Saleem Kashir ਸਲੀਮ 'ਕਾਸ਼ਰ'
ਨਾਂ-ਮੁਹੰਮਦ ਸਲੀਮ, ਕਲਮੀ ਨਾਂ-ਸਲੀਮ 'ਕਾਸ਼ਰ',
ਪਿਤਾ ਦਾ ਨਾਂ-ਮੁਹੰਮਦ ਦੀਨ ਬੱਟ
ਜਨਮ ਤਾਰੀਖ਼, ਅਕਤੂਬਰ 1934, ਜਨਮ ਸਥਾਨ-ਇਸਲਾਮਾਬਾਦ, ਕਸ਼ਮੀਰ,
ਵਿੱਦਿਆ-ਬੀ. ਏ. ਅਦੀਬ ਫ਼ਾਜ਼ਿਲ, ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਤੱਤੀਆਂ ਛਾਵਾਂ (ਪੰਜਾਬੀ ਸ਼ਾਇਰੀ), ਸਰਘੀ ਦਾ ਤਾਰਾ (ਪੰਜਾਬੀ ਸ਼ਾਇਰੀ),
ਪਤਾ-ਲਾਹੌਰ ।
ਪੰਜਾਬੀ ਗ਼ਜ਼ਲਾਂ (ਸਰਘੀ ਦਾ ਤਾਰਾ 1978 ਵਿੱਚੋਂ) : ਸਲੀਮ 'ਕਾਸ਼ਰ'
Punjabi Ghazlan (Sarghi Da Tara 1978) : Saleem Kashir
ਪੱਥਰ ਨੂੰ ਜਦ ਪੱਥਰ ਲੱਗੇ
ਪੱਥਰ ਨੂੰ ਜਦ ਪੱਥਰ ਲੱਗੇ ਸ਼ੋਅਲੇ ਰੋਂਦਾ ਡਿੱਠਾ ਏ । ਸੂਲਾਂ ਸਾਮ੍ਹਣੇ ਸੀਨਾ ਤਾਣ ਕੇ ਫੁੱਲ ਖਲੋਂਦਾ ਡਿੱਠਾ ਏ । ਕਰਨੀ ਭਰਨੀ ਪੈ ਜਾਂਦੀ ਏ ਇਹ ਗੱਲ ਬੜੀ ਪੁਰਾਣੀ ਏ, ਉਹੋ ਫੁੱਲ ਸਮੇਟੇ ਜਿਹੜਾ ਕੰਡੇ ਬੋਂਦਾ ਡਿੱਠਾ ਏ । ਦਿਨ ਚੜ੍ਹਿਆ ਤੇ ਉਥੇ ਜ਼ਰਾ ਵੀ ਗਹਿਮਾ-ਗਹਿਮੀ ਕੋਈ ਨਾ ਸੀ, ਰਾਤੀਂ ਜੀਹਨਾਂ ਸੜਕਾਂ ਉੱਤੇ ਕੀ ਕੀ ਹੁੰਦਾ ਡਿੱਠਾ ਏ । ਨਵੇਂ ਸਾਲ ਨੂੰ ਉਸ ਨੇ ਹੋਰ ਇਕ ਬਿਲਡਿੰਗ ਨਵੀਂ ਉਸਾਰੀ ਏ, ਹਵਸ-ਪ੍ਰਸਤਾਂ ਅੱਗੇ ਜਿਹੜਾ ਢੋਏ ਢੋਂਦਾ ਡਿੱਠਾ ਏ । ਵੰਨ-ਸਵੰਨੇ ਸਾਬਣ ਮਲ ਮਲ ਜਿਸਮ ਨਿਖਾਰੇ ਜਾਂਦੇ ਨੇ, ਆਪਣੀ ਗੰਦੀ ਰੂਹ ਨੂੰ ਏਥੇ ਕੋਈ ਨਾ ਧੋਂਦਾ ਡਿੱਠਾ ਏ । ਪਿਆਰ ਦਾ ਜਜ਼ਬਾ ਅਕਲਾਂ ਦੇ ਮਰ ਜਾਵਣ ਤੇ ਵੀ ਮਰਦਾ ਨਹੀਂ, ਅੱਜ ਇਕ ਪਾਗਲ ਤਾਈਂ 'ਕਾਸ਼ਰ' ਹਾਰ ਪਰੋਂਦਾ ਡਿੱਠਾ ਏ ।
ਦਰਦਾਂ ਨੇ ਬਖ਼ਸ਼ੀ ਏ ਰੰਗਤ
ਦਰਦਾਂ ਨੇ ਬਖ਼ਸ਼ੀ ਏ ਰੰਗਤ ਪੀੜਾਂ ਨੇ ਖ਼ੁਸ਼ਬੋਈ । ਦਿਲ ਦੇ ਏਸ ਉਜਾੜ ਨਗਰ ਵਿਚ ਕੁਝ ਤੇ ਰੌਣਕ ਹੋਈ । ਸੱਧਰਾਂ ਦੀ ਬੇਕਫ਼ਨੀ ਮੱਯਤ ਸੀਨੇ ਲਾਈ ਫਿਰਨਾਂ, ਮੇਰੇ ਵਰਗਾ ਪਾਗਲ ਲੋਕੋ ਜਗ ਵਿਚ ਹੈ ਜੇ ਕੋਈ । ਮਰ ਕੇ ਵੀ ਅਸੀਂ ਬਣੇ ਤਮਾਸਾ ਤੱਕਦਾ ਰਿਹਾ ਜ਼ਮਾਨਾ, ਕਿਸੇ ਵੀ ਮੂੰਹੋਂ ਵੈਣ ਨਾ ਨਿਕਲੇ ਕੋਈ ਵੀ ਅੱਖ ਨਾ ਰੋਈ । ਇਹਨੂੰ ਮੈਂ ਖ਼ੁਸ਼ਵਖ਼ਤੀ ਸਮਝਾਂ ਯਾ ਆਪਣੀ ਬਦਬਖ਼ਤੀ, ਹੁਸਨ ਕਚਹਿਰੀਉਂ ਬਰੀ ਵੀ ਹੋ ਕੇ ਮਿਲੀ ਨਾ ਕਿਧਰੇ ਢੋਈ । ਧਰਤੀ ਦੇ ਲਈ ਆਫ਼ਤ ਬਣ ਗਏ ਇਹਦੀ ਕੁੱਖ ਦੇ ਜਾਏ, ਗ਼ੈਰਤਮੰਦ ਕਦੇ ਨਹੀਂ ਖੋਹੰਦੇ ਮਾਂ ਦੇ ਸਿਰ ਦੀ ਲੋਈ । ਅੱਜ ਦੀ ਨਾਰ ਤੇ ਮਾਂ ਦਾ ਰਿਸ਼ਤਾ ਏਸੇ ਲਈ ਦੋ ਹੋਏ, ਨਾ ਇਸ ਅੰਬੜੀ ਚਰਖ਼ਾ ਕੱਤਿਆ ਨਾ ਇਸ ਚੱਕੀ ਝੋਈ । ਜ਼ਖ਼ਮੋ-ਜ਼ਖ਼ਮੀ ਜੁੱਸੇ ਤੇ ਹੁਣ ਕਿਹੜੇ ਪੱਜ ਮੈਂ ਰੋਵਾਂ, ਸੋਹਲ ਜਿਹੀ ਜਦ ਜ਼ਿੰਦੜੀ ਆਪੇ ਕੰਡਿਆਂ ਨਾਲ ਪਰੋਈ । ਜਿੱਥੇ ਜਾਵਾਂ ਮੈਂ ਸੱਜਣ ਦੀ ਸ਼ੋਹਰਤ ਦੇ ਗੁਣ ਗਾਵਾਂ, ਪਰ ਉਹ ਥਾਂ ਥਾਂ ਤੇ ਕਰਦਾ ਫਿਰਦਾ ਮੇਰੀ ਬਦਗੋਈ । ਫੁੱਲਾਂ ਦਾ ਉਸ ਰੂਪ ਵਟਾ ਕੇ ਪਲ ਪਲ ਖਿੜਦਿਆਂ ਰਹਿਣਾ, ਲਹੂ ਦਾ ਵੱਤਰ ਲਾ ਕੇ ਜਿਸ ਵੀ ਸ਼ਿਅਰ ਦੀ ਮਿੱਟੀ ਗੋਈ । ਵਸਦੇ ਸ਼ਹਿਰ ਦੀ ਤਨਹਾਈ ਵਿਚ ਗੁੰਮ ਗਿਆ ਸੀ ਜਿਹੜਾ, ਮੈਨੂੰ ਅਜ ਤਕ ਉਸ 'ਕਾਸ਼ਰ' ਦੀ ਮਿਲੀ ਨਹੀਂ ਕਨਸੋਈ ।
ਰੰਗ-ਬਰੰਗੇ ਰੂਪ ਵਟਾ ਕੇ
ਰੰਗ-ਬਰੰਗੇ ਰੂਪ ਵਟਾ ਕੇ ਰੋਜ਼ ਕਰੀ ਦੀਆਂ ਗੱਲ਼ਾਂ । ਸ਼ਰਮ ਨਾ ਆਵੇ ਕਰਦੇ ਹੋਇਆਂ ਕਾਰੀਗਰੀ ਦੀਆਂ ਗੱਲਾਂ । ਲੋੜਾਂ ਦੀ ਸੂਲੀ ਚੜ੍ਹ ਜਾਵਣ ਰੋਜ਼ ਅਣਮੁੱਲੇ ਹਾਸੇ, ਇਸ਼ਕ ਮੁਹੱਬਤ ਝੂਠੇ ਕਿੱਸੇ ਦਰਦ ਸਰੀ ਦੀਆਂ ਗੱਲਾਂ । ਉੱਚੀਆਂ ਚੀੜਾਂ ਦੇ ਅਫ਼ਸਾਨੇ ਬਾਹਰ ਨਿਕਲਣ ਛੇਤੀ, ਗਮਲਿਆਂ ਦੇ ਵਿਚ ਕੈਦ ਨਾ ਰਹਿੰਦੀਆ ਮੌਲਸਰੀ ਦੀਆਂ ਗੱਲਾਂ । ਨਾਲ ਹਵਾ ਦੇ ਮਹਿਕ ਦਾ ਰਿਸ਼ਤਾ ਅਜਲੀ ਟੋਰ ਦੁਹਾਂ ਦੀ, ਆਵਣ ਵਾਲੇ ਕੱਲ੍ਹ ਨਹੀਂ ਸੁਣਨੀਆਂ ਦਾਜ ਵਰੀ ਦੀਆਂ ਗੱਲਾਂ । ਆਪਣੀ ਜ਼ਾਤ ਸਲਾਮਤ ਹੋਣ ਦਾ ਜਦ ਇਤਬਾਰ ਨਹੀਂ ਰਹਿੰਦਾ, ਆਪਣੀਆਂ ਕੀਤੀਆਂ ਦੂਜਿਆਂ ਦੇ ਸਿਰ ਫੇਰ ਧਰੀ ਦੀਆਂ ਗੱਲਾਂ । ਘਰਦੀਆਂ ਚੀਕਾਂ ਡੱਕੀਆਂ ਗਈਆਂ ਜਦੋਂ ਬਨੇਰਿਆਂ ਕੋਲੋਂ, ਫੇਰ ਕਿਸੇ ਵਾਰਿਸ ਨਹੀਂ ਕਰਨੀਆਂ ਭਾਗਭਰੀ ਦੀਆਂ ਗੱਲਾਂ । ਖੋਟੇ ਸਿੱਕੇ ਬੋਝੇ ਪਾ ਕੇ ਲੱਖ ਛਣਕਾਉਂਦੇ ਫਿਰੀਏ, ਜਿਨਸ ਖਰੀ ਦੀਆਂ ਗੱਲਾਂ ਫੇਰ ਵੀ ਜਿਨਸ ਖਰੀ ਦੀਆਂ ਗੱਲਾਂ । ਨਾਲ ਮੇਰੇ ਨੰਗੇ ਹੋਵਣਗੇ ਸ਼ੈਖ਼ ਸਦਾਵਣ ਵਾਲੇ, 'ਕਾਸ਼ਰ' ਯਾਰ ਲੁਕਾਵਾਂ ਕਿਉਂ ਨਾ ਕੋਹਮਰੀ ਦੀਆਂ ਗੱਲਾਂ ।
ਜੁਗਨੂੰ ਭਾਵੇਂ ਸਾਰੀ ਉਮਰ
ਜੁਗਨੂੰ ਭਾਵੇਂ ਸਾਰੀ ਉਮਰ ਨ੍ਹੇਰਿਆਂ ਵਿਚ ਮਰ ਜਾਂਦਾ ਏ । ਮਰਦਾ ਮਰਦਾ ਕਾਲੀਆਂ ਰਾਤਾਂ ਨੂੰ ਰੌਸ਼ਨ ਕਰ ਜਾਂਦਾ ਏ । ਕੱਲਿਆਂ ਆਪਣੀਆਂ ਬਾਹਵਾਂ ਉੱਤੇ ਮਾਨ ਵਧੇਰਾ ਹੁੰਦਾ ਏ, ਦੋ ਹੋਈਏ ਤੇ ਪੱਤਾ ਖੜਕਿਆਂ ਦਿਲ ਚੰਦਰਾ ਡਰ ਜਾਂਦਾ ਏ । ਉਹਦਿਆਂ ਹੋਠਾਂ ਦੇ ਅਮ੍ਰਿਤ ਨੇ ਨਵੀਂ ਹਿਆਤੀ ਬਖ਼ਸ਼ੀ ਏ, ਤਾਅਨਿਆਂ ਦੇ ਤੀਰਾਂ ਨੂੰ ਹੁਣ ਤਾਂ ਸ਼ਾਇਰ ਵੀ ਜਰ ਜਾਂਦਾ ਏ । ਕੀ ਦੱਸਾਂ ਕਿਸ ਰਾਹਵਾਂ ਨੇੜੇ ਗਲੀਆਂ ਨੇ ਦਿਲਦਾਰ ਦੀਆਂ, ਮੇਰੇ ਲਈ ਹਰ ਰਾਹ ਉਹ ਪਿਆਰਾ ਜੋ ਉਹਦੇ ਘਰ ਜਾਂਦਾ ਏ । ਕਦੇ ਅਜ਼ਾਬ ਤੇ ਕਦੇ ਸਬਾਬ ਨੇ ਰੱਬਾ ਕੀ ਨੇ ਅੱਖੀਆਂ ਵੀ, ਇਨ੍ਹਾਂ ਦੀ ਸ਼ਹਿ ਪਾ ਕੇ ਬੰਦਾ ਹਰ ਬਾਜ਼ੀ ਹਰ ਜਾਂਦਾ ਏ । ਭਾਵੇਂ ਝੂਠੀ-ਮੂਠੀ ਲੜੀਏ ਲੜਣਾ ਬੜਾ ਜ਼ਰੂਰੀ ਏ, ਘੁਟ ਘੁਟ ਜੱਫ਼ੀਆਂ ਪਾਉਣੋਂ ਵੀ ਜੀਅ ਕਦੇ ਕਦੇ ਭਰ ਜਾਂਦਾ ਏ । ਪਿਆਰ ਦੀ ਦੌਲਤ ਐਨੀ ਦੇਹ ਖ਼ਾਂ ਵੰਡਦਾ ਵੰਡਦਾ ਥੱਕਾਂ ਮੈਂ, ਉਂਜ ਤੇ ਲੈ ਜਾਵੇ ਹਰ ਕੋਈ ਜੋ ਮੈਥੋਂ ਸਰ ਜਾਂਦਾ ਏ । ਸੰਗਮਰਮਰ ਦੀ ਉਸ ਮੂਰਤ ਨੂੰ ਨਾਮ ਕੀ ਦਈਏ 'ਕਾਸ਼ਰ' ਜੀ, ਜੀਹਨੂੰ ਮਿਲਿਆਂ ਅੱਖਾਂ ਭਖਦੀਆਂ ਪਰ ਸੀਨਾ ਠਰ ਜਾਂਦਾ ਏ ।
ਖ਼ਬਰੈ ਕਿੱਥੇ ਸੌਂ ਗਏ ਨੇ
ਖ਼ਬਰੈ ਕਿੱਥੇ ਸੌਂ ਗਏ ਨੇ ਆਵਾਜ਼ ਦਿਉ ਮੇਰੇ ਯਾਰਾਂ ਨੂੰ । ਇਕ ਇਕ ਕਰਕੇ ਜੋੜ ਲਿਆ ਹੈ ਮੈਂ ਗਲਮੇ ਦੀਆਂ ਤਾਰਾਂ ਨੂੰ । ਇਨ੍ਹਾਂ ਰੋਜ਼ ਧਰੋ ਕਰ ਕਰ ਕੇ ਜੀਵਨ ਦਾ ਵਲ ਦੱਸਿਆ ਹੈ, ਕਿਹੜੇ ਮੂੰਹੋਂ ਮੰਦੜਾ ਆਖਾਂ ਮੈਂ ਸੱਜਣਾ ਦਿਲਦਾਰਾਂ ਨੂੰ । ਵਿਛੜੇ ਹੋਏ ਘੜੀਆਂ ਤੇ ਪਲ ਖ਼ਾਬਾਂ ਦਾ ਸ਼ਰਮਾਇਆ ਨੇ, ਖ਼ਾਕ ਉਡਦੀ ਏ ਖੋਲ੍ਹਾਂ ਜਦ ਅੱਖੀਆਂ ਦੇ ਬੰਦ ਬਜ਼ਾਰਾਂ ਨੂੰ । ਪਿਆਰ ਪਰੀ ਲਈ ਪੱਥਰ ਹੋ ਗਏ ਮੈਥੋਂ ਪਹਿਲਾਂ ਕਿੰਨੇ ਲੋਕ, ਫੇਰ ਵੀ ਮੇਰੇ ਵਰਗੇ ਕਮਲੇ ਲੱਭਦੇ ਫਿਰਨ ਪਿਆਰਾਂ ਨੂੰ, ਆਪਣੀਆਂ ਪੀੜਾਂ ਦੀ ਗਠੜੀ ਨੂੰ ਚਾਅਕੇ ਕੱਲਾ ਟੁਰ ਵੀ ਪਉ, ਹੋਰ ਦਿਲਾ ਕੀ ਦੇਖਣਾ ਏਂ ਤੂੰ ਬਦਲੇ ਹੋਏ ਗ਼ਮਖ਼ਾਰਾਂ ਨੂੰ । ਹਸਦਿਆਂ ਫੁੱਲਾਂ ਘੜੀਆਂ ਪਿੱਛੋਂ ਪੱਤੀਆਂ ਹੋ ਕੇ ਉਡਣਾ ਏ, ਸੀਨੇ ਉੱਤੇ ਸਹਿਣਾ ਪੈਣੈ ਇਹ ਵੀ ਜ਼ਖ਼ਮ ਬਹਾਰਾਂ ਨੂੰ, ਇਹ ਦਸਤੂਰ ਨਿਰਾਲਾ ਸਾਰੀ ਦੁਨੀਆ ਨੇ ਆਪਣਾਇਆ ਏ, ਲੜਦੇ ਹੈਣ ਸਿਪਾਹੀ ਤਮਗ਼ੇ ਮਿਲਦੇ ਨੇ ਸਰਦਾਰਾਂ ਨੂੰ । ਰੋਜ਼ ਨਵਾਂ ਦੁੱਖ ਝੋਲੀ ਪਾ ਕੇ 'ਕਾਸ਼ਰ' ਯਾਰ ਨਹੀਂ ਕੀਤੀ ਸੀ, ਹੋਰ ਅਜ਼ਮਾਉਣਾ ਕੀ ਏ ਜੱਗ ਨੇ ਏਸ ਜਿਆਂ ਜੀਅਦਾਰਾਂ ਨੂੰ ।
ਅੱਗੇ ਈ ਇਕ ਰੋਗ ਅਵੱਲੜਾ
ਅੱਗੇ ਈ ਇਕ ਰੋਗ ਅਵੱਲੜਾ ਦੋ ਨੈਣਾਂ ਦੀ ਭੁੱਲ । ਕਿਧਰੇ ਫੇਰ ਗਵਾਚ ਨਾ ਜਾਵਾਂ ਤੂੰ ਬਹੁਤਾ ਨਾ ਖੁੱਲ । ਉਮਰਾਂ ਲਈ ਹੁਣ ਬੈਠ ਕੇ ਭਾਵੇਂ ਗ਼ਜ਼ਲਾਂ ਕਹਿੰਦਾ ਜਾਂ, ਨਿੱਤ ਨਿੱਤ ਸੱਜਰੇ ਖ਼ਿਆਲ ਸੁਝਾ ਗਏ ਕੰਬਦੇ ਕੰਬਦੇ ਬੁੱਲ । ਮੇਰੇ ਲੂ ਲੂ ਵਿਚ ਓਸੇ ਦੀ ਦਿਸਦੀ ਏ ਖ਼ੁਸ਼ਬੂ, ਭਾਵੇਂ ਹੋਰ ਕਿਸੇ ਕਾਲਰ ਤੇ ਸਜਿਆ ਏ ਉਹ ਫੁੱਲ । ਨਾਲ ਭੁਚਾਲਾਂ ਦਿਲ ਦਾ ਕੋਠਾ ਹੋਇਆ ਡਾਵਾਂ ਡੋਲ, ਡਿੱਗੀਆਂ ਛੱਤਾਂ ਨੂੰ ਦਰਕਾਰ ਏ ਅੱਜ ਬਾਹਵਾਂ ਦਾ ਤੁਲ । ਪੱਲਾ ਮਾਰ ਬੁਝਾ ਦੇ ਭਾਵੇਂ ਪੱਲਾ ਤਾਨ ਬਚਾ, ਸੱਧਰਾਂ ਦੀ ਢੇਰੀ ਦੇ ਦੀਵੇ ਦਾ ਏਹੋ ਏ ਮੁੱਲ । ਬਣ ਗਏ ਨੂਰ ਮੁਨਾਰੇ 'ਕਾਸ਼ਰ' ਆਵਣ ਵਾਲਿਆ ਲਈ, ਕੀ ਹੋਇਆ ਜੇ ਆਪ ਗਏ ਆਂ ਨ੍ਹੇਰਿਆਂ ਦੇ ਵਿਚ ਰੁਲ ।
ਲਕੜੀ ਬਲੇ ਤੇ ਪਾਣੀ ਨਿਕਲੇ
ਲਕੜੀ ਬਲੇ ਤੇ ਪਾਣੀ ਨਿਕਲੇ ਅੱਖਾਂ ਖੋਲ੍ਹ ਕੇ ਦੇਖ । ਵਾਂਗ ਅਸਾਡੇ ਕਦੇ ਤੇ ਮੂਰਖ਼ ਜ਼ਿੰਦੜੀ ਰੋਲ ਕੇ ਦੇਖ । ਇਹ ਵਖ਼ਤਾਂ ਦੀ ਗੱਲ ਏ ਸੱਜਣਾ ਅਮ੍ਰਿਤ ਮਿਲੇ ਜਾਂ ਜ਼ਹਿਰ, ਬੇਰਸ ਜੀਵਨ ਦੇ ਪਿਆਲੇ ਵਿਚ ਕੁਝ ਤੇ ਘੋਲ ਕੇ ਦੇਖ । ਚੜ੍ਹਦਾ ਸੂਰਜ ਨੈਣ ਵਿਛਾ ਕੇ ਤੱਕਦਾ ਤੇਰਾ ਰਾਹ, ਰਸਤੇ ਦੀ ਹਰ ਔਕੜ ਰਾਹੀਆ ਹੋਰ ਮਧੋਲ ਕੇ ਦੇਖ । ਦਾਰ ਹੁਲਾਰਾ ਬੜਾ ਪਿਆਰਾ ਕਰਦਾ ਉੱਚਾ ਨਾਂ, ਚੁੱਪ ਦੇ ਜਿੰਦਰੇ ਖੋਲ੍ਹ ਕਦੇ ਤੇ ਮੂੰਹੋਂ ਬੋਲ ਕੇ ਦੇਖ । ਕਿਧਰੇ ਲਿਖਿਆ ਹੋਇਆ ਹੋਵੇ ਖ਼ਬਰੇ ਸਾਡਾ ਨਾਂ, ਕਦੀ ਤੇ ਦਿਲ ਦੀ ਬੰਦ ਕਿਤਾਬ ਨੂੰ ਸੱਜਣਾ ਫੋਲ ਕੇ ਦੇਖ । ਇਕ ਨਿਕੇ ਜਿਹੇ ਸ਼ਹਿਰ ਨੂੰ ਲੈ ਗਏ ਹਾਸੇ ਤੇਰੇ ਰੋੜ੍ਹ, ਦਿਲ ਦਰਿਆ ਦਾ ਕਦੇ ਨਜ਼ਾਰਾ ਘੁੰਡ ਨੂੰ ਖੋਲ੍ਹ ਕੇ ਦੇਖ । ਖ਼ਬਰੇ ਤੇਰਾ ਲਾਲ ਗਵਾਚਾ ਮਿਲ ਜਾਵੇ ਏਸੇ ਵਿਚ, 'ਕਾਸ਼ਰ' ਯਾਰ ਤੂੰ ਗਲੀ ਗਲੀ ਦੀ ਖ਼ਾਕ ਫਰੋਲ ਕੇ ਦੇਖ ।
ਜ਼ਿਕਰ ਤੇਰਾ ਛਿੜ ਗਿਆ
ਜ਼ਿਕਰ ਤੇਰਾ ਛਿੜ ਗਿਆ ਮੌਸਮ ਸ਼ਰਾਬੀ ਹੋ ਗਿਆ । ਕੀ ਹੋਇਆ ਜੇ ਰੰਗ ਮੇਰਾ ਵੀ ਗੁਲਾਬੀ ਹੋ ਗਿਆ । ਭੁੱਖਾ-ਨੰਗਾ ਸੀ ਜਦੋਂ ਉਹ ਦੋਸਤੀ ਦਾ ਮਾਨ ਸੀ, ਯਾਰ ਜਦ ਦਾ ਲੱਖਪਤੀ ਹੋਇਆ ਹਿਸਾਬੀ ਹੋ ਗਿਆ । ਭਟਕਦਾ ਸਾਂ ਜਦ ਹਵਾ ਵਿਚ ਕੌਮ ਦਾ ਸ਼ਾਇਰ ਸਾਂ ਮੈਂ, ਗੱਲ ਜਦੋਂ ਮਿੱਟੀ ਦੀ ਕੀਤੀ ਮੈਂ ਪੰਜਾਬੀ ਹੋ ਗਿਆ । ਸ਼ਿਅਰ ਕਹਿਣਾ ਦਰਦ ਦੇ ਸਹਿਰਾਅ ਦੇ ਵਿਚ ਹੈ ਭਟਕਣਾ ਸ਼ਿਅਰ ਸੁਣਨਾ ਦੋਸਤਾ ਲੋਕਾਂ ਦੀ ਹਾਬੀ ਹੋ ਗਿਆ । ਦੁਸ਼ਮਣੀ ਵੀ ਪਿਆਰੀ ਲਗਦੀ ਬੀਤੇ ਹੋਏ ਕੱਲ੍ਹ ਦੀ, ਅੱਜ ਦੀ ਯਾਰੀ ਦਾ ਵੀ ਮਜ਼ਹਬ ਰਕਾਬੀ ਹੋ ਗਿਆ । ਸ਼ਿਅਰਗੋ ਰਹਿੰਦਾ ਤੇ ਖ਼ਬਰੇ ਕੋਈ ਵੀ ਨਾ ਜਾਣਦਾ, ਝੂਠੀ ਸ਼ੋਹਰਤ ਵਾਸਤੇ ਮੈਂ ਇਨਕਲਾਬੀ ਹੋ ਗਿਆ । ਬੰਦੀ ਵਾਨਾਂ ਦੇ ਜਦੋਂ ਵੀ ਭਾਗ ਜਾਗੇ ਨੇ 'ਸਲੀਮ' ਵੈਰੀਆਂ ਦਾ ਵੈਰ ਵੀ ਖ਼ੁਸ਼ੀਆਂ ਦੀ ਚਾਬੀ ਹੋ ਗਿਆ ।
ਸ਼ਾਮ ਪਵੇ ਤੇ ਬਾਲ ਕੇ ਦੀਵੇ
ਸ਼ਾਮ ਪਵੇ ਤੇ ਬਾਲ ਕੇ ਦੀਵੇ ਨ੍ਹੇਰਿਆਂ ਦਾ ਸਾਹ ਘੁੱਟੋ ਲੋਕੋ । ਵਸ ਲੱਗੇ ਤੇ ਹਸਦੇ ਚਾਨਣ ਪਰਦੇਸੀ ਨੂੰ ਲੁੱਟੋ ਲੋਕੋ । ਬਿਟ ਬਿਟ ਤੱਕਦੇ ਵਧਦੇ ਘਟਦੇ ਜਾਪਦੇ ਓ ਪਰਛਾਵਿਆਂ ਵਾਂਗੂੰ, ਕਾਹਦੀ ਚੁੱਪ ਏ ਸੱਪ ਸੁੰਘਿਆ ਜੇ ਕੁਝ ਤੇ ਮੂੰਹੋਂ ਫੁੱਟੋ ਲੋਕੋ । ਅਸਾਂ ਤੇ ਬਲਖ਼ ਦੀ ਛੱਡਕੇ ਸ਼ਾਹੀ ਰੂਪ ਨਗਰ ਦੀ ਲਈ ਫ਼ਕੀਰੀ, ਭਾਵੇਂ ਨੈਣੀਂ ਕਜਲਾ ਕਰ ਲਉ ਭਾਵੇਂ ਖ਼ਾਕ ਤੇ ਸੁੱਟੋ ਲੋਕੋ । ਜਿਉਂ ਵਗਦੇ ਦਰਿਆ ਦੀ ਹਿੱਕ ਤੇ ਲਹਿਰਾਂ ਇਕਮਿਕ ਹੋਕੇ ਜਾਵਣ, ਦੋ ਰੂਹਾਂ ਇਉਂ ਮਿਲ ਗਈਆਂ ਨੇ ਜਿਸਮਾਂ ਨੂੰ ਪਏ ਕੁੱਟੋ ਲੋਕੋ । ਯਾਰੀ ਦੇ ਅਣਬੱਧੇ ਫੁੱਲ ਨੂੰ ਸ਼ਾਖ਼ੋਂ ਤੋੜ ਕੇ ਹੱਸਣ ਵਾਲਿਉ, ਲੂੰ ਲੂੰ ਇਹ ਆਵਾਜ਼ਾ ਦੇਵੇ ਸ਼ਾਲਾ ਤੁਸੀਂ ਵੀ ਟੁੱਟੋ ਲੋਕੋ । ਮੈਂ ਇਕ ਹਸਦੀ ਹੋਈ ਹਿਆਤੀ ਦੇ ਸੁਫ਼ਨੇ ਕਿਉਂ ਵੇਖਦਾ ਰਹਿਣਾ, ਸੋਚਾਂ ਤੇ ਕੋਈ ਪਹਿਰਾ ਲਾਉ ਫ਼ਿਕਰਾਂ ਦਾ ਗਲ ਘੁੱਟੋ ਲੋਕੋ ।
ਤੈਨੂੰ ਲੱਭਣ ਤੁਰਿਆ ਸਾਂ ਪਰ
ਤੈਨੂੰ ਲੱਭਣ ਤੁਰਿਆ ਸਾਂ ਪਰ ਆਪਣਾ ਆਪ ਗਵਾਇਆ ਮੈਂ । ਹੁਣ ਹਰ ਮੋੜ ਤੇ ਰੁਕ ਕੇ ਸੋਚਾਂ ਕੀ ਖੋਇਆ ਕੀ ਪਾਇਆ ਮੈਂ । ਇਸ ਜੱਗ ਨੇ ਦੁਖ ਦੇਣੋਂ ਮੈਨੂੰ ਕਦੇ ਵੀ ਘੱਟ ਨਾ ਕੀਤੀ ਏ, ਇਹ ਮੇਰਾ ਜਿਗਰਾ ਏ ਇਹਨੂੰ ਫੇਰ ਵੀ ਸੀਨੇ ਲਾਇਆ ਮੈਂ । ਮੇਰੀਆਂ ਗ਼ਜ਼ਲਾਂ ਇਕ ਸ਼ੀਸ਼ਾ ਨੇ ਜਿਨ੍ਹਾਂ ਰਾਹੀਂ ਰਾਤ ਦਿਨੇ, ਇਸ ਦੁਨੀਆ ਨੂੰ ਖੁੱਲ੍ਹ ਕੇ ਇਸ ਦਾ ਅਸਲੀ ਰੂਪ ਵਿਖਾਇਆ ਮੈਂ । ਅੰਦਰੋਂ ਹੋਰ ਤੇ ਬਾਹਰੋਂ ਹੋਰ ਦੀ ਖੇਡ ਰਚਾਈ ਜਾਂਦੀ ਏ, ਏਸੇ ਲਈ ਆਪਣੇ ਹਰ ਐਬ ਨੂੰ ਮੱਥੇ ਨਾਲ ਸਜਾਇਆ ਮੈਂ । ਕਮਜ਼ੋਰਾਂ ਲਈ ਆਪਣਾ ਘਰ ਵੀ ਦੋਜ਼ਖ ਬਣਦਾ ਜਾਂਦਾ ਏ, ਦੁਨੀਆਂ ਨੂੰ ਫ਼ਿਰਦੋਸ਼ ਬਣਾਉਣ ਦਾ ਵਾਅਦਾ ਖ਼ੂਬ ਨਿਭਾਇਆ ਮੈਂ । ਰੋਂਦੀ ਰਾਤ ਨੂੰ ਸੀਨੇ ਲਾ ਕੇ ਰੋਣ ਦੀ ਆਦਤ ਛੱਡਦਾ ਨਹੀਂ, ਏਸ ਉਪੱਧਰੇ ਦਿਲ ਨੂੰ ਲੋਕੋ ਲੱਖ ਵਾਰੀ ਸਮਝਾਇਆ ਮੈਂ । ਭਾਵੇਂ ਧੁੱਪੇ ਸੜਨਾਂ 'ਕਾਸ਼ਰ' ਪਰ ਇਹ ਗੱਲ ਸੁੱਖ ਦਿੰਦੀ ਏ, ਝੂਠ ਦੀ ਰੇਤਲ ਧਰਤੀ ਦੇ ਵਿਚ ਸੱਚ ਦਾ ਬੂਟਾ ਲਾਇਆ ਮੈਂ ।
ਕੁਝ ਹੋਰ ਰਚਨਾਵਾਂ : ਸਲੀਮ 'ਕਾਸ਼ਰ'
ਵਿੱਚ ਹਨੇਰਿਆਂ ਲੱਭਦੀ ਫਿਰ ਹੁਣ, ਕਰ ਕਰ ਲੰਮੇ ਹੱਥ
ਵਿੱਚ ਹਨੇਰਿਆਂ ਲੱਭਦੀ ਫਿਰ ਹੁਣ, ਕਰ ਕਰ ਲੰਮੇ ਹੱਥ ।
ਰੋਸ਼ਨੀਆਂ ਵਿੱਚ ਆਪ ਗੁਆਈ, ਤੂੰ ਸੋਨੇ ਦੀ ਨੱਥ ।
ਕੌਣ ਆਂ ਤੈਨੂੰ ਕਿੱਥੇ ਮਿਲਿਆਂ, ਦੇਵਾਂ ਕੀਹ ਜਵਾਬ,
ਯਾਦਾਂ ਦੀ ਪੋਥੀ ਦੇ ਬਹਿ ਕੇ, ਪਿਛਲੇ ਵਰਕ ਉਲੱਥ ।
ਦੂਰ ਉਫ਼ਕ ਤੇ ਮਿਲ ਜਾਂਦੇ ਨੇ, ਧਰਤੀ 'ਤੇ ਅਸਮਾਨ,
ਅਪਣਾ ਆਪ ਪਛਾਨਣ ਖ਼ਾਤਰ, ਅਰਸ਼ੋਂ ਥੱਲੇ ਲੱਥ ।
ਇਕ ਇਕ ਲੂੰ ਮੁੱਢ ਜ਼ਖ਼ਮ ਹਜ਼ਾਰਾਂ, ਦਿਲਬਰ ਦੀ ਇਹ ਦੇਣ,
ਸਦੀਆਂ ਦਾ ਸਰਮਾਇਆ ਬਣ ਗਈ, ਘੜੀਆਂ ਦੀ ਗਲ ਗੱਥ ।
ਸੱਜਣਾਂ ਦੇ ਦੁੱਖਾਂ ਦਰਦਾਂ ਵਿੱਚ, ਹੁਣ ਦਿਲਜੋਈ ਲੱਭ,
ਖੌਰੇ ਕੱਲ੍ਹ ਹੋਵੇ ਨਾ ਹੋਵੇ, ਇਹ ਯਾਰਾਂ ਦੀ ਸੱਥ ।
ਕਾਲੀ ਕੰਧ ਉਸਾਰ ਵਿਖਾਲਣ, ਨ੍ਹੇਰੇ ਦੇ ਵਸਨੀਕ,
ਚੜ੍ਹਦੇ ਵੱਲੋਂ ਚੜ੍ਹਦੀ ਆਵੇ, ਉਹ ਸੂਰਜ ਦੀ ਰੱਥ ।
'ਵਾ ਦੀ ਸੂਲੀ ਚੜ੍ਹਕੇ ਖਿਡੰਦੀ, ਫੁੱਲਾਂ ਦੀ ਖ਼ੁਸ਼ਬੂ,
ਹਸ ਹਸ ਮੌਤ ਹੁਲਾਰਾ ਲੈਂਦੇ, 'ਕਾਸ਼ਰ' ਜਹੇ ਸਿਰ ਲੱਥ ।
ਗ਼ਮ ਕਾਹਦਾ ਜੇ ਦਿਲ ਟੁੱਟਣ ਦੀ, ਜ਼ਰਾ ਆਵਾਜ਼ ਨਾ ਆਈ
ਗ਼ਮ ਕਾਹਦਾ ਜੇ ਦਿਲ ਟੁੱਟਣ ਦੀ, ਜ਼ਰਾ ਆਵਾਜ਼ ਨਾ ਆਈ ।
ਖ਼ਾਲੀ ਭਾਂਡੇ ਸ਼ੋਰ ਵਧੇਰਾ, ਜਾਣੇ ਕੁੱਲ ਖ਼ੁਦਾਈ ।
ਜਿਸ ਦੇ ਪੱਲੇ ਪੈਸੇ ਹੁੰਦੇ, ਉਸੇ ਦੀ ਵਡਿਆਈ,
ਉੱਚੇ ਮਹਿਲੀਂ ਜਾਵੇ ਪਹਿਲਾਂ, ਸੂਰਜ ਦੀ ਰੁਸ਼ਨਾਈ ।
ਛੇੜੋ ਨਾ ਦੁਖਿਆਰਿਆਂ ਤਾਈਂ, ਖ਼ਰੀਆਂ ਕਹਿ ਨਾ ਦੇਵਣ,
ਫਿਰਦੇ ਚੁੱਪ ਦੇ ਜਿੰਦਰਿਆਂ ਉਹਲੇ, ਇਹ ਤੂਫ਼ਾਨ ਲੁਕਾਈ ।
ਅੱਖੀਆਂ ਦੇ ਵਿੱਚ ਗੁਜ਼ਰੇ ਵੇਲੇ, ਆ ਗਏ ਹੰਝੂ ਬਣ ਕੇ,
ਤੂੰ ਕੀ ਅੱਖ ਚੁਰਾਈ ਸੱਜਣਾਂ, ਹੋ ਗਈ ਜਗ ਰੁਸਵਾਈ ।
ਸੁੱਤੇ ਵਖ਼ਤ ਨਿਮਾਣੇ ਐਸੇ, 'ਕਾਸ਼ਰ' ਯਾਰ ਨਾ ਜਾਗੇ,
ਚੜ੍ਹਦਾ ਸੂਰਜ ਤਾਣ ਕੇ ਨੇਜੇ, ਦਿੰਦਾ ਰਿਹਾ ਦੁਹਾਈ ।
ਤੈਥੋਂ ਵੀ ਕੋਈ ਗੱਲ ਨਾ ਹੋਈ, ਮੈਂ ਵੀ ਦਿਲ ਦੀ ਕਹਿ ਨਾ ਸਕਿਆ
ਤੈਥੋਂ ਵੀ ਕੋਈ ਗੱਲ ਨਾ ਹੋਈ, ਮੈਂ ਵੀ ਦਿਲ ਦੀ ਕਹਿ ਨਾ ਸਕਿਆ ।
ਫੁੱਲ ਤੇ ਸ਼ਬਨਮ ਦੇ ਮੇਲਾਂ ਨੂੰ, ਚੜ੍ਹਦਾ ਸੂਰਜ ਸਹਿ ਨਾ ਸਕਿਆ ।
ਤੇਰੇ ਮੇਰੇ ਸਾਹ ਸਾਂਝੇ ਸਨ, ਪਰ ਵਖ਼ਤਾਂ ਦੀ ਗੱਲ ਏ ਸੱਜਣਾਂ,
ਤੇਰੇ ਦਿਲ ਦੀ ਬੰਦ ਕਿਤਾਬ ਤੇ, ਅੱਖਰਾਂ ਵਾਂਗੂੰ ਬਹਿ ਨਾ ਸਕਿਆ ।
ਸੰਗ ਹਯਾਤੀ ਡਿੱਗਦਾ ਢਹਿੰਦਾ, ਵੇਖੋ ਤੁਰਿਆ ਜਾਂਦਾ ਵਾਂ ਮੈਂ
ਇਕ ਚੱਕਰ ਏ ਪੈਰਾਂ ਦੇ ਵਿਚ, ਕਿਧਰੇ ਕਦੇ ਵੀ ਬਹਿ ਨਾ ਸਕਿਆ
ਇਕ ਤੱਤਾ ਤੇ ਰੱਤਾ ਹੰਝੂ, ਰੂਪ ਸਰੂਪ ਸਮੇਂ ਦਾ ਲੋਕੋ
ਫੁੱਲ ਬਣਕੇ ਉਹ ਪੁੰਗਰਿਆ ਪਲ ਪਲ, ਗਿਆ ਗਵਾਚਾ ਰਹਿ ਨਾ ਸਕਿਆ
ਕੱਚੇ ਰੰਗ ਲਲਾਰੀ ਵਾਲੇ, ਚੜ੍ਹਦੇ ਲਹਿੰਦੇ ਰਹਿੰਦੇ ਦੇਖੇ,
ਪਿਆਰ ਤਿਰੇ ਦਾ ਰੰਗ ਅਜੇਹਾ, ਜਿਉਂ ਚੜ੍ਹਿਆ ਫਿਰ ਲਹਿ ਨਾ ਸਕਿਆ ।
ਨਾਲ ਵਰੋਲਿਆਂ ਮੱਥਾ ਲਾ ਕੇ, ਅਪਣੀ ਧੂੜ ਉਡਾ ਲਈ ਭਾਵੇਂ,
ਇਹ ਤੇ ਕੋਈ ਆਖ ਨਹੀਂ ਸਕਦਾ, ਡਰਦਾ ਸਾਂ ਮੈਂ ਖਹਿ ਨਾ ਸਕਿਆ ।
ਸੱਜਣਾਂ ਵੱਲੋਂ ਆਉਂਦੇ ਪੱਥਰ, 'ਕਾਸ਼ਰ' ਫੁੱਲ ਹੀ ਲੱਗਦੇ ਮੈਨੂੰ,
ਮੈਂ ਕੋਈ 'ਮਨਸੂਰ', ਨਹੀਂ, ਜੋ, ਫੁੱਲਾਂ ਦੀ ਸੱਟ ਸਹਿ ਨਾ ਸਕਿਆ ।
ਜੋ ਬੋਲ ਜ਼ਬਾਨੋਂ ਨਿਕਲ ਗਿਆ
ਜੋ ਬੋਲ ਜ਼ਬਾਨੋਂ ਨਿਕਲ ਗਿਆ ।
ਉਹ ਤੀਰ ਕਮਾਨੋਂ ਨਿਕਲ ਗਿਆ ।
ਮੈਂ ਦਿਲ ਵਿੱਚ ਉਹਨੂੰ ਲੱਭਨਾ ਵਾਂ,
ਉਹ ਦੂਰ ਅਸਮਾਨੋਂ ਨਿਕਲ ਗਿਆ ।
ਖ਼ੁਆਬਾਂ ਨਾ ਤੱਕ, ਖ਼ੁਆਬਾਂ ਬਦਲੇ,
'ਯੂਸਫ਼' ਕਨਿਆਨੋਂ ਨਿਕਲ ਗਿਆ ।
ਹਮਦਰਦ ਕਿਨਾਰੇ ਬਣ ਬੈਠੇ,
ਜਦ ਮੈਂ ਤੂਫ਼ਾਨੋਂ ਨਿਕਲ ਗਿਆ ।
ਮੈਂ ਘਰ ਦੀ ਅੱਗ ਲੁਕਾਉਂਦਾ ਸਾਂ,
ਧੂੰ ਰੋਸ਼ਨ ਦਾਨੋਂ ਨਿਕਲ ਗਿਆ ।
ਜੋ ਗ਼ੈਰ ਲਈ ਤਪ ਉਠਦਾ ਸੀ,
ਉਹ ਲਹੂ ਸ਼ਰਿਆਨੋਂ ਨਿਕਲ ਗਿਆ ।
'ਕਾਸ਼ਰ' ਤੋਂ ਹੁਣ ਕੀ ਪੁੱਛਦੇ ਹੋ,
ਜਦ ਦਰਦ ਬਿਆਨੋਂ ਨਿਕਲ ਗਿਆ ।
ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਨਹਾਈ ਏ
ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਨਹਾਈ ਏ ।
ਅਜ ਦੇ ਬੰਦੇ ਨੂੰ ਖ਼ੁਦਗ਼ਰਜ਼ੀ ਕਿਹੜੀ ਥਾਂ ਲੈ ਆਈ ਏ ।
ਤਾਰਿਆਂ ਦੀ ਰੱਤ ਵਿੱਚ ਨਹਾਕੇ ਚੰਨ ਵੀ ਪੀਲਾ ਲਗਦਾ ਏ,
ਸੂਰਜ ਚੜ੍ਹਿਆ ਤੇ ਉਹਦੀ ਵੀ ਡੱਬ-ਖੜੱਬ ਰੁਸ਼ਨਾਈ ਏ ।
ਸਚ ਦਾ ਦੀਵਾ ਬਾਲ ਕੇ ਫਿਰਿਆਂ ਰਾਤ-ਰਾਤ ਅਵਾਰਾ ਮੈਂ,
ਲੋਅ ਲੱਗੀ ਤੇ ਸ਼ਹਿਰ ਦੇ ਲੋਕੀਂ ਲੱਗੇ ਕਹਿਣ ਸ਼ੁਦਾਈ ਏ ।
ਮੇਰੇ ਘਰ ਵਿਚ ਦਰਦ ਪਰਾਹੁਣੇ, ਖੁੱਲ੍ਹੇ ਬੂਹੇ ਆਉਂਦੇ ਨੇ,
ਇਹ ਕੋਈ ਬਹੁਤਾ ਈ ਸੱਜਣ ਲੱਗੇ, ਜਿਸ ਕੁੰਡੀ ਖੜਕਾਈ ਏ ।
ਸੰਗ ਦਿਲਾਂ ਦੀ ਇਸ ਦੁਨੀਆਂ 'ਚੋਂ, ਨਸਕੇ ਕਿਧਰ ਜਾਵੇਂਗਾ,
ਕਾਅਬੇ ਤੇ ਬੁਤਖਾਨੇ ਵਿਚ ਵੀ ਪੱਥਰਾਂ ਕੋਲ ਖ਼ੁਦਾਈ ਏ।
ਅਸਾਂ ਪੰਜਾਬੀ ਖ਼ਾਤਰ ਮੁਸਤਕਬਿਲ ਵੀ ਦਾਅ 'ਤੇ ਲਾਇਆ ਏ,
ਦੂਜਿਆਂ ਵਾਂਗੂੰ ਫ਼ਨ ਦੀ ਹੱਟੀ ਅਸਾਂ ਨਾ ਮੂਲ ਸਜਾਈ ਏ ।
ਚਿੱਟੇ ਫੁੱਲ ਕਨੇਰਾਂ ਲੈ ਕੇ
ਚਿੱਟੇ ਫੁੱਲ ਕਨੇਰਾਂ ਲੈ ਕੇ
ਆਇਆ ਸੰਗ ਸਵੇਰਾਂ ਲੈ ਕੇ
ਦਿਨ ਦਿਨੇਵੇਂ ਚੰਨ ਚੜ੍ਹਿਆ ਵਿਹੜੇ
ਹਾਸੇ ਖ਼ੁਸ਼ੀਆਂ ਢੇਰਾਂ ਲੈ ਕੇ
ਪੰਜੇ ਪੜ੍ਹਾਂ ਮੈਂ ਮੁੱਖ ਮੁਸੱਲੇ
ਨਾਂ ਦੀ ਤਸਬੀ ਫੇਰਾਂ ਲੈ ਕੇ
ਰੌਸ਼ਨੀਆਂ ਲਈ ਅੱਖ ਦਰਿਆਉਂ
ਜਗਮਗ ਮੋਤੀ ਕੇਰਾਂ ਲੈ ਕੇ
ਚੁਣ ਚੁਣ ਫੁੱਲ ਵਫ਼ਾ ਦੇ ਬਾਗ਼ੋਂ
ਰਾਹਵਾਂ ਵਿੱਚ ਖਲੇਰਾਂ ਲੈ ਕੇ
ਪਿਆਰ ਦੀ ਸੇਜ ਸਜਾਉਣ ਦੀ ਖ਼ਾਤਰ
ਕਲੀਆਂ ਫੁੱਲ ਅਟੇਰਾਂ ਲੈ ਕੇ
ਕਰਨੀਆਂ ਕੀ, ਜੇ ਸੋਚ ਨਾ ਲਿਸ਼ਕੇ
ਲਿਸ਼ਕੀਆਂ ਚਾਰ ਚੁਫ਼ੇਰਾਂ ਲੈ ਕੇ
ਕਾਸ਼ਰ ਪਿਆਰ ਦਾ ਲਫ਼ਜ਼ ਨਾ ਉੱਘੜੇ
ਖ਼ਾਲੀ ਜ਼ਬਰਾਂ ਜ਼ੇਰਾਂ ਲੈ ਕੇ
ਜਿਸ ਦੇ ਹੱਥ ਵਿਚ ਡੋਈ
ਜਿਸ ਦੇ ਹੱਥ ਵਿਚ ਡੋਈ
ਉਹ ਕਿਉਂ ਬੁਕ ਬੁਕ ਰੋਈ
ਦਰਿਆ ਡੱਕਣਾ ਪੈਣਾ
ਛੱਤ ਜੇ ਘਰ ਦੀ ਚੋਈ
ਪਿਆਸ ਵਧੇਰੀ ਕੂਕੇ
ਕਣੀ ਜੇ ਵਰ੍ਹਦੀ ਕੋਈ
ਰੂਹ ਨੂੰ ਤਾਜ਼ਾ ਕਰਦੀ
ਯਾਦਾਂ ਦੀ ਖ਼ੁਸ਼ਬੋਈ
ਰਖਦੇ ਕਿਉਂ ਹਮਸਾਏ
ਗੱਲ ਗੱਲ ਦੀ ਕਨਸੋਈ
ਜੀਵੇ, ਜਿਸ ਅੱਖ ਮੇਰੀ
ਹੰਝੂਆਂ ਨਾਲ ਪਰੋਈ
ਕੌਣ ਗਿਆ ਦੁਨੀਆ ਤੋਂ
ਦੁਨੀਆ ਸੱਖਣੀ ਹੋਈ
ਮਟਕਾ ਤਿੜਕ ਨਾ ਜਾਏ
ਭਰ ਲੈ ਲੋਈ ਲੋਈ
ਲੰਘ ਕੇ ਦਰਦ ਅਜ਼ਾਬੋਂ
ਜਿੰਦੜੀ ਨਵੀਂ ਨਰੋਈ
ਚੱਕ ਚੜ੍ਹੀ ਨਾ ਜੇਕਰ
ਕਿਸ ਕੰਮ ਮਿੱਟੀ ਗੋਈ
ਡੁਬਦੇ ਚੰਨ ਦੀ 'ਕਾਸ਼ਰ'
ਆ ਕਰੀਏ ਦਿਲ ਜੋਈ
ਦੁਖ ਵਾਂਗ ਪੁੱਤਰਾਂ ਪਾਲਣਾ
ਦੁਖ ਵਾਂਗ ਪੁੱਤਰਾਂ ਪਾਲਣਾ
ਇਹ ਦੌਲਤਾਂ ਸੰਭਾਲਣਾ
ਸੌਖਾ ਨਈਂ ਫ਼ਨ ਦੇ ਨਾਮ ਲਈ
ਪੂਰੀ ਹਯਾਤੀ ਗਾਲਣਾ
ਵੰਡਦੇ ਨਈਂ ਮਿਸਰੇ ਆਪ ਲੋ
ਹੱਡੀਆਂ ਨੂੰ ਪੈਂਦਾ ਗਾਲਣਾ
ਚਲਦੇ ਨੇ ਇਹ ਹਰ ਦੌਰ ਵਿਚ
ਪਿਆਰਾਂ ਦੇ ਸਿੱਕੇ ਢਾਲਣਾ
ਤੂਫ਼ਾਨ ਅਸਲੋਂ ਆਰਜ਼ੀ
ਛੱਡੀਂ ਨਾ ਅਪਣਾ ਆਲ੍ਹਣਾ
ਗਲੀਆਂ ਨੇ ਚਿੱਕੜ ਲੱਦੀਆਂ
ਦੀਵਾ ਬਨੇਰੇ ਬਾਲਣਾ
'ਕਾਸ਼ਰ' ਉਹ ਮੰਜ਼ਰ ਸਾਂਭ ਦੇ
ਕਿੱਥੇ ਗਵਾਚੇ ਭਾਲਣਾ