Punjabi Kafian Sadhu Dhian Singh Arif

ਪੰਜਾਬੀ ਕਾਫ਼ੀਆਂ ਸਾਧੂ ਧਿਆਨ ਸਿੰਘ ਆਰਫ਼

1. ਮੇਰੀ ਮੇਰੀ ਨਾ ਕਰ ਗਾਫ਼ਲ

ਮੇਰੀ ਮੇਰੀ ਨਾ ਕਰ ਗਾਫ਼ਲ
ਇਹ ਧਨ ਜਾਣ ਪਰਾਇਆ ਈ ।
ਸਾਈਂ ਵਿਸਾਰ ਕੇ ਦੁਨੀਆਂ ਅੰਦਰ
ਸਿਰ ਤੋਂ ਖ਼ੌਫ਼ ਭੁਲਾਇਆ ਈ ।

ਸੁਖ ਅਨੰਦ ਛੋਡ ਕੇ ਆਪੇ
ਪੈਰ ਦੁਖਾਂ ਵਿੱਚ ਪਾਇਆ ਈ ।
ਹੂੰਝ ਪਾਪ ਦਾ ਕਲਰ ਕੂੜਾ
ਹਥੋਂ ਲਾਲ ਗੁਵਾਇਆ ਈ ।

ਭੈ ਭੰਜਨ ਸੁਖ ਸਾਗਰ ਸਰਵਰ
ਕਿਉਂ ਮਨ ਸਿਉਂ ਬਿਸਰਾਇਆ ਈ ।
ਪੰਜ ਉਚਕਿਆਂ ਰਲ ਮਿਲ ਤੈਨੂੰ
ਪਾ ਲਿਆ ਉਪਰ ਸਾਇਆ ਈ ।

ਮੋਹ ਮਾਇਆ ਨਾ ਵਿੱਚੋਂ ਕੱਢੇਂ
ਨਾਮ ਫ਼ਕੀਰ ਧਰਾਇਆ ਈ ।
ਚਿਟੀ ਚਾਦਰ ਸੰਤਾਂ ਵਾਲੀ
ਦਾਗ਼ ਸਿਆਹੀ ਲਾਇਆ ਈ ।

ਰੰਗ ਦਵੈਸ਼ ਜਿਸ ਮੈਲ ਨ ਧੋਤੀ
ਆਖ਼ਰ ਓਹ ਪਛਤਾਇਆ ਈ ।
ਸ਼ਾਹ ਗ਼ਰੀਬ ਸਭ ਇਕੋ ਥਾਂ ਤੇ
ਮਿਟੀ ਵਿੱਚ ਸਮਾਇਆ ਈ ।

ਛਡਕੇ ਮਹਿਲ ਮੁਨਾਰੇ ਸਭਨਾਂ
ਕੋਠਾ ਗੋਰ ਬਨਾਇਆ ਈ ।
ਵਾਰੋ ਵਟੀ ਹਰ ਇਕ ਤਾਈਂ
ਮੌਤ ਕਸੈਨ ਦਬਾਇਆ ਈ ।

ਵਾਂਗ ਪਤਾਸੇ ਬੰਦਾ ਬਣਿਆ
ਬਹੁਤ ਵੇਰ ਅਜ਼ਮਾਇਆ ਈ ।
ਤੇਰੇ ਨਾਲੋਂ ਡੰਗਰ ਚੰਗੇ
ਜਿਨ੍ਹਾਂ ਦੁਧ ਪਲਾਇਆ ਈ ।

ਜਿਨ੍ਹਾਂ ਮਨ ਦਾ ਕੁਸ਼ਤਾ ਕੀਤਾ
ਓਹਨਾਂ ਰੰਗ ਉਡਾਇਆ ਈ ।
ਸਤ ਸੰਤੋਖ ਨਾ ਧਾਰੇਂ ਅੰਦਰ
ਅਗਨੀ ਵਾਂਗ ਤਪਾਇਆ ਈ ।

ਲਦ ਗਏ ਵਨਜਾਰੇ ਲਖਾਂ
ਕਿਸੇ ਨਾ ਅੰਤ ਛੁਡਾਇਆ ਈ ।
ਕਾਰੂ ਛਡ ਖਜ਼ਾਨੇ ਸਭੇ
ਨੰਗੇ ਹਥ ਸਿਧਾਇਆ ਈ ।

ਹੁਸਨ ਜਵਾਨੀ ਜਾਨ ਪਰਾਨੀ
ਜਿਉਂ ਬਾਦਰ ਕੀ ਛਾਇਆ ਈ ।
ਉਸ ਨੇ ਪਾ ਲਈ ਫਤਿਹ ਜਹਾਨੋਂ
ਜਿਸ ਨੇ ਨਾਮ ਧਿਆਇਆ ਈ ।

ਧਿਆਨ ਸਿੰਘਾ ਪੜ੍ਹ ਹਰਿ ਹਰਿ ਮੰਤਰ
ਹੁਕਮ ਹਜ਼ੂਰੋਂ ਆਇਆ ਈ ।

2. ਵਿਚ ਸਵਰਗ ਦੇ ਮੌਜਾਂ ਮਾਨੇ

ਵਿਚ ਸਵਰਗ ਦੇ ਮੌਜਾਂ ਮਾਨੇ
ਜੇੜਾ ਜਨਮ ਸਵਾਰ ਗਿਆ ।
ਪਰ ਸੇਤ ਘਰ ਗਿਆ ਖਸਮ ਦੇ
ਨਾਲੇ ਸੰਗੀ ਤਾਰ ਗਿਆ ।

ਤਮ੍ਹੇ ਝੂਠ ਦੇ ਸਿਰ ਪੈ ਜਾਨੋਂ
ਡਾਰ ਭਾਠ ਕੀ ਛਾਰ ਗਿਆ ।
ਹੋ ਨਿਰਮਾਨ ਗਿਆ ਜਗ ਉੱਤੇ
ਸੁਟ ਖੁਦੀ ਦਾ ਭਾਰ ਗਿਆ ।

ਜਿੰਦਾ ਮਰਕੇ ਫੰਦੋਂ ਛੁਟਾ
ਮਨ ਪਾਪੀ ਨੂੰ ਮਾਰ ਗਿਆ ।
ਬੀਜ ਬੀਜ ਕੇ ਅੰਮ੍ਰਿਤ ਮਿਠਾ
ਦੁਖ ਤਸੀਹੇ ਟਾਰ ਗਿਆ ।

ਪੀ ਕੇ ਜਾਮ ਹਯਾਤੀ ਜੁਗ ਜੁਗ
ਸਚੇ ਸਿਉਂ ਕਰ ਪਿਆਰ ਗਿਆ ।
ਹੋ ਨਿਰਲੇਪ ਕਮਲ ਫੁਲ ਵਾਂਗੂੰ
ਸਭ ਕੁਝ ਗੁਰ ਤੋਂ ਵਾਰ ਗਿਆ ।

ਦਿਲ ਅਪਨੇ ਵਿਚ ਅਕਸ ਜਮਾ ਕਰ
ਨਕਸ਼ਾ ਖਿਚ ਮੁਰਾਰ ਗਿਆ ।
ਧਿਆਨ ਸਿੰਘਾ ਕਢ ਸੰਸਾ ਵਿੱਚੋਂ
ਹਰ ਹਰ ਨਾਮ ਚਿਤਾਰ ਗਿਆ ।

3. ਵਿੱਚ ਗਰਭ ਦੇ ਪੁੱਠਾ ਹੋ ਕੇ

ਵਿੱਚ ਗਰਭ ਦੇ ਪੁੱਠਾ ਹੋ ਕੇ
ਸੌ ਸੌ ਤਰਲਾ ਪਾਇਆ ਸੀ ।
ਸਤਿਗੁਰ ਬਾਝੋਂ ਸੁਣਦਾ ਕੋਈ ਨਾ
ਰੋ ਰੋ ਹਾਲ ਵੰਜਾਇਆ ਸੀ ।

ਭਾਰੀ ਦੁਖ ਤਸੀਹੇ ਵਿੱਚੋਂ
ਸਤਿਗੁਰ ਆਨ ਛੁਡਾਇਆ ਸੀ ।
ਦੀਨਾ ਨਾਥ, ਨਾਥ ਬਿਨ ਤੇਰਾ
ਕਿਸ ਨੇ ਦੁਖ ਮਿਟਾਇਆ ਸੀ ।

ਐਸਾ ਦੁਖ ਮਿਟਾਵਨ ਦੇ ਲਈ
ਹਰ ਹਰ ਨਾਮ ਧਿਆਇਆ ਸੀ ।
ਪਵਨ ਰੂਪ ਹਰ ਬਾਨਾ ਧਰਕੇ
ਵਿੱਚੇ ਰਿਜ਼ਕ ਪੁਚਾਇਆ ਸੀ ।

ਫਿਰ ਫਿਰ ਜੂਨਾਂ ਹੋਰ ਅਨੇਕਾਂ
ਜਨਮ ਸਬਬੀ ਆਇਆ ਸੀ ।
ਧਿਆਨ ਸਿੰਘ ਫਸ ਧੰਦੇ ਅੰਦਰ
ਹਰ ਦਾ ਨਾਮ ਭੁਲਾਇਆ ਸੀ ।

4. ਜਿਸ ਪਾਪੀ ਨੇ ਜਨਮ ਹਾਰਿਆ

ਜਿਸ ਪਾਪੀ ਨੇ ਜਨਮ ਹਾਰਿਆ
ਹੋ ਕਰ ਬਹੁਤ ਲਾਚਾਰ ਗਿਆ ।
ਮੇਰੀ ਮੇਰੀ ਰਿਹਾ ਸੁਨਾਂਦਾ
ਹਰ ਦਾ ਵਿਰਦ ਵਿਸਾਰ ਗਿਆ ।

ਅੰਤ ਛੋੜ ਕੇ ਧਰੀ ਧਰਾਈ
ਕੂੜੀ ਖੇਡ ਖਡਾਰ ਗਿਆ ।
ਮੋਹਲਤ ਪੁੰਨੀ ਭਇਆ ਨਿਰਾਸਾ
ਰੋਂਦਾ ਜ਼ਾਰੋ ਜ਼ਾਰ ਗਿਆ ।

ਪੂਰੇ ਗੁਰ ਕੀ ਸੇਵਾ ਤਜ ਕੇ
ਕੂੜ ਪਸਾਰ ਪਸਾਰ ਗਿਆ ।
ਹਥ ਕਿਸੇ ਦੇ ਕਛੂ ਨਾ ਆਇਆ
ਰੋਂਦਾ ਸਭ ਸੰਸਾਰ ਗਿਆ ।

ਓਥੋਂ ਮੁੜ ਕੇ ਕੋਈ ਨਾ ਆਇਆ
ਇਥੋਂ ਲਖ ਹਜ਼ਾਰ ਗਿਆ ।
ਮੌਜਾਂ ਲੈਂਦੇ ਸੋ ਸਹਜੀ ਵਾਲੇ
ਨਰਕਾਂ ਵਿੱਚ ਗਵਾਰ ਗਿਆ ।

ਭਵਜਲ ਦੇ ਵਿੱਚ ਗੋਤੇ ਖਾਂਦਾ
ਨਾ ਉਹ ਪਾਰ ਉਰਾਰ ਗਿਆ ।
ਧਿਆਨ ਸਿੰਘਾ ਨਹੀਂ ਕਿਤੇ ਵੀ ਢੋਈ
ਸਚੇ ਜਾਂ ਦਰਬਾਰ ਗਿਆ ।

5. ਢੂੰਡ ਨਾ ਬਾਹਰੋਂ ਵਿਚੇ ਤੇਰੇ

ਢੂੰਡ ਨਾ ਬਾਹਰੋਂ ਵਿਚੇ ਤੇਰੇ
ਪਿਆ ਅਮੋਲਕ ਮਾਲ ਮਨਾ ।
ਭੀਤਰ ਫੋਲ ਪਟਾਰੀ ਵਿਚੋਂ
ਸੁੰਦਰ ਦਮਕੇ ਲਾਲ ਮਨਾ ।

ਸਭ ਖ਼ਲਕਤ ਦਾ ਮਾਲਕ ਤੂੰਹੇਂ
ਮਹਾਂ ਕਾਲਕਾ ਕਾਲ ਮਨਾ ।
ਉਦੇ ਅਸਤ ਤੇ ਵਨ ਤਰਿਨ ਪਰਬਤ
ਤੇਰਾ ਗਗਨ ਪਤਾਲ ਮਨਾ ।

ਚਾਰੇ ਚਕ ਜਗੀਰੇ ਤੇਰੇ
ਛਡ ਦਵੈਸ਼ ਖ਼ਿਆਲ ਮਨਾ ।
ਅੰਤਰ ਜੋਤੀ ਜੋਤ ਅਲੇਖੰਗ
ਜੱਗ ਮੱਗ ਜਗੇ ਮਸਾਲ ਮਨਾ ।

ਫੂਕ ਮੁਵਾਤਾ ਜਾਲ ਗ਼ੁਲਾਮੀ
ਗਿਆਨ ਬਸੰਤ੍ਰ ਬਾਲ ਮਨਾ ।
ਧਿਆਨ ਸਿੰਘ ਤੋਹੇ ਦੁਖ ਨਾ ਲਾਗੇ
ਭਜ ਲੈ ਨਾਮ ਗੋਪਾਲ ਮਨਾ ।