Saawe Aks : Rajinderjeet

ਸਾਵੇ ਅਕਸ : ਰਾਜਿੰਦਰਜੀਤ



ਆਦਿਕਾ

ਸਹਿਜ ਹੋ ਜਾਓ-ਸੁਣੋ, ਏਨਾ ਨਾ ਘਬਰਾਓ ਤੁਸੀਂ ਆਪਣੀ ਸੰਜੀਦਗੀ ਨੂੰ ਸਾਣ 'ਤੇ ਲਾਓ ਤੁਸੀਂ ਮੇਰਿਓ ਸ਼ਬਦੋ ! ਤੁਹਾਡਾ ਮੰਨਿਆ ਵਕਤਾ ਹਾਂ ਮੈਂ ਮੈਥੋਂ ਪਰ ਸਾਰੇ ਸਿਆਣੇ, ਬੋਲਣੋਂ ਝਕਦਾ ਹਾਂ ਮੈਂ। ਕੀ ਕਹਾਂ ਪਰਵਾਨਿਆਂ ਨੂੰ -ਪੀੜ ਦੀ ਪੈਂਤੀ ਪੜ੍ਹੋ !? ਕੀ ਕਹਾਂ ਫੁੱਲਾਂ ਨੂੰ -ਜਾ ਕੇ ਮਹਿਕ ਦੀ ਮੰਡੀ ਵੜੋ !? ਕੀ ਕਹਾਂ ਮੈਂ ਦਾਨਿਆਂ ਨੂੰ -ਅਰਸ਼ 'ਤੇ ਤਾਰੇ ਜੜੋ !? ਕੀ ਕਹਾਂ ਬਾਜ਼ਾਂ ਨੂੰ- ਜਾ ਕੇ ਪੌਣ ਦੇ ਮੋਢੇ ਚੜ੍ਹੋ !? ਕੀ ਕਹਾਂ ਰੁੱਖਾਂ ਨੂੰ- ਛਾਂਵਾਂ ਦੇਣ ਲਈ ਧੁੱਪੇ ਖੜ੍ਹੋ !? ਕੀ ਕਹਾਂ ਦੀਵਾਨਿਆਂ ਨੂੰ -ਇਸ਼ਕ ਦਾ ਕਲਮਾ ਪੜ੍ਹੋ !? ਕੀ ਕਹਾਂ ਰਾਹੀਆਂ ਨੂੰ - ਮੰਜ਼ਿਲ ਦਾ ਸਹੀ ਰਸਤਾ ਫੜੋ !? ਜੀਹਦੇ ਜੋ ਜ਼ਿੰਮੇ ਹੈ ਆਪੇ ਹੀ ਕਰੇਗਾ ਓਸਨੂੰ ਚੀਜ਼ ਜੋ ਜਿੱਥੋਂ ਦੀ ਹੈ, ਓਥੇ ਧਰੇਗਾ ਓਸਨੂੰ। ਆਪ ਹੀ ਵੇਖੇਗਾ, ਜਿੱਥੇ ਜੋ ਵੀ ਜੀਹਦਾ ਫ਼ਰਜ਼ ਹੈ ਤਾਰ ਕੇ ਛੁੱਟੇਗਾ, ਕਿੱਥੇ ਕੀ ਕਿਸੇ 'ਤੇ ਕਰਜ਼ ਹੈ। ਫੇਰ ਵੀ ਬੇਚੈਨ ਹੋ ਜੇ, ਗੱਲ ਤਾਂ ਕੁਝ ਹੈ ਜ਼ਰੂਰ ਜੇ ਕਿਤੇ ਬਦਰੰਗ ਹੈ ਕੁਝ, ਓਸ ਵਿਚ ਸਭ ਦਾ ਕਸੂਰ। ਇਸ ਤਰ੍ਹਾਂ ਜੇ ਹੈ ਤਾਂ, ਜੋ ਬਣਦਾ ਹੈ ਉਹ ਕਹਿਣਾ ਤੁਸੀਂ ਮੇਰਿਓ ਸ਼ਬਦੋ ! ਕਦੇ ਵੀ ਸਹਿਜ ਨਾ ਰਹਿਣਾ ਤੁਸੀਂ ।।

ਖ਼ੁਦੀ ਨੂੰ ਆਸਰਾ

ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ ਨਦੀ ਉੱਛਲੇ ਬਹੁਤ, ਮੈਂ ਖੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ ਤੂੰ ਹੁਣ ਭੇਜੇਂ ਜਾਂ ਅਗਲੇ ਪਲ, ਤੇਰੀ ਹਉਮੈ ਦੀ ਹੈ ਮਰਜ਼ੀ ਮੈਂ ਕੁੱਲ ਜੰਗਲ ਦਾ ਜਾਣੂੰ ਹੋ ਗਿਆਂ ਬਣਵਾਸ ਤੋਂ ਪਹਿਲਾਂ ਹਰਿਕ ਟੁਕੜੇ 'ਚ ਸੀ ਕੋਈ ਕਸ਼ਿਸ਼, ਕੋਈ ਤੜਪ ਐਸੀ ਮੈਂ ਜੁੜ ਚੁੱਕਿਆ ਸੀ ਖੰਡਿਤ ਹੋਣ ਦੇ ਅਹਿਸਾਸ ਤੋਂ ਪਹਿਲਾਂ ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ ਤੇਰਾ ਜਾਣਾ ਜਿਵੇਂ ਦੁਨੀਆਂ ਦਾ ਸਭ ਤੋਂ ਦਰਦ ਹੈ ਭਾਰਾ ਕੁਝ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ ਬੜਾ ਕੁਝ ਵਕ਼ਤ ਨੇ ਲਿਖਿਆ ਮੇਰੇ ਤਨ 'ਤੇ ਮੇਰੀ ਰੂਹ 'ਤੇ ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ

ਕੁਥਾਏਂ ਵਰ੍ਹਨ ਦਾ

ਕੁਥਾਏਂ ਵਰ੍ਹਨ ਦਾ ਅਹਿਸਾਸ ਵੀ ਹੈ ਥਲਾਂ ਦੀ ਤੇਹ ਨੂੰ ਵੀ ਇਹ ਸਮਝਦੇ ਨੇ ਭਿਉਂ ਕੇ ਤੁਰ ਗਏ ਧਰਤੀ ਦਾ ਮੋਢਾ ਇਹ ਬੱਦਲ ਜੋ ਹੁਣੇ ਰੋ ਕੇ ਹਟੇ ਨੇ ਖ਼ਿਆਲਾਂ ਤੇਰਿਆਂ ਤੱਕ ਆਣ ਪਹੁੰਚਾ ਮੇਰੇ ਅਹਿਸਾਸ ਇਕਦਮ ਜੀ ਪਏ ਨੇ ਜਿਵੇਂ ਜਲ 'ਤੇ ਕੋਈ ਲਿਸ਼ਕੋਰ ਪੈਂਦੀ ਹਵਾ ਆਈ ਤੋਂ ਪੱਤੇ ਧੜਕਦੇ ਨੇ ਮੈਂ ਵਰ੍ਹਿਆਂ ਤੋਂ ਜੋ ਏਥੇ ਹੀ ਖੜ੍ਹਾ ਸਾਂ ਤੇ ਲੰਬੀ ਰਾਤ ਵਿਚ ਕੁਝ ਭਾਲ਼ਦਾ ਸਾਂ ਮੇਰੇ ਸੰਤੋਖ ਦੀ ਭਰਦੇ ਗਵਾਹੀ ਜੋ ਪਰਲੇ ਪਾਰ ਕੁਝ ਦੀਵੇ ਜਗੇ ਨੇ ਇਨ੍ਹਾਂ ਨੂੰ ਤਾਣਿਆ ਲੋਕਾਂ ਨੇ ਪਹਿਲਾਂ ਘਰਾਂ ਵਿਚ, ਕਮਰਿਆਂ ਵਿਚ, ਫਿਰ ਮਨਾਂ ਵਿਚ ਤੇ ਹੁਣ ਉਹ ਖ਼ੁਦ ਨੂੰ ਵੀ ਵੇਖਣ ਤੋਂ ਡਰਦੇ ਇਹ ਪਰਦੇ ਸ਼ੀਸ਼ਿਆਂ ਅੱਗੇ ਤਣੇ ਨੇ ਮੈਂ ਅਪਣੇ ਆਪ ਵਿਚ ਇੱਕ ਬੀਜ ਹੀ ਸਾਂ ਉਹਨਾਂ ਨੇ ਮੇਰੇ ਅੰਦਰ ਬਿਰਖ ਤੱਕਿਆ ਮੈਂ ਉੱਠਾਂ, ਕੁਝ ਕਰਾਂ ਉਗਮਣ ਦਾ ਚਾਰਾ ਉਹ ਸਾਰੇ ਮੇਰੇ ਵੱਲ ਹੀ ਵੇਖਦੇ ਨੇ ਕਹਾਣੀ ਇਹ ਨਹੀਂ - ਪਿਆਸੇ ਨੇ ਸਾਰੇ ਖੜ੍ਹੇ ਜੋ ਵੇਖਦੇ ਮਾਸੂਮ ਬੂਟੇ ਸਿਤਮ ਇਹ ਹੈ ਕਿ ਹਰਿਆਲੀ ਦੀ ਰੁੱਤੇ ਇਹ ਆਪੋ-ਆਪਣੇ ਫੁੱਲ ਚੁਗ ਰਹੇ ਨੇ

ਇਨ੍ਹਾਂ ਪੈੜਾਂ ਦਾ ਰੇਤਾ

ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲ਼ੀ 'ਚ ਭਰ ਲਈਏ ਚਲੋ ਏਸੇ ਬਹਾਨੇ ਵਿੱਸਰਿਆਂ ਨੂੰ ਯਾਦ ਕਰ ਲਈਏ ਉਹ ਅਪਣੀ ਕਹਿਕਸ਼ਾਂ 'ਚੋਂ ਨਿੱਕਲ ਕੇ ਅੱਜ ਬਾਹਰ ਆਇਆ ਹੈ ਛਲੋ ਉਸ ਭਟਕਦੇ ਤਾਰੇ ਦੀ ਚੱਲ ਕੇ ਕੁਝ ਖ਼ਬਰ ਲਈਏ ਉਲੀਕੇ ਖੰਭ ਕਾਗਜ਼ 'ਤੇ, ਦੁਆਲ਼ੇ ਹਾਸ਼ੀਆ ਲਾਵੇ ਕਿਵੇਂ ਵਾਪਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ ਜਿਵੇਂ ਇਕ ਪੌਣ 'ਚੋਂ ਖ਼ੁਸ਼ਬੂ, ਜਿਵੇਂ ਇੱਕ ਨੀਂਦ 'ਚੋਂ ਸੁਪਨਾ ਚਲੋ ਅੱਜ ਦੋਸਤੋ ਇਕ ਦੂਸਰੇ 'ਚੋਂ ਇਉਂ ਗੁਜ਼ਰ ਲਈਏ ਅਸੀਂ ਵੀ ਖ਼ੂਬ ਹਾਂ, ਕਿੱਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਹੀ ਇਤਰਾਜ਼ ਕਰ ਲਈਏ

ਹਜ਼ਾਰ ਲੋਚਿਆ ਜੋ

ਹਜ਼ਾਰ ਲੋਚਿਆ ਜੋ ਉਹ ਨਹੀਂ ਮੈਂ ਕਰ ਸਕਿਆ ਹਮੇਸ਼ਾ ਸਾਹਮਣੇ ਹੈ ਆਈ ਬੇਵਸੀ ਮੇਰੀ ਉਲ਼ਾਂਭਾ ਤਪਦੇ ਥਲਾਂ ਦਾ ਹੈ ਮੈਨੂੰ ਸਿਰ ਮੱਥੇ ਜੇ ਵਰ੍ਹਿਆ ਸਾਗਰਾਂ 'ਤੇ, ਕੀ ਪ੍ਰਾਪਤੀ ਮੇਰੀ ਹਵਾ ਨੇ ਮੈਨੂੰ ਕਦੇ ਵੀ ਨਾ ਸਮਝਿਆ ਗੁਲਸ਼ਨ ਕਲੀ-ਕਲੀ ਮੇਰੀ ਨੇ ਝੱਲਿਆ ਬੇਗਾਨਾਪਣ ਬਦਲਦੇ ਮੌਸਮਾਂ ਤੋਂ ਮੈਨੂੰ ਕੁਝ ਵੀ ਆਸ ਨਹੀਂ ਹੋਏਗੀ ਖ਼ੁਦ ਬਹਾਰ ਬਣ ਕੇ ਵਾਪਸੀ ਮੇਰੀ ਮੈਂ ਵਕ਼ਤ ਹਾਂ, ਮੇਰਾ ਗਿਲਾ ਕਰੋਗੇ ਕਿਸ ਕੋਲ਼ੇ ਮੇਰੇ ਸਿਤਮ ਦੀ ਸ਼ਿਕਾਇਤ ਕਰੋਗੇ ਕਿਸ ਕੋਲ਼ੇ ਹਰੇਕ ਪਲ, ਹਰੇਕ ਦਿਨ, ਹਰਿਕ ਮਹੀਨਾ ਵੀ ਹਰੇਕ ਸਾਲ ਮੇਰਾ ਤੇ ਹਰਿਕ ਸਦੀ ਮੇਰੀ ਹਰੇਕ ਵਾਰ ਹੀ ਮੈਂ ਭੇਖ ਬਦਲ ਆਉਂਦਾ ਹਾਂ ਹਰੇਕ ਵਾਰ ਹੀ ਮੈਂ ਹੁਕਮਰਾਂ ਕਹਾਉਂਦਾ ਹਾਂ ਹਯਾ, ਜਾਂ ਫ਼ਰਜ਼ ਜਾਂ ਈਮਾਨ ਦੇ ਕਿਸੇ ਪਰਦੇ ਹਮੇਸ਼ਾ ਛੁਪ ਕੇ ਰਹੀ ਹੈ ਦਰਿੰਦਗੀ ਮੇਰੀ ਕਦੇ ਵੀ ਨਾਲ਼ ਮੇਰੇ ਇਸ ਤਰ੍ਹਾਂ ਨਾ ਹੋਈ ਸੀ ਕਿਸੇ ਵੀ ਮੋੜ 'ਤੇ ਮੈਥੋਂ ਪਰ੍ਹਾਂ ਨਾ ਹੋਈ ਸੀ ਮੇਰੇ ਖ਼ਾਬੀਦਾ ਪਲਾਂ ਨੂੰ ਤਿਲਾਂਜਲੀ ਦੇ ਕੇ ਕਿਸੇ ਪਰਾਏ ਘਰ ਹੈ ਨੀਂਦ ਸੌਂ ਰਹੀ ਮੇਰੀ

ਤੁਰਨ ਦਾ ਹੌਸਲਾ

ਤੁਰਨ ਦਾ ਹੌਸਲਾ ਤਾਂ ਪੱਥਰਾਂ 'ਤੇ ਪੈਰ ਧਰਦਾ ਹੈ ਬਦਨ ਸ਼ੀਸ਼ੇ ਦਾ ਪਰ ਮੇਰਾ ਅਜੇ ਤਿੜਕਣ ਤੋਂ ਡਰਦਾ ਹੈ ਕਿਤੇ ਕੁਝ ਧੜਕਦਾ ਹੈ ਜ਼ਿੰਦਗੀ ਦੀ ਤਾਲ 'ਤੇ ਹੁਣ ਵੀ ਕਿਤੇ ਕੁਝ ਔੜ ਦੇ ਸੀਨੇ ਦੇ ਉੱਤੇ ਸ਼ਾਂਤ ਵਰ੍ਹਦਾ ਹੈ ਅਜੇ ਤਾਈਂ ਵੀ ਮੇਰੇ ਰਾਮ ਦਾ ਬਣਵਾਸ ਨਾ ਮੁੱਕਿਆ ਮੇਰੇ ਅੰਦਰਲਾ ਰਾਵਣ ਰੋਜ਼ ਹੀ ਸੜਦਾ ਤੇ ਮਰਦਾ ਹੈ ਕਿਸੇ ਵੀ ਘਰ ਦੀਆਂ ਨੀਂਹਾਂ 'ਚ ਉਹ ਤਾਹੀਓਂ ਨਹੀਂ ਲਗਦਾ ਉਹ ਪੱਥਰ ਆਪਣੇ ਹੀ ਸੇਕ ਸੰਗ ਪਿਘਲਣ ਤੋਂ ਡਰਦਾ ਹੈ ਜਦੋਂ ਵੀ ਤੁਰਦਿਆਂ ਅਕਸਰ ਮੈਂ ਠੋਕਰ ਖਾ ਕੇ ਡਿੱਗਦਾ ਹਾਂ ਮੇਰਾ ਆਪਾ ਮੇਰੀ ਨੀਅਤ ਦੇ ਸਿਰ ਇਲਜ਼ਾਮ ਧਰਦਾ ਹੈ ਅਜੇ ਤੱਕ ਵੀ ਇਹਨਾਂ ਦੀ ਹੋਂਦ ਤੇ ਔਕਾਤ ਹੈ ਵੱਖਰੀ ਅਜੇ ਚਾਨਣ ਤੇ ਨ੍ਹੇਰੇ ਵਿੱਚ ਕੋਈ ਬਾਰੀਕ ਪਰਦਾ ਹੈ

ਮਸਾਣਾਂ ਜਾਂ ਮੜ੍ਹੀਆਂ 'ਤੇ

ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲ਼ਾਂਗੇ ਦੀਵੇ ਘਰਾਂ ਦੇ ਕਦੋਂ ਪਰ ਸੰਭਾਲ਼ਾਂਗੇ ਦੀਵੇ ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ ਅਸੀਂ ਵੀ ਘਰਾਂ ਵਿੱਚ ਉਗਾ ਲਾਂਗੇ ਦੀਵੇ ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ ਬੱਸ ਏਦਾਂ ਅਸੀਂ ਵੀ ਕਹਾ ਲਾਂਗੇ ਦੀਵੇ ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇ

ਕੋਰੇ ਵਰਕੇ

ਕੋਰੇ ਵਰਕੇ 'ਵਾ ਵਿਚ ਉੱਡਦੇ ਰਹਿ ਜਾਣੇ ਥਲਾਂ-ਸਮੁੰਦਰਾਂ ਕਿੱਸੇ ਤੇਰੇ ਕਹਿ ਜਾਣੇ ਪੰਛੀ ਆਲ੍ਹਣਿਆਂ ਵਿਚ ਡਰ ਕੇ ਬਹਿ ਜਾਣੇ ਪੌਣਾਂ ਨੇ ਜਦ ਬੋਲ ਕੁਰੱਖਤੇ ਕਹਿ ਜਾਣੇ ਜਿਸ ਦਿਨ ਤੇਰੀ ਨਜ਼ਰ ਸਵੱਲੀ ਹੋਵੇਗੀ ਮੇਰੇ ਵਿਹੜੇ ਚੰਦ ਸਿਤਾਰੇ ਲਹਿ ਜਾਣੇ ਵਹਿਣ ਪਏ ਜੋ ਨੀਰ ਕਦੇ ਵੀ ਮੁੜਦੇ ਨਾ ਕਹਿੰਦੇ-ਕਹਿੰਦੇ ਅਪਣੇ ਵਹਿਣੀਂ ਵਹਿ ਜਾਣੇ ਮੇਰੀ ਬੈਠਕ ਵਿਚ ਜੰਗਲ ਉੱਗ ਆਵੇਗਾ ਜਦ ਯਾਦਾਂ ਦੇ ਪੰਛੀ ਆ ਕੇ ਬਹਿ ਜਾਣੇ

ਕੁਝ ਦਿਨ ਤੋਂ

ਕੁਝ ਦਿਨ ਤੋਂ ਸੂਰਜ ਨਾਲ਼ ਕੁਝ ਵਾਪਰ ਰਿਹਾ ਤਾਂ ਜ਼ਰੂਰ ਹੈ ਖੌਰੇ ਕਿਸ ਸ਼ਹਿਰ 'ਚੋਂ ਹੈ ਗੁਜ਼ਰਿਆ, ਨਾ ਉਹ ਰੌਸ਼ਨੀ ਨਾ ਉਹ ਨੂਰ ਹੈ ਜਦ ਲਾਲੀਆਂ ਨੇ ਹੈ ਟਹਿਕਣਾ, ਜਦ ਨੇਰ੍ਹਿਆਂ ਨੇ ਹੈ ਸਹਿਕਣਾ ਜਦ ਜ਼ਿੰਦਗੀ ਨੇ ਹੈ ਮਹਿਕਣਾ, ਉਹ ਸਵੇਰ ਥੋੜ੍ਹੀ ਕੁ ਦੂਰ ਹੈ ਇਹ ਜੋ ਚਿਹਰਿਆਂ ਦਾ ਹਜੂਮ ਹੈ, ਇੱਕ ਚਿਹਰੇ ਤੋਂ ਮਹਿਰੂਮ ਹੈ ਮੇਰਾ ਖ਼ਾਬ ਸ਼ਾਇਦ ਤੂੰ ਨਹੀਂ, ਮੇਰੀ ਸੋਚਣੀ ਦਾ ਫ਼ਤੂਰ ਹੈ ਤੈਨੂੰ ਸਰਹੱਦਾਂ ਦਾ ਖਿਆਲ ਹੈ, ਸਾਨੂੰ ਇਸ਼ਕ ਧਰਤੀ ਦੇ ਨਾਲ਼ ਹੈ ਤੈਨੂੰ ਮਾਣ ਜੇ ਤੀਰਾਂ 'ਤੇ ਹੈ, ਸਾਨੂੰ ਸੀਨਿਆਂ ਦਾ ਗ਼ਰੂਰ ਹੈ

ਨਵੀਂ ਸਵੇਰ

ਨਵੀਂ ਸਵੇਰ ਦੇ ਮੁਖੜੇ ਜਿਹੀ ਕੋਈ ਮੂਰਤ ਜੋ ਮੇਰੇ ਖ਼ਾਬ 'ਚ ਆਈ, ਬੁਲਾ ਗਈ ਮੈਨੂੰ ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ ਬੱਸ ਏਹੋ ਸਮਝਿਓ, ਸਿਆਹ ਰਾਤ ਖਾ ਗਈ ਮੈਨੂੰ ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ ਕਿ ਅਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ ਉਦਾਸ ਜ਼ਿੰਦਗੀ ਪਿੰਡੇ 'ਤੇ ਚੀਥੜੇ ਪਹਿਨੀ ਬਿਠਾ ਕੇ ਗੋਦ 'ਚ ਏਨਾ ਸਿਖਾ ਗਈ ਮੈਨੂੰ ਮੈਂ ਜਿਸਨੇ ਸ਼ੋਖ਼ ਹਵਾ ਦੀ ਨਾ ਆਰਜ਼ੂ ਵੇਖੀ ਕਦੇ ਵੀ ਧੜਕਣਾਂ ਤੋਂ ਪਾਰ ਦੀ ਨਾ ਜੂਹ ਵੇਖੀ ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ ਉਹ ਚੜ੍ਹ ਕੇ ਆ ਗਈ ਮੇਰੇ ਹੀ ਇੱਕ ਇਸ਼ਾਰੇ 'ਤੇ ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼ ਸਰ੍ਹੇ ਬਜ਼ਾਰ ਮੇਰੀ ਮੈਂ ਹਰਾ ਗਈ ਮੈਨੂੰ ਬੱਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ ਇਹੋ ਖਿਆਲ ਹੀ ਮੇਰੇ ਲਹੂ 'ਚ ਰੰਗ ਭਰੇ ਬਿਗਾਨੀ ਪੀੜ ਨੂੰ ਮੱਥੇ ਸਜਾਉਣ ਸਿੱਖਿਆ ਹਾਂ ਇਹੋ ਹੀ ਟੂੰਮ ਹੈ ਜਿਹੜੀ ਸਜਾ ਗਈ ਮੈਨੂੰ

ਕਿਣਮਿਣੀ

ਕਿਣਮਿਣੀ ਚਾਨਣ ਸੀ ਜਾਂ ਪ੍ਰਭਾਤ ਸੀ ਪਰਦਿਆਂ ਦੇ ਪਾਰ ਦੀ ਇੱਕ ਬਾਤ ਸੀ ਦੂਰ ਤੱਕ ਸਾਂ ਜਗ ਰਿਹਾ 'ਕੱਲਾ ਤਦੇ ਮੇਰੀ ਪੌਣਾਂ ਨਾਲ਼ ਵੀ ਗੱਲਬਾਤ ਸੀ ਕੱਚ ਦਾ ਚਿਹਰਾ ਤੇ ਪੱਥਰ ਦੀ ਜ਼ੁਬਾਨ ਮੇਰਿਆਂ ਗੀਤਾਂ ਨੂੰ ਇੱਕ ਸੌਗ਼ਾਤ ਸੀ ਟੋਏ-ਟਿੱਬੇ ਸਭ ਬਰਾਬਰ ਕਰ ਗਈ ਤੇਰਿਆਂ ਬੋਲਾਂ 'ਚ ਜੋ ਬਰਸਾਤ ਸੀ ਉਹਲਿਆਂ ਤੋਂ ਬਿਨ ਹੀ ਧੁੱਪੇ ਖੜ੍ਹ ਸਕੇ ਛਾਂ ਨਿਮਾਣੀ ਦੀ ਵੀ ਕੀ ਔਕਾਤ ਸੀ ।

ਅਜੇ ਦਰਪੇਸ਼ ਡਰ ਹੈ

ਅਜੇ ਦਰਪੇਸ਼ ਡਰ ਹੈ ਕਾਫ਼ਲੇ ਨੂੰ ਜ਼ਰਾ ਇਹ ਰਾਤ ਕਟ ਜਾਵੇ ਤਾਂ ਜਾਵੀਂ ਸਫ਼ਰ ਦਾ ਨੇਰ੍ਹ ਖ਼ੌਰੇ ਕਦ ਮਿਟੇਗਾ ਜੇ ਮਨ ਦੀ ਧੁੰਦ ਛਟ ਜਾਵੇ ਤਾਂ ਜਾਵੀਂ ਮੈਂ ਮੰਨਦਾ ਹਾਂ ਤੇਰੇ ਸੀਨੇ ਦੇ ਅੰਦਰ ਬੜੀ ਇੱਛਾ ਹੈ ਖ਼ੁਦ ਨੂੰ ਪਾਉਣ ਦੀ, ਪਰ ਇਹ ਜਲ, ਧਰਤੀ, ਹਵਾ, ਆਕਾਸ਼ ਸਭ ਕੁਛ ਤੇਰੇ ਅੰਦਰ ਸਿਮਟ ਜਾਵੇ ਤਾਂ ਜਾਵੀਂ ਜੇ ਚਾਹੁੰਨਾ ਏਂ ਕਿ ਸੁਰ-ਸ਼ਾਲਾ ਦੇ ਅੰਦਰ ਖਿੜੇ ਸਰਗਮ ਨਵੇਂ ਫੁੱਲਾਂ ਦੇ ਵਾਂਗਰ ਜਦੋਂ ਪਹਿਚਾਣ ਤੇਰੇ ਪੋਟਿਆਂ ਦੀ ਸੁਰਾਂ ਦੇ ਨਾਲ਼ ਵਟ ਜਾਵੇ ਤਾਂ ਜਾਵੀਂ

ਅਜਨਮੇ ਕਈ ਗੀਤ

ਅਜਨਮੇ ਕਈ ਗੀਤ ਚਾਹੁੰਦੇ ਨੇ ਆਉਣਾ ਕਿਵੇਂ ਕਲਮ-ਕਾਗਜ਼ ਤੋਂ ਇਨਕਾਰ ਹੋਵੇ ਕਦੇ ਆਪ-ਬੀਤੀ ਕਦੇ ਜੱਗ-ਬੀਤੀ ਸਦਾ ਦਰਦ ਅਪਣਾ ਹੀ ਸਾਕਾਰ ਹੋਵੇ ਚੁਰੱਸਤੇ 'ਚ ਸੁੱਤਾ ਪਿਆ ਇੱਕ ਰਾਹੀ ਖ਼ਬਰ ਕੀ, ਕਿ ਕਿਸ ਤੋਂ ਇਹ ਹੋਈ ਕੁਤਾਹੀ ਕਿ ਚਾਰੇ ਦਿਸ਼ਾਵਾਂ ਹੀ ਨੇ ਗ਼ੈਰ-ਹਾਜ਼ਰ ਕਿਵੇਂ ਨਾ ਸਫ਼ਰ ਫਿਰ ਇਹ ਬੇਕਾਰ ਹੋਵੇ ਚੁਫ਼ੇਰੇ ਚਿਣੇ ਹੋਣ ਸ਼ਬਦਾਂ ਦੇ ਮੋਤੀ ਤੇ ਚਾਨਣ ਖਿਲਾਰੇ ਖ਼ਿਆਲਾਂ ਦੀ ਜੋਤੀ ਸਜਾਵਾਂ ਇਹਨਾਂ ਨੂੰ ਮੈਂ ਇਉਂ ਵਰਕਿਆਂ 'ਤੇ ਜਿਵੇਂ ਸਿਰ ਸਜੀ ਹੋਈ ਦਸਤਾਰ ਹੋਵੇ ਮੈਂ ਰਾਤਾਂ ਨੂੰ ਸੁੱਤੇ ਪੰਖੇਰੂ ਜਗਾਏ ਦੁਪਹਿਰੀਂ ਮਧੋਲ਼ੇ ਦਰੱਖਤਾਂ ਦੇ ਸਾਏ ਇਹ ਸਭ ਕੁਛ ਕਰਾਂ, ਫੇਰ ਵੀ ਮੈਂ ਇਹ ਚਾਹਾਂ- ਮੇਰੀ ਨੀਂਦ 'ਤੇ ਨਾ ਕੋਈ ਭਾਰ ਹੋਵੇ ।

ਸਾਰੇ ਸਾਬਤ ਸਰੂਪ

ਸਾਰੇ ਸਾਬਤ ਸਰੂਪ ਸਾਂਭਣਗੇ ਪਰ ਨਾ ਟੁਕੜੇ ਸੰਭਾਲ਼ਦਾ ਕੋਈ ਜੋਤ ਮੱਥੇ ਦੀ ਸਾਂਭ ਕੇ ਰੱਖੀਂ ਬੁਝ ਗਿਆਂ ਨੂੰ ਨਾ ਬਾਲ਼ਦਾ ਕੋਈ ਮੇਰੇ ਇਸ ਰੰਗਮੰਚ ਦਾ ਯਾਰੋ ਰੋਜ਼ ਪਰਦਾ ਉਠਾਲਦਾ ਕੋਈ ਮੇਰੇ ਨਾਟਕ 'ਚ ਮੇਰਾ ਪਲ ਵੀ ਨਹੀਂ ਆਦਿ, ਆਖ਼ਿਰ, ਵਿਚਾਲ਼ ਦਾ ਕੋਈ ਆਸੇ ਪਾਸੇ ਉਛਲਦੀ ਰਹਿੰਦੀ ਹੈ ਕੋਈ ਫੜਦਾ ਹੈ ਟਾਲ਼ਦਾ ਕੋਈ ਦੇ ਕੇ ਹਰ ਵਾਰ ਇਸਨੂੰ ਰੰਗ ਨਵਾਂ ਇੱਕ ਖਿੱਦੋ ਉਛਾਲ਼ਦਾ ਕੋਈ ਅਪਣਾ ਆਪਾ ਸੰਵਾਰ ਕੇ ਰੱਖਾਂ ਨੀਰ ਮੈਲ਼ਾ ਨਿਤਾਰ ਕੇ ਰੱਖਾਂ ਰੋਜ਼ ਏਧਰ ਦੀ ਲੰਘਦਾ ਜਦ ਵੀ ਮੇਰੇ ਪਾਣੀ ਹੰਘਾਲ਼ਦਾ ਕੋਈ ਸ਼ਾਮ ਸੀਨੇ ਆ ਕੇ ਬਹਿ ਜਾਂਦੀ ਅਪਣਾ ਕਿੱਸਾ ਅਰੋਕ ਕਹਿ ਜਾਂਦੀ ਬੰਦ ਕਰ-ਕਰ ਕੇ ਹੋਸ਼ ਦੇ ਦੀਦੇ ਰੋਜ਼ ਹੋਣੀ ਨੂੰ ਟਾਲ਼ਦਾ ਕੋਈ ਕਿਰਮਚੀ ਏਸ ਦੀ ਕਿਨਾਰੀ ਹੈ ਫੁੱਲ ਵਾਹੇ ਅਨੇਕ ਰੰਗਾਂ ਦੇ ਤੇਰੇ ਚਾਵਾਂ ਦੇ ਨਾਲ਼ ਮਿਲਦਾ ਹੈ ਰੰਗ ਤੇਰੇ ਰੁਮਾਲ ਦਾ ਕੋਈ ਇੱਕ ਵਾਰੀ ਜੋ ਕਦੇ ਵੇਖ ਲਿਆ ਸੱਚ ਹੋਵੇਗਾ ਲਾਜ਼ਮੀ ਇਕ ਦਿਨ ਭਾਵੇਂ ਹੋਵੇ ਸਵੇਰ ਦਾ ਜਾਂ ਫਿਰ ਹੋਵੇ ਸੁਪਨਾ ਤਿਕਾਲ਼ ਦਾ ਕੋਈ ਮੀਲਾਂ ਲੰਬੇ ਨੇ ਮਾਰੂਥਲ ਏਥੇ ਚਾਰ ਬੂੰਦਾਂ ਕੁਝ ਔਕਾਤ ਨਹੀਂ ਮੋਏ-ਗੁੰਮੇ ਨਾ ਪਰਤ ਕੇ ਆਏ ਐਵੇਂ ਦੀਦੇ ਹੈ ਗਾਲ਼ਦਾ ਕੋਈ ਚੀਜ਼ ਜਚਦੀ ਹਰੇਕ ਥਾਂ ਅਪਣੀ ਜਿੱਥੇ ਗੁੰਮੀ ਹੈ ਓਥੋਂ ਲੱਭੇਗੀ ਚੰਦ ਰਿਸ਼ਤੇ ਗੁਆਚੇ ਘਰ ਅੰਦਰ ਫਿਰਦਾ ਸੜਕਾਂ 'ਤੇ ਭਾਲ਼ਦਾ ਕੋਈ ਸ਼ਾਂਤ ਰਹਿੰਦੇ ਤਾਂ ਜ਼ਿੰਦਗੀ ਰਹਿੰਦੀ ਮੌਤ ਨੱਚੇ ਇਨਾਂ੍ਹ ਦੇ ਤਾਂਡਵ 'ਤੇ ਹੈ ਨਾ ਡੱਕਾ ਯਕੀਨ ਅਗਨੀ ਦਾ ਤੇ ਨਾ ਪਾਣੀ ਦੀ ਚਾਲ ਦਾ ਕੋਈ ਥੋੜ੍ਹੀ ਮਿੱਟੀ ਤੇ ਥੋੜ੍ਹਾ ਪਾਣੀ ਹੈ ਨਾਲ਼ ਕੁਝ ਅੱਗ ਵੀ ਸੰਭਾਲ਼ੀ ਹੈ ਅਪਣੇ ਸੀਨੇ ਦੀ ਡੂੰਘੀ ਤਹਿ ਅੰਦਰ ਬੀਜ ਦੀਵੇ ਦਾ ਪਾਲ਼ਦਾ ਕੋਈ ਤੇਰੇ ਨੈਣਾਂ 'ਚ ਤੇਰੇ ਮਸਤਕ ਵਿੱਚ ਤੇ ਤੇਰੇ ਆਸ-ਪਾਸ ਆਈਨੇ ਨੀਝ ਲਾਵੇਂ ਤਾਂ ਤੈਨੂੰ ਦਿਸ ਜਾਵੇ ਤੇਰੇ ਸੁਪਨੇ ਉਧਾਲ਼ਦਾ ਕੋਈ ਨਾ ਤਾਂ ਇਹ ਮਿਲ ਸਕੀ ਕੈਲੰਡਰ 'ਚੋਂ ਨਾ ਹੀ ਯਾਦਾਂ ਦੇ ਕਿਸੇ ਖੰਡਰ 'ਚੋਂ ਪਲਟ ਦਿੰਦਾ ਹੈ ਪੌਣ ਦੇ ਪੰਨੇ ਤੇਰੀ ਤਸਵੀਰ ਭਾਲ਼ਦਾ ਕੋਈ ਜਦ ਤੁਰੇ ਸੀ ਤਾਂ ਮਨ 'ਚ ਨਿਹਚਾ ਸੀ ਨਾਲ਼ੇ ਸੁੱਚੀ ਤੜਪ ਸੀ ਮੰਜ਼ਿਲ ਦੀ ਫੇਰ ਸਭ ਕਾਫਲੇ 'ਚੋਂ ਕਿਰਦੇ ਗਏ ਰੋਕ ਸਕਿਆ ਨਾ ਨਾਲ਼ ਦਾ ਕੋਈ ਛੋਹ ਜਦੋਂ ਮਿਲ ਸਕੀ ਨਾ ਕੇਸਾਂ ਨੂੰ ਨਿੱਘ ਜਦ ਤੁਰ ਗਏ ਬਦੇਸਾਂ ਨੂੰ ਫੇਰ ਪੱਲੇ ਉਨ੍ਹਾਂ ਦੇ ਰਹਿ ਜਾਣਾ ਸਰਦ ਸੁਪਨਾ ਸਿਆਲ਼ ਦਾ ਕੋਈ ਹੱਸਦੇ-ਖੇਡਦੇ ਸਫ਼ਰ 'ਤੇ ਤੁਰੇ ਤੁਰਦਿਆਂ ਰਾਹ 'ਚ ਇੱਕ ਸਰਾਂ ਆਈ ਫਿਰ ਨਾ ਮਿਲਿਆ ਸੁਰਾਗ਼ ਰਾਹੀਆਂ ਦਾ ਤੇ ਨਾ ਰਾਹੀਆਂ ਦੇ ਮਾਲ ਦਾ ਕੋਈ ਕੋਈ ਇੱਛਾ ਜਾਂ ਪਿਆਸ ਹੋਵੇਗੀ ਜਾਂ ਤੇਰੇ ਮਨ ਦੀ ਆਸ ਹੋਵੇਗੀ ਏਥੋਂ-ਓਥੋਂ ਜਵਾਬ ਲੱਭ ਜਾਣੈਂ ਤੈਨੂੰ ਤੇਰੇ ਸਵਾਲ ਦਾ ਕੋਈ ਪੈਰ ਅੱਕੇ ਅਕਾਊ ਰਾਹਵਾਂ ਤੋਂ ਬੋਲ ਥੱਕੇ ਵਿਕਾਊ ਨਾਂਵਾਂ ਤੋਂ ਸੈਆਂ ਰੰਗਾਂ ਦੇ ਭੌਣ 'ਚੋਂ ਹੁਣ ਤਾਂ ਰੰਗ ਉੱਗੇ ਕਮਾਲ ਦਾ ਕੋਈ

ਅਜੇ ਤਾਂ ਜਾ ਰਿਹੈ

ਅਜੇ ਤਾਂ ਜਾ ਰਿਹੈ ਉਹਨਾਂ ਦਿਆਂ ਪਿਤਰਾਂ ਨੂੰ ਪਾਣੀ ਅਜੇ ਮਿਲਿਆ ਨਹੀਂ ਬਾਬਾ ਤੇਰੇ ਖੇਤਾਂ ਨੂੰ ਪਾਣੀ ਜੇ ਬਚਿਆ, ਦੂਰ ਤੱਕ ਸੜਕਾਂ ਨੂੰ ਵੀ ਮੈਂ ਧੋ ਦਿਆਂਗਾ ਅਜੇ ਮੈਂ ਦੇ ਰਿਹਾਂ ਬਿਰਖਾਂ ਦੀਆਂ ਤੇਹਾਂ ਨੂੰ ਪਾਣੀ ਪਰਿੰਦੇ, ਰੌਸ਼ਨੀ, ਧੜਕਣ ਦਾ ਇਸਨੂੰ ਹੇਰਵਾ ਹੈ ਛੁਹਾਓ ਰਾਤ ਦੇ ਸੁੱਕੇ ਹੋਏ ਬੁੱਲ੍ਹਾਂ ਨੂੰ ਪਾਣੀ ਉਹਨਾਂ ਵਿਚ ਤੈਰ ਸਕਦੇ ਨੇ ਕਿਵੇਂ ਰੰਗੀਨ ਸੁਪਨੇ ਕਦੇ ਵੀ ਮਿਲ ਨਹੀਂ ਸਕਿਆ ਜਿਨ੍ਹਾਂ ਅੱਖਾਂ ਨੂੰ ਪਾਣੀ ਅਗੇਰੇ ਜਾ ਰਹੇ ਨੇ ਹੋਰ ਵੀ, ਅੱਜ ਦੇ ਘਨੱਈਏ ਪਿਲਾਉਂਦੇ ਜੰਗ ਦੇ ਮੈਦਾਨ ਵਿੱਚ ਲਾਸ਼ਾਂ ਨੂੰ ਪਾਣੀ ।

ਅਸਾਂ ਕੀ ਦੋਸ਼ ਦੇਣਾ

ਅਸਾਂ ਕੀ ਦੋਸ਼ ਦੇਣਾ ਰਸਤਿਆਂ ਨੂੰ ਸਫ਼ਰ ਸਾਡਾ ਜੇ ਇਉਂ ਬਦਨਾਮ ਹੋਵੇ ਅਜੇ ਨਾ ਆਸ਼ਿਆਨੇ ਦੀ ਜ਼ਰੂਰਤ ਅਜੇ ਤਾਂ ਉੱਡਦਿਆਂ ਨੂੰ ਸ਼ਾਮ ਹੋਵੇ ਸਫ਼ਾ ਅਸਮਾਨ ਦਾ ਖੁੱਲ੍ਹਿਆ ਸੀ ਰਾਤੀਂ ਲਿਖੇ ਚੰਨ ਤਾਰਿਆਂ ਨੇ ਹਰਫ਼ ਸੁਹਣੇ ਉਣੀਂਦੇ ਜਾਪਿਆ ਮੈਨੂੰ, ਇਹ ਸ਼ਾਇਦ ਮੇਰੇ ਹੀ ਵਾਸਤੇ ਪੈਗ਼ਾਮ ਹੋਵੇ ਗ਼ੁਜ਼ਰਦਿਆਂ ਪੋਹਲ਼ੀਆਂ-ਸੂਲ਼ਾਂ ਦੇ ਉੱਤੋਂ ਸਫ਼ਰ ਕੁਝ ਹੋਰ ਵੀ ਆਸਾਨ ਜਾਪੇ ਮੇਰੇ ਸਿਰ 'ਤੇ ਵੀ ਜੇ ਕਈਆਂ ਦੇ ਵਾਂਗੂੰ ਕੁਰਾਹੇ ਪੈਣ ਦਾ ਇਲਜ਼ਾਮ ਹੋਵੇ ਹਰਿਕ ਅਰਪਣ ਦੀ ਨੀਂਹ ਹੈ ਆਦਮੀਅਤ ਤੇ ਹਰ ਕਿੱਸੇ ਦੀ ਹੈ ਏਹੋ ਹਕੀਕਤ ਉਹ ਘਰ ਤੋਂ ਜਾ ਰਿਹਾ ਹੋਵੇ ਜਾਂ ਗੌਤਮ ਅਯੁੱਧਿਆ ਛੱਡ ਰਿਹਾ ਜਾਂ ਰਾਮ ਹੋਵੇ ਉਹ ਡੁੱਬ ਜਾਂਦਾ ਹੈ ਨੀਲੇ ਪਾਣੀਆਂ ਵਿਚ ਸਵੇਰੇ ਜਿਉਂਦਿਆਂ ਹੀ ਪਰਤਦਾ ਹੈ ਤੇ ਮੈਂ ਵੀ ਲੋਚਦਾਂ ਓਵੇਂ ਹੀ ਜੰਮਣਾ ਤੇ ਓਹੋ ਹੀ ਮੇਰਾ ਅੰਜਾਮ ਹੋਵੇ ।

ਮੈਂ ਐਸੇ ਰਾਹ ਤਲਾਸ਼ੇ ਨੇ

ਮੈਂ ਐਸੇ ਰਾਹ ਤਲਾਸ਼ੇ ਨੇ ਜਿਨ੍ਹਾਂ 'ਤੇ ਛਾਂ ਨਹੀਂ ਕੋਈ ਕਿਤੇ ਵੀ ਬੈਠ ਕੇ ਦਮ ਲੈਣ ਜੋਗੀ ਥਾਂ ਨਹੀਂ ਕੋਈ ਬਿਗਾਨੇ ਸ਼ਹਿਰ ਵਿਚ ਖ਼ੁਸ਼ ਰਹਿਣ ਦਾ ਸਾਮਾਨ ਹੈ ਸਾਰਾ ਬਿਠਾ ਕੇ ਗੋਦ ਅੱਥਰੂ ਪੂੰਝਦੀ ਪਰ ਮਾਂ ਨਹੀਂ ਕੋਈ ਲਿਹਾਜ਼ੀ ਆਖਦੇ ਮੈਨੂੰ ਕਿ ਅਪਣੇ ਘਰ ਦੇ ਬੂਹੇ 'ਤੇ ਮੈਂ ਤਖ਼ਤੀ ਤਾਂ ਲਵਾਈ ਹੈ ਪਰ ਉਸ 'ਤੇ ਨਾਂ ਨਹੀਂ ਕੋਈ ਸੁਰਾਹੀ ਸਮਝ ਕੇ ਖ਼ੁਦ ਨੂੰ ਨਦੀ, ਛੋਟਾ ਕਹੇ ਘਰ ਨੂੰ ਤੇ ਹੁਣ ਉਸ ਵਾਸਤੇ ਉਸ ਘਰ ਦੇ ਅੰਦਰ ਥਾਂ ਨਹੀਂ ਕੋਈ ਮੁਸਾਫ਼ਿਰ ਮੰਜ਼ਿਲਾਂ ਦੀ ਥਾਂ ਕਿਵੇਂ ਨਾ ਜਾਣ ਮਕ਼ਤਲ ਨੂੰ ਮਨਾਂ ਵਿਚ ਧੁੱਪ ਹੈ ਪੱਸਰੀ, ਸਿਰਾਂ 'ਤੇ ਛਾਂ ਨਹੀਂ ਕੋਈ ਉਨ੍ਹਾਂ ਨੂੰ ਸ਼ੱਕ ਹੈ ਕਣੀਆਂ ਦੀ ਥਾਂ ਅੰਗਿਆਰ ਬਰਸਣਗੇ ਨਗਰ ਅੰਦਰ ਘਟਾਵਾਂ ਨੂੰ ਬੁਲਾਉਂਦਾ ਤਾਂ ਨਹੀਂ ਕੋਈ

ਕਿੰਨੇ ਹਤਾਸ਼ ਹੋਣਗੇ

ਕਿੰਨੇ ਹਤਾਸ਼ ਹੋਣਗੇ ਉਹ ਮੇਰੇ ਹਾਲ 'ਤੇ ਆਪੇ ਮੈਂ ਫੇਰ ਹੱਸਿਆ ਅਪਣੇ ਖ਼ਿਆਲ 'ਤੇ ਅੱਧਮੋਈ ਹੋ ਕੇ ਰਹਿ ਗਈ ਹੱਥਾਂ ਦੀ ਛੋਹ ਬਿਨਾ ਪਾਈ ਸੀ ਚਾਵਾਂ ਨਾਲ਼ ਜੋ ਘੁੱਗੀ ਰੁਮਾਲ 'ਤੇ ਜਦ ਮੇਰੇ ਜ਼ਿਹਨ ਵਿੱਚ ਵੀ ਸਾਜ਼ਿਸ਼ ਦੀ ਰੇਤ ਸੀ ਮੈਨੂੰ ਵੀ ਸ਼ੱਕ ਸੀ ਉਦੋਂ ਪਾਣੀ ਦੀ ਚਾਲ 'ਤੇ ਉਸ 'ਕੱਲੇ-ਕਾਰੇ ਸ਼ਖ਼ਸ ਦਾ ਮਰਨਾ ਸੀ ਤੈਅਸ਼ੁਦਾ ਕਿੰਨੇ ਕੁ ਵਾਰ ਰੋਕਦਾ ਹੱਥਾਂ ਦੀ ਢਾਲ਼ 'ਤੇ ਨ੍ਹੇਰੇ ਦਾ ਨਾਂ ਲਿਆ ਹੀ ਸੀ ਤਾਰੇ ਚਮਕ ਪਏ ਲੱਖਾਂ ਜਵਾਬ ਆ ਗਏ ਇੱਕੋ ਸਵਾਲ 'ਤੇ ।

ਖ਼ਾਲੀ ਵਰਕੇ

ਖ਼ਾਲੀ ਵਰਕੇ ਚਾਰ-ਚੁਫ਼ੇਰੇ ਕੀਹਨੇ ਵਰਜੇ ਅੱਖਰ ਮੇਰੇ ਆਹ ਚੁੱਕ 'ਤੇ ਪਹਿਨਣ ਦੀ ਕਰ ਤੂੰ ਹੰਢਣ ਜੋਗੇ ਦਰਦ ਬਥੇਰੇ ਤੇਲ ਕਿਸੇ ਭਾਂਬੜ ਸੰਗ ਰਲ਼ਿਆ ਖਾਲੀ ਦੀਵੇ ਰੋਣ ਬਨੇਰੇ ਹਾਸੇ ਤਾਂ ਸਾਰੇ ਹੀ ਨਕਲੀ ਹੰਝੂ ਵੀ ਪਰਖਾਂਗੇ ਤੇਰੇ ਇਸ ਵਾਰੀ ਕੁਝ ਹੋਰ ਬਣਾਓ 'ਕੱਠੇ ਕਰਕੇ ਟੁਕੜੇ ਮੇਰੇ

ਖੌਰੇ ਪਾਂਧੀ ਕਿੰਨਾ ਚਿਰ

ਖੌਰੇ ਪਾਂਧੀ ਕਿੰਨਾ ਚਿਰ ਬਹਿ ਸਕਣ ਇਨ੍ਹਾਂ ਦੀ ਛਾਂਵੇਂ ਪੱਤਝੜ ਪੁੱਛਦੀ ਫਿਰਦੀ ਸੀ ਕੱਲ੍ਹ ਰੁੱਖਾਂ ਦੇ ਸਿਰਨਾਵੇਂ ਮਾਰੂਥਲ ਵਿੱਚ ਧੁੱਪਾਂ ਨੇ ਜਦ ਅਪਣਾ ਜ਼ੋਰ ਵਿਖਾਇਆ ਵੇਖੀਂ ਭੱਜ-ਭੱਜ ਬੈਠਣਗੇ ਉਹ ਇਕ-ਦੂਜੇ ਦੀ ਛਾਂਵੇਂ ਕੀ ਜ਼ਿੰਦਗੀ ਨੂੰ ਲਿਖਣਾ-ਸਿੱਖਣਾ, ਕੀ ਅਰਥਾਂ ਤੱਕ ਜਾਣਾ ਹਾਲੇ ਤੱਕ ਇਹ ਯਾਦ ਨਾ ਹੋਏ ਅੱਖਰ ਚਾਰ ਭੁਲਾਵੇਂ ਗੇਰੂ ਰੰਗੀ ਸ਼ਾਮ ਦਿਆਂ ਰੰਗਾਂ ਤੋਂ ਮੁਨਕਰ ਹੋ ਕੇ ਮਨ ਦੇ ਸੁੰਨੇ ਘਰ ਵਿਚ ਘੁੰਮਦੇ ਰਹਿੰਦੇ ਕੁਝ ਪਰਛਾਵੇਂ ਬੇਮਤਲਬ ਹੈ ਬੇਮੰਜ਼ਿਲ ਰਾਹੀਆਂ ਦੇ ਪਿੱਛੇ ਜਾਣਾ ਫੇਰ ਵੀ ਜ਼ਿਹਨ 'ਚ ਸਾਂਭੀ ਰੱਖੀਂ ਪੈੜਾਂ ਦੇ ਸਿਰਨਾਵੇਂ ।

ਲਿਆ ਜ਼ਰਾ ਕਾਗਜ਼

ਲਿਆ ਜ਼ਰਾ ਕਾਗਜ਼ ਹੁਣੇ ਅਪਣੀ ਵਸੀਅਤ ਲਿਖ ਦਿਆਂ ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖ ਦਿਆਂ ਤੂੰ ਜੇ ਮੇਰੇ ਵਾਸਤੇ ਮੁਸਕਾਉਣ ਦਾ ਵਾਅਦਾ ਕਰੇਂ ਪੇਸ਼ਗੀ ਤੈਨੂੰ ਇਹ ਨਦੀਆਂ, ਪੌਣ, ਪਰਬਤ ਲਿਖ ਦਿਆਂ ਸ਼ਾਮ ਤੀਕਰ ਧੁੱਪ ਦੇ ਸੰਗ ਜੇ ਖੜ੍ਹ ਸਕੋਂ ਜੇ ਦੋਸਤੋ ਉੱਗਦੇ ਸੂਰਜ ਦੇ ਮੱਥੇ 'ਤੇ ਬਗ਼ਾਵਤ ਲਿਖ ਦਿਆਂ ਉਂਜ ਤਾਂ ਮੈਂ ਤੇਰੀਆਂ ਖ਼ੁਸ਼ੀਆਂ ਦਾ ਹੀ ਪੁੱਛਣਾ ਸੀ ਹਾਲ ਜੇ ਕਹੇਂ ਤਾਂ ਆਪਣੇ ਜ਼ਖ਼ਮਾਂ ਦੀ ਹਾਲਤ ਲਿਖ ਦਿਆਂ ਤੂੰ ਹੈਂ ਈਸਾ ਮੈਂ ਨਹੀਂ, ਏਨਾ ਕੁ ਬਸ ਮਨਜ਼ੂਰ ਕਰ ਆ ਤੇਰੀ ਸੂਲ਼ੀ 'ਤੇ ਮੈਂ ਅਪਣੀ ਅਕ਼ੀਦਤ ਲਿਖ ਦਿਆਂ ਸਾਰੀਆਂ ਕੰਧੋਲ਼ੀਆਂ ਦੇ ਨਾਲ਼ ਦੁਖ-ਸੁਖ ਫੋਲ ਕੇ ਮੇਰੇ ਵੱਸ ਹੋਵੇ ਤਾਂ ਹਰ ਚੁੱਲ੍ਹੇ 'ਤੇ ਬਰਕਤ ਲਿਖ ਦਿਆਂ ਆਪਣਾ ਪਿੰਡਾ ਬਚਾਓ, ਛੱਡ ਕੇ ਕਣੀਆਂ ਦਾ ਹੇਜ ਜੀ ਕਰੇ ਮੈਂ ਕੱਚੀਆਂ ਕੰਧਾਂ ਨੂੰ ਇਕ ਖ਼ਤ ਲਿਖ ਦਿਆਂ ਤੂੰ ਅਥਾਹ ਅਸਮਾਨ ਵੱਲ ਰੱਖੀਂ ਜ਼ਰਾ ਨਜ਼ਰਾਂ, ਤੇ ਮੈਂ ਤੇਰੇ ਉੱਗਦੇ ਖੰਭ 'ਤੇ ਉੱਡਣ ਦੀ ਚਾਹਤ ਲਿਖ ਦਿਆਂ ਇਸ ਉਦਾਸੇ ਦੌਰ ਵਿੱਚ ਸਾਥੀ ਬਣਾ, 'ਕੱਲਾ ਨਾ ਰਹਿ ਆ ਤੇਰੇ ਨਾਂ 'ਤੇ ਇਨ੍ਹਾਂ ਗ਼ਜ਼ਲਾਂ ਦੀ ਸੰਗਤ ਲਿਖ ਦਿਆਂ ।

ਬਕਾਇਆ

ਬਕਾਇਆ ਮੇਰੀ ਹਰ ਧੜਕਣ ਦਾ ਮੇਰੇ ਵੱਲ ਨਿੱਕਲਦਾ ਹੈ ਅਜੇ ਤਾਂ ਵਕਤ ਦਾ ਪਹੀਆ ਮੇਰੀ ਛਾਤੀ 'ਤੇ ਚਲਦਾ ਹੈ ਸੁਨਹਿਰੀ ਸਿੱਟਿਆਂ ਨੂੰ ਵੇਖ ਕੇ ਵੀ ਖੁਸ਼ ਨਹੀਂ ਹੋਇਆ ਹੁਣ ਉਸਦੇ ਜ਼ਿਹਨ ਵਿੱਚ ਸੰਸਾ ਸਗੋਂ ਅਗਲੀ ਫ਼ਸਲ ਦਾ ਹੈ ਜ਼ਰਾ ਹੁਸ਼ਿਆਰ ਹੀ ਰਹਿਣਾ, ਇਹ ਫੁੱਲ ਬਣ ਕੇ ਵੀ ਮਿਲ ਸਕਦੈ ਇਹ ਖ਼ੰਜਰ ਵਕਤ ਦਾ ਸੱਚੀਂ ਬੜੇ ਚਿਹਰੇ ਬਦਲਦਾ ਹੈ ਬਲਾਵਾਂ ਨੂੰ, ਹਨੇਰੇ ਨੂੰ ਮੇਰੇ ਬਾਰੇ ਨਾ ਕੁਝ ਪੁੱਛਣਾ ਇਨ੍ਹਾਂ ਸਭਨਾਂ ਦਾ ਮੇਰੇ 'ਤੇ ਅਜੇ ਇਤਰਾਜ਼ ਚੱਲਦਾ ਹੈ ਉਹ ਜਾਂ ਝੱਲਾ ਹੈ ਜਾਂ ਇਨਕਾਰ ਤੇ ਇਕਰਾਰ ਤੋਂ ਉੱਚਾ ਮੇਰੇ ਨਾਂ 'ਤੇ ਉਹ ਇੱਕ ਖਾਲੀ ਲਿਫ਼ਾਫ਼ਾ ਰੋਜ਼ ਘੱਲਦਾ ਹੈ ਇਹ ਮਨ ਹੈ, ਇਸ 'ਚ ਉੱਠਣ ਮੱਸਿਆ ਦੀ ਰਾਤ ਨੂੰ ਛੱਲਾਂ ਤੇ ਨਾਲ਼ੇ ਪੋਹ ਦੀਆਂ ਰਾਤਾਂ ਦੇ ਵਿੱਚ ਲਾਵਾ ਪਿਘਲਦਾ ਹੈ ਹਨੇਰੀ ਰਾਤ ਵਿੱਚ ਰਾਹ ਲੱਭਦਿਆਂ ਉਹ ਹੋ ਗਿਆ ਜ਼ਖ਼ਮੀ ਉਹਨੂੰ ਸ਼ੱਕ ਸੀ ਕਿ ਇੱਕ ਸੂਰਜ ਉਦ੍ਹੇ ਮੱਥੇ 'ਚ ਬਲ਼ਦਾ ਹੈ ।

ਇਹ ਲੋਕ ਵਕਤ ਦਾ

ਇਹ ਲੋਕ ਵਕਤ ਦਾ ਚਿਹਰਾ ਜੇ ਪੜ੍ਹ ਗਏ ਹੁੰਦੇ ਉੱਤਰ ਕੇ ਅਰਸ਼ ਤੋਂ ਸੂਲ਼ੀ 'ਤੇ ਚੜ੍ਹ ਗਏ ਹੁੰਦੇ ਉਨ੍ਹਾਂ ਜੋ ਸੋਚਿਆ ਉਹ ਹੀ ਜੇ ਹੋ ਗਿਆ ਹੁੰਦਾ ਘਰਾਂ ਦੇ ਰੁੱਖ ਵੀ ਮੋੜਾਂ 'ਤੇ ਖੜ੍ਹ ਗਏ ਹੁੰਦੇ ਤੁਸਾਂ ਵਹਾਏ ਜੋ ਹੁੰਦੇ ਜੇ ਅੱਥਰੂ ਸੱਚਮੁੱਚ ਤੁਹਾਡੇ ਰੰਜ ਵੀ ਇਹਨਾਂ 'ਚ ਹੜ੍ਹ ਗਏ ਹੁੰਦੇ ਮੇਰਾ ਸ਼ੁਮਾਰ ਵੀ ਰੁੱਖਾਂ 'ਚ ਹੁੰਦਾ, ਜੇ ਮੇਰੇ ਜ਼ਰਾ ਕੁ ਪੌਣ 'ਚ ਪੱਤੇ ਨਾ ਝੜ ਗਏ ਹੁੰਦੇ ਅਸਾਡੇ ਵਸਲ 'ਚ ਹਿਜਰਾਂ ਦੀ ਮਹਿਕ ਸੀ ਵਰਨਾ ਅਸੀਂ ਤਾਂ ਮਿਲਣ ਤੋਂ ਪਹਿਲਾਂ ਵਿਛੜ ਗਏ ਹੁੰਦੇ

ਅਜੇ ਪੈਰੀਂ ਸਫ਼ਰ

ਅਜੇ ਪੈਰੀਂ ਸਫ਼ਰ ਬੱਝਾ ਰਹਿਣ ਦੇ ਨਾ ਇਸ ਝਾਂਜਰ ਨੂੰ ਕਰ ਤੂੰ ਦੂਰ ਹਾਲੇ ਅਜੇ ਨੱਚਣ ਲਈ ਵਿਹੜਾ ਸਲਾਮਤ ਨਾ ਹੋਏ ਪੈਰ ਥੱਕ ਕੇ ਚੂਰ ਹਾਲੇ ਪਰਿੰਦੇ ਸਾਂਭ ਕੇ ਰੱਖਦੇ ਉਦਾਸੀ ਸਭ ਆਪੋ-ਆਪਣੇ ਪਿੰਜਰੇ ਦੇ ਵਾਸੀ ਇਨ੍ਹਾਂ ਦੇ ਬੋਲ ਵੀ ਚੀਰਨਗੇ 'ਵਾਵਾਂ ਪਿਆ ਨਾ ਅੰਬੀਆਂ ਨੂੰ ਬੂਰ ਹਾਲੇ ਕਦੇ ਲਗਦੈ ਹਨੇਰਾ ਹੋ ਗਿਆ ਹੈ ਕਦੇ ਲਗਦੈ ਸਵੇਰਾ ਹੋ ਗਿਆ ਹੈ ਇਹ ਕੈਸਾ ਹਾਲ ਮੇਰਾ ਹੋ ਗਿਆ ਹੈ ਜਾਂ ਮੇਰੀ ਅੱਖ ਹੈ ਬੇਨੂਰ ਹਾਲੇ ਚਿਰਾਂ ਤੋਂ ਦਿਲ ਨੇ ਸੀ ਸੁਪਨਾ ਸਜਾਇਆ ਮਸਾਂ ਮੈਂ ਬਹਿ ਕੇ ਅੱਜ ਇਸਨੂੰ ਵਰਾਇਆ ਸਮਾਂ ਆਇਆ ਸਮੁੰਦਰ ਵੀ ਬਣਾਂਗੇ ਤੂੰ ਅਪਣੀ ਪਿਆਸ ਦਾ ਪੱਖ ਪੂਰ ਹਾਲੇ ਜੇ ਉਸਦੀ ਯਾਦ ਹੁਣ ਆਉਂਦੀ ਤਾਂ ਆਵੇ ਜੇ ਭੋਰਾ ਜਿੰਦ ਨੂੰ ਖਾਂਦੀ ਤਾਂ ਖਾਵੇ ਅਜੇ ਨਹੀਂ ਏਸਦੀ ਕਰਨੀ ਮੈਂ ਦਾਰੂ ਇਹ ਫੱਟ ਬਣਿਆ ਨਹੀਂ ਨਾਸੂਰ ਹਾਲੇ ਸਮੇਂ ਦੀ ਤੋਰ ਦੀ ਸੁਣਦੇ ਕਹਾਣੀ ਕਿ ਲੋਕੀਂ ਹੋ ਗਏ ਸਮਿਆਂ ਦੇ ਹਾਣੀ ਅਸੀਂ ਪਰ ਪੁੱਛਣਾ ਰਾਹੀਆਂ ਨੂੰ ਪਾਣੀ ਨਹੀਂ ਇਹ ਬਦਲਨਾ ਦਸਤੂਰ ਹਾਲੇ ।

ਸਭ ਬਿਰਖ-ਬੰਦਿਆਂ ਨੂੰ

ਸਭ ਬਿਰਖ-ਬੰਦਿਆਂ ਨੂੰ ਆਪਣੇ ਪਰਛਾਵਿਆਂ ਦੀ ਤਲਾਸ਼ ਹੈ ਵਣ ਵਿਚਲੀਆਂ ਵੇਲਾਂ ਨੂੰ ਵੀ ਹੁਣ ਗਮਲਿਆਂ ਦੀ ਤਲਾਸ਼ ਹੈ ਕਿਸੇ ਤਲ ਨੂੰ ਨਮ ਨਾ ਜੋ ਕਰ ਸਕੇ ਕਿਸੇ ਪਿਆਸ ਨੂੰ ਵੀ ਨਾ ਭਰ ਸਕੇ ਕਿ ਉਹ ਛੱਡ ਹੀ ਦੇਣ ਨਾ ਲਰਜ਼ਣਾ ਉਨ੍ਹਾਂ ਪਾਣੀਆਂ ਦੀ ਤਲਾਸ਼ ਹੈ ਮੇਰਾ ਜ਼ਿਹਨ ਹਾਲੇ ਵੀ ਸਰਦ ਹੈ ਮੇਰੇ ਸਿਰ 'ਤੇ ਤੇਰਾ ਉਹ ਕਰਜ਼ ਹੈ ਤੇਰੇ ਹੰਝ ਦੀ ਕੀਮਤ ਚੁਕਾਉਣ ਲਈ ਮੈਨੂੰ ਸਾਗਰਾਂ ਦੀ ਤਲਾਸ਼ ਹੈ ਸਾਥੀ ਮੁਸਾਫ਼ਰ ਵੀ ਨਾ ਸਹੀ ਰਾਹਾਂ ਦੇ ਵਿੱਚ ਪੱਥਰ ਸਹੀ ਪੈਰਾਂ ਨੂੰ ਬੱਸ ਇਸ ਪੰਧ 'ਤੇ ਦੋ ਝਾਂਜਰਾਂ ਦੀ ਤਲਾਸ਼ ਹੈ ਭਟਕਣ ਤਾਂ ਬਿਫਰੀ ਹੈ ਹੋਰ ਵੀ ਕੁਝ ਲੜਖੜਾਈ ਹੈ ਤੋਰ ਵੀ ਅਜੇ ਮੰਜ਼ਿਲਾਂ ਦਾ ਸਵਾਲ ਕੀ ਅਜੇ ਰਸਤਿਆਂ ਦੀ ਤਲਾਸ਼ ਹੈ ਖੰਭਾਂ ਦੇ ਵਿਚ ਹਰਕਤ ਵੀ ਹੈ ਪਰਵਾਜ਼ ਦੀ ਚਾਹਤ ਵੀ ਹੈ ਪੰਛੀ ਨੂੰ ਉੱਡਣ ਦੇ ਵਾਸਤੇ ਬੱਸ ਅੰਬਰਾਂ ਦੀ ਤਲਾਸ਼ ਹੈ ਹਰ ਅੱਖ ਚਾਨਣ ਤੋਂ ਹੀ ਡਰੇ ਨਾ ਉਹ ਸੂਰਤਾਂ ਨਾ ਮੁਹਾਂਦਰੇ ਹੁਣ ਸ਼ੀਸ਼ਿਆਂ ਦੀ ਹੈ ਲੋੜ ਕੀ ਹੁਣ ਪਰਦਿਆਂ ਦੀ ਤਲਾਸ਼ ਹੈ ।

ਜ਼ਿੰਦਗੀ ਜੇ ਰਾਹ ਸੁਖਾਲ਼ੇ

ਜ਼ਿੰਦਗੀ ਜੇ ਰਾਹ ਸੁਖਾਲ਼ੇ ਕਰ ਸਕੇ ਆਦਮੀ ਬੇਖੌਫ਼ ਹੋ ਕੇ ਮਰ ਸਕੇ ਚਾਹੀਦੀ ਏਨੀ ਗੁੰਜਾਇਸ਼ ਰੱਖਣੀ ਬੰਦਾ ਅਪਣੇ ਆਪ ਤੋਂ ਵੀ ਡਰ ਸਕੇ ਕੱਜ ਕੇ ਸਿਰ ਛਤਰੀਆਂ ਦੇ ਨਾਲ਼ ਵੀ ਸੋਚ ਵਿਚਲੀ ਧੁੱਪ ਨੂੰ ਨਾ ਜਰ ਸਕੇ ਸ਼ਬਦਕੋਸ਼ਾਂ ਨੂੰ ਉਹ ਸਾਹਵੇਂ ਰੱਖ ਕੇ ਮੇਰੀ ਚੁੱਪ ਦਾ ਤਰਜੁਮਾ ਨਾ ਕਰ ਸਕੇ

ਨੇਰ੍ਹ ਦੇ ਸੁੰਨੇ ਪਲਾਂ

ਨੇਰ੍ਹ ਦੇ ਸੁੰਨੇ ਪਲਾਂ ਵਿਚ ਭਟਕਦੇ 'ਕੱਲੇ ਅਸੀਂ ਭਾਲ਼ਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ ਧੁੱਪ ਚੜ੍ਹ ਆਈ ਤਾਂ ਇਹਨਾਂ ਨੂੰ ਹਾਂ ਸਿਰ 'ਤੇ ਲੋਚਦੇ ਰੱਖਿਆ ਛਾਂਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ ਜੋ ਲਿਖੇ ਸਨ ਖ਼ੁਸ਼ਕੀਆਂ ਦੇ ਨਾਲ਼, ਪਰਤੇ ਖੁਸ਼ਕ ਹੀ ਬੱਦਲ਼ਾਂ ਦੇ ਦੇਸ ਨੂੰ ਜਿੰਨੇ ਵੀ ਖ਼ਤ ਘੱਲੇ ਅਸੀਂ ਰਾਤ ਸਾਰੀ ਤਾਰਿਆਂ ਦੇ ਵੱਲ ਰਹਿੰਦੇ ਝਾਕਦੇ ਰੌਸ਼ਨੀ ਦੀ ਭਾਲ਼ ਅੰਦਰ ਹੋ ਗਏ ਝੱਲੇ ਅਸੀਂ ਤਾਂ ਹੀ ਸ਼ਾਇਦ ਹੈ ਸਲੀਕਾ, ਸੁਰ ਵੀ ਹੈ ਤੇ ਹੈ ਮਿਠਾਸ ਬੰਸਰੀ ਵਾਂਗਰ ਗਏ ਕਿੰਨੀ ਦਫ਼ਾ ਸੱਲ੍ਹੇ ਅਸੀਂ ।

ਤਿੜਕਦੇ ਖ਼ਾਬਾਂ ਦੇ ਸੰਗ

ਤਿੜਕਦੇ ਖ਼ਾਬਾਂ ਦੇ ਸੰਗ ਹੁਣ ਦੋਸਤੀ ਹੁੰਦੀ ਨਹੀਂ ਹੋਰ ਅਪਣੀ ਜ਼ਿੰਦਗੀ ਸੰਗ ਦਿਲਲਗੀ ਹੁੰਦੀ ਨਹੀਂ ਕਿੰਜ ਕਰ ਸਕਦਾ ਹਾਂ ਦੱਸੋ ਦੁਸ਼ਮਣੀ ਯਾਰਾਂ ਦੇ ਨਾਲ਼ ਜਦ ਮੇਰੇ ਤੋਂ ਦੁਸ਼ਮਣਾਂ ਸੰਗ ਦੁਸ਼ਮਣੀ ਹੁੰਦੀ ਨਹੀਂ ਦੂਰ ਹੀ ਰੱਖੋ ਮੇਰੇ ਤੋਂ ਜਾਮ ਤੇ ਸ਼ੀਸ਼ਾ ਅਜੇ ਕੌਣ ਕਹਿੰਦਾ ਹੈ ਇਨ੍ਹਾਂ ਬਿਨ ਸ਼ਾਇਰੀ ਹੁੰਦੀ ਨਹੀਂ ਸੌ ਪਰਾਏ ਸੂਰਜਾਂ ਨੂੰ ਰਸਤਿਆਂ 'ਤੇ ਧਰ ਲਵੋ ਖ਼ੁਦ ਨੂੰ ਹੀ ਬਾਲ਼ੇ ਬਿਨਾਂ ਪਰ ਰੌਸ਼ਨੀ ਹੁੰਦੀ ਨਹੀਂ ਕੋਈ ਪਲ ਪਲਕਾਂ ਦੀ ਛਾਂਵੇਂ ਬੈਠ ਕੇ ਸੁਸਤਾ ਲਵਾਂ ਉਂਜ ਤਾਂ ਮੰਜ਼ਲ ਕੋਈ ਵੀ ਆਖ਼ਰੀ ਹੁੰਦੀ ਨਹੀਂ ਦੇਖ ਕੇ ਦਮ ਤੋੜਦੀ ਗਲ਼ੀਆਂ ਦੇ ਵਿੱਚ ਇਨਸਾਨੀਅਤ ਜੀਅ ਰਹੇ ਹੁੰਦੇ ਹਾਂ ਜੋ, ਉਹ ਜ਼ਿੰਦਗੀ ਹੁੰਦੀ ਨਹੀਂ ।

ਸਭ ਮਹਿਲ ਉਮੀਦਾਂ ਦੇ

ਸਭ ਮਹਿਲ ਉਮੀਦਾਂ ਦੇ, ਢੂੰਢਣ ਆਧਾਰ ਨਵੇਂ ਅਜ਼ਲਾਂ ਦੇ ਤੁਰਿਆਂ ਨੂੰ, ਰਸਤੇ ਦਰਕਾਰ ਨਵੇਂ ਭੇਜੇ ਸਨ ਬਾਗ਼ਾਂ ਨੂੰ, ਜੋ ਮਹਿਕਾਂ ਲੈਣ ਲਈ ਕੁਝ ਨਾਅਰੇ ਲੈ ਆਏ, ਤੇ ਕੁਝ ਹਥਿਆਰ ਨਵੇਂ ਨਿੱਤ ਗਿਣਤੀ ਭੁੱਲਦਾ ਹਾਂ, ਮੈਂ ਤਾਰੇ ਗਿਣ-ਗਿਣ ਕੇ ਪਹਿਲਾਂ ਦੇ ਡੁੱਬਦੇ ਨਾ, ਚੜ੍ਹਦੇ ਦੋ-ਚਾਰ ਨਵੇਂ ਟੁੱਟਦੀ ਹੈ ਕਲਮ ਕਿਤੇ, ਜਾਂ ਵਰਕੇ ਫਟਦੇ ਨੇ ਨਿਸਦਿਨ ਹੀ ਕਵਿਤਾ 'ਤੇ ਪੈਂਦੇ ਨੇ ਭਾਰ ਨਵੇਂ ਕੁਝ ਮੋਏ-ਮੁੱਕਰੇ ਪਲ, ਕਬਰਾਂ ਵਿੱਚ ਉੱਤਰੇ ਪਲ ਰਾਹਾਂ ਵਿਚ ਮਿਲਦੇ ਨੇ, ਬਣਕੇ ਹਰ ਵਾਰ ਨਵੇਂ ਹੁਣ ਅਗਨੀ ਬੈਠੇਗੀ, ਫੁੱਲਾਂ ਦੀ ਰਾਖੀ ਨੂੰ ਏਦਾਂ ਕੁਝ ਲਗਦੇ ਨੇ, ਬਣਦੇ ਆਸਾਰ ਨਵੇਂ ।

ਖ਼ਾਬਾਂ ਦੇ ਵਿਚ

ਖ਼ਾਬਾਂ ਦੇ ਵਿਚ ਨਿੱਤ ਹੀ ਆਵੇ ਮੋਇਆ ਜੁਗਨੂੰ ਕੋਈ ਜਿਸ ਦਿਨ ਤੋਂ ਰੁੱਤਾਂ ਨੇ ਕੀਤੀ ਸੂਰਜ ਦੀ ਬਦਖੋਈ ਕਾਲਖ ਲੰਘ ਨੇ ਆਈਆਂ ਕਿਰਨਾਂ ਫੁੱਟ-ਫੁੱਟ ਕੇ ਰੋ ਪਈਆਂ ਜਦ ਪੁੱਛਿਆ ਮੈਂ ਨਾਲ਼ ਤੁਹਾਡੇ ਕੀ ਬੀਤੀ- ਕੀ ਹੋਈ ? ਜਦ ਵੀ ਛੂਹਾਂ, ਜਦ ਵੀ ਖੋਲ੍ਹਾਂ, ਲਪਟਾਂ ਬਣ-ਬਣ ਆਵੇ ਉਮਰਾਂ ਦੀ ਗੱਠੜੀ ਦੇ ਵਿੱਚੋਂ ਯਾਦਾਂ ਦੀ ਖੁਸ਼ਬੋਈ ਉਸ ਦੇ ਅਫ਼ਸਾਨੇ ਵਿਚ ਮੇਰਾ ਨਾਮ ਜਦੋਂ ਵੀ ਆਇਆ ਹਰ ਵਾਰੀ ਉਸ ਪੱਲਾ ਕਰ ਨੈਣਾਂ ਦੀ ਨਮੀ ਲੁਕੋਈ ਮੂੰਹੋਂ ਜਦ ਕੁਝ ਬੋਲ ਨਾ ਹੋਇਆ, ਬੁੱਲ੍ਹ ਗਏ ਜਦ ਸੀਤੇ ਬਿਹਬਲ ਰੂਹ ਫਿਰ ਕਤਰੇ ਬਣ ਕੇ ਅੱਖੀਆਂ ਥਾਣੀਂ ਚੋਈ ਹੁਣ ਜਦ ਮੇਰਾ ਖ਼ਤ ਕੋਈ ਲਭਦਾ ਉਸਨੂੰ ਏਦਾਂ ਜਾਪੇ ਕੋਈ ਪੁਸਤਕ ਫੋਲਦਿਆਂ ਜਿਉਂ ਨਿਕਲ਼ੇ ਤਿਤਲੀ ਮੋਈ

ਦੁਪਹਿਰੇ ਕਿਸ ਨੇ

ਦੁਪਹਿਰੇ ਕਿਸ ਨੇ ਇਹ ਪੈਗ਼ਾਮ ਲਿਖਿਆ ਮੇਰੇ ਦਰਵਾਜ਼ਿਆਂ 'ਤੇ ਸ਼ਾਮ ਲਿਖਿਆ ਹਵਾ ਨੇ ਫੁੱਲ ਦੇ ਪਿੰਡੇ 'ਤੇ ਅੱਜ ਵੀ ਸੁਗੰਧਾਂ ਖੋਣ ਦਾ ਇਲਜ਼ਾਮ ਲਿਖਿਆ ਸਹਾਰੇ ਉਸਦੇ ਮੈਂ ਬਦਨਾਮੀਆਂ ਨੂੰ ਵਫ਼ਾ ਦਾ ਹੀ ਕੋਈ ਈਨਾਮ ਲਿਖਿਆ ਮੈਂ ਇੱਕ ਜ਼ਾਲਮ ਦੇ ਹੱਥ ਵਿਚ ਕਲਮ ਦਿੱਤੀ ਤੇ ਉਸਨੇ ਸ਼ਬਦ ਬੱਸ 'ਕੁਹਰਾਮ' ਲਿਖਿਆ ਅਜੇ ਮੈਂ ਛਾਣਦਾ ਫਿਰਦਾ ਹਾਂ ਗਲ਼ੀਆਂ ਪਤਾ ਹੀ ਓਸਨੇ ਬੇਨਾਮ ਲਿਖਿਆ ਉਡੀਕਾਂ ਦੇ ਮੈਂ ਸਭ ਪਲ-ਛਿਣ ਲਿਖੇ ਸਨ ਤੇ ਉਹ ਸਮਝੇ ਮੈਂ ਅਪਣਾ ਦਾਮ ਲਿਖਿਆ ਨਗਰ ਦੀਆਂ ਸਾਰੀਆਂ ਕੰਧੋਲੀਆਂ 'ਤੇ ਕਿਸੇ ਭੁੱਖੀ ਕਜ਼ਾ ਦਾ ਨਾਮ ਲਿਖਿਆ

ਜਿਵੇਂ ਖੜ੍ਹਾ ਕਿਤੇ

ਜਿਵੇਂ ਖੜ੍ਹਾ ਕਿਤੇ ਗੱਡੀ ਉਡੀਕਦਾ ਕੋਈ ਮੇਰੀ ਉਡੀਕ ਨੂੰ ਏਨਾ ਕੁ ਵੇਖਦਾ ਕੋਈ ਹਰੇਕ ਉੱਗਦਾ ਬੂਟਾ ਜਲਾ ਰਿਹਾ ਕੋਈ ਤੇ ਮੈਨੂੰ ਬੀਜ ਨੂੰ ਉੱਗਣ ਤੋਂ ਰੋਕਦਾ ਕੋਈ ਚਲੋ ਚੁਰੱਸਤਿਆਂ 'ਚ ਜਾ ਖੜ੍ਹੋ ਤੁਸੀਂ ਵੀ ਹੁਣ ਉਦਾਸ ਘਰ ਦੀਆਂ ਕੰਧਾਂ ਨੂੰ ਕਹਿ ਗਿਆ ਕੋਈ ਘਰਾਂ ਦੇ ਹਰ ਸਿਰੇ 'ਤੇ ਔਕੜਾਂ ਦੀ ਭੀੜ ਖੜ੍ਹੀ ਤੇ ਏਸ ਭੀੜ ਦਾ ਨਹੀਂ ਕਿਤੇ ਸਿਰਾ ਕੋਈ ਉਦਾਸੀਆਂ ਦੇ ਨਾਲ਼ ਭਰ ਕੇ ਮਨ ਦੀ ਚਾਦਰ ਨੂੰ ਉਦਾਸ ਝੀਲ ਦੇ ਸੀਨੇ 'ਚ ਲਹਿ ਗਿਆ ਕੋਈ ਕੋਈ ਨਾ ਜਾਣ ਜਾਵੇ ਰਾਜ਼ ਉਸਦੇ ਅੰਦਰ ਦਾ ਹਰੇਕ ਚੀਖ ਨੂੰ ਸੀਨੇ 'ਚ ਸਾਂਭਦਾ ਕੋਈ ਜੋ ਟਿਕ ਕੇ ਪਲ ਵੀ ਨਹੀਂ ਦੀਵਿਆਂ 'ਚ ਬਹਿ ਸਕਦੀ ਨਹੀਂ ਕਿਸੇ ਨੂੰ ਐਸੀ ਅੱਗ ਦਾ ਆਸਰਾ ਕੋਈ ।

ਹਰ ਕਦਮ ਤੁਰਦੇ ਰਹੇ

ਹਰ ਕਦਮ ਤੁਰਦੇ ਰਹੇ ਧੁਖਦੇ ਪਲਾਂ ਦੇ ਨਾਲ਼-ਨਾਲ਼ ਖ਼ੁਦ ਵੀ ਤਾਂ ਟੁੱਟਦੇ ਰਹੇ ਹਾਂ ਵਾਅਦਿਆਂ ਦੇ ਨਾਲ਼-ਨਾਲ਼ ਆਪਣੇ ਘਰ ਵਿੱਚ ਉਨ੍ਹਾਂ ਜੀ ਆਇਆਂ ਮੈਨੂੰ ਇਉਂ ਕਿਹਾ ਬੀਜੀਆਂ ਧੁਰ ਤੀਕ ਥੋਹਰਾਂ ਰਸਤਿਆਂ ਦੇ ਨਾਲ਼-ਨਾਲ਼ ਮੈਂ ਜਦੋਂ ਤੋਂ ਆਪਣੇ ਆਪੇ ਦੇ ਨੇੜੇ ਹੋ ਗਿਆ ਮਿਟ ਗਏ ਸਾਰੇ ਵਿਗੋਚੇ, ਰੰਜਿਸ਼ਾਂ ਦੇ ਨਾਲ਼-ਨਾਲ਼ ਰਿਸ਼ਤਿਆਂ ਦੀ ਜੂਹ 'ਚ ਵਗੀਆਂ ਬਲ਼ਦੀਆਂ ਪੌਣਾਂ ਸਦਾ ਜ਼ਿਹਨ ਵੀ ਝੁਲਸੇ ਗਏ ਨੇ ਚਿਹਰਿਆਂ ਦੇ ਨਾਲ਼-ਨਾਲ਼ ਜੇ ਸਮਾਂ ਮੁੜਿਆ ਕਦੇ ਤਾਂ ਮੰਗ ਲਾਂਗੇ ਮੁੜ ਅਸੀਂ ਗੁੰਮ ਗਈ ਤਹਿਜ਼ੀਬ ਵੀ ਕੱਟੇ ਸਿਰਾਂ ਦੇ ਨਾਲ਼-ਨਾਲ਼ ਪੌਣ ਨੇ ਕੀਤੀ ਹੈ ਜਦ ਤੋਂ ਦੁਸ਼ਮਣੀ ਰੰਗਾਂ ਦੇ ਨਾਲ਼ ਮਰ ਗਏ ਨੇ ਸਬਜ਼ ਮੌਸਮ ਤਿਤਲੀਆਂ ਦੇ ਨਾਲ਼-ਨਾਲ਼ ਖ਼ੂਨ ਦੇ ਦਰਿਆ ਦਾ ਹਰ ਤੂਫ਼ਾਨ ਹੀ ਥਿਰ ਹੋ ਗਿਆ ਚੁੱਪ ਨੇ ਮਕਤੂਲ ਵੀ ਹੁਣ ਕਾਤਲਾਂ ਦੇ ਨਾਲ਼-ਨਾਲ਼ ।

ਮੇਰੇ ਬੋਲ ਦੇ ਵਿੱਚ ਅਰਜ਼ ਸੀ

ਮੇਰੇ ਬੋਲ ਦੇ ਵਿੱਚ ਅਰਜ਼ ਸੀ ਤੇਰੀ ਤੱਕਣੀ ਵਿੱਚ ਵੀ ਹਿਸਾਬ ਸੀ ਮੇਰਾ ਪਹਿਲਾ ਹੀ ਇਹ ਸਵਾਲ ਸੀ ਤੇਰਾ ਆਖ਼ਰੀ ਇਹ ਜਵਾਬ ਸੀ ਇਹ ਜੋ ਪੌਣ ਤੋਂ ਹੈ ਕਤਰਾ ਗਿਆ ਇਹ ਜੋ ਮਹਿਕ ਤੋਂ ਹੈ ਘਬਰਾ ਗਿਆ ਇਹ ਜੋ ਮੇਜ਼ 'ਤੇ ਹੈ ਪਥਰਾ ਗਿਆ ਕੁਝ ਦੇਰ ਪਹਿਲਾਂ ਗੁਲਾਬ ਸੀ ਇਸ 'ਵਾ ਦੇ ਆਖੇ ਨੂੰ ਮੋੜ ਕੇ ਅਪਣੇ ਕਿਨਾਰੇ ਵੀ ਤੋੜ ਕੇ ਬੱਸ ਰੇਤ ਵੱਲ ਨੂੰ ਹੀ ਤੁਰ ਪਿਆ ਮੈਂ ਜੋ ਲਰਜ਼ਦਾ ਇੱਕ ਆਬ ਸੀ ਮੇਰੀ ਸਿਰਜਣਾ ਨੂੰ ਹੀ ਦਾਗ਼ ਕੇ ਜਦ ਉਹ ਤੁਰ ਗਏ ਤਾਂ ਮੈਂ ਦੇਖਿਆ ਉਹ ਜੋ ਗੀਤ ਸਨ ਉਹ ਤਾਂ ਠੀਕ ਸਨ ਉਹ ਜੋ ਧੁਖ ਰਹੀ ਸੀ, ਕਿਤਾਬ ਸੀ ਤੇਰੀ ਦੋ ਦਿਲੀ ਦਾ ਖ਼ਿਆਲ ਸੀ ਤਾਂਹੀਓਂ ਤਾਂ ਮੇਰਾ ਇਹ ਹਾਲ ਸੀ ਇੱਕ ਹੱਥ ਸੀ ਖ਼ੰਜਰ ਮੇਰੇ ਇੱਕ ਹੱਥ ਵਿਚ ਮਿਜ਼ਰਾਬ ਸੀ ।

ਰੋਹੀਆਂ 'ਚ ਰੁਲ਼ਦਿਆਂ ਨੂੰ

ਰੋਹੀਆਂ 'ਚ ਰੁਲ਼ਦਿਆਂ ਨੂੰ ਭੱਖੜੇ 'ਤੇ ਤੁਰਦਿਆਂ ਨੂੰ ਮਿਲਿਆ ਨਾ ਖੜ੍ਹ ਕੇ ਰੋਣਾ ਅੰਦਰਲੇ ਮੁਰਦਿਆਂ ਨੂੰ ਪੌਣਾਂ ਨਾ ਰੋਕ ਸਕੀਆਂ ਮੌਸਮ ਨਾ ਸਾਂਭ ਸਕਿਆ ਛਾਂਵਾਂ 'ਚ ਸੜਦਿਆਂ ਨੂੰ ਧੁੱਪਾਂ 'ਚ ਖੁਰਦਿਆਂ ਨੂੰ ਨਾਰਾਜ਼ ਹੋ ਜੋ ਤੁਰ ਪਏ ਵਿੰਹਦੇ ਰਹੇ ਕਿ ਸ਼ਾਇਦ ਆਵੇਗਾ ਮੁੜ ਬੁਲਾਵਾ ਕੁਝ ਦੂਰ ਤੁਰਦਿਆਂ ਨੂੰ ਸਭ ਨੇ ਹੀ ਆਪੋ-ਆਪਣੇ ਟੁਕੜੇ ਸਮੇਟਣੇ ਸਨ ਕਿਹੜਾ ਖਲੋ ਕੇ ਸੁਣਦਾ ਬੁੱਤਾਂ ਨੂੰ ਭੁਰਦਿਆਂ ਨੂੰ ਸੁੰਨਸਾਨ ਵਿਹੜਿਆਂ ਵਿਚ ਵੀਰਾਨ ਜਿਹੇ ਘਰਾਂ ਵਿਚ ਜੰਗਲ ਹੀ ਬੈਠਾ ਮਿਲਿਆ ਜੰਗਲ 'ਚੋਂ ਮੁੜਦਿਆਂ ਨੂੰ ।

ਕਿਸੇ ਅਹਿਸਾਸ ਦਾ ਬੁੱਲਾ

ਕਿਸੇ ਅਹਿਸਾਸ ਦਾ ਬੁੱਲਾ ਮੇਰੇ ਵਿੱਚ ਡੋਲਦਾ ਤੁਰਿਆ ਤੇ ਮੇਰੇ ਦਿਲ ਦੀਆਂ ਗੁੰਮਨਾਮ ਪਰਤਾਂ ਫੋਲਦਾ ਤੁਰਿਆ ਕਿਤੇ ਕਿਰਚਾਂ 'ਤੇ ਨੰਗੇ ਪੈਰ ਵੀ ਮੈਂ ਸੰਭਲ ਕੇ ਚੱਲਿਆ ਤੇ ਕਿਧਰੇ ਮਖ਼ਮਲੀ ਰਾਹਾਂ 'ਤੇ ਵੀ ਮੈਂ ਡੋਲਦਾ ਤੁਰਿਆ ਮੈਂ ਤੈਨੂੰ ਮਿਲਣ ਤੋਂ ਪਹਿਲਾਂ ਕੋਈ ਬੇਆਸ ਬੂਟਾ ਸੀ ਤੇ ਮਿਲ ਕੇ ਰੂਹ ਦੀਆਂ ਕਲੀਆਂ ਨੂੰ ਹੱਥੀਂ ਖੋਲ੍ਹਦਾ ਤੁਰਿਆ ਚਲੋ ਏਨਾ ਬਹੁਤ ਹੈ ਮੈਂ ਤੇਰੇ ਤੱਕ ਪਹੁੰਚਿਆ ਤਾਂ ਹਾਂ ਮੈਂ ਭਾਵੇਂ ਧੜਕਦੇ ਹਰ ਪਲ 'ਚ ਤੈਨੂੰ ਟੋਲ਼ਦਾ ਤੁਰਿਆ ਕਈ ਸਫ਼ਿਆਂ ਦੇ ਮੇਰੇ ਖ਼ਤ ਨੂੰ ਉਹ ਪੜ੍ਹਦਾ ਗਿਆ ਏਦਾਂ ਕਿ ਹਰ ਇੱਕ ਹਰਫ਼ ਨੂੰ ਨਜ਼ਰਾਂ ਦੇ ਪੈਰੀਂ ਰੋਲ਼ਦਾ ਤੁਰਿਆ ।

ਤੇਰੇ ਸ਼ੀਸ਼ੇ ਨੂੰ

ਤੇਰੇ ਸ਼ੀਸ਼ੇ ਨੂੰ ਪੱਥਰ ਆਖਣਾ ਸੀ ਮੈਂ ਤੇਰਾ ਜ਼ਬਤ ਹੀ ਬਸ ਪਰਖਣਾ ਸੀ ਅਜੇ ਆਪੇ 'ਚੋਂ ਹੋ ਕੇ ਲੰਘਣਾ ਸੀ ਅਜੇ ਮੈਂ ਆਪ ਜੀਅ ਕੇ ਵੇਖਣਾ ਸੀ ਬਚਾ ਸਕਦਾ ਸਾਂ ਖ਼ੁਦ ਨੂੰ ਡੁੱਬਣੇ ਤੋਂ ਅਜੇ ਲਹਿਰਾਂ ਨੇ ਕੁਝ ਪਲ ਅਟਕਣਾ ਸੀ ਤੇਰੇ ਤੱਕ ਇੰਜ ਹੀ ਮੈਂ ਪਹੁੰਚ ਜਾਂਦਾ ਮੈਂ ਆਪੇ ਨੂੰ ਖਲਾਅ ਵਿੱਚ ਘੋਲਣਾ ਸੀ ਉਹ ਬਣ ਕੇ ਰਹਿ ਗਏ ਬਿੰਦੂ ਜਿਨ੍ਹਾਂ ਨੇ ਅਥਾਹ ਅਸਮਾਨ ਤੀਕਰ ਫੈਲਣਾ ਸੀ ਜੇ ਨਾ ਆਉਂਦਾ ਤੂੰ ਏਨੀ ਤਾਂਘ ਕਰਕੇ ਮੈਂ ਪਲ-ਪਲ ਕਰਕੇ ਇੰਜ ਹੀ ਬੀਤਣਾ ਸੀ ਦਿਸ਼ਾ ਮੇਰੀ ਸਮੁੰਦਰ ਵੱਲ ਹੋਈ ਅਜੇ ਮੈਂ ਸੜਦਿਆਂ 'ਤੇ ਬਰਸਣਾ ਸੀ ।

ਹਰਿਕ ਮੈਲ਼ੀ ਨਜ਼ਰ ਦੇ ਨਾਲ਼

ਹਰਿਕ ਮੈਲ਼ੀ ਨਜ਼ਰ ਦੇ ਨਾਲ਼ ਕੁਝ ਕੁਝ ਤਿੜਕਦਾ ਸ਼ੀਸ਼ਾ ਤੇ ਮੈਲ਼ੇ ਅਕਸ ਨੂੰ ਸੀਨੇ 'ਚ ਲਹਿਣੋਂ ਰੋਕਦਾ ਸ਼ੀਸ਼ਾ ਕਿਸੇ ਦੇ ਸਾਹਮਣੇ ਆ ਜਾਣ 'ਤੇ ਹੈ ਧੜਕਦਾ ਸ਼ੀਸ਼ਾ ਖ਼ੁਦ ਅਪਣੇ ਅਕਸ ਨੂੰ ਹੋਰਾਂ ਦੇ ਅੰਦਰ ਵੇਖਦਾ ਸ਼ੀਸ਼ਾ ਮੇਰੀ ਰੂਹ ਦੇ ਜਦੋਂ ਸਭ ਦਾਗ਼ ਉਸ ਪਰਤੱਖ ਕਰ ਦਿੱਤੇ ਮੈਂ ਅੱਖਾਂ ਮੀਟ ਕੇ ਰੋਇਆ ਕਿ ਪਾਗਲ ਹੋ ਗਿਆ ਸ਼ੀਸ਼ਾ ਕਿਸੇ ਚਿਹਰੇ 'ਤੇ ਚਿੰਤਾ ਹੈ, ਕਿਸੇ 'ਤੇ ਖੌਫ਼ ਦਾ ਸਾਇਆ ਅਨੇਕਾਂ ਹਾਦਸੇ ਨਿੱਤ ਅਪਣੇ ਅੰਦਰ ਸਾਂਭਦਾ ਸ਼ੀਸ਼ਾ ਅਨੇਕਾਂ ਹਾਦਸੇ ਟੰਗੇ ਨੇ ਉਸਦੇ ਨਾਲ਼ ਕੰਧ ਉੱਤੇ ਹਰਿਕ ਚਿਹਰੇ ਨੂੰ ਚੁੱਪ-ਚੁੱਪ ਘੂਰਦਾ ਪੱਥਰ ਜਿਹਾ ਸ਼ੀਸ਼ਾ ਕਿਸੇ ਨੂੰ ਨੀਝ ਲਾਏ ਤੋਂ ਵੀ ਅਪਣਾ ਅਕਸ ਨਾ ਦਿਸਿਆ ਤਾਂ ਉਸਨੇ ਸੋਚਿਆ ਏਹੋ ਕਿ ਸ਼ਾਇਦ ਮਰ ਗਿਆ ਸ਼ੀਸ਼ਾ ਨਾ ਇਉਂ ਸਾਕਾਰ ਕਰ ਸੈਆਂ ਕੁ ਟੁਕੜੇ ਮੇਰੇ ਅੰਦਰ ਦੇ ਮੇਰੇ ਸਾਹਵੇਂ ਨਾ ਆ ਹੱਥਾਂ 'ਚ ਲੈ ਕੇ ਤਿੜਕਿਆ ਸ਼ੀਸ਼ਾ ।

ਤੇਰੇ ਖ਼ਿਆਲ ਦਾ ਜੁਗਨੂੰ

ਤੇਰੇ ਖ਼ਿਆਲ ਦਾ ਜੁਗਨੂੰ ਜੇ ਰਾਹ ਨਾ ਰੁਸ਼ਨਾਵੇ ਤਾਂ ਅਪਣੇ ਤੀਕ ਦਾ ਪੈਂਡਾ ਨਾ ਮੈਨੂੰ ਰਾਸ ਆਵੇ ਨਹੀਂ ਇਹ ਲਾਜ਼ਮੀ ਸੰਗੀਤ ਨਾ ਹੋਵੇ ਉਸ ਵਿੱਚ ਜੋ ਬਾਲ ਰੋਜ਼ ਹੀ ਲੋਰੀ ਦੇ ਬਾਝ ਸੌਂ ਜਾਵੇ ਹੁਣ ਉਸਦੇ ਵਰ੍ਹਨ ਦਾ ਏਹੋ ਸਬੱਬ ਹੀ ਹੋ ਸਕਦੈ ਕਿ ਖ਼ੁਦ ਹੀ ਪੌਣ 'ਚ ਜਾ ਕੇ ਪਹਾੜ ਟਕਰਾਵੇ ਹੁਣੇ ਹੀ ਚਹਿਕੀਆਂ ਚਿੜੀਆਂ ਤੇ ਪੌਣ ਰੁਮਕੀ ਹੈ ਤੂੰ ਅਪਣੀ ਸ਼ਾਖ ਨੂੰ ਕਹਿ ਦੇ ਅਜੇ ਨਾ ਕੁਮਲ਼ਾਵੇ ਘਰਾਂ ਦੇ ਵਿੱਚ ਵੀ ਕਬਰਾਂ ਦੇ ਅੰਸ਼ ਦਿਸਦੇ ਨੇ ਮਨਾਂ ਦੇ ਵਿੱਚ ਵੀ ਫੁੱਟਦੇ ਨੇ ਖੌਲ਼ਦੇ ਲਾਵੇ ਮਰੀ ਬਹਾਰ ਦੀ ਗਾਥਾ ਤਾਂ ਬਿਰਖ ਆਖਣਗੇ ਫਜ਼ੂਲ ਭੀੜ ਨਾ ਬਹਿ-ਬਹਿ ਕੇ ਮਰਸੀਏ ਗਾਵੇ ਹਮੇਸ਼ ਰੱਖਣਾ ਮਨ ਵਿਚ ਖ਼ਿਆਲ ਪਰਤਣ ਦਾ ਘਰਾਂ ਤੋਂ ਜਾਂਦੀਆਂ ਪੈੜਾਂ ਨੂੰ ਕੌਣ ਸਮਝਾਵੇ ।

ਇਰਾਦਾ ਵੇਖ ਕੇ

ਇਰਾਦਾ ਵੇਖ ਕੇ ਟੁੱਟਣ ਤੋਂ ਡਰ ਗਿਆ ਪੱਥਰ ਸੁਲ੍ਹਾ ਦੇ ਵਾਸਤੇ ਸ਼ੀਸ਼ੇ ਦੇ ਘਰ ਗਿਆ ਪੱਥਰ ਮੈਂ ਤੇਰੇ ਕਦਮਾਂ 'ਚ ਓਨੇ ਹੀ ਫੁੱਲ ਰੱਖ ਚੱਲਿਆਂ ਸਿਰ੍ਹਾਣੇ ਤੂੰ ਮੇਰੇ ਜਿੰਨੇ ਸੀ ਧਰ ਗਿਆ ਪੱਥਰ ਕਰੋ ਨਾ ਫੁੱਲ ਦੀ ਚਰਚਾ- ਜਿਵੇਂ ਕਿਹਾ ਉਸਨੇ ਸਿਰਾਂ ਦੇ ਕੋਲ਼ ਦੀ ਏਦਾਂ ਗੁਜ਼ਰ ਗਿਆ ਪੱਥਰ ਥਲਾਂ ਦੀ ਪਿਆਸ ਨੇ ਇਸ ਕਦਰ ਉਸਨੂੰ ਪਿਘਲਾਇਆ ਪਲਾਂ 'ਚ ਰੇਤ ਦੀ ਛਾਤੀ 'ਤੇ ਵਰ੍ਹ ਗਿਆ ਪੱਥਰ ਖਰੇ ਕੀ ਸੋਚਿਆ ਉਸਨੇ, ਤੇ ਤੈਰਨਾ ਛੱਡ ਕੇ ਨਿਰਾਸ਼ ਝੀਲ ਦੇ ਤਲ 'ਤੇ ਉਤਰ ਗਿਆ ਪੱਥਰ ਮੈਂ ਉਸਤੋਂ ਮਹਿਕਦੀ ਰੁੱਤ ਦਾ ਹਿਸਾਬ ਮੰਗ ਬੈਠਾ ਉਹ ਮਲਕੜੇ ਮੇਰੀ ਝੋਲ਼ੀ 'ਚ ਭਰ ਗਿਆ ਪੱਥਰ ਮੇਰਾ ਸਵਾਲ ਕਿ ਪੱਥਰ ਨੂੰ ਪਾਣੀ ਕਰ ਦੇਂਦਾ ਤੇਰਾ ਜਵਾਬ ਕਿ ਪਾਣੀ ਨੂੰ ਕਰ ਗਿਆ ਪੱਥਰ

ਲੰਘੀਆਂ ਨੇ ਫਿਰ ਬਹਾਰਾਂ

ਲੰਘੀਆਂ ਨੇ ਫਿਰ ਬਹਾਰਾਂ ਫੁੱਲਾਂ 'ਤੇ ਪੈਰ ਧਰ ਕੇ ਮੁਸਕਾ ਰਹੀ ਹੈ ਧੜਕਣ ਸਾਹਾਂ 'ਤੇ ਪੈਰ ਧਰਕੇ ਗੀਤਾਂ ਦੇ ਵਾਰਸਾਂ ਨੂੰ ਸੁਣਨਾ ਮੁਹਾਲ ਹੋਇਆ ਨਗ਼ਮੇ ਜੋ ਗਾ ਰਹੇ ਨੇ ਰਾਗਾਂ 'ਤੇ ਪੈਰ ਧਰ ਕੇ ਮੌਸਮ ਤੇ ਤਾਂਘ ਦਿਲ ਦੀ ਧੁਰ ਤੀਕ ਲੈ ਹੀ ਆਏ ਚੰਗਾ ਹੀ ਰਹਿ ਗਿਆ ਮੈਂ ਰਾਹਾਂ 'ਤੇ ਪੈਰ ਧਰ ਕੇ ਬੱਸ ਤੇਰੇ ਸ਼ਹਿਰ ਅੰਦਰ ਤੱਕਿਆ ਹੈ ਇਹ ਨਜ਼ਾਰਾ ਧੁੱਪਾਂ ਖਲੋਤੀਆਂ ਨੇ ਛਾਂਵਾਂ 'ਤੇ ਪੈਰ ਧਰਕੇ

ਘਟਾਵਾਂ 'ਚ ਪੱਥਰ

ਘਟਾਵਾਂ 'ਚ ਪੱਥਰ ਹਵਾਵਾਂ 'ਚ ਸ਼ੋਰ ਮੇਰੇ ਸ਼ਹਿਰ ਦੇ ਸਾਰੇ ਕਿੱਸੇ ਨੇ ਹੋਰ ਜੋ ਅੰਬਰ ਨੂੰ ਨਿਸਦਿਨ ਹੀ ਰਹੀਆਂ ਨੇ ਖੋਰ ਕਿਹਦੇ ਹੱਥ ਹੈ ਇਹਨਾਂ ਪਤੰਗਾਂ ਦੀ ਡੋਰ ਨਿਗਾਹਾਂ 'ਚ ਰੱਖੀਏ ਹਨੇਰਾ ਜੇ ਘੋਰ ਤਾਂ ਮੂੰਹ ਦੀ ਗਰਾਹੀ ਵੀ ਲੈ ਜਾਂਦੇ ਚੋਰ ਜੋ ਛਣ-ਛਣ ਸੁਣਾਉਂਦੇ ਨੇ ਝਾਂਜਰ ਦੇ ਬੋਰ ਇਹਦੇ ਹੇਠ ਹੌਕੇ ਤੇ ਹਾਵਾਂ ਦਾ ਸ਼ੋਰ ਇਹ ਰਹੀਆਂ ਨੇ ਘਰ ਦੇ ਬਨੇਰੇ ਵੀ ਖੋਰ ਬੜੀ ਮੀਸਣੀ ਹੈ ਹਵਾਵਾਂ ਦੀ ਤੋਰ ਇਹ ਮੰਜ਼ੂਰ ਹੋਏ ਨੇ ਰੰਗਾਂ ਦੇ ਜ਼ੋਰ ਨਹੀਂ ਪੈਲ ਪਾਉਂਦੇ ਇਹ ਪੱਥਰ ਦੇ ਮੋਰ ।

ਪਰਵਾਜ਼ ਪਰਾਂ ਨੂੰ

ਮੈਂ ਪਰਵਾਜ਼ ਪਰਾਂ ਨੂੰ, ਤੇ ਬੇਪਰਿਆਂ ਨੂੰ ਪਰ ਦੇਵਾਂ ਏਸ ਬਹਾਨੇ ਅਪਣੇ ਆਪ ਨੂੰ ਖੁੱਲ੍ਹਾ ਅੰਬਰ ਦੇਵਾਂ ਸੁੰਨ ਮਸੁੰਨੀ ਰਾਤ ਦੀ ਸੁੰਨੀ ਮਾਂਗ ਜ਼ਰਾ ਭਰ ਦੇਵਾਂ ਮੱਸਿਆ ਵਰਗੇ ਸਫ਼ਿਆਂ ਨੂੰ ਕੁਝ ਸੂਹੇ ਅੱਖਰ ਦੇਵਾਂ ਹਰ ਥਾਂ ਧੂੰਆਂ, ਧੁੰਦ, ਧੁਆਂਖੀ ਧਰਤੀ, ਧੁਖਦੇ ਰਸਤੇ ਕਿਸ ਥਾਂ ਜਾ ਕੇ ਅੱਖਾਂ ਨੂੰ ਇਕ ਸਾਵਾ ਮੰਜ਼ਰ ਦੇਵਾਂ ਮੇਰੇ ਜੁੱਸੇ ਦੇ ਵਿਚ ਜੰਮੀ ਬਰਫ਼ ਜ਼ਰਾ ਤਾਂ ਪਿਘਲੇ ਅਪਣੀ ਤਲ਼ੀ ਨੂੰ ਤੇਰੇ ਤਪਦੇ ਮੱਥੇ 'ਤੇ ਧਰ ਦੇਵਾਂ ਖ਼ੁਦ ਨੂੰ ਮਿਲਣ ਤੋਂ ਪਹਿਲਾਂ ਮੇਰਾ ਤੈਨੂੰ ਮਿਲਣਾ ਔਖਾ ਤੇਰੀਆਂ ਸਾਬਤ ਰੀਝਾਂ ਨੂੰ ਕਿੰਜ ਟੁੱਟੀ ਝਾਂਜਰ ਦੇਵਾਂ ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ ਅੱਜ ਹੀ ਅਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ ।

ਕਿਵੇਂ ਕਲੀਆਂ ਨੂੰ

ਕਿਵੇਂ ਕਲੀਆਂ ਨੂੰ ਪਾਉਂਦਾ ਵਾਸਤਾ ਮੈਂ ਮੂੰਹ ਵਿਖਾਵਣ ਦਾ ਮੇਰੇ ਸਿਰ ਦੋਸ਼ ਆਇਆ ਹੈ ਸੁਗੰਧਾਂ ਨੂੰ ਉਧਾਲਣ ਦਾ ਮੇਰੇ ਜ਼ਖਮਾਂ 'ਤੇ ਧਰਦੇ ਨੇ ਸਦਾ ਉਹ ਤੀਰ ਜਾਂ ਖ਼ੰਜਰ ਉਨ੍ਹਾਂ ਨੂੰ ਭਾ ਗਿਆ ਲਗਦੈ ਮੇਰਾ ਅੰਦਾਜ਼ ਤੜਫਣ ਦਾ ਸਵਾਲਾਂ ਨੂੰ ਜਵਾਬਾਂ ਤੀਕ ਉਹ ਪੁੱਜਣ ਨਹੀਂ ਦਿੰਦੇ ਕਿਵੇਂ ਸ਼ਬਦਾਂ ਨੂੰ ਵੱਲ ਆਏਗਾ ਅਰਥਾਂ ਤੀਕ ਪੁੱਜਣ ਦਾ ਤੁਹਾਨੂੰ ਫੁੱਲ ਪੱਤੇ ਦੇਣ ਦਾ ਵਾਅਦਾ ਨਹੀਂ ਕੋਈ ਅਜੇ ਕੀ ਮੌਲਣਾ-ਫਲਣਾ ਅਜੇ ਮਸਲਾ ਹੈ ਉੱਗਣ ਦਾ ਚਿੰਗਾਰੀ ਮਿਲ ਹੀ ਜਾਣੀ ਸੀ ਯਕੀਨਨ ਅਣਬੁਝੀ ਕੋਈ ਸਮਾ ਮੈਨੂੰ ਹੀ ਮਿਲ ਸਕਿਆ ਨਾ ਅਪਣੀ ਰਾਖ ਫੋਲਣ ਦਾ ।

ਬਿਗਾਨੇ ਰਸਤਿਆਂ ਦੇ

ਬਿਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ ਘਰੋਂ ਤੁਰੀਆਂ ਨੇ ਪੈੜਾਂ ਆਪਣਾ ਚਿਹਰਾ ਲੁਕੋ ਕੇ ਸਮੇਂ ਦੀ ਹਿੱਕ ਹੀ ਵਿੰਨ੍ਹ ਕੇ ਧਰੀ ਸ਼ੋ ਕੇਸ ਅੰਦਰ ਉਨ੍ਹਾਂ ਰੱਖੀ ਹੈ ਤਿੱਖੀ ਸੂਲ਼ ਵਿੱਚ ਤਿਤਲੀ ਪਰੋ ਕੇ ਅਜੇ ਕੱਲ੍ਹ ਹੀ ਤਾਂ ਉਸਨੇ ਆਖਿਆ ਮੈਨੂੰ ਬੇਗਾਨਾ ਤੇ ਮੈਂ ਉਸ ਜੂਹ ਦੇ ਵਿਚ ਵੜਦਾ ਹਾਂ ਅਪਣੇ ਪੈਰ ਧੋ ਕੇ ਵਫ਼ਾ ਤੇਰੀ 'ਚ ਕਿੰਨਾ ਜੋਸ਼ ਹੈ ਵੇਖਾਂਗੇ ਇਕ ਦਿਨ ਚੁਫੇਰੇ ਤੇਜ਼ ਤਲਵਾਰਾਂ 'ਚ ਨੰਗੇ ਧੜ ਖਲੋ ਕੇ ਉਡੀਕਣ ਦਾ ਕਿਸੇ ਨੂੰ ਇਹ ਵੀ ਇਕ ਅੰਦਾਜ਼ ਹੁੰਦੈ ਜੇ ਪਾਈਏ ਔਂਸੀਆਂ ਤਾਂ ਖ਼ੂਨ ਵਿੱਚ ਉਂਗਲੀ ਡੁਬੋ ਕੇ ।

ਮੁਸਕੁਰਾਹਟ ਪਹਿਨ ਲਈਏ

ਮੁਸਕੁਰਾਹਟ ਪਹਿਨ ਲਈਏ, ਰਾਹਤਾਂ ਦਾ ਕੀ ਪਤਾ ਹੋਰ ਹੁਣ ਕਿੰਨਾ ਰੁਆਵਣ, ਹਾਸਿਆਂ ਦਾ ਕੀ ਪਤਾ ਘਰ 'ਚ ਕਿੱਥੇ ਹੋਣ ਲੱਗਣ, ਸਾਜ਼ਿਸ਼ਾਂ ਦਾ ਕੀ ਪਤਾ ਸਾਜ਼ਿਸ਼ਾਂ ਵਿਚ ਹੋਣ ਸ਼ਾਮਿਲ, ਪਰਦਿਆਂ ਦਾ ਕੀ ਪਤਾ ਦੋਸਤਾਂ ਦਾ ਕੀ ਪਤਾ ਤੇ ਦੁਸ਼ਮਣਾਂ ਦਾ ਕੀ ਪਤਾ ਵਾਅਦਿਆਂ ਦਾ ਕੀ ਪਤਾ ਤੇ ਦਾਅਵਿਆਂ ਦਾ ਕੀ ਪਤਾ ਹੀਰਿਆਂ ਦੇ ਭੇਸ ਅੰਦਰ ਬੰਟਿਆਂ ਦਾ ਕੀ ਪਤਾ ਲੁੱਟ ਕੇ ਲੈ ਜਾਣ ਨਾ ਸੌਦਾਗਰਾਂ ਦਾ ਕੀ ਪਤਾ ਓਪਰਾ ਕਹਿ ਦੇਣ ਕਦ, ਅੱਜ ਕੱਲ੍ਹ ਘਰਾਂ ਦਾ ਕੀ ਪਤਾ ਮੁੜਦਿਆਂ ਖੁੱਲ੍ਹਣ ਕਿ ਨਾ, ਦਰਵਾਜ਼ਿਆਂ ਦਾ ਕੀ ਪਤਾ ਜ਼ਿਹਨ ਚੋਂ ਗੁੰਮ ਜਾਣ ਨਾ, ਸਿਰਨਾਵਿਆਂ ਦਾ ਕੀ ਪਤਾ ਕਿਸ ਦਿਸ਼ਾ ਨੂੰ ਜਾਣ ਲੈ ਕੇ, ਰਸਤਿਆਂ ਦਾ ਕੀ ਪਤਾ ।

ਮੇਰਾ ਮਨ

ਮੇਰਾ ਮਨ ਹੁਣ ਬੇ ਆਬਾਦ ਸਰਾਂ ਲਗਦਾ ਹੈ ਇਸ ਕਾਰੇ ਵਿੱਚ ਤੇਰਾ ਹੀ ਤਾਂ ਨਾਂ ਲਗਦਾ ਹੈ ਤੂੰ ਸੱਚ ਜਾਣੀਂ-ਕਾਲ਼ਾ ਨਹੀਂ ਹੈ ਮੇਰਾ ਅੰਦਰ ਤੇਰੇ ਮਨ ਵਿੱਚ ਚੋਰ ਹੈ, ਤੈਨੂੰ ਤਾਂ ਲਗਦਾ ਹੈ ਮੈਂ ਜਾਗਾਂ ਤਾਂ ਮੇਰੇ ਸੰਗ-ਸੰਗ ਸਾਰੇ ਜਾਗਣ ਉਸ ਪਲ ਮੈਨੂੰ ਹਰ ਇੱਕ ਤਾਰਾ ਮਾਂ ਲਗਦਾ ਹੈ ਪੀੜਾਂ-ਦੁੱਖ ਵੇਖਾਂ ਤਾਂ ਆਪਣਾ ਅੰਗ-ਅੰਗ ਮੈਨੂੰ ਇਹਨਾਂ ਦੇ ਖੇਡਣ-ਮੱਲ੍ਹਣ ਦੀ ਥਾਂ ਲੱਗਦਾ ਹੈ ਸਬਰ ਦਾ ਪੱਕਾ ਘੜਾ ਨਾ ਹੋਵੇ ਜਿਸਦੇ ਕੋਲ਼ੇ ਉਸ ਬੰਦੇ ਨੂੰ ਅੱਖ ਦਾ ਨੀਰ ਝਨਾਂ ਲਗਦਾ ਹੈ ।

ਮੈਂ ਉਸਨੂੰ ਜਾਂ ਉਹ ਮੈਨੂੰ

ਖਰੇ ਮੈਂ ਉਸਨੂੰ ਜਾਂ ਉਹ ਮੈਨੂੰ ਭੁੱਲਿਆ ਮੇਰੀ ਦਸਤਕ 'ਤੇ ਵੀ ਬੂਹਾ ਨਾ ਖੁੱਲ੍ਹਿਆ ਉਹ ਉੱਡਿਆ ਜੁਗਨੂੰਆਂ ਦੀ ਡਾਰ ਬਣਕੇ ਮੇਰੇ ਹੱਥੋਂ ਜੋ ਲੱਪ ਚਾਨਣ ਸੀ ਡੁੱਲ੍ਹਿਆ ਮੈਂ ਅਪਣੇ ਆਪ ਤੋਂ ਮੁਨਕਰ ਨਾ ਹੋਇਆ ਤਦੇ ਹੀ ਦੋਸਤਾ ਤੈਨੂੰ ਨਾ ਭੁੱਲਿਆ ਇਬਾਰਤ ਪੜ੍ਹ ਰਿਹਾਂ ਮੈਂ ਰੌਸ਼ਨੀ ਦੀ ਮੇਰੇ ਸਾਹਵੇਂ ਸਫ਼ਾ ਪੂਰਬ ਦਾ ਖੁੱਲ੍ਹਿਆ ਸਭ ਅਪਣੇ ਆਪ ਨੂੰ ਹੀ ਜਾਣਦੇ ਨੇ ਤੂੰ ਹੀ ਇੱਕ ਰਹਿ ਗਿਐਂ ਅਣਜਾਣ ਬੁੱਲ੍ਹਿਆ ।

ਤੇਜ਼ ਧੁੱਪ ਵਿੱਚ

ਤੇਜ਼ ਧੁੱਪ ਵਿੱਚ ਮੇਰੀ ਛਾਂ ਨੇ ਮੈਨੂੰ ਕਿਹਾ ਇਸ ਸਫ਼ਰ 'ਤੇ ਤੁਰੇ ਹੋਰ ਕਿੰਨੇ ਜਣੇ ਸਾਰੇ ਰਾਹੀ ਗਿਣੇ, ਫੇਰ ਮੈਂ ਆਖਿਆ- ਏਥੇ ਦੋ ਹੀ ਨੇ ਤੇਰੇ ਤੇ ਮੇਰੇ ਸਣੇ ਸੱਥ, ਪਰ੍ਹਿਆ, ਕਚਹਿਰੀ ਦੇ ਵਿਹੜੇ ਕਿਤੇ ਜੇ ਗੁਨਾਹਾਂ ਦੇ ਹੋਏ ਨਬੇੜੇ ਕਿਤੇ ਮੇਰੀ ਕਵਿਤਾ ਖੜ੍ਹੇਗੀ ਮੇਰੇ ਸਾਹਮਣੇ ਸਭ ਸਬੂਤਾਂ ਸਣੇ, ਸਭ ਗਵਾਹਾਂ ਸਣੇ ਰਾਤ ਸੁਪਨੇ 'ਚ ਜੁਗਨੂੰ ਤੇ ਤਾਰੇ ਕਈ ਚੁੱਕੀ ਫਿਰਦਾ ਸਾਂ ਕਿਧਰੇ ਲੁਕਾਵਣ ਲਈ ਇਹ ਨਾ ਹੋਇਆ ਤਾਂ ਆਖਰ ਨੂੰ ਥੱਕ ਹਾਰ ਕੇ ਅਪਣੇ ਸੀਨੇ 'ਚ ਸਾਰੇ ਪਏ ਸਾਂਭਣੇ ਉਹ ਤੁਰੇ ਸੀ ਜੋ ਕਾਲਖ ਨੂੰ ਵਰਜਣ ਲਈ ਉਸਦੇ ਹੱਥਾਂ 'ਚੋਂ ਕਿਰਨਾਂ ਛੁਡਾਵਣ ਲਈ ਪਰਤ ਆਏ ਹਨੇਰੇ ਦੀ ਦੇਹਲ਼ੀ ਤੋਂ ਹੀ ਅਪਣੇ ਹੱਥਾਂ 'ਚ ਚੁੱਕੇ ਚਿਰਾਗ਼ਾਂ ਸਣੇ ਤੇਰੇ ਅੱਗੇ ਹੈ ਗ਼ਰਜ਼ਾਂ ਦੀ ਵਗਦੀ ਨਦੀ ਤੈਨੂੰ ਪਿੱਛੇ ਰਿਹਾਂ ਦੀ ਹੈ ਚਿੰਤਾ ਵੀ ਕੀ ਸਾਡੇ ਥਲ ਨੂੰ ਨਮੀ ਮਿਲ ਗਈ ਸਹਿਜ ਹੀ ਐਵੇਂ ਚੂਲ਼ੀ ਕੁ ਅੱਥਰੂ ਪਏ ਡੋਲ੍ਹਣੇ ਉਹ ਜੋ ਜੋਬਨ ਦੀ ਰੁੱਤੇ ਘਰਾਂ ਤੋਂ ਗਏ ਨਾ ਘਰਾਂ ਨੂੰ ਮੁੜੇ ਨਾ ਸਿਵੇ ਤੱਕ ਗਏ ਰਾਤ ਕਾਲ਼ੀ ਜਿਨ੍ਹਾਂ ਨੂੰ ਨਿਗਲ਼ ਹੀ ਗਈ ਉਹ ਨ ਫੁੱਲ ਬਣ ਸਕੇ ਨਾ ਹੀ ਤਾਰੇ ਬਣੇ ।

ਸ਼ਾਂਤ ਹੁਣ ਪੈਰਾਂ ਦੀ

ਸ਼ਾਂਤ ਹੁਣ ਪੈਰਾਂ ਦੀ ਭਟਕਣ ਹੋ ਗਈ ਚੱਲ ਘਰੇ ਚੱਲੀਏ ਕਿ ਆਥਣ ਹੋ ਗਈ ਉੱਗਦੇ ਚਾਨਣ ਦੀ ਚੁੰਨੀ ਪਹਿਨ ਕੇ ਰਾਤ ਰਾਣੀ ਫਿਰ ਸੁਹਾਗਣ ਹੋ ਗਈ ਅੱਜ ਸਾਰਾ ਬਾਗ਼ ਹੈ ਤਾਂਹੀਓ ਉਦਾਸ ਫੁੱਲ ਤੇ ਰੰਗਾਂ ਦੀ ਅਣਬਣ ਹੋ ਗਈ ਤੇਰੇ ਹੱਥੀਂ ਹੋਰ ਦਾ ਖ਼ਤ ਵੇਖ ਕੇ ਦੂਰ ਇੱਕ ਮੇਰੀ ਵੀ ਉਲਝਣ ਹੋ ਗਈ ਰਾਤ ਭਰ ਨੈਣਾਂ 'ਚੋਂ ਭਾਰੀ ਮੀਂਹ ਪਿਆ ਸੁਪਨਿਆਂ ਦੇ ਰਾਹ 'ਚ ਤਿਲਕਣ ਹੋ ਗਈ ਯਾਦ ਤੇਰੀ ਪੀੜ ਸੀ ਦਿਲ ਦੀ ਕਦੇ ਹੌਲ਼ੀ-ਹੌਲ਼ੀ ਰੂਹ ਦਾ ਕੱਜਣ ਹੋ ਗਈ ।

ਸਫ਼ਰ ਦੇ ਅੱਧ ਤੱਕ

ਸਫ਼ਰ ਦੇ ਅੱਧ ਤੱਕ ਆ ਕੇ ਮੁਸਾਫ਼ਰ ਮੁੜ ਗਏ ਸਾਰੇ ਕਦੇ ਜੋ ਛਲਕਣਾ ਚਾਹੁੰਦੇ ਸੀ, ਭਾਂਡੇ ਥੁੜ ਗਏ ਸਾਰੇ ਤੁਹਾਡੇ ਹੌਲ਼ੇ-ਭਾਰੇ ਹੋਣ ਦਾ ਹੋਵੇਗਾ ਕੀ ਨਿਰਣਾ ਸਮੇ ਦੇ ਪਾਣੀਆਂ ਵਿੱਚ ਫੁੱਲ-ਪੱਥਰ ਰੁੜ੍ਹ ਗਏ ਸਾਰੇ ਅਵਾਜ਼ਾਂ ਮਾਰਦੇ ਹਿਜਰਾਂ ਦੇ ਮਾਰੇ, ਦਰਦ ਨੇ ਭਾਰੇ ਜਦੋਂ ਵਿਛੜੇ ਪਿਆਰੇ ਤਾਂ ਸਹਾਰੇ ਥੁੜ ਗਏ ਸਾਰੇ ਲਹੂ, ਤੇਜ਼ਾਬ ਤੇ ਬਾਰੂਦ ਇਸ ਵਿੱਚ ਘੋਲ਼ ਰੱਖੇ ਤੂੰ ਤੇਰੇ ਤਾਲਾਬ ਤੋਂ ਰਾਹੀ ਤਿਹਾਏ ਮੁੜ ਗਏ ਸਾਰੇ ਤੇਰੇ ਤੋਂ ਹੀ ਮੈਂ ਤੁਰਿਆ ਸੀ ਤੇਰੇ ਤੱਕ ਪਹੁੰਚਿਆ ਆਖ਼ਰ ਕਿਵੇਂ ਇੱਕੋ ਹੀ ਥਾਂ ਆ ਕੇ ਇਹ ਰਸਤੇ ਜੁੜ ਗਏ ਸਾਰੇ ।

ਹਰੇਕ ਪਲ ਨੂੰ

ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ ਉਡੀਕ ਤੇਰੀ ਹਿਸਾਬ ਮੇਰਾ ਨਵਾਜ਼ ਮੈਨੂੰ ਤੂੰ ਆ ਕੇ ਜਲਦੀ ਹੈ ਤੇਰੀ ਆਮਦ ਖ਼ਿਤਾਬ ਮੇਰਾ ਨਾ ਦਿਨ ਚੜ੍ਹੇ ਦੀ ਨਾ ਦਿਨ ਲਹੇ ਦੀ ਨਾ ਕੁਝ ਸੁਣੇ ਦੀ ਨਾ ਕੁਝ ਕਹੇ ਦੀ ਹਮੇਸ਼ ਰਹਿੰਦੇ ਨੇ ਹੋ ਕੇ ਇਕਮਿਕ ਖ਼ਿਆਲ ਤੇਰਾ ਤੇ ਖ਼ਾਬ ਮੇਰਾ ਸਜੀਵ ਯਾਦਾਂ ਸਜੀਵ ਕਿੱਸੇ ਜੋ ਆਏ ਅਕਸਰ ਹੀ ਸਾਡੇ ਹਿੱਸੇ ਅਸੀਮ ਚੇਤੇ 'ਚ ਹੁਣ ਵੀ ਮਹਿਕਣ ਕਿਤਾਬ ਤੇਰੀ ਗੁਲਾਬ ਮੇਰਾ ਜੇ ਤੇਰਾ ਸ਼ੰਕਾ ਹੈ ਬੇਵਫ਼ਾਈ ਤਾਂ ਮੇਰਾ ਡੰਕਾ ਇਮਾਨਦਾਰੀ ਜੇ ਫੇਰ ਵੀ ਤੂੰ ਨਿਚੋੜ ਚਾਹਵੇਂ ਸਵਾਲ ਤੇਰਾ ਜਵਾਬ ਮੇਰਾ ਆ ਇੱਕੋ ਪਿੰਡੇ 'ਤੇ ਝੱਲ ਲਈਏ ਜੋ ਪੀੜ ਤੇਰੀ ਸੋ ਪੀੜ ਮੇਰੀ ਆ ਇੱਕੋ ਨੇਤਰ 'ਚੋਂ ਦੇਖ ਲਈਏ ਜੋ ਖ਼ਾਬ ਤੇਰਾ ਸੋ ਖ਼ਾਬ ਮੇਰਾ ਵਜੂਦ ਅਪਣੇ ਨੂੰ ਵੰਡਣੇ ਲਈ ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ- ਬਿਆਸ ਤੇਰਾ ਚਨਾਬ ਮੇਰਾ ।

ਮੈਂ ਦੁਆਵਾਂ 'ਚ

ਮੈਂ ਦੁਆਵਾਂ 'ਚ ਰਹਿ ਨਹੀਂ ਸਕਿਆ ਕਾਮਨਾਵਾਂ 'ਚ ਰਹਿ ਨਹੀਂ ਸਕਿਆ ਰਾਖੀ ਧੁੱਪਾਂ ਦੀ ਸੀ ਮੇਰੇ ਜ਼ਿੰਮੇ ਤਾਂ ਹੀ ਛਾਂਵਾਂ 'ਚ ਰਹਿ ਨਹੀਂ ਸਕਿਆ ਤੈਥੋਂ ਰੂਹਾਂ ਪਛਾਣ ਨਾ ਹੋਈਆਂ ਤੇ ਮੈਂ ਨਾਂਵਾਂ 'ਚ ਰਹਿ ਨਹੀਂ ਸਕਿਆ ਬੂੰਦ ਜਿਸ 'ਤੇ ਵੀ ਪਈ ਚਾਨਣ ਦੀ ਉਹ ਗੁਫਾਵਾਂ 'ਚ ਰਹਿ ਨਹੀਂ ਸਕਿਆ ਕੀ ਹਨੇਰਾ ਵੀ ਤੈਨੂੰ ਸਾਂਭੇਗਾ ਜੇ ਸ਼ੁਆਵਾਂ 'ਚ ਰਹਿ ਨਹੀਂ ਸਕਿਆ ਮੈਂ ਸੁਗੰਧੀ ਵੀ ਬਣ ਗਿਆ ਫਿਰ ਵੀ ਤੇਰੇ ਸਾਹਵਾਂ 'ਚ ਰਹਿ ਨਹੀਂ ਸਕਿਆ ਸਾਡਾ ਚਰਚਾ ਵੀ ਖ਼ੂਬ ਸੀ ਭਾਵੇਂ ਇਹ ਕਥਾਵਾਂ 'ਚ ਰਹਿ ਨਹੀਂ ਸਕਿਆ

ਚੱਲਣਾ ਪਏਗਾ ਸ਼ਾਮ ਤੱਕ

ਚੱਲਣਾ ਪਏਗਾ ਸ਼ਾਮ ਤੱਕ ਚਲੋ-ਚਲੀ ਦੇ ਨਾਲ਼ ਢਲਣਾ ਪਏਗਾ ਸ਼ਾਮ ਦੀ ਕਾਇਆ ਢਲ਼ੀ ਦੇ ਨਾਲ਼ ਤੁਰ ਜਾਵਾਂ ਮੈਂ ਵੀ ਕੰਮ ਨੂੰ, ਗੁੰਮ ਜਾਵਾਂ ਭੀੜ ਵਿੱਚ ਪੋਣੇ 'ਚ ਬੰਨ੍ਹ ਕੇ ਰੋਟੀਆਂ, ਗੁੜ ਦੀ ਡਲ਼ੀ ਦੇ ਨਾਲ਼ ਬਣਨਾ ਸੀ ਇਸਨੇ ਫੁੱਲ, ਉਘੜਨਾ ਸੀ ਰੰਗ ਵੀ ਮਹਿੰਦੀ ਜੋ ਆ ਕੇ ਮਿਲ ਗਈ ਜ਼ਖ਼ਮੀ ਤਲ਼ੀ ਦੇ ਨਾਲ਼ ਵਿੱਛੜੀ ਤੇ ਫਿਰ ਮਿਲੀ ਨਦੀ, ਸਾਗਰ ਨੇ ਸੋਚਿਆ ਰਿਸ਼ਤਾ ਭਲਾ ਹੈ ਕੀ ਮੇਰਾ ਇਸ ਮਨਚਲੀ ਦੇ ਨਾਲ਼ ?

ਮੇਰੇ ਹਿੱਸੇ 'ਚ ਥੋੜ੍ਹਾ ਪਾਣੀ ਹੈ

ਮੇਰੇ ਹਿੱਸੇ 'ਚ ਥੋੜ੍ਹਾ ਪਾਣੀ ਹੈ ਫੇਰ ਉਹੀ ਪਿਆਸ ਦੀ ਕਹਾਣੀ ਹੈ ਹੁੰਦਾ ਪੱਥਰ ਪਿਘਲਦਾ ਦਿਖ ਜਾਂਦਾ ਉਹ ਤਾਂ ਪਹਿਲਾਂ ਹੀ ਸਾਰਾ ਪਾਣੀ ਹੈ ਮੈਂ ਵੀ ਜਾਂਦਾ ਹਾਂ, ਉਹ ਵੀ ਆਉਂਦੇ ਨੇ ਮੇਰੀ, ਦੁੱਖਾਂ ਦੀ ਆਉਣੀ-ਜਾਣੀ ਹੈ ਥੋੜ੍ਹੇ ਅਹਿਸਾਨ ਕਰਕੇ ਤੇਰੇ 'ਤੇ ਮੈਂ ਤਾਂ ਅਪਣੀ ਹੀ ਰਾਖ਼ ਛਾਣੀ ਹੈ ਕਿੰਜ ਪਹਿਨਣਗੇ ਚਾਅ ਨਵੇਂ ਤੇਰੇ ਮੇਰੀ ਇਹ ਪੀੜ ਕੁਝ ਪੁਰਾਣੀ ਹੈ ।

ਏਸ ਨਗਰ ਦੇ ਲੋਕ

ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਰਹੇ ਨਜ਼ਰਾਂ ਦੇ ਵਿੱਚ ਬਾਗ਼-ਬਗੀਚੇ, ਖ਼ਾਬਾਂ ਵਿੱਚ ਸ਼ਮਸ਼ਾਨ ਰਹੇ ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ ਅਪਣਾ ਦੁਖੜਾ ਰੋ ਹੋ ਜਾਵੇ, ਮੇਰੇ 'ਤੇ ਅਹਿਸਾਨ ਰਹੇ ਰਾਹਾਂ ਦੇ ਵਿੱਚ ਰੋੜ ਨੁਕੀਲੇ, ਜਾਂ ਫਿਰ ਤਪਦੀ ਰੇਤ ਸਹੀ ਤੁਰਨਾ ਹੈ ਜਦ ਤੱਕ ਪੈਰਾਂ ਵਿਚ ਥੋੜ੍ਹੀ-ਬਹੁਤੀ ਜਾਨ ਰਹੇ ਭਾਵੁਕਤਾ ਦੀ ਧੁੱਪ-ਛਾਂ ਦੇਵੀਂ, ਤੇ ਨੈਣਾਂ ਦਾ ਪਾਣੀ ਵੀ ਤਾਂ ਜੋ ਸੱਧਰਾਂ ਦੇ ਬੀਜਾਂ ਦਾ ਪੁੰਗਰਨਾ ਆਸਾਨ ਰਹੇ ਚਾਰੇ ਪਾਸੇ ਖ਼ੂਨ ਦੇ ਛੱਪੜ, ਫਿਰ ਵੀ ਦਿਖਦੇ ਸ਼ਾਂਤ ਬੜੇ ਪੱਥਰ ਦੇ ਭਗਵਾਨ ਤਾਂ ਆਖਿਰ ਪੱਥਰ ਦੇ ਭਗਵਾਨ ਰਹੇ ।

ਤੇਰੇ ਪਿਆਸਿਆਂ ਦੀ

ਤੇਰੇ ਪਿਆਸਿਆਂ ਦੀ, ਏਨੀ ਵੀ ਕੀ ਖ਼ਤਾ ਹੈ ਹੱਥ ਵਿੱਚ ਕਟੋਰਾ ਪਾਣੀ, ਨਾ ਪੀਣ ਦੀ ਸਜ਼ਾ ਹੈ ਕਿੰਨੇ ਹੀ ਚਿਰ ਤੋਂ ਉਸਨੂੰ, ਕਿਧਰੇ ਨਾ ਵੇਖਿਆ ਹੈ ਜਾਂ ਮਰ ਗਿਆ ਹੈ ਜਾਂ ਫਿਰ, ਸੰਤੁਸ਼ਟ ਹੋ ਗਿਆ ਹੈ ਲੇਟੇ ਨੇ ਮੀਟ ਅੱਖਾਂ, ਨੀਂਦਾਂ ਦਾ ਨਾਮ ਹੈ ਬੱਸ ਖ਼ਾਬਾਂ ਦੀ ਥਾਂ ਇਨ੍ਹਾਂ ਨੂੰ, ਫ਼ਿਕਰਾਂ ਨੇ ਘੇਰਿਆ ਹੈ ਹੁੰਦੀ ਹੈ ਨਿੱਤ ਖ਼ਿਆਨਤ, ਪਰਦੇ ਨੇ ਪਾਰਦਰਸ਼ੀ ਕੀ ਭੇਤ ਸਾਂਭਣਾ ਸੀ, ਬੱਸ ਭਰਮ ਸਾਂਭਿਆ ਹੈ ਰੂਹਾਂ ਤੇ ਜਿਸਮ ਜਦ ਵੀ, ਹੁੰਦੇ ਨੇ ਵੱਖ ਯਾਰੋ ਮਛਲੀ ਵੀ ਤੜਫ਼ਦੀ ਹੈ, ਪਾਣੀ ਵੀ ਤੜਫ਼ਦਾ ਹੈ ।

ਅੰਤਿਕਾ

ਸੋਚ ਦੀ ਗੁੱਠੇ ਕਿਤੇ ਬੇਦਾਵਿਆਂ ਦਾ ਸਹਿਮ ਹੈ ਦਫ਼ਨ ਹੋ ਚੁੱਕੇ ਕਈ ਸਿਰਨਾਵਿਆਂ ਦਾ ਸਹਿਮ ਹੈ। ਮੇਰੀਆਂ ਰਾਤਾਂ ਦੇ ਵਿੱਚ ਤੇ ਮੇਰੀਆਂ ਬਾਤਾਂ ਦੇ ਵਿੱਚ ਬੇਮੁਹਾਰੇ ਭਟਕਦੇ ਪਰਛਾਵਿਆਂ ਦਾ ਸਹਿਮ ਹੈ। ਇਸ ਤਰ੍ਹਾਂ ਦੇ ਸਹਿਮ ਪਲਣੇ ਦੋਸਤਾ ਚੰਗੇ ਨਹੀਂ ਇਸ ਤਰ੍ਹਾਂ ਦੇ ਖ਼ਾਬ ਹੁੰਦੇ ਜ਼ਿੰਦਗੀ ਰੰਗੇ ਨਹੀਂ। ਹੌਲ਼ੀ-ਹੌਲ਼ੀ ਫੁੱਲ, ਫਿਰ ਇਹ ਬਾਗ਼ ਵੀ ਖਾ ਜਾਣਗੇ ਜੇ ਇਨ੍ਹਾਂ ਤੋਂ ਰੰਗ ਸਾਰੇ ਮੋੜਵੇਂ ਮੰਗੇ ਨਹੀਂ। ਲੋਚੀਏ- ਸਾਨੂੰ ਵੀ ਆਵੇ ਲਰਜ਼ਦਾ ਸੁਪਨਾ ਕੋਈ ਦੁੱਧ, ਮਿੱਟੀ, ਪਾਣੀਆਂ ਦੇ ਕਰਜ਼ ਦਾ ਸੁਪਨਾ ਕੋਈ ਬੇਇਲਾਜੀ ਨਾ ਰਹੀ ਇੱਕ ਮਰਜ਼ ਦਾ ਸੁਪਨਾ ਕੋਈ ਧੜਕਦੇ ਪੱਤਿਆਂ 'ਚੋਂ ਨਿਕਲ਼ੀ ਤਰਜ਼ ਦਾ ਸੁਪਨਾ ਕੋਈ ਖ਼ੁਦ-ਮੁਹਾਰੇ ਨਿਭ ਰਹੇ ਇੱਕ ਫ਼ਰਜ਼ ਦਾ ਸੁਪਨਾ ਕੋਈ ਪਿਆਸ ਨੂੰ ਪੂਰਨ ਦੀ ਸੁੱਚੀ ਗ਼ਰਜ਼ ਦਾ ਸੁਪਨਾ ਕੋਈ ਸਭ ਤਰ੍ਹਾਂ ਦੇ ਪਾਣੀਆਂ ਦਾ ਖੌਲਣਾ ਹੈ ਲਾਜ਼ਮੀ ਏਸ ਰੁੱਤੇ ਸੁਪਨਿਆਂ ਦਾ ਮੌਲਣਾ ਹੈ ਲਾਜ਼ਮੀ ।।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ