Sassi-Punnu : Maulvi Ghulam Rasool Qila Mihan Singh

ਸੱਸੀ ਵਾ ਪੁੰਨੂੰ : ਮੌਲਵੀ ਗ਼ੁਲਾਮ ਰਸੂਲ ਕਿਲ੍ਹਾ ਮੀਹਾਂ ਸਿੰਘ

'ਸੱਸੀ ਪੁੰਨੂੰ' ਕਿੱਸਾ ਲਿਖਣ ਦਾ ਕਾਰਨ

ਹੋਇਆ ਫਿਰ ਸੂਫ਼ੀਆਂ ਦਾ, ਸ਼ੌਕ ਗ਼ਾਲਬ,
ਫਿਰਾਂ ਇਸ ਦਰਦ, ਹਰ ਤਰਫ਼ ਤਾਲਿਬ ।

ਹਕਾਇਤ ਆਸ਼ਕਾਨਾ, ਬਹੁਤ ਭਾਵੇ,
ਕਹਾਣੀ ਇਸ਼ਕ ਦੀ, ਦਿਲ ਨੂੰ ਸੁਖਾਵੇ ।
ਖ਼ਸੂਸਨ ਬਾਤ ਸੱਸੀ ਦੀ ਜ਼ਿਆਦਾ,
ਕਰੇ ਸੋਜ਼ਾਂ ਦਾ ਦਰਵਾਜ਼ਾ ਕੁਸ਼ਾਦਾ ।

ਇਸੇ ਕਾਰਨ ਵਿਛੋੜੇ ਦੀ ਹਕਾਇਤ,
ਥਲਾਂ ਦੇ ਵਿਚ ਰਲਣੇ ਦੀ ਰਵਾਇਤ ।
ਲਿਖੀ ਅੱਵਲ ਮੈਂ ਦਰਦਾਂ ਦੀ ਕਹਾਣੀ,
ਹੋਈ ਬਾਕੀ ਮੂੰ ਸੱਸੀ ਬਾਰਸਾਨੀ ।

ਲਿਖਾ ਮੈਂ ਦਰਦ ਅਪਣੇ ਦਾ ਫ਼ਸਾਨਾ,
ਸੱਸੀ ਪੁੰਨੂੰ ਦਾ ਕਿੱਸਾ ਕਰ ਬਹਾਨਾ ।

ਸੱਸੀ ਦਾ ਦੁਖਾਂਤ

ਉਠੀ ਫ਼ਜਰੀ ਪੁੰਨੂੰ ਨਜ਼ਰ ਨਾ ਆਇਆ,
ਕਹੇ-'ਕੀ ਕਹਿਰ ਕੀਤੋਈ ਖ਼ੁਦਾਇਆ ।'
ਮਲੇ ਉਹ ਹਾਥ ਜਬ ਬੇਦਾਰ ਹੋਈ,
ਕਹੇ-'ਹੈ ਹੈ ਕਵੇਲੇ ਸਾਰ ਹੋਈ ।

ਪਏ ਹੋਤਾਂ ਦੇ ਰਾਤੀਂ ਚੋਰ ਮੈਨੂੰ,
ਮੁੱਠੋ ਨੇ ਜ਼ਾਲਮਾਂ ਕਰ ਜ਼ੋਰ ਮੈਨੂੰ ।
ਦਸੇਂਦੇ ਜ਼ਾਹਿਰਾ ਸਨ ਕਾਰਵਾਨੀ,
ਨਿਮਾਣੀ ਜਾਨ ਦੇ ਦੁਸ਼ਮਣ ਨੇ ਹਾਣੀ ।

ਫਿਰਾਂ ਕਮਲੀ ਕੋਈ ਦਾਰੂ ਨਾ ਜਾਣਾ,
ਜੋ ਢੂੰਢਾਂ ਯਾਰ ਦਾ ਕਿਤ ਵਲ ਟਿਕਾਣਾ ।
ਮੁਰਾਦਾਂ ਦਿਲ ਦੀਆਂ ਦਿਲ ਵਿਚ ਰਹੀਆਂ,
ਸਜਣ ਨੂੰ ਮਨ ਦੀਆਂ ਬਾਤਾਂ ਨ ਕਹੀਆਂ ।

ਦੁਖਾਂ ਦੇ ਰੋਜ਼ ਨੂੰ ਜੇ ਜਾਣਦੀ ਮੈਂ,
ਸਜਣ ਦੇ ਨਾਲ ਖ਼ੁਸ਼ੀਆਂ ਮਾਣਦੀ ਮੈਂ ।
ਬਲੋਚਾ ਜ਼ਾਲਮਾ ! ਸੁਣ ਵੈਣ ਮੇਰੇ,
ਕਚਾਵਾ ਯਾਰ ਦਾ ਕਰ ਨੈਣ ਮੇਰੇ ।

ਕਿਹੜੇ ਰਾਹੇ ਗਿਆ ਰਾਤੀਂ ਪਿਆਰਾ,
ਕਿਹੜੀ ਮੰਜ਼ਲ ਕੀਤਾ ਸੁਹਣੇ ਉਤਾਰਾ ?
ਅਜਲ ਉਸ ਜਗਹ ਪਰ ਲੈ ਚਲ ਮੈਨੂੰ,
ਭਲਾ ਕਰ ਲੈਣ ਦੇ ਇਕ ਗੱਲ ਮੈਨੂੰ ।

ਸੁਤੀ ਸਾਂ ਤਾਲਿਆਂ ਵਾਂਗੂੰ ਨਿਮਾਣੀ,
ਗਿਆ ਪੁੰਨੂੰ ਕਲੇਜੇ ਮਾਰ ਕਾਨੀ ।'

ਸੁਨੇਹੜੇ

ਸਬਾ ! ਇਕ ਵਾਰ ਕੇਚਮ ਸ਼ਹਿਰ ਜਾਈਂ,
ਮੇਰਾ ਪੈਗ਼ਾਮ ਦਿਲਬਰ ਨੂੰ ਸੁਣਾਈਂ ।
ਜੋ ਹੈ ਸੱਸੀ ਤੇਰੇ ਦੁਖਾਂ ਦੀ ਮਾਰੀ,
ਥਲਾਂ ਦੇ ਵਿਚ ਕਰਦੀ ਗਿਰੀਆਜ਼ਾਰੀ ।

ਮੈਂ ਆਇਓਂ ਛੋੜ ਬਿਸਮਲ ਨੀਮ ਜਾਨੀ,
ਤੇਰੇ ਆਣੇ ਤਲਕ ਹੈ ਜ਼ਿੰਦਾ ਜਾਨੀ ।
ਕਿਥੇ ਉਹ ਕੌਲ ਤੇ ਇਕਰਾਰ ਤੇਰੇ,
ਸੁਖ਼ਨ ਮੂੰਹ-ਰਖਣੇ ਸਨ ਯਾਰ ਤੇਰੇ ।

ਕਿਆ ਡਾਢਾ ਕੀਤੋਈ ਸੱਜਣਾਂ ਜੀ,
ਕਿਆ ਆਹਾ ਤੇ ਰੱਬਾ ਹੋ ਗਿਆ ਕੀ ।
ਵਫ਼ਾਦਾਰੀ ਨਹੀਂ ਇਸ ਤੌਰ ਜਾਨੀ,
ਨਹੀਂ ਲਾਇਕ ਜਫ਼ਾ ਓ ਜ਼ੋਰ ਜਾਨੀ ।

ਕੀਤੋਈ ਛੋੜ ਸੱਸੀ ਨੂੰ ਚੜ੍ਹਾਈ,
ਕਿਹੜੇ ਵੇ ਠੱਗ ਨੇ ਬਾਣੀ ਪੜ੍ਹਾਈ ।
ਸੱਜਣ ! ਲਾਇਕ ਨਹੀਂ ਸੀ ਛੋੜ ਜਾਣਾ,
ਥਲਾਂ ਦੇ ਵਿਚ ਤੱਤੀ ਨੂੰ ਰੁਲਾਣਾ ।

ਇਹ ਮਹਿੰਦੀ ਰਾਂਗਲੀ ਹੈ ਖ਼ੂਨ ਮੇਰਾ,
ਹੋਇਆ ਮਕਤੂਲ ਦਿਲ ਮਜਨੂੰ ਮੇਰਾ ।
ਰੁਲਾਇਆ ਇਸ਼ਕ ਨੇ ਪਰਦੇਸ ਮੈਨੂੰ,
ਫ਼ਕੀਰਾਂ ਵਾਂਗ ਮੈਲੇ ਵੇਸ ਮੈਨੂੰ ।

ਮੁਵਾਤਾ ਬਾਲ ਸਾੜਾਂ ਸ਼ਹਿਰ ਭੰਬੋਰ,
ਜੋ ਅਜ ਇਸ ਬਾਗ਼ ਮੋ ਦਿਸਦਾ ਨਹੀਂ ਮੋਰ ।
ਖ਼ੁਦਾ ਦੇ ਵਾਸਤੇ ਲੈ ਸਾਰ ਮੇਰੀ,
ਬੇੜੀ ਰੁੜ੍ਹਦੀ ਨੂੰ ਲਾਈਂ ਪਾਰ ਮੇਰੀ ।

ਮੇਰਾ ਹੁਣ ਜੀਉਂਦਿਆਂ ਮਿਲਣਾ ਹੈ ਮੁਸ਼ਕਿਲ,
ਸੁਣੇ ਤਦ ਦੂਰ ਕੇਚਮ ਸਖ਼ਤ ਜੰਗਲ ।
ਮੇਰੇ ਬਖ਼ਤਾਂ ਦਿਓਂ ਅੰਗੋਂ ਰੇਤ ਤੱਤੀ,
ਅਜੇ ਗੁਹੜਿਆਂ 'ਚੋਂ ਪੂਣੀ ਨਾ ਕੱਤੀ ।

ਨਾ ਦਿਸੇ ਸਾਰਬਾਨਾਂ ਦੀ ਨਿਸ਼ਾਨੀ,
ਨਹੀਂ ਪੀਤਾ ਇਨੇ ਰੋਜ਼ੋਂ ਮੈਂ ਪਾਣੀ ।
ਕਲੇਜੇ ਦੇ ਕਬਾਬਾਂ ਦਾ ਹੈ ਖਾਣਾ,
ਅਜੇ ਹੈ ਦੂਰ ਦਿਲਬਰ ਦਾ ਟਿਕਾਣਾ ।

ਹਯਾਤੀ ਮੋਂ ਨਹੀਂ ਹੋਂਦੀ ਮੁਲਾਕਾਤ,
ਦਰੇਗ਼ਾ ! ਹਸਰਤਾ ! ਹਯਾਤ ! ਹਯਾਤ ।
ਮਗਰ ਵਾ ਖ਼ਾਕ ਸੱਸੀ ਦੀ ਉੜਾਵੇ,
ਤੇਰੇ ਦਰਬਾਰ ਪਰ ਜਾਨੀ ਪੁਚਾਵੇ ।

ਤੇਰੇ ਮੁੱਖ ਵੇਖਣੇ ਬਾਝੋਂ ਹੂੰ ਮੋਈ,
ਕਫ਼ਨ ਹੈ ਰਾਂਗਲਾ ਕੁੜਤੀ ਹੈ ਸੋਈ ।

ਤਰਲੇ

ਮੁਹਾਰਾਂ ਪਰਤ ਵੇ ਉਸ਼ਤਰ-ਸਵਾਰਾ !
ਮੇਰੇ ਨੈਣਾਂ ਮੋਂ ਆ ਕਰ ਤੂੰ ਉਤਾਰਾ ।
ਨਾ ਜੰਗਲ ਮੇਂ ਰਹਾ ਆਰਾਮ ਮੈਨੂੰ,
ਨਾ ਵਸਤੀਆਂ ਨਾਲ ਹੈ ਕੁਝ ਕਾਮ ਮੈਨੂੰ ।

ਭੁਲਾਵੇ ਦਿਲਬਰਾ ਦਿਲਦਾਰ ਹੋਵੇਂ,
ਮੇਰੇ ਇਸ ਦਰਦ ਦਾ ਗ਼ਮਖ਼ਾਰ ਹੋਵੇਂ ।
ਤੁਸਾਡੇ ਹਿਜਰ ਨੇ ਦਿਲ ਚੂਰ ਕੀਤਾ,
ਕਜ਼ਾ ਦਿਲਬਰ ਕਿਵੇਂ ਮਹਿਜੂਰ ਕੀਤਾ ।

ਲਬਾਂ ਪਰ ਮੁੰਤਜ਼ਿਰ ਹੈ ਜਾਨ ਮੇਰੀ,
ਜੋ ਜਾਵੇ ਕੇਚ ਨੂੰ ਕਰ ਤਾਂਘ ਤੇਰੀ ।
ਮੁਹਾਰਾਂ ਪਰਤ ਤਾਂ ਫਿਰ ਫਿਰਤ ਜਾਵੇ,
ਵਗਰਨਾ ਦੇਖਨੇ ਤੇਰੇ ਕੋ ਆਵੇ ।

ਗ਼ਰਜ਼ ਇਸ ਤੌਰ ਕਰ ਕਰ ਵੈਣ ਰੋਵੇ,
ਨਾ ਕੁੱਵਤ ਚਲਣ ਦੀ ਨਾ ਦਿਲ ਖਲੋਵੇ ।
ਥਲਾਂ ਦੇ ਵਿਚ ਕਿਤਨੇ ਰੋਜ਼ ਬੇਤਾਬ,
ਫਿਰੇ ਹਰ ਤਰਫ਼ ਭੌਂਦੀ ਬੇਖ਼ੌਫ਼ੋ ਖ਼ਾਬ ।

ਖਲੋਤਾ ਦੇਖ ਕਾਕਾ ਨਾਉਂ ਅਯਾਲੀ,
ਪਿਛੇ ਰਾਹ ਛੋੜ ਕੇ ਹੋਤਾਂ ਦੇ ਚਾਲੀ ।
ਕਹੇ 'ਵੀਰਾ ! ਵੇ ਸਦਕੇ ਭੈਣ ਘੋਲੀ,
ਕਿਆ ਮਿਠੇ ਸੁਖ਼ਨ ਤੇਰੀ ਹੈ ਬੋਲੀ ।

ਮੈਨੂੰ ਹੋਤਾਂ ਦੀ ਦਸੀਂ ਸਾਰ ਕੋਈ,
ਕਿਤੇ ਪੁੰਨੂੰ ਚਲਾ ਜਾਂਦਾ ਡਿੱਠੋਈ ।
ਦਸੀਂ ਵੀਰਾ ਅਗਰ ਕੁਝ ਸਾਰ ਹੋਵੇ,
ਖ਼ੁਦਾ ਦਾ ਫ਼ਜ਼ਲ ਰਹਿਮਤ ਯਾਰ ਹੋਵੇ ।

ਮੈਂ ਸੱਸੀ ਨਾਮ ਆਦਮ ਜਾਮ ਜਾਈ,
ਥਲਾਂ ਦੇ ਵਿਚ ਬ੍ਰਿਹੋਂ ਨੇ ਰੁਲਾਈ ।
ਪਿਆਰੇ ਦੇ ਪਿੱਛੇ ਹੁਣ ਜਾਂਵਦੀ ਹਾਂ,
ਵਿਹਾਣੇ ਵਕਤ ਨੂੰ ਪਛਤਾਂਵਦੀ ਹਾਂ ।

ਨਹੀਂ ਪੀਤਾ ਮੈਂ ਇੰਨੇ ਰੋਜ਼ੋਂ ਮੇਂ ਪਾਨੀ,
ਪਿਆਸੀ ਢੂੰਢਦੀ ਹਾਂ ਯਾਰ ਜਾਨੀ ।
ਮੇਰੀ ਇਸ ਅੱਗ ਨੂੰ ਜਾਨੀ ਬੁਝਾਵੇ,
ਮੇਰੇ ਇਸ ਹਾਲ ਪਰ ਇਕ ਝਾਤ ਪਾਵੇ ।

ਲਿਆ ਪਾਣੀ ਜੋ ਪੀ ਕਰ ਕੇਚ ਜਾਵਾਂ,
ਮੈਂ ਆਪਣੇ ਸਾਰਬਾਂ ਦੀ ਸਾਰ ਪਾਵਾਂ ।
ਲਬਾਂ ਪਰ ਜਾਨ ਹੈ ਆ ਦੇਖ ਪੁੰਨੂੰ,
ਇਵੇਂ ਲਿਖਿਆ ਸੀ ਮੇਰਾ ਲੇਖ ਪੁੰਨੂੰ ।'

ਇਹੋ ਕਹਿੰਦੀ ਸੀ ਮਲਕੁਲ ਮੌਤ ਆਇਆ,
ਪਿਆਲਾ ਮਰਗ ਦਾ ਭਰ ਕੇ ਪਿਲਾਇਆ ।
ਪਈ ਮੂੰਹ ਭਾਰ ਖਾ ਗਿਰਦੀ ਜ਼ਿਮੀਂ ਤੇ,
ਨਾ ਵਰਤੇ ਇਸ ਤਰ੍ਹਾਂ ਸ਼ਾਲਾ ਕਹੀਂ ਤੇ ।

ਨਾ ਪੁੰਨੂੰ ਕੋਲ ਤਾਂ ਕੁਰਬਾਨ ਥੀਵੇ,
ਪਿਆਰੇ ਬਾਝ ਮੁਸ਼ਕਿਲ ਪਲਕ ਜੀਵੇ ।
ਨਾ ਭੈੜੀ ਅੰਬੜੀ ਦੇਖੇ ਇਥਾਈਂ,
ਨਾ ਸਈਆਂ ਬੈਠ ਰੋਵਣ ਬੈਠ ਆਹੀਂ ।

ਗੁਲਾਬੀ ਰੰਗ ਹੋਇਆ ਜ਼ੈਫ਼ਰਾਨੀ,
ਅਜਬ ਉਹ ਰੂਪ ਤਾਜ਼ਾ ਨੌਜਵਾਨੀ ।
ਇਹੋ ਸੀ ਇਸ਼ਕ ਦਾ ਅੰਜਾਮ ਬਿਲਖ਼ੈਰ,
ਮੋਈ ਸੱਸੀ ਮੁਬਾਰਕ ਨਾਮ ਬਿਲਖ਼ੈਰ ।

(ਕਿੱਸਾ 'ਸੱਸੀ ਪੁੰਨੂੰ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੌਲਵੀ ਗ਼ੁਲਾਮ ਰਸੂਲ ਕਿਲ੍ਹਾ ਮੀਹਾਂ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ