Sabbhe Rang Gulal : Khushveer Kaur Dhillon
ਸੱਭੇ ਰੰਗ ਗੁਲਾਲ : ਖੁਸ਼ਵੀਰ ਕੌਰ ਢਿੱਲੋਂ
ਦਿਲ ਦੀ ਤਿਤਲੀ
ਸੋਹਣੇ ਦੀ ਮੈਂ ਨਜ਼ਰ ਉਤਾਰਾਂ ਨੈਣਾਂ ਵਾਲਾ ਕਜਲਾ ਵਾਰਾਂ ਮੱਥੇ ਲੱਗੀ ਬਿੰਦੜੀ ਵਰਗਾ ਸੋਹਣਾ ਏ ਮੇਰੀ ਜਿੰਦੜੀ ਵਰਗਾ। ਧਿਆਨ ਸਮਾਧੀ ਲਾ ਕੇ ਮਿਲ਼ਦਾ ਸੌ ਮੰਨਤਾਂ ਕਰਵਾ ਕੇ ਮਿਲ਼ਦਾ ਦਿਲ ਦੀ ਤਿਤਲੀ ਨਾਚ ਕਰੇਂਦੀ ਜਦ ਵੀ ਮਾਹੀਆ ਆ ਕੇ ਮਿਲ਼ਦਾ ਤਿਥ-ਵਾਰ ਸਭ ਭੁੱਲ ਜਾਂਦੇ ਆਂ ਇਤਰਾਂ ਵਾਂਗਰ ਡੁੱਲ੍ਹ ਜਾਂਦੇ ਆਂ ਉਹ ਹੱਸ ਕੇ ਸਾਡਾ, ਨਾਂਅ ਲੈ ਲੈਦੇ ਅਸੀਂ ਹੀਰਿਆਂ ਮੁੱਲ ਜਾਂਦੇ ਆਂ। ਤੇਰੇ ਹਾਸੇ ਜੀਕਣ ਗਹਿਣੇ ਰੂਹ ਤੇ ਸਜਦੇ ਫਬਦੇ ਰਹਿਣੇ ਤੇਰੇ ਰੰਗ ਵਿੱਚ ਝੂਮ ਬੋਲੀਏ ਬਿਸਮਿੱਲਾ! ਵਾਹ-ਵਾਹ ਕਿਆ ਕਹਿਣੇ।
ਧੀ ਦੀ ਲੋਰੀ
ਰੰਗਾਂ ਦੀ ਸੰਦੂਕੜੀ 'ਚੋਂ ਸੱਤ ਰੰਗ ਚੁਣ ਕੇ ਕਿਰਨਾਂ ਦੇ ਧਾਗਿਆਂ 'ਚ ਪਾਣੀਆਂ ਨੂੰ ਬੁਣ ਕੇ ਉਨਾ ਕੁ ਹਵਾਵਾਂ 'ਚ ਸਮੇਟ ਸੋਹਣੀਏ ਜਿੰਨਾ-ਜਿੰਨਾ ਆਵੇ ਤੈਨੂੰ ਮੇਚ ਸੋਹਣੀਏ ਲਾਉਂਦੀ ਆਂ ਸ਼ਿੰਗਾਰ ਤੇਰੇ ਨੀ ਰਾਣੀਏ ਜੁਗ-ਜੁਗ ਜੀਵੇਂ ਮੇਰੀ ਧੀ ਰਾਣੀਏ ਲੋਰੀਆਂ 'ਚ ਦੇਵਾਂ ਤੈਨੂੰ ਕੀ ਰਾਣੀਏ। ਚਰਖੇ ਤੇ ਕੱਤਦੀ ਆਂ ਰੀਝਾਂ ਦੇ ਗਲੋਟੜੇ ਬਾਤਾਂ ਸੁਣਾ ਤੇਰੀਆਂ ਤੇ ਤੰਦ ਪਾਵਾਂ ਛੋਟੜੇ ਮਾਵਾਂ ਧੀਆਂ ਵਾਲ਼ਾ ਕੋਈ ਗੀਤ ਛੇੜ ਲੈਂਦੀ ਆਂ ਧੀਏ ਸੁੰਦਰੀਏ ਨੀ ਪ੍ਰੀਤ ਛੇੜ ਲੈਂਦੀ ਆਂ ਤੇਰਿਆਂ ਸਾਹਾਂ 'ਚ ਲਵਾਂ ਜੀਅ ਰਾਣੀਏ ਜੁਗ-ਜੁਗ ਜੀਵੇਂ ਮੇਰੀ ਧੀ ਰਾਣੀਏ ਲੋਰੀਆਂ 'ਚ ਦੇਵਾਂ ਤੈਨੂੰ ਕੀ ਰਾਣੀਏ। ਚਾਨਣ ਸਵੇਰਿਆਂ ਦਾ ਬੁੱਕ ਵਿੱਚ ਭਰਦੀ ਆਂ ਦੀਵਿਆਂ ਨੂੰ ਰਾਤ ਦੇ ਬਨੇਰਿਆਂ ਤੇ ਧਰਦੀ ਆਂ ਤਾਰਿਆਂ ਨੂੰ ਚੰਨੋ ਤੇਰੇ ਮੱਥੇ ਤੇ ਸਜਾਉਂਦੀ ਆਂ ਰੁੱਤਾਂ ਨੂੰ ਬੁਲਾ ਕੇ ਤੇਰੇ ਬੂਹੇ 'ਚ ਬਿਠਾਉਂਦੀ ਆਂ ਦਰਦਾਂ ਨੂੰ ਲਵਾਂ ਤੇਰੇ ਪੀ ਰਾਣੀਏ ਜੁਗ ਜੁਗ ਜੀਵੇਂ ਮੇਰੀ... ਧੀ ਰਾਣੀਏ ਲੋਰੀਆਂ 'ਚ ਦੇਵਾਂ ਤੈਨੂੰ ਕੀ ਰਾਣੀਏ।
ਚੰਨ ਦੀ ਲੋਰੀ
ਵਾਅ ਚੰਨ ਵੇ ਤੂੰ ਆ ਚੰਨ ਵੇ ਦੇਵਾਂ ਲੋਰੀਆਂ ਵੇ ਗੁੜ ਰੋੜੀਆਂ ਰਾਤ ਦੇ ਪੰਘੂੜੇ ਵਿੱਚ ਬਾਤਾਂ ਗੂੜ੍ਹੀਆਂ... ਇੱਕ ਬਾਤ ਤੇਰੇ ਕੋਲ਼ ਰਾਜੇ ਦੀ ਪਾਉਂਦੀ ਆਂ ਸੋਨੇ ਦੇ ਮਹਿਲਾਂ ਵਿੱਚ ਤੈਨੂੰ ਵੇ ਖਿਡਾਉਂਦੀ ਆਂ ਮਲਮਲ ਦਾ ਕੁੜਤਾ ਤੇ ਗਲ਼ 'ਚ ਜੰਜੀਰੀਆਂ ਖੰਭੀਆਂ ਦੀ ਕਲਗ਼ੀ ਤੂੰ ਲਾ ਚੰਨ ਵੇ ਵਾਅ... ਚੰਨ ਵੇ ਤੂੰ ਆ ਚੰਨ ਵੇ ਦੂਜੀ ਬਾਤ ਤੇਰੇ ਕੋਲ਼ ਜੰਗਲਾਂ ਦੀ ਪਾਉਂਦੀ ਆਂ ਘੁੱਗੂ-ਘੋੜੇ ਹਾਥੀਆਂ 'ਤੇ ਝੂਟੇ ਮੈਂ ਦਵਾਉਂਦੀ ਆਂ ਰੁੱਖਾਂ ਦੇ ਦੁੱਖ-ਸੁੱਖ ਤੇ ਫੁੱਲਾਂ ਦੇ ਗੀਤ ਕੋਈ ਕਲੀਆਂ ਦਾ ਹਾਰ ਬਣਾ ਚੰਨ ਵੇ। ਵਾਅ... ਚੰਨ ਵੇ ਤੂੰ ਆ ਚੰਨ ਵੇ ਤੀਜੀ ਬਾਤ ਤੇਰੇ ਕੋਲ਼ ਅੰਬਰਾਂ ਦੀ ਪਾਉਂਦੀ ਆਂ ਸਤਰੰਗੀ ਪੀਂਘ ਤੇਰੇ ਲਈ ਵੇ ਚੜ੍ਹਾਉਂਦੀ ਆਂ ਨੀਲੇ-ਨੀਲੇ ਬੱਦਲਾਂ ਦੇ ਨਿੱਘੇ-ਨਿੱਘੇ ਪਾਣੀਆਂ ਦਾ ਭਰ ਕੋਈ ਬੁੱਕ ਪਿਆ ਚੰਨ ਵੇ ਵਾਅ... ਚੰਨ ਵੇ, ਤੂੰ ਆ ਚੰਨ ਵੇ।
ਉਮਰ ਗੁਲਾਬੀ
ਨੀਲੇ-ਨੀਲੇ ਅੰਬਰਾਂ ਉੱਤੇ ਪੀਂਘੜੀਆਂ ਸਤਰੰਗੀ ਜੀ ਝੂਟੇ ਮਾਟੇ ਲੈਂਦੀ ਅੱਜ ਇਹ ਸੂਰਜੜੇ ਤੋਂ ਸੰਗੀ ਜੀ ਨਾਲ ਬਰੋਟੇ ਗੱਲਾਂ ਕਰਦੀ ਸੁਰਖ-ਉਨਾਭੀ ਹੋ ਗਈ ਪਾਈਏ ਪਾਉਂਦੀ, ਤੁਰਨ ਸਿਖਾਉਂਦੀ ਉਮਰ ਗੁਲਾਬੀ ਹੋ ਗਈ... ਇਸ ਉਮਰ ਨੇ ਮਹਿਕਣ ਲਾਇਆ ਸਾਰਾ ਚਾਰ ਚੁਫ਼ੇਰਾ ਇਸ ਉਮਰ ਦਾ ਵਕਫ਼ਾ ਥੋੜ੍ਹਾ ਬਾਹਲਾ ਵੱਡਾ ਘੇਰਾ ਇੰਝ ਹੈ ਮਹਿਕੀ, ਇਹ ‘ਚੁੱਪ-ਕੀਤੀ’ ਰਾਤ-ਰਾਣੀ ਜਿਉਂ ਘੋਲ਼ ਕੇ ਪੀਤੀ ਅੱਡੀ ਮਾਰੇ, ਧਰਤ ਹਿਲਾਵੇ ਤੋਰ ਸ਼ਬਾਬੀ ਹੋ ਗਈ ਪਾਈਏ ਪਾਉਂਦੀ, ਤੁਰਨ ਸਿਖਾਉਂਦੀ ਉਮਰ ਗ਼ੁਲਾਬੀ ਹੋ ਗਈ... ਇਸ ਉਮਰ ਵਿੱਚ ਇਸ਼ਕ ਕਮਾਇਆ ਹੱਡਾਂ ਨਾਲ ਹੀ ਜਾਵੇ ਇਸ ਉਮਰ ਦੇ ਸਾਰੀ ਜ਼ਿੰਦਗੀ ਨਹੀਂ ਢਲਦੇ ਪਰਛਾਵੇਂ ਇੰਝ ਮਘੇ, ਜਿਉਂ ਸੂਰਜ ਮਘਦਾ ਇੰਝ ਜਗੇ, ਜਿਉਂ ਦੀਵਾ ਜਗਦਾ ਮੁਕਟ ਪਹਿਨ ਕੇ ਵਸਲਾਂ ਵਾਲਾ ਅਜ਼ਬ ਖ਼ਿਤਾਬੀ ਹੋ ਗਈ ਪਾਈਏ ਪਾਉਂਦੀ, ਤੁਰਨ ਸਿਖਾਉਂਦੀ ਉਮਰ ਗ਼ੁਲਾਬੀ ਹੋ ਗਈ...।
ਬੁੱਧ ਨੂੰ
ਕੈ ਜਨਮਾਂ ਦੀ ਭੁੱਖ ਸੀ ਕੈ ਜਨਮਾਂ ਦੀ ਤੇਹ ਮਨ ਦੀ ਪੌੜੀ ਚੜ੍ਹ ਗਿਓਂ ਪਿੱਛੇ ਛੱਡੀ ਦੇਹ। ਕਿਹੜੇ ਵੇਲ਼ੇ ਟੁੱਟਿਆ ਮੋਹ ਦਾ ਮਿੱਠਾ ਜਾਲ ਕਿੰਝ ਮਨ ਖਾਲੀ ਹੋ ਗਿਆ ਪੈਦਾ ਹੋਏ ਸਵਾਲ। ਵੇਖਾਂ ਕਿਹੜੇ ਕੋਣ ਤੋਂ ਕਿੰਝ ਮੈਂ ਧਰਾਂ ਧਿਆਨ ਮਹਿਲਾਂ ਨੂੰ ਠੋਕਰ ਮਾਰਦਾ ਅਵੱਲਾ ਜਿਹਾ ਗਿਆਨ। ਕਦ ਤੋਂ ਝੂਠ ਪਛਾਣਿਆ ਸੱਚ ਦੀ ਕੀਤੀ ਖੋਜ ਜੰਗਲ਼ ਬੇਲੇ ਟੋਲ਼ਦਾ ਭਾਉਂਦਾ ਸੀ ਹਰ ਰੋਜ਼। ਤੇਰੇ ਜਿਹੇ ਫ਼ਕੀਰ ਜੋ ਚੁਣਦੇ ਟੇਢੇ ਰਾਹ ਸੱਚ ਦੇ ਬਿਖਰੇ ਕਿਣਕੇ ਝੋਲੀ ਦੇ ਵਿੱਚ ਪਾ।
ਇੱਕ ਹੋਰ ਪੂਣੀ
ਉਮਰਾਂ ਦਾ ਧਾਗਾ ਤੇ ਰੰਗਲਾ ਏ ਚਰਖਾ ਰੰਗਾਂ ਦੀ ਮਹਿਫ਼ਲ 'ਤੇ ਚੇਤਰ ਦੀ ਵਰਖਾ ਪਲ-ਪਲ ਇਹ ਮਹਿਕੇ, ਜਿਉਂ ਚੰਦਨ ਦੀ ਧੂਣੀ ਮੈਂ ਸਹਿਜੇ ਜਿਹੇ ਕੱਤ ਲਈ, ਨੀ ਇੱਕ ਹੋਰ ਪੂਣੀ ਮੈਂ ਸਹਿਜੇ ਜਿਹੇ ਕੱਤਾਂ, ਤੇ ਸਹਿਜੇ ਹੀ ਗਾਵਾਂ ਮੋਹ ਭਿੱਜੜੇ, ਤੰਦ ਰੱਤੜੇ ਪਾਵਾਂ ਬਾਵਰੀ ਹੀਰ ਜਿਉਂ ਰਾਂਝੇ ਵਿਹੂਣੀ ਮੈਂ ਸਹਿਜੇ ਜਿਹੇ ਕੱਤ ਲਈ, ਨੀ ਇੱਕ ਹੋਰ ਪੂਣੀ ਰੰਗਲੀਆਂ ਪੂਣੀਆਂ, ਛਿਕੁੜਾ ਭਰਿਆ ਇਸ਼ਕ ਤ੍ਰਿੰਞਣ ਨੇ ਜਾਦੂ ਕਰਿਆ ਭਰ-ਭਰ ਮੈਂ ਛਲਕੀ, ਪਰ ਹਾਲੇ ਵੀ ਊਣੀ ਮੈਂ ਸਹਿਜੇ ਜਿਹੇ ਕੱਤ ਲਈ, ਨੀ ਇੱਕ ਹੋਰ ਪੂਣੀ ਰਾਤ ਰੰਗੇ ਨੈਣਾਂ 'ਚ, ਸੁਪਨੇ ਹਜ਼ਾਰਾਂ ਨਜ਼ਰਾਂ ਤੋਂ ਰੱਤੜੀਆਂ ਮਿਰਚਾਂ ਵਾਰਾਂ ਰਹਿਮਤ ਦੀ ਕਿਣ-ਮਿਣ ਚੋਂ ਹੋਈ ਜਾਵਾਂ ਦੂਣੀ ਮੈਂ ਸਹਿਜੇ ਜਿਹੇ ਕੱਤ ਲਈ, ਨੀ ਇੱਕ ਹੋਰ ਪੂਣੀ।
ਸੱਭੇ ਰੰਗ ਗੁਲਾਲ
ਤੇਰੀ ਏਨੀ ਚੁੱਪ ਵੇ ਅੜਿਆ ਅੰਦਰ ਏਨੀ ਧੁੱਪ ਵੇ ਅੜਿਆ ਕੁਝ ਕੁ ਛਿੱਟੜੇ ਬਾਰਿਸ਼ ਕਰਦੇ ਰੂਹ ਮੇਰੀ ਸ਼ਾਹ ਵਾਰਿਸ ਕਰਦੇ ਇਸ਼ਕ 'ਚ ਸੋਨਾ-ਸੋਨਾ ਹੋ ਜਾਹ ਨਜ਼ਰ ਮੇਰੀ ਨੂੰ ਪਾਰਸ ਕਰਦੇ। ਬਿਰਖ-ਬਰੋਟੇ ਖਿੜਨ ਬਹਾਰਾਂ ਕਮਲੀਆਂ ਹੋਈਆਂ ਫਿਰਨ ਬਹਾਰਾਂ ਰੂਹ ਵਿੱਚ ਕਿੰਨਾ ਸੇਕ ਵੇ ਅੜਿਆ ਪੌਣਾਂ ਦੇ ਨਾ ਮੇਚ ਵੇ ਅੜਿਆ ਹਿਜ਼ਰ 'ਚ ਭਖਦੀ ਜਿੰਦੜੀ ਮੇਰੀ ਰੋਹੀਆਂ ਨੂੰ ਇਹ ਭੇਤ ਵੇ ਅੜਿਆ ਮਿੱਠੜਾ-ਮਿੱਠੜਾ ਜਾਪ ਚੜ੍ਹੇ ਜੀ ਮੱਠੜਾ-ਮੱਠੜਾ ਤਾਪ ਚੜ੍ਹੇ ਜੀ ਜ਼ਹਿਰਾਂ ਵਾਲ਼ੀ, ਕਹਿਰਾਂ ਵਾਲ਼ੀ ਕੰਬਦੀ ਕੋਈ ਰਾਤ ਚੜ੍ਹੇ ਜੀ ਤਲੀ 'ਤੇ ਰੱਖ ਕੇ ਸੂਰਜ ਟੇਕਾਂ ਤਾਂ ਕਿਧਰੇ ਪ੍ਰਭਾਤ ਚੜ੍ਹੇ ਜੀ ਵੇ ਵਣਜਾਰਿਆ ਵਣਜ ਕਰਨ ਦੇਹ ਤੜਪ ਦਾ ਕੌੜਾ ਘੁੱਟ ਭਰਨ ਦੇਹ ਬਿਰਹੋਂ ਮੰਦੜੇ ਹਾਲ ਨੇ ਕੀਤੇ ਸੱਭੇ ਰੰਗ ਗੁਲਾਲ ਨੇ ਕੀਤੇ ਤਸਬੀ ਵਰਗੀ ਜਿੰਦ ਹੋਈ ਏ ਫੱਕਰਾਂ ਜਿਹੇ ਖ਼ਿਆਲ ਨੇ ਕੀਤੇ। ਛਮ-ਛਮ ਵਰ੍ਹ ਜਾਹ, ਜਲ-ਥਲ ਕਰ ਜਾਹ ਪੂਰਾ ਡੁੱਲ੍ਹ ਜਾਹ, ਪੂਰਾ ਭਰ ਜਾਹ ਜੇ ਤੇਰੀ ਨਹੀਂ, ਫਿਰ ਮੇਰੀ ਨਹੀਂ ਪਹਿਚਾਣ ਮੇਰੀ, ਲਾਵਾਰਿਸ ਕਰਦੇ ਇਸ਼ਕ ’ਚ ਸੋਨਾ-ਸੋਨਾ ਹੋ ਜਾਹ ਨਜ਼ਰ ਮੇਰੀ ਨੂੰ ਪਾਰਸ ਕਰਦੇ
ਸੂਰਜੜਿਆ
ਵੇ ਅੜਿਆ ਸੂਰਜੜਿਆ ਲੁਕਿਐਂ ਬੱਦਲਾਂ ਦੇ ਕਿਉਂ ਓਹਲੇ ਵੇ ਸਿੱਧਮ ਸਿੱਧੇ ਸੇਧ ਨਿਸ਼ਾਨੇ ਕਾਹਨੂੰ ਪਾਏ ਵਿਚੋਲੇ ਵੇ... ਕਣਕਾਂ ਮੇਰੇ ਰੰਗ ਵਰਗੀਆਂ ਤੇਰੀਆਂ ਆਖ ਸੁਣਾਵਦੀਆਂ... ਪੌਣਾਂ ਤੇਰੇ ਲੈ ਉਲਾਂਭੇ ਮੇਰੇ ਵੱਲੀਂ ਆਂਵਦੀਆਂ... ਟੇਢਾ-ਟੇਢਾ ਫਿਰਦੈਂ ਕਾਹਨੂੰ ਕਿਹੜੀ ਹੋਈ ਕੁਤਾਹੀ ਵੇ ਤੇਰਾ ਕੀ ਮੈਂ ਅੰਬਰ ਖੋਹ ਲਿਆ ਕਾਹਤੋਂ ਪਾਈ ਦੁਹਾਈ ਵੇ... ਪੁਰੇ ਤੋਂ ਪੱਛੋਂ ਫੇਰੇ ਲਾਉਂਦਾ ਗਲ਼ੀਓ-ਗਲ਼ੀ ਸਵੇਰੇ ਲਾਉਂਦਾ ਫਿਰਦਾ ਏਂ ਤੂੰ ਭਟਕੜਿਆ... ਨੂਰ ਤੇਰਾ ਕਿਉਂ ਬਹੁਤਾ ਸੂਹਾ ਕਿਹੜੀ ਰਾਤ ਦਾ ਭੰਨ ਕੇ ਬੂਹਾ ਨਿਖਰਿਆ ਫਿਰਦੈਂ ਮਟਕੜਿਆ-
ਟੱਪੇ
ਕੋਈ ਮੱਛਲੀ ਸਰਾਂ ਲੱਭਦੀ ਉਮਰਾਂ ਦਾ ਪੈਂਡਾ ਗਾਹ ਦੇਵੇ ਤੀਵੀਂ ਆਪਣਾ ਗਰਾਂ ਲੱਭਦੀ। ਜਿੰਦ ਆਪਣੀ ਫ਼ਨਾਹ ਕੀਤੀ ਸੂਲਾਂ ਦੀ ਪੁਸ਼ਾਕ ਪਹਿਨ ਕੇ ਅਸਾਂ ‘ਫੁੱਲਾਂ’ ਨੂੰ ਨਾਂਹ ਕੀਤੀ। ਆਉਣੇ ਕੰਮ ਨੇ ਦੰਦਾਸੇ ਜੀ ‘ਚੁੱਪ' ਘਰੇ ‘ਜੀਭ` ਜੰਮ ਪਈ ਫਿਰੇ ਵੰਡਦੀ ਹਾਸੇ ਜੀ। ਕੋਈ ਜੋੜਾ ਘੁੱਗੀਆਂ ਦਾ ਲੱਗੀ ਵਾਲ਼ੇ ਲੱਖ ਫਿਰਦੇ ਮਜ਼ਾ ਵੱਖਰਾ ਏ ਪੁੱਗੀਆਂ ਦਾ। ਕੋਈ ਦਰਜਨ ਵੰਗਾਂ ਨੇ ਉਹਨੂੰ ਭਰਮਾਂ ਨੇ ਪੱਟਿਆ ਤੇ ਮੈਨੂੰ ਪੱਟ ਲਿਆ ਸੰਗਾਂ ਨੇ।