Kafian Sadhu Ishar Das Udasi
ਪੰਜਾਬੀ ਕਾਫ਼ੀਆਂ ਸਾਧੂ ਈਸ਼ਰ ਦਾਸ ਉਦਾਸੀ
1. ਕਿਧਰ ਗਏ ਮੁਲਖ ਦੇ ਵਾਲੀ
ਕਿਧਰ ਗਏ ਮੁਲਖ ਦੇ ਵਾਲੀ,
ਦੇਸ ਵਲਾਇਤ ਕਰ ਗਏ ਖ਼ਾਲੀ,
ਚਲਦੇ ਹੰਸ ਮੋਰ ਦੀ ਚਾਲੀ,
ਪੱਕੇ ਮਹਿਲ ਉਸਾਰ ਗਏ ।
ਚੰਦਰ ਮੁਖੀ ਘਰ ਨਾਰ ਜਿਨ੍ਹਾਂ ਦੇ,
ਨੌਂ ਨੌਂ ਲੱਖੇ ਹਾਰ ਤਿਨ੍ਹਾਂ ਦੇ,
ਓੜਕ ਰਾਜੇ ਸਣੇ ਰਾਣੀਆਂ,
ਹਾਰ ਸ਼ਿੰਗਾਰ ਵਿਸਾਰ ਗਏ ।
ਸਬਜ਼ ਨਵਾਰੀ ਪਲੰਘ ਕਸਾਵਨ,
ਮਾਲੀ ਸੁੰਦਰ ਫੁੱਲ ਬਿਛਾਵਨ,
ਅਤਰ ਫੁਲੇਲ ਸਰਹਾਣੇ ਧਰ ਕੇ,
ਮੌਤ ਵਿਸਾਰ ਹੰਕਾਰ ਗਏ ।
ਲਸ਼ਕਰ ਫ਼ੌਜਾਂ ਮਾਲ ਖ਼ਜ਼ਾਨੇ,
ਤੋਪ ਜੰਬੂਰੇ, ਨੌਬਤ ਖ਼ਾਨੇ,
ਚੰਨ ਚਿਰਾਗ਼, ਜਿਨ੍ਹਾਂ ਦੇ ਰੌਸ਼ਨ,
ਵਸਤੀ ਛਡ ਉਜਾੜ ਗਏ ।
ਈਸ਼ਰ ਦਾਸਾ ਸਣੇ ਗ਼ੁਲਾਮਾਂ,
ਨਿਉਂ ਨਿਉਂ ਰਾਜੇ ਕਰਨ ਸਲਾਮਾਂ,
ਗੋਰਾਂ ਅੰਦਰਿ ਜਾਏ ਸਮਾਣੇ,
ਅੰਤ ਕਾਲ ਨੂੰ ਹਾਰ ਗਏ ।
2. ਗੋਬਿੰਦ ਨਾਮ ਗੋਪਾਲ ਹਰੀ ਹਰਿ
ਗੋਬਿੰਦ ਨਾਮ ਗੋਪਾਲ ਹਰੀ ਹਰਿ,
ਕਈ ਬਾਰ ਅਜ਼ਮਾਇਆ ਸੀ ।
ਰਾਮ ਨਾਮ ਦਾ ਸਿਮਰਨ ਕਰ ਕੇ,
ਤਤਾ ਤਾਉ ਬੁਝਾਇਆ ਸੀ ।
ਸਤਿਗੁਰ ਸਵਾਮੀ ਨਿਰਭਉ ਕੀਨੋ,
ਦੀਨ ਦਯਾਲ ਡਰਾਇਆ ਸੀ ।
ਜਿਸ ਦੀ ਖ਼ਾਤਰ ਪੈਦਾ ਕੀਤੋ,
ਸੋ ਤੈਂ ਕਿਉਂ ਬਿਸਰਾਇਆ ਸੀ ।
ਸੌਂ ਤੈਂ ਕੌਲ ਕਰਾਰ ਬਿਸਾਰੇ,
ਕਾਲਖ ਦਾਗ਼ ਲਗਾਇਆ ਸੀ ।
ਜਿਸ ਨੇ ਪੈਦ ਨ ਪੈਦੋਂ ਕਰਕੇ,
ਬੂੰਦੋਂ ਬੁਰਜ ਬਨਾਇਆ ਸੀ ।
ਲਾਲਾਂ ਦਾ ਵਣਜਾਰਾ ਬਣ ਕੇ,
ਕਲਰ ਲਦਿ ਚਲਾਇਆ ਸੀ ।
ਜਨਮ ਜਨਮ ਦਾ ਰੋਗੀ,ਕਦੀ
ਸਤਿਗੁਰੂ ਜਾਇ ਛੁਡਾਇਆ ਸੀ ।
ਈਸ਼ਰ ਦਾਸਾ ਬੰਦ ਖਲਾਸੀ ਹੋਈ,
ਲਖ ਲਖ ਸ਼ੁਕਰ ਮਨਾਇਆ ਸੀ ।
3. ਉਸ ਵਕਤ ਤੇਰਾ ਕੋਈ ਨਾ ਵਾਲੀ
ਉਸ ਵਕਤ ਤੇਰਾ ਕੋਈ ਨਾ ਵਾਲੀ,
ਜਦ ਤੂੰ ਖਰਾ ਨਿਤਾਣਾ ਸੀ ।
ਸਿਰ ਤਲਵਾਯਾ ਕਰ ਲਟਕਾਯਾ,
ਕੂੰਜ ਵਾਂਗ ਕੁਰਲਾਣਾ ਸੀ ।
ਰੋਗ ਦੁਖਾਂ ਦੀ ਖਾਣੀ ਅੰਦਰ,
ਨਰਕ ਭੋਗ ਪਛਤਾਣਾ ਸੀ ।
ਜਿਥੇ ਗੰਦ ਗੁਬਰ ਕਰਾਰਾ,
ਤੇਰਾ ਤਹਾਂ ਸਰਹਾਣਾ ਸੀ ।
ਮਾਤ ਗਰਭ ਦੀ ਫਾਹੀ ਵਿੱਚੋਂ,
ਛੁਟਣ ਨੂੰ ਪਛਤਾਣਾ ਸੀ ।
ਬੰਦਖ਼ਲਾਸੀ ਕਰਨੇ ਵਾਲਾ,
ਕੌਣ ਕੋਈ ਜਰਵਾਣਾ ਸੀ ।
ਸਤਿਗੁਰ ਜਾਹਿ ਸਹਾਇਤਾ ਕੀਤੀ,
ਪੌਣ ਰੂਪ ਦਾ ਬਾਣਾ ਸੀ ।
ਭੀੜੇ ਨਰਕ ਨਿਹਾਇਤਾ ਤੰਗੀ,
ਵਾਂਗ ਯਤੀਮ ਨਿਮਾਨਾ ਸੀ ।
ਪਰ-ਉਪਕਾਰੀ ਸਤਿਗੁਰ ਹੋਏ,
ਜਗਤ ਜਿਥੋਂ ਵਰਸਾਨਾ ਸੀ ।
ਈਸ਼ਰ ਦਾਸਾ ਸਤਿਗੁਰ ਬਾਝੋਂ,
ਤੇਰਾ ਕੌਨ ਟਿਕਾਨਾ ਸੀ ।
4. ਦਿਲ ਵਿੱਚ ਕੋਟ ਦਲੀਲਾਂ ਕਰ ਕਰ
ਦਿਲ ਵਿੱਚ ਕੋਟ ਦਲੀਲਾਂ ਕਰ ਕਰ,
ਪੱਕੇ ਪੈਰ ਪਸਾਰੇ ਸੀ ।
ਸੁਰਖ਼ ਸੁਨੈਹਰੀ ਕੋਟ ਜਿਨ੍ਹਾਂ ਦੇ,
ਸੀਖੋ ਸੀਖ ਮੁਨਾਰੇ ਸੀ ।
ਓਹਨਾਂ ਅੱਗੇ ਬਡੇ ਸੂਰਮੇ,
ਕਿਸ ਦੇ ਪਾਣੀਹਾਰੇ ਸੀ ।
ਸੂਰਜ ਚੰਦ ਰਸੋਈਏ ਜਿਨ ਕੇ
ਪਾਵਕ ਚੀਰ ਪਖਾਰੇ ਸੀ ।
ਇੰਦਰ ਬਾਗ਼ ਲਗਾਵਣ ਜਿਨਕੇ,
ਸਾਗਰ ਪਾਣੀਹਾਰੇ ਸੀ
ਕੁੰਭ ਕਰਨ ਤੇ ਮੇਘ ਨਾਦ ਨੇ,
ਕਾਲ ਕੈਦ ਕਰ ਡਾਰੇ ਸੀ ।
ਰਾਵਨ ਰੇਤ ਰਲੇ ਖਿਨ ਭੀਤਰ,
ਜਿਨਕੇ ਬੰਕ ਦਵਾਰੇ ਸੀ ।
ਕੇਸੋਂ ਕੰਸ ਜਿਮੀਂ ਪਟਕਾਏ,
ਅਰਸ਼ੋਂ ਕਾਲ ਉਲਾਰੇ ਸੀ ।
ਹਰਨ ਕਸ਼ਪਿ ਹਰਨਾਕਸ਼ ਮਾਰੇ,
ਲੈ ਵਰ ਮਰਨ ਵਸਾਰੇ ਸੀ ।
ਬਲੀ ਬਲ ਦੁਰਯੋਧਨ ਮਾਰੇ,
ਜੀਵਨ ਆਸ ਜੁਗ ਚਾਰੇ ਸੀ ।
ਰੋਂਦੇ ਗਏ ਮੁਸਾਫ਼ਰ ਬਨ ਬਨ,
ਜਿਨ ਜਿਨ ਪੈਰ ਪਸਾਰੇ ਸੀ ।
ਈਸ਼ਰ ਦਾਸਾ ਕਾਲ ਬਲੀ ਨੇ,
ਬਲੀ ਭਸਮ ਕਰ ਡਾਰੇ ਸੀ ।
5. ਸਤਰਾਂ ਦੇ ਵਿੱਚ ਬੈਠੀਆਂ ਰਾਣੀਆਂ
ਸਤਰਾਂ ਦੇ ਵਿੱਚ ਬੈਠੀਆਂ ਰਾਣੀਆਂ,
ਮਾਂਗ ਸੰਧੂਰ ਸਵਾਰਦੀਆਂ ।
ਕੋਇਲਾਂ ਵਾਂਗਰ ਕੰਠ ਜਿਨ੍ਹਾਂ ਦੇ,
ਸੁੰਦਰ ਸੁਖ਼ਨ ਉਚਾਰਦੀਆਂ ।
ਚੰਦ ਸਮਾਨ ਸਰੀਰ ਜਿਨ੍ਹਾਂ ਦੇ,
ਜ਼ੇਵਰ ਪਾਇ ਸ਼ਿੰਗਾਰਦੀਆਂ ।
ਨੌ ਨੌ ਲੱਖ ਜਿਨ੍ਹਾਂ ਦੀ ਕੀਮਤ,
ਗਲ ਵਿੱਚ ਲੜੀਆਂ ਹਾਰ ਦੀਆਂ ।
ਹੀਰੇ ਮੋਤੀ ਲਾਲ ਜਵਾਹਰ,
ਹਾਸੇ ਉੱਤੋਂ ਵਾਰਦੀਆਂ ।
ਲਾਖ ਚਰਿੱਤਰ ਯਾਦ ਜਿਨ੍ਹਾਂ ਦੇ,
ਗੱਲੀਂ ਕੋਟ ਉਸਾਰਦੀਆਂ ।
ਕਰਨ ਕਲੋਲ ਕਬੂਤਰ ਵਾਂਗੂੰ,
ਸਿਰ ਤੋਂ ਮੌਤ ਵਿਸਾਰਦੀਆਂ ।
ਈਸ਼ਰ ਦਾਸਾ ਨੈਕ ਰਕਾਨਾਂ,
ਕਦੇ ਨ ਮਰਨ ਚਿਤਾਰਦੀਆਂ ।
(ਨੈਕ=ਬਹੁਤ)
6. ਉਠ ਕੁੜੇ ਦਿਨ ਵਡਾ ਚੜ੍ਹਿਆ
ਉਠ ਕੁੜੇ ਦਿਨ ਵਡਾ ਚੜ੍ਹਿਆ,
ਪੰਧ ਪਏ ਸਿਰ ਦੂਰਾਂ ਦੇ ।
ਤੇਰੀ ਖ਼ਾਤਰ ਕਈ ਮੁਸਾਫ਼ਰ,
ਅਟਕੇ ਨਾਲ ਅਧੂਰਾਂ ਦੇ ।
ਪੰਧ ਪਈ ਪਛਤਾਵਣ ਲੱਗੀ,
ਤੁਰਦੀ ਨਾਲ ਲਹੂਰਾਂ ਦੇ ।
ਛੁਟ ਗਏ ਓਹ ਰਾਜ ਦੁਆਰੇ,
ਹੋਈ ਵਾਂਗ ਮਜ਼ਦੂਰਾਂ ਦੇ ।
ਓਹ ਦਿਨ ਯਾਦ ਕਰੇ ਬਹਿ ਰੋਵੇ,
ਮੌਤ ਨਿਮਾਣੀ ਘੂਰਾਂ ਦੇ ।
ਦੋਜ਼ਖ਼ ਭਾਂਬੜ ਦੂਰੋਂ ਦਿਸਦੇ,
ਤਪਦੇ ਵਾਂਗ ਤੰਦੂਰਾਂ ਦੇ ।
ਕਾਲ ਕਲੰਦਰ ਗਲ ਵਿੱਚ ਪਾਏ,
ਪੁਠੇ ਪੇਚ ਜੰਬੂਰਾਂ ਦੇ ।
ਧਰਮ ਰਾਇ ਦਾ ਲੇਖਾ ਦੇਣਾ,
ਦਫ਼ਤਰ ਖ਼ਾਸ ਹਜ਼ੂਰਾਂ ਦੇ ।
ਨਰਕ ਅਠਾਰਾਂ ਭੋਗ ਪਰਾਣੀ,
ਮਿਲੇ ਇਨਾਮ ਗਰੂਰਾਂ ਦੇ ।
ਅੰਧਾ ਬੋਲ ਸੁਣੇ ਨ ਦੇਖੇ,
ਮੰਗਲ ਪਰੀਆਂ ਹੂਰਾਂ ਦੇ ।
ਅਕੋਂ ਚਕੋਂ ਮੁਸ਼ਕ ਨਾ ਆਵਨ,
ਅਤਰ ਗੁਲਾਬ ਕਪੂਰਾਂ ਦੇ ।
ਅਰਿੰਡ ਬੀਜ ਕੇ ਈਸ਼ਰ ਦਾਸਾ,
ਮੇਵੇ ਕਹਾਂ ਖਜੂਰਾਂ ਦੇ ।
7. ਜਗੋਂ ਖੱਟ ਮੁਸਾਫ਼ਰ ਤੁਰਦਾ
ਜਗੋਂ ਖੱਟ ਮੁਸਾਫ਼ਰ ਤੁਰਦਾ,
ਮਾਨਸ ਨਾਉਂ ਧਰਾਯਾ ਮੁਰਦਾ,
ਵਸਤੀ ਛਡ ਉਜਾੜੀਂ ਆਇਆ,
ਗੋਰੀਂ ਆਸਨ ਲਾਇਆ ਤੈਂ ।
ਧਰਮ ਰਾਜ ਨੇ ਬਹੁਤ ਬਗੋਯਾ,
ਰੋਜ਼ ਨਾਮ ਹਾਜ਼ਰ ਨਹੀਂ ਹੋਯਾ,
ਚਿਤ੍ਰ ਗੁਪਤ ਦਫ਼ਤਰ ਨੂੰ ਦੇਖਨ,
ਕਹਿਨ ਕੁਕਰਮ ਕਮਾਇਆ ਤੈਂ ।
ਲੋਭੀ ਹੋਇ ਫਿਰੇ ਹਲਕਾਯਾ,
ਸਾਧ ਸੰਗ ਵਾਸਾ ਨਹੀਂ ਪਾਯਾ,
ਕਿਉਂ ਰੇ ਬਉਰੇ ਜਨਮ ਗਵਾਯਾ,
ਕਾਲਖ ਦਾਗ਼ ਲਵਾਯਾ ਤੈਂ ।
ਜਿਸ ਸਾਈਂ ਨੇ ਪੈਦਾ ਕੀਤਾ,
ਤਿਸ ਦਾ ਨਾਮ ਨਾ ਸੁਣਿਆ ਲੀਤਾ,
ਬੈਠ ਕੁਸੰਗਤ ਕਰਮ ਹੀਨ,
ਕਰ ਚੋਰੀ ਸ਼ੁਕਰ ਮਨਾਇਆ ਤੈਂ ।
ਕਾਜ ਬਿਗਾੜ ਪਿਛੋਂ ਪਛਤਾਵੇਂ,
ਬੀਜੇਂ ਅੱਕ ਅੰਬ ਕਿਥੋਂ ਖਾਵੇਂ,
ਈਸ਼ਰ ਦਾਸਾ ਕੌਡੀ ਬਦਲੇ,
ਲਾਲ ਅਮੋਲ ਗਵਾਯਾ ਤੈਂ ।
8. ਉਠ ਮੁਸਾਫ਼ਰ ਤੁਰਿਆ ਖ਼ਾਲੀ
ਉਠ ਮੁਸਾਫ਼ਰ ਤੁਰਿਆ ਖ਼ਾਲੀ,
ਖ਼ਰਚ ਨਹੀਂ ਪਰਦੇਸਾਂ ਦੇ ।
ਬੈਠ ਸਿੰਘਾਸਨ ਹੁਕਮ ਚਲਾਵੇ,
ਉਪਰ ਔਰ ਨਰੇਸ਼ਾਂ ਦੇ ।
ਸਾਰੀ ਉਮਰ ਖਟਦਿਆਂ ਗੁਜ਼ਰੀ,
ਖ਼ਾਲੀ ਹਥ ਬਲੇਖਾਂ ਦੇ ।
ਜਾਣ ਲਗੇ ਤੇ ਲਾਹਕੇ ਧਰ ਲਏ,
ਲੀੜੇ ਦੂਰ ਦਰੇਸ਼ਾਂ ਦੇ ।
ਧੱਕੇ ਦੇ ਕੇ ਖਰੇ ਪਿਆਰੇ,
ਕੱਢਨ ਨਾਲ ਕਲੇਸ਼ਾਂ ਦੇ ।
ਏਕ ਸਾਸ ਬਿਨ ਰੇਤੇ ਰਲ ਗਿਆ,
ਕੇਹੇ ਗੁਮਾਨ ਵਰੇਸਾਂ ਦੇ ।
ਤੋੜ ਤੜਾਗੀ ਨੰਗਾ ਕੀਤਾ,
ਬਨਿਆਂ ਵਾਂਗ ਮਲੇਸਾਂ ਦੇ ।
ਰੋਜ਼ ਜਿਨ੍ਹਾਂ ਦੀ ਮਰਨੀ ਮਰਦਾ,
ਬਣੇ ਬਦੇਸ ਹਮੇਸ਼ਾਂ ਦੇ ।
ਜੋਬਨ ਰੂਪ ਇਥਾਈਂ ਧਰ ਗਿਆ,
ਬਣਿਆਂ ਵਾਂਗ ਸਰੇਸਾਂ ਦੇ ।
ਈਸ਼ਰ ਦਾਸਾ ਐਥੇ ਧਰ ਗਿਆ,
ਕੋਇਲੇ ਕਰ ਕੇ ਕੇਸਾਂ ਦੇ ।
9. ਸੋਹਣੀ ਰੋਜ਼ ਨਦੀ ਤਰ ਜਾਵੇ
ਸੋਹਣੀ ਰੋਜ਼ ਨਦੀ ਤਰ ਜਾਵੇ,
ਨੈਨ ਮਿਲੇ ਤਰਸਾਂਦੇ ਨਾ ।
ਆਸ਼ਕ ਲੋਕ ਮਸ਼ੂਕਾਂ ਤਾਈਂ,
ਸਿਦਕ ਬਿਨਾਂ ਅਜ਼ਮਾਂਦੇ ਨਾ ।
ਰੋਜ਼ ਹਮੇਸ਼ਾਂ ਸਰ ਪਰ ਜਾਨਾ,
ਜ਼ਾਲਮ ਲੋਕ ਜਰਾਂਦੇ ਨਾ ।
ਮਾਘ ਮਹੀਨੇ ਠਾਠਾਂ ਦੇਂਦੇ,
ਅੰਤ ਸ਼ੁਮਾਰ ਸਰਾਂ ਦੇ ਨਾ ।
ਰਾਤ ਅੰਨ੍ਹੇਰੀ ਕੱਕਰ ਕੜਕਨ,
ਬੱਦਲ ਪੌਨ ਠਰਾਂਦੇ ਨਾ ।
ਕੱਚਾ ਘੜਾ ਕੁਮੌਤ ਕਬੂਲੀ,
ਉਡ ਗਈ ਜਾਨਵਰਾਂ ਦੇ ਨਾ ।
ਏਹੋ ਹਾਲ ਸਸੀ ਤਨ ਗੁਜ਼ਰੇ,
ਹੇਤ(ਹੋਤ) ਪਿਆਰ ਘਰਾਂ ਦੇ ਨਾ ।
ਜੇਠ ਮਹੀਨੇ ਸਿਖਰ ਦੁਪਹਿਰੇ,
ਪਹੁੰਚੀ ਮਜ਼ਲ ਘਰਾਂ ਦੇ ਨਾ ।
ਨੰਗੇ ਪੈਰ ਪਰੀ ਦੀ ਸੂਰਤ,
ਖੁਲ੍ਹੇ ਕੇਸ ਪਰਾਂਦੇ ਨਾ ।
ਸਿਦਕੋਂ ਹੀਨੇ ਦੋਹੀਂ ਜਹਾਨੀ,
ਮੁਰਸ਼ਦ ਤੇ ਤਰਸਾਂਦੇ ਨਾ ।
ਈਸ਼ਰ ਦਾਸਾ ਲੋਕ ਲਾਜ ਤੇ
ਆਸ਼ਕ ਜੋ ਸ਼ਰਮਾਂਦੇ ਨਾ ।
10. ਚਲੋ ਸਈਯੋ ਰਲ ਦੇਖਨ ਚਲੀਏ
ਚਲੋ ਸਈਯੋ ਰਲ ਦੇਖਨ ਚਲੀਏ,
ਨੰਦ ਮਹਿਰ ਦਾ ਪਯਾਰਾ ਨੀ ।
ਮਟਕੀ ਫੋੜ ਜਗਾਤਾਂ ਮੰਗਦਾ,
ਲੈਂਦਾ ਰੋਜ਼ ਨਜ਼ਾਰਾ ਨੀ ।
ਜਮਨਾ ਘਾਟ ਚਰਾਵਤ ਗਊਆਂ,
ਸ਼ਯਾਮ ਰੂਪ ਵਨਜਾਰਾ ਨੀ ।
ਜਿਸ ਨੇ ਨਾਦ ਵਜਾਈ ਬੰਸੀ,
ਮੋਹ ਲੀਆ ਜਗ ਸਾਰਾ ਨੀ ।
ਬਿੰਦ੍ਰਾਬਨ ਦੀ ਕੁੰਜ ਗਲੀ ਮੇਂ,
ਗਰਜ ਰਿਹਾ ਘਨ ਕਾਰਾ ਨੀ ।
ਹਰਿ ਹਰਿ ਦੇ ਵਿੱਚ ਰੂਪ ਉਸੀ ਦਾ,
ਜਿਸ ਦਾ ਨੂਰ ਨਿਆਰਾ ਨੀ ।
ਰਲ ਮਿਲੀਓ ਮਨ ਮੋਹਨ ਸ਼ਾਮ ਨੂੰ,
ਅਬ ਹੁਨ ਦਾਉ ਤੁਮਾਰਾ ਨੀ ।
ਵਕਤ ਗਏ ਨੂੰ ਮਰੂ ਝੂਰਦਾ,
ਈਸ਼ਰਦਾਸ ਵਿਚਾਰਾ ਨੀ ।
11. ਹੋਇ ਮੁਰੀਦ ਅਜੁਰਦਾ ਆਜਜ਼
ਹੋਇ ਮੁਰੀਦ ਅਜੁਰਦਾ ਆਜਜ਼ ਆਨ ਪਿਆ ਦਰ ਪੀਰਾਂ ਦੇ
ਜਲਦੀ ਅਗਨ ਨਿਵਾਰਨ ਸਤਿਗੁਰ ਸੀਤਲ ਸਾਂਤਿ ਪੁਸੀਰਾਂ ਦੇ
ਪਾਤਸ਼ਾਹ ਪ੍ਰਮੇਸਰ ਬਣਿਆਂ ਸਤਿਗੁਰ ਨਾਲ ਵਜ਼ੀਰਾਂ ਦੇ
ਸਤਿਗੁਰ ਬਾਝੋਂ ਫਿਰਾਂ ਭਰਮਦਾ ਬਣਿਆਂ ਵਾਂਗ ਫ਼ਕੀਰਾਂ ਦੇ
ਦਰ ਦਰ ਵਾਤ ਨ ਪੁਛਦਾ ਕੋਈ ਫਿਰਦਾ ਵਾਂਗ ਫ਼ਕੀਰਾਂ ਦੇ
ਅਸੀਂ ਗੁਨਾਹੀ ਔਗਨਹਾਰੇ ਗੁਰ ਸਿਰ ਤਾਜ ਅਮੀਰਾਂ ਦੇ
ਸਤ ਸੰਤੋਖ ਚੜ੍ਹਾਕੇ ਫੌਜਾਂ ਦੂਰ ਕਰਨ ਬਲ ਬੀਰਾਂ ਦੇ
ਕਾਮ ਕ੍ਰੋਧ ਨੂੰ ਰੇਤ ਰਲਾਵਣ ਮਾਰ ਨਿਸ਼ਾਨੇ ਤੀਰਾਂ ਦੇ
ਨਾਮ ਬਿਹੂਣੇ ਸਤਿਗੁਰ ਬਾਝੋਂ ਕਹੇ ਗੁਮਾਨ ਸਰੀਰਾਂ ਦੇ
ਤਾਰਾਮੀਰਾ ਸਾਗ ਬੀਜ ਕੇ ਸਵਾਦ ਭਾਲਦਾ ਖੀਰਾਂ ਦੇ
ਜੀਉ ਲੋਚਦਾ ਅੰਬ ਖਾਣ ਨੂੰ ਬੂਟੇ ਬੀਜ ਕਰੀਰਾਂ ਦੇ
ਅੱਕ ਬੀਜ ਕੇ ਮੰਗੇ ਮੂਰਖ ਗੁੱਛੇ ਲਾਲ ਹਜੀਰਾਂ ਦੇ
ਭਸਮ ਨਸੀਬ ਭਾਗ ਵਿਚ ਕੋਇਲੇ ਚਾਹੇ ਸਵਾਦ ਪਨੀਰਾਂ ਦੇ
ਅਰਿੰਡ ਬੀਜ ਕੇ ਮੇਵੇ ਮੰਗਦਾ ਕਾਬਲ ਤੇ ਕਸ਼ਮੀਰਾਂ ਦੇ
ਈਸ਼ਰ ਦਾਸਾ ਦੇਖ ਤਮਾਸ਼ਾ ਵਹਿਣ ਅਪੁਠੇ ਨੀਰਾਂ ਦੇ
12. ਲਦਿ ਚਲਿਆ ਵਣਜਾਰਾ ਠਾਕੁਰ
ਲਦਿ ਚਲਿਆ ਵਣਜਾਰਾ ਠਾਕੁਰ ਠੀਕਰ ਦੇ ਗਿਆ ਬੇਲੀ ਨੂੰ
ਨਾ ਜਾ ਵੇ ਮੈਂ ਵਾਰੀ ਸਦਕੇ ਮੁੜ ਕੇ ਸਾਂਭ ਹਵੇਲੀ ਨੂੰ
ਗੀਤ ਗਾਉਂਦੀਆਂ ਸੱਯਾਂ ਗੱਯਾਂ ਵਿਦਿਆ ਕਰਨ ਸਹੇਲੀ ਨੂੰ
ਚਿਖਾ ਚਾੜ੍ਹਕੇ ਫੂਕ ਦਿੱਤੋ ਨੇ ਲਾਲ ਚੰਦਨ ਦੀ ਗੇਲੀ ਨੂੰ
ਲੈ ਜਮੁ ਲਾੜਾ ਵਿਦਿਆ ਹੋਇਆ ਸੁੰਦਰ ਨਾਰ ਨਵੇਲੀ ਨੂੰ
ਈਸ਼ਰ ਦਾਸਾ ਕੌਣ ਕਿਸੇ ਦਾ ਦੁਖੜੇ ਜਾਨ ਅਕੇਲੀ ਨੂੰ
(ਸੱਯਾਂ ਗੱਯਾਂ=ਸਈਆਂ ਗਈਆਂ)
13. ਆਇ ਜਮਾਂ ਨੇ ਘੇਰ ਲਿਆ ਜਦ
ਆਇ ਜਮਾਂ ਨੇ ਘੇਰ ਲਿਆ ਜਦ ਭੇਦ ਨ ਮਿਲਿਆ ਘਰ ਦੇ ਨੂੰ
ਲੱਖ ਸਿਆਣਿਆਂ ਬੈਦਾਂ ਹੁੰਦਿਆਂ ਬੰਨ੍ਹ ਚਲਾਇਆ ਬਰਦੇ ਨੂੰ
ਕਾਲ ਅਚਾਨਕ ਮਾਰ ਲਿਆ ਹੁਣ ਸਰ ਵਿਚ ਬਗਲੇ ਤਰਦੇ ਨੂੰ
ਮਾਉਂ ਕਹੇ ਹੁਣ ਕੌਨ ਛੁਡਾਵੇ ਬਾਲਕ ਤਰਲੇ ਭਰਦੇ ਨੂੰ
ਹੀਰਿਆ ਹਰਨਾ ਮੌਤ ਮਾਰ ਗਈ ਹਰੀ ਅੰਗੂਰੀ ਚਰਦੇ ਨੂੰ
ਖਾਲੀ ਹੱਥੀਂ ਤੋਰ ਦਿੱਤਾ ਨੇ ਬਹੁਤਾ ਪਿਟ ਪਿਟ ਮਰਦੇ ਨੂੰ ।
ਨਾਰਿ ਨਿਮਾਣੀ ਰੋ ਰੋ ਆਖੇ ਛੋਡ ਚਲਿਆ ਅਨਸਰਦੇ ਨੂੰ
ਕਾਲ ਗੁਲੇਲਾ ਮਾਰ ਲਿਆ ਵੇ ਘਰ ਵਿਚ ਐਸ਼ਾਂ ਕਰਦੇ ਨੂੰ
ਕੋਈ ਜਾਕੇ ਮੋੜ ਲਿਆਵੇ ਮਾਲਕ ਸਾਰੀ ਜ਼ਰ ਦੇ ਨੂੰ
ਈਸ਼ਰ ਦਾਸਾ ਵਰਜ ਰਹੀ ਮੈਂ ਚੀਜ਼ ਪਰਾਈ ਹਰਦੇ ਨੂੰ
14. ਦੇਹ ਨਿਮਾਣੀ ਆਜਜ਼ ਹੋਕੇ
ਦੇਹ ਨਿਮਾਣੀ ਆਜਜ਼ ਹੋਕੇ ਆਖ ਰਹੀ ਬਲਿਹਾਰੀ ਮੈਂ
ਮੈਨੂੰ ਛੋਡ ਨਾ ਜਾਈਂ ਕਿਧਰੇ ਤੇਰੇ ਬਾਝ ਨਿਕਾਰੀ ਮੈਂ
ਸੁਣ ਵੇ ਕੰਤਾ ਬਹੁ ਗੁਣਵੰਤਾ ਅਰਜ਼ ਕਰਾਂ ਇਕ ਨਾਰੀ ਮੈਂ
ਜਿੱਕਰ ਰੰਗ ਮਜੀਠਾਂ ਅੰਦਰ ਤੈਥੋਂ ਨਹੀਂ ਨਿਆਰੀ ਮੈਂ
ਕੇਹੜੇ ਐਬ ਨਿਕਰਮਣ ਅੰਦਰ ਤੈਂ ਕਿਉਂ ਮਨੋਂ ਵਿਸਾਰੀ ਮੈਂ
ਤੇਰੇ ਬਾਝੋਂ ਕੰਤ ਪਿਆਰਿਆ ਕੰਨਿਆਂ ਬਾਲ ਕੁਆਰੀ ਮੈਂ
ਤੇਰੇ ਹੁੰਦੇ ਜੀਉਣ ਜੋਗਿਆ ਮੋਹੀ ਖ਼ਲਕਤ ਸਾਰੀ ਮੈਂ
ਧਰਮੀ ਰਾਜ ਤੁਹਾਡੇ ਅੰਦਰ ਭੋਗ ਲਈ ਸਰਦਾਰੀ ਮੈਂ
ਲਾਲਚ ਲਾਡ ਹੁਲਾਸੇ ਤੇਰੇ ਫਿਰਦੀ ਹਾਰ ਸਿੰਗਾਰੀ ਮੈਂ
ਸਿਰਾਂ ਧੜਾਂ ਦੀ ਬਾਜ਼ੀ ਲਾਕੇ ਜਿੱਤ ਗਯਾ ਤੂੰ ਹਾਰੀ ਮੈਂ
ਈਸ਼ਰ ਦਾਸਾ ਕੰਤ ਵਿਹੂਣੀ ਛੁੱਟੜ ਹੋਈ ਨਾਰੀ ਮੈਂ
15. ਮੌਤ ਬੇਦਰਦਣ ਅੰਦਰ ਵੜ ਗਈ
ਮੌਤ ਬੇਦਰਦਣ ਅੰਦਰ ਵੜ ਗਈ ਅਣੀਆਂ ਪਕੜ ਕਟਾਰ ਦੀਆਂ
ਕਾਲ ਅਚਾਨਕ ਆਣ ਦਿੱਤੀਆਂ ਖਬਰਾਂ ਧੁਰ ਦਰਬਾਰ ਦੀਆਂ
ਇਹ ਲੈ ਰਾਣੀ ਵਾਚ ਚਿੱਠੀਆਂ ਲਿਖੀਆਂ ਪਰਵਦਗਾਰ ਦੀਆਂ
ਸੁਨਦੀ ਸੀ ਮੈਂ ਰੋਜ਼ ਭਾਵੀਆਂ ਨਾ ਟਲੀਆਂ ਕਰਤਾਰ ਦੀਆਂ
ਕਾਲ ਬਲੀ ਸਿਰ ਆਨ ਝੁਕਾਈਆਂ ਘੜੀਆਂ ਧੁੰਧੂਕਾਰ ਦੀਆਂ
ਲਗੀ ਮੌਤ ਮਰੋੜੇ ਮਾਰਨ ਕੋਮਲ ਬਦਨ ਸਹਾਰ ਦੀਆਂ
ਮਾਰੋ ਮਾਰ ਕਰੇਂਦੀ ਜ਼ਾਲਮ ਘੂਰਾਂ ਦੇ ਤਲਵਾਰ ਦੀਆਂ
ਮੱਲੋ ਮੱਲੀ ਤੋੜ ਲਚੱਲੀ ਤੂੰ ਵੇਲਾਂ ਗੁਲਜ਼ਾਰ ਦੀਆਂ
ਮਹਿਲਾਂ ਵਿਚੋਂ ਦੀਵੇ ਹੋ ਗਏ ਰਾਤੀ ਗ਼ਜ਼ਬ ਗੁਜ਼ਾਰ ਦੀਆਂ
ਈਸ਼ਰ ਦਾਸਾ ਕਿੱਧਰ ਗਈਆਂ ਕੂੰਜਾਂ ਧੌਲੀ ਧਾਰ ਦੀਆਂ
16. ਮੌਤ ਕਹੇ ਕਿਉਂ ਝੇੜੇ ਕਰਦੀ
ਮੌਤ ਕਹੇ ਕਿਉਂ ਝੇੜੇ ਕਰਦੀ ਗੱਲਾਂ ਕਰ ਤੁਰ ਜਾਣ ਦੀਆਂ
ਤੈਂ ਜੇਹੀਆਂ ਮੈਂ ਕਈ ਰਕਾਨਾਂ ਲਈਆਂ ਛੇਜਾਂ ਮਾਣ ਦੀਆਂ
ਸੁੰਦਰ ਰੂਪ ਅਪਾਰ ਜਿਨ੍ਹਾਂ ਦੇ ਸੱਈਆਂ ਇਕੋ ਹਾਣ ਦੀਆਂ
ਸੂਰਜ ਨਾਲ ਪਿਆਰ ਜਿਨ੍ਹਾਂ ਦੇ ਸਤੀਆਂ ਸਾਂਗ ਮਸਾਣ ਦੀਆਂ
ਤੇਰੇ ਨਾਲੋਂ ਚਤਰ ਬਾਂਦੀਆਂ ਕਈ ਚਰਿੱਤਰ ਜਾਣ ਦੀਆਂ
ਅਕਲ ਸ਼ਊਰ ਗੁਣਾਂ ਵਿਚ ਪੂਰਣ ਦੁੱਧੋਂ ਪਾਣੀ ਛਾਣ ਦੀਆਂ
ਹੰਸ ਕਬੂਤਰ ਮੋਰਾਂ ਨੂੰ ਉਹ ਝਾਤੀ ਪਾ ਪਾ ਰਾਣ ਦੀਆਂ
ਆਸ਼ਕ ਹੋਣ ਜਾਨਵਰ ਸਾਰੇ ਐਸੀ ਫਾਹੀ ਤਾਣ ਦੀਆਂ
ਇਕ ਦਿਨ ਆਣ ਪਵਾਈਆਂ ਓਨੀਂ ਮਹਿਲੀਂ ਕੂਕਾਂ ਕਾਣ ਦੀਆਂ
ਨੰਗੀਂ ਪੈਰੀਂ ਬੰਨ੍ਹ ਚਲਾਈਆਂ ਘੋੜੇ ਫ਼ੀਲ ਪਲਾਣ ਦੀਆਂ
ਜਾਂਦੀ ਵਾਰਾਂ ਯਾਦ ਕਰਦੀਆਂ ਖ਼ੁਸ਼ੀਆਂ ਪਹਿਨਣ ਖਾਣ ਦੀਆਂ
ਈਸ਼ਰ ਦਾਸਾ ਕੌਣ ਸਹਾਰੇ ਚੋਟਾਂ ਮੇਰੇ ਬਾਣ ਦੀਆਂ
17. ਪੰਖੀ ਭੌਰ ਉਡਾਰੀ ਲੈ ਗਿਆ
ਪੰਖੀ ਭੌਰ ਉਡਾਰੀ ਲੈ ਗਿਆ ਡੇਰੇ ਸੁੰਨ ਮਸਾਨ ਕਰੇ
ਆਗੇ ਭੌਜਲ ਭਾਰੀ ਆਏ ਗੁਰ ਬਿਨ ਕੈਸੇ ਪਾਰ ਪਰੇ
ਕਾਲੇ ਨਾਗ ਸੁਕਾਟੇ ਮਾਰਨ ਓਸ ਨਦੀ ਦੇ ਤੀਰ ਖਰੇ
ਪਰਬਤ ਰੁੜ੍ਹਦੇ ਰੋਂਦੇ ਜਾਂਦੇ ਪਾਪੀ ਕੇਹੜੇ ਯਤਨ ਕਰੇ
ਔਖੀ ਘਾਟੀ ਮੁਸ਼ਕਲ ਪੈਂਡਾ ਅੱਗੇ ਕਦਮ ਨ ਮੂਲ ਧਰੇ
ਗੁਰਜ ਗੁਲੇਲ ਕਮਾਨ ਬੰਦੂਕਾਂ ਦੇਖ ਜਮਾਂ ਦਾ ਤੇਜ ਡਰੇ
ਲੋਹੇ ਵਾਂਗ ਤਪਾਵਨ ਦੇਹੀ ਦੁਖ ਪਰਾਨੀ ਬਹੁਤ ਭਰੇ
ਦੀਨਾ ਨਾਥ ਦਯਾਲ ਹਰੀ ਬਿਨ ਐਸੇ ਸੰਕਟ ਕੌਨ ਹਰੇ
ਈਸ਼ਰ ਦਾਸਾ ਸਤਿਗੁਰ ਬਾਝੋਂ ਪਾਪੀ ਮੰਦੀ ਮੌਤ ਮਰੇ
18. ਰੇ ਮਨ ਪਾਪੀ ਵਰਜ ਰਿਹਾ ਮੈਂ
ਰੇ ਮਨ ਪਾਪੀ ਵਰਜ ਰਿਹਾ ਮੈਂ ਸਿਮਰ ਸਦਾ ਸੁਖਦਾਈ ਨੂੰ
ਜੇਹਾ ਕਰਸੇਂ ਤੇਹਾ ਪਾਵੇਂ ਦੋਸ ਨ ਬਾਬਲ ਮਾਈ ਨੂੰ
ਨਾਨਕ ਦਾਦਕ ਸਾਜਨ ਸਾਦਿਕ ਕਿਹਾ ਨਿਹੋਰਾ ਭਾਈ ਨੂੰ
ਕਦੇ ਨ ਦਰਦ ਬੇਦਰਦਾਂ ਅੰਦਰ ਮਾਰਨ ਜਾਨ ਪਰਾਈ ਨੂੰ
ਤਰਦੀ ਐਸਾਂ ਕਰਦੀ ਸੀ ਹੁਣ ਮਾਰ ਲਿਆ ਮੁਰਗਾਈ ਨੂੰ
ਅੱਚਾਂ ਚੇਤ ਅਚਾਨਕ ਅਰਸ਼ੋਂ ਬਾਜ਼ ਪਏ ਘਰ ਆਈ ਨੂੰ
ਪੇਸ਼ ਜਮਾਂ ਦੇ ਪਿਆ ਪਰਾਨੀ ਛਡਕੇ ਧਰੀ ਧਰਾਈ ਨੂੰ
ਈਸ਼ਰ ਦਾਸਾ ਤਰਸ ਨ ਆਵੇ ਜ਼ਾਲਮ ਕਾਲ ਕਸਾਈ ਨੂੰ