Shabad Mangal : Mangal Madan

ਸ਼ਬਦ ਮੰਗਲ : ਮੰਗਲ ਮਦਾਨ
ਡਰ ਦਾ ਆਲਮ ਚਾਰ-ਚੁਫੇਰੇ

ਡਰ ਦਾ ਆਲਮ ਚਾਰ-ਚੁਫੇਰੇ ਘਰ ਘਰ ਲਾਏ ਚੁਪ ਨੇ ਡੇਰੇ ਬੰਦਾ ਜਦ ਬੰਦੇ ਨੂੰ ਮਾਰੇ ਕੁਦਰਤ ਤੜਪੇ ਹੰਝੂ ਕੇਰੇ ਧਰਮ ਦੇ ਨਾਂ 'ਤੇ ਦੰਗੇ ਹੋਵਣ ਉਹ ਵੀ ਹੋਵਣ ਸਿਖ਼ਰ ਦੁਪਹਿਰੇ ਸੁੰਨੀਆਂ ਸੜਕਾਂ ਸੁੰਨੀਆਂ ਗਲੀਆਂ ਰੌਣਕਾਂ ਤੇ ਕਿਸ ਹੂੰਝੇ ਫੇਰੇ ਡਰ ਨੇ ਕੀਤੀ ਸੋਚ ਅਪਾਹਜ ਸ਼ੱਕ ਨੇ ਕੀਤੇ ਪਤਲੇ ਜ਼ੇਰੇ ਮਾਨਵਤਾ ਦੀ ਲਾਸ਼ ਸਰਾਹਣੇ ਸਾਂਝ ਨਿਮਾਣੀ ਹੰਝੂ ਕੇਰੇ ਧਰਮ ਮਨੁਖਤਾ ਐਸਾ ਸੂਰਜ ਜਿਸਨੇ ਕਰਨੇ ਦੂਰ ਹਨੇਰੇ

ਅੰਬਰ ਜਿਸਨੂੰ ਭਾਲ ਰਿਹਾ

ਅੰਬਰ ਜਿਸਨੂੰ ਭਾਲ ਰਿਹਾ ਕਲ ਸਾਰੀ ਰਾਤ ਚੰਨ ਉਹ ਸਾਡੇ ਨਾਲ ਰਿਹਾ ਕਲ ਸਾਰੀ ਰਾਤ ਤੇਰੀ ਫੋਟੋ ਤੇ ਖ਼ਤ ਕਰਕੇ ਲੀਰੋ-ਲੀਰ ਰੋਂਦਾ ਦਿਲ ਦਾ ਬਾਲ ਰਿਹਾ ਕਲ ਸਾਰੀ ਰਾਤ ਲਿਖ ਬੈਠਾ ਕੀ ਹਾਲ ਉਨ੍ਹਾਂ ਨੂੰ ਦਿਲ ਦਾ ਮੈਂ ਮੇਰਾ ਦਿਲ ਬੇਹਾਲ ਰਿਹਾ ਕੁਲ ਸਾਰੀ ਰਾਤ ਦਿਨ ਚੜ੍ਹਿਆ ਤਾਂ ਸੂਰਜ ਡੁੱਬਾ ਜੀਵਨ ਦਾ ਹੋਣੀ ਨੂੰ ਮੈਂ ਟਾਲ ਰਿਹਾ ਕਲ ਸਾਰੀ ਰਾਤ ਤੇਰੇ ਗ਼ਮ ਨੇ ਦਰ ਖੜਕਾਇਆ ਸ਼ਾਮ ਢਲੇ ਮੰਗਲ ਮਾਲੋਂ ਮਾਲ ਰਿਹਾ ਕਲ ਸਾਰੀ ਰਾਤ

ਮੈਂ ਤਾਂ ਲੋਚਾਂ ਬਸ ਇਕ ਤਾਰਾ

ਮੈਂ ਤਾਂ ਲੋਚਾਂ ਬਸ ਇਕ ਤਾਰਾ ਮੈਂ ਕੀ ਕਰਨਾ ਅੰਬਰ ਸਾਰਾ ਸਾਡੀ ਤਾਂ ਹੈ ਵਖਰੀ ਦੁਨੀਆਂ ਸਾਡਾ ਤਾਂ ਹੈ ਰੰਗ ਨਿਆਰਾ ਸਾਡਾ ਤਾਂ ਹੈ ਧਰਮ ਮਨੁੱਖਤਾ ਸਾਨੂੰ ਤਾਂ ਹਰ ਬੰਦਾ ਪਿਆਰਾ ਵਾਰੋ ਵਾਰੀ ਟੁਰਨਾ ਸਭ ਨੇ ਅਪਣਾ ਅਪਣਾ ਲਾਹ ਕੇ ਭਾਰਾ ਮੰਗਲ ਦਾ ਹੈ ਜਿਸ ਥਾਂ ਵਾਸਾ ਮਿੱਠੀ ਖੂਹੀ, ਪਾਣੀ ਖਾਰਾ

ਜੰਗਲ ਵਿਚ ਜੋ ਫੁੱਲ ਅਨੋਖਾ ਖਿੜਿਆ ਹੈ

ਜੰਗਲ ਵਿਚ ਜੋ ਫੁੱਲ ਅਨੋਖਾ ਖਿੜਿਆ ਹੈ ਰੁੱਖਾਂ ਦੇ ਵਿਚ ਉਸਦਾ ਚਰਚਾ ਛਿੜਿਆ ਹੈ ਗ਼ਮ ਨਈ ਸਾਨੂੰ ਤੇਰੇ ਏਸ ਵਤੀਰੇ ਦਾ ਚਾਨਣ ਤਨ ਕੇ ਨ੍ਹੇਰਾ ਹਰਦਮ ਚਿੜ੍ਹਿਆ ਹੈ ਸਾਨੂੰ ਜੀਵਣ ਜਾਂਚ ਸਿਖਾਈ ਉਸ ਨੇ ਹੀ ਇਕ ਤਿਣਕਾ ਜੋ ਤੂਫ਼ਾਨਾ ਸੰਗ ਭਿੜਿਆ ਹੈ ਹਸਦਾ ਹਸਦਾ ਅਕਸਰ ਰੋ ਪੈਂਦੈ ਬੰਦਾ ਰੋਂਦੇ ਦਾ ਵੀ ਅਕਸਰ ਹਾਸਾ ਛਿੜਿਆ ਹੈ ਰੇਤ ਤਰ੍ਹਾਂ ਕਿਰ ਜਾਣੀ ਢਾਣੀ ਯਾਰਾਂ ਦੀ ਮੁੱਠੀ ਵਿਚ ਕਰ ਜਿਸਨੂੰ ਬੰਦਾ ਤਿੜਿਆ ਹੈ। ਪਹਿਚਾਣ ਰਹੀ ਨਾ ਖ਼ੁਦ ਦੀ ਵੀ ‘ਮੰਗਲ’ ਨੂੰ ਖੂਹ ਸਮੇਂ ਦਾ ਕੈਸਾ ਪੁੱਠਾ ਗਿੜਿਆ ਹੈ

ਇਸ ਜੱਗ ਤੋਂ ਉਪਰਾਮ ਜਿਹੇ ਹਾਂ

ਇਸ ਜੱਗ ਤੋਂ ਉਪਰਾਮ ਜਿਹੇ ਹਾਂ ਤਾਂਹੀਓਂ ਬੇ-ਆਰਾਮ ਜਿਹੇ ਹਾਂ ਸੂਰਜ ਵਰਗੀ ਆਭਾ ਸਾਡੀ ਭਾਵੇਂ ਢਲਦੀ ਸ਼ਾਮ ਜਿਹੇ ਹਾਂ ਵਿਦਵਾਨਾਂ ਦੀ ਇਸ ਬਸਤੀ ਅੰਦਰ ਸ਼ਾਇਰ ਇਸ ਬਦਨਾਮ ਜਿਹੇ ਹਾਂ ਲੁੱਟ ਚੁੱਕੀ ਹੈ ਮਹਿਕ ਅਸਾਡੀ ਹੁਣ ਫੁੱਲਾਂ ਦੇ ਨਾਮ ਜਿਹੇ ਹਾਂ

ਕਲ ਹੀ ਮੌਸਮ ਨੇ ਜੋ ਰੁਮਕਣ ਲਾਈ ਹੈ

ਕਲ ਹੀ ਮੌਸਮ ਨੇ ਜੋ ਰੁਮਕਣ ਲਾਈ ਹੈ ਉਹ ਪੌਣ ਕਿਸੇ ਘਰ ਅਜ ਅੱਗ ਲਾ ਆਈ ਹੈ ਸਾਹਾਂ ਦੇ ਵਿਚ ਖਿੜਿਆ ਸੀ ਇਹ ਫੁੱਲ ਕਦੇ ਮਹਿਕ ਉਦ੍ਹੀ ਬਿਨ ਮਹਿਕ ਨਾ ਕੋਈ ਭਾਈ ਹੈ ਜੰਝ ਗ਼ਮਾਂ ਦੀ ਦਿਲ ਦੇ ਵਿਹੜੇ ਢੁਕਣੀ ਏ ਮੇਰੇ ਕੰਨੀ ਗੂੰਜ ਰਹੀ ਸ਼ਹਿਨਾਈ ਹੈ ਪੁਸਤਕ, ਕਵਿਤਾ, ਦਾਰੂ, ਮਿੱਤਰ ਤੇਰੇ ਕੋਲ ਮੇਰੀ ਸਾਥਣ ਤਾਂ ਬਸ ਇਕ ਤਨਹਾਈ ਹੈ ਛੱਡ ਮੁਹੱਲਾ ਮਿੱਠੀ ਖੂਹੀ ਮੰਗਲ ਨੇ ਮੰਗਲ ਗ੍ਰਹਿ ਤੇ ਅਜ ਕਲ ਕੋਠੀ ਪਾਈ ਹੈ

ਸੱਚ ਤੋਂ ਦੂਰੀ ਰੱਖੀ, ਹੁਣ ਪਛਤਾਉਂਦੇ ਹਾਂ

ਸੱਚ ਤੋਂ ਦੂਰੀ ਰੱਖੀ, ਹੁਣ ਪਛਤਾਉਂਦੇ ਹਾਂ ਸੋਚ ਅਧੂਰੀ ਰੱਖੀ, ਹੁਣ ਪਛਤਾਉਂਦੇ ਹਾਂ ਨਾਲ ਸਮੇਂ ਦੇ ਟੁਰਦੇ ਤਾਂ ਕੁਝ ਖਟ ਜਾਂਦੇ ਵਕਤੋਂ ਦੂਰੀ ਰੱਖੀ, ਹੁਣ ਪਛਤਾਉਂਦੇ ਹਾਂ ਦਿਲ ਵਿਚ ਰਖਿਆ ਰੋਸਾ, ਸ਼ਿਕਵਾ ਤੇ ਸਾੜਾ ਮੱਥੇ ਘੂਰੀ ਰੱਖੀ, ਹੁਣ ਪਛਤਾਉਂਦੇ ਹਾਂ ਸੂਰਜ ਸੰਗ ਨਾ ਅੱਖ ਮਿਲਾਈ ਕੁਲ ਉਮਰ ਸ਼ਾਮ ਸਰੂਰੀ ਰੱਖੀ, ਹੁਣ ਪਛਤਾਉਂਦੇ ਹਾਂ ‘ਮੰਗਲ’ ਵਾਂਗੂੰ ਰੁੱਖੀ-ਸੁੱਕੀ ਖਾਧੀ ਨਾ ਚੇਤੇ ਚੂਰੀ ਰੱਖੀ, ਹੁਣ ਪਛਤਾਉਂਦੇ ਹਾਂ

ਢਲਦੇ ਸੂਰਜ ਪਿਆਰੇ ਮੇਰੇ ਬੇਲੀ ਨੇ

ਢਲਦੇ ਸੂਰਜ ਪਿਆਰੇ ਮੇਰੇ ਬੇਲੀ ਨੇ ਜਾਂ ਫਿਰ ਟੁੱਟਦੇ ਤਾਰੇ ਮੇਰੇ ਬੇਲੀ ਨੇ ਹਿਜ਼ਰਤ ਕਰਕੇ ਜਿਹੜੇ ਜੰਗਲੋਂ ਆਏ ਹਨ ਰੁਖ ਉਹ ‘ਕੱਲੇ ਕਾਰੇ ਮੇਰੇ ਬੇਲੀ ਨੇ ਮੰਜ਼ਿਲ ਖਾਤਿਰ ਜਿਹੜੇ ਪਲ-ਪਲ ਜੂਝ ਰਹੇ ਰਾਹੀ ਥੱਕੇ ਹਾਰੇ, ਮੇਰੇ ਬੇਲੀ ਨੇ ਮੌਤ ਜਿਹਾ ਨਾ ਮਿਲਿਆ ਮਿੱਤਰ ਅਜ ਤੀਕਰ ਜੀਵਨ ਵਰਗੇ ਲਾਰੇ, ਮੇਰੇ ਬੇਲੀ ਨੇ ਭੁੱਖ, ਬੇ-ਰੁਜ਼ਗਾਰੀ, ਹੰਝੂ, ਹੌਂਕੇ ਤੇ ਗ਼ਮ ਹਾਂ ਸਾਰੇ ਦੇ ਸਾਰੇ, ਮੇਰੇ ਬੇਲੀ ਨੇ ਮਿੱਠੀ ਖੂਹੀ ਦਾ ਪਾਣੀ ਪੀਂਦੈ ਨਿਤ ‘ਮੰਗਲ’ ਐਪਰ ਪਾਣੀ ਖਾਰੇ, ਮੇਰੇ ਬੇਲੀ ਨੇ

ਹੈ ਇਕੱਲਾ ਰੁੱਖ ਉਹ ਪਰ

ਹੈ ਇਕੱਲਾ ਰੁੱਖ ਉਹ ਪਰ ਡੋਲਦਾ ਫਿਰ ਵੀ ਨਹੀਂ ਕਰ ਰਿਹਾ ਮੌਸਮ ਸਿਤਮ ਪਰ ਗੌਲਦਾ ਫਿਰ ਵੀ ਨਹੀਂ ਕਿਸ ਤਰ੍ਹਾਂ ਦਾ ਹੋ ਗਿਆ ਬੰਦਾ ਅਜੋਕੇ ਦੌਰ ਦਾ ਸਮਝਦਾ ਹੈ ਗਲ ਹਰਿਕ ਪਰ ਬੋਲਦਾ ਫਿਰ ਵੀ ਨਹੀਂ ਹੋ ਗਿਆ ਹੈ ਕੀ ਪਿੰਜਰੇ ਦੇ ਪਰਿੰਦੇ ਨੂੰ ਪਿੰਜਰਾ ਤਾਂ ਖੁਲ ਗਿਆ ਉਡਣ ਲਈ ਪਰ ਤੋਲਦਾ ਫਿਰ ਵੀ ਨਹੀਂ ਕੋਲ ਉਸਦੇ ਹੈ ਪਈ ਪੁਸਤਕ ਮੁਹੱਬਤ ਦੀ ਜਨਾਬ ਨੀਝ ਲਾ ਕੇ ਵੇਖਦਾ ਹੈ ਪਰ ਫੋਲਦਾ ਫਿਰ ਵੀ ਨਹੀਂ

ਲੰਮਾ ਪੈਂਡਾ ਵੱਡੀ ਉਮਰਾ

ਲੰਮਾ ਪੈਂਡਾ ਵੱਡੀ ਉਮਰਾ ਟੁੱਟੀ ਇੰਝ ਡੰਗੋਰੀ ਜੀਕਣ ਮਾਂ ਦੇ ਜੀਂਦੇ ਜੀ ਹੀ, ਮਰ ਜਾਂਦੀ ਏ ਲੋਰੀ ਰੁੱਖਾਂ ਵਰਗੀ ਜ਼ਿੰਦੜੀ ਮੇਰੀ, ਪੱਤਾ-ਪੱਤਾ ਹੋਈ ਅੱਜ ਮੈਂ ਆਪੇ ਆਪਣੇ ਹੱਥੀਂ, ਰੁੱਤ ਬਸੰਤੀ ਤੋਰੀ ਵਿਧਵਾ ਹੋ ਕੇ ਫੇਰ ਅਸਾਡੇ ਵਿਹੜੇ ਆ ਹੈ ਬੈਠੀ ਹੱਥੀਂ ਤੋਰੀ ਧੀ ਨੂੰ ਵੇਖ ਕੇ ਰੋਵਾਂ ਜ਼ੋਰੋ-ਜ਼ੋਰੀ ਸੋਚ ਤੇਰੀ ਦਾ ਜਾਮ ਅਧੂਰਾ ਤਾਂਹੀਓਂ ਮਿੱਤਰਾ ਛਲ ਕੇ ਅਕਲਾਂ ਵਾਲੀ ਆਪਣੇ ਹੱਥੀਂ ਤੋੜ ਬੈਠਾ ਤੂੰ ਡੋਰੀ ਗੋਰਾ ਮੁੱਖ ਤੇ ਨੈਣ ਪਿਆਸੇ ਗੱਲ ਕਹਾਂ ਮੈਂ ਸੱਚੀ ਜ਼ਿੰਦਗੀ ਇਕ ਵੇਖੀ ਸੀ ਭਲਕੇ ਸਾਹਾਂ ਨਾਲੋਂ ਕੋਰੀ

ਆਪਣੇ ਗ਼ਮ ਦੀ ਗਾਥਾ ਹੁਣ ਮੈਂ

ਆਪਣੇ ਗ਼ਮ ਦੀ ਗਾਥਾ ਹੁਣ ਮੈਂ ਕਿਸ ਦੇ ਕੋਲ ਕਰਾਂ ਹੰਝੂਆਂ ਦੇ ਵਿਚ ਡੁੱਬਾ ਹੈ ਜਦ ਹਰ ਇਕ ਸ਼ਹਿਰ ਗਰਾਂ ਪਰ ਮੇਰੇ ਕਟ ਕੇ ਨਾ ਸੋਚੋ ਉਡਣਾ ਭੁੱਲ ਜਾਵਾਂਗਾ ਮੈਂ ਤਾਂ ਐਸਾ ਸੋਚ ਪਰਿੰਦਾ ਜੋ ਉਡੇ ਬਾਝ ਪਰਾਂ ਵਿਸ਼ਵਾਸ ਮਿਰੇ ਦੇ ਜੰਗਲ ਵਿਚ ਕੈਸੀ ਝੁੱਲੀ ਨ੍ਹੇਰੀ ਹੈ ਰੁੱਖਾਂ ਵਰਗੇ ਯਾਰਾਂ ‘ਤੇ ਵੀ ਨਾ ਮੈਂ ਇਤਬਾਰ ਕਰਾਂ ਦੇਸ਼ ਮਿਰੇ ਦੀ ਤਸਵੀਰ ਦੀ ਵੇਖ ਕੈਸੀ ਹੈ ਹੋਣੀ ਰੰਗ ਲਹੂ ਦਾ ਹੀ ਹੈ ਬਣਦਾ ਮੈਂ ਜੋ ਵੀ ਰੰਗ ਭਰਾਂ ਮੇਰੇ ਅੰਦਰੋਂ ਮੋਇਆ ਮੈਨੂੰ ਸ਼ਾਇਰ ਤਦ-ਤਦ ਲੱਗੇ ਚੁੱਪ-ਚੁਪੀਤਾ ਨਿਰਦੋਸ਼ ਕਿਸੇ ਦਾ ਮੈਂ ਜਦ ਵੀ ਕਤਲ ਕਰਾਂ

ਸੱਚੀ ਗੱਲ ਜੋ ਕਹਿੰਦੇ ਨੇ

ਸੱਚੀ ਗੱਲ ਜੋ ਕਹਿੰਦੇ ਨੇ ਸੱਚੀ ਗੱਲ ਨਾ ਸਹਿੰਦੇ ਨੇ ਆ ਬਹਿੰਦੇ ਫਿਰ ਸੱਥਰ ’ਤੇ ਪਹਿਲਾਂ ਹੱਡੀਂ ਬਹਿੰਦੇ ਨੇ ਕੁਝ ਵੀ ਨਾ ਇਕਸਾਰ ਰਹੇ ਸੂਰਜ ਚੜ੍ਹਦੇ ਲਹਿੰਦੇ ਨੇ ਦਿਲ ਨੂੰ ਲਾ ਕੇ ਸਦਮਾ ਲੋਕ ਸਹਿੰਦੇ ਸਹਿੰਦੇ ਸਹਿੰਦੇ ਨੇ ਕੰਮ ਅਵੱਲੇ ਮੰਗਲ ਦੇ ਦੁਨੀਆਂ ਵਾਲੇ ਕਹਿੰਦੇ ਨੇ

'ਕੱਲਾ ਕਾਰਾ ਰਹਿ ਕੇ ਰਾਜ਼ੀ

'ਕੱਲਾ ਕਾਰਾ ਰਹਿ ਕੇ ਰਾਜ਼ੀ ਸੁੰਨ ਗੁਫਾਵਾਂ ਵਿਚ ਬੰਦਾ ਨਾ ਹੁਣ ਜੁੜ ਕੇ ਬੈਠੇ ਭੈਣ ਭਰਾਵਾਂ ਵਿਚ ਕਿੰਝ ਗੁਲਾਮ ਅਲੀ ਨੂੰ ਸੁਣੀਏ ਯਾਰਾਂ ਦੇ ਵਿਚ ਬੈਠ ਵੈਣਾਂ ਦਾ ਮੌਸਮ ਹੈ ਘੁਲਿਆ ਸੋਗ ਹਵਾਵਾਂ ਵਿਚ ਨਾਂ ਦੇ ਪਿੱਛੇ ਉਹ ਹੀ ਪੂਛ ਲਗਾਵਣ ਡਿਗਰੀ ਦੀ ਜਿਹੜੇ ਅਕਸਰ ਕਹਿੰਦੇ ਰਹਿੰਦੇ ਕੀ ਰੱਖਿਆ ਹੈ ਨਾਵਾਂ ਵਿਚ ਆਪਣੇ ਘਰ ਬਹਿ ਕੇ ਵੀ ਹੁਣ ਇੰਝ ਹੈ ਲਗਦਾ ਰਹਿੰਦਾ ਜੀਕਣ ਘਰ ਦੀ ਥਾਂ 'ਤੇ ਬੈਠੇ ਹੋਈਏ ਸੋਗ ਸਭਾਵਾਂ ਵਿਚ ਪੈਰ ਉਨਾਂ ਦੇ ਚੁੰਮਣ ਨਾ ਮੰਜ਼ਿਲ ਦਾ ਮੁੱਖ ਕਦੇ ਜੋ ਮੁਸਾਫ਼ਿਰ ਉਲਝ ਨੇ ਜਾਂਦੇ ਧੁੱਪਾਂ ਅਤੇ ਛਾਵਾਂ ਵਿਚ

ਪਹਿਲਾਂ ਦਿਲ ‘ਚੋਂ ਵੈਰ ਮੁਕਾ

ਪਹਿਲਾਂ ਦਿਲ ‘ਚੋਂ ਵੈਰ ਮੁਕਾ ਫਿਰ ਯਾਰੀ ਦਾ ਹੱਥ ਵਧਾ ਦਿਲ ਦਾ ਸੁਤਾ ਦਰਦ ਜਗਾ ਪਿਆਰ ਤਰਾਨਾ ਫਿਰ ਤੂੰ ਗਾ ਭੁੱਲ ਕੇ ਸਾਰੇ ਭੈਣ-ਭਰਾ ਸੱਚ ਨੂੰ ਲਈਏ ਸੀਨੇ ਲਾ ਛੱਡ ਕੇ ਖਹਿੜਾ ਮੰਗਲ ਦਾ ਅਪਣਾ ਤੂੰ ਘਰ ਬਾਰ ਵਸਾ ਮਿੱਠੀ ਖੂਹੀ ਮੰਗਲ ਛੱਡ ਮੰਗਲ ਗ੍ਰਹਿ ਤੇ ਕੋਠੀ ਪਾ

ਉਸਨੂੰ ਆਪਣੇ ਮਨ ਦਾ ਪਾਲਾ ਮਾਰ ਰਿਹਾ

ਉਸਨੂੰ ਆਪਣੇ ਮਨ ਦਾ ਪਾਲਾ ਮਾਰ ਰਿਹਾ ਤਾਂ ਹੀ ਪੁਲ ਨੂੰ ਸਮਝ ਇਕ ਦੀਵਾਰ ਰਿਹਾ ਸੋਚੋ ! ਉਸਦਾ ਇਤਬਾਰ ਕਰੂ ਹੁਣ ਕੌਣ ਭਲਾ ਜਿਸ ਬੰਦੇ ਨੂੰ ਖੁਦ ‘ਤੇ ਨਾ ਇਤਬਾਰ ਰਿਹਾ ਬੇਰੁਜ਼ਗਾਰੀ ਦਾ ਗ਼ਮ ਸਮਝੇ ਮੰਗਲ ਬਾਖ਼ੂਬ ਸਾਲ ਕਈ ਉਹ ਵੀ ਯਾਰੋ ਬੇਰੁਜ਼ਗਾਰ ਰਿਹਾ

ਹਰ ਵੇਲੇ ਮੁਸਕਾਣ ਦੀ ਕੋਸ਼ਿਸ਼ ਕਰਿਆ ਕਰ

ਹਰ ਵੇਲੇ ਮੁਸਕਾਣ ਦੀ ਕੋਸ਼ਿਸ਼ ਕਰਿਆ ਕਰ ਆਪਣਾ ਦਰਦ ਛੁਪਾਣ ਦੀ ਕੋਸ਼ਿਸ਼ ਕਰਿਆ ਕਰ ਨਾਲ ਸਮੇਂ ਦੇ ਤੁਰਿਆ ਕਰ ਤੂੰ ਹਿਕ ਤਣ ਕੇ ਬੀਤੇ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰਿਆ ਕਰ ਬੇ -ਸਬੱਬ ਨਾ ਘੁੰਮਿਆ ਕਰ ਤੂੰ ਸ਼ਾਮ ਢਲੇ ਵੇਲੇ ਸਿਰ ਘਰ ਆਣ ਦੀ ਕੋਸ਼ਿਸ਼ ਕਰਿਆ ਕਰ ਤੇਰਾ ਕੋਈ ਅਖਵਾਵੇ ਇਸ ਤੋਂ ਪਹਿਲਾਂ ਹੀ ਤੂੰ ਕਿਸੇ ਦਾ ਅਖਵਾਣ ਦੀ ਕੋਸ਼ਿਸ਼ ਕਰਿਆ ਕਰ ਵੇਖੀਂ ਭੀੜ ਦਾ ਹਿੱਸਾ ਨਾ ਹੋ ਜਾਈਂ ਕਿਤੇ ਦੂਰੋਂ ਲੁਤਫ਼ ਉਠਾਣ ਦੀ ਕੋਸ਼ਿਸ਼ ਕਰਿਆ ਕਰ ਤੁਰਿਆ ਨਾ ਕਰ ਬਣਿਆਂ ਰਾਹਾਂ 'ਤੇ ਹਰਦਮ ਵਖਰਾ ਰਾਹ ਬਣਾਉਣ ਦੀ ਕੋਸ਼ਿਸ਼ ਕਰਿਆ ਕਰ ਵਾਦਾ ਕਰਕੇ ਹੋਵੀਂ ਨਾ ਸ਼ਰਮਿੰਦਾ ਤੂੰ ਉਸਨੂੰ ਤੋੜ ਨਿਭਾਣ ਦੀ ਕੋਸ਼ਿਸ਼ ਕਰਿਆ ਕਰ ਮੰਗਲ ਬਣਨਾ ਤੇਰੇ ਵਸ ਦਾ ਰੋਗ ਨਹੀਂ ਅਪਣਾ ਮਨ ਸਮਝਾਣ ਦੀ ਕੋਸ਼ਿਸ਼ ਕਰਿਆ ਕਰ

ਖ਼ਬਰੇ ਕਦ ਦਾ ਵਰਕਾ ਵਰਕਾ ਹੋ ਜਾਂਦਾ

ਖ਼ਬਰੇ ਕਦ ਦਾ ਵਰਕਾ ਵਰਕਾ ਹੋ ਜਾਂਦਾ ਰਖਿਆ ਸਾਬਤ ਮੇਰਾ ਬਾਰ ਕਿਤਾਬਾਂ ਨੇ ਤਨ ਮਨ ਉਸਦਾ ਆਪੇ ਸੁੰਦਰ ਹੋ ਜਾਵੇ ਜਿਸ ਦੇ ਜੀਵਨ ਦਾ ਸ਼ਿੰਗਾਰ ਕਿਤਾਬਾਂ ਨੇ ਜੀਵਨ ਭਰ ਦੀ ਖੱਟੀ ਵੇਖੋ ਮੰਗਲ ਦੀ ਕੁਝ ਗ਼ਜ਼ਲਾਂ ਨਗ਼ਮੇ ਦੋ ਚਾਰ ਕਿਤਾਬਾਂ ਨੇ

ਬੀਤੇ ਤੇ ਨਾ ਝੁਰਿਆ ਕਰ

ਬੀਤੇ ਤੇ ਨਾ ਝੁਰਿਆ ਕਰ ਨਾਲ ਸਮੇਂ ਦੇ ਤੁਰਿਆ ਕਰ ਲਾਟ ਤਰ੍ਹਾਂ ਨਾ ਬਲਿਆ ਕਰ ਬਰਫ਼ ਤਰ੍ਹਾਂ ਨਾ ਖੁਰਿਆ ਕਰ ਆਇਆ ਕਰ ਸੁਪਨੇ ਦੇ ਵਾਂਗ ਫੁਰਨੇ ਵਾਂਗੂੰ ਫੁਰਿਆ ਕਰ

ਜੇ ਇਸ਼ਕ ਦੀ ਬਾਜੀ ਹਰ ਜਾਂਦੇ

ਜੇ ਇਸ਼ਕ ਦੀ ਬਾਜੀ ਹਰ ਜਾਂਦੇ ਚਾਅ ਦਿਲ ਦੇ ਦਿਲ ਵਿਚ ਮਰ ਜਾਂਦੇ ਅਸੀਂ ਕੂਚ ਚਲਾਣਾ ਕਰ ਜਾਂਦੇ ਗੱਲ ਸੱਚ ਕਹੀਏ ਕੁੜੀਏ ਇਕ ਪਿਆਰ ਤੇਰੇ ਸਦਕਾ ਇਹ ਜਿੰਦ ਬਚ ਗਈਏ ਕੁੜੀਏ ਤੇਰੀ ਦਿੱਖ ਨਿਆਰੀ ਸਭ ਤੋਂ ਸਾਥ ਤੇਰਾ ਮੈਂ ਮੰਗਿਆ ਰੱਬ ਤੋਂ ਵੇਖ ਨੀ ਹੁੰਦਾ ਚੰਦਰੇ ਜੱਗ ਤੋਂ ਗੱਲ ਸੱਚ ਕਹੀਏ ਕੁੜੀਏ..ਇਕ ... ਪਿਆਰ ਤੇਰੇ ਨੇ ਨਿਡਰ ਬਣਾ ਤਾ ਜ਼ਿੰਦਗੀ ਜਿਉਣ ਦਾ ਵਲ ਸਿਖਾ ਤਾ ਦਿਲ ਦਾ ਉਜੜਿਆ ਘਰ ਵਸਾ ਤਾ ਗੱਲ ਸੱਚ ਕਹੀਏ ਕੁੜੀਏ..ਇਕ ..., ਜਿੱਦ ਆਪਾ ਜੋ ਫੜੀ ਤਾਰ ਗਈ ਬਾਲਾਂ ਵਰਗੀ ਅੜੀ ਤਾਰ ਗਈ ਖੌਰੇ ਕਿਹੜੀ ਘੜੀ ਤਾਰ ਗਈ ਗੱਲ ਸੱਚ ਕਹੀਏ ਕੁੜੀਏ..ਇਕ ... ਕੁਲ ਦੁਨੀਆਂ ਸਮਝਾ ਕੇ ਮੁੜ ਗਈ ਜ਼ੋਰ ਅੱਡੀਆਂ ਤੱਕ ਦਾ ਲਾ ਕੇ ਮੁੜ ਗਈ ਮੌਤ ਵੀ ਦਰ ਤੋਂ ਆ ਕੇ ਮੁੜ ਗਈ ਗੱਲ ਸੱਚ ਕਹੀਏ ਕੁੜੀਏ...ਇਕ ...

ਮੈਨੂੰ ਲਗੇ ਬੜਾ ਡਰ

ਮੈਨੂੰ ਲਗੇ ਬੜਾ ਡਰ ਕੋਈ ਚਾਰਾ ਚੰਨਾ ਕਰ ਜਿਵੇਂ ਬਚਦੀ ਏ ਜਾਨ ਬਚਾ ਦੇ ਵੇ ਨਜ਼ਰਾਂ ਨੇ ਖਾ ‘ਲੀ ਮਿੱਤਰਾ, ਗੋਰੇ ਰੰਗ ਦਾ ਤਵੀਤ ਕਰਾ ਦੇ ਸਖਣਾ ਕੋਈ ਸੁਖੀਏ ਪੀਰਾਂ ਦਰ ਜਾ ਕੇ ਸੋਮਵਾਰੀ ਮੱਸਿਆ ਚਲ ਆਈਏ ਨਹਾ ਕੇ ਛਡ ਸਭ ਦਾ ਖਿਆਲ, ਉਡ ਚਲ ਮੇਰੇ ਨਾਲ ਡਰ ਦੁਨੀਆਂ ਦਾ ਦਿਲ ‘ਚੋਂ ਭੁਲਾ ਦੇ ਵੇ ਨਜ਼ਰਾਂ ਨੇ ਖਾ ‘ਲੀ ਮਿੱਤਰਾ, ਗੋਰੇ ਰੰਗ ਦਾ ਤਵੀਤ ਕਰਾ ਦੇ ਮੁਕ ਗਿਆ ਜ਼ਿੰਦਗੀ ਜਿਉਣ ਦਾ ਜੇ ਚਾਅ ਵੇ ਕਰਨਾ ਨਾ ਅਸਰ ਫੇਰ ਕਿਸੇ ਵੀ ਦਵਾ ਵੇ ਐਸੀ ਹੋਈ ਆਵਾਜ਼ਾਰ, ਭੁੱਲੀ ਹਾਰ ਤੇ ਸ਼ਿੰਗਾਰ ਦਿਨ ਪਹਿਲਾਂ ਵਾਲੇ ਮੋੜ ਕੇ ਲਿਆ ਦੇ ਵੇ ਨਜ਼ਰਾਂ ਨੇ ਖਾ ਲੀ ਮਿੱਤਰਾ, ਗੋਰੇ ਰੰਗ ਦਾ ਤਵੀਤ ਕਰਾ ਦੇ ਸੌ ਸੌ ਵਾਰੀ ਮਿਰਚਾਂ ਮੈਂ ਸਿਰ ਉਤੋਂ ਵਾਰੀਆਂ ਲੱਖਾਂ ਮੈਂ ਯਤਨ ਚੰਨਾ ਕਰ - ਕਰ ਹਾਰੀਆਂ ਜੇ ਟੁੱਟ ਗਿਆ ਵਿਸ਼ਵਾਸ, ਮੁੱਕ ਜਾਣੀ ਫਿਰ ਆਸ ਕਿਰਨ ਆਸ ਦੀ ਕੋਈ ਤਾਂ ਦਿਖਾ ਦੇ ਵੇ ਨਜ਼ਰਾਂ ਨੇ ਖਾ ‘ਲੀ ਮਿੱਤਰਾ, ਗੋਰੇ ਰੰਗ ਦਾ ਤਵੀਤ ਕਰਾ ਦੇ ਤੇਰੇ ਭਾਅ ਦਾ ਹਾਸਾ ਸਾਡੀ ਮੁੱਠੀ ਵਿਚ ਜਾਨ ਵੇ ਤੇਰੇ ਤੋਂ ਤਾਂ ਚੰਗਾ ਉਹ ਮੰਗਲ ਮਦਾਨ ਵੇ ... ...

ਕੁੜੀ ਕਰਦੀ ਏ ਮੈਨੂੰ ਪਿਆਰ ਬੜਾ

ਕੁੜੀ ਕਰਦੀ ਏ ਮੈਨੂੰ ਪਿਆਰ ਬੜਾ ਕਦੇ ਕਰਦੀ ਏ ਤਕਰਾਰ ਬੜਾ ਕਦੇ ਹਾਂ ਕਦੇ ਨਾਂਹ, ਕਦੇ ਨਾਂਹ ਕਦੇ ਹਾਂ ਜਿਸ ਗੱਲ ਦਾ ਹੈ ਦਿਲ ‘ਤੇ ਭਾਰ ਬੜਾ..ਕੁੜੀ ਕਰਦੀ ਏ... ਕਦੇ ਜਾਪੇ ਦਿਲ ਦੇ ਕੋਲ ਖੜੀ ਕਦੇ ਜਾਪੇ ਦਿਲ ਤੋਂ ਦੂਰ ਬੜੀ ਕਦੇ ਤੁਸੀਂ ਕਦੇ ਤੂੰ, ਕਦੇ ਹਾਂ ਕਦੇ ਹੂੰ ਇਸ ਗੱਲ ਦਾ ਹੈ ਦਿਲ ‘ਤੇ ਭਾਰ ਬੜਾ...ਕੁੜੀ ਕਰਦੀ ਏ... ਕਦੇ ਜਾਪੇ ਉਹ ਮਗਰੂਰ ਬੜੀ ਕਦੇ ਜਾਪੇ ਉਹ ਮਜਬੂਰ ਬੜੀ ਕਦੇ ਅੱਖਾਂ ‘ਤੇ ਬਿਠਾਵੇ, ਕਦੇ ਅੱਖ ਨਾ ਮਿਲਾਵੇ ਇਸ ਗੱਲ ਦਾ ਹੈ ਦਿਲ ‘ਤੇ ਭਾਰ ਬੜਾ...ਕੁੜੀ ਕਰਦੀ ਏ... ਕਦੇ ਕਿੱਸੇ ਪਿਆਰ ਦੇ ਛੇੜ ਲਵੇ ਕਦੇ ਦਿਲ ਦੇ ਬੂਹੇ ਭੇੜ ਲਵੇ ਕਦੇ ਮੰਨੇ ਤਕਦੀਰਾਂ ਨੂੰ, ਕਦੇ ਮੰਨੇ ਤਦਬੀਰਾਂ ਨੂੰ , ਇਸ ਗੱਲ ਦਾ ਹੈ ਦਿਲ ‘ਤੇ ਭਾਰ ਬੜਾ...ਕੁੜੀ ਕਰਦੀ ਏ...

ਜੇ ਇਹ ਹੁਸਨ ਲੁਕਾਇਆ ਨਹੀਂ ਲੁਕਣਾ

ਜੇ ਇਹ ਹੁਸਨ ਲੁਕਾਇਆ ਨਹੀਂ ਲੁਕਣਾ ਤੇ ਇਹ ਇਸ਼ਕ ਝੁਕਾਇਆ ਨਹੀਂ ਝੁਕਣਾ ਫੇਰ ਇਸ਼ਕ ਲਕਾਉਣ ਦੀ ਕੀ ਲੋੜ ਏ ਝੂਠੇ ਪਰਦੇ ਪਾਉਣ ਦੀ ਕੀ ਲੋੜ ਏ ... ਅਸਾਂ ਕੀਤਾ ਏ ਪਿਆਰ ਨਹੀਂ ਕੀਤੀ ਕੋਈ ਚੋਰੀ ਦਿਲ ਮਿਲੇ ਤਾਂ ਮਿਲਾਏ ਨਹੀਂ ਮਿਲਾਏ ਧਿੰਗੋ ਜ਼ੋਰੀ ਦਿਲ ਆਪੇ ਜਾਂਦੇ ਮਿਲ ਮਿਲ ਜਾਂਦੇ ਆਪੇ ਦਿਲ ਹੁਣ ਵੰਡੀਆਂ ਪਾਉਣ ਦੀ ਕੀ ਲੋੜ ਏ, ਝੂਠੇ ਪਰਦੇ... ਬਹੁਤਾ ਚੰਗਾ ਨਹੀਂ ਗੁੱਸਾ ਬਹੁਤਾ ਚੰਗਾ ਨਾ ਫਤੂਰ ਰੋਸਾ ਜੇਕਰ ਕੋਈ ਬਹਿਕੇ ਕਰ ਲਈਏ ਦੂਰ ਭੈੜਾ ਜੱਗ ਪਿਆ ਹੱਸੇ, ਨਾਲੇ ਤਾਅਨੇ ਪਿਆ ਕੱਸੇ ਐਂਵੇ ਭੰਡੀਆਂ ਕਰਾਉਣ ਦੀ ਕੀ ਲੋੜ ਏ, ਝੂਠੇ ਪਰਦੇ... ਦੋਚਿੱਤੀ ਵਾਲੀ ਜੰਗ ਕਰੇ ਸਦਾ ਹੀ ਖਵਾਰ ਨਾ ਮਨਾ ਹੁੰਦਾ ਜੱਗ ਨਾ ਮਨਾ ਹੁੰਦਾ ਯਾਰ ਭਾਵੇਂ ਰੁੱਸ ਜਾਵੇ ਜੱਗ ਚਾਹੇ ਰੁੱਸ ਜਾਵੇ ਰੱਬ ਯਾਰ ਆਪਣਾ ਰਸਾਉਣ ਦੀ ਕੀ ਲੋੜ ਏ, ਝੂਠੇ ਪਰਦੇ...

ਅਸੀਂ ਕੰਧ ਵਿਚ ਉੱਗੇ ਹੋਏ ਰੁੱਖ ਸੱਜਣਾ

ਅਸੀਂ ਕੰਧ ਵਿਚ ਉੱਗੇ ਹੋਏ ਰੁੱਖ ਸੱਜਣਾ ਸਾਡੀ ਉਮਰੋਂ ਲੰਮੇਰਾ ਸਾਡਾ ਦੁੱਖ ਸੱਜਣਾ ਪੂਰਨਮਾਸ਼ੀ ਦੀ ਚੰਨਾ ਆਉਂਦੀ ਜਦੋਂ ਰਾਤ ਵੇ ਆਉਂਦੀ ਏ ਚੇਤੇ ਤੇਰੀ ਫੇਰ ਹਰ ਇਕ ਬਾਤ ਵੇ ਚੰਨ ਪੁੰਨਿਆ ਦਾ ਬਣੇ ਤੇਰਾ ਮੁਖ ਸੱਜਣਾ ਮੇਲ ਵਾਲੀ ਰਾਤ ਗਈ ਪੈ ਗਈਆਂ ਦੂਰੀਆਂ ਜ਼ੁਲਫਾਂ ਵਾਲੇ ਨਾਗ ਵੀ ਬਣੇ ਨੇ ਲਟੂਰੀਆਂ ਭੈੜਾ ਮੌਤ ਤੋਂ ਜੁਦਾਈ ਵਾਲਾ ਦੁਖ ਸੱਜਣਾ ਜ਼ਿੰਦਗੀ ‘ਚ ਬਸ ਉਹ ਪਿਆਰੇ ਚਾਰ ਦਿਨ ਸੀ ਤੇਰੇ ਨਾਲ ਜਿਹੜੇ ਮੈਂ ਗੁਜ਼ਾਰੇ ਚਾਰ ਦਿਨ ਸੀ ਕੀ ਸੁੱਖਣੀ ਕਿਸੇ ਨੇ ਸਾਡੀ ਸੁੱਖ ਸੱਜਣਾ ਜੱਗ ਦੀ ਕੀ ਆਖਾਂ ਵੈਰ ਰੱਬ ਨੇ ਕਮਾਇਆ ਏ ਹਾਸਿਆਂ ਦਾ ਲਾਰਾ ਲਾ ਕੇ ਰੋਣਾ ਪੱਲੇ ਪਾਇਆ ਏ ਸਾਥ ਮੰਗਲ ਦਾ ਛੱਡ ਗਏ ਨੇ ਸੁੱਖ ਸਜਣਾ

ਬਸ ਇਕੋ ਗੱਲ ਆਖਾਂ ਵਾਰ-ਵਾਰ ਜੋਗੀਆ

ਬਸ ਇਕੋ ਗੱਲ ਆਖਾਂ ਵਾਰ-ਵਾਰ ਜੋਗੀਆ ਮੈਨੂੰ ਛੱਡ ਕੇ ਨਾ ਜਾਵੀਂ ਉਸ ਪਾਰ ਜੋਗੀਆ ਓਸ ਪਾਰ ਜਦ ਪੀਂਘ ਪਿਆਰ ਦੀ ਝੂਟੇ ਕੋਈ ਜਵਾਨੀ ਗਲ ਉਹਦੇ ਵਿਚ ਪਾ ਦੇਂਦੇ ਨੇ ਮੌਤ ਦੀ ਕਾਲੀ ਗਾਨੀ ਕੋਈ ਸੁਣਦੈ ਨਾ ਅਰਜ਼ ਪੁਕਾਰ ਜੋਗੀਆ, ਮੈਨੂੰ ਛੱਡ ਕੇ ਨਾ... ਹੰਝੂ ਹੌਕੇ, ਪੀੜਾਂ ਤੇ ਗ਼ਮ ਓਸ ਪਾਰ ਦੇ ਵਾਸੀ, ਹਾਸੇ,ਖੁਸੀਆਂ,ਚਾਅ ਤੇ ਖੇੜੇ ਕਦ ਦੇ ਹੋਏ ਨੇ ਬਨਵਾਸੀ ਰਿਹਾ ਮਹਿਰਮ ਨਾ ਕੋਈ ਗਮਖ਼ਾਰ ਜੋਗੀਆ, ਮੈਨੂੰ ਛੱਡ ਕੇ ਨਾ... ਸਤ ਸਮੁੰਦਰ ਪਾਰ ਗਏ ਤਾਂ ਮੁੜਦੇ ਵੇਖੇ ਰਾਹੀ ਓਸ ਪਾਰ ਗਏ ਮੂਲ ਨਾ ਮੁੜਦੇ ਜਾਣੇ ਕੁਲ ਲੁਕਾਈ ਮੇਰੀ ਗੱਲ ਦਾ ਤੂੰ ਕਰ ਇਤਬਾਰ ਜੋਗੀਆ, ਮੈਨੂੰ ਛੱਡ ਕੇ ਨਾ... ਓਸ ਪਾਰ ਪਊ ਜਾਣਾ ਤੈਨੂੰ ਲਾਸ਼ ਮੇਰੀ ਤੋਂ ਲੰਘ ਕੇ ਸੀਨੇ ਮੇਰੇ ਮਾਰ ਕਟਾਰੀ ਜਾਂ ਸੂਲੀ ਤੇ ਟੰਗ ਕੇ ਗਵਾਹ ਮੰਗਲ ਨੂੰ ਰੱਖ ਵਿਚਕਾਰ ਜੋਗੀਆ, ਮੈਨੂੰ ਛੱਡ ਕੇ ਨਾ... ਓਸ ਪਾਰ ਦੇ ਸੁਣ-ਸੁਣ ਕਿੱਸੇ ਰੂਹ ਮੇਰੀ ਕੰਬ ਜਾਵੇ ਅਕਲ ਤੇਰੀ ਤੇ ਪੈ ਗਿਆ ਪਰਦਾ ਕੌਣ ਤੈਨੂੰ ਸਮਝਾਵੇ ਕਿੱਸੇ ਬਹਿ ਕੇ ਤੂੰ ਸੁਣ ਦੋ ਚਾਰ ਜੋਗੀਆ, ਮੈਨੂੰ ਛੱਡ ਕੇ ਨਾ ... ਓਸ ਪਾਰ ਦੀਆਂ ਰੁੱਤਾਂ ਨਾਗਣ ਦਿਲ ‘ਤੇ ਡੰਗ ਚਲਾਵਣ ਰੂਪ ਹੰਢਾ ਕੇ ਫੁਲਾਂ ਦੇ ਫਿਰ ਮਹਿਕਾਂ ਮਾਰ ਮਕਾਵਣ ਰੁੱਤ ਮਰਜੂਗੀ ਤੇਰੀ ਇਸ ਪਾਰ ਜੋਗੀਆ, ਮੈਨੂੰ ਛੱਡ ਕੇ ਨਾ...

ਮੁੰਡਾ ਹਾਣ ਦਾ ਕਾਲਜ ਨਹੀਂਓ ਆਇਆ

ਮੁੰਡਾ ਹਾਣ ਦਾ ਕਾਲਜ ਨਹੀਂਓ ਆਇਆ ਸਈਓ ਨੀ ਮੇਰਾ ਜੀਅ ਨਾ ਲਗੇ ਤਾਂਹੀਓ ਪੀਰੀਅਡੇ ਨਾ ਇਕ ਵੀ ਮੈਂ ਲਾਇਆ। ਸਈਓ ਨੀ ਮੇਰਾ ਜੀਅ ਨਾ ਲੱਗੇ ਪਾਇਆ ਸੀ ਮੈਂ ਸੂਟ ਅੱਜ ਉਸਦੀ ਪਸੰਦ ਦਾ ਬੜਾ ਹੀ ਸ਼ੁਦਾਈ ਨੀ ਓ ਸਰ੍ਹੋਂ ਫੁੱਲੇ ਰੰਗ ਦਾ ਥਾਂ ਗੁੱਤਾਂ ਦੀ ਸੀ ਜੂੜਾ ਮੈਂ ਬਣਾਇਆ, ਸਈਓ ਨੀ ਮੇਰਾ... ਚੜ੍ਹਿਆ ਖੁਮਾਰ ਉਦ੍ਹੀ ਦੀਦ ਦਾ ਨਜ਼ਰ ਨੂੰ ਸਹਿਕਦੇ ਨੇ ਕੰਨ ਸਾਡੇ ਉਸਦੀ ਖ਼ਬਰ ਨੂੰ ਪੱਲੇ ਕੁਝ ਵੀ ਨਾ ਸਾਡੇ ਕਿਸੇ ਪਾਇਆ, ਸਈਓ ਨੀ ਮੇਰਾ... ਸਖੀਆਂ ਸਹੇਲੀਆਂ ਤੋਂ ਪੁੱਛ-ਪੁੱਛ ਹਾਰ ਗਈ ਸੌ ਵਾਰੀ ਅੰਦਰ ਤੇ ਸੌ ਵਾਰੀ ਬਾਹਰ ਗਈ ਉਹ ਨਜ਼ਰ ਨਾ ਕਿਤੇ ਮੈਨੂੰ ਆਇਆ, ਸਈਓ ਨੀ ਮੇਰਾ... ਉਮਰ ਨਿਆਣੀ ਹਾਲੇ ਹੈ ਸਾਡੇ ਪਿਆਰ ਦੀ ਤਾਂਹੀਓ ਤਾਂ ਵਿਛੋੜਾ ਜ਼ਿੰਦ ਪਲ ਨਾ ਸਹਾਰ ਦੀ ਗੋਰੇ ਮੁਖੜੇ ਦਾ ਫੁੱਲ ਮੁਰਝਾਇਆ, ਸਈਓ ਨੀ ਮੇਰਾ... ਦਿਲ ਦਾ ਉਹ ਸੱਚਾ ਬਸ ਭੈੜਾ ਹੈ ਜ਼ੁਬਾਨ ਦਾ ਸੁਨੇਹਾ ਲੈ ਕੇ ਆਇਆ ਜਿਹੜਾ ਮੰਗਲ ਮਦਾਨ ਦਾ ਭਾਬੋ ਆਖ ਕੇ ਉਹ ਇੰਝ ਫੁਰਮਾਇਆ, ਸਈਓ ਨੀ ਮੇਰਾ...

ਨਾ ਉਹ ਪਤਲੀ ਪਤੰਗ

ਨਾ ਉਹ ਪਤਲੀ ਪਤੰਗ ਤੇ ਨਾ ਗੋਰਾ ਉਦਾ ਰੰਗ ਨਾ ਹਿਰਨੀ ਜਿਹੀ ਚਾਲ ਤੇ ਨਾ ਕੋਹ-ਕੋਹ ਲੰਮੇ ਵਾਲ ਨਾ ਉਹ ਅਰਸ਼ਾਂ ਤੋਂ ਆਈ ਤੇ ਨਾ ਪਰੀਆਂ ਦੀ ਉਹ ਕੋਈ ਭੈਣ ਬੇਲੀਓ ਸਾਡੇ ਜੀਦੇ ਨਾਲ ਲੜ ਗਏ ਨੇ ਨੈਣ ਬੇਲੀਓ ਨਾਜ਼ ਨਖ਼ਰੇ ਅਦਾਵਾਂ ਉਦੇ ਕੋਲ ਦੀ ਨਾ ਲੰਘੇ ਗਹਿਣੇ ਗੱਟਿਆਂ ਦਾ ਚਾਅ ਉਦੀ ਸੋਚ ਨੂੰ ਨਾ ਡੰਗੇ ਤੱਕ ਉਹਨੂੰ ਗਸ਼ ਸ਼ੋਖੀਆਂ ਨੂੰ ਪੈਣ ਬੇਲੀਓ, ਸਾਡੇ ਜੀਦੇ ਨਾਲ... ਸੂਰਜ ਡੁੱਬਦਾ ਨਿਹਾਰੇ ਤੱਕੇ ਖਿੜਦੇ ਉਹ ਫੁੱਲ ਜਦੋਂ ਪੜ੍ਹੇ ਕੋਈ ਕਿਤਾਬ, ਜਾਵੇ ਦੁਨੀਆਂ ਨੂੰ ਭੁੱਲ ਗੀਤਾਂ ਗ਼ਜ਼ਲਾਂ ਦੀ ਉਹ ਬੜੀ ਹੈ ਸੂਦੈਣ ਬੇਲੀਓ, ਸਾਡੇ ਜੀਦੇ ਨਾਲ...

ਕਦੇ ਹਸਣਾ ਤੇ ਕਦੇ ਪਾਸਾ ਵੱਟਣਾ

ਕਦੇ ਹਸਣਾ ਤੇ ਕਦੇ ਪਾਸਾ ਵੱਟਣਾ ਕਿਥੋਂ ਸਿਖਿਆ ਏ ਦਸਤੂਰ ਦਸਣਾ ਚੋਰੀ ਚੋਰੀ ਦਿਲ ‘ਚ ਵਸਾ ਕੇ ਰੱਖਣਾ ਲੁਕ ਲੁਕ ਭੈੜੀ ਦੁਨੀਆਂ ਤੋਂ ਤੱਕਣਾ ਪਹਿਲੋਂ ਹਸ ਹਸ ਬਿੱਲੋ ਸਾਨੂੰ ਕੋਲ ਤੂੰ ਬੁਲਾਵੇਂ ਕੋਲ ਤੇਰੇ ਜੇ ਆਈਏ ਝਟ ਪਾਸਾ ਵਟ ਜਾਵੇਂ ਨੀ ਤੂੰ ਨਿੰਮਾ ਨਿੰਮਾ ਹਸ, ਲਿਆ ਕਾਲਜੇ ਨੂੰ ਡਸ ਹੁਣ ਸੱਪਣੀ ਦੇ ਵਾਂਗੂੰ ਬਿਲੋ ਛਡ ਡਸਣਾ, ਕਦੇ ... ਤੇਰੇ ਲਾਰਿਆਂ ‘ਚ ਕਿਤੇ ਲੰਘ ਜਾਏ ਨਾ ਜਵਾਨੀ ਪਾ ਲੈ ਚੀਚੀ ਵਿਚ ਛੱਲਾ ਸਾਡੇ ਪਿਆਰ ਦੀ ਨਿਸ਼ਾਨੀ ਤੈਨੂੰ ਹਾੜੇ ਰਿਹਾ ਪਾ ਪੂਰੇ ਕਰ ਸਾਡੇ ਚਾਅ ਕਦੇ ਹੱਸ ਕੇ ਤੂੰ ਕਹਿ ਸਾਨੂੰ ਚੰਨ ਮੱਖਣਾ, ਕਦੇ... ਖ਼ਤ ਜਦ ਵੀ ਫੜਾਈਏ ਨੀ ਤੂੰ ਫੜ ਲਵੇਂ ਝਟ ਜਦੋਂ ਮੰਗੀਏ ਜਵਾਬ ਕਾਹਤੋਂ ਚੁਪ ਜਾਵੇਂ ਵਟ ਤੇਰੀ ਚੁਪ ਸਾਨੂੰ ਮਾਰੂ, ਕੋਈ ਕਹਿਰ ਗੁਜ਼ਾਰੂ ਛੱਡ ਨਾ ਨਾ ਨਾ ਦਾ ਪਹਾੜਾ ਰੱਟਣਾ, ਕਦੇ... ਤੇਰੇ ਭਾਅ ਦਾ ਹਾਸਾ ਸਾਡੀ ਮੁੱਠੀ ਵਿਚ ਜਾਨ ਨੀ ਤੂੰ ਜੀਣ ਜੋਗਾ ਛੱਡਿਆ ਨਾ ਮੰਗਲ ਮਦਾਨ ਤੈਨੂੰ ਹੋਰ ਕੀ ਏ ਕਹਿਣਾ, ਨਹੀਂ ਤੇਰੇ ਬਾਥੋਂ ਰਹਿਣਾ ਜ਼ਿੰਦਗੀ ਦਾ ਕਾਸਾ ਰਹਿਣਾ ਤੇਰੇ ਬਾਝੋਂ ਸਖਣਾ, ਕਦੇ...

ਟੁੱਟ ਗਈਆਂ ਮੇਰੀਆਂ ਵੰਗਾਂ

ਟੁੱਟ ਗਈਆਂ ਮੇਰੀਆਂ ਵੰਗਾਂ ਵੇ ਮਿੱਤਰਾ ਛੱਡ ਵੀਣੀਂ ਰੰਗ ਵੰਗਾਂ ਦਾ ਸੀ ਨਸਵਾਰੀ ਤਕ ਤਕ ਚੜ੍ਹਦੀ ਸੀ ਖੁਮਾਰੀ ਦਿਲ ਡੁੱਬੇ ਤਕ ਵੀਣੀਂ ਖਾਲੀ, ਮੁੱਖ ਤੋਂ ਉਡੀ ਜਾਵੇ ਲਾਲੀ ਗੱਲ ਲਗ ਰੋਣ ਉਮੰਗਾਂ, ਵੇ ਮਿੱਤਰਾ... ਇਉਂ ਸੀ ਵੰਗਾਂ ਦਾ ਛਣਕਾਟਾ, ਜਿਉਂ ਕੁੜੀਆਂ ਦੀ ਡਾਰ ਦਾ ਹਾਸਾ ਖਾਲੀ ਤੱਕ ਕੇ ਵੀਣੀਂ ਮੇਰੀ, ਸਖੀਆਂ ਨੇ ਗਲ ਕਰਨੀ ਤੇਰੀ ਕਰਨੈ ਮਖੌਲ ਮਲੰਗਾਂ, ਵੇ ਮਿੱਤਰਾ... ਆਥਣ ਨੂੰ ਘਰ ਆਵਣ ਵੇਲੇ, ਤੈਥੋਂ ਬਾਹ ਛੁਡਾਵਣ ਵੇਲੇ ਤੈਥੋਂ ਲੱਗੀ ਜਦ ਬਾਂਹ ਛਡਾਉਣ, ਵੀਣੀਂ ਹੋਈ ਲਹੂ ਲੁਹਾਨ ਚੂਰ ਹੋਈਆਂ ਵੰਗਾਂ, ਵੇ ਮਿੱਤਰਾ... ‘ਮੰਗਲ' ਈਕਣ ਬਾਂਹ ਮਰੋੜੀ, ਇਕ ਵੀ ਵੰਗ ਨਾ ਸਾਬਤ ਛੋੜੀ ਨਾਜ਼ੁਕ ਪੈਰ ਮਲੂਕ ਨੇ ਮੇਰੇ, ਕੱਚ ਖਿੰਡਿਆ ਏ ਚਾਰ-ਚੁਫੇਰੇ ਦਸ ਮੈਂ ਕਿਧਰੋਂ ਲੰਘੀ, ਵੇ ਮਿੱਤਰਾ...

ਸਾਡੇ ਚਾਵਾਂ ਦੀ ਉਮਰ ਨਿਆਣੀ

ਸਾਡੇ ਚਾਵਾਂ ਦੀ ਉਮਰ ਨਿਆਣੀ ਤੂੰ ਛੱਡ ਕੇ ਨਾ ਜਾਈਂ ਮਹਿਰਮਾ ਨੇਰੀ ਹੰਝੂਆਂ ਦੀ ਝਟ ਝੁਲ ਜਾਣੀ ਤੂੰ ਛੱਡ ਕੇ ਨਾ ਜਾਈਂ ਮਹਿਰਮਾ ਬੁਲੀਆਂ ‘ਤੇ ਚੁਪ ਵਾਲੇ ਦੀਵੇ ਚੰਨਾ ਬਾਲ ਕੇ ਰੱਖੂੰਗੀ ਮੈਂ ਕਿੰਝ ਭਲਾ ਖ਼ੁਦ ਨੂੰ ਸੰਭਾਲ ਕੇ ਚੁਪ ਹੌਕਿਆਂ ‘ਚ ਝਟ ਵਟ ਜਾਣੀ, ਤੂੰ ਛੱਡ ਕੇ ਨਾ... ਪੈਂਡਾ ਤਨਹਾਈ ਦਾ ਨਾ ਹੋਣਾ ਸਾਥੋਂ ਗਾਹ ਵੇ ਯਾਦਾਂ ਤੇਰੀਆਂ ਬਹਿਣਾ ਮਲ ਮਲ ਰਾਹ ਵੇ ਜਿੰਦ ਝੋਰਿਆਂ ਦੇ ਵਿਚ ਘਿਰ ਜਾਣੀ, ਤੂੰ ਛੱਡ ਕੇ ਨਾ... ਚੇਤਿਆਂ ਦੇ ਅੰਬਰਾਂ ‘ਤੇ ਤਾਰੇ ਜਦ ਛਾਣਗੇ ਵਿੰਹਦੇ ਵਿੰਹਦੇ ਹੀ ਮੁਖ ਤੇਰਾ ਬਣ ਜਾਣਗੇ ਪਊ ਅਖੀਆਂ ‘ਚ ਰਾਤ ਲੰਘਾਣੀ, ਤੂੰ ਛੱਡ ਕੇ ਨਾ...

ਇਕ ਅੱਖ ਮਸਤਨੀ, ਦੂਜਾ ਤੋਰ ‘ਚ ਰਵਾਨੀ

ਇਕ ਅੱਖ ਮਸਤਨੀ, ਦੂਜਾ ਤੋਰ ‘ਚ ਰਵਾਨੀ ਜਵਾਨਾਂ ‘ਚੋਂ ਜਵਾਨੀ ਲੋਕੋ ਲੱਭਦੇ ਫਿਰੋਗੇ ਸੱਚੀ ਪਿਆਰ ਨਿਸ਼ਾਨੀ, ਉਹ ਰੁਮਾਲ ਅਤੇ ਗਾਨੀ ਹਾਏ ਅੱਲੜ ਨਾਦਾਨੀ, ਲੋਕੋ , ਲੱਭਦੇ ਫਿਰੋਗੇ ਸੱਥਾਂ ਅਤੇ ਜੂਹਾਂ ਵਾਲੇ, ਪਿੰਡ ਛੱਪੜ ਤੇ ਖੂਹਾਂ ਵਾਲੇ ਬੰਦੇ ਨੇਕ ਰੂਹਾਂ ਵਾਲੇ , ਲੋਕੋ ਲੱਭਦੇ ਫਿਰੋਗੇ ਗਲੀ ‘ਚੋਂ ਨਿਆਣਿਆਂ ਨੂੰ, ਘਰਾਂ ‘ਚੋਂ ਸਿਆਣਿਆਂ ਨੂੰ ਭੜੋਲਿਆਂ ‘ਚੋਂ ਦਾਣਿਆਂ ਨੂੰ, ਲੋਕੋ ਲੱਭਦੇ ਫਿਰੋਗੇ ਜੀ ਆਇਆ ਕਹਿਣ ਵਾਲੇ, ਬੁੱਕਲ ‘ਚ ਲੈਣ ਵਾਲੇ ਰੁਸ-ਰੁਸ ਬਹਿਣ ਵਾਲੇ, ਲੋਕੋ ਲੱਭਦੇ ਫਿਰੋਗੇ ਮੋਢਾ ਅਰਥੀ ਨੂੰ ਦੇਣ ਲਈ ਗੱਲ ਦਿਲ ਵਾਲੀ ਕਹਿਣ ਲਈ ਬੰਦੇ ਸੱਥਰ ਤੇ ਬਹਿਣ ਵਾਲੇ, ਲੋਕੋ ਲੱਭਦੇ ਫਿਰੋਗੇ ਯਾਰੀਆਂ ਨਿਭਾਉਣ ਵਾਲੇ, ਵੈਰ ਕਮਾਉਣ ਵਾਲੇ ਅੜੀਆਂ ਪਗਾਉਣ ਵਾਲੇ, ਲੋਕੋ ਲੱਭਦੇ ਫਿਰੋਗੇ

ਗੱਲ ਮੇਰੀ ਨੂੰ ਝੂਠ ਨਾ ਜਾਣੀ

ਗੱਲ ਮੇਰੀ ਨੂੰ ਝੂਠ ਨਾ ਜਾਣੀ ਤੇਰੀ ਸਾਡੀ ਖ਼ਤਮ ਕਹਾਣੀ ਜਿੰਨੀ ਨਿਭ ਗਈ ਸੁਹਣੀ ਨਿਭ ਗਈ ਨਿੱਭਣੀ ਨਾ ਹੁਣ ਹੋਰ ਤੇਰੇ ਨਾਲ ਨੀ ਬੋਤਲੇ ਬਸ ਤੇਰੀ ਸਾਡੀ ਸਤਿ ਸ੍ਰੀ ‘ਕਾਲ ਨੀ ਬੋਤਲੇ ਨਾਲ ਤੇਰੇ ਕਦ ਪੈ ਗਈ ਯਾਰੀ ਕਦ ਤੂੰ ਬਣ ਗਈ ਜਾਨੋਂ ਪਿਆਰੀ ਸਹੁੰ ਤੇਰੀ ਕੁਝ ਪਤਾ ਨਾ ਮੈਨੂੰ ਬੀਤ ਗਏ ਕਿੰਨੇ ਸਾਲ ਨੀ ਬੋਤਲੇ, ਬਸ ਤੇਰੀ ਸਾਡੀ... ਸ਼ਾਮ ਢਲੇ ਦਿਲ ਗੋਤੇ ਖਾਊ ਰਹਿ ਰਹਿ ਤੇਰੀ ਯਾਦ ਸਤਾਊ ਹੋ ਜੂ ਔਖਾ ਮਨ ਸਮਝਾਣਾ ਜਦ ਆਊ ਤੇਰਾ ਖਿਆਲ ਨੀ ਬੋਤਲੇ, ਬਸ ਤੇਰੀ ਸਾਡੀ... ਤੈਥੋਂ ਸਦਕੇ ਜਾਵਣ ਵਾਲੇ ਹਸ ਹਸ ਜਾਨ ਲੁਟਾਉਣ ਵਾਲੇ ਜੱਗ ਤੇ ਹੋਣੇ ਹੋਰ ਬਥੇਰੇ ਪਰ ਮੰਗਲ ਜਿਹਾ ਮਿਲਣਾ ਮੁਹਾਲ ਨੀ ਬੋਤਲੇ ਬਸ ਤੇਰੀ ਸਾਡੀ ਸਤਿ ਸ੍ਰੀ ‘ਕਾਲ ਨੀ ਬੋਤਲੇ

ਸੋਹਣੇ ਸਿਹਰੇ ਵਾਲਿਆ ਮੈਂ ਤੈਨੂੰ

ਸੋਹਣੇ ਸਿਹਰੇ ਵਾਲਿਆ ਮੈਂ ਤੈਨੂੰ ਦੇਂਦਾ ਹਾਂ ਵਧਾਈਆਂ ਅੱਜ ਅਰਸ਼ਾਂ ਤੋਂ ਪਰੀਆਂ ਵੀ ਫੁੱਲ ਲੈ ਕੇ ਆਈਆਂ ਭੈਣਾਂ ਗੁੰਦੀ ਤੇਰੀ ਵਾਗ, ਨਾਲੇ ਭਾਬੀਆਂ ਸੁਹਾਗ ਲਾ ਕੇ ਵੱਟਣਾ ਤੈਨੂੰ ਪਾਈਆਂ ਸੁਰਮ ਸਲਾਈਆਂ ਬੇਬੇ ਸੁਰਗਾਂ ‘ਚ ਹੱਸੇ, ਨਾਲੇ ਬਾਪੂ ਤਾਈਂ ਦੱਸੇ ਮਾਰੇ ਖੁਸ਼ੀ ਦੇ ਦੋਹਾਂ ਦੀਆਂ ਅੱਖਾਂ ਭਰ ਆਈਆਂ ਤੇਰੇ ਸਭ ਚਾਚੇ ਤਾਏ, ਪੂਰੇ ਰੰਗ ਵਿਚ ਆਏ ਜਾਣ ਖਿੜ ਖਿੜ ਹੱਸੀ ਕੀ ਚਾਚੀਆਂ ਤੇ ਤਾਈਆਂ ਲੈ ਕੇ ਮਾਮੀਆਂ ਨੂੰ ਨਾਲ ਮਾਮੇ ਪਾਉਂਦੇ ਨੇ ਧਮਾਲ ਤਾਂਹੀਓ ਖੁਸ਼ੀਆਂ ਵੀ ਹੋਈਆਂ ਵੇਖੋ ਦੂਣ ਸਵਾਈਆਂ ਤੇਰੇ ਛੋਟੇ ਯਾਰ ਬੇਲੀ, ਆਏ ਦੂਰੋਂ ਦੂਰੋਂ ਮੇਲੀ ਸਾਰੇ ਰਲ ਮਿਲ ਨੱਚੇ ਖੂਬ ਰੌਣਕਾਂ ਨੇ ਲਾਈਆਂ ਜੋੜੀ ਰੱਬ ਨੇ ਬਣਾਈ ਜਿਵੇਂ ਦੁੱਧ ਤੇ ਮਲਾਈ ਰਹਿਣ ਸਦਾ ਦੋਵੇਂ ਕੱਠੇ ਕਦੇ ਪੈਣ ਨਾ ਜੁਦਾਈਆਂ ਸਿਹਰਾ ਨਿੰਮੇ ਨੇ ਹੈ ਗਾਇਆ, ਸੁਰ ਪਿਆਰ ਵਾਲਾ ਲਾਇਆ ਦੇਖੋ ਮੰਗਲ ਨੂੰ ਸਾਰੇ ਦੇਈ ਜਾਂਦੇ ਨੇ ਵਧਾਈਆਂ

ਕੀ ਸੂਰਜ ਤੇ ਕੀ ਚੰਨ ਤਾਰੇ

ਕੀ ਸੂਰਜ ਤੇ ਕੀ ਚੰਨ ਤਾਰੇ ਕੀ ਰੁੱਤਾਂ ਤੇ ਕੀ ਨਜ਼ਾਰੇ ਸੁਹਣਿਆਂ ਤੋਂ ਡਰਦੇ ਨੇ ਸਭ ਬਈ ਗੱਲ ਸੱਚ ਪਿਆ ਆਖਦਾਂ ਸੁਹਣਿਆ ਤੋਂ ਡਰਦਾ ਹੈ ਰੱਬ ਬਈ, ਗੱਲ ਸੱਚ ਪਿਆ ਆਖਦਾਂ ਅਪਣੀ ਆਈ ਤੇ ਜਦੋਂ ਸੁਹਣੇ ਆ ਜਾਂਦੇ ਨੇ ਫੁੱਲਾਂ ਜਿਹੇ ਅੱਗ ਬਣ ਅੱਗ ਵਰਸਾਉਂਦੇ ਨੇ ਗੱਲ ਜਾਣਦਾ ਹੈ ਇਹ ਸਾਰਾ ਜੱਗ ਬਈ, ਗੱਲ ਸੱਚ ਪਿਆ... ਸੁਹਣਿਆ ਨੂੰ ਕੋਈ ਕੁਝ ਆਖ ਨਹੀਓ ਸਕਦਾ ਇਹਨਾਂ ਦੀ ਹਵਾ ਵੰਨੀ ਝਾਕ ਨਹੀਓ ਸਕਦਾ ਸੀਨੇ ਕਾਤਿਲ ਅਦਾਵਾਂ ਲਾਉਣ ਅੱਗ ਬਈ, ਗੱਲ ਸੱਚ ਪਿਆ... ਮੁਹੱਬਤਾਂ ਦਾ ਦਮ ਸੁਹਣੇ ਭਰਦੇ ਜ਼ਰੂਰ ਨੇ ਪਵੇ ਹਿੱਕ ਤਾਣ ਖੜਨਾ ਤਾਂ ਡਰਦੇ ਹਜ਼ੂਰ ਨੇ ਪੈਂਦੇ ਇਸ਼ਕੇ ਨੂੰ ਨਿੱਤ ਨਵੇਂ ਯੱਬ ਬਈ, ਗੱਲ ਸੱਚ ਪਿਆ... ਸੁਹਣਿਆਂ ਦੇ ਪੱਟੇ ਕਦੇ ਰਾਸ ਨਹੀਓ ਆਉਂਦੇ ਨੇ ਮੰਗਲ ਨੂੰ ਬਹਿ ਬਹਿ ਉਦੇ ਯਾਰ ਸਮਝਾਉਂਦੇ ਨੇ ਦਿਨ ਖੜ੍ਹੇ ਹੀ ਇਹ ਲੁਟਦੇ ਨੇ ਠੱਗ ਬਈ, ਗੱਲ ਸੱਚ ਪਿਆ...

ਗੱਲਾਂ ਗੱਲਾਂ ਵਿਚ ਗੱਲ ਕਹਿਣ ਦੀ ਅਦਾ

ਗੱਲਾਂ ਗੱਲਾਂ ਵਿਚ ਗੱਲ ਕਹਿਣ ਦੀ ਅਦਾ ਸੁਹਣਿਆਂ ਤੋਂ ਸਿਖ ਲੈ ਤੂੰ ਸਿਖ ਲੈ ਦਿਲਾ ਟੁਰੇ ਜਾਂਦੇ ਦਿਲ ਲੁਟ ਲੈਣ ਦੀ ਅਦਾ ਸੁਹਣਿਆ ਤੋਂ ਸਿਖ ਲੈ ਤੂੰ ਸਿਖ ਲੈ ਦਿਲਾ ਬੁਲ੍ਹੀਆਂ ਦੀ ਥਾਂ ਤੇ ਅੱਖਾਂ ਨਾਲ ਹਸਣਾ ਨੇੜੇ ਨੇੜੇ ਆਉਣਾ ਨਾਲੇ ਪਾਸੇ ਵਟਣਾ ਐਂਵੇ ਝੂਠੀ-ਮੂਠੀ ਰੁਸ ਬਹਿਣ ਦੀ ਅਦਾ ਆਪ ਹੀ ਵਕੀਲ ਨਾਲੇ ਜੱਜ ਆਪ ਨੇ ਸੁਹਣਿਆਂ ਨੂੰ ਤਾਂ ਹੁੰਦੇ ਸੌ ਖੂਨ ਮਾਫ਼ ਨੇ ਸਭ ਲੁੱਟ-ਪੁੱਟ ਪਾਸਾ ਵੱਟ ਲੈਣ ਦੀ ਅਦਾ ਦੱਸੀਏ ਕੀ ਇਹਨਾਂ ਜੋ ਕਮਾਲ ਕੀਤੇ ਨੇ ਮੰਗਲ ਜਿਹੇ ਲੱਖਾਂ ਹੀ ਕੰਗਾਲ ਕੀਤੇ ਨੇ ਉਤੋਂ ਭੋਲੇ ਭਾਲੇ ਬਣੇ ਰਹਿਣ ਦੀ ਅਦਾ ਜ਼ੁਲਫ਼ਾਂ ਦੇ ਕਿੰਝ ਸੱਪ ਉਡਣੇ ਬਣਾਉਣੇ ਨੇ ਉਡਦੇ ਪੰਛੀ ਕਿੰਝ ਅੰਬਰਾਂ ‘ਚੋਂ ਲਾਹੁਣੇ ਨੇ ਜ਼ੁਲਫ਼ਾਂ ਤੋਂ ਨਾਗ ਬਣਾ ਲੈਣ ਦੀ ਅਦਾ ਸੁਹਣਿਆਂ ਤੋਂ ਸਿੱਖ ਲੈ ਤੂੰ ਸਿੱਖ ਲੈ ਦਿਲਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੰਗਲ ਮਦਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ