Punjabi Ghazlan Saleem Kashir

ਸਲੀਮ ਕਾਸ਼ਰ ਪੰਜਾਬੀ ਗ਼ਜ਼ਲਾਂ

1. ਵਿੱਚ ਹਨੇਰਿਆਂ ਲੱਭਦੀ ਫਿਰ ਹੁਣ, ਕਰ ਕਰ ਲੰਮੇ ਹੱਥ

ਵਿੱਚ ਹਨੇਰਿਆਂ ਲੱਭਦੀ ਫਿਰ ਹੁਣ, ਕਰ ਕਰ ਲੰਮੇ ਹੱਥ ।
ਰੋਸ਼ਨੀਆਂ ਵਿੱਚ ਆਪ ਗੁਆਈ, ਤੂੰ ਸੋਨੇ ਦੀ ਨੱਥ ।

ਕੌਣ ਆਂ ਤੈਨੂੰ ਕਿੱਥੇ ਮਿਲਿਆਂ, ਦੇਵਾਂ ਕੀਹ ਜਵਾਬ,
ਯਾਦਾਂ ਦੀ ਪੋਥੀ ਦੇ ਬਹਿ ਕੇ, ਪਿਛਲੇ ਵਰਕ ਉਲੱਥ ।

ਦੂਰ ਉਫ਼ਕ ਤੇ ਮਿਲ ਜਾਂਦੇ ਨੇ, ਧਰਤੀ 'ਤੇ ਅਸਮਾਨ,
ਅਪਣਾ ਆਪ ਪਛਾਨਣ ਖ਼ਾਤਰ, ਅਰਸ਼ੋਂ ਥੱਲੇ ਲੱਥ ।

ਇਕ ਇਕ ਲੂੰ ਮੁੱਢ ਜ਼ਖ਼ਮ ਹਜ਼ਾਰਾਂ, ਦਿਲਬਰ ਦੀ ਇਹ ਦੇਣ,
ਸਦੀਆਂ ਦਾ ਸਰਮਾਇਆ ਬਣ ਗਈ, ਘੜੀਆਂ ਦੀ ਗਲ ਗੱਥ ।

ਸੱਜਣਾਂ ਦੇ ਦੁੱਖਾਂ ਦਰਦਾਂ ਵਿੱਚ, ਹੁਣ ਦਿਲਜੋਈ ਲੱਭ,
ਖੌਰੇ ਕੱਲ੍ਹ ਹੋਵੇ ਨਾ ਹੋਵੇ, ਇਹ ਯਾਰਾਂ ਦੀ ਸੱਥ ।

ਕਾਲੀ ਕੰਧ ਉਸਾਰ ਵਿਖਾਲਣ, ਨ੍ਹੇਰੇ ਦੇ ਵਸਨੀਕ,
ਚੜ੍ਹਦੇ ਵੱਲੋਂ ਚੜ੍ਹਦੀ ਆਵੇ, ਉਹ ਸੂਰਜ ਦੀ ਰੱਥ ।

'ਵਾ ਦੀ ਸੂਲੀ ਚੜ੍ਹਕੇ ਖਿਡੰਦੀ, ਫੁੱਲਾਂ ਦੀ ਖ਼ੁਸ਼ਬੂ,
ਹਸ ਹਸ ਮੌਤ ਹੁਲਾਰਾ ਲੈਂਦੇ, 'ਕਾਸ਼ਰ' ਜਹੇ ਸਿਰ ਲੱਥ ।

2. ਸ਼ਾਮ ਪਵੇ ਤੇ ਬਾਲ ਕੇ ਦੀਵੇ, ਨ੍ਹੇਰਿਆਂ ਦੇ ਸਾਹ ਘੁੱਟੋ ਲੋਕੋ

ਸ਼ਾਮ ਪਵੇ ਤੇ ਬਾਲ ਕੇ ਦੀਵੇ, ਨ੍ਹੇਰਿਆਂ ਦੇ ਸਾਹ ਘੁੱਟੋ ਲੋਕੋ ।
ਵਸ ਲੱਗੇ ਤੇ ਹਸਦੇ ਚਾਨਣ, ਪਰਦੇਸੀ ਨੂੰ ਲੁੱਟੋ ਲੋਕੋ ।

ਬਿੱਟ ਬਿੱਟ ਤੱਕਦੇ, ਵਧਦੇ ਘਟਦੇ, ਦਿਸਦੇ ਓ ਪ੍ਰਛਾਵਿਆਂ ਵਾਂਗੂੰ,
ਕਾਹਦੀ ਚੁੱਪ ਏ, ਸੱਪ ਸੁੰਘਿਆ ਜੇ, ਕੁੱਝ ਤੇ ਮੂੰਹੋਂ ਫੁੱਟੋ ਲੋਕੋ ।

ਅਸਾਂ ਤੇ ਬਲਖ਼ ਦੀ ਸ਼ਾਹੀ ਛੱਡਕੇ, ਰੂਪ ਨਗਰ ਦੀ ਲਈ ਫ਼ਕੀਰੀ,
ਭਾਵੇਂ ਨੈਣੀਂ ਕਜਲਾ ਕਰ ਲਉ, ਭਾਵੇਂ ਖ਼ਾਕ ਸੁੱਟੋ ਲੋਕੋ ।

ਮੈਂ ਸੱਧਰਾਂ ਦੀਆਂ ਕਬਰਾਂ ਨਾਲ ਇਹ, ਦਿਲ ਦਾ ਹਰਮ ਵਸਾ ਲਿਤਾ ਏ,
ਪੋਲੇ ਪੈਰੀਂ ਲੰਘਦੇ ਜਾਉ, ਰੱਬ ਦਾ ਘਰ ਨਾ ਲੁੱਟੋ ਲੋਕੋ ।

ਜਿਉਂ ਵਗਦੇ ਦਰਿਆ ਦੀ ਹਿੱਕ 'ਤੇ, ਲਹਿਰਾਂ ਇਕ ਮਿਕ ਹੋ ਹੋ ਜਾਵਣ,
ਦੋ ਰੂਹਾਂ ਇਉਂ ਮਿਲ ਗਈਆਂ ਨੇ, ਜਿਸਮਾਂ ਨੂੰ ਪਏ ਕੁੱਟੋ ਲੋਕੋ ।

ਮੈਂ ਇਕ ਹਸਦੀ ਹੋਈ ਹਿਆਤੀ ਦੇ ਦੁਪਨੇ ਕਿਉਂ ਦੇਖਦਾ ਰਹਿਨਾ,
ਸੋਚਾਂ ਤੇ ਕੋਈ ਪਹਿਰਾ ਲਾਉ, ਫ਼ਿਕਰਾਂ ਦਾ ਗਲ ਘੁੱਟੋ ਲੋਕੋ ।

3. ਗ਼ਮ ਕਾਹਦਾ ਜੇ ਦਿਲ ਟੁੱਟਣ ਦੀ, ਜ਼ਰਾ ਆਵਾਜ਼ ਨਾ ਆਈ

ਗ਼ਮ ਕਾਹਦਾ ਜੇ ਦਿਲ ਟੁੱਟਣ ਦੀ, ਜ਼ਰਾ ਆਵਾਜ਼ ਨਾ ਆਈ ।
ਖ਼ਾਲੀ ਭਾਂਡੇ ਸ਼ੋਰ ਵਧੇਰਾ, ਜਾਣੇ ਕੁੱਲ ਖ਼ੁਦਾਈ ।

ਜਿਸ ਦੇ ਪੱਲੇ ਪੈਸੇ ਹੁੰਦੇ, ਉਸੇ ਦੀ ਵਡਿਆਈ,
ਉੱਚੇ ਮਹਿਲੀਂ ਜਾਵੇ ਪਹਿਲਾਂ, ਸੂਰਜ ਦੀ ਰੁਸ਼ਨਾਈ ।

ਛੇੜੋ ਨਾ ਦੁਖਿਆਰਿਆਂ ਤਾਈਂ, ਖ਼ਰੀਆਂ ਕਹਿ ਨਾ ਦੇਵਣ,
ਫਿਰਦੇ ਚੁੱਪ ਦੇ ਜਿੰਦਰਿਆਂ ਉਹਲੇ, ਇਹ ਤੂਫ਼ਾਨ ਲੁਕਾਈ ।

ਅੱਖੀਆਂ ਦੇ ਵਿੱਚ ਗੁਜ਼ਰੇ ਵੇਲੇ, ਆ ਗਏ ਹੰਝੂ ਬਣ ਕੇ,
ਤੂੰ ਕੀ ਅੱਖ ਚੁਰਾਈ ਸੱਜਣਾਂ, ਹੋ ਗਈ ਜਗ ਰੁਸਵਾਈ ।

ਸੁੱਤੇ ਵਖ਼ਤ ਨਿਮਾਣੇ ਐਸੇ, 'ਕਾਸ਼ਰ' ਯਾਰ ਨਾ ਜਾਗੇ,
ਚੜ੍ਹਦਾ ਸੂਰਜ ਤਾਣ ਕੇ ਨੇਜੇ, ਦਿੰਦਾ ਰਿਹਾ ਦੁਹਾਈ ।

4. ਤੈਥੋਂ ਵੀ ਕੋਈ ਗੱਲ ਨਾ ਹੋਈ, ਮੈਂ ਵੀ ਦਿਲ ਦੀ ਕਹਿ ਨਾ ਸਕਿਆ

ਤੈਥੋਂ ਵੀ ਕੋਈ ਗੱਲ ਨਾ ਹੋਈ, ਮੈਂ ਵੀ ਦਿਲ ਦੀ ਕਹਿ ਨਾ ਸਕਿਆ ।
ਫੁੱਲ ਤੇ ਸ਼ਬਨਮ ਦੇ ਮੇਲਾਂ ਨੂੰ, ਚੜ੍ਹਦਾ ਸੂਰਜ ਸਹਿ ਨਾ ਸਕਿਆ ।

ਤੇਰੇ ਮੇਰੇ ਸਾਹ ਸਾਂਝੇ ਸਨ, ਪਰ ਵਖ਼ਤਾਂ ਦੀ ਗੱਲ ਏ ਸੱਜਣਾਂ,
ਤੇਰੇ ਦਿਲ ਦੀ ਬੰਦ ਕਿਤਾਬ ਤੇ, ਅੱਖਰਾਂ ਵਾਂਗੂੰ ਬਹਿ ਨਾ ਸਕਿਆ ।

ਸੰਗ ਹਯਾਤੀ ਡਿੱਗਦਾ ਢਹਿੰਦਾ, ਵੇਖੋ ਤੁਰਿਆ ਜਾਂਦਾ ਵਾਂ ਮੈਂ
ਇਕ ਚੱਕਰ ਏ ਪੈਰਾਂ ਦੇ ਵਿਚ, ਕਿਧਰੇ ਕਦੇ ਵੀ ਬਹਿ ਨਾ ਸਕਿਆ

ਇਕ ਤੱਤਾ ਤੇ ਰੱਤਾ ਹੰਝੂ, ਰੂਪ ਸਰੂਪ ਸਮੇਂ ਦਾ ਲੋਕੋ
ਫੁੱਲ ਬਣਕੇ ਉਹ ਪੁੰਗਰਿਆ ਪਲ ਪਲ, ਗਿਆ ਗਵਾਚਾ ਰਹਿ ਨਾ ਸਕਿਆ

ਕੱਚੇ ਰੰਗ ਲਲਾਰੀ ਵਾਲੇ, ਚੜ੍ਹਦੇ ਲਹਿੰਦੇ ਰਹਿੰਦੇ ਦੇਖੇ,
ਪਿਆਰ ਤਿਰੇ ਦਾ ਰੰਗ ਅਜੇਹਾ, ਜਿਉਂ ਚੜ੍ਹਿਆ ਫਿਰ ਲਹਿ ਨਾ ਸਕਿਆ ।

ਨਾਲ ਵਰੋਲਿਆਂ ਮੱਥਾ ਲਾ ਕੇ, ਅਪਣੀ ਧੂੜ ਉਡਾ ਲਈ ਭਾਵੇਂ,
ਇਹ ਤੇ ਕੋਈ ਆਖ ਨਹੀਂ ਸਕਦਾ, ਡਰਦਾ ਸਾਂ ਮੈਂ ਖਹਿ ਨਾ ਸਕਿਆ ।

ਸੱਜਣਾਂ ਵੱਲੋਂ ਆਉਂਦੇ ਪੱਥਰ, 'ਕਾਸ਼ਰ' ਫੁੱਲ ਹੀ ਲੱਗਦੇ ਮੈਨੂੰ,
ਮੈਂ ਕੋਈ 'ਮਨਸੂਰ', ਨਹੀਂ, ਜੋ, ਫੁੱਲਾਂ ਦੀ ਸੱਟ ਸਹਿ ਨਾ ਸਕਿਆ ।

5. ਜੋ ਬੋਲ ਜ਼ਬਾਨੋਂ ਨਿਕਲ ਗਿਆ

ਜੋ ਬੋਲ ਜ਼ਬਾਨੋਂ ਨਿਕਲ ਗਿਆ ।
ਉਹ ਤੀਰ ਕਮਾਨੋਂ ਨਿਕਲ ਗਿਆ ।

ਮੈਂ ਦਿਲ ਵਿੱਚ ਉਹਨੂੰ ਲੱਭਨਾ ਵਾਂ,
ਉਹ ਦੂਰ ਅਸਮਾਨੋਂ ਨਿਕਲ ਗਿਆ ।

ਖ਼ੁਆਬਾਂ ਨਾ ਤੱਕ, ਖ਼ੁਆਬਾਂ ਬਦਲੇ,
'ਯੂਸਫ਼' ਕਨਿਆਨੋਂ ਨਿਕਲ ਗਿਆ ।

ਹਮਦਰਦ ਕਿਨਾਰੇ ਬਣ ਬੈਠੇ,
ਜਦ ਮੈਂ ਤੂਫ਼ਾਨੋਂ ਨਿਕਲ ਗਿਆ ।

ਮੈਂ ਘਰ ਦੀ ਅੱਗ ਲੁਕਾਉਂਦਾ ਸਾਂ,
ਧੂੰ ਰੋਸ਼ਨ ਦਾਨੋਂ ਨਿਕਲ ਗਿਆ ।

ਜੋ ਗ਼ੈਰ ਲਈ ਤਪ ਉਠਦਾ ਸੀ,
ਉਹ ਲਹੂ ਸ਼ਰਿਆਨੋਂ ਨਿਕਲ ਗਿਆ ।

'ਕਾਸ਼ਰ' ਤੋਂ ਹੁਣ ਕੀ ਪੁੱਛਦੇ ਹੋ,
ਜਦ ਦਰਦ ਬਿਆਨੋਂ ਨਿਕਲ ਗਿਆ ।

6. ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਨਹਾਈ ਏ

ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਨਹਾਈ ਏ ।
ਅਜ ਦੇ ਬੰਦੇ ਨੂੰ ਖ਼ੁਦਗ਼ਰਜ਼ੀ ਕਿਹੜੀ ਥਾਂ ਲੈ ਆਈ ਏ ।

ਤਾਰਿਆਂ ਦੀ ਰੱਤ ਵਿੱਚ ਨਹਾਕੇ ਚੰਨ ਵੀ ਪੀਲਾ ਲਗਦਾ ਏ,
ਸੂਰਜ ਚੜ੍ਹਿਆ ਤੇ ਉਹਦੀ ਵੀ ਡੱਬ-ਖੜੱਬ ਰੁਸ਼ਨਾਈ ਏ ।

ਸਚ ਦਾ ਦੀਵਾ ਬਾਲ ਕੇ ਫਿਰਿਆਂ ਰਾਤ-ਰਾਤ ਅਵਾਰਾ ਮੈਂ,
ਲੋਅ ਲੱਗੀ ਤੇ ਸ਼ਹਿਰ ਦੇ ਲੋਕੀਂ ਲੱਗੇ ਕਹਿਣ ਸ਼ੁਦਾਈ ਏ ।

ਮੇਰੇ ਘਰ ਵਿਚ ਦਰਦ ਪਰਾਹੁਣੇ, ਖੁੱਲ੍ਹੇ ਬੂਹੇ ਆਉਂਦੇ ਨੇ,
ਇਹ ਕੋਈ ਬਹੁਤਾ ਈ ਸੱਜਣ ਲੱਗੇ, ਜਿਸ ਕੁੰਡੀ ਖੜਕਾਈ ਏ ।

ਸੰਗ ਦਿਲਾਂ ਦੀ ਇਸ ਦੁਨੀਆਂ 'ਚੋਂ, ਨਸਕੇ ਕਿਧਰ ਜਾਵੇਂਗਾ,
ਕਾਅਬੇ ਤੇ ਬੁਤਖਾਨੇ ਵਿਚ ਵੀ ਪੱਥਰਾਂ ਕੋਲ ਖ਼ੁਦਾਈ ਏ।

ਅਸਾਂ ਪੰਜਾਬੀ ਖ਼ਾਤਰ ਮੁਸਤਕਬਿਲ ਵੀ ਦਾਅ 'ਤੇ ਲਾਇਆ ਏ,
ਦੂਜਿਆਂ ਵਾਂਗੂੰ ਫ਼ਨ ਦੀ ਹੱਟੀ ਅਸਾਂ ਨਾ ਮੂਲ ਸਜਾਈ ਏ ।

7. ਚਿੱਟੇ ਫੁੱਲ ਕਨੇਰਾਂ ਲੈ ਕੇ

ਚਿੱਟੇ ਫੁੱਲ ਕਨੇਰਾਂ ਲੈ ਕੇ
ਆਇਆ ਸੰਗ ਸਵੇਰਾਂ ਲੈ ਕੇ

ਦਿਨ ਦਿਨੇਵੇਂ ਚੰਨ ਚੜ੍ਹਿਆ ਵਿਹੜੇ
ਹਾਸੇ ਖ਼ੁਸ਼ੀਆਂ ਢੇਰਾਂ ਲੈ ਕੇ

ਪੰਜੇ ਪੜ੍ਹਾਂ ਮੈਂ ਮੁੱਖ ਮੁਸੱਲੇ
ਨਾਂ ਦੀ ਤਸਬੀ ਫੇਰਾਂ ਲੈ ਕੇ

ਰੌਸ਼ਨੀਆਂ ਲਈ ਅੱਖ ਦਰਿਆਉਂ
ਜਗਮਗ ਮੋਤੀ ਕੇਰਾਂ ਲੈ ਕੇ

ਚੁਣ ਚੁਣ ਫੁੱਲ ਵਫ਼ਾ ਦੇ ਬਾਗ਼ੋਂ
ਰਾਹਵਾਂ ਵਿੱਚ ਖਲੇਰਾਂ ਲੈ ਕੇ

ਪਿਆਰ ਦੀ ਸੇਜ ਸਜਾਉਣ ਦੀ ਖ਼ਾਤਰ
ਕਲੀਆਂ ਫੁੱਲ ਅਟੇਰਾਂ ਲੈ ਕੇ

ਕਰਨੀਆਂ ਕੀ, ਜੇ ਸੋਚ ਨਾ ਲਿਸ਼ਕੇ
ਲਿਸ਼ਕੀਆਂ ਚਾਰ ਚੁਫ਼ੇਰਾਂ ਲੈ ਕੇ

ਕਾਸ਼ਰ ਪਿਆਰ ਦਾ ਲਫ਼ਜ਼ ਨਾ ਉੱਘੜੇ
ਖ਼ਾਲੀ ਜ਼ਬਰਾਂ ਜ਼ੇਰਾਂ ਲੈ ਕੇ

8. ਜਿਸ ਦੇ ਹੱਥ ਵਿਚ ਡੋਈ

ਜਿਸ ਦੇ ਹੱਥ ਵਿਚ ਡੋਈ
ਉਹ ਕਿਉਂ ਬੁਕ ਬੁਕ ਰੋਈ

ਦਰਿਆ ਡੱਕਣਾ ਪੈਣਾ
ਛੱਤ ਜੇ ਘਰ ਦੀ ਚੋਈ

ਪਿਆਸ ਵਧੇਰੀ ਕੂਕੇ
ਕਣੀ ਜੇ ਵਰ੍ਹਦੀ ਕੋਈ

ਰੂਹ ਨੂੰ ਤਾਜ਼ਾ ਕਰਦੀ
ਯਾਦਾਂ ਦੀ ਖ਼ੁਸ਼ਬੋਈ

ਰਖਦੇ ਕਿਉਂ ਹਮਸਾਏ
ਗੱਲ ਗੱਲ ਦੀ ਕਨਸੋਈ

ਜੀਵੇ, ਜਿਸ ਅੱਖ ਮੇਰੀ
ਹੰਝੂਆਂ ਨਾਲ ਪਰੋਈ

ਕੌਣ ਗਿਆ ਦੁਨੀਆ ਤੋਂ
ਦੁਨੀਆ ਸੱਖਣੀ ਹੋਈ

ਮਟਕਾ ਤਿੜਕ ਨਾ ਜਾਏ
ਭਰ ਲੈ ਲੋਈ ਲੋਈ

ਲੰਘ ਕੇ ਦਰਦ ਅਜ਼ਾਬੋਂ
ਜਿੰਦੜੀ ਨਵੀਂ ਨਰੋਈ

ਚੱਕ ਚੜ੍ਹੀ ਨਾ ਜੇਕਰ
ਕਿਸ ਕੰਮ ਮਿੱਟੀ ਗੋਈ

ਡੁਬਦੇ ਚੰਨ ਦੀ 'ਕਾਸ਼ਰ'
ਆ ਕਰੀਏ ਦਿਲ ਜੋਈ

9. ਦੁਖ ਵਾਂਗ ਪੁੱਤਰਾਂ ਪਾਲਣਾ

ਦੁਖ ਵਾਂਗ ਪੁੱਤਰਾਂ ਪਾਲਣਾ
ਇਹ ਦੌਲਤਾਂ ਸੰਭਾਲਣਾ

ਸੌਖਾ ਨਈਂ ਫ਼ਨ ਦੇ ਨਾਮ ਲਈ
ਪੂਰੀ ਹਯਾਤੀ ਗਾਲਣਾ

ਵੰਡਦੇ ਨਈਂ ਮਿਸਰੇ ਆਪ ਲੋ
ਹੱਡੀਆਂ ਨੂੰ ਪੈਂਦਾ ਗਾਲਣਾ

ਚਲਦੇ ਨੇ ਇਹ ਹਰ ਦੌਰ ਵਿਚ
ਪਿਆਰਾਂ ਦੇ ਸਿੱਕੇ ਢਾਲਣਾ

ਤੂਫ਼ਾਨ ਅਸਲੋਂ ਆਰਜ਼ੀ
ਛੱਡੀਂ ਨਾ ਅਪਣਾ ਆਲ੍ਹਣਾ

ਗਲੀਆਂ ਨੇ ਚਿੱਕੜ ਲੱਦੀਆਂ
ਦੀਵਾ ਬਨੇਰੇ ਬਾਲਣਾ

'ਕਾਸ਼ਰ' ਉਹ ਮੰਜ਼ਰ ਸਾਂਭ ਦੇ
ਕਿੱਥੇ ਗਵਾਚੇ ਭਾਲਣਾ