Sarabjit Kaur Hajipur ਸਰਬਜੀਤ ਕੌਰ ਹਾਜੀਪੁਰ
ਕਵਿਤਾ ਕੁੰਭ-6 ਵੇਲੇ ਪੰਜਾਬੀ ਭਵਨ ਲੁਧਿਆਣਾ ਚ ਸਰਬਜੀਤ ਕੌਰ ਹਾਜੀਪੁਰ ਦੀ
ਕਵਿਤਾ ਸੁਣਨ ਸਾਰ ਇੰਜ ਮਹਿਸੂਸ ਹੋਇਆ ਜਿਵੇਂ ਸੱਜਰੀ ਪੌਣ ਦਾ ਝੌਂਕਾ ਹੋਵੇ।
ਕਵਿਤਾ ਮੁੜ ਮੁੜ ਪੜ੍ਹੀ। ਨਵੇਂ ਕਲਮਕਾਰਾਂ ਨੂੰ ਪੜ੍ਹਨਾ ਤੇ ਸਲਾਹੁਣਾ ਵੀ ਧਰਮ ਹੈ।
ਸਰਬਜੀਤ ਹਾਜੀਪੁਰ ਦਾ ਜਨਮ ਆਪਣੇ ਨਾਨਕੇ ਪਿੰਡ ਸੋਹਲ ਜਾਗੀਰ (ਜਲੰਧਰ) ਵਿਖੇ
ਮਾਤਾ ਬਲਵੀਰ ਕੌਰ ਦੀ ਕੁੱਖੋਂ (ਸਰਕਾਰੀ ਰੀਕਾਰਡ ਮੁਤਾਬਕ) 17 ਜੁਲਾਈ 1984 ਨੂੰ
ਸਵ .ਸਃ ਰਸ਼ਪਾਲ ਸਿੰਘ ਸੈਂਹਬੀ ਦੇ ਘਰ ਹੋਇਆ। ਅਸਲ ਜਨਮ ਸਾਲ 1987 ਹੈ ਮਾਪਿਆਂ ਮੁਤਾਬਕ।
ਉਸ ਦਾ ਪੇਕਾ ਪਿੰਡ ਬਾਹਮਣੀਆਂ (ਜਲੰਧਰ) ਹੈ। ਪਰ ਸਃ ਸਤਨਾਮ ਸਿੰਘ ਮਠਾੜੂ ਨਾਲ ਵਿਆਹ ਮਗਰੋਂ ਪਿੰਡ
ਹਾਜੀਪੁਰ (ਸ਼ਾਹਕੋਟ ) ਜ਼ਿਲਾ ਜਲੰਧਰ ਚ ਵੱਸਦੀ ਹੈ।
ਸਾਹਿਤ ਦੇ ਖੇਤਰ ਵਿੱਚ ਪਹਿਲਾ ਕਦਮ 10ਵੀਂ ਜਮਾਤ ਵਿੱਚ ਪੜਦੇ ਹੀਂ ਪੁੱਟ ਲਿਆ ਸੀ|ਪੜ੍ਹਾਈ +2 ਕਾਮਰਸ ਤਾਕ ਹੀ ਕੀਤੀ।
ਪੰਜਾਬੀ ਦੋਆਬਾ ਸੱਥ ਸ਼ਾਹਕੋਟ ਟੀਮ ਦੀ ਮੈਂਬਰ ਅਤੇ ਸੈਕਟਰੀ ਹੋਣ ਦੇ ਨਾਲ ਨਾਲ ਉਹ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ
ਦੀ ਮੰਚ ਸੰਚਾਲਕ ਅਤੇ ਮੀਡੀਆ ਇੰਚਾਰਜ ਹੈ। ਉਸ ਦਾ ਪਲੇਠਾ ਕਾਵਿ ਸੰਗ੍ਰਹਿ " ਦਿਲ ਦੀਆਂ ਆਖ ਸੁਣਾਵਾਂ "" 2021 ਵਿੱਚ ਛਪ ਚੁੱਕਾ ਹੈ।
ਇਸ ਤੋਂ ਇਲਾਵਾ ਸਾਂਝੇ ਕਾਵਿ ਸੰਗ੍ਰਹਿ ਕਾਵਿ ਲਕੀਰਾਂ, ਸੋ ਕਿਉਂ ਮੰਦਾ ਆਖੀਐ, ਮਿੱਟੀ ਦੇ ਬੋਲ ਵਿੱਚ ਵੀ ਰਚਨਾਵਾਂ ਛਪ ਚੁਕੀਆਂ ਹਨ।
ਸ਼ਬਦ ਸਾਧਨਾ ਤੋਂ ਇਲਾਵਾ ਵਸਤਰ ਸਿਲਾਈ ਕਲਾ ਦੀ ਵੀ ਉਹ ਮਾਹਿਰ ਹੈ। - ਗੁਰਭਜਨ ਗਿੱਲ