਂ ਤਾਰੇ ਚੁਗੀਏ ਨੀਂਦ ਆਵੇ ਤਾਂ ਇਕੱਠੇ ਚਾਨਣ ਚਾਦਰ ਵਿਛਾ ਨੀਲਾ ਅਰਸ਼ ਓੜ ਸੌਂ ਜਾਈਏ ਸੁਪਨੇ ਮਾਣੀਏ ਤਾਂ ਸੱਤਰੰਗੀ ਪੀਂਘ ਵਰਗੇ ਕਰਵਟਾਂ ਹੋਣ ਤਾਂ ਇਕਸਾਰ ਕਿਰਨ ਮਹਿਕਾਂ ਖਿੱਲਰਨ ਤਾਂ ਤੇਰੇ ਬਦਨ 'ਚੋਂ ਇੱਤਰ ਸਿੰਮਣ ਵਰਗੀਆਂ ਕਿਣਮਿਣ ਹੋਵੇ ਤਾਂ ਤੇਰੇ ਹਾਸਿਆਂ ਵਰਗੀ ਰੰਗ ਹੋਣ ਤਾਂ ਤੇਰੇ ਦੁਪੱਟੇ ਵਰਗੇ ਪੱਤਝੜ ਆਵੇ ਤਾਂ ਤੇਰੇ ਲਾਰਿਆਂ ਤੇ ਹੀ ਆਵੇ ਸਰਘੀ ਉੱਗੇ ਤਾਂ ਤੇਰੀਆਂ ਲਾਲ ਸੂਹੇ ਬੁੱਲ੍ਹਾਂ ਗੱਲ੍ਹਾਂ 'ਚੋਂ ਘਟਾਵਾਂ ਬਰਸਣ ਤਾਂ ਤੇਰੇ ਕਾਲੇ ਵਾਲਾਂ 'ਚੋਂ ਝਰਨੇ ਫੁੱਟਣ ਤਾਂ ਭਰਵੀਂ ਹਿੱਕ ਡੁੱਲ੍ਹੇ ਸ਼ਿੰਗਾਰ ਕਰੇਂ ਤਾਂ ਲੱਖ ਸ਼ੀਸ਼ੇ ਤਿੜਕਣ ਪੱਬ ਪੁੱਟੇਂ ਤਾਂ ਗ਼ਰੀਬਣੀ ਧਰਤ ਕੰਬੇ ਧਮਾਲਾਂ ਪਾਵੇਂ ਤਾਂ ਗੱਭਰੂ ਸਾਹ ਰੋਕਣ

ਚੇਤਾ

ਅੰਦਰੋਂ ਕੀ ਲੈਣ ਗਿਆ ਸਾਂ ਗਰਾਜ 'ਚੋਂ ਕੀ ਲੈਣਾ ਸੀ ਯਾਦ ਹੀ ਨਹੀਂ ਰਹਿੰਦਾ ਤਾਲਾ ਲੱਗਾ ਸੀ ਕਿ ਨਹੀਂ ਬੂਹਾ ਬੰਦ ਕੀਤਾ ਸੀ ਕਿ ਨਹੀਂ ਵਿਸਰ ਜਾਂਦਾ ਹੈ ਚੇਤੇ 'ਚੋਂ ਕੀ ਲੈਣਾ ਸੀ ਮੈਂ ਫਰਿਜ਼ 'ਚੋਂ ਦਰਵਾਜ਼ਾ ਖੋਲੀ ਖੜ੍ਹਾ ਸੋਚ ਰਿਹਾ ਹਾਂ ਐਨਕ ਕਿੱਥੇ ਰੱਖ ਲਈ ਹੈ ਚਾਬੀਆਂ ਕਿੱਥੇ ਭੁੱਲ ਬੈਠਾ ਹਾਂ ਕੁਝ ਵੀ ਅਜਿਹਾ ਯਾਦ ਨਹੀਂ ਰਹਿੰਦਾ ਤੇਰਾ ਨਾਂ ਰੰਗ ਰੂਪ ਹੁਸਨ ਜੋਬਨ ਲੱਦੀਆਂ ਤੇਰੀਆਂ ਅੰਗੜਾਈਆਂ ਅਜੇ ਤੱਕ ਨਹੀਂ ਭੁੱਲੀਆਂ ਖੁੱਭੀਆਂ ਪਈਆਂ ਹਨ ਮੱਥੇ 'ਚ ਮਟਕ ਰਹੀਆਂ ਹਨ ਯਾਦ ਦੇ ਕਿਨਾਰੇ

ਸੁੱਕ ਜਾਣੇ ਇਹ ਪਾਣੀ

ਸੁੱਕ ਜਾਣੇ ਇਹ ਪਾਣੀ ਪਾਟ ਜਾਣੀ ਇਹ ਧਰਤੀ ਹੋ ਜਾਣਾ ਇਹ ਸੂਰਜ ਠੰਡਾ ਗੁੱਸੇ ਹੋਇਆ ਜਲਦਾ ਬਲਦਾ ਕਿਰ ਜਾਣੇ ਇਹ ਤਾਰੇ ਸਾਰੇ ਬੁਝ ਜਾਣਾ ਇਹ ਉਧਾਰ ਚਾਨਣੀ ਲੈ ਜਗਦਾ ਮੇਰੀ ਮੱਕੀ ਦੀ ਰੋਟੀ ਜਿੱਡਾ ਚੰਨ ਜਗਦੇ ਰਹਿਣਗੇ ਸ਼ਬਦ ਟਿਮਟਿਮਾਂਦੇ ਰਹਿਣਗੇ ਗੀਤ ਨਹੀਂ ਮਰੇਗਾ ਰਾਗ ਨਹੀਂ ਮਿਟੇਗਾ ਸਾਜ ਚੰਨਾਂ ਵੇ ਤੂੰ ਹਰਫਾਂ ਦੀ ਲੋਅ ਨਾਲ ਜਗੀਂ ਅੱਖਰੋ ਵੇ ਤੁਸੀਂ ਤਾਰੇ ਬਣਿਓ ਨਜ਼ਮ ਮੇਰੀ ਨੇ ਧਰਤ ਬਣ ਜਾਣਾ ਸਤਰਾਂ ਨੇ ਨਦੀਆਂ ਦਰਿਆ

ਜੇ ਅੱਥਰੂ ਬਣ ਹੀ ਗਿਆ ਏਂ

ਜੇ ਅੱਥਰੂ ਬਣ ਹੀ ਗਿਆ ਏਂ ਲਿਪਟਿਆ ਰਹਿ ਓਹਦੀਆਂ ਪਲਕਾਂ 'ਤੇ ਕਿਰੀਂ ਨਾ ਮਰਨ ਲਈ ਤਾਰਾ ਬਣੀਂ ਜਿਸ ਦਿਨ ਟੁੱਟਣਾਂ ਹੋਇਆ ਹਿੱਕ 'ਤੇ ਡਿੱਗੀਂ ਓਹਦੀ ਸੂਰਜ ਬਣਿਆ ਤਾਂ ਝੌਂਪੜੀਆਂ 'ਚ ਜਾ ਕੇ ਜਗੀਂ ਰਿਸ਼ਮ ਹੋਈ ਤਾਂ ਗੋਰੇ ਪੱਬਾਂ ਦੇ ਰਾਹਾਂ 'ਚ ਵਿਛੀਂ ਪਵਨ ਬਣਨ ਦੀ ਚਾਹਤ ਹੋਈ ਤਾਂ ਓਹਦਾ ਬਲਦਾ ਪਿੰਡਾ ਰੀਝਾਂ ਵਾਲਾ ਪਹਿਲਾਂ ਠਾਰੀਂ ਸੁਪਨਾ ਬਣ ਜੇ ਉੱਤਰਨ ਦੀ ਰੀਝ ਹੋਈ ਤਾਂ ਕਿਸੇ ਉਡੀਕ 'ਚ ਬੈਠੀਂ ਨੰਨੇ ਬੱਚੇ ਦੀ ਅੱਖ 'ਚ ਜਗੀਂ ਜੰਗ ਦੀ ਸੱਧਰ ਹੋਈ ਤਾਂ ਕਿਸੇ ਜ਼ਾਲਮ ਨਾਲ ਦੋ ਹੱਥ ਕਰੀਂ ਦਰਿਆ ਬਣ ਮਚਲਿਆ ਤਾਂ ਸੁੱਕੀਆਂ ਜਲੀਆਂ ਫ਼ਸਲਾਂ ਪਛਾਣੀਂ ਪਹਿਲਾਂ

ਲਹਿਰ ਲਹਿਰ ਹੋ ਤੂੰ

ਲਹਿਰ ਲਹਿਰ ਹੋ ਤੂੰ ਮੈਂ ਦਰਿਆ ਬਣ ਵਹਿਨਾਂ ਤੂੰ ਹਿੱਕ 'ਤੇ ਵਿਛ ਤਰ ਮੈਂ ਨਜ਼ਮ ਕੋਈ ਕਹਿਨਾਂ ਸੁਗੰਧ ਖਿਲਾਰ ਜਿਸਮ 'ਚੋਂ ਵਹਿਣਾ ਨੂੰ ਖ਼ੂੰਖਾਰ ਕਰੀਏ ਚੁੱਪ ਜੇਹੇ ਕਿਨਾਰਿਆਂ 'ਚ ਲਲਕਾਰ ਜੇਹੀ ਭਰੀਏ ਸ਼ਬਦ ਬੇਸੁਰੇ ਨਾ ਹੋਣ ਬੋਲ ਸੁਰਾਂ 'ਚ ਖੋਭ ਛੁਪ ਨਾ ਜਾਵੇ ਹੱਤਿਆਰਾ ਖੰਜਰ ਹਿੱਕ 'ਚ ਡੋਬ ਲੱਭ ਕਥਾ ਰਾਗ ਨਾਨਕ ਬੁੱਧ ਦੀ ਤੋਰ ਸ਼ਬਦ ਦਰਿਆ ਪਾਣੀ ਚੰਦ ਪੀਵੀਏ ਵਿਚ ਖੋਰ