Punjabi Kafian Sambhu
ਪੰਜਾਬੀ ਕਾਫ਼ੀਆਂ ਸੰਭੂ
1. ਫ਼ਕੀਰਾ ਟੋਪੜੀ ਵੋ
ਫ਼ਕੀਰਾ ਟੋਪੜੀ ਵੋ ।
ਸਚੇ ਸਾਈਂ ਬਾਝਹੁ ਫੋਕੜੀ ਵੋ ।੧।ਰਹਾਉ।
ਟੋਪੀ ਤੈਨੂੰ ਮੁਕਤਾ ਕੀਤਾ
ਜਗ ਤੋਂ ਚਾਇ ਛੁਡਾਇਆ ।
ਲੋਕਾਂ ਦੇ ਭਾਇ ਰੋਵਨ ਪਿੱਟਨ
ਤੈਨੂੰ ਫ਼ਕਰ ਬਨਾਇਆ ।੧।
ਲੱਖੀ ਤੇ ਹਜ਼ਾਰੀ ਡਿੱਠੇ
ਟੋਪੀ ਅਗੇ ਨਿਉਂਦੇ ।
ਜੋ ਟੋਪੀ ਨੂੰ ਸਾਬਤਿ ਰਖਨਿ
ਜਾਤਿ ਸਾਈਂ ਦੀ ਹੋਂਦੇ ।੨।
ਜਰੀ ਚਿਕਨ ਦੀ ਟੋਪੀ ਪਹਿਰਣ,
ਬਹਿ ਬਹਿ ਬਹੁਤ ਬਫਾਵਨਿ ।
ਛਪਿ ਲੁਕਿ ਕਰਨ ਬੁਰਿਆਈਆਂ
ਸਾਹਿਬੁ ਮੂਲ ਨਾ ਭਾਵਣ ।੩।
ਕਹੁ ਸੰਭੂ ਇਸ ਟੋਪੀ ਉਪਰਿ
ਕੇਤੇ ਫੁਲਿ ਫੁਲਿ ਪਉਂਦੇ ।
ਬ੍ਰਹਮ ਗਿਆਨੀ ਦੇ ਸਿਰ ਟੋਪੀ,
ਹੋਰ ਚਉਰਾਹੇ ਰੋਂਦੇ ।੪।
(ਰਾਗੁ ਧਨਾਸਰੀ)
(ਟੋਪੜੀ=ਕੁੱਲਾ,ਟੋਪੀ, ਬਫਾਵਨਿ=
ਫਬਾਉਣਾ,ਸ਼ੇਖੀ ਮਾਰਨਾ)
2. ਫਿਰ ਪਛੁਤਾਵੇਂਗੀ ਕੁੜੀਏ ਨੀ
ਫਿਰ ਪਛੁਤਾਵੇਂਗੀ ਕੁੜੀਏ ਨੀ,
ਤੇਰੇ ਸੰਗੀ ਸਾਥੀ ਜਾਂਦੇ ਦੂਰਿ,
ਕਰਨਾ ਹੈ ਸੋ ਕਰ ਲੈ ਕੁੜੀਏ,
ਰਹਸੀ ਸਦਾ ਹਦੂਰਿ ।੧।ਰਹਾਉ।
ਜਿਨ ਸ਼ਹੁ ਗਾਇਆ ਤਿਨੈ ਰੀਝਾਇਆ,
ਉਹੁ ਚੜਸੀ ਪਹਿਲੇ ਪੂਰ ।੧।
ਚਾਰਿ ਦਿਹਾੜੇ ਗੋਇਲ ਵਾਸਾ,
ਸੁਣਿ ਸੰਭੂ ਫਿਰਿ ਧੂਰਿ ।੨।
(ਰਾਗੁ ਰਾਮਕਲੀ)