Punjabi Ghazlan Sayyed Tanveer Nawazish

ਪੰਜਾਬੀ ਗ਼ਜ਼ਲਾਂ ਸੱਯਦ ਤਨਵੀਰ ਨਵਾਜ਼ਿਸ਼

1. ਹਰ ਪਸਤੀ ਵਿੱਚ ਇਕ ਬੁਲੰਦੀ ਦੇਖੀ ਏ

ਹਰ ਪਸਤੀ ਵਿੱਚ ਇਕ ਬੁਲੰਦੀ ਦੇਖੀ ਏ ।
ਮੈਂ ਮੁਫ਼ਲਿਸ ਦੀ ਗੈਰਤਮੰਦੀ ਦੇਖੀ ਏ ।

ਇਹ ਵੀ ਖ਼ੌਰੇ ਦੌਰ ਕਿਸੇ 'ਫ਼ਰਊਨ' ਦਾ ਏ'
ਇਨਸਾਨਾਂ ਦੀ ਹਾਲਤ ਮੰਦੀ ਦੇਖੀ ਏ ।

ਸਭ ਦੀਆਂ ਸੋਚਾਂ 'ਤੇ ਮੈਂ ਪਹਿਰੇ ਦੇਖੇ ਨੇ,
ਸਭ ਦਿਆਂ ਹੋਠਾਂ ਤੇ ਪਾਬੰਦੀ ਦੇਖੀ ਏ ।

ਬੰਦੇ ਪਿੱਛੇ, ਰੱਬ ਦੇ ਨਾਲ ਵੀ ਝਗੜੇ ਆਂ,
ਤੂੰ ਸਾਡੀ ਇਨਸਾਨ-ਪਸੰਦੀ ਦੇਖੀ ਏ ।

ਕੁੱਝ ਗੰਦਿਆਂ ਤੋਂ ਗੱਲਾਂ ਚੰਗੀਆਂ ਸੁਣੀਆਂ ਨੇ,
ਕੁੱਝ ਚੰਗਿਆਂ ਦੀ ਨੀਅਤ ਗੰਦੀ ਦੇਖੀ ਏ ।

ਦੱਸਣ ਨਾਲ 'ਨਵਾਜ਼ਿਸ਼' ਪੀੜ ਜਿਗਰ ਦੀ ਮੈਂ,
ਅੱਗੇ ਨਾਲੋਂ ਹੋਰ ਦੋ ਚੰਦੀ ਦੇਖੀ ਏ ।

2. ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ

ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ।
ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ।

ਕੀ ਹੋਇਆ ਜੇ ਉਹਦਾ ਦਿਲ ਏ ਸਖ਼ਤ ਬਹੁਤ,
ਪੱਥਰ ਵੀ ਹੋਵੇ ਉਹਨੂੰ ਵੀ ਢਾਲ ਦਿਆਂ ।

ਉਹਨੂੰ ਹੋਵੇ ਜੇ ਸੱਚ ਦੀ ਪਹਿਚਾਣ ਕਦੀ,
ਮੋਤੀ ਸਿੱਪੀਆਂ ਵਿੱਚੋਂ ਬਾਹਰ ਉਛਾਲ ਦਿਆਂ ।

ਦੂਰ ਵਸੇਂਦੇ ਯਾਰਾਂ ਨੂੰ ਗਲ ਲਾਉਣ ਲਈ,
ਆਵੇ ਮੌਤ ਤੇ ਉਹਨੂੰ ਵੀ ਮੈਂ ਟਾਲ ਦਿਆਂ ।

ਤੂੰ ਤੇ ਕੁੱਝ ਨਹੀਂ ਆਖਣ ਜੋਗਾ ਯਾਰਾ ਹੁਣ,
ਤਾਅਨਾ ਦਿੱਤਾ ਏ ਅੱਜ ਮੇਰੇ ਨਾਲ ਦਿਆਂ ।

3. ਅੱਜ ਉਹ ਮੇਰੇ ਸਾਹਵੇਂ ਆ ਕੇ ਬੈਠ ਗਿਆ

ਅੱਜ ਉਹ ਮੇਰੇ ਸਾਹਵੇਂ ਆ ਕੇ ਬੈਠ ਗਿਆ ।
ਅੱਖਾਂ ਦੇ ਵਿੱਚ ਅੱਖਾਂ ਪਾ ਕੇ ਬੈਠ ਗਿਆ ।

ਕਾਹਨੂੰ ਉਹਦੀਆਂ ਰਾਹਵਾਂ ਮੱਲ ਕੇ ਬੈਠਾ ਏਂ ?
ਰੱਬ ਜਾਣੇ ਉਹ ਕਿੱਥੇ ਜਾ ਕੇ ਬੈਠ ਗਿਆ ?

ਜਿਸ ਵੀ ਖੇਡੀ ਏਥੇ ਖੇਡ ਸਿਆਸਤ ਦੀ,
ਉਹ ਈ ਅਪਣਾ ਭਰਮ ਗੁਆ ਕੇ ਬੈਠ ਗਿਆ ।

ਪੇਟ ਭਰਨ ਦੀ ਖ਼ਾਤਰ, ਸਸਤੇ ਵੇਚਣ ਨੂੰ,
ਮੈਂ ਸ਼ਿਅਰਾਂ ਦਾ ਛਾਬਾ ਲਾ ਕੇ ਬੈਠ ਗਿਆ ।

ਸਾਡੇ ਦਿਲ ਦੇ ਸ਼ਹਿਰ 'ਚ ਜਿਸ ਦੀ ਰੌਣਕ ਸੀ,
ਵੱਖਰੀ ਅਪਣੀ ਝੋਕ ਬਣਾ ਕੇ ਬੈਠ ਗਿਆ ।

ਦਿਲ ਵਿੱਚ ਉੱਠਿਆ ਦਰਦ ਤਿਰਾ, ਪਰ ਖੌਰੇ ਕਿਉਂ ?
ਮੈਨੂੰ ਪਿਛਲੀ-ਰਾਤ ਉਠਾ ਕੇ ਬੈਠ ਗਿਆ ।

ਔਖੇ-ਸੌਖੇ ਵੇਲੇ, ਆਉਂਦੇ ਰਹਿੰਦੇ ਨੇ,
ਤੂੰ ਕਿਉਂ ਐਵੇਂ ਢੇਰੀ ਢਾਅ ਕੇ ਬੈਠ ਗਿਆ ।

ਲੱਭਦਾ ਲੱਭਦਾ ਤੈਨੂੰ 'ਪੀਰ ਨਵਾਜ਼ਿਸ਼' ਵੀ,
ਆਖ਼ਰ ਅਪਣਾ ਆਪ ਗੁਆ ਕੇ ਬੈਠ ਗਿਆ ।

4. ਨਾ ਦੇਹ ਮੈਨੂੰ ਝੂਠਾ-ਦਿਲਾਸਾ ਨਹੀਂ ਭਾਉਂਦਾ

ਨਾ ਦੇਹ ਮੈਨੂੰ ਝੂਠਾ-ਦਿਲਾਸਾ ਨਹੀਂ ਭਾਉਂਦਾ ।
ਮੈਂ ਉਸ ਬੇ-ਮੁਰੱਵਤ ਨੂੰ ਮਾਸਾ ਨਹੀਂ ਭਾਉਂਦਾ ।

ਸਜਾ ਚਾਨਣੀ ਦਾ ਮਸਾਕ ਇਨ੍ਹਾਂ ਉੱਤੇ,
ਤੇਰੇ ਦੰਦਾਂ ਉੱਤੇ ਦੰਦਾਸਾ ਨਹੀਂ ਭਾਉਂਦਾ ।

ਇਨ੍ਹਾਂ ਨੂੰ ਕਲਮ ਤੇ ਦਵਾਤਾਂ ਫੜਾਉ,
ਮਾਸੂਮਾਂ ਦੇ ਹੱਥੀਂ ਗੰਡਾਸਾ ਨਹੀਂ ਭਾਉਂਦਾ ।

ਖ਼ੁਦਾ ਸਭ ਨੂੰ ਦਿੰਦਾ ਹੈ ਜੀਵਨ ਦੇ ਸਾਧਨ,
ਸਮੁੰਦਰ ਨੂੰ ਕੋਈ ਵੀ ਪਿਆਸਾ ਨਹੀਂ ਭਾਉਂਦਾ ।

ਮੈਂ ਸ਼ਾਇਰਾਂ ਨੂੰ ਕਿਉਂ ਰਹਿਣ ਦਿਆਂ ਜਾਹਲਾਂ ਵਿੱਚ,
ਅਰੂੜੀ 'ਤੇ ਫੁੱਲਾਂ ਦਾ ਵਾਸਾ ਨਹੀਂ ਭਾਉਂਦਾ ।

ਮੈਂ ਉਸ ਬੇ-ਵਫ਼ਾ ਲਈ ਹਾਂ ਰੋਂਦਾ 'ਨਵਾਜ਼ਿਸ਼',
ਜ਼ਰਾ ਵੀ ਜੀਹਨੂੰ ਮੇਰਾ ਹਾਸਾ ਨਹੀਂ ਭਾਉਂਦਾ ।

5. ਜ਼ਾਲਿਮ ਦੀ ਤਾਈਦ ਨਹੀਂ ਕੀਤੀ

ਜ਼ਾਲਿਮ ਦੀ ਤਾਈਦ ਨਹੀਂ ਕੀਤੀ ।
ਲੋਕਾਂ ਦੀ ਤਕਲੀਦ ਨਹੀਂ ਕੀਤੀ ।

ਝੂਠ ਨੂੰ ਵੀ ਤਸਲੀਮ ਨਹੀਂ ਕੀਤਾ,
ਸੱਚ ਦੀ ਵੀ ਤਰਦੀਦ ਨਹੀਂ ਕੀਤੀ ।

ਦਿਲ ਉਹਦਾ ਦੀਵਾਨਾ ਹੋਇਆ,
ਅੱਖਾਂ ਜਿਸ ਦੀ ਦੀਦ ਨਹੀਂ ਕੀਤੀ ।

ਉਸ ਕਿੱਸੇ ਦਾ ਅੰਤ ਕੀ ਦੱਸਾਂ ?
ਮੈਂ ਜਿਸ ਦੀ ਤਮਹੀਦ ਨਹੀਂ ਕੀਤੀ ।

ਡਿੱਠਾ ਚੰਨ, ਉਹ ਚੰਨ ਨਾ ਡਿੱਠਾ,
ਈਦ ਆਇਆਂ ਵੀ, ਈਦ ਨਹੀਂ ਕੀਤੀ ।

ਆਉਂਦਿਆਂ ਸਾਰ ਹੀ ਟੁਰ ਚੱਲੇ ਓ ?
ਅੱਖੀਆਂ ਰੱਜ ਕੇ ਦੀਦ ਨਹੀਂ ਕੀਤੀ ।

ਸੱਜਣ ਵੀ 'ਤਨਵੀਰ' ਸੀ ਕੋਰੇ,
ਮੈਂ ਵੀ ਕੋਈ ਉਮੀਦ ਨਹੀਂ ਕੀਤੀ ।

6. ਹਰ ਦਮ ਵੱਸੇਂ ਕੋਲ, ਤੇ ਸੱਤੇ ਖੈਰਾਂ ਨੇ

ਹਰ ਦਮ ਵੱਸੇਂ ਕੋਲ, ਤੇ ਸੱਤੇ ਖੈਰਾਂ ਨੇ ।
ਬੋਲੇਂ ਪਿਆਰ ਦੇ ਬੋਲ, ਤੇ ਸੱਤੇ ਖੈਰਾਂ ਨੇ ।

ਸਾਡੇ ਨੈਣਾਂ ਦੇ ਕਾਸੇ ਵਿੱਚ, ਦਰਸ਼ਨ ਦੀ,
ਖੈਰ ਜੇ ਪਾਵੇਂ ਢੋਲ, ਤੇ ਸੱਤੇ ਖੈਰਾਂ ਨੇ ।

ਸਾਡੀ ਤਲਖ਼ ਹਯਾਤੀ ਦੇ ਵਿੱਚ ਪਿਆਰਾਂ ਦੀ,
ਮਿਸਰੀ ਛੱਡੇਂ ਘੋਲ, ਤੇ ਸੱਤੇ ਖੈਰਾਂ ਨੇ ।

ਕਿਹੜਾ ਇੱਥੇ ਅਪਣਾ ਕੌਣ ਬਿਗਾਨਾ ਏਂ,
ਕਰ ਲਈਏ ਪੜਚੋਲ, ਤੇ ਸੱਤੇ ਖੈਰਾਂ ਨੇ ।

ਹਾਇ ! ਉਹ ਕਹਿਣਾ ਤੜਫ ਕੇ ਰੂਹ ਦੇ ਪੰਛੀ ਦਾ,
ਪਿੰਜਰੇ ਛੱਡੋ ਖੋਹਲ, ਤੇ ਸੱਤੇ ਖੈਰਾਂ ਨੇ ।

ਭਲਿਆ ਲੋਕਾ ਏਸ ਠੱਗਾਂ ਦੀ ਬਸਤੀ 'ਚੋਂ,
ਬਿਸਤਰ ਕਰਦੈਂ ਗੋਲ, ਤੇ ਸੱਤੇ ਖੈਰਾਂ ਨੇ ।

ਖੈਰ ਓਹੀ ਕੀ ਡੰਡੀ ਮਾਰ ਕੇ ਖੱਟੇਂਗਾ,
ਪੂਰਾ ਤੋਲੀਂ ਤੋਲ, ਤੇ ਸੱਤੇ ਖੈਰਾਂ ਨੇ ।

ਆਪ ਫੜੀ 'ਤਨਵੀਰ' ਫ਼ਕੀਰਤ ਲਾਈ ਏ,
ਵੰਡ ਛੱਡੋ ਕੁਛ ਕੋਲ, ਤੇ ਸੱਤੇ ਖੈਰਾਂ ਨੇ ।