Punjabi Poetry Sadiq Taseer

ਪੰਜਾਬੀ ਕਲਾਮ/ਗ਼ਜ਼ਲਾਂ ਸਦੀਕ ਤਾਸੀਰ

1. ਫ਼ਿਕਰ ਦਾ ਸ਼ਹੁ ਏ ਕਿਨਾਰਾ ਸੋਚ ਦਾ

ਫ਼ਿਕਰ ਦਾ ਸ਼ਹੁ ਏ ਕਿਨਾਰਾ ਸੋਚ ਦਾ।
ਰਹਿ ਗਿਆ ਬਸ ਇਕ ਸਹਾਰਾ ਸੋਚ ਦਾ।

ਵਿਚ ਖ਼ਿਆਲਾਂ ਡੁੱਬਿਆ ਰਹਿੰਦਾ ਏ ਦਿਲ,
ਰਾਤ ਦਿਨ ਰਹਿੰਦਾ ਵਿਚਾਰਾ ਸੋਚ ਦਾ।

ਸੋਚ ਈ ਰੂਹ ਸ਼ਿਅਰ ਦੀ ਏ ਸ਼ਾਇਰਾ।
ਛੱਡ ਨਾ ਦਾਮਨ ਖ਼ੁਦਾ ਰਾ ਸੋਚ ਦਾ।

ਚਮਕਿਆ ਉਹ ਅਦਬ ਦੇ ਅਸਮਾਨ 'ਤੇ,
ਰੌਸ਼ਨ ਏ ਜਿਸਦਾ ਸਿਤਾਰਾ ਸੋਚ ਦਾ।

ਅੱਖਰਾਂ ਦਾ ਘਰ ਬਣਾ 'ਤਾਸੀਰ' ਹੁਣ,
ਸੋਹਝ ਦੀ ਇਟ ਲਾਕੇ ਗਾਰਾ ਸੋਚ ਦਾ।

2. ਵੇਖੀ ਜਾਣ ਉਹ ਆਲ ਦੁਆਲੇ ਸਾਨੂੰ ਕੀ

ਵੇਖੀ ਜਾਣ ਉਹ ਆਲ ਦੁਆਲੇ ਸਾਨੂੰ ਕੀ।
ਅਸੀਂ ਖੜੇ ਆਂ ਆਣ ਵਿਚਾਲੇ ਸਾਨੂੰ ਕੀ।

ਉਬਲੇਗੀ ਤੇ ਅਪਣੇ ਕੰਢੇ ਸਾੜੇਗੀ,
ਜੰਮ ਜੰਮ ਹਾਂਡੀ ਲਵੇ ਉਬਾਲੇ ਸਾਨੂੰ ਕੀ।

ਅਸੀਂ ਤੇ ਅਪਣਾ ਪਿੰਡਾ ਯਾਰ ਹੰਡਾਇਆ ਏ,
ਧੁੱਪਾਂ ਹੋਣ ਜਾਂ ਹੋਵਣ ਪਾਲੇ ਸਾਨੂੰ ਕੀ।

ਨਾਲ ਦਿਆਂ ਘਰ ਨੇਰ੍ਹਾ ਏ ਤੇ ਨੇਰ੍ਹ ਰਹੇ,
ਸਾਡੇ ਘਰ ਤੇ ਹੈਨ ਉਜਾਲੇ ਸਾਨੂੰ ਕੀ।

ਰਿਹਾ ਜਦੋਂ ਨਾ ਦਿਲ ਈ ਸੀਨੇ ਵਿਚ 'ਤਾਸੀਰ',
ਫਿਰਨ ਪਏ ਹੁਣ ਜ਼ੁਲਫ਼ਾਂ ਵਾਲੇ ਸਾਨੂੰ ਕੀ।